Ujagar Singh

ਅਜਿਹੇ ਸਨ ਮਰਹੂਮ ਜਸਦੇਵ ਸਿੱਘ ਸੰਧੂ - ਉਜਾਗਰ ਸਿੰਘ

ਸਿਆਸਤਦਾਨਾ ਦੇ ਸਮਾਜ ਵਿਚ ਵਿਚਰਣ ਦੇ ਆਪੋ ਆਪਣੇ ਮਾਪ ਦੰਡ ਹੁੰਦੇ ਹਨ। ਕੁਝ ਸਿਆਸਤਦਾਨ ਤਾਂ ਲੋਕਾਂ ਦੇ ਵਿਚ ਘੁਲੇ ਮਿਲੇ ਰਹਿੰਦੇ ਪ੍ਰੰਤੂ ਬਹੁਤੇ ਸਿਆਸਤਦਾਨ ਵੋਟਾਂ ਮੌਕੇ ਹੀ ਪ੍ਰਗਟ ਹੁੰਦੇ ਹਨ। ਸਿਆਸਤਦਾਨਾ ਦਾ ਜੀਵਨ ਬਸਰ ਕਰਨ ਦਾ ਆਪੋ ਆਪਣਾ ਨੁਕਤਾ ਨਿਗਾਹ ਹੁੰਦਾ ਹੈ। ਮੈਂ ਇਕ ਅਜਿਹੇ ਵਿਦਵਾਨ ਸਿਆਸਤਦਾਨ ਬਾਰੇ ਦੱਸਣ ਲੱਗਾ ਹਾਂ ਜਿਹੜਾ ਸਿਰਫ ਆਪਣੀ ਕਿਸਮ ਦਾ ਇਕੋ ਇਕ ਸਿਆਸਤਦਾਨ ਹੈ ਜਿਸਨੇ ਆਪਣਾ ਸਾਰਾ ਸਿਆਸੀ ਜੀਵਨ ਸਾਦਗੀ ਦੇ ਨਾਲ ਲੋਕ ਸੇਵਾ ਦੇ ਲੜ ਲਾ ਦਿੱਤਾ। ਉਹ ਹਨ ਟਕਸਾਲੀ ਅਕਾਲੀ ਆਗੂ ਮਰਹੂਮ ਜਸਦੇਵ ਸਿੰਘ ਸੰਧੂ, ਜੋ ਪੰਜਾਬ ਵਿਚ ਮੰਤਰੀ ਰਹੇ ਸਨ। ਜਸਦੇਵ ਸਿੰਘ ਸੰਧੂ ਅਕਸਰ ਮੈਨੂੰ ਮੇਰੇ ਦੋਸਤ ਸਵਰਗਵਾਸੀ ਅਮਰੀਕ ਸਿੰਘ ਛੀਨਾ ਨਾਲ ਮਿਲਦੇ ਰਹੇ ਹਨ। ਫਿਰ ਮੇਰੇ ਉਨ੍ਹਾਂ ਨਾਲ ਨਜ਼ਦੀਕੀ ਸੰਬੰਧ ਹੋ ਗਏ। ਜਾਂ ਇਉਂ ਕਹਿ ਲਓ ਕਿ ਉਹ ਜਿਸ ਵੀ ਵਿਅਕਤੀ ਨੂੰ ਮਿਲਦੇ ਸਨ, ਜੇਕਰ ਉਹ ਵਿਅਕਤੀ ਉਨ੍ਹਾਂ ਦੀ ਨੁਕਤਾ ਨਿਗਾਹ ਵਿਚ ਸਹੀ ਲਗਦਾ ਸੀ ਤਾਂ ਉਹ ਉਸਨੂੰ ਆਪਣਾ ਬਣਾ ਲੈਂਦੇ ਸਨ। ਮੇਰੀ ਵੀ ਖ਼ੁਸ਼ਕਿਸਮਤੀ ਸੀ ਕਿ ਮੈਨੂੰ ਉਨ੍ਹਾਂ ਨਾਲ ਵਿਚਰਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਇਕ ਦੋ ਗੁਣਾ ਦੀ ਗੱਲ ਨਹੀਂ, ਉਹ ਤਾਂ ਗੁਣਾਂ ਦੀ ਗੁਥਲੀ ਸਨ। ਉਹ ਸਾਹਿਤਕਾਰ, ਖੋਜੀ, ਇਤਿਹਾਸਕਾਰ, ਵਕੀਲ, ਨਰਮ ਦਿਲ, ਸੁਹਜਾਤਮਿਕ ਅਤੇ ਦਰਵੇਸ਼ ਪ੍ਰਵਿਰਤੀ ਦੇ ਮਾਲਕ ਸਨ। ਉਨ੍ਹਾਂ ਨੂੰ ਚਲਦਾ ਫਿਰਦਾ ਇਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਸੀ। ਮੈਂ ਉਨ੍ਹਾਂ ਦੇ ਗੁਣਾ ਦੀਆਂ ਨਿੱਜੀ ਤਜ਼ਰਬੇ ‘ਤੇ ਅਧਾਰਤ ਉਦਾਹਰਨਾ ਦੇ ਕੇ ਲਿਖਾਂਗਾ। ਆਮ ਤੌਰ ਤੇ ਸਿਆਸਤਦਾਨ ਲੋਕਾਂ ਕੋਲੋਂ ਖਾਸ ਦਿਨਾ ‘ਤੇ ਤੋਹਫੇ ਭਾਲਦੇ ਹਨ। ਲੋਕ ਉਨ੍ਹਾਂ ਨੂੰ ਤੋਹਫੇ ਦਿੰਦੇ ਵੀ ਹਨ। ਮੈਂ ਜਸਦੇਵ ਸਿੰਘ ਸੰਧੂ ਨੂੰ ਲੋਕਾਂ ਨੂੰ ਤੋਹਫੇ ਦੇਂਦਿਆਂ ਆਪ ਅੱਖੀਂ ਵੇਖਿਆ ਹੈ। ਇਕ ਵਾਰ ਉਹ ਸ਼ਾਇਦ ਸੁਬਾਰਡੀਨੇਟ ਸਰਵਿਸ ਚੋਣ ਬੋਰਡ ਦੇ ਚੇਅਰਮੈਨ ਬਣੇ ਸਨ ਤਾਂ ਮੇਰੇ ਦਫਤਰ ਲੱਡੂਆਂ ਦੇ ਕਈ ਡੱਬੇ ਆਪ ਚੁੱਕ ਕੇ ਆ ਗਏ। ਮੈਂ ਕਿਹਾ ਇਤਨੇ ਡੱਬੇ ਕਾਹਦੇ ਹਨ ਅਤੇ ਕੀ ਕਰਨੇ ਹਨ ਤਾਂ ਕਹਿਣ ਲੱਗੇ ਇਹ ਮਠਿਆਈ ਦੇ ਡੱਬੇ ਹਨ, ਸਾਰੇ ਸਟਾਫ ਨੂੰ ਖਿਲਾ ਦਿਓ। ਤੁਹਾਡੇ ਕੋਲ ਬਹੁਤ ਪੱਤਰਕਾਰ ਅਤੇ ਹੋਰ ਲੋਕ ਆਉਂਦੇ ਹਨ, ਉਨ੍ਹਾਂ ਨੂੰ ਖਿਲਾ ਦੇਣਾ। ਸਿਆਸਤਦਾਨ ਕਿਸੇ ਵਸਤੂ ਨੂੰ ਆਪ ਚੁੱਕਣ ਵਿਚ ਹਤਕ ਸਮਝਦੇ ਹਨ। ਕੋਈ ਨਾ ਕੋਈ ਕਰਿੰਦਾ ਨਾਲ ਰੱਖਦੇ ਹਨ। ਮੈਂ ਪਟਿਆਲੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੱਗਿਆ ਹੋਇਆ ਸੀ। ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ। ਪ੍ਰੀਤਮ ਸਿੰਘ ਬਾਲਾ ਡਿਪਟੀ ਕਮਿਸ਼ਨਰ ਸਨ, ਉਨ੍ਹਾਂ ਦਾ ਘਨੌਰ ਦੇ ਨਜ਼ਦੀਕ ਕਿਸੇ ਪਿੰਡ ਵਿਚ ਸਮਾਗਮ ਸੀ। ਉਥੇ ਜਸਦੇਵ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ। ਸਮਾਗਮ ‘ਤੇ ਮੇਰੀ ਡਿਊਟੀ ਲੱਗੀ ਹੋਈ ਸੀ। ਅਸੀਂ ਜਦੋਂ ਸਰਕਾਰੀ ਦੌਰੇ ਤੇ ਜਾਂਦੇ ਸੀ ਤਾਂ ਸਰਕਾਰੀ ਪ੍ਰਚਾਰ ਸਮਗਰੀ ਲੋਕਾਂ ਵਿਚ ਵੰਡਣ ਲਈ ਲੈ ਕੇ ਜਾਂਦੇ ਸੀ। ਜਦੋਂ ਸਮਾਗਮ ਖ਼ਤਮ ਹੋਇਆ ਤਾਂ ਜਿਹੜੀ ਪ੍ਰਚਾਰ ਸਮਗਰੀ ਬਕਾਇਆ ਪਈ ਰਹਿ ਗਈ, ਜਸਦੇਵ ਸਿੰਘ ਸੰਧੂ ਉਸਨੂੰ ਚੁੱਕਕੇ ਲੋਕਾਂ ਵਿਚ ਵੰਡਣ ਲੱਗ ਗਏ। ਸਮਾਗਮ ਤੋਂ ਬਾਅਦ ਚਾਹ ਪੀਣ ਦਾ ਪ੍ਰੋਗਰਾਮ ਸੀ। ਮੈਂ ਵੇਖ ਰਿਹਾ ਹਾਂ ਕਿ ਜਸਦੇਵ ਸਿੰਘ ਸੰਧੂ ਇਕ ਹੱਥ ਵਿਚ ਬਰਫੀ ਅਤੇ ਦੂਜੇ ਹੱਥ ਵਿਚ ਨਮਕੀਨ ਵਾਲੀ ਪਲੇਟ ਚੁੱਕ ਕੇ ਲੋਕਾਂ ਨੂੰ ਖਾਣ ਲਈ ਦਿੰਦੇ ਫਿਰਨ। ਆਮ ਤੌਰ ਤੇ ਮੁਖ ਮਹਿਮਾਨ ਦੇ ਆਲੇ ਦੁਆਲੇ ਛੋਟੇ ਅਧਿਕਾਰੀ ਅਜਿਹਾ ਸਾਮਾਨ ਲਈ ਫਿਰਦੇ ਹੁੰਦੇ ਹਨ। ਦਫਤਰ ਉਹ ਆਪਣੀ ਨਿੱਜੀ ਕਾਰ ਵਿਚ ਜਾਂਦੇ ਸਨ। ਉਥੋਂ ਜੇਕਰ ਕਿਸੇ ਸਰਕਾਰੀ ਕੰਮ ਜਾਣਾ ਹੁੰਦਾ ਤਾਂ ਸਰਕਾਰੀ ਕਾਰ ਵਰਤਦੇ ਸਨ। ਚੰਡੀਗੜ੍ਹ ਤੋਂ ਜਦੋਂ ਆਪਣੇ ਘਰ ਪਟਿਆਲਾ ਆਉਂਦੇ ਸਨ ਤਾਂ ਆਪਣੀ ਪ੍ਰਾਈਵੇਟ ਕਾਰ ਵਰਤਦੇ ਸਨ। ਸਰਕਾਰੀ ਕੋਠੀ ਵੀ ਨਹੀਂ ਲੈਂਦੇ ਸਨ, ਸਗੋਂ ਐਮ ਐਲ ਏ ਫਲੈਟ ਵਿਚ ਹੀ ਰਹਿ ਜਾਂਦੇ ਸਨ। ਸਾਧਾਰਨ ਪਹਿਰਾਵਾ ਅਤੇ ਰੁੱਖੀ ਸੁਖੀ ਰੋਟੀ ਖਾਣ ਵਾਲੇ ਇਨਸਾਨ ਸਨ। ਜੇਕਰ ਇਹ ਕਹਿ ਲਈਏ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਸਿਆਸਤਦਾਨ ਸਨ ਤਾਂ ਕੋਈ ਅਤਿ ਕਥਨੀ ਨਹੀਂ। ਉਨ੍ਹਾਂ ਨੂੰ ਕੋਈ ਵਹੀਕਲ ਚਲਾਉਣੀ ਨਹੀਂ ਆਉਂਦੀ ਸੀ। ਉਨ੍ਹਾਂ ਦਾ ਘਰ ਅਦਾਲਤ ਬਾਜ਼ਾਰ ਵਿਚ ਸੀ। ਜੇਕਰ ਕਿਸੇ ਦਫਤਰ ਜਾਣਾ ਹੁੰਦਾ ਤਾਂ ਉਹ ਕਿਸੇ ਦੇ ਮਗਰ ਸਾਈਕਲ ਜਾਂ ਮੋਟਰ ਸਾਈਕਲ ਤੇ ਬੈਠ ਕੇ ਚਲੇ ਜਾਂਦੇ ਸਨ। ਰਾਹ ਵਿਚ ਜੇਕਰ ਕਿਸੇ ਪਬਲਿਕ ਸਥਾਨ ਤੇ ਲੱਗੀ ਟੂਟੀ ਚਲ ਰਹੀ ਹੁੰਦੀ ਤਾਂ ਰੁਕ ਕੇ ਉਸਨੂੰ ਆਪ ਬੰਦ ਕਰਦੇ ਸਨ। ਜੇਕਰ ਨਾਲੀ ਵਿਚ ਪਾਣੀ ਕਿਸੇ ਚੀਜ਼ ਦੇ ਫਸਣ ਨਾਲ ਰੁਕਿਆ ਹੁੰਦਾ ਤਾਂ ਆਪ ਉਸਨੂੰ ਸਾਫ ਕਰ ਦਿੰਦੇ ਸਨ। ਨਾਲੀਆਂ ਸਾਫ ਕਰਦਾ ਮੈਂ ਸਿਆਸਤਦਾਨ ਤਾਂ ਛੱਡੋ ਕੋਈ ਆਮ ਆਦਮੀ ਵੀ ਨਹੀਂ ਵੇਖਿਆ। ਉਨ੍ਹਾਂ ਦੇ ਘਰ ਦੇ ਬਾਹਰ ਅਦਾਲਤ ਬਾਜ਼ਾਰ ਵਿਚ ਪੁਸਤਕਾਂ ਦੀ ਦੁਕਾਨ ਸੀ। ਉਹ ਹਰ ਰੋਜ਼ ਦੁਕਾਨਦਾਰ ਨੂੰ ਕਿਸੇ ਨਵੀਂ ਪੁਸਤਕ ਦੇ ਆਉਣ ਬਾਰੇ ਪੁਛਦੇ ਅਤੇ ਖ੍ਰੀਦ ਲੈਂਦੇ ਸਨ। ਉਨ੍ਹਾਂ ਦੇ ਘਰ ਇਕ ਕਮਰਾ ਪੁਸਤਕਾਂ ਅਤੇ ਅਖ਼ਬਾਰਾਂ ਨਾਲ ਭਰਿਆ ਪਿਆ ਸੀ। ਵੈਸੇ ਬਹੁਤੀਆਂ ਇਤਿਹਾਸਕ ਘਟਨਾਵਾਂ ਤਾਂ ਉਨ੍ਹਾਂ ਨੂੰ ਮੂੰਹ ਜ਼ੁਬਨੀ ਯਾਦ ਸਨ। ਚੰਡੀਗੜ੍ਹ ਤੋਂ ਪੰਜਾਬ ਸਰਕਾਰ ਵੀ ਕਈ ਵਾਰੀ ਉਨ੍ਹਾਂ ਤੋਂ ਜਾਣਕਾਰੀ ਲੈਂਦੀ ਰਹਿੰਦੀ ਸੀ। ਪਾਣੀਆਂ ਦੀ ਵੰਡ ਬਾਰੇ ਉਨ੍ਹਾਂ ਨੇ ਇਤਿਹਾਸਕ ਤੱਥਾਂ ਸਮੇਤ ਦਸਤਾਵੇਜ਼ ਆਪਣੇ ਕੋਲ ਰੱਖੇ ਹੋਏ ਸਨ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਪਤਾ ਨਹੀਂ ਉਨ੍ਹਾਂ ਦੀ ਲਾਇਬਰੇਰੀ ਦਾ ਕੀ ਬਣਿਆਂ।
    ਇਕ ਵਾਰ ਗਿਆਨੀ ਜ਼ੈਲ ਸਿੰਘ ਅਦਾਲਤ ਬਾਜ਼ਾਰ ਵਿਚੋਂ ਲੰਘੇ ਜਾ ਰਹੇ ਸਨ। ਜਸਦੇਵ ਸਿੰਘ ਸੰਧੂ ਆਪਣੇ ਘਰ ਦੇ ਬਾਹਰ ਪੁਸਤਕਾਂ ਦੀ ਦੁਕਾਨ ਤੇ ਖੜ੍ਹੇ ਨਵੀਂਆਂ ਆਈਆਂ ਪੁਸਤਕਾਂ ਨੂੰ ਵੇਖ ਰਹੇ ਸਨ। ਗਿਆਨੀ ਜੀ ਨੇ ਉਨ੍ਹਾਂ ਦੇ ਮੋਢੇ ‘ਤੇ ਹੱਥ ਰੱਖਕੇ ਕਿਹਾ ਸੰਧੂ ਸਾਹਿਬ ਤੁਹਾਡੇ ਘਰ ਚਾਹ ਪੀਣ ਨੂੰ ਜੀਅ ਕਰਦਾ ਹੈ। ਅਸਲ ਵਿਚ ਚਾਹ ਦਾ ਤਾਂ ਬਹਾਨਾ ਸੀ। ਗਿਆਨੀ ਜ਼ੈਲ ਸਿੰਘ ਪਟਿਆਲਾ ਵਿਖੇ ਡਾ ਸਤ ਟੰਡਨ ਅਤੇ ਗਾਜੇਵਾਸ ਵਾਲੇ ਸੰਤ ਰਾਮ ਸਿੰਗਲਾ ਦੇ ਪਿਤਾ ਲਾਲਾ ਰੌਸ਼ਨ ਲਾਲ ਕੋਲੋਂ ਵੇਲੇ ਕੁਵੇਲੇ ਔਖੇ ਸਮੇਂ ਪੈਸੇ ਲੈਣ ਆਉਂਦੇ ਸਨ। ਉਸ ਦਿਨ ਦੋਵੇਂ ਨਾ ਮਿਲੇ ਤਾਂ ਉਨ੍ਹਾਂ ਸੰਧੂ ਸਾਹਿਬ ਤੋਂ ਪੰਜਾਹ ਰੁਪਏ ਉਧਾਰੇ ਮੰਗੇ ਕਿਉਂਕਿ ਉਨ੍ਹਾਂ ਦਿੱਲੀ ਕਿਸੇ ਮੀਟਿੰਗ ਵਿਚ ਜਾਣਾ ਸੀ। ਸੰਧੂ ਸਾਹਿਬ ਨੇ ਰੁਪਏ ਦਿੰਦਿਆਂ ਕਿਹਾ ਕਿ ਤੁਸੀਂ ਲੈ ਜਾਓ ਪ੍ਰੰਤੂ ਮੈਂ ਵਾਪਸ ਨਹੀਂ ਲੈਣੇ ਕਿਉਂਕਿ ਤੁਹਾਡੇ ਵਰਗੇ ਇਮਾਨਦਾਰ ਸਿਆਸਤਦਾਨ ਘੱਟ ਹੀ ਮਿਲਦੇ ਹਨ। ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਜਸਦੇਵ ਸਿੰਘ ਸੰਧੂ ਦਾ ਅਹਿਸਾਨ ਚੁਕਾਉਣਾ ਚਾਹੁੰਦੇ ਸਨ। ਉਨ੍ਹਾਂ ਜਸਦੇਵ ਸਿੰਘ ਸੰਧੂ ਨੂੰ ਕਿਹਾ ਕਿ ਤੁਸੀਂ ਕਾਂਗਰਸ ਪਾਰਟੀ ਵਿਚ ਆ ਜਾ ਜਾਓ, ਮੈਂ ਤੁਹਾਨੂੰ ਉਚਾ ਅਹੁਦਾ ਦੇਣਾ ਚਾਹੁੰਦਾ ਹਾਂ। ਜਸਦੇਵ ਸਿੰਘ ਸੰਧੂ ਅਸੂਲਾਂ ਦੇ ਪੱਕੇ ਅਤੇ ਖ਼ਾਨਦਾਨੀ ਇਮਾਨਦਾਰ ਟਕਸਾਲੀ ਅਕਾਲੀ ਆਗੂ ਸਨ, ਇਸ ਲਈ ਉਨ੍ਹਾਂ ਨੇ ਕੋਰਾ ਜਵਾਬ ਦੇ ਦਿੱਤਾ। ਮੈਂ ਉਨ੍ਹਾਂ ਤੋਂ ਬਿਨਾ ਕੋਈ ਅਜਿਹਾ ਸਿਆਸਤਦਾਨ ਨਹੀਂ ਵੇਖਿਆ, ਜਿਸਨੂੰ ਸਾਰੀਆਂ ਪਾਰਟੀਆਂ ਵਾਲੇ ਇਤਨਾ ਸਤਿਕਾਰ ਦਿੰਦੇ ਹੋਣੇ। ਉਹ ਹਰ ਵਿਅਕਤੀ ਨਾਲ ਪਾਰਟੀ ਪੱਧਰ ਤੋਂ ਉਪਰ ਉਠਕੇ ਵਿਚਰਦੇ ਸਨ। ਉਹ ਪੰਜਾਬ ਸੁਬਾਰਡੀਨੇਟ ਸਰਵਿਸ ਚੋਣ ਬੋਰਡ ਦੇ ਚੇਅਰਮੈਨ ਰਹੇ ਹਨ। ਆਮ ਤੌਰ ਤੇ ਸਿਆਸਤਦਾਨ ਆਪਣੀ ਸਿਆਸੀ ਪਾਰਟੀ ਦੇ ਵਿਅਕਤੀਆਂ ਦੀ ਹੀ ਚੋਣ ਕਰਦੇ ਹਨ ਪ੍ਰੰਤੂ ਉਨ੍ਹਾਂ ਨੇ ਹਮੇਸ਼ ਮੈਰਿਟ ਨੂੰ ਤਰਜ਼ੀਹ ਦਿੱਤੀ। ਮੈਨੂੰ ਬਹੁਤ ਸਾਰੇ ਅਜਿਹੇ ਅਕਾਲੀ ਦਲ ਤੋਂ ਬਿਨਾ ਹੋਰ ਸਿਆਸੀ ਪਾਰਟੀਆਂ ਦੇ ਵਿਅਕਤੀ ਅਜੇ ਵੀ ਮਿਲਦੇ ਹਨ, ਜਿਹੜੇ ਜਸਦੇਵ ਸਿੰਘ ਸੰਧੂ ਦੇ ਗੁਣ ਗਾਉਂਦੇ ਨਹੀਂ ਥੱਕਦੇ। ਲੋਕ ਸੇਵਾ ਦੀ ਇਕ ਹੋਰ ਘਟਨਾ ਪਟਿਆਲਾ ਵਿਚ ਬਹੁਤ ਚਰਚਾ ਵਿਚ ਰਹੀ। ਇਕ ਵਿਅਕਤੀ ਜਸਦੇਵ ਸਿੰਘ ਸੰਧੂ ਕੋਲ ਆਟਾ ਮੰਗਣ ਆਇਆ ਅਤੇ ਕਹਿਣ ਲੱਗਾ ਕਿ ਉਸਦਾ ਪਰਿਵਾਰ ਦੋ ਦਿਨ ਤੋਂ ਭੁੱਖਾ ਹੈ। ਘਰ ਵਿਚ ਆਟਾ ਨਹੀਂ ਹੈ। ਜਸਦੇਵ ਸਿੰਘ ਸੰਧੂ ਨੇ ਕਿਹਾ ਕਿ ਜਿਹੜਾ ਆਟਾ ਮੈਂ ਦੇਵਾਂਗਾ ਉਸ ਨਾਲ ਕਿਤਨੇ ਕੁ ਦਿਨ ਲੰਘਣਗੇ। ਇਸ ਲਈ ਉਨ੍ਹਾਂ ਨੇ ਰਿਕਸ਼ਾ ਬੁਲਾਇਆ ਅਤੇ ਕਣਕ ਦੀ ਇਕ ਬੋਰੀ ਉਸ ਵਿਚ ਰਖਵਾ ਦਿੱਤੀ। ਉਹ ਆਦਮੀ ਹੱਥ ਜੋੜ ਕੇ ਖੜ੍ਹਾ ਹੋ ਗਿਆ ਕਿ ਮੇਰੇ ਕੋਲ ਤਾਂ ਕਣਕ ਪਿਸਾਉਣ ਲਈ ਵੀ ਪੈਸੇ ਨਹੀਂ, ਤੁਸੀਂ ਮੈਨੂੰ ਆਟਾ ਹੀ ਦੇ ਦਿਓ। ਜਸਦੇਵ ਸਿੰਘ ਸੰਧੂ ਨੇ ਰਿਕਸ਼ੇ ਵਾਲੇ ਨੂੰ ਕਿਰਾਇਆ ਦਿੰਦਿਆਂ ਉਸ ਆਦਮੀ ਨੂੰ ਪੰਜ ਰੁੁਪਏ ਆਟਾ ਪਿਸਵਾਉਣ ਲਈ ਦੇ ਦਿੱਤੇ। ਇਤਿਹਾਸਕ ਘਟਨਾਵਾਂ ਬਾਰੇ ਅਖ਼ਬਾਰਾਂ ਵਿਚ ਕਿਸੇ ਲੇਖਕ ਨੇ ਗ਼ਲਤ ਵੇਰਵਾ ਦੇ ਦਿੱਤਾ ਹੁੰਦਾ ਤਾਂ ਉਹ ਉਸਨੂੰ ਫੋਨ ਕਰਕੇ ਦਰੁਸਤ ਕਰਦੇ ਸਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com

ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਸਫ਼ਲਤਾ ਦੇ ਪ੍ਰਤੱਖ ਪ੍ਰਮਾਣ

 ਸਿਆਸਤ ਬੜੀ ਹੀ ਗੁੰਝਲਦਾਰ ਅਤੇ ਤਿਗੜਮਬਾਜ਼ੀ ਦੀ ਖੇਡ ਗਿਣੀ ਜਾਂਦੀ ਹੈ। ਅੱਜ ਕਲ੍ਹ ਸਿਆਸਤਦਾਨਾ ਦੀ ਭਰੋਸੇਯੋਗਤਾ ਸ਼ੱਕ ਦੀ ਨਿਗਾਹ ਨਾਲ ਵੇਖੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਕੁਝ ਸਿਆਸਤਦਾਨਾ ਦੇ ਆਪਹੁਦਰੇਪਨ ਦੇ ਵਿਵਹਾਰ ਦਾ ਬਹੁਤ ਵੱਡਾ ਯੋਗਦਾਨ ਹੈ। ਕਈ ਸਿਆਸਤਦਾਨ ਸਿਆਸਤ ਵਿਚ ਆਪਣੇ ਵਿਓਪਾਰ ਦੀ ਪ੍ਰਫੁਲਤਾ ਲਈ ਆਉਂਦੇ ਹਨ ਅਤੇ ਕਈ ਸੇਵਾ ਭਾਵਨਾ ਨਾਲ ਆਉਂਦੇ ਹਨ। ਜਿਹੜੇ  ਸੇਵਾ ਭਾਵਨਾ ਨਾਲ ਆਉਂਦੇ ਹਨ, ਉਨ੍ਹਾਂ ਦਾ ਝੁਗਾ ਚੌੜ ਹੋ ਜਾਂਦਾ ਹੈ ਕਿਉਂਕਿ ਉਹ ਸਿਆਸੀ ਹੱਥਕੰਡੇ ਨਹੀਂ ਵਰਤਦੇ।  ਜਿਹੜੇ ਵਿਓਪਾਰ ਲਈ ਆਉਂਦੇ ਹਨ, ਉਹ ਹਰ ਹੀਲਾ ਵਰਤਕੇ ਆਪਣੇ ਵਿਓਪਾਰ ਦਾ ਫੈਲਾਓ ਕਰਦੇ ਹਨ। ਸਾਰੇ ਸਿਆਸਦਾਨਾ ਨੂੰ ਇਕੋ ਰੱਸੇ ਨਾਲ ਤਾਂ ਨਹੀਂ ਬੰਨਿ੍ਹਆਂ ਜਾ ਸਕਦਾ। ਅਜੇ ਵੀ ਕੋਈ ਹਰਿਆ ਬੂਟਾ ਰਹਿਓ ਰੀ ਹੈ। ਆਪਣੇ ਕਿਤੇ ਪ੍ਰਤੀ ਬਚਨਵੱਧਤਾ ਰੱਖਣ ਵਾਲੇ ਸਿਆਸਤਦਾਨਾ ਵਿਚ ਮੈਂ ਮਰਹੂਮ ਕੈਪਟਨ ਕੰਵਲਜੀਤ ਸਿੰਘ ਅਕਾਲੀ ਨੇਤਾ ਨੂੰ ਪ੍ਰਮੁੱਖ ਗਿਣਦਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਆਪਣੀ ਨੌਕਰੀ ਦੌਰਾਨ ਬਹੁਤ ਨੇੜਿੳਂ ਹੋ ਕੇ ਵੇਖਿਆ ਹੈ। ਉਨ੍ਹਾਂ ਦੀ ਬੇਬਾਕੀ, ਕਾਰਜ਼ਕੁਸ਼ਲਤਾ ਅਤੇ ਇਮਾਨਦਾਰੀ ਦਾ ਕੋਈ ਸਾਨੀ ਨਹੀਂ ਹੋ ਸਕਦਾ। ਪ੍ਰੰਤੂ ਅਜਿਹੇ ਹਾਲਾਤ ਦੇ ਬਾਵਜੂਦ ਵੀ ਕੈਪਟਨ ਕੰਵਲਜੀਤ ਸਿੰਘ ਮਰਹੂਮ ਵਿਤ ਮੰਤਰੀ ਪੰਜਾਬ ਸਿਆਸਤ ਵਿਚ ਸਫਲ ਰਹੇ। ਆਪਣੀ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾ ਬਾਰੇ ਉਹ ਬੇਬਾਕੀ ਨਾਲ ਕਹਿ ਦਿੰਦੇ ਸਨ। ਜਿਸ ਕਰਕੇ ਅਕਾਲੀ ਦਲ ਦੇ ਬਹੁਤੇ ਨੇਤਾ ਉਨ੍ਹਾਂ ਤੋਂ ਦੁੱਖੀ ਸਨ। ਇਸੇ ਲਈ ਉਨ੍ਹਾਂ ਦੀ ਸੜਕੀ ਦੁਰਘਟਨਾ ਨਾਲ ਹੋਈ ਮੌਤ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੈ। ਕੈਪਟਨ ਕੰਵਲਜੀਤ ਸਿੰਘ ਪਾਰਟੀ ਪ੍ਰਤੀ ਵਫਾਦਰਾ ਸਨ। ਨੇਤਾਵਾਂ ਦੀ ਨਿੱਜੀ ਵਫ਼ਾਦਾਰੀ ਵਿਚ ਉਹ ਵਿਸ਼ਵਾਸ ਨਹੀਂ ਰੱਖਦੇ ਸਨ। ਪ੍ਰੰਤੂ ਬਹੁਤੇ ਸਿਆਸਤਦਾਨ ਨਿੱਜੀ ਵਫ਼ਾਦਾਰੀਆਂ ਦਾ ਖੱਟਿਆ ਖਾਂਦੇ ਹਨ। ਉਨ੍ਹਾਂ ਦੀ ਬੇਬਾਕੀ ਕਰਕੇ ਉਨ੍ਹਾਂ ਨਾਲ ਨਾਰਾਜ਼ ਸਿਆਸਤਦਾਨ, ਕੈਪਟਨ ਕੰਵਲਜੀਤ ਸਿੰਘ ਦਾ ਤਾਂ ਜਿਉਂਦੇ ਜੀਅ ਤਾਂ ਕੁਝ ਵਿਗਾੜ ਨਹੀਂ ਸਕੇ ਪ੍ਰੰਤੂ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਰੋਲ ਕੇ ਰੱਖ ਦਿੱਤਾ। ਮੈਂ ਪਟਿਆਲਾ ਵਿਖੇ ਸਹਾਇਕ ਲੋਕ ਸੰਪਰਕ ਅਧਿਕਾਰੀ ਹੋਣ ਕਰਕੇ ਉਨ੍ਹਾਂ ਨੂੰ ਥੋੜ੍ਹਾ ਬਹੁਤਾ ਜਾਣਦਾ ਸੀ ਕਿਉਂਕਿ ਉਹ ਪਟਿਆਲਾ ਜਿਲ੍ਹੇ ਦੇ ਬਨੂੜ ਡੇਰਾ ਬਸੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਪਹਿਲੀ ਵਾਰ ਹੀ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸੁਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ ਵਿਚ ਗ੍ਰਹਿ ਰਾਜ ਮੰਤਰੀ ਬਣਾਇਆ ਗਿਆ ਸੀ। ਪੰਜਾਬ ਵਿਚ ਉਹ ਸਮਾਂ ਬੜਾ ਅਸਥਿਰਤਾ ਵਾਲਾ ਅਤੇ ਨਾਜ਼ੁਕ ਸੀ। ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਸਨ। ਗ੍ਰਹਿ ਮੰਤਰੀ ਹੁੰਦਿਆਂ ਹੋਇਆਂ ਵੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਉਨ੍ਹਾਂ ਦੇ ਹੁਕਮਾਂ ਨੂੰ ਅਣਡਿਠ ਕਰਦੀ ਸੀ ਪ੍ਰੰਤੂ ਉਨ੍ਹਾਂ ਨੇ ਇਕ ਸਾਬਕਾ ਫੌਜੀ ਅਧਿਕਾਰੀ ਹੋਣ ਕਰਕੇ ਆਪਣੀ ਜ਼ਿੰਮੇਵਾਰੀ ਸੰਜਮ ਅਤੇ ਕਾਬਲੀਅਤ ਨਾਲ ਨਿਭਾਈ ਸੀ। ਮੇਰਾ ਉਨ੍ਹਾਂ ਨਾਲ ਵਾਹ ਪਹਿਲੀ ਵਾਰ ਨਿੱਜੀ ਤੌਰ ਤੇ ਉਦੋਂ ਪਿਆ ਜਦੋਂ ਉਹ ਪੰਜਾਬ ਦੇ ਵਿਤ ਮੰਤਰੀ ਬਣੇ ਸਨ। ਉਦੋਂ ਮੈਂ ਪਟਿਆਲਾ ਵਿਖੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲੱਗਾ ਹੋਇਆ ਸੀ। ਮੰਤਰੀ ਬਣਦੀ ਸਾਰ ਹੀ ਉਹ ਪਟਿਆਲਾ ਵਿਖੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਆਏ ਸਨ। ਮੈਨੂੰ ਸਰਕਟ ਹਾਊਸ ਤੋਂ ਉਨ੍ਹਾਂ ਦੇ ਪੀ ਏ ਗੁਰਨਾਮ ਚੰਦ ਦਾ ਫ਼ੋਨ ਆਇਆ ਕਿ ਸਰਕਟ ਹਾਊਸ ਵਿਚ ਆ ਜਾਓ, ਤੁਹਾਨੂੰ ਮੰਤਰੀ ਜੀ ਯਾਦ ਕਰਦੇ ਹਨ। ਪਟਿਆਲਾ ਦੇ ਅਕਾਲੀ ਦਲ ਦੇ ਸਿਆਸਤਦਾਨ ਕਹਿੰਦੇ ਸਨ ਕਿ ਹੁਣ ਸਾਡੀ ਸਰਕਾਰ ਬਣ ਗਈ, ਉਜਾਗਰ ਸਿੰਘ ਨੂੰ ਪਟਿਆਲਾ ਤੋਂ ਬਾਹਰ ਭੇਜਾਂਗੇ। ਮੈਂ ਵੀ ਬਦਲੀ ਲਈ ਤਿਆਰ ਸੀ। ਜਦੋਂ ਮੈਂ ਉਨ੍ਹਾਂ ਨੂੰ ਸਰਕਟ ਹਾਊਸ ਵਿਚ ਮਿਲਿਆ ਤਾਂ ਉਹ ਸਿੱਧਾ ਹੀ ਆਪਣੈ ਸਾਫਗੋਈ ਦੇ ਸੁਭਾਅ ਅਨੁਸਾਰ ਕਹਿਣ ਲੱਗੇ ‘‘ਕੀ ਸਲਾਹ ਹੈ ’’। ਮੈਂ ਕਿਹਾ ਕਿ ਮੇਰੀ ਬਦਲੀ ਕਰ ਦਿਓ, ਚੰਗਾ ਹੋਵੇਗਾ ਜੇ ਮੈਨੂੰ ਚੰਡੀਗੜ੍ਹ ਲਾ ਦਿਓ। ਉਹ ਕਹਿਣ ਲੱਗੇ ਤੁਹਾਨੂੰ ਬਦਲੀ ਲਈ ਕੌਣ ਕਹਿੰਦਾ ਹੈ ? ਮੈਂ ਕਿਹਾ ਕਿ ਪਟਿਆਲਾ ਅਕਾਲੀ ਦਲ ਦੇ ਲੋਕ ਕਹਿੰਦੇ ਹਨ ਕਿ ਜੇ ਉਜਾਗਰ ਸਿੰਘ ਦੀ ਬਦਲੀ ਨਹੀਂ ਹੁੰਦੀ ਤਾਂ ਅਕਾਲੀ ਸਰਕਾਰ ਨਹੀਂ ਬਣੀ। ਮੈਨੂੰ ਕਹਿਣ ਲੱਗੇ ਪਹਿਲਾਂ ਦੀ ਤਰ੍ਹਾਂ ਕੰਮ ਕਰੋ, ਤੁਹਾਡੀ ਬਦਲੀ ਨਹੀਂ ਹੋਵੇਗੀ। ਮੈਨੂੰ ਤਾਂ ਕੰਮ ਕਰਨ ਵਾਲੇ ਅਧਿਕਾਰੀ ਚਾਹੀਦੇ ਹਨ। ਉਸ ਦਿਨ ਤੋਂ ਬਾਅਦ ਮੇਰੇ ਉਨ੍ਹਾਂ ਨਾਲ ਸੰਬੰਧ ਬਹੁਤ ਹੀ ਗੂੜ੍ਹੇ ਹੋ ਗਏ। ਇਕ ਵਾਰ ਮੈਂ ਉਨ੍ਹਾਂ ਨਾਲ ਸਰਕਾਰੀ ਸਮਾਗਮ ਦੀ ਕਵਰੇਜ ਲਈ ਗਿਆ ਹੋਇਆ ਸੀ। ਉਹ ਡੇਰਾ ਬਸੀ ਬਲਾਕ ਦੇ ਹਰਿਆਣਾ ਦੀ ਸਰਹੱਦ ਦੇ ਨੇੜੇ ਮੁਕੰਦਪੁਰ ਪਿੰਡ ਵਿਚ ਇਕ ਧਾਰਮਿਕ ਮੇਲੇ ਤੇ ਜਦੋਂ ਗਏ ਤਾਂ ਜੋ ਅਕਾਲੀ ਦਲ ਦੇ ਵਰਕਰ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਸਨ, ਉਹ ਉਨ੍ਹਾਂ ਨੂੰ ਆਪਣੀ ਸਥਾਨਕ ਬੋਲੀ ਵਿਚ ਕਹਿਣ ਲੱਗੇ ‘ਥਮੇਂ ਤੋ ਕਾਂਗਰਸੀ ਹੀ ਬਣ ਗਏ’। ਜਦੋਂ ਉਨ੍ਹਾਂ ਕਾਰਨ ਪੁਛਿਆ ਤਾਂ ਕਹਿਣ ਲੱਗੇ ਯੋਹ ਝੰਡਾ ਕਾਰ ਤੇ ਕਾਂਗਰਸ ਦਾ ਲਾਇਆ ਹੋਇਆ ਹੈ। ਮੰਤਰੀ ਜੀ ਬੜੇ ਹੱਸੇ ਤੇ ਕਹਿਣ ਲੱਗੇ ਇਹ ਕੌਮੀ ਝੰਡਾ ਹੈ। ਭਾਵ ਸਰਕਾਰ ਦਾ ਝੰਡਾ ਹੈ। ਕਾਂਗਰਸ ਦਾ ਝੰਡਾ ਨਹੀਂ ਹੈ। ਚਾਰੇ ਪਾਸੇ ਹਾਸੇ ਦਾ ਮਾਹੌਲ ਬਣ ਗਿਆ। ਕੈਪਟਨ ਸਾਹਿਬ ਦੀ ਇਮਾਨਦਾਰੀ ਦੀਆਂ ਕੁਝ ਉਦਾਹਰਣਾਂ ਦੇਣੀਆਂ ਚਾਹਾਂਗਾ, ਜਿਨ੍ਹਾਂ ਦਾ ਮੈਂ ਗਵਾਹ ਹਾਂ। ਜਦੋਂ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਉਸ ਪਾਰਟੀ ਦੇ ਕੁਝ ਵਰਕਰ ਮਨਮਾਨੀਆਂ ਕਰਦੇ ਹਨ ਅਤੇ ਭਰਿਸ਼ਟਾਚਾਰ ਵੀ ਕਰਦੇ ਹਨ। ਇਕ ਵਾਰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦੇ ਡੇਰਾ ਬਸੀ ਵਿਖੇ ਇਕ ਰਾਜ ਪੱਧਰ ਦਾ ਸਮਾਗਮ ਸੀ। ਰਾਜ ਪੱਧਰ ਦੇ ਸਮਾਗਮ ਦਾ ਸਾਰਾ ਪ੍ਰਬੰਧ ਲੋਕ ਸੰਪਰਕ ਵਿਭਾਗ ਨੇ ਕਰਨਾ ਹੁੰਦਾ ਹੈ। ਸਰਕਾਰੀ ਪ੍ਰਬੰਧ ਕਿਸੇ ਕਾਇਦੇ ਕਾਨੂੰਨ ਅਨੁਸਾਰ ਹੁੰਦੇ ਹਨ। ਮੈਂ ਸਾਰੀ ਕਾਗਜ਼ੀ ਕਾਰਵਾਈ ਕਰਕੇ ਸ਼ਾਮਿਆਨਾ ਬਗੈਰਾ ਲਗਾਉਣ ਦਾ ਪ੍ਰਬੰਧ ਕਰ ਦਿੱਤਾ। ਜਦੋਂ ਸ਼ਾਮਿਅਨਾ ਲੱਗ ਰਿਹਾ ਸੀ ਤਾਂ ਇਕ ਸਥਾਨਕ ਅਕਾਲੀ ਨੇਤਾ ਆ ਕੇ ਸ਼ਾਮਿਆਨਾ ਲਾਉਣ ਤੋਂ ਰੋਕਣ ਲੱਗ ਪਏ। ਜਦੋਂ ਮੈਂ ਉਨ੍ਹਾਂ ਨੂੰ ਕਾਰਨ ਪੁਛਿਆ ਤਾਂ ਉਹ ਬੜੇ ਰੋਹਬ ਅਤੇ ਕੁਰੱਖਤ ਢੰਗ ਨਾਲ ਕਹਿਣ ਲੱਗੇ ਕਿ ਸਾਡੀ ਸਰਕਾਰ ਹੈ ਅਤੇ ਸਾਡੇ ਮੰਤਰੀ ਹਨ, ਮੈਂ ਆਪ ਕਿਸੇ ਹੋਰ ਟੈਂਟ ਵਾਲੇ ਤੋਂ ਸ਼ਾਮਿਆਨਾ ਲਗਵਾ ਲਵਾਂਗਾ। ਤੁਸੀਂ ਕੌਣ ਹੁੰਦੇ ਹੋ ਮੇਰੇ ਤੋਂ ਬਿਨਾ ਬਨੂੜ ਹਲਕੇ ਵਿਚ ਕੰਮ ਕਰਵਾਉਣ ਵਾਲੇ। ਉਹ ਆਦਮੀਂ ਬਦਸਲੂਕੀ ਤੇ ਆ ਗਿਆ। ਮੈਂ ਤੇਰੀ ਅੱਜ ਹੀ ਬਦਲੀ ਕਰਵਾ ਦੇਵਾਂਗਾ ਆਦਿ। ਮੈਂ ਉਸਨੂੰ ਬੜੀ ਹਲੀਮੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਮੰਤਰੀ ਦਾ ਰੋਹਬ ਦੇਣ ਲੱਗਾ ਕਿ ਮੈਂ ਆਪ ਹੀ ਮੰਤਰੀ ਨਾਲ ਗੱਲ ਕਰ ਲਵਾਂਗਾ। ਤੁਸੀਂ ਕੰਮ ਬੰਦ ਕਰਕੇ ਚਲੇ ਜਾਓ। ਮੈਂ ਤੁਰੰਤ ਕੈਪਟਨ ਸਾਹਿਬ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਉਨ੍ਹਾਂ ਸਾਫ ਕਹਿ ਦਿੱਤਾ ਤੁਸੀਂ ਆਪਣਾ ਕੰਮ ਕਰੋ, ਮੈਂ ਆਪੇ ਉਨ੍ਹਾਂ ਨੂੰ ਸਮਝਾ ਦੇਵਾਂਗਾ। ਕੈਪਟਨ ਸਾਹਿਬ ਨੇ ਉਸ ਵਿਅਕਤੀ ਨੂੰ ਚੰਡੀਗੜ੍ਹ ਬੁਲਾਕੇ ਉਸਦੀ ਝਾੜ ਝੰਬ ਕੀਤੀ ਕਿ ਸਰਕਾਰੀ ਕੰਮਾ ਵਿਚ ਪਾਰਟਂ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੁੰਦੀ। ਇਸੇ ਤਰ੍ਹਾਂ ਇਕ ਵਾਰ ਕੈਪਟਨ ਕੰਵਲਜੀਤ ਸਿੰਘ ਚੋਣ ਲੜ ਰਹੇ ਸਨ ਤਾਂ ਇਕ ਆਈ ਏ ਐਸ ਅਧਿਕਾਰੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਕੈਪਟਨ ਸਾਹਿਬ ਨੂੰ ਚੋਣ ਫੰਡ ਦੇਣਾ ਚਾਹੁੰਦਾ ਹਾਂ ਪ੍ਰੰਤੂ ਉਨ੍ਹਾਂ ਨੂੰ ਕਹਿਣ ਦਾ ਮੇਰਾ ਹੌਸਲਾ ਨਹੀਂ ਪੈਂਦਾ। ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਮੈਨੂੰ ਆਪਣੇ ਨਾਲ ਲੈ ਚਲੋ। ਮੈਂ ਕੈਪਟਨ ਸਾਹਿਬ ਨੂੰ ਦੱਸਿਆ ਤਾਂ ਉਹ ਹੱਸਣ ਲੱਗ ਪਏ ਤੇ ਕਹਿਣ ਲੱਗੇ ਵੇਖੋ ਆਈ ਏ ਐਸ ਅਧਿਕਾਰੀਆਂ ਦਾ ਇਹ ਹਾਲ ਹੈ। ਮੈਂ ਕਿਸੇ ਅਧਿਕਾਰੀ ਤੋਂ ਕਦੇ ਵੀ ਚੋਣ ਫੰਡ ਨਹੀਂ ਲੈਂਦਾ। ਆਮ ਤੌਰ ਤੇ ਮੰਤਰੀਆਂ ਦੇ ਦਫ਼ਤਰਾਂ ਦੇ ਮੁਲਾਜ਼ਮ ਹੀ ਮਾਨ ਨਹੀਂ ਹੁੰਦੇ। ਉਹ ਹੀ ਅਧਿਕਾਰੀਆਂ ਨੂੰ ਵਗਾਰਾਂ ਪਾਈ ਰੱਖਦੇ ਹਨ ਪ੍ਰੰਤੂ ਕੈਪਟਨ ਕੰਵਲਜੀਤ ਸਿੰਘ ਦੇ ਸਟਾਫ ਦੇ ਕਿਸੇ ਵੀ ਮੈਂਬਰ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਕਿਸੇ ਅਧਿਕਾਰੀ ਜਾਂ ਕਿਸੇ ਹੋਰ ਪਤਵੰਤੇ ਵਿਅਕਤੀ ਤੋਂ ਕੋਈ ਸਹਾਇਤਾ ਲੈ ਸਕਣ। ਵਗਾਰ ਕਰਵਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਮੇਰਾ ਨਿੱਜੀ ਤਜ਼ਰਬਾ ਹੈ ਕਿ ਉਨ੍ਹਾਂ ਦੇ ਸਟਾਫ ਦੇ ਮੈਂਬਰ ਮੇਰੇ ਕੋਲ ਕਹਿੰਦੇ ਰਹਿੰਦੇ ਸਨ ਕਿ ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਸਾਡਾ ਫਲਾਣਾ ਕੰਮ ਕਰਵਾ ਦਿਓ। ਉਨ੍ਹਾਂ ਦੇ ਸਟਾਫ ਦਾ ਕੋਈ ਵੀ ਮੈਂਬਰ ਕਿਸੇ ਅਧਿਕਾਰੀ ਨੂੰ ਕੈਪਟਨ ਸਾਹਿਬ ਦੀ ਇਜ਼ਾਜ਼ਤ ਤੋਂ ਬਿਨਾ ਫੋਨ ਵੀ ਨਹੀਂ ਕਰ ਸਕਦਾ ਸੀ। ਸਿਆਸਤ ਵਿਚ ਸੰਜੀਦਗੀ ਅਤੇ ਸਿਆਸੀ ਬਚਨਵੱਧਤਾ ਅਤਿਅੰਤ ਜ਼ਰੂਰ ਹੁੰਦੀ ਹੈ। ਪ੍ਰੰਤੂ ਬਹੁਤੇ ਸਿਆਸਤਦਾਨਾ ਵਿਚ ਇਨ੍ਹਾਂ ਦੋਹਾਂ ਨੁਕਤਿਆਂ ਦੀ ਅਣਹੋਂਦ ਹੁੰਦੀ ਹੈ। ਸਿਆਸਤ ਨੂੰ ਤਿਗੜਮਬਾਜ਼ੀ ਵੀ ਕਿਹਾ ਜਾਂਦਾ ਹੈ।  ਜਿਹੜਾ ਸਿਆਸਤਦਾਨ ਮੌਕਾ ਤਾੜਕੇ ਕਿਸੇ ਵੀ ਢੰਗ ਨਾਲ ਵੋਟਾਂ ਵਟੋਰ ਲੈਂਦਾ ਹੈ, ਉਸਨੂੰ ਅੱਜ ਕਲ੍ਹ ਸਫਲ ਸਿਆਸਤਦਾਨ ਕਿਹਾ ਜਾਂਦਾ ਹੈ। ਮਰਹੂਮ ਕੈਪਟਨ ਕੰਵਲਜੀਤ ਸਿੰਘ ਪੰਜਾਬ ਦਾ ਅਜਿਹਾ ਸਿਆਸਤਦਾਨ ਹੋਇਆ ਹੈ, ਜਿਨ੍ਹਾਂ ਨੇ ਆਪਣੇ ਇਕੱਲੇ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਹੀ ਨਹੀਂ ਸਗੋਂ ਉਹ ਪੰਜਾਬ ਦੇ ਹਰ ਵਿਅਕਤੀ ਨਾਲ ਉਹ ਪੂਰੀ ਬਚਨਵੱਧਤਾ ਨਾਲ ਵਰਤਦੇ ਸਨ। ਆਪਣੀ ਨੌਕਰੀ ਦੌਰਾਨ ਮੰਤਰੀਆਂ ਨੂੰ ਮੈਂ ਖ਼ੁਦ ਵੇਖਿਆ ਹੈ ਕਿ ਉਹ ਆਪਣੇ ਹਲਕੇ ਦੇ ਕੰਮ ਕਾਰਾਂ ਦੀਆਂ ਸਿਫਾਰਸ਼ਾਂ ਕਰਨ ਲਈ ਮੁੱਖ ਸਕੱਤਰ ਅਤੇ ਵਿਭਾਗੀ ਸਕੱਤਰਾਂ ਦੇ ਦਫ਼ਤਰਾਂ ਵਿਚ ਜਾ ਕੇ ਉਨ੍ਹਾਂ ਨੂੰ ਕਹਿੰਦੇ ਸਨ। ਇਸਦਾ ਇਕ ਕਾਰਨ ਤਾਂ ਇਹ ਹੈ ਕਿ ਜੇਕਰ ਉਨ੍ਹਾਂ ਦੇ ਕੰਮ ਸਹੀ ਹੋਣ ਅਤੇ ਉਨ੍ਹਾਂ ਦੇ ਅਕਸ ਪਾਰਦਰਸ਼ੀ ਹੋਣ ਤਾਂ ਉਨ੍ਹਾਂ ਨੂੰ ਉਨ੍ਹਾਂ ਕੋਲ ਜਾਣ ਦੀ ਲੋੜ ਨਹੀਂ ਹੁੰਦੀ ਸਗੋਂ ਮੁੱਖ ਸਕੱਤਰ ਅਤੇ ਸਕੱਤਰ ਸਾਹਿਬਾਨ ਨੂੰ ਆਪਣੇ ਕੋਲ ਬੁਲਾਕੇ ਕਹਿਣ। ਕੈਪਟਨ ਸਾਹਿਬ ਦੀ ਸਿਆਸਤ ਪਾਰਦਰਸ਼ੀ ਸੀ, ਇਸ ਲਈ ਮੈਂ ਉਨ੍ਹਾਂ ਦੇ ਕੋਲ ਮੁੱਖ ਸਕੱਤਰ ਅਤੇ ਮੰਤਰੀ ਆਪ ਆਕੇ ਹੁਕਮ ਲੈਂਦੇ ਵੇਖੇ ਹਨ। ਇਥੋਂ ਤੱਕ ਕਿ ਜੇਕਰ ਉਹ ਪਹਿਲਾਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਗੱਲ ਮੁਕੰਮਲ ਕਰਕੇ ਹੀ ਮੰਤਰੀ ਜਾਂ ਮੁੱਖ ਸਕੱਤਰ ਨੂੰ ਮਿਲਦੇ ਸਨ। ਇਕ ਵਾਰ ਦੀ ਗੱਲ ਹੈ ਕਿ ਮੈਨੂੰ ਚੰਡੀਗੜ੍ਹ ਸਥਿਤ ਇਕ ਵੱਡੇ ਅਖ਼ਬਾਰ ਦੇ ਨੁਮਾਇੰਦੇ ਨੇ ਕੈਪਟਨ ਸਾਹਿਬ ਦੀ ਉਨ੍ਹਾਂ ਦੇ ਅਖ਼ਬਾਰ ਲਈ ਵਿਸੇਸ਼ ਸਟੋਰੀ ਵਾਸਤੇ ਤੁਰੰਤ ਮੁਲਾਕਾਤ ਕਰਵਾਉਣ ਲਈ ਕਿਹਾ ਕਿਉਂਕਿ ਉਹ ਬਹੁਤ ਰੁੱਝੇ ਹੋਏ ਸਨ। ਅਸੀਂ ਉਨ੍ਹਾਂ ਦੇ ਦਫ਼ਤਰ ਦੇ ਰਿਟਾਇਰਿੰਗ ਰੂਮ ਵਿਚ ਮੁਲਾਕਾਤ ਕਰ ਰਹੇ ਸੀ। ਇਕ ਸੀਨੀਅਰ ਮੰਤਰੀ ਰੀਟਾਇਰਿੰਗ ਰੂਮ ਵਿਚ ਸਿੱਧਾ ਹੀ ਬਿਨਾ ਪੁਛੇ ਆ ਗਿਆ। ਕੈਪਟਨ ਸਾਹਿਬ ਨੇ ਤੁਰੰਤ ਉਸ ਮੰਤਰੀ ਨੂੰ ਉਨ੍ਹਾਂ ਦੇ ਕਮਰੇ ਵਿਚ ਇੰਤਜ਼ਾਰ ਕਰਨ ਲਈ ਕਿਹਾ ਤਾਂ ਮੰਤਰੀ ਜੀ ਬੁੜਬੁੜ ਕਰਦੇ ਬਾਹਰ ਨਿਕਲ ਗਏ। ਅਜਿਹੀ ਗੱਲ ਕੋਈ ਬੇਦਾਗ ਮੰਤਰੀ ਹੀ ਕਰ ਸਕਦਾ ਸੀ।
                                                      ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                         
                                               ਮੋਬਾਈਲ-94178 13072

                                                      ujagarsingh48@yahoo.com

‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ - ਉਜਾਗਰ ਸਿੰਘ

ਦੇਸ਼ ਵਿਚ ਜਿਤਨੀਆਂ ਵੀ ਲਹਿਰਾਂ ਚਲੀਆਂ ਹਨ। ਉਨ੍ਹਾਂ ਲਹਿਰਾਂ ਸਮੇਂ ਸਾਹਿਤਕਾਰਾਂ ਨੇ ਜਿਹੜਾ ਸਾਹਿਤ ਰਚਿਆ, ਉਹ ਇਤਿਹਾਸ ਦਾ ਅਟੁੱਟ ਅੰਗ ਬਣ ਗਿਆ ਹੈ, ਬਸ਼ਰਤੇ ਕਿ ਉਸ ਸਾਹਿਤ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਹੋਵੇ। ਉਸ ਪੁਸਤਕ ਤੋਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਵਿਰਾਸਤ ਵਿਚ ਹੋਏ ਉਤਰਾਅ ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਰਹੇਗੀ। ਕਿਸਾਨ ਅੰਦੋਲਨ ਦੌਰਾਨ ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਇਸ ਅੰਦੋਲਨ ਦੌਰਾਨ ਸੁਰਿੰਦਰ ਕੌਰ ਪੱਖੋਕੇ ਨੇ ਇਕ ਪੁਸਤਕ ‘ਕਿਸਾਨ ਅੰਦੋਲਨ  ਸਮੁੰਦਰੋਂ ਪਾਰ ਤੇਰੇ ਨਾਲ’ ਸੰਪਾਦਿਤ ਕੀਤੀ ਹੈ। ਦਿੱਲੀ ਦੀਆਂ ਬਰੂਹਾਂ ‘ਤੇ ਚਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਪੀੜ ਦੀ ਹੂਕ ਸੰਸਾਰ ਦੇ ਕੋਨੇ ਕੋਨੇ ਵਿਚ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ, ਉਦਮੀ, ਮਿਹਨਤੀ, ਸਿਰੜ੍ਹੀ ਅਤੇ ਦਲੇਰ ਗਿਣੇ ਜਾਂਦੇ ਹਨ। ਕਿਸਾਨ ਅੰਦੋਲਨ ਸ਼ੁਰੂ ਕਰਨ ਵਿਚ ਵੀ ਪੰਜਾਬੀ ਕਿਸਾਨਾ ਨੇ ਅਜਿਹੀ ਪਹਿਲ ਕਦਮੀ ਕੀਤੀ, ਜਿਸਦੇ ਸਿੱਟੇ ਵਜੋਂ ਸਭ ਤੋਂ ਪਹਿਲਾਂ ਪੁਰਾਣਾ ਪੰਜਾਬ ਮੁੜ ਇਕਸੁਰ ਹੋ ਗਿਆ। ਹਰਿਆਣਾ ਜਿਹੜਾ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹ ਮੁੜ ਆਪਣੇ ਭਰਾਵਾਂ ਨਾਲ ਖੜ੍ਹਾ ਹੋ ਗਿਆ, ਜਿਸਦੇ ਸਿੱਟੇ ਵਜੋਂ ਇਹ ਅੰਦੋਲਨ ਦੇਸ਼ ਵਿਆਪੀ ਹੋ ਗਿਆ ਹੈ। ਸੰਸਾਰ ਦੇ ਜਿਸ ਖਿਤੇ ਵਿਚ ਵੀ ਪੰਜਾਬੀ ਅਤੇ ਭਾਰਤੀ ਵਸੇ ਹੋਏ ਹਨ, ਸਾਰੇ ਹੀ ਆਪਣੀ ਮਾਤ ਭੂਮੀ ਦੇ ਜਾਇਆਂ, ਕਿਸਾਨਾ ਨਾਲ ਖੜ੍ਹੇ ਹੋ ਗਏ ਹਨ। ਸਾਹਿਤਕਾਰ ਖਾਸ ਤੌਰ ਤੇ ਕਵੀ ਅਤੇ ਕਵਿਤਰੀਆਂ ਕੋਮਲ ਭਾਵਨਾਵਾਂ ਵਾਲੇ ਹੁੰਦੇ ਹਨ। ਇਸ ਲਈ ਉਹ ਕਿਸਾਨਾ ਦੀ ਪੀੜ ਨੂੰ ਜ਼ਿਆਦਾ ਮਹਿਸੂਸ ਕਰ ਰਹੇ ਹੁੰਦੇ ਹਨ। ਜਿਸ ਕਰਕੇ  ਉਨ੍ਹਾਂ ਨੇ ਆਪਣੀਆਂ ਕਲਮਾ ਚੁੱਕ ਕੇ ਕਿਸਾਨੀ ਦੇ ਹੱਕ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਆਪਣੀ ਅਤੇ ਆਪਣੇ ਪੁਰਖਿਆਂ ਦੀ ਵਿਰਾਸਤ ਨਾਲ ਗੜੁਚ ਹਨ। ਪੰਜਾਬ ਦਾ ਦਰਦ ਉਨ੍ਹਾਂ ਦਾ ਆਪਣਾ ਦਰਦ ਬਣ ਗਿਆ ਹੈ, ਜੋ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਸੈਨਤਾਂ ਮਾਰ ਰਿਹਾ ਹੈ। ਕਵਿਤਾਵਾਂ ਕਿਉਂਕਿ ਘਟ ਸ਼ਬਦਾਂ ਨਾਲ ਸਿੱਧਾ ਦਿਲ ਤੇ ਅਸਰ ਕਰਦੀਆਂ ਹਨ, ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਨੇ ਸ਼ੋਸ਼ਲ ਮੀਡੀਆ ਤੇ ਕਿਸਾਨਾ ਦੇ ਹੱਕ ਵਿਚ ਲਹਿਰ ਖੜ੍ਹੀ ਕਰ ਦਿੱਤੀ। ਉਸ ਲਹਿਰ ਵਿਚੋਂ ਪਰਵਾਸੀਆਂ ਦੀਆਂ ਕਵਿਤਾਵਾਂ ਦੀ ਚੋਣ ਕਰਕੇ ਸੁਰਿੰਦਰ ਕੌਰ ਪੱਖੋਕੇ ਯੂ ਐਸ ਏ ਦੀ ਸੰਪਾਦਕੀ ਵਿਚ ਇਕ ਪੁਸਤਕ ‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪ੍ਰਕਾਸ਼ਤ ਕਰਵਾਈ ਹੈ। ਸੁਰਿੰਦਰ ਕੌਰ ਪੱਖੋਕੇ ਮਾਨਸਿਕ ਤੌਰ ਤ ਕਿਸਾਨ ਅੰਦੋਲਨ ਨਾਲ ਅੰਦਰੋਂ ਜੁੜੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਹੋਣਹਾਰ ਸਪੁੱਤਰ ਡਾ ਸਵੈਮਾਨ ਸਿੰਘ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਅਮਰੀਕਾ ਤੋਂ ਜਾ ਕੇ ਦਿੱਲੀ ਦੀ ਸਰਹੱਦ ਤੇ ਟਿਕਰੀ ਵਿਖੇ ਇਕ ਹਸਪਤਾਲ ਖੋਲ੍ਹਕੇ ਕਿਸਾਨਾ ਦੇ ਇਲਾਜ਼ ਕਰ ਰਹੇ ਹਨ। ਪੁਸਤਕਾਂ ਦਾ ਲੰਗਰ ਲਗਾਇਆ ਹੋਇਆ ਅਤੇ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਸਥਾਪਤ ਕੀਤਾ ਹੋਇਆ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਕਿਉਂਕਿ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਬੈਲਜੀਅਮ ਅਤੇ ਹੋਰ ਦੇਸਾਂ ਦੇ ਕਵੀਆਂ ਅਤੇ ਕਵਿਤਰੀਆਂ ਦੀਆਂ ਹਨ। ਇਸ ਲਈ ਇਨ੍ਹਾਂ ਦੀ ਚੋਣ ਕਰਨ ਵਿਚ ਸੁਰਿੰਦਰ ਕੌਰ ਪੱਖੋਕੇ ਨਾਲ ਤਿੰਨ ਸਹਿ ਸੰਪਾਦਕ ਰਵਿੰਦਰ ਸਹਿਰਾਹ ਯੂ ਐਸ ਏ, ਪ੍ਰੀਤਪਾਲ ਅਟਵਾਲ ਪੂਨੀ ਕੈਨੇਡਾ ਅਤੇ ਕੁਲਦੀਪ ਕਿੱਟੀ ਬੱਲ ਯੂ ਕੇ ਹਨ। ਇਹ 168 ਪੰਨਿਆਂ ਅਤੇ 200 ਰੁਪਏ ਕੀਮਤ ਵਾਲੀ ਪੁਸਤਕ ਤਰਕ ਭਾਰਤੀ ਪਬਲੀਕੇਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ। ਸੁਰਿੰਦਰ ਕੌਰ ਪੱਖੋਕੇ ਯੂ ਐਸ ਏ ਦੀਆਂ ਇਸ ਤੋਂ ਪਹਿਲਾਂ ਦੋ ਕਹਾਣੀਆਂ ਦੀਆਂ ਪੁਸਤਕਾਂ ਰਿਸਦੇ ਜ਼ਖ਼ਮ ਅਤੇ ਦੁੱਖਾਂ ਦੇ ਗੋਹੜੇ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ 90 ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਸ਼ਾਮਲ ਹਨ। ਇਹ ਸਾਰੀਆਂ ਰਚਨਾਵਾਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾ ਦੇ ਵਿਰੋਧ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਕਿਸਾਨਾ ਨੂੰ ਹੌਸਲਾ ਦੇ ਰਹੀਆਂ ਹਨ। ਅੰਦੋਲਨ ਕਿਉਂਕਿ ਪੂਰਨ ਤੌਰ ਤੇ ਸ਼ਾਂਤਮਈ ਹੈ, ਇਸ ਲਈ ਇਸ ਲੜਾਈ ਵਿਚ ਸ਼ਬਦ ਸੰਬਾਦ ਅਰਥਾਤ ਕਵਿਤਾਵਾਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਇਹ ਸਮਝਿਆ ਵੀ ਜਾਂਦਾ ਹੈ ਕਿ ਸ਼ਬਦਾਂ ਦੇ ਵਾਰ ਤਲਵਾਰ ਦੇ ਵਾਰ ਨਾਲੋਂ ਜ਼ਿਆਦਾ ਅਸਰ ਕਰਦੇ ਹਨ। ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਕਿਸਾਨਾ ਵਿਚ ਵੀ ਜੋਸ਼ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਇਨ੍ਹਾਂ ਕਵਿਤਾਵਾਂ ਵਿਚ ਅੰਦੋਲਨ ਦੇ ਰੰਗ ਵਿਚ ਰੰਗੇ ਕਿਸਾਨਾ ਦੀ ਸਿਆਣਪ, ਸੂਝ ਦਲੇਰੀ ਅਤੇ ਸ਼ਹਿਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਵੈਸੇ ਤਾਂ ਸਾਰੀਆਂ ਰਚਨਾਵਾਂ ਹੀ ਬਿਹਤਰੀਨ ਹਨ ਪ੍ਰੰਤੂ ਕੁਝ ਕੁ ਕਵੀਆਂ ਤੇ ਕਵਿਤਰੀਆਂ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਦੇ ਰਿਹਾ ਹਾਂ। ਡਾ ਅਮਰ ਜਿਓਤੀ ਯੂ ਕੇ ਸਨਦ ਸਿਰਲੇਖ ਵਾਲੀ ਕਵਿਤਾ ਵਿਚ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਮਾਂ ਦੇ ਬਰਾਬਰ ਹੁੰਦੀ ਹੈ ਪ੍ਰੰਤੂ ਮਾਂ ਨੂੰ ਕਿਸਾਨ ਕਿਵੇਂ ਵਿਕਣ ਦੇਵੇਗਾ-

ਜ਼ਮੀਨ ਨੂੰ ਦਾਸੀ ਬਣਾ ਵਪਾਰੀ ਬਾਜ਼ਾਰ ਵਿਚ ਵੇਚਣ ਤੁਰੇ ,

ਮਾਂ ਦੀ ਇੱਜ਼ਤ ਖ਼ਾਤਰ ਸੂਰਮੇ ਆਪਣੇ ਹੌਸਲੇ ਮੇਚਣ ਤੁਰੇ।

ਬੁੱਕਲ ਮਾਰ ਇਰਾਦਿਆਂ ਦੀ ਨਿਕਲ ਪਏ ਉਹ ਘਰਾਂ ਵਿਚੋਂ,

ਕਿ ਹੱਕ ਦਾ ਰੌਸ਼ਨ ਚਿਰਾਗ਼ ਸਦੀਆਂ ਤੱਕ ਰੌਸ਼ਨ ਰਹੇ। -

ਅਜੇ ਤਨਵੀਰ ਯੂ ਐਸ ਏ ਆਪਣੀ ਗ਼ਜ਼ਲ ਵਿਚ ਕਹਿੰਦੇ ਹਨ ਕਿ ਸਰਕਾਰ ਕਿਸਾਨਾ ਤੇ ਮਜ਼ਦੂਰਾਂ ਨੂੰ ਮਜ਼ਬੂਰ ਨਾ ਸਮਝੇ ਲੋੜ ਪੈਣ ਤੇ ਇਹ ਤਲਵਾਰ ਵੀ ਫੜ ਸਕਦੇ ਹਨ-

ਪਸੀਨਾ ਡੋਲ੍ਹ ਕੇ ਹੁਣ, ਫਸਲ ਰੀਝਾਂ ਦੀ ਹੈ ਮਹਿਕਾਣੀ।

ਅਸੀਂ ਮਜ਼ਦੂਰ ਮਿਹਨਤਕਸ਼ ਕਿਤੇ ਮਜ਼ਬੂਰ ਨਾ ਜਾਣੀ।

ਕਦੇ ਖ਼ੰਜਰ, ਕਦੇ ਤਲਵਾਰ ‘ਤੇ ਨੱਚੇ ਇਸੇ ਕਾਰਨ,

ਅਸੀਂ ਇਹ ਫੈਸਲਾ ਕਰਨਾ ਕਿਸੇ ਤੋਂ ਮਾਤ ਨਾ ਖਾਣੀ।

ਇੰਦਰਜੀਤ ਚੁਗਾਵਾਂ ਯੂ ਐਸ ਏ ਇਤਿਹਾਸ ਨੂੰ ਯਾਦ ਕਰਵਾਉਂਦਾ ਲਿਖਦਾ ਹੈ ਕਿ ਸਬਰ ਦਾ ਇਮਤਿਹਾਨ ਨਾ ਸਰਕਾਰ ਲਵੇ ‘ਸਬਰ ਦੀ 21’ ਸਿਰਲੇਖ ਕਵਿਤਾ  ਵਿਚ ਬਦਲਾ ਕਿਵੇਂ ਤੇ ਕਦੋਂ ਲਿਆ ਜਾ ਸਕਦਾ ਹੈ-

 21ਦੀ ਕੀਮਤ ਯਾਦ ਐ ਨਾ ਇਹ ਹੈ ਸਾਡੇ ਸਬਰ ਦੀ ਉਮਰ।

ਸਬਰ ਰੱਖ ਜ਼ਬਤ ‘ਚ ਰਹਿ ਕੇ ਅਸੀਂ ਕਦੇ ਜਾ ਪਹੁੰਚੇ ਸੀ ਕੈਕਸਟਨ ਹਾਲ।

ਪੂਰੇ 21 ਸਾਲ ਬਾਅਦ ।

ਸਰਬਜੀਤ ਸਿੰਘ ਸੋਹੀ ਆਸਟਰੇਲੀਆ ‘ਤੁਹਾਡੀ ਜਿੱਤ’ ਸਿਰਲੇਖ ਵਿਚ ਲਿਖਦੇ ਹਨ ਕਿ ਸਰਕਾਰ ਦਾ ਜ਼ਬਰ ਕਿਸਾਨਾ ਦੇ ਹੌਸਲੇ ਢਾਅ ਨਹੀਂ ਸਕਦਾ-

