ਕੀ ਮਨਜੀਤ ਸਿੰਘ ਜੀਕੇ ਦਾ ਰਾਜਸੀ ਭਵਿਖ ਧੁੰਦਲਾ ਗਿਐ? - ਜਸਵੰਤ ਸਿੰਘ 'ਅਜੀਤ'
ਦਿੱਲੀ ਦੇ ਰਾਜਸੀ ਹਲਕਿਆਂ ਵਿੱਚ ਚਲ ਰਹੀ ਚਰਚਾ ਅਨੁਸਾਰ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਸ਼ਿਕਾਰ ਬਣਾ ਜਿਸਤਰ੍ਹਾਂ ਮਨਜੀਤ ਸਿੰਘ ਜੀਕੇ ਨੂੰ ਰਾਜਸੀ ਮੰਚ ਤੋਂ ਪਿਛੇ ਧੱਕ ਦਿੱਤਾ ਗਿਆ ਹੈ, ਉਸਤੋਂ ਖੁਸ਼ ਹੋ ਉਨ੍ਹਾਂ ਦੇ ਕਈ ਵਿਰੋਧੀਆਂ ਵਲੋਂ ਬਗਲਾਂ ਵਜਾਈਆਂ ਜਾ ਰਹੀਆਂ ਹਨ। ਇਸਦਾ ਕਾਰਣ ਇਹ ਹੈ ਕਿ ਉਨ੍ਹਾਂ ਇਹ ਮੰਨ ਲਿਆ ਹੈ ਕਿ ਇਸ ਸਾਜ਼ਸ਼ ਦੇ ਤਹਿਤ ਜੀਕੇ ਦਾ ਰਾਜਸੀ ਭਵਿਖ ਪੂਰੀ ਤਰ੍ਹਾਂ ਧੁੰਦਲਾ ਗਿਆ ਹੈ। ਹੁਣ ਉਹ ਸ਼ਾਇਦ ਹੀ ਸਿੱਖ ਰਾਜਨੀਤੀ ਦੇ ਕਿਸੇ ਮੰਚ ਪੁਰ ਉਭਰ ਸਕਣ। ਇਸਦੇ ਵਿਰੁਧ ਕੁਝ ਅਕਾਲੀਆਂ ਦੀ ਮਾਨਤਾ ਇਹ ਵੀ ਹੈ ਕਿ ਜੋ ਇਹ ਸਮਝ, ਬਗਲਾਂ ਵਜਾ ਰਹੇ ਹਨ ਕਿ ਮਨਜੀਤ ਸਿੰਘ ਜੀਕੇ ਦਾ ਰਾਜਸੀ ਮੰਚ ਤੇ ਹੁਣ ਮੁੜ ਕੇ ਉਭਰ ਪਾਣਾ ਸੰਭਵ ਨਹੀਂ ਰਹਿ ਗਿਆ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਉਨ੍ਹਾਂ ਅਨੁਸਾਰ ਵਰਤਮਾਨ ਰਾਜਨੈਤਿਕ ਹਾਲਾਤ ਨੇ ਮਨਜੀਤ ਸਿੰਘ ਜੀਕੇ ਨੂੰ ਖਰੇ-ਖੋਟੇ ਦੀ ਪਛਾਣ ਕਰਵਾ ਦਿੱਤੀ ਹੈ। ਉਨ੍ਹਾਂ ਨੂੰ ਪਤਾ ਚਲ ਗਿਆ ਹੈ ਕਿ ਉਹ ਆਪਣੇ ਵਫਾਦਾਰ ਸਾਥੀ ਮੰਨ ਜਿਨ੍ਹਾਂ ਪੁਰ ਅਟੁਟ ਵਿਸ਼ਵਾਸ ਕਰਦੇ ਆ ਰਹੇ ਸਨ, ਅੱਜ ਉਨ੍ਹਾਂ ਵਿਚੋਂ ਕੌਣ-ਕੌਣ ਉਨ੍ਹਾਂ ਨਾਲ ਖੜਾ ਰਹਿ ਗਿਆ ਹੈ ਅਤੇ ਕੌਣ-ਕੌਣ ਉਨ੍ਹਾਂ ਦਾ ਸਾਥ ਛੱਡ ਵਿਰੋਧੀਆਂ ਨਾਲ ਜਾ ਖੜਾ ਹੋਇਆ ਹੈ।
ਕੁਝ ਬਜ਼ੁਰਗ ਅਕਾਲੀ, ਜੋ ਕਿਸੇ ਸਮੇਂ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਬਹੁਤ ਸਰਗਰਮ ਰਹੇ ਸਨ, ਬਦਲੇ ਹਾਲਾਤ ਤੋਂ ਨਿਰਾਸ਼ ਹੋ ਬੀਤੇ ਕਾਫੀ ਸਮੇਂ ਤੋਂ ਸਰਗਰਮ ਰਾਜਨੀਤੀ ਤੋਂ ਪਿਛੇ ਹਟ, ਘਰ ਜਾ ਬੈਠੇ ਹਨ, ਦਸਦੇ ਹਨ ਕਿ ਜ. ਸੰਤੋਖ ਸਿੰਘ ਦਾ ਅਚਾਨਕ ਕਤਲ ਹੋ ਜਾਣ ਤੋਂ ਬਾਅਦ, ਉਨ੍ਹਾਂ ਦੇ ਕੁਝ ਸਾਥੀ ਚਾਹੁੰਦੇ ਸਨ ਕਿ ਜਥੇਦਾਰ ਜੀ ਦੇ ਕੁ-ਸਮੇਂ ਵਿਦਾ ਹੋ ਜਾਣ ਦੇ ਫਲਸਰੂਪ, ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਜੋ ਖਲਾਅ ਪੈਦਾ ਹੋਇਆ ਹੈ, ਉਸਨੂੰ ਭਰਨ ਲਈ ਮਨਜੀਤ ਸਿੰਘ ਜੀਕੇ, ਜੋ ਕਿ ਰਾਜਨੀਤੀ ਵਿੱਚ ਦਿਲਚਸਪੀ ਲੈਂਦਿਆਂ ਕਈ ਸਮਾਗਮਾਂ ਵਿੱਚ ਜਥੇਦਾਰ ਜੀ ਨਾਲ ਹੁੰਦੇ ਸਨ, ਨੂੰ ਅਗੇ ਲੈ ਆਂਦਾ ਜਾਏ। ਪ੍ਰੰਤੂ ਮਨਜੀਤ ਸਿੰਘ ਜੀਕੇ ਦੇ ਮਾਤਾ, ਜੋ ਹਰ ਉਤਾਰ-ਚੜ੍ਹਾਅ ਸਮੇਂ ਜਥੇਦਾਰ ਜੀ ਨਾਲ ਖੜੇ ਹੁੰਦੇ ਰਹੇ, ਸਮਝਦੇ ਸਨ ਕਿ ਮਨਜੀਤ ਸਿੰਘ ਅਜੇ ਰਾਜਨੀਤੀ ਵਿੱਚ ਨਿਤ ਸਾਹਮਣੇ ਆਉਣ ਵਾਲੇ ਥਪੇੜਿਆਂ ਦਾ ਸਾਹਮਣਾ ਕਰਨ ਦੇ ਸਮਰਥ ਨਹੀਂ ਹੋ ਸਕਿਆ। ਇਸਲਈ ਉਸਨੂੰ ਸਿੱਖ ਰਾਜਨੀਤੀ ਦੇ ਨਿਤ ਬਦਲਦੇ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰ ਪਾਣ ਦੇ ਸਮਰਥ ਹੋਣ ਵਿੱਚ ਸਮੇਂ ਦੀ ਲੋੜ ਹੈ। ਇਸਲਈ ਉਨ੍ਹਾਂ ਜਥੇਦਾਰ ਜੀ ਤੋਂ ਤੁਰੰਤ ਬਾਅਦ ਹੀ ਉਸਨੂੰ ਰਾਜਸੀ ਪਿੜ ਵਿੱਚ ਉਤਾਰੇ ਜਾਣ ਦੀ ਸੋਚ ਪ੍ਰਤੀ ਸਹਿਮਤੀ ਨਹੀਂ ਦਿੱਤੀ। ਜਦੋਂ ਉਨ੍ਹਾਂ ਵੇਖਿਆ ਕਿ ਜ. ਸੰਤੋਖ ਸਿੰਘ ਦੇ ਜੀਵਨ ਵਿੱਚ ਆਉਂਦੇ ਰਹੇ ਉਤਾਰ-ਚੜ੍ਹਾਵਾਂ ਦੀ ਰੋਸ਼ਨੀ ਵਿੱਚ, ਉਨ੍ਹਾਂ (ਮਾਤਾ) ਵਲੋਂ ਕੀਤੇ ਗਏ ਮਾਰਗ-ਦਰਸ਼ਨ ਦੇ ਫਲਸਰੂਪ ਮਨਜੀਤ ਸਿੰਘ ਰਾਜਸੀ ਪਿੜ ਦੇ ਥਪੇੜਿਆਂ ਦਾ ਸਾਹਮਣਾ ਕਰਨ ਦੇ ਸਮਰਥ ਹੋ ਗਿਐ, ਤਾਂ ਜਾ ਕੇ ਉਨ੍ਹਾਂ ਸਹਿਮਤੀ ਦੇ, ਮਨਜੀਤ ਸਿੰਘ ਜੀਕੇ ਨੂੰ ਰਾਜਸੀ ਪਿੜ ਵਿੱਚ ਉਤਾਰਿਆ। ਉਨ੍ਹਾਂ ਬਜ਼ੁਰਗ ਅਕਾਲੀਆਂ ਦਾ ਦਾਅਵਾ ਹੈ ਕਿ ਇਸ ਕਰਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ, ਕਿ ਸੂਝਵਾਨ ਮਾਤਾ ਦੇ ਮਾਰਗ ਦਰਸ਼ਨ ਵਿੱਚ ਤਿਆਰ ਹੋਇਆ ਮਨਜੀਤ ਸਿੰਘ ਜੀਕੇ ਜਲਦੀ ਕੀਤੇ ਹਾਰ ਮੰਨਣ ਲਈ ਤਿਆਰ ਨਹੀਂ ਹੋਵੇਗਾ।
ਗਲ ਦਿੱਲੀ ਗੁਰਦੁਆਰਾ ਕਮੇਟੀ ਦੀ ਸਾਖ ਦੀ : ਬੀਤੇ ਲੰਮੇਂ ਸਮੇਂ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭ੍ਰਿਸ਼ਟਾਚਾਰ ਦੇ ਬਹੁਤ ਹੀ ਗੰਭੀਰ ਦੋਸ਼ਾਂ ਨਾਲ ਜੂਝਦੀ ਚਲੀ ਆ ਰਹੀ ਹੈ, ਭਾਵੇਂ ਇਸ ਸਥਿਤੀ ਵਿਚੋਂ ਉਭਰਨ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗੁਰਦੁਆਰਾ ਪ੍ਰਬੰਧ ਵਿਚੋਂ ਬਾਹਰ ਕਰ, ਨਵੇਂ ਸਿਰੇ ਤੋਂ ਪ੍ਰਬੰਧਕੀ ਜ਼ਿਮੇਂਦਾਰੀਆਂ ਦੀ ਵੰਡ ਕਰ ਦਿੱਤੀ ਗਈ ਹੈ ਅਤੇ ਕਮੇਟੀ ਦੇ ਨਵ-ਨਿਯੁਕਤ ਮੁੱਖ ਸਲਾਹਕਾਰ ਕੁਲਵੰਤ ਸਿੰਘ ਬਾਠ ਨੇ ਵਿਸ਼ਵਾਸ ਦੁਆਇਆ ਹੈ ਕਿ ਗੁਰਦੁਆਰਾ ਪ੍ਰਬੰਧ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲਿਆਂਦੀ ਜਾਇਗੀ, ਫਿਰ ਵੀ ਅਜਿਹੀ ਕੋਈ ਸੰਭਾਵਨਾ ਵਿਖਾਈ ਨਹੀਂ ਦੇ ਰਹੀ ਜਿਸਦੇ ਚਲਦਿਆਂ ਇਹ ਸਵੀਕਾਰ ਕਰ ਲਿਆ ਜਾਏ ਕਿ ਗੁਰਦੁਆਰਾ ਪ੍ਰਬੰਧ ਵਿੱਚ ਕੀਤਾ ਗਿਆ ਇਹ ਬਦਲਾਉ, ਛੇਤੀ ਕੀਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਰੀ ਤਰ੍ਹਾਂ ਡਿਗ ਚੁਕੀ ਸਾਖ ਵਿੱਚ ਕੋਈ ਵਰਣਨਯੋਗ ਸੁਧਾਰ ਲਿਆਉਣ ਵਿੱਚ ਸਫਲ ਹੋ ਜਾਇਗਾ! ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਮੀਡੀਆ ਵਿੱਚ ਜਿਸਤਰ੍ਹਾਂ ਪ੍ਰਚਾਰ ਹੋਇਆ ਹੈ, ਉਸ ਨਾਲ ਆਮ ਸਿੱਖਾਂ ਵਿੱਚ ਹੀ ਨਹੀਂ, ਸਗੋਂ ਗੈਰ-ਸਿੱਖਾਂ ਵਿੱਚ ਵੀ ਇਹ ਸੰਦੇਸ਼ ਚਲਾ ਗਿਆ ਹੈ ਕਿ ਗੁਰਦੁਆਰਾ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਕੋਈ ਇੱਕ ਵਿਅਕਤੀ ਨਹੀਂ, ਸਗੋਂ ਸਮੁਚੇ ਰੂਪ ਵਿੱਚ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਜ਼ਿਮੇਂਦਾਰ ਹਨ। ਕੋਈ ਇਹ ਮੰਨਣ ਲਈ ਤਿਆਰ ਨਹੀਂ ਕਿ ਗੁਰਦੁਆਰਾ ਕਮੇਟੀ ਵਿੱਚ ਕਥਤ ਰੂਪ ਵਿੱਚ ਇਤਨੇ ਵੱਡੇ ਪੈਮਾਨੇ ਪੁਰ ਫੈਲੇ ਭ੍ਰਿਸ਼ਟਾਚਾਰ ਲਈ ਕੋਈ ਇੱਕ ਅਹੁਦੇਦਾਰ ਹੀ ਜ਼ਿੰਮੇਂਦਾਰ ਹੋ ਸਕਦਾ ਹੈ। ਆਮ ਲੋਕਾਂ ਵਿੱਚ ਅਜਿਹੇ ਸੰਦੇਸ਼ ਦੇ ਚਲਿਆਂ ਜਾਣ ਕਾਰਣ, ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ ਕਿ ਕਿਸੇ ਇੱਕ ਵਿਅਕਤੀ ਅਤੇ ਉਸਦੇ ਸਾਥੀਆਂ ਨੂੰ ਪ੍ਰਬੰਧ ਵਿਚੋਂ ਬਾਹਰ ਕਰਕੇ ਕਮੇਟੀ ਦੀ ਡਿਗੀ ਸਾਖ ਨੂੰ ਬਹਾਲ ਕਰ, ਪਟੜੀ ਪੁਰ ਲਿਆਂਦਾ ਜਾ ਸਕੇਗਾ।
ਸ਼੍ਰੋਮਣੀ ਅਕਾਲੀ ਦਲ ਇਤਿਹਾਸ ਬਣਨ ਜਾ ਰਿਹੈ?: ਬੀਤੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪੈਦਾ ਹੋਏ ਸੰਕਟ-ਪੂਰਣ ਹਾਲਾਤ ਦੇ ਲਗਾਤਾਰ ਵਿਗੜਦਿਆਂ ਚਲਿਆਂ ਆਉਣ ਦੇ ਕਾਰਣ, ਆਮ ਸਿੱਖਾਂ ਵਿੱਚ ਚਲ ਰਹੀ ਚਰਚਾ ਵਿੱਚ ਬਾਰ-ਬਾਰ ਇਹ ਸੁਆਲ ਪੁਛਿਆ ਜਾਣ ਲਗਾ ਹੈ ਕਿ ਕੀ ਨੇੜ-ਭਵਿਖ ਵਿੱਚ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦਾ ਇੱਕ 'ਕਾਂਡ' ਹੀ ਬਣ ਕੇ ਰਹਿ ਜਾਇਗਾ? ਇਸ ਸੁਆਲ ਦੇ ਬਾਰ-ਬਾਰ ਉਠਣ ਦਾ ਕਾਰਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਟਕਸਾਲੀ 'ਤੇ ਸੀਨੀਅਰ ਅਕਾਲੀ ਮੁੱਖੀ, ਜੋ ਸੁਖਬੀਰ ਸਿੰਘ ਬਾਦਲ ਨੂੰ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਨਾ ਮੰਨੇ ਜਾਣ ਕਾਰਣ, ਬਾਦਲ ਅਕਾਲੀ ਦਲ ਨਾਲੋਂ ਨਾਤਾ ਤੋੜ ਚੁਕੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਉਸਦੀਆਂ ਮੂਲ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਪਟੜੀ ਪੁਰ ਲਿਆਣ ਲਈ ਸੰਘਰਸ਼ ਕਰਨ ਵਿੱਚ ਜੁਟ ਗਏ ਹਨ, ਤਾਂ ਜੋ ਅਕਾਲੀ ਦਲ ਦੀ ਸਥਾਪਨਾ ਦੇ ਨਾਲ ਹੀ ਉਸਦੇ ਸੰਵਿਧਾਨ ਵਿੱਚ ਗੁਰਧਾਮਾਂ ਵਿੱਚ ਸਥਾਪਤ ਧਾਰਮਕ ਮਰਿਆਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣ ਅਤੇ ਇਸਦੇ ਸੰਗਠਨ ਦਾ ਗਠਨ ਪੂਰੀ ਤਰ੍ਹਾਂ ਲੋਕਤਾਂਤ੍ਰਿਕ ਮਾਨਤਾਵਾਂ ਦੇ ਅਧਾਰ ਪੁਰ ਕੀਤੇ ਜਾਣ ਦਾ ਜੋ ਸੰਕਲਪ ਨਿਸ਼ਚਿਤ ਕੀਤਾ ਗਿਆ ਸੀ, ਉਸ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾ ਸਕੇ।
ਅਰੰਭਕ ਸਮੇਂ ਵਿੱਚ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਪ੍ਰਧਾਨ ਤਕ, ਕਿਸੇ ਵਿਅਕਤੀ-ਵਿਸ਼ੇਸ਼ ਦੇ ਨਹੀਂ, ਸਗੋਂ ਸਮੁਚੇ ਪੰਥ ਪ੍ਰਤੀ ਜਵਾਬ-ਦੇਹ ਹੋਇਆ ਕਰਦੇ ਸਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁੱਖੀ ਪੰਥ ਸਾਹਮਣੇ ਜਵਾਬ-ਦੇਹ ਹੁੰਦਾ ਸੀ, ਇਸ ਕਾਰਣ ਉਹ ਸਮੁਚੇ ਪੰਥ ਪ੍ਰਤੀ ਪੂਰਣ-ਰੂਪ ਵਿਚ ਸਮਰਪਤ ਹੁੰਦਾ। ਜਿਸਦੇ ਚਲਦਿਆਂ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਅਤੇ ਨਾ ਹੀ ਉਸਦੇ ਪ੍ਰਬੰਧ-ਅਧੀਨ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਆਦਿ ਵਿੱਚ ਭ੍ਰਿਸ਼ਟਾਚਾਰ ਹੋਣ ਜਾਂ ਪ੍ਰਬੰਧ ਦੇ ਵਿਗੜਨ ਦੀ ਕੋਈ ਸੰਭਾਵਨਾ ਹੁੰਦੀ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਵਿਰੋਧਾਂ ਦੇ ਬਾਵਜੂਦ ਦਲ ਪੁਰ ਆਪਣੀ ਪਕੜ ਮਜ਼ਬੂਤ ਕਰ, ਉਸਨੂੰ ਪਰਿਵਾਰਕ ਹਿਤਾਂ ਦੀ ਰਖਿਆ ਕਰਨ ਤਕ ਹੀ ਸੀਮਤ ਕਰੀ ਰਖਣਾ ਚਾਹੁੰਦੇ ਹਨ। ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜ਼ਮੀਨੀ ਅਧਾਰ ਲਗਾਤਾਰ ਖਿਸਕਦਾ ਜਾ ਰਿਹਾ ਹੈ ਅਤੇ ਫਲਸਰੂਪ ਉਸ ਨਾਲ ਜੁੜੇ ਪੰਥ ਪ੍ਰਤੀ ਸਮਰਪਿਤ ਚਲੇ ਆ ਰਹੇ ਟਕਸਾਲੀ ਮੁੱਖੀ ਉਸ ਨਾਲੋਂ ਟੁਟਦੇ ਜਾ ਰਹੇ ਹਨ ਅਤੇ ਉਹ ਮਾਤ੍ਰ ਇੱਕ ਪਰਿਵਾਰ ਤਕ ਸਿਮਟਦਾ ਹੋ ਜਾ ਰਿਹਾ ਹੈ।
...ਅਤੇ ਅੰਤ ਵਿੱਚ : ਸ਼ਾਇਦ ਇਹੀ ਕਾਰਣ ਹੈ ਕਿ ਆਮ ਸਿੱਖਾਂ ਵਲੋਂ ਬਾਰ-ਬਾਰ ਇਹ ਸੁਆਲ ਪੁਛਿਆ ਜਾਣ ਲਗਾ ਹੈ ਕਿ ਕੀ ਨੇੜ-ਭਵਿਖ ਵਿੱਚ ਸ਼ਹੀਦਾਂ ਦੀ ਜੱਥੇਬੰਦੀ ਹੋਣ ਦਾ ਦਾਅਵੇਦਾਰ ਸ਼੍ਰੋਮਣੀ ਅਕਾਲੀ ਦਲ ਇਤਿਹਾਸ ਦੇ ਪੰਨਿਆਂ ਤਕ ਹੀ ਸਿਮਟ ਕੇ ਰਹਿ ਜਾਇਗਾ?000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
31 Jan. 2019
ਗੁਰਦੁਆਰਾ ਗਿਆਨ ਗੋਦੜੀ : ਕੀ ਉਸਦੀ ਮੂਲ ਅਸਥਾਨ ਪੁਰ ਸਥਾਪਨਾ ਸੰਭਵ ਨਹੀਂ ਰਹੀ? - ਜਸਵੰਤ ਸਿੰਘ 'ਅਜੀਤ'
ਬੀਤੇ ਦਿਨੀਂ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਸਾਹਿਬ ਪੁਜੇ, ਤਾਂ ਉਸ ਮੌਕੇ ਪਤ੍ਰਕਾਰਾਂ ਵਲੋਂ ਹਰਿਦੁਆਰ ਵਿਖੇ ਹਰਿ ਕੀ ਪੌੜੀ, ਗੰਗਾ ਕਿਨਾਰੇ ਗੁ. ਗਿਅਨ ਗੋਦੜੀ ਦੀ ਮੁੜ ਸਥਾਪਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁਛੇ ਗਏ ਸੁਆਲ ਦਾ ਸਿੱਧਾ ਜਵਾਬ ਨਾ ਦੇ, ਉਨ੍ਹਾਂ ਇਹ ਕਹਿ ਕੇ ਗਲ ਟਾਲ ਦਿੱਤੀ ਕਿ ਗੁ. ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ 'ਲੋੜੀਂਦੀ ਜ਼ਮੀਨ' ਦਿੱਤੇ ਜਾਣ ਦੇ ਸੰਬੰਧ ਵਿੱਚ ਉਸੇ ਸਮੇਂ ਵਿਚਾਰ ਕੀਤੀ ਜਾਇਗੀ, ਜਦੋਂ ਸਿੱਖ ਜਗਤ ਇਸ ਮੁੱਦੇ ਪੁਰ ਇਕ-ਮੱਤ ਹੋਵੇਗਾ। ਉਨ੍ਹਾਂ ਦੇ ਇਸ ਜਵਾਬ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਰਾਜ ਸਰਕਾਰ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਨੂੰ ਉਸਦੇ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਮੂਲ ਅਸਥਾਨ ਪੁਰ ਸਥਾਪਤ ਕੀਤੇ ਜਾਣ ਦੀ ਸਿੱਖ ਜਗਤ ਦੀ ਮੰਗ ਸਵੀਕਾਰ ਕਰਨ ਲਈ ਤਿਆਰ ਨਹੀਂ। ਕਿਉਂਕਿ ਸਿੱਖ ਜਗਤ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਦੇ ਮਾਮਲੇ 'ਤੇ ਜੇ ਕੋਈ ਮਤਭੇਦ ਹੋ ਸਕਦਾ ਹੈ, ਤਾਂ ਉਹ ਇਸਦੇ ਮੂਲ ਅਸਥਾਨ ਪੁਰ ਸਥਾਪਤ ਕੀਤੇ ਜਾਣ ਪੁਰ ਨਹੀਂ, ਸਗੋਂ ਇਸਨੂੰ ਕਿਸੇ ਹੋਰ ਅਸਥਾਨ ਪੁਰ ਸਥਾਪਤ ਕੀਤੇ ਜਾਣ ਦੇ ਸੁਆਲ 'ਤੇ ਹੀ ਹੋ ਸਕਦਾ ਹੈ।
ਇਥੇ ਇਹ ਗਲ ਵਰਨਣਯੋਗ ਹੈ ਕਿ ਹਰਿਦੁਆਰ, ਗੰਗਾ ਕਿਨਾਰੇ, ਹਰਿ ਕੀ ਪੌੜੀ ਸਥਿਤ ਇਤਿਹਾਸਕ 'ਗੁਰਦੁਆਰਾ ਗਿਆਨ ਗੋਦੜੀ' ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਪੁਜ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ 'ਗਿਆਨ ਦਾ ਪ੍ਰਕਾਸ਼' ਕੀਤਾ ਸੀ। ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਸਥਾਨ 'ਤੇ ਇਤਿਹਾਸਕ, ਗੁਰਦੁਆਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਸੀ, ਜਿਸਨੂੰ 1979 ਵਿੱਚ ਹਰਿਦੁਆਰ ਵਿਖੇ ਗੰਗਾ ਕਿਨਾਰੇ ਲਗੇ ਕੁੰਭ ਦੇ ਮੇਲੇ ਵਿੱਚ ਮਚੀ ਭਗਦੜ ਦੌਰਾਨ ਚਾਰ ਸੌ ਦੇ ਲਗਭਗ ਵਿਅਕਤੀਆਂ ਦੇ ਮਾਰੇ ਜਾਣ ਦੇ ਹੋਏ ਦੁਖਾਂਤ ਤੋਂ ਬਾਅਦ. ਢਾਹ ਦਿੱਤਾ ਗਿਆ ਸੀ। ਦਸਿਆ ਗਿਆ ਹੈ ਕਿ ਇਸ ਸਮੇਂ ਇਸ ਅਸਥਾਨ ਪੁਰ 'ਉਤਰਾਂਚਲ ਭਾਰਤੀ ਸਕਾਊਟਸ' ਵਲੋਂ ਸੰਚਲਿਤ ਸੇਵਾ ਕੇਂਦ੍ਰ ਸਥਾਪਤ ਹੈ।
ਦਸਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਢਾਹੇ ਜਾਣ ਦੇ ਸਮੇਂ (1979) ਤੋਂ ਹੀ ਗੁਰਦੁਆਰਾ ਗਿਆਨ ਗੋਦੜੀ ਕਮੇਟੀ ਵਲੋਂ ਗੁਰਦੁਆਰਾ (ਗਿਆਨ ਗੋਦੜੀ) ਸਾਹਿਬ ਨੂੰ ਉਸੇ ਸਥਾਨ ਪੁਰ ਮੁੜ ਸਥਾਪਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ, ਲਗਾਤਾਰ ਸੰਘਰਸ਼ ਵਿਢਿਆ ਚਲਿਆ ਆ ਰਿਹਾ ਹੈ। ਇਹ ਵੀ ਦਸਿਆ ਗਿਆ ਹੈ ਕਿ ਭਾਵੇਂ ਨਵੰਬਰ, 1984 ਵਿੱਚ ਦੇਸ਼ ਭਰ ਵਿੱਚ ਚਲੀ ਸਿੱਖ ਨਸਲਕੁਸ਼ੀ ਦੀ ਲਹਿਰ ਦੇ ਫਲਸਰੂਪ, ਇਹ ਸੰਘਰਸ਼, ਜੋ ਲਗਭਗ ਮੰਜ਼ਿਲ ਪੁਰ ਪੁਜ ਚੁਕਿਆ ਹੋਇਆ ਸੀ, ਸਫਲ ਨਹੀਂ ਹੋ ਸਕਿਆ, ਪ੍ਰੰਤੂ ਇਸ ਦੁਖਾਂਤ ਵਿਚੋਂ ਉਭਰਨ ਤੋਂ ਤੁਰੰਤ ਬਾਅਦ ਹੀ ਗੁਰਦੂਆਰਾ ਗਿਆਨ ਗੋਦੜੀ ਕਮੇਟੀ ਦੇ ਮੁਖੀਆਂ ਨੇ ਫਿਰ ਤੋਂ ਮੁਢੋਂ-ਸੁਢੋਂ ਇਸ ਸੰਘਰਸ਼ ਨੂੰ ਅਰੰਭ ਦਿੱਤਾ, ਜੋ ਕਿ ਅਜੇ ਤਕ ਜਾਰੀ ਹੈ। ਗੁਰਦੁਆਰਾ ਗਿਆਨ ਗੋਦੜੀ ਕਮੇਟੀ ਵਲੋਂ ਆਪਣੇ ਹੀ ਬੂਤੇ ਹੀ ਲੜੀ ਜਾ ਰਹੀ ਇਸ ਲੜਾਈ ਵਿੱਚ ਸਹਿਯੋਗ ਕਰਨ ਲਈ, ਤਿੰਨ-ਕੁ ਵਰ੍ਹੇ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਆਪਣੇ ਕਦਮ ਵਧਾ 'ਗੁਰਦੁਆਰਾ ਗਿਆਨ ਗੋਦੜੀ ਮੁਹਿੰਮ' ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸ ਰਹੇ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਹਿਸੇਦਾਰ ਬਣਨ ਲਈ ਅਗੇ ਆਉਣ ਦਾ ਸਦਾ ਦੇ ਦਿੱਤਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਣ ਲਈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੂੰ ਪ੍ਰੇਰ ਮੁਹਿੰਮ ਦੀ ਅਗਵਾਈ ਅਤੇ ਮਾਰਗ ਦਰਸ਼ਨ ਕਰਨ ਦੀ ਜ਼ਿਮੇਂਦਾਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿਤੇ ਜਾਣ ਦਾ ਐਲਾਨ ਕਰ ਦਿੱਤਾ। ਚਾਹੀਦਾ ਤਾਂ ਇਹ ਸੀ, ਕਿ ਮੁਹਿੰਮ ਦੀ ਅਰੰਭਤਾ ਲਈ ਹੋਏ ਇਸ ਸਮਾਗਮ ਦੀ ਸਫਲਤਾ ਦੇ ਤੁਰੰਤ ਬਾਅਦ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਂਦਾ, ਪਰ ਇਹ ਆਖਦਿਆਂ ਇਸਨੂੰ ਲਟਕਾ ਦਿੱਤਾ ਗਿਆ ਕਿ ਅਕਾਲ ਤਖਤ ਦੇ ਜੱਥੇਦਾਰ, ਹੋਰ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਸਲਾਹ-ਮਸ਼ਵਰਾ ਕਰ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ।
ਇਸਤੋਂ ਬਾਅਦ ਜਥੇਦਾਰ ਅਕਾਲ ਤਖਤ ਵਲੋਂ ਸਦੀ ਗਈ ਮੀਟਿੰਗ ਵਿੱਚ, ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਤੋਂ ਜਾਣੂ ਕਰਵਾਣ ਲਈ ਇੱਕ ਕਮੇਟੀ ਬਣਾਉਣ, ਮੁਹਿੰਮ ਦੇ ਸੰਬੰਧ ਵਿੱਚ ਸਾਰੀਆਂ ਸਿੱਖ ਸੰਸਥਾਵਾਂ ਪਾਸੋਂ ਲਿਖਤੀ ਸੁਝਾਉ ਲੈਣ, ਮਸਲੇ ਦੇ ਹਲ ਲਈ ਪੰਥਕ ਆਗੂਆਂ ਪੁਰ ਅਧਾਰਤ ਉੱਚ ਪਧਰੀ ਕਮੇਟੀ ਬਣਾਉਣ, ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਵਿਚਾਰਨ ਆਦਿ ਤੋਂ ਲੈ ਕੇ ਸਿੱਖ ਜਥੇਬੰਦੀਆਂ ਪਾਸੋਂ ਅਕਾਲ ਤਖਤ ਦੇ ਹੁਕਮ ਅਨੁਸਾਰ ਚਲਣ ਦਾ ਐਲਾਨ ਕਰਵਾ, ਇੱਕ ਅਜਿਹਾ ਜਾਲ ਬੁਣ ਦਿੱਤਾ ਗਿਆ, ਜਿਸਦਾ ਸਿਰਾ ਲਭ ਪਾਣਾ ਅਜੇ ਤਕ ਸੰਭਵ ਨਹੀਂ ਹੋ ਸਕਿਆ।
ਮੂਲ ਅਸਥਾਨ ਦੇਣ ਤੋਂ ਇਨਕਾਰ: ਦਸਿਆ ਗਿਆ ਹੈ ਕਿ ਮੂਲ ਸਥਾਨ 'ਤੇ ਹੀ 'ਗੁਰਦੁਆਰਾ ਗਿਆਨ ਗੋਦੜੀ' ਦੀ ਮੁੜ ਸਥਾਪਨਾ ਕਰਾਣ ਵਿੱਚ ਆਪਣਾ ਹਿੱਸਾ ਪਾਣ ਦੇ ਉਦੇਸ਼ ਨਾਲ ਕੌਮੀ ਘਟ ਗਿਣਤੀ ਕਮਸ਼ਿਨ ਨੇ ਵੀ ਸੰਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਸੀ। ਪ੍ਰੰਤੂ ਹਰਿਦੁਆਰ ਦੇ ਜ਼ਿਲਾ ਜੱਜ ਨੇ ਇਹ ਕਹਿੰਦਿਆਂ ਉਸਦੀ ਮੰਗ ਨਾ-ਮੰਨਜ਼ੂਰ ਕਰ ਦਿਤੀ ਕਿ ਸੰਬੰਧਤ ਸਥਾਨ 'ਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਕੀਤਾ ਜਾਣਾ ਸੰਭਵ ਨਹੀਂ। ਇਹ ਵੀ ਦਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਗੰਗਾ ਕਿਨਾਰੇ ਹੀ ਕੋਈ ਹੋਰ ਜਗ੍ਹਾ ਅਲਾਟ ਕਰ ਦਿੱਤੇ ਜਾਣ ਦੀ ਗਲ ਵੀ ਹੋਈ। ਪਰ ਸੁਆਲ ਉਠਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਜੋ ਇਤਿਹਾਸਕਤਾ ਮੂਲ ਸਥਾਨ ਨਾਲ ਜੁੜੀ ਹੋਈ ਹੈ, ਕੀ ਉਹੀ ਇਤਿਹਾਸਕਤਾ ਗੁਰਦੁਆਰਾ ਸਾਹਿਬ ਨੂੰ ਕਿਸੇ ਹੋਰ ਸਥਾਨ ਪੁਰ ਸਥਾਪਤ ਕਰ ਦੇਣ ਨਾਲ ਜੁੜ ਸਕਦੀ ਹੈ?
ਗੁਰਦੁਆਰੇ ਦੀ ਇਤਿਹਾਸਕਤਾ ਸਥਾਨਕ ਲੋਕ ਵੀ ਸਵੀਕਾਰਦੇ ਹਨ: ਗੁਰਦੁਆਰਾ ਗਿਆਨ ਗੋਦੜੀ ਦੇ ਹਰਿ ਕੀ ਪੌੜੀ ਪੁਰ ਸਥਾਪਤ ਹੋਣ ਦੀ ਇਤਿਹਾਸਕਤਾ ਦੀ ਗੁਆਹੀ ਨਾ ਕੇਵਲ ਹਰਿਦੁਆਰ ਦੀ ਪੁਰਾਣੀ ਪੀੜੀ ਦੇ ਲੋਕੀ ਹੀ ਭਰਦੇ ਹਨ, ਸਗੋਂ 'ਹਰਿ ਕੀ ਪੌੜੀ' ਪੁਰ ਹੋਰ ਧਰਮ ਅਸਥਾਨਾਂ ਦੇ ਮੁਖੀ ਵੀ ਇਸਦੀ ਗੁਆਹੀ ਭਰਦੇ ਹਨ। ਇਹੀ ਨਹੀਂ, ਗਲਬਾਤ ਦੌਰਾਨ ਉਹ ਇਹ ਇੱਛਾ ਵੀ ਪ੍ਰਗਟ ਕਰਦੇ ਹਨ ਕਿ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਮੁੜ ਇਸੇ ਸਥਾਨ 'ਤੇ ਹੀ ਹੋਣੀ ਚਾਹੀਦੀ ਹੈ ਤਾਂ ਜੋ ਇਸੇ ਸਥਾਨ ਤੋਂ ਗੁਰੂ ਸਾਹਿਬ ਵਲੋਂ ਜਗਾਈ 'ਗਿਆਨ ਦੀ ਜੋਤਿ' ਦੀਾ ਪ੍ਰਕਾਸ਼ ਦੂਰ-ਦੂਰ ਤਕ ਫੈਲਦਾ ਰਹਿ ਸਕੇ।
...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇਕ ਮੁਲਾਕਾਤ ਦੌਰਾਨ ਦਾਅਵਾ ਕੀਤਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਦਸਤਾਵੇਜ਼ ਅੱਜਕਲ ਲੋਕ-ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉਹ ਗੁਰਦੁਆਰਾ ਕਮੇਟੀ ਦੇ ਹੀ ਇੱਕ ਅਹੁਦੇਦਾਰ ਵਲੋਂ ਹੋਰ ਲੋਕਾਂ ਦੇ ਨਾਲ, ਉਨ੍ਹਾਂ ਤਕ ਵੀ ਪਹੁੰਚਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਦਸਿਆ ਜਾਂਦਾ ਹੈ ਕਿ ਜੇ ਸੰਬੰਧਤ ਅਹੁਦੇਦਾਰ ਦੇ ਦਿਲ ਵਿੱਚ ਗੁਰਦੁਆਰਾ ਗੋਲਕ ਦੀ ਲੁਟ ਰੋਕਣ ਵਿੱਚ ਦਿਲਚਸਪੀ ਹੁੰਦੀ ਤਾਂ ਉਹ ਇਹ ਦਸਤਾਵੇਜ਼ ਪਾਰਟੀ ਹਾਈਕਮਾਂਡ ਤਕ ਪਹੁੰਚਾ, ਉਸਨੂੰ ਇਸ ਲੁਟ ਨੂੰ ਰੋਕਣ ਦੀ ਸਲਾਹ ਦਿੰਦਾ, ਪਰ ਉਸਨੇ ਇਨ੍ਹਾਂ ਦਸਤਾਵੇਜ਼ਾਂ, ਜੋ ਸ਼ਾਇਦ ਉਸਨੇ ਪ੍ਰਧਾਨ ਦੇ ਵਿਦੇਸ਼ ਦੌਰੇ ਤੇ ਹੋਣ ਦੌਰਾਨ ਰਿਕਾਰਡ ਵਿਚੋਂ ਕਢਵਾਏ ਹਨ, ਨੂੰ ਨਸ਼ਰ ਕਰਵਾ, ਗੁਰਦੁਆਰਾ ਕਮੇਟੀ ਵਿੱਚ ਹੋ ਰਹੀ ਲੁਟ ਲਈ ਪ੍ਰਧਾਨ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਲਿਆ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੁਟ ਕਿਸੇ ਇੱਕ ਵਲੋਂ ਨਹੀਂ, ਸਗੋਂ ਕਮੇਟੀ ਦੇ ਸਰਪ੍ਰਸਤਾਂ (ਬਾਦਲ ਅਕਾਲੀ ਦਲ ਦੇ ਮੁੱਖੀਆਂ) ਸਹਿਤ, ਸਮੁਚੇ ਰੂਪ ਗੁਰਦੁਆਰਾ ਕਮੇਟੀ ਦੇ ਬਾਦਲ ਦਲ ਦੇ ਮੈਂਬਰਾਂ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸੇ ਮੁਲਾਕਾਤ ਦੌਰਾਨ ਇਹ ਵੀ ਕਿਹਾ ਕਿ ਇਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਸੰਕਟ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਉਸਦੇ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਹੀ ਜ਼ਿਮੇਂਦਾਰ ਹਨ, ਜਿਨ੍ਹਾਂ ਆਪਣੇ ਰਾਜਸੀ ਸਵਾਰਥ ਲਈ ਗੁਰਦੁਆਰਾ ਕਮੇਟੀ ਵਿਚੋਂ ਪੰਥਕ ਹਿਤਾਂ ਦੇ ਏਜੰਡੇ ਨੂੰ ਮਨਫੀ ਕਰ ਸਿੱਖ ਅਤੇ ਸਿੱਖੀ-ਵਿਰੋਧੀਆਂ ਦਾ ਏਜੰਡਾ ਲਾਗੂ ਕਰਵਾ ਰਖਿਆ ਹੈ। ਜਿਸਦੇ ਚਲਦਿਆਂ ਗੁਰਦੁਆਰਾ ਕਮੇਟੀ ਸਿੱਖ ਹਿਤਾਂ ਅਤੇ ਸਿੱਖੀ ਨੂੰ ਬਚਾਣ ਦੀ ਗਲ ਕਰਨ ਦੀ ਬਜਾਏ ਸਿੱਖ ਅਤੇ ਸਿੱਖੀ-ਵਿਰੋਧੀਆਂ ਪ੍ਰਤੀ ਸਮਰਪਿਤ ਹੋ ਚਲ ਰਹੀ ਹੈ।000
Mobile : +91 95 82 71 98 90
E-Mail : jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085
24 Jan. 2019
ਇਹ ਮਨਜੀਤ ਸਿੰਘ ਵਿਰੁੱਧ ਸੋਚੀ-ਸਮਝੀ ਸਾਜ਼ਿਸ਼ ਤਾਂ ਨਹੀਂ? - ਜਸਵੰਤ ਸਿੰਘ 'ਅਜੀਤ'
ਬੀਤੇ ਕੁਝ ਸਮੇਂ ਤੋਂ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਚਲ ਰਹੀ ਚਰਚਾ ਵਿੱਚ ਇਹ ਸੁਆਲ ਬਹੁਤ ਹੀ ਗੰਭੀਰਤਾ ਨਾਲ ਉਠਾਇਆ ਜਾਂਦਾ ਚਲਿਆ ਆ ਰਿਹਾ ਹੈ ਕਿ ਸ. ਮਨਜੀਤ ਸਿੰਘ ਜੀਕੇ, ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜਕਲ ਜਿਸ ਗੰਭੀਰ ਅਤੇ ਤਣਾਉ-ਭਰੀ ਰਾਜਸੀ ਸਥਿਤੀ ਦਾ ਸਾਹਮਣਾ ਕਰਨ 'ਤੇ ਮਜਬੂਰ ਹੋ ਰਹੇ ਹਨ, ਕਿਧਰੇ ਉਹ ਉਨ੍ਹਾਂ ਵਿਰੁੱਧ ਅਪਨਾਈ ਗਈ ਹੋਈ ਕਿਸੇ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਤਾਂ ਨਹੀਂ? ਮੰਨਿਆ ਜਾਂਦਾ ਹੈ ਕਿ ਇਹ ਸਵਾਲ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਸਿੱਖ ਹਲਕਿਆਂ ਵਲੋਂ ਉਠਾਇਆ ਜਾ ਰਿਹਾ ਹੈ, ਜੋ ਆਪਣੇ ਆਪਨੂੰ ਦਿੱਲੀ ਦੀ ਅਕਾਲੀ ਰਾਜਨੀਤੀ ਨਾਲ ਲੰਮੇਂ ਸਮੇਂ ਤੋਂ ਜੁੜੇ ਚਲੇ ਆਉਣ ਦਾ ਦਾਅਵਾ ਕਰਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਸ਼ਾਇਦ ਸ. ਮਨਜੀਤ ਸਿੰਘ ਜੀਕੇ ਦੇ ਵਿਰੁਧ ਇਸ ਸਾਜ਼ਿਸ਼ ਦੀ ਪਟਕਥਾ (ਕਹਾਣੀ) ਉਸ ਸਮੇਂ ਤੋਂ ਤਿਆਰ ਕੀਤੀ ਜਾਣ ਲਗੀ ਸੀ, ਜਦੋਂ ਉਨ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ (ਸੰਨ-2017) ਚੋਣਾਂ ਵਿੱਚ ਹੋਈ ਰਿਕਾਰਡ ਜਿੱਤ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਜਾ ਪਾਈ ਸੀ। ਇਸਕਾ ਕਾਰਣ ਉਹ ਇਹ ਦਸਦੇ ਹਨ ਕਿ ਹਰ ਕੋਈ ਜਾਣਦਾ ਹੈ ਕਿ ਉਹ ਸਮਾਂ ਅਜਿਹਾ ਸੀ, ਜਦੋਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਅਤੇ ਪੰਜਾਬ ਪੁਲਿਸ ਦੇ ਉਨ੍ਹਾਂ ਦੁਖਦਾਈ ਘਟਨਾਵਾਂ ਲਈ ਦੋਸ਼ੀਆਂ ਤਕ ਪਹੁੰਚ ਪਾਣ ਵਿੱਚ ਅਸਫਲ ਰਹਿਣ ਵਿਰੁੱਧ ਸ਼ਾਂਤਮਈ ਰੋਸ ਧਰਨੇ ਦੇ, ਨਾਮ ਸਿਮਰਨ ਕਰ ਰਹੀਆਂ ਸਿੱਖ-ਸੰਗਤਾਂ ਪੁਰ ਗੋਲੀ ਚਲਾਏ ਜਾਣ ਦੀਆਂ ਵਾਪਰੀਆਂ ਘਟਨਾਵਾਂ, ਜਿਨ੍ਹਾਂ ਵਿੱਚ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ, ਦੇ ਲਈ ਸਮੁਚਾ ਸਿੱਖ ਜਗਤ (ਸਮੇਂ ਦੇ) ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜ਼ਿਮੇਂਦਾਰ ਠਹਿਰਾ, ਉਨ੍ਹਾਂ ਵਿਰੁੱਧ ਮੈਦਾਨ ਵਿੱਚ ਨਿਤਰਿਆ ਹੋਇਆ ਸੀ। ਇਸੇ ਦਾ ਹੀ ਨਤੀਜਾ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਥਿਤੀ ਦੇ ਚਲਦਿਆਂ ਇਹ ਮੰਨਿਆ ਜਾਣ ਲਗਾ ਸੀ, ਕਿ ਜੇ ਇਨ੍ਹਾਂ ਹਾਲ਼ਾਤ ਦੇ ਚਲਦਿਆਂ ਦਿੱਲੀ ਗੁਰਦੁਆਰਾ ਚੋਣਾਂ ਉਨ੍ਹਾਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਲੜੀਆਂ ਜਾਂਦੀਆਂ ਹਨ ਤਾਂ ਬਾਦਲ ਅਕਾਲੀ ਦਲ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਥਿਤੀ ਵਿੱਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ, ਸ. ਮਨਜੀਤ ਸਿੰਘ ਜੀਕੇ, ਜੋ ਉਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਸਨ, ਅੱਗੇ ਆਏ ਅਤੇ ਉਨ੍ਹਾਂ ਨੇ ਦਲ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਦੁਅਇਆ ਕਿ ਇਹ, ਦਿੱਲੀ ਗੁਰਦੁਆਰਾ ਚੋਣਾਂ ਦੀ ਲੜਾਈ ਉਹ ਆਪਣੇ ਬੂਤੇ ਲੜਨ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਲੜਾਈ ਨੂੰ ਜਿੱਤ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਦੀ ਝੋਲੀ ਵਿੱਚ ਲਿਆ ਪਾਣ ਵਿੱਚ ਸਫਲ ਹੋਣਗੇ! ਲੀਡਰਸ਼ਿਪ ਨੂੰ ਵਿਸ਼ਵਾਸ ਦੁਆ, ਸ. ਮਨਜੀਤ ਸਿੰਘ ਜੀਕੇ ਨੇ ਦਿੱਲੀ ਗੁਰਦੁਆਰਾ ਚੋਣਾਂ ਦੀ ਕਮਾਨ ਸੰਭਾਲ ਲਈ। ਇਤਿਹਾਸ ਗੁਆਹ ਹੈ ਕਿ ਸ. ਮਨਜੀਤ ਸਿੰਘ ਜੀਕੇ ਨੇ ਬਿਨਾ ਪੰਜਾਬ ਦੀ ਅਕਾਲੀ ਲੀਡਰਸ਼ਿਪ ਦੇ ਚਿਹਰਿਆਂ ਤੋਂ ਇਹ ਲੜਾਈ ਲੜੀ ਅਤੇ ਰਿਕਾਰਡ ਜਿੱਤ ਹਾਸਲ ਕੀਤੀ।
