ਜੰਗ : ਜਵਾਨ ਜਾਨਾਂ ਵਾਰਦੇ ਨੇ ਤੇ ਲੀਡਰ ... - ਗੁਰਬਚਨ ਜਗਤ
ਲਗਾਤਾਰ ਟੀਵੀ ਉੱਤੇ ਖ਼ਬਰਾਂ ਸੁਣਦਾ ਤੇ ਅਖ਼ਬਾਰਾਂ ਪੜ੍ਹਦਾ ਹਾਂ। ਲੱਦਾਖ਼ ਤੋਂ 15 ਅਤੇ 16 ਜੂਨ ਨੂੰ ਆਈਆਂ ਖ਼ਬਰਾਂ ਭਿਆਨਕ ਤੇ ਸਦਮੇ ਵਾਲੀਆਂ ਸਨ। ਮੇਰੀ ਪਹਿਲੀ ਪ੍ਰਤੀਕਿਰਿਆ ਸੀ - ਨਹੀਂ, ਮੁੜ ਇੰਝ ਨਹੀਂ ਹੋਣਾ ਚਾਹੀਦਾ। ਇਹ ਇਸ ਕਾਰਨ ਕਿ ਅਸੀਂ ਪਹਿਲਾਂ ਹੀ ਕਾਰਗਿਲ ਤੇ ਪੁਲਵਾਮਾ ਅਤੇ ਹੁਣ ਲੱਦਾਖ਼ ਵਿਚ ਭਾਰੀ ਜਾਨੀ ਨੁਕਸਾਨ ਝੱਲ ਚੁੱਕੇ ਹਾਂ ਤੇ ਅਜਿਹਾ ਹੋਰ ਨਹੀਂ ਹੋਣਾ ਚਾਹੀਦਾ। ਜਦੋਂ ਕੋਈ ਅਧਿਕਾਰਤ ਬਿਆਨ ਨਾ ਆਵੇ ਤਾਂ ਅਫ਼ਵਾਹਾਂ ਹੋਰ ਵੀ ਵੱਧ ਤੇਜ਼ੀ ਨਾਲ ਫੈਲਦੀਆਂ ਹਨ ਜਿਹੜੀਆਂ ਵੱਖ-ਵੱਖ ਚੈਨਲਾਂ ਤੇ ਅਖ਼ਬਾਰਾਂ ਵਿਚ ਅੱਡੋ-ਅੱਡ ਹੋ ਸਕਦੀਆਂ ਹਨ। ਸਾਡੇ ਕੋਲ ਹਮੇਸ਼ਾ ਹੀ ਵੱਖੋ-ਵੱਖ ਮੰਤਰਾਲਿਆਂ ਦੇ ਸੀਨੀਅਰ ਤਰਜਮਾਨ ਹੁੰਦੇ ਹਨ ਜਿਹੜੇ ਸਾਨੂੰ ਸਰਕਾਰੀ ਪੱਖ ਤੋਂ ਜਾਣੂੰ ਕਰਵਾ ਸਕਦੇ ਹਨ। ਅੱਜ ਜਿਸ ਰਫ਼ਤਾਰ ਨਾਲ ਸੋਸ਼ਲ ਮੀਡੀਆ ਚੱਲਦਾ ਤੇ ਜਿਸ ਗ਼ੈਰਜ਼ਿੰਮੇਵਾਰੀ ਨਾਲ ਸੱਚ-ਝੂਠ ਫੈਲਾਉਂਦਾ ਹੈ, ਉਸ ਵਿਚ ਤਾਂ ਅਧਿਕਾਰਤ ਸਰਕਾਰੀ ਪੱਖ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਸਾਡੇ ਵਿਚੋਂ ਬਹੁਤੇ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਨੂੰ ਸੱਚ ਮੰਨ ਵੀ ਬੈਠਦੇ ਹਨ। ਇਸ ਮਾਮਲੇ ਵਿਚ ਜ਼ਰੂਰੀ ਸੀ ਕਿ ਰੱਖਿਆ ਮੰਤਰਾਲੇ ਵੱਲੋਂ ਕਾਫ਼ੀ ਉੱਚੇ ਪੱਧਰ ਤੋਂ ਅਧਿਕਾਰਤ ਬਿਆਨ ਜਾਰੀ ਕੀਤਾ ਜਾਂਦਾ ਤਾਂ ਕਿ ਇਸ ਦੀ ਪ੍ਰਮਾਣਿਕਤਾ ਉੱਤੇ ਕੋਈ ਉਂਗਲ ਨਾ ਉੱਠਦੀ।
ਪੁਲਵਾਮਾ ਘਟਨਾ ਵੇਲੇ ਡੀਜੀਐੱਮਓ (ਡਾਇਰੈਕਟਰ ਜਨਰਲ ਮਿਲਿਟਰੀ ਅਪਰੇਸ਼ਨਜ਼) ਵੱਲੋਂ ਪ੍ਰੈੱਸ ਬਿਆਨ ਜਾਰੀ ਕਰਨ ਦੀ ਕਾਰਵਾਈ ਦੀ ਅਗਵਾਈ ਕੀਤੀ ਗਈ ਸੀ, ਤਾਂ ਇਸ ਵਾਰ ਅਜਿਹਾ ਕਿਉਂ ਨਹੀਂ ਹੋਇਆ। ਕਿਸੇ ਵੀ ਕਾਰਨ ਅਜਿਹਾ ਨਾ ਹੋਇਆ ਹੋਵੇ, ਪਰ ਅਧਿਕਾਰਤ ਪੱਖ ਦੀ ਅਣਹੋਂਦ ਕਾਰਨ ਹਰ ਕੋਈ ਆਪਣੀ ਖ਼ਬਰ ਦਾ ਵਜ਼ਨ ਵਧਾਉਣ ਲਈ 'ਉੱਚ ਪੱਧਰੀ ਸੂਤਰਾਂ' ਦਾ ਹਵਾਲਾ ਦੇ ਰਿਹਾ ਸੀ। ਝੜਪ ਵਿਚ ਮਾਰੇ ਗਏ ਜਾਂ ਬੰਦੀ ਬਣਾ ਲਏ ਗਏ ਅਫ਼ਸਰਾਂ ਤੇ ਜਵਾਨਾਂ ਦੀ ਗਿਣਤੀ ਬਾਰੇ ਕਿਆਸਾਂ ਦਾ ਬਾਜ਼ਾਰ ਗਰਮ ਸੀ। ਕੁਝ ਅਖ਼ਬਾਰ ਤੇ ਚੈਨਲ ਤਾਂ ਜਵਾਨਾਂ ਦੇ ਦਰਿਆ ਵਿਚ ਰੁੜ੍ਹ ਜਾਣ ਜਾਂ ਉਨ੍ਹਾਂ ਦੇ ਠੰਢ ਕਾਰਨ ਮਾਰੇ ਜਾਣ ਤੱਕ ਦੀਆਂ ਗੱਲਾਂ ਕਰ ਰਹੇ ਸਨ। ਇਹ ਭਾਰਤੀ ਫ਼ੌਜ ਦੇ ਅਫ਼ਸਰ ਤੇ ਜਵਾਨ ਸਨ ਜਿਨ੍ਹਾਂ ਬਾਰੇ ਇੰਝ ਗੱਲਾਂ ਹੋ ਰਹੀਆਂ ਸਨ ਅਤੇ ਉਨ੍ਹਾਂ ਦੇ ਦੇਸ਼ ਭਰ ਵਿਚਲੇ ਸਹਿਕਰਮੀ ਦੇਖ ਰਹੇ ਸਨ। ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਵੀ ਦੇਖ ਰਹੇ ਸਨ, ਜਾਂ ਆਖੀਏ ਤਾਂ ਪੂਰਾ ਮੁਲਕ ਹੀ ਉਡੀਕੋ ਤੇ ਦੇਖੋ ਦੀ ਹਾਲਤ ਵਿਚ ਸੀ। ਇਸ ਬਾਰੇ ਰੱਖਿਆ ਮੰਤਰਾਲੇ ਨੇ ਆਖ਼ਰ 17 ਜੂਨ ਨੂੰ ਅਧਿਕਾਰਤ ਬਿਆਨ ਦਿੱਤਾ ਜਿਸ ਵਿਚ ਭਾਰਤ ਵਾਲੇ ਪਾਸੇ ਹੋਏ ਜਾਨੀ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ, ਪਰ ਦੁਸ਼ਮਣ ਨੂੰ ਹੋਏ ਨੁਕਸਾਨ ਜਾਂ ਉਸ ਦੇ ਕਿਸੇ ਜਵਾਨ ਨੂੰ ਬੰਦੀ ਬਣਾਏ ਜਾਣ ਬਾਰੇ ਕੁਝ ਨਹੀਂ ਦੱਸਿਆ ਗਿਆ। ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਨੇ 19 ਜੂਨ ਨੂੰ ਛਪੇ ਇਕ ਲੇਖ ਵਿਚ ਇਕ ਵਾਰ ਫਿਰ 'ਸੁਰੱਖਿਆ ਸੂਤਰਾਂ' ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਭਾਰਤੀ ਫ਼ੌਜ ਦੇ ਇਕ ਲੈਫ਼ਟੀਨੈਂਟ ਕਰਨਲ ਤੇ ਤਿੰਨ ਮੇਜਰਾਂ ਸਣੇ ਦਸ ਜਵਾਨਾਂ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਪਰ ਅੱਜ 19 ਜੂਨ ਤੱਕ ਸਾਡੇ ਕੋਲ ਇਸ ਬਾਰੇ ਕੋਈ ਅਧਿਕਾਰਤ ਸਪਸ਼ਟੀਕਰਨ ਨਹੀਂ ਹੈ। ਇਸ ਦੌਰਾਨ ਭਾਰਤ ਨੂੰ ਹੋਰ ਜਾਨੀ ਨੁਕਸਾਨ ਜਾਂ ਜਵਾਨਾਂ ਦੇ ਲਾਪਤਾ ਹੋਣ ਬਾਰੇ ਲਗਾਤਾਰ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਫ਼ੌਜੀ ਅਧਿਕਾਰੀਆਂ ਨੇ 'ਦਿ ਹਿੰਦੂ' ਦੀ ਖ਼ਬਰ ਦਾ ਕੋਈ ਹਵਾਲਾ ਦਿੱਤੇ ਬਿਨਾਂ ਆਖਿਆ ਕਿ ਹੁਣ ਭਾਰਤ ਦਾ ਕੋਈ ਜਵਾਨ ਲਾਪਤਾ ਨਹੀਂ ਹੈ।
ਹੁਣ ਇਸ ਘਟਨਾ ਦੀ ਗੱਲ ਕਰੀਏ, ਤਾਂ ਸਵਾਲ ਉੱਠਦਾ ਹੈ ਕਿ ਸਾਨੂੰ ਇਹ ਸਾਰਾ ਕੁਝ ਅਚਾਨਕ ਹੀ ਕਿਉਂ ਪਤਾ ਲੱਗਾ, ਜਦੋਂਕਿ ਉੱਥੋਂ ਦੇ ਹਾਲਾਤ ਕਈ ਹਫ਼ਤਿਆਂ ਤੋਂ ਵਿਗੜ ਰਹੇ ਸਨ। ਲੱਦਾਖ਼ ਦੇ ਲੋਕ ਗਲਵਾਨ ਤੇ ਪੈਗੌਂਗ ਸੋ ਖੇਤਰਾਂ, ਜਿਨ੍ਹਾਂ ਨੂੰ ਝੜਪਾਂ ਨੂੰ ਉਕਸਾਉਣ ਵਾਲੇ ਸਥਾਨ ਦੱਸਿਆ ਜਾਂਦਾ ਹੈ, ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣੂੰ ਹੋਣ ਦਾ ਦਾਅਵਾ ਕਰਦੇ ਹਨ। ਸਾਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਫ਼ੌਜ ਦੇ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ ਅਤੇ ਜਾਪਿਆ ਕਿ ਫ਼ੌਜੀ ਤਣਾਅ ਘਟਾਉਣ ਤੇ ਫ਼ੌਜਾਂ ਦੀ ਵਾਪਸੀ ਦਾ ਕੋਈ ਫ਼ੈਸਲਾ ਹੋ ਗਿਆ ਹੈ। ਫੇਰ ਕੁਝ ਗ਼ਲਤ ਹੋ ਗਿਆ ਅਤੇ ਸਾਰਾ ਮਾਮਲਾ ਹੀ ਵਿਗੜ ਗਿਆ। ਇੰਝ ਗੱਲਬਾਤ ਅਤੇ ਨਿਗਰਾਨੀ ਹੇਠ ਕੀਤੀ ਜਾ ਰਹੀ ਤਣਾਅ ਘਟਾਉਣ ਦੀ ਕਾਰਵਾਈ ਦੌਰਾਨ ਸਾਨੂੰ ਨੁਕਸਾਨ ਉਠਾਉਣਾ ਪਿਆ। ਇਹ ਸਾਰਾ ਕੁਝ ਕਿਵੇਂ ਵਾਪਰਿਆ ਤੇ ਸਾਨੂੰ ਇੰਝ ਅਚੰਭੇ ਵਿਚ ਕਿਉਂ ਪਾਇਆ ਗਿਆ? ਮੈਨੂੰ ਪੂਰਾ ਭਰੋਸਾ ਹੈ ਕਿ ਸਿਖਰਲੀ ਸਿਆਸੀ ਲੀਡਰਸ਼ਿਪ ਤੇ ਰੱਖਿਆ ਢਾਂਚੇ ਨੂੰ ਇਸ ਜਾਰੀ ਗੱਲਬਾਤ ਅਤੇ ਇਸ ਦੌਰਾਨ ਨਾਲ ਦੀ ਨਾਲ ਚੀਨ ਵੱਲੋਂ ਕੀਤੀ ਜਾ ਰਹੀ ਫ਼ੌਜੀ ਮਜ਼ਬੂਤੀ ਦੀ ਜਾਣਕਾਰੀ ਹੋਵੇਗੀ ਅਤੇ ਇਸ ਸਭ ਕੁਝ ਉੱਤੇ ਨੇੜਿਉਂ ਨਜ਼ਰ ਵੀ ਰੱਖੀ ਜਾ ਰਹੀ ਹੋਵੇਗੀ। ਅੱਜ ਸਾਡੇ ਕੋਲ ਨਿਗਰਾਨੀ ਦਾ ਆਧੁਨਿਕ ਸਿਸਟਮ ਮੌਜੂਦ ਹੈ, ਜਿਸ ਵਿਚ ਉਪਗ੍ਰਹਿ ਵੀ ਸ਼ਾਮਲ ਹਨ ਜਿਨ੍ਹਾਂ ਦੀ ਵਰਤੋਂ ਫ਼ੌਜੀ ਮਕਸਦਾਂ ਲਈ ਕੀਤੀ ਜਾਂਦੀ ਹੈ। ਇਹ ਤੇ ਦੂਜੇ ਵਸੀਲੇ ਜਿਵੇਂ ਦੇਸ਼ ਤੋਂ ਬਾਹਰ ਕੰਮ ਕਰਨ ਵਾਲੀਆਂ ਖ਼ੁਫ਼ੀਆ ਏਜੰਸੀਆਂ ਅਤੇ ਫ਼ੌਜ ਦਾ ਆਪਣਾ ਖ਼ੁਫ਼ੀਆ ਢਾਂਚਾ ਯਕੀਨਨ ਚੀਨ ਦੀ ਵਧੀ ਹੋਈ ਸਰਗਰਮੀ ਦੇ ਮੱਦੇਨਜ਼ਰ ਚੌਕਸ ਹੋ ਗਿਆ ਹੋਵੇਗਾ, ਖ਼ਾਸਕਰ ਇਸ ਤੋਂ ਪਹਿਲਾਂ ਵਾਪਰੇ ਡੋਕਲਾਮ ਘਟਨਾਚੱਕਰ ਦੇ ਮੱਦੇਨਜ਼ਰ ਅਜਿਹਾ ਹੋਰ ਵੀ ਵੱਧ ਜ਼ਰੂਰੀ ਸੀ। ਅਸੀਂ ਇਸ ਸਾਰੇ ਖ਼ੁਫ਼ੀਆ ਢਾਂਚੇ ਤੋਂ ਕੀ ਖੱਟਿਆ? ਹੁਣ ਸਾਨੂੰ ਟੀਵੀ ਉੱਤੇ ਉਹ ਚੀਨੀ ਢਾਂਚੇ ਦਿਖਾਏ ਜਾ ਰਹੇ ਹਨ ਜਿਹੜੇ ਉਸ ਇਲਾਕੇ ਵਿਚ ਨਵੇਂ ਉਸਾਰੇ ਗਏ ਹਨ ਅਤੇ ਨਾਲ ਹੀ ਉੱਥੇ ਚੀਨੀ ਫ਼ੌਜ ਦੀ ਬਹੁਤ ਜ਼ਿਆਦਾ ਵਧੀ ਹੋਈ ਨਫ਼ਰੀ ਤੇ ਭਾਰੀ ਵਾਹਨ ਅਤੇ ਹੋਰ ਭਾਰੀ ਫ਼ੌਜੀ ਸਾਜ਼ੋ-ਸਾਮਾਨ ਦਿਖਾਇਆ ਜਾ ਰਿਹਾ ਹੈ। ਜੋ ਵੀ ਹੋਵੇ, ਇਹ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਭ ਕੁਝ ਦੀ ਘੋਖ ਤੇ ਮੁਲਾਂਕਣ ਕਰਨ ਅਤੇ ਯਕੀਨੀ ਬਣਾਉਣ ਕਿ ਅਜਿਹਾ ਦੁਬਾਰਾ ਨਾ ਵਾਪਰੇ।
ਮੇਰੇ ਲਈ ਸਭ ਤੋਂ ਵੱਡੀ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਜਦੋਂ ਮੈਂ ਅੱਜ 19 ਜੂਨ ਦੀ ਸਵੇਰ ਇਸ ਬਾਰੇ ਲਿਖ ਰਿਹਾ ਹਾਂ, ਤਾਂ ਮੈਂ ਦੁਖਦਾਈ ਢੰਗ ਨਾਲ ਇਸ ਗੱਲ ਤੋਂ ਵਾਕਫ਼ ਹਾਂ ਕਿ ਹਾਲੇ ਤੱਕ ਦਿੱਲੀ ਤੋਂ ਕੋਈ ਵੀਵੀਆਈਵੀ/ਵੀਆਈਪੀ ਜਾਂ ਸੀਨੀਅਰ ਫ਼ੌਜੀ ਅਧਿਕਾਰੀ ਲੱਦਾਖ਼ ਤੱਕ ਨਹੀਂ ਪੁੱਜਾ, ਉਨ੍ਹਾਂ ਦੇ ਅਗਾਂਹ ਲੜਾਈ ਦੇ ਮੋਰਚੇ ਤੱਕ ਜਾਣ ਦੀ ਤਾਂ ਗੱਲ ਹੀ ਛੱਡ ਦਿਉ। ਇਹ ਉਨ੍ਹਾਂ ਫ਼ੌਜੀ ਅਫ਼ਸਰਾਂ ਤੇ ਜਵਾਨਾਂ ਲਈ ਕਿੰਨੀ ਦੁੱਖ ਵਾਲੀ ਗੱਲ ਹੋਵੇਗੀ ਕਿ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਦੇ ਹੱਥਾਂ ਵਿਚ ਪ੍ਰਾਣ ਤਿਆਗ ਦਿੱਤੇ ਪਰ ਉਨ੍ਹਾਂ ਦੇ ਆਗੂ ਉਨ੍ਹਾਂ ਦੇ ਸੋਗ ਤੇ ਰੋਹ ਵਿਚ ਸ਼ਰੀਕ ਹੋਣ ਤੱਕ ਲਈ ਨਹੀਂ ਪੁੱਜੇ। ਕੋਈ ਉਨ੍ਹਾਂ ਨੂੰ ਇਹ ਕਹਿਣ ਵਾਲਾ ਨਹੀਂ ਹੈ ਕਿ 'ਅਜਿਹਾ ਦੁਬਾਰਾ ਕਦੇ ਨਹੀਂ ਹੋਵੇਗਾ'। ਮੁੜ ਉਹੋ ਸਵਾਲ ਹੈ - ਹੁਣ ਤੱਕ ਕਿਉਂ ਕੋਈ ਆਗੂ ਮੋਰਚੇ ਤੱਕ ਨਹੀਂ ਗਿਆ ਅਤੇ ਕਿਉਂ ਅਫ਼ਸਰਾਂ, ਜਵਾਨਾਂ ਤੇ ਜ਼ਖ਼ਮੀਆਂ ਨੂੰ ਨਹੀਂ ਮਿਲਿਆ? ਕੀ ਉਨ੍ਹਾਂ ਕੋਲ ਕੋਈ ਜਵਾਬ ਹੈ, ਕੋਈ ਬਹਾਨਾ ਹੈ? ਨਹੀਂ ਕੋਈ ਨਹੀਂ, ਇਹ ਕਿਉਂਕਿ ਕੌਮੀ ਨੁਕਸਾਨ ਹੈ ਅਤੇ ਜ਼ਰੂਰੀ ਸੀ ਕਿ ਦੇਸ਼ ਦੀ ਸਿਖਰਲੀ ਲੀਡਰਸ਼ਿਪ ਉੱਥੇ ਪੁੱਜਦੀ ਅਤੇ ਨਾ ਸਿਰਫ਼ ਜਵਾਨਾਂ ਨੂੰ ਮਿਲਦੀ ਸਗੋਂ ਇਹ ਵੀ ਅਹਿਸਾਸ ਕਰਵਾਉਂਦੀ ਕਿ ਮੁਲਕ ਨੂੰ ਇਸ ਦਾ ਕਿੰਨਾ ਦੁੱਖ ਹੈ। ਮੈਨੂੰ ਹਾਲੇ ਵੀ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਮਿਲਣ ਦੀ ਉਮੀਦ ਹੈ, ਪਰ ਮੈਂ ਜਾਣਦਾ ਹਾਂ ਕਿ ਜਵਾਬ ਮਿਲੇਗਾ ਨਹੀਂ। ਯਕੀਨਨ ਇੰਝ ਹੀ ਹੋਵੇਗਾ।
ਹੁਣ ਅੰਤਿਮ ਕਾਰਵਾਈ 'ਤੇ ਆਈਏ, ਤਾਂ ਮੈਨੂੰ ਹਾਲੇ ਵੀ ਪੁਲਵਾਮਾ ਉਵੇਂ ਹੀ ਚੇਤੇ ਹੈ, ਜਿਵੇਂ ਹਰ ਉਸ ਕਿਸੇ ਨੂੰ ਹੋਵੇਗਾ ਜਿਸ ਨੇ ਜੰਮੂ-ਕਸ਼ਮੀਰ ਵਿਚ ਸੁਰੱਖਿਆ ਦਸਤਿਆਂ ਵਿਚ ਨੌਕਰੀ ਕੀਤੀ ਹੋਵੇ। ਉਦੋਂ (ਪੁਲਵਾਮਾ ਘਟਨਾ ਵੇਲ਼ੇ) ਸ਼ਹੀਦ ਜਵਾਨਾਂ ਦੀਆਂ ਦੇਹਾਂ ਪਾਲਮ ਹਵਾਈ ਅੱਡੇ 'ਤੇ ਲਿਆਂਦੀਆਂ ਗਈਆਂ ਅਤੇ ਪੂਰੇ ਸਰਕਾਰੀ ਸਨਮਾਨ ਦਿੱਤੇ ਗਏ ਤਾਂ ਪੂਰਾ ਮੁਲਕ ਸ਼ਹੀਦਾਂ ਨੂੰ ਸਲਾਮ ਕਰ ਰਿਹਾ ਸੀ, ਸ਼ਰਧਾਂਜਲੀ ਦੇ ਰਿਹਾ ਸੀ। ਉੱਥੇ ਸਾਰੇ ਦੇਸ਼ ਦੀ ਨੁਮਾਇੰਦਗੀ ਦੇਸ਼ ਦੀ ਸਿਖਰਲੀ ਸਿਆਸੀ ਲੀਡਰਸ਼ਿਪ ਤੇ ਫੌਜੀ ਅਫ਼ਸਰਾਂ ਨੇ ਕੀਤੀ। ਪਾਲਮ ਵਿਚ ਸ਼ਰਧਾਂਜਲੀ ਤੋਂ ਬਾਅਦ ਜਵਾਨਾਂ ਦੀਆਂ ਦੇਹਾਂ ਉਨ੍ਹਾਂ ਦੇ ਘਰੀਂ ਭੇਜੀਆਂ ਗਈਆਂ ਤੇ ਅੰਤਿਮ ਸੰਸਕਾਰ ਕੀਤਾ ਗਿਆ। ਪਰ ਇਸ ਵਾਰ ਮ੍ਰਿਤਕ ਦੇਹਾਂ ਦਾ ਅਖ਼ਬਾਰਾਂ ਵਿਚ ਮਹਿਜ਼ ਇਕ ਕੋਲਾਜ ਛਪਿਆ ਅਤੇ ਦੇਹਾਂ ਸਿੱਧਿਆਂ ਹੀ ਜਵਾਨਾਂ ਦੇ ਜੱਦੀ ਕਸਬਿਆਂ/ਪਿੰਡਾਂ ਨੂੰ ਭੇਜ ਦਿੱਤੀਆਂ ਗਈਆਂ, ਜਿੱਥੇ ਉਨ੍ਹਾਂ ਦਾ ਮੁਕਾਮੀ ਅਫ਼ਸਰਾਂ ਤੇ ਪਰਿਵਾਰਕ ਜੀਆਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਆਖ਼ਰ ਇਨ੍ਹਾਂ ਲੱਦਾਖ਼ ਦੇ ਸ਼ਹੀਦਾਂ ਨਾਲ ਅਜਿਹਾ ਵਿਤਕਰਾ ਕਿਉਂ, ਕੀ ਉਨ੍ਹਾਂ ਦੀ ਕੁਰਬਾਨੀ ਪੁਲਵਾਮਾ ਦੇ ਸ਼ਹੀਦਾਂ ਦੀ ਕੁਰਬਾਨੀ ਨਾਲੋਂ ਘੱਟ ਸੀ? ਕੀ ਉਹ ਪਾਲਮ ਲਿਆਂਦੇ ਜਾਣ ਤੇ ਆਪਣਾ ਬਣਦਾ ਸਨਮਾਨ ਪਾਉਣ ਦੇ ਹੱਕਦਾਰ ਨਹੀਂ ਸਨ? ਨਾਕਾਮੀਆਂ ਦੇ ਆਪਣੇ ਕਾਰਨ ਹੋਣਗੇ, ਪਰ ਮੈਨੂੰ ਯਕੀਨ ਹੈ ਕਿ ਇਨ੍ਹਾਂ ਸ਼ਹੀਦਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਕਾਰਨ ਸ਼ਾਇਦ ਇਹ ਹੈ ਕਿ ਸਮਾਂ ਅਜਿਹੇ ਸਨਮਾਨ ਕਰਨ ਲਈ ਅਨੁਕੂਲ ਨਹੀਂ।
ਮੈਂ ਅਸੀਂ ਇੰਨੀ ਹੀ ਮੰਗ ਕਰਦੇ ਹਾਂ : ਕਿ ਹੁਣ ਸਾਨੂੰ ਇੰਝ ਦੁਬਾਰਾ ਅਚੰਭੇ ਦਾ ਸ਼ਿਕਾਰ ਨਾ ਹੋਣਾ ਪਵੇ, ਜ਼ਰੂਰੀ ਹੈ ਕਿ ਕੌਮੀ ਪੱਧਰ ਉੱਤੇ ਇਕ ਅਜਿਹਾ ਤਰਜਮਾਨ ਹੋਵੇ ਜੋ ਸਾਨੂੰ ਜਿੰਨਾ ਛੇਤੀ ਸੰਭਵ ਹੋ ਸਕੇ, ਲੋੜੀਂਦੀ ਜਾਣਕਾਰੀ ਦਿੰਦਾ ਰਹੇ, ਵੀਵੀਆਈਪੀ/ਵੀਆਈਪੀ ਵੀ ਮੋਰਚਿਆਂ ਦੇ ਦੌਰੇ ਕਰਨ, ਸਾਡੇ ਸ਼ਹੀਦਾਂ ਨੂੰ ਕੌਮੀ ਪੱਧਰ 'ਤੇ ਬਣਦਾ ਸਨਮਾਨ ਮਿਲੇ।
ਆਓ, ਅਸੀਂ ਸਰਕਾਰ ਦੇ ਸਿਖਰਲੇ ਪੱਧਰਾਂ 'ਤੇ ਇਕ ਬੁਨਿਆਦੀ ਤਬਦੀਲੀ ਕਰੀਏ - ਭਾਵੇਂ ਇਹ ਅੰਦਰੂਨੀ ਸਲਾਮਤੀ ਜਾਂ ਆਰਥਿਕ ਜਾਂ ਕੋਵਿਡ-19 ਅਤੇ ਹਿਜਰਤ ਵਰਗੀ ਕੋਈ ਹੋਰ ਕੌਮੀ ਪੱਧਰ ਦੀ ਸਮੱਸਿਆ ਹੋਵੇ, ਸਾਨੂੰ ਇਕ ਕੌਮ ਵਜੋਂ ਇਕਮੁੱਠ ਹੋ ਜਾਣਾ ਚਾਹੀਦਾ ਹੈ। ਸਾਨੂੰ ਅਜਿਹੇ ਮੌਕਿਆਂ 'ਤੇ ਕੌਮੀ ਆਮ ਰਾਇ ਬਣਾਉਣੀ ਚਾਹੀਦੀ ਹੈ, ਸਰਕਾਰ ਤੇ ਵਿਰੋਧੀ ਧਿਰ ਨੂੰ ਅਜਿਹੇ ਮਾਮਲਿਆਂ 'ਤੇ ਨਿਰਪੱਖ ਪਹੁੰਚ ਅਪਣਾਉਣੀ ਚਾਹੀਦੀ ਹੈ। ਲੋੜ ਹੈ ਕਿ ਸਾਡਾ ਪ੍ਰਸ਼ਾਸਨ ਆਪਸੀ ਸਹਿਮਤੀ ਨਾਲ ਚੱਲੇ ਨਾ ਕਿ ਹੁਕਮਾਂ-ਹਦਾਇਤਾਂ ਨਾਲ। ਸਾਨੂੰ ਆਪਣੇ ਅਦਾਰਿਆਂ ਨੂੰ ਮਜ਼ਬੂਤ ਕਰਨਾ ਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣਾ ਹੋਵੇਗਾ। ਵਿਅਕਤੀਗਤ ਕੋਸ਼ਿਸ਼ਾਂ ਕਦੇ ਵੀ ਮਜ਼ਬੂਤ ਅਦਾਰਿਆਂ ਦੀ ਥਾਂ ਨਹੀਂ ਲੈ ਸਕਦੀਆਂ। ਕੌਮਾਂਤਰੀ ਪੱਧਰ 'ਤੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਗੁੱਟ ਨਿਰਲੇਪ ਲਹਿਰ ਅਤੇ ਪੰਚਸ਼ੀਲ ਦੇ ਬਾਨੀਆਂ ਵਿਚੋਂ ਸਾਂ ਜਿਨ੍ਹਾਂ ਨੇ ਕਈ ਦਹਾਕਿਆਂ ਤੱਕ ਸਾਡਾ ਸਾਥ ਦਿੱਤਾ ਅਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਗੁਆਂਢੀਆਂ ਨਾਲ ਸਾਡੇ ਦੋਸਤਾਨਾ ਰਿਸ਼ਤੇ ਸਨ। ਪਰ ਅੱਜ ਤਾਂ ਨੇਪਾਲ ਵਰਗੇ ਵੀ ਤਣਾਅ ਪੈਦਾ ਕਰ ਰਹੇ ਤੇ ਸਰਹੱਦ ਸਬੰਧੀ ਨਵੇਂ ਵਿਵਾਦ ਖੜ੍ਹੇ ਕਰ ਰਹੇ ਹਨ। ਮੈਂ ਆਪਣੀ ਗੱਲ ਸੋਵੀਅਤ ਸੰਘ ਦੇ ਸਾਬਕਾ ਆਗੂ ਨਿਕਿਤਾ ਖਰੁਸ਼ਚੇਵ ਦੇ ਕਥਨ ਨਾਲ ਖ਼ਤਮ ਕਰਾਂਗਾ, ਜਿਨ੍ਹਾਂ 1955 ਵਿਚ ਕਿਹਾ ਸੀ, ''ਅਸੀਂ ਇਕ-ਦੂਜੇ ਦੇ ਇੰਨੇ ਕਰੀਬ ਹਾਂ ਕਿ ਜੇ ਤੁਸੀਂ ਸਾਨੂੰ ਪਹਾੜ ਦੀ ਚੋਟੀ ਤੋਂ ਵੀ ਆਵਾਜ਼ ਮਾਰੋਗੇ ਤਾਂ ਅਸੀਂ ਤੁਹਾਡੇ ਨਾਲ ਖੜੋਤੇ ਹੋਵਾਂਗੇ।'' ਕੀ ਅੱਜ ਸਾਡੇ ਕੋਲ ਕੋਈ ਅਜਿਹਾ ਦੋਸਤ ਹੈ ?
' ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।
ਦੇਸ਼ ਹਿੱਤ ਵਿਚ ਨਵੇਂ ਪੂਰਨੇ ਪਾਉਣ ਦੀ ਲੋੜ - ਗੁਰਬਚਨ ਜਗਤ'
ਬੀਤੇ ਕੁਝ ਸਾਲਾਂ ਤੋਂ ਸਾਡੇ ਚੌਗ਼ਿਰਦੇ ਵਿਚ ਕਾਲ਼ੇ ਮਨਹੂਸ ਬੱਦਲ ਛਾਏ ਹਨ, ਪਰ ਕੁਝ ਸਮਾਂ ਪਹਿਲਾਂ ਤੱਕ ਇਹ ਇੰਨੇ ਸਿਆਹ ਨਹੀਂ ਸਨ ਕਿ ਇਨ੍ਹਾਂ ਦਾ ਬਹੁਤਾ ਫ਼ਿਕਰ ਕੀਤਾ ਜਾਂਦਾ। ਉਂਝ, ਬੀਤੇ ਸਾਲ ਤੋਂ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਪਰ ਰਹੀਆਂ ਘਟਨਾਵਾਂ ਸਾਨੂੰ ਪਛਾੜਦੀਆਂ ਜਾਂਦੀਆਂ ਜਾਪਦੀਆਂ ਹਨ। ਅੱਜ ਸਾਡਾ ਅਰਥਚਾਰਾ ਮੂਧੇ ਮੂੰਹ ਡਿੱਗਾ ਹੈ। ਕੋਵਿਡ-19 ਅਤੇ ਬੇਕਾਬੂ ਹਿਜਰਤ ਨੇ ਦੇਸ਼ ਦਾ ਮੰਦਾ ਹਾਲ ਕੀਤਾ ਹੋਇਆ ਹੈ। ਇਹ ਸਾਰਾ ਕੁਝ ਚੱਲ ਹੀ ਰਿਹਾ ਸੀ ਕਿ ਚੀਨ ਨੇ ਲੱਦਾਖ਼ ਵਿਚ ਭਾਰੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਇਸੇ ਤਰ੍ਹਾਂ ਕਸ਼ਮੀਰ ਵਿਚ ਪਾਕਿਸਤਾਨੀ ਸ਼ਹਿ ਵਾਲੀ ਦਹਿਸ਼ਤਗਰਦੀ ਦੀ ਸਮੱਸਿਆ ਹੈ ਅਤੇ ਨੇਪਾਲ ਵੱਲੋਂ ਸਾਡੇ ਕੁਝ ਇਲਾਕਿਆਂ ਉੱਤੇ ਦਾਅਵੇ ਕੀਤੇ ਜਾ ਰਹੇ ਹਨ। ਦੇਸ਼ ਦੇ ਅੰਦਰ ਵੀ ਕੁਝ ਸੂਬੇ ਕੇਂਦਰ ਤੋਂ ਨਾਖ਼ੁਸ਼ ਜਾਪਦੇ ਹਨ, ਖ਼ਾਸਕਰ ਆਰਥਿਕ ਮਾਮਲਿਆਂ 'ਤੇ। ਇਹ ਸਾਰੀਆਂ ਸਮੱਸਿਆਵਾਂ ਮਿਲ ਕੇ ਦੇਸ਼ ਲਈ ਭਾਰੀ ਚੁਣੌਤੀ ਪੈਦਾ ਕਰ ਰਹੀਆਂ ਹਨ ਜਿਸ ਲਈ ਕੌਮੀ ਪੱਧਰ ਦੀ ਪ੍ਰਤੀਕਿਰਿਆ ਦੀ ਲੋੜ ਹੈ। ਭਾਰਤ ਸਰਕਾਰ ਭਾਵੇਂ ਇਨ੍ਹਾਂ ਵੰਗਾਰਾਂ ਦੇ ਟਾਕਰੇ ਲਈ ਪੂਰੀ ਵਾਹ ਲਾ ਰਹੀ ਹੈ, ਪਰ ਇਸ ਕੌਮੀ ਸੰਕਟ ਲਈ ਕੌਮੀ ਪ੍ਰਤੀਕਿਰਿਆ ਜ਼ਰੂਰੀ ਹੈ।
ਭਾਰਤ ਸਰਕਾਰ ਕੋਲ ਵੱਖੋ-ਵੱਖ ਮਾਮਲਿਆਂ ਨਾਲ ਸਿੱਝਣ ਲਈ ਵੱਖ-ਵੱਖ ਵਿਭਾਗਾਂ ਦਾ ਵਿਸ਼ਾਲ ਢਾਂਚਾ ਹੈ। ਇਸ ਵਿਚ ਮੰਤਰੀ ਅਤੇ ਵੱਖੋ-ਵੱਖ ਪੱਧਰਾਂ ਦੇ ਅਫ਼ਸਰ ਸ਼ਾਮਲ ਹਨ ਅਤੇ ਇਹ ਸਾਰਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਸੀ ਮਿਲਵਰਤਣ ਦੇ ਨਾਲ-ਨਾਲ ਇਸ ਗੱਲ ਦੀ ਜ਼ਰੂਰਤ ਹੁੰਦੀ ਹੈ ਕਿ ਹਰ ਕੋਈ (ਮੰਤਰੀ/ਅਫ਼ਸਰ) ਆਪੋ-ਆਪਣੀ ਰਾਇ ਵੀ ਦੇਵੇ। ਮੈਂ ਸਰਕਾਰ ਦੇ ਕੰਮ-ਢੰਗ ਦੀਆਂ ਬਾਰੀਕੀਆਂ ਵਿਚ ਤਾਂ ਨਹੀਂ ਜਾਵਾਂਗਾ, ਪਰ ਵੱਖ-ਵੱਖ ਵਿਭਾਗਾਂ ਦੇ ਸਿਆਸੀ ਮੁਖੀਆਂ ਬਾਰੇ ਚਰਚਾ ਜ਼ਰੂਰ ਕਰਾਂਗਾ। ਸਾਡੇ ਮੁਲਕ ਵਿਚ ਸੰਸਦੀ ਲੋਕਤੰਤਰ ਹੈ ਅਤੇ ਸੰਸਦੀ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਨਾਮਜ਼ਦ ਕੀਤੇ ਜਾਂਦੇ ਹਨ। ਪਰ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਯੋਗਤਾ ਵਜੋਂ ਉਨ੍ਹਾਂ ਦੇ ਗੁਣਾਂ ਅਤੇ ਵਿੱਦਿਅਕ ਪਿਛੋਕੜ ਨੂੰ ਸਭ ਤੋਂ ਘੱਟ ਤਵੱਜੋ ਦਿੱਤੀ ਜਾਂਦੀ ਹੈ। ਸਭ ਤੋਂ ਵੱਧ ਤਰਜੀਹ 'ਜਿੱਤਣ ਦੀ ਸਮਰੱਥਾ' ਨੂੰ ਮਿਲਦੀ ਹੈ ਜਿਸ ਵਿਚ ਸਭ ਤੋਂ ਅਹਿਮ ਹੁੰਦੇ ਹਨ : ਪੈਸੇ ਦੀ ਤਾਕਤ, ਬਾਹੂਬਲ ਅਤੇ ਉਮੀਦਵਾਰਾਂ ਦੇ ਧਰਮ ਤੇ ਜਾਤ ਆਦਿ। ਅਫ਼ਸੋਸ, ਬਹੁਤ ਸਾਰੇ ਅਪਰਾਧੀਆਂ ਅਤੇ ਹੋਰ ਮਾੜੇ ਅਨਸਰਾਂ ਕੋਲ ਇਹ ਯੋਗਤਾਵਾਂ ਹੁੰਦੀਆਂ ਹਨ ਜਿਸ ਕਾਰਨ ਉਨ੍ਹਾਂ ਵਿਚੋਂ ਬਹੁਤ ਸਾਰੇ ਚੋਣਾਂ ਲੜਨ ਲਈ ਪਾਰਟੀਆਂ ਦੀਆਂ ਟਿਕਟਾਂ ਲੈ ਕੇ ਚੋਣ ਜਿੱਤ ਵੀ ਜਾਂਦੇ ਹਨ। ਇਸ ਨਾਲ ਸਿਆਸੀ ਮੈਦਾਨ ਵਿਚ ਆਉਣ ਲਈ ਵਧੀਆ ਪੜ੍ਹੇ-ਲਿਖੇ ਤੇ ਚੰਗੇ ਇਨਸਾਨਾਂ ਲਈ ਬਹੁਤੀ ਥਾਂ ਨਹੀਂ ਬਚਦੀ। ਇੰਝ ਮੰਤਰੀਆਂ ਦੀ ਚੋਣ ਦਾ ਕੰਮ ਬਹੁਤ ਔਖਾ ਹੋ ਜਾਂਦਾ ਹੈ ਅਤੇ ਇਸ ਸਮੱਸਿਆ ਵਿਚ ਇਹ ਤੱਥ ਹੋਰ ਵਾਧਾ ਕਰਦਾ ਹੈ ਕਿ ਸਾਡੇ ਦੇਸ਼ ਵਿਚ ਵਿਰੋਧੀ ਪਾਰਟੀਆਂ ਵੱਲੋਂ 'ਸ਼ੈਡੋ ਕੈਬਨਿਟ' (ਇਸ ਵਿਚ ਮੁੱਖ ਵਿਰੋਧੀ ਪਾਰਟੀ ਵੱਲੋਂ ਆਪਣੇ ਸੀਨੀਅਰ ਆਗੂਆਂ ਵਿਚ ਵਿਭਾਗਾਂ ਦੀ ਵੰਡ ਕੀਤੀ ਜਾਂਦੀ ਹੈ, ਜਿਵੇਂ ਇਸ ਵੇਲੇ ਦੀ ਮੁੱਖ ਵਿਰੋਧੀ ਪਾਰਟੀ ਆਪਣੇ ਸਾਬਕਾ ਵਿੱਤ ਮੰਤਰੀ ਜਾਂ ਕਿਸੇ ਆਰਥਿਕ ਮਾਹਿਰ ਨੂੰ ਸ਼ੈਡੋ ਵਿੱਤ ਮੰਤਰੀ ਅਤੇ ਇਸੇ ਤਰ੍ਹਾਂ ਹੋਰ ਵਿਭਾਗਾਂ ਦੇ 'ਮੰਤਰੀ' ਨਾਮਜ਼ਦ ਕਰੇ) ਬਣਾਉਣ ਦੀ ਰਵਾਇਤ ਨਹੀਂ ਹੈ ਤੇ ਇਸ ਕਾਰਨ ਸਾਡੇ ਕੋਲ ਵੱਖੋ-ਵੱਖ ਖੇਤਰਾਂ ਦੀ ਮੁਹਾਰਤ ਵਾਲੇ ਐੱਮਪੀ ਘੱਟ ਹੀ ਹੁੰਦੇ ਹਨ। ਸਿੱਟਾ ਇਹ ਨਿਕਲਦਾ ਹੈ ਕਿ ਅਜਿਹੇ ਐੱਮਪੀ ਉਸ ਵਿਭਾਗ ਦੇ ਮੰਤਰੀ ਬਣ ਬੈਠਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਵਜ਼ਾਰਤ ਕਾਇਮ ਕਰਨ ਦੀ ਪ੍ਰਕਿਰਿਆ ਵਿਚ ਵੱਖੋ-ਵੱਖ ਗਰੁੱਪਾਂ, ਧਰਮਾਂ, ਜਾਤਾਂ ਆਦਿ ਨੂੰ ਨੁਮਾਇੰਦਗੀ ਦੇਣਾ ਵੀ ਜ਼ਰੂਰੀ ਹੁੰਦਾ ਹੈ।
ਸਾਰ ਇਹ ਹੈ ਕਿ ਸਾਡੇ ਕੋਲ ਗਿਣਤੀ ਦੇ ਹੀ ਅਜਿਹੇ ਮੰਤਰੀ ਹੁੰਦੇ ਹਨ ਜਿਨ੍ਹਾਂ ਨੂੰ ਆਪੋ-ਆਪਣੇ ਵਿਭਾਗਾਂ ਬਾਰੇ ਜਾਣਕਾਰੀ ਤੇ ਤਜਰਬਾ ਹੋਵੇ ਅਤੇ ਇਸ ਕਾਰਨ ਮੰਤਰੀਆਂ ਨੂੰ ਅਫ਼ਸਰਸ਼ਾਹੀ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਅਫ਼ਸਰਸ਼ਾਹੀ ਵਿਚ ਵੀ ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਮੁੱਖ ਤੌਰ 'ਤੇ ਆਮ ਪ੍ਰਸ਼ਾਸਨ ਦਾ ਹੀ ਤਜਰਬਾ ਹੁੰਦਾ ਹੈ। ਜੇ ਸਰਕਾਰ ਦੀ ਵਾਗਡੋਰ ਕਿਸੇ ਵੱਡੇ ਆਗੂ ਹੱਥ ਹੋਵੇ ਤਾਂ ਹਰ ਕੋਈ ਬੱਸ ਉਸੇ ਦੇ ਇਸ਼ਾਰੇ ਦੀ ਉਡੀਕ ਵਿਚ ਰਹਿੰਦਾ ਹੈ, ਕਿ ਜਿਸ ਪਾਸੇ ਦੀ ਹਵਾ ਵਗ ਰਹੀ ਹੋਵੇ, ਪੌਣ-ਕੁੱਕੜ ਵਾਂਗ ਉੱਧਰ ਨੂੰ ਘੁੰਮ ਜਾਈਏ। ਮੈਂ ਵੱਖੋ-ਵੱਖ ਪੱਧਰਾਂ 'ਤੇ ਬਥੇਰੀਆਂ ਮੀਟਿੰਗਾਂ ਵਿਚ ਹਾਜ਼ਰ ਹੋਇਆ ਹਾਂ ਤੇ ਕਦੇ ਹੀ ਕੋਈ ਬੰਦਾ ਅਜਿਹੇ ਆਗੂ ਦੀ ਗੱਲ ਕੱਟਣ ਦੀ ਜੁਰੱਅਤ ਕਰਦਾ ਹੈ।
ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਵਧੀਆ ਨਤੀਜੇ ਸਿਰਫ਼ ਮਿਲ ਕੇ ਟੀਮ ਵਾਂਗ ਕੰਮ ਕਰਨ ਨਾਲ ਹੀ ਮਿਲ ਸਕਦੇ ਹਨ, ਭਾਵੇਂ ਇਹ ਕੋਈ ਖੇਡ ਹੋਵੇ ਜਾਂ ਸਰਕਾਰ ਦਾ ਕੰਮ-ਕਾਜ। ਕੌਮੀ ਪੱਧਰ 'ਤੇ ਟੀਮ ਵਾਲੇ ਮਿਲਵਰਤਣ ਲਈ ਜ਼ਰੂਰੀ ਹੈ ਕਿ ਇਸ ਟੀਮ ਦੇ ਸਾਰੇ ਮੈਂਬਰ ਸਮਰੱਥ, ਸਮਝਦਾਰ, ਜੁਗਤੀ ਅਤੇ ਦਿਆਨਤਦਾਰ ਹੋਣ। ਕੀ ਸਾਡੀ ਸਰਕਾਰ ਵਿਚ ਅਜਿਹੇ ਲੋੜੀਂਦੇ ਬੰਦੇ ਹਨ? ਜਾਂ ਫਿਰ ਕਿਸੇ ਇਕ ਆਦਮੀ ਨੂੰ ਹੀ ਕਈਆਂ ਦਾ ਵਜ਼ਨ ਚੁੱਕਣਾ ਪੈ ਰਿਹਾ ਹੈ? ਸਾਡੇ ਕੋਲ ਅਜਿਹੇ ਕਾਫ਼ੀ ਬੰਦੇ ਬਿਲਕੁਲ ਨਹੀਂ ਹਨ। ਜ਼ਰੂਰੀ ਹੈ ਕਿ ਸਾਡੀ ਸਿਆਸਤ ਇਸ ਹਾਲਾਤ ਦੀ ਇਜਾਜ਼ਤ ਨਾ ਦੇਵੇ। ਭਾਰਤ ਵਰਗੇ ਵੱਡੇ ਮੁਲਕ ਵਿਚ ਸਰਕਾਰੀ ਪ੍ਰਬੰਧ ਚਲਾਉਣਾ ਬਹੁਤ ਗੁੰਝਲ਼ਦਾਰ ਤਕਨੀਕੀ ਮਾਮਲਾ ਬਣ ਚੁੱਕਾ ਹੈ ਅਤੇ ਮੁਕਾਬਲਾ ਦੂਜੇ ਮੁਲਕਾਂ ਦੇ ਬਿਹਤਰੀਨ ਆਗੂਆਂ ਤੇ ਪ੍ਰਸ਼ਾਸਕਾਂ ਨਾਲ ਹੈ। ਇਨ੍ਹਾਂ ਗੰਭੀਰ ਹਾਲਾਤ ਤੇ ਸਮੱਸਿਆਵਾਂ ਕਾਰਨ ਸਾਨੂੰ ਬਿਹਤਰੀਨ ਪ੍ਰਸ਼ਾਸਕਾਂ ਦੀ ਲੋੜ ਹੈ। ਅਜਿਹੇ ਆਰਥਿਕ ਮਾਹਿਰਾਂ ਦੀ ਲੋੜ ਹੈ ਜਿਹੜੇ ਆਲਮੀ ਪ੍ਰਸੰਗ ਵਿਚ ਆਧੁਨਿਕ ਅਰਥਚਾਰੇ ਦੀਆਂ ਗੁੰਝਲ਼ਾਂ ਨੂੰ ਸਮਝ ਸਕਣ, ਰੱਖਿਆ ਮਾਹਿਰਾਂ ਤੇ ਵਿਸ਼ਲੇਸ਼ਕਾਂ ਦੀ ਲੋੜ ਹੈ ਜਿਹੜੇ ਮੁਲਕ ਨੂੰ ਦਰਪੇਸ਼ ਖ਼ਤਰਿਆਂ ਨੂੰ ਸਮਝ ਤੇ ਉਨ੍ਹਾਂ ਦੇ ਟਾਕਰੇ ਲਈ ਰਣਨੀਤੀ ਘੜ ਸਕਣ, ਸਾਨੂੰ ਵਿਦੇਸ਼ ਮਾਮਲਿਆਂ, ਸਨਅਤ ਤੇ ਆਈਟੀ ਆਦਿ ਲਈ ਵੀ ਮਾਹਿਰਾਂ ਦੀ ਲੋੜ ਹੈ। ਦੇਸ਼ ਦੀਆਂ ਅੰਦਰੂਨੀ ਸਮੱਸਿਆਵਾਂ ਨਾਲ ਸਿੱਝਣ ਲਈ ਸਾਨੂੰ ਬਹੁਤ ਹੀ ਲਾਸਾਨੀ ਪ੍ਰਸ਼ਾਸਕ ਚਾਹੀਦੇ ਹਨ, ਦੂਰਅੰਦੇਸ਼ੀ ਤੇ ਢੁਕਵੀਂ ਕਾਰਵਾਈ ਕਰਨ ਦੇ ਸਮਰੱਥ ਵਿਅਕਤੀ ਲੋੜੀਂਦੇ ਹਨ।
ਸਾਡੇ ਦੇਸ਼ ਕੋਲ ਅਜਿਹੇ ਲੋਕਾਂ - ਮਰਦਾਂ ਤੇ ਔਰਤਾਂ ਦੀ ਕਮੀ ਨਹੀਂ ਜਿਹੜੇ ਕਿਸੇ ਵੀ ਵੇਲ਼ੇ, ਬਿਨਾਂ ਕੋਈ ਪ੍ਰਵਾਹ ਕੀਤੇ ਆਪਣੀ ਮਾਤਭੂਮੀ ਲਈ ਕੁਝ ਵੀ ਕਰ ਸਕਦੇ ਹਨ। ਅਜਿਹੇ ਲੋਕ ਕਿੱਥੋਂ ਮਿਲਣਗੇ? ਅਜਿਹੇ ਮਾਹਿਰ ਯੂਨੀਵਰਸਿਟੀਆਂ, ਨਿੱਜੀ ਖੇਤਰ, ਪਰਵਾਸੀ ਭਾਰਤੀਆਂ, ਮੌਜੂਦਾ ਅਫ਼ਸਰਸ਼ਾਹਾਂ ਤੇ ਸਫ਼ੀਰਾਂ, ਅਰਥ ਸ਼ਾਸਤਰੀਆਂ, ਵੱਖੋ-ਵੱਖ ਵਿਚਾਰ ਮੰਚਾਂ ਨਾਲ ਸਬੰਧਤ ਰੱਖਿਆ ਨੀਤੀਘਾੜਿਆਂ, ਉੱਦਮੀਆਂ, ਆਈਟੀ ਮਾਹਿਰਾਂ, ਖੋਜਕਾਰਾਂ, ਪੁਲਾੜ ਵਿਗਿਆਨੀਆਂ ਆਦਿ ਵਿਚੋਂ ਹੀ ਨਹੀਂ ਸਗੋਂ ਹੋਰ ਸਿਆਸੀ ਪਾਰਟੀਆਂ ਵਿਚੋਂ ਵੀ ਮਿਲ ਸਕਦੇ ਹਨ। ਸਾਡੇ ਕੋਲ ਮਨੁੱਖੀ ਵਸੀਲਿਆਂ ਦੀ ਕਮੀ ਨਹੀਂ - ਪਰ ਉਨ੍ਹਾਂ ਨੂੰ ਸਰਕਾਰ ਵਿਚ ਕਿਵੇਂ ਵਰਤਿਆ ਜਾਵੇ? ਸਾਡੇ ਕੋਲ ਬਰਤਾਨੀਆ ਦੀ ਵਧੀਆ ਮਿਸਾਲ ਹੈ ਜਿਸ ਨੇ 1931-1945 ਦਰਮਿਆਨ 'ਕੌਮੀ ਸਰਕਾਰ' ਦਾ ਪ੍ਰਬੰਧ ਈਜ਼ਾਦ ਕੀਤਾ ਤਾਂ ਕਿ ਮਹਾਂਮੰਦੀ ਅਤੇ ਆਲਮੀ ਜੰਗਾਂ ਕਾਰਨ ਹੋਈ ਭਾਰੀ ਤਬਾਹੀ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਇਸ ਕੌਮੀ ਸਰਕਾਰ ਵਿਚ ਸਾਰੀਆਂ ਪ੍ਰਮੁੱਖ ਪਾਰਟੀਆਂ ਜਾਂ ਪ੍ਰਮੁੱਖ ਪਾਰਟੀਆਂ ਦੇ ਗੱਠਜੋੜ ਸ਼ਾਮਲ ਸਨ। ਸਾਡੇ ਕੋਲ ਅਮਰੀਕਾ ਦੀ ਵੀ ਮਿਸਾਲ ਹੈ ਜਿੱਥੇ ਦੂਜੀ ਆਲਮੀ ਜੰਗ ਦੌਰਾਨ ਮੁਲਕ ਦੇ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਵੱਲੋਂ ਕਾਂਗਰਸ ਦੇ ਦੋਵੇਂ ਸਦਨਾਂ ਦੇ ਸਾਂਝੇ ਇਜਲਾਸ ਵਿਚ ਦਿੱਤੇ ਭਾਸ਼ਣ ਤੇ ਏਕਤਾ ਦੀ ਕੀਤੀ ਅਪੀਲ ਦੇ ਨਾਲ ਹੀ ਅਤੇ ਜੰਗ ਨੂੰ ਸਫਲਤਾਪੂਰਬਕ ਜਿੱਤਣ ਤੱਕ ਰਾਸ਼ਟਰਪਤੀ, ਕਾਂਗਰਸ, ਸੈਨੇਟ ਅਤੇ ਸਮੁੱਚਾ ਮੁਲਕ ਇਕਮੁੱਠ ਹੋ ਕੇ ਡਟੇ ਰਹੇ। ਅਮਰੀਕੀ ਸਿਸਟਮ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਵਜੋਂ ਅਜਿਹੇ ਲੋਕਾਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਹੜੇ ਕਾਂਗਰਸ ਦੇ ਕਿਸੇ ਸਦਨ (ਸੈਨੇਟ ਜਾਂ ਪ੍ਰਤੀਨਿਧ ਸਭਾ) ਦੇ ਮੈਂਬਰ ਨਾ ਹੋਣ। ਇਸ ਕਾਰਨ ਵਿਭਾਗਾਂ ਦੇ ਮੁਖੀ ਮੁੱਖ ਤੌਰ 'ਤੇ ਸਨਅਤਾਂ ਤੇ ਯੂਨੀਵਰਸਿਟੀਆਂ ਵਿਚੋਂ ਲਏ ਜਾਂਦੇ ਹਨ ਅਤੇ ਆਪਣੇ ਅਹੁਦੇ ਦੀ ਮਿਆਦ ਪੂਰੀ ਹੋ ਜਾਣ 'ਤੇ ਉਹ ਦੁਬਾਰਾ ਆਪਣੇ ਕਾਰੋਬਾਰ ਜਾਂ ਅਧਿਆਪਨ ਕਾਰਜ ਵਿਚ ਚਲੇ ਜਾਂਦੇ ਹਨ। ਇਹ ਦੋਵੇਂ ਮਾਡਲ ਇਨ੍ਹਾਂ ਮੁਲਕਾਂ ਲਈ ਵਧੀਆ ਸਾਬਤ ਹੋਏ ਹਨ।
ਇਹ ਉਨ੍ਹਾਂ ਲੋਕਾਂ ਦਾ ਕੰਮ ਹੈ ਜਿਹੜੇ ਇਸ ਮਹਾਨ ਮੁਲਕ ਦੀ ਅਗਵਾਈ ਕਰ ਰਹੇ ਹਨ ਕਿ ਉਹ ਨਵੀਂ ਲੀਹ ਪਾਉਣ ਜਾਂ ਮੌਜੂਦਾ ਪ੍ਰਬੰਧ ਵਿਚ ਵੱਡੇ ਪੱਧਰ 'ਤੇ ਦਰੁਸਤੀਆਂ ਕਰਨ। ਸਾਡੀ ਇਕੋ ਮੰਗ ਹੈ ਕਿ ਸਾਡਾ ਸਰਕਾਰੀ ਢਾਂਚਾ ਵਧੀਆ ਤਰੀਕੇ ਨਾਲ ਚੱਲੇ ਅਤੇ ਸਾਡੀ ਅਗਵਾਈ ਕਰਨ ਵਾਲੇ ਲੋਕ ਵਧੀਆ ਸੋਚ ਵਾਲੇ ਤੇ ਦੂਰਅੰਦੇਸ਼, ਇਮਾਨਦਾਰੀ, ਦਿਆਨਤਦਾਰੀ ਅਤੇ ਸਮਰਪਣ ਦੀਆਂ ਭਾਵਨਾਵਾਂ ਨਾਲ ਲੈਸ ਹੋਣ। ਸਾਨੂੰ ਅਜਿਹੇ ਵਿਅਕਤੀਆਂ ਦੀ ਲੋੜ ਹੈ ਜਿਹੜੇ ਗ਼ਰੀਬਾਂ ਪ੍ਰਤੀ ਰਹਿਮਦਿਲ ਤੇ ਉਨ੍ਹਾਂ ਦੀ ਹਰ ਮਦਦ ਲਈ ਤਿਆਰ ਹੋਣ ਤਾਂ ਕਿ ਕੋਈ ਦੇਸ਼ ਵਾਸੀ ਖ਼ੁਦ ਨੂੰ ਬੇਗ਼ੌਰਾ ਨਾ ਸਮਝੇ, ਕਿਸੇ ਨੂੰ ਵੀ ਸੜਕ ਕੰਢੇ ਮੰਦਹਾਲੀ ਵਿਚ ਨਾ ਰਹਿਣਾ ਪਵੇ ਅਤੇ ਕਿਸੇ ਭਾਰਤ ਵਾਸੀ ਨੂੰ ਉਹੋ ਜਿਹੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ ਜਿਨ੍ਹਾਂ ਦਾ ਹਾਲ ਹੀ ਵਿਚ ਲੱਖਾਂ ਬਦਕਿਸਮਤ ਭਾਰਤੀਆਂ ਨੂੰ ਕਰਨਾ ਪਿਆ। ਜ਼ਰੂਰੀ ਹੈ ਕਿ ਅਸੀਂ ਬਿਹਤਰੀਨ ਪ੍ਰਤਿਭਾਵਾਨ ਦੇਸ਼ ਵਾਸੀ ਮਰਦਾਂ-ਔਰਤਾਂ ਨੂੰ ਅੱਗੇ ਲਿਆਈਏ ਤੇ ਉਨ੍ਹਾਂ ਨੂੰ ਉਸ ਕੰਮ 'ਤੇ ਲਾਈਏ ਜਿਨ੍ਹਾਂ ਦੀ ਉਨ੍ਹਾਂ ਨੂੰ ਮੁਹਾਰਤ ਹੈ। ਉਨ੍ਹਾਂ ਨੂੰ ਇਸ ਲਾਇਕ ਬਣਾਈਏ ਕਿ ਉਹ ਸਾਨੂੰ ਅਜਿਹਾ ਭਵਿੱਖ ਦੇ ਸਕਣ ਜਿਸ ਦੇ ਅਸੀਂ ਹੱਕਦਾਰ ਹਾਂ। ਸਾਰੀਆਂ ਅੰਦਰੂਨੀ ਤੇ ਬਾਹਰੀ ਵੰਗਾਰਾਂ ਨਾਲ ਉਸੇ ਤਰ੍ਹਾਂ ਸਿੱਝਿਆ ਜਾਣਾ ਚਾਹੀਦਾ ਹੈ, ਜਿਵੇਂ ਉਨ੍ਹਾਂ ਨਾਲ ਸਿੱਝਣਾ ਜ਼ਰੂਰੀ ਹੈ। ਆਓ, ਅਸੀਂ ਅੱਜ ਹੀ ਇਸ ਮੰਜ਼ਲ ਵੱਲ ਕਦਮ ਵਧਾਈਏ ਤਾਂ ਕਿ ਸਾਡੇ ਆਗੂ ਸਾਨੂੰ ਰਾਹ ਦਿਖਾ ਸਕਣ ਤੇ ਉਹ ਤਬਦੀਲੀ ਦੇ ਸਮਰੱਥ ਲੋਕਾਂ ਨੂੰ ਅੱਗੇ ਲਿਆ ਸਕਣ। ਅਸੀਂ, ਭਾਰਤ ਦੇ ਲੋਕ ਇਸ ਚੁਣੌਤੀ ਲਈ ਤਿਆਰ ਹਾਂ, ਪਰ ਕੀ ਸਾਡੇ ਆਗੂ ਤਿਆਰ ਹਨ?
' ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।
'ਇੰਡੀਆ' ਤੋਂ ਦੂਰ ਭੱਜਦਾ 'ਭਾਰਤ' - ਗੁਰਬਚਨ ਜਗਤ '
ਭਾਰਤ ਉੱਤੇ 21 ਮਾਰਚ ਨੂੰ ਇਕ ਅਣਕਿਆਸੀ ਗਾਜ ਡਿੱਗੀ ਤੇ ਇਸ ਨੇ ਫ਼ੌਰੀ ਸਾਰੇ ਦੇਸ਼ ਨੂੰ ਨਿਸ਼ਾਨਾ ਬਣਾ ਲਿਆ। ਬਹੁਤ ਸਾਰਿਆਂ ਨੂੰ ਇਹ ਬੇਲੋੜਾ ਜਾਪਿਆ, ਪਰ ਬਾਅਦ ਵਿਚ ਇਸ ਅਦਿੱਖ ਦੁਸ਼ਮਣ ਦੀ ਪਛਾਣ 'ਕੋਵਿਡ-19' ਵਜੋਂ ਹੋਈ। ਛੇਤੀ ਹੀ ਸਾਰੇ ਮੁਲਕ ਵਿਚ ਜੰਗ ਵਰਗਾ ਬਲੈਕਆਊਟ ਕਰ ਦਿੱਤਾ ਗਿਆ ਜਿਸ ਨੂੰ 'ਲੌਕਡਾਊਨ' ਆਖਿਆ ਗਿਆ। ਇਸ ਕਾਰਨ ਸਨਅਤਾਂ ਬੰਦ ਹੋ ਗਈਆਂ, ਸੜਕੀ ਆਵਾਜਾਈ ਰੁਕ ਗਈ, ਰੇਲਾਂ ਤੇ ਹਵਾਈ ਉਡਾਣਾਂ ਵੀ ਰੋਕ ਦਿੱਤੀਆਂ ਗਈਆਂ। ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ, ਲੋਕ ਘਰਾਂ ਵਿਚ ਬੰਦ ਹੋ ਕੇ ਰਹਿ ਗਏ - ਸੰਖੇਪ 'ਚ ਆਖੀਏ ਤਾਂ ਹਸਪਤਾਲਾਂ ਨੂੰ ਛੱਡ ਕੇ ਹੋਰ ਸਾਰਾ ਕੁਝ ਠੱਪ ਹੋ ਗਿਆ।
ਇਸ ਸਭ ਕੁਝ ਦੀ ਜਾਣਕਾਰੀ ਮਹਿਜ਼ ਚਾਰ ਘੰਟੇ ਪਹਿਲਾਂ ਦਿੱਤੀ ਗਈ ਅਤੇ ਇਸ ਤਰ੍ਹਾਂ ਸਾਰਾ ਮੁਲਕ ਆਪ ਸਹੇੜੀ ਡੂੰਘੀ ਬੇਹੋਸ਼ੀ (ਕੋਮਾ) ਵਿਚ ਚਲਾ ਗਿਆ। ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਵਾਂਗ ਹੀ ਦੇਸ਼ਬੰਦੀ ਦੇ ਇਸ ਫ਼ੈਸਲੇ ਨੇ ਭਾਰੀ ਆਫ਼ਤ ਪੈਦਾ ਕਰ ਦਿੱਤੀ ਅਤੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਤੋਂ ਸੱਖਣੇ ਲੋਕ ਘਰਾਂ 'ਚ ਕੈਦ ਹੋ ਗਏ। ਹਾਂ, ਬਾਅਦ ਵਿਚ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਦਾ ਖ਼ਿਆਲ ਆਇਆ ਤਾਂ ਇਨ੍ਹਾਂ ਨੂੰ ਘਟਾਉਣ ਲਈ ਸੈਂਕੜੇ ਹੁਕਮ ਜਾਰੀ ਕੀਤੇ ਗਏ। ਚਾਹੀਦਾ ਸੀ ਕਿ ਇਹ ਕਾਰਵਾਈ ਪਹਿਲਾਂ ਐਲਾਨੀ ਜਾਂਦੀ ਅਤੇ ਅਗਾਊਂ ਚਾਰ ਦਿਨਾਂ ਦਾ ਨੋਟਿਸ ਦਿੱਤਾ ਜਾਂਦਾ। ਇਸ ਨਾਲ ਲੋਕਾਂ ਨੂੰ ਇਸ ਲਈ ਤਿਆਰੀ ਕਰਨ ਦਾ ਸਮਾਂ ਮਿਲ ਜਾਣਾ ਸੀ ਤੇ ਨਾਲ ਹੀ ਵੱਖੋ-ਵੱਖ ਸੇਵਾਵਾਂ ਦੀ ਪੂਰਤੀ ਦੀ ਤਿਆਰੀ ਕੀਤੀ ਜਾ ਸਕਦੀ ਸੀ। ਇਸ ਹਾਲਤ ਵਿਚ ਸਨਅਤਾਂ ਆਪਣੇ ਕਾਮਿਆਂ ਨਾਲ ਗੱਲ ਕਰ ਕੇ ਲੌਕਡਾਊਨ ਦੇ ਸਮੇਂ ਦੌਰਾਨ ਦਾ ਕੰਮ-ਢੰਗ ਤੈਅ ਕਰ ਸਕਦੀਆਂ ਸਨ, ਰੇਲਵੇ ਤੇ ਹੋਰ ਆਵਾਜਾਈ ਸਾਧਨਾਂ ਰਾਹੀਂ ਕਿਤੇ ਹੋਰ ਥਾਈਂ ਜਾਣ ਦੇ ਚਾਹਵਾਨਾਂ ਨੂੰ ਉਨ੍ਹਾਂ ਦੇ ਟਿਕਾਣੇ ਉੱਤੇ ਪਹੁੰਚਾਇਆ ਜਾ ਸਕਦਾ ਸੀ, ਅਧਿਆਪਕਾਂ ਵੱਲੋਂ ਵੀ ਬੱਚਿਆਂ ਦੀ ਪੜ੍ਹਾਈ ਬਾਰੇ ਮਾਪਿਆਂ ਨਾਲ ਸਲਾਹ ਕੀਤੀ ਜਾ ਸਕਦੀ ਸੀ ਤੇ ਹੋਰ ਮਾਮਲਿਆਂ ਵਿਚ ਵੀ ਲੋੜੀਂਦੇ ਕਦਮ ਉਠਾਏ ਜਾ ਸਕਦੇ ਸਨ। ਕਈ ਪੱਛਮੀ ਮੁਲਕਾਂ ਦੇ ਉਲਟ ਭਾਰਤ ਸਰਕਾਰ ਨੇ ਮਜ਼ਦੂਰਾਂ ਨੂੰ ਅਦਾਇਗੀ ਲਈ ਸਨਅਤਾਂ ਦੀ ਕੋਈ ਮਾਲੀ ਇਮਦਾਦ ਨਹੀਂ ਕੀਤੀ।
ਇਸ ਕਾਰਨ ਭਾਵੇਂ ਸਭ ਨੂੰ ਸਮੱਸਿਆ ਆਈ, ਪਰ ਸਮਾਜ ਦਾ ਇਕ ਅਜਿਹਾ ਤਬਕਾ ਵੀ ਸੀ ਜਿਹੜਾ ਪੂਰੀ ਤਰ੍ਹਾਂ ਨਿਆਸਰਾ ਹੋ ਕੇ ਰਹਿ ਗਿਆ। ਇਹ ਸਨ ਦੇਸ਼ ਦੇ ਪੇਂਡੂ ਖੇਤਰਾਂ ਨਾਲ ਸਬੰਧਤ 'ਪਰਵਾਸੀ ਮਜ਼ਦੂਰ' ਜਿਹੜੇ ਕੰਮ ਦੀ ਭਾਲ 'ਚ ਸ਼ਹਿਰਾਂ ਤੇ ਕਸਬਿਆਂ ਵਿਚ ਆਏ ਸਨ। ਇਹ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਨੂੰ 'ਪਰਵਾਸੀ' ਕਿਉਂ ਆਖਿਆ ਜਾਂਦਾ ਹੈ ਕਿਉਂਕਿ ਉਹ ਵੀ ਇੰਡੀਆ ਦੇ ਹੀ ਬਾਸ਼ਿੰਦੇ ਹਨ, ਭਾਵੇਂ ਭਾਰਤ ਤੋਂ ਆਏ ਹੋਏ ਹਨ। ਇਨ੍ਹਾਂ ਲੱਖਾਂ ਪਰਵਾਸੀਆਂ ਨੇ ਦੇਸ਼ ਭਰ ਵਿਚ ਜਿਵੇਂ ਕਿਵੇਂ ਵੱਖ-ਵੱਖ ਸਨਅਤਾਂ - ਫੈਕਟਰੀਆਂ, ਉਸਾਰੀ ਸਰਗਰਮੀਆਂ, ਸੜਕਾਂ ਦੇ ਵਿਕਾਸ, ਮੰਡੀਆਂ ਅਤੇ ਸਾਡੇ ਘਰਾਂ ਤੱਕ ਵਿਚ ਨੌਕਰੀਆਂ ਹਾਸਲ ਕੀਤੀਆਂ ਹੋਈਆਂ ਹਨ। ਉਹ ਘਰਾਂ ਵਿਚ ਕੰਮ ਵਾਲੀਆਂ 'ਬਾਈਆਂ', ਕਲੀਨਰਾਂ, ਖਾਨਸਾਮਿਆਂ ਤੇ ਸਫ਼ਾਈ ਮੁਲਾਜ਼ਮਾਂ ਆਦਿ ਵਜੋਂ ਕੰਮ ਕਰਦੇ ਹਨ। ਹਾਲਤ ਇਹ ਬਣ ਚੁੱਕੀ ਹੈ ਕਿ ਅੱਜ ਉਨ੍ਹਾਂ ਬਿਨਾਂ ਸਾਡਾ ਸਰਦਾ ਨਹੀਂ। ਇਸੇ ਤਰ੍ਹਾਂ ਜਿਨ੍ਹਾਂ ਸੂਬਿਆਂ ਵਿਚ ਮੁਕਾਮੀ ਲੋਕ ਖੇਤੀ ਦਾ ਕੰਮ ਕਰਨਾ ਨਹੀਂ ਚਾਹੁੰਦੇ, ਉੱਥੇ ਇਨ੍ਹਾਂ ਪਰਵਾਸੀਆਂ ਨੇ ਖੇਤੀਬਾੜੀ ਵੀ ਆਪਣੇ ਹੱਥਾਂ ਵਿਚ ਲੈ ਲਈ ਹੈ ਤੇ ਉੱਥੇ ਦੋਵੇਂ ਧਿਰਾਂ ਦੇ ਆਪਸੀ ਵਧੀਆ ਰਿਸ਼ਤੇ ਬਣੇ ਹੋਏ ਹਨ। ਇਸ ਤਰ੍ਹਾਂ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਪਰਵਾਸੀ ਲੋਕ ਸਮੁੱਚੀ ਕਿਰਤ ਸ਼ਕਤੀ ਵਿਚ ਘੁਲਮਿਲ ਚੁੱਕੇ ਹਨ। ਇਸ ਦੇ ਬਾਵਜੂਦ, ਉਨ੍ਹਾਂ ਨੂੰ ਕੰਮ ਵਿਚ ਮਿਲੀ ਮਨਜ਼ੂਰੀ ਦਾ ਸਿੱਟਾ ਸਮਾਜਿਕ ਪੱਧਰ 'ਤੇ ਮਨਜ਼ੂਰੀ ਵਜੋਂ ਨਹੀਂ ਨਿਕਲਿਆ ਅਤੇ ਇਹ ਫ਼ਾਸਲਾ ਕਾਇਮ ਰਿਹਾ ਜਿਸ ਕਾਰਨ ਦੇਸ਼ ਵਿਚ ਅਣਗਿਣਤ ਝੁੱਗੀ ਬਸਤੀਆਂ ਵੱਸ ਗਈਆਂ ਜਿਨ੍ਹਾਂ ਦੇ ਆਪਣੇ ਸਮਾਜਿਕ ਕਾਇਦੇ ਹਨ। ਇਸ ਦੇ ਬਾਵਜੂਦ ਆਪਸੀ ਰਿਸ਼ਤਿਆਂ ਵਿਚ ਇਕ ਸਹਿਮਤੀ ਸੀ, ਨਾ ਕਿ ਦੁਸ਼ਮਣੀ, ਪਰ ਇਹ ਸਦਭਾਵਨਾ ਕੁਝ ਪਲਾਂ ਵਿਚ ਹੀ ਤਹਿਸ-ਨਹਿਸ ਹੋ ਗਈ। ਲੌਕਡਾਊਨ ਅਤੇ ਕਰਫ਼ਿਊ ਬੜੀ ਸਖ਼ਤ ਨਾਲ ਲਾਗੂ ਕੀਤਾ ਜਾ ਰਿਹਾ ਸੀ। ਇਸ ਕਾਰਨ ਕਾਰਖ਼ਾਨੇਦਾਰਾਂ ਅਤੇ ਹੋਰ ਰੁਜ਼ਗਾਰਦਾਤਾਵਾਂ ਨੂੰ ਆਪਣੇ ਕਾਰੋਬਾਰ ਬੰਦ ਕਰਨੇ ਪਏ ਅਤੇ ਇਕੋ ਸੱਟੇ ਰੁਜ਼ਗਾਰਦਾਤਾ ਤੇ ਮੁਲਾਜ਼ਮ ਦੋਵੇਂ ਬੇਰੁਜ਼ਗਾਰ ਹੋ ਗਏ। ਪਰਵਾਸੀ ਮਜ਼ਦੂਰਾਂ ਨੂੰ ਇਸ ਦੀ ਸਭ ਤੋਂ ਭਾਰੀ ਸੱਟ ਵੱਜੀ ਕਿਉਂਕਿ ਉਨ੍ਹਾਂ ਕੋਲ ਇਸ ਤੋਂ ਬਚਣ ਦਾ ਕੋਈ ਜ਼ਰੀਆ ਨਹੀਂ ਸੀ। ਉਨ੍ਹਾਂ ਆਪਣੀਆਂ ਝੁੱਗੀ ਬਸਤੀਆਂ ਵਿਚ ਰੁਕੇ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਛੇਤੀ ਹੀ ਉਨ੍ਹਾਂ ਦੇ ਪੈਸੇ ਤੇ ਅੰਨ-ਦਾਣਾ ਮੁੱਕ ਗਿਆ ਕਿਉਂਕਿ ਸਨਅਤਾਂ ਬੰਦ ਸਨ, ਵੱਡੇ ਤੇ ਛੋਟੇ ਸਨਅਤਕਾਰ ਆਪਣੇ ਮੁਲਾਜ਼ਮਾਂ ਨੂੰ ਉਜਰਤਾਂ ਦੇਣ ਤੋਂ ਬੇਵੱਸ ਸਨ। ਇੰਨਾ ਹੀ ਨਹੀਂ, ਘਰਾਂ ਵਿਚ ਵੀ ਵਾਇਰਸ ਦਾ ਇੰਨਾ ਡਰ ਸੀ ਕਿ ਘਰਾਂ ਵਿਚ ਕੰਮ ਕਰਨ ਵਾਲੇ ਕਾਮਿਆਂ - 'ਕੰਮ ਵਾਲੀਆਂ', ਖਾਨਸਾਮਿਆਂ ਤੇ ਸਫ਼ਾਈ ਮਜ਼ਦੂਰਾਂ ਆਦਿ ਨੂੰ ਵੀ ਕੰਮ ਤੋਂ ਜਵਾਬ ਦੇ ਦਿੱਤਾ ਗਿਆ। ਘਰਾਂ ਵਾਲੇ ਜਾਣ ਗਏ ਸਨ ਕਿ ਇਹ ਕਾਮੇ ਝੁੱਗੀ ਬਸਤੀਆਂ ਵਿਚੋਂ ਆਉਂਦੇ ਸਨ ਜਿਸ ਕਾਰਨ ਉਨ੍ਹਾਂ ਨੂੰ ਕੰਮ ਤੋਂ ਜਵਾਬ ਦੇਣਾ ਹੀ ਬਿਹਤਰ ਸਮਝਿਆ ਗਿਆ।
ਲੌਕਡਾਊਨ ਕਾਰਨ ਇਹ ਮਜ਼ਦੂਰ ਆਪਣੀਆਂ ਝੁੱਗੀਆਂ ਵਿਚ ਬੰਦ ਹੋ ਕੇ ਰਹਿ ਗਏ। ਉਨ੍ਹਾਂ ਕੋਲ ਨਾ ਕੰਮ ਸੀ, ਨਾ ਅੰਨ, ਨਾ ਕਿਰਾਇਆ ਦੇਣ ਲਈ ਪੈਸੇ ਤੇ ਨਾ ਹੀ ਬੱਚਿਆਂ ਦਾ ਸਕੂਲ। ਇਸ 'ਤੇ ਉਨ੍ਹਾਂ ਉਹੋ ਫ਼ੈਸਲਾ ਲਿਆ ਜਿਹੜਾ ਉਹ ਲੈ ਸਕਦੇ ਸਨ, ਭਾਵ ਭਾਰਤ ਨੂੰ ਪਰਤ ਜਾਣਾ। ਆਪਣੇ ਪਿੰਡਾਂ ਨੂੰ ਮੁੜ ਜਾਣਾ, ਜਿਹੜੇ ਸੈਂਕੜੇ ਨਹੀਂ ਹਜ਼ਾਰਾਂ ਮੀਲਾਂ ਦੂਰ ਸਨ, ਕਿਉਂਕਿ ਇੰਡੀਆ ਵਿਚ ਉਨ੍ਹਾਂ ਦੀ ਹੁਣ ਲੋੜ ਨਹੀਂ ਸੀ ਤੇ ਉੱਥੇ ਉਨ੍ਹਾਂ ਕਾਰਨ ਮਹਾਂਮਾਰੀ ਫੈਲ ਰਹੀ ਸੀ। ਜਦੋਂ ਰੇਲਾਂ, ਬੱਸਾਂ ਜਾਂ ਆਵਾਜਾਈ ਦਾ ਹੋਰ ਕੋਈ ਵਸੀਲਾ ਨਹੀਂ ਸੀ ਤਾਂ ਸਵਾਲ ਇਹ ਉੱਠਿਆ ਕਿ ਭਾਰਤ ਨੂੰ ਪਰਤਿਆ ਕਿਵੇਂ ਜਾਵੇ? ਇਸ ਤਰ੍ਹਾਂ ਲੰਬਾ ਮਾਰਚ ਸ਼ੁਰੂ ਹੋ ਗਿਆ, ਹਾਲਾਂਕਿ ਇਹ ਮਾਰਚ ਕਿਸੇ ਇਨਕਲਾਬ ਲਈ ਨਹੀਂ ਸੀ ਸਗੋ੬ਂ ਇਹ ਤਾਂ ਡਰ ਕੇ ਵਾਪਸ ਭੱਜਣਾ ਸੀ। ਇਹ ਤਾਂ ਉਸ ਸਮਾਜਿਕ ਤੇ ਆਰਥਿਕ ਇਨਕਲਾਬ ਤੋਂ ਗ਼ੈਰ-ਜਥੇਬੰਦ ਵਾਪਸੀ ਸੀ ਜਿਸ ਦੀ ਚਾਹਤ ਵਿਚ ਉਹ ਇੰਡੀਆ ਆਏ ਸਨ। ਇਨ੍ਹਾਂ ਲਈ ਰੇਲਾਂ ਜਾਂ ਬੱਸਾਂ ਦਾ ਪ੍ਰਬੰਧ ਕਰਨ ਦੀਆਂ ਸਰਕਾਰ ਨੂੰ ਕੀਤੀਆਂ ਗਈਆਂ ਸਾਰੀਆਂ ਅਪੀਲਾਂ ਅਣਸੁਣੀਆਂ ਰਹਿ ਗਈਆਂ। ਉੱਥੇ ਉਹ ਰਹਿ ਨਹੀਂ ਸਨ ਸਕਦੇ ਤੇ ਪਿੱਛੇ ਉਨ੍ਹਾਂ ਦੇ ਆਪਣੇ ਸੂਬੇ ਉਨ੍ਹਾਂ ਦੇ ਪਰਤਣ ਦੇ ਹੱਕ ਵਿਚ ਨਹੀਂ ਸਨ। ਪਰ ਉਹ ਪੈਦਲ ਜਾਂ ਸਾਈਕਲਾਂ ਆਦਿ ਰਾਹੀਂ ਵਾਪਸ ਤੁਰ ਪਏ। ਇਸ ਵਾਪਸੀ ਦੌਰਾਨ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਜ਼ਾਲਮਾਨਾ ਰਵੱਈਏ ਤੇ ਉਨ੍ਹਾਂ ਨੂੰ ਪੇਸ਼ ਦੁਸ਼ਵਾਰੀਆਂ ਦੀਆਂ ਅਨੇਕਾਂ ਦਿਲ-ਦਹਿਲਾਊ ਰਿਪੋਰਟਾਂ ਸੁਣਨ ਨੂੰ ਮਿਲੀਆਂ। ਰਾਹ ਵਿਚ ਨਾ ਕੁਝ ਖਾਣ ਨੂੰ ਸੀ, ਨਾ ਪੀਣ ਨੂੰ। ਵਾਪਸੀ ਦੇ ਰਾਹਾਂ ਉੱਤੇ ਉਨ੍ਹਾਂ ਦੀ ਮਦਦ ਲਈ ਨਾ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਤੇ ਨਾ ਕਿਸੇ ਖੱਬੀ ਜਾਂ ਸੱਜੀ ਸਿਆਸੀ ਪਾਰਟੀ ਨੇ। ਉਸ ਵਕਤ ਰੋਟਰੀ ਕਲੱਬ, ਲਾਇਨਜ਼ ਕਲੱਬ ਤੇ ਹੋਰ ਐੱਨਜੀਓਜ਼ ਕਿੱਥੇ ਸਨ? ਉਨ੍ਹਾਂ ਸ਼ਹਿਰਾਂ-ਕਸਬਿਆਂ ਦੇ ਲੋਕ ਕਿੱਥੇ ਸਨ, ਜਿੱਥੋਂ ਉਹ ਲੰਘ ਰਹੇ ਸਨ? ਕੁਝ ਸੀ ਤਾਂ ਭਿਆਨਕ ਖ਼ਾਮੋਸ਼ੀ, ਸੰਨਾਟਾ। ਖ਼ਲਕਤ ਦਾ ਜਿਵੇਂ ਇਕ ਦਰਿਆ ਵਗ ਰਿਹਾ ਹੋਵੇ। ਹਾਂ, ਉਹ ਹਾਲੇ ਵੀ ਇਨਸਾਨ ਹੀ ਸਨ, ਭਾਵੇਂ ਉਹ ਆਪਣੇ ਇਨਸਾਨੀ ਮਾਣ ਤੋਂ ਸੱਖਣੇ ਸਨ, ਆਪਣੇ ਰੋਟੀ, ਮਕਾਨ ਅਤੇ ਕਿਤੇ ਵੀ ਜਾ ਸਕਣ ਦੇ ਹੱਕ ਤੋਂ ਵਾਂਝੇ ਸਨ। ਜਦੋਂ ਉਨ੍ਹਾਂ ਦੀ ਇਸ ਮਾੜੀ ਹਾਲਤ ਦੀਆਂ ਖ਼ਬਰਾਂ ਮੀਡੀਆ ਦੇ ਉਸ ਹਿੱਸੇ ਵਿਚ ਨਸ਼ਰ ਹੋਈਆਂ ਜੋ ਹਾਲੇ ਵੀ ਕੁਝ ਆਜ਼ਾਦ ਸੋਚ ਰੱਖਦਾ ਹੈ ਤਾਂ ਸੂਬਿਆਂ ਦੇ 'ਸੂਬੇਦਾਰਾਂ' ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਨ੍ਹਾਂ ਨੂੰ ਜਿੱਥੇ ਵੀ ਉਹ ਹਨ, ਉੱਥੇ ਹੀ ਰੋਕ ਦਿੱਤਾ ਜਾਵੇ। ਇਸ 'ਤੇ ਸੜਕਾਂ ਉੱਤੇ ਉਨ੍ਹਾਂ ਖ਼ਿਲਾਫ਼ ਰੋਕਾਂ ਲਾ ਦਿੱਤੀਆਂ ਗਈਆਂ ਜਿਹੜੀਆਂ ਕੁਝ ਕਸਬਿਆਂ ਵਿਚ ਹਾਲੇ ਵੀ ਜਾਰੀ ਹਨ। ਉਨ੍ਹਾਂ ਦੀ ਆਵਾਜ਼ ਉੱਚੀ ਹੁੰਦਿਆਂ ਇਕੋ ਮੰਗ ਵਿਚ ਬਦਲ ਗਈ ਕਿ 'ਸਾਨੂੰ ਘਰ ਭੇਜ ਦਿਉ'। ਉਹ ਮਰ ਕੇ ਵੀ ਇੰਡੀਆ ਵਿਚ ਰਹਿਣ ਲਈ ਤਿਆਰ ਨਹੀਂ ਸਨ - ਆਖ਼ਰ ਜੇ ਮਰਨਾ ਹੀ ਹੈ ਤਾਂ ਆਪਣੇ ਘਰ ਜਾ ਕੇ ਕਿਉਂ ਨਾ ਮਰੀਏ। ਯਕੀਨਨ ਬਹੁਤ ਸਾਰੇ ਸੜਕਾਂ ਉੱਤੇ ਹੀ ਮਰ ਵੀ ਗਏ ਜਿਨ੍ਹਾਂ ਵਿਚੋਂ ਕਾਫ਼ੀ ਮੌਤਾਂ ਜ਼ਿਆਦਾ ਭਰੇ ਵਾਹਨਾਂ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਹੋਈਆਂ।
ਰੌਲਾ ਵਧਦਾ ਜਾ ਰਿਹਾ ਸੀ ਤੇ ਆਖ਼ਰ ਹਾਕਮਾਂ ਨੇ ਇਕ ਕਦਮ ਪਿਛਾਂਹ ਹਟਦਿਆਂ ਇਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਪਹੁੰਚਾਉਣ ਲਈ ਰੇਲਾਂ ਤੇ ਬੱਸਾਂ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਫਿਰ ਸਵਾਲ ਖੜ੍ਹਾ ਹੋਇਆ - ਇਸ ਦਾ ਕਿਰਾਇਆ ਕੌਣ ਅਦਾ ਕਰੇਗਾ, ਸੂਬੇ, ਕੇਂਦਰ, ਸਿਆਸੀ ਪਾਰਟੀਆਂ ਜਾਂ ਉਹ ਖ਼ੁਦ? ਇਸ ਖੋਹ-ਖਿੰਝ ਦੌਰਾਨ ਇਹ ਸਾਫ਼ ਨਹੀਂ ਹੋ ਸਕਿਆ ਕਿ ਅਦਾਇਗੀ ਕਿਸ ਨੇ ਕੀਤੀ, ਪਰ ਇਸ ਬਾਰੇ ਦਾਅਵੇ ਕਰਨ ਵਾਲੇ ਬਹੁਤ ਹਨ। ਆਖ਼ਰ ਉਹ ਜਿਵੇਂ ਰੇਲਾਂ ਵਿਚ ਤੂੜ ਕੇ ਭੇਜੇ ਗਏ, ਉਸ ਨੂੰ ਕੋਈ ਭਲਾ ਇਨਸਾਨ 'ਭੇਡਾਂ-ਬੱਕਰੀਆਂ ਵਾਂਗ' ਤੂੜਨਾ ਹੀ ਆਖ ਸਕਦਾ ਹੈ। ਇਸ ਦੇ ਬਾਵਜੂਦ ਸੂਬਿਆਂ ਤੇ ਜ਼ਿਲ੍ਹਿਆਂ ਦੀਆਂ ਹੱਦਾਂ ਉੱਤੇ ਖੜ੍ਹੇ ਕੀਤੇ ਗਏ ਅੜਿੱਕਿਆਂ ਦੇ ਬਾਵਜੂਦ ਪੈਦਲ ਮਾਰਚ ਵੀ ਜਾਰੀ ਰਿਹਾ। ਇਸ ਦੌਰਾਨ ਦਿੱਲੀ ਵਿਚ ਕੇਂਦਰ ਸਰਕਾਰ ਤੇ ਸੂਬਾਈ ਸਰਕਾਰਾਂ ਨੇ ਦੋ ਮਹੀਨੇ ਚੁੱਪ ਧਾਰੀ ਰੱਖੀ। ਨਾ ਤਾਂ ਭਾਰਤ ਸਰਕਾਰ ਹੀ ਉਨ੍ਹਾਂ ਨੂੰ ਚਾਹੁੰਦੀ ਸੀ ਤੇ ਨਾ ਉਨ੍ਹਾਂ ਦੇ ਆਪਣੇ ਸੂਬਿਆਂ ਦੀਆਂ ਸਰਕਾਰਾਂ। ਸਭ ਨੂੰ ਮਹਾਂਮਾਰੀ ਫੈਲਣ ਦਾ ਡਰ, ਭੁੱਖ ਮਾਰੇ ਲੋਕਾਂ ਦਾ ਡਰ, ਉਨ੍ਹਾਂ ਨੂੰ ਛੂਹੇ ਜਾਣ ਤੇ ਉਨ੍ਹਾਂ ਦੇ ਮੁੜ-ਵਸੇਬੇ ਦਾ ਡਰ ਸਤਾ ਰਿਹਾ ਸੀ।
ਉਨ੍ਹਾਂ ਨੂੰ ਇਕੋ ਰਾਹਤ ਇਹ ਦਿੱਤੀ ਗਈ ਕਿ ਉਹ ਮਨਰੇਗਾ ਤਹਿਤ ਕੰਮ ਕਰ ਸਕਦੇ ਹਨ। ਤੇ ਉਹ ਕਹੀਆਂ-ਬੇਲਚੇ ਲੈ ਕੇ ਕੰਮ 'ਚ ਜੁਟ ਗਏ - ਸ਼ਾਇਦ ਉਹ ਧਰਤੀ ਪੁੱਟ ਕੇ ਆਪਣੇ ਮਰ ਗਏ ਸੁਪਨੇ ਤਲਾਸ਼ ਰਹੇ ਹਨ। ਇਸ ਦੌਰਾਨ ਅਨੇਕਾਂ ਵਿੱਤੀ ਰਾਹਤਾਂ ਦੇ ਐਲਾਨ ਕੀਤੇ ਗਏ, ਪਰ ਬੇਜ਼ਮੀਨਿਆਂ ਤੇ ਪਰਵਾਸੀਆਂ ਲਈ ਕੋਈ ਐਲਾਨ ਨਹੀਂ ਸੀ। ਆਖ਼ਰ ਉਨ੍ਹਾਂ ਅਜਿਹਾ ਸੁਪਨਾ ਲੈਣ ਦੀ ਜੁਰੱਅਤ ਹੀ ਕਿਵੇਂ ਕੀਤੀ - ਭਾਰਤ ਤੇ ਇੰਡੀਆ ਦਰਮਿਆਨ ਵੱਡਾ ਫ਼ਾਸਲਾ ਹੈ, ਜੋ ਹੋਰ ਵਧਦਾ ਜਾਵੇਗਾ ਕਿਉਂਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ, ਤਕਨਾਲੋਜੀ ਤੇ ਔਨਲਾਈਨ ਸਿੱਖਿਆ ਆਦਿ ਤੱਕ ਕੋਈ ਪਹੁੰਚ ਨਹੀਂ ਹੋਵੇਗੀ। ਉਨ੍ਹਾਂ ਇੰਡੀਆ ਤੇ ਭਾਰਤ ਨੂੰ ਆਪਸ ਵਿਚ ਜੋੜਨ ਦੀ ਜੋ ਕੋਸ਼ਿਸ਼ ਕੀਤੀ ਸੀ, ਉਹ ਹੁਣ ਮਹਿਜ਼ ਇਕ ਸੁਪਨਾ ਹੈ। ਹੁਣ ਸਾਰਾ ਕੁਝ ਨਵੇਂ ਸਿਰਿਉਂ ਸ਼ੁਰੂ ਹੋਵੇਗਾ। ਸਮਾਜਿਕ ਤੇ ਆਰਥਿਕ ਸੰਪਰਕ, ਮੁਲਾਜ਼ਮ ਤੇ ਰੁਜ਼ਗਾਰਦਾਤਾ ਦੇ ਇਕਰਾਰਨਾਮੇ ਆਦਿ ਸਭ ਦੁਬਾਰਾ ਹੋਣਗੇ। ਭਾਰਤ ਅਤੇ ਇੰਡੀਆ ਦੇ ਆਰਥਿਕ ਤੇ ਸਮਾਜਿਕ ਨਵੀਨੀਕਰਨ ਦਾ ਕੰਮ ਬਹੁਤ ਵੱਡਾ ਤੇ ਬਹੁਪਰਤੀ ਹੈ ਜਿਹੜਾ ਬਿਨਾਂ ਸੋਚੇ ਸਮਝੇ ਤੇ ਕੁਝ ਖ਼ੈਰਾਤਾਂ ਵੰਡ ਕੇ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੁੱਚੇ ਤੌਰ 'ਤੇ ਨਵੀਂ ਰਣਨੀਤੀ ਘੜਨ ਦੀ ਲੋੜ ਹੈ ਜਿਸ ਵਿਚ ਸਿੱਖਿਆ, ਸਿਹਤ, ਸਨਅਤਾਂ (ਵੱਡੀਆਂ ਤੇ ਛੋਟੀਆਂ), ਵਪਾਰੀਆਂ, ਟਰਾਂਸਪੋਰਟ ਤੇ ਹਵਾਈ ਸੇਵਾ ਲਈ ਨਵੀਆਂ ਯੋਜਨਾਵਾਂ ਜ਼ਰੂਰੀ ਹਨ ਤੇ ਇਹ ਸੂਚੀ ਹੋਰ ਲੰਬੀ ਹੈ ਤੇ ਹਰੇਕ ਪੱਖ ਬਰਾਬਰ ਅਹਿਮ ਹੈ। ਇਹ ਰਣਨੀਤੀ ਸਭ ਖੇਤਰਾਂ ਦੇ ਮਾਹਿਰਾਂ ਨੂੰ ਮਿਲ ਕੇ ਬਣਾਉਣੀ ਚਾਹੀਦੀ ਹੈ, ਨਾ ਕਿ ਸਿਰਫ਼ ਹਾਕਮ ਪਾਰਟੀ ਨੂੰ। ਇਹ ਮਾਹਿਰ ਸਿਆਸੀ ਖੇਤਰ, ਸਨਅਤਾਂ, ਯੂਨੀਵਰਸਿਟੀਆਂ ਨਾਲ ਸਬੰਧਿਤ ਤੇ ਪਰਵਾਸੀ ਭਾਰਤੀਆਂ (ਬਹੁਤ ਸਾਰੇ ਵਧੀਆ ਸੋਚ ਵਾਲੇ ਭਾਰਤੀ ਭਾਵੇਂ ਵਿਦੇਸ਼ਾਂ ਵਿਚ ਨੌਕਰੀਆਂ ਕਰਦੇ ਹਨ ਪਰ ਉਹ ਆਪਣੀ ਮਾਤ ਭੂਮੀ ਦੀ ਮਦਦ ਕਰ ਕੇ ਖ਼ੁਸ਼ ਹੋਣਗੇ) ਵਿਚੋਂ ਵੀ ਹੋਣੇ ਚਾਹੀਦੇ ਹਨ। ਇਸ ਸਬੰਧੀ ਵਿਚਾਰ-ਵਟਾਂਦਰੇ ਵਿਚ ਮੁਲਾਜ਼ਮਾਂ ਤੇ ਪਰਵਾਸੀ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਉੱਤੇ ਸੰਸਦ ਵਿਚ ਵੀ ਗੰਭੀਰ ਬਹਿਸ ਤੇ ਵਿਚਾਰ-ਵਟਾਂਦਰਾ ਜ਼ਰੂਰੀ ਹੈ। ਖ਼ਾਸਕਰ ਭਾਰਤ ਨੂੰ ਆਰਥਿਕ ਤੇ ਸਮਾਜਿਕ ਪੱਧਰ 'ਤੇ ਉੱਚਾ ਚੁੱਕਣ ਲਈ ਹਰ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਕਿ ਪਾੜਾ ਘਟੇ, ਨਾ ਕਿ ਹੋਰ ਵਧੇ। ਭਾਰਤ ਇਕ ਜਮਹੂਰੀ ਮੁਲਕ ਹੈ ਤੇ ਸਾਨੂੰ ਸ਼ਮੂਲੀਅਤਕਾਰੀ ਜਮਹੂਰੀਅਤ ਬਣਨਾ ਚਾਹੀਦਾ ਹੈ ਜਿਸ ਵਿਚ ਸਾਰਿਆਂ ਦੇ ਭਲੇ ਦੀ ਸੋਚ ਤੇ ਯੋਜਨਾਬੰਦੀ ਹੋਵੇ। ਅਸੀਂ ਸਭ ਜਮਹੂਰੀਅਤ ਦਾ ਹਿੱਸਾ ਹਾਂ ਤੇ ਲੀਡਰਸ਼ਿਪ ਨੂੰ ਅਜਿਹੇ ਮਾਮਲਿਆਂ ਮੁਤੱਲਕ ਸਾਨੂੰ ਸਭ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ ਜਿਹੜੇ ਸਾਡੀ ਜ਼ਿੰਦਗੀ ਤੇ ਰੋਜ਼ੀ-ਰੋਟੀ ਉੱਤੇ ਅਸਰ ਪਾਉਂਦੇ ਹਨ। ਭਾਰਤ ਤੇ ਇੰਡੀਆ ਨੂੰ ਹਰਗਿਜ਼ ਭਾਰੀ ਨਾਬਰਾਬਰੀ ਵਾਲੀ ਜਮਹੂਰੀਅਤ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਸਗੋਂ ਇਸ ਮਹਾਨ ਜਮਹੂਰੀਅਤ ਵਿਚ ਇਹ ਦੋਵੇਂ (ਭਾਰਤ ਤੇ ਇੰਡੀਆ) ਬਰਾਬਰ ਦੇ ਭਾਈਵਾਲ ਹੋਣੇ ਚਾਹੀਦੇ ਹਨ ਜਿਵੇਂ ਦੇਸ਼ ਦੇ ਬਾਨੀ ਆਗੂਆਂ ਨੇ ਲਿਖਿਆ ਹੈ: 'ਇੰਡੀਆ ਜੋ ਭਾਰਤ ਹੈ'।
' ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।
