Major Singh Budhlada

'ਉਲਾਦ  ਨਾਗਰਿਕਾਂ ਵੇਖਦੀ'ਫਿਰੇ - ਮੇਜਰ ਸਿੰਘ ਬੁਢਲਾਡਾ

ਹਜਾਰਾਂ ਸਾਲ ਪਹਿਲਾਂ ਦੋਸਤੋ!
'ਆਰੀਆ' 'ਮੱਧ ਏਸ਼ੀਆ' ਤੋਂ ਆ।
ਕੀਤਾ ਕਬਜ਼ਾ ਭਾਰਤ ਦੇਸ਼ ਤੇ,
ਮੂਲਵਾਸੀਆਂ ਨਾਲ ਦਗਾ ਕਮਾਅ।
ਜਿਹੜੇ ਰਾਜੇ ਸੀ ਉਸ ਟਾਈਮ ਦੇ,
ਜਿਹਨਾਂ ਦੇ ਸੀ ਨੇਕ ਸੁਭਾਅ।
ਉਹਨਾਂ ਨੂੰ ਨਾਲ ਧੋਖੇ ਦੇ ਦੋਸਤੋ,
ਲਿਆ ਆਪਣੇ ਗੁਲਾਮ ਬਣਾ।
ਸਾੜ ਸਿੰਧ ਘਾਟੀ ਦੀ ਸਭਿਅਤਾ,
ਦਿੱਤੀ ਮਿੱਟੀ ਵਿੱਚ ਮਿਲਾਅ।
ਇਥੋਂ ਦਾ ਇਤਿਹਾਸ ਖਤਮ ਕਰਨ ਲਈ,
ਜਿਹਨਾਂ ਨੇ ਸਾੜੇ ਪੁਸਤਕਾਲੇ ਅੱਗਾਂ ਲਾ।
ਉਲਾਦ ਉਹਨਾਂ ਦੀ ਫਿਰੇ ਨਾਗਰਿਕਾਂ ਵੇਖਦੀ,
ਦਿਤਾ ਦੇਸ਼ ਵਿਚ ਭੜਥੂ ਪਾ।
ਇਹਨਾਂ ਨੂੰ ਛੱਡਕੇ ਇਕੱਠੇ ਹੋ ਜਾਓ,
ਦਿਉ ਅਕਲ ਟਿਕਾਣੇ ਲਿਆਹ।

ਮੇਜਰ ਸਿੰਘ ਬੁਢਲਾਡਾ
94176 42327

ਧਾਹਾਂ ਮਾਰਦੇ ਸੜਕਾਂ ਤੇ ਫਿਰਨ - ਮੇਜਰ ਸਿੰਘ ਬੁਢਲਾਡਾ

ਧਾਹਾਂ ਮਾਰਦੇ ਸੜਕਾਂ ਤੇ ਫਿਰਨ ਰੁਲਦੇ,
ਪੜ੍ਹ-ਲਿਖਕੇ ਡਿਗਰੀਆਂ ਫਿਰਨ ਚੁੱਕੀ ,
ਰੁਜ਼ਗਾਰ ਦੇਵੇ ਨਾ ਸਰਕਾਰ ਬੇਈਮਾਨ ਇਥੇ।
ਧਾਹਾਂ ਮਾਰਦੇ ਸੜਕਾਂ ਤੇ ਫਿਰਨ ਰੁਲਦੇ,
ਦੇਸ਼ ਮੇਰੇ ਦੇ ਨੌਜਵਾਨ ਇਥੇ।
ਚੜਨ ਟੈਂਕੀਆਂ 'ਤੇ ਕਦੇ ਜਾਮ ਲਾਉਂਦੇ,
ਕਿਵੇਂ ਰੁਜ਼ਗਾਰ ਬਿਨਾਂ ਟਾਈਮ ਲੰਘਾਣ ਇਥੇ।
ਮੇਜਰ ਆਪਣੇ ਘਰ ਭਰਨ ਲੱਗੇ ਹੋਏ ਹਾਕਮ,
ਦੇਣ ਲੋਕਾਂ ਦੇ ਵੱਲ ਨਾ ਧਿਆਨ ਇਥੇ।

