ਜਾਰਜ ਕਾਰਲਿਨ - ਨਿਰਮਲ ਸਿੰਘ ਕੰਧਾਲਵੀ
ਉੱਚੀਆਂ ਅਟਾਰੀਆਂ, ਤੰਗ ਮਿਜਾਜ਼
ਖੁੱਲ੍ਹੀਆਂ ਸੜਕਾਂ, ਸੌੜੀ ਦ੍ਰਿਸ਼ਟੀ
ਖੁੱਲ੍ਹੇ ਖ਼ਰਚੇ, ਜੇਬਾਂ ਤੰਗ
ਵੱਡੇ ਘਰ, ਛੋਟੇ ਪਰਵਾਰ
ਵਧੇਰੇ ਸਹੂਲਤਾਂ, ਸੀਮਤ ਸਮਾਂ
ਵੱਡੀਆਂ ਡਿਗਰੀਆਂ, ਥੋੜ੍ਹੀ ਅਕਲ
ਗਿਆਨ ਵਧੇਰੇ, ਨਿਰਣਾ ਘੱਟ
ਮਾਹਰ ਵਧੇਰੇ, ਮੁਸ਼ਕਿਲਾਂ ਵਧੇਰੇ
ਵਧੇਰੇ ਇਲਾਜ, ਤੰਦਰੁਸਤੀ ਘੱਟ
ਖ਼ਰਚ ਬੇਲੋੜੇ, ਬਰਬਾਦੀ ਵਧੇਰੇ
ਤੇਜ਼ ਰਫ਼ਤਾਰੀ, ਗੁੱਸਾ ਨੱਕ 'ਤੇ
ਉੱਲੂ ਜਗਰਾਤਾ, ਥਕਾਵਟ ਸਵੇਰੇ
ਕਿਤਾਬ ਓਪਰੀ, ਟੀ.ਵੀ.ਪਿਆਰਾ
ਅਖਾਉਤੀ ਦਾਨੀ, ਪ੍ਰਹੇਜ਼ ਪ੍ਰਾਰਥਨਾ ਤੋਂ
ਅਣਗਿਣਤ ਵਸਤਾਂ, ਹੀਣੀਆਂ ਕਦਰਾਂ
ਬਹੁਤ ਬੜਬੋਲੇ, ਕੰਨਾਂ ਤੋਂ ਬੋਲ਼ੇ
ਪ੍ਰੀਤਾਂ ਤੋਂ ਸੱਖਣੇ, ਵਪਾਰੀ ਨਫ਼ਰਤਾਂ ਦੇ
ਰੋਟੀ ਕਮਾਉਂਦੇ, ਜੀਵਨ ਗੁਆਉਂਦੇ
ਉਮਰ ਵਧਾਈ, ਜੀਵਨ ਘਟਾਇਆ
ਗ੍ਰਹਿਆਂ 'ਤੇ ਨਿਸ਼ਾਨਾ, ਗੁਆਂਢੀ ਬਿਗਾਨਾ
ਸਪੇਸ ਦੇ ਜੇਤੂ, ਮੁਰਦਾ ਆਤਮਾਵਾਂ
ਵੱਡੀਆਂ ਮੱਲਾਂ, ਘਟੀਆ ਮਾਲ
ਹਵਾ ਸ਼ੁੱਧ ਕਰਦੇ, ਆਤਮਾਵਾਂ ਪ੍ਰਦੂਸ਼ਿਤ
ਐਟਮ 'ਤੇ ਜਿੱਤ, ਹੰਕਾਰ ਤੋਂ ਹਾਰ
ਕੀਤੇ ਕਾਗ਼ਜ਼ ਕਾਲ਼ੇ, ਸਿੱਖਿਆ ਘੱਟ
ਸਕੀਮਾਂ ਵਧੇਰੇ, ਨਿਬੇੜਾ ਘੱਟ
ਤੇਜ਼ ਰਫ਼ਤਾਰੀ, ਉਡੀਕ ਭਾਰੀ
ਸਾਧਨ ਵਧੇਰੇ, ਰਾਬਤਾ ਘੱਟ
ਫ਼ਾਸਟ ਫ਼ੂਡ, ਹਾਜ਼ਮੇ ਖ਼ਰਾਬ
ਵੱਡੇ ਆਦਮੀ, ਛੋਟੇ ਕਿਰਦਾਰ
ਵੱਧ ਮੁਨਾਫ਼ੇ, ਰਿਸ਼ਤੇ ਮਨਫ਼ੀ
ਡਬਲ ਤਨਖ਼ਾਹਾਂ, ਵਧੇਰੇ ਤਲਾਕ
ਸਜਾਵਟੀ ਮਕਾਨ, ਟੁੱਟੇ ਘਰ
ਸ਼ੋਅ-ਰੂਮ ਭਰਪੂਰ, ਸਟਾਕ-ਰੂਮ ਖ਼ਾਲੀ
ਨਾਲ ਪਿਆਰੇ ਬੈਠ ਤੂੰ ਜੁੜ ਕੇ
ਸਮਾਂ ਕਦੇ ਨਾ ਆਵੇ ਮੁੜ ਕੇ
ਦਰ ਆਏ ਨੂੰ ਮਿੱਠਾ ਬੋਲ
ਇਹਨੇ ਬੈਠ ਨਹੀਂ ਰਹਿਣਾ ਤੇਰੇ ਕੋਲ਼
ਪਾ ਸੱਜਣਾਂ ਨੂੰ ਗਲਵੱਕੜੀ
ਦਾਤ ਤੇਰੇ ਕੋਲ਼ ਇਹ ਤਕੜੀ
ਕਿਸੇ ਦੁਖੀ ਨੂੰ ਗਲ਼ ਨਾਲ਼ ਲਾਵੀਂ
ਦੁਖ ਦਰਦ ਤੂੰ ਉਸਦਾ ਗਵਾਵੀਂ
ਹੱਥ ਫ਼ੜ ਲੈ ਮਿੱਤਰ ਪਿਆਰੇ ਦਾ
ਨਹੀਂ ਵਿਸਾਹ ਕੋਈ ਸਾਹ ਉਧਾਰੇ ਦਾ
ਪਿਆਰ ਨੂੰ ਪਨਪਣ ਦੇ,
ਬੁੱਲ੍ਹਾਂ ਨੂੰ ਫ਼ਰਕਣ ਦੇ
ਮਨ ਫ਼ੁੱਟਣ ਜੋ ਅਮੁੱਲ ਵਿਚਾਰ,
ਕਰ ਸਾਂਝੇ ਤੂੰ ਸਭ ਦੇ ਨਾਲ਼
ਅੰਤਿਕਾ:-
ਅਨੁਵਾਦਕ:- ਨਿਰਮਲ ਸਿੰਘ ਕੰਧਾਲਵੀ
3 Dec. 2016
ਕਾਮਧੇਨ ਗਊਆਂ - ਨਿਰਮਲ ਸਿੰਘ ਕੰਧਾਲਵੀ
