ਅਫ਼ਜ਼ਲ ਤੌਸੀਫ਼ : ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ - ਗੁਰਬਚਨ ਸਿੰਘ ਭੁੱਲਰ
ਅਫ਼ਜ਼ਲ ਤੌਸੀਫ਼ ਦਾ ਜ਼ਿਕਰ ਇਧਰਲੇ, ਚੜ੍ਹਦੇ ਪੰਜਾਬ ਵਿਚ ਆਮ ਕਰਕੇ 'ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ' ਵਜੋਂ ਕੀਤਾ ਜਾਂਦਾ ਹੈ। ਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਜਿਹੜੀ ਕਾਲ਼ੀ ਲਕੀਰ ਸਰਹੱਦ ਦੇ ਰੂਪ ਵਿਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ਼ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲੇ ਪਾਸੇ ਰਹਿੰਦੀ ਸੀ। ਪਰ ਇਹ ਲਫ਼ਜ਼ ਉਹਦੇ ਮਿਜਾਜ਼ ਦੀ, ਉਹਦੇ ਸੁਭਾਅ ਦੀ, ਉਹਦੇ ਮਨ ਦੀ ਤਰਜਮਾਨੀ ਨਹੀਂ ਕਰਦੇ। ਉਹ ਸਾਰੀ ਉਮਰ ਕਈ ਘਰਾਂ ਵਿਚ ਰਹਿੰਦਿਆਂ ਬੇਘਰੀ, ਕਈ ਨਗਰਾਂ ਵਿਚ ਟਿਕਦਿਆਂ ਬੇਨਗਰੀ ਅਤੇ ਪਾਕਿਸਤਾਨ ਨਾਂ ਦੇ ਉਹਦੀ ਝੋਲੀ ਪਾਏ ਗਏ ਨਵੇਂ ਵਤਨ ਦੇ ਹੁੰਦਿਆਂ ਬੇਵਤਨੀ ਹੀ ਰਹੀ। ਇਸੇ ਕਰਕੇ ਉਹਨੇ ਆਪਣੀ ਸਵੈਜੀਵਨੀ ਦਾ ਨਾਂ 'ਮਨ ਦੀਆਂ ਬਸਤੀਆਂ' ਰੱਖਿਆ। ਉਹ ਕਿਹਾ ਕਰਦੀ ਸੀ, ''ਮੈਂ ਤਾਂ ਆਪਣੇ ਮਨ ਵਿਚ ਵਸਦੀ ਹਾਂ, ਮੈਨੂੰ ਸਕੂਨ ਆਪਣੇ ਮਨ ਦੀ ਕੋਠੜੀ ਵਿਚ ਪਹੁੰਚ ਕੇ ਹੀ ਮਿਲਦਾ ਹੈ। ਇਸ ਧਰਤੀ ਉੱਤੇ ਮੇਰੀ ਕੋਈ ਬਸਤੀ ਨਹੀਂ। ਮੇਰੀਆਂ ਬਸਤੀਆਂ ਮੇਰੇ ਮਨ ਵਿਚ ਹਨ ਜੋ ਮੁੜ ਮੁੜ ਉੱਜੜਦੀਆਂ ਤੇ ਮੁੜ ਮੁੜ ਵਸਦੀਆਂ ਰਹੀਆਂ ਹਨ! ਇਹ ਦੇਸ, ਇਹ ਨਗਰ-ਸ਼ਹਿਰ, ਇਹ ਘਰ, ਇਨ੍ਹਾਂ ਸਭਨਾਂ ਦੀ ਤਾਂ ਮੈਂ ਕਿਰਾਏਦਾਰ ਹਾਂ!''
ਇਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰੱਤੀ ਭਰ ਵੀ ਦੁਸ਼ਮਣੀ ਜਾਂ ਨਫ਼ਰਤ ਮਹਿਸੂਸ ਨਹੀਂ ਸੀ ਕੀਤੀ। ਉਹ ਕਾਤਲਾਂ ਨੂੰ ਆਮ ਲੋਕਾਂ ਨਾਲੋਂ ਨਿਖੇੜ ਕੇ ਦੇਖਣ ਦੇ ਸਮਰੱਥ ਸੀ। ਉਹ ਫ਼ੈਜ਼, ਮੰਟੋ, ਕ੍ਰਿਸ਼ਨ ਚੰਦਰ ਅਤੇ ਸਾਹਨੀ ਭਰਾਵਾਂ ਬਲਰਾਜ ਤੇ ਭੀਸ਼ਮ ਵਰਗੇ ਉਨ੍ਹਾਂ ਅਣਗਿਣਤ ਪੰਜਾਬੀਆਂ ਵਿਚੋਂ ਸੀ ਜਿਹੜੇ ਮਰਨੀ ਮਰ ਗਏ, ਪਰ ਜਿਨ੍ਹਾਂ ਨੇ ਇਹ ਕਾਲ਼ੀ ਮਨਹੂਸ ਲਕੀਰ ਕਦੀ ਪਰਵਾਨ ਨਾ ਕੀਤੀ। ਉਹ ਲਕੀਰ ਨੂੰ ਦੋਵਾਂ ਪੈਰਾਂ ਹੇਠ ਮਿੱਧ ਕੇ ਸਾਂਝੇ ਅਣਵੰਡੇ ਪੰਜਾਬ ਦੇ ਵਿਚਕਾਰ ਖਲੋਤੀ ਬੁਲੰਦ-ਕੱਦ ਨਾਬਰ ਪੰਜਾਬਣ ਸੀ। ਸੰਤਾਲੀ ਦੇ ਘੱਲੂਘਾਰੇ ਮਗਰੋਂ ਜੀਵੇ ਸਤਾਹਠ ਸਾਲਾਂ ਵਿਚ ਉਹ ਸਮੁੱਚੇ, ਅਣਵੰਡੇ ਪੰਜਾਬ ਦੀ ਵਸਨੀਕ ਹੀ ਬਣੀ ਰਹੀ।
ਉਸ ਵਿਚੋਂ ਟਕਸਾਲੀ ਪੰਜਾਬਣ, ਹਮਦਰਦ, ਮੋਹਵੰਤੀ ਤੇ ਜੁਝਾਰੂ ਪੰਜਾਬਣ ਦੇ ਦਰਸ਼ਨ ਹੁੰਦੇ ਸਨ। ਇਕ ਵਾਰ ਮੈਂ ਉਹਨੂੰ ਲੰਮੀ ਮੁਲਾਕਾਤ ਲਈ ਮਿਲਿਆ ਤਾਂ ਉਹਦੀਆਂ ਗੱਲਾਂ ਵਿਚੋਂ, ਉਹਦੇ ਜਵਾਬਾਂ ਵਿਚੋਂ ਅਜਿਹਾ ਕੋਈ ਝਾਉਲਾ ਵੀ ਨਹੀਂ ਸੀ ਪਿਆ ਕਿ ਇਹ ਕਿਸੇ ਦੂਜੇ ਦੇਸੋਂ ਆਈ ਹੋਈ ਲੇਖਿਕਾ ਹੈ। ਉਹ ਇਧਰਲੇ ਪੰਜਾਬ ਦੀਆਂ ਗੱਲਾਂ, ਆਪਣੇ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿੰਬਲੀ ਅਤੇ ਆਪਣੇ ਨਾਨਕੇ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮ ਖ਼ੁਰਦ ਦੀਆਂ ਗੱਲਾਂ, ਇਧਰ ਸਭ ਕੁਝ ਲੁਟਾਇਆ ਹੋਣ ਦੇ ਬਾਵਜੂਦ, ਆਪਣਿਆਂ ਵਾਂਗ ਕਰ ਰਹੀ ਸੀ। ਦੇਸ-ਵੰਡ ਦੇ ਝੱਖੜ ਨੇ ਦਸ-ਗਿਆਰਾਂ ਸਾਲ ਦੀ ਬਾਲੜੀ ਉਮਰੇ ਲਹਿੰਦੇ ਪੰਜਾਬ ਦੀ ਓਪਰੀ ਧਰਤੀ ਉੱਤੇ ਸੁੱਟ ਕੇ ਉਹਨੂੰ ਬਹੁਤ ਸਮਝਾਇਆ ਕਿ ਇਹ ਤੇਰਾ ਆਪਣਾ ਨਵਾਂ-ਨਕੋਰ ਦੇਸ ਹੈ, ਪਾਕਿਸਤਾਨ ਜਿਸ ਦਾ ਨਾਂ ਹੈ। ਪਰ ਨਵਾਂ ਖਿਡੌਣਾ ਲੈਣ ਤੋਂ ਨਾਂਹ ਕਰ ਕੇ ਸਿਰ ਮਾਰਦਿਆਂ ਹੱਥੋਂ ਖੋਹ ਵਗਾਹਿਆ ਪੁਰਾਣਾ ਖਿਡੌਣਾ ਹੀ ਲੈਣ ਦੀ ਜ਼ਿੱਦ ਵਿਚ ਅੱਡੀਆਂ ਰਗੜਦੀ ਬਾਲੜੀ ਵਾਂਗ ਅਫ਼ਜ਼ਲ ਤੌਸੀਫ਼ ਉਹਨੂੰ ਦਿੱਤੇ ਗਏ ਪਸ਼ੌਰ-ਲਾਹੌਰ ਲੈਣ ਤੋਂ ਸਾਰੀ ਉਮਰ ਇਨਕਾਰੀ ਰਹੀ। ਉਹ ਬਾਲੜੀ ਉਮਰ ਤੋਂ ਅੰਤਲੇ ਸਾਹ ਤੱਕ ਆਪਣੇ ਇਕੋ ਬਾਲ-ਹਠ ਉੱਤੇ ਅੜੀ ਰਹੀ, ''ਮੈਨੂੰ ਮੇਰੀ ਸਿੰਬਲੀ ਦਿਉ ਮੈਨੂੰ ਮੇਰਾ ਕੂਮ ਦਿਉ! ਲਹਿੰਦਾ-ਚੜ੍ਹਦਾ ਕੋਈ ਨਹੀਂ, ਪੰਜਾਬ ਇਕੋ ਹੈ, ਸਾਲਮ-ਸਾਬਤ, ਤੇ ਉਹ ਪੂਰੇ ਦਾ ਪੂਰਾ ਮੇਰਾ ਹੈ!''
ਮੈਂ ਉਹਦੀ ਇਸ ਸੋਚ ਬਾਰੇ ਪੁੱਛਿਆ ਤਾਂ ਉਹਦਾ ਕਹਿਣਾ ਸੀ, ''ਇਧਰਲਾ ਪਾਸਾ ਮੇਰੇ ਲਈ ਦੂਜਾ ਪਾਸਾ ਕਿਵੇਂ ਹੋਵੇ, ਓਪਰਾ ਪਾਸਾ ਕਿਵੇਂ ਹੋਵੇ, ਜੋ ਅੰਮ੍ਰਿਤਾ ਦਾ ਵਸੇਬਾ ਹੈ, ਭੁੱਲਰ ਭਰਾ ਤੁਹਾਡਾ ਵਸੇਬਾ ਹੈ, ਕ੍ਰਿਸ਼ਨ ਤੇ ਬੇਦੀ ਤੇ ਹੋਰ ਅਜਿਹੇ ਲੋਕਾਂ ਦਾ ਵਸੇਬਾ ਹੈ, ਜਿਹੜੇ ਤੁਸੀਂ ਸਾਰੇ ਮੇਰੇ ਹੰਝੂਆਂ ਨੂੰ ਵਗਣ ਲਈ ਆਪਣੀਆਂ ਅੱਖਾਂ ਦਿੰਦੇ ਹੋ, ਜੋ ਮਨ ਦੇ ਸੱਥਰ ਉੱਤੇ ਮੇਰੇ ਨਾਲ ਬੈਠ ਕੇ ਮੇਰੇ ਕਤਲ ਹੋਏ ਟੱਬਰ ਦੇ ਵੈਣ ਪਾਉਂਦੇ ਹੋ, ਜੋ ਮੇਰੇ ਟੱਬਰ ਦੇ ਕਾਤਲਾਂ ਨੂੰ ਮੈਥੋਂ ਵੱਧ ਨਫ਼ਰਤ ਕਰਦੇ ਹੋ, ਮੈਥੋਂ ਵੱਧ ਲਾਅਨਤਾਂ ਪਾਉਂਦੇ ਹੋ। ਉਹ ਸਭ, ਚਾਹੇ ਇਧਰ ਹੋਣ ਜਾਂ ਉਧਰ, ਚੜ੍ਹਦੇ ਪੰਜਾਬ ਵਾਲੇ ਕਹੇ ਜਾਣ ਜਾਂ ਲਹਿੰਦੇ ਪੰਜਾਬ ਵਾਲੇ, ਸਭ ਮੇਰੇ ਆਪਣੇ ਹਨ ਜੋ ਮੇਰੇ ਨਾਲ ਰਲ ਕੇ ਇਸ ਕਾਲ਼ੀ ਲਕੀਰ ਦਾ ਪਿੱਟ-ਸਿਆਪਾ ਕਰਦੇ ਹਨ! ਜਿੱਥੋਂ ਤੱਕ ਕਾਤਲਾਂ ਦਾ ਤਾਅਲੁੱਕ ਹੈ, ਉਹ ਬੇਦੋਸੇ ਮੁਸਲਮਾਨਾਂ ਨੂੰ ਮਾਰਨ-ਲੁੱਟਣ ਵਾਲੇ ਇਧਰਲੇ ਹੋਣ ਜਾਂ ਬੇਦੋਸੇ ਸਿੱਖਾਂ-ਹਿੰਦੂਆਂ ਨੂੰ ਮਾਰਨ-ਲੁੱਟਣ ਵਾਲੇ ਉਧਰਲੇ ਹੋਣ, ਉਹ ਸਭ ਮੇਰੇ ਅਸਲੀ ਮੁਜਰਿਮ ਹਨ। ਉਹ ਮੇਰੇ ਲਈ ਪੰਜਾਬੀ ਨਹੀਂ, ਪੰਜਾਬ ਦੇ ਨਾਂ ਉੱਤੇ ਕਲੰਕ ਹਨ। ਆਪਣੇ ਹੀ ਪੰਜਾਬੀਆਂ ਨੂੰ ਕਤਲ ਕਰਨ ਵਾਲੇ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਦੇ ਲੁਟੇਰੇ, ਆਪਣੇ ਗੁਆਂਢੀਆਂ ਦੀਆਂ ਜਾਇਦਾਦਾਂ ਦੇ ਡਾਕੂ! ਕਾਲ਼ੀ ਲਕੀਰ ਸਿਆਸਤਦਾਨਾਂ ਦੀ ਵਾਹੀ ਹੋਈ ਹੈ। ਅਸੀਂ ਤਾਂ ਅਦਬ ਤੇ ਕਲਚਰ ਦੇ ਲੋਕ ਹਾਂ। ਸਾਡੇ ਲਈ ਅਜਿਹੀਆਂ ਲਕੀਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਅਸੀਂ ਸਭ ਪੰਜਾਬੀ ਅਦੀਬ ਇਕੋ ਸਾਂਝੀ ਪੰਜਾਬੀਅਤ ਦੇ ਨੁਮਾਇੰਦੇ ਹਾਂ, ਰਖਵਾਲੇ ਹਾਂ, ਝੰਡਾਬਰਦਾਰ ਹਾਂ, ਸਾਡੇ ਲਈ ਕੇਹੀਆਂ ਲਕੀਰਾਂ!''
ਸਿੰਬਲੀ ਵਿਚ ਉਹਦਾ ਪਰਿਵਾਰ ਚੰਗਾ ਖਾਂਦਾ-ਪੀਂਦਾ, ਸਾਹਿਬ-ਏ-ਜਾਇਦਾਦ ਪਰਿਵਾਰ ਸੀ। ਤੀਹ ਘੁਮਾਂ ਭੋਇੰ ਸੀ। ਦਾਦਾ ਗ਼ੁਲਾਮ ਗੌਂਸ ਦੇ ਤਿੰਨ ਪੁੱਤਰ ਸਨ। ਅਫ਼ਜ਼ਲ ਤੌਸੀਫ਼ ਉਨ੍ਹਾਂ ਵਿਚੋਂ ਛੋਟੇ ਮਹਿੰਦੀ ਖਾਂ ਦੀ ਧੀ ਸੀ ਜੋ ਕੋਇਟੇ ਦਾ ਠਾਣੇਦਾਰ ਸੀ। ਕੁੜੀ ਜੰਮੀ ਨੂੰ 'ਵਿਹੜੇ ਪੱਥਰ ਡਿੱਗਿਆ' ਸਮਝਣ ਵਾਲੇ ਉਸ ਜ਼ਮਾਨੇ ਵਿਚ, ਉਹਦੇ ਦੱਸਣ ਅਨੁਸਾਰ, ਦਾਈ ਝੰਡੋ ਨੇ 18 ਮਈ 1936 ਨੂੰ ਉਹਦੀ ਪੈਦਾਇਸ਼ ਦਾ ਐਲਾਨ ''ਹਾਹ! ਹਾਇਆ ਨੀ! ਕੁੜੀ ਜੰਮ ਪਈ!'' ਆਖ ਕੇ ਕੀਤਾ ਸੀ। ਤਾਇਆਂ ਦੀਆਂ ਧੀਆਂ ਨਾਲ ਪਹਿਲਾਂ ਹੀ ਭਰੇ ਹੋਏ ਦਾਦਕੇ ਵਿਹੜੇ ਵਿਚ ਪਲੇਠੀ ਧੀ ਨੂੰ ਕੁੱਛੜ ਚੁੱਕ ਕੇ ਪੈਰ ਪਾਉਣਾ ਮਾਂ ਵਾਸਤੇ ਭੈੜਾ ਸ਼ਗਨ ਸੀ। ਪਰ ਇਸ ਸੋਗੀ ਮਾਹੌਲ ਵਿਚ ਇਕ ਜ਼ਨਾਨੀ ਬੜੀ ਖ਼ੁਸ਼ ਸੀ, ਇਕਲਾਪੇ ਦੀ ਮਾਰੀ ਹੋਈ ਇਕ ਬੇਔਲਾਦ ਵਿਧਵਾ ਮਾਮੀ! ਉਹਨੇ ਇਹਦੇ ਜੰਮਣ ਦਾ ਗੁੜ ਵੰਡਿਆ ਤੇ ਤਰਲਾ ਪਾ ਕੇ ਇਹਦੇ ਮਾਪਿਆਂ ਕੋਲੋਂ ਕੁੜੀ ਪਾਲਣ ਦਾ ਹੱਕ, ਜਿਸ ਨੂੰ ਅਫ਼ਜ਼ਲ 'ਪੋਤੜੇ ਧੋਣ ਦਾ ਹੱਕ' ਆਖਦੀ ਸੀ, ਮੰਗ ਲਿਆ। ਉਹ ਇਹਦੀ 'ਕਾਕੀ ਮਾਂ' ਬਣ ਗਈ। ਇਹ ਸੱਤਾਂ ਸਾਲਾਂ ਦੀ ਸੀ ਜਦੋਂ ਬਦਕਿਸਮਤੀ ਨੂੰ ਕਾਕੀ ਮਾਂ ਵੀ ਅੱਲ੍ਹਾ ਨੂੰ ਪਿਆਰੀ ਹੋ ਗਈ। ਹੁਣ ਇਹਨੂੰ ਲੈ ਕੇ ਜਾਣਾ ਦਾਦਕਿਆਂ ਦੀ ਮਜਬੂਰੀ ਬਣ ਗਈ।
ਕਟਾ-ਵੱਢੀ ਵੇਲੇ ਸਬੱਬੀਂ ਉਹ ਮਾਂ ਜ਼ੁਬੈਦਾ ਬੀਬੀ ਨਾਲ ਨਾਨਕੀਂ ਕੂਮ ਖ਼ੁਰਦ ਮਿਲਣ ਗਈ ਹੋਈ ਸੀ ਜਦੋਂ ਉਹਦੇ ਦਾਦਕੇ ਘਰ ਸਿੰਬਲੀ ਮੌਤ ਦਾ ਕਹਿਰ ਟੁੱਟਿਆ। ਉਹ ਦੋਵੇਂ ਮਾਂ-ਧੀ ਬਚ ਕੇ ਕਾਫ਼ਲੇ ਨਾਲ ਲਾਹੌਰ ਜਾ ਪਹੁੰਚੀਆਂ। ਪਿਤਾ ਵਾਂਗ ਛੋਟਾ ਤਾਇਆ ਫ਼ਜ਼ਲ ਮੁਹੰਮਦ ਵੀ ਸਿੰਬਲੀ ਤੋਂ ਬਾਹਰ ਹੋਣ ਕਰਕੇ ਬਚ ਰਿਹਾ। ਵੱਡੇ ਪਰਿਵਾਰ ਵਿਚੋਂ ਬੱਸ ਇਹ ਚਾਰ ਜੀਅ ਸਨ ਜੋ ਬਚ ਕੇ ਪਾਕਿਸਤਾਨ ਦੀ ਓਪਰੀ ਧਰਤੀ ਉੱਤੇ ਪਹੁੰਚ ਸਕੇ। ਉਹਦੇ ਪਰਿਵਾਰ ਦੇ ਬਾਕੀ ਬਾਰਾਂ ਜੀਅ ਵੱਢ ਦਿੱਤੇ ਗਏ। ਤਾਏ ਦੀਆਂ ਦੋ ਧੀਆਂ ਅਗਵਾ ਕਰ ਲਈਆਂ ਗਈਆਂ। ਆਂਢ-ਗੁਆਂਢ ਦੀਆਂ ਕਈ ਕੁੜੀਆਂ ਖੂਹ ਵਿਚ ਛਾਲਾਂ ਮਾਰ ਗਈਆਂ। ਪਿੰਡ ਵਾਲਿਆਂ ਅਨੁਸਾਰ ਉੱਥੋਂ ਦੇ ਢਾਈ ਸੌ ਦੇ ਕਰੀਬ ਮੁਸਲਮਾਨ ਮਾਰ ਦਿੱਤੇ ਗਏ ਸਨ।
