'ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ' ਪੁਸਤਕ ਰੋਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ - ਉਜਾਗਰ ਸਿੰਘ
ਪੀਲੂ ਮਿਰਜਾ ਸਾਹਿਬਾਂ ਦਾ ਕਿੱਸਾ ਲਿਖਣ ਵਾਲਾ ਪਹਿਲਾ ਸ਼ਾਇਰ ਗਿਣਿਆਂ ਜਾਂਦਾ ਹੈ। ਪੀਲੂ ਨੇ ਮਿਰਜਾ ਸਾਹਿਬਾਂ ਦੇ ਰੋਮਾਂਸ ਦਾ ਕਿੱਸਾ ਲਿਖਿਆ। ਪੀਲੂ ਦੇ ਨਾਮ 'ਤੇ ਇਸ਼ਕ ਹਕੀਕੀ ਭਾਵ ਅਧਿਆਤਮਕ ਰਚਨਾ ਵੀ ਉਪਲਭਧ ਹੈ। ਇਸ ਲਈ ਸਾਹਿਤਕਾਰਾਂ ਤੇ ਪੜਚੋਲਕਾਰਾਂ ਵਿੱਚ ਵਿਚਾਰਾਂ ਦੇ ਵਖਰੇਵੇਂ ਹਨ ਹਨ ਕਿ ਪੀਲੂ ਇਕ ਜਾਂ ਦੋ ਸਨ। ਡਾ.ਭਗਵੰਤ ਸਿੰਘ ਅਤੇ ਡਾ.ਰਾਮਿੰਦਰ ਕੌਰ ਨੇ ਚਰਚਾ ਅਧੀਨ ਪੁਸਤਕ ਵਿੱਚ ਉਦਾਹਰਨਾ ਦੇ ਕੇ ਤੱਥਾਂ ਨਾਲ ਸਾਬਤ ਕੀਤਾ ਹੈ ਕਿ ਪੀਲੂ ਇਕ ਹੀ ਸੀ। ਜਵਾਨੀ ਵਿੱਚ ਉਸ ਨੇ ਮਿਰਜਾ ਸਾਹਿਬਾਂ ਦੇ ਇਸ਼ਕ ਦਾ ਰੋਮਾਂਟਿਕ ਕਿੱਸਾ ਲਿਖਿਆ ਸੀ। ਜਦੋਂ ਉਹ ਉਮਰ ਦਰਾਜ ਭਾਵ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਇਸ਼ਕ ਹਕੀਕੀ ਦੀ ਰਚਨਾ ਕੀਤੀ ਹੈ। ਲੇਖਕਾਂ ਨੇ ਇਸ ਪੁਸਤਕ ਨੂੰ ਪੰਜ ਭਾਗਾਂ 'ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ', ਕਿੱਸਾ ਕਲਾ', 'ਰਸ ਵਿਧਾਨ', 'ਮੂਲ ਪਾਠ' ਅਤੇ ਅੰਤਿਕਾਵਾਂ ਵਿੱਚ ਵੰਡਿਆ ਹੈ। ਵੈਸੇ ਤਾਂ ਸਾਰੇ ਭਾਗਾਂ ਦੀ ਲੜੀ ਆਪਸ ਵਿੱਚ ਜੁੜਦੀ ਹੈ ਪ੍ਰੰਤੂ ਫਿਰ ਵੀ ਪੰਜ ਭਾਗ ਬਣਾਏ ਹਨ।
ਪੀਲੂ ਅਤੇ ਮਿਰਜਾ ਸਾਹਿਬਾਂ ਦੀ ਗਾਥਾ: ਲੇਖਕਾਂ ਅਨੁਸਾਰ ਪੀਲੂ ਪਹਿਲਾ ਪੰਜਾਬੀ ਦਾ ਵੱਡਾ ਸ਼ਾਇਰ ਹੈ, ਜਿਸ ਨੇ ਇਹ ਗਾਥਾ ਲਿਖੀ। ਪੀਲੂ ਦੀ ਇਹ ਗਾਥਾ ਇਤਨੀ ਪ੍ਰਵਾਨ ਹੋਈ ਕਿ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਗਾਈ ਜਾਂਦੀ ਹੈ। ਪੰਜਾਬ ਦੀ ਇਸ ਪ੍ਰਸਿੱਧ ਲੋਕ ਗਾਥਾ ਦਾ ਅੰਤ ਦੁੱਖ ਭਰਿਆ ਹੈ। ਇਹ ਗਾਥਾ ਪੰਜਾਬੀਆਂ ਦੇ ਲੋਕ ਮਨਾਂ ਵਿੱਚ ਡੂੰਘੀ ਸਮਾਈ ਹੋਈ ਹੈ। ਲੋਕਾਂ ਵਿੱਚ ਮਿਰਜਾ ਬਹਾਦਰ ਸੂਰਮੇ ਆਸ਼ਕ ਵਜੋਂ ਨਿਵਾਸ ਕਰਦਾ ਹੈ। ਭਾਵ ਉਹ ਲੋਕ ਨਾਇਕ ਬਣ ਗਿਆ। ਮਿਰਜਾ ਜੱਟ ਮਾਨਸਿਕਤਾ ਦਾ ਪ੍ਰਤੀਕ ਹੈ। ਲੇਖਕਾਂ ਅਨੁਸਾਰ ਪੀਲੂ ਦੇ ਜਨਮ ਸਥਾਨ ਬਾਰੇ ਪ੍ਰਮਾਣੀਕ ਸਬੂਤ ਨਹੀਂ ਮਿਲਦੇ ਪ੍ਰੰਤੂ ਤਰਨਤਾਰਨ ਦੇ ਨੇੜੇ ਇਕ ਖੂਹ ਹੈ, ਜਿਸ ਨੂੰ ਅੱਜ ਵੀ 'ਪੀਲੂ ਦਾ ਖੂਹ' ਕਹਿੰਦੇ ਹਨ। ਇਸ ਕਰਕੇ ਸਾਹਿਤਕਾਰਾਂ ਨੇ ਅਨੁਮਨ ਲਗਾਇਆ ਹੈ ਕਿ ਪੀਲੂ ਦਾ ਪਿੰਡ ਵੀ ਤਰਨਤਾਰਨ ਦੇ ਨਜ਼ਦੀਕ ਵੈਰੋਵਾਲ ਹੀ ਹੋਵੇਗਾ। ਪੀਲੂ ਆਪਣੀ ਉਮਰ ਦੇ ਆਖ਼ਰੀ ਸਮੇਂ ਸਾਂਦਲਬਾਰ ਦੇ ਇਲਾਕੇ ਵਿੱਚ ਬੰਦਗੀ ਕਰਦਿਆਂ ਸਵਰਗ ਸਿਧਾਰ ਗਿਆ। ਉਸ ਦੇ ਸਮੇਂ ਬਾਰੇ ਵੀ ਵਿਦਵਾਨ ਇਕਮਤ ਨਹੀਂ ਹਨ। ਭਾਈ ਗੁਰਦਾਸ (1551-1637) ਅਤੇ ਇਸ ਤੋਂ ਬਾਅਦ ਦਾ ਕਹਿੰਦੇ ਹਨ ਪ੍ਰੰਤੂ ਮੰਨਿਆਂ ਜਾ ਰਿਹਾ ਹੈ ਪ੍ਰੇਮ ਗਾਥਾ ਵਾਪਰਨ ਦਾ ਸਮਾਂ ਅਕਬਰ ਰਾਜ ਕਾਲ ਦਾ ਸੀ। ਪੀਲੂ ਅਨੁਸਾਰ ਸਾਹਿਬਾਂ ਖੀਵੇ ਖ਼ਾਨ ਦੇ ਘਰ ਜਨਮੀ ਅਤੇ ਮਿਰਜਾ ਦਾਨਾਬਾਦ ਵੰਝਲ ਦੇ ਘਰ ਕਰੜੇ ਵਾਰ ਵਿੱਚ ਜਨਮਿਆਂ ਸੀ। ਮਿਰਜਾ ਆਪਣੇ ਨਾਨਕੇ ਪੜ੍ਹਨ ਲਈ ਸਿਆਲੀਂ ਗਿਆ ਹੋਇਆ ਸੀ, ਜਿਥੇ ਮਸੀਤੇ ਪੜ੍ਹਦਿਆਂ ਸਾਹਿਬਾਂ ਨਾਲ ਮੁਹੱਬਤ ਹੋ ਗਈ। ਜਦੋਂ ਉਨ੍ਹਾਂ ਦਾ ਇਸ਼ਕ ਜੱਗ ਜ਼ਾਹਰ ਹੋ ਗਿਆ ਤਾਂ ਮਿਰਜੇ ਨੂੰ ਦਾਨਾਬਾਦ ਭੇਜ ਦਿੱਤਾ। ਓਧਰ ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਰੱਖ ਦਿੱਤਾ। ਸਾਹਿਬਾ ਨੇ ਕਰਮੂ ਬ੍ਰਾਹਮਣ ਹੱਥ ਮਿਰਜੇ ਨੂੰ ਸਨੇਹਾ ਦੇ ਕੇ ਬੁਲਾ ਲਿਆ। ਓਧਰ ਮਿਰਜੇ ਦੀ ਭੈਣ ਦਾ ਵਿਆਹ ਸੀ ਪ੍ਰੰਤੂ ਮਿਰਜੇ ਨੇ ਆਪਣੀ ਮਹਿਬੂਬ ਨੂੰ ਪਹਿਲ ਦਿੱਤੀ। ਮਿਰਜਾ ਸਾਹਿਬਾਂ ਨੂੰ ਭਜਾ ਕੇ ਲੈ ਗਿਆ। ਰਸਤੇ ਵਿੱਚ ਆਰਾਮ ਕਰਨ ਲੱਗਿਆ ਤਾਂ ਚੰਦੜ ਆ ਗਏ ਤੇ ਸਾਹਿਬਾਂ ਦੋ ਪੁੜਾਂ ਵਿੱਚ ਫਸ ਗਈ । ਇਕ ਪਾਸੇ ਭਰਾ ਦੂਜੇ ਪਾਸੇ ਆਸ਼ਕ। ਅਖੀਰ ਸਾਹਿਬਾਂ ਨੇ ਮਿਰਜੇ ਦੇ ਤੀਰ ਜੰਡ 'ਤੇ ਟੰਗ ਦਿੱਤੇ। ਚੰਦੜਾਂ ਨੇ ਮਿਰਜਾ ਮਾਰ ਦਿੱਤਾ। ਪੀਲੂ ਤੇ ਹਾਫਿਜ ਬਰਖੁਰਦਾਰ ਦੇ ਘਟਨਾਵਾਂ ਬਾਰੇ ਵਿਚਾਰ ਨਹੀਂ ਮਿਲਦੇ। ਲੇਖਕਾਂ ਨੇ ਦਸਮ ਗ੍ਰੰਥ, ਰਿਚਰਡ ਟੈਂਪਲ ਅਤੇ ਸਵਿਨਟਰਨ ਦੇ ਮਿਰਜਾ ਸਾਹਿਬਾਂ ਦੀ ਗਾਥਾ ਬਾਰੇ ਵਿਚਾਰ ਵੀ ਦਿੱਤੇ ਹਨ।
ਕਿੱਸਾ ਕਲਾ: ਲੇਖਕਾਂ ਨੇ ਲਿਖਿਆ ਹੈ ਕਿ ਪੀਲੂ ਦੀ ਕਿੱਸਾ ਕਲਾ ਦੀ ਪ੍ਰਸੰਸਾ ਉਸ ਦੇ ਸਮਕਾਲੀ ਕਿੱਸਾਕਾਰਾਂ ਨੇ ਬਾਖ਼ੂਬੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਪੀਲੂ ਦਾ ਮਿਰਜਾ ਸਰਵ ਪ੍ਰਵਾਨ ਸੀ। ਪੀਲੂ ਦੇ ਕਿੱਸੇ ਬਾਰੇ ਬਰਖ਼ੁਰਦਾਰ ਕਵੀ ਲਿਖਦਾ ਹੈ:
ਯਾਰੋ ਪੀਲੂ ਨਾਲ ਬਰਾਬਰੀ ਸ਼ਇਰ ਭੁਲ ਕਰੇਨ,
ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ ਕੰਧੀਂ ਦਸਤ ਧਰੇਨ।
ਅਹਿਮਦਯਾਰ ਪੀਲੂ ਦੀ ਕੱਲਾ ਕਲਾ ਬਾਰੇ ਲਿਖਦਾ ਹੈ:
ਪੀਲੂ ਨਾਲ ਨਾ ਰੀਸ ਕਿਸੇ ਉਸ ਦੀ ਸੋਜ਼ ਅਲਹਿਦੀ,
ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫ਼ਕੀਰ ਵਲੀ ਦੀ।
ਪੀਲੂ ਨੇ ਸ਼ਿੰਗਾਰ ਤੇ ਬੀਰ ਰਸ ਨੂੰ ਇਸ ਰੁਮਾਂਟਿਕ ਕਥਾ ਵਿੱਚ ਇਕੱਠਾ ਕਰਕੇ ਨਵੀਂ ਪ੍ਰਥਾ ਕਾਇਮ ਕਰਨ ਦਾ ਯਤਨ ਕੀਤਾ ਹੈ। ਪੀਲੂ ਮਿਰਜੇ ਦੀ ਮੌਤ ਦਾ ਕਾਰਨ ਹੋਣੀ ਨੂੰ ਮੰਨਦਾ ਹੈ:
ਮਿਰਜਿਆ ਐਡ ਪੈਗੰਬਰ ਮਰ ਗਏ ਤੂੰ ਕਿਹਦਾ ਪਾਣੀ ਹਾਰ।
ਪੀਲੂ ਦਾ ਪਾਤਰ ਚਿਤਰਣ ਬਹੁਤ ਸੁਚੱਜਾ ਹੈ। ਉਸ ਨੇ ਪਾਤਰਾਂ ਨੂੰ ਆਦਰਸ਼ਕ ਰੰਗ ਨਹੀਂ ਦਿੱਤਾ। ਮਾਂ, ਮਾਂ ਵਾਂਗ, ਭੈਣ, ਭੈਣਾਂ ਵਾਂਗ ਅਤੇ ਪਿਓ, ਪਿਓ ਵਾਂਗ ਜਦੋਂ ਉਹ ਮਿਰਜੇ ਨੂੰ ਵਰਜਦਾ ਕਹਿੰਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਵੰਝਲ ਦਿੰਦਾ ਮੱਤ,
ਭੱਠ ਰੰਨਾ ਦੀ ਦੋਸਤੀ ਖੁਰੀਂ ਜਿਨ੍ਹਾਂ ਦੀ ਮੱਤ।
ਹੱਸ ਕੇ ਲਾਉਂਦੀਆਂ ਯਾਰੀਆਂ ਰੋ ਕੇ ਦਿੰਦੀਆਂ ਦੱਸ,
ਜਿਸ ਘਰ ਲਾਈ ਦੋਸਤੀ ਮੂਲ ਨਾ ਘੱਤੇ ਲੱਤ।
ਮਿਰਜੇ ਦੀ ਮਾਂ ਬਾਰੇ ਪੀਲੂ ਲਿਖਦਾ ਹੈ:
ਚੜ੍ਹਦੇ ਮਿਰਜੇ ਖ਼ਾਨ ਨੂੰ ਮੱਤਾਂ ਦੇਵੇ ਮਾਂ,
ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ।
ਮਿਰਜਾ ਬੱਕੀ ਦੀ ਪ੍ਰਸੰਸਾ ਕਰਦਾ ਹੈ, ਉਸ ਦਾ ਘੁਮੰਡ ਵੀ ਪ੍ਰਗਟ ਹੁੰਦਾ ਹੈ
ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ,
ਚੁਭੇ ਵਿੱਚ ਪਤਾਲ ਉਡ ਕੇ ਚੜ੍ਹੇ ਅਕਾਸ਼।
ਮਿਰਜਾ ਮਾਰਿਆ ਮਲਕੁਲ ਮੌਤ ਨੇ ਕੁਝ ਮਾਰਿਆ ਗੁਮਾਨ।
ਵਿੱਚ ਕਬਰਾਂ ਦੇ ਖਪ ਗਿਆ ਮਿਰਜਾ ਸੋਹਣਾ ਜਵਾਨ।
ਪੀਲੂ ਨੇ ਅਲੰਕਾਰ ਅਤੇ ਰੂਪਕ, ਕਵਿਤਾ ਦੇ ਗਹਿਣਿਆਂ ਦੀ ਤਰ੍ਹਾਂ ਵਰਤੇ ਹਨ:
ਮਿਰਜਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ।
ਧਰਤੀ ਤਾਂਬਾ ਹੋ ਗਈ ਸਿਆਹੀ ਫਿਰੀ ਅਸਮਾਨ।
ਵਲ ਵਲ ਵੱਢ ਦਿਆਂ ਸੂਰਮੇ ਜਿਉਂ ਖੇਤੀਂ ਪੈਣ ਗੜੇ।
ਰਸ ਵਿਧਾਨ:
ਰਸ ਵਿਧਾਨ ਵੀ ਪੀਲੂ ਦਾ ਕਮਾਲ ਦਾ ਹੈ। ਉਸ ਨੇ ਸ਼ਿੰਗਾਰ ਰਸ, ਬੀਰ ਰਸ, ਕਰੁਣਾ ਰਸ ਅਤੇ ਹਾਸ ਰਸ ਦੀ ਵਰਤੋਂ ਕੀਤੀ ਹੈ। ਸ਼ਿੰਗਾਰ ਰਸ ਸੁਚੱਜੇ ਢੰਗ ਨਾਲ ਵਰਤਿਆ ਹੈ:
ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ,
