ਪੰਥ ਨੇ ਸ਼ਤਾਬਦੀਆਂ ਤਾਂ ਮੰਨਾਈਆਂ ਹਨ, ਪ੍ਰੰਤੂ...! - ਜਸਵੰਤ ਸਿੰਘ 'ਅਜੀਤ'
ਸਿੱਖ ਜਗਤ ਨੇ ਬੀਤੇ ਲਗਪਗ ਪੰਜਾਹ ਵਰ੍ਹਿਆਂ ਵਿਚ, ਅਰਥਾਤ 1969 ਤੋਂ ਹੁਣ ਤਕ, ਸਿਖ ਇਤਿਹਾਸ ਨਾਲ ਸੰਬੰਧਤ ਕਈ ਸ਼ਤਾਬਦੀਆਂ ਮੰਨਾਈਆਂ ਹਨ, ਹੁਣ ਤਾਂ ਅਰਧ-ਸ਼ਤਾਬਦੀਆਂ ਮਨਾੰਉਣ ਵਲ ਵੀ ਰੁਝਾਨ ਵਧਣ ਲਗ ਪਿਆ ਹੈ। ਇਸੇ ਰੁਝਾਨ ਦੇ ਤਹਿਤ ਹੀ ਅਗਲੇ ਵਰ੍ਹੇ ਅਰਥਾਤ 2019 ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹੋਈਆਂ ਹਨ। ਇਤਨਾ ਹੀ ਨਹੀਂ ਇਨ੍ਹਾਂ ਤੋਂ ਬਿਨਾਂ ਹਰ ਵਰ੍ਹੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਕਈ ਪੁਰਬ ਵੀ ਲਗਾਤਾਰ ਮਨਾਏ ਜਾਂਦੇ ਚਲੇ ਆ ਰਹੇ ਹਨ। ਸ਼ਤਾਬਦੀਆਂ ਮੰਨਾਉਂਦਿਆਂ ਹੋਇਆਂ ਦੇਸ਼-ਵਿਦੇਸ਼ ਵਿਚ ਅਨੇਕਾਂ ਸਮਾਗਮ ਕੀਤੇ ਗਏ, ਚੇਤਨਾ ਅਤੇ ਖਾਲਸਾ ਮਾਰਚਾਂ ਦਾ ਆਯੋਜਨ ਵੀ ਕੀਤਾ ਗਿਆ, ਸੈਮੀਨਾਰ ਵੀ ਹੋਏ ਅਤੇ ਵਡੇ ਪੈਮਾਨੇ ਤੇ ਸਾਹਿਤ ਵੀ ਪ੍ਰਕਾਸ਼ਤ ਕਰ ਕੇ ਵੰਡਿਆ ਗਿਆ। ਇਨ੍ਹਾਂ ਕਾਰਜਾਂ ਪੁਰ ਕੌਮ ਦੇ ਕਰੋੜਾਂ ਹੀ ਨਹੀਂ ਅਰਬਾਂ ਰੁਪਏ ਖਰਚ ਹੋਏ। ਸਿੱਖ ਜਗਤ ਵਲੋਂ, ਜੋ ਪੁਰਬ ਮੰਨਾਏ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਨੂੰ ਮੰਨਾਉਣ ਲਈ ਵੀ ਦੇਸ਼ ਵਿਚਲੀਆਂ ਲਗਭਗ ਸਾਰੀਆਂ ਹੀ ਛੋਟੀਆਂ-ਵੱਡੀਆਂ ਸਿੱਖ ਜਥੇਬੰਦੀਆਂ ਵਲੋਂ ਆਪੋ-ਆਪਣੀ ਸਮਰਥਾ ਅਨੁਸਾਰ ਛੋਟੇ-ਵਡੇ ਪੈਮਾਨੇ ਤੇ ਦੀਵਾਨ ਸਜਾਏ ਜਾਂਦੇ ਹਨ, ਕਥਾ-ਕੀਰਤਨ ਦਾ ਪ੍ਰਵਾਹ ਚਲਾਇਆ ਜਾਂਦਾ ਹੈ, ਕਵੀ ਦਰਬਾਰ ਵੀ ਹੁੰਦੇ ਹਨ ਅਤੇ ਪੰਥਕ ਆਗੂ, ਧਾਰਮਕ ਵਿਦਵਾਨ ਤੇ ਬੁਧੀਜੀਵੀ ਆਪਣੇ ਭਾਸ਼ਣਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ, ਸੰਗਤਾਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚਲਣ ਦੀ ਪ੍ਰੇਰਨਾ ਵੀ ਕਰਦੇ ਹਨ। ਕਈ ਥਾਂਵਾਂ ਤੇ ਨਗਰ-ਕੀਰਤਨ ਤੇ ਅੰਮ੍ਰਿਤ ਸੰਚਾਰ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਇਲਾਕੇ, ਪ੍ਰਦੇਸ਼ ਜਾਂ ਕੇਂਦਰ ਦੇ ਰਾਜਸੀ ਆਗੂਆਂ ਨੂੰ ਬੁਲਾ, ਉਨ੍ਹਾਂ ਦਾ ਗੁਣਗਾਨ ਕਰਨ ਦੇ ਨਾਲ ਹੀ, ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਸ਼ ਕਰਕੇ ਸਨਮਾਨਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਿਰਪਾਨਾਂ, ਧਾਰਮਕ ਚਿੰਨ੍ਹ ਤੇ ਸਿੱਖ ਧਰਮ ਤੇ ਇਤਿਹਾਸ ਨਾਲ ਸੰਬੰਧਤ ਸਾਹਿਤ ਦੀਆਂ ਅਜਿਹੀਆਂ ਮੋਟੀਆਂ-ਮੋਟੀਆਂ ਪੁਸਤਕਾਂ ਵੀ ਭੇਂਟ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਜਾਂ ਸੰਭਾਲਣ ਦਾ ਸਮਾਂ ਸ਼ਾਇਦ ਹੀ ਉਨ੍ਹਾਂ ਵਿਚੋਂ ਕਿਸੇ ਪਾਸ ਹੁੰਦਾ ਹੋਵੇ।
ਆਪਣੇ ਇਸ ਸਨਮਾਨ-ਸਤਿਕਾਰ ਦੇ ਜਵਾਬ ਵਿਚ ਉਨ੍ਹਾਂ ਰਾਜਸੀ ਵਿਅਕਤੀਆਂ ਵਲੋਂ ਸਿੱਖਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਂਦੇ ਅਤੇ ਸਿੱਖਾਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਤੇ ਸੇਵਾਵਾਂ ਦੀ ਰਸਮੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਜੈਕਾਰੇ ਲਗਵਾਏ ਜਾਂਦੇ ਹਨ। ਪਤਾ ਨਹੀਂ ਉਨ੍ਹਾਂ ਵਿਚੋਂ ਕਿਸੇ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਤੇ ਸੇਵਾਵਾਂ ਬਾਰੇ ਜਾਣਕਾਰੀ ਹੁੰਦੀ ਵੀ ਹੈ ਜਾਂ ਨਹੀਂ। ਇਹ ਸਭ-ਕੁਝ ਹੋ ਜਾਣ ਤੋਂ ਬਾਅਦ ਇਹ ਆਖ, ਆਪਣੇ-ਆਪ ਨੂੰ ਸੰਤੁਸ਼ਟ ਕਰ ਲਿਆ ਜਾਂਦਾ ਹੈ ਕਿ ਸ਼ੁਕਰ ਹੈ ਕਿ ਇਤਨਾ ਵਡਾ ਕਾਰਜ 'ਨਿਰਵਿਘਨ' ਸਿਰੇ ਚੜ੍ਹ ਗਿਆ ਹੈ। ਇਹ ਸਭ-ਕੁਝ ਦਹਾਕਿਆਂ ਤੋਂ ਹੁੰਦਾ ਚਲਿਆ ਆ ਰਿਹਾ ਹੈ। ਹੁਣ ਫਿਰ ਅਸੀਂ ਅਗਲੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਮ ਮੰਨਾਉਣ ਜਾ ਰਹੇ ਹਾਂ। ਇਸ ਮੌਕੇ ਤੇ ਵੀ ਪਹਿਲਾਂ ਵਾਂਗ ਹੀ ਮਾਰਚਾਂ ਦਾ ਆਯੋਜਨ ਕੀਤਾ ਜਾਇਗਾ ਧਾਰਮਕ ਦੀਵਾਨ ਸਜਾਏ ਜਾਣਗੇ, ਗੁਰੂ ਸਾਹਿਬ ਦੇ ਜੀਵਨ-ਕਰਜਾਂ ਦੀ ਚਰਚਾ ਕਰਦਿਆਂ ਸਟੇਜ ਪੁਰ ਲੰਮੇਂ-ਲੰਮੇਂ ਭਾਸ਼ਣ ਦਿਤੇ ਜਾਣਗੇ। ਸੈਮੀਨਾਰ ਵੀ ਹੋਣਗੇ ਅਤੇ ਸਾਹਿਤ ਵੀ ਪ੍ਰਕਾਸ਼ਤ ਕੀਤਾ ਜਾਇਗਾ। ਇਸਤਰ੍ਹਾਂ ਪੂਰਾਣੀ ਸਮੁਚੀ ਰੀਤੀ ਤੇ ਨੀਤੀ ਹੀ ਨਿਭਾਈ ਜਾਇਗੀ।
ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਇਸ ਲੰਮੇ ਸਮੇਂ ਦੌਰਾਨ ਕਦੀ ਵੀ ਕਿਸੇ ਪੰਥਕ ਸੰਸਥਾ ਜਾਂ ਕੰਿਹੰਦੇ-ਕਹਾਉੇਂਦੇ ਪੰਥਕ ਆਗੂਆਂ ਵਿਚੋਂ ਕਿਸੇ ਨੇ ਇਸ ਬਾਰੇ ਸੋਚਣ ਅਤੇ ਸਮਝਣ ਦੀ ਲੋੜ ਸਮਝੀ ਕਿ ਇਸਤਰ੍ਹਾਂ ਹਰ ਸਾਲ ਪੁਰਬ ਅਤੇ ਸ਼ਤਾਬਦੀਆਂ ਮੰਨਾਉਂਦਿਆਂ ਕੌਮ ਦੇ ਕਰੋੜਾਂ ਰੁਪਏ ਖਰਚ ਕਰਕੇ ਉਹ ਉਸਨੂੰ ਕੀ ਪ੍ਰਾਪਤੀਆਂ ਕਰਕੇ ਦੇ ਰਹੇ ਹਨ? ਕੀ ਗੁਰੂ ਸਾਹਿਬ ਦੇ ਜੀਵਨ-ਉਪਦੇਸ਼ਾਂ ਤੋਂ ਉਨ੍ਹਾਂ ਆਪ ਕੋਈ ਸੇਧ ਲਈ ਹੈ, ਜਾਂ ਉਨ੍ਹਾਂ ਗੁਰੂ ਸਾਹਿਬ ਦੇ ਸਰਬ-ਸਾਂਝੀਵਾਲਤਾ, ਸਰਬ-ਕਲਿਆਣਤਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਆਮ ਲੋਕਾਂ ਤਕ ਪਹੁੰਚਾਣ ਦਾ ਕੋਈ ਸਾਰਥਕ ਉਪਰਾਲਾ ਕੀਤਾ ਹੈ ਜਾਂ ਕਰ ਰਹੇ ਹਨ, ਜਾਂ ਫਿਰ ਪੁਰਬ ਤੇ ਸ਼ਤਾਬਦੀਆਂ ਮੰਨਾ, ਕੇਵਲ ਰਸਮ-ਅਦਾਇਗੀ ਹੀ ਕੀਤੀ ਜਾ ਰਹੀ ਹੈ? ਸ਼ਾਇਦ ਹੀ ਕਿਸੇ 'ਪੰਥ ਸੇਵਕ' ਜਾਂ 'ਪੰਥ ਦਰਦੀ' ਜਾਂ ਸਿੱਖੀ ਨੂੰ ਲਗ ਰਹੀ ਢਾਹ ਪੁਰ ਅਥਰੂ ਵਹਾਣ ਵਾਲੇ ਕਿਸੇ 'ਧਰਮੀ ਆਗੂ' ਨੇ ਇਸ ਬਾਰੇ ਕਦੀ ਸੋਚਣ ਤੇ ਸਮਝਣ ਦੀ ਲੋੜ ਮਹਿਸੂਸ ਕੀਤੀ ਹੋਵੇ? ਸਿੱਖਾਂ ਦੀਆਂ ਕਈ ਧਾਰਮਕ, ਵਿਦਿਅਕ ਤੇ ਸਮਾਜਕ ਸੰਸਥਾਵਾਂ ਅਜਿਹੀਆਂ ਹਨ, ਜੋ ਸਮੇਂ-ਸਮੇਂ ਦੇਸ਼, ਸਮਾਜ, ਕੌਮ ਆਦਿ ਨਾਲ ਸੰਬੰਧਿਤ ਵਿਸ਼ਿਆਂ ਤੇ ਸੈਮੀਨਾਰਾਂ ਦਾ ਆਯੋਜਨ ਕਰਦੀਆਂ ਰਹਿੰਦੀਆਂ ਹਨ, ਪ੍ਰੰਤੂ ਇਨ੍ਹਾਂ ਵਿਚੋਂ ਕਿਸੇ ਨੇ ਵੀ ਅਜਤਕ ਕੋਈ ਅਜਿਹਾ ਸੈਮੀਨਾਰ ਆਯੋਜਿਤ ਕਰਨ ਬਾਰੇ ਨਾ ਤਾਂ ਕੋਈ ਅਜਿਹਾ ਸੈਮੀਨਾਰ ਜਾਂ ਗੋਸ਼ਟੀ ਕਰਵਾਉਣ ਦੀ ਲੋੜ ਨਹੀਂ ਸਮਝੀ ਜਿਸ ਵਿਚ, 'ਬੀਤੇ ਪੰਜਾਹ-ਕੁ ਵਰ੍ਹਿਆਂ ਵਿਚ ਮੰਨਾਈਆਂ ਗਈਆਂ ਸ਼ਤਾਬਦੀਆਂ ਰਾਹੀਂ ਕੀ ਪਾਇਆ ਅਤੇ ਕੀ ਗਵਾਇਆ ਹੈ?' ਵਿਸ਼ੇ ਤੇ ਵਿਚਾਰ ਕੀਤੀ ਜਾ ਸਕੇ।
ਇਸੇ ਅਣਗਹਿਲੀ ਦਾ ਹੀ ਨਤੀਜਾ ਹੈ ਕਿ ਸਿੱਖਾਂ ਦੇ ਵੱਡੇ-ਵੱਡੇ ਧਾਰਮਕ ਸਮਾਗਮ ਮੇਲੇ ਬਣ ਕੇ ਰਹਿ ਗਏ ਹੋਏ ਹਨ। ਜੇ ਸਮਾਂ ਰਹਿੰਦਿਆਂ ਅਜੇ ਵੀ ਨਾ ਚੇਤੇ ਤਾਂ ਅਗੋਂ ਵੀ ਗੁਰਪੁਰਬਾਂ ਅਤੇ ਸ਼ਤਾਬਦੀਆਂ- ਅਰਧ ਸ਼ਤਾਬਦੀਆਂ ਨਾਲ ਸੰਬੰਧਤ ਸਮਾਗਮ ਮੇਲੇ ਹੀ ਬਣਦੇ ਰਹਿਣਗੇ। ਹਰ ਕੋਈ ਜਾਣਦਾ ਹੈ ਕਿ ਪੰਡਾਲ ਵਿਚ ਕਥਾ-ਕੀਰਤਨ ਸ੍ਰਵਣ ਕਰਨ ਲਈ ਜੁੜੀਆਂ ਸੰਗਤਾਂ ਨਾਲੋਂ ਕਿਤੇ ਵਧ 'ਸੰਗਤਾਂ' ਪੰਡਾਲ ਤੋਂ ਬਾਹਰ ਲਗੇ ਖਾਣੇ ਦੇ ਵੱਖ-ਵੱਖ ਸਟਾਲਾਂ ਤੇ ਚਟਕਾਰੇ ਲੈਂਦੀਆਂ ਵਿਖਾਈ ਦਿੰਦੀਆਂ ਹਨ। ਸੱਚਾਈ ਤਾਂ ਇਹ ਵੀ ਹੈ ਕਿ ਆਸਾ ਦੀ ਵਾਰ ਤੋਂ ਰਹਿਰਾਸ ਸਾਹਿਬ ਦੇ ਪਾਠ ਤਕ ਦੇ ਸਮੇਂ ਦੌਰਾਨ, ਪੰਡਾਲ ਵਿਚ ਬੈਠੀਆਂ 'ਸੰਗਤਾਂ' ਵਿਚੋਂ ਵੀ ਕੁਝ ਹੀ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮਨ ਕਥਾ-ਕੀਰਤਨ ਵਿਚ ਜੁੜਿਆ ਹੁੰਦਾ ਹੈ, ਵਧੇਰੇ ਤਾਂ ਆਪੋ-ਵਿਚ ਗਲਾਂ ਕਰਦੀਆਂ ਤੇ ਇਕ-ਦੂਜੇ ਨਾਲ ਦੁਖ-ਸੁਖ ਫਰੋਲਦੀਆਂ ਜਾਂ ਫਿਰ ਆਉਣ-ਜਾਣ ਵਾਲਿਆਂ ਵਿਚੋਂ ਆਪਣੇ ਰਿਸ਼ਤੇਦਾਰਾਂ ਜਾਂ ਜਾਣ-ਪਹਿਚਾਣ ਵਾਲਿਆਂ ਦੇ ਚੇਹਰੇ ਪਛਾਨਣ ਦੀ ਕੋਸ਼ਿਸ਼ ਕਰਦੀਆਂ ਹੀ ਨਜ਼ਰ ਆਉਂਦੀਆਂ ਹਨ।
ਸੰਕੀਰਣ ਸੋਚ : ਸ਼ਾਇਦ ਹੀ ਕਦੀ ਕਿਸੇ ਸਿੱਖ ਆਗੂ ਵਲੋਂ ਗੁਰੂ ਸਾਹਿਬਾਂ ਦੇ ਜੀਵਨ-ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਪੜ੍ਹਿਆ, ਫਰੋਲਿਆ ਜਾਂ ਘੋਖਿਆ ਗਿਆ ਹੋਵੇ, ਜਿਨ੍ਹਾਂ ਵਿਚ ਦਰਜ ਹੈ, ਕਿ ਗੁਰੂ ਸਾਹਿਬਾਨ ਸਿੱਖੀ ਦੇ ਪ੍ਰਚਾਰ ਲਈ, ਪੈਦਲ ਤੇ ਕਈ ਵਾਰੀ ਨੰਗੇ ਪੈਰੀਂ ਵੀ ਖਤਰਨਾਕ ਜੰਗਲਾਂ-ਬੇਲਿਆਂ ਵਿਚੋਂ ਦੀ ਹੁੰਦੇ ਹੋਏ ਦੂਰ-ਦਰਾਜ਼ ਤਕ ਦੀਆਂ ਲੰਮੀਆਂ ਅਤੇ ਕਸ਼ਟਦਾਇਕ ਯਾਤ੍ਰਾਵਾਂ ਕਰਿਆ ਕਰਦੇ ਸਨ। ਉਹ ਦੂਜੇ ਧਰਮਾਂ ਦੇ ਤਿਉਹਾਰਾਂ ਦੇ ਮੌਕੇ 'ਤੇ ਉਨ੍ਹਾਂ ਦੇ ਧਰਮ ਅਸਥਾਨਾਂ ਤੇ ਜਾਂਦੇ ਤੇ ਉਨ੍ਹਾਂ ਦੀਆਂ ਪੂਜਾ-ਅਰਚਨਾ ਕਰਨ ਦੀਆਂ ਮਾਨਤਾਵਾਂ ਤੇ ਪਰੰਪਰਾਵਾਂ ਨੂੰ ਗੰਭੀਰਤਾ ਨਾਲ ਵੇਖਦੇ ਤੇ ਸਮਝਦੇ ਸਨ। ਫਿਰ ਉਨ੍ਹਾਂ ਨੂੰ ਹੀ ਆਧਾਰ ਬਣਾ ਕੇ ਉਥੇ ਜੁੜੇ ਲੋਕਾਂ ਨੂੰ ਸਿੱਖੀ ਦੇ ਪੂਜਾ-ਅਰਚਨਾ ਕਰਨ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੰਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਤੇ ਉਨ੍ਹਾਂ ਨੂੰ ਪ੍ਰਭਾਵਤ ਕਰ ਆਪਣੇ ਨਾਲ ਜੋੜਦੇ ਸਨ।
ਅਜ ਦੇ ਸਿੱਖੀ ਪ੍ਰਤੀ ਸਮਰਪਤ ਹੋਣ ਦੇ ਦਾਅਵੇਦਾਰ ਪ੍ਰਚਾਰਕਾਂ ਤੇ ਧਾਰਮਕ ਆਗੂਆਂ ਦਾ ਦੂਜੇ ਧਰਮਾਂ ਦੇ ਅਸਥਾਨਾਂ ਤੇ ਜਾ ਸਿੱਖੀ ਦਾ ਸੰਦੇਸ਼ ਦੇਣਾ ਤਾਂ ਦੂਰ ਰਿਹਾ, ਉਹ ਉਨ੍ਹਾਂ ਮਹਾਂਪੁਰਖਾਂ ਦੇ ਜਨਮ ਦਿਨਾਂ ਜਾਂ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਹੋਣ ਵਾਲੇ ਕਿਸੇ ਸਮਾਗਮ ਵਿਚ ਸ਼ਾਮਲ ਹੋਣਾ ਜਾਂ ਇਨ੍ਹਾਂ ਮੌਕਿਆਂ ਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਨਾਲ ਮਿਲ ਬੈਠਣਾ ਵੀ ਜ਼ਰੂਰੀ ਨਹੀਂ ਸਮਝਦੇ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਦਾ ਸਨਮਾਨ ਦਿਤਾ ਹੋਇਆ ਹੈ।
...ਅਤੇ ਅੰਤ ਵਿੱਚ : ਅਜਕਲ ਸਿੱਖ ਧਰਮ ਦੇ ਵਿਦਵਾਨਾਂ ਤੇ ਬੁਧੀਜੀਵੀਆਂ ਵਲੋਂ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨ ਵਿਚ ਆਪਣੇ ਗਿਆਨ ਦੀ ਵਰਤੋਂ ਕਰਨ ਦੀ ਬਜਾਏ, ਪੂਰਾ ਜ਼ੋਰ ਇਸ ਗਲ ਤੇ ਲਾਇਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਉਹ ਆਪਣੇ ਆਪਨੂੰ ਸਾਰਿਆਂ ਨਾਲੋਂ ਵਧ ਵਿਦਵਾਨ ਅਤੇ ਸਿੱਖ ਧਰਮ ਅਤੇ ਇਤਿਹਾਸ ਦੇ ਖੋਜੀ ਸਾਬਤ ਕਰ ਸਕਣ। ਇਸ ਉਦੇਸ਼ ਲਈ ਉਹ ਪਹਿਲਾਂ ਤੋਂ ਹੀ ਪਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਦੇ ਨਾਂ ਤੇ ਅਜਿਹੇ ਨਵੇਂ ਭਰਮ-ਭੁਲੇਖੇ ਤੇ ਵਿਵਾਦ ਪੈਦਾ ਕਰ ਰਹੇ ਹਨ, ਜਿਨ੍ਹਾਂ ਨਾਲ ਸਮੁਚਾ ਸਿਖ ਜਗਤ ਦੁਬਿਧਾ ਵਿਚ ਪੈਂਦਾ ਜਾ ਰਿਹਾ ਹੈ। ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਪੁਰ ਵਿਸ਼ਵਾਸ ਕਰੇ ਜਾਂ ਬੁਧੀਜੀਵੀਆਂ ਵਲੋਂ ਨਵੀਆਂ ਦਰਸਾਈਆਂ ਜਾ ਰਹੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਪੁਰ। ਇਸੇ ਦੁਬਿਧਾ ਦੇ ਫਲਸਰੂਪ ਉਸਦੇ ਦਿਲ ਵਿਚ ਵਿਸ਼ਵਾਸ ਅਤੇ ਅਵਿਸ਼ਵਾਸ ਵਿਚ ਸੰਘਰਸ਼ ਦੀ ਸਥਿਤੀ ਪੈਦਾ ਹੋ ਰਹੀ ਹੈ। ਇਸੇ ਦੁਬਿਧਾ ਭਰੇ ਸੰਘਰਸ਼ ਵਿਚੋਂ ਉਭਰਨ ਲਈ ਕੁਝ ਤਾਂ ਡੇਰਿਆਂ ਵਲ ਮੂੰਹ ਕਰ ਰਹੇ ਹਨ ਤੇ ਕੁਝ ਸਿੱਖੀ ਵਿਰਸੇ ਨਾਲੋਂ ਟੁਟ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਲਈ ਪ੍ਰੇਰਿਤ ਹੋ ਰਹੇ ਹਨ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
15 Nov. 2018
ਸ੍ਰੀ ਗੁਰੂ ਨਾਨਕ ਦੇਵ : ਇਨਕਲਾਬ ਦੇ ਸਿਰਜਕ - ਜਸਵੰਤ ਸਿੰਘ 'ਅਜੀਤ'
ਆਮ ਤੋਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਸੰਸਾਰ ਵਿੱਚ ਪਹਿਲਾਂ ਤੋਂ ਹੀ ਅਨੇਕਾਂ ਧਰਮ ਪ੍ਰਚਲਤ ਸਨ, ਫਿਰ ਅਜਿਹੀ ਕਿਹੜੀ ਲੋੜ ਪੈ ਗਈ ਕਿ ਉਨ੍ਹਾਂ ਇੱਕ ਨਵੇਂ ਧਰਮ ਦੀ ਨੀਂਹ ਰਖ ਦਿੱਤੀ। ਪ੍ਰੰਤੂ ਜਦੋਂ ਅਸੀਂ ਉਸ ਸਮੇਂ ਦੇ ਹਾਲਾਤ ਅਤੇ ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਦਸ਼ਾ ਦੀ ਘੋਖ ਕਰਦੇ ਹਾਂ, ਤਾਂ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਉਸ ਸਮੇਂ ਇੱਕ ਅਜਿਹੇ ਸ਼ਾਂਝੇ ਧਰਮ ਮਾਰਗ ਦੀ ਬਹੁਤ ਲੋੜ ਸੀ, ਜੋ ਧਾਰਮਕ ਵਿਸ਼ਵਾਸਾਂ ਦੀ ਨਿਘਰਦੀ ਜਾ ਰਹੀ ਸਥਿਤੀ ਵਿਚੋਂ ਸੱਚੇ ਧਾਰਮਕ ਵਿਸ਼ਵਾਸ ਨੂੰ ਉਭਾਰ ਸਕੇ ਅਤੇ ਅਖੌਤੀ ਧਾਰਮਕ ਅਗੂਆਂ ਦੇ ਸੁਆਰਥ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾ ਸਕੇ।
