ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਲਾ ਦਸਵੀਂ ਦਾ ਵਿਦਿਆਰਥੀ:ਆਰ.ਸੀ.ਬਾਲੀ - ਉਜਾਗਰ ਸਿੰਘ
ਜ਼ਿੰਦਗੀ ਦੀ ਰਫ਼ਤਾਰ ਵਿੱਚ ਸਮੱਸਿਆਵਾਂ ਦਾ ਆਉਣਾ ਇਨਸਾਨ ਨੂੰ ਅੱਗੇ ਵੱਧਣ ਲਈ ਪ੍ਰੇਰਨਾ ਦਿੰਦਾ ਹੈ। ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਜਦੋਜਹਿਦ ਕਰਨੀ ਪੈਂਦੀ ਹੈ। ਜੇਕਰ ਇਨਸਾਨ ਜਦੋਜਹਿਦ ਕਰਦਿਆਂ ਹੌਸਲਾ ਛੱਡ ਦੇਵੇ ਤਾਂ ਉਹ ਜ਼ਿੰਦਗੀ ਦੀਆਂ ਉਲਝਣਾਂ ਵਿੱਚ ਫਸਕੇ ਹੀ ਰਹਿ ਜਾਂਦਾ ਹੈ। ਜਦੋਜਹਿਦ ਦਾ ਨਾਮ ਹੀ ਜ਼ਿੰਦਗੀ ਹੈ। ਜਦੋਜਹਿਦ ਹੀ ਇਨਸਾਨ ਨੂੰ ਹਰ ਮੁਸ਼ਕਲ ਦੀ ਘੜੀ ਨੂੰ ਪਾਰ ਕਰਨ ਵਿੱਚ ਸਹਾਈ ਹੁੰਦੀ ਹੈ। ਇਸ ਲਈ ਹਰ ਇਨਸਾਨ ਨੂੰ ਮਿਹਨਤ ਕਰਦਿਆਂ ਦਿ੍ਰੜ੍ਹਤਾ ਨਾਲ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਏਥੇ ਮੈਂ ਤੁਹਾਨੂੰ ਮੁਸ਼ਕਲਾਂ ਵਿੱਚ ਘਿਰੇ ਇੱਥ ਬੱਚੇ ਦੀ ਹਿੰਮਤ ਅਤੇ ਦਿ੍ਰੜ੍ਹਤਾ ਨਾਲ ਪ੍ਰਾਪਤ ਕੀਤੀ ਸਫ਼ਲਤਾ ਦੀ ਕਹਾਣੀ ਦੱਸਣ ਜਾ ਰਿਹਾ ਹਾਂ। ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਮਹਿਜ਼ 15 ਸਾਲ ਹੀ ਹੋਏ ਸਨ। ਪਛੜੇ ਇਲਾਕਿਆਂ ਵਿੱਚ ਪਿੰਡਾਂ ਦੇ ਸਕੂਲਾਂ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਵਿੱਚ ਬਹੁਤੀ ਜਾਗ੍ਰਤੀ ਨਹੀਂ ਆਈ ਸੀ। ਬੱਚਿਆਂ ਵਿੱਚ ਅਧਿਆਪਕਾਂ ਤੋਂ ਡਰਦਿਆਂ ਹੀਣਤਾ ਭਾਵਨਾ ਪੈਦਾ ਹੋ ਜਾਂਦੀ ਸੀ। ਉਦੋਂ ਅਧਿਆਪਕ ਬੱਚਿਆਂ ਨੂੰ ਸਜ਼ਾ ਦੇਣ ਲਈ ਕੁੱਟਦੇ ਵੀ ਸਨ। ਆਜ਼ਾਦੀ ਤੋਂ ਬਾਅਦ ਵਾਲੇ ਪੰਜਾਬ ਵਿੱਚ ਛਛਰੌਲੀ ਅੱਜ ਕਲ੍ਹ ਹਰਿਆਣਾ ਦੇ ਸਕੂਲ ਵਿੱਚ ਦਿਹਾਤੀ ਬੱਚੇ ਪੜ੍ਹ ਰਹੇ ਸਨ। ਉਨ੍ਹਾਂ ਵਿੱਚ ਇਕ ਬੱਚੇ ਆਰ.ਸੀ.ਬਾਲੀ. (ਰਤਨ ਚੰਦ ਬਾਲੀ) ਨੂੰ ਅਧਿਆਪਕਾਂ ਵੱਲੋਂ ਦਸਵੀਂ ਵਿੱਚ ਪੜ੍ਹਦਿਆਂ ਸਲੇਬਸ ਦੀਆਂ ਪੁਸਤਕਾਂ ਨਾ ਹੋਣ ਕਰਕੇ ਕਲਾਸ ਵਿੱਚ ਖੜ੍ਹਾ ਕਰਕੇ ਸਜਾ ਦਿੱਤੀ ਜਾਂਦੀ ਸੀ। ਰਤਨ ਚੰਦ ਬਾਲੀ ਨੂੰ ਮਾਪੇ ਗ਼ਰੀਬੀ ਕਰਕੇ ਪੁਸਤਕਾਂ ਖ੍ਰੀਦ ਕੇ ਨਹੀਂ ਦੇ ਸਕਦੇ ਸਨ। ਰਤਨ ਚੰਦ ਬਾਲੀ ਨੂੰ ਸਜ਼ਾ ਮਿਲਣ ‘ਤੇ ਹੀਣਤਾ ਮਹਿਸੂਸ ਹੁੰਦੀ ਸੀ ਪ੍ਰੰਤੂ ਉਹ ਆਪਣੀ ਪੜ੍ਹਾਈ ਜ਼ਾਰੀ ਰੱਖਣੀ ਚਾਹੁੰਦਾ ਸੀ। ਮਾਪਿਆਂ ਨੇ ਆਰਥਿਕ ਮਜ਼ਬੂਰੀਆਂ ਕਰਕੇ ਉਸ ਨੂੰ ਆਪਣੀ ਲੜਕੀ (ਰਤਨ ਚੰਦ ਬਾਲੀ ਦੀ ਭੈਣ) ਕੋਲ ਪੜ੍ਹਨ ਲਈ ਭੇਜ ਦਿੱਤਾ ਸੀ। ਉਹ ਆਪਣੀ ਭੈਣ ਅਤੇ ਭਣੋਈਏ ਤੋਂ ਪੁਸਤਕਾਂ ਲਈ ਪੈਸੇ ਮੰਗਣ ਤੋਂ ਸ਼ਰਮਾਉਂਦਾ ਸੀ। ਹਰ ਰੋਜ਼ ਦੀ ਸਜ਼ਾ ਤੋਂ ਤੰਗ ਆ ਕੇ ਇੱਕ ਦਿਨ ਬਾਲ ਵਿਦਿਆਰਥੀ ਰਤਨ ਚੰਦ ਬਾਲੀ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਿਨਾ ਦੱਸਿਆਂ ਹੀ ਪੋਸਟ ਕਾਰਡ (ਚਿੱਠੀ) ਲਿਖ ਦਿੱਤਾ ‘‘ ਮੇਰੇ ਕੋਲ ਪੜ੍ਹਾਈ ਜ਼ਾਰੀ ਰੱਖਣ ਲਈ ਸਿਲੇਬਸ ਦੀਆਂ ਪੁਸਤਕਾਂ ਨਹੀਂ ਹਨ। ਇਸ ਲਈ ਮੈਨੂੰ ਪੁਸਤਕਾਂ ਦਿਵਾਈਆਂ ਜਾਣ। ਜੇਕਰ ਮੈਨੂੰ ਪੁਸਤਕਾਂ ਨਾ ਮਿਲੀਆਂ ਤਾਂ ਮੈਂ ਆਪਣੀ ਪੜ੍ਹਾਈ ਜ਼ਾਰੀ ਨਹੀਂ ਰੱਖ ਸਕਾਂਗਾ।’’ ਪੋਸਟ ਕਾਰਡ ਤੇ ਆਪਣਾ ਅਤੇ ਸਕੂਲ ਦਾ ਨਾਮ ਲਿਖ ਦਿੱਤਾ। 1962 ਵਿੱਚ ਜਦੋਂ ਅਜੇ ਵਿਦਿਆਰਥੀਆਂ ਵਿੱਚ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਬਾਰੇ ਸੋਚਿਆ ਵੀ ਨਹੀਂ ਸਕਦਾ ਸੀ, ਵਿਦਿਆਰਥੀ ਤਾਂ ਆਪਣੇ ਅਧਿਆਪਕਾਂ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਸਨ। ਰਤਨ ਚੰਦ ਬਾਲੀ ਦੇ ਪਰਵਿਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਇਸ ਲਈ ਨੌਵੀਂ ਤੋਂ ਬਾਅਦ ਉਸ ਨੂੰ ਉਸ ਦੀ ਭੈਣ ਦੇ ਕੋਲ ਦਸਵੀਂ ਵਿੱਚ ਪੜ੍ਹਨ ਲਈ ਪਾਉਂਟਾ ਸਾਹਿਬ ਦੇ ਨੇੜੇ ਛਛਰੌਲੀ ਭੇਜ ਦਿੱਤਾ। ਉਸ ਸਮੇਂ ਅਜੇ ਹਰਿਆਣਾ ਬਣਿਆਂ ਨਹੀਂ ਸੀ। ਇਥੇ ਉਸ ਨੂੰ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸ ਕੋਲ ਪੁਸਤਕਾਂ ਨਹੀਂ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਤੋਂ ਪੰਦਰਾਂ ਦਿਨਾਂ ਬਾਅਦ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ 30 ਰੁਪਏ ਦਾ ਮਨੀਆਰਡਰ ਸਕੂਲ ਦੇ ਮੁੱਖ ਅਧਿਆਪਕ ਦੇ ਨਾਮ ਭੇਜ ਦਿੱਤਾ ਤੇ ਲਿਖਿਆ ਹੋਇਆ ਸੀ ਕਿ ਵਿਦਿਆਰਥੀ ਨੂੰ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਜਾਣ ਪ੍ਰੰਤੂ ਵਿਦਿਆਰਥੀ ਦਾ ਨਾਮ ਨਹੀਂ ਲਿਖਿਆ ਸੀ। ਮੁੱਖ ਅਧਿਆਪਕ ਦੇ ਸਮਝ ਵਿੱਚ ਨਾ ਆਵੇ ਕਿ ਇਹ 30 ਰੁਪਏ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਕਿਸ ਵਿਦਿਆਰਥੀ ਲਈ ਆਏ ਹਨ। ਸਾਰੇ ਅਧਿਆਪਕਾਂ ਨੂੰ ਆਪੋ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪਤਾ ਕਰਨ ਲਈ ਕਿਹਾ ਗਿਆ। ਫਿਰ ਕਿਤੇ ਜਾ ਕੇ ਰਤਨ ਚੰਦ ਬਾਲੀ ਦਾ ਪਤਾ ਚੱਲਿਆ। ਮੁੱਖ ਅਧਿਆਪਕ ਅਤੇ ਸਕੂਲ ਦੇ ਸਾਰੇ ਅਧਿਆਪਕ ਹੈਰਾਨ ਵੀ ਸਨ ਕਿ ਵਿਦਿਆਰਥੀ ਨੇ ਕਿਤਨਾ ਹੌਸਲਾ ਵਿਖਾਇਆ ਹੈ ਪ੍ਰੰਤੂ ਡਰ ਵੀ ਰਹੇ ਸਨ ਕਿ ਇਹ ਇਕ ਕਿਸਮ ਨਾਲ ਸਕੂਲ ਦੀ ਸ਼ਿਕਾਇਤ ਹੋ ਗਈ ਹੈ। ਫਿਰ ਰਤਨ ਚੰਦ ਬਾਲੀ ਨੂੰ ਸਕੂਲ ਦੀਆਂ ਪੁਸਤਕਾਂ ਖ੍ਰੀਦ ਕੇ ਦਿੱਤੀਆਂ ਗਈਆਂ।
ਦਸਵੀਂ ਪਾਸ ਕਰਨ ਤੋਂ ਬਾਅਦ ਰਤਨ ਚੰਦ ਬਾਲੀ 2 ਅਗਸਤ 1968 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਵਿਭਾਗ ਦੀ ਫੋਟੋ ਸ਼ੈਕਸ਼ਨ ਵਿੱਚ ਪਿ੍ਰੰਟਰ ਦੀ ਨੌਕਰੀ ਮਿਲ ਗਈ। ਰਤਨ ਚੰਦ ਬਾਲੀ ਨੇ ਪਰਿਵਾਰ ਦੀ ਆਰਥਿਕ ਹਾਲਤ ਵੇਖੀ ਸੀ, ਜਿਸ ਕਰਕੇ ਉਸ ਨੇ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਕੀਤਾ। ਉਸ ਦੀ ਮਿਹਨਤ ਤੇ ਆਪਣੇ ਕੰਮ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਵਿਭਾਗ ਨੇ ਉਸ ਨੂੰ 24 ਨਵੰਬਰ 1972 ਨੂੰ ਜੂਨੀਅਰ ਫੋਟੋਗ੍ਰਾਫਰ ਦੀ ਤਰੱਕੀ ਕਰ ਦਿੱਤੀ। ਉਸ ਤੋਂ ਬਾਅਦ ਉਸ ਦੀ 26 ਫਰਵਰੀ 1979 ਨੂੰ ਸੀਨੀਅਰ ਫੋਟੋਗ੍ਰਾਫਰ, 1 ਜੂਨ 1989 ਨੂੰ ਕੈਮਰਾਮੈਨ ਅਤੇ 13 ਜੁਲਾਈ 2005 ਨੂੰ ਸਿਨਮਾ ਤੇ ਫੋਟੋ ਆਫੀਸਰ ਤਰੱਕੀ ਹੋ ਗਈ। ਉਸ ਨੂੰ ਆਪਣੀ ਨੌਕਰੀ ਦੌਰਾਨ 16 ਪ੍ਰਸੰਸਾ ਪੱਤਰ ਮਿਲੇ। ਹੈਰਾਨੀ ਦੀ ਗੱਲ ਹੈ ਕਿ ਰਤਨ ਚੰਦ ਬਾਲੀ ਦੀ ਦਿਆਨਤਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਕਰਕੇ ਵਿਭਾਗ ਦੇ ਵੱਡੇ ਅਧਿਕਾਰੀ ਉਸ ਦੇ ਪੈਰਾਂ ਨੂੰ ਛੂੰਹਦੇ ਰਹੇ। ਲੋਕ ਸੰਪਰਕ ਵਿਭਾਗ ਦੀਆਂ ਬਹੁਤੀਆਂ ਅਸਾਮੀਆਂ ‘ਤੇ ਕੰਮ ਕਰਨਾ ਵੰਗਾਰ ਦੀ ਤਰ੍ਹਾਂ ਹੁੰਦਾ ਹੈ। ਪ੍ਰੰਤੂ ਉਨ੍ਹਾਂ ਵਿੱਚੋਂ ਕੁਝ ਤਾਂ ਅਤਿਅੰਤ ਔਖੀਆਂ ਸਮੁੰਦਰ ਵਿੱਚੋਂ ਮੋਤੀ ਲੱਭਣ ਦੇ ਬਰਾਬਰ ਹੁੰਦੀਆਂ ਹਨ, ਜਿਨ੍ਹਾਂ ‘ਤੇ ਸਫਲ ਹੋਣ ਲਈ ਫੁਰਤੀਲਾਪਣ ਹੋਣਾ ਜ਼ਰੂਰੀ ਹੈ। ਉਨ੍ਹਾਂ ਦਾ ਕੰਮ ਸਮੁੰਦਰ ਦੀਆਂ ਲਹਿਰਾਂ ਅਤੇ ਬਿਜਲੀ ਦੀ ਲਿਸ਼ਕ ਨੂੰ ਕੈਦ ਕਰਨ ਵਾਲਾ ਹੁੰਦਾ ਹੈ। ਉਨ੍ਹਾਂ ਵਿੱਚੋਂ ਫੋਟੋਗ੍ਰਾਫਰ ਦਾ ਕੰਮ ਹਵਾ ਦੇ ਝੋਕੇ ਨੂੰ ਪਕੜਨ ਦੀ ਤਰ੍ਹਾਂ ਹੁੰਦਾ ਹੈ। ਮੁੱਖ ਮਹਿਮਾਨ ਨੀਂਹ ਪੱਥਰ ਜਾਂ ਉਦਘਾਟਨ ਫਟਾਫਟ ਕਰ ਦਿੰਦੇ ਹਨ। ਉਨ੍ਹਾਂ ਦੀ ਇਸ ਕਾਰਵਾਈ ਨੂੰ ਕੈਮਰੇ ਵਿੱਚ ਫੁਰਤੀ ਨਾਲ ਕੈਦ ਕਰਨਾ ਫੋਟੋਗ੍ਰਾਫਰ ਦਾ ਕੰਮ ਹੁੰਦਾ ਹੈ, ਅਜਿਹਾ ਹੀ ਇਕ ਫੋਟੋਗ੍ਰਾਫਰ ਆਰ.ਸੀ.ਬਾਲੀ ਹੈ, ਜਿਹੜਾ ਬਹੁਤ ਹੀ ਫੁਰਤੀ ਨਾਲ ਆਪਣੀ ਨੌਕਰੀ ਦੇ 37 ਸਾਲ ਆਪਣੀ ਜ਼ਿੰਦਗੀ ਨੂੰ ਵੀ ਜੋਖ਼ਮ ਵਿੱਚ ਪਾ ਕੇ ਫੋਟੋਗ੍ਰਾਫੀ ਕਰਦਾ ਰਿਹਾ। ਪੰਜਾਬ ਦੇ 80ਵਿਆਂ ਦੇ ਮਾੜੇ ਦਿਨਾ ਵਿੱਚ ਜਦੋਂ ਸ਼ਾਮ ਨੂੰ ਘਰ ਵਾਪਸ ਪਹੁੰਚਣਾ ਗਨੀਮਤ ਸਮਝਿਆ ਜਾਂਦਾ ਸੀ। ਉਸ ਸਮੇਂ ਬੱਸਾਂ ‘ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਜਾ ਕੇ ਆਪਣੇ ਫਰਜ਼ ਨਿਭਾਉਂਦਾ ਰਿਹਾ। ਉਨ੍ਹਾਂ ਦਿਨਾਂ ਵਿੱਚ ਤਕਨਾਲੋਜੀ ਦਾ ਯੁਗ ਨਹੀਂ ਸੀ। ਪਹਿਲਾਂ ਤਸਵੀਰ ਖਿਚਣੀ ਤੇ ਰੀਲ ਨੂੰ ਧੋਣਾ ਤੇ ਫਿਰ ਤਸਵੀਰ ਬਣਾਉਣੀ ਬਹੁਤ ਹੀ ਮੁਸ਼ਕਲ ਹੁੰਦਾ ਸੀ ਕਿਉਂਕਿ ਇਹ ਤਸਵੀਰਾਂ ਅਖ਼ਬਾਰਾਂ ਵਿੱਚ ਗੱਡੀਆਂ ਰਾਹੀਂ ਭੇਜਣੀਆਂ ਹੁੰਦੀਆਂ ਸਨ। ਜਿਥੇ ਵੀ ਸਮਾਗਮ ਹੁੰਦਾ ਸੀ, ਉਸ ਦੇ ਨਜ਼ਦੀਕ ਦੇ ਸ਼ਹਿਰ ਜਾਂ ਕਸਬੇ ਵਿੱਚ ਕਿਸੇ ਫੋਟੋਗ੍ਰਾਫਰ ਦਾ ਸਟੂਡੀਓ ਵਰਤਕੇ ਕੰਮ ਕੀਤਾ ਜਾਂਦਾ ਸੀ। ਰਤਨ ਚੰਦ ਬਾਲੀ ਇੱਕ ਵਾਰ 12 ਅਗਸਤ 1982 ਨੂੰ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਸਮਾਗਮ ਨੂੰ ਕਵਰ ਕਰਨ ਲਈ ਰਾਹੋਂ ਗਿਆ ਸੀ। ਉਥੇ ਸਮਾਗਮ ਵਾਲੀ ਥਾਂ ‘ਤੇ ਗਰਨੇਡ ਫੱਟ ਗਏ। ਰਤਨ ਚੰਦ ਬਾਲੀ ਸਣੇ 25-30 ਲੋਕ ਜ਼ਖ਼ਮੀ ਹੋ ਗਏ। ਰਤਨ ਚੰਦ ਬਾਲੀ ਨੂੰ ਦੋ ਮਹੀਨੇ ਤੰਦਰੁਸਤ ਹੋਣ ਲਈ ਲੱਗ ਗਏ। ਉਹ ਫਿਰ ਵੀ ਡਰਿਆ ਨਹੀਂ ਸਗੋਂ ਮੁੱਖ ਮੰਤਰੀ ਦੇ ਸਮਾਗਮ ਕਵਰ ਕਰਦਾ ਰਿਹਾ। ਏਸੇ ਤਰ੍ਹਾਂ 31 ਅਗਸਤ 1995 ਨੂੰ ਜਦੋਂ ਸਕੱਤਰੇਤ ਵਿਖੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਤੇ ਬੰਬਾਂ ਨਾਲ ਹਮਲਾ ਹੋਇਆ ਤਾਂ ਰਤਨ ਚੰਦ ਬਾਲੀ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਾ ਹੋਇਆ, ਇਸ ਘਟਨਾ ਤੋਂ ਪ੍ਰਭਾਵਤ ਗੱਡੀਆਂ ਅਤੇ ਲੋਕਾਂ ਦੀਆਂ ਫੋਟੋਆਂ ਖਿੱਚ ਰਿਹਾ ਸੀ। ਜੇ ਉਹ ਫੋਟੋਆਂ ਨਾ ਖਿਚਦਾ ਤਾਂ ਹੋ ਸਕਦਾ ਵਿਭਾਗ ਉਸ ਦੀ ਜਵਾਬ ਤਲਬੀ ਕਰਦਾ ਪ੍ਰੰਤੂ ਵਿਭਾਗ ਨੇ ਉਸ ਵੱਲੋਂ ਖਿਚੀਆਂ ਤਸਵੀਰਾਂ ਦੀ ਵਰਤੋਂ ਨਹੀਂ ਕੀਤੀ। ਉਸ ਦੇ ਜੀਵਤ ਹੋਣ ਬਾਰੇ ਪਰਿਵਾਰ ਨੂੰ ਰਾਤ ਦੇ 11 ਵਜੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਤੱਕ ਉਹ ਘਰ ਨਹੀਂ ਪਹੁੰਚਿਆ। ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਵੀ ਮਾਨਸਿਕ ਤਕਲੀਫ ਝੱਲਣੀ ਪੈਂਦੀ ਹੈ। ਵਿਭਾਗ ਫੋਕੀ ਵਾਹਵਾ ਸ਼ਾਅਵਾ ਕਰਨ ਤੋਂ ਇਲਾਵਾ ਕੋਈ ਮਦਦ ਨਹੀਂ ਕਰਦਾ। । ਂਰਤਨ ਚੰਦ ਬਾਲੀ ਦਾ 31 ਅਗਸਤ 1947 ਨੂੰ ਡੇਰਾ ਬਰਮਿਆਂ ਜਿਲ੍ਹਾ ਰਾਵਲਪਿੰਡੀ ਵਿੱਚ ਰੋਟੀ ਅਤੇ ਰੋਜ਼ੀ ਦੀ ਜਦੋਜਹਿਦ ਕਰ ਰਹੇ ਸਾਧਾਰਨ ਪਰਿਵਾਰ ਵਿੱਚ ਪਿਤਾ ਰਾਏਜਾਦਾ ਕਿਸ਼ਨ ਚੰਦ ਤੇ ਮਾਤਾ ਚੰਦਰਾ ਬਾਲੀ ਦੀ ਕੁੱਖੋਂ ਜਨਮ ਹੋਇਆ। ਜਦੋਂ ਨੌਕਰੀ ‘ਤੇ ਲੱਗਿਆ ਸੀ ਤਾਂ ਉਹ ਦਸਵੀਂ ਪਾਸ ਸੀ। ਫਿਰ ਉਨ੍ਹਾਂ ਬੀ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ਾਮ ਦੀਆਂ ਕਲਾਸਾਂ ਵਿੱਚ ਕੀਤੀ। ਉਸ ਦੇ ਪਿਤਾ ਦਾ ਛੋਟਾ ਜਿਹਾ ਕਾਰੋਬਾਰ ਸੀ। ਜਦੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਅਲਾਟਮੈਂਟ ਅਧਿਕਾਰੀ ਨੇ ਵੱਡੀ ਹਵੇਲੀ ਅਲਾਟ ਕਰ ਦਿੱਤੀ। ਰਤਨ ਚੰਦ ਬਾਲੀ ਦੇ ਪਿਤਾ ਨੇ ਕਿਹਾ ਕਿ ਉਸ ਦਾ ਘਰ ਬਹੁਤ ਛੋਟਾ ਸੀ। ਇਸ ਲਈ ਛੋਟਾ ਘਰ ਦਿੱਤਾ ਜਾਵੇ। ਇਥੋਂ ਇਸ ਪਰਿਵਾਰ ਦੇ ਸਬਰ ਸੰਤੋਖ ਦੀ ਪ੍ਰਵਿਰਤੀ ਦਾ ਪਤਾ ਚਲਦਾ ਹੈ। ਰਤਨ ਚੰਦ ਬਾਲੀ ਦਾ ਵਿਆਹ 21 ਨਵੰਬਰ 1973 ਨੂੰ ਤੇਜਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਨੀਰਜ ਬਾਲੀ ਹੈ, ਜੋ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਲੜਕੀ ਨਮਰਤਾ ਪਾਹੂਜਾ ਅਮਰੀਕਾ ਵਿੱਚ ਸਰਕਾਰੀ ਅਧਿਆਪਕ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ - ਉਜਾਗਰ ਸਿੰਘ
ਕਮਲ ਬੰਗਾ ਸੈਕਰਾਮੈਂਟੋ ਪਰਵਾਸੀ ਪੰਜਾਬੀ ਗ਼ਜ਼ਲਗੋ ਹੈ। ਉਸ ਦੀ ਕਵਿਤਾ ਦੀਆਂ 16 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਨਵੀਂ-ਬੁਲਬੁਲ’ ਉਸ ਦੀ 17ਵੀਂ ਗ਼ਜ਼ਲਾਂ ਤੇ ਨਜ਼ਮਾ ਦੀ ਪੁਸਤਕ ਹੈ। ਉਸ ਦੀਆਂ ਬਹੁਤੀਆਂ ਗ਼ਜ਼ਲਾਂ ਲੋਕਾਈ ਦੇ ਦਰਦ ਦੀ ਪੀੜ ਦਾ ਪ੍ਰਗਟਾਵਾ ਕਰਦੀਆਂ ਹਨ। ਭਾਵੇਂ ਉਹ ਲਗਪਗ ਅੱਧੀ ਸਦੀ ਦੇ ਲੰਬੇ ਸਮੇਂ ਤੋਂ ਪਰਵਾਸ ਵਿੱਚ ਰਹਿ ਰਿਹਾ ਹੈ ਪ੍ਰੰਤੂ ਉਸ ਦੀ ਸ਼ਬਦਾਵਲੀ ਅਮੀਰ ਹੈ। ਜੇਕਰ ਉਸ ਨੂੰ ਸ਼ਬਦਾਂ ਦਾ ਕਾਰੀਗਰ ਕਹਿ ਲਈਏ ਤਾਂ ਵੀ ਕੋਈ ਅਤਕਥਨੀ ਨਹੀਂ। ਉਸ ਦੀ ਜ਼ਿੰਦਗੀ ਦੀ ਜਦੋਜਹਿਦ ਦਾ ਤਜ਼ਰਬਾ ਵੀ ਵਿਸ਼ਾਲ ਹੈ। ਉਹ ਸੰਸਾਰ ਦੇ 35 ਦੇਸ਼ਾਂ ਦਾ ਭਰਮਣ ਕਰ ਚੁੱਕਾ ਹੈ। ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਵਿੱਚੋਂ ਉਹ ਨਗੀਨਾ ਬਣਕੇ ਨਿਕਲਿਆ ਹੈ। ਉਸ ਨੂੰ 18 ਸਾਲ ਦੀ ਉਮਰ ਵਿੱਚ ਹੀ ਸਾਹਿਤਕ ਚੇਟਕ ਲੱਗ ਗਈ ਸੀ। ਪਰਵਾਸ ਵਿੱਚ ਸਾਹਿਤਕ ਮਹਿਫਲਾਂ ਦਾ ਸ਼ਿੰਗਾਰ ਰਿਹਾ ਹੈ। ਉਸ ਦੀ ਸਭਿਆਚਾਰਕ ਸਰਗਰਮੀ ਕਰਕੇ ਸਾਹਿਤਕ ਚੇਤਨਾ ਸੁਚੇਤ ਹੋ ਗਈ। ਕਮਲ ਬੰਗਾ ਸੈਕਰਾਮੈਂਟੋ ਦੀਆਂ ਗ਼ਜ਼ਲਾਂ ਤੇ ਨਜ਼ਮਾ ਦੇ ਵਿਸ਼ੇ ਲੋਕਾਈ ਦੀ ਜਦੋਜਹਿਦ ਵਿੱਚੋਂ ਲਏ ਹੋਏ ਹਨ। ਵਿਸ਼ਿਆਂ ਦੀ ਵੰਨਗੀ ਬਹੁ-ਰੰਗੀ ਤੇ ਬਹੁ-ਪੱਖੀ ਹੈ। ਉਹ ਕਿਸੇ ਇਕ ਵਿਸ਼ੇ ਜਾਂ ਵਾਦ ਨਾਲ ਜੁੜਿਆ ਹੋਇਆ ਨਹੀਂ। ਇਨਸਾਨ ਨੂੰ ਸਮਾਜ ਵਿੱਚ ਵਿਚਰਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਮੁਸ਼ਕਲਾਂ ਹੀ ਕਮਲ ਬੰਗਾ ਦੇ ਵਿਸ਼ੇ ਹਨ। ਉਸ ਦੇ ਵਿਸ਼ਿਆਂ ਵਿੱਚ ਇਨਸਾਨੀ ਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਤ੍ਰੇੜਾਂ, ਬੇਇਨਸਾਫ਼ੀ, ਸਮਾਜਿਕ ਪੀੜਾ, ਮਾਨਸਿਕਤਾ, ਆਰਥਿਕ ਕਾਣੀ ਵੰਡ, ਪਿਆਰ-ਮੁਹੱਬਤ, ਇਸ਼ਕ-ਮੁਸ਼ਕ, ਨਫ਼ਰਤੀ ਵਰਤਾਰਾ, ਧਾਰਮਿਕ ਕੱਟੜਤਾ, ਗੰਧਲੀ ਰਾਜਨੀਤੀ, ਅਮੀਰ ਗ਼ਰੀਬ ਦਾ ਪਾੜਾ, ਬਿਰਹਾ, ਵਾਤਵਰਨ, ਰੁੱਖ, ਲਾਲਚ, ਸੰਸਾਰ ਜੰਗਾਂ, ਬਜ਼ੁਰਗਾਂ ਦੀ ਅਣਵੇਖੀ, ਮਾਨਵਤਾ ਤੇ ਸਾਹਿਤਕਾਰਾਂ ਦੇ ਕਿਰਦਾਰ, ਅਵਿਸ਼ਵਾਸ਼ ਅਤੇ ਪੱਖਪਾਤ ਸ਼ਾਮਲ ਹਨ। ਉਸ ਦੀ ਪਹਿਲੀ ਪੁਸਤਕ 2008 ਵਿੱਚ ‘ਪੈਂਤੀ ਸਾਹਿਤਕ ਕਿਰਨਾ’ ਪ੍ਰਕਾਸ਼ਤ ਹੋਈ ਸੀ। ਉਸ ਤੋਂ ਬਾਅਦ ਚਲ ਸੋ ਚਲ ਲਗਾਤਾਰ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਰਹੀਆਂ। ‘ਨਵੀਂ-ਬੁਲਬੁਲ’ 2023 ਵਿੱਚ ਪ੍ਰਕਾਸ਼ਤ ਹੋਈ ਹੈ। ਸਿਆਸਤ ਤੇ ਧਰਮ ਦਾ ਭਾਰੂ ਹੋਣਾ ਸ਼ਾਇਰ ਸਮਾਜ ਲਈ ਖ਼ਤਰਨਾਕ ਦੱਸਦਾ ਹੈ। ਨੋਟਾਂ ਤੇ ਵੋਟਾਂ ਦਾ ਵਿਓਪਾਰ ਵੀ ਦੇਸ਼ ਲਈ ਘਾਤਕ ਹੋਵੇਗਾ। ਸੱਚੇ ਸੁੱਚੇ ਲੋਕਾਂ ਲਈ ਖ਼ਤਰਾ ਵਧੇਰੇ ਹੈ। ਫਰੇਬੀ ਆਨੰਦ ਮਾਣਦੇ ਹਨ। ਲਾਲਚ ਤੇ ਧੋਖਾ ਇਨਸਾਨ ‘ਤੇ ਭਾਰੂ ਹੋ ਗਏ ਹਨ। ਨਕਲੀ ਵਿਖਾਵਾ ਲੋਕਾਂ ਦੀ ਫਿਤਰਤ ਬਣ ਗਈ ਹੈ। ਵਾਤਾਵਰਨ ਨੂੰ ਪਲੀਤ ਕੀਤਾ ਜਾ ਰਿਹਾ ਹੈ। ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਪ੍ਰੰਤੂ ਦੁੱਖ ਨਾਲ ਜੀਵਨ ਵਿੱਚ ਹਨ੍ਹੇਰਾ ਆ ਜਾਂਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਵਿੱਚ ਬਹੁਤ ਸਾਰੀਆਂ ਅਟੱਲ ਸਚਾਈਆਂ ਦਾ ਵਰਣਨ ਕੀਤਾ ਗਿਆ ਹੈ। ਵਹਿਮ ਭਰਮ ਸਮਾਜ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਰਦੇ ਹਨ। ਜ਼ਾਤ ਪਾਤ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਸਾਹਿਤਕਾਰ ਆਸ਼ਾਵਾਦੀ ਹੋਣੇ ਚਾਹੀਦੇ ਹਨ। ਫੋਕੀ ਵਾਹਵਾ ਸ਼ਾਹਵਾ ਚੰਗੀ ਨਹੀਂ ਹੁੰਦੀ। ਸਾਹਿਤਕ ਮਹਿਫਲਾਂ ਵਿੱਚ ਝਗੜੇ ਹੋ ਰਹੇ ਹਨ। ਸ਼ਾਇਰ ਕਵੀਆਂ ਨੂੰ ਸਲਾਹ ਦਿੰਦਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਸਰੋਕਾਰਾਂ ਬਾਰੇ ਲਿਖਣਾ ਚਾਹੀਦਾ, ਅਸ਼ਲੀਲ ਲਿਖਣ ਤੋਂ ਗੁਰੇਜ਼ ਕਰਨਾ ਚਾਹੀਦਾ। ਭਾਸ਼ਾ ਸਰਲ ਵਰਤੀ ਜਾਵੇ। ਲਗਪਗ ਉਸ ਦੀਆਂ 125 ਗ਼ਜ਼ਲਾਂ ਤੇ ਨਜ਼ਮਾ ਵਿੱਚ ਸਾਹਿਤਕਾਰਾਂ ਦੇ ਕਿਰਦਾਰ ਦਾ ਜ਼ਿਕਰ ਕੀਤਾ ਗਿਆ। ਕਮਲ ਬੰਗਾ ਦਾ ਮੰਨਣਾ ਹੈ ਕਿ ਕਲਮਕਾਰ ਸਮਾਜ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਸਮਰੱਥ ਹਨ। ਇਸ ਲਈ ਉਹ ਵਾਰ-ਵਾਰ ਸਾਹਿਤਕਾਰਾਂ ਨੂੰ ਕੁਰੇਦਦਾ ਹੈ ਕਿ ਉਹ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਤਾਂ ਸਮਾਜ ਬਿਹਤਰੀਨ ਪ੍ਰਣਾਲੀ ਅਪਣਾ ਸਕੇ। ਉਸ ਦਾ ਇਕ ਸ਼ਿਅਰ ਸਾਹਿਤਕਾਰਾਂ ਨੂੰ ਸੰਬੋਧਤ ਹੈ:
