Kanwaljeet Kaur Dhillon

5 ਅਕਤੂਬਰ ਵਿਸ਼ਵ ਮੁਸਕੁਰਾਹਟ ਦਿਵਸ 'ਤੇ ਵਿਸ਼ੇਸ਼ : ਮੁਸਕੁਰਾਉਣਾ ਵੀ ਇਕ  ਅਦਾ ਹੈ - ਕੰਵਲਜੀਤ ਕੌਰ ਢਿੱਲੋਂ

ਅੱਜ ਦੇ ਇਸ ਆਧੁਨਿਕ ਅਤੇ ਤਕਨੀਕੀ ਯੁੱਗ ਦੇ ਵਿਚ ਸਾਨੂੰ ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਏਨੀ ਕੁ ਕਾਹਲ ਹੈ ਕਿ ਅਸੀਂ ਮੁਸਕੁਰਾਉਣਾ ਹੀ ਭੁੱਲ ਗਏ ਹਾਂ।ਕਦੀ-ਕਦੀ ਲੱਗਦਾ ਹੈ ਕਿ ਜਿਵੇਂ ਰੋਜ ਦੀ ਭੱਜ ਦੌੜ ਵਿਚ ਮੁਸਕੁਰਾਹਟ ਸਾਡੇ ਪੈਰਾਂ ਹੇਠ ਆ ਕੇ ਲਤਾੜੀ ਗਈ ਹੋਵੇ ਅਤੇ ਮਨੁੱਖ ਜਿਵੇਂ ਹੱਸਣਾ ਹੀ ਭੁੱਲ ਗਿਆ ਹੋਵੇ, ਹੱਸਣਾ ਸਾਡੇ ਸਿਹਤ ਲਈ ਇਕ ਦਵਾਈ ਹੈ।  ਮੁਸਕੁਰਾਹਟ ਇਕ ਐਸੀ ਚਾਬੀ ਹੈ, ਜੋ ਸਾਰਿਆਂ ਦੇ ਦਿਲਾਂ ਦਾ ਤਾਲਾ ਖੋਲ੍ਹਦੀ ਹੈ।ਸ਼ਾਇਦ ਮੁਸਕੁਰਾਹਟ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਹੀ ਹਾਰਵੇ ਬਾਲ ਨੇ ਅਕਤੂਬਰ ਮਹੀਨੇ ਦੇ ਪਹਿਲੇ ਸੁੱਕਰਵਾਰ ਨੂੰ ਮੁਸਕੁਰਾਹਟ ਦੇ ਨਾਂਅ ਕਰ ਦਿੱਤਾ।  ਇਸ ਤਰ੍ਹਾਂ 1999 ਵਿਚ ਅਕਤੂਬਰ ਮਹੀਨੇ ਦੇ ਪਹਿਲੇ ਸੁੱਕਰਵਾਰ ਤੋਂ ਵਿਸ਼ਵ ਮੁਸਕੁਰਾਹਟ ਦਿਵਸ ਮਨਾਉਣ ਦੀ ਸੁਰੂਆਤ ਹੋਈ। ਹਾਰਵੇ ਬਾਲ ਸਮਾਈਲ ਫੇਸ ਦਾ ਨਿਰਮਾਤਾ ਸੀ, ਜਿਨ੍ਹਾਂ ਦੀ ਵਰਤੋਂ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਨਾਲ ਜੁੜਿਆ ਹਰ ਵਿਅਕਤੀ ਕਰ ਰਿਹਾ ਹੈ।
 
    ਜਿੰਦਗੀ ਵਿਚ ਇਕ ਖੁਸ਼ੀ ਤੁਹਾਡੀ ਮੁਸਕੁਰਾਹਟ ਦਾ ਕਾਰਨ ਬਣਦੀ ਹੈ, ਪਰ ਕਦੀ-ਕਦੀ ਇਕ ਮੁਸਕੁਰਾਹਟ ਹੀ ਤੁਹਾਡੀ ਖੁਸ਼ੀ ਦਾ ਸਰੋਤ ਹੋ ਸਕਦੀ ਹੈ। ਚਿਹਰੇ 'ਤੇ ਆਈ ਇਕ ਹਲਕੀ ਜਿਹੀ ਮੁਸਕੁਰਾਹਟ ਇਕ ਆਮ ਚਿਹਰੇ ਨੂੰ ਵੀ ਆਕਰਸ਼ਿਤ ਬਣਾ ਦਿੰਦੀ ਹੈ। ਮੁਸਕੁਰਾਹਟ ਜਿਥੇ ਚਿਹਰੇ ਦੀ ਸੁੰਦਰਤਾ ਵਿਚ ਚਾਰ ਚੰਨ੍ਹ ਲਗਾਉਂਦੀ ਹੈ, ਉਥੇ ਹੀ ਬਹੁਤ ਸਾਰੇ ਦੁੱਖਾਂ ਦੀ ਦਵਾ ਵੀ ਬਣ ਜਾਂਦੀ ਹੈ। ਦਫ਼ਤਰ ਤੋਂ ਥੱਕ ਹਾਰ ਕੇ ਆਏ ਪਤੀ ਦਾ ਸਵਾਗਤ ਜੇ ਪਤਨੀ ਵਲੋਂ ਮੁਸਕੁਰਾ ਕੇ ਕੀਤਾ ਜਾਵੇ ਤਾਂ ਉਸ ਦੀ ਦਿਨ ਭਰ ਦੀ ਥਕਾਵਟ ਪਲਾਂ ਵਿਚ ਹੀ ਗਾਇਬ ਹੋ ਜਾਂਦੀ ਹੈ। ਆਪਣੇ ਬੱਚਿਆਂ ਨੂੰ ਮੁਸਕੁਰਾਉਂਦਿਆਂ ਦੇਖ ਕੇ ਇਕ ਮਾਂ ਆਪਣੇ ਸਾਰੇ ਦੁੱਖ  ਭੁੱਲ ਜਾਂਦੀ ਹੈ। ਹੱਸਦੇ ਮੁਸਕੁਰਾਉਂਦੇ ਚਿਹਰੇ ਜਿਥੇ ਆਕਰਸ਼ਣ ਦਾ ਕੇਂਦਰ ਹੁੰਦੇ ਹਨ, ਉਥੇ ਅਜਿਹੇ ਇਨਸਾਨਾਂ ਨਾਲ ਹਰ ਕੋਈ  ਆਪਣਾ ਰਿਸ਼ਤਾ ਬਣਾਉਣਾ ਚਾਹੁੰਦਾ ਹੈ।ਬੁੱਲਾਂ ਦੇ ਆਈ ਮੁਸਕੁਰਾਹਟ ਕਈ ਵਾਰੀ ਤੁਹਾਡੇ ਵਿਰੋਧੀ ਨੂੰ ਤੁਹਾਡੇ ਹੱਕ ਵਿਚ ਕਰ ਦਿੰਦੀ ਹੈ।