ਪਾਣੀ ਦੀਆਂ ਬੁਛਾੜਾਂ ਵਿਚ, ਮੱਘਦੇ ਹੋਏ ਹੌਸਲੇ ਪਸਤ ਨਹੀਂ ਹੁੰਦੇ।

ਜ਼ਿੰਦਗੀ ਦੀ ਲੋਰ ਵਿਚ ਕਦਮਤਾਲ ਕਰਦੇ ਕਦਮ,  ਮੌਤ ਦੀ ਪ੍ਰਵਾਹ ਨਹੀਂ ਕਰਦੇ।

ਇਹ ਵਹਿਮ ਹੈ ਦਿੱਲੀ ਨੂੰ, ਕਿ ਉਸਦਾ ਹਰ ਹੁਕਮ ਤਾਮੀਲ ਹੋਵੇਗਾ।

ਕਿ ਉਸਦਾ ਹਰ ਸ਼ਬਦ ਕਾਨੂੰਨ ਵਿਚ ਤਬਦੀਲ ਹੋਵੇਗਾ।

   ਸੁਖਬਿੰਦਰ ਕੰਬੋਜ਼ ‘ ਸੁੱਤਾ ਰਾਜਾ’ ਵਿਚ ਲਿਖਦੇ ਹਨ ਕਿ ਇਹ ਲਹਿਰ ਇਕ ਦਿਨ ਵਿਚ ਨਹੀਂ ਬਣੀ ਸਗੋਂ ਬੜੀ ਦੇਰ ਦੇ ਸੁਲਘਦਾ ਲਾਵਾ ਭਾਂਬੜ ਬਣ ਉਠਿਆ ਹੈ -

ਇਹ ਜੋ ਸਦੀਆਂ ਦਾ ਉਬਾਲ ਹੈ, ਇਹ ਇਕ ਦਿਨ ‘ਚ ਨਹੀਂ ਉਠਿਆ।

ਇਹਦੇ ਪਿਛੇ ਸਦੀਆਂ ਦੀ ਚੀਸ

ਤੇ ਹਰ ਰੋਜ਼ ਖ਼ੁਦਕਸ਼ੀਆਂ ਦੀ  ਲੰਮੀ ਪੀੜ ਹੈ।

ਸੁਰਿੰਦਰ ਕੌਰ ਪੱਖੋਕੇ ਵੇਦਨਾ ਨਾਂ ਦੀ ਕਵਿਤਾ ਵਿਚ ਲਿਖਦੇ ਹਨ ਕਿ ਕਿਸਾਨੀ ਕੌਮ ਮੌਤ ਤੋਂ ਡਰਦੀ ਨਹੀਂ ਸਗੋਂ ਇਹ ਤਾਂ ਜਿਉਂਦੀ ਹੀ ਮਰ ਕੇ ਹੈ-

ਵੱਡੇ, ਵੇਲੇ ਦੇ ਤਾਰਿਆ, ਗੱਲ, ਸੁਣ, ਕੰਨ ਧਰ ਕੇ।

ਹਾਕਮਾ, ਤੂੰ ਜਾਣਦਾ ਅਸੀਂ, ਜਿਉਂਦੇ, ਹਾਂ ਮਰ ਕੇ।

ਹਰਕੀਰਤ ਕੌਰ ਚਹਿਲ ਲਿਖਦੇ ਹਨ ਕਿ ਹਾਕਮਾ ਕਈ ਅਕਲ ਦੀ ਗੱਲ ਕਰ-

ਕਾਲੇ ਕਾਨੂੰਨ ਪਾੜ ਕੇ ਹੱਥ ਅਕਲਾਂ ਨੂੰ ਮਾਰ ਲੈ।

ਸੜਕਾਂ ‘ਤੇ ਰੁਲਦਾ ਕਿਰਤੀ ਜਾਹ ਉਠ ਕੇ ਸਾਰ ਲੈ।

ਮੱਥੇ ‘ਤੇ ਲੱਗੀ ਕਾਲਖ ਸਦੀਆਂ ਤੱਕ ਲਹਿਣੀ ਨਾ।

ਤੇਰੀ ਬਦਨੀਤੀ ਜ਼ਾਲਮਾ ਖ਼ਲਕਤ ਨੇ ਸਹਿਣੀ ਨਾ।

ਧਰਤੀ ਦੀ ਹਿੱਕ ‘ਚੋਂ ਉਗਮੇ ਸੂਰਜ ਕਦੇ ਉਕਦੇ ਨੀਂ।

ਕੁਲਦੀਪ ਕਿੱਟੀ ਬੱਲ ਲਿਖਦੇ ਹਨ ਕਿ ਕਿਸਾਨ ਦੀ ਦਲੇਰੀ ਦਾ ਤੈਨੂੰ ਅੰਦਾਜ਼ਾ ਨਹੀਂ-

ਐਵੇਂ ਨਾ ਸਮਝੀਂ ਮੈਨੂੰ ਪੁੱਤ ਅਣਜਾਣ ਦਾ, ਪੱਕਾ ਨਿਸ਼ਾਨਚੀ ਮੈਂ ਪੁੱਤ ਕਿਰਸਾਨ ਦਾ ।

ਲੈ ਆਡ੍ਹਾ ਮੈਂ ਤੇਰੀ ਹਿੱਕ ‘ਤੇ ਲਾਇਆ ਏ, ਕੱਕਰ ਤੇ ਪਾਲਾ ਵੇਖ ਮੈਨੂੰ ਨਾ ਠਾਰਦੇ,

ਬਾਹਰ ਤੂੰ ਨਿਕਲ ਤੈਨੂੰ ਸ਼ੇਰ ਵੰਗਾਰਦੇ ਧੁੱਪਾਂ ਦਾ ਸੇਕ ਮੈਂ ਪਿੰਡੇ ਹੰਢਾਇਆ ਏ।

 ਠਹਿਰ ਜਾ ਦਿੱਲੀਏ ਪੁੱਤ ਜੱਟ ਦਾ ਆਇਆ ਏ।

ਕਵਿੰਦਰ ਚਾਂਦ ਕਿਸਾਨਾ ਨੂੰ ਤਾਕੀਦ ਕਰਦੇ ਹਨ ਕਿ ਸਮੇਂ ਦੀ ਨਜ਼ਾਕਤ ਸਮਝੋ-

ਜੇ ਹੁਣ ਬੋਲੇ ਨਹੀਂ ਤਾਂ, ਫਿਰ ਕਿਸੇ ਬੋਲਣ ਨਹੀਂ ਦੇਣਾ,

ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ।

ਜ਼ੁਬਾਨਾ ਵਾਲਿਓ ਗੁੰਗਿਓ, ਤੁਸਾਂ ਜੇ ਅੱਜ ਵੀ, ਇਹ ਧੁੰਧੂਕਾਰ ਸਾਫ਼ ਨਹੀਂ ਕਰਨਾ।

ਤਾਂ ਫਿਰ ਇਤਿਹਾਸ ਨੇ ਸਾਨੂੰ ਤੁਹਾਨੂੰ ਮੁਆਫ਼ ਨਹੀਂ ਕਰਨਾ।

ਸਮਾਂ ਬੋਲਣ ਦਾ ਹੈ ਬੋਲੋ।

ਗੁਰਿੰਦਰਜੀਤ ਸਿੰਘ  ਲਿਖਦੇ ਹਨ ਕਿ ਕਿਸਾਨਾ ਨਾਲ ਹੀ ਹਿੰਦੋਸਤਾਨ ਦੀ ਸ਼ਾਨ ਹੈ-

ਇਹ ਰੱਤ ਜੋ ਕਿਸਾਨ ਦੀ, ਹੀ ਪੱਤ ਹਿੰਦੋਸਤਾਨ ਦੀ।

ਪਸੀਨਾ ਮੇਰੇ ਬਾਪ ਦਾ, ਤੇਰੀ ਅੱਤ ਨੂੰ ਸਰਾਪਦਾ।

ਕੰਵਲਜੀਤ ਦੋਸਾਂਝ ਨੱਤ ਲਿਖਦੇ ਹਨ ਕਿਸਾਨ ਆਪਣੇ ਹੱਕਾਂ ਬਾਰੇ ਜਾਗਰੂਕ ਹਨ-

ਅਸੀਂ ਹੱਕ ਆਪਣੇ ਬਸ ਮੰਗਦੇ ਹਾਂ, ਕੋਈ ਭੀਖ ਨਹੀਂ ਅਸੀਂ ਚਾਹੁੰਦੇ ਹਾਂ।

ਅਜੇ ਵੀ ਗੱਲਾਂ ਨਾਲ ਸਮਝਾਉਂਦੇ ਹਾਂ, ਨਾ ਖ਼ੂਨ-ਖ਼ਰਾਬਾ ਚਾਹੁੰਦੇ ਹਾਂ।

ਡਾ ਗੁਰਮਿੰਦਰ ਸਿੱਧੂ ਲਿਖਦ ਹਨ ਕਿ ਹਾਕਮਾਂ ਦੀਆਂ ਬਦਨੀਤਾਂ ਨੇ ਕਿਸਾਨਾ ਨੂੰ ਮਜ਼ਬੂਰ ਕੀਤਾ ਹੈ-

ਤਾਰਿਆਂ ਦੀ ਝਾਂਜਰ ਹੈ ਟੁੱਟੀ, ਰਾਤਾਂ ਨੂੰ ਵੀ ਦੰਦਲ ਪੈ ਗਈ।

ਹਾਕਮ ਦੀ ਕੁਲੱਛਣੀ ਦਾਤੀ, ਵੱਢ ਕੇ ਰੂਹ ਲੈ ਗਈ।

ਖ਼ੂਨ ਰਗਾਂ ਵਿਚ ਛੱਲਾਂ ਮਾਰੇ  ਹੋਰ ਜ਼ਬਰ ਹੁਣ ਕਰਨ ਨਾ ਦੇਣਾ।

ਧਰਤੀ ਮਾਂ ਦੇ ਪਿੰਡੇ ਉਤੇ, ਪੈਰ ਕਿਸੇ ਨੂੰ ਧਰਨ ਨਾ ਦੇਣਾ।

ਪ੍ਰਕਾਸ਼ ਸੋਹਲ ਲਿਖਦੇ ਹਨ ਕਿ ਸਰਕਾਰ ਲੋਟੂਆਂ ਦੇ ਟੋਲੇ ਨਾਲ ਮਿਲ ਗਈ ਹੈ-

ਲੋਕਾਂ ਦੀ ਸਰਕਾਰ ਹੁੰਦੀ, ਹਰ ਇਕ ਦੇ ਹਿੱਤ ਲਈ,

ਏਥੇ ਹਰ ਨੇਤਾ ਸ਼ਾਹੂਕਾਰੀ ਵੱਲ ਭੱਜਦਾ ਹੈ।

ਸਰਮਾਏਦਾਰੀ ਹੈ ਬਹੁਤ ਜ਼ਰੂਰੀ, ਉੱਨਤ ਹੋਣ ਲਈ।

 ਦੁੱਖ ਹੁੰਦਾ ਜਦ ਇਹ ਟੋਲਾ, ਜਨਤਾ ਨੂੰ ਠੱਗਦਾ ਹੈ।

ਦਰਸ਼ਨ ਬੁਲੰਦਵੀ ਲਿਖਦੇ ਹਨ ਕਿ ਕਿਸਾਨ ਸਿਰਫ ਆਪਣੇ ਹੱਕ ਮੰਗਦੇ ਹਨ-

ਹੱਕਾਂ ਦੀ ਆਵਾਜ਼ ਅਸੀਂ, ਹਵਾ ਵਿਚ ਘੋਲ ਦਿੱਤੀ,

ਹਵਾ ਮੂਹਰੇ ਹੋਣੀ ਨਹੀਂ, ਦੀਵਾਰ ਤੇਰੀ ਹਾਕਮਾ।

ਡੁੱਲ੍ਹੇ ਲਹੂ ਵਿਚੋਂ ਸਦਾ, ਚੜ੍ਹਨਾ ਏ ਸੂਰਜਾਂ ਨੇ,

ਲੁੱਟੀ ਨਹੀਉਂ ਜਾਣੀ ਲੋਅ, ਤੜਕੇ ਦੀ ਹਾਕਮਾਂ।

ਜੀਤ ਸੁਰਜੀਤ ਲਿਖਦੇ ਹਨ ਕਿ ਸਰਕਾਰ ਨੇ ਪੰਜਾਬੀਆਂ ਦੀ ਅਣਖ਼ ਹੱਥ ਪਾਇਆ ਹੈ-

ਸਾਨੂੰ ਅਣਖ ਪਿਆਰੀ ਆ ਤਾਂਹੀ ਤੇਰੀ ਤਾਨਾਸ਼ਾਹੀ ਦੀ, ਹੁਣ ਆ ਗਈ ਵਾਰੀ ਆ।

ਜੱਗਾ ਗਿੱਲ ਲਿਖਦੇ ਹਨ ਕਿ ਹਿਟਲਰ ਦੀ ਨਕਲ ਦੇ ਨਤੀਜ਼ੇ ਸਰਕਾਰ ਨੂੰ ਭੁਗਤਣੇ ਪੈਣਗੇ-

ਹਿਟਲਰ ਬਣ ਬੈਠਾ ਮੋਦੀ ਬੁੱਚੜ ਚੜ੍ਹ ਕੇ ਬੈਠਾ ਗੋਦੀ।

ਚਾਲ ਜ਼ਾਲਮਾਂ ਚੱਲੀ ਕੋਝੀ ਹੱਕ ਲੋਕਾਂ ਦੇ ਖਾਣੇ ਨੂੰ।

ਲਾਣੇਦਾਰ ਲੱਗ ਅੱਗੇ ਤੁਰਿਆ ਪਿੱਛੇ ਲਾ ਲਿਆ ਲਾਣੇ ਨੂੰ।

ਪ੍ਰੀਤਪਾਲ ਅਟਵਾਲ ਪੂੰਨੀ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਜਾਨ ਹੁੰਦੀ ਹੈ-

ਕਾਹਤੋਂ ਘੋਲ ਦਾ ਹਵਾਵਾਂ ਵਿਚ ਜ਼ਹਿਰ ਹਾਕਮਾ, ਵੇ ਹੁੰਦਾ ਅੱਤ ਤੇ ਖ਼ੁਦਾ ਦਾ ਸਦਾ ਵੈਰ ਹਾਕਮਾ।

ਅਣਖ਼ਾਂ ਦੀ ਵੱਖਰੀ ਹੀ ਸ਼ਾਨ ਹੁੰਦੀ ਏ, ਜ਼ਮੀਨ ਤਾਂ ਕਿਸਾਨ ਦੀ ਵੇ ਜਾਨ ਹੁੰਦੀ ਏ।

ਰਵਿੰਦਰ ਸਹਿਰਾਅ ਲਿਖਦੇ ਹਨ ਕਿ ਕਿਸਾਨ ਅੰਦੋਲਨ ਵਿਚ ਬੱਚੀਆਂ ਵੀ ਪਿਛੇ ਨਹੀਂ ਰਹੀਆਂ-

ਮਾਂ ਦੀ ਮਮਤਾ ਤੇ ਪਿਓ ਦੇ ਮੋਹ ਦੀ ਅਜੇ ਤਾਂ ਇਸਨੂੰ ਲੋੜ ਬੜੀ ਹੈ,

ਪਰ ਫ਼ਸਲਾਂ ਨਾ ਰੁਲ ਜਾਣ ਕਿਧਰੇ ਤਾਹੀਂਉਂ ਨੱਕੇ ਮੋੜ ਰਹੀ ਹੈ।

ਹੱਥ ਵਿਚ ਕਹੀ ਤੇ ਪੈਂਟ ਨੂੰ ਟੰਗ ਕੇ, ਵੱਗਦੇ ਹੋਏ ਖਾਲ ‘ਚ ਖੜ੍ਹੀ ਹੈ।

 

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸਬਰ, ਸੰਤੋਖ, ਸੰਤੁਸ਼ਟੀ ਅਤੇ ਇਮਾਨਦਾਰੀ ਦਾ ਪ੍ਰਤੀਕ ਦਲਜੀਤ ਸਿੰਘ ਭੰਗੂ - ਉਜਾਗਰ ਸਿੰਘ

ਬੱਚੇ ਦੇ ਵਿਅਕਤਿਵ ਉਪਰ ਉਸਦੀ ਵਿਰਾਸਤ, ਮਾਤਾ ਪਿਤਾ ਅਤੇ ਆਲੇ ਦੁਆਲੇ ਦੇ ਵਾਤਾਵਰਨ ਦਾ ਗਹਿਰਾ ਪ੍ਰਭਾਵ ਪੈਂਦਾ ਹੈ। ਫਿਰ ਉਹ ਸਾਰੀ ਉਮਰ ਉਸੇ ਪ੍ਰਭਾਵ ਅਧੀਨ ਸਮਾਜ ਵਿਚ ਵਿਚਰਦਾ ਰਹਿੰਦਾ ਹੈ। ਜਿਉਂ ਜਿਉਂ ਉਹ ਜਵਾਨ ਹੁੰਦਾ ਹੈ, ਤਿਉਂ ਤਿਉਂ ਹੀ ਉਸਦੀ ਵਿਰਾਸਤ ਦਾ ਪ੍ਰਭਾਵ ਹੋਰ ਪਕੇਰਾ ਹੁੰਦਾ ਜਾਂਦਾ ਹੈ। ਜਿਸਦੇ ਸਿੱਟੇ ਵਜੋਂ ਸਮਾਜ ਵਿਚ ਉਸਦੀ ਪਛਾਣ ਨਿਵੇਕਲੀ ਹੋ ਜਾਂਦੀ ਹੈ। ਵਿਰਾਸਤ ਅਜਿਹਾ ਕੀਮਤੀ ਗਹਿਣਾ ਹੈ, ਜਿਹੜਾ ਪੁਸ਼ਤ ਦਰ ਪੁਸ਼ਤ ਰੌਸ਼ਨੀ ਦਿੰਦਾ ਰਹਿੰਦਾ ਹੈ। ਜਿਹੜਾ ਇਨਸਾਨ ਆਪਣੀ ਵਿਰਾਸਤ ਉਪਰ ਮਾਣ ਕਰਦਾ  ਹੋਇਆ ਅੱਗੇ ਵਧਦਾ ਹੈ, ਉਸਦਾ ਸਮਾਜ ਵਿਚ ਵੀ ਸਤਿਕਾਰ ਹੁੰਦਾ ਹੈ। ਜਿਸ ਵਿਅਕਤੀ ਦੀ ਵਿਰਾਸਤ ਅਮੀਰ ਹੋਵੇ ਅਤੇ ਪਿਤਾ ਅਧਿਆਪਕ ਹੋਵੇ, ਉਸ ਲਈ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਜੇਕਰ ਉਹ ਵਿਅਕਤੀ ਇਮਾਨਦਾਰ ਹੋਵੇ ਤਾਂ ਮਾਣ ਨਾਲ ਸਿਰ ਉਚਾ ਕਰਕੇ ਜ਼ਿੰਦਗੀ ਬਤੀਤ ਕਰਦਾ ਸਕਦਾ ਹੈ। ਫਿਰ ਉਹ ਵਿਅਕਤੀ ਆਪਣੀ ਵਿਰਾਸਤ ਦੀ ਸੁਗੰਧ ਆਪਣੇ ਕੰਮਾ ਕਾਰਾਂ ਨਾਲ ਫੈਲਾਉਂਦਾ ਰਹਿੰਦਾ ਹੈ। ਅਜਿਹਾ ਹੀ ਇਕ ਸੇਵਾ ਮੁਕਤ ਪੰਜਾਬ ਸਿਵਲ ਸਰਵਿਸ ਦਾ ਅਧਿਕਾਰੀ ਦਲਜੀਤ ਸਿੰਘ ਭੰਗੂ ਹੈ, ਜਿਸਨੇ ਆਪਣੀ ਸਾਰੀ ਨੌਕਰੀ ਦੌਰਾਨ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਇਸ ਕਰਕੇ ਉਹ ਆਪਣੀ ਅਮੀਰ ਸਿੱਖ ਵਿਰਾਸਤ ਦਾ ਪਹਿਰੇਦਾਰ ਕਹਾਉਣ ਦਾ ਹਕਦਾਰ ਬਣ ਗਿਆ ਹੈ। ਕੁਦਰਤੀ ਹੈ ਕਿ ਸਮਾਜ ਵਿਚ ਉਸਦਾ ਆਦਰ ਮਾਣ ਅਤੇ ਸਤਿਕਾਰ ਬਣਿਆਂ ਹੋਇਆ ਹੈ। ਇਮਾਨਦਾਰੀ ਦੇ ਪ੍ਰਤੀਕ ਦਲਜੀਤ ਸਿੰਘ ਭੰਗੂ ਪੀ ਸੀ ਐਸ ਵਿਚ ਆਉਣ ਤੋਂ ਪਹਿਲਾਂ ਅਧਿਆਪਕ ਸਨ। ਆਪਣੀ ਅਮੀਰ ਵਿਰਾਸਤ ਕਰਕੇ ਉਹ ਅਧਿਆਪਕ ਜਥੇਬੰਦੀ ਵਿਚ ਸਰਗਰਮੀ ਨਾਲ ਵਿਚਰਦੇ ਰਹੇ। ਜਥੇਬੰਦੀ ਦੀ ਲਹਿਰ ਵਿਚ ਲਗਾਤਰ ਸਰਕਾਰੀ ਦਮਨਕਾਰੀ ਨੀਤੀਆਂ ਦਾ ਵਿਰੋਧ, ਭਰਿਸ਼ਟਾਚਾਰ ਅਤੇ ਹੋਰ ਊਣਤਾਈਆਂ ਦੂਰ ਕਰਨ ਲਈ ਦਿ੍ਰੜ੍ਹਤਾ ਨਾਲ 22 ਸਾਲ ਜਦੋਜਹਿਦ ਕਰਦੇ ਹੋਏ, ਪੰਜਾਬ ਸਿਵਲ ਸਰਵਿਸ ਵਿਚ ਆ ਕੇ ਉਸੇ ਤਰ੍ਹਾਂ ਲੋਕ ਹਿਤਾਂ ਅਤੇ ਇਨਸਾਫ਼ ਦੇਣ ਲਈ ਪਹਿਰਾ ਦਿੰਦੇ ਹੋਏ, ਸਬਰ ਸੰਤੋਖ ਦਾ ਪੱਲਾ ਨਹੀਂ ਛੱਡਿਆ ਸਗੋਂ ਪਬਲਿਕ ਸੇਵਾ ਵਿਚ Çਂੲਮਾਨਦਾਰੀ ਦਾ ਪ੍ਰਤੀਕ ਬਣਕੇ ਨਾਮਣਾ ਖੱਟਣ ਦਾ ਮਾਣ ਦਲਜੀਤ ਸਿੰਘ ਭੰਗੂ ਨੂੰ ਜਾਂਦਾ ਹੈ, ਜਿਨ੍ਹਾਂ ਆਪਣੀ ਸਰਕਾਰੀ ਸੇਵਾ ਦੌਰਾਨ ਲੋਕ ਸੇਵਾ ਨੂੰ ਤਰਜ਼ੀਹ ਦਿੱਤੀ ਕਿਉਂਕਿ ਅਧਿਆਪਕ ਜਥੇਬੰਦੀ ਵਿਚ ਕੰਮ ਕਰਦਿਆਂ ਸਮਾਜ ਵਿਚਲੀਆਂ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਸਮਝਿਆ। ਮਨੁੱਖੀ ਹੱਕਾਂ ਦੇ ਰਖਵਾਲੇ ਬਣਕੇ ਜਥੇਬੰਦੀ Îਵਿਚ ਕੰਮ ਕਰਦੇ ਰਹੇ। ਉਸ ਸਮੇਂ ਉਨ੍ਹਾਂ ਨੂੰ ਜਥੇਬੰਦੀ ਵਿਚ ਕੰਮ ਕਰਦਿਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਬਹੁਤ ਸਾਰੇ ਅਨਿਆਏ ਉਨ੍ਹਾਂ ਨੂੰ ਬਰਦਾਸ਼ਤ ਕਰਨੇ ਪਏ। ਇਸ ਲਈ ਉਨ੍ਹਾਂ ਪੰਜਾਬ ਸਿਵਲ ਸਰਵਿਸ ਆ ਕੇ ਪ੍ਰਣ ਕਰ ਲਿਆ ਕਿ ਜਿਹੜੀਆਂ ਮੁਸ਼ਕਲਾਂ ਅਤੇ ਅਨਿਆਏ ਉਨ੍ਹਾਂ ਨਾਲ ਸਮਾਜ ਵਿਚ ਵਿਚਰਦਿਆਂ ਹੋਏ ਹਨ, ਉਹ ਲੋਕਾਂ ਨਾਲ ਕਿਸੇ ਕੀਮਤ ਤੇ ਵੀ ਨਹੀਂ ਹੋਣ ਦੇਣੇ। ਪੰਜਾਬ ਸਿਵਲ ਸਰਵਿਸ ਵਿਚ ਉਨ੍ਹਾਂ ਨੇ ਫੀਲਡ ਵਿਚ ਬਹੁਤ ਸਾਰੇ ਅਹੁਦਿਆਂ ਤੇ ਕੰਮ ਕੀਤੇ, ਜਿਨ੍ਹਾਂ ਵਿਚ  ਜਨਰਲ ਅਸਿਸਟੈਂਟ ਟੂ ਡਿਪਟੀ ਕਮਿਸ਼ਨਰ, ਸਬ ਡਵੀਜ਼ਨਲ ਅਧਿਕਾਰੀ ਅਤੇ ਸੰਯੁਕਤ ਸਕੱਤਰ ਮੰਡੀ ਬੋਰਡ ਆਦਿ ਮਹੱਤਵਪੂਰਨ ਹਨ। ਇਨ੍ਹਾਂ ਅਹੁਦਿਆਂ ਤੇ ਆਮ ਲੋਕਾਂ ਨਾਲ ਪੂਰਾ ਵਾਹ ਪੈਂਦਾ ਰਿਹਾ। ਉਨ੍ਹਾਂ ਹਮੇਸ਼ਾ ਹੱਕ ਅਤੇ ਸੱਚ ਤੇ ਪਹਿਰਾ ਦਿੰਦਿਆਂ, ਆਮ ਜਨਤਾ ਨਾਲ ਸਦਭਾਵਨਾ ਵਾਲਾ ਵਾਤਾਵਰਨ ਬਣਾਕੇ ਉਨ੍ਹਾਂ ਨੂੰ ਇਨਸਾਫ ਦਿੱਤਾ। ਉਨ੍ਹਾਂ ਦੇ ਕਿਸੇ ਵੀ  ਫੈਸਲੇ ਤੇ ਕਦੀਂ ਕਿੰਤੂ ਪ੍ਰੰਤੂ ਨਹੀਂ ਹੋਇਆ, ਸਗੋਂ ਪਿੰਡਾਂ ਦੇ ਲੋਕ ਅਜੇ ਤੱਕ ਉਨ੍ਹਾਂ ਨੂੰ ਯਾਦ ਕਰਦੇ ਹਨ। ਕੁਝ ਲੋਕ ਤਾਂ ਸੇਵਾ ਮੁਕਤੀ ਤੋਂ ਬਾਅਦ ਵੀ ਉਨ੍ਹਾਂ ਨਾਲ ਬਾਵਾਸਤਾ ਹਨ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਸਿਹਰਾ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਇਕ ਪੰਜਾਬ ਦੇ ਪ੍ਰਮੁੱਖ ਸਿਆਸੀ ਪਰਿਵਾਰ ਦੇ ਨਜ਼ਦੀਕੀ ਸੰਬੰਧੀ ਹੋਣ ਦੇ ਬਾਵਜੂਦ ਵੀ ਵੱਖ-ਵੱਖ ਪਾਰਟੀਆਂ ਦੇ ਰਾਜ ਵਿਚ ਇਕੋ ਥਾਂ ਅਤੇ ਇਕੋ ਅਹੁਦੇ ਤੇ ਲਗਾਤਾਰ ਚਾਰ ਸਾਲ ਨਿਯੁਕਤ ਰਹੇ। ਉਨ੍ਹਾਂ ਦੇ ਫੈਸਲਿਆਂ ਦੀ ਵੀ ਲੋਕਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਹੋਈ। ਆਪਣੀ ਸਕੱਤਰੇਤ ਵਿਖੇ ਸੰਯੁਕਤ ਸਕੱਤਰ ਦੀ ਨਿਯੁਕਤੀ ਸਮੇਂ ਉਨ੍ਹਾਂ ਦੀ ਦਿਆਨਤਦਾਰੀ ਨੂੰ ਮੁੱਖ ਰਖਦਿਆਂ ਕਈ ਮਹੱਤਵਪੂਰਨ ਕੇਸਾਂ ਦੀ ਪੜਤਾਲ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਲਗਾਉਣ ਦੀ ਗੱਲ ਤੁਰਨੀ ਤਾਂ ਗੁਣਾ ਦਲਜੀਤ ਸਿੰਘ ਭੰਗੂ ਤੇ ਪੈਣਾ, ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ। ਉਨ੍ਹਾਂ ਦੀ ਪੜਤਾਲ ਹਮੇਸ਼ਾ ਤੱਥਾਂ ਅਤੇ ਮੈਰਿਟ ਉਪਰ ਅਧਾਰਤ ਹੁੰਦੀ ਸੀ। ਉਨ੍ਹਾਂ ਦੀ ਪੜਤਾਲ ਦੇ ਨਤੀਜ਼ੇ ਵਜੋਂ ਕਈ ਕੇਸਾਂ ਵਿਚ ਵੱਡੇ ਤੋਂ ਵੱਡੇ ਅਧਿਕਾਰੀਆਂ ਨੂੰ ਜੇਲ੍ਹ ਜਾਣਾ ਪਿਆ। ਉਨ੍ਹਾਂ  ਦੀ ਨੈਤਿਕਤਾ ਅਤੇ ਇਮਾਨਦਾਰੀ ਕਰਕੇ ਕਿਸੇ ਕੇਸ ਵਿਚ ਕਦੀਂ ਵੀ ਕਿਸੇ ਸਿਆਸੀ ਜਾਂ ਹੋਰ ਕਿਸੇ ਮਹੱਤਵਪੂਰਨ ਵਿਅਕਤੀ ਨੇ ਉਨ੍ਹਾਂ ਤੱਕ ਪਹੁੰਚ ਕਰਨ ਦੀ ਕੋਸਿਸ਼ ਨਹੀਂ ਕੀਤੀ। ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੀ ਦਿਆਨਤਦਾਰੀ ਤੇ ਮਾਣ ਕਰਦੇ ਸਨ। ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਦਲਜੀਤ ਸਿੰਘ ਭੰਗੂ ਦੇ ਇਨਸਾਫ ਦੀ ਤਰਾਜੂ ਸਹੀ ਫੈਸਲਾ ਕਰੇਗੀ। ਉਨ੍ਹਾਂ ਦੇ ਫੈਸਲੇ ਹਮੇਸ਼ਾ ਹੱਕ ਤੇ ਸੱਚ ਦਾ ਪ੍ਰਤੀਕ ਬਣਦੇ ਰਹੇ ਹਨ, ਬਣਨ ਵੀ ਕਿਉਂ ਨਾ ਕਿਉਂਕਿ ਉਨ੍ਹਾਂ ਦੀ ਵਿਰਾਸਤ ਇਤਨੀ ਅਮੀਰ ਹੈ ਕਿ ਸਿੱਖ ਕੌਮ ਦਾ ਸਿਰ ਉਨ੍ਹਾਂ ਦੇ ਪੁਰਖਿਆਂ ਦੀ ਕੁਰਬਾਨੀ ਅੱਗੇ ਝੁਕਦਾ ਹੈ ਅਤੇ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਝੁਕਦਾ ਰਹੇਗਾ। ਸਿੱਖ ਕੌਮ ਹਮੇਸ਼ਾ ਉਨ੍ਹਾਂ ਦੇ ਪੁਰਖਿਆਂ ਦੀ ਰਿਣੀ ਰਹੇਗੀ, ਜਿਨ੍ਹਾਂ ਮੱਸੇ ਰੰਗੜ੍ਹ ਨੂੰ ਉਸਦੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਮੌਤ ਦੇ ਘਾਟ ਉਤਾਰਿਆ ਸੀ।  ਉਨ੍ਹਾਂ ਦਾ ਪਰਿਵਾਰ ਬਾਬਾ ਮਹਿਤਾਬ ਸਿੰਘ ਮੀਰਾਂਕੋਟ ਦੀ ਸਤਵੀਂ ਅਤੇ ਰਤਨ ਸਿੰਘ ਭੰਗੂ ਦੀ ਛੇਵੀਂ ਪੀੜ੍ਹੀ ਵਿਚੋਂ ਹੈ। ਪੈਪਸੂ ਦੇ ਮਰਹੂਮ ਮੁੱਖ ਮੰਤਰੀ ਗਿਆਨ Îਸਿੰਘ ਰਾੜੇਵਾਲਾ ਦੇ ਨਾਨਕੇ ਵੀ ਉਨ੍ਹਾਂ ਦੇ ਪਰਿਵਾਰ ਵਿਚ ਸਨ। ਪੰਜਾਬ ਸਰਕਾਰ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਉਨ੍ਹਾਂ ਨੂੰ ਆਫੀਸਰ ਆਨ ਸਪੈਸ਼ਲ ਡਿਊਟੀ ਦਾ ਅਹੁਦਾ ਦੇ ਕੇ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੋਈ ਹੈ।
     ਸਰਵਿਸ ਦੌਰਾਨ ਉਨ੍ਹਾਂ ਨੇ ਪੰਚਾਇਤਾਂ, ਨਗਰ ਪਾਲਿਕਾਵਾਂ, ਵਿਧਾਨ ਸਭਾਵਾਂ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਰਿਟਰਨਿੰਗ ਅਧਿਕਾਰੀ ਦੇ ਤੌਰ ਤੇ ਕੰਮ ਕੀਤਾ। ਆਮ ਤੌਰ ਅਜਿਹੀਆਂ ਚੋਣਾਂ ਵਿਚ ਹਾਰਨ ਵਾਲੇ ਉਮੀਦਵਾਰ ਅਧਿਕਾਰੀਆਂ ਤੇ ਕੋਈ ਨਾ ਕੋਈ ਬਹਾਨਾ ਬਣਾਕੇ ਇਲਜ਼ਾਮ ਲਗਾਉਣ ਦੇ ਆਦੀ ਹੁੰਦੇ ਹਨ ਪ੍ਰੰਤੂ ਦਲਜੀਤ ਸਿੰਘ ਭੰਗੂ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਦੀ ਇਨ੍ਹਾਂ ਸਾਰੀਆਂ ਚੋਣਾਂ ਵਿਚ ਕਦੀਂ ਕੋਈ ਸ਼ਿਕਾਇਤ ਨਹੀਂ ਆਈ ਸਗੋਂ ਪ੍ਰਸੰਸਾ ਹੁੰਦੀ ਰਹੀ।  ਉਨ੍ਹਾਂ ਦੀ ਕੁਸ਼ਲ ਕਾਰਜਸ਼ੈਲੀ, ਇਨਸਾਫਪਸੰਦੀ, ਪ੍ਰਸਾਸ਼ਨਿਕ ਪਕੜ, ਮਿਹਨਤੀ ਰੁਚੀ ਅਤੇ ਦਿਆਨਤਦਾਰੀ ਨਾਲ ਕੰਮ ਕਰਨ ਦੀ ਪ੍ਰਵਿਰਤੀ ਨੇ ਹਮੇਸ਼ਾ ਸਫਲਤਾ ਦਿਵਾਈ। ਇਕ ਵਾਰ ਸੰਗਰੂਰ ਜਿਲ੍ਹੇ ਦੇ ਦਿੜ੍ਹਬਾ ਕਸਬੇ ਦੇ ਸ਼ਰਧਾਲੂਆਂ ਦਾ ਟਰੱਕ ਕੀਰਤਪੁਰ ਸਾਹਿਬ ਕੋਲ ਸਤਲੁਜ ਦਰਿਆ ਵਿਚ ਡਿਗ ਪਿਆ ਸੀ। ਆਪ ਉਸ ਸਮੇਂ ਉਹ ਸਬ ਡਵੀਜ਼ਨ ਮੈਜਿਸਟਰੇਟ ਰੋਪੜ ਸਨ, ਰੋਪੜ ਹੈਡਵਰਕਸ ਤੇ ਲਾਸ਼ਾਂ ਨੂੰ ਬਾਹਰ ਨਿਕਾਲ ਰਹੀ ਇਕ ਕਿਸ਼ਤੀ ਪਾਣੀ ਦੇ ਤੇਜ ਵਹਾਓ ਵਿਚ ਫਸ ਗਈ ਤਾਂ ਉਨ੍ਹਾਂ ਨੇ ਆਪਣੀ ਦਸਤਾਰ ਉਤਾਰਕੇ ਸੁੱਟੀ ਤਾਂ ਕਿਸ਼ਤੀ ਵਿਚ ਸਵਾਰ ਵਿਅਕਤੀ ਉਨ੍ਹਾਂ ਦੀ ਦਸਤਾਰ ਪਕੜਕੇ ਬਾਹਰ ਆਏ ਸਨ।
  ਦਲਜੀਤ ਸਿੰਘ ਭੰਗੂ ਦਾ ਜਨਮ ਪਿਤਾ ਬਲਬੀਰ ਸਿੰਘ ਦੇ ਘਰ ਲੁਧਿਆਣਾ ਜਿਲ੍ਹੇ ਦੇ ਪਿੰਡ ਭੜੀ ਵਿਚ 1 ਜੁਲਾਈ 1956 ਨੂੰ ਹੋਇਆ।  ਅੱਜ ਕਲ੍ਹ ਇਹ ਪਿੰਡ ਫਤਿਹਗੜ੍ਹ ਜਿਲ੍ਹੇ ਵਿਚ ਪੈਂਦਾ ਹੈ। ਉਨ੍ਹਾਂ ਨੇ ਅੱਠਵੀਂ ਤੱਕ ਦੀ ਪੜ੍ਹਾਈ ਸੰਗਰੂਰ ਜਿਲ੍ਹੇ ਦੇ ਪਿੰਡ ਚੀਮਾ ਵਿਚ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਅਧਿਆਪਕ ਸਨ। ਉਨ੍ਹਾਂ ਨੇ ਨੌਵੀਂ ਤੇ ਦਸਵੀਂ ਗੁਰੂ ਨਾਨਕ ਦੇਵ ਖਾਲਸਾ ਹਾਈ ਸਕੂਲ ਗਿੱਲ ਤੋਂ ਪਾਸ ਕਰਕੇ ਪ੍ਰੈਪ ਪ੍ਰੀ ਮੈਡੀਕਲ ਸਰਕਾਰੀ ਕਾਲਜ ਰੋਪੜ ਤੋਂ ਪਾਸ ਕੀਤੀ। ਬੀ ਐਸ ਸੀ ਮੈਡੀਕਲ ਏ ਐਸ ਕਾਲਜ ਖੰਨਾ ਤੋਂ ਪਾਸ ਕਰਕੇ ਬੀ ਐਡ ਸਰਕਾਰੀ ਕਾਲਜ ਆਫ ਐਜੂਕੇਸ਼ਨ ਜਲੰਧਰ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮ ਏ ਰਾਜਨੀਤੀ ਸ਼ਾਸ਼ਤਰ, ਐਮ ਏ ਪਬਲਿਕ ਐਡਮਨਿਸਟਰੇਸ਼ਨ, ਐਮ ਐਸ ਸੀ ਜੀਵ ਵਿਗਿਆਨ ਅਤੇ ਐਲ ਐਲ ਬੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। 1979 ਵਿਚ ਸਰਕਾਰੀ ਅਧਿਆਪਕ ਦੀ ਨੌਕਰੀ ਕਰ ਲਈ ਅਤੇ ਫਰਵਰੀ 1995 ਤੱਕ ਅਧਿਆਪਕ ਦੀ ਨੌਕਰੀ ਕਰਦੇ ਰਹੇ। ਵਿਦਿਅਕ ਵਿਭਾਗ ਵਿਚ ਆਪਨੂੰ ਇਕ ਅਧਿਆਪਕ ਨੇਤਾ ਅਤੇ ਸਫਲ ਅਧਿਆਪਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ, ਕਿਉਂਕਿ ਉਨ੍ਹਾਂ ਅਧਿਆਪਕ ਜਥੇਬੰਦੀ ਵਿਚ ਕੰਮ ਕਰਦਿਆਂ ਬੱਚਿਆਂ ਦੀ ਪੜ੍ਹਾਈ ਤੋਂ ਕਦੀਂ ਵੀ ਪਾਸਾ ਨਹੀਂ ਵੱਟਿਆ। ਜਥੇਬੰਦੀ ਵਿਚ ਕੰਮ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ। ਵਿਦਿਆਰਥੀਆਂ ਨੂੰ ਸਕੂਲ ਦੇ ਸਮੇਂ ਤੋਂ ਬਾਅਦ ਵਿਸ਼ੇਸ਼  ਕਲਾਸਾਂ ਲਗਾ ਕੇ ਪੜ੍ਹਾਉਂਦੇ ਰਹੇ। ਉਨ੍ਹਾਂ ਦੇ ਨਤੀਜੇ ਹਮੇਸ਼ਾ ਸੌ ਫੀ ਸਦੀ ਆਉਂਦੇ ਰਹੇ। ਮਾਰਚ 1995 ਵਿਚ ਪੀ ਸੀ ਐਸ ਐਗਜੈਕਟਿਵ ਵਿਚ ਆ ਗਏ, ਜਿਥੇ ਲਗਪਗ  22 ਸਾਲ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦਿਆਂ ਲੋਕਾਂ ਨੂੰ ਇਨਸਾਫ ਦਿੰਦੇ ਰਹੇ। ਆਪ ਕਾਲਜ ਵਿਚ ਵਿਦਿਆਰਥੀ ਯੂਨੀਅਨ ਅਤੇ ਨੌਕਰੀ ਕਰਦਿਆਂ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਹੇ। ਇਸ ਕਰਕੇ ਉਨ੍ਹਾਂ ਆਪਣੀ ਸਾਰੀ ਨੌਕਰੀ ਦੌਰਾਨ ਇਨਸਾਫ ਦੇਣ ਉਪਰ ਪਹਿਰਾ ਦਿੱਤਾ।
   ਉਨ੍ਹਾਂ ਦਾ ਵਿਆਹ 1980 ਵਿਚ ਔਜਲਾ ਪਰਿਵਾਰ ਦੀ ਸਪੁਤਰੀ ਹਰਜੀਤ ਕੌਰ ਨਾਲ ਹੋਇਆ। ਹਰਜੀਤ ਕੌਰ ਚੰਡੀਗੜ੍ਹ ਤੋਂ ਪੰਜਾਬੀ ਦੇ ਲੈਕਚਰਾਰ ਸੇਵਾ ਮੁਕਤ ਹੋਏ ਹਨ। ਸਾਰਾ ਪਰਿਵਾਰ ਪੜਿ੍ਹਆ ਲਿਖਿਆ ਹੈ। ਦਲਜੀਤ ਸਿੰਘ ਭੰਗੂ ਦਾ ਵੱਡਾ ਸਪੁਤਰ ਜਗਦੀਪ ਸਿੰਘ ਇਲੈਕਟਰੌਨਿਕ ਇੰਜਿਨੀਅਰ ਹੈ। ਉਨ੍ਹਾਂ ਨੇ ਅਮਰੀਕਾ ਵਿਚ ਕੈਲੀਫੋਰਨੀਆਂ ਯੂਨੀਵਰਸਿਟੀ ਤੋਂ ਐਮ ਬੀ ਏ ਫਾਈਨੈਂਸ ਪਾਸ ਕੀਤੀ ਹੈ। ਅਮਰੀਕਾ ਵਿਚ ਨੌਕਰੀ ਕਰਨ ਤੋਂ ਬਾਅਦ ਕੈਨੇਡਾ ਵਿਚ ਵਸ ਗਿਆ ਹੈ। ਜਗਦੀਪ ਸਿੰਘ ਦੀ ਪਤਨੀ ਮਨੋਵਿਗਿਆਨ ਦੀ ਮਾਸਟਰਜ਼ ਹੈ ਅਤੇ ਅਮਰੀਕਾ ਦੀ ਬੇਕਰਜ਼ਫੀਲਡ ਯੂਨੀਵਰਸਿਟੀ ਤੋਂ ਹੈਲਥ ਕੇਅਰ ਮੈਨੇਜਮੈਂਟ  ਵਿਚ ਐਮ ਬੀ ਏ ਪਾਸ ਕੀਤੀ ਹੈ। ਉਨ੍ਹਾਂ ਦਾ ਦੂਜਾ ਸਪੁੱਤਰ ਸਹਿਦੀਪ ਸਿੰਘ ਵੀ ਇੰਜਿਨੀਅਰ ਹੈ ਅਤੇ ੳਸਨੇ ਵੀ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਮਾਸਟਰਜ਼ ਪਾਸ ਕੀਤੀ ਹੈ। ਉਸਦੀ ਦੀ ਪਤਨੀ ਨੇ ਅਮਰੀਕਾ ਦੀ ਯੂ ਸੀ ਐਲ ਏ  ਯੂਨੀਵਰਸਿਟੀ ਤੋਂ ਕੈਮੀਕਲ ਇੰਜਿਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਪਰਿਵਾਰ ਸਮੇਤ ਅਮਰੀਕਾ ਵਿਚ ਵਸੇ ਹੋਏ ਹਨ।  