ਸਾਨੂੰ ਸਰੋਕਾਰਾਂ ਦਾ ਸ਼ੀਸ਼ਾ ਦੇਖਣਾ ਚਾਹੀਦਾ।
ਤੇ ਸਮਾਜ ‘ਚ ਕੀ-ਕੀ ਹੁੰਦਾ ਲਿਖਣਾ ਚਾਹੀਦਾ।
ਪ੍ਰਬੰਧਕੀ ਢਾਂਚੇ ਦੇ ਖੋਖਲਾਪਨ ਦੀ ਤਸਵੀਰ ਖਿਚਦਾ ਹੋਇਆ ਉਹ, ਜੇਲ੍ਹਾਂ ਵਿੱਚ ਹੋ ਰਹੀ ਐਸ਼ਪ੍ਰਸਤੀ ਦੀ ਨਿੰਦਿਆ ਕਰਦਾ ਹੈ। ਸ਼ਾਇਰ ਅਨੁਸਾਰ ਹੰਕਾਰ ਸਮਾਜ ਦਾ ਬੇੜਾ ਗਰਕ ਕਰ ਰਿਹਾ ਹੈ। ਜੇਕਰ ਇਨਸਾਨ ਨੇ ਵੱਡਾ ਬਣਨਾ ਹੈ ਤਾਂ ਹੰਕਾਰ ਛੱਡਣਾ ਪਵੇਗਾ। ਧਾਰਮਿਕ ਲੋਕਾਂ ਦੇ ਪਾਖੰਡ ਦਾ ਵੀ ਭਾਂਡਾ ਭੰਨਦਾ ਹੈ। ਧਰਮ ਨਿੱਜੀ ਹੁੰਦਾ ਹੈ, ਇਸ ਨੂੰ ਸਮਾਜ ‘ਤੇ ਠੋਸਣਾ ਨਹੀਂ ਚਾਹੀਦਾ। ਧਾਰਮਿਕ ਦੁਕਾਨਦਾਰੀਆਂ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਧਾਰਮਿਕ ਲੋਕਾਂ ਬਾਰੇ ਕਮਲ ਬੰਗਾ ਲਿਖਦਾ ਹੈ:
ਚਾਹੇ ਲੋਕ ਪਾਠ ਪੂਜਾ ਤੇ ਕਰਦੇ ਨੇ ਫ਼ਰਿਆਦਾਂ,
ਫਿਰ ਵੀ ਸ਼ਰੇਆਮ ਕਰੀ ਜਾਂਦੇ ਨੇ ਵੰਡ ਕਾਣੀ।
ਧਰਮ ਤੇ ਰਾਜਨੀਤੀ ਸਖ਼ਤ ਵੀ ਤੇ ਨਰਮ ਵੀ ਬੜੇ,
ਲੋਕ ਇੱਕ ਥਾਂ ਟਿਕਦੇ ਨਹੀਂ, ਥਾਂ ਥਾਂ ਮੱਥੇ ਰਗੜਦੇ।
ਅਸਲ ਵਿੱਚ ਧਰਮਾਂ ਤੇ ਸੱਚ-ਝੂਠ ਦੀ ਲੜਾਈ ਹੈ,
ਅਕਸਰ ਇਨ੍ਹਾਂ ਵਿਚ ਵੀ, ਸੱਚ ਨੂੰ ਟਾਲੀ ਜਾਂਦੇ ਨੇ।
ਅਮੀਰ ਲੋਕਾਂ ਨੂੰ ਸਲਾਹ ਦਿੰਦਾ ਸ਼ਾਇਰ ਲਿਖਦਾ ਹੈ ਕਿ ਪੈਸਾ ਸਾਰੀਆਂ ਬਿਮਾਰੀਆਂ ਦਾ ਇਲਾਜ ਨਹੀਂ। ਸਰੀਰਕ ਬਿਮਾਰੀ ਪੈਸੇ ਨਾਲ ਦੂਰ ਨਹੀਂ ਹੁੰਦੀ। ਵਾਤਵਰਨ ਬਾਰੇ ਵੀ ਸ਼ਾਇਰ ਕਾਫ਼ੀ ਚਿੰਤਤ ਹੈ। ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਰੁੱਖਾਂ, ਪਾਣੀ ਅਤੇ ਹਵਾ ਦੇ ਗੰਧਲੇਪਣ ਦਾ ਜ਼ਿਕਰ ਕਰਦਾ ਹੈ। ਰੁੱਖ ਤਾਂ ਹਰ ਦੁੱਖ ਝਲਕੇ ਇਨਸਾਨਾ ਦੀ ਛਤਰੀ ਬਣਦੇ ਹਨ ਪ੍ਰੰਤੂ ਇਨਸਾਨ ਉਨ੍ਹਾਂ ਦੀ ਛਾਂ ਮਾਣਦਾ ਹੋਇਆ ਵੀ ਰਹਿਮ ਨਹੀਂ ਕਰਦਾ। ਰੁੱਖਾਂ ਬਾਰੇ ਲਿਖਦਾ ਹੈ:
ਰੁੱਖ਼ਾਂ ਤੇ ਮਨੁੱਖ਼ਾਂ ਦੇ ਮੁੱਕਣ ਵਾਂਗ ਹੀ, ਪੰਛੀਆਂ ਨੂੰ ਵੀ, ਇਹੋ ਮਿਲਦੀ ਹੈ ਸਜ਼ਾ।
ਸਾਰੇ ਰੁੱਖ ਛਾਂ ਦੀਆਂ, ਛਤਰੀਆਂ ਬਣ ਕੇ ਖੜ੍ਹੇ ਨੇ,
ਇਨ੍ਹਾਂ ਖੜ੍ਹਿਆਂ-ਖੜ੍ਹਿਆਂ, ਸਭੇ ਸਾਂਝਾ ਪੁਗਾਈਆਂ ਨੇ।
Ñਲੋਕਾਂ ਨੂੰ ਇਨਸਾਫ਼ ਨਾ ਮਿਲਣ ‘ਤੇ ਲਾਲਚੀ ਸਮਾਜ ਬਾਰੇ ਚਿੰਤਤ ਹੋਇਆ ਕਮਲ ਬੰਗਾ ਲਿਖਦਾ ਹੈ-
ਚਾਹੇ ਸਮਾਜੀ ਰੰਗਤ ਹਰਿਕ ਮਨ ਵਿੱਚ ਹੀ, ਫਿਰ ਵੀ ਹਰਿਕ ਨੂੰ, ਇਨਸਾਫ਼ ਦੀ ਭਾਲ ਹੈ।
ਜ਼ੋਰਾਵਰ ਤੇ ਹਓਮੇ ਵਾਲੇ ਵੀ ਬਥੇਰੇ, ਘੱਟ ਹੀ ਗੱਲ ਕਰਦੇ, ਰੱਬੀ ਮਿਹਰ ਦੀ।
ਜ਼ਿੰਦਗੀ ਤਾਂ ਹਰਿਕ ਹੀ, ਮੰਗਦੀ ਸ਼ਾਂਤੀ, ਪਰ ਹਲਚਲ ਘੱਟਦੀ ਨਹੀਂ, ਲਾਲਚੀ-ਲਹਿਰ ਦੀ।
ਵਹਿਮ ਭਰਮ ਤੇ ਜ਼ਾਤ ਪਾਤ ਸਮਾਜ ਲਈ ਕਲੰਕ ਹਨ। ਇਹ ਸਮਾਜ ਦੀ ਮਾਨਸਿਕ ਪ੍ਰਗਤੀ ਦੇ ਰਾਹ ਵਿੱਚ ਰੋੜਾ ਬਣਦੇ ਹਨ-
ਇੰਡੀਅ ‘ਚ ਜ਼ਾਤਾਂ-ਪਾਤਾਂ ਦੀ ਮਧਾਣੀ ਫੇਰੀ ਜਾਂਦੇ,
ਧੱਕੇ ਨਾਲ ਵਹਿਮਾ ਦੀ ਫੜੀ ਪਟਾਰੀ ਹੁੰਦੀ ਹੈ।
ਵੈਸੇ ਤਾਂ ਇਨਸਾਨ ਦੀ, ਆਪਣੀ ਹੈ ਮਰਜ਼ੀ,
ਵਹਿਮਾਂ ਨਾਲ ਵੀ ਸੱਜਣੋ, ਜਿੰਦ ਖ਼ੱਜ਼ਲ ਹੁੰਦੀ ਹੈ।
ਰਾਜਨੀਤਕ ਲੋਕਾਂ ਨੂੰ ਸ਼ਾਇਰ ਆੜੇ ਹੱਥੀਂ ਲੈਂਦਾ ਹੋਇਆ ਲਿਖਦਾ ਹੈ-
ਰਾਜਨੀਤੀ ਵੀ ਮਿੱਠੀ ਜ਼ਹਿਰ, ਲੀਡਰ ਪੀਂਦੇ ਨੇ ਪਰ,
ਕਿਸੇ ਦੇ ਹੱਡ ਨਹੀਂ ਦੁੱਖਦੇ, ਇਸ ਦੀਆਂ ਮਾਰਾਂ ਵਿੱਚ।
ਸੋਨੇ ਰੰਗੀਆਂ ਕੁਰਸੀਆਂ ਦੇ ਵਾਂਗ ਹੀ,
ਉਪਰੋਂ ਉਪਰੋਂ ਚਮਕਦੀ ਹੁੰਦੀ ਸਰਕਾਰ ਹੈ।
ਕਹਿਣ ਨੂੰ ਦੁਨੀਆਂ ਕਹਿੰਦੀ, ਨਸ਼ਿਆਂ ਤੋਂ ਬਚੋ,
ਪਰ ਆਪ ਹੀ, ਸਭ ਕੁਝ ਬਣਾਉਂਦੀ ਨਸ਼ੀਲਾ ਹੈ।
ਇਕੱਲੇ ਸੱਪਾਂ ਵਿਚ ਹੀ, ਜ਼ਹਿਰ ਨਹੀਂ ਹੁੰਦੀ,
ਠੱਗੀ-ਠੋਰੀ ਵਾਲੇ ਵੀ, ਮਿੱਠੇ ਫ਼ਨੀਅਰ ਬਣੇ ਨੇ।
ਰਿਸ਼ਤੇ ਵੀ ਹੁਣ ਅਮੀਰਤ ਮਗਰ ਘੁੰਮਦੇ, ਚਾਹੇ ਮੁੰਡਾ ਚੰਦ ਵਰਗਾ ਤੇ ਕੁੜੀ ਨੂਰੀ ਹੈ।
ਪਰਵਾਸ ਦੀ ਜ਼ਿੰਦਗੀ ਸੰਬੰਧੀ ਵੀ ਸ਼ਾਇਰ ਕਾਫਪ ਗ਼ਜ਼ਲਾਂ ਲਿਖੀਆਂ ਹਨ-
ਸੜਕਾਂ ‘ਤੇ ਜ਼ੋਰ ਹੈ, ਕਾਰਾਂ ਤੇ ਟਰੱਕਾਂ ਦਾ, ਨਾਲੇ ਲੱਖਾਂ ਮੁਸਾਫ਼ਿਰ, ਜ਼ਾਜ਼ਾਂ ‘ਚ ਚੜ੍ਹਿਆ ਹੈ।
ਕੰਮਾਂ ਕਾਰਾਂ ਤੇ ਸ਼ਿਫਟਾਂ ਦੀ ਮਜ਼ਬੂਰੀ, ਪਹਿਲਾਂ ਵਾਂਗ ਰਹੇ ਨਹੀਂ, ਸਾਂਝੇ ਜਗਰਾਤੇ।
Êਪ੍ਰਦੇਸ ਚਾਹੇ ਦੂਰ ਹੈ, ਬੰਦਾ ਜਾਣ ਲਈ ਮਜ਼ਬੂਰ ਹੈ,
ਉਂਜ ਵੀ ਸੋਹਣੇ ਜੀਵਨ ਦਾ, ਗੁਜ਼ਾਰਾ ਸੋਹਣਾ ਚਾਹੀਦਾ।
ਰੂਸ ਅਤੇ ਯੂਕਰੇਨ ਦੀ ਲੜਾਈ ਵੀ ਸ਼ਾਇਰ ਨੂੰ ਚੁਭਦੀ ਹੈ। ਇਸ ਲਈ ਉਹ ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਹਠਧਰਮੀ ਬਾਰੇ ਲਿਖਦਾ ਹੈ-
ਪੂਟਨ ਕਿਸੇ ਦੀ ਵੀ-ਮੰਨਦਾ ਨਹੀਂ, ਅੰਦਰੋਂ-ਬਾਹਰੋਂ ਖ਼ਾਮੋਸ਼ ਹੋਈ ਲੋਕਾਈ।
ਬੰਦਾ ਤਾਂ ਕੀ? ਂਰੱਬ ਵੀ ਕੀ ਕਰੇ ਕਮਲ, ਪੂਟਨ ਵਰਗੇ ਸ਼ਰੇਆਮ, ਜ਼ੋਰ ਦਿਖਾ ਰਹੇ ਨੇ।
ਕਮਲ ਬੰਗਾ ਦੀਆਂ ਗ਼ਜ਼ਲਾਂ ਵਿੱਚ ਇਸ਼ਕ-ਮੁਹੱਬਤ ਦਾ ਵੀ ਬੋਲਬਾਲਾ ਹੈ ਪ੍ਰੰਤੂ ਇਸ਼ਕ ਤਾਂ ਹੀ ਵਰਦਾਨ ਸਾਬਤ ਹੋ ਸਕਦਾ ਜੇਕਰ ਪ੍ਰੇਮੀ ਸੱਚੇ ਸੁਚੇ ਹੋਣ ਵਰਨਾ ਸੰਤਾਪ ਹੰਢਾਉਣਾ ਪੈਂਦਾ ਹੈ। ਸੱਚੇ ਪ੍ਰੇਮੀ ਅਮਰ ਹੁੰਦੇ ਹਨ, ਝੂਠੇ ਬਦਨਾਮੀ ਪੱਲੇ ਬੰਨ੍ਹਦੇ ਹਨ। ਇਸ਼ਕ ਵਿੱਚਲਾ ਬਿਰਹਾ ਮਾਨਸਿਕਤਾ ਨੂੰ ਸਾੜ ਦਿੰਦਾ ਹੈ। ਅੱਜ ਕਲ੍ਹ ਨੌਜਵਾਨੀ ਪਿਆਰ ਮੁਹੱਬਤ ਦੇ ਚਕਰ ਵਿੱਚ ਦੀਵਾਨੀ ਹੋਈ ਫਿਰਦੀ ਹੈ। ਵਫ਼ਾਦਾਰੀ ਦੀ ਘਾਟ ਰੜਕਦੀ ਹੈ। ਪਿਆਰ ਵਿਓਪਾਰ ਬਣਦਾ ਜਾ ਰਿਹਾ ਹੈ। ਸ਼ਾਇਰ ਲਿਖਦਾ ਹੈ:
ਜਿਹੜਾ ਹੁਣ ਲੋਚਦਾ ਹੈ ਵਫ਼ਾ ਨੂੰ, ਉਹਨੇ ਵੀ ਕੀਤੀ, ਕਿਸੇ ਨਾਲ ਬੇਵਫ਼ਾਈ ਹੈ।
ਪਾਕ ਮੁਹੱਬਤ ਬਨਾਮ ਹੁੰਦੀ ਵਫ਼ਾ ਯਾਰੋ, ਜੀਵਨ ਵਫ਼ਾ ਦਾ ਵੀ, ਰਾਗ ਛੇੜਦਾ ਹਾਂ।
ਦੋ ਦਿਲ ਸਾਫ਼ ਤਾਂ ਪਾਕ ਮੁਹੱਬਤ ਹੋ ਸਕਦੀ, ਨਾਲੇ ਪਾਕ ਮੁਹੱਬਤ ਦਾ ਬੂਟਾ-ਸੁੱਕਦਾ ਨਹੀਂ।
ਜੱਗ ‘ਤੇ ਮੁਹੱਬਤ ਨੇ, ਕਈ ਦਿਲ ਉਜਾੜੇ, ਪਰ ਕਈਆਂ ਨੇ ਮੁਹੱਬਤੀ ਸਾਂਝੀ ਛਤਰੀ ਤਾਣੀ।
ਇਸ ਗ਼ਜ਼ਲ ਸੰਗ੍ਰਹਿ ਵਿੱਚ 222 ਗ਼ਜ਼ਲਾਂ ਅਤੇ 18 ਨਜ਼ਮਾ ਸ਼ਾਮਲ ਹਨ। ਗ਼ਜ਼ਲ ਸੰਗ੍ਰਹਿ ਦੀ ਦਿਖ ਸੁੰਦਰ ਹੈ ਪ੍ਰੰਤੂ ਬਾਈਂਡਿੰਗ ਸਮੇਂ ਦੋ ਫਰਮੇ ਉਲਟ ਪੁਲਟ ਲਗਾਏ ਹੋਏ ਹਨ। ਪ੍ਰਵਾਸ ਵਿੱਚ ਰਹਿਣ ਕਰਕੇ ਕੁਝ ਸ਼ਬਦ ਵੀ ਸ਼ਾਇਰ ਨੇ ਆਪੇ ਘੜੇ ਹੋਏ ਹਨ।
240 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਪੰਜਾਬੀ ਵਿਰਸਾ ਟਰੱਸਟ ਰਜਿ. ਪਲਾਹੀ ਫਗਵਾੜਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ
ਗੁਰਭਜਨ ਗਿੱਲ ਸਥਾਪਤ ਸ਼ਾਇਰ ਹੈ। ਉਹ ਸਰਬਕਲਾ ਸੰਪੂਰਨ ਤੇ ਹਰਫਨ ਮੌਲਾ ਸਾਹਿਤਕਾਰ ਹੈ। ਉਸ ਨੂੰ ਸਾਹਿਤਕ ਇਤਿਹਾਸਕਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਵਰਤਮਾਨ ਸਮੇਂ ਦੀਆਂ ਘਿਨੌਣੀਆਂ ਸਥਿਤੀਆਂ ਨੂੰ ਪਾਠਕਾਂ ਦੀ ਨਜ਼ਰਸਾਨੀ ਕਰਨ ਲਈ ਸਾਹਿਤਕ ਰੂਪ ਦੇ ਕੇ ਪ੍ਰਗਟਾਉਂਦਾ ਹੈ। ਗੁਰਭਜਨ ਗਿੱਲ ਦੀ ਇਕ ਹੋਰ ਵਿਲੱਖਣਤਾ ਹੈ ਕਿ ਉਹ ਖਾਸ ਤੌਰ ‘ਤੇ ਪੰਜਾਬੀ ਅਤੇ ਉਰਦੂ ਸਾਹਿਤ ਦੇ ਹਰ ਰੂਪ ਨੂੰ ਪੜ੍ਹਦਾ ਹੈ। ਇਸ ਕਰਕੇ ਉਸ ਦੀ ਸ਼ਬਦਾਵਲੀ ਅਤੇ ਜਾਣਕਾਰੀ ਬਹੁਤ ਵਿਸ਼ਾਲ ਤੇ ਅਮੀਰ ਹੈ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਸ ਕੋਲ ਹਰ ਭਾਸ਼ਾ ਦੇ ਸਾਹਿਤਕਾਰਾਂ ਬਾਰੇ ਜਾਣਕਾਰੀ ਦਾ ਖ਼ਜ਼ਾਨਾ ਹੈ। ਉਸ ਨੂੰ ਸਾਹਿਤਕਾਰਾਂ ਦਾ ਇਨਸਾਈਕਲੋਪੀਡੀਆ ਵੀ ਕਿਹਾ ਜਾ ਸਕਦਾ ਹੈ। ਉਸ ਦੀ ਸਾਹਿਤਕ ਸੋਚ ਆਮ ਲੋਕਾਂ ਦੀ ਸੋਚ ਬਣ ਗਈ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ਾ ਵਸਤੂ ਰੰਗ ਬਿਰੰਗੇ ਅਤੇ ਵੰਨ ਸੁਵੰਨੇ ਹਨ। ਗ਼ਰੀਬਾਂ, ਮਜ਼ਲੂਮਾਂ, ਕਿਸਾਨੀ ਅਤੇ ਕੁਦਰਤ ਦੀ ਕਰੋਪੀ ਦੇ ਦਰਦ, ਵਾਤਾਵਰਨ, ਹਵਾ, ਪਾਣੀ, ਪਰਵਾਸ, ਵਹਿਮ ਭਰਮ, ਸ਼ਾਜ਼ਸ਼ਾਂ, ਸ਼ਾਹੂਕਾਰਾਂ, ਪੁਲਿਸ ਜ਼ਿਆਦਤੀਆਂ, ਨਸ਼ੇ, ਰਾਜਨੀਤੀ ਅਤੇ ਜ਼ਾਤ ਪਾਤ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਗ਼ਜ਼ਲਾਂ ਦੇ ਵਿਸ਼ੇ ਬਣਾਇਆ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਬਦ ਆਪ ਮੁਹਾਰੇ ਬੋਲਦੇ ਹਨ। ਉਸ ਦਾ ਗ਼ਜ਼ਲਾਂ ਲਿਖਣ ਦਾ ਅੰਦਾਜ਼ ਵਿਲੱਖਣ ਹੈ। ਗੁਰਭਜਨ ਗਿੱਲ ਦੀਆਂ ਕਵਿਤਾਵਾਂ/ਗ਼ਜ਼ਲਾਂ ਸਮੇਂ ਦੀ ਨਜ਼ਾਕਤ ਨੂੰ ਅਨੁਭਵ ਕਰਕੇ ਲਿਖੀਆਂ ਹੋਈਆਂ ਹਨ। ਉਸ ਦੇ ਹੁਣ ਤੱਕ ਦੋ ਦਰਜਨ ਤੋਂ ਉਪਰ ਕਵਿਤਾ ਅਤੇ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ ‘ਹਰ ਧੁਖਦਾ ਪਿੰਡ ਮੇਰਾ ਹੈ’ ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਤੇ ਦੂਜੀ ਪੁਸਤਕ ਹੈ। ਉਸ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਤੋਂ ਮਹਿਜ ਤਿੰਨ ਸਾਲ ਬਾਅਦ ਪਹਿਲਾ ਕਾਵਿ ਸੰਗ੍ਰਹਿ ‘ਸ਼ੀਸ਼ਾ ਝੂਠ ਬੋਲਦਾ ਹੈ’ ਆਉਣਾ ਆਪਣੇ ਆਪ ਵਿੱਚ ਉਸ ਦੀ ਸਾਹਿਤਕ ਪ੍ਰਤਿਭਾ ਦਾ ਸਬੂਤ ਹੈ। ਉਸ ਤੋਂ 7 ਸਾਲ ਬਾਅਦ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਪ੍ਰਕਾਸ਼ਤ ਹੋਇਆ ਸੀ। ਇਹ ਉਸ ਗ਼ਜ਼ਲ ਸੰਗ੍ਰਹਿ ਦਾ ਤੀਜਾ ਐਡੀਸ਼ਨ ਹੈ, ਜਿਹੜਾ ਵੱਡੇ ਰੂਪ ਵਿੱਚ 2021 ਵਿੱਚ ਪ੍ਰਕਾਸ਼ਤ ਹੋਇਆ ਸੀ। ਇਹ ਗ਼ਜ਼ਲ ਸੰਗ੍ਰ੍ਰਹਿ ਪੜ੍ਹਕੇ ਇੰਜ ਮਹਿਸੂਸ ਹੁੰਦਾ ਹੈ ਕਿ ਗੁਰਭਜਨ ਗਿੱਲ ਚੜ੍ਹਦੀ ਉਮਰ ਵਿੱਚ ਵੀ ਪ੍ਰੌੜ੍ਹ ਗ਼ਜ਼ਲਗੋ ਦੀ ਤਰ੍ਹਾਂ ਲਿਖਦਾ ਰਿਹਾ ਹੈ। ਗੁਰਭਜਨ ਗਿੱਲ ਦੀਆਂ ਮੁੱਢਲੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਵਿਸ਼ਿਆਂ ਵਿੱਚ ਇਸ ਸਮੇਂ ਤੱਕ ਵੀ ਬਹੁਤੀ ਤਬਦੀਲੀ ਨਹੀਂ ਆਈ ਪ੍ਰੰਤੂ ਸੁਰ ਤਾਲ, ਰਦੀਫ ਅਤੇ ਸਾਹਿਤਕ ਮਾਪ ਦੰਡਾਂ ਵਿੱਚ ਪਰਪੱਕਤਾ ਜ਼ਰੂਰ ਆਈ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਨੇ ਗ਼ਜ਼ਲ ਦੇ ਮਾਪ ਦੰਡਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪ੍ਰੰਤੂ ਵਿਸ਼ੇ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਸੰਬੰਧਤ ਹਨ। ਉਹ ਆਮ ਕਵੀਆਂ ਅਤੇ ਗ਼ਜ਼ਲਗੋ ਵਾਂਗੂੰ ਆਪਣੀਆਂ ਰਚਨਾਵਾਂ ਵਿੱਚ ਪਿਆਰ ਮੁਹੱਬਤ ਤੇ ਬਿਰਹਾ ਦੇ ਰੋਣੇ ਧੋਣੇ ਨਹੀਂ ਰੋਂਦਾ। ਉਸ ਦੀਆਂ ਸਾਰੀਆਂ ਗ਼ਜ਼ਲਾਂ ਵਿੱਚੋਂ ਇਨਸਾਨੀਅਤ ਦੇ ਦਰਦ ਦੀ ਪੀੜ ਦਿ੍ਰਸ਼ਟਾਂਤਿਕ ਰੂਪ ਵਿੱਚ ਝਲਕਦੀ ਹੈ। ਗ਼ਜ਼ਲ ਪੜ੍ਹਦਿਆਂ ਹੀ ਵਾਪਰ ਰਹੀ ਘਟਨਾ ਦਾ ਸੀਨ ਵਿਖਾਈ ਦੇਣ ਲਗਦਾ ਹੈ। ਇਹੋ ਗ਼ਜ਼ਲਗੋ ਦੀ ਕਾਬਲੀਤ ਦਾ ਸਬੂਤ ਹੈ। ਉਸ ਦੀਆਂ ਗ਼ਜ਼ਲਾਂ ਨੀਰਸ ਨਹੀਂ ਹੁੰਦੀਆਂ ਸਗੋਂ ਜੋਸ਼ ਪੈਦਾ ਕਰਦੀਆਂ ਹਨ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਸਮਾਜ ਦੇ ਯਥਾਰਥ ਦਾ ਸ਼ੀਸ਼ਾ ਹਨ। ਸਾਹਿਤਕਾਰ ਦਾ ਮੰਤਵ ਸਿਰਫ ਪਾਠਕਾਂ ਦਾ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਪ੍ਰੰਤੂ ਉਸ ਦੀ ਰਚਨਾਵਾਂ ਸਮਾਜ ਵਿੱਚ ਰੋਜ ਮਰ੍ਹਰਾ ਦੀਆਂ ਵਿਸੰਗਤੀਆਂ ਨਾਲ ਸੰਬੰਧਤ ਵੀ ਹੋਣੀਆਂ ਚਾਹੀਦੀਆਂ ਹਨ, ਜਿਹੜੀਆਂ ਲੋਕਾਈ ਲਈ ਪ੍ਰੇਰਨਾ ਸਰੋਤ ਬਣਨ। ਗੁਰਭਜਨ ਗਿੱਲ ਦੀਆਂ ਕੱਚੀ ਉਮਰ ਵਿੱਚ ਲਿਖੀਆਂ ਗ਼ਜ਼ਲਾਂ ਵੀ ਪਾਠਕਾਂ ਅਤੇ ਖਾਸ ਤੌਰ ‘ਤੇ ਨਵੇਂ ਉਭਰ ਰਹੇ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਉਸ ਦੀਆਂ ਗ਼ਜ਼ਲਾਂ ਪਾਠਕਾਂ ਨੂੰ ਅਜਿਹੇ ਤੁਣਕੇ ਮਾਰਦੀਆਂ ਹਨ ਕਿ ਉਹ ਸਮਾਜਕ ਦੁਖਾਂਤ ਨੂੰ ਸਿਰਫ ਮਹਿਸੂਸ ਹੀ ਨਹੀਂ ਕਰਵਾਉਂਦੀਆਂ ਸਗੋਂ ਉਨ੍ਹਾਂ ਦੇ ਹਲ ਲਈ ਵੀ ਪ੍ਰੇਰਿਤ ਕਰਦੀਆਂ ਹਨ। ਲਗਪਗ ਉਸ ਦੀ ਹਰ ਗ਼ਜ਼ਲ ਸਮਾਜਿਕ ਵਰਤਾਰੇ ਵਿੱਚ ਹੋ ਰਹੇ ਗ਼ਲਤ ਕੰਮਾ ਦਾ ਪਰਦਾ ਫਾਸ਼ ਕਰਦੀ ਹੈ ਪ੍ਰੰਤੂ ਗ਼ਜ਼ਲ ਦਾ ਆਖ਼ਰੀ ਸ਼ਿਅਰ ਉਸ ਦੇ ਹਲ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਤੋਂ ਭਾਵ ਹੈ ਕਿ ਉਸ ਦੀਆਂ ਗ਼ਜ਼ਲਾਂ ਸਮਾਜ ਵਿੱਚ ਵਾਪਰ ਰਹੀਆਂ ਦੁਸ਼ਾਵਰੀਆਂ ਬਾਰੇ ਜਾਣਕਾਰੀ ਹੀ ਨਹੀਂ ਦਿੰਦੀਆਂ ਸਗੋਂ ਉਨ੍ਹਾਂ ਤੋਂ ਖਹਿੜਾ ਕਿਵੇਂ ਛੱਡਵਾਇਆ ਜਾਵੇ, ਉਸ ਲਈ ਹੱਲਾ ਸ਼ੇਰੀ ਦਿੰਦੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਦੀ ਸ਼ਬਦਾਵਲੀ ਅਤੇ ਸ਼ੈਲੀ ਦਿਹਾਤੀ ਧਰਾਤਲ ਵਿੱਚੋਂ ਲਈ ਗਈ ਨਿਵੇਕਲੀ ਹੈ। ਗੁਰਭਜਨ ਗਿੱਲ ਤਿੱਖੀ ਬੁੱਧੀ ਦਾ ਮਾਲਕ ਹੈ, ਉਸ ਦਾ ਜੀਵਨ ਨੂੰ ਵੇਖਣ ਅਤੇ ਪਰਖਣ ਦਾ ਅਨੁਭਵ ਵਿਸ਼ਾਲ ਹੈ, ਜਿਸ ਕਰਕੇ ਉਸ ਨੇ ਵੇਖਕੇ ਜੋ ਮਹਿਸੂਸ ਕੀਤਾ ਉਸ ਨੂੰ ਬੇਬਾਕੀ ਨਾਲ ਲਿਖਿਆ ਹੈ। ਉਸ ਦੀ ਬੇਬਾਕੀ ਆਪਣੇ ਸਾਹਿਤਕਾਰ ਭਾਈਚਾਰੇ ਨੂੰ ਵੀ ਬਖ਼ਸ਼ਦੀ ਨਹੀਂ, ਉਹ ਕਲਮਾ ਵਾਲਿਆਂ ‘ਤੇ ਵਿਅੰਗਮਈ ਸੰਕੇਤਕ ਕਟਾਕਸ਼ ਕਰਦਿਆਂ ਲਿਖਦਾ ਹੈ:
ਡੁੱਲ੍ਹੇ ਖ਼ੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।
ਕਿਉਂ ਤੇਰੇ ਹੋਠਾਂ ‘ਤੇ ਚੁੱਪ ਦਾ ਪਹਿਰਾ,
ਨਾਗ ਤਾਂ ਜ਼ਹਿਰੀ ਮੁਸਕਣੀਆਂ ਸੰਗ ਖੇਲ੍ਹੇ।
‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਦੇ ਨਾਮ ਤੋਂ ਸਾਬਤ ਹੁੰਦਾ ਹੈ ਕਿ ਇਸ ਵਿੱਚ ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਰਣਨ ਹੋਵੇਗਾ, ਜੋ ਸੱਚ ਸਾਬਤ ਹੋ ਰਿਹਾ ਹੈ। ਗ਼ਜ਼ਲਗੋ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਦੀ ਸੋਚਣੀ ਦੇ ਅੰਤਰ ਦਾ ਜ਼ਿਕਰ ਵੀ ਕਰਦਾ ਹੈ। ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਵਾਲਿਆਂ ਦੇ ਦਰਦ ਦੀ ਪੀੜ ਬਾਰੇ ਉਤਨੀ ਜਾਣਕਾਰੀ ਨਹੀਂ। ਸਰਕਾਰੀ ਤੰਤਰ ਪਿੰਡਾਂ ਦੇ ਲੋਕਾਂ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਂਦਾ ਹੋਇਆ ਲੁੱਟਦਾ ਹੈ। ਇਨ੍ਹਾਂ ਸਾਰੀਆਂ ਅਲਾਮਤਾਂ ਦੇ ਬਾਵਜੂਦ ਗ਼ਜ਼ਲਗੋ ਨਿਰਾਸ਼ ਨਹੀਂ, ਉਸ ਨੂੰ ਆਸ ਹੈ ਕਿ ਇਕ ਨਾ ਇਕ ਦਿਨ ਪਿੰਡਾਂ ਦੇ ਲੋਕ ਜਾਗ੍ਰਤ ਹੋਣਗੇ ਤੇ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਹੋਣਗੇ। ਉਹ ਕਿਸੇ ਇਨਕਲਾਬ ਦੇ ਸਪਨੇ ਵੇਖ ਰਿਹਾ ਹੈ। ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿੱਚ ਜ਼ੁਲਮਾਂ, ਵਧੀਕੀਆਂ, ਧੋਖਿਆਂ ਦਾ ਬੋਲਬਾਲਾ ਹੋਣ ਦੇ ਬਾਵਜੂਦ ਆਸ਼ਾ ਦੀ ਕਿਰਨ ਵੀ ਵਿਖਾਈ ਦਿੰਦੀ ਹੈ। ਪਿੰਡਾਂ ਦੇ ਲੋਕਾਂ ਦੀ ਤ੍ਰਾਸਦੀ ਬਾਰੇ ਉਸ ਦੀਆਂ ਗ਼ਜ਼ਲਾਂ ਦੇ ਹੇਠ ਲਿਖੇ ਸ਼ਿਅਰ ਸ਼ਪਸਟ ਕਰਦੇ ਹਨ ਕਿ ਗੁਰਭਜਨ ਗਿੱਲ ਲੋਕਾਈ ਦੇ ਦਰਦ ਬਾਰੇ ਕਿਤਨਾ ਚਿੰਤਾਜਨਕ ਹੈ:
ਜਿੱਥੇ ਕਿਧਰੇ ਚੀਕਾਂ ਤੇ ਕੁਰਲਾਹਟਾਂ ਦੀ ਆਵਾਜ਼ ਸੁਣੇ,
ਹਰ ਬਸਤੀ, ਘਰ, ਸ਼ਹਿਰ, ਦੇਸ਼ ਤੇ ਹਰ ਧੁਖਦਾ ਪਿੰਡ ਮੇਰਾ ਹੈ।
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿੱਚ ਲਾਊਡ-ਸਪੀਕਰ ਉੱਚੀ ਉੱਚੀ ਗਾਵੇ।
ਠੰਢਾ-ਚੁੱਲ੍ਹਾ ਖ਼ਾਲੀ-ਬੋਰੀ ਸੱਖਣੇ-ਪੀਪੇ ਰੋਂਦੇ,
ਵੇਖ ਭੜੋਲੀਆਂ ਖ਼ਾਲਮ-ਖ਼ਾਲੀ ਸਾਹ-ਸਤ ਮੁੱਕਦਾ ਜਾਵੇ।
