'ਜੇ ਅੱਜ ਰਾਜ ਹੁੰਦਾ ਅੰਗਰੇਜ਼ਾਂ ਦਾ' - ਮੇਜਰ ਸਿੰਘ ਬੁਢਲਾਡਾ
ਆਮ ਲੋਕਾਂ ਨੂੰ ਮਿਲੇ ਨਾ ਇਨਸਾਫ ਇਥੇ,
ਭਾਰੀ ਹੁੰਦੀ ਇਹਨਾਂ ਦੀ ਲੁੱਟ ਯਾਰੋ।
ਅੱਜ ਜਾਤ-ਪਾਤ ਧਰਮਾਂ ਦੇ ਵਿਤਕਰਿਆਂ ,
ਇਥੇ ਬੜੇ ਲੋਕ ਦਿਤੇ ਨੇ ਪੱਟ ਯਾਰੋ ।
ਹਾਕਮਾਂ ਨੂੰ ਵੇਖ ਕਹਿਣ ਨੂੰ ਦਿਲ ਕਰਦਾ
ਅੰਗਰੇਜ਼ ਐਵੇਂ ਕੱਢੇ ਆਖਾਂ ਸੱਚ ਯਾਰੋ।
ਇਹਨਾਂ ਤੋਂ ਲੱਖ ਦਰਜੇ ਸੀ ਉਹ ਚੰਗੇ,
ਚੰਗੀ ਸੀ ਉਹਨਾਂ ਕੋਲ ਮੱਤ ਯਾਰੋ ।
ਜੇ ਅੱਜ ਰਾਜ ਹੁੰਦਾ ਅੰਗਰੇਜ਼ਾਂ ਦਾ,
ਨਾ ਐਨੀ ਰੁਲਦੀ ਕਿਸੇ ਦੀ ਪੱਤ ਯਾਰੋ।
ਐਨਾ ਧੱਕਾ ਨਾ ਕਿਸੇ ਨਾਲ ਹੁੰਦਾ,
ਨਾ ਐਨੇ ਮਾਰੇ ਜਾਣੇ ਸੀ ਹੱਕ ਯਾਰੋ।
ਅੰਗਰੇਜ਼ ਰਾਜ ਵਿੱਚ ਰਹਿੰਦੇ ਲੋਕ ਜਿਹੜੇ,
ਪੁੱਛ ਲਓ ਉਹਨਾਂ ਤੋਂ ਬੇ-ਸ਼ੱਕ ਯਾਰੋ ।
ਐਵੇਂ ਨੀ ਲੱਖਾਂ ਰੁਪਏ ਲਾ ਲੋਕੀ ,
ਜਾਣ ਉਧਰ ਕਰਜੇ ਚੱਕ ਯਾਰੋ ।
ਮੇਜਰ ਹੋਣਾ ਸੀ ਕਾਨੂੰਨ ਦਾ ਰਾਜ ਇਥੇ,
ਲਾਗੂ ਕਰਦੇ ਕਾਨੂੰਨ ਸਖਤ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327
ਗੁਰੂ ਨਾਨਕ ਦਾ ਜਨਮ ਦਿਨ - ਮੇਜਰ ਸਿੰਘ ਬੁਢਲਾਡਾ
'ਗੁਰੂ ਨਾਨਕ ਦਾ ਜਨਮ ਦਿਨ'
ਗੁਰੂ ਨਾਨਕ ਦਾ 550ਵਾਂ ਦਿਨ
ਐਸੇ ਢੰਗ ਦੇ ਨਾਲ ਮਨਾਓ ਸਿੱਖੋ!
ਕਸਮ ਗੁਰੂ ਦੀ ਖਾਕੇ ਸੱਚੇ ਦਿਲੋਂ,
ਤੁਸੀਂ ਸਾਰੇ ਮੱਤ-ਭੇਦ ਮਿਟਾਓ ਸਿੱਖੋ!
ਗੁਰੂ ਨਾਨਕ ਦੀ ਸੋਚ ਨੂੰ ਸਾਰੇ
ਜਨ ਜਨ ਪਹੁੰਚਾ ਦਿਓ ਸਿੱਖੋ!
ਗੁਰੂ ਗ੍ਰੰਥ ਸਾਹਿਬ ਤੋਂ ਉਤੇ ਕੋਈ ਸੰਤ ਨਹੀਂ ,
ਨਾ ਕਿਸੇ ਦਾ ਹੁਕਮ ਵਜਾਓ ਸਿੱਖੋ!
ਇਤਿਹਾਸ ਵਿੱਚ ਰਲਿਆ ਮਿਥਿਹਾਸ ਭਾਈ,
ਸੋਚਣ ਸਮਝਣ ਦੀ ਆਦਤ ਪਾਓ ਸਿੱਖੋ!
