ਲੜਾਈ ਝਗੜੇ ਤੋਂ ਬਚੋ - ਗੁਰਸ਼ਰਨ ਸਿੰਘ ਕੁਮਾਰ
ਜਦ ਦੋ ਧਿਰਾਂ ਜਾਂ ਦੋ ਬੰਦਿਆਂ ਦੇ ਵਿਚਾਰ ਆਪਸ ਵਿਚ ਨਹੀਂ ਮਿਲਦੇ ਅਤੇ ਦੋਵੇਂ ਆਪਣੇ ਵਿਚਾਰਾਂ ਤੇ ਡਟੇ ਰਹਿੰਦੇ ਹਨ ਅਤੇ ਦੂਜੇ 'ਤੇ ਆਪਣੇ ਵਿਚਾਰ ਠੋਸਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਵਿਚ ਝਗੜਾ ਹੋ ਜਾਂਦਾ ਹੈ। ਜੇ ਉਹ ਆਪਸ ਵਿਚ ਮਿਲ ਬੈਠ ਕੇ ਸਮਝੋਤਾ ਨਾ ਕਰ ਲੈਣ ਤਾਂ ਇਹ ਝਗੜਾ ਲੜਾਈ ਵਿਚ ਬਦਲ ਜਾਂਦਾ ਹੈ ਅਤੇ ਵਿਕਰਾਲ ਰੂਪ ਧਾਰਨ ਕਰ ਲੈਂਦਾ ਹੈ ਜਿਸ ਵਿਚ ਦੋਹਾਂ ਧਿਰਾਂ ਦਾ ਨੁਕਸਾਨ ਹੁੰਦਾ ਹੈ। ਝਗੜੇ ਵਿਚ ਰਿਸ਼ਤਿਆਂ ਦਾ ਘਾਣ ਤਾਂ ਹੁੰਦਾ ਹੈ। ਇਸ ਵਿਚ ਬੇਇਜ਼ਤੀ, ਨਮੋਸ਼ੀ, ਆਤਮ ਗਿਲਾਨੀ ਅਤੇ ਧਨ ਮਾਲ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਅਤੇ ਕਈ ਵਾਰੀ ਕੀਮਤੀ ਜਾਨਾਂ ਵੀ ਚਲੇ ਜਾਂਦੀਆਂ ਹਨ। ਆਉਣ ਵਾਲੀਆਂ ਪੀੜ੍ਹੀਆਂ ਤੱਕ ਦੁਸ਼ਮਣੀ ਪੈ ਜਾਂਦੀ ਹੈ। ਦੋਹਾਂ ਧਿਰਾਂ ਦੇ ਜਖ਼ਮ ਹਰੇ ਰਹਿੰਦੇ ਹਨ। ਡਰ ਰਹਿੰਦਾ ਹੈ ਕਿ ਪਤਾ ਨਹੀਂ ਕਿ ਕਦੋਂ ਵਿਰੋਧੀ ਧਿਰ ਹਮਲਾ ਕਰ ਕੇ ਕਿਸੇ ਕਿਸਮ ਦਾ ਨੁਕਸਾਨ ਪਹੁੰਚਾ ਦੇਵੇ।
ਕਹਿੰਦੇ ਹਨ ਕਿ ਲੜਾਈ ਅਤੇ ਲੱਸੀ ਨੂੰ ਜਿੰਨਾ ਮਰਜ਼ੀ ਵਧਾ ਲਉ, ਵਧਦੀ ਹੀ ਜਾਵੇਗੀ। ਕਈ ਵਾਰੀ ਦੋ ਧਿਰਾਂ ਦੇ ਮਾਮਲੇ ਵਿਚ ਕਿਸੇ ਤੀਜੀ ਧਿਰ ਦਾ ਦਖਲ ਬਲਦੀ ਤੇ ਤੇਲ ਪਾਣ ਦਾ ਕੰਮ ਕਰਦਾ ਹੈ। ਕਈ ਲੋਕ ਨਹੀਂ ਚਾਹੁੰਦੇ ਕਿ ਤੁਹਾਡੇ ਵਿਚ ਆਪਸੀ ਇਤਫ਼ਾਕ ਹੋਵੇ ਅਤੇ ਤੁਸੀਂ ਮਿਲ ਜੁਲ ਕੇ ਰਹੋ। ਇਸ ਲਈ ਘਰ ਦੇ ਮਾਮਲੇ ਘਰ ਵਿਚ ਹੀ ਨਿਬੇੜ ਲੈਣੇ ਚਾਹੀਦੇ ਹਨ। ਜੇ ਘਰ ਦੇ ਝਗੜੇ ਘਰੋਂ ਬਾਹਰ ਆ ਜਾਣ ਤਾਂ ਫੈਸਲੇ ਵੀ ਦੂਜੇ ਲੋਕਾਂ ਦੇ ਹੱਥ ਆ ਜਾਂਦੇ ਹਨ।
ਝਗੜੇ ਦਾ ਮੁੱਖ ਕਾਰਨ ਕੋਈ ਵੀ ਹੋ ਸਕਦਾ ਹੈ। ਪਤੀ ਪਤਨੀ ਅਤੇ ਨੂੰਹ ਸੱਸ ਦੇ ਝਗੜੇ ਦਾ ਕਾਰਨ ਮੁੱਖ ਤੇ ਆਪਣਾ ਘਮੰਡ, ਈਰਖਾ, ਲਾਲਚ ਅਤੇ ਕੌੜੀ ਜੁਬਾਨ ਹੀ ਹੁੰਦਾ ਹੈ। ਇਸ ਤੋਂ ਇਲਾਵਾ ਲੜਾਈ ਝਗੜੇ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਜਾਇਦਾਦ ਦਾ ਝਗੜਾ ਪਿਉ ਪੁੱਤਰ, ਭਰਾ ਭਰਾ ਅਤੇ ਭੈੈੈੈੈੈੈੈੈੈੈੈਣ ਭਰਾਵਾਂ ਵਿਚ ਦੁਸ਼ਮਣੀ ਪੈਦਾ ਕਰ ਦਿੰਦਾ ਹੈ। ਗਵਾਂਢੀਆਂ ਵਿਚ ਕਈ ਵਾਰੀ ਬੱਚਿਆਂ ਦੀ ਛੋਟੀ ਛੋਟੀ ਗੱਲ ਤੋਂ ਹੀ ਲੜਾਈ ਹੋ ਜਾਂਦੀ ਹੈ। ਸਿਆਸਤ ਵਿਚ ਰਾਜਨੀਤਕ ਪਾਰਟੀਆਂ ਦੇ ਬੰਦੇ ਵੋਟ ਬੈਂਕ ਕਾਰਨ ਆਪਸ ਵਿਚ ਸਿਰ ਪੜਵਾ ਬੈਠਦੇ ਹਨ। ਧਾਰਮਿਕ ਨਫ਼ਰਤ ਵਿਚ ਤੇ ਸਰੇਆਮ ਭੀੜ ਦੁਆਰਾ ਬੰਦਿਆਂ ਨੂੰ ਸੜਕ ਤੇ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਵੱਡਿਆਂ ਦੀ ਸਹਿਮਤੀ ਤੋਂ ਬਿਨਾਂ ਮੁੰਡੇ ਕੁੜੀ ਦੇ ਵਿਆਹ ਕਰਾਉਣ ਤੇ ਤਾਂ ਅਣਖ ਖਾਤਿਰ ਹੀ ਕਤਲ ਕਰ ਦਿੱਤੇ ਜਾਂਦੇ ਹਨ। ਦੋ ਮੁਲਕ ਆਪਣੀ ਸਰਦਾਰੀ ਦਿਖਾਉਣ ਲਈ ਦੂਸਰੇ ਮੁਲਕ ਦੇ ਉਤਪਾਦਨ ਦੇ ਸੋਮਿਆਂ ਤੇ ਕਬਜ਼ਾ ਕਰਨ ਲਈ ਹੀ ਯੁੱਧ ਛੇੜ ਲੈਂਦੇ ਹਨ।
ਕਈ ਵਾਰੀ ਜਨਮ ਦਿਨ, ਵਿਆਹ ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਮੌਕੇ ਤੇ ਛੋਟੇ ਜਿਹੇ ਝਗੜੇ ਵਿਚ ਹੀ ਗੋਲੀਆਂ ਚੱਲ ਜਾਂਦੀਆਂ ਹਨ ਤੇ ਕਈ ਬੇਕਸੂਰੇ ਲੋਕ ਮਾਰੇ ਜਾਂਦੇ ਹਨ। ਛੋਟੇ ਛੋਟੇ ਝਗੜੇ ਹੀ ਲੜਾਈ ਦਾ ਰੂਪ ਧਾਰ ਲੈਂਦੇ ਹਨ ਜਿਸ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਹਨ। ਫਿਰ ਅਦਾਲਤਾਂ ਵਿਚ ਖੱਜਲ ਖੁਆਰੀ ਹੁੰਦੀ ਹੈ। ਸਾਲਾਂ ਬੱਧੀ ਕੇਸ ਲਟਕਦੇ ਰਹਿੰਦੇ ਹਨ। ਉੱਥੇ ਰਿਸ਼ਵਤਾਂ ਵੀ ਚੱਲਦੀਆਂ ਹਨ ਤੇ ਵਕੀਲ ਵੀ ਛਿੱਲ ਲਾਹੁੰਦੇ ਹਨ। ਘਰ ਕੰਗਾਲ ਹੋ ਜਾਂਦੇ ਹਨ।
ਸਾਡੇ ਵਿਚ ਸਹਿਣਸ਼ੀਲਤਾ ਦੀ ਘਾਟ ਹੈ। ਦੂਸਰੇ ਦੁਆਰਾ ਸਰਸਰੀ ਗੱਲ ਨੂੰ ਵੀ ਅਸੀਂ ਆਪਣੇ ਵੱਲ ਖਿਚ ਲੈਂਦੇ ਹਾਂ। ਅਸੀਂ ਸਮਝਦੇ ਹਾਂ ਕਿ ਦੂਸਰਾ ਸਾਡੀ ਇੱਜ਼ਤ ਤੇ ਹਮਲਾ ਕਰ ਰਿਹਾ ਹੈ ਜਾਂ ਸਾਨੂੰ ਨੀਵਾਂ ਦਿਖਾ ਰਿਹਾ ਹੈ। ਅਸੀਂ ਉਸੇ ਸਮੇਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਹੋ ਜਾਂਦੇ ਹਾਂ।
ਆਪਣੇ ਗੁੱਸੇ ਤੇ ਕਾਬੂ ਰੱਖੋ। ਗੁੱਸਾ ਚੰਡਾਲ ਹੁੰਦਾ ਹੈ। ਉਸ ਸਮੇਂ ਬੰਦੇ ਦਾ ਦਿਮਾਗ਼ ਕੰਮ ਨਹੀਂ ਕਰਦਾ। ਫਿਰ ਨਾ ਹੀ ਬੰਦਾ ਕਿਸੇ ਸਿਆਣੇ ਦੀ ਗੱਲ ਮੰਨਦਾ ਹੈ ਅਤੇ ਨਾ ਹੀ ਕਿਸੇ ਵੱਡੇ ਛੋਟੇ ਦਾ ਲਿਹਾਜ ਕਰਦਾ ਹੈ। ਜੇ ਸਾਰੇ ਬੰਦੇ ਰੱਬ ਦੇ ਬਣਾਏ ਗਏ ਹਨ ਤਾਂ ਫਿਰ ਅਸੀਂ ਕਿਉਂ ਦੂਜਿਆਂ ਨਾਲ ਚੰਗਾ ਵਿਉਹਾਰ ਨਹੀਂ ਕਰਦੇ? ਕਿਉਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ? ਕਿਉਂ ਅਸੀਂ ਦੂਜੇ ਨੂੰ ਜਲੀਲ ਕਰਦੇ ਹਾਂ? ਅਸੀ ਦੂਸਰੇ ਨੂੰ ਗੁਲਾਮ ਬਣਾ ਕੇ ਆਪਣੀ ਮਰਜ਼ੀ ਉਸ ਤੇ ਥੋਪਣਾ ਚਾਹੁੰਦੇ ਹਾਂ। ਅਸੀਂ ਕਿਉਂ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਤੇ ਨਹੀਂ ਚੱਲਦੇ? ਦੂਸਰੇ ਦਾ ਅਪਮਾਨ ਕਰਨਾ ਆਪਣਾ ਸਨਮਾਨ ਘਟਾਉਣਾ ਹੈ। ਜੇ ਅਜਿਹੇ ਮੌਕੇ ਤੇ ਅਸੀਂ ਰਲ ਮਿਲ ਕੇ ਬੈਠ ਕੇ ਆਪਸ ਵਿਚ ਕੋਈ ਸੁਖਾਵਾਂ ਸਮਝੋਤਾ ਕਰ ਲਈਏ ਤਾਂ ਆਪਸੀ ਵੈਰ ਵਿਰੋਧ ਅਤੇ ਦੁਸ਼ਮਣੀ ਖ਼ਤਮ ਹੋ ਸਕਦੀ ਹੈ ਤੇ ਅਸੀਂ ਬਿਨਾ ਕਿਸੇ ਡਰ ਖੌਫ਼ ਤੋਂ ਆਪਣੀ ਜ਼ਿੰਦਗੀ ਬਸਰ ਕਰ ਸਕਦੇ ਹਾਂ।
ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਦੁਨੀਆਂ ਬਹੁਤ ਬੁਰੀ ਹੈ। ਇੱਥੋਂ ਦੇ ਲੋਕ ਵੀ ਬਹੁਤ ਬੁਰੇ ਹਨ ਜੋ ਹਮੇਸ਼ਾਂ ਲੜਾਈ ਝਗੜੇ ਵਿਚ ਫਸ ਕੇ ਖ਼ੂਨ ਖਰਾਬਾ ਕਰਦੇ ਰਹਿੰਦੇ ਹਨ......ਇੱਥੇ ਰਹਿਣਾ ਦੁਭਰ ਹੋ ਗਿਆ ਹੈ। ਕੀ ਇਸ ਮਾਹੌਲ ਨੂੰ ਠੀਕ ਕਰਨ ਦੀ ਕੋਈ ਗੁੰਜਾਇਸ਼ ਨਹੀਂ? ਜ਼ਰਾ ਆਪਣੇ ਦਿਲ ਨੂੰ ਪੁੱਛ ਕੇ ਦੇਖੋ.......ਜੇ ਦੁਨੀਆਂ ਬੁਰੀ ਹੈ ਤਾਂ ਅਸੀਂ ਤਾਂ ਬੁਰੇ ਨਾ ਬਣੀਏ......ਅਸੀਂ ਖ਼ੁਦ ਤਾਂ ਸੁਧਰੀਏ.......ਜੇ ਐੈੈੈੈੈੈੈੈੈੈੈੈਸਾ ਹੋ ਗਿਆ ਤਾਂ ਇਸ ਬੁਰਿਆਂ ਵਿਚੋਂ ਇਕ ਬੁਰਾ ਤਾਂ ਘਟ ਹੀ ਜਾਵੇਗਾ। ਫਿਰ ਦੇਖਣਾ, ਹੋ ਸਕਦਾ ਹੈ ਸਾਡੇ ਨਾਲ ਕੁਝ ਹੋਰ ਲੋਕ ਵੀ ਆ ਕੇ ਜੁੜ ਜਾਣ......ਜੇ ਇਸ ਤਰ੍ਹਾਂ ਚੰਗੇ ਵਿਚਾਰਾਂ ਦੇ ਲੋਕ ਸਾਡੇ ਨਾਲ ਜੁੜਦੇ ਗਏ ਤਾਂ ਇਸ ਦੁਨੀਆਂ ਦਾ ਕੁਝ ਤਾਂ ਸੁਧਾਰ ਹੋ ਹੀ ਜਾਵੇਗਾ। ਧਰਤੀ ਧਰਮ ਦੇ ਸਹਾਰੇ ਹੀ ਖੜ੍ਹੀ ਹੈ......ਫਿਰ ਉੇਹ ਦਿਨ ਦੂਰ ਨਹੀਂ ਜਦ ਇਸ ਧਰਤੀ ਤੇ ਹੀ ਇਕ ਸਵਰਗ ਬਣ ਜਾਵੇਗਾ।
ਅੰਗਰੇਜ਼ੀ ਜੁਬਾਨ ਵਿਚ ਕੁਝ ਸ਼ਬਦ ਐੈੈੈੈੈੈੈੈਸੇ ਪਿਆਰੇ ਤੇ ਮਿੱਠੇ ਹਨ ਜਿਨ੍ਹਾਂ ਨੂੰ ਆਮ ਤੋਰ ਤੇ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਨੇ ਅਪਣਾ ਲਿਆ ਹੈ। ਜਿਵੇ ਸੌਰੀ (ਮੈਨੂੰ ਅਫ਼ਸੋਸ ਹੈ)। ਸਾਡੀ ਕਿਸੇ ਗ਼ਲਤੀ ਲਈ ਸੌਰੀ ਕਹਿਣ ਤੇ ਦੂਸਰੇ ਨੂੰ ਠੰਡ ਪੈ ਜਾਂਦੀ ਹੈ ਅਤੇ ਅਸੀਂ ਕਈ ਝਗੜਿਆਂ ਤੋਂ ਬਚ ਜਾਂਦੇ ਹਾਂ। ਇਸੇ ਤਰ੍ਹਾਂ ਥੈਂਕ ਯੂ (ਧੰਨਵਾਦ ਜਾਂ ਸ਼ੁਕਰੀਆ) ਕਹਿਣ ਨਾਲ ਦੂਸਰਾ ਬੰਦਾ ਆਪਣੀ ਵਡਿਆਈ ਸਮਝਦਾ ਹੈ। ਪਲੀਜ਼ (ਸ਼੍ਰੀ ਮਾਨ ਜੀ) ਅਤੇ ਕਾਇੰਡਲੀ (ਮੇਹਰਬਾਨੀ ਕਰ ਕੇ) ਕਹਿਣ ਤੇ ਦੂਸਰਾ ਬੰਦਾ ਆਪਣੇ ਆਪ ਨੂੰ ਦਿਆਲੂ ਸਮਝਦਾ ਹੈ ਤੇ ਸਾਡਾ ਕੰਮ ਆਸਾਨੀ ਨਾਲ ਕਰ ਦਿੰਦਾ ਹੈ। ਜੇ ਅਸੀਂ ਆਪਣੀ ਬੋਲ ਬਾਣੀ ਵਿਚ ਅਜਿਹੀ ਭਾਸ਼ਾ ਦਾ ਪ੍ਰਯੋਗ ਕਰਦੇ ਰਹਾਂਗੇ ਤਾਂ ਸਾਡੀ ਜ਼ਿੰਦਗੀ ਕਾਫ਼ੀ ਸੌਖੀ ਹੋ ਜਾਵੇਗੀ। ਸਾਡੇ ਆਪਸੀ ਸਬੰਧ ਵੀ ਸੁਖਾਵੇਂ ਹੋਣਗੇ ਅਤੇ ਅਸੀਂ ਕਈ ਝਗੜਿਆਂ ਤੋਂ ਵੀ ਬਚੇ ਰਹਾਂਗੇ।ਜਿੰਨੇ ਪੈਸੇ ਅਸੀਂ ਲੜਾਈ ਝਗੜਿਆਂ ਤੇ ਅਤੇ ਕੋਰਟ ਕਚੈਹਰੀਆਂ ਤੇ ਬਰਬਾਦ ਕਰਦੇ ਹਾਂ ਉਹ ਬੱਚਿਆਂ ਦੀ ਵਿਦਿਆ, ਖ਼ੁਰਾਕ ਅਤੇ ਵਿਕਾਸ ਤੇ ਲਾਈਏ ਤਾਂ ਦੇਸ਼ ਵਿਚ ਕੋਈ ਭੁੱਖਾ, ਅਣਪੜ੍ਹ ਜਾਂ ਬੇਘਰਾ ਨਹੀਂ ਰਹੇਗਾ। ਰਿਸ਼ਤਿਆਂ ਦਾ ਨਿੱਘ ਬਣਾਈ ਰੱਖਣ ਲਈ ਆਪਸੀ ਸਹਿਯੋਗ, ਸੇਵਾ ਅਤੇ ਸਮਰਪਣ ਦੀ ਲੋੜ ਹੈ। ਸਾਨੂੰ ਦੂਸਰੇ ਦੀਆਂ ਕੁਝ ਗੱਲਾਂ ਨਜ਼ਰ ਅੰਦਾਜ਼ ਵੀ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਖ਼ੁਦ ਕੋਈ ਸਰਬਗੁਣ ਸੰਪਨ ਨਹੀਂ ਹਾਂ। ਗ਼ਲਤੀ ਸਾਡੇ ਤੋਂ ਵੀ ਹੋ ਸਕਦੀ ਹੈ। ਇਸ ਲਈ ਸਾਨੂੰ ਸਮਝੌਤਾਵਾਦੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in
ਕਹਾਣੀ : ਮੈਂ ਨਹੀਂ ਹਾਰਾਂਗੀ - ਗੁਰਸ਼ਰਨ ਸਿੰਘ ਕੁਮਾਰ
ਰਾਤ ਦੇ 11 ਵਜੇ ਸਨ। ਅੱਜ ਅੱਤ ਦੀ ਸਰਦੀ ਦੀ ਰਾਤ ਸੀ। ਸ਼ਹਿਰ ਦੇ ਸਭ ਤੋਂ ਵੱਡੇ ਨਰਸਿੰਗ ਹੋਮ ਦੇ ਓਪਰੇਸ਼ਨ ਥੀਏਟਰ ਵਿਚ ਇਸ ਸਮੇਂ ਕੁਲਵਿੰਦਰ ਦਾ ਵੱਡਾ ਓਪਰੇਸ਼ਨ ਚਲ ਰਿਹਾ ਸੀ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਸ ਦਾ ਪਤੀ ਗੁਣਵੰਤ ਵੇਟਿੰਗ ਰੂਮ ਵਿਚ ਇਕੱਲ੍ਹਾ ਬੈਠਾ ਸਹਿਮਿਆ ਜਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀ। ਡਾਕਟਰਾਂ ਨੇ ਸਾਫ ਕਹਿ ਦਿੱਤਾ ਸੀ ਕਿ ਇਸ ਉਮਰ ਵਿਚ ਅਜਿਹੇ ਓਪਰੇਸ਼ਨ ਨਾਲ ਕੁਲਵਿੰਦਰ ਦੀ ਜਾਨ ਨੂੰ ਖ਼ਤਰਾ ਸੀ। ਅਜਿਹਾ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੀਦਾ ਪਰ ਉਨ੍ਹਾਂ ਇਹ ਖ਼ਤਰਾ ਮੁੱਲ ਲੈ ਹੀ ਲਿਆ। ਕੁਲਵਿੰਦਰ ਤਾਂ ਰੱਬ ਨਾਲ ਹੀ ਲੜਣ ਨੂੰ ਤਿਆਰ ਸੀ। ਜੋ ਚੀਜ਼ ਰੱਬ ਨੇ ਉਸ ਨੂੰ ਨਹੀਂ ਸੀ ਦਿੱਤੀ, ਉਹ ਉਸ ਤੋਂ ਖੋਹ ਕੇ ਹਾਸਲ ਕਰਨਾ ਚਾਹੁੰਦੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਡੀਕ ਕਰਦਿਆਂ ਗੁਣਵੰਤ ਨੂੰ ਬੇਹੋਸ਼ੀ ਜਿਹੀ ਆ ਗਈ ਅਤੇ ਉਸ ਦੀ ਪਿਛਲੀ ਜ਼ਿੰਦਗੀ ਫਿਲਮ ਦੀ ਰੀਲ ਦੀ ਤਰ੍ਹਾਂ ਉਸ ਦੇ ਸਾਹਮਣੇ ਚੱਲਣ ਲੱਗੀ-ਗੁਣਵੰਤ ਆਪਣੀ ਪਤਨੀ ਨਾਲ ਬੈਠਾ ਆਪਣੀ ਬੇਟੀ ਰਾਣੋ ਦੇ ਘਰ ਆਉਣ ਦੀ ਉਡੀਕ ਕਰ ਰਿਹਾ ਸੀ। ਰਾਣੋ ਦਫ਼ਤਰ ਦਾ ਟੂਰ ਕਹਿ ਕੇ ਘਰੋਂ ਤਿੰਨ ਦਿਨ ਤੋਂ ਗਾਇਬ ਸੀ। ਅੱਜ ਉਸ ਦੀ ਵਾਪਸੀ ਸੀ। ਅਚਾਨਕ ਕੁਲਵਿੰਦਰ ਦੇ ਫੋਨ ਦੀ ਘੰਟੀ ਵੱਜੀ।
''ਹੈਲੋ''
''ਹੈਲੋ''ੋ
''ਮੰਮੀ ਮੈਂ ਰਾਣੋ ਬੋਲ ਰਹੀ ਹਾਂ''
''ਹਾਂ ਪੁੱਤ ਬੜੀ ਦੇਰ ਕਰ ਦਿੱਤੀ। ਮੈਂ ਤੇ ਤੇਰੇ ਡੈਡੀ ਬਹੁਤ ਫਿਕਰ ਕਰ ਰਹੇ ਹਾਂ''
''ਹਾਂ ਮੰਮੀ ਕੁਝ ਦੇਰ ਹੋ ਹੀ ਗਈ। ਕੰਮ ਜੋ ਬਹੁਤ ਸਨ ਕਰਨ ਵਾਲੇ''
''ਐਡੇ ਕਿਹੜੇ ਕੰਮ ਸਨ ਕਰਨ ਵਾਲੇ? ਹੁਣ ਕਿੰਨੀ ਦੇਰ ਤੱਕ ਘਰ ਪਹੁੰਚ ਰਹੀ ਹੈ?''
''ਮੰਮੀ ਮੈਂ ਤੁਹਾਨੂੰ ਇਕ ਗੱਲ ਦੱਸਣੀ ਸੀ''
''ਦੱਸ ਪੁੱਤਰ?''
''ਮੰਮੀ ਮੈਂ ਪਰਮਿੰਦਰ ਨਾਲ ਕੋਰਟ ਮੈਰਿਜ ਕਰ ਲਈ ਹੈ। ਤੁਸੀਂ ਦੱਸੋ ਜੇ ਅਸੀਂ ਘਰ ਆਈਏ ਤਾਂ ਕੀ ਤੁਸੀਂ ਸਾਨੂੰ ਅਸ਼ੀਰਵਾਦ ਦਿਉਗੇ ਜਾਂ ਨਹੀਂ?''
''ਹੈਂ ਇਹ ਕੀ ਕਹਿ ਰਹੀ ਹੈਂ ਤੂੰ? ਕੁਲਵੰਤ ਦੇ ਹੱਥੋਂ ਮੋਬਾਇਲ ਛੁੱਟ ਕੇ ਥੱਲੇ ਡਿੱਗ ਪਿਆ। ਕੋਲ ਬੈਠੇ ਗੁਣਵੰਤ ਨੇ ਮੋਬਾਇਲ ਚੁੱਕ ਕੇ ਗੱਲ ਕਰਨੀ ਸ਼ੁਰੂ ਕੀਤੀ-''ਰਾਣੋ ਬੇਟੇ ਕੀ ਗੱਲ ਹੈ? ਤੇਰੀ ਮੰਮੀ ਦੇ ਹੱਥੌਂ ਮੋਬਾਇਲ ਥੱਲੇ ਡਿੱਗ ਗਿਆ ਸੀ। ਹਾਂ ਤੁੰ ਕੀ ਗੱਲ ਕਰ ਰਹੀ ਸੀ?''
''ਡੈਡੀ ਮੈਂ ਕਹਿ ਰਹੀ ਸੀ ਕਿ ਮੈਂ ਪਰਮਿੰਦਰ ਨਾਲ ਕੋਰਟ ਮੈਰਿਜ ਕਰ ਲਈ ਹੈ। ਜੇ ਤੁਸੀਂ ਸਾਨੂੰ ਅਸ਼ੀਰਵਾਦ ਦਿਉ ਤਾਂ ਹੀ ਅਸੀਂ ਘਰ ਆਈਏ।''
ਗੁਣਵੰਤ ਕੜਕਿਆ-''ਕੀ ਕਿਹਾ? ਪਰਮਿੰਦਰ ਨਾਲ ਵਿਆਹ ਕਰਾ ਲਿਆ ਹੈ ਤੂੰ? ਜਿਹੜਾ ਹੱਦ ਦਰਜੇ ਦਾ ਨਸ਼ੇੜੀ ਮੁੰਡਾ ਹੈ? ਇਹ ਤੂੰ ਕੀ ਜ਼ੁਲਮ ਕੀਤਾ?'' ਕੁਲਵਿੰਦਰ ਨੇ ਗੁਣਵੰਤ ਤੋਂ ਫੋਨ ਫੜਦੇ ਹੋਏ ਕਿਹਾ-''ਇਹ ਕੀ ਤੂੰ ਚੰਨ ਚਾੜ੍ਹ ਦਿੱਤਾ ਹੈ? ਤੈਨੂੰ ਸ਼ਰਮ ਨਾ ਆਈ ਪਿਉ ਦੀ ਪੱਗ ਨੂੰ ਦਾਗ ਲਾਉਂਦਿਆਂ? ਸਾਨੂੰ ਤਾਂ ਤੂੰ ਜਿਉਂਦੇ ਜੀਅ ਹੀ ਮਾਰ ਸੁੱਟਿਆ ਹੈ ਅਤੇ ਆਪਣੇ ਛੋਟੇ ਭਰਾ ਦੀ ਜੀਵਨ ਵੀ ਹਨੇਰਾ ਕਰ ਛੱਡਿਆ ਹੈ। ਅਸੀਂ ਤੈਨੂੰ ਐਡੇ ਪਿਆਰ ਨਾਲ ਪਾਲਿਆ ਪੋਸਿਆ ਅਤੇ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਤੇ ਤੂੰ ਅੱਜ ਸਾਡੇ ਸਿਰ ਇਹ ਸੁਆਹ ਪਾਈ ਹੈ?''