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

ujagarsingh48@yahoo.com

ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਵਿਕਾਸ ਦੀ ਥਾਂ ਨਿੱਜੀ ਕਿੜਾਂ ਕੱਢਣ ਦਾ ਪਲੇਟਫਾਰਮ ਬਣਿਆਂ - ਉਜਾਗਰ ਸਿੰਘ

ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਇਕ ਕਿਸਮ ਨਾਲ ਸੰਵਿਧਾਨਿਕ ਖ਼ਾਨਾ ਪੂਰਤੀ ਹੀ ਰਹਿ ਗਏ ਹਨ।  ਇਹ ਬਜਟ ਸ਼ੈਸ਼ਨ ਹੁਣ ਤੱਕ ਦਾ ਸਭ ਤੋਂ ਥੋੜ੍ਹੇ ਸਮੇਂ ਅਤੇ ਥੋੜ੍ਹੀਆਂ ਬੈਠਕਾਂ ਦਾ ਰਿਹਾ ਹੈ। ਵਰਤਮਾਨ ਸਰਕਾਰ ਦਾ ਇਹ ਆਖ਼ਰੀ ਬਜਟ ਸ਼ੈਸ਼ਨ ਸੀ। ਵਿਧਾਨ ਸਭਾ ਦਾ ਸਦਨ ਤਾਂ ਰਾਜ ਦੇ ਵਿਕਾਸ ਦੀਆਂ ਸਕੀਮਾ ਬਣਾਉਣ, ਮਨੁੱਖੀ ਹੱਕਾਂ ਦੀ ਰਾਖੀ ਕਰਨ ਅਤੇ ਲੋਕਾਂ ਦੇ ਸਮਾਜ ਭਲਾਈ ਲਈ ਵਿਚਾਰ ਵਟਾਂਦਰਾ ਕਰਨ ਦਾ ਪਲੇਟਫਾਰਮ ਹੁੰਦਾ ਹੈ। ਪ੍ਰੰਤੂ ਅੱਜ ਕਲ੍ਹ ਇਹ ਸਿਰਫ ਮਜ਼ਬੂਰੀ ਵਸ ਸੰਵਿਧਾਨਿਕ ਲੋੜਾਂ ਦੀ ਪੂਰਤੀ ਲਈ ਛੋਟੇ ਤੋਂ ਛੋਟੇ ਸ਼ੈਸਨ ਕੀਤੇ ਜਾਂਦੇ ਹਨ ਤਾਂ ਜੋ ਸਰਕਾਰ ਦੀਆਂ ਊਣਤਾਈਆਂ ਦਾ ਪਰਦਾ ਫਾਸ਼ ਨਾ ਹੋ ਸਕੇ। ਪੰਜਾਬ ਵਿਧਾਨ ਸਭਾ ਦਾ ਬਜਟ ਇਜ਼ਲਾਸ ਵਿਕਾਸ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੀ ਥਾਂ ਵਿਧਾਇਕਾਂ ਵੱਲੋਂ ਇਕ ਦੂਜੇ ਉਪਰ ਦੂਸ਼ਣ ਲਗਾਉਣ ਅਤੇ ਨਿੱਜੀ ਕਿੜਾਂ ਕੱਢਣ ਦਾ ਪਲੇਟਫਾਰਮ ਬਣਕੇ ਸਮਾਪਤ ਹੋ ਗਿਆ। ਰਾਜਪਾਲ ਦਾ ਭਾਸ਼ਣ ਸੰਸਦੀ ਰਵਾਇਤੀ ਪ੍ਰਣਾਲੀ ਦਾ ਹਿੱਸਾ ਹੁੰਦਾ ਹੈ। ਸੰਵਿਧਾਨਕ ਤੌਰ ਤੇ ਰਾਜਪਾਲ ਰਾਜ ਦਾ ਮੁੱਖੀ ਹੁੰਦਾ ਹੈ। ਉਨ੍ਹਾਂ ਦਾ ਭਾਸ਼ਣ ਦੇਣਾ ਅਤੇ ਵਿਧਾਇਕਾਂ ਦਾ ਉਨ੍ਹਾਂ ਨੂੰ ਸੁਣਨਾ ਸਦਨ ਦੀ ਮਾਣ ਮਰਿਆਦਾ ਦਾ ਹਿੱਸਾ ਹੁੰਦਾ ਹੈ। ਪ੍ਰੰਤੂ ਸਦਨ ਦੇ ਪਹਿਲੇ ਦਿਨ ਹੀ ਜਦੋਂ ਰਾਜਪਾਲ ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰਨ ਲੱਗੇ ਤਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ Îਵਿਧਾਇਕਾਂ ਨੇ ਰੌÑਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਸਦਨ ਦੀ ਮਾਣ ਮਰਿਆਦਾ ਦੀ ਉਲੰਘਣਾ ਕੀਤੀ ਪ੍ਰੰਤੂ ਜਦੋਂ ਵਿਰੋਧੀ ਪਾਰਟੀ ਆਪ ਤਾਕਤ ਵਿਚ ਹੁੰਦੀ ਹੈ, ਜੇਕਰ ਉਦੋਂ ਕਿਸੇ ਹੋਰ ਪਾਰਟੀ ਦੇ ਮੈਂਬਰ ਅਜਿਹਾ ਕਰਨ ਤਾਂ ਉਨ੍ਹਾਂ ਨੂੰ ਨਿੰਦਿਆ ਜਾਂਦਾ ਹੈ। ਇਸ ਲਈ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਦਾ ਫਰਜ ਬਣਦਾ ਹੈ ਕਿ ਉਹ ਸਦਨ ਦੀ ਮਾਣ ਮਰਿਆਦਾ ਬਰਕਰਾਰ ਰੱਖਣ। ਘੱਟੋ ਘੱਟ ਰਾਜਪਾਲ ਦੇ ਭਾਸ਼ਣ ਮੌਕੇ ਉਨ੍ਹਾਂ ਨੂੰ ਸਹਿਜਤਾ ਨਾਲ ਸੁਣਨਾ ਚਾਹੀਦਾ ਹੈ। ਵਿਧਾਇਕ ਆਮ ਜਨਤਾ ਲਈ ਰੋਲ ਮਾਡਲ ਬਣਨੇ ਚਾਹੀਦੇ ਹਨ। ਵਿਧਾਨ ਸਭਾ ਵਿਚ ਸਦਨ ਦੀ ਕਾਰਵਾਈ ਰੋਕਣ ਲਈ ਗੜਬੜ ਕਰਕੇ ਵਿਧਾਨਕਾਰ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ। ਇਹ ਸਮਝ ਤੋਂ ਬਾਹਰ ਹੈ। ਉਹ ਤਾਂ ਆਪਣਾ ਸਮਾਜਿਕ ਅਕਸ ਆਪ ਖ਼ਰਾਬ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਪੱਤਰਕਾਰ ਤੋਂ ਵਿਧਾਇਕ ਬਣੇ ਕੰਵਰ ਸੰਧੂ ਨੇ ਸਪੀਕਰ ਨੂੰ ਲਾਜਵਾਬ ਸੁਝਾਅ ਦਿੱਤਾ ਕਿ ਅਜਿਹਾ ਕਰਨ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਕਹਿਣ ਤੋਂ ਭਾਵ ਕੋਈ ਟਾਵਾਂ ਟੱਲਾ ਵਿਧਾਨਕਾਰ ਸਦਨ ਦੀ ਮਾਣ ਮਰਿਆਦਾ ਕਾਇਮ ਰੱਖਣ ਵਿਚ ਯਕੀਨ ਰੱਖਦਾ ਹੈ। ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਤਰਨਤਾਰਨ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਮਿਹਣੋ ਮੇਹਣੀ ਹੁੰਦਿਆਂ ਨਿੱਜੀ ਹਮਲਿਆਂ ਤੇ ਪਹੁੰਚ ਗਏ ਅਤੇ ਇਕ ਦੂਜੇ ਦੇ ਪੁਰਖਿਆਂ ਨੂੰ ਵੀ ਮੁਆਫ ਨਹੀਂ ਕੀਤਾ। ਬਿਕਰਮ ਸਿੰਘ ਮਜੀਠੀਆ, ਰਾਣਾ ਗੁਰਜੀਤ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਵਿਵਾਦਤ ਟਿਪਣੀਆਂ ਪਹਿਲਾਂ ਵੀ ਗੈਰ ਸੰਸਦੀ ਭਾਸ਼ਾ ਵਰਤਣ ਕਰਕੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਜਦੋਂ ਤੋਂ ਅਕਾਲੀ ਸਰਕਾਰ ਦੀ ਥਾਂ ਕਾਂਗਰਸ ਸਰਕਾਰ ਆਈ ਹੈ, ਬਿਕਰਮ ਸਿੰਘ ਮਜੀਠੀਆ ਨੇ ਹਮਲਾਵਰ ਰੁਖ ਅਪਣਾ ਲਿਆ ਹੈ। ਵਿਧਾਨ ਸਭਾ ਵਿਚ ਅਕਾਲੀ ਦਲ ਦੇ ਲੀਡਰ ਸ਼ਰਨਜੀਤ ਸਿੰਘ ਢਿਲੋਂ ਦੀ ਥਾਂ ਵਿਕਰਮ ਸਿੰਘ ਮਜੀਠੀਆ ਹੀ ਬੋਲਦੇ ਹਨ। ਢਿਲੋਂ ਤਾਂ ਕਾਗਜ਼ਾਂ ਵਿਚ ਹੀ ਅਕਾਲੀ ਦਲ ਦਾ ਵਿਧਾਨ ਸਭਾ ਵਿਚ ਲੀਡਰ ਲਗਦਾ ਹੈ। ਬਿਕਰਮ ਸਿੰਘ ਮਜੀਠੀਆ ਪੜ੍ਹੇ ਲਿਖੇ ਅਤੇ ਖਾਨਦਾਨੀ ਪਰਿਵਾਰ ਨਾਲ ਸੰਬੰਧ ਰਖਦੇ ਹਨ। ਵਿਧਾਨ ਸਭਾ ਵਿਚ ਵਿਧਾਨਕਾਰਾਂ ਵੱਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨਾ ਵਿਧਾਨ ਸਭਾ ਦੀ ਮਾਣ ਮਰਿਆਦਾ ਦੀ ਉਲੰਘਣਾ ਹੈ। ਲੋਕਤੰਤਰਿਕ ਪ੍ਰਣਾਲੀ ਰਾਹੀਂ ਚੁਣੇ ਗਏ ਲੋਕਤੰਤਰ ਦੀ ਰਖਵਾਲੀ ਕਰਨ ਵਾਲੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਸਦਨ ਦੀ ਮਾਣ ਮਰਿਆਦਾ ਨੂੰ ਤਾਰ ਤਾਰ ਕਰਨ ਦੀ ਕੋਈ ਕਸਰ ਨਹੀਂ ਛੱਡੀ। ਵਿਧਾਨ ਸਭਾ ਦਾ ਹਰ ਵਿਧਾਇਕ ਘੱਟੋ ਘੱਟ ਇਕ ਲੱਖ ਵੋਟਰਾਂ ਦਾ ਫਤਵਾ ਲੈ ਕੇ ਸਦਨ ਦਾ ਮੈਂਬਰ ਬਣਦਾ ਹੈ। ਵੋਟਰ ਆਪਣੀਆਂ ਵੋਟਾਂ ਇਸ ਮੰਤਵ ਨਾਲ ਪਾਉਂਦੇ ਹਨ ਕਿ ਇਹ ਵਿਧਾਇਕ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਗੇ ਅਤੇ ਹਲਕੇ ਦੇ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਨਗੇ ਪ੍ਰੰਤੂ ਹੋ ਸਾਰਾ ਕੁਝ ਇਸਦੇ ਉਲਟ ਰਿਹਾ ਹੈ, ਜਦੋਂ ਉਹ ਵਿਕਾਸ ਦੀ ਗੱਲ ਕਰਨ ਨਾਲੋਂ ਪਹਿਲਾਂ ਆਪਣੇ ਵਿਰੋਧੀਆਂ ਤੇ ਦੂਸ਼ਣਬਾਜੀ ਕਰਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਪਾਜ ਉਘੇੜਕੇ ਉਨ੍ਹਾਂ ਨੂੰ ਆੜੇ ਹੱਥੀਂ ਲੈਂਦੇ ਹਨ। ਇਹ ਵੀ ਦੁੱਖ ਦੀ ਗੱਲ ਹੈ ਕਿ ਲਗਪਗ ਅੱਧੇ ਵਿਧਾਇਕ ਤਾਂ ਸਾਰੇ ਸ਼ੈਸ਼ਨ ਵਿਚ ਆਪਣਾ ਮੂੰਹ ਸੁੱਚਾ ਲੈ ਕੇ ਘਰ ਚਲੇ ਜਾਂਦੇ ਹਨ, ਉਹ ਇਕ ਸ਼ਬਦ ਵੀ ਨਹੀਂ ਬੋਲਦੇ। ਜੇਕਰ ਰਾਜਪਾਲ, ਮੁੱਖ ਮੰਤਰੀ, ਮੰਤਰੀ ਅਤੇ ਵਿਧਾਨਕਾਰ ਬੋਲਣ ਲਗਦੇ ਹਨ ਤਾਂ ਉਨ੍ਹਾਂ ਨੂੰ ਬੋਲਣ ਤੋਂ ਰੋਕਣ ਲਈ ਰੌਲਾ ਰੱਪਾ ਪਾਉਣ ਲਗਦੇ ਹਨ। ਹਰ ਮੈਂਬਰ ਨੂੰ ਸੰਸਦੀ ਪ੍ਰਣਾਲੀ ਦੇ ਨਿਯਮਾ ਅਨੁਸਾਰ ਆਪੋ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਇਸ ਲਈ ਇਕ ਦੂਜੇ ਨੂੰ ਬੋਲਣ ਤੋਂ ਰੋਕਣਾ ਨਹੀਂ ਚਾਹੀਦਾ ਸਗੋਂ ਜਦੋਂ ਆਪਣੀ ਵਾਰੀ ਆਵੇ ਉਦੋਂ ਜਿਹੜੀ ਗੱਲ ਕਹਿਣੀ ਹੈ, ਉਹ ਕਹਿ ਸਕਦੇ ਹਨ। ਵਿਧਾਨਕਾਰਾਂ ਨੂੰ ਆਪੋ ਆਪਣੇ ਵਿਧਾਨ ਸਭਾ ਦੇ ਹਲਕਿਆਂ ਦੇ ਵਿਕਾਸ ਨਾਲ ਸੰਬੰਧਤ ਮਸਲੇ ਉਠਾਉਣੇ ਚਾਹੀਦੇ ਹਨ ਅਤੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਇਸ ਵਾਰ ਇਹ ਚੰਗੀ ਗੱਲ ਵੀ ਹੋਈ ਹੈ ਕਿ ਸਰਕਾਰ ਚਲਾ ਰਹੀ ਪਾਰਟੀ ਦੇ ਅੱਧੀ ਦਰਜਨ ਵਿਧਾਨਕਾਰਾਂ ਨੇ ਆਪਣੇ ਮੰਤਰੀਆਂ ਨੂੰ ਸਵਾਲ ਕਰਕੇ ਕਟਹਿਰੇ ਵਿਚ ਖੜ੍ਹੇ ਕਰ ਦਿੱਤਾ ਹੈ। ਜਿਹੜਾ ਕੰਮ ਵਿਰੋਧੀ ਪਾਰਟੀਆਂ ਦੇ ਵਿਧਾਨਕਾਰਾਂ ਨੂੰ ਕਰਨਾ ਚਾਹੀਦਾ ਸੀ, ਉਹ ਸਰਕਾਰ ਚਲਾ ਰਹੀ ਪਾਰਟੀ ਦੇ ਵਿਧਾਇਕਾਂ ਨੇ ਕੀਤਾ ਹੈ। ਜਦੋਂ ਮੁੱਖ ਮੰਤਰੀ ਰਾਜਪਾਲ ਦੇ ਭਾਸ਼ਣ ਤੇ ਵਿਰੋਧੀਆਂ ਵੱਲੋਂ ਉਠਾਏ ਗਏ ਨੁਕਤਿਆਂ ਬਾਰੇ ਬੋਲਣ ਲੱਗੇ ਤਾਂ ਛੇ ਮਿੰਟਾਂ ਬਾਅਦ ਹੀ ਅਕਾਲੀ ਦਲ ਦੇ ਵਿਧਾਇਕਾਂ ਨੇ ਸ਼ਰਨਜੀਤ ਸਿੰਘ ਢਿਲੋਂ ਅਤੇ ਬਿਕਰਮ ਮਜੀਠੀਆ ਦੀ ਅਗਵਾਈ ਵਿਚ ਮੁੱਖ ਮੰਤਰੀ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਸਪੀਕਰ ਦੇ ਰੋਕਣ ਦੇ ਬਾਵਜੂਦ ਜਦੋਂ ਉਹ ਸਦਨ ਦੇ ਵੈਲ ਵਿਚ ਆ ਕੇ ਨਾਹਰੇ ਮਾਰਨ ਤੋਂ ਨਾ ਹਟੇ ਤਾਂ ਸਪੀਕਰ ਨੂੰ 15 ਮਿੰਟ ਲਈ ਸਦਨ ਦੀ ਕਾਰਵਾਈ ਬੰਦ ਕਰਨੀ ਪਈ । ਜਦੋਂ ਦੁਬਾਰਾ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੇ ਮੁੱਖ ਮੰਤਰੀ ਬੋਲਣ ਲੱਗੇ ਤਾਂ ਫਿਰ ਉਹੀ ਰੌਲਾ ਰੱਪਾ ਸ਼ੁਰੂ ਹੋ ਗਿਆ। ਸਦਨ ਵਿਚ ਮੱਛੀ ਮੰਡੀ ਦੀ ਤਰ੍ਹਾਂ ਆਵਾਜ਼ਾਂ ਆ ਰਹੀਆਂ ਸਨ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਕ ਦੂਜੇ ਕੱਟੜ ਵਿਰੋਧੀ ਹਨ ਪ੍ਹਤ੍ਰੰ ਮੁੱਖ ਮੰਤਰੀ ਨੂੰ ਬੋਲਣ ਤੋਂ ਰੋਕਣ ਲਈ ਇਕ ਸੁਰ ਹੋ ਗਏ। ਕਿਸੇ ਚੰਗੇ ਕੰਮ ਲਈ ਤਾਂ ਇਕੱਠੇ ਨਹੀਂ ਹੁੰਦੇ। ਜਿਥੇ ਸਾਰੇ ਵਿਧਾਇਕਾਂ ਦਾ ਨਿੱਜੀ ਹਿਤ ਹੁੰਦਾ ਹੈ ਉਥੇ ਸਾਰੇ ਇਕ ਮਤ ਹੋ ਜਾਂਦੇ ਹਨ ਜਿਵੇਂ ਸੁਖਪਾਲ ਸਿੰਘ ਖ਼ਹਿਰਾ ਉਪਰ ਈ ਡੀ ਦੇ ਛਾਪੇ ਬਾਰੇ ਸਾਰਿਆਂ ਨੇ ਵਿਧਾਨ ਸਭਾ ਵਿਚ ਮਤਾ ਪਾਸ ਕਰ ਦਿੱਤਾ ਕਿ ਈ ਡੀ ਰਾਜ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾ ਛਾਪੇ ਨਾ ਮਾਰੇ। ਸਦਨ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਲਈ ਵੀ ਇਕੱਠੇ ਹੋ ਗਏ। ਅਕਾਲੀ ਦਲ ਦੇ 9 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸਦਨ ਦੀ ਕਾਰਵਾਈ ਤੋਂ ਬਾਹਰ ਰਹਿਣ ਨਾਲੋਂ ਆਪਣੀ ਗੱਲ ਸਦਨ ਵਿਚ ਬੈਠ ਕੇ ਕਰਨੀ ਵਿਧਾਨਕਾਰਾਂ ਦੀ ਸੰਵਿਧਾਨਕ ਜ਼ਿੰਮੇਵਾਰ ਹੁੰਦੀ ਹੈ ਪ੍ਰੰਤੂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਣੇ ਬਣਾਏ ਨਿਯਮਾ ਦੀ ਆਪ ਹੀ ਉਲੰਘਣਾ ਕਰਦੇ ਹਨ ਅਤੇ ਆਪਣੇ ਵੋਟਰਾਂ ਨੂੰ ਧੋਖਾ ਦਿੰਦੇ ਹਨ। ਸਦਨ ਪਰਜਾਤੰਤਰ ਦਾ ਮਜਾਕ ਬਣ ਗਿਆ ਹੈ। ਇਥੇ ਹੀ ਬਸ ਨਹੀਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਦੋਂ ਬਜਟ ਪੇਸ਼ ਕਰ ਰਹੇ ਸਨ ਤਾਂ ਵੀ ਵਿਰੋਧੀ ਪਾਰਟੀਆਂ ਦੇ ਵਿਧਾਇਕ ਉਨ੍ਹਾਂ ਨੂੰ ਵਿਚਕਾਰ ਹੀ ਟੋਕਦੇ ਰਹੇ। ਇਉਂ ਲੱਗ ਰਿਹਾ ਸੀ ਕਿ ਜਿਵੇਂ ਨਗਰ ਨਿਗਮ ਦੇ ਕੌਂਸਲਾਂ ਦੀ ਮੀਟਿੰਗ ਹੋ ਰਹੀ ਹੈ। ਇਸ ਤੋਂ ਇਲਾਵਾ ਇਕ ਮੰਤਰੀ ਸਾਹਿਬਾ ਵੀ ਵਿਤ ਮੰਤਰੀ ਦੇ ਭਾਸ਼ਣ ਦੇ ਦਰਮਿਆਨ ਹੀ ਖੜ੍ਹੇ ਹੋ ਕੇ ਆਪਣੀ ਹੀ ਸਰਕਾਰ ਦੀ ਪ੍ਰਸੰਸਾ ਦੇ ਪੁਲ ਬੰਨ੍ਹਣ ਲੱਗ ਗਏ। ਇਸ ਸਦਨ ਵਿਚ ਵਿਧਾਇਕਾਂ ਨਾਲ ਦੂਸ਼ਣਬਾਜ਼ੀ ਵਿਚ ਉਲਝਣ ਲਈ ਬਿਕਰਮ ਸਿੰਘ ਮਜੀਠੀਆ ਕੇਂਦਰ ਬਿੰਦੂ ਬਣੇ ਰਹੇ। ਹਰਪਾਲ ਸਿੰਘ ਚੀਮਾ ਨਾਲ ਉਹ ਕਿਸਾਨਾ ਦੀਆਂ ਗਿ੍ਰਫਤਾਰੀਆਂ ਕਰਕੇ ਉਲਝਦੇ ਰਹ। ਇਸੇ ਤਰ੍ਹਾਂ ਬਜਟ ਤੇ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਬਾਬਾ ਨਜ਼ਮੀ ਦੀ ਕਵਿਤਾ ਦਾ ਸਹਾਰਾ ਲੈ ਕੇ ਵਿਧਾਇਕਾਂ ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਪਜੈਰੋ ਗੱਡੀਆਂ ਕਿਵੇਂ ਆ ਗਈਆਂ। ਭਾਵ ਉਨ੍ਹਾਂ ਵੱਲੋਂ ਭਰਿਸ਼ਟਾਚਾਰ ਕਰਕੇ ਅਮੀਰ ਬਣਨ ਦਾ ਸੀ। ਇਹ ਵੀ ਨਿੱਜੀ ਚਿਕੜ ਉਛਾਲਣ ਵਾਲੀ ਗੱਲ ਸੀ। ਇਸਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ ਸੀ। ਸਰਕਾਰੀ ਪੱਖ ਤੋਂ ਚਰਨਜੀਤ ਸਿੰਘ ਚੰਨੀ ਤਕਨੀਕੀ ਸਿਖਿਆ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਉਪਰ ਨਿੱਜੀ ਦੂਸ਼ਣ ਲਗਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਦਨ ਮੱਛੀ ਮਾਰਕੀਟ ਹੀ ਬਣਿਆ ਰਿਹਾ। ਵਿਧਾਨਕਾਰਾਂ ਦੀ ਬੌਧਿਕਤਾ ਦਾ ਮਿਆਰ ਵੇਖਣ ਨੂੰ ਮਿਲਿਆ।
     ਬਜਟ ਇਜਲਾਸ ਵਿਚ ਸਰਬਸੰਮਤੀ ਨਾਲ 19 ਸਰਕਾਰੀ ਬਿਲ ਪਾਸ ਕਰ ਦਿੱਤੇ ਗਏ। ਇਨ੍ਹਾਂ ਵਿਚੋਂ 11 ਬਿਲ ਤਾਂ ਸਦਨ ਦੇ ਆਖ਼ਰੀ ਇਕ ਦਿਨ ਵਿਚ ਹੀ ਰੌਲੇ ਰੱਪੇ ਵਿਚ ਪਾਸ ਕਰ ਦਿੱਤੇ ਗਏ। ਕੋਈ ਵਿਚਾਰ ਚਰਚਾ ਹੀ ਨਹੀਂ ਹੋਈ। ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿਲ 2021 ਪੇਸ਼ ਕੀਤਾ ਗਿਆ, ਜਿਸਨੂੰ ਸਦਨ ਨੇ ਪਾਸ ਕਰ ਦਿੱਤਾ। ਇਸ ਤੋਂ ਇਲਾਵਾ ਅਮਿਟੀ ਯੂਨੀਵਰਸਿਟੀ  ਪੰਜਾਬ ਬਿਲ 2021, ਇੰਡੀਅਨ ਪਰਾਟਨਸ਼ਿਪ (ਪੰਜਾਬ ਸੋਧ) ਬਿਲ 2021, ਪੰਜਾਬ ਬਿਓਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਸੋਧ) ਬਿਲ 2021, ਪਿ੍ਰਜ਼ਨਰਜ਼ (ਪੰਜਾਬ ਸੋਧ) ਬਿਲ 2021, ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿਲ 2021 , ਪੰਜਾਬ ਆਬਕਾਰੀ (ਸੋਧ) ਬਿਲ 2021, ਪੰਜਾਬ ਐਜੂਕੇਸ਼ਨ ਪੋਸਟਿੰਗ ਆਫ ਟੀਚਰਜ਼ ਡਿਸਐਡਵਾਂਸਜੇਟ ਆਊਟ ਬਿਲ  2021, ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿਲ 2021, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ  ਬਿਲ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਬਿਲ , ਪੰਜਾਬ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ ਸੋਧ) ਬਿਲ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੋਧ ਬਿਲ ਅਤੇ ਪੰਜਾਬ ਅਪਾਰਟਮੈਂਟ ਓਨਰਸ਼ਿਪ ਸੋਧ ਬਿਲ ਸ਼ਾਮਲ ਹਨ।
 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