ਫ਼ਸ ਗਿਆ ਇਕ ਸਾਧ ਕੋਲ ਮੈਂ, ਫ਼ਸ ਤੁਸੀਂ ਨਾ ਜਾਇਓ।
ਬੂਬਨੇ ਜਾਲ਼ ਵਿਛਾਈ ਬੈਠੇ, ਨਾ ਮੂੰਹ ਏਹਨਾਂ ਨੂੰ ਲਾਇਓ।
ਅਦਾਲਤ ਵਿਚ ਸੀ ਕੇਸ ਮਿਰਾ, ਮੈਂ ਪ੍ਰੇਸ਼ਾਨ ਸੀ ਹੋਇਆ।
ਗੱਲ ਸੁਣ ਕੇ ਇਕ ਬੰਦੇ ਦੀ, ਮੈਨੂੰ ਕੁਝ ਧਰਵਾਸਾ ਹੋਇਆ।
ਬੰਦਾ ਕਹਿੰਦਾ ਬਾਬਾ ਹੈ ਇਕ, ਹੈ ਬੜਾ ਹੀ ਕਰਨੀ ਵਾਲ਼ਾ।
ਕੇਸ ਜਿਤਾ ਦਊ ਤੈਨੂੰ ਕੋਰਟ ਵਿਚੋਂ, ਫੇਰ ਕੇ ਪੁੱਠੀ ਮਾਲ਼ਾ।
ਇਕ ਦਿਨ ਲੈ ਗਿਆ ਮੈਨੂੰ ਡੇਰੇ, ਬਾਬੇ ਨੂੰ ਮੁਸ਼ਕਿਲ ਦੱਸੀ।
ਤੁਕ ਤੁਕ ਵਾਲ਼ੇ ਪਾਠ ਦੀ ਬਾਬੇ, ਗਲ਼ ਪਾ 'ਤੀ ਮੇਰੇ ਰੱਸੀ।
ਇਕੱਤੀ ਹਜ਼ਾਰ ਪਾਠ ਦੀ ਪੂਜਾ, ਹੋਰ ਵਾਧੂ ਉੱਤੋਂ ਖ਼ਰਚਾ।
ਰੱਖਣੀ ਗੱਲ ਲੁਕੋ ਕੇ ਭਗਤਾ, ਕਰਨੀ ਨਹੀਂ ਕੋਈ ਚਰਚਾ।
ਕੇਸ ਜਿੱਤਣ ਦੇ ਲਾਲਚ ਵਿਚ, ਮੰਨ ਲਿਆ ਉਹਦਾ ਕਹਿਣਾ।
ਬਾਬਾ ਕਹਿੰਦਾ ਗੁਪਤ ਪਾਠ ਹੈ, ਪਾਠ ਦੇ ਕੋਲ਼ ਨਹੀਂ ਬਹਿਣਾ।
ਬਾਬੇ ਤਾਈਂ ਰਕਮ ਫੜਾ ਕੇ, ਘਰ ਆ ਗਏ ਚੁੱਪ ਕਰ ਕੇ।
ਗਿਣੀਏ ਦਿਨ ਫ਼ੈਸਲੇ ਵਾਲਾ, ਅਸੀਂ ਸਭ ਕੁਝ ਹੋਰ ਭੁਲਾ ਕੇ।
ਠੁੱਸ ਹੋਈ ਬਾਬੇ ਦੀ ਸ਼ਕਤੀ, ਉਲ਼ਟਾ ਕੇਸ ਹੋ ਗਿਆ ਮੇਰਾ।
ਪੈ ਗਿਆ ਕੋਰਟ ਖ਼ਰਚ ਵੀ ਮੈਨੂੰ, ਉੱਤੋਂ ਖਾ ਗਿਆ ਮੈਨੂੰ ਡੇਰਾ।
ਬਾਬੇ ਨੂੰ ਜਦ ਫੋਨ ਘੁੰਮਾਵਾਂ, ਉਹਦਾ ਫੋਨ ਚੁੱਕੇ ਕੋਈ ਚੇਲਾ।
ਬਾਬਾ ਜੀ ਨੇ ਭਗਤੀ ਕਰਦੇ, ਜਾਂ ਕਹੇ ਆਰਾਮ ਦਾ ਵੇਲਾ।
ਮੈਂ ਬੁੱਝ ਲਈ ਗੱਲ ਸਾਰੀ, ਲੰਘਿਆ ਵੇਲਾ ਹੱਥ ਨਾ ਆਵੇ।
ਹੱਥਾਂ 'ਤੇ ਹੁਣ ਵੱਢਾਂ ਦੰਦੀਆਂ, ਮਨ ਵਾਰ ਵਾਰ ਪਛਤਾਵੇ।
'ਵਿਚੋਲੇ' ਤਾਈਂ ਗੱਲ ਦੱਸੀ, ਉਹ ਕਿਰਲੇ ਵਾਂਗੂੰ ਤਣਿਆਂ।
ਤੂੰ ਨਹੀਂ ਰੱਖੀ ਸ਼ਰਧਾ ਪੂਰੀ, ਕੰਮ ਤਾਹੀਂਓਂ ਨਾਹੀਂ ਬਣਿਆਂ।
ਮੈਂ ਕਿਹਾ ਚਲ ਬਾਬੇ ਨੂੰ ਪੁੱਛੀਏ, ਉਸ ਗੱਲ ਸੁਣੀ ਨਾ ਮੇਰੀ।
ਬਾਬਾ ਜੀ ਨੇ ਕਸਰ ਨਹੀਂ ਛੱਡੀ, ਸੀ ਮਾੜੀ ਕਿਸਮਤ ਤੇਰੀ।
ਇਕ ਦਿਨ ਦੋ ਤਿੰਨ ਬੰਦੇ ਲੈ ਕੇ, ਮੈਂ ਪਹੁੰਚਿਆ ਸਾਧ ਦੇ ਡੇਰੇ।
ਗਲ਼ ਪੈ ਗਏ ਉੱਥੇ ਸਾਧ ਦੇ ਗੁੰਡੇ, ਉਹਨੀਂ ਮੋਢੇ ਸੇਕ 'ਤੇ ਮੇਰੇ।
ਰਪਟ ਲਿਖੌਣ ਗਏ ਅਸੀਂ ਥਾਣੇ, ਕਿਸੇ ਗੱਲ ਸੁਣੀ ਨਾ ਸਾਡੀ।
ਓਏ ਬਾਬਾ ਜੀ ਨੂੰ ਝੂਠਾ ਆਖੋਂ, ਕੰਜਰੋ ਲਾਹੀਏ ਖੱਲ ਤੁਹਾਡੀ?
