ਲੋਹੜੀ ਵਾਲੇ ਦਿਨ - ਰਵੇਲ ਸਿੰਘ ਇਟਲੀ
ਜਦ ਵੀ ਆਵੇ ਲੋਹੜੀ ਦਾ ਦਿਨ,
ਬੱਚੇ ਲੋਹੜੀ ਮੰਗਣ ਜਾਣ,
ਉੱਚੀ ਉੱਚੀ ਕੂਕ ਸੁਣਾਣ।
ਦੁੱਲਾ ਭੱਟੀ ਯਾਦ ਕਰਾਣ।
ਸੀ ਇਹ ਦੁੱਲਾ ਭੱਟੀ ਕੌਣ,
ਜਿੱਸ ਨੇ ਨੇਕੀ ਖੱਟੀ ਕੌਣ,
ਏਡਾ ਵੀਰ ਬਹਾਦਰ ਕੌਣ,
ਜਿੱਸ ਨੂੰ ਮਿਲਿਆ ਆਦਰ ਕੌਣ,
ਜਿੱਸ ਦੀ ਸੀ ਸਰਦਾਰੀ ਕੌਣ,
ਵੱਡਾ ਪਰਉਪਕਾਰੀ ਕੌਣ,
ਸੁੰਦਰ ਮੁੰਦਰਨੀ ਸੀ ਕੌਣ,
ਧੀ ਧਿਆਣੀ ਸੀ ਇਹ ਕੌਣ,
ਕੁੜੀ ਦੇ ਮਾਪੇ ਮਾੜੇ ਕੌਣ,
ਵਿਆਹ ਕੇ ਬੰਨੇ ਚਾੜ੍ਹੇ ਕੌਣ,
ਜਿਨ੍ਹਾਂ ਦੀ ਧੀ ਵਿਆਹੀ ਕੌਣ,
ਰੋਂਦੀ ਡੋਲੇ ਪਾਈ ਕੌਣ,
ਸੇਰ ਸ਼ੱਕਰ ਪਾਈ ਕੌਣ,
ਕੁੜੀ ਨੂੰ ਗਲੇ ਲਗਾਈ ਕੌਣ,
ਕੁੜੀ ਨੂੰ ਵਿਆਹਵਣ ਵਾਲਾ ਕੌਣ,
ਸਾਥ ਨਿਭਾਵਣ ਵਾਲਾ ਕੌਣ,
ਕੁੜੀ ਦਾ ਸਾਲੂ ਪਾਟਾ ਕੌਣ,
ਕੁੜੀ ਦਾ ਜੀਵੇ ਚਾਚਾ ਕੌਣ।
ਚਾਚੇ ਚੂਰੀ ਕੁੱਟੀ ਕੌਣ,
ਜ਼ਿਮੀਂਦਾਰਾਂ ਲੁੱਟੀ ਕੌਣ,
ਜਿੱਸ ਨੇ ਗੀਤ ਬਨਾਇਆ ਕੌਣ,
ਬਾਲਾਂ ਘਰ ਘਰ ਗਾਇਆ ਕੌਣ,
ਜਿੱਸ ਨੇ ਭਾਰ ਵੰਡਾਇਆ ਕੌਣ,
ਕਿੱਥੋਂ ਚੱਲ ਕੇ ਆਇਆ ਕੌਣ,
ਜਿੱਸ ਨੇ ਲਿਖੀ ਕਹਾਣੀ ਕੌਣ,
ਭਰੀਏ ਉੱਸ ਦਾ ਪਾਣੀ ਕੌਣ,
ਜਿੱਸ ਨੇ ਮੁਗਲ ਵੰਗਾਰੇ ਕੌਣ,
ਇਹ ਗੱਲ ਜਾਣੋ ਸਾਰੇ ਕੌਣ,
ਜਿੱਸ ਦੀਆਂ ਵਾਰਾਂ ਬਣੀਆਂ ਕੌਣ,
ਜਾਣੇ ਸਾਰੀ ਦੁਨੀਆ, ਕੌਣ,
ਸੀ ਇਹ ਦੁੱਲਾ ਭੱਟੀ ਕੌਣ,
ਜਿੱਸ ਨੇ ਨੇਕੀ ਖੱਟੀ ਕੌਣ,
ਸੀ ਇਹ ਧਰਮੀ ਬੰਦਾ ਕੌਣ!
ਸੀ ਇਹ ਅਣਖੀ ਬੰਦਾ ਕੌਣ!
ਸਾਂਝਾਂ - ਰਵੇਲ ਸਿੰਘ ਇਟਲੀ
ਸਾਂਝੀ ਸੱਭ ਦੀ ਧਰਤੀ ਮਾਂ।
ਸਾਂਝੀ ਰੁੱਖਾਂ ਦੀ ਹੈ ਛਾਂ।
ਸਾਂਝੀਆਂ ਗਲੀਆਂ ਸਾਂਝੀਆਂ ਸੱਥਾਂ
ਸਾਂਝੀਆਂ ਕੰਧਾਂ, ਬੰਨੇ ਵੱਟਾਂ,
ਸਾਂਝੇ ਸੱਭ ਦੇ ਪਿੰਡ ਗ੍ਰਾਂ,
ਸਾਂਝਾ ਸੱਭ ਲਈ ਰੱਬ ਦਾ ਨਾਂ,
ਸਾਂਝੀਆਂ ਰੁੱਤਾਂ ਸਾਂਝੀਆਂ ਪੌਣਾਂ,
ਸਾਂਝੀਆਂ ਸੱਭ ਲਈ ਖੂਹ ਦੀਆਂ ਮੌਣਾਂ।
ਸਾਂਝੇ ਰਸਤੇ ਤੇ ਪਗਡੰਡੀਆਂ,
ਨਾ ਇਹ ਪੌਣਾਂ ਗਈਆਂ ਵੰਡੀਆਂ,
ਸਾਂਝਾਂ ਅੰਦਰ ਗੁੰਦੇ ਰਿਸ਼ਤੇ।
ਸਾਂਝਾਂ ਦਾ ਨਾ ਰੂਪ ਗਵਾਈਏ।
ਆਉ ਸਾਂਝਾਂ ਨੂੰ ਹੋਰ ਵਧਾਈਏ।
ਹੁੰਦੇ ਧੀਆਂ, ਪੁੱਤ ਬ੍ਰਾਬਰ,
ਸੱਭ ਨੂੰ ਦਈਏ ਇੱਕੋ ਆਦਰ।
ਨੱਚੀਏ ਟੱਪੀਏ ਭੰਗੜੇ ਪਾਈਏ,
ਬਾਲ ਲੋਹੜੀਆਂ,ਖੁਸ਼ੀ ਮਨਾਈਏ।
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਤੇ ਸ਼ਹਾਦਤ ਨੂੰ ਪ੍ਰਣਾਮ, ਲੇਖਕ ਅੱਲਾ ਯਾਰ ਖਾਂ ਜੋਗੀ ਅਤੇ ਕੁਝ ਹੋਰ ਮਹਾਨ ਕਲਮਾਂ ਨੂੰ ਸਲਾਮ
ਅੱਲਾ ਯਾਰ ਖਾਂ ਜੋਗੀ ਜੀ ਦਾ ਜਨਮ 1830 ਈਸਵੀ ਵਿੱਚ ਲਾਹੌਰ ਵਿੱਚ ਹੋਇਆ।ਆਪ ਪੇਸ਼ੇ ਵਜੋਂ ਹਕੀਮ ਸਨ, ਹਿਕਮਤ ਦੇ ਨਾਲ ਨਾਲ ਉਰਦੂ ਸ਼ਾਇਰੀ ਅਤੇ ਉਰਦੂ ਫਾਰਸੀ ਦਾ ਵੀ ਚੰਗਾ ਗਿਆਨ ਰੱਖਦੇ ਸਨ। ਉਨ੍ਹਾਂ ਦੀ ਰਹਾਇਸ਼ ਅਨਾਰ ਕਲੀ ਬਾਜ਼ਾਰ ਵਿੱਚ ਦੱਸੀ ਜਾਂਦੀ ਹੈ।ਆਪ ਬੜੇ ਖੁਲ੍ਹੇ ਵਿਚਾਰਾਂ ਵਾਲੇ ਅਤੇ ਸੱਚ ਦੇ ਹਾਮੀ ਅਤੇ ਸੱਚੇ ਸੁੱਚੇ ਨੇਕ ਇਨਸਾਨ ਸਨ।
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਸੱਚ ਲਈ, ਉਨ੍ਹਾਂ ਦੀਆਂ ਬੇਮਿਸਾਲ, ਮਹਾਨ ਕੁਰਬਾਨੀਆਂ ਕਰਕੇ ਉਨ੍ਹਾਂ ਦੀ ਤੇ ਅਥਾਹ ਸ਼ਰਧਾ ਸੀ।ਜੋ ਉਨ੍ਹਾਂ ਦੀ ਆਪਣੀ ਲਿਖੀ ਛੋਟੇ ਸਾਹਿਬ ਜ਼ਾਦਿਆਂ ਦੀ ਸ਼ਹੀਦੀ ਬਾਰੇ “ਸ਼ਹੀਦਾਨੇ ਵਫਾ” ਦੀ ਕਵਿਤਾ ਹੇਠ ਦਰਸਾਏ ਅਠਾਰਵੇਂ ਬੰਦ ਤੋਂ ਸਾਫ ਝਲਕਾਂ ਮਾਰਦੀ ਹੈ।
ਕਰਤਾਰ ਕੀ ਸੌਗੰਦ ਹੈ,ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬੰਦ ਕੀ ਤਾਰੀਫ ਵੁਹ ਕਮ ਹੈ।
ਹਰ ਚੰਦ ਮੇਰੇ ਹਾਥ ਮੈਂ ਪੁਰ ਜ਼ੋਰ ਕਲਮ ਹੈ।
ਸਤਗੁਰ ਕੇ ਲਿਖੂੰ ਵਸਬ, ਕਹਾਂ ਤਾਬੇ ਕਰਮ ਹੈ।
ਇਕ ਆਂਖ ਸੇ ਬੁਲਬੁਲਾ, ਕੁਲ ਬਹਿਰ ਕੋ ਦੇਖੇ।
ਸਾਹਿਲ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ।
ਬੰਦ 18ਵਾਂ (ਸ਼ਹੀਦਾਨੇ ਵਫਾ ਕ੍ਰਿਤ ਅੱਲਾ ਯਾਰ ਖਾਂ ਜੋਗੀ)
ਉਨ੍ਹਾਂ ਨੇ ਛੋਟੇ ਸਾਹਿਬ ਜ਼ਾਦਿਆਂ ਦਾ ਸਾਕਾ ਸਰਹੰਦ ਦੀ ਸ਼ਹਾਦਤ ਬਾਰੇ ਉਰਦੂ ਭਾਸ਼ਾ ਵਿੱਚ ਸ਼ਹੀਦਾਨੇ ਵਫਾ,1913 ਈਸਵੀ ਵਿਚ ਲਿਖਿਆ।ਜਿਸ ਦੇ ਕੁਲ 110 ਬੰਦ ਚਾਰ ਚਾਰ ਮਿਸਰਿਆਂ ਵਾਲੇ ਹਨ।ਫਿਰ ਦੂਜਾ ਮਰਸੀਆ ”ਗੰਜੇ ਸ਼ਹੀਦਾਂ” ਪੂਰੇ ਦੋ ਸਾਲ ਦੀ ਕਰੜੀ ਮੇਹਣਤ ਨਾਲ ਆਪਣੇ ਪ੍ਰਸ਼ੰਸਕਾਂ ਦੀ ਸਿਫਾਰਸ਼ ਤੇ ਪੁਰ ਜ਼ੋਰ ਮੰਗ ਤੇ ਉਨ੍ਹਾਂ 1915 ਵਿੱਚ ਲਿਖਿਆ ਜਿਸ ਦੇ 117 ਬੰਦ ਤਿੰਨ ਤਿੰਨ ਮਿਸਰਿਆਂ ਵਾਲੇ ਹਨ।ਸਤਾਰਵਾਂ ਤੇ ਅਖੀਰਲਾ ਬੰਦ ਜ਼ਰਾ ਲੰਬਾ ਤਾਂ ਹੈ ਪਰ ਜੋਗੀ ਜੀ ਕਿਵਤਾ ਦਾ ਇਹ ਬੰਦ ਉਨ੍ਹਾਂ ਦੀ ਸੋਚ ਉਡਾਰੀ ਦਾ ਸਿਖਰ ਹੀ ਕਿਹਾ ਜਾ ਸਕਦਾ ਹੈ।
ਚਮਕੌਰ ਦੀ ਗੜ੍ਹੀ ਦਾ ਇਤਹਾਸਕ ਧਰਮ ਯੁੱਧ ਜੋ ਅਨੰਦਰ ਪੁਰ ਨੂੰ ਛੱਡ ਕੇ ਗੜ੍ਹੀ ਚਮਕੌਰ ਵਿੱਚ ਸਾਹਿਬ ਜ਼ਾਦੇ ਅਜੀਤ ਸਿਘ ਅਤੇ ਜੁਝਾਰ ਸਿੰਘ ਤੇ ਚਾਲੀ ਸਿੰਘਾਂ ਦਾ ਹਜ਼ਾਰਾਂ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਜੰਗ ਦਾ ਹਾਲ ਆਪਣੀ ਮਨ ਨੂੰ ਟੁੰਬਣ ਵਾਲੀ ਕਵਿਤਾ ਰਾਹੀਂ ਲਿਖਿਆ, ਜੋ ਜੋਗੀ ਜੀ ਦੀ ਕਵਿਤਾ ਦੇ ਹੁਨਰ ਦਾ ਕਮਾਲ ਹੈ।ਜਿਸ ਦਾ ਪੂਰੀ ਤਰ੍ਹਾਂ ਬਿਆਨ ਕਰਨਾ ਬਹੁਤ ਮੁਸ਼ਕਲ ਕੰਮ ਹੈ।
ਇਹ ਦੋਵੇਂ ਮਰਸੀਏ ਹੀ ਜੋਗੀ ਜੀ ਦੇ ਸ਼ਾਹਕਾਰ ਕਹੇ ਜਾ ਸਕਦੇ ਹਨ। ਗੰਜੇ ਸ਼ਹੀਦਾਂ ਦੇ 117 ਵੇਂ ਅਖੀਰਲੇ ਬੰਦ ਬਾਰੇ ਲਿਖੇ ਬਿਨਾ ਉਨ੍ਹਾਂ ਬਾਰੇ ਲਿਖਿਆ ਮੇਰਾ ਲੇਖ ਅਧੂਰਾ ਰਹੇ ਗਾ।ਜੋ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਪਾਵਣ ਧਰਤੀ ਬਾਰੇ ਜੋਗੀ ਜੀ ਇਵੇਂ ਬਿਆਨ ਕਰਦੇ ਹਨ,
2
ਬਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਯੇ,
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਯੇ।
ਦਕਨ ਮੇਂ ਦੂਰ ਮਰਕਜ਼ ਹੈ,ਹਜ਼ੂਰ ਸਾਹਿਬ ਕਾ,
ਪਹੁੰਚਨਾ ਜਿਸ ਜਗ੍ਹਾ ਮੁਸ਼ਕਿਲ.ਹੈ ਮੈ-ਨਵਾ ਕੇ ਲੀਯੇ।
ਭਟਕਤੇ ਫਿਰਤੇ ਹੈ ਕਿਉਂ,ਹੱਜ ਕਰੇਂ ਯਹਾਂ ਆ ਕਰ,
ਯਿਹ ਕਾਬਾ ਖਾਸ ਹੈ ਹਰ ਇਕ ਖਾਲਸਾ ਕੇ ਲੀਯੇ।
ਜਹਾਂ ਵੁਹ ਲੇਟੇ ਹੈਂ ਸਤਲੁਜ ਮੇਂ ਜੋਸ਼ ਮੇਂ ਆ ਕਰ,
ਚਰਨ ਹਜ਼ੂਰ ਕੇ ਨਹਿਰੇਂ ਬਹਾ ਬਹਾ ਕੇ ਲੀਯੇ।
ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ,ਸਮਾਂ ਕੇ ਲੀਯੇ।
ਗੁਰੁ ਗੋਬਿੰਦ ਕੇ ਲਖਤੇ- ਜਿਗਰ,ਅਜੀਤ, ਜੂਝਾਰ,
ਫਲਕ ਪੇ ਏਕ, ਯਹਾਂ ਦੋ ਚਾਂਦ ਹੈਂ ਜ਼ਿਆ ਕੇ ਲੀਯੇ।
ਮਿਜ਼ਾਰ ਗੰਜੇ- ਏ-ਸ਼ਹੀਦਾਂ ਹੈ ਉਨ ਸ਼ਹੀਦੋਂ ਕਾ,
ਫਿਰਸ਼ਤੇ ਜਿਨ ਕੀ ਤਰਸਤੇ ਥੇ ਖਾਕੇ-ਪਾ ਕੇ ਲੀਯੇ।
ਉਠਾਏਂ ਆਂਖੋਂ ਸੇ ਆਕਰ ਯਹਾਂ ਕੀ ਮੱਟੀ ਕੋ,
ਜੋ ਖਾਕ ਛਾਨਤੇ ਫਿਰਤੇ ਹੈਂ ਕੀਮੀਯਾ ਕੇ ਲੀਯੇ।
ਯਿਹ ਹੈ ਵੁਹ ਜਾ ਜਹਾਂ,ਚਾਲੀਸ ਤਨ ਸ਼ਹੀਦ ਹੂਏ,
ਖਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਯੇ।
ਦਿਲਾਈ ਪੰਥ ਕੋ ਸਰ-ਬਾਜ਼ੀਓਂ ਨੇ ਸਰਦਾਰੀ,
ਬਰਾਇ ਕੌਮ ਯਿਹ ਰੁਤਬੇ,ਲਹੂ ਬਹਾ ਕੇ ਲੀਯੇ।
ਉਨ੍ਹਾਂ ਦੀ ਉਮਰ ਬਾਰੇ ਇਹ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ‘ ਸ਼ਹੀਦਾਨੇ ਵਫਾ’ ਲਿਖਿਆ ਉਦੋਂ ਉਨ੍ਹਾਂ ਦੀ ਉਮਰ ਉਨ੍ਹਾਂ ਦੇ ਜਨਮ ਵਰ੍ਹੇ ਦਾ ਖਿਆਲ ਕਰਦਿਆਂ ਲਗ ਪਗ 83 ਸਾਲ ਦੀ ਹੋਵੇ ਗੀ। ਅਤੇ ਇਸੇ ਤਰ੍ਹਾਂ ‘ਗੰਜੇ ਸ਼ਹੀਦਾਨ’ ਲਿਖਣ ਵੇਲੇ 85 ਵਰ੍ਹੇ ਦੀ ਹੋਵੇ ਗੀ।ਉਨ੍ਹਾਂ ਦੀ ਕਾਵਿ ਪਰਵਾਜ਼, ਪੁਰ ਜੋਸ਼, ਬਾ ਕਮਾਲ ਅਤੇ ਮਨਾਂ ਨੂੰ ਧੂਹਾਂ ਪਾਉਣ ਵਾਲੀ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੋਹਾਂ ਰਚਨਾਂਵਾਂ ਦੇ ਇਲਾਵਾ ਜੋਗੀ ਜੀ ਨੇ ਹੋਰ ਵੀ ਰਚਨਾਂਵਾਂ ਜ਼ਰੂਰ ਲਿਖੀਆਂ ਹੋਣਗੀਆਂ। ਜਿਨ੍ਹਾਂ ਨੂੰ ਖੋਜੀ ਵਿਦਵਾਨਾਂ ਨੂੰ ਖੋਜ ਕਰਕੇ ਕੇ ਪਾਠਕਾਂ ਸਾਮ੍ਹਣੇ ਲਿਆਉਣ ਦੀ ਵੀ ਜ਼ਰੂਰਤ ਹੈ।
ਮੈਂ ਉਨ੍ਹਾਂ ਨੂੰ ਇਸ ਉੱਚੇ ਪਾਇ ਦੀ ਕਵਿਤਾ ਲਿਖਣ ਲਈ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਪੇਸ਼ ਕਰਦਾ ਹਾਂ। ਆਸ ਕਰਦਾ ਹਾਂ ਕਿ ਪਾਠਕ ਉਨ੍ਹਾਂ ਦੇ ਉਪ੍ਰੋਕਤ ਦੋਵੇਂ ਮਹਾਨ ਰਚਨਾਂਵਾਂ ਨੂੰ ਪੜ੍ਹ ਕੇ ਅਨੰਦ ਮਾਣਦੇ ਰਹਿਣਗੇ।
ਆਫਰੀਨ ਅੱਲਾਯਾਰ ਖਾਂ ਜੋਗੀ ਆਫਰੀਨ
ਅੱਲਾ ਯਾਰ ਜੋਗੀ,ਅੱਲਾ ਯਾਰ ਯੋਗੀ।
ਤੂੰ ਸੀ ਸੱਚ ਨੂੰ ਕੀਤਾ ਪਿਆਰ ਜੋਗੀ।
ਬਾਜਾਂ ਵਾਲੇ ਨੇ ਰੱਖਿਆ ਹੱਥ ਸਿਰ ਤੇ,
ਤੇਰੀ ਕਲਮ ਨੂੰ ਮਿਲੀ ਰਫਤਾਰ ਜੋਗੀ।
ਗੁਣ ਹਿਕਮਤਾਂ ਦਾ ਸ਼ੌਕ,ਲਿਖਣ ਦਾ ਵੀ,
ਤੂੰ ਸੀ ਗੁਣਾਂ ਦਾ ਅਜਬ ਭੰਡਾਰ ਜੋਗੀ।
ਤੂੰ ਸੀ ਸੱਚ ਦੇ ਰਾਹ ਤੇ ਤੁਰਨ ਵਾਲਾ,
ਹਾਮੀ ਸੱਚ ਦਾ ਸੀ ਪਹਿਰੇ ਦਾਰ ਜੋਗੀ,
ਲਿਖ ਕੇ ਮਰਸੀਆ ਨਵੇਂ ਅੰਦਾਜ਼ ਅੰਦਰ,
ਦਿੱਤਾ ਸਾਹਿਤ ਨੂੰ ਨਵਾਂ ਸ਼ਿੰਗਾਰ ਜੋਗੀ।
ਤੇਰੀ ਚਾਲ ਵੱਖਰੀ,ਤੇਰੀ ਢਾਲ ਵੱਖਰੀ,
ਸੁਹਣੀ ਦਿੱਖ ਤੇ ਸ਼ਕਲ ਨੁਹਾਰ ਜੋਗੀ।
ਤੇਰੇ ਨਾਲ ਲਾਹੌਰ ਵੀ ਸੋਭਦਾ ਸੀ,
ਜਿਹੜੇ ਵਿੱਚ ਤੂੰ ਰਿਹਾ ਬਾਜ਼ਾਰ ਜੋਗੀ।
ਜਿੱਥੇ ਬੋਲਿਆ, ਕੀਲਿਆ ਸ੍ਰੋਤਿਆਂ ਨੂੰ,
ਰਹੇ ਸੋਭਦੇ ਭਰੇ ਕਵੀ ਦਰਬਾਰ ਜੋਗੀ।
ਦੋਵੇਂ ਮਰਸੀਏ ਲਿਖੇ ਵੈਰਾਗ ਅੰਦਰ,
ਤੇਰੇ ਬਣ ਗਏ ਦੋਵੇਂ ਸ਼ਾਹਕਾਰ ਜੋਗੀ।
ਜਦੋਂ ਪੜ੍ਹਾਂ ਤਾਂ ਨੈਣ ਨਾ ਰਹਿਣ ਕਾਬੂ,
ਵਹੇ ਹੰਝੂਆਂ ਦੀ ਬਣਕੇ ਧਾਰ ਜੋਗੀ।
ਤੇਰੇ ਅੱਖਰਾਂ ਵਿੱਚ ਤਾਸੀਰ ਢਾਡੀ,
ਤੇਰੀ ਕਲਮ ਤੋਂ ਜਾਂਵਾਂ ਬਲਿਹਾਰ ਜੋਗੀ।
ਕਿਵੇਂ ਮਾਂਜ ਕੇ, ਢਾਲ ਕੇ ਘੜੀ ਘਾੜਤ,
ਤੇਰੇ ਪਾਸ ਸੀ ਸ਼ਬਦ ਭੰਡਾਰ ਜੋਗੀ।
ਛੋਟੇ ਸਾਹਿਬ ਜ਼ਾਦੇ, ਜੇਰੇ ਵਾਂਗ ਪਰਬਤ,
ਜਦੋਂ ਪੜ੍ਹੇ ਕਿਧਰੇ ਪਹਿਲੀ ਵਾਰ ਜੋਗੀ।
ਕੰਬੀ ਰੂਹ ਤੇਰੀ,ਸੀਨਾ ਧੜਕਿਆ ਸੀ,
ਜਦੋਂ ਡਿੱਠੀ ਸਰਹੰਦ ਦੀਵਾਰ ਜੋਗੀ।
ਤੇਰੀ ਕਲਮ ਨੇ ਵੇਖ ਕੇ ਵੈਣ ਪਾਏ,
ਫਿਰ ਤੂੰ ਲਿਖੇ ਸੀ ਸੋਚ ਵਿਚਾਰ ਜੋਗੀ।
ਡੋਲੇ ਮੂਲ ਨਾ ਡਰੇ ਨਾ ਜਾਬਰਾਂ ਤੋਂ,
ਜਿੰਦਾਂ ਧਰਮ ਤੋਂ ਗਏ ਜੋ ਵਾਰ ਜੋਗੀ।
ਜਦ ਤੂੰ ਸੱਚ ਤੇ ਹੱਕ ਦੀ ਬਾਤ ਪਾਈ,
ਤੈਨੂੰ ਕਾਫਰ ਗਰਦਾਨਿਆ ਮੋਮਨਾਂ ਨੇ।
ਤੈਨੂੰ ਛੇਕ ਦਿੱਤਾ ਅਪਨੇ ਧਰਮ ਵਿੱਚੋਂ,
ਮੰਦਾ ਸਮਝ ਦੀਵਾਨਿਆਂ ਮੋਮਨਾਂ ਨੇ।
ਤੇਰੀ ਸੋਚ ਨਾ ਉਨ੍ਹਾਂ ਨੂੰ ਰਾਸ ਆਈ,
ਗਲਤ ਸਮਝ ਅਣਜਾਣਿਆਂ ਮੋਮਨਾਂ ਨੇ।
ਪੰਥ ਖਾਲਸੇ ਨੇ ਸੀਨੇ ਨਾਲ ਲਾਇਆ ਸੀ,
ਧਰਮ ਕਰਮ ਨਿਭਾਉਣਿਆਂ ਮੋਮਨਾਂ ਨੇ।
ਨਿੱਕੀ ਉਮਰ ਸ਼ਹਾਦਤਾਂ ਵੱਡੀਆਂ ਸਨ,
ਪੜ੍ਹ ਕੇ ਜਿਨ੍ਹਾਂ ਨੂੰ ਤੂੰ ਹੈਰਾਨ ਹੋਇਆ।
ਖੁੱਭ ਕੇ ਸੋਚ ਅੰਦਰ ਕਲਮ ਫੜੀ ਐਸੀ,
ਦਸਮ ਪਿਤਾ ਡਾਢਾ ਮਿਹਰਬਾਨ ਹੋਇਆ।
ਇਵੇਂ ਜਾਪਦਾ ਹੈ ਜਦੋਂ ਇਹ ਕਹਿਰ ਹੋਇਆ,
ਭਾਣਾ ਵਰਤਿਆ,ਜ਼ਿਮੀਂ ਅਸਮਾਨ ਰੋਇਆ।
ਚਿਣੀ ਜਾ ਰਹੀ ਕੰਧ ਸਰਹੰਦ ਜਦ ਸੀ,
ਹੱਕ, ਸੱਚ, ਇਨਸਾਫ ਦਾ ਘਾਣ ਹੋਇਆ।
ਤੇਰੀ ਕਲਮ ਕੰਬੀ, ਨਾਲੇ ਰੂਹ ਤੜਫੀ,
ਤੇਰੀ ਕਲਮ ਨੇ ਕੀਰਨੇ ਪਾਏ ਲੱਖਾਂ।
ਨਾ ਉਹ ਡਰੇ ਨਾ ਜ਼ਰਾ ਘਬਰਾਏ ਯੋਧੇ,
ਬੇਸ਼ੱਕ ਜ਼ਾਲਮਾਂ ਜ਼ੋਰ ਲਗਾਏ ਲੱਖਾਂ।
ਜਿੰਦਾਂ ਨਿੱਕੀਆਂ,ਹੌਸਲੇ ਵਾਂਗ ਪਰਬਤ,
ਜ਼ੁਲਮ ਜਾਬਰਾਂ ਉਨ੍ਹਾਂ ਤੇ ਢਾਏ ਲੱਖਾਂ।
ਲਾਲ ਪਿਤਾ ਦਸ਼ਮੇਸ਼ ਦੇ ਰਹੇ ਸਾਬਤ,
ਦਿੱਤੇ ਕਈ ਲਾਲਚ ਚੋਗੇ ਪਾਏ ਲੱਖਾਂ।
ਤੇਰੀ ਕਲਮ ਦੇ ਹੁਨਰ ਤੋਂ ਜਾ ਸਦਕੇ,
ਜੋ ਤੂੰ ਕਲਮ ਦੇ ਜੌਹਰ ਵਿਖਾਏ ਲੱਖਾਂ।
ਕਦਰ ਹੀਰਿਆਂ ਦੀ ਹੁੰਦੀ ਜੌਹਰੀਆਂ ਨੂੰ,
ਬੜੀ ਪਾਰਖੂ ਦੀ ਤਿੱਖੀ ਅੱਖ ਹੁੰਦੀ।
ਮੱਛੀ ਪੱਥਰ ਨੂੰ ਚੱਟ ਕੇ ਮੁੜੇ ਬੇਸ਼ੱਕ,
ਐਪਰ ਪਾਣੀ ਤੂੰ ਕਦੇ ਨਹੀਂ ਵੱਖ ਹੁੰਦੀ।
ਦੁਨੀਆ ਯਾਦ ਕਰਦੀ ਸੂਰੇ ਯੋਧਿਆਂ ਨੂੰ,
ਐਪਰ ਕਾਇਰ ਦੀ ਕੀਮਤ ਨਹੀਂ ਕੱਖ ਹੁੰਦੀ।
ਤੇਰੀ ਕਲਮ ਨੂੰ ਕਰਾਂ ਸਲਾਮ ਜੋਗੀ,
ਤਲਖ ਤਜੁਰਬੇ, ਪੜ੍ਹਾਂ ਪ੍ਰਤੱਖ ਹੁੰਦੀ।
ਹੁਣ ਤੱਕ ਕਈ ਕਲਾਮ ਨੇ ਪੜ੍ਹੇ ਬੇਸ਼ਕ,
ਤੇਰਾ ਲਿਖਣ ਤੇ ਕਹਿਣ ਦਾ ਢੰਗ ਵੱਖਰਾ।
ਤੇਰੀ ਕਸਕ ਵੱਖਰੀ ਤੇਰੀ ਸੋਜ਼ ਵੱਖਰੀ,
ਤੇਰੇ ਲਿਖਣ ਤੇ ਕਹਿਣ ਦਾ ਰੰਗ ਵੱਖਰਾ।
ਤੇਰੇ ਅੱਖਰੀ ਕਾਫਿਲੇ ਤੁਰਨ ਵੱਖਰੇ,
ਤੇਰੀ ਸੋਚ ਵਿਚਾਰਾਂ ਦਾ ਸੰਗ ਵੱਖਰਾ।
ਤੇਰੀ ਰਮਜ਼,ਅਦਾ ਤੇ ਚੋਟ ਵੱਖਰੀ,
ਮੈਨੂੰ ਜਾਪਿਆ ਸ਼ਾਇਰ ਮਲੰਗ ਵੱਖਰਾ।
ਜਾਪੇ ਆਰਸੀ ਹੈ ਬੂਹੇ ਬਾਰੀਆਂ ਹਨ,
ਜਾਂ ਕੋਈ ਅਰਸ਼ ਹੈ ਨੂਰੀ ਸਿਤਾਰਿਆਂ ਦਾ।
ਭਰਿਆਂ ਕਿਵੇਂ ਤੂੰ ਜੋਸ਼ ਤੇ ਹੋਸ਼ ਅੰਦਰ,
ਅਜਬ ਰੰਗ ਸੀ ਜੰਗੀ ਨਜ਼ਾਰਿਆਂ ਦਾ।
ਕਿਵੇਂ ਰਹੇ ਖੁਦਾ ਦੀ ਰਜ਼ਾ ਅੰਦਰ,
ਲਿਖਿਆ ਮਰਸੀਆ ਰੱਬੀ ਪਿਆਰਿਆਂ ਦਾ।
ਕਿਵੇਂ ਜੂਝਿਆ ਖਾਲਸਾ ਧਰਮ ਬਦਲੇ.