ਧਰਤੀ ਤੇ ਕੁਰਲਾਹਟ ਪਈ ਹੈ ਕੌਣ ਸੁਣੇ ਅਰਜ਼ੋਈ,
ਸਾਡੀਆਂ ਕਣਕਾਂ ਦਾ ਰਖ਼ਵਾਲਾ ਹੈ ਸਰਕਾਰੀ ਸਾਨ੍ਹ।
ਕੁਝ ਮੌਸਮ ਦੀ ਭੇਟ ਚੜ੍ਹ ਗਿਆ ਬਾਕੀ ਜੋ ਵੀ ਬਚਿਆ,
ਦਾਣਾ ਫੱਕਾ ਹੂੰਝ ਕੇ ਲੈ ਗਏ ਰਲ ਮੰਡੀਆਂ ਦੇ ਚੋਰ।
ਆਦਮ-ਬੋ ਆਦਮ-ਬੋ ਕਰਦੇ ਫਿਰਨ ਸ਼ਿਕਾਰੀ ਏਥੇ,
ਖੇਤਾਂ ਤੇ ਮਲਿ੍ਹਆਂ ਦੀ ਥਾਵੇਂ ਫ਼ੋਲਣ ਸ਼ਹਿਰ ਗਿਰਾਂ।
ਜਿਸ ਨੇ ਮੇਰੇ ਵੱਸਦੇ ਪਿੰਡ ਨੂੰ ਮਿੱਟੀ ਵਿੱਚ ਮਿਲਾਇਆ ਹੈ,
ਉਹ ਹੀ ਅੱਜ ਬਿਠਾ ਕੇ ਮੈਨੂੰ ਸਬਕ ਦਏ ਧਰਵਾਸ ਦਾ।
ਪਿੰਡ ਜਾਗਣਗੇ ਸੰਭਾਲਣਗੇ ਵੀ ਮਿੱਟੀ,
ਮੁੜ ਉਸਾਰਨਗੇ ਉਹੀ ਢੱਠੇ ਘਰਾਂ ਨੂੰ।
ਪੰਜਾਬ ਵਿੱਚ 80ਵਿਆਂ ਤੋਂ ਕਾਲਾ ਦੌਰ ਸ਼ੁਰੂ ਹੋਇਆ, ਜਿਸਦਾ ਸੇਕ ਲਗਪਗ ਹਰ ਪੰਜਾਬੀ ਪਰਿਵਾਰ ਨੂੰ ਹੰਢਾਉਣਾ ਪਿਆ। 1980 ਤੋਂ 85 ਤੱਕ ਜੋ ਪੰਜਾਬ ਵਿਚ ਇਨਸਾਨੀਅਤ ਦਾ ਘਾਣ ਹੋਇਆ, ਉਸ ਬਾਰੇ ਗੁਰਭਜਨ ਗਿੱਲ ਦਾ ਸਾਹਿਤਕ ਮਨ ਪ੍ਰਭਾਵਤ ਹੋਏ ਬਿਨਾ ਰਹਿ ਨਹੀਂ ਸਕਿਆ। ਇਸ ਲਈ ਉਸ ਨੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਉਸ ਦੌਰ ਦੀਆਂ ਕੋਝੀਆਂ ਹਰਕਤਾਂ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਇਹ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਿੰਬਾਲਿਕ ਹਨ, ਸਾਹਿਤਕ ਪਿਉਂਦ ਨਾਲ ਉਨ੍ਹਾਂ ਵਿਚ ਕਾਲੇ ਦੌਰ ਦਾ ਜ਼ਿਕਰ ਕੀਤਾ ਗਿਆ ਹੈ। ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਇਸ ਪ੍ਰਕਾਰ ਹਨ:
ਘੋੜ-ਸਵਾਰ ਬੰਦੂਕਾਂ ਵਾਲੇ ਮੱਲ ਖਲੋਤੇ ਬੂਹੇ,
ਅੰਦਰ ਬਾਹਰ ਲੈਣ ਤਲਾਸ਼ੀ ਅਣਦੱਸੇ ਮਹਿਮਾਨ।
ਜਿਨ੍ਹਾਂ ਰੁੱਖਾਂ ਕੋਲ ਫ਼ਲ ਫੁੱਲ ਹਰੇ ਪੱਤੇ ਸਨ,
ਐਸਾ ਸੇਕਿਆ ਹਵਾ ਨੇ ਹੋਏ ਕੋਲ਼ਿਆਂ ਦੇ ਵਾਂਗ।
ਜੇ ਰਾਤਾਂ ਕਾਲੀਆਂ ਤੇ ਲੰਮੀਆਂ ਏਦਾਂ ਹੀ ਰਹੀਆਂ ਤਾਂ,
ਮੈਂ ਕੀਕਣ ਚਾਨਣੀ ਵਿਚ ਫ਼ਲਣ ਵਾਲਾ ਬਿਰਖ਼ ਲਾਵਾਂਗਾ।
ਅੰਬਰ ਦੇ ਵਿੱਚ ਤਰਦੀ ਹੋਈ ਕਦੇ ਵੀ ਡੁੱਬ ਸਕਦੀ ਹੈ,
ਅਪਣੀ ਗੁੱਡੀ ਦੀ ਨਾ ਜਦ ਤੱਕ ਆਪ ਸੰਭਾਲੂ ਡੋਰ।
ਝੱਖੜ-ਝਾਂਜਾ ਤੇਜ਼ ਹਨ੍ਹੇਰੀ ਅੱਗ ਬਲੇ ਪਈ ਜੰਗਲ ਵਿਚ,
ਫਿਰ ਵੀ ਬੂਟਾ ਪਾਲ ਰਿਹਾ ਹਾਂ ਰੰਗ-ਬਿਰੰਗੀ ਆਸ ਦਾ।
‘ਵਰਿ੍ਹਆਂ ਤੋਂ ਸਾਂਭਿਆ ਹੈ ਜਿਸ ਚਾਨਣੀ ਦਾ ਸੁਪਨਾ,
ਨੱਚਦੇ ਹਾਂ ਨਾਚ ਕਿਹੜਾ ਕਿਸਦੇ ਇਸ਼ਾਰਿਆਂ ‘ਤੇ।
ਅਖ਼ਬਾਰਾਂ ‘ਚ ਰੋਜ਼ਾਨਾ, ਮਰਿਆਂ ਦੀ ਖ਼ਬਰ ਲੱਗੇ।
ਜ਼ਹਿਰੀਲੀ ਹਵਾ ਦਾ ਹੀ, ਹਰਫਾਂ ਤੇ ਅਸਰ ਲੱਗੇ।
Êਪੰਜਾਬ ਵਿਚ ਅਵਾਰਾ ਪਸ਼ੂਆਂ ਨੇ ਲੋਕਾਈ ਦਾ ਜਿਓਣਾ ਦੁੱਭਰ ਕਰ ਦਿੱਤਾ ਹੈ। ਗਲੀਆਂ, ਮਹੱਲਿਆਂ ਅਤੇ ਬਾਜ਼ਾਰਾਂ ਵਿਚ ਅਨੇਕਾਂ ਪਸ਼ੂ ਘੁੰਮਦੇ ਵਿਖਾਈ ਦਿੰਦੇ ਹਨ, ਜਿਨ੍ਹਾਂ ਨੇ ਕਈ ਮਨੁਖੀ ਜਾਨਾ ਵੀ ਲੈ ਲਈਆਂ ਹਨ। ਇਨ੍ਹਾਂ ਸੰਬੰਧੀ ਗੁਰਭਜਨ ਗਿੱਲ ਦਾ ਸ਼ਿਅਰ ਹੈ:
ਭੁੱਖ ਦੀ ਸਤਾੲਂੀ ਪਈ ਗੰਦਗੀ ਫ਼ਰੋਲਦੀ,
ਜਿਹਨੂੰ ਅਸੀਂ ਆਖਦੇ ਹਾਂ ਗਾਂ ਸਾਡੀ ਮਾਂ ਹੈ।
150 ਰੁਪਏ ਕੀਮਤ, 72 ਪੰਨਿਆਂ ਵਾਲਾ ‘ਹਰ ਧੁਖਦਾ ਪਿੰਡ ਮੇਰਾ ਹੈ’ ਗ਼ਜ਼ਲ ਸੰਗ੍ਰਹਿ ਸਤਵਿਕ ਬੁਕਸ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ। ਇਹ ਗ਼ਜ਼ਲ ਸੰਗ੍ਰਹਿ ਸਿੰਘ ਬਰਦਰਜ਼ ਅੰਮਿ੍ਰਤਸਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’ ਜਦੋਜਹਿਦ ਦਾ ਦਸਤਾਵੇਜ - ਉਜਾਗਰ ਸਿੰਘ
ਤੇਜਾ ਸਿੰਘ ਤਿਲਕ ਦੀ ਸੰਪਾਦਿਤ ‘ਸਾਧੂ ਸਿੰਘ ਬੇਦਿਲ ਦੀ ਜੀਵਨ ਤੇ ਰਚਨਾ’ ਪੁਸਤਕ ਇੱਕ ਬੇਬਾਕ ਸਾਹਿਤਕਾਰ ਦੀ ਜ਼ਿੰਦਗੀ ਦੀ ਸਾਹਿਤਕ ਜੀਵਨ ਅਤੇ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਪਾਉਂਦੀ ਹੈ। ਤੇਜਾ ਸਿੰਘ ਤਿਲਕ ਦੀ ਇੱਕ ਵਿਲੱਖਣ ਖ਼ੂਬੀ ਹੈ ਕਿ ਉਹ ਅਣਗੌਲੇ ਫ਼ੱਕਰ ਕਿਸਮ ਦੇ ਸਾਹਿਤਕਾਰਾਂ ਦੀਆਂ ਜੀਵਨੀਆਂ ਲਿਖਕੇ ਆਉਣ ਵਾਲੀ ਸਾਹਿਤਕਾਰਾਂ ਦੀ ਪਨੀਰੀ ਨੂੰ ਸਾਹਿਤਕਾਰਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਸੇਧ ਦੇ ਸਕਣ। ਉਸ ਦਾ ਸਾਹਿਤਕਾਰਾਂ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਦਾ ਢੰਗ ਤਰੀਕਾ ਵੀ ਨਿਵੇਕਲਾ ਹੈ। ਉਹ ਅਜਿਹੇ ਵਿਅਕਤੀਆਂ ਦੀ ਜੀਵਨੀ ਲਿਖਣ ਲਈ ਉਨ੍ਹਾਂ ਦੇ ਜਿਉਂਦਿਆਂ ਹੀ ਠਾਣ ਲੈਂਦਾ ਹੈ। ਸਾਧੂ ਸਿੰਘ ਬੇਦਿਲ ਦੀ ਜੀਵਨੀ ਵਿੱਚ ਵੀ ਉਹ ਬੇਦਿਲ ਨਾਲ ਸਾਹਿਤਕਾਰਾਂ ਦੇ ਵਿਚਾਰ ਵਟਾਂਦਰੇ ਨੂੰ ਜੀਵਨੀ ਵਿੱਚ ਸ਼ਾਮਲ ਕਰਦਾ ਹੈ। ਸਾਧੂ ਸਿੰਘ ਬੇਦਿਲ ਨੂੰ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਬੇਦਿਲ ਵੱਲੋਂ ਦਿੱਤੇ ਗਏ ਜਵਾਬ ਸ਼ਾਮਲ ਕਰਕੇ ਜੀਵਨੀ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਹ ਸੁਣੀ ਸੁਣਾਈ ਗੱਲ ਦੀ ਥਾਂ ਅਮਲੀ ਤੌਰ ਤੇ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਹੈ। ਜੀਵਨੀ ਦੀ ਇਹ ਤਕਨੀਕ ਨਿਰਾਲੀ ਹੈ। ਇਸ ਤਕਨੀਕ ਸੰਬੰਧੀ ਡਾ.ਜਸਵਿੰਦਰ ਸਿੰਘ ਸਿੱਖ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਖੋਜ ‘ਤੇ ਅਧਾਰਤ ਦੱਸਿਆ ਹੈ ਕਿ ਪ੍ਰੋ.ਪੂਰਨ ਸਿੰਘ ਨਾਲ ਸਵਰਨ ਸਿੰਘ ਖੇੜਾ ਇੰਦੌਰ ਵਾਲੇ ਸਵਾਲ ਜਵਾਬ ਕਰਕੇ ਡਾਇਰੀ ਲਿਖਦੇ ਸਨ। ਤੇਜਾ ਸਿੰਘ ਤਿਲਕ ਨੇ ਵੀ ਸਾਧੂ ਸਿੰਘ ਬੇਦਿਲ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਜੀਵਨ ਦਾ ਸਾਰ ਕੱਢਿਆ ਹੈ। ਤੇਜਾ ਸਿੰਘ ਤਿਲਕ ਨੇ ਜੀਵਨੀ ਲਿਖਣ ਲੱਗਿਆਂ ਨਿਰਪੱਖ ਸੋਚ ਅਪਣਾਈ ਹੈ। ਉਨ੍ਹਾਂ ਸਾਧੂ ਸਿੰਘ ਬੇਦਿਲ ਦੇ ਗੁਣ ਅਤੇ ਔਗੁਣ ਦੋਵੇਂ ਪੱਖ ਦਰਸਾਏ ਹਨ। ਆਮ ਤੌਰ ਤੇ ਪ੍ਰਸੰਸਾ ਦੇ ਪੁਲ ਬੰਨ੍ਹੇ ਜਾਂਦੇ ਹਨ। ਤੇਜਾ ਸਿੰਘ ਤਿਲਕ ਨੇ ਸਾਧੂ ਸਿੰਘ ਬੇਦਿਲ ਨੂੰ ਨਾਜ਼ੁਕ ਦਿਲ ਤੇ ਪ੍ਰਕਿ੍ਰਤੀ ਨੂੰ ਪਿਆਰ ਕਰਨ ਵਾਲਾ ਫੁੱਲਾਂ ਦੀ ਮਹਿਕ ਦਾ ਸ਼ੈਦਾਈ ਗਰਦਾਨਿਆਂ ਹੈ। ਇਸ ਜੀਵਨੀ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਭਾਵੇਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਬਿਨਾ ਡਿਗਰੀਆਂ ਤੋਂ ਵਿਦਵਾਨ ਸਨ। ਉਹ ਆਪ ਭਾਵੇਂ ਕਿਸੇ ਸਕੂਲ ਵਿੱਚ ਨਹੀਂ ਗਿਆ ਪ੍ਰੰਤੂ ਸਿੰਘ ਸਭਾ ਗਿਆਨੀ ਕਾਲਜ ਬਰਨਾਲਾ ਦਾ ਮੁੱਖ ਅਧਿਆਪਕ ਰਿਹਾ ਸੀ। ਗ਼ਜ਼ਲ ਦੀਆਂ ਬਾਰੀਕੀਆਂ ਤੋਂ ਜਾਣੂੰ ਸਨ। ਪਿੰਗਲ, ਅਰੂਜ, ਬਹਿਰ, ਸ਼ਬਦ ਜੋੜਾਂ, ਗੁਰਬਾਣੀ ਦਾ ਸ਼ੁਧ ਉਚਾਰਨ, ਭਾਸ਼ਣ ਕਲਾ ਦੇ ਮਾਹਿਰ ਗੁਰਮਤਿ ਦੇ ਧਾਰਨੀ, ਗ਼ਰੀਬਾਂ ਤੇ ਕਿ੍ਰਤੀਆਂ ਦੇ ਹਮਦਰਦ, ਸਮਾਜਵਾਦੀ ਤੇ ਵਿਗਿਆਨਕ ਦਿ੍ਰਸ਼ਟੀਕੋਨ ਵਾਲੇ, ਗੁੱਸਾ ਜਲਦੀ ਕਰਨ ਵਾਲੇ, ਔਰਤਾਂ ਨੂੰ ਕੁਜਾਤ ਕਹਿਣ ਵਾਲੇ ਅਤੇ ਸਾਦਗੀ ਵਾਲੇ ਬਹੁਪੱਖੀ ਸਾਹਿਤਕਾਰ ਸਨ। ਤੋਲ, ਤੁਕਾਂਤ, ਭਾਸ਼ਾ, ਮੁਹਾਵਰਾ, ਬਿੰਬ ਰਸ ਤੇ ਰਵਾਨੀ ਪੱਖੋਂ ਚੇਤੰਨ ਅਤੇ ਪ੍ਰਬੁੱਧ ਗ਼ਜ਼ਲਗੋ ਸਨ। ਆਪਣੇ ਦੋਸਤਾਂ ਨਾਲ ਮੁਲਾਕਾਤਾਂ ਵਿੱਚ ਬੇਦਿਲ ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਥਾਵਾਂ ਤੇ ਪ੍ਰਕਾਸ਼ਤ ਹੋਣ ਵਾਲੀਆਂ ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਬਾਰੇ ਬਾਰ-ਬਾਰ ਦੱਸਕੇ ਆਪਣੀ ਪ੍ਰਾਪਤੀ ਦਾ ਪ੍ਰਗਟਾਵਾ ਕਰਦੇ ਸਨ। ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਨੂੰ ਅੱਗੇ ਤਿੰਨ ਹਿਸਿੱਆਂ (ੳ) ਜੀਵਨ ਤੇ ਵਿਅਕਤਿਵ, (ਅ) ਸਾਹਿਤ ਚਿੰਤਨ ਅਤੇ (ੲ) ਕਾਵਿ ਚਿੱਤਰ ਵਿੱਚ ਵੰਡਿਆ ਹੈ। ਦੂਜੇ ਭਾਗ ਦਾ ਸਿਰਲੇਖ ਸਿਰਜਣਾ ਹੈ, ਇਸ ਵਿੱਚ ਸਾਧੂ ਸਿੰਘ ਬੇਦਿਲ ਦੀਆਂ ਕਵਿਤਾਵਾਂ, ਗੀਤ, ਕਾਵਿ-ਚਿੱਤਰ, ਗ਼ਜ਼ਲਾਂ ਤੇ ਵਿਅੰਗ, ਕਹਾਣੀ, ਮਿੰਨੀ ਕਹਾਣੀ, ਹਾਸ-ਵਿਅੰਗ, ਨਿਬੰਧ ਅਤੇ ਚਿੱਠੀਆਂ ਹਨ। ਪਹਿਲੇ ਭਾਗ (ੳ) ਜੀਵਨ ਤੇ ਵਿਅਕਤਿਵ ਵਿੱਚ ਸਾਹਿਤਕਾਰਾਂ ਨਾਲ ਮੁਲਾਕਾਤਾਂ ਗ਼ਜ਼ਲਾਂ ਅਤੇ ਕਵਿਤਾਵਾਂ ਦੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਣ ਬਾਰੇ ਦਰਸਾਇਆ ਗਿਆ ਹੈ, ਸਾਹਿਤਕ ਸਫਰ ਮਹਿਜ 17 ਸਾਲ ਦੀ ਉਮਰ ਵਿੱਚ ਪਹਿਲੀ ਕਵਿਤਾ 1934-35 ਵਿੱਚ ਬੈਂਤ ਛੰਦ ਵਿੱਚ ਲਿਖਕੇ ਸ਼ੁਰੂ ਕੀਤਾ। ਪਿਤਾ ਦੇ ਕੁਰੱਖਤ ਸੁਭਾਅ ਅਤੇ ਕਿੱਤੇ ਬਾਰੇ ਦਰਸਾਇਆ ਗਿਆ। ਉਨ੍ਹਾਂ ਦਾ ਪਿਤਾ ਗ੍ਰੰਥੀ ਹੋਣ ਕਰਕੇ ਸਾਧੂ ਸਿੰਘ ਬੇਦਿਲ ਵੀ ਗੁਰਮਤਿ ਦਾ ਧਾਰਨੀ ਬਣ ਗਿਆ। ਉਹ ਗ੍ਰੰਥੀਆਂ ਦੇ ਪੜ੍ਹੇ ਲਿਖੇ ਹੋਣ ਦੀ ਵਕਾਲਤ ਵੀ ਕਰਦਾ ਦਰਸਾਇਆ ਹੈ। ਬਹੁਤ ਸਾਰੀਆਂ ਸਾਹਿਤ ਸਭਾਵਾਂ ਵਿੱਚ ਸ਼ਮੂਲੀਅਤ ਕਰਦਾ ਅਤੇ ਅਹੁਦੇਦਾਰ ਰਿਹਾ। ਧਨੌਲੇ ਦੀ ਸਾਹਿਤ ਸਭਾ ਦਾ 31 ਸਾਲ ਪ੍ਰਧਾਨ ਰਿਹਾ। ਇਸ ਤੋਂ ਉਸਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਹੈਰਾਨੀ ਇਸ ਗੱਲ ਦੀ ਹੈ ਸਾਧੂ ਸਿੰਘ ਬੇਦਿਲ ਮਾਰਕਵਾਦੀ ਵਿਚਾਰਧਾਰਾ ਦਾ ਹਾਮੀ ਹੈ ਪ੍ਰੰਤੂ ਗੁਰਬਾਣੀ ਦਾ ਸ਼ੁਧ ਉਚਾਰਣ ਅਤੇ ਵਿਅਕਰਣ ਦੀ ਜਾਣਕਾਰੀ ਦੇ ਮਾਹਿਰ ਖੋਜੀ ਹਾਸ ਵਿਅੰਗ ਦੇ ਤੀਰ ਮਾਰਨ ਵਾਲਾ ਵੀ ਸੀ। ਇਸ ਹਿੱਸੇ ਵਿੱਚ ਸਾਧੂ ਸਿੰਘ ਬੇਦਿਲ ਦੇ ਜਾਣ ਪਛਾਣ ਵਾਲੇ 23 ਲੇਖਕਾਂ ਦੀਆਂ ਬੇਦਿਲ ਬਾਰੇ ਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। (ਅ) ਸਾਹਿਤ ਚਿੰਤਨ ਵਿੱਚ ਡਾ.ਧਰਮਪਾਲ ਸਿੰਗਲ, ਪ੍ਰੋ.ਪ੍ਰੀਤਮ ਸਿੰਘ ਰਾਹੀ, ਕਰਨੈਲ ਸਿੰਘ ਰੋਹੀੜਾ ਅਤੇ ਡਾ. ਭਗਵੰਤ ਸਿੰਘ ਵੱਲੋਂ ਬੇਦਿਲ ਦੇ ਸਾਹਿਤਕ ਯੋਗਦਾਨ ਬਾਰੇ ਆਲੋਚਨਾਤਮਿਕ ਲੇਖ ਪ੍ਰਕਾਸ਼ਤ ਕੀਤੇ ਗਏ ਹਨ, ਭਾਵੇਂ ਇਹ ਸਾਰੀ ਪੁਸਤਕ ਹੀ ਉਨ੍ਹਾਂ ਦੀ ਸਾਹਿਤਕ ਦੇਣ ਸੰਬੰਧੀ ਹੈ। ਡਾ.ਧਰਮਪਾਲ ਸਿੰਗਲ ਬੇਦਿਲ ਨੂੰ ਸਫ਼ਲ ਗ਼ਜ਼ਲਕਾਰ ਮੰਨਦਾ ਹੈ। ਉਸ ਨੇ ਗ਼ਜ਼ਲ ਨੂੰ ਸੌਂਦਰਯ ਬੋਧ ਵਾਲੇ ਕਾਵਿ ਰੂਪ ਵਿੱਚੋਂ ਕੱਢਕੇ ਪ੍ਰਗਤੀਸ਼ੀਲ ਵਲ ਲਿਆਂਦਾ ਹੈ। ਲੇਖਕ ਨੇ ਬੇਦਿਲ ਦੇ ਇਕ ਸ਼ਿਅਰ ਨਾਲ ਉਦਾਹਰਣ ਦਿੱਤੀ ਹੈ-
ਤੀਵੀਂ ਤੇ ਮਦਰਾ ਸੁਰਾਹੀ ਪੈਮਾਨਾ, ਹੁੰਦੇ ਨਾ ਸ਼ਾਇਰ, ਇਹ ਮਰ ਜਾਂਦੇ।
ਬੇਦਿਲ ਕਹਿਣਾ ਚਾਹੁੰਦਾ ਹੈ ਕਿ ਇਹ ਤਿੰਨੋ ਵਸਤਾਂ ਤੋਂ ਬਿਨਾ ਵੀ ਗ਼ਜ਼ਲ ਹੋ ਸਕਦੀ ਹੈ। ਸੱਚ ਦੇ ਰਸਤੇ ‘ਤੇ ਚਲਣ ਦੀ ਗੱਲ ਕਰਦਾ ਬੇਦਿਲ ਲਿਖਦਾ ਹੈ-
ਪਾਂਧੀ ਸੱਚ ਦੇ ਪਿਛਾਂਹ ਨਹੀਂ ਮੁੜਦੇ, ਭਾਵੇਂ ਸਾਹਵੇਂ ਸਲੀਬ ਹੋਂਦੇ ਨੇ।
ਸਾਧੂ ਸਿੰਘ ਬੇਦਿਲ ਦੀ ਪੰਜਾਬ ਬਾਰੇ ਚਿੰਤਾ ਸੰਬੰਧੀ ਸਿੰਗਲ ਉਸਦੇ ਇਕ ਸ਼ਿਅਰ ਦੀ ਉਦਾਹਰਣ ਦਿੰਦਾ ਹੈ-
ਇਉਂ ਹਾਲ ਹੋ ਗਿਆ ਹੈ ਮੇਰੇ ਪੰਜਾਬ ਦਾ, ਟੁੱਟੇ ਜੇ ਬੂਟ ਵਿੱਚ ਜਿਉਂ ਪਾਟੀ ਜੁਰਾਬ ਦਾ।
ਡਾ.ਧਰਮਪਾਲ ਸਿੰਗਲ ਸਾਧੂ ਸਿੰਘ ਬੇਦਿਲ ਨੂੰ ਪ੍ਰਗਤੀਸ਼ੀਲ ਗ਼ਜ਼ਲਗੋ ਸਮਝਦਾ ਹੈ। ਪ੍ਰੋ.ਪ੍ਰੀਤਮ ਸਿੰਘ ਰਾਹੀ ਅਨੁਸਾਰ ਬੇਦਿਲ ਅਨੁਸ਼ਾਸਨ ਦਾ ਪਾਬੰਦ ਹੈ। ਉਸ ਦਾ ਸਿਨਫ ਕੇਵਲ ਗੁਲੋ-ਬੁਲ ਬੁਲ, ਸ਼ਮਾਅ ਪ੍ਰਵਾਨਾ, ਮੈਅ ਅਤੇ ਪੈਮਾਨਾ ਦੀਆਂ ਗੱਲਾਂ ਕਰਨ ਜਾਂ ਮਾਸ਼ੂਕ ਦੇ ਹੁਸਨ ਤੱਕ ਹੀ ਸੀਮਤ ਨਹੀਂ, ਸਗੋਂ ਉਸ ਦਾ ਕਾਰਜ-ਖੇਤਰ ਵਿਸਤਿ੍ਰਤ ਹੈ। ਆਪਣੀਆਂ ਗ਼ਜ਼ਲਾਂ ਲਈ ਉਹ ਇਨਕਲਾਬੀ ਅਤੇ ਸਿਹਤਮੰਦ ਵਿਸ਼ੇ ਚੁਣਦਾ ਹੈ। ਕਰਨੈਲ ਸਿੰਘ ਰੋਹੀੜਾ ਸਾਧੂ ਸਿੰਘ ਬੇਦਿਲ ਨੂੰ ਮੂਲ ਰੂਪ ਵਿੱਚ ਕਵੀ ਕਹਿੰਦਾ ਹੈ। ਉਸ ਦਾ ਰਾਜਸੀ ਵਿਅਕਤੀਆਂ ਤੇ ਤਿੱਖਾ ਵਿਅੰਗ ਹੁੰਦਾ ਹੈ। ਉਹ ਕੰਮੀਆਂ ਦੀ ਗੱਲ ਕਰਦਾ ਹੈ। ਉਸ ਦੀ ਸ਼ਾਇਰੀ ਵਿੱਚ ਸਮਾਜਵਾਦੀ ਚਿੰਤਨ ਹੈ। ਉਹ ਨੈਤਿਕ ਕਦਰਾਂ ਕੀਮਤਾਂ ਦਾ ਪਹਿਰੇਦਾਰ ਹੈ। ਬੇਦਿਲ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਆਰਥਿਕ ਨਾ-ਬਰਾਬਰੀ, ਮਖੌਟਾਧਾਰੀ ਭਿ੍ਰਸ਼ਟ ਰਾਜਨੀਤਕ ਢਾਂਚੇ ਅਤੇ ਧਾਰਮਿਕ ਦੰਭੀਆਂ ਦਾ ਸ਼ਪਸਟ ਅਤੇ ਬੇਬਾਕ ਪ੍ਰਗਟਾਅ ਕਰਦਾ ਹੈ। ਡਾ.ਭਗਵੰਤ ਸਿੰਘ ਕਹਿੰਦੇ ਹਨ ਬੇਦਿਲ ਨੈਤਿਕ ਪੱਖਾਂ ਬਾਰੇ ਬਹੁਤ ਪੁਖਤਗੀ ਨਾਲ ਲਿਖਦਾ ਰਿਹਾ ਹੈ। ਉਹ ਸਾਹਿਤ ਦੇ ਕਾਵਿਕ ਗੁਣਾਂ ਤੋਂ ਬਾਖ਼ੂਬੀ ਜਾਣੂੰ ਸੀ। ਉਸ ਦੇ ਵਿਸ਼ੇ ਰੂਪਕ ਪੱਖ ਤੋਂ ਉਤਮ ਸਨ। ਸਾਹਿਤ ਦੇ ਪ੍ਰਯੋਜਨ ਸਤਯੰ, ਸਿਵਮ, ਸੁੰਦਰਮ ਦੀ ਕਸੌਟੀ ‘ਤੇ ਪੂਰਾ ਉਤਰਦੇ ਸਨ। (ੲ) ਕਾਵਿ ਚਿੱਤਰ ਵਿੱਚ 16 ਕਵੀਆਂ ਨੇ ਬੇਦਿਲ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਕਾਵਿ ਰੂਪ ਵਿੱਚ ਵਰਣਨ ਕੀਤਾ ਹੈ, ਜੋ ਹੇਠ ਲਿਖੇ ਅਨੁਸਾਰ ਹੈ-
ਡਾ.ਅਮਰ ਕੋਮਲ -
ਉਸ ਰੁੱਖ ਵਰਗਾ, ਜਿਸ ਦੀ ਸੰਘਣੀ ਛਾਂ ਪਿਆਰੀ,
ਫਲ ਮਿੱਠੇ ਫੁੱਲ ਮਹਿਕਦੇ, ਟਹਿਕੇ, ਜਿਸ ਦੀ ਕਾਇਆ ਸਾਰੀ।
ਜੰਗ ਸਿੰਘ ਫੱਟੜ-
ਅੰਧ ਵਿਸ਼ਵਾਸ਼ੀ ਕਰਮ ਕਾਂਡ ਤੋਂ ਛਿਲਕੇ ਲਾਹੁੰਦਾ ਬਾਹਲਾ ਸੀ,
ਹਸਮੁੱਖ, ਖ਼ੁਸ਼ਹਾਲ, ਸਾਧਾਂ ਵਰਗਾ, ਬੇਦਿਲ ਨਵਾਂ ਉਜਾਲਾ ਸੀ।
ਨਿਰੰਜਣ ਸਿੰਘ ਚੀਮਾ -
ਲਈਂ ਬੈਠੇ ਘਰ ਵਿੱਚ ਆਪਣੇ, ਥੋਹਰਾਂ ਦਾ ਇੱਕ ਵਾੜਾ ਬੇਦਿਲ,
ਬੱਸ ਫੁੱਲਾਂ ਦੀ ਚੋਰੀ ਕਰਦੈ, ਹੋਰ ਨਾ ਮਾਰੇ ਧਾੜਾ ਬੇਦਿਲ।
ਪਰਮਜੀਤ ਪੱਪੂ ਧਨੌਲਾ-
ਧਨੀ ਕਲਮ ਦਾ ਗੂੜ੍ਹ ਗਿਆਨੀ, ਜਗ੍ਹਾ ਜਗ੍ਹਾ ਸਤਿਕਾਰਾ ਬੇਦਿਲ।
ਐਸਾ ਗਿਆਨ ਦਾ ਮਹਿਲ ਉਸਾਰੇ, ਨਾ ਇੱਟਾਂ ਨਾ ਗਾਰਾ ਬੇਦਿਲ।
ਮਲਕੀਤ ਸਿੰਘ ਗਿੱਲ (ਭੱਠਲਾਂ)-
ਸਭਿਆਚਾਰ ਦਾ ਹੈ ਇਹ ਵਾਰਸ, ਦੇਸ ਪੰਜਾਬ ਦੀ ਸ਼ਾਨ ਹੈ ਬੇਦਿਲ।
ਗ਼ਜ਼ਲਾਂ ਗੀਤ ਕਵਿਤਾਵਾਂ ਰਾਹੀਂ, ਵੰਡਦਾ ਗੂੜ੍ਹ-ਗਿਆਨ ਹੈ ਬੇਦਿਲ।
ਸੁਖਦੇਵ ਸਿੰਘ ਔਲਖ-
ਜ਼ਿੰਦਗੀ ਨਾਉਂ ਹੈ ਮੁਸ਼ਕਿਲਾਂ ਸੰਗ ਖਹਿਣ ਦਾ,
ਜ਼ਿੰਦਗੀ ਦੇ ਸਵਾਲਾਂ ਦਾ ਸਹੀ ਜਵਾਬ ਹੈ ਬੇਦਿਲ।
ਗੁਰਜੰਟ ਸਿੰਘ ਸੋਹਲ ਚਿੱਤਰਕਾਰ ਧਨੌਲਾ-
Êਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਕਦੇ ਫਾਰਸੀ ਫੋਲੇ,
ਗੁਰਬਾਣੀ ਦੇ ਅਰਥ ਜੇ ਕਰਦਾ, ਬੂਹੇ ਮਨ ਦੇ ਖੋਲ੍ਹੇ।
ਡਾ.ਹਾਕਮ ਸਿੰਘ ਮਹਿਰਮ, ਕਾਲੇਕਾ-
ਫਿਜ਼ਾ ਬਦਲੀ ਭਾਵੇਂ ਲੱਖਾਂ ਵਾਰ ਯਾਰੋ, ਆਪਣਾ ਬਦਲਿਆ ਨਹੀਂ ਕਿਰਦਾਰ ਬੇਦਿਲ,
ਗੱਲ ਮੂੰਹ ਤੇ ਕਹਿਣ ਦਾ ਰੱਖੇ ਜੇਰਾ, ਹੱਥ ਕਲਮ ਦਾ ਰੱਖਿਆ ਹਥਿਆਰ ਬੇਦਿਲ।
ਵੈਦ ਸਰੂਪ ਚੰਦ ਹਰੀਗੜ੍ਹ-
ਵਿਆਖਿਆ ਕਰ ਸਮਝਾਵੇ ਸਭ ਨੂੰ, ਸ਼ਬਦਾਂ ਦੀ ਇੱਕ ਖਾਣ ਸੀ ਬੇਦਿਲ…।
ਦੱਬੇ ਕੁੱਚਲੇ ਲੋਕਾਂ ਦੇ ਲਈ, ਸੱਚ ਦੀ ਖੁਲ੍ਹੀ ਦੁਕਾਨ ਸੀ ਬੇਦਿਲ।
ਰਘਵੀਰ ਸਿੰਘ ਗਿੱਲ ਕੱਟੂ-
ਚੌਗਿਰਦੇ ਬਾਰੇ ਰੱਖੇ ਚੇਤਨਾ, ਚੁੱਪ ਕਰਕੇ ਨਾ ਬਹਿਣਾ,
ਕਿਰਤੀ ਏਥੇ ਭੁੱਖੇ ਮਰਦੇ, ਸੱਚ ਬੇਦਿਲ ਦਾ ਕਹਿਣਾ।
ਟਿੱਬਿਆਂ ਤਾਈਂ ਪੱਧਰ ਕਰਨਾ, ਸਦਾ ਧੱਕਾ ਨਹੀਂ ਸਹਿਣਾ।
ਊਚ ਨੀਚ ਦਾ ਮੁੱਕੇ ਪੁਆੜਾ, ਭੁੱਖਾ ਕੋਈ ਨਾ ਰਹਿਣਾ,
ਮਿਲ ਕੇ ਟੋਇਆਂ ਨੇ, ਲੇਖਾ ਇਕ ਦਿਨ ਲੈਣਾ।
ਇਸ ਪੁਸਤਕ ਦਾ ਦੂਜਾ ਭਾਗ ਸਿਰਜਣਾ ਹੈ, ਜਿਸ ਤੋਂ ਭਾਵ ਸਾਧੂ ਸਿੰਘ ਬੇਦਿਲ ਦਾ ਰਚਿਆ ਸਾਹਿਤ। ਇਸ ਭਾਗ ਵਿੱਚ ਬੇਦਿਲ ਦੀਆਂ ਚੋਣਵੀਆਂ ਗ਼ਜ਼ਲਾਂ, ਗੀਤ, ਕਵਿਤਾ, ਕਹਾਣੀਆਂ, ਨਿਬੰਧ ਅਤੇ ਚਿੱਠੀਆਂ ਸ਼ਾਮਲ ਹਨ। ਕਮਾਲ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਧੂ ਸਿੰਘ ਬੇਦਿਲ ਰਣਜੀਤ ਗਿਆਨੀ ਕਾਲਜ ਅਕਾਡਮੀ ਪੁਤਲੀ ਘਰ ਅੰਮਿ੍ਰਤਸਰ ਗਿਆਨੀ ਪਾਸ ਕਰਨ ਲਈ ਪੜ੍ਹਦਾ ਰਿਹਾ ਪ੍ਰੰਤੂ ਦੋ ਵਾਰ ਇਮਤਿਹਾਨ ਦੇਣ ਦੇ ਬਾਵਜੂਦ ਪਾਸ ਨਹੀਂ ਹੋ ਸਕਿਆ, ਉਥੇ ਪੜ੍ਹਦਿਆਂ ਪਿੰਗਲ, ਵਿਆਕਰਣ ਤੇ ਗੁਰਬਾਣੀ ਵਿਆਕਰਣ ਜਿਹੜੇ ਗਿਆਨੀ ਦੇ ਸਲੇਬਸ ਵਿੱਚ ਸਨ, ਉਨ੍ਹਾਂ ਦੀ ਮੁਹਾਰਤ ਹਾਸਲ ਕਰ ਗਿਆ। ਇਥੋਂ ਤੱਕ ਕਿ ਉਨ੍ਹਾਂ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਗਿਆਨੀ ਪਾਸ ਕਰ ਗਏ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਤੇਜਾ ਸਿੰਘ ਤਿਲਕ ਨੇ ਇਹ ਪੁਸਤਕ ਸੰਪਾਦਿਤ ਕਰਕੇ ਸਾਧੂ ਸਿੰਘ ਬੇਦਿਲ ਨੂੰ ਹਮੇਸ਼ਾ ਲਈ ਸਾਹਿਤਕ ਜਗਤ ਵਿੱਚ ਅਮਰ ਕਰ ਦਿੱਤਾ।