ਮੇਜਰ ਸਿੰਘ ਬੁਢਲਾਡਾ
94176 42327

'ਕੋਰਟ ਦੇ ਕੰਧੇ ਉਤੇ ਰੱਖ ਗਿਆ ਚਲਾ ਵੈਰੀ' - ਮੇਜਰ ਸਿੰਘ ਬੁਢਲਾਡਾ

ਪੰਜ ਸੌ ਸਾਲ ਪੁਰਾਣਾ ਗੁਰੂ ਰਵਿਦਾਸ ਮੰਦਿਰ,
ਤੁਗਲਕਾਬਾਦ ਵਿਚ ਦਿਤਾ ਢਾਹ ਵੈਰੀ।
ਜਬਰੀ ਕਰ ਲਿਆ ਕਬਜ਼ਾ ਉਸ ਅਸਥਾਨ ਉਤੇ,
ਭਾਰੀ ਫੋਰਸ ਨੂੰ ਉਥੇ ਬੁਲਾਅਅ ਵੈਰੀ।
ਸਾਡੀ ਸ਼ਰਾਫਤ ਦਾ ਉਠਾਕੇ ਨਜਾਇਜ ਫਾਇਦਾ,
ਕੋਰਟ ਦੇ ਕੰਧੇ ਤੇ ਰੱਖ ਗਿਆ ਚਲਾ ਵੈਰੀ।
ਡਰਾਉਣਾ ਚਾਹੁੰਦਾ ਹੈਂ ਉਹ ਗਿਰਫਤਾਰ ਕਰਕੇ,
ਦੇਵਾਂਗੇ ਗਿਰਫਤਾਰੀਆਂ ਦਾ ਹੜ੍ਹ ਲਿਆ ਵੈਰੀ।
ਵੇਖ ਲਵੀਂ ਤੂੰ ਚਲਾਕੇ ਲਾਠੀਆਂ 'ਤੇ ਗੋਲੀਆਂ ,
ਸਾਨੂੰ ਮੌਤ ਦੀ ਨਾ ਕੋਈ ਪ੍ਰਵਾਹ ਵੈਰੀ।
ਕਿਉਂਕਿ ਇਕ ਦਿਨ ਮੌਤ ਨੇ ਆਵਣਾ ਹੈ,
ਜਿੰਦਗੀ ਕੌਮ ਦੇ ਲੇਖੇ ਦੇਵਾਂਗੇ ਲਾ ਵੈਰੀ।
ਸਾਡੇ ਕਮਜੋਰ ਹੋਣ ਦਾ ਤੈਨੂੰ ਭਰਮ ਜਿਹੜਾ,
ਤੋੜਨਾ ਇੱਟ ਨਾਲ ਇੱਟ ਖੜਕਾਅ ਵੈਰੀ।
ਲੋਕ ਰੱਖ ਦੇਣਗੇ ਤੈਨੂੰ ਮਲੀਆ-ਮੇਟ ਕਰਕੇ
ਇਹ ਜਦ ਆਪਣੀ ਆਈ ਤੇ ਗਏ ਆ, ਵੈਰੀ।

ਮੇਜਰ ਸਿੰਘ ਬੁਢਲਾਡਾ
94176 42327

'ਜੇ ਅੱਜ ਰਾਜ ਹੁੰਦਾ ਅੰਗਰੇਜ਼ਾਂ ਦਾ' - ਮੇਜਰ ਸਿੰਘ ਬੁਢਲਾਡਾ

ਆਮ ਲੋਕਾਂ ਨੂੰ ਮਿਲੇ ਨਾ ਇਨਸਾਫ ਇਥੇ,
ਭਾਰੀ ਹੁੰਦੀ ਇਹਨਾਂ ਦੀ ਲੁੱਟ ਯਾਰੋ।
ਅੱਜ ਜਾਤ-ਪਾਤ ਧਰਮਾਂ ਦੇ ਵਿਤਕਰਿਆਂ ,
ਇਥੇ ਬੜੇ ਲੋਕ ਦਿਤੇ ਨੇ ਪੱਟ ਯਾਰੋ ।
ਹਾਕਮਾਂ ਨੂੰ ਵੇਖ ਕਹਿਣ ਨੂੰ ਦਿਲ ਕਰਦਾ
ਅੰਗਰੇਜ਼ ਐਵੇਂ ਕੱਢੇ ਆਖਾਂ ਸੱਚ ਯਾਰੋ।
ਇਹਨਾਂ ਤੋਂ ਲੱਖ ਦਰਜੇ ਸੀ ਉਹ ਚੰਗੇ,
ਚੰਗੀ ਸੀ ਉਹਨਾਂ ਕੋਲ ਮੱਤ ਯਾਰੋ ।
ਜੇ ਅੱਜ ਰਾਜ ਹੁੰਦਾ ਅੰਗਰੇਜ਼ਾਂ ਦਾ,
ਨਾ ਐਨੀ ਰੁਲਦੀ ਕਿਸੇ ਦੀ ਪੱਤ ਯਾਰੋ।
ਐਨਾ ਧੱਕਾ ਨਾ ਕਿਸੇ ਨਾਲ ਹੁੰਦਾ,
ਨਾ ਐਨੇ ਮਾਰੇ ਜਾਣੇ ਸੀ ਹੱਕ ਯਾਰੋ।
ਅੰਗਰੇਜ਼ ਰਾਜ ਵਿੱਚ ਰਹਿੰਦੇ ਲੋਕ ਜਿਹੜੇ,
ਪੁੱਛ ਲਓ ਉਹਨਾਂ ਤੋਂ ਬੇ-ਸ਼ੱਕ ਯਾਰੋ ।
ਐਵੇਂ ਨੀ ਲੱਖਾਂ ਰੁਪਏ ਲਾ ਲੋਕੀ ,
ਜਾਣ ਉਧਰ ਕਰਜੇ ਚੱਕ ਯਾਰੋ ।
ਮੇਜਰ ਹੋਣਾ ਸੀ ਕਾਨੂੰਨ ਦਾ ਰਾਜ ਇਥੇ,
ਲਾਗੂ ਕਰਦੇ ਕਾਨੂੰਨ ਸਖਤ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