    ਜੇ ਤੁਸੀਂ ਕਿਸੇ ਦੀਆਂ ਅੱਖਾਂ ਵਿਚ ਦਰਦ ਦੇਖੋ ਤਾਂ  ਉਸ ਦੇ ਹੰਝੂ ਵੰਡਾਓ ਅਤੇ ਜੇਕਰ ਤੁਸੀਂ ਖੁਸ਼ੀਆਂ ਵੇਖੋ ਤਾਂ ਉਸ ਨਾਲ ਉਸ ਦੀ ਮੁਸਕੁਰਾਹਟ ਵੰਡਾਓ। ਮੁਸਕੁਰਾਹਟ ਇਕ ਅਜਿਹੀ ਦਵਾ ਹੈ, ਜੋ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੇ ਸੁਭਾਅ ਨੂੰ ਵੀ ਸੁਧਾਰਦੀ ਹੈ। ਇਕ ਮੁਸਕੁਰਾਹਟ ਹੀ ਤੁਹਾਡੀ ਉਮਰ ਨੂੰ ਵਧਾਉਂਦੀ ਹੈ ਅਤੇ ਤੁਹਾਡੀ ਜਿੰਦਗੀ ਨੂੰ ਤਨਾਅ ਮੁਕਤ ਕਰਦੀ ਹੈ। ਸਿਆਣੇ ਡਾਕਟਰ ਵੀ ਅਕਸਰ ਸਾਨੂੰ ਦਵਾਈ ਦੇਣ ਦੇ ਨਾਲ-ਨਾਲ ਖੁਸ਼ ਅਤੇ ਮੁਸਕੁਰਾਉਂਦੇ ਰਹਿਣ ਦੀ ਸਲਾਹ ਦਿੰਦੇ ਹਨ। ਕਈ ਵਾਰੀ ਮਰੀਜ ਨੂੰ ਡਾਕਟਰ ਵੱਲੋਂ ਮੁਸਕੁਰਾ ਕੇ ਦਿੱਤਾ ਗਿਆ  ਹੌਂਸਲਾ ਉਸ ਉੱਪਰ ਦਵਾ ਵਾਂਗ ਕੰਮ ਕਰਦਾ ਹੈ। ਮੁਸਕੁਰਾਉਣ ਦੇ ਨਾਲ Endoform  ਹਾਰਮੋਨ ਪੈਦਾ ਹੁੰਦੇ ਹਨ, ਜੋ ਸਾਡੀ ਜਿੰਦਗੀ 'ਚੋਂ ਤਨਾਅ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ। ਤੁਹਾਡੇ ਬੁੱਲ੍ਹਾਂ ਦੀ ਮੁਸਕੁਰਾਹਟ ਤੁਹਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਦੂਸਰਿਆਂ ਤੱਕ ਵਿਅਕਤ ਕਰਦੀ ਹੈ।

ਅੱਜ ਕੱਲ੍ਹ ਹਰ ਪਾਸੇ ਗਲੈਮਰ ਦਾ ਬੋਲਬਾਲਾ ਹੈ। ਰਾਸ਼ਟਰੀ  ਅਤੇ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਵਿਚ ਸੁੰਦਰੀਆਂ ਆਪਣੀ ਮੁਸਕੁਰਾਹਟ ਦਾ ਜਾਦੂ ਖਿਲਾਰਦੀਆਂ ਅਕਸਰ ਨਜ਼ਰ ਆ ਜਾਂਦੀਆਂ ਹਨ। ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ''ਮਧੂਬਾਲਾ'' ਦੀ ਮੁਸਕੁਰਾਹਟ ਨੂੰ ਅੱਜ ਤੱਕ ਅਸੀਂ ਭੁਲਾ ਨਹੀਂ ਸਕੇ। ਇਕ ਮੁਸਕੁਰਾਉਂਦਾ ਚਿਹਰਾ ਵਹਿੰਦੇ ਹੋਏ ਪਾਣੇ ਦੇ ਝਰਨੇ ਵਾਂਗ ਹੈ, ਜਿਸ ਨਾਲ ਤੁਹਾਡੇ ਆਸ-ਪਾਸ ਦਾ ਵਾਤਾਵਰਨ ਮੁਸਕੁਰਾਉਂਦਾ ਹੋਇਆ ਨਜ਼ਰ ਆਵੇਗਾ।

    ਹਮੇਸ਼ਾਂ ਖੁਸ਼ ਰਹਿਣ ਅਤੇ ਮੁਸਕੁਰਾਹਟਾਂ ਵੰਡਣ ਦੀ ਕੋਸ਼ਿਸ਼  ਕਰੋ। ਇਕ ਮੁਸਕਾਨ ਹੀ ਐਸਾ ਗਹਿਣਾ ਹੈ, ਜਿਸ ਨੂੰ ਤੁਸੀਂ ਪਹਿਨੋਗੇ ਤਾਂ ਤੁਹਾਡੇ ਚੰਗੇ ਦੋਸਤ ਬਣਨਗੇ। ਹਮੇਸ਼ਾਂ ਮੁਸਕੁਰਾਉਂਦੇ ਰਹੋ, ਕਿਉਂਕਿ ਤੁਸੀਂ ਇਸ ਗੱਲ ਤੋਂ ਹਮੇਸ਼ਾਂ ਅਨਜਾਣ ਹੋ ਕਿ ਕੋਈ ਤੁਹਾਨੂੰ ਦੇਖ ਰਿਹਾ ਹੈ ਅਤੇ ਇਹ ਯਾਦ ਰੱਖੋ ਕਿ ਮੁਸਕਰਾਉਣਾ ਵੀ ਇਕ ਅਦਾ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਸਕਦੇ ਹਾਂ।

-ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email kanwaldhillon16@gmail.com

04 Oct. 2018

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ - ਕੰਵਲਜੀਤ ਕੌਰ ਢਿੱਲੋਂ

ਸ੍ਰ: ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ , 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਵਾਲਾਂ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਸ੍ਰ: ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ(ਪੰਜਾਬ) ਵਿੱਚ ਸਥਿਤ ਹੈ। ਸਰਕਾਰ ਦੁਆਰਾ ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ।
ਸ੍ਰ: ਭਗਤ ਸਿੰਘ ਨੂੰ ਅਜ਼ਾਦੀ ਦੀ ਗੁੜਤੀ ਆਪਣੇ ਪਰਿਵਾਰ ਵਿੱਚੋ ਹੀ ਮਿਲੀ ਸੀ। ਆਪ ਦੇ ਦਾਦਾ ਜੀ ਸ੍ਰ: ਅਰਜਨ ਸਿੰਘ ਇੱਕ ਵਾਹੀਕਾਰ ਦੇ ਨਾਲ-ਨਾਲ ਯੂਨਾਨੀ ਹਿਕਮਤ ਦੇ ਮਾਹਿਰ ਸਨ। ਉਹ ਬਹੁਤ ਸਾਰੀਆਂ ਭਾਸ਼ਾ ਦਾ ਗਿਆਨ ਰੱਖਦੇ ਸਨ ਅਤੇ ਆਸ-ਪਾਸ ਦੇ ਇਲਾਕੇ ਵਿੱਚ ਇੱਕ ਵਿਦਵਾਨ ਵੱਜੋਂ ਜਾਣੇ ਜਾਂਦੇ ਸਨ। ਸ੍ਰ: ਭਗਤ ਸਿੰਘ ਦੇ ਪਿਤਾ ਸ੍ਰ: ਕਿਸ਼ਨ ਸਿੰਘ ਬਹੁਤ ਵੱਡੇ ਸਮਾਜ ਸੇਵਕ ਸਨ। ਉਹਨਾਂ ਨੇ ਸਮੇਂ - ਸਮੇਂ ਆਈਆ ਕੁਦਰਤੀ ਆਫ਼ਤਾ ਸਮੇਂ ਲੋਕਾਂ ਦੀ ਵੱਧ-ਚੱੜ੍ਹ ਕੇ ਮਦਦ ਕੀਤੀ। ਕਿਸ਼ਨ ਸਿੰਘ ਜੀ ਕਾਂਗਰਸ ਦੇ ਮੈਂਬਰ ਬਣੇ ਅਤੇ 1906 ਵਿੱਚ ਕਿਸ਼ਨ ਸਿੰਘ ਨੇ ਸਿਆਸਤ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸ੍ਰ: ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਵੀ ਇੱਕ ਸਿਰਕੱਢ ਸਵਤੰਤਰਤਾ ਸਗਰਾਮੀ ਹੋਣ ਦੇ ਨਾਲ-ਨਾਲ ਇੱਕ ਪ੍ਰਭਾਵਸ਼ਾਲੀ ਬੁਲਾਰੇ ਵੀ ਸਨ। ਉਸ ਸਮੇਂ ਕੋਈ ਅੰਗਰੇਜ਼ਾ ਦੇ ਖਿਲਾਫ਼ ਡਰਦਾ ਮੂੰਹ ਨਹੀਂ ਸੀ ਖੋਲਦਾ। ਉਸਦੇ ਪ੍ਰਚਾਰ ਦਾ ਵਾਹੀਕਾਰਾ ਅਤੇ ਫ਼ੌਜ਼ੀਆ ਤੇ ਬਹੁਤ ਜਿਆਦਾ ਪ੍ਰਭਾਵ ਪਿਆ। ਜਿਸ ਦੇ ਕਾਰਨ ਉਹਨਾਂ ਨੂੰ ਕੈਦ ਕੱਟਣ ਦੇ ਨਾਲ ਦੇਸ਼ ਨਿਕਾਲੇ ਦੀ ਸ਼ਜਾ ਵੀ ਭੁਗਤਣੀ ਪਈ। ਸ੍ਰ: ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਸਿੰਘ ਦੇ ਬਾਲ ਮਨ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲੋ ਪ੍ਰਾਪਤ ਹੋਈ ਸੀ ।
ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਲਈ ਅਤੇ 1916-17 ਈ.ਵਿੱਚ ਡੀ.ਏ.ਵੀ. ਸਕੂਲ ਲਹੌਰ ਵਿੱਚ ਦਾਖਲ ਹੋਇਆ। ਇਸ ਸਕੂਲ ਨੂੰ ਅੰਗਰੇਜ਼ਾ ਦੁਆਰਾ ''ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ''ਕਿਹਾ ਗਿਆ। ਇਸ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜ੍ਹਾਵਾਂ ਦੇ ਚਲਦਿਆਂ ਗੁਰਮੁੱਖੀ ,ਹਿੰਦੀ ਅਤੇ ਬੰਗਾਲੀ ਭਾਸ਼ਾ ਵੀ ਗ੍ਰਹਿਣ ਕੀਤੀਆਂ।
1919 ਈ. ਵਿੱਚ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਸ੍ਰ: ਭਗਤ ਸਿੰਘ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਗਿਆ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਿਆ। ਇਸ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਰੋਹ ਭਰ ਦਿੱਤਾ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। 1921 ਵਿੱਚ ਭਗਤ ਸਿੰਘ ਨੇ ਆਪਣੀ ਦਸਵੀਂ ਦੀ ਪੜਾਈ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ ਵਿਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ਈ: ਵਿੱਚ ਲਹੌਰ ਵਿਖੇ ਦੇਸ਼ ਭਗਤਾਂ ਦੁਆਰਾ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰ ਕਾਲਜ ਦੇ ਪਹਿਲੇ ਸਾਲ ਵਿੱਚ ਦਾਖਲਾ ਮਿਲ ਗਿਆ। ਇਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਸ ਦੇ ਜਮਾਤੀ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਅਜਿਹੀ ਦੋਸਤੀ ਸ਼ਾਇਦ ਹੀ ਕਿਸੇ ਨੇ ਅੱਜ ਤੱਕ ਨਿਭਾਈ ਹੋਵੇ। ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਉਸ ਨੇ ਕਾਲਜ ਦੇ ਨੈਸ਼ਨਲ ਨਾਟਕ ਕਲੱਬ ਦੇ ਅੰਤਰਗਤ ਇਨਕਲਾਬੀ ਡਰਾਮੇ ਖੇਡੇ। ਸੋਹਣੀ ਸ਼ਕਲ ਸੂਰਤ ਅਤੇ ਸੁਰੀਲੀ ਅਵਾਜ਼ ਦੀ ਬਦੌਲਤ ਭਗਤ ਸਿੰਘ ਨੇ ਬਹੁਤ ਸਾਰ ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਇਨਕਲਾਬੀ ਗੀਤ ਗਾਏ। ਅੰਗਰੇਜ਼ ਸਰਕਾਰ ਦੁਆਰਾ ਇਸ ਕਲੱਬ ਉੱਤੇ ਇਨਕਲਾਬੀ ਨਾਟਕ ਖੇਡਣ ਕਾਰਨ ਪਾਬੰਦੀ ਲਗਾ ਦਿੱਤੀ ਗਈ।