ਤਾਲੀਮ ਦੇ ਕੁੜੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਦੇ ਉਸ ਜ਼ਮਾਨੇ ਵਿਚ ਉਹਦੇ ਪ੍ਰੋਫ਼ੈਸਰ ਬਣਨ ਬਾਰੇ ਹੈਰਾਨੀ ਦੇ ਜਵਾਬ ਵਿਚ ਉਹ ਹੱਸੀ, ''ਅਸੀਂ ਮਾਂ-ਧੀ ਦਾਦਕੀਂ ਪਹੁੰਚੀਆਂ ਤਾਂ ਦਾਦੇ ਦੀਆਂ ਹਦਾਇਤਾਂ ਵਿਚ ਇਹ ਤਾੜਨਾ ਵੀ ਸ਼ਾਮਲ ਸੀ, ਸੁਣ ਕੁੜੀਏ! ਤੂੰ ਸਾਡੀ ਕੁੜੀ ਨੂੰ ਕਿਤੇ ਪੜ੍ਹਨ ਵੱਲ ਨਾ ਪਾ ਦੇਈਂ! ਆਪਣੇ ਪੁੱਤਰ ਉੱਤੇ ਤਾਂ ਉਹਨੂੰ ਪੂਰਾ ਪੱਕ ਸੀ ਕਿ ਉਹ ਆਪਣੀ ਧੀ ਨੂੰ ਇਸ ਭੈੜੇ ਕੰਮ ਵਿਚ ਨਹੀਂ ਪਾਏਗਾ।'' ਤਾਂ ਵੀ ਕੁਝ ਚਿਰ ਮਗਰੋਂ ਟੱਬਰ ਨੂੰ ਨੌਕਰੀ ਵਾਲੀ ਥਾਂ ਲਿਜਾ ਰਹੇ ਪੁੱਤਰ ਨੂੰ ਉਹਨੇ ਇਹ ਹਦਾਇਤ ਕਰ ਹੀ ਦਿੱਤੀ, ''ਕਾਕਾ ਮਹਿੰਦੀ ਖਾਂ, ਵੇਖੀਂ ਸ਼ਹਿਰ ਜਾ ਕੇ ਸਾਡੀ ਕੁੜੀ ਨੂੰ ਕਿਤੇ ਸਕੂਲ-ਸਕਾਲ ਨਾ ਪਾ ਦੇਈਂ!'' ਪਰ ਛੁਪਾ ਕੇ ਰੱਖੇ 'ਸੈਫ਼ਲ ਮਲੂਕ' ਤੇ 'ਸੋਹਣੀ ਮਹੀਂਵਾਲ' ਜਿਹੇ ਚਿੱਠੇ ਚੋਰੀਉਂ ਪੜ੍ਹਨ ਦੀ ਸ਼ੌਕੀਨ ਮਾਂ ਉਹਨੂੰ ਲੁਕ-ਛਿਪ ਕੇ ਅੱਖਰਾਂ ਦੀ ਸਿਆਣੂ ਤੇ ਗਿਣਤੀ-ਪਹਾੜਿਆਂ ਦੀ ਜਾਣੂ ਬਣਨ ਦੇ ਰਾਹ ਤੋਰ ਵੀ ਚੁੱਕੀ ਸੀ। ਪਾਕਿਸਤਾਨ ਪਹੁੰਚ ਕੇ ਨਵੇਂ ਓਪਰੇ ਦੇਸ ਵਿਚ ਪੈਰ ਲਾਉਣ ਦੀ ਕੋਸ਼ਿਸ਼ ਕਰਦਿਆਂ ਤੇ ਬਦਲੇ ਹੋਏ ਹਾਲਾਤ ਵਿਚ ਕੁੜੀਆਂ ਵਾਸਤੇ ਤਾਲੀਮ ਦੀ ਲੋੜ ਨੂੰ ਪਛਾਣਦਿਆਂ ਅੱਬਾ ਨੇ ਉਹਨੂੰ ਸਕੂਲ ਭਰਤੀ ਕਰਵਾ ਦਿੱਤਾ। ਉਹਨੇ ਉਰਦੂ ਤੇ ਅੰਗਰੇਜ਼ੀ ਦੀਆਂ ਦੋ ਐੱਮ.ਏ. ਕੀਤੀਆਂ ਅਤੇ ਲੰਮਾ ਸਮਾਂ ਕਾਲਜ ਲੈਕਚਰਰ ਵਜੋਂ ਕੰਮ ਕੀਤਾ। ਉਹਨੇ ਹਜ਼ਾਰਾਂ ਕੁੜੀਆਂ ਨੂੰ ਪੁਸਤਕਾਂ ਦੇ ਪਾਠ ਤੋਂ ਇਲਾਵਾ ਲੋਕ-ਹਿਤ ਨੂੰ ਜੀਵਨ-ਜਾਚ ਬਣਾਉਣ ਦਾ ਪਾਠ ਵੀ ਦ੍ਰਿੜ੍ਹ ਕਰਵਾਇਆ।
ਅਫ਼ਜ਼ਲ ਤੌਸੀਫ਼ ਇਧਰ ਆਉਣ ਲੱਗੀ ਤਾਂ ਕੁਦਰਤੀ ਸੀ, ਉਹਦੇ ਮਨ ਵਿਚ ਆਉਂਦਾ ਕਿ ਆਪਣੀ ਜਨਮ-ਭੋਇੰ ਦੀ ਫੇਰੀ ਵੀ ਪਾਵੇ। ਪਰ ਹੌਸਲਾ ਨਹੀਂ ਸੀ ਪੈਂਦਾ। 1997 ਵਿਚ ਇਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾਕਟਰ ਸੋਚ ਨੇ ਉਹਦੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਤੇ ਸਾਥ ਲਈ ਉਨ੍ਹਾਂ ਦੀ ਪਤਨੀ ਵੀ ਜਾਣ ਲਈ ਤਿਆਰ ਹੋ ਗਈ। ਤੌਸੀਫ਼ ਸਾਰੀ ਰਾਤ ਪਾਸੇ ਪਰਤਦੀ ਰਹੀ। ਉੱਜੜੇ ਘਰ ਦੇ ਵਿਹੜੇ ਵਿਚ ਉਹਨੂੰ ਅਜੇ ਵੀ ਆਪਣਿਆਂ ਦੀਆਂ ਲਾਸ਼ਾਂ ਪਈਆਂ ਦਿੱਸਣੀਆਂ ਸਨ। ਕੀ ਕਰੇਗੀ ਅੱਧੀ ਸਦੀ ਤੋਂ ਉਹਦੀ ਕਲਪਨਾ ਵਿਚ ਪਈਆਂ ਉਨ੍ਹਾਂ ਲਾਸ਼ਾਂ ਨੂੰ ਦੇਖ ਕੇ! ਸਵੇਰੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ।
2000 ਵਿਚ ਉਹਨੇ ਸਵੈਜੀਵਨੀ 'ਮਨ ਦੀਆਂ ਬਸਤੀਆਂ' ਛਪਵਾਈ। ਆਪਣੇ ਦਿਲ ਦਾ ਸਾਰਾ ਦਰਦ ਉਹਨੇ ਉਹਦੇ ਸਫ਼ਿਆਂ ਉੱਤੇ ਡੋਲ੍ਹ ਦਿੱਤਾ। ਉਹਦੇ ਆਪਣੇ ਕਹਿਣ ਅਨੁਸਾਰ, ''ਮੇਰੀ ਆਟੋਬਾਇਉਗਰਾਫ਼ੀ 'ਮਨ ਦੀਆਂ ਬਸਤੀਆਂ', ਤਿੰਨ ਸੌ ਸਫ਼ੇ ਦੀ ਇਹ ਕਿਤਾਬ ਮੇਰੀ ਕਹਾਣੀ, ਮੇਰੇ ਜੀਵਨ-ਵੇਰਵੇ, ਮੇਰੀ ਜੀਵਨੀ, ਮੇਰੀ ਦੁਨੀਆ ਬਾਰੇ ਬੜਾ ਕੁਝ ਦਸਦੀ ਏ।'' ਇਹ ਕਿਤਾਬ ਲਿਖਣਾ ਉਹਦੇ ਲਈ ਅਣਆਈ ਮੌਤ ਮਾਰੇ ਗਏ ਆਪਣਿਆਂ ਦੀ ਅੰਤਿਮ ਰਸਮ ਸੀ ਜਿਸ ਪਿੱਛੋਂ ਤਰਵੰਜਾ ਸਾਲ ਤੋਂ ਉਹਦੇ ਮਨ ਵਿਚ ਵਿਛਿਆ ਹੋਇਆ ਸੱਥਰ ਲਪੇਟਿਆ ਗਿਆ।
ਇਸ ਦੌਰਾਨ ਉਹਦਾ ਸੰਪਰਕ ਨਵਾਂਸ਼ਹਿਰ ਰਹਿੰਦੇ ਕਹਾਣੀਕਾਰ ਅਜਮੇਰ ਸਿੱਧੂ ਨਾਲ ਹੋ ਗਿਆ। ਨਵਾਂਸ਼ਹਿਰ ਤੋਂ ਸਿੰਬਲੀ ਦਾ ਫ਼ਾਸਲਾ ਕੁੱਲ ਛੇ ਕਿਲੋਮੀਟਰ ਹੈ ਜਿਸ ਸਦਕਾ ਉਹਨੇ ਅਫ਼ਜ਼ਲ ਤੌਸੀਫ਼ ਨੂੰ ਭੂਆ ਬਣਾ ਲਿਆ। ਇਸ ਵਾਰ ਗੋਦ ਲੈ ਕੇ ਪੁੱਤਰ ਬਣਾਏ ਭਤੀਜੇ, 'ਦਿ ਪਾਕਿਸਤਾਨ ਟਾਈਮਜ਼' ਦੇ ਚੀਫ਼ ਨਿਊਜ਼ ਐਡੀਟਰ, ਰਾਣਾ ਨਵੀਦ ਇਕਬਾਲ ਨਾਲ ਆਈ ਤਾਂ ਮਨ ਪੁਰਾਣੇ ਪਿੰਡ ਜਾਣ ਜੋਗਾ ਤਕੜਾ ਕਰ ਕੇ ਆਈ। ਅਜਮੇਰ ਦੇ ਦੱਸੇ ਤੋਂ ਉਸ ਤੋਂ ਖੋਹੇ ਗਏ ਉਹਦੇ ਪਿੰਡ ਦੇ ਲੋਕ ਉਹਨੂੰ ਬਾਂਹਾਂ ਖੋਲ੍ਹ ਕੇ ਉਡੀਕ ਰਹੇ ਸਨ। ਅਜਮੇਰ ਲਿਖਦਾ ਹੈ, ''ਇਨ੍ਹਾਂ ਸਤਰਾਂ ਦਾ ਲੇਖਕ ਬੀਬੀ ਅਫ਼ਜ਼ਲ ਤੌਸੀਫ਼ ਤੇ ਰਾਣਾ ਨਵੀਦ ਇਕਬਾਲ ਨੂੰ ਲੈ ਕੇ ਕਤਲਾਮ ਵਾਲੀ ਜਗਾਹ 'ਤੇ ਪੁੱਜਿਆ ਤਾਂ ਖੰਡਰ ਬਣੀਆਂ ਇਮਾਰਤਾਂ ਦੇਖ ਕੇ ਉਸ ਨੇ ਹਉਕਾ ਲਿਆ। ਅੱਗੇ ਉਹ ਖੂਹ ਸੀ ਜਿਸ ਵਿਚ ਕੁੜੀਆਂ ਨੇ ਆਪਣੀ ਆਬਰੂ ਬਚਾਉਣ ਲਈ ਛਾਲਾਂ ਮਾਰੀਆਂ ਸਨ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਹਨੂੰ ਆਪਣਾ ਵਿਹੜਾ ਲਾਸ਼ਾਂ ਨਾਲ ਭਰਿਆ ਦਿੱਸਿਆ। ਅਗਵਾ ਹੋਈਆਂ ਭੈਣਾਂ ਦਿੱਸੀਆਂ। ਲਹੂ ਦੇ ਛੱਪੜ ਵਿਚ ਤੈਰਦੀਆਂ ਬੱਤਖ਼ਾਂ ਦਿੱਸੀਆਂ। ਉਹ ਆਪਣੇ ਘਰ ਸੁੰਨ ਹੋਈ ਖੜ੍ਹੀ ਸੀ। ਉਹਦੇ ਵਡੇਰਿਆਂ ਦੇ ਜਾਣਕਾਰ ਮਰਦ-ਔਰਤਾਂ ਉਹਦੇ ਨਾਲ ਯਾਦਾਂ ਸਾਂਝੀਆਂ ਕਰਦੇ ਰਹੇ।''
ਸੋਚ ਦੇ ਪੱਖੋਂ ਉਹ ਪੱਕੀ ਮਾਰਕਸਵਾਦੀ ਸੀ ਤੇ ਦਲਦਲੀ ਜੀਵਨ ਜਿਉਂਦੇ ਲੋਕਾਂ ਨੂੰ ਦੇਖ ਕੇ ਇਹ ਸੋਚ ਉਹਨੂੰ ਚੈਨ ਨਹੀਂ ਸੀ ਲੈਣ ਦਿੰਦੀ। ਉਹ ਜੂਝਦੇ ਲੋਕਾਂ ਦੇ ਨਾਲ ਹੀ ਨਹੀਂ ਸੀ ਖਲੋਂਦੀ, ਉਨ੍ਹਾਂ ਦੇ ਝੰਡਾਬਰਦਾਰਾਂ ਵਿਚ ਸ਼ਾਮਲ ਹੁੰਦੀ ਸੀ। ਉਸ ਨੂੰ ਦੇਸ-ਵਿਰੋਧੀ ਆਖ ਕੇ ਮੁਕੱਦਮਿਆਂ ਵਿਚ ਫਸਾਇਆ ਤੇ ਇੰਟੈਰੋਗੇਸ਼ਨ ਸੈਂਟਰਾਂ ਦੇ ਤਸੀਹਿਆਂ ਵਿਚੋਂ ਲੰਘਾਇਆ ਜਾਂਦਾ ਰਿਹਾ। ਯਾਹੀਆ ਖਾਂ ਦੇ ਮਾਰਸ਼ਲ ਲਾਅ ਦਾ ਵਿਰੋਧ ਕਰਨ ਕਰਕੇ ਉਹਨੂੰ ਕੈਦ ਤਾਂ ਹੋਈ ਹੀ, ਕੋੜਿਆਂ ਦੀ ਸਜ਼ਾ ਵੀ ਮਿਲੀ। ਪਰ ਇਹ ਸਭ ਉਹਦੇ ਵਿਸ਼ਵਾਸ ਤੇ ਸਿਦਕ-ਸਿਰੜ ਦੀ ਕੋਈ ਚਿੱਪਰ ਲਾਹੁਣ ਵਿਚ ਵੀ ਕਾਮਯਾਬ ਨਾ ਹੋ ਸਕਿਆ। ਉਹ 30 ਦਸੰਬਰ 2014 ਨੂੰ ਲਏ ਆਖ਼ਰੀ ਸਾਹ ਤੱਕ ਆਪਣੇ ਲੋਕ-ਹਿਤੈਸ਼ੀ ਨਜ਼ਰੀਏ ਉੱਤੇ ਅਡੋਲ ਰਹੀ।
ਉਹ ਕਲਮ ਦੀ ਹਥਿਆਰੀ ਸਮਰੱਥਾ ਨੂੰ ਅਤੇ ਲਫ਼ਜ਼ ਦੀ ਅਸਰਦਾਰ ਤਾਕਤ ਨੂੰ ਭਲੀਭਾਂਤ ਸਮਝਦੀ ਸੀ। ਉਹ ਕਲਮ ਨੂੰ ਵੀ ਆਪਣੇ ਵਾਂਗ ਚੈਨ ਨਹੀਂ ਸੀ ਲੈਣ ਦਿੰਦੀ। ਉਹਨੇ ਉਰਦੂ ਤੇ ਸ਼ਾਹਮੁਖੀ ਪੰਜਾਬੀ ਵਿਚ ਉੱਚ-ਮਿਆਰੀ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀ। ਉਹ ਪੰਜਾਬੀ ਦੀ ਬੜੀ ਸ਼ਕਤੀਸ਼ਾਲੀ ਗਲਪਕਾਰ ਸੀ। 'ਮਾਈ ਅਨਾਰਾਂ ਵਾਲ਼ੀ' ਉਹਦੀ ਪਹਿਲੀ ਕਹਾਣੀ ਸੀ ਜੋ ਮੈਨੂੰ ਪੜ੍ਹਨ ਨੂੰ ਮਿਲੀ। ਉਹਦੀ ਅਹਿਸਾਸ ਦੀ ਗਹਿਰਾਈ ਤੇ ਉਸ ਅਹਿਸਾਸ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦੀ ਕਲਾ ਨੇ ਮੈਨੂੰ ਧੁਰ ਅੰਦਰ ਤੱਕ ਕੀਲ ਲਿਆ। ਸਾਹਿਤ ਜਿੰਨਾ ਹੀ ਅਹਿਮ ਉਹਦਾ ਪੱਤਰਕਾਰਾਨਾ ਕੰਮ ਸੀ। ਪਾਕਿਸਤਾਨ ਦੇ ਮੋਹਰੀ ਅਖ਼ਬਾਰਾਂ ਵਿਚ ਸਮਾਜਿਕ ਤੇ ਸਿਆਸੀ ਮਸਲਿਆਂ ਨੂੰ ਲੈ ਕੇ ਲਿਖੇ ਹੋਏ ਉਹਦੇ ਕਾਲਮ ਲਗਾਤਾਰ ਛਪਦੇ ਰਹੇ। ਉਨ੍ਹਾਂ ਦੀ ਚਾਰ ਹਜ਼ਾਰ ਤੋਂ ਵੱਧ ਦੀ ਗਿਣਤੀ ਬੇਆਸਰੇ ਤੇ ਬੇਓਟੇ ਲੋਕਾਂ ਵਾਸਤੇ ਆਪਣੀ ਕਲਮੀ ਜ਼ਿੰਮੇਵਾਰੀ ਦੇ ਉਹਦੇ ਅਹਿਸਾਸ ਦਾ ਸਬੂਤ ਹੈ ਜਿਨ੍ਹਾਂ ਵਿਚੋਂ ਬਹੁਤ ਸਾਰੇ ਕਿਤਾਬਾਂ ਵਿਚ ਵੀ ਸੰਗ੍ਰਹਿਤ ਹੋਏ।
ਉਹਦੇ ਸ਼ਾਹਮੁਖੀ ਲਿਪੀ ਵਿਚ ਛਪੇ ਹੋਏ ਪੰਜਾਬੀ ਕਹਾਣੀ-ਸੰਗ੍ਰਹਿ 'ਟਾਹਲੀ ਮੇਰੇ ਬੱਚੜੇ', 'ਮਾਈ ਅਨਾਰਾਂ ਵਾਲ਼ੀ', 'ਪੰਝੀਵਾਂ ਘੰਟਾ', 'ਅਮਨ ਵੇਲ਼ੇ ਮਿਲਾਂਗੇ' ਤੇ 'ਦਰਦਮੰਦਾਂ ਦੀਆਂ ਆਹੀਂ' ਇਧਰ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਏ। 'ਕੀਹਦਾ ਨਾਂ ਪੰਜਾਬ' ਤੇ 'ਹੱਥ ਨਾ ਲਾ ਕਸੁੰਭੜੇ' ਨਾਂ ਦੇ ਦੋ ਲੇਖ-ਸੰਗ੍ਰਹਿ ਵੀ ਗੁਰਮੁਖੀ ਵਿਚ ਛਪੇ। ਸਵੈਜੀਵਨੀ 'ਮਨ ਦੀਆਂ ਬਸਤੀਆਂ' ਤਾਂ ਇਧਰ ਛਪ ਕੇ ਬਹੁਤ ਪਾਠਕ-ਪਿਆਰੀ ਹੋਈ। ਸ਼ਾਹਮੁਖੀ ਤੇ ਗੁਰਮੁਖੀ ਵਿਚ ਛਪੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਉਹਨੇ ਉਰਦੂ ਵਿਚ ਵੀ ਲਗਾਤਾਰ ਲਿਖਿਆ। ਉਹਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨਿਆ ਗਿਆ ਤੇ ਉਹਨੂੰ ਸਮੁੱਚੀ ਰਚਨਾ ਲਈ ਵੀ ਕਈ ਸਨਮਾਨ ਮਿਲੇ। ਪਰ ਉਹਦਾ ਸਭ ਤੋਂ ਵੱਡਾ ਸਨਮਾਨ ਹੁਣ ਦੋ ਟੋਟਿਆਂ ਵਿਚ ਵੰਡੇ ਹੋਏ ਸਾਲਮ ਪੰਜਾਬ ਦੇ ਪਾਠਕਾਂ ਦਾ ਉਹਨੂੰ ਮਿਲਿਆ ਤੇ ਮਿਲ ਰਿਹਾ ਪਿਆਰ-ਸਤਿਕਾਰ ਹੈ!