ਹਾਲ ਦੱਸਿਆ ਗੁਰੂ ਦੁਲਾਰਿਆਂ ਦਾ।
ਪਹਿਲਾਂ ਲਿਖੀ ਸਰਹੰਦ ਦੀ ਵਾਰਤਾ ਤੂੰ,
ਲਾਲ ਗੁਰਾਂ ਦੇ ਧਰਮ ਦੀ ਸ਼ਾਨ ਜਿਹੜੇ।
ਹੋਏ ਧਰਮ ਦੇ ਲਈ ਕੁਰਬਾਣ ਜਿਹੜੇ।
ਚਿਣੇ ਗਏ ਸਰਹੰਦ ਦੀ ਕੰਧ ਅੰਦਰ,
ਮੰਨੀ ਈਨ ਨਾ, ਬੜੇ ਮਹਾਨ ਜਿਹੜੇ।
ਹਾਕਮ ਵੇਖ ਕੇ ਜਦੋਂ ਹੈਰਾਨ ਹੋਏ ਜਿਹੜੇ।
ਮੁਗਲ ਰਾਜ ਦੇ ਭਰੇ ਦਰਬਾਰ ਅੰਦਰ,
ਡੋਲੇ ਡਰੇ ਨਾ,ਪਰਬਤ ਸਮਾਨ ਜਿਹੜੇ।
ਜਦੋਂ ਗੜ੍ਹੀ ਚਮਕੌਰ ਦੀ ਗੱਲ ਛੇੜੀ,
ਲਿਖੀ ਜੰਗ, ਅਜੀਤ, ਜੁਝਾਰ ਦੀ ਤੂੰ,
ਕਿਵੇਂ ਲਾਲ ਦੋਵੇਂ ਝੂਜੇ ਜੰਗ ਅੰਦਰ,
ਬਿਜਲੀ ਵਾਂਗ ਸੀ ਚੱਲੀ ਤਲਵਾਰ ਦੀ ਤੂੰ।
ਤੇਰੀ ਕਲਮ ਨੇ ਕਿਵੇਂ ਇਨਸਾਫ ਕੀਤਾ.
ਕਿਵੇਂ ਧਰਮ ਦੇ ਯੁੱਧ ਲਲਕਾਰ ਦੀ ਤੂੰ।
ਕਿਵੇ ਸਿਫਤ ਕੀਤੀ, ਦਿਲੋਂ ਖਾਲਸੇ ਦੀ.
ਮੁਗਲ ਰਾਜ ਦਰਬਾਰ ਦੀ ਹਾਰ ਦੀ ਤੂੰ।
ਤੇਰੀ ਸੋਚ ਉੱਚੀ, ਮੇਰੀ ਸੋਚ ਨੀਵੀਂ,
ਕਰਦਾਂ ਤਨੋਂ ਤੇ ਮਨੋਂ ਸਤਿਕਾਰ ਜੋਗੀ।
ਤੇਰੇ ਸ਼ੇਅਰ ਨੇ ਵਾਂਗ ਮਸ਼ਾਲ ਬਲਦੇ,
ਤੇਰੀ ਕਲਮ ਤੋਂ ਜਾਂਵਾਂ ਬਲਿਹਾਰ ਜੋਗੀ।
ਦੀਵਾ ਸੂਰਜ ਦੇ ਸਾਮ੍ਹਣੇ ਬਾਲੀਏ ਕਿਉਂ,
ਮੈਂ ਪੜ੍ਹ ਕੇ ਸੋਚਦਾਂ ਹਾਂ, ਵਾਰੋ ਵਾਰ ਜੋਗੀ।
ਕਿੰਨਾ ਸਿੱਖੀ ਸਿਧਾਂਤਾਂ ਨੂੰ ਸਮਝਿਆ ਤੂੰ,
ਤੇਰੀ ਸੋਚ ਦਾ ਨਾ ਪਾਰਾ ਵਾਰ ਜੋਗੀ।
ਅੱਲਾ ਯਾਰ ਜੋਗੀ ਜੀ ਬਾਰੇ ਲਿਖਦਿਆਂ ਅਚਾਣਕ ਮੈਨੂੰ ਬਿਰਹੋਂ ਦੇ ਸੁਲਤਾਲ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਆ ਗਈ।ਜੋ ਮੇਰੇ ਜ਼ਿਲਾ ਗੁਰਦਾਸਪੁਰ ਦਾ ਹੀ ਜੰਮ ਪਲ਼ ਸੀ।ਉਸ ਨੇ ਪੜ੍ਹਾਈ ਬੇਰਿੰਗ ਕਾਲੇਜ ਬਟਾਲਾ ਤੋਂ ਕੀਤੀ।ਉਸ ਨੇ ਮੇਰੇ ਨਾਲ ਹੀ 1958 ਵਿੱਚ ਪਟਵਾਰ ਪਾਸ ਕੀਤੀ।ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਜੀ ਸਾਡੇ ਪਟਵਾਰ ਸਕੂਲ ਦੇ ਹੈਡ ਮਾਸਟਰ ਸਨ।ਉਨ੍ਹਾਂ ਨੇ ਕੁਝ ਕੁ ਮਹੀਨੇ ਪਟਵਾਰ ਵੀ ਕੀਤੀ।ਉਨ੍ਹਾਂ ਦੇ ਵੱਡਾ ਭਰਾ ਸ੍ਰੀ ਦੁਆਰਕਾ ਦਾਸ ਵੀ ਮੇਰੇ ਨਾਲ ਹੀ ਪਟਵਾਰ ਦੀ ਨੌਕਰੀ ਕਰਦਾ ਸੀ। ਤਹਿਸੀਲ ਬਟਾਲੇ ਵਿੱਚ ਸ਼ਿਵ ਦਾ ਪਟਵਾਰ ਹਲਕਾ ਵੀ ਮੇਰੇ ਨਾਲ ਲਗਵਾਂ ਸੀ।ਪਰ ਇਹ ਪਟਵਾਰ ਦੀ ਨੌਕਰੀ ਇਸ ਆਜ਼ਾਦ ਤਬੀਅਤ ਸ਼ਾਇਰ ਨੂੰ ਕਿੱਥੋਂ ਰਾਸ ਆਉਣੀ ਸੀ। ਪਰ ਉਸ ਦੀ ਸ਼ਾਇਰੀ ਦੀ ਲਗਨ ਉਸ ਦੇ ਨਾਲ ਹੀ ਨਿਭ ਗਈ।ਉਦੋਂ ਸਵ, ਸ. ਪਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ।ਇਸ ਸਮਾ ਸਟੇਜੀ ਕਵੀਆਂ ਦਾ ਸੀ।ਉਦੋਂ ਸ਼ਿਵ ਕੁਮਾਰ ਅਜੇ ਪੁੰਗਰਦਾ ਸ਼ਾਇਰ ਸੀ।ਬਟਾਲਾ ਪੰਜਾਬੀ ਕਵੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਮਰਹੂਮ ਬਰਕਤ ਰਾਮ ਯਮਨ,ਦੀਵਾਨ ਸਿੰਘ ਮਹਿਰਮ,ਗੋਪਾਲ ਦਾਸ ਗੋਪਾਲ ਜੋ ਨੇਤ੍ਰ ਹੀਣ ਸਨ। ਹਾਸ ਰੱਸ ਦੇ ਮੰਨੇ ਪ੍ਰਮੰਨੇ ਕਵੀ ਸਨ।ਜਸਵੰਤ ਸਿੰਘ ਰਾਹੀ, ਬਲਵੰਤ ਸਿੰਘ ਜੋਸ਼, ਜਿਨ੍ਹਾਂ ਦੇ ਨਾਵਾਂ ਦੀ ਲੜੀ ਬਹੁਤ ਲੰਮੀ ਹੈ।ਬਟਾਲਾ ਵਿਖੇ ਛੋਟੇ ਵੱਡੇ ਕਵੀ ਦਰਬਾਰ ਤਾਂ ਆਮ ਹੋਇਆ ਕਰਦੇ ਸਨ ਪਰ ਬਾਬੇ ਨਾਨਕ ਦੇ ਵਿਆਹ ਪੁਰਬ ਤੇ ਬੜੀਆਂ ਰੌਣਕਾਂ ਦੇ ਨਾਲ ਦਸਹਿਰਾ ਗ੍ਰਾਉਂਡ ਵਿੱਚ ਹਰ ਸਾਲ ਕਵੀ ਦਰਬਾਰ ਵੀ ਸਜਾਇਆ ਜਾਂਦਾ ਸੀ ਇਕ ਵੇਰਾਂ ਸਾਲ 1960 ਦੇ ਨੇੜੇ ਤੇੜੇ ਮੂਨੂੰ ਇਹ ਕਵੀ ਦਰਬਾਰ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ।ਜਦੋਂ ਮੈਂ ਸ਼ਿਵ ਬਟਾਲਵੀ ਨੂੰ ਸੁਣਿਆ।
ਇਹ ਗੀਤ ਜਦੋਂ ਗੁਰੂ ਨਾਨਕ ਜੀ ਜਦ ਕਾਫੀ ਦਿਨਾਂ ਤੋਂ ਵੇਈਂ ਨਦੀ ਤੋਂ ਇਸ਼ਨਾਨ ਕਰਕੇ ਵਾਪਸ ਨਹੀਂ ਪਰਤੇ ਬੇਬੇ ਨਾਨਕੀ ਦੀਆਂ ਗੁਆਂਢਣਾਂ ਜਦੋਂ ਬੇਬੇ ਨਾਨਕੀ ਨੂੰ ਕਹਿੰਦੀਆਂ ਹਨ ਕਿ ਭੈਣ ਨਾਨਕੀ ਤੇਰਾ ਵੀਰ ਵੇਈਂ ਤੇ ਜਾ ਕੇ ਘਰ ਵਾਪਸ ਨਹੀਂ ਮੁੜਿਆ ਕਿਤੇ ਉਹ ਵੇਈਂ ਵਿੱਚ ਡੁਬ ਹੀ ਨਾ ਗਿਆ ਹੋਵੇ ਤਾਂ ਇਸ ਦੇ ਉੱਤਰ ਵਜੋਂ ਤਿਆਰ ਕੀਤਾ ਗੀਤ ਸਟੇਜ ਤੇ ਗਾਇਆ ਜਿਸ ਦੇ ਬੋਲ ਹਨ,” ਸਈਓ ਨੀ ਉਹ ਡੁੱਬ ਨਹੀਂ ਸਕਦਾ,ਉਹ ਤਾਂ ਜਗਤਾ ਤਰਾਵਣ ਹਾਰਾ” ਤਾਂ ਸ੍ਰੋਤਿਆਂ ਦੀਆਂ ਅੱਖਾਂ ਹੰਜੂਆਂ ਨਾਲ ਤਰ ਹੋ ਗਈਆਂ।
ਇਕ ਵੇਰ ਸ਼ਿੜ ਬਟਾਲਵੀ ਦੇ ਕਿਸੇ ਮਿੱਤਰ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੁਹਣ ਲਿਖਦਾ ਹੈਂ ਕੁਝ ਗੁਰੂ ਗੋਬਿੰਦ ਸੀੰਘ ਜੀ ਬਾਰੇ ਵੀ ਲਿਖ।ਸ਼ਿਵ ਬਟਾਲਵੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਮੈਂ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖ ਸਕਾਂ ਪਰ ਇੱਕ ਆਰਤੀ ਜ਼ਰੂਰ ਲਿਖੀ ਹੈ। ਜੋ ਇਸ ਤਰ੍ਹਾਂ ਹੈ।
ਮੈਂ ਕਿਸ ਹੰਝੂਆਂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਂਵਾਂ।
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਂਵਾਂ।
ਜੋ ਤੈਨੂੰ ਕਰਨ ਭੇਟਾ ਤੇਰੇ ਦੂਆਰ ਤੇ ਆਂਵਾਂ।
ਮੇਰਾ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ।
ਜੋ ਆਪਣੇ ਸੋਹਲ ਬੱਚੇ ਨੀਹਾਂ ਵਿੱਚ ਚਿਣਾ ਆਵੇ।
ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ।
ਜੋ ਲੁੱਟ ਜਾਵੇ ਤੇ ਯਾਰੜੇ ਦੇ ਸੱਥਰੀਂ ਗਾਵੇ।
ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ।
ਮੈਂ ਕਿੰਝ ਤਲਵਾਰ ਦੀ ਗਾਨੀ,ਅੱਜ ਅਪਨੇ ਗੀਤ ਗਲ਼ ਪਾਵਾਂ।
ਮੇਰਾ ਹਰ ਗੀਤ ਬੁਜ਼ਦਿਲ ਹੈ,ਮੈਂ ਕਿਹੜਾ ਗੀਤ ਲੈ ਅੱਜ ਆਂਵਾਂ।
ਮੈਂ ਕਿਹੜੇ ਗੀਤ ਦੀ ਭੇਟਾ ਲੈ ਕੇ ਤੇਰੇ ਦੁਆਰ ਤੇ ਆਂਵਾਂ।
ਮੇਰੇ ਗੀਤਾਂ ਦੀ ਮਹਿਫਲ਼ ਵਿੱਚ ਕੋਈ ਉਹ ਗੀਤ ਨਹੀਂ ਲਭਦਾ,
ਜੋ ਤੇਰੇ ਸੀਸ ਮੰਗਣ ਤੇ ਤੇਰੇ ਦਰ ਤੇ ਖੜਾ ਹੋਵੇ,
ਜੋ ਮੈਲੇ ਹੋ ਚੁਕੇ ਲੋਹੇ ਨੂੰ ਆਪਣੇ ਖੂਨ ਵਿੱਚ ਧੋਵੇ।
ਉਹ ਜਿਸ ਦੀ ਮੌਤ ਦੇ ਪੱਛੋਂ ਕੋਈ ਸ਼ਬਦ ਨਾ ਹੋਵੇ,ਕਿ
ਜਿਸ ਨੂੰ ਪੀੜ ਤਾਂ ਕੀ ਪੀੜ ਦਾ ਅਹਿਸਾਸ ਨਾ ਹੋਵੇ।
ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੈ ਆਂਵਾਂ,
ਮੈਂ ਤੇਰੀ ਉਸਤਤ ਦੇ ਗੀਤ ਗਾਉਂਦਾ ਹਾਂ,ਕਿ ਉਹ ਹੋਵੇ
ਜਿਹਦੇ ਹੱਥ ਵਿੱਚ ਸੱਚ ਦੀ ਤਲਵਾਰ ਹੋਵੇ,ਨੈਣਾਂ ਵਿੱਚ ਰੋਹ ਹੋਵੇ,
ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ।
ਜਿਹਦੇ ਵਿੱਚ ਲਹੂ ਤੇਰੇ ਦੀ ਰਲ਼ੀ ਲਾਲੀ, ਤੇ ਲੋਅ ਹੋਵੇ।
ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਂਵਾਂ,
ਮੈਂ ਬੁਜ਼ਦਿਲ,ਕਿਸਤਰਾਂ ਗੀਤ ਲੈਕੇ ਤੇਰੇ ਦੁਆਰ ਤੇ ਆਂਵਾਂ।
ਮੈਂ ਚਾਹੁੰਦਾ ਕਿ ਇਸ ਤੋਂ ਪਹਿਲਾਂ ਤੇਰੀ ਆਰਤੀ ਗਾਵਾਂ,
ਮੈਂ ਮੈਲ਼ੇ ਸ਼ਬਦ ਧੋ ਕੇ,ਜੀਭ ਦੀ ਕਿੱਲੀ ਤੇ ਪਾ ਆਵਾਂ।
ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ।
ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ।
ਮੈਂ ਲੋਹਾ ਪੀਣ ਦੀ ਆਦਤ, ਜ਼ਰਾ ਗੀਤਾਂ ਨੂੰ ਪਾ ਆਵਾਂ।
ਮੈਂ ਸ਼ਾਇਦ ਫਿਰ ਭੇਟਾ ਕਰਨ ਯੋਗ ਕੁਝ ਹੋ ਜਾਂਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸਤਰਾਂ ਤੇਰੇ ਦੁਆਰ ਤੇ ਆਵਾਂ।
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਆਵਾਂ।
ਮੇਰਾ ਹਰ ਗੀਤ ਅੱਜ ਬੁਜ਼ਦਿਲ ਹੈ,ਮੈਂ ਕਿਹੜਾ ਗੀਤ ਅੱਜ ਗਾਵਾਂ।
ਮਾਲਵੇ ਦੀ ਧਰਤੀ ਦਾ ਜੰਮ ਪਲ਼ ਸਵ. ਸੰਤ ਰਾਮ ਉਦਾਸੀ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਦਾ ਲੋਕ ਕਵੀ ਹੋ ਨਿਬੜਿਆ।ਉਸ ਪਾਸ ਆਪਣੇ ਲਿਖੇ ਗੀਤਾਂ ਨੂੰ ਲੋਕਾਂ ਦੇ ਦਿਲਾਂ ਤੀਕ ਪਹੁੰਚਣ ਲਈ ਇਕ ਗਰਜਵੀਂ ਅਤੇ ਦਿਲ ਚੀਰਵੀਂ ਆਵਾਜ਼ ਸੀ। ਬੜੀ ਦੌੜ ਭੱਜ ਕਰਕੇ ਉਸ ਦੀ ਲਿਖੀ ਇਕ ਕਵਿਤਾ “ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦਾ ਜੇਰਾ” ਦੇ ਨਾਲ ਮੈਂ ਇਸ ਲੋਕ ਕਵੀ ਨੂੰ ਸ਼੍ਰਧਾਂਜਲੀ ਦੇਂਦਾ ਹੋਇਆ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ।
ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਦਾ ਜੇਰਾ
ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ।
ਟੁੱਭੀ ਮਾਰ ਕੇ ਸਰਸਾ ਦੇ ਰੋੜ੍ਹ ਅੰਦਰ,
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ,
ਝੋਰਾ ਕਰੀਂ ਨਾ ਕਿਲੇ ਅਨੰਦ ਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣਕੇ,
ਜਿਨ੍ਹਾਂ ਸੂਲ਼ਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
ਬਾਪੂ!ਸੱਚੇ ਇੱਕ ਕੌਮੀ ਸਰਦਾਰ ਤਾਈਂ,
ਪੀਰ ਉੱਚ ਦਾ ਵੀ ਬਣਨਾ ਪੈ ਸਕਦੈ,
ਖੂਨ ਜਿਗਰ ਦੇ ਨਾਲ ਤਾਂ ਜ਼ਫਰ ਨਾਮਾ,
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ।
(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
ਅਜੇ ਤਕ ਉਹ ਸਾਡੇ ਹਥਿਆਰ ਜੀਉਂਦੇ,
ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜੀਉਂਦੇ।
ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,
ਜੇਕਰ ਅੱਗ ਤੇ ਚੜ੍ਹੇ ਤਾਂ ਚੜ੍ਹਨ ਦੇਵੀਂ,
ਸਾਡੀ ਮੜ੍ਹੀ ਦੇ ਉੱਗੇ ਹੋਏ ਘਾਅ ਅੰਦਰ,
ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ।
ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ,
ਅਸੀਂ ਇਹੋ ਜਿਹੀ ਜ਼ਹਿਰ ਨਹੀਂ ਪੀ ਸਕਦੇ,
ਨੱਕ ਮਾਰ ਕੇ ਡੰਗਰ ਵੀ ਜੀਉਣ ਜਿਸ ਨੂੰ,
ਅਸੀਂ ਜੂਣ ਅਜਿਹੀ ਨਹੀਂ ਜੀ ਸਕਦੇ।
ਧਨੀ ਰਾਮ ਚਾਤ੍ਰਿਕ
(1876-1954)
ਆਪ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਪੱਸੀਆਂ ਵਾਲਾ ਜ਼ਿਲਾ ਸਿਆਲ ਕੋਟ ਵਿੱਚ ਸੰਨ 1876 ਵਿੱਚ ਹੋਇਆ।ਉਨ੍ਹਾਂ ਦੀਆਂ ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਪੰਜਾਬੀ ਕਵਿਤਾਂਵਾਂ ਵਿੱਚੋਂ ਇਹ ਕਵਿਤਾ ਲੈ ਕੇ ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ।
ਅ ਦਿਲਾ ਤੇਰੀ ਉਜਾੜ ਨੂੰ ਬਸਤੀ ਬਣਾ ਦਿਆਂ।
ਪੱਤ ਝੜ ਨੂੰ ਅੱਜ ਬਹਾਰ ਦੀ ਰੰਗਤ ਚੜ੍ਹਾ ਦਿਆਂ।
ਕਲੀਆਂ ਖਿੜਾ ਕੇ ਬੁਲਬੁਲ ਨੂੰ ਜਾਨ ਪਾ ਦਿਆਂ।
ਪੰਖੇਰੂਆਂ ਨੂੰ ਪ੍ਰੇਮ ਸੰਦੇਸ਼ਾ ਸੁਣਾ ਦਿਆਂ।
ਜਿਸ ਨੂੰ ਸੀ ਤਰਸਦੀ ਸੀ ਲੁਕਾਈ ਉਹ ਆ ਗਿਆ।
ਕਹਿ ਦੇ ਵਜੰਤਰੀ ਨੂੰ ਜ਼ਰਾ ਛੇੜ ਦਿਲ ਰੁਬਾ,
ਰਗ ਰਗ ਮਿਲਾ ਕੇ ਸੁਰਾਂ ਇਸ ਤਰ੍ਹਾਂ ਮਿਲਾ।
ਨਿਕਲੇ ਆਵਾਜ਼ ਗੂੰਜ ਕੇ ਸ਼ਾਬਾਸ਼ ਮਰਹਬਾ।
ਲੂੰ ਲੂੰ ਕੇ ਗਾਏ ਉਹ ਸਤਿਗੁਰ ਦਾ ਸ਼ੁਕਰੀਆ,
ਜੋ ਪਿਆਰ ਤੇ ਉਪਕਾਰ ਦੀ ਸਰਗਮ ਸਿਖਾ ਗਿਆ।
ਮੀਰਾਂ ਦਾ ਮੀਰ ਕਲਗੀਧਰ ਪੀਰਾਂ ਦਾ ਉੱਚ ਪੀਰ,
ਜ਼ੁਲਮਾਂ ਦਾ ਘਟਾ ਟੋਪ ਕਰਨ ਵਾਲਾ ਲੀਰੋ ਲੀਰ,
ਹਾਮੀ ਸਚਾਈਆਂ ਦਾ,ਗਰੀਬਾਂ ਦਾ ਦਸਤ ਗੀਰ,
ਜਿਸ ਪਹਿਰੂਏ ਨੇ ਸੌਂ ਗਈ ਕਿਸਮਤ ਜਗਾਈ ਸੀ,
ਜਿਸ ਆਤਮਾ ਨੇ ਮੁਰਦਿਆਂ ਵਿੱਚ ਜਾਨ ਪਾਈ ਸੀ।
ਜੋ ਗੀਦੀਆਂ ਨੂੰ ਸ਼ੇਰ ਦਾ ਜਾਮਾ ਪੁਆ ਗਿਆ।
ਜਿਸ ਹਿੰਦ ਨੂੰ ਬਚਾ ਲਿਆ ਸਰਬੰਸ ਆਪਣਾ ਗਾਲ਼,
ਕੰਧਾਂ ਦੇ ਵਿੱਚ ਚਿਣਾ ਲਏ ਦੋ ਛੋਟੇ ਛੋਟੇ ਲਾਲ,
ਹੱਥੀਂ ਕੁਹਾ ਕੇ ਲਾਡਲੇ ਕੀਤਾ ਨਾ ਮਲਾਲ।
ਭਾਰਤ ਨੂੰ ਸਿੰਜ ਸਿੰਜ ਕੇ ਆਪਣੇ ਲਹੂ ਦੇ ਨਾਲ।
ਕੱਲਰ ਦੇ ਵਿੱਚ ਧਰਮ ਬਗੀਚਾ ਉਗਾ ਗਿਆ।
ਆ ਉਸ ਗੁਰੂ ਦੇ ਜਨਮ ਦਾ ਮੰਗਲ ਮਨਾਵੀਏ,
ਉਪਕਾਰ ਕਰਕੇ ਯਾਦ ਧਨਵਾਦ ਗਾਵੀਏ।
ਦੁਨੀਆ ਤੇ ਉਸ ਦੇ ਜਸ ਦਾ ਢੰਡੋਰਾ ਫਿਰਾਵੀਏ।
ਪੈਗਾਮ ਉਸ ਦੇ ਮਿਸ਼ਨ ਦਾ ਘਰ ਘਰ ਪਚਾਵੀਏ।
ਅੰਮ੍ਰਿਤ ਉਹ ਵੰਡੀਏ ਜੋ ਅਸਾਂ ਨੂੰ ਛਕਾ ਗਿਆ।
ਨੰਦ ਲਾਲ ਨੂਰ ਪੁਰੀ
(1906-1966)
ਆਪ ਦਾ ਜਨਮ 1906 ਈਸਵੀ ਵਿੱਚ ਅਣ ਵੰਡੇ ਪੰਜਾਬ ਦੇ ਪਿੰਡ ਨੂਰ ਪੁਰ ਜ਼ਿਲਾ ਲਾਇਲ ਪੁਰ ਵਿੱਚ ਹੋਇਆ,ਦੇਸ਼ ਦੀ ਵੰਡ ਤੋਂ ਵੰਡ ਤੋਂ ਬਾਅਦ ਉਹ ਜਲੰਧਰ ਵਿੱਚ ਆ ਗਏ। ਉਹ ਇਹ ਵਧੀਆ ਪੰਜਾਬੀ ਦੇ ਕਵੀ ਅਤਕ ਅਤੇ ਗੀਤਕਾਰ ਸਨ।ਆਪ ਦਾ ਲਿਖਿਆ ਹੋਇਆ ਗੀਤ, “ਚੁੰਮ ਚੁੰਮ ਰੱਖੋ ਨੀ ਇਹ ਕਲਗ਼ੀ ਜੁਝਾਰ ਦੀ”, ਪ੍ਰਸਿਧ ਗਾਇਕਾ ਮਰਹੂਮ ਨਰਿੰਦਰ ਬੀਬਾ ਦਾ ਗਾਇਆ ਹੋਇਆ ਬਹੁਤ ਹੀ ਮਕਬੂਲ ਹੋਇਆ।ਜੋ ਨੂਰ ਪੁਰੀ ਦੀ ਪਛਾਣ ਹੀ ਬਣ ਗਿਆ ਜੋ ਹੇਠ ਦਿੱਤਾ ਜਾਂਦਾ ਹੈ।
ਗੀਤ
ਚੁੰਮ ਚੁੰਮ ਰੱਖੋ ਨੀਂ ਇਹ ਕਲਗ਼ੀ ਜੁਝਾਰ ਦੀ,
ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ।
ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ,
ਚੰਨਾਂ ਦਿਆਂ ਚੁਹਰਿਆਂ ਚੋਂ ਚੰਨ ਮੁਸਕਾਣ ਗੇ।
ਵੇਹੜੇ ਵਿਚ ਠਾਠਾਂ ਮਾਰੂ ਖੁਸ਼ੀ ਸੰਸਾਰ ਦੀ,
ਚੁੰਮ ਚੁੰਮ ਰੱਖੋ ਨੀਂ ਇਹ ਕਲਗ਼ੀ ਜੁਝਾਰ ਦੀ[
ਕੂਲ਼ੇ ਕੂਲ਼ੇ ਹੱਥ ਕਿਰਪਾਨਾਂ ਵਿੱਚ ਗੋਰੀਆਂ,
ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋਰੀਆਂ,
ਜਿਨਾਂ ਦਾ ਵਿਛੋੜਾਂ ਸੀ ਮੈਂ ਪਲ਼ ਨਾ ਸਹਾਰਦੀ,
ਚੁੰਮ ਚੁੰਮ ਰੱਲ਼ੋਖੋ ਨੀ ਇਹ ਕਲਗ਼ੀ ਜੁਝਾਰ ਦੀ।
ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੱਜਦੇ,
ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ।
ਲਹੂ ਵਿੱਚ ਭਿੱਜੀ ਘੋੜੀ ਵੇਖੀ ਭੁੱਭਾਂ ਮਾਰਦੀ।
ਚੁੰਮ ਚੁੰਮ ਰੱਖੋ ਨੀ ਇਹ ਕਲਗ਼ੀ ਜੁਝਾਰ ਦੀ।
ਲੱਗੇ ਹੋਏ ਕਾਠੀ ਉਤੇ ਖੂਨ ਨੇ ਇਹ ਦੱਸਿਆ,
ਮਾਏ ਤੇਰਾ ਜੋੜਾ ਦਾਦੇ ਕੋਲ ਜਾ ਹੈ ਵੱਸਿਆ।
ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ,
ਚੁੰਮ ਚੁੰਮ ਰੱਖੋ ਨੀ ਇਹ ਕਲਗ਼ੀ ਜੁਝਾਰ ਦੀ,
ਫੁੱਲਾਂ ਨਾਲ ਲੜੀ ਗੁੰਦੋ ਹੀਰਿਆਂ ਦੇ ਹਾਰ ਦੀ।
ਰਵੇਲ ਸਿੰਘ ਇਟਲੀ
ਤੇਰੀ ਕਲਮ ਨੂੰ ਕਰਾਂ ਸਲਾਮ ਜੋਗੀ,
ਠੰਡੇ ਬੁਰਜ ਸਰਹੰਦ ਦਾ,