ਦਸਿਆ ਜਾਂਦਾ ਹੈ ਕਿ ਸ. ਮਨਜੀਤ ਸਿੰਘ ਜੀਕੇ ਨੂੰ ਇਸ ਗਲ ਦਾ ਮਾਣ ਸੀ ਕਿ ਦਿੱਲੀ ਦੇ ਸਿੱਖਾਂ ਨੇ ਉਨ੍ਹਾਂ ਵਿੱਚ ਉਨ੍ਹਾਂ ਦੇ ਪਿਤਾ ਜ. ਸੰਤੋਖ ਸਿੰਘ ਦੀ ਛੱਬੀ ਨੂੰ ਵੇਖਦਿਆਂ ਹੋਇਆਂ ਇਹ ਰਿਕਾਰਡ ਜਿੱਤ ਉਨ੍ਹਾਂ ਦੀ ਝੋਲੀ ਵਿੱਚ ਪਾਈ ਹੈ। ਉਨ੍ਹਾਂ ਨੂੰ ਸ਼ਾਇਦ ਇਹ ਵਿਸ਼ਵਾਸ ਵੀ ਸੀ, ਕਿ ਜਦੋਂ ਉਹ ਇਹ ਜਿੱਤ ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਣਗੇ ਤਾਂ ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਦੀਆਂ ਨਜ਼ਰਾਂ ਵਿੱਚ ਉਨ੍ਹਾਂ (ਸ. ਮਨਜੀਤ ਸਿੰਘ ਜੀਕੇ) ਦਾ ਕੱਦ ਵੱਧ ਜਾਇਗਾ। ਸ਼ਾਇਦ ਇਹੀ ਕਾਰਣ ਸੀ ਕਿ ਜਦੋਂ ਸ. ਮਨਜੀਤ ਸਿੰਘ ਜੀਕੇ ਨੇ ਇਹ ਜਿੱਤ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਈ ਤਾਂ ਉਸ ਸਮੇਂ ਉਨ੍ਹਾਂ ਦੇ ਚੇਹਰੇ ਪੁਰ ਜਿੱਤ ਨਾਲ ਪੈਦਾ ਹੋਏ ਆਤਮ-ਵਿਸ਼ਵਾਸ ਦੀ ਚਮਕ ਸੀ। ਅਕਾਲੀ ਰਾਜਨੀਤੀ ਪੁਰ ਤਿੱਖੀ ਨਜ਼ਰ ਰਖਣ ਵਾਲੇ ਰਾਜਨੀਤਕਾਂ ਦੀ ਗਲ ਮੰਨੀ ਜਾਏ ਤਾਂ ਜਦੋਂ ਸ. ਮਨਜੀਤ ਸਿੰਘ ਜੀਕੇ ਨੇ ਆਤਮ-ਵਿਸ਼ਵਾਸ ਨਾਲ ਇਹ ਜਿੱਤ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਈ ਤਾਂ ਸ. ਸੁਖਬੀਰ ਸਿੰਘ ਬਾਦਲ ਦੇ ਚੇਹਰੇ ਪੁਰ ਤਾਂ ਸ. ਮਨਜੀਤ ਸਿੰਘ ਜੀਕੇ ਪ੍ਰਤੀ ਮਾਣ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਸੀ, ਪਰ ਉਸਦੇ ਵਿਰੁੱਧ ਉਸੇ ਮੌਕੇ ਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਈ ਸੀਨੀਅਰ ਮੁੱਖੀਆਂ ਦੇ ਚੇਹਰਿਆਂ ਦੇ ਬਦਲ ਰਹੇ ਹਾਵਭਾਵ, ਇਸ ਗਲ ਦਾ ਸੰਕੇਤ ਦੇ ਰਹੇ ਸਨ ਕਿ ਉਨ੍ਹਾਂ ਦੇ ਦਿਲ ਵਿੱਚ ਸ. ਮਨਜੀਤ ਸਿੰਘ ਪ੍ਰਤੀ ਈਰਖਾ ਦੇ ਭਾਂਬੜ ਬਲ ਰਹੇ ਹਨ। ਜੋ ਇਸ ਗਲ ਦਾ ਸੰਕੇਤ ਸੀ ਕਿ ਉਹ ਨਾ ਤਾਂ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਪਾਰਟੀ ਨੂੰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਮਿਲੀ ਰਿਕਾਰਡੱ ਜਿੱਤ ਤੋਂ ਖੁਸ਼ ਹਨ ਅਤੇ ਨਾ ਹੀ ਸ. ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਨੂੰ ਹੀ ਬਰਦਾਸ਼ਤ ਕਰ ਪਾ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਲਗ ਰਿਹਾ ਸੀ ਕਿ ਇਸ ਸਫਲਤਾ ਨਾਲ ਸ. ਸੁਖਬੀਰ ਸਿੰਘ ਬਾਦਲ ਦੀਆਂ ਨਜ਼ਰਾਂ ਵਿੱਚ ਅਤੇ ਪੰਜਾਬ ਤੋਂ ਬਾਹਰ ਦੇਸ-ਵਿਦੇਸ਼ ਦੇ ਸਿੱਖਾਂ ਵਿੱਚ ਸ. ਮਨਜੀਤ ਸਿੰਘ ਜੀਕੇ ਦਾ ਕਦ ਵੱਧ ਜਾਇਗਾ ਅਤੇ ਉਨ੍ਹਾਂ ਦਾ ਛੋਟਾ ਹੋ ਜਾਇਗਾ। ਇਨ੍ਹਾਂ ਰਾਜਨੀਤਕਾਂ ਅਨੁਸਾਰ ਇਉਂ ਜਾਪ ਰਿਹਾ ਸੀ, ਕਿ ਜਿਵੇਂ ਉਹ ਇਹ ਮੰਨ ਰਹੇ ਹੋਣ ਕਿ ਇਸ ਨਲੋਂ ਤਾਂ ਚੰਗਾ ਸੀ ਕਿ ਪਾਰਟੀੱ ਦਿੱਲੀ ਗੁਰਦੁਆਰਾ ਚੋਣਾਂ ਹਾਰ ਜਾਂਦੀ। ਹਾਰ ਪੁਰ ਉਨ੍ਹਾਂ ਨੂੰ ਇਤਨਾ ਦੁਖ ਨਾ ਹੁੰਦਾ, ਜਿਤਨਾ ਉਸਦੀ ਜਿੱਤ ਪੁਰ ਉਨ੍ਹਾਂ ਨੂੰ ਹੋ ਰਿਹਾ ਹੈ।
...ਅਤੇ ਅੰਤ ਵਿੱਚ : ਬੀਤੇ ਦਿਨੀਂ ਪੰਜਾਬੀ ਦੇ ਇੱਕ ਸੀਨੀਅਰ ਪਤ੍ਰਕਾਰ ਜਤਿੰਦਰ ਪੰਨੂ ਦਾ ਇੱਕ ਵਾਇਰਲ ਵੀਡੀਓ ਵੇਖਣ ਸੁਣਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ. ਮਨਜੀਤ ਸਿੰਘ ਜੀਕੇ ਵਿਰੁਧ ਹੋ ਰਹੀ ਸੁਗਬੁਗਾਹਟ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਪਰ ਹੋਏ ਹਿੰਸਕ ਹਮਲਿਆਂ ਪੁਰ ਆਪਣੀ ਪ੍ਰਤਿਕ੍ਰਿਆ ਦਿੰਦਿਆਂ ਹੋਇਆਂ ਕਿਹਾ ਕਿ ਇਉਂ ਜਾਪਦਾ ਹੈ ਕਿ ਜਿਵੇਂ ਇਹ ਹਮਲੇ ਸ. ਮਨਜੀਤ ਸਿੰਘ ਪੁਰ ਬਾਹਰੋਂ ਨਹੀਂ, ਸਗੋਂ ਪਾਰਟੀ ਦੇ ਅੰਦਰੋਂ ਕਰਵਾਏ ਗਏ ਹਨ। ਜੋ ਇਸ ਗਲ ਦਾ ਸੰਕੇਤ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਜੋ ਜਿੱਤ ਹਾਸਲ ਕੀਤੀ ਹੈ ਉਸ ਨਾਲ ਉਨ੍ਹਾਂ ਦੇ ਵੱਧੇ ਕੱਦ ਨੂੰ ਪਾਰਟੀ ਦੇ ਹੀ ਕੁਝ ਮੁੱਖੀ ਸਹਿਣ ਨਹੀਂ ਕਰ ਪਾ ਰਹੇ। ਇਸਦੇ ਕੁਝ ਦਿਨਾਂ ਬਾਅਦ ਹੀ ਆਈਆਂ ਖਬਰਾਂ ਵਿੱਚ ਦਸਿਆ ਗਿਆ ਹੋਇਆ ਸੀ ਕਿ ਅਮਰੀਕਾ ਵਿੱਚ ਜੀਕੇ ਪੁਰ ਹਮਲੇ ਕਰਨੇ ਵਾਲਿਆਂ ਵਿੱਚੋਂ ਦੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਗਰਮ ਵਰਕਰ ਹਨ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੂਝ ਰਹੀ ਦਿੱਲੀ ਗੁਰਦੁਆਰਾ ਕਮੇਟੀ? - ਜਸਵੰਤ ਸਿੰਘ 'ਅਜੀਤ'
ਦਸਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨਾਲ ਜੂਝਦੀ ਚਲੀ ਆ ਰਹੀ ਦਿੱਲੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪਣੇ ਆਪਨੂੰ ਇਸ ਸੰਕਟ ਵਿਚੋਂ ਉਭਾਰਨ ਲਈ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਸਮੇਂ ਤੋਂ ਪਹਿਲਾਂ (ਇਥੇ ਇਹ ਗਲ ਵਰਨਣਯੋਗ ਹੈ ਕਿ ਵਰਤਮਾਨ ਅਹੁਦੇਦਰਾਂ ਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦਾ ਕਾਰਜ-ਕਾਲ, 30 ਮਾਰਚ 2019 ਨੂੰ ਖਤਮ ਹੋਣ ਜਾ ਰਿਹਾ ਹੈ) ਨਵੀਆਂ ਚੋਣਾਂ ਕਰਵਾ ਲਏ ਜਾਣ ਦਾ ਫੈਸਲਾ ਕੀਤਾ ਹੈ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰਦੁਆਰਾ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਆਪਣੇ ਸਾਂਝੇ ਦਸਤਖਤਾਂ ਦੇ ਨਾਲ ਇਹ ਚੋਣਾਂ 19 ਜਨਵਰੀ ਨੂੰ ਕਰਵਾਏ ਜਾਣ ਲਈ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਜਨਰਲ ਹਾਊਸ ਦੀ ਬੈਠਕ ਬੁਲਾਏ ਜਾਣ ਦੀ ਜਾਣਕਾਰੀ ਦੇਣ ਲਈ ਪਤੱਰ (ਨੋਟੀਫਿਕੇਸ਼ਨ) ਜਾਰੀ ਕਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਗੁਰਦੁਆਰਾ ਐਕਟ ਦੇ ਨਿਯਮਾਂ ਦੇ ਅਨੁਸਾਰ ਇਸਦੀ ਸੂਚਨਾ ਦਿੱਲੀ ਗੁਰਦੁਆਰਾ ਚੋਣ ਡਾਇਰੈਟੋਰੇਟ ਨੂੰ ਵੀ ਭੇਜ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਚੋਣ ਕਰਵਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੇ ਨਾਂ ਇੱਕ ਪਤੱਰ ਭੇਜ ਕੇ ਪੁਛਿਆ ਗਿਆ ਹੈ ਕਿ ਆਖਿਰ ਅਜਿਹੀ ਕਿਹੜੀ ਗਲ ਹੋ ਗਈ, ਜਿਸ ਕਾਰਣ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ, ਉਨ੍ਹਾਂ ਦੇ ਦੋ ਸਾਲ ਦੇ ਕਾਰਜ-ਕਾਲ ਦੇ ਖਤਮ ਹੋਣ ਤੋਂ ਢਾਈ-ਤਿੰਨ ਮਹੀਨੇ ਪਹਿਲਾਂ ਕਰਵਾਏ ਜਾਣ ਲੋੜ ਪੈ ਗਈ ਹੈ? ਦਸਿਆ ਗਿਆ ਹੈ ਕਿ ਇਹ ਡਾਇਰੀ ਲਿਖੇ ਜਾਣ ਤਕ ਗੁਰਦੁਆਰਾ ਕਮੇਟੀ ਵਲੋਂ ਇਸ ਪਤੱਰ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਸਕਿਆ ਸੀ।
ਇਥੇ ਇਹ ਗਲ ਧਿਆਨ ਦੇਣ ਵਾਲੀ ਹੈ ਕਿ ਬੀਤੇ ਕੁਝ ਸਮੇਂ ਤੋਂ ਆਮ ਲੋਕਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਵੱਡੇ ਪੈਮਾਨੇ ਤੇ ਭ੍ਰਿਸ਼ਟਾਚਾਰ ਹੋਣ ਦੀ ਹੋ ਰਹੀ ਚਰਚਾ ਦੇ ਫਲਸਰੂਪ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਗੰਭੀਰ ਨੋਟਿਸ ਲਿਆ ਗਿਆ ਜਿਸਦੇ ਚਲਦਿਆਂ, ਉਨ੍ਹਾਂ ਵਲੋਂ ਦਿੱਤੇ ਗਏ ਆਦੇਸ਼ ਪੁਰ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਬੈਠਕ ਸਦ ਕੇ ਉਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਵਰਤਮਾਨ ਸੰਕਟ ਵਿਚੋਂ ਉਭਰਨ ਲਈ ਕਮੇਟੀ ਦੇ ਨਵੇਂ ਅਹੁਦੇਦਾਰ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਸਮੇਂ ਤੋਂ ਪਹਿਲਾਂ ਕਰਵਾ ਲਈ ਜਾਏ ਅਤੇ ਇਸਦੇ ਲਈ ਰਸਤਾ ਹਮਵਾਰ ਕਰਨ ਲਈ ਵਰਤਮਾਨ ਅਹੁਦੇਦਾਰ ਆਪਣੇ ਅਸਤੀਫੇ ਪਾਰਟੀ (ਸ਼੍ਰੋਮਣੀ ਅਕਾਲੀ ਦਲ - ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ) ਨੂੰ ਭੇਜ ਦੇਣ। ਇਸ ਫੈਸਲੇ ਤੋਂ ਬਾਅਦ ਇੱਕ ਪਾਸੇ ਤਾਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਫੈਸਲੇ ਅਨੁਸਾਰ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਨੂੰ ਭੇਜਣ ਦਿੱਤੇ ਅਤੇ ਦੂਸਰੇ ਪਾਸੇ ਇਸ ਫੈਸਲੇ ਦੀ ਜਾਣਕਾਰੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਦਿੰਦਿਆਂ, ਉਸ ਪਾਸੋਂ ਪੁਛਿਆ, ਕਿ ਜੇ ਇਹ ਚੋਣ ਵਰਤਮਾਨ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦਾ ਕਾਰਹਕਾਲ ਖਤਮ ਹੋਣ ਤੋਂ ਪਹਿਲਾਂ ਕਰਵਾਈ ਜਾਂਦੀ ਹੈ, ਤਾਂ ਨਵ-ਗਠਤ ਹੋਣ ਵਾਲੇ ਅੰਤ੍ਰਿੰਗ ਬੋਰਡ ਅਤੇ ਅਹੁਦੇਦਾਰਾਂ ਦਾ ਕਾਰਜਕਾਲ ਵਰਤਮਾਨ ਅੰਤ੍ਰਿੰਗ ਬੋਰਡ ਦੇ ਬਾਕੀ ਰਹਿੰਦੇ ਸਮੇਂ ਲਈ ਹੋਵੇਗਾ ਜਾਂ ਪੂਰੇ ਦੋ ਸਾਲ? ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਵੀ ਚੋਣ ਡਾਇਰੈਕਟੋਰੇਟ ਵਲੋਂ ਕੋਈ ਜਵਾਬ ਨਾ ਮਿਲਣ 'ਤੇ ਪ੍ਰਬੰਧਕਾਂ ਨੇ ਪਹਿਲਕਦਮੀ ਕਰਦਿਆਂ ਅੁਹਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ ਕਰਵਾਉਣ ਲਈ 19 ਜਨਵਰੀ ਦੀ ਤਾਰੀਖ ਮਿੱਥ ਕੇ ਜਨਰਲ ਹਾਊਸ ਦੀ ਬੈਠਕ ਸਦੇ ਜਾਣ ਲਈ ਨਪਤੱਰ ਜਾਰੀ ਕਰ ਦਿੱਤਾ ਅਤੇ ਨਿਯਮਾਂ ਅਨੁਸਾਰ ਇਸਦੀ ਸੂਚਨਾ ਚੋਣ ਡਾਇਰੈਕਟਰ ਨੂੰ ਭੇਜ ਦਿੱਤੀ। ਜਿਸ ਪੁਰ ਚੋਣ ਡਾਇਰੈਟਰ ਨੇ ਉਨ੍ਹਾਂ ਪਾਸੋਂ ਇਹ ਚੋਣ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦਾ ਕਾਰਣ ਪੁਛ ਲਿਆ।
ਇਧਰ ਇਹ ਵੀ ਦਸਿਆ ਜਾਂਦਾ ਹੈ ਕਿ ਇੱਕ ਪਸੇ ਤਾਂ ਕਾਨੂੰਨੀ ਮਾਹਿਰਾਂ ਦੀ ਮਾਨਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ ਵਿੱਚ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤਿੰਗ ਬੋਰਡ ਦੇ ਮੈਂਬਰਾਂ ਦੀ ਅੰਤ੍ਰਿੰਮ ਚੋਣ ਕਰਵਾਏ ਜਾਣ ਦਾ ਕੋਈ ਪ੍ਰਾਵਧਾਨ ਨਾ ਹੋਣ ਕਾਰਣ ਇਨ੍ਹਾਂ ਦੀ ਚੋਣ ਜੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਕਰਵਾਏ ਜਾਂਦੇ ਹਨ ਤਾਂ ਨਵ-ਗਠਤ ਅੰਤ੍ਰਿੰਗ ਬੋਰਡ ਦਾ ਕਾਰਜਕਾਲ ਪੂਰੇ ਦੋ ਵਰ੍ਹੇ ਦਾ ਹੋਵੇਗਾ, ਜਦਕਿ ਦਿੱਲੀ ਗੁਰਦੁਆਰਾ ਚੋਣਾਂ ਨਾਲ ਸੰਬੰਧਤ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਤਮਾਨ ਅੰਤ੍ਰਿੰਗ ਬੋਰਡ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਨਵੀਂ ਚੋਣ ਕਰਵਾ ਗਠਤ ਹੋਣ ਵਾਲੇ ਅੰਤ੍ਰਿੰਗ ਬੋਰਡ ਦਾ ਕਾਰਜਕਾਲ ਵਰਤਮਾਨ ਅੰਤ੍ਰਿੰਗ ਬੋਰਡ ਦੇ ਬਚ ਰਹੇ ਸਮੇਂ ਦੇ ਲਈ ਹੀ ਹੋਵੇਗਾ।
ਧਾਰਮਕ ਸੰਸਥਾਵਾਂ ਬਨਾਮ ਰਾਜਨੀਤੀ : ਬੀਤੇ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਸੱਤਾਧਾਰੀਆਂ ਪੁਰ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਜਾਂਦੇ ਚਲੇ ਆ ਰਹੇ ਹਨ, ਇੱਕ ਪਾਸੇ ਤਾਂ ਉਨ੍ਹਾਂ ਦੇ ਚਲਦਿਆਂ ਬਣ ਰਹੀ ਸਥਿਤੀ ਆਮ ਸਿੱਖਾਂ ਲਈ ਚਿੰਤਾ ਦਾ ਕਾਰਣ ਬਣ ਰਹੀ ਹੈ ਅਤੇ ਦੂਜੇ ਪਾਸੇ ਗੈਰ-ਸਿੱਖਾਂ ਦੀ ਚਰਚਾ ਦਾ ਵਿਸ਼ਾ। ਇਸ ਸਥਿਤੀ ਵਿਚੋਂ ਉਭਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਵਲੋਂ ਜੋ ਵੀ ਕਦਮ ਉਠਾਏ ਜਾਂਦੇ ਹਨ, ਉਹ ਕਾਰਗਰ ਸਾਬਤ ਨਹੀਂ ਹੋ ਰਹੇ। ਫਲਸਰੂਪ ਇਸ ਚਿੰਤਾਜਨਕ ਸਥਿਤੀ ਲੈ ਕੇ ਸਭ ਤੋਂ ਵੱਧ ਦੁੱਖੀ ਅਤੇ ਪ੍ਰੇਸ਼ਾਨ ਵੀ ਆਮ ਸਿਖ ਹੀ ਹੋ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਹੀ ਸਭ ਤੋਂ ਵੱਧ ਗੈਰ-ਸਿੱਖਾਂ ਦੇ ਨਾਲ ਹੀ ਆਪਣਿਆਂ ਦੇ ਵੀ ਵਿਅੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ।
...ਅਤੇ ਅੰਤ ਵਿੱਚ : ਇਸੇ ਸਥਿਤੀ ਦੇ ਚਲਦਿਆਂ ਹੀ ਸਿੱਖਾਂ ਦਾ ਇੱਕ ਵਰਗ ਇਹ ਮੰਨਣ ਨੂੰ ਮਜਬੂਰ ਹੋ ਰਿਹਾ ਹੈ ਕਿ ਇਨ੍ਹਾਂ ਵਿਵਾਦਾਂ ਅਤੇ ਝਗੜਿਆਂ ਦਾ ਮੁੱਖ ਕਾਰਣ ਸਿੱਖ ਰਾਜਨੀਤੀ ਵਿੱਚ ਮੂੰਹ ਮਾਰਨ ਵਾਲਿਆਂ ਵਿੱਚ ਧਰਮ ਦੇ ਸਹਾਰੇ ਰਾਜਨੀਤੀ ਵਿੱਚ ਸਥਾਪਤ ਹੋਣ ਦੀ ਲਾਲਸਾ ਵਧਦੀ ਚਲੀ ਜਾ ਰਹੀ ਹੈ। ਸਿੱਖਾਂ ਦੇ ਇਸ ਵਰਗ ਦਾ ਇਹ ਵੀ ਮੰਨਣਾ ਹੈ ਕਿ ਸਿੱਖਾਂ ਵਿੱਚ ਧਰਮ ਅਤੇ ਰਾਜਨੀਤੀ ਦੇ ਮੇਲ ਦੀ ਧਾਰਣਾ ਉਨ੍ਹਾਂ ਲੋਕਾਂ ਵਲੋਂ ਪੈਦਾ ਕੀਤੀ ਗਈ ਹੋਈ ਹੈ, ਜੋ ਰਾਜ-ਸੱਤਾ ਤਕ ਪਹੁੰਚਣ ਦੀ ਆਪਣੀ ਲਾਲਸਾ ਨੂੰ ਪੂਰਿਆਂ ਕਰਨ ਲਈ ਧਰਮ ਨੂੰ ਪੌੜੀ ਵਜੋਂ ਵਰਤਣਾ ਚਾਹੁੰਦੇ ਹਨ। ਇਨ੍ਹਾਂ ਸਿੱਖਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ, ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨ ਦੇ ਜੀਵਨ-ਇਤਿਹਾਸ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੇ ਧਰਮ ਤੇ ਰਾਜਨੀਤੀ ਦਾ ਨਹੀਂ, ਸਗੋਂ ਧਰਮ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕੀਤਾ ਹੈ। ਜਿਸਦਾ ਉਦੇਸ਼ ਜਿਥੇ ਧਾਰਮਕ ਮਾਨਤਾਵਾਂ ਦਾ ਪਾਲਣ ਕਰਦਿਆਂ ਆਪਣੇ ਆਪਨੂੰ ਨਾਮ ਸਿਮਰਨ ਪ੍ਰਤੀ ਸਮਰਪਤ ਰਖਣਾ ਹੈ, ਉਥੇ ਹੀ ਧਰਮ ਦੇ ਨਾਲ ਜਬਰ-ਜ਼ੁਲਮ ਅਤੇ ਅਨਿਆਇ ਦਾ ਸ਼ਿਕਾਰ ਹੋ ਰਹੇ ਗਰੀਬਾਂ-ਮਜ਼ਲੂਮਾਂ ਦੀ ਵੀ ਰਖਿਆ ਕਰਨਾ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵਾਲਾਮੁਖੀ ਕੰਢੇ? - ਜਸਵੰਤ ਸਿੰਘ 'ਅਜੀਤ'