ਗੁਰੂ ਨਾਨਕ ਦਾ ਜਨਮ ਦਿਨ - ਮੇਜਰ ਸਿੰਘ ਬੁਢਲਾਡਾ

'ਗੁਰੂ ਨਾਨਕ ਦਾ ਜਨਮ ਦਿਨ'
ਗੁਰੂ ਨਾਨਕ ਦਾ 550ਵਾਂ ਦਿਨ
ਐਸੇ ਢੰਗ ਦੇ ਨਾਲ ਮਨਾਓ ਸਿੱਖੋ!
ਕਸਮ ਗੁਰੂ ਦੀ ਖਾਕੇ ਸੱਚੇ ਦਿਲੋਂ,
ਤੁਸੀਂ ਸਾਰੇ ਮੱਤ-ਭੇਦ ਮਿਟਾਓ ਸਿੱਖੋ!
ਗੁਰੂ ਨਾਨਕ ਦੀ ਸੋਚ ਨੂੰ ਸਾਰੇ
ਜਨ ਜਨ ਪਹੁੰਚਾ ਦਿਓ ਸਿੱਖੋ!
ਗੁਰੂ ਗ੍ਰੰਥ ਸਾਹਿਬ ਤੋਂ ਉਤੇ ਕੋਈ ਸੰਤ ਨਹੀਂ ,
ਨਾ ਕਿਸੇ ਦਾ ਹੁਕਮ ਵਜਾਓ ਸਿੱਖੋ!
ਇਤਿਹਾਸ ਵਿੱਚ ਰਲਿਆ ਮਿਥਿਹਾਸ ਭਾਈ,
ਸੋਚਣ ਸਮਝਣ ਦੀ ਆਦਤ ਪਾਓ ਸਿੱਖੋ!
ਗੁਰਬਾਣੀ ਨੂੰ ਵਿਚਾਰਣ ਦੇ ਲਈ ,
ਖੁਦ੍ਹ ਕਾਬਲ ਬਣਾਉਣ ਜਾਓ ਸਿੱਖੋ!
ਕਰਮਕਾਂਡਾ ਦਾ ਛੱਡ ਦਿਓ ਖਹਿੜਾ,
ਸਾਰੇ ਵਹਿਮ-ਭਰਮ ਮਿਟਾਓ ਸਿੱਖੋ!
ਉਲਝ ਗਈ ਜੋ ਤਾਣੀ ਸਾਡੀ,
ਰਲ-ਮਿਲ ਇਹਨੂੰ ਸੁਲਝਾਓ ਸਿੱਖੋ!
ਹੋ ਗਏ ਦੂਰ ਸਿੱਖੀ ਤੋਂ ਜਿਹੜੇ,
ਉਹਨਾਂ ਨੂੰ ਨੇੜੇ ਲਿਆਓ ਸਿੱਖੋ!
ਸਭ ਇਨਸਾਨਾਂ ਨੂੰ ਸਮਝ ਬਰਾਬਰ,
ਸਾਰੇ ਭੇਦ-ਭਾਵ ਮਿਟਾਓ ਸਿੱਖੋ!
ਗੁਰੂਦੁਵਾਰੇ ਬਣਾ ਲਏ ਬਹੁਤੇ,
ਹੁਣ ਗੁਰੂ ਦੇ ਸਿੱਖ ਬਣਾਓ ਸਿੱਖੋ!
ਤੁਸੀਂ ਲੋੜਵੰਦਾਂ ਦੀ ਮੱਦਦ ਕਰਕੇ,
ਦਸਵੰਧ ਉਹਨਾਂ ਤੇ ਲਾਓ ਸਿੱਖੋ!
ਸੱਚ ਨੂੰ ਸੱਚ, ਝੂਠ ਨੂੰ ਕਹੋ,
ਲਾਲਚ ਖੌਫ 'ਚ ਨਾ ਆਓ ਸਿੱਖੋ!
ਗੁਰੂ ਨਾਨਕ ਦਾ 550ਵਾਂ ਦਿਨ
ਐਸੇ ਢੰਗ ਦੇ ਨਾਲ ਮਨਾਓ ਸਿੱਖੋ!