ਗੁਰਬਾਣੀ ਨੂੰ ਵਿਚਾਰਣ ਦੇ ਲਈ ,
ਖੁਦ੍ਹ ਕਾਬਲ ਬਣਾਉਣ ਜਾਓ ਸਿੱਖੋ!
ਕਰਮਕਾਂਡਾ ਦਾ ਛੱਡ ਦਿਓ ਖਹਿੜਾ,
ਸਾਰੇ ਵਹਿਮ-ਭਰਮ ਮਿਟਾਓ ਸਿੱਖੋ!
ਉਲਝ ਗਈ ਜੋ ਤਾਣੀ ਸਾਡੀ,
ਰਲ-ਮਿਲ ਇਹਨੂੰ ਸੁਲਝਾਓ ਸਿੱਖੋ!
ਹੋ ਗਏ ਦੂਰ ਸਿੱਖੀ ਤੋਂ ਜਿਹੜੇ,
ਉਹਨਾਂ ਨੂੰ ਨੇੜੇ ਲਿਆਓ ਸਿੱਖੋ!
ਸਭ ਇਨਸਾਨਾਂ ਨੂੰ ਸਮਝ ਬਰਾਬਰ,
ਸਾਰੇ ਭੇਦ-ਭਾਵ ਮਿਟਾਓ ਸਿੱਖੋ!
ਗੁਰੂਦੁਵਾਰੇ ਬਣਾ ਲਏ ਬਹੁਤੇ,
ਹੁਣ ਗੁਰੂ ਦੇ ਸਿੱਖ ਬਣਾਓ ਸਿੱਖੋ!
ਤੁਸੀਂ ਲੋੜਵੰਦਾਂ ਦੀ ਮੱਦਦ ਕਰਕੇ,
ਦਸਵੰਧ ਉਹਨਾਂ ਤੇ ਲਾਓ ਸਿੱਖੋ!
ਸੱਚ ਨੂੰ ਸੱਚ, ਝੂਠ ਨੂੰ ਕਹੋ,
ਲਾਲਚ ਖੌਫ 'ਚ ਨਾ ਆਓ ਸਿੱਖੋ!
ਗੁਰੂ ਨਾਨਕ ਦਾ 550ਵਾਂ ਦਿਨ
ਐਸੇ ਢੰਗ ਦੇ ਨਾਲ ਮਨਾਓ ਸਿੱਖੋ!
ਮੇਜਰ ਸਿੰਘ ਬੁਢਲਾਡਾ
94176 42327
ਗੁਰੂ ਗੋਬਿੰਦ ਸਿੰਘ ਜਿਹਾ ਸੂਰਮਾ - ਮੇਜਰ ਸਿੰਘ 'ਬੁਢਲਾਡਾ'
ਗੁਰੂ ਗੋਬਿੰਦ ਸਿੰਘ ਜਿਹਾ ਸੂਰਮਾ,
ਨਹੀਂ ਹੋਣਾ ਵਿਚ ਸੰਸਾਰ।
ਜਿਹਨੇ 'ਧਰਮ' ਦੀ ਖਾਤਰ ਸਾਥੀਓ!
ਦਿਤਾ ਸਭ-ਕੁਝ ਆਪਣਾ ਵਾਰ।
ਦੋ ਪੁੱਤ ਹੱਥੀ ਤੋਰ ਦਿਤੇ,
ਸਾਹਮਣੇ ਜੰਗ ਵਿਚ ਕਰਕੇ ਤਿਆਰ।
ਜੋ ਸ਼ਹੀਦ ਸਾਹਮਣੇ ਹੋ ਗਏ,
'ਰਣ' ਵਿਚ ਫੱਟ ਖਾਕੇ ਬੇਸ਼ੁਮਾਰ।
ਦੋ ਮਾਸੂਮ ਪੁੱਤ 'ਸੂਬਾ ਸਰਹੰਦ ਨੇ ,
ਚਿਣ ਦਿੱਤੇ ਵਿਚ ਦਿਵਾਰ।
ਹਫਤੇ ਵਿੱਚ ਚਾਰ ਪੁੱਤ ਮਾਂ ਗੁਜਰੀ,
ਤੁਰ ਗਏ ਛੱਡ ਸੰਸਾਰ।
ਆਖਰੀ ਵਾਰ ਵੇਖ ਸਕਿਆ ਮੁੱਖ ਨਾ,
ਨਾ ਖੁਦ੍ਹ ਕਰ ਸਕਿਆ ਦੇਹ ਸਸਕਾਰ।
ਫਿਰ ਵੀ ਰੱਤੀ ਭਰ ਨਾ ਡੋਲਿਆ,
ਮੇਜਰ ਮੰਨਣੀ ਕੀ ਸੀ ਹਾਰ।