ujagarsingh48@yahoo.com

ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ - ਉਜਾਗਰ ਸਿੰਘ

ਹਰ ਇਨਸਾਨ ਵਿਚ ਗੁਣ ਔਗੁਣ ਹੁੰਦੇ ਹਨ ਪ੍ਰੰਤੂ ਇਨ੍ਹਾਂ ਦੀ ਮਿਕਦਾਰ ਦਾ ਅੰਤਰ ਜ਼ਰੂਰ ਹੁੰਦਾ ਹੈ। ਉਮਰ ਅਤੇ ਸਮੇਂ ਅਨੁਸਾਰ ਇਨ੍ਹਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਕਿਸੇ ਵਿਚ ਗੁਣ ਜ਼ਿਆਦਾ ਅਤੇ ਕਿਸੇ ਵਿਚ  ਔਗੁਣ ਜ਼ਿਆਦਾ ਹੁੰਦੇ ਹਨ। ਇਕ ਤਰਫਾ ਕੋਈ ਇਨਸਾਨ ਨਹੀਂ ਹੁੰਦਾ। ਮੇਰਾ ਲੋਕ ਸੰਪਰਕ ਵਿਭਾਗ ਦੀ ਨੌਕਰੀ ਦੌਰਾਨ ਬਹੁਤ ਸਾਰੇ ਸਿਅਸੀ ਨੇਤਾਵਾਂ ਨਾਲ ਵਾਹ ਪੈਂਦਾ ਰਿਹਾ ਹੈ। ਮੈਨੂੰ ਕੁਝ ਪ੍ਰਮੁੱਖ ਸਿਆਸਤਦਾਨਾ ਬਾਰੇ ਬਹੁਤ ਜਾਣਕਾਰੀ ਹੈ। ਉਨ੍ਹਾਂ ਦੀਆਂ ਆਦਤਾਂ, ਵਿਵਹਾਰ ਅਤੇ ਕਾਰਜਕੁਸ਼ਲਤਾ ਬਾਰੇ ਗਾਹੇ ਵਗਾਹੇ ਲਿਖਦਾ ਰਹਾਂਗਾ। ਸਭ ਤੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਜਵਾਨੀ ਦੇ ਸਮੇਂ ਦੇ ਸੁਭਾਅ ਦੀਆਂ ਦੋ ਗੱਲਾਂ ਦਸਾਂਗਾ, ਜਿਹੜੀਆਂ ਆਮ ਤੌਰ ਤੇ ਸਿਆਸਤਦਾਨਾ ਵਿਚ ਨਹੀਂ ਹੁੰਦੀਆਂ। ਜੇ ਇਉਂ ਕਹਿ ਲਈਏ ਕਿ ਉਨ੍ਹਾਂ ਤੋਂ ਬਿਨਾ ਸਿਆਸਤਦਾਨਾ ਦੀ ਸਿਆਸਤ ਨਹੀਂ ਚਲਦੀ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਪਾਰਦਰਸ਼ੀ ਵਿਅਕਤੀ ਹਨ। ਉਹ ਕੋਈ ਵੀ ਗੱਲ ਲੁਕੋ ਕੇ ਆਪਣੇ ਦਿਲ ਵਿਚ ਨਹੀਂ ਰੱਖ ਸਕਦੇ। ਇਸਦੇ ਉਲਟ ਪਰਕਾਸ਼ ਸਿੰਘ ਬਾਦਲ ਤੋਂ ਤੁਸੀਂ ਕੋਈ ਗੱਲ ਕਢਵਾ ਨਹੀਂ ਸਕਦੇ। ਮੈਂ ਚੰਡੀਗੜ੍ਹ ਵਿਖੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਸੀ। ਮੇਰੀ ਪਟਿਆਲਾ ਵਿਖੇ ਜਿਲ੍ਹਾ ਸਹਾਇਕ ਲੋਕ ਸੰਪਰਕ ਅਧਿਕਾਰੀ ਦੀ ਨਿਯੁਕਤੀ ਅਪ੍ਰੈਲ 1979 ਵਿਚ ਹੋਈ ਸੀ। ਮੈਂ ਚੰਡੀਗੜ੍ਹ ਤੋਂ ਬਾਹਰ ਆਉਣਾ ਨਹੀਂ ਚਾਹੁੰਦਾ ਸੀ ਪ੍ਰੰਤੂ ਕਿਸੇ ਅਧਿਕਾਰੀ ਨੇ ਇਮਾਨਦਾਰੀ ਦੀ ਸਜ਼ਾ ਦੇਣ ਲਈ ਮੈਨੂੰ ਪਟਿਆਲੇ ਆਉਣ ਲਈ ਮਜ਼ਬੂਰ ਕੀਤਾ ਸੀ। ਕਿਉਂ ਭੇਜਿਆ ਗਿਆ ਸੀ, ਇਸਦੀ ਜਾਣਕਾਰੀ ਕਿਸੇ ਢੁਕਵੇਂ ਸਮੇਂ ਦਿੱਤੀ ਜਾਵੇਗੀ? ਮੈਂ ਜਿਹੜੀਆਂ ਗੱਲਾਂ ਤੁਹਾਨੂੰ ਦੱਸਣ ਲੱਗਿਆ ਹਾਂ ਸ਼ਾਇਦ ਕੁਝ ਲੋਕ ਇਨ੍ਹਾਂ ਨੂੰ ਪੜ੍ਹਕੇ ਮੇਰੇ ਬਾਰੇ ਕਿੰਤੂ ਪ੍ਰੰਤੂ ਵੀ ਕਰਨ ਪ੍ਰੰਤੂ ਜੋ ਮੈਂ ਲਿਖਾਂਗਾਂ ਬਿਲਕੁਲ ਨਿਰਪੱਖ ਅਤੇ ਸੱਚੀਆਂ ਗੱਲਾਂ ਹੋਣਗੀਆਂ। ਹਰ ਪੜ੍ਹਨ ਵਾਲਾ ਇਨਸਾਨ ਫੈਸਲਾ ਆਪਣੀ ਸੋਚ ਅਨੁਸਾਰ ਕਰਦਾ ਹੈ। ਇਹ ਤਾਂ ਪਹਿਲੀ ਕਿਸ਼ਤ ਹੈ , ਜਦੋਂ ਹੋਰ ਕਿਸ਼ਤਾਂ ਲਿਖਾਂਗਾ ਤਾਂ ਤੁਹਾਡੇ ਭੁਲੇਖੇ ਦੂਰ ਹੋ ਜਾਣਗੇ।  ਇਨ੍ਹਾਂ ਵਿਚ ਰਤਾ ਮਾਸਾ ਵੀ ਝੂਠ ਨਹੀਂ ਹੋਵੇਗਾ। ਜਦੋਂ ਮੈਂ ਚੰਡੀਗੜ੍ਹ ਤੋਂ ਪਟਿਆਲਾ ਆਪਣੀ ਨਵੀਂ ਡਿਊਟੀ ਜਾਇਨ ਕਰਨ ਲਈ ਆਉਣ ਲੱਗਾ ਤਾਂ ਸਰਦਾਰ ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ, ਉਦੋਂ ਉਹ ਪਾਇਲ ਹਲਕੇ ਤੋਂ ਵਿਧਾਨਕਾਰ ਹੁੰਦੇ ਸਨ, ਮੇਰਾ ਪਿੰਡ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਕੱਦੋਂ ਹੈ। ਮੈਨੂੰ ਕਹਿਣ ਲੱਗੇ ਕਿ ਪਟਿਆਲੇ ਸਾਡੇ ਧੜੇ ਦੇ ਦੋ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਅਮਰਜੀਤ ਕੌਰ ਰਹਿੰਦੇ ਹਨ। ਸ਼ਾਹੀ ਪਰਿਵਾਰ ਹਨ ਆਪਣਾ ਸਾਧਾਰਨ ਜੀਵਨ ਉਨ੍ਹਾਂ ਨਾਲ ਬਹੁਤਾ ਮੇਲ ਤਾਂ ਨਹੀਂ ਖਾਂਦਾ ਪ੍ਰੰਤੂ ਉਨ੍ਹਾਂ ਨਾਲ ਤਾਲ ਮੇਲ ਰੱਖਣਾ ਵੀ ਜ਼ਰੂਰੀ ਹੈ। ਮੈਂ ਵੀ ਉਨ੍ਹਾਂ ਨੂੰ ਤੁਹਾਡੇ ਬਾਰੇ ਦਸ ਦੇਵਾਂਗਾ। ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੇ ਦੋ ਬੜੇ ਜ਼ਬਰਦਸਤ ਧੜੇ, ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਹੁੰਦੇ ਸਨ। ਮੈਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਵੀ 1967 ਤੋਂ 1974 ਤੱਕ ਪਟਿਆਲੇ ਪੜ੍ਹਦਾ ਅਤੇ ਫਿਰ ਪੜ੍ਹਾਉਂਦਾ ਰਿਹਾ ਸੀ। ਪਟਿਆਲਾ ਮੇਰੇ ਲਈ ਨਵਾਂ ਨਹੀਂ ਸੀ। ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨਜ਼ਦੀਕ ਫਾਰਮ ਹਾਊਸ ਵਿਚ ਸੰਤ ਹਜ਼ਾਰਾ ਸਿੰਘ ਦੇ ਸਪੁੱਤਰ ਮੇਰੇ ਛੋਟੇ ਭਰਾ ਵਰਗੇ ਦੋਸਤ ਮਰਹੂਮ ਅਮਰੀਕ ਸਿੰਘ ਛੀਨਾ ਰਹਿੰਦੇ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਤਾਲਮੇਲ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਹੋਈ। ਕੈਪਟਨ ਸਾਹਿਬ ਸਿਆਸਤ ਵਿਚ ਸਰਗਰਮ ਤਾਂ ਸਨ ਪ੍ਰੰਤੂ ਅਜੇ ਹੋਰ ਕੋਈ ਵੱਡਾ ਅਹੁਦਾ ਨਹੀਂ ਸੀ ਪ੍ਰੰਤੂ ਦਰਬਾਰਾ ਸਿੰਘ ਮੁੱਖ ਮੰਤਰੀ ਲਈ ਵੰਗਾਰ ਸਨ ਕਿਉਂਕਿ ਰਾਜੀਵ ਗਾਂਧੀ ਦੇ ਨੇੜੇ ਹੋਣ ਕਰਕੇ ਕਾਂਗਰਸ ਵਿਚ ਉਨ੍ਹਾਂ ਦੀ ਤੂਤੀ ਬੋਲਦੀ ਸੀ। ਉਹ ਉਦੋਂ 37 ਕੁ ਸਾਲ ਦੇ ਸਨ। ਫਿਰ ਉਹ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਚੰਡੀਗੜ੍ਹ ਤੋਂ ਪੰਜਾਬ ਸਰਕਾਰ ਦੇ ਸੁਨੇਹੇ ਆਦਿ ਦੇਣ ਲਈ ਵੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੈਨੂੰ ਹੀ ਭੇਜਦੇ ਸਨ ਕਿਉਂਕਿ ਉਨ੍ਹਾਂ ਨੂੰ ਮੇਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਦਾ ਪਤਾ ਸੀ। ਉਨ੍ਹਾਂ ਦਿਨਾਂ ਵਿਚ ਪਟਿਆਲਾ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ। ਕਰਫਿਊ ਲੱਗਿਆ ਹੀ ਰਹਿੰਦਾ ਸੀ। ਜਿਲ੍ਹਾ ਪ੍ਰਬੰਧ ਵਲੋਂ ਵੀ ਸ਼ਾਂਤੀ ਲਈ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਮੀਟਿੰਗਾਂ ਵਿਚ ਅਕਸਰ ਮੈਂ ਹੀ ਜਾਂਦਾ ਸੀ, ਜਿਸ ਕਰਕੇ ਮੇਰੇ ਸੰਬੰਧ ਪਤਵੰਤੇ ਸ਼ਹਿਰੀਆਂ ਜਿਨ੍ਹਾਂ ਵਿਚ ਲੈਫ਼ ਜਨਰਲ ਗੁਰਬਚਨ ਸਿੰਘ ਬੁੱਚ, ਬਿ੍ਰਗੇਡੀਅਰ ਸੁਖਦੇਵ ਸਿੰਘ, ਰਾਮ ਲਾਲ ਕਦ ਅਤੇ ਡਾ ਹਰਭਜਨ ਸਿੰਘ ਦਿਓਲ ਸ਼ਾਮਲ ਹਨ, ਉਨ੍ਹਾਂ ਨਾਲ ਮੇਰੇ ਚੰਗੇ ਸੰਬੰਧ ਬਣ ਗਏ ਸਨ। ਜਨਰਲ ਗੁਰਬਚਨ ਸਿੰਘ ਬੁਚ ਅਤੇ ਡਾ ਹਰਭਜਨ ਸਿੰਘ ਦਿਓਲ ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਈ ਗਈ ਸਿੱਖ ਫੋਰਮ ਦੇ ਮੈਂਬਰ ਵੀ ਸਨ। ਨਿਊ ਮੋਤੀ ਬਾਗ ਪੈਲਸ ਵਿਚ ਵੀ ਮੈਨੂੰ ਮਿਲਦੇ ਰਹਿੰਦੇ ਸਨ। ਮੈਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਯੋਜਤ ਕੀਤੀਆਂ ਜਾਂਦੀਆਂ ਦਾਅਵਤਾਂ ਵਿਚ ਵੀ ਬੁਲਾਇਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਦਾਅਵਤ ਵਿਚ ਸ਼ਾਮਲ ਹੋਣਾ ਪਟਿਆਲਵੀ ਫਖ਼ਰ ਮਹਿਸੂਸ ਕਰਦੇ ਸਨ। ਮੇਰਾ ਇਥੇ ਦਸਣ ਦਾ ਭਾਵ ਇਹ ਹੈ ਕਿ ਮੇਰਾ ਕੈਪਟਨ ਅਮਰਿੰਦਰ ਸਿੰਘ ਨਾਲ ਵਾਹਵਾ ਤਾਲਮੇਲ ਅਮਰੀਕ ਸਿੰਘ ਛੀਨਾ ਅਤੇ ਸਰਦਾਰ ਬੇਅੰਤ ਸਿੰਘ ਕਰਕੇ ਬਣ ਗਿਆ ਸੀ। ਹੁਣ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਉਸ ਸਮੇਂ ਦੇ ਸੁਭਾਅ ਦੀਆਂ ਦੋ ਉਦਾਹਰਨਾਂ ਦੇ ਕੇ ਦੱਸਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਮੇਰਾ ਉਨ੍ਹਾਂ ਨਾਲ ਆਉਣ ਜਾਣ ਆਮ ਹੋ ਗਿਆ ਤਾਂ ਜਿਹੜੇ ਅਮਰੀਕ ਸਿੰਘ ਛੀਨਾ ਦੇ ਵਿਰੋਧੀ ਸਨ ਉਨ੍ਹਾਂ ਨੂੰ ਮੇਰੇ ਨਾਲ ਰੰਜ਼ਸ਼ ਹੋ ਗਈ। ਉਹ ਮੈਨੂੰ ਪੈਰਾ ਟਰੂਪਰ ਹੀ ਸਮਝਦੇ ਸਨ। ਉਨ੍ਹਾਂ ਵਿਚ ਇਕ ਅਜਿਹਾ ਵਿਅਕਤੀ ਵੀ ਸ਼ਾਮਲ ਸੀ, ਜਿਸਨੂੰ ਮੈਂ ਹੀ ਕੈਪਟਨ ਸਾਹਿਬ ਕੋਲ ਲੈ ਕੇ ਗਿਆ ਸੀ। ਉਨ੍ਹਾਂ ਦੀ ਰੰਜ਼ਸ਼ ਕਰਕੇ ਮੈਂ ਕੈਪਟਨ ਸਾਹਿਬ ਕੋਲ ਜਾਣਾ ਬੰਦ ਕਰ ਦਿੱਤਾ ਸੀ ਪ੍ਰੰਤੂ ਸਰਕਾਰੀ ਨੌਕਰੀ ਕਰਕੇ ੳਨ੍ਹਾਂ ਨੂੰ ਮਿਲਦਾ ਰਹਿੰਦਾ ਸੀ। ਇਕ ਵਾਰ ਜਦੋਂ ਮੈਂ ਉਨ੍ਹਾਂ ਨਾਲ ਦੁਪਹਿਰ ਦੇ ਖਾਣੇ ਤੇ ਬੈਠਾ ਸੀ ਤਾਂ ਉਨ੍ਹਾਂ ਮੈਨੂੰ ਕਿਸੇ ਵਿਅਕਤੀ ਦਾ ਨਾਮ ਲੈ ਕੇ ਕਿਹਾ ÇÎਕ ਉਹ ਕਹਿੰਦਾ ਸੀ ਕਿ ਉਜਾਗਰ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਨੇ ਨਿਊ ਮੋਤੀ ਬਾਗ ਪੈਲਸ ਵਿਚ ਅਮਰੀਕ ਸਿੰਘ ਛੀਨਾ ਰਾਹੀਂ ਤੁਹਾਡੀਆਂ ਸਿਆਸੀ ਸਰਗਰਮੀਆਂ ਦੀ ਸੂਚਨਾ ਲੈਣ ਲਈ ਪਲਾਂਟ ਕੀਤਾ ਹੋਇਆ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਉਨ੍ਹਾਂ ਨੇ ਮੇਰੀ ਸ਼ਿਕਾਇਤ ਲਾਉਣ ਵਾਲੇ ਦਾ ਨਾਮ ਵੀ ਚਾਰ ਪੰਜ ਵਿਅਕਤੀਆਂ ਦੇ ਸਾਹਮਣੇ ਹੀ ਲੈ ਦਿੱਤਾ। ਚਲੋ ਖ਼ੈਰ ਇਸ ਗੱਲ ਦਾ ਉਨ੍ਹਾਂ ਤੇ ਕੋਈ ਅਸਰ ਨਾ ਹੋਇਆ। ਵੈਸੇ ਆਮ ਤੌਰ ਤੇ ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਹਨ। ਉਨ੍ਹ੍ਰਾਂ ਦੇ ਇਸ ਸੁਭਾਅ ਬਾਰੇ ਵੀ ਦੂਜੀ ਕਿਸ਼ਤ ਵਿਚ ਲਿਖਾਂਗਾ। ਦੂਜੀ ਉਦਾਹਰਨ ਦੇ ਰਿਹਾ ਹਾਂ। ਰਾਜੇ ਮਹਾਰਾਜਿਆਂ ਦੇ ਆਪਣੇ ਕਾਰੋਬਾਰ ਨੂੰ ਵੇਖਣ ਲਈ ਮੈਨੇਜਰ ਰੱਖੇ ਹੁੰਦੇ ਹਨ। ਉਹ ਆਪ ਬਹੁਤੀ ਦਖ਼ਲਅੰਦਾਜ਼ੀ ਨਹੀਂ ਕਰਦੇ ਹੁੰਦੇ। ਕੈਪਟਨ ਅਮਰਿੰਦਰ ਸਿੰਘ ਦਾ ਖੇਤੀਬਾੜੀ ਫਾਰਮ ਪਟਿਆਲਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਤੇ ਬਹਾਦਗੜ੍ਹ ਵਿਖੇ ਬੀੜ ਬਹਾਦਰਗੜ੍ਹ ਵਿਚ ਸੀ। ਅਜੇ ਵੀ ਉਨ੍ਹਾਂ ਦੀ ਉਥੇ ਜ਼ਮੀਨ ਹੈ। ਕੈਪਟਨ ਸਾਹਿਬ ਆਪਣੇ ਫਾਰਮ ਦੀ ਜ਼ਮੀਨ ਵੇਚ ਰਹੇ ਸਨ। ਜ਼ਮੀਨ ਦੇ ਸੌਦੇ ਉਨ੍ਹਾਂ ਦਾ ਮੈਨੇਜਰ ਕੋਈ ਅਗਰਵਾਲ ਨਾਮ ਦਾ ਵਿਅਕਤੀ ਕਰਦਾ ਸੀ। ਮੇਰੇ ਕੋਲ ਮੇਰੇ ਸਵਰਗਵਾਸੀ ਦੋਸਤ ਆਈ ਏ ਐਸ ਅਧਿਕਾਰੀ ਹਰਜੀਤਇੰਦਰ ਸਿੰਘ ਗਰੇਵਾਲ ਦੇ ਪਿਤਾ ਸਰਦਾਰ ਬਿਕਰਮਜੀਤ ਸਿੰਘ ਗਰੇਵਾਲ ਮੁੱਖ ਇੰਜਿਨੀਅਰ ਲੋਕ ਨਿਰਮਾਣ ਵਿਭਾਗ ਆਏ। ਉਨ੍ਹਾਂ ਨੂੰ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਮੈਨੇਜਰ ਲੋਕਾਂ ਤੋਂ ਆਪ ਪੈਸੇ ਲੈ ਕੇ ਸਸਤੇ ਭਾਅ ਭੰਗ ਦੇ ਭਾਣੇ ਕੌਡੀਆਂ ਦੇ ਭਾਅ ਜ਼ਮੀਨ ਵੇਚ ਰਿਹਾ ਹੈ। ਉਹ ਮੈਨੂੰ ਕਹਿਣ ਲੱਗੇ ਜਿਸ ਦਰ ਨਾਲ ਕੈਪਟਨ ਸਾਹਿਬ ਦਾ ਮੈਨੇਜਰ ਜ਼ਮੀਨ ਵੇਚ ਰਿਹਾ ਹੈ, ਮੈਂ ਉਸ ਤੋਂ ਦੁਗਣੇ ਭਾਅ ਤੇ ਖ਼ਰੀਦ ਲਵਾਂਗਾ। ਤੁਸੀਂ ਮੈਨੂੰ ਕੈਪਟਨ ਸਾਹਿਬ ਤੋਂ ਜ਼ਮੀਨ ਦਿਵਾ ਦਿਓ। ਮੈਂ ਅਮਰੀਕ ਸਿੰਘ ਛੀਨਾ ਨੂੰ ਮੇਰਾ ਅਤੇ ਬਿਕਰਮਜੀਤ ਸਿੰਘ ਗਰੇਵਾਲ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਵਕਤ ਨਿਸਚਤ ਕਰਵਾ ਦੇਣ ਲਈ ਕਿਹਾ। ਇਥੇ ਮੈਂ ਦਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਲੇਸ ਦੀ ਪਰੰਪਰਾ ਹੈ ਕਿ ਉਹ ਸਮਾਂ ਨਿਸਚਤ ਕੀਤੇ ਬਿਨਾ ਕਿਸੇ ਨੂੰ ਮਿਲਦੇ ਨਹੀਂ ਪ੍ਰੰਤੂ ਜੇ ਸਮਾਂ ਦੇ ਦੇਣ ਫਿਰ ਪਹਿਲਾਂ ਚਾਹ ਪਾਣੀ ਪੀਣ ਤੋਂ ਬਿਨਾ ਜਾਣ ਨਹੀਂ ਦਿੰਦੇ। ਪੂਰੀ ਮਹਿਮਾਨ ਨਿਵਾਜ਼ੀ ਕਰਦੇ ਹਨ। ਜਦੋਂ ਅਸੀਂ ਕੈਪਟਨ ਸਾਹਿਬ ਨੂੰ ਮਿਲਣ ਗਏ ਤਾਂ ਬਿਕਰਮਜੀਤ ਸਿੰਘ ਗਰੇਵਾਲ ਦਾ ਮੈਂ ਤੁਆਰਫ ਕਰਵਾਇਆ ਤਾਂ ਗਰੇਵਾਲ ਸਾਹਿਬ ਨੇ ਸਾਰੀ ਗਲਬਾਤ ਦੱਸੀ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਮੈਨੇਜਰ ਤੋਂ ਪੁਛ ਲੈਂਦਾ ਹਾਂ। ਉਹ ਸਾਨੂੰ ਆਪਣੇ ਨਾਲ ਲੈ ਕੇ ਅਗਰਵਾਲ ਦੇ ਕਮਰੇ ਵਿਚ ਚਲੇ ਗਏ। ਆਮ ਤੌਰ ਤੇ ਰਾਜੇ ਮਹਾਰਾਜੇ ਕਿਸੇ ਕਰਮਚਾਰੀ ਕੋਲ ਨਹੀਂ ਜਾਂਦੇ ਸਗੋਂ ਕਰਮਚਾਰੀ ਨੂੰ ਤਲਬ ਕੀਤਾ ਜਾਂਦਾ ਹੈ। ਅਗਰਵਾਲ ਤਾਂ ਘਬਰਾ ਗਿਆ ਕਿ ਕੈਪਟਨ ਸਾਹਿਬ ਉਸਦੇ ਕਮਰੇ ਵਿਚ ਕਿਵੇਂ ਆ ਗਏ। ਕੈਪਟਨ ਸਾਹਿਬ ਨੇ ਉਸਨੂੰ ਪੁਛਿਆ ਕਿ ਆਪਾਂ ਬੀੜ ਬਹਾਦਰਗੜ੍ਹ ਵਿਖੇ ਜ਼ਮੀਨ ਦਾ ਸੌਦਾ ਕੀਤਾ ਹੈ। ਅਗਰਵਾਲ ਨੇ ਕਿਹਾ ‘‘ਜੀ ਹਜ਼ੂਰ ਮੈਂ ਸੌਦਾ ਕਰ ਲਿਆ ਹੈ ਪ੍ਰੰਤੂ ਅਜੇ ਰਜਿਸਟਰੀ ਕਰਵਾਉਣੀ ਹੈ’’। ਕੈਪਟਨ ਸਾਹਿਬ ਗਰੇਵਾਲ ਸਾਹਿਬ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਸਾਡੇ ਨੁਮਾਇੰਦੇ ਨੇ ਮੇਰੀ ਤਰਫੋਂ ਵਾਅਦਾ ਕਰ ਲਿਆ ਹੈ, ਹੁਣ ਮੈਂ ਵਾਅਦਾਖਿਲਾਫੀ ਨਹੀਂ ਕਰ ਸਕਦਾ। ਗਰੇਵਾਲ ਸਾਹਿਬ ਨੇ ਬਥੇਰਾ ਜ਼ੋਰ ਲਾਇਆ ਕਿ ਇਤਨੀ ਸਸਤੀ ਜ਼ਮੀਨ ਵੇਚ ਰਹੇ ਹੋ, ਇਹ ਲੋਕ ਤੁਹਾਨੂੰ ਵੇਚ ਕੇ ਖਾ ਰਹੇ ਹਨ। ਕੈਪਟਨ ਸਾਹਿਬ ਟਸ ਤੋਂ ਮਸ ਨਹੀਂ ਹੋਏ, ਸਾਨੂੰ ਲੈ ਕੇ ਡਰਾਇੰਗ ਰੂਮ ਵਿਚ ਆ ਗਏ ਤੇ ਕਾਫੀ ਮੰਗਵਾ ਲਈ। ਗਰੇਵਾਲ ਸਾਹਿਬ ਵਾਰ ਵਾਰ ਉਹੀ ਗਲ ਕਰੀ ਜਾਣ। ਕੈਪਟਨ ਸਾਹਿਬ ਕਹਿੰਦੇ ਗਰੇਵਾਲ ਸਾਹਿਬ ਜੇ ਮੈਂ ਆਪਣੇ ਮੁਲਾਜ਼ਮ ਦੇ ਕੀਤੇ ਵਾਅਦੇ ਨੂੰ ਤੋੜ ਦਿਆਂ, ਫਿਰ ਲੋਕ ਸਾਡੇ ਤੇ ਯਕੀਨ ਕਿਵੇਂ ਕਰਨਗੇ। ਹੁਣ ਲੋਕਾਂ ਕੋਲੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਕੈਪਟਨ ਸਾਹਿਬ ਪਹਿਲਾਂ ਵਰਗੇ ਨਹੀਂ ਰਹੇ ਹਨ। ਹੁਣ ਮੇਰਾ ਉਨ੍ਹਾਂ ਨਾਲ ਬਹੁਤਾ ਵਾਹ ਨਹੀਂ ਪੈਂਦਾ ਸਿਰਫ ਇਕ ਵਾਰ ਮਿਲਿਆ ਹਾਂ ਮਿਲਦੇ ਤਾਂ ਬਹੁਤ ਹੀ ਸਲੀਕੇ ਨਾਲ ਹਨ। ਮਹਿਮਾਨਨਿਵਾਜ਼ੀ ਵੀ ਪਹਿਲੇ ਵਰਗੀ ਹੀ ਹੈ। ਪ੍ਰੰਤੂ ਲੋਕ ਕਹਿੰਦੇ ਹਨ ਜੇਕਰ ਉਹ ਕੋਟਰੀ ਤੋਂ ਖਹਿੜਾ ਛੁਡਵਾ ਲੈਣ ਤਾਂ ਉਨ੍ਹਾਂ ਵਰਗਾ ਪਾਰਦਰਸ਼ੀ ਸਿਆਸਤਦਾਨ ਕੋਈ ਹੋ ਹੀ ਨਹੀਂ ਸਕਦਾ।

 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
ujagarsingh48@yahoo.com

ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ ਗੁਰਿੰਦਰਪਾਲ ਸਿੰਘ ਜੋਸਨ ਦੀ ਬਿਹਤਰੀਨ ਖੋਜੀ ਪੁਸਤਕ - ਉਜਾਗਰ ਸਿੰਘ