ਸਾਂਝਾ ਦਰ ਬਾਬੇ ਨਾਨਕ ਦਾ - ਰਵੇਲ ਸਿੰਘ ਇਟਲੀ
1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ ਪਾਕਿਸਤਾਨ) ਵਿੱਖੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਮਾਂ ਤ੍ਰਿਪਤਾ ਦੀ ਗੋਦ ਨੂੰ ਜਿਸ ਅਣੋਖੇ ਪੁੱਤਰ ਦੀ ਇਲਾਹੀ ਨੂਰ ਦੀ ਦਾਤ ਨੇ ਭਾਗ ਲਾਇਆ, ਉਹ ਸ਼ਾਇਦ ਹੀ ਕਿਸੇ ਵਿਰਲੀ ਹੀ ਮਾਂ ਦੇ ਨਸੀਬ ਦੇ ਹਿੱਸੇ ਵਿੱਚ ਆਇਆ ਹੋਵੇਗਾ,ਅਤੇ ਬੇਬੇ ਨਾਨਕੀ ਨੂੰ ਇਹੋ ਜਿਹਾ ਭਰਾ ਮਿਲਿਆ ਇਹੋ ਕਿਹਾ ਭਰਾ ਵੀ ਸ਼ਾਇਦ ਕਿਸੇ ਹੋਰ ਭੈਣ ਨੂੰ ਹੀ ਮਿਲਿਆ ਹੋਵੇ,ਜਿਸ ਦੇ ਆਗਮਣ ਨਾਲ ਸਾਰੇ ਸੰਸਾਰ ਨੂੰ ਇੱਕ ਨਵਾਂ ਦਾਰਸ਼ਨਿਕ,ਸਿਧਾਂਤਕ,ਅਤੇ ਨਿੱਗਰ ਤੇ ਨਵੀਂ ਵਿਚਾਰ ਧਾਰਾ ਵਾਲਾ ਕ੍ਰਾਂਤੀ ਕਾਰ,ਰਹਿਬਰ ਮਿਲਿਆ।
ਇੱਕ ਸੂਰਜ ਤੇ ਧਰਤ ਤੇ ਰੋਜ਼ਾਨਾ ਚੜ੍ਹਦਾ ਤੇ ਲਹਿੰਦਾ ਹੈ,ਪਰ ਇਹ ਸੂਰਜ ਇੱਕ ਵੱਖਰਾ ਸੂਰਜ ਹੀ ਸੀ ਜਿਸ ਦੀ ਆਪਣੀ ਵੱਖਰੀ ਹੋਂਦ ਤੇ ਰੌਸ਼ਣੀ ਤੇ ਰੂਪ ਵੀ ਨਿਰਾਲਾ ਹੀ ਸੀ।ਉਸ ਦੀ ਆਮਦ ਵੱਖਰੀ ਜੋ ਸੰਸਾਰ ਤੇ ਸਦਾ ਲਈ ਆਪਣੀ ਅਮਿੱਟ ਛਾਪ ਛਡਣ ਵਾਲੀ ਸੀ।ਜਿਸ ਦੇ ਗਿਆਣ ਉਪਦੇਸ਼,ਕਹਿਣੀ ਕਰਣੀ ਦੇ, ਰੰਗ ਸੁਰੰਗੇ ਨਜ਼ਾਰਿਆਂ ਵਿੱਚ ਕੋਈ ਸਚਾਈ ਪ੍ਰਤੱਖ ਅਤੇ ਸਦੀਵੀ ਦਿੱਖ ਅਜੇ ਵੀ ਬਰਕਰਾਰ ਹੈ।ਜਿਸ ਬਾਰੇ ਭਾਈ ਗੁਰਦਾਸ ਜੀ ਦੀਆਂ ਇਹ ਪੰਗਤੀਆਂ ਇਸ ਸਚਾਈ ਦੀ ਗਵਾਹੀ ਭਰਦੀਆਂ ਹਨ।
ਸਤਿ ਗੁਰ ਨਾਨਕ ਪ੍ਰਗਟਿਆ,ਮਿਟੀ ਧੁੰਦ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ,ਨਾਨਕ ਆਦ ਮਤੇ ਜੇ ਕੋਆ ॥
ਘਰ ਘਰ ਅੰਦਰ ਧਰਮ ਸਾਲ,ਹੋਵੇ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚੱਕ ਨੌਂ ਖੰਡ ਪ੍ਰਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ॥ 28
ਇਹ ਉਹ ਸਮਾਂ ਸੀ ਜਦੋਂ ਲੁਕਾਈ, ਫੋਕੇ ਕਰਮਾਂ ਕਾਂਡ, ਵਹਿਮਾਂ ਪਖੰਡਾਂ, ਰਸਮ ਰਿਵਾਜਾਂ,ਅੰਧਵਿਸ਼ਵਾਸ਼ੀ,ਔਰਤ ਦੀ ਹੁੰਦੀ ਦੁਰ ਦਸ਼ਾ, ਜ਼ਾਤ ਪਾਤ, ਦੇ ਜਾਲ ਦੀ ਜਕੜ ਵਿੱਚ ਬਹੁਤ ਹੀ ਬੁਰੀ ਤਰ੍ਹਾਂ ਦਿਸ਼ਾ ਹੀਣ ਹੋਈ ਪਈ ਸੀ।ਹਜ਼ਾਰਾਂ ਸਾਲਾਂ ਦੀ ਗੁਲਾਮੀ ਦੇ ਜੂਲੇ ਹੇਠ ਦੱਬੇ ਕੁਚਲੇ ਲੋਕ ਹਰ ਪੱਖੋਂ ਆਪਣੀਆਂ ਜ਼ਮੀਰਾਂ ਦੀ ਜਿਵੇਂ ਹੋਂਦ ਹੀ ਗੁਆ ਬੈਠੇ ਸਨ।ਧਰਮ ਦੇ ਠੇਕੇਦਾਰ, ਬ੍ਰਾਹਮਣ ਵਾਦ ਪੁਜਾਰੀ ਵਾਦ ਦਾ ਸਾਰੇ ਬੋਲ ਬਾਲਾ ਸੀ।ਹਾਕਮ ਸ਼੍ਰੇਣੀ ਰਾਜ ਸੱਤਾ ਦੇ ਨਸ਼ੇ ਵਿੱਚ ਚੂਰ ਹਈ ਪਰਜਾ ਤੇ ਧੱਕੇ ਸ਼ਾਹੀ ਤੇ ਮਾਨੀ ਕਰਦੀ.ਝਿਜਕਦੀ ਸੰਗਦੀ ਨਹੀਂ ਸੀ, ਪਰਜਾ ਦੀ ਰਾਖੀ ਕਰਨ ਵਾਲੇ ਹਾਕਮ ਆਪ ਜੰਤਾ ਲਈ ਬਘਿਆੜਾਂ ਦਾ ਰੂਪ ਧਾਰ ਚੁਕੇ ਸਨ।ਕੋਈ ਕਿਸੇ ਦੀ ਨਹੀਂ ਸੁਣਦਾ ਸੀ।ਨਾ ਹੀ ਕੋਈ ਪੁੱਛਣ ਵਾਲਾ ਸੀ ਤੇ ਨਾ ਕੋਈ ਸੱਚ ਦੀ ਆਵਾਜ਼ ਉਠਾਉਣ ਵਾਲਾ ਹੀ ਸੀ।
ਗੁਰੂ ਬਾਬੇ ਦੀਆਂ ਬਚਪਣ ਵੇਲੇ ਦੀਆਂ ਕਈ ਕਥਾਵਾਂ,ਜਿਵੇਂ,ਪਾਂਧੇ ਅਤੇ ਪੜ੍ਹਨ ਜਾਣ ਵੇਲੇ ਉਨ੍ਹਾਂ ਦੀ ਅਤਿ ਤਿੱਖੀ ਤੇ ਬਾਰੀਕ ਬੁੱਧੀ ਵੇਖ ਕੇ ਪਾਂਧੇ ਦਾ ਹੈਰਾਨ ਹੋਣਾ ਤੇ ਬਚਪਣ ਦੀਆਂ ਹੋਰ ਕਥਾਂਵਾਂ ਜਿਵੇਂ,ਪਸੂ ਚਾਰਨ ਲਈ ਖੇਤਾਂ ਵਿੱਚ ਜਾਣਾ ਰਾਏ ਬੁਲਾਰ ਦਾ ਉਨ੍ਹਾਂ ਨੂੰ ਕੋਈ ਮਹਾਨ ਰੂਹਾਨੀ ਸ਼ਖਸੀਤ ਸਮਝ ਕੇ ਸਦਾ ਲਈ ਉਨ੍ਹਾਂ ਦਾ ਸ਼ਰਧਾਲੂ ਬਣ ਜਾਣਾ,ਖੇਤਾਂ ਦੀ ਫਸਲ ਪਸ਼ੂਆਂ ਵੱਲੋਂ ਚਰੀਆਂ ਫਸਲਾਂ ਦਾ ਕੋਈ ਨੁਕਸਾਨ ਜ਼ਿਮੀਂਦਾਰਾਂ ਵੱਲੋਂ ਅਣਗੌਲਿਆ ਕਰਨਾ ਤੇ ਇਹ ਕੌਤਕ ਵੇਖ ਕੇ ਚਮਤਕਾਰੀ ਬਾਲਕ ਨਾਨਕ ਬਾਰੇ ਹੈਰਾਨ ਹੋਣਾ, ਪਿਤਾ ਕਾਲੂ ਜੀ ਵੱਲੋਂ ਕੋਈ ਖਰਾ ਸੌਦਾ ਕਰਨ ਲਈ ਭੇਜਣਾ ਅਤੇ ਲੋੜ ਵੰਦਾਂ ਦੀਆਂ ਲੋੜਾਂ ਲਈ ਖਰਚ ਕਰਕੇ ਘਰ ਪਰਤਣ ਤੇ ,ਪਿਤਾ ਕਲਿਆਣ ਦਾਸ ਜੀ ਦਾ ਨਾਰਾਜ਼ ਹੋਣਾ,ਜਨੇਊ ਪਾਉਣ ਦੀ ਰਸਮ ਤੇ ਅਸਲ ਜਨੇਊ ਦੇ ਅਰਥ ਸਮਝਾਉਣੇ, ਇਹ ਸੁਣ ਕੇ ਪਾਂਧੇ ਦਾ ਲਾਜੁਵਾਬ ਹੋ ਜਾਣਾ, ਇਹ ਬਹੁਤ ਕੁਝ ਹੈਰਾਨ ਕਰਨ ਵਾਲਾ ਸੀ। ਫਿਰ ਸੁਲਤਾਨ ਪੁਰ ਲੋਧੀ ਵਿੱਖੇ ਮੋਦੀ ਖਾਨੇ ਦੀ ਨੌਕਰੀ ਵੇਲੇ ਤੇਰਾ ਤੇਰਾ ਕਹਿੰਦੇ ਤੱਕੜੀ ਤੋਲਦੇ ਆਪਣੀ ਨੇਕ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਉਨਹਾਂ ਦੀ ਮਨੁਖ ਨੂੰ ਹੱਕ ਹਲਾਲ ਦੀ ਕਮਾਈ ਕਰਨ ਦਾ ਨਾਲ ਨਾਲ ਮਨੁੱਖਤਾ ਦਾ ਭਲੇ ਲਈ ਖਰਚ ਕਰਨਾ ਇਹ ਬੜਾ ਨਿਰਾਲਾ ਸੀ।
ਉਸ ਰੂਹਾਣੀਅਤ ਦੇ ਮੁਜਸਮੇ ਗੁਰੂ ਬਾਬੇ ਨੇ ਸਿੱਖ ਧਰਮ ਦੀ ਨੀਂਹ ਰੱਖ ਕੇ ,॥ ਸਭੈ ਸਾਂਝੀ ਵਾਲ ਸਦਾਇਣ ਕੋਈ ਨਾ ਦਿਸੈ ਬਾਹਰਾ ਜੀਉ॥ ਦੇ ਉਨ੍ਹਾਂ ਦੇ ਮਹਾਨ ਸਿਧਾਂਤ ਨਾਲ, ਏਕਤਾ ਵਿੱਚ ਅਨੇਕਤਾ ਨੂੰ ਸਾਕਾਰ ਕਰ ਦਿੱਤਾ ਅਤੇ ਘਾਲ ਖਾਇ ਕਿਛੁ ਹਥੋਂ ਦੇਇ।॥ ਨਾਨਕ ਰਾਹੁ ਪਛਾਣੇ ਸੇਇ॥ ਅਤੇ ਹੋਰ ਝੂਠੇ ਕਰਮ ਕਾਂਡ ਦਾ ਪਖੰਡ ਤਿਆਗ ਕੇ ਇੱਕ ਪ੍ਰਮਾਤਮਾ ਅਕਾਲ ਪੁਰਖ ਨਾਲ ਹੀ ਜੁੜ ਕੇ ਧਰਮ ਦੀ ਕਾਰ ਕਰਨਾ, ਦੱਸਾਂ ਨਹੂੰਆਂ ਦੀ ਕਿਰਤ ਕਰਨ ਦਾ ਅਤੇ ਵੰਡ ਕੇ ਛਕਣ ਦਾ ਮਹਾਨ ਸਿਧਾਂਤ ਹਰ ਕਿਸੇ ਨੂੰ ਦ੍ਰਿੜ ਕਰਵਾਇਆ।
ਆਪ ਨੇ ਗ੍ਰਹਿਸਤ ਜੀਵਣ ਵਿੱਚ ਰਹਿ ਕੇ ਪ੍ਰਮਾਰਥ ਦੇ ਰਸਤੇ ਤੇ ਵਿਚਰਦਿਆਂ,ਸੁਲਤਾਨ ਪੁਰ ਲੋਧੀ ਦੇ ਮੋਦੀ ਮੋਦੀ ਖਾਨੇ ਦੀ ਨੌਕਰੀ ਨੌਕਰੀ ਛੱਡ ਕੇ, ਇਕ ਨਵੇਂ ਨਰੋਏ ਸਿਧਾਂਤ ਦੇ ਪ੍ਰਚਾਰ ਦੇ ਉਦੇਸ਼ ਲਈ ਆਪਣੀ ਪਹਿਲੀ ਉਦਾਸੀ ਭਾਵ ਯਾਤਰਾ ਸੁਲਤਾਨ ਪੁਰ (ਪੰਜਾਬ) ਤੋਂ ਆਪਣੇ ਬਚਪਣ ਦੇ ਸਾਥੀ ਮਰਦਾਨਾ ਜੀ ਜੋ ਰਬਾਬ ਦੇ ਚੰਗੇ ਵਾਜੰਤ੍ਰੀ ਅਤੇ ਰਾਗਾਂ ਦੀ ਜਾਣਕਾਰੀ ਰੱਖਣ ਵਾਲੇ ਸਾਥੀ ਨੂੰ ਨਾਲ ਲੈ ਕੇ ਆਰੰਭ ਕੀਤੀ। ਉਨ੍ਹਾਂ ਦੀ ਪਹਲੀ ਉਦਾਸੀ ਬਾਰੇ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ ਸੁੰਦਰ ਵਾਰ ਵੀ ਪੜ੍ਹਨ ਯੋਗ ਹੈ,
ਪਹਿਲਾਂ ਬਾਬੇ ਪਾਇਆ ਬਖਸ ਦਰ ਪਿੱਛੋਂ ਦੇ ਫਿਰ ਘਾਲ ਕਮਾਈ॥
ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪੱਸਿਆ ਬਡੇ ਭਾਗ ਹਰ ਸਿਉਂ ਬਣ ਆਈ॥
ਬਾਬਾ ਪੈਧਾ ਸਚ ਖੰਡ,ਨਉ ਨਿਧ ਨਾਮ ਗਰੀਬੀ ਪਾਈ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥
ਬਾਝੁਹੁ ਗੁਰੁ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥
ਚੜ੍ਹਿਆ ਸੋਧਣ ਧਰਤ ਲੁਕਾਈ॥ 24॥
ਗੁਰੂ ਬਾਬੇ ਦੀਆਂ ਕੀਤੀਆਂ ਸੰਸਾਰ ਭਰ ਦੀਆਂ ਉਦਾਸੀਆਂ ਭਾਵ ਯਾਤਰਾਂਵਾਂ ਦਾ ਵਿਸਥਾਰ ਬਹੁਤ ਲੰਮਾ ਸਮਾਂ ਮੰਗਦਾ ਹੈ।ਫਿਰ ਵੀ ਮੁੱਖ ਤੌਰ,ਦੇਸ਼ ਦੇ ਵੱਖ ਵੱਖ ਥੀਰਥਾਂ ਤੇ ਜਾ ਕੇ ਅਣੋਖੇ ਵਿਅੰਗ ਮਈ ਢੰਗਾਂ ਨਾਲ ਅੰਧ ਵਿਸ਼ਵਾਸ਼ੀ ਅਤੇ ਫੋਕੇ ਕਰਮ ਕਾਂਡ ਨੂੰ ਕਰਾਰੀ ਚੋਟ ਮਾਰ ਕੇ ਨਵੀਂ ਸੇਧ ਦੇਣ ਦਾ ਸਾਰਥਕ ਸੌਖਾ ਸਰਲ ਤੇ ਸਿੱਧਾ ਰਾਹ ਦਰਸਾਉਣਾ,ਮੰਦਰਾਂ ਵਿੱਚ ਹੁੰਦੀ ਰਸਮੀ ਆਰਤੀ ਹੁੰਦੀ ਵੇਖਕੇ, ਅਕਾਲ ਪੁਰਖ ਦੀ ਸਾਰੇ ਬ੍ਰਹਿਮੰਡ ਵਿੱਚ ਹੋਰ ਰਹੀ ਆਰਤੀ”ਗਗਨ ਮਹਿ ਥਾਲ ਰਵਿ ਚੰਦ ਦੱਸ ਕੇ, ਜਿਵੇਂ ਨਵੇਂ ਹੀ ਵਿਚਾਰਾਂ ਦਾ ਉਪਦੇਸ਼ ਦਿੱਤਾ। ਮੱਕੇ ਦੀ ਯਾਤ੍ਰਾ ਵੇਲੇ ਆਪਣੇ ਅਜੀਬ ਅੰਦਾਜ਼ ਵਿੱਚ ਰੱਬ ਨੂੰ ਚਾਰੇ ਪਾਸੇ ਹੀ ਨਹੀਂ ਸਗੋਂ ਸਰਬ ਵਿਆਪਕ ਹੋਣ ਦਾ ਉਪਦੇਸ਼ ਦਿੱਤਾ।ਮੁਗਲ ਰਾਜ ਦੀ ਧੱਕੇ ਸ਼ਾਹੀ,ਬੇ ਇਨਸਾਫੀ, ਅਤੇ ਬੇਦੋਸ਼ਾਂ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਬਾਬਰ ਦੀ ਜੇਲ੍ਹ ਵਿੱਚ ਕੈਦੀ ਬਣ ਕੇ ਆਪਣੇ ਹੱਥੀਂ ਚੱਕ ਪੀਸ ਕੇ ਬਾਬਰ ਵਰਗੇ ਜਾਬਰ ਹਾਕਮ ਸਾਮ੍ਹਣੇ ਹੋ ਕੇ ਪਰਜਾ ਨਾਲ ਹੁੰਦੀਆਂ ਜ਼ਿਆਦਤੀਆਂ ਦਾ ਅਹਿਸਾਸ ਬੜੀ ਦਲੇਰੀ ਨਾਲ ਕਰਾਉਣਾ ਅਤੇ ਉਸ ਨੂੰ ਕਾਇਲ ਵੀ ਕਰਨਾ ਇਹ ਗੁਰੂ ਬਾਬੇ ਨਾਨਕ ਦੀ ਮਹਾਨ ਸ਼ਖਸੀਅਤ ਦਾ ਕਮਾਲ ਹੀ ਤਾਂ ਸੀ।ਤਾਂ ਹੀ ਤਾਂ ਉਰਦੂ ਦੇ ਪ੍ਰਸਿੱਧ ਸ਼ਾਇਰ ਅਲਾਮਾ ਇਕਬਾਲ ਦਾ ਲਿਖਿਆ ਇਹ ਸ਼ੇਅਰ ਉਨ੍ਹਾਂ ਦੀ ਮਹਾਨ ਸ਼ਖਸੀਅਤ ਦੀ ਗੁਵਾਹੀ ਭਰਦਾ ਹੈ।
“ ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ,ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖ਼ਾਬ ਸੇ “
॥ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥
॥ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥
॥ ਦਿਤੀ ਬਾਂਗ ਨਮਾਜ਼ ਕਰ ਸੰਨ ਸੰਮਾਨ ਹੋਯਾ ਜਹਾਨਾ॥
॥ ਸੁੰਨ ਮੁੰਨ ਨਗਰੀ ਪਈ,ਦੇਖ ਪੀਰ ਹੋਆ ਹੈਰਾਨਾ॥
॥ ਵੇਖੇ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥
॥ ਪੁਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸਕਾ ਘਰਾਨਾ॥
॥ ਨਾਨਕ ਕਲਿ ਵਿੱਚ ਆਇਆ,ਰਬ ਫਕੀਰ ਇਕ ਪਹਿਚਾਨਾ॥
॥ ਧਰਤ ਆਕਾਸ ਚਹੁੰ ਦਿਸ ਜਾਨਾ॥35॥
ਗੁਰਦਾਸਪੁਰ ਜ਼ਿਲੇ ਦਾ ਕਸਬਾ ਕਰਤਾਰ ਪੁਰ ਨੱਗਰ ਜੋ ਹੁਣ ਦੇਸ਼ ਦੀ ਵੰਡ ਤੋਂ ਮਗਰੋਂ ਪਾਕਿਸਤਾਨ ਦੀ ਤਹਿਸੀਲ ਸ਼ਕਰ ਗੜ੍ਹ ਵਿੱਚ ਆ ਚੁਕਾ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਤੋਂ ਪਿੱਛੋਂ ਆਪਣੇ ਮਿਸ਼ਨ ਦੇ ਪ੍ਰਚਾਰ ਲਈ ਇਹ ਨੱਗਰ ਆਪਣੇ ਹੱਥੀਂ ਵਸਾਇਆ ਅਤੇ ਲੰਮਾ ਸਮਾਂ ਆਪਣੇ ਗ੍ਰਹਿਸਤ ਜੀਵਣ ਵਿੱਚ ਰਹਿੰਦਿਆਂ ਹੱਥੀਂ ਹਲ਼ ਵਾਹ ਕੇ, ਹੱਥੀਂ ਕਿਰਤ ਕਰਨਾ ਦਾ ਸੇਵਾ, ਸਿਮਰਣ ਅਤੇ ਵੰਡ ਕੇ ਛਕਣ ਦੇ ਮਹਾਨ, ਸਿਧਾਂਤ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਣਾਂਉਂਦਿਆਂ ਗੁਜ਼ਾਰਿਆ।ਬਾਬੇ ਨਾਨਕ ਦਾ ਆਪਣੇ ਹੱਥੀਂ ਲਾਏ ਸਿੱਖ ਧਰਮ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਨੌ ਗੁਰੂ ਸਾਹਿਬਾਨ ਨੇ,ਆਪੋ ਆਪਣੇ ਜੀਵਣ ਕਾਲ ਦੇ ਸਮੇਂ ਵਿੱਚ ਬੜੀਆਂ ਘਾਲਨਾਂਵਾਂ ਕੁਰਬਾਨੀਆਂ ਕਰਕੇ ਇਸ ਨੂੰ ਸਦਾ ਬਹਾਰ ਅਤੇ ਪ੍ਰਫੁੱਲਤ ਕਰਨ ਵਿੱਚ ਆਪਣ ਮਹਾਨ ਯੋਗ ਦਾਨ ਪਾਇਆ ਜਿਸ ਦਾ ਸਦਕਾ ਸੰਸਾਰ ਦੇ ਕੋਣੇ ਕੋਣੇ ਵਿੱਚ ਸਿੱਖ ਧਰਮ ਫੈਲ ਚੁਕਾ ਹੈ।ਇਸ ਵਰ੍ਹੇ ਸਮੂਹ ਨਾਨਕ ਲੇਵਾ ਸਿੱਖ ਸੰਗਤ ਉਨ੍ਹਾਂ ਦੇ 550 ਵੇਂ ਪੁਰਬ ਸਮਾਰੋਹ ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾ ਰਹੀਆਂ ਹਨ।
ਇਸ ਵਾਰ ਇਸ ਪੁਰਬ ਨੂੰ ਬੜੀਆਂ ਰੌਣਕਾਂ ਵਿੱਚ ਮਨਾਉਣ ਦਾ ਇਕ ਹੋਰ ਬੜਾ ਹੀ ਸੁੰਦਰ ਅਤੇ ਇਤਹਾਸਕ ਇਕ ਹੋਰ ਵਾਧਾ ਹੋਇਆ ਹੈ ਕਿ ਦੇਸ਼ ਦੀ ਵੰਡ ਕਰਕੇ ਸਿੱਖ ਕੌਮ ਗੁਰੂ ਸਾਹਿਬਾਂ ਦੀਆਂ ਮਹਾਨ ਯਾਦਾਂ ਨਾਲ ਜੁੜੇ ਬਹੁੱਤ ਸਾਰੇ ਸਿੱਖ ਗੁਦੁਆਰੇ ਪਾਕਿਸਤਾਨ ਵਾਲੇ ਪਾਸੇ ਚਲੇ ਜਾਣ ਕਰਕੇ ਸਿੱਖ ਸੰਗਤਾਂ ਆਪਣੇ ਇਸ਼ਟ ਅੱਗੇ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀ ਲੰਮੇ ਸਮੇਂ ਤੋਂ ਦੋਵੇਂ ਵੇਲੇ ਅਰਦਾਸਾਂ ਹੁੰਦੀਆ ਸੀ।
ਜਿੱਸ ਤੇ ਉਨ੍ਹਾਂ ਦੀ ਅਰਦਾਸਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ, ਗੁਰੂ ਬਾਬੇ ਦੀ ਮਿਹਰ ਸਦਕਾ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ, ਸਿੱਖ ਸੰਗਤਾਂ ਦੀਆਂ ਭਾਵਨਾਂਵਾਂ ਨੂੰ ਸਮਝਦੇ ਹੋਏ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਭਾਰਤ- ਪਾਕਿਸਤਾਨ ਦਾ ਲਾਂਘਾ ਖੋਲ੍ਹਣ ਦਾ ਮਸਲਾ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਪਰਾਲਾ ਸਿਰੇ ਚੜ੍ਹ ਆਖਿਰ ਸਿਰੇ ਚੜ੍ਹ ਹੀ ਗਿਆ ਹੈ।ਪਰ ਅਜੇ ਵੀ ਕਰਤਾਰ ਪੁਰ ਦੇ ਲਾਂਘੇ ਲਈ ਆਮ ਸ਼ਰਧਾਲੂ ਲਈ ਜਾਣਾ ਸੌਖਾ ਨਹੀਂ,ਜਿਸ ਵਿੱਚ ਦੋਹਾਂ ਪਾਸਿਆਂ ਨੂੰ ਮਿਲ ਕੇ ਇਸ ਮਸਲੇ ਨੂੰ ਹੋਰ ਸੌਖਾ ਕਰਨ ਵਿੱਚ ਖੁਲ੍ਹ ਦਿਲੀ ਵਿਖਾਉਣ ਦੀ ਬੜੀ ਲੋੜ ਹੈ।
ਆਉ ਇਸ ਸ਼ੁਭ ਅਵਸਰ ਤੇ ਕਾਮਨਾ ਕਰੀਏ ਕਿ ਗੁਰੂ ਬਾਬੇ ਦੇ ਸਰਬ ਸਾਂਝੀਵਾਲਤਾ ਦੇ ਮਹਾਨ ਉਪਦੇਸ਼ ਤੇ ਚਲਦੇ ਹੋਏ,ਰਾਜ ਨੀਤੀ ਤੋਂ ਉੱਪਰ ਉੱਠ ਕੇ ਦੋਵੇਂ ਗੁਆਂਢੀ ਦੇਸ਼ ਮਿਲ ਬੈਠਕੇ ਆਪਸੀ ਛੋਟੇ ਮੋਟੇ ਮਸਲੇ ਹੱਲ ਕਰਦੇ ਰਹਿ ਕੇ ਅਮਨੀ ਸ਼ਾਂਤੀ ਦਾ ਮਾਹੌਲ ਬਣਾਈ ਰੱਖੀਏ।
ਕਰਤਾਰ ਪੁਰ ਦੀ ਨਗਰੀ, ਜਿੱਥੇ ਗੁਰੂ ਨਾਨਕ ਦਰਬਾਰ।
ਜਿਹਦੇ ਦਰਸ਼ਨ ਕਰਦੀਆਂ ਸੰਗਤਾਂ , ਜਾ ਰਾਵੀ ਦੇ ਪਾਰ।
ਸੀ ਨਿੱਤ ਅਰਦਾਸਾਂ ਹੁੰਦੀਆਂ, ਸੁਣ ਲਈ ਕੂਕ ਪੁਕਾਰ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ ਮੇਹਰ ਹੋਈ ਕਰਤਾਰ।
ਹੁਣ ਰਹਿਣ ਇਹ ਸਾਂਝਾਂ ਚਲਦੀਆਂ,ਬਸ ਏਸੇ ਹੀ ਰਫਤਾਰ,
ਗੁਰੂ ਨਾਨਕ ਸੱਭ ਤੇ ਮੇਹਰ ਕਰੇ,ਰਹੇ ਲੱਗੀ ਮੌਜ ਬਹਾਰ।
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ - ਰਵੇਲ ਸਿੰਘ ਇਟਲੀ
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ,ਉਸ ਦੀਨ ਦੁਨੀ ਦੇ ਮਾਲਕ ਦਾ,
ਆਓ ਦਰਸ਼ਨ ਕਰਕੇ ਆਈਏ,ਤੇ ਠੰਡ ਕਾਲਜੇ ਪਾ ਆਈਏ।
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...
ਕਦੇ ਦੂਰੋਂ ਦਰਸ਼ਨ ਹੁੰਦੇ ਸਨ, ਕਈ ਸੁਪਨੇ ਸੰਗਤਾਂ ਗੁੰਦੇ ਸਨ,
ਹੁਣ ਨੈਣਾਂ ਵਿੱਚ ਸਜਾ ਜਾਈਏ,ਕੁੱਝ ਸ਼ਰਧਾ ਭੇਟ ਚੜ੍ਹਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...
ਕਰਤਾਰ ਪੁਰੇ ਦਾ ਦੁਆਰ, ਜੋ ਰਾਵੀ ਦੇ ਉਸ ਪਾਰ,
ਜਾ ਕੇ ਸੀਸ ਨਿਵਾ ਆਈਏ, ਸਮਿਆਂ ਦੀ ਰੀਝ ਪੁਗਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...
ਉਸ ਸੁਣ ਲਈ ਕੂਕ ਪੁਕਾਰ, ਹਟ ਗਈ ਕੰਡਿਆਲੀ ਤਾਰ,
ਹੁਣ ਖੁਲ੍ਹੇ ਦਰਸ਼ਨ ਜਾ ਪਾਈਏ, ਤੇ ਸਾਂਝਾਂ ਹੋਰ ਵਧਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ...
ਦੋ ਦੇਸ਼ਾਂ ਦੇ ਵਿਚਕਾਰ, ਹੁਣ ਸਾਂਝਾਂ ਲੈਣ ਬਹਾਰ,
ਇਹ ਵੀ ਸੰਦੇਸ਼ ਪੁਚਾ ਆਈਏ, ਤੇ ਵੈਰ ਵਿਰੋਧ ਮਿਟਾ ਆਈਏ,
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ....