ਥਾਣੇਦਾਰ ਕਿਹਾ ਭੱਜ ਜਾਉ, ਨਹੀਂ ਕਰ ਦਊਂ ਸਭ ਨੂੰ ਅੰਦਰ।
ਟੈਮ ਸਰਕਾਰੀ ਖ਼ਰਾਬ ਕਰਨ ਲਈ, ਆ ਜਾਂਦੇ ਕਿੱਥੋਂ ਪਤੰਦਰ।
ਚੋਣਾਂ ਵੇਲੇ ਬਣਦੇ ਇਹ ਬਾਬੇ, ਕਾਮਧੇਨ ਗਊਆਂ ਸਰਕਾਰ ਦੀਆਂ।
ਲਿਖ ਕੇ ਰਪਟ ਤੁਹਾਡੀ, ਜੁੱਤੀਆਂ ਕਿਉਂ ਖਾਵਾਂ ਜਥੇਦਾਰ ਦੀਆਂ।
ਨਿਰਮਲ ਸਿੰਘ ਕੰਧਾਲਵੀ
07 Oct. 2016
ਜੱਟ ਪੰਡਤ - ਨਿਰਮਲ ਸਿੰਘ ਕੰਧਾਲਵੀ
ਭਾਵੇਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਜੇ ਚਾਰ ਪੰਜ ਮਹੀਨੇ ਪਏ ਹਨ ਪਰ ਪੰਜਾਬ ਦਾ ਚੋਣ ਮੈਦਾਨ ਹੁਣ ਤੋਂ ਹੀ ਪੂਰੇ ਜਲੌਅ ਵਿਚ ਆ ਗਿਆ ਹੈ ਵਿਸ਼ੇਸ਼ ਕਰਕੇ ਇਕ ਦੂਜੇ ਦੇ ਵਿਰੁੱਧ ਇਲਜ਼ਾਮਤਰਾਸ਼ੀਆਂ ਦਾ ਦੌਰ ਪੂਰੇ ਜੋਬਨ 'ਤੇ ਹੈ।ਮੌਜੂਦਾ ਸਰਕਾਰ ਦੇ ਸੁਪਰੀਮੋ ਸੰਗਤ ਦਰਸ਼ਨ ਦੇ ਨਾਂ 'ਤੇ ਗਰਾਂਟਾਂ ਦੇ ਗੱਫੇ ਵੰਡ ਰਹੇ ਹਨ ਤੇ 50 ਵੈਨਾਂ ਦਾ ਇਕ ਫਲੀਟ ਸਰਕਾਰ ਦੇ ਮਸਖਰੇ ਮਹਿਕਮੇ ( ਪਬਲਿਕ ਰੀਲੇਸ਼ਨਜ਼) ਰਾਹੀਂ ਵਿਕਾਸ ਦੇ ਸੋਹਿਲੇ ਗਾ ਰਿਹਾ ਹੈ।ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਉਭਾਰ ਕੇ ਇਕੱਠ ਕਰਨ ਵਾਸਤੇ ਫ਼ਿਲਮ 'ਚਾਰ ਸਾਹਿਬਜ਼ਾਦੇ' ਦਿਖਾਈ ਜਾ ਰਹੀ ਹੈ।ਰਾਤੋ-ਰਾਤ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਪਰ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੀ ਪੋਲ ਉਸ ਵੇਲੇ ਖੁੱਲ੍ਹ ਜਾਂਦੀ ਹੈ ਜਦੋਂ ਮੀਂਹ ਪਏ 'ਤੇ ਪਿੰਡਾਂ ਦੀਆਂ ਗਲੀਆਂ 'ਚ ਕਿਸ਼ਤੀਆਂ ਚੱਲਣ ਵਾਲੀਆਂ ਹੋ ਜਾਂਦੀਆਂ ਹਨ।ਜਿਹੜਾ ਦੇਸ਼ ਸੱਤਰ ਸਾਲਾਂ 'ਚ ਆਪਣੇ ਪਿੰਡਾਂ ਵਿਚ ਗਲੀਆਂ ਨਾਲ਼ੀਆਂ ਨਹੀਂ ਬਣਾ ਕੇ ਦੇ ਸਕਿਆ ਉਸ ਵਲੋਂ ਵਿਕਾਸ ਦਾ ਢੰਡੋਰਾ ਪਿੱਟਣਾ ਕਿੱਥੇ ਕੁ ਤੱਕ ਜਾਇਜ਼ ਹੈ? ਇਹ ਸਵਾਲ ਅੱਜ ਹਰ ਇਕ ਦੀ ਜ਼ੁਬਾਨ 'ਤੇ ਹੈ।
