ਕੀ ਸਰਹਿੰਦ ਫਤਹਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਸੀ? - ਜਸਵੰਤ ਸਿੰਘ 'ਅਜੀਤ'
ਹਰ ਸਾਲ ਜਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਗਈ ਸਰਹਿੰਦ ਫਤਹਿ ਦੀ ਯਾਦ ਮਨਾਈ ਜਾਂਦੀ ਹੈ, ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਪਰੰਪਰਾਵਾਂ ਤੋਂ ਸਭ ਤੋਂ ਵੱਧ ਜਾਣੂ ਹੋਣ ਦੇ ਦਾਅਵੇਦਾਰ, ਸਿੱਖ ਵਿਦਵਾਨਾਂ, ਪ੍ਰਚਾਰਕਾਂ, ਬੁਲਾਰਿਆਂ ਅਤੇ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਵਲੋਂ ਜਿਸਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਹਿ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਦਲੇ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਚਲਿਆ ਆ ਰਿਹਾ ਹੈ, ਉਸਨੂੰ ਪੜ੍ਹ-ਸੁਣ ਕੇ ਇਨ੍ਹਾਂ ਲੋਕਾਂ ਦੇ ਸਿੱਖੀ ਦੀਆਂ ਮਾਨਤਾਵਾਂ ਅਤੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਬਾਰੇ ਸਭ ਤੋਂ ਵੱਧ ਜਾਣਕਾਰੀ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਪੁਰ ਹੈਰਾਨੀ ਹੋਣੀ ਸੁਭਾਵਕ ਸੀ, ਕਿਉਂਕਿ ਜੇ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਅਤੇ ਸਿੱਖੀ ਦੀਆਂ ਮਾਨਤਾਵਾਂ ਦੀ ਗੰਭੀਰਤਾ ਦੇ ਨਾਲ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਲ ਨਹੀਂ, ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ।
ਸਿੱਖੀ ਵਿਚ 'ਸ਼ਹਾਦਤ' ਨੂੰ, ਇਕ ਪਵਿਤ੍ਰ ਅਤੇ ਸਰਵ-ਉਤਮ ਕਾਰਜ ਸਵੀਕਾਰਦਿਆਂ, ਉਸਨੂੰ ਸਰਵੁਚਤਾ ਦਾ ਦਰਜਾ ਦਿਤਾ ਗਿਆ ਹੋਇਆ ਹੈ। ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਕਿਸੇ ਨਿਜੀ ਸੁਆਰਥ, ਨਿਜੀ ਹਿਤ ਜਾਂ ਕਿਸੇ ਨਿਜੀ ਪ੍ਰਾਪਤੀ ਦੇ ਲਈ ਨਹੀਂ ਦਿਤੀਆਂ ਗਈਆਂ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਸਦਾ ਹੀ ਗ਼ਰੀਬ-ਮਜ਼ਲੂਮ ਅਤੇ ਸੰਸਾਰ ਭਰ ਦੇ ਧਰਮਾਂ ਦੇ ਪੈਰੋਕਾਰਾਂ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਨਾਸ਼ ਕਰਨਾ ਰਿਹਾ ਹੈ। ਸਿੱਖ ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਤ ਸਾਹਿਬਜ਼ਾਦਿਆਂ ਦੀਆਂ ਸ਼ਾਹਦਤਾਂ ਜਬਰ-ਜ਼ੁਲਮ ਦਾ ਵਿਰੋਧ ਕਰਦਿਆਂ ਅਤੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਲਈ ਦਿਤੀਆਂ ਗਈਆਂ ਸ਼ਹਾਦਤਾਂ ਸਨ, ਜਿਨ੍ਹਾਂ ਨੇ ਆਉਣ ਵਾਲੀਆਂ ਪੀੜੀਆਂ ਦੇ ਲਈ ਅਜਿਹੇ ਪੂਰਨੇ ਪਾਏ, ਜਿਨ੍ਹਾਂ ਪੁਰ ਚਲਦਿਆਂ ਗੁਰੂ ਸਾਹਿਬਾਂ ਦੇ ਸਿੱਖ ਗਰੀਬ-ਮਜ਼ਲੂਮ ਦੀ ਰਖਿਆ ਲਈ ਜਬਰ-ਜ਼ੁਲਮ ਅਤੇ ਅਨਿਆਇ ਦਾ ਵਿਰੋਧ ਕਰਦਿਆਂ ਲਗਾਤਾਰ ਜੂਝਦੇ ਅਤੇ ਸ਼ਹੀਦੀਆਂ ਦਿੰਦੇ ਚਲੇ ਗਏ। ਉਨ੍ਹਾਂ ਲਈ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਦਾ ਹੀ ਪ੍ਰੇਰਨਾ ਤੇ ਸ਼ਕਤੀ ਦਾ ਸ੍ਰੋਤ ਰਹੀਆਂ, ਜਿਨ੍ਹਾਂ ਕਾਰਣ 'ਧਰਮ ਹੇਤ ਸੀਸ ਦਿੰਦਿਆਂ, ਬੰਦ-ਬੰਦ ਕਟਾਦਿਆਂ, ਖੋਪਰੀਆਂ ਉਤਰਵਾਂਦਿਆਂ, ਚਰਖੜੀਆਂ ਤੇ ਚੜ੍ਹਦਿਆਂ, ਆਰਿਆਂ ਦੇ ਨਾਲ ਚੀਰੇ ਜਾਂਦਿਆਂ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੇ ਲਈ ਕੁਰਬਾਨੀਆਂ ਕਰਦਿਆਂ ਅਤੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੁੰਦਿਆਂ ਸ਼ਹੀਦ ਹੁੰਦਿਆਂ, ਉਨ੍ਹਾਂ ਦੇ ਇਰਾਦਿਆਂ ਵਿਚ ਜ਼ਰਾ ਜਿੰਨੀ ਵੀ ਲਰਜ਼ਸ਼ ਨਹੀਂ ਸੀ ਆਈ। ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਰੋਸ਼ਨੀ ਨੇ ਸਿੱਖ ਬੀਬੀਆਂ ਤਕ ਨੂੰ ਵੀ ਅਜਿਹੀ ਸ਼ਕਤੀ ਦਿਤੀ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਜਿਗਰ ਦੇ ਟੋਟਿਆਂ ਨੂੰ ਨੇਜ਼ਿਆਂ ਪੁਰ ਟੰਗਿਆਂ ਜਾਂਦਿਆਂ ਅਤੇ ਟੁਕੜੇ-ਟੁਕੜੇ ਹੁੰਦਿਆਂ ਵੇਖਿਆ ਅਤੇ ਬਿਨਾ ਕਿਸੇ ਘਬਰਾਹਟ, ਦੁੱਖ ਤੇ ਕੰਬਣੀ ਦੇ ਉਨ੍ਹਾਂ ਦੇ ਟੁਕੜਿਆਂ ਨੂੰ ਉਨ੍ਹਾਂ ਨੇ ਆਪਣੀਆਂ ਝੋਲੀਆਂ ਵਿਚ ਪੁਆਇਆ, ਪਰ ਆਪਣੇ ਸਿੱਖੀ-ਸਿਦਕ ਤੇ ਜ਼ਰਾ ਜਿੰਨੀ ਵੀ ਆਂਚ ਨਹੀਂ ਆਉਣ ਦਿੱਤੀ।
ਸਿੱਖ ਇਤਿਹਾਸ ਗੁਆਹ ਹੈ ਕਿ ਇਤਨੀਆਂ ਕੁਰਬਾਨੀਆਂ ਕਰਦਿਆਂ ਹੋਇਆਂ ਵੀ ਕਦੀ ਸਿੱਖਾਂ ਦੇ ਦਿਲ ਵਿਚ ਬਦਲੇ ਦੀ ਭਾਵਨਾ ਨਹੀਂ ਆਈ। ਜਦੋਂ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਦੇ ਵਲ ਮਿਤ੍ਰਤਾ ਦੀ ਪੇਸ਼ਕਸ਼ ਅਤੇ ਸਹਿਯੋਗ ਦੀ ਮੰਗ ਕਰਦਿਆਂ ਹਥ ਵਧਾਇਆ ਤਾਂ ਉਨ੍ਹਾਂ ਉਸਦਾ ਹਥ ਛਿਟਕਿਆ ਨਹੀਂ, ਸਗੋਂ ਬਿਨਾ ਸੰਕੋਚ ਉਸਨੂੰ ਮਜ਼ਬੂਤੀ ਨਾਲ ਪਕੜ ਲਿਆ। ਸ੍ਰੀ ਗੁਰੂ ਹਰਿਗੋਬਿੰਦ ਜੀ ਦੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਲਈ ਜ਼ਿਮੇਂਦਾਰ ਜਹਾਂਗੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਜ਼ਿਮੇਂਦਾਰ ਔਰੰਗਜ਼ੇਬ ਦੇ ਪੁਤਰ ਬਹਾਦਰ ਸ਼ਾਹ ਦੇ ਨਾਲ ਮਿਤ੍ਰਤਾ, ਇਸ ਗਲ ਦੇ ਪ੍ਰਤਖ ਪ੍ਰਮਾਣ ਹਨ। ਸ੍ਰੀ ਗੁਰੂ ਹਰਿਰਾਇ ਸਾਹਿਬ ਵਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪੁਰ ਬਾਰ-ਬਾਰ ਫੌਜਾਂ ਚਾੜ੍ਹਨ ਵਾਲੇ ਸ਼ਾਹਜਹਾਂ ਦੇ ਪੁਤਰ ਦਾਰਾ ਦੀ ਜਾਨ ਬਚਾਉਣ ਦੇ ਲਈ, ਆਪਣੇ ਦਵਾਖਾਨੇ ਵਿਚੋਂ ਦੁਰਲੱਭ ਦੁਆਈਆਂ ਭਿਜਵਾਉਣਾ ਵੀ ਇਸੇ ਗਲ ਦਾ ਸਬੂਤ ਹੈ ਕਿ ਸਿੱਖੀ ਵਿਚ ਬਦਲੇ ਦੀ ਭਾਵਨਾ ਲਈ ਕੋਈ ਥਾਂ ਨਹੀਂ ਹੈ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਜਿਸ ਸ਼ਹਾਦਤ ਦਾ ਬਦਲਾ ਲੈ ਲਿਆ ਜਾਂਦਾ ਹੈ, ਉਸ ਸ਼ਹਾਦਤ ਦੀ ਮਹਤੱਤਾ ਤੇ ਮਹਾਨਤਾ ਪੁਰ ਗ੍ਰਹਿਣ ਲਗ ਜਾਂਦਾ ਹੈ ਅਤੇ ਉਹ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਤੇ ਨਾ ਹੀ ਚਾਨਣ ਮੁਨਾਰਾ ਰਹਿ ਜਾਂਦੀ ਹੈ। ਜਦਕਿ ਸਿੱਖ ਇਤਿਹਾਸ ਦੀ ਹਰ ਸ਼ਹਾਦਤ ਨਾ ਕੇਵਲ ਪ੍ਰਰੇਨਾ ਦਾ ਸ੍ਰੋਤ ਹੈ, ਸਗੋਂ ਚਾਨਣ-ਮੁਨਾਰੇ ਦਾ ਕੰਮ ਵੀ ਕਰਦੀ ਚਲੀ ਆ ਰਹੀ ਹੈ।
ਇਸ ਕਰਕੇ ਇਹ ਮੰਨਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਪੰਜਾਬ ਭੇਜਿਆ ਸੀ, ਇਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਆਪਣੇ ਹਥੀਂ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਵਿਚ, ਸ਼ਹੀਦ ਹੋਣ ਲਈ ਭੇਜਿਆ ਅਤੇ ਇਸਦੇ ਨਾਲ ਹੀ ਕੇਵਲ ਆਪਣਾ ਸਮੁਚਾ ਪਰਿਵਾਰ ਹੀ ਨਹੀਂ, ਸਗੋਂ ਆਪਣਾ-ਆਪ ਵੀ ਜਬਰ-ਜ਼ੁਲਮ ਦੇ ਵਿਰੁਧ ਅਤੇ ਧਾਰਮਕ ਮਾਨਤਾਵਾਂ ਤੇ ਇਨਸਾਫ ਦੀ ਰਖਿਆ ਲਈ ਜੂਝਦਿਆਂ ਕੁਰਬਾਨ ਕਰ ਦਿਤਾ, ਦੀ ਮਹਾਨਤਾ ਤੋਂ ਅਨਜਾਣ ਹੋਣਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਉਸ ਅਦੁਤੀ ਸ਼ਹਾਦਤ ਨੂੰ ਛੁਟਿਆਣ ਦੇ ਤੁਲ ਹੋਵੇਗਾ, ਜੋ ਰਹਿੰਦੀ ਦੁਨੀਆ ਤਕ ਸਿੱਖਾਂ ਦੇ ਲਈ ਪ੍ਰੇਰਨਾ ਅਤੇ ਚਾਨਣ-ਮੁਨਾਰੇ ਦਾ ਕੰਮ ਕਰਦਿਆਂ ਰਹਿਣ ਦੇ ਸਮਰਥ ਹੈ।
...ਅਤੇ ਅੰਤ ਵਿੱਚ: ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਨਹੀਂ. ਸਗੋਂ ਪੰਜਾਬ ਦੀ ਧਰਤੀ ਪੁਰ ਦਿਨ-ਬ-ਦਿਨ ਵੱਧ ਰਹੇ ਜ਼ੁਲਮ ਨੂੰ ਠਲ੍ਹ ਪਾਣ ਅਤੇ ਗਰੀਬ-ਮਜ਼ਲੂਮ ਦੀ ਰਖਿਆ ਲਈ ਜੂਝਣ ਵਾਸਤੇ ਭੇਜਿਆ ਸੀ। ਇਹ ਗਲ ਵੀ ਸਮਝ ਲੈਣੀ ਹੋਵੇਗੀ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਸ਼ਨ ਕੇਵਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਤਕ ਹੀ ਸੀਮਤ ਹੁੰਦਾ ਤਾਂ ਉਹ ਸਰਹਿੰਦ ਫਤਹਿ ਦੇ ਨਾਲ ਪੂਰਾ ਹੋ ਗਿਆ ਹੁੰਦਾ, ਪ੍ਰੰਤੂ ਉਨ੍ਹਾਂ ਦਾ ਮਿਸ਼ਨ ਜਬਰ-ਜ਼ੁਲਮ ਦੇ ਵਿਰੁਧ ਸੰਘਰਸ਼ ਕਰਦਿਆਂ ਰਹਿਣ ਦੇ ਨਾਲ ਸਬੰਧਤ ਸੀ, ਇਸ ਕਰਕੇ ਉਹ ਸਰਹਿੰਦ ਫਤਹਿ ਤੋਂ ਬਾਅਦ ਹੀ ਨਹੀਂ, ਸਗੋਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਲਗਾਤਾਰ ਜਾਰੀ ਰਿਹਾ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਮੰਨੋਂ ਭਵੇਂ ਨਾਂਹ, ਇਸ ਦੇਸ਼ ਵਿੱਚ ਕਰੋੜਪਤੀ ਵੀ ਗਰੀਬ ਨੇ! - ਜਸਵੰਤ ਸਿੰਘ 'ਅਜੀਤ'
ਭਾਰਤ ਸਰਕਾਰ ਵਲੋਂ 'ਆਯੁਸ਼ਮਾਨ ਭਾਰਤ' ਯੋਜਨਾ ਅਧੀਨ ਪ੍ਰਧਾਨ ਮੰਤ੍ਰੀ ਰਾਸ਼ਟਰੀ ਸਿਹਤ ਸੁਰਖਿਆ ਮਿਸ਼ਨ ਅਧੀਨ ਬੇਘਰਾਂ, ਬੇਸਹਾਰਿਆਂ, ਅਪਾਹਜਾਂ, ਭੂਮੀਹੀਨਾਂ, ਮਜ਼ਦੂਰਾਂ, ਗਰੀਬਾਂ, ਅਨੁਸੂਚਿਤ ਜਾਤੀ, ਜਨਜਾਤੀ ਅਤੇ ਘਟ ਆਮਦਨ ਵਰਗ ਆਦਿ ਨਾਲ ਸੰਬੰਧਤ ਅਜਿਹੇ ਪਰਿਵਾਰਾਂ, ਜਿਨ੍ਹਾਂ ਦੇ ਨਾਂ ਸਮਾਜਕ ਆਰਥਕ ਜਾਤੀ ਜਨਗਣਨਾ-2011 ਦੀ ਸੂਚੀ ਵਿੱਚ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਂਦਾ ਹੈ। ਇਸ ਯੋਜਨਾ ਅਧੀਨ ਦੇ ਦਰਜ ਪਰਿਵਾਰਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤਕ ਦੇ ਮੁਫਤ ਇਲਾਜ ਦੀ ਸਹੂਲਤ ਉਪਲਬੱਧ ਕਰਵਾਈ ਜਾਂਦੀ ਹੈ। ਦਸਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਵਿੱਚ ਜਦੋਂ ਸਿਹਤ ਵਿਭਾਗ ਦੀ ਟੀਮ ਸਮਾਜਕ ਆਰਥਕ ਜਾਤੀ ਜਨਗਣਨਾ-2011 ਦੀ ਸੂਚੀ ਵਿੱਚ ਦਰਜ ਕੀਤੇ ਗਏ ਪਰਿਵਾਰਾਂ ਦੀ ਪਛਾਣ ਕਰਨ ਲਈ ਗਾਜ਼ੀਆਬਾਦ ਦੀ ਇੰਦ੍ਰਾਪੁਰਮ ਕਾਲੌਨੀ ਵਿੱਚ ਪੁਜੀ, ਤਾਂ ਉਸਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਇਸ ਪਾਸ਼ ਇਲਾਕੇ ਵਿੱਚ ਬਣੀ ਸ਼ਿਪਰਾ ਸਨਸਿਟੀ ਸਮੇਤ ਸ਼ਹਿਰ ਦੇ ਦੂਸਰੇ ਪਾਸ਼ ਇਲਾਕਿਆਂ ਦੇ ਮਹਿੰਗੇ ਫਲੈਟਸ ਵਿੱਚ ਰਹਿਣ ਵਾਲਿਆਂ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਇਤਨਾ ਹੀ ਨਹੀਂ, ਉਨ੍ਹਾਂ ਨੂੰ ਇਹ ਵੀ ਪਤਾ ਚਲਿਆ ਕਿ ਲੱਖਾਂ ਰੁਪਏ ਤਨਖਾਹ ਲੈਣ ਵਾਲਿਆਂ ਤੋਂ ਲੈ ਕੇ ਰੀਅਲ ਅਸਟੇਟ ਕਾਰੋਬਾਰੀਆਂ ਤਕ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਗਰੀਬ ਪਰਿਵਾਰਾਂ ਦੀ ਸੂਚੀ ਵਿੱਚ ਇਨ੍ਹਾਂ ਕਰੋੜਪਤੀਆਂ ਦੇ ਨਾਂ ਵੇਖ ਸਿਹਤ ਵਿਭਾਗ ਦੀ ਟੀਮ ਹੈਰਾਨ ਹੋ ਕੇ ਰਹਿ ਗਈ ।
ਬਜ਼ੁਰਗ ਸ਼ੋਸ਼ਣ ਦਾ ਸ਼ਿਕਾਰ : ਦੇਸ਼ ਵਿਚ ਬਜ਼ੁਰਗਾਂ ਲਈ ਕੰਮ ਕਰ ਰਹੀ ਸੰਸਥਾ, ਏਜਵੇਲ ਰਿਸਰਚ ਐਂਡ ਐਡਵੋਕੇਸੀ ਸੇਂਟਰ ਨੇ ਸੰਯੁਕਤ ਰਾਸ਼ਟਰ ਲਈ ਕੀਤੇ ਗਏ ਸਰਵੇ ਵਿੱਚ ਦਸਿਆ ਹੈ ਕਿ ਦੇਸ਼ ਵਿੱਚ 52.4 ਪ੍ਰਤੀਸ਼ਤ ਬਜ਼ੁਰਗਾਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਹੀ ਨਹੀਂ, ਮਾਰਕੁਟ ਵੀ ਕੀਤੀ ਜਾਂਦੀ ਹੈ। ਸਰਵੇ ਰਿਪੋਰਟ ਅਨੁਸਾਰ ਵਧੇਰੇ ਬਜ਼ੁਰਗ ਵਧਦੀ ਉਮਰ ਕਾਰਣ ਹਾਲਾਤ ਨਾਲ ਸਮਝੌਤਾ ਕਰਨ ਲਈ ਮਜਬੂਰ ਹੋ ਜਾਂਦੇ ਹਨ। ਸੰਸਥਾ ਨੇ ਆਪਣੀ ਇਸ ਰਿਪੋਰਟ ਵਿੱਚ ਬਜ਼ੁਰਗਾਂ ਨੂੰ ਆਰਥਕ ਰੂਪ ਵਿੱਚ ਆਤਮ-ਨਿਰਭਰ ਬਣਾਏ ਜਾਣ ਪੁਰ ਜ਼ੋਰ ਦਿੱਤਾ, ਤਾਂ ਜੋ ਉਨ੍ਹਾਂ ਨੂੰ ਨਿਜੀ ਜ਼ਰੂਰਤਾਂ ਆਪਣੇ ਹਿਸਾਬ ਨਾਲ ਪੂਰਿਆਂ ਕਰਨ ਵਿੱਚ ਅਸਾਨੀ ਹੋ ਸਕੇ। ਏਜਵੇਲ ਦੇ ਸੰਸਥਾਪਕ ਹਿਮਾਂਸ਼ੂ ਰਾਇ ਨੇ ਬਜ਼ੁਰਗਾਂ ਦੇ ਦੁਖਾਂ ਦਾ ਨਿਵਾਰਣ ਕਰਨ ਦੇ ਸੰਬੰਧ ਵਿੱਚ ਕਿਹਾ ਕਿ ਆਮ ਇਹ ਵੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਬਜ਼ੁਰਗਾਂ ਪਾਸ ਕਮਾਇਆ ਕਾਫੀ ਧਨ ਇਕਠਾ ਕੀਤਾ ਗਿਆ ਹੋਇਆ ਹੈ ਅਤੇ ਜਿਨ੍ਹਾਂ ਪਾਸ ਅੱਛੀ ਜਾਇਦਾਦ ਹੈ, ਬੁਢਾਪੇ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਬਹੁਤ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਇਸ ਸਰਵੇ ਵਿੱਚ ਜਿਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਲਗਭਗ ਹਰ ਚੌਥਾ ਬਜ਼ੁਰਗ ਇਕਲਾ ਹੈ ਅਤੇ ਹਰ ਦੂਸਰਾ ਆਪਣੇ ਜੀਵਨ-ਸਾਥੀ ਨਾਲ ਰਹਿੰਦਾ ਹੈ, ਜਦਕਿ 26.5 ਪ੍ਰਤੀਸ਼ਤ ਆਪਣੇ ਬਚਿਆਂ, ਪਰਿਵਾਰ ਦੇ ਮੈਂਬਰਾਂ ਨਾਲ ਜਾਂ ਓਲਡਏਜ ਹੋਮ ਵਿੱਚ ਰਹਿੰਦੇ ਹਨ। ਪੇਂਡੂ ਖੇਤ੍ਰਾਂ ਦੇ 21.8 ਪ੍ਰਤੀਸ਼ਤ ਦੀ ਤੁਲਨਾ ਵਿੱਚ 25.3 ਪ੍ਰਤੀਸ਼ਤ ਬਜ਼ੁਰਗ ਸ਼ਹਿਰਾਂ ਵਿੱਚ ਇਕਲੇ ਰਹਿੰਦੇ ਹਨ। ਦਸਿਆ ਗਿਆ ਹੈ ਕਿ ਬਹੁਤਾ ਕਰਕੇ ਬਜ਼ੁਰਗ ਇਕਲਿਆਂ ਜਾਂ ਜੀਵਨਸਾਥੀ ਨਾਲ ਰਹਿਣਾ ਚਾਹੁੰਦੇ ਹਨ। ਕਈ ਪਰਿਵਾਰਾਂ ਵਿੱਚ ਬਚੇ ਨਾਲ ਤਾਂ ਰਹਿੰਦੇ ਹਨ, ਪ੍ਰੰਤੂ ਉਨ੍ਹਾਂ ਦੇ ਰਹਿਣ ਦਾ ਕਮਰਾ ਅਤੇ ਕਿਚਨ ਵਖਰਾ ਹੁੰਦਾ ਹੈ। ਉਹ ਬਚਿਆਂ ਅਤੇ ਪਰਿਵਾਰ ਨਾਲ ਘੁਲ-ਮਿਲ ਨਹੀਂ ਪਾਂਦੇ, ਇਸਲਈ ਉਹ ਇਕਲਿਆਂ ਰਹਿਣਾ ਹੀ ਪਸੰਦ ਕਰਦੇ ਹਨ।