''ਮੰਮੀ ਹਰ ਮਾਂ ਪਿਉ ਆਪਣੇ ਬੱਚਿਆਂ ਨੂੰ ਪਾਲਦਾ ਹੈ। ਤੁਸੀਂ ਮੈਨੂੰ ਪਾਲ ਕੇ ਆਪਣਾ ਫ਼ਰਜ਼ ਹੀ ਪੂਰਾ ਕੀਤਾ ਹੈ। ਮੇਰੇ ਤੇ ਕੋਈ ਵੱਖਰਾ ਅਹਿਸਾਨ ਨਹੀਂ ਕੀਤਾ। ਮੈਂ ਇਸ ਸਮੇਂ 22 ਸਾਲ ਦੀ ਹੋ ਗਈ ਹਾਂ ਅਤੇ ਆਪਣੇ ਫੈਸਲੇ ਆਪ ਲੈ ਸਕਦੀ ਹਾਂ। ਮੈਂ ਜੋ ਕੁਝ ਵੀ ਕੀਤਾ ਹੈ ਸਭ ਸੋਚ ਸਮਝ ਕੇ ਹੀ ਕੀਤਾ ਹੈ। ਤੁਸੀਂ ਦੱਸੋ ਹੁਣ ਤੁਸੀਂ ਸਾਡੇ ਵਿਆਹ ਨੂੰ ਮਾਣਤਾ ਦਿੰਦੇ ਹੋ ਕਿ ਨਹੀਂ?''
''ਨੀਂ ਤੂੰ ਸਾਡੀ ਸਾਰੀ ਉਮਰ ਦੇ ਪਿਆਰ ਅਤੇ ਕੁਰਬਾਨੀ ਨੂੰ ਇਕ ਦਿਨ ਵਿਚ ਹੀ ਠੋਕਰ ਮਾਰ ਕੇ ਕੁਝ ਦਿਨਾਂ ਦੀ ਜਾਨ ਪਛਾਣ ਵਾਲੇ ਮੁੰਡੇ ਨੂੰ ਆਪਣੀ ਜ਼ਿੰਦਗੀ ਸੋਂਪ ਦਿੱਤੀ। ਯਾਦ ਰੱਖ ਅੱਜ ਤੋਂ ਸਾਡੇ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਲਈ ਬੰਦ ਹਨ। ਸਾਡੇ ਲਈ ਤੂੰ ਮਰ ਗਈ। ਸਾਨੂੰ ਦੁਖੀ ਕਰ ਕੇ ਤੂੰ ਕਦੀ ਵੀ ਸੁੱਖੀ ਨਹੀਂ ਰਹਿ ਸਕਦੀ।'' ਇਨਾਂ ਕਹਿ ਕੇ ਕੁਲਵਿੰਦਰ ਨੇ ਮੋਬਾਇਲ ਬੰਦ ਕਰ ਦਿੱਤਾ ਅਤੇ ਸਿਰ ਸੁੱਟ ਕੇ ਰੋਣ ਲੱਗ ਪਈ।
ਅਚਾਨਕ ਕੁਝ ਖੜਕਾ ਸੁਣ ਕੇ ਗੁਣਵੰਤ ਦੀ ਸੂਰਤ ਵਾਪਸ ਪਰਤੀ। ਇਕ ਨਰਸ ਓਪਰੇਸ਼ਨ ਥੀਏਟਰ ਵਿਚੋਂ ਬਾਹਰ ਨਿਕਲੀ ਤੇ ਸਿੱਧਾ ਹਾਲ ਚੋਂ ਬਾਹਰ ਚਲੀ ਗਈ। ਗੁਣਵੰਤ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਫਿਰ ਝੱਪਕੀ ਲੱਗ ਗਈ। ਬੀਤੀ ਜ਼ਿੰਦਗੀ ਦੀ ਫਿਲਮ ਫਿਰ ਉਸ ਦੇ ਦਿਮਾਗ਼ ਵਿਚ ਘੁੰਮਣ ਲੱਗੀ-ਇਕ ਵਾਰੀ ਗੁਣਵੰਤ ਨੂੰ ਹਾਰਟ ਅਟੈਕ ਆਇਆ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਾਉਣਾ ਪਿਆ ਜਿੱਥੇ ਉਸ ਦੇ ਇਕ ਸਟੰਟ ਪਿਆ। ਉਸ ਦੀ ਬਿਮਾਰੀ ਦੀ ਖ਼ਬਰ ਸੁਣ ਕੇ ਰਾਣੋ ਪਰਮਿੰਦਰ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਗਈ। ਉਨ੍ਹਾਂ ਨੂੰ ਰਾਣੋ ਤੇ ਪਰਮਿੰਦਰ ਦਾ ਆਉਣਾ ਚੰਗਾ ਨਾ ਲੱਗਾ ਪਰ ਹਾਲਾਤ ਹੀ ਐਸੇ ਸਨ ਕਿ ਉਹ ਉਨ੍ਹਾਂ ਨੂੰ ਦੁਰਕਾਰ ਕੇ ਘਰੋਂ ਨਾ ਕੱਢ ਸੱਕੇ। ਇਸੇ ਬਹਾਨੇ ਉਨ੍ਹਾਂ ਦੀ ਬੋਲਚਾਲ ਸ਼ੁਰੂ ਹੋ ਗਈ। ਪਰਮਿੰਦਰ ਆਪਣੇ ਸਾਲੇ ਰਾਜੇ ਨਾਲ ਖ਼ੂਬ ਘੁਲ ਮਿਲ ਕੇ ਰਹਿਣ ਲੱਗਾ। ਕਈ ਵਾਰੀ ਦੋਵੇਂ ਇਕੱਠੇ ਹੋਟਲ ਤੇ ਰੋਟੀ ਖਾਣ ਚਲੇ ਜਾਂਦੇ। ਪਰਮਿੰਦਰ ਨੇ ਰਾਜੇ ਨੂੰ ਸ਼ਰਾਬ ਪੀਣ ਦੀ ਵੀ ਆਦਤ ਪਾ ਦਿੱਤੀ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਪਟਿਆਲੇ ਵਿਚ ਗੁਣਵੰਤ ਦੀ ਆਪਣੀ ਕੋਠੀ ਸੀ ਅਤੇ ਉਸ ਨੇ ਸਹੂਲਤ ਲਈ ਕਾਰ ਵੀ ਰੱਖੀ ਹੋਈ ਸੀ। ਗੁਣਵੰਤ ਦੀ ਉਮਰ 58 ਸਾਲ ਦੀ ਹੋ ਗਈ ਅਤੇ ਉਹ ਪੰਜਾਬ ਸਰਕਾਰ ਤੋਂ ਸੁਪਰਡੈਂਟ ਦੀ ਪੋਸਟ ਤੋਂ ਬੜੇ ਮਾਣ ਸਨਮਾਣ ਨਾਲ ਸੇਵਾ ਮੁਕਤ ਹੋ ਗਿਆ। ਸੇਵਾ ਮੁਕਤੀ ਤੇ ਉਸ ਨੂੰ 25/30 ਲੱਖ ਰੁਪਏ ਮਿਲ ਗਏ ਅਤੇ 45000/- ਰੁਪਏ ਮਹੀਨੇ ਦੀ ਪੈਨਸ਼ਨ ਵੀ ਲੱਗ ਗਈ। ਜਦ ਪਰਮਿੰਦਰ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਰਾਣੋ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਬਾਰ ਬਾਰ ਰਾਣੋ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਐਵੇਂ ਹੀ ਫਸ ਗਿਆ। ਮੈਨੂੰ ਤਾਂ ਵੱਡੇ ਵੱਡੇ ਘਰਾਂ ਤੋਂ ਰਿਸ਼ਤੇ ਆਉਂਦੇ ਸਨ ਜਿੰਨ੍ਹਾਂ ਨੇ ਚੌਖਾ ਚੰਗਾ ਦਾਜ਼ ਵੀ ਦੇਣਾ ਸੀ।ਮੈਂ ਕਿੱਥੇ ਨੰਗਾਂ ਦੇ ਘਰ ਫਸ ਗਿਆ। ਜੇ ਤੇਰੇ ਮਾਂ ਪਿਉ ਆਪ ਸਾਡਾ ਵਿਆਹ ਕਰਦੇ ਤਾਂ ਵੀ ਘੱਟੋ ਘੱਟ ਉਨ੍ਹਾਂ ਦਾ 50 ਕੁ ਲੱਖ ਖ਼ਰਚਾ ਹੋਣਾ ਹੀ ਸੀ। ਰਾਣੋ ਚੁੱਪ ਕਰ ਕੇ ਸਭ ਸੁਣ ਲੈਂਦੀ। ਉਹ ਰੋਜ਼ ਸ਼ਰਾਬ ਨਾਲ ਗੁੱਟ ਹੋ ਕੇ ਅੱਧੀ ਰਾਤੀ ਘਰ ਵੜਦਾ ਅਤੇ ਕਲੇਸ਼ ਕਰਦਾ। ਬਿਨਾ ਕਸੂਰ ਤੋਂ ਰਾਣੋ ਦੀ ਕੁੱਟ ਮਾਰ ਵੀ ਕਰਦਾ। ਉਹ ਰਾਣੋ ਨੂੰ ਕਹਿੰਦਾ ਮੈਨੂੰ ਆਪਣਾ ਹੱਕ ਲੈਣਾ ਆਉਂਦਾ ਹੈ। ਜੇ ਸਿੱਧੀ ਉਂਗਲੀ ਨਾਲ ਘਿਉ ਨਾ ਨਿਕਲੇ ਤਾਂ ਮੈਨੂੰ ਉਂਗਲੀ ਟੇਡੀ ਵੀ ਕਰਨੀ ਆਉਂਦੀ ਹੈ। ਇਹ ਰਾਣੋ ਲਈ ਸਿੱਧੀ ਧਮਕੀ ਅਤੇ ਉਸ ਦੇ ਮਾਂ ਪਿਉ ਲਈ ਸਿੱਧਾ ਖ਼ਤਰਾ ਸੀ। ਉਨ੍ਹਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਦੇ ਬੇਟੇ ਰਾਜੇ ਨੂੰ ਹੀ ਕੋਈ ਨੁਕਸਾਨ ਨਾ ਪਹੁੰਚਾਵੇ ਪਰ ਉਹ ਇਸ ਬੁਢਾਪੇ ਵਿਚ ਕਰ ਕੁਝ ਨਹੀਂ ਸਨ ਸਕਦੇ।
ਫਿਰ ਦਰਵਾਜ਼ਾ ਖੁਲਣ ਦੀ ਆਵਾਜ਼ ਆਈ। ਗੁਣਵੰਤ ਆਪਣੇ ਸੁਪਨਿਆਂ ਚੋਂ ਬਾਹਰ ਪਰਤਿਆ। ਚਿੱਟੇ ਕੱਪੜਿਆਂ ਵਿਚ ਇਕ ਡਾਕਟਰ ਬਾਹਰ ਨਿਕਲਿਆ। ਗੁਣਵੰਤ ਨੇ ਤੇਜ਼ੀ ਨਾਲ ਉੱਠ ਕੇ ਪੁੱਛਿਆ-''ਡਾਕਟਰ ਸਾਹਿਬ ਕੀ ਹਾਲ ਹੈ?''
''ਓਪਰੇਸ਼ਨ ਚੱਲ ਰਿਹਾ ਹੈ। ਉਡੀਕ ਕਰੋ''
ਗੁਣਵੰਤ ਨੇ ਘੜੀ ਦੇਖੀ ਸਾਢੇ ਬਾਰਾਂ ਵਜੇ ਸਨ। ਉਹ ਫਿਰ ਆ ਕੇ ਆਪਣੀ ਕੁਰਸੀ ਤੇ ਬੈਠ ਗਿਆ। ਉਸ ਨੇ ਜਾਗਦੇ ਰਹਿਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਅੱਖਾਂ ਨੀਂਦ ਨਾਲ ਫਿਰ ਮਿਟਣ ਲੱਗੀਆਂ। ਫਿਰ ਉਸ ਨੇ ਅੱਧ ਨੀਂਦਰੇ ਵਿਚ ਦੇਖਿਆ ਕਿ ਉਸ ਦਾ ਬੇਟਾ ਰਾਜਾ ਭਾਵ ਰਜਵਿੰਦਰ ਹੁਣ 22 ਸਾਲ ਦਾ ਸੋਹਣਾ ਜਵਾਨ ਹੋ ਗਿਆ ਸੀ ਉਸ ਨੂੰ ਦੇਖਿਆਂ ਭੁੱਖ ਲਹਿੰਦੀ ਸੀ। ਉਹ ਪੜਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਬੀ.ਏ. ਕਰਨ ਤੋਂ ਬਾਅਦ ਉਸ ਨੇ ਆਈ. ਏ. ਐਸ.ਦਾ ਇਮਤਿਹਾਨ ਦਿੱਤਾ। ਜਿਸ ਵਿਚੋਂ ਉਸ ਦਾ ਸਾਰੇ ਭਾਰਤ ਵਿਚੋਂ ਪੰਜਵਾਂ ਸਥਾਨ ਆਇਆ। ਹੁਣ ਉਹ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਆਈ. ੲ.ੇ ਐਸ. ਅਫ਼ਸਰ ਬਣਨ ਦਾ ਮਾਣ ਹਾਸਲ ਕਰਨ ਜਾ ਰਿਹਾ ਸੀ। ਗੁਣਵੰਤ ਅਤੇ ਕੁਲਵਿੰਦਰ ਉਸ ਦੀ ਕਾਮਯਾਬੀ ਤੋਂ ਫੁੱਲੇ ਨਹੀਂ ਸਨ ਸਮਾ ਰਹੇ। ਹਰ ਪਾਸੇ ਰਜਵਿੰਦਰ ਦੇ ਹੀ ਚਰਚੇ ਸਨ।ਪਰ ਪਰਵਿੰਦਰ ਨੂੰ ਇਹ ਸਭ ਚੰਗਾ ਨਹੀਂ ਸੀ ਲੱਗ ਰਿਹਾ। ਉਹ ਇਕ ਦਿਨ ਉਨ੍ਹਾਂ ਦੇ ਘਰ ਆਇਆ ਅਤੇ ਰਾਜੇ ਨੂੰ ਮਨਾਲੀ ਘੁੰਮ ਕੇ ਆਉਣ ਦਾ ਕਹਿ ਕੇ ਕਾਰ ਵਿਚ ਬਿਠਾ ਕੇ ਨਾਲ ਲੈ ਗਿਆ। ਗੁਣਵੰਤ ਅਤੇ ਕੁਲਵਿੰਦਰ ਰਾਜੇ ਨੂੰ ਪਰਵਿੰਦਰ ਨਾਲ ਇਕੱਲ੍ਹੇ ਭੇਜਣਾ ਨਹੀਂ ਸਨ ਚਾਹੁੰਦੇ ਪਰ ਉਹ ਜਵਾਨ ਪੁੱਤਰ ਨੂੰ ਰੋਕ ਨਾ ਸੱਕੇ।
ਗੱਲ ਉਹ ਹੀ ਹੋਈ ਜਿਸ ਦਾ ਡਰ ਸੀ। ਉਨ੍ਹਾਂ ਲਈ ਉਹ ਇਕ ਬਹੁਤ ਹੀ ਭਿਆਣਕ ਰਾਤ ਸੀ। ਗੁਣਵੰਤ ਨੂੰ ਰਾਤੀ 12 ਵਜੇ ਮੰਡੀ ਸ਼ਹਿਰ ਦੇ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਰਾਜਵਿੰਦਰ ਅਤੇ ਪਰਮਿੰਦਰ ਦੀ ਕਾਰ ਬਰੇਕ ਫੇਲ੍ਹ ਹੋਣ ਕਾਰਨ ਬਿਆਸ ਨਦੀ ਵਿਚ ਜਾ ਡਿੱਗੀ ਹੈ। ਸਵਾਰੀਆਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ਼ ਸ਼ੁਰੂ ਕੀਤੇ ਜਾ ਰਹੇ ਹਨ। ਤੁਸੀਂ ਫੋਰਨ ਮੰਡੀ ਸ਼ਹਿਰ ਪਹੁੰਚੋ। ਦੋਵੇਂ ਜਣੇ ਟੈਕਸੀ ਕਰ ਕੇ ਕਿਸੇ ਤਰ੍ਹਾਂ ਸਵੇਰੇ ਪੰਜ ਵਜੇ ਘਟਣਾ ਸਥਾਨ ਤੇ ਪੁੱਜੇ। ਪਤਾ ਲੱਗਾ ਕਿ ਪਰਮਿੰਦਰ ਤਾਂ ਕਿਸੇ ਤਰ੍ਹਾਂ ਤੈਰ ਕੇ ਬਾਹਰ ਨਿਕਲ ਆਇਆ ਸੀ ਪਰ ਰਾਜੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਸ਼ੱਕ ਦੀ ਸੂਈ ਪਰਮਿੰਦਰ ਦੁਆਲੇ ਹੀ ਘੁੰਮਦੀ ਸੀ। ਕਿਸੇ ਤਰ੍ਹਾਂ ਕਰੇਨ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਡਰਾਇਵਰ ਦੀ ਸੀਟ ਤੇ ਰਾਜੇ ਦੀ ਲਾਸ਼ ਫਸੀ ਹੋਈ ਮਿਲੀ। ਗੁਣਵੰਤ ਅਤੇ ਕੁਲਵਿੰਦਰ ਦੀ ਦੁਨੀਆਂ ਹਮੇਸ਼ਾਂ ਲਈ ਹਨੇਰੀ ਹੋ ਗਈ। ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਵੀ ਖਤਮ ਹੋ ਗਿਆ। ਲੱਗਦਾ ਨਹੀਂ ਸੀ ਕਿ ਬੇਟੇ ਦੇ ਗਮ ਕਾਰਨ ਹੁਣ ਉਹ ਜ਼ਿਆਦਾ ਦਿਨ ਜੀਅ ਸੱਕਣ।
ਗਿਰਜਾ ਘਰ ਦੇ ਟੱਲ ਨੇ ਟੱਨ ਟੱਨ ਕਰ ਕੇ ਦੋ ਵਜਾਏ। ਇਕ ਸੀਤ ਲਹਿਰ ਗੁਣਵੰਤ ਦੇ ਪਿੰਡੇ ਨੂੰ ਚੀਰ ਗਈ। ਉਸ ਨੇ ਦੇਖਿਆ ਕਿ ਹਾਲੀ ਵੀ ਉਹ ਓਪਰੇਸ਼ਨ ਥੀਏਟਰ ਦੇ ਬਾਹਰ ਹੀ ਬੈਠਾ ਸੀ। ਚਾਰੇ ਪਾਸੇ ਮੌਤ ਵਰਗੀ ਖਾਮੌਸ਼ੀ ਸੀ। ਹੁਣੇ ਹੁਣੇ ਦੇਖੇ ਹੋਏ ਭਿਆਨਕ ਮੰਜਰ ਨੂੰ ਯਾਦ ਕਰ ਕੇ ਉਸ ਉੱਤੇ ਫਿਰ ਬੇਹੋਸ਼ੀ ਛਾ ਰਹੀ ਸੀ। ਫਿਰ ਉਸ ਨੇ ਦੇਖਿਆ-ਉਹ ਸਭ ਕੁਝ ਲੁਟਾ ਕੇ ਰੋ ਧੋ ਕੇ ਹਾਰ ਗਏ ਸਨ। ਉਸ ਦੀ ਪਤਨੀ ਹਰ ਸਮੇਂ ਕੀਰਨੇ ਪਾਉਂਦੀ ਰਹਿੰਦੀ ਸੀ। ਰੱਬ ਨੂੰ ਵੀ ਉਹ ਬਾਰ ਬਾਰ ਉਲ੍ਹਾਂਭੇ ਹੀ ਦਿੰਦੀ ਰਹਿੰਦੀ ਸੀ ਕਿ ਅਸੀਂ ਕਿਸੇ ਦਾ ਕੀ ਵਿਗਾੜਿਆ ਸੀ। ਪਹਿਲਾਂ ਕੁੜੀ ਹੱਥੋਂ ਨਿਕਲ ਗਈ। ਫਿਰ ਰੱਬ ਨੇ ਉਨ੍ਹਾਂ ਦਾ ਹੋਣਹਾਰ ਜਵਾਨ ਪੁੱਤਰ ਖੋਹ ਲਿਆ। ਕਦੀ ਕਦੀ ਉਹ ਰੱਬ ਨਾਲ ਲੜਦੀ ਨਜ਼ਰ ਆਉਂਦੀ ਸੀ। ਅਖੇ-ਤੈਨੂੰ ਸਾਡਾ ਪੁੱਤਰ ਵਾਪਸ ਕਰਨਾ ਹੀ ਪਵੇਗਾ।
ਆਖਰ ਰੱਬ ਦੇ ਭਾਣੇ ਨੂੰ ਤਾਂ ਮੰਨਣਾ ਹੀ ਪੈਂਦਾ ਹੈ। ਦੋਹਾਂ ਨੇ ਰੋਜਾਨਾ ਗੁਰਦਵਾਰੇ ਜਾਣਾ ਸ਼ੁਰੂ ਕਰ ਦਿੱਤਾ। ਭਾਈ ਜੀ ਰੋਜ਼ ਕਥਾ ਕਰਦੇ। ਕਥਾ ਸੁਣਦਿਆਂ ਵੀ ਉਨ੍ਹਾਂ ਦੇ ਮਨ ਵਿਚ ਕਈ ਵਾਰੀ ਸ਼ੰਕੇ ਉੱਠ ਖੜ੍ਹੇ ਹੁੰਦੇ। ਭਾਈ ਜੀ ਦੱਸਦੇ ਕਿ ਦੁਨੀਆਂ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਹ ਰੱਬ ਦੇ ਭਾਣੇ ਵਿਚ ਹੀ ਵਾਪਰ ਰਿਹਾ ਹੈ। ਫਿਰ ਅਨੰਦ ਸਾਹਿਬ ਦੀ ਇਹ ਤੁੱਕ ਆਉਂਦੀ:
ਘਰਿ ਤ ਤੇਰੈ ਸਭੁ ਕਿਛ ਹੈ
ਜਿਸ ਦੇਹਿ ਸੁ ਪਾਵਏ॥
ਕੁਲਵਿੰਦਰ ਸੋਚਦੀ ਕਿ ਜੇ ਰੱਬ ਕੋਲ ਸਭ ਕੁਝ ਹੈ ਤਾਂ ਕੀ ਪਤਾ ਉਹ ਸਾਨੂੰ ਵੀ ਦਾਤ ਦੇ ਹੀ ਦੇਵੇ। ਪਰ ਕਿਵੇਂ? ਇਕ ਦਿਨ ਉਸ ਦੇ ਮਨ ਵਿਚ ਇਕ ਨਵਾਂ ਵਿਚਾਰ ਆਇਆ ਅਤੇ ਚਾਨਣ ਦੀ ਇਕ ਲੀਕ ਦਿਖਾਈ ਦਿੱਤੀ। ਉਸ ਨੇ ਆਪਣੇ ਵਿਚਾਰ ਗੁਣਵੰਤ ਨਾਲ ਸਾਂਝੇ ਕੀਤੇ। ਪਹਿਲਾਂ ਤਾਂ ਗੁਣਵੰਤ ਨਾ ਮੰਨਿਆ ਪਰ ਬਾਅਦ ਵਿਚ ਉਹ ਆਪਣੇ ਚੈਕ ਅੱਪ ਲਈ ਰਾਜੀ ਹੋ ਗਿਆ। ਦੋਵੇਂ ਜਣੇ ਡਾਕਟਰ ਕੋਲ ਗਏ ਅਤੇ ਆਪਣੀ ਸਮੱਸਿਆ ਸਾਂਝੀ ਕੀਤੀ। ਡਾਕਟਰ ਨੇ ਕਿਹਾ ਕਿ ਗੁਣਵੰਤ ਦੀ ਉਮਰ ਇਸ ਸਮੇਂ 65 ਸਾਲ ਅਤੇ ਕੁਲਵਿੰਦਰ ਦੀ 62 ਸਾਲ ਸੀ ਇਸ ਲਈ ਇਸ ਉਮਰ ਵਿਚ ਬੱਚਾ ਹੋਣ ਦੇ ਕੋਈ ਚਾਂਸ ਨਹੀਂ। ਹਾਂ ਟੈਸਟ ਟਿਊਬ ਬੇਬੀ ਦੀ ਟੈਕਨੀਕ ਨਾਲ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਦਾ ਖ਼ਰਚਾ ਵੀ ਬਹੁਤ ਹੈ ਅਤੇ ਸਫ਼ਲਤਾ ਦੇ ਚਾਂਸ ਵੀ ਬਹੁਤ ਘੱਟ ਹੈ।ਜੇ ਕੋਈ ਅੜਚਣ ਆ ਜਾਵੇ ਤਾਂ ਮਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਹ ਸੁਣ ਕੇ ਉਨ੍ਹਾਂ ਦੇ ਅੰਦਰ ਇਕ ਨਵੀਂ ਉਮੀਦ ਜਾਗੀ। ਉਨ੍ਹਾਂ ਨੇ ਡਾਕਟਰ ਨੂੰ ਹਾਂ ਕਰ ਦਿੱਤੀ ਅਤੇ ਦੋਹਾਂ ਦੇ ਟੈਸਟ ਕਰਨ ਤੋਂ ਬਾਅਦ ਅਗਲੇ ਹਫਤੇ ਡਾਕਟਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਪ੍ਰਯੋਗ ਸਫ਼ਲ ਰਿਹਾ। ਕੁਲਵਿੰਦਰ ਹੁਣ ਹਰ ਸਮੇਂ ਮਾਂ ਬਣਨ ਦੇ ਸੁਪਨੇ ਦੇਖਣ ਲੱਗੀ। ਦੋਹਾਂ ਨੇ ਇਹ ਸਮਾਂ ਬਹੁਤ ਸਾਵਧਾਨੀ ਨਾਲ ਗੁਜ਼ਾਰਿਆ। ਬਾਹਰ ਕਿਸੇ ਨੂੰ ਇਸ ਦੀ ਭਣਕ ਨਾ ਪੈਣ ਦਿੱਤੀ। ਸਮਾਂ ਪੂਰਾ ਹੋਣ ਤੋਂ ਤਿੰਨ ਦਿਨ ਪਹਿਲਾਂ ਕੁਲਵਿੰਦਰ ਨੂੰ ਨਰਸਿੰਗ ਹੋਮ ਵਿਚ ਦਾਖਲ ਕਰਾਇਆ ਗਿਆ ਅਤੇ ਅੱਜ ਉਸ ਦਾ ਵੱਡਾ ਓਪਰੇਸ਼ਨ ਹੋ ਰਿਹਾ ਸੀ।
ਇਕ ਦਮ ਦਰਵਾਜ਼ਾ ਖੁਲਣ ਦੀ ਆਵਾਜ਼ ਆਈ। ਡਾਕਟਰ ਯਾਦਵ ਬਾਹਰ ਆਇਆ। ਗੁਣਵੰਤ ਭੱਜ ਕੇ ਡਾਕਟਰ ਕੋਲ ਗਿਆ ਤੇ ਪੁੱਛਿਆ-''ਡਾਕਟਰ ਸਾਹਿਬ ਕੀ ਹੋਇਆ ਹੈ?'' ਡਾਕਟਰ ਨੇ ਮੁਸਕਰਹਟ ਬਿਖੇਰਦੇ ਹੋਏ ਕਿਹਾ-''ਗੁਣਵੰਤ ਵਧਾਈ ਹੋਵੇ। ਓਪਰੇਸ਼ਨ ਕਾਮਯਾਬ ਰਿਹਾ। ਤੁਹਾਡੇ ਜੋੜਾ ਲੜਕੇ ਪੈਦਾ ਹੋਏ ਹਨ। ਮਾਂ ਬੱਚੇ ਸਭ ਠੀਕ ਠਾਕ ਹਨ।''