ਉਸ ਸਮੇਂ ਦੇ ਪ੍ਰਚਲਤ ਧਰਮਾਂ ਦੀ ਨਿਘਰਦੀ ਦਸ਼ਾ, ਕੇਵਲ ਭਾਰਤ ਵਿੱਚ ਹੀ ਨਹੀਂ ਸੀ, ਸਗੋਂ ਸੰਸਾਰ ਭਰ ਵਿੱਚ ਫੈਲੀ ਹੋਈ ਸੀ। ਹਰ ਧਰਮ ਦੇ ਪੈਰੋਕਾਰ ਆਪਣੇ ਧਰਮ ਨੂੰ ਸਰਬ-ਸ੍ਰੇਸ਼ਟ ਮੰਨਦੇ ਅਤੇ ਦੂਸਰੇ ਦੇ ਧਰਮ ਨੂੰ ਕਾਫਰਾਂ ਦਾ ਧਰਮ ਪ੍ਰਚਾਰ ਉਸ ਵਿਰੁਧ ਨਫਰਤ ਪੈਦਾ ਕਰਨ ਵਿੱਚ ਰੁਝੇ ਹੋਏ ਸਨ। ਇਸੇ ਸੋਚ ਨੇ ਤਾਕਤਵਰ ਸ਼ਕਤੀਆਂ ਦੇ ਹੱਥ ਤਲਵਾਰ ਫੜਾ ਦਿੱਤੀ, ਜਿਸ ਨਾਲ ਉਨ੍ਹਾਂ ਕਮਜ਼ੋਰਾਂ ਦੇ ਸਿਰ ਲਾਹੁਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਹੋਇਆ ਕਿ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ। ਕਮਜ਼ੋਰ ਲਈ ਜਾਨ ਬਚਾਉਣ ਦਾ ਇੱਕੋ-ਇੱਕ ਰਾਹ ਰਹਿ ਗਿਆ ਕਿ ਉਹ ਆਪਣਾ ਧਰਮ ਤਿਆਗ, ਸੱਤਾਧਾਰੀਆਂ / ਤਾਕਤਵਰਾਂ ਦੇ ਧਰਮ ਨੂੰ ਅਪਨਾ ਲਏ।
ਇਸੇ ਕਮਜ਼ੋਰੀ ਅਤੇ ਬੁਜ਼ਦਿਲੀ ਦੇ ਕਾਰਣ ਹੀ ਇਨਸਾਨ ਲਈ ਸਿਰ ਚੁਕ ਕੇ ਟੁਰਨਾ ਅਤੇ ਅਣਖ ਨਾਲ ਜੀਉਣਾ ਮੁਹਾਲ ਹੋ ਗਿਆ ਸੀ। ਉਸਦੇ ਸਿਰ ਤੇ ਜ਼ਾਲਮ ਹਾਕਮਾਂ ਦੇ ਜ਼ੁਲਮ ਦੀ ਤਲਵਾਰ ਹਰ ਸਮੇਂ ਲਟਕਦੀ ਰਹਿੰਦੀ, ਜਿਸਦੇ ਸਹਿਮ ਹੇਠ ਉਹ ਜੀਵਨ ਦੀਆਂ ਘੜੀਆਂ ਗਿਣਦਿਆਂ ਦਿਨ-ਕਟੀ ਕਰਨ ਤੇ ਮਜਬੂਰ ਹੋਏ ਰਹਿੰਦੇ। ਪਠਾਣਾਂ, ਮੁਗਲਾਂ ਆਦਿ ਜਿਨ੍ਹਾਂ ਵੀ ਲੁਟੇਰਿਆਂ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ੳਨ੍ਹਾਂ ਦੀ ਹਮੇਸ਼ਾ ਇਹੀ ਕੌਸ਼ਿਸ਼ ਰਹੀ ਕਿ ਉਹ ਜਿਥੇ ਹਿੰਦੁਸਤਾਨ ਦੀ ਦੌਲਤ ਲੁਟ ਆਪਣੇ ਦੇਸ਼ ਲੈ ਜਾਣ, ਉਥੇ ਹੀ ਉਹ ਹਿੰਦੁਸਤਾਨ ਦੀ ਇਜ਼ਤ (ਔਰਤਾਂ) ਵੀ ਲੁਟ, ਆਪਣੇ ਦੇਸ਼ ਦੇ ਬਾਜ਼ਾਰਾਂ ਵਿੱਚ ਜਾ ਵੇਚਣ। ਜਦੋਂ ਮੁਗਲਾਂ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ਅਰੰਭ ਵਿੱਚ ਭਾਵੇਂ ਉਨ੍ਹਾਂ ਦਾ ਉਦੇਸ਼ ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਲੁਟ, ਤਬਾਹ ਤੇ ਬਰਬਾਦ ਕਰਨਾ ਹੀ ਸੀ, ਪਰ ਬਾਅਦ ਵਿੱਚ ਉਨ੍ਹਾਂ ਹਿੰਦੁਸਤਾਨ ਨੂੰ ਜਿੱਤ, ਆਪਣੀ ਹਕੂਮਤ ਦੇ ਪੈਰ ਪੱਕੇ ਕਰਨ ਲਈ, ਇਥੋਂ ਦੇ ਵਾਸੀਆਂ, ਜੋ ਕਿ ਮੁੱਖ ਰੂਪ ਵਿੱਚ ਹਿੰਦੂ ਸਨ ਅਤੇ ਜਿਨ੍ਹਾਂ ਨੂੰ ਉਹ ਕਾਫਰ ਕਹਿੰਦੇ ਸਨ, ਨੂੰ ਆਪਣੇ ਧਰਮ, ਇਸਲਾਮ ਵਿੱਚ ਲਿਆਉਣ ਲਈ, ਤਲਵਾਰ ਦੇ ਜ਼ੋਰ ਨਾਲ ਧਰਮ-ਪ੍ਰੀਵਰਤਨ ਦੀ ਮੁਹਿੰਮ ਛੇੜ ਦਿੱਤੀ।
ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਹਿੰਦੁਸਤਾਨੀਆਂ ਪੁਰ ਬੇ-ਬਹਾ ਜ਼ੁਲਮ ਢਾਹੇ, ਉਨ੍ਹਾਂ ਦੇ ਧਰਮ-ਅਸਥਾਨਾਂ ਦਾ ਅਪਮਾਨ ਕੀਤਾ। ਪਰ ਹਿੰਦੁਸਤਾਨੀ ਉਨ੍ਹਾਂ ਦਾ ਜ਼ੁਲਮ ਦਾ ਢੁਕਵਾਂ ਜਵਾਬ ਦੇਣ ਦੀ ਬਜਾਏ ਚੁਪਚਾਪ ਸਹਿਣ 'ਤੇ ਮਜਬੂਰ ਜਾਪਣ ਲਗੇ। ਇਸਦਾ ਕਾਰਣ ਇਹ ਸੀ ਕਿ ਬੁੱਧ ਅਤੇ ਜੈਨ ਮਤ ਦੇ ਪ੍ਰਚਾਰਕਾਂ ਨੇ ਅਹਿੰਸਾ ਦਾ ਪ੍ਰਚਾਰ ਕਰ, ਉਨ੍ਹਾਂ ਨੂੰ ਇਤਨਾ ਬੁਜ਼ਦਿਲ ਬਣਾ ਕੇ ਰਖ ਦਿੱਤਾ ਹੋਇਆ ਸੀ ਕਿ ਉਹ ਆਪਣੇ ਪੁਰ ਹੋ ਰਹੇ ਜ਼ੁਲਮ ਦਾ ਵਿਰੋਧ ਕਰਨਾ ਤਾਂ ਦੂਰ ਰਿਹਾ 'ਆਹ!' ਦਾ ਨਾਹਰਾ ਤਕ ਵੀ ਮਾਰਨ ਦਾ ਹੀਆ ਨਹੀਂ ਸੀ ਕਰ ਪਾ ਰਹੇ। ਦੂਸਰੇ ਪਾਸੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਲੋਕਾਂ ਵਲੋਂ ਕੋਈ ਵਿਰੋਧ ਨਾ ਹੁੰਦਾ ਵੇਖ, ਜ਼ਾਲਮਾਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਸਨ। ਉਨ੍ਹਾਂ ਆਪਣੇ ਮੰਨੋਰੰਜਨ ਲਈ ਜ਼ੁਲਮ ਦੇ ਨਵੇਂ-ਨਵੇਂ ਢੰਗ ਅਪਨਾਣੇ ਸ਼ੁਰੂ ਕਰ ਦਿੱਤੇ। ਜ਼ੁਲਮ ਦਾ ਸ਼ਿਕਾਰ ਲੋਕਾਂ ਨੂੰ ਤੜਪਦਿਆਂ ਵੇਖ, ਉਨ੍ਹਾਂ ਵਲੋਂ ਕਿਲਕਾਰੀਆਂ ਮਾਰੀਆਂ ਜਾਂਦੀਆਂ, ਨਚ-ਗਾ ਜਸ਼ਨ ਮਨਾਏ ਜਾਂਦੇ।
ਇਨ੍ਹਾਂ ਜ਼ੁਲਮਾਂ ਨੇ ਦੇਸ਼ ਵਾਸੀਆਂ ਨੂੰ ਦੋ ਸ਼੍ਰੇਣੀਆਂ, 'ਜ਼ਾਲਮ ਤੇ ਮਜ਼ਲੂਮ' ਵਿੱਚ ਵੰਡ ਦਿੱਤਾ। ਨਾ ਤਾਂ ਜ਼ਾਲਮ ਹਾਕਮ ਨੂੰ ਆਪਣੇ ਧਰਮ ਦੇ ਮੁਲਾਂ ਅਤੇ ਮਾਨਤਾਵਾਂ ਦਾ ਕੋਈ ਪਾਸ ਰਿਹਾ ਅਤੇ ਨਾ ਹੀ ਜ਼ੁਲਮ ਦਾ ਸ਼ਿਕਾਰ ਹੋ ਰਹੇ ਮਜ਼ਲੂਮ ਨੂੰ ਆਪਣੇ ਧਰਮ ਦੇ ਅਸੂਲਾਂ ਦੀ ਸਮਝ ਰਹਿ ਗਈ।
ਅਜਿਹੇ ਨਾਜ਼ੁਕ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਉਨ੍ਹਾਂ ਆਪਣੇ ਚਹੁੰ ਪਾਸੇ ਨਜ਼ਰ ਦੌੜਾਈ, ਸੰਸਾਰ ਦੀ ਤਰਸਯੋਗ ਹਾਲਤ ਵੇਖੀ ਤਾਂ ਉਨ੍ਹਾਂ ਮਜ਼ਲੂਮ ਨੂੰ ਜ਼ੁਲਮ ਦੀ ਜਿਲ੍ਹਣ ਵਿੱਚੋਂ ਕਢ, ਉਸਨੂੰ ਮਨੁਖਤਾ ਦੇ ਰਾਹ ਤੇ ਚਲਾਣ ਦਾ ਤਹੱਈਆ ਕਰ ਲਿਆ। ਉਨ੍ਹਾਂ ਮਜ਼ਲੂਮ ਨੂੰ ਇਹ ਸੰਦੇਸ਼ ਦੇ ਕੇ ਝਿੰਜੋੜਿਆ, ਕਿ ਜ਼ੁਲਮ ਸਹਿਣਾ ਜ਼ੁਲਮ ਕਰਨ ਨਾਲੋਂ ਵੀ ਕਿਤੇ ਵੱਡਾ ਗੁਨਾਹ ਹੈ। ਅਣਖ ਅਤੇ ਆਤਮ-ਸਨਮਾਨ ਨਾਲ ਜੀਉਣ ਲਈ, ਜ਼ੁਲਮ ਦਾ ਵਿਰੋਧ ਕਰਦਿਆਂ ਮਰ ਜਾਣਾ ਅਣਖ-ਹੀਨ ਜੀਵਨ ਨਾਲੋਂ ਕਿਤੇ ਹਜ਼ਾਰ ਦਰਜੇ ਬੇਹਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਇਸ ਸੰਦੇਸ਼ ਤੋਂ ਸਪਸ਼ਟ ਸੀ ਕਿ ਸਿੱਖੀ ਦਾ ਰਾਹ ਸੌਖਾ ਨਹੀਂ ਤੇ ਨਾ ਹੀ ਇਹ ਕੋਈ ਖੇਡ ਹੈ। ਇਹੀ ਕਾਰਣ ਸੀ ਕਿ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਉਨ੍ਹਾਂ ਨਾਲ ਜੁੜਨਾ ਤੇ ਉਨ੍ਹਾਂ ਦੇ ਦਸੇ ਮਾਰਗ ਤੇ ਚਲਣਾ ਹੈ ਤਾਂ ਸਿਰ ਤਲੀ ਤੇ ਰਖ ਅਤੇ ਆਪਣੇ ਆਪ ਨੂੰ ਸਿਰ ਦੇਣ ਲਈ ਤਿਆਰ ਕਰ ਕੇ, ਆਉਣਾ ਹੋਵੇਗਾ।
ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਇਸ ਰਾਹ ਤੇ ਤੁਰਦਿਆਂ ਇੱਕ ਪਾਸੇ ਜ਼ੁਲਮ ਨੂੰ ਵੰਗਾਰਨਾ ਹੋਵੇਗਾ ਅਤੇ ਦੂਜੇ ਪਾਸੇ ਮਜ਼ਲੂਮ ਦੇ ਦਿੱਲ ਵਿੱਚ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਭਰ, ਉਸਨੂੰ ਅਣਖ ਨਾਲ ਜੀਣ ਲਈ ਤਿਆਰ ਕਰਨਾ ਹੋਵੇਗਾ। ਜ਼ਾਲਮ ਭਾਵੇਂ ਬਾਦਸ਼ਾਹ ਹੀ ਕਿਉਂ ਨਾ ਹੋਵੇ ਅਤੇ ਉੇਸਦੇ ਅਹਿਲਕਾਰ ਭਾਵੇਂ ਕਿਤਨੇ ਹੀ ਤਾਕਤਵਰ ਕਿਉਂ ਨਾ ਹੋਣ, ਉਨ੍ਹਾਂ ਨੂੰ 'ਰਾਜੇ ਸ਼ੀਂਹ ਮੁਕਦਮ ਕੁਤੇ' ਕਹਿਣ ਦੀ ਹਿੰਮਤ ਜੁਟਾਣੀ ਹੋਵੇਗੀ। ਜਿਸਦਾ ਸਪਸ਼ਟ ਮਤਲਬ ਇਹ ਸੀ ਕਿ ਧਰਮ ਅਤੇ ਆਤਮ-ਸਨਮਾਨ ਦੀ ਰਖਿਆ ਲਈ ਜਦੋਂ ਆਤਮ-ਵਿਸ਼ਵਾਸ ਨਾਲ ਭਰਿਆ ਕਦਮ ਅੱਗੇ ਵਧੇਗਾ ਤਾਂ ਜ਼ਾਲਮ ਦਾ ਅਹੰਕਾਰ, ਉਸਨੂੰ ਦਬਾਣ ਲਈ ਆਪਣੀ ਸਮੁੱਚੀ ਤਾਕਤ ਝੌਂਕ ਦੇਵੇਗਾ। ਫਲਸਰੂਪ ਅਨੇਕਾਂ ਜ਼ੁਲਮ ਸਹਿਣੇ ਪੈਣਗੇ। ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾਣਗੇ ਤੇ ਸ਼ਰੀਰ ਨੂੰ ਜੰਬੂਰਾਂ ਨਾਲ ਨੋਚਿਆ ਤਕ ਜਾਇਗਾ। ਜੇ ਅਜਿਹੇ ਜ਼ੁਲਮ ਨੂੰ ਸਹਿੰਦਿਆਂ ਡੋਲ ਗਏ ਜਾਂ ਕਮਜ਼ੋਰ ਪੈ ਗਏ ਤਾਂ ਬਚਿਆ ਧਾਰਮਕ ਵਿਸ਼ਵਾਸ ਵੀ ਟੁੱਟ ਜਾਇਗਾ। ਜੇ ਨਿਰ-ਸੰਕੋਚ ਹੋ ਜਾਨ ਤਲੀ ਤੇ ਰਖ ਅੱਗੇ ਵਧੇ ਤਾਂ ਮਜ਼ਲੂਮਾਂ ਵਾਂਗ ਜੀਵਨ ਬਤੀਤ ਕਰ ਰਿਹਾਂ ਦੀ ਆਤਮਾ ਵਿੱਚ ਨਵ-ਜੀਵਨ ਦਾ ਸੰਚਾਰ ਹੋਵੇਗਾ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਉਨ੍ਹਾਂ ਦੇ ਆਤਮ-ਸਨਮਾਨ ਦੀ ਰਖਿਆ ਪ੍ਰਤੀ ਦ੍ਰਿੜ੍ਹ ਹੋ ਜਾਇਗਾ, ਫਲਸਰੂਪ ਉਹ ਵੱਡੀ ਤੋਂ ਵੱਡੀ ਸ਼ਕਤੀ ਨੂੰ ਚੁਨੌਤੀ ਦੇਣ ਦੇ ਸਮਰਥ ਹੋ ਜਾਣਗੇ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
14 Nov, 2018
ਜੇ ਲਗਨ ਹੋਵੇ ਤਾਂ ਅਨਹੋਣੀ ਵੀ ਹੋਣੀ ਬਣ ਸਕਦੀ ਹੈ! - ਜਸਵੰਤ ਸਿੰਘ 'ਅਜੀਤ'
ਸਾਡੇ ਦੇਸ਼, ਉਸਦੇ ਸ਼ਹਿਰਾਂ 'ਤੇ ਪਿੰਡਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਮੋਟੀਆਂ ਸੁਰਖੀਆਂ ਬਣ ਅਖਬਾਰਾਂ ਦੇ ਮੁੱਖ ਪੰਨਿਆਂ ਪੁਰ ਛਾ ਜਾਂਦੀਆਂ ਹਨ ਤੇ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਉਨ੍ਹਾਂ ਹੀ ਅਖਬਾਰਾਂ ਦੇ ਪਿਛਲੇ ਪੰਨਿਆਂ ਦੇ ਅਣਗੋਲੇ ਕੀਤੇ ਜਾ ਸਕਣ ਵਾਲੇ ਕਾਲਮਾਂ ਦੀ ਨੁਕਰ ਵਿੱਚ ਦਬ ਕੇ ਰਹਿ ਜਾਂਦੀਆਂ ਹਨ। ਇਸਦਾ ਕਾਰਣ ਇਹ ਨਹੀਂ ਹੁੰਦਾ ਕਿ ਮੁੱਖ ਪੰਨਿਆਂ ਪੁਰ ਸੁਰਖੀਆਂ ਬਣ ਆਉਣ ਵਾਲੀਆਂ ਖਬਰਾਂ ਮਹਤੱਵਪੂਰਣ ਅਤੇ ਪਿਛਲੇ ਪੰਨਿਆਂ ਦੇ ਕਾਲਮਾਂ ਵਿੱਚ ਦਬੀਆਂ ਰਹਿ ਜਾਣ ਵਾਲੀਆਂ ਮਹਤੱਵਹੀਨ ਹੁੰਦੀਆਂ ਹਨ। ਜੇ ਕਦੀ ਗੰਭੀਰਤਾ ਨਾਲ ਵਿਚਾਰਿਆ ਜਾਏ ਤਾਂ ਅਖਬਾਰਾਂ ਦੇ ਅਣਗੋਲੇ ਕਾਲਮਾਂ ਦੇ ਕੋਨਿਆਂ ਵਿੱਚ ਦਬ ਗਈਆਂ ਕਈ ਖਬਰਾਂ, ਮੁੱਖ ਪੰਨਿਆਂ ਪੁਰ ਸੁਰਖੀਆਂ ਬਣ ਕੇ ਆਈਆਂ ਖਬਰਾਂ ਨਾਲੋਂ ਵੀ ਕਿਤੇ ਵੱਧੇਰੇ ਮਹਤੱਵਪੂਰਣ ਹੁੰਦੀਆਂ ਹਨ, ਇਹ ਗਲ ਵਖਰੀ ਹੈ ਕਿ ਕਿਸੇ ਦੀ ਨਿਜੀ ਸੋਚ, ਖਬਰਾਂ ਨਾਲ ਵਿਤਕਰਾ ਕਰਨ ਤੇ ਮਜਬੂਰ ਹੋ ਜਾਂਦੀ ਹੈ। ਇਨ੍ਹਾਂ ਅਣਗੋਲੇ ਕੀਤੇ ਜਾਂਦੇ ਕਾਲਮਾਂ ਵਿੱਚ ਸਮੇਂ-ਸਮੇਂ ਛਪੀਆਂ ਕੁਝ ਅਜਿਹੀਆਂ ਹੀ ਖਬਰਾਂ ਇਥੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਕਈ ਭਾਵੇਂ ਸੁਰਖੀਆਂ ਵਿੱਚ ਆ ਕੇ ਵੀ ਪਾਠਕਾਂ ਦੀਆਂ ਨਜ਼ਰਾਂ ਵਿੱਚ ਚੜ੍ਹ ਨਹੀਂ ਸਕੀਆਂ ਤੇ ਕਈ ਨੁਕਰਾਂ ਵਿੱਚ ਦਬ ਕੇ ਵੀ ਆਪਣੇ ਮਹਤੱਵਪੂਰਣ ਹੋਣ ਦਾ ਸੁਨੇਹਾ ਦੇ ਗਈਆਂ ਹਨ।
ਜਦੋਂ ਝਾੜੂ ਚੁਕ ਲਿਆ : ਜਨ ਸੇਵਾ ਦਾ ਜਜ਼ਬਾ ਇੱਕ ਅਨੌਖੀ ਲਗਨ ਹੈ। ਦਰੀਆ ਗੰਜ, ਦਿੱਲੀ ਦੇ ਇੱਕ 60 ਵਰ੍ਹਿਆਂ ਦੇ ਮੁਹੰਮਦ ਅਹਿਮਦ ਸੈਫੀ ਅਤੇ 65 ਵਰ੍ਹਿਆਂ ਦੇ ਮੁਹੰਮਦ ਹਨੀਫ ਨੇ ਇਸੇ ਲਗਨ ਅਧੀਨ ਸਫਾਈ ਸੇਵਾ, ਜੋ ਸਰੋਕਾਰ ਅਤੇ ਸੰਸਕਾਰ ਹੈ, ਦੀ ਸੋਚ ਨੂੰ ਆਪਣੇ ਜੀਵਨ ਵਿੱਚ ਅਪਨਾਇਆ ਅਤੇ ਅਪਣੀ ਗਲੀ ਨੂੰ ਦੂਸਰਿਆਂ ਲਈ ਇੱਕ ਮਿਸਾਲ ਬਣਾ ਦਿੱਤਾ। ਦਿੱਲੀ ਦੀ ਛੱਤਾ ਲਾਲ ਮੀਆਂ ਗਲੀ ਬਹਾਰ ਵਾਲੀ ਦੇ ਵਾਸੀ ਸਵੇਰੇ ਸ਼ਾਮ ਵਜਣ ਵਾਲੀ ਇੱਕ ਸੀਟੀ ਦਾ ਬੇਸਬਰੀ ਨਾਲ ਇੰਤਜ਼ਤਾਰ ਕਰਦੇ ਹਨ। ਇਸ ਸੀਟੀ ਦੀ ਅਵਾਜ਼ ਤੇ ਗਲੀ ਵਾਸੀ ਕੂੜੇ ਦੀਆਂ ਥੈਲੀਆਂ ਠੇਲੇ ਵਿੱਚ ਪਾਣ ਲਈ ਘਰਾਂ ਵਿਚੋਂ ਬਾਹਰ ਨਿਕਲ ਆਉਂਦੇ ਹਨ। ਸ਼ੈਫੀ ਅਤੇ ਹਨੀਫ ਇਨ੍ਹਾਂ ਥੈਲੀਆਂ ਨੂੰ ਇਕਠਿਆਂ ਕਰਦੇ ਹਨ ਅਤੇ ਠੇਲੇ ਵਿੱਚ ਪਾ ਢਲਾਵਘਰ (ਕੂੜਾ ਘਰ) ਤਕ ਪਹੁੰਚਾ ਦਿੰਦੇ ਹਨ। ਬਿਜਲੀ ਦਾ ਕੰਮ ਕਰਨ ਵਾਲੇ ਮੁਹੰਮਦ ਅਹਿਮਦ ਸੈਫੀ ਨੇ ਦਸਿਆ ਕਿ ਢਾਈ-ਕੁ ਸਾਲ ਪਹਿਲਾਂ ਉਨ੍ਹਾਂ ਆਪਣੀ ਗਲੀ ਨੂੰ ਸਾਫ ਰਖਣ ਲਈ ਇਹ ਕਦਮ ਚੁਕਿਆ। ਉਨ੍ਹਾਂ ਨੂੰ ਸਹਿਯੋਗ ਦੇਣ ਲਈ ਮੁਹੰਮਦ ਹਨੀਫ, ਜੋ ਗੁੰਗਾ ਤੇ ਬਹਿਰਾ ਹੈ, ਵੀ ਅਗੇ ਆ ਗਿਆ, ਉਹ ਬੁਕ ਬਾਈਡਿੰਗ ਦਾ ਕੰਮ ਕਰ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਂਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਗਲ 2016 ਵਰ੍ਹੇ ਦੇ ਉਸ ਸਮੇਂ ਦੀ ਹੈ, ਜਦੋਂ ਨਿਗਮ ਦੇ ਸਫਾਈ ਕਰਮਚਾਰੀ ਹੜਤਾਲ ਤੇ ਚਲੇ ਗਏ ਸਨ। ਉਸ ਸਮੇਂ ਗਲੀ ਵਿੱਚ ਕੂੜੇ ਦੇ ਢੇਰ ਲਗਣ ਲਗ ਜਾਣ ਦੇ ਫਲਸਰੂਪ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋਣ ਲਗ ਪਿਆ ਸੀ। ਇਨ੍ਹਾਂ ਹਾਲਾਤ ਤੋਂ ਚਿੰਤਤ ਹੋ ਸੈਫੀ ਨੇ, ਗਲੀ ਵਿਚੋਂ ਗੰਦਗੀ ਸਾਫ ਕਰਨ ਦਾ ਇਰਾਦਾ ਧਾਰਿਆ ਤੇ ਹੱਥਾਂ ਵਿੱਚ ਬੇਲਚੇ ਨਾਲ ਹੀ ਝਾੜੂ ਵੀ ਫੜ ਲਈ। ਹਨੀਫ ਵੀ ਉਨ੍ਹਾਂ ਦੀ ਮਦਦ ਕਰਨ ਲਈ ਅਗੇ ਆ ਗਿਆ। ਸੈਫੀ ਨੇ ਹੋਰ ਦਸਿਆ ਕਿ ਨਿਗਮ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਨਿਗਮ ਵਲੋਂ ਉਨ੍ਹਾਂ ਨੂੰ ਦੋ ਠੇਲੇ ਅਤੇ ਬੇਲਚਾ ਦਿੱਤਾ ਗਿਆ। ਝਾੜੂ ਜਦੋਂ ਖਰਾਬ ਹੋ ਜਾਂਦਾ ਹੈ ਤਾਂ ਉਹ ਆਪ ਆਪਣੇ ਪੈਸਿਆਂ ਨਾਲ ਖਰੀਦ ਲੈਂਦੇ ਹਨ। ਗਲੀ ਦੇ ਲੋਕੀ ਕੂੜਾ ਜਨਤਕ ਥਾਵਾਂ ਪੁਰ ਨਾ ਸੁਟਣ, ਇਸਦੇ ਲਈ ਉਨ੍ਹਾਂ ਗਲੀ ਵਿੱਚ ਦੋ ਕੂੜੇ-ਦਾਨ ਵੀ ਰਖੇ ਹੋਏ ਹਨ।