ਮਨੀ ਲਾਡ੍ਰਿੰਗ ਦਾ ਧੰਧਾ: ਬੀਤੇ ਸਮੇਂ ਵਿੱਚ ਬੜੀ ਤੇਜ਼ੀ ਨਾਲ ਦੇਸ਼ ਵਿੱਚ ਮਨੀ ਲਾਡ੍ਰਿੰਗ (ਧਨ-ਸ਼ੋਧਨ) ਅਰਥਾਤ ਭ੍ਰਿਸ਼ਟਾਚਾਰ ਤੇ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਕੀਤੇ ਧਨ-ਦੌਲਤ ਦਾ ਸ੍ਰੋਤ ਛੁਪਾਣ ਤੇ ਉਸਨੂੰ ਸਫੈਦ ਧਨ ਵਿੱਚ ਬਦਲਣ, ਦੇ ਮਾਮਲਿਆਂ ਵਿੱਚ ਵੱਡੀ ਗਿਣਤੀ ਵਿੱਚ ਵਾਧਾ ਹੋਇਆ ਹੈ। ਖਾਸ ਤੋਰ ਤੇ ਦਿੱਲੀ ਵਿੱਚ ਅਜਿਹੇ ਮਾਮਲੇ ਤੇਜ਼ੀ ਨਾਲ ਵੱਧੇ ਹਨ। ਇਨ੍ਹਾਂ ਮਾਮਲਿਆਂ ਨਾਲ ਸੰਬੰਧਤ ਮੁਕਦਮਿਆਂ ਦੀ ਗੰਭੀਰਤਾ ਨੂੰ ਵੇਖਦਿਆਂ ਦਿੱਲੀ ਨਿਅਇਕ ਸੇਵਾ ਦੇ ਉਚ ਅਧਿਕਾਰੀਆਂ ਨੇ ਮਨੀ ਲਾਡ੍ਰਿੰਗ ਨਾਲ ਸੰਬੰਧਤ ਮਾਮਲਿਆਂ ਦੀ ਸੁਣਵਾਈ ਲਈ, ਅਦਾਲਤਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦਸਿਆ ਗਿਐ ਕਿ ਧਨ-ਸ਼ੋਧਨ ਕਾਨੂੰਨ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ ਸਾਲ 2015 ਤਕ ਕੇਵਲ 237 ਸੀ। ਪ੍ਰੰਤੂ ਨਵੰਬਰ 2016 ਤੋਂ ਬਾਅਦ ਇਨ੍ਹਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਕਈ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਨੇਤਾ ਵੀ ਇਸ ਦਾਇਰੇ ਵਿੱਚ ਆ ਗਏ। ਵਰਤਮਾਨ ਵਿੱਚ ਮਨੀ ਲਾਡ੍ਰਿੰਗ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਦੇ ਲਗਭਗ ਦਸੀ ਜਾ ਰਹੀ ਹੈ। ਉਧਰ ਹੋਰ ਨਵੇਂ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ।
ਔਰਤਾਂ ਦਾ ਦਮ ਖਮ : ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ। ਅਜਿਹੇ ਹੀ ਸਿਰਜੇ ਗਏ ਹੋਏ ਵਾਤਾਵਰਣ ਵਿੱਚ ਹੀ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨਐਸਐਸਓ) ਵਲੋਂ ਕੀਤਾ ਗਿਆ ਇੱਕ ਸਰਵੇ ਸਾਹਮਣੇ ਆਇਆ ਜਿਸ ਵਿੱਚ ਦਸਿਆ ਗਿਆ ਸੀ ਕਿ ਦੇਸ਼ ਦੀਆਂ ਲਗਭਗ 40 ਪ੍ਰਤੀਸ਼ਤ ਔਰਤਾਂ ਅਜਿਹੀਆਂ ਹਨ, ਜੋ ਸਾਰੀਆਂ ਸ਼ੰਕਾਵਾਂ ਨੂੰ ਨਜ਼ਰ-ਅੰਦਾਜ਼ ਕਰ, ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ। ਇਸ ਸਰਵੇ ਅਨੁਸਾਰ, ਉਤਰ ਭਾਰਤ ਦੀ ਤੁਲਨਾ ਵਿੱਚ ਸਭ ਤੋਂ ਵੱਧ ਸੁਰਖਿਅਤ ਮੰਨੇ ਜਾਂਦੇ ਦੱਖਣੀ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰਦੀਆਂ ਹਨ। ਇਸੇ ਸਰਵੇ ਦੇ ਅੰਕੜਿਆਂ ਅਨੁਸਾਰ ਜਿਥੇ ਪੰਜਾਬ (66 ਪ੍ਰਤੀਸ਼ਤ), ਤੇਲੰਗਾਨਾਂ (60 ਪ੍ਰਤੀਸ਼ਤ), ਕੇਰਲ (58 ਪ੍ਰਤੀਸ਼ਤ), ਤਮਿਲਨਾਡੂ (55 ਪ੍ਰਤੀਸ਼ਤ) ਅਤੇ ਆਂਧਰ ਪ੍ਰਦੇਸ਼ (53 ਪ੍ਰਤੀਸ਼ਤ) ਰਾਜਾਂ ਵਿੱਚ ਔਰਤਾਂ ਦੇ ਇਕਲਿਆਂ ਘੁੰਮਣ ਦੀ ਔਸਤ ਦੇਸ਼ ਦੀ ਸਮੁਚੀ ਔਸਤ ਤੋਂ ਕਿਤੇ ਵੱਧ ਹੈ, ਉਥੇ ਹੀ ਦਿੱਲੀ (10 ਪ੍ਰਤੀਸ਼ਤ), ਹਰਿਆਣਾ ਤੇ ਬਿਹਾਰ (13 ਪ੍ਰਤੀਸ਼ਤ), ਸਿਕਿੱਮ (15 ਪ੍ਰਤੀਸ਼ਤ) ਤੇ ਮਣੀਪੁਰ (16 ਪ੍ਰਤੀਸ਼ਤ) ਰਾਜ, ਉਨ੍ਹਾਂ ਤੋਂ ਬਹੁਤ ਪਿਛੜੇ ਹੋਏ ਹਨ। ਜੇ ਵੱਖ-ਵੱਖ ਰਾਜਾਂ ਦੇ ਉਪਰ ਦਿੱਤੇ ਅੰਕੜਿਆਂ ਪੁਰ ਨਜ਼ਰ ਮਾਰੀ ਜਾਏ ਤਾਂ ਇਹ ਗਲ ਸਪਸ਼ਟ ਹੋ, ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੀਆਂ ਔਰਤਾਂ ਰਾਤ-ਭਰ ਇਕਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਸਭ ਤੋਂ ਹੇਠਾਂ ਹੈ।
...ਅਤੇ ਅੰਤ ਵਿੱਚ: ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਸਵੇਰੇ, ਜਦੋਂ ਪਹਿਲੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਕਿਸੇ ਵੀ ਦਿਨ ਦੇ ਅਖਬਾਰ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਔਰਤਾਂ ਦੇ ਅਗਵਾ, ਬਲਾਤਕਾਰ, ਬਲਾਤਕਾਰ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤੇ ਜਾਣ ਅਤੇ ਅਜਿਹੀਆਂ ਹੀ ਘਟਨਾਵਾਂ ਨਾਲ ਸੰਬੰਧਤ ਅਦਾਲਤਾਂ ਵਿੱਚ ਚਲਣ ਵਾਲੇ ਮੁਕਦਮਿਆਂ ਦੀਆਂ ਦੋ-ਚਾਰ ਖਬਰਾਂ ਛਪੀਆਂ ਹੋਈਆਂ ਨਾ ਹੋਣ। ਇਨ੍ਹਾਂ ਖਬਰਾਂ ਤੋ ਇਉਂ ਜਾਪਣਾ ਸੁਭਾਵਕ ਹੈ ਕਿ ਬਲਾਤਕਾਰ ਦੇ ਮੁਕਦੰਿਮਆਂ ਵਿੱਚ ਦਿਨ-ਬ-ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਦਸਿਆ ਗਿਆ ਹੈ ਕਿ ਇਨ੍ਹੀਂ ਦਿਨੀਂ ਇਸਦਾ ਇੱਕ ਹੋਰ ਪਹਿਲੂ ਸਾਹਮਣੇ ਉਭਰ ਕੇ ਆਇਆ ਹੈ। ਉਹ ਇਉਂ ਕਿ ਬੀਤੇ ਛੇ ਮਹੀਨਿਆਂ ਵਿੱਚ 45 ਪ੍ਰਤੀਸ਼ਤ ਅਜਿਹੇ ਮਾਮਲੇ ਅਦਾਲਤਾਂ ਸਾਹਮਣੇ ਆਏ, ਜਿਨ੍ਹਾਂ ਅਨੁਸਾਰ ਸ਼ਿਕਾਇਤ ਕਰਨ ਵਾਲੀਆਂ ਅੋਰਤਾਂ ਅਸਲ ਵਿੱਚ ਬਲਾਤਕਾਰ ਪੀੜਤਾਂ ਸਨ ਹੀ ਨਹੀਂ, ਸਗੋਂ ਛੋਟੀਆਂ-ਮੋਟੀਆਂ ਘਰੇਲੂ ਗਲਾਂ 'ਤੇ ਗੁੱਸੇ ਹੋ ਉਨ੍ਹਾਂ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ।
ਦਸਿਆ ਗਿਆ ਹੈ ਕਿ ਦਿੱਲੀ ਦੀਆਂ ਛੇ ਜ਼ਿਲਾ ਅਦਾਲਤਾਂ ਦੇ ਰਿਕਾਰਡ ਦੀ ਛਾਣਬੀਣ ਕੀਤੇ ਜਾਣ ਤੇ ਮਿਲੇ ਅੰਕੜੇ ਦਸਦੇ ਹਨ ਕਿ ਅਦਾਲਤਾਂ ਵਿੱਚ ਚਲ ਰਹੇ ਬਲਾਤਕਾਰ ਦੇ ਮਾਮਲਿਆਂ ਵਿਚੋਂ 70 ਪ੍ਰਤੀਸ਼ਤ ਮਾਮਲੇ ਤਾਂ ਅਦਾਲਤਾਂ ਵਿੱਚ ਸਾਬਤ ਹੀ ਨਹੀਂ ਹੋ ਪਾਂਦੇ, ਜਦਕਿ 45 ਪ੍ਰਤੀਸਤ ਮਾਮਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਮੁਕਮਦਾ ਦਰਜ ਕਰਵਾਣ ਵਾਲੀ ਔਰਤ ਘਟਨਾ ਦੇ ਕੁਝ ਹੀ ਦਿਨਾਂ ਦੇ ਅੰਦਰ ਗੁੱਸਾ ਸ਼ਾਂਤ ਹੋ ਜਾਣ ਤੇ ਦੋਸ਼ੀ ਨੂੰ ਬਚਾਣ ਲਈ ਅਦਾਲਤ ਪਹੁੰਚ ਜਾਂਦੀ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਭਯੋ ਘਲੂਘਾਰਾ ਭਾਰਾ ਕਹਿਰ ਕਹਾਰਾ... - ਜਸਵੰਤ ਸਿੰਘ 'ਅਜੀਤ'
ਸਮੇਂ ਦੀਆਂ ਹਾਕਮ ਸ਼ਕਤੀਆਂ ਵਲੋਂ ਸਿੱਖਾਂ ਨੂੰ ਮਾਰ ਮੁਕਾਣ ਦੀ ਸ਼ੁਰੂ ਕੀਤੀ ਗਈ ਹੋਈ ਮੁਹਿੰਮ ਦੇ ਅਧੀਨ ਗੁਰਦੁਆਰਾ ਰੋੜੀ ਸਾਹਿਬ, ਐਮਨਾਬਾਦ ਵਿਖੇ ਜੁੜੇ ਬੈਠੇ ਸਿੱਖਾਂ ਨੂੰ ਘੇਰ ਕੇ ਮਾਰ-ਮੁਕਾਣ ਦੇ ਉਦੇਸ਼ ਨਾਲ ਗਏ ਜਸਪਤ ਰਾਇ ਦੇ ਸਿੱਖਾਂ ਹਥੋਂ ਮਾਰੇ ਜਾਣ ਦੀ ਖਬਰ ਜਦੋਂ ਉਸਦੇ ਭਰਾ ਲਖਪਤ ਰਾਇ ਨੂੰ ਮਿਲੀ ਤਾਂ ਉਹ ਗੁੱਸੇ ਵਿੱਚ ਇਤਨਾ ਲੋਹਾ-ਲਾਖਾ ਹੋਇਆ ਕਿ ਉਸਨੇ ਤੁਰੰਤ ਹੀ ਯਾਹੀਆ ਖਾਨ ਦੇ ਦਰਬਾਰ ਵਿੱਚ ਪੁਜ, ਸਿਰੋਂ ਪੱਗ ਲਾਹੀ ਤੇ ਕਸਮ ਖਾਧੀ ਕਿ ਜਦੋਂ ਤਕ ਉਹ ਸਿੱਖਾਂ ਦਾ ਖੁਰਾ-ਖੋਜ ਨਹੀਂ ਮੁੱਕਾ ਲਇਗਾ, ਸਿਰ ਤੇ ਪੱਗ ਨਹੀਂ ਬਨ੍ਹੇਗਾ। ਯਾਹੀਆ ਖਾਨ ਨੂੰ ਸਿੱਖਾਂ ਨੂੰ ਮਾਰ-ਮੁਕਾਣ ਦੀ ਆਪਣੀ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ, ਇੱਕ ਅਜਿਹੇ ਹੀ ਹਥਿਆਰ ਦੀ ਲੋੜ ਸੀ, ਜੋ ਉਸਨੂੰ ਬੈਠਿਆਂ ਬਿਠਾਇਆਂ ਮਿਲ ਗਿਆ। ਉਸਨੇ ਤੁਰੰਤ ਲਖਪਤ ਰਾਇ ਨੂੰ ਸਿੱਖਾਂ ਦਾ ਖੁਰਾ-ਖੋਜ ਮਿਟਾਣ ਦੀ ਆਪਣੀ ਮੁਹਿੰਮ ਦਾ ਮੋਢੀ ਥਾਪ ਦਿੱਤਾ ਅਤੇ ਨਾਲ ਹੀ ਉਸਨੂੰ ਇਸ ਉਦੇਸ਼ ਲਈ ਸਾਰੇ ਜਾਇਜ਼-ਨਾਜਾਇਜ਼ ਹਥਕੰਡੇ ਵਰਤਣ ਦਾ ਅਧਿਕਾਰ ਵੀ ਦੇ ਦਿੱਤਾ।
ਯਾਹੀਆ ਖਾਨ ਨੇ ਇਕ ਪਾਸੇ ਸਿੱਖਾਂ ਦਾ ਖੁਰਾ-ਖੋਜ ਮਿਟਾਣ ਦੀ ਜ਼ਿਮੇਂਦਾਰੀ ਲਖਪਤ ਰਾਇ ਨੂੰ ਸੌਂਪੀ ਤੇ ਦੂਜੇ ਪਾਸੇ ਹੁਕਮ ਜਾਰੀ ਕਰ ਦਿੱਤਾ ਕਿ ਜਿਥੇ-ਕਿਤੇ ਵੀ ਕੋਈ ਸਿੱਖ ਨਜ਼ਰੀਂ ਪਏ, ਉਸਨੂੰ ਪਕੱੜ ਉਸਦੇ ਦਰਬਾਰ ਵਿੱਚ ਪੇਸ਼ ਕੀਤਾ ਜਾਏ। ਉਸਨੇ ਗੁੜ ਨੂੰ ਗੁੜ ਕਹਿਣ ਦੀ ਬਜਾਏ ਰੋੜੀ ਤੇ ਗ੍ਰੰਥ ਨੂੰ ਗ੍ਰੰਥ ਕਹਿਣ ਦੀ ਬਜਾਏ ਪੋਥੀ ਕਹਿਣ ਦਾ ਹੁਕਮ ਵੀ ਜਾਰੀ ਕਰ ਦਿੱਤਾ। ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ : 'ਗੁੜ ਕੇ ਕਹਨੇ ਗੁਰ ਕਹੈਂ, ਰੋੜੀ ਪਾਯੋ ਨਾਮ, ਗੁੜ ਕਹਣੇ ਗੁਰ ਸੁਨਯੋ, ਨਾਨਕ ਕੋ ਨਾਨੂੰ ਕਹਿਵਾਯੋ'। ਅਰਥਾਤ ਜਿਸ ਵਿਅਕਤੀ ਦਾ ਨਾਂ ਨਾਨਕ ਹੈ, ਉਸਨੂੰ ਨਾਨਕ ਨਾ ਕਹਿ ਨਾਨੂ ਕਿਹਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਉਸਦੇ ਹੱਥ ਆਏ, ਉਨ੍ਹਾਂ ਵਿੱਚੋਂ ਕੁਝ ਤਾਂ ਉਸਨੇ ਅਗਨ ਭੇਂਟ ਕਰਵਾ ਦਿੱਤੇ ਅਤੇ ਕੁਝ ਨੂੰ ਖੂਹਾਂ ਵਿੱਚ ਸੁਟਵਾ ਦਿੱਤਾ।
ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਕੁਝ ਵੀ ਕਰ ਗੁਜ਼ਰਣ ਦਾ ਅਧਿਕਾਰ ਮਿਲਦਿਆਂ ਹੀ ਲਖਪਤ ਰਾਇ ਨੇ ਸਭ ਤੋਂ ਪਹਿਲਾਂ ਲਾਹੌਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ (ਲਾਹੌਰ ਵਿੱਚ) ਅਮਨ-ਸ਼ਾਂਤੀ ਨਾਲ ਵਸਦੇ ਸਾਰੇ ਹੀ ਸਿੱਖ ਫੜ ਮੰਗਵਾਏ ਤੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ। ਇਸਤਰ੍ਹਾਂ ਲਾਹੌਰ ਵਾਸੀ ਸਿੱਖਾਂ ਨੂੰ ਖਤਮ ਕਰਨ ਤੋਂ ਬਾਅਦ ਉਹ ਫੌਜ ਲੈ ਅੰਮ੍ਰਿਤਸਰ ਵਲ ਵਧਿਆ। ਅੰਮ੍ਰਿਤਸਰ ਪਹੁੰਚਦਿਆਂ ਹੀ ਉਸਨੇ ਉਥੇ ਜੁੜੇ ਬੈਠੇ ਸਿੱਖਾਂ ਹਮਲਾ ਕਰ ਦਿੱਤਾ। ਸਿੱਖਾਂ ਪੁਰ ਇਹ ਹਮਲਾ ਇਤਨਾ ਅਚਾਨਕ ਹੋਇਆ ਸੀ ਕਿ ਉਨ੍ਹਾਂ ਨੂੰ ਉਥੋਂ ਆਪਣੇ ਟਿਕਾਣਿਆਂ ਵਲ ਨਿਕਲ ਜਾਣ ਦਾ ਮੌਕਾ ਹੀ ਨਾ ਮਿਲਿਆ। ਲਖਪਤ ਰਾਇ ਦੀਆਂ ਫੌਜਾਂ ਨਾਲ ਘਿਰੇ ਸਿੱਖ ਮੁੱਖੀਆਂ ਨੇ ਆਪੋ ਵਿੱਚ ਸਿਰ ਜੋੜ ਵਿਚਾਰਾਂ ਕੀਤੀਆਂ ਤੇ ਫੈਸਲਾ ਕੀਤਾ ਕਿ ਕਿਸੇ ਤਰ੍ਹਾਂ ਕਾਹਨੂੰਵਾਨ ਦੀਆਂ ਬੀਹੜਾਂ ਵਲ ਨਿਕਲ ਤੁਰਨਾ ਚਾਹੀਦਾ ਹੈ।
ਉਨ੍ਹਾਂ ਦੇ ਇਸ ਫੈਸਲੇ ਦੀ ਸੂਹ ਕਿਸੇ ਤਰ੍ਹਾਂ ਲਖਪਤ ਰਾਇ ਨੂੰ ਵੀ ਮਿਲ ਗਈ। ਉਸਨੇ ਅੰਮ੍ਰਿਤਸਰ ਤੋਂ ਨਿਕਲੀ ਸਿੱਖ ਵਹੀਰ ਨੂੰ ਇਸਤਰ੍ਹਾਂ ਘੇਰਾ ਪਾ ਲਿਆ ਕਿ ਵਹੀਰ ਨੂੰ ਰਾਵੀ ਵਲ ਮੂੰਹ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਨਜ਼ਰ ਨਾ ਆਇਆ। ਇਸਦੇ ਨਾਲ ਹੀ ਜਿਨ੍ਹਾਂ ਜੰਗਲਾਂ ਵਿੱਚ ਸਿੱਖਾਂ ਦੀਆਂ ਛੁਪਣਗਾਹਾਂ ਹੋਣ ਦੀ ਉਸਨੂੰ ਸੂਹ ਮਿਲੀ, ਉਸਨੇ ਉਨ੍ਹਾਂ ਨੂੰ ਕਟਵਾਣਾ ਤੇ ਅੱਗ ਲਵਾ ਸੜਵਾਣਾ ਸ਼ੁਰੂ ਕਰ ਦਿੱਤਾ। ਇਸਤਰ੍ਹਾਂ ਆਪਣੀਆਂ ਛੁਪਣਗਾਹਾਂ ਵਿੱਚ ਲੁਕੇ ਬੈਠੇ ਸਿੱਖ ਜਦੋਂ ਵੀ ਉਥੋਂ ਬਾਹਰ ਨਿਕਲਣ ਦੀ ਕੌਸ਼ਿਸ਼ ਕਰਦੇ ਤਾਂ ਸਾਹਮਣੇ ਤੋਪਾਂ ਦੇ ਗੋਲੇ ਉਨ੍ਹਾਂ ਦਾ ਸੁਆਗਤ ਕਰਨ ਲਈ ਤਿਆਰ ਮਿਲਦੇ।
ਇਸਤਰ੍ਹਾਂ ਜਦੋਂ ਸਿੱਖਾਂ ਵੇਖਿਆ ਕਿ ਉਹ ਬੁਰੀ ਤਰ੍ਹਾਂ ਘਿਰ ਗਏ ਹੋਏ ਹਨ. ਤਾਂ ਉਨ੍ਹਾਂ ਫੈਸਲਾ ਕੀਤਾ ਕਿ ਇਉਂ ਅਣ-ਆਈ ਮੌਤ ਮਰਨ ਨਾਲੋਂ ਤਾਂ ਚੰਗਾ ਹੈ ਕਿ ਬਾਹਰ ਨਿਕਲ ਦੁਸ਼ਮਣ ਦੀ ਫੌਜ ਨਾਲ ਸਿੱਧੀ ਟਕਰ ਲੈ, ਸ਼ਹੀਦ ਹੋਇਆ ਜਾਏ। ਇਸ ਸਮੇਂ ਕੁਝ ਸਿਆਣੇ ਸਿੱਖਾਂ ਨੇ ਸਲਾਹ ਦਿੱਤੀ ਕਿ ਇਸਤਰ੍ਹਾਂ ਇਕ ਦੰਮ ਬਾਹਰ ਨਿਕਲ ਦੁਸ਼ਮਣ ਫੌਜ ਨਾਲ ਲੜਨਾ ਠੀਕ ਨਹੀਂ ਹੋਵੇਗਾ। ਚੰਗਾ ਇਹੀ ਹੈ ਕਿ ਲੁਕਿਆਂ ਬੈਠਿਆ ਹੀ ਰਿਹਾ ਜਾਏ,, ਜਦੋਂ ਵੀ ਦੁਸ਼ਮਣ ਦੇ ਫੌਜੀ ਉਨ੍ਹਾਂ ਦੀ ਭਾਲ ਲਈ ਜੰਗਲ ਵਿੱਚ ਵੜਨ ਉਨ੍ਹਾਂ ਨਾਲ ਦੋ-ਦੋ ਹੱਥ ਕਰ ਲਏ ਜਾਣ।
ਇਸਦੇ ਨਾਲ ਹੀ ਇਹ ਸਲਾਹ ਵੀ ਕੀਤੀ ਗਈ ਕਿ ਲੁਕ-ਛਿਪ ਬਸੌਲੀ ਦੀਆਂ ਪਹਾੜੀਆਂ ਵਲ ਨਿਕਲ ਲਿਆ ਜਾਏ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਨ੍ਹਾਂ ਪਹਾੜੀਆਂ ਵਿੱਚ ਹਿੰਦੂਆਂ ਦੀ ਸੰਘਣੀ ਵਸੋਂ ਹੋਣ ਕਾਰਣ ਉਨ੍ਹਾਂ ਨੂੰ ਉਥੇ ਪਨਾਹ ਮਿਲ ਸਕੇਗੀ। ਪ੍ਰੰਤੂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੱਖਾਂ ਨੂੰ ਪਨਾਹ ਨਾ ਦੇਣ ਦੀਆਂ ਲਖਪਤ ਰਾਇ ਦੀਆਂ ਹਿਦਾਇਤਾਂ ਦੇ ਨਾਲ ਉਨ੍ਹਾਂ ਦਾ ਸੁਆਗਤ ਕਰਨ ਲਈ ਫੌਜਾਂ ਉਥੇ ਪਹਿਲਾਂ ਹੀ ਪੁਜ ਚੁਕੀਆਂ ਹੋਈਆਂ ਸਨ। ਜਿਸ ਕਾਰਣ ਜਿਉਂ ਹੀ ਸਿੱਖ ਉਥੇ ਪੁਜੇ ਫੌਜਾਂ ਅਤੇ ਸਥਾਨਕ ਲੋਕਾਂ ਵਲੋਂ ਗੋਲੀਆਂ ਤੇ ਪੱਥਰਾਂ ਨਾਲ ਉਨ੍ਹਾਂ ਦਾ ਸੁਆਗਤ ਹੋਇਆ।
ਜਦੋਂ ਸਿੱਖਾਂ ਨੇ ਇਹ ਹਾਲਤ ਵੇਖੀ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਉਹ ਹੁਣ ਚਹੁੰ ਪਾਸਿਆਂ ਤੋਂ ਹੀ ਘਿਰ ਗਏ ਹੋਏ ਹਨ। ਇੱਕ ਪਾਸੇ ਰਾਵੀ ਦਾ ਤੇਜ਼ ਵਹਾ ਉਨ੍ਹਾਂ ਦਾ ਰਾਹ ਰੋਕੀ ਬੈਠਾ ਹੈ, ਉਨ੍ਹਾਂ ਦੇ ਅਗੇ-ਪਿਛੇ ਦੁਸ਼ਮਣ ਦੀਆਂ ਫੌਜਾ ਡਟੀਆਂ ਹੋਈਆਂ ਹਨ ਅਤੇ ਸਾਹਮਣੇ ਪਹਾੜੀ ਤੋਂ ਗੋਲੀਆਂ ਤੇ ਪੱਥਰਾਂ ਦੀ ਵਰਖਾ ਹੋ ਰਹੀ ਹੈ। ਉਨ੍ਹਾਂ ਪਾਸ ਨਾ ਤਾਂ ਖਾਣ-ਪੀਣ ਲਈ ਕਝ ਸੀ ਤੇ ਨਾ ਹੀ ਹਥਿਆਰ ਤੇ ਬਾਰੂਦ, ਤੀਰਾਂ ਦੇ ਭੱਥੇ ਵੀ ਖਾਲੀ ਹੋ ਚੁਕੇ ਸਨ। ਘੋੜੇ ਤਾਂ ਪਹਿਲਾਂ ਹੀ ਸਾਹ-ਸੱਤ-ਹੀਣ ਹੋ ਚੁਕੇ ਸਨ। ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ : 'ਨਹਿ ਡੇਰੋ ਸਿੰਘ ਕਰਨਾ ਮਿਲੈ । ਕਹੂੰ ਰਾਤ, ਕਹੁੰ ਦਿਨ ਹੂੰ ਚਲੈ । ਨਹਿੰ ਸਿੰਘਨ ਕਛ ਰਹਿਓ ਪਲੈ ।... ਗੋਲੀ ਦਾਰੂ ਕਹੂੰ ਪਹੁੰਚੇ ਨਾਹੀ । ਕਾ ਸਿੰਘ ਸੁ ਕਰੇ ਲਰਾਈ। ... ਆਟਾ ਦਾਣਾ ਨਹੀ ਕਿਆ ਪਾਵੈ । ਪਾਣੀ ਵੀ ਤਹਿ ਹੱਥ ਨਾ ਆਵੈ' ।