ਦਿੱਲੀ ਗੁਰਦੁਆਰਾ ਪ੍ਰਬੱੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਪੁਰ ਲਗੇ ਅਖੌਤੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪਾਰਟੀ ਦੇ ਹੀ ਕੁਝ ਮੁੱਖੀਆਂ ਵਲੋਂ ਉਨ੍ਹਾਂ ਨੂੰ ਹਵਾ ਦਿੱਤੇ ਜਾਣ ਦੀ ਅਪਨਾਈ ਗਈ ਹੋਈ ਨੀਤੀ ਦੇ ਚਲਦਿਆਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਿੱਚ ਤੇਜ਼ੀ ਨਾਲ ਧੜੇਬੰਦੀ ਉਭਰ ਕੇ ਸਾਹਮਣੇ ਆਉਣ ਲਗ ਪਈ ਹੈ। ਦਸਿਆ ਗਿਆ ਹੈ ਕਿ ਜਿਥੇ ਗੁਰਦੁਆਰਾ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਦੇ ਪੱਖ ਵਿੱਚ ਖੜੇ ਹੋਣ ਵਾਲੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਅਖੋਤੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜ. ਮਨਜੀਤ ਸਿੰਘ ਜੀਕੇ ਨੂੰ ਸਲਾਹ ਦਿੱਤੀ ਹੈ ਕਿ ਜਦਕਿ ਉਹ ਆਪਣੇ ਪੁਰ ਲਗੇ ਦੋਸ਼ਾਂ ਦੇ ਚਲਦਿਆਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁਕੇ ਹਨ, ਇਸਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਦੋਸ਼-ਮੁਕੱਤ ਹੋਣ ਤਕ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਤੋਂ ਦੂਰੀ ਬਣਾ ਲੈਣ। ਇਸਦੇ ਵਿਰੁਧ ਜ. ਮਨਜੀਤ ਸਿੰਘ ਜੀਕੇ ਨਾਲ ਖੜੇ ਹੋਣ ਵਾਲੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਾਈਕਮਾਨ ਦੇ ਆਦੇਸ਼ ਪੁਰ ਸਾਰੇ ਹੀ ਅਹੁਦੇਦਾਰ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫਾ ਉਸਨੂੰ ਸੌਂਪ ਚੁਕੇ ਹੋਏ ਹਨ, ਤਾਂ ਉਨ੍ਹਾਂ ਸਾਰਿਆਂ ਨੂੰ ਹੀ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦਲ ਦੀ ਹਾਈਕਮਾਨ ਨੂੰ ਵੀ ਚਾਹੀਦਾ ਹੈ ਕਿ ਜਦੋਂ ਤਕ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ ਨਹੀਂ ਹੋ ਜਾਂਦੀ, ਤਦ ਤਕ ਦੇ ਲਈ ਉਹ ਗੁਰਦੁਆਰਾ ਪ੍ਰਬੰਧ ਨੂੰ ਚਲਾਈ ਰਖਣ ਲਈ ਗੁਰਦੁਆਰਾ ਕਮੇਟੀ ਦੇ ਵਰਤਮਾਨ ਅੰਤ੍ਰਿੰਗ ਬੋਰਡ, ਜੋ ਕਿ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦੀ ਪ੍ਰਤੀਨਿਧਤਾ ਕਰਦਾ ਹੈ, ਦੇ ਸੀਨੀਅਰ ਪੰਜ ਮੈਂਬਰਾਂ ਪੁਰ ਅਧਾਰਤ ਇੱਕ ਕੰਮ ਚਲਾਊ ਕਮੇਟੀ ਦਾ ਗਠਨ ਕਰ ਦੇਵੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਵਰਤਮਾਨ ਵਿੱਚ ਜਿਸਤਰ੍ਹਾਂ ਇੱਕ-ਦੂਜੇ ਪੁਰ ਦੋਸ਼-ਪ੍ਰਤੀ ਦੋਸ਼ ਲਾਏ ਜਾ ਰਹੇ ਹਨ. ਉਨ੍ਹਾਂ ਨੂੰ ਵੇਖਦਿਆਂ ਇਉਂ ਜਾਪਦਾ ਹੈ, ਜਿਵੇਂ ਗੁਰਦੁਆਰਾ ਕਮੇਟੀ ਇੱਕ ਅਜਿਹੇ ਜਵਾਲਾਮੁਖੀ ਦੇ ਕੰਢੇ ਆ ਖੜੀ ਹੋਈ ਹੈ, ਜਿਸ ਵਿੱਚ ਕਿਸੇ ਵੀ ਸਮੇਂ ਹੋਣ ਵਾਲਾ ਵਿਸਫੋਟ (ਧਮਾਕਾ) ਗੁਰਦੁਅਰਾ ਪ੍ਰਬੰਧ ਨੂੰ ਤਾਂ ਤਹਿਸ-ਨਹਿਸ ਕਰੇਗਾ ਹੀ ਨਾਲ ਹੀ ਉਸਦੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਆਪਣੀ ਲਪੇਟ ਵਿੱਚ ਲੈ ਲਵੇਗਾ।
ਉਧਰ ਇਹ ਵੀ ਦਸਿਆ ਜਾ ਰਿਹਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਬਣੀ ਹੋਈ ਇਸ ਧਮਾਕਾਖੇਜ਼ ਸਥਿਤੀ ਨੂੰ ਵੇਖਦਿਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ, ਵਿਸ਼ੇਸ਼ ਰੂਪ ਵਿੱਚ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਬਹੁਤ ਚਿੰਤਤ ਹਨ। ਉਹ ਸਮਝਦੇ ਹਨ ਕਿ ਗੁਰਦੁਆਰਾ ਕਮੇਟੀ ਵਿੱਚ ਜੇ ਇਹੀ ਹਾਲਾਤ ਹੋਰ ਕੁਝ ਸਮਾਂ ਬਣੇ ਰਹੇ ਤਾਂ ਦਿੱਲੀ ਵੀ ਉਨ੍ਹਾਂ ਦੇ ਹਥੋਂ ਨਿਕਲ ਜਾਇਗੀ। ਇਸਲਈ ਉਹ ਚਾਹੁੰਦੇ ਹਨ ਕਿ ਕਿਸੇ ਵੀ ਤਰ੍ਹਾਂ ਜਲਦੀ ਤੋਂ ਜਲਦੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਵਰਤਮਾਨ ਦੁਬਿੱਧਾ-ਪੂਰਣ ਸਥਿਤੀ ਵਿਚੋਂ ਉਭਾਰ, ਉਸਨੂੰ ਪਟੜੀ ਪੁਰ ਲਿਆਂਦਾ ਜਾਏ। ਦਸਿਆ ਜਾ ਰਿਹਾ ਹੈ ਕਿ ਦਲ ਦੇ ਇਹ ਮੁਖੀ ਇਹ ਵੀ ਚਾਹੁੰਦੇ ਹਨ ਕਿ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਅੰਤ੍ਰਿੰਗ ਬੋਰਡ ਦਾ ਪੁਨਰਗਠਨ ਕਰਦਿਆਂ ਵਰਤਮਾਨ ਪ੍ਰਧਾਨ ਅਤੇ ਜਨਰਲ ਸਕਤੱਰ ਨੂੰ ਕਿਨਾਰੇ ਵੀ ਕਰਨਾ ਪੈਂਦਾ ਹੈ ਤਾਂ ਅਜਿਹਾ ਕਰਦਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਸੰਕੋਚ ਨਾ ਕੀਤਾ ਜਾਏ। ਦਲ ਦੇ ਇਹ ਮੁਖੀ ਅਜਿਹਾ ਕਰਨ ਦੀ ਲੋੜ ਇਸ ਕਰਕੇ ਵੀ ਮਹਿਸੂਸ ਕਰਦੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਇਨ੍ਹਾਂ ਦੋਹਾਂ ਦੇ ਆਪਸੀ ਟਕਰਾਉ ਦੇ ਚਲਦਿਆਂ ਹੀ ਗੁਰਦੁਆਰਾ ਕਮੇਟੀ ਪੁਰ ਮੰਡਰਾ ਰਿਹਾ ਵਰਤਮਾਨ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸਦੀ ਲਪੇਟ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੇਂਦਰੀ ਮੁੱਖੀ ਵੀ ਆ ਰਹੇ ਹਨ।
ਉਧਰ ਇਹ ਵੀ ਪਤਾ ਲਗਾ ਹੈ ਕਿ ਗੁਰਦੁਆਰਾ ਕਮੇਟੀ ਦੇ ਵਰਤਮਾਨ ਅੰਤ੍ਰਿੰਗ ਬੋਰਡ ਦਾ ਦੋ-ਸਾਲਾ ਕਾਰਜ-ਕਾਲ ਖੱਤਮ ਹੋਣ ਤੋਂ ਪਹਿਲਾਂ ਹੀ ਜੇ ਉਸਨੂੰ ਭੰਗ ਕਰ ਅਹੁਦੇਦਾਰਾਂ ਅਤੇ ਅੰਤ੍ਰਿਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ ਕਰਵਾਈ ਜਾਂਦੀ ਹੈ, ਤਾਂ ਉਸਦੀ ਵਿਧਾਨਕ ਸਥਿਤੀ ਕੀ ਹੋਵੇਗੀ? ਇਸ ਗਲ ਦੀ ਜਾਣਕਾਰੀ ਲੈਣ ਲਈ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਜੋ ਪੱਤ੍ਰ ਦਿੱਲੀ ਗੁਰਦੁਆਰਾ ਚੋਣ ਡਾਰਿਰੈਕਟੋਰੇਟ ਨੂੰ ਭੇਜਿਆ ਗਿਆ ਸੀ, ਉਸਦਾ ਉੱਤਰ ਅਜੇ ਤਕ ਨਹੀਂ ਮਿਲ ਸਕਿਆ। ਇਧਰ ਸੰਵਿਧਾਨਕ ਸੰਸਥਾਵਾਂ ਦੀਆਂ ਚੋਣਾਂ ਨਾਲ ਸੰਬੰਧਤ ਚਲੇ ਆ ਰਹੇ ਮਾਹਿਰਾਂ ਦਾ ਮੰਨਣਾ ਹੈ ਕਿ ਦਿੱਲੀ ਗੁਰਦੁਆਰਾ ਦੇ ਐਕਟ ਅਨੁਸਾਰ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਕਿਸੇ ਵੀ ਸਮੇਂ 21 ਦਿਨ ਦੇ ਨੋਟਿਸ 'ਤੇ ਜਾਂ ਇਸਤੋਂ ਘਟ ਸਮੇਂ ਵਿੱਚ ਜਨਰਲ ਹਾਊਸ ਦੀ ਐਮਰਜੰਸੀ ਬੈਠਕ ਬੁਲਾ ਸਕਦਾ ਹੈ। ਉਸ ਬੈਠਕ ਵਿੱਚ ਉਹ ਵਰਤਮਾਨ ਅੰਤ੍ਰਿੰਗ ਬੋਰਡ ਨੂੰ ਭੰਗ ਕਰਨ ਦਾ ਐਲਾਨ ਕਰ, ਉਸਦੇ ਪੁਨਰਗਠਨ ਲਈ ਨਵੀਂ ਚੋਣ ਕਰਨ ਦੇ ਲਈ ਮੈਂਬਰਾਂ ਨੂੰ ਸਦਾ ਦੋ ਸਕਦਾ ਹੈ। ਇਸਤਰ੍ਹਾਂ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਕਰਵਾ ਉਸਦੇ ਪੁਨਰਗਠਨ ਦੀ ਪ੍ਰਕ੍ਰਿਆ ਪੂਰੀ ਕੀਤੀ ਜਾ ਸਕਦੀ ਹੈ। ਇਨ੍ਹਾਂ ਮਾਹਿਰਾਂ ਦਾ ਦਾਅਵਾ ਹੈ ਕਿ ਇਸਤਰ੍ਹਾਂ ਨਵਗਠਤ ਅੰਤ੍ਰਿੰਗ ਬੋਰਡ ਦਾ ਕਾਰਜਕਾਲ ਦਿੱਲੀ ਗੁਰਦੁਆਰਾ ਐਕਟ ਅਨੁਸਾਰ ਪੂਰੇ ਦੋ ਵਰ੍ਹਿਆਂ ਦਾ ਹੋਵੇਗਾ। ਜਦੋਂ ਉਨ੍ਹਾਂ ਦਾ ਧਿਆਨ ਕੁਝ ਕਾਨੂੰਨਦਾਨਾਂ ਦੇ ਇਸ ਕਥਨ ਵਲ ਦੁਆਇਆ ਗਿਆ ਕਿ ਇਸ ਚੋਣ ਰਾਹੀਂ ਗਠਤ ਹੋਣ ਵਾਲੇ ਅੰਤ੍ਰਿੰਗ ਬੋਰਡ ਦਾ ਕਾਰਜ-ਕਾਲ ਵਰਤਮਾਨ ਅੰਤ੍ਰਿੰਗ ਬੋਰਡ ਦੇ (29 ਮਾਰਚ ਤਕ) ਰਹਿੰਦੇ ਸਮੇਂ ਤਕ ਲਈ ਹੀ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਐਕਟ ਵਿੱਚ ਅੰਤ੍ਰਿੰਮ ਅੰਤ੍ਰਿੰਗ ਬੋਰਡ ਦੇ ਗਠਨ ਦਾ ਕੋਈ ਪ੍ਰਾਵਧਾਨ ਨਹੀਂ ਹੈ। ਇਸ ਕਾਰਣ ਇਸਦਾ ਕਾਰਜ-ਕਾਲ ਦੋ ਵਰ੍ਹੇ ਹੀ ਹੋਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਅੰਤ੍ਰਿੰਗ ਬੋਰਡ ਦਾ ਦੋ ਵਰ੍ਹੇ ਦਾ ਕਾਰਜ-ਕਾਲ ਪੂਰਾ ਹੋਣ ਤੋਂ ਬਾਅਦ ਵੀ ਜੇ ਜਨਰਲ ਹਾਊਸ ਦਾ ਕਾਰਜ-ਕਾਲ ਕੁਝ ਮਹੀਨਿਆਂ ਲਈ ਬਾਕੀ ਰਹਿ ਜਾਂਦਾ ਹੈ ਤਾਂ ਗੁਰਦੁਆਰਾ ਕਮੇਟੀ ਦੀ ਮੰਗ ਪੁਰ ਦਿੱਲੀ ਦਾ ਉਪ-ਰਾਜਪਾਲ ਜਨਰਲ ਹਾਊਸ ਦੇ ਰਹਿੰਦੇ ਕਾਰਜ-ਕਾਲ ਤਕ ਦੇ ਲਈ ਅੰਤ੍ਰਿੰਗ ਬੋਰਡ ਦਾ ਕਾਰਜ-ਕਾਲ ਵੱਧਾ ਸਕਦਾ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਇਸਦੇ ਲਈ ਗੁਰਦੁਆਰਾ ਐਕਟ ਵਿੱਚ ਸਮੁਚਿਤ ਪ੍ਰਾਵਧਾਨ ਹੈ।
ਅਤੇ ਅੰਤ ਵਿੱਚ : ਦਿੱਲੀ ਸਰਕਾਰ ਦੇ ਨੇੜਲੇ ਸੂਤਰਾਂ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਚਲ ਰਹੀ ੳਠਾ-ਪਟਕ ਪੁਰ ਉਸ ਵਲੋਂ ਤਿੱਖੀ ਨਜ਼ਰ ਰਖੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਪਾਸ ਗੁਰਦੁਆਰਾ ਕਮੇਟੀ ਵਿੱਚ ਹੋ ਰਹੇ ਅਤੇ ਹੋਏ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਜੋ ਰਿਪੋਰਟਾਂ ਪੁਜੀਆਂ ਹਨ, ਸਰਕਾਰ ਵਲੋਂ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਂਦਿਆਂ, ਕਾਨੂਨਦਾਨਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਘੋਖ ਕਰਵਾਈ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਜੇ ਗੁਰਦੁਆਰਾ ਕਮੇਟੀ ਵਿੱਚ ਚਲ ਰਹੀ ਉਠਾ-ਪਟਕ ਨਾ ਰੁਕੀ, ਤਾਂ ਦਿੱਲੀ ਸਰਕਾਰ ਭ੍ਰਿਸ਼ਟਾਚਾਰ ਨਾਲ ਸੰਬੰਧਤ ਮਿਲੀਆਂ ਸ਼ਿਕਾਇਤਾਂ ਦੀਆਂ ਰਿਪੋਰਟਾਂ ਨੂੰ ਅਧਾਰ ਬਣਾ, ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਨੂੰ ਮੁਅਤਲ ਕਰ ਗੁਰਦੁਆਰਾ ਪ੍ਰਬੰਧ ਨੂੰ ਚਲਾਈ ਰਖਣ ਲਈ 'ਸਰਕਾਰੀ ਬੋਰਡ' ਗਠਤ ਕਰਨ ਦੇ ਬਦਲ ਦਾ ਸਹਾਰਾ ਵੀ ਲੈ ਸਕਦੀ ਹੈ। ਇਹ ਵੀ ਦਸਿਆ ਗਿਆ ਹੈ ਕਿ ਜੇ ਦਿੱਲੀ ਸਰਕਾਰ ਨੂੰ ਅਜਿਹਾ ਕਰ ਪਾਣ ਦਾ ਜ਼ਰਾ-ਜਿਹਾ ਵੀ ਮੌਕਾ ਮਿਲਦਾ ਹੈ ਤਾਂ ਉਹ ਉਸਨੂੰ ਕਿਸੇ ਵੀ ਕੀਮਤ ਤੇ ਗੁਆਣਾ ਨਹੀਂ ਚਾਹੇਗੀ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਬੀਤੇ ਕਾਫੀ ਸਮੇਂ ਤੋਂ ਲਗਾਤਾਰ ਉਸ ਪੁਰ ਜਾਇਜ਼-ਨਾਜਾਇਜ਼ ਹਮਲੇ ਕਰਦੇ ਚਲੇ ਆ ਰਹੇ ਹਨ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਅਦੁੱਤੀ ਸ਼ਹਾਦਤਾਂ ਨੂੰ ਛੁਟਿਆਣ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ? - ਜਸਵੰਤ ਸਿੰਘ 'ਅਜੀਤ'
ਬੀਤੇ ਕੁਝ ਸਮੇਂ ਤੋਂ ਕੁਝ ਰਾਜਸੀ ਵਿਅਕਤੀਆਂ, ਜਿਨ੍ਹਾਂ ਵਿੱਚ ਕਈ ਸਿੱਖ ਵੀਰ ਵੀ ਜਾਣੇ-ਅਨਜਾਣੇ ਸ਼ਾਮਲ ਹੋ ਗਏ ਹੋਏ ਹਨ, ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਵਜੋਂ ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਇੱਕ ਅਖੌਤੀ ਮੁਹਿੰਮ ਜਿਹੀ ਸ਼ੁਰੂ ਕੀਤੀ ਗਈ ਹੋਈ ਹੈ। ਜਿਸਤੋਂ ਇਉਂ ਜਾਪਦਾ ਹੈ, ਜਿਵੇਂ ਇਨ੍ਹਾਂ ਸਜਣਾਂ ਨੂੰ ਨਾ ਤਾਂ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ ਦੀ ਸੋਝੀ ਹੈ ਅਤੇ ਨਾ ਹੀ ਇਸ ਮੁਹਿੰਮ ਦੇ ਪਿਛੇ ਉਨ੍ਹਾਂ ਦੀ ਈਮਾਨਦਾਰਾਨਾ ਸੋਚ ਹੀ ਕੰਮ ਕਰ ਰਹੀ ਹੈ। ਉਨ੍ਹਾਂ ਦੀ ਇਸ ਮੁਹਿੰਮ ਦੇ ਪਿਛੇ ਕੇਵਲ ਅਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਆਪਣੇ ਰਾਜਸੀ ਸਵਾਰਥ ਦੀ ਪੂਰਤੀ ਲਈ ਮੋਹਰੇ ਵਜੋਂ ਵਰਤ, ਛੁਟਿਆਣ ਦੀ ਸੋਚ ਕੰਮ ਕਰ ਰਹੀ ਹੈ।
ਜਿਥੋਂ ਤਕ ਇਨ੍ਹਾਂ ਸ਼ਹਾਦਤਾਂ ਦਾ ਸੰਬੰਧ ਹੈ, ਇਹ ਕਿਸੇ ਸੰਕੋਚਵੀਂ ਵਿਚਾਰਧਾਰਾ ਅਧੀਨ ਨਹੀਂ ਦਿੱਤੀਆਂ ਗਈਆਂ, ਸਗੋਂ ਇਨ੍ਹਾਂ ਪਿੱਛੇ ਸਮੁਚੀ ਮਾਨਵਤਾ ਦੇ ਧਾਰਮਕ ਵਿਸ਼ਵਾਸ ਅਤੇ ਹਿਤਾਂ ਦੀ ਰਖਿਆ ਪੁਰ ਅਧਾਰਤ ਸੋਚ ਕੰਮ ਕਰ ਰਹੀ ਸੀ। ਜਿਸ ਕਾਰਣ ਇਨ੍ਹਾਂ ਸ਼ਹਾਦਤਾਂ ਨੂੰ ਵਿਸ਼ਵ-ਪੱਧਰੀ ਮਹਤੱਤਾ ਪ੍ਰਾਪਤ ਹੋ ਗਈ ਹੋਈ ਹੈ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਆਪਣੀ ਸ਼ਹਾਦਤ, ਜੋ ਕਿ ਸਮੇਂ ਦੇ ਹਾਲਾਤ ਤੇ ਉਨ੍ਹਾਂ ਹਾਲਾਤ ਦੀ ਮੰਗ ਦੇ ਅਧਾਰ 'ਤੇ ਹਿੰਦੂ ਧਰਮ, ਉਸਦੀਆਂ ਮਾਨਤਾਵਾਂ ਅਤੇ ਵਿਸ਼ਵਾਸ ਦੀ ਰਖਿਆ ਲਈ ਦਿੱਤੀ ਗਈ ਸੀ, ਪ੍ਰੰਤੂ ਅਸਲ ਵਿੱਚ ਇਸਦੇ ਪਿਛੇ ਇਹ ਧਾਰਣਾ ਕੰਮ ਕਰ ਰਹੀ ਸੀ ਕਿ ਸੰਸਾਰ ਭਰ ਵਿੱਚ ਪ੍ਰਚਲਤ ਸਾਰੇ ਧਰਮਾਂ, ਜਿਨ੍ਹਾਂ ਵਿੱਚ ਹਿੰਦੂ ਧਾਰਮ ਵੀ ਸ਼ਾਮਲ ਹੈ, ਦੇ ਪੈਰੋਕਾਰਾਂ ਨੂੰ ਆਪੋ-ਆਪਣੇ ਧਰਮ ਪ੍ਰਤੀ ਵਿਸ਼ਵਾਸ ਅਤੇ ਉਸ ਦੀਆਂ ਮਾਨਤਾਵਾਂ ਦੇ ਪਾਲਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ-ਭਉ ਦੇ ਉਨ੍ਹਾਂ ਦਾ ਪਾਲਣ ਆਪਣੀ ਸ਼ਰਧਾ ਤੇ ਸਥਾਪਤ ਪਰੰਪਰਾ ਅਨੁਸਾਰ ਕਰਦੇ ਰਹਿ ਸਕਣ। ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਉਨ੍ਹਾਂ ਦੇ ਆਪਣੇ ਧਰਮ ਪ੍ਰਤੀ ਵਿਸ਼ਵਾਸ ਨੂੰ ਬਦਲਣ ਲਈ, ਉਨ੍ਹਾਂ ਪੁਰ ਅਥਾਹ ਅਤੇ ਅਕਹਿ ਜ਼ੁਲਮ ਢਾਹੇ।
ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਆਤਮ-ਸਨਮਾਨ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਸੀ। ਦੋ ਛੋਟੇ ਸਾਹਿਬਜ਼ਾਦਿਆਂ ਨੇ ਮਾਤ੍ਰ ਛੋਟੀ-ਜਿਹੀ (5 ਅਤੇ 10 ਵਰ੍ਹੇ) ਉਮਰ ਹੋਣ ਦੇ ਬਾਵਜੂਦ ਜ਼ੋਰ-ਜਬਰ ਅਤੇ ਅਨਿਆਇ ਸਾਹਮਣੇ ਸਿਰ ਝੁਕਾ, ਆਪਣੇ ਧਾਰਮਕ ਵਿਸ਼ਵਾਸ ਨੂੰ ਬਦਲ ਲੈਣ ਨਾਲੋਂ ਦੀਵਾਰਾਂ ਦੀਆਂ ਨੀਂਹਾਂ ਵਿੱਚ 'ਚਿਣਿਆਂ' ਜਾਣ ਨੂੰ ਤਰਜੀਹ ਦਿੱਤੀ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਨੇ (14 ਅਤੇ 19 ਵਰ੍ਹਿਆਂ) ਮੈਦਾਨ-ਏ-ਜੰਗ ਵਿੱਚ ਜਾਬਰਾਂ ਅਤੇ ਜ਼ਾਲਮਾਂ ਦੀ ਅਥਾਹ ਸੈਨਾ ਨਾਲ ਜੂਝਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਵਿਸ਼ਵ-ਵਿਆਪੀ ਹੋਣ ਦੇ ਨਾਲ ਹੀ ਸਮੁਚੀ ਮਨੁਖਤਾ ਲਈ ਇੱਕ ਸਾਰਥਕ ਸੰਦੇਸ਼ ਵੀ ਸੀ, ਜਿਸਦੇ ਚਲਦਿਆਂ, ਨਾ ਤਾਂ ਇਨ੍ਹਾਂ ਨੂੰ ਕਿਸੀ ਵਿਸ਼ੇਸ਼ ਵਰਗ ਤਕ ਸੀਮਤ ਰਖਿਆ ਜਾ ਸਕਦਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਇਜਾਜ਼ਤ ਹੀ ਕਿਸੇ ਨੂੰ ਦਿੱਤੀ ਜਾ ਸਕਦੀ ਹੈ।
ਇੱਕ ਗਲ ਹੋਰ ਜਿਸਨੂੰ ਸਪਸ਼ਟ ਰੂਪ ਵਿੱਚ ਸਮਝ ਲਿਆ ਜਾਣਾ ਬਹੁਤ ਜ਼ਰੂਰੀ ਹੈ, ਉਹ ਇਹ ਕਿ ਸਿੱਖ ਧਰਮ 'ਖੋਹ ਲੈਣ' ਵਿੱਚ ਵਿਸ਼ਵਾਸ ਨਹੀਂ ਰਖਦਾ, ਇਸਦੇ ਵਿਰੁਧ ਉਸਦਾ ਵਿਸ਼ਵਾਸ ਵੰਡਦਿਆਂ ਰਹਿਣ ਵਿੱਚ ਹੈ। ਇਸੇ ਲਈ ਉਨ੍ਹਾਂ ਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼ਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਲਈ ਮਹਾਤਮਾ ਗਾਂਧੀ ਤੋਂ ਉਨ੍ਹਾਂ ਦੇ 'ਰਾਸ਼ਟਰ ਪਿਤਾ' ਦੇ ਖਿਤਾਬ ਅਤੇ ਪੰਡਤ ਨਹਿਰੂ ਪਾਸੋ ਉਨ੍ਹਾਂ ਦੇ 'ਬਾਲ ਦਿਵਸ' ਨੂੰ ਖੋਹ, ਸ੍ਰੀ ਗੁਰੂ ਤੇਗ ਬਹਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਜੋੜ, ਉਨ੍ਹਾਂ ਦੀ ਮਹਤੱਤਾ ਨੂੰ ਘਟਾ ਦਿੱਤੇ ਜਾਣ ਵਿੱਚ ਕਿਸੇ ਦੀ ਵੀ ਦਿਲਚਸਪੀ ਨਹੀਂ ਹੋ ਸਕਦੀ।