ਸੰਗੀਤ ਦੇ ਇਤਿਹਾਸ ਦੇ ਬਾਦਲੀਲ ਤੱਥਾਂ ਸਮੇਤ ਵਰਕੇ ਫਰੋਲਦੀ ਗੁਰਿੰਦਰਪਾਲ ਸਿੰਘ ਜੋਸਨ ਦੀ ਪੁਸਤਕ ‘‘ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨਏ ’’ ਤੰਤੀ ਸ਼ਾਜ਼ਾਂ ਦੇ ਸਫਰ ਬਾਰੇ ਮੀਲ ਪੱਥਰ ਸਾਬਤ ਹੋਵੇਗੀ। ਗੁਰਿੰਦਰਪਾਲ ਸਿੰਘ ਜੋਸਨ ਇਤਿਹਾਸ ਦੇ ਵਿਦਿਆਰਥੀ ਅਤੇ ਸਿੱਖ ਧਰਮ ਦੇ ਪੈਰੋਕਾਰ ਹੋਣ ਕਰਕੇ ਖੋਜੀ ਰੁਚੀ ਦੇ ਮਾਲਕ ਹਨ। ਉਨ੍ਹਾਂ ਨੇ ਹੁਣ ਤੱਕ ਜਿਤਨੀਆਂ ਵੀ ਪੁਸਤਕਾਂ ਲਿਖੀਆਂ ਹਨ, ਸਾਰੀਆਂ ਹੀ ਸਿੱਖ ਇਤਿਹਾਸ ਦੇ ਸੁਨਹਿਰੀ ਯੁਗ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀਆਂ ਹਨ। ਉਨ੍ਹਾਂ ਦੀ ਲੇਖਣੀ ਦੀ ਕਮਾਲ ਇਹ ਹੈ ਕਿ ਉਹ ਹਰ ਘਟਨਾ ਬਾਰੇ ਪੂਰੀ ਖੋਜ ਕਰਨ ਤੋਂ ਬਾਅਦ ਹਵਾਲਿਆਂ ਦਾ ਜ਼ਿਕਰ ਕਰਕੇ ਲਿਖਦੇ ਹਨ।  ਹਵਾਲੇ ਤੱਥਾਂ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦੇ ਹਨ। ਇਸ ਪੁਸਤਕ ਵਿਚ ਭਾਈ ਮਰਦਾਨਾ ਤੋਂ ਇਲਾਵਾ 19  ਹੋਰ ਕੀਰਤਨੀਆਂ ਅਤੇ ਮੁਰੀਦ ਲੇਖਕਾਂ ਬਾਰੇ ਖੋਜ ਕਰਕੇ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਇਕੱਤਰ ਕਰਨ ਨਈ ਲੇਖਕ ਪਾਕਿਸਤਾਨ ਸਮੇਤ ਉਹ ਹਰ ਸਥਾਨ ਤੇ ਗਿਆ ਹੈ, ਜਿਥੋਂ ਇਨ੍ਹਾਂ ਕੀਰਤਨੀਆਂ ਬਾਰੇ ਜਾਣਕਾਰੀ ਮਿਲ ਸਕਦੀ ਸੀ। ਲੇਖਕ ਦੀ ਵਿਰਾਸਤ ਸਿੱਖ ਸੰਕਲਪ ਨਾਲ ਜੁੜੀ ਹੋਣ ਕਰਕੇ ਬਹੁਤ ਅਮੀਰ ਹੈ। ਇਸ ਲਈ ਕੁਦਰਤੀ ਹੈ ਕਿ ਗੁਰਿੰਦਰਪਾਲ ਸਿੰਘ ਜੋਸਨ ਵਿਚ ਵੀ ਸਿੱਖੀ ਵਿਚਾਰਧਾਰਾ ਵਿਚ ਅਥਾਹ ਸ਼ਰਧਾ ਤੇ ਵਿਸ਼ਵਾਸ਼ ਹੋਵੇਗਾ। ਇਹ ਪੁਸਤਕ ਉਨ੍ਹਾਂ ਦੀ ਸਿੱਖ ਧਰਮ ਦੇ ਸੰਗੀਤ ਪ੍ਰਤੀ ਬਚਨਵੱਧਤਾ ਦਾ ਸਬੂਤ ਹੈ। ਉਨ੍ਹਾਂ ਨੇ ਸਿੱਖ ਸੰਗੀਤ ਜਗਤ ਦੇ ਵਿਸਾਰੇ ਅਨਮੋਲ ਮੋਤੀਆਂ ਨੂੰ ਲੱਭਕੇ ਇਕ ਲੜੀ ਵਿਚ ਪ੍ਰੋ ਦਿੱਤਾ ਹੈ। ਭਾਰਤ ਵਿਚ ਸੰਗੀਤ ਦੇ ਇਤਿਹਾਸ ਵਿਚ ਤੰਤੀ ਸਾਜ਼ਾਂ ਦੇ ਪਹਿਲੇ ਕੀਰਤਨੀਏ ਸ੍ਰੀ ਗੁਰੂ ਨਾਨਕ ਦੇਵ ਜੀ ਸਨ, ਜਿਨ੍ਹਾਂ ਨੇ 19 ਰਾਗਾਂ ਵਿਚ ਗੁਰਬਾਣੀ ਲਿਖੀ ਅਤੇ ਭਾਈ ਮਰਦਾਨਾ ਨੇ ਉਨ੍ਹਾਂ ਦੇ ਸਹਾਇਕ ਕੀਰਤਨੀਏ ਤੇ ਤੌਰ ਯੋਗਦਾਨ ਪਾਇਆ। ਭਾਈ ਮਰਦਾਨਾ ਨੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਰਾਗਾਂ ਅਨੁਸਾਰ ਹੀ ਸੁਰਤਾਲ ਵਿਚ ਰਬਾਬ ਵਜਾਕੇ ਸਾਥ ਦਿੱਤਾ। ਇਸਦਾ ਸਬੂਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਤੋਂ ਹੁੰਦਾ ਹੈ ਜਦੋਂ ਉਹ ਕਹਿੰਦੇ ਹਨ ‘ ਮਰਦਾਨਿਆਂ ਛੇੜ ਰਬਾਬ ਧੁਰ ਦੀ ਬਾਣੀ ਆਈ ਹੈ।’ ਪਹਿਲਾਂ ਰਬਾਬ ਅਮੀਰ ਲੋਕਾਂ ਦੇ ਮਨੋਰੰਜਨ ਲਈ ਆਯੋਜਤ ਸਮਾਗਮਾ ਵਿਚ ਵਜਾਈ ਜਾਂਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਨੂੰ ਸ਼ਰਾਬਖ਼ਾਨਿਆਂ ਵਿਚੋਂ ਕੱਢਕੇ ਧੁਰ ਕੀ ਬਾਣੀ ਨਾਲ ਜੋੜਿਆ ਸੀ। ਭਾਵੇਂ ਧਰੁਪਤ ਦੀ ਰਬਾਬ ਸਦੀਆਂ ਪਹਿਲੇ ਭਾਰਤ ਵਿਚ ਮੌਜੂਦ ਸੀ, ਜਿਸ ਦੀਆਂ 21 ਤਾਰਾਂ ਹੁੰਦੀਆਂ ਸਨ ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵਿਚ ਤਬਦੀਲੀ ਕਰਕੇ ਪਹਿਲਾਂ ਪੰਜ ਤਾਰਾਂ ਅਤੇ ਬਾਅਦ ਵਿਚ ਛੇ ਤਾਰਾਂ ਵਾਲੀ ਰਬਾਬ ਸੁਲਤਾਨਪੁਰ ਨੇੜੇ ਭੈਰੋਆਣੇ ਦੇ ਭਾਈ ਫਿਰੰਦੇ ਤੋਂ ਬਣਵਾਈ ਸੀ। ਭਾਈ ਮਰਦਾਨਾ 4 ਤਾਰਾਂ ਵਾਲੀ ਰਬਾਬ ਵਰਤਦੇ ਸਨ। ਅਜ ਕਲ੍ਹ 5 ਤਾਰਾਂ ਵਾਲੀ ਰਬਾਬ ਵਰਤੀ ਜਾਂਦੀ ਹੈ। ਇਹ ਰਬਾਬ ਭਗਤੀ ਤੇ ਸ਼ਕਤੀ ਦਾ ਸੁਮੇਲ ਸਾਬਤ ਹੋਈ ਹੈ। ਭਾਈ ਮਰਦਾਨੇ ਨੂੰ ਸੰਗੀਤ ਦੀ ਦੁਨੀਆਂ ਦਾ ਧਰੂ ਤਾਰਾ ਕਿਹਾ ਜਾ ਸਕਦਾ ਹੈ। ਉਸਦਾ ਨਾਮ ਦਾਨਾ ਸੀ ਪ੍ਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਦੀ ਯੋਗਤਾ ਨੂੰ ਮੁੱਖ ਰਖਕੇ ਭਾਈ ਮਰਦਾਨੇ ਦਾ ਖਿਤਾਬ ਦਿੱਤਾ ਸੀ। ਭਾਈ ਮਰਦਾਨਾ ਤਿਆਗ  ਦੀ ਮੂਰਤ ਸਨ। ਉਨ੍ਹਾਂ ਦਾ ਜੀਵਨ ਜਾਤ ਪਾਤ ਧਰਮ ਅਤੇ ਊਚ ਨੀਚ ਦੀਆਂ ਭਾਵਨਾਵਾਂ ਤੋਂ ਕੋਹਾਂ ਦੂਰ ਸੀ। ਉਹ ਗੁਰੂ ਜੀ ਨਾਲ ਮੰਦਰਾਂ ਵਿਚ ਵੀ ਗਏ। ਮੱਕੇ ਵਿਖੇ ਜਦੋਂ ਗੁਰੂ ਜੀੇ ਕਾਅਬੇ ਵਲ ਪੈਰ ਕਰਕੇ ਪੈ ਗਏ ਤਾਂ ਮੁਸਲਮਾਨ ਹੋਣ ਦੇ ਬਾਵਜੂਦ ਕੋਈ ਇਤਰਾਜ਼ ਨਹੀਂ ਕੀਤਾ। ਉਹ ਸਬਰ ਸੰਤੋਖ ਵਾਲੇ ਇਕ ਵਿਲੱਖਣ ਇਨਸਾਨ ਦੇ ਰੂਪ ਵਿਚ ਗੁਰੂ ਜੀ ਨਾਲ ਵਿਚਰਦੇ ਰਹੇ। ਲੇਖਕ ਨੇ ਬਿਹਤਰੀਨ ਪੰਥਕ ਕੰਮ ਕੀਤਾ ਹੈ, ਜੋ ਇਤਿਹਾਸ ਦਾ ਹਿੱਸਾ ਬਣਕੇ ਸਿੱਖ ਸੰਗੀਤ ਦੀ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਤ ਹੋਵੇਗੀ। ਭਾਈ ਮਰਦਾਨਾ ਏਸ਼ੀਆ ਤੇ ਪੂਰਬੀ ਯੂਰਪ ਦੀਆਂ ਗੁਰੂ ਜੀ ਦੀਆਂ ਉਦਾਸੀਆਂ ਸਮੇਂ ਉਨ੍ਹਾਂ ਦੇ ਨਾਲ ਰਿਹਾ ਸੀ। ਲੇਖਕ ਅਨੁਸਾਰ 1945 ਤੱਕ ਸ੍ਰੀ ਹਰਿਮੰਦਰ ਸਾਹਿਬ ਵਿਚ 15 ਰਬਾਬੀ ਜਥੇ ਤੰਤੀ ਸ਼ਾਜਾਂ ਨਾਲ ਕੀਰਤਨ ਕਰਦੇ ਰਹੇ ਹਨ, ਜਿਨ੍ਹਾਂ ਵਿਚੋਂ 7 ਮੁਸਲਮਾਨ ਜਥੇ ਸਨ।  ਭਾਈ ਮਰਦਾਨਾ ਗੁਰੂ ਜੀ ਦਾ ਪਹਿਲਾ ਸਰੋਤਾ ਅਤੇ ਗਾਇਕ ਵੀ ਸੀ। ਭਾਈ ਮਰਦਾਨੇ ਦਾ ਜਨਮ ਸੰਮਤ 1516 ਅਰਥਾਤ 1459 ਈਸਵੀ ਵਿਚ ਫਗਣ ਦੇ ਮਹੀਨੇ ਰਾਇ ਭੋਇ ਕੀ ਤਲਵੰਡੀ ਵਿਖੇ ਮਰਾਸੀ ਖ਼ਾਨਦਾਨ ਵਿਚ ਪਿਤਾ ਬਾਦਰਾ ਅਤੇ ਮਾਤਾ ਲਖੋ ਦੇ ਘਰ ਹੋਇਆ ਸੀ। ਉਨ੍ਹਾਂ ਦਾ ਵਿਆਹ ਅੱਲਾ ਰੱਖੀ ਨਾਲ ਹੋਇਆ। ਉਨ੍ਹਾਂ ਦੇ ਦੋ ਸਪੁਤਰ ਰਜ਼ਾਦਾ ਤੇ ਸ਼ਜ਼ਾਦਾ ਅਤੇ ਇਕ ਸਪੁੱਤਰੀ ਕਾਕੋ ਸਨ। ਉਨ੍ਹਾਂ ਦਾ ਸਪੁਤਰ ਸ਼ਜ਼ਾਦਾ ਗੁਰੂ ਅੰਗਦ ਦੇਵ ਜੀ ਦਾ ਹਜ਼ੂਰੀ ਰਾਗੀ ਰਿਹਾ ਅਤੇ ਸ਼ਜ਼ਾਦਾ ਦੇ ਦੋਵੇਂ ਸਪੁਤਰ ਭਾਈ ਬਨੂ ਜੀ ਅਤੇ ਭਾਈ ਸਾਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਰਾਗੀ ਸਨ। ਉਨ੍ਹਾਂ ਦੀ ਬੰਸਾਬਲੀ ਦੇ ਭਾਈ ਸਤਾ ਅਤੇ ਭਾਈ ਬਲਵੰਡ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਦੋਹਾਂ ਦੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 966-68 ਤੇ ਦਰਜ ਹਨ। ਲੇਖਕ ਨੇ ਸਾਰੇ ਰਬਾਬੀਆਂ ਬਾਰੇ ਵਿਆਖਿਆ ਨਾਲ ਲਿਖਿਆ ਹੈ ਪ੍ਰੰਤੂ ਮੈਂ ਸੰਖੇਪ ਵਿਚ ਜਾਣਕਾਰੀ ਦੇ ਰਿਹਾ ਹਾਂ।
     ਭਾਈ ਸੰਤ (ਸਈਅਦ) ਪਿ੍ਰਥੀਪਾਲ ਸਿੰਘ ਉਰਫ ਮੁਸ਼ਤਾਕ ਹੁਸੈਨ(1902-1969)-ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜਿ੍ਹਆ ਅਤੇ ਆਪਣੇ ਪਿਤਾ ਦੇ ਵਿਰੋਧ ਦੇ ਬਾਵਜੂਦ ਪਿਤਾ ਤੋਂ ਬਗਾਬਤ ਕਰਕੇ ਆਪਣੇ ਪਰਿਵਾਰ ਨੂੰ ਲੈ ਕੇ ਲਾਹੌਰ ਜਾ ਕੇ 1935 ਵਿਚ ਗਿਆਨੀ ਅਛਰ ਸਿੰਘ ਤੋਂ ਅੰਮਿ੍ਰਤਪਾਨ ਕੀਤਾ ਅਤੇ ਪਿ੍ਰਥੀਪਾਲ ਸਿੰਘ ਬਣ ਗਏ। ਦੇਸ਼ ਦੀ ਵੰਡ ਤੋਂ ਬਾਅਦ ਪਹਿਲਾਂ ਪਟਿਆਲਾ ਅਤੇ ਫਿਰ ਲੰਡਨ ਜਾ ਕੇ ਵਸ ਗਏ। ਉਹ ਬਿਹਤਰੀਨ ਕਥਾ ਵਾਚਕ ਸਨ।
 ਤਾਜੂਦੀਨ ਨਕਾਸ਼ਬੰਦੀ- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕੇ ਮਦੀਨੇ ਦੀ ਯਾਤਰਾ ਬਾਰੇ ਅਤੇ ਉਨ੍ਹਾਂ ਦੇ ਰੂਹਾਨੀ ਜੀਵਨ ਸੰਬੰਧੀ ਪੁਸਤਕਾਂ ਲਿਖੀਆਂ। ਇਕ ਕਿਸਮ ਨਾਲ ਗੁਰੂ ਜੀ ਦੇ ਮੱਕੇ ਵਿਖੇ ਹੋਏ ਅਧਿਆਤਮਕ ਵਿਚਾਰ ਵਟਾਂਦਰਾ ਲਿਖਕੇ ਇਤਿਹਾਸ ਦਾ ਹਿੱਸਾ ਬਣਾÎਇਆ ਅਤੇ ਆਪ ਮੁਸਲਿਮ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਗੁਰੂ ਜੀ ਦੇ ਮੁਰੀਦ ਬਣ ਗਏ। ਉਨ੍ਹਾਂ ਨੂੰ ਰੂਹਾਨੀ ਲੇਖਕ ਕਿਹਾ ਜਾਂਦਾ ਹੈ।
   ਰਬਾਬੀ ਭਾਈ ਸਧਾਰਨ ਜੀ (1504-1598)-ਭਾਈ ਸਧਾਰਨ ਸ੍ਰੀ ਗੁਰੂ ਅੰਗਦ ਦੇਵ , ਸ੍ਰੀ ਗੁਰੂ ਅਮਰਦਾਸ, ਸ੍ਰੀ ਗੁਰੂ ਰਾਮਦਾਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਸਨ। ਉਹ ਇਕ ਚੰਗੇ ਲਿਖਾਰੀ ਇਮਾਰਤ ਨਿਰਮਾਤਾ ਲੇਖਕ ਮੂਰਤੀਕਾਰ ਸ਼ਸਤਰਧਾਰੀ ਅਤੇ ਕੀਰਤਨੀਏ ਸਨ।
ਰਬਾਬੀ ਭਾਈ ਬਾਬਕ ਜੀ-ਭਾਈ ਬਾਬਕ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਨ। ਉਹ ਲੜਾਈ ਦੇ ਮੈਦਾਨ ਵਿਚ ਚੰਗੇ ਯੋਧੇ ਸਨ। ਇਕ ਹੋਰ ਭਾਈ ਬਾਬਕ ਹੋਏ ਹਨ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਮੇਂ ਉਨ੍ਹਾਂ ਨਾਲ ਰਹੇ।
ਰਬਾਬੀ ਭਾਈ ਚਾਂਦ ਜੀ- ਉਨ੍ਹਾਂ 1924 ਤੋਂ 1944 ਤੱਕ ਦਰਬਾਰ ਸਾਹਿਬ ਵਿਚ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ ਅਤੇ 500 ਪ੍ਰਮਾਣਾ ਨਾਲ ਕੀਰਤਨ ਕਰਨ ਦਾ ਮੁੱਢ ਬੰਨਿਆਂ ਜਿਸਨੂੰ ਅੱਜ ਕਲ੍ਹ ਅਖੰਡ ਕੀਰਤਨ ਕਿਹਾ ਜਾਂਦਾ ਹੈ।
ਰਬਾਬੀ ਭਾਈ ਲਾਲ ਜੀ (ਆਸ਼ਿਕ ਅਲੀ) (1929- 2012)- ਭਾਈ ਲਾਲ ਜੀ ਪੁਰਾਤਨ ਪ੍ਰੰਪਰਾ ਅਨੁਸਾਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਦੇ ਸਨ। ਉਨ੍ਹਾਂ ਭਾਰਤ ਵਿਚ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੇਸ ਵਿਦੇਸ ਦੇ ਮਹੱਤਵਪੂਰਨ ਗੁਰੂ ਘਰਾਂ ਅਤੇ ਪੰਜ ਤਖ਼ਤਾਂ ਤੇ ਕੀਰਤਨ ਕਰਨ ਦਾ ਮਾਣ ਜਾਂਦਾ ਹੈ।
ਭਾਈ ਸਤਾ ਤੇ ਬਲਵੰਡ ਜੀ-ਭਾਈ ਮਰਦਾਨਾ ਜੀ ਸਿੱਖ ਧਰਮ ਦੇ ਪਹਿਲੇ ਰਬਾਬੀ ਅਤੇ ਭਾਈ ਸਤਾ ਤੇ ਬਲਵੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਰਬਾਬੀ ਹੋਏ ਹਨ। ਉਹ ਦੋਵੇਂ ਸ੍ਰੀ ਗੁਰੂ ਅਰਜਨ ਦੇਵ ਦੇ ਸਮੇਂ ਹਜ਼ੂਰੀ ਰਾਗੀ ਸਨ।
ਜੱਸਾ ਸਿੰਘ ਆਹਲੂਵਾਲੀਆ 1718-1783 -ਜਦੋਂ ਸਰਬਤ ਖਾਲਸਾ ਦੇ ਦੀਵਾਨ ਅਕਾਲ ਤਖ਼ਤ ਸਾਹਿਬ ਉਪਰ ਹੁੰਦੇ ਸਨ ਤਾਂ ਉਹ ਉਥੇ ਕੀਰਤਨ ਕਰਿਆ ਕਰਦੇ ਸਨ। ਜਦੋਂ ਹਿੰਦੂ ਕੁੜੀਆਂ ਨੂੰ ਧਾੜਵੀ ਲਿਜਾ ਰਹੇ ਸਨ ਤਾਂ ਹਮਲਾ ਕਰਕੇ ਉਨ੍ਹਾਂ ਵਾਪਸ ਲਿਆਂਦਾ ਸੀ।  
ਰਾਗੀ ਭਾਈ ਮਨਸਾ ਸਿੰਘ-(1750-1835) -ਭਾਈ ਮਨਸਾ ਸਿੰਘ ਸਬਰ ਸੰਤੋਖ ਵਾਲੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਨ ਜੋ ਕੀਰਤਨ ਕਰਨ ਦਾ ਇਵਜ਼ਾਨਾ ਨਹੀਂ ਲੈਂਦੇ ਸਨ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਭਾਈ ਸ਼ਾਮ ਸਿੰਘ-(1803-1926)-ਉਨ੍ਹਾਂ ਸਾਰੰਧੇ ਨਾਲ 78 ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਅੰਮਿ੍ਰਤ ਵੇਲੇ ‘ਆਸਾ ਕੀ ਵਾਰ’ ਦਾ ਕੀਰਤਨ ਕੀਤਾ ਅਤੇ ਹਰ ਰੋਜ਼ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੋਦਰ ਰਹਿਰਾਸ ਦਾ ਪਾਠ ਕਰਦੇ ਸਨ। ਉਹ 123 ਸਾਲ ਦੀ ਉਮਰ ਭੋਗਕੇ 23 ਅਪ੍ਰੈਲ 1926 ਨੂੰ ਸਵਰਗ ਸਿਧਾਰ ਗਏ।
ਰਾਗੀ ਭਾਈ ਹੀਰਾ ਸਿੰਘ (1879-1926) ਤੇ ਹਾਜ਼ੀ ਮੁਹੰਮਦ ਮਸਕੀਨ ਜੀ-ਭਾਈ ਹੀਰਾ ਸਿੰਘ ਬਹੁਤ ਹੀ ਸੁਰੀਲੀ ਆਵਾਜ਼ ਵਿਚ ਅਜਿਹਾ ਕੀਰਤਨ ਕਰਦੇ ਸਨ ਜਿਸ ਤੋਂ ਪ੍ਰਭਾਵਤ ਹੋ ਕੇ ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ। ਉਨ੍ਹਾਂ ਦੇ ਰਾਗੀ ਜਥੇ ਨੇ ਦੇਸ ਦੇ ਮਹੱਤਵ ਪੂਰਨ ਗੁਰਧਾਮਾ ਵਿਚ ਕੀਰਤਨ ਕੀਤਾ। ਹਾਜ਼ੀ ਮਸਤਾਨ ਨੇ 45 ਹਜ਼ਾਰ ਵਾਲਾਂ ਵਾਲਾ ਚੌਰ ਬਣਾਕੇ ਹੀਰਾ ਸਿੰਘ ਨੂੰ ਦਰਬਾਰ ਸਾਹਿਬ ਵਿਚ ਭੇਂਟ ਕੀਤਾ ਜੋ ਅਜੇ ਵੀ ਤੋਸ਼ੇਖਨੇ ਵਿਚ ਪਿਆ ਹੈ।
ਰਾਗੀ ਭਾਈ ਸੁਰਜਨ ਸਿੰਘ ਜੀ (1911-1965)- ਭਾਈ ਸੁਰਜਨ ਸਿੰਘ ਰਾਗਾਂ ਦੇ ਮਾਹਿਰ ਸਨ, ਜਿਨ੍ਹਾਂ 30 ਸਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦੀ ਸੇਵਾ ਨਿਭਾਈ। ਉਹ ਜਨਮ ਤੋਂ ਹੀ ਸੂਰਮੇ ਸਨ। ਉਹ ਸਾਰੀ ਉਮਰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਅਤੇ ਦਰਬਾਰ ਸਾਹਿਬ ਤੋਂ ਬਾਹਰ ਕਦੀਂ ਵੀ ਕੀਰਤਨ ਕਰਨ ਨਹੀਂ ਗਏ।
ਰਾਗੀ ਭਾਈ ਸੰਤਾ ਸਿੰਘ (1904-1966)-ਭਾਈ ਸੰਤਾ ਸਿੰਘ ਦਰਬਾਰ ਸਾਹਿਬ ਵਿਚ ਰਾਗ ਆਸਾ ਅਤੇ ਬਸੰਤ ਵਿਚ ਕੀਰਤਨ ਕਰਨ ਦੇ ਮਹਿਰ ਸਨ। ਉਹ ਆਮ ਤੌਰ ਤੇ ਬੀਰ ਰਸ ਵਾਲਾ ਕੀਰਤਨ ਕਰਦੇ ਸਨ। ਆਪ ਨਨਕਾਣਾ ਸਾਹਿਬ ਅਤੇ ਦਿੱਲੀ ਕੀਰਤਨ ਕਰਦੇ ਰਹੇ ਹਨ। ਫਿਰ ਅਮਰੀਕਾ ਵਿਚ ਯੋਗੀ ਹਰਭਜਨ ਸਿੰਘ ਕੋਲ ਕੀਰਤਨ ਕਰਨ ਲਈ ਚਲੇ ਗਏ ਸਨ।
ਰਾਗੀ ਭਾਈ ਸੁਮੰਦ ਸਿੰਘ ਜੀ (1900-1972) -ਭਾਈ ਸੁਮੰਦ ਸਿੰਘ ਨਨਕਾਣਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਖ਼ਰੀ ਮਹਾਨ ਰਾਗੀਆਂ ਵਿਚੋਂ ਇਕ ਸਨ। ਭਾਈ ਸਾਹਿਬ ਦੀਆਂ ਪੰਜ ਪੀੜ੍ਹੀਆਂ ਨਨਕਾਣਾ ਸਾਹਿਬ ਵਿਚ ਕੀਰਤਨ ਦੀ ਸੇਵਾ ਕਰਦੀਆਂ ਰਹੀਆਂ ਹਨ। ਉਹ 20 ਸਾਲ ਦੀ ਉਮਰ ਵਿਚ ਹੀ ਨਨਕਾਣਾ ਸਾਹਿਬ ਵਿਖੇ ਹਜ਼ੂਰੀ ਰਾਗੀ ਬਣ ਗਏ ਸਨ।
ਭਾਈ ਤਾਬਾ ਜੀ (1855-1963)-ਭਾਈ ਤਾਬਾ ਜੀ ਹਜ਼ੂਰੀ ਰਬਾਬੀ ਸਨ। ਉਹ 30 ਸਾਲ ਦਰਬਾਰ ਸਾਹਿਬ ਵਿਚ ਕੀਰਤਨ ਕਰਦੇ ਰਹੇ। ਦੇਸ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਸਨ।
ਰਾਗੀ ਭਾਈ ਗੋਪਾਲ ਸਿੰਘ ਜੀ (1914-1972)– ਭਾਈ ਗੋਪਾਲ ਸਿੰਘ ਚਾਰ ਸਾਲ ਦੀ ਉਮਰ ਵਿਚ ਹੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਥੋੜ੍ਹਾ ਸਮਾਂ ਬਾਅਦ ਉਹ ਯਤੀਮ ਹੋ ਗਏ।  ਯਤੀਮਖਾਨੇ ਵਿਚ ਰਹਿੰਦਿਆਂ ਹੀ ਕਲਾਸੀਕਲ  ਰਾਗਾਂ ਵਿਚ ਕੀਰਤਨ ਕਰਨਾ ਸਿਖਿਆ। ਦਿੱਲੀ ਦੀ ਸੰਗਤ ਦੀ ਮੰਗ ਤੇ ਉਹ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ।
ਰਬਾਬੀ ਭਾਈ ਚੂਹੜ ਜੀ-ਰਬਾਬੀ ਚੂਹੜ ਜੀ ਦਾ ਜਨਮ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਬੋਦਲ ਵਿਚ ਹੋਇਆ ਸੀ। ਪਿੰਡ ਦਾ ਮਿਰਾਸੀ ਚੂਹੜ ਕੀਰਤਨ ਦਾ ਜੰਗਲ ਵਿਚ ਇਕਾਂਤ ਵਿਚ ਰਿਆਜ਼ ਕਰ ਰਿਹਾ ਸੀ। ਸ੍ਰੀ ਗੁਰੂ ਹਰਿਗੋਬਿੰਦ ਜੀ ਜੰਗਲ ਦੇ ਕੋਲੋਂ ਲੰਘ ਰਹੇ ਸਨ। ਜਦੋਂ ਉਨ੍ਹਾਂ ਮਧੁਰ ਆਵਾਜ਼ ਸੁਣੀ ਤਾਂ ਉਹ ਕਾਇਲ ਹੋ ਗਏ। ਉਨ੍ਹਾਂ ਆਪਣੇ ਰਬੁਾਬੀ ਬਾਬਕ ਕੋਲੋਂ ਰਬਾਬ ਲੈ ਕੇ ਚੂਹੜ ਨੂੰ ਦੇ ਦਿੱਤੀ ਅਤੇ ਕਿਹਾ ਕਿ ਇਸ ਨਾਲ ਰਿਆਜ਼ ਕਰਿਆ ਕਰ।
  ਇਸ ਪੁਸਤਕ ਦੇ 110 ਪੰਨੇ ਹਨ। ਇਸਨੂੰ ਰਬਾਬੀ ਭਾਈ ਮਰਦਾਨਾ ਫਾਊਂਡੇਸ਼ਨ ਇੰਕ ਨੇ ਪ੍ਰਕਾਸ਼ਤ ਕਰਵਾਇਆ ਹੈ। ਰੰਗਦਾਰ ਮੁੱਖ ਕਵਰ ਵਾਲੀ ਵਿਲੱਖਣ ਪੁਸਤਕ ਹੈ ਪ੍ਰੰਤੂ ਇਸ ਵਿਚ ਕਰਾਮਾਤਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਿੱਖ ਧਰਮ ਦੇ ਅਸੂਲਾਂ ਦੇ ਵਿਰੁਧ ਹੈ। ਇਹ ਪੁਸਤਕ sikh book club.com ਤੋਂ ਮੁਫਤ ਮੰਗਵਾਈ ਜਾ ਸਕਦੀ ਹੈ।
                                                   

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
ਮੋਬਾਈਲ-94178 13072
ujagarsingh48@yahoo.com