ਮੇਜਰ ਸਿੰਘ ਬੁਢਲਾਡਾ
94176 42327

ਗੁਰੂ ਗੋਬਿੰਦ ਸਿੰਘ ਜਿਹਾ ਸੂਰਮਾ - ਮੇਜਰ ਸਿੰਘ 'ਬੁਢਲਾਡਾ'

ਗੁਰੂ ਗੋਬਿੰਦ ਸਿੰਘ ਜਿਹਾ ਸੂਰਮਾ,
ਨਹੀਂ ਹੋਣਾ ਵਿਚ ਸੰਸਾਰ।
ਜਿਹਨੇ 'ਧਰਮ' ਦੀ ਖਾਤਰ ਸਾਥੀਓ!
ਦਿਤਾ ਸਭ-ਕੁਝ ਆਪਣਾ ਵਾਰ।
ਦੋ ਪੁੱਤ ਹੱਥੀ ਤੋਰ ਦਿਤੇ,
ਸਾਹਮਣੇ ਜੰਗ ਵਿਚ ਕਰਕੇ ਤਿਆਰ।
ਜੋ ਸ਼ਹੀਦ ਸਾਹਮਣੇ ਹੋ ਗਏ,
'ਰਣ' ਵਿਚ ਫੱਟ ਖਾਕੇ ਬੇਸ਼ੁਮਾਰ।
ਦੋ ਮਾਸੂਮ ਪੁੱਤ 'ਸੂਬਾ ਸਰਹੰਦ ਨੇ ,
ਚਿਣ ਦਿੱਤੇ ਵਿਚ ਦਿਵਾਰ।
ਹਫਤੇ ਵਿੱਚ ਚਾਰ ਪੁੱਤ ਮਾਂ ਗੁਜਰੀ,
ਤੁਰ ਗਏ ਛੱਡ ਸੰਸਾਰ।
ਆਖਰੀ ਵਾਰ ਵੇਖ ਸਕਿਆ ਮੁੱਖ ਨਾ,
ਨਾ ਖੁਦ੍ਹ ਕਰ ਸਕਿਆ ਦੇਹ ਸਸਕਾਰ।
ਫਿਰ ਵੀ ਰੱਤੀ ਭਰ ਨਾ ਡੋਲਿਆ,
ਮੇਜਰ ਮੰਨਣੀ ਕੀ ਸੀ ਹਾਰ।
ਆਖਰੀ ਦਮ ਤੱਕ ਗੁਰੂ ਗੋਬਿੰਦ ਸਿੰਘ ਨੇ,
ਫਿਰ ਵੀ ਆਪਣਾ ਜਾਰੀ ਰੱਖਿਆ ਪ੍ਰਚਾਰ।

ਮੇਜਰ ਸਿੰਘ 'ਬੁਢਲਾਡਾ'
94176 42327

'ਸ੍ਰ. ਬੰਦਾ ਸਿੰਘ ਬਹਾਦਰ' - ਮੇਜਰ ਸਿੰਘ 'ਬੁਢਲਾਡਾ'

'ਬੰਦਾ ਸਿੰਘ ਬਹਾਦਰ' ਸੂਰਮਾ,
ਲੈਕੇ 'ਕਲਗੀਧਰ' ਤੋਂ ਥਾਪੜਾ।
'ਜ਼ਾਲਮਾ' ਨੂੰ ਸੋਧਣ ਵਾਸਤੇ,
ਉਹ ਪੰਜਾਬ ਵੱਲ ਚੱਲ ਪਿਆ।
ਨੇੜੇ ਆਕੇ ਉਹਨੇ ਪੰਜਾਬ ਦੇ,
ਸਿੱਖ, ਭੇਜ ਚਿੱਠੀਆਂ ਲਏ ਬੁਲਾਅ।
ਹੁਕਮਨਾਮਾ 'ਗੁਰੂ ਗੋਬਿੰਦ ਸਿੰਘ' ਦਾ
ਉਹਨਾਂ ਨੂੰ ਪੜਕੇ ਦਿੱਤਾ ਸੁਣਾਅ।
ਕਹਿੰਦਾ "ਇੱਕਠੇ ਹੋਕੇ ਸਾਰੇ ਯੋਧਿਓ!
ਦਿਉ 'ਸਰਹਿੰਦ' ਦੀ ਇੱਟ ਨਾਲ ਇੱਟ ਖੜਕਾ ।
ਜਿਥੇ ਮਾਸੂਮ ਬਾਲ ਪਿਤਾ 'ਦਸਮੇਸ਼' ਦੇ
ਜਿਉਂਦੇ ਦਿਤੇ ਨੀਹਾਂ ਵਿਚ ਚਿਣਵਾ।"
ਇਹ ਸੁਣ ਤਿਆਰ ਹੋ ਗਏ ਸਿੰਘ ਸੂਰਮੇ,
ਦਿੱਤੀ ਹਾਂ ਵਿੱਚ ਹਾਂ ਮਿਲਾਅ।
ਸਿੰਘਾਂ ਜਾਨਾਂ ਤਲੀ ਤੇ ਧਰ ਲਈਆਂ,
ਦਿਤੇ ਜ਼ਾਲਮਾਂ ਵੱਲ ਚਾਲੇ ਪਾ।
ਪਹਿਲਾਂ ਆਲੇ-ਦੁਆਲੇ ਦੇ ਇਲਾਕੇ ਜਿੱਤਕੇ,
ਪੂਰਾ ਕਬਜ਼ਾ ਲਿਆ ਜਮਾਅ।
ਫਿਰ ਜਾ 'ਸੂਬੇ' ਨੂੰ ਲਲਕਾਰਿਆ
'ਬੰਦੇ' ਨੇ ਦਿੱਤਾ ਭੜਥੂ ਪਾ।
ਲੋਕੋ! ਜਾਨੋ ਮਾਰ 'ਸੂਬੇ ਸਰਹੰਦ' ਨੂੰ,
ਦਿੱਤਾ ਦਰਖਤ ਉਤੇ ਪੁੱਠਾ ਲਟਕਾਅ ।
ਗਿਰਝਾਂ ਨੇ ਨੋਚ-ਨੋਚ ਖਾਧਿਆ,
ਮੇਜਰ,ਜ਼ਾਲਮ ਨੂੰ ਦਿੱਤੀ ਐਸੀ ਸਜਾ।