ਧਾਰਮਕ ਸੰਸਥਾਵਾਂ ਦੇ ਮੁੱਖੀਊ ਜਾਗੋ : ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਸਿੱਖੀ ਸੰਭਾਲ ਪ੍ਰਤੀ ਸਮਰਪਤ ਹੋਣ ਦੀਆਂ ਦਾਅਵੇਦਾਰ ਸਿੱਖ ਸੰਸਥਾਵਾਂ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਚੇਤੰਨ ਹੋ, ਸਮਾਂ ਰਹਿੰਦਿਆਂ ਆਪਣੀ ਜ਼ਿਮੇਂਦਾਰੀ ਸਮਝਣ ਤੇ ਉਸਨੂੰ ਸੰਭਾਲਣ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੋਈ ਮੁਹਿੰਮ ਨੂੰ ਰੋਕਣ ਲਈ ਅੱਗੇ ਆਉਣ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਸਪਸ਼ਟ ਕਰ ਦੇਣ ਕਿ ਉਹ ਕਿਸੇ ਵੀ ਕੀਮਤ 'ਤੇ ਕਿਸੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਰਾਜਸੀ ਸਵਾਰਥ ਲਈ ਮੋਹਰੇ ਦੇ ਰੂਪ ਵਿੱਚ ਵਰਤਣ ਦਾ ਅਧਿਕਾਰ ਨਹੀਂ ਦੇ ਸਕਦੇ।
ਸ. ਬਾਦਲ ਬਜ਼ਿਦ ਕਿਉਂ? : ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਆਏ ਦਿਨ ਪੰਥ ਲਈ ਜਾਨਾਂ ਸਮੇਤ ਸਭ ਕੁਝ ਕੁਰਬਾਨ ਕਰ ਦੇਣ ਦਾ ਦਾਅਵਾ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਆਖਰ ਕੀ ਮਜਬੂਰੀ ਹੈ, ਕਿ ਜਿਸਦੇ ਚਲਦਿਆਂ ਉਹ ਆਪਣੇ ਪੁਰਾਣੇ, ਟਕਸਾਲੀ ਅਤੇ ਸੀਨੀਅਰ ਅਕਾਲੀ ਮੁਖੀਆਂ, ਜੋ ਲੰਬੇ ਸਮੇਂ ਤਕ ਉਨ੍ਹਾਂ ਦੇ ਬਹੁਤ ਹੀ ਨਜ਼ਦੀਕੀ ਅਤੇ ਵਿਸ਼ਵਾਸ ਪ੍ਰਾਪਤ ਸਾਥੀ ਰਹੇ ਹਨ, ਦੀ ਇਸ ਮੰਗ ਨੂੰ ਸਵੀਕਾਰਨ ਤੋਂ ਕਿਉਂ ਹਿਚਕਿਚਾ ਰਹੇ ਹਨ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋੇਂ ਹਟਾ, ਉਹ ਖੁਦ ਉਸਨੂੰ ਸੰਭਾਲ ਲੈਣ। ਜਸਟਿਸ ਸੋਢੀ ਨੇ ਪੁਛਿਆ ਕਿ ਕੀ ਸ. ਬਾਦਲ ਸ਼੍ਰੋਮਣੀ ਅਕਾਲੀ ਦਲ ਪੁਰ ਪਰਿਵਾਰਿਕ ਪਕੜ ਮਜ਼ਬੂਤ ਕਰੀ ਰਖਦਿਆਂ ਉਸਨੂੰ ਨਿਜੀ ਜਾਇਦਾਦ ਬਣਾਈ ਰਖਣਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਸ. ਬਾਦਲ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ, ਉਹ ਸਮਚੇ ਪੰਥ ਦੀ ਅਮਾਨਤ ਹੈ, ਜਿਸਨੂੰ ਪੰਥ ਨੇ ਅਥਾਹ ਕੁਰਬਾਨੀਆਂ ਕਰਕੇ ਪ੍ਰਵਾਨ ਚੜ੍ਹਾਇਆ ਹੈ। ਉਸ ਵਿੱਚ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ 'ਖਿਆਨਤ', ਕੁਦਰਤ ਦੀਆਂ ਮਾਨਤਾਵਾਂ ਅਨੁਸਾਰ ਬਹੁਤ ਹੀ ਮਹੰਗੀ ਪੈ ਸਕਦੀ ਹੈ।
ਸਿੱਖ ਕਤਲ-ਏ-ਆਮ ਦੇ ਇੱਕ ਮੁਖ ਦੋਸ਼ੀ ਨੂੰ ਸਜ਼ਾ : ਨਵੰਬਰ-84 ਦੇ ਸਿਖ ਕਤਲ-ਏ-ਆਮ ਦੇ 34 ਵਰ੍ਹਿਆਂ ਬਾਅਦ ਦਿੱਲੀ ਹਾਈ ਕੋਰਟ ਨੇ ਇਸ ਕਤਲ-ਏ-ਆਮ ਦੇ ਇੱਕ ਮੁੱਖ ਦੋਸ਼ੀ, ਸੱਜਣ ਕੁਮਾਰ ਨੂੰ ਉਮਰ ਕੈਦ, ਉਸਦੇ ਕੁਝ ਸਾਥੀਆਂ ਨੂੰ ਉਮਰ ਅਤੇ ਕੁਝ ਨੂੰ ਦਸ ਸਾਲ ਕੈਦ ਕੀ ਜੋ ਸਜ਼ਾ ਸੁਣਾਈ ਹੈ, ਉਹ ਨਾ ਕੇਵਲ ਪ੍ਰਸ਼ੰਸਾਯੋਗ ਹੈ, ਸਗੋਂ ਇਹ ਸੰਤੁਸ਼ਟੀ ਦੇਣ ਵਾਲੀ ਵੀ ਹੈ ਕਿ ਜੇ ਜੂਡੀਸ਼ੀਅਰੀ ਪੁਰ ਕਿਸੇ ਤਰ੍ਹਾਂ ਦਾ ਬਾਹਰੀ ਦਬਾਉ ਨਾ ਹੋਵੇ ਤਾਂ ਉਹ ਆਮ ਲੋਕਾਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਦ੍ਰਿੜ੍ਹ ਕਰਨ ਵਿੱਚ ਮਹਤੱਤਾਪੂਰਣ ਭੂਮਿਕਾ ਅਦਾ ਕਰ ਸਕਦੀ ਹੈ। ਅਦਾਲਤ ਦੇ ਇਸ ਫੈਸਲੇ, ਜੋ ਇਨਸਾਫ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਦਾ ਸਵਾਗਤ ਜਿਸਤਰ੍ਹਾਂ ਸਿੱਖ ਜਗਤ ਵਲੋਂ ਕੀਤਾ ਗਿਆ ਹੈ, ਉਹ ਕੋਈ ਬਹੁਤ ਹੈਰਾਨ ਕਰਨ ਵਾਲਾ ਨਹੀਂ! ਅਸਲ ਵਿੱਚ ਹੈਰਾਨੀ ਤਾਂ ਇਸ ਗਲ ਨੂੰ ਲੈ ਕੇ ਹੋ ਰਹੀ ਹੈ ਕਿ ਇਸ ਫੈਸਲੇ ਨੂੰ ਲੈ ਕੇ ਜਿਸ ਪ੍ਰਕਾਰ ਹਰ ਕੋਈ ਆਪਣੇ ਸਿਰ ਜਿੱਤ ਦਾ ਸੇਹਰਾ ਬੰਨ੍ਹ, ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿੱਚ ਲਗਾ ਹੋਇਆ ਹੈ ਕਿ ਇਹ ਇਨਸਾਫ ਉਸੇ ਦੀਆਂ ਕੋਸ਼ਸ਼ਾਂ ਦਾ ਨਤੀਜਾ ਫਲ ਹੈ। ਉਹ ਲੋਕ ਵੀ ਆਪਣੇ ਗਲ ਵਿੱਚ ਹਾਰ ਪਾਈ ਨਜ਼ਰ ਆਉਣ ਲਗੇ ਹਨ, ਜਿਨ੍ਹਾਂ ਇਸ ਕਾਂਡ ਲਈ ਦੋਸ਼ੀਆਂ ਨਾਲ ਗੁਆਹਵਾਂ ਦੇ ਸੌਦੇ ਕਰਵਾ ਮੋਟੀਆਂ ਦਲਾਲੀਆਂ ਵਸੂਲ ਕਰ ਆਪਣੇ ਘਰ ਭਰੇ।
...ਅਤੇ ਅੰਤ ਵਿੱਚ : ਇਸ ਸਫਲਤਾ ਨੂੰ ਲੈ ਕੇ ਹਰ ਕੋਈ ਆਪਣੇ ਹੀ ਸਿਰ ਪੁਰ ਸਿਹਰਾ ਸਜਾਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਪ੍ਰੰਤੂ ਉਸ ਵਿਅਕਤੀ, ਸ. ਗੁਰਲਾਡ ਸਿੰਘ ਕਾਹਲੋਂ ਦੀ ਚਰਚਾ ਕਿਧਰੇ ਸੁਣਾਈ ਨਹੀਂ ਦੇ ਰਹੀ, ਜਿਸਦੀ ਮੇਹਨਤ ਨੇ ਅਜਿਹੇ ਕਈ ਹੋਰ ਮਾਮਲੇ ਅਗੇ ਵਧਾਉਣ ਦਾ ਰਾਹ ਪੱਧਰਾ ਕੀਤਾ। ਦਸਣ ਵਾਲੇ ਦਸਦੇ ਹਨ ਕਿ ਸਿੱਖ ਆਗੂਆਂ ਦੀ ਉਦਸੀਨਤਾ ਦੇ ਚਲਦਿਆਂ ਸੀਬੀਆਈ ਨੇ ਨਵੰਬਰ-84 ਨਾਲ ਸੰਬੰਧਤ 400 ਤੋਂ ਵੱਧ ਮਾਮਲੇ ਇਸ ਰਿਪੋਰਟ ਨਾਲ ਬੰਦ ਕਰ ਦਿੱਤੇ ਸਨ ਕਿ ਇਨ੍ਹਾਂ ਮਾਮਲਿਆਂ ਨਾਲ ਸੰਬੰਧਤ ਗੁਆਹਵਾਂ ਤਕ ਪਹੁੰਚ ਪਾਣਾ ਸੰਭਵ ਨਹੀਂ ਹੋਇਆ। ਉਧਰ ਇਹ ਵੀ ਦਸਿਆ ਗਿਆ ਕਿ ਕੇਂਦਰ ਸਰਕਾਰ ਵਲੋਂ ਇਨ੍ਹਾਂ ਮਮਾਲਿਆਂ ਦੀ ਮੁੜ ਛਾਣਬੀਣ ਕਰਨ ਲਈ ਜਿਸ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ, ਉਸਨੇ ਵੀ ਸੀਬੀਆਈ ਦੀ ਰਿਪੋਰਟ ਪੁਰ ਮੋਹਰ ਲਾ ਦਿੱਤੀ। ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਸ. ਗੁਰਲਾਡ ਸਿੰਘ ਕਾਹਲੋਂ ਨੇ ਇਨ੍ਹਾਂ ਫੈਸਲਿਆਂ ਪੁਰ ਅਸੰਤੁਸ਼ਟਤਾ ਪ੍ਰਗਟ ਕਰਦਿਆਂ ਸੁਪ੍ਰੀਮ ਕੋਰਟ ਵਿੱਚ ਗੁਹਾਰ ਲਾਈ ਅਤੇ ਮੰਗ ਕੀਤੀ ਕਿ ਅਦਾਲਤ ਆਪਣੀ ਨਿਗਰਾਨੀ ਵਿੱਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਇਨ੍ਹਾਂ ਬੰਦ ਕਰ ਦਿੱਤੇ ਗਏ ਮਾਮਲਿਆਂ ਦੀ ਮੁੜ ਜਾਂਚ ਕਰਵਾਏ। ਮੰਨਿਆ ਜਾਂਦਾ ਹੈ ਕਿ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਸ. ਗੁਰਲਾਡ ਸਿੰਘ ਦੀ ਮੰਗ ਸਵੀਕਾਰ ਕਰ ਆਪਣੀ ਨਿਗਰਨੀ ਵਿੱਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਦਿੱਤਾ। ਇਸ ਜਾਂਚ ਦਲ ਦੇ ਇੱਕ ਮੈਂਬਰ ਵਲੋਂ ਸ਼ੁਰੂ ਵਿੱਚ ਹੀ ਆਪਣੇ ਨੂੰ ਇਸ ਦਲ ਨਾਲੋਂ ਵੱਖ ਕਰ ਲਏ ਜਾਣ ਦੇ ਬਾਅਦ ਵੀ ਇਸ ਦਲ ਨੇ ਆਪਣਾ ਕੰਮ ਜਾਰੀ ਰਖਦਿਆਂ ਇਨਸਾਫ ਮਿਲਣ ਦਾ ਰਸਤਾ ਬੰਦ ਨਹੀਂ ਹੋਣ ਦਿੱਤਾ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
21 Dec. 2018
ਜਦੋਂ ਹਾਲਾਤ ਨੇ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ! - ਜਸਵੰਤ ਸਿੰਘ 'ਅਜੀਤ'
ਜਦੋਂ ਨਿਤ ਅਨੁਸਾਰ ਮਜ਼ਮੂਨ ਲਿਖਣ ਲਈ ਕਿਸੇ ਮੁੱਦੇ ਦੀ ਤਲਾਸ਼ ਵਿੱਚ ਰਿਕਾਰਡ ਵਿਚਲੀਆਂ ਪੁਰਾਣੀਆਂ ਅਖਬਾਰਾਂ ਦੀਆਂ ਕਟਿੰਗਾਂ ਵਾਲੀਆਂ ਫਾਈਲਾਂ ਫਰੋਲ ਰਿਹਾ ਸਾਂ ਕਿ ਅਚਾਨਕ ਹੀ ਦਿੱਲੀ ਦੇ ਇਕ ਸਾਬਕਾ ਡੀ ਆਈ ਜੀ ਸ਼੍ਰੀ ਪਦਮ ਰੋਸ਼ਾ ਦੇ ਮਜ਼ਮੂਨ 'ਜਦੋਂ ਗੁਰਦੁਆਰਾ ਸੀਸ ਗੰਜ 'ਤੇ ਹਮਲਾ ਹੋਇਆ' ਦੀ ਕਟਿੰਗ ਸਾਹਮਣੇ ਆ ਗਈ, ਜਿਸ ਵਿੱਚ ਉਨ੍ਹਾਂ ਵਲੋਂ ਮਈ-71 ਵਿੱਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੋਇਆ ਸੀ। ਉਨ੍ਹਾਂ ਆਪਣੇ ਇਸ ਮਜ਼ਮੂਨ ਵਿੱਚ ਇਸ ਘਟਨਾ ਦੇ ਪਿਛੋਕੜ ਵਿੱਚਲੀ ਨੀਤੀ 'ਤੇ ਰਣਨੀਤੀ ਤੋਂ ਪੜਦਾ ਚੁਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਸੀ। ਸ਼ਾਇਦ ਇਸਦਾ ਕਾਰਣ ਇਹ ਸੀ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ, ਉਹ ਉੱਚ ਸਰਕਾਰੀ ਅਹੁਦੇ ਪੁਰ ਤੈਨਾਤ ਸਨ, ਜਿਸ ਕਾਰਣ ਉਹ ਸੇਵਾ-ਸ਼ਰਤਾਂ ਅਨੁਸਾਰ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰਖਣ ਦੇ ਪਾਬੰਧ ਸਨ। ਇਹ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਸਬੰਧਤ ਪਿਛੋਕੜ, ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।
ਹਮਲੇ ਦਾ ਪਿਛੋਕੜ : ਮਈ-1971 ਵਿੱਚ ਗੁਰਦੁਆਰਾ ਸੀਸ ਗੰਜ ਪੁਰ ਕਬਜ਼ਾ ਕਰਨ ਤੋਂ ਕੁਝ ਹੀ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਪੁਰ ਕਬਜ਼ਾ ਕੀਤਾ ਸੀ, ਪਰ ਉਥੇ ਕੀਤੇ ਗਏ ਕਬਜ਼ੇ ਵਾਲੇ ਹਿਸੇ ਵਿੱਚ ਜਨ-ਸਹੂਲਤਾਂ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਾਰਣ, ਉਨ੍ਹਾਂ ਨੂੰ ਬਾਰਾਂ ਘੰਟਿਆਂ ਵਿੱਚ ਹੀ ਆਪਣਾ ਕਬਜ਼ਾ ਛਡਣ ਦੇਣ ਤੇ ਮਜਬੂਰ ਹੋਣਾ ਪੈ ਗਿਆ। ਇਸਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰਨ ਦੀ ਰਣਨੀਤੀ ਅਪਨਾ ਲਈ।
ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿੱਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਹੀ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ਪੁਰ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰਖਿਆ ਜਾ ਸਕਿਆ।
ਕਾਰਣ ਤੇ ਰਣਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤ੍ਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕਟੜ ਵਿਰੋਧੀਆਂ ਵਿੱਚੋਂ ਮੰਨੇ ਜਾਂਦੇ ਸਨ। ਫਲਸਰੂਪ ਜ. ਸੰਤੋਖ ਸਿੰਘ ਜਨਤਕ ਤੋਰ ਤੇ ਉਨ੍ਹਾਂ ਪੁਰ ਤਿਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਣ ਉਹ ਹਰ ਸਮੇਂ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ।
ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਹੋਰ ਸਾਧਾਂ ਵਾਂਗ ਬਾਬਾ ਵਿਰਸਾ ਸਿੰਘ ਨੂੰ ਵੀ ਰਾਜਨੈਤਿਕ ਖੇਤ੍ਰ ਵਿੱਚ ਚੰਗਾ ਮਾਣ-ਸਤਿਕਾਰ ਪ੍ਰਾਪਤ ਸੀ। ਪ੍ਰੰਤੂ ਇਸਦੇ ਬਾਵਜੂਦ, ਉਹ ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ। ਇਸਦਾ ਮੁਖ ਕਾਰਣ ਇਹ ਸੀ ਕਿ ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ, ਉਨ੍ਹਾਂ ਵਲੋਂ ਕੇਂਦਰੀ ਸਰਕਾਰ, ਵਿਸੇਸ਼ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਪਾਸੋਂ ਇਤਿਹਾਸਕ ਗੁਰਦੁਆਰਿਆਂ ਲਈ ਹਾਸਲ ਕੀਤੀਆਂ ਗਈਆਂ ਜ਼ਮੀਨਾਂ ਆਦਿ ਦੀਆਂ ਪ੍ਰਾਪਤੀਆਂ ਕਾਰਣ, ਉਨ੍ਹਾਂ ਨੂੰ ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਸੀ। ਜਿਸ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦੇ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।
ਉਨ੍ਹਾਂ ਹੀ ਦਿਨਾਂ ਵਿੱਚ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿੱਚ ਦੂਰੀ ਪੈਦਾ ਹੋ ਗਈ। ਗਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ਪੁਰ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ੍ਰੀਮਤੀ ਇੰਦਰਾ ਗਾਂਧੀ ਨਾਲ ਆਪਣੀ ਪਰਿਵਾਰਕ ਨੇੜਤਾ ਹੋਣ ਦਾ ਲਾਭ ਉਠਾਂਦਿਆਂ, ਇਹ ਜ਼ਮੀਨ ਆਪਣੇ ਆਸ਼ਰਮ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੱੰਘ ਨੂੰ ਇਹ ਗਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਇਹ ਚੈਂਬਰੀਆਂ ਵਾਲੀ ਜਗ੍ਹਾ ਜੇ ਕਿਸੇ ਨੂੰ ਦਿਤੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਨਾਲ ਜੋੜੀ ਜਾਣੀ ਜਾਏ।
ਦਸਿਆ ਜਾਂਦਾ ਹੈ ਕਿ ਉਸ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੈਬਿਨਟ ਦੇ ਕੁਝ ਮੰਤਰੀ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤ੍ਰੀ ਸ਼੍ਰੀ ਵਾਈ ਬੀ ਚਵਾਨ ਵੀ ਸ਼ਾਮਲ ਸਨ, ਸ੍ਰੀਮਤੀ ਇੰਦਰਾ ਗਾਂਧੀ ਦੀ ਲਗਾਤਾਰ ਵੱਧ ਰਹੀ ਤਾਕਤ ਨੂੰ ਆਪਣੇ ਲਈ ਚੰਗਾ ਸ਼ਗਨ ਨਹੀਂ ਸੀ ਸਮਝਦੇ, ਇਸਲਈ ਉਨ੍ਹਾਂ ਜ. ਸੰਤੋਖ ਸਿੰਘ ਨੂੰ ਉਕਸਾਇਆ ਕਿ ਉਹ ਇਹ ਜਗ੍ਹਾ ਗੁਰਦੁਆਰਾ ਬੰਗਲਾ ਸਾਹਿਬ ਲਈ ਲੈਣ ਵਾਸਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਇਸ ਫੈਸਲੇ ਦੇ ਵਿਰੁਧ ਮੋਰਚਾ ਲਾ ਦੇਣ, ਉਹ ਉਨ੍ਹਾਂ ਦੀ ਪੂਰੀ ਮਦੱਦ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸਿੱਖਾਂ ਵਿੱਚ ਗਲ ਵੀ ਬਣੇਗੀ ਕਿ ਉਨ੍ਹਾਂ ਨੇ ਦਬਾਉ ਬਣਾ ਕੇ ਪ੍ਰਧਾਨ ਮੰਤ੍ਰੀ ਨੂੰ ਆਪਣਾ ਫੈਸਲਾ ਬਦਲਣ ਤੇ ਮਜਬੂਰ ਕਰ ਦਿਤਾ ਹੈ।
ਇੰਦਰਾ-ਵਿਰੋਧੀਆਂ ਦੀ ਇਸ ਉਕਸਾਹਟ ਦੇ ਵਿਰੁਧ, ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਨੇ ਜ. ਸੰਤੋਖ ਸਿੰਘ ਨੂੰ ਸਲਾਹ ਦਿਤੀ ਕਿ ਉਹ ਕੋਈ ਮੋਰਚਾ ਲਾਉਣ ਦੀ ਬਜਾਏ, ਦਿੱਲੀ ਦੇ ਸਿੱਖਾਂ ਵਲੋਂ ਇਕ ਰੋਸ-ਪਤ੍ਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇ ਕੇ ਮੰਗ ਕਰਨ ਕਿ ਇਹ ਜ਼ਮੀਨ, ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਹ ਗੁਰਦੁਆਰਾ ਸਾਹਿਬ ਲਈ ਦਿਤੀ ਜਾਏ ਤੇ ਬਦਲੇ ਵਿੱਚ ਯੋਗੀ ਧੀਰੇਂਦਰਾ ਬ੍ਰਹਮਚਾਰੀ ਨੂੰ ਕਿਧਰੇ ਹੋਰ ਯੋਗ ਜਗ੍ਹਾ ਅਲਾਟ ਕਰ ਦਿਤੀ ਜਾਏ। ਬਾਕੀ ਉਹ ਸੰਭਾਲ ਲੈਣਗੇ।