ਇੰਜੀਨੀਅਰਾਂ ਵੀ ਝਾੜੂ ਚੁਕਿਆ: ਨੋਇਡਾ ਦੇ ਦੋ ਆਈਟੀ ਇੰਜੀਨੀਅਰਾਂ, ਬ੍ਰਿਜੇਸ਼ ਅਤੇ ਪੀਯੂਸ਼ ਨੇ ਹਥਾਂ ਵਿੱਚ ਲੈਪਟਾਪ ਦੇ ਨਾਲ ਹੀ ਜਦੋਂ ਝਾੜੂ ਫੜੀ ਤਾਂ ਨਾ ਕੇਵਲ ਉਨ੍ਹਾਂ ਦੇ ਆਸ-ਪਾਸ ਹੀ ਸਫਾਈ ਦੀ ਲਹਿਰ ਚਲੀ, ਸਗੋਂ ਇਸ ਲਹਿਰ ਨੇ ਮੁਹਿੰਮ ਦਾ ਰੂਪ ਵੀ ਧਾਰਣ ਕਰ ਲਿਆ। ਹਾਲਾਂਕਿ ਉਨ੍ਹਾਂ ਇਹ ਮੁਹਿੰਮ ਆਪਣੇ ਅਪਾਰਟਮੈਂਟ ਨੂੰ ਕੂੜਾ-ਕਰਕਟ ਤੋਂ ਮੁਕਤ ਰਖਣ ਲਈ ਅਰੰਭੀ ਸੀ, ਪਰ ਹੁਣ ਸਫਾਈ ਦੇ ਨਾਲ-ਨਾਲ ਹਰਿਆਲੀ ਨੂੰ ਵੀ ਉਨ੍ਹਾਂ ਆਪਣਾ ਮਕਸਦ ਬਣਾ ਲਿਆ ਹੈ। ਖਬਰਾਂ ਅਨੁਸਾਰ ਲੋਕੀ ਉਨ੍ਹਾਂ ਦੇ ਉਤਸਾਹ ਤੋਂ ਇਤਨੇ ਪ੍ਰਭਾਵਤ ਹੋਏ ਕਿ ਉਹ ਆਪਣੇ ਆਪ ਹੀ ਉਨ੍ਹਾਂ ਨਾਲ ਜੁੜਨ ਲਈ ਅਗੇ ਆਉਣ ਲਗ ਪਏ। ਦਸਿਆ ਗਿਆ ਹੈ ਕਿ ਪੰਜ-ਕੁ ਸਾਲ ਪਹਿਲਾਂ ਦੋਹਾਂ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਉਹ ਹਰ ਐਤਵਾਰ ਸੋਸਾਇਟੀ ਵਿੱਚ ਸਾਫ ਸਫਾਈ ਕੀਤਾ ਕਰਨਗੇ। ਜਦੋਂ ਉਨ੍ਹਾਂ ਦੀ ਪਹਿਲ ਨਾਲ ਸੋਸਾਇਟੀ ਦੀ ਸੂਰਤ ਬਦਲ ਗਈ ਤਾਂ ਉਨ੍ਹਾਂ ਆਪਣੀ ਲਗਨ ਤੇ ਮਿਹਨਤ ਨਾਲ ਗੰਦਗੀ-ਭਰੇ ਨੇੜੇ ਦੇ ਪਾਰਕ ਦੀ ਸਾਫ-ਸਫਾਈ ਕਰ ਉਸਨੂੰ ਆਮ ਲੋਕਾਂ ਲਈ ਸੈਰ ਕਰਨ ਦੇ ਯੋਗ ਬਣਾ ਦਿੱਤਾ। ਹੁਣ ਉਨ੍ਹਾਂ ਸਫਾਈ ਦੇ ਨਾਲ-ਨਾਲ ਬੂਟੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਇਲਾਕਾ ਤਾਂ ਸਾਫ-ਸੁਥਰਾ ਰਹਿਣ ਹੀ ਲਗ ਪਿਆ, ਇਸਦੇ ਨਾਲ ਪਾਰਕ ਵਿੱਚ ਲਗੇ ਲਗਭਗ ਢਾਈ ਹਜ਼ਾਰ ਹਰੇ-ਭਰੇ ਦਰਖਥ ਤੇ ਬੂਟੇ ਵਾਤਾਵਰਣ ਨੂੰ ਵੀ ਪ੍ਰਦੁਸ਼ਣ-ਮੁਕਤ ਕਰ ਰਹੇ ਹਨ। ਦਸਿਆ ਗਿਆ ਹੈ ਕਿ ਦੋਹਾਂ ਦੀ ਉਮਰ ਲਗਭਗ 35 ਵਰ੍ਹੇ ਹੈ। ਉਨ੍ਹਾਂ ਦਾ ਇਲਾਕਾ ਹਮੇਸ਼ਾਂ ਹੀ ਗੰਦਗੀ ਨਾਲ ਭਰਿਆ ਰਹਿੰਦਾ ਸੀ। ਜਿਸਦੀ ਸਫਾਈ ਕਰਵਾਂਦਿਆਂ ਰਹਿਣ ਲਈ, ਉਨ੍ਹਾਂ ਅਥਾਰਿਟੀ ਨੂੰ ਕਈ ਚਿਠੀਆਂ ਲਿਖੀਆਂ। ਪਰ ਕੋਈ ਅਸਰ ਨਾ ਹੋਇਆ। ਜਦੋਂ ਉਨ੍ਹਾਂ ਨੂੰ ਚਿਠੀਆਂ ਲਿਖਣ ਨਾਲ ਕੁਝ ਵੀ ਬਣਦਾ ਨਜ਼ਰ ਨਾ ਅਇਆ ਤਾਂ ਉਨ੍ਹਾਂ ਆਪ ਹੀ ਸਫਾਈ ਕਰਨ ਦਾ ਬੀੜਾ ਚੁਕ ਲਿਆ।
ਸਕੂਲ ਦੀ ਨੁਹਾਰ ਬਦਲੀ : ਬਿਹਾਰ ਦੇ ਸਮਸਤੀਪੁਰ ਵਿਖੇ ਇੱਕ ਸਕੂਲ ਅਜਿਹਾ ਦਸਿਆ ਜਾ ਰਿਹਾ ਹੈ, ਜਿਥੇ ਹਰ ਰੋਜ਼ ਬੱਚੇ ਆਪਣਾ ਅਖਬਾਰ ਕਢਦੇ ਹਨ। ਇਸ ਸਕੂਲ ਵਿੱਚ ਰੋਜ਼ ਹੀ ਕਿਸੇ ਨਾ ਕਿਸੇ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਖੇਡਾਂ ਦਾ ਪੀਰੀਅਡ ਵੀ ਲਾਇਆ ਜਾਂਦਾ ਹੈ। ਦਸਿਆ ਗਿਆ ਹੈ ਕਿ ਇਹ ਕੋਈ ਪ੍ਰਾਈਵੇਟ (ਨਿਜੀ) ਸਕੂਲ ਨਹੀਂ, ਸਗੋਂ ਇੱਕ ਸਰਕਾਰੀ ਸਕੂਲ ਹੈ। ਇਸ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਰਾਮ ਪ੍ਰਵੇਸ਼ ਠਾਕਰ ਨੇ ਬਿਨਾ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਦੇ ਪੂਰੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਕਿਹਾ ਜਾਂਦਾ ਹੈ ਕਿ ਕਦੀ ਜਰਜਰ ਦੀਵਾਰਾਂ ਅਤੇ ਦੀਮਕ ਲਗੇ ਦਰਵਾਜ਼ਿਆਂ ਦੀ ਪਛਾਣ ਵਾਲਾ ਸਕੂਲ ਅੱਜ ਸਿਖਿਆ ਐਕਸਪ੍ਰੈਸ (ਰੇਲ ਦੇ ਉੱਚ-ਕਲਾਸ ਦੇ ਡੱਬੇ) ਦੇ ਰੂਪ ਵਿੱਚ ਜਾਣਿਆ ਜਾਣ ਲਗ ਪਿਆ ਹੈ। ਉਨ੍ਹਾਂ ਵਲੋਂ ਕੀਤੇ ਗਏ ਇੱਕ ਛੋਟੇ ਜਿਹੇ ਤਜਰਬੇ ਦਾ ਹੀ ਇਹ ਨਤੀਜਾ ਹੋਇਆ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਬਹੁਤ ਹੀ ਬੇਸਬਰੀ ਨਾਲ ਸਵੇਰ ਦੇ ਦਸ ਵਜਣ ਦਾ ਇੰਤਜ਼ਾਰ ਕਰਨ ਲਗਦੇ ਹਨ। ਬਿਨਾਂ ਕਿਸੇ ਉਚੇਚੇ ਤਰਦਦ ਦੇ ਹਰ ਕਲਾਸ ਵਿੱਚ ਸੌ ਪ੍ਰਤੀਸ਼ਤ ਹਾਜ਼ਰੀ ਰਹਿੰਦੀ ਹੈ।
...ਅਤੇ ਅੰਤ ਵਿੱਚ : ਦਸਿਆ ਜਾਂਦਾ ਹੈ ਕਿ ਇਸ ਸਮੇਂ ਦੇਸ਼ ਵਿੱਚ 9 ਲੱਖ ਤੋਂ ਵੀ ਵੱਧ ਪ੍ਰਾਇਮਰੀ ਅਤੇ ਪੌਣੇ ਦੋ ਲੱਖ ਦੇ ਲਗਭਗ ਮਿਡਲ ਕਲਾਸਾਂ ਦੇ ਅਧਿਆਪਕਾਂ ਦੀਆਂ ਅਸਾਮੀਆ ਖਾਲੀ ਪਈਆਂ ਹਨ। ਬਾਰਾਂ ਹਜ਼ਾਰ ਦੇ ਲਗਭਗ ਅਜਿਹੇ ਸਕੂਲ਼ ਹਨ ਜਿਨ੍ਹਾਂ ਦੀਆਂ ਇਮਾਰਤਾਂ ਜਰਜਰ ਹੋ ਖਤਰਨਾਕ ਹਾਲਤ ਵਿੱਚ ਪੁਜ ਗਈਆਂ ਹੋਈਆਂ ਹਨ ਅਤੇ 7 ਲੱਖ ਤੋਂ ਵੀ ਕਿਤੇ ਵੱਧ ਜਮਾਤਾਂ ਦੇ ਕਮਰਿਆਂ ਦੀ ਵੱਡੇ ਪੈਮਾਨੇ ਤੇ ਮੁਰੰਮਤ ਜਲਦੀ ਤੋਂ ਜਲਦੀ ਕਰਵਾਏ ਜਾਣ ਦੀ ਲੋੜ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
08 Nov. 2018
'ਚੌਂਤੀ ਵਰ੍ਹੇ ਬੀਤ ਗਏ ਨੇ, ਹੋਰ ਕਦੋਂ ਤਕ...' - ਜਸਵੰਤ ਸਿੰਘ 'ਅਜੀਤ'
ਨਵੰਬਰ-84 ਦੇ ਘਲੂਘਾਰੇ ਨੂੰ ਵਾਪਰਿਆਂ 34 ਵਰ੍ਹੇ ਹੋ ਗਏ ਨੇ, ਪ੍ਰਮਤੂ ਅਜੇ ਤਕ ਇਸ ਦਾ ਨਾਂ ਪੁਰ ਹੋ ਰਹੀ ਰਾਜਨੀਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ, ਜਾਂ ਪੰਜਾਬ, ਦਿੱਲੀ ਅਤੇ ਹਰਿਆਣਾ, ਅਰਥਾਤ ਜਿਨ੍ਹਾਂ ਰਾਜਾਂ ਵਿੱਚ ਸਿੱਖਾਂ ਦੀ ਵਸੋਂ, ਹਾਰ-ਜਿਤ ਦਾ ਫੈਸਲਾ ਕਰਨ ਦੇ ਸਮਰਥ ਹੈ, ਦੀਆਂ ਵਿਧਾਨ ਸਭਾਵਾਂ, ਨਗਰ ਨਿਗਮਾਂ ਆਦਿ ਕਿਸੇ ਵੀ ਸਥਾਨਕ ਰਾਜਸੀ ਸੰਸਥਾ ਦੀਆਂ ਜਾਂ ਲੋਕਸਭਾ ਦੀਆਂ ਚੋਣਾਂ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੀ ਸਹਿਯੋਗੀ ਭਾਜਪਾ ਨੂੰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੀ ਯਾਦ ਆ ਜਾਂਦੀ ਹੈ ਤੇ ਉਹ ਇਸ ਮੁੱਦੇ ਨੂੰ ਤੁਰੱਪ ਦੇ ਪਤੇ ਵਾਂਗ ਵਰਤਣਾ ਸ਼ੁਰੂ ਕਰ ਦਿੰਦੇ ਹਨ। ਇਹੀ ਕੁਝ ਹੁਣ, ਅਰਥਾਤ 34 ਵਰ੍ਹਿਆਂ ਬਾਅਦ ਵੀ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਦਲ) ਵਲੋਂ, ਸ਼ਾਇਦ ਪਹਿਲੀ ਵਾਰ ਨਵੰਬਰ-84 ਦੇ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਇਤਿਹਾਸਕ ਤਖਤਾਂ ਪੁਰ ਪਹਿਲੀ ਨਵੰਬਰ ਨੂੰ ਅਰਦਾਸ ਦਿਵਸ ਮਨਾਇਆ ਗਿਆ ਅਤੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ 'ਵਿਰੁਧ' ਦਿੱਲੀ ਦੇ ਜੰਤਰ ਮੰਤਰ ਚੌਕ ਪੁਰ ਤਿੰਨ ਨਵੰਬਰ ਨੂੰ ਤਿੰਨ ਘੰਟਿਆਂ ਲਈ ਧਰਨਾ ਦਿੱਤਾ ਗਿਆ। ਸਿੱਖ ਫੋਰਮ ਵਲੋਂ ਤਾਂ 34 ਵਰ੍ਹਿਆਂ ਤੋਂ 'ਸਿੱਖ ਕਤਲ-ਏ-ਆਮ : ਅਜੇ ਤਕ ਇਨਸਾਫ ਦਾ ਇੰਤਜ਼ਾਰ' ਦੇ ਨਾਂ ਹੇਠ ਸਾਲਾਨਾ ਸਮਾਗਮ ਕੀਤਾ ਜਾਂਦਾ ਚਲਿਆ ਆ ਰਿਜਾ ਹੈ। ਜਿਸ ਵਿੱਚ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਕੋਸਿਆ ਅਤੇ ਅਜੇ ਤਕ ਇਨਸਾਫ ਨਾ ਮਿਲ ਪਾਣ 'ਤੇ ਅਥਰੂ ਵਹਾਏ ਜਾਂਦੇ ਹਨ। ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰਐਸ ਸੋਢੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਤਾਂ ਇਸ ਗਲ ਦੀ ਹੈ ਕਿ ਬੀਤੇ 34 ਵਰ੍ਹਿਆਂ ਤੋਂ ਹੀ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਦਾ ਰੋਣਾ ਤਾਂ ਰੋਇਆ ਜਾਂਦਾ ਚਲਿਆ ਆ ਰਿਹਾ ਹੈ, ਪਰ ਕਦੀ ਵੀ ਅਜਿਹਾ ਕੋਈ ਤੱਥ ਖੋਜ ਕਮਿਸ਼ਨ ਜਾਂ ਕਮੇਟੀ ਬਣਾਏ ਜਾਣ ਦੀ ਮੰਗ ਨਹੀਂ ਕੀਤੀ ਗਈ, ਜੋ ਇਸ ਗਲ ਦੀ ਖੋਜ (ਜਾਂਚ) ਕਰੇ ਕਿ ਆਖਿਰ ਕੀ ਕਾਰਣ ਹਨ ਕਿ ਅਜੇ ਤਕ ਇਸ ਘਲੂਘਾਰੇ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ? ਕੀ ਇਸਦੇ ਲਈ ਸਰਕਾਰਾਂ ਹੀ ਦੋਸ਼ੀ ਹਨ ਜਾਂ ਸਾਡੇ ਆਪਣੇ ਵੀ ਇਸ ਗੁਨਾਹ ਵਿੱਚ ਭਾਈਵਾਲ ਹਨ, ਜਿਨ੍ਹਾਂ ਮੁੱਖ ਦੋਸ਼ੀਆਂ ਨਾਲ ਗੁਆਹਵਾਂ ਦੇ ਸੌਦੇ ਕਰਵਾ, ਮੋਟੀਆਂ ਦਲਾਲੀਆਂ ਵਸੂਲ ਕੀਤੀਆਂ? ਉਨ੍ਹਾਂ ਦਾ ਦਾਅਵਾ ਹੈ ਕਿ ਜੇ ਕੋਈ ਅਜਿਹਾ ਕਮਿਸ਼ਨ ਜਾਂ ਜਾਂਚ ਕਮੇਟੀ ਬਣੇ ਤਾਂ ਉਸਦੇ ਨਤੀਜੇ ਬਹੁਤ ਹੀ ਹੈਰਾਨੀ ਭਰੇ ਹੋਣਗੇ, ਕਿਉਂਕਿ ਪੀੜਤਾਂ ਦੇ ਕਈ ਅਜਿਹੇ ਅਖੌਤੀ ਹਮਦਰਦ ਨੰਗੇ ਹੋ, ਸਾਹਮਣੇ ਆ ਜਾਣਗੇ, ਜੋ 34 ਵਰ੍ਹੇ ਬੀਤਣ ਤੇ ਵੀ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਦੇ ਲਈ ਸਮੇਂ ਦੀਆਂ ਸਰਕਾਰਾਂ ਨਾਲ ਹੀ ਆਪ ਵੀ ਜ਼ਿਮੇਂਦਾਰ ਹਨ।
ਇਸ ਲੇਖਕ ਨੂੰ ਯਾਦ ਹੈ ਕਿ ਕੁਝ ਹੀ ਵਰ੍ਹੇ ਪਹਿਲਾਂ ਜਦੋਂ ਪੰਜਾਬੀ ਦੇ ਇੱਕ ਰੋਜ਼ਾਨਾ ਅਖਬਾਰ ਦੇ ਪ੍ਰਤੀਨਿਧੀ ਵਜੋਂ ਨਵੰਬਰ-84 ਦੇ ਪੀੜਤਾਂ ਸੰਬੰਧੀ ਫੀਚਰ ਤਿਆਰ ਕਰਨ ਲਈ ਦਿੱਲੀ ਸਥਿਤ ਸੰਸਾਰ ਦੀ ਇਕੋ-ਇੱਕ ਵਿਧਵਾ ਕਾਲੌਨੀ ਤਿਲਕ ਵਿਹਾਰ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਗਿਆ ਤਾਂ ਉਸਨੂੰ ਜੋ ਪਹਿਲਾਂ ਬੰਦਾ ਮਿਲਿਆ ਉਸਨੇ ਸਿਰ ਤੇ ਦੁਹੱਥੜ ਮਾਰ ਇਹ ਆਖਦਿਆਂ ਉਸਦਾ ਸੁਅਗਤ ਕੀਤਾ ਕਿ 'ਰੱਬ ਦਾ ਵਾਸਤਾ ਜੇ, ਬਸ ਕਰੋ, ਬਹੁਤ ਹੋ ਚੁਕਿਐ, ਹੁਣ ਤਾਂ ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਉ..' ਭੁਬਾਂ ਮਾਰ ਰੋਣ ਲਗ ਪਿਆ। ਇਹ ਸਠਵ੍ਹਿਆਂ ਦਾ ਦਹਾਕਾ ਪਾਰ ਕਰ ਚੁਕੀ ਉਮਰ ਵਿੱਚ ਵਿਚਰਦਾ ਉਹ ਵਿਅਕਤੀ ਸੀ, ਜਿਸਨੇ ਨਵੰਬਰ-84 ਦੇ ਅਰੰਭ ਵਿੱਚ ਵਾਪਰੇ ਘਲੂਘਾਰੇ ਦੌਰਾਨ ਗੁਆਂਢ ਦੇ ਘਰ ਵਿੱਚ ਦੁਬਕਿਆਂ, ਹੰਝੂਆਂ ਭਰੀਆਂ ਆਪਣੀਆਂ ਅੱਖਾਂ ਨਾਲ ਆਪਣੇ ਹੀ ਘਰ ਦੇ ਪੰਜ ਜੀਆਂ ਨੂੰ ਅੱਗ 'ਚ ਸੜਦਿਆਂ ਵੇਖਿਆ ਅਤੇ ਉਨ੍ਹਾਂ ਦੀਆਂ ਦਿਲ ਨੂੰ ਚੀਰ ਦੇਣ ਵਾਲੀਆਂ ਚੀਖਾਂ ਨੂੰ ਕੰਨਾਂ ਨਾਲ ਸੁਣਿਆ ਸੀ। ਉਸਨੂੰ ਇਹ ਮਲਾਲ ਸੀ ਕਿ ਗੁਆਢੀਆਂ ਵਲੋਂ ਡੱਕੀ ਰੱਖੇ ਜਾਣ ਕਾਰਣ ਉਹ ਨਾ ਤਾਂ ਉਨ੍ਹਾਂ ਦੀ ਕੋਈ ਮਦੱਦ ਕਰ ਸਕਿਆ ਤੇ ਨਾ ਹੀ ਉਨ੍ਹਾਂ ਨਾਲ ਵੀ ਆਪ ਸੜ ਮਰ ਸਕਿਆ ਸੀ।
ਇਸ ਵਾਰ ਦੀ ਪੀੜਤ-ਪਰਿਵਾਰਾਂ ਨਾਲ ਮੇਰੀ ਮੁਲਾਕਾਤ, ਬੀਤੇ ਵਰ੍ਹਿਆਂ ਤੋਂ ਹਰ ਵਰ੍ਹੇ ਕੀਤੀਆਂ ਜਾਂਦੀਆਂ ਚਲੀਆਂ ਆ ਰਹੀਆਂ ਮੁਲਾਕਾਤਾਂ ਤੋਂ ਬਿਲਕੁਲ ਹੀ ਵੱਖਰੀ ਤੇ ਦਿੱਲ ਨੂੰ ਟੁੰਬਣ ਵਾਲੀ ਹੋਵੇਗੀ, ਮੈਨੂੰ ਇਸ ਗਲ ਦੀ ਕਲਪਨਾ ਵੀ ਨਹੀਂ ਸੀ, ਜਦੋਂ ਮੈਂ ਹਰ ਸਾਲ ਵਾਂਗ ਜਦੋਂ ਇਸ ਵਾਰ ਵੀ ਨਵੰਬਰ ਮਹੀਨੇ ਦੇ ਅਰੰਭ ਵਿੱਚ ਹੀ, ਪੱਛਮੀ ਦਿੱਲੀ ਸਥਿਤ ਸੰਸਾਰ ਦੀ ਇਕੋ-ਇਕ ਵਿਧਵਾ-ਕਾਲੌਨੀ, ਤਿਲਕ ਵਿਹਾਰ ਪੁਜਾ ਤੇ ਇਕ ਪੀੜਤ ਪਰਿਵਾਰ ਦੇ ਦਰਵਾਜ਼ੇ ਦੇ ਬਾਹਰ, ਵਾਹਣੇ ਮੰਜੇ ਪੁਰ ਬੈਠੇ ਬਜ਼ੁਰਗ ਨਾਲ ਗਲ ਕਰਨ ਲਈ, ਉਸਦੇ ਸਾਹਮਣੇ ਹੀ ਰੱਖੇ ਸਟੂਲ ਤੇ ਜਾ ਬੈਠਾ। ਗਲਬਾਤ ਸ਼ੁਰੂ ਕਰਨ ਦੇ ਉਦੇਸ਼ ਨਾਲ ਨੋਟਬੁਕ ਖੋਲ੍ਹ ਜੇਬ੍ਹ ਵਿਚੋਂ ਪੈੱਨ ਕਢਿਆ ਹੀ ਸੀ, ਕਿ ਉਹ ਚੀਖ ਕੇ ਪੈ ਗਿਆ।
ਆਪਣੇ ਤੇ ਅਚਾਨਕ ਹੋਏ ਇਸ ਸ਼ਬਦੀ ਹਮਲੇ ਕਾਰਣ ਮੈਂ ਬੌਂਦਲਾ ਜਿਹਾ ਗਿਆ, ਕਿਸੇ ਤਰ੍ਹਾਂ ਆਪਣੇ ਨੂੰ ਸੰਭਾਲਿਆ ਤੇ ਉਸਨੂੰ ਦਸਿਆ ਕਿ 'ਮੈਂ ਇਕ ਪਤ੍ਰਕਾਰ ਹਾਂ ਤੇ..' ਇਸਤੋਂ ਪਹਿਲਾਂ ਕਿ ਆਪਣੀ ਗਲ ਪੂਰੀ ਕਰਦਾ, ਉਸਨੇ ਉਸੇ ਤਰ੍ਹਾਂ ਭੁਬਾਂ ਮਾਰ ਰੌਂਦਿਆਂ, ਮੈਂਨੂੰ ਪੁਛਿਆ ਕਿ ਤੁਸਾਂ ਤੇ ਤੁਹਾਡੇ ਵਰਗੇ ਹੋਰ ਪਤ੍ਰਕਾਰਾਂ ਨੇ ਸਿਵਾਏ ਮਸਾਲੇ ਲਾ-ਲਾ ਸਾਡੇ ਦੁੱਖ-ਦਰਦ ਦੀਆਂ ਕਹਾਣੀਆਂ ਛਪਵਾਣ ਅਤੇ ਸਾਡੇ ਕਹਿੰਦੇ-ਕਹਾਉਂਦੇ ਹਮਦਰਦੀਆਂ ਨੇ ਸਾਡੀਆਂ ਚੀਸਾਂ ਦਾ ਮੁਲ ਵਟਣ ਤੇ ਸਾਡਾ ਰਾਜਸੀ ਤੇ ਭਾਵਨਾਤਮਕ ਸ਼ੋਸ਼ਣ ਕਰਨ ਤੋਂ ਬਿਨਾਂ ਕੀਤਾ ਹੀ ਕੀ ਹੈ? ਉਸਦੀ ਆਵਾਜ਼ ਵਿੱਚ ਅੰਤਾਂ ਦਾ ਦਰਦ ਸੀ।
ਕਿਸੇ ਤਰ੍ਹਾਂ ਉਸਨੇ ਆਪਣੇ ਆਪਨੂੰ ਸੰਭਾਲਿਆ ਤੇ ਆਪਣੇ ਦਿਲ ਦੀ ਭੜਾਸ ਕਢਦਿਆਂ ਕਹਿਣਾ ਜਾਰੀ ਰਖਦਿਆਂ, ਕਿਹਾ ਕਿ ਦੁਸ਼ਮਣਾਂ ਨੇ ਤਾਂ ਇਕ ਵਾਰ ਸਾਡੇ ਸੀਨਿਆਂ ਨੂੰ ਸਲਿਆ ਸੀ, ਪਰ ਤੁਹਾਡੇ ਵਰਗੇ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਕੋਈ ਪੰਜਾਹ ਵਾਰੀ ਨਸ਼ਤਰ ਲੈ ਸਾਡੇ ਭਰੇ ਜਾਂਦੇ ਜ਼ਖਮ ਕੁਰੇਦੇ ਹਨ। ਤੁਸੀਂ ਲੋਕੀਂ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਅਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਦੇ ਨਾਲ ਉਠਦੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁਕਣ ਦਿੰਦੇ ਹੋ। ਤੁਹਾਨੂੰ ਕੀ ਪਤਾ ਕਿ ਸਾਲ ਵਿੱਚ ਇਕ ਵਾਰ ਆ, ਤੁਸੀਂ ਜੋ ਜ਼ਖਮ ਕੁਰੇਦ ਜਾਂਦੇ ਹੋ, ਉਨ੍ਹਾਂ ਦੇ ਦਰਦ ਕਾਰਣ ਉਠਣ ਵਾਲੀਆਂ ਚੀਸਾਂ ਸਹਿੰਦੇ ਅਸੀਂ ਕਦੋਂ ਤਕ ਅਥਰੂ ਵਹਾਂਦੇ ਰਹਿੰਦੇ ਹਾਂ?