ਗੁਣਵੰਤ ਨੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸ ਦੀ ਪਤਨੀ ਕੁਲਵਿੰਦਰ ਨੇ ਰੱਬ ਕੋਲੋਂ ਲੜਾਈ ਜਿੱਤ ਲਈ ਸੀ। ਰੱਬ ਨੇ ਇਕ ਪੁੱਤਰ ਲੈ ਕੇ ਉਨ੍ਹਾਂ ਨੂੰ ਦੋ ਪੁੱਤਰ ਦੇ ਦਿੱਤੇ ਸਨ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-83608-42861
email: gursharan1183@yahoo.in
ਪ੍ਰੇਰਨਾਦਾਇਕ ਲੇਖ : ਕਰਮਾਂ ਤੇ ਹੋਣਗੇ ਨਿਬੇੜੇ - ਗੁਰਸ਼ਰਨ ਸਿੰਘ ਕੁਮਾਰ
ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੀ ਕਿਸਮਤ ਦਾ ਘੜਨਹਾਰਾ ਹੈ। ਉਹ ਆਪਣੇ ਕਰਮਾਂ ਦੁਆਰਾ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ। ਆਪਣੀ ਮਿਹਨਤ ਅਤੇ ਹੌਸਲੇ ਦੁਆਰਾ ਉਹ ਆਪਣੀ ਬਦਕਿਸਮਤੀ ਨੂੰ ਖ਼ੁਸ਼ਕਿਸਮਤੀ ਵਿਚ ਵੀ ਬਦਲ ਸਕਦਾ ਹੈ। ਮਨੁੱਖ ਦੀ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦਾ ਪਹਿਲਾ ਅਤੇ ਆਖਰੀ ਪੰਨਾ (ਜਨਮ ਅਤੇ ਮੌਤ ਦਾ) ਪ੍ਰਮਾਤਮਾ ਨੇ ਖ਼ੁਦ ਲਿਖ ਕੇ ਭੇਜਿਆ ਹੈ। ਜ਼ਿੰਦਗੀ ਦੀ ਕਿਤਾਬ ਦੇ ਬਾਕੀ ਪੰਨੇ ਪ੍ਰਮਾਤਮਾ ਕੌਰੇ ਛੱਡ ਦਿੰਦਾ ਹੈ ਜੋ ਮਨੁੱਖ ਨੇ ਆਪਣੇ ਕਰਮਾਂ ਨਾਲ ਖ਼ੁਦ ਲਿਖਣੇ ਹੁੰਦੇ ਹਨ।
ਸਾਡੇ ਪੰਡਤਾਂ ਨੇ ਜਾਤ ਪਾਤ ਦੀਆਂ ਵੰਡੀਆਂ ਪਾ ਕੇ ਮਨੁੱਖਾਂ ਨੂੰ ਆਪਸ ਵਿਚ ਵੰਡਿਆ ਹੈ। ਮਨੁੱਖ ਨੂੰ ਆਪਣੇ ਦਬਾਅ ਵਿਚ ਰੱਖਣ ਲਈ ਸਵਰਗ ਦੇ ਲਾਲਚ ਅਤੇ ਨਰਕਾਂ ਦੇ ਡਰਾਵੇ ਦਿੱਤੇ ਹਨ। ਮਨੁੱਖ ਨੂੰ ਇਨ੍ਹਾਂ ਪੰਡਤਾਂ ਤੋਂ ਡਰਨ ਦੀ ਲੋੜ ਨਹੀਂ। ਉਸ ਨੂੰ ਕੇਵਲ ਆਪਣੇ ਮਾੜੇ ਕਰਮਾਂ ਤੋਂ ਡਰਨਾ ਚਾਹੀਦਾ ਹੈ। ਮਨੁੱਖ ਦੇ ਮਾੜੇ ਕਰਮ ਹੀ ਉਸ ਦਾ ਪਿੱਛਾ ਨਹੀਂ ਛੱਡਦੇ। ਇਸੇ ਲਈ ਕਿਸੇ ਨੇ ਠੀਕ ਹੀ ਕਿਹਾ ਹੈ:
ਕਰਮਾਂ ਤੇ ਹੋਣਗੇ ਨਿਬੇੜੇ,
ਕਿਸੇ ਨਾ ਤੇਰੀ ਜਾਤ ਪੁੱਛਣੀ॥
ਜੇ ਆਪਣਾ ਸਿੱਕਾ ਹੀ ਖੋਟਾ ਹੋਵੇ ਤਾਂ ਹੱਟੀ ਵਾਲੇ ਨੂੰ ਦੋਸ਼ ਨਹੀਂ ਦਈਦਾ। ਕਈ ਲੋਕ ਕੇਵਲ ਕਿਸਮਤ 'ਤੇ ਹੀ ਭਰੋਸਾ ਰੱਖਦੇ ਹਨ ਅਤੇ ਹੱਥ 'ਤੇ ਹੱਥ ਰੱਖ ਕੇ ਬੈਠੇ ਰਹਿੰਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਜੋ ਕਿਸਮਤ ਵਿਚ ਲਿਖਿਆ ਹੈ ਉਹ ਉਨ੍ਹਾਂ ਨੂੰ ਮਿਲਣਾ ਹੀ ਹੈ। ਫਿਰ ਜ਼ਿਆਦਾ ਤਰਦਦ ਕਰਨ ਦੀ ਕੀ ਲੋੜ ਹੈ? ਅਜਿਹੇ ਲੋਕ ਆਲਸੀ ਹੁੰਦੇ ਹਨ। ਉਹ ਉੱਦਮ ਨਹੀਂ ਕਰਦੇ। ਇਸ ਲਈ ਉਹ ਜ਼ਿੰਦਗੀ ਵਿਚ ਸਫ਼ਲ ਨਹੀਂ ਹੁੰਦੇ। ਕਾਮਯਾਬੀ ਉਨ੍ਹਾਂ ਦੀਆਂ ਦਹਿਲੀਜ਼ਾਂ ਤੋਂ ਆ ਕੇ ਮੁੜ ਜਾਂਦੀ ਹੈ। ਫਿਰ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਨ। ਜੇ ਆਪਣਾ ਹੀ ਚਿਹਰਾ ਸਾਫ ਨਾ ਹੋਵੇ ਤਾਂ ਸ਼ੀਸ਼ੇ ਨੂੰ ਦੋਸ਼ ਨਹੀਂ ਦਈਦਾ। ਕਿਸਮਤ ਕੋਈ ਰੱਬ ਦਾ ਲਿਖਿਆ ਹੋਇਆ ਇਕਰਾਰਨਾਮਾ ਨਹੀਂ। ਆਪਣੀ ਕਿਸਮਤ ਨੂੰ ਤਾਂ ਹਰ ਰੋਜ਼ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਲਿਖਣਾ ਪੈਂਦਾ ਹੈ। ਕਿਸਮਤ ਦੀ ਮਿੱਠੀ ਨੀਂਦ ਵਿਚੋਂ ਮਨੁੱਖ ਜਿੰਨਾਂ ਜਲਦੀ ਜਾਗ੍ਹ ਜਾਏ ਓਨਾਂ ਹੀ ਚੰਗਾ ਹੁੰਦਾ ਹੈ। ਜਲਦੀ ਜਾਗਣਾ ਹਮੇਸ਼ਾਂ ਹੀ ਫਾਇਦੇਮੰਦ ਹੁੰਦਾ ਹੈ ਫਿਰ ਭਾਵੇਂ ਉਹ ਨੀਂਦ ਤੋਂ ਹੋਵੇ, ਅਹਿਮ ਤੋਂ ਹੋਵੇ ਜਾਂ ਵਹਿਮ ਤੋਂ ਹੋਵੇ।
ਜੇ ਕਦੀ ਜ਼ਿੰਦਗੀ ਵਿਚ ਔਖੇ ਸਮੇਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਵੀ ਦਿਲ ਨਹੀਂ ਛੱਡਣਾ ਚਾਹੀਦਾ। ਜ਼ਿੰਦਗੀ ਵਿਚ ਦੁੱਖ ਅਤੇ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਦਾ ਮੁਕਾਬਲਾ ਮਿਹਨਤ, ਹੌਸਲੇ ਅਤੇ ਸਬਰ ਨਾਲ ਕਰੋ। ਆਸ ਦਾ ਪੱਲਾ ਕਦੀ ਨਾ ਛੱਡੋ। ਜਿਵੇਂ ਚਾਨਣ ਦੀ ਇਕ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਚੀਰ ਦਿੰਦੀ ਹੈ ਉਵੇਂ ਹੀ ਦੁੱਖਾਂ ਦੇ ਹਨੇਰੇ ਨੂੰ ਚੀਰਨ ਲਈ ਆਸ ਦੀ ਇਕ ਕਿਰਨ ਹੀ ਕਾਫ਼ੀ ਹੁੰਦੀ ਹੈ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਹਮੇਸ਼ਾਂ ਨਹੀਂ ਰਹਿਣ ਵਾਲੇ।
ਸਾਨੂੰ ਕਿਸੇ ਸਵਰਗ ਜਾਂ ਨਰਕ ਦੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ। ਸਵਰਗ ਨਰਕ ਇੱਥੇ ਇਸ ਧਰਤੀ 'ਤੇ ਇਸ ਜੀਵਨ ਵਿਚ ਹੀ ਹੈ। ਜੋ ਮਨੁੱਖ ਜ਼ਿੰਦਗੀ ਨੂੰ ਰੋ ਧੋ ਕੇ ਗਿਲੇ ਸ਼ਿਕਵਿਆਂ ਵਿਚ ਆਪਣੀ ਕਿਸਮਤ ਨੂੰ ਕੌਸ ਰਿਹਾ ਹੈ, ਸਮਝੋ ਉਹ ਇੱਥੇ ਜਿੰਦੇ ਜੀਅ ਹੀ ਨਰਕ ਭੋਗ ਰਿਹਾ ਹੈ। ਦੂਜੇ ਪਾਸੇ ਜਿਹੜਾ ਮਨੁੱਖ ਮਿਹਨਤ ਕਰ ਕੇ ਖ਼ੁਸ਼ੀ ਖ਼ੁਸ਼ੀ ਕਾਮਯਾਬੀ ਦੀ ਜ਼ਿੰਦਗੀ ਜੀਅ ਰਿਹਾ ਹੈ ਉਸ ਦਾ ਸਵਰਗ ਇਹ ਹੀ ਹੈ। ਮਨੁੱਖ ਵੀ ਬੜਾ ਅਜ਼ੀਬ ਹੈ। ਜਦ ਉਹ ਅਰਦਾਸ ਕਰਦਾ ਹੈ ਤਾਂ ਸਮਝਦਾ ਹੈ ਕਿ ਰੱਬ ਬਹੁਤ ਨੇੜੇ ਹੈ ਪਰ ਗੁਨਾਹ ਕਰਨ ਲੱਗੇ ਸੋਚਦਾ ਹੈ ਕਿ ਰੱਬ ਬਹੁਤ ਦੂਰ ਹੈ ਇਸ ਲਈ ਉਹ ਸਾਡੇ ਗੁਨਾਹਾਂ ਨੂੰ ਨਹੀਂ ਦੇਖ ਸਕਦਾ।
ਆਪਣੇ ਕਰਮਾਂ ਦਾ ਫ਼ਲ ਇਸੇ ਜੀਵਨ ਵਿਚ ਹੀ ਮਿਲਦਾ ਹੈ। ਜ਼ਰਾ ਪਾਸਕੂ ਨਹੀਂ ਚੱਲਦਾ। ਇਕ ਹੱਥ ਦੇ ਅਤੇ ਦੂਜੇ ਹੱਥ ਲੈ ਵਾਲਾ ਹਿਸਾਬ ਹੈ।ਸਾਡੇ ਕਰਮਾਂ ਦਾ ਪ੍ਰਤੀਰੂਪ ਹੀ ਪਲਟ ਕੇ ਸਾਡੇ ਕੋਲ ਵਾਪਸ ਆਉਂਦਾ ਹੈ। ਸਾਡੇ ਚੰਗੇ ਕੰਮਾਂ ਦਾ ਚੰਗਾ ਫ਼ਲ ਮਿਲਦਾ ਹੈ ਅਤੇ ਮਾੜੇ ਕੰਮਾਂ ਦਾ ਫ਼ਲ ਵੀ ਮਾੜਾ ਹੀ ਹੁੰਦਾ ਹੈ।ਇਹ ਵੀ ਯਾਦ ਰੱਖੋ ਕਿ ਜੇ ਤੁਸੀਂ 100 ਚੰਗੇ ਕੰਮ ਕੀਤੇ ਹਨ ਤਾਂ ਉਸ ਦਾ ਤੁਹਨੂੰ ਚੰਗਾ ਫ਼ਲ ਹੀ ਮਿਲਣਾ ਹੈ ਪਰ ਜੇ ਤੁਸੀਂ ਇਕ ਵੀ ਗ਼ਲਤ ਕੰਮ ਕੀਤਾ ਹੈ ਤਾਂ ਉਸ ਦਾ ਫ਼ਲ ਵੀ ਤੁਹਾਨੂੰ ਭੁਗਤਣਾ ਹੀ ਪਵੇਗਾ। ਤੁਹਾਡਾ ਗ਼ਲਤ ਕੰਮ ਤੁਹਾਡੇ ਚੰਗੇ ਕੰਮਾਂ ਵਿਚੋਂ ਮਨਫ਼ੀ ਨਹੀਂ ਹੋਵੇਗਾ।ਅਮਲਾਂ ਤੋਂ ਬਿਨਾਂ ਉੱਚੇ ਤੋਂ ਉੱਚੇ ਵਿਚਾਰ ਵੀ ਬੇਕਾਰ ਹਨ। ਅੱਜ ਕੱਲ ਅਸੀਂ ਸੋਸ਼ਲ ਮੀਡੀਆ ਤੇ ਇਕ ਦੂਜੇ ਨੂੰ ਬਹੁਤ ਉੱਚੇ ਉੱਚੇ ਵਿਚਾਰ ਭੇਜਦੇ ਹਾਂ ਪਰ ਦੁਨੀਆਂ ਫਿਰ ਵੀ ਨਹੀਂ ਸੁਧਰਦੀ। ਕਾਰਨ ਇਹ ਹੈ ਕਿ ਅਸੀਂ ਖ਼ੁਦ ਉਨ੍ਹਾਂ ਤੇ ਅਮਲ ਹੀ ਨਹੀਂ ਕਰਦੇ। ਇਸ ਲਈ ਇਨ੍ਹਾਂ ਵਿਚਾਰਾਂ ਦਾ ਕੋਈ ਲਾਭ ਨਹੀਂ ਹੁੰਦਾ।
ਜਦ ਬੰਦੇ ਕੋਲ ਜ਼ਿਆਦਾ ਧਨ ਅਤੇ ਸ਼ੋਹਰਤ ਆ ਜਾਂਦੀ ਹੈ ਤਾਂ ਉਸ ਨੂੰ ਘਮੰਡ ਹੋ ਜਾਂਦਾ ਹੈ। ਉਹ ਦੂਜੇ ਨੂੰ ਆਪਣੇ ਬਰਾਬਰ ਹੀ ਨਹੀਂ ਸਮਝਦਾ ਉਸ ਨੂੰ ਸਭ ਲੋਕ ਆਪਣੇ ਤੋਂ ਘਟੀਆ ਹੀ ਨਜ਼ਰ ਆਉਂਦੇ ਹਨ। ਫਿਰ ਉਸ ਨੂੰ ਵਹਿਮ ਹੋ ਜਾਂਦਾ ਹੈ ਕਿ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਜਾਂ ਹੁਣ ਸਭ ਨੂੰ ਮੇਰੀ ਹੀ ਲੋੜ ਹੈ। ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ।
ਮਨੁੱਖ ਇਸ ਦੁਨੀਆਂ ਤੇ ਇਕੱਲ੍ਹਾ ਆਉਂਦਾ ਹੈ ਅਤੇ ਇਕੱਲ੍ਹਾ ਹੀ ਜਾਂਦਾ ਹੈ ਅਤੇ ਜਾਂਦਾ ਵੀ ਖਾਲੀ ਹੱਥ ਹੀ ਹੈ। ਉਹ ਇਸ ਦੁਨੀਆਂ ਤੋਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾ ਸਕਦਾ। ਫਿਰ ਵੀ ਉਹ ਜ਼ਿੰਦਗੀ ਭਰ ਧਨ ਜੋੜਨ ਤੇ ਹੀ ਲੱਗਾ ਰਹਿੰਦਾ ਹੈ। ਧਨ ਜੋੜਨ ਲਈ ਉਹ ਗ਼ਲਤ ਰਸਤੇ ਅਪਣਾ ਕੇ ਪਾਪ ਵੀ ਕਰ ਬੈਠਦਾ ਹੈ। ਜਦ ਘਰ ਵਿਚ ਪੈਸਾ ਆਉਂਦਾ ਹੈ ਤਾਂ ਸਭ ਨੂੰ ਬਹੁਤ ਚੰਗਾ ਲੱਗਦਾ ਹੈ। ਕਮਾਈ ਹਮੇਸ਼ਾਂ ਹੱਕ ਹਲਾਲ ਦੀ ਹੀ ਫਲਦੀ ਹੈ ਅਤੇ ਸੁੱਖ ਦਿੰਦੀ ਹੈ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਕਿ ਰਿਸ਼ਵਤ ਇਕੱਲ੍ਹੀ ਹੀ ਨਹੀਂ ਅਉਂਦੀ। ਰਿਸ਼ਵਤ ਦੇਣ ਵਾਲੇ ਦੇ ਦੁੱਖ, ਮਜ਼ਬੂਰੀ, ਮਾੜੇ ਬਚਨ, ਕ੍ਰੋਧ, ਹਾਵੇ-ਹੌਕੇ ਅਤੇ ਬਦ-ਅਸੀਸਾਂ ਵੀ ਉਸ ਪੈਸੇ ਨਾਲ ਲੱਗੇ ਹੁੰਦੇ ਹਨ ਜੋ ਰਿਸ਼ਵਤ ਲੈਣ ਵਾਲੇ ਦੇ ਪਰਿਵਾਰ ਲਈ ਮਿੱਠੇ ਜ਼ਹਿਰ ਦਾ ਕੰਮ ਕਰਦੇ ਹਨ। ਫਿਰ ਵੀ ਬੰਦਾ ਸੋਚਦਾ ਹੈ ਕਿ ਮੈਂ ਕਿੱਡਾ ਸਿਆਣਾ (ਚਲਾਕ) ਹਾਂ। ਇਸੇ ਬਾਰੇ ਬਾਬਾ ਫਰੀਦ ਜੀ ਲਿਖਦੇ ਹਨ:
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰ ਨੀਂਵਾਂ ਕਰ ਦੇਖੁ॥
ਆਪਣੇ ਅੰਦਰ ਝਾਤੀ ਮਾਰ ਕੇ ਹੀ ਪਤਾ ਲੱਗਦਾ ਹੈ ਕਿ ਅਸੀਂ ਕਿੰਨੇ ਸਿਆਣੇ ਹਾਂ ਜਾਂ ਕਿੰਨੇ ਪਾਪੀ ਹਾਂ। ਸਾਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਦਾ ਜੀਵਨ ਜੀਅ ਕੇ ਵੀ ਆਨੰਦਮਈ ਜ਼ਿੰਦਗੀ ਜੀਵੀ ਜਾ ਸਕਦੀ ਹੈ। ਦੁਨੀਆਂ ਦੀ ਹਰ ਚੀਜ਼ ਨਾਸ਼ਵਾਨ ਹੈ। ਮਨੁੱਖ ਵੀ ਨਾਸ਼ਵਾਨ ਹੈ। ਕੋਈ ਭਰੋਸਾ ਨਹੀਂ ਕਿ ਇਹ ਸਾਹ ਆਇਆ ਅਤੇ ਅਗਲਾ ਸਾਹ ਆਵੇ ਜਾਂ ਨਾ ਆਵੇ। ਧਨ, ਦੌਲਤ, ਕੋਠੀਆਂ ਕਾਰਾਂ ਅਤੇ ਰਿਸ਼ਤੇ ਨਾਤੇ ਸਭ ਝੂਠੇ ਸਹਾਰੇ ਹਨ। ਇਨ੍ਹਾਂ ਖਾਤਰ ਬੰਦਾ ਬੌਦਲਿਆਂ ਵਾਂਗ ਦਿਨ ਰਾਤ ਆਪਣਾ ਸਾਰਾ ਸੁੱਖ ਤਿਆਗ ਕੇ ਲੱਗਾ ਰਹਿੰਦਾ ਹੈ ਅਤੇ ਲੋਕਾਂ ਦੇ ਹੱਕ ਮਾਰ ਕੇ ਗ਼ਰੀਬਮਾਰ ਕਰਦਾ ਹੈ। ਇਹ ਸਹਾਰੇ ਨਾਲ ਨਹੀਂ ਨਿਭਣੇ। ਨਾਲ ਤੁਹਾਡੇ ਚੰਗੇ ਕਰਮ ਹੀ ਨਿਭਣੇ ਹਨ। ਜਦ ਬੰਦਾ ਦੂਸਰਿਆਂ ਦੇ ਸਹਾਰੇ ਰਹਿੰਦਾ ਹੈ ਤਾਂ ਉਹ ਉਸ ਦੀ ਕਮਜ਼ੋਰੀ ਬਣਦੇ ਹਨ ਪਰ ਜਦ ਬੰਦਾ ਆਪਣੇ ਆਤਮ ਬਲ ਦੇ ਸਹਾਰੇ ਰਹਿੰਦਾ ਹੈ ਤਾਂ ਇਹ ਉਸ ਦੀ ਸ਼ਕਤੀ ਬਣਦਾ ਹੈ।
ਤੁਸੀਂ ਜੋ ਬੀਜੋਗੇ ਉਹ ਹੀ ਵੱਢੋਗੇ। ਜੇ ਤੁਸੀਂ ਕਿਸੇ ਨਾਲ ਬੁਰਾ ਕਰੋਗੇ ਤਾਂ ਤੁਹਾਡੇ ਨਾਲ ਵੀ ਬੁਰਾ ਹੀ ਹੋਵੇਗਾ। ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਜਾਂ ਕਿਸੇ ਦਾ ਭਲਾ ਕਰੋਗੇ ਤਾਂ ਤੁਹਾਡੇ ਔਖੇ ਸਮੇਂ ਵੀ ਕੁਝ ਹੱਥ ਤੁਹਾਡੀ ਮਦਦ ਨੂੰ ਜ਼ਰੂਰ ਆਉਣਗੇ। ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ। ਤੁਹਾਡੀ ਕਮਾਈ ਵਿਚ ਬਰਕਤ ਪਵੇਗੀ ਅਤੇ ਘਰ ਵਿਚ ਖ਼ੁਸ਼ਹਾਲੀ ਆਵੇਗੀ। ਤੁਹਾਡਾ ਹਰ ਕੰਮ ਰਾਸ ਆਵੇਗਾ ਅਤੇ ਪਰਿਵਾਰ ਵਿਚ ਸੁੱਖ ਸ਼ਾਤੀ ਦਾ ਵਾਸਾ ਹੋਵੇਗਾ। ਤੁਸੀਂ ਮਾੜੇ ਕੰਮਾਂ ਨੂੰ ਤਿਆਗ ਕੇ ਪੁਰਸ਼ਾਰਥ ਦੇ ਕੰਮ ਸ਼ੁਰੂ ਕਰੋ। ਤੁਹਾਡੇ ਇਹ ਚੰਗੇ ਕੰਮ ਤੁਹਾਡੇ ਬੈਂਕ ਵਿਚ ਜਮਾਂ-ਪੂੰਜੀ ਦੀ ਤਰ੍ਹਾਂ ਹਨ ਜੋ ਜ਼ਰੂਰਤ ਸਮੇਂ ਤੁਹਾਡੇ ਸਹਾਈ ਹੋਣਗੇ। ਮਨੁੱਖ ਦਾ ਚੰਗੇ ਕੰਮਾਂ ਨੂੰ ਉਸ ਦੇ ਪਿੱਛੋਂ ਵੀ ਯਾਦ ਕੀਤਾ ਜਾਂਦਾ ਹੈ। ਤੁਸੀਂ ਉੱਠੋ ਅਤੇ ਆਪਣੇ ਆਉਣ ਵਾਲੇ ਕੱਲ ਦਾ ਅੱਜ ਹੀ ਆਪਣੀ ਮਿਹਨਤ ਅਤੇ ਚੰਗੇ ਕੰਮਾਂ ਦੁਆਰਾ ਨਿਰਮਾਣ ਕਰੋ । ਇਕ ਸੁਨਹਿਰੀ ਸੱਜਰੀ ਸਵੇਰ ਤੁਹਾਡੀ ਕਾਮਯਾਬੀ ਦਾ ਇੰਤਜਾਰ ਕਰ ਰਹੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-8360842861
9463189432
email: gursharan1183@yahoo.in
ਕਹਾਣੀ : ਬੁਢਾਪੇ ਦਾ ਸਹਾਰਾ - ਗੁਰਸ਼ਰਨ ਸਿੰਘ ਕੁਮਾਰ
ਗੁਰਦਿਆਲ 35 ਸਾਲ ਦੀ ਨੌਕਰੀ ਕਰ ਕੇ ਪੰਜਾਬ ਸਰਕਾਰ ਤੋਂ ਸੇਵਾ ਮੁਕਤ ਹੋਇਆ ਤਾਂ ਉਸ ਦੇ ਘਰ ਵਿਆਹ ਵਰਗਾ ਮਾਹੌਲ ਸੀ। ਸਾਰੇ ਦੋਸਤ ਮਿੱਤਰ ਅਤੇ ਕਰੀਬੀ ਰਿਸ਼ਤੇਦਾਰ ਬੁਲਾਏ ਗਏ ਸਨ। ਉਸ ਦੀ ਭੈਣ ਪ੍ਰੀਤਮਾ ਅਤੇ ਜੀਜਾ ਪਰਮਿੰਦਰ ਖਾਸ ਤੋਰ ਤੇ ਬੰਗਲੋਰ ਤੋਂ ਆਏ ਸਨ। ਉਸ ਦੀ ਪਤਨੀ ਗੁਰਪਾਲ ਕੌਰ ਅਤੇ ਦੋਵੇਂ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਕੋਲ ਹੀ ਸਨ। ਸ਼ੁਕਰਾਨੇ ਵਜੋਂ ਆਖੰਡ ਪਾਠ ਦੇ ਭੋਗ ਪੁਵਾਏ ਗਏ ਅਤੇ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਦਿੱਤੀ ਗਈ। ਸਭ ਪਾਸੇ ਖ਼ੁਸ਼ੀ ਦਾ ਮਾਹੌਲ ਸੀ।
ਸਭ ਕਾਸੇ ਤੋਂ ਵਿਹਲੇ ਹੋ ਕੇ ਅਗਲੇ ਦਿਨ ਮੌਕਾ ਦੇਖ ਕੇ ਗੁਰਦਿਆਲ ਅਤੇ ਭੈਣ ਪ੍ਰੀਤਮਾ ਇਕੱਠੇ ਬੈਠੇ ਤਾਂ ਪ੍ਰੀਤਮਾ ਕਹਿਣ ਲੱਗੀ-''ਵੀਰੇ ਤੈਨੂੰ ਰਿਟਾਇਰਮੈਂਟ ਦੇ ਕਿੰਨੇ ਕੁ ਪੈਸੇ ਮਿਲੇ ਹਨ?''
''ਇਹੋ ਹੀ ਕੋਈ 25 ਕੁ ਲੱਖ ਰੁਪਏ''
''ਵੀਰੇ ਮੈਂ ਤੇਰੇ 'ਤੋਂ ਵੱਡੀ ਹਾਂ। ਮੈਂ ਤੇਰੇ ਭਲੇ ਲਈ ਤੈਨੂੰ ਇਕ ਗੱਲ ਕਹਾਂਗੀ''
''ਉਹ ਕੀ?''