ਹੱਟ ਖੁਲ੍ਹ ਗਿਆ ਬਾਬੇ ਨਾਨਕ ਦਾ,ਸੱਭ ਦੁਨੀਆ ਦੇ ਪ੍ਰਿਤਪਾਲਕ ਦਾ,
ਆਓ ਚੱਲੀਏ,ਸਭ ਸੁਲਤਾਨਪੁਰ,ਤੇ ਮਨ ਦੀ ਭੁੱਖ ਮਿਟਾ ਆਈਏ।
ਦਰ ਖੁਲ੍ਹ ਗਿਆ ਬਾਬੇ ਨਾਨਕ ਦਾ,ੳਸ ਦੀਨ ਦੁਨੀ ਦੇ ਮਾਲਕ ਦਾ,
ਆਓ ਦਰਸ਼ਨ ਕਰਕੇ ਆਈਏ,ਤੇ ਜੀਵਣ ਸਫਲ ਬਣਾ ਆਈਏ।
ਕੈਸੇ ਖੋਲ੍ਹੇ ਡੈਮਾਂ ਦੇ ਦਰ - ਰਵੇਲ ਸਿੰਘ ਇਟਲੀ
ਕੈਸੇ ਖੋਲ੍ਹੇ, ਡੈਮਾਂ ਦੇ ਦਰ।
ਕੀਤੇ ਲੋਕ, ਘਰੋਂ ਬੇ ਘਰ।
ਹੋ ਗਏ ਬਿਣਾਂ ਸਹਾਰੇ ਲੋਕ,
ਕਿੱਧਰ ਜਾਣ ਵਿਚਾਰੇ ਲੋਕ,
ਇਸ ਆਫਤ ਦੇ ਮਾਰੇ ਲੋਕ,
ਜਿਉਂ ਪੰਛੀ ਹੁੰਦਾ ਬੇ ਪਰ,
ਕੈਸੇ ਖੋਲ੍ਹੇ ਡੈਮਾਂ ਦੇ ਦਰ।
ਜਿੱਧਰ ਤੱਕੀਏ ਪਾਣੀ ਪਾਣੀ,
ਹਰ ਥਾਂ ਚੱਲੇ ਦਰਦ ਕਹਾਣੀ,
ਕਿੱਦਾਂ ਰੁਸ ਗਈ ਕੁਦਰਤ ਰਾਣੀ,
ਮੁਸ਼ਕਲ ਹੋ ਗਈ,ਜਿੰਦ ਬਚਾਣੀ,
ਮਾਰ ਰਿਹਾ ਪਾਣੀ ਦਾ ਡਰ।
ਕੈਸੇ ਖੋਲ੍ਹੇ, ਡੈਮਾਂ ਦੇ ਦਰ।
ਡੁੱਬੇ ਪਿੰਡ ਤੇ ਫਸਲਾਂ ਹਰੀਆਂ,
ਦੁੱਖ ਤਕਲੀਫਾਂ ਜਾਣ ਨਾ ਜਰੀਆਂ,
ਮੋਈਆਂ ਆਸਾਂ, ਰੀਝਾਂ ਮਰੀਆਂ,
ਰਹਿ ਗਈਆਂ ਅੱਧਵਾਟੇ ਧਰੀਆਂ,
ਪਿੰਡ ਤਾਂ ਬਣ ਗਏ ਪਾਣੀ ਦਾ ਸਰ,
ਕੈਸੇ ਖੋਲ੍ਹੇ, ਡੈਮਾਂ ਦੇ ਦਰ।
ਦੱਸੋ ਹੁਣ ਕੀ ਕਰੇ ਪੰਜਾਬ,
ਹਰ ਪਾਸਿਉਂ ਹੀ ਮਰੇ ਪੰਜਾਬ,
ਦੁਖ ਤਕਲੀਫਾਂ ਜਰੇ ਪੰਜਾਬ,
ਭੁੱਖਿਆਂ ਦਾ ਢਿੱਡ ਭਰੇ ਪੰਜਾਬ,
ਪੀਰਾਂ ਤੇ ਅਵਤਾਰਾਂ ਦਾ ਘਰ,
ਕੈਸੇ ਖੋਲ੍ਹੇ ਡੈਮਾਂ ਦੇ ਦਰ।
ਸਰਕਾਰਾਂ ਦੀ ਮਾਰੂ ਨੀਤੀ,
ਕਿਸੇ ਵੀ ਇਸ ਤੇ ਘੱਟ ਨਾ ਕੀਤੀ,
ਕੀਤੀ ਵੀ ਫਿਰ ਚੁੱਪ ਚੁੱਪੀਤੀ,
ਝੂਠ ਵਾਅਦੇ, ਵੋਟ ਪ੍ਰੀਤੀ,
ਨੇਤਾ ਜੀ ਤੇ ਕੋਈ ਨਹੀਂ ਅਸਰ,
ਕੈਸੇ ਖੋਲ੍ਹੇ ਡੈਮਾਂ ਦੇ ਦਰ।
ਆਓ ਰਲ ਮਿਲ ਕਰਮ ਕਮਾਈਏ,
ਆਪੋ ਆਪਣਾ ਫਰਜ਼ ਨਿਭਾਈਏ,
ਬਣਦਾ ਯੋਗਦਾਨ ਸੱਭ ਪਾਈਏ,
ਦੁੱਖੀਆਂ ਦਾ ਕੁੱਝ ਦਰਦ ਵੰਡਾਈਏ,
ਰਹੀਏ ਉਸ ਮਾਲਕ ਤੋਂ ਡਰ,
ਕੈਸੇ ਖੋਲ਼੍ਹੇ ,ਡੈਮਾਂ ਦੇ ਦਰ।
ਵਾਪਸੀ ਕੁੰਜੀ ਦਾ ਭੇਤ - ਰਵੇਲ ਸਿੰਘ ਇਟਲੀ
ਕਿੰਪਿਊਟਰ ਨਾਲ ਸਾਂਝ ਪਾਇਆਂ ਨੂੰ ਮੈਨੂੰ ਹੁਣ ਕਾਫੀ ਸਮਾ ਹੋ ਚੁਕਾ ਹੈ। ਮੈਂ ਕਾਫੀ ਸਮੇਂ ਤੋਂ ਆਪਣੇ ਸੋਨੇ ਚਾਂਦੀ ਦੇ ਗਹਿਣੇ,ਕੜੇ ਛਾਪਾਂ ਛੱਲੇ, ਮੁੰਦਰੀਆਂ, ਚੇਨੀਆਂ ਆਦ ਵੀ ਪਾਉਣੇ ਛਡ ਦਿੱਤੇ ਹਨ।ਹੁਣ ਇਹ ਕੰਪਿਊਟਰ ਹੀ ਮੇਰੇ ਲਈ ਸੱਭ ਤੋਂ ਕੀਮਤੀ ਗਹਿਣਾ ਅਤੇ ਪੱਕਾ ਸਾਥੀ ਬਣ ਗਿਆ ਹੈ।।ਮੈਂ ਦੇਸ਼ ਵਿਦੇਸ਼ ਜਿੱਥੇ ਵੀ ਗਿਆ ਹਾਂ ਕੰਪਿਊਟਰ ਦਾ ਛੋਟਾ ਰੂਪ,( ਲੈਪ ਟਾਪ) ਆਪਣੇ ਨਾਲ ਲੈ ਕੇ ਜਾਣਾ ਨਹੀਂ ਭੁੱਲਦਾ।
ਪਹਿਲਾਂ ਪਹਿਲਾਂ ਤਾਂ ਅਸੀਂ ਦੋਵੇਂ ਹੀ ਇਕ ਦੂਜੇ ਤੋਂ ਪੂਰੀ ਤਰ੍ਹਾਂ ਅਣਜਾਣ ਸਾਂ।ਪਰ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਸਾਡੀ ਆਪਸੀ ਨੇੜਤਾ ਵਧਦੀ ਗਈ।ਹੁਣ ਕੰਪਿਊਟਰ ਵਾਲਾ ਗੁਗਲ ਬਾਬਾ ਹਰ ਭਾਸ਼ਾ ਵਿੱਚ ਬੋਲਣ ਜਾਂ ਲਿਖਣ ਤੇ ਸਪਸ਼ਟ ਰੂਪ ਵਿੱਚ ਮਨ ਚਾਹੀਆਂ ਜਾਣਕਾਰੀਆਂ ਦੇਣ ਲਈ ਲੈ ਕੇ ਛਿਣ ਪਲ਼ ਵਿੱਚ ਹੀ ਹਾਜ਼ਰ ਹੋ ਜਾਂਦਾ ਹੈ। ਮੈਂ ਜਦੋਂ ਇਸ ਦੇ ਹੋਰ ਅੰਦਰ ਜਾ ਕੇ ਇਸ ਨੂੰ ਸਮਝਣ ਦਾ ਯਤਨ ਕੀਤਾ ਹੌਲੀ ਹੌਲੀ ਹੋਰ ਅੱਗੇ ਜਾਣ ਦੀ ਤਾਂਘ ਵੀ ਵਧਦੀ ਗਈ।ਅਤੇ ਕਈ ਖਾਸ ਕੋਡਾਂ ਦੇ ਲਾਏ ਜਾਣ ਤੇ ਇਹ ਮਨ ਚਾਹੇ ਹੁਕਮ ਦੀ ਪਾਲਣਾ ਕਰਨ ਲੱਗ ਜਾਂਦਾ ਹੈ।
ਕਦੇ ਕਦੇ ਮੈਨੂੰ ਇਸ ਨੂੰ ਵੇਖ ਕੇ ਅਲਾ ਦੀਨ ਦੇ ਕਾਲਪਨਿਕ ਜਾਦੂਈ ਚਿਰਾਗ ਦੀ ਕਹਾਣੀ ਵੀ ਯਾਦ ਆ ਜਾਂਦੀ ਹੈ ਕਿ ਜਦੋਂ ਉਸ ਨੂੰ ਹੱਥ ਦੀ ਤਲੀ ਤੇ ਰਗੜਿਆਂ ਇਸ ਵਿੱਚੋਂ ਕੋਈ ਜਿੰਨ ਹਾਜ਼ਰ ਆਕੇ ਪੁੱਛਦਾ ਹੈ, ਮੇਰੇ ਆਕਾ ਹੁਕਮ ਕਰੋ, ਤੇ “ਖੁਲ ਜਾ ਸਿਮਮ ਸਿਮ” ਵਰਗੇ ਕਈ ਹੋਰ ਕੋਡ ਵਰਡਾਂ ਦੀਆਂ ਗੱਲਾਂ ਚੇਤੇ ਵੀ ਅੳਦੀਆਂ ਹਨ। ਹੁਣ ਮੈਂ ਸੋਚਦਾ ਹਾਂ ਕਿ ਮੀਡਿਆ ਦੇ ਇਸ ਯੁੱਗ ਨੂੰ ਚਮਤਕਾਰਾਂ ਦਾ ਯੁੱਗ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ।ਹੁਣ ਮੇਰੇ ਲਈ ਪੰਜਾਬੀ ਵਿੱਚ ਟਾਈਪ ਕਰਕੇ ਕਿਸੇ ਵੈਬ ਸਾਈਟ ਤੇ ਛਪਣ ਲਈ ਭੇਜਣ ਲਈ ਇਸ ਦੀ ਵਰਤੋਂ ਕਰਨ ਦਾ ਢੰਗ ਵੀ ਸਮਝਣਾ ਤੇ ਸਿਖਣਾ ਵੀ ਜ਼ਰੂਰੀ ਸੀ।ਜੋ ਕਦੇ ਕੀੜੀ ਦੀ ਚਾਲ ਕਦੇ ਕੱਛੂ ਦੀ ਕਦੇ ਖਰਗੋਸ਼ ਦੀ ਚਾਲ ਚਲਦੇ ਅਤੇ ਕਈ ਵਾਰ ਹਿਰਨਾਂ ਵਾਂਗ ਕੀ ਬੋਰਡ ਤੇ ਉੰਗਲਾਂ ਦੀਆਂ ਚੁੰਗੀਆਂ ਭਰਦੇ ਨਿੱਤ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੀ ਗਿਆ,ਜੋ ਅਜੇ ਵੀ ਬਦਸਤੂਰ ਜਾਰੀ ਹੈ।
ਮੈਨੂੰ ਯਾਦ ਹੈ ਜਦੋਂ ਸੱਭ ਤੋਂ ਪਹਿਲਾਂ ਮੈਂ ਮੀਡੀਆ ਪੰਜਾਬ ਜਰਮਨੀ ਦੇ ਪੰਜਾਬੀ ਫੋਂਟ’ ਅਮ੍ਰਿਤ’ ਫੋਂਟ ਅਤੇ ਗੁਰੂ ਗ੍ਰੰਥ ਸਾਹਿਬ, ਨਿੱਤਨੇਮ ਦੀਆਂ ਬਾਣੀਆਂ, ਇਥੇ ਰਹਿ ਰਹੇ ਮੇਰੇ ਇਕ ਸੁਹਿਰਦ ਅਜ਼ੀਜ਼ ਮਿੱਤਰ ਸਵਰਨ ਜੀਤ ਘੋਤੜਾ ਜੀ ਇਟਲੀ ਵਾਲੇ ਨੇ ਮੇਰੇ ਲੈਪ ਟਾਪ ਵਿੱਚ ਡਾਉਨਲੋਡ ਕਰ ਦਿਤੇ ਸਨ।ਜਿਸ ਤੇ ਮੈਂ ਹੌਲੀ ਹੌਲੀ ਟਾਈਪ ਕਰਨਾ ਸ਼ੁਰੂ ਕੀਤਾ ਅਤੇ ਟਾਈਪ ਕਰਕੇ ਭੇਜੀ ਮੇਰੀ ਕੋਈ ਰਚਨਾ ਪਲੇਠੀ ਰਚਨਾ ਮੀਡੀਆ ਪੰਜਾਬ ਜਰਮਨੀ ਤੇ ਜਿਸ ਦਿਨ ਛਪੀ ਸੀ ਤਾਂ ਉਸ ਨੂੰ ਵੇਖ ਕੇ ਮੈਨੂੰ ਇਵੇਂ ਲੱਗਾ ਸੀ ਜਿਵੇਂ ਉਸ ਦਿਨ ਮੇਰੀ ਕੋਈ ਵੱਡੀ ਲਾਟਰੀ ਨਿਕਲ ਆਈ ਹੋਵੇ।
ਮੇਰੀ ਇਸ ਰਚਨਾ ਨੂੰ ਆਪ ਟਾਈਪ ਕੀਤੀ ਹੋਈ, ਮੇਰੇ ਘਰ ਤੋਂ ਥੋੜ੍ਹੀ ਹੀ ਦੂਰ ਤੇ ਵੈਸਟਰਨ ਯੂਨੀਅਨ ਏਜੰਸੀ ਚਲਾਉਣ ਵਾਲੇ ਇਕ ਬਹੁਤ ਹੀ ਸੁਹਿਰਦ ਸ਼ਖਸ ਮਿਸਟਰ ਸਚਦੇਵਾ ਨੇ ਉਸ ਦੀ ਆਪਣੀ ਮੇਲ ਤੋਂ ਕੀਤੀ ਸੀ।ਫਿਰ ਬਾਅਦ ਵਿੱਚ ਉਸ ਨੇ ਮੇਰੀ ਮੇਲ ਆਈ.ਡੀ.ਵੀ ਅਤੇ ਮੇਰੀ ਫੋਟੋ ਵੀ ਬਣਾ ਦਿੱਤੀ।ਬਸ ਫਿਰ ਇਸ ਤੋਂ ਅੱਗੇ ਫਿਰ ਚੱਲ ਸੁ ਚੱਲ, ਨਿੱਤ ਨਵਾਂ ਕੁਝ ਸਿੱਖਣਾ,ਨਵੇਂ ਨਵੇਂ ਪੰਜਾਬੀ ਫੋਂਟਾਂ ਵਿੱਚ ਲਿਖਣਾ,ਅਤੇ ਅੱਗੇ ਕੁਝ ਹੋਰ ਸਿੱਖਣ ਦੀ ਭਾਵਣਾ ਨਿੱਤ ਨਵੀਆਂ ਅੰਗੜਾਈਆਂ ਲੈਂਦੀ ਰਹੀ, ਫਿਰ ਕਈ ਵੈਬ ਸਾਈਟਾਂ ਨੇ ਆਪਣੇ ਆਪਣੋ ਵਖੋ ਵੱਖ ਪੰਜਾਬੀ ਯੂਨੀਕੋਡ ਤਿਆਰ ਕਰਕੇ ਪੰਜਾਬੀ ਯੂਨੀ ਕੋਡਾਂ ਦੀਆਂ ਨਵੇਂ ਨਵੇਂ ਕੀ ਬੋਰਡ ਬੜੀ ਮੇਹਣਤ ਨਾਲ ਤਿਆਰ ਕੀਤੇ ਪੰਜਾਬੀ ਲੇਖਕਾਂ ਦੇ ਇਸ ਕੰਮ ਨੂੰ ਹੋਰ ਸੁਖਾਲਾ ਕਰਨ ਦੇ ਯਤਨ ਕਰਦੇ ਵੇਖਦਾ ਤਾਂ ਮੈਂ ਉਨ੍ਹਾਂ ਨੂੰ ਜਾਨਣ ਤੇ ਸਮਝਣ ਦਾ ਯਤਨ ਕਰਦਾ ਰਹਿੰਦਾ ।
ਫਿਰ ਮੈਂ ਅਨਮੋਲ ਯੂਨੀ ਕੋਡ ਜੋ ਬਹੁਤਾ ਰੋਮਨ ਕੀ ਬੋਰਡ ਅਨੁਸਾਰ ਹੀ ਹੈ, ਡਾਉਣ ਲੋਡ ਕਰਕੇ ਹੌਲੀ ਹੌਲੀ ਇਸ ਅਨੁਸਾਰ ਟਾਈਪ ਕਰਨਾ ਸਿੱਖ ਲਿਆ।ਇਸ ਕੰਮ ਵਿੱਚ ਆਸਟਰੀਆ ਵਿਚ ਰਹਿ ਰਹੇ ਪੰਜਾਬੀ ਜੱਟ ਸਾਈਟ ਵਾਲੇ ਕੰਪਿਊਟਰ ਟੈਕਨੀਕ ਦੇ ਮਾਹਿਰ ਨੌਜਵਾਨ ਹਰਦੀਪ ਸਿੰਘ ਮਾਨ ਅਤੇ ਸੀ.ਡੀ. ਕੰਬੋਜ, ਸਕੇਪ ਪੰਜਾਬ ਫਗਵਾੜਾ ਪੰਜਾਬ ਦੇ ਸੰਪਾਦਕ ਸ. ਪਰਵਿੰਦਰ ਜੀਤ ਸਿੰਘ, 5 ਆਬੀ ਵੈਬਸਾਈਟ ਯੂ.ਕੇ ਦੇ ਸੰਚਾਲਕ ਸ.ਬਲਦੇਵ ਸਿੰਘ ਕੰਦੋਲਾ,ਲਿਖਾਰੀ ਵੈਬਸਾਈਟ ਦੇ ਸ. ਹਰਜੀਤ ਸਿੰਘ ਰਾਏ ਜੋ ਕਿਸੇ ਕਾਰਣ ਕਰਕੇ ਇਸ ਵੈਬ ਸਾਈਟ ਨੂੰ ਹੁਣ ਕਾਫੀ ਸਮੇਂ ਤੋਂ ਬੰਦ ਕਰ ਚੁਕੇ ਹਨ ਉਨ੍ਹਾਂ ਨਾਲ ਕੰਮ ਕਰਦੇ ਅਵਤਾਰ ਗਿੱਲ ਜੀ ਜੋ ਹੁਣ ਅਲਬਰਟਾ ਕੈਨੇਡਾ ਵਿਖੇ ਸਰੋਕਾਰ @2015 ਵੈਬਸਾਈ ਬੜੀ ਸਫਲਤਾ ਪੂਰਵਕ ਚਲਾ ਰਹੇ ਹਨ, ਉਨ੍ਹਾਂ ਵੱਲੋਂ ਬਣਾਈ ਗਏ ਸੂਰਜ ਯੂਨੀ ਕੋਡ ਅਤੇ ਹੋਰ ਵੀ ਕੰਪਿਊਟਰ ਮਾਹਿਰਾਂ ਨੇ ਪੰਜਾਬੀ ਯੂਨੀ ਕੋਡਾਂ ਤਿਆਰ ਕਰਕੇ ਪੰਜਾਬੀ ਮਾਂ ਬੋਲੀ ਨੂੰ ਸਮੇਂ ਦੇ ਨਾਲ ਚਲਣ ਲਈ, ਇਸ ਨੂੰ ਹੋਰ ਸੁਖਾਲਾ ਤੇ ਸਰਲ ਕਰਨ ਦੇ ਕੰਮ ਵਿੱਚ ਆਪਣਾ ਬਣਦਾ ਯੋਗ ਦਾਨ ਕਿਸੇ ਨਾ ਕਿਸੇ ਰੂਪ ਵਿਚ ਪਾ ਰਹੇ ਹਨ, ਉਨ੍ਹਾਂ ਸਭਨਾਂ ਦਾ ਧਨਵਾਦ ਕਰਨਾ ਵੀ ਜ਼ਰੂਰੀ ਸਮਝਦਾ ਹਾਂ।
ਏਨਾ ਕੁੱਝ ਕਰਨ ਦੇ ਬਾਵਜੂਦ ਅਜੇ ਵੀ ਕਈ ਐਸੇ ਨੁਕਤੇ ਮੇਰੇ ਸਾਮ੍ਹਣੇ ਆ ਜਾਂਦੇ ਸਨ, ਜੋ ਖਾਸ ਕਰਕੇ ਟਾਈਪ ਕਰਦੇ ਸਮੇਂ ਖਿਆਲ ਰੱਖਣ ਲਈ ਮੇਰੇ ਲਈ ਬਹੁਤ ਜ਼ਰੂਰੀ ਹੁੰਦੇ ਹਨ। ਜਿਨ੍ਹਾਂ ਵਿੱਚੋਂ ਇਕ ਅਹਿਮ ਨੁਕਤੇ ,ਵਾਪਸੀ ਕੁੰਜੀ’ ਵੱਲ ਮੇਰਾ ਧਿਆਨ ਬੜੀ ਦੇਰ ਬਾਅਦ ਗਿਆ। ਜਿਸ ਨੂੰ 5 ਆਬੀ ਵੈਬਸਾਈਟ ਦੀ ਰੂਹੇ ਰਵਾਂ ਸ. ਬਲਦੇਵ ਸਿੰਘ ਕੰਦੋਲਾ ਯੂ.ਕੇ ਵਾਲਿਆਂ ਨੇ ਦਿਵਾਇਆ। ਪਰ ਇਸ ਦੇ ਬਾਵਜੂਦ ਇਹ ਵਾਪਸੀ ਕੁੰਜੀ ਦਾ ਭੇਤ ਕੀ ਹੈ, ਇਸ ਨੂੰ ਕਿਵੇਂ ਤੇ ਕਦੋਂ ਵਰਤੀ ਜਾਂਦੀ ਹੈ,ਕਿੱਥੇ ਵਰਤਨੀ ਚਾਹੀਦੀ ਹੈ,ਮੈਨੂੰ ਕੋਈ ਸਮਝ ਨਹੀਂ ਆ ਰਿਹਾ ਸੀ।ਮੈਨੂੰ ਵਾਪਸੀ ਕੁੰਜੀ ਦੇ ਭੇਤ ਜਾਨਣ ਲਈ ਮੇਰੇ ਅੰਦਰ ਬੜੇ ਬੜੇ ਖਿਆਲ ਉੱਸਲ ਵੱਟੇ ਭੰਨਦੇ ਰਹਿੰਦੇ ਸਨ।
ਕਦੇ ਕਦੇ ਸੁਣੀਆਂ ਸੁਣਾਈਆਂ ਬਾਲ ਕਹਾਣੀਆਂ ਵਿੱਚ ਜਿੰਨਾਂ ਪਰੀਆਂ ਦੀ ਕਹਾਣੀਆਂ ਵਿੱਚ ਕਿਸੇ ਖਾਸ ਥਾਂ ਪਹੁੰਚਣ ਲਈ ਕਈ ਦਰਵਾਜ਼ੇ ਖੋਲ੍ਹਣ ਦੇ ਰਹੱਸ ਮਈ ਢੰਗਾਂ ਨਾਲ ਖੁਲ੍ਹਣ ਤੇ ਅੱਗੇ ਜਾਣ ਦੀਆਂ ਕਹਾਣੀਆਂ ਯਾਦ ਆਂਉਂਦੀਆਂ ਸਨ।ਕਦੇ ਮੇਰਾ ਖਿਆਲ ਮੇਰੇ ਸ਼ਹਿਰ ਦੀ ਕਿਸੇ ਚਾਬੀਆਂ ਲਾਉਣ ਵਾਲੀਆਂ ਤੇ ਜੰਗਾਲੇ ਜਿੰਦਰੇ ਠੀਕ ਕਰਨ ਲਈ ਕੁੰਜੀਆਂ ਲਾਉਣ ਵਾਲੀਆਂ ਦੁਕਾਨਾਂ ਵੱਲ ਚਲਾ ਜਾਂਦਾ, ਤੇ ਕਦੇ ਰੋਪੜੀ ਤਾਲਾ ਜੋ ਕਿਤੇ ਅੜ ਜਾਏ ਤਾਂ ਉਹ ਬੜੀ ਸਿਰ ਖਪਾਈ ਕਰਨ ਦੇ ਬਾਵਜੂਦ ਖੁਲ੍ਹਣ ਦਾ ਨਾਂ ਨਹੀਂ ਲੈਂਦਾ, ਉਸ ਵੱਲ ਚਲਾ ਜਾਂਦਾ, ਜਾਂ ਕਦੀ ਕਦੀ ਚਾਬੀ ਵਾਲੇ ਖਿਡਾਉਣਿਆਂ ਵੱਲ ਵੀ ਚਲਾ ਜਾਂਦਾ, ਤੇ ਇਹ ਅੜਾਉਣੀ ਦਾ ਹੱਲ ਮੇਰੇ ਲਈ ਪੈਰ ਪੈਰ ਹੋਰ ਵੀ ਔਖਾ ਹੋਈ ਜਾਂਦਾ।
ਕਈ ਵਾਰ ਗੱਲ ਭਾਵੇਂ ਛੋਟੀ ਹੀ ਹੋਵੇ ਪਰ ਸਮਝਣ ਵਿੱਚ ਸਮਾ ਲੱਗ ਜਾਂਦਾ ਹੈ ਉਹੀ ਗੱਲ ਮੇਰੇ ਨਾਲ ਹੋਈ।ਇਸੇ ਲੇਖ ਲਿਖਦਿਆਂ ਮੈਨੂ ਇਕ ਵਾਰ ਦੀ ਇਸੇ ਤਰ੍ਹਾਂ ਦੀ ਹੋਈ ਬੀਤੀ ਗੱਲ ਚੇਤੇ ਆ ਗਈ,ਜਦੋਂ ਮੈਂ ਚੱਕ ਬੰਦੀ ਮਹਿਕਮੇ ਵਿੱਚ ਕੰਮ ਕਰਦਾ ਸਾਂ ਤਾਂ ਮੇਰੇ ਨਾਲ ਇੱਕ ਪੰਡਤ ਰਲਾ ਰਾਮ ਨਾਂ ਦਾ ਪਟਵਾਰੀ ਵੀ ਕੰਮ ਕਰਦਾ ਸੀ। ਜੋ ਮੈਥੋਂ ਬਹੁਤ ਸੀਨੀਅਰ ਪਟਵਾਰੀ ਸੀ ਅਤੇ ਆਪਣੇ ਕੰਮ ਦਾ ਪੂਰੀ ਤਰ੍ਹਾਂ ਜਾਣੂ ਅਤੇ ਫੁਰਤੀਲਾ ਵੀ ਸੀ।ਉਸ ਨੇ ਮੈਨੂੰ ਇਕ ਵਾਰ ਦੀ ਗੱਲ ਸੁਣਾਈ ਕਿ ਉਹ ਜਦੋਂ ਨਵਾਂ ਨਵਾਂ ਪਟਵਾਰੀ ਲੱਗਿਆ ਤੇ ਨੌਕਰੀ ਛਡ ਕੇ ਘਰ ਚਲਾ ਗਿਆ।ਉਸ ਦੇ ਪਿਉ ਨੇ ਜਦ ਨੌਕਰੀ ਛਡ ਕੇ ਘਰ ਆਉਣ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗਾ,ਮੈਨੂੰ ਰੀਕਰਡ ਦੇ ਛੋਟੇ ਛੋਟੇ ਖਾਨਿਆਂ ਵਿੱਚ ਲਿਖਣਾ ਨਹੀਂ ਆਉਂਦਾ।ਉਸ ਦਾ ਪਿਉ ਜੋ ਸੇਵਾ ਮੁਕਤ ਪਟਵਾਰੀ ਸੀ।ਉਸ ਨੇ ਉਸ ਨੂੰ ਕੁਝ ਦਿਨ ਘਰ ਰੱਖ ਕੇ ਇਨ੍ਹਾਂ ਖਾਨਿਆਂ ਵਿੱਚ ਲਿਖਣ ਦਾ ਅਭਿਆਸ ਕਰਾਇਆ ਤੇ ਮਿਲ ਮਿਲਾ ਕੇ ਉਸ ਦੀ ਛੁੱਟੀ ਮਨਜ਼ੂਰ ਕਰਵਾ ਕੇ ਉਸ ਨੂੰ ਫਿਰ ਨੌਕਰੀ ਤੇ ਭੇਜ ਦਿੱਤਾ।
ਇਸੇ ਤਰ੍ਹਾਂ ਹੀ ਮੇਰੇ ਇਸ ਵਾਪਸੀ ਕੁੰਜੀ ਦੇ ਭੇਦ ਨੂੰ ਦੱਸ ਲਈ ਕਈ ਸੁਹਿਰਦ ਲੇਖਕਾਂ ਨੇ ਮੈਨੂੰ ਸੇਧ ਦੇਣ ਦੀ ਕੋਸ਼ਸ ਕੀਤੀ ਜਦੋਂ ਸਰੋਕਾਰ ਵੈਬ ਸਾਈਟ ਤੇ ਇਕ ਲੇਖਕ ਕਿਰਪਾਲ ਸਿੰਘ ਪੰਨੂੰ ਜੀ ਦੇ ਲਿਖੇ ਲੇਖ” ਬਾਹੋਂ ਪਕੜ ਉਠਾਲਿਆ” ਪੜ੍ਹਿਆ ਅਤੇ ਇਸ ਦੇ ਪ੍ਰਤੀ ਭਾਵ ਵਜੋਂ ਕੁਝ ਅੱਖਰ ਮੈਂ ਉਨ੍ਹਾਂ ਨੂੰ ਲਿਖ ਕੇ ਭੇਜੇ,ਜਿਸ ਦੇ ਉੱਤਰ ਵਜੋਂ ਉਨ੍ਹਾਂ ਨੇ ਆਪਣੀ ਜਾਣਕਾਰੀ ਦੇਣ ਦੇ ਨਾਲ ਮੇਰੇ ਲਿਖੇ ਪੱਤਰ ਵਿੱਚ ਟਾਈਪ ਕਰਨ ਕਈ ਨੁਕਤੇ ਦੱਸਦੇ ਹੋਏ, ਮੈਨੂੰ ਸਮਝਾੳਣ ਦਾ ਯਤਨ ਕੀਤਾ।
ਮੈਂ ਬਥੇਰਾ ਆਪਣੇ ਕੰਪਿਊਟਰ ਤੇ ਟਾਈਪ ਕੀਤੇ ਹੋਏ ਨੂੰ ਵਾਰ ਵਾਰ ਵੇਖਦਾ, ਪਰ ਇਹ ਵਾਪਸੀ ਕੁੰਜੀ ਦੀ ਅੜਾਉਣੀ ਮੇਰੇ ਲਈ ਪੈਰ ਪੈਰ ਹੋਰ ਗੁੰਝਲਦਾਰ ਹੋਈ ਜਾਂਦੀ।ਆਖਰ ਇਕ ਦਿਨ ਜਦੋਂ ਇਸ ਨੁਕਤੇ ਤੇ ਡਾ. ਕੰਦੋਲਾ ਜੀ ਵੱਲੋਂ ਮੈਨੂੰ ਸਮਝਾ ਕੇ ਟਾਈਪ ਕਰਨ ਵੇਲੇ ਇਸ ਨੁਕਤੇ ਵੱਲ ਮੇਰਾ ਧਿਆਨ ਦਿਵਾਇਆ ਅਤੇ ਉਨ੍ਹਾਂ ਵੱਲੋਂ ਇਸ ਕੰਮ ਵੱਲ ਮੈਨੂੰ ਉਚੇਚਾ ਧਿਆਨ ਦੇਣ ਲਈ ਵੀ ਕਿਹਾ ਜਾਣ ਤੇ ਇਹ ਵਾਪਸੀ ਕੁੰਜੀ ਦੇ ਨੁਕਤੇ ਦੇ ਭੇਤ ਨੂੰ ਸਮਝਣ ਲਈ ਉਨ੍ਹਾਂ ਨੂੰ ਭੇਜੇ ਗਏ ਆਪਣੇ ਇਕ ਲੇਖ ਨਾਲ ਮੈਂ ਫਿਰ ਮਗਜ਼ ਮਾਰੀ ਕਰਨੀ ਸ਼ੁਰੂ ਕੀਤੀ।