ਸੰਪਰਕ : 011-42502364
ਸਾਹਿਤ ਅਕਾਦਮੀ ਇਨਾਮ : ਕਿਤ ਕਿਤ ਵਰ੍ਹਿਆ ਮੇਘਲਾ, ਕਿਤ ਕਿਤ ਲੱਗੀ ਔੜ ! - ਗੁਰਬਚਨ ਸਿੰਘ ਭੁੱਲਰ
ਲੋਕ-ਵੇਦ ਵਿਚ ਇਹ ਕਥਨ ਸ਼ਾਇਦ ਸਾਹਿਤ ਅਕਾਦਮੀ ਦੇ ਇਨਾਮਾਂ ਬਾਰੇ ਹੀ ਉਚਾਰਿਆ-ਚਿਤਾਰਿਆ ਗਿਆ ਸੀ : ਦੇ ਦੀਆ ਤੋ ਦੂਧ ਬਰਾਬਰ, ਮਾਂਗ ਲੀਆ ਤੋ ਪਾਨੀ! ਭਾਵ, ਜੇ ਇਨਾਮ ਲੇਖਕ ਦੀ ਕਲਮ ਦੀ ਕਮਾਈ ਦੀ ਕਦਰ ਕਰਦਿਆਂ ਅਕਾਦਮੀ ਨੇ ਆਪੇ ਦੇ ਦਿੱਤਾ, ਉਹ ਦੁੱਧ ਦੇ ਬਰਾਬਰ ਹੈ, ਪਰ ਜੇ ਉਹੋ ਇਨਾਮ ਜੁਗਾੜ ਕਰ ਕੇ, ਜਤਨ ਕਰ ਕੇ, ਮੰਗ ਕੇ ਲਿਆ, ਉਹ ਪਾਣੀ ਬਰਾਬਰ ਹੈ! ਲੇਖਕਾਂ ਵਾਸਤੇ ਸਾਹਿਤ ਅਕਾਦਮੀ ਇਨਾਮ ਦੀ ਕਦਰ-ਕੀਮਤ ਮੇਘਲੇ ਵਾਲੀ ਹੈ। ਜਿੱਥੇ ਵਰ੍ਹ ਜਾਂਦਾ ਹੈ, ਲਹਿਰ-ਬਹਿਰ ਹੋ ਜਾਂਦੀ ਹੈ ਤੇ ਜਿੱਥੇ ਔੜ ਰਹਿ ਜਾਂਦੀ ਹੈ, ਦਿਲ ਦਾ ਕੰਵਲ ਮੁਰਝਾ ਜਾਂਦਾ ਹੈ।
1955 ਤੋਂ ਸੁਰੂ ਹੋਏ ਸਾਹਿਤ ਅਕਾਦਮੀ ਇਨਾਮਾਂ ਨੇ 2017 ਤੱਕ ਪਹੁੰਚਦਿਆਂ ਬੜਾ ਕੁਝ ਦੇਖਿਆ ਵੀ ਹੈ ਤੇ ਦਿਖਾਇਆ ਵੀ ਹੈ। ਇਨ੍ਹਾਂ 61 ਸਾਲਾਂ ਵਿਚ 55 ਇਨਾਮ ਪੰਜਾਬੀ ਦੀ ਝੋਲ਼ੀ ਪਏ ਹਨ। 1957, 1958, 1960, 1963, 1966 ਤੇ 1970 ਵਿਚ ਪੰਜਾਬੀ ਦਾ ਇਨਾਮ ਖੁੰਝਦਾ ਰਿਹਾ ਸੀ। ਅਜਿਹਾ ਇਨਾਮ ਦੀ ਚੋਣ ਕਰਨ ਵਾਲਿਆਂ ਦੀ ਆਪਸੀ ਅਸਹਿਮਤੀ ਕਾਰਨ ਜਾਂ ਉਨ੍ਹਾਂ ਨੂੰ ਕੋਈ ਪੁਸਤਕ ਇਨਾਮ ਦੇ ਯੋਗ ਨਾ ਲੱਗੀ ਹੋਣ ਕਾਰਨ ਹੋ ਜਾਂਦਾ ਸੀ।
ਕੋਈ ਇਨਾਮ ਕਿੰਨੀ ਵੀ ਨਿਰਪੱਖਤਾ ਨਾਲ ਦਿੱਤਾ ਜਾਵੇ ਤੇ ਉਹਦਾ ਪ੍ਰਾਪਤ-ਕਰਤਾ ਕਿੰਨਾ ਵੀ ਹੱਕਦਾਰ ਹੋਵੇ, ਸਰਬ-ਪਰਵਾਨਗੀ ਮੁਸ਼ਕਿਲ, ਸਗੋਂ ਅਸੰਭਵ ਹੁੰਦੀ ਹੈ। ਪਿਉ-ਦਾਦਿਆਂ ਦੇ ਨਾਂ ਨਾਲ ਕਾਇਮ ਕੀਤੇ ਗਏ ਛੋਟੇ-ਮੋਟੇ ਘਰੇਲੂ ਇਨਾਮਾਂ ਤੋਂ ਲੈ ਕੇ ਨੋਬੇਲ ਇਨਾਮ ਤੱਕ ਵਿਵਾਦ ਅਕਸਰ ਭਖੇ ਰਹਿੰਦੇ ਹਨ। ਸਾਹਿਤ ਅਕਾਦਮੀ ਤਾਂ ਆਪਣੇ ਹਿੱਸੇ ਨਾਲੋਂ ਬਹੁਤ ਵੱਧ ਵਿਵਾਦਾਂ ਦਾ ਪਿੜ ਬਣੀ ਰਹੀ ਹੈ ਤੇ ਨੁਕਤਾਚੀਨੀ ਦਾ ਨਿਸ਼ਾਨਾ ਬਣਨ ਲਈ ਇਹ ਵਾਰ ਵਾਰ ਆਪ ਹੀ ਕਾਰਨ ਦਿੰਦੀ ਰਹੀ ਹੈ। ਅਕਾਦਮੀ ਨੇ ਨੈੱਟ ਉੱਤੇ ਚਾੜ੍ਹੇ ਹੋਏ ਆਪਣੇ ਵੇਰਵੇ ਵਿਚ ਆਪ ਲਿਖਿਆ ਹੋਇਆ ਹੈ, ''ਖ਼ੁਸ਼ਵੰਤ ਸਿੰਘ ਵਰਗੇ ਲੇਖਕਾਂ ਨੇ ਇਸ ਆਧਾਰ ਉੱਤੇ ਸਾਹਿਤ ਅਕਾਦਮੀ ਦੀ ਬਹੁਤ ਸਖ਼ਤ ਆਲੋਚਨਾ ਵੀ ਕੀਤੀ ਹੈ ਕਿ ਇਨਾਮ ਦੇਣ ਦੇ ਸੰਬੰਧ ਵਿਚ ਇਹਨੇ ਮਾਣਯੋਗ ਲੇਖਕਾਂ ਨੂੰ ਅੱਖੋਂ ਓਹਲੇ ਕੀਤਾ ਹੈ ਅਤੇ ਗ਼ੈਰ-ਮਿਆਰੀ ਲੇਖਕਾਂ ਤੇ ਘਟੀਆ ਮਿਆਰ ਦੀਆਂ ਸਾਹਿਤਕ ਰਚਨਾਵਾਂ ਨੂੰ ਸਨਮਾਨਿਆ ਹੈ।''
ਗੱਲ ਇੱਥੇ ਪਹੁੰਚਦੀ ਹੈ ਤਾਂ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਕਿ ਕਿਸੇ ਲੇਖਕ ਦੇ ਮਿਆਰੀ ਜਾਂ ਗ਼ੈਰ-ਮਿਆਰੀ ਹੋਣ ਦਾ ਨਿਤਾਰਾ ਕੌਣ ਕਰੇ! ਲੇਖਕ ਤਾਂ ਹਰ ਕੋਈ ਨੌਂ-ਗ਼ਜ਼ੀਆ ਹੈ। ਅਜਿਹੇ ਬੇ-ਸਿੱਟਾ ਮੁੱਦੇ ਲਾਂਭੇ ਛੱਡ ਕੇ ਅਕਾਦਮੀ ਦੇ ਕੁਝ ਅਜਿਹੇ ਮਿਲੇ ਤੇ ਅਣਮਿਲੇ ਇਨਾਮਾਂ ਨੂੰ ਚੇਤੇ ਕਰਨਾ ਦਿਲਚਸਪ ਰਹੇਗਾ ਜੋ ਚਰਚਾ ਦਾ ਵਿਸ਼ਾ ਬਣੇ।
1955-2017 ਦੇ ਇਨਾਮਾਂ ਦੀ ਸੂਚੀ ਉੱਤੇ ਨਜ਼ਰ ਮਾਰਿਆਂ ਮਨ ਵਿਚ ਦੋ ਨਾਂ ਅਜਿਹੇ ਉੱਭਰਦੇ ਹਨ ਜਿਨ੍ਹਾਂ ਦਾ ਉਸ ਵਿਚ ਸ਼ਾਮਲ ਨਾ ਹੋਣਾ ਕਿਸੇ ਤਰ੍ਹਾਂ ਵੀ ਕੋਈ ਸਾਧਾਰਨ ਗੱਲ ਨਹੀਂ। ਇਕ ਗੁਰਬਖ਼ਸ਼ ਸਿੰਘ ਤੇ ਦੂਜਾ ਦੇਵਿੰਦਰ ਸਤਿਆਰਥੀ। ਲੱਗਦਾ ਹੈ ਕਿ ਸਾਹਿਤ ਅਕਾਦਮੀ ਦੇ ਉਨ੍ਹਾਂ ਮੁਕਾਬਲਤਨ ਭਲੇ ਵੇਲ਼ਿਆਂ ਵਿਚ ਵੀ ਇਨਾਮ ਦੀ ਖਿੱਚ ਏਨੀ ਕੁ ਮਿਕਨਾਤੀਸੀ ਹੈ ਸੀ ਕਿ ਇਨ੍ਹਾਂ ਦੋ ਨਾਂਵਾਂ ਦਾ ਸੂਚੀ ਵਿਚ ਨਾ ਹੋਣਾ ਇਸ ਖਿੱਚ ਦਾ ਤੇ ਇਸ ਦੇ ਨਤੀਜੇ ਵਜੋਂ ਹੋਈ ਗੁੱਝੀ ਖਿੱਚ-ਧੂਹ ਦਾ ਹੀ ਨਤੀਜਾ ਸੀ। ਇਨ੍ਹਾਂ ਦੋਵਾਂ ਵਿਚੋਂ ਸਤਿਆਰਥੀ ਨੂੰ ਇਨਾਮ ਤੋਂ ਵਿਰਵਾ ਰੱਖੇ ਜਾਣਾ ਬਹੁਤਾ ਦੁਖਦਾਈ ਹੈ ਕਿਉਂਕਿ ਗੁਰਬਖ਼ਸ਼ ਸਿੰਘ ਨੂੰ ਇਨਾਮ ਦੇਣ ਦਾ ਫ਼ੈਸਲਾ ਇਕ ਵਾਰ ਘੱਟੋ-ਘੱਟ ਹੋ ਤਾਂ ਗਿਆ ਸੀ ਜੋ ਐਨ ਅੰਤਲੇ ਪਲ ਖੁੰਝ ਗਿਆ। ਤੇ ਫੇਰ ਸਾਹਿਤ ਅਕਾਦਮੀ ਨੇ 1977 ਵਿਚ ਹੋਏ ਉਨ੍ਹਾਂ ਦੇ ਦੇਹਾਂਤ ਤੋਂ ਬਹੁਤ ਪਹਿਲਾਂ, 1971 ਵਿਚ ਉਨ੍ਹਾਂ ਨੂੰ ਫੈਲੋਸ਼ਿਪ ਦੇ ਕੇ, ਜਿਸ ਦਾ ਦਰਜਾ ਇਨਾਮ ਤੋਂ ਉੱਚਾ ਮੰਨਿਆ ਜਾਂਦਾ ਹੈ, ਇਹ ਕਸਰ ਪੂਰੀ ਕਰ ਦਿੱਤੀ ਸੀ। ਇਹਦੇ ਉਲਟ ਸਤਿਆਰਥੀ ਬਿਲਕੁਲ ਸੁੱਕੇ ਰਹਿ ਗਏ। ਉਨ੍ਹਾਂ ਦਾ ਦੇਹਾਂਤ 2003 ਵਿਚ ਹੋਇਆ ਤੇ ਮੈਂ ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਨੂੰ ਦੱਸੇ ਬਿਨਾਂ ਉਨ੍ਹਾਂ ਦੇ ਇਨਾਮ ਲਈ ਕੀਤੇ ਜਾਂਦੇ ਰਹੇ ਯਤਨਾਂ ਦਾ ਚਸ਼ਮਦੀਦ ਗਵਾਹ ਹਾਂ। ਭਾਪਾ ਪ੍ਰੀਤਮ ਸਿੰਘ ਨੇ ਤਾਂ ਕਈ ਵਾਰ ਉਨ੍ਹਾਂ ਦੀਆਂ ਨਵੀਆਂ ਪੁਸਤਕਾਂ ਉਚੇਚੀਆਂ ਇਸ ਮੰਤਵ ਲਈ ਢੁੱਕਵੇਂ ਸਮੇਂ ਛਾਪੀਆਂ।
ਸਤਿਆਰਥੀ ਫ਼ੱਕਰ-ਫ਼ਕੀਰ ਬੰਦੇ ਸਨ। ਕਦੇ ਜੇ ਇਹ ਗੱਲ ਚੱਲ ਪੈਂਦੀ ਤਾਂ ਆਖਦੇ, ''ਜਦੋਂ ਇਹ ਇਨਾਮ ਕਿਸੇ ਵੀ ਹੋਰ ਲੇਖਕ ਨੂੰ ਮਿਲਦਾ ਹੈ, ਉਹ ਵੀ ਮੈਨੂੰ ਹੀ ਮਿਲਦਾ ਹੈ। ਦੇਖੋ ਨਾ ਭੁੱਲਰ ਜੀ, ਆਖ਼ਰ ਇਨਾਮ ਮਿਲਿਆ ਤਾਂ ਸਾਹਿਤ ਨੂੰ ਹੀ ਹੈ ਨਾ ਤੇ ਸਾਹਿਤ ਵਿਚ ਮੇਰਾ ਵੀ ਤਾਂ ਸੀਰ ਹੈ! ਸਗੋਂ ਸਾਹਿਤ ਅਕਾਦਮੀ ਦਾ ਇਨਾਮ ਕੀ, ਜਦੋਂ ਕਿਸੇ ਲੇਖਕ ਨੂੰ ਨੋਬੇਲ ਇਨਾਮ ਮਿਲਦਾ ਹੈ, ਉਹ ਵੀ ਨਾਲ ਹੀ ਮੈਨੂੰ ਵੀ ਮਿਲਦਾ ਹੈ।''
ਗੁਰਬਖ਼ਸ਼ ਸਿੰਘ ਦਾ ਇਨਾਮ ਆਖ਼ਰੀ ਪਲ ਖੁੰਝ ਜਾਣ ਦੇ ਅਸਲ ਕਿੱਸੇ ਦਾ ਤਾਂ ਹੁਣ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਉਨ੍ਹਾਂ ਦੇ ਪੱਕੇ ਹੋ ਚੁੱਕੇ ਇਨਾਮ ਨਾਲ ਤਾਂ ਇਸ ਕਥਨ ਵਾਲੀ ਹੋਈ : ਪੱਕੀ ਖੇਤੀ ਦੇਖ ਕੇ ਗਰਵ ਕਰੇ ਕਿਰਸਾਨ, ਝੱਖੜ-ਝਾਂਜਾ ਸਿਰ ਖੜ੍ਹਾ, ਘਰ ਆਵੇ ਤਾਂ ਜਾਣ! ਇਹ ਵੀ ਕੁਦਰਤ ਦਾ ਵਿਅੰਗ ਹੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਇਹ ਇਨਾਮ ਉਨ੍ਹਾਂ ਦੇ ਪ੍ਰਸੰਸਕ ਤੇ ਸ਼ੁਭ-ਚਿੰਤਕ ਜਵਾਹਰਲਾਲ ਨਹਿਰੂ ਸਦਕਾ ਖੁੰਝਿਆ ਜੋ ਇਕ ਵਾਰ ਗੁਰਬਖ਼ਸ਼ ਸਿੰਘ ਦੇ ਆਦਰਸ਼ਕ ਨਗਰ ਦੇ ਸੁਫ਼ਨੇ ਦੀ ਸਾਕਾਰਤਾ ਨੂੰ ਦੇਖਣ ਪ੍ਰੀਤਨਗਰ ਜਾ ਪਹੁੰਚੇ ਸਨ।
ਪ੍ਰਧਾਨ ਵਜੋਂ ਜਵਾਹਰਲਾਲ ਨਹਿਰੂ ਸਾਹਿਤ ਅਕਾਦਮੀ ਦੇ ਸਭ ਕੰਮਾਂ ਨਾਲ ਜੁੜੇ ਰਹਿੰਦੇ ਸਨ ਜਿਨ੍ਹਾਂ ਵਿਚ ਇਨਾਮਾਂ ਦਾ ਨਿਰਣਾ ਵੀ ਸ਼ਾਮਲ ਸੀ। ਕੁਦਰਤੀ ਸੀ ਕਿ ਉਨ੍ਹਾਂ ਵਾਸਤੇ ਘੰਟਿਆਂ-ਬੱਧੀ ਸਮਾਂ ਦੇਣਾ ਸੰਭਵ ਨਹੀਂ ਸੀ। ਫਿਰ ਵੀ ਇਨਾਮਾਂ ਦੇ ਐਲਾਨ ਤੋਂ ਪਹਿਲਾਂ ਉਹ ਇਕੱਲੇ ਇਕੱਲੇ ਨਾਂ ਬਾਰੇ ਜਾਣਕਾਰੀ ਜ਼ਰੂਰ ਲੈਂਦੇ ਸਨ। ਇਕ ਵਾਰ ਪੰਜਾਬੀ ਦੇ ਨਿਰਣੇਕਾਰਾਂ ਨੇ ਇਨਾਮ ਲਈ ਗੁਰਬਖ਼ਸ਼ ਸਿੰਘ ਦੀ ਪੁਸਤਕ 'ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ' ਦੀ ਚੋਣ ਕਰ ਲਈ ਸੀ। ਨਹਿਰੂ ਆਏ ਤੇ ਮੇਜ਼ ਉੱਤੇ ਸਜਾਈਆਂ ਹੋਈਆਂ ਇਨਾਮੀ ਪੁਸਤਕਾਂ ਦੇ ਲੇਖਕਾਂ ਤੇ ਵਿਸ਼ਿਆਂ ਬਾਰੇ ਇਕ ਇਕ ਕਰ ਕੇ ਪੁੱਛਣ ਲੱਗੇ। ਜਦੋਂ ਨਹਿਰੂ ਨੇ ਪੰਜਾਬੀ ਪੁਸਤਕ ਚੁੱਕੀ, ਪੰਜਾਬੀ ਦੇ ਕਨਵੀਨਰ ਮੋਹਨ ਸਿੰਘ ਨੇ ਦੱਸਿਆ, ''ਇਹ ਗੁਰਬਖ਼ਸ਼ ਸਿੰਘ ਦੀ ਪੁਸਤਕ ਹੈ, ਪੁਨਰ-ਕਥੀਆਂ ਪੰਜਾਬੀ ਪ੍ਰੇਮ-ਕਥਾਵਾਂ (ਪੰਜਾਬੀ ਲਵ-ਟੇਲਜ਼ ਰੀਟੋਲਡ)।'' ਮੋਹਨ ਸਿੰਘ ਨੂੰ ਆਸ ਸੀ ਕਿ ਗੁਰਬਖ਼ਸ਼ ਸਿੰਘ ਦਾ ਨਾਂ ਸੁਣਦਿਆਂ ਹੀ ਨਹਿਰੂ ਕੋਈ ਪ੍ਰਸੰਸਾ-ਭਰੀ ਟਿੱਪਣੀ ਕਰਦਿਆਂ ਸਹਿਮਤ ਹੋ ਜਾਣਗੇ। ਪਰ ਉਨ੍ਹਾਂ ਨੇ ਪੁਸਤਕ ਰੱਖਦਿਆਂ ਕਿਹਾ, ''ਪੁਨਰ-ਕਥੀਆਂ ਵਿਚ ਮੌਲਿਕ ਕੀ ਹੈ (ਵ੍ਹਟ ਇਜ਼ ਉਰਿਜਿਨਲ ਇਨ ਰੀਟੋਲਡ)!'' ਤੇ ਬੱਸ ਇਸ ਟਿੱਪਣੀ ਕਾਰਨ ਗੁਰਬਖ਼ਸ਼ ਸਿੰਘ ਦਾ ਇਨਾਮ ਖੁੰਝ ਗਿਆ।
ਪੂਰੀ ਸੂਚੀ ਵਿਚ ਅੱਧੀ ਕੁ ਦਰਜਨ ਨਾਂ ਅਜਿਹੇ ਹਨ ਜਿਨ੍ਹਾਂ ਦੇ ਐਲਾਨੇ ਜਾਣ ਨਾਲ ਸਾਹਿਤਕ ਹਲਕਿਆਂ ਵਿਚ ਹੈਰਾਨੀ ਵੀ ਹੋਈ ਤੇ ਨੁਕਤਾਚੀਨੀ ਵੀ ਕੀਤੀ ਗਈ। ਕਦੇ ਕਦੇ ਸਰਕਾਰੀ ਪ੍ਰਭਾਵ ਦੀਆਂ ਸੋਆਂ ਵੀ ਆਈਆਂ। ਸੁਣਿਆ ਹੈ, ਓਦੋਂ ਸਭਿਆਚਾਰਕ ਵਿਭਾਗ ਦੇ ਅਧਿਕਾਰੀਆਂ ਦੇ ਸੁਨੇਹੇ ਦਾ ਵੀ ਕੁਝ ਅਸਰ ਹੋ ਜਾਂਦਾ ਸੀ। ਇਸੇ ਕਰਕੇ ਇਨ੍ਹਾਂ ਇਨਾਮਾਂ ਵੇਲ਼ੇ ਇਕ-ਅੱਧ ਵਾਰ ਅਜਿਹੀਆਂ ਅਫ਼ਵਾਹਾਂ ਵੀ ਸੁਣਨ ਵਿਚ ਆਈਆਂ ਕਿ ਕਿਸ ਇਨਾਮ-ਅਭਿਲਾਸ਼ੀ ਲੇਖਕ ਨੇ ਇਨਾਮਾਂ ਦਾ ਫ਼ੈਸਲਾ ਕਰਨ ਵਾਲੀ ਮੀਟਿੰਗ ਤੋਂ ਪਹਿਲਾਂ ਦਿੱਲੀ ਵਿਚ ਕੀਹਦੇ ਕੋਲ ਨਿਵਾਸ ਕੀਤਾ ਸੀ। ਦੋ-ਚਾਰ ਵਾਰ ਇਹ ਵੀ ਸੁਣਨ ਨੂੰ ਮਿਲਿਆ ਕਿ ਕਿਸ ਨੇ ਕਿਸ ਤੋਂ ਕਿਸ ਨੂੰ ਆਪਣੇ ਪੱਖ ਵਿਚ ਅਖਵਾਇਆ ਸੀ। ਕੁਝ ਪੁਰਸਕਾਰ ਅਜਿਹੇ ਵੀ ਦਿੱਤੇ ਗਏ ਜਿਨ੍ਹਾਂ ਨੇ ਲੇਖਕ ਦਾ ਫ਼ੈਸਲਾ ਕੀਤੇ ਜਾਣ ਦੇ ਸਮੁੱਚੇ ਢੰਗ-ਤਰੀਕੇ ਦਾ ਹੀਜ-ਪਿਆਜ ਵੀ ਨੰਗਾ ਕਰ ਦਿੱਤਾ ਅਤੇ ਆਖ਼ਰ ਨੂੰ ਇਸ ਢੰਗ-ਤਰੀਕੇ ਵਿਚ ਵੱਡੀਆਂ ਤਬਦੀਲੀਆਂ ਵੀ ਜ਼ਰੂਰੀ ਬਣਾ ਦਿੱਤੀਆਂ।
ਪਹਿਲਾ ਲੇਖਕ ਜਿਸ ਦਾ ਇਨਾਮ ਚਰਚਾ ਦਾ ਵਿਸ਼ਾ ਬਣਿਆ, ਸ਼ਿਵ ਕੁਮਾਰ ਸੀ। ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ, ਨਾਨਕ ਸਿੰਘ, ਬਲਵੰਤ ਗਾਰਗੀ, ਪ੍ਰਭਜੋਤ ਕੌਰ ਤੇ ਕਰਤਾਰ ਸਿੰਘ ਦੁੱਗਲ ਵਰਗੇ ਸੱਤ ਮਹਾਂਰਥੀਆਂ ਤੋਂ ਮਗਰੋਂ ਇਨਾਮ ਦਾ ਅਚਾਨਕ ਤੀਹ ਸਾਲਾਂ ਦੇ ਸ਼ਿਵ ਕੁਮਾਰ ਦੀ ਝੋਲ਼ੀ ਪੈ ਜਾਣਾ ਖਾਸੀ ਚਰਚਾ ਦਾ ਵਿਸ਼ਾ ਬਣ ਗਿਆ। ਕਾਵਿਕ ਗੁਣਤਾ ਦੇ ਪੱਖੋਂ ਤਾਂ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਉਹ ਇਨਾਮ ਦੇ ਯੋਗ ਨਹੀਂ ਸੀ। ਖ਼ਾਸ ਕਰਕੇ ਉਹਦੀ ਇਨਾਮੀ ਗਈ ਪੁਸਤਕ 'ਲੂਣਾ' ਤਾਂ ਕਾਵਿਕਤਾ ਦੇ ਨਾਲ ਨਾਲ ਵਿਸ਼ੇ ਦੇ ਪੱਖੋਂ ਵੀ ਅਹਿਮ ਸੀ। ਉਹਨੇ ਪੂਰਨ ਭਗਤ ਦੀ ਹਰਮਨਪਿਆਰੀ ਲੋਕ-ਕਥਾ ਨੂੰ ਆਮ ਕਿੱਸਿਆਂ ਵਾਂਗ ਪੁਰਸ਼ ਪਾਤਰਾਂ ਦੇ, ਭਾਵ ਪੂਰਨ ਦੇ, ਸਲਵਾਨ ਦੇ ਨਜ਼ਰੀਏ ਤੋਂ ਨਹੀਂ, ਕਰਮਾਂ-ਮਾਰੀ ਲੂਣਾ ਦੇ ਨਜ਼ਰੀਏ ਤੋਂ ਪੁਨਰ-ਸਿਰਜਿਆ ਸੀ। ਉਹ ਲੂਣਾ ਦੇ ਦੇਹ-ਦਰਦ ਦਾ ਤੇ ਅੰਤਰ-ਮਨ ਦੀ ਪੀੜ ਦਾ ਗਵੱਈਆ ਬਣਿਆ ਸੀ ਜੋ ਪਿਉ ਦੀ ਉਮਰ ਦੇ ਉਸ ਰਾਜਾ ਸਲਵਾਨ ਨਾਲ ਵਿਆਹੀ ਗਈ ਸੀ ਸਗੋਂ ਉਹਦੀ ਦੌਲਤ ਨਾਲ ਖਰੀਦੀ ਗਈ ਸੀ ਜਿਸ ਦੇ ਪਹਿਲੇ ਵਿਆਹ ਦਾ ਪੁੱਤਰ ਪੂਰਨ ਉਹਦੇ ਆਪਣੇ ਹਾਣ ਦਾ ਸੀ! ਤਾਂ ਵੀ ਕੁਲਵੰਤ ਸਿੰਘ ਵਿਰਕ, ਹਰਿਭਜਨ ਸਿੰਘ, ਦਲੀਪ ਕੌਰ ਟਿਵਾਣਾ, ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ ਤੇ ਹੋਰ ਕਈ ਵੱਡਿਆਂ ਦੇ ਅਜੇ ਬੇਇਨਾਮੇ ਹੋਣ ਨੇ ਕੁਝ ਕੁਝ ਚਰਚਾ ਛੇੜ ਦਿੱਤੀ।
ਇਸ ਧੁਖਦੀ ਚਰਚਾ ਨੂੰ ਫੂਕ ਸ਼ਿਵ ਕੁਮਾਰ ਨੇ ਆਪ ਮਾਰ ਦਿੱਤੀ। ਇਨਾਮ ਲੈਣ ਮਗਰੋਂ ਉਹਨੇ ਦਿੱਲੀ ਦੇ ਕਾਫ਼ੀ ਹਾਊਸ ਵਿਚ ਐਲਾਨ ਕੀਤਾ, ''ਸਾਹਿਤ ਅਕਾਦਮੀ ਦਾ ਇਨਾਮ ਲੈਣਾ ਕੀ ਔਖਾ ਹੈ! ਢਾਈ ਹਜ਼ਾਰ ਦੀ ਦਾਰੂ ਪਿਆਉ ਤੇ ਪੰਜ ਹਜ਼ਾਰ ਦਾ ਇਨਾਮ ਲਉ!'' ਓਦੋਂ ਸਾਹਿਤ ਅਕਾਦਮੀ ਦੇ ਇਨਾਮ ਨਾਲ ਨਕਦ ਰਕਮ ਪੰਜ ਹਜ਼ਾਰ ਹੀ ਹੁੰਦੀ ਸੀ। ਸ਼ਿਵ ਦਾ ਆਪਣੀ ਇਨਾਮ-ਪ੍ਰਾਪਤੀ ਦੇ ਰਹੱਸ ਨੂੰ ਇਉਂ ਉਜਾਗਰ ਕਰ ਦੇਣਾ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਹ ਸਭ ਚੇਤੇ ਕਰ ਕੇ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਸ਼ਿਵ ਕੁਮਾਰ ਏਨਾ ਚੰਗਾ ਤੇ ਹਰਮਨਪਿਆਰਾ ਕਵੀ ਸੀ ਕਿ ਅਵੇਰ-ਸਵੇਰ ਉਹਨੂੰ ਇਨਾਮ ਤਾਂ ਮਿਲ ਹੀ ਜਾਣਾ ਸੀ, ਤਾਂ ਵੀ ਉਹਨੇ ਇਨਾਮ ਦਾ ਬਰਾਸਤਾ ਸ਼ਰਾਬ ਰਾਹ ਕਿਉਂ ਫੜਿਆ! ਤੇ ਜੇ ਇਹ ਰਾਹ ਫੜਿਆ ਹੀ ਸੀ, ਚੌਕ ਵਿਚ ਖਲੋ ਕੇ ਆਪ ਹੀ ਆਪਣਾ ਭਾਂਡਾ ਕਿਉਂ ਭੰਨਿਆ! ਉਹਨੇ ਤਾਂ ਗੱਲ ਜ਼ਬਾਨੀ-ਕਲਾਮੀ ਤੱਕ ਹੀ ਨਾ ਰਹਿਣ ਦਿੱਤੀ ਸਗੋਂ ਇਨਾਮਾਂ ਦੇ ਇਤਿਹਾਸ ਦੇ ਪੰਨੇ ਉੱਤੇ ਇਕ ਕਵਿਤਾ ਦੇ ਰੂਪ ਵਿਚ ਵੀ ਉੱਕਰ ਦਿੱਤੀ। ਰਚਨਾ ਦੇ ਮੁਕਾਬਲੇ ਇਨਾਮ ਦੀ ਤੁੱਛਤਾ ਦਾ ਜ਼ਿਕਰ ਕਰਦੀਆਂ ਕੁਝ ਸਤਰਾਂ ਇਉਂ ਹਨ : ''ਫੇਰ ਇਕ ਦਿਨ ਗੀਤ ਉਸਦਾ, ਰਾਜ ਦਰਬਾਰੇ ਗਿਆ/ ਉਸ ਮੁਲਕ ਦੇ ਬਾਦਸ਼ਾਹ ਨੇ, ਉਸ ਨੂੰ ਵਾਹ ਵਾਹ ਕਿਹਾ/ ਸਾਰਿਆਂ ਗੀਤਾਂ ਦਾ ਰਲ਼ ਕੇ, ਪੰਜ ਮੋਹਰਾਂ ਮੁੱਲ ਪਿਆ!''