''ਗੱਲ ਇਹ ਹੈ ਕਿ ਅੱਜ ਕੱਲ੍ਹ ਜ਼ਮਾਨਾ ਬਹੁਤ ਖ਼ਰਾਬ ਹੈ। ਸਭ ਪੈਸੇ ਦੇ ਹੀ ਮਿੱਤਰ ਹਨ। ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।''
''ਠੀਕ ਹੈ, ਭੈਣੇ ਤੂੰ ਜਿਵੇਂ ਕਹਿੰਦੀ ਹੈਂ ਮੈਂ ਉਵੇਂ ਹੀ ਕਰਾਂਗਾ। ਇਨ੍ਹਾਂ ਪੈਸਿਆਂ ਦੀ ਮੈਂ ਬੈਂਕ ਵਿਚ ਪੱਕੀ ਹੀ ਐਫ. ਡੀ. ਕਰਾ ਦਿਆਂਗਾ।''
ਦੂਜੇ ਕਮਰੇ ਵਿਚ ਪ੍ਰੀਤਮਾ ਦਾ ਪਤੀ ਇਹ ਸਾਰੀ ਸੁਣ ਰਿਹਾ ਸਕਦਾ ਸੀ। ਰਾਤ ਨੂੰ ਮੌਕਾ ਦੇਖ ਕੇ ਪ੍ਰੀਤਮਾ ਨੂੰ ਕਿਹਾ-''ਤੂੰ ਗੁਰਦਿਆਲ ਨੂੰ ਇਹ ਕਿਉਂ ਕਿਹਾ ਕਿ ਆਪਣੇ ਪੈਸੇ ਸੰਭਾਲ ਕੇ ਰੱਖੀਂ, ਕਿਸੇ ਨੂੰ ਦਵੀਂ ਨਾਂ? ਇਹ ਹੀ ਬੁਢਾਪੇ ਵਿਚ ਤੇਰੇ ਕੰਮ ਆਉਣਗੇ।''
''ਤੇ ਹੋਰ ਕੀ ਕਹਿੰਦੀ ਕਿ ਸਾਰੇ ਪੈਸੇ ਵੰਡ ਕੇ ਕੱਖੋਂ ਹੌਲਾ ਹੋ ਕੇ ਬੈਠ ਜਾਵੇ?''
''ਨਹੀਂ ਤੂੰ ਇਹ ਤਾਂ ਕਹਿ ਹੀ ਸਕਦੀ ਸੀ ਇਨ੍ਹਾਂ ਵਿਚੋਂ ਅੱਧੇ ਪੈਸੇ ਲਾ ਕੇ ਦੋਵੇਂ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਵਿਚ ਮਦਦ ਕਰੇ। ਇਹ ਹੀ ਉਸ ਦੀ ਅਸਲ ਦੌਲਤ ਹੈ। ਬਾਕੀ ਅੱਧੇ ਪੈਸੇ ਬੇਸ਼ੱਕ ਉਹ ਆਪਣੀਆਂ ਆਉਣ ਵਾਲੀਆਂ ਜ਼ਰੂਰਤਾਂ ਲਈ ਰੱਖ ਲੈਂਦਾ।''
''ਰਹਿਣ ਦਿਉ ਤੁਸੀਂ, ਆਏ ਵੱਡੇ ਸਿਆਣੇ। ਮੈਂ ਜਾਣਦੀ ਹਾਂ ਤੁਸੀਂ ਕਿੰਨੇ ਕੁ ਪਾਣੀ ਵਿਚ ਹੋ। ਤੁਹਾਡੇ ਜਿਹਾ ਘਰ ਗੁਵਾਉ ਬੰਦਾ ਤਾਂ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ।'' ਪ੍ਰੀਤਮਾ ਨੇ ਆਪਣੇ ਪਤੀ ਨੂੰ ਝਾੜ ਕੇ ਚੁੱਪ ਕਰਾ ਦਿੱਤਾ।
ਗੁਰਪਾਲ ਕੌਰ ਗੁਰਦਿਆਲ ਦੀ ਦੂਜੀ ਪਤਨੀ ਸੀ। ਵੈਸੇ ਉਸ ਤੋਂ ਪਹਿਲਾਂ ਗੁਰਦਿਆਲ ਦੀ ਗ੍ਰਹਿਸਥੀ ਦੀ ਗੱਡੀ ਪਹਿਲੀ ਪਤਨੀ ਅਣੂ ਨਾਲ ਤਾਂ ਠੀਕ ਹੀ ਚੱਲ ਰਹੀ ਸੀ। ਉਸ ਤੋਂ ਗੁਰਦਿਆਲ ਨੂੰ ਦੋ ਪਿਆਰੇ ਪਿਆਰੇ ਬੱਚੇ ਨਰਿੰਦਰ ਅਤੇ ਬਲਵਿੰਦਰ ਵੀ ਮਿਲੇ ਸਨ ਪਰ ਰੱਬ ਨੂੰ ਕੁਝ ਹੋਰ ਹੀ ਮੰਜ਼ੂਰ ਸੀ।ਬੱਚੇ ਹਾਲੀ ਤਿੰਨ ਅਤੇ ਪੰਜ ਸਾਲ ਦੇ ਹੀ ਸਨ ਕਿ ਅਣੂ ਬਲਡ ਕੈਂਸਰ ਨਾਲ ਰੱਬ ਨੂੰ ਪਿਆਰੀ ਹੋ ਗਈ। ਬੱਚਿਆਂ ਦੇ ਪਾਲਣ ਪੋਸਣ ਖਾਤਿਰ ਗੁਰਦਿਆਲ ਨੂੰ ਗੁਰਪਾਲ ਨਾਲ ਦੂਜਾ ਵਿਆਹ ਕਰਵਾਉਣਾ ਪਿਆ। ਸ਼ਾਦੀ ਤੋਂ ਬਾਅਦ ਗੁਰਪਾਲ ਦਾ ਆਪਣਾ ਕੋਈ ਬੱਚਾ ਨਾ ਹੋਇਆ ਅਤੇ ਨਾ ਹੀ ਉਸ ਨੂੰ ਨਰਿੰਦਰ ਅਤੇ ਬਲਵਿੰਦਰ ਨਾਲ ਕੋਈ ਮੋਹ ਪਿਆ।
ਸਮਾਂ ਆਪਣੀ ਤੋਰ ਚਲਦਾ ਰਿਹਾ। ਬੱਚੇ ਵੱਡੇ ਹੋ ਗਏ। ਉਨ੍ਹਾਂ ਨੂੰ ਆਪਣੇ ਪਿਓ ਅਤੇ ਮਤਰੇਈ ਮਾਂ ਦਾ ਖ਼ਰਵਾ ਸੁਭਾਅ ਅਖ਼ਰਣ ਲੱਗਾ ਨਰਿੰਦਰ ਨੇ ਇਕ ਗੈਸਟ ਹਾਉਸ ਵਿਚ ਕੇਅਰ ਟੇਕਰ ਦੀ ਨੌਕਰੀ ਕਰ ਲਈ ਅਤੇ ਉਹ ਉੱਥੇ ਹੀ ਰਹਿਣ ਲੱਗਾ। ਬਲਵਿੰਦਰ ਨੇ ਕਾਰ ਚਲਾਣੀ ਸਿੱਖ ਲਈ ਅਤੇ ਕਿਰਾਏ ਤੇ ਲੈ ਕੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਪਰ ਉਹ ਜਿੰਨੀ ਮਿਹਨਤ ਕਰਦਾ ਸੀ, ਕਮਾਈ ਵਿਚ ਓਨੀ ਬਰਕਤ ਨਹੀਂ ਸੀ ਪੈਂਦੀ। ਕਦੀ ਸਵਾਰੀ ਮਿਲਦੀ ਅਤੇ ਕਦੀ ਨਾ ਮਿਲਦੀ ਪਰ ਟੈਕਸੀ ਦਾ ਕਿਰਾਇਆ ਵੀ ਪੱਲਿਉਂ ਦੀ ਦੇਣਾ ਪੈਂਦਾ। ਪਿਤਾ ਦੇ ਰਿਟਾਇਰ ਹੋਣ ਤੇ ਬਲਵਿੰਦਰ ਨੇ ਕਿਹਾ-''ਡੈਡੀ, ਮੇਰੀ ਅੱਧੀ ਕਮਾਈ ਟੈਕਸੀ ਦੇ ਕਿਰਾਏ ਵਿਚ ਹੀ ਚਲੀ ਜਾਂਦੀ ਹੈ। ਜੇ ਤੁਸੀਂ ਮੈਨੂੰ ਨਵੀਂ ਗੱਡੀ ਲੈ ਦਿਉ ਤਾਂ ਮੇਰੀ ਕਮਾਈ ਦੂਣੀ ਹੋ ਜਾਵੇਗੀ। ਮੈਂ ਜਲਦੀ ਹੀ ਤੁਹਡੇ ਸਾਰੇ ਪੈਸੇ ਵਪਸ ਮੋੜ ਦੇਵਾਂਗਾ।''
ਗੁਰਦਿਆਲ ਦਾ ਦਿਮਾਗ ਤਾਂ ਉਸ ਦੀ ਭੈਣ ਪ੍ਰੀਤਮਾ ਖਰਾਬ ਕਰ ਗਈ ਸੀ। ਉਸ ਨੇ ਬਲਵਿੰਦਰ ਨੂੰ ਪੈਸੇ ਦੇਣ ਤੋਂ ਸਾਫ ਮਨਾ ਕਰ ਦਿੱਤਾ। ਇਸ ਦਾ ਬੱਚੇ ਨੂੰ ਬਹੁਤ ਦੁੱਖ ਲੱਗਾ। ਉਹ ਭੈੜੀ ਸੰਗਤ ਵਿਚ ਪੈ ਗਿਆ। ਉਸ ਨੇ ਕੇਸ ਕਟਾ ਲਏ ਅਤੇ ਨਸ਼ੇ ਕਰਨ ਲੱਗਾ। ਪਿਓ ਪੁੱਤਰ ਵਿਚ ਕਈ ਵਾਰੀ ਕਲੇਸ਼ ਹੁੰਦਾ। ਇਸ ਲਈ ਬਲਵਿੰਦਰ ਕਈ ਕਈ ਦਿਨ ਘਰੋਂ ਵੀ ਗਾਇਬ ਰਹਿਣ ਲੱਗਾ। ਇਕ ਦਿਨ ਘਰੋਂ ਐਸਾ ਗਿਆ ਕਿ ਵਾਪਸ ਨਹੀਂ ਆਇਆ। ਅਠਵੇਂ ਦਿਨ ਸਰਹਿੰਦ ਨਹਿਰ ਵਿਚੋਂ ਉਸ ਦੀ ਲਾਸ਼ ਮਿਲੀ।
ਦੂਜੇ ਪਾਸੇ ਨਰਿੰਦਰ ਦਾ ਮਾਲਕ ਇਕ ਭਲਾ ਆਦਮੀ ਸੀ। ਉਸ ਨੇ ਨਰਿੰਦਰ ਨੂੰ ਆਪਣਾ ਭਾਈਵਾਲ ਬਣਾ ਲਿਆ। ਉਹ ਪੈਸੇ ਵਲੋਂ ਸੌਖਾ ਹੋ ਗਿਆ ਅਤੇ ਆਪਣੀ ਅਰਾਮ ਦੀ ਜ਼ਿੰਦਗੀ ਬਸਰ ਕਰਨ ਲੱਗਾ ਪਰ ਉਸ ਨੇ ਘਰ ਵਿਚ ਕਦੀ ਦੁਬਾਰਾ ਕਦਮ ਨਾ ਰੱਖਿਆ।
ਗੁਰਦਿਆਲ ਬਹੁਤ ਉਦਾਸ ਰਹਿਣ ਲੱਗਾ। ਉਸ ਦਾ ਕਿਸੇ ਕੰਮ ਵਿਚ ਵੀ ਮਨ ਨਾ ਲੱਗਦਾ ਉਤੋਂ ਰੱਬ ਦਾ ਭਾਣਾ ਐਸਾ ਵਰਤਿਆ ਕਿ ਉਸ ਦੀ ਪਤਨੀ ਗੁਰਪਾਲ ਦੇ ਪੇਟ ਵਿਚ ਇਕ ਦਿਨ ਐਸਾ ਸੂਲ ਉੱਠਿਆ ਜੋ ਉਸ ਦੀ ਜਾਨ ਲੈ ਬੈਠਾ। ਹੁਣ ਗੁਰਦਿਆਲ ਦੀ ਦੁਨੀਆਂ ਬਿਲਕੁਲ ਹਨੇਰੀ ਹੋ ਗਈ। ਐਡੀ ਵੱਡੀ ਦੁਨੀਆਂ ਵਿਚ ਉਹ ਬਿਲਕੁਲ ਇਕੱਲ੍ਹਾ ਰਹਿ ਗਿਆ। ਇਸ ਕਾਰਨ ਉਹ ਬਿਮਾਰ ਰਹਿਣ ਲੱਗਾ ਪਰ ਡਾਕਟਰ ਕੋਲ ਲੈ ਕੇ ਜਾਣ ਵਾਲਾ ਜਾਂ ਦੁਵਾਈ ਲਿਆ ਕੇ ਦੇਣ ਵਾਲਾ ਉਸ ਕੋਲ ਕੋਈ ਵੀ ਨਹੀਂ ਸੀ। ਇਕ ਦਿਨ ਉਸ ਨੇ ਆਪਣੀ ਭੈਣ ਪ੍ਰੀਤਮਾ ਨੂੰ ਫੋਨ 'ਤੇ ਆਪਣੀ ਸਾਰੀ ਕਹਾਣੀ ਦੱਸੀ। ਭੈਣ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਕਿਹਾ-''ਵੀਰ ਮੈਂ ਤੇਰਾ ਦੁੱਖ ਸਮਝਦੀ ਹਾਂ। ਕੀ ਕਰਾਂ ਹੁਣ ਤਾਂ ਮੈਂ ਆਪ ਵੀ ਬੁੱਢੀ ਹੋ ਗਈ ਹਾਂ। ਸਰੀਰ ਜਵਾਬ ਦਿੰਦਾ ਜਾਂਦਾ ਹੈ। ਤੂੰ ਇਕ ਪੂਰੇ ਸਮੇਂ ਦਾ ਨੌਕਰ ਰੱਖ ਲੈ। ਜਦ ਵੀ ਮੌਕਾ ਮਿਲਿਆ, ਮੈਂ ਜਲਦੀ ਤੇਰੇ ਜੀਜਾ ਜੀ ਨਾਲ ਤੇਰੇ ਕੋਲ ਆਵਾਂਗੀ।''
ਗੁਰਦਿਆਲ ਨੇ 15000/- ਰੁਪਏ ਮਹੀਨੇ ਤੇ ਪੂਰੇ ਸਮੇਂ ਲਈ ਇਕ ਨੌਕਰ ਰੱਖ ਲਿਆ ਜੋ ਉੱਥੇ ਹੀ ਰਹਿੰਦਾ ਸੀ ਅਤੇ ਉੱਥੇ ਹੀ ਖਾਂਦਾ ਸੀ। ਗੁਰਦਿਆਲ ਦੇ ਦਵਾ ਦਾਰੂ ਅਤੇ ਸੁੱਖ ਅਰਾਮ ਦਾ ਵੀ ਪੂਰਾ ਖਿਆਲ ਰੱਖਦਾ ਸੀ ਪਰ ਤਿੰਨ ਮਹੀਨੇ ਬਾਅਦ ਹੀ ਉਹ ਘਰ ਵਿਚੋਂ ਦੋ ਲੱਖ ਰੁਪਇਆ ਅਤੇ ਹੋਰ ਵੀ ਕੀਮਤੀ ਸਮਾਨ ਲੈ ਕੇ ਭੱਜ ਗਿਆ। ਇਸ ਦਾ ਗੁਰਦਿਆਲ ਨੂੰ ਬਹੁਤ ਸਦਮਾ ਲੱਗਿਆ ਪਰ ਉਹ ਕਰ ਕੁਝ ਨਹੀਂ ਸੀ ਸਕਦਾ। ਹੁਣ ਉਹ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕਾ ਸੀ। ਉਸ ਨੂੰ ਪਾਣੀ ਦਾ ਗਿਲਾਸ ਦੇਣ ਵਾਲਾ ਵੀ ਕੋਈ ਬੰਦਾ ਨਹੀਂ ਸੀ। ਅੰਤ ਉਹ ਬੈਡ 'ਤੇ ਪੈ ਕੇ ਆਖਰੀ ਸਾਹ ਗਿਣਨ ਲੱਗਾ। ਉਸ ਦੇ ਕੰਨਾਂ ਵਿਚ ਭੈਣ ਦੇ ਕਹੇ ਹੋਏ ਗਲਤ ਸ਼ਬਦ ਇਸ ਸਮੇਂ ਗੂੰਜ ਰਹੇ ਸਨ-'' ਤੂੰ ਆਪਣੇ ਪੈਸੇ ਸੰਭਾਲ ਕੇ ਰੱਖੀਂ। ਕਿਸੇ ਨੂੰ ਦੇਵੀਂ ਨਾ। ਤੇਰੇ ਇਹ ਪੈਸੇ ਹੀ ਬੁਢਾਪੇ ਵਿਚ ਤੇਰੇ ਕੰਮ ਆਉਣੇ ਹਨ। ਜੇ ਤੇਰੇ ਹੱਥ ਪੱਲੇ ਕੁਝ ਨਾ ਰਿਹਾ ਤਾਂ ਤੇਰੇ ਨੇੜੇ ਕਿਸੇ ਨੇ ਨਹੀਂ ਲੱਗਣਾ।''
ਬੈਂਕ ਦੀ ਪਾਸ ਬੁੱਕ ਜਿਸ ਵਿਚ 24 ਲੱਖ ਰੁਪਇਆ ਜਮ੍ਹਾ ਸੀ ਅਤੇ ਨਕਦ ਪੰਜ ਲੱਖ ਰੁਪਏ ਉਸ ਦੇ ਸਿਰਹਾਣੇ ਥੱਲੇ ਪਏ ਸਨ। ਇਹ ਸਾਰਾ ਪੈਸਾ ਉਸ ਦਾ ਕੋਈ ਸਹਾਰਾ ਨਹੀਂ ਸੀ ਬਣ ਰਿਹਾ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
9463189432
email:gursharan1183@yahoo.in
ਪ੍ਰੇਰਨਾਦਾਇਕ ਲੇਖ : ਸ਼ਖ਼ਸੀਅਤ ਬਣ ਕੇ ਜੀਓ - ਗੁਰਸ਼ਰਨ ਸਿੰਘ ਕੁਮਾਰ
ਜਿਵੇਂ ਪੈਸਾ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ ਉਵੇਂ ਹੀ ਆਪਣੀ ਸ਼ਖ਼ਸੀਅਤ ਬਣਾਉਣ ਲਈ ਅਤੇ ਸੁਖੀ ਰਹਿਣ ਲਈ ਵਿਸ਼ੇਸ਼ ਧਿਆਣ ਦੇਣ ਦੀ ਅਤੇ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦ ਕੋਈ ਬੰਦਾ ਕਿਸੇ ਕੰਮ ਨੂੰ ਵਾਰ ਵਾਰ ਕਰਦਾ ਹੈ ਤਾਂ ਇਹ ਉਸ ਦੀ ਵੱਖਰੀ ਪਛਾਣ ਬਣ ਜਾਂਦੀ ਹੈ। ਇਸ ਵੱਖਰੀ ਪਛਾਣ ਨੂੰ ਹੀ ਸ਼ਖ਼ਸੀਅਤ ਕਿਹਾ ਜਾਂਦਾ ਹੈ। ਜਦ ਕੋਈ ਮਨੁੱਖ ਕਾਫ਼ੀ ਗੁਣਾਂ ਦਾ ਧਾਰਨੀ ਬਣਦਾ ਹੈ ਤਾਂ ਉਸਦੀ ਸ਼ਾਨਦਾਰ ਸ਼ਖ਼ਸੀਅਤ ਬਣਦੀ ਹੈ। ਵੈਸੇ ਸ਼ਖ਼ਸੀਅਤ ਚੰਗੀ ਮਾੜੀ ਦੋਵੇਂ ਤਰ੍ਹਾਂ ਦੀ ਹੁੰਦੀ ਹੈ ਪਰ ਜ਼ਿਆਦਾ ਤੋਰ ਤੇ ਚੰਗੀ ਸ਼ਖ਼ਸੀਅਤ ਦਾ ਹੀ ਜਿਕਰ ਕੀਤਾ ਜਾਂਦਾ ਹੈ।
ਸ਼ਖ਼ਸੀਅਤ ਬਣਾਉਣ ਲਈ ਪਹਿਲਾਂ ਮਿਹਨਤ ਅਤੇ ਚੰਗੀਆਂ ਆਦਤਾਂ ਦੇ ਬੀਜ਼ ਬੀਜ਼ਣੇ ਪੈਂਦੇ ਹਨ। ਫਿਰ ਖ਼ੁਸ਼ਹਾਲੀ ਦੇ ਫੁੱਲ ਲੱਗਦੇ ਹਨ ਅਤੇ ਸ਼ਖ਼ਸੀਅਤ ਬਣਦੀ ਹੈ। ਜਦ ਸ਼ਖ਼ਸੀਅਤ ਨਿੱਖਰਦੀ ਹੈ ਤਾਂ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਆਪਣੀ ਸ਼ਖ਼ਸੀਅਤ ਨੂੰ ਬਣਾਉਣ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਉਹ ਆਪਣੇ ਆਪ ਨੂੰ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਪਾਣੀ ਵਿਚ ਤੈਰ ਰਹੇ ਤਿਨਕੇ ਦੀ ਤਰ੍ਹਾਂ ਹੁੰਦੀ ਹੈ। ਤਿਨਕੇ ਨੂੰ ਲਹਿਰਾਂ ਜਿੱਧਰ ਮਰਜ਼ੀ ਰੋੜ੍ਹ ਕੇ ਲੈ ਜਾਣ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਅਜਿਹੇ ਬੰਦਿਆਂ ਦੀ ਜ਼ਿੰਦਗੀ ਹੋਈ ਨਾ ਹੋਈ ਇਕ ਬਰਾਬਰ ਹੀ ਹੁੰਦੀ ਹੈ।
ਜੇ ਤੁਸੀਂ ਆਪਣੀ ਸ਼ਖ਼ਸੀਅਤ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪਹਿਲਾਂ ਆਪਣੀ ਦਿੱਖ ਨੂੰ ਸੁਧਾਰੋ। ਆਪਣੇ ਆਪ ਨੂੰ ਲਿਸ਼ਕਾ ਕੇ ਰੱਖੋ। ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਚਿਹਰਾ ਗੋਰਾ ਹੋਵੇ ਅਤੇ ਕੱਪੜੇ ਕੀਮਤੀ ਹੋਣ। ਜਿਹੋ ਜਿਹਾ ਚਿਹਰਾ ਰੱਬ ਨੇ ਦਿੱਤਾ ਹੈ ਉਹ ਹੀ ਠੀਕ ਹੈ। ਇੱਥੇ ਮਤਲਬ ਇਹ ਹੈ ਕਿ ਆਪਣੇ ਸਾਰੇ ਸਰੀਰ ਦੀ ਸਫ਼ਾਈ ਅਤੇ ਸਿਹਤ ਵਲ ਪੂਰਾ ਧਿਆਨ ਦਿਓ। ਤੁਹਾਡੇ ਸਰੀਰ ਨੇ ਸਾਰੀ ਉਮਰ ਤੁਹਾਡੇ ਨਾਲ ਨਿਭਣਾ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਤੁਹਾਡਾ ਫ਼ਰਜ਼ ਹੈ। ਬਿਮਾਰ ਬੰਦਾ ਕੋਈ ਮਾਰਕੇ ਦਾ ਕੰਮ ਨਹੀਂ ਕਰ ਸਕਦਾ ਅਤੇ ਕਮਜ਼ੋਰ ਬੰਦੇ ਨੂੰ ਸਾਰੇ ਦਬਾ ਲੈਂਦੇ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੋਂ ਬਚੋ। ਬੇਸ਼ੱਕ ਤੁਹਾਡੇ ਕੱਪੜੇ ਕੀਮਤੀ ਨਾ ਹੋਣ ਪਰ ਉਹ ਮੌਸਮ ਅਤੇ ਰਿਵਾਜ਼ ਮੁਤਾਬਕ, ਤੁਹਾਡੇ ਸਰੀਰ 'ਤੇ ਢੁਕਵੇਂ ਅਤੇ ਸਾਫ ਸੁਥਰੇ ਹੋਣੇ ਚਾਹੀਦੇ ਹਨ। ਤੁਸੀਂ ਸਦਾ ਚਿੰਤਾ ਰਹਿਤ ਅਤੇ ਸਹਿਜ ਵਿਚ ਰਹੋ ਅਤੇ ਚਿਹਰੇ ਤੇ ਮੁਸਕਰਾਹਟ ਰੱਖੋ। ਫਿਰ ਦੇਖੋ ਲੋਕ ਕਿਵੇਂ ਤੁਹਾਡੇ ਵੱਲ ਖਿੱਚੇ ਜਾਂਦੇ ਹਨ। ਆਪਣੀਆਂ ਮਾੜੀਆਂ ਆਦਤਾਂ ਨੂੰ ਤਿਆਗੋ ਅਤੇ ਚੰਗੀਆਂ ਆਦਤਾਂ ਨੂੰ ਅਪਣਾਓ। ਇਸ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਵੱਲ ਵੀ ਧਿਆਨ ਦਿਓ:
ਦੁਨੀਆਂ ਖੂਹ ਦੀ ਆਵਾਜ਼ ਹੈ। ਦੂਜਿਆਂ ਨਾਲ ਓਹੋ ਜਿਹਾ ਵਿਓਹਾਰ ਕਰੋ ਜਿਹੋ ਜਿਹਾ ਤੁਸੀਂ ਉਨ੍ਹਾਂ ਤੋਂ ਆਪਣੇ ਲਈ ਚਾਹੁੰਦੇ ਹੋ। ਜੇ ਤੁਸੀਂ ਦੂਜਿਆਂ ਨੂੰ ਸਹਿਯੋਗ ਕਰੋਗੇ ਤਾਂ ਬਦਲੇ ਵਿਚ ਤੁਹਾਨੂੰ ਉਨ੍ਹਾਂ ਤੋਂ ਸਹਿਯੋਗ ਹੀ ਮਿਲੇਗਾ। ਤੁਹਾਡੇ ਆਪਸੀ ਰਿਸ਼ਤੇ ਸੁਖਾਵੇਂ ਬਣਨਗੇ। ਕਿਸੇ ਦੀ ਪ੍ਰਸੰਸਾ ਕਰਨ ਸਮੇਂ ਕੰਜੂਸੀ ਨਾ ਕਰੋ। ਦੂਸਰਿਆਂ ਪ੍ਰਤੀ ਆਪਣਾ ਮਨ ਸਾਫ ਰੱਖੋ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਖ਼ੁਸ਼ ਹੋਵੋ। ਉਨ੍ਹਾਂ ਦੇ ਖ਼ੁਸ਼ੀ ਦੇ ਮੌਕਿਆਂ ਤੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਜ਼ਰੂਰ ਦਿਓ। ਉਨ੍ਹਾਂ ਦੇ ਬੱਚਿਆਂ ਨੂੰ ਪਿਆਰ ਕਰੋ ਅਤੇ ਹੌਸਲਾ ਅਫ਼ਜ਼ਾਈ ਕਰੋ। ਇਸ ਤਰ੍ਹਾਂ ਤੁਹਾਡੇ ਆਪਸੀ ਸਬੰਧ ਸੁਖਾਵੇਂ ਅਤੇ ਲੰਮੇ ਸਮੇਂ ਤੱਕ ਨਿਭਣ ਵਾਲੇ ਹੋਣਗੇ। ਲੋੜ ਵੇਲੇ ਉਹ ਤੁਹਾਡੇ ਸਹਾਈ ਹੋਣਗੇ ਅਤੇ ਤੁਹਾਡੇ ਨਾਲ ਖੜਨਗੇ।
ਜਿਹੜੀਆਂ ਮਾੜੀਆਂ ਆਦਤਾਂ ਤੋਂ ਤੁਸੀਂ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਪਹਿਲਾਂ ਆਪ ਉਨ੍ਹਾਂ ਤੋਂ ਬਚੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਨਸ਼ੇ ਨਾ ਕਰਨ ਤਾਂ ਪਹਿਲਾਂ ਤੁਹਾਨੂੰ ਆਪ ਸਾਰੇ ਨਸ਼ੇ ਛੱਡਣੇ ਪੈਣਗੇ। ਜੇ ਤੁਸੀਂ ਆਪ ਰੋਜ਼ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠ ਜਾਂਦੇ ਹੋ ਤਾਂ ਤੁਸੀਂ ਕਦੀ ਆਪਣੇ ਬੱਚਿਆਂ ਨੂੰ ਸ਼ਰਾਬ ਪੀਣ ਤੋਂ ਨਹੀਂ ਰੋਕ ਸਕਦੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਰਾਮ ਬਣੇ ਤਾਂ ਪਹਿਲਾਂ ਤੁਹਾਨੂੰ ਆਪ ਦਸਰਥ ਬਣਨਾ ਪਵੇਗਾ।
ਦੂਸਰੇ ਦੀ ਨਿੰਦਾ ਚੁਗਲੀ ਤੋਂ ਬਚੋ। ਕਿਸੇ ਦੀ ਨੁਕਤਾਚੀਨੀ ਅਤੇ ਨੁਕਸ ਕੱਢਣੇ ਵੀ ਮਾੜੀ ਗੱਲ ਹੈ। ਦੂਸਰੇ ਦੀ ਨੁਕਤਾਚੀਨੀ ਕਰ ਕੇ ਤੁਸੀਂ ਕਦੀ ਆਪਣੇ ਆਪ ਨੂੰ ਉਸ ਤੋਂ ਵਧੀਆਂ ਸਾਬਤ ਨਹੀਂ ਕਰ ਸਕਦੇ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਆਪਣੇ ਹੀ ਤੁਹਾਡਾ ਸਾਥ ਛੱਡ ਜਾਣਗੇ। ਤੁਸੀਂ ਇਕੱਲ੍ਹੇ ਪੈ ਜਾਵੋਗੇ ਅਤੇ ਦੁਖੀ ਹੋਵੋਗੇ।
ਗੁਰਬਤ ਵਿਚ ਜਿਉਣਾ ਬਹੁਤ ਔਖਾ ਹੈ। ਇਸ ਲਈ ਮਿਹਨਤ ਕਰ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਓ। ਕਿਸੇ ਕੋਲੋਂ ਕੁਝ ਲੈਣ ਦੀ ਉਮੀਦ ਨਾ ਰੱਖੋ। ਜਦ ਉਮੀਦਾਂ ਟੁੱਟਦੀਆਂ ਹਨ ਤਾਂ ਬਹੁਤ ਦਰਦ ਦਿੰਦੀਆਂ ਹਨ। ਆਪਣੀ ਨੇਕ ਕਮਾਈ ਵਿਚੋਂ ਕਿਸੇ ਲੌੜਵੰਦ ਦੀ ਮਦਦ ਕਰਨ ਦੀ ਆਦਤ ਪਾਓ। ਇਸ ਨਾਲ ਤੁਹਾਨੂੰ ਰੁਹਾਨੀ ਖ਼ੁਸ਼ੀ ਅਤੇ ਸ਼ਾਂਤੀ ਮਿਲੇਗੀ। ਆਪਣੀ ਚਾਦਰ ਦੇਖ ਕੇ ਪੈਰ ਪਸਾਰੋ। ਜੋ ਆਪਣੀ ਚਾਦਰ ਦੇਖ ਕੇ ਪੈਰ ਨਹੀਂ ਪਸਾਰਦਾ ਉਸ ਨੂੰ ਇਕ ਦਿਨ ਦੂਜਿਆਂ ਅੱਗੇ ਇਕ ਦਿਨ ਹੱਥ ਪਸਾਰਨੇ ਪੈਂਦੇ ਹਨ। ਆਪਣੇ ਮੁਸ਼ਕਲ ਸਮੇਂ ਅਤੇ ਬੁਢਾਪੇ ਲਈ ਕੁਝ ਧਨ ਵੱਖਰਾ ਬਚਾ ਕੇ ਜ਼ਰੂਰ ਰੱਖੋ ਤਾਂ ਕਿ ਔਖੇ ਵੇਲੇ ਤੁਹਾਨੂੰ ਕਿਸੇ ਦੂਸਰੇ ਅੱਗੇ ਹੱਥ ਨਾ ਅੱਡਣੇ ਪੈਣ।