ਮੇਜਰ ਸਿੰਘ 'ਬੁਢਲਾਡਾ'
94176 42327

'ਸਮਝਣ ਵਾਲੀ ਗੱਲ' - ਮੇਜਰ ਸਿੰਘ ਬੁਢਲਾਡਾ

ਪਤਾ ਨਾ ਦੇਸ਼ ਵਿੱਚ ਰਹਿੰਦੇ ਅੱਤਵਾਦੀਆਂ ਦਾ,
ਪਾਕਿਸਤਾਨ ਵਾਲਿਆਂ ਦੀ ਕਿਵੇਂ ਸੀ ਸਾਰ ਲੋਕੋ?
ਕਹਿੰਦੇ ਰਾਤ ਦੇ ਹਨ੍ਹੇਰੇ ਵਿੱਚ ਬੰਬ ਡੇਗ,
ਅੱਤਵਾਦੀ 'ਤਿੰਨ ਸੋ' ਦਿੱਤਾ ਮਾਰ ਲੋਕੋ!
ਕਿਵੇਂ ਗਿਣਤੀ ਕਿਸ ਨੇ ਕਰੀ ਉਥੇ?
ਇਹ ਗੱਲ ਸਮਝ ਤੋਂ ਬਾਹਰ ਲੋਕੋ!
ਮੇਜਰ ਸਮਝਣ ਵਾਲੀ ਹੈ ਗੱਲ ਸਾਰੀ,
ਸਮਝ ਜਾਣਗੇ ਇਹ ਸਮਝਦਾਰ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

ਬੋਲੀਆਂ - ਮੇਜਰ ਸਿੰਘ 'ਬੁਢਲਾਡਾ'

'ਕੜਾਕੇ ਦੀ ਠੰਢ ਦੀਆਂ ਬੋਲੀਆ'
ਪਾਲਾ....ਪਾਲਾ....ਪਾਲਾ
'ਕੋਕਿਆਂ' ਵਾਲੀ 'ਡਾਂਗ' ਵਰਗੀ,
ਚੱਲ ਉੱਠਕੇ ਚਾਹ ਬਣਾਲਾ।
ਵਿਚ ਪਾਕੇ ਲੌਂਗ-ਲੈਚੀਆਂ,
ਇਕ ਟੁਕੜਾ 'ਆਦੇ' ਦਾ ਪਾ ਲਾ।
ਠੰਡ ਦਾ ਮਹੀਨਾ ਚਲਦਾ,
ਮਹੀਨਾ ਚੱਲਦਾ
ਬਚ ਆਪ, ਨਾਲੈ ਸੱਜਣ ਬਚਾ ਲਾ
ਠੰਢ ਦਾ ਮਹੀਨਾ ਚਲਦਾ।

ਬਈ ਠੰਢ-ਠੰਢ ਕੀ ਲਾਈ ਸੱਜਣੋ!
ਕਿਉਂ ਠੰਢ ਤੋਂ ਡਰਦੇ?
ਠੰਢ ਉਹਨਾਂ ਨੂੰ ਕਦੇ ਨਾ ਲੱਗਦੀ,
ਕੰਮ ਕਾਰ ਜੋ ਕਰਦੇ।
ਠੰਢ ਦਲੇਰਾਂ ਦੇ,
ਕੋਲ ਜਾਣ ਤੋਂ ਡਰਜੇ।
ਠੰਢ ਦਲੇਰਾਂ ਦੇ.......।

ਬੁੱਢੇ-ਠੇਰਿਆਂ, ਕਮਜੋਰਾਂ ਲਈ,
ਠੰਢ ਦੁਸ਼ਮਣ ਬਣਕੇ ਆਉਂਦੀ।
ਤਰਸ ਕਰੇ ਨਾ ਭੋਰਾ ਚੰਦਰੀ,
ਜਾਨ ਬੜਾ ਤੜਫਾਉਂਦੀ।
ਠੰਢ ਕੜਾਕੇ ਦੀ,
ਬੜਾ ਕਹਿਰ ਵਰਤਾਉਂਦੀ
ਠੰਢ ਕੜਾਕੇ ਦੀ......।