ਆਖਰੀ ਦਮ ਤੱਕ ਗੁਰੂ ਗੋਬਿੰਦ ਸਿੰਘ ਨੇ,
ਫਿਰ ਵੀ ਆਪਣਾ ਜਾਰੀ ਰੱਖਿਆ ਪ੍ਰਚਾਰ।
ਮੇਜਰ ਸਿੰਘ 'ਬੁਢਲਾਡਾ'
94176 42327
'ਸ੍ਰ. ਬੰਦਾ ਸਿੰਘ ਬਹਾਦਰ' - ਮੇਜਰ ਸਿੰਘ 'ਬੁਢਲਾਡਾ'
'ਬੰਦਾ ਸਿੰਘ ਬਹਾਦਰ' ਸੂਰਮਾ,
ਲੈਕੇ 'ਕਲਗੀਧਰ' ਤੋਂ ਥਾਪੜਾ।
'ਜ਼ਾਲਮਾ' ਨੂੰ ਸੋਧਣ ਵਾਸਤੇ,
ਉਹ ਪੰਜਾਬ ਵੱਲ ਚੱਲ ਪਿਆ।
ਨੇੜੇ ਆਕੇ ਉਹਨੇ ਪੰਜਾਬ ਦੇ,
ਸਿੱਖ, ਭੇਜ ਚਿੱਠੀਆਂ ਲਏ ਬੁਲਾਅ।
ਹੁਕਮਨਾਮਾ 'ਗੁਰੂ ਗੋਬਿੰਦ ਸਿੰਘ' ਦਾ
ਉਹਨਾਂ ਨੂੰ ਪੜਕੇ ਦਿੱਤਾ ਸੁਣਾਅ।
ਕਹਿੰਦਾ "ਇੱਕਠੇ ਹੋਕੇ ਸਾਰੇ ਯੋਧਿਓ!
ਦਿਉ 'ਸਰਹਿੰਦ' ਦੀ ਇੱਟ ਨਾਲ ਇੱਟ ਖੜਕਾ ।
ਜਿਥੇ ਮਾਸੂਮ ਬਾਲ ਪਿਤਾ 'ਦਸਮੇਸ਼' ਦੇ
ਜਿਉਂਦੇ ਦਿਤੇ ਨੀਹਾਂ ਵਿਚ ਚਿਣਵਾ।"
ਇਹ ਸੁਣ ਤਿਆਰ ਹੋ ਗਏ ਸਿੰਘ ਸੂਰਮੇ,
ਦਿੱਤੀ ਹਾਂ ਵਿੱਚ ਹਾਂ ਮਿਲਾਅ।
ਸਿੰਘਾਂ ਜਾਨਾਂ ਤਲੀ ਤੇ ਧਰ ਲਈਆਂ,
ਦਿਤੇ ਜ਼ਾਲਮਾਂ ਵੱਲ ਚਾਲੇ ਪਾ।
ਪਹਿਲਾਂ ਆਲੇ-ਦੁਆਲੇ ਦੇ ਇਲਾਕੇ ਜਿੱਤਕੇ,
ਪੂਰਾ ਕਬਜ਼ਾ ਲਿਆ ਜਮਾਅ।
ਫਿਰ ਜਾ 'ਸੂਬੇ' ਨੂੰ ਲਲਕਾਰਿਆ
'ਬੰਦੇ' ਨੇ ਦਿੱਤਾ ਭੜਥੂ ਪਾ।
ਲੋਕੋ! ਜਾਨੋ ਮਾਰ 'ਸੂਬੇ ਸਰਹੰਦ' ਨੂੰ,
ਦਿੱਤਾ ਦਰਖਤ ਉਤੇ ਪੁੱਠਾ ਲਟਕਾਅ ।
ਗਿਰਝਾਂ ਨੇ ਨੋਚ-ਨੋਚ ਖਾਧਿਆ,
ਮੇਜਰ,ਜ਼ਾਲਮ ਨੂੰ ਦਿੱਤੀ ਐਸੀ ਸਜਾ।
ਮੇਜਰ ਸਿੰਘ 'ਬੁਢਲਾਡਾ'
94176 42327
'ਸਮਝਣ ਵਾਲੀ ਗੱਲ' - ਮੇਜਰ ਸਿੰਘ ਬੁਢਲਾਡਾ
ਪਤਾ ਨਾ ਦੇਸ਼ ਵਿੱਚ ਰਹਿੰਦੇ ਅੱਤਵਾਦੀਆਂ ਦਾ,
ਪਾਕਿਸਤਾਨ ਵਾਲਿਆਂ ਦੀ ਕਿਵੇਂ ਸੀ ਸਾਰ ਲੋਕੋ?