ਅਕਾਲੀ -ਭਾਜਪਾ ਸਰਕਾਰ ਦੇ ਵਿਕਾਸ ਦੀ ਪੋਲ ਭਗਵੰਤ ਮਾਨ ਆਪਣੇ ਸ਼ਾਬਦਿਕ ਅਣਿਆਲੇ ਤੀਰਾਂ ਰਾਹੀਂ ਖੋਲ੍ਹ ਦਿੰਦਾ ਹੈ ਇਸੇ ਕਰ ਕੇ ਵਿਰੋਧੀ ਪਾਰਟੀਆਂ ਵਿਸ਼ੇਸ਼ ਕਰ ਕੇ ਅਕਾਲੀ ਦਲ ਨੇ ਅੱਜ ਕੱਲ ਭਗਵੰਤ ਮਾਨ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ।ਧੜਾ-ਧੜ ਸ਼ਹਿਰਾਂ ਕਸਬਿਆਂ 'ਚ ਉਹਦੇ ਪੁਤਲੇ ਫੂਕੇ ਜਾ ਰਹੇ ਹਨ। ਪੁਤਲੇ ਫੂਕਣ ਲਈ ਬੰਦੇ ਸਪਲਾਈ ਕਰਨ ਵਾਲ਼ੇ ਠੇਕੇਦਾਰਾਂ ਦੀ ਵੀ ਅੱਜ ਕੱਲ ਚਾਂਦੀ ਹੈ।ਪੁਤਲੇ ਫੂਕ ਕੇ ਵੀ ਅਕਾਲੀਆਂ ਨੂੰ ਸਬਰ ਨਹੀਂ ਆਇਆ ਤਾਂ ਉਹਨਾਂ ਨੇ ਭਗਵੰਤ ਮਾਨ ਦੀ ਮਲੋਟ ਰੈਲੀ 'ਤੇ ਹਮਲਾ ਬੋਲ ਕੇ ਉਹਨਾਂ ਦੇ ਕਈ ਬੰਦੇ ਫੱਟੜ ਕਰ ਦਿੱਤੇ।ਦੱਸਿਆ ਜਾਂਦਾ ਹੈ ਪੁਲਿਸ ਖੜ੍ਹੀ ਤਮਾਸ਼ਾ ਦੇਖਦੀ ਰਹੀ।ਬਈ ਗੋਲੀ ਕੀਹਦੀ ਤੇ ਗਹਿਣੇ ਕੀਹਦੇ! ਕਰੋ ਜੀ ਭਾਰਤ ਦੇ ਲੋਕ ਤੰਤਰ ਦੇ ਦਰਸ਼ਨ! ਗੱਲ ਕੀ, ਕਿ ਜੇ ਮੂੰਹ ਨਾਲ਼ ਜਵਾਬ ਨਹੀਂ ਦੇ ਸਕਦੇ ਤਾਂ ਧੱਕੇਸ਼ਾਹੀ 'ਤੇ ਉੱਤਰ ਆਉ।
ਇਸ ਘਟਨਾ ਤੋਂ ਮੈਨੂੰ ਇਕ ਕਹਾਣੀ ਯਾਦ ਆ ਗਈ ਕਿ ਪੁਰਾਣੇ ਜ਼ਮਾਨੇ ਵਿਚ ਇਕ ਪੰਡਤ ਪਿੰਡ ਪਿੰਡ ਫਿਰ ਕੇ ਸ਼ਾਸ਼ਤਰਾਂ 'ਤੇ ਬਹਿਸ ਕਰਨ ਲਈ ਲੋਕਾਂ ਨੂੰ ਵੰਗਾਰਦਾ ਹੁੰਦਾ ਸੀ।ਬਹੁਤੇ ਲੋਕ ਉਸ ਤੋਂ ਹਾਰ ਮੰਨ ਲੈਂਦੇ ਤੇ ਉਸ ਨੂੰ ਦਾਨ ਦੱਛਣਾ ਦੇ ਕੇ ਖਹਿੜਾ ਛੁਡਾ ਲੈਂਦੇ।ਇਕ ਪਿੰਡ ਦੇ ਲੋਕਾਂ ਨੇ ਸਲਾਹ ਕੀਤੀ ਕਿ ਪੰਡਤ ਨਾਲ ਬਹਿਸ ਕੀਤੀ ਜਾਵੇ ਪਰ ਪਿੰਡ ਦੇ ਮੰਦਰ ਦਾ ਪੰਡਤ ਬਹਿਸ ਲਈ ਤਿਆਰ ਨਾ ਹੋਇਆ।
ਇਕ ਮਚਲਾ ਜਿਹਾ ਜੱਟ ਕਹਿੰਦਾ ਕਿ ਉਹ ਪੰਡਤ ਨਾਲ ਬਹਿਸ ਕਰਨ ਲਈ ਤਿਆਰ ਹੈ।ਉਸ ਨੂੰ ਕਈ ਲੋਕਾਂ ਨੇ ਰੋਕਿਆ ਕਿ ਉਹ ਮੂਰਖ ਨਾ ਬਣੇ, ਕਿੱਥੇ ਵਿਦਵਾਨ ਪੰਡਤ ਤੇ ਕਿੱਥੇ ਉਹ।।ਪਰ ਉਹ ਆਪਣੀ ਗੱਲ 'ਤੇ ਅੜਿਆ ਰਿਹਾ ਤੇ ਉਸ ਨੇ ਪੰਡਿਤ ਨੂੰ ਬਹਿਸ ਕਰਨ ਲਈ ਸੁਨੇਹਾ ਭੇਜ ਦਿੱਤਾ।ਮਿਥੇ ਦਿਨ 'ਤੇ ਪਿੰਡ ਦੇ ਸੱਥ ਵਿਚ ਪੰਡਤਾਂ ਦੇ ਬੈਠਣ ਲਈ ਆਸਣ ਲਗਾ ਦਿੱਤੇ ਗਏ ਅਤੇ ਸਾਰਾ ਪਿੰਡ ਇਕੱਠਾ ਹੋ ਗਿਆ।ਜੱਟ ਨੇ ਸਾਰੀ ਸਕੀਮ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਜੱਟ, ਪੰਡਤ ਦੇ ਭੇਸ ਵਿਚ ਤਿਆਰ ਹੋ ਕੇ ਆਇਆ ਤੇ ਵਿਦਵਾਨ ਪੰਡਤ ਦੇ ਸਾਹਮਣੇ ਆਸਣ 'ਤੇ ਬੈਠ ਗਿਆ।
ਵਿਦਵਾਨ ਪੰਡਤ ਬੋਲਿਆ, " ਪੰਡਤ ਜੀ, ਉਚਰੋ"
ਜੱਟ ਪੰਡਤ ਕਹਿੰਦਾ, " ਉਚਰੋ, ਮੁਚਰੋ, ਢੁਚਰੋ"
ਵਿਦਵਾਨ ਪੰਡਤ ਪੁੱਛਦੈ, " ਪੰਡਤ ਜੀ, ਇਹ ਕੀ?"