ਆਖਰ ਸਿੱਖਾਂ ਨੇ ਫੈਸਲਾ ਕੀਤਾ ਕਿ ਇੱਕ ਜੱਥਾ ਪਹਾੜੀਆਂ ਵਲ ਵਧੇ, ਦੂਸਰਾ ਕਿਸੇ ਤਰ੍ਹਾਂ ਰਾਵੀ ਪਾਰ ਕਰੇ, ਤੀਜਾ ਲਖਪਤ ਰਾਇ ਦੀਆਂ ਫੌਜਾਂ ਦਾ ਟਾਕਰਾ ਕਰੇ। ਇਸ ਫੈਸਲੇ ਅਨੁਸਾਰ ਕੁਝ ਸਿੰਘ ਪਹਾੜੀਆਂ ਤੇ ਚੜ੍ਹ ਗਏ, ਰਾਵੀ ਤੇਜ਼ ਵਹਾ ਦਾ ਅੰਦਾਜ਼ਾ ਲਾਣ ਲਈ ਪਹਿਲਾਂ ਸਰਦਾਰ ਗੁਰਦਿਆਲ ਸਿੰਘ ਡਲੇ-ਵਾਲੀਆ ਅਤੇ ਉਸਦੇ ਭਰਾ ਨੇ ਅਪਣੇ ਘੋੜੇ ਰਾਵੀ ਵਿੱਚ ਠੇਲ੍ਹੇ। ਪਰ ਉਹ ਲਹਿਰਾਂ ਦੇ ਤੇਜ਼ ਵਹਾ ਦਾ ਸਾਹਮਣਾ ਨਾ ਕਰ ਸਕੇ। ਜਿਸ ਕਾਰਣ ਹੋਰ ਕਿਸੇ ਨੇ ਰਾਵੀ ਪਾਰ ਕਰਨ ਬਾਰੇ ਸੋਚਣਾ ਵੀ ਮੁਨਾਸਬ ਨਾ ਸਮਝਿਆ ਤੇ ਉਹ ਪੈਦਲ ਚਲ ਹੀ ਪਹਾੜੀਆਂ ਪਾਰ ਕਰਨ ਤੁਰ ਪਏ। ਬਾਕੀ ਜੋ ਰਹਿ ਗਏ ਉਹ ਲਖਪਤ ਰਾਇ ਦੀਆਂ ਫੌਜਾਂ ਪੁਰ ਟੁੱਟ ਪਏ। ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਅਤੇ ਸਰਦਾਰ ਸੁਖਾ ਸਿੰਘ ਨੇ ਵੱਖ-ਵੱਖ ਮੋਰਚੇ ਸੰਭਾਲ ਲਏ। ਇਸ ਹਥੋ-ਹੱਥ ਲੜਾਈ ਦੌਰਾਨ ਇੱਕ ਮੌਕਾ ਅਜਿਹਾ ਵੀ ਆਇਆ, ਜਦੋਂ ਸਰਦਾਰ ਸੁਖਾ ਸਿੰਘ ਲਖਪਤ ਰਾਇ ਦਾ ਸਿਰ ਵਢਣ ਤਕ ਜਾ ਪੁਜਿਆ। ਪਰ ਅਚਾਨਕ ਹੀ ਤੋਪ ਦਾ ਇੱਕ ਗੋਲਾ ਉਸਦੇ ਘੌੜੇ ਨੂੰ ਆ ਵਜਾ ਜਿਸ ਨਾਲ ਉਸਦੀ ਲੱਤ ਜ਼ਖਮੀ ਹੋ ਗਈ ਤੇ ਉਸਨੂੰ ਪਿਛੇ ਹੱਟਣ ਤੇ ਮਜਬੂਰ ਹੋਣਾ ਪੈ ਗਿਆ। ਦੂਜੇ ਪਾਸੇ ਸਰਦਾਰ ਜੱਸਾ ਸਿੰਘ ਨੂੰ ਵੀ ਪੱਟ ਤੇ ਗੋਲੀ ਲਗੀ, ਉਸ ਫੱਟ ਨੂੰ ਬੰਨ੍ਹ ਮੁੜ ਮੋਰਚੇ ਤੇ ਡੱਟ ਗਿਆ। ਨਵਾਬ ਕਪੂਰ ਸਿੰਘ ਤੇ ਵੀ ਮਾਰੂ ਹਮਲਾ ਹੋਇਆ, ਪਰ ਉਹ ਵੀ ਕਿਸੇ ਤਰ੍ਹਾਂ ਬੱਚ ਗਿਆ। ਭਾਈ ਰਤਨ ਸਿੰਘ ਭੰਗੂ ਨੇ ਇਸ ਸਮੇਂ ਦੇ ਹਾਲਾਤ ਦਾ ਵਰਣਨ ਇਨ੍ਹਾਂ ਸ਼ਬਦਾਂ ਵਿੱਚ ਕੀਤਾ : 'ਕੇਹਰਿ ਜਿਉਂ ਭਭਕਾਰ ਇਤ ਉਤ ਸਿੰਘ ਪਰੈ ਦਸ ਬੀਸ ਕਦਾਂਈ । ਸਿੰਘ ਸ਼ਹੀਦ ਚਹੈ ਸਭ ਹੋਵਨ, ਤੁਰਕ ਲਰੈ ਨਿਜ ਜਾਨ ਬਚਾਈ' ।
ਆਖਰ ਫੈਸਲਾ ਹੋਇਆ ਕਿ ਇਸ ਸਮੇਂ ਦੁਸ਼ਮਣ ਦਾ ਮੁਕਾਬਲਾ ਕਰਨਾ ਸਹਿਜ ਨਹੀਂ, ਇਸ ਕਾਰਣ ਸਾਰਿਆਂ ਨੂੰ ਖਿੰਡ-ਪੁੰਡ ਜਾਣਾ ਚਾਹੀਦਾ ਹੈ। 'ਮੁੜ ਮੁੜ ਲੜੋ ਔ ਤੁਰਦੇ ਜਵੋ । ਘੋਰ ਵੱਡਾ ਕੋ ਝਲ ਤਕਾਵੋ' ।
ਇਸਤਰ੍ਹਾਂ ਸਿੱਖ ਦੁਸ਼ਮਣ ਨਾਲ ਜੂਝਦੇ, ਮਰਦੇ-ਮਾਰਦੇ ਸ਼ਹੀਦ ਹੁੰਦੇ ਗਏ। ਜੋ ਬਚੇ ਰਾਵੀ ਦੇ ਪੂਰਬੀ ਕਿਨਾਰੇ ਤੋਂ ਰਾਵੀ ਪਾਰ ਕਰ ਰੇਤਲੇ ਮੈਦਾਨਾਂ ਵਲ ਨਿਕਲ ਗਏ। ਪੰਥ ਪ੍ਰਕਾਸ਼ ਦੇ ਲੇਖਕ ਦੇ ਸ਼ਬਦਾਂ ਵਿੱਚ ਸਿੱਖਾਂ ਦੀ ਦਸ਼ਾ ਅਜਿਹੀ ਹੋ ਗਈ ਸੀ ਕਿ : 'ਬੇਟਾ ਮਿਲਯੋ ਨਾ ਬਾਪ ਕੋ । ਭਾਈ ਮਿਲਿਯੋ ਨਾ ਭਾਈ'।
ਲਖਪਤ ਰਾਇ ਸਿੱਖਾਂ ਦਾ ਪਿਛਾ ਕਰਦਾ ਰਿਹਾ। ਇੱਕ ਅਨੁਮਾਨ ਅਨੁਸਾਰ ਇਸ ਸੰਘਰਸ਼ ਵਿੱਚ ਸਿੰਘਾਂ ਦੇ ਸ਼ਹੀਦ ਹੋਣ ਦੀ ਗਿਣਤੀ ਵੱਖ-ਵੱਖ ਲੇਖਕਾਂ ਵਲੋਂ 30 ਤੋਂ 40 ਹਜ਼ਾਰ ਤਕ ਦਸੀ ਜਾਂਦੀ ਹੈ, ਪ੍ਰੰਤੂ ਬਹੁਤੇ ਲੇਖਕਾਂ ਨੇ ਇਸ ਘਲੂਘਾਰੇ ਵਿੱਚ ਲਗਭਗ 10 ਹਜ਼ਾਰ ਸਿੰਘਾਂ ਦਾ ਸ਼ਹੀਦ ਹੋਣਾ ਸਵੀਕਾਰਿਆ ਹੈ। ਸਿੱਖ ਇਤਿਹਾਸ ਵਿੱਚ ਇਸਨੂੰ ਕਾਂਡ ਨੂੰ ਪਹਿਲੇ ਤੇ ਛੋਟੇ ਘਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਜੋ ਸੰਨ 1746 ਵਿੱਚ ਪਹਿਲੀ ਜੂਨ ਤੋਂ 30 ਜੂਨ ਦੇ ਵਿਚਕਾਰ ਵਾਪਰਿਆ । ਪੰਥ ਪ੍ਰਕਾਸ਼ ਦੇ ਕਰਤਾ ਦੇ ਸ਼ਬਦਾਂ ਵਿੱਚ :
'ਭਯੋ ਘਲੂਘਾਰਾ ਭਾਰਾ ਕਹਿਰ ਕਹਾਰਾ । ਤਹਿ ਜੂੰਝੇਂਗੇ ਹਜ਼ਾਰਾ ਸਿੰਘ ਤੁਰਕਨ ਕੋ ਘਾਇਕੇ।
ਯਾ ਬਿਧ ਕਰਤ ਜੰਗ ਲਰਤ ਭਿਰਤ । ਸਿੰਘ ਮਾਰਤ ਬਹੁ ਹੂਲ ਹਾਲ ਪਾਇਕੈ ।
ਦਹੂੰ ਦਿਸ਼ ਤੁਰਕ ਪਹਾੜੀਏ ਲਰਤ ਜਾਹਿ ਮੱਧ । ਦਲ ਸਿੰਘਨ ਕਾ ਚਲਯੋ ਤਬ ਧਾਇਕੈ ।
ਯਾ ਬਿਧ ਲਰਤ ਗਏ ਲਾਗ ਦੋਇ ਤੀਨ ਕੋਸ । ਸੂਰਜ ਅਥੈ ਯੋ ਛਯੋ ਅੰਧਕਾਰ ਆਇਕੈ।
ਆਰਥਕ ਸੰਕਟ ਨਾਲ ਜੂਝਦੀ ਦਿੱਲੀ ਗੁਰਦੁਆਰਾ ਕਮੇਟੀ - ਜਸਵੰਤ ਸਿੰਘ 'ਅਜੀਤ'
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਵੇਂ ਕੋਰਾਨਾ ਵਾਇਰਸ ਸੰਕਟ ਦੇ ਚਲਦਿਆਂ ਲੋੜਵੰਦਾਂ ਤਕ ਲੰਗਰ ਪਹੁੰਚਾਣ ਦੀ ਸੇਵਾ ਨਿਭਾਉਂਦਿਆਂ ਜਸ ਖਟਣ ਵਿੱਚ ਸਫਲ ਹੋ ਰਹੀ ਹੈ ਅਤੇ ਇਸਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਪ੍ਰਬੰਧਕ ਪਬਾਂ ਭਾਰ ਹੋ ਹੇ ਹਨ, ਪ੍ਰੰਤੂ ਸਚਾਈ ਇਹ ਹੈ ਕਿ ਇਸ ਲੰਗਰ ਦੀ ਸੇਵਾ ਨੂੰ ਨਿਭਾੳਂਦਿਆਂ ਰਹਿਣ ਵਿੱਚ ਮੁਖ ਭੂਮਿਕਾ ਦੇਸ਼-ਵਿਦੇਸ਼ ਵਿੱਚ ਵਸਦੇ ਉਨ੍ਹਾਂ ਸ਼ਰਧਾਲੂਆਂ ਦੀ ਹੈ, ਜੋ ਗੁਰੂ ਘਰ ਵਲੋਂ ਜਾਰੀ ਲੰਗਰ ਨੂੰ ਚਲਦਿਆਂ ਰਖਣ ਵਿੱਚ ਆਪਣਾ ਯੋਗਦਾਨ ਪਾਣ ਵਿੱਚ ਕਿਸੇ ਤਰ੍ਹਾਂ ਦਾ ਸੰਕੋਚ ਨਹੀਂ ਕਰ ਰਹੇ। ਗੁਰਦੁਆਰਾ ਕਮੇਟੀ ਦੇ ਅੰਦਰਲੇ ਸੂਤ੍ਰਾਂ ਅਨੁਸਾਰ ਗੁਰੂ ਕੇ ਲੰਗਰ ਨੂੰ ਨਿਰਵਿਘਨ ਚਲਦਿਆਂ ਰਖਣ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਲਖਾਂ ਹੀ ਨਹੀਂ ਕਰੋੜਾਂ ਰੁਪਏ ਪੁਜ ਰਹੇ ਹਨ। ਇਹ ਵੀ ਦਸਿਆ ਗਿਆ ਹੈ ਕਿ ਗੁਰਦੁਆਰਾ ਕਮੇਟੀ ਆਪਣੇ ਸਾਧਨਾਂ ਨਾਲ ਤਾਂ ਆਪਣੇ ਕਮੇਟੀ ਦੇ ਸਟਾਫ ਨੂੰ ਤਨਖਾਹ ਤਕ ਦੇਣ ਦੇ ਸਮਰਥ ਨਹੀਂ, ਜਿਸਦੇ ਚਲਦਿਆਂ ਕਮੇਟੀ ਦੇ ਮੁਖੀ ਸਟਾਫ ਨੂੰ ਆਪਣੀ ਇਕ-ਇਕ ਮਹੀਨੇ ਦੀ ਤਨਖਾਹ 'ਦਾਨ' ਵਜੋਂ ਦੇ ਦੇਣ ਦੀ ਪ੍ਰੇਰਨਾ ਕਰ ਅਤੇ ਕਰਵਾ ਰਹੇ ਸਨ। ਚਰਚਾ ਤਾਂ ਇਹ ਹੈ ਕਿ ਹੁਣ ਜਦਕਿ ਲੋੜਵੰਦਾਂ ਲਈ ਨਿਰਵਿਘਨ ਲੰਗਰ ਚਲਦਿਆਂ ਰਖਣ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਜੋ ਮਾਇਆ ਪੁਜ ਰਹੀ ਹੈ, ਉਸ ਵਿਚੋਂ ਹੀ ਸਟਾਫ ਨੂੰ ਤਨਖਾਹਵਾਂ ਦੇ ਕੇ ਬੁਤਾ ਸਾਰਿਆ ਜਾ ਰਿਹਾ ਹੈ। ਜੇ ਇਹ ਸੱਚ ਹੈ ਤਾਂ ਸੁਆਲ ਉਠਦਾ ਹੈ ਕਿ ਇਹ ਸਥਿਤੀ ਆਖਰ ਕਿਤਨਾ ਚਿਰ ਚਲ ਸਕੇਗੀ? ਜਦੋਂ ਵੀ ਹਾਲਾਤ ਠੀਕ ਹੋਣ ਤੇ ਬਾਹਰੋਂ ਮਾਇਆ ਆਉਣੀ ਬੰਦ ਹੋ ਗਈ ਤਾਂ ਕਿਵੇਂ ਚਲੇਗਾ? ਲਾਕਡਾਊਨ ਦੇ ਚਲਦਿਆਂ ਗੁਰਧਾਮਾਂ ਵਿੱਚ ਸੰਗਤ ਦੀ ਆਵਾਜਾਈ ਵੀ ਨਾ ਦੇ ਬਰਾਬਰ ਹੈ, ਜਿਸਦਾ ਪ੍ਰਭਾਵ ਗੁਰਦੁਆਰਾ ਕਮੇਟੀ ਦੀ ਆਮਦਨ ਪੁਰ ਪੈਣਾ ਸੁਭਾਵਕ ਹੈ। ਹੈਰਾਨੀ ਦੀ ਗਲ ਹੈ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਹਾਰੇ ਚਲ ਰਹੇ ਲੰਗਰ ਦਾ ਸਿਹਰਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਆਪਣੇ ਸਿਰ ਬੰਨ੍ਹ ਦਾਅਵਾ ਕਰ ਰਹੇ ਹਨ ਕਿ ਲੰਗਰ ਦੀ ਚਲ ਰਹੀ ਇਸ ਨਿਵਿਘਨ ਸੇਵਾ ਲਈ ਸੰਸਾਰ ਭਰ ਵਿੱਚ ੳਨ੍ਹਾਂ ਦੀ ਪ੍ਰਸ਼ੰਸਾ ਹੋ ਰਹੀ ਹੈ। ਬੀਤੇ ਦਿਨੀਂ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕਰ, ਸਤਿਗੁਰਾਂ ਅਤੇ ਸਿੱਖਾਂ ਦਾ ਜੋ ਧੰਨਾਵਾਦ ਕੀਤਾ, ਉਸਨੇ ਵੀ ਸੰਸਾਰ ਵਿਚ ਉਨ੍ਹਾਂ ਦਾ ਹੀ ਕੱਦ ਵਧਾਇਆ ਹੈ।
ਇਨ੍ਹਾਂ ਦੀ ਚਰਚਾ ਤਕ ਨਹੀਂ: ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਤਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਹਾਰੇ ਲੰਗਰ ਦੀ ਸੇਵਾ ਜਾਰੀ ਰਖ ਦਾ ਜਸ ਖਟਣ ਵਿੱਚ ਕੋਈ ਕਸਰ ਨਹੀਂ ਛਡ ਰਹੇ, ਪ੍ਰੰਤੂ ਉਨ੍ਹਾਂ ਛੋਟੀਆਂ-ਛੋਟੀਆਂ ਸਿੰਘ ਸਭਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਕੋਈ ਚਰਚਾ ਤਕ ਨਹੀਂ ਹੋ ਰਹੀ, ਜਿਨ੍ਹਾਂ ਦੇ ਮੁਖੀ ਅਪਣੇ ਸੀਮਤ ਸਾਧਨਾ ਨਾਲ ਹੀ ਗੁਰੂ ਕਾ ਲੰਗਰ ਲੋੜਵੰਦਾਂ ਤਕ ਪਹੁੰਚਾ ਆਤਮ ਸੰਤੁਸ਼ਟੀ ਪ੍ਰਾਪਤ ਕਰ ਰਹੇ ਹਨ। ਦਸਿਆ ਗਿਆ ਹੈ ਕਿ ਇੱਕ ਸਿੰਘ ਸਭਾ ਦੇ ਮੁਖੀਆਂ ਨੇ ਤਾਂ ਆਪਣੇ ਪਾਸ ਕੁਝ ਵੀ ਨਾ ਹੁੰਦਿਆਂ ਸਤਿਗੁਰਾਂ ਦੇ ਚਰਨਾ ਵਿੱਚ ਅੲਦਾਸ ਕਰ ਇਸ ਸੇਵਾ ਵਲ ਕਦਮ ਪੁਟਿਆ। ਉਹ ਦਸਦੇ ਹਨ ਕਿ ਕੋਈ ਵੀ ਸਾਧਨ ਨਾ ਹੁੰਦਿਆਂ ਹੋਇਆਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ ਅਰਦਾਸ ਸਦਕਾ ਉਨ੍ਹਾਂ ਦੀ ਸੇਵਾ ਵਿੱਚ ਕਿਸੇ ਵੀ ਸਮੇਂ ਰੁਕਾਵਟ ਪੈਦਾ ਨਹੀਂ ਹੋਈ। ਇਸੇ ਤਰ੍ਹਾਂ ਦਸਿਆ ਗਿਆ ਹੈ ਕਿ ਨੈਨੀਤਾਲ ਵਿੱਚ ਕੁਲ ਤੀਹ ਸਿੱਖ ਵਸਦੇ ਹਨ, ਉਨ੍ਹਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰ ਆਪਣੇ ਸ਼ਹਿਰ ਦੇ ਲੋੜਵੰਦਾਂ ਤਕ ਲੰਗਰ, ਸੁਕੇ ਰਾਸ਼ਨ ਅਤੇ ਦਵਾਈਆਂ ਆਦਿ ਵਸਤਾਂ ਪਹੁੰਚਾਣ ਦੀ ਜੋ ਸੇਵਾ ਸ਼ੁਰੂ ਕੀਤੀ ਹੈ, ਸਤਿਗੁਰਾਂ ਦੀ ਕਿਰਪਾ ਉਸ ਵਿਚ ਅੱਜਤਕ ਕੋਈ ਵਿਘਨ ਨਹੀਂ ਪਿਆ।
ਦਿੱਲੀ ਗੁਰਦੁਆਰਾ ਕਮੇਟੀ ਦਾ ਸੰਕਟ: ਦੂਸਰੇ ਪਾਸੇ ਦਿੱਲੀ ਗੁਰਦੁਆਰਾ ਕਮੇਟੀ, ਜੋ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਲਾਹਾ ਖਟ ਰਹੀ ਹੈ, ਉਸਦਾ ਅਰਥਕ ਸੰਕਟ ਟਲਣ ਦੀ ਬਜਾਏ ਲਗਾਤਾਰ ਵਧਦਾ ਜਾਂਦਾ ਹੀ ਵਿਖਾਈ ਦੇ ਰਿਹਾ ਹੈ। ਦਸਿਆ ਜਾਂਦਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਹੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਦੇ ਸਟਾਫ ਨੇ ਬੀਤੇ ਚਾਰ-ਚਾਰ ਮਹੀਨਿਆਂ ਦੀਆਂਂ ਤਨਖਾਹਵਾਂ ਨਾ ਮਿਲਣ ਤੇ ਜਾ ਅਦਾਲਤ ਦਾ ਦਰਵਾਜ਼ਾ ਖਟਖਟਾਇਆ। ਜਿਸਦੇ ਫਲਸਰੂਪ ਅਦਾਲਤ ਨੇ ਗੂਰਦੁਆਰਾ ਕਮੇਟੀ ਨੂੰ ਆਦੇਸ਼ ਦਿੱਤਾ ਕਿ ਉਹ ਉਨ੍ਹਾਂ ਦੇ ਅੱਜਤਕ ਦੇ ਬਕਾਏ ਪੰਦ੍ਰਾਂਹ ਦਿਨਾਂ ਵਿੱਚ ਚੁਕਤੇ ਕਰ 11 ਮਈ ਤਕ ਅਦਾਲਤ ਨੂੰ ਰਿਪੋਰਟ ਕਰੇ। ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਸਿਆ ਇਸ ਰਕਮ, ਜੋ ਤਕਰੀਬਨ ਪੰਜਾਹ ਕਰੋੜ ਬਣਦੀ ਹੈ, ਕਮੇਟੀ ਵਲੋਂ ਅਦਾ ਕੀਤੀ ਜਾਣੀ ਸਹਿਜ ਨਹੀਂ। ਉਨ੍ਹਾਂ ਦਸਿਆ ਕਿ ਸਕੂਲ ਸਟਾਫ ਨੇ ਸਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਤਨਖਾਹਵਾਂ ਲੈਣ ਲਈ ਵੀ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ, ਜੇ ਉਸਦਾ ਫੈਸਲਾ ਵੀ ਸਟਾਫ ਦੇ ਹਕ ਵਿੱਚ ਹੁੰਦਾ ਹੈ ਤਾਂ ਕਮੇਟੀ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ, ਕਿਉਂਕਿ ਉਨ੍ਹਾਂ ਸਿਫਾਰਸ਼ਾਂ ਦੇ ਅਧਾਰ ਤੇ ਕੀਤੀ ਜਾਣ ਵਾਲੀ ਅਦਾਇਗੀ 70 ਕਰੋੜ ਦੇ ਲਗਭਗ ਬਣ ਜਾਇਗੀ। ਮਨਜੀਤ ਸਿੰਘ ਜੀਕੇ ਨੇ ਦਸਿਆ ਕਿ ਉਨ੍ਹਾਂ ਦੇ ਪ੍ਰਧਾਨਗੀ-ਕਾਲ ਦੌਰਾਨ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਹਿਤ ਨੇ ਸਕੂਲਾਂ ਦੇ ਸਟਾਫ ਨੂੰ ਪਿਛਲੇ ਬਕਾਇਆ ਦਾ 25 ਪ੍ਰਤੀਸ਼ਤ ਲੈਣ ਲਈ ਰਾਜ਼ੀ ਕਰ ਲਿਆ ਸੀ (ਜਦਕਿ ਕੁਝ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਵਤਾਰ ਸਿੰਘ ਹਿਤ ਨੇ 2013, ਜਦੋਂ ਗੁਰਦੁਅਰਾ ਕਮੇਟੀ ਦੇ ਪ੍ਰਬੰਧ ਵਿੱਚ ਬਦਲਾਉ ਆਇਆ ਸੀ, ਤੋਂ ਪਹਿਲਾਂ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਲ ਹੋਏ ਵਾਧੇ ਦੇ ਬਕਾਏ ਛੱਡ ਦੇਣ ਲਈ ਵੀ ਸਟਾਫ ਨੂੰ ਮਨਾ ਲਿਆ ਸੀ)। ਜੀਕੇ ਨੇ ਦਸਿਆ ਕਿ ਉਨ੍ਹਾਂ ਨੇ ਸਕੂਲਾਂ ਦੇ ਸਟਾਫ ਦੀਆਂ ਤਨਖਾਹਾਂ ਦੀ ਅਦਾਇਗੀ ਅਤੇ ਵਾਧੂ ਸਟਾਫ ਨੂੰ ਦੂਜੇ ਪਾਸੇ ਐਡਜਸਟ ਕਰਨ ਦੇ ਨਾਲ ਹੀ ਕੁਝ-ਕੁ ਨੂੰ ਵੀਆਰਐਸ ਦੇ ਸੇਵਾ ਮੁਕਤ ਕਰਨ ਲਈ ਰੋਡ-ਮੈਪ ਤਿਆਰ ਕਰ ਲਿਆ ਸੀ, ਪਰ ਸ. ਸਿਰਸਾ ਅਤੇ ਸ. ਕਾਲਕਾ ਨੇ ਇਹ ਦਬਾਉ ਬਣਾ ਉਸ ਪੁਰ ਅਮਲ ਰੁਕਵਾ ਦਿੱਤਾ ਕਿ ਉਨ੍ਹਾਂ ਨੇ ਦਿੱਲ਼ੀ ਵਿਧਾਨਸਭਾ ਦੀ ਚੋਣ ਲੜਨੀ ਹੈ, ਜੇ ਵਾਧੂ ਸਟਾਫ ਦੀ ਛੁਟੀ ਕੀਤੀ ਗਈ ਤਾਂ ਉਹ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦੇ ਵਿਰੋਧ ਲਈ ਸਾਹਮਣੇ ਆ ਸਕਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਉਨ੍ਹਾਂ ਦੇ ਪ੍ਰਧਾਨਗੀ-ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਗੁਰਦੁਆਰਾ ਕਮੇਟੀ ਦੇ ਸਕੂਲਾਂ ਵਿਚੋਂ ਲਗਭਗ ਢਾਈ ਹਜ਼ਾਰ (2500) ਵਿਦਿਆਰਥੀ ਨਿਕਲ ਗਏ ਹਨ।
ਸਰਨਾ ਬੰਧੂਆਂ ਨੇ ਕਿਤਨਾ ਛਡਿਆ: ਇਹ ਗਲ ਇਥੇ ਵਰਨਣਯੋਗ ਹੈ ਕਿ 2013 ਵਿਚ ਜਦੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਿੱਚ ਤਬੀਦੀਲੀ ਹੋਈ ਤਾਂ ਸਰਨਾ-ਭਰਾਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਕੂਲਾਂ ਅਤੇ ਗੁਰਦੁਆਰਾ ਕਮੇਟੀ ਦੇ ਫੰਡ ਵਿੱਚ 123 ਕਰੋੜ ਰੁਪਿਆ ਛਡਿਆ ਸੀ। ਇਸ ਸੰਬੰਧ ਵਿੱਚ ਪੁਛੇ ਜਾਣ ਤੇ ਮਨਜੀਤ ਸਿੰਘ ਜੀਕੇ ਨੇ ਦਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਉਨ੍ਹਾਂ 102 ਕਰੌੜ ਜਾਂ ਇਸਤੋਂ ਦੋ-ਚਾਰ ਕਰੋੜ ਵੱਧ-ਘਟ ਹੋ ਸਕਦਾ ਹੈ, ਛਡਿਆ, ਪਰ 123 ਕਰੋੜ ਨਹੀਂ ਹੋ ਸਕਦਾ।
...ਅਤੇ ਅੰਤ ਵਿੱਚ: ਕੋਈ ਪੰਦ੍ਰਾਂਹ-ਕੁ (15) ਵਰ੍ਹੇ ਪਹਿਲਾਂ ਸਿੱਖ ਬੁਧੀਜੀਵੀਆਂ ਵਲੋਂ 'ਗੁਰਦੁਆਰਾ ਪ੍ਰਬੰਧ : ਇੱਕ ਵਿਸ਼ਲੇਸ਼ਣ' ਵਿਸ਼ੇ ਪੁਰ ਇੱਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੁਲਾਰਿਆਂ ਨੇ ਗੁਰਦੁਅਰਾ ਪ੍ਰਬੰਧ ਵਿੱਚ ਆ ਰਹੀਆਂ ਬੁਰਾਈਆਂ ਲਈ ਮੁਖ ਰੂਪ ਵਿੱਚ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਚਲੀ ਆ ਰਹੀ ਪ੍ਰਣਾਲੀ ਨੂੰ ਹੀ ਦੋਸ਼ੀ ਠਹਿਰਾਇਆ ਅਤੇ ਇਸ ਗਲ ਪੁਰ ਜ਼ੋਰ ਦਿੱਤਾ ਕਿ ਇਸ ਚੋਣ ਪ੍ਰਣਾਲੀ ਦਾ ਕੋਈ ਹੋਰ ਬਦਲ ਤਲਾਸ਼ਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਇਹ ਦਸਿਆ ਗਿਆ ਕਿ ਵਰਤਮਾਨ ਪ੍ਰਣਾਲੀ ਪੁਰ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿੱਚ ਦਾਖਲ ਹੋ ਜਾਂਦੇ ਹਨ, ਜੋ ਧਾਰਮਕ ਸੰਸਥਾ ਦੀ ਆਪਣੀ ਮੈਂਬਰੀ ਨੂੰ ਰੋਜ਼ੀ-ਰੋਟੀ ਦਾ ਸਾਧਨ ਮੰਨ ਲੈਂਦੇ ਹਨ। ਫਲਸਰੂਪ ਉਨ੍ਹਾਂ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਲਗਦਾ ਹੈ, ਜਿਸ ਕਾਰਣ ਇਹ ਸੰਸਥਾਵਾਂ ਆਪਣੀਆਂ ਧਾਰਮਿਕ ਜ਼ਿਮੇਂਦਾਰੀਆਂ ਨਿਭਾਣ ਪ੍ਰਤੀ ਜਾਗਰੂਕ ਨਹੀਂ ਰਹਿ ਪੈਂਦੀਆਂ।00