ਕਹਿੰਦੇ ਰਾਤ ਦੇ ਹਨ੍ਹੇਰੇ ਵਿੱਚ ਬੰਬ ਡੇਗ,
ਅੱਤਵਾਦੀ 'ਤਿੰਨ ਸੋ' ਦਿੱਤਾ ਮਾਰ ਲੋਕੋ!
ਕਿਵੇਂ ਗਿਣਤੀ ਕਿਸ ਨੇ ਕਰੀ ਉਥੇ?
ਇਹ ਗੱਲ ਸਮਝ ਤੋਂ ਬਾਹਰ ਲੋਕੋ!
ਮੇਜਰ ਸਮਝਣ ਵਾਲੀ ਹੈ ਗੱਲ ਸਾਰੀ,
ਸਮਝ ਜਾਣਗੇ ਇਹ ਸਮਝਦਾਰ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
ਬੋਲੀਆਂ - ਮੇਜਰ ਸਿੰਘ 'ਬੁਢਲਾਡਾ'
'ਕੜਾਕੇ ਦੀ ਠੰਢ ਦੀਆਂ ਬੋਲੀਆ'
ਪਾਲਾ....ਪਾਲਾ....ਪਾਲਾ
'ਕੋਕਿਆਂ' ਵਾਲੀ 'ਡਾਂਗ' ਵਰਗੀ,
ਚੱਲ ਉੱਠਕੇ ਚਾਹ ਬਣਾਲਾ।
ਵਿਚ ਪਾਕੇ ਲੌਂਗ-ਲੈਚੀਆਂ,
ਇਕ ਟੁਕੜਾ 'ਆਦੇ' ਦਾ ਪਾ ਲਾ।
ਠੰਡ ਦਾ ਮਹੀਨਾ ਚਲਦਾ,
ਮਹੀਨਾ ਚੱਲਦਾ
ਬਚ ਆਪ, ਨਾਲੈ ਸੱਜਣ ਬਚਾ ਲਾ
ਠੰਢ ਦਾ ਮਹੀਨਾ ਚਲਦਾ।
ਬਈ ਠੰਢ-ਠੰਢ ਕੀ ਲਾਈ ਸੱਜਣੋ!
ਕਿਉਂ ਠੰਢ ਤੋਂ ਡਰਦੇ?
ਠੰਢ ਉਹਨਾਂ ਨੂੰ ਕਦੇ ਨਾ ਲੱਗਦੀ,
ਕੰਮ ਕਾਰ ਜੋ ਕਰਦੇ।
ਠੰਢ ਦਲੇਰਾਂ ਦੇ,
ਕੋਲ ਜਾਣ ਤੋਂ ਡਰਜੇ।
ਠੰਢ ਦਲੇਰਾਂ ਦੇ.......।
ਬੁੱਢੇ-ਠੇਰਿਆਂ, ਕਮਜੋਰਾਂ ਲਈ,
ਠੰਢ ਦੁਸ਼ਮਣ ਬਣਕੇ ਆਉਂਦੀ।
ਤਰਸ ਕਰੇ ਨਾ ਭੋਰਾ ਚੰਦਰੀ,
ਜਾਨ ਬੜਾ ਤੜਫਾਉਂਦੀ।
ਠੰਢ ਕੜਾਕੇ ਦੀ,
ਬੜਾ ਕਹਿਰ ਵਰਤਾਉਂਦੀ
ਠੰਢ ਕੜਾਕੇ ਦੀ......।
ਠੰਢ ਜੀਹਨੂੰ ਵੀ ਲੱਗਜੇ ਚੰਦਰੀ,
ਕਾਬਾਂ ਦੀ ਚੜਾ ਜੀ।
ਖੰਡ, ਜੁਕਾਮ, ਨਜਲਾ,ਛਿੱਕਾਂ
ਦਿੰਦੀ ਤਾਪ ਚੜਾ ਜੀ।
ਇਹਤੋਂ ਰੱਖ ਦੂਰੀ,
ਹੋਊ ਫਿਰ ਬਚਾਅ ਜੀ।
ਇਹਤੋਂ ਰੱਖ ਦੂਰੀ.......।
ਠੰਢ ਠੰਢ ਜੋ ਕਰਦੇ ਰਹਿੰਦੇ,
ਉਹ ਕਹਿੰਦੇ ਸੱਦਾ ਠੰਢ ਨੂੰ ਦਿੰਦੇ।
ਠੰਢ ਤੋਂ ਡਰਨ ਦੀ ਲੋੜ ਨਾ ਕੋਈ,
ਸੱਚ ਸਿਆਣੇ ਕਹਿੰਦੇ।
ਹਿੰਮਤ ਵਾਲੇ ਤਾਂ
ਮਜਾ ਠੰਢ ਦਾ ਲੈਂਦੇ
ਹਿੰਮਤ ਵਾਲੇ ਤਾਂ.......।
ਮੇਜਰ ਸਿੰਘ 'ਬੁਢਲਾਡਾ'
94176 42327