ਜੱਟ ਪੰਡਤ ਕਹਿੰਦਾ, " ਏ ਕੀ, ਮੇ ਕੀ, ਢੇ ਕੀ"
ਵਿਦਵਾਨ ਪੰਡਿਤ ਫੇਰ ਪੁੱਛਦੈ, " ਪੰਡਿਤ ਜੀ, ਕਿਹੜਾ ਸ਼ਾਸ਼ਤਰ?"
ਜੱਟ ਪੰਡਤ, " ਆਤਰ, ਬਾਤਰ, ਤਾਤਰ"
ਵਿਦਵਾਨ ਪੰਡਤ ਤਾਂ ਲੱਗ ਪਿਆ ਸਿਰ ਖੁਰਕਣ।ਬੱਸ ਫੇਰ ਕੀ ਸੀ ਜੱਟ ਨੇ ਆਪਣੇ ਬੰਦੇ ਤਾਂ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ।ਉਹਨੀਂ ਜੱਟ ਨੂੰ ਮੋਢਿਆਂ 'ਤੇ ਚੁੱਕ ਲਿਆ ਤੇ ਸ਼ੋਰ ਮਚਾ ਦਿੱਤਾ, "ਸਾਡਾ ਪੰਡਤ ਜਿੱਤ ਗਿਆ, ਸਾਡਾ ਪੰਡਤ ਜਿੱਤ ਗਿਆ" ਢੋਲ ਢਮੱਕਾ ਵੱਜਣ ਲੱਗ ਪਿਆ।ਰੌਲੇ ਗੌਲੇ 'ਚ ਵਿਦਵਾਨ ਪੰਡਤ ਦੀ ਗੱਲ ਕੀਹਨੇ ਸੁਣਨੀ ਸੀ।
ਸੋ ਪਾਠਕੋ, ਇੰਜ ਲਗਦੈ ਕਿ ਹੁਣ ਅਕਾਲੀਆਂ ਨੇ ਜੱਟ ਪੰਡਤ ਵਾਲੇ ਫ਼ਾਰਮੂਲੇ ਵਰਤਣੇ ਐ।
ਨਿਰਮਲ ਸਿੰਘ ਕੰਧਾਲਵੀ
8 Sep. 2016
ਤੂੰ ਬੰਦਾ ਬੜਾ ਕਮਾਲ ਬਾਦਲਾ - ਨਿਰਮਲ ਸਿੰਘ ਕੰਧਾਲਵੀ
ਤੂੰ ਬੰਦਾ ਬੜਾ ਕਮਾਲ ਬਾਦਲਾ
ਤੂੰ ਬੰਦਾ ਬੜਾ ਕਮਾਲ
ਵਿਕਾਸ ਵਿਕਾਸ ਦਾ ਰੌਲ਼ਾ ਪਾ ਕੇ
ਕਰ 'ਤੇ ਮੰਦੜੇ ਹਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਪੰਡ ਕਰਜ਼ੇ ਦੀ ਵਧਦੀ ਜਾਵੇ
ਮੋਦੀ ਤੈਨੂੰ ਠੁੱਠ ਵਿਖਾਵੇ
ਗ਼ੁਲਦਸਤੇ ਤੇਰੇ ਕੰਮ ਨਹੀਂ ਕਰਦੇ
ਬਣਨ ਕੂੜੇ ਦਾ ਮਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਲੋਕਾਂ ਦੀਆਂ ਉਮੀਦਾਂ ਮੁੱਕੀਆਂ
ਫ਼ਸਲਾਂ ਪਾਣੀ ਬਾਝੋਂ ਸੁੱਕੀਆਂ
ਧੱਕੇ ਨਾਲ਼ ਤੂੰ ਠੇਕੇ ਖੋਹਲੇਂ
ਵਗਣ ਦਾਰੂ ਦੇ ਖਾਲ਼ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਡੋਬ 'ਤੀ ਨਸ਼ਿਆਂ ਵਿਚ ਜੁਆਨੀ
ਵੰਡ ਗਰਾਂਟਾਂ ਤੂੰ ਬਣਦੈਂ ਦਾਨੀ
ਲੋਕ ਵਿਚਾਰੇ ਮੂਲ਼ ਨਾ ਸਮਝਣ
ਉਹਨਾਂ ਦਾ ਹੀ ਮਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਸਭ ਪਾਸੇ ਚਿੱਟੇ ਦਾ ਰੌਲ਼ਾ
ਘਾਲਾ-ਮਾਲ਼ਾ, ਰੋਲ਼-ਘਚੋਲਾ
ਲੱਖਾਂ ਦੇਵੋ ਜੌਬਾਂ ਲੈ ਲਉ
ਸੱਤਾਧਾਰੀ ਫਿਰਨ ਦਲਾਲ
ਤੂੰ ਬੰਦਾ ਬੜਾ ਕਮਾਲ ਬਾਦਲਾ....