ਦੂਸਰਿਆਂ ਦੇ ਸਾਹਮਣੇ ਹਰ ਸਮੇਂ ਆਪਣੇ ਹੀ ਦੁੱਖੜੇ ਨਾ ਰੋਂਦੇ ਰਹੋ ਜਿਵੇਂ ਹਾਇ ਮੈਂ ਲੁੱਟ ਗਿਆ, ਮੇਰਾ ਇਹ ਨੁਕਸਾਨ ਹੋ ਗਿਆ, ਮੇਰਾ ਉਹ ਨੁਕਸਾਨ ਹੋ ਗਿਆ, ਮੇਰੇ 'ਤੇ ਦੁੱਖਾਂ ਦੇ ਪਹਾੜ ਡਿੱਗ ਪਏ ਆਦਿ। ਰੋਂਦਾ ਚਿਹਰਾ ਤਾਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਕਈ ਲੋਕ ਤੁਹਡੀ ਤਰਸ-ਯੋਗ ਹਾਲਤ ਤੇ ਵੈਸੇ ਤਾਂ ਤੁਹਾਡੇ ਨਾਲ ਹਮਦਰਦੀ ਦਿਖਾਉਂਦੇ ਹਨ ਪਰ ਅੰਦਰੋਂ ਉਹ ਖ਼ੁਸ਼ ਹੁੰਦੇ ਹਨ। ਯਾਦ ਰੱਖੋ ਅੰਤ ਤੁਹਾਨੂੰ ਆਪਣੀ ਮਦਦ ਆਪ ਹੀ ਕਰਨੀ ਪੈਣੀ ਹੈ ਅਤੇ ਆਪਣੀ ਕਿਸਮਤ ਖ਼ੁਦ ਹੀ ਬਦਲਣੀ ਪੈਣੀ ਹੈ।
ਆਪਣੀ ਕਾਬਲੀਅਤ ਦੇ ਝੂਠੇ ਦਾਅਵੇ ਨਾ ਕਰਿਆ ਕਰੋ। ਆਪਣੀਆਂ ਨਾਕਾਮਯਾਬੀਆਂ ਦਾ ਦੋਸ਼ ਹਾਲਾਤ ਨੂੰ ਨਾ ਦਿਓ ਜਿਵੇਂ:- ਜੇ ਮੈਨੂੰ ਮੌਕਾ ਮਿਲਦਾ ਤਾਂ ਮੈਂ ਜੰਗ ਜਿੱਤ ਲੈਣੀ ਸੀ ਜਾਂ ਪਹਾੜ ਢਾਅ ਦੇਣੇ ਸਨ ਆਦਿ। ਇਸ ਦੀ ਬਜਾਏ ਆਪਣੇ ਗੁਣਾਂ ਨੂੰ ਤਰਾਸ਼ੋ ਅਤੇ ਦੁਨੀਆਂ ਨੂੰ ਕੁਝ ਕਰ ਕੇ ਦਿਖਾਓ। ਤੁਹਾਡੀ ਆਵਾਜ਼ ਨਾਲੋਂ ਤੁਹਾਡੇ ਕੰਮ ਆਪਣੇ ਆਪ ਬੋਲਣੇ ਚਾਹੀਦੇ ਹਨ।
ਦੂਸਰੇ ਦੀ ਸੰਪਨਤਾ ਦੇਖ ਕੇ ਦੁਖੀ ਨਾ ਹੋਵੋ ਨਾ ਹੀ ਦੂਸਰੇ ਨਾਲ ਆਪਣਾ ਮੁਕਾਬਲਾ ਕਰੋ। ਇਸ ਨਾਲ ਤੁਹਾਨੂੰ ਨਿਰਾਸ਼ਾ ਹੀ ਪੱਲੇ ਪਵੇਗੀ। ਪ੍ਰਮਾਤਮਾ ਨੇ ਸਭ ਮਨੁੱਖਾਂ ਨੂੰ ਅਲੱਗ ਅਲੱਗ ਗੁਣ, ਕਾਬਲੀਅਤ ਅਤੇ ਸੁਭਾਅ ਦੇ ਕੇ ਆਪਣੀ ਤਰ੍ਹਾਂ ਨਾਲ ਪੂਰਨ ਤੋਰ ਤੇ ਅਲੱਗ ਅਲੱਗ ਬਣਾਇਆ ਹੈ। ਇਸ ਲਈ ਸਭ ਦੀ ਪ੍ਰਾਪਤੀ ਵੀ ਅਲੱਗ ਅਲੱਗ ਹੀ ਹੈ। ਇਸ ਲਈ ਕਦੀ ਇਹ ਨਾ ਸੋਚੋ ਕਿ ਜੇ ਤੁਹਾਡੇ ਗੁਵਾਂਢੀ ਕੋਲ ਵੱਡੀ ਕਾਰ ਹੈ ਤਾਂ ਤੁਹਾਡੇ ਕੋਲ ਵੀ ਵੱਡੀ ਕਾਰ ਹੀ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਸਹਿਕਰਮਚਾਰੀ ਕੋਲ ਤਿੰਨ ਮੰਜ਼ਿਲੀ ਕੋਠੀ ਹੈ ਤਾਂ ਤੁਹਾਡੇ ਕੋਲ ਵੀ ਤਿੰਨ ਮੰਜ਼ਿਲੀ ਕੋਠੀ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡਾ ਦੂਸਰੇ ਨਾਲ ਕੋਈ ਮੁਕਾਬਲਾ ਨਹੀਂ। ਜੋ ਮਿਲ ਗਿਆ ਉਸ ਤੇ ਸਬਰ ਕਰੋ। ਜੇ ਤੁਹਾਨੂੰ ਕੁਝ ਹੋਰ ਚਾਹੀਦਾ ਹੈ ਤਾਂ ਹੋਰ ਮਿਹਨਤ ਕਰੋ।
ਕਦੀ ਆਪਣੇ ਬਲ, ਧਨ, ਵਿਦਿਆ ਅਤੇ ਗਿਆਨ ਦਾ ਦੂਜੇ ਉੱਤੇ ਰੋਅਬ ਪਾਉਣ ਦੀ ਕੋਸ਼ਿਸ਼ ਨਾ ਕਰੋ। ਵੱਡਾ ਬੰਦਾ ਉਹ ਹੀ ਹੈ ਜਿਸ ਕੋਲ ਕੋਈ ਦੂਜਾ ਬੰਦਾ ਖੜ ਕੇ ਆਪਣੇ ਆਪ ਨੂੰ ਨੀਵਾਂ, ਗ਼ਰੀਬ, ਹੀਣਾ, ਕਮਜ਼ੋਰ ਜਾਂ ਘਟੀਆ ਨਾ ਸਮਝੇ। ਜੇ ਤੁਹਾਨੂੰ ਦੂਸਰੇ ਨਾਲ ਵਰਤਣ ਦਾ ਸਲੀਕਾ ਹੀ ਨਹੀਂ ਆਇਆ ਤਾਂ ਤੁਹਾਡੀ ਸਾਰੀ ਸਿਆਣਪ ਅਤੇ ਵਡੱਪਣ ਬੇਕਾਰ ਹੈ। ਜੇ ਤੁਸੀਂ ਦੂਜਿਆਂ ਦਾ ਦਿਲ ਜਿੱਤਣਾ ਚਾਹੁੰਦੇ ਹੋ ਅਤੇ ਸ਼ਾਨਦਾਰ ਸ਼ਖ਼ਸੀਅਤ ਦੇ ਧਾਰਨੀ ਬਣਨਾ ਚਾਹੁੰਦੇ ਹੋ ਤਾਂ ਨਿਰਸੁਆਰਥ ਹੋ ਕੇ ਲੋਕ ਭਲਾਈ ਦੇ ਕੰਮ ਕਰੋ। ਜੇ ਤੁਸੀਂ ਲੋਕਾਂ ਦੀ ਭੀੜ ਵਿਚ ਖੜੇ ਹੋਵੋ ਤਾਂ ਤੁਹਾਡੀ ਸ਼ਖ਼ਸੀਅਤ ਸਭ ਤੋਂ ਅਲੱਗ ਨਜ਼ਰ ਆਉਣੀ ਚਾਹੀਦੀ ਹੈ। ਤੁਹਾਡੇ ਚਿਹਰੇ ਤੋਂ ਆਤਮਵਿਸ਼ਵਾਸ ਅਤੇ ਦੂਸਰਿਆਂ ਪ੍ਰਤੀ ਇਮਾਨਦਾਰੀ, ਸੁਹਿਰਦਤਾ ਅਤੇ ਹਮਦਰਦੀ ਨਜ਼ਰ ਆਉਣੀ ਚਾਹੀਦੀ ਹੈ। ਜਿਹੜਾ ਬੰਦਾ ਇਕੱਲ੍ਹਾ ਚੱਲਣ ਦੀ ਹਿੰਮਤ ਰੱਖਦਾ ਹੈ ਉਸ ਪਿੱਛੇ ਇਕ ਦਿਨ ਕਾਫ਼ਲੇ ਚੱਲਦੇ ਹਨ। ਜ਼ਿੰਦਗੀ ਵਿਚ ਕੁਝ ਕਰ ਕੇ ਦਿਖਾਓ। ਵਿਅਕਤੀ ਬਣ ਕੇ ਨਾ ਜੀਓ, ਸ਼ਖ਼ਸੀਅਤ ਬਣ ਕੇ ਜੀਓ। ਵਿਅਕਤੀ ਆਪਣੀ ਉਮਰ ਨਾਲ ਖਤਮ ਹੋ ਜਾਂਦਾ ਹੈ ਪਰ ਸ਼ਖ਼ਸੀਅਤ ਸਦੀਆਂ ਤੱਕ ਆਉਣ ਵਾਲੀਆਂ ਨਸਲਾਂ ਨੂੰ ਮਸ਼ਾਲ ਦੀ ਤਰ੍ਹਾਂ ਰਸਤਾ ਰੋਸ਼ਨ ਕਰਦੀ ਰਹਿੰਦੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: gursharan1183@yahoo.in
ਅੱਜ ਦੇ ਬੱਚੇ ਕੱਲ੍ਹ ਦੇ ਵਾਰਸ - ਗੁਰਸ਼ਰਨ ਸਿੰਘ ਕੁਮਾਰ
ਜਨਮ ਅਤੇ ਮਰਨ ਕੁਦਰਤ ਦਾ ਅਸੂਲ ਹੈ। ਜਿਵੇਂ ਪੁਰਾਣੇ ਪੱਤੇ ਝੱੜਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਇਸੇ ਤਰ੍ਹਾਂ ਕੁਝ ਬੰਦੇ ਇਸ ਧਰਤੀ 'ਤੋਂ ਰੁਖਸਤ ਹੁੰਦੇ ਹਨ ਅਤੇ ਕੁਝ ਬੱਚੇ ਜਨਮ ਲੈ ਕਿ ਸ੍ਰਿਸ਼ਟੀ ਨੂੰ ਅੱਗੇ ਤੋਰਦੇ ਹਨ। ਪ੍ਰਸਿੱਧ ਵਾਰਤਾਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ-''ਕਿਸੇ ਮਨੁੱਖ ਦੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ ਉਸ ਦਾ ਲਾਇਕ ਬੱਚਾ।'' ਮਾਂ ਪਿਓ ਦਾ ਕੰਮ ਕੇਵਲ ਬੱਚੇ ਪੈਦਾ ਕਰ ਕੇ ਆਪਣੀ ਗ੍ਰਹਿਸਥੀ ਨੂੰ ਅੱਗੇ ਤੋਰਨਾ ਹੀ ਨਹੀਂ ਹੋਣਾ ਚਾਹੀਦਾ। ਬੱਚੇ ਨੂੰ ਲਾਇਕ ਅਤੇ ਕਾਮਯਾਬ ਬਣਾਉਣਾ ਵੀ ਉਨ੍ਹਾਂ ਦਾ ਮੰਤਵ ਹੋਣਾ ਚਾਹੀਦਾ ਹੈ।
ਮਾਂ ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ ਸਗੋਂ ਉਨ੍ਹਾਂ ਨੂੰ ਸੰਸਕਾਰ ਵੀ ਦਿੰਦੇ ਹਨ। ਗਰਭ ਅਵਸਥਾ ਦੇ ਦੋਰਾਨ ਮਾਂ ਜੋ ਵੀ ਕੰਮ ਕਰਦੀ ਹੈ ਉਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਅਚੇਤ ਹੀ ਪ੍ਰਭਾਵ ਪੈਂਦਾ ਹੈ।ਇਸ ਦੀ ਮਿਸਾਲ ਮਹਾਂ ਭਾਰਤ ਦੇ ਪਾਤਰ ਅਭਿਮਨਿਊ ਦੇ ਜੀਵਨ ਤੋਂ ਪ੍ਰਤੱਖ ਮਿਲਦੀ ਹੈ। ਉਸ ਦਾ ਪਿਤਾ ਅਰਜੁਨ ਇਕ ਰਾਤ ਉਸ ਦੀ ਮਾਤਾ ਨੂੰ ਚੱਕਰਵਿਊ ਦਾ ਭੇਦ ਦੱਸ ਰਿਹਾ ਸੀ ਪਰ ਕਥਾ ਸੁਣਦੀ ਸੁਣਦੀ ਉਸ ਦੀ ਮਾਤਾ ਨੂੰ ਨੀਂਦ ਆ ਗਈ। ਇਸ ਪ੍ਰਕਾਰ ਅਭਿਮਨਿਊ ਨੂੰ ਚੱਕਰਵਿਊ ਵਿਚ ਦਾਖਲ ਹੋਣਾ ਤਾਂ ਆ ਗਿਆ ਪਰ ਉਸ ਵਿਚੋਂ ਸਫ਼ਲਤਾਪੂਰਕ ਬਾਹਰ ਨਿਕਲਣਾ ਨਹੀਂ ਸੀ ਆਇਆ। ਉਹ ਚੱਕਰਵਿਊ ਵਿਚ ਫਸ ਕੇ ਹੀ ਮਾਰਿਆ ਗਿਆ।ਮਾਂ ਦਾ ਖਾਣ ਪੀਣ, ਹਾਸੀ ਖ਼ੁਸ਼ੀ, ਕਾਟੋ ਕਲੇਸ਼ ਅਤੇ ਵਿਚਾਰ ਗਰਭ ਵਿਚ ਪਲ ਰਹੇ ਬੱਚੇ ਤੇ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪਾਉਂਦੇ ਹਨ। ਸਿਆਣੀਆਂ ਮਾਵਾਂ ਗਰਭ ਦੋਰਾਨ ਕੋਈ ਨਸ਼ਾ ਜਾਂ ਹੋਰ ਬੁਰਾ ਕੰਮ ਨਹੀਂ ਕਰਦੀਆਂ ਤਾਂ ਕਿ ਉਨ੍ਹਾਂ ਦੇ ਹੋਣ ਵਾਲੇ ਬੱਚੇ ਤੇ ਕੋਈ ਦੁਸ਼ਪ੍ਰਭਾਵ ਨਾ ਪਵੇ। ਗਰਭ ਅਵਸਥਾ ਦੋਰਾਨ ਔਰਤਾਂ ਨੂੰ ਤੰਬਾਕੂ, ਜੰਕ ਫੂਡ ਅਤੇ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਘਰ ਦਾ ਕਾਟੋ ਕਲੇਸ਼ ਅਤੇ ਅਨੈਤਿਕ ਕੰਮ ਵੀ ਬੱਚੇ ਤੇ ਦੁਸ਼ਪ੍ਰਭਾਵ ਪਾਉਂਦੇ ਹਨ।
ਜਿਹੜੀਆਂ ਮਾਵਾਂ ਸੁਚੇਤ ਤੋਰ ਤੇ ਆਪਣੇ ਗਰਭ ਵਿਚ ਪਲ ਰਹੇ ਬੱਚੇ ਨਾਲ ਆਤਮਿਕ ਅਤੇ ਮਾਨਸਿਕ ਰੂਪ ਵਿਚ ਜੁੜਦੀਆਂ ਹਨ ਉਹ ਇਸ ਸਮੇਂ ਦੋਰਾਨ ਸਾਤਵਿਕ ਅਤੇ ਪੋਸ਼ਟਿਕ ਭੋਜਨ ਕਰਦੀਆਂ ਹਨ। ਉਹ ਧਾਰਮਿਕ ਜਾਂ ਸੂਰਬੀਰਾਂ ਦਾ ਸਾਹਿਤ ਪੜ੍ਹਦੀਆਂ ਹਨ ਜਾਂ ਗਣਿਤ ਅਤੇ ਵਿਗਿਆਨਿਕ ਵਿਸ਼ਿਆਂ ਤੇ ਚਰਚਾ ਕਰਦੀਆਂ ਹਨ ਅਤੇ ਸੰਗੀਤ ਅਤੇ ਕੋਮਲ ਕਲਾਵਾਂ ਨਾਲ ਜੁੜਦੀਆਂ ਹਨ। ਉਹ ਇਕ ਸੁਨੱਖੇ ਬੱਚੇ ਨੂੰ ਜਨਮ ਦਿੰਦੀਆਂ ਹਨ ਜੋ ਵੱਡਾ ਹੋ ਕੇ ਹੋਣਹਾਰ ਬਣਦਾ ਹੈ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰ ਕੇ ਮਾਂ ਪਿਓ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਇਸੇ ਲਈ ਕਿਸੇ ਬੱਚੇ ਵੱਲੋਂ ਆਮ ਤੋਰ ਤੇ ਕਿਹਾ ਜਾਂਦਾ ਹੈ-''ਮੇਰੀ ਜ਼ਿੰਦਗੀ ਵਿਚ ਕੋਈ ਦੁੱਖ ਨਾ ਹੁੰਦਾ ਜੇ ਮੇਰੀ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ।'' ਪਿਤਾ ਘਰ ਵਿਚ ਸੁਖਾਵਾਂ ਮਾਹੋਲ ਸਿਰਜਣ ਵਿਚ ਸਹਾਈ ਹੁੰਦਾ ਹੈ। ਬੱਚੇ ਪ੍ਰਤੀ ਮਾਤਾ ਪਿਤਾ ਦਾ ਪਿਆਰ ਬਿਲਕੁਲ ਸੱਚਾ, ਪਵਿੱਤਰ ਅਤੇ ਬਿਨਾ ਕਿਸੇ ਸੁਆਰਥ 'ਤੋਂ ਹੁੰਦਾ ਹੈ ਜੋ ਕਿਸੇ ਹੋਰ 'ਤੋਂ ਮਿਲਣਾ ਮੁਸ਼ਕਲ ਹੁੰਦਾ ਹੈ।
ਜਨਮ ਤੋਂ ਬਾਅਦ ਕੁਝ ਵੱਡਾ ਹੋ ਕੇ ਬੱਚਾ ਜਦ ਹੋਸ਼ ਸੰਭਾਲਦਾ ਹੈ ਤਾਂ ਉਹ ਆਪਣੇ ਪਰਿਵਾਰ ਵਿਚ ਅਤੇ ਆਲੇ ਦੁਆਲੇ ਜੋ ਕੁਝ ਦੇਖਦਾ ਹੈ ਉਸ ਤੋਂ ਬਹੁਤ ਕੁਝ ਸਿੱਖਦਾ ਹੈ। ਬੱਚਿਆਂ ਦੇ ਖਿਡੌਣੇ ਵੀ ਬੱਚਿਆਂ ਦੀ ਸੋਚਣੀ ਅਤੇ ਉਨ੍ਹਾਂ ਦੇ ਵਿਕਾਸ ਵਿਚ ਵਿਸ਼ੇਸ਼ ਹਿੱਸਾ ਪਾਉਂਦੇ ਹਨ। ਜੇ ਅਸੀਂ ਉਨ੍ਹਾਂ ਨੂੰ ਬੰਦੂਕਾਂ ਅਤੇ ਪਿਸਤੋਲਾਂ ਖੇਡਣ ਲਈ ਦੇਵਾਂਗੇ ਤਾਂ ਹੋ ਸਕਦਾ ਹੈ ਕਿ ਉਹ ਵੱਡੇ ਹੋ ਕਿ ਡਾਕੂ ਜਾਂ ਖ਼ੂਨੀ ਬਣਨ। ਇਸ ਲਈ ਬਚਪਨ ਤੋਂ ਹੀ ਉਨ੍ਹਾਂ ਦੀਆਂ ਰੁੱਚੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸੁਚੱਜੀ ਅਗਵਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਮਹਾਂਪੁਰਸ਼ਾਂ ਅਤੇ ਵੀਰ ਪੁਰਸ਼ਾਂ ਦੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ।
ਬੇਸ਼ੱਕ ਮਰਦ ਅਤੇ ਔਰਤ ਨੂੰ ਰੱਬ ਨੇ ਇਕ ਬਰਾਬਰ ਬਣਾਇਆ ਹੈ ਪਰ ਬੱਚੇ ਨੂੰ ਜਨਮ ਦੇਣ ਦੀ ਦਾਤ ਕੇਵਲ ਮਾਂ ਨੂੰ ਹੀ ਦਿੱਤੀ ਹੈ। ਇਸ ਪੱਖੋਂ ਔਰਤ ਮਰਦ ਨਾਲੋਂ ਮਹਾਨ ਮੰਨੀ ਗਈ ਹੈ। ਕਹਿੰਦੇ ਹਨ ਕਿ ਰੱਬ ਹਮੇਸ਼ਾਂ ਬੱਚੇ ਕੋਲ ਨਹੀਂ ਰਹਿ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਹੈ। ਮਾਂ ਪਿਓ ਦੀ ਸੁਚੱਜੀ ਅਗਵਾਈ, ਪਿਆਰ ਅਤੇ ਸਰੀਰਕ ਸਪਰਸ਼ ਬੱਚੇ ਦਾ ਬਲ ਵਧਾਉਂਦੇ ਹਨ ਜਿਸ ਨਾਲ ਉਸ ਵਿਚ ਸੁਰੱਖਿਆ ਅਤੇ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਮਾਤਾ ਪਿਤਾ ਦੋਹਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ ਇਸ ਲਈ ਉਨ੍ਹਾਂ ਨੂੰ ਘਰ ਵਿਚ ਸੁਹਿਰਦ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਹਰ ਹਾਲਾਤ ਵਿਚ ਪਰਿਵਾਰ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ।
ਜੇ ਬੱਚਿਆਂ ਵਿਚ ਸੰਸਕਾਰਾਂ ਦੀ ਗੱਲ ਕਰੀਏ ਤਾਂ ਸਿੱਖ ਕੌਮ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਕੌਮ ਇਕ ਮਾਰਸ਼ਲ ਕੌਮ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਇਨ੍ਹਾਂ ਦਾ ਮੂਲ ਸਿਧਾਂਤ ਹੈ। ਉਹ ਜੀਵਨ ਦੀ ਸੇਧ ਗੁਰਬਾਣੀ ਅਤੇ ਗੁਰਦਆਰਿਆਂ ਤੋਂ ਲੈਂਦੇ ਹਨ। ਸਿੱਖ ਸੰਗਤ ਵਿਚ ਕੋਈ ਵੀ. ਆਈ. ਪੀ. ਜਾਂ ਵੱਡਾ ਛੋਟਾ ਨਹੀਂ ਹੁੰਦਾ। ਉੱਥੇ ਆਈ. ਏ. ਐਸ. ਅਫ਼ਸਰ ਅਤੇ ਸਾਰੇ ਧਨਾਢ ਲੋਕ ਜਾ ਕੇ ਸੰਗਤ ਦੇ ਜੂਠੇ ਭਾਂਡੇ ਮਾਂਜਦੇ ਹਨ ਅਤੇ ਫਰਸ਼ ਸਾਫ ਕਰਦੇ ਹਨ। ਇਹ ਹੀ ਸੰਸਕਾਰ ਸਿੱਖ ਬੱਚਿਆਂ ਵਿਚ ਵੀ ਭਰੇ ਜਾਂਦੇ ਹਨ ਜਿਸ ਤੇ ਉਹ ਵੱਡੇ ਹੋ ਕੇ ਪਹਿਰਾ ਦਿੰਦੇ ਹਨ ਅਤੇ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰਦੇ ਹਨ। ਇਨ੍ਹਾਂ ਸੰਸਕਾਰਾਂ ਦਾ ਸਦਕਾ ਹੀ ਸਿੱਖ ਸਰਦਾਰ ਅੱਜ ਕੱਲ੍ਹ ਦੁਨੀਆਂ ਭਰ ਵਿਚ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹਨ। ਵਿੱਦਿਆ ਦਾ ਖੇਤਰ ਹੋਵੇ ਜਾਂ ਬਹਾਦਰੀ ਦਾ ਸਭ ਥਾਂ ਸਿੱਖਾਂ ਦਾ ਹੀ ਬੋਲ ਬਾਲਾ ਹੈ। ਕੁਦਰਤੀ ਆਫਤ ਸਮੇਂ ਵਪਾਰੀ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਦੀ ਕਾਲਾ ਬਜ਼ਾਰੀ ਕਰਦੇ ਹਨ ਪਰ ਸਿੱਖ ਹਰ ਮੁਸੀਬਤ ਵਿਚ ਸਭ ਤੋਂ ਪਹਿਲਾਂ ਪਹੁੰਚ ਕੇ ਇਨ੍ਹਾਂ ਵਸਤੂਆਂ ਦੇ ਮੁਫ਼ਤ ਵਿਚ ਲੰਗਰ ਲਾ ਦਿੰਦੇ ਹਨ। ਜਦ 2020-21 ਅਤੇ 2021-22 ਵਿਚ ਸਾਰੀ ਦੁਨੀਆਂ ਵਿਚ ਕੋਰੋਨਾ ਨਾਮ ਦੀ ਮਹਾਂਮਾਰੀ ਫੈਲ੍ਹੀ ਤਾਂ ਸਰਕਾਰਾਂ ਮਰੀਜ਼ਾਂ ਨੂੰ ਮਿਆਰੀ ਇਲਾਜ ਅਤੇ ਆਕਸੀਜਨ ਦੇਣ ਵਿਚ ਫੇਲ੍ਹ ਹੋ ਗਈਆਂ ਪਰ ਸਿੱਖ ਸਰਦਾਰ ਨਹੀਂ ਫੇਲ੍ਹ ਹੋਏ। ਉਨ੍ਹਾਂ ਨੇ ਦਵਾਈਆਂ ਦੇ ਅਤੇ ਆਕਸੀਜਨ ਦੇ ਮੁਫ਼ਤ ਲੰਗਰ ਲਾ ਕੇ ਹਜਾਰਾਂ ਕੀਮਤੀ ਜਾਨਾਂ ਬਚਾਈਆਂ। ਇਸੇ ਲਈ ਦੁਨੀਆਂ ਭਰ ਵਿਚ ਸਿੱਖਾਂ ਦਾ ਡੰਕਾ ਵੱਜਦਾ ਹੈ।
ਜਿਸ ਬੱਚੇ ਨੂੰ ਆਪਣੇ ਮਾਂ ਪਿਓ ਕੋਲੋਂ ਚੰਗੇ ਸੰਸਕਾਰ ਮਿਲੇ ਹੋਣ ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੀ ਚੰਗਾ ਅਤੇ ਕੀ ਮਾੜਾ ਹੈ। ਕਿਹੜਾ ਕੰਮ ਕਰਨਾ ਹੈ ਅਤੇ ਕਿਹੜਾ ਨਹੀਂ। ਅਜਿਹੇ ਮਾਤਾ ਪਿਤਾ ਨੂੰ ਬ੍ਰਿਧ ਆਸ਼ਰਮ ਦਾ ਮੁਹਤਾਜ ਨਹੀਂ ਹੋਣਾ ਪੈਂਦਾ। ਉਨ੍ਹਾਂ ਨੂੰ ਘਰ ਵਿਚ ਪੂਰਾ ਸਨਮਾਨ ਮਿਲਦਾ ਹੈ ਅਤੇ ਉਨ੍ਹਾਂ ਦਾ ਬੁਢਾਪਾ ਬਹੁਤ ਸੋਖਾ ਬੀਤਦਾ ਹੈ।
ਬੱਚਿਆਂ ਦੇ ਯੋਗ ਪਾਲਣ ਪੋਸ਼ਣ ਅਤੇ ਵਿਕਾਸ ਵੱਲ ਉਚੇਰੇ ਧਿਆਨ ਦੀ ਲੋੜ ਹੁੰਦੀ ਹੈ। ਬੱਚਿਆਂ ਦੀ ਸੰਗਤ ਉਨ੍ਹਾਂ ਦੇ ਆਚਰਣ ਅਤੇ ਆਦਤਾਂ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਉਦਾਹਰਨ ਦੇ ਤੋਰ ਤੇ ਇਕ ਗਾਜਰ ਲਉ। ਉਸ ਦੇ ਦੋ ਟੁਕੜੇ ਕਰ ਲਉ। ਇਕ ਵਿਚ ਨਮਕ ਮਿਲਾ ਦਿਉ ਅਤੇ ਦੂਜੇ ਵਿਚ ਖੰਡ। ਕੁਝ ਦਿਨਾ ਬਾਅਦ ਇਕ ਦਾ ਮੁਰੱਬਾ ਬਣ ਜਾਵੇਗਾ ਅਤੇ ਦੂਜੇ ਦਾ ਅਚਾਰ। ਇਹ ਹੈ ਸੰਗਤ ਦਾ ਅਸਰ। ਇਸ ਲਈ ਮਾਂ ਪਿਓ ਨੂੰ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਬੱਚਿਆਂ ਨੂੰ ਹਰ ਹਾਲਾਤ ਵਿਚ ਮਾੜੀ ਸੰਗਤ ਤੋਂ ਬਚਾਉਣਾ ਚਾਹੀਦਾ ਹੈ। ਬੱਚੇ ਫੁਲਾਂ ਦੀ ਤਰ੍ਹਾਂ ਨਾਜਕ ਹੁੰਦੇ ਹਨ। ਉਨ੍ਹਾਂ ਦੇ ਮੁਸਕਰਾਉਂਦੇ ਹੋੇਏ ਭੋਲੇ ਭਾਲੇ ਅਤੇ ਨਿਰਛੱਲ ਚਿਹਰੇ ਦੇਖਣ ਵਾਲੇ ਦੇ ਮਨ ਵਿਚ ਤਾਜ਼ਗੀ ਭਰ ਦਿੰਦੇ ਹਨ। ਇਸ ਲਈ ਬੱਚਿਆਂ ਨੂੰ ਪੋਸ਼ਟਿਕ ਭੋਜਨ, ਮਿਆਰੀ ਵਿਦਿਆ ਅਤੇ ਚੰਗੇ ਸੰਸਕਾਰ ਦੇ ਕੇ ਕਾਬਲ ਬਣਾਉਣਾ ਹਰ ਮਾਂ ਪਿਓ ਦਾ ਫ਼ਰਜ਼ ਹੈ। ਬੱਚਿਆਂ ਨੇ ਹੀ ਵੱਡੇ ਹੋ ਕੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ। ਅੱਜ ਦੇ ਬੱਚੇ ਹੀ ਸਾਡੇ ਕੱਲ੍ਹ ਦੇ ਵਾਰਸ ਹਨ। ਉਨ੍ਹਾਂ ਨੇ ਹੀ ਭਵਿੱਖ ਵਿਚ ਦੇਸ਼ ਅਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