300 ਰੁਪਏ ਕੀਮਤ, 264 ਪੰਨਿਆਂ, ਰੰਗਦਾਰ ਤਸਵੀਰਾਂ ਅਤੇ ਸਚਿਤਰ ਮੁੱਖ ਕਵਰ ਵਾਲੀ ਪੁਸਤਕ ਤਾਲਿਫ਼ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ।
…ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਵੀ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ - ਉਜਾਗਰ ਸਿੰਘ
ਬੇਟੀ ਪੜ੍ਹਾਓ, ਬੇਟੀ ਬਚਾਓ ਦਾ ਪ੍ਰਚਾਰ ਤਾਂ ਥੋੜ੍ਹਾ ਸਮਾਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਵਿੱਚ ਬੇਟੀਆਂ ਨੂੰ ਪਹਿਲਾਂ ਹੀ ਪੜ੍ਹਾਇਆ ਜਾਂਦਾ ਹੈ, ਜਿਸ ਕਰਕੇ ਬੇਟੀਆਂ ਸਮਾਜ ਦੇ ਹਰ ਖੇਤਰ ਵਿੱਚ ਮਾਹਰਕੇ ਮਾਰ ਰਹੀਆਂ ਹਨ। ਬੇਸ਼ਕ ਪੰਜਾਬ ਪੁਲਿਸ ਵਿੱਚ ਇਸਤਰੀਆਂ/ਲੜਕੀਆਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਆਟੇ ਵਿੱਚ ਲੂਣ ਦੇ ਬਰਾਬਰ ਹੈ ਪ੍ਰੰਤੂ ਉਹ ਦਿਨ ਦੂਰ ਨਹੀਂ ਜਦੋਂ ਇਸਤਰੀਆਂ/ਲੜਕੀਆਂ ਇਸ ਵਿਭਾਗ ਦੇ ਪੁਲਿਸ ਮੁੱਖੀ ਦੇ ਅਹੁਦੇ ‘ਤੇ ਪਹੁੰਚਕੇ ਅਗਵਾਈ ਕਰਨਗੀਆਂ। ਭਾਵੇਂ ਅੱਜ ਦਿਨ ਵੀ ਗੁਰਪ੍ਰੀਤ ਕੌਰ ਦਿਓ, ਸ਼ਸ਼ੀ ਪ੍ਰਭਾ ਦਿਵੇਦੀ ਦੋਵੇਂ ਡੀ.ਜੀ.ਪੀ.ਰੈਂਕ ਅਤੇ ਤਿੰਨ ਹੋਰ ਐਡੀਸ਼ਨਲ ਡੀ.ਜੀ.ਪੀ.ਰੈਂਕ ਵਿੱਚ ਹਨ ਪ੍ਰੰਤੂ ਉਨ੍ਹਾਂ ਨੂੰ ਪੁਲਿਸ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਮੁੱਖੀ ਬਣਾਇਆ ਗਿਆ ਹੈ ਪ੍ਰੰਤੂ ਪੂਰੇ ਪੁਲਿਸ ਵਿਭਾਗ ਦੇ ਮੁੱਖੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਮੁਖ ਮਹੱਤਵਪੂਰਨ ਖੇਤਰੀ ਅਤੇ ਪ੍ਰਬੰਧਕੀ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਆਈ.ਏ.ਐਸ. ਇਸਤਰੀ ਵਿੰਨੀ ਮਹਾਜਨ ਪਹਿਲੀ ਪੰਜਾਬ ਦੀ ਮੁੱਖ ਸਕੱਤਰ ਰਹੀ ਹੈ। ਸੁਰਜੀਤ ਕੌਰ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਪਹਿਲੀ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਕਿਰਨ ਬੇਦੀ ਅੰਮਿ੍ਰਤਸਰ ਨਾਲ ਸੰਬੰਧ ਰੱਖਦੀ ਹੈ, ਉਹ ਇਸਤਰੀ ਆਈ.ਪੀ.ਐਸ.ਅਧਿਕਾਰੀ ਸੀ। ਉਹ ਡਾਇਰੈਕਟਰ ਜਨਰਲ ਬਿਓਰੋ ਆਫ਼ ਪੁਲਿਸ, ਕੇਂਦਰੀ ਸ਼ਾਸ਼ਤ ਪ੍ਰਦੇਸ਼ ਦਿੱਲੀ, ਗੋਆ, ਚੰਡੀਗੜ੍ਹ ਅਤੇ ਮੀਜੋਰਾਮ ਦੀ ਡੀ.ਜੀ.ਪੀ.ਅਤੇ ਉਪ ਰਾਜਪਾਲ ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਰਹੀ ਹੈ। ਪੁਲਿਸ ਵਿਭਾਗ ਦੇ ਕੰਮ ਨੂੰ ਜੋਖ਼ਮ ਭਰਿਆ ਗਿਣਿਆਂ ਜਾਂਦਾ ਹੈ ਕਿਉਂਕਿ ਇਸ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਰੋਕਣਾ ਹੁੰਦਾ ਹੈ। ਕਰਿਮੀਨਲ ਕਿਸਮ ਦੇ ਅਨਸਰਾਂ ਨਾਲ ਨਿਪਟਣਾ ਹੁੰਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸਖ਼ਤੀ ਵਰਤਣੀ ਪੈਂਦੀ ਹੈ। ਇਹ ਆਮ ਪ੍ਰਭਾਵ ਪਾਇਆ ਜਾਂਦਾ ਹੈ ਕਿ ਮਰਦ ਹੀ ਅਜਿਹੇ ਕੰਮ ਕਰਨ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ। ਇਸਤਰੀਆਂ/ਲੜਕੀਆਂ ਬਾਰੇ ਮਹਿਸੂਸ ਕੀਤਾ ਜਾਂਦਾ ਹੈ ਕਿ ਉਹ ਅਜਿਹੇ ਕਰਿਮੀਨਲ ਮੁਜ਼ਰਮਾ ਵਿਰੁੱਧ ਕਾਰਵਾਈ ਮਰਦਾਂ ਦੀ ਤਰ੍ਹਾਂ ਨਹੀਂ ਕਰ ਸਕਦੀਆਂ। ਪ੍ਰੰਤੂ ਆਧੁਨਿਕ ਸਮੇਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਣ ਅਤੇ ਪੜ੍ਹਾਈ ਦੀਆਂ ਸਹੂਲਤਾਂ ਮਿਲਣ ਕਰਕੇ ਲੋਕਾਂ ਵਿੱਚ ਜਾਗ੍ਰਤੀ ਆ ਗਈ ਹੈ, ਜਿਸ ਕਰਕੇ ਮਨੁੱਖੀ ਹੱਕਾਂ ਦੀ ਰਖਵਾਲੀ ਮੁੱਖ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿੱਚ ਪੁਲਿਸ ਵਿਭਾਗ ਵਿੱਚ ਵੀ ਗ਼ੈਰ ਮਨੁੱਖੀ ਕਾਰਵਾਈਆਂ ਨੂੰ ਵੀ ਰੋਕਦੀ ਲੱਗਦੀ ਨਜ਼ਰ ਆ ਰਹੀ ਹੈ। ਸ਼ੋਸ਼ਲ ਮੀਡੀਆ ਦਾ ਯੁਗ ਹੋਣ ਕਰਕੇ ਗ਼ੈਰ ਮਨੁੱਖੀ ਤਸੀਹਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਕਿ ਅਜੋਕੇ ਅਜਿਹੇ ਅਖੌਤੀ ਆਧੁਨਿਕਤਾ ਦੇ ਸਮੇਂ ਵਿੱਚ ਕੁਝ ਇਸਤਰੀਆਂ/ਲੜਕੀਆਂ ਵੀ ਜਰਾਇਮ ਪੇਸ਼ੇ ਵਿੱਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਨੂੰ ਵਰਗਲਾ ਕੇ ਨਸ਼ਿਆਂ ਆਦਿ ਵਿੱਚ ਕੋਰੀਅਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਲਈ ਅਜਿਹੀਆਂ ਜਰਾਇਮ ਪੇਸ਼ਾ ਇਸਤਰੀਆਂ/ਲੜਕੀਆਂ ਦੇ ਕੇਸਾਂ ਦੀ ਪੜਤਾਲ ਕਰਨ ਵਿੱਚ ਇਸਤਰੀਆਂ/ਲੜਕੀਆਂ ਸਹਾਈ ਸਾਬਤ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਨਾਲ ਇਸਤਰੀ ਅਧਿਕਾਰੀਆਂ ਨੂੰ ਹੀ ਲਗਾਇਆ ਜਾ ਸਕਦਾ ਹੈ। ਨਵੇਂ ਹਾਲਾਤਾਂ ਕਰਕੇ ਇਸਤਰੀਆਂ/ਲੜਕੀਆਂ ਦਾ ਪੁਲਿਸ ਵਿਭਾਗ ਦੇ ਅਹਿਮ ਅਹੁਦਿਆਂ ‘ਤੇ ਤਾਇਨਾਤ ਹੋਣਾ ਜ਼ਰੂਰੀ ਬਣ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸੁਹਜਾਤਮਿਕ ਪ੍ਰਵਿਰਤੀ ਵਾਲੀਆਂ ਨਰਮ ਦਿਲ ਸਮਝਿਆ ਜਾਂਦਾ ਹੈ। ਸੰਸਾਰ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਗਏ ਹਨ। ਜ਼ਿੰਦਗੀ ਦੇ ਹਰ ਖੇਤਰ ਵਿੱਚ ਇਸਤਰੀਆਂ/ਲੜਕੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਰਹੀਆਂ ਹਨ। ਭਾਰਤ ਵਿੱਚ ਵੀ ਸਰੋਜਨੀ ਨਾਇਡੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਸਿਆਸੀ ਖੇਤਰ ਵਿੱਚ ਨਾਮਣਾ ਖੱਟਿਆ ਹੈ। ਪਹਿਲਾਂ ਸ਼੍ਰੀਮਤੀ ਪ੍ਰਤਿਭਾ ਪਾਟਿਲ ਹੁਣ ਸ਼੍ਰੀਮਤੀ ਦਰੋਪਦੀ ਮੂਰਮੂ ਭਾਰਤ ਦੇ ਰਾਸ਼ਟਰਪਤੀ ਹਨ।
ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਪੰਚਾਇਤੀ ਰਾਜ ਪ੍ਰਣਾਲੀ ਵਿੱਚ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵਿਧਾਨ ਸਭਾਵਾਂ ਅਤੇ ਲੋਕ ਸਭਾ ਵਿੱਚ 33 ਫ਼ੀ ਸਦੀ ਰਾਖਵਾਂ ਕਰਨ ਦਾ ਕਾਨੂੰਨ ਬਣਾਇਆ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਅਜੇ ਤੱਕ ਵੀ ਇਸਤਰੀਆਂ/ਲੜਕੀਆਂ ਲਈ ਰਾਖਵਾਂਕਰਨ ਨਹੀਂ ਕੀਤਾ ਗਿਆ, ਇਸ ਦੀ ਲੋੜ ਵੀ ਨਹੀਂ ਕਿਉਂਕਿ ਮੁਕਾਬਲੇ ਦੇ ਸਮੇਂ ਵਿੱਚ, ਜਿਸ ਵਿਅਕਤੀ ਕੋਲ ਕਾਬਲੀਅਤ ਹੋਵੇਗੀ ਉਹ ਉਚ ਅਹੁਦਿਆਂ ਦੇ ਇਮਤਿਹਾਨ ਪਾਸ ਕਰਕੇ ਨੌਕਰੀ ਪ੍ਰਾਪਤ ਕਰ ਸਕਦੇ ਹਨ। ਅੱਜ ਕਲ੍ਹ ਲੜਕੀਆਂ ਦੇ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹੋਣ ਦੇ ਨਤੀਜੇ ਆ ਰਹੇ ਹਨ। ਜਿਸ ਕਰਕੇ ਬਹੁਤ ਸਾਰੇ ਵਿਭਾਗਾਂ ਵਿੱਚ ਉਚ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਕੰਮ ਕਰ ਰਹੀਆਂ ਹਨ। ਸਰਕਾਰੀ ਵਿਭਾਗਾਂ ਖਾਸ ਤੌਰ ਤੇ ਵਿਦਿਆ ਵਿਭਾਗ ਵਿੱਚ ਅਧਿਆਪਕ ਇਸਤਰੀਆਂ/ਲੜਕੀਆਂ ਦੀ ਬਹੁਤਾਤ ਹੈ। ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਅਤੇ ਪੀ.ਪੀ.ਐਸ.ਵਿੱਚ ਭਾਵੇਂ ਰਾਖਵਾਂ ਕਰਨ ਨਹੀਂ ਹੈ ਪ੍ਰੰਤੂ ਇਸਤਰੀਆਂ/ਲੜਕੀਆਂ ਹੁਣ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਨਾਲ ਨਾਮਣਾ ਖੱਟ ਰਹੀਆਂ ਹਨ। ਪੰਜਾਬ ਦੇ 23 ਜਿਲਿ੍ਹਆਂ ਵਿੱਚੋਂ 10 ਜਿਲਿ੍ਹਆਂ ਵਿੱਚ ਇਸਤਰੀਆਂ/ਲੜਕੀਆਂ ਡਿਪਟੀ ਕਮਿਸ਼ਨਰ ਹਨ ਪ੍ਰੰਤੂ ਪੁਲਿਸ ਦੇ 24 ਜਿਲਿ੍ਹਆਂ ਵਿੱਚੋਂ ਸਿਰਫ਼ 5 ਵਿੱਚ ਇਸਤਰੀਆਂ/ਲੜਕੀਆਂ ਐਸ.ਐਸ.ਪੀ. ਹਨ। ਭਾਵੇਂ ਹੋਰ ਉਚ ਅਹੁਦਿਆਂ ‘ਤੇ ਉਹ ਬਿਰਾਜਮਾਨ ਹਨ। ਪੰਜਾਬ ਪੁਲਿਸ ਵਿੱਚ ਲਗਪਗ 82 ਹਜ਼ਾਰ ਦੀ ਨਫਰੀ ਹੈ, ਜਿਸ ਵਿੱਚ ਇਸਤਰੀਆਂ/ਲੜਕੀਆਂ 5500 ਦੇ ਲਗਪਗ ਹਨ। ਇਹ ਕੁਲ ਨਫਰੀ ਦਾ 3 ਫ਼ੀ ਸਦੀ ਭਾਵ ਨਾ ਮਾਤਰ ਪ੍ਰਤੀਨਿਧਤਾ ਬਣਦੀ ਹੈ। ਜਦੋਂ ਕਿ ਇਸਤਰੀਆਂ ਦੀ ਆਬਾਦੀ ਮਰਦਾਂ ਦੇ ਬਰਾਬਰ ਹੈ। ਦੇਸ਼ ਵਿੱਚ ਪੁਲਿਸ ਵਿਭਾਗ ਵਿੱਚ ਇਨ੍ਹਾਂ ਦੀ ਪ੍ਰਤੀਨਿਧਤਾ 7.28 ਫ਼ੀ ਸਦੀ ਹੈ। ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਗਿਣਤੀ ਬਹੁਤ ਘੱਟ ਹੈ। ਪ੍ਰੰਤੂ ਇਹ ਵੀ ਮਾਣ ਵਾਲੀ ਗੱਲ ਹੈ ਕਿ ਗੁਰਪ੍ਰੀਤ ਕੌਰ ਦਿਓ ਅਤੇ ਸ਼ਸ਼ੀ ਪ੍ਰਭਾ ਦਿਵੇਦੀ ਡੀ.ਜੀ.ਪੀ.ਰੈਂਕ ਅਤੇ 7 ਏ.ਡੀ.ਜੀ.ਪੀ.ਵਿੱਚੋਂ ਤਿੰਨ ਨੀਰਜਾ ਵੋਰੂਗੁਰੂ, ਅਨੀਤਾ ਪੁੰਜ ਅਤੇ ਵਿਭੂ ਰਾਜ ਏ.ਡੀ.ਜੀ.ਪੀ. ਦੇ ਅਹੁਦੇ ‘ਤੇ ਤਾਇਨਾਤ ਹਨ। ਰੇਂਜ ਵਿੱਚੋਂ ਧੰਨਵੰਤ ਕੌਰ ਲੁਧਿਆਣਾ ਡੀ.ਆਈ.ਜੀ. ਹਨ। ਐਸ.ਐਸ.ਪੀ ਦੇ ਅਹੁਦੇ ‘ਤੇ ਡਾ.ਰਵਜੋਤ ਕੌਰ ਗਰੇਵਾਲ ਫ਼ਤਿਹਗੜ੍ਹ ਸਾਹਿਬ, ਅਮਨੀਤ ਕੌਂਡਲ ਖੰਨਾ, ਅਸ਼ਵਨੀ ਗੋਟਿਆਲ ਬਟਾਲਾ, ਵਤਸਾਲਾ ਗੁਪਤਾ ਐਸ.ਐਸ.ਪੀ.ਕਪੂਰਥਲਾ, ਅਵਨੀਤ ਕੌਰ ਫ਼ਾਜਿਲਕਾ ਤੇ ਮਾਲੇਰਕੋਟਲਾ ਐਸ.ਐਸ.ਪੀ.ਰਹੀ ਹੈ। ਕੰਵਰਦੀਪ ਕੌਰ ਫੀਰੋਜਪੁਰ ਸਨ ਪ੍ਰੰਤੂ ਹੁਣ ਚੰਡੀਗੜ੍ਹ ਐਸ.ਐਸ.ਪੀ. ਹੈ। ਸੁਮਈਆ ਮਿਸ਼ਰਾ ਆਈ.ਪੀ.ਐਸ.ਜਾਇੰਟ ਕਮਿਸ਼ਨਰ ਪੁਲਿਸ ਲੁਧਿਆਣਾ, ਜਸਰੂਪ ਬਾਠ ਆਈ.ਪੀ.ਐਸ. ਏ.ਸੀ.ਪੀ. ਸਿਵਿਲ ਲਾਈਨ ਲੁਧਿਆਣਾ, ਹਰਵੰਤ ਕੌਰ ਐਸ.ਪੀ.ਹੈਡ ਕੁਆਟਰ ਪਟਿਆਲਾ ਹਨ। 15 ਐਸ.ਪੀ., 7 ਏ.ਐਸ.ਪੀ., 24 ਡੀ.ਐਸ.ਪੀ., 9 ਇਨਸਪੈਕਟਰ, 16 ਸਬ ਇਨਸਪੈਕਟਰ ਅਤੇ 2 ਏ.ਐਸ.ਆਈ. ਤੇ ਕੁਝ ਸਹਾਇਕ ਡਾਇਰੈਕਟਰ ਦੇ ਅਹੁਦਿਆਂ ‘ਤੇ ਕੰਮ ਕਰ ਰਹੀਆਂ ਹਨ। ਪ੍ਰੰਤੂ ਅਜੇ ਵੀ ਸੀਨੀਅਰ ਅਹੁਦਿਆਂ ‘ਤੇ ਇਸਤਰੀਆਂ/ਲੜਕੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਜਦੋਂ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਇਹ ਇਸਤਰੀਆਂ/ਲੜਕੀਆਂ ਪੁਲਿਸ ਵਿੱਚ ਭਰਤੀ ਹੁੰਦੀਆਂ ਹਨ, ਇਨ੍ਹਾਂ ਦੀ ਕਾਬਲੀਅਤ ਵਿੱਚ ਕਿਹੜੀ ਘਾਟ ਹੈ। ਪਿਛੇ ਜਹੇ ਲੁਧਿਆਣਾ ਵਿਖੇ ਪੁਲਿਸ ਵਿਭਾਗ ਦੀ ਵਿਮੈਨ ਕਾਨਫ਼ਰੰਸ ਹੋਈ ਸੀ, ਜਿਸ ਵਿੱਚ ਏ.ਐਸ.ਪੀ.ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਸੀ ਕਿ ਪੰਜਾਬ ਦੇ 399 ਥਾਣਿਆਂ ਵਿੱਚੋਂ ਸਿਰਫ਼ 10 ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਥਾਣੇਦਾਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਿਆਹਾਂ ਨਾਲ ਸੰਬੰਧਤ ਝਗੜਿਆਂ ਦੇ ਹਲ ਲਈ ਇਸਤਰੀਆਂ ਤੇ ਕੇਸਾਂ ਨਾਲ ਸੰਬੰਧਤ ਥਾਣਿਆਂ ਵਿੱਚ ਇਸਤਰੀਆਂ/ਲੜਕੀਆਂ ਨੂੰ ਲਗਾਇਆ ਹੋਇਆ ਹੈ। ਇਨ੍ਹਾਂ ਨੂੰ ਪੜਤਾਲ ਕਰਨ ਦੇ ਯੋਗ ਹੀ ਨਹੀਂ ਸਮਝਿਆ ਜਾਂਦਾ। ਇਨ੍ਹਾਂ ਨੂੰ ਪੜਤਾਲੀਆ ਅਧਿਕਾਰੀ ਸਿਰਫ਼ ਬਲਾਤਕਾਰ ਅਤੇ ਇਸਤਰੀ ਮਰਦ ਦੇ ਵਿਆਹਾਂ ਸੰਬੰਧੀ ਝਗੜਿਆਂ ਵਿੱਚ ਲਗਾਇਆ ਜਾਂਦਾ ਹੈ। ਹੋਰ ਕਿਸੇ ਵੀ ਮਹੱਤਵਪੂਰਨ ਕੇਸ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ, ਜਦੋਂ ਕਿ ਇਹ ਮੁਕਾਬਲੇ ਦੇ ਇਮਤਿਹਾਨ ਪਾਸ ਕਰਕੇ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਕਿਉਂ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ? 5500 ਇਸਤਰੀਆਂ/ਲੜਕੀਆਂ ਵਿੱਚੋਂ ਇਕ ਵੀ ਥਾਣੇ ਦੀ ਮੁਣਸ਼ੀ ਨਹੀਂ ਲਗਾਈ ਗਈ। ਇਨ੍ਹਾਂ ਤੋਂ ਕੰਪਿਊਟਰ ਅਪ੍ਰੇਟਰ ਦਾ ਕੰਮ ਲਿਆ ਜਾਂਦਾ ਹੈ। ਪੰਜਾਬ ਵਿੱਚ ਤਿੰਨ ਪੁਲਿਸ ਕਮਿਸ਼ਨਰਟੇਟ ਅÇੰਮ੍ਰਤਸਰ, ਜਲੰਧਰ ਅਤੇ ਲੁਧਿਆਣਾ ਹਨ, 8 ਰੇਂਜ ਡੀ.ਆਈ.ਜੀ. ਅਤੇ 24 ਪੁਲਿਸ ਜਿਲ੍ਹੇ ਹਨ, ਇਨ੍ਹਾਂ ਵਿੱਚੋਂ ਇੱਕ ਡੀ.ਆਈ.ਜੀ.ਅਤੇ 5 ਐਸ.ਐਸ.ਪੀ. ਨਿਯੁਕਤ ਹਨ। ਹੋਰ ਕਈ ਮਹੱਤਵਪੂਰਨ ਅਹੁਦਿਆਂ ਜਿਵੇਂ ਡੀ.ਸੀ.ਪੀ., ਜਾਇੰਟ ਕਮਿਸ਼ਨਰ, ਏ.ਆਈ.ਜੀ., ਐਸ.ਪੀ., ਡੀ.ਐਸ.ਪੀ.ਤੇ ਇਨਸਪੈਕਟਰ ਆਦਿ ਇਸਤਰੀਆਂ/ਲੜਕੀਆਂ ਹਨ। ਇਹ ਕਹਿਕੇ ਇਨ੍ਹਾਂ ਨੂੰ ਲਗਾਇਆ ਨਹੀਂ ਜਾਂਦਾ ਕਿ ਫੀਲਡ ਦਾ ਕੰਮ ਔਖਾ ਤੇ ਰਾਤ ਬਰਾਤੇ ਹੁੰਦਾ ਹੈ। ਜੇਕਰ ਇਨ੍ਹਾਂ ਵਿੱਚੋਂ ਕੁਝ ਜੋ ਡੀ.ਆਈ.ਜੀ., ਐਸ.ਐਸ.ਪੀ., ਡੀ.ਸੀ.ਪੀ. ਅਤੇ ਏ.ਸੀ.ਪੀ.ਲੱਗੀਆਂ ਹੋਈਆਂ ਹਨ, ਉਹ ਖੇਤਰੀ ਕੰਮ ਕਰ ਰਹੀਆਂ ਹਨ ਤਾਂ ਹੋਰ ਬਾਕੀ ਕਿਉਂ ਨਹੀਂ ਕਰ ਸਕਦੀਆਂ? ਇਸ ਲਈ ਉਨ੍ਹਾਂ ਨੂੰ ਵੀ ਜਿਲਿ੍ਹਆਂ ਵਿੱਚ ਲਗਾਉਣਾ ਬਣਦਾ ਹੈ, ਜਿਵੇਂ ਡੀ.ਸੀ.ਕੰਮ ਕਰ ਰਹੀਆਂ ਹਨ। ਇਸਤਰੀਆਂ/ਲੜਕੀਆਂ ਦੀ ਕਾਬਲੀਅਤ ਦਾ ਇਮਤਿਹਾਨ ਉਨ੍ਹਾਂ ਨੂੰ ਖੇਤਰੀ ਅਹੁਦਿਆਂ ‘ਤੇ ਲਗਾਉਣ ਨਾਲ ਹੀ ਪਤਾ ਚਲੇਗਾ। ਜੇਕਰ ਕਿਸੇ ਨੂੰ ਕੋਈ ਅਜਿਹਾ ਕੰਮ ਦਿੱਤਾ ਹੀ ਨਹੀਂ ਜਾਂਦਾ ਤਾਂ ਉਨ੍ਹਾਂ ਬਾਰੇ ਇਹ ਸੋਚਣਾ ਕਿ ਉਹ ਖੇਤਰੀ ਕੰਮ ਕਰ ਨਹੀਂ ਸਕਦੀਆਂ ਜ਼ਾਇਜ਼ ਨਹੀਂ ਹੈ। ਕਿਸੇ ਇੱਕ ਅਧਿਕਾਰੀ ਵੱਲੋਂ ਅਸਫਲ ਹੋਣ ਕਰਕੇ ਸਾਰਿਆਂ ਨੂੰ ਇੱਕੋ ਰੱਸੇ ਬੰਨਿ੍ਹਆਂ ਨਹੀਂ ਜਾ ਸਕਦਾ।
ਮੋਬਾਈਲ-94178 13072 - ujagarsingh48@yahoo.com
ਕਹਾਣੀ ਪੰਜਾਬ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ - ਉਜਾਗਰ ਸਿੰਘ
ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਲਈ ਮਾਂ ਬੋਲੀ ਦੇ ਪੈਰੋਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦੇਸ਼ ਵਿਦੇਸ਼ ਵਿੱਚ ਵਧੇਰੇ ਮਾਤਰਾ ਵਿੱਚ ਲਿਖੀਆਂ ਜਾ ਰਹੀਆਂ ਹਨ। ਮੈਂ ਸ਼ਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਸਾਹਿਤਕਾਰ ਨਹੀਂ, ਮੈਂ ਤਾਂ ਕਾਲਮ ਨਵੀਸ ਅਤੇ ਸੰਪਾਦਕ ਰਿਹਾ ਹਾਂ। ਪੰਜਾਬੀ ਭਾਸ਼ਾ ਦਾ ਮੁੱਦਈ ਹੋਣ ਕਰਕੇ ‘ਕਹਾਣੀ ਪੰਜਾਬ’ ਰਸਾਲੇ ਬਾਰੇ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਥਾਪਤ ਸਾਹਿਤਕਾਰਾਂ ਨਾਲੋਂ ਨਵੇਂ ਉਭਰਦੇ ਸਾਹਿਤਕਾਰ ਵਧੇਰੇ ਲਿਖ ਰਹੇ ਹਨ ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ, ਸਾਹਿਤਕ ਸੰਜੀਦਗੀ ਦੀ ਘਾਟ ਰੜਕਦੀ ਹੈ। ਸਥਾਪਤ ਅਤੇ ਉਭਰਦੇ ਸਾਹਿਤਕਾਰਾਂ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਕਿ ਉਹ ਆਪਣੀ ਮਾਂ ਬੋਲੀ ਦੀ ਕਦਰ ਕਰਦੇ ਹੋਏ ਉਸ ਨੂੰ ਮਾਧਿਅਮ ਬਣਾ ਕੇ ਲਿਖ ਰਹੇ ਹਨ, ਭਾਵੇਂ ਉਹ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਲਿਖ ਰਹੇ ਹੋਣ ਪ੍ਰੰਤੂ ਲਿਖਣ ਸਮੇਂ ਅਜਿਹੇ ਢੰਗ ਨਾਲ ਲਿਖਿਆ ਜਾਵੇ ਜਿਸ ਵਿੱਚੋਂ ਸਾਹਿਤਕ ਖ਼ੁਸ਼ਬੋ ਆਉਂਦੀ ਹੋਵੇ। ਸਮਾਜਿਕ ਬੁਰਾਈਆਂ ਜਾਣੀ ਕਿ ਸਮਾਜਿਕ ਸਰੋਕਾਰਾਂ ਦੀ ਗੱਲ ਕਰਨੀ ਤਾਂ ਬਣਦੀ ਹੈ ਪ੍ਰੰਤੂ ਉਸ ਨੂੰ ਰੋਮਾਂਟਿਕ ਰੰਗ ਵਿੱਚ ਰੰਗਣ ਸਮੇਂ ਸੰਜੀਦਗੀ ਅਪਣਾਈ ਜਾਵੇ ਤਾਂ ਚੰਗੀ ਗੱਲ ਹੋਵੇਗੀ। ਇਹ ਨਾ ਹੋਵੇ ਕਿ ਰੁਮਾਂਸਵਾਦ ਦਾ ਕਰੂਪ, ਰੂਪ ਸਾਹਿਤਕ ਸੋਚ ਨੂੰ ਗੰਧਲਾ ਕਰ ਦੇਵੇ। ਪੰਜਾਬੀ ਵਿੱਚ ਬਹੁਤ ਸਾਰੇ ਰਸਾਲੇ ਨਿਕਲਦੇ ਰਹੇ ਤੇ ਬੰਦ ਵੀ ਹੋ ਗਏ। ਹੁਣ ਵੀ ਹਰ ਉਭਰਦਾ ਸਾਹਿਤਕਾਰ ਪੰਜਾਬੀ ਦਾ ਰਸਾਲਾ ਕੱਢਣਾ ਚਾਹੁੰਦਾ ਹੈ, ਪ੍ਰਕਾਸ਼ਤ ਕਰ ਵੀ ਰਹੇ ਹਨ। ਇਹ ਬਹੁਤ ਵਧੀਆ ਸੋਚ ਹੈ, ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਵਿੱਚ ਵਾਧਾ ਹੁੰਦਾ ਹੈ। ਮਿਆਰ ਪੱਖੋਂ ਬਹੁਤੇ ਰਸਾਲੇ ਮਾਰ ਖਾ ਰਹੇ ਹਨ। ਸਾਹਿਤਕ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਲਈ ਮਿਹਨਤ ਕਰਨੀ ਪਵੇਗੀ। ਸਾਹਿਤਕ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਮੈਂ ਵੀ ਵਿਦਿਆਰਥੀ ਜੀਵਨ ਵਿੱਚ ਸਹਿਯੋਗੀ ਦੋਸਤਾਂ ਨਾਲ 1970-71 ਵਿੱਚ ਪਟਿਆਲਾ ਤੋਂ ‘ਵਹਿਣ’ਸਾਹਿਤਕ ਮਾਸਕ ਰਸਾਲਾ ਪ੍ਰਕਾਸ਼ਤ ਕਰਦਾ ਰਿਹਾ ਹਾਂ। ਆਰਥਿਕ ਮਜ਼ਬੂਰੀਆਂ ਅਤੇ ਸਾਹਿਤਕ ਸਮਰੱਥਾ ਨਾ ਹੋਣ ਕਰਕੇ ਬੰਦ ਕਰਨਾ ਪਿਆ। ਸਰਕਾਰੀ ਨੌਕਰੀ ਵਿੱਚ ਵੀ ‘ਜਾਗ੍ਰਤੀ ਪੰਜਾਬੀ’ ਦਾ ਸੰਪਾਦਕ ਰਿਹਾ ਹਾਂ ਪ੍ਰੰਤੂ ਜਿਸ ਸੋਚ ਨਾਲ ਰਸਾਲਾ ਪ੍ਰਕਾਸ਼ਤ ਕਰਨਾ ਚਾਹੁੰਦਾ ਸੀ, ਉਸ ਤੇ ਪੂਰਾ ਉਤਰ ਨਹੀਂ ਸਕਿਆ। ਪਹਿਲੀ ਵਾਰ ‘ਕਹਾਣੀ ਪੰਜਾਬ ਅਪ੍ਰੈਲ 2023-ਮਾਰਚ 2024’ ਪੜ੍ਹਨ ਦਾ ਇਤਫਾਕ ਕਹਾਣੀ ਪੰਜਾਬ ਦੇ ਸੰਪਾਦਕ (ਆਨਰੇਰੀ) ਪ੍ਰੋ.