Ujagar Singh

ਪਦਮ ਸ੍ਰੀ ਮਿਲਣ ‘ਤੇ ਵਿਸ਼ੇਸ਼ :    ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ -   ਉਜਾਗਰ ਸਿੰਘ

ਸਾਡੇ ਨੌਜਵਾਨ ਪੰਜਾਬ ਵਿੱਚ ਰੋਜ਼ਗਾਰ ਦੀ ਘਾਟ ਦਾ ਬਹਾਨਾ ਬਣਾ ਕੇ ਪਰਵਾਸ ਵਲ ਵਹੀਰਾਂ ਘੱਤ ਕੇ ਜਾ ਰਹੇ ਹਨ। ਉਨ੍ਹਾਂ ਲਈ ਡਾ.ਰਤਨ ਸਿੰਘ ਜੱਗੀ ਪ੍ਰੇਰਨਾ ਸਰੋਤ ਬਣ ਸਕਦੇ ਹਨ, ਜਿਹੜੇ ਆਪਣੀ ਮਿਹਨਤ ਅਤੇ ਦਿ੍ਰੜ੍ਹ ਇਰਾਦੇ ਕਰਕੇ ਇਕ ਪੁਲਿਸ ਦੇ ਸਿਪਾਹੀ ਤੋਂ ਭਰਤੀ ਹੋ ਕੇ ਪਦਮ ਸ੍ਰੀ ਦੀ ਉਪਾਧੀ ਤੱਕ ਪਹੁੰਚ ਗਏ ਹਨ। ਭਾਰਤ ਸਰਕਾਰ ਨੇ ਡਾ.ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਵਿੱਚੋਂ 91 ਵਿਅਕਤੀਆਂ ਨੂੰ ਪਦਮ ਸ੍ਰੀ ਦਾ ਖਿਤਾਬ ਐਲਾਨ ਕੀਤਾ ਗਿਆ ਹੈ, ਪੰਜਾਬ ਵਿੱਚੋਂ ਇਕੱਲੇ ਡਾ.ਰਤਨ ਸਿੰਘ ਜੱਗੀ ਹਨ। ਸੰਸਾਰ ਵਿਚ ਕੋਈ ਕੰਮ ਵੀ ਅਸੰਭਵ ਨਹੀਂ ਹੁੰਦਾ ਜੇਕਰ ਉਸਨੂੰ ਕਰਨ ਵਾਲੇ ਵਿਅਕਤੀ ਦਾ ਦਿ੍ਰੜ੍ਹ ਇਰਾਦਾ, ਲਗਨ ਅਤੇ ਮਿਹਨਤੀ ਸੁਭਾਅ ਹੋਣਾ ਹੋਵੇ। ਸਾਡੇ ਨੌਜਵਾਨ ਔਖੇ ਕੰਮ ਨੂੰ ਕਰਨ ਦੀ ਹਿੰਮਤ ਕਰਨ ਤੋਂ ਪਹਿਲਾਂ ਹੀ ਢੇਰੀ ਢਾਅ ਬੈਠਦੇ ਹਨ ਪ੍ਰੰਤੂ ਕੁਝ ਅਜਿਹੇ ਉਦਮੀ ਹੁੰਦੇ ਹਨ, ਜਿਹੜੇ ਜਿਸ ਕੰਮ ਨੂੰ ਕਰਨ ਬਾਰੇ ਸੋਚ ਲੈਣ ਉਸਨੂੰ ਪੂਰਾ ਕਰਕੇ ਹੀ ਹੱਟਦੇ ਹਨ। ਇਨ੍ਹਾਂ ਉਦਮੀਆਂ ਵਿਚ ਹੀ ਇੱਕ ਅਜਿਹਾ ਖੋਜੀ ਧੁਰੰਦਰ ਵਿਦਵਾਨ ਸਾਹਿਤਕਾਰ ਡਾ.ਰਤਨ ਸਿੰਘ ਜੱਗੀ ਹੈ, ਉਸਨੇ ਜਿਸ ਵੀ ਅਤਿ ਕਠਨ ਕੰਮ ਨੂੰ ਹੱਥ ਪਾਇਆ ਉਤਨੀ ਦੇਰ ਚੈਨ ਨਾਲ ਟਿਕ ਕੇ ਨਹੀਂ ਬੈਠਿਆ, ਜਿਤਨੀ ਦੇਰ ਉਸਨੂੰ ਨੇਪਰੇ ਨਹੀਂ ਚਾੜ੍ਹ ਲਿਆ। ਸਾਹਿਤਕ ਅਤੇ ਇਤਿਹਾਸਕ ਖੋਜ ਦੇ ਕੰਮਾ ਵਿਚ ਉਸਨੂੰ ਅਨੇਕਾਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਮੁਕਾਬਲਾ ਕਰਨਾ ਪਿਆ। ਕਈ ਵਾਰ ਤਾਂ ਜਾਨ ਵੀ ਜੋਖ਼ਮ ਵਿਚ ਪਾਉਣੀ ਪਈ ਪ੍ਰੰਤੂ ਉਸਨੇ ਜੋ ਨਿਸ਼ਾਨਾ ਮਿਥਿਆ ਉਸਨੂੰ ਹਰ ਹਾਲਤ ਵਿਚ ਪੂਰਾ ਕੀਤਾ। ਉਸਦੀ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਜ਼ਿੰਦਗੀ ਹੀ ਜਦੋਜਹਿਦ ਵਾਲੀ ਰਹੀ ਹੈ। ਇਨ੍ਹਾਂ ਖੋਜਾਂ ਲਈ ਉਸਨੂੰ ਸਾਰੇ ਦੇਸ਼ ਦਾ ਭਰਮਣ ਕਰਨਾ ਪਿਆ। ਭਾਵੇਂ ਉਸਨੂੰ ਦਸਵੀਂ ਤੋਂ ਬਾਅਦ ਪਰਿਵਾਰ ਪੜ੍ਹਾਉਣਾ ਨਹੀਂ ਚਾਹੁੰਦਾ ਸੀ ਪ੍ਰੰਤੂ ਉਸਦੀ ਲਗਨ ਅਤੇ ਦਿ੍ਰੜ੍ਹਤਾ ਨੇ ਸਾਹਿਤਕ ਖੇਤਰ ਦੀ ਸਭ ਤੋਂ ਸਰਵੋਤਮ ਡਿਗਰੀ ਡੀ.ਲਿਟ.ਪ੍ਰਾਪਤ ਕਰਕੇ ਹੀ ਦਮ ਲਿਆ। ਡੀ.ਲਿਟ.ਵੀ ਇੱਕ ਨਹੀਂ ਸਗੋਂ ਤਿੰਨ-ਤਿੰਨ ਪ੍ਰਾਪਤ ਕੀਤੀਆਂ। ਦੇਸ਼ ਦੀ ਵੰਡ ਨੇ ਵੀ ਉਸਦੇ ਰਸਤੇ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਪੱਛਵੀਂ ਪੰਜਾਬ ਤੋਂ ਪੂਰਬੀ ਪੰਜਾਬ ਵਿਚ ਤਪਾਮੰਡੀ, ਨਰਾਇਣਗੜ੍ਹ ਕੋਲ ਅੰਬਾਲਾ ਜਿਲ੍ਹੇ ਦੇ ਲੋਟੋਂ ਪਿੰਡ ਜਿਥੇ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਸੀ, ਲੁਧਿਆਣਾ, ਦਿੱਲੀ, ਸੋਨੀਪਤ, ਅਖ਼ੀਰ ਪਟਿਆਲਾ ਆ ਕੇ ਵਸ ਗਏ। ਸਭ ਤੋਂ ਪਹਿਲਾਂ ਉਨ੍ਹਾਂ ਅੰਬਾਲੇ ਫ਼ੌਜ ਵਿਚ ਸਿਵਲੀਅਨ ਕਲਰਕ ਦੀ ਨੌਕਰੀ ਕੀਤੀ। ਇੱਕ ਮਹੀਨੇ ਬਾਅਦ ਦਿੱਲੀ ਵਿਖੇ ਪੁਲਿਸ ਵਿਭਾਗ ਦੇ ਗੁਪਤਚਰ ਵਿਭਾਗ ਵਿਚ 7 ਜਨਵਰੀ 1949 ਨੂੰ ਨੌਕਰੀ 135 ਰੁਪਏ ਮਹੀਨਾ ਨਾਲ ਸ਼ੁਰੂ ਕੀਤੀ ਅਤੇ ਲਗਪਗ 7 ਸਾਲ ਨੌਕਰੀ ਕਰਦਿਆਂ ਪਹਿਲਾਂ ਗਿਆਨੀ, ਐਫ.ਏ.ਅਤੇ ਪ੍ਰਭਾਕਰ ਪਾਸ ਕੀਤੀਆਂ। ਇਸ ਤੋਂ ਇਲਾਵਾ 1952 ਵਿਚ ਬੀ.ਏ.ਪਾਰਟ ਟਾਈਮ ਅਤੇ ਬਾਅਦ ਵਿਚ ਬੀ.ਏ.ਫਾਰਸੀ, ਹਿੰਦੀ ਅਤੇ ਸੰਸਕਿ੍ਰਤ ਵਿਚ ਵੀ ਪਾਸ ਕੀਤੀਆਂ। ਈਵਨਿੰਗ ਕਲਾਸਾਂ ਵਿਚ ਪੱਤਰਕਾਰਤਾ ਦਾ ਡਿਪਲੋਮਾ ਵੀ ਕੀਤਾ। 1955 ਵਿਚ ਐਮ.ਏ.ਪੰਜਾਬੀ ਅਤੇ 1957 ਵਿਚ ਐਮ.ਏ.ਹਿੰਦੀ ਪਾਸ ਕੀਤੀਆਂ। ਇਹ ਸਾਰੀ ਪੜ੍ਹਾਈ ਦਿੱਲੀ ਰਹਿੰਦਿਆਂ ਕੀਤੀ। 95 ਸਾਲ ਦੀ ਉਮਰ ਵਿਚ ਵੀ ਉਹ ਖੋਜ ਪ੍ਰਤੀ ਪੂਰੇ ਸੁਚੇਤ ਹਨ, ਅਜੇ ਵੀ ਸਿੱਖ ਸੰਕਲਪ ਦੀ ਪੂਰਤੀ ਲਈ ਲਗਾਤਾਰ ਖੋਜ ਕਰ ਰਿਹਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਦਿਲੋਂ ਜੁੜੇ ਹੋਏ ਰਤਨ ਸਿੰਘ ਜੱਗੀ ਦਾ ਜਨਮ ਪੱਛਵੀਂ ਪੰਜਾਬ ਦੇ ਅਟਕ ਜਿਲ੍ਹੇ ਦੇ ਪਿੰਡ ਪਿੰਡੀਘੇਬ ਵਿਖੇ 27 ਜੁਲਾਈ 1927 ਨੂੰ ਮਾਤਾ ਨਾਨਕੀ ਦੇਵੀ ਅਤੇ ਪਿਤਾ ਲੋੜੀਂਦਾ ਮੱਲ ਜੱਗੀ ਦੇ ਘਰ ਹੋਇਆ ਸੀ। ਹੁਣ ਇਹ ਪਿੰਡ ਪਾਕਿਸਤਾਨ ਦੇ ਕੈਂਬਲਪੁਰ ਜਿਲ੍ਹੇ ਵਿਚ ਹੈ। ਬਚਪਨ ਵਿਚ ਪੂਰਾ ਨਟਖਟ ਰਤਨ ਸਿੰਘ ਜੱਗੀ ਗੁੱਲੀ ਡੰਡਾ, ਕਬੱਡੀ ਅਤੇ ਘੁਲਣ ਦਾ ਸ਼ੌਕੀਨ ਰਿਹਾ ਹੈ। ਪੰਜ ਭਰਾ ਅਤੇ ਦੋ ਭੈਣਾ ਦੇ ਪਰਿਵਾਰ ਦੇ ਗੁਜ਼ਾਰੇ ਲਈ ਆਪਣੇ ਪਿਤਾ ਦਾ ਪੂਰਾ ਸਹਿਯੋਗੀ ਰਿਹਾ। ਘੁਲਾੜੀ ਚਲਾਉਂਦਾ ਅਤੇ ਘੁਲਾੜੀ ਵਿਚ ਗੰਨੇ ਵੀ ਦਿੰਦਾ ਰਿਹਾ। ਉਸ ਦੇ ਪਿਤਾ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਖੇਤੀਬਾੜੀ ਦੇ ਨਾਲ ਵਿਓਪਾਰ ਅਤੇ ਠੇਕੇਦਾਰੀ ਵੀ ਕੀਤੀ। ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਵਿਸ਼ਾਲ ਤਜ਼ਰਬਾ ਗ੍ਰਹਿਣ ਕੀਤਾ। ਉਸ ਦਾ ਦਾਦਾ ਮੂਲ ਰਾਜ ਜੱਗੀ ਹਿਕਮਤ ਦਾ ਕੰਮ ਕਰਦਾ ਸੀ। ਪੜ੍ਹਨ ਲਿਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਮਹੰਤ ਪੰਡਿਤ ਸੁੱਚਾ ਸਿੰਘ ਦੀ ਪ੍ਰੇਰਨਾ ਨਾਲ ਪੈ ਗਿਆ ਸੀ। ਖੋਜ ਦੇ ਕੰਮ ਲਈ ਪੰਜਾਬੀ ਵਿਚ ਡਾ.ਹਰਿਭਜਨ ਸਿੰਘ ਅਤੇ ਹਿੰਦੀ ਵਿਚ ਹਜ਼ਾਰੀ ਪ੍ਰਸਾਦਿ ਦਿਵੇਦੀ ਉਨ੍ਹਾਂ ਦੇ ਪ੍ਰੇਰਨਾ ਸਰੋਤ ਸਨ। ਅੱਠਵੀਂ ਤੱਕ ਦੀ ਪੜ੍ਹਾਈ ਉਸ ਨੇ ਪਿੰਡੀਘੇਬ ਖਾਲਸਾ ਸਕੂਲ ਅਤੇ ਦਸਵੀਂ 1943 ਵਿਚ ਸਰਕਾਰੀ ਹਾਈ ਸਕੂਲ ਪਿੰਡੀਘੇਬ ਤੋਂ ਪਾਸ ਕੀਤੀ। ਦਸਵੀਂ ਤੱਕ ਪੜ੍ਹਾਈ ਲੈਂਪ ਦੀ ਰੌਸ਼ਨੀ ਵਿਚ ਹੀ ਕੀਤੀ। ਉਹ ਕਿਹੜੀ ਸਮੱਸਿਆ ਹੈ, ਜਿਸਦਾ ਰਤਨ ਸਿੰਘ ਜੱਗੀ ਨੇ ਮੁਕਾਬਲਾ ਨਹੀਂ ਕੀਤਾ ਪ੍ਰੰਤੂ ਹਮੇਸ਼ਾ ਸਫਲਤਾ ਉਸ ਦੇ ਪੈਰ ਚੁੰਮਦੀ ਰਹੀ। ਮੁੱਢਲੀ ਸਿਖਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਐਮ. ਏ .ਪੰਜਾਬੀ ਅਤੇ ਹਿੰਦੀ ਦੇ ਵਿਸ਼ਿਆਂ ਵਿੱਚ ਕੀਤੀ। ਇਸ ਤੋਂ ਬਾਅਦ ਪੀ .ਐਚ.ਡੀ. ਅਤੇ ਡੀ. ਲਿਟ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ । ਉਸ ਦਾ ਸੁਭਾਅ ਸ਼ੁਰੂ ਤੋਂ ਹੀ ਖੋਜੀ ਰਿਹਾ ਹੈ। ਉਸ ਹਰ ਕੰਮ ਖੋਜ ਦੇ ਆਧਾਰ ਤੇ ਕਰਨ ਦੇ ਆਦੀ ਹਨ, ਇਸ ਕਰਕੇ ਹੀ ਉਸ ਨੂੰ ਖੋਜੀ ਸਾਹਿਤਕਾਰ ਕਿਹਾ ਜਾਂਦਾ ਹੈ। ਉਹ ਮੁੱਖ ਤੌਰ ਤੇ ਗੁਰਬਾਣੀ, ਪੁਰਾਤਨ ਪੰਜਾਬੀ ਵਾਰਤਕ, ਪੁਰਾਤਨ ਹੱਥ ਲਿਖਤਾਂ ਅਤੇ ਇਤਿਹਾਸ ਆਦਿ ਦੇ ਵਿਸ਼ਿਆਂ ਨੂੰ ਚੁਣਦੇ ਹਨ ਅਤੇ ਉਹਨਾਂ ਤੇ ਵਿਸ਼ਿਆਂ ਤੇ ਉਸ ਦੀਆਂ 144 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਡਾ. ਜੱਗੀ ਅੱਧੀ ਸਦੀ ਤੋੋਂ ਪੰਜਾਬੀ ਸਾਹਿਤ ਜਗਤ ਦੀ ਸੇਵਾ ਕਰ ਰਿਹਾ ਹੈ। ਉਸ ਨੇ ਜੀਵਨੀ ਸਾਹਿਤ ਉਪਰ ਵੀ ਤਿੰਨ ਪੁਸਤਕਾਂ ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਸ਼ਬਦ ਕੋਸ਼ ਤੇ ਅਨੁਕਰਮਣਿਕਾ ਅਤੇ ਚਾਰ ਹਵਾਲਾ ਕੋਸ਼ ਲਿਖੇ ਹਨ। ਸੰਪਾਦਨ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪੰਜ ਪੁਰਾਤਨ ਹੱਥ ਲਿਖਤਾਂ, ਤਿੰਨ ਬਾਣੀ ਸੰਗ੍ਰਹਿਆਂ ਅਤੇ ਨੌਂ ਰਚਨਾ ਸੰਗ੍ਰਹਿ ਸੰਪਾਦਿਤ ਕੀਤੇ ਹਨ। ਉਨ੍ਹਾਂ ਨੇ ਖੋਜ ਪੱਤਰਕਾ ਦੇ ਲਗਪਗ 20 ਵਿਸ਼ੇਸ਼ ਤੇ ਸਾਧਾਰਨ ਅੰਕਾਂ ਦਾ ਸੰਪਾਦਨ ਕੀਤਾ ਹੈ। ਟੀਕਾਕਾਰੀ ਦੇ ਖੇਤਰ ਵਿੱਚ ਵੀ ਉਸ ਦੀ ਦੇਣ ਵਰਨਨਯੋਗ ਹੈ। ਤੁਲਸੀ ਰਾਮਾਇਣ ਦਾ ਟੀਕਾ ਅਤੇ ਛੇ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਹੈ। ਉਨ੍ਹਾਂ ਨੇ 150 ਤੋਂ ਉਪਰ ਖੋਜ ਪੱਤਰ ਅਤੇ ਲੇਖ, ਵਾਰਤਾਵਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਹਵਾਲਾ ਕੋਸ਼ਾਂ ਲਈ ਇੰਦਰਾਜ ਇੱਕਤਰ ਕੀਤੇ ਅਤੇ ਪੰਜਾਬੀ ਦੇ ਵਿਕਾਸ ਲਈ ਹਮੇਸ਼ਾ ਸਹਿਯੋਗ ਦਿੱਤਾ ਹੈ। ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ 17 ਮਾਰਚ 1957 ਨੂੰ ਹਿੰਦੂ ਕਾਲਜ ਸੋਨੀਪਤ, ਮਾਰਚ 1958 ਵਿਚ ਸਰਕਾਰੀ ਕਾਲਜ ਹਿਸਾਰ ਅਤੇ 25 ਮਈ 1963 ਤੋਂ ਜੁਲਾਈ 1965 ਤੱਕ ਮਹਿੰਦਰਾ ਕਾਲਜ ਪਟਿਆਲਾ ਵਿਚ ਬਤੌਰ ਲੈਕਚਰਾਰ ਸੇਵਾ ਨਿਭਾਈ। ਫਿਰ ਉਹ ਜੁਲਾਈ 1965 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਲੱਗ ਗਏ। ਦਸੰਬਰ 1962 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘‘ਦਸਮ ਗ੍ਰੰਥ ਦੀਆਂ ਪੌਰਾਣਿਕ ਕਿ੍ਰਤੀਆਂ ਦਾ ਆਲੋਚਨਾਤਮਕ ਅਧਿਐਨ’’ ਦੇ ਵਿਸ਼ੇ ਤੇ ਪੀ.ਐਚ.ਡੀ.ਕਰ ਲਈ ਸੀ। 1971 ਵਿਚ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਰੀਡਰ ਦੇ ਅਹੁਦੇ ਤੇ ਨਿਯੁਕਤ ਹੋ ਗਏ। ਜੁਲਾਈ 1978 ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਚ ਪ੍ਰੋਫ਼ੈਸਰ ਦੇ ਤੌਰ ਤੇ ਚੋਣ ਹੋ ਗਈ, ਜਿਸ ਅਹੁਦੇ ਤੇ ਉਹ 1987 ਤੱਕ ਰਹੇ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕਈ ਯੂਨੀਵਰਸਿਟੀਆਂ ਨੇ ਸੀਨੀਅਰ ਫੈਲੋਸ਼ਿਪ ਦਿੱਤੀ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਵਿਚ ਆਜੀਵਨ ਫੈਲੋਸ਼ਿਪ ਤੇ ਹਨ। ਉਨ੍ਹਾਂ ਨੇ 1973 ਵਿਚ ਮਗਧ ਯੂਨੀਵਰਸਿਟੀ ਗਯਾ ਤੋਂ ‘‘ਗੁਰੂ ਨਾਨਕ ਵਿਕਤਿਤਵ, ਕਿ੍ਰਤਿਤਵ ਅਤੇ ਚਿੰਤਨ’’ ਦੇ ਵਿਸ਼ੇ ਤੇ ਡੀ.ਲਿਟ.ਦੀ ਡਿਗਰੀ ਪ੍ਰਾਪਤ ਕੀਤੀ। ਇਸਤੋਂ ਬਾਅਦ ਸਨਮਾਨ ਵੱਜੋਂ ਪੰਜਾਬੀ ਯੂਨੀਵਰਸਿਟੀ ਨੇ 2014 ਵਿਚ ਉਨ੍ਹਾਂ ਨੂੰ ਡੀ.ਲਿਟ.(ਮਾਨਾਰਥ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ 2015 ਵਿਚ ਡੀ.ਲਿਟ.(ਮਾਨਾਰਥ( ਪ੍ਰਦਾਨ ਕੀਤੀਆਂ। ਉਨ੍ਹਾਂ ਦੀ ਵਿਸ਼ੇਸ਼ਤਾ ਪੰਜਾਬੀ ਅਤੇ ਹਿੰਦੀ ਦਾ ਮੱਧਕਾਲੀਨ ਸਾਹਿਤ ਅਤੇ ਭਗਤੀ ਅੰਦੋਲਨ ਸੰਬੰਧੀ ਸਾਹਿਤ, ਸਿੱਖ ਧਰਮ ਗ੍ਰੰਥ ਅਤੇ ਭਾਰਤੀ ਕਾਵਿ ਸ਼ਾਸਤ੍ਰ ਵਿਚ ਹੈ।
1959 ਵਿਚ ਉਨ੍ਹਾਂ ਦਾ ਵਿਆਹ ਦਿੱਲੀ ਦੀ ਬੀਬੀ ਰਾਜਿੰਦਰ ਕੌਰ ਨਾਲ ਹੋ ਗਿਆ। ਜਿਸ ਤੋਂ ਉਨ੍ਹਾਂ ਦੇ ਦੋ ਸਪੁੱਤਰ ਵਰਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਪੈਦਾ ਹੋਏ। ਵਰਿੰਦਰ ਸਿੰਘ ਸਵਰਗਵਾਸ ਹੋ ਗਏ ਸਨ। ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ.ਅਧਿਕਾਰੀ ਹਨ। 24 ਮਾਰਚ 1975 ਨੂੰ ਰਾਜਿੰਦਰ ਕੌਰ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਫਿਰ ਉਨ੍ਹਾਂ ਦੀ ਸ਼ਾਦੀ ਡਾ.ਗੁਰਸ਼ਰਨ ਕੌਰ ਨਾਲ ਹੋ ਗਈ, ਜਿਹੜੇ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ। ਡਾ.ਗੁਰਸ਼ਰਨ ਕੌਰ ਨੇ ਥੋੜ੍ਹਾ ਸਮਾ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਤੌਰ ਤੇ ਵੀ ਕੰਮ ਕੀਤਾ। ਉਨ੍ਹਾਂ ਨੂੰ ਅਧਿਐਨ, ਸੰਪਾਦਨ ਅਤੇ ਵਿਆਖਿਆ ਉਪਰ ਸਾਹਿਤ ਅਕਾਦਮੀ ਦਿੱਲੀ ਦਾ ਰਾਸ਼ਟਰੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵਲੋਂ 8 ਪੁਸਤਕਾਂ ਉਪਰ ਸਰਵੋਤਮ ਪੁਰਸਕਾਰ, ਇੱਕ ਪੁਸਤਕ ਉਪਰ ਹਰਿਆਣਾ ਸਰਕਾਰ ਵਲੋਂ ਸ਼ਰੋਮਣੀ ਸਾਹਿਤਕਾਰ ਸਨਮਾਨ, ਉਤਰ ਪ੍ਰਦੇਸ਼ ਹਿੰਦੀ ਸੰਸਥਾਨ ਵਲੋਂ ਸਨਮਾਨ ਤੋਂ ਇਲਾਵਾ ਅਨੇਕਾਂ ਧਾਰਮਕ ਸੰਸਥਾਵਾਂ ਅਤੇ ਸਾਹਿਤਕ ਅਦਾਰਿਆਂ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਸੰਨ 1996 ਵਿੱਚ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। 1999 ਵਿਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਸਾਹਿਤ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਜਿਵਂ ਕਿਹਾ ਜਾਂਦਾ ਹੈ ਕਿ ਇਕ ਸਫਲ ਆਦਮੀ ਪਿਛੇ ਇਸਤਰੀ ਦਾ ਹੱਥ ਹੁੰਦਾ ਹੈ, ਉਸੇ ਤਰ੍ਹਾਂ ਡਾ.ਰਤਨ ਸਿੰਘ ਜੱਗੀ ਦੇ ਖੋਜ ਕਾਰਜਾਂ ਵਿੱਚ ਸਫਲਤਾ ਪਿਛੇ ਡਾ.ਗੁਰਸ਼ਰਨ ਕੌਰ ਜੱਗੀ ਦਾ ਯੋਗਦਾਨ ਮਹੱਤਵਪੂਰਨ ਹੈ।
ਤਸਵੀਰਾਂ-1-ਡਾ ਰਤਨ ਸਿੰਘ ਜੱਗੀ
    2-ਡਾ.ਰਤਨ ਸਿੰਘ ਜੱਗੀ ਨੂੰ ਪਦਮ ਸ੍ਰੀ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਡਾ.ਬਲਜੀਤ ਕੌਰ ਪਟਿਆਲਾ ਵਿਖੇ ਸਨਮਾਨਤ ਕਰਦੇ ਹੋਏ।
    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
      ਮੋਬਾਈਲ-94178 13072
       ujagarsingh480yahoo.com

ਸਾਹਿਤਕ ਅਤੇ ਸਭਿਅਚਾਰਿਕ ਬਾਗ ਦੀਆਂ ਖ਼ੁਸ਼ਬੋਆਂ ਦਾ ਵਣਜਾਰਾ : ਗੁਰਭਜਨ ਸਿੰਘ ਗਿੱਲ - ਉਜਾਗਰ ਸਿੰਘ