9463189432
email:gursharan1183@yahoo.in
ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ
ਕਾਮਯਾਬੀ ਤੇ ਸਭ ਦਾ ਹੱਕ ਹੈ। ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਜੇ ਕੋਈ ਮਿਹਨਤ ਕਰੇਗਾ ਤਾਂ ਹੀ ਕਾਮਯਾਬ ਹੋਵੇਗਾ ਅਤੇ ਅੱਗੇ ਵਧੇਗਾ।ਹਰ ਮਨੁੱਖ ਜਿਹੜਾ ਮਰਜੀ ਖੇਤਰ ਚੁਣ ਕੇ ਕਾਮਯਾਬ ਹੋ ਸਕਦਾ ਹੈ। ਗਿਆਨ ਦਾ ਘੇਰਾ ਬ੍ਰਹਿਮੰਡ ਜਿੰਨਾ ਵਿਸ਼ਾਲ ਹੈ। ਕੋਈ ਮਨੁੱਖ ਇਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਂ ਦੁਨੀਆਂ ਦਾ ਸਾਰਾ ਗਿਆਨ ਹਾਸਿਲ ਕਰ ਲਿਆ ਹੈ ਅਤੇ ਹੁਣ ਮੈਨੂੰ ਹੋਰ ਕੁਝ ਸਿੱਖਣ ਦੀ ਲੋੜ ਨਹੀਂ। ਬੰਦਾ ਚਾਹੇ ਤਾਂ ਇਕ ਛੋਟੇ ਜਿਹੇ ਬੱਚੇ ਕੋਲੋਂ ਵੀ ਬਹੁਤ ਕੁਝ ਸਿੱਖ ਸਕਦਾ ਹੈ। ਇਸ ਲਈ ਮਨੁੱਖ ਨੂੰ ਹਮੇਸ਼ਾਂ ਸਿੱਖਣ ਦੀ ਸਟੇਜ ਤੇ ਰਹਿਣਾ ਚਾਹੀਦਾ ਹੈ। ਸਿੱਖਣਾ ਬੰਦ ਤਾਂ ਜਿੱਤਣਾ ਬੰਦ। ਤੁਹਾਡੇ ਵਿਚ ਕੋਈ ਹੁਨਰ ਹੈ ਤਾਂ ਹੀ ਤੁਹਾਡੀ ਜ਼ਿੰਦਗੀ ਵਿਚ ਕੋਈ ਕਦਰ ਹੈ।
ਅਸੀਂ ਜ਼ਿੰਦਗੀ ਵਿਚ ਕਾਮਯਾਬ ਇਸ ਲਈ ਨਹੀਂ ਹੋਣਾ ਹੁੰਦਾ ਕਿ ਅਸੀ ਕਿਸੇ ਦੂਜੇ ਨੂੰ ਨੀਵਾਂ ਦਿਖਾ ਕੇ ਉਸ ਨੂੰ ਸ਼ਰਮਿੰਦਾ ਕਰਨਾ ਹੁੰਦਾ ਹੈ। ਅਸੀਂ ਦੂਜੇ ਦੀ ਲੀਕ ਮਿਟਾ ਕੇ ਆਪਣੀ ਲੀਕ ਵੱਡੀ ਨਹੀਂ ਕਰ ਸਕਦੇ। ਕਾਮਯਾਬੀ ਸਾਡੀ ਨਿੱਜੀ ਜ਼ਰੂਰਤ ਹੈ। ਅਸੀਂ ਜੋ ਕੁਝ ਵੀ ਕਰਨਾ ਹੈ ਆਪਣੇ ਲਈ ਕਰਨਾ ਹੈ। ਅਸੀਂ ਆਪਣੀ ਜ਼ਿੰਦਗੀ ਆਪ ਸਵਾਰਨੀ ਹੈ। ਸਾਡੀ ਕਾਮਯਾਬੀ ਸਾਡੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ।
ਕਾਮਯਾਬ ਮਨੁੱਖਾਂ ਦੀ ਜ਼ਿੰਦਗੀ ਦੇਖ ਕੇ ਅਸੀਂ ਰਸ਼ਕ ਕਰਦੇ ਹਾਂ। ਕਿਸੇ ਨੂੰ ਕਾਮਯਾਬੀ ਏਨੀ ਅਸਾਨੀ ਨਾਲ ਨਹੀਂ ਮਿਲਦੀ। ਕਾਮਯਾਬੀ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਆਪਣੇ ਸੁੱਖ ਅਰਾਮ ਦੀ ਹੱਦ ਟੱਪ ਕੇ, ਮੁਸੀਬਤਾਂ ਨੂੰ ਪਛਾੜਦੇ ਹੋਏ ਹੀ ਕਾਮਯਾਬੀ ਦੀ ਦੇਵੀ ਦੇ ਦਰਸ਼ਨ ਹੁੰਦੇ ਹਨ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਦੀ ਜ਼ਿੰਦਗੀ ਵਿਚ ਦੁੱਖ ਜਾਂ ਕਠਿਨਾਈਆਂ ਨਾ ਆਈਆਂ ਹੋਣ। ਹਰ ਕਾਮਯਾਬ ਮਨੁੱਖ ਦੀ ਇਕ ਦਰਦਨਾਕ ਕਹਾਣੀ ਹੁੰਦੀ ਹੈ ਅਤੇ ਹਰ ਦਰਦਨਾਕ ਕਹਾਣੀ ਦਾ ਇਕ ਸੁਖਾਵਾਂ ਅੰਤ ਹੁੰਦਾ ਹੈ। ਇਸ ਲਈ ਦਰਦ ਬਰਦਾਸ਼ਤ ਕਰੋ ਅਤੇ ਕਾਮਯਾਬੀ ਲਈ ਤਿਆਰ ਰਹੋ।
ਆਪਣੇ ਕੀਮਤੀ ਸਮੇਂ ਨੂੰ ਵਿਅਰਥ ਨਾ ਗਵਾਵੋ। ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਮਿਥੋ। ਇਹ ਸੋਚੋ ਕਿ ਤੁਸੀਂ ਪਹੁੰਚਣਾ ਕਿੱਥੇ ਹੈ। ਮੰਜ਼ਿਲ ਦੀ ਚੋਣ ਆਪਣੀ ਲਿਆਕਤ ਅਤੇ ਕਾਰਜ਼ ਸ਼ਕਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਕਰੋ। ਨਹੀਂ ਤੇ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂਕਿ ਕੁਦਰਤ ਹਮੇਸ਼ਾਂ ਸਾਵਾਂ ਤੋਲਦੀ ਹੈ। ਇੱਥੇ ਇਕ ਹੱਥ ਦੇ ਅਤੇ ਦੂਜੇ ਹੱਥ ਲੈ ਵਾਲਾ ਹਿਸਾਬ ਹੈ। ਆਪਣੇ ਵਿੱਤ ਤੋਂ ਬਾਹਰੀ ਤਮੰਨਾ ਨਾ ਰੱਖੋ।
ਇਕ ਵਾਰੀ ਮੰਜ਼ਿਲ ਮਿੱਥ ਲਈ ਤਾਂ ਦਿਨੇ ਰਾਤੀਂ ਆਪਣੀ ਕਾਮਯਾਬੀ ਦੇ ਸੁਪਨੇ ਦੇਖੋ। ਇਹ ਸੁਪਨੇ ਹੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਜਾਣ ਵਿਚ ਸਹਾਈ ਹੋਣਗੇ। ਜਦੋਂ ਬੰਦਾ ਸੁਪਨੇ ਦੇਖਣਾ ਬੰਦ ਕਰ ਦਿੰਦਾ ਹੈ ਤਾਂ ਖੁਦ ਵੀ ਮੁਰਦਾ ਹੋ ਜਾਂਦਾ ਹੈ। ਸੁਪਨਿਆਂ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਜਦ ਤੱਕ ਸਵਾਸ ਤਦ ਤੱਕ ਆਸ।
ਤੁਹਾਡੇ ਉੱਚੇ ਤੋਂ ਉੱਚੇ ਵਿਚਾਰ ਵੀ ਬੇਅਰਥ ਹਨ ਜੇ ਤੁਸੀਂ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਦਿੰਦੇ। ਬਿਨਾ ਕਰਮ ਤੋਂ ਫ਼ਲ ਦੀ ਉਮੀਦ ਰੱਖਣਾ ਬੇਅਰਥ ਹੈ। ਤੁਸੀਂ ਆਪਣੇ ਕਰਮ ਨਾਲ ਆਪਣੀ ਕਿਸਮਤ ਬਦਲ ਸਕਦੇ ਹੋ। ਮੰਜ਼ਿਲ ਮਿਥਣ ਤੋਂ ਬਾਅਦ ਉਸ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਸ਼ੁਰੂ ਕਰ ਦਿਓ। ਤੁਹਾਡਾ ਹਰ ਕਦਮ ਮੰਜ਼ਿਲ ਦੀ ਪ੍ਰਾਪਤੀ ਵਲ ਹੋਣਾ ਚਾਹੀਦਾ ਹੈ।
ਕਦੀ ਦੂਸਰੇ ਦੀ ਆਸ 'ਤੇ ਨਾ ਜੀਓ। ਇਹ ਨਾ ਸੋਚੋ ਕਿ ਕੋਈ ਦੂਸਰਾ ਆ ਕਿ ਇਕ ਦਿਨ ਤੁਹਾਨੂੰ ਸਫ਼ਲਤਾ ਦੀ ਟੀਸੀ ਤੇ ਬਿਠਾ ਦੇਵੇਗਾ। ਦੁਨੀਆਂ ਵਿਚ ਕੇਵਲ ਇਕ ਬੰਦਾ ਹੀ ਤੁਹਾਡੀ ਕਿਸਮਤ ਬਦਲ ਸਕਦਾ ਹੈ, ਉਹ ਹੈ ਤੁਸੀਂ ਖੁਦ। ਤੁਹਾਨੂੰ ਆਪਣੀ ਜੰਗ ਆਪ ਹੀ ਲੜ੍ਹਨੀ ਪਵੇਗੀ। ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਖੁਦ ਹੀ ਯਤਨ ਕਰਨੇ ਪੈਣਗੇ।
ਆਪਣੇ ਵਿਚਾਰ ਹਮੇਸ਼ਾਂ ਹਾਂ ਪੱਖੀ ਰੱਖੋ। ਜੇ ਤੁਹਾਡੇ ਅੰਦਰ ਕਾਬਲੀਅਤ ਹੈ ਅਤੇ ਤੁਸੀਂ ਮਿਹਨਤ ਵੀ ਪੂਰੀ ਕਰ ਰਹੇ ਹੋ ਤਾਂ ਸਮਝੋ ਕਿ ਤੁਸੀਂ ਸ਼ੁਰੂ ਵਿਚ ਹੀ ਅੱਧੀ ਜੰਗ ਜਿੱਤ ਲਈ ਹੈ। ਅਸਫ਼ਲਤਾ ਬਾਰੇ ਕਦੀ ਨਾ ਸੋਚੋ। ਕਾਮਯਾਬੀ ਨੂੰ ਮੁੱਖ ਰੱਖ ਕੇ ਅੱਗੇ ਵਧੋ। ਜੇ ਕਿਸੇ ਕਾਰਨ ਤੁਹਾਨੂੰ ਕਾਮਯਾਬੀ ਹੱਥ ਨਾ ਲੱਗੇ ਤਾਂ ਵੀ ਘਬਰਾਓ ਨਾ। ਆਪਣੀ ਕਾਬਲੀਅਤ ਅਤੇ ਕਾਰਜ਼ਸ਼ਕਤੀ ਨੂੰ ਸੁਧਾਰੋ। ਫਿਰ ਤੋਂ ਕੋਸ਼ਿਸ਼ ਕਰੋ। ਲੋੜ ਪਏ ਤਾਂ ਆਪਣੇ ਕੰਮ ਕਰਨ ਦੇ ਢੰਗ ਬਦਲਣ ਵਿਚ ਵੀ ਕੋਈ ਹਰਜ਼ ਨਹੀਂ। ਤੁਹਾਡੀ ਅਸਫ਼ਲਤਾ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਸਬਕ ਦੇ ਕੇ ਹੀ ਜਾਂਦੀ ਹੈ। ਬੰਦਾ ਹਾਰਦਾ ਉਦੋਂ ਹੈ ਜਦੋਂ ਉਹ ਦਿਲ ਛੱਡ ਜਾਂਦਾ ਹੈ।
ਕਾਮਯਾਬੀ ਲਈ ਕਦੀ ਕਾਹਲੀ ਨਾ ਕਰੋ। ਹਰ ਕਿਸਮ ਦੇ ਡਰ ਅਤੇ ਸ਼ੱਕ ਨੂੰ ਮਨ ਵਿਚੋਂ ਕੱਢ ਦਿਓ। ਡਰ ਅਤੇ ਸ਼ੱਕ ਜਿਹਾ ਕੋਈ ਵਾਇਰਸ ਨਹੀਂ ਅਤੇ ਹੌਸਲੇ ਜਿਹੀ ਕੋਈ ਵੈਕਸੀਨ ਨਹੀਂ। ਚਾਹੇ ਜ਼ਿੰਦਗੀ ਵਿਚ ਸਭ ਕੁਝ ਹਾਰ ਜਾਵੋ ਪਰ ਜਿੱਤਣ ਦੀ ਉਮੀਦ ਜ਼ਿੰਦਾ ਰੱਖੋ। ਇਹ ਵੀ ਯਾਦ ਰੱਖੋ ਕਿ ਮੰਜ਼ਿਲਾਂ ਹੋਰ ਵੀ ਹਨ। ਜੇ ਤੁਹਾਡੀ ਕੋਸ਼ਿਸ਼ ਨੂੰ ਫ਼ਲ ਨਹੀਂ ਪਿਆ ਤਾਂ ਹੋ ਸਕਦਾ ਹੈ ਕਿ ਰੱਬ ਨੇ ਤੁਹਾਡੇ ਲਈ ਕੋਈ ਹੋਰ ਵੀ ਵਡੇਰੀ ਕਾਮਯਾਬੀ ਰੱਖੀ ਹੋਵੇ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ-''ਇਕ ਵਾਰੀ ਗੁਰਬਚਨ ਅਤੇ ਸੁਰਿੰਦਰ ਨੇ ਅਕਾਉਂਟੈਟ ਦੀ ਨੌਕਰੀ ਲਈ ਇਮਤਿਹਾਨ ਦਿੱਤਾ। ਗੁਰਬਚਨ ਪਾਸ ਹੋ ਗਿਆ ਪਰ ਸੁਰਿੰਦਰ ਰਹਿ ਗਿਆ। ਉਸ ਨੂੰ ਬੜਾ ਦੁੱਖ ਲੱਗਾ ਪਰ ਉਸ ਨੇ ਹੌਸਲਾ ਨਾ ਛੱਡਿਆ। ਹੋਰ ਮਿਹਨਤ ਕੀਤੀ। ਫਿਰ ਉਸ ਨੇ ਆਈ.ਏ. ਐਸ. ਦਾ ਇਮਤਿਹਾਨ (ਜੋ ਕਿ ਭਾਰਤ ਸਰਕਾਰ ਦਾ ਸਭ ਤੋਂ ਵੱਡਾ ਇਮਤਿਹਾਨ ਹੈ) ਦਿੱਤਾ। ਉਸ ਵਿਚ ਉਹ ਪਾਸ ਹੋ ਗਿਆ ਅਤੇ ਸਭ ਤੋਂ ਵੱਡਾ ਅਫ਼ਸਰ ਬਣ ਕੇ ਗੁਰਬਚਨ ਦੇ ਦਫ਼ਤਰ ਵਿਚ ਹੀ ਲੱਗ ਗਿਆ। ਇਕ ਦਿਨ ਦੋਵੇਂ ਮਿਲੇ ਤਾਂ ਸੁਰਿੰਦਰ ਨੇ ਬੜੇ ਮਾਣ ਨਾਲ ਕਿਹਾ ਅਸੀਂ ਦੋਵਾਂ ਨੇ ਅਕਾਉਂਟੈਂਟ ਦਾ ਇਮਤਿਹਾਨ ਇਕੱਠਾ ਦਿੱਤਾ ਸੀ ਜਿਸ ਵਿਚ ਤੁਸੀਂ ਪਾਸ ਹੋ ਗਏ ਸੀ ਅਤੇ ਖ਼ੁਸ਼ ਕਿਸਮਤੀ ਨਾਲ ਮੈਂ ਫੇਲ੍ਹ ਹੋ ਗਿਆ ਸੀ ਜਿਸ ਦਾ ਨਤੀਜਾ ਅੱਜ ਮੈਂ ਐਡਾ ਵੱਡਾ ਅਫ਼ਸਰ ਬਣ ਗਿਆ ਹਾਂ। ਜੇ ਉਸ ਸਮੇਂ ਸੁਰਿੰਦਰ ਦਿਲ ਛੱਡ ਜਾਂਦਾ ਤਾਂ ਉਸ ਨੇ ਕਦੀ ਐਡੇ ਉੱਚੇ ਅਹੁਦੇ ਤੇ ਨਹੀਂ ਸੀ ਪਹੁੰਚ ਸਕਣਾ।''
ਕਦੀ ਇਹ ਨਾ ਸੋਚੋ ਕਿ ਜਿਸ ਖੇਤਰ ਵਿਚ ਤੁਸੀਂ ਜਾਣਾ ਹੈ ਉਹ ਹੁਣ ਪੂਰੀ ਤਰ੍ਹਾਂ ਭਰ ਚੁੱਕਾ ਹੈ ਅਤੇ ਉੱਥੇ ਹੁਣ ਕਿਸੇ ਨਵੇਂ ਬੰਦੇ ਦਾਖਲਾ ਸੰਭਵ ਨਹੀਂ। ਇਸ ਲਈ ਤੁਹਾਡੇ ਕੁਝ ਕਰ ਕੇ ਦਿਖਾਉਣ ਦੇ ਸਭ ਦਰਵਾਜ਼ੇ ਬੰਦ ਹੋ ਗਏ ਹਨ। ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ। ਇਕ ਦਰ ਬੱਝਾ ਸੋ ਦਰ ਖੁਲ੍ਹੇ। ਦੁਨੀਆਂ ਵਿਚ ਹਾਲੀ ਤੱਕ ਕੋਈ ਵੀ ਵਿਸ਼ਾ ਅੰਤ ਤੱਕ ਨਹੀਂ ਪਹੁੰਚਿਆ। ਹਰ ਵਿਸ਼ੇ ਵਿਚ ਕੁਝ ਵਧੀਆ ਅਤੇ ਨਵਾਂ ਕਰ ਕੇ ਦਿਖਾਉਣ ਦੀ ਗੁੰਜਾਇਸ਼ ਹੈ। ਜੇ ਤੁਹਾਨੂੰ ਪਸੰਦ ਦੇ ਵਿਸ਼ੇ ਵਿਚ ਰੁਜ਼ਗਾਰ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ। ਆਪਣੀ ਕਾਬਲੀਅਤ ਨੂੰ ਤੁਸੀਂ ਆਪਣਾ ਸ਼ੌਂਕ ਬਣਾ ਕੇ ਪੂਰੀ ਪ੍ਰਵੀਨਤਾ ਦਿਖਾ ਸਕਦੇ ਹੋ ਅਤੇ ਆਪਣਾ ਨਾਮ ਰੋਸ਼ਨ ਕਰ ਸਕਦੇ ਹੋ। ਇਸ ਸਮੇਂ ਹਜ਼ਾਰਾਂ ਨਵੇਂ ਵਿਸ਼ਿਆਂ ਤੇ ਖੋਜ ਹੋ ਰਹੀ ਹੈ। ਸਾਰੇ ਵਿਸ਼ੇ ਤੁਹਾਡੇ ਕਲਾਤਮਕ ਹੱਥਾਂ ਦੀ ਉਡੀਕ ਕਰ ਰਹੇ ਹਨ॥ ਪੁਲਾੜ ਵਿਚ ਨਿੱਤ ਨਵੀਂਆਂ ਖੋਜਾਂ ਹੋ ਰਹੀਆਂ ਹਨ। ਵਿਗਿਆਨੀ ਮੰਗਲ ਗ੍ਰਹਿ ਤੇ ਜੀਵਨ ਦੀ ਖੋਜ ਕਰ ਰਹੇ ਹਨ। ਇੰਟਰਨੈੱਟ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਗਿਆਨ ਦਾ ਭੰਡਾਰਾ ਬਣ ਰਿਹਾ ਹੈ।
ਪੁਰਾਣੇ ਵਿਸ਼ੇ ਜਿਵੇਂ ਬੁੱਤਸਾਜੀ, ਚਿੱਤਰਕਾਰੀ ਅਤੇ ਸਾਹਿਤਕਾਰੀ ਆਦਿ ਵਿਚ ਵੀ ਹਾਲੀ ਬਹੁਤ ਗੁੰਜਾਇਸ਼ ਹੈ। ਸਭ ਤੋਂ ਵਧੀਆ ਬੁੱਤ ਹਾਲੀ ਘੜੇ ਜਾਣੇ ਹਨ ਅਤੇ ਚਿੱਤਰ ਬਣਾਏ ਜਾਣੇ ਹਨ। ਹੋਰ ਵਧੀਆ ਸਾਹਿਤ ਹਾਲੀ ਲਿਖਿਆ ਜਾਣਾ ਹੈ ਆਉਣ ਵਾਲੇ ਸਮੇਂ ਵਿਚ ਜਿਸ ਦੇ ਚਰਚੇ ਹੋਣੇ ਹਨ। ਖ਼ਿਡਾਰੀਆਂ ਨੇ ਹਾਲੀ ਖੇਡਾਂ ਵਿਚ ਕਈ ਤਮਗੇ ਫੁੰਡਣੇ ਹਨ। ਫੌਜੀ ਵੀਰਾਂ ਨੇ ਬਹਾਦਰੀ ਵਿਚ ਕਈ ਵੀਰ ਚੱਕਰ ਜਿੱਤਣੇ ਹਨ। ਤੁਸੀਂ ਵੀ ਆਪਣੀ ਜਗ੍ਹਾ ਆਪ ਬਣਓ ਅਤੇ ਕੁਝ ਕਰ ਕੇ ਦਿਖਾਓ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿ ਉਸ ਨੇ ਤੁਹਾਡੀ ਕਿਸਮਤ ਵਿਚ ਕੀ ਲਿਖਿਆ ਹੈ। ਤੁਹਾਨੂੰ ਸੱਚੀ ਖ਼ੁਸ਼ੀ ਤਾਂ ਹੀ ਮਿਲੇਗੀ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਵੋਗੇ ਕਿਉਂਕਿ ਇਹ ਤੁਹਾਡੀ ਖੁਦ ਦੀ ਮਿਹਨਤ ਦਾ ਫ਼ਲ ਹੋਵੇਗਾ।
ਆਓ ਅਸੀਂ ਸਾਰੇ ਰਲ ਕਿ ਇਕ ਐਸੇ ਸਮਾਜ ਦੀ ਸਿਰਜਨਾ ਕਰੀਏ ਜਿਸ ਵਿਚ ਸਭ ਮਨੁੱਖ ਬਰਾਬਰ ਹੋਣ ਅਤੇ ਹਰ ਇਕ ਨੂੰ ਆਪਣੀ ਕਾਬਲੀਅਤ ਅਨੁਸਾਰ ਮਿਹਨਤ ਕਰ ਕੇ ਕਾਮਯਾਬ ਹੋਣ ਦਾ ਪੂਰਾ ਮੌਕਾ ਮਿਲੇ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:- 83608-42861
email: gursharan1183@yahoo.in
ਮਿੰਨੀ ਕਹਾਣੀ : ਜ਼ਰੂਰਤ ਦਾ ਮੁੱਲ - ਗੁਰਸ਼ਰਨ ਸਿੰਘ ਕੁਮਾਰ
ਪਿਓ ਦੇ ਮਰਨ ਤੋਂ ਬਾਅਦ ਜੀਤੇ ਨੇ ਆਪਣੇ ਬਾਪ ਦਾਦੇ ਦਾ ਪਲੰਬਰ ਵਾਲਾ ਜੱਦੀ ਪੁਸ਼ਤੀ ਕੰਮ ਸੰਭਾਲ ਲਿਆ। ਇਸ ਸਮੇਂ ਉਹ ਇਕ ਕਾਮਯਾਬ ਪਲੰਬਰ ਸੀ।ਸਾਰੇ ਸ਼ਹਿਰ ਵਿਚ ਜਿਸ ਨੂੰ ਵੀ ਪਲੰਬਰ ਦੀ ਜ਼ਰੂਰਤ ਪੈਂਦੀ ਉਹ ਜੀਤੇ ਨੂੰ ਬੁਲਾ ਕੇ ਹੀ ਖ਼ੁਸ਼ ਹੁੰਦਾ। ਇਸ ਤਰ੍ਹਾਂ ਇਸ ਕੰਮ ਵਿਚ ਜੀਤੇ ਦੀ ਪੁੱਛ ਵਧਣ ਲੱਗੀ। ਉਹ ਪੈਸੇ ਵੀ ਠੋਕ ਕੇ ਲੈਂਦਾ ਸੀ। ਇਸ ਲਈ ਉਸ ਦੇ ਘਰ ਦੀ ਮਾਇਕ ਹਾਲਤ ਵੀ ਕਾਫ਼ੀ ਸੁਧਰ ਗਈ।
ਪੈਸਾ ਜ਼ਿਆਦਾ ਆਉਣ ਨਾਲ ਜੀਤੇ ਦਾ ਦਿਮਾਗ਼ ਵੀ ਚੜ੍ਹ ਗਿਆ। ਉਹ ਬੜੇ ਨਖ਼ਰੇ ਨਾਲ ਕੰਮ ਕਰਨ ਲੱਗਾ। ਜਦ ਕੋਈ ਵੀ ਉਸ ਨੂੰ ਕੰਮ ਲਈ ਬੁਲਾਉਂਦਾ ਤਾਂ ਜੀਤਾ ਬੜੀ ਅੜੀ ਨਾਲ ਜਾਂਦਾ। ਉਹ ਕਹਿੰਦਾ ਇਸ ਸਮੇਂ ਮੈਂ ਕੋਈ ਹੋਰ ਕੰਮ ਫ਼ੜਿਆ ਹੋਇਆ ਹੈ, ਕੱਲ੍ਹ ਆਵਾਂਗਾ। ਉਹ ਕਹਿੰਦਾ ਕਿ ਜੇ ਗਾਹਕ ਦੇ ਸੱਦੇ ਤੇ ਪਹਿਲੀ ਵਾਰੀ ਚਲੇ ਜਾਓ ਤਾਂ ਬੰਦੇ ਦੀ ਕਦਰ ਨਹੀਂ ਰਹਿੰਦੀ। ਗਾਹਕ ਨੂੰ ਜਰਾ ਤੰਗ ਹੋਣ ਦਿਓ, ਫਿਰ ਉਹ ਮੇਰੇ ਕੰਮ ਦੀ ਕਦਰ ਕਰੇਗਾ। ਅਸਲ ਕੀਮਤ ਤਾਂ ਜ਼ਰੂਰਤ ਦੀ ਹੁੰਦੀ ਹੈ। ਗਾਹਕ ਵੀ ਤਾਂ ਹੀ ਮੂੰਹ ਮੰਗੇ ਪੈਸੇ ਦਿੰਦਾ ਹੈ। ਇਸ ਤਰ੍ਹਾਂ ਉਹ ਗਾਹਕਾਂ ਦੇ ਕਈ ਕਈ ਚੱਕਰ ਲੁਵਾਉਂਦਾ ਅਤੇ ਪੈਸੇ ਵੀ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਲੈਂਦਾ।
ਹੋਲੀ ਹੋਲੀ ਜੀਤੇ ਦੇ ਗਾਹਕ ਉੇਸ ਤੋਂ ਤੰਗ ਪੈ ਕੇ ਉਸ ਨਾਲ ਨਰਾਜ਼ ਰਹਿਣ ਲੱਗੇ। ਪੈਸਾ ਖੁੱਲ੍ਹਾ ਆਉਣ ਨਾਲ ਜੀਤੇ ਨੂੰ ਨਸ਼ਿਆਂ ਦੀ ਆਦਤ ਵੀ ਪੈ ਗਈ। ਹੁਣ ਉਹ ਕੰਮ ਵੱਲ ਵੀ ਧਿਆਨ ਘੱਟ ਦਿੰਦਾ ਅਤੇ ਚਿੱਟਾ ਖਾ ਕੇ ਸਾਰਾ ਦਿਨ ਆਪਣੀ ਚੰਡਾਲ ਚੌਕੜੀ ਨਾਲ ਸਾਰਾ ਦਿਨ ਪਾਰਕ ਵਿਚ ਬੈਠ ਕੇ ਤਾਸ਼ ਖੇਡਦਾ ਰਹਿੰਦਾ। ਜੀਤੇ ਦੀ ਮਾਂ ਉਸ ਨੂੰ ਬਹੁਤ ਸਮਝਾਉਂਦੀ ਕਿ ਨਸ਼ੇ ਦੀ ਆਦਤ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇ ਪਰ ਜੀਤਾ ਪੈਰਾਂ ਤੇ ਪਾਣੀ ਨਾ ਪੈਣ ਦਿੰਦਾ।
ਇਕ ਦਿਨ ਉਨ੍ਹਾਂ ਦੇ ਘਰ ਦੇ ਬਾਹਰ ਦੇ ਵਿਹੜੇ ਦੀ ਟੂਟੀ ਲੀਕ ਕਰਨ ਲੱਗ ਪਈ ਪਰ ਜੀਤੇ ਨੇ ਕੋਈ ਧਿਆਨ ਨਾ ਦਿੱਤਾ। ਜੀਤੇ ਦੀ ਮਾਂ ਨੇ ਉਸ ਨੂੰ ਟੂਟੀ ਠੀਕ ਕਰਨ ਲਈ ਕਿਹਾ ਪਰ ਜੀਤੇ ਨੇ ਜੁਵਾਬ ਦਿੱਤਾ-''ਮਾਂ ਮੈਂ ਅੱਜ ਬਹੁਤ ਥੱਕਿਆ ਹੋਇਆ ਹਾਂ, ਕੱਲ੍ਹ ਠੀਕ ਕਰਾਂਗਾ।'' ਜੀਤੇ ਦਾ ਕੱਲ੍ਹ ਕਦੀ ਨਾ ਆਇਆ। ਮਾਂ ਨੇ ਜੀਤੇ ਨੂੰ ਕਈ ਵਾਰੀ ਕਿਹਾ ਪਰ ਜੀਤੇ ਨੇ ਹਰ ਵਾਰੀ ਟਾਲ ਦਿੱਤਾ। ਕਈ ਦਿਨ ਤੱਕ ਟੂਟੀ ਚੌਂਦੀ ਰਹੀ ਅਤੇ ਵਿਹੜੇ ਵਿਚ ਚਿੱਕੜ ਹੁੰਦਾ ਰਿਹਾ।
ਇਕ ਦਿਨ ਜੀਤਾ ਸ਼ਾਮ ਨੂੰ ਘਰ ਆਇਆ ਤਾਂ ਨਸ਼ੇ ਵਿਚ ਗੜੁਚ ਸੀ। ਵਿਹੜੇ ਵਿਚ ਨਵੀਂ ਲੱਗੀ ਟੂਟੀ ਦੇਖ ਕੇ ਉਹ ਬੜਾ ਹੈਰਾਨ ਹੋਇਆ। ਉਸ ਨੇ ਮਾਂ ਨੂੰ ਪੁੱਛਿਆ-''ਮਾਂ ਇਹ ਟੂਟੀ ਕਿੰਨੇ ਬਦਲੀ ਹੈ?''