'ਸਿੱਖ ਇਤਿਹਾਸ ਵਿੱਚ ਮੁਸਲਮਾਨ ਬੀਬੀ 'ਮੁਮਤਾਜ' 'ਤੇ ਇਸਦੇ ਪਿਤਾ 'ਨਹਿੰਗ ਖਾਨ' ਦੀ ਕੁਰਬਾਨੀ' - ਮੇਜਰ ਸਿੰਘ 'ਬੁਢਲਾਡਾ'
ਸਿੱਖ ਇਤਿਹਾਸ ਇਕ ਤੋਂ ਵਧਕੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹਨਾਂ ਕੁਰਬਾਨੀਆਂ ਵਿਚ ਇਕ ਜਿਕਰ ਮੁਸਲਮਾਨ ਬੀਬੀ 'ਮੁਮਤਾਜ'ਜੀ ਅਤੇ ਇਸਦੇ ਪਿਤਾ ਨਹਿੰਗ ਖਾਨ ਜੀ ਕੁਰਬਾਨੀ ਦਾ ਵੀ ਆਉਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ, ਜਦੋਂ ਸਰਸਾ ਨਦੀ ਪਾਰ ਕਰਕੇ ਆਪਣੇ ਪਿਆਰੇ ਇਕ ਰਿਆਸਤ ਦੇ ਮੁੱਖੀ 'ਕੋਟਲਾ ਨਿਹੰਗ ਖਾਨ' ਦੇ ਘਰ ਸ਼ਾਮ ਦੇ ਵਕਤ ਕੁਝ ਸਮੇਂ ਲਈ ਰੁਕੇ, ਤਾਂ ਇਥੇ ਗੁਰੂ ਜੀ ਨੂੰ ਖਬਰ ਮਿਲੀ, ਕਿ 'ਮਲਕਪੁਰ ਰੰਗੜਾ' ਦੇ ਸਥਾਨ ਤੇ ਦੁਸ਼ਮਣਾਂ ਵਲੋਂ ਲੋਹਗੜ੍ਹ ਦਾ ਕਿਲਾ ਤੋੜਣ ਲਈ ਭੇਜੇ ਗਏ ਸ਼ਰਾਬੀ ਹਾਥੀ ਨੂੰ ਇਕ ਨਾਗਣੀ ਨਾਲ ਹਰਾਉਣ ਵਾਲਾ ਸੂਰਬੀਰ ਯੋਧਾ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ,ਦੁਸ਼ਮਣਾਂ ਦੀ ਬੇਹੱਦ ਵੱਡੀ ਫੌਜ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਏ ਹਨ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਅਜੀਤ ਸਿੰਘ ਨੂੰ ਹੁਕਮ ਕੀਤਾ, ਕਿ "ਭਾਈ ਬਚਿੱਤਰ ਸਿੰਘ ਨੂੰ ਜਲਦੀ ਇਥੇ ਲੈਕੇ ਆਓ । ਜਿਸਨੂੰ ਸਹਿਬਜਾਦੇ ਅਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਾਕੇ ਭਾਈ ਬਚਿੱਤਰ ਸਿੰਘ ਨੂੰ ਚੁੱਕਕੇ 'ਨਹਿੰਗ ਖਾਨ' ਦੇ ਘਰ ਲਿਆਂਦਾ ਗਿਆ , ਲੋੜ ਤੋਂ ਵੱਧ ਜਖ਼ਮੀ ਮਰਨ ਦੇ ਕਿਨਾਰੇ ਪਿਆ ਭਾਈ ਬਚਿੱਤਰ ਸਿੰਘ ਨੂੰ ਸੇਵਾ ਸੰਭਾਲ ਲਈ ਆਪਣੇ ਮੁਰੀਦ 'ਨਹਿੰਗ ਖਾਨ' ਦੇ ਹਵਾਲੇ ਕਰਕੇ ,ਗੁਰੂ ਜੀ ਸਿੰਘਾਂ ਸਮੇਤ ਉਥੋਂ ਚਮਕੌਰ ਨੂੰ ਚਲੇ ਗਏ।