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਸਿੱਖ ਇਤਹਾਸ ਦੀ ਸੰਭਾਲ ਬਨਾਮ ਬੁੱਧੀਜੀਵੀ - ਜਸਵੰਤ ਸਿੰਘ 'ਅਜੀਤ'
ਬੀਤੇ ਕਈ ਦਹਾਕਿਆਂ ਤੋਂ ਇਹ ਚਰਚਾ ਸੁਣੀਂਦੀ ਚਲੀ ਆ ਰਹੀ ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਉਸਨੂੰ ਸੰਭਾਲਿਆ ਨਹੀਂ। ਮੰਨਿਆ ਜਾਂਦਾ ਹੈ ਕਿ ਸਿੱਖਾਂ ਦਾ ਮੁਢਲਾ ਇਤਿਹਾਸ ਗ਼ੈਰ-ਸਿੱਖਾਂ ਵਲੋਂ ਲਿਖਿਆ ਗਿਆ ਹੈ, ਜਿਨ੍ਹਾਂ ਨੇ ਨਿਜ ਸੁਆਰਥ ਦੇ ਵਹਿਣ ਵਿੱਚ ਵਹਿ, ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕੀਤਾ। ਉਨ੍ਹਾਂ ਨੇ ਨਿਜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨਾਲ ਕਈ ਅਜਿਹੀਆਂ ਘਟਨਾਵਾਂ ਜੋੜ ਦਿੱਤੀਆਂ ਜੋ ਨਾ ਤਾਂ ਸਿੱਖ ਮਾਨਸਿਕਤਾ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਕਸੌਟੀ ਪੁਰ ਪੂਰੀਆਂ ਉਤਰਦੀਆਂ ਹਨ। ਜਿਸ ਕਾਰਣ ਸਦਾ ਹੀ ਇਹ ਲੋੜ ਮਹਿਸੂਸ ਕੀਤੀ ਜਾਂਦੀ ਚਲੀ ਆਈ ਕਿ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਇਆ ਜਾਏ।
ਸਿੱਖ ਇਤਿਹਾਸ ਵਿਗਾੜਨ ਦੀ ਗਲ : ਆਮ ਤੌਰ ਤੇ ਇਹੀ ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ ਗ਼ੈਰ-ਸਿੱਖਾਂ ਨੇ ਹੀ ਸਮੇਂ ਦੇ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਆਪਣੀ ਸੁਆਰਥ-ਪੂਰਣ ਸੋਚ ਦੇ ਆਧਾਰ ਤੇ ਵਿਗਾੜਿਆ ਹੈ। ਪ੍ਰੰਤੂ ਜੇ ਨਿਰਪਖਤਾ ਨਾਲ ਵਿਚਾਰਿਆ ਅਤੇ ਘੋਖਿਆ ਜਾਏ ਤਾਂ ਇਹ ਕੇਵਲ ਅਧੂਰੀ ਸੱਚਾਈ ਹੀ ਨਜ਼ਰ ਆਇਗੀ। ਇਸਦਾ ਕਾਰਣ ਇਹ ਹੈ ਕਿ ਜੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਲਿਖੇ ਸਿੱਖ ਇਤਿਹਾਸ ਦੀ ਵੀ ਈਮਾਨਦਾਰੀ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਵਿਚੋਂ ਵੀ ਕਈਆਂ ਨੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ।
ਇਉਂ ਜਾਪਦਾ ਹੈ ਜਿਵੇਂ ਇਨ੍ਹਾਂ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵਲੋਂ ਸਿੱਖ ਇਤਿਹਾਸ ਇਸ ਕਾਰਣ ਵਿਗਾੜਿਆ ਚਲਿਆ ਆ ਰਿਹਾ ਹੈ, ਕਿਉਂਕਿ ਉਹ ਆਪਣੇ-ਆਪਨੂੰ ਸਿੱਖ ਇਤਿਹਾਸ ਦੇ ਸਭ ਤੋਂ ਵੱਧ ਖੋਜੀ ਤੇ ਜਾਣਕਾਰ ਸਾਬਤ ਕਰਨ ਦੀ ਲਾਲਸਾ ਤੋਂ ਮੁਕੱਤ ਹੋਣਾ ਨਹੀਂ ਚਾਹੁੰਦੇ। ਉਨ੍ਹਾਂ ਦਾ ਇਕੋ-ਇੱਕ ਉਦੇਸ਼ ਇਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਹ ਵਿਰੋਧੀ ਵਿਦਵਾਨ ਜਾਂ ਦੂਸਰੇ ਇਤਿਹਾਸਕਾਰ ਨੂੰ ਆਪਣੇ ਨਾਲੋਂ 'ਘਟੀਆ' ਵਿਦਵਾਨ ਸਾਬਤ ਕਰ ਸਕਣ? ਕਈ ਤਾਂ ਆਪਣੇ ਆਸ-ਪਾਸ ਚਲ ਰਹੀ ਲਹਿਰ ਦੇ ਪ੍ਰਭਾਵ ਹੇਠ ਆ ਨਾ ਕੇਵਲ ਸਿੱਖ ਇਤਿਹਾਸ ਨੂੰ, ਸਗੋਂ ਸਿੱਖ ਦਰਸ਼ਨ (ਫਿਲਾਸਫੀ) ਤੱਕ ਨੂੰ ਵੀ ਵਿਗਾੜ ਅਤੇ ਇਸ ਰੂਪ ਵਿੱਚ ਢਾਲ ਕੇ ਪੇਸ਼ ਕਰਦੇ ਚਲੇ ਆ ਰਹੇ ਹਨ, ਕਿ ਉਸਦਾ ਮੂਲ ਸਿੱਖ ਫਿਲਾਸਫੀ ਦੇ ਨਾਲ ਨੇੜੇ ਦਾ ਵੀ ਕੋਈ ਵਾਸਤਾ ਨਹੀਂ ਰਹਿ ਜਾਂਦਾ।
ਇਸ ਸੰਬੰਧ ਵਿੱਚ ਕਿਸੇ ਇੱਕ ਵਿਦਵਾਨ ਜਾਂ ਇਤਿਹਾਸਕਾਰ ਦਾ ਹਵਾਲਾ ਦੇਣਾ ਠੀਕ ਨਹੀਂ ਹੋਵੇਗਾ। ਜੇ ਵੱਖ-ਵੱਖ ਦੋ-ਚਾਰ ਸਿੱਖ ਇਤਿਹਾਸਕਾਰਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹ ਲਈਆਂ ਜਾਣ ਤਾਂ ਸਥਿਤੀ ਆਪਣੇ-ਆਪ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ। ਜੇ ਪੁਸਤਕਾਂ ਪੜ੍ਹਨ ਦੀ ਜ਼ਹਿਮਤ ਤੋਂ ਬਚਿਆ ਰਹਿਣਾ ਹੈ ਤਾਂ ਸਮੇਂ-ਸਮੇਂ ਰੋਜ਼ਾਨਾਂ, ਸਪਤਾਹਿਕ, ਮਾਸਿਕ ਆਦਿ ਅਖਬਾਰਾਂ-ਮੈਗਜ਼ੀਨਾਂ ਦੇ ਧਾਰਮਕ-ਇਤਿਹਾਸਕ ਐਡੀਸ਼ਨਾਂ ਅਤੇ ਪੰਨਿਆਂ ਆਦਿ ਵਿੱਚ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਛੱਪੇ ਮਜ਼ਮੂਨ ਪੜ੍ਹ ਕੇ ਹੀ ਨਿਰਣਾ ਕੀਤਾ ਜਾ ਸਕਦਾ ਹੈ।
ਕੁਝ ਸਮਾਂ ਹੋਇਐ ਖਾਲਸਾ ਸਿਰਜਨਾ ਦਿਵਸ (ਵਿਸਾਖੀ) ਦੇ ਮੌਕੇ ਇੱਕ ਮਾਸਿਕ ਦਾ ਵਿਸ਼ੇਸ਼ ਅੰਕ ਪੜ੍ਹਨ ਦਾ ਅਵਸਰ ਮਿਲਿਆ। ਇਸ ਵਿੱਚ ਛੱਪੇ ਇੱਕ ਲੇਖ ਦੇ ਵਿਦਵਾਨ ਲੇਖਕ ਨੇ ਲਿਖਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਲਈ ਵਰਤਾਏ ਕੌਤਕ ਸਮੇਂ ਬਕਰੇ ਝਟਕਾਏ ਸਨ, ਜਦਕਿ ਇੱਕ ਹੋਰ ਵਿਦਵਾਨ ਨੇ ਆਪਣੇ ਲੇਖ ਵਿੱਚ ਇਹ 'ਭੇਦ' ਖੋਲ੍ਹਿਆ ਸੀ ਕਿ ਗੁਰੂ ਸਾਹਿਬ ਨੇ ਆਪਣੇ ਵਲੋਂ ਰਚਾਏ ਕੌਤਕ ਵਿੱਚ ਪਾਸ ਹੋਏ ਸਿੱਖਾਂ ਦੇ ਸਿਰਾਂ ਨੂੰ ਲਾਹ ਕੇ ਇੱਕ-ਦੂਜੇ ਦੇ ਧੜ ਨਾਲ ਬਦਲ ਕੇ ਜੋੜ ਦਿੱਤਾ ਅਤੇ ਉਨ੍ਹਾਂ ਵਿੱਚ ਨਵਾਂ ਜੀਵਨ ਫੂਕਿਆ ਸੀ।
ਜ਼ਰਾ-ਕੁ ਇਨ੍ਹਾਂ ਵਿਦਵਾਨਾਂ ਵਲੋਂ ਦਿੱਤੀ ਗਈ 'ਜਾਣਕਾਰੀ' ਨੂੰ ਘੋਖਿਆ ਜਾਏ ਤਾਂ ਇਉਂ ਜਾਪੇਗਾ ਜਿਵੇਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 'ਖਾਲਸਾ ਸਿਰਜਨਾ' ਦੇ ਉਦੇਸ਼ ਨਾਲ ਵਰਤਾਏ ਗਏ ਕੌਤਕ ਦੇ ਮੌਕੇ ਦੇ ਚਸ਼ਮਦੀਦ ਗੁਆਹ ਵਜੋਂ ਉਥੇ ਮੌਜੂਦ ਸਨ, ਉਸ ਸਮੇਂ ਜੋ ਕੁਝ ਵਾਪਰਿਆ ਉਹ ਸਭ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਾਪਰਿਆ। ਜਦਕਿ ਇਸਦੇ ਵਿਰੁਧ ਸਿੱਖ ਇਤਿਹਾਸ ਗੁਆਹ ਹੈ ਕਿ ਸੰਗਤਾਂ ਸਾਹਮਣੇ ਹੋਈ ਪ੍ਰੀਖਿਆ ਦੌਰਾਨ ਸੀਸ-ਭੇਂਟ ਕਰਨ ਲਈ ਨਿਤਰੇ ਪੰਜਾਂ ਸਿੱਖਾਂ ਨੂੰ ਗੁਰੂ ਸਾਹਿਬ ਪਰਦੇ ਪਿੱਛੇ ਲੈ ਗਏ ਸਨ। ਪਰਦੇ ਪਿੱਛੇ ਪੰਜਾਂ ਪਿਆਰਿਆਂ ਦੇ ਨਵੇਂ ਸਰੂਪ ਵਿੱਚ ਬਾਹਰ ਆਉਣ ਤੱਕ, ਜੋ ਕੁਝ ਵੀ ਵਾਪਰਿਆ ਉਸ ਬਾਰੇ ਗੁਰੂ ਸਾਹਿਬ ਅਤੇ ਉਨ੍ਹਾਂ ਪੰਜਾਂ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਅਤੇ ਇਨ੍ਹਾਂ ਵਿਚੋਂ ਕਿਸੇ ਨੇ ਵੀ ਤੇ ਕਦੀ ਵੀ ਕਿਸੇ ਸਾਹਮਣੇ ਇਹ ਖੁਲਾਸਾ ਸੀ ਨਹੀਂ ਕੀਤਾ ਕਿ ਪਰਦੇ ਪਿੱਛੇ ਉਨ੍ਹਾਂ ਨਾਲ ਕੀ ਬੀਤੀ ਸੀ? ਫਿਰ ਵੀ ਪਤਾ ਨਹੀਂ ਕਿਉਂ ਇਹ ਵਿਦਵਾਨ ਇਤਿਹਾਸਕਾਰ ਮੌਕੇ ਦੇ ਹੀ ਨਹੀਂ, ਸਗੋਂ ਚਸ਼ਮਦੀਦ ਗੁਆਹ ਬਣਨ ਦੀ ਕੌਸ਼ਿਸ਼ ਕਰਦਿਆਂ ਨਵੀਆਂ ਤੋਂ ਨਵੀਆਂ ਕਹਾਣੀਆਂ ਘੜ ਵਿਵਾਦ ਪੈਦਾ ਕਰਦੇ ਚਲੇ ਆ ਰਹੇ ਹਨ?
ਇਸੇ ਤਰ੍ਹਾਂ ਇਸੇ ਮਾਸਿਕ ਵਿੱਚ ਛੱਪੇ ਇੱਕ ਹੋਰ ਮਜ਼ਮੂਨ ਵਿੱਚ ਪੜ੍ਹਨ ਨੂੰ ਮਿਲਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ 'ਤੀਸਰ ਪੰਥ' ਚਲਾਣ ਦਾ ਸੰਕਲਪ ਕੀਤਾ ਅਤੇ ਉਸੇ ਸੰਕਲਪ ਦੀ ਪੂਰਤੀ ਉਨ੍ਹਾਂ ਖਾਲਸਾ ਦੇ ਰੂਪ ਵਿੱਚ 'ਸੰਤ ਸਿਪਾਹੀ' ਦੀ ਸਿਰਜਨਾ ਕਰ ਕੇ ਕੀਤੀ। ਇਹ ਪੜ੍ਹਨ ਤੋਂ ਇਉਂ ਜਾਪਿਆ ਜਿਵੇਂ ਇਹ ਵਿਦਵਾਨ-ਇਤਿਹਾਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਣ ਵਿੱਚ ਬਾਕੀ ਗੁਰੂ ਸਾਹਿਬਾਨ ਵਲੋਂ ਪਾਏ ਗਏ ਯੋਗਦਾਨ ਤੇ ਦਿੱਤੀਆਂ ਗਈਆਂ ਸ਼ਹਾਦਤਾਂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਵਲੋਂ ਸਮੇਂ ਦੇ ਜ਼ਾਲਮ ਹਾਕਮਾਂ ਦੇ ਹਮਲਿਆਂ ਦੇ ਦਿੱਤੇ ਗਏ ਮੂੰਹ-ਤੋੜ ਜਵਾਬ ਆਦਿ ਦੇ ਕਾਰਜਾਂ ਨੂੰ ਕੋਈ ਮਹਤਵ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਨੂੰ ਖਾਲਸਾ (ਸੰਤ-ਸਿਪਾਹੀ) ਸਿਰਜਨਾਂ ਦੇ ਕਾਰਜ ਦੀ ਸੰਪੂਰਨਤਾ ਦੀ ਕੜੀ ਦੇ ਅੰਗ ਵਜੋਂ ਹੀ ਸਵੀਕਾਰ ਕਰਦੇ ਹਨ। ਉਹ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਖਾਲਸਾ ਸਿਰਜਣਾ ਦਾ ਸੰਕਲਪ ਕੇਵਲ ਚਵ੍ਹੀ ਵਰ੍ਹਿਆਂ ਵਿੱਚ ਹੀ ਸੰਪੂਰਣ ਨਹੀਂ ਹੋਇਆ। ਅਸਲ ਵਿੱਚ ਇਸਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਿਆ ਸੀ, ਜਿਸਨੂੰ ਦੂਸਰੇ ਗੁਰੂ ਸਾਹਿਬਾਨ ਨੇ ਆਪਣੇ ਕਾਰਜਾਂ ਤੇ ਕੁਰਬਾਨੀਆਂ ਰਾਹੀਂ ਸੰਪੂਰਨਤਾ ਤੱਕ ਪਹੁੰਚਾਣ ਵਿੱਚ ਆਪਣੀ ਭੂਮਿਕਾ ਨਿਭਾਹੀ।
ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਉਦਾਹਰਣਾਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਵੀ ਆਪਣੀ ਸੌੜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨੂੰ ਵਿਗਾੜਨ ਤੇ ਉਸਦੀ ਸੱਚਾਈ ਪ੍ਰਤੀ ਸ਼ੰਕਾਵਾਂ ਪੈਦਾ ਕਰਨ ਵਿੱਚ ਦੂਸਰਿਆਂ ਨਾਲੋਂ ਕੋਈ ਘਟ ਭੂਮਿਕਾ ਅਦਾ ਨਹੀਂ ਕੀਤੀ।
ਸਿੱਖ ਇਤਿਹਾਸ ਦੇ ਪੁਨਰ-ਲੇਖਨ ਦੀ ਸੋਚ : ਕੁਝ ਹੀ ਸਮਾਂ ਪਹਿਲਾਂ ਇਹ ਸੁਣਨ ਵਿੱਚ ਆਇਆ ਸੀ ਕਿ ਕੁਝ ਧਾਰਮਕ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੇ ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ 'ਸਿੱਖ ਇਤਿਹਾਸ' ਨਵੇਂ ਸਿਰੇ ਤੋਂ ਲਿਖਵਾਣ ਪ੍ਰਤੀ ਪਹਿਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਉਦੇਸ਼ ਨਾਲ, ਉਨ੍ਹਾਂ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ ਵੀ 'ਹਾਇਰ' ਕੀਤੀਆਂ ਹਨ ਅਤੇ ਉਨ੍ਹਾਂ ਨੂੰ ਲਖਾਂ ਰੁਪਏ ਪੇਸ਼ਗੀ ਵਜੋਂ ਅਦਾ ਕਰ ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ ਜ਼ਿਮੇਂਦਾਰੀ ਸੌਂਪ ਦਿੱਤੀ ਹੈ।
ਜਦੋਂ ਇਹ ਗਲ ਸਾਹਮਣੇ ਆਈ ਤਾਂ ਉਸ ਸਮੇਂ ਕਈ ਸਿੱਖ ਵਿਦਵਾਨਾਂ ਵਲੋਂ ਇਹ ਸੁਆਲ ਉਠਾਇਆ ਗਿਆ ਕਿ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪੀ ਜਾ ਰਹੀ ਹੈ, ਕੀ ਉਸਦੇ ਸੰਬੰਧ ਵਿੱਚ ਗਰੰਟੀ ਪ੍ਰਾਪਤ ਕਰ ਲਈ ਗਈ ਹੈ ਕਿ ਉਹ ਸਿੱਖ ਇਤਿਹਾਸ ਨਾਲ ਇਨਸਾਫ ਕਰੇਗਾ ਅਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਕੀ ਉਹ ਸੱਚਮੁੱਚ ਇਤਨਾ ਵਿਸ਼ਵਾਸਪਾਤ੍ਰ ਵਿਦਵਾਨ ਹੈ ਕਿ ਉਹ ਜਿਤਨੀ ਕੀਮਤ ਆਪਣੀ ਰਚਨਾ ਲਈ ਪੇਸ਼ਗੀ ਵਜੋਂ ਵਸੂਲ ਕਰ ਰਿਹਾ ਹੈ, ਉਤਨੇ ਮੁਲ ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ
ਨਾ ਕਰ ਸਕਿਆ ਤਾਂ ਕੀ ਵਸੂਲ ਕੀਤੀ ਪੇਸ਼ਗੀ ਰਕਮ ਵਾਪਸ ਕਰ ਦੇਵੇਗਾ?
ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ ਤੋਂ ਲਿਖਵਾਣ ਅਤੇ ਉਸਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼ ਲਈ ਕਠੋਰ ਨੀਤੀ ਅਪਨਾਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ ਠੀਕ ਤਥਾਂ ਪੁਰ ਅਧਾਰਤ ਹੋਣ ਦੀ ਮੋਹਰ ਲਗਾਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ-ਪੜਾਵੀ ਟੀਮਾਂ ਬਣਾਉਣੀਆਂ ਹੋਣਗੀਆਂ।
ਪਹਿਲੀ ਟੀਮ ਉਹ, ਜੋ ਈਮਾਨਦਾਰੀ ਅਤੇ ਮੇਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ ਕਰ, ਸੱਚਾਈ ਦੀ ਪਰੱਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਗਏ ਕੰਮ ਦੀ ਜਾਂਚ-ਪੜਤਾਲ ਕਰ ਲਿਖੇ ਗਏ ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਗਾਏ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਤਿੰਨਾਂ ਪੜਾਵ ਪਾਰ ਕਰਨ ਤੋਂ ਬਾਅਦ ਹੀ ਨਵ-ਲਿਖਤ ਸਿੱਖ ਇਤਿਹਾਸ ਪ੍ਰਕਾਸ਼ਤ ਕੀਤਾ ਜਾਏ।
...ਅਤੇ ਅੰਤ ਵਿੱਚ : ਸਿੱਖ ਜਥੇਬੰਦੀਆਂ ਵਲੋਂ ਇਕਲੇ-ਇਕਲੇ ਲੇਖਕ ਪਾਸੋਂ ਲਿਖਵਾਏ ਗਏ ਸਿੱਖ ਇਤਿਹਾਸ ਦੀਆਂ ਕੁਝ ਪੁਸਤਕਾਂ ਬਾਜ਼ਾਰ ਵਿੱਚ ਪੁਜੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ ਸੰਬੰਧੀ ਪਹਿਲਾਂ ਤੋਂ ਹੀ ਚਲੇ ਆ ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਆਪਣੇ-ਆਪਨੂੰ ਈਮਾਨਦਾਰ ਸਾਬਤ ਕਰਨ ਦੀ ਬਜਾਏ ਮਹਾਨ ਖੋਜੀ ਸਾਬਤ ਕਰਨ ਲਈ ਅਨੇਕਾਂ ਹੋਰ ਵਿਵਾਦ ਛੇੜ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਭਾਰਤੀ ਚੋਣਾਂ ਦੇ ਬਦਲੇ ਰੂਪ : ਯਾਦਾਂ ਦੇ ਝਰੋਖੇ ਵਿਚੋਂ - ਜਸਵੰਤ ਸਿੰਘ 'ਅਜੀਤ'