ਵਿਰੋਧੀਆਂ ਦੇ ਬਹਿਕਾਵੇ ਵਿੱਚ : ਜ. ਸੰਤੋਖ ਸਿੰਘ ਇੰਦਰਾ-ਵਿਰੋਧੀਆਂ ਦੀ ਉਕਸਾਹਟ ਦਾ ਸ਼ਿਕਾਰ ਹੋ ਗਏ ਅਤੇ ਸ. ਇਕਬਾਲ ਸਿੰਘ ਦੀ ਸਲਾਹ ਨੂੰ ਅਣਗੋਲਿਆਂ ਕਰ, ਉਨ੍ਹਾਂ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੁਰੂ ਕਰ ਦਿਤੀ। ਇੰਦਰਾ-ਵਿਰੋਧੀ ਮੰਤ੍ਰੀ ਉਥੇ ਆ, ਵਿਖਾਵੇ ਵਜੋਂ ਉਨ੍ਹਾਂ ਨੂੰ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਕਰਦੇ ਪਰ ਅਪ੍ਰਤਖ ਰੁਪ ਵਿੱਚ ਉਨ੍ਹਾਂ ਨੂੰ ਡਟੇ ਰਹਿਣ ਲਈ ਹਲਾਸ਼ੇਰੀ ਦੇ ਜਾਂਦੇ ਰਹੇ।
ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿੱਚ ਪੈ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ ਕਿਤੇ ਵੱਧ, ਉਥੇ ਸਾਹਮਣੇ ਹੀ ਚੌਂਕ ਵਿਚ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ, ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛਡਣਾ ਮਨਾ ਲਿਆ। ਇਸਤਰ੍ਹਾਂ ਜ. ਸੰਤੋਖ ਸਿੰਘ ਦੀ ਜਿਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਿਰੋਧੀਆਂ ਦੀ ਉਕਸਾਹਟ ਵਿੱਚ ਆ, ਉਨ੍ਹਾਂ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਅਤੇ ਉਨ੍ਹਾਂ ਤੋਂ ਦੂਰ ਹੋ ਗਏ।
ਇਸੇ ਮੌਕੇ ਦਾ ਫਾਇਦਾ ਉਠਾਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਤਕ ਪਹੁੰਚ ਕਰ, ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲਿਆ 'ਤੇ ਪਹਿਲਾਂ ਤੋਂ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਪੁਰ ਕਬਜ਼ਾ ਕੀਤਾ, ਜਿਥੇ ਉਹ 12 ਘੰਟਿਆਂ ਤੋਂ ਵੱਧ ਕਬਜ਼ਾ ਨਾ ਰਖ ਸਕੇ ਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਰੋਜ਼ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।
ਦਸਿਆ ਗਿਆ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾਧਾਰੀਆਂ ਨੂੰ ਕਬਜ਼ਾ ਛੱਡਣ ਲਈ ਵਿਖਾਵੇ ਵਜੋਂ ਮੰਨਾਂਦੇ ਰਹਿੰਦੇ। ਅਸਲ ਵਿੱਚ ਉਹ ਉਨ੍ਹਾਂ ਪਾਸੋਂ ਗੁ. ਸਸਿਗੰਜ ਦਾ ਕਬਜ਼ਾ ਛੁਡਾਣ ਦੀ ਬਜਾਏ, ਹਾਲਾਤ ਨੂੰ ਕਾਬੂ ਵਿੱਚ ਰਖਣ ਦੇ ਜਤਨ ਕਰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁਜਣ ਤੋਂ ਪਹਿਲਾਂ ਹੀ ਰੋਕ ਲੈਦੀ। ਇਸਤਰ੍ਹਾਂ ਕਬਜ਼ਾ ਛੱਡਾਣ ਲਈ ਦਬਾਉ ਬਨਾਣ ਦਾ ਨਾਟਕ ਹੁੰਦਾ ਰਹਿੰਦਾ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ, ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਨ ਲਗ ਪਏ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਕਿ ਇਸਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਵਿਰੁਧ ਸਿੱਖਾਂ ਵਿੱਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸ ਵਿਰੁਧ ਸਿੱਖਾਂ ਵਲੋਂ ਕੋਈ ਪ੍ਰਤੀਕ੍ਰਿਆ ਨਾ ਹੋਵੇ।
ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਦਰ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਭੰਗ ਕਰ, ਪੰਜ ਮੈਂਬਰੀ 'ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ' ਗਠਤ ਕਰ, ਦਿੱਲ਼ੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਪ ਦਿਤਾ। ਇਸ ਪੰਜ ਮੈਂਬਰੀ ਬੋਰਡ ਵਿੱਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।
ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਤਕ ਪੁਜੀ, ਉਨ੍ਹਾਂ ਤੁਰੰਤ ਹੀ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।
...ਅਤੇ ਅੰਤ ਵਿੱਚ: ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਪਰ ਇਸ ਐਕਟ ਅਨੁਸਾਰ ਚੋਣਾਂ ਚਾਰ ਸਾਲ ਬਾਅਦ, ਅਰਥਾਤ 1975 ਵਿੱਚ, ਉਸ ਸਮੇਂ ਕਰਵਾਈਆਂ ਗਈਆਂ, ਜਦੋਂ ਜ. ਸੰਤੋਖ ਸਿੰਘ ਨੂੰ ਉਸੇ ਹੀ ਪ੍ਰਧਾਨ ਮੰਤਰੀ (ਸ਼੍ਰੀਮਤੀ ਇੰਦਰਾ ਗਾਂਧੀ) ਦੀ ਮੁੜ ਨੇੜਤਾ ਪ੍ਰਾਪਤ ਹੋ ਗਈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
14 Dec. 2018
ਬਾਬਰੀ ਬਨਾਮ ਰਾਮ ਮੰਦਿਰ ਦਾ ਜਿੰਨ ਮੁੜ ਬਾਹਰ ਆਇਆ - ਜਸਵੰਤ ਸਿੰਘ 'ਅਜੀਤ'
ਇਨ੍ਹਾਂ ਦਿਨਾਂ ਵਿੱਚ ਜਦਕਿ ਇੱਕ ਪਾਸੇ ਪੰਜ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਅਤੇ ਦੂਸਰੇ ਪਾਸੇ ਲੋਕਸਭਾ ਚੋਣਾਂ ਲਈ ਮਾਹੌਲ ਗਰਮਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਅਤੇ ਉਸਦੀਆਂ ਸਹਿਯੋਗੀ ਪਾਰਠੀਆਂ ਨੇ 'ਰਾਮ ਮੰਦਿਰ ਨਿਰਮਾਣ' ਦੇ ਮੁੱਦੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਅਪਨਾ, ਇੱਕ ਵਾਰ ਫਿਰ ਕਟੜਪੰਥੀ ਮਤਦਾਤਾਵਾਂ ਦਾ ਧਰੂਵੀਕਰਣ ਕਰਨ ਵਲ ਕਦਮ ਵਧਾ ਦਿੱਤਾ। ਹਲਾਂਕਿ ਇਸ ਮੁੱਦੇ ਨੂੰ ਗਰਮਾਂਦਿਆਂ, ਆਪਣੇ ਬਚਾਅ ਲਈ ਇੱਕ ਘੁੰਡੀ ਇਹ ਰਖ ਲਈ ਹੈ ਕਿ ਇਸ ਏਜੰਡੇ ਅਰਥਾਤ ਰਾਮ ਮੰਦਿਰ ਦੇ ਨਿਰਮਾਣ ਦੀ ਪ੍ਰਕ੍ਰਿਆ ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੰਵਿਧਾਨ ਦੀਆਂ ਸੀਮਾਵਾਂ ਵਿੱਚ ਰਹਿੰਦਿਆਂ ਪੂਰੀ ਕੀਤੀ ਜਾਇਗੀ। ਇਹ ਮੁੱਦਾ ਦੇਸ਼ ਦੇ ਮਤਦਾਤਾਵਾਂ ਪੁਰ ਨੂੰ ਭਰਮਾਣ ਵਿੱਚ ਕਿਤਨਾ ਸਫਲ ਹੋਇਗਾ, ਇਸਦਾ ਜਵਾਬ ਤਾਂ ਸਮਾਂ ਹੀ ਦੇਵੇਗਾ। ਪਰ ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਕਾਫੀ ਸਮਾਂ ਪਹਿਲਾਂ ਇੱਕ ਭਾਰਤੀ ਵੈੱਬ ਸਾਈਟ 'ਕੋਬਰਾਪੋਸਟ.ਕਾਮ' ਵਲੋਂ 'ਆਪ੍ਰੇਸ਼ਨ.ਜਨਮਭੂਮੀ' ਦੇ ਪ੍ਰਸਾਰਣ ਰਾਹੀਂ ਇਹ ਖੁਲਾਸਾ ਕੀਤਾ ਜਾਣਾ, ਆਪਣੇ ਆਪ ਵਿੱਚ ਬਹੁਤ ਹੀ ਵਿਵਾਦ-ਆਤਮਕ ਰੂਪ ਵਿੱਚ ਸਾਹਮਣੇ ਆ ਚੁਕਾ ਸੀ ਕਿ 90-ਦੇ ਦਹਾਕੇ ਵਿੱਚ ਬਾਬਰੀ ਮਸਜਿਦ ਨੂੰ ਢਾਹਿਆ ਜਾਣਾ, ਭੀੜ ਦਾ ਵਕਤੀ ਉਭਾਰ ਨਹੀਂ ਸੀ, ਜਿਵੇਂ ਕਿ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਲੋਂ ਪ੍ਰਚਾਰਿਆ ਜਾਂਦਾ ਰਿਹਾ, ਸਗੋਂ ਇਹ ਭਾਜਪਾ ਅਤੇ ਉਸਦੀਆਂ ਸਮਾਨ ਵਿਚਾਰ-ਧਾਰਾ ਵਾਲੀਆਂ ਸਹਿਯੋਗੀ ਜਥੇਬੰਦੀਆਂ ਦੀ ਮਿਲੀ-ਭੁਗਤ ਨਾਲ ਰਚੀ ਗਈ ਇੱਕ ਸੋਚੀ-ਸਮਝੀ ਸਾਜ਼ਸ਼ ਸੀ।
ਜਿਸਤਰ੍ਹਾਂ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਦੇ ਮੁੱਦੇ ਨੂੰ ਚੋਣਾਂ ਵਿੱਚ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਆਪਣੇ ਹਕ ਵਿੱਚ ਭੁਨਾਣ ਲਈ ਸਰਗਰਮ ਨਜ਼ਰ ਆ ਰਹੀਆਂ ਹਨ, ਜ਼ਰੂਰੀ ਹੋ ਜਾਂਦਾ ਹੈ ਕਿ 90-ਦੇ ਦਹਾਕੇ ਵਿੱਚ ਬਾਬਰੀ ਮਸਜਿਦ ਢਾਹੇ ਜਾਣ ਦਾ ਕਾਂਡ ਵਾਪਰੇ ਜਾਣ ਦੇ ਸਬੰਧ ਵਿੱਚ ਲੰਬਾ ਸਮਾਂ ਅਦਾਲਤ ਵਿੱਚ ਚਲੇ ਮੁਕਦਮੇ ਦਾ ਜੋ ਫੈਸਲਾ ਕੁਝ ਵਰ੍ਹੇ ਪਹਿਲਾਂ ਆਇਆ ਅਤੇ ਇਸ ਵਿਵਾਦ ਨਾਲ ਸਬੰਧਤ ਪਾਰਟੀਆਂ ਦੇ ਆਗੂਆਂ ਦਾ ਜੋ ਪ੍ਰਤੀਕਰਮ ਰਿਹਾ? ਉਸ ਦਾ ਜਵਾਬ ਤਲਾਸ਼ਣ ਲਈ ਇਸ ਮੁੱਦੇ ਤੇ ਵਿਸਥਾਰ ਨਾਲ ਚਰਚਾ ਕੀਤੀ ਜਾਏ।
ਲੰਬੇ ਸਮੇਂ ਤਕ ਲੜੀ ਗਈ ਅਦਾਲਤੀ ਲੜਾਈ ਤੋਂ ਬਾਅਦ 'ਬਾਬਰੀ ਮਸਜਿਦ ਬਨਾਮ ਰਾਮ ਜਨਮ ਭੂਮੀ' ਦੀ ਜ਼ਮੀਨ ਦੇ ਮਾਲਕਾਨਾ ਅਧਿਕਾਰ ਸਬੰਧੀ ਚਲ ਰਹੇ ਵਿਵਾਦ ਦਾ ਜੋ ਫੈਸਲਾ ਆਇਆ ਅਤੇ ਉਸਤੋਂ ਬਾਅਦ ਜੋ ਹਾਲਾਤ ਸਾਹਮਣੇ ਆ ਰਹੇ ਸਨ, ਉਨ੍ਹਾਂ ਤੋਂ ਉਸੇ ਸਮੇਂ ਹੀ ਇਹ ਜਾਪਣ ਲਗ ਗਿਆ ਸੀ ਕਿ ਇਸ ਫੈਸਲੇ ਨੂੰ ਅੰਤਿਮ ਰੂਪ ਵਿੱਚ ਸ਼ਾਇਦ ਹੀ ਕਿਸੇ ਧਿਰ ਵਲੋਂ ਸਵੀਕਰਿਆ ਜਾਏ। ਇਸ ਲੜਾਈ ਨੂੰ ਲੜਦੀਆਂ ਚਲੀਆਂ ਆ ਰਹੀਆਂ ਧਿਰਾਂ, ਨਿਰਮੋਹੀ ਅਖਾੜਾ, ਵਿਸ਼ਵ ਹਿੰਦੂ ਪ੍ਰੀਸ਼ਦ, ਆਲ ਇੰਡੀਆ ਮੁਸਲਿਮ ਲਾੱਅ ਬੋਰਡ ਅਤੇ ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਮੁੱਖੀਆਂ ਨੇ ਇਸ ਫੈਸਲੇ ਨੂੰ ਭਾਵੇਂ ਮੁਢੋਂ ਹੀ ਰੱਦ ਨਹੀਂ ਸੀ ਕੀਤਾ, ਪ੍ਰੰਤੂ ਉਨ੍ਹਾਂ ਇਸਨੂੰ ਅੰਸ਼ਕ ਰੂਪ ਵਿੱਚ ਅਸਵੀਕਾਰ ਕਰਦਿਆਂ, ਸੁਪ੍ਰੀਮ ਕੋਰਟ ਵਿੱਚ ਜਾਣ ਦੀ ਗਲ ਜ਼ਰੂਰ ਕਹੀ ਸੀ ਅਤੇ ਉਸੇ ਦਾ ਨਤੀਜਾ ਹੈ ਕਿ ਬਾਬਰੀ ਨਾਮ ਰਾਮ ਮੰਦਿਰ ਮੁੱਦਾ ਅਜੇ ਤਕ ਅਦਾਲਤ ਵਿੱਚ ਵਿਚਾਰ-ਅਧੀਨ ਚਲਿਆ ਆ ਰਿਹਾ ਹੈ ਅਤੇ ਕਿਸੇ ਵੀ ਪਤਣ ਲਗਦਾ ਨਜ਼ਰ ਨਹੀਂ ਆ ਰਿਹਾ।
ਲੜਾਈ ਦੀ ਅਰੰਭਤਾ : ਦੱਸਿਆ ਜਾਂਦਾ ਹੈ ਕਿ ਇਹ ਵਿਵਾਦਾਤਮਕ ਲੜਾਈ, ਉਸ ਸਮੇਂ ਅਰੰਭ ਹੋਈ, ਜਦੋਂ 90-ਵੇਂ ਦੇ ਦਹਾਕੇ ਦੀ ਇਕ ਰਾਤ ਨੂੰ ਚੁੱਪ-ਚਪੀਤੇ ਹੀ ਵਿਵਾਦਤ ਥਾਂ ਦੇ ਵਿਚਕਾਰਲੇ ਗੁੰਬਦ ਹੇਠਾਂ ਮੂਰਤੀਆਂ ਰੱਖ, ਮੁਸਲਮਾਨਾਂ ਦੇ ਉੱਥੇ ਨਮਾਜ਼ ਪੜ੍ਹਨ ਵਿੱਚ ਰੁਕਾਵਟ ਪੈਦਾ ਕਰ ਦਿੱਤੀ ਗਈ। ਸਮੇਂ ਦੇ ਨਾਲ ਵੱਖ-ਵੱਖ ਪੜਾਵਾਂ ਤੋਂ ਹੁੰਦਾ ਇਹ ਵਿਵਾਦ ਲਗਾਤਾਰ ਵਧਦਾ ਚਲਿਆ ਗਿਆ। ਆਖਿਰ ਇਹ ਵਿਵਾਦ ਉਸ ਸਮੇਂ ਨਾਜ਼ੁਕ ਦੌਰ ਵਿੱਚ ਦਾਖਲ ਹੋ ਗਿਆ, ਜਦੋਂ 6 ਦਸੰਬਰ 1992 ਨੂੰ ਕਥਤ ਰੂਪ ਵਿੱਚ 'ਭੜਕੀ' ਭੀੜ ਨੇ ਬਾਬਰੀ ਮਸਜਿਦ ਢਾਹ ਦਿੱਤੀ। ਦੱਸਿਆ ਗਿਆ ਕਿ ਇਸਨੂੰ ਢਾਹੇ ਜਾਣ ਵਿੱਚ ਭਾਜਪਾ, ਜਿਸਦੀ ਕਿ ਉੱਤਰ ਪ੍ਰਦੇਸ਼ ਵਿੱਚ ਸਰਕਾਰ ਸੀ ਅਤੇ ਉਸਦੇ ਮੁੱਖ ਮੰਤਰੀ ਕਲਿਆਣ ਸਿੰਘ ਦੀ ਮੁੱਖ ਭੂਮਿਕਾ ਰਹੀ ਸੀ।
ਕੇਂਦਰ ਸਰਕਾਰ ਵਲੋਂ, ਬਾਬਰੀ ਮਸਜਿਦ ਢਾਹੇ ਜਾਣ ਬਾਰੇ ਹੋ ਰਹੀ ਸਾਜ਼ਸ਼ ਦੀਆਂ ਮਿਲ ਰਹੀਆਂ ਸੂਹਾਂ ਦੇ ਆਧਾਰ ਤੇ ਜਦੋਂ ਰਾਜ ਸਰਕਾਰ ਪਾਸ ਚਿੰਤਾ ਪ੍ਰਗਟ ਕੀਤੀ ਗਈ ਤਾਂ ਉਸ ਸਮੇਂ ਦੀ ਭਜਪਾ ਸਰਕਾਰ ਦੇ ਮੁੱਖੀ, ਮੁਖ ਮੰਤਰੀ ਕਲਿਆਣ ਸਿੰਘ ਨੇ ਕੇਂਦਰ ਸਰਕਾਰ ਨੂੰ ਭਰੋਸਾ ਦੁਆਇਆ ਸੀ ਕਿ ਉਨ੍ਹਾਂ ਦੀ ਸਰਕਾਰ ਬਾਬਰੀ ਮਸਜਿਦ ਨੂੰ ਕਿਸੇ ਵੀ ਕੀਮਤ ਤੇ ਢਾਹੁਣ ਨਹੀਂ ਦੇਵੇਗੀ। ਪਰ ਉਧਰ ਪਿਛੋਕੜ ਵਿੱਚ ਭਾਜਪਾ ਦੇ ਨੇਤਾਵਾਂ ਦੀ ਇਹ ਸੋਚ ਕੰਮ ਕਰ ਰਹੀ ਸੀ, ਕਿ ਬਾਬਰੀ ਮਸਜਿਦ ਢਾਹ ਕੇ ਜੇ ਇਥੇ ਰਾਮ ਮੰਦਿਰ ਦੇ ਨਿਰਮਾਣ ਕੀਤੇ ਜਾਣ ਦਾ ਮੁੱਦਾ ਉਛਾਲਿਆ ਜਾਏ ਤਾਂ ਉਹ ਇੱਕ ਵਿਸ਼ੇਸ਼ ਵੋਟ-ਬੈਂਕ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਸਕਦੇ ਹਨ। ਇਹ ਵੀ ਮੰਨਿਆ ਗਿਆ ਕਿ ਇਸੇ ਉਦੇਸ਼ ਨੂੰ ਮੁੱਖ ਰਖਕੇ ਹੀ, ਲਾਲ ਕ੍ਰਿਸ਼ਨ ਅਡਵਾਨੀ ਨੇ 'ਰਾਮ-ਰੱਥ ਯਾਤਰਾ' ਕੀਤੀ ਸੀ, ਜਿਸਦੇ ਫਲਸਰੂਪ ਸਮੁੱਚੇ ਦੇਸ਼ ਵਿੱਚ ਅਜਿਹਾ ਫਿਰਕੂ ਤਨਾਅ ਦਾ ਵਾਤਾਵਰਣ ਬਣ ਗਿਆ, ਜਿਸਦੇ ਚਲਦਿਆਂ ਆਗੂਆਂ ਵਲੋਂ ਉਭਾਰੇ ਜੋਸ਼ ਦੇ ਵਹਿਣ ਵਿੱਚ ਵਹਿ, ਭਾਰੀ ਗਿਣਤੀ ਵਿੱਚ ਅਯੁਧਿਆ ਵਿੱਚ ਇਕੱਠੇ ਹੋਏ 'ਰਾਮ-ਭਗਤਾਂ' ਨੇ ਬਾਬਰੀ ਮਸਜਿਦ ਢਾਹ ਦਿੱਤੀ।
ਉਧਰ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਕਿਹਾ ਜਾਂਦਾ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਦੇ ਕਾਂਡ ਦੇ ਪਿਛੇ, ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮ੍ਹਾ ਰਾਉ ਦੀ ਇਹ ਸੋਚ ਕੰਮ ਕਰ ਰਹੀ ਸੀ ਕਿ ਜੇ ਭਾਜਪਾ ਵਲੋਂ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ ਤਾਂ ਉਸ ਪਾਸ ਕਾਂਗਰਸ ਵਿਰੁੱਧ ਵਰਤਣ ਲਈ ਕੋਈ ਮੁੱਦਾ ਨਹੀਂ ਰਹਿ ਜਾਇਗਾ।
ਇਹੀ ਕਾਰਣ ਸੀ ਕਿ ਭਾਜਪਾ ਵਲੋਂ ਬਾਬਰੀ ਮਸਜਿਦ ਢਾਹ ਦੇਣ ਦੀ ਉਲੀਕੀ ਗਈ ਹੋਈ ਯੋਜਨਾ ਅਤੇ ਉਸ ਵਿੱਚ ਪ੍ਰਦੇਸ਼ ਦੀ ਕਲਿਆਣ ਸਿੰਘ ਸਰਕਾਰ ਵਲੋਂ ਸਹਿਯੋਗ ਦਿੱਤੇ ਜਾਣ ਦੀਆਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮਿਲਣ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਬਾਬਰੀ ਮਸਜਿਦ ਦੀ ਸੁਰੱਖਿਆ ਕਰ, ਫਸਾਦੀਆਂ ਹਥੋਂ ਉਸਨੂੰ ਬਚਾਣ ਲਈ ਨਾ ਤਾਂ ਕੇਂਦਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਅਤੇ ਨਾ ਹੀ ਭੀੜ ਨੂੰ ਅਯੁਧਿਆ ਵਿੱਖੇ ਇਕਠਿਆਂ ਹੋਣ ਤੋਂ ਰੋਕਣ ਲਈ ਕੋਈ ਉਪਰਾਲੇ ਹੀ ਕੀਤੇ ਗਏ।