ਕਿਸੇ ਨੇ ਰੋਪੜ ਇਲਾਕੇ ਦੇ ਨਵਾਬ ਜਾਫਰ ਅਲੀ ਖਾਨ ਨੂੰ ਖ਼ਬਰ ਦੇ ਦਿੱਤੀ ਕਿ ਨਹਿੰਗ ਖਾਨ ਦੇ ਘਰ ਗੋਬਿੰਦ ਸਿੰਘ 'ਤੇ ਉਹਦੇ ਸਿੰਘ ਆਏ ਹੋਏ ਨੇ। "
ਨਹਿੰਗ ਖਾਨ ਨੂੰ ਜਦ ਇਸ ਗੱਲ ਦਾ ਪਤਾ ਲੱਗਾ ,ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਯੋਧੇ ਨੂੰ ਬਚਾਉਣ ਲਈ ਇਕ ਸਕੀਮ ਬਣਾਈ ਅਤੇ ਆਪਣੀ ਬੇਟੀ 'ਮੁਮਤਾਜ' ਨੂੰ ਬਚਿੱਤਰ ਸਿੰਘ ਦੇ ਕਮਰੇ ਵਿੱਚ ਉਸ ਦੀ ਸੇਵਾ ਸੰਭਾਲ ਲਈ ਭੇਜਿਆ ਗਿਆ। ਨਵਾਬ 'ਜਾਫਰ ਅਲੀਖਾਨ' ਨੇ ਆਪਣੀ ਫੌਜ ਨੂੰ ਨਾਲ ਲੈਕੇ ਨਹਿੰਗ ਖਾਨ ਦੇ ਕਿਲੇ ਦੀ ਤਲਾਸ਼ੀ ਲਈ, ਕੋਈ ਸਿੰਘ ਨਾ ਮਿਲਿਆ, ਜਦ ਇਕ ਸਪੈਸ਼ਲ ਬੰਦ ਪਏ ਕਮਰੇ ਵਾਰੇ ਪੁੱਛਿਆ ਗਿਆ, ਤਾਂ ਨਹਿੰਗ ਖਾਨ ਨੇ ਬਣਾਈ ਗਈ ਸਕੀਮ ਅਨੁਸਾਰ ਨਵਾਬ ਨੂੰ ਦੱਸਿਆ ਗਿਆ ਕਿ "ਇਸ ਕਮਰੇ ਅੰਦਰ ਮੇਰੀ ਧੀ ਅਤੇ ਉਹਦਾ ਪਤੀ ਰਹਿ ਰਹੇ ਹਨ, ਜੇ ਜਰੂਰੀ ਹੈ, ਦਰਵਾਜਾ ਖੁਲਵਾਕੇ ਵੇਖ ਸਕਦੇ ਹੋ। "
ਨਵਾਬ ਜਾਫਰ ਆਲੀ ਖਾਨ ਨੇ ਨਹਿੰਗ ਖਾਨ ਦਾ ਯਕੀਨ ਕਰਦੇ ਹੋਏ, ਇਹ ਕਮਰਾ ਬਿਨਾਂ ਵੇਖੇ ਅਤੇ ਖਿਮਾ ਮੰਗਕੇ ਚਲਾ ਗਿਆ। ਜਿਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ 7-8 ਪੋਹ ਵਿਚਕਾਰਲੀ ਰਾਤ ਦਸੰਬਰ 1705 ਨੂੰ ਇਹ ਸੂਰਬੀਰ ਭਾਈ ਬਚਿੱਤਰ ਸਿੰਘ ਜੀ, ਸਦਾ ਲਈ ਇਸ ਦੁਨੀਆਂ ਤੋਂ ਚਲਾ ਗਿਆ।
ਨਹਿੰਗ ਖਾਨ ਦੀ ਇਸ ਲੜਕੀ 'ਮੁਮਤਾਜ' ਦਾ ਰਿਸਤਾ ਇਸ ਦੀ ਭੂਆ ਬੀਬੀ 'ਉਮਰੀ' (ਜੋ ਕਿ 'ਗਨੀ ਖਾਂ, ਨਬੀ ਖਾਂ ਦੀ ਮਾਤਾ ਸੀ,ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਕੇ ਲੈਕੇ ਆਏ ਸੀ।) ਨੇ ਬੱਸੀ ਪਠਾਣਾਂ ਨੇੜੇ 'ਜਵਾਰਖਾਨ' ਨਾਲ ਕਰਵਾਇਆ ਹੋਇਆ ਸੀ।
ਜਦ ਸਮਾਂ ਆਉਣ ਤੇ ਬੀਬੀ ਮੁਮਤਾਜ ਨਾਲ,ਪਿਤਾ ਨਹਿੰਗ ਖਾਨ ਨੇ ਨਿਕਾਹ ਦੀ ਗੱਲ ਤੋਰੀ, ਤਾਂ ਬੀਬੀ ਮੁਮਤਾਜ ਨੇ ਕਿਹਾ "ਅੱਬਾ ਜਾਨ,ਕਿਹਦੇ ਨਿਕਾਹ ਦੀ ਗੱਲ ਕਰਦੇ ਹੋਏ? ਮੁਸਲਮਾਨ ਬੱਚੀ ਕੀ ਦੋ ਵਾਰ ਨਿਕਾਹ ਕਰ ਸਕਦੀ ਆ? ਪਿਤਾ ਨੇ ਕਿਹਾ "ਮੁਮਤਾਜ ਕੀ ਕਹੀ ਜਾਂਦੀ ਆਂ ਤੂੰ? "