ਬੀਤੇ ਕੁਝ ਸਮੇਂ ਤੋਂ ਚੋਣ ਕਮਿਸ਼ਨ ਅਤੇ ਸਰਕਾਰ ਰਾਹੀਂ ਕਾਨੂੰਨ ਬਣਾ ਕੇ ਆਮ ਚੋਣਾਂ ਦੇ ਤਾਮ-ਝਾਮ ਨੂੰ ਖਤਮ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ, ਫਿਰ ਵੀ ਸਾਡੇ ਦੇਸ਼ ਦੇ ਚੋਣਾਂ ਲੜਨ ਵਾਲੇ ਰਾਜਸੀ ਦਾਅ-ਪੇਛ ਖੇਡ ਕੇ ਕਾਨੂੰਨੀ ਦਾਇਰੇ ਵਿੱਚ ਹੀ ਉਨ੍ਹਾਂ ਕਾਨੂੰਨਾਂ ਦੀ ਉਲੰਘਣਾ ਦਾ ਰਾਹ ਲਭਣ ਵਿੱਚ ਸਫਲ ਹੋ ਹੀ ਜਾਂਦੇ ਹਨ। ਇਹੀ ਕਾਰਣ ਹੈ ਕਿ ਅੱਜਕਲ ਚੋਣਾਂ ਭਾਵੇਂ ਲੋਕਸਭਾ ਦੀਆਂ ਹੋਣ ਜਾਂ ਵਿਧਾਨ ਸਭਾਵਾਂ ਦੀਆਂ ਜਾਂ ਫਿਰ ਕਿਸੇ ਨਗਰ ਨਿਗਮਾਂ ਦੀਆਂ ਹੀ ਕਿਉਂ ਨਾ ਹੋਣ, ਜਦੋਂ ਤਕ ਉਨ੍ਹਾਂ ਵਿੱਚ ਜਲੂਸਾਂ-ਜਲਸਿਆਂ ਦਾ ਸ਼ੋਰ ਨਾ ਹੋਵੇ, ਕਿਸੇ ਨੂੰ ਵੀ ਮਜ਼ਾ ਨਹੀਂ ਆਉਂਦਾ। ਉਮੀਦਵਾਰਾਂ ਦੇ ਜਗ੍ਹਾ-ਜਗ੍ਹਾ ਲਗੇ ਪੋਸਟਰ, ਸਕੂਟਰਾਂ ਤੇ ਗਲੀਆਂ-ਮੁਹੱਲਿਆਂ ਵਿੱਚ ਲਟਕੇ ਬੈਨਰ, ਰੰਗੀਨ ਹੋਰਡਿੰਗਾਂ ਦੇ ਨਾਲ ਨੁਕੜ ਬੈਠਕਾਂ ਆਦਿ ਅਜਿਹਾ ਕੁਝ ਹੁੰਦਾ ਹੈ, ਜਿਨ੍ਹਾਂ ਰਾਹੀਂ ਉਮੀਦਵਾਰ ਆਪਣਾ ਸੁਨੇਹਾ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਤੱਕ ਪਹੁੰਚਾਣ ਦੀ ਕੌਸ਼ਿਸ਼ ਕਰਦੇ ਹਨ। ਮਤਲਬ ਇਹ ਕਿ ਉਮੀਦਵਾਰਾਂ ਵਲੋਂ ਆਪਣੀ ਚੋਣ ਪੁਰ, ਇਸ ਸਾਰੇ ਤਾਮ-ਝਾਮ ਸਹਿਤ ਹੋਰ ਖਰਚੇ ਕਰਨ ਲਈ ਚੋਣ ਕਮਿਸ਼ਨ ਵਲੋਂ ਨਿਸ਼ਚਿਤ ਕੀਤੀ ਗਈ ਹੋਈ ਰਕਮ ਤੋਂ ਕਿਤੇ ਵੱਧ ਰਕਮ ਖਰਚ ਕਰ ਦਿੱਤੀ ਜਾਂਦੀ ਹੈ, ਪਰ ਚੋਣ ਕਮਿਸ਼ਨ ਅਜਿਹਾ ਕਰਨ ਵਾਲੇ ਉਮੀਦਵਾਰਾਂ ਵਿਰੁਧ ਕੋਈ ਕਾਰਵਾਈ ਨਹੀਂ ਕਰ ਪਾਂਦਾ, ਜੇ ਕਦੀ ਕੋਈ ਛੋਟੀ ਮੱਛਲੀ ਉਸਦੇ ਅੱਡੇ ਚੜ੍ਹ ਜਾਏ, ਤਾਂ ਉਸਦੇ ਚੋਣ ਲੜਨ 'ਤੇ ਇੱਕ ਨਿਸ਼ਚਿਤ ਸਮੇਂ ਤੱਕ ਦੇ ਲਈ ਰੋਕ ਲਾ ਦਿੱਤੀ ਜਾਂਦੀ ਹੈ, ਪ੍ਰੰਤੂ ਆਮ ਤੋਰ ਤੇ ਵੱਡੀਆਂ ਮਛਲੀਆਂ ਉਸਦੀ ਪਹੁੰਚ ਤੋਂ ਬਾਹਰ ਹੀ ਰਹਿੰਦੀਆਂ ਹਨ। ਅਜਿਹੇ, ਨਿਸ਼ਚਿਤ ਰਕਮਾਂ ਤੋਂ ਵੱਧ ਦੇ ਖਰਚੇ ਕਿਸੇ ਇੱਕ ਉਮੀਦਵਾਰ ਵਲੋਂ ਨਹੀਂ ਕੀਤੇ ਜਾਂਦੇ, ਸਗੋਂ ਲਗਭਗ ਹਰ ਉਮੀਦਵਾਰ ਵਲੋਂ ਕੀਤੇ ਜਾਂਦੇ ਹਨ। ਜੇ ਇਹ ਕਿਹਾ ਜਾਏ ਕਿ ਸਰਕਾਰ ਵਲੋਂ ਕਾਲੇ ਧਨ ਪੁਰ ਰੋਕ ਲਾਏ ਜਾਣ ਦੇ ਭਾਵੇਂ ਕਿਤਨੇ ਹੀ ਦਾਅਵੇ ਕੀਤੇ ਜਾਂਦੇ ਰਹਿਣ, ਹਰ ਚੋਣ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਇਨ੍ਹਾਂ ਸਰਕਾਰੀ ਦਾਅਵਿਆਂ ਨੂੰ ਸਦਾ ਹੀ ਠੇਂਗਾ ਵਿਖਾਇਆ ਜਾਂਦਾ ਰਹਿੰਦਾ ਹੈ। ਪਰ ਸਰਕਾਰ ਉਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਪਾਂਦੀ। ਇਸਦਾ ਕਾਰਣ ਇਹ ਹੈ ਕਿ ਨਿਸ਼ਚਿਤ ਰਕਮ ਤੋਂ ਵੱਧ ਖਰਚ ਕਰਨ ਵਾਲਿਆਂ ਵਿੱਚ ਆਜ਼ਾਦ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਹੀ ਸੱਤਾ-ਧਾਰੀ ਪਾਰਟੀ ਦੇ ਉਮੀਦਵਾਰ ਵੀ ਹੁੰਦੇ ਹਨ। ਕਿਉਂਕਿ ਚੋਣਾਂ ਲੜਨ ਵਾਲਾ ਹਰ ਉਮੀਦਵਾਰ ਇਸ ਹਮਾਮ ਵਿੱਚ ਨੰਗਾ ਹੁੰਦਾ ਹੈ, ਜਿਸ ਕਾਰਣ ਉਹ ਦੂਸਰੇ ਦੇ ਨੰਗੇਜ ਵਲ ਉਂਗਲ ਉਠਾਣ ਪਖੋਂ ਦੜ੍ਹ ਵੱਟੀ ਰਖਦਾ ਹੈ।
ਖੈਰ, ਵਰਤਮਾਨ ਵਿੱਚ ਭਾਵੇਂ ਕਈ ਤਰ੍ਹਾਂ ਦੇ ਪਾਪੜ ਵੇਲੇ ਜਾਂਦੇ ਹੋਣ, ਪਰ ਬੀਤੇ ਦੀਆਂ ਗਲਾਂ ਆਪਣੀਆਂ ਹੀ ਸਨ। ਜਾਣਕਾਰ ਦਸਦੇ ਹਨ ਕਿ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ੳਮੀਦਵਾਰਾਂ ਵਲੋਂ ਚੋਣ ਖਰਚ ਲਈ ਨਿਸ਼ਚਿਤ ਰਕਮ ਤੋਂ ਵੀ ਕਿੱਤੇ ਬਹੁਤ ਘੱਟ ਰਕਮ ਖਰਚ ਕੀਤੀ ਜਾਂਦੀ ਸੀ। ਅਜਿਹੇ ਹੀ ਉਮੀਦਵਾਰਾਂ ਵਿਚੋਂ ਇੱਕ 85 ਵਰ੍ਹਿਆਂ ਦੇ ਬਜ਼ੁਰਗ ਕਿਸ਼ੋਰੀ ਲਾਲ ਸਨ, ਜੋ ਨਿਗਮ ਪਾਰਸ਼ਦ ਦੇ ਰੂਪ ਵਿੱਚ 1962 ਤੋਂ ਲਗਾਤਾਰ 15 ਵਰ੍ਹੇ ਕਿੰਗਜ਼ਵੇ ਕੈਂਪ ਹਲਕੇ ਦੀ ਪ੍ਰਤੀਨਿਧਤਾ ਕਰਦੇ ਰਹੇ, ਉਹ ਦਸਦੇ ਸਨ ਕਿ ਉਨ੍ਹਾਂ ਨੇ ਆਪਣੀ ਪਹਿਲੀ ਚੋਣ (1962 ਵਿੱਚ) ਕੇਵਲ 700 ਰੁਪਿਆਂ ਵਿੱਚ ਲੜੀ ਸੀ। ਉਸ ਸਮੇਂ ਉਨ੍ਹਾਂ ਕੋਲ ਨਾ ਤਾਂ ਚੋਣ ਲੜਨ ਲਈ ਪੈਸੇ ਸਨ ਅਤੇ ਨਾ ਹੀ ਚੋਣ ਲੜਨ ਦਾ ਕੋਈ ਤਜਰਬਾ। ਉਨ੍ਹਾਂ ਦਸਿਆ ਕਿ ਇਨ੍ਹਾਂ ਹਾਲਾਤ ਵਿੱਚ ਉਹ ਆਪਣਾ ਚੋਣ ਪ੍ਰਚਾਰ ਬਹੁਤਾ ਕਰਕੇ ਪੈਦਲ ਹੀ ਕਰਿਆ ਕਰਦੇ ਸਨ ਜਾਂ ਫਿਰ ਕਦੀ-ਕਦਾਈਂ ਸਾਈਕਲ ਦਾ ਸਹਾਰਾ ਵੀ ਲੈ ਲਿਆ ਕਰਦੇ ਸਨ। ਮੁਹੱਲੇ ਵਿੱਚ ਕੀਤੀਆਂ ਜਾਣ ਵਾਲੀਆਂ ਨੁਕੱੜ ਬੈਠਕਾਂ ਦੌਰਾਨ ਕੋਈ ਦੋ, ਪੰਜ ਜਾਂ ਫਿਰ ਵੱਧ ਤੋਂ ਵੱਧ ਗਿਆਰਾਂ ਰੁਪਏ ਦਾ ਹਾਰ ਗਲੇ ਵਿੱਚ ਪਾ ਦਿੱਤਾ ਕਰਦਾ। ਬਸ, ਇਸੇਤਰ੍ਹਾਂ ਚੋਣ ਫੰਡ ਲਈ ਰਕਮ ਜਮ੍ਹਾ ਹੁੰਦੀ ਰਹਿੰਦੀ ਸੀ।
ਇਸੇਤਰ੍ਹਾਂ ਇੱਕ ਹੋਰ, 1965 ਤੋਂ 1975 ਤੱਕ ਰਹੇ ਪਾਰਸ਼ਦ, ਗੌਰੀ ਸ਼ੰਕਰ ਮੂਦੜਾ (83 ਵਰ੍ਹੇ) ਦਸਦੇ ਸਨ ਕਿ ਦਿੱਲੀ ਨਗਰ ਨਿਗਮ ਪਹਿਲਾਂ ਬਹੁਤ ਹੀ ਮਜ਼ਬੂਤ ਹੁੰਦਾ ਸੀ। ਨਿਗਮ ਕੋਲ ਬਿਜਲੀ, ਪਾਣੀ, ਟਰਾਂਸਪੋਰਟ ਸਹਿਤ ਕਈ ਹੋਰ ਵਿਭਾਗ ਹੋਇਆ ਕਰਦੇ ਸਨ। ਉਹ ਲੋਕਾਂ ਦੇ ਕੰਮ ਕਰਵਾਣ ਲਈ ਸਵੇਰੇ ਤੋਂ ਹੀ ਚੁਰਾਹੇ ਤੇ ਬੈਠ ਜਾਂਦੇ ਸਨ। ਉਨ੍ਹਾਂ ਨੇ ਨਿਗਮ ਦੀ ਪਹਿਲੀ ਚੋਣ ਕੇਵਲ ਪੰਜ ਹਜ਼ਾਰ ਰੁਪਿਆਂ ਵਿੱਚ ਲੜੀ ਸੀ। ਉਨ੍ਹਾਂ ਕੁਝ ਦੇਰ ਬੀਤੇ ਨੂੰ ਯਾਦ ਕਰਦਿਆਂ ਦਸਿਆ ਕਿ 1965 ਵਿੱਚ ਉਨ੍ਹਾਂ ਆਪਣੀ ਪਹਿਲੀ ਚੋਣ 200 ਵੋਟਾਂ ਨਾਲ ਜਿੱਤੀ ਸੀ। ਵਾਰਡ ਵਿੱਚ ਕੁਲ 12 ਹਜ਼ਾਰ ਵੋਟਰ ਸਨ। ਉਹ ਸਟੈਂਡਿੰਗ ਕਮੇਟੀ ਦੇ ਡਿਪਟੀ ਚੇਅਰਮੈਨ ਅਤੇ ਜਲ ਵਿਭਾਗ ਦੇ ਮੈਂਬਰ ਵੀ ਰਹੇ ਸਨ।
ਯੋਗਧਿਆਨ ਆਹੁਜਾ, ਜੋ 1977 ਤੋਂ 1980 ਤੱਕ ਪਾਰਸ਼ਦ ਰਹੇ ਦਸਦੇ ਹੁੰਦੇ ਸਨ ਕਿ ਪੰਝੀ-ਕੁ ਸਾਲ ਪਹਿਲਾਂ ਨਗਰ ਨਿਗਮ ਚੋਣਾਂ ਵਿੱਚ ਝੰਡੇ, ਬਿੱਲੇ ਅਤੇ ਹੋਰਡਿੰਗ ਆਦਿ ਬਹੁਤ ਹੀ ਘੱਟ ਵਰਤੇ ਜਾਂਦੇ ਸਨ। ਉਨ੍ਹਾਂ ਨੇ 1977 ਦੀਆਂ ਨਿਗਮ ਚੋਣਾਂ ਵਿੱਚ ਘਰ-ਘਰ ਜਾ ਕੇ ਜਨ-ਸੰਪਰਕ ਕੀਤਾ ਸੀ। ਤਰਾਜ਼ੂ ਵਿੱਚ ਲੱਡੂ ਤੋਲ ਕੇ ਉਸਦੇ ਬਰਾਬਰ ਚੋਣ ਫੰਡ ਲਈ ਰਕਮ ਇਕੱਠੀ ਕੀਤੀ ਜਾਂਦੀ ਸੀ। ਉਨ੍ਹਾਂ ਦਸਿਆ ਕਿ ਜਦੋਂ ਉਹ ਮੇਅਰ ਬਣੇ ਤਾਂ ਉਨ੍ਹਾਂ ਗ੍ਰੀਨ ਦਿੱਲੀ, ਕਲੀਨ ਦਿੱਲੀ ਮੁਹਿੰਮ 'ਤੇ ਕੰਮ ਕੀਤਾ। ਉਨ੍ਹਾਂ ਦਸਿਆ ਕਿ ਇੱਕ ਵਾਰ ਸੜਕਾਂ ਦੇ ਨਿਰਮਾਣ ਦੇ ਸੰਬੰਧ ਵਿੱਚ ਹੋ ਰਹੀ ਬੈਠਕ ਵਿੱਚ ਉਹ ਸ਼ਾਂਤੀ ਦੇਸਾਈ ਨਾਲ ਉਲਝ ਪਏ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦਿਨਾਂ ਵਿੱਚ ਦਿੱਲੀ ਦੀਆਂ 25 ਸੜਕਾਂ ਡੇਂਸ ਕਾਰਪੇਟ ਦੀਆਂ ਬਣੀਆਂ ਸਨ। ਯੋਗਧਿਆਨ ਆਹੂਜਾ ਨੇ ਇਹ ਵੀ ਦਸਿਆ ਕਿ ਉਹ ਜਲ ਵਿਭਾਗ ਦੇ ਚੇਅਰਮੈਨ ਅਤੇ ਡੇਸੂ ਦੇ ਉਪ ਚੇਅਰਮੈਨ ਵੀ ਰਹੇ।
ਨਗਰ ਨਿਗਮ ਦੀ ਰਾਜਨੀਤੀ ਨਾਲ ਲੰਮਾਂ ਸਮਾਂ ਜੁੜੇ ਰਹੇ ਸੀਨੀਅਰ ਕਾਂਗ੍ਰਸੀ ਮੁੱਖੀ ਮੰਗਤ ਰਾਮ ਸਿੰਗਲ ਦਸਦੇ ਸਨ ਕਿ ਉਨ੍ਹਾਂ ਦਿਨਾਂ ਵਿੱਚ ਨਗਰ ਨਿਗਮ ਦੀਆਂ ਚੋਣਾਂ ਲੀਡਰੀ ਚਮਕਾਣ ਲਈ ਜਾਂ ਆਪਣਾ ਸਟੇਟਸ ਵਧਾਣ ਲਈ ਨਹੀਂ ਸੀ ਲੜੀਆਂ ਜਾਂਦੀਆਂ, ਜਿਵੇਂ ਕਿ ਅੱਜਕਲ ਲੜੀਆਂ ਜਾਦੀਆਂ ਹਨ। ਉਨ੍ਹਾਂ ਨੇ ਗਲਬਾਤ ਦੌਰਾਨ ਬਹੁਤ ਹੀ ਗੰਭੀਰ ਹੋ ਕੁਝ ਯਾਦ ਕਰਦਿਆਂ ਦਸਿਆ ਕਿ ਦਿੱਲੀ ਨਗਰ ਨਿਗਮ ਦੀ ਰਾਜਨੀਤੀ ਦਾ ਇੱਕ ਦੌਰ ਉਹ ਵੀ ਸੀ, ਜਦੋਂ ਲੋਕੀ ਸੇਵਾ ਲਈ ਇਸ ਰਾਜਨੀਤੀ ਵਿੱਚ ਆਉਂਦੇ ਸਨ। ਹਰ ਕੋਈ ਆਪਣਾ ਕੰਮ ਈਮਾਨਦਾਰੀ ਨਾਲ ਕਰਨਾ ਪਸੰਦ ਕਰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੌਰ ਵਿੱਚ ਬੇਈਮਾਨਾਂ ਦੀ ਗਿਣਤੀ ਇਤਨੀ ਘੱਟ ਸੀ ਕਿ ਉਨ੍ਹਾਂ ਨੂੰ ਉਂਗਲਾਂ ਪੁਰ ਗਿਣਿਆ ਜਾ ਸਕਦਾ ਸੀ, ਜਦਕਿ ਅਜਕਲ ਈਮਾਨਦਾਰ ਲੋਕੀ ਗਿਣੇ-ਚੁਣੇ ਰਹਿ ਗਏ ਹਨ। ਉਹ 1977 ਵਿੱਚ ਪਹਿਲੀ ਵਾਰ ਅਤੇ 1983 ਵਿੱਚ ਦੂਸਰੀ ਵਾਰ ਨਿਗਮ ਪਾਰਸ਼ਦ ਚੁਣੇ ਗਏ ਸਨ। ਉਸ ਸਮੇਂ ਨੇਤਾ ਆਮ ਲੋਕਾਂ ਵਿੱਚ ਬਣੇ ਰਹਿਣਾ ਪਸੰਦ ਕਰਦੇ ਸਨ। ਉਹ ਹਰ ਸ਼ਨੀਵਾਰ ਤੇ ਐਤਵਾਰ ਲੋਕਾਂ ਵਿੱਚ ਜਾ ਉਨ੍ਹਾਂ ਦੀਆਂ ਤਕਲੀਫਾਂ ਅਤੇ ਪ੍ਰੇਸ਼ਾਨੀਆਂ ਸੁਣਨ ਦਾ ਜਤਨ ਕਰਦੇ ਸਨ। ਜਦਕਿ ਉਸ ਸਮੇਂ ਦੇ ਵਿਰੁਧ ਅੱਜ ਦੇ ਨੇਤਾਵਾਂ ਅਤੇ ਆਮ ਲੋਕਾਂ ਵਿੱਚ ਦੂਰੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜਿਸ ਵਜ਼ੀਰਾਬਾਦ ਹਲਕੇ ਤੋਂ ਉਹ ਪਾਰਸ਼ਦ ਚੁਣੇ ਜਾਂਦੇ ਸਨ, ਉਸ ਵਿੱਚ ਹੁਣ ਤਿੰਨ ਵਿਧਾਨ ਸਭਾ ਹਲਕੇ ਬਣ ਗਏ ਹੋਏ ਹਨ।
ਇਸੇਤਰ੍ਹਾਂ 1966 ਤੋਂ 1977 ਤਕ ਮੈਟਰੋਪਾਲਿਟਨ ਕੌਂਸਲ ਦੇ ਕੌਂਸਲਰ ਵਜੋਂ ਕੰਮ ਕਰ ਚੁਕੇ ਭਾਜਪਾ ਨੇਤਾ ਓਪੀ ਬੱਬਰ ਨੇ ਦਸਿਆ ਕਿ ਦਿੱਲੀ ਨਗਰ ਨਿਗਮ ਦੇ ਪੁਰਾਣੇ ਢਾਂਚੇ ਵਿੱਚ ਪਾਰਸ਼ਦਾਂ ਪਾਸ ਬਹੁਤ ਜ਼ਿਆਦਾ ਸ਼ਕਤੀਆਂ ਹੁੰਦੀਆਂ ਸਨ। ਇਤਨਾ ਹੋਣ ਦੇ ਬਾਵਜੂਦ ਬਹੁਤੇ ਪਾਰਸ਼ਦ ਇੱਕ ਸੇਵਾਦਾਰ ਦੇ ਰੂਪ ਵਿੱਚ ਕੰਮ ਕਰਦੇ ਸਨ। ਇਹੀ ਕਾਰਣ ਸੀ ਕਿ ਦਿੱਲੀ ਦੇ ਆਮ ਲੋਕੀ ਪਾਰਸ਼ਦਾਂ ਦਾ ਬਹੁਤ ਹੀ ਸਨਮਾਨ ਕੀਤਾ ਕਰਦੇ ਸਨ। ਉਸ ਸਮੇਂ ਦੇ ਸਾਂਸਦਾਂ ਨਾਲੋਂ ਵੀ ਕਿਤੇ ਵੱਧ ਸ਼ਕਤੀਆਂ ਮੈਟਰੋਪਾਲਿਨ ਕੌਂਸਲਰਾਂ ਪਾਸ ਹੋਇਆ ਕਰਦੀਆਂ ਸਨ। ਆਪਣੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਦਸਿਆ ਕਿ ਪਾਰਸ਼ਦ ਆਪਣੇ ਘਰ ਤੋਂ ਬਸ ਪਕੜਨ ਲਈ ਵੀ ਨਿਕਲਦਾ ਤਾਂ ਉਸਨੂੰ ਕਈ ਵਾਰ ਰਸਤੇ ਵਿੱਚ ਹੀ ਇੱਕ ਘੰਟੇ ਤੋਂ ਵੀ ਵੱਧ ਦਾ ਸਮਾਂ ਲਗ ਜਾਂਦਾ।
....ਅਤੇ ਅੰਤ ਵਿੱਚ: ਅੱਜਕਲ ਜਿਵੇਂ ਚੋਣ ਪ੍ਰਚਾਰ ਕਰਦਿਆਂ ਅਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਢੋਲ-ਢਮਕਿਆਂ ਨਾਲ ਜਲੂਸ ਕੱਢ ਆਪਣੀ ਹਊਮੈ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉਸ ਸਮੇਂ ਅਜਿਹਾ ਕੁਝ ਨਹੀਂ ਸੀ ਹੁੰਦਾ। ਇਸ ਸੰਬੰਧ ਵਿੱਚ ਇੱਕ ਕਾਂਗ੍ਰਸੀ ਨੇਤਾ ਨੇ ਦਸਿਆ ਕਿ ੳਨ੍ਹਾਂ ਨੇ 1983 ਵਿੱਚ ਚਾਂਦਨੀ ਚੌਕ ਦੇ ਮਾਲੀਵਾੜਾ ਹਲਕੇ ਤੋਂ ਨਗਰ ਨਿਗਮ ਦੀ ਚੋਣ ਜਿੱਤੀ ਸੀ। ਉਸ ਸਮੇਂ ਉਨ੍ਹਾਂ ਕੋਲ ਨਾ ਤਾ ਕਈ ਗੱਡੀ ਸੀ ਤੇ ਨਾ ਹੀ ਕੋਈ ਸਾਈਕਲ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਮਹਾਮਾਰੀ ਕੋਰੋਨਾ : ਲਾਕਡਾਊਨ 'ਤੇ ਪੰਜਾਬ ਪੁਲਿਸ ...? - ਜਸਵੰਤ ਸਿੰਘ 'ਅਜੀਤ'
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ ਐਸ ਸੋਢੀ, ਜੋ ਮੂਲ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ, ਨੇ ਇਨ੍ਹਾਂ ਦਿਨਾਂ ਵਿੱਚ ਹੀ ਦਸਿਆ ਕਿ ਵਿਸ਼ਵ ਭਰ ਲਈ ਮੌਤ ਦੇ ਦੂਤ ਬਣੇ ਕੋਰੋਨਾ ਤੋਂ ਬਚਾਅ ਲਈ ਸਮੁਚੇ ਸੰਸਾਰ ਦੇ ਨਾਲ ਹੀ ਪ੍ਰਧਾਨ ਮੰਤਰੀ ਵਲੋਂ ਆਪਣੇ ਦੇਸ਼ ਲਈ ਐਲਾਨੇ ਗਏ ਲਾਕਡਾਊਨ ਦੇ ਚਲਦਿਆਂ ਜਿਵੇਂ ਦੇਸ਼ ਵਸੀਆਂ ਨੂੰ ਆਪਣੇ ਘਰਾਂ ਵਿੱਚ ਬੰਦ ਰਹਿਣ ਤੇ ਮਜਬੂਰ ਹੋਣਾ ਪੈ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਲਾਕਡਾਊਨ ਦੇ ਲਾਗੂ ਹੋ ਜਾਣ ਕਾਰਣ ਉਥੋਂ ਦੇ ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਹੀ ਦੁਬਕਿਆਂ ਰਹਿਣ ਤੇ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਹਾਲਾਤ ਵਿਚ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ। ਉਹ ਆਖਦੇ ਹਨ ਕਿ ਜਿਵੇਂ ਦੇਸ਼ ਦੇ ਦੂਸਰੇ ਹਿਸਿਆਂ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਣ ਲਈ, ਵਿਵਸਥਾ ਕਾਇਮ ਰਖਣ ਦੇ ਜ਼ਿਮੇਂਦਾਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹੋਏ ਹਨ, ਜਾਪਦਾ ਹੈ, ਪੰਜਾਬ ਦੇ ਸਮੁਚੇ ਅਧਿਕਾਰੀਆਂ ਨੂੰ ਜਾਂ ਤਾਂ ਅਜਿਹੇ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਜਾਂ ਫਿਰ ਉਨ੍ਹਾਂ ਵਿਚੋਂ ਕੁਝ-ਇੱਕ ਨੇ ਆਪਣੇ-ਆਪ ਹੀ ਆਪਣੇ ਲਈ ਦਿਸ਼ਾ-ਨਿਰਦੇਸ਼ ਨਿਸ਼ਚਿਤ ਕਰ ਲਏ ਹਨ, ਜਿਸ ਕਾਰਣ ਪੰਜਾਬ ਵਿੱਚ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਦੋ ਵੱਖ-ਵੱਖ ਰੂਪ : ਕਰੂਪ ਤੇ ਸਰੂਪ, ਵੇਖਣ ਨੂੰ ਮਿਲੇ ਹਨ। ਉਨ੍ਹਾਂ ਦਸਿਆ ਕਿ ਪੰਜਾਬ ਪੁਲਿਸ ਦੇ ਇੱਕ ਵਰਗ ਦਾ ਉਹੀ ਦਬੰਗ ਰਵੱਈਆ ਜਾਰੀ ਹੈ, ਉਸਨੂੰ ਇਸ ਗਲ ਦਾ ਸ਼ਾਇਦ ਅਹਿਸਾਸ ਤਕ ਨਹੀਂ ਕਿ ਲਾਕਡਾਊਨ ਲਾਗੂ ਹੋ ਜਾਣ ਕਾਰਣ ਆਮ ਲੋਕਾਂ ਨੂੰ ਜਿਵੇਂ ਘਰਾਂ ਵਿੱਚ ਬੰਦ ਰਹਿਣ ਤੇ ਮਜਬੂਰ ਹੋਣਾ ਪੈ ਗਿਆ ਹੈ, ਉਸਦੇ ਚਲਦਿਆਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨਾਲ ਨਿਪਟਣ ਲਈ ਆਮ ਲੋਕਾਂ ਪ੍ਰਤੀ ਸਹਿਯੋਗੀ ਵਤੀਰਾ ਅਪਨਾਉਣ ਦੇ ਲਈ ਕਈ ਦਿਸ਼ਾ-ਨਿਰਦੇਸ਼ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਜਾਰੀ ਕੀਤੇ ਗਏ ਹੋਏ ਹਨ। ਬੀਮਾਰਾਂ ਲਈ ਦਵਾਈਆਂ ਦੀ ਸਪਲਾਈ ਅਤੇ ਇਲਾਜ, ਗਰੀਬਾਂ/ਮਜ਼ਦੂਰਾਂ ਲਈ ਖਾਣ-ਪੀਣ ਦੀਆਂ ਲੋੜੀਂਦੀਆਂ ਵਸਤਾਂ ਦੀ ਸਪਲਾਈ ਆਦਿ ਸਹਿਤ ਕਈ ਮਹਤੱਵਪੂਰਣ ਸਹੂਲਤਾਂ ਉਪਲਬੱਧ ਕਰਵਾਏ ਜਾਣ ਦੇ ਦਿਸ਼ਾ ਨਿਰਦੇਸ਼ ਸ਼ਾਮਲ ਹਨ।
ਜਸਟਿਸ ਸੋਢੀ ਅਨੁਸਾਰ, ਉਨ੍ਹਾਂ ਵੇਖਿਆ ਕਿ ਜਿਵੇਂ ਅਨੰਦਪੁਰ ਸਾਹਿਬ ਵਿਖੇ ਤੈਨਾਤ ਪੰਜਾਬ ਪੁਲਿਸ ਦੇ ਕੁਝ ਕਰਮਚਾਰੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਪਾਲਣ ਪ੍ਰਤੀ ਗੰਭੀਰ ਨਹੀਂ, ਜਦਕਿ ਇਨ੍ਹਾਂ ਹਾਲਾਤ ਵਿੱਚ ਉਨ੍ਹਾਂ ਨੂੰ ਇਸ ਪਾਸੇ ਬਹੁਤ ਹੀ ਗੰਭੀਰ ਹੋਣਾ ਚਾਹੀਦਾ ਹੈ। ਸ਼ਾਇਦ ਉਹ ਸਮਝਦੇ ਹਨ ਕਿ ਲੋਕਾਂ ਨੂੰ 'ਲਾਕ-ਅੱਪ' ਵਿੱਚ ਅਰਥਾਤ ਘਰਾਂ ਵਿੱਚ ਬੰਦ ਕਰੀ ਰਖਣਾ ਹੀ ਉਸਦੀ ਮੁਖ ਜ਼ਿਮੇਂਦਾਰੀ ਹੈ। ਉਸਨੂੰ ਸ਼ਾਇਦ ਇਸ ਗਲ ਦਾ ਅਹਿਸਾਸ ਨਹੀਂ ਕਿ ਲੋਕਾਂ ਦੀਆਂ ਹੋਰ ਵੀ ਕਈ ਮੁਢਲੀਆਂ ਲੋੜਾਂ ਹਨ, ਜਿਨ੍ਹਾਂ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਪ੍ਰਤੀ ਹਮਦਰਦੀ ਭਰਿਆ ਸਹਿਯੋਗੀ ਵਤੀਰਾ ਅਪਨਾਇਆ ਜਾਣਾ ਬਹੁਤ ਜ਼ਰੂਰੀ ਹੈ।