ਠੰਢ ਜੀਹਨੂੰ ਵੀ ਲੱਗਜੇ ਚੰਦਰੀ,
ਕਾਬਾਂ ਦੀ ਚੜਾ ਜੀ।
ਖੰਡ, ਜੁਕਾਮ, ਨਜਲਾ,ਛਿੱਕਾਂ
ਦਿੰਦੀ ਤਾਪ ਚੜਾ ਜੀ।
ਇਹਤੋਂ ਰੱਖ ਦੂਰੀ,
ਹੋਊ ਫਿਰ ਬਚਾਅ ਜੀ।
ਇਹਤੋਂ ਰੱਖ ਦੂਰੀ.......।

ਠੰਢ ਠੰਢ ਜੋ ਕਰਦੇ ਰਹਿੰਦੇ,
ਉਹ ਕਹਿੰਦੇ ਸੱਦਾ ਠੰਢ ਨੂੰ ਦਿੰਦੇ।
ਠੰਢ ਤੋਂ ਡਰਨ ਦੀ ਲੋੜ ਨਾ ਕੋਈ,
ਸੱਚ ਸਿਆਣੇ ਕਹਿੰਦੇ।
ਹਿੰਮਤ ਵਾਲੇ ਤਾਂ
ਮਜਾ ਠੰਢ ਦਾ ਲੈਂਦੇ
ਹਿੰਮਤ ਵਾਲੇ ਤਾਂ.......।

ਮੇਜਰ ਸਿੰਘ 'ਬੁਢਲਾਡਾ'
94176 42327

'ਸਿੱਖ ਇਤਿਹਾਸ ਵਿੱਚ ਮੁਸਲਮਾਨ ਬੀਬੀ 'ਮੁਮਤਾਜ' 'ਤੇ ਇਸਦੇ ਪਿਤਾ 'ਨਹਿੰਗ ਖਾਨ' ਦੀ ਕੁਰਬਾਨੀ' - ਮੇਜਰ ਸਿੰਘ 'ਬੁਢਲਾਡਾ'