ਦੂਜਾ ਇਨਾਮ, ਜੋ ਤਿੱਖੀ ਨੁਕਤਾਚੀਨੀ ਦਾ ਵਿਸ਼ਾ ਬਣਿਆ, ਨਰਿੰਦਰਪਾਲ ਸਿੰਘ ਦਾ ਸੀ। ਇਹ ਉਹਨੂੰ 1976 ਵਿਚ ਨਾਵਲ 'ਬਾਮੁਲਾਹਜ਼ਾ ਹੋਸ਼ਿਆਰ' ਲਈ ਮਿਲਿਆ ਸੀ। ਭਵਿੱਖੀ ਮਸ਼ੀਨੀ ਸਭਿਅਤਾ ਦੇ ਅਸੰਤੁਸ਼ਟ ਮਨੁੱਖ ਦੇ ਜੀਵਨ-ਚਿਤਰਨ ਦੇ ਬਹਾਨੇ ਇਹ ਨਾਵਲ ਚਸਕਾ ਲੈ ਲੈ ਕੀਤੇ ਗਏ ਕਾਮ ਦੇ ਜ਼ਿਕਰ ਨਾਲ ਭਰਿਆ ਪਿਆ ਹੈ ਅਤੇ ਅਨੇਕ ਵਾਰ ਅਸ਼ਲੀਲਤਾ ਦੀਆਂ ਬਹੁਤ ਡੂੰਘੀਆਂ ਨਿਵਾਣਾਂ ਵਿਚ ਤਿਲ੍ਹਕ ਜਾਂਦਾ ਹੈ। ਅਨੇਕ ਥਾਂ ਬਿਰਤਾਂਤ ਵਿਚੋਂ ਗਲਪੀ ਰੰਗਤ ਲੱਭਿਆਂ ਨਹੀਂ ਲੱਭਦੀ। ਕਲਾ-ਹੀਣ ਗ਼ੈਰ-ਗਲਪੀ ਗ਼ਲਤ ਭਾਸ਼ਾ, ਲੁੱਚੇ ਸ਼ਬਦਾਂ ਦੇ ਸਹਿਣਜੋਗ ਬਦਲ ਲੱਭਣ ਦੀ ਅਸਮਰੱਥਾ ਜਾਂ ਜਾਣ-ਬੁੱਝ ਕੇ ਅਣਦੇਖੀ, ਕਸਵੀਂ ਕਥਾ ਦੀ ਥਾਂ ਖਿੱਲਰੇ ਹੋਏ ਬੇਮੇਲ ਟੋਟੇ ਅਤੇ ਰਚਨਾ ਵਿਚ ਬਿਲਕੁਲ ਹੀ ਸਮਾ ਨਾ ਸਕਣ ਵਾਲੇ ਲੰਮੇ ਲੰਮੇ ਵਾਧੂ ਪ੍ਰਵਚਨ!
ਅਖ਼ਬਾਰਾਂ-ਰਸਾਲਿਆਂ ਵਿਚ ਜਿੰਨੀ ਤਿੱਖੀ ਨਿੰਦਿਆ ਇਸ ਨਾਵਲ ਦੀ ਹੋਈ, ਪੰਜਾਬੀ ਵਿਚ ਉਸ ਤੋਂ ਪਹਿਲਾਂ ਕਿਸੇ ਇਨਾਮੀ ਪੁਸਤਕ ਦੀ ਨਹੀਂ ਸੀ ਹੋਈ। ਹੋਰ ਤਾਂ ਹੋਰ, ਇਹ ਮੁੱਦਾ ਪਾਰਲੀਮੈਂਟ ਵਿਚ ਵੀ ਉੱਠਿਆ ਕਿ ਏਨੇ ਅਸ਼ਲੀਲ ਨਾਵਲ ਨੂੰ ਸਾਹਿਤ ਅਕਾਦਮੀ ਨੇ ਇਨਾਮ ਕਿਵੇਂ ਤੇ ਕਿਉਂ ਦੇ ਦਿੱਤਾ! ਪਰ ਲੇਖਕ ਨਰਿੰਦਰਪਾਲ ਸਿੰਘ ਦੀ ਅਜੀਬ ਮਾਨਸਿਕਤਾ ਦੇਖੋ, ਉਹ ਇਸ ਸਾਰੇ ਨਿੰਦਕੀ ਝੱਖੜ ਨੂੰ 'ਚਰਚਾ' ਦਾ ਨਾਂ ਦੇ ਕੇ ਨਾ ਸਿਰਫ਼ ਬਾਗੋ-ਬਾਗ ਸੀ ਸਗੋਂ ਉਹਨੇ ਇਹ ਸਭ ਨਿੰਦਿਆ-ਪੁਰਾਣ ਬੜੇ ਮਾਣ ਨਾਲ ਸੰਗ੍ਰਹਿਤ ਵੀ ਕੀਤਾ। ਉਹ ਪਾਰਲੀਮੈਂਟ ਵਿਚ ਹੋਈ ਨਿੰਦਿਆ ਬਾਰੇ ਆਖਦਾ ਸੀ, ਮੇਰਾ ਨਾਵਲ ਭਾਰਤੀ ਭਾਸ਼ਾਵਾਂ ਦਾ ਇਕੋ-ਇਕ ਨਾਵਲ ਹੈ ਜਿਸ ਉੱਤੇ ਪਾਰਲੀਮੈਂਟ ਵਿਚ ਚਰਚਾ ਹੋਈ ਹੈ।
ਤੀਜਾ ਇਨਾਮ, ਜਿਸ ਨੇ ਝੱਖੜ ਹੀ ਝੁਲਾ ਦਿੱਤਾ, 1991 ਵਿਚ ਹਰਿੰਦਰ ਸਿੰਘ ਮਹਿਬੂਬ ਨੂੰ ਉਹਦੀ ਵੱਡ-ਆਕਾਰੀ ਕਾਵਿ-ਪੁਸਤਕ 'ਝਨਾਂ ਦੀ ਰਾਤ' ਲਈ ਦਿੱਤਾ ਗਿਆ ਸੀ। ਸਾਹਿਤ ਅਕਾਦਮੀ ਵਿਚ ਇਹ ਅੰਮ੍ਰਿਤਾ ਪ੍ਰੀਤਮ ਦਾ ਜ਼ਮਾਨਾ ਸੀ। ਪੰਜਾਬੀ ਸਾਹਿਤ ਦੇ ਹਰ ਵਾਰ ਦੇ ਰਿਵਾਜ ਅਨੁਸਾਰ ਇਨਾਮੀ ਲੇਖਕ ਦੇ ਐਲਾਨ ਮਗਰੋਂ ਪੁਣ-ਛਾਣ ਤੇ ਚਬਾ-ਚਬੀ ਸ਼ੁਰੂ ਹੋ ਗਈ ਜੋ ਇਸ ਵਾਰ ਕੁਝ ਵਧੇਰੇ ਹੀ ਤਿੱਖੀ ਤੇ ਸ਼ੋਰੀਲੀ ਸੀ। ਕਾਰਨ ਇਹ ਸੀ ਕਿ ਕਾਂਗਰਸ ਦਾ ਰਾਜ ਸੀ ਤੇ ਇਸ ਪੁਸਤਕ ਵਿਚ ਇੰਦਰਾ ਗਾਂਧੀ ਨੂੰ ਸਪਨੀ, ਕੁਪੱਤੀ ਨਾਰ, ਚੁੜੇਲ ਤੇ ਡੈਣ ਤੱਕ ਆਖਿਆ ਗਿਆ ਸੀ। ਜਦੋਂ ਅੰਮ੍ਰਿਤਾ ਨੂੰ ਅਜਿਹੇ ਕਥਨਾਂ ਵਾਲੀ ਪੁਸਤਕ ਚੁਣੇ ਜਾਣ ਬਾਰੇ ਪੁੱਛਿਆ ਗਿਆ, ਉਹਦਾ ਕਹਿਣਾ ਸੀ ਕਿ ''ਕਿਸੇ ਵੀ ਭਾਸ਼ਾ ਦੇ ਕਨਵੀਨਰ ਤੋਂ ਨਾ ਇਹ ਆਸ ਹੋ ਸਕਦੀ ਹੈ ਤੇ ਨਾ ਹੀ ਉਹਦੇ ਲਈ ਇਹ ਸੰਭਵ ਹੋ ਸਕਦਾ ਹੈ ਕਿ ਉਹ ਇਨਾਮ ਲਈ ਆਈਆਂ ਸਾਰੀਆਂ ਪੁਸਤਕਾਂ ਆਪ ਪੜ੍ਹ ਕੇ ਉਨ੍ਹਾਂ ਬਾਰੇ ਰਾਇ ਬਣਾ ਸਕੇ।'' ਜੇ ਏਨਾ ਸਮਾਂ ਬੀਤਿਆ ਹੋਣ ਕਰਕੇ ਮੇਰਾ ਚੇਤਾ ਮੱਧਮ ਨਹੀਂ ਪੈ ਰਿਹਾ, ਮੇਰਾ ਖ਼ਿਆਲ ਹੈ, ਅੰਮ੍ਰਿਤਾ ਨੇ ਇਸ ਰਾਮ-ਰੌਲ਼ੇ ਵਿਚ ਸਾਹਿਤ ਅਕਾਦਮੀ ਦੀ ਪਦਵੀ ਤੋਂ ਅਸਤੀਫ਼ਾ ਵੀ ਦੇ ਦਿੱਤਾ ਸੀ। ਆਖ਼ਰ ਭੇਤ ਇਹ ਖੁੱਲ੍ਹਿਆ ਕਿ ਖਾੜਕੂਆਂ ਨੇ ਅੰਮ੍ਰਿਤਾ ਪ੍ਰੀਤਮ ਨੂੰ ਧਮਕੀਆਂ-ਭਰੇ ਫ਼ੋਨ ਕੀਤੇ ਸਨ- ਇਨਾਮ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ ਨੂੰ ਹੀ ਦੇਣਾ ਹੋਵੇਗਾ, ਨਹੀਂ ਤਾਂ ਤੇਰੀ ਖ਼ੈਰ ਨਹੀਂ! ਕੁਦਰਤੀ ਸੀ ਕਿ ਇਹ ਗਰਮਾ-ਗਰਮੀ ਰਾਜਨੀਤਕ ਰੰਗ ਧਾਰ ਲੈਂਦੀ। ਰਾਜਨੀਤਕ ਰੰਗ ਦਾ ਇਕ ਕੌੜਾ ਫਲ ਸਾਹਿਤ ਅਕਾਦਮੀ ਦੀ ਝੋਲ਼ੀ ਵੀ ਆ ਪਿਆ।
ਹੋਇਆ ਇਹ ਕਿ ਯੂਥ ਕਾਂਗਰਸ ਦੇ ਕੁਛ ਛੋਕਰੇ ਸਾਹਿਤ ਅਕਾਦਮੀ ਪਹੁੰਚੇ ਤੇ ਕਿਹਾ ਕਿ ਉਹ ਸਕੱਤਰ ਨੂੰ ਮੰਗ-ਪੱਤਰ ਦੇਣ ਆਏ ਹਨ। ਰਿਸੈਪਸ਼ਨ ਵਾਲਿਆਂ ਨੇ ਉਤੇਜਿਤ ਭੀੜ ਨੂੰ ਗੇਟ ਦੇ ਬਾਹਰ ਰੋਕ ਲਿਆ ਤੇ ਸਕੱਤਰ ਨੂੰ ਸੁਨੇਹਾ ਭੇਜ ਦਿੱਤਾ। ਜਿਵੇਂ ਅਜਿਹੇ ਮੌਕਿਆਂ ਉੱਤੇ ਆਮ ਕਰਕੇ ਹੁੰਦਾ ਹੈ, ਸਕੱਤਰ ਨੇ ਸਹਿਜ-ਭਾਅ ਇਕ ਸਹਾਇਕ ਨੂੰ ਕਹਿ ਦਿੱਤਾ ਕਿ ਉਹ ਜਾ ਕੇ ਮੰਗ-ਪੱਤਰ ਫੜ ਲਿਆਵੇ। ਇਕ ਯੂਥ ਕਾਂਗਰਸੀ ਨੇ ਹੱਥਾਂ ਨੂੰ ਕਾਲਖ਼ ਲਾਈ ਹੋਈ ਸੀ ਜੋ ਉਹਨੇ ਮੰਗ-ਪੱਤਰ ਲੈਣ ਲੱਗੇ ਸਹਾਇਕ ਸਕੱਤਰ ਦੇ ਮੂੰਹ ਉੱਤੇ ਮਲ਼ ਦਿੱਤੀ। ਇਸ ਨਾਲ ਸਾਹਿਤ ਅਕਾਦਮੀ ਦੇ ਅੰਦਰ ਵੀ ਤੇ ਬਾਹਰ ਵੀ ਭੂਚਾਲ ਆ ਗਿਆ। ਮਾੜੀ ਗੱਲ ਇਹ ਹੋਈ ਕਿ ਇਕ ਅਜਿਹੇ ਵਿਅਕਤੀ ਦਾ ਮੂੰਹ ਕਾਲ਼ਾ ਕਰ ਦਿੱਤਾ ਗਿਆ ਜਿਸ ਦਾ ਇਸ ਸਾਰੇ ਮਾਮਲੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਚੰਗੀ ਗੱਲ ਇਹ ਹੋਈ ਕਿ ਇਸ ਘਟਨਾ ਨੇ ਸਾਹਿਤ ਅਕਾਦਮੀ ਨੂੰ ਇਨਾਮ ਦਾ ਫ਼ੈਸਲਾ ਕਰਨ ਦੀ ਕਾਰਜਵਿਧੀ ਬਾਰੇ ਚਿੰਤਨ-ਮੰਥਨ ਕਰਨ ਲਈ ਮਜਬੂਰ ਕਰ ਦਿੱਤਾ। ਆਖ਼ਰ ਦੋ ਅਹਿਮ ਫ਼ੈਸਲੇ ਲਏ ਗਏ।
ਇਕ ਤਾਂ ਇਹ ਜ਼ਰੂਰੀ ਸਮਝਿਆ ਗਿਆ ਕਿ ਇਨਾਮ ਦਾ ਫ਼ੈਸਲਾ ਕਰਨ ਵਾਲੀ ਮੀਟਿੰਗ ਤੋਂ ਪਹਿਲਾਂ ਤਿੰਨਾਂ ਨਿਰਣੇਕਾਰਾਂ ਦੇ ਨਾਂ ਕਿਸੇ ਨੂੰ ਪਤਾ ਨਹੀਂ ਹੋਣੇ ਚਾਹੀਦੇ। ਅੱਗੇ ਤੋਂ ਉਹ ਤਿੰਨੇ ਅਕਾਦਮੀ ਦੀ ਸੰਬੰਧਿਤ ਭਾਸ਼ਾ ਦੀ ਕਮੇਟੀ ਵਿਚੋਂ ਹੋਣ ਦੀ ਥਾਂ ਬਾਹਰੋਂ ਹੋਣੇ ਸਨ। ਬਹੁਤ ਮਗਰੋਂ ਜਦੋਂ ਦੋ ਵਾਰ, ਪਤਾ ਨਹੀਂ ਕਿਵੇਂ, ਮੇਰਾ ਨਾਂ ਤਿੰਨਾਂ ਨਿਰਣੇਕਾਰਾਂ ਵਿਚ ਆਇਆ, ਮੈਨੂੰ ਬਾਕੀ ਦੋਵਾਂ ਦਾ ਪਤਾ ਕਮਰੇ ਵਿਚ ਜਾ ਕੇ ਹੀ ਲੱਗਦਾ ਰਿਹਾ। ਦੂਜਾ ਫ਼ੈਸਲਾ, ਜੋ ਪਹਿਲੇ ਨੇ ਹੀ ਜ਼ਰੂਰੀ ਬਣਾ ਦਿੱਤਾ ਸੀ, ਕਨਵੀਨਰ ਨੂੰ ਇਨਾਮ ਦੇ ਫ਼ੈਸਲੇ ਦੇ ਪੱਖੋਂ ਬੇਤਾਕਤਾ ਕਰ ਦਿੱਤਾ ਗਿਆ ਤੇ ਉਹਦੀ ਵੋਟ ਤੱਕ ਨਾ ਰਹੀ। ਉਹਦਾ ਕੰਮ ਤਿੰਨਾਂ ਨਿਰਣੇਕਾਰਾਂ ਅੱਗੇ ਇਨਾਮ ਨਾਲ ਸੰਬੰਧਿਤ ਕਾਗ਼ਜ਼-ਪੱਤਰ ਰੱਖ ਕੇ ਚੁੱਪ ਹੋ ਜਾਣ ਅਤੇ ਅੰਤ ਵਿਚ ਉਨ੍ਹਾਂ ਤੋਂ ਫ਼ੈਸਲੇ ਦੇ ਦਸਤਖ਼ਤਾਂ ਵਾਲੇ ਕਾਗ਼ਜ਼ ਲੈਣ ਤੱਕ ਸੀਮਤ ਹੋ ਗਿਆ। ਅਕਾਦਮੀ ਦੇ ਨੇਮਾਂ ਅਨੁਸਾਰ ''ਕਨਵੀਨਰ ਦਾ ਕੰਮ ਜਿਉਰੀ ਤੇ ਅਕਾਦਮੀ ਵਿਚਕਾਰ ਕੜੀ ਬਣਨਾ ਹੋਵੇਗਾ। ਉਹ ਯਕੀਨੀ ਬਣਾਵੇਗਾ ਕਿ ਜਿਉਰੀ ਦੀ ਮੀਟਿੰਗ ਸਹੀ ਤੇ ਤਸੱਲੀਬਖ਼ਸ਼ ਢੰਗ ਨਾਲ ਹੋਵੇ ਅਤੇ ਜਿਉਰੀ ਦੀ ਰਿਪੋਰਟ ਉੱਤੇ ਆਪਣੀ ਸਹੀ ਪਾਵੇਗਾ।''
ਇਨ੍ਹਾਂ ਬਹੁਚਰਚਿਤ ਇਨਾਮਾਂ ਤੋਂ ਇਲਾਵਾ ਉਪਰੋਕਤ ਕਾਲ-ਖੰਡ ਦੇ ਕੁਝ ਹੋਰ ਇਨਾਮਾਂ ਬਾਰੇ ਵੀ ਚਰਚਾ ਤਾਂ ਛਿੜੀ ਪਰ ਉਹ ਪੰਜਾਬੀ ਸਾਹਿਤਕ ਖੇਤਰ ਵਿਚ ਨਿੰਦਿਆ, ਗਿਲਾਨੀ, ਚਬਾਚਬੀ ਜਾਂ ਹੈਰਾਨੀ ਤੱਕ ਸੀਮਤ ਰਹੀ। ਕਈ ਇਨਾਮਾਂ ਬਾਰੇ ਤਾਂ ਪੰਜਾਬੀ ਸਾਹਿਤ ਦੇ ਸਿਆਣੇ ਤੇ ਗੰਭੀਰ ਪਾਠਕ ਵੀ ਇਹ ਸਵਾਲ ਕਰਦੇ ਸੁਣੇ ਜਾਂਦੇ ਹਨ, ''ਇਹ ਕੌਣ ਹੋਇਆ ਜੀ? ਕਵਿਤਾ ਲਿਖਦਾ ਹੈ ਕਿ ਕਹਾਣੀ? ਕੀ ਨਾਂ ਹਨ ਇਹਦੀਆਂ ਕਿਤਾਬਾਂ ਦੇ?''