ਕਰਾਂਤੀਪਾਲ ਅਤੇ ਸਹਿਯੋਗੀ ਸੰਪਾਦਕ (ਆਨਰੇਰੀ) ਡਾ.ਜਸਵਿੰਦਰ ਕੌਰ ਵੀਨੂੰ ਦੀ ਮਿਹਰਬਾਨੀ ਸਦਕਾ ਬਣਿਆ। ਕਰਾਂਤੀਪਾਲ ਦੀ ਸੰਪਾਦਕੀ ਪੜ੍ਹਕੇ ਉਸ ਦੀ ਸਾਹਿਤਕ ਸੋਚ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਭਾਵਪੂਰਤ ਢੰਗ ਨਾਲ ਸਾਹਿਤਕ ਸੰਜੀਦਗੀ ਦੀ ਗੱਲ ਕੀਤੀ ਹੈ। ਇਸ ਰਸਾਲੇ ਵਿੱਚ ਆਮ ਰਸਾਲਿਆਂ ਦੀ ਤਰ੍ਹਾਂ ਬਹੁਤ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਤੋਂ ਸੰਕੋਚ ਕਰਦਿਆਂ ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ, ਯਾਦ-ਲਿਖਤੁਮ ਭੀਸ਼ਮ ਸਾਹਨੀ ਅਤੇ ਗੁੱਡੋ ਨਾਵਲ ਕੇਸਰਾ ਰਾਮ, ਜੰਗ-ਏ-ਆਜ਼ਾਦੀ ਮੁਸਲਮਾਨ 1857 ਤੋਂ 1947 ਪ੍ਰੋ.ਮੁਹੰਮਦ ਸੱਜਾਦ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਮਨਧੀਰ ਸਿੰਘ, ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ ਅੰਜਨੀ ਕੁਮਾਰ ਅਤੇ ਹਿੰਦੀ, ਮਲਿਆਲਮ, ਡੋਗਰੀ, ਬੰਗਲਾ, ਉੜੀਆ, ਮਨੀਪੁਰੀ, ਰਾਜਸਥਾਨੀ, ਤੇਲਗੂ, ਅੰਗਰੇਜ਼ੀ, ਗੁਜਰਾਤੀ, ਉਰਦੂ ਦੀਆਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਬਹੁਤਾਤ ਨਾਲੋਂ ਮਿਆਰ ਨੂੰ ਮੁੱਖ ਰੱਖਿਆ ਗਿਆ ਹੈ। ਰਚਨਾਵਾਂ ਦੀ ਚੋਣ ਵੀ ਬਿਹਤਰੀਨ ਹੈ। ਵੈਸੇ ਤਾਂ 400 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਆਪਣੇ ਆਪ ਵਿੱਚ ਸੱਪ ਦੀ ਸਿਰੀ ਨੂੰ ਹੱਥ ਪਾਉਣ ਦੇ ਬਰਾਬਰ ਹੈ। ਰਾਮ ਸਰੂਪ ਅਣਖੀ ਦੀ ਸੋਚ ਨੂੰ ਸਲਾਮ ਕਰਨ ਵਾਲੇ ਸਹਿਯੋਗੀਆਂ ਦੀ ਪ੍ਰਸੰਸਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਕਰਾਂਤੀਪਾਲ ਦੀ ਹਿੰਮਤ ਦਾ ਸਾਥ ਦਿੱਤਾ ਹੈ।
ਵਰਿਆਮ ਸਿੰਘ ਸੰਧੂ ਦੀ ਸੰਦਲੀ ਪਟਾਰੀ-ਕਰਨੈਲ ਸਿੰਘ ਪਾਰਸ ਦਾ ਰੇਖਾ ਚਿਤਰ ਨਵੇਂ ਉਭਰਦੇ ਸਾਹਿਤਕਾਰਾਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਸਕਦਾ ਹੈ। ਸੰਧੂ ਅਨੁਸਾਰ 14 ਸਾਲ ਦੀ ਉਮਰ ਵਿੱਚ ਪਾਰਸ ਜੇਕਰ ਇਤਨੀ ਵਧੀਆ ਕਵਿਤਾ ਲਿਖ ਸਕਦਾ ਹੈ ਤਾਂ ਵਰਤਮਾਨ ਸਾਹਿਤਕਾਰ ਕਿਉਂ ਨਹੀਂ? ਉਨ੍ਹਾਂ ਦੱਸਿਆ ਹੈ ਕਿ ਉਹ ਦੋਹਰਾ ਮਾਪ ਦੰਡ ਨਹੀਂ ਆਪਣਾਉਂਦਾ ਸੀ। ਬੇਬਾਕੀ ਨਾਲ ਜੋ ਕਰਦਾ ਸੀ, ਉਸ ਨੂੰ ਪ੍ਰਵਾਨ ਕਰਦਾ ਸੀ। ਵਰਿਆਮ ਸੰਧੂ ਨੇ ਆਪਣੇ ਰੇਖਾ ਚਿਤਰ ਰਾਹੀਂ ਕਰਨੈਲ ਸਿੰਘ ਪਾਰਸ ਦੇ ਦਰਸ਼ਨ ਕਰਵਾ ਦਿੱਤੇ ਹਨ। ‘ਲਿਖਤੁਮ ਭੀਸ਼ਮ ਸਾਹਨੀ’ ਯਾਦਾਂ ਦਾ ਪੁਲੰਦਾ ਹੈ, ਜਿਸ ਵਿੱਚ ਇਕ ਪਰਿਵਾਰ ਦੀ ਕਹਾਣੀ ਹੈ। ਮਾਪੇ ਕਿਸ ਤਰ੍ਹਾਂ ਬੱਚਿਆਂ ‘ਤੇ ਆਪਣੀ ਸੋਚ ਅਨੁਸਾਰ ਕਾਰੋਬਾਰ ਕਰਨ ਲਈ ਮਜ਼ਬੂਰ ਕਰਦੇ ਹਨ। ਪ੍ਰੰਤੂ ਬੱਚੇ ਹਮੇਸ਼ਾ ਆਪਣੀ ਆਜ਼ਾਦ ਸੋਚ ਅਨੁਸਾਰ ਚਲਣਾ ਚਾਹੰਦੇ ਹਨ। ਪਿਤਾ ਦੇ ਪਿਆਰ ਦਾ ਪਤਾ ਲੱਗਦਾ ਹੈ ਜਦੋਂ ਉਹ ਆਪਣੇ ਪੁੱਤਰ ਬਲਰਾਜ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਪਣੇ ਤੋਂ ਦੂਰ ਨਹੀਂ ਭੇਜਣਾ ਚਾਹੁੰਦਾ। ਬਲਰਾਜ ਨੂੰ ਪੋਸਟ ਕਾਰਡ ਦਿੰਦਿਆਂ ਹਰ ਹਫਤੇ ਹਾਲ ਚਾਲ ਦੱਸਣ ਲਈ ਪੋਸਟ ਕਰਨ ਨੂੰ ਕਹਿੰਦੇ ਹਨ। ਇਸ ਰਚਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਹਿਤ ਸਿਰਜਣਾ ਜੀਵਨ ਦੀ ਸਚਾਈ ਦੀ ਖੋਜ ਕਰਨ ਦੇ ਬਰਾਬਰ ਹੈ। ਲੇਖਕ ਨੂੰ ਅਨੁਭਵ ਵੀ ਹੋਣਾ ਚਾਹੀਦਾ ਹੈ। ਬਲਰਾਜ ਤੇ ਭੀਸ਼ਮ ਸਾਹਨੀ ਬੇਬਾਕ ਹੁੰਦੇ ਸਨ। ਸਚਾਈ ਦੇ ਮਾਰਗ ‘ਤੇ ਚਲਦੇ ਸਨ। ਵਿਓਪਾਰ ਵਿੱਚ ਰਿਸ਼ਵਤ ਅਨਿਖੜਵਾਂ ਅੰਗ ਬਣ ਗਈ ਹੈ ਪ੍ਰੰਤੂ ਭੀਸ਼ਮ ਸਾਹਨੀ ਥਿੜ੍ਹਕਦੇ ਨਹੀਂ ਆਪਣੇ ਆਦਰਸ਼ ‘ਤੇ ਕਾਇਮ ਰਹਿੰਦੇ ਹਨ। ਸ਼ੀਲਾ ਅਤੇ ਭੀਸ਼ਮ ਸਾਹਨੀ ਦੇ ਰੁਮਾਂਸਵਾਦ ਨੂੰ ਕਾਮੁਕ ਨਹੀਂ ਬਣਾਇਆ ਫਿਰ ਵੀ ਕਿਤਨਾ ਦਿਲਚਸਪ ਹੈ। ਦੇਸ਼ ਪਿਆਰ ਦੀ ਅਥਾਹ ਭਾਵਨਾ ਹੁੰਦੀ ਸੀ। ਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਪਰਜਾਤਤੰਰ ਕਾਇਮ ਸੀ ਜੋ ਅੱਜ ਗਾਇਬ ਹੈ। ਦੰਗਿਆਂ ਬਾਰੇ ਵੀ ਸੰਜੀਦਗੀ ਨਾਲ ਲਿਖਿਆ ਗਿਆ ਹੈ। ਕੇਸਰਾ ਰਾਮ ਦਾ ‘ਗੁੱਡੋ’ ਨਾਵਲ ਪੰਜਾਬ ਦੇ ਦਿਹਾਤੀ ਖਾਸ ਕਰਕੇ ਮਾਲਵੇ ਦੇ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਜਾਗੀਰਦਾਰਾਂ ਵੱਲੋਂ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਅਤੇ ਇਨ੍ਹਾਂ ਵਰਗਾਂ ਦੇ ਮਜ਼ਬੂਰ ਜ਼ੈਲੇ ਵਰਗੇ ਕਿਰਦਾਰਾਂ ਨੇ ਬਦਲੇ ਦੀ ਭਾਵਨਾ ਨਾਲ ਜੋ ਕਰੋਗੇ ਸੋ ਭਰੋਗੇ ਅਤੇ ਸ਼ਹਿਰੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਜੈਲੇ ਦੀਆਂ ਭੈਣਾਂ ਤੇ ਪਰਿਵਾਰ ਦੀ ਮਜ਼ਬੂਰੀ ਤੇ ਜਾਗੀਰਦਾਰਾਂ ਦੀ ਪ੍ਰੀਤੋ ਦੀ ਅਯਾਸ਼ੀ ਨਾਵਲ ਦਾ ਆਧਾਰ ਬਣਦੀਆਂ ਹਨ। ਨਾਵਲਕਾਰ ਦੀ ਬੋਲੀ ਤੇ ਸ਼ੈਲੀ ਸਮੇਂ ਤੇ ਸਥਾਨ ਅਨੁਸਾਰ ਦਿ੍ਰਸ਼ਟਾਂਤਕ ਰੂਪ ਪੇਸ਼ ਕਰਦੀ ਹੈ। ਨਾਵਲ ਪੜ੍ਹਦਿਆਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਦਿਸਣ ਲੱਗ ਜਾਂਦੀਆਂ ਹਨ। ਹਰ ਚੈਪਟਰ ਨਿੱਕੀ ਕਹਾਣੀ ਹੈ ਤੇ ਸਿਰਲੇਖ ਸੰਕੇਤਕ ਹਨ । ‘ਗੁੱਡ’ੋ ਨਾਵਲ ਵਿੱਚ ਨਾਵਲਕਾਰ ਨੇ ਬਹੁਤ ਮਹੱਤਵਪੂਰਨ ਪੱਖਾਂ ‘ਤੇ ਚਾਨਣਾ ਪਾਇਆ ਹੈ, ਜਿਨ੍ਹਾਂ ਦਾ ਸੰਤਾਪ ਸਮਾਜ ਖਾਸ ਤੌਰ ‘ਤੇ ਇਸਤਰੀ ਭੁਗਤ ਰਹੀ ਹੈ, ਜਿਵੇਂ ਜੱਟ ਲੜਕੀਆਂ ਨੂੰ ਜ਼ਮੀਨ ਜਾਇਦਾਦ ਦੇਣ ਦਾ ਹਾਮੀ ਨਹੀਂ, ਜਾਗੀਰਦਾਰਾਂ ਦੀ ਫੋਕੀ ਹਓਮੈ, ਨਸ਼ਿਆਂ ਦਾ ਪ੍ਰਕੋਪ, ਤੀਵੀਂ ਦੀ ਆਵਾਜ਼ ਮਰਦ ਦਬਾਉਂਦਾ ਹੈ, ਜ਼ੋਰ ਜ਼ਬਰਦਸਤੀ ਕਰਦੈ, ਕੋਈ ਮੌਕਾ ਖੁੰਝਣ ਨਹੀਂ ਦਿੰਦਾ, ਔਰਤ ਨੂੰ ਆਜ਼ਾਦੀ ਨਹੀਂ ਦੇਣੀ ਚਾਹੁੰਦਾ, ਸ਼ੱਕ ਦੀ ਨਿਗਾਹ ਨਾਲ ਵੇਖਦਾ, ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਣਾ, ਮਰਦ ਦਾ ਆਪਣੀ ਗ਼ਲਤੀ ਨਾ ਮੰਨਣਾ, ਹਮੇਸ਼ਾ ਔਰਤ ਗ਼ਲਤ, ਕਿਸਾਨ ਆਤਮ ਹੱਤਿਆਵਾਂ, ਗੈਂਸਟਰ ਕਲਚਰ, ਕੰਪਿਊਟਰ ਤੇ ਬਲਿਊ ਫਿਲਮਾਂ ਵੇਖਣਾ, ਪਰਵਾਸੀਆਂ ਦਾ ਨੇਤਾ ਬਣਨਾ ਅਤੇ ਇਕ ਪਾਸੇ ਔਰਤ ਅਤੇ ਧਰਤੀ ਨੂੰ ਸਰਵੋਤਮ ਸਮਝਣਾ ਤੇ ਅਸਲੀਅਤ ਵਿੱਚ ਉਨ੍ਹਾਂ ਦੋਹਾਂ ਦਾ ਸਤਿਆਨਾਸ ਕਰਨਾ ਆਦਿ। ਕੇਸਰਾ ਰਾਮ ਨੇ ਇਸ ਨਾਵਲ ਵਿੱਚ ਇਨ੍ਹਾਂ ਜਾਤੀਆਂ ਦੀਆਂ ਇਸਤਰੀਆਂ ਦੇ ਹੁਸਨ ਦੀ ਤਾਰੀਫ ਕਰਦਿਆਂ ਬਹੁਤ ਸੰਜੀਦਗੀ ਨਾਲ ਸ਼ਬਦਾਵਲੀ ਵਰਤੀ ਹੈ। ਗ਼ਰੀਬ ਲੋਕਾਂ ਦੀ ਮਜ਼ਬੂਰੀ ਦਾ ਪ੍ਰਗਟਾਵਾ ਵੀ ਹੁੰਦਾ ਹੈ। ਜਾਗੀਰਦਾਰ ਕਿਸਾਨਾਂ ਵੱਲੋਂ ਜ਼ੋਰਜ਼ਬਰਦਤੀ, ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਸਥਾਨਕ ਅਨੁਸੂਚਿਤ ਜਾਤੀਆਂ ਦੇ ਮਜ਼ਦੂਰਾਂ ਦੀ ਦੁਰਦਸ਼ਾ, ਔਰਤਾਂ ਨਾਲ ਸਹੁਰੀਂ ਵੀ ਮਾੜਾ ਸਲੂਕ, ਟਾਂਚਾਂ ਵੱਜਦੀਆਂ, ਦਾਜ ਦਹੇਜ, ਹਰ ਔਰਤ ਦੀਆਂ ਭਾਵਨਾਵਾਂ ਇਕੋ ਜਹੀਆਂ ਹੁੰਦੀਆਂ ਤੇ ਮਰਦਾਂ ਦਾ ਸਾਥ ਭਾਲਦੀਆਂ ਹਨ। ਪ੍ਰੀਤੋ ਦੀ ਖੁਲ੍ਹਦਿਲੀ ਜਾਂ ਅਵਾਰਗੀ ਜਾਗੀਰਦਾਰਾਂ ਲਈ ਬੇਬਸੀ ਦਾ ਪ੍ਰਤੀਕ ਬਣਦੀ ਹੈ। ਗ਼ਰੀਬੀ ਦੀ ਹਾਲਤ ਘਰਾਂ ਦੇ ਕਲੇਸ਼ਾਂ ਦੀ ਤਸਵੀਰ ਪੇਸ਼ ਕੀਤੀ ਹੈ। ਜ਼ੈਲੇ ਦੀ ਮਾਨਸਿਕਤਾ ਆਪਣੀਆਂ ਭੈਣਾਂ ਨਾਲ ਹੋਏ ਸ਼ੋਸ਼ਣ ਕਰਕੇ ਵਿਗੜ ਜਾਂਦੀ ਹੈ ਤੇ ਉਹ ਸਰਮਾਏਦਾਰਾਂ ਦੀ ਕੁੜੀ ਨਾਲ ਸਰੀਰਕ ਸ਼ੋਸ਼ਣ ਕਰਕੇ ਬਦਲਾ ਲੈਂਦਾ ਹੈ। ਗੁੱਡੋ ਦੇ ਅਬਾਰਸ਼ਨ ਸਮੇਂ ਸਵਰਗਵਾਸ ਹੋ ਜਾਣ ‘ਤੇ ਅਨੂਸੁਚਿਤ ਜਾਤੀ ਦੇ ਨੇਤਾ ਲੋਕਾਂ ਨੂੰ ਡਾਕਟਰਾਂ ਵਿਰੁੱਧ ਭੜਕਾਉਂਦੇ ਹਨ। ਨੇਤਾ ਆਪਣੀ ਨੇਤਾਗਿਰੀ ਚਮਕਾਉਂਦੇ ਹਨ। ਬੁੱਢੇ ਦਰਿਆ ਦਾ ਗੰਦੇ ਨਾਲੇ ਵਿੱਚ ਬਦਲਣਾ ਸਮਾਜ ਸੋਚ ਦੀ ਗਿਰਾਵਟ ਦਾ ਸੰਕੇਤ ਹੈ। ਇਨਸਾਨ ਸਮਾਜਕ ਅਤੇ ਨੈਤਿਕ ਤੌਰ ‘ਤੇ ਵੀ ਗਿਰਾਵਟ ਵਿੱਚ ਗ੍ਰਸ ਗਿਆ ਹੈ। ਸੰਵਾਦ ਚੈਪਟਰ ਵਿੱਚ ‘ਜੰਗ-ਏ-ਆਜ਼ਾਦੀ ਅਤੇ ਮੁਸਲਮਾਨ 1857 ਤੋਂ 1947’/ਪ੍ਰੋ.ਮੁਹੰਮਦ ਸੱਜਾਦ ਨੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਉਦਾਹਰਣਾ ਦੇ ਕੇ ਆਜ਼ਾਦੀ ਦੀ ਜਦੋਜਹਿਦ ਵਿੱਚ ਮੁਸਲਮਾਨ, ਹਿੰਦੂ ਸੰਸਥਾਵਾਂ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਸੰਖੇਪ ਵਿੱਚ ਵਿਵਰਣ ਦਿੱਤਾ ਹੈ। ‘ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ’ ਲੇਖ ਵਿੱਚ ਮਨਧੀਰ ਸਿੰਘ ਨੇ ਤੱਥਾਂ ਤੇ ਨਿਯਮਾ ਸਮੇਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਜਿਹੜੀ ਕਈ ਭਰਮ ਭੁਲੇਖੇ ਦੂਰ ਕਰਦੀ ਹੈ ਪ੍ਰੰਤੂ ਭਾਈ ਰਾਜੋਆਣਾ ਬਾਰੇ ਸਹੀ ਨਹੀਂ ਕਿਉਂਕਿ ਉਨ੍ਹਾਂ ਤਾਂ ਅਪੀਲ ਕੀਤੀ ਹੀ ਨਹੀਂ, ਅਪੀਲ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ। ਇਕ ਸੋਧਣ ਸ਼ਬਦ ਵਰਤਿਆ ਜੋ ਵਿਦਵਾਨ ਵੱਲੋਂ ਲਿਖਣਾ ਅਜੀਬ ਲੱਗ ਰਿਹਾ ਹੈ। ਭਾਰਤੀ ਕਥਾ ਭਾਗ ਵਿੱਚ ਹਿੰਦੀ/ਮਲਿਆਲਮ/ਡੋਗਰੀ/ਬੰਗਲਾ/ਉੜੀਆਮਨੀਪੁਰੀ/ਰਾਜਸਥਾਨੀ/ਤੇਲਗੂ/ ਅੰਗਰੇਜ਼ੀ/ ਗੁਜਰਾਤੀ/ਉਰਦੂ ਦੀਆਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਬਿਹਤਰੀਨ ਕਹਾਣੀਆਂ ਸ਼ਾਮਲ ਕੀਤੀਆਂ ਹਨ। ਇਤਿਹਾਸ ਬੋਧ ਭਾਗ ਵਿੱਚ ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ ਅੰਜਨੀ ਕੁਮਾਰ ਦਾ ਵਿਸਥਾਰ ਪੂਰਬਕ ਲੇਖ ਹੈ, ਜਿਸ ਵਿੱਚ ਕਿਰਤੀ ਵਰਗ ਦੀਆਂ ਮੁਸ਼ਕਲਾਂ ਦਾ ਕੋਵਿਡ 2020 ਦੌਰਾਨ ਅਤੇ ਕਿਰਤੀਆਂ ਦੀ ਦੁਰਦਸ਼ਾ ਅਤੇ ਉਨ੍ਹਾਂ ਦੇ ਸੰਤਾਪ ਦੇ ਇਤਿਹਾਸ ਬਾਰੇ ਦਸਿਆ ਗਿਆ ਹੈ। ਮਸ਼ੀਨੀ ਯੁਗ ਦੇ ਆਉਣ, ਮੁਨਾਫ਼ਖ਼ੋਰੀ ਦੇ ਵੱਧਣ, ਸ਼ਹਿਰਾਂ ਦੇ ਉਭਾਰ, 1854 ਦੀ ਪਲੇਗ, 1977 ਵਿੱਚ ਬਿਮਾਰ ਮਿਲਾਂ ਦੇ ਰਾਸ਼ਟਰੀ ਕਰਨ, ਮਜ਼ਦੂਰਾਂ ਦੀ ਰਾਜਨੀਤਕ ਪਛਾਣ, ਸਲੱਮ ਇਲਾਕਿਆਂ ਦੀ ਦੁਰਦਸ਼ਾ, ਮਹਾਂ ਨਗਰਾਂ ਦੀ ਝੁਗੀਆਂ, ਸਮਾਜਿਕ ਸਥਿਤੀ, ਮਜ਼ਦੂਰਾਂ ਦਾ ਸ਼ੋਸ਼ਣ, ਹੜਤਾਲਾਂ, ਅੰਦੋਲਨ ਅਤੇ ਬੰਗਾਲ ਦੇ ਅਕਾਲ ਆਦਿ ਬਾਰੇ ਗੰਭੀਰਤਾ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਅੱਜੋਕੇ ਸਮੇਂ ਵਿੱਚ ਅਜਿਹੇ ਰਸਾਲਿਆਂ ਦੀ ਲੋੜ ਹੈ, ਜਿਹੜੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਸਕਣ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ - ਉਜਾਗਰ ਸਿੰਘ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ
ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੁਣ ਤੱਕ ਹੰਢਾ ਰਹੇ ਹਨ। ਪੰਜਾਬ ਦਿਵਸ ਵਾਲੇ ਦਿਨ ਪੰਜਾਬ ਦੇ ਸਿਆਸਤਦਾਨ 1 ਨਵੰਬਰ 2023 ਨੂੰ ਸਤਲੁਜ ਯਮਨਾ Çਲੰਕ ਨਹਿਰ ਦੇ ਪਾਣੀਆਂ ਦੇ ਮੁੱਦੇ ‘ਤੇ ਬਹਿਬਾਜ਼ੀ ਕਰਨ ਵਿੱਚ ਉਲਝੇ ਪਏ ਹਨ। ਭਲੇਮਾਣਸੋ ਇਸ ਬਹਿਸਬਾਜ਼ੀ ਵਿੱਚ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਕਰਨ ਨਾਲ ਸਤਲੁਜ ਜਮਨਾ Çਲੰਕ ਨਹਿਰ ਦੇ ਮਸਲੇ ਦਾ ਕੋਈ ਹਲ ਨਿਕਲਣ ਦੀ ਕੀ ਉਮੀਦ ਰੱਖਦੇ ਹੋ? ਕਿਉਂ ਪਾਣੀ ਵਿੱਚ ਮਧਾਣੀ ਪਾ ਕੇ ਦੱਬੇ ਮੁਰਦੇ ਉਖਾੜਦੇ ਹੋ? ਜਦੋਂ ਤੁਸੀਂ ਇੱਕਮੁੱਠ ਹੀ ਨਹੀਂ ਤਾਂ ਪੰਜਾਬ ਦਾ ਕੇਸ ਤੁਸੀਂ ਕਿਵੇਂ ਲੜ ਸਕਦੇ ਹੋ? ਤੁਸੀਂ ਤਾਂ ਵੋਟ ਦੀ ਸਿਆਸਤ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਹਿਸ ਵਿੱਚੋਂ ਕੀ ਕੱਢੋਗੇ? ਦੂਜੇ ਪਾਸੇ ਪੰਜਾਬੀ ਖਾਸ ਤੌਰ ‘ਤੇ ਸਿੱਖ 1 ਨਵੰਬਰ 2023 ਨੂੰ ਪੰਜਾਬੀ ਸੂਬੇ ਦੀ 57ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਫੁਲੇ ਨਹੀਂ ਸਮਾ ਰਹੇ, ਪ੍ਰੰਤੂ ਜਿਸ ਮੰਤਵ ਨਾਲ ਪੰਜਾਬੀ ਸੂਬਾ ਬਣਵਾਇਆ ਸੀ, ਪੰਜਾਬੀ ਭਾਸ਼ਾ ਦਾ ਦਫਤਰੀ ਕੰਮ ਕਾਜ ਵਿੱਚ ਬੋਲਬਾਲਾ ਹੋਵੇ, ਉਹ ਰੁਤਬਾ ਪੰਜਾਬੀ ਭਾਸ਼ਾ ਨੂੰ ਅਜੇ ਤੱਕ ਸਹੀ ਢੰਗ ਨਾਲ ਨਸੀਬ ਨਹੀਂ ਹੋਇਆ। ਪੰਜਾਬ ਨੂੰ ਅਜੇ ਤੱਕ ਰਾਜਧਾਨੀ ਅਤੇ ਹਾਈ ਕੋਰਟ ਵੱਖਰੀ ਨਹੀਂ ਮਿਲੀ। ਇਹ ਖ਼ੁਸ਼ੀ ਕਾਹਦੀ ਹੈ, ਸਮਝ ਨਹੀਂ ਆਉਂਦੀ? ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਤੋਂ ਬਾਅਦ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸੰਜੀਦਾ ਨਹੀਂ ਰਿਹਾ। ਬਹੁਤੇ ਸੀਨੀਅਰ ਅਧਿਕਾਰੀ ਹਮੇਸ਼ਾ ਪੰਜਾਬੀ ਲਿਖਣ ‘ਤੇ ਬੋਲਣ ਤੋਂ ਕੰਨ੍ਹੀ ਕਤਰਾਉਂਦੇ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਕੇਂਦਰ ਸਰਕਾਰ ਵਾਅਦੇ ਹੀ ਕਰਦੀ ਰਹੀ ਹੈ ਪ੍ਰੰਤੂ ਅਜੇ ਤੱਕ ਪੱਲੇ ਕੁਝ ਨਹੀਂ ਪਾਇਆ। ਪਹਿਲੀ ਵਾਰ 1947 ਵਿੱਚ ਪੰਜਾਬ ਦੀ ਵੰਡ ਹੋਈ, ਜਿਸਦੇ ਸਿੱਟੇ ਵਜੋਂ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਗੁਆ ਲਿਆ। ਉਸ ਵੰਡ ਵਿੱਚ ਭਰਾ ਮਾਰੂ ਜੰਗ ਵੀ ਹੋਈ, ਬਹੁਤ ਸਾਰੇ ਦੋਹਾਂ ਪਾਸਿਆਂ ਦੇ ਪੰਜਾਬੀ ਆਪਣੇ ਸਕੇ ਸੰਬੰਧੀਆਂ ਨੂੰ ਗੁਆ ਬੈਠੇ। ਇਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੇ ਪੰਜਾਬੀ ਸੂਬਾ ਲੈ ਕੇ ਪੰਜਾਬੀ ਬੋਲਦੇ ਇਲਾਕੇ ਗੁਆ ਲਏ। ਪੰਜਾਬ ਦੇ 26 ਪਿੰਡਾਂ ਦੀ ਥਾਂ ਚੰਡੀਗੜ੍ਹ ਬਣਾਇਆ ਗਿਆ ਸੀ ਪ੍ਰੰਤੂ ਅਸੀਂ ਚੰਡੀਗੜ੍ਹ ਤੋਂ ਵੀ ਹੱਥ ਧੋ ਬੈਠੇ। ਭਾਖੜਾ ਡੈਮ ਅਤੇ ਹੈਡ ਵਰਕਸ ‘ਤੇ ਕੇਂਦਰ ਨੇ ਕਬਜ਼ਾ ਕਰ ਲਿਆ। ਏਸੇ ਕਰਕੇ ਪਰਤਾਪ ਸਿੰਘ ਕੈਰੋਂ ਪੰਜਾਬੀ ਸੂਬਾ ਬਣਨ ਨਹੀਂ ਦੇ ਰਿਹਾ ਸੀ। ਪੰਜਾਬੀ ਸੂਬਾ ਲੈਣ ਲਈ ਸਿੱਖ ਕੌਮ ਖਾਸ ਤੌਰ ‘ਤੇ ਅਕਾਲੀ ਦਲ ਨੇ ਲੰਬਾ ਸਮਾਂ ਸੰਘਰਸ਼ ਕੀਤਾ। ਇਸ ਅੰਦੋਲਨ ਦੌਰਾਨ ਅਨੇਕਾਂ ਸਿੱਖ ਜੇਲ੍ਹਾਂ ਦੀ ਹਵਾ ਖਾਂਦੇ ਰਹੇ। ਬਹੁਤ ਸਾਰੇ ਸਿੱਖ ਜਾਨਾ ਗੁਆ ਬੈਠੇ। ਪੰਜਾਬ ਨੂੰ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਨੁਕਸਾਨ ਹੋਇਆ ਹੈ। ਇਤਨੇ ਨੁਕਸਾਨ ਕਰਵਾ ਕੇ ਲੰਗੜਾ ਪੰਜਾਬੀ ਸੂਬਾ ਲਿਆ ਤੇ ਫਿਰ ਵੀ ਪੰਜਾਬੀ ਖ਼ੁਸ਼ੀ ਮਨਾ ਰਹੇ ਹਨ, ਇਹ ਉਨ੍ਹਾਂ ਦੀ ਫ਼ਿਰਾਕਦਿਲੀ ਜਾਂ ਸੰਜੀਦਗੀ ਦੀ ਅਣਹੋਂਦ ਹੈ। ਜੇਕਰ ਗੰਭੀਰਤਾ ਨਾਲ ਵੇਖਿਆ ਜਾਵੇ ਤਾਂ ਪੰਜਾਬੀਆਂ/ਸਿੱਖਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ, ਜੇ ਕਿਸੇ ਨੂੰ ਲਾਭ ਹੋਇਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਇਆ ਹੈ। ਹੁਣ ਤਾਂ ਅਕਾਲੀ ਦਲ ਵਿੱਚ ਸ਼੍ਰੋਮਣੀ ਕੌਣ ਹੈ? ਇਸ ਦਾ ਨਿਪਟਾਰਾ ਕਰਨਾ ਹੀ ਅਸੰਭਵ ਹੋ ਗਿਆ ਹੈ ਕਿਉਂਕਿ ਅਨੇਕਾਂ ਅਕਾਲੀ ਦਲ ਬਣ ਚੁੱਕੇ ਹਨ। ਅਕਾਲੀ ਦਲ ‘ਤੇ ਪਰਿਵਾਰਾਂ ਦੇ ਨਿੱਜੀ ਕਬਜ਼ੇ ਹਨ। ਹਾਂ ਸਾਂਝੇ ਪੰਜਾਬ ਦੇ 1947 ਤੋਂ 1 ਨਵੰਬਰ 1966 ਤੱਕ 5 ਮੁੱਖ ਮੰਤਰੀ ਡਾ.ਗੋਪੀ ਚੰਦ ਭਾਰਗਵ, ਲਾਲਾ ਭੀਮ ਸੈਨ ਸੱਚਰ, ਪ੍ਰਤਾਪ ਸਿੰਘ ਕੈਰੋਂ ਅਤੇ ਕਾਮਰੇਡ ਰਾਮ ਕਿਸ਼ਨ ਬਣੇ, ਉਨ੍ਹਾਂ ਵਿੱਚੋਂ ਸਿਰਫ਼ ਇੱਕ ਪ੍ਰਤਾਪ ਸਿੰਘ ਕੈਰੋਂ ਸਿੱਖ ਸਨ। 1966 ਤੋਂ ਬਾਅਦ ਸਾਰੇ ਮੁੱਖ ਮੰਤਰੀ ਸਿੱਖ ਬਣੇ ਹਨ, ਜਦੋਂ ਕਿ ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖ ਹੈ। ਪੰਜਾਬੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਸਿੱਖ ਬਣਾਉਣਾ ਇਹੋ ਇੱਕੋ ਇੱਕ ਪ੍ਰਾਪਤੀ ਹੈ। ਪੰਜਾਬੀ ਭਾਵੇਂ ਆਪਣਾ ਸਿੱਖ ਮੁੱਖ ਮੰਤਰੀ ਬਣਾਉਣ ਵਿੱਚ ਸਫਲ ਰਹੇ ਹਨ ਪ੍ਰੰਤੂ ਸਿੱਖ ਧਰਮ ਦੀ ਬਰਾਬਰਤਾ ਦੀ ਵਿਚਾਰਧਾਰਾ ਦੀ ਉਲੰਘਣਾ ਹੈ। ਪੰਜਾਬੀਆਂ ਨੇ ਕਦੀਂ ਵੀ ਗੰਭੀਰਤਾ ਨਾਲ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਸ ਪੰਜਾਬੀ ਸੂਬੇ ਤੋਂ ਕੀ ਖੱਟਿਆ ਤੇ ਕੀ ਗੁਆਇਆ ਹੈ? ਭਾਵ ਆਮ ਲੋਕਾਂ ਨੂੰ ਕੀ ਲਾਭ ਹੋਇਆ ਹੈ? ਲਾਭ ਤਾਂ ਸਿੱਖ ਸਿਆਸਤਦਾਨਾ ਭਾਵ ਅਕਾਲੀ ਦਲ ਜਾਂ ਵਰਤਮਾਨ ਪੰਜਾਬ ਦੇ ਕਾਂਗਰਸੀਆਂ ਨੂੰ ਹੋਇਆ ਹੈ। ਅਕਾਲੀ ਦਲ ਵੀ ਆਪਣੇ ਨਿਸ਼ਾਨੇ ਤੋਂ ਥਿੜਕ ਗਿਆ ਹੈ। ਉਸਨੇ ਸਿਆਸੀ ਤਾਕਤ ਹਾਸਲ ਕਰਨ ਲਈ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਪੰਜਾਬੀ ਪਾਰਟੀ ਦਾ ਤਾਂ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਹੈ। ਫਿਰ ਸਾਂਝੇ ਪੰਜਾਬ ਵਿੱਚ ਕੀ ਹਰਜ ਸੀ? ਸਿਆਸਤਦਾਨਾ ਨੇ ਸਿਆਸੀ ਤਾਕਤ ਦਾ ਆਨੰਦ ਮਾਨਣ ਤੋਂ ਬਿਨਾ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਨਹੀਂ ਦਿੱਤਾ।