ਇਸ ਲੇਖ ਨੂੰ ਮੈਂ ਕਈ ਵਾਰ ਟਾਈਪ ਕਰਕੇ ਉਨ੍ਹਾਂ ਨੂੰ ਅਤੇ ਆਪਣੇ ਆਪ ਨੂੰ ਮੇਲ ਕਰ ਕੇ ਤਰੁੱਟੀਆਂ ਠੀਕ ਕਰਨ ਦਾ ਯਤਨ ਕੀਤਾ ਤੇ ਆਖਰ “ਹਿੰਮਤੇ ਮਰਦਾਂ,ਮਦਦੇ ਖੁਦਾ ਵਾਲ਼ੀ ਗੱਲ ਹੋਈ”। ਉਨ੍ਹਾਂ ਦੀ ਸੇਧ ਅਤੇ ਹੌਸਲਾ ਅਫਜ਼ਾਈ ਕਰਕੇ ਵਾਪਸੀ ਕੁੰਜੀ ਵਾਲਾ ਨੁਕਤਾ ਮੇਰੇ ਖਾਨੇ ਵਿੱਚ ਕੁਝ ਨਾ ਕੁਝ ਪੈ ਹੀ ਗਿਆ,ਅਤੇ ਮੇਰੇ ਨਾਲ “ਦੇਰ ਆਏ ਦਰੁਸਤ ਆਏ ਵਾਲ਼ੀ ਗੱਲ” ਵੀ ਸਹੀ ਸਾਬਤ ਹੋਈ।ਦੂਜੇ ਦਿਨ ਮੈਨੂੰ ਵੇਖ ਕੇ ਖੁਸ਼ੀ ਤੇ ਹੈਰਾਣਗੀ ਵੀ ਹੋਈ ਕਿ ਉਨ੍ਹਾਂ ਨੂੰ ਮੇਰੇ ਵੱਲੋਂ ਸੋਧ ਕੇ ਭੇਜਿਆ ਹੋਇਆ ਲੇਖ ਉਨ੍ਹਾਂ ਦੀ ਵੈਬ ਸਾਈਟ ਤੇ ਛਪ ਚੁਕਾ ਸੀ।ਪਰ ਉਨ੍ਹਾਂ ਮੈਨੂੰ ਦੱਸਿਆ ਕਿ ਪੂਰੀ ਗੱਲ ਅਜੇ ਵੀ ਨਹੀਂ ਬਣੀ ਅਤੇ ਹੋਰ ਮੇਹਣਤ ਕਰਨ ਲਈ ਕਿਹਾ।ਹੁਣ ਉਨ੍ਹਾਂ ਦਾ ਧਨਵਾਦ ਕਰਦੇ ਹੋਏ ਇਸ ਨੁਕਤੇ ਨੂੰ ਸਮਝ ਕੇ ਅੱਗੇ ਤੋਂ ਟਾਈਪ ਕਰਨ ਦਾ ਯਤਨ ਕੀਤਾ।ਇਹ ਵਾਪਸੀ ਕੁੰਜੀ ਦੇ ਭੇਤ ਮਿਲ ਜਾਣ ਤੇ ਇਸ ਨੁਕਤੇ ਦੇ ਭੇਤ ਦਾ ਤਾਲਾ ਖੋਲ੍ਹਣਾ ਕਿੰਨਾ ਜ਼ਰੂਰੀ ਸੀ। ਇਹ ਵੀ ਸਮਝ ਹੁਣ ਆ ਗਈ।
ਜੇ ਕਿਸੇ ਵਿੱਚ ਕੁਝ ਸਿੱਖਣ ਦੀ ਭਾਵਣਾ ਹੋਵੇ ਤਾਂ ਕੇਹੜਾ ਕੰਮ ਹੈ ਜੋ ਕੀਤਾ ਨਹੀਂ ਜਾ ਸਕਦਾ। ਲੋੜ ਤਾਂ ਬਸ ਮੇਹਣਤ,ਉਦਮ,ਹੌਸਲੇ, ਅਤੇ ਸਿਰੜ੍ਹਤਾ ਦੀ ਹੀ ਹੁੰਦੀ ਹੈ। ਇਹ ਵੀ ਸਚਾਈ ਹੈ ਕਿ ਜ਼ਿੰਦਗੀ ਵਿੱਚ ਬੰਦਾ ਸਿੱਖਦਾ ਹੀ ਰਹਿੰਦਾ ਹੈ।ਬੇਸ਼ੱਕ ਸਿੱਖਣ ਨਾਲੋਂ ਸਿਖਾਉਣਾ ਵੀ ਕੋਈ ਸੌਖਾ ਕੰਮ ਨਹੀਂ।ਜਿਵੇਂ ਕੋਈ ਵਸਤੂ ਪਾਉਣ ਲਈ ਖਾਲੀ ਬਰਤਨ ਦੀ ਲੋੜ ਹੈ।ਪਰ ਜੇ ਭਰੇ ਬਰਤਨ ਵਿੱਚ ਕੋਈ ਵਸਤੂ ਪਾਉਣ ਦਾ ਯਤਨ ਕਰੀਏ ਤਾਂ ਉਹ ਵਸਤੂ ਫਾਲਤੂ ਹੋਕੇ, ਵਿਅਰਥ ਹੋ ਕੇ ਬਾਹਰ ਹੀ ਡਿਗ ਜਾਂਦੀ ਹੈ।ਇਵੇਂ ਹੀ ਕਿਸੇ ਤੋਂ ਕੁੱਝ ਸਿੱਖਣ ਲਈ ਆਪਣੀ ਸਿਆਣਪ ਨੂੰ ਜ਼ਰਾ ਜੰਦਰਾ ਲਾਕੇ ਕੁੰਜੀ ਕਿਤੇ ਲਾਂਭੇ ਰੱਖਣ ਦੀ ਲੋੜ ਵੀ ਹੁੰਦੀ ਹੈ।ਪਰ ਇਸ ਵਿੱਚ ਵੀ ਵਾਪਸੀ ਕੁੰਜੀ ਦੀ ਲੋੜ ਵੀ ਜ਼ਰੂਰੀ ਹੁੰਦੀ ਹੈ।
ਇਵੇਂ ਲਗਦਾ ਹੈ ਕਿ ਉਮਰ ਦੇ ਆਖੀਰਲੇ ਪੜਾਂ ਤੀਕ ਪਹੁੰਚ ਕੇ ਵੀ ਕੁਝ ਨਾ ਕੁਝ ਨਵਾਂ ਸਿੱਖਣ ਦੀ ਤਾਂਘ ਪ੍ਰਬਲ ਰਹਿੰਦੀ ਹੈ।ਇਸ ਕੰਮ ਵਿੱਚ ਜਦੋਂ ਮੈਨੂੰ ਕਿਸੇ ਅੜਾਉਣੀ ਜਾਂ ਮੁਸ਼ਕਲ ਨਾਲ ਜੂਝਣਾ ਪੈਂਦਾ ਹੈ ਤਾਂ ਪਤਾ ਨਹੀਂ ਕਿਉਂ ਮੈਨੂੰ ਮੇਰੀ ਉਮਰ ਮੈਨੂੰ ਪਿੱਛੇ ਨੂੰ ਪਰਤਦੀ ਜਾਪਦੀ ਹੈ। ਮੇਰੀ ਹਿੰਮਤ ਹੌਸਲਾ ਹੋਰ ਵਧਦਾ ਹੈ।ਕਿਸੇ ਕੰਮ ਨੂੰ ਅਧਵਾਟੇ ਛੱਡ ਕੇ ਅੱਗੇ ਪਾਉਣ ਲਈ ਮੇਰਾ ਮਨ ਨਹੀਂ ਕਰਦਾ।ਹਾਂ ਕਦੇ ਕਦੇ ਸਮੇਂ ਦੇ ਤਕਾਜ਼ੇ ਨੂੰ ਸਮਝਦਿਆਂ ਕੁੱਝ ਦੇਰੀ ਤਾਂ ਹੋ ਸਕਦੀ ਹੈ,ਪਰ ਆਪਣੇ ਛੋਹੇ ਹੋਏ ਜਾਂ ਆਪਣੇ ਜ਼ਿੰਮੇ ਲੱਗੇ ਕੰਮ ਨੂੰ ਟਾਲ ਦੇਣਾ ਜਾਂ ਟਾਲ ਮਟੋਲ ਕਰਨ ਵਿੱਚ ਮੇਰੀ ਬੇਬਸੀ ਹੁੰਦੀ ਹੈ।
ਮੇਰੇ ਲਈ ਲਿਖਣਾ ਮੇਰੀ ਮਜਬੂਰੀ ਹੈ, ਪਰ ਸਿੱਖਣਾ ਵੀ ਬੜਾ ਜ਼ਰੂਰੀ ਹੈ। ਜ਼ਿੰਦਗੀ ਦੇ ਸਫਰ ਵਿੱਚ ਇਹ ਦੋਵੇਂ ਪੱਖ ਦੋ ਸਮਾਨੰਤਰ ਰੇਖਾਂਵਾਂ ਵਾਂਗ ਨਾਲੋ ਨਾਲ ਚੱਲ ਰਹੇ ਹਨ।ਕਿਉਂ ਜੋ ਇਹ ਦੋਵੇਂ ਇੱਕ ਦੂਸਰੇ ਬਿਣਾਂ ਅਧੂਰੇ ਵੀ ਹਨ।ਕਈ ਵਾਰ ਬਹੁਤੀਆਂ ਸਲਾਂਹਵਾਂ ਵੀ ਲੈ ਬਹਿੰਦੀਆਂ ਹਨ।ਪਰ ਨਿਰਾ ਪੁਰਾ ਅਪਣੇ ਹੀ ਮਨ ਦੇ ਪਿੱਛੇ ਲੱਗ ਕੇ ਕਿਸੇ ਦੀ ਸੁਣੇ ਬਿਣਾਂ ਵੀ ਹਨੇਰੇ ਵਿੱਚ ਭਟਕਣ ਵਾਂਗ ਹੀ ਹੁੰਦਾ ਹੈ। ਵੈਸੇ ਜੇ ਵੇਖਿਆ ਜਾਵੇ ਤਾਂ ਇਹ ਜੀਵਣ ਦਾ ਤਾਣਾ ਬਾਣਾ ਵੀ ਤਾਂ ਕਈ ਜੰਦਰਿਆਂ ਤੇ ਉਨ੍ਹਾਂ ਦੀਆਂ ਕੁੰਜੀਆਂ ਖੋਲ੍ਹਨ ਤੇ ਬੰਦ ਕਰਨ ਵਾਂਗ ਹੀ ਹੈ।ਜਿਸ ਦੀ ਹਰ ਕੁੰਜੀ ਨੂੰ ਅੱਗੇ ਤੋਰਦਿਆਂ ਕਈ ਵਾਰ ਵਾਪਸੀ ਕੁੰਜੀ ਦੀ ਲੋੜ ਵੀ ਹੁੰਦੀ ਹੈ। ਜਿਸ ਦੀ ਸਹੀ ਵਰਤੋਂ ਕਰਨ ਲਈ ਕਈ ਵਾਰ ਇਸ ਭੇਤ ਨੂੰ ਜਾਨਣ ਲਈ ਕਿਸੇ ਹੰਡੇ ਵਰਤੇ, ਸੇਧ ਦੇਣ ਵਾਲੀ ਸੁਹਿਰਦ ਸ਼ਖਸੀਅਤ ਦੀ ਅਗਵਾਈ ਲੈਣ ਵਿੱਚ ਆਪਣੀ ਹੇਠੀ ਨਹੀਂ ਸਮਝਣੀ ਚਹੀਦੀ।
ਜੇ ਮੰਜ਼ਿਲ ਤੇ ਪਹੁੰਚਣਾ, ਤਾਂ ਹਿੰਮਤਾਂ ਨਾ ਹਾਰੋ।
ਉੱਦਮ ਦੇ ਨਾਲ ਦੋਸਤੋ, ਜ਼ਿੰਦਗੀ ਸ਼ਿੰਗਾਰੋ।
ਰਾਹਵਾਂ ਦੇ ਪੱਥਰਾਂ, ਤੇ ਰੋੜਿਆਂ ਨੂੰ ਸਮਝੋ,
ਕਿੱਦਾਂ ਬਣੇ ਨੇ ਇਹ, ਬਸ ਠੋਕਰਾਂ ਨਾ ਮਾਰੋ।
ਕੋਈ ਰਾਹ ਗੁਜ਼ਰ ਮਿਲੇ,ਮਾਣੋ ਪਲ਼ਾਂ ਦੀ ਸਾਂਝ,
ਜੇਕਰ ਸਮਾਂ ਮਿਲੇ ਤਾਂ, ਬਹਿਕੇ ਜ਼ਰਾ ਗੁਜ਼ਾਰੋ।
ਹੈ ਆਦਮੀ ਹੀ ਹੁੰਦਾ, ਹੈ ਆਦਮੀ ਦਾ ਦਾਰੂ,
ਆਪਸ ਦੇ ਵਿਚ ਮਿਲਕੇ,ਇਹ ਔਕੜਾਂ ਵੰਗਾਰੋ।
ਰਸਤੇ ਤੇ ਪਾਉਣ ਵਾਲੇ, ਮਿਲਦੇ ਬੜੇ ਨੇ ਥੋੜੇ,
ਔਝੜ ਬੜੇ ਨੇ ਪਾਉਂਦੇ, ਜਿੱਧਰ ਵੀ ਨਜ਼ਰ ਮਾਰੋ।
ਵਾਹ ਓ ਖਰਬੂਜ਼ਿਆ ਤੇਰੇ ਵੀ ਨਵੇਕਲੇ ਰੰਗ - ਰਵੇਲ ਸਿੰਘ
ਧਰਤੀ ਦੇ ਗਲੋਬ ਵਰਗੇ ਆਕਾਰ ਦਾ ਬੰਸਤੀ ਰੰਗਾ ਖਰਬੂਜ਼ਾ ਜਿਸ ਤੇ ਕੁਦਰਤ ਦੇ ਕਾਦਰ ਨੇ ਬੜੀ ਤਰਤੀਬ ਨਾਲ ਬਣਾਈਆਂ ਹਰੇ ਰੰਗ ਦੀਆਂ ਲਕੀਰਾਂ,ਅਤੇ ਜਿਸ ਨੂੰ ਸੁੰਘਣ ਤੇ ਹੀ ਇਹ ਝੱਟ ਪੱਟ ਆਪਣੇ ਮਿੱਠੇ ਫਿੱਕੇ ਹੋਣ ਦਾ ਅਨੁਭਵ ਕਰਵਾ ਦੇਂਦਾ ਹੈ। ਹੋਰਨਾਂ ਫਲ਼ਾਂ ਵਾਂਗ ਖਰਬੂਜ਼ੇ ਨੂੰ ਵੀ ਕੁਦਰਤ ਨੇ ਕਈ ਕਿਸਮਾਂ ਅਤੇ ਰੰਗਾਂ ਤੇ ਅਕਾਰ ਦੀ ਦੀ ਬਖਸ਼ਸ਼ ਕੀਤੀ ਹੈ।ਇਸ ਦੀ ਫਸਲ ਸਖਤ ਅਤੇ ਖੁਸ਼ਕ ਭੂਮੀ ਵਿੱਚ ਹੁੰਦੀ ਹੈ ਅਤੇ ਪਾਣੀ ਦੀ ਵੀ ਬਚਾ ਕਰਦਾ ਹੈ।ਇਸ ਦੇ ਬੀਜ, ਗੁੱਦਾ, ਅਤੇ ਛਿੱਲੜ ਆਪਣੇ ਗੁਣਾਂ ਕਰਕੇ ਸਾਰੇ ਹੀ ਸਿਹਤ ਲਈ ਜਾਣੇ ਜਾਂਦੇ ਹਨ। ਖਰਬੂਜਾ ਸਾਉਣੀ ਸਾਉਣੀ ਦੀ ਵਾਧੂ ਫਸਲ ਹੈ,ਜਿਸ ਨੂੰ ਗਿਦਾਵਰੀ ਦੇ ਰਜਿਸਟਰ ਵਿੱਚ ਜ਼ਾਇਦ ਖਰੀਫ ਕਰਕੇ ਲਿਖਿਆ ਜਾਂਦਾ ਹੈ। ਇਹ ਕਈ ਵਾਰ ਮੱਕੀ ਦੀ ਫਸਲ ਦੇ ਵਿੱਚ ਵੀ ਬੀਜਿਆ ਜਾਂਦਾ ਹੈ। ਖਰਬੂਜਿਆਂ ਦੇ ਖੇਤ ਨੂੰ ਵਾੜਾ ਕਿਹਾ ਜਾਂਦਾ ਹੈ।ਖਰਬੂਜਾ ਬਾਹਰੋਂ ਵੇਖਣ ਨੂੰ ਸੁਹਣਾ ਤਾਂ ਲਗਦਾ ਤਾਂ ਹੈ ਈ, ਪਰ ਅੰਦਰੋਂ ਵੀ ਇਸ ਦਾ ਸੰਧੂਰੀ ਰੰਗ ਵੀ ਬਹੁਤ ਮਨ ਮੁਹਣਾ ਹੁੰਦਾ ਹੈ।ਅੱਧ ਪੱਕੇ ਖਰਬੂਜੇ ਨੂੰ ਕਚਰਾ ਕਿਹਾ ਜਾਂਦਾ ਹੈ।ਹਰੀਆਂ ਲੰਮੀਆਂ ਚੌੜੀਆਂ, ਚੌੜੇ ਚੌੜੇ ਪੱਤਿਆਂ ਵਾਲੀਆਂ ਸੰਘਣੀਆਂ ਵੇਲਾਂ ਦੀ ਠੰਡੀ ਗੋਦ ਨਾਲ ਲੱਗਿਆ ਫਲਦਾ ਫੁਲਦਾ ਗੁੱਛ ਮਾਰੀ ਇਹ ਪੱਕਣ ਤੱਕ ਚੁੱਪ ਚੁਪੀਤਾ ਲੁਕਿਆ ਰਹਿੰਦਾ ਹੈ।ਪੱਕ ਜਾਣ ਤੇ ਆਪਣਾ ਰੰਗ ਬਦਲ ਕੇ ਜਦੋਂ ਵਾੜੇ ਵਿੱਚ ਆਪਣੀ ਮਹਿਕ ਖੁਸ਼ਬੋ ਖਿਲਾਰਦਾ ਹੈ ਤਾਂ, ਨਾਲ ਹੀ ਇਸ ਦੇ ਨਾਲ ਕਈ ਹੋਰ ਖਰਬੂਜੇ ਵੀ ਇਸ ਦੀ ਵੇਖੋ ਵੇਖੀ ਰਾਤੋ ਰਾਤ ਆਪਣਾ ਰੰਗ ਬਦਲ ਲੈਂਦੇ ਹਨ।ਇਸੇ ਲਈ ਐਵੈਂ ਤਾਂ ਨਹੀਂ ਸਿਆਣਿਆਂ ਕਹਾਵਤ ਬਣਾਈ,ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ ਹੈ।
ਗਰਮੀਆਂ ਦੀ ਰੁੱਤੇ ਸੜਕਾਂ ਕਿਨਾਰੇ, ਬੜੀ ਤਰਤੀਬ ਨਾਲ ਵੇਚਣ ਲਈ ਲਾਏ ਮਹਿਕਾਂ ਛੱਡਦੇ ਖਰਬੂਜ਼ਿਆਂ ਦੇ ਵੱਡੇ ਵੱਡੇ ਢੇਰ ਵੇਖਦਿਆਂ ਵੇਖਦਿਆਂ ਹੀ ਲੋਕ ਹੱਥੋ ਹਥੀਂ ਲੈ ਜਾਂਦੇ ਹਨ।ਹੁਣ ਹਰੇ,ਪੀਲੇ,ਬਸੰਤੀ ਰੰਗ ਦੇ ਦੇਸੀ ਖਰਬੂਜ਼ੇ ਕਿਤੇ ਕਿਤੇ ਹੀ ਵੇਖਣ ਨੂੰ ਮਿਲਦੇ ਹਨ।ਜਦੋਂ ਕਿ ਹੋਰ ਨਵੀਆਂ ਨਵੀਆਂ ਨਵੀਆਂ ਹੋਰ ਵੀ ਕਈ ਕਿਸਮਾਂ ਦੇ ਖਰਬੂਜ਼ੇ ਜਿਨਾਂ ਵਿੱਚ ਬਾਹਰੋਂ ਖਰਵ੍ਹੀ ਤੇ ਮੋਟੀ ਛਿੱਲ ਵਾਲੇ ਮੋਟੇ ਮੋਟੇ ਮਿੱਠੇ ਖਰਬੂਜ਼ੇ ਵੀ ਵੇਖਣ ਨੂੰ ਆਮ ਹੀ ਮਿਲਦੇ ਹਨ।
ਖਰਬੂਜੇ ਬਾਰੇ ਹੱਥਲਾ ਲੇਖ ਲਿਖਦਿਆਂ ਮੈਨੂੰ ਮੇਰੇ ਬਚਪਣ ਵੇਲੇ ਦੇ ਦਾਦੀ ਨਾਲ ਬਿਤਾਏ ਪਲਾਂ ਦੀ ਯਾਦ ਆ ਗਈ ਜੋ ਮੇਰਾ ਪਾਠਕਾਂ ਨਾਲ ਵੀ ਸਾਂਝੇ ਕਰਨ ਨੂੰ ਮਨ ਕਰ ਆਇਆ, ਜਦੋਂ ਦਾਦੀ ਮੈਨੂੰ ਮੰਜੇ ਤੇ ਲੇਟ ਕੇ ਆਪਣੇ ਗੋਡਿਆਂ ਤੇ ਬਿਠਾ ਕੇ ਝੂਟੇ ਦੇਂਦਿਆ ਨਾਲ ਨਾਲ ਹੌਲ਼ੀ ਹੌਲੀ ਇਹ ਵੀ ਗਾਇਆ ਕਰਦੀ ਸੀ:-
” ਅੰਬ ਪੱਕੇ ਖਰਬੂਜੇ,ਲੈ ਲੈ ਕਾਕਾ ਝੂਟੇ,ਧਰੇਕਾਂ ਵਾਲੇ ਖੂਹ ਤੇ, ਤੇਰੇ ਬਾਪੂ ਨੇ ਲਾਏ ਬੂਟੇ ............. ਤੇ ਮੈਨੂੰ ਦਾਦੀ ਦੇ ਗੋਡਿਆਂ ਤੇ ਝੂਟੇ ਲੈਂਦਿਆਂ ਜਦੋਂ ਕਿਤੇ ਨੀਂਦ ਦਾ ਕਦੇ ਹੁਲਾਰਾ ਆ ਜਾਣਾ ਤਾਂ ਦਾਦੀ ਮੇਰਾ ਮੂੰਹ ਚੁੰਮਦੇ ਹੋਏ ਮੈਨੂੰ ਚੁੱਕ ਕੇ ਸੁਆਉਣ ਲਈ ਆਪਣੀ ਗੋਦ ਵਿੱਚ ਲੈ ਲੈਂਦੀ।ਪਹਿਲੇ ਸਮਿਆਂ ਵਿੱਚ ਫਰਿੱਜ ਨੂੰ ਕੌਣ ਜਾਣਦਾ ਸੀ, ਖਾਣ ਲਈ ਲਿਆਂਦੇ ਖਰਬੂਜੇ ਰਾਤ ਨੂੰ ਠੰਡੇ ਪਾਣੀ ਦੀ ਬਾਲਟੀ ਵਿੱਚ ਠੰਡੇ ਹੋਣ ਲਈ ਰੱਖ ਦੇਣੇ, ਜਿਨ੍ਹਾਂ ਨੂੰ ਠੰਡੇ ਹੋਣ ਤੇ ਸਵੇਰੇ ਸਵੇਰੇ ਖਾਣ ਦਾ ਬੜਾ ਮਜ਼ਾ ਆਉਂਦਾ। ਬੀਜ ਸੁਕਾ ਕੇ ਰੱਖ ਲੈਣੇ, ਜੋ ਸੁਕਣ ਤੇ ਉਨ੍ਹਾਂ ਵਿੱਚੋਂ ਗਿਰੀ ਕੱਢ ਕੇ ਖਾਣ ਦਾ ਵੀ ਸੁਆਦ ਆਉਂਦਾ ਸੀ।ਦਿਮਾਗੀ ਸ਼ਕਤੀ ਤੇ ਆਮ ਕਮਜ਼ੋਰੀ ਲਈ ਖਰਬੂਜ਼ੇ ,ਹਦਵਾਣੇ,ਕੱਦੂ,ਅਤੇ ਖੀਰੇ ਦੇ ਬੀਜਾਂ ਨੂੰ ਹਿਕਮਤ ਵਿੱਚ ਚਾਰੇ ਮਗਜ਼ ਕਿਹਾ ਜਾਂਦਾ ਹੈ।,ਇਨ੍ਹਾਂ ਵਿੱਚ ਖਰਬੂਜੇ ਦੇ ਬੀਜਾਂ ਦਾ ਖਾਸ ਅਸਥਾਨ ਹੈ।ਖਰਬੂਜਾ ਹਾਜ਼ਮੇ ਲਈ ਬਹੁਤ ਵਧੀਆ ਫਲ਼ ਹੈ,ਇਸ ਨੂੰ ਖਾਣ ਨਾਲ ਨੀਂਦ ਵੀ ਚੰਗੀ ਆਉਂਦੀ ਹੈ।ਖਰਬੂਜੇ ਦੀ ਅੰਦਰਲੀ ਮਹਿਕ,ਅਤੇ ਸੰਧੂਰੀ ਰੰਗ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਖਰਬੂਜਾ ਆਮ ਤੌਰ ਤੇ ਚਾਕੂ ਨਾਲ ਕੱਟ ਕੇ ਫਾੜੀਆਂ ਕਰਕੇ ਖਾਧਾ ਜਾਂਦਾ ਹੈ,ਪਰ ਕਈ ਵਾਰ ਚਾਕੂ ਤੋਂ ਬਿਨਾਂ ਵੀ ਦੋਹਾਂ ਹੱਥਾਂ ਨਾਲ ਦਬਾ ਕੇ ਇਸ ਦੇ ਟੁਕੜੇ ਕਰਕੇ ਖਾਣ ਦਾ ਖਾਣ ਦਾ ਸਾਦ ਮੁਰਾਦਾ ਢੰਗ ਵੀ ਵੱਖਰਾ ਹੀ ਹੁੰਦਾ ਹੈ।
ਸਾਡੇ ਪਿੰਡ ਵਿੱਚ ਘਸੀਟੂ ਨਾਂ ਦਾ ਇਕ ਬੰਦਾ ਹੁੰਦਾ ਸੀ ਜੋ ਹਰ ਸਾਲ ਖਰਬੂਜੇ ਬੀਜਿਆ ਕਰਦਾ ਸੀ।ਉਹ ਬੜਾ ਹੀ ਗੁੱਸੇ ਵਾਲੇ ਸੁਭਾ ਦਾ ਅਤੇ ਬੜੀ ਡਰਾਉਣੀ ਜਿਹੀ ਸ਼ਕਲ ਵਾਲਾ ਅਤੇ ਕਰੜੇ ਸੁਭਾਅ ਵਾਲਾ ਵੀ ਸੀ।ਇਸੇ ਲਈ ਉਸ ਦਾ ਨਾਮ ਸੁਣਨ ਤੇ ਹੀ ਨਿਆਣੇ ਤ੍ਰਭਕ ਜਾਇਆ ਕਰਦੇ ਸਨ।ਜਦੋਂ ਉਹ ਵਾੜੇ ਵਿੱਚ ਖਰਬੂਜਿਆਂ ਦੀ ਰਾਖੀ ਕਰਦਾ ਮੰਜੇ ਤੇ ਲੰਮਾ ਪਿਆ ਹੁੱਕੀ ਦੇ ਸੂਟੇ ਲਾਉਂਦਿਆਂ ਜਦੋਂ ਕਿਤੇ ਸੌਂ ਜਾਂਦਾ ਤਾਂ ਨਿਆਣੇ ਮੌਕਾ ਤਾੜ ਕੇ ਉਸ ਦੇ ਖੇਤ ਵਿੱਚੋਂ ਖਰਬੂਜੇ ਚੋਰੀ ਕਰਦੇ ਹੋਏ ਜਦੋਂ ਕਿਤੇ ਉਸ ਦੇ ਕਾਬੂ ਆ ਜਾਂਦੇ ਤਾਂ,ਉਹ ਉਨ੍ਹਾਂ ਲਈ ਤਾਂ ਉਹ ਕਿਸੇ ਠਾਣੇਦਾਰ ਤੋਂ ਘੱਟ ਨਹੀਂ ਹੁੰਦਾ ਸੀ।ਕਈ ਵਾਰ ਤਾਂ ਉਹ ਉਨ੍ਹਾਂ ਦੇ ਚੋਰੀ ਕੀਤੇ ਖਰਬੂਜੇ ਉਨ੍ਹਾਂ ਦੇ ਹੱਥਾਂ ਵਿੱਚ ਫੜਾ ਕੇ ਦੱਸ ਦੱਸ ਬੈਠਕਾਂ ਕਢਵਾ ਕੇ ਤੇ ਉਨ੍ਹਾਂ ਦੇ ਹੇਠੋਂ ਦੀ ਕੰਨ ਫੜਾ ਕੇ ਉਨ੍ਹਾਂ ਦੀ ਤੋਬਾ ਤੋਬ ਕਰਵਾ ਕੇ ਛਡਦਾ, ਪਰ ਉਸ ਨਾਲ ਨਿਆਣਿਆਂ ਨੂੰ ਫਿਰ ਉਸ ਨਾਲ ਨਵੀਆਂ ਨਵੀਆਂ ਇੱਲਤਾਂ ਕਰਨੀਆਂ ਪਤਾ ਨਹੀਂ ਕਿਉਂ ਚੰਗੀਆਂ ਲਗਦੀਆਂ।ਜਦੋਂ ਉਹ ਖਰਬੂਜਿਆਂ ਦੀ ਚੋਰੀ ਕਰਨੀ ਛਡ ਕੇ ਉਸ ਨੁੰ ਸੁੱਤਾ ਪਿਆ ਵੇਖ ਕੇ ਕਦੀ ਉਸ ਦੀ ਜੁੱਤੀ ਕਦੇ ਹੁੱਕੀ ਕਦੇ ਰਾਖੀ ਕਰਨ ਵਾਲੀ ਮੋਟੇ ਖੁੰਗਿਆਂ ਵਾਲੀ ਸੋਟੀ ਕਿਤੇ ਲੁਕਾ ਕੇ, ਲਾਂਭੇ ਬੈਠ ਕੇ ਉਸ ਦਾ ਤਮਾਸ਼ਾ ਵੇਖਦੇ,ਉਹ ਜਿਉਂ ਜਿਉਂ ਖਿਝਦਾ ਉਨ੍ਹਾਂ ਨੂੰ ਮੰਦਾ ਚੰਗਾ ਬੋਲਦਾ ਤਾਂ ਨਿਆਣੇ ਝੱਟ ਜਿਧਰ ਨੂੰ ਰਾਹ ਲਭਦਾ ਇੱਕ ਦੂਜੇ ਤੇ ਡਿਗਦੇ, ਸ਼ੂਟਾਂ ਵੱਟ ਜਾਂਦੇ ਤੇ ਘਸੀਟੂ ਆਪਣੀ ਜੁੱਤੀ, ਹੁੱਕੀ ਸੋਟੀ ਨੂੰ ਲੱਭਦਾ ਖਿਝਦਾ ਖਪਦਾ ਵਾੜੇ ਦੀ ਰਾਖੀ ਕਰਨੀ ਵੀ ਭੁੱਲ ਜਾਇਆ ਕਰਦਾ ਸੀ।
ਹਰ ਦੇਸ਼,ਹਰ ਇਲਾਕੇ,ਪਿੰਡ ਸ਼ਹਿਰ, ਦੀ ਕੋਈ ਨਾ ਕੋਈ ਆਪਣੀ ਖਾਸੀਅਤ ਹੁੰਦੀ ਹੈ, ਇਸ ਗੱਲੋਂ ਖਰਬੂਜਾ ਵੀ ਪਿੱਛੇ ਨਹੀਂ ਰਿਹਾ,ਜ਼ਿਲਾ ਅਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਇੱਕ ਬਹੁਤ ਵੱਡਾ ਚਮਿਆਰੀ ਨਾਂ ਦਾ ਪਿੰਡ ਹੈ ਜਿੱਥੋਂ ਦੇ ਖਰਬੂਜ਼ੇ ਕਦੇ ਆਪਣੀ ਮਿਠਾਸ ਤੇ ਸੁੰਦਰਤਾ ਕਰਕੇ ਬਹੁਤ ਮਸ਼ਹੂਰ ਹੋਇਆ ਕਰਦੇ ਸਨ। ਇਨ੍ਹਾਂ ਬਾਰੇ ਤਾਂ ਕਿਸੇ ਗੀਤ ਕਾਰ ਦੇ ਲਿਖੇ ਬੋਲ ਹੁਣ ਵੀ ਚੇਤੇ ਆ ਜਾਂਦੇ ਹਨ।ਜਦੋਂ ਕੋਈ ਗੱਭਰੂ ਆਪਣੀ ਨਵੀਂ ਵਿਆਹੀ ਮੁਟਿਆਰ ਨੂੰ ਖੁਸ਼ ਕਰਨ ਲਈ ਉਸ ਨੂੰ ਇਸ ਪਿੰਡ ਦਾ ਲਿਆਂਦਾ ਖਰਬੂਜ਼ਾ ਖਾਣ ਲਈ ਦੇਂਦਾ ਇਵੇਂ ਕਹਿੰਦਾ ਹੈ।
“ਤੇਰੇ ਤੋਂ ਸਭ ਕੁਝ ਵਾਰੀ ਦਾ,ਤੈਨੂੰ ਵੈਖ ਕੇ ਸੀਨਾ ਠਾਰੀਦਾ,
ਮਹਿਕਾਂ ਦੀ ਭਰੀ ਪਟਾਰੀ ਦਾ,ਖਰਬੂਜੇ ਵਰਗੀ ਨਾਰੀ ਦਾ,
ਜਿਉਂ ਹੁੰਦਾ ਹੱਟ ਲਲਾਰੀ ਦਾ,ਜਾਂ ਤਿੱਖੀ ਤੇਜ਼ ਕਟਾਰੀ ਦਾ।
ਕੋਈ ਭਾਂਡਾ,ਹੈ ਘੁਮਿਆਰੀ ਦਾ,ਜ਼ੁਲਫਾਂ ਨਾਲ ਸ਼ਿੰਗਾਰੀ ਦਾ।
ਮੁੱਲ ਜੋ ਵੀ ਮੰਗੇਂ ਤਾਰੀਦਾ,ਕਦੇ ਜਿੱਤੀ ਦਾ ਕਦੇ ਹਾਰੀਦਾ,
ਨੀਂ ਪੱਲਾ ਚੁੱਕ ਫੁਲਕਾਰੀ ਦਾ,ਖਰਬੂਜ਼ਾ ਲੈ ਚਮਿਆਰੀ ਦਾ।“