ਮੁਮਤਾਜ ਨੇ ਕਿਹਾ "ਅੱਬਾ ਜਾਨ, ਭੁੱਲ ਗਿਆ ਤੂੰ, ਨਵਾਬ ਜਾਫਰ ਅਲੀ ਖਾਂ ਨੂੰ ਤੂੰ ਕੀ ਕਿਹਾ ਸੀ? ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਉਹਦਾ ਖਾਵੰਦ (ਪਤੀ) ਅੰਦਰ ਹਨ! ਤੂੰ ਬਚਿੱਤਰ ਸਿੰਘ ਨੂੰ ਮੇਰਾ ਪਤੀ ਬਣਾਇਆ ਸੀ ਕਿ ਨਹੀਂ ? ਬੱਸ ਮੈਂ ਤਾਂ ਉਸੇ ਦਿਨ ਹੀ ਸਮਝ ਲਿਆ ਸੀ, ਕਿ ਬਚਿੱਤਰ ਸਿੰਘ ਨਾਲ ਮੇਰਾ ਨਿਕਾਹ ਹੋ ਗਿਆ, ਇਕ ਸ਼ਹੀਦ ਦੀ ਪਤਨੀ ਦੂਜੀ ਵਾਰ ਸ਼ਾਦੀ ਕਰਕੇ,ਸ਼ਹੀਦੀ ਨੂੰ ਕਲੰਕਿਤ ਨਹੀਂ ਕਰ ਸਕਦੀ। ਇਸ ਲਈ ਹੁਣ ਮੈਂ ਹੋਰ ਵਿਆਹ ਨਹੀਂ ਕਰਵਾ ਸਕਦੀ।" ਸਾਰੇ ਰਿਸਤੇਦਾਰਾਂ ਦੇ ਸਮਝਾਉਣ ਦੇ ਬਾਵਜੂਦ ਬੀਬੀ ਮੁਮਤਾਜ ਆਪਣੀ ਗੱਲ ਤੇ ਕਾਇਮ ਰਹਿੰਦੇ ਹੋਏ ਮੁੜਕੇ ਵਿਆਹ ਨਹੀਂ ਕਰਵਾਇਆ। ਕਿਲੇ ਅੰਦਰ ਜਿਸ ਥਾਂ ਤੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ, ਉਸ ਥਾਂ ਤੇ ਧੂਫ ਬੱਤੀ ਕਰਕੇ ਸੱਜਦਾ ਕਰਦੀ, ਅੱਲਾ ਦਾ ਭਾਣਾ ਮੰਨਕੇ ਆਪਣੀ ਸਾਰੀ ਜਿੰਦਗੀ ਗੁਜਰ ਦਿੱਤੀ । ਜਿਸ ਕਰਕੇ ਬੀਬੀ ਮੁਮਤਾਜ ਦੇ ਨਾਮ ਤੇ ਇਥੇ ਵਿਸ਼ੇਸ਼ ਅਸਥਾਨ ਬਣਾਇਆ ਗਿਆ ਹੈ। ਜਿੰਨ੍ਹਾਂ ਚਿਰ ਇਤਿਹਾਸ ਕਾਇਮ ਹੈ, ਬੀਬੀ ਮੁਮਤਾਜ ਅਤੇ ਪਿਤਾ ਨਹਿੰਗ ਖਾਨ ਜੀ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਰਹੇਗਾ, ਅਤੇ ਇਹਨਾਂ ਦੀ ਕੁਰਬਾਨੀ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਅਤੇ ਕੁਰਬਾਨੀਆਂ ਕਰਨ ਵਾਲਿਆਂ ਨੂੰ ਸਦਾ ਸਿਜਦਾ ਹੁੰਦਾ ਰਹੇਗਾ।
ਮੇਜਰ ਸਿੰਘ 'ਬੁਢਲਾਡਾ'
94176 42327
'ਨੀਚ ਕਹੇ ਜਾਂਦੇ ਲੋਕਾਂ ਦਾ ਬਣਿਆ ਸਾਥੀ' - ਮੇਜਰ ਸਿੰਘ 'ਬੁਢਲਾਡਾ'