''ਪਲੰਬਰ ਨੇ ਬਦਲੀ ਹੈ, ਹੋਰ ਕਿੰਨੇ ਬਦਲਣੀ ਸੀ?''
''ਕਿਹੜੇ ਪਲੰਬਰ ਨੇ?''
''ਉਹ ਤੇਰੇ ਯਾਰ ਵਿਜੈ ਨੇ। ਬੜਾ ਚੰਗਾ ਹੈ। ਮੇਰੇ ਇਕ ਵਾਰੀ ਕਹਿਣ ਤੇ ਹੀ ਆ ਕੇ ਲਾ ਗਿਆ।''
''ਟੂਟੀ ਕਿੰਨੇ ਦੀ ਆਈ ਹੈ?'' ਜੀਤੇ ਨੇ ਪੁੱਛਿਆ
''ਦੋ ਸੋ ਰੁਪਏ ਦੀ ਅਤੇ ਦੋ ਸੋ ਰੁਪਏ ਤੇਰਾ ਯਾਰ ਵਿਜੈ ਲੈ ਗਿਆ।'' ਇਹ ਸੁਣ ਕੇ ਜੀਤੇ ਨੂੰ ਅੱਗ ਲੱਗ ਗਈ ਉਹ ਚੀਕਿਆ-''ਮਾਂ ਤੂੰ ਅੇਵੇਂ 400 ਰੁਪਏ ਰੋੜ ਦਿੱਤੇ। 25 ਪੈਸੇ ਦੀ ਵਾਸ਼ਰ ਬਦਲ ਕੇ ਆਪਣੀ ਟੂਟੀ ਠੀਕ ਹੋ ਜਾਣੀ ਸੀ ਜਿਸ ਦੇ ਤੂੰ 400 ਰੁਪਏ ਖਰਚ ਦਿੱਤੇ।''
25 ਪੈਸੇ ਦੀ ਗੱਲ ਨਹੀਂ ਪੁੱਤਰ, 400 ਰੁਪਏ ਸਾਡੀ ਜ਼ਰੂਰਤ ਦੇ ਲੱਗੇ ਹਨ। ਮਹੀਨੇ ਤੋਂ ਵਿਹੜੇ ਵਿਚ ਚਿੱਕੜ ਨਾਲ ਘਰ ਨਰਕ ਬਣਿਆ ਪਿਆ ਸੀ। ਆਏ ਗਏ ਤੇ ਵੀ ਬੁਰਾ ਪ੍ਰਭਾਵ ਪੈਂਦਾ ਸੀ। ਇਸ ਲਈ ਮੈਂ ਦੁਕਾਨ ਤੋਂ ਨਵੀਂ ਟੂਟੀ ਲਿਆ ਕੇ ਵਿਜੈ ਕੋਲੋਂ ਲਵਾ ਲਈ। ਚਾਰ ਸੋ ਰੁਪਏ ਲੱਗ ਵੀ ਗਏ ਤਾਂ ਕੀ ਹੋਇਆ ਘਰ ਤਾਂ ਸੁਥਰਾ ਹੋ ਗਿਆ।''
ਜੀਤਾ ਸ਼ਰਮਿੰਦਾ ਹੋਇਆ ਸੜ ਭੁੱਜ ਕੇ ਅੰਦਰ ਜਾ ਕੇ ਧੜੱਮ ਕਰ ਕੇ ਮੰਜੀ ਤੇ ਪੈ ਗਿਆ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-094631-89432
083608-42861
email: gursharan1183@yahoo.in
ਪ੍ਰੇਰਨਾਦਾਇਕ ਲੇਖ : ਖ਼ੁਸ਼ੀ ਦਾ ਮੰਤਰ - ਗੁਰਸ਼ਰਨ ਸਿੰਘ ਕੁਮਾਰ
ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਹਰ ਮਨੁੱਖ ਦੀ ਅਭਿਲਾਸ਼ਾ ਹੁੰਦੀ ਹੈ ਤਾਂ ਕਿ ਉਹ ਸ਼ਾਤੀ ਪੂਰਕ ਜ਼ਿੰਦਗੀ ਬਸਰ ਕਰ ਸਕੇ। ਕਈ ਮਨੁੱਖ ਦੁਨਿਆਵੀਂ ਪਦਾਰਥਾਂ ਵਿਚੋਂ ਸੁੱਖ ਭਾਲਦੇ ਹਨ ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੀਆਂ ਮੁਢਲੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੁੰਦੀਆਂ ਹਨ। ਇਸ ਲਈ ਉਹ ਸਮਾਜਕ, ਆਰਥਿਕ ਤੌਰ ਤੇ ਉੱਚਾ ਉੱਠਣਾ ਚਾਹੁੰਦੇ ਹਨ ਤਾਂ ਕਿ ਉਹ ਦੂਜਿਆਂ ਦੀ ਨਜ਼ਰ ਵਿਚ ਜਾਣੇ-ਪਛਾਣੇ ਅਤੇ ਸਨਮਾਨੇ ਜਾ ਸਕਣ ਅਤੇ ਦੁਨੀਆਂ 'ਤੇ ਉਨ੍ਹਾਂ ਦਾ ਨਾਮ ਹੋਵੇ। ਇਸ ਨਾਲ ਹੀ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ ਪਰ ਇਹ ਖ਼ੁਸ਼ੀ ਸਦੀਵੀਂ ਖ਼ੁਸ਼ੀ ਨਹੀਂ ਹੁੰਦੀ। ਉਪਰੋਕਤ ਪਦਾਰਥਾਂ ਅਤੇ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਤਣਾਅ ਵਿਚ ਰਹਿ ਕੇ ਜਤਨ ਕਰਨੇ ਪੈਂਦੇ ਹਨ। ਇਸ ਲਈ ਉਨ੍ਹਾਂ ਦੀ ਅੰਦਰੂਨੀ ਖ਼ੁਸ਼ੀ ਰਫੂ ਚੱਕਰ ਹੋ ਜਾਂਦੀ ਹੈ। ਬੇਸ਼ੱਕ ਉਹ ਉੱਪਰ ਉੱਠਦੇ ਹਨ ਪਰ ਅਜਿਹੀ ਉੱਚਾਈ ਕਿਸ ਕੰਮ ਦੀ ਜਿਸ ਤੋਂ ਆਪਣੇ ਹੀ ਨਜ਼ਰ ਨਾ ਆਉਣ।
ਦੁਨਿਆਵੀ ਪਦਾਰਥਾਂ ਨੂੰ ਇਕੱਠੇ ਕਰਨ ਲਈ ਕਈ ਵਾਰੀ ਮਨੁੱਖ ਗ਼ਲਤ ਕੰਮ ਵੀ ਕਰ ਬੈਠਦਾ ਹੈ। ਉਹ ਦੂਜੇ ਦਾ ਹੱਕ ਵੀ ਮਾਰ ਬੈਠਦਾ ਹੈ ਜਾਂ ਕਾਨੂਨ ਦੀ ਉਲੰਘਣਾ ਕਰ ਬੈਠਦਾ ਹੈ। ਫਿਰ ਉਸ ਨੂੰ ਹਰ ਸਮੇਂ ਕਾਨੂੰਨ ਦੇ ਸ਼ਿਕੰਜੇ ਵਿਚ ਫਸਣ ਦਾ ਡਰ ਰਹਿੰਦਾ ਹੈ। ਹਰ ਗੁਨਾਹ ਦਾ ਮਨ 'ਤੇ ਭਾਰ ਹੁੰਦਾ ਹੈ। ਉਸ ਦੇ ਮਨ ਦੀ ਸ਼ਾਤੀ ਭੰਗ ਹੋ ਜਾਂਦੀ ਹੈ ਅਤੇ ਖ਼ੁਸ਼ੀ ਕਾਫੂਰ ਹੋ ਜਾਂਦੀ ਹੈ। ਉਹ ਇਨਸਾਨੀਅਤ ਦੇ ਉਲਟ ਕਈ ਪਾਪ ਵੀ ਕਰ ਬੈਠਦਾ ਹੈ। ਉਹ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ ਪਰ ਪ੍ਰਮਾਤਮਾ ਤਾਂ ਹਰ ਜਗ੍ਹਾ ਮੌਜੂਦ ਹੈ। ਮਨੁੱਖ ਦੇ ਪਾਪ ਪ੍ਰਮਾਤਮਾ ਦੀ ਨਜ਼ਰ ਤੋਂ ਬਚ ਨਹੀਂ ਸਕਦੇ।
ਜਿਉਂ ਜਿਉਂ ਮਨੁੱਖ ਨੂੰ ਦੁਨਿਆਵੀਂ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਜਾਂਦੀ ਹੈ ਤਿਉਂ ਤਿਉਂ ਉਸ ਅੰਦਰ ਹਉਮੈ ਵੀ ਵਧਦੀ ਜਾਦੀ ਹੈ। ਇਸ ਦੇ ਨਾਲ ਹੀ ਕਾਮ, ਕ੍ਰੋਧ, ਲੋਭ ਅਤੇ ਮੋਹ ਜਿਹੀਆਂ ਅਲਾਮਤਾਂ ਵੀ ਉਸ ਨੂੰ ਘੇਰ ਲੈਂਦੀਆਂ ਹਨ। ਜੇ ਅਸੀਂ ਸੋਚਦੇ ਹਾਂ ਕਿ ਸਾਡੇ ਚੰਗੇ ਕੰਮਾਂ ਦਾ ਫ਼ਲ ਸਾਨੂੰ ਮਿਲੇਗਾ ਤਾਂ ਸਾਨੂੰ ਆਪਣੇ ਮਨ ਵਿਚ ਇਹ ਵੀ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਮਾੜੇ ਕੰਮਾਂ ਦਾ ਫ਼ਲ ਵੀ ਇਕ ਦਿਨ ਜ਼ਰੂਰ ਸਾਡੇ ਕੋਲ ਪਰਤ ਕੇ ਵਾਪਸ ਆਵੇਗਾ। ਇਸ ਲਈ ਚੰਗਾ ਸੋਚੋ, ਚੰਗਾ ਕਰੋ ਅਤੇ ਚੰਗਾ ਬੋਲੋ। ਇੱਜ਼ਤ ਕਰੋ ਅਤੇ ਇੱਜ਼ਤ ਪਾਵੋ। ਦੂਸਰੇ ਪ੍ਰਤੀ ਵਫਾਦਾਰ ਰਹੋ। ਨਿੰਦਾ ਚੁਗਲੀ ਅਤੇ ਬੇਈਮਾਨੀ ਤੋਂ ਬਚੋ। ਕਰਮਯੋਗੀ ਵੀ ਕਹਿੰਦੇ ਹਨ ਕਿ ਬ੍ਰਹਿਮੰਡ ਵਿਚ ਕੋਈ ਵੱਖਰਾ ਸਵਰਗ ਜਾਂ ਨਰਕ ਨਹੀਂ। ਸਵਰਗ ਜਾਂ ਨਰਕ ਇਸ ਧਰਤੀ 'ਤੇ ਹੀ ਹੈ। ਸਾਡੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਨਾਲ ਦੇ ਨਾਲ ਇਸ ਧਰਤੀ 'ਤੇ ਹੀ ਹੋ ਜਾਂਦਾ ਹੈ। ਇਸ ਲਈ ਕੋਈ ਕੰਮ ਕਰਨ ਲੱਗੇ ਰੱਬ ਅਤੇ ਮੌਤ ਨੂੰ ਜ਼ਰੂਰ ਯਾਦ ਰੱਖੋ। ਭਲੇ ਕੰਮ ਕਰਨਾ ਬਹੁਤ ਚੰਗੀ ਗੱਲ ਹੈ। ਇਸ ਨਾਲ ਮਨ ਨੂੰ ਬਹੁਤ ਸ਼ਾਤੀ ਮਿਲਦੀ ਹੈ ਪਰ ਭਲੇ ਦਾ ਕੰਮ ਨਿਰਸੁਆਰਥ ਹੋ ਕੇ ਹੀ ਕਰਨਾ ਚਾਹੀਦਾ ਹੈ। ਨਿੱਜੀ ਸੁਆਰਥ ਲਈ ਕਿਸੇ ਦੀ ਜੀ ਹਜ਼ੂਰੀ ਕਰਨੀ ਚੰਗੀ ਨਹੀਂ। ਇਸੇ ਲਈ ਕਹਿੰਦੇ ਹਨ ਨੇਕੀ ਕਰ ਔਰ ਕੂਏਂ ਮੇਂ ਡਾਲ।
ਸਾਡੀਆਂ ਜ਼ਿਆਦਾ ਖਾਹਿਸ਼ਾਂ ਹੀ ਸਾਡੀ ਖ਼ੁਸ਼ੀ ਨੂੰ ਲੁੱਟ ਲੈਂਦੀਆਂ ਹਨ। ਸਾਡੀ ਇਕ ਖਾਹਿਸ਼ ਪੂਰੀ ਹੁੰਦੀ ਹੈ ਤਾਂ ਉਸੇ ਸਮੇਂ ਸਾਡੇ ਅੰਦਰ ਦੋ ਚਾਰ ਹੋਰ ਖਾਹਿਸ਼ਾਂ ਜਨਮ ਲੈ ਲੈਂਦੀਆਂ ਹਨ। ਇਸ ਲਈ ਜ਼ਿੰਦਗੀ ਵਿਚ ਜੋ ਮਿਲਿਆ ਹੈ ਉਸ ਨਾਲ ਸੰਤੁਸ਼ਟ ਰਹਿਣਾ ਸਿੱਖੋ। ਤੁਸੀਂ ਸਾਦੇ ਭੋਜਨ ਅਤੇ ਸਧਾਰਨ ਕੱਪੜਿਆਂ ਨਾਲ ਹੀ ਸਹਿਜ ਦੀ ਜ਼ਿੰਦਗੀ ਬਸਰ ਕਰ ਸਕਦੇ ਹੋ। ਜੋ ਭੋਜਨ ਮਿਲ ਜਾਏ ਉਸ ਨੂੰ ਪ੍ਰਮਾਤਮਾ ਦਾ ਪ੍ਰਸਾਦ ਸਮਝ ਕੇ ਛਕ ਲਉ ਅਤੇ ਉਸ ਦਾ ਸ਼ੁਕਰਾਨਾ ਕਰੋ। ਪਤਾ ਨਹੀਂ ਕੱਲ੍ਹ ਨੂੰ ਇਹ ਵੀ ਨਸੀਬ ਹੋਵੇ ਜਾਂ ਨਹੀਂ। ਜੋ ਜ਼ਿੰਦਗੀ ਤੁਸੀਂ ਅੱਜ ਜੀਅ ਰਹੇ ਹੋ, ਕਈ ਲੋਕ ਇਸ ਨੂੰ ਵੀ ਤਰਸਦੇ ਹਨ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹ ਕਦੋਂ ਰਾਜੇ ਨੂੰ ਰੰਕ ਬਣਾ ਦੇਵੇ ਅਤੇ ਰੰਕ ਨੂੰ ਰਾਜ ਕਰਾ ਦੇਵੇ।
ਜੇ ਕੋਈ ਅਣਹੋਣੀ ਘਟਣਾ ਵੀ ਵਾਪਰ ਜਾਏ ਤਾਂ ਵੀ ਪ੍ਰਮਾਤਮਾ ਦੇ ਭਾਣੇ ਵਿਚ ਰਹੋ ਕਿਉਂਕਿ ਉਸ ਦੇ ਹੁਕਮ ਨੂੰ ਨਾ ਹੀ ਤੁਸੀਂ ਟਾਲ ਸਕਦੇ ਹੋ ਅਤੇ ਨਾ ਹੀ ਬਦਲ ਸਕਦੇ ਹੋ। ਜੇ ਕਦੀ ਗ਼ਰੀਬੀ ਵੀ ਕੱਟਣੀ ਪੈ ਜਾਵੇ ਤਾਂ ਵੀ ਜ਼ਿੰਦਗੀ ਤੋਂ ਸੰਤੁਸ਼ਟ ਰਹੋ। ਅਧਿਆਪਕ ਹਮੇਸ਼ਾਂ ਹੁਸ਼ਿਆਰ ਵਿਦਿਆਰਥੀਆਂ ਨੂੰ ਹੀ ਮੁਸ਼ਕਲ ਇਮਤਿਹਾਨ ਵਿਚ ਪਾਉਂਦਾ ਹੈ ਤਾਂ ਕਿ ਉਹ ਹੋਰ ਹੁਸ਼ਿਆਰ ਬਣੇ।
ਦੂਸਰੇ ਕੋਲੋਂ ਕੋਈ ਵਸਤੂ ਲੈਣ ਦੀ ਇੱਛਾ ਮਨ ਵਿਚ ਨਾ ਰੱਖੋ। ਕਿਸੇ ਕੋਲੋਂ ਕੋਈ ਚੀਜ਼ ਲੈਣ ਦਾ ਆਨੰਦ ਥੋੜ੍ਹੇ ਸਮੇਂ ਦਾ ਹੀ ਹੁੰਦਾ ਹੈ ਪਰ ਕਿਸੇ ਨੂੰ ਕੁਝ ਦੇਣ ਦੀ ਖ਼ੁਸ਼ੀ ਲੰਮੇ ਸਮੇਂ ਦੀ ਹੁੰਦੀ ਹੈ। ਇਸ ਲਈ ਤੁਹਾਡਾ ਹੱਥ ਕਿਸੇ ਨੂੰ ਕੁਝ ਦੇਣ ਲਈ ਹੀ ਝੁਕਿਆ ਹੋਣਾ ਚਾਹੀਦਾ ਹੈ। ਹਰ ਮਨੁੱਖ ਆਪਣੇ ਅੰਦਰ ਇਕ ਆਤਮਾ ਲੈ ਕੇ ਪੈਦਾ ਹੁੰਦਾ ਹੈ। ਇਸ ਲਈ ਕੇਵਲ ਇਕ ਸਰੀਰ ਬਣ ਕਿ ਹੀ ਨਾ ਜੀਓ ਸਗੋਂ ਇਕ ਸ਼ਖਸੀਅਤ ਬਣ ਕਿ ਜੀਓ।
ਜੇ ਤੁਸੀਂ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਪਹਿਲਾਂ ਖੁਦ ਨੂੰ ਸੁਧਾਰੋ। ਆਪਣੀਆਂ ਮਾੜੀਆਂ ਆਦਤਾਂ ਨੂੰ ਤੁਰੰਤ ਛੱਡ ਦਿਓ ਅਤੇ ਚੰਗੀਆਂ ਆਦਤਾਂ ਨੂੰ ਅਪਣਾ ਲਓ। ਤੁਹਾਡੇ ਛੋਟੇ ਛੋਟੇ ਸੁਧਾਰ ਤੁਹਾਡੀ ਜ਼ਿੰਦਗੀ ਵਿਚ ਮਹਾਨ ਤਬਦੀਲੀ ਲਿਆ ਸਕਦੇ ਹਨ। ਜੇ ਜ਼ਿੰਦਗੀ ਵਿਚ ਤੁਹਾਡੇ ਕੋਲੋਂ ਕੋਈ ਗ਼ਲਤੀ ਹੋ ਵੀ ਜਾਏ ਤਾਂ ਉਸ ਨੂੰ ਸਵੀਕਾਰ ਕਰਨ ਦਾ ਹੌਸਲਾ ਰੱਖੋ। ਜੋ ਮਨੁੱਖ ਆਪਣੀ ਗ਼ਲਤੀ ਸਵੀਕਾਰ ਨਹੀਂ ਕਰ ਸਕਦਾ, ਉਹ ਕਦੀ ਆਪਣਾ ਜੀਵਨ ਨਹੀਂ ਬਦਲ ਸਕਦਾ। ਸਮਾਜ ਵਿਚ ਬੰਦਾ ਜਿੰਨਾ ਝੁਕਦਾ ਹੈ ਉਸ ਦੀ ਸ਼ਖਸੀਅਤ ਓਨੀ ਹੀ ਉੱਪਰ ਉੱਠਦੀ ਹੈ। ਉਹ ਪਿਆਰ ਨਾਲ ਸਾਰੀ ਦੁਨੀਆਂ ਨੂੰ ਵੀ ਝੁਕਾ ਸਕਦਾ ਹੈ। ਕਿਸੇ ਨੂੰ ਦੁੱਖ ਦੇ ਕੇ ਆਪਣੀ ਖ਼ੁਸ਼ੀ ਦੀ ਦੁਆ ਨਾ ਕਰੋ। ਅਜਿਹੀਆਂ ਦੁਆਵਾਂ ਕਦੀ ਪ੍ਰਵਾਨ ਨਹੀਂ ਹੁੰਦੀਆਂ।ਦੂਜੇ ਦਾ ਹੱਕ ਮਾਰ ਕੇ ਜਾਂ ਕਾਨੂੰਨ ਤੋੜ ਕੇ ਜਾਂ ਫਿਰ ਮਨੁੱਖਤਾ ਦੇ ਧਰਮ ਨੂੰ ਅਣਗੋਲਿਆਂ ਕਰ ਕੇ ਤੁਸੀਂ ਕਦੀ ਖ਼ੁਸ਼ ਨਹੀਂ ਰਹਿ ਸਕਦੇ। ਜੇ ਤੁਸੀਂ ਦੇਸ਼ ਦੇ ਕਾਨੂੰਨ ਅਤੇ ਕੁਦਰਤ ਦੇ ਨਿਯਮਾਂ ਦਾ ਪਾਲਣ ਕਰੋਗੇ ਤਾਂ ਨਿਡਰ ਹੋ ਕੇ ਬਾਦਸ਼ਾਹਾਂ ਦੀ ਤਰ੍ਹਾਂ ਜ਼ਿੰਦਗੀ ਜੀਉਗੇ ਅਤੇ ਸਦਾ ਖ਼ੁਸ਼ ਰਹੋਗੇ।
ਖ਼ੁਸ਼ੀ ਦਾ ਸਭ ਤੋਂ ਵੱਡਾ ਮੰਤਰ ਮਨ ਦੀ ਸੰਤੁਸ਼ਟੀ ਹੈ। ਕੁਦਰਤ ਨੇ ਜੋ ਤੁਹਾਨੂੰ ਦਿੱਤਾ ਹੈ ਉਹ ਤੁਹਾਡਾ ਨਸੀਬ ਹੈ। ਜੇ ਤੁਸੀਂ ਆਪਣੇ ਨਸੀਬ 'ਤੇ ਖ਼ੁਸ਼ ਰਹੋਗੇ ਤਾਂ ਹੀ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ। ਦੂਸਰਿਆਂ ਦੀ ਦੌਲਤ ਅਤੇ ਰੁਤਬੇ ਨੂੰ ਦੇਖ ਕੇ ਝੂਰਦੇ ਰਹੋਗੇ ਤਾਂ ਤੁਸੀ ਕਦੀ ਖ਼ੁਸ਼ ਨਹੀਂ ਰਹੋਗੇ। ਸਬਰ ਕਰੋ।ਜੇ ਤੁਸੀਂ ਆਰਥਕ ਤੋਰ ਤੇ ਖ਼ੁਸ਼ਹਾਲ ਹੋਣਾ ਚਾਹੁੰਦੇ ਹੋ ਤਾਂ ਹੋਰ ਮਿਹਨਤ ਕਰੋ। ਮਿਹਨਤ ਦੇ ਪਸੀਨੇ ਨਾਲ ਤੁਸੀਂ ਆਪਣੀ ਬਦਨਸੀਬੀ ਨੂੰ ਖ਼ੁਸ਼ਨਸੀਬੀ ਵਿਚ ਬਦਲ ਸਕਦੇ ਹੋ। ਸਖਤ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਹੱਕ ਹਲਾਲ ਦੀ ਕਮਾਈ ਨਾਲ ਧਨ ਕਮਾਉਣ ਵਿਚ ਕੋਈ ਬੁਰਾਈ ਨਹੀਂ। ਫਿਰ ਵੀ ਤੁਹਾਡੇ ਪੈਰ ਧਰਤੀ ਤੇ ਜੁੜੇ ਹੋਣੇ ਚਾਹੀਦੇ ਹਨ।ਲੋਕ ਕਹਿੰਦੇ ਹਨ ਕਿ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ। ਪਰ ਔਖੇ ਸਮੇਂ ਜਦ ਸਾਰੇ ਸਾਥ ਛੱਡ ਜਾਂਦੇ ਹਨ ਤਾਂ ਕੇਵਲ ਪ੍ਰਮਾਤਮਾ ਦਾ ਸਹਾਰਾ ਹੀ ਨਜ਼ਰ ਆਉਂਦਾ ਹੈ।ਨਿਰਬਲ ਦਾ ਬਲ ਵੀ ਪ੍ਰਮਾਤਮਾ ਹੀ ਹੁੰਦਾ ਹੈ।
ਖ਼ੁਸ਼ੀ ਕੋਈ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਬਾਹਰ ਤੋਂ ਮਿਲਣ ਵਾਲੀ ਖ਼ੁਸ਼ੀ ਥੋੜ੍ਹੇ ਚਿਰ ਦੀ ਹੀ ਹੁੰਦੀ ਹੈ। ਖ਼ੁਸ਼ੀ ਹਾਸਲ ਕਰਨ ਲਈ ਪਹਿਲਾਂ ਦੂਜੇ ਨੂੰ ਖ਼ੁਸ਼ੀ ਵੰਡਣੀ ਪੈਂਦੀ ਹੈ। ਦੂਸਰੇ ਨੂੰ ਖ਼ੁਸ਼ੀ ਦੇਣਾ ਹੀ ਖ਼ੁਸ਼ੀ ਹਾਸਲ ਕਰਨ ਦਾ ਅਧਾਰ ਹੈ। ਖ਼ੁਸ਼ੀ ਦੇ ਬੀਜ਼ ਪਹਿਲਾਂ ਦੂਸਰੇ ਦੇ ਦਿਲਾਂ 'ਚ ਬੀਜਣੇ ਪੈਂਦੇ ਹਨ। ਉਹ ਬੀਜ਼ ਅੰਦਰ ਫੁੱਟਦੇ ਹਨ ਅਤੇ ਸਮਾਂ ਪਾ ਕੇ ਵੱਡੇ ਹੁੰਦੇ ਹਨ। ਫਿਰ ਗੁਲਦਸਤਾ ਬਣ ਕੇ ਤੁਹਾਡੇ ਕੋਲ ਵਾਪਸ ਆਉਂਦੇ ਹਨ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