ਗੁਰਭਜਨ ਗਿੱਲ ਪੰਜਾਬੀ ਸਾਹਿਤਕ ਅਤੇ ਸਭਿਆਚਾਰਿਕ ਵਿਰਾਸਤ ਦੇ ਹਰ ਰੰਗ ਦਾ ਕਦਰਦਾਨ ਹੈ, ਜਿਸ ਕਰਕੇ ਉਹ ਉਸਦਾ ਪਹਿਰੇਦਾਰ ਬਣਕੇ  ਸਮਾਜਿਕ ਫੁਲਵਾੜੀ ਨੂੰ ਰੌਸ਼ਨਾ ਰਿਹਾ ਹੈ। ਉਸ ਨੇ ਪੰਜਾਬੀ ਵਿਰਾਸਤ ਤੋਂ ਆਨੰਦਮਈ ਜੀਵਨ ਜਿਓਣ ਦੀ ਅਜਿਹੀ ਜਾਚ ਸਿੱਖੀ ਕਿ ਉਹ ਉਸ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਆਪਣੀ ਵਿਰਾਸਤ ਨੂੰ ਸਮਝਣਾ ਅਤੇ ਫਿਰ ਉਸ ਨੂੰ ਪ੍ਰਫੁਲਤ ਕਰਨਾ, ਹਰ ਇਕ ਜਣੇ ਖਣੇ ਦੇ ਹਿੱਸੇ ਨਹੀਂ ਆਇਆ, ਕਿਉਂਕਿ ਵਿਰਾਸਤੀ ਫੁੱਲਾਂ ਦੀ ਖ਼ੁਸ਼ਬੋ ਨੂੰ ਮਹਿਸੂਸ ਕਰਨ ਦੀ ਸਮਰੱਥਾ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਵੈਸੇ ਫ਼ੁਲਾਂ ਦੀ ਖ਼ੁਸ਼ਬੋ ਤਾਂ ਹਰ ਪ੍ਰਾਣੀ ਹੀ ਨਹੀਂ ਸਗੋਂ ਪਰਿੰਦੇ ਵੀ ਮਾਣਦੇ ਹਨ। ਉਹ ਮਾਨਣ ਵੀ ਕਿਉਂ ਨਾ ਜਿਹੜੀ ਕੁਦਰਤ ਨੇ ਦਾਤ ਦਿੱਤੀ ਹੈ, ਉਹ ਸਰੀਰਕ ਤੇ ਮਾਨਸਿਕ ਤ੍ਰਿਪਤੀ ਵੀ ਦਿੰਦੀ ਹੈ? ਭੌਰ ਤਾਂ ਫੁੱਲਾਂ ਦੀ ਖ਼ੁਸ਼ਬੋ ਮਾਨਣ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਵੀ ਦੇ ਦਿੰਦਾ ਹੈ। ਕੁਰਬਾਨੀ ਦੇ ਕੇ ਉਹ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ। ਇਨਸਾਨ ਫੁੱਲਾਂ ਦੀ ਖ਼ੁਸ਼ਬੋ ਨੂੰ ਮਾਣਦਾ ਵੀ ਹੈ ਅਤੇ ਮਿੱਧਦਾ ਵੀ ਹੈ। ਫੁੱਲ ਭਾਵੇਂ ਕੁਦਰਤ ਦੀ ਕਲਾ ਦਾ ਅਦਭੁੱਤ ਨਮੂਨਾ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਖ਼ੁਸ਼ਬੋ ਅਤੇ ਬੀਜ ਦੇ ਰੂਪ ਵਿੱਚ ਜ਼ਿੰਦਗੀ ਮਿਲਦੀ ਹੈ, ਪਰੰਤੂ ਫਿਰ ਵੀ ਫੁੱਲਾਂ ਦੀ ਖੁਸ਼ਬੋ ਸਥਾਈ ਨਹੀਂ ਹੁੰਦੀ, ਅਰਥਾਤ ਥੋੜ੍ਹੇ ਸਮੇਂ ਲਈ ਹੁੰਦੀ ਹੈ। ਜਿਹੜੀ ਖ਼ੁਸ਼ਬੋ ਇਨਸਾਨ ਦੇ ਸਕਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਪਰੰਤੂ ਇਹ ਸਭ ਕੁਝ ਖ਼ੁਸ਼ਬੂ ਦੇਣ ਵਾਲੇ ਦੀ ਵਿਰਾਸਤ, ਖੁਲ੍ਹਦਿਲੀ ਅਤੇ ਸਮਰਪਣ ਦੀ ਸਮਰੱਥਾ 'ਤੇ ਨਿਰਭਰ ਕਰਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਉਹ ਕਿਹੜੀ ਖ਼ੁਸ਼ਬੋ ਹੈ, ਜਿਸ ਨੂੰ ਇਨਸਾਨ ਦੇ ਸਕਦਾ ਹੈ? ਇਹ ਖ਼ੁਸ਼ਬੋ ਪਿਆਰ, ਸਤਿਕਾਰ, ਸੁਹੱਪਣ ਅਤੇ ਸਮਰਪਣ ਦੀ ਹੁੰਦੀ ਹੈ। ਇਹ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਖ਼ੁਸ਼ਬੋ ਦਾ ਆਨੰਦ ਦਰਿਆ ਦਿਲ ਵਿਅਕਤੀ ਹੀ ਮਾਣ ਸਕਦੇ ਹਨ। ਇਨ੍ਹਾਂ ਨੂੰ ਮਹਿਸੂਸ ਕਰਨ ਅਤੇ ਮਾਨਣ ਵਾਲੇ ਦੀ ਭਾਵਨਾ ਸਾਹਿਤਕ ਸੋਚ ਵਾਲੇ ਇਨਸਾਨਾ ਵਿੱਚ ਹੁੰਦੀ ਹੈ। ਅਸਲ ਵਿੱਚ ਉਹ ਸਾਹਿਤਕ ਫੁਲਬਾੜੀ ਦੀ ਖ਼ੁਸ਼ਬੋ ਹੈ, ਜਿਹੜੀ ਪੰਜਾਬੀ ਮਾਂ ਬੋਲੀ ਦੇ ਮੁੱਦਈ ਤੇ ਸਪੂਤ ਗੁਰਭਜਨ ਸਿੰਘ ਗਿੱਲ ਦਿੰਦੇ ਆ ਰਹੇ ਹਨ, ਜਿਹੜੇ ਇਹ ਖ਼ੁਸ਼ਬੋ ਆਪਣੇ ਲੇਖਾਂ, ਕਵਿਤਾਵਾਂ, ਗ਼ਜ਼ਲਾਂ, ਰੁਬਾਈਆਂ ਅਤੇ ਗੀਤਾਂ ਰਾਹੀਂ ਦਿੰਦੇ ਹਨ। ਉਨ੍ਹਾਂ ਦੀ ਕਮਾਲ ਹੈ ਕਿ ਉਹ ਪੰਜਾਬੀ ਵਿਰਾਸਤ ਅਤੇ ਸਾਹਿਤਕਾਰਾਂ ਦੀਆਂ ਸਾਹਿਤਕ ਖ਼ੁਸ਼ਬੋਆਂ ਦੇ ਇਨਸਾਈਕਲੋਪੀਡੀਆ ਵੀ ਹਨ। ਉਹ ਸਾਹਿਤਕ ਸ਼ਬਦਾਵਲੀ ਦਾ ਭੰਡਾਰ ਹਨ। ਉਨ੍ਹਾਂ ਦੀ ਸ਼ਬਦਾਵਲੀ ਦਰਿਆ ਦੀਆਂ ਲਹਿਰਾਂ ਦੇ ਵਹਿਣ ਦੀ ਤਰ੍ਹਾਂ ਪਾਠਕਾਂ ਨੂੰ ਆਪਣੇ ਨਾਲ ਵਹਾ ਕੇ ਲਿਜਾਂਦੀ ਹੋਈ ਸਰਸ਼ਾਰ ਕਰ ਦਿੰਦੀ ਹੈ। ਸੰਸਾਰ ਦੇ ਕਿਸੇ ਵੀ ਦੂਰ ਦੁਰਾਡੇ ਇਲਾਕੇ ਵਿੱਚ ਕੋਈ ਵੀ ਸਾਹਿਤਕ, ਸੰਗੀਤਕ ਅਤੇ ਕਲਾ ਦੇ ਖੇਤਰ ਵਿੱਚ ਸਰਗਰਮੀ ਹੋਵੇ ਜਾਂ ਵਿਰਾਸਤ ਨਾਲ ਸੰਬੰਧਤ ਘਟਨਾ ਵਾਪਰੇ ਤਾਂ ਗੁਰਭਜਨ ਗਿੱਲ ਦੀ ਕਲਮ ਉਸ ਸੰਬੰਧੀ  ਜਾਣਕਾਰੀ ਦਿੰਦੀ ਹੋਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਾਖਿਓਂ ਵਰਗੀ ਮਿੱਠੀ ਸ਼ਬਦਾਵਲੀ ਦਾ ਰੂਪ ਧਾਰ ਲੈਂਦੀ ਹੈ। ਪਾਠਕਾਂ ਦੇ ਦਿਲ ਅਸ਼ ਅਸ਼ ਕਰਦੇ ਹੋਏ, ਉਸ ਹਸਤੀ ਦੇ ਸ਼ਬਦਾਂ ਵਿੱਚ ਦਰਸ਼ਨ ਕਰਦੇ ਹੋਏ ਗੁਰਭਜਨ ਗਿੱਲ ਦੀ ਅਕੀਦਤ ਨੂੰ ਪ੍ਰਣਾਮ ਕਰਨੋ ਰਹਿ ਨਹੀਂ ਸਕਦੇ। ਪੰਜਾਬੀ ਵਿਰਾਸਤ ਦੇ ਪ੍ਰਤੀਕ ਪੁਰਾਤਨ ਅਤੇ ਆਧੁਨਿਕ, ਸਾਹਿਤਕਾਰਾਂ, ਗਾਇਕਾਂ, ਪੇਂਟਰਾਂ, ਸੰਗੀਤਕਾਰਾਂ, ਕਲਾਕਾਰਾਂ, ਕਲਾ ਦੇ ਪ੍ਰੇਮੀਆਂ, ਰਾਗੀਆਂ, ਢਾਡੀਆਂ, ਸੁਤੰਤਰਤਾ ਸੰਗਰਾਮੀਆਂ, ਦੇਸ਼ ਭਗਤਾਂ, ਸ਼ਹੀਦਾਂ, ਕਰਾਂਤੀਕਾਰਾਂ, ਕਦਰਦਾਨਾ ਅਤੇ ਪਾਰਖੂਆਂ ਦੇ ਖ਼ਜਾਨਿਆਂ ਨੂੰ ਪਾਠਕਾਂ ਅਤੇ ਸ੍ਰੋਤਿਆਂ ਦੇ ਅੱਗੇ ਦਿਲ ਨੂੰ ਟੁੰਬਣ ਵਾਲੀ ਸਾਹਿਤਕ ਰਸਭਿੰਨੀ ਸ਼ਬਦਾਵਲੀ ਵਿੱਚ ਪਰੋਸ ਕੇ ਦ੍ਰਿਸ਼ਟਾਂਤਕ ਰੂਪ ਵਿੱਚ ਪ੍ਰਤੱਖ ਕਰ ਦਿੰਦੇ ਹਨ। ਇਹ ਗੁਰਭਜਨ ਗਿੱਲ ਦੀ ਵਿਦਵਤਾ, ਸੰਜੀਦਗੀ, ਸਿਆਣਪ, ਸੂਝ, ਪਾਰਖੂ ਅੱਖ ਅਤੇ ਉਸਾਰੂ ਸੋਚ ਦਾ ਪ੍ਰਗਟਾਵਾ ਹੈ। ਇਹ ਸਾਹਿਤਕ ਖ਼ੁਸ਼ਬੋ ਅਜਿਹੀ ਹੈ, ਜਿਸ ਦੀ ਮਹਿਕ ਸਥਾਈ ਰਹਿੰਦੀ ਹੈ। ਪਾਠਕ ਜਿਤਨਾ ਇਸ ਖ਼ੁਸ਼ਬੋ ਦਾ ਆਨੰਦ ਮਾਨਣਗੇ, ਇਹ ਉਤਨੀ ਹੀ ਫਿਜਾ ਵਿੱਚ ਫ਼ੈਲਦੀ ਜਾਵੇਗੀ ਅਤੇ ਸਾਰੇ ਵਾਤਵਰਨ ਨੂੰ ਮਹਿਕਣ ਲਗਾ ਦੇਵੇਗੀ। ਗੁਰਭਜਨ ਗਿੱਲ ਦੀ ਸਾਹਿਤਕ ਖ਼ੁਸ਼ਬੋ ਪਾਠਕਾਂ ਨੂੰ ਰੂਹ ਦੀ ਖ਼ੁਰਾਕ ਪ੍ਰਦਾਨ ਕਰਕੇ ਉਸ ਨੂੰ ਵੀ ਸੰਤੁਸ਼ਟ ਕਰਦੀ ਹੈ। ਇਸ ਖ਼ੁਸ਼ਬੋ ਨੂੰ ਕੋਈ ਖੋਹ ਨਹੀਂ ਸਕਦਾ ਅਤੇ ਨਾ ਹੀ ਚੋਰੀ ਕਰ ਸਕਦਾ ਹੈ, ਇਸ ਖ਼ੁਸ਼ਬੋ ਨੂੰ ਜੇਕਰ ਕੋਈ ਖੋਹੇਗਾ ਜਾਂ ਚੋਰੀ ਕਰੇਗਾ ਤਾਂ ਇਹ ਸਮੁਚੇ ਸਮਾਜਿਕ ਭਾਈਚਾਰੇ ਨੂੰ ਆਨੰਦਮਈ ਬਣਾ ਦੇਵੇਗੀ। ਪੰਜਾਬੀ ਸ਼ਬਦਾਂ ਦੀ ਖ਼ੁਸ਼ਬੋ ਦਾ ਆਨੰਦ ਇਨਸਾਨ ਸ਼ੇਖ ਫਰੀਦ ਦੇ ਜ਼ਮਾਨੇ ਤੋਂ ਮਾਣਦਾ ਆ ਰਿਹਾ ਹੈ। ਇਸ ਖ਼ੁਸ਼ਬੂ ਦਾ ਸਿਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਬਾਣੀ ਹੈ, ਜਿਹੜੀ ਇਨਸਾਨ ਨੂੰ ਰੂਹਾਨੀਅਤ ਖ਼ੁਸ਼ਬੂ ਰਾਹੀਂ ਨਿਹਾਲ ਕਰ ਦਿੰਦੀ ਹੈ। ਗੁਰਬਾਣੀ ਦੀ ਖ਼ੁਸ਼ਬੋ ਸੰਸਾਰ ਦੇ ਕੋਨੇ ਕੋਨੇ ਵਿੱਚ ਸੁਗੰਧੀਆਂ ਵੰਡ ਰਹੀ ਹੈ। ਗੁਰਭਜਨ ਗਿੱਲ ਆਪਣੀ ਸਾਹਿਤਕ ਖ਼ੁਸ਼ਬੋ ਦੀਆਂ ਲਗਪਗ ਦੋ ਦਰਜਨ ਤੋਂ ਉਪਰ ਪੁਸਤਕਾਂ ਪੰਜਾਬੀ ਪਾਠਕਾਂ ਦੀ ਮਾਨਸਿਕ ਤ੍ਰਿਪਤੀ ਕਰਦੀਆਂ ਹੋਈਆਂ ਸਮਾਜਿਕ ਵਿਸੰਗਤੀਆਂ ਦਾ ਪਰਦਾ ਫਾਸ਼ ਕਰਕੇ ਲੋਕਾਈ ਨੂੰ ਲਾਮਬੰਦ ਹੋਣ ਲਈ ਕੁਰੇਦਦੀਆਂ ਹਨ। ਗੁਰਭਜਨ ਗਿੱਲ ਜਦੋਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਜਿਨ੍ਹਾਂ ਦਾ ਲੋਕਾਈ ਦੇ ਜੀਵਨ 'ਤੇ ਗ਼ਲਤ ਪ੍ਰਭਾਵ ਪੈਂਦਾ ਹੈ ਤਾਂ ਉਨ੍ਹਾਂ ਬਾਰੇ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਦੇ ਸਮੇਂ ਸਾਹਿਤਕ ਖ਼ੁਸ਼ਬੋ ਦੀ ਅਜਿਹੀ ਪਾਣ ਚਾੜ੍ਹਦਾ ਹੈ, ਜਿਸ ਨਾਲ ਲੋਕਾਂ ਦੀ ਮਾਨਸਿਕ ਤਸੱਲੀ ਤਾਂ ਹੁੰਦੀ ਹੀ ਹੈ ਪ੍ਰੰਤੂ ਸਰਕਾਰਾਂ ਨੂੰ ਵੀ ਦਰੁਸਤ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਗੁਰਭਜਨ ਗਿੱਲ ਦਾ ਸਾਹਿਤਕ, ਸੰਗੀਤਕ, ਸਭਿਆਚਾਰਕ, ਗਾਇਕੀ, ਕਲਾ ਅਤੇ ਕਲਾਕਾਰਾਂ ਦੀ ਬਿਹਤਰੀ ਲਈ ਵਿਲੱਖਣ ਯੋਗਦਾਨ ਹੈ, ਇਸ ਲਈ ਉਨ੍ਹਾਂ ਨੂੰ ਸਾਹਿਤਕ, ਸਭਿਆਚਾਰਕ, ਵਿਰਾਸਤ, ਸੰਗੀਤਕ, ਗਾਇਕੀ, ਕਲਾ, ਪੇਂਟਿੰਗ ਅਤੇ ਕਲਾਕਾਰਾਂ ਦਾ ਦੂਤ ਕਿਹਾ ਜਾ ਸਕਦਾ ਹੈ, ਜਿਹੜਾ ਇਨ੍ਹਾਂ ਕਲਾਕਾਰਾਂ ਦੀ ਪ੍ਰਤਿਭਾ ਦੀ ਪਛਾਣ ਕਰਕੇ ਲੋਕਾਈ ਤੱਕ ਪਹੁੰਚਾ ਰਿਹਾ ਹੈ। ਉਸ ਨੂੰ ਪੰਜਾਬੀ ਸਭਿਆਚਾਰਿਕ ਵਿਰਾਸਤ ਦਾ ਸਾਹਿਤਕ ਦੂਤ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਵਿਰਾਸਤ ਦੇ ਸਾਰੇ ਰੰਗਾਂ ਨੂੰ ਆਪ ਮਾਣਦਾ ਵੀ ਹੈ ਅਤੇ ਲੋਕਾਂ ਲਈ ਪ੍ਰਸਤੱਤ ਕਰਦਾ ਹੈ। ਅਜਿਹੇ ਲੋਕਾਂ ਦੀ ਕਲਾ ਨੂੰ ਸਮਝਣ ਦੀ ਸਮਰੱਥਾ ਗੁਰਭਜਨ ਗਿੱਲ ਦੇ ਵਿਅਕੀਤਿਵ ਨੂੰ ਹੋਰ ਨਿਖਾਰਦੀ ਅਤੇ ਨਿਹਾਰਦੀ ਹੈ। ਇਨ੍ਹਾਂ ਖੇਤਰਾਂ ਵਿੱਚ ਮਾਅਰਕੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਸਰਕਾਰਾਂ ਅਤੇ ਹੋਰ ਸਵੈਇੱਛਤ ਸੰਸਥਾਵਾਂ ਮਾਣ ਸਨਮਾਨ ਦਿੰਦੀਆਂ ਹਨ। ਮਾਣ ਸਨਮਾਨ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ। ਕਈ ਵਾਰੀ ਸਰਕਾਰਾਂ ਅਤੇ ਸੰਸਥਾਵਾਂ ਤਾਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਂਦੀਆਂ ਹਨ, ਜਾਂ ਇਉਂ ਕਹਿ ਲਵੋ ਕਿ ਵਿਸਾਰ ਦਿੰਦੀਆਂ ਹਨ ਪਰੰਤੂ ਗੁਰਭਜਨ ਗਿੱਲ ਇਨ੍ਹਾਂ ਨੂੰ ਕਦੀ ਵੀ ਭੁੱਲਦੇ ਅਤੇ ਵਿਸਾਰਦੇ ਨਹੀਂ। ਸਗੋਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪ੍ਰੇਰਦੇ ਰਹਿੰਦੇ ਹਨ। ਏਥੇ ਹੀ ਬਸ ਨਹੀਂ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਭੁੱਲੇ ਵਿਸਰੇ ਇਨ੍ਹਾਂ ਵਰਗਾਂ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਿਵੇਂ ਰੱਖਦੇ ਹਨ, ਫਿਰ ਉਨ੍ਹਾਂ ਬਾਰੇ ਸਾਰਥਿਕ ਅਤੇ ਸਹੀ ਜਾਣਕਾਰੀ ਸ਼ੋਸ਼ਲ ਮੀਡੀਆ ਰਾਹੀਂ ਲਗਪਗ ਹਰ ਪੰਜਾਬੀ ਦੇ ਮੁੱਦਈ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਤਨੀ ਜਾਣਕਾਰੀ ਦਾ ਖ਼ਜਾਨਾ ਉਨ੍ਹਾਂ ਕੋਲ ਕਿਵੇਂ ਪਹੁੰਚਦਾ ਹੈ, ਇਸ ਬਾਰੇ ਜਦੋਂ ਸੋਚਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਵਿਰਾਸਤ, ਸਾਹਿਤਕ ਸੋਚ ਅਤੇ ਨਿੱਜੀ ਲਾਇਬਰੇਰੀ ਅਮੀਰ ਹੈ ਅਤੇ ਉਹ ਉਨ੍ਹਾਂ ਪੁਸਤਕਾਂ ਨੂੰ ਪੜ੍ਹਦੇ ਹੀ ਨਹੀਂ ਸਗੋਂ ਜ਼ਿੰਦਗੀ ਵਿੱਚ ਹੰਢਾਉਂਦੇ ਵੀ ਹਨ?  ਸਮਾਜ ਨੂੰ ਪੁਸਤਕਾਂ ਪੜ੍ਹਨ ਅਤੇ ਉਨ੍ਹਾਂ 'ਤੇ ਸੰਬਾਦ ਕਰਨ ਨੂੰ ਵੀ ਪ੍ਰੇਰਦੇ ਹਨ। ਕਈ ਵਾਰੀ ਹਜ਼ਾਰਾਂ ਸਾਲ ਪਹਿਲਾਂ ਇਨ੍ਹਾਂ ਖੇਤਰਾਂ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਪਾਏ ਯੋਗਦਾਨ ਨੂੰ ਪਾਠਕਾਂ ਸਾਹਮਣੇ ਪਰੋਸ ਦਿੰਦੇ ਹਨ। ਮੇਰੀ ਨਿਗੂਣੀ ਜਿਹੀ ਸਮਝ ਮੁਤਾਬਕ ਸ਼ਬਦ ਦੀ ਸਾਂਝ ਉਨ੍ਹਾਂ ਨੂੰ ਗੁਰਬਾਣੀ ਤੋਂ ਪ੍ਰੇਰਨਾ ਲੈਣ ਕਰਕੇ ਹੀ ਮਿਲੀ ਲਗਦੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਸ਼ਬਦ ਅਤੇ ਸੰਬਾਦ ਨੂੰ ਪ੍ਰਣਾਉਣ ਦੀ ਪ੍ਰੇਰਨਾ ਦਿੰਦੇ ਰਹੇ ਹਨ। ਗੁਰਭਜਨ ਗਿੱਲ ਗੁਰੂ ਸਾਹਿਬਾਨ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦੇ ਹੋਏ ਸਮਾਜ ਦੀ ਸੇਵਾ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਆਪਣੀ ਗੋਡਿਆਂ ਦੀ ਤਕਲੀਫ਼ ਹੋਣ ਦੇ ਬਾਵਜੂਦ ਲੋੜ ਤੋਂ ਵੱਧ ਸਰਗਰਮ ਰਹਿੰਦੇ ਹਨ। ਪਰਵਾਸ ਵਿੱਚ ਜਿਹੜੇ ਪੰਜਾਬੀ ਆਪਣੇ ਸਭਿਆਚਾਰ 'ਤੇ ਪਹਿਰਾ ਦੇ ਰਹੇ ਹਨ, ਉਨ੍ਹਾਂ ਦੇ ਯੋਗਦਾਨ ਨੂੰ ਵੀ ਲੋਕਾਈ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਆਪਣੀ ਸਾਹਿਤਕ ਖ਼ੁਸ਼ਬੋ ਦੀ ਇਕ ਪੁਸਤਕ ਹਰ ਸਾਲ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਕੇ ਆਪਣਾ ਫਰਜ਼ ਵੀ ਨਿਭਾ ਰਹੇ ਹਨ। ਪਰਮਾਤਮਾ ਉਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਤਾਂ ਜੋ ਉਹ ਇਹ ਸਾਹਿਤਕ ਖ਼ੁਸ਼ਬੋਆਂ ਖਿਲਾਰਦੇ ਰਹਿਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ - ਉਜਾਗਰ ਸਿੰਘ

ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ, ਅਣਮੁੱਲੇ ਗੀਤਕਾਰ’ ਗੀਤ ਸੰਗੀਤ ਦਾ ਬੇਸ਼ਕੀਮਤੀ ਖ਼ਜਾਨਾ ਹੈ। ਵੀਹ ਸਾਲ ਦੀ ਮਿਹਨਤ ਤੋਂ ਬਾਅਦ ਅਸ਼ੋਕ ਬਾਂਸਲ ਨੇ ਪੰਜਾਬੀ ਸਭਿਆਚਾਰ ਦੇ ਬੇਸ਼ਕੀਮਤੇ ਹੀਰੇ ਗੀਤਕਾਰਾਂ ਦੇ ਲਿਖੇ ਗੀਤ ਲੱਭਕੇ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਹਨ। ਇਸ ਮੰਤਵ ਲਈ ਜਿਥੇ ਵੀ ਉਸਨੂੰ ਪਤਾ ਲੱਗਿਆ ਦੇਸ਼ ਵਿਦੇਸ਼ ਵਿੱਚ ਉਹ ਜਾ ਕੇ ਗੀਤਕਾਰਾਂ ਬਾਰੇ ਪਤਾ ਕਰਕੇ ਆਇਆ। ਘਰ ਫ਼ੂਕ ਤਮਾਸ਼ਾ ਵੇਖਦਾ ਰਿਹਾ। ਗਾਇਕਾਂ ਦੇ ਨਾਮ ਤਵਿਆਂ, ਕੈਸਟਾਂ ਅਤੇ ਇੰਟਰਨੈਟ ਤੇ ਭਮੀਰੀ ਦੀ ਤਰ੍ਹਾਂ ਘੁੰਮਦੇ ਫਿਰਦੇ ਵਿਖਾਈ ਦਿੰਦੇ ਹਨ, ਪਰੰਤੂ ਕੰਪਨੀਆਂ ਨੇ ਗੀਤਕਾਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੋਇਆ। ਅਸ਼ੋਕ ਬਾਂਸਲ ਮਾਨਸਾ ਨੇ ਲੰਮੀ ਜਦੋਜਹਿਦ ਅਤੇ ਮਿਹਨਤ ਤੋਂ ਬਾਅਦ ਲੋਕਾਂ ਵਿੱਚ ਹਰਮਨ ਪਿਆਰੇ ਗੀਤਾਂ ਦੇ ਗੀਤਕਾਰਾਂ ਦੇ ਨਾਮ ਲੱਭਕੇ ਸੰਗੀਤ ਦੇ ਉਪਾਸ਼ਕਾਂ ਦੇ ਸਾਹਮਣੇ ਲਿਆਂਦੇ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਆਮ ਤੌਰ ‘ਤੇ ਗੀਤਕਾਰ ਦਾ ਨਾਮ ਤਵਿਆਂ ਅਤੇ ਕੈਸਟਾਂ ‘ਤੇ ਲਿਖਿਆ ਨਹੀਂ ਹੁੰਦਾ ਸੀ, ਸਿਰਫ ਗਾਇਕਾਂ ਦਾ ਲਿਖਿਆ ਹੁੰਦਾ ਸੀ। ਗੀਤਕਾਰ ਦੀ ਥਾਂ ਗਾਇਕ ਹੀ ਨਾਮਣਾ ਖੱਟਦੇ ਰਹੇ। ਅਸ਼ੋਕ ਬਾਂਸਲ ਮਾਨਸਾ ਨੂੰ ਭੁੱਲੇ ਵਿਸਰੇ ਗੀਤਕਾਰਾਂ ਦਾ ਖੋਜੀ ਕਿਹਾ ਜਾ ਸਕਦਾ ਹੈ। ਉਸ ਨੇ ਅਜਿਹੇ 60 ਗੀਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਗੀਤਾਂ ਨੇ ਪੰਜਾਬੀ ਦੇ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਨੂੰ ਹਲੂਣਿਆਂ ਹੋਇਆ ਹੈ, ਉਨ੍ਹਾਂ ਵਿੱਚੋਂ ਪਹਿਲੀ ਕਿਸ਼ਤ ਵਿੱਚ ਇਸ ਪੁਸਤਕ ਵਿੱਚ ਵੀਹ ਗੀਤਕਾਰਾਂ ਦੇ ਗੀਤਾਂ ਅਤੇ ਉਨ੍ਹਾਂ ਦੇ ਗਾਇਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ। ਉਹ ਗੀਤਕਰ ਜਿਨ੍ਹਾਂ ਦੇ ਗੀਤ ਹਿਟ ਹੋਏ ਹਨ, ਪਰੰਤੂ ਸੰਗੀਤ ਦਾ ਰਸ ਮਾਨਣ ਵਾਲੇ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਹੀ ਨਹੀਂ। ਇਸ ਪੁਸਤਕ ਵਿੱਚ ਦਿੱਤੇ ਜਾ ਰਹੇ ਉਹ ਗੀਤਕਾਰ ਗਿਆਨ ਚੰਦ ਧਵਨ, ਹਰਭਜਨ ਸਿੰਘ ਚਮਕ, ਸਾਧੂ ਸਿੰਘ ਆਂਚਲ, ਮਲਿਕ ਵਰਮਾ, ਇੰਦਰਜੀਤ ਤੁਲਸੀ, ਚਾਨਣ ਗੋਬਿੰਦਪੁਰੀ, ਪ੍ਰਕਾਸ਼ ਸਾਥੀ,  ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ, ਚਰਨ ਸਿੰਘ ਸਫਰੀ, ਦੀਪਕ ਜੈਤੋਈ, ਸਾਜਨ ਰਾਏਕੋਟੀ, ਨੰਦ ਲਾਲ ਨੂਰਪੁਰੀ, ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਲਾਲ ਚੰਦ ਯਮਲਾ ਜੱਟ, ਸੰਤ ਰਾਮ ਉਦਾਸੀ, ਗੁਰਦਾਸ ਆਲਮ ਅਤੇ ਕੈਪਟਨ ਹਰਚਰਨ ਸਿੰਘ ਪਰਵਾਨਾ ਹਨ। ਇਨ੍ਹਾਂ ਦੇ ਗੀਤ ਵੱਡੇ ਗਾਇਕਾਂ ਨੇ ਗਾਣਿਆਂ, ਦੋਗਾਣਿਆਂ ਅਤੇ ਫਿਲਮਾ ਵਿੱਚ ਗਾਏ ਹਨ, ਜਿਨ੍ਹਾਂ ਵਿੱਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਹਜ਼ਾਰਾ ਸਿੰਘ ਰਮਤਾ, ਮੁਹੰਮਦ ਸਦੀਕ, ਮੁਹੰਮਦ ਰਫੀ, ਸਰਦਾਰ ਅਲੀ, ਰਿਪੂ ਦਮਨ ਸ਼ੈਲੀ, ਮੋਹਿਨੀ ਨਰੂਲਾ, ਸ਼ਮਸ਼ਾਦ ਬੇਗਮ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਮੰਨਾ ਡੇ, ਤੁਫ਼ਾਇਲ ਨਿਆਜ਼ੀ,  ਗੀਤਾ ਦੱਤ, ਜਗਮੋਹਨ ਕੌਰ, ਕੇ.ਦੀਪ, ਜੀਤ ਜਗਜੀਤ, ਸਰੂਪ ਸਿੰਘ ਸਰੂਪ, ਨਰਿੰਦਰ ਬੀਬਾ, ਰਮੇਸ਼ ਰੰਗੀਲਾ, ਹਰਚਰਨ ਗਰੇਵਾਲ, ਚਾਂਦੀ ਰਾਮ,  ਨਰਿੰਦਰ ਚੰਚਲ, ਸਰਦੂਲ ਸਿਕੰਦਰ ਅਤੇ ਕਰਮਜੀਤ ਸਿੰਘ ਧੂਰੀ ਨੇ ਗਾਏ ਹਨ। ਗਿਆਨ ਚੰਦ ਧਵਨ, ਜਿਹੜੇ ਜੀ.ਸੀ.ਧਵਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਉਸ ਦੇ ਲਿਖੇ ਇਨ੍ਹਾਂ ਗੀਤਾਂ ਨੇ ਗਾਇਕਾਂ ਨੂੰ ਮਸ਼ਹੂਰ ਕੀਤਾ ਹੈ। ਗੀਤਾਂ ਦੇ ਕੁਝ ਅੰਸ਼ ਹੇਠ ਲਿਖੇ ਅਨੁਸਾਰ ਹਨ-
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ।
ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ।-ਸੁਰਿੰਦਰ ਕੌਰ ਪ੍ਰਕਾਸ਼ ਕੌਰ
ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ੳੁੱਥੇ ਲੈ ਚਲ ਚਰਖਾ ਮੇਰਾ ਵੇ, ਜਿੱਥੇ ਤੇਰੇ ਹਲ ਚਲਦੇ।-ਸੁਰਿੰਦਰ ਕੌਰ
ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ।-ਪ੍ਰਕਾਸ਼ ਕੌਰ
ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚਲ ਮੇਰੇ ਨਾਲ ਕੁੜੇ।-ਆਸਾ ਸਿੰਘ ਮਸਤਾਨਾ
ਮੁੰਡੇ ਮਰ ਗਏ ਕਮਾਈਆਂ ਕਰਦੇ, ਨੀ ਹਾਲੇ ਤੇਰੇ ਬੰਦ ਨਾ ਬਣੇ।
ਸਾਡੀ ਰੁੱਸ ਗਈ ਝਾਂਜਰਾਂ ਵਾਲੀ ਤੇ ਸਾਡੇ ਭਾਣੇ ਰੱਬ ਰੁੱਸਿਆ-ਮੁਹੰਮਦ ਰਫੀ
ਮੇਰਾ ਢੋਲ ਨੀਂ ਮੱਕੀ ਦਾ ਰਾਖਾ, ਡੱਬ ਵਿੱਚ ਲਿਆਵੇ ਛੱਲੀਆਂ।-ਮੁਹੰਮਦ ਸਦੀਕ
ਚੀਕੇ ਚਰਖਾ ਗੋਬਿੰਦੀਏ ਤੇਰਾ ਤੇ ਲੋਕਾਂ ਭਾਣੇ ਮੋਰ ਕੂਕਦਾ।-ਸਰਦਾਰ ਅਲੀ
ਹਰਭਜਨ ਸਿੰਘ ਚਮਕ: ਹਰਭਜਨ ਸਿੰਘ ਚਮਕ ਦੇ ਗੀਤ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਹਨ।
ਅੱਗੇ ਅੱਗੇ ਮੈਂ ਪਿੱਛੇ ਮਾਹੀ ਮੇਰਾ ਦੌੜਿਆ, ਅੱਥਰੀ ਜਵਾਨੀ ਸਾਨੂੰ ਕਿਸੇ ਵੀ ਨਾ ਮੋੜਿਆ।
ਇਨ੍ਹਾਂ ਅੱਖੀਆਂ ‘ਚ ਪਾਵਾਂ ਕਿਵੇਂ ਕੱਜਲਾ, ਵੇ ਅੱਖੀਆਂ ‘ਚ ਤੂੰ ਵਸਦਾ।-ਸੁਰਿੰਦਰ ਕੌਰ
ਕਿੱਥੇ ਛੱਡ ਆਏਓ ਹੰਸਾਂ ਦੀ ਡਾਰ ਨੂੰ, ਕਿੱਥੇ ਛੱਡ ਆਏਓ ਮਿੱਠੇ ਮਿੱਠੇ ਪਿਆਰ ਨੂੰ।-ਸਰਬਜੀਤ ਕੌਰ
ਸਾਧੂ ਸਿੰਘ ਆਂਚਲ: ਸਾਧੂ ਸਿੰਘ ਆਂਚਲ ਦੇ ਗੀਤ ਪੰਜਾਬੀ ਸਭਿਅਚਾਰ ਦੀ ਵਿਰਾਸਤ ਦੀਆਂ ਬਾਤਾਂ ਪਾਉਂਦੇ ਹਨ।
ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ ਦਿਨ ਰਾਤ ਤੜਪਦੇ ਨੇ,ਅਰਮਾਨ ਬੇਸ਼ੁਮਾਰਾਂ।
ਮੈਨੂੰ ਹੀਰ ਕਹਿ ਕੇ ਫੇਰ ਨਾ ਬੁਲਾਈਂ ਮੁੰਡਿਆ, ਵੇ ਰਾਹ ਜਾਂਦੀ ਨਾ ਬਲਾ ਗਲ ਪਾਈਂ ਮੁੰਡਿਆ।-ਸੁਰਿੰਦਰ ਕੌਰ
ਖਿੜ-ਖਿੜ ਹੱਸਦੀ ਦੇ ਨੀਂ, ਕਿਰ ਜਾਣ ਨਾ ਚੰਦਰੀਏ ਹਾਸੇ
ਅੱਧਾ ਸ਼ਹਿਰ ਤੂੰ ਲੁੱਟਿਆ, ਅੱਧਾ ਲੁੱਟ ਲਿਆ ਤੇਰੇ ਨੀ ਦੰਦਾਸੇ।-ਹੰਸ ਰਾਜ ਹੰਸ
ਆ ਵੇ ਪ੍ਰਾਹੁਣਿਆਂ, ਬਹਿ ਵੇ ਪ੍ਰਾਹੁਣਿਆਂ, ਗਲ ਵਿੱਚ ਤੇਰੇ ਗਾਨੀ
ਤਿੱਲੇ ਵਾਲੀ ਜੁੱਤੀ ਫ਼ੱਬਦੀ ਲੱਪ ਲੱਪ ਚੜ੍ਹੀ ਜਵਾਨੀ।-ਸਰਦੂਲ ਸਿਕੰਦਰ
ਵਰਮਾ ਮਲਿਕ: ਵਰਮਾ ਮਲਿਕ ਦਾ ਨਾਮ ਬਰਕਤ ਰਾਇ ਮਲਿਕ ਹੈ, ਉਹ ਆਪਣੇ ਗੀਤਾਂ ਵਿੱਚ ਲੋਕਾਂ ਦੀ ਸਰਲ ਪੰਜਾਬੀ ਦੀ ਵਰਤੋਂ ਕਰਦੇ ਹੋਏ ਦਿਲਾਂ ਨੂੰ ਟੁੰਬਦੇ ਹਨ। ਉਸਦੇ ਗੀਤ ਫ਼ਿਲਮਾਂ ਵਿੱਚ ਸ਼ਮਸ਼ਾਦ ਬੇਗ਼ਮ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਗਾਏ ਗਏ ਹਨ।
ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ਤੇ ਰੋਣ ਖੜ੍ਹੀਆਂ।-ਸ਼ਮਸ਼ਾਦ ਬੇਗਮ (ਫਿਲਮ ਗੁੱਡੀ)
ਬੀਨ ਵਜਾਈਂ ਮੁੰਡਿਆ ਮੇਰੀ ਗੁਤ ਸੱਪਣੀ ਬਣ ਜਾਊਗੀ।
ਮੁੱਲ ਮਿਲਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚਕੇ।-ਸ਼ਮਸ਼ਾਦ ਬੇਗਮ
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਂ ਆਂ, ਗਲੀ ਭੁੱਲ ਨਾ ਜਾਵੇ ਚੰਨ ਮੇਰਾ।
ਦਾਣਾ-ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ ਹੋ।
ਚਿੱਟੇ ਦੰਦ ਹਸਣੋਂ ਨਾ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।-ਮੁਹੰਮਦ ਰਫੀ
ਤੇਰੀ ਦੋ ਟਕਿਆਂ ਦੀ ਨੌਕਰੀ, ਵੇ ਮੇਰਾ ਲੱਖਾਂ ਦਾ ਸਾਵਣ ਜਾਏ।
ਲਾਈਆਂ ਤੇ ਤੋੜ ਨਿਭਾਵੀਂ, ਛੱਡ ਕੇ ਨਾ ਜਾਵੀਂ।-ਲਤਾ ਮੰਗੇਸ਼ਕਰ
ਇੰਦਰਜੀਤ ਤੁਲਸੀ; ਇਨ੍ਹਾਂ ਦੇ ਗੀਤ ਲੋਕ ਗੀਤਾਂ ਦੀ ਤਰਜ ‘ਤੇ ਹਨ। ਲਾਡਲੀ, ਸ਼ੋਰ,  ਬੌਬੀ, ਚੋਰ ਮਚਾਏ ਸ਼ੋਰ ਆਦਿ ਫ਼ਿਲਮਾਂ ਵਿੱਚ ਗਾਏ ਗਏ ਹਨ।
ਐਧਰ ਕਣਕਾਂ ਓਧਰ ਕਣਕਾਂ, ਵਿਚ ਕਣਕਾਂ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ।-ਆਸਾ ਸਿੰਘ ਮਸਤਾਨਾ
ਚੋਰ ਮਚਾਏ ਸ਼ੋਰ ਫਿਲਮ ਦੇ ਗੀਤ-
ਏਕ ਡਾਲ ਪਰ ਤੋਤਾ ਬੋਲੇ, ਏਕ ਡਾਲ ਪਰ ਮੈਨਾ,
ਦੂਰ ਦੂਰ ਬੈਠੇ ਹੈਂ ਲੇਕਿਨ, ਪਿਆਰ ਤੋ ਫਿਰ ਹੈਨਾ।
ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ।
ਚਾਨਣ ਗੋਬਿੰਦਪੁਰੀ: ਉਨ੍ਹਾਂ ਨੇ ਇਸ਼ਕ ਮੁਸ਼ਕ ਦੇ ਅਤੇ ਰੋਮਾਂਟਿਕ ਗੀਤ ਲਿਖੇ ਹਨ।
ਬਾਗਾਂ ਵਿੱਚ ਪਿਆ ਚੰਨਾਂ ਅੰਬੀਆਂ ਨੂੰ ਬੂਰ ਵੇ, ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ।
ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ।-ਸੁਰਿੰਦਰ ਕੌਰ
ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟਗੀ ਤੜੱਕ ਕਰਕੇ। -ਤੁਫ਼ਾਇਲ ਨਿਆਜ਼ੀ
ਪ੍ਰਕਾਸ਼ ਸਾਥੀ: ਪ੍ਰਕਾਸ਼ ਸਾਥੀ ਦਾ ਅਸਲੀ ਨਾਮ ਓਮ ਪ੍ਰਕਾਸ਼ ਪ੍ਰਭਾਕਰ ਸੀ, ਉਨ੍ਹਾਂ ਸਮਾਜਿਕ ਸਰੋਕਾਰਾਂ ਦੇ ਸੰਜੀਦਾ ਗੀਤ ਲਿਖੇ ਹਨ। ਉਨ੍ਹਾਂ ਨੇ ਹਿੰਦੀ ਫਿਲਮ ਰਾਤ ਕੇ ਰਾਹੀ, ਨਯਾ ਸਵੇਰਾ ਅਤੇ ਗੋਲਕੰਡਾ ਲਈ ਵੀ ਗੀਤ ਲਿਖੇ ਤੇ ਮੁਹੰਮਦ ਰਫੀ ਨੇ ਗਾਏ। ਪੰਜਾਬੀ ਫਿਲਮਾ ਝਾਂਜਰ, ਕੁਮਾਰੀ, ਕੁੜੀ ਪੰਜਾਬ ਦੀ, ਤੇਰਾ ਜਵਾਬ ਨਹੀਂ, ਦਰਾਣੀ ਜਠਾਣੀ, ਪ੍ਰਦੇਸੀ ਬਾਬੂ ਅਤੇ ਸਤਲੁਜ ਦੇ ਕੰਢੇ ਲਈ ਗੀਤ ਲਿਖੇ।
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ,
ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ।-ਆਸਾ ਸਿੰਘ ਮਸਤਾਨਾ
ਸੋਹਣ ਸਿੰਘ ਸੀਤਲ: ਉਸ ਨੂੰ ਧਾਰਮਿਕ ਗੀਤ ਲਿਖਣ ਵਾਲਾ ਗੀਤਕਾਰ ਸਮਝਿਆ ਜਾਂਦਾ ਸੀ ਪਰੰਤੂ ਉਨ੍ਹਾਂ ਰੋੋੋਮਾਂਟਿਕ ਗੀਤ ਵੀ ਲਿਖੇ ਹਨ।
ਮਲਕੀ ਖੂਹ ਦੇ ਉਤੇ ਭਰਦੀ ਸੀ ਪਈ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ।
ਭਾਬੀ ਮੇਰੀ ਗੁੱਤ ਨਾ ਕਰੀਂ, ਮੈਨੂੰ ਡਰ ਸੱਪਣੀ ਤੋਂ ਆਵੇ।
ਮੇਲੇ ਮੁਕਤਸਰ ਦੇ ਚੱਲ ਚੱਲੀਏ ਨਣਦ ਦਿਆ ਵੀਰਾ।
ਦਇਆ ਸਿੰਘ ਦਿਲਬਰ: ਸਮਾਜਵਾਦੀ ਗੀਤਕਾਰ ਸੀ।
ਮਾਏ ਨੀ ਵਿਚੋਲਾ ਮਰ ਜੇ, ਜੀਜਾ ਲੱਭਿਆ ਤਵੇ ਤੋਂ ਕਾਲਾ।
ਭੈਣ ਰੋਂਦੀ ਰੱਜਦੀ ਨਹੀਂਓਂ, ਕਹਿੰਦੇ ਜ਼ਹਿਰ ਮੰਗਾ ਕੇ ਖਾ ਲੈ।
ਸਾਨੂੰ ਲਾਰੇ ਲਾ ਕੇ ਡੋਲੀ ਚੜ੍ਹ ਗਈਂਓ ਖੇੜਿਆਂ ਦੇ।
ਚਰਨ ਸਿੰਘ ਸਫਰੀ: ਉਨ੍ਹਾਂ ਨੇ ਧਾਰਮਿਕ ਅਤੇ ਸਮਾਜਿਕ ਗੀਤ ਲਿਖੇ।
ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾਂ ਕੀ ਜਾਣੇਂ।
ਕੁੰਡਲਾਂ ਤੋਂ ਪੁੱਛ ਗੋਰੀਏ ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ,
ਕਿੰਨੇ ਕੁ ਪਿਆਰ ਲੱਭਦੇ ਇਹਨਾਂ ਫਾਹ ਕੇ ਕਬੂਤਰ ਮਾਰੇ।
ਦੁੱਧ ਨੂੰ ਮਧਾਣੀ ਪੁੱਛਦੀ ਰਾਤੀਂ ਜਾਗ ਹੰਝੂਆਂ ਦਾ ਕੀਹਨੇ ਲਾਇਆ।
ਦੀਪਕ ਜੈਤੋਈ: ਉਹ ਲੋਕਾਂ ਦਾ ਗੀਤਕਾਰ ਸੀ, ਜੋ ਸਮਾਜ ਦੀਆਂ ਭਾਵਨਾਵਾਂ ਗੀਤਾਂ ਰਾਹੀਂ ਪੇਸ਼ ਕਰਦਾ ਸੀ।
ਆਹ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ।
ਜੁੱਤੀ ਲੱਗਦੀ ਵੈਰੀਆ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਬੀਆਂ।
ਸਾਜਨ ਸ਼ਾਹਕੋਟੀ: ਉਨ੍ਹਾਂ ਦਾ ਅਸਲੀ ਨਾਮ ਹੰਸ ਰਾਜ ਸੀ, ਉਸ ਦੇ ਗੀਤ ਸਮਾਜ ਦਾ ਸ਼ੀਸ਼ਾ ਸਨ।
ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ।
ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ, ਜਿਹੜੇ ਤੱਕ ਲੈਂਦੇ, ਨਾ ਜਿਉਂਦੇ ਨਾ ਮਰਦੇ।
ਐਵੇਂ ਨਾ ਲੜਿਆ ਕਰ ਢੋਲਾ, ਤੇਰੀ ਸਿਹਰਿਆਂ ਨਾਲ ਵਿਆਹੀ ਹੋਈ ਆਂ।
ਨੰਦ ਲਾਲ ਨੂਰਪੁਰੀ: ਉਹ ਸਭਿਅਚਾਰਕ ਗੀਤਾਂ ਦਾ ਬਾਦਸ਼ਾਹ ਸੀ।
ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀ ਗਲੀ ਡੰਡ ਪਾਉਂਦੀਆਂ ਗਈਆਂ।
ਚੰਨ ਵੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ।
ਚੁੰਮ-ਚੁੰਮ ਰੱਖੋ ਨੀ, ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ, ਹੀਰਿਆਂ ਦੇ ਹਾਰ ਦੀ।
ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ, ਚੰਦ ਨਾਲੋਂ ਸੋਹਣੀ ਉਤੇ ਚੁੰਨੀ ਸੁੱਚੇ ਕੱਚ ਦੀ।
ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ: ਉਹ ਮੁੱਢਲੇ ਤੌਰ ਤੇ ਕਵੀਸ਼ਰ ਸਨ।
ਹੈੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾ ਦਾ ਮੇਲਾ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।
ਗੁਰਦੇਵ ਸਿੰਘ ਮਾਨ: ਉਨ੍ਹਾਂ ਦੇ ਗੀਤ ਪੰਜਾਬੀ ਦੇ ਸਭਿਆਚਰਕ ਗੀਤਾਂ ਦੀ ਤਰਜਮਾਨੀ ਕਰਦੇ ਸਨ।
ਮਿੱਤਰਾਂ ਦੀ ਲੂਣ ਦੀ ਡਲ਼ੀ, ਨੀਂ ਤੂੰ ਮਿਸਰੀ ਬਰੋਬਰ ਜਾਣੀ
ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ।-ਕਰਮਜੀਤ ਸਿੰਘ ਧੂਰੀ
ਰਾਤੀਂ ਸੀ ਉਡੀਕਾਂ ਤੇਰੀਆਂ ਸੁੱਤੇ ਪਲ ਨਾ ਹਿਜ਼ਰ ਦੇ ਮਾਰੇ।-ਨਰਿੰਦਰ ਬੀਬਾ
ਊੜਾ ਆੜਾ ਈੜੀ ਸੱਸਾ ਹਾਹਾ, ਊੜਾ ਆੜਾ ਵੇ,
 ਮੈਨੂੰ ਜਾਣ ਦੇ ਸਕੂਲੇ ਇਕ ਵਾਰ ਹਾੜ੍ਹਾ ਵੇ।
ਇੰਦਰਜੀਤ ਹਸਨਪੁਰੀ: ਉਹ ਪੰਜਾਬੀ ਲੋਕਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਵਾਲੇ ਗੀਤ ਲਿਖਦੇ ਸਨ।
ਜੇ ਮੁੰਡਿਆ ਵੇ ਸਾਡੀ ਤੋਰ ਤੂੰ ਵੇਖਣੀ, ਗੜਬਾ ਲੈ ਦੇ ਚਾਂਦੀ ਦਾ,
 ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ।
ਨਾ ਤੂੰ ਰੁੱਸ ਰੁੱਸ ਬਹਿ, ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ, ਵੇ ਮਿੱਤਰਾ ਦੂਰ ਦਿਆ।
ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢਕੇ ਖੈਰ ਨਾ ਪਾਈਏ
ਤੋੜ ਕੇ ਜਵਾਬ ਦੇ ਦੀਏ, ਝੂਠਾ ਲਾਰਾ ਨਾ ਕਦੇ ਵੀ ਲਾਈਏ।
ਲਾਲ ਚੰਦ ਯਮਲਾ ਜੱਟ: ਯਮੁਲਾ ਜੱਟ ਲੋਕ ਗਾਇਕ ਸੀ।
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਐ।
ਮੈਂ ਕੀ ਪਿਆਰ ਵਿੱਚੋਂ ਖੱਟਿਆ।
ਸੰਤ ਰਾਮ ਉਦਾਸੀ: ਸੰਤ ਰਾਮ ਮਿਹਨਤਕਸ਼ਾਂ ਦਾ ਨੁਮਾਇੰਦਾ ਗੀਤਕਾਰ ਸੀ।
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਮਘਦਾ ਰਹੀਂ ਵੇ ਸੂਰਾ ਕੰਮੀਆਂ ਦੇ ਵੇਹੜੇ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ, ਰੇਤੇ ‘ਚ ਨਾ ਰਲਾਇਓ।
ਗੁਰਦਾਸ ਆਲਮ: ਗੁਰਦਾਸ ਆਲਮ ਗ਼ਰੀਬ ਲੋਕਾਂ ਦੇ ਦਿਲਾਂ ਦੀ ਅਵਾਜ਼ ਵਾਲੇ ਗੀਤ ਲਿਖਦੇ ਸਨ।
ਪਿਪਲਾ ਵੇ ਸੱਜਣਾਂ ਦੇ ਪਿੰਡ ਦਿਆ, ਭੇਦ ਛੁਪਾ ਕੇ ਰੱਖੀਂ,
ਤੂੰ ਕੰਨਾਂ ਨਾਲ ਸੁਣ ਚੁੱਕਾ ਏਂ, ਵੇਖ ਚੁੱਕਾ ਏਂ ਅੱਖੀਂ।
ਕੈਪਟਨ ਹਰਚਰਨ ਸਿੰਘ ਪਰਵਾਨਾ: ਉਹ ਭਾਵਨਾਵਾਂ ਵਿੱਚ ਲਪੇਟੇ ਗੀਤ ਲਿਖਦੇ ਸਨ।
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਰੂਪ ਦੀਏ ਰਾਣੀਏਂ ਪਰਾਂਦੇ ਨੂੰ ਸੰਭਾਲ ਨੀਂ।
ਕੁੱਟ-ਕੁੱਟ ਬਾਜਰਾ ਮੈਂ ਕੋਠੇ ਉਤੇ ਪਾਉਣੀਆਂ,
ਹਾਏ ਮਾਂ ਮੇਰੀਏ, ਮੈਂ ਕੋਠੇ ਉਤੇ ਪਾਉਣੀਆਂ,
ਆਉਣਗੇ ਕਾਗ ਉਡਾ ਜਾਣਗੇ, ਸਾਨੂੰ  ਦੂਣਾ ਪੁਆੜਾ ਪਾ ਜਾਣਗੇ।
ਸਾਰੇ ਦੁੱਖ ਭੁੱਲ ਜਾਣਗੇ, ਨਹੀਂਓ ਭੁੱਲਣਾ ਵਿਛੋੜਾ ਤੇਰਾ।

 ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072  
ujagarsingh48@yahoo.com

ਕੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਕਾਂਗਰਸ ਵਿੱਚ ਜਾਨ ਪਾ ਸਕੇਗੀ? - ਉਜਾਗਰ ਸਿੰਘ

ਗਾਂਧੀ ਪਰਿਵਾਰ ਦਾ ਸ਼ਹਿਜ਼ਾਦਾ ਰਾਹੁਲ ਗਾਂਧੀ ਨੇ 7 ਸਤੰਬਰ 2022 ਨੂੰ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਸ਼ਾਮਲ ਹੋਵੇਗੀ ਅਤੇ 19 ਜਨਵਰੀ ਤੱਕ ਪੰਜਾਬ ਵਿੱਚ ਹੋਵੇਗੀ। ਇਸ ਇਤਿਹਾਸਕ ਯਾਤਰਾ ਦਾ ਲੁਕਿਆ ਮੰਤਵ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਇਸ ਯਾਤਰਾ ਦਾ ਮਕਸਦ ਭਾਰਤ ਦੀ ਜਨਤਾ ਵਿੱਚ ਅਮਨ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਪਿਛਲੇ ਸਾਢੇ ਸੱਤ ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਫ਼ਿਰਕੂ ਧਰੁਵੀਕਰਨ ਰਾਹੀਂ ਘੱਟ ਗਿਣਤੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਭਾਰਤੀਆਂ ਨੂੰ ਜ਼ਾਤਾਂ-ਪਾਤਾਂ ਅਤੇ ਫ਼ਿਰਕਿਆਂ ਦੇ ਨਾਮ 'ਤੇ ਲੜਾਇਆ ਜਾ ਰਿਹਾ ਹੈ। ਇਹ ਯਾਤਰਾ ਲੋਕਾਂ ਨੂੰ ਸੁਚੇਤ ਕਰਕੇ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਭਾਰਤ ਨੂੰ ਧਰਮ ਨਿਰਪੱਖ ਰਾਸ਼ਟਰ ਤੋਂ ਹਿੰਦੂ ਰਾਸ਼ਟਰ ਬਣਾਉਣ ਦੀ ਪ੍ਰਕ੍ਰਿਆ ਨੂੰ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਹੁਣ ਤੱਕ ਇਹ ਯਾਤਰਾ ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਕ ਜਿਹੜੇ 11 ਰਾਜਾਂ ਵਿੱਚ ਗਈ ਹੈ, ਉਥੇ ਸਫਲ ਰਹੀ ਹੈ ਕਿਉਂਕਿ ਪਾਰਟੀ ਪੱਧਰ ਤੋਂ ਉਪਰ ਉਠਕੇ ਬੁੱਧੀਜੀਵੀ, ਅਰਥ ਸ਼ਾਸ਼ਤਰੀ, ਵਿਗਿਆਨੀ, ਕਲਾਕਾਰ ਅਤੇ ਸਾਹਿਤਕਾਰ ਵਰਗ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ। ਕੁਝ ਸਿਆਸੀ ਪਾਰਟੀਆਂ ਲੇ ਵੀ ਇਸ ਦੀ ਸਪੋਰਟ ਕੀਤੀ ਹੈ। ਯਾਤਰਾ ਦੇ ਪਹਿਲੇ ਪੜ੍ਹਾਅ ਵਿੱਚ 11 ਜਨਵਰੀ ਨੂੰ ਰਾਹੁਲ ਗਾਂਧੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ 'ਤਿਲਕ ਜੰਝੂ ਦੇ ਰਾਖੇ' ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰਿਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਅਕੀਦਤ ਦੇ ਫੁਲ ਭੇਂਟ ਕਰਕੇ ਸ਼ੁਰੂ ਕੀਤੀ ਜਾਵੇਗੀ। ਉਸ ਦਿਨ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਪਬਲਿਕ ਮੀਟਿੰਗ ਵੀ ਕੀਤੀ ਜਾਵੇਗੀ ਜਿਸ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ। ਭਾਰਤ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਫ਼ਿਰਕੂ ਨੀਤੀਆਂ ਵਿਰੁੱਧ ਲਾਮਬੰਦ ਕਰਨ ਦਾ ਕੰਮ ਤਾਂ ਕਰੇਗੀ ਹੀ ਪ੍ਰੰਤੂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਸਾਰੇ ਦੇਸ਼ ਵਿੱਚ ਘੁੰਮ ਰਿਹਾ ਹੈ। ਇਸੇ ਲੜੀ ਵਿੱਚ ਉਹ 10 ਜਨਵਰੀ ਸ਼ਾਮ ਨੂੰ ਪੰਜਾਬ ਵੀ ਆ ਰਿਹਾ ਹੈ। ਧੜਿਆਂ ਵਿੱਚ ਵੰਡੀ, ਖੇਰੂੰ ਖੇਰੂੰ ਹੋਈ ਅਤੇ ਡਿਗੇ ਮਨੋਬਲ ਵਾਲੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਇਹ ਯਾਤਰਾ ਸੰਜੀਵਨੀ ਬੂਟੀ ਦਾ ਕੰਮ ਕਰੇਗੀ ਜਾਂ ਪੰਜਾਬ ਕਾਂਗਰਸ ਦੇ ਨੇਤਾ ਆਪੋ ਆਪਣੀ ਡਫਲੀ ਵਜਾਉਂਦੇ ਹੋਏ ਰਾਹੁਲ ਗਾਂਧੀ ਦੀ ਪਰਕਰਮਾ ਕਰਦੇ ਰਹਿਣਗੇ? ਇਹ ਤਾਂ ਸਮਾਂ ਹੀ ਦੱਸੇਗਾ ਕਾਂਗਰਸ ਪਾਰਟੀ ਦਾ ਦੁਖਾਂਤ ਇਹੋ ਹੈ ਕਿ ਉਸ ਦੇ ਨੇਤਾ ਫੀਲਡ ਵਿੱਚ ਕੰਮ ਕਰਨ ਦੀ ਥਾਂ ਸੀਨੀਅਰ ਨੇਤਾਵਾਂ ਦੀ ਚਮਚਾਗਿਰੀ ਵਿੱਚ ਮਸ਼ਰੂਫ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹਿਤਾਂ 'ਤੇ ਸੀਨੀਅਰ ਲੀਡਰਸ਼ਿਪ ਚਮਚਾਗਿਰੀ ਕਰਕੇ ਹੀ ਪਹਿਰਾ ਦਿੰਦੀ ਹੈ। ਪੰਜਾਬ ਕਾਂਗਰਸ ਪਾਰਟੀ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਪਣੇ ਆਧਾਰ ਨੂੰ ਵਧਾਉਣ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦਾ ਵਧੀਆ ਮੌਕਾ ਹੈ। ਵੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਇਸ ਮੌਕੇ ਦਾ ਸਦਉਪਯੋਗ ਕਰ ਸਕਣਗੇ ਜਾਂ ਬੇਇਤਫਾਕੀ ਦਾ ਮੁਜ਼ਾਹਰਾ ਕਰਨਗੇ। ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਆਪਸੀ ਫੁੱਟ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦੀ ਸਫਲਤਾ ਸੰਬੰਧੀ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਸਾਫ ਵਿਖਾਈ ਦੇ ਰਹੀ ਹੈ। ਇਸ ਲਈ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਵਿੱਚ ਵਧੀਆ ਤਾਲਮੇਲ ਰੱਖਣ ਲਈ ਸੀਨੀਅਰ ਨੇਤਾ ਸ਼੍ਰੀ ਵੇਨੂੰਗੋਪਾਲ ਨੂੰ ਤਾਲਮੇਲ ਕਰਨ ਲਈ ਲਗਾਇਆ ਹੈ। ਵਿਧਾਨ ਸਭਾ ਹਲਕਿਆਂ ਦੇ ਸਥਾਨਕ ਨੇਤਾ ਅਤੇ ਸਾਬਕਾ ਵਿਧਾਨਕਾਰ/ਮੰਤਰੀ ਆਪੋ ਆਪਣੀਆਂ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕਰ ਰਹੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਰਕੇ ਹੋ ਸਕਦਾ ਜਿਹੜੇ ਨੇਤਾ ਕਾਂਗਰਸ ਪਾਰਟੀ ਨੂੰ ਤਿਲਾਂਜ਼ਲੀ ਦੇਣੀ ਚਾਹੁੰਦੇ ਸਨ ਜਾਂ ਆਪੋ ਆਪਣੇ ਘਰਾਂ ਵਿੱਚ ਚੁੱਪ ਬੈਠੇ ਸਨ, ਉਹ ਸਰਗਰਮ ਹੋ ਜਾਣਗੇ ਤੇ ਫਿਲਹਾਲ ਪਾਰਟਂੀ ਛੱਡਣ ਤੋਂ ਗੁਰੇਜ਼ ਕਰਨਗੇ ਕਿਉਂਕਿ ਕਾਂਗਰਸ ਪਾਰਟੀ ਦਾ ਹਰ ਨੇਤਾ ਆਪੋ ਆਪਣੇ ਵਰਕਰਾਂ ਨਾਲ ਤਾਲਮੇਲ ਬਣਾ ਰਿਹਾ ਹੈ। ਪੰਜਾਬ ਵਿੱਚ ਇਸ ਯਾਤਰਾ ਨਾਲ ਕਾਂਗਰਸ ਪਾਰਟੀ ਹੇਠਲੇ ਪੱਧਰ/ਵਰਕਰ ਦੇ ਪੱਧਰ 'ਤੇ ਕਾਫੀ ਸਰਗਰਮ ਹੋਈ ਹੈ। ਇਹ ਸਰਗਰਮੀ ਪਾਰਟੀ ਲਈ ਸ਼ੁਭ ਸ਼ਗਨ ਹੈ। ਆਉਂਦੀਆਂ ਲੋਕ ਸਭਾ ਚੋਣਾਂ ਤੱਕ ਇਨ੍ਹਾਂ ਵਰਕਰਾਂ  ਨੂੰ ਪਾਰਟੀ ਨਾਲ ਜੋੜ ਕੇ ਰੱਖਣ ਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ 'ਤੇ ਨਿਰਭਰ ਕਰੇਗੀ। ਇਹ ਯਾਤਰਾ ਪਾਰਟੀ ਲਈ ਇਸ ਕਰਕੇ ਵੀ ਸਾਰਥਿਕ ਹੋ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਪਿੰਡ ਪੱਧਰ 'ਤੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ। ਖਾਸ ਤੌਰ 'ਤੇ ਦਿਹਾਤੀ ਸਿੱਖਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਪਾਰਟੀ ਵਰਕਰਾਂ ਨੂੰ ਇਕਮੁੱਠ ਰੱਖਣਾ ਕਾਂਗਰਸ ਪਾਰਟੀ ਦੀਆਂ ਸਥਾਨਕ ਇਕਾਈਆਂ ਅਤੇ ਸਥਾਨਕ ਪੱਧਰ ਦੇ ਨੇਤਾਵਾਂ ਦੀ ਸੋਚ 'ਤੇ ਨਿਰਭਰ ਕਰਦਾ ਹੈ। ਰਾਹੁਲ ਗਾਂਧੀ ਕੋਲ ਆਪਣੀ ਹਾਜ਼ਰੀ ਲਗਵਾਉਣ ਲਈ ਸਥਾਨਕ ਨੇਤਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਨ ਸਭਾ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਾਰਟੀ ਨੂੰ ਇਕਮੁੱਠ ਕਰਨ ਲਈ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਰਾਜਾ ਵੜਿੰਗ ਦੇ ਆਪਣੇ ਬਠਿੰਡੇ ਜਿਲ੍ਹੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਉਸ ਦਾ ਸਾਥ ਨਹੀਂ ਦੇ ਰਿਹਾ। ਇਥੋਂ ਤੱਕ ਕਿ ਉਸ ਵੱਲੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲਈ ਸੱਦੀ ਗਈ ਮੀਟਿੰਗ ਵਿੱਚ ਵੀ ਨਹੀਂ ਪਹੁੰਚਿਆ। ਇਸੇ ਤਰ੍ਹਾਂ ਪਟਿਆਲਾ ਜਿਲ੍ਹੇ ਦੀ ਸ਼ਹਿਰੀ ਇਕਾਈ ਦਾ ਪ੍ਰਧਾਨ ਨਰਿੰਦਰ ਲਾਲੀ ਜੋ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਸੀ, ਉਸ ਨੂੰ ਰਾਜਾ ਵੜਿੰਗ ਨੇ ਪ੍ਰਧਾਨਗੀ ਤੋਂ ਹਟਾ ਦਿੱਤਾ ਹੈ। ਉਹ ਧੜਾ ਆਪਣੀਆਂ ਵੱਖਰੀਆਂ ਮੀਟਿੰਗਾਂ ਕਰ ਰਿਹਾ ਹੈ। ਹਾਲਾਂ ਕਿ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਘਿਓ ਖਿਚੜੀ ਸਨ।
ਜਨਵਰੀ 2021 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਕੋਲੋਂ ਹਾਰਨ ਤੋਂ ਬਾਅਦ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੇ ਹੌਸਲੇ ਪਸਤ ਹੋਏ ਪਏ ਹਨ। ਕਾਂਗਰਸ ਦੇ ਰਾਜ ਵਿੱਚ ਭਰਿਸ਼ਟਾਚਾਰ ਭਾਰੂ ਰਿਹਾ। ਕਾਂਗਰਸੀ ਨੇਤਾ ਇਕ ਦੂਜੇ ਤੇ ਚਿਕੜ ਸੁੱਟਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਪੰਜਾਬ ਕਾਂਗਰਸ ਦੇ ਉਹ ਸੀਨੀਅਰ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨ 'ਤੇ ਜ਼ਬਰਦਸਤ ਵਿਰੋਧ ਕਰ ਰਹੇ ਸਨ, ਉਹ ਹੁਣ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸ ਸਮੇਂ ਪਾਰਟੀ ਵਿੱਚ ਪੁਰਾਣੇ ਸਮੀਕਰਨ ਬਦਲ ਰਹੇ ਹਨ। ਸ਼ਮਸ਼ੇਰ ਸਿੰਘ ਦੂਲੋ ਸਾਬਕ ਮੈਂਬਰ ਰਾਜ ਸਭਾ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕੱਟੜ ਵਿਰੋਧੀ ਸਨ, ਹੁਣ ਵਾਰ-ਵਾਰ ਜੇਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੇ ਹਨ। ਮਹਿੰਦਰ ਸਿੰਘ ਕੇ.ਪੀ.ਜਿਹੜਾ ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿੱਚ ਹਾਜ਼ਰੀ ਭਰ ਕੇ ਗਿਆ ਹੈ। ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਵਿਧਾਨ ਸਭਾ ਦੀ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਪ੍ਰਿਅੰਕਾ ਗਾਂਧੀ ਦੇ ਦੂਤ ਵੱਲੋਂ ਚਿੱਠੀ ਭੇਜਣ ਦੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ 'ਤੇ ਉਸ ਨੂੰ ਵੱਡਾ ਅਹੁਦਾ ਦਿੱਤਾ ਜਾਵੇਗਾ। ਅਜਿਹੇ ਸਵਾਲ ਵਰਕਰਾਂ ਵਿੱਚ ਖਲਬਲੀ ਮਚਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਨਵਾਂ ਮੁੱਖ ਮੰਤਰੀ ਬਣਾਉਣ ਦੀ ਕਵਾਇਦ ਨੇ ਪਾਰਟੀ ਲਈ ਨਵੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਸਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਆਪਣੇ ਜਾਣੀ ਤਾਂ ਦਲਿਤ ਪੱਤਾ ਖੇਡਿਆ ਸੀ ਪ੍ਰੰਤੂ ਉਹ ਵੀ ਪੁੱਠਾ ਪੈ ਗਿਆ। ਚਰਨਜੀਤ ਸਿੰਘ ਚੰਨੀ ਆਪ ਵੀ ਚਮਕੌਰ ਸਾਹਿਬ ਅਤੇ ਭਦੌੜ ਵਿਧਾਨ ਸਭਾ ਦੀਆਂ ਦੋਵਾਂ ਸੀਟਾਂ ਤੋਂ ਚੋਣ ਹਾਰ ਗਿਆ ਸੀ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਕੁਝ ਸਮਾਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੇ ਬਾਗੀ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਕਾਂਗਰਸ ਦੇ ਨੇਤਾ ਇਕਮੁੱਠ ਹੋ ਕੇ ਚੋਣ ਲੜਨ ਦੀ ਥਾਂ ਬਿਖ਼ਰ ਗਏ। ਪਾਰਟੀ ਦੀ ਫੁੱਟ ਚੋਣਾ ਵਿੱਚ ਜੱਗ ਜ਼ਾਹਰ ਹੋ ਗਈ, ਜਿਸ ਦਾ ਇਵਜਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ। ਆਮ ਆਦਮੀ ਪਾਰਟੀ ਦੀ ਭਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਅਧੀਨ ਕੁਝ ਸਾਬਕਾ ਕਾਂਗਰਸੀ ਮੰਤਰੀ ਜੇਲ੍ਹਾਂ ਦੀ ਹਵਾ ਖਾ ਰਹੇ ਹਨ। ਬਾਕੀ ਰਹਿੰਦੇ ਭਰਿਸ਼ਟ ਮੰਤਰੀਆਂ ਨੂੰ ਗ੍ਰਿਫ਼ਤਾਰੀਆਂ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਪਾਰਟੀ ਵਰਕਰਾਂ ਅਤੇ ਲੀਡਰਸ਼ਿਪ ਦਾ ਮਨੋਬਲ ਡਿਗਿਆ ਪਿਆ ਹੈ। ਇਨ੍ਹਾਂ ਖ਼ਬਰਾਂ ਤੋਂ ਤਾਂ ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਫਲਤਾ ਪੰਜਾਬ ਕਾਂਗਰਸ ਲਈ ਵੰਗਾਰ ਹੋਵੇਗੀ। ਕਾਂਗਰਸੀ ਨੇਤਾਵਾਂ ਨੂੰ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਫਲ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ, ਇਹ ਯਾਤਰਾ ਕਾਂਗਰਸ ਲਈ ਵਰਦਾਨ ਸਾਬਤ ਹੋਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
   ਮੋਬਾਈਲ-94178 13072
     ujagarsingh48@yahoo.com