ਚੀਸਾਂ ਦੇ ਦਰਦ ਨਾਲ, ਦਿੱਲ ਦੀਆਂ ਡੂਘਿਆਈਆਂ ਵਿਚੋਂ ਨਿਕਲੇ ਉਸਦੀਆਂ ਅੱਖਾਂ ਵਿਚੋਂ ਵਹਿੰਦੇ ਹੰਝੂਆਂ ਨਾਲ ਭਿਜੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ਕੰਬਾ ਕੇ ਰੱਖ ਦਿੱਤਾ। ਉਸ ਸਮੇਂ ਮੈਂਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਹਰ ਵਰ੍ਹੇ ਇਥੇ ਆ ਆਪਣੀ ਕਹਾਣੀ ਬਣਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ, ਜੋ ਗੁਨਾਹ ਕਰਦਾ ਚਲਿਆ ਆ ਰਿਹਾ ਹਾਂ, ਕੀ ਉਹ ਕਦੀ ਮੁਆਫ਼ ਕੀਤਾ ਜਾ ਸਕਦਾ ਹੈ? ਹਰ ਵਾਰ ਇਥੇ ਆ ਪੀੜਤ-ਪਰਿਵਾਰਾਂ ਨਾਲ ਨਵੰਬਰ-84 ਦੇ ਸਾਕੇ ਦੀ ਗਲ ਛੇੜ ਉਨ੍ਹਾਂ ਦੇ ਭਰੇ ਜਾਂਦੇ ਜ਼ਖਮਾਂ ਨੂੰ ਕੁਰੇਦ ਦਿੰਦਾ ਹਾਂ। ਜਦੋਂ ਵੀ ਮੈਂ ਸਿੱਖ-ਨਸਲਕੁਸ਼ੀ ਦੀ ਗਲ ਛੇੜਦਾ ਹਾਂ, ਇਨ੍ਹਾਂ ਦੀਆਂ ਅੱਖਾਂ ਸਾਹਮਣੇ ਉਹ ਘਟਨਾਵਾਂ ਤਸਵੀਰਾਂ ਬਣ ਨਚਣ ਲਗਦੀਆਂ ਹਨ, ਜਿਨ੍ਹਾਂ ਦਾ ਸੰਤਾਪ ਉਹ ਵਰ੍ਹਿਆਂ ਤੋਂ ਭੋਗਦੇ ਚਲੇ ਆ ਰਹੇ ਹਨ। ਇਸਤਰ੍ਹਾਂ ਉਨ੍ਹਾਂ ਦੇ ਉਹ ਜ਼ਖਮ ਮੁੜ ਕੁਰੇਦੇ ਜਾਂਦੇਂ ਹਨ, ਜੋ ਭਰਨ ਦੇ ਨੇੜੇ-ਤੇੜੇ ਹੀ ਪੁਜੇ ਹੁੰਦੇ। ਮੈਂ ਤਾਂ ਉਨ੍ਹਾਂ ਨਾਲ ਵਾਪਰੇ ਸਾਕੇ ਦੀ ਕਹਾਣੀ ਬਣਾ, ਛਪਵਾਉਣ ਤੋਂ ਬਾਅਦ, ਕਦੀ ਮੁੜ ਕੇ ਵੀ ਨਹੀਂ ਵੇਖਦਾ ਕਿ ਜੋ ਜ਼ਖਮ ਕੁਰੇਦ ਆਇਆ ਹਾਂ, ਉਨ੍ਹਾਂ ਦੇ ਦਰਦ ਦੀਆਂ ਚੀਸਾਂ, ਕਦੋਂ ਤਕ ਉਨ੍ਹਾਂ ਦੇ ਅਥਰੂ ਬਣ ਵਹਿੰਦੀਆਂ ਰਹੀਆਂ?
ਬੀਤੇ ਚੌਂਤੀ ਵਰ੍ਹਿਆਂ ਤੋਂ ਇਹ ਰਸਮ ਜਿਹੀ ਬਣੀ ਚਲੀ ਆ ਰਹੀ ਹੈ ਕਿ ਜਦੋਂ ਵੀ ਨਵੰਬਰ ਦੇ ਮਹੀਨੇ ਦੀ ਅਰੰਭਤਾ ਹੋਵੇ, ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰੋ, ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਤੇ ਮਗਰਮੱਛੀ ਅਥਰੂ ਵਹਾਉ ਅਤੇ ਕਾਂਗ੍ਰਸ ਨੂੰ ਇਸਦੇ ਲਈ ਜ਼ਿਮੇਂਦਾਰ ਗਰਦਾਨ ਕੇ ਕੋਸੋ, ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਨੂੰ ਲੈ ਰਾਸ਼ਟਰਪਤੀ, ਪ੍ਰਧਾਨ ਮੰਤ੍ਰੀ, ਕਦੀ-ਕਦੀ ਮਨੁਖੀ ਅਧਿਕਾਰ ਕਮਿਸ਼ਨ ਅਤੇ ਚੀਫ਼ ਜਸਟਿਸ ਤਕ ਨੂੰ ਮੰਗ-ਪਤ੍ਰ ਦੇ, ਆਪਣੇ ਆਪਨੂੰ ਪੀੜਤਾਂ ਦੇ 'ਸੱਚੇ' ਹਮਦਰਦ ਹੋਣ ਦਾ ਅਹਿਸਾਸ ਕਰਵਾਉ। ਜੇ ਹੋਰ ਕੁਝ ਕਰਨਾ ਹੋਵੇ ਤਾਂ ਕੈਂਡਲ ਮਾਰਚ ਕਰੋ, ਭਾਵੇਂ ਇਸ ਵਿੱਚ ਸ਼ਮਾਲ ਹੋਣ ਲਈ ਇਸਤਰ੍ਹਾਂ ਸਜ-ਧੱਜ ਕੇ ਪੁਜੋ, ਜਿਵੇਂ ਤੁਸੀਂ ਕਿਸੇ ਰੋਸ ਸਮਾਗਮ ਵਿੱਚ ਨਹੀਂ, ਸਗੋਂ ਵਿਅਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋ। ਅਰਦਾਸ ਕਰ ਸ਼ਰਧਾਂਜਲੀ ਭੇਂਟ ਕਰੋ ਤੇ ਬਸ! ਕੀ ਬੀਤੇ 34 ਵਰ੍ਹਿਆਂ ਤੋਂ ਇਹੋ ਕੁਝ ਹੀ ਨਹੀਂ ਹੁੰਦਾ ਚਲਿਆ ਆ ਰਿਹਾ?
...ਅਤੇ ਅੰਤ ਵਿੱਚ : ਇਨ੍ਹਾਂ 34 ਵਰ੍ਹਿਆਂ ਵਿੱਚ ਦੋਸ਼ੀਆਂ ਦੀ ਪਛਾਣ ਕਰ, ਉਨ੍ਹਾਂ ਨੂੰ ਨਾਮਜ਼ਦ ਕਰਨ ਦੇ ਉਦੇਸ਼ ਨਾਲ ਸਮੇਂ-ਸਮੇਂ ਕਈ ਕਮਿਸ਼ਨਾਂ ਅਤੇ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਰਿਹਾ। ਪ੍ਰੰਤੂ ਅਜੇ ਤਕ ਨਾ ਤਾਂ ਕੋਈ ਅਜਿਹਾ ਕਮਿਸ਼ਨ ਬਣਿਆ ਤੇ ਨਾ ਹੀ ਕੋਈ ਕਮੇਟੀ ਗਠਤ ਕੀਤੀ ਗਈ, ਜੋ ਇਸ ਗਲ ਦੀ ਜਾਂਚ ਕਰੇ, ਕਿ ਪੀੜਤਾਂ ਦੀ ਮਦੱਦ ਕਰਨ ਦੇ ਨਾਂ ਤੇ ਜੋ ਵਿਅਕਤੀ ਸਰਗਰਮ ਰਹੇ ਤੇ ਜੋ ਕਮੇਟੀਆਂ ਹੋਂਦ ਵਿੱਚ ਆਈਆਂ, ਉਹ ਅੱਜ ਕਿਥੇ ਹਨ ਅਤੇ ਉਨ੍ਹਾਂ ਦੇ ਮੁੱਖੀਆਂ ਨੇ ਪੀੜਤਾਂ ਦੀ ਮਦੱਦ ਅਤੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਦੇ ਨਾਂ ਤੇ ਦੇਸ਼-ਵਿਦੇਸ਼ ਵਿੱਚ ਦੂਰ-ਦੁਰਾਡੇ ਵਸਦੇ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰ, ਜੋ ਕਰੋੜਾਂ ਰੁਪਏ ਇਕਠੇ ਕੀਤੇ, ਉਨ੍ਹਾਂ ਦਾ ਕੀ ਬਣਿਆ? ਜਿਨ੍ਹਾਂ ਪੀੜਤ ਵਿਧਵਾਵਾਂ ਨੂੰ ਅਪਣੇ ਪੈਰਾਂ ਤੇ ਖੜਿਆਂ ਕਰ, ਆਤਮ-ਨਿਰਭਰ ਬਣਾਉਣ ਦੇ ਨਾਂ ਤੇ ਘਰੇਲੂ-ਉਦਯੋਗ ਸਥਾਪਤ ਕਰਨ ਲਈ ਸਰਕਾਰ ਪਾਸੋਂ ਭਵਨ ਅਲਾਟ ਕਰਵਾਏ ਅਤੇ ਉਨ੍ਹਾਂ ਨੂੰ ਸੀਣ-ਪਰੌਣ ਆਦਿ ਦਾ ਕੰਮ ਸਿਖਾਉਣ ਲਈ ਸਰਕਾਰ ਅਤੇ ਆਮ ਸਿੱਖਾਂ ਪਾਸੋਂ ਲਖਾਂ-ਕਰੋੜਾਂ ਰੁਪਏ ਦੇ ਫੰਡ, ਮਸ਼ੀਨਾਂ ਤੇ ਹੋਰ ਸੰਦ ਆਦਿ ਲਏ? ਕਿਥੇ ਹਨ ਉਹ ਲੋਕ? ਕਿਥੇ ਹਨ ਉਹ ਭਵਨ ਅਤੇ ਕਿਥੇ ਹਨ ਉਹ ਮਸ਼ੀਨਾਂ, ਸੰਦ ਅਤੇ ਪੈਸੇ?
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
01 Nov. 2018
ਬਾਦਲ ਦਲ ਦੇ ਮੁਖੀਆਂ ਦਾ ਪੀੜਤਾਂ ਪ੍ਰਤੀ ਹੇਜ? - ਜਸਵੰਤ ਸਿੰਘ 'ਅਜੀਤ'
ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਫੈਸਲਾ ਕੀਤਾ ਹੈ ਕਿ 'ਇਸ ਵਾਰ' ਉਹ ਨਵੰਬਰ-84 ਵਿੱਚ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹੋਏ ਸਿੱਖ ਕਤਲ-ਏ-ਆਮ ਦੇ ਪੀੜਤ ਪਰਿਵਾਰਾਂ ਨੂੰ ਅਜੇ ਤਕ ਇਨਸਾਫ ਨਾ ਮਿਲ ਪਾਣ ਦੇ ਵਿਰੁੱਧ ਅਕਾਲੀ ਦਲ ਵਲੋਂ ਪਹਿਲੀ (1) ਨਵੰਬਰ ਨੂੰ ਇਤਿਹਾਸਕ ਤਖਤ ਸਾਹਿਬਾਨ ਪੁਰ ਅਰਦਾਸ ਸਮਾਗਮ ਦਾ ਅਯੋਜਨ ਕੀਤਾ ਜਾਇਗਾ ਅਤੇ ਉਸਤੋਂ ਬਾਅਦ ਤਿੰਨ ਨਵੰਬਰ ਨੂੰ ਸਵੇਰੇ ਗਿਆਰ੍ਹਾਂ ਵਜੇ ਤੋਂ ਦੁਪਹਿਰ ਬਾਅਦ ਦੋ ਵਜੇ ਤਕ (ਅਰਥਾਤ ਤਿੰਨ ਘੰਟਿਆਂ ਲਈ) ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਜਾਇਗਾ। ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਧਰਨੇ ਵਿੱਚ ਅਕਾਲੀ ਦਲ ਦੇ ਸਾਰੇ ਵਿੱੰਗਾਂ ਦੇ ਅਹੁਦੇਦਾਰਾਂ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਗੁਰਦੁਅਰਾ ਕਮੇਟੀ ਵੀ ਇਸ ਧਰਨੇ ਵਿੱਚ ਸ਼ਾਮਲ ਹੋਵੇਗੀ)। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਬੀਤੇ 34 ਵਰ੍ਹਿਆਂ ਤੋਂ ਕੇਵਲ ਚੋਣਾਂ, ਭਾਵੇਂ ਉਹ ਲੋਕਸਭਾ ਦੀਆਂ ਹੋਣ ਜਾਂ ਪੰਜਾਬ ਤੇ ਦਿੱਲੀ ਵਿਧਾਨ ਸਭਾ ਦੀਆਂ ਜਾਂ ਫਿਰ ਦਿੱਲੀ ਨਗਰ ਬਿਗਮ ਦੀਆਂ, ਦੇ ਸਮੇਂ ਹੀ ਆਪਣੇ ਅਤੇ ਭਾਈਵਾਲ ਪਾਰਟੀ ਭਾਜਪਾ ਸਹਿਤ, ਨਵੰਬਰ-84 ਦੇ ਪੀੜਤਾਂ ਦਾ ਰਾਜਨੀਤਿਕ ਅਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ, ਉਸ ਸਮੇਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ 'ਅਰਦਾਸ' ਕਰਨ ਅਤੇ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਵਿਰੁਧ, ਧਰਨਾ ਦੇਣ ਦੀ ਯਾਦ ਆ ਗਈ, ਜਦੋਂ ਕਿ ਉਹ ਸੱਤਾ ਦੀਆਂ ਕੁਰਸੀਆਂ ਤੋਂ ਲਾਂਭੇ ਹੋ ਸੜਕਾਂ ਤੇ ਆ ਚੁਕੇ ਹਨ ਤੇ ਉਨ੍ਹਾਂ ਦੀ ਕਿਸ਼ਤੀ ਮੰਝਧਾਰ ਵਿੱਚ ਫਸੀ ਡਗਮਗਾ ਰਹੀ ਹੈ। ਇਸਦੇ ਨਾਲ ਹੀ ਦਿਲਚਸਪ ਗਲ ਇਹ ਵੀ ਹੈ ਕਿ ਇਹ ਧਰਨਾ ਇੱਕ ਤਰ੍ਹਾਂ ਨਾਲ ਉਸ ਸਰਕਾਰ, ਵਿਰੁਧ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪ ਭਾਈਵਾਲ ਹੈ ਅਤੇ ਉਸ ਵਿੱਚ ਬਾਦਲ ਪਰਿਵਾਰ ਦੀ ਇੱਕ ਸਨਮਾਨਤ ਮੈਂਬਰ, ਬੀਬਾ ਹਰਸਿਮਰਤ ਕੌਰ ਮੰਤ੍ਰੀ ਮੰਡਲ ਵਿੱਚ ਸ਼ਾਮਲ ਹੈ। ਸਿੱਖ ਰਾਜਨੀਤਕਾਂ ਦਾ ਮੰਨਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸੱਚਮੁਚ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੇ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਪ੍ਰਤੀ ਦੁਖੀ ਅਤੇ ਗੰਭੀਰ ਹਨ ਤਾਂ ਬੀਬਾ ਹਰਸਿਮਰਤ ਕੌਰ ਨੂੰ ਕੇਂਦ੍ਰੀ ਮੰਤਰੀ ਮੰਡਲ ਵਿਚੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ, ਧਰਨੇ ਦੀ ਅਗਵਾਈ ਕਰ ਰਹੇ ਸੀਨੀਅਰ ਅਤੇ ਜੂਨੀਅਰ ਬਾਦਲ ਦੇ ਨਾਲ ਆ ਸ਼ਾਮਲ ਹੋਣਾ ਚਾਹੀਦਾ ਹੈ। ਉਹ ਰਾਜਨੀਤਕ ਇਹ ਵੀ ਕਹਿੰਦੇ ਹਨ ਕਿ ਇਹ ਅਸਤੀਫਾ ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਧੰਨਾ ਸਿੰਘ ਗੁਲਸ਼ਨ ਦੇ ਉਸ ਅਸਤੀਫੇ ਵਰਗਾ ਨਹੀਂ ਹੋਣਾ ਚਾਹੀਦਾ, ਜਿਵੇਂ ਦਾ ਅਸਤੀਫੇ ਦੇਣ ਦਾ ਐਲਾਨ, ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ, ਅੰਮ੍ਰਿਤਸਰ, ਦਿੱਲੀ ਅਤੇ ਕਾਨਪੁਰ ਵਿਖੇ ਵਾਪਰੇ ਨਿਰੰਕਾਰੀ ਕਾਂਡ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਪੁਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰ, ਆਪਣੇ ਹਕ ਵਿੱਚ ਜੈਕਾਰੇ ਲਗਵਾਏ ਅਤੇ ਸਮਾਗਮ ਤੋਂ ਬਾਅਦ ਵਾਪਸ ਜਾ, ਉਨ੍ਹਾਂ ਹੀ ਕੁਰਸੀਆਂ ਪੁਰ ਬਿਰਾਜਮਾਨ ਹੋ ਗਏ, ਜਿਨ੍ਹਾਂ ਤੋਂ ਅਸਤੀਫਾ ਦੇ ਕੇ ਆਉਣ ਦਾ ਐਲਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰ ਆਪਣੇ ਹਕ ਵਿੱਚ ਜੈਕਾਰੇ ਲਵਾਏ ਸਨ। ਅਕਾਲੀ ਰਾਜਨੀਤੀ ਦੇ ਕਈ ਜਾਣਕਾਰਾਂ ਨੇ ਇਹ ਵੀ ਦਸਿਆਂ ਕਿ ਅਜ ਨਵੰਬਰ-84 ਦੇ ਪੀੜਤਾਂ ਪ੍ਰਤੀ ਹੇਜ ਜਤਾਅ ਕੇ 'ਅਥਰੂ' ਵਹਾਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਤਾ-ਕਾਲ ਦੌਰਾਨ, ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਕੇਂਦਰੀ ਸਰਕਾਰ ਵਲੋਂ ਪੀੜਤਾਂ ਦੀ ਮਦਦ ਲਈ ਜੋ ਰਕਮ ਪੰਜਾਬ ਭਿਜਵਾਈ ਗਈ ਸੀ, ਉਹ ਵੀ ਉਨ੍ਹਾਂ ਤਕ ਨਹੀਂ ਪਹੁੰਚਾਈ। ਇਤਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਸੱਤਾ-ਕਾਲ ਦੌਰਾਨ ਉਨ੍ਹਾਂ ਦੇ ਸਨਮਾਨ-ਜਨਕ ਪੁਨਰਵਾਸ ਲਈ ਵੀ ਕੋਈ ਮੁਨਾਸਬ ਕਦਮ ਨਹੀਂ ਚੁਕਿਆ। ਜਿਸ ਕਾਰਣ ਉਹ ਅਜ ਵੀ ਜਗ੍ਹਾ-ਜਗ੍ਹਾ ਇਨਸਾਫ ਲਈ ਗੁਹਾਰ ਲਾਂਦੇ, ਧੱਕੇ ਖਾ ਰਹੇ ਹਨ। ਉਹ ਇਹ ਵੀ ਦਸਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਕਾਲ ਦੌਰਾਨ, ਧਰਨੇ ਮਾਰਨ ਤੇ ਮੁਜ਼ਾਹਿਰੇ ਕਰਨ ਵਾਲਿਆਂ ਦੇ ਸੰਬੰਧ ਵਿੱਚ ਕਿਹਾ ਕਰਦੇ ਸਨ ਕਿ ਜਿਨ੍ਹਾਂ ਕੋਲ ਕਰਨ ਲਈ ਹੋਰ ਕੋਈ ਕੰਮ ਨਹੀਂ ਹੁੰਦਾ, ਉਹੀ ਧਰਨੇ ਦਿੰਦੇ ਅਤੇ ਮੁਜ਼ਾਹਿਰੇ ਕਰਦੇ ਹਨ।
ਇੱਕ ਕਾਂਡ : ਜੋ ਭੁਲਾ ਦਿੱਤਾ ਗਿਆ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਵਲੋਂ ਸੰਨ-2000 ਵਿੱਚ ਡਾ. ਕੁਲਵਿੰਦਰ ਸਿੰਘ ਬਾਜਵਾ ਵਲੋਂ ਸੰਪਾਦਤ ਇਕ ਪੁਸਤਕ 'ਅਕਾਲੀ ਦਲ ਸੌਦਾ ਬਾਰ' ਪ੍ਰਕਾਸ਼ਤ ਕੀਤੀ ਗਈ ਹੈ। ਜਿਸ ਵਿੱਚ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਤ ਕਈ ਪ੍ਰੇਰਨਾ-ਦਾਇਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੋਇਆ ਹੈ। ਪਾਠਕਾਂ ਦੀ ਜਾਣਕਾਰੀ ਲਈ ਉਨ੍ਹਾਂ ਹੀ ਘਟਨਾਵਾਂ ਵਿਚੋਂ ਇੱਕ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ। 10 ਤੋਂ 12 ਅਕਤੂਬਰ 1920 ਨੂੰ 'ਖਾਲਸਾ ਬਰਾਦਰੀ' ਜਥੇਬੰਦੀ ਵਲੋਂ ਜਲ੍ਹਿਆਂ ਵਾਲਾ ਬਾਗ ਵਿੱਚ ਇੱਕ ਦੀਵਾਨ ਸਜਾਇਆ ਗਿਆ। ਇਸ ਜਥੇਬੰਦੀ ਦੇ ਮੁੱਖੀ ਭਾਈ ਮਹਿਤਾਬ ਸਿੰਘ ਬੀਰ ਸਨ। (ਭਾਈ ਮਹਿਤਾਬ ਸਿੰਘ, ਮੌਲਵੀ ਕਰੀਮ ਬਖਸ਼, ਜੋ ਬਕਾਪੁਰ, ਜਲੰਧਰ ਵਿਖੇ 14 ਜੂਨ 1903 ਦੇ ਦਿਨ ਅੰਮ੍ਰਿਤ ਛਕ ਕੇ ਭਾਈ ਲਖਬੀਰ ਸਿੰਘ ਬਣ ਗਏ ਸਨ, ਦੇ ਬੇਟੇ ਸਨ। ਭਾਈ ਮਹਿਤਾਬ ਸਿੰਘ ਦਾ ਪਹਿਲਾ ਨਾਂ ਰੁਕਨਦੀਨ ਸੀ) ਭਾਈ ਮਹਿਤਾਬ ਸਿੰਘ ਨੇ ਸਿੱਖੀ ਪ੍ਰਚਾਰ ਵਾਸਤੇ ਸੰਜੀਦਾ ਅਤੇ ਅਹਿਮ ਰੋਲ ਅਦਾ ਕੀਤਾ। 10 ਤੋਂ 12 ਅਕਤੂਬਰ ਤਕ ਅਖੌਤੀ ਪਛੜੀਆਂ ਜਾਤਾਂ ਦਾ ਇਕਠ ਬੁਲਾਇਆ ਗਿਆ। ਇਸ ਵਿੱਚ ਪਹਿਲੇ ਦਿਨ ਕੋਈ ਸਿੱਖ ਆਗੂ ਸ਼ਾਮਲ ਨਾ ਹੋਇਆ। ਹੋਰ ਤਾਂ ਹੋਰ ਉਨ੍ਹਾਂ ਨੂੰ ਲੰਗਰ ਵਾਸਤੇ ਭਾਂਡੇ ਤਕ ਵੀ ਨਾ ਮਿਲੇ। ਦੂਜੇ ਦਿਨ ਸੁੰਦਰ ਸਿੰਘ ਮਜੀਠਾ, ਜ. ਕਰਤਾਰ ਸਿੰਘ ਝੱਬਰ, ਜ. ਤੇਜਾ ਸਿੰਘ ਭੁਚਰ, ਮੰਗਲ ਸਿੰਘ ਮਾਨ, ਬਹਾਦਰ ਸਿੰਘ ਹਕੀਮ ਵਗੈਰਾ ਦੀਵਾਨ ਵਿੱਚ ਆ ਹਾਜ਼ਰ ਹੋਏ। ਉਨ੍ਹੀਂ ਦਿਨੀਂ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਨਹੀਂ ਕਰਦੇ ਸੀ। 11 ਅਕਤੂਬਰ ਰਾਤ ਵੇਲੇ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ ਪਛੜੀਆਂ ਜਾਤਾਂ ਦੇ ਸਿੱਖ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਦੇ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਕਈ ਸਿੰਘਾਂ ਨੇ ਅੰਮ੍ਰਿਤ ਛਕਿਆ। ਦੀਵਾਨ ਦੇ ਖਤਮ ਹੋਣ ਤੋਂ ਬਾਅਦ ਸਾਰੇ ਸਿੰਘ ਇਕੱਠੇ ਹੋ ਕੇ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਨੇ ਗਲ ਵਿੱਚ ਪਲਾ ਪਾਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ ਪੁਜਾਰੀਆਂ ਨੇ 'ਨੱਨਾ' ਹੀ ਫੜੀ ਰਖਿਆ। ਏਨੇ ਚਿਰ ਵਿੱਚ ਜੱਥੇਦਾਰ ਕਰਤਾਰ ਸਿੰਘ ਝੱਬਰ ਅਤੇ ਜੱਥੇਦਾਰ ਤੇਜਾ ਸਿੰਘ ਭੁਚਰ ਵੀ ਪੁਜ ਗਏ। ਹੁਣ ਸੰਗਤਾਂ ਦੀ ਗਿਣਤੀ ਬਹੁਤ ਹੋ ਚੁਕੀ ਸੀ। ਅਖੀਰ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ (ਹੁਕਮ) ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ, ਸੋਰਠਿ ਮਹਲਾ 3 ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ..॥ (ਪੰਨਾ 638)
ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਸੰਗਤਾਂ ਵਿਸਮਾਦ ਵਿੱਚ ਆ ਗਈਆਂ। ਅਖੀਰ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸਤੋਂ ਬਾਅਦ ਸੰਗਤਾਂ ਅਕਾਲ ਤਖਤ ਸਾਹਿਬ 'ਤੇ ਗਈਆਂ। ਸੰਗਤਾਂ ਨੂੰ ਆਉਂਦਿਆਂ ਵੇਖ ਪੁਜਾਰੀ ਤਖਤ ਸਾਹਿਬ ਨੂੰ ਸੁੰਞਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸਿੰਘਾਂ ਨੇ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖਤ 'ਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿੱਚ ਸੰਗਤਾਂ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 17 ਸਿੰਘਾਂ ਦੀ ਇੱਕ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੇ ਜਥੇਦਾਰ ਜ. ਤੇਜਾ ਸਿੰਘ ਭੁਚਰ ਬਣਾਏ ਗਏ। ਇਸ ਕਮੇਟੀ (ਜੱਥੇ) ਦੀ ਡਿਊਟੀ ਅਕਾਲ ਤਖਤ ਸਾਹਿਬ 'ਤੇ ਪਹਿਰਾ ਦੇਣਾ ਸੀ। ਜਥੇਦਾਰ ਭੁਚਰ ਇਸ ਜੱਥੇ ਦੇ ਜਥੇਦਾਰ ਥਾਪੇ ਗਏ ਸਨ। ਇਸ ਦਿਨ ਤੋਂ ਅਕਾਲ ਤਖਤ ਸਾਹਿਬ ਦੇ 'ਜਥੇਦਾਰ' ਦਾ ਇੱਕ ਨਵਾਂ ਅਹੁਦਾ ਖੜਾ ਹੋ ਗਿਆ। ਇਸਤੋਂ ਪਹਿਲਾਂ ਸਿੱਖ ਤਾਰੀਖ ਅਤੇ ਸਿੱਖ ਫਲਸਫੇ ਵਿੱਚ 'ਜਥੇਦਾਰ' ਦੇ ਅਹੁਦੇ ਦਾ ਕੋਈ ਵਜੂਦ ਨਹੀਂ ਸੀ।
...ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦਾ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਕਾਮਨਾ ਤਾਂ ਹੀ ਕੀਤੀ ਜਾ ਸਕਦੀ ਹੈ, ਜਦੋਂ ਕਿ ਇਨ੍ਹਾਂ ਦੀ ਵਾਗਡੋਰ ਪੰਥ ਪ੍ਰਤੀ ਸਮਰਪਿਤ ਸ਼ਖਸੀਅਤਾਂ ਦੇ ਹੱਥ ਵਿੱਚ ਹੋਵੇ, ਨਾ ਕਿ ਉਨ੍ਹਾਂ ਦੇ ਹੱਥਾਂ ਵਿੱਚ ਜੋ ਉਨ੍ਹਾਂ ਨੂੰ ਆਪਣੇ ਰਾਜਸੀ ਸੁਆਰਥ ਲਈ ਇਸਤੇਮਾਲ ਕਰਦੇ ਚਲੇ ਆ ਰਹੇ ਹੋਣ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਧਾਰਮਕ ਮੋਰਚੇ ਦਾ ਕਿਧਰੇ ਰਾਜਸੀਕਰਣ ਨਾ ਹੋ ਜਾਏ? - ਜਸਵੰਤ ਸਿੰਘ 'ਅਜੀਤ'
ਇਸ ਵਿੱਚ ਕੋਈ ਸ਼ਕ ਨਹੀਂ ਕਿ ਇਸ ਸਮੇਂ ਪੰਜਾਬ ਦੀਆਂ ਕਈ ਪੰਥਕ ਜੱਥੇਬੰਦੀਆਂ ਵਲੋਂ ਆਪਸੀ ਤਾਲਮੇਲ ਨਾਲ ਬਰਗਾੜੀ (ਪੰਜਾਬ) ਵਿੱਚ ਇਨਸਾਫ ਪ੍ਰਾਪਤੀ ਲਈ ਜੋ ਮੋਰਚਾ ਲਾਇਆ ਗਿਆ ਹੋਇਆ ਹੈ, ਉਹ ਸਮੁਚੇ ਰੂਪ ਵਿੱਚ ਹੀ ਨਿਰੋਲ ਅਜਿਹੇ ਧਾਰਮਕ ਮੁੱਦਿਆਂ ਪੁਰ ਅਧਾਰਤ ਹੈ, ਜਿਨ੍ਹਾਂ ਦਾ ਰਾਜਨੀਤੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਹਰ ਕੋਈ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤ੍ਰੀ-ਕਾਲ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਲਗਾਤਾਰ ਵਾਪਰਦੀਆਂ ਰਹੀਆਂ ਘਟਨਾਵਾਂ, ਜਿਨ੍ਹਾਂ ਲਈ ਦੋਸ਼ੀਆਂ ਦੇ ਪੁਲਸ ਦੀ ਪਹੁੰਚ ਤੋਂ ਬਾਹਰ ਰਹਿਣ ਦੇ ਹਾਲਾਤ ਦੇ ਚਲਦਿਆਂ ਉਨ੍ਹਾਂ ਨੂੰ ਪਕੜਨ ਅਤੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਸ਼ਾਂਤੀਪੂਰਣ ਰੋਸ ਧਰਨੇ ਦਿੱਤੇ ਜਾ ਰਹੇ ਸਨ, ਜਿਨ੍ਹਾਂ ਵਿੱਚ ਜੁੜੀਆਂ ਸਿੱਖ-ਸੰਗਤਾਂ ਵਲੋਂ ਕੇਵਲ ਨਾਮ ਸਿਮਰਨ ਹੀ ਕੀਤਾ ਜਾਂਦਾ ਸੀ। ਇਨ੍ਹਾਂ ਸ਼ਾਂਤੀਪੂਰਣ ਧਰਨਿਆਂ ਵਿੱਚ ਜੁੜੀਆਂ ਨਾਮ ਸਿਮਰਨ ਕਰ ਰਹੀਆਂ ਸਿਖ-ਸੰਗਤਾਂ ਪੁਰ ਪੰਜਾਬ ਪੁਲਸ ਵਲੋਂ ਬਿਨਾ ਕਿਸੇ ਭੜਕਾਹਟ ਅਤੇ ਬਿਨਾ ਕਿਸੇ ਤਰ੍ਹਾਂ ਦੀ ਚਿਤਾਵਨੀ ਦਿਤਿਆਂ ਗੋਲੀ ਚਲਾਈ ਗਈ, ਜਿਸਦੇ ਫਲਸਰੂਪ ਦੋ ਸਿੱਖ ਨੌਜਵਾਨ ਸ਼ਹੀਦ ਹੋ ਗਏ। ਇਨ੍ਹਾਂ ਹੀ ਘਟਨਾਵਾਂ ਲਈ ਦੋਸ਼ੀਆਂ ਨੂੰ ਪਕੜਨ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਥਕ ਜੱਥੇਬੰਦੀਆਂ ਵਲੋਂ ਇਹ (ਬਰਗਾੜੀ) ਮੋਰਚਾ ਲਾਇਆ ਗਿਆ ਹੋਇਆ ਹੈ। ਇਸ ਮੋਰਚੇ ਨਾਲ ਇਸ ਮੰਗ ਤੋਂ ਬਿਨਾ ਹੋਰ ਕਿਸੇ ਵੀ ਗਲ ਜਾਂ ਮੰਗ ਦਾ ਕੋਈ ਸੰਬੰਧ ਨਹੀਂ ਅਤੇ ਨਾ ਹੀ ਇਹ ਮੋਰਚਾ ਕਿਸੇ ਰਾਜਸੀ ਜੱਥੇਬੰਦੀ ਵਲੋਂ ਲਾਇਆ ਗਿਆ ਹੋਇਆ ਹੈ। ਇਸਲਈ ਇਸ ਮੋਰਚੇ ਦਾ ਉਦੇਸ਼ ਨਿਰੋਲ ਧਾਰਮਕ ਹੋਣ ਦੇ ਕਾਰਣ ਨਾ ਕੇਵਲ ਸਿੱਖ ਹੀ ਰਾਜਸੀ ਸੋਚ ਤੋਂ ਉਪਰ ਉਠ ਵੱਡੀ ਗਿਣਤੀ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ, ਸਗੋਂ ਇਨਸਾਫ-ਪਸੰਦ ਹਿੰਦੂ ਵੀ ਰਾਜਸੀ ਵਿਚਾਰਧਾਰਾ ਤੋਂ ਉਪਰ ਉਠ ਭਾਰੀ ਤਾਦਾਦ ਵਿੱਚ ਉਨ੍ਹਾਂ ਦੀ ਮੰਗ ਦੇ ਸਮਰਥਨ ਵਿੱਚ ਉਨ੍ਹਾ ਨਾਲ ਜੁੜਨ ਲਈ ਅੱਗੇ ਆ ਰਹੇ ਹਨ। ਇਸ ਮੋਰਚੇ ਦੀ ਲਗਾਤਾਰ ਵਧਦੀ ਜਾ ਰਹੀ ਹਰਮਨ-ਪਿਆਰਤਾ ਦੇ ਚਲਦਿਆਂ, ਜਿਸ-ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਵਿਰੋਧੀ ਪਾਰਟੀਆਂ ਦੇ ਨੇਤਾ, ਆਪਣੀਆਂ ਰਾਜਸੀ ਰੋਟੀਆਂ ਸੇਂਕਣ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਿਰੁਧ ਅਪਾਨਣ 'ਕਿੜ' ਤੇ ਭੜਾਸ ਕਢਣ ਲਈ ਉਥੇ ਪੁਜਣ ਲਗੇ ਹਨ, ਉਸਤੋਂ ਇਉਂ ਜਾਪਣ ਲਗਾ ਹੈ ਜਿਵੇਂ ਉਹ ਇਸ ਮੋਰਚੇ ਦੇ ਸਹਾਰੇ ਆਪਣੀ ਸੱਤਾ ਲਾਲਸਾ ਪੂਰਿਆਂ ਕਰਨ ਵਿੱਚ ਸਫਲ ਹੋ ਸਕਦੇ ਹਨ। ਇਸ ਲਈ ਜੇ ਸਮਾਂ ਰਹਿੰਦਿਆਂ ਇਨ੍ਹਾਂ ਰਾਜਸੀ ਆਗੂਆਂ ਨੂੰ ਉਥੇ ਪੁਜ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਮੰਚ ਸਾਂਝਾ ਕਰਨ ਤੋਂ ਨਾ ਰੋਕਿਆ ਗਿਆ ਤਾਂ ਨਾ ਕੇਵਲ ਇਹ ਮੋਰਚਾ ਕਮਜ਼ੋਰ ਹੋ ਜਾਇਗਾ। ਇਸ ਸਥਿਤੀ ਦੇ ਚਲਦਿਆਂ ਇਹ ਮੋਰਚਾ ਜੇ ਅਸਫਲਤਾ ਦੇ ਕਗਾਰ ਪੁਰ ਜਾ ਪੁਜੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ। ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਉਥੇ ਮੋਰਚੇ ਦਾ ਸਮਰਥਨ ਕਰਨ ਲਈ ਆਉਣ ਤੋਂ ਰੋਕ ਦਿੱਤਾ ਜਾਏ, ਸਗੋਂ ਇਸਦਾ ਮਤਲਬ ਇਹ ਹੈ ਕਿ ਉਹ ਮਰਚੇ ਦਾ ਸਮਰਥਨ ਕਰਨ ਲਈ ਜੀ ਸਦਕੇ ਆਉਣ ਤੇ ਮੰਚ ਤੋਂ ਮੋਰਚੇ ਦੇ ਹਕ ਵਿੱਚ ਅਵਾਜ਼ ਸਾਂਝੀ ਕਰਨ, ਪ੍ਰੰਤੂ ਉਥੇ ਆ ਆਪਣੀਆਂ ਰਾਜਸੀ ਰੋਟੀਆਂ ਸੇਂਕਣ ਤੋਂ ਜ਼ਰੂਰ ਗੁਰੇਜ਼ ਕਰਨ।
ਡਾ. ਅਨੁਰਾਗ ਸਿੰਘ : ਪ੍ਰਸਿੱਧ ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ ਦੀ ਇੱਕ ਪੋਸਟ ਸੋਸ਼ਲ ਮੀਡੀਆ ਪੁਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਬਰਗਾੜੀ ਮੋਰਚੇ ਦੀਆਂ ਸੰਚਾਲਕ ਪੰਥਕ ਜੱਥੇਬੰਦੀਆਂ ਦੇ ਮੁਖੀਆਂ ਨੂੰ, ਉਨ੍ਹਾਂ ਦੇ ਸੰਘਰਸ਼ ਪੁਰ ਆਪਣੇ ਸਵਾਰਥ ਦੀਆਂ ਰੋਟੀਆਂ ਸੇਂਕਣੇ ਵਾਲੇ ਰਾਜਸੀ ਆਗੂਆਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਰਗਰਮ ਅਕਾਲੀ ਦਲਾਂ ਦੀ ਦਲਦਲ ਵਿੱਚ ਫਸੇ ਪੰਥ ਦੀ ਵੇਦਨਾ ਬਿਆਨ ਕਰਦਿਆਂ ਬਹੁਤ ਹੀ ਭਾਰੀ ਦਿਲ ਨਾਲ ਲਿਖਿਆ ਕਿ ਇੱਕ ਅਕਾਲੀ ਦਲ ਨੂੰ ਸਾਹ ਲੈਣ ਲਈ ਕਾਂਗਰਸ ਦੀ ਆਕਸੀਜ਼ਨ ਚਾਹੀਦੀ ਹੈ ਤੇ ਦੂਸਰੇ ਅਕਾਲੀ ਦਲ ਨੂੰ ਸਾਹ ਲੈਣ ਲਈ ਭਾਜਪਾ ਦੀ ਆਕਸੀਜ਼ਨ ਲੈਣ ਦੀ ਲੋੜ ਹੁੰਦੀ ਹੈ। ਦੋਹਾਂ ਕੋਲ ਆਪਣਾ ਕੁਝ ਵੀ ਨਹੀਂ। ਉਨ੍ਹਾਂ ਹੋਰ ਲਿਖਿਆ ਕਿ ਇਨ੍ਹਾਂ ਨੂੰ ਇੱਕ ਪਾਸੇ ਸਮਰਥਾਵਾਨ ਸਿੱਖਾਂ ਪਾਸੋਂ ਧਨ ਮਿਲਦਾ ਹੈ ਤੇ ਦੂਜੇ ਪਾਸੇ 'ਗੁਰੂ ਕੀ ਗੋਲਕ' ਵੀ ਇਨ੍ਹਾਂ ਦੀ ਮਦਦਗਾਰ ਹੁੰਦੀ ਹੈ। ਉਨ੍ਹਾਂ ਅਨੁਸਾਰ ਨੀਲਾ ਤਾਰਾ ਸਾਕੇ ਲਈ 'ਸਦਾ' ਅਕਾਲੀ ਦਲ ਦਿੰਦਾ ਹੈ, ਉਸਦੀ ਸਹਿਯੋਗੀ ਭਾਜਪਾ ਸੜਕਾਂ ਪੁਰ ਉਤਰ ਹਰਿਮੰਦਿਰ ਸਾਹਿਬ ਪੁਰ ਸੈਨਕ ਕਾਰਵਾਈ ਕਰਨ ਦੀ ਗੁਹਾਰ ਲਾਂਦੀ ਹੈ ਅਤੇ ਕਾਂਗ੍ਰਸ ਇਨ੍ਹਾਂ ਦੀ ਮੰਗ ਸਵੀਕਾਰ ਕਰ ਪੰਜਾਬ ਦਾ ਸਤਿਆਨਾਸ ਕਰਨ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਵਿੱਚ ਸਫਲ ਹੋ ਜਾਂਦੀ ਹੈ। ਇਸ ਸਾਰੇ ਗੁਨਾਹ ਦੇ ਭਾਈਵਾਲ ਗਰਮ-ਗਰਮ ਭਾਸ਼ਣ ਦੇ ਸਿੱਖਾਂ ਨੂੰ ਧੱਧਕਦੀ ਅੱਗ ਵਿੱਚ ਝੌਂਕ ਆਪ ਸਾਫ ਸੁਰਖਿਅਤ ਬਾਹਰ ਨਿਕਲ ਆਉਂਦੇ ਹਨ।
ਗੁਰਦੁਆਰਾ ਪ੍ਰਬੰਧ ਪੁਰ ਕਬਜ਼ਾ.. : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿੱਚ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ, ਜਿਥੇ ਉਨ੍ਹਾਂ ਦੋਸ਼ਾਂ ਨੂੰ ਕਾਂਗ੍ਰਸ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ, ਉਥੇ ਹੀ ਕਾਂਗ੍ਰਸ ਪੁਰ ਇਹ ਦੋਸ਼ ਵੀ ਲਾਇਆ ਕਿ ਉਹ ਗੁਰਦੁਆਰਿਆਂ ਪੁਰ ਕਬਜ਼ਾ ਕਰ, ਨੀਲਾਤਾਰਾ ਸਾਕੇ ਅਤੇ ਸਿੱਖ ਕਤਲ-ਏ-ਆਮ ਦੇ ਦੋਸ਼ੀਆਂ ਨੂੰ ਕਲੀਨ ਚਿਟ ਦੇਣਾ ਚਾਹੁੰਦੀ ਹੈ। ਉਹ ਇਹ ਦਾਅਵਾ ਵੀ ਕਰਦੇ ਆ ਰਹੇ ਹਨ ਕਿ ਗੁਰਦੁਆਰਿਆਂ ਪੁਰ 'ਕਬਜ਼ਾ' ਕਰੀ ਰਖਣਾ ਸ਼੍ਰੋਮਣੀ ਅਕਾਲੀ ਦਲ ਦਾ ਜਨਮ-ਸਿੱਧ ਅਧਿਕਾਰ ਹੈ। ਉਨ੍ਹਾਂ ਦੇ ਦਲ ਲਈ ਗੁਰਦੁਆਰਾ ਚੋਣਾਂ ਜਿਤਨੀਆਂ ਮਹੱਤਵਪੂਰਣ ਹਨ, ਉਤਨੀਆਂ ਮਹਤੱਵਪੁਰਣ ਵਿਧਾਨਸਭਾ ਜਾਂ ਲੋਕਸਭਾ ਦੀਆਂ ਚੋਣਾਂ ਨਹੀਂ। ਸ. ਬਾਦਲ ਗੁਰਦੁਆਰਾ ਪ੍ਰਬੰਧ ਪੁਰ ਆਪਣੇ ਦਲ ਦਾ ਜਨਮ-ਸਿੱਧ ਅਧਿਕਾਰ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪ੍ਰੰਤੂ ਸਵਾਲ ਇਹ ਉਠਦਾ ਹੈ ਕਿ ਦਹਾਕਿਆਂ ਤੋਂ ਗੁਰਦੁਆਰਾ ਪ੍ਰਬੰਧ ਪੁਰ ਆਪਣੇ ਦਲ ਦਾ ਕਬਜ਼ਾ ਬਣਾਈ ਰਖਦਿਆਂ ਚਲੇ ਆਉਣ ਦੇ ਬਾਵਜੂਦ ਕੀ ਉਨ੍ਹਾਂ ਦਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਪ੍ਰਬੰਧ-ਅਧੀਨ ਗੁਰਦੁਆਰਿਆਂ ਦੀ ਪਵਿਤ੍ਰਤਾ ਕਾਇਮ ਰਖਦਿਆਂ, ਉਨ੍ਹਾਂ ਵਿਚਲੀਆਂ ਸਥਾਪਤ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਪ੍ਰਤਿ ਨਿਸ਼ਠਾਵਾਨ ਬਣਾਈ ਰਖਣ ਵਿਚ ਸਫਲ ਹੋਇਆ ਹੈ ਜਾਂ ਉਹ ਇਨ੍ਹਾਂ ਆਦਰਸ਼ਾਂ ਨੂੰ ਕਾਇਮ ਰਖਣ ਲਈ ਉਸਨੂੰ ਸਹਿਯੋਗ ਕਰਨ ਦੀ ਆਪਣੀ ਜ਼ਿਮੇਂਦਾਰੀ ਨਿਭਾਉਣ ਪ੍ਰਤੀ ਇਮਾਨਦਾਰ ਰਿਹਾ ਹੈ? ਜਾਂ ਉਸਦੇ ਮੁੱਖੀ ਰਾਜਨੀਤੀ ਵਿੱਚ ਆਪਣੇ ਆਪਨੂੰ ਸਥਾਪਤ ਕਰਨ ਅਤੇ ਕੀਤੀ ਰਖਣ ਲਈ ਉਸਦਾ ਅਤੇ ਉਸਦੇ ਸਾਧਨਾਂ ਦੀ ਵਰਤੋਂ ਕਰਦੇ ਚਲੇ ਆ ਰਹੇ ਹਨ? ਇਸੇ ਸਥਿਤੀ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਸਦੇ ਸਹਿਯੋਗੀ ਉਸੇ ਦੀ ਧਾਰਮਕ ਸਟੇਜ ਪੁਰ ਆ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਨੂੰ ਆਪਣੇ ਹਿਤਾਂ ਅਨੁਸਾਰ ਢਾਲ ਪੇਸ਼ ਕਰਨ ਦਾ ਸਾਹਸ ਕਰਦੇ ਚਲੇ ਆਉਣ ਲਗੇ ਹਨ।
...ਅਤੇ ਅੰਤ ਵਿੱਚ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਪ੍ਰਚਾਰ-ਪ੍ਰਸਾਰ ਪ੍ਰਤੀ ਅਪਨਾਈ ਗਈ ਹੋਈ ਅਣਗਹਿਲੀ ਦੀ ਨੀਤੀ ਦਾ ਹੀ ਨਤੀਜਾ ਹੈ ਕਿ ਉਸਦੀ ਨਕ ਹੇਠ ਹੀ ਅੰਮ੍ਰਿਤਸਰ ਦੇ ਆਸਪਾਸ ਦੇ ਇਲਾਕਿਆਂ ਵਿੱਚ ਕਈ ਸਾਬਤ-ਸੂਰਤ ਸਿੱਖ ਆਪਣੇ ਗਲ ਵਿੱਚ ਈਸਾਈਅਤ ਦਾ ਚਿੰਨ੍ਹ 'ਕ੍ਰਾਸ' ਲਟਕਾਈ ਨਜ਼ਰ ਆਉਣ ਲਗੇ ਹਨ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
18 Oct. 2018
ਦਲ ਜਾਂ ਲੀਡਰ ਦੀ ਹੋਂਦ ਬਚਾਣ ਦਾ ਸੰਘਰਸ਼ - ਜਸਵੰਤ ਸਿੰਘ 'ਅਜੀਤ'
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਟਿਆਲਾ ਵਿਖੇ ਕਥਤ 'ਜਬਰ ਵਿਰੋਧੀ' ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਕੁਝ ਅਕਾਲੀ ਮੁੱਖੀਆਂ ਨੇ ਰੱਜ ਕੇ ਕਾਂਗ੍ਰਸ ਨੂੰ ਕੋਸਿਆ ਅਤੇ ਉਸਦੇ ਵਿਰੁਧ ਦਿੱਲ ਦੀ ਭੜਾਸ ਕਢੀ। ਸ. ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਕਾਂਗ੍ਰਸ ਦੀ ਸ਼੍ਰੋਮਣੀ ਅਕਾਲੀ ਦਲ ਵਿਰੁਧ ਅਤੇ ਸਿੱਖ ਗੁਰਧਾਮਾਂ ਪੁਰ ਕਬਜ਼ਾ ਕਰਨੇ ਦੀ ਸੋਚੀ ਸਮਝੀ ਸਾਜਸ਼ ਕਰਾਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਕਾਂਗ੍ਰਸ ਵਲੋਂ ਪੈਦਾ ਕੀਤੇ ਗਏ ਹਾਲਾਤ ਤੋਂ ਇਹ ਗਲ ਸਪਸ਼ਟ ਹੋ ਗਈ ਹੈ ਕਿ ਹੁਣ ਲੜਾਈ 'ਖਾਲਸਾ ਪੰਥ ਅਤੇ ਕਾਂਗ੍ਰਸ ਪੰਥ' ਵਿੱਚ ਹੈ। ਕਾਂਗ੍ਰਸ ਨੂੰ ਸਿੱਖ ਗੁਰਧਾਮਾਂ ਪੁਰ ਕਬਜ਼ਾ ਕਰਨ ਤੋਂ ਰੋਕਣ ਲਈ ਖਾਲਸਾ ਪੰਥ ਨੂੰ ਅੱਗੇ ਆਉਣਾ ਹੀ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪ ਹੀ ਖਾਲਸਾ ਪੰਥ ਵਲੋਂ ਜਵਾਬ ਦਿੰਦਿਆਂ ਦਾਅਵਾ ਕਰ ਦਿੱਤਾ ਕਿ ਖਾਲਸਾ ਪੰਥ ਸਿੱਖਾਂ ਦੀ ਦੁਸ਼ਮਣ, ਕਾਂਗ੍ਰਸ ਪਾਰਟੀ ਨੂੰ ਕਦੀ ਵੀ ਅਤੇ ਕਿਸੇ ਵੀ ਕੀਮਤ 'ਤੇ ਗੁਰਦੁਅਰਿਆਂ ਪੁਰ ਕਬਜ਼ਾ ਕਰਨ ਤੇ ਸਿੱਖ ਕੌਮ ਦੀ ਕਿਸਮਤ ਦੇ ਫੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਕਿਹਾ ਕਿ ਕਾਂਗ੍ਰਸ ਦਾ ਉਦੇਸ਼ ਗੁਰਦੁਆਰਿਆਂ ਪੁਰ ਕਬਜ਼ਾ ਕਰ ਹਰਿਮੰਦਿਰ ਸਾਹਿਬ ਪੁਰ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇਣਾ ਹੈ।