ਰਾਜ ਨਹੀਂ ਸੇਵਾ ਹੋਕਾ ਲਾਉਨੈਂ
'ਸੇਵਾ' ਕਰ, ਕਿਉਂ ਘਬਰਾਉਨੈਂ?
ਬੰਦੂਕਾਂ ਦੀ ਛਾਂ ਹੇਠਾਂ ਚੱਲੇਂ
ਪੁੱਛਣ ਲੋਕ ਸਵਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਘੇਰਨ ਪੱਤਰਕਾਰ ਜਦ ਤੈਨੂੰ
ਪੁੱਛਣ ਦੋ ਦੋ ਚਾਰ ਜਦ ਤੈਨੂੰ
ਖਚਰੀ ਹਾਸੀ ਹੱਸ ਕੇ ਬਾਬਿਆ
ਤੂੰ ਟਾਲ਼ੇਂ ਖ਼ੂਬ ਸਵਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਖ਼ਤਰੇ ਦੀ ਜਦ ਘੰਟੀ ਵੱਜਦੀ
ਜਦ ਕੁਰਸੀ ਹੈ ਹਿੱਲਦੀ ਲਗਦੀ
ਯਾਦ ਆਉਂਦੈ ਤੈਨੂੰ ਇੱਕੋ ਝੁਰਲੂ
ਪੰਥ ਬਣਾਉਨੈਂ ਢਾਲ਼ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਹੁਣ ਤਾਂ ਸਹੁਰੀ ਕੁਰਸੀ ਛੱਡ ਦੇ
ਮੋਹ ਮਾਇਆ ਦਾ ਫ਼ਸਤਾ ਵੱਢ ਦੇ
ਜੋੜ ਲੈ ਰਾਮ ਨਾਮ ਦੀ ਪੂੰਜੀ
ਜਮ ਕਰਦੇ ਮੰਦੜਾ ਹਾਲ ਬਾਦਲਾ
ਤੂੰ ਬੰਦਾ ਬੜਾ ਕਮਾਲ ਬਾਦਲਾ....
ਨਿਰਮਲ ਸਿੰਘ ਕੰਧਾਲਵੀ
17 July 2016
ਪਿੰਡ ਦੀ ਸੱਥ - ਨਿਰਮਲ ਸਿੰਘ ਕੰਧਾਲਵੀ
ਅੱਜ ਖੁੰਬ ਵਰਗਾ ਦਿਨ ਚੜ੍ਹਿਆ ਸੀ ਤੇ ਏਸੇ ਕਰ ਕੇ ਸਵੇਰੇ ਹੀ ਸੱਥ ਵਿਚ ਕਾਫ਼ੀ ਰੌਣਕ ਸੀ।ਬਸ ਹੁਣ ਕਮੀ ਸੀ ਤਾਂ ਮਾਸਟਰ ਹਕੀਕਤ ਸਿੰਘ ਦੀ ਜਿਸਨੇ ਅਖ਼ਬਾਰ ਪੜ੍ਹਕੇ ਖ਼ਬਰਾਂ ਦਾ ਪਰਸ਼ਾਦ ਵਰਤਾਉਣਾ ਸੀ।ਮਾਸਟਰ ਨੇ ਜਦੋਂ ਦੀ ਸਕੂਟੀ ਲੈ ਲਈ ਸੀ ਇਹਦੀ ਆਵਾਜ਼ ਹੀ ਨਹੀਂ ਸੀ ਆਉਂਦੀ ਸਕੂਟਰ ਦੀ ਭੜੈਂ ਭੜੈਂ ਤਾਂ ਮੀਲ ਤੋਂ ਸੁਣ ਪੈਂਦੀ ਸੀ।
'ਲਓ ਜੀ, ਮਾਹਟਰ ਆ ਗਿਆ ਬਈ' ਲੱਛੂ ਅਮਲੀ ਨੇ ਅੱਖਾਂ 'ਤੇ ਹਥੇਲੀਆਂ ਦਾ ਛੱਪਰ ਬਣਾਉਂਦਿਆਂ ਕਿਹਾ।
'ਆਉ ਜੀ, ਮਾਸਟਰ ਜੀ ਐਧਰ ਬੈਠੋ' ਫੌਜੀ ਕੇਹਰ ਸਿਉਂ ਨੇ ਥੜ੍ਹੇ ਵਲ ਨੂੰ ਇਸ਼ਾਰਾ ਕੀਤਾ।
'ਸੁਣਾਉੇ ਫੇ ਮਾਹਟਰ ਜੀ ਅੱਜ ਦੀਆਂ ਸੁਰਖ਼ੀਆਂ' ਲੰਬੜਾਂ ਦਾ ਫੁੰਮਣ ਸਿੰਘ ਬੋਲਿਆ।
'ਬਸ ਬਈ ਸਤਾਰਾਂ ਦੀਆਂ ਹੋਣ ਵਾਲ਼ੀਆਂ ਚੋਣਾਂ ਦਾ ਈ ਰੌਲੈ ਚਾਰੇ ਪਾਸੇ।ਸਭ ਪਾਰਟੀਆਂ ਲੰਗਰ ਲੰਗੋਟੇ ਕੱਸੀ ਫਿਰਦੀਆਂ।ਲੀਡਰ ਲੋਕ ਇਕ ਦੂਜੇ 'ਤੇ ਤੋਹਮਤਾਂ ਲਾਉਣ ਲਈ ਬੁਰੇ ਦੇ ਘਰ ਤਾਈਂ ਜਾਂਦੇ ਐ''।ਮਾਸਟਰ ਨੇ ਕਿਹਾ।