ਆਪਣੀਆਂ ਸ਼ਰਤਾਂ ਤੇ ਨੌਕਰੀ ਕਰਨ ਵਾਲਾ ਅਧਿਕਾਰੀ ਵਰਿਆਮ ਸਿੰਘ ਢੋਟੀਆਂ - ਉਜਾਗਰ ਸਿੰਘ

ਜੇਕਰ ਕਿਸੇ ਇਨਸਾਨ ਦਾ ਇਰਾਦਾ ਦਿ੍ਰੜ੍ਹ, ਲਗਨ, ਮਿਹਨਤੀ ਰੁਚੀ, ਆਪਣਾ ਕੈਰੀਅਰ ਬਣਾਉਣ ਦੀ ਸਾਰਥਿਕ ਭਾਵਨਾ, ਹਾਲਾਤ ਭਾਵੇਂ ਕਿਹੋ ਜਹੇ ਵੀ ਹੋਣ ਪ੍ਰੰਤੂ ਆਪਣੇ ਉਪਰ ਵਿਸ਼ਵਾਸ ਹੋਵੇ ਤਾਂ ਸਫਲਤਾ ਉਸਦੇ ਪੈਰ ਚੁੰਮਦੀ ਹੈ। ਅਜਿਹੇ ਹੀ ਇਕ ਵਿਅਕਤੀ ਹਨ, ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਸੰਯੁਕਤ ਸੰਚਾਲਕ ਵਰਿਆਮ ਸਿੰਘ ਢੋਟੀਆਂ। ਉਨ੍ਹਾਂ ਨੇ 34 ਸਾਲ ਵਿਭਾਗ ਵਿਚ ਨੌਕਰੀ ਧੜੱਲੇ ਨਾਲ ਕੀਤੀ। ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਕਿਤਨੇ ਹੀ ਦਬਾਅ ਪੈਂਦੇ ਰਹੇ ਅਤੇ ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਦੀ ਈਨ ਨਹੀਂ ਮੰਨੀ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨੌਕਰੀ ਵਿਚ ਨਖ਼ਰਾ ਨਹੀਂ ਚਲਦਾ ਪ੍ਰੰਤੂ ਵਰਿਆਮ ਸਿੰਘ ਢੋਟੀਆਂ ਨੇ ਸਾਰੀ ਨੌਕਰੀ ਨਖ਼ਰੇ ਨਾਲ ਆਪਣੀਆਂ ਸ਼ਰਤਾਂ ਤੇ ਕੀਤੀ। ਭਾਵੇਂ ਉਨ੍ਹਾਂ ਦੀ ਤਰੱਕੀ ਵਿਚ ਕਈ ਵਾਰ ਅੜਚਣਾ ਪਾਈਆਂ ਗਈਆਂ ਪ੍ਰੰਤੂ ਉਹ ਸਰਕਾਰੀ ਵਿਭਾਗਾਂ ਵਾਲੀ ਚਾਪਲੂਸੀ ਤੋਂ ਕੋਹਾਂ ਦੂਰ ਰਹੇ। ਉਨ੍ਹਾਂ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਭਾਨੀ ਦੇ ਘਰ 1 ਫਰਵਰੀ 1932 ਨੂੰ ਹੋਇਆ। ਕਿਸ਼ਨ ਸਿੰਘ ਦਾ ਪਰਿਵਾਰ ਮੱਧ ਵਰਗ ਦਾ ਕਾਸ਼ਤਕਾਰ ਕਰਨ ਵਾਲਾ ਪਰਿਵਾਰ ਸੀ। ਅੱਜ ਕਲ੍ਹ ਇਹ ਪਿੰਡ ਤਰਨਤਾਰਨ ਜਿਲ੍ਹੇ ਵਿਚ ਹੈ। ਇਹ ਪਿੰਡ ਤਰਨਤਾਰਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ। ਪਰਿਵਾਰ ਵਿਚ ਭਾਵੇਂ ਕੋਈ ਬਹੁਤਾ ਪੜਿ੍ਹਆ ਲਿਖਿਆ ਨਹੀਂ ਸੀ ਪ੍ਰੰਤੂ ਵਰਿਆਮ ਸਿੰਘ ਦੇ ਮਾਤਾ ਪਿਤਾ ਨੇ ਪੜ੍ਹਾਈ ਦੀ ਅਹਿਮੀਅਤ ਨੂੰ ਸਮਝਦਿਆਂ ਆਪਣੇ 3 ਸਪੁੱਤਰਾਂ ਨੂੰ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਪੜ੍ਹਾਈ ਕਰਵਾਉਣ ਨੂੰ ਜ਼ਰੂਰੀ ਮਹਿਸੂਸ ਕਰਦਿਆਂ ਪੜ੍ਹਾਇਆ। ਵੱਡਾ ਸਪੁੱਤਰ ਦਿੱਲੀ ਵਿਖੇ ਆਪਣਾ ਕਾਰੋਬਾਰ ਕਰਦਾ ਅਤੇ ਦੂਜਾ ਲੜਕਾ ਸਰੂਪ ਸਿੰਘ ਪੋਸਟ ਅਤੇ ਟੈਲੀਗ੍ਰਾਫ ਵਿਭਾਗ ਵਿਚ ਦਿੱਲੀ ਵਿਖੇ ਸੀਨੀਅਰ ਅਕਾਊਂਟਸ ਕਲਰਕ ਸੀ। ਉਨ੍ਹਾਂ ਨੂੰ ਵਿਭਾਗ ਨੇ ਡੈਪੂਟੇਸਨ ਤੇ ਜਾਂਬੀਆ ਭੇਜਿਆ। ਜਿਥੋਂ ਉਹ ਸੇਵਾ ਮੁਕਤੀ ਤੋਂ ਬਾਅਦ ਬੋਟਸਟੋਵਾ ਚਲੇ ਗਏ ਅਤੇ ਉਥੇ ਉਨ੍ਹਾਂ ਨੇ ਮੋਟਰ ਮੁਰੰਮਤ ਕਰਨ ਦੀ ਵਰਕਸ਼ਾਪ ਅਤੇ ਪੈਟਰੌਲ ਪੰਪ ਦਾ ਵਿਓਪਾਰ ਕਰ ਲਿਆ। ਜਦੋਂ ਵਰਿਆਮ ਸਿੰਘ ਪੜ੍ਹਦੇ ਸਨ, ਉਦੋਂ ਪਿੰਡ ਨੂੰ ਤਰਨਤਾਰਨ ਤੋਂ ਜਾਂਦੀ ਸੜਕ ਸੇਰੋਂ ਤੋਂ 3 ਕਿਲੋਮੀਟਰ ਕੱਚੀ ਸੀ। ਤਰਨਤਾਰਨ ਆਉਣ ਜਾਣ ਲਈ ਤਾਂਗੇ ਦੀ ਸਵਾਰੀ ਕੀਤੀ ਜਾਂਦੀ ਸੀ। ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਲੋਕ ਆਪਣੀਆਂ ਫਸਲਾਂ ਤਰਨਤਾਰਨ ਵੇਚਣ ਜਾਂਦੇ ਸਨ। ਪਿੰਡ ਵਿਚ ਇਕ ਰਾਜਾ ਰਾਮ ਗੁਰਦੁਆਰਾ, ਮੰਦਰ ਅਤੇ ਮਸੀਤ ਵੀ ਹੈ। ਪਿੰਡ ਵਿਚ ਇਕ ਵੱਡਾ ਬੋਹੜ ਦਾ ਦਰਖਤ ਹੁੰਦਾ ਸੀ, ਜਿਥੇ ਪਿੰਡ ਦੇ ਲੋਕ ਬੈਠਕੇ ਗਪਛਪ ਕਰਦੇ ਅਤੇ ਬੱਚੇ ਖੇਡਦੇ ਸਨ। ਏਥੇ ਹੀ ਇਕ ਮੇਲਾ ਲਗਦਾ ਸੀ। ਬੋਹੜ ਕਾਰ ਸੇਵਾ ਦੀ ਭੇਂਟ ਚੜ੍ਹ ਗਿਆ ਹੈ। ਪਿੰਡ ਵਿਚ ਸ਼ਾਹੂਕਾਰਾਂ ਦੇ ਵੱਡੇ ਅਤੇ ਸੁੰਦਰ ਘਰ ਸਨ। ਲੋਕਾਂ ਦੇ ਦੁੱਖ ਸੁੱਖ ਵਿਚ ਉਹ ਹੀ ਕੰਮ ਆਉਂਦੇ ਸਨ।
      ਵਰਿਆਮ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਢੋਟੀਆਂ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਦਸਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਹਾਈ ਸਕੂਲ ਵਿਚੋਂ ਕੀਤੀ ਸੀ। 6ਵੀਂ ਅਤੇ 7ਵੀਂ ਉਹ ਪੈਦਲ ਸਕੂਲ ਜਾਂਦੇ ਰਹੇ। 8ਵੀਂ ਅਤੇ 9ਵੀਂ ਹੋਸਟਲ ਵਿਚ ਰਹਿਕੇ ਪਾਸ ਕੀਤੀਆਂ। 10ਵੀਂ ਕਲਾਸ ਵਿਚ ਪੜ੍ਹਨ ਲਈ ਪਿੰਡ ਤੋਂ ਸਾਈਕਲ ‘ਤੇ ਜਾਂਦੇ ਰਹੇ। ਉਸ ਤੋਂ ਬਾਅਦ ਉਹ ਆਪਣੇ ਭਰਾਵਾਂ ਕੋਲ ਦਿੱਲੀ ਚਲੇ ਗਏ, ਉਥੇ ਉਨ੍ਹਾਂ 1952 ਵਿਚ ਰਾਮਜਸ ਕਾਲਜ ਤੋਂ ਬੀ ਏ ਦੀ ਡਿਗਰੀ ਪਾਸ ਕੀਤੀ। ਬੀ ਏ ਕਰਨ ਵਾਲੇ ਢੋਟੀਆਂ ਪਿੰਡ ਦੇ ਉਹ ਪਹਿਲੇ ਵਿਅਕਤੀ ਸਨ। ਸਾਲ 1955 ਵਿਚ ਉਹ ਲੋਕ ਸੰਪਰਕ ਵਿਭਾਗ ਵਿਚ ਚੰਡੀਗੜ੍ਹ ਵਿਖੇ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਰਾਹੀਂ ਅਨੁਵਾਦਕ ਭਰਤੀ ਹੋ ਗਏ। ਉਨ੍ਹਾਂ ਦੇ ਮਨ ਵਿਚ ਬਚਪਨ ਵਿਚ ਹੀ ਵਿਚ ਕੁਝ ਬਣਨ ਦੀ ਪ੍ਰਵਿਰਤੀ ਪੈਦਾ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਸਰਕਾਰੀ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਪ੍ਰਾਈਵੇਟਲੀ ਪਹਿਲਾਂ ਗਿਆਨੀ, ਪ੍ਰਭਾਕਰ ਅਤੇ ਫਿਰ ਐਮ ਏ ਪੰਜਾਬੀ ਪਾਸ ਕਰ ਲਈਆਂ। ਜਦੋਂ ਉਨ੍ਹਾਂ ਦੀ 6 ਸਾਲ ਨੌਕਰੀ ਕਰਨ ਤੋਂ ਬਾਅਦ ਕੋਈ ਤਰੱਕੀ ਨਾ ਹੋਈ ਤਾਂ ਲੋਕ ਸੰਪਰਕ ਵਿਭਾਗ ਦੀ ਨੌਕਰੀ ਤੋਂ ਵੀ ਉਹ ਉਕਤਾ ਗਏ ਅਤੇ 1961 ਵਿਚ ਭਾਸ਼ਾ ਵਿਭਾਗ ਪੰਜਾਬ ਵਿਚ ਪਟਿਆਲਾ ਵਿਖੇ ਸੀਨੀਅਰ ਅਨੁਵਾਦਕ ਦੀ ਨੌਕਰੀ ਤੇ ਲੱਗ ਗਏ। ਇਸ ਵਿਭਾਗ ਵਿਚ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਸ ਵਿਭਾਗ ਦਾ ਕੰਮ ਉਨ੍ਹਾਂ ਦੀ ਸਾਹਿਤਕ ਰੁਚੀ ਵਾਲਾ ਹੈ, ਇਸ ਲਈ ਉਨ੍ਹਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਲ੍ਹਾ ਭਾਸ਼ਾ ਅਧਿਕਾਰੀਆਂ ਦੀਆਂ ਅਸਾਮੀਆਂ ਲਈ ਭਰਤੀ ਵਾਸਤੇ ਇਸ਼ਤਿਹਾਰ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਇਆ ਪੜਿ੍ਹਆ ਤਾਂ ਉਨ੍ਹਾਂ ਲਈ ਅਰਜ਼ੀ ਦੇ ਦਿੱਤੀ। ਉਹ ਇਸ ਅਸਾਮੀ ਲਈ ਚੁਣੇ ਗਏ ਅਤੇ 1 ਅਪ੍ਰੈਲ 1964 ਨੂੰ ਜਿਲ੍ਹਾ ਭਾਸ਼ਾ ਅਧਿਕਾਰੀ ਲੱਗ ਗਏ। ਭਾਵੇਂ ਇਸ ਵਿਭਾਗ ਵਿਚ ਉਨ੍ਹਾਂ ਦੀ ਦਿਲਚਸਪੀ ਵਾਲਾ ਕੰਮ ਸੀ ਪ੍ਰੰਤੂ ਦਿਮਾਗ ਵਿਚ ਹੋਰ ਉਚਾ ਅਹੁਦਾ ਪ੍ਰਾਪਤ ਕਰਨ ਲਈ ਉਤਸੁਕਤਾ ਪੈਦਾ ਹੋ ਗਈ ਕਿਉਂਕਿ ਉਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਮਾਣ ਸੀ ਕਿ ਉਹ ਹੋਰ ਤਰੱਕੀ ਕਰ ਸਕਦੇ ਹਨ। ਲੋਕ ਸੰਪਰਕ ਵਿਭਾਗ ਵਿਚ ਇਕ ਲੋਕ ਸੰਪਰਕ ਅਧਿਕਾਰੀ ਪ੍ਰੈਸ ਦੀ ਅਸਾਮੀ ਦਾ ਅਖ਼ਬਾਰਾਂ ਵਿਚ ਇਸ਼ਤਿਹਾਰ ਨਿਕਲਿਆ। ਫਿਰ ਉਨ੍ਹਾਂ ਉਸ ਅਸਾਮੀ ਲਈ ਵੀ ਅਪਲਾਈ ਕਰ ਦਿੱਤਾ। ਛੇ ਮਹੀਨੇ ਜਿਲ੍ਹਾ ਭਾਸ਼ਾ ਅਧਿਕਾਰੀ ਦੀ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਚੋਣ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਹੋ ਗਈ ਅਤੇ ਉਨ੍ਹਾਂ ਨੇ 7 ਅਕਤੂਬਰ 1964 ਨੂੰ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ ਦਾ ਅਹੁਦਾ ਸੰਭਾਲ ਲਿਆ। ਫੀਰੋਜ਼ਪੁਰ ਅਤੇ ਗੁਰਦਾਸਪੁਰ ਦੇ ਸਰਹੱਦੀ ਜਿਲ੍ਹੇ ਹੋਣ ਕਰਕੇ ਉਥੋਂ ਦਾ ਉਨ੍ਹਾਂ ਦਾ ਤਜ਼ਰਬਾ ਕਈ ਖੱਟੇ ਮਿਠੇ ਅਨੁਭਵਾਂ ਵਾਲਾ ਰਿਹਾ ਜੋ ਸਾਰੀ ਨੌਕਰੀ ਦੌਰਾਨ ਸਹਾਈ ਅਤੇ ਤਰੱਕੀ ਦੇ ਰਾਹ ਵਿਚ ਰੋੜਾ ਬਣਿਆਂ। ਗੁਰਦਾਸਪੁਰ ਨੌਕਰੀ ਸਮੇਂ 1965 ਵਿਚ ਅਤੇ ਫੀਰੋਜ਼ਪੁਰ ਪੋਸਟਿੰਗ ਦੌਰਾਨ 1971 ਵਿਚ ਭਾਰਤ ਪਾਕਿਸਤਾਨ ਦੀ ਲੜਾਈ ਲੱਗ ਗਈ। ਇਨ੍ਹਾਂ ਲੜਾਈਆਂ ਦੌਰਾਨ ਫੌਜੀ ਅਧਿਕਾਰੀਆਂ ਅਤੇ ਜਵਾਨਾ ਨਾਲ ਵਾਹ ਪੈਂਦਾ ਰਿਹਾ। ਇਥੇ ਸਰਹੱਦੀ ਇਲਾਕਾ ਹੋਣ ਕਰਕੇ ਹਮੇਸ਼ਾ ਅਨਿਸਚਤਤਾ ਦਾ ਮਾਹੌਲ ਬਣਿਆਂ ਰਹਿੰਦਾ ਸੀ। ਮੁੱਖ ਦਫ਼ਤਰ ਵੱਲੋਂ ਕਦੀਂ ਵੀ ਕਿਸੇ ਨੇ ਸਾਰ ਨਾ ਲਈ। ਜਦੋਂ ਉਹ ਫੀਰੋਜਜ਼ਪੁਰ ਸਨ ਤਾਂ ਚੰਡੀਗੜ੍ਹ ਤੋਂ ਵਿਭਾਗ ਦਾ ਇਕ ਸੀਨੀਅਰ ਆਈ ਏ ਐਸ ਅਧਿਕਾਰੀ ਪ੍ਰੈਸ ਪਾਰਟੀ ਲੈ ਕੇ ਬਾਰਡਰ ਸਕਿਉਰਿਟੀ ਫੋਰਸ ਦੇ ਹੈਡਕੁਆਰਟਰ ਮਮਦੋਟ ਵਿਖੇ ਆ ਗਏ, ਪ੍ਰੈਸ ਪਾਰਟੀ ਦੇ ਪ੍ਰੋਗਰਾਮ ਦਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਨੂੰ ਦੱਸਿਆ ਨਾ ਗਿਆ। ਪਤਾ ਉਦੋਂ ਲੱਗਾ ਜਦੋਂ ਇਕ ਡਰਾਇਵਰ ਆਪਣੀ ਗੱਡੀ ਦੀ ਮੁਰੰਮਤ ਕਰਵਾਉਣ ਲਈ ਸਵੇਰੇ ਹੀ ਆ ਗਿਆ। ਉਨ੍ਹਾਂ ਗੱਡੀ ਦੀ ਮੁਰੰਮਤ ਕਰਵਾਉਣ ਤੋਂ ਜਵਾਬ ਦੇ ਦਿੱਤਾ। ਜਿਸਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਦੀਆਂ ਬਦਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਬਠਿੰਡਾ ਫਿਰ ਫੀਰੋਜ਼ਪੁਰ, ਲੁਧਿਆਣਾ ਅਤੇ ਹੋਰ ਕਈ ਥਾਵਾਂ ‘ਤੇ ਇਸੇ ਤਰ੍ਹਾਂ ਚਲਦਾ ਰਿਹਾ। ਉਨ੍ਹਾਂ ਦੀ 1976 ਵਿਚ ਜਦੋਂ ਡਿਪਟੀ ਡਾਇਰੈਕਟਰ ਬਣਨ ਦੀ ਵਾਰੀ ਆਈ ਤਾਂ ਉਹ ਅਧਿਕਾਰੀ ਤਰੱਕੀ ਰੋਕ ਨਾ ਸਕਿਆ ਕਿਉਂਕਿ ਉਨ੍ਹਾਂ ਦਾ ਸਰਵਿਸ ਰਿਕਾਰਡ ਬਹੁਤ ਵਧੀਆ ਸੀ। 1978 ਵਿਚ ਉਨ੍ਹਾਂ ਨੂੰ ਸਨਅਤ ਵਿਭਾਗ ਵਿਚ ਐਕਸਪੋਰਟ ਪ੍ਰਮੋਸ਼ਨ ਅਧਿਕਾਰੀ ਡੈਪੂਟੇਸ਼ਨ ਤੇ ਭੇਜ ਦਿੱਤਾ ਗਿਆ। ਫਿਰ ਉਨ੍ਹਾਂ ਦੀ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਿਚ ਡੈਪੂਟੇਸ਼ਨ ‘ਤੇ ਡਾਇਰੈਕਟਰ ਹਾਸਪੀਟਿਲਟੀ ਟੂਰਿਜ਼ਮ ਅਤੇ ਡਾਇਰੈਕਟਰ ਲੋਕ ਸੰਪਰਕ ਵਜੋਂ ਚੋਣ ਹੋ ਗਈ। ਉਥੇ ਉਨ੍ਹਾਂ ਨੂੰ ਆਜ਼ਾਦ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਕਰਕੇ ਉਨ੍ਹਾਂ ਉਥੇ ਕਈ ਮਾਅਰਕੇ ਦੇ ਕੰਮ ਕੀਤੇ। ਉਸ ਸਮੇਂ ਯੂ ਟੀ ਗੈਸਟ ਹਾਊਸ ਵਿਚ ਸਿਰਫ 9 ਕਮਰੇ ਹੁੰਦੇ ਸਨ। ਇਨ੍ਹਾਂ ਵਿਚੋਂ ਸਿਰਫ ਦੋ ਕਮਰਿਆਂ ਵਿਚ ਵਿੰਡੋ ਏਅਰ ਕੰਡੀਸ਼ਨਰ ਹੁੰਦੇ ਸਨ। ਉਨ੍ਹਾਂ ਯੂ ਟੀ ਗੈਸਟ ਹਾਊਸ ਵਿਚ 18 ਨਵੇਂ ਕਮਰੇ ਬਣਵਾਏ ਅਤੇ ਕਾਨਫਰੰਸ ਹਾਲ ਦਾ ਵਿਸਤਾਰ ਕਰਵਾਕੇ ਸੈਂਟਰਲੀ ਏਅਰਕੰਡੀਸ਼ਨਡ ਕਰਵਾਇਆ। ਸਾਰੇ ਗੈਸਟ ਹਾਊਸ ਦੀ ਮੁਰੰਮਤ ਕਰਵਾਕੇ ਨਵੀਂ ਦਿਖ ਬਣਵਾਈ। ਸੁਖਨਾ ਝੀਲ ‘ਤੇ ਕੈਫੇਟੇਰੀਆ ਅਤੇ ਟੂਰਿਸਟ ਕੈਂਪਸ ਸਾਈਟ ਬਣਵਾਈ। ਰਾਕ ਗਾਰਡਨ ਵਿਚ ਸਨੈਕ ਬਾਰ ਖੁਲਵਾਈ। ਸੈਰ ਸਪਾਟਾ ਕਰਨ ਵਾਲਿਆਂ Ñਲਈ ਇਕ ਟੂਰਿਸਟ ਕੋਚ ਬਣਵਾਈ ਅਤੇ ਇਕ ਟਿਓਟਾ ਕਾਰ ਵਿਦੇਸ਼ ਤੋਂ ਮੰਗਵਾਈ। ਇਸੇ ਤਰ੍ਹਾਂ ਕੇਂਦਰ ਸਰਕਾਰ ਤੋਂ ਹੋਟਲ ਸ਼ਿਵਾਲਿਕ ਪਾਸ ਕਰਵਾਇਆ। ਹੋਟਲ ਅੰਬੈਸਡਰ ਓਬਰਾਏ ਗਰੁਪ ਤੋਂ ਖਾਲੀ ਕਰਵਾਇਆ। ਪੰਚਾਇਤ ਭਵਨ ਵਿਚ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ। 28 ਅਪ੍ਰੈਲ 1983 ਨੂੰ ਉਨ੍ਹਾਂ ਨੇ ਸੰਯੁਕਤ ਸੰਚਾਲਕ ਲੋਕ ਸੰਪਰਕ ਵਿਭਾਗ ਦਾ ਚਾਰਜ ਸੰਭਾਲ ਲਿਆ। ਉਹ ਵਿਭਾਗ ਦੀ ਸਭ ਤੋਂ ਮਹੱਤਵਪੂਰਨ ਪ੍ਰੈਸ ਸ਼ਾਖਾ ਦਾ ਕੰਮ ਵੇਖਦੇ ਰਹੇ। ਭਾਰਤ ਸਰਕਾਰ ਨੇ ਇਕ ਵਧੀਕ ਡਾਇਰੈਕਟਰ ਦੀ ਅਸਾਮੀ ਪ੍ਰਵਾਨ ਕਰਕੇ ਭੇਜੀ,  ਜਿਸ ਉਪਰ ਉਨ੍ਹਾਂ ਨੂੰ ਸੀਨੀਅਰਟੀ ਅਨੁਸਾਰ ਨਿਯੁਕਤ ਕਰਨਾ ਸੀ ਪ੍ਰੰਤੂ ਉਸੇ ਆਈ ਐਸ ਅਧਿਕਾਰੀ ਨੇ ਰੋੜਾ ਅਟਕਾ ਦਿੱਤਾ। ਜਦੋਂ ਵਿਭਾਗ ਨੇ ਉਨ੍ਹਾਂ ਤੋਂ ਪ੍ਰੈਸ ਸ਼ਾਖਾ ਦਾ ਕੰਮ ਲੈ ਕੇ ਕਿਸੇ ਹੋਰ ਅਧਿਕਾਰੀ ਨੂੰ ਦੇ ਕੇ ਉਨ੍ਹਾਂ ਨੂੰ ਗੁੱਠੇ ਲਾਈਨ ਲਗਾ ਦਿੱਤਾ ਤਾਂ ਉਨ੍ਹਾਂ ਦੇ ਕੰਮ ਦੀ ਕਦਰ ਕਰਨ ਵਾਲੇ ਰਾਜਪਾਲ ਪੰਜਾਬ ਦੇ ਸਲਾਹਕਾਰ ਜੇ ਐਫ ਰਿਬੇਰੋ ਨੇ ਲਿਖਕੇ ਭੇਜਿਆ ਕਿ ਉਨ੍ਹਾਂ ਨੂੰ ਇਸੇ ਕੰਮ ਤੇ ਰਹਿਣ ਦਿੱਤਾ ਜਾਵੇ। ਇਹ ਵੀ ਲਿਖਿਆ ਕਿ ਇਤਨੇ ਮਿਹਨਤੀ ਅਧਿਕਾਰੀ ਤੋਂ ਕੰਮ ਲੈਣਾ ਚਾਹੀਦਾ ਹੈ, ਜਿਸਦਾ ਸਰਕਾਰ ਨੂੰ ਲਾਭ ਹੋਵੇਗਾ। ਪ੍ਰੰਤੂ ਉਸ ਆਈ ਏ ਐਸ ਅਧਿਕਾਰੀ ਨੇ ਆਪਣੀ ਕਿੜ ਕੱਢਣ ਲਈ ਉਹ ਨੋਟ ਦੱਬਕੇ ਰੱਖ ਲਿਆ। ਉਹ 31ਜਨਵਰੀ 1990 ਨੂੰ ਸੇਵਾ ਮੁਕਤ ਹੋ ਗਏ। ਵਰਿਆਮ ਸਿੰਘ ਢੋਟੀਆਂ ਦਾ ਵਿਆਹ ਮਹਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਦੋ ਸਪੁੱਤਰੀਆਂ ਅਤੇ ਇਕ ਸਪੁੱਤਰ ਹੈ। ਉਨ੍ਹਾਂ ਆਪਣੇ ਬੱਚਿਆਂ ਨੂੰ ਉਚ ਪੜ੍ਹਾਈ ਕਰਵਾਈ। ਤਿੰਨੋ ਬੱਚੇ ਆਪੋ ਆਪਣੇ ਸਫਲ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਸਪੁੱਤਰ ਹਰਮਨਜੀਤ ਸਿੰਘ ਮੋਹਾਲੀ ਵਿਖੇ ਸਨਅਤਕਾਰ ਹੈ। ਉਨ੍ਹਾਂ ਦੀ ਵੱਡੀ ਬੇਟੀ ਪਰਮਜੀਤ ਕੌਰ ਐਮ ਏ ਹਿਸਟਰੀ ਹੈ ਜੋ ਅਧਿਆਪਕਾ ਹੈ। ਉਨ੍ਹਾਂ ਦਾ ਪਤੀ ਫੌਜ ਵਿਚੋਂ ਕਰਨਲ ਸੇਵਾ ਮੁਕਤ ਹੋਇਆ ਹੈ । ਹੁਣ ਪ੍ਰੈਜੀਡੈਂਟ ਅਤੇ ਸੀ ਈ ਓ ਡਿਫੈਂਸ ਐਂਡ ਐਰੋਸਪੇਸ ਭਾਰਤ ਫੋਰਜ ਕੰਪਨੀ ਵਿਚ ਹੈ। ਦੂਜੀ ਲੜਕੀ ਡਾ ਹਰਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਵਿਚ ਜੂਆਲੋਜੀ ਵਿਭਾਗ ਵਿਚ ਪ੍ਰੋਫੈਸਰ ਅਤੇ ਚੇਅਰਪਰਸਨ ਹੈ। ਉਨ੍ਹਾਂ ਦਾ ਪਤੀ ਮਾਈਨਿੰਗ ਵਿਚ  ਐਡੀਸ਼ਨਲ ਡਾਇਰੈਕਟਰ ਦੇ ਰੈਂਕ ਵਿਚ ਵਿਭਾਗ ਦਾ ਮੁੱਖੀ ਹੈ।
 
     ਵਰਿਆਮ ਸਿੰਘ ਢੋਟੀਆਂ ਆਪਣੇ ਸਮੇਂ ਦੇ ਚੰਗੇ ਕਹਾਣੀਕਾਰ ਸਨ। ਉਨ੍ਹਾਂ ਦੀਆਂ ਕਹਾਣੀਆਂ ਦੀਆਂ ਦੋ ਪੁਸਤਕਾਂ ‘‘ਜਦੋਂ ਹੱਦ ਹੋ ਗਈ’’ ਅਤੇ ‘‘ਸੁਪਨੇ ਅਤੇ ਪਰਛਾਵੇਂ’’ ਵੀ ਪ੍ਰਕਾਸ਼ਤ ਹੋਈਆਂ ਹਨ। ਜਦੋਂ ਉਹ ਨੌਕਰੀ ਵਿਚ ਸਨ ਤਾਂ ਉਸ ਅਧਿਕਾਰੀ ਜੋ ਉਸ ਸਮੇਂ ਮੁੱਖ ਸਕੱਤਰ ਸਨ ਦੇ ਪੰਜਾਬੀ ਵਿਰੋਧੀ ਹੋਣ ਬਾਰੇ ਲੇਖ ਲਿਖਿਆ, ਜਿਹੜਾ ਪੰਜਾਬੀ ਟਿ੍ਰਬਿਊਨ ਵਿਚ ਪ੍ਰਕਾਸ਼ਤ ਹੋਇਆ ਸੀ। ਫਿਰ ਉਸ ਅਧਿਕਾਰੀ ਨੂੰ ਕੇਂਦਰ ਵਿਚ ਡੈਪੂਟੇਸਨ ਤੇ ਭੇਜ ਦਿੱਤਾ ਗਿਆ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਪੰਜਾਬੀ ਦੇ ਅਖ਼ਬਾਰਾਂ ਲਈ  ਲੇਖ ਲਿਖਦੇ ਹਨ,  ਜਿਹੜੇ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  

ਮੋਬਾਈਲ-94178 13072
ujagarsingh48@yahoo.co

ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ - ਉਜਾਗਰ ਸਿੰਘ

ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦਾ ਵਾਦਵਿਵਾਦ ਬਹੁਤ ਗਰਮਾਇਆ ਹੋਇਆ ਹੈ। ਸਾਰੇ ਭਾਰਤ ਦੇ ਇਕੱਲੇ ਕਿਸਾਨ ਹੀ ਨਹੀਂ ਸਗੋਂ ਹਰ ਖਪਤਕਾਰ ਚਿੰਤਾ ਵਿਚ ਹੈ। ਛੋਟਾ ਵਿਓਪਾਰੀ ਵੀ ਆਪਣਾ ਭਵਿਖ ਖ਼ਤਰੇ ਵਿਚ ਮਹਿਸੂਸ ਕਰ ਰਿਹਾ ਹੈ ਕਿਉਂਕਿ ਵੱਡੇ ਵਿਓਪਾਰੀਆਂ ਦੀ ਮਛਲੀ ਨੇ ਛੋਟੇ ਵਿਓਪਾਰੀਆਂ ਨੂੰ ਨਿਗਲ ਜਾਣਾ ਹੈ। ਜਿਹੜੇ ਧੰਧੇ ਖੇਤੀਬਾੜੀ ਤੇ ਨਿਰਭਰ ਅਤੇ ਸੰਬੰਧਤ ਹਨ, ਉਨ੍ਹਾਂ ਲਈ ਵੀ ਆਪਣੇ ਅਸਤਿਤਵ ਦਾ ਸਵਾਲ ਖੜ੍ਹਾ ਹੋ ਗਿਆ ਹੈ। ਮਜ਼ਦੂਰ ਨੂੰ ਵੀ ਵਿਹਲਾ ਹੋ ਜਾਣ ਦਾ ਡਰ ਪੈਦਾ ਹੋ ਗਿਆ ਹੈ। ਫੜ੍ਹੀਆਂ ਅਤੇ ਰੇਹੜੀਆਂ ਵਾਲੇ ਤਾਂ ਪਹਿਲਾਂ ਹੀ ਦੋ ਡੰਗ ਦੀ ਰੋਟੀ ਲਈ ਗਲੀਆਂ ਦੇ ਚਕਰ ਲਗਾਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ। ਇਨ੍ਹਾਂ ਕਾਨੂੰਨਾ ਤੋਂ ਬਾਅਦ ਉਹ ਕਿਧਰ ਜਾਣਗੇ ਕਿਉਂਕਿ ਸਾਰਾ ਵਿਓਪਾਰ ਹੀ ਵੱਡੇ ਵਿਓਪਾਰੀਆਂ ਦੀ ਗਿ੍ਰਫਤ ਵਿਚ ਆ ਜਾਵੇਗਾ। ਅਜਿਹੇ ਹਾਲਾਤ ਵਿਚ ਚੁਣੇ ਹੋਏ ਨੁਮਾਇੰਦਿਆਂ ਖਾਸ ਤੌਰ ਤੇ ਸੰਸਦ ਮੈਂਬਰਾਂ ਕਿਉਂਕਿ ਇਹ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਹਨ, ਉਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਵੋਟਰਾਂ ਨੂੰ ਵੀ ਉਨ੍ਹਾਂ ਤੇ ਹੀ ਟੇਕ ਹੁੰਦੀ ਹੈ। ਪ੍ਰੰਤੂ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਕੁ ਨੂੰ ਛੱਡ ਕੇ ਬਾਕੀ ਸਾਡੇ ਚੁਣੇ ਹੋਏ ਨੁਮਾਇੰਦੇ ਕੁੰਭਕਰਨ ਦੀ ਨੀਂਦ ਸੁਤੇ ਪਏ ਹਨ। ਇਸ ਲਈ ਆਮ ਜਨਤਾ ਕਿਸਾਨ ਅੰਦੋਲਨ ਦੀ ਸਫਲਤਾ ਉਪਰ ਹੀ ਆਸ ਲਾਈ ਬੈਠੀ ਹੈ। ਸਾਰੇ ਸੰਸਾਰ ਵਿਚੋਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਆਵਾਜ਼ਾਂ ਆ ਰਹੀਆਂ ਹਨ। ਇਹ ਕਾਨੂੰਨਾਂ ਨੂੰ ਜਦੋਂ ਸੰਸਦ ਵਿਚ ਪਾਸ ਕਰਨ ਲਈ ਪੇਸ਼ ਕੀਤਾ ਗਿਆ ਉਦੋਂ ਵੀ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਵੈਸੇ ਤਾਂ ਸਾਰੇ ਭਾਰਤ ਦੇ ਅਤੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਵੋਟਰਾਂ ਦੇ ਹਿੱਤਾਂ ਨੂੰ ਮੁੱਖ ਰੱਖਕੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰਨ ਪ੍ਰੰਤੂ ਪੰਜਾਬ ਅਤੇ ਹਰਿਆਣਾ ਵਿਚ ਸਾਰੇ ਰਾਜਾਂ ਤੋਂ ਵਧੇਰੇ ਖੇਤੀਬਾੜੀ ਦਾ ਕਾਰੋਬਾਰ ਹੁੰਦਾ ਹੈ। ਇਸ ਲਈ ਇਸਦੇ ਬਹੁਤੇ ਵੋਟਰ ਕਿਸਾਨ ਹਨ। ਇਨ੍ਹਾਂ ਰਾਜਾਂ ਦੇ ਸੰਸਦ ਮੈਂਬਰਾਂ ਦੀ ਹੋਰ ਵੀ ਜ਼ਿੰਮੇਵਾਰੀ ਵਧ ਜਾਂਦੀ ਹੈ। ਪੰਜਾਬ ਦੇ ਕਿਸਾਨਾ ਨੇ ਤਾਂ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੈ। ਦੂਜੇ ਨੰਬਰ ਤੇ ਹਰਿਆਣਾ ਆਉਂਦਾ ਹੈ, ਜਿਥੋਂ ਦੇ ਕਿਸਾਨਾ ਨੇ ਡਟਕੇ ਸਾਥ ਦਿੱਤਾ ਹੈ। ਪੰਜਾਬ ਦੇ ਕਿਸਾਨਾ ਨੇ ਲੀਡ ਸੂਬੇ ਦੇ ਤੌਰ ਤੇ ਅਗਵਾਈ ਕੀਤੀ ਹੈ।  ਪੰਜਾਬ ਦੇ ਸੰਸਦ ਮੈਂਬਰਾਂ ਨੂੰ ਵੀ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਇਨ੍ਹਾਂ ਕਾਨੂੰਨਾ ਦੇ ਵਿਰੋਧ ਵਿਚ ਬੋਲਣਾ ਚਾਹੀਦਾ ਸੀ, ਪ੍ਰੰਤੂ ਪੰਜਾਬ ਦੇ 20 ਸੰਸਦ ਮੈਂਬਰਾਂ ਵਿਚੋਂ ਸਿਰਫ 5 ਕਾਂਗਰਸ, 3 ਅਕਾਲੀ ਦਲ ਅਤੇ ਇਕ ਆਮ ਆਦਮੀ ਪਾਰਟੀ ਕੁਲ 10  ਮੈਂਬਰਾਂ ਨੇ  ਇਨ੍ਹਾਂ ਕਾਨੂੰਨਾ ਨੂੰ ਰੱਦ ਕਰਨ ਲਈ ਦਲੀਲਾਂ ਨਾਲ ਵਿਚਾਰ ਪ੍ਰਗਟ ਕੀਤੇ ਹਨ। ਦੁੱਖ ਇਸ ਗੱਲ ਦਾ ਹੈ ਕਿ ਬਾਕੀ ਮੈਂਬਰ ਕਿਉਂ ਮੂੰਹਾਂ ਵਿਚ ਘੁੰਗਣੀਆਂ ਪਾਈ ਬੈਠੇ ਹਨ। ਕਾਂਗਰਸ ਪਾਰਟੀ ਦੇ 8 ਲੋਕ ਸਭਾ ਅਤੇ ਤਿੰਨ ਰਾਜ ਸਭਾ ਦੇ ਮੈਂਬਰ ਹਨ। ਅਕਾਲੀ ਦਲ ਦੇ ਦੋ ਲੋਕ ਸਭਾ ਅਤੇ ਤਿੰਨ ਰਾਜ ਸਭਾ ਦੇ ਮੈਂਬਰ ਹਨ। ਲੋਕ ਸਭਾ ਦਾ ਇਕ ਮੈਂਬਰ ਆਮ ਆਦਮੀ ਪਾਰਟੀ ਦਾ ਹੈ। ਦੋ ਭਾਰਤੀ ਜਨਤਾ ਪਾਰਟੀ ਦੇ ਹਨ।
    ਪੰਜਾਬ  ਦੇ ਸੰਸਦ ਮੈਂਬਰਾਂ ਵਿਚੋਂ ਪ੍ਰਤਾਪ ਸਿੰਘ ਬਾਜਵਾ ਸਾਬਕਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮੈਂਬਰ ਰਾਜ ਸਭਾ ਅਤੇ ਰਵਨੀਤ ਸਿੰਘ ਬਿੱਟੂ ਚੁਣਿਆਂ ਹੋਇਆ ਸਾਬਕਾ  ਪ੍ਰਧਾਨ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਕਮੇਟੀ ਦੋਵੇਂ ਅਜਿਹੇ ਮੈਂਬਰ ਹਨ, ਜਿਨ੍ਹਾਂ ਨੇ ਜਦੋਂ ਇਨ੍ਹਾਂ ਕਾਨੂੰਨਾ ਨੂੰ ਪਾਸ ਕਰਨਾ ਸੀ ਅਤੇ ਸਰਦ ਰੁਤ ਸ਼ੈਸ਼ਨ ਵਿਚ ਬੜੇ ਜ਼ੋਰਦਾਰ ਢੰਗ ਨਾਲ ਦਲੀਲਾਂ ਦੇ ਕੇ ਕਿਸਾਨਾ ਦੇ ਹਿਤਾਂ ਤੇ ਪਹਿਰਾ ਦਿੰਦਿਆਂ, ਖੇਤੀਬਾੜੀ ਕਾਨੂੰਨਾ ਨੂੰ ਕਿਸਾਨੀ ਵਿਰੋਧੀ ਗਰਦਾਨਿਆਂ। ਉਨ੍ਹਾਂ ਇਨ੍ਹਾਂ ਕਾਨੂੰਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਬੋਲਦਿਆਂ ਕਿਹਾ ਕਿ ਇਹ ਕਾਨੂੰਨ ਲਾਗੂ ਕਰਕੇ ਸਰਕਾਰ ਦੇਸ਼ ਦੇ ਕਿਸਾਨਾ ਦੀ ਮੌਤ ਦੇ ਵਾਰੰਟਾਂ ਤੇ ਦਸਖਤ ਕਰ ਰਹੀ ਹੈ। ਉਨ੍ਹਾਂ ਅੱਗੋਂ ਕਿਹਾ ਕਿ ਭਾਰਤ ਨੂੰ ਪਹਿਲਾਂ ਹੀ ਚੀਨ ਅਤੇ ਪਾਕਿਸਤਾਨ ਤੋਂ ਹਮੇਸ਼ਾ ਖ਼ਤਰਾ ਰਹਿੰਦਾ ਹੈ। ਪੰਜਾਬ ਕਿਉਂਕਿ ਸਰਹੱਦੀ ਸੂਬਾ ਹੈ ਇਸ ਲਈ ਇਸਦੇ ਵਸਿੰਦਿਆਂ ਦੀ ਨਰਾਜ਼ਗੀ ਮੁਲ ਲੈਣੀ ਖ਼ਤਰੇ ਤੋਂ ਖਾਲੀ ਨਹੀਂ। ਕਿਸਾਨਾ ਤੇ ਤੋਹਮਤਾਂ ਲਗਾਕੇ ਖਾਲਿਸਤਾਨੀ ਅਤੇ ਦੇਸ਼ ਧਰੋਹੀ ਕਹਿਕੇ ਸਾਨੂੰ ਕੌਮੀਅਤ ਦਾ ਪਾਠ ਪੜ੍ਹਾ ਰਹੇ ਹੋ, ਜਿਨ੍ਹਾਂ ਦੇ ਨੌਜਵਾਨ ਸਰਹੱਦਾਂ ਤੇ ਸ਼ਹੀਦ ਹੋ ਰਹੇ ਹਨ। ਸਗੋਂ ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦੇਸ਼ ਭਗਤ ਹਨ। ਕਿਸਾਨਾ ਦੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟਕੇ ਕਿਹੜੀ ਬਹਾਦਰੀ ਕਰ ਰਹੇ ਹੋ। ਸਰਕਾਰ ਕਿਸਾਨਾ ਨਾਲ ਧੋਖਾ ਕਰ ਰਹੀ ਹੈ। ਜਦੋਂ ਸਰਕਾਰ ਕਾਨੂੰਨਾ ਵਿਚ ਤਰਮੀਮ ਕਰਨ ਨੂੰ ਤਿਆਰ ਹੈ, ਇਸਦਾ ਭਾਵ ਹੈ ਕਿ ਕਾਨੂੰਨ ਗ਼ਲਤ ਹਨ। ਖੇਤੀਬਾੜੀ ਸੰਬੰਧੀ ਬਣੇ ਕਾਨੂੰਨਾ ਦਾ ਦੇਸ਼ ਦੀ ਗੁਲਾਮੀ ਸਮੇਂ ਵੀ ਵਿਰੋਧ ਹੋਇਆ ਤੇ ਬਿ੍ਰਟਿਸ਼ ਸਰਕਾਰ ਨੂੰ ਵਾਪਸ ਲੈਣੇ ਪਏ। ਜੇਕਰ ਬਿ੍ਰਟਿਸ਼ ਸਰਕਾਰ ਕਾਨੂੰਨ ਵਾਪਸ ਲੈ ਸਕਦੀ ਹੈ ਤਾਂ ਸਾਡੀ ਆਪਣੀ ਪਰਜਤੰਤਰਿਕ ਸਰਕਾਰ ਲਈ ਕੀ ਮੁਸ਼ਕਲ ਹੈ। ਮੁੱਠੀ ਭਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਬਦਲੇ ਕਿਸਾਨਾ      ਦਾ ਗਲਾ ਘੁਟ ਰਹੇ ਹੋ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕਾਨੂੰਨ ਵਾਪਸ ਲੈ ਕੇ ਸਟੇਟਸਮੈਨ ਬਣ ਜਾਓ।
   ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਲੋਕ ਸਭਾ ਵਿਚ ਬੋਲਦਿਆਂ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਹਰ ਮੁਸ਼ਕਲ ਦੇ ਸਮੇਂ ਪੰਜਾਬੀ ਦੇਸ਼ ਦੀ ਖੜਗਭੁਜਾ ਬਣਦੇ ਹਨ ਪ੍ਰੰਤੂ ਸਰਕਾਰ ਉਨ੍ਹਾਂ ਦਾ ਅਹਿਸਾਨ ਚੁਕਾਉਣ ਦੀ ਥਾਂ ਉਨ੍ਹਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਤਿੰਨ ਕਾਲੇ ਕਾਨੂੰਨ ਲਿਆਕੇ ਸਰਕਾਰ ਕਿਸਾਨਾ ਦੇ ਗਲੇ ਨੂੰ ਹੱਥ ਪਾ ਰਹੀ ਹੈ।  ਉਨ੍ਹਾਂ ਨੇ ਕਾਲੇ ਕਾਨੂੰਨ ਕਿਵੇਂ ਹਨ ਦੀ ਜਾਣਕਾਰੀ ਦਿੰਦਿਆਂ ਜਦੋਂ ਤੱਥਾਂ ਨਾਲ ਸੱਚੋ ਸੱਚ ਦੱਸਿਆ ਤਾਂ ਕੇਂਦਰੀ ਵਜ਼ੀਰ ਤਿਲਮਿਲਾ ਉਠੇ। ਉਨ੍ਹਾਂ ਨੂੰ ਸੱਚ ਸੁਣਨਾ ਮੁਸ਼ਕ ਹੋ ਗਿਆ। ਭਾਰਤ ਦੇ 76 ਫੀ ਸਦੀ ਕਿਸਾਨ ਦੋ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ। ਜਦੋਂ 1960 ਵਿਚ ਦੇਸ਼ ਅਨਾਜ ਅਮਰੀਕਾ ਦੀਆਂ ਮਿਨਤਾਂ ਕਰਕੇ ਮੰਗਾਉਂਦਾ ਸੀ ਤਾਂ ਪੰਜਾਬ ਨੇ ਹਰੀ ਕਰਾਂਤੀ ਲਿਆਕੇ ਭਾਰਤ ਨੂੰ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਬਣਾਇਆ। ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਤੁਸੀਂ ਕਿਸਾਨਾ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੇ ਹੋ। ਗਲਵਾਨ ਘਾਟੀ ਵਿਚ ਦੇਸ਼ ਦੀਆਂ ਸਰਹੱਦਾਂ ਤੇ ਕਿਸਾਨਾ ਦੇ ਪੁਤ ਸ਼ਹੀਦੀਆਂ ਪਾ ਰਹੇ ਹਨ। ਤੁਸੀਂ ਕਿਸਾਨਾ ਨੂੰ ਮਾਰਨ ਤੇ ਤੁਲੇ ਹੋ। ਕੋਵਿਡ ਦੇ ਦੌਰਾਨ ਆਰਡੀਨੈਂਸ ਲਿਆਉਣ ਦੀ ਕੀ ਕਾਹਲੀ ਸੀ। ਕੋਵਿਡ ਦੌਰਾਨ ਕੇਂਦਰ ਸਰਕਾਰ ਨੇ 80 ਕਰੋੜ ਲੋਕਾਂ ਨੂੰ ਅਨਾਜ ਘਰੋ ਘਰੀ ਪਹੁੰਚਾਇਆ। ਸਰਕਾਰ ਤਾਂ ਹੀ ਅਨਾਜ ਪਹੁੰਚਾ ਸਕੀ ਜੇਕਰ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੇ ਦੇਸ਼ ਦੇ ਅੰਨ ਭੰਡਾਰ ਭਰੇ ਸਨ। ਪਰਮਾਤਮਾ ਨਾ ਕਰੇ ਜੇਕਰ ਅੱਗੋਂ ਵਾਸਤੇ ਅਜਿਹੀ ਕੋਈ ਮੁਸੀਬਤ ਆ ਜਾਵੇ ਤਾਂ ਜੇਕਰ ਸਰਕਾਰ ਨੇ ਕਿਸਾਨਾ ਤੋਂ ਜ਼ਮੀਨਾ ਕਾਲੇ ਕਾਨੂੰਨਾ ਨਾਲ ਖੋਹ ਲਈਆਂ, ਫਿਰ ਇਹ ਅਨਾਜ ਕਿਥੋਂ ਲਵੋਗੇ। ਜਿਹੜੇ ਵਿਓਪਾਰੀਆਂ ਨੂੰ ਤੁਸੀਂ ਲਾਭ ਪਹੁੰਚਾ ਰਹੇ ਹੋ, ਉਹ ਤੁਹਾਨੂੰ ਮਨ ਮਰਜੀ ਦੀ ਕੀਮਤ ਤੇ ਅਨਾਜ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਫਸਲਾਂ ਦੀ ਘੱਟੋ ਘੱਟ ਕੀਮਤ ਨੂੰ ਕਾਨੂੰਨੀ ਮਾਣਤਾ ਦਿੱਤੀ ਜਾਵੇ ਕਿਉਂਕਿ ਕਿਸਾਨਾ ਦੀ ਫਸਲ ਨੂੰ ਜੇਕਰ ਸਰਕਾਰ ਨਾ ਖਰੀਦੇ ਤਾਂ ਵਿਓਪਾਰੀ ਅੱਧੇ ਮੁਲ ਤੇ ਖਰੀਦਦੇ ਹਨ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ, ਉਨ੍ਹਾਂ ਦਾ ਭਵਿਖ ਖ਼ਤਮ ਨਾ ਕਰੋ। ਸਰਕਾਰ ਨੇ ਬਿਹਾਰ ਵਿਚ ਇਹ ਕਾਨੂੰਨ ਲਾਗੂ ਕਰਕੇ ਵੇਖ ਲਏ ਹਨ। ਉਥੋਂ ਦੇ ਕਿਸਾਨ ਅਜਿਹੇ ਕਾਨੂੰਨਾ ਨੇ ਮਜ਼ਦੂਰ ਬਣਾ ਦਿੱਤੇ, ਜਿਹੜੇ ਮਜ਼ਦੂਰੀ ਲਈ ਪੰਜਾਬ ਅਤੇ ਹਰਿਆਣਾ ਆਉਂਦੇ ਹਨ। ਹੁਣ ਤੁਸੀਂ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹੋ । ਰਵਨੀਤ ਸਿੰਘ ਬਿੱਟੂ ਨੇ ਤਾਂ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਵੀ ਖੜ੍ਹੇ ਹੋ ਕੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ। ਰਵਨੀਤ ਸਿੰਘ ਬਿੱਟੂ ਤਾਂ ਕਾਂਗਰਸ ਦੇ ਦੋ ਲੋਕ ਸਭਾ ਮੈਂਬਰਾਂ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿਲ ਅਤੇ ਵਿਧਾਨਕਾਰ ਅਤੇ ਕੁਲਬੀਰ ਸਿੰਘ ਜੀਰਾ ਨੂੰ ਨਾਲ ਲੈ ਕੇ ਜੰਤਰ ਮੰਤਰ ਤੇ ਕਿਸਾਨਾ ਦੇ ਹੱਕ ਵਿਚ ਧਰਨੇ ਤੇ ਬੈਠੇ ਹਨ। ਭਗਵੰਤ ਸਿੰਘ ਮਾਨ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਖੇਤੀਬਾੜੀ ਸੰਬੰਧੀ ਤਿੰਨ ਕਾਨੂੰਨ ਵਾਪਸ ਲੈਣ ਲਈ ਜ਼ੋਰ ਦਿੱਤਾ। ਉਨ੍ਹਾਂ ਉਦਾਹਰਣਾ ਦੇ ਕੇ ਪੰਜਾਬ ਦੇ ਕਿਸਾਨਾ ਦੇ ਸਿਰੜ੍ਹ,  ਮਿਹਨਤੀ ਰੁਚੀ ਅਤੇ ਦਿ੍ਰੜ੍ਹਤਾ ਨਾਲ ਦੇਸ ਦੇ ਹਿਤਾਂ ਵਿਚ ਕੰਮ ਕਰਨ ਦੀ ਸ਼ਲਾਘਾ ਕੀਤੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਮੰਤਰੀ ਦੀ ਕੁਰਸੀ ਖੁਸਣ ਤੋਂ ਬਾਅਦ ਪਹਿਲੀ ਵਾਰ ਆਪਣੀ ਚੁਪ ਤੋੜਦਿਆਂ ਕਿਸਾਨਾ ਤੇ ਹੋ ਰਹੀਆਂ ਜ਼ਿਆਦਤੀਆਂ ਬਾਰੇ ਸਰਕਾਰ ਨੂੰ ਘੇਰਿਆ। ਉਨ੍ਹਾਂ ਮਾਨਸਾ ਦੀ ਲੜਕੀ ਨੌਦੀਪ ਕੌਰ ਨਾਲ ਕੀਤੇ ਜਾ ਰਹੇ ਮਾੜੇ ਵਿਵਹਾਰ ਲਈ ਸਰਕਾਰ ਨੂੰ ਚਿਤਾਵਨੀ ਦਿੱਤੀ। ਪਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਕਿਸਾਨਾ ਬਾਰੇ ਮਾੜੀ ਸ਼ਬਦਾਵਲੀ ਬੋਲਣਾ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ। ਸਰਕਾਰ ਦੀ ਇਨ੍ਹਾਂ ਤੋਂ ਇਲਾਵਾ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿੱਲ, ਅਮਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਭਗਵੰਤ ਸਿੰਘ ਮਾਨ ਨੇ ਵੀ ਕਿਸਾਨਾਂ ਦੀ ਵਕਾਲਤ ਕੀਤੀ।
        ਪਰਵਾਸ ਤੋਂ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਘਾਰਾ ਮਿਲਿਆ ਹੈ। ਇੰਡੀਆ ਕੌਕਸ ਨੇ ਵੀ ਕਿਸਾਨਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸ਼ਰਮਾ ਅਤੇ ਪ੍ਰੀਤ ਗਿਲ ਨੇ ਡਟਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੋਡਾ ਨੇ ਵੀ ਕਿਸਾਨਾ ਦੇ ਹਿਤਾਂ ਦੀ ਵਕਾਲਤ ਕੀਤੀ ਹੈ। ਪੰਜਾਬ ਦੇ ਤਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਦੇ ਅਖ਼ਬਾਰਾਂ ਰੇਡੀਓ ਅਤੇ ਚੈਨਲਜ਼ ਨੇ ਤਾਂ ਕਿਸਾਨ ਅੰਦੋਲਨ ਦੇ ਹੱਕ ਅਤੇ ਖੇਤੀ ਕਾਨੂੰਨਾ ਦੇ ਵਿਰੁਧ ਡਟ ਕੇ ਸਾਥ ਦਿੱਤਾ ਹੈ। ਪ੍ਰੰਤੂ ਨੈਸ਼ਨਲ ਅਖ਼ਬਾਰਾਂ ਅਤੇ ਚੈਨਲਾਂ ਨੇ ਸਰਕਾਰ ਦਾ ਸਾਥ ਦਿੱਤਾ ਹੈ। ਵਿਦੇਸ਼ ਦੇ ਪੰਜਾਬੀ ਅਤੇ ਅੰਗਰੇਜ਼ੀ ਦੇ ਅਖਬਾਰਾਂ ਵੈਬ ਸਾਈਟਸ, ਰੇਡੀਓ ਅਤੇ ਚੈਨਲਾਂ ਨੇ ਵੀ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਹੈ। ਵਿਦੇਸ਼ ਦੇ ਪੱਤਰਕਾਰਾਂ ਅਤੇ ਅਖ਼ਬਾਰਾਂ ਵਿਚੋਂ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ, ਪੰਜਾਬ ਮੇਲ ਯੂ ਐਸ ਏ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ,  ਹਮਦਰਦ ਦੇ ਅਮਰ ਸਿੰਘ ਭੁੱੱਲਰ, ਦਾ ਪੰਜਾਬ ਟਾਈਮਜ਼ ਦੇ ਸਰਨਜੀਤ ਬੈਂਸ,  ਮਨਵਿੰਦਰਜੀਤ ਸਿੰਘ ਪੰਜਾਬੀ ਅਖ਼ਬਾਰ, ਇੰਡੋ ਕੈਨੇਡੀਅਨ ਸਪਤਾਹਕ ਦੀ ਰੁਪਿੰਦਰ ਕੌਰ, ਪੰਜਾਬੀ ਅਖ਼ਬਾਰ ਦੇ ਹਰਬੰਸ ਸਿੰਘ ਬੁਟਰ, ਦੇਸ ਪ੍ਰਦੇਸ਼ ਟਾਈਮਜ਼ ਦੇ  ਸੁਖਵਿੰਦਰ ਸਿੰਘ ਚੋਹਲਾ, ਦੇਸ ਵਿਦੇਸ ਟਾਈਮਜ਼ ਰਘਵੀਰ ਸਿੰਘ ਕਾਹਲੋਂ, ਪੰਜਾਬ ਟਾਈਮਜ਼ ਸ਼ਿਕਾਗੋ ਦੇ ਅਮੋਲਕ ਸਿੰਘ, ਪੰਜਾਬ ਟਾਈਮਜ਼ ਲੰਦਨ ਦੇ ਰਾਜਿੰਦਰ ਸਿੱਘ ਪੁਰੇਵਾਲ, ਪੰਜਾਬ ਟੂਡੇ ਵਿਨੀਪੈਗ ਦੇ ਕਮਲੇਸ਼ ਸ਼ਰਮਾ, ਚੜ੍ਹਦੀ ਕਲਾ ਅਖ਼ਬਾਰ ਅਤੇ ਅਕਾਲ ਗਾਰਡੀਅਨ ਦੇ ਲੱਕੀ ਸਹੋਤਾ ਅਤੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਆਦਿ ਵਰਨਣਯੋਗ ਹਨ। ਡਾ ਸਵੈਮਾਨ ਸਿੰਘ ਨਿਊਯਾਰਕ ਦਾ ਕਿਸਾਨ ਅੰਦੋਲਨ ਵਿਚ ਯੋਗਦਾਨ ਵਿਲੱਖਣ ਰਿਹਾ ਹੈ। ਖਾਲਸਾ ਏਡ ਦੇ ਰਵੀ ਸਿੰਘ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।  ਯੁਨਾਈਟਡ ਨੇਸ਼ਨ ਨੇ ਕਿਸਾਨਾ ਦੇ ਮਨੁੱਖੀ ਹੱਕਾਂ ਦੇ ਹੱਕ ਵਿਚ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਸ, ਅਮਰੀਕਾ ਦੀ ਪਾਪ ਗਾਇਕਾ ਰਿਹਾਨਾ ਅਤੇ ਸਵਿਟਜ਼ਲੈਂਡ ਦੀ ਵਾਤਾਵਰਨ ਪ੍ਰੇਮੀ ਗਰੇਟਾ ਥੂਨਵਰਗ ਨੇ ਵੀ ਕਿਸਾਨਾ ਦੇ ਹੱਕ ਵਿਚ ਬਿਆਨ ਦਿੱਤੇ  ਹਨ ਜਿਨ੍ਹਾਂ ਨਾਲ ਸਰਕਾਰ ਹਿਲ ਗਈ ਹੈ।
                                                                                                 