1923 ਵਿੱਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ਵਿੱਚ ਸ੍ਰ: ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ।1923 ਵਿੱਚ ਹੀ ਘਰਦਿਆਂ ਦੁਆਰਾ ਵਿਆਹ ਲਈ ਜੋਰ ਪਾਉਣ ਤੇ ਉਸ ਨੇ ਘਰ ਛੱਡ ਦਿੱਤਾ ਅਤੇ ਕਾਨਪੁਰ ਚਲਾ ਗਿਆ। ਅਸਲ ਵਿੱਚ ਉਹ ਆਪਣਾ ਵਿਆਹ ਲਾੜੀ ਮੌਤ ਨਾਲ ਕਰਾਉਣਾ ਚਾਹੁੰਦਾ ਸੀ। ਕਾਨਪੁਰ ਵਿੱਚ ਸ੍ਰ: ਭਗਤ ਸਿੰਘ ਨੇ ਆਪਣਾ ਨਾਮ ਬਲਵੰਤ ਸਿੰਘ ਰੱਖ ਕੇ ਕੁੱਝ ਦੇਰ ਪ੍ਰਤਾਪ ਪ੍ਰੈਸ ਵਿੱਚ ਕੰਮ ਕੀਤਾ।1925 ਵਿੱਚ ਦਾਦੀ ਦੀ ਬਿਮਾਰੀ ਕਾਰਨ ਉਸ ਨੂੰ ਵਾਪਸ ਲਹੌਰ ਵਿਖੇ ਆਪਣੇ ਪਿੰਡ ਆਉਣਾ ਪਿਆ। ਭਗਤ ਸਿੰਘ ਦੀ ਦਾਦੀ ਭਗਤ ਸਿੰਘ ਨੂੰ ਭਾਗਾਂਵਾਲਾ ਕਹਿ ਕੇ ਬੁਲਾਉਂਦੀ ਸੀ।
13 ਮਾਰਚ 1926 ਈ: ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਮਿਲਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਜੋ ਕਿ ਇਨਕਲਾਬੀ ਗਤੀਵਿਧੀਆਂ ਲਈ ਇੱਕ ਖੁੱਲਾ ਮੰਚ ਸੀ। ਇਸ ਸਭਾ ਵਿੱਚ ਭਗਤ ਸਿੰਘ ਨੇ ਜਨਰਲ ਸਕੱਤਰ ਦੀ ਭੂਮਿਕਾ ਨਿਭਾਈ।ਇਸ ਸਭਾ ਦੀ ਪਹਿਲੀ ਕਾਨਫਰੰਸ 11-12-13 ਅਪ੍ਰੈਲ 1928 ਨੂੰ ਹੋਈ।1927 ਵਿੱਚ ਕਾਕੋਰੀ ਕਾਂਡ ਰੇਲ ਗੱਡੀ ਡਾਕੇ ਦੇ ਸਬੰਧ ਵਿੱਚ ਸ੍ਰ:ਭਗਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਹੌਰ ਵਿੱਚ ਦੁਸਹਿਰੇ ਮੌਕੇ ਹੋਏ ਬੰਬ ਧਮਾਕੇ ਦਾ ਵੀ ਦੋਸ਼ ਮੜ੍ਹ ਦਿੱਤਾ ਗਿਆ। 60 ਹਜ਼ਾਰ ਰੁਪਏ ਜਮਾਨਤ ਅਤੇ ਚੰਗੇ ਚਾਲ - ਚਲਣ ਕਾਰਨ ਸ੍ਰ: ਭਗਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।
ਸ੍ਰ: ਭਗਤ ਸਿੰਘ ਜਿੱਥੇ ਇੱਕ ਸਿਰਕੱਢ ਕ੍ਰਾਂਤੀਕਾਰੀ ਸੀ ਉੱਥੇ ਉੱਘਾ ਵਿਦਵਾਨ ਸੀ। ਉਸਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਪੁਲਾਘਾਂ ਭਰੀਆ। ਸ੍ਰ:ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਸਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਉਹ ਆਪਣੇੇ ਨਾਲ ਹਰ ਵੇਲੇ ਕਿਤਾਬ ਅਤੇ ਪਸਤੌਲ ਰੱਖਦਾ ਸੀ।