ਉਹ ਦਸਦੇ ਹਨ ਕਿ ਇਸ ਗਲ ਦਾ ਅਹਿਸਾਸ ਉਨ੍ਹਾਂ ਨੂੰ ਬੀਤੇ ਦਿਨੀਂ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੇ ਅਨੰਦਪੁਰ ਸਾਹਿਬ ਵਿਖੇ ਸਥਿਤ ਆਪਣੀ ਹਵੇਲੀ ਦਾ ਕੁਝ ਕੰਮ ਕਰਵਾਣ ਲਈ ਮਜ਼ਦੂਰ ਲਾਏ, ਜਿਨ੍ਹਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਅਦਾਇਗੀ ਵੀ ਹੋ ਗਈ, ਪਰ ਉਹ ਹਵੇਲੀ ਵਿਚੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹੋ ਪਾ ਰਹੇ। ਉਨ੍ਹਾਂ ਨੂੰ ਡਰ ਹੈ ਕਿ ਜੇ ਉਹ ਬਾਹਰ ਨਿਕਲਦੇ ਹਨ ਤਾਂ ਪੰਜਾਬ ਦੀ ਪੁਲਿਸ ਉਨ੍ਹਾਂ ਨਾਲ ਸਹਿਯੋਗੀ ਦੇ ਰੂਪ ਵਿੱਚ ਪੇਸ਼ ਨਹੀਂ ਆਇਗੀ, ਸਗੋਂ ਡੰਡੇ ਦੇ ਜ਼ੋਰ ਨਾਲ ਉਨ੍ਹਾਂ ਨੂੰ ਅੰਦਰ ਹੀ ਬੰਦ ਰਹਿਣ ਤੇ ਮਜਬੂਰ ਕਰ ਦੇਵੇਗੀ। ਇਸੇ ਡਰ ਕਾਰਣ ਹੀ ਉਹ ਨਾ ਤਾਂ ਖਾਣ-ਪੀਣ ਦੇ ਸਾਮਾਨ ਦਾ ਪ੍ਰਬੰਧ ਕਰਨ ਲਈ ਬਾਹਰ ਨਿਕਲਦੇ ਹਨ ਤੇ ਨਾ ਹੀ ਆਪਣੇ ਟਿਕਾਣੇ ਤੇ ਜਾਣ ਲਈ। ਇਥੋਂ ਤਕ ਕਿ ਉਨ੍ਹਾਂ ਦਾ ਇੱਕ ਸਾਥੀ ਬੀਮਾਰ ਪਿਆ ਹੋਇਆ ਹੈ, ਉਸਦਾ ਇਲਾਜ ਵੀ ਉਹ ਨਹੀਂ ਕਰਵਾ ਰਹੇ। ਉਹ ਹਵੇਲੀ ਤੋਂ ਬਾਹਰ ਨਿਕਲ ਉਸਨੂੰ ਡਾਕਟਰ ਨੂੰ ਵਿਖਾਣ ਲਈ ਜਾਣ ਤੋਂ ਵੀ ਡਰਦੇ ਹਨ। ਜਸਟਿਸ ਸੋਢੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਵਿਵਸਥਾ ਕਾਇਮ ਰਖਣ ਦੇ ਜ਼ਿਮੇਂਦਾਰ ਸਮੂਹ ਅਧਿਕਾਰੀਆਂ (ਡੀਐਮ) ਆਦਿ ਨੂੰ ਸਖਤੀ ਨਾਲ ਹਿਦਾਇਤਾਂ ਜਾਰੀ ਕਰੇ ਕਿ ਉਹ ਅਜਿਹੇ ਵਿਸ਼ਵ-ਪਧੱਰੀ ਸੰਕਟ ਵਿੱਚ ਸਾਥ ਦੇ ਰਹੇ ਲੋਕਾਂ ਦੀਆਂ ਸਮੁਚੇ ਰੂਪ ਵਿੱਚ ਜ਼ਰੂਰੀ ਲੋੜਾਂ ਨੂੰ ਪੂਰਿਆਂ ਕਰਦਿਆਂ ਰਹਿਣ ਵਿੱਚ ਸਹਿਯੋਗ ਕਰਨ ਦੀ ਨੀਤੀ ਅਪਨੇ ਕੇ ਚਲਣ, ਤਾਂ ਜੋ ਇਸ ਸੰਕਟ ਦਾ ਸਫਲਤਾ ਸਹਿਤ ਮੁਕਾਬਲਾ ਕੀਤਾ ਜਾ ਸਕੇ।
ਪੰਜਾਬ ਪੁਲਿਸ ਦਾ ਦੂਸਰਾ ਰੂਪ - ਸਰੂਪ: ਜਸਟਿਸ ਆਰ ਐਸ ਸੋਢੀ ਨੇ ਦਸਿਆ ਕਿ ਇਸਦੇ ਵਿਰੁਧ ਉਨ੍ਹਾਂ ਨੂੰ ਪੰਜਾਬ ਪੁਲਿਸ ਦਾ ਦੂਸਰਾ ਰੂਪ, ਜਿਸਨੂੰ ਸਰੂਪ ਕਿਹਾ ਜਾ ਸਕਦਾ ਹੈ, ਵੀ ਵੇਖਣ ਨੂੰ ਮਿਲਿਆ। ਉਹ ਇਹ ਸੀ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਬੜੀ ਸ਼ਿਦਤ ਨਾਲ ਲੋੜਵੰਦਾਂ ਦੀ ਮਦਦ ਕਰਨ ਵਿੱਚ ਜੁਟੇ ਹੋਏ ਹਨ। ਇਥੋਂ ਤਕ ਕਿ ਲੋੜਵੰਦਾਂ ਦੇ ਘਰਾਂ ਤਕ ਜਾ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਪੁਚਾ ਰਹੇ ਹਨ। ਗਰੀਬਾਂ ਦੀ ਮਦਦ ਲਈ ਵੀ ਉਨ੍ਹਾਂ ਦੇ ਹੱਥ ਵਧੇ ਹੋਏ ਹਨ ਤੇ ਉਨ੍ਹਾਂ ਬਿਨਾਂ ਕਿਸੇ ਵਿਤਕਰੇ ਦੇ ਸੇਵਾ ਕਰਨ ਵਿੱਚ ਜੁਟੇ ਵਿਖਾਈ ਦੇ ਰਹੇ ਹਨ। ਜਸਟਿਸ ਸੋਢੀ ਅਨੁਸਾਰ ਪੰਜਾਬ ਪੁਲਿਸ ਦਾ ਇਹ ਉਹ ਰੂਪ ਹੈ, ਜਿਸਨੂੰ ਵੇਖਣ ਲਈ ਪੰਜਾਬਵਾਸੀ ਚਿਰਾਂ ਤੋਂ ਤਰਸਦੇ ਚਲੇ ਆ ਰਹੇ ਸਨ।
ਨੋਟਾਂ-ਸਿਕਿੱਆਂ ਵਿੱਚ ਲੈਣ-ਦੇਣ...: ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਦੌਰਾਨ ਭਾਰਤੀ ਬੈਂਕ ਸੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੁਪਿਆਂ ਅਤੇ ਸਿਕਿੱਆਂ ਦਾ ਲੈਣ-ਦੇਣ ਕਰਨ ਦੇ ਬਾਅਦ ਸਾਬਣ ਨਾਲ ਹੱਥ ਜ਼ਰੂਰ ਧੋਣ। ਆਈਬੀਏ ਨੇ ਬੈਂਕ ਗ੍ਰਾਹਕਾਂ ਨੂੰ ਕਿਹਾ ਹੈ ਕਿ ਜਿਥੋਂ ਤਕ ਸੰਭਵ ਹੋ ਸਕੇ ਲੈਣ-ਦੇਣ ਲਈ ਆਨ-ਲਾਈਨ ਅਤੇ ਮੋਬਾਇਲ ਬੈਂਕਿੰਗ ਦੀ ਵਰਤੋਂ ਕਰਨ ਅਤੇ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਜਾਣ ਤੋਂ ਬਚਣ। ਆਈਬੀਏ ਦਾ ਕਹਿਣਾ ਹੈ ਕਿ ਅਜਿਹਾ ਨਾ ਕਰਨ ਦੇ ਕਾਰਣ ਬੈਂਕਾਂ ਦੇ ਗ੍ਰਾਹਕਾਂ ਨੂੰ ਸਿਧੀਆਂ ਸੇਵਾਵਾਂ ਦੇਣ ਵਾਲੇ ਬੈਂਕ ਕਰਮਚਾਰੀਆਂ ਲਈ ਖਤਰਾ ਪੈਦਾ ਹੋ ਸਕਦਾ ਹੈ।
...ਅਤੇ ਅੰਤ ਵਿੱਚ : ਕੁਝ ਸਮਾਂ ਪਹਿਲਾਂ ਸੁਪ੍ਰੀਮ ਕੋਰਟ ਦਾ ਇੱਕ ਫੈਸਲਾ ਸਾਹਮਣੇ ਆਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 'ਆਨਰ ਕਿਲਿੰਗ ਦੇਸ਼ ਪੁਰ ਇੱਕ ਬਦਨੁਮਾ ਧੱਬਾ ਹੈ'। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਉਸਦੀ ਰਾਇ ਵਿੱਚ ਕਿਸੇ ਵੀ ਕਾਰਣ ਕਰਕੇ 'ਆਨਰ ਕਿਲਿੰਗ' ਹੋਵੇ, ਉਹ 'ਰੇਅਰੇਸਟ ਆਫ ਰੇਅਰ' ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਅਜਿਹੇ ਗੁਨਾਹਾਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਸਟਿਸ ਮਰਕੰਡੇ ਕਾਟਜੂ ਅਤੇ ਜਸਟਿਸ ਗਿਆਨਸੁਧਾ ਮਿਸਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸਤਰ੍ਹਾਂ ਦੇ ਅਣ-ਮਨੁਖੀ ਕਾਰਿਆਂ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਅਦਾਲਤ ਨੇ ਕਿਹਾ ਕਿ ਅਜਿਹੇ ਸਾਰੇ ਲੋਕਾਂ ਨੂੰ, ਜੋ ਇਸਤਰ੍ਹਾਂ ਦੀ ਹਤਿਆ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਂਦੇ ਹਨ, ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਫਾਂਸੀ ਦਾ ਫੰਦਾ ਤਿਆਰ ਹੈ।
ਸੁਪ੍ਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਹੋਰ ਕਿਹਾ ਕਿ ਕਈ ਲੋਕੀ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਸੱਕੇ ਸੰਬੰਧੀ, ਜਵਾਨ ਇਸਤ੍ਰੀ ਜਾਂ ਪੁਰਸ਼ ਦੇ ਵਿਹਾਰ ਕਾਰਣ ਉਨ੍ਹਾਂ ਦੀ ਬੇਇਜ਼ਤੀ ਹੋਈ ਹੈ। ਕਈ ਵਾਰ ਅਜਿਹੇ ਜਵਾਨ ਆਪਣੀ ਮਰਜ਼ੀ ਨਾਲ ਸ਼ਾਦੀ ਕਰਨਾ ਚਾਹੁੰਦੇ ਹਨ। ਇਸ ਕਾਰਣ ਉਨ੍ਹਾਂ ਦੇ ਰਿਸ਼ਤੇਦਾਰ ਕਾਨੂੰਨ ਆਪਣੇ ਹੱਥ ਵਿੱਚ ਲੈ ਲੈਂਦੇ ਹਨ ਅਤੇ ਇਸ ਦੌਰਾਨ ਉਹ ਕਈ ਵਾਰ ਹਤਿਆ ਤਕ ਦੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਸੰਸਾਰ ਵਿੱਚ ਜੱਥੇਬੰਦੀ ਦੀ ਮਹਤੱਤਾ ਬਨਾਮ ਸਿੱਖ ਜਥੇਬੰਦੀ - ਜਸਵੰਤ ਸਿੰਘ 'ਅਜੀਤ'
ਕਾਫੀ ਸਮਾਂ ਹੋਇਆ ਏ ਗਿਆਨੀ ਗੁਰਦਿਤ ਸਿੰਘ ਸੰਪਾਦਤ ਪੁਸਤਕ 'ਸਿੱਖ ਜਥੇਬੰਦੀ' ਪੜ੍ਹਨ ਦਾ ਮੌਕਾ ਮਿਲਿਆ ਸੀ। ਉਸ ਵਿੱਚਲੇ ਇਕ ਮਜ਼ਮੂਨ, 'ਜੱਥੇਬੰਦੀ ਅਤੇ ਸਿੱਖ ਜੱਥੇਬੰਦੀ' ਵਿੱਚ ਗਿਆਨੀ ਗੁਰਦਿਤ ਸਿੰਘ ਨੇ ਜੱਥੇਬੰਦੀ ਦੀ ਮਹਤੱਤਾ ਦਾ ਜ਼ਿਕਰ ਕਰਦਿਆਂ, ਸਭ ਤੋਂ ਪਹਿਲਾਂ ਬੁੱਧਮਤ ਵਿੱਚ ਜੱਥੇਬੰਦੀ ਦੀ ਮਾਨਤਾ ਦਾ ਉਦਾਹਰਣ ਦਿੰਦਿਆਂ ਦਸਿਆ ਕਿ ਮਹਾਤਮਾ ਬੁੱਧ ਇਕ ਵਾਰ ਵੈਸ਼ਾਲੀ ਦੇ ਮੁਕਾਮ ਤੇ ਠਹਿਰੇ ਹੋਏ ਸਨ। ਉਥੋਂ ਦੇ ਰਾਜਿਆਂ ਅਤੇ ਰਾਜਕੁਮਾਰਾਂ ਦੀ ਅਗਵਾਈ ਵਿੱਚ ਕੰਮ ਕਰ ਰਹੇ ਸੰਗਠਨ ਦੀ ਸੁੰਦਰ ਵਿਵਸਥਾ ਅਤੇ ਚੰਗੇ ਪ੍ਰਬੰਧ ਨੂੰ ਵੇਖ, ਉਹ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਦੇ ਦਿੱਲ ਵਿੱਚ ਇਹ ਸੋਚ ਉਭਰੀ ਕਿ ਕਿਉਂ ਨਾ ਇਸੇ ਵਿਵਸਥਾ ਦੇ ਅਧਾਰ ਤੇ ਬੁਧ-ਭਿਖਸ਼ੂਆਂ ਦੇ ਸੰਗਠਨ ਨੂੰ ਜਥੇਬੰਦ ਕੀਤਾ ਜਾਏ। ਇਹ ਸੋਚ ਆਉਣ ਤੇ ਉਨ੍ਹਾਂ ਆਪਣੇ ਸਕੱਤ੍ਰ ਅਨੰਦ, ਜੋ ਉਨ੍ਹਾਂ ਦਾ ਭਤੀਜਾ ਸੀ, ਨੂੰ ਕਿਹਾ ਕਿ ਵੈਸ਼ਾਲੀ ਦੇ ਰਾਜਿਆਂ ਦਾ ਰਾਜ-ਪ੍ਰਬੰਧ ਬਹੁਤ ਹੀ ਉਤਮ ਅਤੇ ਮਰਿਆਦਾ-ਪੂਰਣ ਤਰੀਕੇ ਨਾਲ ਚਲ ਰਿਹਾ ਹੈ। ਕੋਈ ਕਿਸੇ ਨਾਲ ਝਗੜਾ ਨਹੀਂ ਕਰਦਾ, ਸਾਰੇ ਹੀ ਆਪੋ-ਆਪਣੀ ਥਾਂ ਨੀਯਤ ਮਰਿਆਦਾ ਅਨੁਸਾਰ ਕਾਰਜਾਂ ਦੀਆਂ ਜ਼ਿਮੇਂਦਾਰੀਆਂ ਨਿਭਾਉਂਦੇ ਹਨ। ਨੀਯਤ ਸਮੇਂ ਤੇ ਪ੍ਰਬੰਧ ਬਦਲਣ ਵਿੱਚ ਕੋਈ ਹਿਚਕਿਚਾਹਟ ਨਹੀਂ ਵਿਖਾਈ ਜਾਂਦੀ। ਜੋ ਕਿਸੇ ਸਮੇਂ ਧੂਮ-ਧੜਾਕੇ ਨਾਲ ਅਹੁਦਾ ਸੰਭਾਲਦੇ ਹਨ, ਉਹ ਸਮਾਂ ਆਉਣ ਤੇ ਬਹੁਤ ਹੀ ਸਰਲਤਾ ਨਾਲ ਅਹੁਦਾ ਤਿਆਗ ਦਿੰਦੇ ਹਨ। ਉਨ੍ਹਾਂ ਅਨੰਦ ਨੂੰ ਸਲਾਹ ਦਿਤੀ ਕਿ ਉਹ ਆਪ ਵੈਸ਼ਾਲੀ-ਸੰਘ ਦੇ ਰਾਜ ਪ੍ਰਬੰਧਕਾਂ ਪਾਸ ਜਾ ਕੇ ਪਤਾ ਕਰੇ ਕਿ ਉਨ੍ਹਾਂ ਦੀ ਰਾਜ-ਪ੍ਰਬੰਧ ਸਬੰਧੀ ਨਿਯਮਾਵਲੀ ਕੀ ਹੈ ਅਤੇ ਉਸ ਅਨੁਸਾਰ ਉਹ ਕਿਵੇਂ ਆਚਰਣ ਦਾ ਪਾਲਣ ਕਰਦੇ ਹਨ, ਤਾਂ ਜੋ ਬੌਧੀ ਸੰਘ ਲਈ ਵੀ ਉਹੋ ਜਿਹੇ ਹੀ ਅਸੂਲ ਸਥਾਪਤ ਕਰ ਉਸਦਾ ਇਕ ਧਾਰਮਕ ਸੰਗਠਨ ਬਣਾਇਆ ਜਾਏ।
ਇਸ ਤੋਂ ਬਾਅਦ ਉਨ੍ਹਾਂ ਈਸਾਈ ਜਥੇਬੰਦੀ ਦੀ ਚਰਚਾ ਕਰਦਿਆਂ ਲਿਖਿਆ ਕਿ ਈਸਾਈ ਧਰਮ ਦੇ ਮਿਸ਼ਨਰੀ, ਆਪੋ-ਆਪਣੇ ਸੇਵਾ-ਸਾਧਨਾ ਨੂੰ ਰੱਜ ਕੇ ਵਰਤਣ ਦੀ ਇੱਛਾ ਅਧੀਨ, ਆਪਣੇ ਸੁਸਿਖਿਅਤ ਹੋਣ ਦਾ ਲਾਭ ਉਠਾਂਦਿਆਂ, ਪੂਰੀ ਨਿਸ਼ਠਾ ਨਾਲ ਦਿਨ-ਰਾਤ ਜੁਟੇ ਹੋਏ ਹਨ, ਜਿਸ ਕਾਰਣ ਉਨ੍ਹਾਂ ਦੇ ਧਰਮ ਨੇ ਬਹੁਤ ਉਨੱਤੀ ਕੀਤੀ ਹੈ। ਜਿੱਥੇ ਗ਼ਰੀਬੀ ਤੇ ਦਲਿਦਰਤਾ ਹੈ, ਲੋਕਾਂ ਵਿੱਚ ਭੁਖ ਹੈ, ਈਸਾਈ ਮਿਸ਼ਨਰੀ ਉਥੇ ਰੱਬੀ ਸੱਦਾ ਸਮਝ ਕੇ, ਬਿਨਾ ਕੋਈ ਦੇਰੀ ਕੀਤਿਆਂ ਜੱਥੇ ਬਣਾ, ਸੇਵਾ ਲਈ ਪੁਜ ਜਾਂਦੇ ਹਨ। ਇਨ੍ਹਾਂ ਦੇ ਵਿਦਿਅਕ ਪ੍ਰਬੰਧ ਅਤੇ ਹਸਪਤਾਲਾਂ ਦੀ ਪ੍ਰਬੀਨਤਾ ਇਤਨੀ ਉਤਮ ਹੈ ਕਿ ਹਰ ਵਿਅਕਤੀ ਦੀ ਸਭ ਤੋਂ ਪਹਿਲੀ ਇਹੀ ਇੱਛਾ ਹੁੰਦੀ ਹੈ ਕਿ ਜੇ ਉਹ ਆਪਣਾ ਬੱਚਾ ਪੜ੍ਹਾਏ ਤਾਂ ਈਸਾਈਆਂ ਦੇ ਸਕੂਲ ਵਿੱਚ ਹੀ ਅਤੇ ਜੇ ਬੀਮਾਰੀ ਦਾ ਇਲਾਜ ਕਰਾਏ ਤਾਂ ਉਨ੍ਹਾਂ ਦੇ ਹੀ ਹਸਪਤਾਲ ਵਿੱਚ।
ਫਿਰ ਉਨ੍ਹਾਂ ਇਸਲਾਮ ਦੀ ਗਲ ਕਰਦਿਆਂ ਲਿਖਿਆ ਕਿ ਇਸਲਾਮ ਵਿੱਚ ਜਮਾਤ ਨੂੰ ਹੀ ਕਰਾਮਾਤ ਮੰਨਿਆ ਜਾਂਦਾ ਹੈ। ਇਕੋ ਤਰ੍ਹਾਂ ਦੀ ਜੀਵਨ-ਸ਼ੈਲੀ ਨੂੰ ਅਪਨਾਣ ਤੇ ਜ਼ੋਰ ਦਿੱਤਾ ਜਾਂਦਾ ਹੈ। ਹਜ਼ਾਰਾਂ ਨਹੀਂ, ਸਗੋਂ ਲੱਖਾਂ ਦਾ ਇਕੱਠ ਇਕੋ ਸਮੇਂ ਨਿਯਮ ਦਾ ਪਾਲਣ ਕਰਦਿਆਂ ਨਮਾਜ਼ ਪੜ੍ਹਨ ਸਮੇਂ ਇੱਕ ਕਤਾਰ ਵਿੱਚ ਇਕੋ ਤਰੀਕੇ ਨਾਲ ਸਾਰੀ ਰਸਮ ਨੂੰ ਪੂਰਿਆਂ ਕਰਦਾ ਹੈ, ਜੋ ਕਿ ਜਮਾਤ ਦੀ ਜ਼ਾਹਿਰਾ ਕਰਾਮਾਤ ਹੈ। ਇਸਦੇ ਨਾਲ ਹੀ ਉਹ ਲਿਖਦੇ ਹਨ ਕਿ ਇਸਲਾਮ ਦੀ ਤੰਗ-ਨਜ਼ਰੀ ਤੇ ਜਨੂੰਨ ਉਸਦੇ ਵਰਤਮਾਨ ਸੰਸਾਰ ਵਿੱਚ ਵਧਣ-ਫੁਲਣ ਵਿੱਚ ਰੁਕਾਵਟ ਹੈ, ਜਿਸਨੂੰ ਉਸਦੇ ਪੈਰੋਕਾਰ ਜਨੂੰਨੀ 'ਧੱਕੇ' ਨਾਲ ਪੂਰਿਆਂ ਕਰ ਲੈਂਦੇ ਹਨ।
ਉਹ ਸਵੀਕਾਰਦੇ ਹਨ ਕਿ ਇਨ੍ਹਾਂ ਮਜ਼੍ਹਬਾਂ ਦੀ ਉਨਤੀ ਅਤੇ ਇਨ੍ਹਾਂ ਦੇ ਵੱਧਣ-ਫੁਲਣ ਪਿੱਛੇ, ਉਨ੍ਹਾਂ ਦੇ ਪੈਰੋਕਾਰਾਂ ਦੀ ਨਿਸ਼ਠਾ, ਉਨ੍ਹਾਂ ਦੇ ਆਪਸੀ ਸਨੇਹ, ਉਨ੍ਹਾਂ ਵਿੱਚਲੀ ਆਪਣੇ ਮਜ਼੍ਹਬ ਲਈ ਕੁਝ ਕਰਨ ਦੀ ਤੰਮਨਾ ਅਤੇ ਜਥੇਬੰਦੀ ਰਾਹੀਂ ਕੁਝ ਕਰ ਵਿਖਾਉਣ ਦਾ ਜਜ਼ਬਾ ਕੰਮ ਕਰ ਰਿਹਾ ਹੈ।
ਗਿਆਨੀ ਗੁਰਦਿਤ ਸਿੰਘ ਅਨੁਸਾਰ, ਸਿੱਖ ਪੰਥ ਦੇ ਵਧੱਣ-ਫੁਲਣ ਦੇ ਪਿੱਛੇ, ਜੋ ਵਰਨਣਯੋਗ ਕਾਰਣ ਹਨ, ਉਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਣ ਸੰਗਤਾਂ ਦੀ ਸਥਾਪਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਜਾਂਦੇ ਸਨ, ਉਥੇ ਹੀ ਸੰਗਤ ਕਾਇਮ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਸੰਗਤਾਂ ਦਾ ਜਾਲ ਵਿੱਛਾ ਦਿੱਤਾ। ਸੰਗਤਾਂ ਕਾਇਮ ਹੋਣ ਦੇ ਨਾਲ ਹੀ ਉਨ੍ਹਾਂ ਦੇ ਮਿਲ ਬੈਠਣ ਲਈ ਧਰਮਸ਼ਾਲਾਵਾਂ ਸਥਾਪਤ ਕੀਤੀਆਂ ਗਈਆਂ। ਪ੍ਰਿੰਸੀਪਲ ਹਰਿਭਜਨ ਸਿੰਘ ਨੇ ਸੰਗਤ ਅਤੇ ਧਰਮਸਾਲ ਦੀ ਪਰਿਭਾਸ਼ਾ ਦਾ ਵਰਨਣ ਕਰਦਿਆਂ ਲਿਖਿਆ ਹੈ, ''(ਜਦੋਂ) ਸਤਿਗੁਰ ਨਾਨਕ ਦੇਵ ਜੀ ਪ੍ਰਭੂ ਨਾਲ ਇਕ-ਸੁਰ ਹੋਏ ਤਾਂ ਉਨ੍ਹਾਂ ਮਨੁੱਖ-ਮਾਤ੍ਰ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ 'ਸਗਲੀ ਚਿੰਤਾ' ਮਿਟਾ ਦੇਣ ਵਾਲੀ 'ਧੁਰ ਕੀ ਬਾਣੀ' ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।ਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ (ਗੁਰਦੁਆਰਾ) ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ''।
ਉਨ੍ਹਾਂ ਵਲੋਂ ਕੀਤੀ ਗਈ ਇਹ ਪਰਿਭਾਸ਼ਾ ਇਸ ਗਲ ਦੀ ਪ੍ਰਤੀਕ ਹੈ ਕਿ 'ਧਰਮਸਾਲ', ਜਿਸਨੂੰ ਬਾਅਦ ਵਿੱਚ 'ਗੁਰਦੁਆਰੇ' ਦਾ ਨਾਂ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ 'ਧੁਰ ਕੀ ਬਾਣੀ' ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ 'ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।
ਇਨ੍ਹਾਂ ਧਰਮਸ਼ਾਲਾਵਾਂ ਵਿੱਚ ਸੰਗਤਾਂ ਆਪੋ ਵਿੱਚ ਜੁੜ ਬੈਠਦੀਆਂ, ਆਪਸੀ ਭਾਵਨਾਵਾਂ ਨੂੰ ਸਾਂਝਿਆਂ ਕਰਦੀਆਂ ਅਤੇ ਗੁਰੂ ਸਾਹਿਬ ਵਲੋਂ ਮਨੁੱਖ-ਮਾਤ੍ਰ ਦੀ ਭਲਾਈ ਤੇ ਸਰਬ-ਸਾਂਝੀਵਾਲਤਾ ਦੇ ਵਿਖਾਏ ਮਾਰਗ ਤੇ ਚਲਦਿਆਂ ਸਿੱਖੀ ਦਾ ਪ੍ਰਚਾਰ ਕਰਦੀਆਂ। ਇਸੇ ਮਾਰਗ ਤੇ ਚਲਦਿਆਂ ਹੋਇਆਂ ਹੀ ਸਿੱਖਾਂ ਵਿੱਚ ਪਰਉਪਕਾਰ ਅਤੇ ਲੋਕ-ਭਲਾਈ ਦੀ ਭਾਵਨਾ ਪ੍ਰਜਵਲਿਤ ਹੋਈ ਅਤੇ ਗੁਰੂ ਸਾਹਿਬ ਦੇ ਆਦਰਸ਼ਾਂ ਪੁਰ ਪਹਿਰਾ ਦੇਣ ਵਾਲੇ ਜਾਤ-ਪਾਤ ਰਹਿਤ ਅਤੇ ਤ੍ਰਿਸ਼ਨਾ-ਹੀਨ ਮਨੁਖ ਦੀ ਸਿਰਜਨਾ ਹੋਈ।