ਗਜ ਗਜ ਲੰਮੀਆਂ ਮੀਢੀਆਂ ਰੰਗ ਜੋ ਗੋਰਾ ਸੀ।
ਪੀਲੂ ਦਾ ਬੀਰ ਰਸ ਲੂੰ ਕੰਡੇ ਖੜ੍ਹੇ ਕਰ ਦਿੰਦਾ ਹੈ:
ਕੋਈ ਦੀਹਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ,
ਕਟਕ ਭਿੜਾ ਦਿਆਂ ਅੰਬਰੀਂ ਮੈਥੋਂ ਭੀ ਰਾਠ ਡਰੇ।
ਸਿਰ ਸਿਆਲਾਂ ਦੇ ਵੱਢ ਕੇ ਸੁਟਾਂਗਾ ਵਿੱਚ ਰੜੇ।
ਪੀਲੂ ਭਾਵੇਂ ਮਝੈਲ ਸੀ ਪ੍ਰੰਤੂ ਉਸ ਦੀ ਭਾਸ਼ਾ ਠੇਠ ਪੰਜਾਬੀ ਹੈ। ਪੀਲੂ ਦੇ ਕਿੱਸੇ ਵਿੱਚ ਅਸ਼ਲੀਲਤਾ ਨਹੀਂ ਹੈ।
ਮੂਲ ਪਾਠ:ਕਿੱਸਾ ਮਿਰਜਾ ਸਾਹਿਬਾਂ
ਚੌਥੇ ਭਾਗ ਵਿੱਚ ਪੀਲੂ ਦੁਆਰਾ ਲਿਖਿਆ ਕਿੱਸਾ ਮਿਰਜਾ ਸਾਹਿਬਾਂ ਦਾ ਪੂਰਾ ਪਾਠ ਦਿੱਤਾ ਗਿਆ ਹੈ। ਪੀਲੂ ਦਾ ਕਿੱਸਾ ਲਿਖਤ ਰੂਪ ਵਿੱਚ ਨਹੀਂ ਮਿਲਦਾ ਪ੍ਰੰਤੂ ਜੋ ਮਿਲਦਾ ਹੈ, ਉਹ ਅੰਗਰੇਜ਼ ਰਿਚਰਡ ਟੈਂਪਲ ਦੁਆਰਾ'ਦਾ ਲੀਜੈਂਡਜ਼ ਆਫ਼ ਪੰਜਾਬ' ਵਿੱਚ ਪ੍ਰਕਾਸ਼ਤ ਕੀਤਾ ਮਿਲਦਾ ਹੈ। ਇਹ ਕਿੱਸਾ ਰਿਚਰਡ ਟੈਂਪਲ ਨੇ ਕਿਸੇ ਜਲੰਧਰ ਦੇ ਮੁਸਲਮਾਨ ਤੋਂ ਸੁਣਿਆਂ ਅਤੇ ਫਿਰ ਉਸ ਤੋਂ ਸੁਣ ਕੇ ਲਿਖਿਆ ਹੈ। ਇਹ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਪ੍ਰਕਾਸ਼ਤ ਹੋਇਆ ਹੈ। ਦੋਵੇਂ ਲੇਖਕਾਂ ਦੀ ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਇਹ ਕਿੱਸਾ ਵੀ ਮੁਕੰਮਲ ਨਹੀਂ ਹੈ। ਮੂਲ ਪਾਠ ਵਾਲੇ ਭਾਗ ਵਿੱਚ ਖੋਜੀ ਵਿਦਿਆਰਥੀਆਂ ਲਈ ਡਾ.ਭਗਵੰਤ ਸਿੰਘ ਅਤੇ ਡਾ.ਰਮਿੰਦਰ ਕੋਰ ਨੇ ਪੀਲੂ ਸ਼ਾਇਰ ਦਾ ਹੀ ਦਿੱਤਾ ਹੈ ਪ੍ਰੰਤੂ ਅੰਤਿਕਾਵਾਂ ਵਾਲੇ ਭਾਗ ਵਿੱਚ ਛੇ ਅੰਤਿਕਾਵਾਂ ਹਨ। ਅੰਤਿਕਾ-1 ਵਿੱਚ ਪੀਲੂ ਦੇ ਕਿੱਸੇ ਵਿਚੇ ਜਿਹੜੇ ਮਿਥਿਹਾਸਕ/ਇਤਿਹਾਸਕ ਹਵਾਲੇ ਮਿਲਦੇ ਹਨ, ਪਾਠਕਾਂ ਦੀ ਸਹੂਲਤ ਲਈ ਉਨ੍ਹਾਂ 18 ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਅੰਤਿਕਾ-2 ਵਿੱਚ 'ਲੀਜੈਂਡਜ਼ ਆਫ਼ ਪੰਜਾਬ ਵਿਚਲਾ ਪਾਠ' ਅੰਤਿਕਾ-3 ਵਿੱਚ ਮਿਰਜਾ-ਸਾਹਿਬਾਂ ਕ੍ਰਿਤ ਹਾਫ਼ਿਜ ਬਰਖ਼ੁਰਦਾਰ, ਅੰਤਿਕਾ-4 ਵਿੱਚ 'ਦਸਮ ਗ੍ਰੰਥ' ਵਿਚਲੇ ਮਿਰਜਾ ਸਾਹਿਬਾਂ ਦੇ ਸ਼ਲੋਕ, ਅੰਤਿਕਾ-5 ਵਿੱਚ ਲੋਕ ਗੀਤਾਂ ਵਿੱਚ ਮਿਰਜਾ-ਸਾਹਿਬਾਂ ਦੀ ਗਾਥਾ ਅਤੇ ਅੰਤਿਕਾ-6 ਵਿੱਚ ਮਿਰਜਾ ਰਚਿਤ ਚਤਰ ਸਿੰਘ ਦਿੱਤਾ ਗਿਆ ਹੈ। ਪੁਸਤਕ ਦੇ ਅਖ਼ੀਰ ਵਿੱਚ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਤੱਥਾਂ ਕਰਕੇ ਇਹ ਹਵਾਲਾ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਸਾਰਥਿਕ ਸਾਬਤ ਹੋਵੇਗੀ।
ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ 120 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਯੁਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਐਸ.ਏ.ਐਸ.ਨਗਰ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ - ਉਜਾਗਰ ਸਿੰਘ
ਡਾ.ਮੇਘਾ ਸਿੰਘ ਸੰਜੀਦਾ, ਸਾਹਿਤਕਾਰ, ਪੱਤਰਕਾਰ ਅਤੇ ਜੁਝਾਰੂ ਇਨਕਲਾਬੀ ਯੋਧਾ ਹੈ। ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲਿਖਕੇ ਉਹ ਖੱਬੇ-ਪੱਖੀ ਵਿਚਾਧਾਰਾ ਦਾ ਪਹਿਰੇਦਾਰ ਬਣਕੇ ਉਭਰਿਆ ਹੈ। ਭਾਵੇਂ ਉਸ ਦੀਆਂ ਪਹਿਲੀਆਂ 14 ਪੁਸਤਕਾਂ ਵੀ ਖੱਬੇ-ਪੱਖ ਸੋਚ ਦੀਆਂ ਲਖਾਇਕ ਹਨ। ਇਸ ਪੁਸਤਕ ਵਿੱਚੋਂ ਡਾ.ਮੇਘਾ ਸਿੰਘ ਦੀ ਖੱਬੇ-ਪੱਖੀ ਸੋਚ ਅਤੇ ਖੱਬੇ-ਪੱਖੀ ਪੱਤਰਕਾਰੀ ਦੀ ਪ੍ਰਤੀਬੱਧਤਾ ਅਤੇ ਬਚਨਬੱਧਵਾ ਦਾ ਪ੍ਰਗਟਾਵਾ ਹੁੰਦਾ ਹੈ। ਡਾ. ਮੇਘਾ ਸਿੰਘ ਦੀ ਦੀ ਖੋਜ ਕਰਨ ਸੰਬੰਧੀ ਦਿ੍ਰੜ੍ਹਤਾ , ਕਿਹਨਤ ਅਤੇ ਲਗਨ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਨ੍ਹਾਂ ਨੇ ਅਨੇਕਾਂ ਪੁਸਤਕਾਂ ਪੜ੍ਹਕੇ ਇਹ ਖੋਜ ਕਾਰਜ ਮੁਕੰਮਲ ਕੀਤਾ ਹੈ। ਉਨ੍ਹਾਂ ਇਸ ਪੁਸਤਕ ਵਿੱਚ ਖੋਜ ਕਰਕੇ ਤੱਥਾਂ ‘ਤੇ ਅਧਾਰਤ ਜਾਣਕਾਰੀ ਦਿੱਤੀ ਹੈ, ਜਿਸ ਤੋਂ ਮਹਿਸੂਸ ਹੁੰਦਾ ਹੈ ਕਿ ਇਹ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਹਵਾਲਾ ਪੁਸਤਕ ਬਣ ਗਈ ਹੈ। ਪੱਤਰਕਾਰੀ ਦੇ ਖੋਜੀ ਵਿਦਿਆਰਥੀਆਂ ਅਤੇ ਵਿਦਵਾਨਾ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ। ਡਾ.ਮੇਘਾ ਸਿੰਘ ਨੇ ਇਸ ਪੁਸਤਕ ਨੂੰ ਚਾਰ ਭਾਗਾਂ, (ੳ) ਪੱਤਰਕਾਰ, ਪੰਜਾਬੀ ਪੱਤਰਕਾਰੀ ਅਤੇ ਖੱਬੇ-ਪੱਖੀ ਸੁਰ ਵਾਲੀ ਪੰਜਾਬੀ ਪੱਤਰਕਾਰੀ, (ਅ) ਨਕਸਲਵਾੜੀ ਲਹਿਰ/ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਦੀ ਵਿਰਾਸਤ, (ੲ) ਸੁਤੰਤਰਤਾ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਅਤੇ (ਸ) ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ ਵਿੱਚ ਵੰਡਿਆ ਹੈ। ਪੁਸਤਕ ਦਾ ਪਹਿਲਾ ਅਧਿਆਇ:
ਪੱਤਰਕਾਰ, ਪੰਜਾਬੀ ਪੱਤਰਕਾਰੀ ਅਤੇ ਖੱਬੇ-ਪੱਖੀ ਸੁਰ ਵਾਲੀ ਪੰਜਾਬੀ ਪੱਤਰਕਾਰੀ
ਇਸ ਅਧਿਆਇ ਨੂੰ ਅੱਗੇ ਪੰਜ ਭਾਗਾਂ ਵਿੱਚ ਵੰਡਿਆ ਹੈ।
ੳ ‘ਪੱਤਰਕਾਰੀ: ਪਰਿਭਾਸ਼ਾ, ਸਰੂਪ ਅਤੇ ਉਦੇਸ਼’ ਵਿੱਚ ਪੱਤਰਕਾਰੀ ਦੀ ਸ਼ੁਰੂਆਤ ਸਤਾਰਵੀਂ ਸਦੀ ਵਿੱਚ ਹੋਈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਪੱਤਰਕਾਰੀ ਬਾਰੇ ਅਮੈਰਿਕਨ ਐਨਸਾਈਕਲੋਪੀਡੀਆ, ਐਨਸਾੲਕਲੋਪੀਡੀਆ ਆਫ਼ ਬਿ੍ਰਟੈਨਿਕਾ ਅਤੇ ਹੋਰ ਭਾਰਤੀ ਅਤੇ ਪਰਵਾਸੀ ਪ੍ਰਸਿੱਧ ਵਿਅਕਤੀਆਂ ਦੀਆਂ ਉਦਾਹਰਨਾ ਦੇ ਪੱਤਰਕਾਰੀ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਪੱਤਰਕਾਰੀ ਖ਼ਬਰਾਂ ਇਕੱਤਰ ਕਰਨਾ, ਭਖਦੇ ਮਸਲਿਆਂ ਬਾਰੇ ਸਮਗਰੀ ਪੇਸ਼ ਕਰਨਾ, ਸੂਚਨਾਵਾਂ ਸੰਕਲਤ ਕਰਨੀਆਂ, ਸੂਚਨਾ ਦਾ ਸੰਚਾਰ ਕਰਨਾ ਅਤੇ ਫਿਰ ਇਨ੍ਹਾਂ ਨੂੰ ਅਖ਼ਬਾਰਾਂ ਵਿੱਚ ਪ੍ਰਕਾਸ਼ਤ/ਬ੍ਰਾਡਕਾਸਟ/ਟੈਲੀਕਾਸਟ ਹੋਣ ਲਈ ਭੇਜਣਾ ਹੁੰਦਾ ਹੈ। ਪੱਤਰਕਾਰੀ ਦਾ ਉਦੇਸ਼ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਹੁੰਦਾ ਹੈ। ਡਾ.ਮੇਘਾ ਸਿੰਘ ਨੇ ਦੱਸਿਆ ਹੈ ਕਿ ਜਰਮਨੀ ਦੇ ਵਿਅਕਤੀ ਜੌਹਨ ਗੁਟਨਬਰਗ ਨੇ 1440 ਈਸਵੀ ਵਿੱਚ ਧਾਤ ਦੇ ਟਾਈਪ ਵਾਲਾ ਛਾਪਾਖਾਨਾਂ ਬਣਾਇਆ ਸੀ। ਉਸ ਤੋਂ ਬਾਅਦ ਅਖ਼ਬਾਰ ਅਤੇ ਪੁਸਤਕਾਂ ਪ੍ਰਕਾਸ਼ਤ ਹੋਣ ਲੱਗੀਆਂ।
Êਅ ਪੱਤਰਕਾਰੀ ਦਾ ਪ੍ਰਾਰੰਭ:
ਪ੍ਰੈਸ ਕਮਿਸ਼ਨ ਦੀ ਰਿਪੋੋੋਰਟ ਅਨੁਸਾਰ ਪੰਜਾਬੀ ਦਾ ਪਹਿਲਾ ਪੱਤਰ 1850-60 ਈਸਵੀ ਦੇ ਵਿਚਕਾਰ ਲੁਧਿਆਣਾ ਦੇ ਮਿਸ਼ਨਰੀਆਂ ਨੇ ਪ੍ਰਕਾਸ਼ਤ ਕੀਤਾ। ਪ੍ਰੋ.ਪ੍ਰੀਤਮ ਸਿੰਘ ਅਨੁਸਾਰ ਇਸ ਦਾ ਨਾਮ ‘ਚੁਪੱਤਰੀਆ’ ਸੀ। 1856 ਵਿੱਚ ‘ਲਾਹੌਰ ਕਰਾਨੀਕਾਲ’ ਦੇ ਮਾਲਕਾਂ ਨੇ ਲੁਧਿਆਣਾ ਤੋਂ ਪੰਜਾਬੀ ਦਾ ਗੁਰਮੁਖੀ ਅਤੇ ਫਾਰਸੀ ਦਾ ਸਾਂਝਾ ਪੰਜਾਬੀ ਪੱਤਰ ਜਾਰੀ ਕੀਤਾ। 1838 ਵਿੱਚ ਪਟਿਆਲਾ ਤੋਂ ‘ਜਗਤ ਪ੍ਰਕਾਸ਼ ਦਰਸ਼’ ਪੇਪਰ ਨਿਕਲਿਆ। ਭਾਵ ਪੰਜਾਬੀ ਪੱਤਰਕਾਰੀ ਦਾ ਆਰੰਭ 19ਵੀਂ ਸਦੀ ਵਿੱਚ ਇਸਾਈ ਮਿਸ਼ਨਰੀਆਂ ਨੇ ਕੀਤਾ।
ੲ ਪੰਜਾਬੀ ਪੱਤਰਕਾਰੀ ਦਾ ਆਗਾਜ਼ ਤੇ ਵਿਕਾਸ:
1 ਮਾਰਚ 1867 ‘ਅਖ਼ਬਾਰ ਸ੍ਰੀ ਦਰਬਾਰ ਸਾਹਿਬ, ਨੂਰ ਅਫ਼ਸਾਂ-1872, ਹਿੰਦੀ ਗੁਰਮੁਖੀ ਸਾਂਝਾ ‘ਸੁਕਬਿ ਸੰਬੋਧਨੀ’-1875, ‘ਅਖ਼ਬਾਰ ਕਾਵਯ ਚੰਦ੍ਰੋਦਯ’-1876, ਪਹਿਲਾ ਸ਼ੁਧ ਪੰਜਾਬੀ ਪੱਤਰ ‘ਅਕਾਲ ਪ੍ਰਕਾਸ਼’-1876, ‘ਗੁਰਮੁਖੀ ਅਖ਼ਬਾਰ’-1880, ਆਦਿ ਸਨ। ਉਨੀਵੀਂ ਸਦੀ ਦੇ ਅੰਤ ਤੱਕ ਪੰਜਾਬੀ ਭਾਸ਼ਾ ਦੇ ਦੋ ਦਰਜਨ ਅਖ਼ਬਾਰ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ ਸਨ, ਇਨ੍ਹਾਂ ਵਿੱਚੋਂ ਬਹੁਤੇ ਸਿੱਖ ਧਰਮ ਨਾਲ ਸੰਬੰਧਤ ਅਤੇ ਸਮਾਜ ਸੁਧਾਰਕ ਅਖ਼ਬਾਰ ਸਨ। ਜਿਨ੍ਹਾਂ ਵਿੱਚੋਂ ਬਹੁਤੇ ਬੰਦ ਹੋ ਗਏ ਕੁਝ ਕੁ ਪ੍ਰਸਿੱਧ ‘ਪੰਜਾਬ ਦਰਪਣ’ (1885) ‘ਖਾਲਸਾ ਅਖ਼ਬਾਰ’ (1886), ‘ਸਿੰਘ ਸਭਾ ਗਜਟ’ (1890), ਨਿਗੁਣਿਆਰਾ’ (1892), ਅਤੇ ‘ਖਾਲਸਾ ਸਮਾਚਾ’ (1899) ਵਰਨਣਯੋਗ ਹਨ। 1900 ਤੋਂ 1947 ਤੱਕ ਦੇ ਸਮੇਂ ਨੂੰ ਪੰਜਾਬੀ ਪੱਤਰਕਾਰੀ ਦਾ ਵਿਕਾਸ ਕਾਲ ਮੰਨਿਆਂ ਜਾ ਸਕਦਾ ਹੈ। ਇਸ ਸਮੇਂ ਦੌਰਾਨ ਲਗਪਗ 300 ਪੱਤਰ ਜ਼ਾਰੀ ਹੋਏ, ਜਿਨ੍ਹਾਂ ਵਿੱਚ ਲਗਪਗ 27 ਰੋਜ਼ਾਨਾ, 122 ਸਪਤਾਹਿਕ, 7 ਪੰਦਰਾਂ ਰੋਜ਼ਾ, 130 ਮਾਸਕ ਅਤੇ ਦਰਜਨ ਦੇ ਕਰੀਬ ਤਿਮਾਹੀ, ਛਿਮਾਹੀ ਤੇ ਸਾਲਾਨਾ ਸਨ।
ਸ ਖੱਬੇ ਪੱਖੀ ਪੱਤਰਕਾਰੀ
1947 ਤੋਂ ਬਾਅਦ ਖੱਬੇ ਪੱਖੀ ਪੱਤਰਕਾਰੀ ਕਦੇ ਤੇਜ਼ ਕਦੇ ਮੱਠੀ ਚਾਲ ਨਿਰੰਤਰ ਵਿਕਾਸ ਕਰਦੀ ਰਹੀ। ਖੱਬੇ ਪੱਖੀ ਪੱਤਰਕਾਰੀ ਦਾ ਆਰੰਭ (1789-91) ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਮੀਟਿੰਗ ਵਿੱਚ ਹੋਇਆ। 1842 ਵਿੱਚ ਮੋਸੈਸ ਹੈਸ ਦੇ ਅਗਾਂਹਵਧੂ ਵਿਚਾਰਾਂ ਵਾਲੇ ਅਖ਼ਬਾਰ ‘ਰਾਈਨਿਸ਼ੇ ਜ਼ੀਤੁੰਗ’ ਲਈ ਲਿਖਣ ਨਾਲ ਸ਼ੁਰੂ ਹੋਇਆ। ਫਿਰ ਕਾਰਲ ਮਾਰਕਸ 10 ਮਹੀਨੇ ਬਾਅਦ ਇਸ ਅਖ਼ਬਾਰ ਦਾ ਸੰਪਾਦਕ ਬਣ ਗਿਆ। ਮਾਰਕਸ ਤੋਂ ਬਾਅਦ ਲੈਨਿਨ ਨੇ ਇਸ ਸਿਧਾਂਤ ਨੂੰ ਹੋਰ ਵਧੇਰੇ ਸ਼ਪਸ਼ਟ ਕਰਦਿਆਂ ਲੋਕ ਹਿਤਾਂ ਲਈ ਖੱਬੇ ਪੱਖੀ ਪੱਤਰਕਾਰੀ ਨੂੰ ਅਹਿਮੀਅਤ ਦਿੱਤੀ।
Êਹ ਪੰਜਾਬੀ ਵਿੱਚ ਖੱਬੇ-ਪੱਖੀ ਪੱਤਰਕਾਰੀ
1900 ਤੋਂ 1909 ਤੱਕ ਚਲੀ ਕਿਸਾਨ ਲਹਿਰ, 1910 ਤੋਂ 1917-18 ਤੱਕ ਚਲੀ ਗਦਰ ਲਹਿਰ ਅਤੇ ਜੱਲਿਆਂ ਵਾਲੇ ਬਾਗ ਦੇ ਸਾਕੇ ਨੇ ਪੰਜਾਬੀ ਪੱਤਰਕਾਰੀ ਵਿੱਚ ਜੁਝਾਰੂ ਅਤੇ ਇਨਕਲਾਬੀ ਸੁਰ ਦੇ ਬੀਜ ਬੀਜੇ। 1926 ਵਿੱਚ ਕਿਰਤੀ ਲਹਿਰ, ਰਿਆਸਤੀ ਰਾਜਿਆਂ ਵਿਰੁੱਧ ਉਠੀ ਲੋਕ ਲਹਿਰ, ਨੌਜਵਾਨ ਭਾਰਤ ਸਭਾਂ ਅਧੀਨ ਖਾੜਕੂ ਲਹਿਰ ਅਤੇ 1935-36 ਵਿੱਚ ਕਮਿਊਨਿਸਟ ਪਾਰਟੀ ਦੇ ਹੋਂਦ ਵਿੱਚ ਆਉਣ ਨਾਲ ਖੱਬੇ-ਪੱਖੀ ਪੱਤਰਕਾਰੀ ਵਿੱਚ ਨਿਖ਼ਾਰ ਆਇਆ। ਪੰਜਾਬੀ ਵਿੱਚ ਖੱਬੇ-ਪੱਖੀ ਪੱਤਰਕਾਰੀ ਦਾ ਮੁੱਢ ਸਮਾਜਵਾਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੋਇਆ।
ਨਕਸਲਵਾੜੀ ਲਹਿਰ/ਖੱਬੇ-ਪੱਖੀ ਪੰਜਾਬੀ ਪੱਤਰਕਾਰੀ ਦੀ ਵਿਰਾਸਤ:
ਇਸ ਅਧਿਆਇ ਨੂੰ ਡਾ.ਮੇਘਾ ਸਿੰਘ ਨੇ ਤਿੰਨ ਭਾਗਾਂ ਵਿੱਚ ਵੰਡਿਆ ਹੈ।
Êੳ ਖੱਬੇ ਪੱਖੀ ਪੰਜਾਬੀ ਪੱਤਰਕਾਰ:ਪ੍ਰਸਥਿਤੀਆਂ, ਆਗਾਜ਼ ਤੇ ਵਿਕਾਸ
ਉਨੀਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਕਿਸਾਨਾ ਨੂੰ ਦਬਾਉਣਾ ਸ਼ੁਰੂ ਕੀਤਾ, ਜਿਵੇਂ ਨਹਿਰੀ ਪਾਣੀ ਦਾ ਮਾਲੀਆ ਵਧਾਉਣਾ, 1900 ਦਾ ਭੋਂ ਬਦਲੀ ਐਕਟ, 1904 ਦਾ ਪੰਜਾਬ ਮਿਆਦ ਐਕਟ, 1904 ਦਾ ਜਾਇਦਾਦ ਬਦਲੀ ਐਕਟ ਅਤੇ 1905 ਦਾ ਪੰਜਾਬ ਹੱਕ ਸੁਫ਼ਾ ਐਕਟ ਆਦਿ ਫ਼ੈਸਲਿਆਂ ਨੇ ਕਿਸਾਨਂ ਵਿੱਚ ਅੰਗਰੇਜ਼ਾਂ ਵਿਰੁੱਧ ਨਫਰਤ ਪੈਦਾ ਕਰ ਦਿੱਤੀ। ਅਜੀਤ ਸਿੰਘ ਦੀ ਅਗਵਾਈ ਵਿੱਚ ਕਿਸਾਨੀ ਲਹਿਰ ਹੋਂਦ ਵਿੱਚ ਆਈ। ਕਿਸਾਨੀ ਲਹਿਰ ਸਮੇਂ ‘ਪੰਜਾਬੀ’ ਅਤੇ 1909-10 ਵਿੱਚ‘ਸੁਦੇਸ਼ ਸੇਵਕ’ ਮਾਸਕ ਅਤੇ 1912 ਵਿੱਚ ‘ਸਨਸਾਰ’ ਪੱਤਰ ਅੰਗਰੇਜ਼ੀ ਰਾਜ ਵਿਰੁੱਧ ਸ਼ੁਰੂ ਹੋਏ। ਫਿਰ ਗਦਰ ਪਾਰਟੀ ਹੋਂਦ ਵਿੱਚ ਆਈ। 1913 ਵਿੱਚ ‘ਗਦਰ’ ਸਪਤਾਹਕ ਪੇਪਰ ਸ਼ੁਰੂ ਹੋਇਆ।
ਅ ਅੰਗਰੇਜ਼ੀ ਰਾਜ ਵਿਰੁੱਧ ਬਾਗ਼ੀ ਪੰਜਾਬੀ ਪੱਤਰਕਾਰੀ (ਰੂਸੀ ਇਨਕਲਾਬ ਤੱਕ)
ਅੰਗਰੇਜ਼ੀ ਰਾਜ ਵਿਰੁੱਧ ਬਗ਼ਾਬਤੀ ਸੁਰਾਂ ਵਾਲੇ ਸਾਰੇ ਅਖ਼ਬਾਰ ਪਰਵਾਸ ਵਿੱਚ ਹੀ ਸ਼ੁਰੂ ਕੀਤੇ ਗਏ ਕਿਉਂਕਿ ਚੇਤੰਨ ਲੋਕ ਪਰਵਾਸ ਵਿੱਚ ਪਹੁੰਚ ਕੇ ਪਰਵਾਸ ਅਤੇ ਭਾਰਤ ਵਿੱਚ ਹੋ ਰਹੀਆਂ ਨਸਲੀ ਅਤੇ ਹੋਰ ਜ਼ਿਆਦਤੀਆਂ ਬਾਰੇ ਜਾਗਰੂਕ ਹੋ ਗਏ ਸਨ। ਸਦੇਸ ਮਾਸਕ ਕੈਨੇਡਾ ਤੋਂ 1909-10 ਵਿੱਚ ਬਾਬੂ ਹਰਨਾਮ ਸਿੰਘ ਕਾਹਰੀ, ਸਨਸਾਰ ਸੰਸਾਰ ਕੈਨੇਡਾ ਤੋਂ 1912 ਵਿੱਚ ਕਰਤਾਰ ਸਿੰਘ ਹੁੰਦਲ, ਗ਼ਦਰ ਹਿੰਦੁਸਤਾਨ ਗ਼ਦਰ ਅਮਰੀਕਾ ਤੋਂ 1913 ਵਿੱਚ ਲਾਲਾ ਹਰਦਿਆਲ ਅਤੇ ਯੁਗਾਂਤਰ 1917 ਭਗਵਾਨ ਸਿੰਘ ਅਤੇ ਪ੍ਰੀਤਮ ਸਿੰਘ ਚਲਾਉਂਦੇ ਸਨ।
ੲ ਰੂਸੀ ਇਨਕਲਾਬ ਤੋਂ ਪ੍ਰਭਾਵਤ 1947 ਈਸਵੀ ਤੱਕ ਦੀ ਖੱਬੀ ਸੁਰ ਵਾਲੀ ਪੰਜਾਬੀ ਪੱਤਰਕਾਰੀ
1917 ਦੇ ਰੂਸੀ ਇਨਕਲਾਬ ਤੋਂ ਬਾਅਦ ਸਮੁੱਚੇ ਸੰਸਾਰ ਵਿੱਚ ਜਾਗ੍ਰਤੀ ਪੈਦਾ ਹੋਈ। ਭਾਰਤ ਦੇ ਲੋਕ ਵੀ ਆਜ਼ਾਦੀ ਦੀ ਪ੍ਰਾਪਤੀ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਸ ਸਮੇਂ ਦੌਰਾਨ ਬਹੁਤ ਸਾਰੇ ਗ਼ਦਰੀ ਭਾਰਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ। 1923 ਵਿੱਚ ਜਲੰਧਰ ਤੋਂ ਦੇਸ਼ ਸੇਵਕ ਸਪਤਾਹਿਕ, 1926 ਵਿੱਚ ਜਲੰਧਰ ਤੋਂ ਕਿਰਤੀ, 1927 ਵਿੱਚ ਗ਼ਦਰ ਢੰਡੋਰਾ ਪੰਦਰਵਾੜਾ, 1930 ਇੰਡੀਆ ਐਂਡ ਕੈਨੇਡਾ, 1931 ਪੰਜਾਬੀ ਸ਼ੇਰ ਸਪਤਾਹਿਕ, 1931 ਮਜ਼ਦੂਰ ਕਿਸਾਨ ਪੰਦਰਵਾੜਾ, 1934 ਕਮਿਊਨਿਸਟ ਅਤੇ ਬਾਲਸ਼ਵਿਕ, 1934 ਕਿ੍ਰਸਾਨ ਸਪਤਾਹਕ, 1930-35 ਪ੍ਰਭਾਤ ਮਾਸਕ, 1935 ਲਾਲ ਢੰਡੋਰਾ ਮਾਸਕ, 1933 ਪ੍ਰੀਤਲੜੀ, 1937 ਦੁਖੀ ਦੁਨੀਆਂ, 1938 ਕਿਰਤੀ ਲਹਿਰ, 1938 ਚਿੰਗਾੜੀ ਮਾਸਕ, 1924 ਫੁਲਵਾੜੀ ਮਾਸਕ, 1939 ਐਲਾਨ-ਏ-ਜੰਗ ਪੰਦਰਵਾੜਾ, 1940 ਇਨਕਲਾਬੀ ਮਜ਼ਦੂਰ, 1940 ਰੇਲਵੇ ਵਰਕਰ, 1940 ਜੁਗ ਪਲਟਾਊ ਸਪਤਾਹਕ, 1940 ਲਾਲ ਝੰਡਾ ਮਾਸਕ ਪ੍ਰਕਾਸ਼ਤ ਹੋਣੇ ਸ਼ੁਰੂ ਹੋ ਗਏ। ਇਹ ਸਾਰੇ ਅਖ਼ਬਾਰਾਂ ਨੇ ਖੱਬੇ-ਪੱਖੀ ਇਕਲਾਬੀ ਸੁਰ ਵਾਲੀ ਸੋਚ ‘ਤੇ ਰੂਸੀ ਇਨਕਲਾਬ ਤੋਂ ਪ੍ਰਭਾਵਤ ਹੋ ਕੇ ਪਹਿਰਾ ਦਿੱਤਾ।
ਸੁਤੰਤਰਤਾ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ
ਇਸ ਤੀਜੇ ਅਧਿਆਇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ
ੳ ‘ਆਜ਼ਾਦੀ ਉਪਰੰਤ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਤੱਕ ਦੀ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’:
15 ਅਗਸਤ 1947 ਨੂੰ ਹੋਈ ਦੇਸ਼ ਦੀ ਵੰਡ ਹੋਣ ਕਰਕੇ ਇਕ ਕਰੋੜ ਤੋਂ ਵੱਧ ਪੰਜਾਬੀ-ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਇਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ, 20-25 ਲੱਖ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਲੱਖਾਂ ਮਾਵਾਂ ਧੀਆਂ ਬੇਪਤ ਹੋਈਆਂ। ਇਸ ਨਾਲ ਪੰਜਾਬੀਆਂ ਦੀ ਆਰਥਿਕਤਾ ਲੜਖੜਾ ਗਈ। ਸਮਾਜਕ ਤੇ ਸਿਆਸੀ ਹਾਲਤ ਤਰਸਯੋਗ ਬਣ ਗਈ। ਜਿਹੜੇ ਪੰਜਾਬੀ ਸਿੱਖ ਆਜ਼ਾਦੀ ਲਈ ਮੋਰਚੇ ਲਗਾਉਂਦੇ ਸਨ, ਉਨ੍ਹਾਂ ਨੂੰ ਪੰਜਾਬੀ ਸੂਬੇ ਲਈ ਮੋਰਚੇ ਲਾਉਣੇ ਪਏ। 1966 ਵਿੱਚ ਲੰਗੜਾ ਪੰਜਾਬੀ ਸੂਬਾ ਮਿਲਿਆ। ਭਾਖੜਾ ਹੈਡ ਵਰਕਸ ਅਤੇ ਦਰਿਆਈ ਪਾਣੀਆਂ ਦਾ ਕੰਟਰੋਲ ਕੇਂਦਰ ਨ ਆਪਣੇ ਕੋਲ ਰੱਖ ਲਿਆ। ਵੰਡ ਦਾ ਪੱਤਰਕਾਰੀ ਤੇ ਅਸਰ ਪਿਆ ਕਿਉਂਕਿ ਪਹਿਲਾਂ ਪੱਤਰਕਾਰੀ ਦਾ ਕੇਂਦਰ ਲਾਹੌਰ ਸੀ। ਪੱਤਰਕਾਰੀ ਵੀ ਹਿੰਦੂ- ਸਿੱਖ ਵਿੱਚ ਵੰਡੀ ਗਈ।