ਹੋਰ ਤਾਂ ਹੋਰ ਖਰਬੂਜ਼ਾ ਹੋਰ ਵੀ ਭਾਗਾਂ ਵਾਲਾ ਹੋ ਗਿਆ ਜਦੋਂ ਕਿਤੇ ਪੜ੍ਹਿਆ ਜਾਂ ਸੁਣਿਆ ਕਿ ਬਾਬਾ ਨਾਨਕ ਜਦੋਂ ਸੁਲਤਾਨਪੁਰ ਲੋਧੀ ਨੌਕਰੀ ਕਰਦੇ ਸਨ, ਤਾਂ ਉਥੇ ਇਕ ਫਕੀਰ ਵੀ ਰਹਿੰਦਾ ਸੀ। ਜਿਸ ਨੇ ਬਾਬਾ ਨਾਨਕ ਨਾਲ ਉਨ੍ਹਾਂ ਦੀ ਸੰਗਤ ਕਰਦੇ ਹੋਏ ਉਨ੍ਹਾਂ ਦੇ ਮੁਬਾਰਕ ਹੱਥੋਂ ਲੈਕੇ ਖਰਬੂਜ਼ਾ ਖਾਧਾ,ਉਦੋਂ ਤੋਂ ਹੀ ਉਹ ਫਕੀਰ ਖਰਬੂਜ਼ਿਆਂ ਦਾ ਸ਼ੌਕੀਨ ਹੋਣ ਕਰਕੇ ਸਾਈਂ ਖਰਬੂਜੇ ਸ਼ਾਹ ਦੇ ਨਾਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਇਸ ਤਰ੍ਹਾਂ ਖਰਬੂਜ਼ਾ ਇਨ੍ਹਾਂ ਦੋਹਾਂ ਰੂਹਾਨੀ ਹਸਤੀਆਂ ਨਾਲ ਵੀ ਸਾਂਝ ਪਾਈ ਬੈਠਾ ਹੈ।ਖਰਬੂਜ਼ਾ ਸਰੀਰ ਅਤੇ ਤੱਤ ਅਤੇ ਸੁੰਦਰਤਾ ਰੂਹ ਦਾ ਪ੍ਰਤੀਕ ਹੈ। ਮਿਠਾਸ ਦਾ ਗੁਣ ਇਸ ਦੀ ਪਹਿਚਾਣ ਹੈ।ਜਿਸਦੇ ਜਿਸਮ ਦੇ ਸਾਰੇ ਹੀ ਅੰਗ ਕਿਸੇ ਨਾ ਕਿਸੇ ਤਰ੍ਹਾਂ ਕਾਰਆਮਦ ਹੋਣ ਕਰਕੇ, ਇਹ ਪਰਉਪਕਾਰੀ ਸੁਭਾ ਦਾ ਵੀ ਹੈ, ਜੋ ਮਿੱਟੀ ਚੋਂ ਨਿਕਲ ਕੇ ਮਿੱਟੀ ਵਿੱਚ ਸਮਾ ਜਾਣ ਤੱਕ ਮਨੁੱਖ ਦੇ ਕੰਮ ਆਉਂਦਾ ਹੈ।
ਅੰਬ ਨੂੰ ਬਹੁ ਗੁਣੀ ਹੋਣ ਕਰਕੇ ਫਲ਼ਾਂ ਦਾ ਬਾਦਸ਼ਾਹ ਕਿਹਾ ਜਾ ਕੇ ਵਡਿਆਇਆ ਜਾਂਦਾ ਹੈ ਇਸ ਦੇ ਇਲਾਵਾ ਹੋਰ ਵੀ ਕਈ ਫਲ਼ ਜਿਨ੍ਹਾਂ ਦਾ ਵਿਸਥਾਰ ਕਰਕੇ ਹਥਲਾ ਲੇਖ ਬਹੁਤ ਲੰਮਾ ਹੋ ਜਾਏਗਾ, ਪਰ ਇਸ ਵਿੱਚ ਵੱਡੀ ਗੱਲ ਇਹ ਹੈ ਇਹ ਛੋਟੇ ਮੋਟੇ ਪੇੜ ਪੌਦਿਆਂ ਤੇ ਲਗਦੇ ਹਨ, ਲਗ ਪਗ ਖਰਬੂਜ਼ਾ ਤੇ ਹਦਵਾਣਾ ਦੋ ਫਲ਼ ਐਸੇ ਹਨ ਜੋ ਧਰਤੀ ਤੇ ਵੇਲਾਂ ਨਾਲ ਲਗਦੇ ਹਨ। ਬੇਸ਼ਕ ਇਨ੍ਹਾਂ ਦੇ ਇਲਾਵਾ ਵੇਲਾਂ ਤੇ ਹੋਰ ਵੀ ਕਈ ਕਿਸਮਾਂ ਦੇ ਫਲ਼ ਜਿਵੇਂ ਕੱਦੂ, ਕਰੇਲੇ,ਤੋਰੀਆਂ ਟੀਂਡੇ ਵਗੈਰਾ,ਵੀ ਲਗਦੇ ਹਨ, ਪਰ ਇਹ ਫਲ਼ ਆਮ ਤੌਰ ਤੇ ਸਬਜ਼ੀਆਂ ਵਿੱਚ ਹੀ ਸ਼ੁਮਾਰ ਹੁੰਦੇ ਹਨ।ਹਦਵਾਣਾ ਆਪਣੀ ਥਾਂ ਤੇ ਅਤੇ ਖਰਬੂਜ਼ਾ ਆਪਣੀ ਥਾਂ ਤੇ ਖਾਣ ਯੋਗ ਫਲ਼ ਹੁੰਦਾ ਹੈ।ਫਿਰ ਵੀ ਜੇ ਖਰਬੂਜ਼ੇ ਦਾ ਮੁਕਾਬਲਾ ਕੀਤਾ ਜਾਏ ਤਾਂ ਕਿੱਥੇ ਖਰਬੂਜ਼ਾ ਕਿੱਥੇ ਹਦਵਾਣਾ,ਗੱਲ ਹੋਰ ਪਾਸੇ ਚਲੀ ਜਾਂਦੀ ਹੈ,ਖਰਬੂਜ਼ਾ ਰੰਗਾ,ਮਹਿਕਾਂ, ਨਕਸ਼ਾਂ, ਆਕਾਰ,ਸੁਹਜ ਸੁਆਦ, ਅਤੇ ਹੋਰ ਗਈ ਗੁਣਾਂ ਨਾਲ ਲੈਸ ਖਰਬੂਜ਼ੇ ਦੀ ਰੀਸ ਹਦਵਾਣੇ ਨੇ ਕੀ ਕਰਣੀ,ਜਿਸਦੇ ਆਕਾਰ ਦੀ ਤੁਲਣਾ ਕਿਸੇ ਹਲਵਾਈ ਜਾਂ ਕਿਸੇ ਲ਼ਾਲੇ,ਜਾਂ ਕਿਸੇ ਵੇਹਲੜ ਦੀ ਮੋਟੀ ਵਧੀ ਗੋਗੜ ਨਾਲ ਕੀਤੀ ਜਾਂਦੀ ਹੈ। ਇੱਥੇ ਵਿਦੇਸ਼ਾਂ ਵਿੱਚ ਤਾਂ ਹਦਵਾਣੇ ਪੰਝੀ ਪੰਝੀ ਕਿੱਲੋ ਤੋਂ ਵੀ ਭਾਰੇ ਹੁੰਦੇ ਹਨ,ਜੋ ਕਿਸੇ ਦੇ ਕੰਮ ਆਉਣ ਤੋਂ ਪਹਿਲਾਂ ਹੀ ਕਈ ਵਾਰ ਆਪਣਾ ਭਾਰ ਨਾ ਝੱਲਦੇ ਹੋਏ ਸੰਭਲਣ ਨਾ ਸਕਣ ਕਰਕੇ ਆਪਣਾ ਆਪ ਹੀ ਗੁਆ ਬੈਠਦੇ ਹਨ।
ਕੋਈ ਸਮਾ ਸੀ ਜਦੋਂ ਖਰਬੂਜ਼ੇ ਦੇ ਵਾੜੇ ਪੰਜਾਬ ਵਿੱਚ ਥਾਂ ਥਾਂ ਮਿਲਦੇ ਸਨ ਪਰ ਸਮੇਂ ਦੇ ਨਾਲ ਨਾਲ ਜਦੋਂ ਸਿੰਜਾਈ ਦੇ ਸਾਧਣ ਵਧ ਗਏ, ਕਨਕ ਝੋਨੇ ਦੀ ਫਸਲ ਨੇ ਧਰਤੀ ਦੀ ਤਾਸੀਰ ਹੀ ਬਦਲ ਦਿੱਤੀ,ਤੇ ਜਿੱਥੇ ਪੰਜਾਬ ਦੀਆਂ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਵਿੱਚ ਮਸਰ, ਛੋਲੇ,ਅਲਸੀ,ਸਰ੍ਹੋਂ, ਮੱਕੀ ਬਾਜਰਾ ਵਰਗੀਆਂ ਲਾਭ ਕਾਰੀ ਫਸਲਾਂ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ,ਇਸ ਮਾਰ ਤੋਂ ਵਿਚਾਰ ਖਰਬੂਜ਼ਾ ਵੀ ਨਹੀਂ ਬਚ ਸਕਿਆ।ਮੈਨੂੰ ਯਾਦ ਹੈ, ਮੱਕੀ ਦੀ ਫਸਲ ਵਿੱਚ ਬੀਜੇ ਖਰਬੂਜ਼ਿਆਂ ਦੀਆਂ ਪੰਡਾਂ ਜਦੋਂ ਲੋਕ ਘਰਾਂ ਵਿੱਚ ਖੇਤਾਂ ਵਿੱਚੋਂ ਘਰੀਂ ਲਿਆਂਦੇ ਤਾਂ ਇਹ ਹੋਰ ਪੱਕ ਕੇ ਜ਼ਰਾ ਨਰਮ ਹੋਣ ਲਈ ਇਨ੍ਹਾਂ ਨੂੰ ਕੋਠੀਆਂ ਵਿੱਚ ਰੱਖੇ ਜਾਂਦੇ ਸਨ। ਸਵੇਰ ਸਾਰ ਕੱਢ ਕੇ ਠੰਡੇ ਪਾਣੀ ਵਿੱਚ ਰੱਖ ਕੇ ਖਾਣ ਦਾ ਸੁਆਦ ਆ ਜਾਂਦਾ ਸੀ।ਹੁਣ ਇਨ੍ਹਾਂ ਦੀ ਹੋਂਦ ਬਾਹਰੋਂ ਆਉਣ ਤੇ , ਦੁਕਾਨਾਂ,ਸੜਕਾਂ ਜਾਂ ਰੇੜ੍ਹੀਆਂ ਤੇ ਲਗਣ ਤੀਕ ਹਹਿ ਗਈ ਹੈ,ਤੇ ਹੁਣ ਤਾਂ ਇਹ,” ਵਿਚਾਰਾ ਖਰਬੂਜ਼ਾ” ਬਣ ਕੇ ਹੀ ਰਹਿ ਗਿਆ ਹੈ।ਇਹ ਤਾਂ ਪਹਿਲਾਂ ਵੀ ਆਪਣੀ ਮਿਠਾਸ ਤੇ ਸੁੰਦਰਤਾ ਤੇ ਝਟ ਤਗੜਿਆਂ ਦੇ ਕਾਬੂ ਆ ਜਾਂਦਾ ਸੀ ਪਰ ਹੁਣ ਵੀ,ਇਸ ਨਾਲ ਵੱਡਿਆਂ ਦਾ ਸੱਤੀਂ ਵੀਹੀਂ ਸੌ ਵਾਲੀ ਗੱਲ ਹੀ ਹੈ। ਸਿਆਣਿਆਂ ਦੀ ਕਹਾਵਤ ਹੈ ਕਿ ਚਾਕੂ ਭਾਵੇਂ ਹੇਠਾਂ ਹੋਵੇ ਭਾਂਵੇਂ ਉੱਤੇ ਹੋਵੇ,ਨੁਕਸਾਨ ਤਾਂ ਖਰਬੂਜ਼ੇ ਦਾ ਹੀ ਹੋਣਾ ਹੈ।
ਖਰਬੂਜ਼ੇ ਦੀ ਇਹ ਹਾਲਤ ਅਜੋਕੀ,ਸਿਆਸਤ ਅਤੇ ਲੀਡਰਾਂ ਉੱਤੇ ਵੀ ਪੂਰੀ ਪੂਰੀ ਢੁੱਕਦੀ ਹੈ ਜਦੋਂ ਆਮ ਲੋਕਾਂ ਦੀਆਂ ਕਈ ਕਮਜ਼ੋਰੀਆਂ ਦਾ ਪੂਰਾ ਪੂਰਾ ਲਾਹਾ ਲੈਕੇ ਨੇਤਾ ਲੋਕ ਇਕ ਦੂਜੇ ਦੇ ਪੈਰ ਮਿੱਧਦੇ ਹੋਏ ਨੇਤਾ ਗਿਰੀ ਕਰਦੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ,ਉਨ੍ਹਾਂ ਦੇ ਰਾਖੇ ਹੋਣ ਦੇ ਫੋਕੇ ਦਾਅਵੇ ਕਰਦੇ ਸਿਆਸਤ ਦੀਆਂ ਪਉੜੀਆਂ ਚੜ੍ਹਦੇ ਉਨ੍ਹਾਂ ਦੇ ਹੁਕਮਰਾਨ ਬਣ ਕੇ ਚੰਮ ਦੀਆਂ ਚਲਾਂਦੇ ਹਨ।ਇਹ ਵਰਤਾਰਾ ਚਾਕੂ ਤੇ ਖਰਬੂਜ਼ੇ ਵਰਗਾ ਹਰ ਪੰਜੀਂ ਸਾਲ ਲੋਕ ਵੇਖਦੇ ਹਨ।ਮੁੜ ਫਿਰ ਉਹੀ ਪਰਾਣੇ ਰਾਗ ਤੇ ਸਰੰਗੀਆਂ ਵੱਜਣ ਲੱਗ ਪੈਂਦੀਆਂ ਹਨ।ਤੇ ਖਰਬੂਜ਼ਾ ਰੂਪੀ ਪਰਜਾ ਫਿਰ ਆਪਣੀ ਬਲ਼ੀ ਦੇਣ ਲਈ, ਨਵੇਂ ਨਵੇਂ ਚਾਕੂਆਂ ਦੀ ਭਾਲ ਵਿੱਚ ਰਹਿੰਦੀ ਹੈ ਤੇ ਫਿਰ ਉਹ ਹੀ ਲਹੂ ਵੀਟਣੇ ਖੁੰਢੇ ਜਾਂ ਤਿੱਖੇ ਹੋਏ ਨਵੇਂ ਪਰਾਣੇ ਚਾਕੂ ਛੁਰੀਆਂ,ਨਵੇਂ ਨਵੇਂ ਰੂਪਾਂ ਵਿੱਚ ਬਦਲਦੇ ਰਹਿੰਦੇ ਹਨ। ਉਹ ਸਮਝਦੇ ਹਨ ਕਿ ਪਰਜਾ ਸ਼ਾਇਦ ਉਨ੍ਹਾਂ ਲਈ ਇਸੇ ਮਕਸਦ ਨਾਲ ਹੀ ਬਣੀ ਹੈ।ਇਵੇਂ ਹੀ ਸ਼ਾਇਦ ਖਰਬੂਜ਼ਾ ਤੇ ਚਾਕੂ ਦੋਵੇਂ ਇਕ ਦੂਜੇ ਲਈ ਹੀ ਬਣੇ ਜਾਪਦੇ ਹਨ।
ਰਿਸ਼ਤਿਆਂ ਦੀ ਮਹਿਕ : ਗੁਣਾਂ ਦੀ ਗੁਥਲੀ ਮੇਰੀ ਘਰ ਵਾਲੀ - ਰਵੇਲ ਸਿੰਘ ਇਟਲੀ
ਮੈਂ ਤਾਂ ਦੱਸ ਕੁ ਜਮਾਤਾਂ ਪੜ੍ਹ ਕੇ ਪਟਵਾਰੀ ਬਣ ਗਿਆ ਪਰ ਮੇਰੀ ਘਰ ਵਾਲੀ ਬੈਠੀ ਬਿਠਾਈ, ਨਾ ਹਿੰਗ ਲੱਗੀ ਨਾ ਫਟਕਰੀ ਰੰਗ ਚੋਖਾ ਵਾਲੀ ਗੱਲ ਵਾਂਗ ਮੇਰੇ ਨਾਲ ਚਾਰ ਲਾਂਵਾਂ ਲੈ ਕੇ ਪਟਵਾਰਣ ਬਣ ਗਈ।ਪਟਵਾਰੀ ਦੀ ਨੌਕਰੀ ਅੱਜ ਤੋਂ ਕੁੱਝ ਸਮਾਂ ਪਹਿਲਾਂ ਕੋਈ ਛੋਟੀ ਮੋਟੀ ਨੌਕਰੀ ਨਹੀਂ ਸੀ ਹੁੰਦੀ।ਕੋਰੀ ਅਣਪੜ੍ਹ ਹੋਣ ਤੇ ਵੀ ਉੱਸ ਨੇ ਖਿੱਚ ਧ੍ਰੂ ਕੇ ਕੁੱਝ ਲਿਖਣਾ ਪੜ੍ਹਨਾ ਵੀ ਸਿੱਖ ਲਿਆ। ਅਪਣੇ ਨਾਂ ਨਾਲ ਲੱਗਣ ਵਾਲੇ ਗੁਰਮੁਖੀ ਦੇ ਸੱਤਾਂ ਅੱਖਰਾਂ ਦੇ ਦਸਤਖਤ ਕਰਣ ਲੱਗਿਆਂ ਉਹ ਕਿੰਨਾ ਕਿੰਨਾ ਚਿਰ ਜਿਵੇਂ ਰੱਸਾ ਪਾਕੇ ਧ੍ਰੂੰਦੀ ਹੋਈ ਜਾਪਦੀ ਹੈ।ਪਰ ਉੱਸ ਵਰਗੇ ਦਸਤਖਤ ਕਰ ਲੈਣੇ ਕੋਈ ਹੋਰ ਹਾਰੀ ਸਾਰੀ ਲਈ ਸੌਖਾ ਕੰਮ ਵੀ ਨਹੀਂ , ਕਿਉਂ ਜੋ ਇਨ੍ਹਾਂ,ਵਿੱਚ ਇੱਕ ਅੱਖਰ ਦਾ ਫਰਕ ਤਾਂ ਉੱਸ ਨੂੰ ਹੀ ਪਤਾ ਹੈ। ਹੁਣ ਤੀਕ ਵਿਦੇਸ਼ਾਂ ਵਿੱਚ ਜਾਣ ਲਈ ਕਈ ਹਵਾਈ ਜਹਾਜ਼ਾਂ ਦੇ ਲੰਮੇ 2 ਝੂਟੇ ਲੈ ਆਈ ਹੈ। ਪਰ ਸਾਦਗੀ ਪਸੰਦ ਉਹ ਅਜੇ ਵੀ ਪਹਿਲਾਂ ਵਾਂਗ ਹੀ ਹੈ। ਕਪੜੇ ਧੋਣ ਵਾਲੀ ਮਸ਼ੀਨ ਤੇ ਬਜਾਏ ਹੱਥਾਂ ਨਾਲ ਹੀ ਕੰਮ ਮੁਕਾ ਲੈਂਦੀ ਹੈ।ਅੱਧੇ ਕੁ ਕੱਪੜੇ ਤਾਂ ਉਹ ਨ੍ਹਾਉਣ ਲੱਗਿਆਂ ਹੀ ਫੰਡ ਛਡਦੀ ਹੈ। ਜੇਕਰ ਚੌਲਾਂ ਨਾਲ ਦਾਲ ਜਾਂ ਕੜ੍ਹੀ ਬਣੀ ਹੋਵੇ ਤਾਂ ਖਾਂਦਿਆਂ ਉੱਸ ਦਾ ਸੁਆਦ ਨਾਲ ਉੰਗਲਾਂ ਚੱਟਣ ਦਾ ਨਜ਼ਾਰਾ ਵੀ ਵੇਖਣ ਵਾਲਾ ਹੁੰਦਾ ਹੈ।ਕੁਰਸੀ ਤੇ ਬੈਠ ਕੇ ਰੋਟੀ ਖਾਣ ਦੀ ਬਜਾਏ ਮੰਜੇ ਤੇ ਲੱਤਾਂ ਪਸਾਰ ਕੇ ਰੋਟੀ ਖਾਣਾ ਉਸ ਨੂੰ ਚੰਗਾ ਲਗਦਾ ਹੈ।
ਰਸੋਈ ਵਿੱਚ ਪਤੀਲੇ ਵਿੱਚ ਕੜਛੀ ਚਲਾਉਣ ਦਾ ਹੁਨਰ ਵੀ ਉੱਸ ਨੂੰ ਵਾਹਵਾ ਆਉਂਦਾ ਹੈ।ਕੜਛੀ ਚਲਾਉਂਦੀ ਦੀ ਦੀ ਆਵਾਜ਼ ਤਾਂ ਇਵੇਂ ਆਉਂਦੀ ਹੈ ਜਿਵੇਂ ਕਿਸੇ ਮੰਦਰ ਵਿੱਚ ਆਰਤੀ ਦੀ ਟੱਲੀਆਂ ਦੀ ਟੁਣਕਾਰ ਹੋ ਰਹੀ ਹੋਵੇ ।ਦਾਲ ਸਬਜ਼ੀ ਤੇ,ਸਾਗ ਨੂੰ ਤੜਕਾ ਲਾਉਣਾ,ਮੱਕੀ ਦੀ ਰੋਟੀ ਬਣਾਉਣੀ ਤਾਂ ਉੱਸ ਕੋਲੋਂ ਕੋਈ ਸਿੱਖੇ।ਘਰ ਦੀ ਕਿਸੇ ਹੋਰ ਦੀ ਕੀਤੀ ਹੋਈ ਸਫਾਈ ਉੱਸ ਨੂੰ ਪਸੰਦ ਨਹੀਂ। ਘਰ ਵਿੱਚ ਖਿਲਾਰਾ ਪਾਉਣ ਤੇ ਕੱਪੜਾ ਲੀੜਾ ਉੱਘੜ ਦੁੱਘੜ ਰੱਖਣ ਵਿੱਚ ਮੈਂ ਸਭ ਤੋਂ ਅੱਗੇ ਹਾਂ।ਕਈ ਵਾਰ ਇਸੇ ਗੱਲੋਂ ਉੱਸ ਨਾਲ ਮਾੜੀ ਮੋਟੀ ਗੱਲੇ ਕੁੱਝ ਅਟਾ ਪਟੀ ਵੀ ਹੋ ਜਾਂਦੀ ਹੈ।ਮੈਂ ਆਪਣੀ ਲਾਪ੍ਰਵਾਹੀ ਕਰਕੇ ਘੇਸ ਵੱਟ ਜਾਂਦਾ ਹਾਂ।ਉਹ ਬੋਲੀ ਜਾਂਦੀ ਹੈ ਅਤੇ ਆਪਾਂ ਆਈ ਬਲਾ ਗਈ ਬਲਾ ਕਹਿ ਕੇ ਦੜ ਵੱਟੀ ਰੱਖਦੇ ਹਾਂ, ਤੇ ਇੱਕ ਚੁੱਪ ਸੌ ਸੁਖ ਵਾਲੇ ਸਿਧਾਂਤ ਦਾ ਪੱਲਾ ਘੁੱਟ ਕਟ ਫੜੀ ਰੱਖਦੇ ਹਾਂ। ਮੈਨੂੰ ਪਤਾ ਹੈ, ਕਸੂਰ ਤਾਂ ਆ ਜਾ ਕੇ ਆਪਾਂ ਦਾ ਹੀ ਨਿਕਲਣਾ ਹੈ, ਐਵੇਂ ਵਾਧੂ ਦੀ ਕਿੱਚ ਕਿੱਚ ਤੋਂ ਬਚੇ ਰਹੀਏ ਤਾਂ ਚੰਗਾ ਹੈ।ਇੱਸੇ ਤਰ੍ਹਾਂ ਕਦੇ ਟੂਟੀ ਖੁਲ੍ਹੀ ਰਹਿ ਗਈ ਕਦੇ ਵਾਲ ਵਾਹ ਕੇ ਜਿੱਥੇ ਮਰਜ਼ੀ ਸੁੱਟ ਛੱਡੇ, ਮੰਜੇ ਤੇ ਕੱਪੜੇ ਕਿੱਲੀ ਤੇ ਟੰਗਣ ਦੀ ਅਣਗਹਿਲੀ ਕਰਦਿਆਂ ਬੇ ਤਰਤੀਬੇ ਸੁੱਟ ਛੱਡਣੇ, ਤੇ ਹੋਰ ਕਈ ਕੁੱਝ ਰੋਜ਼ ਦਾ ਕੰਮ ਵੇਖ ਕੇ ਗੱਲਾਂ ਸੁਣ ਕੇ ਚੁੱਪ ਰਹਿਣ ਤੋਂ ਸਿਵਾ ਹੋਰ ਚਾਰਾ ਵੀ ਕਿਹੜਾ ਹੈ। ਨਿਆਣੇ ਵੱਡੇ ਹੋ ਕੇ ਵਿਆਹੇ ਵਰ੍ਹੇ ਜਾ ਕੇ ਵਿਦੇਸ਼ ਚਲੇ ਗਏ ਫਿਰ ਘਰ ਵਿੱਚ ਉਹੋ ਢਾਈ ਟੋਟਰੂ ਮੀਆਂ ਠਾਕਰ ਦੁਆਰੇ ਵਾਲੀ ਗੱਲ ਤਾਂ ਹੋਣੀ ਹੀ ਸੀ ਪਰ ਅਸੀਂ ਕਿਸੇ ਠਾਕਰ ਦੁਆਰੇ ਤਾਂ ਨਹੀਂ ਜਾ ਬੈਠੇ, ਪਰ ਘਰ ਵੱਡਾ ਹੋਣ ਕਰਕੇ ਸਫਾਈ ਕਰਨੀ ਘਰ ਦੀ ਸਫਾਈ ਕਰਨੀ ਕਿਹੜੀ ਸੌਖੀ ਹੈ ਪਰ ਧੰਨ ਹੈ ਉਹ ਸ਼ੇਰ ਦੀ ਬੱਚੀ ਜੋ ਝਾੜੂ ਫੇਰਦੀ ਸਾਰਾ ਦਿਨ ਬੱਸ ਧੂੜਾਂ ਹੀ ਧੁਮਾਈ ਰੱਖਦੀ ਹੈ।
ਇੱਕ ਦਿਨ ਮੈਂ ਕਹਿ ਬੈਠਾ ਕਿ ਹੁਣ ਬੁਢੇ ਵਾਰੇ ਹੁਣ ਹੋਰ ਹੱਡ ਘਸਾਉਣ ਨਾਲੋਂ ਕੋਈ ਕੰਮ ਵਾਲੀ ਰੱਖ ਲਈਏ, ਇਹ ਸੁਣਦਿਆਂ ਹੀ ਉਹ ਲੋਹ ਲਾਖੀ ਹੋ ਕੇ ਬੋਲੀ ਮੇਰੇ ਟੁੱਟ ਹੋਏ ਹਨ।ਜਦ ਤੱਕ ਹੱਥ ਪੈਰ ਚਲਦੇ ਹਨ।ਮੈਂ ਨਹੀਂ ਕਿਸੇ ਨੂੰ ਘਰ ਵੜਨ ਦੇਣਾ।ਮੈਨੂੰ ਨਹੀਂ ਇਤਬਾਰ ਕਿਸੇ ਦੇ ਕੰਮ ਤੇ,ਨਾਲੇ ਤੁਸੀਂ ਰੋਜ਼ ਸੁਣਦੇ ਹੀ ਓ ,ਬਜ਼ੁਰਗਾਂ ਨਾਲ ਘਰਾਂ ਦੀ ਸਫਾਈ ਕਰਨ ਦੇ ਬਹਾਨੇ ਕੀ ਕੁੱਝ ਹੋ ਰਿਹਾ ਹੈ। ਨਾਲੇ ਰੋਟੀਆਂ ਖੁਆਓ ਨਾਲੇ ਹਰ ਵਕਤ ਜਾਨ ਖਤਰੇ ਚ ਪਾਈ ਰੱਖੋ। ਇੱਕ ਵੇਰਾਂ ਬਾਹਰਲੇ ਦੇਸ਼ ਚੋਂ ਜਦੋਂ ਮੁੜੀ ਤਾਂ ਕਹਿਣ ਲੱਗੀ ਵੇਖਿਆ ਨੇ ਉਥੇ ਕਿਵੇਂ ਲੋਕ ਆਪਣੇ ਘਰਾਂ ਦੀ ਸਫਾਈ ਆਪ ਕਰਦੇ ਹਨ।ਸਾਨੂੰ ਵੀ ਇਨ੍ਹਾਂ ਕੋਲੋਂ ਕੁੱਝ ਸਿੱਖਣਾ ਚਾਹੀਦਾ ਹੈ।ਮੈਂ ਸੁਣ ਕੇ ਸਿਰ ਨੀਵਾਂ ਕਰੀ ,ਕਿੱਲੀ ਓਥੇ ਦੀ ਓਥੇ ਰੱਖ ਛੱਡਨਾ।
ਉਹ ਕਹਿੰਦੀ ਕਿ ਮੈਂ ਕਿਹੜੀ ਬਾਹਮਣਾਂ ਦੀ ਜਾਂ ਵਿਹਲੜਾਂ ਦੀ ਧੀ ਹਾਂ ਜੋ ਹੱਥੀਂ ਕੰਮ ਨਾ ਕਰ ਸਕਦੀ ਹੋਵਾਂ। ਸਹੁਰੇ ਘਰ ਦੇ ਵੱਡੇ ਪ੍ਰਿਵਾਰ ਵਿੱਚ ਰਹਿ ਕੇ ਸੱਭ ਤੋਂ ਵੱਡੀ ਨੋਂਹ ਹੋਣ ਕਰਕੇ ਉੱਸ ਨੇ ਸਾਂਝੇ ਘਰ ਵਿੱਚ ਮਾੜੇ ਚੰਗੇ ਦਿਨਾਂ ਵਿੱਚ ਆਪਣੇ ਆਪ ਦੀ ਪ੍ਰਵਾਹ ਕੀਤੇ ਬਿਨਾਂ ਸਿਰ ਤੋੜ ਮਿਹਣਤ ਮੁਸ਼ੱਕਤ ਕੀਤੀ।ਬੇਸ਼ੱਕ ਮੇਰੀ ਮਾਂ ਵੀ ਕੁੱਝ ਕੌੜੇ ਸੁਭਾਅ ਦੀ ਸੀ।ਪਰ ਘਰ ਦੇ ਕਿਸੇ ਵੀ ਕੰਮ ਵਿੱਚ ਮਾਰ ਨਾ ਖਾ ਸਕਣ ਕਰਕੇ ਉੱਸ ਨੇ ਆਪਣੀ ਸੱਸ ਨੂੰ ਕੁੱਝ ਕਹਿਣ ਦਾ ਕਦੇ ਮੌਕਾ ਨਹੀਂ ਸੀ ਦਿੱਤਾ।ਨੌਂ ਜੀਆਂ ਦੇ ਵੱਡੇ ਪ੍ਰਿਵਾਰ ਵਿੱਚ ਉਹ ਆਪਣੀਆਂ ਨਣਾਨਾਂ ਅਤੇ ਦਿਉਰਾਂ ਨੂੰ ਆਪਣੇ ਭੈਣਾਂ ਭਰਾਂਵਾਂ ਵਾਂਗ ਹੀ ਸਮਝਦੀ ਸੀ। ਘਰ ਦੇ ਗੋਹੇ ਕੂੜੇ ਤੋਂ ਲੈਕੇ ਪੱਠੇ ਦੱਥੇ ਤੱਕ ਤੋਂ ਲੈਕੇ ਰਸੋਈ ਤੱਕ ਦਾ ਕੰਮ ਕਰਨ ਵਿੱਚ ਝਿਜਕਦੀ ਨਹੀਂ ਸੀ। ਗੱਲ ਉਹ ਕਿਸੇ ਦੀ ਨਹੀਂ ਸੀ ਝਲਦੀ। ਇਸੇ ਲਈ ਮਾਂ ਨੇ ਉਹਦਾ ਨਾਂ ,ਧਮੂੜੀ’ ਰੱਖਿਆ ਹੋਇਆ ਸੀ। ਪਰ ਇਹ ਤਾਂ ਮੈਨੂੰ ਹੀ ਪਤਾ ਹੈ ਕਿ ਉਹ ਕਿੰਨੀ ਸਹਿਣ ਸ਼ੀਲ ਹੈ। ਮੇਰੇ ਵੱਲੋਂ ਕਈ ਕੁਤਾਹੀਆਂ ਹੋਣ ਦੇ ਬਾਵਜੂਦ ਵੀ ਉਹ ਦਰ ਗੁਜ਼ਰ ਕਰ ਲੈਂਦੀ ਹੈ।
ਸਾਂਝੇ ਘਰੋਂ ਜਦੋਂ ਅਸੀਂ ਵੱਖ ਹੋਏ ਤਾਂ ਦੋ ਧੀਆਂ ਦਾ ਪ੍ਰਿਵਾਰ ਸੀ, ਤਨਖਾਹਾਂ ਥੋੜ੍ਹੀਆਂ ਸਨ ਨੌਕਰੀ ਕੱਚੀ ਹੋਣ ਕਰਕੇ ਕਈ ਵਾਰ ਛਾਂਟੀ ਹੋਣ ਕਰਕੇ ਬੜੀ ਮੁਸ਼ਕਲ ਨਾਲ ਕਿਤੇ ਜਾਕੇ ਪੈਰ ਲੱਗੇ। ਉਹ ਮੈਨੂੰ ਆਮ ਕਿਹਾ ਕਰਦੀ ਸੀ ਸੱਭ ਤੋਂ ਪਹਿਲਾਂ ਆਪਣੀ ਇੱਜ਼ਤ ਦਾ ਖਿਆਲ ਰੱਖਿਓ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ, ਇੱਜ਼ਤ ਗਈ ਮੁੜ ਹੱਥ ਨਹੀਂ ਆਉਂਦੀ। ਸਾਰਾ ਦਿਨ ਦਫਤਰ ਵਿੱਚ ਮੱਥਾ ਮਾਰਦਿਆਂ ਜਦ ਘਰ ਵੜਨਾ ਤਾਂ ਭੁਲੱਕੜ ਸੁਭਾ ਦਾ ਹੋਣ ਕਰਕੇ ਕਈ ਗੱਲਾਂ ਉੱਸ ਦੀਆਂ ਕੰਨਾਂ ਵਿੱਚ ਉੰਗਲਾਂ ਲੈ ਕੇ ਹੀ ਸੁਣਨੀਆਂ ਪੈਂਦੀਆਂ । ਇਕ ਵੱਡੀ ਭੈੜੀ ਆਦਤ ਮੇਰੇ ਵਿੱਚ ਕਲਮ ਘਸਾਈ ਕਰਨ ਦੀ ਸੀ ਜੋ ਹੁਣ ਤੱਕ ਨਹੀਂ ਗਈ।ਹੌਲੀ ਹੌਲੀ ਪ੍ਰਿਵਾਰ ਦੇ ਵਧਣ ਨਾਲ ਲੋੜਾਂ ਥੋੜਾਂ, ਮਜਬੂਰੀਆਂ ਵੀ ਵਧੀਆਂ ਗਈਆਂ।ਅਸੀਂ ਘਰ ਕਦੇ ਲਵੇਰੀ ਕੋਈ ਗਾਂ ਮੱਝ ਰੱਖ ਲਈ। ਪਰ ਘਾਹ ਪੱਠੇ ਦਾ ਕੰਮ ਨਾ ਮੈਨੂੰ ਆਉਂਦਾ ਸੀ ਨਾ ਮੈਂ ਕੀਤਾ।ਇਹ ਕੰਮ ਵੀ ਉਹੀ ਜਾਣੇ, ਮੈਂ ਵੇਲੇ ਕੁਵੇਲੇ ਦਫਤਰੋਂ ਆ ਕੇ ਪਹਿਲਾਂ ਤਾਂ ਬਾਹਰੋਂ ਮੁਫਤ ਦੀ ਦਾਰੂ ਦਾ ਦੌਰ ਚਲਾ ਕੇ ਘਰ ਆ ਵੜਨਾ ,ਉੱਸ ਨੇ ਸਬਰ ਕਰ ਛਡਨਾ,ਅਖੀਰ ਉੱਸ ਦੇ ਸਬਰ ਦਾ ਬਨ੍ਹ ਟੁੱਟਣ ਤੋਂ ਪਹਿਲਾਂ ਹੀ ਮੈਂ ਦਾਰੂ ਪੀਣ ਦੇ ਨਾਲ ਮੀਟ ਵਗੈਰਾ ਵੀ ਖਾਣਾ ਛੱਡ ਦਿੱਤਾ,ਘਰ ਵਿੱਚ ਜੋ ਬਣਿਆ ਅਮ੍ਰਿਤ ਸਮਝ ਕੇ ਛਕ ਲਿਆ।