'ਬਈ ਮਾਹਟਰ ਜੀ, ਊਂ ਜਿਹੜੇ ਗਿੱਟੇ ਵਿਰੋਧੀਆਂ ਦੇ ਭਗਵੰਤ ਮਾਨ ਭੰਨਦੈ, ਸਹੁਰੀ ਦਾ ਕਮਾਲ ਈ ਕਰ ਦਿੰਦੈ।ਕਈ ਕਈ ਦਿਨ ਤਾਂ ਅਗਲੇ ਜ਼ਖ਼ਮ ਚੱਟਦੇ ਰਹਿੰਦੇ ਐ'' ਲੱਛੂ ਅਮਲੀ ਨੇ ਭਗਵੰਤ ਮਾਨ ਦੀ ਤਾਰੀਫ਼ ਕੀਤੀ।
'ਮਾਹਟਰ ਜੀ ਸੁਣਿਐ ਕਿ ਆਪਣੇ ਕੈਪਟਨ ਨੂੰ ਕੈਨੇਡਾ 'ਚ ਉੱਥੋਂ ਦੀ ਸਰਕਾਰ ਨੇ ਚੋਣ ਰੈਲੀਆਂ ਰੂਲੀਆਂ ਕਰਨ ਈ ਨਹੀਂ ਦਿੱਤਆਂ।ਉਹ ਕਹਿੰਦੇ ਕਿ ਅਸੀਂ ਬਾਹਰੋਂ ਆਏ ਹੋਏ ਕਿਸੇ ਲੀਡਰ ਨੂੰ ਆਪਣੇ ਮੁਲਕ 'ਚ ਖੱਪ ਨਹੀਂ ਪਾਉਣ ਦੇਣੀ, ਇਹਦੇ ਬਾਰੇ ਦੱਸੋ ਜੀ ਕੁਸ਼'। ਫੌਜੀ ਨੇ ਬੇਨਤੀ ਕੀਤੀ।
'ਬਈ ਕੈਨੇਡਾ ਬੜਾ ਸੱਭਿਅਕ ਮੁਲਕ ਐ, ਉਹ ਹਰ ਕੰਮ ਕਾਨੂੰਨ ਨਾਲ਼ ਕਰਦੇ ਐ।ਸਾਡੇ ਵਾਂਗ ਥੋੜ੍ਹੀ ਐ ਕਿ ਕਾਨੂੰਨ ਨੂੰ ਮੋਮ ਦਾ ਨੱਕ ਬਣਾਇਆ ਹੋਇਐ ਕਿ ਪੈਸੇ ਨਾਲ਼, ਸਿਫ਼ਾਰਸ਼ ਨਾਲ਼ ਜਿਧਰ ਨੂੰ ਮਰਜ਼ੀ ਮੋੜ ਲਉ। ਬਈ ਨਾਲ਼ੇ ਕਹਿੰਦੇ ਹੁੰਦੇ ਆ ਨਾ ਕਿ ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।ਤੁਹਾਨੂੰ ਯਾਦ ਈ ਹੋਣੈ ਜਦੋਂ ਕੁਝ ਦੇਰ ਹੋਈ ਆਪਣੇ ਅਕਾਲੀ ਲੀਡਰਾਂ ਨੂੰ ਕੈਨੇਡਾ ਦੇ ਪ੍ਰਸ਼ਾਸਨ ਨੇ ਮਨ ਆਈਆਂ ਨਹੀਂ ਸਨ ਕਰਨ ਦਿੱਤੀਆਂ ਤਾਂ ਇਹਨਾਂ ਨੇ ਵਾਪਸ ਆਕੇ ਉਹਨਾਂ ਦੇ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਕਰੜੀ ਨੁਕਤਾਚੀਨੀ ਕੀਤੀ ਸੀ।ਬਸ ਹੁਣ ਕੈਨੇਡਾ ਨੇ ਕਾਨੂੰਨ ਲਾਗੂ ਕਰ ਕੇ ਪੱਕੇ ਜਿੰਦੇ ਲਾ 'ਤੇ ਫੌਜੀ ਸਿਆਂ'।
' ਮਾਹਟਰ ਜੀ ਕਹਿੰਦੇ ਆ ਸਰਕਾਰ 'ਚ ਅਨਾਜ ਦਾ ਬਾਰਾਂ ਹਜਾਰ ਦਾ ਘਪਲਾ ਹੋ ਗਿਐ, ਇਹਦਾ ਕੀ ਚੱਕਰ ਐ ਜੀ' ਲੱਛੂ ਅਮਲੀ ਨੇ ਪੁੱਛਿਆ।
'ਅਮਲੀਆ ਲੈ ਸੁਣ, ਜੇ ਅਮਲੀ ਨੂੰ ਘਰ ਦੇ ਨਸ਼ੇ ਪੱਤੇ ਲਈ ਪੈਸੇ ਨਾ ਦੇਣ ਤਾਂ ਅਮਲੀ ਨੇ ਫੇਰ ਘਰ ਦਾ ਕੋਈ ਭਾਂਡਾ ਟੀਂਡਾ ਵੇਚਣਾ ਈ ਐ'।ਸਾਰੇ ਖਿੜ ਖਿੜ ਕੇ ਹੱਸ ਪਏ ਤੇ ਅਮਲੀ ਵਲ ਦੇਖਣ ਲੱਗੇ। ਲੱਛੂ ਨੂੰ ਲੱਗਿਆ ਕਿ ਮਾਸਟਰ ਨੇ ਉਹਦੇ 'ਤੇ ਵਾਰ ਕਰ ਦਿੱਤਾ ਹੈ।ਉਹਨੇ ਸੱਟ ਖਾਧੇ ਸੱਪ ਵਾਂਗ ਸਿਰੀ ਚੁੱਕੀ ਤੇ ਬੋਲਿਆ, 'ਮਾਹਟਰਾ, ਮੈਂ ਤਾਂ ਅੱਜ ਤਾਈਂ ਕਿਸੇ ਦਾ ਛੰਨਾ ਕੌਲੀ ਘਰ ਨੂੰ ਲਿਆਂਦਾ ਹੀ ਹੋਊ, ਘਰੋਂ ਨੀ ਗੁਆਇਆ ਕੁਸ਼। ਹੁਣ ਵੀ ਵੀਹਾਂ ਤੀਹਾਂ ਦੀ ਭੁੱਕੀ ਖਾ ਕੇ ਤਿੰਨ ਚਾਰ ਸੌ ਦੀ ਦਿਹਾੜੀ ਲਾਉਨਾ' ਲੱਛੂ ਨੇ ਆਪਣੀ ਸਫ਼ਾਈ ਪੇਸ਼ ਕੀਤੀ।