ਕੁਮਾਰ ਜਗਦੇਵ ਸਿੰਘ ਦਾ ਕਾਵਿ ਸੰਗ੍ਰਹਿ ‘ਲਿਪਸਟਿਕ ਹੇਠਲਾ ਜ਼ਖ਼ਮ’ ਭਾਵਨਾਵਾਂ ਦਾ ਪੁਲੰਦਾ - ਉਜਾਗਰ ਸਿੰਘ

 ਕੁਮਾਰ ਜਗਦੇਵ ਸਿੰਘ ਦੀਆਂ ਕਵਿਤਾਵਾਂ ਮਨੁੱਖੀ ਮਨ ਦੀ ਅੰਤਰ ਆਤਮਾ ਦਾ ਪ੍ਰਤੀਬਿੰਬ ਹਨ। ਉਸ ਦੇ ‘ਲਿਪਸਟਿਕ ਹੇਠਲਾ ਜ਼ਖ਼ਮ’ ਨਾਮ ਦੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਵਤਾ ਦੇ ਮਨ ਵਿੱਚ ਉਸਲਵੱਟੇ ਲੈਂਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। ਉਹ ਕਿਉਂਕਿ ਮਨੁੱਖੀ ਮਨ ਦੇ ਚਿਤਰਪਟ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ, ਇਸ ਲਈ ਉਸ ਨੂੰ ਸੰਵੇਦਨਸ਼ੀਲ ਕਵੀ ਕਿਹਾ ਜਾ ਸਕਦਾ ਹੈ। ਸਾਰੀਆਂ ਕਵਿਤਾਵਾਂ ਸ਼ਾਇਰ ਦੇ ਨਿੱਜੀ ਤਜ਼ਰਬੇ ਦਾ ਪ੍ਰਗਟਾਵਾ ਹਨ। ਕਵੀ ਦੀ ਕਮਾਲ ਇਸ ਵਿੱਚ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸੰਬੰਧਤ ਲਿਖੀਆਂ ਕਵਿਤਾਵਾਂ ਨੂੰ ਲੋਕਾਈ ਦਾ ਦਰਦ ਬਣਾਉਣ ਵਿੱਚ ਸਫਲ ਹੋ ਗਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਤੋਂ ਪਹਿਲਾਂ ਦਿੱਤਾ ਸ਼ਿਅਰ ਮਨੁੱਖੀ ਮਨ ਦੇ ਕਪਾਟ ਖੋਲ੍ਹ ਦਿੰਦਾ ਹੈ, ਜਦੋਂ ਕਵੀ ਮਹਿਬੂਬ ਦੇ ਪਿਆਰ ਦੀ ਭਾਵਨਾ ਦੀ ਤਸਬੀਹ ਕਿਵਾੜ ਸ਼ਬਦ ਨਾਲ ਕਰਦਾ ਹੈ। ਕਿਵਾੜ ਸ਼ਬਦ ਦਾ ਸੰਬੰਧ ਮੁੱਢਲੇ ਤੌਰ ‘ਤੇ ਧਾਰਮਿਕ ਅਦਾਰੇ ਨਾਲ ਹੈ। ਕਵੀ ਨੇ ਕਿਵਾੜ ਦੀ ਮੁਹੱਬਤ ਨਾਲ ਤੁਲਨਾ ਕਰਕੇ ਮੁਹੱਬਤ ਨੂੰ ਰੂਹਾਨੀ ਰੂਪ ਦੇ ਦਿੱਤਾ ਹੈ। ਇਹ ਇਨਸਾਨ ਦੇ ਅੰਤਰ ਮਨ ਦੀ ਅਵਸਥਾ ਹੈ, ਜਿਸ ਨੂੰ ਸ਼ਾਇਰ ਤੁਲਨਾ ਧਾਰਮਿਕ ਸ਼ਬਦ ਨਾਲ ਕਰਕੇ ਇਹ ਦੱਸਣਾ ਚਾਹੁੰਦਾ ਹੈ ਕਿ ਪਿਆਰ ਸਰੀਰਕ ਨਹੀਂ ਸਗੋਂ ਰੂਹ ਦਾ ਹੁੰਦਾ ਹੈ। ਸ਼ਿਅਰ ਹੈ:
ਨਿਯਿਤ ਸਮੇਂ ‘ਤੇ ਈ ਖੁਲ੍ਹਦੇ ਨੇ
ਤਹਿ ਵਕਤ ‘ਤੇ ਬੰਦ ਹੋ ਜਾਂਦੇ ਨੇ
ਮਹਿਬੂਬ ਦੇ ਦਰਵਾਜ਼ੇ ਵੀ ਅੱਜ ਕਲ੍ਹ
ਕਿਵਾੜ ਹੋ ਗਏ ਹਨ..
 ਕਵੀ ਦੀਆਂ ਸਮੁੱਚੀਆਂ ਕਵਿਤਾਵਾਂ ਉਸ ਦੀ ਜ਼ਿੰਦਗੀ ਦੇ ਤਜ਼ਰਬਿਆਂ ‘ਤੇ ਅਧਾਰਤ ਹਨ। ਭਾਵਨਾਵਾਂ ਵਿੱਚ ਪਰੁਤੀਆਂ ਹੋਈਆਂ ਹਨ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਰਹਿ ਗਿਆਂ ਦਾ ਵਿਰਲਾਪ’ ਵਿੱਚ ਕਵੀ ਨੇ ਦੁੱਖ ਪ੍ਰਗਟ ਕੀਤਾ ਹੈ, ਉਨ੍ਹਾਂ ਬੱਚਿਆਂ ‘ਤੇ ਜਿਹੜੇ ਆਪਣੇ ਮਾਪਿਆਂ ਦੀ ਅਣਵੇਖੀ ਕਰਦੇ ਹੋਏ ਉਨ੍ਹਾਂ ਵਿਰੁੱਧ ਬਗ਼ਾਬਤ ਕਰ ਦਿੰਦੇ ਹਨ। ਇਹ ਗੱਲਾਂ ਉਹ ਆਪਣੇ ਮਨ ਵਿੱਚ ਵਿਛੜੇ ਪਿਤਾ ਨਾਲ ਕਰ ਰਿਹਾ ਹੈ। ਦੂਜੀ ਕਵਿਤਾ ‘ਸਿਕੰਦਰ’ ਵਿੱਚ ਆਪਣੀ ਪਤਨੀ ਦੀ ਬਿਮਾਰੀ ਦਾ ਦੁੱਖ ਨਾ ਬਰਦਾਸ਼ਤ ਕਰਦਾ ਹੋਇਆ ਭਾਵਕ ਹੋ ਜਾਂਦਾ ਹੈ। ਤੀਜੀ ਕਵਿਤਾ ‘ਧੀਆਂ’ ਵਿੱਚ ਕੁਮਾਰ ਜਗਦੇਵ ਸਿੰਘ ਧੀਆਂ ਦੇ ਰਸਤੇ ਵਿੱਚ ਆਉਣ ਵਾਲੀਆਂ ਬਲਾਵਾਂ ਦਾ ਹੰਦੇਸਾ ਪ੍ਰਗਟ ਕਰਦਾ ਹੈ ਕਿ ਇਕ ਪਾਸੇ ਉਨ੍ਹਾਂ ਨੂੰ ਸਮੇਂ ਦੀ ਗਰਦਸ਼ ਤੋਂ ਬਚਣ ਦੀ ਮਾਂ ਤਾਕੀਦ ਕਰਦੀ ਹੈ, ਦੂਜੇ ਪਾਸੇ ਲੜਕੇ ਦੇ ਜੰਮਣ ਦੀ ਆਸ ਲਾਈ ਬੈਠੀ ਹੈ। ਪ੍ਰੰਤੂ ਬਾਪ ਲੜਕੀਆਂ ਦੇ ਚਾਅ ਪੂਰੇ ਕਰਨ ਦੀ ਕਾਮਨਾ ਕਰਦਾ ਹੈ। ਮਾਂ ਆਧੁਨਿਕ ਸਮੇਂ ਦੇ ਨਾਲ ਪਹਿਰਾਵਾ ਪਾਉਣ ਦੀ ਇਛਾ ਵੀ ਰੱਖਦੀ ਹੈ। ਵਿਆਹਾਂ ਤੇ ਹੋਣ ਵਾਲੇ ਖ਼ਰਚੇ ਦੀ ਵੀ ਚਿੰਤਾ ਹੈ। ਇਹ ਸਾਰਾ ਕੁਝ ਅੰਤਰ ਦਵੰਧ ਦੀ ਸਥਿਤੀ ਹੈ। ਚੌਥੀ ‘ਵਿਗੋਚ’ ਕਵਿਤਾ ਵਿੱਚ ਕਵੀ ਦੀ ਪਤਨੀ ਮਹਿਸੂਸ ਕਰਦੀ ਹੈ ਕਿ ਲੜਕਿਆਂ ਦੀਆਂ ਇਛਾਵਾਂ ਪੂਰੀਆਂ ਕਰਕੇ ਮਰਦ ਬੱਚਿਆਂ ਨੂੰ ਵਿਗਾੜ ਦਿੰਦੇ ਹਨ। ਪੰਜਵੀਂ ‘ਸਾਹਿਬਜ਼ਾਦਾ’ ਕਵਿਤਾ ਭਾਵਪੂਰਤ ਹੈ, ਜਿਸ ਵਿੱਚ ਇਕ ਪਾਸੇ ਮਾਪੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਦੁੱਖੀ ਹੋ ਕੇ ਬੱਚਿਆਂ ਨੂੰ ਅੰਮਿ੍ਰਤਧਾਰੀ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਬੱਚੇ ਆਧੁਨਿਕਤਾ ਦੇ ਫੈਸ਼ਨ ਦੀ ਭੇਂਟ ਚੜ੍ਹਕੇ ਸਿਰ ਦੇ ਵਾਲ ਵੀ ਕਟਾ ਰਹੇ ਹਨ। ਮਾਪੇ ਬੱਚਿਆਂ ਦੇ ਸੁਨਹਿਰੇ ਭਵਿਖ ਲਈ ਗ਼ੈਰਤ ਨੂੰ ਮਾਰ ਕੇ ਹਰਿਮੰਦਰ ਸਾਹਿਬ ਵਿੱਚੋਂ ਫ਼ੌਜਾਂ ਦੇ ਸਾਹਮਣੇ ਹੱਥ ਖੜ੍ਹੇ ਕਰਕੇ ਬਾਹਰ ਆਏ ਸੀ ਪ੍ਰੰਤੂ ਬੱਚੇ ਨਾਬਰ ਹੋ ਗਏ ਹਨ।  ਛੇਵੀਂ ਕਵਿਤਾ ‘ਤੁਹਾਡਾ ਕੀ ਖਿਆਲ ਐ?’ ਵਿੱਚ ਮਾਨਸਿਕ ਦਵੰਧ ਵਾਲੀ ਹੈ, ਜਿਸ ਵਿੱਚ ਇਨਸਾਨ ਆਪਣੇ ਆਪ ਨਾਲ ਵਾਰਤਾਲਾਪ ਕਰਦਾ ਹੈ। ਸੱਤਵੀਂ ਕਵਿਤਾ ‘ਭਗਤ ਸਿੰਘ’ ਵਿੱਚ ਕਰੋਨਾ ਕਾਲ ਦਾ ਦਰਦ ਅਤੇ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦੀ ਹੈ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਅੱਠਵੀਂ ‘ਲਿਪਸਟਿਕ ਹੇਠਲਾ ਜ਼ਖ਼ਮ’ ਕਵਿਤਾ ਸਿੰਬਾਲਿਕ ਹੈ, ਜਿਸ ਰਾਹੀਂ ਕਵੀ ਨੇ ਇਨਸਾਨ ਦੇ ਦੋਹਰੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ ਹੈ। ਇਨਸਾਨ ਜਿਵੇਂ ਬਾਹਰੀ ਰੂਪ ਵਿੱਚ ਦਿਖਦਾ ਹੈ, ਅਸਲ ਵਿੱਚ ਉਹ ਨਹੀਂ ਹੁੰਦਾ। ਦੁੱਖ ਅਤੇ ਦਰਦ ਨੂੰ ਇਨਸਾਨ ਕਈ ਵਾਰੀ ਦਿਖਣ ਨਹੀਂ ਦਿੰਦਾ। ਨੌਵੀਂ ਕਵਿਤਾ ‘ਤੇਰੇ ਆਉਣ ਤੋਂ ਪਹਿਲਾਂ’ ਅਹਿਸਾਸਾਂ ਦੀ ਮਾਨਸਿਕ ਕਸ਼ਮਕਸ਼ ਹੈ, ਇਨਸਾਨ ਕਿਸ ਪ੍ਰਕਾਰ ਆਪਣੇ ਆਪ ਨਾਲ ਹੀ ਮੁਖਾਤਬ ਹੁੰਦਾ ਰਹਿੰਦਾ ਹੈ। ਇਸ ਕਾਵਿ ਸੰਗ੍ਰਹਿ ਦੀ ਦਸਵੀਂ ਕਵਿਤਾ ‘ਵਿਨ ਯੂ ਡੂ, ਡੌਂਟ ਥਿੰਕ’ ਵਿੱਚ ਕਵੀ ਵਰਤਮਾਨ ਸਾਹਿਤਕਾਰਾਂ ਦੀ ਕਾਰਗੁਜ਼ਾਰੀ ‘ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਝੰਜੋੜਦਾ ਹੈ ਕਿ ਕਿਸ ਪ੍ਰਕਾਰ ਅਖੌਤੀ ਸਾਹਿਤਕਾਰ ਇਨਾਮਾ ਅਤੇ ਸ਼ਾਹਵਾ ਵਾਹਵਾ ਲੈਣ ਲਈ ਵੇਲਣ ਵੇਲਦੇ ਹਨ। ਕਾਫ਼ੀ ਹਾਊਸਾਂ ਵਿੱਚ ਬੈਠ ਕੇ ਸੰਵੇਦਨਸ਼ੀਲ ਕਹਾਉਂਦੇ ਵਿਚਾਰ ਵਟਾਂਦਰੇ ਕਰਦੇ ਹਨ। ਇਸ ਲੰਬੀ ਕਵਿਤਾ ਵਿੱਚ ਕਵੀ ਨੇ ਬਹੁਤ ਸਾਰੇ ਭਖਦੇ ਸੰਜੀਦਾ ਮਸਲਿਆਂ ਨੂੰ ਵਿਸ਼ਾ ਬਣਾਇਆ ਹੈ ਜਿਵੇਂ ਵਰਤਮਾਨ ਵਿਦਿਅਕ ਪ੍ਰਣਾਲੀ, ਪਰਿਵਾਰਿਕ ਪਰੰਪਰਾਵਾਂ ਦਾ ਵਿਰੋਧ, ਮਾਪਿਆਂ ਦੀ ਨਿਰਾਦਰੀ, ਰਿਸ਼ਤਿਆਂ ਵਿੱਚ ਗਿਰਾਵਟ,ਯਤੀਮਾ, ਵਿਧਵਾਵਾਂ, ਆਤੰਕ, ਬਰਾਂਡਡ ਕਪੜੇ, ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਨਾ ਦੇਣਾ, ਮੀਡੀਆ ਦਾ ਰੋਲ, ਸਾਹਿਤਕ ਅਦਾਕਾਰੀ, ਆਤਮਹੱਤਿਆਵਾਂ ਆਦਿ। ਸਾਹਿਤਕਾਰਾਂ ਨੂੰ ਆੜੇ ਹੱਥੀਂ ਲਿਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾ ਰਹੇ ਹਨ। ਗਿਆਰਵੀਂ ਕਵਿਤਾ ‘ਜਦੋਂ ਸ਼ੀਸ਼ਾ ਬੋਲਦਾ’ ਹੈ ਵੀ ਇਨਸਾਨ ਦੀ ਆਪੇ ਨਾਲ ਗੱਲਬਾਤ ਹੈ, ਜਿਸ ਵਿੱਚ ਉਹ ਆਪਣੇ ਫਰਜ਼ਾਂ ਤੋਂ ਕੋਤਾਹੀ ਕਰਨ ਦੀ ਗੱਲ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਹੈ ਪ੍ਰੰਤੂ ਇਹ ਸਾਰਾ ਕੁਝ ਦੰਭ ਹੈ, ਨਸ਼ਿਆਂ ਵਿੱਚ ਗਲਤਾਨ ਹਨ, ਖੇਤਾਂ ਨੂੰ ਭੁੱਲ ਗਏ, ਸਾਡੀ ਬਦਮਿਸਮਤੀ ਹੈ ਕਿ ਰੋਜ਼ੀ ਰੋਟੀ ਦਾ ਫਿਕਰ ਸਤਾ ਰਿਹਾ ਹੈ। ਅਖੌਤੀ ਪ੍ਰਗਤੀਵਾਦ ਬਣੇ ਬੈਠੇ ਹਾਂ। ਆਪਣੀ  ਉਦਾਸੀ ਦੇ ਖੁਦ ਜ਼ਿੰਮੇਵਾਰ ਹਨ। ਮੁਹੱਬਤ ਦੀ ਥਾਂ ਸੰਘਰਸ਼ਮਈ ਹੋ ਗਏ। ਅਸੀਂ ਅਧੂਰੇ ਇਨਸਾਨ ਹਾਂ, ਵਾਅਦੇ ਤੇ ਵਫ਼ਾ ਤੋਂ ਕਿਨਾਰਾ ਕਰ ਲਿਆ ਹੈ। ਬੰਦੂਕ ਦੀ ਨੋਕ ਨਾਲ ਸ਼ਾਂਤੀ ਅਤੇ ਮੁਹੱਬਤ ਨਹੀਂ ਲਿਖੀ ਜਾ ਸਕਦੀ। ਮੁਹੱਬਤ ਨਾਲ ਹਰ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਲਈ ਸ਼ਾਇਰ ਮੁਹੱਬਤ ਦੀ ਪ੍ਰੇਰਨਾ ਦਿੰਦਾ ਹੈ। ਬਾਰਵੀਂ ਕਵਿਤਾ ‘ਸਿਤਾਰ ਦੇ ਸੁਰ-1’ ਵਿੱਚ ਕਵੀ ਮੁਹੱਬਤ ਕਰਨ ਵਾਲੀ ਕੁੜੀ ਦੀ ਕਲਪਨਾ ਸਿਤਾਰ ਦੀ ਤਾਰ ਨਾਲ ਕਰਦਾ ਲਿਖਦਾ ਹੈ ਕਿ ਮੁਹੱਬਤ ਕਰਨ ਲਈ ਪ੍ਰਸ਼ਨ ਨਹੀਂ ਕਰਨਾ ਸ਼ੋਭਦਾ ਭਾਵ ਮੁਹੱਬਤ ਬਦਲੇ ਕੁਝ ਮੰਗਣਾ ਜ਼ਾਇਜ਼ ਨਹੀਂ ਪ੍ਰੰਤੂ ਸਿਤਾਰ ਵਰਗੀ ਕੁੜੀ ਮੁਹੱਬਤ ਨੂੰ ਵੇਚਣਾ ਲੋਚਦੀ ਹੈ, ਇਹ ਵਰਤਾਰਾ ਗ਼ਲਤ ਹੈ। ਤੇਰਵੀਂ ਕਵਿਤਾ ‘ਸਿਤਾਰ ਦੇ ਸੁਰ-2’ ਵਿੱਚ ਕਵੀ ਨੇ ਸਿਤਾਰ ਦੀ ਸੁਰ ਵਰਗੀ ਕੁੜੀ ਨੂੰ ਮੁਹੱਬਤ ਦੀ ਪ੍ਰਤੀਕ ਕਿਹਾ, ਜਿਸ ਦੀ ਮੁਹੱਬਤ ਦੇ ਬਦਲੇ ਕੋਈ ਮੰਗ ਨਹੀਂ ਪ੍ਰੰਤੂ ਕੁਰਬਾਨੀ ਦਾ ਜਜਬਾ ਬਰਕਰਾਰ ਹੈ। ਚੌਧਵੀਂ ‘ਸਿਤਾਰ  ਸੋਚਦੀ ਹੈ’ ਕਵਿਤਾ ਵਿੱਚ ਬਰਾਂਡਡ ਕਪੜੇ ਪਾ ਯੂਨੀਵਰਸਿਟੀਆਂ ਵਿੱਚ ਨੌਜਵਾਨ ਲੜਕੇ ਲੜਕੀਆਂ ਦੇ ਪਿਛੇ ਮੋਟਰਸਾਈਕਲਾਂ ਦੇ ਸੁਪਨੇ ਵਿਖਾਉਂਦੇ ਮੁਹੱਬਤਾਂ ਦਾ ਇਜ਼ਹਾਰ ਕਰਦੇ ਹਨ। ਨਸ਼ਿਆਂ ਦੇ ਵਿਚ ਗ੍ਰਸੇ ਫਿਰਦੇ ਨਫ਼ਰਤਾਂ ਫੈਲਾ ਰਹੇ ਹਨ। ਯੂਨੀਵਰਸਿਟੀਆਂ ਵਿੱਚ ਉਹ ਨੌਜਵਾਨੀ ਦੇ ਨਸ਼ੇ ਵਿੱਚ ਇਸ਼ਕ ਮੁਸ਼ਕ ਦੇ ਚਕਰਾਂ ਵਿੱਚ ਆਨੰਦ ਮਾਣਦੇ ਹਨ ਪ੍ਰੰਤੂ ਬਾਅਦ ਵਿੱਚ ਲੜਕੀਆਂ ਓਪਰਿਆਂ ਦੀ ਤਰ੍ਹਾਂ ਵਿਵਹਾਰ ਕਰਦੀਆਂ ਹਨ। ਮੌਕੇ ਦਾ ਲਾਭ ਉਠਾ ਕੇ ਭੁੱਲ ਜਾਂਦੀਆਂ ਹਨ। ਪੰਦਰਵੀਂ ਕਵਿਤਾ ‘ਹੁਣ ਕੋਈ ਕੀ ਲਿਖੇ’ ਵਿਸਮਾਦਿਕ ਕਵਿਤਾ ਹੈ। ਇਸ ਵਿੱਚ ਵੀ ਕਵੀਆਂ, ਗ਼ਜ਼ਲਗੋਆਂ ਅਤੇ ਲੇਖਕਾਂ ਨੂੰ ਵਿਅੰਗ ਕੀਤਾ ਗਿਆ ਹੈ ਕਿ ਉਹ ਅਸਲ ਮੁੱਦਿਆਂ ਬਾਰੇ ਲਿਖਣ ਤੋਂ ਗੁਰੇਜ਼ ਕਰ ਰਹੇ ਹਨ। ਸੋਲਵੀਂ ਕਵਿਤਾ  ‘ਸਮੁੰਦਰ ਹੋਣ ਦਾ ਸੰਤਾਪ’ ਇਕ ਲੰਬੀ ਕਵਿਤਾ ਹੈ, ਜਿਸ ਵਿੱਚ ਸਮਾਜਿਕ ਮੁੱਦਿਆਂ ਨੂੰ ਛੂਹਿਆ ਗਿਆ ਹੈ। ਕੁਝ ਪ੍ਰਾਪਤ ਕਰਨ ਲਈ ਗੁਆਉਣਾ ਅਰਥਾਤ ਮਿਹਨਤ ਕਰਨੀ ਪੈਂਦੀ ਹੈ। ਭਾਵ ਮਿਹਨਤ ਨਾਲ ਸਫਲਤਾ ਮਿਲਦੀ ਹੈ। ਸਮੁੰਦਰ, ਨਦੀ, ਝਰਨੇ ਅਤੇ ਰੁੱਖ ਤਾਂ ਸਿੰਬਲ ਹਨ। ਭਾਵੇਂ ਕੋਈ ਖੇਤਰ ਹੋਵੇ ਜਾਂ ਪਿਆਰ ਦਾ ਹੋਵੇ, ਜਦੋਂ ਸਫਲਤਾ ਮਿਲਦੀ ਹੈ ਤਾਂ ਸਮਾਜ ਦਾ ਹਰ ਵਰਗ ਸਵਾਗਤ ਕਰਦਾ ਹੈ। ਇਸ ਦਾ ਦੂਜਾ ਅਰਥ ਇਹ ਵੀ ਹੈ ਕਿ ਇਕ ਥਾਂ ਖੜ੍ਹਨ ਨਾਲ ਜੰਗਾਲ ਲੱਗ ਜਾਂਦਾ ਹੈ, ਸਫਲਤਾ ਤੁਰਨ ਫਿਰਨ ਭਾਵ ਮਿਹਨਤ ਨਾਲ ਮਿਲਦੀ ਹੈ। ‘ਵਿਰਲਾਪ’ ਸਤਾਰਵੀਂ ਕਵਿਤਾ ਹੈ, ਜਿਸ ਵਿੱਚ ਮਾਂ ਦੀ ਮਮਤਾ ਦਾ ਮੋਹ ਝਲਕਦਾ ਹੈ। ਮਾਂ ਦੀ ਮੁਹੱਬਤ ਦੀ ਕੋਈ ਮੰਜ਼ਲ ਨਹੀਂ ਹੁੰਦੀ। ਸ਼ਾਇਰ ਮਾਂ ਦੀ ਨਿਗਾਹ ਵਿੱਚ ਕਪੁੱਤ ਹੈ ਕਿਉਂਕਿ ਮਾਂ ਪੜ੍ਹ ਨਹੀਂ ਸਕਦੀ।  ਸ਼ਾਇਰ ਦੀ ਕੋਈ ਕਮਾਈ ਨਹੀਂ, ਮਾਂ ਇਸ ਕਰਕੇ ਨਰਾਜ਼ ਹੈ। ਅਠਾਰਵੀਂ ‘ਏਸ ਵਾਰ ਦਾ ਮਿਰਜ਼ਾ’ ਮੁਹੱਬਤੀ ਕਵਿਤਾ ਹੈ। ਮੁਹੱਬਤ ਵਿੱਚ ਰੰਗਿਆ ਇਸਨਾਨ ਮਿਰਜ਼ਾ ਬਣਨਾ ਲੋਚਦਾ ਹੈ ਪ੍ਰੰਤੂ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਹੁੰਦਾ। ਮੁਹੱਬਤ ਗੱਲਾਂ-ਬਾਤਾਂ ਨਾਲ ਬੜੇ ਪਕਾਉਣੇ ਨਹੀਂ ਮੰਗਦੀ ਸਗੋਂ ਮੋਹ ਦੀ ਪੁਜਾਰਨ ਹੁੰਦੀ ਹੈ। ਇਸਤਰੀ ਹਮੇਸ਼ਾ ਇਛਾਵਾਂ ਦੀ ਪੂਰਤੀ ਮੰਗਦੀ ਹੈ। ਇਸ਼ਕ ਦੇ ਅਹਿਸਾਸਾਂ ਵਿੱਚ ਇਨਸਾਨ ਸਪਨੇ ਸਿਰਜਦਾ ਰਹਿੰਦਾ ਹੈ। ਪੂਰੇ ਹੋਣਾ ਜ਼ਰੂਰੀ ਨਹੀਂ ਹੁੰਦਾ। ਉਨੀਵੀਆਂ ਛੇ ਬਿੰਦੂ ਨਜ਼ਮਾਂ ਹਨ, ਜਿਨ੍ਹਾਂ ਵਿੱਚ ਮੁਹੱਬਤ ਦੀ ਘੁੰਮਣਘੇਰੀ ਦੀਆਂ ਬਾਤਾਂ ਹਨ। ਕੁਮਾਰ ਜਗਦੇਵ ਸਿੰਘ ਦੇ ਕਾਵਿ ਸੰਗ੍ਰਹਿ ਦਾ ਇਹ ਦੂਜਾ ਐਡੀਸ਼ਨ ਹੈ। ਸ਼ਾਇਰ ਦਾ ਭਵਿਖ ਸੁਨਹਿਰੀ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਇਨਸਾਨੀ ਮਾਨਸਿਕਤਾ ਦੀਆਂ ਗਹਿਰ ਗੰਭੀਰ ਸਥਿਤੀਆਂ ਦਾ ਵਰਨਣਨ ਕਰਦੀਆਂ ਹਨ।
 80 ਪੰਨਿਆਂ ਦੇ ਕਾਵਿ ਸੰਗ੍ਰਹਿ ਦੀ ਕਮੀਤ 140 ਰੁਪਏ ਹੈ। ਇਸ ਨੂੰ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
    ਮੋਬਾਈਲ-94178 13072
   ujagarsingh48@yahoo.com