ਹੁਣ ਨਾ ਮੈਂ ਅਮ੍ਰਿਤ ਧਾਰੀ ਹਾਂ ਨਾ ਰਾਧਾ ਸੁਆਮੀ ਹਾਂ ਨਾ ਨਰੰਕਾਰੀ ਹਾਂ।ਨਾ ਕੋਈ ਹੋਰ ਕੁੱਝ, ਇੱਸ ਸੱਭ ਕੁੱਝ ਦੇ ਖਾਣ ਜਾਂ ਨਾ ਖਾਣ ਨੂੰ ਕਿਸੇ ਪਾਪ ਪੁੰਨ ਨਾਲ ਜੋੜਦਾ ਹਾਂ। ਸਾਦੀ ਤੇ ਸਿਹਤ ਲਈ ਚੰਗੀ ਤੇ ਸਾਫ ਸੁੱਥਰੀ ਖੁਰਾਕ ਖਾਣ ਨੂੰ ਪਹਿਲ ਜ਼ਰੂਰ ਦਿੰਦਾ ਹਾਂ। ਇੱਸ ਕੰਮ ਵਿੱਚ ਪਤਾ ਨਹੀਂ ਇਹ ਗੱਲ ਮੈਨੂੰ ਸਮਝ ਆ ਗਈ ਹੈ ਜਾਂ ਫਿਰ ਮੇਰੀ ਘਰ ਵਾਲੀ ਦੇ ਸਿੱਧੇ ਸਾਦੇ ਤੇ ਮਿਹਣਤੀ ਸੁਭਾਅ ਦਾ ਥੋੜ੍ਹਾ ਬਹੁਤ ਅਸਰ ਹੈ ਜਾਂ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਸਿਧਾਂਤ ਦਾ ਮੇਰੇ ਤੇ ਅਸਰ ਹੈ । ਹਾਂਲਾਂਕਿ ਖਾਣ ਪੀਣ ਤੋਂ ਉਸ ਨੇ ਕਦੀ ਮੇਰਾ ਵਿਰੋਧਤਾ ਨਹੀਂ ਕੀਤੀ।ਬਹੁਤ ਕੁੱਝ ਤਾਂ ਮੈਨੂੰ ਜ਼ਿੰਦਗੀ ਦੇ ਕੁੱਝ ਤਲਖ ਤਜਰਬਿਆਂ ਤੇ ਆਲੇ ਦੁਆਲੇ ਨੂੰ ਵੇਖ ਅਤੇ ਚੰਗੀ ਸੰਗਤ ਕਰਕੇ ਆਪੇ ਹੀ ਸਮਝ ਆ ਗਈ ਸੀ।
ਇਟਲੀ ਰਹਿੰਦਿਆਂ, ਪਿੱਛੇ ਸਖਤ ਮਿਹਣਤ ਕਰਨ ਨਾਲ ਉੱਸ ਗੋਡੇ ਕਮਜ਼ੋਰ ਹੋਣ ਕਰਕੇ ਉਨ੍ਹਾਂ ਨੂੰ ਬਦਲੇ ਗਏ। ਥੋੜ੍ਹੇ ਦਿਨਾਂ ਵਿੱਚ ਹੀ ਉਹ ਨੌਂ ਬਰਨੌਂ ਹੋ ਗਈ।ਪਹਿਲਾਂ ਵਾਂਗ ਵਿਦੇਸ਼ ਵਿੱਚ ਵੀ ਘਰ ਦੇ ਕੰਮਾ ਦੇ ਮੋਰਚੇ ਤੇ ਡਟੀ ਰਹਿੰਦੀ।ਇੱਥੇ ਨਿੱਕੇ ਦੇ ਦੋਵੇਂ ਹੰਸੂ ਹੰਸੂ ਕਰਦੇ ਦੋਵੇਂ ਪੋਤਰੇ ਨਾਲ ਉੱਸ ਦਾ ਮਨ ਵਾਹਵਾ ਲੱਗਾ ਰਹਿੰਦਾ ਜਦੋਂ ਕਦੋਂ ਘਰ ਵਿੱਚ ਕੜ੍ਹੀ ਚੌਲ ਉਹ ਬਨਾਂਦੀ ਤਾਂ ਨਿੱਕਾ ਪੋਤਾ ਗੁਰਬਾਜ਼ ਮਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਉਸ ਦੀ ਗੋਦੀ ਵਿੱਚ ਚਮਚੇ ਦੀ ਬਜਾਏ ਉੱਸ ਦੇ ਹੱਥ ਨਾਲ ਖੁਆਉਣ ਨੂੰ ਕਹਿੰਦਾ,ਮਾਂ ਦੇ ਮੋੜਦੇ ਹੋਏ ਵੀ ਆਪਣੀ ਜ਼ਿੱਦ ਪੂਰੀ ਕਰ ਹੀ ਲੈਂਦਾ ਹੈ।
ਪਿੱਛੇ ਜਦੋਂ ਅਸੀਂ ਦੋਵੇਂ ਪੰਜਾਬ ਗਏ ਤਾਂ ਉੱਸ ਨਾਲ ਹੋਰ ਭਾਣਾ ਵਰਤ ਗਿਆ ਸਕੂਟਰੀ ਤੋਂ ਉਤਰਦੀ ਦਾ ਡਿਗ ਕੇ ਚੂਲਾ ਟੁੱਟਣ ਕਰਕੇ ਡਾਢੀ ਮੁਸੀਬਤ ਬਣ ਗਈ। ਕੁੱਝ ਦਿਨ ਲੋਕਲ ਡਾਕਟਰਾਂ ਦੇ ਇਲਾਜ ਤੋਂ ਬਾਅਦ ਅਮ੍ਰਿਤਰ ਦੇ ਹੱਡੀਆਂ ਦੇ ਹਸਪਤਾਲ ਵਿਚੋਂ ਨਕਲੀ ਚੂਲਾ ਪੈ ਜਾਣ ਤੇ ਬੜੀ ਮੁਸ਼ਕਲ ਨਾਲ ਸੋਟੀ ਦੇ ਸਹਾਰੇ ਚੱਲਣ ਜੋਗੀ ਹੋ ਗਈ। ਜੇਰੇ ਤੇ ਸਿਰ੍ਹੜ ਵਾਲੀ ਹੋਣ ਕਰਕੇ ਫਿਰ ਹੌਲੀ ਹੌਲੀ ਪੈਰਾਂ ਤੇ ਆ ਗਈ ਤਾਂ ਅਸੀਂ ਫਿਰ ਇਟਲੀ ਆ ਗਏ ਤੇ ਹੁਣ ਇਟਲੀ ਤੋਂ ਕੈਨੇਡਾ ਦੋਹਤੇ ਦੇ ਵਿਆਹ ਤੇ ਭਾਂਵੇਂ ਜਹਾਜ਼ ਤੇ ਵ੍ਹੀਲ ਚੇਅਰ ਨਾਲ ਆਈ ਪਰ ਖੁਸ਼ੀ ਵਿੱਚ ਗਿੱਧੇ ਦੇ ਗੀਤ ‘ਦੇ ਦੇ ਗੇੜਾ ‘ ਵਾਲੇ ਗੀਤ ਵੇਲੇ ਗੇੜੇ ਦੇਣ ਵਿੱਚ ਉਹ ਪਿੱਛੇ ਨਹੀਂ ਰਹੀ,ਕਹਿੰਦੀ ਹੈ ਕਿ ਇਹੋ ਜਿਹੇ ਖੁਸ਼ੀ ਦੇ ਮੌਕੇ ਇਸ ਉਮਰੇ ਰੱਬ ਕਿਸੇ ਨੂੰ ਹੀ ਦਿੰਦਾ ਹੈ।ਆਪਾਂ ਪਿੱਛੇ ਕਿਉਂ ਰਹੀਏ, ਪਰ ਮੈਂ ਤਾਂ ਇੱਸ ਪੱਖੋਂ ਪਿੱਛੇ ਹੀ ਰਿਹਾ ਉਹ ਇੱਸ ਕੰਮ ਵਿੱਚ ਵੀ ਮੇਰਾ ਨੰਬਰ ਕੱਟ ਗਈ ਲਗਦੀ ਹੈ। ਸੋਟੀ ਤੋਂ ਬਿਨਾ ਕਦੇ ਕਦੇ ਤੁਰਦੀ ਨੂੰ ਕੋਈ ਨਹੀਂ ਕਹਿ ਸਕਦਾ ਕੇ ਉਹ ਬੁੱਢੀ ਹੋ ਗਈ ਹੈ।ਜਾਂ ਕਦੇ ਇੱਸ ਦੇ ਗੋਡੇ ਜਾਂ ਚੂਲਾ ਨਵੇਂ ਪਏ ਹੋਣ ਗੇ। ਰਸੋਈ ਵਿੱਚ ਅਤੇ ਘਰ ਦੇ ਕੰਮ ਕਾਰ ਵੀ ਕਰਨ ਵਿੱਚ ਕਹਿੰਦੇ ਕਹਿੰਦੇ ਪਹਿਲਾਂ ਵਾਂਗ ਹੀ ਆਪਣਾ ਆਪ ਵਿਖਾ ਹੀ ਜਾਂਦੀ ਹੈ।
ਹੁਣ ਕੁੱਝ ਸਮੇਂ ਤੋਂ ਆਪਣੀ ਕੈਨੇਡਾ ਰਹਿੰਦੀ ਧੀ ਅਤੇ ਵੱਡੇ ਪੁੱਤਰ ਕੋਲ ਕੈਨੇਡਾ ਆਏ ਹੋਏ ਹਾਂ।ਦੋਹਾਂ ਕੋਲ ਉਨ੍ਹਾਂ ਦੇ ਬੁਲਾਉਣ ਤੇ ਉਨ੍ਹਾਂ ਕੋਲ ਆਂਦੇ ਜਾਂਦੇ ਰਹਿੰਦੇ ਹਾਂ। ਪਰ ਉਸ ਦੀ ਪੁਰਾਣੀ ਆਦਤ ਅ ਕੁੱਝ ਨਾ ਕੁਝ ਕਰਦੇ ਰਹਿਣ ਦੀ ਅਜੇ ਵੀ ਨਹੀਂ ਨਹੀਂ ਗਈ,ਬੱਚੇ ਕਹਿੰਦੇ ਰਹਿੰਦੇ ਹਨ ਮਾਤਾ ਹੁਣ ਤੂੰ ਅਰਾਮ ਕਰ ਅਸੀਂ ਜੁ ਹਾਂ ਪਰ ਉਨ੍ਹਾਂ ਕਹਿੰਦੇ ਕਹਿੰਦੇ ਜਿੰਨੀ ਕੁ ਜੋਗੀ ਹੈ।ਬੇ ਝਿਜਕ ਸੋਟੀ ਦਾ ਸਹਾਰਾ ਲਈ ਆਪਣੀ ਫੁਰਤੀ ਵਿਖਾ ਹੀ ਜਾਂਦੀ ਹੈ।ਮੈਂ ਤਾਂ ਸਾਰਾ ਦਿਨ ਕੰਪਿਊਟਰ ਤੇ ਸਿਰਫ ਉੰਲੀਆਂ ਹੀ ਨਚਾਉਂਦਾ ਰਹਿੰਦਾ ਹਾਂ।ਪਰ ਉਹ ਮਾਂ ਦੀ ਦੇ ਹੱਥਾਂ ਦੀ ਬਣੀ ਦਾਲ ਸਬਜ਼ੀ ਬਣੀ ਅਤੇ ਕਰਾਰੇ ਫੁਲਕੇ ਜਦੋਂ ਪਕਾਉਂਦੀ ਨੂੰ ਬੱਚੇ ਉੰਗਲਾਂ ਚੱਟ ਚੱਟ ਕੇ ਖਾਂਦੇ ਹਨ ਤਾਂ ਬੱਚੇ ਵੀ’ ਵਾਹ ਦਾਦੀ, ਵਾਹ ਦਾਦੀ, ਕਹਿੰਦੇ, ਹੱਸਦੇ ਵੀ ਹਨ ਅਤੇ , ਉਸ ਦੇ ਸ਼ਹਿਦ ਦੀ ਮੱਖੀ ਵਾਂਗ ਸਦਾ ਆਪਣੇ ਕੰਮ ਵਿਚ ਲੱਗੇ ਰਹਿਣ ਤੇ ਹੈਰਾਨ ਵੀ ਹੁੰਦੇ ਹਨ।
ਕੁੱਝ ਵੀ ਹੋਵੇ ਮੇਰੀ ਘਰ ਵਾਲੀ ਤਾਂ ਨਿਰੀ ਗੁਣਾਂ ਦੀ ਗੁੱਥਲੀ ਹੈ। ਇਹੋ ਜਿਹੀਆਂ ਗੁਣਾਂ ਦੀਆਂ ਗੁਥਲੀਆਂ ਘਰ ਵਾਲੀਆਂ ਤਾਂ ਰੱਬ ਸਾਰਿਆਂ ਨੂੰ ਦੇਵੇ।
ਗ੍ਰਹਿਥ ਗੱਡੀ ਦੇ ਦੋਵੇਂ ਪਹੀਏ, ਚਲਦੇ ਰਹਿਣ ਤਾਂ ਚੰਗਾ।
ਜੇ ਇੱਕ ਟੁੱਟ ਜਾਏ ਜਾਂ ਲਹਿ ਜਾਵੇ,ਪੈ ਜਾਂਦਾ ਫਿਰ ਪੰਗਾ।
ਜੀਵਣ ਸਾਥੀ ਛੱਡ ਜਾਏ ਤਾਂ ਹੁੰਦਾ,ਚਾਰੇ ਤਰਫ ਹਨੇਰਾ
ਜੀਵਣ ਦਾ ਸਾਥੀ ਜੇ ਹੋਵੇ, ਜੀਵਣ ਫਿਰ ਬਹੁ ਰੰਗਾ।
ਜਗ ਵਿੱਚ ਰਿਸ਼ਤੇ ਹੋਰ ਬਥੇਰੇ,ਇਸ ਦੀ ਰੀਸ ਨਾ ਕੋਈ,
ਇਸ ਰਿਸ਼ਤੇ ਦੇ ਬਾਝੋਂ ਬੰਦਾ,ਹੁੰਦਾ ਕੀਟ ਪਤੰਗਾ।
ਬੈਸ਼ੱਕ ਭਾਂਡੇ ਰਹਿਣ ਖੜਕਦੇ,ਇਹ ਸੰਗੀਤ ਨਿਰਾਲਾ,
ਘਰ ਵਿੱਚ ਵਗਦੀ ਰਹਿੰਦੀ ਹੈ, ਇੱਕ ਸਾਂਝਾਂ ਦੀ ਗੰਗਾ।
ਮੇਰਾ ਪਿੰਡ ਅਤੇ ਪੁਰਾਣੇ ਲੋਕ - ਰਵੇਲ ਸਿੰਘ ਇਟਲੀ
ਢਾਇਆ ਬੇਟ ਬਿਆਸ ਤੇ ਵੱਸਿਆ ਮੇਰਾ ਪਿੰਡ ਬਹਾਦਰ ਜੋ ਬਹਾਦਰ ਨੌਸ਼ਹਿਰਾ ਜਾਂ ਨਵਾਂ ਪਿੰਡ ਬਹਾਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਕਦੇ ਐਵੇਂ ਪੰਦਰਾਂ ਵੀਹਾਂ ਘਰਾਂ ਦਾ ਬਹੁਤ ਛੋਟਾ ਜਿਹਾ ਪਿੰਡ ਹੁੰਦਾ ਸੀ।ਪਿੰਡ ਦੇ ਚੜ੍ਹਦੇ ਪਾਸੇ ਰੇਤਲੇ ਟਿੱਬਿਆਂ ਦੀਆਂ ਢਲ਼ਾਣਾਂ ਤੋਂ ਬਰਸਾਤੀ ਪਾਣੀ ਦੇ ਬਣੇ ਹੋਏ ਵਹਿਣ ਜਿਨ੍ਹਾਂ ਨੂੰ ਵੰਘਾਂ ਕਿਹਾ ਜਾਂਦਾ ਸੀ, ਜਿਨ੍ਹਾਂ ਰਾਹੀਂ ਬਰਸਾਤੀ ਪਾਣੀ ਦੂਰ ਤੱਕ ਫੈਲੇ ਹੋਏ ਦਲ ਦਲ ਵਰਗੇ ਅਨੇਕਾਂ ਜੜੀ ਬੂਟੀਆਂ ਵਾਲੇ ਹਰਿਆਲ਼ੇ ਛੰਬ ਵਿੱਚ ਪੈ ਕੇ ਇੱਕ ਨਿਕਾਸੂ ਜਿਸ ਨੂੰ ਸੇਮ ਨਹਿਰ ਵੀ ਕਿਹਾ ਜਾਂਦਾ ਹੈ ਉਸ ਵਿੱਚ ਪੈ ਜਾਂਦਾ ਸੀ।ਇਨ੍ਹਾਂ ਵਹਿਣਾਂ ਦੇ ਨਾਲ ਨਾਲ ਉੱਗੀਆਂ ਕੰਡਿਆਲੀਆਂ ਥੋਹਰਾਂ,ਅੱਕ,ਭੱਖੜੇ ਝਾਊ,ਸੜਕੜੇ ਤੇ ਕਾਹੀ ਤੇ ਬੂਟੇ, ਤੇ ਮਲ੍ਹਿਆਂ ਦੇ ਝਾੜ,ਰੇਤਲੀਆਂ ਢਲਾਣਾਂ, ਗਰਮੀਆਂ ਵਿੱਚ ਤਪਦੇ ਟਿੱਬਿਆਂ ਤੇ, ਨਿੱਕੀਆਂ ਨਿੱਕੀਆਂ ਲੋਕਾਂ ਦੀਆਂ ਬਣੀਆਂ ਪਗ ਡੰਡੀਆਂ, ਤੇ ਸਿਖਰ ਦੁਪਹਿਰੇ ਨੰਗੇ ਪੈਰੀਂ ਛੰਬ ਚੋਂ ਬਰਸੀਮ ਦੀਆਂ ਭਾਰੀਆਂ ਪੰਡਾਂ ਸਿਰ ਤੇ ਚੁੱਕੀ ਲੰਘਦੇ ਲੋਕ ਜੋ ਰੋਜ਼ ਰੋਜ਼ ਦੇ ਆਦੀ ਹੋ ਚੁਕੇ ਸਨ। ਪਿੰਡ ਦੇ ਲਹਿੰਦੇ ਪਾਸੇ ਅੰਗਰੇਜ਼ ਰਾਜ ਵੇਲੇ ਦੀ ਬਣੀ ਹਰਿਆਵਲ ਭਰੀ ਪਟਰੀ ਨਾਲ ਅੱਪਰ ਬਾਰੀ ਦੁਆਬ ਨਾਂ ਦੀ ਬਰਫਾਨੀ ਪਾਣੀ ਵਾਲੇ ਦੇ ਠੰਡੇ ਠਾਰ ਪਾਣੀ ਦੀ ਵਗਦੀ ਨਹਿਰ, ਜਿਸ ਨਾਲ ਲਗਦੇ ਬਾਰਾਨੀ ਭੁਇਂ ਨੂੰ ਬਾਂਗਰ ਕਿਹਾ ਜਾਂਦਾ ਹੈ।ਦੱਖਨ ਵਾਲਾ ਪਾਸਾ ਵੀ ਲਗ ਪਗ ਚੜ੍ਹਦੇ ਪਾਸੇ ਵਰਗਾ ਹੀ ਸੀ।ਪਹਾੜ ਵਾਲੀ ਬਾਹੀ ਇੱਕ ਵੱਡਾ ਕਬਰਸਤਾਨ ਹੈ ਜਿਸ ਵਿੱਚ ਹੁਣ ਵੀ ਇੱਕ ਵੱਡਾ ਬੋਹੜ ਹੈ, ਜਿਸ ਹੇਠਾਂ ਨਾਲ ਨਾਲ ਦੋ ਕਬਰਾਂ ਪੁਰਾਣੇ ਵੇਲੇ ਦੇ ਹੋ ਚੁਕੇ ਦੋ ਫੱਕਰਾਂ ਦੀਆਂ ਇੱਕ ਸਾਈਂ ਬੋਹੜ ਸ਼ਾਹ ਅਤੇ ਦੂਜੀ ਸਾਈਂ ਰਾਂਝੇ ਸ਼ਾਹ ਦੀਆਂ ਹਨ, ਜਿੱਨ੍ਹਾਂ ਹਰ ਵੀਰ ਵਾਰ ਨੂੰ ਅਜੇ ਵੀ ਕਈ ਲੋਕ ਇਨ੍ਹਾਂ ਤੇ ਚਿਰਾਗ ਬਾਲਦੇ ਹਨ। ਪਿੰਡ ਵਿੱਚ ਸੱਭ ਤੋਂ ਵੱਧ ਜੀਆਂ ਦਾ ਲਗ ਪਗ ਛੱਬੀ ਜੀਆਂ ਦੇ ਟੱਬਰ ਵਾਲਾ ਇਕ ਘਰ ਜੋ ,ਬਾਰੀਆਂ ਦੇ ਘਰ’ ਕਰਕੇ ਜਾਣਿਆ ਜਾਂਦਾ ਸੀ,ਜੋ ਇਕੱਠ ਦੀ ਬੜੀ ਵੱਡੀ ਮਿਸਾਲ ਸੀ।ਇੱਕ ਘਰ ਬ੍ਰਾਹਮਣਾਂ ਦਾ ਤਿੰਨ ਘਰ ਮਹਿਰਾ ਬਿਰਾਦਰੀ ਦਾ,ਦੋ ਘਰ ਲੁਹਾਰਾਂ ਦਾ,ਬਾਕੀ ਸਾਰੇ ਇੱਕੋ ਬਿਰਾਦਰੀ ਦੇ ਘਰ ਸਨ।ਦੇਸ਼ ਦੀ ਵੰਡ ਵੇਲੇ ਮੁਸਲਮਾਨ ਬ੍ਰਾਦਰੀ ਦੇ ਲੋਕ ਆਪਣੇ ਘਰ ਘਾਟ ਛਡ ਕੇ ਹਿਜਰਤ ਕਰਕੇ ਨਵੇਂ ਬਣੇ ਪਾਕਿਸਤਾਨ ਵਿੱਚ ਚਲੇ ਗਏ ਸਨ। ਸਾਰੇ ਪਿੰਡ ਵਿੱਚ ਇੱਕੋ ਇੱਕ ਖੂਹ ਸੀ ਜੋ ਬੜੇ ਪੁਰਾਣੇ ਛਾਂ ਦਾਰ ਪਲਾਕ ਦੇ ਰੁਖ ਹੇਠਾਂ ਸੀ। ਜਿੱਥੇ ਸਾਰਾ ਪਿੰਡ ਬਿਨਾਂ ਵਿਤਕਰੇ ਪਾਣੀ ਭਰਦਾ ਹੁੰਦਾ ਸੀ।ਢਾਏ ਤੇ ਹੋਣ ਕਰਕੇ ਪਾਣੀ ਬਹੁਤ ਢੂੰਘਾ ਸੀ,ਖੂਹ ਵਿੱਚ ਝਾਕਦਿਆਂ ਪਾਣੀ ਤਾਰੇ ਵਾਂਗ ਲਗਦਾ ਸੀ।ਖੂਹ ਦੀ ਉਚੀ ਮਣ ਤੇ ਪਾਣੀ ਕੱਢਣ ਲਈ ਲੱਕੜ ਦੀਆਂ ਦੋ ਪਾਸੇ ਚਾਰ ਚਾਰ ਮਝੇਰੂ ਲੱਗੇ ਹੋਏ ਸਨ,ਏਰੇ ਜਾਂ ਵਾਣ ਦੀਆਂ ਸੱਤਰ ਸੱਤਰ ਕੁ ਫੁੱਟ ਦੀਆਂ ਲੱਜਾਂ ( ਮੋਟੇ ਰੱਸੇ)ਜਿਸ ਨਾਲ ਬਾਲਟੀ ਬਨ੍ਹ ਕੇ ਖੂਹ ਵਿੱਚੋਂ ਪਾਣੀ ਕੱਢਣ ਲਈ ਵਹਾਈਆਂ ਜਾਂਦੀਆਂ ਸਨ।ਇੱਕ ਘੜਾ ਭਰਨ ਲਈ ਦੋ ਵਾਰ ਬਾਲਟੀਆਂ ਦਾ ਪਾਣੀ ਖਿੱਚਣਾ ਪੈਂਦਾ ਸੀ।ਪਾਣੀ ਦੀਆਂ ਬਾਲਟੀਆਂ ਖਿਚਦੇ ਬਾਹਵਾਂ ਹੰਭ ਜਾਂਦੀਆਂ ਸਨ। ਕਈ ਵਾਰ ਇਸ ਕੰਮ ਲਈ ਦੋ ਦੋ ਜਣੇ ਲੱਗ ਕੇ ਵੀ ਖੂਹ ਚੋਂ ਪਾਣੀ ਖਿਚਣ ਦਾ ਕੰਮ ਕਰਦੇ ਸਨ।ਸਵੇਰੇ ਤੜਕ ਸਾਰ ਅਮ੍ਰਿਤ ਵੇਲੇ ਗੁਰ ਦੁਆਰੇ ਦੀ ਭਾਈ ਜੀ ਦੇ ਸੰਖ ਪੂਰਣ ਤੇ ਖੂਹ ਤੇ ਬਾਲਟੀਆਂ ਦੀ ਟੁਣਕਾਰ, ਅਤੇ ਘਰਾਂ ਵਿੱਚ ਚਾਟੀਆਂ ਵਿੱਚ ਫਿਰਦੀਆਂ ਮਧਾਣੀਆਂ ਦੀ ਘੁਮਕਾਰ , ਖੇਤ ਵਾਹੁਣ ਜਾਂਦੇ ਕਿਸਾਨਾਂ ਦੇ ਬਲਦਾਂ ਦੀਆਂ ਟੱਲੀਆ ਦੀ ਟੁਣਕਾਰ ,ਪਿੰਡ ਦੇ ਸ਼ਾਂਤ ਅਤੇ ਸਾਫ ਸੁਥਰੇ ਮਾਹੌਲ ਵਿਚ ਅਜਬ ਸੰਗੀਤ ਪੈਦਾ ਕਰਦੇ ਸਨ।ਮਾਘੀ ਦੇ ਮਹੀਨੇ ਤਾਂ ਸਾਰਾ ਮਹੀਨਾਂ ਹੀ ਤੜਕ ਸਾਰ ਖੂਹ ਤੇ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਜਿਹੀ ਲੱਗੀ ਰਹਿੰਦੀ। ਕਈ ਵਾਰ ਖੂਹ ਵਿੱਚੋਂ ਪਾਣੀ ਘਟ ਹੋ ਜਾਣ ਤੇ ਗਾਰ ਵੀ ਕੱਢਣੀ ਪੈਂਦੀ ਸੀ,ਜੋ ਕਿ ਬੜੀ ਮਿਹਣਤ ਤੇ ਜੋਖਮ ਦਾ ਕੰਮ ਹੁੰਦਾ ਸੀ। ਖੂਹ ਤੋਂ ਪਾਣੀ ਭਰਕੇ ਜਦੋਂ ਢਾਕ ਨਾਲ ਘੜੇ ਲਾਈ ਹਾਸੇ ਠੱਠੇ ਬਖੇਰਦੀਆਂ ਸੁਆਣੀਆਂ ਗਲੀ ਵਿੱਚੋਂ ਲੰਘਦੀਆਂ ਸਨ ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਗਰਮੀਆਂ ਦੀ ਦੁਪਹਿਰ ਕੱਟਣ ਲਈ ਆਮ ਲੋਕ ਆਪੋ ਆਪਣੇ ਮੰਜੇ ਲੈ ਕੇ ਖੂਹ ਤੇ ਲੱਗੇ ਇੱਸ ਸੰਘਣੇ ਰੁੱਖ ਦੀ ਛਾਂ ਹੇਠਾਂ ਆਰਾਮ ਕਰਨ ਲਈ ਆ ਜਾਇਆ ਕਰਦੇ ਸਨ।ਪਲਾਕ ਦੀਆਂ ਟਹਿਣਿਆਂ ਤੇ ਪੀਂਘਾਂ ਪਾ ਕੇ ਜਦੋਂ ਨਿੱਕੇ ਨਿਆਣੇ ਝੂਟੇ ਲੈਂਦੇ ਸਨ ਤਾਂ ਕਈ ਵਾਰ ਮੁਟਿਆਰਾਂ, ਸੁਆਣੀਆਂ ਬੁਢੀਆਂ ਠੇਰੀਆਂ ਵੀ ਪੀਂਘ ਦਾ ਹੁਲਾਰਾ ਲੈਣ ਤੋਂ ਪਿੱਛੇ ਨਹੀਂ ਰਹਿੰਦੀਆਂ ਸਨ।ਖੂਹ ਦੇ ਨਾਲ ਹੀ ਇੱਕ ਖਰਾਸ ( ਬੈਲਾਂ ਨਾਲ ਚਲੱਣ ਵਾਲੀ ਆਟਾ ਪੀਹਣ ਵਾਲੀ ਚੱਕੀ ) ਵੀ ਹੁੰਦੀ ਸੀ। ਬਹੁਤਿਆਂ ਘਰਾਂ ਵਿੱਚ ਹੱਥ ਨਾਲ ਚਲਾਉਣ ਵਾਲੀਆਂ ਆਟਾ ਪੀਹਣ ਵਾਲੀਆਂ ਚੱਕੀਆਂ ਵੀ ਹੁੰਦੀਆਂ ਸਨ।ਉਦੋਂ ਸਾਰੇ ਪਿੰਡ ਵਿੱਚ ਸਿਰਫ ਤਿੰਨ ਚਾਰ ਹੀ ਪੱਕੇ ਘਰ ਸਨ, ਕੱਚੇ ਕੋਠੇ ਕੰਧਾਂ ਲੱਕੜ ਦੇ ਸ਼ਤੀਰਾਂ ਤੇ ਬਾਲਿਆਂ ਵਾਲੇ ਘਰ, ਬੜੀ ਸੁਹਜ ਨਾਲ ਲਿੰਬੇ ਪੋਚੇ ਚੌਂਕੇ ਚੁਲ੍ਹੇ ,ਕੱਚੀਆਂ ਗਲ਼ੀਆਂ ਉਨ੍ਹਾਂ ਤੇ ਬਣਾਏ ਫੁੱਲ ਬੂਟੇ,ਪਸੂ ਪੰਛੀਆਂ ਦੇ ਸਿੱਧ ਪਧਰੇ ਘੁੱਗੀਆਂ ਮੋਰਾਂ ਦੇ ਬਣੇ ਚਿੱਤਰ, ਚੌਗਾਣ, ਖੁਲ੍ਹੇ ਵੇਹੜੇ,ਜਿਨ੍ਹਾਂ ਵਿੱਚ ਛਾਂ ਦਾਰ ਰੁੱਖਾਂ ਹੇਠ ਬੈਠੇ ਸਾਦ ਮਾਰਦੇ ਵਲ਼ ਛਲ ਤੋਂ ਰਹਿਤ,ਮਿੱਟੀ ਨਾਲ ਮਿੱਟੀ ਹੋ ਕੇ ਹੱਕ ਹਲਾਲ ਦੀ ਕਿਰਤ ਕਰਕੇ ਬੈਠੇ ਗੱਲਾਂ ਬਾਤਾਂ ਕਰਦੇ ਸਦਾ ਬਹਾਰੇ ਮਿਹਣਤੀ ਲੋਕ, ਪਿੰਡਾਂ ਦੀ ਸਾਦਗੀ ਦਾ ਮੂੰਹ ਮੁਹਾਂਦਰਾ ਹੀ ਤਾਂ ਹੁੰਦੇ ਸਨ।ਘਰ ਘਰ ਲਵੇਰੀਆਂ ਹੁੰਦੀਆਂ ਸਨ, ਚਾਟੀ ਵਿੱਚ ਘੁੰਮਦੀਆਂ ਮਧਾਣੀਆਂ ਨਾਲ ਬਣੀ ਲੱਸੀ ,ਦਹੀਂ ਦੇਸੀ ਘਿਉ,ਗੁੜ ਸ਼ੱਕਰ,ਅੱਧ ਰਿਕੜਿਆ ਛੇੰਨੇ ਜਾਂ ਕੌਲ ਜਾਂ ਕੜੀ ਵਾਲੇ ਗਲਾਸ ਭਰ ਭਰ ਕੇ ਪੀਣ ਵਾਲੇ ਡੰਡ ਬੈਠਕਾਂ ਮਾਰਣ ਵਾਲੇ ਦਰਸ਼ਨੀ ਜੁਆਨ,ਉਦੋਂ ਹਰ ਗਲੀ ਵਿੱਚ ਵੇਖੇ ਜਾਂਦੇ ਸਨ।