ਸੰਪਰਕ : 011-42502364
02 Dec. 2018
ਬਿਰਹੋਂ ਦਾ ਸੱਲ ਸਹਿ ਕੇ ਜਿਉਂਦੀ ਜਵਾਨੀ ਵਾਲ਼ੇ ਰਤਨ ਸਿੰਘ - ਗੁਰਬਚਨ ਸਿੰਘ ਭੁੱਲਰ
ਇਸ ਵੀਰਵਾਰ ਸਾਡੇ ਮਾਣਜੋਗ ਬਜ਼ੁਰਗ ਲੇਖਕ ਰਤਨ ਸਿੰਘ ਜੀ ਦਾ ਜਨਮ-ਦਿਨ ਸੀ। ਉਨ੍ਹਾਂ ਨੇ 91 ਵਰ੍ਹੇ ਪਾਰ ਕਰ ਕੇ 92ਵੇਂ ਵਿਚ ਪੈਰ ਰੱਖ ਲਿਆ ਹੈ। ਪੁੱਛਿਆ, ''ਕੀ ਹਾਲ਼ ਹੈ?'' ਉੱਤਰ ਉਹੋ ਹੀ ਮਿਲਿਆ, ਹਰ ਵਾਰ ਵਾਲ਼ਾ, ਦਮਦਾਰ ਤੇ ਟੁਣਕਦਾ, ''ਜਿਉਂਦੀ ਪਈ ਹੈ ਅਜੇ ਜਵਾਨੀ, ਸੱਲ ਬਿਰਹੋਂ ਦਾ ਸਹਿ ਕੇ!'' ਮੈਂ ਕਿਹਾ, ''ਰਿਵਾਜਨ ਤੁਹਾਨੂੰ ਜਨਮ-ਦਿਨ ਦੀ ਮੁਬਾਰਕ ਦੇ ਦਿੰਦਾ ਹਾਂ, ਪਰ ਇਹ ਤਾਂ ਜਨਮ-ਦਿਨੀਆਂ ਹਨ, ਜਨਮ-ਦਿਨ ਤਾਂ ਤੁਹਾਡਾ ਦਸ ਸਾਲਾਂ ਨੂੰ ਮਨਾਵਾਂਗੇ।'' ਹੱਸ ਕੇ ਬੋਲੇ, ''ਉਹ ਕਿਉਂ?'' ਮੈਂ ਦੱਸਿਆ, ''ਸ਼ਬਦ ਸ਼ਤਾਬਦੀ ਤਾਂ ਲੋਕਾਂ ਨੇ ਵਰਤ ਵਰਤ ਕੇ ਘਸਾ ਦਿੱਤਾ ਹੈ, ਆਪਾਂ ਇਕੋਤਰ ਸੌਵਾਂ ਸਾਲ ਮਨਾਵਾਂਗੇ।''
ਰਤਨ ਸਿੰਘ ਨਾਲ਼ ਮੇਰੀ ਜਾਣ-ਪਛਾਣ ਰਾਮ ਸਰੂਪ ਅਣਖੀ ਰਾਹੀਂ ਹੋਈ। ਅਣਖੀ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਜਦੋਂ ਉਹਨੇ ਆਪਣਾ ਤ੍ਰੈਮਾਸਕ ਕੱਢਿਆ, ਉਹ ਅਕਸਰ ਮੇਰੇ ਨਾਲ਼ ਸਲਾਹਾਂ ਕਰਦਾ। ਇਕ ਦਿਨ ਕਹਿੰਦਾ, ''ਪੰਜਾਬੀ ਮੂਲ ਦੇ ਉਰਦੂ ਲੇਖਕ ਰਤਨ ਸਿੰਘ ਮੇਰੇ ਵਾਕਿਫ਼ ਹਨ। ਉਹ ਆਪਣੇ ਲਈ ਕੋਈ ਕਾਲਮ ਲਿਖ ਸਕਦੇ ਹਨ। ਉਨ੍ਹਾਂ ਨੂੰ ਕੀ ਸੁਝਾਅ ਦੇਈਏ?'' ਮੈਂ ਕਿਹਾ, ''ਪੰਜਾਬ ਦੇ ਜੰਮ-ਪਲ ਉਰਦੂ ਲੇਖਕਾਂ ਬਾਰੇ ਆਮ ਜਾਣਕਾਰੀ ਦਿੰਦੀ ਹੋਈ ਲੜੀ ਲਿਖਣ ਲਈ ਕਹਿ।'' ਰਤਨ ਸਿੰਘ ਹੋਰਾਂ ਨੇ ਉਹ ਲੜੀ ਛੋਟੇ ਛੋਟੇ ਲੇਖਾਂ ਦੇ ਰੂਪ ਵਿਚ ਸ਼ੁਰੂ ਕੀਤੀ ਜਿਨ੍ਹਾਂ ਵਿਚ ਉਨ੍ਹਾਂ ਦੇ ਜੀਵਨ ਤੇ ਰਚਨਾਵਾਂ ਦੀ ਜਾਣਕਾਰੀ ਤੋਂ ਇਲਾਵਾ ਦਿਲਚਸਪ ਟੋਟਕਿਆਂ ਦਾ ਰਸ ਵੀ ਭਰਿਆ ਹੋਇਆ ਹੁੰਦਾ ਸੀ। ਪਾਠਕਾਂ ਵਿਚ ਉਹ ਲੇਖ ਬੜੇ ਹਰਮਨ ਪਿਆਰੇ ਸਿੱਧ ਹੋਏ। ਮੈਂ ਵੀ ਉਨ੍ਹਾਂ ਨਾਲ਼ ਅਕਸਰ ਛਪਦਾ ਰਹਿੰਦਾ ਸੀ। ਕੁਝ ਸਮੇਂ ਮਗਰੋਂ ਅਸੀਂ ਫੋਨੋ-ਫੋਨੀ ਹੋਣ ਲੱਗ ਪਏ। ਪਰ ਇਸ ਸੰਪਰਕ ਤੋਂ ਇਲਾਵਾ ਮੈਂ ਉਨ੍ਹਾਂ ਨੂੰ ਕਿਤੇ ਮਿਲਣਾ ਤਾਂ ਦੂਰ, ਅਜੇ ਤੱਕ ਉਨ੍ਹਾਂ ਦੀ ਤਸਵੀਰ ਵੀ ਨਹੀਂ ਸੀ ਦੇਖੀ।
ਇਕ ਦਿਨ ਘੰਟੀ ਵੱਜੀ। ਬਾਹਰ ਇਕ ਬਜ਼ੁਰਗ ਖਲੋਤੇ ਹੋਏ ਸਨ। ਉੱਚਾ-ਲੰਮਾ ਕੱਦ, ਸਿੱਧਾ ਸਰੂ ਸਰੀਰ, ਪੱਗ ਸਮੇਤ ਦੁੱਧ-ਚਿੱਟੇ ਬਾਣੇ ਨਾਲ਼ ਮੇਲ ਖਾਂਦੀਆਂ ਦਾੜ੍ਹੀ-ਮੁੱਛਾਂ, ਜਿਨ੍ਹਾਂ ਦੀ ਨਿਰਮਲ ਸਫ਼ੈਦੀ ਨੂੰ ਭਰਵੱਟੇ ਵੀ ਕਾਲ਼ੇ ਰਹਿ ਕੇ ਭੰਗ ਕਰਨ ਦੀ ਗੁਸਤਾਖ਼ੀ ਨਹੀਂ ਸਨ ਕਰ ਰਹੇ। ਬੋਲੇ, ''ਰਤਨ ਸਿੰਘ।'' ਹੁਣ ਵੀ ਜੇ ਉਹ ਫੋਨ ਕਰਨ, ਪਹਿਲੇ ਬੋਲ ਹੁੰਦੇ ਹਨ, ''ਰਤਨ ਸਿੰਘ।'' ਜਦੋਂ ਇਹ ਦੋ ਸ਼ਬਦ ਉਹਨਾਂ ਦੀ ਪੂਰੀ ਸਿਆਣ ਦੇ ਸਕਦੇ ਸਨ, ਉਹ ਹੋਰ ਵਾਧੂ ਸ਼ਬਦ ਕਿਉਂ ਖਰਚਣ! ਭਾਸ਼ਾ ਦਾ ਉਨ੍ਹਾਂ ਦਾ ਇਹੋ ਨੇਮ ਰਚਨਾ ਕਰਨ ਸਮੇਂ ਬਣਿਆ ਰਹਿੰਦਾ ਹੈ। ਉਹ ਕਹਾਣੀ ਵੀ ਲਿਖਦੇ ਹਨ, ਨਾਵਲ ਵੀ ਤੇ ਕਵਿਤਾ ਵੀ। ਜੇ ਕਦੀ ਲੇਖ ਲਿਖਣਾ ਹੋਵੇ, ਉਹ ਵੀ ਓਪਰਾ ਨਹੀਂ ਲੱਗਦਾ। ਪਰ ਹਰ ਵਿਧਾ ਵਿਚ ਉਨ੍ਹਾਂ ਦੀ ਰਚਨਾ ਦਾ ਆਕਾਰ ਉਸ ਵਿਧਾ ਦੀਆਂ ਸਮਕਾਲੀ ਰਚਨਾਵਾਂ ਨਾਲੋਂ ਛੋਟਾ ਹੀ ਹੁੰਦਾ ਹੈ। ਉਹ ਵਾਧੂ ਭਾਸ਼ਾਈ ਖਿਲਾਰਾ ਪਾਏ ਬਿਨਾਂ ਥੋੜ੍ਹੇ ਸਫ਼ਿਆਂ ਵਿਚ ਹੀ ਆਪਣੀ ਗੱਲ ਸੰਪੂਰਨਤਾ ਤੱਕ ਕਹਿਣ ਵਿਚ ਮੁਕੰਮਲ ਕਾਮਯਾਬੀ ਹਾਸਲ ਕਰਨ ਦੀ ਕਲਾ ਉਜਾਗਰ ਕਰਦੇ ਹਨ।
ਪੰਜਾਬੀ ਸਾਹਿਤ ਦੇ ਆਧੁਨਿਕ ਦੌਰ ਦੇ ਸ਼ੁਰੂ ਵਿਚ ਕਹਾਣੀ ਨੂੰ, ਸ਼ਾਇਦ ਨਾਵਲਿਟ ਦੇ ਨੇੜੇ ਜਾ ਢੁੱਕਣ ਵਾਲ਼ੀ ਲੰਮੀ ਕਹਾਣੀ ਤੋਂ ਵਖਰਾਉਣ ਲਈ, ਨਿੱਕੀ ਕਹਾਣੀ ਕਿਹਾ ਜਾਂਦਾ ਸੀ ਤੇ ਇਹਦੀ ਧਰਤੀ ਸੱਤ-ਅੱਠ ਤੋਂ ਦਸ-ਬਾਰਾਂ ਪੰਨੇ ਮੰਨੀ ਜਾਂਦੀ ਸੀ। ਰਤਨ ਸਿੰਘ ਨਿੱਕੀ ਕਹਾਣੀ ਵਿਚੋਂ ਵੀ ਨਿੱਕੀ ਲਿਖਣ ਵਾਲ਼ੇ ਕਹਾਣੀਕਾਰ ਹਨ। ਪਰ ਉਨ੍ਹਾਂ ਦੀ ਨਿੱਕੀ ਕਹਾਣੀ 'ਜਿੰਨੀ ਨਿੱਕੀ, ਓਨੀ ਤਿੱਖੀ' ਦੀ ਕਸਵੱਟੀ ਉੱਤੇ ਖਰੀ ਉਤਰਨ ਦਾ ਗੁਣ ਲੈ ਕੇ ਜਨਮਦੀ ਹੈ। ਪੰਜਾਬੀ ਮੂਲ ਦੇ ਬਹੁਤੇ ਉਰਦੂ ਲੇਖਕਾਂ ਨਾਲ਼ ਇਨ੍ਹਾਂ ਨੇ ਕਰੀਬੀ ਨਾਤਾ ਬਣਾਇਆ ਹੋਇਆ ਹੈ ਜਿਨ੍ਹਾਂ ਵਿਚੋਂ ਕਈਆਂ ਦੇ ਨਾਂ ਵੀ ਸਾਨੂੰ ਪਤਾ ਨਹੀਂ। ਰਾਜਿੰਦਰ ਸਿੰਘ ਬੇਦੀ, ਕ੍ਰਿਸ਼ਨ ਚੰਦਰ ਤੇ ਬਲਵੰਤ ਸਿੰਘ ਵਰਗਿਆਂ ਨਾਲ਼ ਤਾਂ ਇਨ੍ਹਾਂ ਦੀ ਬਹੁਤ ਨੇੜਲੀ ਸਾਂਝ ਰਹੀ। ਬੇਦੀ ਹੋਰਾਂ ਨਾਲ਼ ਸਾਹਿਤਕ ਮਹਿਫ਼ਲਾਂ ਤੇ ਇਕੱਠਾਂ ਵਿਚ ਇਨ੍ਹਾਂ ਦੀ ਮੇਲ-ਮੁਲਾਕਾਤ ਅਕਸਰ ਹੁੰਦੀ। ਇਕ ਦਿਨ ਉਨ੍ਹਾਂ ਨਾਲ਼ ਮੇਲ ਹੋਇਆ ਤਾਂ ਇਨ੍ਹਾਂ ਦੀ ਸਾਥਣ ਵੀ ਨਾਲ਼ ਸੀ। ਜਿਥੇ ਇਨ੍ਹਾਂ ਦਾ ਕੱਦ ਔਸਤ ਨਾਲ਼ੋਂ ਕਾਫ਼ੀ ਵੱਧ ਹੈ, ਬੀਬੀ ਦਾ ਕੱਦ ਔਸਤ ਨਾਲੋਂ ਕਾਫ਼ੀ ਘੱਟ ਹੈ। ਬੇਦੀ ਹੋਰੀਂ ਹੱਸੇ, ''ਅੱਜ ਸਮਝ ਆਇਆ ਹੈ, ਤੇਰੀ ਰਚਨਾ ਦਾ ਆਕਾਰ ਛੋਟਾ ਕਿਉਂ ਹੁੰਦਾ ਹੈ!''
ਦੁਨੀਆ ਦੇ ਬਹੁਗਿਣਤੀ ਲੇਖਕ ਇਕ ਭਾਸ਼ਾ ਵਿਚ ਤੇ ਬਹੁਤੇ ਅੱਗੋਂ ਇਕ ਵਿਧਾ ਵਿਚ ਸਾਹਿਤ ਰਚਦੇ ਹਨ। ਰਤਨ ਸਿੰਘ ਇਕ ਤੋਂ ਵੱਧ ਭਾਸ਼ਾਵਾਂ ਵਿਚ ਤੇ ਇਕ ਤੋਂ ਵੱਧ ਵਿਧਾਵਾਂ ਵਿਚ ਰਚਨਾ ਕਰਨ ਵਾਲ਼ੇ ਲੇਖਕ ਹਨ। ਲਿਖਣਾ ਸ਼ੁਰੂ ਤਾਂ ਮਾਂ-ਬੋਲੀ ਤੋਂ ਹੀ ਕੀਤਾ ਸੀ ਪਰ ਨੌਕਰੀ ਨੇ ਦੋ-ਭਾਸ਼ਾਈ ਲੇਖਕ ਬਣਾ ਦਿੱਤੇ। ਰੇਡੀਓ ਦਾ ਪਸਾਰਾ ਹੀ ਅਜਿਹਾ ਸੀ ਕਿ ਅੰਨ-ਜਲ ਨੇ ਪੰਜਾਬ ਤੋਂ ਬਾਹਰ ਕਈ ਟਿਕਾਣੇ ਬਣਵਾਏ। ਰੇਡੀਓ ਦੇ ਅਧਿਕਾਰੀ ਹੁੰਦਿਆਂ ਹਰ ਥਾਂ ਪਹਿਲਾ ਵਾਹ ਲੇਖਕਾਂ ਨਾਲ ਹੀ ਪੈਂਦਾ ਸੀ। ਸਬੱਬ ਨਾਲ਼ ਉੱਥੇ ਸਥਾਨਕ ਉਰਦੂ ਲੇਖਕਾਂ ਦੇ ਨਾਲ਼ ਹੀ ਪੰਜਾਬ ਦੇ ਜੰਮ-ਪਲ ਦੋ-ਚਾਰ ਉਰਦੂ ਲੇਖਕ ਵੀ ਮਿਲ ਜਾਂਦੇ ਜੋ ਸੰਤਾਲੀ ਦੇ ਤੂਫ਼ਾਨ ਦੇ ਉੱਥੇ ਸੁੱਟੇ ਹੋਏ ਹੁੰਦੇ। 'ਅੰਗਰੇਜ਼ ਦੇ ਜ਼ਮਾਨੇ ਦੇ' ਉਰਦੂ ਮਾਧਿਅਮੀ ਵਿਦਿਆਰਥੀ ਰਹੇ ਹੋਣ ਕਰਕੇ ਜਦੋਂ ਅੰਨ-ਜਲ ਪੰਜਾਬ ਤੋਂ ਬਾਹਰ ਇਸ ਉਰਦੂ ਵਾਲ਼ੇ ਮਾਹੌਲ ਵਿਚ ਲੈ ਪਹੁੰਚਿਆ, ਉਰਦੂ ਅਦਬ ਵੱਲ ਪਲਟਣਾ ਔਖਾ ਸਾਬਤ ਨਾ ਹੋਇਆ। ਪੰਜਾਬ ਤੋਂ ਵਿੱਛੜ ਕੇ ਪੰਜਾਬੀ ਸਾਹਿਤ ਤੋਂ ਵੀ ਵਿੱਥ ਬਣ ਜਾਣੀ ਕੁਦਰਤੀ ਸੀ। ਇਉਂ ਪੰਜਾਬੀ ਲੇਖਕ ਬਣਦੇ ਬਣਦੇ ਰਤਨ ਸਿੰਘ ਪ੍ਰਸਿੱਧ ਉਰਦੂ ਲੇਖਕ ਹੋ ਨਿੱਬੜੇ।
ਸੇਵਾ-ਮੁਕਤ ਹੋ ਕੇ ਉਨ੍ਹਾਂ ਨੇ ਆਪਣਾ ਪੱਕਾ ਟਿਕਾਣਾ ਦਿੱਲੀ ਆ ਬਣਾਇਆ। ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਆਂਢ-ਗੁਆਂਢ ਦਾ ਪੰਜਾਬੀ ਮਾਹੌਲ ਮਿਲਿਆ ਤਾਂ ਦਿਲ ਦੇ ਕਿਸੇ ਕੰਧ-ਕੌਲ਼ੇ ਨਾਲ਼ ਚਿੰਬੜੀ ਹੋਈ ਪੰਜਾਬੀ ਰਚਨਾਕਾਰੀ ਦੀ ਚਿਰ-ਸੁੱਕੀ ਵੇਲ ਨੇ ਲਗਰਾਂ ਛੱਡ ਦਿੱਤੀਆਂ। ਪੰਜਾਬੀ ਸਾਹਿਤ ਸਭਾ ਵਿਚ ਆਉਣ ਲੱਗੇ ਤਾਂ ਹੁਣ ਉਰਦੂ ਰਹਿੰਦਾ ਰਹਿੰਦਾ ਪਿੱਛੇ ਰਹਿ ਗਿਆ ਤੇ ਉਹ ਪੂਰੀ ਤਰ੍ਹਾਂ ਪੰਜਾਬੀ ਲੇਖਕ ਬਣ ਗਏ। ਕਦੀ ਕਾਵਿ-ਸੰਗ੍ਰਹਿ, ਕਦੀ ਕਹਾਣੀ-ਸੰਗ੍ਰਹਿ ਤੇ ਕਦੀ ਨਾਵਲ, ਸਾਨੂੰ ਲਗਾਤਾਰ ਸੌਗਾਤਾਂ ਮਿਲਣ ਲੱਗੀਆਂ।
ਹੀਰ ਨੇ ਆਖਿਆ ਸੀ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ! ਸਾਹਿਤ ਰਚਦੇ ਰਚਦੇ ਰਤਨ ਸਿੰਘ ਆਪ ਹੀ ਸਾਹਿਤ ਹੋ ਗਏ ਹਨ। ਜਦੋਂ ਵੀ ਉਨ੍ਹਾਂ ਨਾਲ ਫੋਨ ਜੁੜਦਾ ਹੈ, ਜੋ ਤੀਜੇ-ਚੌਥੇ ਦਿਨ ਤਾਂ ਜੁੜ ਹੀ ਜਾਂਦਾ ਹੈ, ਗੱਲ ਉਨ੍ਹਾਂ ਦੀ ਕਿਸੇ ਨਵੀਂ ਰਚਨਾ ਤੋਂ ਹੀ ਸ਼ੁਰੂ ਹੁੰਦੀ ਹੈ ਜੋ ਉਨ੍ਹਾਂ ਨੇ ਆਰੰਭੀ ਹੋਈ ਹੁੰਦੀ ਹੈ ਜਾਂ ਸਮਾਪਤ ਕਰ ਲਈ ਹੁੰਦੀ ਹੈ। ਉਨ੍ਹਾਂ ਨਾਲ਼ ਅਜਿਹੀ ਗੱਲਬਾਤ, ਕੁਦਰਤੀ ਹੈ, ਮੇਰੇ ਵਾਸਤੇ ਕੁਝ ਨਵਾਂ ਲਿਖਣ ਦੀ ਪ੍ਰੇਰਨਾ ਸਿੱਧ ਹੁੰਦੀ ਹੈ।
ਇਕ ਵਾਰ ਹਸਪਤਾਲ ਪਹੁੰਚ ਗਏ। ਕਈ ਦਿਨਾਂ ਮਗਰੋਂ ਪਰਤੇ ਤਾਂ ਮੈਂ ਸਿਹਤ ਬਾਰੇ ਜਾਣਨ ਲਈ ਫੋਨ ਕੀਤਾ। ਜਵਾਬ ਉਹੋ ਟਕਸਾਲੀ ਮਿਲਿਆ, ''ਜਿਉਂਦੀ ਪਈ ਹੈ ਅਜੇ ਜਵਾਨੀ, ਸੱਲ ਬਿਰਹੋਂ ਦਾ ਸਹਿ ਕੇ!'' ਬੀਮਾਰੀ ਦੀ ਗੱਲ ਇੱਥੇ ਹੀ ਮੁਕਾ ਕੇ ਕਹਿੰਦੇ, ''ਇਕ ਸਲਾਹ ਦਿਉ। ਮੈਂ ਕਾਫ਼ੀ ਦੋਹੇ ਲਿਖੇ ਹੋਏ ਨੇ। ਕੁਝ ਹੋਰ ਲਿਖ ਕੇ ਸਿਰਫ਼ ਦੋਹਿਆਂ ਦੀ ਕਿਤਾਬ ਛਪਵਾ ਦਿਆਂ ਤਾਂ ਠੀਕ ਰਹੇਗੀ?'' ਕੁਝ ਚਿਰ ਮਗਰੋਂ ਹੋਰ ਵੀ ਬਹੁਤੇ ਦਿਨ ਹਸਪਤਾਲ ਜਾਣਾ ਪਿਆ। ਇਸ ਵਾਰ ਵੀ ਬੀਮਾਰੀ ਦੀ ਗੱਲ ਪਹਿਲਾਂ ਵਾਂਗ ਹੀ ਫਟਾਫਟ ਨਿਬੇੜ ਕੇ ਉਨ੍ਹਾਂ ਨੇ ਆਪਣੀ ਵਿਉਂਤ ਦੱਸੀ, ''ਉਹ ਜਿਹੜੀ ਮੈਂ ਪੰਜਾਬ ਦੇ ਉਰਦੂ ਲੇਖਕਾਂ ਦੀ ਲੜੀ ਲਿਖੀ ਸੀ, ਹੁਣ ਨਜ਼ਰ ਮਾਰੀ ਤਾਂ ਕਈ ਹੋਰ ਨਾਂ ਯਾਦ ਆ ਗਏ। ਮੈਂ ਸੋਚਦਾ ਹਾਂ, ਉਨ੍ਹਾਂ ਬਾਰੇ ਵੀ ਉਹੋ ਜਿਹੇ ਲੇਖ ਲਿਖ ਕੇ ਕਿਤਾਬ ਛਪਵਾ ਦਿਆਂ। ਲੇਖਕਾਂ-ਪਾਠਕਾਂ ਦੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਇਕ ਤਰ੍ਹਾਂ ਦੀ ਹਵਾਲਾ-ਪੁਸਤਕ ਬਣ ਜਾਵੇਗੀ।''
ਉਨ੍ਹਾਂ ਨੇ ਸਦੀ ਦੇ ਨੇੜੇ ਢੁੱਕੀ ਹੋਈ ਬਜ਼ੁਰਗੀ ਨੂੰ ਬਾਹਰਲੇ ਦਿਖਾਵੇ ਤੱਕ ਰੋਕ ਕੇ ਦਿਲ ਨੂੰ ਜਵਾਨ ਤੇ ਕਲਮ ਨੂੰ ਮੁਟਿਆਰ ਰੱਖਿਆ ਹੋਇਆ ਹੈ। ਇਕ ਵਾਰ ਪੰਜਾਬੀ ਸਾਹਿਤ ਸਭਾ ਵਿਚ ਇਸ਼ਕ ਦੀ ਚਾਸ਼ਨੀ ਵਿਚ ਡੁੱਬੀ ਹੋਈ ਕਹਾਣੀ ਪੜ੍ਹੀ। ਮੈਂ ਪ੍ਰਧਾਨਗੀ ਸ਼ਬਦ ਬੋਲਦਿਆਂ ਸਰੋਤਿਆਂ ਵਿਚ ਬੈਠੀ ਇਨ੍ਹਾਂ ਦੀ ਸਾਥਣ ਨੂੰ ਕਿਹਾ, ''ਬੀਬੀ, ਇਨ੍ਹਾਂ ਨੂੰ ਸਮਝਾਉ, ਆਪਣੀ ਉਮਰ ਦੇਖਣ।'' ਉਹ ਹੱਸੇ, ''ਇਨ੍ਹਾਂ ਨੂੰ ਨਹੀਂ ਕੋਈ ਸਮਝਾ ਸਕਦਾ। ਮਾਸ਼ੂਕਾ ਦਾ ਕੋਈ ਵਜੂਦ ਹੋਵੇ ਨਾ ਹੋਵੇ, ਇਨ੍ਹਾਂ ਨੇ ਇਸ਼ਕ ਕਰਦੇ ਹੀ ਰਹਿਣਾ ਹੈ! ਇਹ ਉਮਰ-ਭਰ ਦੇ ਬੇਮਾਸ਼ੂਕੇ ਆਸ਼ਕ ਨੇ।'' ਸਭਾ ਸਮਾਪਤ ਹੋਈ ਤਾਂ ਬੇਟੀ ਬੋਲੀ, ''ਅੰਕਲ, ਇਹ ਤਾਂ ਫੁੱਲ-ਪੱਤਿਆਂ ਨੂੰ, ਚਿੜੀ-ਜਨੌਰ ਨੂੰ, ਸਭ ਨੂੰ ਇਸ਼ਕ ਕਰਦੇ ਨੇ। ਬੰਦਿਆਂ ਨੂੰ ਤਾਂ ਕਰਨਾ ਹੀ ਹੋਇਆ। ਜਿਸ ਦਿਨ ਇਨ੍ਹਾਂ ਨੇ ਇਸ਼ਕ ਕਰਨਾ ਬੰਦ ਕਰ ਦਿੱਤਾ, ਲਿਖਣਾ ਵੀ ਬੰਦ ਕਰ ਦੇਣਗੇ!''