ਸਿੱਖ ਇਤਿਹਾਸ ਇਕ ਤੋਂ  ਵਧਕੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹਨਾਂ ਕੁਰਬਾਨੀਆਂ  ਵਿਚ ਇਕ ਜਿਕਰ ਮੁਸਲਮਾਨ ਬੀਬੀ 'ਮੁਮਤਾਜ'ਜੀ ਅਤੇ ਇਸਦੇ ਪਿਤਾ ਨਹਿੰਗ ਖਾਨ ਜੀ ਕੁਰਬਾਨੀ ਦਾ ਵੀ ਆਉਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ, ਜਦੋਂ ਸਰਸਾ ਨਦੀ ਪਾਰ ਕਰਕੇ ਆਪਣੇ ਪਿਆਰੇ ਇਕ ਰਿਆਸਤ ਦੇ ਮੁੱਖੀ 'ਕੋਟਲਾ ਨਿਹੰਗ ਖਾਨ' ਦੇ ਘਰ ਸ਼ਾਮ ਦੇ ਵਕਤ ਕੁਝ ਸਮੇਂ ਲਈ ਰੁਕੇ, ਤਾਂ ਇਥੇ  ਗੁਰੂ ਜੀ ਨੂੰ ਖਬਰ ਮਿਲੀ, ਕਿ 'ਮਲਕਪੁਰ ਰੰਗੜਾ' ਦੇ ਸਥਾਨ ਤੇ ਦੁਸ਼ਮਣਾਂ ਵਲੋਂ ਲੋਹਗੜ੍ਹ ਦਾ ਕਿਲਾ ਤੋੜਣ ਲਈ ਭੇਜੇ ਗਏ ਸ਼ਰਾਬੀ ਹਾਥੀ ਨੂੰ ਇਕ ਨਾਗਣੀ ਨਾਲ ਹਰਾਉਣ ਵਾਲਾ ਸੂਰਬੀਰ ਯੋਧਾ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ,ਦੁਸ਼ਮਣਾਂ ਦੀ ਬੇਹੱਦ ਵੱਡੀ ਫੌਜ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਏ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਅਜੀਤ ਸਿੰਘ ਨੂੰ ਹੁਕਮ ਕੀਤਾ, ਕਿ "ਭਾਈ ਬਚਿੱਤਰ ਸਿੰਘ ਨੂੰ ਜਲਦੀ ਇਥੇ ਲੈਕੇ ਆਓ । ਜਿਸਨੂੰ ਸਹਿਬਜਾਦੇ ਅਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਾਕੇ ਭਾਈ ਬਚਿੱਤਰ ਸਿੰਘ ਨੂੰ ਚੁੱਕਕੇ 'ਨਹਿੰਗ ਖਾਨ' ਦੇ ਘਰ ਲਿਆਂਦਾ ਗਿਆ , ਲੋੜ ਤੋਂ ਵੱਧ ਜਖ਼ਮੀ ਮਰਨ ਦੇ ਕਿਨਾਰੇ ਪਿਆ ਭਾਈ ਬਚਿੱਤਰ ਸਿੰਘ ਨੂੰ ਸੇਵਾ ਸੰਭਾਲ ਲਈ ਆਪਣੇ ਮੁਰੀਦ 'ਨਹਿੰਗ ਖਾਨ' ਦੇ ਹਵਾਲੇ ਕਰਕੇ ,ਗੁਰੂ ਜੀ ਸਿੰਘਾਂ ਸਮੇਤ ਉਥੋਂ ਚਮਕੌਰ ਨੂੰ ਚਲੇ ਗਏ।
   ਕਿਸੇ ਨੇ  ਰੋਪੜ ਇਲਾਕੇ ਦੇ ਨਵਾਬ ਜਾਫਰ ਅਲੀ ਖਾਨ ਨੂੰ ਖ਼ਬਰ ਦੇ ਦਿੱਤੀ ਕਿ ਨਹਿੰਗ ਖਾਨ ਦੇ ਘਰ ਗੋਬਿੰਦ ਸਿੰਘ 'ਤੇ ਉਹਦੇ ਸਿੰਘ ਆਏ ਹੋਏ ਨੇ। "
ਨਹਿੰਗ ਖਾਨ ਨੂੰ ਜਦ ਇਸ ਗੱਲ ਦਾ ਪਤਾ ਲੱਗਾ ,ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਯੋਧੇ ਨੂੰ ਬਚਾਉਣ ਲਈ ਇਕ ਸਕੀਮ ਬਣਾਈ ਅਤੇ ਆਪਣੀ ਬੇਟੀ 'ਮੁਮਤਾਜ' ਨੂੰ ਬਚਿੱਤਰ ਸਿੰਘ ਦੇ ਕਮਰੇ ਵਿੱਚ ਉਸ ਦੀ ਸੇਵਾ ਸੰਭਾਲ ਲਈ ਭੇਜਿਆ ਗਿਆ। ਨਵਾਬ 'ਜਾਫਰ ਅਲੀਖਾਨ' ਨੇ ਆਪਣੀ ਫੌਜ ਨੂੰ ਨਾਲ ਲੈਕੇ  ਨਹਿੰਗ ਖਾਨ ਦੇ ਕਿਲੇ ਦੀ ਤਲਾਸ਼ੀ ਲਈ, ਕੋਈ ਸਿੰਘ ਨਾ ਮਿਲਿਆ,  ਜਦ ਇਕ ਸਪੈਸ਼ਲ ਬੰਦ ਪਏ ਕਮਰੇ ਵਾਰੇ ਪੁੱਛਿਆ ਗਿਆ, ਤਾਂ ਨਹਿੰਗ ਖਾਨ ਨੇ ਬਣਾਈ ਗਈ ਸਕੀਮ ਅਨੁਸਾਰ ਨਵਾਬ ਨੂੰ ਦੱਸਿਆ ਗਿਆ ਕਿ "ਇਸ ਕਮਰੇ ਅੰਦਰ ਮੇਰੀ ਧੀ ਅਤੇ ਉਹਦਾ ਪਤੀ ਰਹਿ ਰਹੇ ਹਨ, ਜੇ ਜਰੂਰੀ ਹੈ, ਦਰਵਾਜਾ ਖੁਲਵਾਕੇ ਵੇਖ ਸਕਦੇ ਹੋ। "