ਇਹ ਗਲ ਇਥੇ ਵਰਨਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਿਸ ਜਾਂਚ ਰਿਪੋਰਟ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਵਿਰੁਧ ਕਾਂਗ੍ਰਸ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ, ਉਸ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮੁੱਖੀ, ਮੁਖ ਮੰਤਰੀ, ਸ. ਪ੍ਰਕਾਸ਼ ਸਿੰਘ ਬਾਲ ਅਤੇ ਉਪ ਮੁਖ ਮੰਤਰੀ, ਸ. ਸੁਖਬੀਰ ਸਿੰਘ ਬਾਦਲ ਪੁਰ ਜੋ ਦੋਸ਼ ਸਾਬਤ ਕੀਤੇ ਗਏ ਹੋਏ ਹਨ, ਉਨ੍ਹਾਂ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ। ਜਦਕਿ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ, ਉਨ੍ਹਾਂ ਦੁਖਦਾਈ ਘਟਨਾਵਾਂ ਲਈ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿ ਰਹੇ ਸਨ ਅਤੇ ਇਨ੍ਹਾਂ ਘਟਨਾਵਾਂ ਵਿਰੁੱਧ ਨਾਮ ਸਿਮਰਨ ਕਰ ਸ਼ਾਂਤੀ-ਪੂਰਣ ਰੋਸ ਪ੍ਰਗਟ ਕਰ ਰਹੇ ਸਿੱਖਾਂ ਪੁਰ ਜਦੋਂ ਗੋਲੀ ਚਲਾਈ ਗਈ ਸੀ, ਤਾਂ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਸਨ, ਜਿਨ੍ਹਾਂ ਅਧੀਨ ਗ੍ਰਹਿ ਵਿਭਾਗ ਸੀ! ਇਸ ਸਥਿਤੀ ਵਿੱਚ ਉਹ ਕਿਵੇਂ ਉਨ੍ਹਾਂ ਦੁਖਦਾਈ ਘਟਨਾਵਾਂ ਦੀ ਨਿਜੀ ਜ਼ਿਮੇਂਦਾਰੀ ਤੋਂ ਬਚ ਸਕਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸਿੱਖ ਪੰਥ ਨੂੰ ਅਗੇ ਕਰ, ਆਪਣੀ ਲੜਾਈ ਉਸਦੇ ਗਲ ਪਾ, ਆਪਣਾ ਦਾਮਨ ਬਚਾ ਲਿਜਾਣਾ ਚਾਹੂੰਦੇ ਹਨ।
ਉਨ੍ਹਾਂ ਦੀ ਇਸ ਸੋਚ ਤੋਂ ਕਈ ਵਰ੍ਹੇ ਪਹਿਲਾਂ ਦੀ ਇੱਕ ਗਲ ਯਾਦ ਆ ਜਾਂਦੀ ਹੈ। ਗਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿੱਚ ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਸੀ। ਜਿਸਦੇ ਸੰਬੰਧ ਵਿੱਚ ਦਸਿਆ ਗਿਆ ਸੀ ਕਿ ਦੋ-ਕੁ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਅਤੇ ਦਲ ਦੀ ਕਾਰਜ-ਪ੍ਰਣਾਲੀ ਨੂੰ ਸਾਰਥਕਤਾ ਦੇਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸ਼ਿਮਲਾ ਵਿਖੇ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਅਰਦਾਸ ਕੀਤੇ ਦੇ, ਤਿੰਨ ਦਿਨਾ-ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਹੈ। ਉਸ ਸਮੇਂ ਜਦੋਂ ਅਕਾਲੀ ਦਲ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਕਾਂ ਕੀਤੇ ਜਾਣ ਦੀ ਸਥਾਪਤ ਪਰੰਪਰਾ ਤੋਂ ਹਟ ਕੇ ਇਹ ਬੈਠਕ ਕੀਤੇ ਜਾਣ ਪੁਰ ਸੁਆਲ ਉਠਾਇਆ ਗਿਆ ਤਾਂ ਦਲ ਦੇ ਆਗੂਆਂ ਦਸਿਆ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਿਆਂ ਦੀ ਵਲਗਣ ਵਿਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਹੈ। ਇਸ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਗੁਰਦੁਆਰਿਆਂ ਤੋਂ ਬਾਹਰ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ।
ਉਸ ਸਮੇਂ ਇਹ ਵੀ ਦਸਿਆ ਗਿਆ ਕਿ ਇਸ ਚਿੰਤਨ ਬੈਠਕ ਵਿਚ, ਜਿਥੇ ਅਕਾਲੀ ਦਲ ਦੀ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸਮਝੀ ਗਈ, ਉਥੇ ਹੀ ਪੰਥਕ ਮਸਲਿਆਂ ਦੇ ਬਾਰੇ ਵੀ ਵਿਚਾਰ ਕਰਨਾ ਜ਼ਰੂਰੀ ਨਹੀਂ ਸੀ ਸਮਝਿਆ ਗਿਆ। ਜੋ ਇਸ ਗਲ ਦਾ ਸੰਕੇਤ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਇਹ ਗਲ ਸਵੀਕਾਰ ਕਰ ਲਈ ਸੀ ਕਿ ਹੁਣ ਉਨ੍ਹਾਂ ਨੂੰ ਰਾਜਸੱਤਾ ਦੀ ਪ੍ਰਾਪਤੀ ਲਈ ਨਾ ਤਾਂ ਗੁਰੂ ਦੀ ਅਤੇ ਨਾ ਹੀ ਪੰਥ ਦੀ ਲੋੜ ਰਹਿ ਗਈ। ਹੁਣ ਉਹ ਗੁਰੂ ਦੀ ਓਟ ਤੇ ਪੰਥ ਤੋਂ ਬਿਨਾਂ ਹੀ ਰਾਜਸੱਤਾ ਪੁਰ ਕਾਬਜ਼ ਹੋ ਸਕਦੇ ਹਨ।
ਇਸ ਚਿੰਤਨ ਬੈਠਕ ਦੇ ਕੁਝ ਹੀ ਸਮਾਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬਿਆਨ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਸਾਲਾਨਾ ਯਾਦ ਮੰਨਾਉਣ ਦੇ ਸਬੰਧ ਵਿੱਚ ਹੋਏ ਸਮਾਗਮ ਵਿੱਚ ਭਾਸ਼ਣ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਤਨੀਆਂ ਮਹਤੱਵਪੂਰਣ ਹਨ, ਉਤਨੀਆਂ ਪੰਜਾਬ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਨਹੀਂ ਹਨ। ਉਨ੍ਹਾਂ ਦਾ ਇਹ ਬਿਆਨ ਪੜ੍ਹ ਕੇ ਹੈਰਾਨੀ ਹੋਈ, ਕਿਉਂਕਿ ਇਹ ਬਿਆਨ ਪੜ੍ਹਦਿਆਂ ਹੀ ਇਸਤੋਂ ਕੁਝ ਹੀ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸ਼ਿਮਲਾ ਵਿੱਖੇ ਹੋਈ ਉਸ ਚਿੰਤਨ ਬੈਠਕ ਦੀ ਯਾਦ ਆ ਗਈ ਜਿਸਦੇ ਸੰਬੰਧ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਵਿਖ ਲਈ ਦਲ ਦੀ ਰਣਨੀਤੀ ਬਣਾਉਣ ਅਤੇ ਕਾਰਜ-ਪ੍ਰਣਾਲੀ ਨੂੰ ਨਵੇਂ ਰੂਪ ਵਿੱਚ ਸਾਰਥਕਤਾ ਦੇਣ ਦੇ ਉਦੇਸ਼ ਨਾਲ ਤਿੰਨ ਦਿਨਾ-ਚਿੰਤਨ ਬੈਠਕ ਦਾ ਆਯੋਜਨ ਕੀਤਾ ਗਿਆ ਹੈ। ਇਸਦੇ ਨਾਲ ਹੀ ਦਲ ਦੇ ਆਗੂਆਂ ਇਹ ਵੀ ਦਸਿਆ ਸੀ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕਢਣ ਦਾ ਫੈਸਲਾ ਕਰ ਲਿਆ ਹੈ। ਇਸੇ ਪਾਸੇ ਪਹਿਲ ਕਰਨ ਦੇ ਉਦੇਸ਼ ਨਾਲ ਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਗੁਰਦੁਆਰੇ ਤੋਂ ਬਾਹਰ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਅਰਦਾਸ ਕੀਤੇ ਦੇ ਕੀਤੀ ਗਈ ਹੈ।
ਜਦੋਂ ਇਹ ਗਲ ਯਾਦ ਆ ਜਾਏ ਤਾਂ ਹੈਰਾਨੀ ਹੋਣਾ ਸੁਭਾਵਕ ਹੀ ਹੈ। ਜਿਸ ਅਕਾਲੀ ਦਲ ਦੇ ਮੁੱਖੀਆਂ ਨੇ ਕੁਝ ਹੀ ਸਮਾਂ ਪਹਿਲਾਂ ਇਸ ਦਾਅਵੇ ਨਾਲ ਆਪਣੀਆਂ ਬੈਠਕਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਲੋੜ ਨਹੀਂ ਸੀ ਸਮਝੀ ਕਿ ਉਹ ਆਪਣੇ ਦਲ ਨੂੰ ਗੁਰਦੁਆਰਿਆਂ ਤੋਂ ਬਾਹਰ ਕਢਣਾ ਚਾਹੁੰਦੇ ਹਨ ਤੇ ਪੰਥ ਤੋਂ ਬਿਨਾਂ ਹੀ ਉਹ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਜਿਤ ਸਕਦੇ ਹਨ, ਉਸੇ ਦਲ ਦੇ ਸਰਪ੍ਰਸਤ ਕੁਝ ਹੀ ਸਮਾਂ ਬਾਅਦ ਇਹ ਕਹਿਣ ਤੇ ਮਜਬੂਰ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨਾਲੋਂ ਵੱਧ ਮਹਤੱਵਪੂਰਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਨ। ਜਿਸਦਾ ਮਤਲਬ ਸਪਸ਼ਟ ਸੀ ਉਨ੍ਹਾਂ ਛੇਤੀ ਹੀ ਸਮਝ ਲਿਆ ਕਿ ਉਹ 'ਗੁਰੂ' ਤੋਂ ਬਿਨਾਂ ਤਾਂ ਚੋਣਾਂ ਜਿਤ ਸਕਦੇ ਪਰ ਸ਼੍ਰੋਮਣੀ ਕਮੇਟੀ ਦੀ 'ਗੋਲਕ' ਤੋਂ ਬਿਨਾਂ ਉਨ੍ਹਾਂ ਲਈ ਕੋਈ ਵੀ ਚੋਣ ਜਿਤ ਪਾਣਾ ਸੰਭਵ ਨਹੀਂ।
...ਅਤੇ ਅੰਤ ਵਿੱਚ : ਬੀਤੇ ਦਿਨੀਂ ਅਚਾਨਕ ਪੰਜਾਬ ਤੋਂ ਦਿੱਲੀ ਆਏ ਇੱਕ ਸੀਨੀਅਰ ਅਕਾਲੀ ਮੁੱਖੀ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਦੀ ਕੇਸਰੀ ਰੰਗ ਦੀ ਪਗੜੀ ਵੇਖ, ਪੁਰਾਣੇ ਸੰਬੰਧਾਂ ਦੀ ਸਾਂਝ ਕਾਰਣ ਹਾਸੇ-ਠੱਠੇ ਵਿੱਚ ਹੀ ਉਨ੍ਹਾਂ ਪਾਸੋਂ ਪੁਛ ਬੈਠਾ ਕਿ ਸਿੰਘ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਸਮੇਂ ਤਾਂ ਅਕਾਲੀਆਂ ਲਈ ਕਾਲੀ ਪਗੜੀ ਬਨ੍ਹਣਾ ਜ਼ਰੂਰੀ ਹੁੰਦਾ ਸੀ। ਹੁਣ ਅਕਾਲੀਆਂ ਨੇ ਕਾਲੀ ਪਗੜੀ ਛੱਡ ਨੀਲੀ ਜਾਂ ਕੇਸਰੀ ਪਗੜੀ ਬੰਨ੍ਹਣੀ ਕਿਉਂ ਸ਼ੁਰੂ ਕਰ ਦਿੱਤੀ ਹੈ? ਉਹ ਆਸ ਤੋਂ ਕਿਤੇ ਵੱਧ ਹੀ ਮੂੰਹ-ਫਟ ਨਿਕਲੇ। ਇਹ ਸੁਣ ਉਨ੍ਹਾਂ ਹਸਦਿਆਂ, ਝਟ ਜੁਆਬ ਦਿੱਤਾ ਕਿ ਉਸ ਸਮੇਂ ਅਕਾਲੀਆਂ ਦੇ ਦਿਲ ਸਾਫ ਹੋਇਆ ਕਰਦੇ ਸਨ ਅਤੇ ਪਗੜੀਆਂ ਕਾਲੀ, ਪ੍ਰੰਤੂ ਅੱਜ ਦੇ ਅਕਾਲੀ ਇਹ ਮੰਨ ਕੇ ਚਲਦੇ ਹਨ ਕਿ ਦਿਲ ਕਾਲੇ ਹੋਣੇ ਚਾਹੀਦੇ ਹਨ, ਪਗੜੀ ਭਾਂਵੇਂ ਕਿਸੇ ਵੀ ਰੰਗ ਦੀ ਹਵੇੋ, ਚਲ ਜਾਇਗੀ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
11 Oct. 2018
ਸਰਜੀਕਲ ਸਟ੍ਰਾਈਕ : ਸੈਨਾ ਦਾ ਗੁਪਤ ਮਿਸ਼ਨ - ਜਸਵੰਤ ਸਿੰਘ 'ਅਜੀਤ'
ਇਥੇ ਇਹ ਗਲ ਵਰਣਨਣੋਗ ਹੈ ਕਿ ਦੋ-ਕੁ ਸਾਲ ਪਹਿਲਾਂ ਭਾਰਤੀ ਸੈਨਾ ਵਲੋਂ ਕੰਟਰੋਲ ਰੇਖਾ ਪਾਰ ਕਰ ਪਾਕਿਸਤਾਨੀ ਕਬਜ਼ੇ ਵਾਲੇ ਇਲਾਕੇ ਵਿੱਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਪੁਰ ਹਮਲਾ ਕਰ ਉਨ੍ਹਾਂ ਦਾ ਲੱਕ ਤੋੜਨ ਦੀ (ਸਰਜੀਕਲ ਸਟ੍ਰਾਈਕ) ਕਾਰਵਾਈ ਕੀਤੀ ਗਈ ਸੀ। ਇਸ ਸਰਜੀਕਲ ਸਟ੍ਰਾਈਕ ਦੀ ਦੋ-ਸਾਲਾ ਯਾਦ ਮੰਨਾਉਣ ਲਈ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਜਸ਼ਨ ਰੂਪੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਹ ਜਸ਼ਨ ਮੰਨਾਉਂਦਿਆਂ ਦਾਅਵਾ ਕੀਤਾ ਗਿਆ ਕਿ ਇਸ ਨਾਲ ਇੱਕ ਤਾਂ ਸੈਨਾਵਾਂ ਦਾ ਮਨੋਬਲ ਵਧਦਾ ਹੈ ਅਤੇ ਦੂਸਰਾ ਦੇਸ਼ ਦੇ ਸੈਨਿਕਾਂ ਵਿੱਚ ਗੌਰਵ ਦੀ ਭਾਵਨਾ ਵੀ ਪ੍ਰਬਲ ਹੁੰਦੀ ਹੈ। ਇਸ ਸੋਚ ਦੇ ਵਿਰੁਧ ਸੈਨਿਕ ਮਾਮਲਿਆਂ ਦੇ ਜਾਣਕਾਰਾਂ ਦੀ ਮਾਨਤਾ ਹੈ ਕਿ ਅਜਿਹੇ ਦਾਅਵੇ ਰਾਜਸੀ ਲਾਲਸਾ ਨੂੰ ਪੱਠੇ ਪਾਣ ਤੋਂ ਵੱਧ ਕੁਝ ਨਹੀਂ ਹੁੰਦੇ। ਉਹ ਦਸਦੇ ਹਨ ਕਿ ਭਾਰਤੀ ਸੈਨਾਵਾਂ ਵਲੋਂ ਯੂਪੀਏ ਸਰਕਾਰ ਦੇ ਸਮੇਂ ਦੌਰਾਨ ਵੀ ਤਕਰੀਬਨ ਦਸ ਵਾਰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚਲੇ ਅੱਤਵਾਦੀਆਂ ਦੇ ਕੈਂਪਾਂ ਨੂੰ ਤਬਾਹ ਕਰਨ ਦੇ ਉਦੇਸ਼ ਨਾਲ 'ਸਰਜੀਕਲ ਸਟ੍ਰਾਈਕ' ਕੀਤੀ ਗਈ। ਪਰ ਕਿਸੇ ਨੇ ਵੀ ਉਨ੍ਹਾਂ ਦਾ ਧੂੰਆਂ ਤਕ ਨਹੀਂ ਸੀ ਨਿਕਲਣ ਦਿੱਤਾ। ਦੋ ਵਰ੍ਹੇ ਪਹਿਲਾਂ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਚਰਚਾ ਕਰਦਿਆਂ ਉਹ ਦਸਦੇ ਹਨ ਕਿ ਜੇ ਅਸੀਂ ਜ਼ਮੀਨੀ ਸੱਚਾਈ ਸਵੀਕਾਰ ਕਰਨ ਲਈ ਤਿਆਰ ਹੋਈਏ ਤਾਂ ਸੱਚ ਇਹੀ ਹੈ ਕਿ ਉਸ ਪ੍ਰਚਾਰਤ ਸਰਜੀਕਲ ਸਟ੍ਰਾਈਕ ਤੋਂ ਬਾਅਦ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਅਮਨ-ਸ਼ਾਂਤੀ ਦਾ ਸੂਰਜ ਵੇਖਿਆਂ, ਦੋ ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਹੋਣ ਨੂੰ ਆ ਰਿਹਾ ਹੈ। ਇਸ ਸਮੇਂ ਦੌਰਾਨ ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਿਆ ਹੋਵੇ, ਜਿਸ ਦਿਨ ਕੰਟਰੋਲ ਰੇਖਾ ਦੇ ਪਾਰੋਂ ਪਾਕ ਸੈਨਾ ਵਲੋਂ ਜਾਂ ਦਹਿਸ਼ਤਗਰਦਾਂ ਵਲੋਂ ਕਸ਼ਮੀਰ ਘਾਟੀ ਅੰਦਰ ਦਾਖਲ ਹੋ ਸੈਨਾ ਅਤੇ ਪੁਲਿਸ ਦੇ ਕੈਂਪਾਂ ਪੁਰ ਹਮਲੇ ਨਾ ਕੀਤੇ ਗਏ ਹੋਣ। ਕਸ਼ਮੀਰ ਦੇ ਅੰਦਰੋਂ ਤਾਂ ਅਰਾਜਕਤਾ ਦੇ ਹਾਲਾਤ ਪੈਦਾ ਕਰਨ ਦੀ ਕੌਸ਼ਿਸ਼ ਕਰਨਾ ਆਮ ਗਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤ ਦੇ ਚਲਦਿਆਂ ਭਾਰਤੀ ਮੀਡੀਆ ਵਿੱਚ ਕਈ ਵਾਰ ਅਜਿਹੀਆਂ ਖਬਰਾਂ ਆਉਂਦਿਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਹੋਰ 'ਸਰਜੀਕਲ ਸਟ੍ਰਾਈਕ' ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹੁੰਦੇ ਹਨ। ਇਸੇ ਤਰ੍ਹਾਂ ਦੀ ਹੀ ਇੱਕ ਖਬਰ ਕੁਝ ਸਮਾਂ ਪਹਿਲਾਂ, ਮੀਡੀਆ ਦੇ ਇੱਕ ਹਿਸੇ ਵਿੱਚ 'ਅਬ ਕਰੇਂਗੇ, ਸਰਜੀਕਲ ਸਟ੍ਰਾਈਕ' ਦੀਆਂ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਪੜ੍ਹਨ ਨੂੰ ਮਿਲੀ। ਜਿਸ ਵਿੱਚ ਦਾਅਵਾ ਕੀਤਾ ਗਿਆ ਹੋਇਆ ਸੀ ਕਿ ਪਾਕ ਵਲੋਂ ਅੱਤਵਾਦੀਆਂ ਜਾਂ ਕਿਸੇ ਹੋਰ ਅੱਤਵਾਦੀ ਗੁਟ ਵਲੋਂ ਭਾਰਤ ਦੀਆਂ ਸਰਹਦਾਂ ਪੁਰ ਜਾਂ ਕਿਸੇ ਵੀ ਅੰਦਰੂਨੀ ਹਿਸੇ ਪੁਰ ਹਮਲਾ ਕੀਤਾ ਗਿਆ ਤਾਂ ਦੇਸ਼ ਦੀ ਸੈਨਾ ਉਸਦਾ ਜਵਾਬ ਗੋਲੇ-ਬਾਰੂਦ ਨਾਲ ਨਹੀਂ, ਸਗੋਂ ਇਨ੍ਹਾਂ ਅੱਤਵਾਦੀ ਹਮਲਿਆਂ ਦਾ ਜਵਾਬ 'ਸਰਜੀਕਲ ਸਟ੍ਰਾਈਕ' ਨਾਲ ਹੀ ਦੇਵੇਗੀ।
ਇਸ ਖਬਰ ਵਿੱਚ ਇਹ ਵੀ ਦਸਿਆ ਗਿਆ, ਕਿ ਜਲ ਸੈਨਾ ਦੇ ਇੱਕ ਮੁੱਖੀ ਅਨੁਸਾਰ ਇਸ ਫਾਰਮੂਲੇ ਦੇ ਤਹਿਤ ਹਮਲੇ ਜਾਂ ਦੇਸ਼-ਵਿਰੋਧੀ ਸਰਗਰਮੀਆਂ ਦੌਰਾਨ ਸੈਨਾ ਦੇ ਤਿੰਨੋਂ ਵਿੰਗ, ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਆਪਸੀ ਤਾਲਮੇਲ ਰਾਹੀਂ ਸੈਨਕ ਆਪ੍ਰੇਸ਼ਨ ਨੂੰ ਅੰਜਾਮ ਤਕ ਪਹੁੰਚਾਣ ਲਈ 'ਸਰਜੀਕਲ ਸਟ੍ਰਾਈਕ' ਦੀ ਮੁੱਖ ਹਥਿਆਰ ਵਜੋਂ ਵਰਤੋਂ ਕਰਨ ਤੇ ਜ਼ੋਰ ਦਿੱਤਾ ਜਾਇਗਾ। ਉਸੇ ਖਬਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਸੈਨਾ ਵਲੋਂ ਜਾਰੀ ਫਾਰਮੂਲੇ ਅਨੁਸਾਰ ਵਰਤਮਾਨ ਸਮੇਂ ਵਿੱਚ ਦੇਸ਼ (ਭਾਰਤ) ਕਈ ਤਰ੍ਹਾਂ ਦੇ ਬਾਹਰਲੇ ਖਤਰਿਆਂ ਦੇ ਨਾਲ ਜੰਮੂ-ਕਸ਼ਮੀਰ ਵਿੱਚ ਵੱਖਵਾਦੀਆਂ ਦੀ ਛੱਦਮ (ਧੋਖੇ ਭਾਰੀ) ਜੰਗ ਅਤੇ ਦੇਸ਼ ਦੇ ਕਈ ਹਿਸਿਆਂ ਵਿੱਚ ਮਾਉਵਾਦੀਆਂ ਦੀ ਦਹਿਸ਼ਤ ਨਾਲ ਵੀ ਜੂਝ ਰਿਹਾ ਹੈ। ਇਸੇ ਖਬਰ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅੱਤਵਾਦ-ਵਿਰੋਧੀ ਆਪ੍ਰੇਸ਼ਨ ਵਿੱਚ 'ਸਰਜੀਕਲ ਸਟ੍ਰਾਈਕ' ਨੂੰ ਸਭ ਤੋਂ ਉਪਰ ਰਖਿਆ ਜਾਇਗਾ। ਦੇਸ਼ ਵਿੱਚ ਚਲ ਰਹੇ ਕਈ ਤਰ੍ਹਾਂ ਦੇ ਸੰਘਰਸ਼ਾਂ ਦੀ ਸਥਿਤੀ ਨਾਲ ਨਿਪਟਣ ਲਈ ਸਰਕਾਰ ਕਈ ਤਰ੍ਹਾਂ ਦੇ ਸਖਤ ਅਤੇ ਵਿਹਾਰਕ ਕਦਮ ਉਠਾਣ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਦਮਾਂ ਵਿੱਚੋਂ ਹਥਿਆਰਬੰਦ ਅੱਤਵਾਦੀ ਕਾਰਵਾਈ ਦਾ ਜਵਾਬ ਦੇਣ ਲਈ 'ਸਰਜੀਕਲ ਸਟ੍ਰਾਈਕ' ਨੂੰ ਹੀ ਕਾਰਗਰ ਹਥਿਆਰ ਮੰਨਿਆ ਜਾ ਰਿਹਾ ਹੈ। ਸਾਂਝੀ ਕਾਰਵਾਈ ਦੇ ਸਿਧਾਂਤ ਵਿੱਚ ਸੈਨਾ ਦੇ ਜਵਾਨਾਂ ਦੀ ਸਾਂਝੀ ਟਰੇਨਿੰਗ (ਯੂਨੀਫਾਈਡ ਕਮਾਂਡ) ਅਤੇ ਨਿਯੰਤ੍ਰਿਤ (ਕੰਟਰੋਲਡ) ਢਾਂਚੇ ਤੋਂ ਬਿਨਾਂ ਤਿੰਨਾਂ ਸੈਨਾਵਾਂ ਦੇ ਆਧੁਨਿਕੀਕਰਣ ਦਾ ਪ੍ਰਾਵਧਾਨ ਵੀ ਹੈ। ਇਸ ਖਬਰ ਦਾ ਆਧਾਰ ਕੀ ਹੈ? ਇਸ ਸੰਬੰਧ ਵਿੱਚ ਇਸ ਖਬਰ ਨੂੰ ਪ੍ਰਚਾਰਤ ਕਰਨ ਵਾਲੇ ਮੀਡੀਆ ਵਲੋਂ ਕੋਈ ਸੰਕੇਤ ਨਹੀਂ ਦਿੱਤਾ ਗਿਆ, ਕੇਵਲ 'ਏਜੰਸੀਆਂ' ਦਾ ਹਵਾਲਾ ਦੇ ਕੇ ਗਲ ਖਤਮ ਕਰ ਦਿੱਤੀ ਗਈ।