ਆਖਰ ਬਾਬਰੀ ਮਸਜਿਦ ਢਾਹ ਦਿੱਤੀ ਗਈ, ਫਲਸਰੂਪ ਦੇਸ਼ ਦੇ ਕਈ ਹਿਸਿਆਂ ਵਿੱਚ ਫਿਰਕੂ-ਫਸਾਦ ਹੋਏ ਤੇ ਅਨੇਕਾਂ ਬੇਗੁਨਾਹ ਲੋਕੀ ਇਨ੍ਹਾਂ ਫਸਾਦਾਂ ਦੀ ਭੇਂਟ ਚੜ੍ਹ ਗਏ। ਇਸਦਾ ਪ੍ਰਤੀਕਰਮ ਮੁਸਲਿਮ ਦੇਸ਼ਾਂ ਵਿੱਚ ਵੇਖਣ ਨੂੰ ਮਿਲਿਆ, ਜਿਥੇ ਹਿੰਦੂਆਂ ਅਤੇ ਉਨ੍ਹਾਂ ਦੇ ਧਰਮ-ਅਸਥਾਨਾਂ ਪੁਰ ਹਮਲੇ ਕੀਤੇ ਗਏ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸਦੇ ਨਾਲ ਕੁਝ ਮੁਸਲਿਮ ਦੇਸ਼ਾਂ ਵਿੱਚ ਸਿੱਖਾਂ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜਿਸਦਾ ਕਾਰਣ ਇਹ ਮੰਨਿਆ ਗਿਆ, ਕਿ ਜਿਨ੍ਹਾਂ ਦਿਨਾਂ ਵਿੱਚ ਬਾਬਰੀ ਮਸਜਿਦ ਢਾਹੁਣ ਦਾ ਅੰਦੋਲਨ ਛੇੜਿਆ ਗਿਆ ਹੋਇਆ ਸੀ ਅਤੇ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਇਸ ਉਦੇਸ਼ ਲਈ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਅਯੁਧਿਆ ਵਲ ਜੱਥੇ ਭੇਜੇ ਜਾ ਰਹੇ ਸਨ, ਤਾਂ ਉਨ੍ਹਾਂ ਦਿਨਾਂ ਵਿੱਚ ਹੀ ਬਾਬਰੀ ਮਸਜਿਦ ਵਿਰੋਧੀ ਅੰਦੋਲਨ ਵਿੱਚ ਹਿੱਸਾ ਲੈਣ ਲਈ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਮੁੱਖੀ ਵਲੋਂ ਅਯੁਧਿਆ ਜੱਥਾ ਲਿਜਾਣ ਅਤੇ ਉਸਨੂੰ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਤੇ ਰੋਕ ਲਏ ਜਾਣ ਦੀਆਂ ਫੋਟੋਆਂ ਤੇ ਖਬਰਾਂ ਮੀਡੀਆ ਵਿੱਚ ਆ ਗਈਆਂ ਸਨ।
ਇਹ ਤਾਂ ਹਨ ਬੀਤੇ ਦੀਆਂ ਗੱਲਾਂ। ਆਖਰ ਲੰਬੇ ਸਮੇਂ ਦੀ ਅਦਾਲਤੀ ਲੜਾਈ ਬਾਅਦ ਇਸ ਵਿਵਾਦਤ ਲੜਾਈ ਦਾ ਜੋ ਫੈਸਲਾ ਆਇਆ, ਉਸ ਅਨੁਸਾਰ ਸਬੰਧਤ ਵਿਵਾਦਤ ਜ਼ਮੀਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਹਿੱਸਾ, ਜਿੱਥੇ ਰਾਮ-ਲਲਾ ਦੀ ਮੂਰਤੀ ਬਿਰਾਜਮਾਨ ਸੀ, ਉਹ ਹਿੰਦੂਆਂ ਨੂੰ ਦੇਣ, ਜਿਸ ਥਾਂ ਤੇ ਰਾਮ ਚਬੂਤਰਾ, ਭੰਡਾਰ ਅਤੇ ਸੀਤਾ ਰਸੋਈ ਹੋਣ ਦਾ ਦਾਅਵਾ ਕੀਤਾ ਗਿਆ, ਉਹ ਨਿਰਮੋਹੀ ਅਖਾੜੇ ਨੂੰ ਤੇ ਬਾਕੀ ਦਾ ਤੀਜਾ ਹਿੱਸਾ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਲਈ ਦੇਣ ਦਾ ਫੈਸਲਾ ਕੀਤਾ ਗਿਆ।
ਭਾਵੇਂ ਇਸ ਫੈਸਲੇ ਤੋਂ ਸੁੰਨੀ ਸੈਂਟਰਲ ਵਕਫ ਬੋਰਡ, ਨਿਰਮੋਹੀ ਅਖਾੜਾ ਅਤੇ ਹਿੰਦੂ ਮਹਾਸਭਾ ਦੇ ਮੁੱਖੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਨ ਅਤੇ ਉਨ੍ਹਾਂ ਇਸ ਫੈਸਲੇ ਵਿਰੁਧ ਸੁਪ੍ਰੀਮ ਕੋਰਟ ਜਾਣ ਦਾ ਐਲਾਨ ਕਰ ਦਿਤਾ ਸੀ। ਪ੍ਰੰਤੂ ਦੇਸ਼-ਵਾਸੀਆਂ ਦੇ ਇੱਕ ਵੱਡੇ ਹਿੱਸੇ ਵਲੋਂ ਇਸਦਾ ਸੁਆਗਤ ਕੀਤਾ ਗਿਆ, ਉਸਦਾ ਮੰਨਣਾ ਸੀ ਕਿ ਇਸ ਵਿਵਾਦ ਨੂੰ ਲੈ ਕੇ ਲੜਦੀਆਂ ਚਲੀਆਂ ਆ ਰਹੀਆਂ ਧਿਰਾਂ, ਭਾਵੇਂ ਫੈਸਲੇ ਨਾਲ ਸੰਤੁਸ਼ਟ ਨਹੀਂ ਅਤੇ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਫੈਸਲੇ ਵਿੱਚ ਕੁਝ ਤਰੁੱਟੀਆਂ ਵੀ ਹੋ ਸਕਦੀਆਂ ਹਨ, ਪ੍ਰੰਤੂ ਇਹ ਤਾਂ ਮੰਨਣਾ ਹੀ ਹੋਵੇਗਾ ਕਿ ਇਹ ਫੈਸਲਾ ਦੇਸ਼ ਦੇ ਵੱਡੇ ਹਿੱਤ ਵਿੱਚ ਹੈ।
ਭਗਵਾ ਬ੍ਰਿਗੇਡ ਦੀ ਭੜਕਾਹਟ : ਇਕ ਪਾਸੇ ਤਾਂ ਆਰ. ਐਸ. ਐਸ. ਦੇ ਮੁਖੀਆਂ ਨੇ ਇਸ ਫੈਸਲੇ ਦੇ ਆਉਣ ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਸ ਫੈਸਲੇ ਨਾਲ ਕਿਸੇ ਦੀ ਵੀ ਹਾਰ-ਜਿੱਤ ਹੋਣ ਨਾਲ ਕੋਈ ਸਬੰਧ ਨਹੀਂ। ਇਸਨੂੰ ਦੇਸ਼ ਹਿਤ ਵਿੱਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ, ਪ੍ਰੰਤੂ ਦੂਜੇ ਪਾਸੇ ਭਾਜਪਾ ਨੇ ਮੁੱਖ ਦਫਤਰ ਵਿੱਚ ਇਕੱਠੇ ਹੋਏ, ਭਾਜਪਾ ਸਹਿਤ ਉਸਦੀਆਂ ਸਹਿਯੋਗੀ ਪਾਰਟੀਆਂ, ਜਿਨ੍ਹਾਂ ਵਿੱਚ ਆਰ ਐਸ ਐਸ ਵੀ ਸ਼ਾਮਲ ਦਸੀ ਗਈ, ਦੇ ਮੁੱਖੀਆਂ ਅਤੇ ਵਰਕਰਾਂ ਨੇ ਨਾ ਕੇਵਲ ਭੜਕਾਊ ਨਾਹਰੇ ਲਾਏ, ਸਗੋਂ ਪਟਾਕੇ ਚਲਾ ਅਤੇ ਮਠਿਆਈਆਂ ਵੰਡ, ਦੂਜੀ ਧਿਰ ਨੂੰ ਚਿੜ੍ਹਾਉਣ ਦੀ ਵੀ ਕੌਸ਼ਿਸ ਕੀਤੀ।
...ਅਤੇ ਅੰਤ ਵਿੱਚ : ਇਤਨੇ ਤੇ ਹੀ ਬਸ ਨਹੀਂ ਹੋਈ, ਫੈਸਲੇ ਤੋਂ ਉਤਸਾਹਿਤ ਹੋ, ਕਾਂਸ਼ੀ ਅਤੇ ਮਥਰਾ ਦੇ ਮੰਦਰਾਂ ਦਾ ਮੁੱਦਾ ਵੀ ਛੇੜ ਦਿੱਤਾ ਗਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ, ਗਿਰੀ ਰਾਜ ਕਿਸ਼ੋਰ ਨੇ ਕਿਹਾ ਕਿ ਰਾਮ ਮੰਦਿਰ ਦੇ ਫੈਸਲੇ ਤੋਂ ਸਬਕ ਲੈਂਦਿਆਂ ਮੁਸਲਮਾਣਾਂ ਨੂੰ ਕਾਂਸ਼ੀ ਅਤੇ ਮਥਰਾ ਤੋਂ ਵੀ ਆਪਣਾ ਦਾਅਵਾ ਛੱਡ ਦੇਣਾ ਚਾਹੀਦਾ ਹੈ। ਇਹ ਵੀ ਕਨਸੋਆਂ ਮਿਲ ਰਹੀਆਂ ਸਨ ਕਿ ਮੁਸਲਮਾਣਾਂ ਨੂੰ ਇਕ ਤਿਹਾਈ ਜ਼ਮੀਨ ਦਿਤੇ ਜਾਣ ਦੇ ਫੈਸਲੇ ਦੇ ਵਿਰੁੱਧ ਅਤੇ ਕਾਂਸ਼ੀ-ਮਥਰਾ ਦੇ ਮੁੱਦਿਆਂ ਨੂੰ ਲੈ ਕੇ, ਦੇਸ਼-ਵਿਆਪੀ ਅੰਦੋਲਣ ਛੇੜਨ ਦੀਆਂ ਤਿਆਰੀਆਂ ਕੀਤੀਆਂ ਜਾਣ ਲੱਗੀਆਂ ਹਨ ਅਤੇ ਇਹ ਵੀ ਕਿਹਾ ਜਾਣ ਲੱਗਾ ਸੀ ਕਿ ਹੁਣ ਛੇਤੀ ਹੀ ਰਾਮ ਮੰਦਿਰ ਲਈ ਅਦਾਲਤ ਵਲੋਂ ਦਿੱਤੀ ਗਈ ਜ਼ਮੀਨ ਦੇ ਨਾਲ ਲੱਗਦੀ 67 ਏਕੜ ਜ਼ਮੀਨ ਪੁਰ ਕਬਜ਼ਾ ਕਰ, ਸ਼ਾਨਦਾਰ ਮੰਦਿਰ ਉਸਾਰਿਆ ਜਾਇਗਾ। ਇਸੇ ਦਾ ਨਤੀਜਾ ਹੈ ਕਿ ਬਾਬਰੀ ਬਨਾਮ ਰਾਮ ਮੰਦਿਰ ਦਾ ਮੁਦਾ ਕਿਸੇ ਪਤਣ ਨਹੀਂ ਲਗ ਰਿਹਾ। ਜਦੋਂ ਵੀ ਚੋਣਾਂ ਆਉਂਦੀਆਂ ਹਨ ਇਹ ਇੱਕ ਜਿੰਨ ਵਾਂਗ ਬੰਦ ਬੋਤਲ ਵਿਚੋਂ ਬਾਹਰ ਆ ਜਾਂਦਾ ਹੈ। ਜਾਪਦਾ ਹੈ, ਅਜਿਹੀ ਸੋਚ ਦੀਆਂ ਮਾਲਕ ਧਿਰਾਂ ਇਹ ਮੰਨ ਕੇ ਚਲ ਰਹੀਆਂ ਹਨ ਕਿ ਜੇ ਇਹ ਮਸਲਾ ਹਲ ਹੋ ਗਿਆ ਤਾਂ ਚੋਣਾਂ ਵਿੱਚ ਫਿਰਕੂ ਵਾਤਾਵਰਣ ਨੂੰ ਉਭਾਰਨਾ ਮੁਸ਼ਕਿਲ ਹੋ ਜਾਇਗਾ ਤੇ ਫਲਸਰੂਪ ਚੋਣਾਂ ਵਿੱਚ ਇਸਦਾ ਲਾਭ ਨਹੀਂ ਮਿਲ ਪਾਇਗਾ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
06 Dec. 2018
ਸ਼ਰਧਾ ਅਧਾਰਤ ਸਮਾਗਮ ਦਾ ਰਾਜਸੀਕਰਣ - ਜਸਵੰਤ ਸਿੰਘ 'ਅਜੀਤ'
ਕਰਤਾਰ ਪੁਰ ਸਾਹਿਬ (ਪਾਕਿਸਤਾਨ) ਦੀ ਉਹ ਧਰਤੀ, ਜਿਸਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਦੇ ਅੰਤਿਮ 18 ਵਰ੍ਹੇ ਚਰਨ-ਛਹੁ ਪ੍ਰਾਪਤ ਰਹੀ, ਦੇ ਖੁਲ੍ਹੇ ਦਰਸ਼ਨ-ਦੀਦਾਰ ਕਰ ਪਾਣ ਦਾ ਮੌਕਾ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪ੍ਰਦਾਨ ਕਰਨ ਦੇ ਲਈ, ਉਨ੍ਹਾਂ ਦੇ ਅਗਲੇ ਵਰ੍ਹੇ (2019 ਵਿੱਚ) ਆ ਰਹੇ 550-ਸਾਲਾ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਗਲਿਆਰਾ (ਕਾਰੀਡੋਰ) ਬਣਾਏ ਜਾਣ ਦੀ ਭਾਰਤ-ਪਾਕ, ਸਰਕਾਰਾਂ ਵਿੱਚ ਹੋਈ ਆਪਸੀ ਸਹਿਮਤੀ ਦੇ ਅਧਾਰ 'ਤੇ, ਜਿਥੇ ਭਾਰਤ ਸਰਕਾਰ ਵਲੋਂ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕਰ ਇਸ ਉਦੇਸ਼ (ਕਾਰੀਡੋਰ ਦੇ ਨਿਰਮਾਣ ਦੀ ਅਰੰਭਤਾ) ਲਈ ਨੀਂਹ ਰਖੀ ਗਈ, ਤਾਂ ਉਥੇ ਹੀ ਪਾਕਿਸਤਾਨ ਸਰਕਾਰ ਵਲੋਂ ਇਸੇ ਉਦੇਸ਼ ਲਈ ਨੀਂਹ ਰਖਣ ਲਈ 28 ਨਵੰਬਰ, ਬੁੱਧਵਾਰ ਨੂੰ ਕਰਤਾਰ ਪੁਰ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਗਮ ਦਾ ਅਯੋਜਨ ਕੀਤਾ ਗਿਆ। ਭਾਰਤ ਸਰਕਾਰ ਵਲੋਂ ਅਯੋਜਿਤ ਸਮਾਗਮ ਦੇ ਮੁੱਖ ਮਹਿਮਾਨ ਉਪ-ਰਾਸ਼ਟ੍ਰਪਤੀ ਵੇਂਕੈਯਾ ਨਾਯਡੂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਸਤਾਵਤ ਗਲਿਆਰਾ ਦੋਹਾਂ ਦੇਸ਼ਾਂ ਵਿੱਚ ਅਮਨ-ਸ਼ਾਂਤੀ ਕਾਇਮ ਕਰਨ, ਅਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨੇ ਅਤੇ ਨਵੇਂ ਸੰਬੰਧਾਂ ਨੂੰ ਉਤਸਾਹਿਤ ਕਰਨ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸੰਭਾਵਤ ਪ੍ਰੀਵਰਤਨ ਲਿਆਉਣ ਵਾਲਾ ਹੈ ਅਤੇ ਇਹ ਭਾਰਤ ਸਰਕਾਰ ਵਲੋਂ ਗਲਿਆਰਾ ਬਣਾਏ ਜਾਣ ਦੇ ਕੀਤੇ ਗਏ ਫੈਸਲੇ ਨਾਲ ਹੀ ਸੰਭਵ ਹੋ ਪਾਇਆ ਹੈ। ਉਨ੍ਹਾਂ ਹੋਰ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਵਰ੍ਹੇ ਕਰਤਾਰ ਪੁਰ ਦੀ ਧਰਤੀ ਪੁਰ ਬਿਤਾਏ ਅਤੇ ਸਮੁਚੀ ਮਾਨਵਤਾ ਨੂੰ ਅਮਨ-ਸ਼ਾਂਤੀ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਵੇਂਕੈਯਾ ਨਾਯਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਦਿਵਸ ਪੁਰ ਦੋਹਾਂ ਦੇਸ਼ਾਂ ਨੂੰ ਆਪਣੇ ਸੰਬੰਧਾਂ ਨੂੰ ਸੁਧਾਰਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਚੰਗਾ ਮੌਕਾ ਮਿਲਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗਲਿਆਰਾ ਦੋਹਾਂ ਦੇਸ਼ਾਂ ਅਤੇ ਉਨ੍ਹਾਂ ਦੇ ਵਾਸੀਆਂ ਨੂੰ ਇੱਕ-ਦੂਸਰੇ ਦੇ ਨੇੜੇ ਲਿਆ ਉਨ੍ਹਾਂ ਵਿੱਚਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਪੁਲ ਦਾ ਕੰਮ ਕਰੇਗਾ ਅਤੇ ਪੁਰਾਣੀਆਂ ਦਰਾੜਾਂ ਨੂੰ ਭਰ, ਨਵੇਂ ਸੰਬੰਧ ਬਣਾਉਣ ਲਈ ਉਤਸਾਹਿਤ ਕਰੇਗਾ। ਇਸ ਮੌਕੇ ਤੇ ਕੇਂਦ੍ਰੀ ਸੜਕ ਅਤੇ ਪਰਿਵਹਿਨ ਮੰਤ੍ਰੀ ਨਿਤਿਨ ਗਡਕਰੀ ਨੇ ਵਿਸ਼ਵਾਸ ਦੁਆਇਆ ਕਿ ਇਹ ਚਾਰ ਮਾਰਗੀ ਗਲਿਆਰਾ ਸਾਢੇ ਚਾਰ ਮਹੀਨਿਆਂ ਵਿੱਚ ਪੂਰਾ ਹੋ ਜਾਇਗਾ।
ਇਸਤਰ੍ਹਾਂ ਜਿਥੇ ਉਪ-ਰਾਸ਼ਟਰਪਤੀ ਵੇਂਕੈਯਾ ਨਾਯਡੂ ਦਾ ਭਾਸ਼ਣ ਬਹੁਤ ਹੀ ਸੰਤੁਲਤ ਅਤੇ ਦੋਹਾਂ ਦੇਸ਼ਾਂ ਵਿੱਚ ਆਪਸੀ ਸੰਬੰਧਾਂ ਨੂੰ ਮਜ਼ਬੂਤ ਬਣਾਏ ਜਾਣ ਦੀ ਆਸ ਪੁਰ ਅਧਾਰਤ ਸੀ, ਉਥੇ ਹੀ ਪੰਜਾਬ ਦੇ ਮੁੱਖ ਮੰਤ੍ਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿਸਤਾਨ ਦੇ ਸੈਨਿਕ ਮੁੱਖੀ ਨੂੰ ਚਿਤਾਵਨੀ ਦੇਣਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਕਾਂਗ੍ਰਸ ਵਿਰੁੱਧ ਦਿਲ ਦਾ ਗੁਬਾਰ ਕਢਣਾ, ਪੰਜਾਬ ਕਾਂਗ੍ਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਨਸ਼ਿਆਂ ਦੇ ਨਾਂ ਤੇ ਅਕਾਲੀ ਦਲ ਪੁਰ ਹਮਲੇ ਕਰਨਾ ਆਦਿ ਕਿਸੇ ਵੀ ਤਰ੍ਹਾਂ ਮੌਕੇ ਦੇ ਅਨੁਕੂਲ ਨਹੀਂ ਸੀ। ਇਸ ਨਾਲ ਇਉਂ ਲਗਣ ਲਗਾ ਸੀ ਕਿ ਜਿਵੇਂ ੳੋਹ ਸਰਬ-ਸਾਂਝੇ ਸਮਾਰੋਹ ਵਿੱਚ ਨਹੀਂ, ਸਗੋਂ ਕਿਸੇ ਚੋਣ ਜਲਸੇ ਵੱਚ ਭਾਸ਼ਣ ਕਰ, ਲੋਕਾਂ ਦੀ ਵਾਹ-ਵਾਹੀ ਲੂਟਣ ਦੀ ਕੌਸ਼ਿਸ਼ ਕਰ ਰਹੇ ਹੋਣ। ਚਾਹੀਦਾ ਤਾਂ ਇਹ ਸੀ ਕਿ ਉਹ ਮੌਕੇ ਮਾਹੋਲ ਦੇ ਉਦੇਸ਼ ਨੂੰ ਸਮਝਦੇ ਅਤੇ ਇੱਕ-ਦੂਸਰੇ ਵਿਰੁਧ ਆਪਣੀ ਰਾਜਸੀ 'ਕਿੜ' ਕਢੇ ਜਾਣ ਨੂੰ ਕਿਸੇ ਹੋਰ ਸਮੇਂ ਲਈ ਰਾਖਵਾਂ ਰਖ ਲੈਂਦੇ। ਅਮਨ-ਸ਼ਾਂਤੀ, ਪਿਆਰ, ਸੱਦਭਾਵਨਾ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼-ਵਾਹਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛਹੁ ਪ੍ਰਾਪਤ ਧਰਤੀ ਨਾਲ ਦੋਹਾਂ ਦੇਸ਼ਾਂ ਦੇ ਵਾਸੀਆਂ ਨੂੰ ਜੋੜਨ ਲਈ ਹੋ ਰਹੇ ਕਾਰਜ ਦੇ ਮੌਕੇ ਦੀ ਮਹਤੱਤਾ ਨੂੰ ਸਮਝਦਿਆਂ ਉਪ-ਰਾਸ਼ਟਰਪਤੀ ਵਾਂਗ ਆਪਣੇ ਵਿਚਾਰਾਂ ਨੂੰ ਸੰਤੁਲਤ ਬਣਾਈ ਰਖਦੇ। ਪ੍ਰੰਤੂ ਉਨ੍ਹਾਂ ਨੇ ਅਜਿਹਾ ਨਾ ਕਰ ਆਪੋ-ਆਪਣੀਆਂ ਰਾਜਸੀ ਰੋਟੀਆਂ ਸੇਕ, ਨਾ ਕੇਵਲ ਸਮਾਗਮ ਦੇ ਪਵਿਤ੍ਰ ਵਾਤਾਵਰਣ ਨੂੰ ਦੂਸ਼ਤ ਕੀਤਾ, ਸਗੋਂ ਆਪਣੀ ਸੋਚ ਤੇ ਦੂਰਦ੍ਰਿਸ਼ਟੀ ਦੇ ਦੀਵਾਲੀਏਪਨ ਦਾ ਵੀ ਅਹਿਸਾਸ ਕਰਵਾ ਦਿੱਤਾ। ਹਾਲਾਂਕਿ ਇਸ ਗਲ ਦਾ ਸੰਕੇਤ ਉਸੇ ਸਮੇਂ ਮਿਲਣ ਲਗਾ ਸੀ, ਜਦੋਂ ਉਨ੍ਹਾਂ ਦੇ ਭਾਸ਼ਣ ਦੌਰਾਨ ਲੋਕਾਂ ਨੇ ਹੂਟਿੰਗ ਕਰਨੀ ਅਤੇ ਸਮਾਗਮ ਵਿਚੋਂ ਉੱਠ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਸੀ। ਅਫਸੋਸ ਤਾਂ ਇਸ ਗਲ ਦਾ ਵੀ ਹੈ ਕਿ ਦਰਸ਼ਕ-ਸ੍ਰੋਤਿਆਂ ਦੇ ਇਸ ਸੰਕੇਤ ਨੂੰ ਸਮਝਣ ਦੀ ਬਜਾੲ ਉਹ ਆਪਣੀ ਸੂਝ-ਸਿਆਣਪ ਦੇ ਦੀਵਾਲੀਏਪਨ ਦਾ ਪ੍ਰਗਟਾਵਾ ਲਗਾਤਾਰ ਕਰਦੇ ਰਹੇ।
ਉਧਰ ਪਾਕਿਸਤਾਨ ਵਿੱਚ : ਪਾਕਿਸਤਾਨੀ ਇਲਾਕੇ ਵਿੱਚ ਬਣਾਏ ਜਾਣ ਵਾਲੇ ਗਲਿਆਰੇ (ਕਾਰੀਡੋਰ) ਦੀ ਨੀਂਹ ਰਖਣ ਲਈ ਪਾਕ ਸਰਕਾਰ ਵਲੋਂ ਕੀਤੇ ਗਏ ਸਮਾਗਮ ਵਿੱਚ ਪਾਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਹ ਰਖਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਜਿਥੇ ਇਸ ਕਾਰੀਡੋਰ ਨੂੰ ਪਾਕ-ਭਾਰਤ ਸੰਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦਾ ਆਧਾਰ ਕਰਾਰ ਦਿੱਤਾ ਉਥੇ ਹੀ ਇਹ ਵੀ ਕਿਹਾ ਕਿ ਜੇ ਪੱਕਾ ਇਰਾਦਾ ਹੋਵੇ ਤਾਂ ਕਸ਼ਮੀਰ ਸਮੇਤ ਦੋਹਾਂ ਮੁਲਕਾਂ ਵਿਚਲੇ ਸਾਰੇ ਮਸਲੇ ਹਲ ਹੋ ਸਕਦੇ ਹਨ। ਇਸ ਮੌਕੇ ਕਸ਼ਮੀਰ ਦਾ ਨਾਂ ਲਿਆ ਜਾਣਾ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਇਆ। ਭਾਰਤੀ ਵਿਦੇਸ਼ ਵਿਭਾਗ ਨੇ ਤੁਰੰਤ ਹੀ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਹ ਗਲ ਬਹੁਤ ਹੀ ਮੰਦਭਾਗੀ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਸ ਪਵਿਤ੍ਰ ਮੌਕੇ ਨੂੰ ਰਾਜਸੀ ਰੰਗ ਦੇਣ ਲਈ ਚੁਣਿਆ, ਜੋ ਕਿ ਸਿੱਖ ਭਾਈਚਾਰੇ ਵਲੋਂ ਕਰਤਾਰਪੁਰ ਗਲਿਆਰਾ ਖੋਲ੍ਹੇ ਜਾਣ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਸਾਕਾਰ ਕਰਨ ਨਾਲ ਜੁੜਿਆ ਹੋਇਆ ਸੀ। ਇਸ ਮੌਕੇ ਤੇ ਅਣਚਾਹੇ ਰੁਪ ਵਿੱਚ ਕਸ਼ਮੀਰ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਭਾਰਤ ਦਾ ਅਟੁਟ ਅੰਗ ਹੈ।