ਪੰਜਾਬੀ ਸੂਬਾ ਬਣਨ ਨਾਲ ਹੋਏ ਨੁਕਸਾਨ ਦੀ ਸੂਚੀ ਲੰਬੀ ਹੈ। ਪਹਿਲਾ ਨੁਕਸਾਨ ਪੰਜਾਬੀਆਂ ਨੂੰ ਇਹ ਹੋਇਆ ਕਿ ਉਸ ਵਿੱਚੋਂ ਇਲਾਕੇ ਕੱਢ ਕੇ ਹਰਿਆਣਾ ਅਤੇ ਹਿਮਾਚਲ ਬਣਾ ਦਿੱਤੇ। ਚਿੜੀ ਦੇ ਪਹੁੰਚੇ ਜਿਤਨਾ ਪੰਜਾਬ ਲੈ ਕੇ ਅਸੀਂ ਫੁਲੇ ਨਹੀਂ ਸਮਾਉਂਦੇ ਪ੍ਰੰਤੂ ਅੰਬਾਲੇ ਤੋਂ ਬਾਅਦ ਦਿੱਲੀ ਜਾਂਦਿਆਂ ਰੁਕਾਵਟਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ। ਕੁਝ ਪੰਜਾਬੀ ਬੋਲਦੇ ਇਲਾਕੇ ਵੀ ਹਰਿਆਣਾ ਅਤੇ ਹਿਮਾਚਲ ਨੂੰ ਦੇ ਦਿੱਤੇ। ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ ਵੀ ਪੰਜਾਬ ਤੋਂ ਖੋਹ ਕੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ। ਸਾਂਝੇ ਪੰਜਾਬ ਵਿੱਚੋਂ ਪੰਜਾਬ ਦੇ ਸਾਰੇ ਦਰਿਆ ਨਿਕਲਦੇ ਸਨ। ਉਨ੍ਹਾਂ ਦਰਿਆਵਾਂ ਦੇ ਪਾਣੀ ਦੇ ਹੱਕ ਤੋਂ ਪੰਜਾਬ ਵਾਂਝਾ ਹੋ ਗਿਆ ਹੈ। ਇਨ੍ਹਾਂ ਦਰਿਆਵਾਂ ਵਿੱਚੋਂ ਪੰਜਾਬ ਵਿੱਚ ਆਉਣ ਵਾਲੇ ਪਾਣੀ ਦਾ 75 ਫ਼ੀ ਸਦੀ ਹਿੱਸਾ ਰਾਜਸਥਾਨ ਅਤੇ ਦਿੱਲੀ ਨੂੰ ਜਾ ਰਿਹਾ ਹੈ। ਪੰਜਾਬ ਵਿੱਚ ਜੋ ਅੱਜ ਸਿੰਜਾਈ ਵਾਲੇ ਪਾਣੀ ਦੀ ਘਾਟ ਰੜਕ ਰਹੀ ਹੈ, ਉਹ ਹਰਿਆਣਾ ਤੇ ਹਿਮਾਚਲ ਬਣਨ ਨਾਲ ਪੈਦਾ ਹੋਈ ਹੈ। ਹਰੀ ਕ੍ਰਾਂਤੀ ਨੇ ਪੰਜਾਬ ਦਾ ਜ਼ਮੀਨਦੋਜ਼ ਪਾਣੀ ਖਾ ਲਿਆ ਹੈ। ਜੇ ਪੰਜਾਬ ਦੀ ਵੰਡ ਨਾ ਹੁੰਦੀ ਤਾਂ ਸਤਲੁਜ ਯਮੁਨਾ Çਲੰਕ ਨਹਿਰ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਇਸ ਨਹਿਰ ਕਰਕੇ ਪੰਜਾਬ ਵਿੱਚ ਅਫਰਾਤਫਰੀ ਦਾ ਮਾਹੌਲ ਬਣਿਆਂ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐਨ.ਕੁਮਾਰ ਨੂੰ 7 ਨਵੰਬਰ 1988 ਨੂੰ ਚੰਡੀਗੜ੍ਹ ਵਿਖੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਤਲੁਜ ਜਮਨਾ Çਲੰਕ ਨਹਿਰ ਨਾਲ ਜੁੜੇ ਪੰਜਾਬ ਦੇ ਮੁੱਖ ਇੰਜਿਨੀਅਰ ਐਮ.ਐਲ.ਸੀਕਰੀ, ਸੁਪਰਇਨਟੈਂਡੈਂਟ ਏ.ਐਸ.ਔਲਖ ਅਤੇ 12 ਮਜ਼ਦੂਰਾਂ ਨੂੰ ਮਾਰ ਦਿੱਤਾ ਗਿਆ। ਅਕਾਲੀ ਦਲ ਦਾ ਧਰਮ ਯੁਧ ਮੋਰਚਾ ਵੀ ਇਸੇ ਸਤਲੁਜ ਯਮੁਨਾ Çਲੰਕ ਨਹਿਰ ਕਰਕੇ ਸ਼ੁਰੂ ਹੋਇਆ, ਜਿਸਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ। ਧਰਮ ਯੁਧ ਮੋਰਚੇ ਕਰਕੇ ਅਨੇਕਾਂ ਬੇਗੁਨਾਹ ਲੋਕ ਮਾਰੇ ਗਏ। ਧਰਮ ਯੁੱਧ ਮੋਰਚੇ ਦਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਵਿੱਚੋਂ ਬਾਹਰ ਕੱਢੇ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਅਤੇ ਸਤਲੁਜ ਜਮਨਾ Çਲੰਕ ਦਾ ਮਸਲਾ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਕਰਕੇ ਮਾਰਿਆ ਗਿਆ। ਸਿੱਖਾਂ ਦੇ ਸਰਵੋਤਮ ਪਵਿਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਫ਼ੌਜ ਵੱਲੋਂ ਹਮਲੇ ਤੇ ਹੁਰਮਤੀ ਹੋਈ। ਅਨੇਕਾਂ ਸ਼ਰਧਾਲੂ ਸ਼ਹੀਦੀਆਂ ਪ੍ਰਾਪਤ ਕਰ ਗਏ। ਸਿੱਖਾਂ ਵਿੱਚ ਭਰਾ ਮਾਰੂ ਜੰਗ ਦੇ ਨਤੀਜਿਆਂ ਨੇ ਹਿਰਦਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਅਫ਼ਰਾ ਤਫ਼ਰੀ ਦੇ ਹਾਲਾਤ ਵਿੱਚ ਕਿਹਾ ਜਾਂਦਾ 25 ਹਜ਼ਾਰ ਬੇਕਸੂਰ ਪੰਜਾਬੀ ਖਾਸ ਤੌਰ ‘ਤੇ ਸਿੱਖ ਨੌਜਵਾਨ ਮਾਰੇ ਗਏ, ਜਿਨ੍ਹਾਂ ਵਿੱਚ ਹਿੰਦੂ, ਸਿੱਖ ਅਤੇ ਸਰਕਾਰੀਤੰਤਰ ਦਾ ਅਮਲਾ ਵੀ ਸ਼ਾਮਲ ਸੀ। ਇਨ੍ਹਾਂ ਹਾਲਾਤਾਂ ਨੇ ਪੰਜਾਬ ਦੀ ਭਾਈਚਾਰਕ ਸਦਭਾਵਨਾਂ ਨੂੰ ਠੇਸ ਪਹੁੰਚਾਈ ਅਤੇ ਆਰਥਿਕ ਤੌਰ ‘ਤੇ ਪੰਜਾਬ ਪਛੜ ਗਿਆ। ਪੰਜਾਬ ਦੇ ਕਰਜ਼ਈ ਹੋਣ ਦਾ ਸਿਲਸਿਲਾ ਕਥਿਤ ਅਤਵਾਦ ਦੇ ਸਮੇਂ ਤੋਂ ਸ਼ੁਰੂ ਹੋਇਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਤੋਂ ਲੈ ਕੇ ਕੇਂਦਰ ਦੇ ਕੰਟਰੋਲ ਅਧੀਨ ਕਰ ਦਿੱਤਾ ਪ੍ਰੰਤੂ ਜੇਕਰ ਵੱਡਾ ਪੰਜਾਬ ਰਹਿੰਦਾ ਫਿਰ ਇਸ ਦਾ ਕੇਂਦਰ ਕੋਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੋਣਾ ਸੀ। ਸਤਲੁਜ ਯਮੁਨਾ Çਲੰਕ ਨਹਿਰ ਦਾ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਸੁਪਰੀਮ ਕੋਰਟ ਦੇ ਸਰਵੇ ਕਰਨ ਦੇ ਹੁਕਮ ਨੇ ਹੋਰ ਭਸੂੜੀ ਪਾ ਦਿੱਤੀ। ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ, ਇਸ ਨੂੰ ਸਿੰਜਾਈ ਲਈ ਪਾਣੀ ਦੀ ਲੋੜ ਪੈਂਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਹਿਮਾਚਲ ਵਿੱਚੋਂ ਆ ਰਹੇ ਪਾਣੀ ਦਾ ਮੁੱਲ ਮੰਗਦਾ ਹੈ, ਰਾਜਸਥਾਨ ਤੇ ਦਿੱਲੀ ਮੁਫ਼ਤ ਪਾਣੀ ਲੈ ਰਹੇ ਹਨ। ਜੇ ਪੰਜਾਬ ਵੰਡਿਆ ਨਾ ਜਾਂਦਾ ਤਾਂ ਇਹ ਸਵਾਲ ਪੈਦਾ ਹੀ ਨਹੀਂ ਹੋਣਾ ਸੀ। ਕੁਦਰਤੀ ਵਸੀਲਿਆਂ ਤੋਂ ਵੀ ਹੱਥ ਧੋ ਲਿਆ। ਏਥੇ ਹੀ ਬਸ ਨਹੀਂ ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ.ਦੀ ਹੱਬ ਬਣਿਆਂ ਹੋਇਆ ਹੈ, ਉਸ ‘ਤੇ ਹਰਿਆਣੇ ਦਾ ਕਬਜ਼ਾ ਹੋ ਗਿਆ, ਜਿਸ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗੀ ਹੈ। ਦਿੱਲੀ ਜਾਣ ਲਈ ਹਰਿਆਣਾ ਵਿੱਚੋਂ ਜਾਣਾ ਪੈਂਦਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਤਿੰਨ ਪਾਸੇ ਪੰਜਾਬ ਸੀ। 1982 ਵਿੱਚ ਏਸ਼ੀਅਨ ਖੇਡਾਂ ਮੌਕੇ ਪੰਜਾਬੀਆਂ ਦਾ ਦਿੱਲੀ ਪਹੁੰਚਣਾ ਅਸੰਭਵ ਹੋ ਗਿਆ ਸੀ। ਕਿਸਾਨ ਅੰਦੋਲਨ ਤੇ ਜਾਣ ਵਾਲੇ ਕਿਸਾਨਾ ਦੀ ਹਰਿਆਣਾ ਵਿੱਚ ਖੱਜਲ ਖ਼ੁਆਰੀ ਹੋਈ। ਜੇ ਇਹ ਪੰਜਾਬ ਦੇ ਹਿੱਸੇ ਹੁੰਦੇ ਤਾਂ ਅਜਿਹੀਆਂ ਰੁਕਾਵਟਾਂ ਨਾ ਹੁੰਦੀਆਂ। ਖਾਲਿਸਤਾਨ ਦਾ ਮੁੱਦਾ ਪੰਜਾਬੀ ਸੂਬਾ ਬਣਨ ਨਾਲ ਖੜ੍ਹਾ ਹੋਇਆ। ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ ਦਾ ਜਿਊਣਾ ਦੁੱਭਰ ਹੋ ਗਿਆ। 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਸੇਵਾ ਮੁਕਤ ਫ਼ੌਜੀ ਜਰਨੈਲਾਂ ਅਤੇ ਹੋਰ ਪ੍ਰਤਿਸ਼ਟ ਸਿੱਖਾਂ ਦੀ ਨਿਰਾਦਰੀ ਹੋਈ, ਉਨ੍ਹਾਂ ਨੂੰ ਲੁਕ ਛਿਪ ਕੇ ਦਿਨ ਕਟੀ ਕਰਨੀ ਪਈ। ਏਥੇ ਹੀ ਬਸ ਨਹੀਂ ਬੇਰੋਜ਼ਗਾਰੀ ਦਾ ਮੁੱਖ ਕਾਰਨ ਪੰਜਾਬ ਦੀ ਵੰਡ ਹੋਣਾ ਹੈ। ਸਾਡੇ ਨੌਜਵਾਨ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਨੌਕਰੀ ਕਰਦੇ ਸਨ। ਦਿੱਲੀ ਦੇ ਆਲੇ ਦੁਆਲੇ ਦੇ ਲੋਕ ਜੋ ਅੱਜ ਹਰਿਆਣਾ ਹੈ, ਉਥੋਂ ਦੇ ਬੱਚੇ ਘੱਟ ਪੜ੍ਹੇ ਲਿਖੇ ਹੋਣ ਕਰਕੇ ਸਾਡੇ ਲੜਕੇ ਲੜਕੀਆਂ ਉਥੇ ਨੌਕਰੀ ਕਰਦੇ ਸਨ। ਹੁਣ ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਰਹਿ ਗਿਆ ਹੈ। ਪੰਜਾਬ, ਪੰਜਾਬੀ ਨੌਜਵਾਨਾ ਨੂੰ ਰੋਜ਼ਗਾਰ ਨਹੀਂ ਦੇ ਸਕਦਾ। ਸਾਡੀ ਨੌਜਵਾਨ ਪੀੜ੍ਹੀ ਪਰਵਾਸ ਨੂੰ ਭੱਜ ਰਹੀ ਹੈ। ਸਾਡਾ ਸਭਿਅਚਾਰ ਖ਼ਤਮ ਹੋ ਰਿਹਾ ਹੈ। ਪੰਜਾਬੀ ਸੂਬੇ ਤੋਂ ਅਸੀਂ ਇਹੋ ਖੱਟਿਆ ਕਿ ਸਾਡੀ ਅਗਲੀ ਪੀੜ੍ਹੀ ਸਾਡੇ ਹੱਥੋਂ ਨਿਕਲ ਕੇ ਪਰਵਾਸ ਵਿੱਚ ਜਾ ਰਹੀ ਹੈ। ਪੰਜਾਬੀਆਂ/ਸਿੱਖਾਂ ਨੂੰ ਸੋਚਣ ਦੀ ਲੋੜ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਬਚਨ ਸਿੰਘ ਗੁਰਮ ਦਾ ਕਾਇਨਾਤ ਕਾਵਿ ਸੰਗ੍ਰਹਿ ਲੋਕ ਹਿਤਾਂ ਦਾ ਪਹਿਰੇਦਾਰ - ਉਜਾਗਰ ਸਿੰਘ
ਕਾਇਨਾਤ ਬਚਨ ਸਿੰਘ ਗੁਰਮ ਦਾ ਦੂਜਾ ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ ‘ਦੇਖਿਆ-ਪਰਖਿਆ’ ਕਾਵਿ ਸੰਗ੍ਰਹਿ (2015) ਅਤੇ ਤਿੰਨ ਸਾਂਝੇ ਕਾਵਿ ਸੰਗ੍ਰਹਿ ਤੇ ਇਕ ਸਾਂਝਾ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਕਾਇਨਾਤ ਕਾਵਿ ਸੰਗ੍ਰਹਿ ਵਿੱਚ 70 ਕਵਿਤਾਵਾਂ ਹਨ। ਇਹ ਕਾਵਿ ਸੰਗ੍ਰਹਿ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਬਚਨ ਸਿੰਘ ਗੁਰਮ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਦੇਣ ਵਾਲਾ ਸ਼ਾਇਰ ਹੈ। ਉਸ ਦੀ ਕਵਿਤਾ ਵਰਤਮਾਨ ਪ੍ਰਬੰਧਕੀ ਪ੍ਰਣਾਲੀ ਦਾ ਬੇਬਾਕੀ ਨਾਲ ਵਿਰੋਧ ਕਰਦੀ ਹੈ। ਉਹ ਲੋਕ ਸ਼ਕਤੀ ਦਾ ਮੁੱਦਈ ਬਣਕੇ ਨਿਭਦਾ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਕੱਟੜਤਾ, ਪਖੰਡਵਾਦ, ਰਾਜਨੀਤਕ ਦੁਰਾਚਾਰ ਅਤੇ ਵਹਿਮਾ ਭਰਮਾ ਦਾ ਵਿਰੋਧ ਕਰਦੀਆਂ ਹੋਈਆਂ ਇਨਸਾਫ਼ ਅਤੇ ਹੱਕ ਸੱਚ ‘ਤੇ ਪਹਿਰਾ ਦਿੰਦੀਆਂ ਹਨ। ਬਚਨ ਸਿੰਘ ਗੁਰਮ ਆਪਣੀਆਂ ਕਵਿਤਾਵਾਂ ਸੰਬੋਧਨੀ ਢੰਗ ਨਾਲ ਲਿਖਦਾ ਹੋਇਆ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰਨ ਦਾ ਕੰਮ ਕਰਦਾ ਹੈ। ਭਾਵ ਸਾਰੀਆਂ ਕਵਿਤਾਵਾਂ ਲੋਕਾਂ ਵਿੱਚ ਰੋਹ ਤੇ ਜੋਸ਼ ਪੈਦਾ ਕਰਕੇ ਪ੍ਰੇਰਨਾਦਾਇਕ ਬਣਦੀਆਂ ਹਨ। ਮਨੁਖਤਾ ਦੀ ਮਾਨਸਿਕਤਾ ਦਾ ਚਿਤਰਣ ਕਰਦੀਆਂ ਹਨ। ਇਨਸਾਨ ਆਪੋ ਆਪਣੇ ਮਨਾਂ ਵਿੱਚ ਕਿਹੋ ਜਿਹੀਆਂ ਗੱਲਾਂ ਚਿਤਰਦਾ ਹੈ ਤੇ ਉਨ੍ਹਾਂ ਦੀ ਪੂਰਤੀ ਲਈ ਜਿਹੜੇ ਢੰਗ ਵਰਤਦਾ ਹੈ, ਇਹ ਕਵਿਤਾਵਾਂ ਉਨ੍ਹਾਂ ਢੰਗਾਂ ਤੋਂ ਵਰਜਦੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਬਹੁ-ਰੰਗੀ ਤੇ ਬਹੁ-ਪੱਖੀ ਹਨ। ਕਵਿਤਾਵਾਂ ਵਿੱਚ ਜੀਵਨ ਦੇ ਸਾਰੇ ਰੰਗ ਦਿ੍ਰਸ਼ਟਾਂਤਕ ਰੂਪ ਵਿੱਚ ਮਿਲਦੇ ਹਨ। ਉਸ ਦੀ ਕਵਿਤਾ ਖੁਲ੍ਹੀ ਅਤੇ ਤੋਲ ਤਕਾਂਤ ਵਾਲੀ ਵਿਚਾਰ ਪ੍ਰਧਾਨ ਹੈ। ਸਾਰੀਆਂ ਕਵਿਤਾਵਾਂ ਬਚਨ ਸਿੰਘ ਗੁਰਮ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੀਆਂ ਹਨ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਦਲੀਲ ਦੇ ਕੇ ਸਮਝੌਣ ਦੀ ਕੋਸ਼ਿਸ਼ ਕਰਦਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਬਚਨ ਸਿੰਘ ਗੁਰਮ ਦੀਆਂ ਕਵਿਤਾਵਾਂ ਮਾਨਵਤਾ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਬਗਾਬਤ ਕਰਨ ਲਈ ਪ੍ਰੇਰਦੀਆਂ ਹਨ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਸ ਦੀਆਂ ਕਵਿਤਾਵਾਂ ਵਿੱਚ ਪ੍ਰਬੰਧਕੀ ਪ੍ਰਣਾਲੀ ਅਤੇ ਇਨਸਾਨੀ ਮਾਨਸਿਕਤਾ ਦੀਆਂ ਕੁਰੀਤੀਆਂ ਵਿਰੁੱਧ ਬਗ਼ਾਵਤ ਦੀ ਕਨਸੋਅ ਆਉਂਦੀ ਹੈ। ਉਸ ਦੀ ਬੇਬਾਕੀ ‘ਗਲ਼ੀ ਦੇ ਕੁੱਤੇ’ ਕਵਿਤਾ ਵਿੱਚੋਂ ਵੇਖੀ ਜਾ ਸਕਦੀ ਹੈ। ਇਸ ਕਵਿਤਾ ਦੀ ਭਾਵਨਾ ਸਮਝਣ ਦੀ ਲੋੜ ਹੈ ਕਿ ਇਹ ਕਿਹੜੇ ਕਿਹੜੇ ਲੋਕਾਂ ਲਈ ਲਿਖੀ ਗਈ ਹੈ, ਜਦੋਂ ਉਹ ਲਾਲਚੀ ਲੋਕਾਂ ਦੀ ਤੁਲਨਾ ਕੁੱਤਿਆਂ ਨਾਲ ਕਰਦੇ ਹੋਏ ਲਿਖਦੇ ਹਨ-
ਗਲ਼ੀ ਦੇ ਕੁੱਤਿਆਂ ਦਾ ਕੀ ਹੁੰਦੈ
ਦਿਸਿਆ ਜਿੱਧਰ ਵੀ
ਟੁਕੜਾ ਰੋਟੀ ਦਾ
ਉਧਰ ਹੀ ਤੁਰ ਪਏ
ਕੰਮ ਇਹਨਾਂ ਦਾ ਨਹੀਂ
ਗਲ਼ੀ ਮੁਹੱਲੇ ਦੀ ਰਾਖੀ ਕਰਨਾ
ਭੌਂਕਣਾ ਹੁੰਦਾ ਹੈ ਇਹਨਾਂ ਨੇ ਤਾਂ ਬੱਸ
ਕਿਸੇ ਨੂੰ ਵੱਢ ਖਾਣ ਲਈ।
ਸ਼ਾਇਰ ਸਿਆਸਤਦਾਨਾ ‘ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਆਪਣੀਆਂ ਕਵਿਤਾਵਾਂ ਸ਼ੀਸ਼ੇ, ਬੀਤਿਆ ਗੁਜਰਿਆ, ਸੱਤਾ ਦਾ ਅਭਿਮਾਨ, ਸੰਗਰਾਮ, ਬੇਕਦਰੇ, ਸਿਆਸੀ ਪੈਂਤੜਾ, ਭੇਡ ਚਾਲ, ਮਾਫ਼ੀ ਮਨਜ਼ੂਰੀ, ਸੰਕੀਰਨਤਾ, ਆਮ ਆਦਮੀ, ਨਾਂਹਦਰੂ ਬਿਰਤੀ, ਕਸਮ, ਗ਼ਲੀ ਦੇ ਕੁੱਤੇ, ਕਟਹਿਰਾ ਅਤੇ ਨਿਰੰਤਰਤਾ ਵਿੱਚ ਬੜੀ ਦਲੇਰੀ ਨਾਲ ਲਿਖਦਾ ਹੈ ਕਿ ਉਹ ਆਪਣੇ ਵਿਰੋਧੀਆਂ ਅਤੇ ਹੱਕ ਤੇ ਸੱਚ ਦੇ ਪਹਿਰੇਦਾਰਾਂ ਨੂੰ ਦੇਸ਼ ਧ੍ਰੋਹੀ ਕਹਿਕੇ ਬਦਨਾਮ ਕਰਦੇ ਹਨ। ਅਜਿਹੇ ਇਲਜ਼ਾਮ ਨਿਰਆਧਾਰ ਹਨ। ਸ਼ੀਸ਼ੇ ਹਮੇਸ਼ਾ ਸੱਚ ਬੋਲਦੇ ਹਨ। ਸਿਆਸਤਦਾਨ ਮੁਖੌਟੇ ਪਾਈ ਫਿਰਦੇ ਹਨ। ਹਓਮੈ ਦੇ ਸ਼ਿਕਾਰ ਹੋ ਕੇ ਲੋਕਾਂ ਦੇ ਹਿਤਾਂ ‘ਤੇ ਪਹਿਰਾ ਨਹੀਂ ਦੇ ਰਹੇ। ਉਹ ਮੌਤਾਂ ਦਾ ਵੀ ਮੁੱਲ ਵੱਟਣ ਦੀ ਕਸਰ ਨਹੀਂ ਛੱਡਦੇ। ਸ਼ਾਇਰ ਲੋਕਾਂ ਨੂੰ ਸਰਕਾਰੀ ਦਮਨਕਾਰੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕਰਦਾ ਹੈ।
ਹੋ ਕਿਉਂ ਨਹੀਂ ਰਿਹਾ ਅਵਾਮ ਲਈ ਕੁਝ ਵੀ ਬਿਹਤਰ,
ਜੁਮਲੇ ਤਾਂ ਤੁਸੀਂ ਨਵੇਂ ਨਵੇਂ, ਲਿਆਂਦੇ ਵੀ ਬਹੁਤ ਨੇ।
ਆਟਾ, ਦਾਲ, ਸਬਸਿਡੀਆਂ ਦੀ ਖ਼ੈਰਾਤ ਦੀ ਥਾਂ,
ਬਿਹਤਰ ਸੀ ਜੇ ਦਿੱਤਾ ਰੁਜ਼ਗਾਰ ਹੁੰਦਾ।
----
ਸਿਆਸਤ ਵਰਤੇ ਜੇ ਧਰਮ ਨੂੰ ਮਹਿਜ਼ ਸਿਆਸਤ ਲਈ,
Ñਲੋਕ-ਮਨਾਂ ‘ਚ ਬਗ਼ਾਵਤ ਦਾ ਖ਼ਿਆਲ ਆ ਵੀ ਜਾਂਦਾ ਹੈ।
ਸਿਆਸਤਦਾਨਾਂ ਨੂੰ ਸਲਾਹ ਦਿੰਦਾ ਬਚਨ ਸਿੰਘ ਗੁਰਮ ਲਿਖਦਾ ਹੈ-
ਵਸਾ ਟੁੱਟੇ ਦਿਲਾਂ ‘ਚ ਕੁਝ ਬਸਤੀਆਂ, ਉਜੜੇ ਘਰਾਂ ਨੂੰ ਮੁੜ ਆਬਾਦ ਕਰ।
ਸ਼ਾਇਰ ਦੀਆਂ ਅਖੌਤੀ ਧਾਰਮਿਕ ਲੋਕਾਂ ਦੀਆਂ ਕੱਟੜਤਾ ਵਾਲੀਆਂ ਹਰਕਤਾਂ ਬਾਰੇ ਜਾਣਕਾਰੀ ਦਿੰਦਾ ਹੈ। ਉਸ ਦੀਆਂ ਕਵਿਤਾਵਾਂ ਕਰਮ ਕਾਂਡਾਂ ਤੋਂ ਖਹਿੜਾ ਛੁਡਾਉਣ ਲਈ ਲੋਕਾਂ ਨੂੰ ਪ੍ਰੇਰਦੀਆਂ ਹਨ। ਅਜਿਹੀਆਂ ਧਰਮ ਨਾਲ ਸੰਬੰਧਤ ਕਵਿਤਾਵਾਂ, ਕਿਸਮਤਵਾਦੀ ਨਹੀਂ, ਰਾਜ ਧਰਮ, ਮਾਰੂ ਏਜੰਡਾ, ਜੀਵਨ ਜਾਚ, ਤਰਕ ਬਨਾਮ ਅੰਨ੍ਹੀ ਸ਼ਰਧਾ, ਇੱਕ ਮਿਥ, ਧਰਮ ਪ੍ਰਚਾਰਕ ਬਨਾਮ ਵਿਗਿਆਨ, ਆਦਮੀ ਦੀ ਹਸਤੀ ਅਤੇ ਲਾਚਾਰ ਜਾਂ ਗ਼ਾਫ਼ਲ਼ ਕੱਟੜ ਧਾਰਮਿਕ ਲੋਕਾਂ ਦਾ ਪਰਦਾ ਫਾਸ਼ ਕਰਦੀਆਂ ਹਨ। ਧਾਰਮਿਕ ਪ੍ਰਚਾਰਕਾਂ ਦੇ ਅਡੰਬਰਾਂ ਦਾ ਪਰਦਾ ਫਾਸ਼ ਕਰਦਾ ਸ਼ਾਇਰ ਉਨ੍ਹਾਂ ਨੂੰ ਦੋਹਰੇ ਮਾਪ ਦੰਡ ਵਾਲੇ ਕਹਿੰਦਾ ਹੈ, ਕਿਉਂਕਿ ਇਕ ਪਾਸੇ ਉਹ ਵਿਗਿਆਨ ਦੀਆਂ ਰਹਿਮਤਾਂ ਦਾ ਆਨੰਦ ਮਾਣਦੇ ਹਨ ਤੇ ਦੂਜੇ ਪਾਸੇ ਲੋਕਾਂ ਨੂੰ ਧਰਮ ਦੇ ਪਾਖੰਡਾਂ ਵਿੱਚ ਪਾਉਂਦੇ ਹਨ। ‘ਆਦਮੀ ਦੀ ਹਸਤੀ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-
ਸਵਾਲ ਚੁੱਕਦੈ ਜੇ ਕੋਈ ਦਕਿਆਨੂਸੀ ਰਵਾਇਤਾਂ ਉਤੇ,
ਡੰਡਾ ਧਰਮ ਦਾ ਉਹ ਚੁੱਕਦੇ, ਉਹਨੂੰ ਡਰਾਉਣ ਦੇ ਲਈ।
ਜੀਵਨ ਜਾਚ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦੈ-
ਸੁੱਖ ਕਦ ਮਿਲਦੈ ਧਾਰਮਿਕ ਅਡੰਬਰਾਂ ‘ਚੋਂ, ਕਰਾਮਾਤਾਂ ‘ਚੋਂ,
ਇਹ ਤਾਂ ਮਿਲਦੈ, ਜਦ ਜਿਊਂਣਾ ਸਦਾਚਾਰਕ ਨਿਯਮਾਂ ਤੀਕ ਹੋ ਜਾਵੇ।