ਜਿਥੋਂ ਤੱਕ ਸੈਨਾ ਵਲੋਂ 'ਸਰਜੀਕਲ ਸਟ੍ਰਾਈਕ' ਕੀਤੇ ਜਾਣ ਦਾ ਸੰਬੰਧ ਹੈ, ਇਸ ਸੰਬੰਧ ਵਿੱਚ ਬੀਤੇ ਲੰਬੇ ਸਮੇਂ ਦੌਰਾਨ ਦਰਜਨ ਤੋਂ ਕਿਤੇ ਵੱਧ ਸਾਬਕਾ ਫੌਜੀਆਂ ਅਤੇ ਫੋਜੀ ਅਫਸਰਾਂ ਨਾਲ ਚਰਚਾ ਹੋਈ। ਇਨ੍ਹਾਂ ਵਿਚੋਂ ਬਹੁਤਿਆਂ ਨੇ ਤਾਂ ਇਸ ਸੁਆਲ ਨੂੰ ਸੁਣਿਆ-ਅਣਸੁਣਿਆ ਕਰ ਟਾਲਾ ਵਰਤ ਲਿਆ, ਜੇ ਕਿਸੇ ਨੇ ਇਸ ਸੰਬੰਧ ਵਿੱਚ ਕੁਝ ਕਿਹਾ ਵੀ ਤਾਂ ਉਸਨੇ ਵੀ ਸੰਕੇਤ ਮਾਤਰ ਗਲ ਕਰ, ਮੁੱਦਾ ਟਾਲ ਦਿੱਤਾ। ਇਸਤਰ੍ਹਾਂ ਟੁਕੜਿਆਂ ਵਿੱਚ ਜੋ ਵੀ ਜਾਣਕਾਰੀ ਮਿਲੀ, ਉਸ ਅਨੁਸਾਰ 'ਸਰਜੀਕਲ ਸਟ੍ਰਾਈਕ' ਕੋਈ ਰਾਜਸੀ ਦਾਅ-ਪੇਚ ਹੋਣ ਦੀ ਬਜਾਏ ਸੈਨਾ ਦਾ ਇੱਕ 'ਗੁਪਤ ਮਿਸ਼ਨ' ਹੈ। ਜਿਸਦੀ ਚਰਚਾ ਨਾ ਤਾਂ ਇਸ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨਾਲ ਕੀਤੀ ਜਾਂਦੀ ਹੈ ਅਤੇ ਨਾ ਹੀ ਇਸਤੇ ਅਮਲ ਪੂਰਿਆਂ ਹੋਣ ਤੋਂ ਬਾਅਦ ਹੀ। ਮਿਲੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਲਈ ਜਿਸ ਫੌਜੀ ਟੁਕੜੀ (ਕੰਪਨੀ) ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਤਿਆਰ ਕੀਤਾ ਗਿਆ ਹੁੰਦਾ ਹੈ, ਉਸਦੇ ਮੈਂਬਰਾਂ ਵਿਚੋਂ ਵੀ ਕਿਸੇ ਨੂੰ ਮਿਸ਼ਨ ਤੇ ਜਾਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕਿਸ ਮਿਸ਼ਨ 'ਤੇ ਅਤੇ ਕਿਥੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਦਿੱਤੇ ਗਏ ਸੰਕੇਤ ਅਨੁਸਾਰ ਉਨ੍ਹਾਂ ਨੂੰ ਕੇਵਲ ਇਤਨਾ ਹੀ ਪਤਾ ਹੁੰਦਾ ਹੈ ਕਿ ਉਹ ਕਿਸੇ ਬਹੁਤ ਹੀ ਮਹਤੱਵਪੂਰਣ ਮਿਸ਼ਨ ਦੀ ਪੂਰਤੀ ਲਈ ਜਾ ਰਹੇ ਹਨ। ਇਸਲਈ ਉਹ ਮਿਸ਼ਨ ਨੂੰ ਸਿਰੇ ਚਾੜ੍ਹਨ ਦੀ ਜ਼ਿਮੇਂਦਾਰੀ ਨੂੰ ਲੈ, ਬਹੁਤ ਹੀ ਉਤਸੁਕ ਤੇ ਉਤਸਾਹਤ ਹੋ ਜਾਂਦੇ ਹਨ। ਮਿਸ਼ਨ ਪੁਰ ਰਵਾਨਾ ਕਰਦਿਆਂ ਹੋਇਆਂ ਵੀ ਉਨ੍ਹਾਂ ਨੂੰ ਮਿਸ਼ਨ ਦੇ ਸੰਬੰਧ ਵਿੱਚ ਨਾ ਤਾਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਨਾ ਹੀ ਸਮੁਚੀਆਂ ਹਿਦਾਇਤਾਂ ਹੀ ਦਿੱਤੀਆਂ ਜਾਦੀਆਂ ਹਨ। ਮਿਸ਼ਨ ਤੇ ਹੋ ਰਹੇ ਅਮਲ ਦੌਰਾਨ ਹੀ ਨਾਲੋ-ਨਾਲ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਉਨ੍ਹਾਂ ਵਲੋਂ ਆਪਣੀ ਡਿਊਟੀ ਨਿਭਾਈ ਚਲੀ ਜਾਂਦੀ ਰਹਿੰਦੀ ਹੈ। ਇੱਕ ਸਾਬਕਾ ਫੋਜੀ ਅਫਸਰ ਵਲੋਂ ਦਿੱਤੀ ਗਈ ਸੰਕੇਤਕ ਜਾਣਕਾਰੀ ਅਨੁਸਾਰ 'ਸਰਜੀਕਲ ਸਟ੍ਰਾਈਕ' ਦੇ ਸੰਬੰਧ ਵਿੱਚ ਕੇਵਲ ਉਨ੍ਹਾਂ ਹੀ ਕੁਝ-ਇਕ ਅਫਸਰਾਂ ਨੂੰ ਪਤਾ ਹੁੰਦਾ ਹੈ, ਜਿਨ੍ਹਾਂ ਨੇ ਉਸਦੀ ਰੂਪ-ਰੇਖਾ ਤੇ ਉਸ ਪੁਰ ਅਮਲ ਦੀ ਰਣਨੀਤੀ ਤਿਆਰ ਕੀਤੀ ਹੁੰਦੀ ਹੈ। ਉਨ੍ਹਾਂ ਨੇ ਹੀ ਵਾਰ-ਰੂਮ ਵਿੱਚ ਬੈਠ ਸਥਿਤੀ ਤੇ ਨਜ਼ਰ ਰਖਦਿਆਂ ਮੌਕੇ-ਮਾਹੋਲ ਅਨੁਸਾਰ ਮਿਸ਼ਨ ਤੇ ਰਵਾਨਾ ਕੀਤੇ ਗਏ ਫੋਜੀਆਂ ਨੂੰ ਹਿਦਾਇਤਾਂ ਦਿੰਦਿਆਂ ਰਹਿਣਾ ਹੁੰਦਾ ਹੈ। ਜੇ ਮਿਸ਼ਨ ਪੁਰ ਅਮਲ ਦੌਰਾਨ ੳਨ੍ਹਾਂ ਨੂੰ ਕੋਈ ਖਤਰਾ ਜਾਪਣ ਲਗਦਾ ਹੈ ਤਾਂ ਉਹ ਮਿਸ਼ਨ ਤੇ ਭੇਜੀ ਗਈ ਟੁਕੜੀ ਨੂੰ ਤੁਰੰਤ ਹੀ ਵਾਪਸ ਮੁੜਨ ਦੀ ਹਿਦਾਇਤ ਦੇ ਦਿੰਦੇ ਹਨ।
ਦਸਿਆ ਜਾਂਦਾ ਹੈ ਕਿ ਇਸ ਮਿਸ਼ਨ ਦੀ ਇਸ ਕਰਕੇ ਸੂਹ ਤਕ ਨਹੀਂ ਨਿਕਲਣ ਦਿੱਤੀ ਜਾਂਦੀ, ਕਿਉਂਕਿ ਇੱਕ ਤਾਂ ਇਸਨੂੰ ਦੁਸ਼ਮਣ ਦੇ ਅਵੇਸਲੇ-ਪਨ ਦਾ ਲਾਭ ਉਠਾ ਕੇ ਅਮਲ ਵਿੱਚ ਲਿਆਉਣਾ ਹੁੰਦਾ ਹੈ। ਦੂਸਰਾ ਜਦੋਂ ਤੱਕ ਦੁਸ਼ਮਣ ਨੂੰ ਅਚਾਨਕ ਹੋਏ ਹਮਲੇ ਦੀ ਸਮਝ ਆਉਂਦੀ ਹੈ, ਤਦੋਂ ਤਕ ਮਿਸ਼ਨ ਤੇ ਗਈ ਟੁਕੜੀ ਆਪਣਾ ਕੰਮ ਪੂਰਾ ਕਰ ਮੁੜ ਆਈ ਹੁੰਦੀ ਹੈ। ਇਸ ਮਿਸ਼ਨ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਦਸਿਆ ਗਿਆ, ਕਿ ਇਸ ਦਾ ਮੁੱਖ ਕਾਰਣ 'ਸਰਜੀਕਲ ਸਟ੍ਰਾਈਕ' ਦਾ ਉਦੇਸ਼ ਦੁਸ਼ਮਣ ਦੇ ਅਵੇਸਲੇਪਨ ਤੋਂ ਲਾਭ ਉਠਾਣਾ ਹੁੰਦਾ ਹੈ। ਜੇ ਇਸਦੀ ਜ਼ਰਾ ਜਿਹੀ ਸੂਹ ਵੀ ਬਾਹਰ ਨਿਕਲ ਜਾਏ ਤਾਂ ਦੁਸ਼ਮਣ ਚੇਤੰਨ ਹੋ ਜਾਂਦਾ ਹੈ, ਫਲਸਰੂਪ ਇੱਕ ਤਾਂ ਮਿਸ਼ਨ ਦਾ ਉਦੇਸ਼ ਪੂਰਾ ਨਹੀਂ ਹੁੰਦਾ, ਦੂਸਰਾ ਉਸਦੇ ਅਸਫਲ ਹੋਣ ਦੇ ਨਾਲ ਹੀ ਮਿਸ਼ਨ ਤੇ ਗਈ ਟੁਕੜੀ ਦਾ ਨੁਕਸਾਨ ਵੀ ਬਹੁਤਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
...ਅਤੇ ਅੰਤ ਵਿੱਚ : ਮਿਸ਼ਨ ਦੀ ਸਫਲਤਾ ਸਹਿਤ ਪੂਰਤੀ ਤੋਂ ਬਾਅਦ ਵੀ ਇਸ ਮਿਸ਼ਨ ਅਤੇ ਇਸਦੀ ਸਫਲਤਾ ਦਾ ਪ੍ਰਚਾਰ ਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁਛੇ ਜਾਣ ਤੇ ਦਸਿਆ ਗਿਆ ਕਿ ਇਸਤਰ੍ਹਾਂ ਇਹ ਗਲ ਸਟ੍ਰਾਈਕ ਕਰਨ ਵਾਲੀ ਟੀਮ ਅਤੇ ਜੋ ਧਿਰ ਸਟ੍ਰਾਈਕ ਦਾ ਸ਼ਿਕਾਰ ਹੋਈ ਹੈ, ਵਿਚ ਹੀ ਦੱਬ ਕੇ ਰਹਿ ਜਾਂਦੀ ਹੈ। ਜੋ ਧਿਰ ਸਟ੍ਰਾਈਕ ਦਾ ਸ਼ਿਕਾਰ ਹੋਈ ਹੈ, ਉਹ ਆਪਣੇ ਨੁਕਸਾਨ ਦੀ ਸੂਹ ਇਸ ਕਰਕੇ ਨਹੀਂ ਨਿਕਲਣ ਦੇਣਾ ਚਾਹੁੰਦੀ, ਜੇ ਇਸਦੀ ਸੂਹ ਨਿਕਲ ਜਾਏ ਤਾਂ ਆਪਣੇ ਦੇਸ਼ ਦੀਆਂ ਸਰਹਦਾਂ ਪੁਰ ਉਸ ਵਲੋਂ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਏ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਖੜੇ ਕੀਤੇ ਜਾਣ ਲਗਦੇ ਹਨ, ਜਿਸ ਨਾਲ ਉਸਨੂੰ ਆਪਣੇ ਦੇਸ਼ ਵਾਸੀਆਂ ਸਾਹਮਣੇ ਨਮੋਸ਼ੀ ਭਰੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। 'ਸਰਜੀਕਲ ਸਟ੍ਰਾਈਕ' ਕਰਨ ਵਾਲੀ ਧਿਰ ਇਸ ਕਾਰਣ ਚੁਪ ਵੱਟ ਲੈਂਦੀ ਹੈ ਕਿ ਜੇ ਉਸਨੇ ਇਸ ਕਾਰਵਾਈ ਦਾ ਕ੍ਰੈਡਿਟ ਲੈਣ ਲਈ ਇਸਨੂੰ ਹਵਾ ਦਿੱਤੀ ਤਾਂ ਇੱਕ ਤਾਂ ਵਿਰੋਧੀ ਧਿਰ ਆਪਣੇ ਲੋਕਾਂ ਵਿੱਚ ਆਪਣੇ ਆਪਨੂੰ ਅਪਮਾਨਤ ਹੋਣ ਤੋਂ ਬਚਾਣ ਲਈ, ਜ਼ਖਮੀ ਸ਼ੇਰ ਵਾਂਗ ਪੁਰੀ ਤਾਕਤ ਨਾਲ ਜਵਾਬੀ ਕਾਰਵਾਈ ਕਰ ਆਪਣੇ ਦੇਸ਼ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੇਗੀ ਕਿ ਉਹ ਦੇਸ਼ ਦੀਆਂ ਸਰਹਦਾਂ ਪੁਰ ਹੋਣ ਵਾਲੇ ਹਰ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰਣ ਰੂਪ ਵਿੱਚ ਸਮਰਥ ਹੈ। ਦੂਸਰਾ ਇਸਦਾ ਪ੍ਰਚਾਰ ਕਰ, ਕ੍ਰੈਡਿਟ ਲੈਣ ਦੀਆਂ ਕੌਸ਼ਿਸ਼ਾਂ ਕਾਰਣ ਅਗੋਂ ਲਈ ਕਿਸੇ ਵੀ ਸਮੇਂ 'ਸਰਜੀਕਲ ਸਟ੍ਰਾਈਕ' ਦੇ ਮਿਸ਼ਨ ਪੁਰ ਅਮਲ ਸਹਿਜ ਨਹੀਂ ਰਹਿ ਜਾਂਦਾ, ਕਿਉਂਕਿ ਵਿਰੋਧੀ ਧਿਰ ਹਰ ਸਮੇਂ ਚੌਕਸ ਰਹਿਣ ਲਗਦੀ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
04 Oct. 2018
ਰਾਜਨੀਤੀ 'ਚ ਅਪਰਾਧੀ : ਅਦਾਲਤ ਚਿੰਤਿਤ, ਪਰ ਹਾਕਮ ਨਹੀਂ - ਜਸਵੰਤ ਸਿੰਘ 'ਅਜੀਤ'
ਦੇਸ਼ ਦੀ ਸਰਵੁੱਚ ਅਦਾਲਤ ਸੁਪ੍ਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸਰਾ ਦੀ ਅਗਵਾਈ ਵਾਲੇ ਇੱਕ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਬੀਤੇ ਮੰਗਲਵਾਰ, 25 ਸਤੰਬਰ ਨੂੰ ਦਿੱਤੇ ਗਏ ਇੱਕ ਫੈਸਲੇ ਵਿੱਚ ਦੇਸ਼ ਦੀ ਕੌਮੀ ਰਾਜਨੀਤੀ ਵਿੱਚ ਅਪਰਾਧੀਆਂ ਦੀ ਵੱਧ ਰਹੀ ਭਾਈਵਾਲੀ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੇਸ਼ ਦੀ ਰਾਜਨੀਤੀ ਵਿੱਚ ਅਪਰਾਧੀਆਂ ਦੀ ਵੱਧ ਰਹੀ ਭਾਈਵਾਲੀ ਕੈਂਸਰ ਬਣ ਗਈ ਹੈ, ਪਰ ਅਜੇ ਤਕ ਲਾ-ਇਲਾਜ ਨਹੀਂ ਹੋਈ। ਇਸਦੇ ਨਾਲ ਹੀ ਅਦਾਲਤ ਕਿਹਾ ਕਿ ਇਸਦਾ ਛੇਤੀ ਤੋਂ ਛੇਤੀ ਹਲ ਕਢਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਦੇਸ਼ ਦੇ ਲੋਕਤੰਤਰ ਲਈ ਮਾਰੂ ਨਾ ਬਣ ਜਾਏ। ਅਦਾਲਤ ਵਲੋਂ ਇਹ ਚਿੰਤਾ ਭਾਜਪਾ ਨੇਤਾ ਅਸ਼ਵਨੀ ਉਪਾਧਿਆਇ ਅਤੇ ਪਬਲਿਕ ਇੰਟਰੈਸਟ ਸੰਗਠਨ ਵਲੋਂ ਦਾਗ਼ੀ ਨੇਤਾਵਾਂ ਨੂੰ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀਆਂ ਚੋਣਾਂ ਲੜਨ ਤੋਂ ਰੋਕਣ ਲਈ ਆਦੇਸ਼ ਜਾਰੀ ਕਰਨ ਦੀ ਮੰਗ ਕਰਦਿਆਂ ਦਾਖਲ ਕੀਤੀ ਗਈ ਰਿੱਟ ਪਟੀਸ਼ਨ ਪੁਰ ਫੈਸਲਾ ਦਿੰਦਿਆਂ ਪ੍ਰਗਟ ਕੀਤੀ ਗਈ। ਅਦਾਲਤ ਨੇ ਕਿਹਾ ਕਿ ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਾਜਨੀਤੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ, ਕਿਉਂਕਿ ਰਾਜਨੀਤੀ ਦੀ ਦੂਸ਼ਤ ਹੋ ਰਹੀ ਧਾਰਾ ਨੂੰ ਸਾਫ ਕਰਨ ਦੀ ਬਹੁਤ ਲੋੜ ਹੈ। ਅਦਾਲਤ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਦਾ ਅਪਰਾਧੀਕਰਣ ਘਾਤਕ ਅਤੇ ਬਹੁਤ ਹੀ ਚਿੰਤਾਜਨਕ ਹੈ। ਇਹ ਗਲ ਦੇਸ਼ ਨੂੰ ਪ੍ਰੇਸ਼ਾਨ ਕਰਨ ਵਾਲੀ ਵੀ ਹੈ। ਅਦਾਲਤ ਨੇ ਕਿਹਾ ਕਿ ਰਾਜਨੀਤੀ ਵਿੱਚ ਅਪਰਾਧੀਕਰਣ ਸਾਡੇ ਸੰਵਿਧਾਨਕ ਲੋਕਤੰਤਰ ਦੇ ਮੂਲ ਅਧਾਰ ਲਈ ਇਕ ਭਾਰੀ ਖਤਰਾ ਬਣ ਗਿਆ ਹੈ। ਲੋਕਤੰਤਰ ਦੇ ਨਾਗਰਿਕਾਂ ਨੂੰ ਬੇਸਹਾਰਿਆਂ ਵਾਂਗ ਪੇਸ਼ ਕਰ ਭ੍ਰਿਸ਼ਟਾਚਾਰ ਪ੍ਰਤੀ ਮੌਨ, ਬਹਿਰੇ ਅਤੇ ਸ਼ਾਂਤ ਬਣੇ ਰਹਿਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਕਿਹਾ ਕਿ ਰਾਜਨੀਤੀ ਦਾ ਕੈਂਸਰ ਅਜਿਹੀ ਸੱਮਸਿਆ ਨਹੀਂ, ਜਿਸਦਾ ਹਲ ਨਾ ਹੋ ਸਕੇ। ਅਦਾਲਤ ਨੇ ਰਾਜਨੀਤੀ ਨੂੰ ਅਪਰਾਧੀਕਰਣ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਕੁਝ ਸੁਝਾਉ ਵੀ ਦਿੱਤੇ। ਇਨ੍ਹਾਂ ਸੁਝਾਵਾਂ ਅਧੀਨ ਅਦਾਲਤ ਨੇ ਇਹ ਆਦੇਸ਼ ਦਿੱਤਾ ਕਿ ਚੋਣ ਲੜਨ ਵਾਲੇ ਅਜਿਹੇ ਨੇਤਾਵਾਂ, ਜਿਨ੍ਹਾਂ ਵਿਰੁਧ ਅਪਰਾਧਕ ਮਾਮਲੇ ਚਲ ਰਹੇ ਹਨ, ਨੂੰ ਆਪ ਹੀ ਆਪਣੇ ਪੁਰ ਲਗੇ ਦੋਸ਼ਾਂ ਦੀ ਜਾਣਕਾਰੀ ਮਤਦਾਤਾਵਾਂ ਨੂੰ ਵੱਡੇ-ਵੱਡੇ ਅਖਰਾਂ ਵਿੱਚ ਦੇਣੀ ਹੋਵੇਗੀ। ਅਦਾਲਤ ਨੇ ਰਾਜਸੀ ਪਾਰਟੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਵੇੱਬ ਸਾਈਟ ਅਤੇ ਮੀਡੀਆ ਰਾਹੀਂ ਤਿੰਨ ਵਾਰ ਆਪਣੇ ਅਪਰਾਧਕ ਛਬੀ ਵਾਲੇ ਉਮੀਦਵਾਰਾਂ ਪੁਰ ਲਗੇ ਦੋਸ਼ਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਪਰਾਧੀਕਰਣ ਲੋਕ-ਤੰਤਰ ਦੀਆਂ ਜੜਾਂ ਨੂੰ ਖੋਖਲਾ ਕਰਦੇ ਹਨ। ਇਸ ਖਤਰੇ ਨੂੰ ਰੋਕਣ ਲਈ ਸੰਸਦ ਨੂੰ ਜਲਦੀ ਹੀ ਪ੍ਰਭਾਵਸ਼ਾਲੀ ਕਾਨੂੰਨ ਬਨਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰ ਅਜਿਹਾ ਸਖਤ ਕਾਨੂੰਨ ਬਣਾਏ, ਜਿਸ ਨਾਲ ਅਜਿਹੇ ਅਪਰਾਧੀ ਰਾਜਨੀਤੀ ਵਿੱਚ ਦਾਂਖਲ ਹੀ ਨਾ ਹੋ ਸਕਣ। ਅਦਾਲਤ ਨੇ ਕਿਹਾ ਕਿ ਉਹ ਇਹ ਸਿਫਾਰਿਸ਼ ਵੀ ਕਰਦੀ ਹੈ ਕਿ ਸੰਸਦ ਅਜਿਹਾ ਸਖਤ ਕਾਨੂੰਨ ਬਣਾਏ, ਜਿਸ ਨਾਲ ਰਾਜਨੈਤਿਕ ਦਲ ਆਪਣੇ ਅਜਿਹੇ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਤੇ ਮਜਬੂਰ ਹੋ ਜਾਣ, ਜਿਨ੍ਹਾਂ ਦੇ ਵਿਰੁਧ ਅਜਿਹੇ ਅਪਰਾਧਾਂ ਦੇ ਦੋਸ਼ ਤੈਅ ਹੋ ਗਏ ਹੋਣ। ਉਨ੍ਹਾਂ ਕਿਹਾ ਕਿ ਰਾਸ਼ਟਰ ਸੰਸਦ ਵਲੋਂ ਅਜਿਹਾ ਕਾਨੂੰਨ ਬਣਾਏ ਦਾ ਇੰਤਜ਼ਾਰ ਬੇਚੈਨੀ ਨਾਲ ਕਰੇਗਾ।
ਚਾਰ ਵਰ੍ਹੇ ਪਹਿਲਾਂ ਵੀ : ਇਥੇ ਇਹ ਗਲ ਵਰਨਣਯੋਗ ਹੈ ਕਿ ਕੋਈ ਚਾਰ-ਕੁ ਵਰ੍ਹੇ ਪਹਿਲਾਂ ਵੀ ਦੇਸ਼ ਦੀ ਸਰਵੁੱਚ ਅਦਾਲਤ, ਸੁਪ੍ਰੀਮ ਕੋਰਟ ਨੇ ਦੇਸ਼ ਦੀ ਰਾਜਨੀਤੀ ਵਿੱਚ ਅਪਰਾਧੀ ਅਨਸਰ ਦੀ ਵੱਧ ਰਹੀ ਭਾਈਵਾਲੀ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਰਾਜਨੀਤੀ ਵਿੱਚ ਵੱਧ ਰਿਹਾ ਅਪਰਾਧੀਕਰਣ ਦੇਸ਼ ਦੀ ਰੀੜ ਦੀ ਹੱਡੀ ਵਿੱਚ ਨਾਸੂਰ ਬਣ, ਪਨਪ ਰਿਹਾ ਹੈ, ਜੋ ਦੇਸ਼ ਦੇ ਲੋਕਤੰਤਰ ਦੀ ਪਵਿਤ੍ਰਤਾ ਲਈ ਭਾਰੀ ਖਤਰਾ ਹੈ, ਇਸ ਲਈ ਦੇਸ਼ ਦੀ ਰਾਜਨੀਤੀ ਵਿੱਚ ਵੱਧਦੇ ਜਾ ਰਹੇ ਅਪਰਾਧੀਕਰਣ ਨੂੰ ਬਹੁਤ ਹੀ ਗੰਭੀਰਤਾ ਨਾਲ ਲ਼ੈਣ ਅਤੇ ਉਸਨੂੰ ਛੇਤੀ ਤੋਂ ਛੇਤੀ ਠਲ੍ਹ ਪਾਣ ਦੀ ਲੋੜ ਹੈ। ਇਹ ਚਿੰਤਾ ਪ੍ਰਗਟ ਕਰਦਿਆਂ ਅਦਾਲਤ ਨੇ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਸੀ ਕਿ ਜਿਨ੍ਹਾਂ ਵਿਅਕਤੀਆਂ ਵਿਰੁਧ ਅਦਾਲਤ ਵਲੋਂ ਦੋਸ਼ ਤੈਅ ਕੀਤੇ ਜਾ ਚੁਕੇ ਹਨ, ਉਨ੍ਹਾਂ ਨੂੰ ਕੇਂਦਰੀ ਤੇ ਪ੍ਰਦੇਸ਼ਕ ਮੰਤਰੀ-ਮੰਡਲਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਸੁਪ੍ਰੀਮ ਕੋਰਟ ਨੇ ਹੋਰ ਵੀ ਕਿਹਾ ਸੀ ਕਿ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਭਾਰਤੀ ਸਮਾਜ ਵਿੱਚ ਅਪਰਾਧੀਕਰਣ ਬਹੁਤ ਹੀ ਬੁਰੀ ਤਰ੍ਹਾਂ ਫੈਲਦਾ ਤੇ ਵਧਦਾ ਚਲਿਆ ਜਾ ਰਿਹਾ ਹੈ। ਜਿਸ ਕਾਰਣ ਹਾਲਾਤ ਬਹੁਤ ਹੀ ਗੰਭੀਰ ਹੁੰਦੇ ਜਾ ਰਹੇ ਹਨ। ਇਤਨਾ ਹੀ ਨਹੀਂ ਅਦਾਲਤ ਨੇ ਇਹ ਵੀ ਕਿਹਾ ਕਿ ਸਮਾਜ ਵਿੱਚ ਅਪਰਾਧ (ਕ੍ਰਾਈਮ) ਸਿੰਡੀਕੇਟ ਵੀ ਵਧਦੇ ਤੇ ਫੈਲਦੇ ਜਾ ਰਹੇ ਹਨ। ਕਈ ਰਾਜਸੀ ਵਿਅਕਤੀਆਂ, ਬਿਊਰੋਕ੍ਰੇਟਾਂ ਅਤੇ ਅਪਰਾਧੀਆਂ ਵਿੱਚ ਸਾਂਝ ਵੀ ਵੱਧਦੀ ਜਾ ਰਹੀ ਹੈ। ਸਮਾਜ ਵਿੱਚ ਇਸਦਾ ਅਸਰ ਲਗਾਤਾਰ ਵੱਧਦਾ ਜਾਂਦਾ ਵੇਖਣ ਨੂੰ ਮਿਲਣ ਲਗਾ ਹੈ। ਅਦਾਲਤ ਨੇ ਯਾਦ ਕਰਵਾਇਆ ਕਿ ਹਾਲਾਤ ਬਦ ਤੋਂ ਬਦਤਰ ਹੋ ਗਏ ਹੋਏ ਹਨ, ਜਿਸ ਕਾਰਣ 1996 ਵਿੱਚ ਰਾਸ਼ਟਰਪਤੀ ਤਕ ਨੂੰ ਵੀ ਰਾਸ਼ਟਰ ਦੇ ਨਾਂ ਜਾਰੀ ਆਪਣੇ ਸੰਦੇਸ਼ ਵਿੱਚ ਇਸਦਾ ਜ਼ਿਕਰ ਕਰਨਾ ਪੈ ਗਿਆ। ਸੁਪ੍ਰੀਮ ਕੋਰਟ ਨੇ ਹੋਰ ਕਿਹਾ ਕਿ 'ਸਿਸਟੇਮੈਟਿਕ ਭ੍ਰਿਸ਼ਟਾਚਾਰ' ਅਤੇ 'ਪ੍ਰਾਯੋਜਿਤ ਕ੍ਰਿਮਨਲਾਈਜ਼ੇਸ਼ਨ' ਕਾਰਣ ਲੋਕਤੰਤ੍ਰ ਦੀ ਬੁਨਿਆਦ ਤਕ ਨੂੰ ਵੀ ਖਤਰਾ ਪੈਦਾ ਹੋ ਰਿਹਾ ਹੈ। ਅਦਾਲਤ ਨੇ ਕਿਹਾ ਕਿ ਇੱਕ ਲੋਕਤਾਂਤ੍ਰਿਕ ਦੇਸ਼ ਵਿੱਚ ਲੋਕਾਂ ਵਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਦੇਸ਼ ਪੁਰ ਜੋ ਵੀ ਸ਼ਾਸਨ (ਹਕੂਮਤ) ਕਰੇ, ਉਹ ਤੇ ਉਸਦੇ ਪ੍ਰਤੀਨਿਧੀ ਬੇਦਾਗ਼ ਹੋਣ ਅਤੇ ਕਿਸੇ ਵੀ ਤਰ੍ਹਾਂ ਦੇ ਅਪ੍ਰਾਧ ਵਿੱਚ ਲਿਪਤ ਨਾ ਹੋਣ। ਸੁਪ੍ਰੀਮ ਕੋਰਟ ਨੇ ਇਸਦੇ ਨਾਲ ਹੀ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਚੁਕਿਆ ਅਤੇ ਕਿਹਾ ਕਿ ਦੋਵੇਂ ਆਪਰਾਧੀ ਅਤੇ ਭ੍ਰਿਸ਼ਟਾਚਾਰੀ, ਨਾਲੋ-ਨਾਲ ਇੱਕ-ਜੁਟ ਹੋ ਚਲ ਰਹੇ ਹਨ ਅਤੇ ਦੇਸ਼ ਇਸਨੂੰ ਮੂਕ-ਦਰਸ਼ਕ ਬਣ ਵੇਖ ਰਿਹਾ ਹੈ। ਇਸੇ ਦਾ ਨਤੀਜਾ ਹੋ ਰਿਹਾ ਹੈ ਕਿ ਲੋਕਤੰਤਰ ਪ੍ਰਤੀ ਆਮ ਲੋਕਾਂ ਦੇ ਭਰੋਸੇ ਤੇ ਡੂੰਘੀ ਸੱਟ ਵੱਜ ਰਹੀ ਹੈ।