..'ਤੇ ਸਿੱਖ ਸੰਸਥਾ ਟੁੱਟਣ ਲਗੀ : ਗੁਰੂ ਸਾਹਿਬਾਨ ਦੇ ਸਮੇਂ ਅਤੇ ਉਸਤੋਂ ਬਾਅਦ ਸਿੱਖੀ ਪੁਰ ਛੋਟੇ-ਵੱਡੇ ਅਨੇਕਾਂ ਸੰਕਟ ਆਏ। ਗੁਰੂ ਸਾਹਿਬਾਨ ਵਲੋਂ ਸਥਾਪਤ ਤ੍ਰਿਸ਼ਨਾ, ਕਾਮਨਾ ਅਤੇ ਲਾਲਸਾ-ਹੀਨ ਜਥੇਬੰਦੀ ਨੇ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ। ਪ੍ਰੰਤੂ ਜਦੋਂ ਸੱਤਾ-ਲਾਲਸਾ ਸਿੱਖ ਮੁਖੀਆਂ ਦੇ ਦਿਲਾਂ ਵਿੱਚ ਘਰ ਕਰਨ ਲਗੀ ਤਾਂ ਇਸ ਜਥੇਬੰਧਕ ਸ਼ਕਤੀ ਵਿੱਚ ਤਰੇੜਾਂ ਉਭਰਨ ਲਗੀਆਂ। ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਨਸਾਫ-ਭਰਪੂਰ ਤੇ ਸਰਬ-ਸਾਂਝੀਵਾਲਤਾ ਦਾ ਵਾਤਾਵਰਣ ਕਾਇਮ ਰਿਹਾ, ਪ੍ਰੰਤੂ ਸੱਤਾ-ਸੁਖ ਮਾਣਦਿਆਂ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਅਣਗੋਲਿਆਂ ਕੀਤਾ ਜਾਣ ਲਗਾ। ਰਾਜ-ਸੱਤਾ ਘਰੋਗੀ ਅਤੇ ਖਾਨਦਾਨੀ ਬਣ ਜਾਣ ਕਾਰਣ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਅਜਿਹੀ ਭਿਆਨਕ ਖਾਨਾਜੰਗੀ ਮੱਚੀ ਕਿ ਅਨੇਕਾਂ ਘਾਲਣਾਵਾਂ ਰਾਹੀਂ ਉਨ੍ਹਾਂ ਵਲੋਂ ਕਾਇਮ ਕੀਤੇ ਰਾਜ ਸਮੇਤ, ਉਨ੍ਹਾਂ ਦਾ ਸਮੁਚਾ ਖਾਨਦਾਨ ਹੀ ਟੋਟੇ-ਟੋਟੇ ਹੋ ਗਿਆ। ਸਿੱਖਾਂ ਦੀ ਗਿਣਤੀ ਸਵਾ ਕਰੋੜ ਤੋਂ ਘਟ ਕੇ 25 ਲੱਖ ਦੇ ਕਰੀਬ ਰਹਿ ਗਈ।
ਸਮਾਂ ਬਦਲਿਆ : ਸਮੇਂ ਦੇ ਬੀਤਣ ਨਾਲ ਸਿੱਖ ਜਥੇਬੰਦੀ ਦਾ ਸਰੂਪ ਵੀ ਬਦਲਦਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਗੁਰਧਾਮਾਂ ਪੁਰ ਕਾਬਜ਼ ਹੋਏ ਮਹੰਤਾਂ ਨੇ ਗੁਰਧਾਮਾਂ ਦੀਆਂ ਸਥਾਪਤ ਮਰਿਆਦਾਵਾਂ ਨੂੰ ਬਦਲਣਾ ਅਤੇ ਉਨ੍ਹਾਂ ਦੀ ਪਵਿਤ੍ਰਤਾ ਨੂੰ ਭੰਗ ਕਰਨਾ ਸ਼ੁਰੂ ਕਰ ਦਿਤਾ। ਮਹੰਤਾਂ ਦੇ ਚੁੰਗਲ ਵਿਚੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਵਿਢਿਆ ਗਿਆ। ਅਨੇਕਾਂ ਕੁਰਬਾਨੀਆਂ ਤੋਂ ਬਾਅਦ ਗੁਰਧਾਮ ਆਜ਼ਾਦ ਹੋਏ। ਜਿਨ੍ਹਾਂ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਅਤੇ ਉਸਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ। ਕੁਝ ਹੋਰ ਸਮਾਂ ਬੀਤਿਆ! ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਅਤੇ ਸਥਾਪਤ ਮਰਿਆਦਾਵਾਂ ਨੂੰ ਬਹਾਲ ਕਰੀ ਰਖਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨ ਦੀ ਬਜਾਏ, ਉਸ ਪੁਰ ਜੂਲਾ ਪਾ, ਉਸਨੂੰ ਆਪਣੀ ਸੱਤਾ-ਲਾਲਸਾ ਪੂਰਿਆਂ ਕਰਨ ਲਈ ਪੌੜੀ ਵਜੋਂ ਵਰਤਣਾ ਸ਼ੁਰੂ ਕਰ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰ ਉਸਨੂੰ ਆਪਣੇ ਰਾਜਨੈਤਿਕ ਸੁਆਰਥ ਲਈ ਵਰਤਣ ਦੀ ਲਾਲਸਾ ਨੇ ਅਕਾਲੀ ਦਲ ਦੇ ਨਾਂ ਤੇ ਕਈ ਦੁਕਾਨਾਂ ਖੁਲਵਾ ਦਿੱਤੀਆਂ। ਇਸਦੇ ਨਾਲ ਹੀ ਅਸਲੀ ਅਕਾਲੀ ਦਲ ਅਤੇ ਪੰਥਕ ਜਥੇਬੰਦੀ ਹੋਣ ਦੀ ਪ੍ਰੀਭਾਸ਼ਾ ਵੀ ਬਦਲ ਕੇ ਇਹ ਮੰਨੀ ਜਾਣ ਲਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਜਿਸਦਾ ਕਬਜ਼ਾ ਹੈ, ਉਹੀ ਅਸਲੀ ਪੰਥਕ ਜਥੇਬੰਦੀ ਹੈ। ਬਾਕੀ ਸਭ ਜਾਪਾਨੀ ਅਤੇ ਪੰਥ-ਵਿਰੋਧੀ ਹਨ। ਇਸੇ ਪ੍ਰੀਭਾਸ਼ਾ ਦੇ ਆਧਾਰ ਤੇ ਹੀ ਇਹ ਵੀ ਕਿਹਾ ਜਾਣ ਲਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਜਿਸ ਅਕਾਲੀ ਦਲ ਦਾ ਕਬਜ਼ਾ ਹੈ, ਉਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਉਸ ਸ਼੍ਰੋਮਣੀ ਅਕਾਲੀ ਦਲ ਪੁਰ ਜਿਸਦਾ ਕਬਜ਼ਾ ਹੈ, ਉਹੀ 'ਤੇ ਉਸਦੇ ਪੈਰੋਕਾਰ ਹੀ ਸਿੱਖ ਹਨ, ਬਾਕੀ ਸਾਰੇ ਕਾਂਗ੍ਰਸੀ ਅਤੇ ਸਿੱਖੀ ਦੇ ਦੁਸ਼ਮਣ।
...ਅਤੇ ਅੰਤ ਵਿੱਚ: ਮੰਨਿਆ ਜਾਂਦਾ ਹੈ ਕਿ 36-ਕੁ ਵਰ੍ਹੇ ਪਹਿਲਾਂ ਵਾਪਰੇ ਨੀਲਾਤਾਰਾ ਸਾਕੇ ਦੌਰਾਨ ਭਾਰਤੀ ਫੌਜ ਨੇ ਤਾਂ ਅਕਾਲ ਤਖਤ ਦੀ ਇਮਾਰਤ ਨੂੰ ਹੀ ਢਾਹਿਆ ਸੀ, ਪਰ ਇਨ੍ਹਾਂ 36 ਵਰ੍ਹਿਆਂ ਦੇ ਸਮੇਂ ਦੌਰਾਨ ਅਕਾਲ ਤਖਤ ਦੀ ਮਰਿਆਦਾ ਨੂੰ ਤਾਂ ਸਾਡੇ ਆਪਣਿਆਂ ਨੇ ਹੀ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ ਢਾਹ ਢੇਰੀ ਕਰ ਦਿੱਤਾ।
Mobile : +91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਜਦੋਂ ਹਾਲਾਤ ਨੇ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ! - ਜਸਵੰਤ ਸਿੰਘ 'ਅਜੀਤ'
ਜਦੋਂ ਨਿਤ ਅਨੁਸਾਰ ਮਜ਼ਮੂਨ ਲਿਖਣ ਲਈ ਕਿਸੇ ਮੁੱਦੇ ਦੀ ਤਲਾਸ਼ ਵਿੱਚ ਰਿਕਾਰਡ ਵਿਚਲੀਆਂ ਪੁਰਾਣੀਆਂ ਅਖਬਾਰਾਂ ਦੀਆਂ ਕਟਿੰਗਾਂ ਵਾਲੀਆਂ ਫਾਈਲਾਂ ਫਰੋਲ ਰਿਹਾ ਸਾਂ ਕਿ ਅਚਾਨਕ ਹੀ ਦਿੱਲੀ ਦੇ ਇਕ ਸਾਬਕਾ ਡੀ ਆਈ ਜੀ ਸ਼੍ਰੀ ਪਦਮ ਰੋਸ਼ਾ ਦੇ ਮਜ਼ਮੂਨ 'ਜਦੋਂ ਗੁਰਦੁਆਰਾ ਸੀਸ ਗੰਜ 'ਤੇ ਹਮਲਾ ਹੋਇਆ' ਦੀ ਕਟਿੰਗ ਸਾਹਮਣੇ ਆ ਗਈ, ਜਿਸ ਵਿੱਚ ਉਨ੍ਹਾਂ ਵਲੋਂ ਮਈ-71 ਵਿੱਚ ਬਾਬਾ ਵਿਰਸਾ ਸਿੰਘ ਦੇ ਹਥਿਆਰਬੰਦ ਬੰਦਿਆਂ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਪੁਰ ਕਬਜ਼ਾ ਕੀਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੋਇਆ ਸੀ। ਉਨ੍ਹਾਂ ਆਪਣੇ ਇਸ ਮਜ਼ਮੂਨ ਵਿੱਚ ਇਸ ਘਟਨਾ ਦੇ ਪਿਛੋਕੜ ਵਿੱਚਲੀ ਨੀਤੀ 'ਤੇ ਰਣਨੀਤੀ ਤੋਂ ਪੜਦਾ ਚੁਕਣ ਤੋਂ ਪੂਰੀ ਤਰ੍ਹਾਂ ਸੰਕੋਚ ਵਰਤਿਆ ਸੀ। ਸ਼ਾਇਦ ਇਸਦਾ ਕਾਰਣ ਇਹ ਸੀ ਕਿ ਉਸ ਸਮੇਂ, ਜਦੋਂ ਇਹ ਘਟਨਾ ਵਾਪਰੀ, ਉਹ ਉੱਚ ਸਰਕਾਰੀ ਅਹੁਦੇ ਪੁਰ ਤੈਨਾਤ ਸਨ, ਜਿਸ ਕਾਰਣ ਉਹ ਸੇਵਾ-ਸ਼ਰਤਾਂ ਅਨੁਸਾਰ ਸਰਕਾਰੀ ਨੀਤੀ ਤੇ ਰਣਨੀਤੀ ਦੇ ਭੇਦ ਨੂੰ ਛੁਪਾਈ ਰਖਣ ਦੇ ਪਾਬੰਧ ਸਨ। ਇਹ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਸਬੰਧਤ ਪਿਛੋਕੜ, ਸਰਕਾਰੀ ਨੀਤੀ ਅਤੇ ਰਣਨੀਤੀ ਦੀ ਜਾਣਕਾਰੀ ਨਹੀਂ ਰਹੀ ਹੋਵੇਗੀ।
ਹਮਲੇ ਦਾ ਪਿਛੋਕੜ : ਮਈ-1971 ਵਿੱਚ ਗੁਰਦੁਆਰਾ ਸੀਸ ਗੰਜ ਪੁਰ ਕਬਜ਼ਾ ਕਰਨ ਤੋਂ ਕੁਝ ਹੀ ਸਮਾਂ ਪਹਿਲਾਂ, ਬਾਬਾ ਵਿਰਸਾ ਸਿੰਘ ਦੇ ਇਨ੍ਹਾਂ ਹੀ ਹਥਿਆਰਬੰਦ ਬੰਦਿਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਪੁਰ ਕਬਜ਼ਾ ਕੀਤਾ ਸੀ, ਪਰ ਉਥੇ ਕੀਤੇ ਗਏ ਕਬਜ਼ੇ ਵਾਲੇ ਹਿਸੇ ਵਿੱਚ ਜਨ-ਸਹੂਲਤਾਂ ਦਾ ਕੋਈ ਵੀ ਪ੍ਰਬੰਧ ਨਾ ਹੋਣ ਕਾਰਣ, ਉਨ੍ਹਾਂ ਨੂੰ ਬਾਰਾਂ ਘੰਟਿਆਂ ਵਿੱਚ ਹੀ ਆਪਣਾ ਕਬਜ਼ਾ ਛਡਣ ਦੇਣ ਤੇ ਮਜਬੂਰ ਹੋਣਾ ਪੈ ਗਿਆ। ਇਸਤੋਂ ਬਾਅਦ ਕੁਝ ਸਮਾਂ ਪਾ ਕੇ ਉਨ੍ਹਾਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰਨ ਦੀ ਰਣਨੀਤੀ ਅਪਨਾ ਲਈ।
ਉਸ ਸਮੇਂ ਗੁਰਦੁਆਰਾ ਸੀਸਗੰਜ ਦੀ ਇਮਾਰਤ ਵਿੱਚ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲੀ ਸਟੇਟ (ਵਰਤਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦਾ ਦਫ਼ਤਰ ਹੁੰਦਾ ਸੀ। ਜਿਸ ਕਾਰਣ ਉਥੇ ਸਾਰੀਆਂ ਹੀ ਸਹੂਲਤਾਂ ਉਪਲਬੱਧ ਸਨ। ਇਸੇ ਕਾਰਣ ਹੀ ਇਸ ਗੁਰਦੁਆਰੇ ਪੁਰ ਕੀਤੇ ਗਏ ਕਬਜ਼ੇ ਨੂੰ ਕਈ ਦਿਨਾਂ ਤਕ ਜਾਰੀ ਰਖਿਆ ਜਾ ਸਕਿਆ।
ਕਾਰਣ ਤੇ ਰਣਨੀਤੀ : ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਬਾਬਾ ਵਿਰਸਾ ਸਿੰਘ ਦੇ ਬੰਦਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਪਿਛੇ ਇਕ ਸੋਚੀ-ਸਮਝੀ ਰਣਨੀਤੀ ਕੰਮ ਕਰ ਰਹੀ ਸੀ। ਬਾਬਾ ਵਿਰਸਾ ਸਿੰਘ ਅਤੇ ਉਨ੍ਹਾਂ ਦੀ ਪੈਰੋਕਾਰ ਬੀਬੀ ਨਿਰਲੇਪ ਕੌਰ, ਜਥੇਦਾਰ ਸੰਤੋਖ ਸਿੰਘ, ਜੋ ਕਿ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤ੍ਰ ਅਤੇ ਨਿਯਮਾਨੁਸਾਰ ਕਮੇਟੀ ਦੇ ਸਰਵੇ-ਸਰਵਾ ਸਨ, ਦੇ ਕਟੜ ਵਿਰੋਧੀਆਂ ਵਿੱਚੋਂ ਮੰਨੇ ਜਾਂਦੇ ਸਨ। ਫਲਸਰੂਪ ਜ. ਸੰਤੋਖ ਸਿੰਘ ਜਨਤਕ ਤੋਰ ਤੇ ਉਨ੍ਹਾਂ ਪੁਰ ਤਿਖੇ ਹਮਲੇ ਕਰਦੇ ਰਹਿੰਦੇ ਸਨ। ਜਿਸ ਕਾਰਣ ਉਹ ਹਰ ਸਮੇਂ ਜ. ਸੰਤੋਖ ਸਿੰਘ ਤੋਂ ਬਦਲਾ ਲੈਣ ਦੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ।
ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਇਕ ਵੱਡੇ ਵੋਟ-ਬੈਂਕ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਹੋਣ ਕਾਰਣ ਹੋਰ ਸਾਧਾਂ ਵਾਂਗ ਬਾਬਾ ਵਿਰਸਾ ਸਿੰਘ ਨੂੰ ਵੀ ਰਾਜਨੈਤਿਕ ਖੇਤ੍ਰ ਵਿੱਚ ਚੰਗਾ ਮਾਣ-ਸਤਿਕਾਰ ਪ੍ਰਾਪਤ ਸੀ। ਪ੍ਰੰਤੂ ਇਸਦੇ ਬਾਵਜੂਦ, ਉਹ ਜ. ਸੰਤੋਖ ਸਿੰਘ ਨੂੰ ਮਾਤ ਨਹੀਂ ਸੀ ਦੇ ਪਾ ਰਹੇ। ਇਸਦਾ ਮੁਖ ਕਾਰਣ ਇਹ ਸੀ ਕਿ ਉਸ ਸਮੇਂ ਦੇ ਕੇਂਦਰੀ ਹਾਊਸਿੰਗ ਮੰਤ੍ਰੀ ਸ. ਇਕਬਾਲ ਸਿੰਘ ਦੇ ਸਹਿਯੋਗ ਨਾਲ, ਉਨ੍ਹਾਂ ਵਲੋਂ ਕੇਂਦਰੀ ਸਰਕਾਰ, ਵਿਸੇਸ਼ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਪਾਸੋਂ ਇਤਿਹਾਸਕ ਗੁਰਦੁਆਰਿਆਂ ਲਈ ਹਾਸਲ ਕੀਤੀਆਂ ਗਈਆਂ ਜ਼ਮੀਨਾਂ ਆਦਿ ਦੀਆਂ ਪ੍ਰਾਪਤੀਆਂ ਕਾਰਣ, ਉਨ੍ਹਾਂ ਨੂੰ ਦਿੱਲੀ ਦੇ ਸਿੱਖਾਂ ਦਾ ਭਰਪੂਰ ਵਿਸ਼ਵਾਸ ਪ੍ਰਾਪਤ ਸੀ। ਜਿਸ ਸਦਕਾ, ਉਨ੍ਹਾਂ ਦੀ ਪ੍ਰਧਾਨ ਮੰਤਰੀ ਦੇ ਦਫ਼ਤਰ ਤਕ ਸਿੱਧੀ ਪਹੁੰਚ ਸਵੀਕਾਰੀ ਜਾਂਦੀ ਸੀ।
ਉਨ੍ਹਾਂ ਹੀ ਦਿਨਾਂ ਵਿੱਚ ਇਕ ਅਜਿਹੀ ਘਟਨਾ ਵਾਪਰ ਗਈ, ਜਿਸਦੇ ਫਲਸਰੂਪ ਜ. ਸੰਤੋਖ ਸਿੰਘ ਨੇ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਨਾਰਾਜ਼ਗੀ ਮੁਲ ਲੈ ਲਈ ਅਤੇ ਦੋਹਾਂ ਵਿੱਚ ਦੂਰੀ ਪੈਦਾ ਹੋ ਗਈ। ਗਲ ਇਉਂ ਹੋਈ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਲਗਦੀ ਜ਼ਮੀਨ, ਜਿਥੇ ਇਸ ਸਮੇਂ ਸਰੋਵਰ ਬਣਿਆ ਹੋਇਆ ਹੈ, ਪੁਰ ਸਰਕਾਰੀ ਚੈਂਬਰੀਆਂ ਹੁੰਦੀਆਂ ਸਨ, ਯੋਗਾ ਗੁਰੂ ਧੀਰੇਂਦਰਾ ਬ੍ਰਹਮਚਾਰੀ ਨੇ ਸ੍ਰੀਮਤੀ ਇੰਦਰਾ ਗਾਂਧੀ ਨਾਲ ਆਪਣੀ ਪਰਿਵਾਰਕ ਨੇੜਤਾ ਹੋਣ ਦਾ ਲਾਭ ਉਠਾਂਦਿਆਂ, ਇਹ ਜ਼ਮੀਨ ਆਪਣੇ ਆਸ਼ਰਮ ਲਈ ਅਲਾਟ ਕਰਵਾ ਲਈ। ਜ. ਸੰਤੋਖ ਸਿੱੰਘ ਨੂੰ ਇਹ ਗਲ ਪਸੰਦ ਨਹੀਂ ਆਈ। ਉਹ ਚਾਹੁੰਦੇ ਸਨ ਕਿ ਇਹ ਚੈਂਬਰੀਆਂ ਵਾਲੀ ਜਗ੍ਹਾ ਜੇ ਕਿਸੇ ਨੂੰ ਦਿਤੀ ਜਾਣੀ ਹੈ ਤਾਂ ਇਹ ਗੁਰਦੁਆਰਾ ਬੰਗਲਾ ਸਾਹਿਬ ਨਾਲ ਜੋੜੀ ਜਾਣੀ ਚਾਹੀਦੀ ਹੈ।
ਸਰਕਾਰ ਵਿਰੁਧ ਮੋਰਚਾ : ਗਲ ਕੀ ਜ. ਸੰਤੋਖ ਸਿੰਘ ਨੇ ਜ. ਅਵਤਾਰ ਸਿੰਘ ਕੋਹਲੀ ਅਤੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਭੁਖ ਹੜਤਾਲ ਸ਼ੁਰੂ ਕਰ ਦਿਤੀ। ਆਖਿਰ ਕਿਸੇ ਤਰ੍ਹਾਂ ਸ. ਇਕਬਾਲ ਸਿੰਘ ਨੇ ਵਿੱਚ ਪੈ ਸ਼੍ਰੀਮਤੀ ਇੰਦਰਾ ਗਾਂਧੀ ਦੀ ਸਹਿਮਤੀ ਨਾਲ ਧੀਰੇਂਦਰਾ ਬ੍ਰਹਮਚਾਰੀ ਨੂੰ ਸਬੰਧਤ ਜ਼ਮੀਨ ਨਾਲੋਂ ਕਿਤੇ ਵੱਧ, ਉਥੇ ਸਾਹਮਣੇ ਹੀ ਚੌਂਕ ਵਿਚ ਜ਼ਮੀਨ ਅਲਾਟ ਕਰਨ ਦਾ ਭਰੋਸਾ ਦੇ, ਉਹ ਜ਼ਮੀਨ ਗੁਰਦੁਆਰਾ ਬੰਗਲਾ ਸਾਹਿਬ ਲਈ ਛਡਣਾ ਮਨਾ ਲਿਆ। ਇਸਤਰ੍ਹਾਂ ਜ. ਸੰਤੋਖ ਸਿੰਘ ਦੀ ਜਿਤ ਤਾਂ ਹੋ ਗਈ, ਪਰ ਉਨ੍ਹਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਆਪਣੇ ਨਾਲ ਨਾਰਾਜ਼ ਕਰ ਲਿਆ ਫਲਸਰੂਪ ਇਸ ਘਟਨਾ ਨੇ ਦੋਹਾਂ ਵਿਚਕਾਰ ਦੂਰੀ ਨੂੰ ਵੱਧਾ ਦਿੱਤਾ।
ਇਸੇ ਮੌਕੇ ਦਾ ਫਾਇਦਾ ਉਠਾਂਦਿਆਂ ਬੀਬੀ ਨਿਰਲੇਪ ਕੌਰ ਅਤੇ ਬਾਬਾ ਵਿਰਸਾ ਸਿੰਘ ਨੇ ਕਿਸੇ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਤਕ ਪਹੁੰਚ ਕਰ, ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲਿਆ 'ਤੇ ਪਹਿਲਾਂ ਤੋਂ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਹਥਿਆਰਬੰਦ ਬੰਦਿਆਂ ਰਾਹੀਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਪੁਰ ਕਬਜ਼ਾ ਕੀਤਾ, ਜਿਥੇ ਉਹ 12 ਘੰਟਿਆਂ ਤੋਂ ਵੱਧ ਕਬਜ਼ਾ ਨਾ ਰਖ ਸਕੇ ਤੇ ਫਿਰ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰ ਲਿਆ। ਬੀਬੀ ਨਿਰਲੇਪ ਕੌਰ ਆਪਣੀ ਰਣਨੀਤੀ ਅਨੁਸਾਰ ਰੋਜ਼ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਨੂੰ ਹਲਾਸ਼ੇਰੀ ਦੇ ਜਾਂਦੇ।
ਦਸਿਆ ਗਿਆ ਕਿ ਉਧਰ ਕੇਂਦਰ ਵਲੋਂ ਮਿਲੇ ਸੰਕਤਾਂ ਅਨੁਸਾਰ ਪੁਲਿਸ-ਅਧਿਕਾਰੀ ਕਬਜ਼ਾ-ਧਾਰੀਆਂ ਨੂੰ ਕਬਜ਼ਾ ਛੱਡਣ ਲਈ ਵਿਖਾਵੇ ਵਜੋਂ ਮੰਨਾਂਦੇ ਰਹਿੰਦੇ। ਅਸਲ ਵਿੱਚ ਉਹ ਉਨ੍ਹਾਂ ਪਾਸੋਂ ਗੁ. ਸਸਿਗੰਜ ਦਾ ਕਬਜ਼ਾ ਛੁਡਾਣ ਦੀ ਬਜਾਏ, ਹਾਲਾਤ ਨੂੰ ਕਾਬੂ ਵਿੱਚ ਰਖਣ ਦੇ ਜਤਨ ਕਰਦੇ। ਉਧਰ ਇਕ ਪਾਸੇ ਕਬਜ਼ਾ ਛੁਡਾਣ ਲਈ ਅਤੇ ਦੂਜੇ ਪਾਸੇ ਜ. ਸੰਤੋਖ ਸਿੰਘ ਦੀ ਕਮੇਟੀ ਭੰਗ ਕਰਨ ਦੀ ਮੰਗ ਨੂੰ ਲੈ ਕੇ ਦੋਹਾਂ ਧਿਰਾਂ ਵਲੋਂ ਜੱਥੇ ਭੇਜੇ ਜਾਣੇ ਸ਼ੁਰੂ ਕਰ ਦਿਤੇ ਗਏ, ਜਿਨ੍ਹਾਂ ਨੂੰ ਪੁਲਿਸ ਗੁਰਦੁਆਰਾ ਸੀਸਗੰਜ ਤਕ ਪੁਜਣ ਤੋਂ ਪਹਿਲਾਂ ਹੀ ਰੋਕ ਲੈਦੀ। ਇਸਤਰ੍ਹਾਂ ਕਬਜ਼ਾ ਛੱਡਾਣ ਲਈ ਦਬਾਉ ਬਨਾਣ ਦਾ ਨਾਟਕ ਹੁੰਦਾ ਰਹਿੰਦਾ। ਇਸਦੇ ਨਾਲ ਹੀ ਸੋਚੀ-ਸਮਝੀ ਰਣਨੀਤੀ ਅਨੁਸਾਰ ਜ. ਸੰਤੋਖ ਸਿੰਘ ਦੇ ਵਿਰੋਧੀ, ਇਨ੍ਹਾਂ ਹਾਲਾਤ ਲਈ ਉਨ੍ਹਾਂ ਨੂੰ ਜ਼ਿਮੇਂਦਾਰ ਠਹਿਰਾ, ਗੁਰਦੁਆਰਾ ਕਮੇਟੀ ਭੰਗ ਕਰਨ ਦੇ ਲਗਾਤਾਰ ਬਿਆਨ ਜਾਰੀ ਕਰਨ ਲਗ ਪਏ। ਸਰਕਾਰ ਇਸ ਸਥਿਤੀ ਨੂੰ ਤਦ ਤਕ ਬਣਾਈ ਰਖਣਾ ਚਾਹੁੰਦੀ ਸੀ, ਜਦ ਤਕ ਕਿ ਇਸਦੇ ਲਈ ਜ. ਸੰਤੋਖ ਸਿੰਘ ਨੂੰ ਜ਼ਿਮੇਂਦਾਰ ਗਰਦਾਨਦਿਆਂ, ਉਨ੍ਹਾਂ ਵਿਰੁਧ ਸਿੱਖਾਂ ਵਿੱਚ ਵਾਤਾਵਰਣ ਨਹੀਂ ਬਣ ਜਾਂਦਾ। ਇਸਦਾ ਕਾਰਣ ਇਹ ਸੀ ਕਿ ਉਹ ਚਾਹੁੰਦੀ ਸੀ ਕਿ ਜੇ ਉਹ ਕਮੇਟੀ ਭੰਗ ਕਰਨ ਦਾ ਕੋਈ ਫੈਸਲਾ ਕਰੇ ਤਾਂ ਉਸ ਵਿਰੁਧ ਸਿੱਖਾਂ ਵਲੋਂ ਕੋਈ ਪ੍ਰਤੀਕ੍ਰਿਆ ਨਾ ਹੋਵੇ।