email: : gursharan1183@yahoo.in
ਜਨਮ ਜਨਮ ਦਾ ਸਾਥ - ਗੁਰਸ਼ਰਨ ਸਿੰਘ ਕੁਮਾਰ
ਕਈ ਲੋਕ ਪਤੀ ਪਤਨੀ ਦੇ ਰਿਸ਼ਤੇ ਨੂੰ ਜਨਮ ਜਨਮ ਦਾ ਸਾਥ ਕਹਿੰਦੇ ਹਨ ਪਰ ਮਨੁੱਖ ਵਿਚ ਏਨੀ ਦਿਬ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਪਿਛਲੇ ਜਾਂ ਅਗਲੇ ਜਨਮ ਬਾਰੇ ਸੱਚ ਹੀ ਕੁਝ ਜਾਣ ਸਕੇ। ਫਿਰ ਵੀ ਜੇ ਅਸੀਂ ਆਪਣੇ ਇਸ ਜਨਮ ਦੇ ਰਿਸ਼ਤੇ ਨੂੰ ਹੀ ਸੁਹਿਰਦਤਾ ਨਾਲ ਨਿਭਾ ਲਈਏ ਤਾਂ ਸਾਡਾ ਗ੍ਰਿਹਸਥ ਜੀਵਨ ਬਹੁਤ ਸ਼ਾਨਦਾਰ ਬਣ ਸਕਦਾ ਹੈ। ਪਤੀ ਪਤਨੀ ਦਾ ਰਿਸ਼ਤਾ ਦੋ ਆਤਮਾਵਾਂ ਦਾ ਮਿਲਣ ਹੁੰਦਾ ਹੈ। ਇਸ ਰਿਸ਼ਤੇ ਨੂੰ ਸਮਾਜ ਅਤੇ ਕਾਨੂਨ ਦੀ ਪਰਵਾਨਗੀ ਵੀ ਹਾਸਲ ਹੁੰਦੀ ਹੈ। ਇਸ ਰਿਸ਼ਤੇ ਨਾਲ ਹੀ ਕੁਦਰਤ ਦੀ ਗਤੀ ਅੱਗੇ ਚੱਲਦੀ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਵਿਚ ਸਰੀਰਕ ਅਤੇ ਆਤਮਿਕ ਤੌਰ 'ਤੇ ਕੋਈ ਪਰਦਾ ਨਾ ਹੋਵੇ। ਜੇ ਇਸ ਰਿਸ਼ਤੇ ਵਿਚ ਕੋਈ ਪਰਦਾ ਜਾਂ ਭੇਦ ਭਾਵ ਆ ਜਾਏ ਤਾਂ ਰਿਸ਼ਤੇ ਵਿਚ ਦਰਾਰ ਆ ਜਾਂਦੀ ਹੈ। ਇਕ ਦੂਜੇ ਪ੍ਰਤੀ ਸ਼ੱਕ ਪੈਦਾ ਹੋ ਜਾਂਦਾ ਹੈ ਅਤੇ ਘਰ ਵਿਚ ਨਿੱਤ ਦਾ ਕਲੇਸ਼ ਰਹਿੰਦਾ ਹੈ ਜੋ ਹੌਲੀ ਹੌਲੀ ਵਧਦਾ ਹੀ ਰਹਿੰਦਾ ਹੈ।
ਪਤੀ ਪਤਨੀ ਦਾ ਪਵਿਤਰ ਰਿਸ਼ਤਾ ਪਿਆਰ ਅਤੇ ਤਿਆਗ ਦੀਆਂ ਬਹੁਤ ਹੀ ਸੂਖਮ ਤੰਦਾਂ ਤੇ ਟਿਕਿਆ ਹੁੰਦਾ ਹੈ ਜਿਸ ਨੂੰ ਨਿਭਾਉਣ ਲਈ ਬਹੁਤ ਹੀ ਸਾਵਧਾਨੀ ਦੀ ਲੋੜ ਹੁੰਦੀ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਕਾਮਯਾਬੀ ਲਈ ਕੋਈ ਪੱਕੀ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ। ਕੋਈ ਅਸੂਲ ਜਾਂ ਹਾਲਾਤ ਐਸੇ ਨਹੀਂ ਬਣਾਏ ਜਾ ਸਕਦੇ ਜੋ ਸਭ ਜੋੜਿਆਂ 'ਤੇ ਇਕੋ ਜਿਹੇ ਲਾਗੂ ਕੀਤੇ ਜਾ ਸਕਣ ਅਤੇ ਉਨ੍ਹਾਂ ਦੇ ਨਤੀਜੇ ਵੀ ਇਕੋ ਜਿਹੇ ਹੀ ਨਿਕਲਣ। ਇਹ ਤਾਂ ਆਪਸੀ ਸੂਝ ਬੂਝ, ਸਿਆਣਪ, ਸਹਿਯੋਗ ਅਤੇ ਸਹਿਣਸ਼ੀਲਤਾ ਨਾਲ ਹੀ ਸਫ਼ਲ ਹੁੰਦੇ ਹਨ। ਹਰ ਮਨੁੱਖ ਦੀ ਪਸੰਦ ਅਤੇ ਬੁੱਧੀ ਅਲੱਗ ਅਲੱਗ ਹੁੰਦੀ ਹੈ। ਹਰ ਇਕ ਦੀਆਂ ਸੂਖਮ ਭਾਵਨਾਵਾਂ ਅਤੇ ਕੁਰਬਾਨੀ ਦਾ ਜਜ਼ਬਾ ਅਲੱਗ ਹੁੰਦਾ ਹੈ। ਇਸ ਤੋਂ ਇਲਾਵਾ ਇਕ ਦੂਜੇ ਨੂੰ ਸਮਝਣ ਦੀ ਅਤੇ ਆਪਣੇ ਆਪ ਨੂੰ ਦੂਸਰੇ ਮੁਤਾਬਕ ਢਾਲਣ ਦੀ ਪਰਵਿਰਤੀ ਵੀ ਅਲੱਗ ਅਲੱਗ ਹੁੰਦੀ ਹੈ। ਫਿਰ ਹਰ ਪਰਿਵਾਰ ਦਾ ਮਾਹੌਲ ਵੱਖੋ ਵੱਖਰਾ ਹੁੰਦਾ ਹੈ। ਪਤੀ ਪਤਨੀ ਦੇ ਰਿਸ਼ਤੇਦਾਰ ਵੀ ਉਨ੍ਹਾਂ ਨਾਲ ਅਲੱਗ ਅਲੱਗ ਤਰ੍ਹਾਂ ਨਾਲ ਵਿਉਹਾਰ ਕਰਦੇ ਹਨ ਜੋ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਤੇ ਬਹੁਤ ਗ਼ਹਿਰਾ ਪ੍ਰਭਾਵ ਪਾਉਂਦਾ ਹੈ। ਪਤੀ ਪਤਨੀ ਦੇ ਮੁਢਲੇ ਸੰਸਕਾਰ ਵੀ ਉਨ੍ਹਾਂ ਦੇ ਰਿਸ਼ਤਿਆਂ ਤੇ ਅਸਰ ਪਾਉਂਦੇ ਹਨ।
ਪਤੀ ਪਤਨੀ ਦਾ ਆਪਸੀ ਸਬੰਧ ਬਹੁਤ ਹੀ ਨਾਜ਼ੁਕ ਅਤੇ ਗੁਪਤ ਹੁੰਦਾ ਹੈ ਜਿਸ ਦਾ ਜਿਕਰ ਦੂਜੇ ਬੰਦੇ ਅੱਗੇ ਨਹੀਂ ਕੀਤਾ ਜਾਣਾ ਚਾਹੀਦਾ। ਇਸ ਲਈ ਆਪਸੀ ਛੋਟੀ ਛੋਟੀ ਗੱਲ ਨੂੰ ਕਿਸੇ ਤੀਸਰੇ ਬੰਦੇ ਅੱਗੇ ਜ਼ਾਹਿਰ ਨਹੀਂ ਕਰਨਾ ਚਾਹੀਦਾ। ਆਪਣੇ ਜੀਵਨ ਸਾਥੀ ਦੀ ਬੁਰਾਈ ਕਿਸੇ ਸਾਹਮਣੇ ਨਹੀਂ ਕਰਨੀ ਚਾਹੀਦੀ। ਗੱਲ ਤਾਂ ਕਹਿੰਦੀ ਹੈ-'ਤੂੰ ਮੈਨੂੰ ਮੂੰਹੋ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ'। ਤੀਸਰੇ ਬੰਦੇ ਦਾ ਦਖਲ ਪਤੀ ਪਤਨੀ ਦੇ ਸਬੰਧਾਂ ਵਿਚ ਦੂਰੀਆਂ ਪੈਦਾ ਕਰ ਦਿੰਦਾ ਹੈ।
ਜੀਵਨ ਸਾਥੀ ਦੀ ਕਿਸੇ ਗ਼ਲਤੀ ਨੂੰ ਬਾਰ ਬਾਰ ਦੁਹਰਾਉਣਾ ਜਾਂ ਕਿਸੇ ਆਪਸੀ ਅਣਸੁਖਾਵੀ ਘਟਨਾ ਦਾ ਬਾਰ ਬਾਰ ਜਿਕਰ ਕਰਨਾ ਵੀ ਠੀਕ ਨਹੀਂ। ਪ੍ਰਮਾਤਮਾ ਨੇ ਮਨੁੱਖ ਨੂੰ ਭੁੱਲਣ ਦੀ ਆਦਤ ਇਕ ਵਰਦਾਨ ਦੀ ਤਰ੍ਹਾਂ ਦਿੱਤੀ ਹੈ। ਇਸ ਨਾਲ ਆਪਸੀ ਤੱਲਖੀ ਲੰਮੀ ਨਹੀਂ ਖਿੱਚਦੀ। ਆਪਣੇ ਜੀਵਨ ਸਾਥੀ ਦੀਆਂ ਗ਼ਲਤੀਆਂ ਨੂੰ ਭੁੱਲਣ ਨਾਲ ਅਤੇ ਕੁਝ ਗੱਲਾਂ ਨੂੰ ਅਣਗੋਲਿਆਂ ਕਰਨ ਨਾਲ ਗ੍ਰਿਹਸਥ ਦੀ ਗੱਡੀ ਸਹਿਜ ਨਾਲ ਚੱਲਦੀ ਹੈ।
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਇਸ ਲਈ ਉਸ ਨੂੰ ਆਪਸੀ ਰਿਸ਼ਤਿਆਂ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਨੂੰ ਵੀ ਨਿਭਾਉਣਾ ਪੈਂਦਾ ਹੈ। ਇਨ੍ਹਾਂ ਸਮਾਜਿਕ ਰਿਸ਼ਤਿਆਂ ਨੂੰ ਇਸ ਤਰ੍ਹਾਂ ਨਿਭਾਓ ਕਿ ਤੁਹਾਡੇ ਪਤੀ ਪਤਨੀ ਦੇ ਆਪਸੀ ਰਿਸ਼ਤੇ ਸੁਹਿਰਦਤਾ ਪੂਰਨ ਬਣੇ ਰਹਿਣ। ਇਨ੍ਹਾਂ ਰਿਸ਼ਤਿਆਂ ਨੂੰ ਸੋਹਣੀ ਤਰ੍ਹਾਂ ਨਿਭਾਉਣ ਵਿਚ ਅੋਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਨੂੰਹ ਅਤੇ ਸੱਸ ਦੇ ਰਿਸ਼ਤੇ ਵਿਚ ਵੀ ਦੋਹਾਂ ਨੂੰ ਆਪਸੀ ਹਉਮੈ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਘਰ ਦਾ ਮਾਹੌਲ ਖ਼ੁਸ਼ਨੁਮਾ ਰਹੇ। ਪਤੀ ਪਤਨੀ ਦੇ ਆਪਸੀ ਰਿਸ਼ਤੇ ਤਿੜਕਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਜੇ ਪਤੀ ਪਤਨੀ ਦੋਵੇਂ ਕਮਾਊ ਹੋਣ ਤਾਂ ਤਾਂ ਆਪਣੀ ਕਮਾਈ ਅਲੱਗ ਅਲੱਗ ਰੱਖਣ ਨਾਲ ਵੀ ਫਿੱਕ ਪੈਦਾ ਹੋ ਜਾਂਦੀ ਹੈ। ਆਪਣੇ ਆਪ ਨੂੰ ਦੂਸਰੇ ਤੋਂ ਸਿਆਣਾ ਅਤੇ ਉੱਤਮ ਸਮਝਣਾ ਜਾਂ ਦੂਸਰੇ ਨੂੰ ਆਪਣੇ ਦਬਾ ਹੇਠ ਰੱਖਣ ਦੀ ਕੋਸ਼ਿਸ਼ ਕਰਨਾ ਜਾਂ ਇਹ ਸੋਚਣਾ ਕਿ ਘਰ ਵਿਚ ਹਰ ਸਮੇਂ ਮੇਰੀ ਹੀ ਹਕੂਮਤ ਚੱਲੇ ਅਤੇ ਮੇਰੀ ਹਰ ਗੱਲ ਮੰਨੀ ਜਾਏ ਵੀ ਗ਼ਲਤ ਹੈ। ਇਕ ਦੂਜੇ ਨਾਲ ਸਹਿਯੋਗ ਨਾ ਕਰਨਾ ਜਾਂ ਦੂਸਰੇ ਦੀ ਸਮੱਸਿਆ ਨੂੰ ਨਾ ਸਮਝਣਾ ਵੀ ਕਈ ਨਵੀਂਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਘਰ ਦੇ ਕੰਮਾਂ ਦੀ ਅਢੁਕਵੀਂ ਵੰਡ ਹੋਣਾ ਵੀ ਸ਼ੀਤ ਯੁੱਧ ਨੂੰ ਸੱਦਾ ਦਿੰਦਾ ਹੈ। ਦੋਹਾਂ ਦਾ ਮਨ ਇਕ ਦੂਜੇ ਤੋਂ ਭਰ ਜਾਂਦਾ ਹੈ। ਘਰ ਵਿਚ ਕਲੇਸ਼ ਹੋਣ ਕਾਰਨ ਵੀ ਬੰਦਾ ਕਈ ਵਾਰੀ ਇਕ ਦੂਜੇ ਤੋਂ ਛੁਟਕਾਰਾ ਪਾਉਣ ਦੀ ਸੋਚਦਾ ਹੈ। ਕਈ ਵਾਰੀ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਤਲਾਕ ਇਸ ਸਮੱਸਿਆ ਦਾ ਹੱਲ ਨਹੀਂ। ਬੰਦਾ ਇਕੱਲਾ ਪੈ ਜਾਂਦਾ ਹੈ। ਲੋਕ ਤੁਹਾਡੀ ਫੁੱਟ ਦਾ ਤਮਾਸ਼ਾ ਦੇਖਦੇ ਹਨ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਸ ਨੂੰ ਕਈ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਘੇਰ ਲੈਂਦੀਆਂ ਹਨ। ਉਸ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਖ਼ੁਸ਼ੀਆਂ ਉੱਡ ਪੁੱਡ ਜਾਂਦੀਆਂ ਹਨ। ਉਹ ਇਕ ਸਰਾਪੀ ਜ਼ਿੰਦਗੀ ਭੋਗਣ ਲਈ ਮਜ਼ਬੂਰ ਹੋ ਜਾਂਦਾ ।ਮਨ ਨੂੰ ਮਾਰਨਾ ਪੈਂਦਾ ਹੈ ਅਤੇ ਖਾਹਿਸ਼ਾਂ ਦਾ ਗਲਾ ਘੁੱਟਣਾ ਪੈਂਦਾ ਹੈ।ਪਰਿਵਾਰ ਟੁੱਟ ਜਾਂਦੇ ਹਨ ਅਤੇ ਮਾਸੂਮ ਬੱਚਿਆਂ ਦਾ ਭਵਿੱਖ ਵੀ ਹਨੇਰਾ ਹੋ ਜਾਂਦਾ ਹੈ। ਇਸ ਲਈ ਜ਼ਰਾ ਸਹਿਣਸ਼ੀਲਤਾ ਤੋਂ ਕੰਮ ਲਉ ਅਤੇ ਅਜਿਹੀ ਸਥਿਤੀ ਨਾ ਪੈਦਾ ਹੋਣ ਦਿਓ।ਜੀਵਨ ਸਾਥੀ ਤੋਂ ਵਿਛੜਣ ਤੋਂ ਬਾਅਦ ਹੀ ਪਤਾ ਚੱਲਦਾ ਹੀ ਕਿ ਕਿਸੇ ਨੇ ਜ਼ਿੰਦਗੀ ਵਿਚ ਕੀ ਗਵਾਇਆ ਹੈ ਅਤੇ ਕੀ ਪਾਇਆ ਹੈ? ਦੂਜਾ ਵਿਆਹ ਕੋਈ ਆਸਾਨ ਨਹੀਂ ਹੁੰਦਾ। ਇਸੇ ਲਈ ਕਹਿੰਦੇ ਹਨ ਕਿ ਸ਼ਾਦੀ ਤਾਂ ਇਕੋ ਵਾਰੀ ਹੀ ਹੁੰਦੀ ਹੈ। ਦੂਜੀ ਵਾਰੀ ਤਾਂ ਸਮਝੋਤਾ ਹੀ ਹੁੰਦਾ ਹੈ। ਰਿਸ਼ਤੇ ਵੀ ਇਕੋ ਵਾਰੀ ਹੀ ਨਿਭਾਏ ਜਾਂਦੇ ਹਨ। ਦੂਜੀ ਵਾਰੀ ਤਾਂ ਬੇਮੇਲ ਜਾਂ ਦਾਗੀ ਰਿਸ਼ਤਾ ਹੀ ਮਿਲਦਾ ਹੈ।
ਆਪਣੇ ਘਰ ਤੋਂ ਬਾਹਰੋਂ ਪਿਆਰ ਅਤੇ ਵਫਾ ਦੀ ਉਮੀਦ ਰੱਖਣਾ ਵੀ ਪਾਪ ਹੈ ਅਤੇ ਜੀਵਨਸਾਥੀ ਨੂੰ ਧੋਖਾ ਦੇਣਾ ਹੀ ਹੈ। ਵਫਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੀ ਹੁੰਦਾ ਹੈ ਸਾਹਮਣੇ ਤਾਂ ਸਾਰੇ ਗੱਲਾਂ ਨਾਲ ਸੱਚੇ ਬਣ ਜਾਂਦੇ ਹਨ। ਕੋਈ ਵੀ ਗ਼ਲਤ ਕਦਮ ਚੁੱਕਣ ਦੀ ਬਜਾਏ ਥੋੜ੍ਹੀ ਸਿਆਣਪ ਤੋਂ ਕੰਮ ਲਓ। ਆਪਣੇ ਜੀਵਨ ਸਾਥੀ ਲਈ ਇਮਾਨਦਾਰ ਰਹੋ। ਇਹ ਹੀ ਕਾਮਯਾਬ ਜ਼ਿੰਦਗੀ ਦਾ ਅਧਾਰ ਹੈ। ਏਕੇ ਵਿਚ ਹੀ ਬਰਕਤ ਹੈ। ਜਦ ਤੱਕ ਪਤੀ ਪਤਨੀ ਆਪਸੀ ਗੱਲ ਬਾਹਰ ਨਹੀਂ ਕੱਢਦੇ ਤਦ ਤੱਕ ਕੋਈ ਤੀਸਰਾ ਬੰਦਾ ਉਨ੍ਹਾਂ ਵਲ ਉਂਗਲ ਨਹੀਂ ਉਠਾ ਸਕਦਾ।ਘਰ ਵਿਚ ਇੱਜ਼ਤ ਅਤੇ ਸ਼ਾਤੀ ਬਣੀ ਰਹਿੰਦੀ ਹੈ। ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਜੇ ਆਪਸ ਵਿਚ ਕੋਈ ਮਨ ਮੁਟਾਵ ਹੋ ਵੀ ਜਾਏ ਤਾਂ ਮਿਲ ਬੈਠ ਕੇ ਅਤੇ ਵੱਡਾ ਦਿਲ ਰੱਖ ਕੇ ਆਪਸੀ ਮਸਲੇ ਸੁਲਝਾ ਲਓ। ਆਪਣੀ ਗ੍ਰਿਹਸਥੀ ਨੂੰ ਨਾ ਟੁੱਟਣ ਦਿਓ।
ਨਿਭਾਉਣ ਵਾਲੇ ਤਾਂ ਕੰਡਿਆਂ ਨਾਲ ਵੀ ਨਿਭਾ ਹੀ ਲੈਂਦੇ ਹਨ।ਸਾਊ ਬੰਦੇ ਥੋੜ੍ਹਾ ਮੰਨ ਮਨਾ ਕੇ, ਥੋੜ੍ਹਾ ਅਣਦੇਖਿਆ ਕਰ ਕੇ ਅਤੇ ਥੋੜ੍ਹਾ ਬਰਦਾਸ਼ਤ ਕਰ ਕੇ ਨਿਭਾ ਹੀ ਲੈਂਦੇ ਹਨ ਪਰ ਪਰਿਵਾਰ ਨੂੰ ਟੁੱਟਣ ਨਹੀਂ ਦਿੰਦੇ। ਗ੍ਰਿਹਸਥੀ ਜੀਵਨ ਨੂੰ ਪਤੀ ਪਤਨੀ ਨੇ ਰਲ ਕੇ ਹੀ ਕਾਮਯਾਬ ਬਣਾਉਣਾ ਹੁੰਦਾ ਹੈ। ਅਜਿਹੇ ਘਰਾਂ ਵਿਚ ਬੱਚਿਆਂ ਨੂੰ ਪਿਆਰ ਅਤੇ ਬਜ਼ੁਰਗਾਂ ਨੂੰ ਸਤਿਕਾਰ ਮਿਲਦਾ ਹੈ। ਉੱਥੇ ਬਜ਼ੁਰਗ ਮੁਸਕਰਾਉਂਦੇ ਹੋਏ ਮਿਲਦੇ ਹਨ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਹਨ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਰ ਇਨਸਾਨ ਦਾ ਸੁਭਾਅ ਵੱਖੋ ਵੱਖਰਾ ਹੁੰਦਾ ਹੈ। ਜਿੱਥੇ ਹਰ ਮਨੁੱਖ ਵਿਚ ਕੋਈ ਨਾ ਕੋਈ ਗੁਣ ਹੁੰਦਾ ਹੈ ਉੱਥੇ ਉਸ ਵਿਚ ਕੋਈ ਨਾ ਕੋਈ ਕਮੀ ਵੀ ਹੁੰਦੀ ਹੈ। ਸਰਬ ਗੁਣ ਸੰਪਨ ਕੋਈ ਨਹੀਂ ਹੁੰਦਾ।ਜੇ ਅਸੀਂ ਆਪਣੇ ਜੀਵਨ ਸਾਥੀ ਨੂੰ ਉਸ ਦੇ ਗੁਣਾਂ ਅਤੇ ਅੋਗੁਣਾਂ ਸਮੇਤ ਹੀ ਸਵੀਕਾਰ ਕਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਖ਼ੁਸ਼ੀ ਅਤੇ ਖ਼ੇੜੇ ਭਰੀ ਹੋਵੇਗੀ ਅਤੇ ਸਾਨੂੰ ਇਹ ਕਹਿਣ ਵਿਚ ਮਾਣ ਹੋਵੇਗਾ ਕਿ ਸਾਡਾ ਜਨਮ ਜਨਮ ਦਾ ਸਾਥ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-094631-89432
email: gursharan1183@yahoo.in