'ਲਛਮਣ ਸਿਆਂ, ਗੁੱਸਾ ਨਾ ਕਰੀਂ ਮੈਂ ਤਾਂ ਇਕ ਮਿਸਾਲ ਦਿੱਤੀ ਸੀ'।
ਮਾਸਟਰ ਦੇ ਮੂੰਹੋਂ ਆਪਣਾ ਪੂਰਾ ਨਾਂ ਲਛਮਣ ਸਿੰਘ ਸੁਣ ਕੇ ਅਮਲੀ ਨੇ ਸਾਰਾ ਗੁੱਸਾ ਥੁੱਕ ਦਿੱਤਾ।
'ਲਉ ਜੀ ਸੁਣੋ, ਆਪਾਂ ਆਪਣੀ ਗੱਲ ਪੂਰੀ ਕਰ ਲਈਏ' ਕਹਿ ਕੇ ਮਾਸਟਰ ਨੇ ਗੱਲ ਦੀ ਕੜੀ ਜੋੜੀ।
''ਬਾਦਲ ਵਿਚਾਰੇ ਫੁੱਲਾਂ ਦੇ ਗ਼ੁਲਦਸਤੇ ਲੈ ਕੇ ਮੋਦੀ ਕੋਲ਼ ਜਾਂਦੇ ਐ ਜਿਵੇਂ ਮਨਮੋਹਨ ਸਿੰਘ ਕੋਲ਼ ਜਾਂਦੇ ਹੁੰਦੇ ਸੀ ਝੋਲ਼ੀਆਂ ਭਰ ਲਿਆਉਂਦੇ ਸੀ ਤੇ ਮੋਦੀ ਇਹਨਾਂ ਨੂੰ ਬੇਰੰਗ ਮੋੜ ਦਿੰਦੈ, ਚਾਹ-ਪਾਣੀ ਵੀ ਨਹੀਂ ਪੁੱਛਦਾ। ਤੁਸੀਂ ਹੁਣੇ ਅਜੇ ਦੇਖ ਈ ਲਿਐ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਅਦਾਇਗੀ ਕਰਨ ਲਈ ਬੈਂਕ ਲਿਮਟ ਲਈ ਕਿਵੇਂ ਇਹਨਾਂ ਦੀਆਂ ਲੇਲੜ੍ਹੀਆਂ ਮੋਦੀ ਨੇ ਕਢਵਾਈਆਂ ਤੇ ਉਹ ਵੀ ਪੂਰੀ ਨਹੀਂ ਦਿਤੀ।ਹੁਣ ਪਤਾ ਲੱਗਿਐ ਘਪਲੇ ਬਾਰੇ' ਹਕੀਕਤ ਸਿਉਂ ਨੇ ਅਮਲੀ ਦੀ ਸ਼ੰਕਾ ਦੂਰ ਕੀਤੀ। ।
'ਮਾਸਟਰ ਜੀ ਚੋਣਾਂ ਬਾਰੇ ਕੋਈ ਗੱਲ ਬਾਤ ਦੱਸੋ ਨਵੀਂ ਤਾਜ਼ੀ' ਉਚੀ ਬੀਹੀ ਵਾਲ਼ਿਆਂ ਦੇ ਘੁੱਦੇ ਨੇ ਕਿਹਾ।
' ਬਈ ਆਹ ਨਵੀਂ ਪਾਰਟੀ 'ਆਪ' ਵਾਲ਼ਿਆਂ ਦੇ ਇਕ ਨੇਤਾ ਨੂੰ ਕਿਸੇ ਨੇ ਪੁੱਛਿਆ ਕਿ ਕੀ ਉਹ ਪੰਜਾਬ ਵਿਚ ਤੀਜੀ ਧਿਰ ਲਿਆ ਰਹੇ ਹਨ।ਬਈ ਨੇਤਾ ਦਾ ਜਵਾਬ ਸੁਣਨ ਵਾਲ਼ਾ ਸੀ।ਉਹ ਕਹਿਣ ਲੱਗਾ ਕਿ ਉਹਨਾਂ ਦੀ ਪਾਰਟੀ ਤੀਜੇ ਚੌਥੇ ਦੇ ਚੱਕਰ 'ਚ ਨਹੀਂ ਪੈਂਦੀ ਪਰ ਪੰਜਾਬ ਵਿਚ ਚਲ ਰਹੇ ਲੁੱਟ -ਖ਼ਸੁੱਟ ਦੇ ਸਿਸਟਮ ਨੂੰ ਬਦਲਣ ਲਈ ਤਹੱਈਆ ਜ਼ਰੂਰ ਕਰੀ ਬੈਠੀ ਹੈ।ਇਹਦੇ ਬਾਰੇ ਬਾਕੀ ਗੱਲਾਂ ਕੱਲ੍ਹ ਕਰਾਂਗੇ'
ਏਨਾ ਕਹਿ ਕੇ ਮਾਸਟਰ ਹਕੀਕਤ ਸਿੰਘ ਨੇ ਸਕੂਟੀ ਸਟਾਰਟ ਕੀਤੀ ਤੇ ਸਭ ਨੂੰ ਫ਼ਤਿਹ ਬੁਲਾ ਕੇ ਰੁਖ਼ਸਤ ਹੋ ਗਿਆ ਤੇ ਬਾਕੀ ਲੋਕ ਵੀ ਆਪੋ ਆਪਣੇ ਘਰਾਂ ਨੂੰ ਤੁਰ ਪਏ।
ਨਿਰਮਲ ਸਿੰਘ ਕੰਧਾਲਵੀ
08 May 2016