ਰੱਬ ਕਰੇ, ਜਿਸ ਉਮਰੇ ਲੋਕ ਉਸ ਤੋਂ ਡਰਦੇ ਉਹਦਾ ਨਾਂ ਜਪਣ ਲੱਗਦੇ ਹਨ, ਸਾਡੇ ਪਿਆਰੇ-ਸਤਿਕਾਰੇ ਰਤਨ ਸਿੰਘ ਜੀ ''ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ'' ਗਾਉਂਦੇ ਰਹਿਣ ਅਤੇ ਹੋਰ ਬਜ਼ੁਰਗ ਜਿਨ੍ਹਾਂ ਉਗਲਾਂ ਨਾਲ ਮਾਲ਼ਾ ਫੇਰਦੇ ਹਨ, ਇਹ ਉਨ੍ਹਾਂ ਉਂਗਲਾਂ ਵਿਚ ਪੁਖ਼ਤਗੀ ਨਾਲ਼ ਫੜੀ ਕਲਮ ਵਿਚੋਂ ਸਾਨੂੰ ਖ਼ੂਬਸੂਰਤ ਕਹਾਣੀਆਂ-ਕਵਿਤਾਵਾਂ ਦਿੰਦੇ ਰਹਿਣ!
ਸੰਪਰਕ : 011-42502364
19 Nov. 2018
ਅਕਾਦਮੀ ਇਨਾਮ ਦਾ ਲੇਖਕ ਤੱਕ ਪੁੱਜਦਾ ਵਲ਼ਦਾਰ ਰਾਹ ! - ਗੁਰਬਚਨ ਸਿੰਘ ਭੁੱਲਰ
ਅੱਸੂ-ਕੱਤੇ ਦੀ ਰੁੱਤ ਆ ਗਈ ਹੈ। ਮਾਹੌਲ ਵਿਚ ਮਿੱਠੀ ਮਿੱਠੀ, ਕੂਲ਼ੀ ਕੂਲ਼ੀ ਠੰਢ ਘੁਲ਼ ਗਈ ਹੈ। ਮਨ ਨੂੰ ਚੰਗਾ ਚੰਗਾ ਲੱਗਦਾ ਹੈ। ਅੱਸੂ ਦੇ ਚੜ੍ਹਨ ਤੋਂ ਇਕ ਪਖਵਾੜਾ ਮਗਰੋਂ ਅਕਤੂਬਰ ਤੇ ਕੱਤੇ ਦੇ ਚੜ੍ਹਨ ਤੋਂ ਇਕ ਪਖਵਾੜਾ ਮਗਰੋਂ ਨਵੰਬਰ ਚੜ੍ਹਦਾ ਹੈ। ਅੱਸੂ-ਕੱਤੇ ਦੇ ਮਾਹੌਲ ਵਿਚ ਠੰਢ ਘੁਲਣ ਵਾਂਗ ਅਕਤੂਬਰ-ਨਵੰਬਰ ਦੇ ਮਾਹੌਲ ਵਿਚ ਸਾਹਿਤ ਅਕਾਦਮੀ ਇਨਾਮ ਦੀ ਕਨਸੋਅ ਘੁਲ਼ ਜਾਂਦੀ ਹੈ। ਅੱਸੂ-ਕੱਤੇ ਦੀ ਠੰਢ ਦੇ ਕੂਲ਼ੇ ਕੂਲ਼ੇ ਅਹਿਸਾਸ ਦੇ ਉਲਟ ਅਕਤੂਬਰ-ਨਵੰਬਰ ਦੀ ਇਨਾਮੀ ਕਨਸੋਅ ਅਨੇਕ ਲੇਖਕਾਂ ਵਿਚ ਇਕੋ ਸਮੇਂ ਆਸ, ਅੱਚਵੀ ਤੇ ਬੇਯਕੀਨੀ ਦਾ ਅਹਿਸਾਸ ਪੈਦਾ ਕਰਦੀ ਹੈ, ''ਕੀ ਪਤਾ ਇਸ ਵਾਰ ਮੇਰੀ ਬੇੜੀ ਬੰਨੇ ਲੱਗ ਹੀ ਜਾਵੇ! ਪਰ ਕੀ ਪਤਾ, ਮੇਰੇ ਵੱਲ ਤੁਰੇ ਇਨਾਮ ਨੂੰ ਰਾਹ ਵਿਚੋਂ ਹੀ ਦਬੋਚਣ ਦੀ ਝਾਕ ਵਿਚ ਕੌਣ ਕੌਣ ਝਪਟਮਾਰ ਬੈਠਾ ਹੈ! ਮੈਨੂੰ ਮੇਰਾ 'ਹੱਕ' ਕਿੱਥੋਂ ਲੈਣ ਦੇਣਾ ਹੈ ਇਨ੍ਹਾਂ ਜੁਗਾੜੀ ਨਿਹੱਕਿਆਂ ਨੇ!''
ਸਾਹਿਤ ਅਕਾਦਮੀ ਇਨਾਮ ਦੀ ਰਕਮ 1955 ਵਿਚ 5 ਹਜ਼ਾਰ ਮਿਥੀ ਗਈ ਸੀ। ਇਹ 1983 ਵਿਚ 10 ਹਜ਼ਾਰ, 1988 ਵਿਚ 25 ਹਜ਼ਾਰ, 2001 ਵਿਚ 40 ਹਜ਼ਾਰ ਅਤੇ 2003 ਵਿਚ 50 ਹਜ਼ਾਰ ਕਰ ਦਿੱਤੀ ਗਈ ਸੀ। ਹੁਣ, 2009 ਤੋਂ ਇਹ ਰਕਮ ਇਕ ਲੱਖ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਨਿੱਜੀ ਸੰਸਥਾਵਾਂ ਦੇ ਸਾਹਿਤਕ ਇਨਾਮ ਇਸ ਤੋਂ ਬਹੁਤ ਵੱਧ ਰਕਮ ਦੇ ਹਨ, ਪਰ ਤਾਂ ਵੀ ਦੇਸ਼ ਭਰ ਦੇ ਲੇਖਕਾਂ ਵਾਸਤੇ ਸਾਹਿਤ ਅਕਾਦਮੀ ਇਨਾਮ ਹੀ ਸਭ ਤੋਂ ਖਿੱਚ ਭਰਪੂਰ ਇਨਾਮ ਹੈ। ਇਸ ਇਨਾਮ ਦੀ ਉੱਚੀ ਹੈਸੀਅਤ ਦਾ ਕਾਰਨ ਜਾਣਨ ਲਈ ਸਾਹਿਤ ਅਕਾਦਮੀ ਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਜਾਣ ਲੈਣਾ ਠੀਕ ਰਹੇਗਾ।
ਨਵੇਂ ਨਵੇਂ ਆਜ਼ਾਦ ਹੋਏ ਦੇਸ਼ ਵਿਚ ਸਾਹਿਤ ਦੇ ਵਿਕਾਸ ਲਈ ਸਾਹਿਤ ਅਕਾਦਮੀ ਕਾਇਮ ਕਰਨ ਦਾ ਸੁਫ਼ਨਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਉਪ-ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਣ ਅਤੇ ਵਿੱਦਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਂਝਾ ਸੁਫ਼ਨਾ ਸੀ। ਇਹ ਤਿੰਨੇ ਹੀ ਆਪਣੀ ਆਪਣੀ ਥਾਂ ਮੰਨੇ ਹੋਏ ਵਿਦਵਾਨ ਤੇ ਸ਼ਬਦ-ਗਿਆਤਾ ਸਨ। ਇਸ ਸੁਫ਼ਨੇ ਦੀ ਸਾਕਾਰਤਾ ਲਈ 15 ਦਸੰਬਰ 1952 ਨੂੰ ਪਾਰਲੀਮੈਂਟ ਵਿਚ ਇਸ ਭਾਵ ਦਾ ਮਤਾ ਪਾਸ ਕੀਤਾ ਗਿਆ ਕਿ ਸਾਹਿਤ ਦੀ ਇਕ ਕੌਮੀ ਅਕਾਦਮੀ ਕਾਇਮ ਕੀਤੀ ਜਾਵੇ ਜਿਸ ਦਾ ਨਾਂ 'ਸਾਹਿਤਯ ਅਕਾਦਮੀ' ਰੱਖਿਆ ਜਾਵੇ। ਨਹਿਰੂ ਨੂੰ ਸਾਹਿਤ ਅਕਾਦਮੀ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਤੇ ਉਨ੍ਹਾਂ ਨੂੰ ਪ੍ਰਧਾਨਗੀ ਸੌਂਪਦਿਆਂ ਸਰਕਾਰ ਨੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਸਮਝਿਆ ਕਿ ਉਨ੍ਹਾਂ ਦੀ ਇਹ ਚੋਣ 'ਪ੍ਰਧਾਨ ਮੰਤਰੀ ਹੋਣ ਕਰਕੇ ਨਹੀਂ ਸਗੋਂ ਇਸ ਕਰਕੇ ਹੈ ਕਿ ਉਨ੍ਹਾਂ ਨੇ ਇਕ ਲੇਖਕ ਵਜੋਂ ਆਪਣਾ ਵਿਲੱਖਣ ਸਥਾਨ ਬਣਾਇਆ ਹੋਇਆ ਹੈ।'
ਅੱਜ ਦੇ ਮਾਹੌਲ ਵਿਚ ਇਹ ਸੋਚ ਅਜੀਬ ਲੱਗ ਸਕਦੀ ਹੈ ਕਿ ਨਹਿਰੂ ਦੀ ਆਪਣੀ ਮੁੱਖ ਚਿੰਤਾ ਵੀ ਸਰਕਾਰ ਤੋਂ ਸਾਹਿਤ ਅਕਾਦਮੀ ਦੀ ਸੁਆਧੀਨਤਾ ਨੂੰ ਬਣਾਈ ਰੱਖਣਾ ਹੀ ਨਹੀਂ ਸਗੋਂ ਇਸ ਸੁਆਧੀਨਤਾ ਨੂੰ ਮਜ਼ਬੂਤ ਕਰਨਾ ਸੀ। ਅਸਲ ਵਿਚ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਇਹ ਪਦਵੀ ਸੰਭਾਲੀ ਹੀ ਇਸ ਕਰਕੇ ਸੀ ਕਿ ਅਕਾਦਮੀ ਪੱਕੇ-ਪੈਰੀਂ ਹੋ ਜਾਵੇ ਤੇ ਲੋਕ ਇਹਨੂੰ ਮਾਣ-ਸਤਿਕਾਰ ਦੀ ਨਜ਼ਰ ਨਾਲ਼ ਦੇਖਣ। ਆਪਣੇ ਇਸ ਉਦੇਸ ਨੂੰ ਉਨ੍ਹਾਂ ਨੇ ਬੜੇ ਦਿਲਚਸਪ ਸ਼ਬਦਾਂ ਵਿਚ ਪੇਸ਼ ਕੀਤਾ, ''ਅਜਿਹੀ ਸੰਸਥਾ ਦਾ ਪ੍ਰਧਾਨ ਹੋਣਾ ਵੱਡੇ ਮਾਣ ਵਾਲ਼ੀ ਗੱਲ ਹੈ ਜਿਸ ਵਿਚ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਨਾਮੀ ਲੇਖਕ ਸ਼ਾਮਲ ਹੋਣ। ਅਕਾਦਮੀ ਦੇ ਪ੍ਰਧਾਨ ਵਜੋਂ ਮੈਂ ਤੁਹਾਨੂੰ ਬਿਲਕੁਲ ਸਪੱਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਨਹੀਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਮੇਰੇ ਕੰਮ ਵਿਚ ਦਖ਼ਲ ਦੇਵੇ।''
ਸਾਹਿਤ ਅਕਾਦਮੀ ਦਾ ਰਸਮੀ ਉਦਘਾਟਨ ਬੜੀ ਸ਼ਾਨ ਨਾਲ਼ 12 ਮਾਰਚ 1954 ਨੂੰ ਪਾਰਲੀਮੈਂਟ ਦੇ ਕੇਂਦਰੀ ਹਾਲ ਵਿਚ ਕੀਤਾ ਗਿਆ। ਵਿੱਦਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਆਪਣੇ ਭਾਸ਼ਨ ਵਿਚ ਅਕਾਦਮੀ ਦੇ ਉਦੇਸ਼ ਉਜਾਗਰ ਕੀਤੇ। ਉਨ੍ਹਾਂ ਮਗਰੋਂ ਉਪ-ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਣ ਨੇ ਆਪਣੇ ਵਿਦਵਤਾ-ਭਰਪੂਰ ਭਾਸ਼ਨ ਵਿਚ ਹੋਰ ਗੱਲਾਂ ਤੋਂ ਇਲਾਵਾ ਸਾਹਿਤ ਅਕਾਦਮੀ ਦੇ ਨਾਂ ਦੀ ਵਿਆਖਿਆ ਕਰਦਿਆਂ ਕਿਹਾ, ''ਨਾਂ 'ਸਾਹਿਤਯ ਅਕਾਦਮੀ' ਦੋ ਸ਼ਬਦਾਂ ਦਾ ਸੁਮੇਲ ਹੈ। ਸਾਹਿਤਯ ਸੰਸਕ੍ਰਿਤ ਦਾ ਸ਼ਬਦ ਹੈ ਤੇ ਅਕਾਦਮੀ ਯੂਨਾਨੀ ਦਾ। ਇਹ ਨਾਂ ਸਾਡੀ ਵਿਸ਼ਵਵਿਆਪੀ ਦ੍ਰਿਸ਼ਟੀ ਤੇ ਤਾਂਘ ਨੂੰ ਦਰਸਾਉਂਦਾ ਹੈ। ਸਾਹਿਤਯ ਸ਼ਬਦੀ ਰਚਨਾ ਨੂੰ ਆਖਦੇ ਹਨ, ਅਕਾਦਮੀ ਇਸ ਵਿਸ਼ੇ ਵਿਚ ਦਿਲਚਸਪੀ ਰੱਖਣ ਵਾਲ਼ੇ ਵਿਅਕਤੀਆਂ ਦਾ ਜੋੜਮੇਲਾ ਹੁੰਦਾ ਹੈ। ਇਸ ਤਰ੍ਹਾਂ ਸਾਹਿਤਯ ਅਕਾਦਮੀ ਉਨ੍ਹਾਂ ਸਭਨਾਂ ਦਾ ਜੋੜਮੇਲਾ ਹੋਵੇਗੀ ਜੋ ਰਚਨਾਤਮਿਕ ਤੇ ਆਲੋਚਨਾਤਮਿਕ ਸਾਹਿਤ ਵਿਚ ਦਿਲਚਸਪੀ ਰੱਖਦੇ ਹਨ। ਇਸ ਅਕਾਦਮੀ ਦਾ ਮਨੋਰਥ ਹੋਵੇਗਾ, ਸਾਹਿਤਕ ਪ੍ਰਾਪਤੀਆਂ ਵਾਲ਼ੇ ਵਿਅਕਤੀਆਂ ਨੂੰ ਮਾਨਤਾ ਦੇਣਾ, ਸਾਹਿਤਕ ਹੋਣਹਾਰੀ ਦਰਸਾਉਣ ਵਾਲ਼ੇ ਵਿਅਕਤੀਆਂ ਦੀ ਹੌਸਲਾ-ਅਫ਼ਜ਼ਾਈ ਕਰਨਾ, ਆਮ ਲੋਕਾਂ ਦੀ ਰੁਚੀ ਨੂੰ ਸਾਹਿਤਕ ਸੇਧ ਦੇਣਾ ਅਤੇ ਸਾਹਿਤ ਦੇ ਤੇ ਸਾਹਿਤਕ ਆਲੋਚਨਾ ਦੇ ਮਿਆਰਾਂ ਨੂੰ ਬਿਹਤਰ ਬਣਾਉਣਾ।''
ਇਸ ਆਸ਼ੇ ਦੀ ਪੂਰਤੀ ਵੱਲ ਇਕ ਹੋਰ ਮਜ਼ਬੂਤ ਮੁੱਢਲੇ ਕਦਮ ਵਜੋਂ ਪਹਿਲੀ ਜਨਰਲ ਕੌਂਸਲ ਦੇ ਮੈਂਬਰ ਵੀ ਡਾ. ਐੱਸ. ਰਾਧਾਕ੍ਰਿਸ਼ਨਣ, ਅਬੁਲ ਕਲਾਮ ਆਜ਼ਾਦ, ਸੀ. ਰਾਜਗੋਪਾਲਾਚਾਰੀ, ਕੇ.ਐੱਮ. ਪਨੀਕਰ, ਕੇ.ਐੱਮ. ਮੁਣਸ਼ੀ, ਜ਼ਾਕਿਰ ਹੁਸੈਨ, ਉਮਾਸ਼ੰਕਰ ਜੋਸ਼ੀ, ਮਹਾਂਦੇਵੀ ਵਰਮਾ, ਡੀ.ਵੀ. ਗੁੰਡੱਪਾ ਤੇ ਰਾਮਧਾਰੀ ਸਿੰਘ ਦਿਨਕਰ ਜਿਹੇ ਮਹਾਨ ਲੇਖਕ ਤੇ ਵਿਦਵਾਨ ਲਏ ਗਏ। ਨਹਿਰੂ ਮਗਰੋਂ ਪ੍ਰਧਾਨਗੀ ਵੀ ਪਹਿਲਾਂ ਡਾ.ਐੱਸ. ਰਾਧਾਕ੍ਰਿਸ਼ਨਣ ਅਤੇ ਫੇਰ ਜ਼ਾਕਿਰ ਹੁਸੈਨ ਨੇ ਸੰਭਾਲੀ।
ਸਾਹਿਤ ਅਕਾਦਮੀ ਦੀ ਸਥਾਪਨਾ ਦੇ ਇਸ ਉਦੇਸ਼ ਦੀ ਪੂਰਤੀ ਲਈ ਚੁੱਕੇ ਜਾਣ ਵਾਲ਼ੇ ਕਦਮਾਂ ਵਿਚ ਅਗਲੇ ਸਾਲ, 1955 ਤੋਂ ਹੀ ਲੇਖਕਾਂ ਨੂੰ ਸਨਮਾਨਿਆ ਜਾਣਾ ਵੀ ਸ਼ਾਮਲ ਸੀ। ਪ੍ਰਧਾਨ ਵਜੋਂ ਜਵਾਹਰਲਾਲ ਨਹਿਰੂ ਸਾਹਿਤ ਅਕਾਦਮੀ ਦੇ ਸਭ ਕੰਮਾਂ ਨਾਲ਼ ਦਿਲੋਂ ਜੁੜੇ ਰਹਿੰਦੇ ਸਨ ਜਿਨ੍ਹਾਂ ਵਿਚ ਇਨਾਮਾਂ ਦਾ ਨਿਰਣਾ ਵੀ ਸ਼ਾਮਲ ਸੀ। ਪੰਜਾਬੀ ਵਿਚ ਪਲੇਠਾ ਇਨਾਮ ਹਾਸਲ ਕਰਨ ਦਾ ਮਾਣ ਭਾਈ ਵੀਰ ਸਿੰਘ ਦੇ ਹਿੱਸੇ ਆਇਆ।
ਇਹ ਆਮ ਦੇਖਿਆ ਗਿਆ ਹੈ ਕਿ ਅਨੇਕ ਭੋਲ਼ੇ ਲੇਖਕ ਹੈਰਾਨ-ਪਰੇਸ਼ਾਨ ਹੁੰਦੇ ਰਹਿੰਦੇ ਹਨ, ''ਯਾਰ ਦਿੱਲੀ ਵਾਲ਼ੀ ਸਾਹਿਤ ਅਕਾਦਮੀ ਦੇ ਇਨਾਮ ਲਈ ਲੇਖਕਾਂ ਤੇ ਪੁਸਤਕਾਂ ਦੇ ਨਾਂ ਕਿੱਥੋਂ ਆਉਂਦੇ ਹਨ? ਕੌਣ ਚੁਣਦਾ ਹੈ ਲੇਖਕਾਂ ਦੇ ਨਾਂ? ਤੇ ਕੌਣ ਚੁਣਦਾ ਹੈ ਉਨ੍ਹਾਂ ਲੇਖਕਾਂ ਦੀਆਂ ਪੁਸਤਕਾਂ ਦੇ ਨਾਂ?'' ਫੇਰ ਉਹ ਮਾਯੂਸ ਜਿਹੇ ਹੋ ਕੇ ਆਖਦੇ ਹਨ, ''ਸਾਨੂੰ ਕੋਈ ਪੁੱਛਦਾ ਹੀ ਨਹੀਂ!'' ਉਨ੍ਹਾਂ ਦੀ ਤਸੱਲੀ ਲਈ ਇਹ ਜਾਣਕਾਰੀ ਕਾਫ਼ੀ ਹੋਵੇਗੀ ਕਿ ਲੇਖਕਾਂ ਦੇ ਤੇ ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂ ਉਨ੍ਹਾਂ ਦੇ ਆਪਣੇ ਭਰਾ-ਭਾਈ ਲੇਖਕ ਹੀ ਚੁਣਦੇ ਹਨ, ਅਕਾਦਮੀ ਦੇ ਦਫ਼ਤਰੀ ਲੋਕਾਂ ਦਾ ਇਸ ਨਾਲ਼ ਕੋਈ ਵੀ ਲੈਣਾ-ਦੇਣਾ ਨਹੀਂ ਹੁੰਦਾ।
ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੀ ਇੱਛਾ ਅਨੁਸਾਰ ਅਕਾਦਮੀ ਦੇ ਪ੍ਰਧਾਨ ਨੂੰ ਕੋਈ ਪੰਜ ਨਾਂ ਦਿੰਦੇ ਹਨ। ਉਹ ਉਨ੍ਹਾਂ ਪੰਜਾਂ ਵਿਚੋਂ ਕੋਈ ਦੋ ਨਾਂ ਚੁਣਦਾ ਹੈ ਜਿਨ੍ਹਾਂ ਨੂੰ ਮਾਹਿਰ ਕਿਹਾ ਜਾਂਦਾ ਹੈ। ਦੋਵੇਂ ਮਾਹਿਰ ਸਭ ਸ਼ਰਤਾਂ ਪੂਰੀਆਂ ਕਰ ਕੇ ਇਨਾਮ ਦੀਆਂ ਹੱਕਦਾਰ ਬਣਦੀਆਂ ਪੁਸਤਕਾਂ ਦੀ ਸੂਚੀ ਤਿਆਰ ਕਰਦੇ ਹਨ। ਮੁੱਖ ਸ਼ਰਤ ਤਾਂ ਇਹ ਹੁੰਦੀ ਹੈ ਕਿ ਪੁਸਤਕ ਪਿਛਲੇ ਇਕ ਸਾਲ ਤੋਂ ਪਹਿਲਾਂ ਦੇ ਪੰਜ ਸਾਲਾਂ ਦੇ ਅੰਦਰ ਅੰਦਰ ਛਪੀ ਹੋਈ ਹੋਵੇ। ਮਿਸਾਲ ਵਜੋਂ 2018 ਦੇ ਇਨਾਮ ਲਈ ਪੁਸਤਕ 2012 ਤੋਂ 2016 ਦੇ ਪੰਜ ਸਾਲਾਂ ਵਿਚ ਛਪੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੇਖਕ ਭਾਰਤੀ ਨਾਗਰਿਕ ਹੋਵੇ ਤੇ ਅਕਾਦਮੀ ਦੇ ਐਗਜ਼ੈਕਟਿਵ ਬੋਰਡ ਦਾ ਮੈਂਬਰ ਨਾ ਹੋਵੇ। ਪੁਸਤਕ ਮੌਲਿਕ ਹੋਵੇ, ਅਨੁਵਾਦਿਤ ਜਾਂ ਆਧਾਰਿਤ ਜਾਂ ਕਈ ਲੇਖਕਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਨਾ ਹੋਵੇ। ਪੁਸਤਕ ਕਿਸੇ ਇਮਤਿਹਾਨ ਲਈ ਜਾਂ ਯੂਨੀਵਰਸਿਟੀ ਦੀ ਡਿਗਰੀ ਲਈ ਕੀਤੇ ਗਏ ਖੋਜ-ਕਾਰਜ ਦਾ ਪੁਸਤਕੀ ਰੂਪ ਵੀ ਨਾ ਹੋਵੇ। ਇਨ੍ਹਾਂ ਦੋ ਮਾਹਿਰਾਂ ਦੀ ਤਿਆਰ ਕੀਤੀ ਸੂਚੀ ਨੂੰ ਆਧਾਰ-ਸੂਚੀ ਕਿਹਾ ਜਾਂਦਾ ਹੈ।