ਆਧੁਨਿਕਤਾ ਨੇ ਪਿਆਰ ਮੁਹੱਬਤ ਦੇ ਖਤਾਂ ਦਾ ਦੌਰ ਖ਼ਤਮ ਕਰ ਦਿੱਤਾ ਅਤੇ ਇਕੱਲਤਾ ਨੂੰ ਜਨਮ ਦਿੱਤਾ ਹੈ। ਆਧੁਨਿਕਤਾ ਦਾ ਰਿਸ਼ਤਿਆਂ ਤੇ ਵੀ ਅਸਰ ਹੋ ਰਿਹਾ ਹੈ। ਰਿਸ਼ਤਿਆਂ ਨਾਲ ਸੰਬੰਧਤ ਕਵਿਤਾਵਾਂ ਐਧਰ ਓਧਰ /ਸਹੁਰੇ ਪੇਕੇ (ਧੀਆਂ-ਨੂੰਹਾਂ ਦੇ ਨਾਮ), ਫ਼ਰਜ਼ ਕਰਜ਼, ਪੁਲ਼, ਹੰਕਾਰ ਨਾ ਗਰੂਰ, ਅਣਕਿਆਸੇ ਵਕਤ ਅਤੇ ਸ਼ਿਕਵਾ ਕਿਵੇਂ ਕਰਾਂ, ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਬਾਰੇ ਜਾਣਕਾਰੀ ਦਿੰਦੀਆਂ ਹਨ। ਬੱਚਿਆਂ ਵੱਲੋਂ ਬਜ਼ੁਰਗਾਂ ਨਾਲ ਕੀਤੇ ਜਾਂਦੇ ਵਰਤਾਓ ਬਾਰੇ ਵੀ ਸ਼ਾਇਰ ਨੇ ਚੇਤਾਵਨੀ ਦਿੱਤੀ ਹੈ। ਠੀਕ ਗ਼ਲਤ ਦਾ ਆਧਾਰ ਗਿਆਨ ਵਿਗਿਆਨ ਹੀ ਹੋਣਾ ਚਾਹੀਦਾ ਹੈ। ਦਲੀਲ ਨਾਲ ਹੀ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਸਰਕਾਰੀ ਤਾਣੇ ਬਾਣੇ ਵਿੱਚ ਨੁਕਸ ਹੋਣ ਕਰਕੇ ਇਨਸਾਫ ਨਹੀਂ ਮਿਲਦਾ। ਇਨਸਾਫ਼ ਪ੍ਰਾਪਤ ਕਰਨ ਵਿੱਚ ਦੇਰੀ ਹੁੰਦੀ ਹੈ। ਕਰਜ਼ ਦਾ ਦੈਂਤ ਪਹਾੜ ਦੀ ਤਰ੍ਹਾਂ ਖੜ੍ਹਾ ਰਹਿੰਦਾ ਹੈ। ਜ਼ਬਰ, ਜ਼ੁਲਮ ਅਤੇ ਬੇਇਨਸਾਫ਼ੀ ਦਾ ਦੌਰ ਹੋਣ ਦਾ ਜ਼ਿੰਮੇਵਾਰ ਰੱਬ ਨੂੰ ਵੀ ਮੰਨਦਾ ਹੈ ਕਿਉਂਕਿ ਲੋਕ ਰੱਬ ਦੀ ਮਰਜ਼ੀ ਕਹਿ ਕੇ ਬਰਦਾਸ਼ਤ ਕਰ ਲੈਂਦੇ ਹਨ।
ਇਨਸਾਨ ਦੂਜੇ ਦੀ ਖ਼ੁਸ਼ਹਾਲੀ ਨੂੰ ਬਰਦਾਸ਼ਤ ਨਹੀਂ ਕਰਦਾ। ਸ਼ਾਇਰ ਸੇਵਾ ਮੁਕਤੀ ਨੂੰ ਜ਼ਿੰਦਗੀ ਦਾ ਆਨੰਦ ਲੈਣ ਦਾ ਸਮਾਂ ਕਹਿੰਦਾ ਹੈ। ਕੌੜੇ ਮਿੱਠੇ ਤਜ਼ਰਬੇ ਅਤੇ ਯਾਦਾਂ ਦਾ ਸਰਮਾਇਆ ਇਤਿਹਾਸ ਬਣਦੇ ਹਨ। ਇਨਸਾਨ ਨੂੰ ਆਪਣੇ ਕਿਰਦਾਰ ਉਚਾ ਰੱਖਣ ਦੀ ਤਾਕੀਦ ਕਰਦਾ ਹੈ। ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਜ਼ਰੂਰੀ ਹੁੰਦਾ ਹੈ। ਕਸਮਾ ਝੂਠ ਦਾ ਪੁਲੰਦਾ ਹੁੰਦੀਆਂ ਹਨ। ਝੂਠ ਨੂੰ ਸੱਚ ਸਾਬਤ ਕਰਨ ਲਈ ਕਸਮਾਂ ਖਾਧੀਆਂ ਜਾਂਦੀਆਂ ਹਨ। ਵਿਸ਼ਵਾਸ਼ ਨੂੰ ਕਸਮਾ ਦੀ ਲੋੜ ਨਹੀਂ। ਲੋਕ ਦੋਹਰੇ ਕਿਰਦਾਰ ਲਈ ਫਿਰਦੇ ਹਨ, ਅੰਦਰੋਂ ਬਾਹਰੋਂ ਇਕ ਨਹੀਂ ਹੁੰਦੇ। ਸਰਕਾਰੀਏ ਬੁੱਧੀਜੀਵੀ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਦੇ ਕਿਰਦਾਰ ਸ਼ੱਕੀ ਹੁੰਦੇ ਹਨ। ਸ਼ਾਇਰ ਦੋਹਰਾ ਕਿਰਦਾ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ-
ਚਿਹਰੇ ਭਾਵੇਂ ਗੋਰੇ ਚਿੱਟੇ, ਲੇਕਿਨ ਦਿਲ ਦੇ ਕਾਲੇ ਲੋਕ।
ਅੰਦਰੋਂ ਬੇਹੱਦ ਬੌਣੇ-ਹੀਣੇ, ਉਚੇ ਰੁਤਬੇ ਵਾਲੇ ਲੋਕ।
ਸ਼ਾਇਰ ਭਰਿਸ਼ਟਾਚਾਰ ਨੂੰ ਸਮਾਜ ਵਿੱਚ ਲੱਗੇ ਘੁਣ ਵਰਗਾ ਸਮਝਦਾ ਹੈ। ਲੋਕਾਂ ਨੂੰ ਭਰਿਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਦੀ ਤਾਕੀਦ ਕਰਦਾ ਲਾਚਾਰ ਜਾਂ ਗ਼ਾਫ਼ਲ ਕਵਿਾ ਵਿੱਚ ਕਹਿੰਦਾ ਹੈ-
ਭਿ੍ਰਸ਼ਟ ਬਣ ਜਾਣ ਧਨਵਾਨ, ਦੇਖਦਿਆਂ ਹੀ ਦੇਖਦਿਆਂ,
ਇਮਾਨਦਾਰ ਤਾਉਮਰ, ਬੱਸ ਥੁੜ੍ਹਾਂ ਹੀ ਜਰੇ।
ਬਚਨ ਸਿੰਘ ਗੁਰਮ ਨੂੰ ਪ੍ਰਕਿਰਤੀ ਦਾ ਸ਼ਾਇਰ ਵੀ ਕਿਹਾ ਜਾ ਸਕਦਾ ਹੈ। ਉਸ ਦੀਆਂ ਓਦੋਂ, ਗੱਲਾਂ ਵਰਗੇ ਖ਼ਤ, ਸਾਵਣ ਅਤੇ ਪਾਣੀ ਤੇ ਰੁੱਖ ਕਵਿਤਾਵਾਂ ਕੁਦਰਤ ਦੇ ਕਾਦਰ ਵੱਲੋਂ ਪ੍ਰਦੂਸ਼ਣ ਰਹਿਤ ਵਾਤਾਵਰਨ ਬਣਾਉਣ ਲਈ ਰੁੱਖਾਂ ਦੀ ਰੱਖਿਆ ਕਰਨ ਦੇ ਦਿੱਤੇ ਸੰਦੇਸ਼ ਦੀ ਪਾਲਣਾ ਕਰਨ ਲਈ ਉਹ ਲਿਖਦੇ ਹਨ-
Êਪੌਣਾਂ ਵਿੱਚ ਅਸੀਂ ਜ਼ਹਿਰ ਘੋਲਤਾ, ਗੰਧਲਾ ਕਰਤਾ ਪਾਣੀ,
ਅਸੀਂ ਬੇਕਦਰੇ ਲੋਕਾਂ ਨੇ ਕੁਦਰਤ ਦੀ ਕਦਰ ਨਾ ਜਾਣੀ।
Ñਲੋਕ ਲਾਲਚੀ ਹੋ ਗਏ ਹਨ। ਇਸ ਲਈ ਧੋਖੇ ਫਰੇਬ ਆਮ ਹੋ ਗਏ ਹਨ। ਵਿਖਾਵਾ ਤਾਂ ਕਰਦੇ ਹਨ ਕਿ ਸਾਨੂੰ ਦੋ ਵਕਤ ਦੀ ਰੋਟੀ ਹੀ ਚਾਹੀਦੀ ਹੈ ਪ੍ਰੰਤੂ ਸੰਤੁਸ਼ਟ ਨਹੀਂ ਹੁੁੰਦੇ ਇਸ ਕਰਕੇ ਸ਼ਾਇਰ ਲਿਖਦਾ ਹੈ-
ਕਹਿਣ ਨੂੰ ਤਾਂ ਸਭ ਨੂੰ ਦੋ ਵਕਤ ਦੀ ਰੋਟੀ ਚਾਹੀਦੀ ਹੈ,
ਆਮਦਨ ਪਰ ਸਭ ਨੂੰ ਬਹੁਤ ਮੋਟੀ ਚਾਹੀਦੀ ਹੈ।
ਇਸੇ ਤਰ੍ਹਾਂ ਬਚਨ ਸਿੰਘ ਗੁਰਮ ਨੇ ਇਨਸਾਨ ਨੂੰ ਆਪਣੇ ਅੰਦਰ ਝਾਤ ਮਾਰਕੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਨਸੀਹਤ ਦੇਣ ਲਈ ਕੁਝ ਕਵਿਤਾਵਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਆਦਮੀ, ਵਕਤ ਦਾ ਚਲਣ, ਮਸ਼ਵਰਾ, ਮਕਾਰੀ, ਹੋਂਦ ਅਣਹੋਂਦ, ਖ਼ੈਰ-ਖ਼ਾਹ, ਸ਼ਬਦਾਂ ਦੀ ਸਮਝ, ਸੁਆਰਥ ਦੇ ਝੱਖੜ, ਖ਼ੁਦਗਰਜ਼ੀਆਂ ਦੀ ਹਵਾ, ਅਜ਼ਾਬ, ਦੋਗਲਾਪਣ, ਸੰਵਾਦ, ਸ਼ਿਕਵਾ, ਸਵਾਰਥ ਦਾ ਫ਼ਲ, ਫੇਸ-ਬੁੱਕ ਅਤੇ ਯਾਦਾਂ ਸ਼ਾਮਲ ਹਨ।
118 ਪੰਨਿਆਂ, 220 ਰੁਪਏ ਕੀਮਤ, ਸੁੰਦਰ ਦਿੱਖ ਵਾਲਾ ਇਹ ਕਾਵਿ ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
‘ਡਾ.ਤੇਜਵੰਤ ਮਾਨ ਦੀ ਆਲੋਚਨਾ’ : ਪੁਸਤਕ ਲੋਕ ਪੱਖੀ ਦਸਤਾਵੇਜ਼ - ਉਜਾਗਰ ਸਿੰਘ
ਡਾ.ਤੇਜਵੰਤ ਮਾਨ ਬਹੁ-ਪੱਖੀ ਸਾਹਿਤਕਾਰ ਹੈ। ਡਾ.ਤੇਜਵੰਤ ਮਾਨ ਪ੍ਰਬੁੱਧ ਵਿਲੱਖਣ ਵਿਚਾਰਧਾਰਾ ਵਾਲਾ ਆਲੋਚਕ ਹੈ। ਡਾ.ਗੁਰਜੀਤ ਸਿੰਘ ਨੇ ਤੇਜਵੰਤ ਮਾਨ ਦੀ ਆਲੋਚਨਾ ਦੀ ਪ੍ਰਵਿਰਤੀ ਬਾਰੇ ‘ਡਾ.ਤੇਜਵੰਤ ਮਾਨ ਦੀ ਆਲੋਚਨਾ’ ਦੇ ਸਿਰਲੇਖ ਅਧੀਨ ਇਕ ਪੁਸਤਕ ਸੰਪਦਿਤ ਕੀਤੀ ਹੈ। ਇਸ ਪੁਸਤਕ ਵਿੱਚ ਵੱਖ-ਵੱਖ 70 ਵਿਦਵਾਨਾ ਦੇ ਉਨ੍ਹਾਂ ਦੀ ਆਲੋਚਨਾ ਬਾਰੇ ਲਿਖੇ ਲੇਖ ਅਤੇ ਚਿੱਠੀਆਂ ਸ਼ਾਮਲ ਕੀਤੀਆਂ ਹਨ। ਤੇਜਵੰਤ ਮਾਨ ਬਹੁ ਵਿਧਾਵੀ ਸਾਹਿਤਕਾਰ ਹੈ ਪ੍ਰੰਤੂ ਉਸ ਦੀ ਆਲੋਚਨਾ ਦੀ ਪ੍ਰਣਾਲੀ ਇਕ ਵੱਖਰੇ ਦਿ੍ਰਸ਼ਟੀਕੋਣ ਵਾਲੀ ਆਪਣੀ ਕਿਸਮ ਦੀ ਹੈ। ਉਹ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਲੋਕ ਪੱਖੀ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਪਰਖਦਾ ਹੈ। ਤੇਜਵੰਤ ਮਾਨ ਦੀ ਆਲੋਚਨਾ ਸਮਾਜਿਕ ਜਵਾਬਦੇਹੀ ਅਤੇ ਕਿ੍ਰਤੀ ਵਰਗ ਦੇ ਹਿਤਾਂ ਦੀ ਪਹਿਰੇਦਾਰੀ ਵਾਲੀ ਹੁੰਦੀ ਹੈ। ਸਾਹਿਤ ਨੂੰ ਉਹ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪਰਖਦਾ ਹੈ। ਉਸ ਦੀ ਆਲੋਚਨਾ ਪ੍ਰਣਾਲੀ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਮਿਹਨਤਕਸ਼ ਲੋਕਾਂ ਦਾ ਮੁੱਦਈ ਬਣਦਾ ਨਜ਼ਰ ਆਉਂਦਾ ਹੈ। ਉਸ ਨੇ ਆਲੋਚਨਾ ਨੂੰ ਅਕਾਦਮਿਕ ਖੇਤਰ ਦੀ ਚਾਰਦੀਵਾਰੀ ਚੋਂ ਬਾਹਰ ਕੱਢਕੇ ਸਾਹਿਤ ਸਭਾਵਾਂ ਦੇ ਸਮਾਗਮਾ ਵਿੱਚ ਲਿਆਂਦਾ ਹੈ। ਪਿਛਲੇ ਚਾਲੀ ਸਾਲਾਂ ਤੋਂ ਉਹ ਪ੍ਰਤੀਬੱਧਤਾ ਨਾਲ ਸਾਹਿਤ ਦੀ ਸਿਰਜਣਾ ਕਰ ਰਿਹਾ ਹੈ। ਉਹ ਸਮਰੱਥ ਚਿੰਤਕ ਹੈ ਤੇ ਸਾਰਥਿਕ ਪੜਚੋਲ ਕਰਨ ਦਾ ਆਦੀ ਹੈ। ਡਾ.ਤਜਵੰਤ ਮਾਨ ਆਲੋਚਨਾ ਕਰਦੇ ਸਮੇਂ ਸਿਧਾਂਤਕ ਤੇ ਨੈਤਿਕ ਪੱਖਾਂ ਦੀ ਤਰਜਮਾਨੀ ਕਰਦਾ ਹੈ। ਉਸ ਦੀ ਆਲੋਚਨਾ ਉਲਾਰ ਨਹੀਂ ਹੁੰਦੀ ਪ੍ਰੰਤੂ ਆਪਣੀ ਗੱਲ ਕਹਿਣ ਤੋਂ ਨਾ ਝਿਜਕਦਾ ਅਤੇ ਨਾ ਹੀ ਕਿਸੇ ਨਜ਼ਦੀਕੀ ਨੂੰ ਬਖ਼ਸ਼ਦਾ ਹੈ। ਦਬੰਗ ਕਿਸਮ ਦਾ ਸਮਾਜਿਕ ਸਰੋਕਾਰਾਂ ‘ਤੇ ਪਹਿਰਾ ਦੇਣ ਵਾਲਾ ਆਲੋਚਕ ਹੈ। ਠੋਸ ਤੇ ਸਾਰਥਿਕ ਪ੍ਰਗਤੀਵਾਦੀ ਸੋਚ ਅਨੁਸਾਰ ਲੋਕ ਪੱਖੀ ਆਲੋਚਨਾ ਨੂੰ ਪਹਿਲ ਦਿੰਦਾ ਹੈ। ਉਸ ਦੇ ‘ਪ੍ਰਸ਼ਨ ਚਿੰਨ੍ਹ’ ਲੇਖ ਸੰਗ੍ਰਹਿ ਵਿੱਚ 14 ਲੇਖ ਹਨ, ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ 7 ਵਿਦਵਾਨਾ ਨੇ ਲਿਖਿਆ ਹੈ। ਵਿਦਵਾਨਾ ਦੇ ਡਾ.ਤੇਜਵੰਤ ਮਾਨ ਬਾਰੇ ਵੀ ਵੱਖਰੇ-ਵੱਖਰੇ ਵਿਚਾਰ ਹਨ। ਵਿਦਵਾਨ ਲਿਖਦੇ ਹਨ ਕਿ ਉਹ ਸਮਾਜਿਕ ਸ਼੍ਰੇਣੀ ਸੰਘਰਸ਼ ਦੇ ਹੋਂਦ ਆਧਾਰ, ਵਿਚਰਨ ਪ੍ਰਾਕਿ੍ਰਤੀ ਅਤੇ ਵਿਕਾਸ ਮਾਰਗ ਤੋਂ ਸੁਚੇਤ ਹੈ, ਇਸੇ ਸਮਾਜਿਕ-ਚੇਤਨਾ ਉਤੇ ਹੀ ਅਧਾਰਤ ਉਸ ਦੇ ਸਾਹਿਤਕ ਮਾਪ ਦੰਡ ਹਨ। ਸਾਹਿਤ ਵਿੱਚ ਪ੍ਰਤੀਕਾਤਮਿਕਤਾ ਹੋਣੀ ਜ਼ਰੂਰੀ ਹੈ। ਸ.ਪ.ਸਿੰਘ ਇਸ ਲੇਖ ਸੰਗ੍ਰਹਿ ਨੂੰ ਆਲੋਚਨਾ ਦੀ ਮਾਣਤਾ ਨਹੀਂ ਦਿੰਦਾ। ਜਸਪਾਲ ਸਿੰਘ ਇਸ ਸੰਗ੍ਰਹਿ ਦੀ ਆਲੋਚਨਾ ਨੂੰ ਸ.ਪ.ਸਿੰਘ ਵਰਗਿਆਂ ਬੁੱਧੀਜੀਵੀਆਂ ਲਈ ਚੁਣੌਤੀ ਕਹਿੰਦਾ ਹੈ। ਪ੍ਰੋ.ਪ੍ਰੀਤਮ ਸੈਨੀ ਲਿਖਦੇ ਹਨ ਕਿ ਲੇਖਕ ਨੇ ਆਲੋਚਨਾ ਦੇ ਸਿਧਾਂਤਕ ਅਤੇ ਅਸਭਿਆਸਤਮਿਕ ਦੋਵੇਂ ਪੱਖ ਪੇਸ਼ ਕੀਤੇ ਹਨ। ਗੁਰਮੇਲ ਮਡਾਹੜ ਅਨੁਸਾਰ ਡਾ.ਮਾਨ ਨੇ ਨਿਰਪੱਖ, ਨਿਡਰ ਅਤੇ ਨਿਰਵੈਰਤਾ ਨਾਲ ਆਲੋਚਨਾ ਕੀਤੀ ਹੈ। ਟੀ.ਆਰ.ਵਿਨੋਦ ਕਹਿੰਦੇ ਹਨ ਕਿ ਡਾ.ਮਾਨ ਨੇ ਆਲੋਚਨਾ ਲਈ ਮਾਰਕਸੀ ਦਰਸ਼ਨ ਨੂੰ ਆਧਾਰ ਬਣਾਇਆ ਹੈ। ਅਵਤਾਰ ਜੌੜਾ ਲਿਖਦੇ ਹਨ ਤੇਜਵੰਤ ਮਾਨ ਪ੍ਰਤੀਬਧ ਲੇਖਕ ਹੈ, ਉਸ ਦੀ ਪ੍ਰਤੀਬਧਤਾ ਸਰਾਪੀ ਸ਼੍ਰੇਣੀ ਨਾਲ ਹੈ। ਮਾਰਕਸਵਾਦੀ, ਸਮਾਜਵਾਦੀ, ਯਥਾਰਥ-ਵਾਦੀ ਦਿ੍ਰਸ਼ਟੀ ਪ੍ਰਤੀ ਉਹ ਬਹੁਤ ਕੱਟੜ ਹੈ। ‘ਪ੍ਰਸੰਗਤਾ’ ਪੁਸਤਕ ਬਾਰੇ ਜੋਗਿੰਦਰ ਨਿਰਾਲਾ ਕਹਿੰਦੇ ਹਨ, ਡਾ.ਤੇਜਵੰਤ ਮਾਨ ਦੀ ਵਿਚਾਰਧਾਰਾ ਦਾ ਆਧਾਰ ਮਾਰਕਸਵਾਦੀ ਸਮਾਜਵਾਦੀ ਯਥਾਰਥ ਵਾਦ ਹੈ। ‘ਸਹਿਮਤੀ’ ਪੁਸਤਕ ਬਾਰੇ 8 ਬੁੱਧੀਜੀਵੀਆਂ ਦੇ ਲੇਖ ਹਨ। ਨਿਰੰਜਣ ਤਸਨੀਮ ਲਿਖਦਾ ਹੈ ਕਿ ਉਹ ਤੇਜਵੰਤ ਮਾਨ ਦੀ ਵਿਦਵਤਾ ਦਾ ਕਾਇਲ ਹੈ। ਨਿਰਮਲਜੀਤ ਕੌਰ ਸਿੱਧੂ ਲਿਖਦੀ ਹੈ ਕਿ ਸਾਹਿਤ ਦੇ ਉਸਾਰੂ ਪੱਖ ‘ਤੇ ਚੰਗੀ ਰੌਸ਼ਨੀ ਪਾਈ ਹੈ। ਸੁਰਬਜੀਤ ਸਿੰਘ ਕਹਿੰਦਾ ਕਿ ਉਹ ਮਾਨ ਦੀਆਂ ਬਹੁਤੀਆਂ ਧਾਰਨਾਵਾਂ ਨਾਲ ਸਹਿਮਤ ਹੈ। ਡਾ.ਐਚ.ਐਸ.ਬੇਦੀ ਠੁਕਦਾਰ ਕੰਮ ਕਹਿੰਦਾ ਹੈ। ਕਰਮਜੀਤ ਜੋਗਾ ਡਾ.ਮਾਨ ਦੀ ਆਲੋਚਨਾ ਸ਼ੈਲੀ ਨੂੰ ਵਿਲੱਖਣ ਕਹਿੰਦਾ ਹੈ। ‘ਉਦੇਸ਼’ ਪੁਸਤਕ ਵਿੱਚ 16 ਨਿਬੰਧ ਪੰਜ ਸਿਰਜਨਾਵਾਂ ਅਤੇ ਪੰਜ ਚਿੱਠੀਆਂ ਹਨ, ਉਸ ਪੁਸਤਕ ਬਾਰੇ ਤਿੰਨ ਵਿਦਵਾਨਾ ਦੇ ਲੇਖ ਹਨ। ਡਾ.ਸਤਨਾਮ ਸਿੰਘ ਜੱਸਲ ਡਾ.ਮਾਨ ਦੇ ਵਿਸ਼ਲੇਸ਼ਣ ਨੂੰ ਦੀਰਘ, ਤਰਕਭਾਵੀ, ਲੋਕ-ਮੁਖੀ ਅਤੇ ਮਾਨਵ ਹਿਤੈਸ਼ੀ ਕਹਿੰਦਾ ਹੈ। ਡਾ.ਧਰਮ ਚੰਦ ਵਾਤਿਸ਼ ਪੁਸਤਕ ਨੂੰ ਪ੍ਰਸੰਸਾਮੁਖੀ ਮੁੱਖਬੰਦੀ ਗੁਣ ਰੱਖਣ ਕਾਰਨ ਦਸਤਾਵੇਜ਼ੀ ਹੋ ਨਿਬੜੀ ਕਹਿੰਦਾ ਹੈ। ਕਿਰਪਾਲ ਕਜ਼ਾਕ ਅਨੁਸਾਰ ਡਾ.ਮਾਨ ਸਾਹਿਤ ਪ੍ਰਤੀ ਸਿਧਾਂਤਕ ਸੂਝ, ਸਪੱਸ਼ਟਤਾ ਅਤੇ ਪੈਨੀ ਦਿ੍ਰਸ਼ਟੀ ਦਾ ਮਾਲਕ ਹੈ। ‘ਹਰਫ਼-ਬ-ਹਰਫ਼’ ਪੁਸਤਕ ਵਿੱਚ 99 ਪੱਤਰ ਸ਼ਾਮਲ ਕੀਤੇ ਗਏ ਹਨ। ਡਾ.ਤੇਜਵੰਤ ਮਾਨ ਨੇ ਆਲੋਚਨਾ ਦੀ ਨਵੀਂ ਵਿਧੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਅਤੇ ਉਨ੍ਹਾਂ ਨੂੰ ਆਏ ਆਲੋਚਨਾਤਮਿਕ ਖਤ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਬਾਰੇ ਪੰਜ ਬੁੱਧੀਵੀਆਂ ਦੇ ਲੇਖ ਹਨ। ਪਹਿਲਾ ਲੇਖ ਡਾ.ਮਧੂਬਾਲਾ ਦਾ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਸਤਿਕਾਰ, ਪਿਆਰ, ਮਨੁਹਾਰ ਅਤੇ ਕਰਾਰ ਭਰੇ ਖਤਾਂ ਦੇ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਵਿੱਚ ਨਵੀਂ ਵੱਖਰੀ ਅਤੇ ਮੌਲਿਕ ਵਿਧਾ ਦਾ ਆਰੰਭ ਹੋਇਆ ਹੈ। ਬਿਕਰ ਸਿੰਘ ਆਜ਼ਾਦ ਇਸ ਸੰਗ੍ਰਹਿ ਦਾ ਸਵਾਗਤ ਤਾਂ ਕਰਦੇ ਹਨ ਪ੍ਰੰਤੂ ਮਾਮੂਲੀ ਗ਼ਲਤੀਆਂ ਕੱਢਦੇ ਹਨ। ਅਦਬੀ ਮਹਿਕ ਦੇ ਸੰਪਾਦਕ ਨੇ ਲਿਖਿਆ ਹੈ ਇਹ ਪੁਸਤਕ ਪੰਜਾਬੀ ਸਾਹਿਤ ਦਾ ਅਮੁਲ ਦਸਤਾਵੇਜ਼ ਹੈ। ਸਰਬਜੀਤ ਸਿੰਘ ਕਹਿੰਦਾ ਹੈ ਇਨ੍ਹਾਂ ਖਤਾਂ ਤੋਂ ਪੰਜਾਬੀ ਲੇਖਕਾਂ ਦੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ। ਅਭੈ ਸਿੰਘ ਕਿਸ ਸਵਾਲ ਦੇ ਜਵਾਬ ਵਿੱਚ ਇਹ ਖਤ ਲਿਖੇ ਗਏ ਹਨ ਦੱਸਣਾ ਬਣਦਾ ਸੀ। ‘ਮੁੱਖ ਬੰਦ’ ਪੁਸਤਕ ਵਿੱਚ ਡਾ.ਤੇਜਵੰਤ ਮਾਨ ਵੱਲੋਂ ਲਿਖੇ ਗਏ ਵੱਖ-ਵੱਖ ਪੁਸਤਕਾਂ ਦੇ ਲਿਖੇ ਮੁੱਖ ਬੰਦ ਇਕੱਠੇ ਕਰਕੇ ਡਾ.ਸਤਿੰਦਰ ਕੌਰ ਮਾਨ ਵੱਲੋਂ ਸੰਪਾਦਤ ਕੀਤੀ ਪੁਸਤਕ ਹੈ। ਇਸ ਪੁਸਤਕ ਬਾਰੇ ਪੰਜ ਲੇਖਕਾਂ ਦੇ ਵਿਚਾਰ ਹਨ। ਪ੍ਰੇਮ ਗੋਰਖੀ, ਲਾਭ ਸਿੰਘ ਖੀਵਾ, ਪ੍ਰੀਤਮ ਸਿੰਘ, ਦਰਸ਼ਨ ਸਿੰਘ ਪ੍ਰੀਤੀਮਾਨ ਅਤੇ ਲਾਲ ਸਿੰਘ ਦਸੂਹਾ ਨੇ ਸ਼ਲਾਘਾ ਕੀਤੀ ਹੈ। ‘ਅਨੁਸਰਨ’ ਬਾਰੇ 6 ਵਿਦਵਾਨਾ ਦੇ ਲੇਖ ਹਨ। ਨਿਰੰਜਣ ਬੋਹਾ ਨੇ ਲਿਖਿਆ ਹੈ ਮਨੁੱਖੀ ਜੀਵਨ ਤੇ ਇਸ ਦੀ ਵਿਆਖਿਆ ਕਰਨ ਵਾਲੀ ਸਾਹਿਤਕ ਦਿ੍ਰਸ਼ਟੀ ਨੂੰ ਵਿਗਿਆਨਕ ਤੇ ਬਾਹਰਮੁੱਖੀ ਅਰਥ ਪ੍ਰਦਾਨ ਕਰਨ ਦੀ ਚੇਤੰਨ ਕੋਸ਼ਿਸ਼ ਹੈ। ਨਰੇਸ਼ ਕੋਹਲੀ ਡਾ. ਮਾਨ ਦੇ ਚਿੰਤਨ ਦੀਆਂ ਬਾਰੀਕੀਆਂ ਦੀ ਪ੍ਰਸੰਸਾ ਕਰਦਾ ਲਿਖਦਾ ਹੈ ‘ਆਲੋਚਨਾ ਵਿੱਚ ਤੁਸੀਂ ਮੁਸਤਨਿਦ ਵਿਦਵਾਨ ਹੋ’। ਅਸ਼ਵਨੀ ਗੁਪਤਾ ਅਨੁਸਰਨ ਸੋਚ ਨੂੰ ਨਵਾਂ ਹੁਲਾਰਾ ਦਿੰਦੀ ਹੈ। ਮਧੂ ਬਾਲਾ ਡਾ.ਅਨੁਸਰਨ ਦਾ ਅਧਿਐਨ ਕਰਨ ਨਾਲ ਮਨ ਨੂੰ ਤਸੱਲੀ ਹੋਈ। ਹਰਭਜਨ ਸਿੰਘ ਭਾਟੀਆ ਜਿਥੇ ਪੰਜਾਬੀ ਬੋਲੀ ਦੀ ਲੋਕਧਾਰਾਈ ਪਹਿਚਾਣ ਬਾਰੇ ਅਤੇ ਇਸ ਦੇ ਵਿਗਾੜ ਬਾਰੇ ਪ੍ਰਤੀਬਧਤਾ ਦੀ ਪ੍ਰਸੰਸਾ ਕਰਦਾ ਹੈ, ਉਥੇ ਹੀ ਪੁਸਤਕ ਦੇ ਨਾਂ ਤੇ ਕਿੰਤੂ ਪ੍ਰੰਤੂ ਕਰਦਾ ਹੈ। ‘ਲੋਕ-ਉਕਤੀ’ ਆਲੋਚਨਾ ਨਿਬੰਧਾਂ ਦੀ ਪੁਸਤਕ ਹੈ, ਜਸਵਿੰਦਰ ਕੌਰ ਬਿੰਦਰਾ ਅਨੁਸਾਰ ਇਸ ਪੁਸਤਕ ਵਿੱਚ ਸਖ਼ਸ਼ੀਅਤਾਂ ਤੇ ਨਿੱਜੀ ਅਨੁਭਵ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਤੇ ਹੋਰ ਆਲੋਚਨਾਤਮਿਕ ਨਿਬੰਧ ਸ਼ਾਮਲ ਹਨ। ਭਗਤ ਰਾਮ ਸ਼ਰਮਾ ਕਹਿੰਦੇ ਹਨ, ਡਾ.ਮਾਨ ਦੀ ਬੇਬਾਕ ਆਲੋਚਨਾ ਨੇ ਉਸ ਦੀ ਆਲੋਚਨਾ ਦੇ ਖੇਤਰ ਵਿੱਚ ਵੱਖਰੀ ਪਛਾਣ ਨਿਰਧਾਰਤ ਕਰ ਦਿੱਤੀ ਹੈ। ਨਿਰਮਲਜੀਤ ਕੌਰ ਜੋਸਨ ਲਿਖਦੇ ਹਨ ਕਿ ਇਸ ਪੁਸਤਕ ਵਿੱਚੋਂ ਬੇਬਾਕੀ, ਪ੍ਰੋੜ੍ਹਤਾ, ਮੌਲਿਕਤਾ, ਨਵੀਨਤਾ ਅਤੇ ਵਿਗਿਆਨਕ ਆਲੋਨਾਤਮਿਕ ਦਿ੍ਰਸ਼ਟੀ ਦੇ ਝਲਕਾਰੇ ਮਿਲਦੇ ਹਨ। ਪਰਵੇਸ਼ ਪੁਸਤਕ ਬਾਰੇ ਧਰਮਪਾਲ ਸਾਹਿਲ ਕਹਿੰਦੇ ਹਨ ਕਿ ਲੇਖਕਾਂ, ਖੋਜੀਆਂ ਅਤੇ ਆਲੋਚਕਾਂ ਲਈ ਇਕ ਮਹੱਤਵਪੂਰਨ ਸਾਂਭਣਯੋਗ ਦਸਤਾਵੇਜ਼ ਹੈ। ਜਗਿਆਸਾ ਪੁਸਤਕ ਬਾਰੇ ਚਾਰ ਲੇਖਕਾਂ ਦੇ ਲੇਖ ਹਨ ਜਿਨ੍ਹਾਂ ਵਿੱਚੋਂ ਤੇਜਾ ਸਿੰਘ ਤਿਲਕ ਆਲੋਚਨਾ ਦੀ ਥਾਂ ਡਾਇਰੀ ਦਾ ਹੀ ਇਕ ਰੂਪ ਕਹਿੰਦਾ ਹੈ ਪ੍ਰੰਤੂ ਜਗਿਆਸਾ ਪੁਸਤਕ ਪੜ੍ਹਨਯੋਗ ਤੇ ਸਾਹਿਤ ਦੀ ਆਲੋਚਨਾਂ ਬਾਰੇ ਕੁਝ ਨਵੀਂਆਂ ਗੱਲਾਂ ਜਾਣਨਯੋਗ ਹਨ। ਅਰਵਿੰਦਰ ਕੌਰ ਕਾਕੜਾ ਅਨੁਸਾਰ ਉਸ ਨੂੰ ਪ੍ਰਗਤੀਵਾਦੀ ਸਾਹਿਤ ਪ੍ਰਤੀ ਚਿਣਗ ਮਾਨ ਦੇ ਵਿਚਾਰਾਂ ਤੋਂ ਜਾਗੀ ਹੈ। ਗੁਰਦੇਵ ਸਿੰਘ ਸਿੱਧੂ ਡਾ.ਮਾਨ ਦੀ ਆਲੋਚਨਾ ਦੀ ਸੁਰ ਸਮਰਪਣ ਅਤੇ ਕਾਵਿ-ਸੰਪਾਦਕੀ ਵਿੱਚੋਂ ਦਿ੍ਰਸ਼ਟੀਗੋਚਰ ਹੋ ਜਾਂਦੀ ਹੈ। ਅਭੈ ਸਿੰਘ ਜਗਿਆਸਾ ਦੇ ਨਿਬੰਧਾਂ ਤੋਂ ਸੰਤੁਸ਼ਟ ਨਹੀਂ ਲਗਦਾ। ‘ਸ਼ਬਦ ਸ਼ਕਤੀ’ ਵੀਨਾ ਅਰੋੜਾ ਡਾ.ਮਾਨ ਦੀ ਆਲੋਚਨਾ ਨੂੰ ਨਿਰਪੱਖ ਕਹਿੰਦੀ ਹੈ। ਜੰਗ ਬਹਾਦਰ ਸਿੰਘ ਘੁੰਮਣ ਅਨੁਸਾਰ ਇਹ ਪੁਸਤਕ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੇਗੀ। ਗੁਰਬਚਨ ਸਿੰਘ ਭੁੱਲਰ ਲਿਖਦੇ ਹਨ ਕਿ ਡਾ.ਮਾਨ ਪੰਜਾਬੀ ਆਲੋਚਨਾਂ ਵਿੱਚ ਹੋ ਰਹੀਆਂ ਭਾਂਤ ਭਾਂਤ ਦੀਆਂ ਊਲ-ਜਲੂਲੀਆਂ ਦੇ ਝੱਖੜਾਂ ਵਿੱਚ ਨਿਰੰਤਰ ਲੋਕ ਹਿਤੈਸ਼ੀ ਸਿਧਾਂਤਕ-ਵਿਚਾਰਧਾਰਕ ਪੈਂਤਰੇ ਉਤੇ ਅਡੋਲ ਚਲ ਰਿਹਾ ਹੈ। ‘ਬੰਦ ਗਲੀ ਦੀ ਸਿਆਸਤ’ ਬਾਰੇ ਬਿਕਰਮਜੀਤ ਨੂਰ ਸਭਿਅਚਾਰ, ਰਾਜਸੀ, ਸਾਹਿਤਕ, ਭਾਸ਼ਾਈ ਤੇ ਵਿਦਿਅਕ ਪ੍ਰਣਾਲੀ ਨਾਲ ਸੰਬੰਧਤ ਮਸਲਿਆਂ ਨੂੰ ਬਾਦਲੀਲ ਵਿਚਾਰ ਕੇ ਦਸਤਾਵੇਜ਼ ਵਜੋਂ ਸਾਂਭ ਲਿਆ ਹੈ। ‘ਕਾਗਦਿ ਕੀਮ ਨਾ ਪਾਈ’ ਕਿਤਾਬ ਬਾਰੇ ਹਾਕਮ ਸਿੰਘ ਨੂਰ ਅਤੇ ਭਗਤ ਰਾਮ ਸ਼ਰਮਾ ਨੇ ਪ੍ਰਸੰਸਾ ਕਰਦਿਆਂ ਦਲੇਰੀ ਵਾਲਾ ਇਤਿਹਾਸਕ ਕੰਮ ਕਿਹਾ ਹੈ। ‘ਪਾਠ ਆਨੰਦ’ ਪੁਸਤਕ ਨੂੰ ਬਚਨ ਸਿੰਘ ਗੁਰਮ, ਸੁਖਦੇਵ ਸਿੰਘ ਮਾਨ ਅਤੇ ਜਗਦੀਸ਼ ਰਾਏ ਕੁਲਰੀਆਂ ਆਲੋਚਨਾਤਮਕ ਹੋਣ ਦੇ ਨਾਲ ਗਿਆਨ ਭਰਪੂਰ ਕਹਿੰਦੇ ਹਨ। ‘ਰੀਵਿਊਕਾਰੀ’ ਪੁਸਤਕ ਬਾਰੇ ਮੋਹਨ ਲਾਲ ਫਿਲੌਰੀਆ ਬਨਾਰਸ ਅਤੇ ਲਾਭ ਸਿੰਘ ਖੀਵਾ ਡਾ.ਮਾਨ ਦੀ ਨਿਰਪੱਖ ਤੇ ਨਿਆਂ ਸੰਗਤ ਪਹੁੰਚ ਦੀ ਪ੍ਰਸੰਸਾ ਕਰਦੇ ਹਨ। ‘ਅਰਥ’ ਪੁਸਤਕ ਬਾਰੇ ਸੁਦਰਸ਼ਨ ਗਾਸੋ ਕਹਿੰਦਾ ਹੈ ਕਿ ਇਹ ਪੁਸਤਕ ਇਤਿਹਾਸਕ ਮੁੱਲ ਅਤੇ ਮਹੱਤਵ ਵਾਲੀ ਹੈ। ਗੁਰਬਚਨ ਸਿੰਘ ਭੁੱਲਰ ਇਸ ਪੁਸਤਕ ਨੂੰ ਡਾ.ਮਾਨ ਦੀ ਨਿਧੜਕ ਆਲੋਚਨਾ ਦਾ ਦਸਤਾਵੇਜ਼ ਕਹਿੰਦੇ ਹਨ। ਗੁਰਦਿਆਲ ਸਿੰਘ ਤੇਜਵੰਤ ਮਾਨ ਨੂੰ ਕਿਸੇ ਲੇਖਕ ਦੀ ਆਪਣੀ ਮਰਜ਼ੀ ਨਾਲ ਆਲੋਚਨਾ ਕਰਨ ਤੋਂ ਵਰਜ਼ਦਾ ਨਹੀਂ ਪ੍ਰੰਤੂ ਉਸ ਨੂੰ ਨਿੱਜੀ ਸਲਾਹ ਦੇਣ ‘ਤੇ ਕਿੰਤੂ ਪ੍ਰੰਤੂ ਕਰਦਾ ਹੈ। ਡਾ.ਤੇਜਵੰਤ ਮਾਨ ਆਲੋਚਨਾ ਕਰਨ ਸਮੇਂ ਬੇਬਾਕੀ ਤੇ ਧੜੱਲੇ ਨਾਲ ਆਪਣੀ ਗੱਲ ਕਹਿੰਦਾ ਹੈ ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ। ਅਜਮੇਰ ਔਲਖ ਲਿਖਦਾ ਹੈ ਤੇਜਵੰਤ ਮਾਨ ਗੁਰਦਿਆਲ ਸਿੰਘ ਦੇ ਨਾਵਲਾਂ ਦੀ ਵਿਗਿਆਨਕ ਪੜਤਾਲ ਕਰਨ ਦੀ ਥਾਂ ਉਹ ਆਪਣੀ ਧਾਰਨਾ ਜਾਂ ਵਿਸ਼ਵਾਸ ਦਸਣ ਲਈ ਕਾਹਲਾ ਜਾਪਦਾ ਹੈ। ਇਸ ਤੋਂ ਇਲਾਵਾ ਹੋਰ ਦਰਜਨਾ ਵਿਦਵਾਨਾ ਨੇ ਆਪਣੇ ਵਿਚਾਰ ਲਿਖੇ ਹਨ।