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

ਕਿਸਾਨ ਅੰਦੋਲਨ ਵਿਚ ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ:ਜਸਵਿੰਦਰ ਸਿੰਘ - ਉਜਾਗਰ ਸਿੰਘ

ਬਾਬਾ ਸ਼ੇਖ ਫਰੀਦ ਨੇ ਬਾਰਵੀਂ ਸਦੀ ਵਿਚ ਸ਼ਲੋਕ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1379 ਅੰਗ ‘ਤੇ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਲੋਕ ਕਾਠ ਦੀ ਰੋਟੀ ਬਾਰੇ ਹਨ, ਜੋ 900 ਸਾਲ ਬਾਅਦ ਵੀ ਸਮਾਜਿਕ ਤਾਣੇ ਬਾਣੇ ਨਾਲ ਸੁਮੇਲ ਖਾਂਦੇ ਹਨ। ਖਾਸ ਤੌਰ ‘ਤੇ ਕਿਸਾਨੀ ਅੰਦੋਲਨ ਦੇ ਸੰਬੰਧ ਵਿਚ ਢੁਕਦੇ ਹਨ।  ਸ਼ਲੋਕ ਹਨ- ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।। ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ।। 28 ਰੁਖੀ ਸੁਖੀ  ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਇ ਚੋਪੜੀ ਨਾ ਤਰਸਾਏ ਜੀਉ।। 29  ਇਨ੍ਹਾਂ ਸ਼ਲੋਕਾਂ ਦਾ ਭਾਵ ਹੈ ਕਿ ਜੋ ਤੁਹਾਨੂੰ ਵਾਹਿਗੁਰੂ ਨੇ ਦਿੱਤਾ ਹੈ, ਉਸ ਤੇ ਸਬਰ ਕਰੋ। ਕਾਠ ਦੀ ਰੋਟੀ ਜਦੋਜਹਿਦ, ਮਿਹਨਤ ਅਤੇ ਸਾਦਗੀ ਦਾ ਪ੍ਰਤੀਕ ਹੈ ਕਿਉਂਕਿ ਰੋਟੀ ਸਖ਼ਤ ਮਿਹਨਤ ਤੋਂ ਬਾਅਦ ਨਸੀਬ ਹੁੰਦੀ ਹੈ। ਇਸ ਲਈ ਸਾਧਾਰਣ ਜੀਵਨ ਜੀਓ। ਦੂਜਿਆਂ ਦੀ ਅਮੀਰੀ ਨੂੰ ਵੇਖਕੇ ਹੋਰ ਅਮੀਰ ਬਣਨ ਦੀ ਇਛਾ ਨਾ ਕਰੋ ਪ੍ਰੰਤੂ ਜੇਕਰ ਅਜਿਹੀ ਲਾਲਸਾ ਰੱਖੋਗੇ ਤਾਂ ਦੁਖ ਹੀ ਦੁਖ ਭੋਗਣੇ ਪੈਣਗੇ। ਭਾਰਤ ਦਾ ਕਿਸਾਨ ਬਿਲਕੁਲ ਉਸੇ ਤਰ੍ਹਾਂ ਰੁਖੀ ਸੁਖੀ ਖਾ ਕੇ ਗੁਜ਼ਾਰਾ ਕਰਦਾ ਹੈ। ਹੋਰ ਕੋਈ ਲਾਲਸਾ ਨਹੀਂ, ਸਾਧਾਰਣ ਜੀਵਨ ਬਸਰ ਕਰਦਾ ਹੈ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਪ੍ਰੰਤੂ ਵਿਓਪਾਰਕ ਅਦਾਰੇ ਆਪਣੀ ਲਾਲਸਾ ਨੂੰ ਹੋਰ ਵਧਾਉਂਦੇ ਹੋਏ ਕੇਂਦਰ ਸਰਕਾਰ ਰਾਹੀਂ ਕਿਸਾਨਾ ਦੀ ਰੁਖੀ ਸੁਖੀ ਨੂੰ ਖੋਹਣ ‘ਤੇ ਤੁਲੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਦੀ ਹੱਥਠੋਕਾ ਬਣੀ ਹੋਈ ਹੈ। ਬਾਬਾ ਫਰੀਦ ਅਨੁਸਾਰ ਇਕ ਵਾਰ ਤਾਂ ਇਨਸਾਨ ਦੀ ਲਾਲਸਾ ਪੂਰੀ ਹੋ ਜਾਵੇਗੀ ਪ੍ਰੰਤੂ ਅਖ਼ੀਰ ਇਕ ਨਾ ਇਕ ਦਿਨ ਦੁੱਖ ਭੋਗਣੇ ਪੈਣਗੇ। ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਣੀਆਂ ਪੈਣਗੀਆਂ। ਇਹ ਕਾਨੂੰਨ ਬਣਾਉਣ ਵਾਲਿਆਂ ਨੂੰ ਵੀ ਇਕ ਦਿਨ ਭੁਗਤਣਾ ਪਵੇਗਾ। ਕਿਸਾਨੀ ਅੰਦੋਲਨ ਦੇ ਵਿਚ ਸਮਾਜ ਦੇ ਸਾਰੇ ਵਰਗਾਂ ਨੇ ਆਪੋ ਆਪਣੀ ਹੈਸੀਅਤ ਮੁਤਾਬਕ ਯੋਗਦਾਨ ਪਾਇਆ ਹੈ। ਸਮੁਚਾ ਸਮਾਜ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨਾਂ ਤੋਂ ਪ੍ਰਭਾਵਤ ਹੋਣ ਦੇ ਹੰਦੇਸ਼ੇ ਕਰਕੇ ਚਿੰਤਾਤੁਰ ਹੈ। ਇਹ ਲੋਕ ਅੰਦੋਲਨ ਬਣ ਗਿਆ ਹੈ। ਰੋਟੀ ਰੋਜ਼ੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਸਮਾਜ ਦੇ ਕੁਝ ਵਰਗ ਅਜੇਹੇ ਹਨ, ਜਿਹੜੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿਚ ਵਾਪਰ ਰਹੀ ਹਰ ਘਟਨਾ ਉਨ੍ਹਾਂ ਵਰਗਾਂ ਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਇਨ੍ਹਾਂ ਵਰਗਾਂ ਵਿਚ ਸਾਹਿਤਕਾਰ, ਕਲਾਕਾਰ, ਸੰਗੀਤਕਾਰ, ਬੁੱਧੀਜੀਵੀ, ਪੇਂਟਰ, ਬੁਤਘਾੜੇ ਅਤੇ ਗਾਇਕ ਆਦਿ ਸ਼ਾਮਲ ਹਨ। ਪ੍ਰੰਤੂ ਪੇਂਟਰ ਅਤੇ ਬੁਤਘਾੜੇ ਵੀ ਪਿਛੇ ਨਹੀਂ ਰਹੇ। ਉਨ੍ਹਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਡਿਜ਼ਾਇਨ ਬਣਾਕੇ ਸ਼ੋਸ਼ਲ ਮ੍ਰੀਡੀਆ ਤੇ ਪਾਏ ਅਤੇ ਬੈਨਰ ਬਣਾਕੇ ਦਿੱਤੇ ਹਨ। ਇਕ ਬੁਤਘਾੜਾ ਜਸਵਿੰਦਰ ਸਿੰਘ ਅਜਿਹਾ ਹੈ, ਜਿਹੜਾ ਲੁਧਿਆਣਾ ਜਿਲ੍ਹੇ ਦੀ ਖੰਨਾ ਸਬ ਡਵੀਜ਼ਨ ਦੇ ਪਿੰਡ ਮਹਿੰਦੀ ਪੁਰ ਵਿਚ ਰਹਿੰਦਾ ਹੈ, ਉਸਨੇ ਹਮੇਸ਼ਾ ਹੀ ਆਪਣੀ ਕਲਾ ਦੀ ਵਿਲੱਖਣ ਪ੍ਰਤਿਭਾ ਵਿਖਾਈ ਹੈ। ਉਹ ਕਿਉਂਕਿ ਪਿੰਡ ਵਿਚ ਰਹਿੰਦਾ ਹੈ। ਇਸ ਲਈ ਉਸਨੇ ਕਿਸਾਨੀ ਅਤੇ ਕਿਸਾਨੀ ਤੇ ਨਿਰਭਰ ਰਹਿਣ ਵਾਲੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੀ ਕਲਾ ਦਾ ਪ੍ਰਗਟਾਵਾ ਲੱਕੜ ਅਤੇ ਆਟੇ ਦੀਆਂ ਕਲਾਕਿ੍ਰਤਾਂ ਬਣਾਕੇ ਕੀਤਾ ਹੈ। ਉਨ੍ਹਾਂ ਕਲਾਕਿ੍ਰਤਾਂ ਵਿਚ ਉਸਦੀਆਂ ਬਣਾਈਆਂ ਲੱਕੜ ਅਤੇ ਆਟੇ ਦੀਆਂ ਰੋਟੀਆਂ ਹਨ। ਉਹ ਦਸਦਾ ਹੈ ਕਿ ਕਿਸਾਨੀ ਅੰਦੋਲਨ ਨੇ ਉਸਦੀ ਮਾਨਸਿਕਤਾ ਨੂੰ ਝੰਜੋੜਿਆ ਹੈ, ਜਿਸ ਕਰਕੇ ਉਸਨੂੰ ਉਤਨੀ ਦੇਰ ਬੇਚੈਨੀ ਰਹੀ, ਜਿਤਨੀ ਦੇਰ ਉਨ੍ਹਾਂ ਕਿਸਾਨਾ ਦੀ ਪੀੜ ਨੂੰ ਆਪਣੀ ਕਲਾ ਰਾਹੀਂ ਦਰਸਾਇਆ ਨਹੀਂ। ਜਸਵਿੰਦਰ ਸਿੰਘ ਦਸਦਾ ਹੈ ਕਿ ਜਦੋਂ ਉਹ ਆਪਣੇ ਘਰ ਦੀ ਰਸੋਈ ਵਿਚ ਰੋਟੀ ਖਾ ਰਿਹਾ ਸੀ ਤਾਂ ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਅੰਨ ਉਹ ਖਾ ਰਿਹਾ ਹੈ, ਇਹ ਅੰਨਦਾਤੇ ਕਿਸਾਨ ਦੀ ਅਣਥੱਕ ਮਿਹਨਤ ਕਰਕੇ ਹੀ ਖਾਣ ਨੂੰ ਨਸੀਬ ਹੋ ਰਿਹਾ ਹੈ। ਅੰਨਦਾਤਾ ਅੱਜ ਸੰਕਟਮਈ ਹਾਲਾਤ ਵਿਚੋਂ ਲੰਘ ਰਿਹਾ ਹੈ। ਉਸਨੂੰ ਅਨੁਭਵ ਹੋਇਆ ਕਿ ਕਿਸਾਨ ਸੰਕਟਮਈ ਸਮੇਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਦੀ ਦਸਾਂ ਨਹੁੰਾਂ ਦੀ ਕਿਰਤ ਕਮਾਈ ਤੋਂ ਪ੍ਰੇਰਨਾ ਲੈ ਕੇ ਅਤੇ ਮਿਹਨਤ ਕਰਕੇ ਸਾਧਾਰਨ ਜੀਵਨ ਬਤੀਤ ਕਰਦੇ ਹਨ। ਆਪਣੇ ਪਰਿਵਾਰ ਪਾਲਦੇ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਸਾਨੀ ਕੀਤੀ ਹੈ। ਕਿਸਾਨ ਇਤਨੀ ਮਿਹਨਤ ਦੇ ਬਾਵਜੂਦ ਵੀ ਕਰਜ਼ਿਆਂ ਵਿਚ ਗ੍ਰਸੇ ਰਹਿੰਦੇ ਹਨ। ਇਹ ਤਿੰਨ ਕਾਲੇ ਕਾਨੂੰਨ ਪਹਿਲਾਂ ਹੀ ਆਰਥਿਕ ਤੰਗੀ ਦੇ ਮਾਰੇ ਕਿਸਾਨਾ ਉਪਰ ਅਸਮਾਨੀ ਬਿਜਲੀ ਦੀ ਤਰ੍ਹਾਂ ਗਿਰੇ ਹਨ। ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਲੱਕੜ ਤੇ ਤਰਾਸ਼ਕੇ ਅਤੇ ਆਟੇ ਦੀਆਂ ਰੋਟੀਆਂ ਬਣਾਏਗਾ, ਜਿਹੜੀਆਂ ਉਪਰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਏਗਾ, ਜਿਸ ਵਿਚ ਉਨ੍ਹਾਂ ਨੂੰ ਭੁਖੇ ਸਾਧੂਆਂ ਨੂੰ ਰੋਟੀ ਖਿਲਾਉਂਦਿਆਂ ਨੂੰ ਦਰਸਾਏਗਾ ਕਿਉਂਕਿ ਗੁਰੂ ਦੀ ਪ੍ਰੇਰਨਾ ਤੋਂ ਬਿਨਾ ਸਫਲਤਾ ਨਹੀਂ ਮਿਲ ਸਕਦੀ। ਉਸਨੇ 5 ਲੱਕੜ ਅਤੇ ਇਕ ਆਟੇ ਦੀ ਕੁਲ 6 ਰੋਟੀਆਂ ਬਣਾਈਆਂ ਹਨ। ਇਹ ਰੋਟੀਆਂ ਸਾਢੇ ਚਾਰ ਫੁਟ ਦੀ ਗੋਲ ਲੱਕੜ ਤੇ ਉਕਰਕੇ ਬਣਾਈਆਂ ਹਨ। ਇਨ੍ਹਾਂ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਸਾਧੂਆਂ ਨੂੰ ਰੋਟੀ ਵਰਤਾਉਂਦੇ ਹੋਏ, ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੋਟੀ ਵਰਤਾਉਂਦੀ ਹੋਈ, ਮੂਲ ਮੰਤਰ, ਮੋਢੇ ਤੇ ਹਲ ਚੱਕੀ ਜਾਂਦਾ ਕਿਸਾਨ, ੴ ਕਿਰਤ ਕਰੋ ਨਾਮ ਜਪੋ ਅਤੇ ਹਲ ਚਲਾਉਂਦਾ ਕਿਸਾਨ  ਸ਼ਾਮਲ ਹਨ। ਉਸਨੇ ਦੱਸਿਆ ਕਿ ਜਦੋਂ ਉਹ ਕਿਸਾਨ ਅੰਦੋਲਨ ਵਿਚ ਗਿਆ ਤਾਂ ਉਸਨੂੰ ਮਹਿਸੂਸ ਹੋਇਆ ਕਿ ਇਥੇ ਤਾਂ ਕਿਸਾਨ ਕੜਕਦੀ ਠੰਡ ਵਿਚ ਜਦੋਜਹਿਦ ਕਰ ਰਹੇ ਹਨ। ਵਾਤਵਰਨ ਸ਼ਾਂਤਮਈ ਅਤੇ ਰਸਭਿੰਨਾ ਹੈ ਕਿਉਂਕਿ ਗੁਰਬਾਣੀ ਦਾ ਰਸਮਈ ਕੀਰਤਨ ਵੀ ਹੋ ਰਿਹਾ ਹੈ। ਕਿਸਾਨ ਅਤੇ ਕਿਸਾਨ ਬੀਬੀਆਂ ਪਾਠ ਕਰ ਰਹੀਆਂ ਹਨ। ਕਈ ਥਾਵਾਂ ਤੇ ਕਿਸਾਨ ਅਤੇ ਬੀਬੀਆਂ ਲੰਗਰ ਬਣਾ ਅਤੇ ਵਰਤਾ ਰਹੀਆਂ ਹਨ। ਇਸ ਲਈ ਇਹ ਅੰਦੋਲਨ ਵਿਚ ਕਿਸਾਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਉਪਰ ਪਹਿਰਾ ਦੇ ਰਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਨੇ ਉਸਨੂੰ ਕਾਠ ਦੀਆਂ ਰੋਟੀਆਂ ਬਣਾਉਣ ਲਈ ਬਹੁਤ ਹੀ ਪ੍ਰਭਾਵਤ ਕੀਤਾ ਹੈ। ਫਿਰ ਉਹ ਆਪਣੀਆਂ ਇਹ ਸਾਰੀਆਂ ਰੋਟੀਆਂ ਵਾਲੀਆਂ ਕਲਾ ਕਿ੍ਰਤਾਂ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਇਆ, ਜਿਥੇ ਕਿਸਾਨਾ ਨੇ ਇਨ੍ਹਾਂ ਕਲਾ ਕਿ੍ਰਤਾਂ ਦੀ ਭਰਪੂਰ ਪ੍ਰਸੰਸਾ ਕੀਤੀ। ਜਸਵਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਆਪਣੀ ਕਲਾ ਰਾਹੀਂ ਯੋਗਦਾਨ ਪਾ ਕੇ ਸੰਤੁਸ਼ਟ ਮਹਿਸੂਸ ਕਰਦਾ ਹੈ ਕਿਉਂਕਿ ਉਹ ਵੀ ਇਸ ਅੰਦੋਲਨ ਵਿਚ ਆਪਣਾ ਤਿਲ ਫੁਲ ਹਿੱਸਾ ਪਾ ਸਕਿਆ ਹੈ। ਲੱਕੜ ਨੂੰ ਤਰਾਸ਼ਣਾ ਬੜੀ ਬਾਰੀਕੀ ਅਤੇ ਸੂਝ ਵਾਲਾ ਕਠਨ ਕੰਮ ਹੁੰਦਾ ਹੈ। ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਤੀਖਣ ਬੁੱਧੀ ਵਾਲੇ ਵਿਅਕਤੀਆਂ ਤੇ ਗਹਿਰਾ ਪ੍ਰਭਾਵ ਪੈਣਾ ਕੁਦਰਤੀ ਹੈ। ਕਲਾ ਇਕ ਸੂਖ਼ਮ ਵਿਸ਼ਾ ਹੈ। ਇਸਦੀ ਪਕੜ ਸੂਖ਼ਮ ਸੂਝ ਵਾਲੇ ਕਲਾਕਾਰ ਹੀ ਰੱਖ ਸਕਦੇ ਹਨ। ਉਸਦੀਆਂ ਲੱਕੜ ਦੀਆਂ ਬਣਾਈਆਂ ਇਹ ਰੋਟੀਆਂ ਬਿਲਕੁਲ ਆਮ ਆਟੇ ਦੀਆਂ ਰੋਟੀਆਂ ਵਰਗੀਆਂ ਲਗਦੀਆਂ ਹਨ। ਵੇਖਣ ਵਾਲੇ ਦਰਸ਼ਕ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਵੇਖ ਕੇ ਅਚੰਭਤ ਹੋ ਜਾਂਦੇ ਹਨ।
      ਜਸਵਿੰਦਰ ਸਿੰਘ ਨੇ 1998 ਵਿਚ ਬੈਚੂਲਰ ਆਫ ਫਾਈਨ ਆਰਟਸ ਸਰਕਾਰੀ ਆਰਟ ਕਾਲਜ ਚੰਡੀਗੜ੍ਹ ਤੋਂ ਪਾਸ ਕੀਤੀ, ਪੋਸਟ ਗ੍ਰੈਜੂਏਸ਼ਨ ਪੇਂਟਿੰਗ ਵਿਚ ਹੁਸ਼ਿਆਰਪੁਰ ਤੋਂ 2004 ਵਿਚ ਅਤੇ ਬੁੱਤਸਾਜੀ ਵਿਚ ਪੋਸਟ ਗ੍ਰੈਜੂਏਸ਼ਨ ਆਰਟ ਕਾਲਜ ਚੰਡੀਗੜ੍ਹ ਤੋਂ 2007 ਵਿਚ ਪਾਸ ਕੀਤੀ। ਲਗਪਗ 12 ਸਾਲ ਵੱਖ ਵੱਖ ਸੰਸਥਾਵਾਂ ਵਿਚ ਲੈਕਚਰਾਰ ਲੱਗੇ ਰਹੇ। ਇਸ ਸਮੇਂ ਦੌਰਾਨ ਉਸਨੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਲੱਗੀਆਂ ਨੁਮਾਇਸ਼ਾਂ ਵਿਚ ਹਿੱਸਾ ਲਿਆ ਅਤੇ ਕਈ ਇਨਾਮ ਜਿੱਤੇ। ਉਸ ਵੱਲੋਂ ਬਣਾਏ ਗਈਆਂ ਕਲਾ ਕ੍ਰਿਤਾਂ ਸਮੁੱਚੇ ਦੇਸ਼ ਵਿਚ ਮਹੱਤਵਪੂਰਨ ਆਰਟ ਗੈਲਰੀਆਂ ਵਿਚ ਲੱਗੀਆਂ ਹੋਈਆਂ ਹਨ। ਉਸਨੂੰ ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੱਲੋਂ 2006 ਵਿਚ ਅਵਾਰਡ ਮਿਲ ਚੁੱਕਿਆ ਹੈ। 2007 ਵਿਚ ਉਸਨੂੰ ਭਾਰਤ ਪੱਧਰ ਦੇ ਮੁਕਾਬਲੇ ਵਿਚ ‘‘ਹਾਈਲੀ ਕਮੈਂਡਡ ਅਵਾਰਡ’’ ਮਿਲਿਆ ਸੀ। 2017 ਦਾ ਸੋਹਣ ਕਾਦਰੀ ਫੈਲੋਸ਼ਿਪ ਵੀ ਪੰਜਾਬ ਲਲਿਤ ਕਲਾ ਅਕਾਡਮੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਐਸ.ਐਲ.ਪ੍ਰਾਸ਼ਰ ਅਵਾਰਡ ਲੱਕੜ ਅਤੇ ਪੱਥਰ ਦੇ ਕੰਮਾਂ ਲਈ 2 ਵਾਰ 1997 ਅਤੇ 98 ਵਿਚ ਮਿਲੇ ਸਨ। ਜਸਵਿੰਦਰ ਸਿੰਘ ਦੀ ਸਫਲਤਾ ਕਾਰਨ ਹੈ ਕਿ ਉਸਨੇ ਬੁੱਤਸਾਜੀ ਅਤੇ ਪੇਂਟਿੰਗ ਦੋਹਾਂ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਦੂਜੇ ਉਸਦੀ ਪਤਨੀ ਦਵਿੰਦਰ ਕੌਰ ਨੇ ਵੀ ਬੈਚੁਲਰ ਆਫ ਫਾਈਨ ਆਰਟਸ ਕੀਤੀ ਹੋਈ ਹੈ ਜੋ ਖ਼ੁਦ ਵੀ ਪੇਂਟਿੰਗ ਕਰਦੀ ਹੈ। ਇਸ ਲਈ ਘਰ ਦਾ ਮਾਹੌਲ ਕੰਮ ਕਰਨ ਲਈ ਸਾਜਗਾਰ ਰਹਿੰਦਾ ਹੈ। ਜਸਵਿੰਦਰ ਸਿੰਘ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਮਹਿੰਦੀਪੁਰ ਪਿੰਡ ਵਿਚ ਪਿਤਾ ਜਾਗਰ ਸਿੰਘ ਦੇ ਘਰ 22 ਫਰਵਰੀ 1971 ਨੂੰ ਹੋਇਆ। ਆਮ ਤੌਰ ਤੇ ਕਲਾਕਾਰ ਸ਼ਹਿਰਾਂ ਵਿਚ ਆ ਕੇ ਸਥਾਪਤ ਹੋਣ ਲਈ ਆ ਜਾਂਦੇ ਹਨ ਪ੍ਰੰਤੂ ਜਸਵਿੰਦਰ ਸਿੰਘ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ ਅਤੇ ਪਿੰਡ ਵਿਚ ਹੀ ਆਪਣੀ ਕਲਾ ਨੂੰ ਨਿਖ਼ਾਰ ਰਿਹਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com