ਵਾਹੀ ਜੋਤੀ ਕਿਰਸਾਣੀ ਦਾ ਕੰਮ ਬੜਾ ਔਖਾ ਸੀ।ਹਾੜੀ ਦੀ ਮੁਖ ਫਸਲ ਕਨਕ ਸਰਹੋਂ, ਛੋਲੇ,ਮਸਰ,ਅਤੇ ਖੇਤਾਂ ਦੁਆਲੇ ਬੀਜੇ ਦੋ ਦੋ ਚਾਰ ਚਾਰ ਅਲਸੀ ਦੇ ਸਿਆੜ ਜਦ ਕਾਸ਼ਣੀ ਰੰਗੇ ਫੁੱਲਾਂ ਦੀ ਮਾਲਾ ਨਾਲ ਖੇਤਾਂ ਦਾ ਸ਼ਿੰਗਾਰ ਬਣਦੇ ਸਨ,ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਸੀ। ਸਾਉਣੀ ਦੀ ਫਸਲ ਮੱਕੀ,ਬਰਸੀਮ, ਲਾਲ ਕਿਸਮ ਦਾ ਝੋਨਾ ਜਿਸ ਨੂੰ ਰੱਤੂ ਕਹਿੰਦੇ ਸਨ,ਜੋ ਛੱਟੇ ਨਾਲ ਬੀਜਿਆ ਜਾਂਦਾ ਸੀ। ਜੋ ਮਸਾਂ ਗੁਜ਼ਾਰੇ ਜੋਗਾ ਹੁੰਦਾ ਸੀ।ਧਰਤੀ ਦੀ ਮਿੱਟੀ ਦੇ ਹਿਸਾਬ ਨਾਲ ਕਿਤੇ ਕਿਤੇ ਕਮਾਦ ਵੀ ਲਾਇਆ ਜਾਂਦਾ ਸੀ।ਲੋਕਾਂ ਦੀਆਂ ਲੋੜਾਂ ਘੱਟ ਸਨ ਵਿਆਹ ਸ਼ਾਦੀਆਂ ਦਾ ਘਰਾਂ ਵਿੱਚ ਹੀ ਪ੍ਰਬੰਧ ਹੋ ਜਾਂਦਾ ਸੀ।ਪਿੰਡ ਵਿੱਚ ਇੱਕੋ ਹੀ ਹੱਟੀ,ਅਤੇ ਇਕ ਦਾਣੇ ਭੁਨਣ ਵਾਲੀ ਭੱਠੀ ਵੀ ਹੁੰਦੀ ਸੀ,ਇੱਕ ਸਾਦ ਮੁਰਾਦਾ ਗੁਰਦੁਆਰਾ ਹੁੰਦਾ ਸੀ।ਬ੍ਰਾਤ ਨੂੰ ਹੇਠਾ ਤੱਪੜ ਵਿਛਾਕੇ ਰੋਟੀ ਖੁਆਈ ਜਾਂਦੀ ਸੀ। ਚਉਲਾਂ ਤੇ ਦੇਸੀ ਘਿਉ ਅਤੇ ਸ਼ੱਕਰ ਨਾਲ ਬ੍ਰਾਤ ਦੀ ਸੇਵਾ ਕਰਨੀ ਵੱਡੀ ਸੇਵਾ ਹੁੰਦੀ ਸੀ।ਰਸਮ ਰਿਵਾਜ ਬੜੇ ਸਾਦੇ ਪਰ ਰੌਣਕਾਂ ਭਰੇ ਹੁੰਦੇ ਸਨ।
ਸਾਦਗੀ,ਬਾਰੇ ਸਾਡੇ ਪਿੰਡੇ ਦੇ ਪੁਰਾਣੇ ਬੰਦਿਆਂ ਦੀਆਂ ਕੰਮ ਦੀਆਂ ਗੱਲਾਂ ਦੀਆਂ ਯਾਦਾਂ ਦੀ ਗੱਠੜੀ ਵਿੱਚ ਅਜੇ ਵੀ ਉਸੇ ਤਰ੍ਹਾਂ ਬੱਝੀ ਪਈ ਹੈ ਜਿੱਸ ਵਿੱਚੋਂ ਕੁੱਝ ਕੁ ਦੀ ਸਾਂਝ ਆਪਣੇ ਪਾਠਕਾਂ ਨਾਲ ਕਰਨੀ ਚਾਹਵਾਂ ਗਾ। ਸਾਡੇ ਪਿੰਡ ਵਿੱਚ ਇਕ ਵਡੇਰੀ ਉਮਰ ਦਾ ਸਿੱਧਾ ਸਾਦਾ ਬੰਦਾ ਸੀ।ਜਿਸ ਨੂੰ ਸਾਰਾ ਪਿੰਡ ਲਾਲਾ ਕਿਹਾ ਕਰਦਾ ਸੀ।ਉਸ ਨੂੰ ਇੱਕ ਦਿਨ ਕਿਸੇ ਕੰਮ ਲਈ ਸ਼ਹਿਰ ਜਾਣਾ ਪਿਆ,ਪਿੰਡੋਂ ਸ਼ਹਿਰ ਅੱਠ ਮੀਲ ਦੀ ਦੂਰੀ ਤੇ ਸੀ।ਉਦੋਂ ਕੱਚੀ ਸੜਕ ਤੇ ਸ਼ਹਿਰ ਆਣ ਜਾਣ ਦਾ ਸਾਧਣ ਟਾਂਗੇ ਹੀ ਹੁੰਦੇ ਸਨ। ਸ਼ਹਿਰ ਤੱਕ ਦਾ ਕਿਰਾਇਆ ਇੱਕ ਚਵਾਨੀ ਭਾਵ ਚਾਰ ਆਨੇ ਹੁੰਦਾ ਸੀ। ਘਰ ਦਿਆਂ ਨੇ ਟੁੱਟੇ ਪੈਸੇ ਨਾ ਹੋਣ ਕਰਕੇ ਉਸ ਨੂੰ ਇੱਕ ਰੁਪਈਆ ਦੇ ਕਿ ਕਿਹਾ ਕਿ ਲਾਲਾ ਇਹ ਲੈ ਕਿਰਾਇਆ ਤੇ ਬਕਾਇਆ ਬਾਰ੍ਹਾਂ ਆਨੇ ਟਾਂਗੇ ਵਾਲੇ ਤੋਂ ਚੇਤੇ ਨਾਲ ਗਿਣ ਕੇ ਲੈ ਲਈਂ।ਉਹ ਰੁਪਈਆ ਗੰਢ ਪੱਲੇ ਬਨ੍ਹ ਕੇ ਜਿਸ ਤਰ੍ਹਾਂ ਲੈ ਗਿਆ ਸੀ ਉਸੇ ਤਰ੍ਹਾਂ ਵਾਪਸ ਘਰ ਲੈ ਆਇਆ।ਪੈਦਲ ਹੀ ਗਿਆ ਤੇ ਪੈਦਲ ਹੀ ਘਰ ਆ ਗਿਆ।ਜਦ ਘਰ ਵਾਲਿਆਂ ਘਰ ਵਾਪਸੀ ਤੇ ਉਸ ਨੂੰ ਪੁੱਛਿਆ ਤਾਂ ਹਸਦਾ ਹੋਇਆ ਕਹਿਣ ਲੱਗਾ, ਮੈਂ ਸੋਚਿਆ ਕਿ ਐਵੇਂ ਕਿੱਥੇ ਬਾਰ੍ਹਾਂ ਆਨਿਆਂ ਦੇ ਬਕਾਏ ਨੂੰ ਗਿਣਦਾ ਫਿਰਾਂਗਾ, ਨਾਲੇ ਟਾਂਗੇ ਦੀ ਢਿਚਕੂੰ ਢਿਚਕੂੰ ਕਰਦੀ ਚਾਲ ਤੋਂ ਮੈਨੂੰ ਬੜੀ ਖਿਝ ਆਉਂਦੀ ਹੈ,ਸ਼ਹਿਰੋਂ ਤੁਰ ਕੇ ਪਤਾ ਹੀ ਨਹੀਂ ਲੱਗਾ ਕਦੋਂ ਘਰ ਆ ਗਿਆ ਹਾਂ, ਘਰ ਵਾਲੇ ਬਜ਼ੁਰਗ ਦੀ ਸਾਦਗੀ ਅਤੇ ਸਿੱਧੇ ਸਾਦੇ ਉੱਤਰ ਤੇ ਬੜੇ ਹੱਸੇ।
ਪਿੰਡ ਦਾ ਇੱਕ ਬਜ਼ੁਰਗ ਕਿਹਾ ਕਿਰਦਾ ਸੀ ਜਿਸ ਪਿੰਡ ਵਿੱਚ ਬੋਹੜ, ਪਿੱਪਲ, ਕਿੱਕਰ ਨਿੰਮ,ਧਰੇਕ ਤੇ ਸ਼ਰੀਂਹ ਦਾ ਰੁੱਖ ਹੋਵੇ,ਉਸ ਪਿੰਡ ਵਿੱਚ ਕੋਈ ਬੀਮਾਰੀ ਤਾਂ ਭੁਲ ਕੇ ਵੀ ਨਹੀਂ ਵੜ ਸਕਦੀ।ਜਿਸ ਘਰ ਵਿੱਚੋਂ ਧੀ ਦਾ ਡੋਲਾ ਨਾ ਉੱਠਿਆ ਹੋਵੇ ਉਹ ਘਰ ਪਵਿੱਤਰ ਨਹੀਂ ਹੁੰਦਾ।ਜਿਸ ਦੇ ਮਾਪੇ ਸੁਖੀ, ਉਹਦਾ ਜੱਗ ਸੁਖੀ।ਇਹ ਸਾਰਾ ਕੁਝ ਹੀ ਇਸ ਪਿੰਡ ਵਿੱਚ ਹੁੰਦਾ ਸੀ। ਘਰ ਘਰ ਧਰੇਕਾਂ ਦੀ ਛਾਂ ਹੁੰਦੀ ਸੀ।ਇੱਕ ਵੇਰਾਂ ਪਿੰਡ ਵਿੱਚ ਕਿਸੇ ਥਾਂ ਅੱਗ ਲੱਗ ਗਈ, ਪਿੰਡ ਦੇ ਸੱਭ ਛੋਟੇ ਵੱਡੇ ਪਾਣੀ ਦੀਆਂ ਬਾਲਟੀਆਂ ਲੈ ਕੇ ਭੁੱਖੇ ਸ਼ੇਰ ਵਾਂਗ ਅੱਗ ਤੇ ਟੁੱਟ ਕੇ ਪੈ ਗਏ ।ਇਵੇਂ ਲੱਗਿਆ ਜਿਵੇਂ ਉਨ੍ਹਾਂ ਦੇ ਏਕੇ ਤੇ ਇਕੱਠ ਵੇਖ ਕੇ ਬੈਸੰਤਰ ਦੇਵਤਾ ਤਾਂ ਖੁਸ਼ ਹੋਇਆ ਹੀ,ਜੋ ਅੱਗ ਬਿਣਾਂ ਕੋਈ ਨੁਕਸਾਨ ਕੀਤੇ ਬੁਝ ਗਈ,ਪਰ ਨਾਲ ਹੀ ਜਿਵੇਂ ਇੰਦਰ ਦੇਵਤਾ ਵੀ ਇਨ੍ਹਾਂ ਦਾ ਇੱਕੱਠ ਵੇਖ ਕੇ ਮਿਹਰਬਾਨ ਹੋ ਗਿਆ, ਵਰਖਾ ਨੇ ਸਾਰੇ ਪਿੰਡ ਨੂੰ ਹੀ ਨਿਹਾਲ ਵੀ ਕਰ ਦਿੱਤਾ।
ਮੈਂ ਆਪਣੀ ਦੱਸਵੀਂ ਤੱਕ ਸਕੂਲ ਦੀ ਪੜ੍ਹਾਈ ਏਸੇ ਪਿੰਡੋਂ ਪੈਦਲ ਹੀ ਜਾ ਕੇ ਕੀਤੀ, ਇੱਕ ਵੇਰਾਂ ਬਾਪੂ ਨੇ ਮੇਰੀ ਹਾਲਤ ਤੇ ਤਰਸ ਖਾ ਕੇ ਇੱਕ ਪੁਰਾਣਾ ਸਾਈਕਲ ਲੈ ਦਿੱਤਾ,ਜਿਸ ਦਾ ਅਗਲਾ ਪਹੀਆ ਵੱਡਾ ਸੀ ਤੇ ਪਿਛਲਾ ਛੋਟਾ ,ਰੋਜ਼ ਰੋਜ਼ ਪੰਚਰ ਹੋ ਜਾਣ ਕਰਕੇ ਸਕੂਲੋਂ ਲੇਟ ਹੋ ਜਾਣਾ। ਬਿਨਾਂ ਪੈਡਲ ਤੋਂ ਲੋਹੇ ਦੀਆਂ ਕਿੱਲੀਆਂ ਤੋਂ ਕਈ ਵਾਰ ਪੈਰ ਤਿਲਕ ਕੇ ਗਿੱਟੇ ਗੋਡੇ ਲਹੂ ਲੁਹਾਣ ਹੋ ਜਾਣੇ , ਕਦੇ ਗਰਾਰੀ ਵਿੱਚ ਫਸ ਜਾਣ ਕਰਕੇ ਪਜਾਮਾ ਫਟ ਜਾਣਾ, ਕਦੇ ਕੁੱਤੇ ਫੇਲ੍ਹ ਹੋ ਜਾਣ ਦੀ ਮੁਸੀਬਤ,ਸੋਚਿਆ ਐਵੇਂ ਰਾਹ ਜਾਂਦੀ ਬਿਪਤਾ ਸਹੇੜ ਲਈ,ਇਹਦੇ ਨਾਲੋਂ ਤਾਂ ਪੈਦਲ ਹੀ ਚੰਗੇ ਸਾਂ,ਆ ਜਾ ਕੇ ਮੁੜ ਖੋਤੀ ਬੋਹੜ ਹੇਠਾਂ ਵਾਲੀ ਗੱਲ, ਸਾਈਕਲ ਅੰਦਰ ਖੁਰਲੀ ਵਿੱਚ ਸੁੱਟ ਕੇ ਪੈਦਲ ਸੁਆਰ ਜਾਣਾ ਹੀ ਚੰਗਾ ਸਮਝਿਆ।ਮੇਰੇ ਨਾਲ ਦੇ ਸਾਥੀ ਇਹ ਵੇਖ ਕੇ ਬੜੇ ਖੁਸ਼ ਹੋਏ,ਪੁਰਾਣੇ ਟੋਲੇ ਵਿੱਚ ਅੱਧ ਕੱਚੀ ਸੜਕ ਤੇ ਐਵੇਂ ਹਾਸਾ ਠੱਠਾ ਕਰਦੇ ਬਸਤੇ ਗਲ਼ਾਂ ਵਿੱਚ ਪਾਈ ਜਾਂਦਿਆਂ ਦਾ ਪਤਾ ਹੀ ਨਹੀਂ ਲੱਗਦਾ ਸੀ ਕਿ ਸ਼ਹਿਰ ਕਦੋਂ ਆ ਜਾਂਦਾ।
ਫਿਰ ਸਮੇਂ ਨੇ ਹੌਲੀ ਹੌਲੀ ਕਰਵਟ ਬਦਲਣੀ ਸ਼ੁਰੂ ਕੀਤੀ,ਟਾਂਗਿਆਂ ਦੀ ਥਾਂ ਸੱਭ ਤੋਂ ਪਹਿਲਾਂ ਸ਼ਹਿਰ ਦੀ ਸੜਕ ਤੇ ਤਿੰਨਾ ਪਹੀਆਂ ਵਾਲਾ ਟੈਂਪੂ ਕਿਸੇ ਨੇ ਲੈ ਆਂਦਾ,ਜਿਸ ਦਾ ਰੰਗ ਕਾਲਾ ਤੇ ਪੀਲਾ ਅਤੇ ਸ਼ਕਲ ੳ ਆਵਾਜ਼ ਭੂੰਡ ਵਰਗੀ ਹੋਣ ਕਰਕੇ ਲੋਕ ਇਸ ਨੂੰ ਭੂੰਡ ਕਿਹਾ ਕਰਦੇ ਸਨ।ਟਾਂਗੇ ਵਾਲਿਆਂ ਦੀ ਕਮਾਈ ਵਿੱਚ ਉਨ੍ਹਾਂ ਦੇ ਸ਼ਰੀਕ ਭੂੰਡ ਨਾਲ ਉਨ੍ਹਾਂ ਦੀ ਬੜੀ ਖਹਿ ਬਾਜ਼ੀ ਚਲਦੀ ਰਹੀ।ਪਰ ਹੌਲੀ ਹੌਲੀ ਬੱਸਾਂ ਦੇ ਆ ਜਾਣ ਕਰਕੇ ਟਾਂਗੇ ਵਿਚਾਰੇ ਤਾਂ ਜਿਵੇਂ ਈਦ ਦੇ ਚੰਨ ਹੀ ਹੋ ਗਏ।ਟੈਂਪੂ ਜਦ ਸੁਵਾਰੀਆਂ ਨਾਲ ਭਰ ਜਾਂਦਾ ਤਾਂ ਡਰਾਈਵਰ ਅਜੇ ਕਿੱਲੀ ਨੱਪ ਕੇ ਤੁਰਨ ਹੀ ਲਗਦਾ ਬੱਸ ਪਾਂ ਪਾਂ ਕਰਦੀ ਬਸ ਆ ਧਮਕਦੀ, ਵੇਖਦੇ ਵੇਖਦੇ ਟੈਂਪੂ ਵਿੱਚੋਂ ਨਿਕਲ ਕੇ ਸੁਵਾਰੀਆਂ ਹਰਲ ਹਰਲ ਕਰਦੀਆਂ ਬਸ ਵਿੱਚ ਜਾ ਵੜਦੀਆਂ ਟੈਂਪੂ ਵਾਲਾ ਬੱਸ ਵੱਲ ਘੂਰਦਾ ਹੀ ਰਹਿ ਜਾਂਦਾ।ਪਿੰਡ ਦੀ ਪੁਰਾਤਨਤਾ ਦੀਆਂ ਪਰਤਾਂ ਦਰ ਪਰਤਾਂ ਸਮੇਂ ਦੇ ਅਗਲੇ ਦੌਰ ਵਿੱਚ ਦਾਖਲ ਹੋ ਕੇ ਹੌਲੀ ਹੌਲੀ ਅਲੋਪ ਹੋਣੀਆਂ ਸ਼ੁਰੂ ਹੋ ਗਈਆਂ।
ਪਿੰਡ ਵਿੱਚ ਖੂਹ ਦੀ ਥਾਂ ਹੌਲੀ ਹੌਲੀ ਨਲਕਿਆਂ ਨੇ ਲੈਣੀ ਸ਼ੁਰੂ ਕੀਤੀ, ਪਹਿਲਾਂ ਪਿੰਡ ਵਿੱਚ ਦੋ ਤਿੰਨ ਸਰਦੇ ਪੁਜਦੇ ਘਰਾਂ ਵਿੱਚ ਨਲਕੇ ਹੁੰਦੇ ਸਨ।ਫਿਰ ਬਿਜਲੀ ਆ ਜਾਣ ਤੇ ਨਲਕਿਆਂ ਤੇ ਮੋਟਰਾਂ ਲੱਗਣ ਤੇ ਹੌਲੀ ਹੌਲੀ ਖੂਹ ਤੇ ਰੌਣਕਾਂ ਵੀ ਘਟਣ ਲੱਗੀਆਂ, ਪਿੰਡ ਵਿੱਚ ਘਰ ਘਰ ਲੱਗ ਰਹੇ ਨਲਕਿਆਂ ਨੇ ਖੂਹ ਨੂੰ ਵੀਰਾਣਗੀ ਵੱਲ ਧੱਕ ਦਿੱਤਾ। ਘਰ ਘਰ ਬਿਜਲੀ ਦੇ ਪੱਖੇ ਲਗ ਜਾਣ ਤੇ ਖੂਹ ਤੇ ਲੱਗਿਆ ਪੁਰਾਣਾ ਛਾਂ ਦਰ ਰੁੱਖ ਬੇ ਲੋੜਾ ਸਮਝ ਕੇ ਆਰੀ ਕੁਹਾੜੇ ਦੀ ਭੇਟ ਚੜ੍ਹ ਗਿਆ ਖੂਹ ਵੀ ਗਾਰ ਨਾ ਕੱਢਣ ਕਰਕੇ ਹੌਲੀ ਹੌਲੀ ਸੁਕ ਗਿਆ ।ਫਿਰ ਘਰ ਘਰ ਸਮਰਸੀਬਲ ਪੰਪ ਲੱਗ ਗਏ।ਕੋਈ ਕੱਚਾ ਘਰ ਵੇਖਣ ਨੂੰ ਨਾ ਰਿਹਾ। ਸਰਕਾਰੀ ਟੈਂਕੀ ਲੱਗ ਜਾਣ ਤੇ ਟੂਟੀ ਦਾ ਪਾਣੀ ਆਉਣ ਲੱਗ ਪਿਆ।ਗਲੀਆਂ ਫਿਰਨੀਆਂ ਪੱਕੀਆਂ ਹੋਣ ਲਗ ਪਈਆਂ। ਹੌਲੀ ਹੌਲੀ ਪਿੰਡ ਦੀ ਨਵੀਂ ਨੁਹਾਰ ਬਦਲਣੀ ਸ਼ੁਰੂ ਹੋ ਗਈ।ਪਿੰਡ ਦੇ ਕੱਚੇ ਕੋਠਿਆਂ ਦੀ ਥਾਂ ਪੱਕੇ ਘਰਾਂ ਤੇ ਦੁਮੰਜ਼ਿਲੀਆਂ ਕੋਠੀਆਂ ਨੇ ਲੈ ਲਈ ਹੈ।ਘਰ ਘਰ ਆਵਾ ਜਾਈ ਲਈ ਇੱਕ ਨਹੀਂ ਦੋ ਦੋ ਤਿੰਨ ਸਾਧਣ ਬਣ ਗਏ। ਹਲਾਂ ਦੀ ਥਾਂ ਕਰਜ਼ੇ ਤੇ ਕਿਸ਼ਤਾਂ ਤੇ ਲਏ ਟ੍ਰੈਕਟਰਾਂ, ਕੰਬਾਈਨਾਂ ਨੇ ਲੈ ਲਈ ਹੈ।ਹੁਣ ਹੱਥੀਂ ਕੰਮ ਕਰਨਾ ਲੋਕ ਆਪਣੀ ਹੱਤਕ ਸਮਝਣ ਲੱਗ ਪਏ ਹਨ।ਉਹ ਕਿਰਸਾਣੀ ਜਿਸ ਨੂੰ ਉੱਤਮ ਧੰਦਾ ਗਿਣਿਆ ਜਾਂਦਾ ਸੀ।ਕਿਸਾਨਾਂ ਦੀ ਖੁਦ ਕਸ਼ੀ ਦੀ ਨੌਬਤ ਤੱਕ ਪਹੁੰਚ ਚੁਕਾ ਹੈ।ਸ਼ੁਕਰ ਹੈ ਮੇਰੇ ਪਿੰਡ ਵਿੱਚ ਇਸਤਰ੍ਹਾਂ ਦੀ ਕੋਈ ਘਟਨਾ ਅਜੇ ਤੀਕ ਨਹੀਂ ਵਾਪਰੀ, ਹਾਂ ਪੜ੍ਹਾਈ ਤੋਂ ਮੂੰਹ ਮੋੜ ਕੇ ਨੌਜੁਆਨ ਹੁਣ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਵਿੱਚ ਲਗੇ ਹਏ ਹਨ।ਬਿਹਾਰ ਦੇ ਭਈਏ,ਨੇ ਹੁਣ ਪੰਜਾਬ ਦੀ ਮਿਹਣਤੀ ਕਿਰਸਾਣੀ ਆਦਤ ਨੂੰ ਖੋਰਾ ਲਾ ਦਿੱਤਾ ਹੈ।ਜਰਦਾ ਤੰਬਾਕੂ ਦਾਰੂ ਦੀ ਗੱਲ ਹੁਣ ਪੰਜਾਬੀਆਂ ਦੀ ਗੱਲ ਬਹੁਤ ਪਰਾਣੀ ਹੋ ਚੁਕੀ ਹੈ ਨਵੀਂ ਨਵੀ ਕਿਸਮ ਦੇ ਮਾਰੂ ਨਸ਼ਿਆਂ ਨੇ ਪੰਜਾਬ ਦੇ ਜਿਵੇਂ ਸਾਹ ਹੀ ਸੂਤ ਲਏ ਜਾਪਦੇ ਹਨ।ਵਿਦੇਸ਼ ਦੀ ਚੰਦਰੀ ਚਾਟ ਨੇ ਪਿੰਡਾਂ ਦੇ ਘਰਾਂ ਦੇ ਘਰ ਵੇਹਲੇ ਕਰ ਦਿੱਤੇ ਹਨ। ਘਰ ਦੀ ਨਵੀਂ ਪਨੀਰੀ ਆਪਣੇ ਜੱਦੀ ਪੁਸ਼ਤੀ ਕੰਮ ਕਾਜ ਨੂੰ ਹੱਥ ਲਾਉਣਾ ਆਪਣੀ ਹੇਠੀ ਸਮਝੀ ਬੈਠੀ ਹੈ।ਪਰ ਵਿਦੇਸ਼ ਵਿੱਚ ਆ ਕੇ ਖੱਜਲ ਖੁਆਰ ਹੋ ਕੇ ਜੋ ਜੋ ਕੰਮ ਇਨ੍ਹਾਂ ਨੂੰ ਕਰਨੇ ਪੈਂਦੇ ਹਨ ਉਨ੍ਹਾਂ ਨੂੰ ਵੇਖ ਸੁਣ ਕੇ ਕੰਨਾਂ ਨੂੰ ਹੇਠੂੰ ਦੀ ਹੱਥ ਕਢ ਕੇ ਲਾ ਕੇ ਤੋਬਾ ਕਰਨੀ ਪੈਂਦੀ ਹੈ। ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਪਿੰਡੀਂ ਵੱਸਣ ਦੇਵਤੇ,ਸ਼ਹਿਰਾਂ ਵਿੱਚ ਸ਼ੈਤਾਨ ਦੀ ਥਾਂ, ਪਿੰਡੀ ਵੱਸਣ ਭਈਏ ਤੇ ਪ੍ਰਦੇਸਾਂ ਵਿੱਚ ਕਿਸਾਨ ਹੀ ਕਹਿਣਾ ਪਵੇਗਾ।
ਹੁਣ ਸਾਰੇ ਪਿੰਡ ਵਿੱਚ ਝਾਤੀ ਮਾਰੀਏ ਤਾਂ ਐਵੇਂ ਉੰਗਲਾਂ ਤੇ ਗਿਣੇ ਜਾਣ ਵਾਲੇ ਪੁਰਾਣੇ ਬੰਦੇ ਹੀ ਰਹਿ ਗਏ ਹਨ। ਮੇਰੇ ਹਮ ਉਮਰਾਂ ਵਿੱਚੋਂ ਪੁਰਾਣੇ ਵੇਲਿਆਂ ਦੇ ਦੋ ਸਾਥੀਆਂ ਵਿੱਚੋਂ ਇੱਕ ਜੋਗਿੰਦਰ ਬਾਰੀਆ ਤਾਂ ਕੁੱਝ ਸਮਾਂ ਪਹਿਲਾਂ ਕਈ ਤੰਗੀਆਂ ਤੁਰਸ਼ੀਆਂ ਤੇ ਘਰੋਗੀ ਉਲਝਣਾਂ ਭਰਿਆ ਜੀਵਣ ਬਿਤਾ ਕੇ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ।ਦੂਜਾ ਹਸਮੁਖਾ ਤੇ ਜ਼ਿੰਦਾ ਦਿਲ ਸਾਥੀ ਮਲ੍ਹਾਰ ਸਿੰਘ ਜੋ ਚੰਗੇ ੳਹੁਦੇ ਤੋਂ ਸੇਵਾ ਮੁਕਤ ਹੋਣ ਤੇ ਵੀ ਪਿੰਡ ਵਿੱਚ ਹੀ ਰਹਿ ਰਿਹਾ, ਜਿਸ ਨਾਲ ਕਦੇ ਕਦੇ ਫੋਨ ਤੇ ਗੱਲ ਹੋ ਜਾਂਦੀ ਹੈ। ਉਹ ਕਹਿੰਦਾ ਹੈ ਆ ਜਾ ਯਾਰ ਛੱਡ ਪ੍ਰਦੇਸ ਨੂੰ, ਕਿਤੇ ਜ਼ਿੰਦਗੀ ਦੇ ਕੁੱਝ ਰਹਿੰਦੇ ਪਲ਼ ਵੇਲੇ ਕੁਵੇਲੇ ਇੱਥੇ ਹੀ ਇੱਕ੍ਠੇ ਬੈਠ ਕੇ ਗੱਲਾਂ ਬਾਤਾਂ ਕਰਕੇ ਲੰਘਾਈਏ।ਸਮੇਂ ਦੇ ਹਾਲਾਤ ਦੇ ਪਿੰਜਰੇ ਵਿੱਚ ਕਿਸੇ ਪਰ ਕੱਟੇ ਪੰਛੀ ਵਾਂਗ,ਬੇਵੱਸ ਮੈਂ ਆਪਣੀ ਮਜਬੂਰੀ ਦੱਸ ਕੇ ਸਬਰ ਕਰ ਛਡਦਾ ਹਾਂ।ਹੁਣ ਪਿੰਡ ਵਿੱਚ ਇੱਕ ਵੱਡਾ ਸ਼ਾਨਦਾਰ ਉੱਚੀ ਦਿੱਖ ਵਾਲੇ ਨਿਸ਼ਾਨ ਸਿਹਬ ਵਾਲਾ ਗੁਦੁਆਰਾ ਤੇ ਇੱਕ ਮੰਦਰ ਵੀ ਬਣ ਚੁਕਾ ਹੈ।ਪਰ ਸ਼ਰਧਾ ਨੀਂਵੀਂ ਹੋ ਗਈ ਹੈ।ਅੰਧ ਵਿਸ਼ਵਾਸ਼ੀ ਦਾ ਬੋਲ ਬਾਲਾ ਹੈ। ਪ੍ਰਧਾਨਗੀ, ਮੈਂਬਰੀ ਦੀ ਦੌੜ ਵਿੱਚ ਪੁਰਾਣੀਆਂ ਸਾਂਝਾਂ ਤੇ ਸੱਭਿਆ ਚਾਰ ਨੂੰ ਛਿੱਕੇ ਟੰਗ ਕੇ ਖੋਰਾ ਲਾਉਣ ਲੋਕ ਰੁੱਝੇ ਹੋਏ ਹਨ।ਪਾਰਟੀ ਬਾਜ਼ੀ,ਤੇ ਮਾੜੀ ਰਾਜਨੀਤੀ ਦੇ ਕਾਲੇ ਪਰਛਾਂਵੇ ਹੁਣ ਇਸ ਪਿੰਡ ਵਿੱਚ ਪੂਰੀ ਤਰ੍ਹਾਂ ਪੈਰ ਪਸਾਰ ਚੁਕੇ ਹਨ।ਬੇਸ਼ੱਕ ਪਿੰਡ ਵਿੱਚ ਹੋ ਰਹੀ ਸਰਵ ਪੱਖੀ ਤਰੱਕੀ ਤੋਂ ਮੁਨਕਰ ਨਹੀਂ ਹਾਂ,ਪਰ ਵਿਸਰ ਰਹੇ ਪਰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਦਿਨੋ ਦਿਨ ਅਲੋਪ ਹੋ ਜਾਣ ਦੀ ਚਿੰਤਾ ਨੂੰ ਵੀ ਅੱਖਾਂ ਤੋਂ ਪ੍ਰੋਖੇ ਕੀਤੇ ਜਾਣ ਤੇ ਵੀ ਫਿਕਰ ਮੰਦ ਹਾਂ।ਆਓ ਸਾਰੇ ਮਿਲਕੇ ਆਪਣੇ ਆਪਣੇ ਪਿੰਡਾਂ ਦੀ ਉੱਨਤੀ ਕਰਨ ਦੇ ਨਾਲ ਨਾਲ ਆਪਣੇ ਪੁਰਾਣੇ ਸੱਭਿਆਚਾਰ ਅਤੇ ਵਿਰਸੇ ਦਾ ਵੀ ਪੱਲਾ ਘੁੱਟ ਕੇ ਫੜੀ ਰੱਖੀਏ।
ਤੁਰ ਗਏ ਯਾਰ ਪੁਰਾਣੇ ਲੋਕ,ਉਮਰ ਗੁਜ਼ਾਰ ਪਰਾਣੇ ਲੋਕ।
ਸਾਂਝੀਆਂ ਕੰਧਾਂ ਖੁਲ੍ਹੇ ਵੇਹੜੇ,ਇੱਜ਼ਤ ਦਾਰ ਪੁਰਾਣੇ ਲੋਕ।
ਪਿਆਰ ਮੁਹੱਬਤ ਸਾਂਝਾਂ ਵੰਡਦੇ,ਸ਼ੁਕਰ ਗੁਜ਼ਾਰ ਪਰਾਣੇ ਲੋਕ।
ਨਾ ਚਿੰਤਾ ਨਾ ਝਗੜੇ, ਝੋਰੇ,ਹੌਲ਼ੇ ਭਾਰ ਪਰਾਣੇ ਲੋਕ।
ਸਿੱਧੇ ਸਨ ਪਰ ਸਿਫਤ ਗੁਣਾਂ ਦੇ, ਭਰੇ ਭੰਡਾਰ ਪਰਾਣੇ ਲੋਕ।
ਅਸੀਂ ਵੀ ਜਾਣਾ ਜਿੱਥੇ ਤੁਰ ਗਏ,ਵਾਰੋ ਵਾਰ ਪਰਾਣੇ ਲੋਕ।
ਘੜੀ ਘੜੀ ਪਰ ਚੇਤੇ ਆਉਂਦੇ, ਸਦਾ ਬਹਾਰ ਪੁਰਾਣੇ ਲੋਕ।