31 ਦਸੰਬਰ ਨੂੰ ਸੇਵਾ ਮੁਕਤੀ ‘ਤੇ ਵਿੇਸ਼ਸ਼ :  ਬੇਦਾਗ਼ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਇਆ ਡਾ.ਓਪਿੰਦਰ ਸਿੰਘ ਲਾਂਬਾ  - ਉਜਾਗਰ ਸਿੰਘ


  ਪੰਜਾਬੀ ਦੇ ਗ਼ਜ਼ਲਗੋ ਦੀਪਕ ਜੈਤੋਈ ਦਾ ਇੱਕ ਗੀਤ ਹੈ, ਜਿਹੜਾ ਆਪਣੀ ਜ਼ਿੰਮੇਵਾਰੀ ਨੂੰ ਬਿਹਤਰੀਨ ਢੰਗ ਨਾਲ ਨਿਭਾਉਣ ਤੋਂ ਬਾਅਦ ਇੱਕ ਧੀ ਵੱਲੋਂ ਆਪਣੇ ਮਾਪਿਆਂ (ਵਾਰਸਾਂ) ਨੂੰ ਸੰਬੋਧਨ ਹੋ ਕੇ ਗਾਇਆ ਗਿਆ ਹੈ:
          ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ
ਇਹ ਗੀਤ ਓਪਿੰਦਰ ਸਿੰਘ ਲਾਂਬਾ ਦੀ ਕਾਰਜਕੁਸ਼ਲਤਾ ‘ਤੇ ਪੂਰਾ ਢੁਕਦਾ ਹੈ। ਉਹ ਮੁੱਖ ਮੰਤਰੀ ਦੇ ਦਫਤਰ ਵਿਚਲੇ ਆਪਣੇ ਕਮਰੇ ਦੀਆਂ ਚਾਬੀਆਂ ਹਸਦੇ ਵਸਦੇ ਲੋਕ ਸੰਪਰਕ ਵਿਭਾਗ ਦੇ ਪਰਿਵਾਰ ਨੂੰ ਸੰਭਾਲ ਕੇ ਆਪਣੇ ਸੇਵਾ ਮੁਕਤ ਅਧਿਕਾਰੀਆਂ ਕਰਮਚਾਰੀਆਂ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਿਹਾ ਹੈ। ਵਰਤਮਾਨ ਭਰਿਸ਼ਟ ਸਿਆਸੀ ਅਤੇ ਅਫ਼ਸਰਸ਼ਾਹੀ ਦੇ ਤੇਜ ਤਰਾਰ ਨਿਜ਼ਾਮ ਵਿੱਚ ਕਿਸੇ ਅਧਿਕਾਰੀ/ਕਰਮਚਾਰੀ ਦਾ ਬੇਦਾਗ਼ ਸੇਵਾ ਮੁਕਤ ਹੋ ਜਾਣਾ ਮਾਣ ਦੀ ਗੱਲ ਹੈ। ਦਫਤਰੀ ਕੰਮਾ ਵਿੱਚ ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਬੇਵਜਾਹ ਦਖ਼ਅੰਦਾਜ਼ੀ ਨੇ ਸਰਕਾਰੀ ਨੌਕਰਸ਼ਾਹਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਅਜਿਹੇ ਹਾਲਾਤ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਦਾ ਪੈਨਸ਼ਨ ਲੈ ਕੇ ਸੇਵਾ ਮੁਕਤ ਹੋ ਜਾਣਾ ਫਖ਼ਰ ਦੇ ਬਰਾਬਰ ਗਿਣਿਆਂ ਜਾਂਦਾ ਹੈ। ਜਿਸ ਪਰਿਵਾਰ ਦੀ ਵਿਰਾਸਤ ਅਮੀਰ ਹੋਵੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਤੋਂ ਆਸ਼ੀਰਵਾਦ ਮਿਲਿਆ ਹੋਵੇ ਤਾਂ ਉਸ ਦੇ ਬੁਲੰਦੀਆਂ ਤੇ ਪਹੁੰਚਣ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਡਾ.ਓਪਿੰਦਰ ਸਿੰਘ ਲਾਂਬਾ ਦੇ ਪੁਰਖਿਆਂ ਦਾ ਸਮੁੱਚਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਗੁਰੂ ਦੇ ਲੜ ਲੱਗਿਆ ਹੋਇਆ ਹੈ। ਕਿਰਤ ਕਰਨ, ਵੰਡ ਛਕਣ ਅਤੇ ਗੁਰਮਤਿ ਦੀ ਪਰੰਪਰਾ ਦਾ ਧਾਰਨੀ ਹੈ। ਇਸ ਪਰਿਵਾਰ ਦਾ ਫਰਜੰਦ ਡਾ. ਓਪਿੰਦਰ ਸਿੰਘ ਲਾਂਬਾ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ 36 ਸਾਲ ਇਮਾਨਦਾਰੀ, ਦਿ੍ਰੜ੍ਹਤਾ, ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਵਾਲਾ ਕਰਿੰਦਾ 31 ਦਸੰਬਰ 2022 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਰਿਹਾ ਹੈ। ਓਪਿੰਦਰ ਸਿੰਘ ਲਾਂਬਾ ਨੂੰ ਪੰਜਾਬ ਦੇ 7 ਮੁੱਖ ਮੰਤਰੀਆਂ ਨਾਲ ਪ੍ਰੈਸ ਸਕੱਤਰ/ਸੂਚਨਾ ਅਧਿਕਾਰੀ ਅਤੇ 6 ਮੰਤਰੀਆ ਨਾਲ ਸੂਚਨਾ ਅਧਿਕਾਰੀ ਸਫਲਤਾ ਪੂਰਬਕ ਕੰਮ ਕਰਨ ਦਾ ਮਾਣ ਜਾਂਦਾ ਹੈ। ਉਹ ਲਗਾਤਰ 1992 ਤੋਂ ਵੱਖ-ਵੱਖ ਮੁੱਖ ਮੰਤਰੀਆਂ/ ਮੰਤਰੀਆ ਨਾਲ ਕੰਮ ਕਰਦਾ ਆ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੀਆਂ ਵੱਖਰੀਆਂ ਵਿਚਾਰਧਾਰਾਵਾਂ ਅਤੇ ਨੀਤੀਆਂ ਦੇ ਹੁੰਦਿਆਂ ਉਨ੍ਹਾਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਦਾ ਵਿਸ਼ਵਾਸ਼ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਪ੍ਰੰਤੂ ਓਪਿੰਦਰ ਸਿੰਘ ਲਾਂਬਾ ਨੇ ਉਨ੍ਹਾਂ ਨਾਲ ਅਜਿਹਾ ਅਡਜਸਟ ਕੀਤਾ ਕਿ ਕਦੀਂ ਵੀ ਆਪਣੇ ਅਹੁਦੇ ਦੇ ਕੰਮ ਨੂੰ ਆਂਚ ਨਹੀਂ ਆਉਣ ਦਿੱਤੀ। ਇਤਨਾ ਲੰਬਾ ਸਮਾਂ ਪੱਤਰਕਾਰਾਂ, ਅਧਿਕਾਰੀਆਂ ਅਤੇ ਸਿਆਸੀ ਨੁਮਾਇੰਦਿਆਂ ਨਾਲ ਸਦਭਾਵਨਾ ਦੇ ਸੰਬੰਧ ਬਣਾਈ ਰੱਖਣਾ ਓਪਿੰਦਰ ਸਿੰਘ ਲਾਂਬਾ ਦਾ ਹਾਸਲ ਹੈ। ਇਹ ਉਸ ਦੀ ਕਾਬਲੀਅਤ ਦਾ ਬਿਹਤਰੀਨ ਨਮੂਨਾ ਹੈ। ਉਨ੍ਹਾਂ ਦੀ ਸਰਕਾਰ ਅਤੇ ਪੱਤਰਕਾਰ ਭਾਈਚਾਰੇ ਵਿੱਚ ਭਰੋਸੇਯੋਗਤਾ ਸੇਵਾ ਮੁਕਤੀ ਤੱਕ ਬਰਕਰਾਰ ਹੈ। ਉਨ੍ਹਾਂ ਦੀ ਪੱਤਰਕਾਰਾਂ ਵਿੱਚ ਵਿਸ਼ਵਾਸ਼ਨੀਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਵਿਭਾਗੀ ਪ੍ਰੈਸ ਨੋਟ ਵਿੱਚ ਵੱਡੀ ਗ਼ਲਤੀ ਰਹਿ ਗਈ, ਪ੍ਰੈਸ ਨੋਟ ਅਖ਼ਬਾਰਾਂ ਦੇ ਪੱਤਰਕਾਰਾਂ ਕੋਲ ਪਹੁੰਚ ਗਿਆ। ਓਪਿੰਦਰ ਸਿੰਘ ਲਾਂਬਾ ਹਰਕਤ ਵਿੱਚ ਆਇਆ ਤੇ ਸਾਰੇ ਪੱਤਰਕਾਰਾਂ ਨਾਲ ਸੰਪਰਕ ਕਰਕੇ ਗ਼ਲਤੀ ਦਰੁਸਤ ਕਰਵਾਈ। ਆਮ ਤੌਰ ‘ਤੇ ਪੱਤਰਕਾਰਾਂ ਲਈ ਤਾਂ ਅਜਿਹੀ ਸਰਕਾਰੀ ਗ਼ਲਤੀ ਸੁੰਡ ਦੀ ਗੱਠੀ ਵਰਗੀ ਹੁੰਦੀ ਹੈ ਅਤੇ ਉਹ ਇਸ ਨੂੰ ਅਖ਼ਬਾਰਾਂ ਦੀ ਸੁਰਖ਼ੀ ਬਣਾਉਂਦੇ ਹਨ। ਪ੍ਰੰਤੂ ਓਪਿੰਦਰ ਸਿੰਘ ਲਾਂਬਾ ਦੀ ਹਲੀਮੀ, ਕਾਰਜ਼ਸ਼ੈਲੀ ਅਤੇ ਦਿਆਨਤਦਾਰੀ ਨਾਲ ਵਿਭਾਗ ਦਾ ਅਕਸ ਬਰਕਰਾਰ ਰਹਿ ਗਿਆ। ਅਜਿਹਾ ਅਧਿਕਾਰੀ ਵਿਭਾਗ ਲਈ ਕੀਮਤੀ ਖ਼ਜਾਨਾ ਹੁੰਦਾ ਹੈ। ਵੱਡਾ ਅਹੁਦਾ ਹੋਣ ਦੇ ਬਾਵਜੂਦ ਹਲੀਮੀ ਨਾਲ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਵਿਚਰਨਾ ਅਤੇ ਆਪਣੇ ਸੀਨੀਅਰਜ਼ ਦਾ ਵਫ਼ਦਾਰ ਰਹਿਣਾ, ਉਸ ਦਾ ਵਿਲੱਖਣ ਗੁਣ ਹੈ, ਜਿਸ ਕਰਕੇ ਸਫਲਤਾ ਉਸ ਦੇ ਪੈਰ ਚੁੰਮਦੀ ਰਹੀ ਹੈ। ਉਨ੍ਹਾਂ ਲਗਪਗ ਇਕ ਦਹਾਕਾ ਲੋਕ ਸੰਪਰਕ ਵਿਭਾਗ ਵਿੱਚ ਅੰਗਰੇਜ਼ੀ ਦੇ ਮਾਸਕ ਰਸਾਲੇ ‘ਐਡਵਾਂਸ’ ਦੇ ਸੰਪਾਦਕ ਦੇ ਤੌਰ ‘ਤੇ ਕੰਮ ਕੀਤਾ। ਵਿਭਾਗ ਦੀਆਂ ਕਈ ਸ਼ਾਖ਼ਾਵਾਂ ਦੇ ਮੁੱਖੀ ਰਹਿੰਦਿਆਂ ਨਾਮਣਾ ਖੱਟਿਆ। ਪੌੜੀ ਦਰ ਪੌੜੀ ਤਰੱਕੀ ਕਰਦਾ ਹੋਇਆ, ਉਹ ਸੂਚਨਾ ਅਧਿਕਾਰੀ ਤੋਂ ਐਡੀਸ਼ਨਲ ਡਾਇਰੈਕਟਰ ਦੇ ਮਾਣ ਮੱਤੇ ਅਹੁਦੇ ਤੱਕ ਪਹੁੰਚਿਆ ਪ੍ਰੰਤੂ ਆਪਣੀ ਔਕਾਤ ਨਹੀਂ ਭੁੱਲਿਆ, ਸਗੋਂ ਜ਼ਮੀਨ ਨਾਲ ਜੁੜਿਆ ਰਿਹਾ। ਹਰ ਵੱਡੇ ਤੋਂ ਵੱਡਾ ਅਹੁਦਾ ਓਪਿੰਦਰ ਸਿੰਘ ਲਾਂਬਾ ਲਈ ਹੋਰ ਵਧੇਰੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਅਤੇ ਨਮਰਤਾ ਵਿੱਚ ਵਾਧਾ ਕਰਦਾ ਰਿਹਾ। ਨਾ ਕਾਹੂੰ ਸੇ ਦੋਤੀ ਨਾ ਕਾਹੂੰ ਸੇ ਵੈਰ ਦੇ ਅਸੂਲ ‘ਤੇ ਪਹਿਰਾ ਦਿੰਦਾ ਰਿਹਾ। ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ ਰਿਹਾ ਹੈ।
  ਜਨਮ ਤੋਂ ਹੀ ਜੈਨੇਟਿਕ ਬਲੱਡ ਡਿਸਆਰਡਰ ਦੀ ਬੀਮਾਰੀ ਹੋਣ ਦੇ ਬਾਵਜੂਦ ਉਹ ਲਗਾਤਾਰ 15-15 ਘੰਟੇ ਮੁੱਖ ਮੰਤਰੀ ਸਾਹਿਬਾਨ ਨਾਲ ਖੇਤਰੀ ਦੌਰਿਆਂ ‘ਤੇ ਜਾ ਕੇ ਆਪਣੇ ਫ਼ਰਜ਼ ਨਿਭਾਉਂਦਾ ਰਿਹਾ। ਵਿਭਾਗ ਦੀਆਂ ਪੁਰਾਣੀਆਂ ਕੰਡਮ ਹੋਈਆਂ ਗੱਡੀਆਂ ਨੂੰ ਧੱਕੇ ਲਗਾਕੇ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਦਾ ਹੋਇਆ ਕਈ ਵਾਰ ਆਪਣੇ ਜੀਵਨ ਨੂੰ ਜੋਖ਼ਮ ਵਿੱਚ ਪਾਉਂਦਾ ਰਿਹਾ ਪ੍ਰੰਤੂ ਆਪਣੇ ਫ਼ਰਜ਼ ਨਿਭਾਉਣ ਵਿੱਚ ਕੋਤਾਹੀ ਨਹੀਂ ਹੋਣ ਦਿੱਤੀ। ਓਪਿੰਦਰ ਸਿੰਘ ਲਾਂਬਾ ਵੇਲੇ ਕੁਵੇਲੇ ਅਤੇ ਰਾਤ ਬਰਾਤੇ ਅਸਾਵੇਂ ਹਾਲਾਤ ਵਿੱਚ ਆਪਣੇ ਫਰਜ਼ ਨਿਭਾਉਂਦਿਆਂ ਅਨੇਕਾਂ ਅੜਚਣਾਂ ਦੇ ਬਾਵਜੂਦ ਸਿਆਸਤਦਾਨਾ ਦੀਆਂ ਸਿਆਸੀ ਤੂਫ਼ਾਨਾ ਵਿੱਚ ਡੁੱਬਦੀਆਂ ਸਿਆਸੀ ਕਿਸ਼ਤੀਆਂ ਦਾ ਮਲਾਹ ਬਣਕੇ ਆਪਣੀ ਕਲਮ ਦੀ ਕਰਾਮਾਤ ਨਾਲ ਕਿਨਾਰੇ ਲਗਾਉਂਦਾ ਰਿਹਾ। ਸਿਆਸਤਦਾਨਾ ਦੀਆਂ ਝੂਠ ਦੀਆਂ ਪੰਡਾਂ ਦੇ ਬਿਆਨਾ ‘ਤੇ ਨਾ ਚਾਹੁੰਦਾ ਹੋਇਆ ਦਫ਼ਤਰੀ ਜ਼ਿੰਮੇਵਾਰੀ ਦੀ ਪਾਲਣਾ ਕਰਦਾ ਹੋਇਆ ਪਰਦੇ ਪਾਉਂਦਾ ਰਿਹਾ।
   ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕੰਮ ਕਾਜ਼ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵਰ੍ਹੇ ਛਿਮਾਹੀਂÑ ਕੀਤਾ ਜਾਂਦਾ ਹੈ ਪ੍ਰੰਤੂ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਖਾਸ ਤੌਰ ‘ਤੇ ਮੀਡੀਏ ਨਾਲ ਸੰਬੰਧਤ ਅਧਿਕਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਅਰਥਾਤ ਟੈਸਟ ਹਰ ਰੋਜ਼ ਸਵੇਰ ਦੇ ਅਖ਼ਬਾਰ ਵਿੱਚ ਖ਼ਬਰ ਲੱਗਣ ਨਾਲ ਹੁੰਦਾ ਹੈ। ਲੋਕ ਸੰਪਰਕ ਅਧਿਕਾਰੀ ਹਰ ਰੋਜ ਸ਼ਾਮ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਦੇ ਅਖ਼ਬਾਰਾਂ ਵਿੱਚ ਛਪਣ ਲਈ ਪ੍ਰੈਸ ਨੋਟ ਭੇਜਦੇ ਹਨ। ਜੇਕਰ ਅਗਲੇ ਦਿਨ ਅਖ਼ਬਾਰਾਂ ਦੀ ਸੁਰਖ਼ੀ ਨਾ ਬਣੇ ਤਾਂ ਲੋਕ ਸੰਪਰਕ ਅਧਿਕਾਰੀ ਇਮਤਿਹਾਨ ਵਿੱਚੋਂ ਫ਼ੇਲ਼੍ਹ ਗਿਣਿਆਂ ਜਾਂਦਾ ਹੈ। ਸਰਕਾਰ ਦੀਆਂ ਗ਼ਲਤੀਆਂ ਨੂੰ ਅਖ਼ਬਾਰਾਂ ਵਿੱਚ ਸਹੀ ਸਾਬਤ ਕਰਨਾ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦਾ ਕੰਮ ਹੁੰਦਾ ਹੈ ਭਾਵ ਜਿਹੜੀ ਗ਼ਲਤੀ ਉਨ੍ਹਾਂ ਨੇ ਕੀਤੀ ਹੀ ਨਹੀਂ ਹੁੰਦੀ, ਉਸ ਦੀ ਸਜਾ ਲੋਕ ਸੰਪਰਕ ਅਧਿਕਾਰੀਆਂ ਨੂੰ ਸਰਕਾਰ ਦੀਆਂ ਝਿੜਕਾਂ ਦੇ ਰੂਪ ਵਿੱਚ ਭੁਗਤਣੀ ਪੈਂਦੀ ਹੈ। ਡਾ.ਓਪਿੰਦਰ ਸਿੰਘ ਲਾਂਬਾ ਦੇ 36 ਸਾਲ ਦੇ ਵਿਭਾਗ ਦੇ ਕੈਰੀਅਰ ਵਿੱਚ ਇਕ ਵਾਰ ਵੀ ਜਵਾਬ ਤਲਬੀ ਨਹੀਂ ਹੋਈ ਸਗੋਂ ਪ੍ਰਸੰਸਾ ਪੱਤਰ ਲਗਾਤਾਰ ਮਿਲਦੇ ਰਹੇ।
 ਓਪਿੰਦਰ ਸਿੰਘ ਲਾਂਬਾ ਭਰ ਜਵਾਨੀ ਵਿੱਚ ਮਹਿਜ 24 ਸਾਲ ਦੀ ਉਮਰ ਵਿੱਚ 23 ਦਸੰਬਰ 1986 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ, ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਸੂਚਨਾ ਅਧਿਕਾਰੀ ਨਿਯੁਕਤ ਹੋਏ ਸਨ। ਆਮ ਤੌਰ ‘ਤੇ ਜਦੋਂ ਕੋਈ ਕਰਮਚਾਰੀ/ਅਧਿਕਾਰੀ ਸਰਕਾਰੀ ਨੌਕਰੀ ਵਿੱਚ ਆ ਜਾਂਦਾ ਹੈ ਤਾਂ ਉਹ ਰਵਾਇਤੀ ਫਰਜ਼ ਨਿਭਾਉਂਦਾ ਹੋਇਆ ਨਿਸਲ ਹੋ ਜਾਂਦਾ ਹੈ। ਉਹ ਸਰਕਾਰੀ ਨੌਕਰੀ ਨੂੰ ਪੈਨਸ਼ਨ ਦੀ ਤਰ੍ਹਾਂ ਆਪਣਾ ਹੱਕ ਸਮਝਣ ਲੱਗਦਾ ਹੈ। ਹੈਰਾਨੀ ਦੀ ਗੱਲ ਹੈ ਕਿ ਓਪਿੰਦਰ ਸਿੰਘ ਲਾਂਬਾ ਨੇ ਆਪਣੀ ਨੌਕਰੀ ਦੌਰਾਨ ਹੀ ਉਚ ਪੜ੍ਹਾਈ ਜਾਰੀ ਰੱਖੀ ਤਾਂ ਜੋ ਆਪਣੀ ਕਾਬਲੀਅਤ ਵਿੱਚ ਵਾਧਾ ਕਰਕੇ ਸਰਕਾਰੀ ਕਾਰਗੁਜ਼ਾਰੀ ਹੋਰ ਬਿਹਤਰ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ 2001 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਐਮ.ਏ.ਅਰਥ ਸ਼ਾਸ਼ਤਰ 2003 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਲੋਕ ਸੰਪਰਕ ਵਿਭਾਗ ਦੇ ਕੰਮ ਕਾਜ਼ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਇਰਾਦੇ ਨਾਲ ਉਨ੍ਹਾਂ 2017 ਵਿੱਚ ਜਨਰਲ ਐਂਡ ਮਾਸ ਕਮਿਊਨੀਕਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ‘ਚੇਂਜਿੰਗ ਸਟ੍ਰੈਟਜਿਸ ਐਂਡ ਟੈਕਨਾਲੋਜੀਸ ਆਫ਼ ਪਬਲਿਕ ਰਿਲੇਸ਼ਨਜ਼ ਇਨ ਗੌਰਮਿੰਟ, ਪਬਲਿਕ ਐਂਡ ਪ੍ਰਾਈਵੇਟ ਸੈਕਟਰ ਅੰਡਰਟੇਕਿੰਗਜ਼ : ਏ ਕੰਪੈਰੇਟਿਵ ਸਟੱਡੀ’ ਦੇ ਵਿਸ਼ੇ ਤੇ ‘ਐਜੂਕੇਸ਼ਨ ਐਂਡ ਇਨਫ਼ਰਮੇਸ਼ਨ ਸਾਇੰਸ ਫੈਕਲਟੀ ਵਿੱਚ ਡਾਕਟਰ ਆਫ਼ ਫ਼ਿਲਾਸਫ਼ੀ ਦੀ ਡਿਗਰੀ ਪ੍ਰਾਪਤ ਕੀਤੀ। ਲੋਕ ਸੰਪਰਕ ਵਿਭਾਗ ਵਿੱਚ ਪੀ.ਐਚ.ਡੀ.ਕਰਨ ਵਾਲਾ ਉਹ ਤੀਜਾ ਅਧਿਕਾਰੀ ਹੈ। 2020 ਵਿੱਚ ਕੁਰਕਸ਼ੇਤਰਾ ਯੂਨੀਵਰਸਿਟੀ ਹਰਿਆਣਾ ਵਿੱਚੋਂ ਐਲ.ਐਲ.ਐਮ.ਦੀ ਡਿਗਰੀ ਪਾਸ ਕੀਤੀ। ਓਪਿੰਦਰ ਸਿੰਘ ਲਾਂਬਾ ਨੇ ਵਿਭਾਗ ਵਿੱਚ ਨਵੀਂਆਂ ਅਸਾਮੀਆਂ ਬਣਾਉਣ ਅਤੇ ਪੁਰਾਣੀਆਂ ਦੇ ਪੇ ਸਕੇਲਾਂ ਅਤੇ ਵਿਸ਼ੇਸ਼ ਭੱਤਾ ਦਿਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਐਡੀਸ਼ਨਲ ਡਾਇਰੈਕਟਰ ਦੀ ਦੂਜੀ ਅਸਾਮੀ ਉਨ੍ਹਾਂ ਆਪਣੇ ਅਸਰ ਰਸੂਖ਼ ਨਾਲ ਬਣਵਾਈ ਸੀ। ਉਨ੍ਹਾਂ ਦੇ ਲੇਖ ਅੰਗਰੇਜ਼ੀ ਅਤੇ ਪੰਜਾਬੀ ਦੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।
 ਓਪਿੰਦਰ ਸਿੰਘ ਲਾਂਬਾ ਦਾ ਜਨਮ 7 ਦਸੰਬਰ 1962 ਨੂੰ ਰੋਪੜ ਵਿਖੇ ਪਿਤਾ ਪ੍ਰਹਿਲਾਦ ਸਿੰਘ ਲਾਂਬਾ ਅਤੇ ਮਾਤਾ ਸਵਰਨ ਕੌਰ ਲਾਂਬਾ ਦੇ ਘਰ ਹੋਇਆ। ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਐਫ.ਸੀ.ਆਈ.ਮਾਡਲ ਸੀਨੀਅਰ ਸੈਕੰਡਰੀ ਸਕੂਲ ਨਯਾ ਨੰਗਲ ਰੋਪੜ ਤੋਂ 1978 ਵਿੱਚ ਪਾਸ ਕੀਤੀ। ਉਸ ਸਮੇਂ ਉਨ੍ਹਾਂ ਦੇ ਪਿਤਾ  ਪ੍ਰਹਿਲਾਦ ਸਿੰਘ ਲਾਂਬਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੰਗਲ ਟਾਊਨ ਵਿਖੇ ਜੂਨੀਅਰ ਇੰਜਿਨੀਅਰ ਲੱਗੇ ਹੋਏ ਸਨ। ਓਪਿੰਦਰ ਸਿੰਘ ਲਾਂਬਾ ਨੇ ਬੀ.ਏ ਦੀ ਡਿਗਰੀ 1982 ਵਿੱਚ ਸਰਕਾਰੀ ਕਾਲਜ ਰੋਪੜ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ 1983-84 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੈਚੂਲਰ ਇਨ ਜਰਨਿਲਿਜ਼ਮ ਅਤੇ ਕਮਿਊਨੀਕੇਸ਼ਨਜ਼ ਪਾਸ ਕੀਤੀ। ਫਿਰ ਉਨ੍ਹਾਂ 1984-85 ਵਿੱਚ ਇਸੇ ਯੂਨੀਵਰਸਿਟੀ ਤੋਂ ਮਾਸਟਰਜ਼ ਇਨ ਜਰਨਿਲਿਜ਼ਮ ਅਤੇ ਮਾਸ ਕਮਿਊਨੀਕੇਸ਼ਨਜ਼ ਪਾਸ ਕੀਤੀ। ਉਨ੍ਹਾਂ ਦਾ ਵਿਆਹ ਡਾ.ਜਤਿੰਦਰ ਕੌਰ ਨਾਲ ਹੋਇਆ। ਡਾ.ਜਤਿੰਦਰ ਕੌਰ ਲਾਂਬਾਂ ਸਰਕਾਰੀ ਕਾਲਜ ਮੋਹਾਲੀ ਦੇ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦਾ ਲੜਕਾ  ਜਸਕਰਨ ਸਿੰਘ ਲਾਂਬਾ ਜੋ ਕੈਨੇਡਾ ਵਿੱਚ ਆਟੋਮੋਬਾਈਲ ਇੰਜਿਨੀਅਰ ਹੈ। ਬੇਸ਼ਕ ਸਰਕਾਰੀ ਨੌਕਰੀ ਤੋਂ ਡਾ.ਓਪਿੰਦਰ ਸਿੰਘ ਲਾਂਬਾ ਸੇਵਾ ਮੁਕਤ ਹੋ ਗਏ ਹਨ ਪ੍ਰੰਤੂ ਅਖ਼ਬਾਰਾਂ ਲਈ ਲੇਖ ਲਿਖਣ ਲਈ ਹੁਣ ਉਹ ਵਧੇਰੇ ਸਮਾਂ ਦੇ ਸਕਣਗੇ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਨਗੇ। ਵਿਭਾਗ ਦੇ ਨੌਕਰੀ ਕਰ ਰਹੇ ਕਰਮਚਾਰੀਆਂ ਨੂੰ ਡਾ.ਲਾਂਬਾ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਫ਼ਰਜ਼ ਸੁਚੱਜੇ ਢੰਗ ਨਾਲ ਨਿਭਾ ਸਕਣਾ। ਡਾ.ਓਪਿੰਦਰ ਸਿੰਘ ਲਾਂਬਾ ਦੀ ਲੰਬੀ ਉਮਰ ਅਤੇ ਸੁਨਹਿਰੇ ਭਵਿਖ ਦੀ ਕਾਮਨਾ ਕਰਦੇ ਹਾਂ।

ਤਸਵੀਰ-ਓਪਿੰਦਰ ਸਿੰਘ ਲਾਂਬਾ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
   ਮੋਬਾਈਲ-94178 13072
     ujagarsingh48@yahoo.com

ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵਿੱਚ ਪੰਜਾਬੀਆਂ ਦੀ ਸਰਦਾਰੀ - ਉਜਾਗਰ ਸਿੰਘ