ਕਸ਼ਮੀਰ ਬਨਾਮ ਰਾਜਸੀ ਹਲਕੇ: ਭਾਰਤ ਵਿਚਲੇ ਉਚ ਰਾਜਸੀ ਹਲਕਿਆ ਦੀ ਮਾਨਤਾ ਹੈ ਕਿ ਪਾਕਿਸਤਾਨੀ ਹਾਕਮਾਂ ਦੀ ਇਹ ਮਜਬੂਰੀ ਹੈ ਕਿ ਉਹ ਚਾਹੁੰਦਿਆਂ ਹੋਇਆਂ ਵੀ, ਨਾ ਤਾਂ ਕਸ਼ਮੀਰ ਦੇ ਮੁੱਦੇ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਉਸਦੇ ਹਲ ਪ੍ਰਤੀ ਇਮਾਨਦਾਰ ਹੋ ਸਕਦੇ ਹਨ। ਇਸ ਸੰਬੰਧ ਵਿੱਚ ਉਹ ਦਸਦੇ ਹਨ ਕਿ ਜਦੋਂ ਪਾਕਿਸਤਾਨ ਦੇ ਆਪਣੇ ਸਮੇਂ ਦੇ ਰਾਸ਼ਟਰਪਤੀ ਜਨਰਲ ਮੁਸ਼ਰਫ, ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਆਗਰਾ ਵਿਖੇ ਹੋਣ ਵਾਲੀ ਸਿੱਖਰ-ਵਾਰਤਾ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ ਰਵਾਨਾ ਹੋਏ ਸਨ ਤਾਂ ਉਸ ਸਮੇਂ ਕਟੜ-ਪੰਥੀ ਜਮਾਇਤ-ਏ-ਇਸਲਾਮੀ ਦੇ ਮੁਖੀਆਂ ਨੇ ਉਸਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਸਨੇ ਭਾਰਤ ਨਾਲ ਕਸ਼ਮੀਰ ਬਾਰੇ ਕੋਈ ਸਮਝੌਤਾ ਕੀਤਾ ਤਾਂ ਉਸਨੂੰ ਨਾ ਤਾਂ ਪਾਕਿਸਤਾਨੀ ਫੌਜ ਅਤੇ ਨਾ ਹੀ ਪਾਕਿਸਤਾਨੀ ਅਵਾਮ ਸਵੀਕਾਰ ਕਰਨਗੇ। ਇਸ ਗਲ ਦੀ ਪੁਸ਼ਟੀ ਜਨਰਲ ਮੁਸ਼ਰਫ ਨੇ ਆਪ ਵੀ ਆਗਰਾ ਵਿਖੇ ਕੀਤੀ ਆਪਣੀ ਪ੍ਰੈਸ ਕਾਨਫ੍ਰੰਸ ਵਿੱਚ ਇਹ ਆਖ, ਕਰ ਦਿੱਤੀ ਸੀ ਕਿ 'ਜੇ ਮੈਂ ਕਸ਼ਮੀਰ ਦਾ ਮੁੱਦਾ ਛੱਡ ਦਿਆਂ ਤਾਂ ਮੈਂਨੂੰ ਇਥੇ (ਭਾਰਤ ਵਿੱਚ) ਹੀ ਨਹਿਰ ਵਾਲੀ ਹਵੇਲੀ, ਜੋ ਕਿ ਦਿੱਲੀ ਦੇ ਦਰਿਆ ਗੰਜ ਵਿਖੇ ਸਥਿਤ, ਉਸਦੀ ਪੈਤ੍ਰਿਕ ਹਵੇਲੀ ਹੈ, ਲੈ ਕੇ ਰਹਿਣਾ ਪੈ ਜਾਇਗਾ'।
ਇਹ ਗਲਾਂ ਉਸ ਸਮੇਂ ਵੀ ਇਸ ਗਲ ਦਾ ਸਬੂਤ ਸਨ ਅਤੇ ਅੱਜ ਵੀ ਹਨ ਕਿ ਫੌਜ ਅਤੇ ਕਟੱੜਪੰਥੀਆਂ ਦਾ ਪਾਕਿਸਤਾਨੀ ਹਾਕਮਾਂ ਪੁਰ ਇਤਨਾ ਦਬਾਉ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਨੂੰ ਬਣਾਈ ਰਖ ਕੇ ਹੀ ਸੱਤਾ ਵਿੱਚ ਬਣੇ ਰਹਿ ਸਕਦੇ ਹਨ।
ਆਖਿਰ ਅਜਿਹਾ ਕਿਉਂ ਹੈ? ਇਸ ਸੁਆਲ ਦਾ ਜਵਾਬ ਵੀ ਜਨਰਲ ਮੁਸ਼ਰਫ ਦੇ ਉਸੇ ਪ੍ਰੈਸ ਕਾਨਫ੍ਰੰਸ ਵਿੱਚ ਕਹੇ, ਇਨ੍ਹਾਂ ਸ਼ਬਦਾਂ ਵਿਚੋਂ ਮਿਲ ਜਾਂਦਾ ਹੈ ਕਿ 'ਭਾਰਤ ਵਲੋਂ ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਨ ਦੀ ਕੀਤੀ ਗਈ ਕਾਰਵਾਈ ਦੀ 'ਕਸਕ' ਅਜੇ ਤਕ ਪਾਕਿਸਤਾਨੀਆਂ ਦੇ ਦਿੱਲਾਂ ਵਿੱਚ ਹੈ'। ਜਨਰਲ ਮੁਸ਼ਰਫ ਦੇ ਇਨ੍ਹਾਂ ਸ਼ਬਦਾਂ ਵਿੱਚ ਪਾਕਿਸਤਾਨੀਆਂ ਦੀ ਜਿਸ 'ਕਸਕ' ਦਾ ਜ਼ਿਕਰ ਕੀਤਾ ਗਿਆ, ਉਹ ਅਸਲ ਵਿੱਚ ਪਾਕਿਸਤਾਨੀ ਅਵਾਮ ਦੀ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਜਰਨੈਲਾਂ ਦੇ ਦਿਲਾਂ ਵਿਚਲੀ ਹੈ, ਜੋ 93 ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਅਪਮਾਨ-ਜਨਕ ਢੰਗ ਨਾਲ ਭਾਰਤੀ ਫੌਜ ਸਾਹਮਣੇ, ਹਥਿਆਰ ਸੁੱਟ, ਆਤਮ-ਸਮਰਪਣ ਕਰਨ ਦੇ ਫਲਸਰੂਪ ਪੈਦਾ ਹੋਈ ਸੀ।
ਅਤੇ ਅੰਤ ਵਿੱਚ: ਪਿਛੋਕੜ ਦੀ ਰੋਸ਼ਨੀ ਵਿੱਚ, ਪਾਕਿਸਤਾਨੀ ਫੌਜ ਦੇ ਮੁਖੀਆਂ ਦੇ ਦਿਲ ਦੀ ਕਸਕ ਹੀ ਹੈ, ਜਿਸਨੂੰ ਉਹ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇ, ਪਾਕਿਸਤਾਨੀਆਂ ਦੇ ਦਿਲ ਵਿੱਚ ਭਾਰਤ ਅਤੇ ਭਾਰਤੀਆਂ ਵਿਰੁਧ ਨਫਰਤ ਭਰੀ ਰਖਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹੀ ਹਥਿਆਰ ਪਾਕਿਸਤਾਨੀ ਹਾਕਮਾਂ ਅਤੇ ਅਵਾਮ ਦੇ ਭਾਰਤੀ ਹਾਕਮਾਂ ਅਤੇ ਅਵਾਮ ਨਾਲ ਸੰਬੰਧ ਸੁਧਾਰਣ ਦੀਆਂ ਭਾਵਨਾਵਾਂ ਨੂੰ ਕਿਸੇ ਸਿਟੇ ਤੇ ਪੁਜਣ ਦੇਣ ਦੇ ਰਸਤੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਅਤੇ ਅਗੋਂ ਵੀ ਬਣਿਆ ਹੀ ਰਹੇਗਾ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਇੱਕ ਸੁਆਲ : ਚਿਰਾਂ ਤੋਂ ਹੋ ਰਹੀ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ? - ਜਸਵੰਤ ਸਿੰਘ 'ਅਜੀਤ'
ਕੁਝ ਸਮਾਂ ਹੋਇਐ, ਸਿੱਖ ਧਰਮ ਦੇ ਇਕ ਪ੍ਰਮੁੱਖ ਵਿਦਵਾਨ ਪ੍ਰਚਾਰਕ ਅਤੇ ਗੁਰਸ਼ਬਦ ਦੇ ਵਿਆਖਿਆਕਾਰ ਇਕ ਨਿਜੀ ਟੀਵੀ ਚੈਨਲ ਪੁਰ ਗੁਰ-ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ ਕਰਦਿਆਂ ਅਚਾਨਕ ਇਹ ਸੁਆਲ ਉਠਾ ਦਿੱਤਾ ਕਿ ਬੀਤੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਹਰ ਇਤਿਹਾਸਕ, ਗੈਰ-ਇਤਿਹਾਸਕ (ਸਿੰਘ ਸਭਾ) ਗੁਰਦੁਆਰੇ ਅਤੇ ਹਰ ਸਿੱਖ ਘਰ ਵਿੱਚ, ਰੋਜ਼ ਘਟੋ-ਘਟ ਦੋ ਵਾਰ, ਸਵੇਰੇ ਤੇ ਸ਼ਾਮ ਇਹ ਅਰਦਾਸ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ 'ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ !' ਕਈ ਵਾਰ ਇਹ ਅਰਦਾਸ ਦੋ ਵਾਰ ਤੋਂ ਵੱਧ ਵੀ ਕੀਤੀ ਜਾਂਦੀ ਹੈ। ਉਨ੍ਹਾਂ ਪੁਛਿਆ ਕਿ ਇਹ ਅਰਦਾਸ ਇਤਨੇ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਹੈ, ਫਿਰ ਵੀ ਇਹ ਪੂਰੀ ਕਿਉਂ ਨਹੀਂ ਹੋ ਰਹੀ? ਜਦਕਿ ਸਿੱਖ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਸ਼ਵਾਸ, ਸ਼ੁਭ ਭਾਵਨਾ ਨਾਲ ਅਤੇ ਸੱਚੇ ਦਿਲੋਂ ਕੀਤੀ ਜਾਂਦੀ ਹਰ ਅਰਦਾਸ ਪੂਰੀ ਹੁੰਦੀ ਹੈ।
ਫਿਰ ਉਨ੍ਹਾਂ ਆਪ ਹੀ ਆਪਣੇ ਇਸ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਸਾਡਾ ਕੰਮ ਅਰਦਾਸ ਕਰਨਾ ਹੈ, ਉਸਨੂੰ ਪੂਰਿਆਂ ਕਰਨਾ ਜਾਂ ਨਾ ਕਰਨਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੈ।
ਉਨ੍ਹਾਂ ਦੇ ਇਸ ਸੁਆਲ ਅਤੇ ਜੁਆਬ ਨਾਲ ਮਨ ਨੂੰ ਤਸਲੀ ਨਹੀਂ ਹੋਈ ਤੇ ਇਸ ਸਬੰਧੀ ਭਰਮ ਬਣਿਆ ਰਿਹਾ। ਇਸੇ ਕਾਰਣ ਉਨ੍ਹਾਂ ਦੇ ਸੁਆਲ ਅਤੇ ਜੁਆਬ ਦੇ ਸਬੰਧ ਵਿੱਚ ਕੁਝ ਧਾਰਮਕ ਨਿਸ਼ਠਾ ਰਖਣ ਵਾਲੇ ਸਜਣਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪੂਰੇ ਵਿਸ਼ਵਾਸ, ਨਿਸ਼ਠਾ ਅਤੇ ਸ਼ੁਭ ਭਾਵਨਾ ਨਾਲ ਕੀਤੀ ਜਾਂਦੀ ਅਰਦਾਸ ਕਦੀ ਵੀ ਬਿਰਥੀ ਨਹੀਂ ਜਾਂਦੀ। ਉਹ ਜ਼ਰੂਰ ਪੂਰੀ ਹੁੰਦੀ ਹੈ, ਕਿਉਂਕਿ ਸਤਿਗੁਰਾਂ ਦਾ ਆਪਣਾ ਬਚਨ ਹੈ : 'ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ'। ਉਨ੍ਹਾਂ ਦੇ ਇਹ ਵਿਚਾਰ ਸੁਣ, ਉਨ੍ਹਾਂ ਕੋਲੋਂ ਇਹ ਪੁਛੇ ਬਿਨਾਂ ਰਿਹਾ ਨਾ ਜਾ ਸਕਿਆ ਕਿ ਤਾਂ ਫਿਰ ਬੀਤੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਹਰ ਗੁਰਦੁਆਰੇ ਅਤੇ ਹਰ ਸਿੱਖ ਘਰ ਰੋਜ਼ ਦੋ ਵਾਰ ਤੋਂ ਵੀ ਵੱਧ ਵਾਰ ਕੀਤੀ ਜਾ ਰਹੀ ਅਰਦਾਸ ਕਿ 'ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ!' ਕਿਉਂ ਪੂਰੀ ਨਹੀਂ ਹੋ ਰਹੀ?
ਇਹ ਸੁਆਲ ਸੁਣ, ਉਹ ਕਾਫੀ ਦੇਰ ਚੁਪ ਰਹਿ ਸੋਚਾਂ ਵਿੱਚ ਡੁਬੇ ਰਹੇ। ਇਉਂ ਜਾਪਦਾ ਸੀ ਜਿਵੇਂ ਉਹ ਆਪਣੇ-ਆਪ ਨਾਲ ਵਿਚਾਰਾਂ ਦਾ ਮੰਥਨ ਕਰ, ਸੁਆਲ ਦਾ ਜੁਆਬ ਤਲਾਸ਼ ਰਹੇ ਹਨ। ਕੁਝ ਸਮੇਂ ਬਾਅਦ ਉਨ੍ਹਾਂ ਆਪਣੀ ਚੁਪ ਤੋੜੀ ਤੇ ਕਹਿਣਾ ਸ਼ੁਰੂ ਕੀਤਾ ਕਿ ਜੇ ਗੰਭੀਰਤਾ ਨਾਲ ਸੋਚੀਏ ਤਾਂ ਇਹ ਗਲ ਪ੍ਰਤੱਖ ਹੋ ਜਾਂਦੀ ਹੈ ਕਿ ਇਹ ਅਰਦਾਸ ਸਿੱਖੀ ਜੀਵਨ ਵਿੱਚ ਇਕ ਅਜਿਹੀ ਰਸਮ ਜਿਹੀ ਬਣ ਗਈ ਹੈ, ਜੋ ਸਾਡੇ ਲਈ ਅਰਦਾਸ ਕਰਦਿਆਂ ਨਿਭਾਉਣੀ ਬਹੁਤ ਜ਼ਰੂਰੀ ਹੋ ਗਈ ਹੋਈ ਹੈ। ਕੋਈ ਮੌਕਾ ਹੋਵੇ, ਖੁਸ਼ੀ ਦਾ ਹੋਵੇ ਜਾਂ ਗ਼ਮੀਂ ਦਾ, ਅਰਦਾਸ ਕਰਦਿਆਂ ਇਹ ਰਸਮ ਜ਼ਰੂਰ ਪੂਰੀ ਕੀਤੀ ਜਾਂਦੀ ਹੈ। ਹਰ ਕੋਈ ਸਹਿਜੇ ਹੀ ਸਮਝ ਸਕਦਾ ਹੈ ਕਿ ਰਸਮੀ ਤੋਰ ਤੇ ਕੀਤੀ ਗਈ ਅਰਦਾਸ ਜਾਂ ਬੇਨਤੀ ਕਦੀ ਪ੍ਰਵਾਨ ਨਹੀਂ ਹੋ ਸਕਦੀ। ਜੇ ਅਰਦਾਸ ਪ੍ਰਵਾਨ ਹੀ ਨਹੀਂ ਹੋ ਰਹੀ ਤਾਂ ਫਿਰ ਪੂਰਿਆਂ ਕਿਵੇਂ ਹੋ ਸਕੇਗੀ?
ਉਨ੍ਹਾਂ ਵਿਚੋਂ ਹੀ ਇਕ ਸਜਣ ਨੇ ਦਸਿਆ ਕਿ ਕਾਫ਼ੀ ਸਮਾਂ ਹੋਇਐ, ਪੰਜਾਬ ਦੇ ਉਸ ਸਮੇਂ ਅਤੇ ਬੀਤੇ ਦੇ ਦਸ ਵਰ੍ਹੇ ਵੀ ਰਹੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਸ ਸਮੇਂ ਦੇ ਪ੍ਰਧਾਨ ਅਤੇ ਵਰਤਮਾਨ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਗਲ ਕਰਦਿਆਂ, ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਸੀ। ਜਿਸਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚੋਂ ਇੱਕ ਨੇ ਮੁਸਕੁਰਾਉਂਦਿਆਂ ਜਵਾਬ ਦਿਤਾ ਕਿ ਭਾਰਤ ਵਿਚਲੇ ਜਿਹੜੇ ਗੁਰਦੁਆਰੇ ਤੁਹਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਦਾ ਪ੍ਰਬੰਧ ਤਾਂ ਤੁਹਾਡੇ ਪਾਸੋਂ ਚੰਗੀ ਤਰ੍ਹਾਂ ਹੁੰਦਾ ਨਹੀਂ। ਉਨ੍ਹਾਂ ਦੇ ਪ੍ਰਬੰਧ ਨੂੰ ਹੀ ਲੈ ਕੇ ਤੁਸੀਂ ਆਪੋ ਵਿੱਚ ਲੜਦੇ-ਭਿੜਦੇ ਰਹਿੰਦੇ ਹੋ। ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਹੋਰ ਪ੍ਰਬੰਧ ਲੈ, ਕਿਉਂ ਆਪਣੇ ਲਈ ਨਵੀਂ ਲੜਾਈ ਸਹੇੜਨਾ ਚਾਹੁੰਦੇ ਹੋ? ਦਸਿਆ ਗਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਇਸ ਗਲ ਦਾ ਕੋਈ ਜੁਆਬ ਨਹੀਂ ਦੇ ਸਕੇ। ਉਸ ਸਜੱਣ ਨੇ ਇਹ ਗਲ ਦਸ ਕਿਹਾ ਕਿ ਇਸ ਗਲ ਵਿਚ ਕਿਤਨੀ-ਕੁ ਸਚਾਈ ਹੈ, ਇਸ ਬਾਰੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਪਾਕਿਸਤਾਨ ਦੇ ਸਬੰਧਤ ਅਧਿਕਾਰੀ ਹੀ ਦਸ ਸਕਦੇ ਹਨ, ਪਰ ਇਸ ਵਿਚ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਸੌਂਪੇ ਜਾਣ ਦੇ ਸਬੰਧ ਵਿਚ ਜੋ ਦਲੀਲ ਦਿਤੀ ਗਈ ਦਸੀ ਜਾ ਰਹੀ ਹੈ, ਉਸ ਵਿਚਲੀ ਸੱਚਾਈ ਨੂੰ ਨਕਾਰਿਆ ਤਾਂ ਨਹੀਂ ਜਾ ਸਕਦਾ।
ਇਸਦੇ ਨਾਲ ਹੀ ਉਨ੍ਹਾਂ ਕਿਹਾ, ਕਿ ਜੇ ਇਸ ਗਲ ਨੂੰ ਇਕ ਪਾਸੇ ਵੀ ਰਖ ਦਿੱਤਾ ਜਾਏ ਤਾਂ ਵੀ ਵਿਚਾਰਨ ਵਾਲੀ ਗਲ ਇਹ ਹੈ ਕਿ ਅਰਦਾਸ ਵਿੱਚ ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ 'ਖਾਲਸਾ' ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾਂਦੀ ਚਲੀ ਆ ਰਹੀ ਹੈ। ਇਹ ਮੰਗ ਕਰਦਿਆਂ ਸ਼ਾਇਦ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਜਾਂਦਾ ਕਿ 'ਦਰਸ਼ਨ-ਦੀਦਾਰ' ਤੇ 'ਸੇਵਾ-ਸੰਭਾਲ' ਦੀ ਜ਼ਿਮੇਂਦਾਰੀ 'ਖਾਲਸਾ' ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸੁਆਲ ਉਠਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਧਾਰਮਕ ਸਿੱਖ ਜਥੇਬੰਦੀ ਦੇ ਮੁੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੀਨੇ ਤੇ ਹੱਥ ਰਖ, ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਉਹ ਸੱਚੇ-ਸੁੱਚੇ ਅਤੇ ਸਥਾਪਤ ਕਸੌਟੀ ਪੁਰ ਪੂਰੇ ਉਤਰ ਸਕਣ ਵਾਲੇ 'ਖਾਲਸਾ' ਹਨ?
ਸਿੱਖਾਂ ਦੀਆਂ ਦੋ ਸਭ ਤੋਂ ਵੱਡੀਆਂ ਧਾਰਮਕ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ, ਇਨ੍ਹਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਦਹਾਕਿਆਂ ਤੋਂ ਇਕੋ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਚਲੀ ਆ ਰਹੀ ਹੈ, ਪ੍ਰੰਤੂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਬਦਲਦੀ ਰਹਿੰਦੀ ਹੈ, ਜਿਵੇਂ ਚਾਰ-ਪੰਜ ਸਾਲ ਪਹਿਲ਼ਾਂ ਤਕ ਇਸਦੀ ਸੱਤਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਥਾਂ ਵਿੱਚ ਰਹੀ। ਹੁਣ ਇਸਦੀ ਸੱਤਾ ਪੁਰ ਬਾਦਲ ਅਕਾਲੀ ਦਲ ਹੀ ਕਾਬਜ਼ ਹੋ ਗਿਆ ਹੋਇਆ ਹੈ। ਇਨ੍ਹਾਂ ਦੋਹਾਂ ਅਕਾਲੀ ਦਲਾਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਦੀ ਸੁਰ ਆਪੋ ਵਿੱਚ ਨਹੀਂ ਸੀ ਮਿਲਦੀ, ਕਿਉਂਕਿ ਉਨ੍ਹਾਂ ਦੀ ਰਾਜਸੀ ਸੋਚ ਵਖੋ-ਵਖ ਸੀ ਅਤੇ ਹੁਣ ਵੀ ਹੈ, ਜਿਸ ਕਾਰਣ ਦੋਵੇਂ ਧਿਰਾਂ ਸਮੇਂ-ਸਮੇਂ ਇਕ-ਦੂਜੇ ਦੀ ਲਾਹ-ਪਾਹ ਕਰਦੀਆਂ ਅਤੇ ਇਕ-ਦੂਜੇ ਨੂੰ ਨੀਵਾਂ ਵਿਖਾਣ ਲਈ ਸਰਗਰਮ ਬਣੀਆਂ ਰਹਿੰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਅਤੇ ਕਬਜ਼ਾ ਬਣਾਈ ਰਖਣ ਲਈ ਜੋ ਹਥਕੰਡੇ ਵਰਤੇ ਜਾਂਦੇ ਹਨ, ਉਨ੍ਹਾਂ ਪੁਰ ਕੋਈ ਵੀ ਸਿੱਖ ਮਾਣ ਨਹੀਂ ਕਰ ਸਕਦਾ। ਇਸ ਉਦੇਸ਼ ਲਈ ਵਰਤੇ ਜਾਂਦੇ ਹਥ-ਕੰਡਿਆਂ ਨੂੰ ਵੇਖ-ਸੁਣ ਕੇ ਨਾ ਕੇਵਲ ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਸਗੋਂ ਗ਼ੈਰ-ਸਿੱਖਾਂ ਦੀਆਂ ਨਜ਼ਰਾਂ ਵਿਚ ਵੀ ਸਮੁਚੀ ਕੌਮ ਦੀ ਸਥਿਤੀ ਹਾਸੋ-ਹੀਣੀ ਬਣ ਜਾਂਦੀ ਹੈ। ਇਹ ਸਭ ਕੁਝ ਸਮਝਦਿਆਂ-ਬੁਝਦਿਆਂ ਹੋਇਆਂ ਵੀ ਕਿਸੇ ਨੂੰ ਕੋਈ ਚਿੰਤਾ ਨਹੀਂ।
...ਅਤੇ ਅੰਤ ਵਿੱਚ : ਇਸ ਸਾਰੀ ਗਲ ਨੂੰ ਧਿਆਨ ਨਾਲ ਸੁਣਦਿਆਂ ਇੱਕ ਸਜੱਣ ਕਿਹਾ ਕਿ ਫਿਰ ਤਾਂ ਸੁਆਲ ਇਹ ਉਠਦਾ ਹੈ ਕਿ ਅਜਿਹੀ ਸਥਿਤੀ ਵਿਚ ਅਰਦਾਸ ਕਰ, ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ 'ਖਾਲਸਾ' ਜੀ ਨੂੰ ਬਖਸ਼ੇ ਜਾਣ ਦੀ ਮੰਗ, ਜੋ ਬੀਤੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ਅਤੇ ਹੁਣ ਤਕ ਲਖਾਂ ਨਹੀਂ ਕਰੋੜਾਂ ਵਾਰ ਕੀਤੀ ਜਾ ਚੁਕੀ ਹੈ। ਅਗੋਂ ਵੀ ਲਗਾਤਾਰ ਕੀਤੀ ਜਾਂਦੀ ਰਹੇਗੀ, ਬਾਰੇ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ-ਆਪ ਤੋਂ ਹੀ ਪੁੱਛ ਵੇਖੋ ਕਿ ਇਸ ਅਰਦਾਸ ਰਾਹੀਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਿਆਂ ਕਰਨ ਲਈ, ਉਹ ਕਿਹੜਾ 'ਖਾਲਸਾ' ਹੈ, ਜਿਸਨੂੰ ਅਕਾਲ ਪੁਰਖ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਦੀ ਬਖਸ਼ਸ਼ ਕਰੇ?
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
22 Nov. 2018