ਇਹ ਆਧਾਰ-ਸੂਚੀ ਕਨਵੀਨਰ ਸਮੇਤ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਨੂੰ ਭੇਜੀ ਜਾਂਦੀ ਹੈ। ਹਰੇਕ ਮੈਂਬਰ ਦੋ ਨਾਂ ਦਿੰਦਾ ਹੈ ਜੋ ਦੋਵੇਂ ਸੂਚੀ ਵਿਚੋਂ ਵੀ ਹੋ ਸਕਦੇ ਹਨ ਜਾਂ ਇਕ ਨਾਂ ਸੂਚੀ ਵਿਚੋਂ ਤੇ ਇਕ ਨਾਂ ਉਹਦੀ ਮਰਜ਼ੀ ਦਾ ਵੀ ਹੋ ਸਕਦਾ ਹੈ ਜਾਂ ਦੋਵੇਂ ਨਾਂ ਹੀ ਉਹਦੀ ਮਰਜ਼ੀ ਦੇ ਹੋ ਸਕਦੇ ਹਨ। ਦੇਖਣ ਵਾਲ਼ੀ ਗੱਲ ਇਹ ਹੈ ਕਿ ਜੇ ਹਰ ਮੈਂਬਰ ਦੋਵੇਂ ਪੁਸਤਕਾਂ ਦਾ ਸੁਝਾਅ ਆਧਾਰ-ਸੂਚੀ ਤੋਂ ਬਾਹਰੋਂ ਆਪਣੇ ਕੋਲ਼ੋਂ ਵੀ ਦੇ ਸਕਦਾ ਹੈ ਤਾਂ ਦੋ ਮਾਹਿਰਾਂ ਦੀ ਤਿਆਰ ਕੀਤੀ ਆਧਾਰ-ਸੂਚੀ ਤਾਂ ਗਈ ਟੋਕਰੀ ਵਿਚ! ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਦੀਆਂ ਦੱਸੀਆਂ ਇਨ੍ਹਾਂ ਦੋ ਦੋ ਪੁਸਤਕਾਂ ਦੀ ਨਵੀਂ ਸੂਚੀ ਤਿਆਰ ਕਰ ਲਈ ਜਾਂਦੀ ਹੈ।
ਅਕਾਦਮੀ ਦਾ ਪ੍ਰਧਾਨ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਤੋਂ ਦਸ ਰੈਫ਼ਰੀਆਂ ਦਾ ਪੈਨਲ ਤਿਆਰ ਕਰਨ ਲਈ ਨਾਂਵਾਂ ਦੀ ਮੰਗ ਕਰਦਾ ਹੈ ਅਤੇ ਪੁਸਤਕਾਂ ਦੀ ਤਿਆਰ ਹੋ ਚੁੱਕੀ ਸੂਚੀ ਉਨ੍ਹਾਂ ਦਸਾਂ ਨੂੰ ਭੇਜ ਦਿੱਤੀ ਜਾਂਦੀ ਹੈ। ਹਰ ਰੈਫ਼ਰੀ ਦੋ ਪੁਸਤਕਾਂ ਦੀ ਸਿਫ਼ਾਰਸ਼ ਕਰਦਾ ਹੈ। ਉਹ ਸੂਚੀ ਵਿਚੋਂ ਵੀ ਹੋ ਸਕਦੀਆਂ ਹਨ ਜਾਂ ਸੂਚੀ ਤੋਂ ਬਾਹਰੋਂ ਉਹਦੀ ਆਪਣੀ ਚੋਣ ਦੀਆਂ ਵੀ ਹੋ ਸਕਦੀਆਂ ਹਨ। ਇੱਥੇ ਵੀ ਦੇਖਣ ਵਾਲ਼ੀ ਗੱਲ ਇਹ ਹੈ ਕਿ ਜੇ ਹਰ ਰੈਫ਼ਰੀ ਦੋਵੇਂ ਪੁਸਤਕਾਂ ਦਾ ਸੁਝਾਅ ਉਹਨੂੰ ਭੇਜੀ ਗਈ ਸੂਚੀ ਲਾਂਭੇ ਰੱਖ ਕੇ ਆਪਣੇ ਕੋਲ਼ੋਂ ਵੀ ਦੇ ਸਕਦਾ ਹੈ ਤਾਂ ਸਲਾਹਕਾਰ ਬੋਰਡ ਦੇ ਮੈਂਬਰਾਂ ਦੀਆਂ ਦੱਸੀਆਂ ਪੁਸਤਕਾਂ ਦੀ ਸੂਚੀ ਤਾਂ ਗਈ ਟੋਕਰੀ ਵਿਚ!
ਅੰਤ ਵਿਚ ਰੈਫ਼ਰੀਆਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਪੁਸਤਕ-ਸੂਚੀ ਤਿੰਨ ਮੈਂਬਰਾਂ ਦੀ ਜਿਉਰੀ ਅੱਗੇ ਰੱਖੀ ਜਾਂਦੀ ਹੈ। 1991 ਤੱਕ ਇਹ ਜਿਉਰੀ ਜੱਗ-ਜ਼ਾਹਿਰ ਹੁੰਦੀ ਸੀ ਕਿਉਂਕਿ ਇਸ ਦੇ ਮੈਂਬਰ ਪੰਜਾਬੀ ਦੇ ਕਨਵੀਨਰ ਨਾਲ਼ ਸਲਾਹਕਾਰ ਕਮੇਟੀ ਵਿਚੋਂ ਹੀ ਦੋ ਜਣੇ ਹੋਰ ਹੁੰਦੇ ਸਨ। ਉਸ ਸਾਲ ਹਰਿੰਦਰ ਸਿੰਘ ਮਹਿਬੂਬ ਦਾ ਇਨਾਮ ਕਸੂਤੇ ਵਿਵਾਦ ਵਿਚ ਫਸ ਗਿਆ ਅਤੇ ਸਾਹਿਤ ਅਕਾਦਮੀ ਨੇ ਫ਼ੈਸਲਾ ਕੀਤਾ ਕਿ ਜਿਉਰੀ ਅਕਾਦਮੀ ਦੇ ਅੰਦਰੋਂ ਹੋਣ ਦੀ ਥਾਂ ਬਾਹਰੋਂ ਹੋਵੇਗੀ ਤੇ ਪਹਿਲਾਂ ਵਾਂਗ ਸਰਬਗਿਆਤ ਹੋਣ ਦੀ ਥਾਂ ਗੁਪਤ ਹੋਵੇਗੀ ਜਿਸ ਦੇ ਨਾਂਵਾਂ ਦਾ ਐਲਾਨ ਇਨਾਮੀ ਲੇਖਕ ਦੇ ਨਾਂ ਦੇ ਐਲਾਨ ਦੇ ਨਾਲ ਹੀ ਕੀਤਾ ਜਾਇਆ ਕਰੇਗਾ।
ਜਿਉਰੀ ਦੇ ਇਹ ਤਿੰਨ ਮੈਂਬਰ ਚੁਣਨ ਵਾਸਤੇ ਪਹਿਲਾਂ ਹੀ ਸਲਾਹਕਾਰ ਬੋਰਡ ਦੇ ਮੈਂਬਰਾਂ ਤੋਂ ਵੱਖਰੇ ਵੱਖਰੇ ਨਾਂ ਮੰਗੇ ਲਏ ਜਾਂਦੇ ਹਨ। ਅਕਾਦਮੀ ਦਾ ਪ੍ਰਧਾਨ ਇਹਨਾਂ ਨਾਂਵਾਂ ਵਿਚੋਂ ਤਿੰਨ ਦੀ ਚੋਣ ਕਰਦਾ ਹੈ। ਇਨਾਮ ਲੇਖਕਾਂ ਦੀ ਅੰਤਿਮ ਸੂਚੀ ਵਿਚੋਂ ਕਿਸ ਦਾ ਨਸੀਬ ਬਣੇਗਾ, ਇਹ ਨਿਰੋਲ ਇਨ੍ਹਾਂ ਤਿੰਨ ਲੇਖਕਾਂ-ਅਲੇਖਕਾਂ ਦੇ ਹੱਥ ਹੁੰਦਾ ਹੈ। ਜੇ ਤਿੰਨੇ ਮੈਂਬਰ ਕਿਸੇ ਇਕ ਨਾਂ ਬਾਰੇ ਸਹਿਮਤ ਹੋ ਜਾਂਦੇ ਹਨ, ਉਸ ਨਾਂ ਨੂੰ ਸੱਤੇ ਖ਼ੈਰਾਂ! ਜੇ ਦੋ ਮੈਂਬਰ ਕਿਸੇ ਇਕ ਨਾਂ ਦੇ ਪੱਖ ਵਿਚ ਹਨ, ਪਰ ਤੀਜਾ ਕਿਸੇ ਹੋਰ ਦਾ ਹਮਾਇਤੀ ਹੋਵੇ ਤਾਂ ਵੀ ਦੋ ਵੋਟਾਂ ਵਾਲ਼ਾ ਬਾਜ਼ੀ ਮਾਰ ਜਾਂਦਾ ਹੈ। ਜੇ ਤਿੰਨੇ ਮੈਂਬਰ ਆਪਣੇ ਆਪਣੇ ਵੱਖਰੇ ਨਾਂਵਾਂ ਉੱਤੇ ਅੜੇ ਰਹਿਣ, ਉਸ ਸਾਲ ਦਾ ਉਸ ਭਾਸ਼ਾ ਦਾ ਇਨਾਮ ਮਾਰਿਆ ਜਾਂਦਾ ਹੈ।
ਸੰਪਰਕ : 011-42502364
10 Nov. 2018
ਗੁਰਚਰਨ ਰਾਮਪੁਰੀ : ਪੁਰਖ਼ਲੂਸ ਦੋਸਤ, ਵਧੀਆ ਕਵੀ - ਗੁਰਬਚਨ ਸਿੰਘ ਭੁੱਲਰ
ਦੇਸੋਂ ਤੂੰ ਪਰਦੇਸੀ ਹੋਇਆ, ਉਥੋਂ ਹੋ ਤੁਰਿਆ ਬਿਨਦੇਸੀ!
ਚਿੱਠੀ-ਪੱਤਰ ਲਿਖਣਾ ਹੋਊ, ਦੱਸ ਕੇ ਜਾ ਸਿਰਨਾਵਾਂ!
ਵਧੀਆ ਕਵੀ, ਵਧੀਆ ਮਨੁੱਖ ਤੇ ਯਾਰਾਂ ਦੇ ਯਾਰ ਗੁਰਚਰਨ ਰਾਮਪੁਰੀ ਦੇ ਵਿਛੋੜੇ ਦੀ ਖ਼ਬਰ ਵਿਚ, ਉਹਦੀ ਪੱਕੀ ਆਯੂ ਅਤੇ ਲੰਮੀ ਬਿਮਾਰੀ ਬਾਰੇ ਸਚੇਤ ਹੋਣ ਸਦਕਾ, ਭਾਵੇਂ ਓਨੀ ਅਚਾਨਕਤਾ ਨਹੀਂ ਸੀ, ਫੇਰ ਵੀ ਇਹ ਤਕੜੇ ਧੱਕੇ ਵਾਂਗ ਲੱਗੀ। ਬਹੁਤ ਸਾਲ ਪਹਿਲਾਂ ਉਹ ਦੇਸੋਂ ਪਰਦੇਸ ਚਲਿਆ ਗਿਆ ਤਾਂ ਕੁਦਰਤੀ ਸੀ ਕਿ ਅਗਲੀ, ਕਲਪਿਤ ਪਰਲੋਕ ਦੀ ਯਾਤਰਾ ਉੱਤੇ ਉੱਥੋਂ ਹੀ ਤੁਰਦਾ। ਪਰਦੇਸੀ ਹੋ ਗਏ ਮਿੱਤਰਾਂ ਬਾਰੇ ਦੂਹਰਾ ਦੁਖਾਂਤ ਝੱਲਣਾ ਪੈਂਦਾ ਹੈ। ਨਾ ਅਸੀਂ ਉਨ੍ਹਾਂ ਦੇ ਸੱਥਰਾਂ ਉੱਤੇ, ਉੱਥੇ ਜਿਹੋ ਜਿਹੇ ਵੀ ਅਣਵਿਛਿਆਂ ਵਰਗੇ ਵਿਛਦੇ ਹੋਣਗੇ, ਬੈਠਣ ਜਾ ਸਕਦੇ ਹਾਂ ਤੇ ਨਾ ਉਹ ਹੀ ਇਧਰਲੇ ਮਿੱਤਰਾਂ ਦੇ ਸੱਥਰ ਉੱਤੇ ਬੈਠਣ ਆ ਸਕਦੇ ਹਨ। ਨੇੜਤਾ ਦੀ ਸੰਭਾਵਨਾ ਨੂੰ ਦਿਨੋ-ਦਿਨ ਸੁਕੇੜ ਕੇ ਦੂਰੋਂ ਅਨੇਕ-ਭਾਂਤੀ ਸੰਪਰਕ ਜੋੜਨ ਵਾਲ਼ੇ ਇਸ ਤਕਨੀਕੀ ਜੁੱਗ ਵਿਚ ਪਰਦੇਸੀ ਸੱਥਰ ਤੱਕ ਹੰਝੂ ਵੀ ਦੂਰੋਂ ਹੀ ਭੇਜਣੇ ਪੈਂਦੇ ਹਨ!
ਗੁਰਚਰਨ ਸੀ ਤਾਂ ਮੈਥੋਂ ਕੁੱਲ ਅੱਠ ਸਾਲ ਵੱਡਾ, ਪਰ ਜਦੋਂ ਮੈਂ ਅਜੇ ਆਪਣੇ ਅੰਦਰ ਕਲਮ ਫੜਨ ਦਾ ਭਰੋਸਾ ਵੀ ਪੈਦਾ ਨਹੀਂ ਸੀ ਕਰ ਸਕਿਆ, ਉਹ ਲਿਖਣ ਹੀ ਨਹੀਂ ਸੀ ਲੱਗ ਪਿਆ, ਉਹਦੇ ਲਿਖੇ ਦੀ ਚੰਗੀ ਚਰਚਾ ਵੀ ਹੋਣ ਲੱਗ ਪਈ ਸੀ। ਦੂਜੀ ਸੰਸਾਰ ਜੰਗ ਦੇ ਬਣਾਏ ਖੰਡਰ ਅਜੇ ਧੁਖ ਹੀ ਰਹੇ ਸਨ ਕਿ ਸਾਮਰਾਜੀ ਤਾਕਤਾਂ ਨੇ ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਢ ਦਿੱਤੀ। ਇਹਦੇ ਮੁਕਾਬਲੇ ਲਈ ਦੁਨੀਆ ਭਰ ਵਿਚ ਰੋਹ-ਭਰੀ ਅਮਨ ਲਹਿਰ ਉੱਠ ਖਲੋਤੀ। ਲੇਖਕ, ਰੰਗਕਰਮੀ ਤੇ ਗਾਇਕ ਇਹਦੀ ਵੱਡੀ ਧਿਰ ਬਣੇ ਜਿਨ੍ਹਾਂ ਨੂੰ ਭਾਰਤ ਵਿਚ ਮੰਚ ਇਪਟਾ ਦੇ ਰੂਪ ਵਿਚ ਹਾਸਲ ਹੋਇਆ। ਗੁਰਚਰਨ ਦੀ ਕਲਮ ਦਾ ਵਿਕਾਸ ਤਾਂ ਜਿਵੇਂ ਪੰਜਾਬ ਦੀ ਇਸ ਸਾਹਿਤਕ-ਸਭਿਆਚਾਰਕ ਲਹਿਰ ਦੇ ਅੰਗ ਵਜੋਂ ਹੀ ਹੋਇਆ। ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਗੁਰਚਰਨ ਰਾਮਪੁਰੀ, ਜੁਗਿੰਦਰ ਬਾਹਰਲਾ, ਸੁਰਜੀਤ ਰਾਮਪੁਰੀ, ਸੁਰਿੰਦਰ ਕੌਰ, ਪ੍ਰੋ. ਨਿਰੰਜਨ ਸਿੰਘ, ਅਮਰਜੀਤ ਗੁਰਦਾਸਪੁਰੀ, ਗੁਰਚਰਨ ਬੋਪਾਰਾਇ, ਸਵਰਨ ਸਿੰਘ ਤੇ ਹੋਰ ਅਨੇਕ ਲੇਖਕ, ਰੰਗਕਰਮੀ ਤੇ ਗਾਇਕ ਕਵਿਤਾਵਾਂ, ਨਾਟਕ, ਉਪੇਰੇ ਤੇ ਗੀਤ ਲੈ ਨਗਰ-ਨਗਰ ਡਗਰ-ਡਗਰ ਫਿਰ ਕੇ ਪੰਜਾਬੀਆਂ ਤੱਕ ਅਮਨ ਦਾ ਸੁਨੇਹਾ ਪਹੁੰਚਦਾ ਕਰ ਰਹੇ ਸਨ। ਕਿਸੇ ਸੇਵਾਫਲ ਦੀ ਆਸ ਜਾਂ ਇੱਛਾ ਨਹੀਂ, ਉਸ ਜ਼ਮਾਨੇ ਦੀਆਂ ਸਫ਼ਰ-ਸਹੂਲਤਾਂ, ਕਈ ਵਾਰ ਕਿਰਾਇਆ ਵੀ ਪੱਲਿਉਂ ਖਰਚਣਾ ਤੇ ਕਿਰਤੀ-ਕਾਮਿਆਂ ਦੇ ਘਰਾਂ ਦੀ ਰੁੱਖੀ-ਮਿੱਸੀ ਰੋਟੀ! ਇਸੇ ਕਰਕੇ ਤਾਂ ਇਹ ਤੇ ਹੋਰ ਅਜਿਹੇ ਨਾਂ ਪੰਜਾਬ ਦੇ ਲੋਕ-ਹਿਤੈਸ਼ੀ ਸਾਹਿਤਕ-ਸਭਿਆਚਾਰਕ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਹੋਏ ਮਿਲਦੇ ਹਨ।
ਗੁਰਚਰਨ ਨੂੰ ਮੈਂ ਪਹਿਲਾਂ-ਪਹਿਲ ਇਨ੍ਹਾਂ ਅਮਨ-ਕਾਨਫ਼ਰੰਸਾਂ ਵਿਚ ਹੀ ਦੇਖਿਆ-ਸੁਣਿਆ। ਉਸੇ ਦੌਰ ਵਿਚ ਉਹਦੀਆਂ ਤੇ ਕੁਝ ਹੋਰ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਰੂਸ ਵਿਚ ਛਪ ਗਈਆਂ। ਉਸ ਜ਼ਮਾਨੇ ਵਿਚ ਪੰਜਾਬੀ ਅਖ਼ਬਾਰਾਂ-ਰਸਾਲਿਆਂ ਵਿਚ ਇਹ ਬੜੀ ਵੱਡੀ ਖ਼ਬਰ ਬਣੀ। ਉਨ੍ਹੀਂ ਦਿਨੀਂ, 1953 ਵਿਚ, ਜਦੋਂ ਉਹਦਾ ਨਾਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਿਆ ਹੋਇਆ ਸੀ, ਉਹਦਾ ਪਹਿਲਾ ਕਵਿਤਾ-ਸੰਗ੍ਰਹਿ 'ਕਣਕਾਂ ਦੀ ਖ਼ੁਸ਼ਬੋ' ਛਪਿਆ। ਉਹ ਉਨ੍ਹਾਂ ਸੁਭਾਗੀਆਂ ਪੁਸਤਕਾਂ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਦੀ ਚਰਚਾ ਆਪਣੇ ਲੇਖਕ ਦੀ ਰਚਨਾਕਾਰੀ ਦੀ ਪੁਖ਼ਤਾ ਬੁਨਿਆਦ ਬਣ ਜਾਂਦੀ ਹੈ। ਇਸ ਪੁਸਤਕ ਦੀ ਪ੍ਰਸੰਗਕਤਾ ਤੇ ਮਹੱਤਤਾ ਦੀ ਸੂਹ ਇਹਦੀਆਂ ਕਵਿਤਾਵਾਂ ਦੇ ਨਾਂਵਾਂ ਤੋਂ ਹੀ ਮਿਲ ਜਾਂਦੀ ਹੈ ਜਿਵੇਂ ਰਾਜ ਮਹਿਲ ਦਾ ਹਾਲ, ਦਿੱਲੀ, ਅਮਨ ਦਾ ਗੀਤ, ਪਿਆਰਾਂ ਦੀ ਗਲਵੱਕੜੀ, ਚਾਨਣ ਦੀ ਜੰਞ ਢੁੱਕੇ, ਸੰਘਰਸ਼, ਕਣਕਾਂ ਦੀ ਖ਼ੁਸ਼ਬੋ, ਲੋਕ-ਚੀਨ ਨੂੰ ਸਲਾਮ, ਹਾਕਮ ਕੁਰਸੀ ਬੈਠਿਆ, ਕੋਰੀਆ, ਅਸੀਂ ਜਵਾਨ ਜਗਤ ਦੇ, ਘੁੱਗੀ ਸੋਂਹਦੀ ਫ਼ਰੇਰੇ 'ਤੇ, ਪੰਜਾਬ ਸਾਡਾ, ਬਸੰਤੀ ਰੰਗ ਖਿੜਨਾ ਹੈ, ਹੋਏਗੀ ਨਾ ਲਾਮ, ਬਾਗ਼ੀਆਂ ਦਾ ਗੀਤ ਆਦਿ।
ਗੁਰਚਰਨ ਨਾਲ ਮੇਰਾ ਵਾਹ ਓਦੋਂ ਪਿਆ ਜਦੋਂ ਉਹ ਕੈਨੇਡਾ ਜਾ ਚੁੱਕਿਆ ਸੀ ਤੇ ਇਧਰ ਲੇਖਕ ਵਜੋਂ ਮੇਰੀ ਕੁਝ ਕੁਝ ਪਛਾਣ ਬਣਨ ਲੱਗ ਪਈ ਸੀ। ਛੇਤੀ ਹੀ ਇਹ ਦੁਰੇਡੀ ਪਛਾਣ ਦੋਸਤੀ ਬਣ ਨਿੱਸਰ ਪਈ। ਇਕ ਵਾਰ ਦੇਸ ਆਉਂਦਾ ਹੋਇਆ ਉਹ ਹਵਾਈ ਅੱਡੇ ਤੋਂ ਮੇਰੇ ਘਰ ਆ ਗਿਆ। ਪਹਿਲੀ ਵਾਰ ਆਇਆ ਪਰ ਚਿਰ-ਆਉਂਦਿਆਂ ਵਾਂਗ ਆਇਆ। ਮੇਰੀ ਸਾਥਣ ਦਾ ਨਾਂ ਗੁਰਚਰਨ ਸੁਣ ਕੇ ਬੋਲਿਆ, "ਲਉ, ਇਹ ਤਾਂ ਸਾਡੀ ਕੁੜੀ ਦਾ ਹੀ ਘਰ ਨਿਕਲਿਆ!''