ਜਨਾਊ ਪਾਉਣ ਤੋਂ ਇਨਕਾਰ ਕਰਕੇ,
ਝੰਡਾ ਬਗਾਵਤ ਦਾ ਗੁਰੂ ਨੇ ਗੱਡਿਆ ਸੀ।
ਇਕ ਪ੍ਰਮਾਤਮਾ ਦਾ ਲੜ ਫੜਿਆ,
ਪ੍ਰਚਲਤ ਰੱਬਾਂ ਦਾ ਖਹਿੜਾ ਛੱਡਿਆ ਸੀ।
ਬਿੱਪਰਵਾਦ ਵਿਰੁੱਧ ਖੁੱਲਕੇ ਪ੍ਰਚਾਰ ਕੀਤਾ,
ਪਖੰਡ ਨੰਗਾ ਕੀਤਾ ਜਿਹੜਾ ਕੱਜਿਆ ਸੀ।
ਨੀਚ ਕਹੇ ਜਾਂਦੇ ਲੋਕਾਂ ਦਾ ਬਣਿਆ ਸਾਥੀ,
ਨਾਨਕ 'ਮਲਕ ਭਾਗੋਆਂ' ਵੱਲ ਨਾ ਭੱਜਿਆ ਸੀ।
ਮੇਜਰ ਸੱਚ ਕਹਿਣ ਵਲੋਂ ਨਾ ਕਦੇ ਟਲਿਆ,
'ਬਾਬਰ' ਨੂੰ ਜਾਬਰ ਕਹਿ ਗੱਜਿਆ ਸੀ।
ਮੇਜਰ ਸਿੰਘ 'ਬੁਢਲਾਡਾ'
94176 42337
25 Nov. 2018
'ਦਿੱਲੀ ਵਾਲਿਆਂ ਦੀ 'ਆਪ' ਜੁਆਇਨ ਕਰਕੇ' - ਮੇਜਰ ਸਿੰਘ 'ਬੁਢਲਾਡਾ'
ਦਿੱਲੀ ਵਾਲਿਆਂ ਦੀ 'ਆਪ' ਜੁਆਇਨ ਕਰਕੇ,
ਡੌਰੂ ਖੁਦਮੁਖਤਿਆਰੀ ਦਾ ਪਿਛੋਂ ਬਜਾਉਣ ਲੱਗ ਪਏ ।
ਅਹੁਦਾ 'ਖਹਿਰੇ' ਦਾ ਖੁੱਸਣ ਤੇ ਅੱਡ ਰਾਹ ਤੁਰ ਪਏ,
ਪਾਰਟੀ ਤਾਈਂ ਅੱਖਾਂ ਦਿਖਾਉਣ ਲੱਗ ਪਏ ।
ਮਿਹਨਤ ਨਾਲ ਬਣਾਇਆ ਸੀ ਘਰ ਜਿਹੜਾ,
ਪੱਟੂ ਉਸੇ ਨੂੰ ਆਪੇ ਢਾਉਣ ਲੱਗ ਪਏ ।
ਮੇਜਰ ਬੇਸਬਰੇ ਦੋ ਸਾਲ ਵੀ ਨਾ ਕੱਟ ਸਕੇ,
ਕੁਹਾੜਾ ਵਰਕਰਾਂ ਦੀਆਂ ਆਸਾਂ ਤੇ ਚਲਾਉਣ ਲੱਗ ਪਏ।
*******************
ਮੇਜਰ ਸਿੰਘ 'ਬੁਢਲਾਡਾ'
94176 42327
'ਜੋ ਮਿਸ਼ਨ ਨੂੰ ਲੈਕੇ - ਮੇਜਰ ਸਿੰਘ 'ਬੁਢਲਾਡਾ '
ਜੋ ਮਿਸ਼ਨ ਨੂੰ ਲੈਕੇ ਇਨਸਾਨ ਤੁਰਦੇ,
ਸੰਘਰਸ਼ ਕਰਦੇ ਬਹਾਨੇ ਟ੍ਹੋਲਦੇ ਨਾ।
ਮੁਸੀਬਤਾਂ ਵਿਚ ਨਾ ਕਦੇ ਨਿਰਾਸ਼ ਹੁੰਦੇ,
ਹੌਂਸਲੇ ਬੁਲੰਦ ਰਹਿੰਦੇ ਕਦੇ ਡੋਲਦੇ ਨਾ।
ਲੋਕ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੰਦੇ ,
ਨਿੱਜੀ ਹਿੱਤਾਂ ਨੂੰ ਕਦੇ ਵੀ ਗੌਲਦੇ ਨਾ।
ਹੱਕ-ਸੱਚ ਦੀ ਸਦਾ ਗੱਲ ਕਰਦੇ,
ਮੇਜਰ 'ਸੂਰੇ' ਕਦੇ ਕੁਫ਼ਰ ਤੋਲਦੇ ਨਾ।
ਮੇਜਰ ਸਿੰਘ 'ਬੁਢਲਾਡਾ '
94176 42327
16 Oct. 2018