ਵਿਰੋਧੀ ਧਿਰਾਂ ਵਿਰੋਧ ਤੋਂ ਮੁਨਕਰ ਕਿਉਂ ? - ਗੁਰਬਚਨ ਜਗਤ
ਕੋਈ ਵੀ ਵਧੀਆ ਚੱਲਣ ਵਾਲੀ ਜਮਹੂਰੀਅਤ ਸੰਵਿਧਾਨ ਉੱਤੇ ਅਤੇ ਸੰਵਿਧਾਨ ਵੱਲੋਂ ਸਿਰਜੇ ਅਦਾਰਿਆਂ ਤੇ ਨਾਲ ਹੀ ਉਨ੍ਹਾਂ ਅਦਾਰਿਆਂ ਉੱਤੇ ਆਧਾਰਿਤ ਹੁੰਦੀ ਹੈ ਜਿਹੜੇ ਸਮੇਂ ਦੇ ਗੁਜ਼ਰਨ ਨਾਲ ਲੋੜ ਮੁਤਾਬਿਕ ਪੈਦਾ ਹੁੰਦੇ ਹਨ। ਸਾਧਾਰਨ ਤੌਰ 'ਤੇ ਵਿਚਾਰਿਆ ਜਾਵੇ ਤਾਂ ਸਾਡੇ ਸੰਵਿਧਾਨ ਅਨੁਸਾਰ ਦੇਸ਼ ਦਾ ਕੰਮ-ਕਾਜ ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ ਰਾਹੀਂ ਹੋਣਾ ਚਾਹੀਦਾ ਹੈ। ਅਸੀਂ ਇਸ ਵਿਚ ਚੌਥਾ ਅਹਿਮ ਅਦਾਰਾ ਭਾਵ ਮੀਡੀਆ ਵੀ ਸ਼ਾਮਲ ਕਰ ਸਕਦੇ ਹਾਂ। ਮੀਡੀਆ ਸਰਕਾਰ ਦੀਆਂ ਰੋਜ਼ਮੱਰਾ ਸਰਗਰਮੀਆਂ ਦੀ ਨਿਗਰਾਨੀ 'ਚ ਅਹਿਮ ਕਿਰਦਾਰ ਨਿਭਾਉਂਦਾ ਹੈ ਅਤੇ ਸਰਕਾਰ ਦੀਆਂ ਲੰਮੇਰੇ ਦੌਰ ਦੀਆਂ ਨੀਤੀਆਂ 'ਤੇ ਵੀ ਨਜ਼ਰ ਰੱਖਦਾ ਹੈ। ਸਾਡੇ ਸੰਵਿਧਾਨ ਤਹਿਤ ਬੀਤੇ ਸੱਤ ਦਹਾਕਿਆਂ ਦੌਰਾਨ ਹੋਏ ਕੰਮ-ਕਾਜ ਨੂੰ ਦੇਖਦਿਆਂ ਆਖਿਆ ਜਾ ਸਕਦਾ ਹੈ ਕਿ ਸਰਕਾਰ ਦੇ ਸਿਆਸੀ ਪੱਖ ਨੇ ਜ਼ਿਆਦਾ ਦਬਦਬੇ ਵਾਲਾ ਰੁਤਬਾ ਹਾਸਲ ਕਰ ਲਿਆ ਹੈ। ਕਾਰਜਪਾਲਿਕਾ ਦੇ ਦੂਜੇ ਹਿੱਸੇ ਭਾਵ ਅਫ਼ਸਰਸ਼ਾਹੀ ਤੇ ਅਮਨ-ਕਾਨੂੰਨ ਲਾਗੂ ਕਰਨ ਵਾਲਾ ਢਾਂਚਾ ਕੁੱਲ ਮਿਲਾ ਕੇ ਸਿਆਸੀ ਪਾਰਟੀਆਂ ਦਾ ਮਾਤਹਿਤ ਬਣ ਕੇ ਰਹਿ ਗਿਆ ਹੈ। ਸ਼ੁਰੂ ਵਿਚ ਨਿਆਂਪਾਲਿਕਾ ਆਪਣਾ ਬਣਦਾ ਸੰਵਿਧਾਨਿਕ ਰੋਲ ਨਿਭਾਉਂਦੀ ਦਿਖਾਈ ਦਿੱਤੀ, ਕੁਝ ਸਮਾਂ ਤਾਂ ਇਹ ਵੀ ਜਾਪਿਆ ਕਿ ਉਹ ਕਾਰਜਪਾਲਿਕਾ ਦੇ ਖੇਤਰ ਵਿਚ ਦਖ਼ਲ ਦੇ ਰਹੀ ਹੈ। ਪਰ ਬਾਅਦ ਵਿਚ ਇਹ ਰੁਝਾਨ ਠੱਲ੍ਹ ਗਿਆ ਤੇ ਹੁਣ ਨਿਆਂਪਾਲਿਕਾ ਵੀ ਮਹਿਜ਼ ਮੂਕ ਦਰਸ਼ਕ ਬਣ ਗਈ ਜਾਪਦੀ ਹੈ। ਇਸ ਤਰ੍ਹਾਂ ਸਰਕਾਰ ਵਿਚ ਸਿਆਸੀ ਪਾਰਟੀਆਂ ਦੀ ਪੂਰੀ ਚੜ੍ਹਤ ਵਾਲੇ ਹਾਲਾਤ ਨੂੰ ਦੇਖਦਿਆਂ, ਸਿਆਸੀ ਢਾਂਚੇ ਦੇ ਇਕ ਹੋਰ ਹਿੱਸੇ ਭਾਵ 'ਵਿਰੋਧੀ ਪਾਰਟੀਆਂ' ਦਾ ਰੋਲ ਬਹੁਤ ਅਹਿਮ ਬਣ ਜਾਂਦਾ ਹੈ।
ਇਸ ਸਬੰਧੀ ਭਾਰਤ ਦੇ ਹਾਲਾਤ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਕੁਝ ਹੋਰ ਜਮਹੂਰੀ ਮੁਲਕਾਂ ਦੀਆਂ ਮਿਸਾਲਾਂ ਦੇਣੀਆਂ ਚਾਹਾਂਗਾ। ਦੇਖਿਆ ਗਿਆ ਹੈ ਕਿ ਅਮਰੀਕਾ ਵਿਚ ਜਦੋਂ ਸੈਨੇਟ ਤੇ ਪ੍ਰਤੀਨਿਧ ਸਭਾ ਵਿਚ ਚੰਗਾ ਤਵਾਜ਼ਨ ਹੋਵੇ ਤੇ ਰਾਸ਼ਟਰਪਤੀ ਨਾਲ ਕੰਮ-ਕਾਜੀ ਰਿਸ਼ਤੇ ਹੋਣ ਤਾਂ ਸਾਰਾ ਸਿਸਟਮ ਵਧੀਆ ਕੰਮ ਕਰਦਾ ਹੈ ਪਰ, ਜੇ ਦੋਵੇਂ ਸਦਨਾਂ ਵਿਚ ਰਾਸ਼ਟਰਪਤੀ ਦੀ ਪਾਰਟੀ ਦਾ ਹੀ ਬਹੁਮਤ ਹੋਵੇ ਤਾਂ ਕਾਰਜਪਾਲਿਕਾ (ਰਾਸ਼ਟਰਪਤੀ) ਜ਼ੋਰ-ਜ਼ਬਰਦਸਤੀ ਕਰ ਜਾਂਦੀ ਹੈ। ਅਜਿਹੇ ਸਮਿਆਂ ਦੌਰਾਨ ਗੜ੍ਹਕੇ ਨਾਲ ਆਪਣੀ ਗੱਲ ਕਹਿ ਸਕਣ ਵਾਲੀ ਵਿਰੋਧੀ ਧਿਰ, ਚੌਕਸ ਨਿਆਂਪਾਲਿਕਾ ਤੇ ਗ਼ੈਰ-ਵਿਤਕਰੇਬਾਜ਼ ਮੀਡੀਆ ਅਸਹਿਮਤੀ ਪ੍ਰਗਟ ਕਰਨ ਦੇ ਵਧੀਆ ਸਾਧਨ ਹੋ ਸਕਦੇ ਹਨ, ਜਿਵੇਂ ਅਮਰੀਕੀ ਸਦਰ ਉੱਤੇ ਚੱਲੇ ਮਹਾਂਦੋਸ਼ ਦੇ ਹਾਲੀਆ ਮੁਕੱਦਮੇ ਦੌਰਾਨ ਦੇਖਣ ਵਿਚ ਆਇਆ। ਸੀਐੱਨਐੱਨ ਹਾਲੀਆ ਸਮੇਂ ਦੌਰਾਨ ਡੋਨਲਡ ਟਰੰਪ ਦਾ ਲਗਾਤਾਰ ਤੇ ਸਖ਼ਤ ਆਲੋਚਕ ਰਿਹਾ ਹੈ ਅਤੇ ਅਜਿਹੇ ਅਨੇਕਾਂ ਮਾਮਲੇ ਵੀ ਦੇਖਣ ਨੂੰ ਮਿਲੇ ਜਦੋਂ ਅਦਾਲਤਾਂ ਨੇ ਰਾਸ਼ਟਰਪਤੀ ਦੇ ਫ਼ੈਸਲਿਆਂ ਉੱਤੇ ਰੋਕ ਲਾ ਦਿੱਤੀ। ਅਜਿਹੇ ਹੀ ਹਾਲਾਤ ਬਰਤਾਨੀਆ ਵਿਚ ਵੀ ਦੇਖੇ ਜਾ ਸਕਦੇ ਹਨ ਜਿੱਥੇ ਮਜ਼ਬੂਤ ਪਾਰਟੀ ਸਿਸਟਮ ਹੈ ਤੇ ਨਾਲ ਹੀ ਮੀਡੀਆ ਵੀ ਸਭ ਕਾਸੇ 'ਤੇ ਨਜ਼ਰ ਰੱਖਦਾ ਹੈ। ਬਰਤਾਨਵੀ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਉਦੋਂ ਜਮਹੂਰੀਅਤ ਦੀ ਰਾਖੀ ਕਰਦਿਆਂ ਸ਼ਾਨਦਾਰ ਮਿਸਾਲ ਕਾਇਮ ਕੀਤੀ, ਜਦੋਂ ਇਸ ਦੇ 11 ਜੱਜਾਂ ਨੇ ਸਰਬਸਮੰਤੀ ਨਾਲ ਫ਼ੈਸਲਾ ਸੁਣਾਉਂਦਿਆਂ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਸੰਸਦ ਨੂੰ ਮੁਲਤਵੀ ਕਰਨ ਤੋਂ ਰੋਕ ਦਿੱਤਾ। ਯੂਰੋਪ ਭਰ ਵਿਚ ਅਜਿਹੀਆਂ ਕਈ ਗੱਠਜੋੜ ਸਰਕਾਰਾਂ ਹਨ ਜਿੱਥੇ ਭਾਈਵਾਲਾਂ ਨੇ ਇਕ ਖ਼ਾਸ ਤਰ੍ਹਾਂ ਦਾ ਸਿਆਸੀ ਤਵਾਜ਼ਨ ਬਣਾਈ ਰੱਖਿਆ ਹੈ। ਦੂਜੇ ਪਾਸੇ ਜੇ ਦੱਖਣੀ ਏਸ਼ੀਆ ਤੇ ਦੱਖਣ-ਪੂਰਬੀ ਏਸ਼ੀਆ ਦੀਆਂ ਜ਼ਿਆਦਾਤਰ ਜਮਹੂਰੀਅਤਾਂ ਨੂੰ ਦੇਖੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਇੱਥੇ ਆਮ ਕਰਕੇ ਇਕ ਪਾਰਟੀ ਵੱਲੋਂ ਹੀ ਦਬਦਬਾ ਬਣਾ ਲਿਆ ਜਾਂਦਾ ਹੈ ਤੇ ਇਸ ਦੀ ਲੀਡਰਸ਼ਿਪ ਤਾਨਾਸ਼ਾਹ ਬਣਨ ਦੀ ਕੋਸ਼ਿਸ਼ ਕਰਦੀ ਹੈ। ਅਜਿਹਾ ਸਮੇਂ-ਸਮੇਂ ਮਲੇਸ਼ੀਆ, ਥਾਈਲੈਂਡ, ਫਿਲਪੀਨਜ਼ ਤੇ ਇੰਡੋਨੇਸ਼ੀਆ ਆਦਿ ਵਿਚ ਦੇਖਣ ਨੂੰ ਮਿਲਿਆ। ਇਨ੍ਹਾਂ ਵਿਚੋਂ ਕੁਝ ਪਾਕਿਸਤਾਨ ਵਰਗੇ ਤਾਂ ਖ਼ਾਲਸ ਤਾਨਾਸ਼ਾਹੀਆਂ ਦਾ ਰੂਪ ਧਾਰ ਗਏ। ਇਨ੍ਹਾਂ ਮੁਲਕਾਂ ਵਿਚ ਵਿਰੋਧੀ ਪਾਰਟੀਆਂ ਤੇ ਮੀਡੀਆ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਂਦਾ ਹੈ।
ਆਪਣੇ ਵਤਨ ਦੀ ਗੱਲ ਕਰੀਏ ਤਾਂ ਕੁਝ ਰੁਝਾਨ ਬਿਲਕੁਲ ਸਾਫ਼ ਦੇਖੇ ਜਾ ਸਕਦੇ ਹਨ। ਸ਼ੁਰੂ ਵਿਚ ਸਾਡੇ ਕੋਲ ਕੁੱਲ ਮਿਲਾ ਕੇ ਇਕ ਪਾਰਟੀ ਹਕੂਮਤ ਸੀ, ਭਾਵ ਕੇਂਦਰ ਤੇ ਰਾਜਾਂ ਵਿਚ ਕਾਂਗਰਸ ਸਰਕਾਰਾਂ ਸਨ। ਇਸ ਦੇ ਬਾਵਜੂਦ ਉਦੋਂ ਵਿਰੋਧੀ ਪਾਰਟੀਆਂ ਤੇ ਮੀਡੀਆ ਨੂੰ ਆਜ਼ਾਦੀ ਨਾਲ ਕੰਮ ਕਰਨ ਦੀ ਖੁੱਲ੍ਹ ਸੀ। ਪਰ ਸ੍ਰੀਮਤੀ ਇੰਦਰਾ ਗਾਂਧੀ ਦੇ ਦੌਰ ਤੋਂ ਭਾਰਤ ਸਰਕਾਰ ਵਿਚ ਹੌਲ਼ੀ ਹੌਲ਼ੀ ਸ਼ਕਤੀਆਂ ਦਾ ਕੇਂਦਰੀਕਰਨ ਹੋਣਾ ਸ਼ੁਰੂ ਹੋ ਗਿਆ। ਇਸ ਅਮਲ ਦਾ ਸਿਖਰ 1975 ਵਿਚ ਐਮਰਜੈਂਸੀ ਲਾਉਣਾ ਸੀ। ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਬਹੁਤੇ ਆਗੂ ਤੇ ਮੀਡੀਆ ਦੀਆਂ ਵੱਡੀਆਂ ਹਸਤੀਆਂ ਨੂੰ ਕੈਦ ਕਰ ਲਿਆ ਗਿਆ। ਇਸ ਦੌਰਾਨ ਰਤਾ ਵੀ ਵਿਰੋਧ ਬਰਦਾਸ਼ਤ ਨਹੀਂ ਸੀ ਅਤੇ ਕਾਰਜਪਾਲਿਕਾ ਦੀ ਮਰਜ਼ੀ ਹੀ ਅੰਤਿਮ ਸੀ। ਪਰ ਵਿਰੋਧੀ ਧਿਰ ਵਿਚ ਕਾਫ਼ੀ ਕੱਦਾਵਰ ਲਾਗੂ ਸਨ ਅਤੇ ਲੋਕ ਵੀ ਹਕੂਮਤ ਵੱਲੋਂ ਆਪਣੇ ਨਾਲ ਕੀਤੀ ਜਾ ਰਹੀ ਸਖ਼ਤੀ ਤੋਂ ਆਮ ਕਰਕੇ ਨਾਖ਼ੁਸ਼ ਸਨ। ਇਸ ਕਾਰਨ ਇਸ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਅੰਦੋਲਨ ਛਿੜ ਪਿਆ ਤੇ ਸਿੱਟੇ ਵਜੋਂ ਸਰਕਾਰ ਨੂੰ ਐਮਰਜੈਂਸੀ ਹਟਾ ਕੇ 1977 ਵਿਚ ਆਮ ਚੋਣਾਂ ਕਰਵਾਉਣੀਆਂ ਪਈਆਂ ਜਿਨ੍ਹਾਂ ਵਿਚ ਸ੍ਰੀਮਤੀ ਗਾਂਧੀ ਨੂੰ ਹਾਰ ਕੇ ਸੱਤਾ ਤੋਂ ਬਾਹਰ ਹੋਣਾ ਪਿਆ। ਇਕਮੁੱਠ ਵਿਰੋਧੀ ਧਿਰ ਨੇ ਉਹ ਕਾਮਯਾਬੀ ਹਾਸਲ ਕਰ ਲਈ ਜਿਹੜੀ ਸ਼ੁਰੂ ਵਿਚ ਨਾਮੁਮਕਿਨ ਜਾਪਦੀ ਸੀ। ਇਸ ਦੇ ਬਾਵਜੂਦ 1977-80 ਦੌਰਾਨ ਜਿਹੜੀਆਂ ਸਰਕਾਰਾਂ ਬਣੀਆਂ, ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖ਼ਰੀਆਂ ਨਾ ਉਤਰ ਸਕੀਆਂ ਅਤੇ ਸ੍ਰੀਮਤੀ ਗਾਂਧੀ ਫਿਰ ਜ਼ੋਰਦਾਰ ਜਿੱਤ ਰਾਹੀਂ 1980 'ਚ ਸੱਤਾ 'ਚ ਪਰਤ ਆਈ। ਇਸ ਸਮੇਂ ਦੌਰਾਨ ਵੱਡੀਆਂ ਸਿਆਸੀ ਪਾਰਟੀਆਂ ਜਿਵੇਂ ਭਾਜਪਾ, ਜਨਤਾ ਪਾਰਟੀ, ਸੀਪੀਐੱਮ, ਸੀਪੀਆਈ ਅਤੇ ਖ਼ਾਸਕਰ ਦੱਖਣ ਵਿਚ ਕਈ ਇਲਾਕਾਈ ਪਾਰਟੀਆਂ ਦਾ ਉਭਾਰ ਦੇਖਣ ਨੂੰ ਮਿਲਿਆ।
ਇਸ ਦੌਰਾਨ ਵਿਰੋਧੀ ਧਿਰ ਤੇ ਮੀਡੀਆ ਦੋਵੇਂ ਕਾਫ਼ੀ ਸਰਗਰਮ ਸਨ ਅਤੇ ਉਨ੍ਹਾਂ ਇਸ ਦੌਰ 'ਚ ਸਿਆਸੀ ਕਾਰਜਪਾਲਿਕਾ ਲਈ ਤਕੜੀ ਰੋਕ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਰਾਜੀਵ ਗਾਂਧੀ ਦੇ ਦੌਰ 'ਚ ਵੀ ਮੁਖ਼ਾਲਿਫ਼ ਧਿਰ ਦਾ ਮਜ਼ਬੂਤ ਰੋਲ ਦੇਖਣ ਨੂੰ ਮਿਲਿਆ ਜਦੋਂਕਿ 1990 ਤੋਂ 2000 ਦਾ ਸਮਾਂ ਸਿਆਸੀ ਅਸਥਿਰਤਾ ਵਾਲਾ ਸੀ ਅਤੇ ਇਸ ਦੌਰਾਨ ਭਾਜਪਾ ਤੇ ਇਸ ਨਾਲ ਜੁੜੀਆਂ ਹੋਰਨਾਂ ਜਥੇਬੰਦੀਆਂ ਨੇ ਕਾਫ਼ੀ ਫੁੱਟਪਾਊ ਮੁਹਿੰਮਾਂ ਚਲਾਈਆਂ। ਇਹੋ ਸਮਾਂ ਸੀ ਜਦੋਂ ਟੀ.ਐਨ. ਸੇਸ਼ਨ (ਮੁੱਖ ਚੋਣ ਕਮਿਸ਼ਨਰ) ਦੀ ਅਗਵਾਈ ਹੇਠ ਭਾਰਤੀ ਚੋਣ ਕਮਿਸ਼ਨ ਇਕ ਜ਼ੋਰਦਾਰ ਤਾਕਤ ਬਣਿਆ ਤੇ ਇਸ ਨੇ ਭਾਰਤੀ ਜਮਹੂਰੀਅਤ ਨੂੰ ਜੀਵੰਤ ਬਣਾਇਆ। ਇਸ ਤੋਂ ਬਾਅਦ ਐੱਨਡੀਏ ਅਤੇ ਯੂਪੀਏ 1 ਤੇ 2 ਦਾ ਸਮਾਂ, ਗੱਠਜੋੜ ਦੀਆਂ ਅੰਦਰੂਨੀ ਗੜਬੜਾਂ ਨੂੰ ਛੱਡ ਕੇ, ਮੁਕਾਬਲਤਨ ਸਿਆਸੀ ਸਥਿਰਤਾ ਵਾਲਾ ਸੀ। ਇਸ ਸਮੇਂ ਦੌਰਾਨ ਵਿਰੋਧੀ ਪਾਰਟੀਆਂ ਬਹੁਤ ਸਰਗਰਮ ਰਹੀਆਂ ਤੇ ਮੀਡੀਆ ਵੀ। ਯੂਪੀਏ-2 ਸਰਕਾਰ ਦੀ ਕਾਇਮੀ ਅਤੇ ਇਸ ਦੌਰਾਨ ਸਾਹਮਣੇ ਆਏ ਵੱਖ-ਵੱਖ ਘਪਲਿਆਂ ਕਾਰਨ ਭਾਜਪਾ ਦੀ ਅਗਵਾਈ ਵਾਲੀ ਵਿਰੋਧੀ ਧਿਰ ਜ਼ੋਰ ਫੜ ਗਈ। ਦੂਜਾ ਮੀਡੀਆ ਨੇ ਵੀ ਅਹਿਮ ਕਿਰਦਾਰ ਨਿਭਾਇਆ ਪਰ ਇਸ ਨੇ ਤੇਜ਼ੀ ਨਾਲ ਵਿਰੋਧੀ ਧਿਰ ਦੇ ਪੱਖ ਵਿਚ ਭੁਗਤਣਾ ਸ਼ੁਰੂ ਕਰ ਦਿੱਤਾ। ਸ੍ਰੀ ਮੋਦੀ ਦੀ ਕ੍ਰਿਸ਼ਮਈ ਲੀਡਰਸ਼ਿਪ ਹੇਠ 2014 ਦੀਆਂ ਚੋਣਾਂ 'ਚ ਐੱਨਡੀਏ ਭਾਰੀ ਬਹੁਮਤ ਨਾਲ ਸੱਤਾ ਵਿਚ ਆਈ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦਾ ਸਫ਼ਾਇਆ ਹੋ ਗਿਆ। ਮੋਦੀ ਸਰਕਾਰ ਦੇ ਜੀਐੱਸਟੀ ਤੇ ਨੋਟਬੰਦੀ ਵਰਗੇ ਨੁਕਸਦਾਰ ਫ਼ੈਸਲਿਆਂ ਅਤੇ ਅਰਥਚਾਰੇ ਦੇ ਡਿੱਗਦੇ ਜਾਣ ਦੇ ਬਾਵਜੂਦ ਵਿਰੋਧੀ ਧਿਰ ਮਿਲ ਕੇ ਕਾਰਵਾਈ ਨਾ ਕਰ ਸਕੀ ਅਤੇ ਪਹਿਲਾਂ ਵਾਂਗ ਹੀ ਪਛੜੀ ਰਹੀ ਅਤੇ ਸਿੱਟੇ ਵਜੋਂ ਐੱਨਡੀਏ ਇਕ ਵਾਰੀ ਫਿਰ ਜ਼ੋਰਦਾਰ ਜਿੱਤ ਨਾਲ 2019 ਵਿਚ ਸੱਤਾ 'ਚ ਆ ਗਿਆ।
ਇਸ ਜ਼ੋਰਦਾਰ ਸੱਟ ਕਾਰਨ ਬੌਂਦਲੀ ਹੋਈ ਵਿਰੋਧੀ ਧਿਰ ਨੂੰ ਕੁਝ ਸਮਝ ਨਾ ਆਇਆ ਅਤੇ ਇਹ ਬਿਖਰਦੀ ਗਈ ਤੇ ਇਸ ਦਾ ਹੌਸਲਾ ਢਹਿੰਦਾ ਗਿਆ ਕਾਂਗਰਸ ਨੂੰ ਪਹਿਲਾਂ ਵੀ ਲੀਡਰਸ਼ਿਪ ਦੀ ਸਮੱਸਿਆ ਸੀ ਤੇ ਹੁਣ ਵੀ ਹੈ। ਸੀਪੀਐੱਮ ਦੀ ਹਾਲਤ ਖ਼ਰਾਬ ਹੈ, ਇਹ ਆਪਣੀਆਂ ਕੇਰਲ ਤੇ ਬੰਗਾਲ ਇਕਾਈਆਂ ਦਰਮਿਆਨ ਭਰਾ-ਮਾਰੂ ਜੰਗ ਵਿਚ ਫਸੀ ਹੋਈ ਹੈ। ਇਨ੍ਹਾਂ ਦੋਵਾਂ ਸੂਬਿਆਂ ਤੋਂ ਬਿਨਾਂ ਇਸ ਦੀ ਸੀਪੀਆਈ ਵਾਂਗ ਹੋਰ ਕਿਤੇ ਹੋਂਦ ਨਹਂਂ ਹੈ। ਇਸ ਤਰ੍ਹਾਂ ਇਕ ਪਾਸੇ ਭਾਰੀ ਬਹੁਮਤ, ਨਾਲ ਹੀ ਵਿਰੋਧ ਨਾ ਕਰਨ ਵਾਲੀ ਨਿਆਂਪਾਲਿਕਾ, ਤਾਬਿਆਦਾਰ ਅਫ਼ਸਰਸ਼ਾਹੀ ਅਤੇ ਹੋਂਦ ਰਹਿਤ ਵਿਰੋਧੀ ਧਿਰ ਕਾਰਨ, ਪੀਐੱਮਓ (ਪ੍ਰਧਾਨ ਮੰਤਰੀ ਦਫ਼ਤਰ) ਨੇ ਸਾਰੀ ਤਾਕਤ ਆਪਣੇ ਹੱਥਾਂ ਵਿਚ ਕੇਂਦਰਿਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨੇ ਖ਼ਾਸ ਬਹਿਸ ਤੇ ਬਹੁਤੇ ਵਿਰੋਧ ਤੋਂ ਬਿਨਾਂ ਆਪਣੇ ਇਤਿਹਾਸਕ ਏਜੰਡੇ ਨੂੰ ਲਾਗੂ ਕਰਨ ਦਾ ਅਮਲ ਵੀ ਤੇਜ਼ ਕਰ ਦਿੱਤਾ ਹੈ। ਕੁਝ ਸਤਿਕਾਰਤ ਅਪਵਾਦਾਂ ਤੋਂ ਬਿਨਾਂ, ਮੀਡੀਆ ਨੂੰ ਇਕ ਤਰ੍ਹਾਂ ਆਪਣੇ ਨਾਲ ਮਿਲਾ ਲਿਆ ਗਿਆ ਹੈ। ਫ਼ਿਰਕੂ ਧਰੁਵੀਕਰਨ ਦਾ ਅਮਲ ਦੋਵਾਂ ਸੂਖ਼ਮ ਤੇ ਓਨੇ ਗ਼ੈਰ-ਸੂਖ਼ਮ ਢੰਗਾਂ ਨਾਲ ਜਾਰੀ ਹੈ।
ਸੂਬਿਆਂ ਨੂੰ ਹਾਸ਼ੀਏ 'ਤੇ ਪਹੁੰਚਾ ਦਿੱਤਾ ਗਿਆ ਹੈ ਤੇ ਖੇਤਰੀ ਪਾਰਟੀਆਂ ਨੂੰ ਪਿੱਛੇ ਲਾ ਲਿਆ ਗਿਆ ਹੈ। ਜਦੋਂ ਵੀ ਚੋਣਾਂ ਹੋਈਆਂ ਤੇ ਕਾਂਗਰਸ ਸੱਤਾ ਵਿਚ ਆਈ ਤਾਂ ਉਸ ਨੂੰ ਰਿਆਸਤ ਦੀ ਤਾਕਤ ਦੇ ਬੇਸ਼ਰਮ ਇਸਤੇਮਾਲ ਰਾਹੀਂ ਸੱਤਾ ਤੋਂ ਹਟਾ ਦਿੱਤਾ ਗਿਆ। ਅਰਥਚਾਰੇ ਦੀ ਹਾਲਾਤ ਖ਼ਰਾਬ ਹੁੰਦੇ ਜਾਣ ਦੇ ਬਾਵਜੂਦ ਸਿਆਸੀ ਵਿੰਗ ਨੇ ਮੁਕੰਮਲ ਤਾਕਤ ਹਾਸਲ ਕਰਨ ਤੋਂ ਬਾਜ਼ ਆਉਣਾ ਜ਼ਰੂਰੀ ਨਹੀਂ ਸਮਝਿਆ। ਅੱਜ ਅਰਥਚਾਰਾ ਮਲੀਆਮੇਟ ਹੈ, ਮੁਲਕ ਕੋਵਿਡ-19 ਦੀ ਪਕੜ ਵਿਚ ਹੈ, ਲੱਖਾਂ ਮਜ਼ਦੂਰਾਂ ਦੇ ਰੁਜ਼ਗਾਰ ਖੁੱਸ ਚੁੱਕੇ ਹਨ ਤੇ ਉਹ ਉਂਝ ਹੀ ਸੜਕਾਂ ਉੱਤੇ ਹਨ, ਸਨਅਤਾਂ ਠੱਪ ਹੋ ਚੁੱਕੀਆਂ ਹਨ, ਕੋਈ ਨਿਵੇਸ਼ ਨਹੀਂ ਆ ਰਿਹਾ ਅਤੇ ਦੇਸ਼ ਦੀ ਸਾਰੀ ਹੀ ਆਬਾਦੀ ਆਪਣੀਆਂ ਰੋਜ਼ਮੱਰਾ ਵਰਤੋਂ ਦੀਆਂ ਲੋੜਾਂ ਦੀ ਲੋੜੀਂਦੀ ਸਪਲਾਈ ਤੋਂ ਬਿਨਾਂ ਘਰਾਂ ਵਿਚ ਕੈਦ ਹੈ।
ਇਸ ਸਾਰੇ ਹਾਲਾਤ ਦੌਰਾਨ ਸਵਾਲ ਇਹੋ ਹੈ ਕਿ ਵਿਰੋਧੀ ਧਿਰ ਕਿੱਥੇ ਹੈ? ਰੋਸ ਮੁਜ਼ਾਹਰੇ ਕਿੱਥੇ ਹਨ? ਦੇਸ਼ ਦੀ ਨਿਆਂਪਾਲਿਕਾ ਤੇ ਮੀਡੀਆ ਕਿੱਥੇ ਹੈ? ਲੱਖਾਂ ਪਰਵਾਸੀ ਮਜ਼ਦੂਰ ਬੀਤੇ 40 ਦਿਨਾਂ ਤੋਂ ਸੜਕਾਂ ਉੱਤੇ ਹਨ ਪਰ ਇਕ ਵੀ ਸੀਨੀਅਰ ਆਗੂ ਉਨ੍ਹਾਂ ਨੂੰ ਨਹੀਂਂ ਮਿਲਿਆ, ਮਿਲਣਾ ਕੀ ਉਨ੍ਹਾਂ ਨੇ ਉਨ੍ਹਾਂ ਨਾਲ ਜਾਂ ਉਨ੍ਹਾਂ ਬਾਰੇ ਗੱਲ ਤੱਕ ਨਹੀਂ ਕੀਤੀ। ਸਿਰਫ਼ ਜਦੋਂ ਇਹ ਮਜ਼ਦੂਰ ਹਿੰਸਕ ਹੋਣ ਲੱਗੇ ਤਾਂ ਹੀ ਇਨ੍ਹਾਂ ਆਗੂਆਂ ਦੀ ਜਾਗ ਖੁੱਲ੍ਹੀ ਤੇ ਉਨ੍ਹਾਂ ਪਹਿਲੀ ਵਾਰ ਇਨ੍ਹਾਂ ਦਾ ਫ਼ਿਕਰ ਕੀਤਾ। ਹੁਣ ਉਹ ਕੇਂਦਰ ਤੇ ਸੂਬਿਆਂ ਦਰਮਿਆਨ ਫੁਟਬਾਲ ਬਣੇ ਹੋਏ ਹਨ। ਪਹਿਲਾਂ ਤਾਂ ਉਨ੍ਹਾਂ ਦੇ ਆਪਣੇ ਸੂਬੇ ਹੀ ਉਨ੍ਹਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਅਤੇ ਹੁਣ ਇਸ ਗੱਲ 'ਤੇ ਝਗੜਾ ਹੈ ਕਿ ਉਨ੍ਹਾਂ ਦੀਆਂ ਟਿਕਟਾਂ ਦੀ ਅਦਾਇਗੀ ਕੌਣ ਕਰੇ। ਜਿਨ੍ਹਾਂ ਲੋਕਾਂ ਨੂੰ ਇਕ ਮਹੀਨੇ ਤੋਂ ਵੱਧ ਅਰਸੇ ਤੋਂ ਤਨਖ਼ਾਹ ਨਹੀਂ ਮਿਲੀ, ਕੋਈ ਪੈਸਾ ਨਹੀਂ, ਭੋਜਨ ਨਹੀਂ, ਸਿਰ ਢਕਣ ਲਈ ਸਹਾਰਾ ਨਹੀਂ, ਕੋਈ ਹਮਦਰਦੀ ਨਹੀਂ, ਹੁਣ ਉਨ੍ਹਾਂ ਨੂੰ ਹੀ ਟਿਕਟਾਂ ਖ਼ਰੀਦਣ ਲਈ ਕਿਹਾ ਜਾ ਰਿਹਾ ਹੈ।
ਸਿਰਫ਼ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਟਿਕਟਾਂ ਦੀ ਅਦਾਇਗੀ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਪ੍ਰਤੀਕਿਰਿਆ ਹੋਈ ਹੈ ਕਿਸੇ ਹਮਦਰਦੀ ਕਾਰਨ ਨਹੀਂ, ਮਹਿਜ਼ ਸਿਆਸੀ ਹਿੱਤਾਂ ਕਾਰਨ। ਇਕ ਵਾਰੀ ਮੁੜ ਉਹੋ ਸਵਾਲ ਵਿਰੋਧੀ ਧਿਰ ਕਿੱਥੇ ਹੈ? ਖੇਤੀਬਾੜੀ ਦੀ ਹਾਲਤ ਖ਼ਰਾਬ ਹੈ, ਸਨਅਤਾਂ ਠੱਪ ਹਨ, ਸਿੱਖਿਆ ਵੀ ਖੜੋਤ 'ਤੇ ਹੈ ਜੀਡੀਪੀ ਰਿਕਾਰਡ ਗਿਰਾਵਟ ਦੀ ਹਾਲਤ ਵਿਚ ਹੈ। ਪਰ ਇਸ ਬਾਰੇ ਬੋਲ ਕੌਣ ਰਿਹਾ ਹੈ? ਖੱਬੇਪੱਖੀਆਂ, ਕਾਂਗਰਸ ਤੇ ਹੋਰਨਾਂ ਪਾਰਟੀਆਂ ਦੀਆਂ ਕਿਸਾਨ ਸਭਾਵਾਂ ਤੇ ਮਜ਼ਦੂਰ ਫੈਡਰੇਸ਼ਨਾਂ ਹਨ, ਸਨਅਤੀ ਤੇ ਬੈਂਕ ਯੂਨੀਅਨਾਂ ਤੇ ਅਧਿਆਪਕ ਜਥੇਬੰਦੀਆਂ ਹਨ ਪਰ ਉਹ ਕਿੱਥੇ ਚਲੀਆਂ ਗਈਆਂ? ਕੀ ਅਸੀਂ ਸਮਝ ਲਈਏ ਕਿ ਵਿਰੋਧੀ ਧਿਰ ਨੇ ਗੋਡੇ ਟੇਕ ਦਿੱਤੇ ਹਨ ਕੀ ਉਨ੍ਹਾਂ ਦੀ ਕੋਈ ਲੀਡਰਸ਼ਿਪ ਹੈ? ਜੇ ਹੈ ਤਾਂ ਉਹ ਸੇਵਾਮੁਕਤ ਕਿਉਂ ਨਹੀਂ ਹੋ ਜਾਂਦੀ ਤਾਂ ਕਿ ਨੌਜਵਾਨਾਂ ਨੂੰ ਮੌਕਾ ਮਿਲੇ। ਕੀ ਸਿਰਫ਼ ਟਵੀਟਾਂ ਜ਼ਰੀਏ ਹੀ ਵਿਰੋਧ ਜ਼ਾਹਰ ਹੋਵੇਗਾ? ਇਹ ਮਹਿਜ਼ ਟਵਿੱਟਰਬਾਜ਼ੀ ਦੀ ਲੜਾਈ ਬਣ ਕੇ ਰਹਿ ਗਈ ਹੈ।
ਵੱਡੀਆਂ ਪਾਰਟੀਆਂ, ਖ਼ਾਸਕਰ ਜਦੋਂ ਉਹ ਵਿਰੋਧੀ ਧਿਰ ਵਿਚ ਹੋਣ ਤਾਂ ਨਾ ਉਹ ਕੌਮੀ ਤਰਜਮਾਨਾਂ ਪਿੱਛੇ ਲੁਕ ਸਕਦੀਆਂ ਹਨ ਤੇ ਨਾ ਹੀ ਟਵਿੱਟਰ 'ਤੇ ਦਿੱਤੇ ਗਏ ਚਤੁਰ ਜਵਾਬ ਉਨ੍ਹਾਂ ਦਾ ਬਚਾਅ ਕਰ ਸਕਦੇ ਹਨ। ਸਗੋਂ ਵੱਡੀਆਂ ਪਾਰਟੀਆਂ ਮੁਲਾਂਕਣ ਕਰਦੀਆਂ ਹਨ ਕਿ ਉਨ੍ਹਾਂ ਤੋਂ ਕੀ ਗ਼ਲਤ ਹੋ ਗਿਆ ਅਤੇ ਉਹ ਇਨ੍ਹਾਂ ਗ਼ਲਤੀਆਂ ਨੂੰ ਦਰੁਸਤ ਕਰਨ ਲਈ ਅੰਦਰੂਨੀ ਵਿਚਾਰ-ਵਟਾਂਦਰਾ ਕਰਦੀਆਂ ਹਨ। ਉਹ ਆਰਥਿਕ ਹਾਲਤ ਦੇ ਸੁਧਾਰ, ਸਮਾਜਿਕ ਤਰੱਕੀ, ਬਿਹਤਰ ਸਿਹਤ ਤੇ ਸਿੱਖਿਆ ਸਹੂਲਤਾਂ ਲਈ ਯੋਜਨਾਵਾਂ ਬਣਾਉਂਦੀਆਂ ਹਨ। ਅਸੀਂ 1 ਫ਼ੀਸਦੀ ਤੇ 60 ਫ਼ੀਸਦੀ ਦਰਮਿਆਨ ਅਤੇ 27 ਮੰਜ਼ਿਲੇ ਘਰਾਂ ਤੇ ਇਕ ਕਮਰੇ ਜਿੰਨੀਆਂ ਝੁੱਗੀਆਂ ਵਿਚਲਾ ਪਾੜਾ ਕਿਵੇਂ ਦੂਰ ਕਰ ਸਕਦੇ ਹਾਂ? ਅੱਜ ਜ਼ਰੂਰੀ ਹੈ ਕਿ ਸਰਕਾਰ ਦੇ ਦੂਜੇ ਵਿੰਗਾਂ ਪ੍ਰਤੀ ਨਵੀਂ ਪਹੁੰਚ ਅਪਣਾਈ ਜਾਵੇ। ਇਕ ਮੋਟੀ-ਮੋਟੀ ਯੋਜਨਾ ਬਣਾ ਲੈਣ ਤੋਂ ਬਾਅਦ ਵਿਰੋਧੀ ਧਿਰ ਨੂੰ ਲੋਕਾਂ ਕੋਲ ਜਾ ਕੇ ਇਸ ਹਾਂ-ਪੱਖੀ ਕਾਰਵਾਈ ਯੋਜਨਾ ਦੀ ਜਾਣਕਾਰੀ ਦੇਣੀ ਹੋਵੇਗੀ ਅਤੇ ਮਹਿਜ਼ ਟਵੀਟਾਂ ਦੇ ਸਹਾਰੇ ਨਹੀਂ ਬੈਠਣਾ ਹੋਵੇਗਾ। ਫਿਰ ਵਿਰੋਧੀ ਧਿਰ ਨੂੰ ਇਸ ਯੋਜਨਾ ਲਈ ਸੰਸਦ ਤੇ ਵਿਧਾਨ ਸਭਾਵਾਂ ਵਿਚ ਲੜਨਾ ਹੋਵੇਗਾ, ਮੀਡੀਆ ਕੋਲ ਜਾਣਾ ਤੇ ਆਪਣੇ ਲਈ ਬਣਦੀ ਥਾਂ ਮੰਗਣੀ ਪਵੇਗੀ। ਨਾਲ ਹੀ ਆਪਣੀ ਯੋਜਨਾ ਸੰਸਦ ਤੇ ਲੋਕਾਂ ਸਾਹਮਣੇ ਪੇਸ਼ ਕਰਨੀ ਪਵੇਗੀ। ਜੇ ਵਿਰੋਧੀ ਧਿਰ ਅਜਿਹਾ ਨਹੀਂ ਕਰਦੀ ਤਾਂ ਇਹ ਅਣਗਹਿਲੀ ਮੁਲਕ ਨੂੰ ਇਕ-ਪਾਰਟੀ ਹਕੂਮਤ ਵੱਲ ਲਿਜਾਣ ਦੀ ਜ਼ਿੰਮੇਵਾਰ ਹੋਵੇਗੀ।
' ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।
ਲੋਕ-ਨੁਮਾਇੰਦਿਆਂ ਦੀ ਜ਼ਿੰਮੇਵਾਰੀ ਤੇ ਜਵਾਬਦੇਹੀ - ਗੁਰਬਚਨ ਜਗਤ'
ਇਕ ਤਸਵੀਰ ਦੇਖੀ ਜਿਸ ਵਿਚ ਇਕ ਵਿਧਾਇਕ ਆਪਣੇ ਘਰ ਦੇ ਲਾਅਨ ਨੂੰ ਪਾਣੀ ਦੇ ਰਿਹਾ ਹੈ, ਕਿਉਂਕਿ ਉਸ ਕੋਲ ਲੌਕਡਾਊਨ ਕਾਰਨ ਕਰਨ ਲਈ ਕੋਈ ਕੰਮ ਨਹੀਂ ਹੈ। ਇਸੇ ਤਰ੍ਹਾਂ ਮੈਂ ਪੜ੍ਹਿਆ ਕਿ ਇਕ ਹੋਰ ਵਿਧਾਇਕ ਨੇ ਆਪਣੀ ਰਿਹਾਇਸ਼ 'ਤੇ ਲਾਅਨ ਦਾ ਘਾਹ ਕੁਤਰਦਿਆਂ ਆਪਣੀ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ। ਇਹ ਦੋਵੇਂ ਮਾਮਲੇ ਉਸ ਸੂਬੇ ਦੇ ਹਨ, ਜਿੱਥੇ ਫ਼ਸਲ ਦੀ ਵਾਢੀ ਦਾ ਦੌਰ ਸਿਖਰਾਂ 'ਤੇ ਹੈ ਤੇ ਨਾਲ ਹੀ ਜਿਣਸ ਦੇ ਮੰਡੀਆਂ ਵਿਚ ਪਹੁੰਚਣ ਦਾ ਵੀ। ਇਸ ਦੌਰਾਨ ਵਾਢੀ ਲਈ ਪਰਵਾਸੀ ਮਜ਼ਦੂਰਾਂ ਦੇ ਨਾਲ ਹੀ ਕੰਬਾਈਨ ਹਾਰਵੈਸਟਰਾਂ ਆਦਿ ਦੀ ਭਾਰੀ ਥੁੜ੍ਹ ਦੀ ਸਮੱਸਿਆ ਪੇਸ਼ ਆ ਰਹੀ ਹੈ ਤੇ ਨਾਲ ਹੀ ਮੰਡੀਆਂ ਵਿਚ ਜਿਣਸ ਵੇਚਣ ਪੱਖੋਂ ਹੋਰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰੇ ਖ਼ਿਆਲ ਵਿਚ ਇਹ ਅਜਿਹਾ ਵਕਤ ਹੈ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਹਲਕਿਆਂ ਵਿਚ ਹੋਣਾ ਚਾਹੀਦਾ ਹੈ ਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉੱਥੇ ਸਾਰਾ ਕੁਝ ਰਵਾਨੀ ਨਾਲ ਚੱਲੇ ਤੇ ਕੋਈ ਸਮੱਸਿਆ ਨਾ ਆਵੇ ਅਤੇ ਜੇ ਆਵੇ ਤਾਂ ਉਹ ਉਸ ਦਾ ਹੱਲ ਕਰਨ। ਉਹ ਆਪਣੀ ਜ਼ਿੰਮੇਵਾਰੀ ਦੇ ਨਾਤੇ ਲੋਕਾਂ ਤੇ ਮੁਕਾਮੀ ਪ੍ਰਸ਼ਾਸਨ ਦਰਮਿਆਨ ਇਕ ਪੁਲ਼ ਜਾਂ ਕੜੀ ਹਨ।
ਇਹ ਸਾਰਾ ਕੁਝ ਦੇਖ ਕੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਆਖ਼ਰ ਕਿਸੇ ਚੁਣੇ ਹੋਏ ਐੱਮ ਪੀ/ ਐੱਮ ਐੱਲ ਏ ਦੀਆਂ ਕੀ ਜ਼ਿੰਮੇਵਾਰੀਆਂ ਹਨ? ਅਤੇ ਨਾਲ ਹੀ ਕਿਸ ਕਮੀ ਕਾਰਨ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕਦੇ। ਮੇਰੇ ਖ਼ਿਆਲ ਵਿਚ ਸੰਸਦ ਮੈਂਬਰ/ਵਿਧਾਇਕ ਦੀ ਭੂਮਿਕਾ ਦੋ ਪਰਤੀ ਹੈ ਪਹਿਲੀ, ਵਿਧਾਨ ਸਭਾ ਜਾਂ ਲੋਕ ਸਭਾ ਵਿਚ ਕਾਨੂੰਨਸਾਜ਼ੀ 'ਚ ਸਹਾਈ ਹੋਣਾ। ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਹਲਕੇ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਅਹਿਮ ਬਿਲਾਂ ਉੱਤੇ ਹੋਣ ਵਾਲੀ ਬਹਿਸ ਵਿਚ ਹਿੱਸਾ ਲੈਣ। ਜੇ ਉਹ ਸਪੀਕਰ ਵੱਲੋਂ ਬਣਾਈ ਕਿਸੇ ਕਮੇਟੀ ਦੇ ਮੈਂਬਰ ਹਨ ਤਾਂ ਉਨ੍ਹਾਂ ਨੂੰ ਇਨ੍ਹਾਂ ਕਮੇਟੀਆਂ ਦੇ ਕੰਮ-ਕਾਜ ਤੇ ਮੀਟਿੰਗਾਂ ਵਿਚ ਸ਼ਿਰਕਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਦੂਜੀ ਜ਼ਿੰਮੇਵਾਰੀ ਹੈ ਆਪਣੇ ਹਲਕੇ ਦਾ ਖ਼ਿਆਲ ਰੱਖਣਾ। ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੀਆਂ ਆਮ ਲੋੜਾਂ ਜਿਵੇਂ ਬਿਜਲੀ, ਪਾਣੀ ਦੀ ਉਪਲੱਬਧਤਾ ਅਤੇ ਨਾਲ ਹੀ ਸਿੱਖਿਆ, ਸਿਹਤ ਤੇ ਸਿੰਜਾਈ ਸਹੂਲਤਾਂ ਦੇ ਪ੍ਰਬੰਧ ਆਦਿ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਜ਼ਾਤੀ ਮਸਲਿਆਂ ਦੇ ਹੱਲ ਵਿਚ ਵੀ ਮਦਦਗਾਰ ਹੋਣਾ ਚਾਹੀਦਾ ਹੈ।
ਕਈ ਦਹਾਕਿਆਂ ਤੋਂ ਅਸੀਂ ਲੋਕ ਸਭਾ ਤੇ ਵਿਧਾਨ ਸਭਾਵਾਂ ਵਿਚ ਬਹਿਸਾਂ ਦੇ ਮਿਆਰ ਵਿਚ ਆ ਰਹੀ ਗਿਰਾਵਟ ਨੂੰ ਦੇਖਦੇ ਆ ਰਹੇ ਹਾਂ, ਨਾਲ ਹੀ ਇਨ੍ਹਾਂ ਸਦਨਾਂ ਦੇ ਇਜਲਾਸਾਂ ਦਾ ਸਮਾਂ ਵੀ ਬਹੁਤ ਘਟਾ ਦਿੱਤਾ ਗਿਆ ਹੈ। ਜਦੋਂ ਇਨ੍ਹਾਂ ਕਾਨੂੰਨਸਾਜ਼ ਅਦਾਰਿਆਂ ਦੇ ਸੈਸ਼ਨ ਚੱਲਦੇ ਹਨ ਤਾਂ ਬਹੁਤੇ ਐੱਮਪੀਜ਼ ਤੇ ਐੱਮਐੱਲਏਜ਼ ਦਾ ਜ਼ਿਆਦਾਤਰ ਸਮਾਂ ਸਪੀਕਰ ਦੀ ਗੱਦੀ ਅੱਗੇ ਬਤੀਤ ਹੁੰਦਾ ਹੈ, ਜਿੱਥੇ ਉਹ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹਨ। ਇਸ ਤਰ੍ਹਾਂ ਲੰਬਾ ਸਮਾਂ ਨਾਅਰੇਬਾਜ਼ੀ ਚੱਲਣ ਕਾਰਨ ਅਸਲੀ ਕੰਮ ਬਹੁਤ ਘੱਟ ਹੁੰਦਾ ਹੈ। ਮੇਰੇ ਕੋਲ ਅੰਕੜੇ ਤਾਂ ਨਹੀਂ ਹਨ, ਪਰ ਯਕੀਨਨ ਇਸ ਕਾਰਨ ਬਹੁਤ ਸਾਰਾ ਸਮਾਂ ਜ਼ਾਇਆ ਜਾਂਦਾ ਹੈ। ਇਸ ਕਾਰਨ ਅਹਿਮ ਮੁੱਦਿਆਂ 'ਤੇ ਸਹੀ ਅਤੇ ਅਰਥ ਭਰਪੂਰ ਬਹਿਸ ਨੂੰ ਲੋੜੀਂਦਾ ਸਮਾਂ ਨਹੀਂ ਮਿਲਦਾ। ਅਜਿਹੇ ਹੀ ਕਾਰਨਾਂ ਕਰ ਕੇ 'ਵਿੱਤੀ ਬਿਲਾਂ' ਤੱਕ ਨੂੰ ਬਿਨਾਂ ਢੁਕਵੀਂ ਬਹਿਸ ਦੇ ਪਾਸ ਕਰ ਦਿੱਤਾ ਜਾਂਦਾ ਹੈ। ਜੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਨਾਮ ਉਨ੍ਹਾਂ ਦੇ ਹਲਕੇ ਦਾ ਸਵਾਲ ਹੋਵੇ ਤਾਂ ਹਲਕੇ ਦੀਆਂ ਸਮੱਸਿਆਵਾਂ ਬਾਰੇ ਕੋਈ ਢਾਂਚਾਗਤ ਪਹੁੰਚ ਨਹੀਂ ਹੁੰਦੀ।
ਜਦੋਂ ਵੀ ਕੋਈ ਐੱਮਪੀ/ਵਿਧਾਇਕ ਆਪਣੇ ਹਲਕੇ ਜਾਂ ਹੈੱਡਕੁਆਰਟਰ ਵਿਚ ਵਿਚਰਦਾ ਹੈ ਤਾਂ ਆਮ ਕਰ ਕੇ ਉਸ ਦੁਆਲੇ ਉਸ ਦੇ ਪਰਿਵਾਰਕ ਜੀਆਂ ਤੇ ਹੋਰ ਕਰੀਬੀਆਂ ਦੀ ਫਿੱਕੀ ਤੇ ਨੀਰਸ ਜਿਹੀ ਜੁੰਡਲੀ ਦਾ ਘੇਰਾ ਹੁੰਦਾ ਹੈ। ਹਲਕੇ ਦੇ ਲੋਕ ਆਪਣੇ ਨੁਮਾਇੰਦਿਆਂ ਨੂੰ ਇਨ੍ਹਾਂ ਕਰੀਬੀਆਂ ਰਾਹੀਂ ਹੀ ਮਿਲ ਸਕਦੇ ਹਨ ਤੇ ਉਨ੍ਹਾਂ ਨੂੰ ਨੁਮਾਇੰਦਿਆਂ ਤੱਕ ਸਿੱਧੀ ਰਸਾਈ ਨਹੀਂ ਹੁੰਦੀ। ਇਨ੍ਹਾਂ ਕਰੀਬੀਆਂ ਵਿਚ ਬਾਹੂਬਲੀ, ਦਲਾਲ ਤੇ ਸੁਰੱਖਿਆ ਮੁਲਾਜ਼ਮ ਵੀ ਹੁੰਦੇ ਹਨ ਤੇ ਤੁਹਾਨੂੰ ਇਸ ਭੀੜ ਵਿਚ ਚੰਗੇ ਬੰਦੇ ਘੱਟ ਹੀ ਮਿਲਣਗੇ। ਤੁਹਾਨੂੰ ਐੱਮਪੀਜ਼/ਵਿਧਾਇਕਾਂ ਦੁਆਲੇ ਸਥਾਨਕ ਪੁਲੀਸ ਅਫ਼ਸਰ, ਮਾਲ ਅਫ਼ਸਰ ਅਤੇ ਹੋਰ ਸਰਕਾਰੀ ਮੁਲਾਜ਼ਮ ਤੇ ਅਫ਼ਸਰ ਵੀ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਮਿਲਣਗੇ ਜੋ ਅਹਿਮ ਮੁੱਦਿਆਂ ਦੇ ਫ਼ੈਸਲਿਆਂ ਲਈ ਉਨ੍ਹਾਂ ਦੇ ਹੁਕਮਾਂ ਦੀ ਉਡੀਕ ਵਿਚ ਹੋਣਗੇ। ਅਜਿਹੇ ਬਹੁਤੇ ਅਧਿਕਾਰੀਆਂ ਦੀ ਅਜਿਹੀਆਂ ਥਾਵਾਂ ਉੱਤੇ ਤਾਇਨਾਤੀ ਵੀ ਇਨ੍ਹਾਂ ਐੱਮਪੀਜ਼/ਵਿਧਾਇਕਾਂ ਦੇ ਰਸੂਖ਼ ਸਦਕਾ ਹੋਈ ਹੁੰਦੀ ਹੈ, ਕਿਉਂਕਿ ਇਹ ਲੋਕ ਨੁਮਾਇੰਦੇ ਚਾਹੁੰਦੇ ਹਨ ਕਿ ਅਜਿਹੀਆਂ ਅਹਿਮ ਥਾਵਾਂ ਉੱਤੇ ਉਨ੍ਹਾਂ ਦੇ ਆਪਣੇ ਖ਼ਾਸ ਬੰਦੇ ਤਾਇਨਾਤ ਹੋਣ। ਇਸ ਦੌਰਾਨ ਅਜਿਹੇ ਮਾਮਲਿਆਂ ਅਤੇ ਖ਼ਾਸਕਰ ਤਾਇਨਾਤੀਆਂ ਤੇ ਤਬਾਦਲਿਆਂ ਆਦਿ ਵਿਚ ਪੈਸੇ ਦੇ ਲੈਣ-ਦੇਣ ਦੇ ਦੋਸ਼ ਵੀ ਲੱਗਦੇ ਰਹਿੰਦੇ ਹਨ।
ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਕਿਸੇ ਬੁਨਿਆਦੀ ਢਾਂਚੇ ਆਦਿ ਦੀ ਘਾਟ ਕਾਰਨ ਆਪਣੇ ਹਲਕਿਆਂ ਦੇ ਮਸਲਿਆਂ ਦੇ ਹੱਲ ਪੱਖੋਂ ਆਪਣੇ-ਆਪ ਨੂੰ ਨਕਾਰਾ ਬਣਾ ਲਿਆ ਹੈ। ਇਸ ਹਾਲਾਤ ਵਿਚ ਜ਼ਰੂਰੀ ਹੈ ਕਿ ਬਹੁਤੇ ਵਿਕਸਤ ਜਮਹੂਰੀ ਮੁਲਕਾਂ ਵਾਂਗ ਹੀ ਉਨ੍ਹਾਂ ਨੂੰ ਆਪਣੇ ਹਲਕਿਆਂ ਵਿਚ ਦਫ਼ਤਰ ਅਤੇ ਨਾਲ ਹੀ ਢੁਕਵਾਂ ਸੈਕਟਰੀਅਲ ਸਹਿਯੋਗ ਮੁਹੱਈਆ ਕਰਵਾਇਆ ਜਾਵੇ। ਜਦੋਂ ਸਦਨਾਂ ਦੇ ਸੈਸ਼ਨ ਨਾ ਹੋਣ ਤਾਂ ਐੱਮਪੀਜ਼/ਵਿਧਾਇਕਾਂ ਨੂੰ ਆਪਣੇ ਇਨ੍ਹਾਂ ਦਫ਼ਤਰਾਂ ਤੋਂ ਕੰਮ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਵੀ ਇਹ ਦਫ਼ਤਰ ਖੁੱਲ੍ਹਣੇ ਚਾਹੀਦੇ ਹਨ ਤਾਂ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੇ ਸੁਝਾਅ ਦਰਜ ਕੀਤੇ ਜਾਂਦੇ ਰਹਿਣ ਤੇ ਉਨ੍ਹਾਂ ਬਾਰੇ ਚੁਣੇ ਨੁਮਾਇੰਦੇ ਨੂੰ ਨਾਲ ਦੀ ਨਾਲ ਜਾਣੂੰ ਕਰਵਾਇਆ ਜਾਂਦਾ ਰਹੇ। ਇਨ੍ਹਾਂ ਦਫ਼ਤਰਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਇਕ 'ਵਿਚਾਰ ਸਮੂਹ' ਵਜੋਂ ਕੰਮ ਕਰਨਾ ਚਾਹੀਦਾ ਹੈ ਜਿਹੜੇ ਆਪਣੇ ਹਲਕੇ ਦੀਆਂ ਲੋੜਾਂ ਉੱਤੇ ਵਿਚਾਰਾਂ ਕਰਨ ਤੇ ਫਿਰ ਇਨ੍ਹਾਂ ਨੂੰ ਪਾਰਟੀ ਦੇ ਕੇਂਦਰੀ ਦਫ਼ਤਰਾਂ ਅਤੇ ਨਾਲ ਹੀ ਸਬੰਧਿਤ ਸਰਕਾਰੀ ਮਹਿਕਮਿਆਂ ਨੂੰ ਭੇਜਣ। ਇਨ੍ਹਾਂ ਅਫ਼ਸਰਾਂ ਨੂੰ ਆਪਣੇ ਹਲਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਉੱਤੇ ਧਿਆਨ ਧਰਨਾ ਚਾਹੀਦਾ ਹੈ ਅਤੇ ਨਾਲ ਹੀ ਜਾਰੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਰਹਿਣਾ ਚਾਹੀਦਾ ਹੈ ਜਿਸ ਦੌਰਾਨ ਹੋ ਰਹੇ ਕੰਮ ਦੇ ਮਿਆਰ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।
ਇਸ ਸਭ ਕੁਝ ਦੀ ਸਫ਼ਲਤਾ ਲਈ ਜ਼ਰੂਰੀ ਹੋਵੇਗਾ ਕਿ ਇਨ੍ਹਾਂ ਦਫ਼ਤਰਾਂ ਦੀ ਅਗਾਂਹ ਵਿਧਾਨ ਸਭਾ ਤੇ ਲੋਕ ਸਭਾ ਸਕੱਤਰੇਤ ਵੱਲੋਂ ਨਿਗਰਾਨੀ ਕੀਤੀ ਜਾਵੇ। ਲੋਕ ਸਭਾ ਸਕੱਤਰੇਤ ਵਿਖੇ ਹਰੇਕ ਐੱਮਪੀ ਨਾਲ ਕੁਝ ਕਾਬਲ ਖੋਜਕਾਰ ਜੋੜੇ ਜਾਣੇ ਚਾਹੀਦੇ ਹਨ, ਤਾਂ ਕਿ ਉਹ ਸੰਸਦ ਮੈਂਬਰ ਨੂੰ ਸਦਨ ਵਿਚ ਪੇਸ਼ ਹੋਣ ਵਾਲੇ ਵੱਖ-ਵੱਖ ਬਿਲਾਂ ਅਤੇ ਅਜਿਹੇ ਸਵਾਲਾਂ ਆਦਿ ਬਾਰੇ ਲੋੜੀਂਦੀ ਜਾਣਕਾਰੀ ਦੇਣ ਜਿਹੜੇ ਉਸ ਸੰਸਦ ਮੈਂਬਰ ਨੇ ਸਦਨ ਵਿਚ ਪੁੱਛਣੇ ਹੋਣ ਜਾਂ ਉਹ ਪੁੱਛ ਸਕਦਾ ਹੋਵੇ। ਇਸ ਪ੍ਰਬੰਧ ਦਾ ਸੰਸਦ ਮੈਂਬਰਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਕਿਉਂਕਿ ਬਹੁਤੇ ਸੰਸਦ ਮੈਂਬਰਾਂ ਦਾ ਵਿੱਦਿਅਕ ਤੇ ਜਾਣਕਾਰੀ ਦਾ ਪੱਧਰ ਬਹੁਤਾ ਉੱਚਾ ਨਹੀਂ ਹੁੰਦਾ। ਉਨ੍ਹਾਂ ਨੂੰ ਇੰਝ ਜਾਣਕਾਰੀ ਦਿੱਤੇ ਜਾਣ ਨਾਲ ਸੰਸਦ ਵਿਚ ਬਹਿਸ ਦਾ ਮਿਆਰ ਵੀ ਸੁਧਰੇਗਾ। ਦੂਜੇ ਪਾਸੇ ਅਜਿਹੇ ਪ੍ਰਬੰਧਾਂ ਦੀ ਥਾਂ ਐੱਮਪੀਜ਼/ਵਿਧਾਇਕਾਂ ਵੱਲੋਂ ਸਮੇਂ-ਸਮੇਂ ਉੱਤੇ ਆਪਣੀਆਂ ਤਨਖ਼ਾਹਾਂ, ਭੱਤਿਆਂ, ਮੁਫ਼ਤ ਸਹੂਲਤਾਂ ਆਦਿ ਵਿਚ ਹੀ ਇਜ਼ਾਫ਼ਾ ਕੀਤਾ ਜਾ ਰਿਹਾ ਹੈ ਜਦੋਂਕਿ ਅਜਿਹਾ ਬੁਨਿਆਦੀ ਢਾਂਚਾ ਬਣਾਉਣਾ ਵੀ ਉਨ੍ਹਾਂ ਦੇ ਆਪਣੇ ਹੀ ਹੱਥ ਵਿਚ ਹੈ, ਤਾਂ ਕਿ ਉਹ ਹੋਰ ਕਾਰਗਰ ਢੰਗ ਨਾਲ ਕੰਮ ਕਰ ਸਕਣ। ਉਨ੍ਹਾਂ ਨੂੰ ਅਜਿਹਾ ਢਾਂਚਾ ਬਣਾਉਣ ਲਈ ਕਿਸੇ ਹੋਰ ਨੂੰ ਕਹਿਣ ਦੀ ਜ਼ਰੂਰਤ ਨਹੀਂ। ਮੈਂ ਇਹੋ ਉਮੀਦ ਕਰ ਸਕਦਾ ਹਾਂ ਕਿ ਉਨ੍ਹਾਂ ਨੂੰ ਅਜਿਹਾ ਪ੍ਰਬੰਧ ਵਿਕਸਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਕੰਮ-ਕਾਜ ਦਾ ਕੰਮ-ਚਲਾਊ ਪ੍ਰਬੰਧ ਖ਼ਤਮ ਹੋ ਸਕੇ।
ਅਖ਼ੀਰ, ਮੈਂ ਇਹ ਤਾਂ ਨਹੀਂ ਜਾਣਦਾ ਕਿ ਅਜਿਹਾ ਕਿਵੇਂ ਹੋ ਸਕੇਗਾ, ਪਰ ਹਰੇਕ ਐੱਮਪੀ ਤੇ ਵਿਧਾਇਕ ਲਈ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਆਪਣੇ ਹਲਕੇ ਦੇ ਲੋਕਾਂ ਨੂੰ ਲਿਖਤੀ ਤੌਰ 'ਤੇ ਆਪਣੇ ਕੰਮ-ਕਾਜ, ਜਿਵੇਂ ਉਸ ਨੇ ਸਦਨ ਦੇ ਸੈਸ਼ਨ ਵਿਚ ਕਿੰਨੇ ਦਿਨ ਸ਼ਿਰਕਤ ਕੀਤੀ, ਉਸ ਨੇ ਕਿਹੜੀ-ਕਿਹੜੀ ਬਹਿਸ ਵਿਚ ਹਿੱਸਾ ਲਿਆ ਤੇ ਆਪਣੇ ਹਲਕੇ ਦੇ ਹਿੱਤ ਲਈ ਕਿਹੜੇ ਮੁੱਦੇ ਉਠਾਏ ਆਦਿ ਬਾਰੇ ਜਾਣਕਾਰੀ ਦਿੰਦਾ ਰਹੇ। ਅਜਿਹੇ ਲਿਖਤੀ ਪੱਤਰਾਂ ਨਾਲ ਨਾ ਸਿਰਫ਼ ਹਲਕੇ ਵਿਚ ਉਸ ਨੁਮਾਇੰਦੇ ਦੀ ਕਾਰਗੁਜ਼ਾਰੀ ਬਾਰੇ ਚਰਚਾ ਚੱਲੇਗੀ ਸਗੋਂ ਹਲਕੇ ਦੇ ਲੋਕਾਂ ਨੂੰ ਅਹਿਮ ਜਾਣਕਾਰੀ ਵੀ ਮਿਲਦੀ ਰਹੇਗੀ। ਅਜਿਹਾ ਸਥਾਨਕ ਸਰਕਾਰਾਂ ਜਿਵੇਂ ਪੰਚਾਇਤਾਂ, ਬਲਾਕ ਸਮਿਤੀਆਂ ਤੇ ਮਿਉਂਸੀਪਲ ਕਾਰਪੋਰੇਸ਼ਨਾਂ ਆਦਿ ਦੇ ਪੱਧਰਾਂ ਉੱਤੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਮੀਟਿੰਗਾਂ ਦਾ ਢਾਂਚਾ ਵਿਕਸਤ ਕਰ ਕੇ ਵੀ ਕੀਤਾ ਜਾ ਸਕਦਾ ਹੈ। ਯਕੀਨਨ ਸੰਸਦੀ ਜਮਹੂਰੀਅਤ ਦੇ ਉੱਚੇ ਮੁਨਾਰੇ ਉਸ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵਧੀਆ ਕਿਰਦਾਰ, ਉੱਚ ਇਖ਼ਲਾਕ ਅਤੇ ਸਮਝਦਾਰੀ ਦੀ ਬੁਨਿਆਦ ਉੱਤੇ ਹੀ ਟਿਕੇ ਹੁੰਦੇ ਹਨ ਜਿਨ੍ਹਾਂ ਦੇ ਦਿਲ ਵਿਚ ਆਪਣੇ ਇਲਾਕੇ ਤੇ ਮੁਲਕ ਨੂੰ ਅਗਾਂਹ ਲਿਜਾਣ ਦੀ ਜ਼ੋਰਦਾਰ ਤਾਂਘ ਹੋਵੇ। ਅਜਿਹੇ ਆਗੂਆਂ ਨੂੰ ਅੱਗੇ ਲਿਆਉਣਾ ਬਹੁਤ ਹੱਦ ਤੱਕ ਉਨ੍ਹਾਂ ਦੀ ਚੋਣ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਵੀ ਹੱਥ-ਵੱਸ ਹੈ।
ਮੈਂ ਇਸ ਲੇਖ ਵਿਚ ਕਾਰਜਪਾਲਿਕਾ ਦੇ ਸਿਰਫ਼ ਸਿਆਸੀ ਪੱਖ ਦੀ ਹੀ ਚਰਚਾ ਕੀਤੀ ਹੈ ਕਿਉਂਕਿ ਅਫ਼ਸਰਸ਼ਾਹੀ ਤੇ ਪੁਲੀਸ ਨੂੰ ਤਾਂ ਸਿਆਸੀ ਪਾਰਟੀਆਂ ਨੇ ਪਹਿਲਾਂ ਹੀ ਕੀਲ ਕੇ ਆਪਣੇ ਵੱਸ ਕੀਤਾ ਹੋਇਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਨਿਆਂ ਪਾਲਿਕਾ ਨੇ ਵੀ ਦੇਸ਼ ਨੂੰ ਦਰਪੇਸ਼ ਅਹਿਮ ਮੁੱਦਿਆਂ 'ਤੇ ਕੌਮੀ ਬਹਿਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਿਆ ਹੈ। ਜੱਜ ਸਾਹਿਬਾਨ ਅਜਿਹਾ ਕਿਉਂ? ਪਰ ਆਖ਼ਰ ਮੈਂ ਇਹ ਸਵਾਲ ਪੁੱਛਣ ਵਾਲਾ ਕੌਣ ਹੁੰਦਾ ਹਾਂ, ਮੈਂ ਵੀ ਹੋਰ ਕਰੋੜਾਂ ਦੇਸ਼ ਵਾਸੀਆਂ ਵਾਂਗ ਮੁਲਕ ਦਾ ਇਕ ਆਮ ਨਿਮਾਣਾ ਸ਼ਹਿਰੀ ਹੀ ਹਾਂ ਅਤੇ ਇਕ ਆਮ ਸ਼ਹਿਰੀ ਨੇ ਆਗਿਆ ਦਾ ਪਾਲਣ ਹੀ ਕਰਨਾ ਹੁੰਦਾ ਹੈ, ਉਹ ਸਵਾਲ ਨਹੀਂ ਪੁੱਛ ਸਕਦਾ।
' ਸਾਬਕਾ ਚੇਅਰਮੈਨ ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।
ਉਨ੍ਹਾਂ ਵਾਅਦਿਆਂ ਦਾ ਕੀ ਬਣਿਆ? - ਗੁਰਬਚਨ ਜਗਤ'
ਸਾਲ 2014 ਵਿਚ ਭਾਰਤੀ ਸਿਆਸੀ ਦ੍ਰਿਸ਼ ਵਿਚ ਨਾਟਕੀ ਤਬਦੀਲੀ ਆਈ, ਜਦੋਂ ਜੇਤੂ ਘੋੜੇ ਤੇ ਸਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੇ ਚੋਣਾਂ ਜਿੱਤ ਕੇ ਕੇਂਦਰ ਵਿਚ ਪੂਰੇ ਬਹੁਮਤ ਨਾਲ ਸੱਤਾ ਸੰਭਾਲੀ। ਇਹ ਘਟਨਾਕ੍ਰਮ ਇਸ ਤੋਂ ਪਹਿਲਾਂ ਸ੍ਰੀ ਮੋਦੀ ਵੱਲੋਂ ਕੀਲ ਲੈਣ ਵਾਲੇ ਭਾਸ਼ਣਾਂ ਰਾਹੀਂ ਚਲਾਈ ਤੂਫ਼ਾਨੀ ਚੋਣ ਮੁਹਿੰਮ ਤੋਂ ਬਾਅਦ ਵਾਪਰਿਆ। ਉਮੀਦ ਮੁਤਾਬਕ, ਉਹ ਪ੍ਰਧਾਨ ਮੰਤਰੀ ਚੁਣੇ ਗਏ ਅਤੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੀਆਂ ਚੋਣ ਤਕਰੀਰਾਂ ਅਤੇ ਵਾਅਦਿਆਂ ਤੋਂ ਵਾਹਵਾ ਜੋਸ਼ ਚੜ੍ਹਿਆ ਹੋਇਆ ਸੀ। ਸਮਾਜ ਦੇ ਕੁਝ ਤਬਕਿਆਂ ਨੂੰ ਤਾਂ ਉਨ੍ਹਾਂ ਤੋਂ ਖ਼ਾਸ ਗੱਫ਼ਿਆਂ ਦੀ ਉਮੀਦ ਸੀ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦਾ ਬਿਹਤਰ ਮੁੱਲ ਮਿਲਣ ਦੀ ਉਮੀਦ ਸੀ, ਬੇਰੁਜ਼ਗਾਰ ਨੌਜਵਾਨਾਂ ਨੂੰ ਲੱਖਾਂ ਦੀ ਗਿਣਤੀ ਵਿਚ ਰੁਜ਼ਗਾਰ ਪੈਦਾ ਹੋਣ ਦੀ ਆਸ ਸੀ ਅਤੇ ਬਿਲਕੁਲ ਹੀ ਗ਼ਰੀਬ ਵਰਗ ਉਮੀਦ ਲਾਈ ਬੈਠਾ ਸੀ ਕਿ ਉਸ ਨੂੰ ਬਿਹਤਰ ਘਰ ਤੇ ਸਿਹਤ-ਸਿੱਖਿਆ ਸਹੂਲਤਾਂ ਮਿਲਣਗੀਆਂ।
ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸਾਰਿਆਂ ਨੂੰ ਹੀ ਉਮੀਦ ਸੀ ਕਿ ਮੋਦੀ ਕੋਈ ਜਾਦੂ ਦੀ ਛੜੀ ਘੁਮਾਉਣਗੇ ਅਤੇ ਸਾਰਾ ਹੀ ਮੁਲਕ ਖ਼ੁਸ਼ਹਾਲ ਹੋ ਜਾਵੇਗਾ। ਯਕੀਨਨ, ਸਮਾਜ ਦੇ ਚਿੰਤਨਸ਼ੀਲ ਲੋਕਾਂ ਨੂੰ ਤਾਂ ਕਿਸੇ ਕ੍ਰਿਸ਼ਮੇ ਦੀ ਉਮੀਦ ਨਹੀਂ ਸੀ, ਤਾਂ ਵੀ ਉਹ ਜਿਊਣ ਦੀਆਂ ਬੁਨਿਆਦੀ ਹਾਲਤਾਂ ਵਿਚ ਬਿਹਤਰ ਤਬਦੀਲੀ ਦੇ ਆਸਵੰਦ ਜ਼ਰੂਰ ਸਨ। ਸਾਰੇ ਹੀ 'ਅੱਛੇ ਦਿਨਾਂ', ਖ਼ਾਤਿਆਂ ਵਿਚ ਪੈਸੇ ਆਉਣ, ਨੌਜਵਾਨਾਂ ਨੂੰ ਨੌਕਰੀਆਂ ਮਿਲਣ ਅਤੇ ਆਮ ਆਦਮੀ ਤੱਕ ਸਿਹਤ ਤੇ ਸਿੱਖਿਆ ਸਹੂਲਤਾਂ ਪੁੱਜਣ ਦੀ ਉਡੀਕ ਵਿਚ ਸਨ। ਇਹ ਵਾਅਦੇ ਮੋਦੀ ਦੀ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਤੋਂ ਬਾਅਦ ਵੀ ਕੀਤੇ ਜਾਂਦੇ ਰਹੇ। ਪਹਿਲੇ ਕੁਝ ਮਹੀਨਿਆਂ ਦੌਰਾਨ ਕੁਝ ਖ਼ਾਸ ਨਹੀਂ ਵਾਪਰਿਆ ਪਰ ਲੋਕਾਂ ਨੇ ਧੀਰਜ ਬਣਾਈ ਰੱਖਿਆ ਕਿਉਂਕਿ ਉਨ੍ਹਾਂ ਨੂੰ ਮੋਦੀ ਦੀ ਲੀਡਰਸ਼ਿਪ ਉੱਤੇ ਭਰੋਸਾ ਸੀ।
ਪਰ ਉਲਟਾ ਇਕ ਦਿਨ ਅਚਾਨਕ ਲੋਕਾਂ ਉਤੇ ਨੋਟਬੰਦੀ ਦੀ ਬਿਜਲੀ ਆਣ ਡਿੱਗੀ ਅਤੇ ਸਮਾਜ ਦੇ ਸਾਰੇ ਵਰਗ ਪੂਰੀ ਤਰ੍ਹਾਂ ਹਲੂਣੇ ਗਏ। ਇਸ ਦਾ ਇਰਾਦਾ ਭਾਵੇਂ ਚੰਗਾ ਹੋਵੇ, ਪਰ ਅਰਥਚਾਰੇ ਉਤੇ ਇਸ ਦਾ ਭਿਆਨਕ ਅਸਰ ਹੋਇਆ, ਨਾਲ ਹੀ ਜਦੋਂ ਇਸ ਨਾਲ ਮਾੜੇ ਢੰਗ ਨਾਲ ਲਾਗੂ ਕੀਤੇ ਜੀਐੱਸਟੀ ਦਾ ਅਸਰ ਜੁੜ ਗਿਆ ਤਾਂ ਲੋਕ ਹੋਰ ਵੀ ਮੁਸੀਬਤ ਵਿਚ ਫਸ ਗਏ। ਆਰਬੀਆਈ ਤੇ ਕੇਂਦਰ ਸਰਕਾਰ ਦਰਮਿਆਨ ਤਲਖ਼ੀ ਪੈਦਾ ਹੋ ਗਈ ਅਤੇ ਬੈਂਕਿੰਗ ਸੈਕਟਰ ਵੀ ਕਮਜ਼ੋਰ ਪੈਣ ਦੇ ਸੰਕੇਤ ਦੇਣ ਲੱਗਾ। ਇਸ ਲੰਮੀ ਕਹਾਣੀ ਨੂੰ ਸੰਖੇਪ ਵਿਚ ਇੰਜ ਬਿਆਨਿਆ ਜਾ ਸਕਦਾ ਹੈ ਕਿ ਚੋਣ ਵਾਅਦਿਆਂ ਦੀ ਪੂਰਤੀ ਉਮੀਦਾਂ ਦੇ ਨੇੜੇ-ਤੇੜੇ ਵੀ ਨਹੀਂ ਸੀ। ਇਸ ਦੇ ਬਾਵਜੂਦ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਵਿਚ ਭਰੋਸਾ ਬਣਾਈ ਰੱਖਿਆ।
ਹਾਕਮ ਪਾਰਟੀ ਲਈ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੇ ਹਾਲਾਤ ਕੁਝ ਬੇਯਕੀਨੀ ਵਾਲੇ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ ਹੀ ਇਸ ਨੇ ਹਿੰਦੀ ਭਾਸ਼ੀ ਖੇਤਰ ਦੇ ਤਿੰਨ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਖਾਧੀ ਸੀ। ਇਸ ਦੌਰਾਨ ਪੁਲਵਾਮਾ ਵਿਚ ਭਿਆਨਕ ਅਤਿਵਾਦੀ ਹਮਲਾ ਹੋਇਆ ਅਤੇ ਭਾਰਤ ਨੇ ਇਸ 'ਤੇ ਬਹੁਤ ਹੀ ਦ੍ਰਿੜ੍ਹ ਇਰਾਦੇ, ਹੌਸਲੇ ਤੇ ਦੂਰਅੰਦੇਸ਼ੀ ਦਾ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਵਿਚ ਜਵਾਬੀ ਕਾਰਵਾਈ ਕੀਤੀ ਤੇ ਗੁਆਂਢੀ ਮੁਲਕ ਨੂੰ ਆਪਣੀ ਹਮਲਾਵਰ ਸੁਰ ਨੀਵਂਂ ਕਰਨ ਲਈ ਮਜਬੂਰ ਕੀਤਾ। ਪ੍ਰਧਾਨ ਮੰਤਰੀ ਦੀ ਇਸ ਕਾਰਵਾਈ ਨੇ ਮੁਲਕ ਨੂੰ ਕੀਲ ਲਿਆ ਅਤੇ ਭਾਜਪਾ 2019 ਦੀਆਂ ਆਮ ਚੋਣਾਂ ਵਿਚ ਹੂੰਝਾ ਫੇਰਨ ਵਿਚ ਕਾਮਯਾਬ ਰਹੀ। ਇਨ੍ਹਾਂ ਲੋਕ ਸਭਾ ਚੋਣਾਂ ਦੀ ਸੁਨਾਮੀ ਨੇ ਵਿਰੋਧੀ ਢਾਂਚੇ ਨੂੰ ਇਕ ਤਰ੍ਹਾਂ ਤਬਾਹ ਕਰ ਦਿੱਤਾ।
ਭਾਜਪਾ ਦੀ ਇਸ ਜ਼ੋਰਦਾਰ ਜਿੱਤ ਨਾਲ ਤਾਂ ਲੋਕਾਂ ਦੀਆਂ ਉਮੀਦਾਂ ਹੋਰ ਵੀ ਵਧ ਗਈਆਂ ਕਿਉਂਕਿ ਉਨ੍ਹਾਂ ਦਾ ਖ਼ਿਆਲ ਸੀ ਕਿ ਹੁਣ ਦੇਸ਼ ਦੇ ਤੇਜ਼ ਵਿਕਾਸ ਵਿਚ ਕੋਈ ਰੁਕਾਵਟ ਨਹੀਂ ਆਵੇਗੀ ਪਰ ਇਸ ਦੇ ਉਲਟ ਲੋਕਾਂ ਨੂੰ ਕੀ ਮਿਲਿਆ, ਹਰ ਚੜ੍ਹਦੇ ਦਿਨ ਆਰਥਿਕ ਮੋਰਚੇ ਉਤੇ ਨਵੀਂ ਨਿਰਾਸ਼ਾ ਬੇਰੁਜ਼ਗਾਰੀ ਸਾਰੀਆਂ ਹੱਦਾਂ ਟੱਪ ਗਈ, ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਵਿਕਾਸ ਦਰ ਦੇ ਅੰਦਾਜ਼ੇ ਨਿਘਾਰ ਤੋਂ ਨਿਘਾਰ ਦਿਖਾ ਰਹੇ ਹਨ, ਮਹਿੰਗਾਈ ਦਰ ਵਧਣੀ ਸ਼ੁਰੂ ਹੋ ਗਈ ਹੈ ਅਤੇ ਜ਼ਰੂਰੀ ਚੀਜ਼ਾਂ ਦੇ ਭਾਅ ਲਗਾਤਾਰ ਚੜ੍ਹ ਰਹੇ ਹਨ। ਇਸ ਤਰ੍ਹਾਂ ਅਰਥਚਾਰੇ ਦੇ ਡੁੱਬਦੇ ਬੇੜੇ ਨੂੰ ਠੁੰਮ੍ਹਣਾ ਦੇਣ ਲਈ, ਆਰਬੀਆਈ ਨੂੰ ਆਪਣੇ ਬਹੁਤ ਹੀ ਖ਼ਾਸ ਰਾਖਵੇਂ ਖ਼ਜ਼ਾਨਿਆਂ ਵਿਚੋਂ ਕੇਂਦਰ ਨੂੰ ਭਾਰੀ ਰਕਮਾਂ ਦੇਣ ਲਈ ਮਜਬੂਰ ਕੀਤਾ ਗਿਆ। ਇਸ ਦੌਰਾਨ ਕੇਂਦਰ ਅਤੇ ਆਰਬੀਆਈ ਦਰਮਿਆਨ ਜਾਰੀ ਕਸ਼ਮਕਸ਼ ਕਾਰਨ ਮੌਕੇ ਦੇ ਆਰਬੀਆਈ ਗਵਰਨਰ ਰਘੂਰਾਮ ਰਾਜਨ ਨੂੰ ਜਾਣਾ ਪਿਆ ਅਤੇ ਕੁਝ ਸਮੇਂ ਬਾਅਦ ਸਰਕਾਰ ਦੇ ਆਪਣੇ ਨਾਮਜ਼ਦ ਗਵਰਨਰ ਊਰਜਿਤ ਪਟੇਲ ਨੇ ਵੀ ਅਹੁਦਾ ਛੱਡ ਦਿੱਤਾ। ਇਸ ਕਾਰਨ ਸਾਰੇ ਦੇਸ਼ ਵਿਚ ਨਿਰਾਸ਼ਾ ਦਾ ਆਲਮ ਵਧਦਾ ਗਿਆ, ਕਿਉਂਕਿ ਮੁਲਕ ਦਾ ਅਰਥਚਾਰਾ ਲਗਾਤਾਰ ਨਿੱਘਰਦਾ ਜਾ ਰਿਹਾ ਹੈ।
ਦੇਸ਼ ਵਾਸੀਆਂ ਨੂੰ ਆਰਥਿਕ ਪੱਖ ਤੋਂ ਕੋਈ ਰਾਹਤ ਦੇਣ ਦੀ ਥਾਂ ਕੇਂਦਰ ਸਰਕਾਰ ਨੇ ਉਨ੍ਹਾਂ ਹੋਰ ਵੱਖ ਵੱਖ ਮੁੱਦਿਆਂ ਉਤੇ ਕਾਰਵਾਈ ਆਰੰਭ ਦਿੱਤੀ, ਜਿਹੜੇ ਇਸ ਦੇ ਚੋਣ ਮੈਨੀਫੈਸਟੋ ਵਿਚ ਸਨ। ਜੰਮੂ-ਕਸ਼ਮੀਰ ਨੂੰ ਖ਼ਾਸ ਰੁਤਬਾ ਦੇਣ ਵਾਲੀ ਧਾਰਾ 370 ਖ਼ਤਮ ਕਰ ਦਿੱਤੀ ਗਈ ਅਤੇ ਇਸ ਦਾ ਰੁਤਬਾ ਘਟਾ ਕੇ ਜੰਮੂ-ਕਸ਼ਮੀਰ ਅਤੇ ਲੱਦਾਖ਼-ਕਾਰਗਿਲ ਕੇਂਦਰੀ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਗਿਆ। ਇਸ ਕਾਰਵਾਈ ਲਈ ਚੁਣਿਆ ਗਿਆ ਸਮਾਂ ਭਾਵੇਂ ਅਣਕਿਆਸਿਆ ਸੀ, ਪਰ ਲੋਕਾਂ ਨੇ ਫ਼ੈਸਲੇ ਦਾ ਸਵਾਗਤ ਕੀਤਾ। ਹਾਂ, ਵਾਦੀ ਵਿਚ ਇਸ ਦਾ ਜ਼ੋਰਦਾਰ ਵਿਰੋਧ ਹੋਇਆ ਅਤੇ ਸਰਕਾਰ ਨੂੰ ਅਮਨ-ਕਾਨੂੰਨ ਤੇ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਪਏ, ਜਿਨ੍ਹਾਂ ਵਿਚ ਤਿੰਨ ਸਾਬਕਾ ਮੁੱਖ ਮੰਤਰੀਆਂ ਤੇ ਹੋਰ ਸਿਆਸੀ ਆਗੂਆਂ ਨੂੰ ਬੰਦੀ ਬਣਾਉਣਾ ਅਤੇ ਇੰਟਰਨੈਟ ਤੇ ਮੋਬਾਈਲ ਸੇਵਾਵਾਂ ਬੰਦ ਕਰਨਾ ਸ਼ਾਮਲ ਹੈ। ਦਫ਼ਾ 144, ਸੀਆਰਪੀਸੀ ਦਾ ਇਸਤੇਮਾਲ ਕੀਤਾ ਗਿਆ ਤੇ ਲੋਕਾਂ ਦੇ ਤੋਰੇ-ਫੇਰੇ ਉਤੇ ਵੀ ਰੋਕਾਂ ਲਾਈਆਂ ਗਈਆਂ। ਲੋਕਾਂ ਨੇ ਇਸ ਕਾਰਵਾਈ ਦਾ ਜਵਾਬ ਹੜਤਾਲਾਂ ਦੇ ਸੱਦਿਆਂ ਰਾਹੀਂ ਦਿੱਤਾ। ਇਸ ਸਭ ਕਾਸੇ ਦੇ ਸਿੱਟੇ ਵਜੋਂ ਸੈਰ-ਸਪਾਟਾ ਠੱਪ ਹੋ ਗਿਆ, ਕਾਰੋਬਾਰ ਰੁਕ ਗਏ, ਸਕੂਲ, ਕਾਲਜ ਤੇ ਹਸਪਤਾਲ ਬੰਦ ਰਹੇ। ਇਹ ਕੁਝ ਕਰੀਬ ਪੰਜ ਮਹੀਨੇ ਚੱਲਿਆ ਅਤੇ ਹਾਲਾਤ ਪੂਰੀ ਤਰ੍ਹਾਂ ਆਮ ਵਰਗੇ ਹਾਲੇ ਵੀ ਨਹੀਂ ਹੋਏ।
ਇਹ ਸਭ ਕੁਝ ਚੱਲ ਹੀ ਰਿਹਾ ਸੀ ਕਿ ਭਾਜਪਾ ਸਰਕਾਰ ਨੇ ਨਾਗਰਿਕਤਾ ਸੋਧ ਬਿਲ (ਸੀਏਏ) ਲੈ ਆਂਦਾ ਜਿਸ ਤੋਂ ਬਾਅਦ ਐੱਨਆਰਸੀ ਤੇ ਐੱਨਪੀਆਰ ਲਿਆਉਣ ਦੇ ਐਲਾਨ ਕੀਤੇ ਗਏ। ਇਸ ਨੇ ਸਾਰੇ ਦੇਸ਼ ਵਿਚ ਭਾਰੀ ਗੜਬੜ ਪੈਦਾ ਕਰ ਦਿੱਤੀ। ਵਿਰੋਧੀ ਪਾਰਟੀਆਂ ਇਸ ਨੂੰ ਡਿੱਗ ਰਹੇ ਅਰਥਚਾਰੇ ਦੇ ਅਸਲੀ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਚਾਲ ਦੱਸ ਰਹੀਆਂ ਹਨ। ਉੱਤਰ-ਪੂਰਬੀ ਭਾਰਤ, ਜਿਥੇ ਹਾਲਾਤ ਲਗਪਗ ਪੂਰੀ ਤਰ੍ਹਾਂ ਆਮ ਵਰਗੇ ਹੋ ਚੁੱਕੇ ਸਨ, ਵਿਚ ਇਨ੍ਹਾਂ ਕਦਮਾਂ ਕਾਰਨ ਮੁੜ ਬੁਰੀ ਤਰ੍ਹਾਂ ਬਦਅਮਨੀ ਫੈਲ ਗਈ। ਭਾਜਪਾ ਦੀ ਹਕੂਮਤ ਵਾਲੇ ਅਸਾਮ ਵਿਚ ਹੀ ਭਾਰੀ ਗੜਬੜ ਪੈਦਾ ਹੋ ਗਈ ਅਤੇ ਹਾਲੇ ਵੀ ਉਥੇ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਜਾਰੀ ਹਨ। ਅਸਾਮ ਵਾਸੀ ਸੂਬੇ ਵਿਚ ਐੱਨਆਰਸੀ ਦੀ ਪ੍ਰਕਿਰਿਆ ਤੋਂ ਪੂਰੀ ਤਰ੍ਹਾਂ ਅਸੰਤੁਸ਼ਟ ਹਨ, ਕਿਉਂਕਿ ਉਨ੍ਹਾਂ ਨੂੰ ਉਥੇ ਬਾਹਰੀ ਲੋਕਾਂ ਦੀ ਗਿਣਤੀ ਵਧਣ ਨਾਲ ਆਬਾਦੀ ਤਵਾਜ਼ਨ ਗੜਬੜਾ ਜਾਣ ਦਾ ਡਰ ਹੈ। ਇਸੇ ਤਰ੍ਹਾਂ ਨਾਗਾਲੈਂਡ, ਮਿਜ਼ੋਰਮ, ਮੇਘਾਲਿਆ ਅਤੇ ਮਨੀਪੁਰ ਨੇ ਵੀ ਭਾਰੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਤੇ ਉਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਯਕੀਨਦਹਾਨੀ ਕੀਤੀ ਜਾਵੇ ਕਿ ਬਾਹਰੋਂ ਕਿਸੇ ਨੂੰ ਇਨ੍ਹਾਂ ਸੂਬਿਆਂ ਦੇ ਆਬਾਦੀ ਤਵਾਜ਼ਨ, ਨਿਵੇਕਲੇ ਸੱਭਿਆਚਾਰ ਅਤੇ ਖ਼ਾਸ ਪਛਾਣ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸੀਏਏ ਕਾਰਨ ਕੇਂਦਰ-ਰਾਜ ਸਬੰਧਾਂ ਦਾ ਵੀ ਨਵਾਂ ਪੱਖ ਸਾਹਮਣੇ ਆਇਆ ਹੈ। ਵਿਰੋਧੀ ਪਾਰਟੀਆਂ ਦੀ ਹਕੂਮਤ ਵਾਲੇ ਕੁਝ ਰਾਜਾਂ ਨੇ ਆਪਣੀਆਂ ਅਸੈਂਬਲੀਆਂ ਵਿਚ ਸੀਏਏ ਖ਼ਿਲਾਫ਼ ਮਤੇ ਪਾਸ ਕੀਤੇ ਹਨ। ਅਜਿਹਾ ਟਕਰਾਅ ਪਹਿਲਾਂ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਿਆ ਹੋਵੇ ਅਤੇ ਇਹ ਦੇਸ਼ ਦੇ ਫੈਡਰਲ ਢਾਂਚੇ ਲਈ ਮਾੜੀ ਗੱਲ ਹੈ। ਇਸ ਦਾ ਇਹ ਵੀ ਮਤਲਬ ਹੈ ਕਿ ਕੇਂਦਰ ਸਰਕਾਰ ਲਈ ਸੂਬਿਆਂ ਦੇ ਸਹਿਯੋਗ ਤੋਂ ਬਿਨਾਂ ਇਸ ਐਕਟ ਨੂੰ ਲਾਗੂ ਕਰਨਾ ਔਖਾ ਹੋਵੇਗਾ ਤੇ ਨਾਲ ਹੀ ਇਸ ਕਾਰਨ ਭਵਿੱਖ ਵਾਸਤੇ ਗ਼ਲਤ ਰੀਤਾਂ ਪੈਣਗੀਆਂ। ਜੋ ਵੀ ਹੋਵੇ, ਸਾਨੂੰ ਇਸ ਐਕਟ ਦੀ ਸੰਵਿਧਾਨਿਕ ਵਾਜਬੀਅਤ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਉਡੀਕਣਾ ਹੋਵੇਗਾ।
ਇਸ ਸਮੇਂ ਦਾ ਇਕ ਅਹਿਮ ਘਟਨਾ-ਚੱਕਰ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਵਿਚ ਪੈਦਾ ਹੋਇਆ ਵਿਦਿਆਰਥੀ ਅੰਦੋਲਨ ਹੈ। ਇਹ ਸਾਰਾ ਕੁਝ ਜੇਐੱਨਯੂ ਵਿਚ ਇਕ ਵੱਖਰੀ ਸਮੱਸਿਆ ਕਾਰਨ ਪੈਦਾ ਹੋਇਆ, ਜੋ ਕੁਝ ਸੂਬਾਈ ਸਰਕਾਰਾਂ ਵੱਲੋਂ ਹਾਲਾਤ ਨਾਲ ਕੁਢੱਬੇ ਢੰਗ ਨਾਲ ਸਿੱਝੇ ਜਾਣ ਕਾਰਨ ਇਹ ਜ਼ੋਰਦਾਰ ਅੰਦੋਲਨ ਵਿਚ ਬਦਲ ਗਿਆ। ਇਸ ਦੌਰਾਨ ਵਿਦਿਆਰਥੀਆਂ ਨਾਲ ਗੱਲ ਕਰਨ ਦੀ ਥਾਂ ਅੰਦੋਲਨ ਨੂੰ ਪੁਲੀਸ ਦੀ ਅੰਨ੍ਹੀ ਤਾਕਤ ਰਾਹੀਂ ਦਬਾਉਣ ਅਤੇ ਨਾਲ ਹੀ ਵਿਦਿਆਰਥੀਆਂ ਦੀ ਕੁੱਟ-ਮਾਰ ਕਰਨ ਲਈ ਬਾਹਰੋਂ ਮਾੜੇ ਅਨਸਰਾਂ ਨੂੰ ਲਿਆਉਣ ਵਰਗੇ ਹਥਕੰਡੇ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ।
ਵਿਦਿਆਰਥੀ ਅੰਦੋਲਨ ਨੂੰ ਸੀਏਏ-ਐੱਨਆਰਸੀ-ਐੱਨਪੀਆਰ ਖ਼ਿਲਾਫ਼ ਜਾਰੀ ਦੂਜੇ ਅੰਦੋਲਨਾਂ ਨਾਲ ਜੋੜ ਕੇ ਦੇਖਣ ਦੀ ਵੀ ਲੋੜ ਹੈ। ਖ਼ਾਸ ਗੱਲ ਇਹ ਹੈ ਕਿ ਇਸ ਖ਼ਿਲਾਫ਼ ਮੁਸਲਿਮ ਔਰਤਾਂ ਵੀ ਵੱਡੀ ਗਿਣਤੀ ਵਿਚ ਨਿਕਲ ਕੇ ਬਾਹਰ ਆਈਆਂ ਹਨ ਤੇ ਉਹ ਜ਼ੋਰਦਾਰ ਅੰਦੋਲਨ ਚਲਾ ਰਹੀਆਂ ਹਨ। ਅੰਦੋਲਨ ਵਿਚ ਵਿਦਿਆਰਥੀਆਂ ਤੇ ਔਰਤਾਂ ਦੀ ਸ਼ਮੂਲੀਅਤ ਨੇ ਕੇਂਦਰ ਲਈ ਭਾਰੀ ਔਕੜ ਖੜ੍ਹੀ ਕਰ ਦਿੱਤੀ ਹੈ। ਸਰਕਾਰ ਭਾਵੇਂ ਸੀਏਏ ਆਦਿ ਵਰਗੇ ਆਪਣੇ ਕਦਮਾਂ ਨੂੰ ਤਾਂ ਸਹੀ ਠਹਿਰਾ ਰਹੀ ਹੈ ਪਰ ਅਰਥਚਾਰੇ ਦੇ ਮੁੱਦੇ ਉਤੇ ਇਸ ਨੇ ਆਪਣੇ ਬੁੱਲ੍ਹ ਸੀਤੇ ਹੋਏ ਹਨ। ਇਸ ਦੌਰਾਨ ਅਰਥਚਾਰੇ ਦੀ ਹਾਲਤ ਸੁਧਾਰਨ ਵਾਸਤੇ ਕਦਮ ਚੁੱਕਣ ਦੀ ਥਾਂ ਸਰਕਾਰ ਤੇ ਭਾਜਪਾ ਦੇ ਕੁਝ ਆਗੂਆਂ ਨੇ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਕਲਾਕਾਰਾਂ ਆਦਿ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਅਤੇ ਉਨ੍ਹਾਂ ਨੂੰ 'ਪਰਜੀਵੀ' ਤੱਕ ਕਰਾਰ ਦੇਣ ਤੋਂ ਇਲਾਵਾ 'ਜ਼ਿੰਦਾ ਦਫਨਾ ਦੇਣ' ਵਰਗੀਆਂ ਧਮਕੀਆਂ ਦੇ ਰਹੇ ਹਨ। ਦਿੱਲੀ, ਯੂਪੀ ਅਤੇ ਕਾਰਨਾਟਕ ਆਦਿ ਵਿਚ ਅਨੇਕਾਂ ਥਾਵਾਂ ਉਤੇ ਪੁਲੀਸ ਨੂੰ ਮੁਜ਼ਾਹਰਾਕਾਰੀਆਂ ਖ਼ਿਲਾਫ਼ ਅੰਨ੍ਹੀ ਤਾਕਤ ਵਰਤਣ ਦੀ ਖੁੱਲ੍ਹ ਦੇ ਦਿੱਤੀ ਗਈ।
ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੀ ਕਾਰਵਾਈ ਪ੍ਰਤੀ ਅਮਰੀਕਾ, ਯੂਰੋਪੀਅਨ ਯੂਨੀਅਨ ਅਤੇ ਇਸਲਾਮੀ ਮੁਲਕਾਂ ਨੇ ਪ੍ਰਤੀਕੂਲ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਥੋਂ ਤੱਕ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ, ਜੋ ਉਂਜ ਭਾਰਤ ਨਾਲ ਕਰੀਬੀ ਰਿਸ਼ਤੇ ਰੱਖਦੀ ਹੈ, ਨੇ ਵੀ ਸੀਏਏ ਦਾ ਵਿਰੋਧ ਕੀਤਾ ਹੈ, ਭਾਵੇਂ ਉਸ ਨੇ ਸਾਫ਼ ਕੀਤਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਘਟਨਾਕ੍ਰਮ ਨੇ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਦੀਆਂ ਸਫਲਤਾਵਾਂ ਦੀ ਚਮਕ ਕੁਝ ਘਟਾਈ ਜ਼ਰੂਰ ਹੈ। ਇਸ ਕਾਰਨ ਹੁਣ ਦੇਸ਼ ਦੇ ਦੁਨੀਆਂ ਭਰ ਵਿਚਲੇ ਸਫ਼ਾਰਤਖ਼ਾਨਿਆਂ ਦਾ ਅਮਲਾ ਆਲਮੀ ਭਾਈਚਾਰੇ ਨੂੰ ਧਾਰਾ 370 ਦੇ ਖ਼ਾਤਮੇ ਤੇ ਸੀਏਏ ਦੇ ਫ਼ਾਇਦੇ ਗਿਣਾਉਣ ਵਿਚ ਮਸਰੂਫ਼ ਹੈ। ਵਿਦੇਸ਼ ਨੀਤੀ ਅਜਿਹਾ ਖੇਤਰ ਹੈ, ਜਿਸ ਵਿਚ ਮੋਦੀ ਨੇ ਬਹੁਤ ਜ਼ੋਰ ਮਾਰਿਆ ਹੈ ਅਤੇ ਅਫ਼ਸੋਸ ਦੀ ਗੱਲ ਹੈ ਕਿ ਇਸ ਸਬੰਧੀ ਉਨ੍ਹਾਂ ਦੀ ਸਾਖ਼ ਕੁਝ ਘਟੀ ਹੈ। ਇਹ ਪਤਾ ਲਾਉਣ ਲਈ ਕਿ ਇਸ ਸਬੰਧੀ ਸਾਡੇ ਕੋਲੋਂ ਕੀ ਗ਼ਲਤੀ ਹੋਈ ਤੇ ਸੁਧਾਰ ਲਈ ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਹਾਲੇ ਸਮਾਂ ਲੱਗੇਗਾ ਅਤੇ ਇਸ ਵਾਸਤੇ ਇਮਾਨਦਾਰਾਨਾ ਜਾਇਜ਼ਾ ਵੀ ਜ਼ਰੂਰੀ ਹੋਵੇਗਾ।
ਇਸੇ ਦੌਰਾਨ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਪਰਿਵਾਰ ਵਿਚ ਸਿਰਫ਼ ਦੋ ਹੀ ਬੱਚੇ ਹੋਣ ਦਾ ਸੱਦਾ ਦੇ ਕੇ ਨਵਾਂ ਮੁੱਦਾ ਛੇੜ ਦਿੱਤਾ ਹੈ। ਆਬਾਦੀ ਕੰਟਰੋਲ ਦਾ ਮਾਮਲਾ ਭਾਵੇਂ ਬਹੁਤ ਅਹਿਮ ਤੇ ਜ਼ਰੂਰੀ ਹੈ ਪਰ ਇਸ ਨੂੰ ਉਠਾਉਣ ਦਾ ਮੌਕਾ ਸ਼ੱਕ ਪੈਦਾ ਕਰਦਾ ਹੈ, ਕਿਉਂਕਿ ਮੁਲਕ ਤਾਂ ਪਹਿਲਾਂ ਹੀ ਉੱਪਰ ਵਿਚਾਰੇ ਗਏ ਮੁੱਦਿਆਂ ਕਾਰਨ ਉਬਾਲ਼ੇ ਖਾ ਰਿਹਾ ਹੈ। ਦੂਜੇ ਪਾਸੇ ਇਸ ਦੌਰਾਨ ਹਾਕਮ ਪਾਰਟੀ ਵਿਚਲੇ ਕੁਝ ਸੀਨੀਅਰ ਆਗੂ ਲਗਾਤਾਰ ਸਾਨੂੰ ਸਾਡਾ ਗੌਰਵਮਈ ਅਤੀਤ ਚੇਤੇ ਕਰਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੈਦਿਕ ਕਾਲ ਤੋਂ ਹੀ ਸਾਡਾ ਸੁਨਹਿਰੀ ਅਤੀਤ ਰਿਹਾ ਹੈ, ਪਰ ਸਵਾਲ ਤਾਂ ਹੁਣ ਆਪਣੇ ਵਰਤਮਾਨ ਤੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਦਾ ਹੈ। ਮਹਿਜ਼ ਆਪਣੇ ਮਿਥਿਹਾਸਕ ਅਤੀਤ ਦੇ ਸੋਹਲੇ ਗਾਉਣ ਅਤੇ ਦਿਓ-ਕੱਦ ਬੁੱਤ ਉਸਾਰਨ ਨਾਲ ਦੇਸ਼ ਦੀ ਵਿਸ਼ਾਲ ਆਬਾਦੀ ਦਾ ਭਵਿੱਖ ਸੁਧਰਨ ਵਾਲਾ ਨਹੀਂ ਹੈ। ਇਸ ਮੌਕੇ ਮੈਨੂੰ ਅੰਗਰੇਜ਼ੀ ਦੇ ਕਵੀ ਪੀਥਬੀਥ ਸ਼ੈਲੀ ਦੀ ਕਵਿਤਾ 'ਓਜ਼ੀਮੈਂਡੀਆਸ' ਚੇਤੇ ਆਉਂਦੀ ਹੈ : ਪੱਥਰ ਦੇ ਦਿਓ-ਕੱਦ ਬੁੱਤ 'ਚੋਂ ਬਚੀਆਂ ਦੋ ਧੜਹੀਣੀਆਂ ਲੱਤਾਂ/ ਮਾਰੂਥਲ ਦੇ ਵਿਚਕਾਰ ਪਈਆਂ/ ਤੇ ਹੇਠਲੀ ਤਖ਼ਤੀ ਉਤੇ ਉੱਕਰੇ ਨੇ ਅਲਫ਼ਾਜ਼ : / ਮੇਰਾ ਨਾਂ ਓਜ਼ੀਮੈਂਡੀਆਸ ਹੈ, ਸ਼ਾਹਾਂ ਦਾ ਸ਼ਾਹ/ ਓ ਜ਼ੋਰਾਵਰੋ, ਮੇਰੇ ਕਾਰਨਾਮੇ ਦੇਖੋ ਤੇ ਅਫ਼ਸੋਸ ਕਰੋ!/ ਪਿੱਛੇ ਕੁਝ ਨਹੀਂ ਬਚਿਆ, ਬੱਸ ਗਲ਼ਦਾ-ਸੜਦਾ ਮਲ਼ਬਾ/ ਦੂਰ-ਦੂਰ ਤੱਕ ਰੇਤ ਤੇ ਇਕਲਾਪਾ। (ਓਜ਼ੀਮੈਂਡੀਆਸ, ਈਸਾ ਤਂਂ ਕਰੀਬ 1300 ਸਾਲ ਪਹਿਲਾਂ ਹੋਇਆ ਮਿਸਰ ਦਾ ਫਿਰੌਨ/ਬਾਦਸ਼ਾਹ ਰੈਮਸੀਸ (ਦੂਜਾ) ਸੀ ਜਿਸ ਨੂੰ ਯੂਨਾਨੀ ਭਾਸ਼ਾ ਵਿਚ ਓਜ਼ੀਮੈਂਡੀਆਸ ਕਿਹਾ ਜਾਂਦਾ ਹੈ।)
ਅਖ਼ੀਰ ਵਿਚ ਇਹੋ ਆਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਨੂੰ ਇਸ ਅੰਦੋਲਨ ਵਿਚ ਸ਼ਾਮਲ ਵੱਖੋ-ਵੱਖ ਗਰੁੱਪਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਕੋਈ ਵੀ ਮਨੁੱਖੀ ਰਿਸ਼ਤਾ ਹੋਵੇ, ਮਾਲਕ ਤੇ ਨੌਕਰ ਦਾ, ਪਤੀ-ਪਤਨੀ ਦਾ, ਪਿਉ-ਪੁੱਤ ਦਾ ਅਤੇ ਰੁਜ਼ਗਾਰਦਾਤਾ ਤੇ ਮੁਲਾਜ਼ਮ ਦਾ, ਹਰ ਇਕ ਵਿਚ ਹਰ ਵੇਲੇ ਸਮਝੌਤਾ ਹੀ ਉਹ ਪੱਖ ਹੁੰਦਾ ਹੈ ਜੋ ਰਿਸ਼ਤੇ ਨੂੰ ਅੱਗੇ ਵਧਾਉਂਦਾ ਹੈ, ਤਾਂ ਕਿ ਇਹ ਸਹੀ ਢੰਗ ਨਾਲ ਚੱਲਦਾ ਰਹੇ। ਇਸ ਲਈ ਯਕੀਨਨ ਦੋਵਾਂ ਧਿਰਾਂ ਨੂੰ 'ਕੁਝ ਲੈਣਾ ਤੇ ਕੁਝ ਦੇਣਾ' ਪੈਂਦਾ ਹੈ, ਜਿਸ ਨੂੰ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਸਰਕਾਰ ਲਈ ਅਚਨਚੇਤੀ ਫ਼ੈਸਲੇ ਕਰਨ ਦੀ ਥਾਂ ਬਿਹਤਰ ਇਹੋ ਹੋਵੇਗਾ ਕਿ ਕੌਮੀ ਅਹਿਮੀਅਤ ਵਾਲੇ ਮੁੱਦਿਆਂ ਉਤੇ ਬਹਿਸ ਤੇ ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਕਰੇ, ਤਾਂ ਕਿ ਇਸ ਸਬੰਧੀ ਸਾਰੀਆਂ ਧਿਰਾਂ ਦੇ ਵਿਚਾਰ ਪਤਾ ਲੱਗਣ ਤੇ ਉਨ੍ਹਾਂ ਦਾ ਸਤਿਕਾਰ ਹੋਵੇ।