ਭਾਰਤ ਵਸਦੇ ਪੰਜਾਬੀ ਸਿਆਸਤਦਾਨਾਂ ਲਈ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੰਜਾਬੀ ਪਰਵਾਸ ਵਿੱਚ ਜਾ ਕੇ ਇਮਾਨਦਾਰ ਰਹਿ ਸਕਦੇ ਹਨ ਤਾਂ ਭਾਰਤੀ ਪੰਜਾਬ ਵਿੱਚ ਉਹ ਕਿਉਂ ਨਹੀਂ ਪਾਰਦਰਸ਼ਤਾ ਨਾਲ ਕੰਮ  ਕਰਦੇ? ਕੈਨੇਡਾ ਵਿੱਚ ਪ੍ਰੋਵਿੰਸ਼ੀਅਲ ਮੰਤਰੀਆਂ ਨੂੰ ਕੋਈ ਕਾਰ, ਕੋਠੀ, ਸੁਰੱਖਿਆ ਕਰਮਚਾਰੀ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ ਫਿਰ ਵੀ ਉਹ ਸਿਦਕ ਦਿਲੀ ਨਾਲ ਲੋਕ ਸੇਵਾ ਕਰਕੇ ਨਾਮਣਾ ਖੱਟਦੇ ਹਨ ਅਤੇ ਮੰਤਰੀ ‘ਤੇ ਪ੍ਰੀਮੀਅਰ ਬਣਦੇ ਹਨ। ਬੀ.ਸੀ. ਵਿੱਚ ਜਿਹੜੇ ਹੁਣੇ ਮੰਤਰੀ ਬਣੇ ਹਨ, ਉਹ ਸਾਰੇ ਵੀ ਇਕ ਕਿਸਮ ਨਾਲ ਸਮਾਜ ਸੇਵਕ ਅਤੇ ਮਨੁੱਖੀ ਹਿੱਤਾਂ ਦੇ ਰਖਵਾਲੇ ਦੋ ਤੌਰ ‘ਤੇ ਜਾਣੇ ਜਾਂਦੇ ਹਨ। ਇਸ ਕਰਕੇ ਹੀ ਉਨ੍ਹਾਂ ਦੀ ਕਦਰ ਪਈ ਹੈ। ਇਸ ਲਈ ਪੰਜਾਬ ਵਿੱਚ ਸਿਆਸਤ ਕਰ ਰਹੇ ਪੰਜਾਬੀ ਸਿਆਸਤਦਾਨਾ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜੇਕਰ ਉਨ੍ਹਾਂ ਵਿੱਚੋਂ ਡਾ.ਮਨਮੋਹਨ ਸਿੰਘ ਇਮਾਨਦਾਰ ਰਹਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ ਤਾਂ ਹੋਰ ਪੰਜਾਬੀ ਸਿਆਸਤਦਾਨ ਕਿਉਂ ਨਹੀਂ? ਇਸ ਲਈ ਪੰਜਾਬ ਦੇ ਸਿਆਸਤਦਾਨਾ ਨੂੰ ਆਪਣੇ ਅੰਦਰ ਝਾਤੀ ਮਾਰਕੇ ਸਿਆਸਤ ਨੂੰ ਮਿਸ਼ਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ। ਪੰਜਾਬੀ ਸੰਸਾਰ ਵਿੱਚ ਆਪਣੀਆਂ ਵਿਲੱਖਣਤਾਵਾਂ ਕਰਕੇ ਜਾਣੇ ਜਾਂਦੇ ਹਨ। ਪੰਜਾਬੀ ਉਦਮੀਆਂ ਨੇ ਤਾਂ ਪ੍ਰਵਾਸ ਵਿੱਚ ਜਾ ਕੇ ਵੱਡੇ ਮਾਅਰਕੇ ਮਾਰੇ ਹਨ। ਸੰਸਾਰ ਦੇ ਲਗਪਗ ਹਰ ਦੇਸ਼ ਖਾਸ ਕਰਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਅਤੇ ਜਰਮਨ ਵਿੱਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵੱਖਰੀ ਪਛਾਣ ਬਣਾ ਲਈ ਹੈ। ਪ੍ਰਵਾਸ ਦੀ ਸਿਆਸਤ ਵਿੱਚ ਵੀ ਉਹ ਮਾਅਰਕੇ ਮਾਰ ਰਹੇ ਹਨ। ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਤਾਂ ਪਹਿਲਾਂ ਹੀ ਪੰਜਾਬੀ ਮੰਤਰੀ ਆਪਣੀ ਯੋਗਤਾ ਦੇ ਸਿਰ ਤੇ ਧੁੰਮਾ ਪਾ ਰਹੇ ਹਨ। ਕੈਨੇਡਾ ਦੀ ਲਗਪਗ ਹਰ ਸਟੇਟ ਵਿੱਚ ਭਾਰਤੀ ਮੂਲ ਦੇ ਪੰਜਾਬੀ ਮੈਂਬਰ ਪਾਰਲੀਮੈਂਟ ਅਤੇ ਵਿਧਾਨਕਾਰ ਤਾਂ ਹਨ ਹੀ ਪ੍ਰੰਤੂ ਕੁਝ ਰਾਜਾਂ ਵਿੱਚ ਮੰਤਰੀ ਵੀ ਹਨ। ਕੈਨੇਡਾ ਦੀਆਂ ਜਿਹੜੀਆਂ ਸਟੇਟਾਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਵਸੋਂ ਜ਼ਿਆਦਾ ਹੈ, ਉਨ੍ਹਾਂ ਸਟੇਟਾਂ ਵਿੱਚ ਪੰਜਾਬੀ ਮੰਤਰੀਆਂ ਦੀ ਗਿਣਤੀ ਵੀ ਵਧੇਰੇ ਹੈ। ਕੈਨੇਡਾ ਦੀ ਬਿ੍ਰਟਿਸ਼ ਕੋਲੰਬੀਆ ਸਟੇਟ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ ਦੀ ਬਹੁਤਾਤ ਹੈ। ਇਸ ਲਈ ਬਿ੍ਰਟਿਸ਼ ਕੋਲੰਬੀਆ ਰਾਜ ਵਿੱਚ ਉਜਲ ਦੋਸਾਂਝ ਨੇ 2000  ਵਿੱਚ ਪ੍ਰੀਮੀਅਰ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਸੀ। ਇਸ ਵਾਰ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਰਾਜ ਦੇ ਪ੍ਰੀਮੀਅਰ ਡੇਵਿਡ ਇਬੀ ਨੇ ਆਪਣੇ 27 ਮੈਂਬਰੀ ਮੰਤਰੀ ਮੰਡਲ ਵਿੱਚ ਭਾਰਤੀ ਮੂਲ ਦੇ ਪੰਜ ਪੰਜਾਬੀ ਮੰਤਰੀ ਅਤੇ ਦੋ ਪਾਲੀਮੈਂਟਰੀ ਸਕੱਤਰ ਸ਼ਾਮਲ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਰਾਜ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵੀ ਭਾਰਤੀ ਮੂਲ ਦੇ ਪੰਜਾਬੀ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਦੇ 9 ਭਾਰਤੀ ਮੂਲ ਦੇ ਪੰਜਾਬੀ  ਵਿਧਾਨਕਾਰਾਂ ਜਿੱਤੇ ਹੋਣ ਤੇ ਉਨ੍ਹਾਂ ਵਿੱਚੋਂ 8 ਵਿਧਾਇਕਾਂ ਨੂੰ ਅਹੁਦੇਦਾਰੀਆਂ ਦੇ ਦਿੱਤੀਆਂ ਹੋਣ। ਇਨ੍ਹਾਂ  ਵਿੱਚੋਂ ਤਿੰਨ ਇਸਤਰੀਆਂ ਨੂੰ ਮਾਣ ਮਿਲਿਆ ਹੈ। ਇਨ੍ਹਾਂ ਮੰਤਰੀਆਂ ਵਿੱਚ ਰਵਿੰਦਰ ਸਿੰਘ ਕਾਹਲੋਂ ਅਤੇ ਜਗਰੂਪ ਸਿੰਘ ਬਰਾੜ ਖਿਡਾਰੀ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਬਿ੍ਰਟਿਸ਼ ਕੋਲੰਬੀਆ ਰਾਜ ਵਿੱਚ ਇਤਨੇ ਪੰਜਾਬੀ ਮੰਤਰੀ ਹੋਣਗੇ। ਇਕ ਹੋਰ ਮਹੱਤਵਪੂਨ ਗੱਲ ਹੈ ਕਿ ਅਟਾਰਨੀ ਜਨਰਲ ਵਰਗਾ ਮਹੱਤਵਪੂਰਨ ਅਹੁਦਾ ਵੀ ਪੰਜਾਬੀ ਮੂਲ ਦੀ ਵਿਧਾਨਕਾਰ ਨਿੱਕੀ ਸ਼ਰਮਾ ਨੂੰ ਦਿੱਤਾ ਗਿਆ ਹੈ। ਨਿੱਕੀ ਸ਼ਰਮਾ ਪਹਿਲੀ ਪੰਜਾਬਣ ਅਟਾਰਨੀ ਜਨਰਲ ਬਣੀ ਹੈ। ਇਨ੍ਹਾਂ ਮੰਤਰੀਆਂ ਵਿੱਚ ਨਿੱਕੀ ਸ਼ਰਮਾ ਅਟਾਰਨੀ ਜਨਰਲ, ਰਵਿੰਦਰ ਸਿੰਘ ਕਾਹਲੋਂ ਹਾਊਸਿੰਗ ਮੰਤਰੀ ਤੇ ਗੌਰਮਿੰਟ ਹਾਊਸ ਲੀਡਰ, ਰਚਨਾ ਸਿੰਘ ਸਿਖਿਆ ਮੰਤਰੀ, ਹਰਕੰਵਲ ਸਿੰਘ (ਹੈਰੀ ਬੈਂਸ) ਕਿਰਤ ਮੰਤਰੀ, ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ, ਸੰਸਦੀ ਸਕੱਤਰ ਅਮਨਦੀਪ ਸਿੰਘ ਅਤੇ ਹਰਵਿੰਦਰ ਸੰਧੂ ਸ਼ਾਮਲ ਹਨ। ਰਾਜ ਚੌਹਾਨ ਵਿਧਾਨ ਸਭਾ ਦੇ ਸਪੀਕਰ ਹਨ। ਨਿੱਕੀ ਸ਼ਰਮਾ ਨਿਊ ਡੈਮੋਕਰੈਟਿਕ ਪਾਰਟੀ ਦੀ 2020 ਵਿੱਚ ਵੈਨਕੂਵਰ ਹੇਸਟਿੰਗਜ਼ ਤੋਂ ਵਿਧਾਇਕ ਚੁਣੀ ਗਈ ਸੀ। ਪਹਿਲਾਂ ਉਨ੍ਹਾਂ ਨੂੰ 2020 ਵਿੱਚ ਹੀ ਪ੍ਰੀਮੀਅਰ ਜੌਹਨ ਹੌਰਗਨ ਨੇ ਭਾਈਚਾਰਕ ਵਿਕਾਸ ਅਤੇ ਗ਼ੈਰ ਲਾਭਕਾਰੀ ਲੲਂੀ ਸੰਸਦੀ ਸਕੱਤਰ ਨਿਯੁਕਤ ਕੀਤਾ ਸੀ। ਪਹਿਲੀ ਵਾਰ ਹੀ ਵਿਧਾਇਕ ਬਣੇ ਅਤੇ ਪਹਿਲੀ ਵਾਰ ਹੀ ਬਿ੍ਰਟਿਸ਼ ਕੋਲੰਬੀਆ ਸਰਕਾਰ ਵਿੱਚ ਅਟਾਰਨੀ ਜਨਰਲ ਵਰਗੇ ਮਹੱਤਵਪੂਰਨ ਅਹੁਦੇ ਤੇ ਪ੍ਰੀਮੀਅਰ ਡੇਵਿਡ ਇਬੀ ਨੇ ਨਿਯੁਕਤ ਕੀਤੇ ਹਨ। ਨਿੱਕੀ ਸ਼ਰਮਾ ਲੁਧਿਆਣਾ ਨਾਲ ਸੰਬੰਧਤ ਹਨ। ਰਵਿੰਦਰ ਸਿੰਘ ਕਾਹਲੋਂ (ਰਵੀ ਕਾਹਲੋਂ)  ਹਾਊਸਿੰਗ ਮੰਤਰੀ ਅਤੇ ਗੌਰਮਿੰਟ ਹਾਊਸ ਲੀਡਰ ਹਨ। ਇਸ ਤੋਂ ਪਹਿਲਾਂ ਨਵੰਬਰ 2020 ਵਿੱਚ ਨੌਕਰੀਆਂ, ਆਰਥਿਕ ਰਿਕਵਰੀ ਅਤੇ ਇਨੋਵੇਸ਼ ਬਾਰੇ ਮੰਤਰੀ ਸਨ। 2017 ਵਿੱਚ ਉਹ ਡੈਲਟਾ ਉਤਰੀ ਤੋਂ ਵਿਧਾਨਕਾਰ ਚੁਣੇ ਗਏ ਸਨ। ਉਦੋਂ ਪਹਿਲਾਂ ਉਨ੍ਹਾਂ ਨੂੰ ਜੰਗਲਾਤ, ਜ਼ਮੀਨਾ, ਕੁਦਰਤੀ ਸਰੋਤ ਸੰਚਾਲਨ ਅਤੇ ਪੇਂਡੂ ਵਿਕਾਸ ਲਈ ਸੰਸਦੀ ਸਕੱਤਰ ਬਣਾਇਆ ਗਿਆ। ਜਿੱਥੇ ਉਨ੍ਹਾਂ ਨੇ ਜੰਗਲਾਤ ਖੇਤਰ ਵਿੱਚ ਵੱਡੇ ਪੱਧਰ ‘ਤੇ ਲੱਕੜ ਦੀ ਵਰਤੋਂ ਅਤੇ ਨਵੀਨਤਾ ਦੀ ਅਗਵਾਈ ਕੀਤੀ। ਉਹ ਸੰਸਦੀ ਸਕੱਤਰ ਖੇਡ ਅਤੇ ਬਹੁ ਸਭਿਆਚਾਰ ਬਣਾਏ ਗਏ। ਬਚਪਨ ਵਿੱਚ ਹੀ ਰਵਿੰਦਰ ਸਿੰਘ ਕਾਹਲੋਂ ਦੇ ਪਿਤਾ ਨੇ ਫੀਲਡ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ। ਉਹ 2000 ਅਤੇ 2008 ਦੀਆਂ ਓਲੰਪਿਕ ਖੇਡਾਂ ਵਿੱਚ ਫੀਲਡ ਹਾਕੀ ਦੀ ਟੀਮ ਕੈਨੇਡਾ ਲਈ ਖੇਡਦੇ ਰਹੇ ਹਨ। ਹੈਰੀ ਬੈਂਸ ਕਿਰਤ ਮੰਤਰੀ ਪਹਿਲੀ ਵਾਰੀ 2005 ਵਿੱਚ ਵਿਧਾਇਕ ਚੁਣੇ ਗਏ ਸਨ।  ਉਸ ਤੋਂ ਬਾਅਦ 2009, 2013, 2017 ਅਤੇ 2020 ਤੱਕ ਲਗਾਤਾਰ ਵਿਧਾਇਕ ਬਣਦੇ ਰਹੇ ਹਨ। ਉਹ ਸਰੀ ਕਮਿਊਨਿਟੀ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦਾ ਕਮਿਊਨਿਟੀ ਸੇਵਾ ਦਾ ਵਿਆਪਕ ਪਿਛੋਕੜ, ਮਨੁੱਖੀ ਅਧਿਕਾਰਾਂ ਤੇ ਮਜ਼ਦੂਰਾਂ ਲਈ ਜੀਵਨ ਭਰ ਵਕੀਲ ਰਹੇ ਹਨ। ਉਹ ਆਪਣੀ ਪਤਨੀ ਰਾਜਵਿੰਦਰ ਨਾਲ ਸਰੀ ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਕੁੱਲਪ੍ਰੀਤ ਅਤੇ ਜੈਸਮੀਨ ਹਨ। ਰਚਨਾ ਸਿੰਘ ਸਿਖਿਆ ਮੰਤਰੀ ਪੰਜਾਬ ਵਿੱਚ ਜਗਰਾਉਂ ਨੇੜੇੇ ਪਿੰਡ ਭੰਮੀਪੁਰਾ ਨਾਲ ਸੰਬੰਧ ਰਖਦੇ ਹਨ। ਉਹ ਪੰਜਾਬੀ ਦੇ ਵਿਦਵਾਨ ਪ੍ਰੋ.ਰਘਬੀਰ ਸਿੰਘ ਸਿਰਜਣਾ ਰਸਾਲੇ ਦੇ ਸੰਪਾਦਕ ਦੀ ਧੀ ਹਨ।  ਰਚਨਾ ਸਿੰਘ 2001 ਵਿੱਚ ਕੈਨੇਡਾ ਆਏ ਸਨ। 2017 ਵਿੱਚ ਪਹਿਲੀ ਵਾਰ ਰਚਨਾ ਸਿੰਘ ਸਰੀ ਗਰੀਨ ਟਿੰਬ੍ਰਜ਼ ਲਈ ਬੀ.ਸੀ.ਨਿਊ ਡੈਮੋਕਰੈਟਿਕ ਪਾਰਟੀ ਦੇ ਵਿਧਾਇਕ ਬਣੇ ਸਨ। ਅਕਤੂਬਰ 2020 ਵਿੱਚ ਦੁਬਾਰਾ ਚੁਣੀ ਗਈ ਸੀ। ਨਸਲਵਾਦ ਵਿਰੋਧੀ ਪਹਿਲਕਦਮੀਆਂ ਦੇ ਸੰਸਦੀ ਸਕੱਤਰ ਵਜੋਂ ਸੇਵਾ ਕੀਤੀ ਹੈ। ਉਨ੍ਹਾਂ ਨੇ ਡਰੱਗ ਅਤੇ ਅਲਕੋਹਲ ਤੋਂ ਪ੍ਰਭਾਵਤ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਇਕ ਸਹਾਇਕ ਵਰਕਰ ਅਤੇ ਇੱਕ ਕਮਿਊਨਿਟੀ ਕਾਰਕੁਨ ਵਜੋਂ ਕੰਮ ਕੀਤਾ। ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਦਾ ਪਤੀ ਗੁਰਪ੍ਰੀਤ ਸਿੰਘ ਨਾਮਵਰ ਪੱਤਰਕਾਰ ਹਨ। ਜਗਰੂਪ ਸਿੰਘ ਬਰਾੜ ਵਿਓਪਾਰ ਰਾਜ ਮੰਤਰੀ ਬਠਿੰਡਾ ਜਿਲ੍ਹੇ ਦੇ ਦਿਓਣ ਪਿੰਡ ਨਾਲ ਸੰਬੰਧਤ ਹਨ।  ਉਹ ਪਹਿਲੀ ਵਾਰ 2004 ਵਿੱਚ ਸਰੀ ਵਿੱਚ ਵਿਧਾਇਕ ਬਣੇ ਅਤੇ 2013 ਤੱਕ ਸੇਵਾ ਕਰਦੇ ਰਹੇ। 2017 ਅਤੇ 2020 ਵਿੱਚ ਸਰੀ-ਫਲੀਟਵੁੱਡ ਹਲਕੇ ਦੇ ਵਿਧਾਇਕ ਦੁਬਾਰਾ ਚੁਣੇ ਗਏ। ਉਹ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦਾ ਖਿਡਾਰੀ ਰਿਹਾ ਹੈ, ਉਹ ਐਮ.ਏ. ਫਿਲਾਸਫੀ  ਹਨ। ਫਿਰ ਉਹ ਐਮ.ਏ ਪਬਲਿਕ ਐਡਮਨਿਸਟਰੇਸ਼ਨ ਦੀ ਪੜ੍ਹਾਈ ਕਰਨ ਲਈ ਕੈਨੇਡਾ ਆ ਗਿਆ ਅਤੇ ਮੈਨੀਟੋਬਾ ਯੂਨੀਵਰਸਿਟੀ ਤੋਂ ਡਿਗਰੀ ਪਾਸ ਕੀਤੀ ਹੈ। ਉਨ੍ਹਾਂ ਜਨਤਕ ਅਤੇ ਗ਼ੈਰ ਲਾਭਕਾਰੀ ਖੇਤਰਾਂ ਵਿੱਚ ਇੱਕ ਦਹਾਕਾ ਤੋਂ ਵੱਧ ਸਮਾਂ ਕੰਮ ਕੀਤਾ। ਉਹ ਸਰੀ ਵਿੱਚ ਕਈ ਸਾਲਾਂ ਤੋਂ ਸਰਗਰਮ ਹੈ। ਉਹ ਇੱਕ ਸਮਰਪਿਤ ਸਥਾਨਿਕ ਵਾਲੰਟੀਅਰ ਹੈ, ਜੋ ਨੌਜਵਾਨਾਂ, ਬਜ਼ੁਰਗਾਂ, ਬੇਘਰਿਆਂ ਅਤੇ ਨਵੇਂ ਕੈਨੇਡੀਅਨ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨਾਲ ਕੰਮ ਕਰਦੇ ਰਹੇ ਹਨ। ਜਗਰੂਪ ਸਿੰਘ ਬਰਾੜ ਨਿਮਨ ਵਰਗ ਦੇ ਲੋਕਾਂ ਦੇ ਵਕੀਲ, ਗ਼ਰੀਬੀ ਹੰਢਾਅ ਰਹੇ ਲੋਕਾਂ ਦੀ ਭਲਾਈ ਹਿਤ ਕਾਰਜ਼ਸ਼ੀਲ ਹਨ। ਜਗਰੂਪ ਬਰਾੜ ਆਪਣੀ ਪਤਨੀ ਰਾਜਵੰਤ ਬਰਾੜ ਅਤੇ ਦੋ ਬੱਚਿਆਂ ਨੂਰ ਅਤੇ ਫਤਿਹ ਨਾਲ ਸਰੀ ਵਿੱਚ ਰਹਿੰਦਾ ਹੈ। ਅਮਨਦੀਪ ਸਿੰਘ 2020 ਵਿੱਚ ਰਿਚਮੰਡ-ਕਵੀਨਜ਼ਬਰੋ ਤੋਂ ਵਿਧਾਇਕ ਚੁਣੇ ਗਏ। ਉਹ ਇੱਕ ਉਘੇ ਸਿਵਲ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਨ। ਬੀ.ਸੀ.ਪ੍ਰੋਵਿੰਸ਼ੀਅਲ ਅਤੇ ਸੁਪਰੀਮ ਕੋਰਟਾਂ ਅਤੇ ਬੀ.ਸੀ ਕੋਰਟ ਆਫ ਅਪੀਲ ਵਿੱਚ ਕਾਰਜ਼ਸ਼ੀਲ ਹਨ। ਉਹ ਇੱਕ ਸਮਾਜਿਕ ਤੌਰ ‘ਤੇ ਚੇਤੰਨ ਸਮਾਲ ਬਿਜਨੈਸਮੈਨ ਹਨ ਅਤੇ ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਐਸੋਸੀਏਸ਼ਨ ਆਫ ਲੀਗਲ ਏਡ ਲਾਇਰਜ਼, ਸਿੱਖ ਕੈਡੇਟਸ ਸੋਸਾਇਟੀ ਫਰੈਂਡਜ਼, ਪੀਪਲਜ਼ ਲੀਗਲ ਐਜੂਕੇਸ਼ਨ ਸੋਸਾਇਟੀ ਦੇ ਸਰਗਰਮ ਵਰਕਰ ਹਨ ਅਤੇ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੂੰ ਨਸ਼ਿਆਂ ਅਤੇ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਚੁਣੌਤੀਆਂ ਦੀ ਡੂੰਘੀ ਸਮਝ ਹੈ। ਅਮਨਦੀਪ ਸਿੰਘ ਦਾ ਜਨਮ ਭਾਰਤ ਵਿੱਚ ਅਤੇ ਪਾਲਣ ਪੋਸ਼ਣ ਹਾਂਗਕਾਂਗ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ  ਰਿਚਮੰਡ ਵਿਖੇ ਰਹਿ ਰਹੇ ਹਨ। ਅਮਨਦੀਪ ਸਿੰਘ ਦੀ ਪਤਨੀ ਕੈਟਰੀਨਾ ਅਤੇ ਇਕ ਬੇਟੀ ਲੇਨੀ ਹੈ।  ਹਰਵਿੰਦਰ ਸੰਧੂ ਪਾਲਮੈਂਟਰੀ ਸਕੱਤਰ 2020 ਵਿੱਚ ਵਰਨਨ-ਮੋਨਾਸ਼ੀ ਲਈ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਕੋਵਿਡ ਤੇ ਕੈਬਨਿਟ ਵਰਕਿੰਗ ਗਰੁਪ, ਪੁਲਿਸ ਐਕਟ ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ ਕਮੇਟੀ ਵਿਤ  ਅਤੇ ਸਰਕਾਰੀ ਸੇਵਾਵਾਂ ਤ ਚੁਣੀ ਗਈ ਸਥਾਈ ਕਮੇਟੀ ਦੇ ਮੈਂਬਰ ਵਜੋਂ ਕੰਮ ਕੀਤਾ। ਵਿਧਾਇਕ ਚੁਣੇ ਜਾਣ ਤੋਂ ਪਹਿਲਾਂ  ਉਹ ਵਰਨਨ ਜੁਬਲੀ ਹਸਪਤਾਲ ਵਿੱਚ ਇੱਕ ਰਜਿਸਟਰਡ ਨਰਸ ਸਨ ਅਤੇ ਮਰੀਜ਼ਾਂ ਦੀ ਵੇਖ ਭਾਲ ਕੋਆਰਡੀਨੇਟਰ ਵਜੋਂ ਕੰਮ ਕਰਦੇ ਸਨ। ਬੀ.ਸੀ.ਨਰਸਜ਼ ਯੂਨੀਅਨ ਦੀ ਸਰਗਰਮ ਮੈਂਬਰ ਸਨ। ਬੀ.ਸੀ.ਨਰਸਜ਼ ਯੂਨੀਅਨ ਵਿੱਚ ਉਹ ਲੰਬਾ ਸਮਾਂ ਹੈਲਥ ਐਡਵੋਕੇਟ ਰਹੇ। ਆਪਣੇ ਪਹਿਲੇ ਪਤੀ ਸੈਮੀ ਦੀ ਕੈਂਸਰ ਨਾਲ ਮੌਤ ਹੋਣ ਤੋਂ ਬਾਅਦ ਆਪਣੀਆਂ ਛੋਟੀਆਂ ਬੇਟੀਆਂ ਨਾਲ ਵਰਨਨ ਜਾਣ ਤੋਂ ਪਹਿਲਾਂ 7 ਸਾਲਾਂ ਤੋਂ ਵੱਧ ਸਮੇਂ ਲਈ ਉਨ੍ਹਾਂ ਮਿੱਲਜ਼ ਮੈਮੋਰੀਅਲ ਹਸਪਤਾਲ ਟੇਰੇਸ ਵਿੱਚ ਕੰਮ ਕੀਤਾ। ਆਪਣੇ ਸਾਥੀ ਹੈਲਥਕੇਅਰ ਵਰਕਰ ਬਲਜੀਤ ਨਾਲ ਵਿਆਹ  ਤੋਂ ਬਾਅਦ ਹਰਵਿੰਦਰ ਸੰਧੂ ਵਰਨਨ ਦੇ ਸੁੰਦਰ ਕਸਬੇ ਵਿੱਚ ਰਹਿ ਰਹੇ ਹਨ ਅਤੇ ਯੂਨੀਵਰਸਿਟੀ ਤੋਂ ਐਲੀਮੈਂਟਰੀ ਸਕੂਲ ਤੱਕ ਦੀ ਉਮਰ ਦੇ ਤਿੰਨ ਬੱਚਿਆਂ ਦਾ ਪਾਲਣ ਕਰ ਰਹੇ ਹਨ। ਇਹ ਸਾਰੇ ਸਿਆਸਤਦਾਨ ਆਪਣੀ ਬਿਹਤਰੀਨ ਕਾਰਗੁਜ਼ਾਰੀ ਕਰਕੇ ਜਾਣੇ ਜਾਂਦੇ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
 ਮੋਬਾਈਲ-94178 13072
   ujagarsingh48@yahoo.com

ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ -  ਉਜਾਗਰ ਸਿੰਘ

ਕਮਲਜੀਤ ਸਿੰਘ ਬਨਵੈਤ ਪ੍ਰੌੜ੍ਹ ਪੱਤਰਕਾਰ ਅਤੇ ਸੰਜੀਦਾ ਵਿਸ਼ਿਆਂ ਦਾ ਖੋਜੀ ਲੇਖਕ ਹੈ। ਪੱਤਰਕਾਰ ਹੋਣ ਕਰਕੇ ਉਸ ਦਾ ਜ਼ਿੰਦਗੀ ਦਾ ਵਿਸ਼ਾਲ ਤਰਜ਼ਬਾ ਹੈ। ਉਸ ਦੀਆਂ ਹੁਣ ਤੱਕ  8 ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਮਰੱਥ ਕਾਲਮ ਨਵੀਸ ਵੀ ਹੈ। ਚਲੰਤ ਮਸਲਿਆਂ ‘ਤੇ ਉਸ ਦੇ ਜਾਣਕਾਰੀ ਭਰਪੂਰ ਲੇਖ ਪੰਜਾਬੀ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਤਿੰਨ ਟੀ.ਵੀ.ਸੀਰੀਅਲ ਜੀ.ਟੀ.ਵੀ. ਲਈ ਲਿਖੇ ਸਨ। ਅੱਜ ਕਲ੍ਹ ਉਹ ਇਕ ਚੈਨਲ ‘ਤੇ ਪ੍ਰੋਗਰਾਮ ਵੀ ਕਰ ਰਿਹਾ ਹੈ। ‘ਅੱਧੇ ਪਾਗਲ ਹੋ ਜਾਈਏ’ ਪੁਸਤਕ ਵਿੱਚ ਉਸ ਦੇ 28 ਲੇਖ ਹਨ, ਜਿਹੜੇ ਸਮਾਜਿਕ ਮੁੱਦਿਆਂ ਦੀ ਤਰਜਮਾਨੀ ਕਰਦੇ ਹਨ। ਸਮਾਜ ਵਿੱਚ ਜੋ ਵਾਪਰ ਰਿਹਾ ਹੈ, ਉਸ ਨੂੰ ਉਹ ਆਪਣੇ ਲੇਖਾਂ ਦੇ ਵਿਸ਼ੇ ਬਣਾਉਂਦਾ ਹੈ। ਉਹ ਬਹੁਤ ਹੀ ਦਬੰਗ ਅਤੇ ਦਲੇਰ ਲੇਖਕ ਹੈ, ਜਿਹੜਾ ਹਰ ਸਮਾਜਿਕ ਬੁਰਿਆਈ ਦਾ ਪਰਦਾ ਫਾਸ਼ ਕਰਨ ਲੱਗਿਆਂ ਕਿਸੇ ਤੋਂ ਡਰਦਾ ਨਹੀਂ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ‘ਤੇ ਲਿਖਣ ਲੱਗਿਆਂ ਉਨ੍ਹਾਂ ਨੂੰ ਲੋਕਾਈ ਦੇ ਮੁੱਦੇ ਬਣਾ ਦਿੰਦਾ ਹੈ। ਭਾਵ ਉਹ ਆਪਣੇ ਇਨ੍ਹਾਂ ਲੇਖਾਂ ਦੇ ਮਾਧਿਅਮ ਰਾਹੀਂ ਆਮ ਲੋਕਾਂ ਦੀ ਆਵਾਜ਼ ਬਣ ਰਿਹਾ ਹੈ। ਉਸ ਦੇ ਇਸ ਪੁਸਤਕ ਵਿਚਲੇ ਲੇਖ ਨਿੱਜੀ ਤਜ਼ਰਬਿਆਂ ‘ਤੇ ਅਧਾਰਤ ਹਨ ਪ੍ਰੰਤੂ ਜੋ ਸਮਾਜ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਬਾਰੇ ਵੀ ਬੜੀ ਬਾਰੀਕੀ ਨਾਲ ਲਿਖਦਾ ਹੈ। ਉਸ ਦੇ ਲੇਖ ਦੇ ਅਖ਼ੀਰਲੇ ਪਹਿਰੇ ਵਿੱਚ ਸਾਰੇ ਲੇਖ ਦਾ ਤੱਤ ਕੱਢਿਆ ਹੁੰਦਾ ਹੈ। ਇਸ ਪੁਸਤਕ ਦੇ ਪਹਿਲੇ ਹੀ ਲੇਖ ‘ਕਿਹੜਾ ਅੰਬਾਨੀ, ਕੌਣ ਅਡਾਨੀ’ ਰਾਹੀਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਮੀਰ ਲੋਕਾਂ ਦੀ ਕਦੀ ਵੀ ਇੱਛਾ ਪੂਰੀ ਨਹੀਂ ਹੁੰਦੀ, ਭਾਵੇਂ ਉਹ ਕਿਤਨੇ ਹੀ ਅਮੀਰ ਹੋ ਜਾਣ ਪਰੰਤੂ ਇਸ ਦੇ ਬਿਲਕੁਲ ਉਲਟ ਆਮ ਗ਼ਰੀਬ ਲੋਕ ਜਿਤਨਾ ਵੀ ਪੈਸਾ ਉਨ੍ਹਾਂ ਕੋਲ ਹੈ, ਉਹ ਉਸ ਨਾਲ ਹੀ ਸੰਤੁਸ਼ਟ ਹਨ। ‘ਸਟੇਟਸ’ ਲੇਖ ਵਿੱਚ ਉਹ ਦਰਸਾ ਰਿਹਾ ਹੈ ਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕਿੱਤਾ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਪਰੰਤੂ ਸਭ ਕੁਝ ਇਨਸਾਨ ਦੀ ਸੋਚ ਤੇ ਨਿਰਭਰ ਕਰਦਾ ਹੈ। ਇਨਸਾਨ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ‘ਆਸ ਪਿਆਸੀ’ ਲੇਖ ਵਿੱਚ ਬਜ਼ੁਰਗਾਂ ਦੀ ਉਨ੍ਹਾਂ ਦੇ ਬੱਚਿਆਂ ਵੱਲੋਂ ਕੀਤੀ ਜਾ ਰਹੀ ਅਣਵੇਖੀ ਦੀ ਤਸਵੀਰ ਖਿਚ ਕੇ ਰੱਖ ਦਿੱਤੀ। ਬਜੁਰਗ ਸਾਰੀ ਉਮਰ ਮਿਹਨਤ ਕਰਕੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਦੇ ਹਨ ਪਰੰਤੂ ਬੱਚੇ ਉਨ੍ਹ ਦੀ ਔਕਾਤ ਦਾ ਅੰਦਾਜ਼ਾ ਪਹਿਰਾਵਾ ਅਤੇ ਜੀਵਨ ਸ਼ੈਲੀ ਤੋਂ ਲਾ ਕੇ ਭੁਲੇਖੇ ਵਿੱਚ ਰਹਿੰਦੇ ਹਨ। ‘ਕੋਟਾ’ ਲੇਖ ਵਿੱਚ ਲੇਖਕ ਦਸਦਾ ਹੈ ਕਿ ਮਾਪੇ ਸਾਧਾਰਨ ਸਕੂਲਾਂ ਵਿੱਚ ਪੜ੍ਹਕੇ ਸਫਲ ਹੁੰਦੇ ਰਹੇ ਹਨ ਪਰੰਤੂ ਅੱਜ ਕਲ੍ਹ ਦੇ ਬੱਚੇ ਵੱਡੇ ਸਕੂਲਾਂ, ਵਧੇਰੇ ਫੀਸਾਂ ਦੇ ਚਕਰਾਂ ਵਿੱਚ ਪੈ ਕੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਕਮਜ਼ੋਰੀ ਲਿਆ ਦਿੰਦੇ ਹਨ। ਮਾਪੇ ਦਾਖ਼ਲੇ ਲਈ ਸਿਫਾਰਸ਼ ਅਤੇ ਡੋਨੇਸ਼ਨ ਦੇ ਕੇ ਵੀ ਮਠਿਆਈਆਂ ਵੰਡਦੇ ਹਨ। ‘ਪਰੌਨ ਮਸਾਲਾ’ ਲੇਖ ਬੜੇ ਹੀ ਸੰਵੇਦਸ਼ੀਲ ਵਿਸ਼ੇ ‘ਤੇ ਹੈ ਜਦੋਂ ਕਰੋਨਾ ਵਿੱਚ ਗ਼ਰੀਬਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਤਾਂ ਘਨ ਸ਼ਾਮ ਨੌਕਰ ਨੂੰ ਉਸ ਦੇ ਮਾਲਕ ਨੇ ਨੌਕਰੀ ਦਿਵਾ ਦਿੱਤੀ। ਨੌਕਰਾਂ ਨਾਲ ਜੋ ਮਾਲਕਾਂ ਦਾ ਵਿਵਹਾਰ ਹੁੰਦਾ ਹੈ, ਉਹ ਵੀ ਵਿਖਾ ਦਿੱਤਾ। ਨੌਕਰਾਂ ਦੇ ਬੱਚੇ ਭੁੱਖ ਨਾਲ ਤੜਪਦੇ ਰਹਿੰਦੇ ਹਨ ਅਤੇ ਮਾਲਕ ਉਸੇ ਘਰ ਵਿੱਚ ਸਵਾਦਿਸ਼ਟ ਭੋਜਨ ਦਾ ਆਨੰਦ ਮਾਣਦੇ ਹਨ। ‘ਲੰਗਰ ਬਾਬਾ’ ਸਮਾਜ ਸੇਵਾ ਦਾ ਨਮੂਨਾ ਹੈ, ਜਿਸ ਨੇ ਆਪਣੇ ਬੱਚੇ ਦੇ ਅੰਗ ਦਾਨ ਅਤੇ ਲੰਗਰ ਦੀ ਸੇਵਾ ਕਰਕੇ ਮਾਨਵਤਾ ਦੀ ਅਹਿਮੀਅਤ ਨੂੰ ਸਮਝਿਆ ਹੈ। ‘ਮਿਸ਼ਨ ਫਤਿਹ’ ਲੇਖ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਹੈ, ਉਸ ਸਮੇਂ ਪਾਰਟੀਆਂ ਬਦਲਕੇ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਦੱਸਿਆ ਗਿਆ ਹੈ। ‘ਆਪਣਾ ਘਰ’ ਸਮਾਜ ਸੇਵਾ ਦਾ ਵਿਲੱਖਣ ਨਮੂਨਾ ਹੈ। ਦਸਵੰਦ ਦੀ ਪ੍ਰਥਾ ਪੰਜਾਬੀਆਂ ਦੇ ਦਿਲ ਤੇ ਦਿਮਾਗ ਵਿੱਚ ਬੈਠੀ ਹੋਈ ਹੈ, ਜਿਸ ਦਾ ਗ਼ਰੀਬ ਅਤੇ ਆਮ ਲੋਕਾਂ ਨੂੰ ਲਾਭ ਮਿਲਦਾ ਹੈ। ‘ਹੱਕਾਂ ਦਾ ਰਾਖਾ’ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਕਾਰਗੁਜ਼ਾਰੀ ਦਾ ਪਰਦਾ ਫਾਸ਼ ਕਰਦਾ ਹੈ ਕਿ ਕਿਵੇਂ ਉਹ ਲੋਕ ਹਿੱਤਾਂ ‘ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ‘ਹਰ ਹੱਥ ਕਲਮ’ ਬਹੁਤ ਹੀ ਭਾਵਨਾਤਮਿਕ ਲੇਖ ਹੈ, ਜਿਸ ਵਿੱਚ ਕਿਸਾਨ ਅੰਦੋਲਨ ਦੌਰਾਨ ਇਕ ਲੜਕੀ ਵੱਲੋਂ ਆਪਣੇ ਆਪ ਨੂੰ ਗ਼ਰੀਬ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿਖ ਲਈ ਸਮਾਜ ਸੇਵਾ ਕਰਨ ਦਾ ਬੀੜਾ ਚੁਕਿਆ ਗਿਆ ਹੈ। ‘ਕਾਂਗੜੀ’ ਲੇਖ ਵੀ ਬਹੁਤ ਹੀ ਸੰਜੀਦਾ ਵਿਸ਼ੇ ਨਸ਼ੇ, ਸਰਕਾਰ ਦੀ ਅਣਗਹਿਲੀ ਅਤੇ ਪਿਤਰੀ ਪਿਆਰ ਦੀ ਤਸਵੀਰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ‘ਗੁਰੂ ਦੀ ਰਸੋਈ’ ਪ੍ਰਵਾਸੀ ਅਤੇ ਦੇਸ਼ ਵਾਸੀਆਂ ਵੱਲੋਂ ਸਮਾਜ ਸੇਵਾ ਦਾ ਕਾਰਜ਼ ਸ਼ੁਰੂ ਕਰਕੇ ਗ਼ਰੀਬ ਲੋਕਾਂ ਦੇ ਹਿੱਤਾਂ ‘ਤੇ ਪਹਿਰਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ‘ਤੀਜ ਤਿਓਹਾਰ’ ਲੇਖ ਵਿੱਚ ਪਿੰਡਾਂ ਦੀ ਮਹਿਮਾਨ ਨਿਵਾਜ਼ੀ, ਮੰਗਤਿਆਂ ਦੀ ਆਧੁਨਿਕ ਤਕਨੀਕ ਅਤੇ ਲੋੜਵੰਦਾਂ ਦੀ ਮਦਦ ਬਾਰੇ ਵਿਲੱਖਣ ਵਿਚਾਰ ਦੱਸੇ ਗਏ ਹਨ।  ‘ਹਮ ਲੋਗ’ ਲੇਖ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਬਾਰੇ ਦੱਸਿਆ ਗਿਆ ਹੈ ਕਿ ਉਹ ਸ਼ਾਂਤੀ ਚਾਹੁੰਦੇ ਹਨ ਪਰੰਤੂ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ‘ਰਿਟਰਨ ਗਿਫ਼ਟ’ ਲੇਖ ਵਿੱਚ ਵਰਤਮਾਨ ਸਮਾਜਿਕ ਵਾਤਾਵਰਨ ਵਿੱਚ ਲੜਕੀਆਂ, ਲੜਕਿਆਂ ਨਾਲੋਂ ਮਾਪਿਆਂ ਬਿਹਤਰੀਨ ਮਦਦਗਾਰ ਸਾਬਤ ਹੋ ਸਕਦੀਆਂ ਹਨ। ‘ਗੋਸ਼ਟੀ ਕਰਾਉਣ ਦਾ ਚੱਜ’ ਲੇਖ ਵਿੱਚ ਬਨਵੈਤ ਨੇ ਸਾਹਿਤਕਾਰਾਂ ਦੀ ਮਾਨਸਿਕਤਾ ਦੇ ਖੋਖਲੇਪਨ ਦਾ ਪਰਦਾ ਫਾਸ਼ ਕਰ ਦਿੱਤਾ ਹੈ। ‘ਮਿੱਠਾ’ ਲੇਖ ਮਰਦਾਂ ਦੀ ਔਰਤ ਪ੍ਰਤੀ ਮਾਨਸਿਕਤਾ ਦਾ ਸਬੂਤ ਹੈ। ‘ਅਮਲੀ ਦੀ ਪਿਆਰੋ’ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤ ਹਰ ਮੁਸ਼ਕਲ ਸਮੱਸਿਆ ਦਾ ਹਲ ਕਰ ਸਕਦੀ ਹੈ। ਇਸ ਦੇ ਨਾਲ ਇਨਸਾਨ ਨੂੰ ਸਮਾਜ ਵਿੱਚ ਵਿਚਰਣ ਦਾ ਸਲੀਕਾ ਹੋਣਾ ਚਾਹੀਦਾ ਹੈ। ‘ਚੈਰੀ ਆਂਟੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜੇਕਰ ਨੌਜਵਾਨਾ ਨੂੰ ਆਪਣੀ ਜ਼ਿੰਦਗੀ ਦਾ ਆਨੰਦ ਮਾਨਣ ਦਾ ਹੱਕ ਹੈ ਤਾਂ ਬਜ਼ੁਰਗਾਂ ਨੂੰ ਕਿਉਂ ਨਹੀਂ? ਅਜੋਕੇ ਦੌਰ ਵਿੱਚ ਬੱਚੇ ਮਾਪਿਆਂ ਨੂੰ ਅਣਡਿਠ ਕਰ ਰਹੇ ਹਨ, ਮਾਪਿਆਂ ਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ‘ਚਿੜੀ ਦੀ ਚੁੰਝ’ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ ਵਿਓਪਾਰਕ ਅਦਾਰੇ ਬਣ ਗਏ ਹਨ। ਸਰਕਾਰੀ ਹਸਪਤਾਲ ਪ੍ਰਾਈਵੇਟ ਨਾਲੋਂ ਬਿਹਤਰੀਨ ਸਹੂਲਤਾਂ ਦੇ ਸਕਦੇ ਹਨ ਬਸ਼ਰਤੇ ਕਿ ਸਰਕਾਰ ਜਾਂ ਡਾ.ਸ਼ਰਮਾ ਵਰਗੇ ਦਾਨੀ ਸੱਜਣ ਮਦਦ ਕਰਨ। ਇਸ ਤੋਂ ਅਗਲਾ ਲੇਖ ‘ਖ਼ਾਸ ਬੰਦਾ’ ਸਰਕਾਰੀ ਡਾਕਟਰਾਂ ਦੀ ਹਸਪਤਾਲ ਦੀਆਂ ਬਾਹਰਲੀਆਂ ਦੁਕਾਨਾ ਤੋਂ ਸਮਾਨ ਮੰਗਾਉਣ ਦੀ ਲੁੱਟ ਬਾਰੇ ਜਾਣਕਾਰੀ ਦੇ ਰਿਹਾ ਹੈ। ‘ਐਮ.ਐਲ.ਏ.ਨਹੀਂ ਡਾਕੀਆ’ ਲੇਖ ਵਿੱਚ ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਿਧਾਨਕਾਰਾਂ ਦੇ ਫਰਜਾਂ ਬਾਰੇ ਦੱਸਿਆ ਹੈ। ਪਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੀ ਗ੍ਰਾਂਟ ਦਾ ਚੈਕ ਦੇਣ ਸਮੇਂ ਕਹਿੰਦੇ ਸਨ ਕਿ ਥੋੜ੍ਹਾ ਵਿਕਾਸ ‘ਤੇ ਵੀ ਲਾ ਦੇਣਾ। ਇਸ ਦਾ ਅਰਥ ਇਹ ਹੁੰਦਾ ਸੀ ਕਿ ਉਹ ਘੱਟ ਭਰਿਸ਼ਟਾਚਾਰ ਕਰਨ। ਕੈਪਟਨ ਦੇ ਰਾਜ ਵਿੱਚ ਵਿਧਾਨਕਾਰ ਡਾਕੀਏ ਦਾ ਕੰਮ ਹੀ ਕਰਦੇ ਸਨ। ਲੋਕਾਂ ਦੀਆਂ ਅਰਜੀਆਂ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦੇ ਦਿੰਦੇ ਸਨ। ‘ਲਾਲੇ ਦੀ ਸਿਆਹੀ’ ਲੇਖ ਗ਼ਰੀਬ ਲੋਕਾਂ ਵੱਲੋਂ ਵਿਆਜ਼ ਤੇ ਲਏ ਕਰਜ਼ੇ ਦੀ ਰਕਮ ਉਨ੍ਹਾਂ ਤੋਂ ਮੁੜਦੀ ਨਹੀਂ ਸਗੋਂ ਵਿਆਜ ਲੱਗ ਦੇ ਦੁਗਣੀ ਚੌਗੁਣੀ ਹੁੁੰਦੀ ਰਹਿੰਦੀ ਹੈ। ਵਿਆਜੂ ਪੈਸੇ ਦੇਣ ਵਾਲਿਆਂ ਵਿੱਚ ਇਨਸਾਨੀਅਤ ਹੀ ਨਹੀਂ ਹੁੰਦੀ। ‘ਬੁਲੀ’ ਸੇਵਾ ਮੁਕਤ ਅਧਿਕਾਰੀਆਂ ਦੀਆਂ ਗੱਲਾਂ ਦੇ ਆਧਾਰ ‘ਤੇ ਦੱਸਿਆ ਗਿਆ ਹੈ ਕਿ ਪੁਲਿਸ ਵਾਲੇ ਤਪਦੀਸ਼ ਕਰਨ ਸਮੇਂ ਥਰਡ ਡਿਗਰੀ ਢੰਗ ਤਾਂ ਵਰਤਦੇ ਹੀ ਹਨ ਪ੍ਰੰਤੂ ਜਿਥੋਂ ਪੈਸੇ ਮਿਲ ਜਾਣ ਉਥੇ ਢੰਗ ਬਦਲ ਲੈਂਦੇ ਹਨ। ਸਾਰੇ ਵਿਭਾਗਾਂ ਦੇ ਅਧਿਕਰੀ ਬਦਲਾਖੋਰੀ ਨਾਲ ਕੰਮ ਕਰਦੇ ਸਨ। ‘ਰੱਬ ਦਾ ਬੰਦਾ’ ਲੇਖ ਵਿੱਚ ਪੀ.ਜੀ.ਆਈ.ਵਿੱਚ ਮਰੀਜਾਂ ਦੀ ਭੀੜ ਅਤੇ ਖਾਸ ਤੌਰ ਤੇ ਕਿਡਨੀ ਵਿਭਾਗ ਵਿੱਚ ਮਰੀਜਾਂ ਦੇ ਵਾਰਸਾਂ ਦੇ ਟੈਸਟ ਕਿਡਨੀ ਬਦਲਣ ਲਈ ਨਾ ਮਿਲਣ ਕਰਕੇ ਰੁਲ ਰਹੇ ਹਨ। ਜੇਕਰ ਡਾ.ਸ਼ਰਮਾ ਦੀ ਤਰ੍ਹਾਂ ਹੋਰ ਡਾਕਟਰ ਵੀ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਆਪਸ ਵਿੱਚ ਇਕ ਦੂਜੇ ਦੇ ਮਰੀਜ ਲਈ ਗੁਰਦੇ ਦਾਨ ਕਰਨ ਲਈ ਤਿਆਰ ਕਰਵਾ ਲੈਣ ਜਿਨ੍ਹਾਂ ਦੇ ਟੈਸਟ ਮਿਲਦੇ ਹਨ ਤਾਂ ਸਾਰੇ ਮਸਲੇ ਹਲ ਹੋ ਸਕਦੇ ਹਨ। ਡਾਕਟਰ ਸ਼ਰਮਾ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਰੱਬ ਦੇ ਬੰਦੇ ਕਹਿੰਦੇ ਹਨ।  ‘ਬੇਬੇ, ਤੂੰ ਭੁੱਲਦੀ ਨੀ’ ਵਿੱਚ ਇਹ ਦੱਸਿਆ ਗਿਅ ਹੈ ਕਿ ਪੜ੍ਹੇ ਲਿਖੇ ਬੱਚੇ ਬਾਹਰ ਨੌਕਰੀਆਂ ਕਰਨ ਚਲੇ ਜਾਂਦੇ ਹਨ ਤੇ ਮਾਪੇ ਇਕਲਾਪਾ ਹੰਢਾਉਂਦੇ ਹਨ। ਵੱਡੇ ਸ਼ਹਿਰਾਂ ਵਿੱਚ ਰਹਿਣ ਕਰਕੇ ਗੁਜ਼ਾਰੇ ਵੀ ਨਹੀਂ ਹੁੰਦੇ। ਜਿਨ੍ਹਾਂ ਦੇ ਬੱਚੇ ਪੜ੍ਹਦੇ ਨਹੀਂ ਉਹ ਮਾਪਿਆਂ ਦੇ ਕੋਲ ਰਹਿੰਦੇ ਹਨ ਤੇ ਘੱਟ ਤਨਖਾਹਾਂ ਨਾਲ ਗੁਜ਼ਾਰਾ ਕਰਕੇ ਵੀ ਖ਼ੁਸ਼ ਹੁੰਦੇ ਹਨ। ‘ਅੱਧੇ ਪਾਗਲ ਹੋ ਜਾਈਏ’ ਲੇਖ ਪਖੰਡੀ ਸਾਧਾਂ ਦਾ ਪਰਦਾ ਫਾਸ਼ ਕਰਦਾ ਹੋਇਆ, ਲੜਕੀਆਂ ਨੂੰ ਬੈਂਗ ‘ਤੇ ਸੌਣ ਵਾਲੀ ਔਰਤ ਦੀ ਤਰ੍ਹਾਂ ਜਿਸ ਨੂੰ ਅੱਧੀ ਪਾਗਲ ਕਹਿੰਦੇ ਹਨ, ਉਸ ਤੋਂ ਸਬਕ ਸਿੱਖ ਕੇ ਬਲਾਤਕਾਰ ਕਰਨ ਦੀ ਹਿੰਮਤ ਕਰਨ ਵਾਲੇ ਮਰਦਾਂ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ।
 104 ਪੰਨੇ 220 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
             ujagarsingh48@yahoo.com

ਹਿਮਾਚਲ ਪ੍ਰਦੇਸ ‘ਚ ਕਾਂਗਰਸ ਦੀ ਜਿੱਤ ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ -   ਉਜਾਗਰ ਸਿੰਘ

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਜਿੱਤ ਤਾਂ ਗਈ ਹੈ ਪ੍ਰੰਤੂ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਕਰਨਾ ਸਰਵ ਭਾਰਤੀ ਕਾਂਗਰਸ ਕਮੇਟੀ ਲਈ ਟੇਡੀ ਖੀਰ ਸਾਬਤ ਹੋ ਸਕਦੀ ਹੈ। ਤਿੰਨ ਮਹਾਂਰਥੀਆਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਜਦੋਜਹਿਦ ਚਲ ਰਹੀ ਹੈ। ਮਰਹੂਮ ਮੁੱਖ ਮੰਤਰੀ ਵੀਰ ਭੱਦਰ ਸਿੰਘ ਦੀ ਸੁਪਤਨੀ ਮੰਡੀ ਤੋਂ ਲੋਕ ਸਭਾ ਦੀ ਮੈਂਬਰ ਸਭ ਤੋਂ ਵੱਡੀ ਦਾਅਵੇਦਾਰ ਸਮਝੀ ਜਾ ਰਹੀ ਹੈ ਪ੍ਰੰਤੂ ਉਹ ਵਿਧਾਨ ਸਭਾ ਦੀ ਮੈਂਬਰ ਨਹੀਂ। ਉਹ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਹੈ, ਇਸ ਲਈ ਉਨ੍ਹਾਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਦੇ ਪੱਖ ਵਿੱਚ ਵੀਰਭੱਦਰ ਸਿੰਘ ਦੇ ਵੱਡੀ ਗਿਣਤੀ ਵਿੱਚ ਜਿੱਤੇ ਸਮਰਥਕ ਵਿਧਾਨਕਾਰ ਹਨ, ਜਿਨ੍ਹਾਂ ਵਿੱਚ ਵੀਰਭੱਦਰ ਸਿੰਘ ਦਾ ਲੜਕਾ ਵਿਕਰਮਦਿੱਤਿਆ ਸਿੰਘ ਵੀ ਹੈ, ਜੋ ਸਿਮਲਾ ਦਿਹਾਤੀ ਤੋਂ ਵਿਧਾਨਕਾਰ ਚੁਣਿਆਂ ਗਿਆ ਹੈ। ਇਸ ਤੋਂ ਇਲਾਵਾ ਨਦੌਣ ਵਿਧਾਨ ਸਭਾ ਹਲਕੇ ਤੋਂ ਜਿੱਤੇ ਵਿਧਾਨਕਾਰ ਹਿਮਾਚਲ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁਖੂ ਅਤੇ ਕਾਂਗਰਸ ਪਾਰਟੀ ਦੇ ਹਿਮਾਚਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰੋਲੀ ਤੋਂ ਵਿਧਾਨਕਾਰ ਮੁਕੇਸ਼ ਅਗਨੀਹੋਤਰੀ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਹੁਣ ਕਾਂਗਰਸ ਪਾਰਟੀ ਕਮਜ਼ੋਰ ਹੈ, ਇਸ ਲਈ ਮੁੱਖ ਮੰਤਰੀ ਵਿਧਾਨਕਾਰ ਤੋਂ ਬਿਨਾ ਬਾਹਰੋਂ ਠੋਸ ਨਹੀਂ ਸਕਦੀ। ਹਿਮਾਚਲ ਕਾਂਗਰਸ ਲੈਜਿਸਲੇਚਰ ਪਾਰਟੀ ਨੇ ਕਾਂਗਰਸ ਪ੍ਰਧਾਨ ਨੂੰ ਨੇਤਾ ਚੁਣਨ ਦੇ ਅਧਿਕਾਰ ਦੇ ਦਿੱਤੇ ਹਨ ਪ੍ਰੰਤੂ ਇਸ ਵਾਰ ਚੋਣ ਕਰਨੀ ਬਹੁਤ ਹੀ ਮੁਸ਼ਕਲ ਹੋਵੇਗੀ। ਜੇਕਰ ਵਿਧਾਨਕਾਰਾਂ ਤੋਂ ਬਾਹਰ ਦੀ ਸ਼੍ਰੀਮਤੀ ਪ੍ਰਤਿਭਾ ਸਿੰਘ ਨੂੰ ਚੁਣਿਆਂ ਤਾਂ ਰਾਜਸਥਾਨ ਦੀ ਤਰ੍ਹਾਂ ਬਗਾਬਤ ਦੀ ਸੰਭਾਵਨਾ ਵਧੇਰੇ ਹੈ। ਵੇਖਣ ਵਾਲੀ ਗੱਲ ਹੈ ਕਿ ਹਿਮਾਚਲ ਦਾ ਨਤੀਜਾ ਕਾਂਗਰਸ ਪਾਰਟੀ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗਾ ਜਾਂ ਪਾਰਟੀ ਵਿੱਚ ਅਸਥਿਰਤਾ ਪੈਦਾ ਕਰੇਗਾ? ਵੀਰ ਭੱਦਰ ਦਾ ਪਰਿਵਾਰ ਆਪਣੀ ਸਿਆਸੀ ਤਾਕਤ ਨਾਲ ਅਹੁਦੇ ਪ੍ਰਾਪਤ ਕਰਨ ਦਾ ਮਾਹਿਰ ਗਿਣਿਆਂ ਜਾਂਦਾ ਹੈ।