ਆਖਿਰ ਅਜਿਹਾ ਵਾਤਾਵਰਣ ਬਣ ਹੀ ਗਿਆ ਅਤੇ ਕੇਦਰ ਸਰਕਾਰ ਨੇ ਇਕ ਆਰਡੀਨੈਂਸ ਜਾਰੀ ਕਰ, ਬਣੇ ਚਿੰਤਾਜਨਕ ਹਾਲਾਤ ਦਾ ਹਵਾਲਾ ਦਿੰਦਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਭੰਗ ਕਰ, ਪੰਜ ਮੈਂਬਰੀ 'ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੋਰਡ' ਗਠਤ ਕਰ, ਦਿੱਲ਼ੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਸਨੂੰ ਸੌਪ ਦਿਤਾ। ਇਸ ਪੰਜ ਮੈਂਬਰੀ ਬੋਰਡ ਵਿੱਚ ਸਰ ਜੋਗਿੰਦਰਾ ਸਿੰਘ (ਜੋ ਉਸ ਸਮੇਂ ਰਾਜਸਥਾਨ ਦੇ ਰਾਜਪਾਲ ਸਨ) ਨੂੰ ਚੇਅਰਮੈਨ, ਸ. ਬਹਾਦਰ ਰਣਜੀਤ ਸਿੰਘ, ਟਿੱਕਾ ਜਗਜੀਤ ਸਿੰਘ, ਭਾਈ ਮੋਹਨ ਸਿੰਘ (ਰੈਨਬਕਸੀ) ਅਤੇ ਸ. ਪ੍ਰੀਤਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।
ਜਿਉਂ ਹੀ ਇਹ ਖਬਰ ਬੀਬੀ ਨਿਰਲੇਪ ਕੌਰ ਰਾਹੀਂ ਗੁਰਦੁਆਰਾ ਸੀਸਗੰਜ ਪੁਰ ਕਬਜ਼ਾ ਕਰੀ ਬੈਠੇ ਵਿਅਕਤੀਆਂ ਤਕ ਪੁਜੀ, ਉਨ੍ਹਾਂ ਤੁਰੰਤ ਹੀ ਗੁਰਦੁਆਰਾ ਸੀਸਗੰਜ ਦਾ ਗੇਟ ਖੋਲ੍ਹ, ਪੁਲਿਸ ਸਾਹਮਣੇ ਆਤਮ-ਸਮਰਪਣ ਕਰ ਦਿਤਾ। ਇਸਤਰ੍ਹਾਂ ਅੱਠ-ਦਿਨਾ ਡਰਾਮਾ ਖਤਮ ਹੋ ਗਿਆ। ..ਅਤੇ ਇਸਦੇ ਨਾਲ ਹੀ ਜ. ਸੰਤੋਖ ਸਿੰਘ ਦੀਆਂ ਪ੍ਰਾਪਤੀਆਂ ਨੂੰ ਵੀ ਠਲ੍ਹ ਪੈ ਗਈ।
...ਅਤੇ ਅੰਤ ਵਿੱਚ: ਸ਼੍ਰੋਮਣੀ ਅਕਾਲੀ ਦਲ ਵਲੋਂ ਲਾਏ ਗਏ ਮੋਰਚੇ ਦੇ ਫਲਸਰੂਪ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਤਾਂਤ੍ਰਿਕ ਵਿਵਸਥਾ ਸਥਾਪਤ ਕਰਨ ਵਾਸਤੇ 1971 ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਾ ਦਿਤਾ ਗਿਆ। ਦਸਿਆ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਇੰਦਰਾ ਗਾਂਧੀ ਦਿੱਲੀ ਵਿਚੋਂ ਕਿਸੇ ਅਜਿਹੇ ਸਿੱਖ ਆਗੂ ਦੀ ਭਾਲ ਵਿੱਚ ਜੁਟੇ ਰਹੇ, ਜਿਸਨੂੰ ਉਹ ਜ. ਸੰਤੋਖ ਸਿੰਘ ਦੇ ਮੁਕਾਬਲੇ ਖੜਾ ਕਰ ਸਕਣ। ਪਰ ਇਨ੍ਹਾਂ ਚਾਰ ਸਾਲਾਂ ਵੱਚ ਉਨ੍ਹਾਂ ਨੂੰ ਕੋਈ ਅਜਿਹਾ ਸਿੱਖ ਆਗੂ ਨਾ ਮਿਲ ਸਕਿਆ। ਅੰਤ ਵਿੱਚ ਕੁਝ ਪਤਵੰਤੇ ਸਿੱਖ ਵਿਚੋਲਿਆਂ ਰਾਹੀਂ ਉਨ੍ਹਾਂ ਮੁੜ ਜ. ਸੰਤੋਖ ਸਿੰਘ ਨੂੰ ਵਿਸ਼ਵਾਸ ਵਿੱਚ ਲੈ ਲਿਆ। ਇਸਤਰ੍ਹਾਂ ਇਸ 1971 ਵਿੱਚ ਬਣਾਏ ਗਏ ਐਕਟ ਅਨੁਸਾਰ ਚਾਰ ਸਾਲ ਬਾਅਦ, ਅਰਥਾਤ 1975 ਵਿੱਚ, ਉਸ ਸਮੇਂ ਚੋਣਾਂ ਕਰਵਾਈਆਂ ਗਈਆਂ, ਜਦੋਂ ਜ. ਸੰਤੋਖ ਸਿੰਘ ਨਾਲ ਪ੍ਰਧਾਨ ਮੰਤਰੀ (ਸ਼੍ਰੀਮਤੀ ਇੰਦਰਾ ਗਾਂਧੀ) ਦੀ ਮੁੜ ਨੇੜਤਾ ਕਾਇਮ ਹੋ ਗਈ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085
ਦਿੱਲੀ ਵਿਧਾਨ ਸਭਾ ਚੋਣ ਨਤੀਜੇ : ਰਾਜਸੀ ਬਦਲਾਉ ਦੇ ਸੰਕੇਤ? - ਜਸਵੰਤ ਸਿੰਘ 'ਅਜੀਤ'
ਦਿੱਲੀ ਵਿਧਾਨ ਸਭਾ ਦੇ ਜੋ ਚੋਣ ਨਤੀਜੇ ਸਾਹਮਣੇ ਆਏ ਹਨ, ਉਹ ਦੇਸ਼ ਦੀ ਰਾਜਸੀ ਸਥਿਤੀ ਪੁਰ ਤਿੱਖੀ ਨਜ਼ਰ ਰਖਦੇ ਚਲੇ ਆ ਰਹੇ ਰਾਜਸੀ ਮਾਹਿਰਾਂ ਨੂੰ ਵੀ ਹੈਰਾਨ ਕਰ ਦੇਣ ਵਾਲੇ ਹਨ। ਇਸਦਾ ਕਾਰਣ ਇਹ ਹੈ ਕਿ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਅਜਤਕ ਜਿਤਨੀਆਂ ਵੀ ਚੋਣਾਂ, ਭਾਵੇਂ ਉਹ ਲੋਕਸਭਾ ਦੀਆਂ ਸਨ ਜਾਂ ਪ੍ਰਦੇਸ਼ਾਂ ਦੀਆਂ, ਹੋਈਆਂ ਉਨ੍ਹਾਂ ਸਭ ਵਿੱਚ ਜਿੱਤ ਪਾਰਟੀ ਦੇ ਨਾਂ ਤੇ ਹੁੰਦੀ ਆਈ ਹੈ, ਇਹ ਪਹਿਲੀ ਵਾਰ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ-ਜਿੱਤ ਦਾ ਫੈਸਲਾ ਕਿਸੇ ਪਾਰਟੀ ਦੇ ਨਾਂ ਤੇ ਜਾਂ ਚੋਣ ਲੜ ਰਹੀਆਂ ਪਾਰਟੀਆਂ ਵਲੋਂ ਜਾਰੀ ਕੀਤੇ ਗਏ 'ਚੋਣ ਮਨੋਰਥ ਪਤ੍ਰਾਂ' ਰਾਹੀਂ ਵਿਖਾਏ ਗਏ ਸਬਜ਼ ਬਾਗਾਂ ਦੇ ਆਧਾਰ ਤੇ ਨਾ ਹੋ ਕੇ ਬੀਤੇ ਸਮੇਂ ਵਿੱਚ ਸੱਤਾ ਪੁਰ ਕਾਬਜ਼ ਰਹੀ ਪਾਰਟੀ ਵਲੋਂ ਕੀਤੇ ਗਏ ਕੰਮਾਂ ਦੇ ਆਧਾਰ ਪੁਰ ਹੋਇਆ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਦੇਸ਼ ਦੇ ਸਾਹਮਣੇ ਇੱਕ ਨਵਾਂ 'ਦਿੱਲੀ ਮਾਡਲ' ਪੇਸ਼ ਕੀਤਾ ਹੈ, ਜਿਸਦੀ ਘੋਖ ਕਰ, ਉਸਨੂੰ ਅਪਨਾਉਣ ਲਈ ਲਗਭਗ ਉਨ੍ਹਾਂ ਸਾਰੇ ਰਾਜਾਂ ਦੀਆਂ ਸਰਕਾਰਾਂ ਤਿਆਰ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਦੀ ਸੱਤਾ ਪੁਰ ਗੈਰ-ਭਾਜਪਾ ਪਾਰਟੀਆਂ ਕਾਬਜ਼ ਹਨ।
ਮਤਦਾਤਾਵਾਂ ਦਾ ਫਤਵਾ: ਇਨ੍ਹਾਂ ਚੋਣਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਾਰ ਦਿੱਲੀ ਦੇ ਮਤਦਾਤਾਵਾਂ ਨੇ ਨਾ ਤਾਂ ਕਿਸੇ ਪਾਰਟੀ ਜਾਂ ਨੇਤਾ ਵਲੋਂ ਜਾਰੀ ਕੀਤੇ ਗਏ ਆਦੇਸ਼ ਦਾ ਪਾਲਣ ਕੀਤਾ ਹੈ ਅਤੇ ਨਾ ਹੀ ਕਿਸੇ ਪਾਰਟੀ ਵਿਸ਼ੇਸ਼ ਪ੍ਰਤੀ ਆਪਣੇ ਨਿਜੀ ਝੁਕਾਉ ਨੂੰ ਆਪਣੇ ਪੈਸਲੇ ਪੁਰ ਭਾਰੂ ਹੋਣ ਦਿੱਤਾ ਹੈ, ਸਗੋਂ ਆਪਣੀ ਆਤਮਾ ਦੀ ਆਵਾਜ਼ ਤੇ ਫੈਸਲਾ ਕੀਤਾ ਹੈ। ਇਨ੍ਹਾਂ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿਥੇ ਭਾਜਪਾ ਦੀ ਨੀਤੀ, ਆਮ ਆਦਮੀ ਪਾਰਟੀ ਦੇ ਪਿਛਲੇ ਸੱਤਾ-ਕਾਲ ਦੌਰਾਨ ਹੋਏ ਕੰਮਾਂ ਨੂੰ ਅਸਫਲ ਸਾਬਤ ਕਰਨਾ ਅਤੇ ਉਸ ਵਲੋਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਦਿੱਲੀ ਵਾਸੀਆਂ ਨੂੰ ਮੁਫਤ ਖੋਰੇ (ਭਿਖਾਰੀ) ਬਣਾਉਣ ਵਜੋਂ ਪ੍ਰਚਾਰੇ ਜਾਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ, ਇਧਰ ਅਕਾਲੀਆਂ ਦੇ ਇੱਕ ਗੁਟ ਨੇ ਆਮ ਆਦਮੀ ਪਾਰਟੀ ਵਲੋਂ ਪਿਛਲੀ ਵਾਰ ਦੇ ਚਾਰ ਸਿੱਖ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੇ ਮੁਕਾਬਲੇ ਇਸ ਵਾਰ ਕੇਵਲ ਦੋ ਸਿੱਖ ਉਮੀਦਵਾਰ ਹੀ ਉਤਾਰੇ ਜਾਣ ਤੇ ਉਸਨੂੰ ਸਿੱਖ ਵਿਰੋਧੀ ਪ੍ਰਚਾਰ, ਸਿੱਖਾਂ ਨੂੰ ਉਸ ਵਿਰੁਧ ਖੜਿਆਂ ਹੋਣ ਲਈ ਪ੍ਰੇਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਇਸਦੇ ਬਾਵਜੂਦ ਦਿੱਲੀ ਦੇ ਆਮ ਸਿੱਖਾਂ ਅਤੇ ਦੂਸਰੇ ਮਤਦਾਤਾਵਾਂ ਨੇ ਆਪਣੀ ਸੋਚ ਸਮਝ ਦੇ ਅਧਾਰ ਪੁਰ ਮਤਦਾਨ ਕੀਤਾ। ਉਨ੍ਹਾਂ ਪੁਰ ਕਿਸੇ ਅਕਾਲੀ ਦਲ ਜਾਂ ਸਿਖ ਜਥੇਬੰਦੀ ਵਲੋਂ, ਭਾਜਪਾ ਦੇ ਹਕ ਵਿੱਚ ਭੁਗਤਣ ਜਾਂ ਕਿਸੇ ਵਿਸ਼ੇਸ਼ ਉਮੀਦਵਾਰ ਦਾ ਸਮਰਥਨ ਕਰਨ ਦੇ ਦਿੱਤੇ ਗਏ ਆਦੇਸ਼ ਦਾ ਕੋਈ ਅਸਰ ਨਹੀਂ ਹੋਇਆ।
ਭਾਜਪਾ ਨੇ ਸਮੁਚੀ ਤਾਕਤ ਝੌਂਕੀ: ਕੋਈ ਸੱਤ-ਅੱਠ ਸਾਲ ਪਹਿਲਾਂ ਹੀ ਹੋਂਦ ਵਿੱਚ ਆਈ ਇੱਕ ਇਲਾਕਾਈ ਪਾਰਟੀ 'ਆਮ ਆਦਮੀ ਪਾਰਟੀ' ਪਾਸੋਂ ਦਿੱਲੀ ਵਰਗੇ ਇੱਕ ਛੋਟੇ ਜਿਹੇ ਕੇਂਦਰ-ਸ਼ਾਸਤ ਰਾਜ ਦੀ ਸੱਤਾ 'ਖੋਹਣ' ਲਈ ਭਾਜਪਾ ਵਲੋਂ ਜਿਸਤਰ੍ਹਾਂ ਆਪਣੀ ਸਮੁਚੀ ਤਾਕਤ ਝੌਂਕੀ ਗਈ ਉਹ ਹੈਰਾਨ ਕਰਨ ਵਾਲੀ ਸੀ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਕੇਂਦਰ ਦੇ 40 ਮੰਤਰੀ ਲਗਭਗ 250 ਸਾਂਸਦ, ਭਾਜਪਾ ਸੱਤਾ ਵਾਲੇ 11 ਰਾਜਾਂ ਦੇ ਮੁੱਖ ਮੰਤਰੀ 'ਆਪ' ਪਾਸੋਂ ਸੱਤਾ ਖੋਹਣ ਲਈ ਇਸ ਮੈਦਾਨ ਵਿੱਚ ਉਤਾਰੇ ਗਏ। ਇਤਨਾ ਹੀ ਨਹੀਂ ਮਤਦਾਨ ਵਾਲੇ ਦਿੱਨ ਸਮੇਤ ਅਖੀਰਲੇ ਚਾਰ ਦਿਨ ਸਾਰੇ ਸਾਸਦਾਂ ਨੂੰ ਦਿੱਲੀ ਦੀਆਂ ਝੁਗੀਆਂ।ਝੌਂਪਣੀਆਂ ਵਾਲੀਆਂ ਬਸਤੀਆਂ ਵਿੱਚ ਰਹਿਣ ਤੇ ਮਜਬੂਰ ਕੀਤਾ ਗਿਆ। (ਜਿਸਦਾ ਮਤਲਬ ਸਮਝਣਾ ਕੋਈ ਮੁਸ਼ਕਿਲ ਨਹੀਂ) ਇਸਦੇ ਬਾਵਜੂਦ ਭਾਜਪਾ 70 ਸੀਟਾਂ ਵਿੱਚੋਂ ਕੇਵਲ ਅੱਠ ਸੀਟਾਂ ਪੁਰ ਹੀ ਕਾਬਜ਼ ਹੋ ਸਕੀ ਤੇ 'ਕਲ੍ਹ' ਦੀ ਜਨਮੀ ਪਾਰਟੀ ਉ ਸਪੁਰ ਭਾਰੀ ਬਣੀ ਰਹੀ।
ਕੀ ਹੋ ਰਿਹੈ ਇਸ ਦੇਸ਼ ਵਿੱਚ : ਸ਼ਾਮ ਦਾ ਸਮਾਂ ਸੀ ਯਾਰਾਂ ਦੀ ਮਹਿਫਲ ਜਮੀ ਹੋਈ ਸੀ। ਚਾਹ ਦੀਆਂ ਚੁਸਕੀਆਂ ਦੇ ਨਾਲ ਗੱਪ-ਸ਼ਪ ਦਾ ਦੌਰ ਚਲ ਰਿਹਾ ਸੀ। ਇਸੇ ਦੌਰ ਵਿੱਚ ਅਚਾਨਕ ਹੀ ਰਾਜਨੀਤੀ ਪੁਰ ਚਰਚਾ ਸ਼ੁਰੂ ਹੋ ਗਈ। ਅਜਿਹਾ ਹੁੰਦਾ ਵੀ ਕਿਉਂ ਨਾ, ਸਾਰੇ ਹੀ ਯਾਰ ਰਾਜਨੀਤੀ ਵਿੱਚ ਮੂੰਹ ਮਾਰਨ ਵਾਲੇ ਸਨ। ਚਰਚਾ ਸ਼ੁਰੂ ਕਰਦਿਆਂ ਰਾਜਦੀਪ ਨੇ ਦਸਿਆ ਕਿ ਅੱਜਕਲ ਦੇਸ਼ ਭਰ ਵਿੱਚ 'ਦੇਸ਼ ਦੇ ਅੱਗੇ ਵਧਦਿਆਂ ਜਾਣ' ਪੁਰ ਬੜੀ ਜ਼ੋਰਦਾਰ ਚਰਚਾ ਚਲ ਰਹੀ ਹੈ...। ਉਸਦੀ ਗਲ ਕਟਦਿਆਂ ਧਰੂ ਗੁਪਤ ਬੋਲ ਪਿਆ ਕਿ ਬੀਤੇ ਦਿਨੀਂ ਉਸਨੇ ਉਤੱਰ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ ਦੋ ਕੁੜੀਆਂ ਨਾਲ ਵਾਪਰੀ ਵਹਿਸ਼ੀ ਘਟਨਾ ਦਾ ਜੋ ਵੀਡੀਓ ਵੇਖਿਆ ਉਸਤੋਂ ਬਾਅਦ ਪੂਰਾ ਵਿਸ਼ਵਾਸ ਹੋ ਗਿਐ ਕਿ ਅਸੀਂ ਮਨੁਖਾ-ਇਤਿਹਾਸ ਦੇ ਸਭ ਤੋਂ ਵੱਧ ਭਿਆਨਕ ਦੌਰ ਵਿੱਚ ਜੀਅ ਰਹੇ ਹਾਂ। ਜਿਸਤਰ੍ਹਾਂ ਦਰਜਨ ਭਰ ਮੁੰਡਿਆਂ ਨੇ ਸਰੇ-ਬਾਜ਼ਾਰ ਦੋ ਸਹਿਮੀਆਂ-ਡਰੀਆਂ ਕੁੜੀਆਂ ਦੇ ਸ਼ਰੀਰ ਨਾਲ ਨੀਚਤਾ-ਭਰੀ ਖੇਡ ਖੇਡੀ, ਉਹ ਲਹੂ ਨੂੰ ਜਮਾ ਦੇਣ ਵਾਲੀ ਸੀ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਇਸ ਘਟਨਾ ਦੇ ਵੀਡੀਓ ਨੂੰ ਪੂਰਿਆਂ ਨਹੀਂ ਵੇਖ ਸਕਦਾ। ਉਸ ਦਸਿਆ ਕਿ ਉਸ ਘਟਨਾ ਤੋਂ ਵੀ ਸ਼ਰਮਨਾਕ ਗਲ ਇਹ ਸੀ ਕਿ ਉਥੇ ਮੌਜੂਦ ਲੋਕੀ ਤਮਾਸ਼ਬੀਨ ਬਣੇ ਹੋਏ ਸਨ। ਉਹ ਸ਼ਾਇਦ ਇਸ ਦਰਦਨਾਕ ਘਟਨਾ ਵਿਚੋਂ ਵੀ ਆਪਣਾ ਮੰਨੋਰੰਜਨ ਲਭ ਰਹੇ ਸਨ। ਉਨ੍ਹਾਂ ਕੁੜੀਆਂ ਦੀਆਂ ਚੀਖਾਂ ਅਤੇ ਮਿੰਨਤਾਂ ਤੋਂ ਵੀ ਕਿਸੇ ਦੀ ਅੰਤਰ-ਆਤਮਾ ਨਹੀਂ ਜਾਗੀ। ਕਿਸੇ ਦੇ ਵੀ ਖੂਨ ਵਿੱਚ ਉਬਾਲ ਨਹੀਂ ਅਇਆ। ਉਸਨੇ ਭਰੇ ਹੋਏ ਗਲ ਨਾਲ ਕਿਹਾ ਕਿ ਅਜਿਹੀਆਂ ਘਟਨਾਵਾਂ ਦਸਦੀਆਂ ਹਨ ਕਿ ਦੇਸ਼ ਤੇ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪੁਲਿਸ ਨੂੰ ਕਿਵੇਂ ਰਾਜਨੈਤਿਕ, ਬੁਜ਼ਦਿਲ ਅਤੇ ਸੰਵੇਦਨਹੀਨ ਬਣਾ ਕੇ ਰੱਖ ਦਿੱਤਾ ਹੋਇਆ ਹੈ। ਹੁਣ ਤਾਂ ਪੁਲਿਸ ਤੋਂ ਕੋਈ ਨਹੀਂ ਡਰਦਾ। ਦੋ ਟੱਕੇ ਦੇ ਨੇਤਾ ਵੀ ਉਸਨੂੰ ਥੱਪੜ ਮਾਰ, ਚਲੇ ਜਾਂਦੇ ਹਨ ਅਤੇ ਦੋ ਟੱਕੇ ਦੇ ਅਪਰਾਧੀ ਵੀ। ਉਸਨੇ ਕਿਹਾ ਕਿ ਇਸਦੇ ਬਾਵਜੂਦ ਇਹ ਘਟਨਾ ਇੱਕ ਸੁਆਲ ਤਾਂ ਛੱਡ ਹੀ ਜਾਂਦੀ ਹੈ ਕਿ ਕੀ ਸੜਕਾਂ ਪੁਰ, ਗਲੀਆਂ ਵਿੱਚ, ਖੇਤਾਂ ਵਿੱਚ ਅਤੇ ਇਥੋਂ ਤਕ ਕਿ ਘਰਾਂ ਵਿੱਚ ਵੀ ਔਰਤਾਂ ਦੀ ਇਜ਼ਤ ਅਤੇ ਅਸਮਤ ਦੀ ਰਖਿਆ ਕਰਨਾ ਸਿਰਫ ਸਰਕਾਰ ਤੇ ਪੁਲਿਸ ਦੀ ਹੀ ਜ਼ਿਮੇਂਦਾਰੀ ਹੈ? ਅਸੀਂ ਉਸਦੀ ਲੁਟਦੀ ਹੋਈ ਇਜ਼ਤ-ਆਬਰੂ ਦਾ ਕੇਵਲ ਤਮਾਸ਼ਾ ਵੇਖਣ ਅਤੇ ਉਸਦਾ ਵੀਡੀਓ ਬਣਾਉਣ ਲਈ ਹੀ ਰਹਿ ਗਏ ਹਾਂ?
ਪੈਂਤੀ ਬਨਾਮ ਥਰਟੀ ਫਾਈਵ : ਬੀਤੇ ਦਿਨੀਂ ਇੱਕ ਮਿਤ੍ਰ ਨੇ ਦਸਿਆ ਕਿ ਉਹ ਇੱਕ ਦੁਕਾਨ 'ਤੇ ਖੜਾ ਸੀ ਕਿ ਬਾਰਾਂ-ਤੇਰਾਂ ਵਰ੍ਹਿਆਂ ਦੀ ਇੱਕ ਕੁੜੀ ਦੁਕਾਨ ਤੇ ਆਈ। ਉਸਨੇ ਦੁਕਾਨਦਾਰ ਪਾਸੋਂ ਕਾਰਨ-ਫਲੈਕਸ ਮੰਗਿਆ। ਦੁਕਾਨਦਾਰ ਨੇ ਪੈਕਟ ਰੈਕ ਵਿਚੋਂ ਕਢ, ਉਸਨੂੰ ਦਿੱਤਾ। ਕੁੜੀ ਨੇ ਦੁਕਾਨਦਾਰ ਪਾਸੋਂ ਪੁਛਿਆ ਕਿ ਕਿਤਨੇ ਪੈਸੇ ਦੇਵਾਂ। ਦੁਕਾਨਦਾਰ ਨੇ ਕਿਹਾ ਕਿ ਪੈਂਤੀ ਰੁਪਏ। ਕੁੜੀ ਦੇ ਚੁਪ ਰਹਿ ਜਾਣ ਤੇ ਦੁਕਾਨਦਾਰ ਨੇ ਦੋ-ਤਿੰਨ ਵਾਰ ਪੈਂਤੀ-ਪੈਂਤੀ ਦੁਹਰਾਇਆ। ਆਖਰ ਵਿੱਚ ਕੁੜੀ ਬੋਲੀ, ਮੀਂਸ...? ਤਾਂ ਦੁਕਾਨਦਾਰ ਬੋਲਿਆ, ਥਰਟੀ-ਫਈਵ। ਥਰਟੀ-ਫਾਈਵ ਕਹਿਣ ਤੇ ਕੁੜੀ ਨੂੰ ਸਮਝ ਆਈ।
...ਅਤੇ ਅੰਤ ਵਿੱਚ : ਉਪ੍ਰੋਕਤ ਘਟਨਾ ਸਾਡੇ ਬਦਲਦੇ ਸਮਾਜ ਅਤੇ ਦੇਸ਼ ਦੇ ਅੱਗੇ ਵਧਦਿਆਂ ਜਾਣ ਦੀ ਸਥਿਤੀ ਨੂੰ ਦਰਸਾਂਦੀ ਹੈ। ਇਹ ਇਸ ਗਲ ਵਲ ਵੀ ਸੰਕੇਤ ਕਰਦੀ ਹੈ ਕਿ ਸਾਡੇ ਬਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੇ ਅਖਰਾਂ ਤੇ ਅੰਕਾਂ ਤਕ ਦਾ ਗਿਆਨ ਵੀ ਨਹੀਂ ਰਹਿ ਪਾ ਰਿਹਾ ਅਤੇ ਉਹ ਵਿਦੇਸ਼ੀ ਬੋਲੀ, ਅੰਗ੍ਰੇਜ਼ੀ ਫਟਾ-ਫਟ ਬੋਲਣ ਤੇ ਸਮਝਣ ਲਗੇ ਹਨ! ਇਸਤੋਂ ਇਉਂ ਜਾਪਦਾ ਹੈ ਕਿ ਜਿਵੇਂ ਅੱਜਕਲ ਅੰਗ੍ਰੇਜ਼ੀ ਬਿਨਾਂ ਕੋਈ ਚਾਰਾ ਹੀ ਨਹੀਂ ਰਹਿ ਗਿਆ। ਅੰਗ੍ਰੇਜ਼ੀ ਸਾਨੂੰ ਇੰਟਰਵਿਊ ਦਾ ਸਾਹਮਣਾ ਕਰਨਾ ਸਿਖਾਂਦੀ ਹੈ। ਸਾਨੂੰ ਸਭ ਤੋਂ ਵਧੀਆ ਟੈਕਸਟ ਬੁਕ ਉਪਲਬੱਧ ਕਰਵਾਂਦੀ ਹੈ ਅਤੇ ਦੁਨੀਆ ਦੇ ਇੰਟਰਨੈੱਟ ਰਾਹੀਂ ਆਮ੍ਹੋ-ਸਾਹਮਣੇ ਬਿਠਾ ਮੁਲਾਕਾਤਾਂ ਕਰਵਾਂਦੀ ਹੈ। ਭਾਵੇਂ ਇਹ ਗਲ ਕਿਸੇ ਹਦ ਤਕ ਤਾਂ ਬਹੁਤ ਠੀਕ ਹੈ। ਪਰ ਅੰਗ੍ਰੇਜ਼ੀ ਪੜ੍ਹਨਾ ਤੇ ਅੰਗ੍ਰੇਜ਼ੀਦਾਂ ਬਣਨਾ, ਦੋ ਵੱਖ-ਵੱਖ ਗਲਾਂ ਹਨ। ਅੰਗ੍ਰੇਜ਼ੀ ਪੜ੍ਹਨ ਦਾ ਮਤਲਬ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਸਮਾਜ ਨੂੰ ਭੁਲ ਜਾਈਏ, ਆਪਣੀ ਮਾਤ-ਭਾਸ਼ਾ ਨੂੰ ਤਿਆਗ ਦਈਏ। ਮਾਤ-ਭਾਸ਼ਾ ਪੰਜਾਬੀ ਸਾਡੀ ਮਾਂ ਹੈ। ਅਸੀਂ ਭਾਵੇਂ ਕਿਤਨਾ ਹੀ ਅੰਗ੍ਰੇਜ਼ੀ ਦਾ ਗਿਆਨ ਹਾਸਲ ਕਰ ਲਈਏ, ਜੇ ਅਸੀਂ ਇਸ ਲੜਕੀ ਵਾਂਗ 'ਪੈਂਤੀ' ਦਾ ਮਤਲਬ ਨਹੀਂ ਸਮਝ ਪਾਵਾਂਗੇ ਤਾਂ ਸਾਡਾ ਵਿਕਾਸ ਅਧੂਰਾ ਹੋਵੇਗਾ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085