ਨਵਾਬ ਜਾਫਰ ਆਲੀ ਖਾਨ ਨੇ ਨਹਿੰਗ ਖਾਨ ਦਾ ਯਕੀਨ ਕਰਦੇ ਹੋਏ, ਇਹ ਕਮਰਾ ਬਿਨਾਂ ਵੇਖੇ ਅਤੇ ਖਿਮਾ ਮੰਗਕੇ ਚਲਾ ਗਿਆ। ਜਿਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ 7-8 ਪੋਹ ਵਿਚਕਾਰਲੀ ਰਾਤ ਦਸੰਬਰ 1705 ਨੂੰ ਇਹ ਸੂਰਬੀਰ ਭਾਈ ਬਚਿੱਤਰ ਸਿੰਘ ਜੀ, ਸਦਾ ਲਈ ਇਸ ਦੁਨੀਆਂ ਤੋਂ ਚਲਾ ਗਿਆ।
        ਨਹਿੰਗ ਖਾਨ ਦੀ ਇਸ ਲੜਕੀ 'ਮੁਮਤਾਜ' ਦਾ ਰਿਸਤਾ ਇਸ ਦੀ ਭੂਆ ਬੀਬੀ 'ਉਮਰੀ' (ਜੋ ਕਿ 'ਗਨੀ ਖਾਂ, ਨਬੀ ਖਾਂ ਦੀ ਮਾਤਾ ਸੀ,ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਕੇ ਲੈਕੇ ਆਏ ਸੀ।) ਨੇ ਬੱਸੀ ਪਠਾਣਾਂ ਨੇੜੇ 'ਜਵਾਰਖਾਨ' ਨਾਲ ਕਰਵਾਇਆ ਹੋਇਆ ਸੀ।
ਜਦ ਸਮਾਂ ਆਉਣ ਤੇ ਬੀਬੀ ਮੁਮਤਾਜ ਨਾਲ,ਪਿਤਾ ਨਹਿੰਗ ਖਾਨ ਨੇ ਨਿਕਾਹ ਦੀ ਗੱਲ ਤੋਰੀ, ਤਾਂ ਬੀਬੀ ਮੁਮਤਾਜ ਨੇ ਕਿਹਾ "ਅੱਬਾ ਜਾਨ,ਕਿਹਦੇ ਨਿਕਾਹ ਦੀ ਗੱਲ ਕਰਦੇ ਹੋਏ? ਮੁਸਲਮਾਨ ਬੱਚੀ ਕੀ ਦੋ ਵਾਰ ਨਿਕਾਹ ਕਰ ਸਕਦੀ ਆ? ਪਿਤਾ ਨੇ ਕਿਹਾ "ਮੁਮਤਾਜ ਕੀ ਕਹੀ ਜਾਂਦੀ ਆਂ ਤੂੰ? "
ਮੁਮਤਾਜ ਨੇ ਕਿਹਾ "ਅੱਬਾ ਜਾਨ, ਭੁੱਲ ਗਿਆ ਤੂੰ, ਨਵਾਬ ਜਾਫਰ ਅਲੀ ਖਾਂ ਨੂੰ ਤੂੰ ਕੀ ਕਿਹਾ ਸੀ? ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਉਹਦਾ ਖਾਵੰਦ (ਪਤੀ) ਅੰਦਰ ਹਨ! ਤੂੰ ਬਚਿੱਤਰ ਸਿੰਘ ਨੂੰ ਮੇਰਾ ਪਤੀ ਬਣਾਇਆ ਸੀ ਕਿ ਨਹੀਂ ? ਬੱਸ ਮੈਂ ਤਾਂ ਉਸੇ ਦਿਨ ਹੀ ਸਮਝ ਲਿਆ ਸੀ, ਕਿ ਬਚਿੱਤਰ ਸਿੰਘ ਨਾਲ ਮੇਰਾ ਨਿਕਾਹ ਹੋ ਗਿਆ, ਇਕ ਸ਼ਹੀਦ ਦੀ ਪਤਨੀ ਦੂਜੀ ਵਾਰ ਸ਼ਾਦੀ ਕਰਕੇ,ਸ਼ਹੀਦੀ ਨੂੰ ਕਲੰਕਿਤ ਨਹੀਂ ਕਰ ਸਕਦੀ। ਇਸ ਲਈ ਹੁਣ ਮੈਂ ਹੋਰ ਵਿਆਹ ਨਹੀਂ ਕਰਵਾ ਸਕਦੀ।" ਸਾਰੇ ਰਿਸਤੇਦਾਰਾਂ ਦੇ ਸਮਝਾਉਣ ਦੇ ਬਾਵਜੂਦ ਬੀਬੀ ਮੁਮਤਾਜ ਆਪਣੀ ਗੱਲ ਤੇ ਕਾਇਮ ਰਹਿੰਦੇ ਹੋਏ ਮੁੜਕੇ ਵਿਆਹ ਨਹੀਂ ਕਰਵਾਇਆ। ਕਿਲੇ ਅੰਦਰ  ਜਿਸ ਥਾਂ ਤੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ, ਉਸ ਥਾਂ ਤੇ ਧੂਫ ਬੱਤੀ ਕਰਕੇ ਸੱਜਦਾ ਕਰਦੀ, ਅੱਲਾ ਦਾ ਭਾਣਾ ਮੰਨਕੇ ਆਪਣੀ ਸਾਰੀ ਜਿੰਦਗੀ ਗੁਜਰ ਦਿੱਤੀ । ਜਿਸ ਕਰਕੇ ਬੀਬੀ ਮੁਮਤਾਜ ਦੇ ਨਾਮ ਤੇ ਇਥੇ ਵਿਸ਼ੇਸ਼ ਅਸਥਾਨ ਬਣਾਇਆ ਗਿਆ ਹੈ। ਜਿੰਨ੍ਹਾਂ ਚਿਰ ਇਤਿਹਾਸ ਕਾਇਮ ਹੈ, ਬੀਬੀ ਮੁਮਤਾਜ ਅਤੇ ਪਿਤਾ ਨਹਿੰਗ ਖਾਨ ਜੀ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਰਹੇਗਾ, ਅਤੇ ਇਹਨਾਂ ਦੀ ਕੁਰਬਾਨੀ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਅਤੇ ਕੁਰਬਾਨੀਆਂ ਕਰਨ ਵਾਲਿਆਂ ਨੂੰ ਸਦਾ ਸਿਜਦਾ ਹੁੰਦਾ ਰਹੇਗਾ।

ਮੇਜਰ ਸਿੰਘ 'ਬੁਢਲਾਡਾ'
94176 42327