ਮਲਿਕ ਅਰਜਨ ਖੜਗੇ ਦੇ ਸਰਵ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾਵਾਂ ਅਤੇ ਕੁਝ ਉਪ ਚੋਣਾ ਹੋਈਆਂ ਹਨ। ਦੋਹਾਂ ਰਾਜਾਂ ਵਿੱਚੋਂ ਹਿਮਾਚਲ ਪ੍ਰਦੇਸ਼ ਅਤੇ ਅੱਧੀਆਂ ਨਾਲੋਂ ਵੱਧ ਉਪ ਚੋਣਾ ਕਾਂਗਰਸ ਪਾਰਟੀ ਨੇ ਜਿੱਤ ਲਈਆਂ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਕਾਂਗਰਸੀ ਨੇਤਾ ਨੇ ਮਲਿਕ ਅਰਜਨ ਖੜਕੇ ਨੂੰ ਚੋਣਾ ਜਿੱਤਣ ਦਾ ਸਿਹਰਾ ਨਹੀਂ ਦਿੱਤਾ। ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੇ ਤਾਂ ਚੋਣ ਪ੍ਰਚਾਰ ਵਿੱਚ ਹਿੱਸਾ ਹੀ ਨਹੀਂ ਲਿਆ। ਗਾਂਧੀ ਪਰਿਵਾਰ ਵਿੱਚੋਂ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਛੁੱਟੀਆਂ ਕੱਟਣ ਲਈ ਹਿਮਾਚਲ ਆਏ ਸਨ ਤਾਂ ਉਨ੍ਹਾਂ ਨੇ ਕੁਝ ਕੁ ਚੋਣ ਰੈਲੀਆਂ ਹਿਮਾਚਲ ਪ੍ਰਦੇਸ਼ ਵਿੱਚ ਕੀਤੀਆਂ ਸਨ। ਅਚੰਭੇ ਦੀ ਗੱਲ ਹੈ ਕਿ ਹਿਮਾਚਲ ਦੀਆਂ ਚੋਣਾ ਜਿੱਤਣ ਦਾ ਸਿਹਰਾ ਸ਼੍ਰੀਮਤੀ ਪਿ੍ਰਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦਿੱਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਸਿਹਰਾ ਹਿਮਾਚਲ ਦੀ ਚੋਣ ਜਿੱਤਣ ਨੂੰ ਚਾਪਲੂਸ ਨੇਤਾ ਦੇ ਰਹੇ ਹਨ। ਇਨ੍ਹਾਂ ਬਿਆਨਾ ਤੋਂ ਇਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਚਾਪਲੂਸ ਨੇਤਾ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਬਾਹਰ ਨਿਕਲਣ ਨਹੀਂ ਦੇਣਗੇ। ਹਿਮਾਚਲ ਪ੍ਰਦੇਸ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਆਪਸੀ ਬੇਇਤਫਾਕੀ ਦੀ ਮਰੀਜ਼ ਕੌਮਾ ਵਿੱਚ ਪਈ ਕਾਂਗਰਸ ਲਈ ਆਕਸੀਜਨ ਦਾ ਕੰਮ ਕਰੇਗੀ ਕਿਉਂਕਿ ਘੱਟੋ ਘੱਟ ਇਹ ਕਹਿਣ ਜੋਗੇ ਤਾਂ ਹੋ ਗਏ ਹਨ ਕਿ ਕਾਂਗਰਸ ਹਿਮਾਚਲ ਵਿੱਚ ਜਿੱਤ ਗਈ ਹੈ। ਇਹ ਹੋ ਸਕਦਾ ਕਿ ਪੰਜਾਬ ਅਤੇ ਹਰਿਆਣਾ ਕਾਂਗਰਸ ਨੂੰ ਗੁਆਂਢੀ ਰਾਜ ਹੋਣ ਕਰਕੇ  ਥੋੜ੍ਹਾਂ ਬਹੁਤ ਫਰਕ ਪੈ ਜਾਵੇ। ਹਿਮਾਚਲ ਵਿਧਾਨ ਸਭਾ ਦੀਆਂ 68 ਸੀਟਾਂ ਵਿੱਚੋਂ ਕਾਂਗਰਸ ਪਾਰਟੀ 40 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਵਿੱਚ 1985 ਤੋਂ ਲਗਾਤਾਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਉਤਰ ਕਾਟੋ ਮੈਂ ਚੜ੍ਹਾਂ ਦੀ ਸਿਆਸਤ ਕਰਕੇ ਵਾਰੋ ਵਾਰੀ ਰਾਜ ਭਾਗ ਦਾ ਆਨੰਦ ਮਾਣ ਰਹੀਆਂ ਹਨ। 1985 ਤੋਂ ਬਾਅਦ ਲਗਾਤਾਰ ਦੂਜੀ ਵਾਰ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਨਹਂੀ ਮਿਲਿਆ। ਸਿਰਫ 1998 ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਬਰਾਬਰ 31-31 ਸੀਟਾਂ ਮਿਲੀਆਂ ਸਨ। ਉਦੋਂ ਭਾਰਤੀ ਜਨਤਾ ਪਾਰਟੀ ਸੁਖ ਰਾਮ ਵਾਲੀ ਹਿਮਾਚਲ ਵਿਕਾਸ ਪਾਰਟੀ ਦੀਆਂ ਵਿਸਾਖੀਆਂ ਦੀ ਮਦਦ ਨਾਲ ਸਰਕਾਰ ਬਣਾ ਸਕੀ ਸੀ। ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 25 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਹੈ। ਆਮ ਆਦਮੀ ਪਾਰਟੀ ਨੇ 67 ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪ੍ਰੰਤੂ ਉਨ੍ਹਾਂ ਨੂੰ ਇਕ ਵੀ ਸੀਟ ‘ਤੇ ਜਿੱਤ ਨਸੀਬ ਨਹੀਂ ਹੋਈ। ਸਗੋਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਕਾਂਗਰਸ ਪਾਰਟੀ ਨੂੰ ਕੁਲ ਪੋਲ ਹੋਈਆਂ ਵੋਟਾਂ ਵਿੱਚੋਂ 43.9 ਫ਼ੀ ਸਦੀ ਵੋਟਾਂ ਪਈਆਂ ਹਨ ਜਦੋਂ ਕਿ 2017 ਵਿਚ 41.7 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਵਾਰ ਕਾਂਗਰਸ ਪਾਰਟੀ ਨੇ 2 ਫ਼ੀ ਸਦੀ ਵੱਧ ਵੋਟਾਂ ਲਈਆਂ ਹਨ। ਭਾਰਤੀ ਜਨਤਾ ਪਾਰਟੀ ਨੂੰ 43 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ ਜਦੋਂ ਕਿ 2017 ਵਿੱਚ ਉਨ੍ਹਾਂ ਨੂੰ 48 ਫ਼ੀ ਸਦੀ ਵੋਟਾਂ ਮਿਲੀਆਂ ਸਨ। ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ 5 ਫ਼ੀ ਸਦੀ ਵੋਟਾਂ ਘੱਟ ਮਿਲੀਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਾ ਵੋਟਾਂ ਦੀ ਸਦੀ ਦਾ ਸਿਰਫ਼ .9 ਦਾ ਹੀ ਅੰਤਰ ਹੈ ਪ੍ਰੰਤੂ ਸੀਟਾਂ ਦਾ ਫਰਕ 15 ਹੈ। ਆਮ ਆਦਮੀ ਪਾਰਟੀ ਜਿਹੜੀ ਦਮਗਜੇ ਮਾਰਦੀ ਸੀ, ਉਸ ਨੂੰ ਸਿਰਫ਼ 1.1 ਫ਼ੀ ਸਦੀ ਵੋਟਾਂ ਪਈਆਂ ਹਨ। ਉਹ ਆਪਣਾ ਖਾਤਾ ਵੀ ਖੋਲ੍ਹ ਨਹੀਂ ਸਕੀ। ਕਾਂਗਰਸ ਪਾਰਟੀ ਦਾ ਗ੍ਰਾਫ ਪਿਛਲੇ ਕਈ ਸਾਲਾਂ ਤੋਂ ਡਿਗਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ‘ਤੇ ਪਰਿਵਾਰਵਾਦ ਦਾ ਦੋਸ਼ ਲੱਗ ਰਿਹਾ ਸੀ ਪ੍ਰੰਤੂ ਇਸ ਵਾਰ ਗਾਂਧੀ ਪਰਿਵਾਰ ਤੋਂ ਬਾਹਰ ਦਾ ਵਿਅਕਤੀ ਮਲਿਕ ਰਜਨ ਖੜਗੇ ਪ੍ਰਧਾਨ ਬਣਾਇਆ ਹੈ, ਸ਼ਾਇਦ ਇਸ ਦਾ ਲਾਭ ਕਾਂਗਰਸ ਪਾਰਟੀ ਨੂੰ ਮਿਲ ਗਿਆ ਹੋਵੇ। 1972 ਅਤੇ 1985 ਵਿੱਚ ਕਾਂਗਰਸ ਪਾਰਟੀ ਨੂੰ 50 ਫ਼ੀ ਸਦੀ ਅਤੇ 1993 ਵਿੱਚ 48.8 ਫੀ ਸਦੀ ਵੋਟਾਂ ਪੋਲ ਹੋਈਆਂ ਸਨ। 2003 ਵਿੱਚ ਕਾਂਗਰਸ ਪਾਰਟੀ ਨੂੰ 43 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ। ਕਾਂਗਰਸ ਪਾਰਟੀ ਦੀ ਦਿਗਜ਼ ਨੇਤਾ ਆਸ਼ਾ ਕੁਮਾਰੀ ਚੋਣ ਹਾਰ ਗਏ ਹਨ। ਭਾਰਤੀ ਜਨਤਾ ਪਾਰਟੀ ਦੇ 8 ਮੰਤਰੀ ਚੋਣ ਹਾਰ ਗਏ ਹਨ। ਹਮੀਰਪੁਰ ਜ਼ਿਲ੍ਹੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਪ੍ਰੇਮ ਕੁਮਾਰ ਧੂਮਲ ਅਤੇ ਸ਼ਾਂਤਾ ਕੁਮਾਰ ਦੋਵੇਂ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰ ਨੌਜਵਾਨ ਮੰਤਰੀ ਅਨੁਰਾਗ ਠਾਕੁਰ ਹਨ, ਇਨ੍ਹਾਂ ਦਿਗਜ਼ ਨੇਤਾਵਾਂ ਦੇ ਜਿਲ੍ਹੇ ਵਿੱਚੋਂ ਚਾਰ ਵਿਧਾਨ ਸਭਾ ਹਲਕਿਆਂ ਵਿੱਚੋਂ 2 ਵਿੱਚ ਚੋਣ ਹਾਰ ਗਏ ਹਨ। ਅਨੁਰਾਗ ਠਾਕੁਰ ਕੇਂਦਰੀ ਮੰਤਰੀ ਹਮੀਰਪੁਰ ਤੋਂ ਲੋਕ ਸਭਾ ਦੇ ਮੈਂਬਰ ਹਨ। ਜੇ.ਪੀ.ਨੱਢਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਦੇ ਬਿਲਾਸਪੁਰ ਜਿਲ੍ਹੇ ਵਿੱਚੋਂ ਵੀ ਕਾਂਗਰਸ ਪਾਰਟੀ ਚਾਰ ਸੀਟਾਂ ਵਿੱਚੋਂ ਦੋ ਹਲਕਿਆਂ ਤੋਂ ਚੋਣ ਜਿੱਤ ਗਈ ਹੈ। ਇਸ ਲਈ ਭਾਰਤੀ ਜਨਤਾ ਪਾਰਟੀ ਦੇ ਦਿਗਜ਼ ਨੇਤਾਵਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ‘‘ਇਸ ਚੋਣ ਵਿੱਚ ਕੁਝ ਦਿਲਚਸਪ ਗੱਲਾਂ ਹੋਈਆਂ ਹਨ, ਸੋਲਨ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਧਨੀ ਰਾਮ ਸਾਂਦਲ ਅਤੇ ਉਨ੍ਹਾਂ ਦੇ ਜਵਾਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਕੈਸ਼ਪ ਵਿੱਚ ਫਸਵਾਂ ਮੁਕਾਬਲਾ ਹੋਇਆ ਅਤੇ ਧਨੀ ਰਾਮ ਸਾਂਦਲ ਆਪਣੇ ਜਵਾਈ ਨੂੰ ਹਰਾ ਕੇ ਵਿਧਾਨ ਸਭਾ ਲਈ ਚੁਣੇ ਗਏ ਹਨ। ਧਨੀ ਰਾਮ ਸਾਂਦਲ ਲੋਕ ਸਭਾ ਦੇ ਮੈਂਬਰ ਵੀ ਰਹੇ ਹਨ। ਪਹਿਲੀ ਵਾਰ ਚੋਣ ਲੜਿਆ ਤੇ ਪਹਿਲੀ ਵਾਰ ਹੀ ਚੁਣਿਆਂ ਗਿਆ ਕਾਂਗਰਸ ਪਾਰਟੀ ਦਾ ਉਮੀਦਵਾਰ ਚੇਤੰਨਿਆਂ ਸ਼ਰਮਾ ਸਿਰਫ 28 ਸਾਲ ਦਾ ਹੈ। ਵਿਧਾਨ ਸਭਾ ਵਿੱਚ ਉਹ ਸਭ ਤੋਂ ਘੱਟ ਉਮਰ ਹੈ। ਉਹ ਗਗਰੇਟ ਹਲਕੇ ਤੋਂ ਚੋਣ ਜਿਤਿਆ ਹੈ। ਇਸ ਵਾਰ ਸਿਰਫ ਇਕ ਔਰਤ ਹੀ ਚੋਣ ਜਿੱਤ ਸਕੀ ਹੈ, ਉਹ ਭਾਰਤੀ ਜਨਤਾ ਪਾਰਟੀ ਦੀ ਸਿਰਮੌਰ ਜ਼ਿਲ੍ਹੇ ਦੇ ਪਚਾਡ ਹਲਕੇ ਤੋਂ ਚੁਣੀ ਗਈ ਰੀਨਾ ਕੈਸ਼ਪ ਹੈ।’’ ਹਿਮਾਚਲ ਵਿੱਚ 99 ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ 21 ਬਾਗੀ ਉਮੀਦਵਾਰ ਅਤੇ ਕਾਂਗਰਸ ਦੇ 12 ਬਾਗੀ ਸ਼ਾਮਲ ਹਨ। ਬੀ.ਜੇ.ਪੀ.ਦੇ ਬਾਗੀਆਂ ਨੇ ਪਾਰਟੀ ਦੀ ਬੇੜੀ ਵਿੱਚ ਵੱਟੇ ਪਾਏ ਹਨ, ਬਾਗੀਆਂ ਕਰਕੇ ਪਾਰਟੀ 8 ਸੀਟਾਂ ਤੇ ਚੋਣ ਹਾਰ ਗਈ। ਕਾਂਗਰਸ ਪਾਰਟੀ ਦੇ ਬਾਗੀਆਂ ਕਰਕੇ ਪਾਰਟੀ ਚਾਰ ਸੀਟਾਂ ਤੇ ਹਾਰ ਗਈ ਹੈ ਪ੍ਰੰਤੂ ਉਹ ਆਪ ਚੋਣ ਜਿੱਤ ਨਹੀਂ ਸਕੇ। ਹਿਮਚਲ ਵਿਧਾਨ ਸਭਾ ਵਿੱਚ 23 ਪਹਿਲੀ ਵਾਰ ਚੁਣੇ ਗਏ ਵਿਧਾਇਕ ਹਨ, ਜਿਨ੍ਹਾਂ ਵਿੱਚ 14 ਕਾਂਗਰਸ ਅਤੇ 8 ਬੀ.ਜੇ.ਪੀ. ਦੇ ਹਨ। 45 ਵਿਧਾਇਕ ਦੁਬਾਰਾ ਚੁਣੇ ਗਏ ਹਨ। ਹਿਮਾਚਲ ਪ੍ਰਦੇਸ ਦੀ ਚੋਣ ਦੇ ਜਿੱਤਣ ਨਾਲ ਸਿਰਫ ਤਿੰਨ ਰਾਜਾਂ ਛਤੀਸਗੜ੍ਹ, ਰਾਜਸਥਾਨ ਅਤੇ ਹਿਮਾਚਲ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ। 1993 ਵਿੱਚ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਹਿਮਾਚਲ ਦੀਆਂ ਚੋਣਾਂ ਦੇ ਕੇਂਦਰੀ ਕਾਂਗਰਸ ਵੱਲੋਂ ਇਨਚਾਰਜ ਸਨ, ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਸ਼ਾਂਤਾ ਕੁਮਾਰ ਵੀ ਚੋਣ ਹਾਰ ਗਏ ਸਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ। ਇਸ ਵਾਰ ਸਰਵ ਭਾਰਤੀ ਕਾਂਗਰਸ ਦੇ ਹਿਮਾਚਲ ਦੇ ਇਨਚਾਰਜ ਰਾਜੀਵ ਸ਼ੁਕਲਾ, ਸ੍ਰ.ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਸਿੰਘ ਕੋਟਲੀ ਸੰਯੁਕਤ ਸਕੱਤਰ ਸਰਵ ਭਾਰਤੀ ਕਾਂਗਰਸ ਕਮੇਟੀ ਅਤੇ ਤਜਿੰਦਰ ਸਿੰਘ ਬਿੱਟੂ ਹਿਮਾਚਲ ਦੀਆਂ ਚੋਣਾਂ ਦੇ ਸਹਿ ਇਨਚਾਰਜ ਸਨ ਅਤੇ ਇਸ ਵਾਰ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

 ਮੋਬਾਈਲ-94178 13072

   ujagarsingh48@yahoo.com

‘‘ਗੁਰ ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’’ ਪੁਸਤਕ ਪੜਚੋਲ - ਉਜਾਗਰ ਸਿੰਘ

ਭਾਈ ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ’ ਇਕ ਅਮੋਲਕ ਖ਼ਜਾਨਾ ਹੈ। ਇਹ ਪੁਸਤਕ ਇਕ ਅਣਥੱਕ ਸਿੱਖ ਇਤਿਹਾਸ ਦੇ ਖੋਜੀ ਵਿਦਿਆਰਥੀ ਭਾਈ ਧੰਨਾ ਸਿੰਘ ਚਹਿਲ ਦੀ ਸਿੱਖ ਸੰਗਤ ਲਈ ਵਿਲੱਖਣ ਦੇਣ ਹੈ। ਭਾਈ ਚੇਤਨ ਸਿੰਘ ਨੇ ਬੇਸ਼ਕੀਮਤੀ ਖ਼ਜਾਨਾ ਲੱਭ ਕੇ ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਹੈ। ਸਿੱਖ ਇਤਿਹਾਸ ਦੇ ਵਿਦਵਾਨ ਇਤਿਹਾਸਕਾਰ ਅਨੇਕ ਅਣਗੌਲੇ ਧਾਰਮਿਕ ਗੁਰਮੁੱਖ ਵਿਅਕਤੀਆਂ ਦੀਆਂ ਕੁਰਬਾਨੀਆਂ ਨੂੰ ਅਣਡਿਠ ਕਰਦੇ ਆ ਰਹੇ ਹਨ। ਖਾਸ ਤੌਰ ‘ਤੇ ਵੱਡੇ ਵਿਅਕਤੀਆਂ ਬਾਰੇ ਤਾਂ ਭਾਵੇਂ ਲਿਖਿਆ ਹੋਵੇ ਪਰੰਤੂ ਸੱਚੇ ਗੁਰਸਿੱਖ ਸ਼ਰਧਾਲੂਆਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂ ਦੇ ਲੇਖੇ ਲਾ ਦਿੱਤੀ ਹੋਵੇ। ਉਨ੍ਹਾਂ ਵਿੱਚ ਭਾਈ ਧੰਨਾ ਸਿੰਘ ਚਹਿਲ ਵੀ ਸ਼ਾਮਲ ਹੈ, ਜਿਹੜੇ 1930 ਤੋਂ 1934 ਤੱਕ 4 ਸਾਲ ਲਗਾਤਰ ਸਾਈਕਲ ‘ਤੇ ਸਵਾਰ ਹੋ ਕੇ ਸਿਦਕ ਦਿਲੀ ਨਾਲ ਭੁੱਖਣ ਭਾਣਾ 20,000 ਮੀਲ ਦੀ ਯਾਤਰਾ ਕਰਕੇ ਗੁਰ-ਅਸਥਾਨਾ ਬਾਰੇ ਜਾਣਕਾਰੀ ਇਕੱਠੀ ਕਰਦਾ ਰਿਹਾ। ਗੁਰ-ਅਸਥਾਨਾ ਦੀਆਂ ਤਸਵੀਰਾਂ ਖਿਚ ਕੇ ਸੰਭਾਲਦਾ ਗਿਆ ਤਾਂ ਜੋ ਅਣਗੌਲੇ ਗੁਰ-ਅਸਥਾਨਾ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਜਾ ਸਕੇ। ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਰਕੇ ਉਹ ਇਕ ਅਚਾਨਕ ਹੋਈ ਘਟਨਾ ਨਾਲ ਸਵਰਗ ਸਿਧਾਰ ਗਏ। ਪਰੰਤੂ ਇਨ੍ਹਾਂ ਚਾਰ ਸਾਲਾਂ ਵਿੱਚ ਜਿਹੜਾ ਕੰਮ ਭਾਈ ਧੰਨਾ ਸਿੰਘ ਨੇ ਕੀਤਾ ਹੈ, ਇਤਨਾ ਕੰਮ ਕੋਈ ਸੰਸਥਾ ਵੀ ਨਹੀਂ ਕਰ ਸਕਦੀ। ਭਾਈ ਧੰਨਾ ਸਿੰਘ ਚਹਿਲ ਲਗਨ ਅਤੇ ਦਿਲਚਸਪੀ ਨਾਲ ਕੰਮ ਕਰਦੇ ਰਹੇ। ਉਨ੍ਹਾਂ ਦੇ ਮਨ ਵਿੱਚ ਗੁਰੂ ਦਾ ਪਿਆਰ ਅਜਿਹਾ ਪੈਦਾ ਹੋਇਆ, ਜਿਸਨੇ ਉਸਨੂੰ ਹਿੰਮਤ, ਦਲੇਰੀ ਅਤੇ ਸਮੱਤ ਬਖ਼ਸ਼ੀ, ਜਿਸ ਕਰਕੇ ਉਹ ਲਗਾਤਾਰ ਅਨੇਕਾਂ ਮੁਸੀਬਤਾਂ ਦੇ ਹੁੰਦਿਆਂ ਵੀ ਗੁਰੂ ਘਰਾਂ ਦੀ ਯਾਤਰਾ ਕਰਦਾ ਰਿਹਾ। ਉਹ ਮਹਾਰਾਜਾ ਪਟਿਆਲਾ ਦੀ ਵਰਕਸ਼ਾਪ ਵਿੱਚ  ਡਰਾਈਵਰ ਸੀ ਪਰੰਤੂ ਨੌਕਰੀ ਤੋਂ ਅਸਤੀਫ਼ਾ ਦੇ ਕੇ ਬੇਸ਼ਕੀਮਤੀ ਜਾਣਕਾਰੀ ਇਕੱਤਰ ਕਰਨ ਵਿੱਚ ਜੁੱਟ ਗਿਆ। ਹਰ ਇਤਿਹਾਸਿਕ ਗੁਰੂ ਘਰ ਬਾਰੇ ਆਪਣੀ ਡਾਇਰੀ ਵਿੱਚ ਲਿਖਦਾ ਰਿਹਾ। 25 ਰੁਪਏ ਲੈ ਕੇ ਪਟਿਆਲਾ ਤੋਂ ਯਾਤਰਾ ਸ਼ੁਰੂ ਕੀਤੀ ਸੀ। ਗੁਰਸਿੱਖਾਂ ਦੀ ਮਦਦ ਨਾਲ ਕੈਮਰਾ ਖ਼ਰੀਦਿਆ ਅਤੇ ਕੁਲ 900 ਰੁਪਏ ਵਿੱਚ ਸਮੁੱਚੇ ਭਾਰਤ ਦੇ 29 ਵਿੱਚੋਂ 20 ਸੂਬਿਆਂ ਦੇ ਗੁਰੂ ਘਰਾਂ ਦੀ ਯਾਤਰਾ ਕੀਤੀ। ਉਸ ਸਮੇਂ ਭਾਰਤ ਦੇ 29 ਸੂਬੇ ਹੀ ਸਨ। ਇਹ ਰਾਸ਼ੀ ਵੀ ਗੁਰੂ ਘਰ ਦੇ ਸ਼ਰਧਾਲੂਆਂ ਨੇ ਹੀ ਉਸ ਨੂੰ ਦਿੱਤੀ ਸੀ। ਕਈ ਵਾਰ ਰਸਤੇ ਵਿੱਚ ਅਸੁਰੱਖਿਅਤ ਥਾਵਾਂ ‘ਤੇ ਭੁੱਖਣ ਭਾਣਾ ਹੀ ਸੌਣਾ ਪੈਂਦਾ ਸੀ। ਜੰਗਲਾਂ ਵਿੱਚ ਜੰਗਲੀ ਜਾਨਵਰਾਂ ਤੋਂ ਡਰਦਿਆਂ ਦਰਖਤਾਂ ‘ਤੇ ਚੜ੍ਹਕੇ ਰਾਤ ਕੱਟਣੀ ਪੈਂਦੀ, ਕਈ ਵਾਰੀ ਸਰਾਵਾਂ ਵਿੱਚ ਠਹਿਰਨ ਲਈ ਪੈਸੇ ਵੀ ਨਹੀਂ ਹੁੰਦੇ ਸਨ। ਇਕ ਵਾਰ ਨਦੀ ਪਾਰ ਕਰਦਾ ਡੁੱਬਣ ਵੀ ਲੱਗਿਆ ਸੀ। ਸਾਰੀ ਯਾਤਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਮੁਕੰਮਲ ਕੀਤੀ। ਹੈਰਾਨੀ ਦੀ ਗੱਲ ਹੈ, ਉਸਨੇ ਉਸ ਹਰ ਦਾਨੀ ਦਾ ਨਾਂ ਆਪਣੀਆਂ ਡਾਇਰੀਆਂ ਵਿੱਚ ਲਿਖਿਆ ਸੀ, ਜਿਸ ਨੇ ਉਸਦੀ ਮਦਦ ਕੀਤੀ। ਇਨ੍ਹਾਂ 4 ਸਾਲਾਂ ਵਿੱਚ ਉਹ ਟਿਕ ਕੇ ਨਹੀਂ ਬੈਠਿਆ। ਸਾਈਕਲ ਦੀ ਮੁਰੰਮਤ ਦਾ ਸਾਰਾ ਸਾਮਾਨ ਅਤੇ ਬੀਮਾਰੀ ਨਾਲ ਸੰਬੰਧਤ ਦਵਾਈਆਂ ਵੀ ਆਪਣੇ ਨਾਲ ਰੱਖਦਾ ਸੀ। ਉਹ ਵਿਆਹਿਆ ਹੋਇਆ ਨਹੀਂ ਸੀ। ਹਰ ਰੋਜ਼ ਕਿਤਨੇ ਮੀਲ ਸਫਰ ਕੀਤਾ, ਕਿਥੇ ਠਹਿਰੇ ਅਤੇ ਕਿਸਨੂੰ ਮਿਲੇ, ਡਾਇਰੀ ਵਿੱਚ ਲਿਖਦੇ ਸੀ। ਉਨ੍ਹਾਂ ਦੀ ਇਕ ਹੋਰ ਕਮਾਲ ਦੀ ਗੱਲ ਸੀ ਕਿ ਉਹ ਤੁਲਨਾਤਮਿਕ ਖੋਜ ਕਰਦੇ ਸਨ। ਸੁਣੀ ਸੁਣਾਈ ਗੱਲ ‘ਤੇ ਵਿਸ਼ਵਾਸ਼ ਨਹੀਂ ਕਰਦੇ ਸਨ। ਜੇਕਰ ਕਿਸੇ ਗੁਰੂ ਘਰ ਬਾਰੇ ਜਾਣਕਾਰੀ ‘ਤੇ ਉਸ ਨੂੰ ਸ਼ੱਕ ਹੁੰਦਾ ਤਾਂ ਉਹ ਇਤਿਹਾਸ ਦੀਆਂ ਪੁਸਤਕਾਂ ਪੜ੍ਹਕੇ, ਉਨ੍ਹਾਂ ਤੋਂ ਕਨਫਰਮ ਕਰਦੇ ਸਨ। ਉਸਨੇ 3259 ਪੰਨਿਆਂ ਦੀਆਂ 8 ਡਾਇਰੀਆਂ ਲਿਖੀਆਂ। ਜਦੋਂ ਕੋਈ ਯਾਤਰਾ ਪੂਰੀ ਕਰਕੇ ਆਉਂਦਾ ਸੀ ਤਾਂ ਉਹ ਡਾਇਰੀ ਅਤੇ ਤਸਵੀਰਾਂ ਦੇ ਪਿ੍ਰੰਟ ਕਢਵਾ ਕੇ ਭਾਈ ਗੁਰਬਖ਼ਸ਼ ਸਿੰਘ ਦੇ ਘਰ ਪਟਿਆਲਾ ਰੱਖ ਜਾਂਦਾ ਸੀ। ਪਹਿਲੀ ਯਾਤਰਾ ਦੀ ਡਾਇਰੀ 11 ਮਾਰਚ 1930 ਤੋਂ 4 ਜੂਨ 1931 ਦੌਰਾਨ , ਦੂਜੀ  5 ਜੂਨ ਤੋਂ 10 ਸਤੰਬਰ ਤੱਕ, ਤੀਜੀ 11 ਸਤੰਬਰ ਤੋਂ 6 ਨਵੰਬਰ, ਚੌਥੀ 7 ਨਵੰਬਰ 1931 ਤੋਂ ਮਾਰਚ 1932, ਪੰਜਵੀਂ 23 ਮਾਰਚ 1932 ਤੋਂ 4 ਜੁਲਾਈ ਤੱਕ, ਛੇਵੀਂ 5 ਜੁਲਾਈ ਤੋਂ 25 ਦਸੰਬਰ 1932 ਤੱਕ, ਸੱਤਵੀਂ 28 ਮਾਰਚ 1933 ਤੋਂ 13 ਜਨਵਰੀ 1934 ਤੱਕ ਅਤੇ ਅੱਠਵੀਂ ਆਖ਼ਰੀ ਯਾਤਰਾ ਪਹਾੜੀ ਇਲਾਕੇ ਦੀ ਹੋਣ ਕਰਕੇ ਪੈਦਲ 5 ਮਈ 1934 ਤੋਂ 26 ਜੂਨ 1934 ਤੱਕ ਕੀਤੀ ਸੀ। ਇਨ੍ਹਾਂ ਯਾਤਰਾਵਾਂ ਦੌਰਾਨ ਹਰ ਗੁਰੂ ਘਰ ਬਾਰੇ ਜਾਣਕਾਰੀ ਲਿਖੀ ਗਈ ਹੈ। ਇਹ ਜਾਣਕਾਰੀ ਅਤੇ ਤਸਵੀਰਾਂ ਲੈਣ ਸਮੇਂ ਕਈ ਥਾਵਾਂ ਤੇ ਪ੍ਰਬੰਧਕਾਂ ਅਤੇ ਲੋਕਾਂ ਨੇ ਝਗੜੇ ਵੀ ਕੀਤੇ। ਕਈ ਵਾਰ ਥਾਣੇ ਜਾਣਾ ਪਿਆ। ਕਈ ਗੁਰੂ ਘਰਾਂ ਵਿੱਚ ਪਈਆਂ ਪੁਰਾਤਨ ਬੀੜਾਂ ਦਾ ਵੀ, ਉਨ੍ਹਾਂ ਜ਼ਿਕਰ ਕੀਤਾ ਅਤੇ ਉਨ੍ਹਾਂ ਗੁਰੂ ਘਰਾਂ ਦੇ ਨਾਮ ਵੀ ਲਿਖੇ ਹਨ।  ਉਨ੍ਹਾਂ ਨੇ ਅੰਦਾਜ਼ਨ 1600 ਗੁਰੂ ਘਰਾਂ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਕਲਮਬੱਧ ਕੀਤੀ। ਉਸ ਦੀਆਂ ਡਾਇਰੀਆਂ ਲੱਭਣ ਅਤੇ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਭਾਈ ਚੇਤਨ ਸਿੰਘ ਨੇ ਨਿਭਾਈ ਅਤੇ ਇਨ੍ਹਾਂ ਸਾਰੀਆਂ ਡਾਇਰੀਆਂ ਨੂੰ ਸੰਪਾਦਿਤ ਕਰਕੇ ਪੁਸਤਕ ਦਾ ਰੂਪ ਦਿੱਤਾ। ਸੰਪਾਦਕ ਦਾ ਕੰਮ ਬਹੁਤ ਔਖਾ ਸੀ ਪਰੰਤੂ ਚੇਤਨ ਸਿੰਘ ਦੀ ਦਿ੍ਰੜ੍ਹਤਾ ਨੇ ਸਾਰਾ ਕਾਰਜ ਨੇਪਰੇ ਚਾੜ੍ਹਿਆ। ਗੁਰਬਖ਼ਸ ਸਿੰਘ ਦੇ ਸਪੁੱਤਰ ਜਬਰਜੰਗ ਸਿੰਘ ਦੀ ਦਾਦ ਦੇਣੀ ਬਣਦੀ ਹੈ, ਜਿਨ੍ਹਾਂ 80 ਸਾਲ ਇਹ ਡਾਇਰੀਆਂ ਅਤੇ ਤਸਵੀਰਾਂ ਸਾਂਭ ਕੇ ਰੱਖੀਆਂ। ਹੁਣ ਤੱਕ ਜਿਤਨਾ ਕੁਝ ਮੈਂ ਪੜ੍ਹਿਆ ਹੈ,  ਅੱਜ ਤੱਕ ਕਿਸੇ ਵੀ ਖੋਜੀ ਨੇ 1600 ਗੁਰੂ ਘਰਾਂ ਦੇ ਨਾ ਤਾਂ ਦਰਸ਼ਨ ਕੀਤੇ ਹਨ ਅਤੇ ਨਾ ਹੀ ਜਾਣਕਾਰੀ ਇਕ ਪੁਸਤਕ ਵਿੱਚ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇਕ ਫੋਟੋਗ੍ਰਾਫਰ, ਪੱਤਰਕਾਰ, ਸਾਹਿਤਕਾਰ, ਮਕੈਨਿਕ ਅਤੇ ਇਤਿਹਾਸਕਾਰ ਸੀ। ਹਰ ਤਸਵੀਰ ਦੇ ਪਿਛੇ ਗੁਰੂ ਘਰ, ਸਥਾਨ, ਜਿਲ੍ਹਾ ਅਤੇ ਸੂਬੇ ਦਾ ਨਾਮ ਲਿਖਿਆ ਹੋਇਆ ਸੀ। ਪੁਸਤਕ ਵਿੱਚ ਜਿਸ ਤਾਰੀਖ ਨੂੰ ਪਹਿਲੀ ਯਾਤਰਾ ਸ਼ੁਰੂ ਕੀਤੀ ਹੈ ਤੋਂ ਅਖ਼ੀਰਲੀ ਯਾਤਰਾ ਤੱਕ ਹਰ ਰੋਜ ਜਿਹੜੇ ਗੁਰੂ ਘਰਾਂ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਦੀ ਸੂਚੀ ਅਤੇ ਸਫਲ ਮੀਲਾਂ ਵਿੱਚ ਲਿਖਿਆ ਹੋਇਆ ਹੈ। ਭਾਵ 1600 ਗੁਰੂ ਘਰਾਂ ਦੀ ਸੂਚੀ ਦਰਜ ਕੀਤੀ ਹੈ। ਹਰ ਰੋਜ ਵਾਪਰਨ ਵਾਲੀ ਹਰ ਘਟਨਾ ਵੀ ਦਰਜ ਕੀਤੀ ਹੈ। ਪੁਸਤਕ ਦੇ ਅਖ਼ੀਰ ਵਿੱਚ ਵੀ ਸਾਰੇ ਦਾਨੀ ਸੱਜਣਾ ਦੀ ਸੂਚੀ ਲਿਖੀ ਗਈ ਹੈ। ਇਹ ਸੂਚੀ ਸਥਾਨ ਮੁਤੱਲਕ ਹੈ। ਭਾਵ ਇਕ ਸਥਾਨ ‘ਤੇ ਜਿਤਨੇ ਦਾਨੀਆਂ ਨੇ ਮਦਦ ਕੀਤੀ ਹੈ, ਮਦਦ ਵਿੱਚ ਕਿਤਨੀ ਰਕਮ ਜਾਂ ਕੋਈ ਵਸਤੂ ਆਦਿ ਵੀ ਦਰਜ ਹਨ। ਸਾਰੇ ਗੁਰੂ ਘਰਾਂ ਦੀਆਂ ਤਸਵੀਰਾਂ ਨਹੀਂ ਲਗਾਈਆਂ ਗਈਆਂ ਕਿਉਂਕਿ ਕਈ ਗੁਰੂ ਘਰਾਂ ਦੀਆਂ ਇਮਾਰਤਾਂ ਚੰਗੀਆਂ ਨਹੀਂ ਸਨ। ਭਾਈ ਧੰਨਾ ਸਿੰਘ ਚਹਿਲ ਵੱਲੋਂ ਭਾਈ ਗੁਰਬਖ਼ਸ਼ ਸਿੰਘ ਨੂੰ ਲਿਖੀਆਂ ਗਈਆਂ ਚਿੱਠੀਆਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਕਈ ਤਸਵੀਰਾਂ ਦੇ ਨੈਗੇਟਿਵ ਵੀ ਮਿਲੇ ਸਨ।
ਭਾਈ ਧੰਨਾ ਸਿੰਘ ਦਾ ਜਨਮ 1905 ਵਿੱਚ ਹੋਇਆ ਸੀ। 3 ਮਾਰਚ 1935 ਨੂੰ 30 ਸਾਲਾਂ ਦੀ ਉਮਰ ਵਿੱਚ ਕਸ਼ਮੀਰ ਵਿੱਚ ਯਾਤਰਾ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ, ਫਿਰ ਉਨ੍ਹਾਂ ਨੂੰ ਮਹਾਰਾਜਾ ਪਟਿਆਲਾ ਦੇ ਯਤੀਮਖਾਨੇ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਦਾ ਨਾਮ ਲਾਲ ਸਿੰਘ ਸੀ ਪਰੰਤੂ ਅੰਮਿ੍ਰਤ ਪਾਨ ਕਰਨ ਤੋਂ ਬਾਅਦ ਧੰਨਾ ਸਿੰਘ ਰੱਖਿਆ ਗਿਆ ਸੀ।
940 ਪੰਨਿਆਂ, ਰੰਗਦਾਰ ਤਸਵੀਰਾਂ ਅਤੇ 2000 ਰੁਪਏ ਭੇਟਾ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਾਲ ਬਤਾਨੀਆਂ ਨੇ ਪ੍ਰਕਾਸ਼ਤ ਕੀਤੀ ਹੈ।
 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
   ਮੋਬਾਈਲ-94178 13072
   ujagarsingh48@yahoo.com