ਦੇਸ਼ ਦੀ ਰਾਜਨੀਤੀ ਵਿੱਚ ਵੱਧ ਰਹੇ ਅਪ੍ਰਾਧੀਕਰਣ ਤੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਵਿੱਚ ਬਣ ਰਹੀ ਸਾਂਝ ਪੁਰ ਸੁਪ੍ਰੀਮ ਕੋਰਟ ਵਲੋਂ ਇਹ ਚਿੰਤਾ ਪ੍ਰਗਟ ਕੀਤਿਆਂ ਚਾਰ ਵਰ੍ਹਿਆਂ ਅਤੇ ਰਾਸ਼ਟਰਪਤੀ ਵਲੋਂ ਚਿੰਤਾ ਪ੍ਰਗਟ ਕਰਿਆਂ 22 ਵਰ੍ਹਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ, ਪ੍ਰੰਤੂ ਅਜੇ ਤਕ ਇਸ ਪੁਰ ਕਿਸੇ ਵੀ ਪੱਧਰ ਤੇ ਕੋਈ ਸੁਧਾਰ ਹੋਇਆ ਹੋਵੇ? ਨਜ਼ਰ ਨਹੀਂ ਆ ਰਿਹਾ।
ਹੁਣ ਇਤਨੇ ਵਰ੍ਹਿਆਂ ਬਾਅਦ ਇੱਕ ਵਾਰ ਫਿਰ ਸੁਪ੍ਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਰਾਜਨੀਤੀ ਵਿੱਚ ਭ੍ਰਿਸ਼ਟਾਚਰੀਆਂ ਅਤੇ ਅਪਰਾਧੀਆਂ ਦੀ ਵਧ ਰਹੀ ਭਾਈਵਾਲੀ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਇਸ ਪ੍ਰਵਿਰਤੀ ਨੂੰ ਠਲ੍ਹ ਪਾਣ ਲਈ ਸੰਸਦ ਨੂੰ ਇੱਕ ਪ੍ਰਭਾਵਸ਼ਾਲੀ ਕਾਨੂੰਨ ਬਣਾਏ ਜਾਣ ਲਈ ਕਿਹਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਅਪਰਾਧੀਆਂ ਦੀ ਰਾਜਨੀਤੀ ਵਿੱਚ ਭਾਈਵਾਲੀ ਰੋਕਣ ਲਈ ਸੰਸਦ ਨੂੰ ਕਾਨੂੰਨ ਬਣਾਉਣ ਅਤੇ ਚੋਣਾਂ ਦੌਰਾਨ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਅਪਰਾਧੀ ਉਮੀਦਵਾਰਾਂ ਦੇ ਗੁਨਾਹਵਾਂ ਨੂੰ ਪ੍ਰਦਰਸ਼ਤ ਕਰਨ ਦੀ ਜੋ ਹਿਦਾਇਤ ਦਿੱਤੀ ਹੈ, ਉਸ ਪੁਰ ਕਿਤਨਾ-ਕੁ ਅਤੇ ਕਦੋਂ ਅਮਲ ਹੋਵੇਗਾ, ਜਿਵੇਂ ਕਿ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ, ਰਾਸ਼ਟਰ ਨੂੰ ਉਸਦਾ ਇੰਤਜ਼ਾਰ ਬੇਚੈਨੀ ਨਾਲ ਰਹੇਗਾ।
...ਅਤੇ ਅੰਤ ਵਿੱਚ : ਮਿਲੇ ਅੰਕੜਿਆਂ ਅਨੁਸਾਰ ਇਸ ਸਮੇਂ ਲੋਕਸਭਾ ਦੇ 179 ਅਤੇ ਰਾਜਸਭਾ ਦੇ 51 ਮੈਂਬਰ ਅਜਿਹੇ ਹਨ, ਜਿਨ੍ਹਾਂ ਦੇ ਵਿਰੁਧ ਅਪਰਾਧਕ ਮਾਮਲੇ ਦਰਜ ਹਨ। ਪੰਜ ਲੋਕਸਭਾ ਅਤੇ ਤਿੰਨ ਰਾਜਸਭਾ ਦੇ ਮੈਂਬਰ ਅਜਿਹੇ ਹਨ ਜਿਨ੍ਹਾਂ ਪੁਰ ਅਪਹਰਣ (ਅਗਵਾ) ਕਰਨ ਦੇ ਦੋਸ਼ ਹਨ, 15 ਸਾਂਸਦਾਂ ਵਿਰੁਧ ਭੜਕਾਊ ਭਾਸ਼ਣ ਦੇਣ ਦੇ ਅਤੇ ਤਿੰਨ ਸਾਂਸਦਾਂ ਪੁਰ ਮਹਿਲਾਵਾਂ ਵਿਰੁਧ ਅਪਰਾਧ ਕਰਨ ਦੇ ਦੋਸ਼ ਹਨ। ਦਸਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਵਿੱਚ ਦਾਖਲ ਇੱਕ ਸ਼ਪਥ ਪਤ੍ਰ ਅਨੁਸਾਰ ਦੇਸ਼ ਵਿੱਚ 1765 ਸਾਂਸਦਾਂ ਤੇ ਵਿਧਾਇਕਾਂ ਵਿਰੁਧ 3045 ਅਪਰਾਧਕ ਮੁਕਦਮੇ ਦਰਜ ਹਨ। ਇਹ ਸੰਸਦ ਅਤੇ ਵਿਧਾਨਸਭਾਵਾਂ ਵਿਚਲੇ 4896 ਕਾਨੂੰਨ ਘਾੜਿਆਂ ਦਾ 36 ਪ੍ਰਤੀਸ਼ਤ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
27 Sept. 2018
ਨਾਹਰਾ 'ਬੇਟੀ ਬਚਾਉ, ਬੇਟੀ ਪੜ੍ਹਾਉ' : ਪਰ ਸੁਰਖਿਆ ਦੀ ਗਰੰਟੀ ਨਹੀਂ - ਜਸਵੰਤ ਸਿੰਘ 'ਅਜੀਤ'
ਭਾਰਤ ਸਰਕਾਰ ਵਲੋਂ ਦੇਸ਼ ਦੀਆਂ ਮੁਟਿਆਰਾਂ ਨੂੰ ਆਤਮ-ਨਿਰਭਰ ਬਣਾ, ਉਨ੍ਹਾਂ ਦੇ ਸੁਨਹਿਰੀ ਭਵਿਖ ਦੀ ਸਿਰਜਨਾ ਕਰਨ ਲਈ, ਬੀਤੇ ਕਈ ਵਰ੍ਹਿਆਂ ਤੋਂ ਦੇਸ਼ ਨੂੰ ਇਹ ਨਾਹਰਾ, 'ਬੇਟੀ ਬਚਾਉ ਬੇਟੀ ਪੜ੍ਹਾਉ' ਦਿੱਤਾ ਗਿਆ ਹੋਇਆ ਹੈ। ਇਸ ਨਾਹਰੇ ਨੂੰ ਸਾਰਥਕਤਾ ਪ੍ਰਦਾਨ ਕਰਨ ਲਈ ਬੜੇ ਹੀ ਜ਼ੋਰ-ਸ਼ੋਰ ਦੇ ਨਾਲ ਇਹ ਪ੍ਰਚਾਰ ਵੀ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ 'ਪੜ੍ਹਨਗੀਆਂ ਮੁਟਿਆਰਾਂ ਤਾਂ ਹੀ ਉਹ ਅੱਗੇ ਵਧਣਗੀਆਂ'। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਨਾਹਰੇ ਦੇਸ਼ ਦੀਆਂ ਮੁਟਿਆਰਾਂ ਦਾ ਭਵਿਖ ਸੁਆਰਨ ਪ੍ਰਤੀ ਦੇਸ਼ ਵਾਸੀਆਂ ਦੀ ਉਸਾਰੂ ਸੋਚ ਤੇ ਉਨ੍ਹਾਂ ਦੇ ਦ੍ਰਿੜ੍ਹ ਸਕੰਲਪ ਨੂੰ ਪ੍ਰਗਟ ਕਰਦੇ ਹਨ। ਇਤਨਾ ਹੀ ਨਹੀਂ, ਇਸਦੇ ਨਾਲ ਇਹ ਨਾਹਰੇ ਇਸ ਸੰਕਲਪ ਪ੍ਰਤੀ ਦੇਸ਼ ਵਾਸੀਆਂ ਦੀ ਸਾਰਥਕ ਪਹੁੰਚ ਨੂੰ ਵੀ ਦਰਸਾਂਦੇ ਹਨ। ਪ੍ਰੰਤੂ ਜੇ ਇਨ੍ਹਾਂ ਨਾਹਰਿਆਂ ਦੀ ਸਾਰਥਕਤਾ ਨੂੰ ਵਰਤਮਾਨ ਹਾਲਾਤ ਨਾਲ ਜੋੜ ਕੇ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਜ਼ਮੀਨੀ ਹਕੀਕਤ ਕੁਝ ਹੋਰ ਹੀ ਉਭਰ ਕੇ ਸਾਹਮਣੇ ਆਉਂਦੀ ਹੈ। ਖਬਰਾਂ ਅਨੁਸਾਰ ਬੀਤੇ ਦਿਨੀਂ ਰਿਵਾੜੀ (ਹਰਿਆਣਾ) ਦੀ ਇੱਕ ਪ੍ਰਤਿਭਾਸ਼ਾਲੀ ਵਿਦਿਆਰਥਣ ਨਾਲ ਜੋ ਕੁਝ ਵਾਪਰਿਆ, ਉਸਤੋਂ ਪਤਾ ਲਗਦਾ ਹੈ ਕਿ ਦੇਸ਼ ਵਿੱਚ ਕੁੜੀਆਂ ਦੀ ਪੜ੍ਹਾਈ, ਉਨ੍ਹਾਂ ਦੀ ਸੁਰਖਿਆ ਦੀ ਗਰੰਟੀ ਬਿਲਕੁਲ ਨਹੀਂ ਹੈ। ਉਹ ਭਾਵੇਂ ਮੁੰਡਿਆਂ ਨੂੰ ਪੜ੍ਹਾਈ ਵਿੱਚ ਪਛਾੜ ਆਪਣੇ ਝੰਡੇ ਗਡ ਦੇਣ, ਪਰ ਉਨ੍ਹਾਂ ਨੂੰ ਅਗੇ ਵਧਣ ਤੋਂ ਰੋਕਣ ਲਈ ਭਾਰਤੀ ਸਮਾਜ ਵਿੱਚ ਕਈ ਤਰ੍ਹਾਂ ਦੇ ਜ਼ਾਲਮਾਨਾ ਰਾਹ ਮੌਜੂਦ ਹਨ। ਉਸ ਮੁਟਿਆਰ, ਜੋ ਸੀਬੀਐਸਈ ਵਿੱਚ ਟਾਪ ਕਰ ਨਾ ਕੇਵਲ ਆਪਣੇ ਪਰਿਵਾਰ, ਸਗੋਂ ਆਪਣੇ ਸ਼ਹਿਰ ਅਤੇ ਰਾਜ ਲਈ ਮਾਣ ਦਾ ਕਾਰਣ ਬਣੀ, ਨਾਲ ਸਥਾਨਕ ਬਦਮਾਸ਼ਾਂ ਦਾ ਟੋਲਾ ਅਤਿ ਬੇਰਹਿਮੀ ਨਾਲ ਬਲਾਤਕਾਰ ਕਰਦਾ ਹੈ, ਤਾਂ ਇਉਂ ਜਾਪਦਾ ਜਿਵੇਂ ਸਾਡੇ ਸਮਾਜ ਵਿੱਚ ਅਨੇਕਾਂ ਤਰ੍ਹਾਂ ਦੀਆਂ ਗੜਬੜੀਆਂ ਹਨ ਜਿਨ੍ਹਾਂ ਨੂੰ ਸੁਧਾਰਣ ਦੀ ਬਹੁਤ ਲੋੜ ਹੈ। ਇਹ ਘਟਨਾ ਉਸ ਹਰਿਆਣੇ ਦੀ ਹੈ, ਜਿਸਦੀਆਂ ਮੁਟਿਆਰਾਂ ਨੇ ਪਿਛਲੇ ਦਿਨੀਂ ਹੋਈਆਂ ਏਸ਼ੀਆਡ ਖੇਡਾਂ ਵਿੱਚ ਜਿਤਨੇ ਬਹੁਤੇ ਮੈਡਲ ਆਪਣੇ ਰਾਜ ਨੂੰ ਦੁਆਏ, ਉਤਨੇ ਸ਼ਾਇਦ ਹੀ ਕਿਸੇ ਹੋਰ ਰਾਜ ਦੀਆਂ ਮੁਟਿਆਰਾਂ ਨੇ ਆਪਣੇ ਰਾਜ ਨੂੰ ਦੁਆਏ ਹੋਣਗੇ। ਹਾਲਾਂਕਿ ਮੰਨਿਆ ਇਹ ਜਾਂਦਾ ਹੈ ਕਿ ਇਹ ਮਾਮਲਾ ਕਿਸੇ ਦੂਸਰੇ ਰਾਜ ਨਾਲ ਤੁਲਨਾ ਕਰਨ ਜਾਂ ਮੈਡਲਾਂ ਦੀ ਗਿਣਤੀ ਕਰਨ ਨਾਲ ਸੰਬੰਧਤ ਨਹੀਂ। ਗਲ ਸਿਰਫ ਇਤਨੀ ਹੈ ਕਿ ਜਿਸ ਰਾਜ ਦੀਆਂ ਮੁਟਿਆਰਾਂ ਦੁਨੀਆਂ ਵਿੱਚ ਆਪਣੀ ਸਫਲਤਾ ਦੇ ਝੰਡੇ ਗਡ ਰਹੀਆਂ ਹੋਣ, ਉਸੇ ਰਾਜ ਵਿੱਚ ਜੇ ਇਸਤਰ੍ਹਾਂ ਦੀਆਂ ਘਿਨਾਉਣੀਆਂ ਘਟਨਾਵਾਂ ਵਾਪਰ ਰਹੀਆਂ ਹੋਣ ਤਾਂ ਇਸਦਾ ਮਤਲਬ ਸਾਫ ਹੈ ਕਿ ਦੇਸ਼ ਵਿੱਚ ਹੇਠਲੇ ਪੱਧਰ ਤੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰ-ਪਰਸਨ ਵੀ. ਮੋਹਿਨੀ ਗਿਰੀ ਨੇ ਇਸ ਘਟਨਾ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ ਕਿ ਸੀਬੀਐਸਈ ਦੀ ਟਾਪਰ ਰਹੀ ਰਿਵਾੜੀ ਦੀ ਉਸ, ਬਲਾਤਕਾਰ ਦਾ ਸ਼ਿਕਾਰ ਹੋਈ ਮੁਟਿਆਰ ਦੀਆਂ ਅੱਖਾਂ ਵਿੱਚ ਨਿਸ਼ਚੇ ਹੀ ਆਪਣੇ ਭਵਿਖ ਦੇ ਕਈ ਸੁਨਹਿਰੀ ਸੁਪਨੇ ਪਲ ਰਹੇ ਹੋਣਗੇ। ਪਰ ਇੱਕ ਝਟਕੇ ਨਾਲ ਹੀ ਸਭ ਕੁਝ ਖਤਮ ਹੋ ਗਿਆ। ਉਸਨੂੰ ਉਸ ਸਮੇਂ ਦਰਿੰਦਗੀ ਦਾ ਸ਼ਿਕਾਰ ਬਣਾਇਆ ਗਿਆ, ਜਦੋਂ ਉਹ ਪੜ੍ਹਨ ਜਾ ਰਹੀ ਸੀ। ਉਨ੍ਹਾਂ ਹੋਰ ਲਿਖਿਆ ਕਿ ਨਿਤ ਹੀ ਅਜਿਹੀਆਂ ਘਟਨਾਵਾਂ ਦੇ ਵਾਪਰਦਿਆਂ ਰਹਿਣ ਦਾ ਹੀ ਨਤੀਜਾ ਹੈ ਕਿ ਅੱਜ ਦੇਸ਼ ਦੀ ਕੋਈ ਮੁਟਿਆਰ ਆਪਣੇ ਆਪਨੂੰ ਸੁਰਖਿਅਤ ਮਹਿਸੂਸ ਨਹੀਂ ਕਰਦੀ। ਸਾਰੀਆਂ ਇਸੇ ਸ਼ੰਕਾ ਵਿੱਚ ਜੀਅ ਰਹੀਆਂ ਹਨ ਕਿ ਪਤਾ ਨਹੀਂ ਕਦੋਂ ਅਤੇ ਕਿਸ ਨਾਲ ਅਨਹੋਣੀ ਵਾਪਰ ਜਾਏ। ਇਹੀ ਕਾਰਣ ਹੈ ਕਿ ਸਾਡੇ ਸ਼ਹਿਰ 'ਰੇਪ ਸਿਟੀ ਆਫ ਦਾ ਵਰਲਡ' ਵਜੋਂ ਮੰਨੇ ਜਾਣ ਲਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਸੁਆਲ ਇਹ ਹੈ ਕਿ ਅਜੇ ਵੀ ਅਸੀਂ ਮੁਟਿਆਰਾਂ ਨੂੰ ਕੁਚਲਣ ਦੀ ਮਾਨਸਿਕਤਾ ਦਾ ਤੋੜ ਕਿਉਂ ਨਹੀਂ ਤਲਾਸ਼ ਪਾ ਰਹੇ? ਫਿਰ ਉਹ ਆਪ ਹੀ ਆਪਣੇ ਇਸ ਸੁਆਲ ਦਾ ਜਵਾਬ ਦਿੰਦੇ ਹੋਇਆਂ ਲਿਖਦੇ ਹਨ ਕਿ ਅਸਲ ਵਿੱਚ ਇਸਦੇ ਕਈ ਕਾਰਣ ਹਨ। ਸਭ ਤੋਂ ਵੱਡਾ ਕਾਰਣ ਤਾਂ ਇਹੀ ਹੈ ਕਿ ਬਲਾਤਕਾਰ ਪੀੜਤਾ ਨੂੰ ਛੇਤੀ ਹੀ ਇਨਸਾਫ ਨਹੀਂ ਮਿਲ ਪਾਂਦਾ। ਅਜਿਹੇ ਮਾਮਲਿਆਂ ਨੂੰ ਨਿਪਟਾਣ ਵਿੱਚ ਕਾਫੀ ਲੰਬਾ ਸਮਾਂ ਲਗਦਾ ਹੈ। ਕਿਉਂਕਿ ਪਹਿਲਾਂ ਤਾਂ ਦੋਸ਼ੀ ਜਲਦੀ ਪਕੜੇ ਨਹੀਂ ਜਾਂਦੇ। ਫਿਰ ਜੇ ਉਨ੍ਹਾਂ ਨੂੰ ਪਕੜ ਲਿਆ ਵੀ ਜਾਂਦਾ ਹੈ, ਤਾਂ ਉਸਨੂੰ ਛੱਡਣ ਲਈ ਪੁਲਿਸ ਪੁਰ ਰਾਜਸੀ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ। ਇਤਨਾ ਕੁਝ ਹੋਣ ਦੇ ਬਾਵਜੂਦ ਜੇ ਦੋਸ਼ੀ ਅਦਾਲਤ ਤਕ ਪੁਜ ਜਾਏ, ਤਾਂ ਕਾਨੂੰਨੀ ਪ੍ਰਕ੍ਰਿਆ ਇਤਨੀ ਪੇਚੀਦਾ ਲੰਮੀਂ ਹੁੰਦੀ ਹੈ ਕਿ ਸਮੇਂ ਦੇ ਬੀਤਣ ਨਾਲ ਇਨਸਾਫ ਪ੍ਰਾਪਤੀ ਦੀ ਆਸ ਦਮ ਤੋੜਦੀ ਜਾਂਦੀ ਹੈ ਅਤੇ ਇੱਕ ਸਮਾਂ ਅਜਿਹਾ ਆ ਜਾਂਦਾ ਹੈ ਕਿ ਸ਼ਾਇਦ ਹੀ ਪੀੜਤਾ ਵਾਸਤੇ ਇਨਸਾਫ ਦੀ ਕੋਈ ਬਹੁਤੀ ਮਹਤੱਤਾ ਰਹਿ ਜਾਂਦੀ ਹੋਵੇ। ਉਹ ਹੋਰ ਲਿਖਦੇ ਹਨ ਕਿ ਦੇਸ਼ ਵਿੱਚ ਹਰ ਰੋਜ਼ ਬਲਾਤਕਾਰ ਦੀਆਂ ਕਈ ਘਟਨਾਵਾਂ ਵਾਪਰਦੀਆਂ ਹਨ, ਪਰ ਸ਼ੋਰ ਕੁਝ-ਕੁ ਘਟਨਾਵਾਂ ਦਾ ਪੈਂਦਾ ਹੈ, ਇਸ ਸ਼ੋਰ ਵਿੱਚ ਬਲਾਤਕਾਰੀਆਂ ਨੂੰ ਫਾਂਸੀ ਤਕ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਜਾਣ ਲਗਦੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬੀਤੇ ਸਮੇਂ ਵਿੱਚ ਇਨ੍ਹਾਂ ਉਲਝਣਾ ਭਰੀ ਸਥਿਤੀ ਵਿਚੋਂ ਬਾਹਰ ਨਿਕਲਣ ਅਤੇ ਵਿਵਸਥਾ ਨੂੰ ਸੁਧਾਰਨ ਦੇ ਨਾਲ ਹੀ ਪੀੜਤਾ ਨੂੰ ਸਹਿਮ ਅਤੇ ਡਰ ਦੀ ਸਥਿਤੀ ਵਿਚੋਂ ਉਭਾਰਨ ਨਾਲ ਸੰਬੰਧਤ ਸਰਕਾਰ ਨੂੰ ਢੇਰਾਂ ਸਿਫਾਰਿਸ਼ਾਂ ਭੇਜੀਆਂ ਗਈਆਂ ਸਨ। ਪਰ ਜਾਪਦਾ ਹੈ ਕਿ ਉਨ੍ਹਾਂ ਸਾਰੀਆਂ ਸਿਫਾਰਿਸ਼ਾਂ ਦੀਆਂ ਫਾਈਲਾਂ ਧੂੜ ਫਕ ਰਹੀਆਂ ਹਨ। ਵੀ. ਮੋਹਿਨੀ ਗਿਰੀ ਨੇ ਇਹ ਵੀ ਦਸਿਆ ਕਿ ਦਿੱਲੀ ਵਿੱਚ ਵਾਪਰੇ ਨਿਰਭਿਆ ਕਾਂਡ ਤੋਂ ਬਾਅਦ ਸਰਕਾਰ ਵਲੋਂ ਗਠਤ ਕੀਤੇ ਜਸਟਿਸ ਵਰਮਾ ਕਮੇਟੀ ਨੇ ਜੋ ਸਿਫਾਰਿਸ਼ਾਂ ਕੀਤੀਆਂ ਹਨ, ਜੇ ਉਹ ਹੀ ਠੀਕ ਤਰ੍ਹਾਂ ਲਾਗੂ ਹੋ ਜਾਣ, ਤਾਂ ਵੀ ਹਾਲਾਤ ਵਿੱਚ ਕਾਫੀ ਹਦ ਤਕ ਕੁਝ ਸੁਧਾਰ ਹੋ ਸਕਦਾ ਹੈ। ਇਸਦੇ ਨਾਲ ਹੀ ਉਹ ਦੁਖੀ ਹਿਰਦੇ ਨਾਲ ਕਹਿੰਦੇ ਹਨ, ਪਰ ਅਜਿਹਾ ਹੋਵੇ ਤਾਂ ਹੀ ਨਾ? ਉਨ੍ਹਾਂ ਦਸਿਆ ਕਿ ਸਰਕਾਰ ਨੇ ਇੱਕ ਨਿਰਭਿਆ ਫੰਡ ਵੀ ਕਾਇਮ ਕੀਤਾ ਹੋਇਆ ਹੈ। ਪਰ ਉਸਦਾ ਪੈਸਾ ਕਿਥੇ ਖਰਚ ਹੋ ਰਿਹਾ ਹੈ? ਸਰਕਾਰ ਇਸ ਸੁਆਲ ਦਾ ਜਵਾਬ ਦੇਣ ਦੀ ਸਥਿਤੀ ਵਿੱਚ ਨਹੀਂ! ਉਨ੍ਹਾਂ ਪੁਛਿਆ ਕੀ ਇਸ ਫੰਡ ਦੇ ਪੈਸੇ ਦੀ ਵਰਤੋਂ ਪੀੜਤ ਮੁਟਿਆਰਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਨਹੀਂ ਹੋ ਸਕਦੀ? ਕੀ ਸਰਕਾਰ ਵਲੋਂ ਡਾਕਟਰਾਂ ਦੀਆਂ ਅਜਿਹੀਆਂ ਟੀਮਾਂ ਗਠਤ ਨਹੀਂ ਕੀਤੀਆਂ ਜਾ ਸਕਦੀਆਂ, ਜੋ ਬਲਾਤਕਾਰ ਦੇ ਮਾਮਲਿਆਂ ਨੂੰ ਪਹਿਲ ਦੇ ਅਧਾਰ ਤੇ ਵੇਖਣ?
...ਅਤੇ ਅੰਤ ਵਿੱਚ : ਬੀਤੇ ਦਿਨੀਂ ਮੁਖ ਚੋਣ ਕਮਿਸ਼ਨਰ ਓਪੀ ਰਾਵਤ ਨੇ ਸਵੀਕਾਰ ਕਰ ਹੀ ਲਿਆ ਕਿ ਭਾਰਤ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਵਿੱਚ ਦੇਸ਼ ਦੇ ਵਰਤਮਾਨ ਕਾਨੂੰਨ ਕਾਰਗਰ ਸਾਬਤ ਨਹੀਂ ਹੋ ਪਾ ਰਹੇ। ਇਸਲਈ ਕਮਿਸ਼ਨ ਸਰਕਾਰੀ ਵਿੱਤੀ ਸਹਾਇਤਾ (ਸਟੇਟ ਫੰਡਿੰਗ) ਨਾਲ ਚੋਣ ਲੜਨ ਜਿਹੇ ਸੁਧਾਰਾਤਮਕ ਉਪਾਵਾਂ ਦੀ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਪੈਸੇ ਦੀ ਦੁਰਵਰਤੋਂ, ਭਾਰਤ ਅਤੇ ਭਾਰਤੀ ਚੋਣਾਂ ਲਈ ਮੁਖ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਮੰਨਿਆ ਕਿ ਭਾਰਤ ਦਾ ਵਰਤਮਾਨ ਕਾਨੂੰਨੀ ਢਾਂਚਾ ਇਸ ਸਮਸਿਆ ਨਾਲ ਨਿਪਟਣ ਵਿੱਚ ਪੂਰੀ ਤਰ੍ਹਾਂ ਉਪਯੋਗੀ ਨਹੀਂ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਮਹਿਸੂਸ ਕਰਦਾ ਹੈ ਕਿ ਚੋਣਾਂ ਵਿੱਚ ਧਨ-ਬਲ ਦੀ ਵਰਤੋਂ ਪੁਰ ਕਾਬੂ ਪਾਣਾ ਬਹੁਤ ਹੀ ਜ਼ਰੂਰੀ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
20 Sep 2018