ਇਸ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਦੌਰਾਨ ਸਰਕਾਰ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ : ਅੱਛੇ ਦਿਨ ਕਦੋਂ ਆ ਰਹੇ ਹਨ? ਕਿਸਾਨਾਂ ਦੀ ਆਮਦਨ ਕਦੋਂ ਦੁੱਗਣੀ ਹੋਵੇਗੀ? ਕਿਸਾਨਾਂ ਦਾ ਕਰਜ਼ ਕਦੋਂ ਮੁਆਫ਼ ਹੋਵੇਗਾ? ਨੌਜਵਾਨਾਂ ਲਈ ਰੁਜ਼ਗਾਰ ਕਦੋਂ ਸਿਰਜੇ ਜਾਣਗੇ? ਲੋੜੀਂਦੇ ਪੱਧਰ 'ਤੇ ਬੁਨਿਆਦੀ ਢਾਂਚਾ ਕਦੋਂ ਉਸਾਰਿਆ ਜਾਵੇਗਾ? ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਿਦੇਸ਼ੀ ਤੇ ਘਰੇਲੂ ਸਨਅਤਕਾਰਾਂ ਵੱਲੋਂ ਕਦੋਂ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਜਾਵੇਗਾ? ਇਹ ਕੁਝ ਸਮੱਸਿਆਵਾਂ ਹਨ, ਜਿਹੜੀਆਂ ਲੋਕਾਂ ਨੂੰ ਅੰਦੋਲਨ ਦੇ ਰਾਹ ਤੋਰ ਰਹੀਆਂ ਹਨ, ਜਿਹੜੇ ਹੁਣ ਬਿਲਕੁਲ ਵੀ ਸਿਆਸੀ ਨਾਅਰਿਆਂ ਜਾਂ ਧਿਆਨ ਭਟਕਾਊ ਕਾਰਵਾਈਆਂ ਨਾਲ ਭਰਮਾਏ ਨਹੀਂ ਜਾ ਸਕਦੇ। ਸੀਏਏ, ਐੱਨਆਰਸੀ ਅਤੇ ਐੱਨਪੀਆਰ ਦੇ ਆਪਣੇ ਨਫ਼ੇ-ਨੁਕਸਾਨ ਹੋ ਸਕਦੇ ਹਨ, ਪਰ ਲੋੜ ਹੈ ਕਿ ਹਾਲੇ ਉਨ੍ਹਾਂ ਨੂੰ ਠੰਢੇ ਬਸਤੇ ਵਿਚ ਪਾਇਆ ਜਾਵੇ ਕਿਉਂਕਿ ਪਹਿਲੀ ਤਰਜੀਹ ਅਰਥਚਾਰੇ ਨੂੰ ਲੀਹ ਉਤੇ ਰੱਖਣ ਦੀ ਸੀ, ਹੈ ਤੇ ਹੋਣੀ ਚਾਹੀਦੀ ਹੈ।
'ਸਾਬਕਾ ਚੇਅਰਮੈਨ ਯੂਪੀਐੱਸਸੀ ਅਤੇ
ਸਾਬਕਾ ਰਾਜਪਾਲ ਮਨੀਪੁਰ।
ਪੰਜਾਬ ਦੀ ਨੌਜਵਾਨੀ ਦੀ ਅੰਤਹੀਣ ਹਿਜਰਤ - ਗੁਰਬਚਨ ਜਗਤ
ਸਾਂਝੇ ਪੰਜਾਬ ਵਿਚੋਂ ਪਹਿਲੀ ਵਾਰ ਵਿਆਪਕ ਪੱਧਰ 'ਤੇ ਹਿਜਰਤ 1947-48 ਵਿਚ ਹੋਈ ਜਦੋਂ ਵੰਡ ਦੀ ਲਕੀਰ ਨੇ ਸਿਰਫ਼ ਪੰਜਾਬ ਨੂੰ ਹੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਨਹੀਂ ਵੰਡਿਆ ਸਗੋਂ ਦੇਸ਼ ਨੂੰ ਵੀ ਦੋ ਮੁਲਕਾਂ ਪਾਕਿਸਤਾਨ ਅਤੇ ਭਾਰਤ ਵਿਚ ਵੰਡ ਦਿੱਤਾ। ਇਸ ਵੰਡ ਕਾਰਨ ਲਕੀਰ ਦੇ ਦੋਵੇਂ ਪਾਸਿਉਂ ਲੱਖਾਂ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਹਿਜਰਤ ਲਈ ਮਜਬੂਰ ਹੋਣਾ ਪਿਆ। ਇਸ ਵੰਡ ਦਾ ਮੁੱਖ ਕਾਰਨ ਧਾਰਮਿਕ ਵੰਡੀਆਂ ਸਨ। ਫ਼ਲਸਰੂਪ, ਵੰਡ ਦੇ ਇਸ ਕਹਿਰ ਦੌਰਾਨ ਹਜ਼ਾਰਾਂ ਉੱਜੜੇ ਲੋਕਾਂ ਦੇ ਕਤਲ, ਉਧਾਲੇ ਅਤੇ ਬਲਾਤਕਾਰ ਹੋਏ। ਨਕਸ਼ੇ ਉੱਤੇ ਖਿੱਚੀ ਗਈ ਲਾਲ ਲਕੀਰ ਲੱਖਾਂ ਲੋਕਾਂ ਦੇ ਗਲੇ ਦੀ ਫਾਹੀ ਬਣ ਗਈ।
ਪੰਜਾਬ ਵੰਡਿਆ ਗਿਆ, ਉੱਜੜ ਗਿਆ ਤੇ ਲੋਕ ਬੇਘਰ ਹੋ ਗਏ। ਲੋਕਾਂ ਨੇ ਕੈਂਪਾਂ ਵਿਚ, ਰਿਸ਼ਤੇਦਾਰਾਂ ਕੋਲ ਅਤੇ ਖੁੱਲ੍ਹੇ ਆਸਮਾਨ ਹੇਠ, ਜਿੱਥੇ ਕਿਤੇ ਵੀ ਪਨਾਹ ਮਿਲੀ, ਲੈ ਲਈ। ਆਪਣੇ ਘਰਾਂ ਤੋਂ ਲੈ ਕੇ ਪਰਿਵਾਰਾਂ ਤਕ ਸਭ ਕੁਝ ਗੁਆ ਚੁੱਕੇ ਲੋਕ ਸਦਮੇ ਵਿਚ ਸਨ ਅਤੇ ਇਸ ਬਿਪਤਾ ਨੇ ਉਨ੍ਹਾਂ ਦੇ ਦੁੱਖ ਨੂੰ ਹੋਰ ਵੀ ਵਧਾ ਦਿੱਤਾ। ਵੇਲੇ ਦੀ ਸਰਕਾਰ ਨੇ ਮੌਕਾ ਸੰਭਾਲਿਆ ਅਤੇ ਇਨ੍ਹਾਂ ਉੱਜੜੇ ਲੋਕਾਂ ਜਾਂ 'ਰਫਿਊਜੀਆਂ' (ਉਨ੍ਹਾਂ ਲਈ ਉਦੋਂ ਇਹੋ ਸ਼ਬਦ ਵਰਤਿਆ ਜਾਂਦਾ ਸੀ) ਦੇ ਮੁੜਵਸੇਬੇ ਲਈ ਵੱਡੇ ਯਤਨ ਕੀਤੇ।
ਉਂਜ, ਭੋਇੰ ਅਤੇ ਵਣਜ ਪੱਖੋਂ ਝੱਲੇ ਘਾਟਿਆਂ ਨੂੰ ਤਾਂ ਕੋਈ ਮੁਆਵਜ਼ਾ ਕਦੇ ਵੀ ਪੂਰ ਨਹੀਂ ਸਕਦਾ ਪਰ ਇਹੋ ਮੌਕਾ ਸੀ ਜਦੋਂ ਅਸਲ ਪੰਜਾਬੀਅਤ ਦੀ ਕਣੀ ਲਿਸ਼ਕੀ ਅਤੇ ਲੋਕਾਂ ਨੇ ਕਮਰ ਕੱਸ ਲਈ ਅਤੇ ਮਾੜੇ ਹਾਲਾਤ ਵਿਚੋਂ ਉੱਭਰੇ। ਵਪਾਰੀਆਂ ਨੇ ਮੁੱਢਲੇ ਤੌਰ ਤਰੀਕਿਆਂ ਨਾਲ ਵਪਾਰ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਅਲਾਟ ਹੋਏ ਜ਼ਮੀਨ ਦੇ ਛੋਟੇ ਛੋਟੇ ਖੱਤਿਆਂ ਵਿਚ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਖ਼ੁਦ ਨੂੰ ਪੰਜਾਬ ਦੀਆਂ ਹੱਦਾਂ ਤਕ ਮਹਿਦੂਦ ਨਹੀਂ ਕੀਤਾ ਅਤੇ ਛੇਤੀ ਹੀ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਕੋਲਕਾਤਾ ਆਦਿ ਤਕ ਫੈਲ ਗਏ। ਕਿਸਾਨਾਂ ਨੇ ਇਨ੍ਹਾਂ ਖੇਤਰਾਂ ਦੀਆਂ ਬੰਜਰ ਜ਼ਮੀਨਾਂ ਨੂੰ ਵਾਹੀਯੋਗ ਬਣਾ ਕੇ ਹਰੇ-ਭਰੇ ਖੇਤਾਂ ਵਿਚ ਬਦਲ ਦਿੱਤਾ। ਵਪਾਰੀਆਂ ਨੇ ਵੀ ਚੰਗਾ ਨਾਂ ਕਮਾਇਆ ਅਤੇ ਇਕ ਤਰ੍ਹਾਂ ਨਾਲ ਦਿੱਲੀ ਉੱਤੇ ਤਾਂ ਛਾ ਹੀ ਗਏ। ਟਰਾਂਸਪੋਰਟਰ ਅਤੇ ਸਪੇਅਰ-ਪਾਰਟਸ ਦੇ ਵਪਾਰੀ ਕੋਲਕਾਤਾ, ਮੁੰਬਈ, ਚੇਨੱਈ ਜਿਹੇ ਮਹਾਂਨਗਰਾਂ ਵਿਚ ਫੈਲ ਗਏ। ਪੰਜਾਬੀਅਤ ਦੇ ਦ੍ਰਿੜ੍ਹ ਹੌਸਲੇ ਦੀ ਅਜ਼ਲੀ ਕਣੀ ਕਾਰਨ 'ਰਫਿਊਜੀ' ਸ਼ਬਦ ਛੇਤੀ ਹੀ ਵਰਤੋਂ ਵਿਚ ਆਉਣੋਂ ਹਟ ਗਿਆ।
ਉੱਪਰ ਦੱਸੀਆਂ ਸਰਗਰਮੀਆਂ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਹਥਿਆਰਬੰਦ ਬਲਾਂ ਅਤੇ ਸਿਵਿਲ ਸੇਵਾਵਾਂ, ਸੁਬਾਰਡੀਨੇਟ ਸਰਵਿਸਿਜ਼ ਤੇ ਹੋਰ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾਉਣ ਲੱਗੇ। ਇਸ ਤਰ੍ਹਾਂ ਉਨ੍ਹਾਂ ਆਪਣੇ ਪਰਿਵਾਰਾਂ ਦੀ ਆਮਦਨ 'ਚ ਵਾਧਾ ਕੀਤਾ। ਦੋਆਬਾ ਖੇਤਰ ਵਿਚ ਖ਼ਾਸ ਤੌਰ 'ਤੇ ਅਜਿਹਾ ਵਾਪਰਿਆ ਜਿਸ ਵਿਚ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ਾਮਿਲ ਹਨ। ਸਿੱਟੇ ਵਜੋਂ ਇਹ ਵਾਧੂ ਆਮਦਨ ਖੇਤੀ ਜਾਂ ਵਪਾਰਕ ਆਮਦਨ ਵਿਚ ਜੁੜ ਗਈ ਅਤੇ ਇਸ ਨੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਮਦਦ ਕੀਤੀ। ਇਨ੍ਹਾਂ ਖੇਤਰਾਂ ਵਿਚ ਕਿਸਾਨਾਂ ਕੋਲ ਮਾਝੇ ਅਤੇ ਖ਼ਾਸਕਰ ਮਾਲਵੇ ਨਾਲੋਂ ਘੱਟ ਜ਼ਮੀਨਾਂ ਸਨ।
ਆਬਾਦੀ ਵਧਣ ਨਾਲ ਪੀੜ੍ਹੀ-ਦਰ-ਪੀੜ੍ਹੀ ਜ਼ਮੀਨ ਤੇ ਕਾਰੋਬਾਰ ਦੀ ਵੰਡ ਹੁੰਦੀ ਰਹਿਣ ਕਾਰਨ ਜੀਵਨ ਨਿਰਬਾਹ ਮੁਸ਼ਕਿਲ ਹੋਣ ਲੱਗਾ। 1950ਵਿਆਂ ਦੇ ਸ਼ੁਰੂ ਵਿਚ ਪੰਜਾਬੀ ਆਪਣੇ ਅਤੇ ਪੰਜਾਬ ਵਿਚ ਪਿੱਛੇ ਰਹਿ ਗਏ ਪਰਿਵਾਰਾਂ ਖਾਤਰ ਖੁਸ਼ਹਾਲ ਜੀਵਨ ਲਈ ਇੰਗਲੈਂਡ ਪਰਵਾਸ ਕਰਨ ਲੱਗੇ। ਪੰਜਾਬ ਵਿਚੋਂ ਗਏ ਪਹਿਲੇ ਪਰਵਾਸੀ ਅਨਪੜ੍ਹ ਜਾਂ ਅਧਪੜ੍ਹ ਸਨ ਪਰ ਪੰਜਾਬੀ ਕਣੀ ਨੇ ਫਿਰ ਭਾਸ਼ਾ, ਰਿਹਾਇਸ਼, ਮੌਸਮ ਆਦਿ ਦੇ ਅੜਿੱਕੇ ਪਾਰ ਕਰ ਲਏ। ਉੱਥੇ ਕੰਮ ਦੇ ਹਾਲਾਤ ਬਹੁਤ ਮਾੜੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪਰਵਾਸੀ ਖੁੱਲ੍ਹੀਆਂ ਭੱਠੀਆਂ ਅਤੇ ਖਾਣਾਂ ਵਿਚ ਕੰਮ ਕਰਦੇ ਸਨ ਕਿਉਂਕਿ ਇਨ੍ਹਾਂ ਦੋਹਾਂ ਕੰਮਾਂ ਵਿਚ ਤਨਖ਼ਾਹ ਬਿਹਤਰ ਸੀ। ਇਸ ਪੀੜ੍ਹੀ ਨੇ ਇੰਗਲੈਂਡ ਵਿਚ ਔਖਾ ਸਮਾਂ ਕੱਟਿਆ ਪਰ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਉਨ੍ਹਾਂ ਦੀ ਦੂਜੀ ਤੇ ਤੀਜੀ ਪੀੜ੍ਹੀ ਸਿੱਖਿਆ ਹਾਸਲ ਕਰੇ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਘੁਲਮਿਲ ਜਾਵੇ। ਉਂਜ, ਉਨ੍ਹਾਂ ਦੀ ਤੀਜੀ ਅਤੇ ਇਸ ਤੋਂ ਬਾਅਦ ਦੀਆਂ ਪੀੜ੍ਹੀਆਂ ਨੇ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਪਰਤਣ ਵਿਚ ਉਨ੍ਹਾਂ ਨੂੰ ਕੋਈ ਦਿਲਚਸਪੀ ਨਹੀਂ।
ਸਮੇਂ ਨਾਲ ਮਾਝਾ ਤੇ ਮਾਲਵਾ ਇਲਾਕਿਆਂ ਦੀ ਆਰਥਿਕ ਹਾਲਤ ਖ਼ਰਾਬ ਹੁੰਦੀ ਗਈ ਅਤੇ ਉਥੋਂ ਦੇ ਲੋਕਾਂ ਨੇ ਵੀ ਵਿਦੇਸ਼ ਜਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਰਵਾਸ ਦੇ ਚਾਹਵਾਨਾਂ ਲਈ ਕੈਨੇਡਾ, ਅਮਰੀਕਾ, ਆਸਟਰੇਲੀਆ, ਇਟਲੀ ਆਦਿ ਦੇ ਰੂਪ ਵਿਚ ਨਵੇਂ ਰਾਹ ਖੁਲ੍ਹ ਗਏ। ਅਮਰੀਕਾ ਵਿਚ ਜਿਥੇ ਪੇਸ਼ੇਵਰਾਂ ਜਿਵੇਂ ਡਾਕਟਰਾਂ ਤੇ ਟੈਕਨੋਕ੍ਰੈਟਾਂ ਦੀ ਮੰਗ ਸੀ, ਉਥੇ ਹੋਰਨਾਂ ਮੁਲਕਾਂ ਵਿਚ ਨੀਮ ਹੁਨਰਮੰਦ ਤੇ ਹੁਨਰਮੰਦ ਕਾਮਿਆਂ ਦੀ ਭਾਰੀ ਲੋੜ ਸੀ।
ਇਸ ਤਰ੍ਹਾਂ ਪੰਜਾਬੀਆਂ ਦੀ ਇਸ ਹਿਜਰਤ ਦੇ 1950ਵਿਆਂ ਵਿਚ ਸ਼ੁਰੂ ਹੋਏ ਛੋਟੇ ਛੋਟੇ ਨਦੀਆਂ-ਨਾਲੇ ਛੇਤੀ ਹੀ ਵੱਡੇ ਦਰਿਆਵਾਂ ਦਾ ਰੂਪ ਧਾਰਨ ਲੱਗੇ। ਇਸ ਦੌਰਾਨ 1970ਵਿਆਂ ਤੇ 80ਵਿਆਂ ਵਿਚ ਪੰਜਾਬ ਵਿਚ ਖਾੜਕੂਵਾਦ ਤੇ ਹਿੰਸਾ ਫੈਲਣ ਲੱਗੀ ਅਤੇ ਵੱਡੀ ਗਿਣਤੀ ਨੌਜਵਾਨ ਇਸ ਲਹਿਰ ਵੱਲ ਖਿੱਚੇ ਗਏ। ਇਸ ਦੀ ਤਫ਼ਸੀਲ ਵਿਚ ਜਾਏ ਬਿਨਾਂ (ਕਿਉਂਕਿ ਇਸ ਨੂੰ ਬਿਆਨਣਾ ਬੜਾ ਵੱਡਾ ਤੇ ਔਖਾ ਮਾਮਲਾ ਹੈ, ਜਿਸ ਬਾਰੇ ਚਰਚਾ ਕਦੀ ਫਿਰ ਕਿਤੇ ਕੀਤੀ ਜਾ ਸਕਦੀ ਹੈ), ਆਖਿਆ ਜਾ ਸਕਦਾ ਹੈ ਕਿ ਇਸ ਨੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਝੰਜੋੜ ਕਰ ਕੇ ਰੱਖ ਦਿੱਤਾ।
ਇਸ ਦੌਰਾਨ ਪੰਜਾਬ ਨੇ ਵਿਆਪਕ ਪੱਧਰ 'ਤੇ ਸਮਾਜਿਕ ਉਥਲ-ਪੁਥਲ ਦੇਖੀ ਅਤੇ ਲੋਕਾਂ ਨੂੰ ਜਾਨ-ਮਾਲ ਦੇ ਰੂਪ ਵਿਚ ਭਾਰੀ ਕੀਮਤ ਚੁਕਾਉਣੀ ਪਈ। ਇਸ ਦੌਰ ਨੇ ਵੀ ਸਿੱਖ ਨੌਜਵਾਨਾਂ ਦਾ ਪੱਛਮੀ ਮੁਲਕਾਂ ਨੂੰ ਪਰਵਾਸ ਤੇਜ਼ ਕਰ ਦਿੱਤਾ, ਜਿਥੇ ਉਹ 'ਸਿਆਸੀ ਸ਼ਰਨ' ਮੰਗਣ ਲੱਗੇ ਪਰ ਅਸਲੀ ਮਕਸਦ ਉਥੇ ਜਾ ਕੇ ਵੱਸਣਾ ਹੀ ਸੀ। ਉਨ੍ਹਾਂ ਮੁਲਕਾਂ ਵਿਚ ਇਨ੍ਹਾਂ ਲਹਿਰਾਂ ਦੀਆਂ ਸ਼ਾਖ਼ਾਵਾਂ ਬਣੀਆਂ ਹੋਈਆਂ ਸਨ ਤੇ ਉਥੋਂ ਇਹ ਲੋਕ ਪੰਜਾਬ ਦੇ ਹਾਲਾਤ ਬਾਰੇ ਝੂਠਾ ਪ੍ਰਚਾਰ ਕਰ ਕੇ ਵੱਡੇ ਪੱਧਰ 'ਤੇ ਰਕਮਾਂ ਇਕੱਤਰ ਕਰਨ ਵਿਚ ਕਾਮਯਾਬ ਰਹੇ। ਇਸ ਦੇ ਸਿੱਟੇ ਵਜੋਂ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵਿਚ ਭਾਰੀ ਬੇਗ਼ਾਨਗੀ ਉਪਜੀ, ਕਿਉਂਕਿ ਭਾਰਤ ਸਰਕਾਰ ਨੂੰ ਦਹਿਸ਼ਤਗਰਦੀ ਨੂੰ ਨੱਥ ਪਾਉਣ ਲਈ ਕਈ ਤਿੱਖੇ ਤੇ ਸਖ਼ਤ ਕਦਮ ਚੁੱਕਣੇ ਪਏ ਸਨ। ਆਖ਼ਰ ਇਸ ਸਮੱਸਿਆ ਨੂੰ ਮੱਧ-1990ਵਿਆਂ ਤੱਕ ਕਾਬੂ ਪਾ ਕੇ ਖ਼ਤਮ ਕਰ ਦਿੱਤਾ ਗਿਆ। ਪੈਸੇ ਦੀ ਲਾਲਸਾ ਨੇ ਸਿਆਸੀ ਪਾਰਟੀਆਂ ਦੀ ਭੁੱਖ ਵਧਾ ਦਿੱਤੀ। ਇਨ੍ਹਾਂ ਦੇ ਆਗੂਆਂ ਨੇ ਹਾਲਾਤ ਦਾ ਫ਼ਾਇਦਾ ਉਠਾ ਕੇ ਵੱਡੇ ਪੱਧਰ 'ਤੇ ਪੈਸਾ ਇਕੱਤਰ ਕਰਨ ਵਾਸਤੇ ਉਗਰਾਹੀ ਮੁਹਿੰਮਾਂ 'ਤੇ ਪੱਛਮੀ ਮੁਲਕਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਹਰ ਕਿਸਮ ਦੇ ਲੋਕਾਂ ਨਾਲ ਸੰਪਰਕ ਪੈਦਾ ਹੋ ਗਏ।
ਅਜਿਹਾ ਘਟਨਾ ਚੱਕਰ ਚੱਲਣ ਅਤੇ ਪੱਛਮੀ ਮੁਲਕਾਂ ਦੇ ਦਰ ਪਰਵਾਸੀਆਂ ਲਈ ਖੁੱਲ੍ਹੇ ਰਹਿਣ ਕਾਰਨ ਇਕ ਵਾਰੀ ਮੁੜ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਜ਼ੋਰ ਫੜ ਗਿਆ। ਇਹ ਵੀ ਗ਼ੌਰਤਲਬ ਹੈ ਕਿ ਇਸ ਦੌਰਾਨ ਸਾਲ ਦਰ ਸਾਲ ਤੇ ਦਹਾਕਾ ਦਰ ਦਹਾਕਾ ਸੂਬੇ, ਖ਼ਾਸਕਰ ਕਿਸਾਨੀ ਦੀ ਆਰਥਿਕ ਹਾਲਤ ਨਿੱਘਰਦੀ ਗਈ ਜਿਸ ਲਈ ਵੱਖ ਵੱਖ ਸੂਬਾਈ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਅਤੇ ਪ੍ਰੋਗਰਾਮ ਜ਼ਿੰਮੇਵਾਰ ਸਨ। ਖੇਤੀ ਦੀਆਂ ਲਾਗਤਾਂ ਤਾਂ ਵਧਦੀਆਂ ਗਈਆਂ ਪਰ ਉਸ ਮੁਤਾਬਕ ਕਿਸਾਨਾਂ ਨੂੰ ਜਿਣਸਾਂ ਦੇ ਭਾਅ ਨਹੀਂ ਸਨ ਮਿਲ ਰਹੇ। ਇਸ ਕਾਰਨ ਕੁਦਰਤੀ ਹੀ ਨੌਜਵਾਨਾਂ ਦਾ ਖੇਤੀ ਤੋਂ ਮੋਹ ਭੰਗ ਹੋਣ ਲੱਗਾ।
ਪੰਜਾਬ ਦਾ ਬਿਹਤਰੀਨ ਵਸੀਲਾ ਹਮੇਸ਼ਾ ਮਨੁੱਖੀ ਵਸੀਲਾ ਰਿਹਾ ਹੈ। ਪੰਜਾਬ ਵਿਚ ਹਰੇ ਇਨਕਲਾਬ ਦਾ ਸਿਹਰਾ ਪੰਜਾਬੀਆਂ ਦੀ ਇਸ ਸਖ਼ਤ ਮਿਹਨਤ ਅਤੇ ਖੇਤੀ ਵਿਚ ਹਮੇਸ਼ਾ ਨਵੀਆਂ ਤਕਨੀਕਾਂ ਤੇ ਨਵੇਂ ਤਰੀਕੇ ਅਪਣਾਉਣਾ ਲਈ ਤਿਆਰ ਰਹਿਣ ਦੀ ਭਾਵਨਾ ਨੂੰ ਜਾਂਦਾ ਹੈ। ਜਿਥੇ ਬਾਕੀ ਸੂਬਿਆਂ ਦੇ ਕਿਸਾਨ ਪੁਰਾਣੇ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ, ਉਥੇ ਪੰਜਾਬੀ ਕਿਸਾਨਾਂ ਨੇ ਖ਼ੁਸ਼ੀ ਖ਼ੁਸ਼ੀ ਨਵੇਂ ਬੀਜਾਂ, ਖਾਦਾਂ ਅਤੇ ਨਵੇਂ ਸਿੰਜਾਈ ਸਿਸਟਮ ਨੂੰ ਅਪਣਾ ਲਿਆ। ਇਸ ਦੇ ਨਾਲ ਨਾਲ, ਖੇਤੀ ਵਿਚ ਇਸ ਵਰਤਾਰੇ ਦੇ ਬਰਾਬਰ ਦੀ ਇਕ ਹੋਰ ਤਬਦੀਲੀ ਵਾਪਰ ਰਹੀ ਸੀ ਉਹ ਸੀ, ਖੇਤੀ ਦੇ ਕੰਮ ਵਿਚੋਂ ਪੰਜਾਬੀ ਨੌਜਵਾਨਾਂ ਦਾ ਮਨਫ਼ੀ ਹੋਣਾ ਅਤੇ ਉਨ੍ਹਾਂ ਦੀ ਥਾਂ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਵੱਲੋਂ ਲੈਂਦੇ ਜਾਣਾ। ਇਸ ਦਾ ਕਾਰਨ ਮੁਕਾਮੀ ਨੌਜਵਾਨਾਂ ਦਾ ਖੇਤੀ ਵਿਚ ਹੱਥ ਵਟਾਉਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੋ ਜਾਣਾ ਸੀ, ਜਿਸ ਕਾਰਨ ਪੰਜਾਬ ਦੀ ਖੇਤੀ ਮੁਕੰਮਲ ਤੌਰ 'ਤੇ ਪਰਵਾਸੀ ਕਿਰਤੀਆਂ ਆਸਰੇ ਹੋ ਗਈ।
ਦੂਜੇ ਪਾਸੇ, ਸਰਕਾਰੀ ਖੇਤਰ ਵਿਚ ਨੌਕਰੀਆਂ ਆਸਾਨੀ ਨਾਲ ਮਿਲਦੀਆਂ ਨਹੀਂ ਸਨ ਅਤੇ ਪੰਜਾਬ ਵਿਚ ਸਨਅਤੀ ਵਿਕਾਸ ਵੀ ਜ਼ਿਆਦਾ ਨਹੀਂ ਸੀ ਹੋਇਆ। ਜਿਹੜੀਆਂ ਵੀ ਸਨਅਤਾਂ ਅੰਮ੍ਰਿਤਸਰ, ਬਟਾਲਾ, ਜਲੰਧਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਆਦਿ ਸ਼ਹਿਰਾਂ ਵਿਚ ਲੱਗੀਆਂ ਸਨ, ਉਹ ਵੀ ਖਾੜਕੂਵਾਦ ਕਾਰਨ ਹੋਰਨਾਂ ਸੂਬਿਆਂ ਵਿਚ ਚਲੇ ਗਈਆਂ। ਇਸ ਦੌਰਾਨ ਵੱਖ ਵੱਖ ਸਰਕਾਰਾਂ ਨੇ ਦੋਵਾਂ ਸਨਅਤੀ ਤੇ ਖੇਤੀ ਦੇ ਖੇਤਰ ਵਿਚ ਅਜਿਹੀ ਕੋਈ ਜ਼ਾਹਰਾ ਕੋਸ਼ਿਸ਼ ਨਹੀਂ ਕੀਤੀ ਜਿਸ ਤੋਂ ਵਿਕਾਸ ਨੂੰ ਵੱਡਾ ਹੁਲਾਰਾ ਮਿਲਦਾ। ਇਸ ਤਰ੍ਹਾਂ ਰੁਜ਼ਗਾਰ ਦੇ ਮੌਕੇ ਘਟਣ ਅਤੇ ਨੌਜਵਾਨਾਂ ਦੀ ਖੇਤੀ ਪ੍ਰਤੀ ਬੇਰੁਖ਼ੀ ਕਾਰਨ ਨੌਜਵਾਨਾਂ ਦੀਆਂ ਵਿਦੇਸ਼ਾਂ ਨੂੰ ਉਡਾਰੀ ਦੀਆਂ ਕੋਸ਼ਿਸ਼ਾਂ ਵਧਣ ਲੱਗੀਆਂ।
ਅੱਜ ਤਕਰੀਬਨ ਸਾਰਾ ਪੇਂਡੂ ਨੌਜਵਾਨ ਵਰਗ ਟਰੈਵਲ ਏਜੰਟਾਂ ਨੂੰ ਵੱਡੀਆਂ ਤੋਂ ਵੱਡੀਆਂ ਰਕਮਾਂ ਦੇ ਕੇ ਵੀ ਵੀਜ਼ਾ ਹਾਸਲ ਕਰਨ ਅਤੇ ਪੱਛਮੀ ਮੁਲਕਾਂ ਨੂੰ ਜਾਣ ਦੇ ਆਹਰ ਵਿਚ ਲੱਗਾ ਹੋਇਆ ਹੈ। ਸਾਫ਼ ਹੈ ਕਿ ਹਿਜਰਤ ਦੇ ਇਸ ਲਾਲਚ ਕਾਰਨ ਪੰਜਾਬ ਤੇਜ਼ੀ ਨਾਲ ਆਪਣੀ ਨੌਜਵਾਨੀ ਤੋਂ ਵਾਂਝਾ ਹੋ ਰਿਹਾ ਹੈ। ਮੈਂ ਖ਼ੁਦ ਦੇਖਿਆ ਅਤੇ ਭਰੋਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਨੌਜਵਾਨਾਂ ਨਾਲੋਂ ਬਜ਼ੁਰਗਾਂ ਦੀ ਗਿਣਤੀ ਵਧ ਗਈ ਹੈ। ਜਿਸ ਰਫ਼ਤਾਰ ਨਾਲ ਨੌਜਵਾਨੀ ਪੰਜਾਬ ਤੋਂ ਹਿਜਰਤ ਕਰ ਰਹੀ ਹੈ, ਉਸ ਮੁਤਾਬਕ ਤਾਂ ਇਹ ਛੇਤੀ ਹੀ ਬਜ਼ੁਰਗਾਂ ਅਤੇ ਬਿਮਾਰਾਂ ਦੀ ਧਰਤੀ ਬਣ ਕੇ ਰਹਿ ਜਾਵੇਗਾ।
ਚੰਡੀਗੜ੍ਹ ਵਿਚ ਵੀ ਹਾਲ ਇਹ ਹੈ ਕਿ ਬਹੁਤ ਸਾਰੇ ਘਰਾਂ ਵਿਚ ਬਜ਼ੁਰਗ ਜੋੜੇ ਹੀ ਬਚੇ ਹਨ ਅਤੇ ਪੁੱਤ-ਪੋਤੇ ਵਿਦੇਸ਼ ਜਾ ਚੁੱਕੇ ਹਨ। ਪਾਰਕ ਗ਼ੈਰ ਪੰਜਾਬੀ ਬੱਚਿਆਂ ਨਾਲ ਭਰੇ ਹੁੰਦੇ ਹਨ। ਦੇਖ ਕੇ ਚੰਗਾ ਲੱਗਦਾ ਹੈ ਕਿ ਉਹ ਖ਼ੁਸ਼ੀ ਖ਼ੁਸ਼ੀ ਸਥਾਨਕ ਸਮਾਜ ਵਿਚ ਘੁਲ਼-ਮਿਲ ਰਹੇ ਹਨ।
ਆਪਣੇ ਬੈਚ ਵਾਲੇ ਸਾਥੀਆਂ ਅਤੇ ਕਾਲਜ ਦੇ ਦਿਨਾਂ ਦੇ ਦੋਸਤਾਂ-ਮਿੱਤਰਾਂ ਨਾਲ ਗੱਲ ਕਰਨ ਤੋਂ ਵੀ ਸਾਫ਼ ਹੋ ਜਾਂਦਾ ਹੈ ਕਿ ਬਹੁਤਿਆਂ ਦੇ ਪੁੱਤ-ਧੀਆਂ ਅਤੇ ਅਗਾਂਹ ਉਨ੍ਹਾਂ ਦੇ ਧੀਆਂ-ਪੁੱਤ ਵਿਦੇਸ਼ ਜਾ ਚੁੱਕੇ ਹਨ। ਪਹਿਲਾਂ ਜਿਥੇ ਨੌਜਵਾਨ ਗਰੈਜੂਏਸ਼ਨ ਤੋਂ ਬਾਅਦ ਉਚੇਰੀ ਸਿੱਖਿਆ ਲਈ ਵਿਦੇਸ਼ ਜਾਂਦੇ ਸਨ, ਉਥੇ ਹੁਣ ਤਾਂ ਬਹੁਤੇ ਬੱਚੇ ਬਾਰ੍ਹਵੀਂ ਤੋਂ ਬਾਅਦ ਹੀ ਜਹਾਜ਼ ਚੜ੍ਹ ਜਾਂਦੇ ਹਨ ਅਤੇ ਉਨ੍ਹਾਂ ਦਾ ਵਤਨ ਵਾਪਸੀ ਦਾ ਕੋਈ ਇਰਾਦਾ ਨਹੀਂ ਹੁੰਦਾ। ਮੋਟੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਮੁੰਡਿਆਂ ਦੀ ਕਾਲਜਾਂ ਵਿਚ ਦਾਖ਼ਲ ਹੋਣ ਦੀ ਗਿਣਤੀ ਬਹੁਤ ਘਟ ਗਈ ਹੈ ਅਤੇ ਉਨ੍ਹਾਂ ਦੇ ਮੁਕਾਬਲੇ ਕਾਲਜਾਂ ਵਿਚ ਕੁੜੀਆਂ ਵਧ ਗਈਆਂ ਹਨ। ਇਸ ਕਾਰਨ ਖ਼ਾਸਕਰ ਪੇਂਡੂ ਨੌਜਵਾਨਾਂ ਦੇ ਰੱਖਿਆ ਸੇਵਾਵਾਂ ਵਿਚ ਭਰਤੀ ਹੋਣ ਦੀ ਗਿਣਤੀ ਵੀ ਬਹੁਤ ਘਟ ਗਈ ਹੈ।
ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੀਆਂ ਵੱਖ ਵੱਖ ਸਰਕਾਰਾਂ ਨੇ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਨੌਜਵਾਨਾਂ ਦੇ ਹਿਸਾਬ ਨਾਲ ਨੀਤੀਆਂ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਸਰਕਾਰਾਂ ਵੱਲੋਂ ਨੌਜਵਾਨਾਂ ਲਈ ਪੰਜਾਬ ਪ੍ਰਤੀ ਕੋਈ ਖਿੱਚ ਪੈਦਾ ਨਾ ਕੀਤੇ ਜਾਣ ਕਾਰਨ, ਨੌਜਵਾਨੀ ਦੀ ਹਿਜਰਤ ਦੇ ਇਸ ਰੁਝਾਨ ਨੂੰ ਮੋੜਾ ਪੈਣ ਦੇ ਕੋਈ ਆਸਾਰ ਨਹੀਂ ਹਨ। ਇਹ ਗੱਲ ਪੇਂਡੂ ਇਲਾਕੇ ਦੇ ਮਾਮਲੇ ਵਿਚ ਹੋਰ ਵੀ ਸੱਚ ਹੈ, ਜਿਥੇ ਖੇਤੀ ਨੂੰ ਪਹਿਲਾਂ ਹੀ ਛੱਡ ਦਿੱਤਾ ਗਿਆ ਹੈ ਅਤੇ ਗੱਭਰੂਆਂ-ਮੁਟਿਆਰਾਂ ਤੋਂ ਸੱਖਣੇ ਪੰਜਾਬ ਦੇ ਪਿੰਡ ਅੱਜ ਸੁੰਨੇ ਜਾਪਦੇ ਹਨ। ਹੁਣ ਮੈਂ ਓਲੀਵਰ ਗੋਲਡਸਮਿਥ ਦੀ ਕਵਿਤਾ 'ਉੱਜੜਿਆ ਪਿੰਡ' ਦੀਆਂ ਇਨ੍ਹਾਂ ਸਤਰਾਂ ਨਾਲ ਆਪਣੀ ਗੱਲ ਖ਼ਤਮ ਕਰਦਾ ਹਾਂ :
ਪਿੰਡ 'ਤੇ ਆਫ਼ਤ ਆ ਰਹੀ ਏ
ਇਸ ਧਰਤ ਨੂੰ ਤੇਜ਼ੀ ਨਾਲ ਗਰਕ ਹੋਣ ਵੱਲ ਧੱਕਦੀ ਹੋਈ
ਵਧਦੇ ਫੁੱਲਦੇ ਧਨ ਦੇ ਧੰਦੇ ਨੇ
ਜੀਆ-ਜੰਤ ਨੂੰ ਨਿਗਲ ਲੈਣੈ
ਹੋ ਸਕਦੈ ਰਾਜੇ ਰਾਣੇ ਬਿਨਸਣ,
ਵਧਣ ਫੁੱਲਣ ਜਾਂ ਗਰਕ ਹੋ ਜਾਣ
ਉਨ੍ਹਾਂ ਇਕ ਫੂਕ ਨਾਲ ਉੱਡ ਜਾਣੈ
ਉਹ ਇਕ ਫ਼ੂਕ ਨਾਲ ਬਣੇ ਨੇ,
ਪਰ ਸੂਰਮਗਤੀ ਵਾਲੀ ਕਿਸਾਨੀ, ਜੋ ਮਾਣ ਮੁਲਕ ਦਾ
ਜੇ ਇਕ ਵਾਰ ਤਬਾਹ ਹੋ ਗਈ
ਤਾਂ ਫਿਰ ਕਦੇ ਵੀ ਨਹੀਂ ਉੱਠ ਸਕਣੀ ।
'ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਗਵਰਨਰ, ਮਨੀਪੁਰ।
ਪੁਲੀਸ 'ਮੁਕਾਬਲਿਆਂ' ਦੀ ਨੌਬਤ ਕਿਵੇਂ ਆਈ - ਗੁਰਬਚਨ ਜਗਤ
ਅੱਜਕੱਲ੍ਹ ਅਖ਼ਬਾਰ ਵਿਅਕਤੀਗਤ, ਸਮੂਹਿਕ, ਫ਼ਿਰਕੂ ਹਿੰਸਾ ਆਦਿ ਦੀਆਂ ਡਰਾਉਣੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ। ਸਾਡੇ ਕੋਲ ਦਰਜਨਾਂ ਵਿਸ਼ਲੇਸ਼ਕ ਤੇ ਹੋਰ ਅਨੇਕਾਂ ਪੁਲੀਸ ਅਧਿਕਾਰੀ, ਪ੍ਰਸ਼ਾਸਕ, ਨਿਆਇਕ ਤੇ ਰੱਖਿਆ ਅਫ਼ਸਰ ਹਨ, ਜਿਹੜੇ ਇਨ੍ਹਾਂ ਜੁਰਮਾਂ ਅਤੇ ਇਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਭਰਪੂਰ ਕਿਤਾਬਾਂ ਲਿਖਦੇ ਰਹਿੰਦੇ ਹਨ।
ਇਹ ਇਕ ਅੰਨ੍ਹੇ ਆਦਮੀ ਤੇ ਹਾਥੀ ਦੀ ਕਹਾਣੀ ਵਾਂਗ ਹੈ, ਜਿਥੇ ਅੰਨ੍ਹਾ ਵਿਅਕਤੀ ਹਾਥੀ ਬਾਰੇ ਉਵੇਂ ਬਿਆਨ ਕਰਦਾ ਹੈ ਜਿਵੇਂ ਉਹ ਮਹਿਸੂਸ ਕਰਦਾ ਹੈ। ਦਰਅਸਲ, ਹਾਲਾਤ ਅਪਰਾਧਿਕ ਨਿਆਂ ਪ੍ਰਣਾਲੀ ਦੇ ਸਾਂਝੇ ਤੌਰ ਤੇ ਨਾਕਾਮ ਹੋ ਜਾਣ ਵਾਲੇ ਹਨ। ਨਿਆਂ ਪਾਲਿਕਾ, ਪੁਲੀਸ, ਸਿਵਲ ਪ੍ਰਸ਼ਾਸਨ ਤੇ ਸਿਆਸਤਦਾਨ ਅੱਜ ਇਸ ਹਾਲਤ ਵਿਚ ਨਹੀਂ ਕਿ ਉਹ ਇਸ ਸਥਿਤੀ ਲਈ ਇਕ-ਦੂਜੇ ਨੂੰ ਦੋਸ਼ੀ ਠਹਿਰਾ ਸਕਣ। ਅਸੀਂ ਇਹੋ ਜਿਹੇ ਦੌਰ ਵਿਚ ਜ਼ਿੰਦਗੀ ਦੇ ਹਰ ਪਹਿਲੂ 'ਚ ਦਹਾਕਿਆਂ ਦੀ ਬਦਇੰਤਜ਼ਾਮੀ ਤੇ ਕੁਸ਼ਾਸਨ ਕਾਰਨ ਪੁੱਜੇ ਹਾਂ। ਅਸੀਂ ਪਿਛਾਂਹ ਮੁੜ ਕੇ ਦੇਖੀਏ ਤਾਂ ਸਾਨੂੰ ਸਾਲ ਦਰ ਸਾਲ ਤੇ ਦਹਾਕਾ ਦਰ ਦਹਾਕਾ ਪ੍ਰਸ਼ਾਸਨ ਦੀ ਹਾਲਤ ਨਿੱਘਰਦੀ ਦਿਖਾਈ ਦੇਵੇਗੀ।
ਅੱਜ ਜਦੋਂ ਵੀ ਕੋਈ ਵੱਡਾ ਜੁਰਮ ਵਾਪਰਦਾ ਹੈ, ਸਰਕਾਰ ਦਾ ਫ਼ੌਰੀ ਪ੍ਰਤੀਕਰਮ ਹੁੰਦਾ ਹੈ ਕਿ ਇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਕਾਇਮ ਕਰ ਦਿਉ। ਕੁਝ ਮਾਮਲਿਆਂ ਵਿਚ ਜਾਂਚ ਲਈ ਕੇਸ ਸੀਬੀਆਈ, ਐੱਨਆਈਏ ਆਦਿ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ। ਅਕਸਰ ਹਾਈ ਕੋਰਟਾਂ ਜਾਂ ਸੁਪਰੀਮ ਕੋਰਟ ਵੱਲੋਂ ਵੀ ਕਈ ਮਾਮਲਿਆਂ ਦੀ ਜਾਂਚ ਸੂਬਾਈ ਪੁਲੀਸ ਤੋਂ ਲੈ ਕੇ ਆਪਣੀ ਨਿਗਰਾਨੀ ਤਹਿਤ ਹੋਰ ਏਜੰਸੀਆਂ ਨੂੰ ਸੌਂਪ ਦਿੱਤੀ ਜਾਂਦੀ ਹੈ।
ਇਸ ਤਰ੍ਹਾਂ ਦੀ 'ਬੈਂਡ-ਏਡ' ਲਾ ਕੇ ਕੰਮ ਚਲਾਉਣ ਵਾਲੀ ਰਣਨੀਤੀ ਕਾਰਨ ਜ਼ਿੰਮੇਵਾਰੀ ਥਾਣਿਆਂ ਅਤੇ ਸੂਬਾਈ ਪੁਲੀਸ ਤੋਂ ਹਟ ਕੇ ਹੋਰ ਅਦਾਰਿਆਂ ਸਿਰ ਚਲੇ ਜਾਂਦੀ ਹੈ। ਇਹ ਥਾਣਿਆਂ ਅਤੇ ਸੂਬਾਈ ਪੁਲੀਸ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਦਾਇਰਾ-ਅਖ਼ਤਿਆਰ ਵਿਚ ਹੋਣ ਵਾਲੇ ਜੁਰਮਾਂ ਦੀ ਜਾਂਚ ਕਰਨ ਤੇ ਮੁਕੱਦਮਾ ਚਲਾਉਣ ਪਰ ਜਾਂਚ ਤੇ ਮੁਕੱਦਮੇਬਾਜ਼ੀ ਦਾ ਮਿਆਰ ਡਿੱਗਦੇ ਜਾਣ, ਤੇ ਨਾਲ ਹੀ ਲੋਕਾਂ ਦਾ ਮੁਕਾਮੀ ਪੁਲੀਸ ਤੋਂ ਭਰੋਸਾ ਉੱਠਦੇ ਜਾਣ ਕਾਰਨ, ਇਹ ਬਦਲਵੇਂ (ਭਾਵ ਪੁਲੀਸ ਮੁਕਾਬਲਿਆਂ ਵਾਲੇ) ਢੰਗ-ਤਰੀਕੇ ਅਪਣਾਏ ਜਾਂਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਇਸ ਨਾਲ ਸੂਬਾਈ ਪੁਲੀਸ ਦੀ ਪੇਸ਼ੇਵਰ ਪਹੁੰਚ ਹੋਰ ਨਿੱਘਰਦੀ ਹੈ।
ਇਹ ਨਿਘਾਰ ਕਿਵੇਂ ਆਇਆ? ਮੱਧ-1960ਵਿਆਂ ਤੋਂ ਲੈ ਕੇ, ਸੂਬਾਈ ਪ੍ਰਸ਼ਾਸਨ ਤੇ ਖ਼ਾਸਕਰ ਪੁਲੀਸ ਨੂੰ ਲਗਾਤਾਰ ਸਿਆਸੀ ਜਮਾਤ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ, ਜਿਸ ਦਾ ਅਣਐਲਾਨਿਆ ਮਕਸਦ ਇਸ ਅਦਾਰੇ (ਪੁਲੀਸ) ਨੂੰ ਕਮਜ਼ੋਰ ਕਰਨਾ ਸੀ ਤਾਂ ਕਿ ਇਸ ਨੂੰ ਝੁਕਾ ਕੇ ਕਾਨੂੰਨ ਦੀ ਹਕੂਮਤ ਦੀ ਥਾਂ ਹਾਕਮ ਪਾਰਟੀਆਂ ਦਾ ਆਗਿਆਕਾਰੀ ਬਣਾਇਆ ਜਾ ਸਕੇ।
ਇਹ ਮਕਸਦ ਪੂਰਾ ਕਰਨ ਲਈ ਮਨਮਰਜ਼ੀ ਦੀਆਂ ਨਿਯੁਕਤੀਆਂ, ਤਬਾਦਲੇ, ਇਨਾਮ ਤੇ ਸਜ਼ਾਵਾਂ ਦੇਣ ਦਾ ਸਿਸਟਮ ਬਣਾਇਆ ਗਿਆ। ਸਿਆਸੀ ਮਾਲਕਾਂ ਦੇ ਇਨ੍ਹਾਂ ਹਥਕੰਡਿਆਂ ਰਾਹੀਂ ਸਮਰੱਥ ਤੇ ਦਿਆਨਤਦਾਰ ਅਫ਼ਸਰਾਂ ਨੂੰ ਖੂੰਜੇ ਲਾ ਕੇ, ਉਨ੍ਹਾਂ ਦੀ ਥਾਂ ਪੁਲੀਸ ਫੋਰਸ ਦੇ ਮਾੜੇ ਅਨਸਰਾਂ ਨੂੰ ਵਧੀਆ ਤੇ ਅਹਿਮ ਅਹੁਦਿਆਂ ਨਾਲ ਨਵਾਜਿਆ ਜਾਣ ਲੱਗਾ। ਅਜਿਹਾ ਸਾਰੇ ਹੀ ਰਾਜਾਂ ਵਿਚ ਸੱਤਾ ਵਿਚ ਆਉਣ ਵਾਲੀ ਹਰ ਪਾਰਟੀ ਨੇ ਕੀਤਾ। ਪੁਲੀਸ ਦੀ ਬਣਤਰ ਅਤੇ ਅੰਦਰੂਨੀ ਅਨੁਸ਼ਾਸਨ ਵਿਚਲੀ ਇਸ ਟੁੱਟ-ਭੱਜ ਦੇ ਸਿੱਟੇ ਵਜੋਂ ਪੇਸ਼ੇਵਰ ਕੰਮ-ਢੰਗ ਤੇ ਦਿਆਨਤਦਾਰੀ ਦਾ ਮਿਆਰ ਬੁਰੀ ਤਰ੍ਹਾਂ ਡਿੱਗ ਗਿਆ। ਪੁਲੀਸ ਅਫ਼ਸਰਾਂ ਨੂੰ ਸਮਝ ਆ ਗਈ ਕਿ ਉਨ੍ਹਾਂ ਦਾ ਵਧੀਆ ਭਵਿੱਖ ਪੁਲੀਸ ਦੇ ਨਿਯਮਾਂ ਦਾ ਪਾਲਣ ਕਰਨ ਵਿਚ ਨਹੀਂ ਸਗੋਂ ਸਿਆਸਤਦਾਨਾਂ ਦੀਆਂ ਨਜ਼ਰਾਂ ਵਿਚ ਚੰਗੇ/ਅੱਛੇ ਬਣਨ ਵਿਚ ਹੈ।
ਜਾਂਚ ਤੇ ਮੁਕੱਦਮੇ ਦੀ ਨਿੱਘਰਦੀ ਹਾਲਤ ਦਾ ਅੰਦਾਜ਼ਾ ਵੱਖ-ਵੱਖ ਸੰਗੀਨ ਜੁਰਮਾਂ ਜਿਵੇਂ ਕਤਲ, ਇਰਾਦਾ ਕਤਲ, ਅਗਵਾ ਤੇ ਬਲਾਤਕਾਰ ਆਦਿ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਦਰ ਬਿਲਕੁਲ ਹੀ ਘਟ ਜਾਣ ਤੋਂ ਲਾਇਆ ਜਾ ਸਕਦਾ ਹੈ।
ਸੂਬਾਈ ਪੁਲੀਸ ਦੇ ਕੰਮ-ਢੰਗ ਵਿਚ ਗਿਰਾਵਟ ਆਉਣ ਦਾ ਇਕ ਹੋਰ ਅਹਿਮ ਕਾਰਨ ਇਹ ਹੈ ਕਿ ਪੁਲੀਸ ਨੂੰ ਅੱਜਕੱਲ੍ਹ ਬਹੁਤ ਜ਼ਿਆਦਾ ਤਵੱਜੋ ਦਹਿਸ਼ਤੀ ਸਰਗਰਮੀਆਂ ਅਤੇ ਫ਼ਿਰਕੂ ਹਿੰਸਾ ਨੂੰ ਕਾਬੂ ਕਰਨ ਲਈ ਦੇਣੀ ਪੈਂਦੀ ਹੈ। ਗ਼ੌਰਤਲਬ ਹੈ ਕਿ ਕਈ ਦਹਾਕੇ ਪਹਿਲਾਂ ਸੂਬਾਈ ਪੁਲੀਸ ਫ਼ੋਰਸ ਨੂੰ ਨਾ ਤਾਂ ਵੱਖੋ-ਵੱਖ ਕਿਸਮਾਂ ਦੀ ਦਹਿਸ਼ਤਗਰਦੀ ਦੇ ਟਾਕਰੇ ਦੀ ਸਿਖਲਾਈ ਹਾਸਲ ਹੁੰਦੀ ਸੀ ਤੇ ਨਾ ਉਨ੍ਹਾਂ ਕੋਲ ਇਸ ਲਈ ਲੋੜੀਂਦੇ ਆਧੁਨਿਕ ਹਥਿਆਰ ਆਦਿ ਹੀ ਹੁੰਦੇ ਸਨ।
ਇਸ ਸਮੇਂ ਦੌਰਾਨ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ ਅਤੇ ਝਾਰਖੰਡ ਸੂਬਿਆਂ ਦੀਆਂ ਕਬਾਇਲੀ ਪੱਟੀਆਂ ਵਿਚ ਦਹਿਸ਼ਤਗਰਦ ਲਹਿਰਾਂ ਨੇ ਸਿਰ ਚੁੱਕਿਆ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਉੱਤਰ ਪੂਰਬ ਵਿਚ ਲਗਾਤਾਰ ਸਮੱਸਿਆਵਾਂ ਚੱਲੀਆਂ ਆ ਰਹੀਆਂ ਹਨ। ਇਹ ਦੇ ਨਾਲ ਹੀ ਇਹ ਵੀ ਚੇਤੇ ਰੱਖਣਾ ਹੋਵੇਗਾ ਕਿ ਇਨ੍ਹਾਂ ਵਿਚੋਂ ਬਹੁਤੀਆਂ ਮੁਹਿੰਮਾਂ ਦੇ ਉਭਾਰ ਦਾ ਕਾਰਨ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਨਾਪਾਕ ਮਕਸਦ ਅਤੇ ਮਾੜੀਆਂ ਭੂਮਿਕਾਵਾਂ ਸਨ। ਸਿਆਸੀ ਪਾਰਟੀਆਂ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ ਵਿਚਲੇ ਵੱਖ ਵੱਖ ਧੜਿਆਂ ਨੇ ਵੱਖ ਵੱਖ ਢੰਗਾਂ ਰਾਹੀਂ ਇਨ੍ਹਾਂ ਖਾੜਕੂ ਲਹਿਰਾਂ ਦੇ ਜਨਮ ਤੇ ਉਭਾਰ ਵਿਚ ਯੋਗਦਾਨ ਪਾਇਆ। ਇਸ ਲਈ ਉਨ੍ਹਾਂ ਦਾ ਮਕਸਦ ਭਾਵੇਂ ਆਪਣਾ ਸਿਆਸੀ ਲਾਹਾ ਹੀ ਹੋਵੇ ਪਰ ਸਮਾਂ ਪੈ ਕੇ ਇਹ ਲਹਿਰਾਂ ਉਨ੍ਹਾਂ ਦੇ ਹੱਥਾਂ 'ਚੋਂ ਨਿਕਲ ਗਈਆਂ ਅਤੇ ਇਸ ਕਾਰਨ ਪੁਲੀਸ ਤੇ ਸੁਰੱਖਿਆ ਦਲਾਂ ਨੂੰ ਉਨ੍ਹਾਂ ਨੂੰ ਕਾਬੂ ਕਰਨ ਲਈ ਮੈਦਾਨ ਵਿਚ ਆਉਣਾ ਪਿਆ।
ਇਸ ਅਮਲ ਦੌਰਾਨ ਕਾਨੂੰਨੀ ਪ੍ਰਕਿਰਿਆ ਅਤੇ ਵਿਭਾਗੀ ਨਿਯਮਾਂ ਨੂੰ ਲਾਂਭੇ ਰੱਖ ਦਿੱਤਾ ਗਿਆ ਅਤੇ ਇਨ੍ਹਾਂ ਦੀ ਥਾਂ ਗ਼ੈਰਰਵਾਇਤੀ ਤੇ ਗ਼ੈਰਕਾਨੂੰਨੀ ਢੰਗ-ਤਰੀਕੇ ਅਪਣਾ ਲਏ ਗਏ। ਸੰਖੇਪ ਵਿਚ ਆਖੀਏ ਤਾਂ ਮੁਕਾਬਲਿਆਂ, ਖ਼ਾਤਮਿਆਂ ਤੇ ਗੁੰਮਸ਼ੁਦਗੀਆਂ ਦਾ ਰੁਝਾਨ ਬਣਨਾ ਸ਼ੁਰੂ ਹੋ ਗਿਆ। ਇਸ ਨੇ ਲੋਕਾਂ ਵਿਚ ਸਹਿਮ ਪੈਦਾ ਕਰਨ ਦੇ ਨਾਲ ਨਾਲ ਪੁਲੀਸ ਫ਼ੋਰਸ ਦੇ ਪੇਸ਼ੇਵਰ ਢੰਗ-ਤਰੀਕੇ ਨਾਲ ਕੰਮ ਕਰਨ ਅਤੇ ਦਿਆਨਤਦਾਰੀ ਤੇ ਭਾਰੀ ਸੱਟ ਮਾਰੀ। ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਵਿਚੋਂ ਕੁਝ ਦਹਿਸ਼ਤੀ ਲਹਿਰਾਂ ਕਈ ਦਹਾਕਿਆਂ ਤੱਕ ਜਾਰੀ ਰਹੀਆਂ ਜਦੋਂਕਿ ਕੁਝ ਉੱਤੇ ਕਾਬੂ ਪਾ ਲਿਆ ਗਿਆ। ਇਸ ਵਰਤਾਰੇ ਬਾਰੇ ਇਹ ਸਿੱਟਾ ਕੱਢਣਾ ਕੁਦਰਤੀ ਹੈ ਕਿ ਸੁਰੱਖਿਆ ਦਲਾਂ ਵੱਲੋਂ ਅਪਣਾਏ ਗਏ ਗ਼ੈਰਰਵਾਇਤੀ ਤੇ ਗ਼ੈਰਕਾਨੂੰਨੀ ਢੰਗ-ਤਰੀਕੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਜ਼ਾਹਰਾ ਤੇ ਲੁਕਵੀਂ ਹਮਾਇਤ ਰਾਹੀਂ ਅਮਲ ਵਿਚ ਲਿਆਂਦੇ ਗਏ। ਇਥੇ ਕੇਂਦਰ ਸਰਕਾਰ ਦਾ ਨਾਂ ਇਸ ਕਾਰਨ ਲਿਆ ਗਿਆ ਹੈ ਕਿਉਂਕਿ ਅਜਿਹੇ ਸਮੇਂ ਬਹੁਤੇ ਸੂਬੇ ਲੰਮੇ ਸਮੇਂ ਲਈ ਰਾਸ਼ਟਰਪਤੀ ਰਾਜ ਅਧੀਨ ਸਨ ਅਤੇ ਅਜਿਹੀਆਂ ਹਦਾਇਤਾਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਆਉਂਦੀਆਂ ਸਨ।
ਇਉਂ ਅਜਿਹੇ ਹਾਲਾਤ ਵਿਚ ਪੁਲੀਸ ਦੇ ਕੰਮ-ਕਾਜ ਕਰਨ ਲਈ ਅਪਣਾਏ ਗਏ ਤੌਰ-ਤਰੀਕਿਆਂ ਨੇ ਪੁਲੀਸ ਨੂੰ ਇਸ ਦੇ ਅਸਲ ਫ਼ਰਜ਼ਾਂ, ਭਾਵ ਅਪਰਾਧਾਂ ਨੂੰ ਰੋਕਣਾ ਅਤੇ ਇਨ੍ਹਾਂ ਦੀ ਜਾਂਚ ਤੇ ਮੁਕੱਦਮੇਬਾਜ਼ੀ ਨੂੰ ਨਿਭਾਉਣ ਦੇ ਅਯੋਗ ਬਣਾ ਦਿੱਤਾ। ਪੁਲੀਸ ਦਾ ਇਹ ਗ਼ੈਰਮਾਮੂਲੀ ਵਤੀਰਾ ਹੀ ਹੁਣ ਉਸ ਦਾ ਨਵਾਂ ਆਮ ਵਤੀਰਾ ਬਣ ਗਿਆ ਹੈ, ਅਤੇ ਹੁਣ ਪੁਲੀਸ ਦੀ ਇਸ ਜ਼ਹਿਨੀਅਤ ਨੂੰ ਬਦਲਣਾ ਬਹੁਤ ਔਖਾ ਹੋ ਗਿਆ ਹੈ।
ਪੁਲੀਸ ਅਦਾਰਾ, ਇਸ ਦੀ ਅੰਦਰੂਨੀ ਬਣਤਰ ਅਤੇ ਅਨੁਸ਼ਾਸਨ ਹੁਣ ਸਿਆਸੀ ਢਾਂਚੇ ਦੇ ਹੱਥਾਂ ਵਿਚ ਚਲਾ ਗਿਆ ਹੈ ਅਤੇ ਪੁਲੀਸ ਅਧਿਕਾਰੀ ਹੁਣ ਆਪਣੇ ਸੀਨੀਅਰਾਂ ਤੇ ਕਾਨੂੰਨ ਅੱਗੇ ਜਵਾਬਦੇਹ ਨਹੀਂ ਹਨ। ਇਹ ਗੱਠਜੋੜ ਇਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਤਰੱਕੀਆਂ ਲਈ ਤੇ ਸਿਆਸਤਦਾਨਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਆਸਾਨ ਜਾਪਦਾ ਹੈ ਪਰ ਪੁਲੀਸ ਅਦਾਰੇ ਦੇ ਇੰਝ ਟੁੱਟ ਜਾਣ ਨਾਲ ਜਿਥੇ ਇਕ ਪਾਸੇ ਮੁਜਰਮਾਂ ਦੇ ਦਿਲਾਂ ਵਿਚੋਂ ਇਸ ਦਾ ਡਰ-ਭੈਅ ਜਾਂਦਾ ਰਿਹਾ ਹੈ, ਉਥੇ ਦੂਜੇ ਪਾਸੇ ਇਸ ਨਾਲ ਆਮ ਲੋਕਾਂ ਦੇ ਮਨਾਂ ਵਿਚੋਂ ਪੁਲੀਸ ਦਾ ਸਤਿਕਾਰ ਉੱਡ-ਪੁੱਡ ਗਿਆ ਹੈ।
ਇਹ ਸਭ ਕੁਝ ਤਾਂ ਹੀ ਬਦਲ ਸਕਦਾ ਹੈ, ਜੇ ਸੂਬੇ ਦਾ ਮੁੱਖ ਮੰਤਰੀ ਇਹ ਤਬਦੀਲੀ ਚਾਹੇ। ਉਂਝ, ਮਸਲਾ ਸਿਵਿਲ ਸੇਵਾਵਾਂ ਅਤੇ ਪੁਲੀਸ ਅੰਦਰ ਵਧੀਆ ਅਫਸਰ ਚੁਣਨ ਅਤੇ ਇਨ੍ਹਾਂ ਦੀ ਤਾਇਨਾਤੀ ਦਾ ਹੀ ਹੈ ਜਿੱਥੇ ਉਹ ਪੂਰੀ ਰੂਹ ਨਾਲ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਰੂ-ਬ-ਰੂ ਹੋ ਸਕਣ ਅਤੇ ਚੰਗਾ ਪ੍ਰਸ਼ਾਸਨ ਦੇਣ। ਵਿਕਾਸ ਕਾਰਜਾਂ ਦੇ ਐਨ ਉਲਟ, ਚੰਗਾ ਪ੍ਰਸ਼ਾਸਨ ਦੇਣ ਲਈ ਤਾਂ ਕਿਸੇ ਵਿੱਤੀ ਖ਼ਰਚੇ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਹ ਕੋਈ ਅਜਿਹਾ ਕੰਮ ਨਹੀਂ ਹੈ ਜਿਹੜਾ ਸਾਡੀ ਪਹੁੰਚ ਵਿਚ ਨਾ ਹੋਵੇ ਅਤੇ ਇਹ ਵੀ ਕੋਈ ਗੱਲ ਨਹੀਂ ਕਿ ਅਸੀਂ ਐਵੇਂ ਬਦ-ਇੰਤਜ਼ਾਮੀ ਅਤੇ ਮਾੜੇ ਪ੍ਰਸ਼ਾਸਨ ਦਾ ਭਾਰ ਢੋਈ ਜਾਈਏ। ਮਸ਼ਹੂਰ ਨਾਟਕ 'ਜੂਲੀਅਸ ਸੀਜ਼ਰ' ਵਿਚ ਕੈਸ਼ੀਅਸ ਆਖਦਾ ਹੈ :
ਪਿਆਰੇ ਬਰੂਟਸ, ਦੋਸ਼ ਸਾਡੇ ਨਸ਼ੱਤਰਾਂ ਦਾ ਨਹੀਂ
ਸਗੋਂ ਸਾਡਾ ਆਪਣਾ ਹੀ ਹੈ
ਕਿਉਂਕਿ ਅਸੀਂ ਅਧੀਨ/ਨਿਮਾਣੇ ਹਾਂ।
ਅੱਜ ਇਸ ਮਹਾਨ ਮੁਲਕ ਦੀ ਵਿਸ਼ਾਲ ਧਰਤੀ ਉਤੇ ਉਦਾਸੀ ਅਤੇ ਬੇਵਸੀ ਦਾ ਆਲਮ ਤਾਰੀ ਹੋ ਗਿਆ ਹੈ। ਚਾਰ-ਚੁਫ਼ੇਰੇ ਅਧੋਗਤੀ ਅਤੇ ਗੜਬੜੀ ਛਾਈ ਹੋਈ ਹੈ। ਸਿਆਸਤ ਅਤੇ ਪ੍ਰਸ਼ਾਸਨ ਦੇ ਖੇਤਰਾਂ ਵਿਚ ਅਸੀਂ ਬੌਣਿਆਂ ਦੀਆਂ ਕਰਤੂਤਾਂ ਦੇਖ ਰਹੇ ਹਾਂ। ਇਨ੍ਹਾਂ ਬੌਣੇ ਲੋਕਾਂ ਨੇ ਮਹਾਨ ਲੀਡਰਾਂ ਅਤੇ ਨਵੇਂ ਰਾਹ ਦਸੇਰਿਆਂ ਦੇ ਨਕਾਬ ਪਾਏ ਹੋਏ ਹਨ। ਆਪਣੇ ਚਾਰ-ਚੁਫ਼ੇਰੇ ਅਸੀਂ ਦੇਖ ਰਹੇ ਹਾਂ ਕਿ ਲੋਕ ਮਿਹਨਤ ਕਰਕੇ ਵੀ ਬੇਆਸ ਤੇ ਬੇਆਸਰਾ ਹਨ, ਝੁੱਗੀ-ਝੌਂਪੜੀਆਂ ਤੇ ਹੋਰ ਅਜਿਹੀਆਂ ਕਲੋਨੀਆਂ ਵਿਚ ਰੁਲ਼ਦੇ ਬੱਚਿਆਂ ਦੇ ਤਨ ਉਤੇ ਕੱਪੜੇ ਤੇ ਪੈਰੀਂ ਮੌਜੇ ਨਹੀਂ, ਨਾ ਤਾਂ ਉਨ੍ਹਾਂ ਨੂੰ ਪੜ੍ਹਾਉਣ ਲਈ ਸਹੂਲਤਾਂ ਹਨ ਤੇ ਨਾ ਹੀ ਸਿਹਤ ਦੀ ਸਾਂਭ-ਸੰਭਾਲ ਲਈ। ਸਭ ਤੋਂ ਭਿਅੰਕਰ ਗੱਲ ਇਹ ਹੈ ਕਿ ਇਨ੍ਹਾਂ ਲਈ ਚਾਨਣ ਦੀ ਕੋਈ ਲਕੀਰ ਵੀ ਨਹੀਂ ਦਿਸ ਰਹੀ। ਕੇਂਦਰ ਅਤੇ ਵੱਖ ਵੱਖ ਸੂਬਾ ਸਰਕਾਰਾਂ ਤੋਂ ਵੀ ਕੋਈ ਖ਼ਾਸ ਹੁੰਗਾਰਾ ਨਹੀਂ ਮਿਲ ਰਿਹਾ। ਇਸ ਦੀ ਥਾਂ ਸਗੋਂ ਕਾਨੂੰਨ ਵਿਵਸਥਾ ਲਾਗੂ ਕਰਨ ਵਾਲਿਆਂ ਦੀ ਅਜ਼ਮਾਇਸ਼ ਲਈ ਹੋਰ ਸਮੱਸਿਆਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਕੁਝ ਅਧਿਕਾਰੀਆਂ ਨੂੰ ਬਲੀ ਦੇ ਬੱਕਰਿਆਂ ਵਾਂਗ (ਅਸਾਮ) ਪਹਿਲਾਂ ਹੀ ਝਟਕਾਇਆ ਜਾ ਚੁੱਕਾ ਹੈ, ਹੁਣ ਬਾਕੀਆਂ ਦੀ ਵਾਰੀ ਹੈ।
ਦਿਸਹੱਦਿਆਂ 'ਤੇ ਅਜਿਹੇ ਜਿਊੜੇ ਲੱਭਣੇ ਮੁਸ਼ਕਿਲ ਹੋ ਰਹੇ ਹਨ ਜਿਨ੍ਹਾਂ ਤੋਂ ਤੁਰੰਤ, ਸਾਵੇਂ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੋਵੇ। ਲਿਖਿਆ ਤਾਂ ਹੋਰ ਵੀ ਬਥੇਰਾ ਕੁਝ ਸਕਦਾ ਹੈ ਪਰ ਮੇਰੇ ਆਪਣੇ ਬੋਲ ਹੀ ਮੈਨੂੰ ਉਦਾਸ ਕਰ ਰਹੇ ਹਨ।
ਮੈਂ ਆਪਣੀ ਲਿਖਤ ਵਿਲੀਅਮ ਬਟਲਰ ਯੀਟਸ ਦੀਆਂ ਇਨ੍ਹਾਂ ਚੰਦ ਸਤਰਾਂ ਨਾਲ ਸੰਤੋਖਦਾ ਹਾਂ :
ਸਭ ਕੁੱਝ ਟੁੱਟਦਾ ਜਾ ਰਿਹਾ ਹੈ,
ਧੁਰਾ (ਕੇਂਦਰ) ਆਪਣੇ ਆਪ ਨੂੰ ਬਚਾ ਨਹੀਂ ਸਕਦਾ,
ਹਨੇਰਗਰਦੀ (ਅਰਾਜਕਤਾ) ਨੂੰ ਸੰਸਾਰ 'ਤੇ ਹਾਵੀ ਹੋਣ ਦੀ
ਖੁੱਲ੍ਹ ਦੇ ਦਿੱਤੀ ਗਈ ਹੈ,
ਖ਼ੂਨ 'ਚ ਰੱਤੇ ਤੂਫ਼ਾਨ ਨੂੰ ਵੀ ਪੂਰੀ ਖੁੱਲ੍ਹ ਹੈ, ਅਤੇ ਹਰ ਕਿਤੇ
ਮਾਸੂਮੀਅਤ (ਆਪਣੀ ਸਭ ਰਸਮਾਂ ਸਮੇਤ) ਡੋਬੀ ਜਾ ਰਹੀ ਹੈ,
ਚੰਗੇ ਬੰਦਿਆਂ ਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ,
ਤੇ ਸਭ ਤੋਂ ਮਾੜੇ ਪੁਰਜੋਸ਼ ਪ੍ਰਚੰਡਤਾ ਨਾਲ ਭਰੇ ਹੋਏ ਨੇ।
ਪਿੱਛੋਂ ਸੁੱਝੀ (Postscript) : ਕਿੰਨਾ ਚੰਗਾ ਹੁੰਦਾ ਜੇ ਕਿਤੇ ਕੇਂਦਰੀ ਗ੍ਰਹਿ ਮੰਤਰੀ ਆਪਣੇ ਪਹਿਲਾਂ ਹੀ ਤੈਅ ਦੌਰੇ ਮੁਤਾਬਿਕ ਉੱਤਰ ਪੂਰਬ ਜਾਂਦੇ ਅਤੇ ਉੱਥੇ ਤਾਇਨਾਤ ਸੁਰੱਖਿਆ ਬਲਾਂ, ਤੇ ਉੱਥੇ ਵੱਸਦੇ ਲੋਕਾਂ ਨੂੰ ਧੀਰਜ ਬੰਨ੍ਹਾਉਂਦੇ।
'ਲੇਖਕ ਸਾਬਕਾ ਚੇਅਰਮੈਨ ਯੂਪੀਐੱਸਸੀ
ਅਤੇ ਸਾਬਕਾ ਰਾਜਪਾਲ ਮਨੀਪੁਰ ਹੈ।