30 ਅਕਤੂਬਰ 1928 ਈ: ਨੂੰ ਸਾਈਮਨ ਕਮਿਸ਼ਨ ਲਹੌਰ ਪਹੁੰਚਿਆਂ। ਇਸ ਕਮਿਸ਼ਨ ਦੇ ਖਿਲਾਫ਼ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਹਰੇ ਲਗਾਏ। ਇਸ ਜਲੂਸ ਵਿਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਪੁਲਿਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵੱਧਦਾ ਗਿਆ ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਲਾਠੀ ਚਾਰਜ਼ ਕੀਤਾ ਜਿਸ ਵਿੱਚ ਲਾਲਾ ਲਾਜਪਤ ਰਾਏ ਦੇ ਸਿਰ ਵਿੱਚ ਗਹਿਰੀ ਸੱਟ ਲੱਗਣ ਕਾਰਨ ਕੁੱਝ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇੱਕ ਯੋਜਨਾ ਬਣਾਈ ਜਿਸ ਦੇ ਅੰਤਰਗਤ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ ਤੇ ਸਕਾਟ ਦੀ ਜਗ੍ਹਾਂ ਸਹਾਇਕ ਪੁਲਿਸ ਮੁੱਖੀ ਜੇ.ਪੀ.ਸਾਂਡਰਸ ਮੋਟਰਸਾਈਕਲ ਤੇ ਦਫ਼ਤਰੋ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ।
ਸ੍ਰ: ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ਵਿੱਚ ਨਹੀਂ ਸੀ। ਉਸਨੇ ਪਬਲਿਕ ਸੇਫ਼ਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੰਬਲੀ ਵਿੱਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ।ਇਸ ਲਈ ਸ੍ਰ: ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅ੍ਰਪੈਲ 1929 ਨੂੰ ਕੇਂਦਰੀ ਅਸੰਬਲੀ ਦੇ ਸੈਂਟਰਲ ਹਾਲ ਵਿੱਚ ਖਾਲੀ ਥਾਂ ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ-ਜਿੰਦਾਬਾਦ ਦੇ ਨਾਹਰੇ ਲਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ। ਪਰ ਉਹਨਾਂ ਨੇ ਆਪਣੀ ਇੱਛਾਂ ਨਾਲ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਉੱਤਰ ਦਿੱਤਾ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲਣਾ ਸੀ। ਇਨਕਬਾਲ ਜਿੰਦਾਬਾਦ ਦਾ ਨਾਹਰਾ ਪਹਿਲੀ ਵਾਰ ਸ੍ਰ: ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਹਰਾ ਬਣ ਗਿਆ।
ਸ੍ਰ: ਭਗਤ ਸਿੰਘ ਅਤੇ ਬੀ.ਕੇ.ਦੱਤ ਵਿਰੁੱਧ ਚਲਾਨ ਏ.ਡੀ.ਐਮ. ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਨੇ ਆਪਣੀ ਕਨੂੰਨੀ ਚਾਰਾਜੋਈ ਲਈ ਕੋਈ ਵੀ ਵਕੀਲ ਨਹੀਂ ਕੀਤਾ ਅਤੇ ਆਪਣੀ ਵਕਾਲਤ ਖੁੱਦ ਕਰਦੇ ਰਹੇ। 10 ਜੂਨ, 1929 ਨੂੰ ਅਦਾਲਤ ਦੀ ਸੁਣਵਾਈ ਖਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਂਦ ਦੀ ਸਜ਼ਾ ਸੁਣਾ ਦਿੱਤੀ ਗਈ। ਅਸੰਬਲੀ ਬੰਬ ਕੇਸ ਦੀ ਸਜ਼ਾ ਤੋਂ ਬਾਅਦ ਸ੍ਰ: ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਅਤੇ ਬੀ.ਕੇ. ਦੱਤ ਨੂੰ ਕੇਂਦਰੀ ਜੇਲ੍ਹ ਲਹੌਰ ਵਿਚ ਬਦਲ ਦਿੱਤਾ ਗਿਆ।25 ਜੂਨ, 1929 ਈ: ਨੂੰ ਭਗਤ ਸਿੰਘ ਨੂੰ ਸਾਂਡਰਸ ਕੇਸ ਦੇ ਸਬੰਧ ਵਿੱਚ ਕੇਂਦਰੀ ਜੇਲ੍ਹ ਲਹੌਰ ਭੇਜ ਦਿੱਤਾ ਗਿਆ। 10 ਜੁਲਾਈ ਨੂੰ ਸਾਂਡਰਸ ਕੇਸ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਕੇਸ ਦੇ ਦੌਰਾਨ ਸ: ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਵੱਲੋ ਦਿੱਤੇ ਗਏ ਮਾੜੇ ਖਾਣੇ ਅਤੇ ਮਾੜੇ ਵਤੀਰੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਸਰਕਾਰ ਦੁਆਰਾ ਅਨੇਕਾਂ ਯਤਨ ਕੀਤੇ ਗਏ। 63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਜਤਿਨ ਦਾਸ 13 ਸਤੰਬਰ 1929 ਈ: ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਹਰ ਤਰਫ ਫੈਲ ਗਈ। ਬਾਰ -ਬਾਰ ਭੁੱਖ ਹੜਤਾਲ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਸਰਕਾਰ ਨੂੰ ਕ੍ਰਾਂਤੀਕਾਰੀਆਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ।
ਸਾਂਡਰਸ ਕਤਲ ਦੇ ਕੇਸ ਦਾ ਮੁਕੱਦਮਾ 10 ਜੁਲਾਈ 1929 ਈ: ਨੂੰ ਜੇਲ੍ਹ ਵਿਚ ਹੀ ਵਿਸ਼ੇਸ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ੁਰੂ ਕੀਤਾ ਗਿਆ।ਇਸ ਮੁਕਦਮੇ ਵਿੱਚ 25 ਵਿਅਕਤੀ ਨਾਮਜ਼ਦ ਕੀਤੇ ਗਏ।ਇਨਕਲਾਬੀਆਂ ਨੇ ਇਸ ਮੁਕਦਮੇ ਪ੍ਰਤੀ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ। ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਉਹਨਾਂ ਦਾ ਮਕਸਦ ਕੇਵਲ ਫਾਂਸੀ ਚੜਨ ਤੱਕ ਹੀ ਸੀਮਿਤ ਸੀ। ਸ੍ਰ:ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਮੁਕਦਮੇ ਦੀ ਕਾਰਵਾਈ ਲਈ ਇੱਕ ਟ੍ਰਿਬਿਊਨਲ ਗਠਿਤ ਕੀਤਾ ਗਿਆ ਜਿਸ ਦੇ ਤਿੰਨ ਜੱਜ ਮੈਂਬਰ ਸਨ। ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫ਼ੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਥਾਪੜ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸਿਵ ਵਰਮਾ, ਗਆ ਪ੍ਰਸ਼ਾਦ , ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ , ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸ਼ਜਾ ਸੁਣਾਈ। ਅਸਲ ਵਿੱਚ ਇਹ ਹੁਕਮ ਤਾਂ ਸੱਤ ਸਮੁੁੰਦਰੋਂ ਪਾਰ ਤੋਂ ਆਇਆ ਸੀ।
ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਦੇ ਤੱਖਤੇ ਤੱਕ ਲਿਜਾਉਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਭਗਤ ਸਿੰਘ ਨੇ ਕਿਹਾ ਰੁਕੋ ਇੱਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨਾਲ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਭਗਤ ਸਿੰਘ ਕਿਤਾਬ ਦਾ ਪੰਨਾ ਮੋੜ ਪੁਲਿਸ ਕਰਮਚਾਰੀਆਂ ਨਾਲ ਤੁਰ ਪਿਆ। ਕਿਤਾਬ ਦਾ ਮੁੜਿਆ ਹੋਇਆ ਪੰਨਾਂ ਇੰਝ ਕਹਿ ਰਿਹਾ ਸੀ ਜਿਵੇਂ ਕਿ ਇਹ ਸੰਘਰਸ਼ ਅਧੂਰਾ ਹੈ ਜੋ ਆਉਣ ਵਾਲੀ ਪੀੜ੍ਹੀ ਪੂਰਾ ਕਰੇਗੀ।
ਸ੍ਰ:ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਫਾਂਸੀ ਦੇ ਤਖਤੇ ਤੇ ਪਹੁੰਚ ਕੇ ਆਖਰੀ ਇੱਛਾਂ ਪ੍ਰਗਟਾਉਦਿਆਂ ਕਿਹਾ ਕਿ ਉਹ ਆਪਸ ਵਿੱਚ ਗਲੇ ਮਿਲਣਾ ਚਾਹੁੰਦੇ ਹਨ ਅਤੇ ਫਾਂਸੀ ਦਾ ਰੱਸਾ ਚੁੰਮਣਾ ਚਾਹੁੰਦੇ ਹਨ। ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਗਈ ਅਤੇ ਤਿੰਨੇ ਯੋਧੇ ਲਹੌਰ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤੇ ਗਏ। ਇਸ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ। ਲੋਕਾਂ ਦੇ ਡਰ ਤੋਂ ਅਧਜਲੀਆਂ ਲਾਸ਼ਾਂ ਸਤਲੁਜ ਦਰਿਆ ਵਿਚ ਬਹਾ ਦਿੱਤੀਆਂ ਗਈਆਂ। ਇਸ ਤਰ੍ਹਾਂ ਇਹ ਮਰਜੀਵੜੇ ਇਸ ਬੇਰਹਿਮ ਅਤੇ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅੱਜ ਲੋੜ ਹੈ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਣ ਦੀ। ਬੇਸ਼ੱਕ ਭਗਤ ਸਿੰਘ ਤੇ ਉਸਦੇ ਸਾਥੀ ਅੱਜ ਜੀਵਤ ਨਹੀਂ ਹਨ ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email :kanwaldhillon16@gmail.com

26 Sep. 2018