'ਕਣਕਾਂ ਦੀ ਖ਼ੁਸ਼ਬੋ' ਤੋਂ ਮਗਰੋਂ ਉਹਦੇ ਛੇ ਕਵਿਤਾ-ਸੰਗ੍ਰਹਿ, ਕੌਲ-ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ ਤੇ ਅਗਨਾਰ, ਪ੍ਰਕਾਸ਼ਿਤ ਹੋਏ। 2001 ਵਿਚ ਉਹਨੇ ਇਹ ਸਾਰੀਆਂ ਪੁਸਤਕਾਂ ਉਸੇ ਰੂਪ ਵਿਚ 'ਅੱਜ ਤੋਂ ਆਰੰਭ ਤਕ' ਨਾਂ ਹੇਠ ਇਕੋ ਜਿਲਦ ਵਿਚ ਸਾਂਭ ਦਿੱਤੀਆਂ। ਆਮ ਰਿਵਾਜ ਦੇ ਉਲਟ ਉਹਨੇ ਅੰਤਲੀ ਪੁਸਤਕ ਸ਼ੁਰੂ ਵਿਚ ਤੇ ਪਹਿਲੀ ਪੁਸਤਕ ਅੰਤ ਵਿਚ ਦਿੱਤੀ। ਉਹਦਾ ਕਹਿਣਾ ਸੀ ਕਿ ਪਾਠਕ ਮੇਰੀ ਕਵਿਤਾ ਦਾ ਵਰਤਮਾਨ ਜਾਣ ਕੇ ਇਹ ਦੇਖੇ ਕਿ ਮੈਂ ਕਿਹੜੇ ਕਿਹੜੇ ਪੰਧ ਮਾਰਨ ਵਾਸਤੇ ਕਿੱਥੋਂ ਤੁਰਿਆ ਸੀ। ਇਸ ਮਗਰੋਂ ਵੀ ਉਹਦੀ ਇਕ ਪੁਸਤਕ 'ਦੋਹਾਵਲੀ' ਆਈ ਜਿਸ ਵਿਚ, ਜਿਵੇਂ ਨਾਂ ਤੋਂ ਹੀ ਜ਼ਾਹਿਰ ਹੈ, ਉਹਦੇ ਲਿਖੇ ਹੋਏ ਦੋਹੇ ਸ਼ਾਮਲ ਹਨ।
ਸਮਾਂ ਬਦਲਦਾ ਰਿਹਾ, ਵਾਦ ਆਉਂਦੇ-ਜਾਂਦੇ ਰਹੇ, ਪਰ ਸਾਹਿਤ ਦੀ ਲੋਕ-ਹਿਤੈਸ਼ੀ ਭੂਮਿਕਾ ਦੇ ਉਹਦੇ ਨਿਸਚੇ ਵਿਚ ਕੋਈ ਫ਼ਰਕ ਨਾ ਆਇਆ। ਉਹ ਲਿਖਦਾ ਹੈ, "ਮੈਨੂੰ ਜਾਪਦਾ ਹੈ ਕਿ ਮੈਂ ਆਪਣੇ ਸਮੇਂ ਦੀ ਹੀ ਗੱਲ ਕਰਨ ਜੋਗਾ ਹਾਂ। ਰਹੱਸਵਾਦੀ ਅਧਿਆਤਮਿਕ ਗਗਨ ਮੰਡਲਾਂ ਲਈ ਮੈਂ ਕਦੇ ਆਪਣੇ ਮਨ ਵਿਚ ਧੂਹ ਪੈਂਦੀ ਮਹਿਸੂਸ ਨਹੀਂ ਕੀਤੀ। ਇਹ ਮੰਡਲ ਅਤੇ ਮੈਂ ਇਕ ਦੂਜੇ ਲਈ ਅਜਨਬੀ ਹਾਂ। ਮੈਨੂੰ ਤਾਂ ਸਾਡੀ ਦੁਨੀਆ ਅਤੇ ਇਸਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਹੀ ਦਿਲਚਸਪੀ ਹੈ।... ਕਲਮ ਦੀ ਸਮਰੱਥਾ ਅਤੇ ਸੀਮਾ ਭਾਵੇਂ ਪਰਤੱਖ ਹੈ ਪਰ ਅਸੀਂ ਕਲਮਕਾਰ ਸੱਚ ਦੇ ਵੇਲ਼ੇ ਸੱਚ ਸੁਣਾਏ ਬਿਨਾਂ ਆਪਣਾ ਫ਼ਰਜ਼ ਅਦਾ ਨਹੀਂ ਕਰ ਸਕਦੇ।''
ਉਹ ਸਾਹਿਤ ਲਈ ਸਭਾਵਾਂ ਦੀ ਅਤੇ ਸਮਾਜ ਲਈ ਸਾਹਿਤ ਦੀ ਲੋੜ ਬਾਰੇ ਮੁੱਢੋਂ ਹੀ ਚੇਤੰਨ ਸੀ। ਉਹਨੇ ਲੇਖਕ ਸਾਥੀਆਂ ਨਾਲ਼ ਮਿਲ ਕੇ 1953 ਵਿਚ ਪੰਜਾਬ ਦੀ ਪਹਿਲੀ ਸਾਹਿਤ ਸਭਾ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਕਾਇਮ ਕੀਤੀ ਜੋ ਉਸ ਸਮੇਂ ਤੋਂ ਅੱਜ ਤੱਕ ਸਭ ਤੋਂ ਸਰਗਰਮ ਸਾਹਿਤ ਸਭਾ ਮੰਨੀ ਜਾਂਦੀ ਹੈ। ਸਾਹਿਤ ਨੂੰ ਲੋਕਾਂ ਦੇ ਹੱਥਾਂ ਤੱਕ ਪੁਜਦਾ ਕਰਨ ਲਈ ਉਹਨੇ ਕੁਝ ਸਾਲ ਪਹਿਲਾਂ ਚਾਰ ਲੱਖ ਰੁਪਏ ਲਾ ਕੇ ਆਪਣੇ ਜੱਦੀ ਪਿੰਡ ਰਾਮਪੁਰ ਵਿਚ ਪਿਤਾ ਸ੍ਰ. ਮੋਹਨ ਸਿੰਘ ਦੇ ਨਾਂ ਨਾਲ਼ ਲਾਇਬਰੇਰੀ ਬਣਾਈ ਜਿਸ ਨੂੰ ਲਿਖਾਰੀ ਸਭਾ ਦੇ ਸਾਥੀ ਚਲਾ ਰਹੇ ਹਨ। ਕੈਨੇਡਾ ਪਹੁੰਚਿਆ ਤਾਂ ਉਹਨੇ ਪਹਿਲਾ ਕੰਮ ਉੱਥੋਂ ਦੇ ਪੰਜਾਬੀ ਲੇਖਕਾਂ ਨੂੰ ਸੰਗਠਿਤ ਕਰਨ ਦਾ ਕੀਤਾ। 1976 ਵਿਚ ਉਹਨੇ ਕੈਨੇਡਾ ਵਿਚ ਵਸੇ ਏਸ਼ੀਆਈ ਕਵੀਆਂ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਸੰਗ੍ਰਹਿ 'ਗਰੀਨ ਸਨੋਅ' ਦੇ ਨਾਂ ਹੇਠ ਛਪਵਾਇਆ।
ਉਹ ਇਧਰਲੇ ਹਾਲਾਤ ਨਾਲ਼ ਪੂਰੀ ਤਰ੍ਹਾਂ ਜੁੜਿਆ ਰਹਿਣਾ ਚਾਹੁੰਦਾ ਸੀ। ਉਹਦਾ ਫੋਨ ਮੈਨੂੰ ਕਦੀ ਵੀ ਪੰਜਾਹ-ਸੱਠ ਮਿੰਟ ਤੋਂ ਛੋਟਾ ਨਹੀਂ ਸੀ ਆਇਆ। ਸਾਹਿਤਕ ਚਰਚਾ ਮੁਕਾ ਕੇ ਅਸੀਂ ਪੰਜਾਬ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਤ ਦੀ ਪੁਣਛਾਣ ਕਰਦੇ। ਉਹ ਇਧਰਲਾ ਚੱਕਰ ਮਾਰਦਾ ਤਾਂ ਇਕ ਥਾਂ ਟਿਕ ਕੇ ਨਹੀਂ ਸੀ ਬੈਠਦਾ। ਉਹਦੀ ਕੋਸ਼ਿਸ਼ ਲੇਖਕਾਂ, ਰਿਸ਼ਤੇਦਾਰਾਂ ਤੇ ਹੋਰ ਆਪਣਿਆਂ ਨਾਲ਼ ਵੱਧ ਤੋਂ ਵੱਧ ਮੇਲ-ਮੁਲਾਕਾਤਾਂ ਨਿਭਾਉਣ ਦੀ ਹੁੰਦੀ। ਉਹਨੇ ਆਪਣੇ ਸਭ ਤੋਂ ਪਿਆਰੇ ਦੋਸਤ ਸੰਤੋਖ ਸਿੰਘ ਧੀਰ ਕੋਲ ਪਹੁੰਚਣਾ ਹੁੰਦਾ ਤਾਂ ਧੀਰ ਜੀ ਦਾ ਫੋਨ ਆਉਂਦਾ, "ਭੁੱਲਰ, ਬੁੱਧਵਾਰ ਨੂੰ ਗੁਰਚਰਨ ਆ ਰਿਹਾ ਹੈ, ਤੂੰ ਮੰਗਲ ਨੂੰ ਹੀ ਆ ਜਾਈਂ।'' ਮੈਂ ਆਖਦਾ, ''ਧੀਰ ਜੀ, ਉਹ ਮੇਰੇ ਕੋਲ਼ੋਂ ਤਾਂ ਗਿਆ ਹੈ, ਮੈਂ ਕਾਹਦੇ ਲਈ ਆਵਾਂ!'' ਉਹ ਹੱਸਦੇ, "ਵੱਡਿਆਂ ਨਾਲ ਬਹੁਤੀ ਬਹਿਸ ਨਹੀਂ ਕਰਦੇ!'' ਤੇ ਫੋਨ ਬੰਦ ਕਰ ਦਿੰਦੇ।
ਇਕ ਦਿਨ ਮਹਿਫ਼ਲ ਸਜੀ ਤੋਂ ਧੀਰ ਜੀ ਕਹਿੰਦੇ, "ਗੁਰਚਰਨ, ਤੇਰੀ ਟਾਈ ਬਹੁਤ ਖ਼ੂਬਸੂਰਤ ਹੈ, ਕੱਲ੍ਹ ਲਾਹ ਦੇਈਂ।'' ਗੁਰਚਰਨ ਹੱਸਿਆ, "ਕੱਲ੍ਹ ਕੀਹਨੂੰ ਆਇਆ, ਹੁਣੇ ਲਾਹ ਦਿੰਦਾ ਹਾਂ। ਪਰ ਧੀਰ ਮੇਰੇ ਤਾਂ ਸਾਰੇ ਕੱਪੜੇ ਹੀ ਵਧੀਆ ਨੇ। ਮੈਨੂੰ ਜਾਂਦੇ ਨੂੰ ਬੁੱਕਲ ਮਾਰਨ ਨੂੰ ਕੋਈ ਖੇਸ ਦੇ ਦੇਈਂ।'' ਧੀਰ ਜੀ ਨੇ ਸਿਰ ਮਾਰਿਆ, "ਓ ਬਾਕੀ ਕੱਪੜੇ ਨਹੀਂ ਮੇਰੇ ਮੇਚ ਆਉਂਦੇ, ਬੱਸ ਤੂੰ ਟਾਈ ਲਾਹ ਜਾਈਂ।'' ਗੁਰਚਰਨ ਨੇ ਮੈਨੂੰ ਸ਼ਰਾਰਤੀ ਅੱਖ ਮਾਰੀ, "ਵੈਸੇ ਧੀਰ, ਮੇਰੀਆਂ ਕਵਿਤਾਵਾਂ ਵੀ ਤੇਰੀਆਂ ਕਵਿਤਾਵਾਂ ਨਾਲੋਂ ਬਹੁਤ ਖ਼ੂਬਸੂਰਤ ਨੇ!'' ਧੀਰ ਜੀ ਨੇ ਗਲਾਸ ਰੱਖਿਆ ਤੇ ਉਂਗਲ ਉੱਚੀ ਕੀਤੀ, "ਗ਼ਲਤ ਬਾਤ! ਗੁਰਚਰਨ ਰਾਮਪੁਰੀ, ਤੂੰ ਉਮਰੋਂ ਤਾਂ ਮੈਥੋਂ ਛੋਟਾ ਹੈਂ ਹੀ, ਕਵੀ ਹੋਰ ਵੀ ਬਹੁਤਾ ਛੋਟਾ ਹੈਂ!'' ਤੇ ਫੇਰ ਮੁਸਕਰਾਏ, "ਚੱਲ, ਗਲਾਸ ਚੱਕ!'' ਅਜਿਹੇ ਨਿਰਮਲ-ਚਿੱਤ ਮਨੁੱਖ! ਅਜਿਹੀਆਂ ਪੁਰਖ਼ਲੂਸ ਦੋਸਤੀਆਂ! ਖ਼ੁਸ਼ਕਿਸਮਤ ਹੁੰਦੇ ਹਨ ਮੇਰੇ ਵਰਗੇ ਉਹ ਲੋਕ ਜਿਨ੍ਹਾਂ ਨੂੰ ਅਜਿਹਾ ਸਾਥ ਮਾਣਨ ਦਾ ਅਵਸਰ ਮਿਲਦਾ ਹੈ।
ਸਰੀਰਕ ਅਹੁਰਾਂ ਨੇ ਗੁਰਚਰਨ ਨੂੰ ਕਾਫ਼ੀ ਅਗੇਤਾ ਹੀ ਘੇਰਨਾ ਸ਼ੁਰੂ ਕਰ ਦਿੱਤਾ ਸੀ। ਇਕ ਵਾਰ ਆਇਆ ਤਾਂ ਉਹਦੇ ਮੂੰਹੋਂ ਬਿੰਦੇ-ਝੱਟੇ "ਓਹੋ... ਹੋਹੋ... ਓਹੋ... ਹੋਹੋ...'' ਦਾ ਆਵਾਜ਼ਾ ਆ ਰਿਹਾ ਸੀ। ਉਹਦੀ ਇਕ ਲੱਤ ਨੂੰ ਸਿਆਟਿਕਾ ਦਰਦ ਨੇ ਮੁਸੀਬਤ ਪਾਈ ਹੋਈ ਸੀ। ਮੈਂ ਮਾਹੌਲ ਨੂੰ ਨਰਮ ਕਰਨ ਲਈ ਕਿਹਾ, "ਤੁਹਾਡੀ ਓਹੋ... ਹੋਹੋ... ਓਹੋ... ਹੋਹੋ... ਵੀ ਐਨ ਸੁਰ ਵਿਚ ਹੈ।'' ਉਹ ਹੱਸਿਆ, "ਓ ਭਾਈ, ਮੇਰਾ ਤਰੱਨਮ ਤੇ ਸੁਰਤਾਲ ਤਾਂ ਇਪਟਾ ਦੀਆਂ ਸਟੇਜਾਂ ਵੇਲ਼ੇ ਦਾ ਮੰਨਿਆ ਹੋਇਆ ਹੈ। ਮੇਰੀ ਹੂੰਗਰ ਬੇਤਾਲੀ ਕਿਵੇਂ ਹੋ ਸਕਦੀ ਹੈ।'' ਇਕ ਦਿਨ ਬੋਲਿਆ, "ਡਿੱਗ ਕੇ ਹੱਡੀ ਟੁੱਟ ਗਈ। ਹਸਪਤਾਲੋਂ ਪਾਜ ਲੁਆ ਕੇ ਲਿਆਇਆ ਹਾਂ।'' ਇਸ ਦੌਰਾਨ ਬੇਟੀ ਸੇਵਾਮੁਕਤ ਹੋ ਕੇ ਉਸ ਕੋਲ਼ ਆ ਗਈ। ਉਸ ਪਿੱਛੋਂ "ਬਥੇਰਾ ਧਿਆਨ ਰੱਖਣ ਦੇ ਬਾਵਜੂਦ'' ਉਹ ਡਿੱਗਦਾ ਰਿਹਾ ਤੇ ਹੱਡੀਆਂ ਇਕ ਇਕ ਕਰ ਕੇ ਟੁਟਦੀਆਂ ਰਹੀਆਂ। ਉਹ ਹੱਸਿਆ, "ਹੁਣ ਤਾਂ ਕੋਈ ਹੀ ਹੱਡੀ ਭਾਵੇਂ ਸਾਬਤ ਬਚੀ ਹੋਵੇ। ਹਸਪਤਾਲ ਵਾਲਿਆਂ ਨੇ ਵਾਕਰ ਦੇ ਦਿੱਤਾ ਹੈ।'' ਫੇਰ ਵਾਕਰ ਪਹੀਆ-ਕੁਰਸੀ ਵਿਚ ਬਦਲ ਗਿਆ। ਉਹ ਪਰ ਚੜ੍ਹਦੀ ਕਲਾ ਵਿਚ ਹੀ ਰਿਹਾ। ਲੰਮੇ ਫੋਨ ਕਰਦਾ, ਮੇਲ ਕਰਦਾ ਤੇ ਪੜ੍ਹਦਾ। ਮੈਨੂੰ ਆਪਣੀਆਂ ਲਿਖਤਾਂ ਯੂਨੀਕੋਡ ਵਿਚ ਭੇਜਣ ਲਈ ਆਖਦਾ, "ਓ ਭਾਈ, ਇਹ ਸਾਲ਼ੀਆਂ ਮਾਡਰਨ ਚੀਜ਼ਾਂ ਛੇਤੀ ਛੇਤੀ ਆਪਣੇ ਕਾਬੂ ਕਾਹਨੂੰ ਆਉਂਦੀਆਂ ਨੇ! ਮੈਨੂੰ ਕੰਪਿਊਟਰ ਸੂਤ-ਬਾਤ ਹੀ ਆਉਂਦੈ।''
ਅਜਿਹੇ ਲੋਕ ਵੀ ਹੁੰਦੇ ਹਨ ਜੋ ਬੁੱਲ੍ਹਾਂ ਉੱਤੇ ਇਹ ਸ਼ਬਦ ਲੈ ਕੇ ਦੇਸੋਂ ਵਿਦਾਅ ਹੁੰਦੇ ਹਨ, "ਰਹੀਏ ਅਬ ਐਸੀ ਜਗਹ ਚਲ ਕਰ ਜਹਾਂ ਕੋਈ ਨਾ ਹੋ। ਹਮ-ਸੁਖ਼ਨ ਕੋਈ ਨਾ ਹੋ ਔਰ ਹਮ-ਜ਼ੁਬਾਂ ਕੋਈ ਨਾ ਹੋ!'' ਇਹਦੇ ਉਲਟ ਗੁਰਚਰਨ ਸੱਤ ਸਮੁੰਦਰੋਂ ਪਾਰ ਬੈਠਾ ਪੰਜਾਬ ਵੱਲ, ਰਾਮਪੁਰ ਵੱਲ ਨਜ਼ਰਾਂ ਟਿਕਾ ਕੇ ਅੰਤਲੇ ਦਮ ਤੱਕ ਹਉਕਾ ਲੈਂਦਾ ਰਿਹਾ, "ਹਮ ਤੋ ਹੈਂ ਪਰਦੇਸ ਮੇਂ, ਦੇਸ ਮੇਂ ਨਿਕਲਾ ਹੋਗਾ ਚਾਂਦ!'' ਪਰਦੇਸ ਵਿਚ ਦਹਾਕੇ ਬੀਤ ਜਾਣ ਦੇ ਬਾਵਜੂਦ ਪੰਜਾਬ ਉਹਦੇ ਨਾਲ਼ ਨਾਲ਼ ਰਿਹਾ ਤੇ ਰਾਮਪੁਰ ਉਹਦੇ ਦਿਲ ਵਿਚ ਰਿਹਾ। ਇਕ ਦਿਨ ਫੋਨ ਆਇਆ ਤਾਂ ਡਾਢਾ ਦੁਖੀ! ਮੌਕੇ ਦੀ ਪੰਜਾਬ ਸਰਕਾਰ ਨੇ ਕੰਮ ਚਲਾਉਣ ਵਾਸਤੇ ਸਰਕਾਰੀ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨੂੰ ਰਾਮਪੁਰ ਦੀ ਨਹਿਰੀ ਕੋਠੀ ਵਿਕਾਊ ਕੀਤੀ ਹੋਣ ਦੀ ਸੋਅ ਲੱਗ ਗਈ ਸੀ। ਉਹ ਰੋਣਹਾਕਾ ਹੋਇਆ ਪਿਆ ਸੀ, "ਯਾਰ, ਉਸ ਕੋਠੀ ਦੀ ਤਾਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਹੀ ਬਹੁਤ ਵੱਡੀ ਹੈ!''
ਅਜਿਹੇ ਹਾਸਲਾਂ, ਚੇਤਿਆਂ, ਝੋਰਿਆ ਤੇ ਹੇਰਵਿਆਂ ਦੀ ਪੋਟਲੀ ਕੱਛੇ ਮਾਰ ਕੇ ਉਹ ਅਗਲੇ ਬੇਰਾਹ, ਬੇਪੜਾਅ, ਬੇਮੰਜ਼ਿਲ ਰਾਹ ਉੱਤੇ ਤੁਰ ਪਿਆ ਹੈ ਤਾਂ ਪਿੱਛੋਂ ਦਿਲ ਆਵਾਜ਼ ਦਿੰਦਾ ਹੈ, "ਦੇਸੋਂ ਤੂੰ ਪਰਦੇਸੀ ਹੋਇਆ, ਉਥੋਂ ਹੋ ਤੁਰਿਆ ਬਿਨਦੇਸੀ! ਚਿੱਠੀ-ਪੱਤਰ ਲਿਖਣਾ ਹੋਊ, ਦੱਸ ਕੇ ਜਾ ਸਿਰਨਾਵਾਂ!''
13 Oct. 2018