395 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪਟਿਆਲਾ ਦਾ ਨਾਮ ਰੌਸ਼ਨ ਕਰਨ ਵਾਲੇ ਆਈ.ਏ.ਐਸ. ਅਧਿਕਾਰੀ - ਉਜਾਗਰ ਸਿੰਘ
ਪਟਿਆਲਾ ਨੂੰ ਮਾਣ ਜਾਂਦਾ ਹੈ ਕਿ ਵਿਦਿਆ ਦਾ ਮੁੱਖ ਕੇਂਦਰ ਹੋਣ ਕਰਕੇ ਇਥੋਂ ਦੇ ਵਸਿੰਦੇ ਪੰਜਾਬ ਵਿੱਚ ਵਧੇਰੇ ਆਈ.ਏ.ਐਸ.ਅਧਿਕਾਰੀ ਹੋਏ ਹਨ। ਵੈਸੇ ਪੰਜਾਬ ਵਿੱਚੋਂ ਹੁਸ਼ਿਆਰਪੁਰ ਦਾ ਨਾਂ ਪਹਿਲੇ ਨੰਬਰ ‘ਤੇ ਆਉਂਦਾ ਹੈ ਪ੍ਰੰਤੂ ਪਟਿਆਲਾ ਦੇ ਰਹਿਣ ਵਾਲੇ ਮੁੱਖ ਸਕੱਤਰ ਡਿਪਟੀ ਕਮਿਸ਼ਨਰ ਦੇ ਮਹੱਤਵਪੂਰਨ ਅਹੁਦਿਆਂ ‘ਤੇ ਵਧੇਰੇ ਮਾਤਰਾ ਵਿੱਚ ਰਹੇ ਹਨ। ਕਹਿਣ ਤੋਂ ਭਾਵ ਪੰਜਾਬ ਦੇ ਵਿਕਾਸ ਵਿੱਚ ਪਟਿਆਲਾ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਸਮੁੱਚੇ ਵਿਕਾਸ ਦੀ ਨਿਗਰਾਨੀ ਕਰਨ ਦਾ ਜ਼ਿੰਮੇਵਾਰ ਹੁੰਦਾ ਹੈ। ਸਕੱਤਰ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਅਤੇ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੱਖੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਦਾ ਹੈ। ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਰਹੇ ਪਟਿਆਲਾ ਦੇ 5 ਮੁੱਖ
ਸਕੱਤਰ /ਵਧੀਕ/ਸ਼ਪੈਸ਼ਲ ਮੁੱਖ ਸਕੱਤਰ ਤੇ ਦੋ ਦਰਜਨ ਦੇ ਲਗਪਗ ਮਰਦ ਡਿਪਟੀ ਕਮਿਸ਼ਨਰਾਂ ਵਿੱਚ ਅਨੁਰਿਧ ਤਿਵਾੜੀ, ਅਨੁਰਾਗ ਵਰਮਾ, ਕਰਨਵੀਰ ਸਿੰਘ ਸਿੱਧੂ, ਕਾਹਨ ਸਿੰਘ ਪੰਨੂੰ, ਵਿਕਾਸ ਪ੍ਰਤਾਪ, ਕੁਲਵੀਰ ਸਿੰਘ ਕੰਗ, ਹਰਕੇਸ਼ ਸਿੰਘ ਸਿੱਧੂ, ਐਸ.ਕੇ.ਆਹਲੂਵਾਲੀਆ, ਮਨਜੀਤ ਸਿੰਘ ਨਾਰੰਗ, ਮਹਿੰਦਰ ਸਿੰਘ ਕੈਂਥ, ਸ਼ਿਵਦੁਲਾਰ ਸਿੰਘ ਢਿਲੋਂ, ਅੰਮਿ੍ਰਤਪਾਲ ਸਿੰਘ ਵਿਰਕ, ਗੁਰਪਾਲ ਸਿੰਘ ਚਾਹਲ, ਜਸਕਿਰਨ ਸਿੰਘ, ਗੁਰਮੇਲ ਸਿੰਘ ਬੈਂਸ, ਅਮਰਜੀਤ ਸਿੰਘ ਸਿੱਧੂ, ਧਰਮਪਾਲ ਗੁਪਤਾ, ਸੁਰੇਸ਼ ਸ਼ਰਮਾ, ਵਰਿੰਦਰ ਸ਼ਰਮਾ, ਅਸ਼ੋਕ ਸਿੰਗਲਾ ਅਤੇ ਰਾਜੇਸ਼ ਧੀਮਾਨ ਹਨ। ਅਨੁਰਿਧ ਤਿਵਾੜੀ ਪੰਜਾਬ ਦੇ ਮੁੱਖ ਸਕੱਤਰ ਰਹੇ ਹਨ। ਉਹ ਬਹੁਤ ਹੀ ਮਹੱਤਵਪੂਰਨ ਵਿਭਾਗਾਂ ਦੇ ਮੁਖੀ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਉਹ ਪਟਿਆਲਾ ਹੀ ਪੜ੍ਹੇ ਹਨ ਅਤੇ ਇੰਜਿਨੀਅਰਿੰਗ ਦੀ ਡਿਗਰੀ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ ਤੋਂ ਕਰਕੇ ਇਕਨਾਮਿਕਸ ਵਿੱਚ ਮਾਸਟਰ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਨ੍ਹਾਂ ਮਾਸਟਰ ਡਿਗਰੀ ਇਨ ਇੰਟਰਨੈਸ਼ਨਲ ਡਿਵੈਲਪਮੈਂਟ ਪਾਲਿਸੀ ਡਿਊਕ ਯੂਨੀਵਰਸਿਟੀ ਤੋਂ ਪਾਸ ਕੀਤੀ। ਉਹ 1990 ਬੈਚ ਦੇ ਆਈ.ਏ.ਐਸ.ਅਧਿਕਾਰੀ ਹਨ। ਅਨੁਰਾਗ ਵਰਮਾ ਵਰਤਮਾਨ ਪੰਜਾਬ ਦੇ ਮੁੱਖ ਸਕੱਤਰ ਜੋ ਤਿੰਨ ਜਿਲਿ੍ਹਆਂ ਬਠਿੰਡਾ, ਲੁਧਿਆਣਾ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਰਹੇ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਦੇ ਵਿਤ ਕਮਿਸ਼ਨਰ ਹੁੰਦਿਆਂ ਖੇਤੀਬਾੜੀ ਦੇ ਲੈਂਡ ਰਿਕਾਰਡ ਦਾ ਕੰਪਿਊਟਰੀਕਰਨ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਪੰਜਾਬ ਦੇ 1000 ਪਿੰਡਾਂ ਵਿੱਚ ਪਲੇਅ ਗਰਾਊਂਡ ਅਤੇ ਪਾਰਕ ਬਣਵਾਏ। ਉਨ੍ਹਾਂ ਦਾ ਪਰਿਵਾਰ ਵਿਦਿਅਕ ਮਾਹਿਰਾਂ ਦਾ ਪਰਿਵਾਰ ਗਿਣਿਆਂ ਜਾਂਦਾ ਹੈ। ਅਨੁਰਾਗ ਵਰਮਾ ਦਾ ਪਿੰਡ ਚਲੈਲਾ ਪਟਿਆਲਾ ਜਿਲ੍ਹੇ ਵਿੱਚ ਹੈ। ਉਨ੍ਹਾਂ ਦੇ ਪਿਤਾ ਪ੍ਰੋ.ਬੀ.ਸੀ.ਵਰਮਾ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ ਮਾਤਾ ਪਿ੍ਰੰਸੀਪਲ ਕੌਸ਼ਲਿਆ ਵਰਮਾ ਉਪ ਜਿਲ੍ਹਾ ਸਿਖਿਆ ਅਧਿਕਾਰੀ ਸੇਵਾ ਮੁਕਤ ਹੋਏ ਹਨ। ਅਨੁਰਾਗ ਵਰਮਾ ਨੇ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ ਤੋਂ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਵਿੱਚ ਡਿਗਰੀ ਕੀਤੀ ਹੈ। ਉਹ ਗੋਲਡ ਮੈਡਲਿਸਟ ਹਨ। ਆਈ.ਏ.ਐਸ.ਦੇ 1993 ਬੈਚ ਵਿੱਚੋਂ 7ਵੇਂ ਨੰਬਰ ਤੇ ਆਏ ਸਨ। ਕਰਨਵੀਰ ਸਿੰਘ ਸਿੱਧੂ ਦਾ ਪਿਛੋਕੜ ਬਠਿੰਡਾ ਜਿਲ੍ਹੇ ਦਾ ਹੈ ਪ੍ਰੰਤੂ ਉਨ੍ਹਾਂ ਦੇ ਮਾਤਾ ਪਿਤਾ ਪਟਿਆਲਾ ਵਿਖੇ ਹੀ ਨੌਕਰੀ ਕਰਦੇ ਰਹੇ ਹਨ। ਉਹ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਹੀ ਪੜ੍ਹੇ ਹਨ ਅਤੇ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਤੋਂ ਇੰਜਿਨੀਅਰਿੰਗ ਦੀ ਡਿਗਰੀ ਗੋਲਡ ਮੈਡਲਿਸਟ ਲੈ ਕੇ ਪਾਸ ਕੀਤੀ ਹੈ। 1996-97 ਵਿੱਚ ਉਹ ਇੰਗਲੈਂਡ ਦੀ ਯੂਨੀਵਰਸਿਟੀ ਆਫ ਮਾਨਚੈਸਟਰ ਵਿੱਚ ਵੀ ਪੜ੍ਹੇ ਹਨ। ਉਹ ਕਈ ਮਹੱਤਵਪੂਰਨ ਵਿਭਾਗਾਂ ਦੇ ਸਕੱਤਰ ਅਤੇ ਸਪੈਸ਼ਲ ਮੁੱਖ ਸਕੱਤਰ ਸੇਵਾ ਮੁਕਤ ਹੋਏ ਹਨ। ਉਹ ਦਹਿਸ਼ਗਰਦੀ ਦੇ ਦਿਨਾ ਵਿੱਚ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸਨ, ਜਦੋਂ ਇਕ ਜਹਾਜ ਅਗਵਾ ਹੋ ਗਿਆ ਸੀ ਤਾਂ ਉਨ੍ਹਾਂ ਅਗਵਾਕਾਰਾਂ ਨਾਲ ਜਹਾਜ ਵਿੱਚ ਜਾ ਕੇ ਗੱਲਬਾਤ ਕਰਕੇ ਸੁਰੈਂਡਰ ਕਰਵਾਇਆ ਤੇ ਮੁਸਾਫਰਾਂ ਨੂੰ ਛੁਡਵਾਇਆ ਸੀ। ਗਿਆਨ ਸਿੰਘ ਰਾੜੇਵਾਲਾ ਦਾ ਪਿਛੋਕੜ ਭਾਵੇਂ ਲੁਧਿਆਣਾ ਜਿਲ੍ਹੇ ਦਾ ਹੈ ਪ੍ਰੰਤੂ ਬਹੁਤਾ ਸਮਾਂ ਪਟਿਆਲਾ ਹੀ ਰਹੇ ਸਨ। ਉਨ੍ਹਾਂ ਦੀ ਪਤਨੀ ਮਨਮੋਹਨ ਕੌਰ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ। ਉਹ ਇੱਕੋ ਇੱਕ ਅਜਿਹੇ ਵਿਅਕਤੀ ਹਨ, ਜਿਹੜੇ ਪੈਪਸੂ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ, ਸ਼ੈਸ਼ਨਜ ਜੱਜ, ਹਾਈ ਕੋਰਟ ਦੇ ਜੱਜ, ਪੰਜਾਬ ਦੇ ਮੰਤਰੀ ਅਤੇ ਪੈਪਸੂ ਦੇ ਮੁੱਖ ਮੰਤਰੀ ਰਹੇ ਹਨ। ਉਹ ਵੀ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਹਰਕੇਸ਼ ਸਿੰਘ ਸਿੱਧੂ ਦੀ ਮਾਲ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ। ਮਾਲ ਰਿਕਾਰਡ ਦਾ ਕੰਪਿਊਟਰੀਕਰਨ ਕਰਵਾਉਣ ਵਾਲੇ ਉਹ ਪਹਿਲੇ ਡਿਪਟੀ ਕਮਿਸ਼ਨਰ ਹਨ। ਭਾਵੇਂ ਬਾਕੀ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਕੰਪਿਊਟਰੀਕਰਨ ਕਰਵਾਇਆ ਹੈ ਪ੍ਰੰਤੂ ਹਰਕੇਸ਼ ਸਿੰਘ ਸਿੱਧੂ ਨੇ ਨਿਸਚਤ ਸਮੇਂ ਤੋਂ ਵੀ ਪਹਿਲਾਂ ਮੁਕੰਮਲ ਕਰਵਾ ਦਿੱਤਾ ਸੀ। ਉਨ੍ਹਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਕਈ ਵਾਰੀ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਰਹੀ, ਜਿਸ ਕਰਕੇ ਉਨ੍ਹਾਂ ਨੂੰ ਤਿੰਨ ਜਿਲਿ੍ਹਆਂ ਵਿੱਚ ਜਾਣਾ ਪਿਆ ਕਿਉਂਕਿ ਉਹ ਗ਼ਲਤ ਕੰਮਾਂ ਲਈ ਸਿਆਸਤਦਾਨਾ ਤੇ ਸੀਨੀਅਰ ਅਧਿਕਾਰੀਆਂ ਦੀ ਪਰਵਾਹ ਨਹੀਂ ਕਰਦੇ ਸਨ। ਉਸ ਨੇ ਮਾਲ ਵਿਭਾਗ ਵਿੱਚੋਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਆਪਣਾ ਨਿਰਾਲੇ ਢੰਗ ਨਾਲ ਕੰਮ ਕੀਤਾ ਹੈ। ਉਹ ਹਰ ਰੋਜ਼ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਟੈਲੀਫ਼ੋਨ ਕਰਕੇ ਪੁਛਦੇ ਸਨ ਕਿ ਉਨ੍ਹਾਂ ਨੇ ਰਿਸ਼ਵਤ ਤਾਂ ਨਹੀਂ ਦਿੱਤੀ। ਕਈ ਕੇਸਾਂ ਵਿੱਚ ਉਨ੍ਹਾ ਰਿਸ਼ਵਤ ਦੇ ਪੈਸੇ ਵਾਪਸ ਵੀ ਕਰਵਾਏ ਹਨ। ਉਹ ਆਪਣੇ ਪਿੰਡ ਦੇ ਸਰਪੰਚ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਪੂਰੀ ਜਣਕਾਰੀ ਸੀ। ਇਸੇ ਤਰ੍ਹਾਂ ਐਸ.ਕੇ.ਆਹਲੂਵਾਲੀਆ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਆਯੋਜਤ ਕੀਤੇ ਜਾਂਦੇ ਫ਼ਤਿਹਗੜ੍ਹ ਦੇ ਸ਼ਹੀਦੀ ਜੋੜ ਮੇਲ ਦੇ ਮੌਕੇ ‘ਤੇ ਖੀਰ-ਪੂੜੇ, ਮਠਿਆਈਆਂ ਅਤੇ ਹੋਰ ਅਜਿਹੇ ਲੰਗਰ ਲਗਾਉਣ ‘ਤੇ ਪਾਬੰਦੀ ਲਾ ਕੇ ਸਿੱਖ ਧਰਮ ਦੀ ਪਵਿਤਰਤਾ ਬਰਕਰਾਰ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ ਸੀ, ਇਸ ਤੋਂ ਇਲਾਵਾ ਉਨ੍ਹਾਂ ਜੋੜ ਮੇਲ ਦੌਰਾਨ ਧਾਰਮਿਕ ਸ਼ਬਦਾਂ ਤੋਂ ਇਲਾਵਾ ਹੋਰ ਸਾਰੇ ਗਾਣਿਆਂ ਅਤੇ ਅਸੱਭਿਅਕ ਕਾਰਵਾਈਆਂ ਦੀ ਵੀ ਮਨਾਹੀ ਕਰ ਦਿੱਤੀ ਸੀ। ਫਤਿਹਗੜ੍ਹ ਸਾਹਿਬ ਦੇ ਐਂਟਰੀ ਪੁਅਇੰਟਾਂ ‘ਤੇ ਯਾਦਗਾਰੀ ਗੇਟਾਂ ਦੀ ਉਸਾਰੀ ਵੀ ਕਰਵਾਈ ਸੀ। ਜਿਹੜਾ ਕੰਮ ਕੋਈ ਸਿੱਖ ਡਿਪਟੀ ਕਮਿਸ਼ਨਰ ਵੀ ਨਹੀਂ ਕਰਵਾ ਸਕਿਆ ਉਹ ਕੰਮ ਐਸ.ਕੇ.ਆਹਲੂਵਾਲੀਆ ਨੇ ਕਰਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਵਿਕਾਸ ਪ੍ਰਤਾਪ ਫਤਿਹਗੜ੍ਹ ਵਿਖੇ ਡਿਪਟੀ ਕਮਿਸ਼ਨਰ ਰਹੇ ਹਨ। ਉਹ ਬਹੁਤ ਮਿਹਨਤੀ ਅਤੇ ਦੂਰਅੰਦੇਸ਼ੀ ਨਾਲ ਵਿਕਾਸ ਦੇ ਕੰਮ ਕਰਵਾਉਂਦੇ ਰਹੇ ਹਨ। ਸ਼ਿਵਦੁਲਾਰ ਸਿੰਘ ਢਿਲੋਂ ਅੰਮਿ੍ਰਤਸਰ ਸੈਂਸੇਟਿਵ ਜਿਲ੍ਹਾ ਤੇ ਪਵਿਤਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਹੇ ਹਨ। ਜਦੋਂ ਭਾਰਤੀ ਜਵਾਨ ਵਿੰਗ ਕਮਾਂਡਰ ਅਭਿਨੰਦਨ ਵਰਥਮਨ ਦਾ ਜਹਾਜ ਪਾਕਿਸਤਾਨੀਆਂ ਨੇ ਸੁੱਟ ਲਿਆ ਸੀ, ਜਦੋਂ ਉਸ ਨੂੰ ਪਾਕਿਸਤਾਨ ਨੇ 1 ਮਾਰਚ 2019 ਨੂੰ ਵਾਹਗਾ ਸਰਹੱਦ ‘ਤੇ ਲਿਆਕੇ ਛੱਡਣਾ ਸੀ ਤਾਂ ਦੇਸ਼ ਵਿਦੇਸ਼ ਦਾ ਮੀਡੀਆ ਉਥੇ ਪਹੁੰਚਿਆ ਹੋਇਆ ਸੀ, ਜੋ ਉਸ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਸ਼ਿਵਦੁਲਾਰ ਸਿੰਘ ਢਿਲੋਂ ਨੇ ਬਹੁਤ ਹੀ ਸਿਆਣਪ ਅਤੇ ਸੰਜੀਦਗੀ ਨਾਲ ਉਸ ਹਾਲਾਤ ਨੂੰ ਕੰਟਰੋਲ ਕਰਕੇ ਅਭਿਨੰਦਨ ਵਰਥਮਨ ਨੂੰ ਭਾਰਤੀ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਕੋਵਿਡ ਦੌਰਾਨ ਹਜ਼ੂਰ ਸਾਹਿਬ ਤੋਂ 200 ਸ਼ਰਧਾਲੂਆਂ ਨੂੰ ਲਿਆਕੇ ਕੈਂਪਾਂ ਵਿੱਚ ਠਹਿਰਾਇਆ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਕਾਰੀ ਅਧਿਕਾਰੀ ਅਤੇ ਰਾਜ ਕਰ ਰਹੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ ਵਿੱਚ ਠਹਿਰਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸ਼ਰੋਮਣੀ ਕਮੇਟੀ ਦੀ ਸਰਾਂ ਵਿੱਚੋਂ ਸ਼ਰਧਾਲੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਕੋਈ ਰੋਕ ਨਹੀਂ ਸਕਦਾ, ਜਿਸ ਕਰਕੇ ਕਰੋਨਾ ਫੈਲਣ ਦਾ ਡਰ ਹੋਵੇਗਾ। ਉਨ੍ਹਾਂ ਦਿਨਾਂ ਵਿੱਚ ਤਬਲੀਕੀ ਜਮਾਤ ਤੇ ਕਰੋਨਾ ਫੈਲਾਉਣ ਦੇ ਇਲਜ਼ਾਮ ਲੱਗ ਰਹੇ ਸਨ। ਕਰੋਨਾ ਸੰਬੰਧੀ ਸਾਮਾਨ ਖ੍ਰੀਦਣ ਲਈ ਸਰਦੇ ਪੁਜਦੇ ਲੋਕਾਂ ਦੇ ਸਹਿਯੋਗ ਨਾਲ ਰੀਬੋਟ ਪ੍ਰਣਾਲੀ ਰਾਹੀਂ ਦਵਾਈਆਂ ਤੇ ਖਾਣਾ ਮਰੀਜਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਵ ਦੇ ਮੌਕੇ ‘ਤੇ 84 ਮੁਲਕਾਂ ਦੇ ਨੁਮਾਇੰਦਿਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਅਤੇ ਠਹਿਰਾਉਣ ਦੇ ਪ੍ਰਬੰਧ ਕੀਤੇ। ਇਨ੍ਹਾਂ ਸਾਰੇ ਕੰਮਾ ਕਰਕੇ ਉਨ੍ਹਾਂ ਨੇ ਬਿਹਤਰੀਨ ਪ੍ਰਬੰਧਕ ਹੋਣ ਦਾ ਸਬੂਤ ਦਿੱਤਾ। ਵਾਤਾਵਰਨ ਪ੍ਰੇਮੀ ਕਾਹਨ ਸਿੰਘ ਪੰਨੂੰ 1990 ਬੈਚ ਦੇ ਆਈ.ਏ.ਐਸ. ਅੰਮਿ੍ਰਤਸਰ ਵਿਖੇ ਕਾਬਲ ਅਧਿਕਾਰੀ ਸਾਬਤ ਹੋਏ ਹਨ। ਪੰਜਾਬ ਪਾਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਹੁੰਦਿਆਂ ਮਹੱਤਵਪੂਰਨ ਸੁਧਾਰ ਕੀਤੇ। ਗੁਰਮੇਲ ਸਿੰਘ ਬੈਂਸ ਫਤਿਹਗੜ੍ਹ ਸਾਹਿਬ ਤੇ ਮਾਨਸਾ ਤੇ ਜਸਕਿਰਨ ਸਿੰਘ ਸੰਗਰੂਰ, ਮੁਕਤਸਰ ਤੇ ਕਪੂਰਥਲਾ, ਡੀ.ਸੀ.ਹੁੰਦਿਆਂ ਸਪੋਰਟਸ ਅਤੇ ਪ੍ਰਬੰਧਕੀ ਅਨੁਸ਼ਾਸ਼ਨ ਕਾਇਮ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ। ਮਨਜੀਤ ਸਿੰਘ ਨਾਰੰਗ ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਸਰਹੱਦੀ ਜਿਲ੍ਹੇ ਵਿੱਚ ਟ੍ਰੈਫਿਕ ਸਮੱਸਿਆ ਦਾ ਹਲ ਕਰਵਾਇਆ। ਸਟਰੀਟ ਲਾਈਟਾਂ ਲਗਵਾਈਆਂ ਅਤੇ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਜਾਣਕਾਰੀ ਦੇਣ ਦੇ ਯੋਗ ਪ੍ਰਬੰਧ ਕੀਤੇ। ਇਥੋਂ ਤੱਕ ਕਿ ਸਕੂਲਾਂ ਵਿੱਚ ਟ੍ਰੈਫਿਕ ਬਾਰੇ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਵਾਉਣ ਲਈ ਭਾਸ਼ਣ ਯੋਗਤਾਵਾਂ ਕਰਵਾਈਆਂ। ਸਵੈ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵਿਕਾਸ ਦੇ ਹਿੱਸੇਦਾਰ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਦਫਤਰ ਅਤੇ ਘਰ ਕਦੀਂ ਵੀ ਕੋਈ ਵਿਅਕਤੀ ਬਿਨਾ ਝਿਜਕ ਆ ਕੇ ਮਿਲ ਸਕਦਾ ਸੀ। ਧਰਮਪਾਲ ਗੁਪਤਾ ਬਰਨਾਲਾ ਤੇ ਮਾਨਸਾ ਡਿਪਟੀ ਕਮਿਸ਼ਨਰ ਹੁੰਦਿਆਂ ਸ਼ਰਾਫਤ ਤੇ ਨੇਕਨੀਤੀ ਨਾਲ ਫਰਜ ਨਿਭਾਏ। ਕੁਲਵੀਰ ਸਿੰਘ ਕੰਗ ਮੋਗਾ ਵਿਖੇ ਬੇਬਾਕੀ ਨਾਲ ਕੰਮ ਕੀਤੇ। ਗੁਰਪਾਲ ਸਿੰਘ ਚਾਹਲ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਹੁੰਦਿਆਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਨੂੰ ਤੁਰਤ ਫੁਰਤ ਹੱਲ ਕਰਕੇ ਨਾਮਣਾ ਖੱਟਿਆ। ਅਮਰਜੀਤ ਸਿੰਘ ਸਿੱਧੂ ਪਟਿਆਲਾ ਵਿਖੇ ਸ਼ਰਾਫਤ ਨਾਲ ਫਰਜ ਨਿਭਾਏ। ਵਰਿੰਦਰ ਸ਼ਰਮਾ ਮਾਨਸਾ, ਜਲੰਧਰ ਅਤੇ ਲੁਧਿਆਣਾ ਡਿਪਟੀ ਕਮਿਸ਼ਨਰ ਰਹੇ ਹਨ। ਉਸ ਦਾ ਆਮ ਲੋਕਾਂ ਨਾਲ ਵਿਵਹਾਰ ਬਹੁਤ ਹੀ ਸਦਭਾਵਨਾ ਵਾਲਾ ਰਿਹਾ, ਇਸ ਕਰਕੇ ਲੋਕ ਉਸ ਨੂੰ ਅਪਣੱਤ ਨਾਲ ਆਪਣਾ ਡੀ.ਸੀ.ਕਹਿੰਦੇ ਸਨ। ਉਸ ਨੇ ਪੰਜਾਬੀ ਵਿੱਚ ਆਈ.ਏ.ਐਸ. ਦਾ ਇਮਤਿਹਾਨ ਪਾਸ ਕੀਤਾ। ਉਹ ਭਾਗਸੀ ਪਿੰਡ ਤੋਂ ਹਨ, ਉਨ੍ਹਾਂ ਦੇ ਪਿਤਾ ਜੀਤ ਰਾਮ ਸ਼ਰਮਾ ਅਧਿਆਪਕ ਹਨ। ਵਰਿੰਦਰ ਸ਼ਰਮਾ ਨੇ ਮੁੱਢਲੀ ਦਸਵੀਂ ਤੱਕ ਦੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬੀ.ਟੈਕ.ਚੰਡੀਗੜ੍ਹ ਇੰਜਿਨੀਅਰਿੰਗ ਕਾਲ ਤੋਂ ਪਾਸ ਕੀਤੀ। ਸੁਰੇਸ਼ ਸ਼ਰਮਾ ਮੋਗਾ, ਅੰਮਿ੍ਰਤਪਾਲ ਸਿੰਘ ਵਿਰਕ ਸੰਗਰੂਰ ਤੇ ਬਰਨਾਲਾ, ਰਾਜੇਸ਼ ਧੀਮਾਨ ਫੀਰੋਜਪੁਰ ਅਤੇ ਅਸ਼ੋਕ ਸਿੰਗਲਾ ਫਤਿਹਗੜ੍ਹ ਸਾਹਿਬ ਤੇ ਮੋਗਾ ਦੇ ਡਿਪਟੀ ਕਮਿਸ਼ਨਰ ਰਹੇ ਹਨ। ਵੈਸੇ ਤਾਂ ਹਰ ਡਿਪਟੀ ਕਮਿਸ਼ਨਰ ਨੇ ਆਪਣੀ ਯੋਗਤਾ ਅਨੁਸਾਰ ਚੰਗੇ ਕੰਮ ਕੀਤੇ ਹਨ। ਹਰ ਵਿਅਕਤੀ ਦੀ ਕੰਮ ਕਰਨ ਦੀ ਆਪਣੀ ਸੋਚ ਅਤੇ ਤੌਰ ਤਰੀਕਾ ਹੁੰਦਾ ਹੈ। ਪਟਿਆਲਾ ਤੋਂ ਜਗਜੀਤ ਪੁਰੀ ਅਤੇ ਅਸ਼ੋਕ ਗੋਇਲ ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਡਿਪਟੀ ਪਿ੍ਰੰਸੀਪਲ ਸਕੱਤਰ ਰਹੇ ਹਨ।
ਤਸਵੀਰਾਂ:ਅਨੁਰਾਗ ਵਰਮਾ, ਅਨੁਰਿਧ ਤਿਵਾੜੀ, ਹਰਕੇਸ਼ ਸਿੰਘ ਸਿੱਧੂ, ਸ਼ਿਵਦੁਲਾਰ ਸਿੰਘ ਢਿਲੋਂ, ਮਨਜੀਤ ਸਿੰਘ ਨਾਰੰਗ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com