ਅ ‘ਇਸ ਸਮੇਂ ਦੌਰਾਨ ਪੰਜਾਬ ਵਿੱਚ ਖੱਬੇ ਪੱਖੀ ਚੱਲੀਆਂ ਲੋਕ ਲਹਿਰਾਂ’
Êਪੰਜਾਬੀ ਸੂਬੇ ਦੀ ਲਹਿਰ ਚਲੀ ਜਿਸ ਨੂੰ ਦਬਾਉਣ ਲਈ ਪਰਤਾਪ ਸਿੰਘ ਕੈਰੋਂ ਅਤੇ ਕੇਂਦਰ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਇਹ ਮੰਗ ਲੋਕ ਲਹਿਰ ਬਣ ਗਈ। ਫਿਰ ਪੈਪਸੂ ਸਟੇਟ ਮੁਜ਼ਾਰਾ ਲਹਿਰ ਜ਼ਮੀਨੀ ਸੁਧਾਰਾਂ ਲਈ ਚਲ ਪਈ। ਇਸ ਲਹਿਰ ਦੀ ਅਗਵਾਈ ਲਾਲ ਪਾਰਟੀ ਨੇ ਕੀਤੀ। ਕੈਰੋਂ ਨੇ ‘ਖ਼ੁਸ਼ਹੈਸੀਅਤ ਟੈਕਸ’ ਲਾ ਦਿੱਤਾ ਜਿਸ ਵਿਰੁੱਧ ਲਹਿਰ ਚਲਾਈ ਗਈ। ਪੰਜਾਬ ਦੀਆਂ ਕਮਿਊਨਿਸਟ ਧਿਰਾਂ ਨੇ ਬੇਆਬਾਦ ਜ਼ਮੀਨ ਨੂੰ ਆਬਾਦ ਕਰਨ ਲਈ ਰੋਜ਼ੀ ਰੋਟੀ ਕਮਾਉਣ ਵਾਲ ਕਿਸਾਨਾ ਨੂੰ ਸਰਕਾਰ ਵੱਲੋਂ ਬੇਦਖ਼ਲ ਕਰਨ ਵਿਰੁੱਧ ਮੋਰਚਾ ਲਾਇਆ ਗਿਆ।
ੲ ‘ਇਸ ਸਮੇਂ ਦੀਆਂ ਖੱਬੇ-ਪੱਖੀ ਲਹਿਰਾਂ ਤੋਂ ਪ੍ਰਭਾਵਤ ਪੰਜਾਬੀ ਖੱਬੀ ਪੱਤਰਕਾਰੀ’
1947 ਤੋਂ ਬਾਅਦ ਖੱਬੇ-ਪੱਖੀ ਪੱਤਰਕਾਰੀ ਵਿੱਚ ਮਹੱਤਵਪੂਰਨ ਤਬਦੀਲੀ ਆਈ। ਇਸ ਸਮੇਂ ਹੇਠ ਲਿਖੇ ਪੇਪਰਾਂ ਦਾ ਯੋਗਦਾਨ ਵਰਣਨਯੋਗ ਰਿਹਾ:
ਫੁਲਵਾੜੀ: (ਮਾਸਕ) ਹੀਰਾ ਸਿੰਘ ਦਰਦ ਦੇ ਰਿਹਾ ਹੋਣ ਤੇ ਮੁੜ 1948 ਪ੍ਰਕਾਸ਼ਤ ਹੋਣਾ ਸ਼ੁਰੂ ਹੋ ਗਿਆ। ਇਹ ਅਖ਼ਬਾਰ ਲਾਲ ਪਾਰਟੀ ਦਾ ਬੁਲਾਰਾ ਬਣ ਗਿਆ। ਸਿਆਸੀ ਲੇਖ ਪ੍ਰਕਾਸ਼ਤ ਕੀਤੇ। ਪ੍ਰੀਤਲੜੀ (ਮਾਸਕ) ਭਾਵੇਂ 1933 ਤੋਂ ਛਪਦਾ ਸੀ ਪ੍ਰੰਤੂ ਇਸ ਸਮੇਂ ਦੌਰਾਨ ਧਾਰਮਿਕ ਕੱਟੜਤਾ, ਫਿਰਕਾਪ੍ਰਸਤੀ ਦੇ ਵਿਰੁੱਧ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਬਣਿਆਂ। ਲਲਕਾਰ(ਸਪਤਾਹਿਕ) ਜਰਨੈਲ ਸਿੰਘ ਅਰਸ਼ੀ ਨੇ ਕੱਢਿਆ। ਮਜ਼ਦੂਰਾਂ, ਗ਼ਰੀਬ ਵਰਗਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਦਾ ਰਿਹਾ। ਸਾਡਾ ਜੁੱਗ(ਮਾਸਕ )1949:ਇਹ ਅਖ਼ਬਾਰ ਦੇਵ ਰਾਜ ਚਾਨਣ ਦੀ ਸੰਪਾਦਕੀ ਵਿੱਚ ਮੁੱਖ ਤੌਰ ‘ਤੇ ਕਮਿਊਨਿਸਟ ਵਿਚਾਰਧਾਰਾ ਦਾ ਪ੍ਰਚਾਰ ਕਰਦਾ ਰਿਹਾ।
ਨਵੇਂ ਰਾਹ (ਸਪਤਾਹਿਕ) 1949, ਨਵਾਂ ਜੁੱਗ (ਮਾਸਕ) 1949, ਲਾਲ ਸਵੇਰਾ (ਸਪਤਾਹਿਕ) 1950 ਪਰਵਾਨਾਂ (ਸਪਤਾਹਿਕ) 1951, ਲੋਕ ਯੁੱਗ (ਸਪਤਾਹਿਕ) 1951, ਸੋਵੀਅਤ ਯੂਨੀਅਨ ਸਮਾਚਾਰ ਤੇ ਵਿਚਾਰ (ਮਾਸਕ) 1952, ਪੰਜਾਬੀ ਜਨਤਾ (ਸਪਤਾਹਿਕ) 1955, ਨਵਾਂ ਜ਼ਮਾਨਾ (ਰੋਜ਼ਾਨਾ) 1956, ਕਿਸਾਨ ਲਹਿਰ (ਮਾਸਕ) 1958, ਲੋਕ ਯੁੱਗ (ਸਪਤਾਹਿਕ) 1960, ਏਕਤਾ (ਸਪਤਾਹਿਕ) 1964, ਦੇਸ਼ ਭਗਤ ਯਾਦਾਂ (ਮਾਸਕ) 1964, ਲੋਕ ਲਹਿਰ (ਸਪਤਾਹਿਕ) 1964, ਪਾਰਟੀ ਜੀਵਨ (ਮਾਸਕ) 1967, ਲਲਕਾਰ (ਮਾਸਕ) 1969 ਅਤੇ ਖੇਤ ਮਜ਼ਦੂਰ ਏਕਤਾ (ਮਾਸਕ) 1967 ਸਾਰੇ ਅਖ਼ਾਰਾਂ ਦਾ ਮੁੱਖ ਮੁੱਦਾ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਜਨਤਾ ਦੇ ਹੱਕਾਂ ‘ਤੇ ਪਹਿਰਾ ਦੇਣਾ ਸੀ, ਜਿਸ ਨੂੰ ਉਹ ਆਪੋ ਆਪਣੀ ਸਮਰੱਥਾ ਅਨੁਸਾਰ ਨਿਭਾਉਂਦੇ ਰਹੇ।
ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
ਇਸ ਚੌਥੇ ਅਧਿਆਇ ਨੂੰ ਲੇਖਕ ਨੇ ਚਾਰ ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਅਧਿਆਇ
ੳ ‘ਨਕਸਲਵਾੜੀ ਲਹਿਰ:ਪਿਛੋਕੜ ਅਤੇ ਸੰਖੇਪ ਇਤਿਹਾਸ’
1817 ਦੇ ਰੂਸ ਦੇ ਇਨਕਲਾਬ ਤੋਂ ਬਾਅਦ ਕਮਿਊਨਿਸਟ ਪਾਰਟੀ ਹੋਂਦ ਵਿੱਚ ਆਈ। ਨਕਸਲਵਾੜੀ ਲਹਿਰ 1967 ਵਿੱਚ ਦਾਰਜÇਲੰਗ ਜਿਲ੍ਹੇ ਦੇ ਪਿੰਡ ਨਕਸਲਵਾੜੀ ਵਿਖੇ ਸੰਘਰਸ਼ ਕਰ ਰਹੇ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਟਕਰਾਓ ਹੋਣ ਕਰਕੇ 11 ਵਿਅਕਤੀ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ। ਇਕ ਕਿਸਮ ਨਾਲ ਨਕਸਲਵਾੜੀ ਲਹਿਰ ਦਾ ਇਹ ਆਗਾਜ਼ ਸੀ।
ਅ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਸ਼ੁਰੂਆਤ
ਪੰਜਾਬ ਵਿੱਚ ਕਮਿਊਨਿਸਟ ਸੁਚੇਤ ਨੇਤਾਵਾਂ ਨੇ ਪੱਛਵੀਂ ਬੰਗਾਲ ਤੋਂ ਪ੍ਰਭਾਵਤ ਹੋ ਕੇ ਲੋਕ ਪੱਖੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਪ੍ਰੰਤੂ 1971 ਵਿੱਓ ਨਕਸਲੀ ਲਹਿਰ ਦੇ ਤਿੰਨ ਗਰੁਪ ਕੰਮ ਕਰਨ ਲੱਗ ਪਏ ਅਤੇ 1972 ਵਿੱਚ ਇਸ ਦਾ ਪ੍ਰਭਾਵ ਸਾਹਮਣੇ ਆਇਆ।
ੲ ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
ਪੰਜਾਬ ਵਿੱਚ ਇਸ ਲਹਿਰ ਦੇ ਪ੍ਰਭਾਵ ਹੇਠ 100 ਦੇ ਲਗਪਗ ਪੇਪਰ ਪ੍ਰਕਾਸ਼ਤ ਹੋਏ। ਇਨ੍ਹਾਂ ਪੇਪਰਾਂ ਦੇ ਪ੍ਰਕਾਸ਼ਤ ਹੋਣ ਨਾਲ ਪੰਜਾਬ ਵਿੱਚ ਨਕਸਲਵਾੜੀ ਲਹਿਰ ਦਾ ਪ੍ਰਭਾਵ ਸ਼ਪਸ਼ਟ ਤੌਰ ‘ਤੇ ਵੇਖਣ ਨੂੰ ਮਿਲਿਆ। ਸਾਹਿਤਕ ਪੱਤਰਕਾਰੀ ਵੀ ਸਿਖ਼ਰਾਂ ਤੇ ਪਹੁੰਚ ਗਈ, ਇਕ ਕਿਸਮ ਨਾਲ ਪੰਜਾਬੀ ਪੱਤਰਕਾਰੀ ਵਿੱਚ ਇਨਕਲਾਬੀ ਤਬਦੀਲੀ ਆਈ।
ਸ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਦੀ ਨਕਸਲਵਾੜੀ ਲਹਿਰ ਤੋਂ ਪ੍ਰਭਾਵਤ ਪੰਜਾਬੀ ਪੱਤਰਕਾਰੀ
ਐਮਰਜੈਂਸੀ ਦੌਰਾਨ ਜੇਲ੍ਹਾਂ ਵਿੱਚ ਬੰਦ ਕਮਿਊਨਿਸਟ ਨੇਤਾਵਾਂ ਨੇ ਜੇਲ੍ਹਾਂ ਵਿੱਚੋਂ ਬਾਹਰ ਆ ਕੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। 2020 ਤੱਕ ਕਮਿਊਨਿਸਟ ਪੰਜਾਬੀਆਂ ਦੇ ਦੋ ਦਰਜਨ ਗਰੁਪ ਬਣ ਕੇ ਸਰਗਰਮ ਹੋ ਗਏ। ਇਸ ਸਮੇਂ ਦੌਰਾਨ ਪਹਿਲਾਂ ਪ੍ਰਕਾਸ਼ਤ ਹੋ ਰਹੇ ਕੁਝ ਅਖ਼ਬਾਰ ਬੰਦ ਹੋ ਗਏ ਅਤੇ ਕੁਝ ਨਵੇਂ ਸ਼ੁਰੂ ਹੋ ਗਏ। ਲਗਪਗ 80 ਅਖ਼ਬਾਰ ਪ੍ਰਕਾਸ਼ਤ ਹੁੰਦੇ ਰਹੇ।
251 ਪੰਨਿਆਂ, 320 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸਮਾਜ ਸੇਵਾ ਨੂੰ ਪ੍ਰਣਾਇਆ : ਭਗਵਾਨ ਦਾਸ ਗੁਪਤਾ - ਉਜਾਗਰ ਸਿੰਘ
ਭਗਵਾਨ ਦਾਸ ਗੁਪਤਾ ਇਕ ਅਜਿਹਾ ਵਿਅਕਤੀ ਹੈ, ਜਿਸ ਨੂੰ ਹਰ ਸਮੇਂ ਸਮਾਜ ਸੇਵਾ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ। ਸਮਾਜ ਸੇਵਾ ਨਾਲ ਸੰਬੰਧਤ ਹਰ ਰੋਜ਼ ਹੀ ਅਖ਼ਬਾਰਾਂ ਵਿੱਚ ਭਗਵਾਨ ਦਾਸ ਗੁਪਤਾ ਦੀਆਂ ਖ਼ਬਰਾਂ ਪ੍ਰਕਾਸ਼ਤ ਹੋਈਆਂ ਹੁੰਦੀਆਂ ਹਨ। ਇਤਨੀਆਂ ਖ਼ਬਰਾਂ ਤਾਂ ਕਿਸੇ ਸਿਆਸਤਦਾਨ ਦੀਆਂ ਵੀ ਪ੍ਰਕਾਸ਼ਤ ਨਹੀਂ ਹੁੰਦੀਆਂ। ਇਨ੍ਹਾਂ ਖ਼ਬਰਾਂ ਤੋਂ ਉਸ ਦੀ ਸਮਾਜ ਸੇਵਾ ਬਾਰੇ ਬਚਨਵੱਧਤਾ ਦਾ ਪਤਾ ਲਗਦਾ ਹੈ। ਉਸ ਦਾ ਲੋਕ ਸੰਪਰਕ ਦਾ ਤਾਣਾ ਬਾਣਾ ਕਾਫੀ ਮਜ਼ਬੂਤ ਹੋਵੇਗਾ। ਇਉਂ ਮਹਿਸੂਸ ਹੋ ਰਿਹਾ ਹੈ ਕਿ ਚੋਣ ਲੜਨ ਦੀ ਇੱਛਾ ਉਸ ਦੇ ਮਨ ਵਿੱਚ ਤੁਣਕੇ ਮਾਰ ਰਹੀ ਹੈ। ਉਨ੍ਹਾਂ ਦੀਆਂ ਸਰਗਰਮੀਆਂ ਤੋਂ ਪਹਿਲਾਂ ਪਟਿਆਲਾ ਵਿਖੇ ਪ੍ਰਾਣ ਸਭਰਵਾਲ ਦਾ ਲੋਕ ਸੰਪਰਕ ਸਭ ਤੋਂ ਮਜ਼ਬੂਤ ਗਿਣਿਆਂ ਜਾਂਦਾ ਸੀ। ਉਸ ਦੀਆਂ ਸਰਗਰਮੀਆਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ। ਭਗਵਾਨ ਦਾਸ ਗੁਪਤਾ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਿਕ, ਸਾਹਿਤਕ, ਕਲਾ, ਮਨੋਰੰਜਨ, ਸਵੈ-ਇੱਛਤ, ਆਰਥਿਕ ਅਤੇ ਫਿਲਮੀ ਸੰਸਥਾਵਾਂ ਦੇ ਪ੍ਰਧਾਨ/ਚੇਅਰਮੈਨ/ਮੈਂਬਰ ਹਨ। ਇਨ੍ਹਾਂ ਸੰਸਥਾਵਾਂ ਦੀਆਂ ਸਰਗਰਮੀਆਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਸੰਸਥਾਵਾਂ ਉਨ੍ਹਾਂ ਨੂੰ ਸਨਮਾਨਤ ਕਰਦੀਆਂ ਰਹਿੰਦੀਆਂ ਹਨ। ਇਤਨੇ ਮੋਮੈਂਟੋ ਅਤੇ ਤੋਹਫ਼ੇ ਭਗਵਾਨ ਦਾਸ ਗੁਪਤਾ ਦੇ ਡਰਾਇੰਗ ਰੂਮ ਦੀ ਸ਼ੋਭਾ ਵਧਾ ਰਹੇ ਹੋਣਗੇ। ਉਸ ਨੂੰ ਬਚਪਨ ਵਿੱਚ ਹੀ ਸਮਾਜ ਸੇਵਾ ਦੀ ਪ੍ਰਵਿਰਤੀ ਆਪਣੇ ਮਾਤਾ ਪਿਤਾ ਤੋਂ ਵਿਰਸੇ ਵਿੱਚੋਂ ਹੀ ਮਿਲੀ ਹੈ ਪ੍ਰੰਤੂ ਇਸ ਪ੍ਰਵਿਰਤੀ ਨੂੰ ਉਤਸ਼ਾਹ ਪਿੰਡ ਦੇ ਪ੍ਰਸਿੱਧ ਸਮਾਜ ਸੇਵਕ ਮਰਹੂਮ ਕਰਤਾਰ ਸਿੰਘ ਧਾਲੀਵਾਲ ਤੋਂ ਪ੍ਰੇਰਤ ਹੋ ਕੇ ਮਿਲਿਆ। ਸਮਾਜ ਸੇਵਾ ਨੂੰ ਭਗਵਾਨ ਦਾਸ ਗੁਪਤਾ ਆਪਣੀ ਪੁਸ਼ਤੈਨੀ ਜ਼ਿੰਮੇਵਾਰੀ ਸਮਝਦਾ ਹੈ। ਕਈ ਵਾਰ ਤਾਂ ਭਗਵਾਨ ਦਾਸ ਗੁਪਤਾ ਦੀ ਮਸ਼ਰੂਫੀਅਤ ਵੇਖ ਕੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਉਹ ਆਪਣੇ ਕਾਰੋਬਾਰ ਅਤੇ ਪਰਿਵਾਰਿਕ ਜ਼ਰੂਰਤਾਂ ਲਈ ਸਮਾਂ ਕਿਵੇਂ ਕੱਢਦਾ ਹੋਵੇਗਾ?
ਉਨ੍ਹਾਂ ਸਰਕਾਰੀ ਉਦਯੋਗਿਕ ਸੰਸਥਾ ਪਟਿਆਲਾ ਤੋਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਪਾਸ ਕੀਤਾ। ਉਸ ਤੋਂ ਬਾਅਦ ਉਸ ਨੇ ਹਾਰਲਿਕਸ ਫੈਕਟਰੀ ਨਾਭਾ ਵਿਖੇ ਇਕ ਸਾਲ ਜੂਨੀਅਰ ਡਰਾਫ਼ਟਸਮੈਨ ਦੀ ਨੌਕਰੀ ਕੀਤੀ। ਇਥੇ ਵੀ ਦਿਲ ਨਾ ਲੱਗਿਆ, ਉਸ ਨੇ ਜ਼ਿੰਦਗੀ ਵਿੱਚ ਸੈਟਲ ਹੋਣ ਲਈ ਬੜੇ ਪਾਪੜ ਵੇਲੇ। ਫਿਰ ਉਹ 1981 ਵਿੱਚ ਭਾਰਤੀ ਫ਼ੌਜ ਦੀ ਥਲ ਸੈਨਾ ਦੇ ਸਿਗਨਲ ਕੋਰ ਵਿੱਚ ਵਾਇਰਲੈਸ ਅਪ੍ਰੇਟਰ ਭਰਤੀ ਹੋ ਗਿਆ। ਘੁੰਮਣ ਫਿਰਨ ਵਾਲਾ ਆਜ਼ਾਦ ਪੰਛੀ ਭਗਵਾਨ ਦਾਸ ਗੁਪਤਾ ਲਈ ਫ਼ੌਜ ਦੀ ਅਨੁਸ਼ਾਸਨ ਵਾਲੀ ਨੌਕਰੀ ਵਿੱਚ ਰਹਿਣਾ ਔਖਾ ਹੋ ਗਿਆ, ਕਿਉਂਕਿ ਇਕ ਥਾਂ ਟਿਕ ਕੇ ਬੈਠਣਾ ਉਸ ਲਈ ਪਿੰਜਰੇ ਵਿੱਚ ਕੈਦ ਹੋਣ ਦੇ ਬਰਾਬਰ ਸੀ। ਉਥੇ ਵੀ ਉਸ ਨੇ 5 ਕੁ ਮਹੀਨੇ ਨੌਕਰੀ ਕੀਤੀ। ਇਸ ਲਈ ਉਹ ਫ਼ੌਜ ਦੀ ਨੌਕਰੀ ਨੂੰ ਤਿਲਾਂਜ਼ਲੀ ਦੇ ਕੇ ਵਾਪਸ ਆਪਣੇ ਪਿੰਡ ਮੰਡੌਰ ਆ ਗਿਆ। ਆਪਣੇ ਪਿੰਡ ਵਿੱਚ ਰਹਿੰਦਾ ਹੋਇਆ ਉਹ ਖੇਡ ਟੂਰਨਾਮੈਂਟਾਂ, ਸਭਿਆਚਾਰਿਕ ਪ੍ਰੋਗਰਾਮਾ, ਭਲਵਾਨਾ ਦੀਆਂ ਕੁਸ਼ਤੀਆਂ ਦੇ ਅਖਾੜਿਆਂ ਅਤੇ ਹੋਰ ਸਰਗਰਮੀਆਂ ਵਿੱਚ ਦਿਲਚਸਪੀ ਲੈਂਦਾ ਰਿਹਾ ਹੈ। ਇਨ੍ਹਾਂ ਸਮਾਗਮਾ ਵਿੱਚ ਉਹ ਪਾਣੀ ਪਿਲਾਉਣ ਦੀ ਸੇਵਾ ਨਿਭਾਉਂਦਾ ਰਿਹਾ ਹੈ। ਪਟਿਆਲਾ ਆਉਣ ਤੋਂ ਪਹਿਲਾਂ ਉਹ ਰਖੜਾ ਤੋਂ ਪੱਤਰਕਾਰੀ ਵੀ ਕਰਦਾ ਰਿਹਾ। ਜਦੋਂ ਉਹ ਟਿਕ ਕੇ ਕੰਮ ਨਾ ਕਰ ਸਕਿਆ ਤਾਂ ਉਸ ਦੇ ਮਾਪਿਆਂ ਨੇ 15 ਦਸੰਬਰ 1985 ਨੂੰ ਪ੍ਰੇਮ ਲਤਾ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਗ੍ਰਹਿਸਤੀ ਦੇ ਪਿੰਜਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹ ਪਟਿਆਲਾ ਸ਼ਹਿਰ ਵਿੱਚ ਆ ਕੇ ਵਸ ਗਿਆ। ਪਟਿਆਲਾ ਸ਼ਹਿਰ ਵਿੱਚ ਆ ਕੇ ਉਸ ਨੇ ਇਨ੍ਹਾਂ ਖੇਤਰਾਂ ਦੀਆਂ ਸਰਗਰਮੀਆਂ ਨੂੰ ਜ਼ਾਰੀ ਰੱਖਿਆ ਹੋਇਆ ਹੈ। ਉਨ੍ਹਾਂ ਸਤੰਬਰ 2011 ਵਿੱਚ ਆਪਣੇ ਸਹਿਯੋਗੀਆਂ ਨਾਲ ਰਲਕੇ ਡਰੀਮਜ਼ ਆਫ਼ ਸ਼ੋਸ਼ਲ ਟਰੈਂਡਜ਼ (ਦੋਸਤ) ਨਾਮ ਦੀ ਸੰਸਥਾ ਸਥਾਪਤ ਕੀਤੀ। ਇਸ ਸੰਸਥਾ ਰਾਹੀਂ ਸਰਦੀ ਦੇ ਮੌਸਮ ਵਿੱਚ ਗ਼ਰੀਬ ਲੋਕਾਂ ਨੂੰ ਰਜਾਈਆਂ ਵੰਡਣੀਆਂ, ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਆਰ.ਓ ਲਗਵਾਣੇ, ਛਾਂ-ਦਾਰ ਰੱਖ, ਮੈਡੀਸਨ ਅਤੇ ਫਲਦਾਰ ਪੌਦੇ ਲਗਵਾਣ ਦੀ ਸੇਵਾ ਕਰਦਾ ਰਿਹਾ। ਇਸੇ ਤਰ੍ਹਾਂ ਪਿੰਗਲਾ ਆਸ਼ਰਮ, ਬਿਰਧ ਆਸ਼ਰਮ, ਅਤੇ ਅਨਾਥ ਆਸ਼ਰਮਾਂ ਵਿੱਚ ਫਲ ਫਰੂਟ ਅਤੇ ਅਨਾਜ ਆਦਿ ਦਿੱਤੇ। ਗ਼ਰੀਬ ਲੋਕਾਂ ਨੂੰ ਰਾਸ਼ਣ ਵੰਡਿਆ। ਖ਼ੂਨ ਦਾਨ ਅਤੇ ਮੈਡੀਕਲ ਕੈਂਪ ਲਗਵਾਏ। ਨਸ਼ਿਆ ਵਿਰੁਧ ਜਾਗ੍ਰਤੀ ਮੁਹਿੰਮ ਚਲਾਈ ਗਈ। ਅੰਗਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਭਗਵਾਨ ਦਾਸ ਗੁਪਤਾ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਪ੍ਰਧਾਨ, ਇੰਟਰਨੈਸ਼ਨਲ ਲੋਕ ਗਾਇਕ ਮੰਚ ਪੰਜਾਬ ਦੇ ਚੇਅਰਮੈਨ, ਇੰਡੀਅਨ ਰੈਡ ਕਰਾਸ ਸੋਸਾਇਟੀ ਪਟਿਆਲਾ ਅਤੇ ਰਾਸ਼ਟਰੀਆ ਕਵੀ ਸੰਗਮ ਪੰਜਾਬ ਦੇ ਸਰਪ੍ਰਸਤ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲਕੇ ਸਮਾਜ ਸੇਵਾ ਦਾ ਕਾਰਜ ਕਰ ਰਹੇ ਹਨ। ਉਹ ਪਟਿਆਲਾ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਟ੍ਰੈਫਿਕ ਮਾਰਸ਼ਲ, ਕਮਿਊਨਿਟੀ ਰਿਸੋਰਸ ਸੈਂਟਰ, ਪੁਲਿਸ ਸਾਂਝ ਕੇਂਦਰ ਤਿ੍ਰਪੜੀ ਦੇ ਮੈਂਬਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੂੰ 1997 ਵਿੱਚ ਨਹਿਰੂ ਯੁਵਕ ਕੇਂਦਰ ਪਟਿਆਲਾ ਅਤੇ 26 ਜਨਵਰੀ 2015 ਵਿੱਚ ਪੰਜਾਬ ਸਰਕਾਰ ਵਲੋਂ ਸਨਮਾਨਤ ਕੀਤਾ ਗਿਆ ਹੈ। ਉਸ ਨੂੰ ਸਨਮਾਨ ਕਰਨ ਵਾਲਿਆਂ ਦੀ ਸੂਚੀ ਲੰਬੀ ਹੈ।
ਭਗਵਾਨ ਦਾਸ ਗੁਪਤਾ ਦਾ ਜਨਮ 6 ਸਤੰਬਰ 1960 ਨੂੰ ਪਟਿਆਲਾ ਜਿਲ੍ਹੇ ਦੇ ਪਿੰਡ ਮੰਡੌਰ ਵਿਖੇ ਦੇ ਪਿਤਾ ਰਾਮ ਲਾਲ ਗੁਪਤਾ ਅਤੇ ਮਾਤਾ ਸੀਤਾ ਦੇਵੀ ਦੀ ਕੁਖੋਂ ਹੋਇਆ। ਉਸ ਨੂੰ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਲਈ ਪੰਜ ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ਨੌਹਰਾ, ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਪਟਿਆਲਾ, ਬੀ.ਐਨ.ਖਾਲਸਾ ਸਕੂਲ ਸਰਹੰਦ ਰੋਡ ਪਟਿਆਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਰ ਵਿੱਚ ਜਾਣਾ ਪਿਆ। ਉਸ ਤੋਂ ਬਾਅਦ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਮੰਡੌਰ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਸ ਦੇ ਤਿੰਨ ਬੱਚੇ ਹਨ। ਦੋ ਲੜਕੀਆਂ ਸਨੀ ਗੁਪਤਾ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕਾ, ਇੰਜੀਨੀਅਰ ਪਲਵੀ ਗੁਪਤਾ ਭਾਰਤੀ ਸੰਚਾਰ ਨਿਗਮ ਵਿੱਚ ਜੇ.ਟੀ.ਓ, ਲੜਕਾ ਪੁਸ਼ਪਿੰਦਰ ਗੁਪਤਾ ਮਾਲ ਪਟਵਾਰੀ ਅਤੇ ਨੂੰਹ ਨਿਸ਼ੂਕਾ ਗੁਪਤਾ ਸਾਇੰਸ ਅਧਿਆਪਕਾ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬ: ਬੜ੍ਹਕ ਨਾ ਮੜਕ : ਪੰਜਾਬ ਦੀ ਤ੍ਰਾਸਦੀ ਦੀ ਰੜਕ - ਉਜਾਗਰ ਸਿੰਘ
ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਪੰਜਾਬ:ਬੜ੍ਹਕ ਨਾ ਮੜਕ’ ਦਬੰਗ ਤੇ ਦਲੇਰ ਪੱਤਰਕਾਰੀ ਦਾ ਵਿਲੱਖਣ ਦਸਤਾਵੇਜ਼ ਹੈ। ਇਕ ਕਿਸਮ ਨਾਲ ਉਨ੍ਹਾਂ ਇਸ ਪੁਸਤਕ ਵਿਚਲੇ 44 ਲਘੂ ਲੇਖਾਂ ਵਿੱਚ ਵਰਤਮਾਨ ਪੰਜਾਬ ਦੀ ਤਸਵੀਰ ਖਿਚਕੇ ਪਾਠਕਾਂ ਨੂੰ ਜਾਗਰੂਕ ਕੀਤਾ ਹੈ। ਇਸ ਪੁਸਤਕ ਦੇ ਸਾਰੇ ਲੇਖਾਂ ਦੇ ਵਿਸ਼ਿਆਂ ਅਨੁਸਾਰ ਢੁਕਵਾਂ ਨਾਮ ਹੈ। ਭਾਵ ਪੰਜਾਬ ਸਰਕਾਰਾਂ ਦੀ ਬੇਰੁੱਖੀ ਕਰਕੇ ਆਰਥਿਕ ਤੌਰ ‘ਤੇ ਖੋਖਲਾ ਹੋ ਗਿਆ ਹੈ। ਨਿਰਪੱਖ ਪੱਤਰਕਾਰੀ ਜੋਖ਼ਮ ਭਰਿਆ ਕਿੱਤਾ ਹੈ। ਕੋਈ ਵੀ ਸਿਆਸਤਦਾਨ, ਅਧਿਕਾਰੀ ਅਤੇ ਕਰਮਚਾਰੀ ਆਪਣੀ ਅਸਫਲਤਾ ਲੋਕਾਂ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦਾ। ਲੇਖਕ ਨੇ ਅਖ਼ਬਾਰਾਂ ਲਈ ਲਿਖੇ ਆਪਣੇ ਲੇਖਾਂ ਦੀ ਇਹ ਪੁਸਤਕ ਪ੍ਰਕਾਸ਼ਤ ਕਰਕੇ ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਪੁਸਤਕ ਰੂਪ ਦੇ ਕੇ ਆਪਣਾ ਮਨ ਹੌਲਾ ਕਰ ਲਿਆ ਹੈ, ਸੱਚੇ ਸੁੱਚੇ ਲੇਖਕ ਜੇਕਰ ਲੋਕ ਹਿਤਾਂ ‘ਤੇ ਪਹਿਰਾ ਨਾ ਦੇਣ ਤਾਂ ਉਨ੍ਹਾਂ ਨੂੰ ਮਾਨਸਿਕ ਤਕਲੀਫ਼ ਝੱਲਣੀ ਪੈਂਦੀ ਹੈ। ਉਨ੍ਹਾਂ ਦੇ ਲੇਖ ਵੱਖ-ਵੱਖ ਸਮਿਆਂ ਵਿੱਚ ਵਾਪਰੀਆਂ ਘਟਨਾਵਾਂ ਅਤੇ ਚਲੰਤ ਮਸਲਿਆਂ ਬਾਰੇ ਹਨ। ਸਮੇਂ ਦੇ ਸੱਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਚੋਣਵੇਂ ਲੇਖਕ ਹੀ ਕਰਦੇ ਹਨ। ਕਮਲਜੀਤ ਸਿੰਘ ਬਨਵੈਤ ਦੀ ਇਕ ਹੋਰ ਖ਼ੂਬੀ ਹੈ, ਉਹ ਆਪਣੇ ਲੇਖਾਂ ਵਿੱਚ ਤੱਥਾਂ ‘ਤੇ ਅਧਾਰਤ ਲਿਖਦਾ ਹੈ। ਤੱਥਾਂ ਦੇ ਸੋਮੇਂ ਵੀ ਉਹ ਨਾਲ ਲਿਖਦਾ ਹੈ, ਜਿਸ ਕਰਕੇ ਲੇਖਾਂ ਦੀ ਸਾਰਥਿਕਤਾ ਬਣ ਜਾਂਦੀ ਹੈ। ਪੰਜਾਬ ਵਿੱਚ ਬੰਦੀ ਸਿੰਘਾਂ ਵਾਲੇ ਲੇਖ ਵਿੱਚ ਲਗਪਗ ਸਾਰੇ ਉਨ੍ਹਾਂ ਬੰਦੀ ਸਿੰਘਾਂ ਬਾਰੇ ਸੰਖੇਪ ਵਿੱਚ ਪ੍ਰੰਤੂ ਸਹੀ ਜਾਣਕਾਰੀ ਦਿੱਤੀ ਹੈ। ਲੇਖਕ ਨੇ ਇਨ੍ਹਾਂ ਲੇਖਾਂ ਵਿੱਚ ਕੋਈ ਅਜਿਹਾ ਪੱਖ ਨਹੀਂ ਛੱਡਿਆ ਜਿਸ ਦਾ ਪ੍ਰਭਾਵ ਪੰਜਾਬ ਦੀ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਹਾਲਤ ਨੂੰ ਪ੍ਰਭਾਵਤ ਕਰਦਾ ਹੋਵੇ। ਪੰਜਾਬ ਦੇ ਕੁਝ ਅਜਿਹੇ ਸਿਆਸੀ ਪਰਿਵਾਰ ਹਨ, ਜਿਹੜੇ ਸਿਆਸਤ ਦੇ ਆਪਣਾ ਜੱਦੀ ਅਧਿਕਾਰ ਸਮਝਦੇ ਹਨ, ਉਨ੍ਹਾਂ ਬਾਰੇ ਲੇਖਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕਿਵੇਂ ਪੁਸ਼ਤ ਦਰ ਪੁਸ਼ਤ ਆਪਣੀ ਪ੍ਰਭੁਸਤਾ ਬਣਾਈ ਬੈਠੇ ਹਨ। ਮਿਆਰੀ ਸਿਖਿਆ ਦੇ ਦਮਗਜ਼ੇ ਮਾਰਨ ਵਾਲੀਆਂ ਸਰਕਾਰਾਂ ਦੇ ਸਬੂਤਾਂ ਨਾਲ ਪਾਜ ਉਘੇੜ ਦਿੱਤੇ ਹਨ। ਸਿਹਤ ਸੇਵਾਵਾਂ ਬਾਰੇ ਕਮਾਲ ਦੀ ਜਾਣਕਾਰੀ ਉਪਲਭਧ ਕਰਵਾਈ ਹੈ ਕਿ ਕਿਤਨੀਆਂ ਸਿਹਤ ਸੰਸਥਾਵਾਂ ਬੰਦ ਹੋਣ ਦੇ ਕਿਨਾਰੇ ਹਨ ਅਤੇ ਕਿਤਨਾ ਸਟਾਫ ਘੱਟ ਹੈ। ਮੁਹੱਲਾ ਕਲਿਨਕਾਂ ਦੇ ਪ੍ਰਚਾਰ ‘ਤੇ 30 ਕਰੋੜ ਰੁਪਿਆ ਖ਼ਰਚ ਦਿੱਤਾ ਹੈ ਪ੍ਰੰਤੂ ਦਵਾਈਆਂ ਤੇ ਘੱਟ ਖ਼ਰਚਿਆ ਹੈ। ਅਧਿਕਾਰੀਆਂ ਨੂੰ ਧਮਕਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਲਾਲ ਡਾਇਰੀ ਅਤੇ ਹੋਰ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਵੀ ਦਰਸਾਇਆ ਹੈ। ਕਾਂਗਰਸ ਪਾਰਟੀ ਦੇ ਨੇਤਾ ਕਿਵੇਂ ਸਿਆਸੀ ਤਾਕਤ ਹੜੱਪਣ ਲਈ ਬਿੱਲੀਆਂ ਵਾਂਗ ਲੜਦੇ ਹਨ। ਭਗਵੰਤ ਸਿੰਘ ਮਾਨ ਦੀ ਭਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਪ੍ਰਸੰਸਾ ਕੀਤੀ ਹੈ ਕਿ ਉਹ ਇਸ ਖੇਤਰ ਵਿੱਚ ਅਜੇ ਤੱਕ ਚੰਗਾ ਕੰਮ ਕਰ ਰਿਹਾ ਹੈ। ਮਾਪਿਆਂ ਦੀ ਅਣਵੇਖੀ, ਮਾਰ ਕੁਟਾਈ ਅਤੇ ਬਿਰਧ ਅਸ਼ਰਮਾ ਵਿੱਚ ਭੇਜਣ ਦੀ ਤ੍ਰਾਸਦੀ ਦਿਲ ਨੂੰ ਹਲੂਣਦੀ ਹੈ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਨਕਾਰਾਂ ਬਾਰੇ ਵੀ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਫਰਜਾਂ ਬਾਰੇ ਜਾਣਕਾਰੀ ਹੀ ਨਹੀਂ। ਝੋਨੇ ਦੀ ਸਿੱਧੀ ਬਿਜਾਈ ਦੇ ਭਗਵੰਤ ਮਾਨ ਸਰਕਾਰ ਦੇ ਦਮਗਜ਼ਿਆਂ ਦੀ ਪੋਲ ਖੋਲ੍ਹੀ ਹੈ। ਕਰਜ਼ੇ ਦੇ ਸਹਾਰੇ ਚਲ ਰਹੀ ਪੰਜਾਬ ਸਰਕਾਰ ਦੀਆਂ ਬੜ੍ਹਕਾਂ ਖੋਖਲੀਆਂ ਸਾਬਤ ਹੋ ਰਹੀਆਂ ਹਨ। ਜੀ.ਡੀ.ਪੀ. 55 ਫ਼ੀ ਸਦੀ ਤੋਂ ਵੱਧਕੇ 60 ਫ਼ੀ ਸਦੀ ਤੱਕ ਪਹੁੰਚਣ ਦੀ ਉਮੀਦ ਹੈ, ਫਿਰ ਸਰਕਾਰ ਨੂੰ ਕਰਜ਼ਾ ਵੀ ਨਹੀਂ ਮਿਲ ਸਕਣਾ। ਹੁਣ ਪੰਜਾਬ ਦੇ ਬਜਟ ਦਾ 15 ਫ਼ੀ ਸਦੀ ਵਿਆਜ ਮੋੜਨ ਤੇ ਖ਼ਰਚ ਹੋ ਰਿਹਾ ਹੈ। ਅਧਿਕਾਰੀਆਂ ਅਤੇ ਸਰਕਾਰ ਵਿੱਚ ਤਾਲਮੇਲ ਨਹੀਂ ਹੈ। ਆਈ.ਏ.ਐਸ.‘ਤੇ ਪੀ.ਸੀ.ਐਸ. ਸਰਕਾਰ ਤੋਂ ਅੱਖੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਂਗਰਸ ਜੋੜੋ ਤੱਕ ਸੀਮਤ ਹੋ ਗਈ। ਪੰਜਾਬ ਦੇ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਤੇ ਵੀ ਕਿੰਤੂ ਪ੍ਰੰਤੂ ਕੀਤਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਨਹੀਂ ਰਹੇ। ਉਨ੍ਹਾਂ ਨੇ ਸੰਸਦੀ ਪ੍ਰਣਾਲੀ ਦੀ ਮਰਿਆਦਾ ਵੀ ਕਾਇਮ ਨਹੀਂ ਰੱਖੀ, ਦੂਸ਼ਣਬਾਜ਼ੀ ਕਰਦੇ ਰਹੇ। 2022 ਦੇ ਸਾਲ ਬਾਰੇ ਲਿਖਦਿਆਂ ਬਨਵੈਤ ਨੇ ਦੱਸਿਆ ਹੈ ਕਿ ਕੁਝ ਦਿਗਜ਼ ਨੇਤਾਵਾਂ ਦੀ ਕਿਸਮਤ ਲੁੜਕ ਗਈ ਅਤੇ ਸਾਧਾਰਨ ਲੋਕ ਚੋਣਾਂ ਜਿੱਤ ਗਏ ਤੇ ਉਨ੍ਹਾਂ ਦੀ ਕਿਸਮਤ ਚਮਕ ਗਈ। ਆਇਆ ਰਾਮ ਤੇ ਗਿਆ ਰਾਮ ਸਿਆਸੀ ਤਾਕਤ ਦੀ ਭੁੱਖ ਕਰਕੇ ਭਾਰੂ ਰਿਹਾ। ਦੇਸ਼ ਵਿੱਚ ਸਿਆਸੀ ਪਾਰਟੀਆਂ ਵੋਟਾਂ ਵਟੋਰਨ ਲਈ ਔਰਤਾਂ ਨੂੰ 33 ਫ਼ੀ ਸਦੀ ਰਾਖ਼ਵਾਂ ਦੇ ਹੱਕ ਦੇਣ ਦੀ ਗੱਲ ਕਰਦੀਆਂ ਹਨ ਪ੍ਰੰਤੂ ਅਮਲੀ ਤੌਰ ‘ਤੇ ਨਹੀਂ। ਪੰਜਾਬ ਵਿੱਚ ਪ੍ਰਬੰਧਕੀ ਪ੍ਰਣਾਲੀ ਵਿੱਚ ਇਸਤਰੀਆਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ। ਬਾ-ਮੁਲਾਹਿਜ਼ਾ ਹੁਸ਼ਿਆਰ ਸਿਰਲੇਖ ਵਾਲੇ ਲੇਖ ਵਿੱਚ ਪੰਜਾਬ ਵਿੱਚ 1978 ਤੋਂ ਸ਼ੁਰੂ ਹੋਈਆਂ ਫ਼ਿਰਕੂ ਘਟਨਾਵਾਂ ਤੋਂ ਬਾਅਦ ਹੁਣ ਠਾਕੁਰਪੁਰ ਚਰਚ ਦੀ ਭੰਨ ਤੋੜ ਦੀ ਘਟਨਾ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀਆਂ ਨੂੰ ਅਜਿਹੀਆਂ ਫ਼ਿਰਕੂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰੇਤ ਮਾਫ਼ੀਏ ‘ਤੇ ਨਕੇਲ ਨਹੀਂ ਕਸ ਸਕੀ। ਸਰਹੱਦੀ ਖੇਤਰ ਵਿੱਚ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ। ਦੇਸ਼ ਵਿੱਚ ਖ਼ੁਦਕਸ਼ੀਆਂ ਦਾ ਰੁਝਾਨ ਵੱਧ ਰਿਹਾ ਹੈ। 2020 ਦੇ ਮੁਕਾਬਲੇ 2021 ਵਿੱਚ 7.2 ਫ਼ੀ ਸਦੀ ਵਾਧਾ ਹੋਇਆ ਹੈ, ਜੋ ਚਿੰਤਾ ਵਿਸ਼ਾ ਹੈ। ਬਾਦਲ ਪਰਿਵਾਰ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵੀ ਅਕਾਲੀ ਦਲ ਤੋਂ ਪਰਿਵਾਰਿਕ ਕਬਜ਼ਾ ਛੱਡਣਾ ਨਹੀਂ ਚਾਹੁੰਦੀ। ਸੈਕੰਡ ਰੈਂਕ ਲੀਡਰਸ਼ਿਪ ਨੂੰ ਉਭਰਨ ਹੀ ਨਹੀਂ ਦਿੰਦਾ। ਦੇਸ਼ ਵਿੱਚ ਹਿਰਾਸਤੀ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇਸ਼ ਵਿੱਚੋਂ ਤੀਜੇ ਸਥਾਨ ‘ਤੇ ਹੈ। ਪਿਛਲੇ ਦੋ ਸਾਲਾਂ ਵਿੱਚ 225 ਹਿਰਾਸਤੀ ਮੌਤਾਂ ਹੋਈਆਂ ਹਨ। ਭਗਵੰਤ ਮਾਨ ਦੀ ਸਰਕਾਰ ਦੇ ਰਾਹ ਵਿੱਚ ਔਕੜਾਂ ਪਹਾੜ ਬਣਕੇ ਖੜ੍ਹੀਆਂ ਹਨ, ਰਾਜਪਾਲ ਨੇ ਨਸ਼ਿਆਂ ਦੇ ਮੁੱਦੇ ‘ਤੇ ਆੜੇ ਹੱਥੀਂ ਲਿਆ ਹੈ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਦਾ ਮਸਲਾ ਲਟਕਦਾ ਆ ਰਿਹਾ ਹੈ। ਐਡਵੋਕੇਟ ਜਨਰਲ ਵਾਰ ਵਾਰ ਸਾਥ ਛੱਡ ਰਹੇ ਹਨ। ਆਪਣਿਆਂ ਵੱਲੋਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਨੂੰ ਤਜ਼ਰਬਾ ਨਾ ਹੋਣ ਕਰਕੇ ਮੁੱਖ ਮੰਤਰੀ ਨੂੰ ਉਨ੍ਹਾਂ ਨੂੰ ਸਿਖਿਆ ਦੇਣ ਲਈ ਮੀਟਿੰਗਾਂ ਕਰਨੀਆਂ ਪਈਆਂ। ਹਸਪਤਾਲਾਂ ਵਿੱਚ ਦਵਾਈਆਂ, ਡਾਕਟਰ ਅਤੇ ਹੋਰ ਅਮਲੇ ਦੀ ਘਾਟ ਹੈ। ਬਹੁਤੀਆਂ 50 ਫ਼ੀ ਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਮੁਹੱਲਾ ਕਲਿਨਕਾਂ ਲਈ ਹਸਪਤਾਲਾਂ ਵਿੱਚੋਂ ਡਾਕਟਰ ਬਦਲ ਕੇ ਭੇਜ ਦਿੱਤੇ ਹਨ। ਹਸਪਤਾਲ ਖਾਲ੍ਹੀ ਹੋ ਗਏ। ਮਹਿੰਗਾਈ, ਮਹਿੰਗੀਆਂ ਦਵਾਈਆਂ ਕਰਕੇ ਪੰਜਾਬੀ ਮਨੋਰੋਗੀ ਬਣ ਰਹੇ ਹਨ। ਹਸਪਤਾਲਾਂ ਵਿੱਚ ਮਨੋਰੋਗੀ ਡਾਕਟਰ ਨਹੀਂ ਹਨ। ਐਲਾਨ ਜ਼ਿਆਦਾ ਜ਼ਮੀਨੀ ਪੱਧਰ ਤੇ ਕੰਮ ਉਤਨਾ ਨਹੀਂ ਹੋ ਰਿਹਾ। ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਜਵਾਹਰਕੇ ਪਿੰਡ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੜਤਾਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀਆਂ ਦੋ ਸਰਕਾਰਾਂ ਦੀ ਤਰ੍ਹਾਂ ਤਣ ਪੱਤਣ ਨਹੀਂ ਲਾ ਸਕੀ। ਕੈਪਟਨ ਅਮਰਿੰਦਰ ਸਿੰਘ ਅਤੇ ਪਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਦੇ ਵਾਅਦੇ ਵਫਾ ਨਾ ਹੋ ਸਕਣ ਕਰਕੇ ਉਹ ਸਰਕਾਰਾਂ ਬਣਾਉਣ ਤੋਂ ਹੱਥ ਧੋ ਬੈਠੇ ਹਨ। ਇਸ਼ਾਰਾ ਆਮ ਆਦਮੀ ਦੀ ਸਰਕਾਰ ਵਲ ਸਾਫ ਹੈ। ਭਗਵੰਤ ਮਾਨ ਦੀ ਸਰਕਾਰ ਵੱਲੋਂ ਰਾਜ ਸਭਾ ਦੇ ਬਣਾਏ 7 ਮੈਂਬਰ ਆਪਣੀ ਕਾਰਗੁਜ਼ਾਰੀ ਵਿਖਾਉਣ ਵਿੱਚ ਅਸਫਲ ਰਹੇ ਹਨ। ਉਚੇਰੀ ਸਿਖਿਆ ਲਈ 31 ਯੂਨੀਵਰਸਿਟੀਆਂ 350 ਕਾਲਜ ਹੋਣ ਦੇ ਬਾਵਜੂਦ ਯੋਗ ਵਿਦਿਆ ਨਹੀਂ ਮਿਲ ਰਹੀ ਕਿਉਂਕਿ ਅਧਿਆਪਕਾਂ ਦੀ ਘਾਟ ਹੈ। ਮਿਠੱੀਆਂ ਮਿਰਚਾਂ ਵਾਲੇ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਰਾਜਪਾਲ, ਗ੍ਰਹਿ ਮੰਤਰੀ ਅਤੇ ਰਾਸ਼ਟਰਪਤੀ ਦੇ ਸਮਾਗਮਾ ਵਿੱਚ ਮੁੱਖ ਮੰਤਰੀ ਗਏ ਨਹੀਂ, ਜਿਹੜੇ ਮੰਤਰੀ ਸ਼ਾਮਲ ਹੋਏ ਉਹ ਸਹੀ ਢੰਗ ਨਾਲ ਪੰਜਾਬ ਦੇ ਹਿਤਾਂ ਤੇ ਪਹਿਰਾ ਨਹੀਂ ਦੇ ਸਕੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਹਾਸਾ ਗੁਮ ਗਿਆ ਹੈ। ਪੰਜਾਬ ਆਰਥਿਕ ਮੰਦਹਾਲੀ, ਵਿਧਾਨਕਾਰਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਮੰਤਰੀ ਮੰਡਲ ਦੇ ਫੇਰ ਬਦਲ ਦਾ ਅਹਿਸਾਸ ਮੁੱਖ ਮੰਤਰੀ ਨੂੰ ਸਤਾ ਰਿਹਾ ਹੈ। ਲੇਖਕ ਨੇ ਪੰਜਾਬ ਦੇ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਕੇ ਦੱਸਿਆ ਹੈ ਕਿ ਉਹ ਕਿੰਨੇ ਸਫਲ ਤੇ ਅਸਫਲ ਹੋਏ ਹਨ। ਕਈ ਲੇਖਾਂ ਵਿੱਚ ਦੁਹਰਓ ਹੈ। ਨਵੀਂ ਵਿਧਾਨ ਸਭਾ ਦੀ ਉਸਾਰੀ ਲਈ ਹਰਿਆਣਾ ਦੀ ਤਰ੍ਹਾਂ ਜ਼ਮੀਨ ਦੀ ਮੰਗ ਗ਼ਲਤ ਹੈ। ਢਾਈ ਸੌ ਪੰਜਾਬ ਨਿਤ ਜਹਾਜ਼ ਚੜ੍ਹਨ ਵਾਲੇ ਲੇਖ ਵਿੱਚ ਬੇਰੋਜ਼ਗਾਰੀ ਕਰਕੇ ਬਾਹਰ ਜਾ ਰਹੇ ਵਿਦਿਆਰਥੀਆਂ ਖਾਸ ਤੌਰ ‘ਤੇ 71 ਫ਼ੀ ਸਦੀ ਦਾ ਗ਼ੈਰ ਕਾਨੂੰਨੀ ਢੰਗ ਨਾਲ ਜਾਣਾ ਦੱਸਿਆ ਗਿਆ ਹੈ। ਬਜ਼ੁਰਗਾਂ ਦੀਆਂ ਪੈਨਸ਼ਨਾ ਦੀ ਦੁਰਵਰਤੋਂ ਤੱਥਾਂ ਸਹਿਤ ਦੱਸਿਆ ਗਿਆ ਹੈ ਕਿ ਕਿਵੇਂ ਬਾਬੂਆਂ ਨੇ ਵੀ ਚਲਦੀ ਗੰਗਾ ਵਿੱਚ ਹੱਥ ਰੰਗ ਲਏ ਹਨ। ਸਰਕਾਰਾਂ ਪੈਨਸ਼ਨਾ ਵਿੱਚ ਵਾਧੇ ਲਈ ਲਾਰੇ ਲਾਉਂਦੇ ਰਹੇ ਹਨ। ਜੰਗ ਅਜੇ ਮੁੱਕੀ ਨਹੀਂ ਲੇਖ ਵਿੱਚ ਸਾਰੀਆਂ ਸਰਕਾਰਾਂ ਵੱਲੋਂ ਭਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਖੋਖਲੇ ਹੋ ਗਏ ਹਨ। ਪੰਜਾਬ ਵਿੱਚ ਹੋ ਰਹੇ ਸੜਕੀ ਹਾਦਸੇ ਅਨੇਕਾਂ ਜਾਨਾ ਦੀ ਆਹੂਤੀ ਲੈ ਰਹੇ ਹਨ। ਸਰਕਾਰਾਂ ਵਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਕਰਕੇ ਹਾਲਾਤ ਖ਼ਤਰਨਾਕ ਹੋ ਗਏ ਹਨ।
140 ਪੰਨਿਆਂ, 250 ਰੁਪਏ ਕੀਮਤ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੁਫ਼ਤਖ਼ੋਰੇ ਬਣਾਉਣਾ ਪੰਜਾਬੀਆਂ/ਸਿੱਖਾਂ ਦੀ ਅਣਖ਼ ਨੂੰ ਵੰਗਾਰ - ਉਜਾਗਰ ਸਿੰਘ
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਨੇ ਵੋਟਾਂ ਵਟੋਰਨ ਦੇ ਇਰਾਦੇ ਨਾਲ ਲੋਕ ਲੁਭਾਊ ਸਕੀਮਾ ਸ਼ੁਰੂ ਕਰਕੇ ਪੰਜਾਬੀਆਂ ਨੂੰ ਮੁਫ਼ਤਖ਼ੋਰੇ ਤੇ ਮੰਗਤੇ ਬਣਾ ਰਹੀਆਂ ਹਨ। ਇਕ ਕਿਸਮ ਨਾਲ ਪੰਜਾਬੀਆਂ ਨੂੰ ਮੁਫ਼ਤਖ਼ੋਰੇ ਬਣਾਕੇ ਉਨ੍ਹਾਂ ਦੀ ਅਣਖ਼ ਨੂੰ ਵੰਗਾਰਿਆ ਜਾ ਰਿਹਾ ਹੈ। ਅਣਖ਼, ਗੌਰਵ, ਮਿਹਨਤੀ ਪ੍ਰਵਿਰਤੀ, ਫ਼ਰਾਖਦਿਲੀ, ਬਹਾਦਰੀ, ਨਿਡਰਤਾ, ਕਿਰਤ ਕਰਨਾ, ਵੰਡ ਛਕਣਾ ਅਤੇ ਦਲੇਰੀ ਪੰਜਾਬੀਆਂ ਦੇ ਅਜਿਹੇ ਗੁਣ ਹਨ, ਜਿਨ੍ਹਾਂ ਕਰਕੇ ਸੰਸਾਰ ਵਿੱਚ ਉਨ੍ਹਾਂ ਦੀ ਕਦਰ ਕੀਤੀ ਜਾ ਰਹੀ ਹੈ। ਇਨ੍ਹਾਂ ਗੁਣਾ ਕਰਕੇ ਦੁਨੀਆਂ ਪੰਜਾਬੀਆਂ/ਸਿੱਖਾਂ 'ਤੇ ਮਾਣ ਕਰ ਰਹੀ ਹੈ। ਕਰੋਨਾ ਦੇ ਦੌਰਾਨ ਸੰਸਾਰ ਭਰ ਵਿੱਚ ਪੰਜਾਬੀਆਂ/ਸਿੱਖਾਂ ਨੇ ਲੋੜਬੰਦਾਂ ਨੂੰ ਲੰਗਰ ਲਗਾਕੇ ਭੋਜਨ ਛਕਾਇਆ ਹੈ, ਜਿਸ ਦੀ ਹਰ ਖੇਤਰ ਤੇ ਦੇਸ਼ ਵਿੱਚੋਂ ਪ੍ਰਸੰਸਾ ਕੀਤੀ ਗਈ ਹੈ। ਪੰਜਾਬੀਆਂ/ਸਿੱਖਾਂ ਨੇ ਕਰੋਨਾਂ ਦੌਰਾਨ ਸੰਸਾਰ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ। ਪ੍ਰੰਤੂ ਬਹੁਤ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨੇ ਪੰਜਾਬੀਆਂ ਨੂੰ ਮੁਫ਼ਤਖ਼ੋਰੇ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਤੱਕ ਪੰਜਾਬ ਸਰਕਾਰ ਕਿਸਾਨਾ ਨੂੰ 2 ਲੱਖ ਕਰੋੜ ਰੁਪਏ ਦੀ ਮੁਫ਼ਤ ਬਿਜਲੀ ਸਬਸਿਡੀ ਦੇ ਰੂਪ ਵਿੱਚ ਦੇ ਚੁੱਕੀ ਹੈ। ਇਤਨੀ ਰਕਮ ਨਾਲ 10,000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ 30 ਥਰਮਲ ਪਲਾਂਟ ਲਗਾਏ ਜਾ ਸਕਦੇ ਸਨ। ਪੰਜਾਬ ਸਿਰ ਇਸ ਸਮੇਂ ਕੁਲ ਕਰਜ਼ੇ ਦਾ ਦੋ ਤਿਹਾਈ ਸਬਸਿਡੀ ਦੇ ਰੂਪ ਵਿੱਚ ਦਿੱਤਾ ਜਾ ਚੁੱਕਾ ਹੈ। ਲੋਕ ਲੁਭਾਊ ਸਕੀਮਾ ਦਾ ਸਾਰਾ ਭਾਰ ਟੈਕਸ ਦੇਣ ਵਾਲੇ ਲੋਕਾਂ ਤੇ ਪਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਦਾ ਕੀ ਕਸੂਰ ਹੈ, ਜਿਹੜੇ ਇਨ੍ਹਾਂ ਲੋਕ ਲਾਭਾਊ ਸਕੀਮਾ ਦਾ ਭਾਰ ਉਠਾ ਰਹੇ ਹਨ? ਪੰਜਾਬ ਸਰਕਾਰ ਦੇ ਬਜਟ ਦਾ 53 ਫ਼ੀ ਸਦੀ ਕਰਜ਼ੇ ਦਾ ਵਿਆਜ ਵਾਪਸ ਕਰਨ ਲਈ ਖ਼ਰਚਿਆ ਜਾ ਰਿਹਾ ਹੈ। ਪੰਜਾਬ ਸਿਰ ਕਰਜ਼ੇ ਦੇ ਬੋਝ ਕਰਕੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਪਿਛਲੇ 10 ਸਾਲਾਂ ਤੋਂ ਇਕ ਪੈਸਾ ਵੀ ਖ਼ਰਚ ਨਹੀਂ ਕਰ ਰਹੀ। ਕੇਂਦਰ ਦੀਆਂ ਸਕੀਮਾ ਰਾਹੀਂ ਬੁਤਾ ਸਾਰਿਆ ਜਾ ਰਿਹਾ ਹੈ। ਪੰਜਾਬ ਦੀ ਇਸ ਤੋਂ ਵੱਡੀ ਤਰਾਸਦੀ ਕੀ ਹੋਵੇਗੀ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ, ਉਨ੍ਹਾਂ ਨਾਮ ਜਪੋ, ਕ੍ਰਿਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਦਿੱਤਾ ਸੀ। ਵੈਲਫੇਅਰ ਰਾਜ ਦਾ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਦਿੱਤਾ ਸੀ। ਵਰਤਮਾਨ ਸਰਕਾਰਾਂ ਉਨ੍ਹਾਂ ਦੇ ਵੈਲਫੇਅਰ ਰਾਜ ਦੀ ਥਾਂ ਲੋਕਾਂ ਨੂੰ ਮੁਫ਼ਤਖ਼ੋਰੇ ਬਣਾਉਣ ਲੱਗ ਪਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕ੍ਰਿਤ ਕਰਨ ਲਈ ਕਿਹਾ ਸੀ ਪ੍ਰੰਤੂ ਸਰਕਾਰਾਂ ਨੇ ਲੋਕਾਈ ਨੂੰ ਕ੍ਰਿਤ ਕਰਨ ਦੀ ਥਾਂ ਵਿਹਲੇ ਬੈਠ ਕੇ ਖਾਣ ਦਾ ਸੰਕਲਪ ਵੋਟਾਂ ਲੈਣ ਲਈ ਦੇ ਦਿੱਤਾ ਹੈ। ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪੋ ਆਪਣੇ ਪਰਿਵਾਰਾਂ ਨੂੰ ਪਾਲਣ ਲਈ ਕੰਮ ਕਰਕੇ ਪੈਸੇ ਇਕੱਠੇ ਕਰਦੇ ਹਾਂ ਤੇ ਫਿਰ ਉਨ੍ਹਾਂ ਨੂੰ ਖ਼ਰਚਦੇ ਹਾਂ। ਜੇਕਰ ਅਸੀਂ ਕਮਾਵਾਂਗੇ ਨਹੀਂ ਤਾਂ ਗੁਜ਼ਾਰਾ ਕਿਵੇਂ ਹੋਵੇਗਾ। ਪਰਵਾਰ ਕਿਵੇਂ ਪਲਣਗੇ? ਬਿਲਕੁਲ ਇਹ ਹੀ ਫਾਰਮੂਲਾ ਸਰਕਾਰਾਂ ਤੇ ਲਾਗੂ ਹੁੰਦਾ ਹੈ। ਜੇਕਰ ਸਰਕਾਰ ਦੀ ਆਮਦਨ ਨਹੀਂ ਹੋਵੇਗੀ ਤਾਂ ਉਹ ਖ਼ਰਚਾ ਕਿਥੋਂ ਕਰਨਗੇ? ਸਰਕਾਰਾਂ ਲੋਕਾਈ ਨੂੰ ਮੁਫਤ ਵਿੱਚ ਬਿਜਲੀ, ਪਾਣੀ, ਆਟਾ ਦਾਲਾਂ, ਇਸਤਰੀਆਂ ਨੂੰ ਬੱਸਾਂ ਵਿੱਚ ਮੁਫ਼ਤ ਸਫਰ ਦੀ ਸਹੂਲਤ ਆਦਿ ਦੇ ਰਹੀਆਂ ਹਨ। ਸਰਕਾਰ ਦੇ ਖ਼ਰਚੇ ਕਰਨ ਲਈ ਜਦੋਂ ਆਮਦਨ ਨਹੀਂ ਤਾਂ ਸਰਕਾਰ ਕਰਜ਼ਾ ਹੀ ਲਵੇਗੀ। ਕਰਜ਼ਾ ਕਿਤਨੀ ਦੇਰ ਤੱਕ ਲਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਆਪਣੀਆਂ ਬਹੁਤੀਆਂ ਇਮਾਰਤਾਂ ਗਹਿਣੇ ਕਰ ਦਿੱਤੀਆਂ ਹਨ। ਤਿੰਨ ਲੱਖ ਕਰੋੜ ਰੁਪਏ ਤੋਂ ਵਧੇਰੇ ਕਰਜ਼ਾ ਸਰਕਾਰ ਦੇ ਸਿਰ ਚੜ੍ਹ ਗਿਆ ਹੈ। ਇਹ ਲੋਕ ਲੁਭਾਊ ਸਕੀਮਾ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰ ਰਹੀਆਂ ਅਤੇ ਮਾਨਸਿਕ ਗ਼ੁਲਾਮੀ ਵੱਲ ਧੱਕ ਰਹੀਆਂ ਹਨ। ਸਰਕਾਰਾਂ ਲੋਕਾਂ ਨੂੰ ਆਪਣੇ ਪਿੱਠੂ ਬਣਾ ਰਹੀਆਂ ਹਨ। ਕ੍ਰਿਤੀ ਪੰਜਾਬੀਆਂ ਨੂੰ ਆਪਣੇ 'ਤੇ ਨਿਰਭਰ ਕਰ ਰਹੀਆਂ ਹਨ ਤਾਂ ਜੋ ਲੋਕਾਈ ਉਨ੍ਹਾਂ ਦੀਆਂ ਮਨਮਰਜ਼ੀਆਂ ਵਿਰੁੱਧ ਬੋਲ ਨਾ ਸਕਣ। ਪਿੰਡਾਂ ਵਿੱਚ ਕਿਸਾਨਾ ਨੂੰ ਫਸਲਾਂ ਦੀ ਪੈਦਾਵਾਰ ਲਈ ਪੰਜਾਬ ਦੇ ਮਜ਼ਦੂਰ ਨਹੀਂ ਮਿਲ ਰਹੇ। ਪੰਜਾਬੀ ਮਜ਼ਦੂਰਾਂ ਨੂੰ ਮਜ਼ਦੂਰੀ ਕਰਨ ਦੀ ਲੋੜ ਨਹੀਂ ਕਿਉਂਕਿ ਸਰਕਾਰ ਸਭ ਕੁਝ ਮੁਫ਼ਤ ਦਿੰਦੀ ਹੈ। ਉਹ ਘਰ ਬੈਠੇ ਖਾਂਦੇ ਹਨ। ਇਸ ਕਰਕੇ ਦੂਜੇ ਰਾਜਾਂ ਬਿਹਾਰ, ਉਤਰ ਪ੍ਰਦੇਸ਼ ਦੇ ਮਜ਼ਦੂਰ ਆ ਕੇ ਕੰਮ ਕਰਦੇ ਹਨ। ਸਰਕਾਰਾਂ ਨੂੰ ਪੰਜਾਬ ਦੀ ਅਣਖ ਅਤੇ ਸਵੈਮਾਣਤਾ ਬਰਕਰਾਰ ਰੱਖਣ ਲਈ ਲੋਕ ਲੁਭਾਊ ਸਕੀਮਾ ਬੰਦ ਕਰਨੀਆਂ ਚਾਹੀਦੀਆਂ ਹਨ। ਇਹ ਨਾ ਹੋਵੇ ਕਿ ਸਰਕਾਰ ਨੂੰ ਬੈਂਕਾਂ ਵੀ ਕਰਜ਼ਾ ਦੇਣਾ ਬੰਦ ਕਰ ਦੇਣ। ਸਭ ਤੋਂ ਪਹਿਲਾਂ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਜਨਵਰੀ 1997 ਵਿੱਚ 7 ਏਕੜ ਤੱਕ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਖੇਤੀਬਾੜੀ ਲਈ ਬਿਜਲੀ ਮੁਫ਼ਤ ਅਤੇ ਬਾਕੀ ਸਾਰੇ ਕਿਸਾਨਾਂ ਨੂੰ 50 ਰੁਪਏ ਪ੍ਰਤੀ ਹਾਰਸ ਪਾਵਰ ਦੇ ਹਿਸਾਬ ਨਾਲ ਸਹੂਲਤ ਦੇਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਰਵਰੀ 1997 ਵਿੱਚ ਸਾਰੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਫੈਸਲਾ ਕਰ ਦਿੱਤਾ। ਵੱਡੇ ਕਿਸਾਨ ਜਿਹੜੇ ਬਿਲ ਦੇ ਸਕਦੇ ਹਨ, ਉਨ੍ਹਾਂ ਦੀ ਬਿਜਲੀ ਵੀ ਮੁਆਫ਼ ਕਰ ਦਿੱਤੀ। 2002 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਕਿਸਾਨਾ ਨੂੰ ਮੁਫ਼ਤ ਬਿਜਲੀ ਦੇਣੀ ਬੰਦ ਕਰ ਦਿੱਤੀ। 2005 ਤੱਕ ਇਹ ਫੈਸਲਾ ਲਾਗੂ ਰਿਹਾ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ 'ਤੇ ਪੰਜਾਬ ਦੇ ਕਾਂਗਰਸੀਆਂ ਦਾ ਦਬਾਅ ਪਿਆ, ਜਿਸ ਕਰਕੇ ਉਸ ਨੇ ਫਿਰ ਦੁਬਾਰਾ ਪਰਕਾਸ਼ ਸਿੰਘ ਬਾਦਲ ਵਾਲਾ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਲਾਗੂ ਕਰ ਦਿੱਤਾ। ਉਸ ਤੋਂ ਬਾਅਦ ਹੁਣ ਤੱਕ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਇਕ ਪਾਸੇ ਸਰਕਾਰ ਕਣਕ ਝੋਨੇ ਦੀ ਥਾਂ ਬਦਲਵੀਂਆਂ ਫਸਲਾਂ ਬੀਜਣ ਲਈ ਕਹਿ ਰਹੀ ਹੈ, ਕਿਉਂਕਿ ਜ਼ਮੀਨਦੋਜ਼ ਪਾਣੀ ਪੱਧਰ ਹਰ ਸਾਲ ਨੀਵਾਂ ਹੋ ਰਿਹਾ ਹੈ। ਟਿਊਬਵੈਲਾਂ ਦੇ ਬੋਰ ਡੂੰਘੇ ਕਰਨੇ ਪੈ ਰਹੇ ਹਨ। ਕਿਸਾਨਾ ਤੇ ਵਾਧੂ ਦਾ ਖ਼ਰਚਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਝੋਨੇ ਦੀ ਕਾਸ਼ਤ ਲਈ ਮੁਫ਼ਤ ਬਿਜਲੀ ਦੇ ਕੇ ਅਸਿਧੇ ਢੰਗ ਨਾਲ ਝੋਨੇ ਦੀ ਕਾਸ਼ਤ ਨੂੰ ਪ੍ਰਤੋਸ਼ਾਹਤ ਕਰ ਰਹੀ ਹੈ। ਜੇਕਰ ਮੁਲ ਦਾ ਪਾਣੀ ਹੋਵੇਗਾ ਤਾਂ ਕਿਸਾਨ ਸੋਚ ਸਮਝ ਕੇ ਧਰਤੀ ਵਿੱਚੋਂ ਪਾਣੀ ਕੱਢੇਗਾ। ਕਿਸਾਨਾਂ ਨੂੰ ਵੀ ਇਸ ਦਾ ਨੁਕਸਾਨ ਹੋ ਰਿਹਾ ਹੈ। ਬਹੁਤਾ ਪਾਣੀ ਨਿਕਲਣ ਅਤੇ ਲਗਾਤਾਰ ਮੋਟਰਾਂ ਦੇ ਚਲਣ ਨਾਲ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਅਤੇ ਬੋਰ ਬੰਦ ਹੋ ਰਹੇ ਹਨ। ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ ਸਮਬਰਸੀਵਲ ਬੋਰ 'ਤੇ ਖ਼ਰਚਾ ਜ਼ਿਆਦਾ ਹੋਣ ਕਰਕੇ ਮਹਿੰਗਾ ਹੋ ਗਿਆ ਹੈ। ਜੇਕਰ ਝੋਨੇ ਤੋਂ ਕਿਸਾਨ ਦੀ ਆਮਦਨ ਵੱਧਦੀ ਹੈ ਤਾਂ ਨਾਲ ਹੀ ਖ਼ਰਚਾ ਵੀ ਵੱਧ ਰਿਹਾ ਹੈ। ਇਸੇ ਤਰ੍ਹਾਂ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ 60 ਸਾਲ ਤੋਂ ਉਪਰ ਇਸਤਰੀਆਂ ਅਤੇ 65 ਸਾਲ ਤੋਂ ਉਪਰ ਮਰਦਾਂ ਦਾ ਬੱਸਾਂ ਵਿੱਚ ਸਫਰ ਕਰਨਾ ਮੁਫ਼ਤ ਕਰ ਦਿੱਤਾ। ਗੱਲ ਏਥੇ ਹੀ ਖ਼ਤਮ ਨਹੀਂ ਹੋਈ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਸਾਰੀਆਂ ਇਸਤਰੀਆਂ ਨੂੰ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸਹੂਲਤ ਦੇ ਦਿੱਤੀ। ਇਸ ਸਮੇਂ ਪੰਜਾਬ ਰੋਡਵੇਜ ਅਤੇ ਪੈਪਸੂ ਰੋਡਵੇਜ਼ ਦਾ ਦੀਵਾਲਾ ਨਿਕਲਣ ਵਾਲਾ ਹੈ। ਅਮਲੇ ਨੂੰ ਤਨਖਾਹਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸ਼ਨਾ ਅਤੇ ਮੈਡੀਕਲ ਖਰਚੇ ਦੇਣ ਵਿੱਚ ਮੁਸ਼ਕਲ ਆ ਰਹੀ ਹੈ। ਉਹ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਸਮਾਜ ਦੇ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਨੂੰ ਮੁਫ਼ਤ ਆਟਾ ਦਾਲ ਦੇਣਾ ਸ਼ੁਰੂ ਕਰ ਦਿੱਤਾ। 2007 ਵਿੱਚ ਕੇਂਂਦਰ ਸਰਕਾਰ ਦੇ ਫੂਡ ਸਕਿਉਰਿਟੀ ਐਕਟ ਵਿੱਚ ਮਰਜ ਕਰਕੇ ਆਟਾ ਦਾਲ ਦੇਣੀ ਜਾਰੀ ਰੱਖੀ। ਨਹਿਰੀ ਪਾਣੀ ਵੀ ਮੁਫ਼ਤ ਮਿਲ ਰਿਹਾ ਹੈ। ਬਾਦਲ ਸਾਹਿਬ ਨੇ ਤਾਂ ਸਰਕਾਰ ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ 100 ਵਰਗ ਗਜ਼ ਦੇ ਰਿਹਾਇਸ਼ੀ ਮਕਾਨਾ ਵਾਲਿਆਂ ਨੂੰ ਪੀਣ ਵਾਲਾ ਪਾਣੀ ਵੀ ਮੁਫ਼ਤ ਦੇਣਾ ਸ਼ੁਰੂ ਕਰ ਦਿੱਤਾ। ਏਥੇ ਹੀ ਗੱਲ ਖ਼ਤਮ ਨਹੀਂ ਹੁੰਦੀ, ਉਨ੍ਹਾਂ ਕੇਂਦਰ ਸਰਕਾਰ ਦੀ ਮਦਦ ਨਾਲ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਸ਼ੁਰੂ ਕਰ ਦਿੱਤੀ। ਇਸ ਸਕੀਮ ਅਧੀਨ ਪੰਜਾਬੀਆਂ ਨੂੰ ਮੁਫ਼ਤ ਵਿੱਚ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਤੀਰਥ ਸਥਾਨਾ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਦੇ ਖ਼ਰਚੇ 'ਤੇ ਲਿਜਾਇਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2017 ਵਿੱਚ ਇਹ ਸਕੀਮ ਬੰਦ ਕਰ ਦਿੱਤੀ। ਆਮ ਆਦਮੀ ਪਾਰਟੀ ਨੇ ਤਾਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮੁਫ਼ਤ ਦੀਆਂ ਗਰੰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਗਰੰਟੀਆਂ ਵਿੱਚ ਜੁਲਾਈ 2022 ਤੋਂ ਹਰ ਪਰਿਵਾਰ ਦੀ ਪ੍ਰਤੀ ਮਹੀਨਾ 300 ਯੂਨਿਟ ਤੱਕ ਦੀ ਬਿਜਲੀ ਮੁਆਫ਼ ਕਰ ਦਿੱਤੀ। ਇਸ ਤੋਂ ਪਹਿਲਾਂ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਦੇ ਪਰਿਵਾਰਾਂ ਨੂੰ 300 ਯੂਨਿਟ ਤੱਕ ਪਹਿਲਾਂ ਹੀ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਸੀ। ਬਿਜਲੀ ਨਿਗਮ ਘਾਟੇ ਵਿੱਚ ਜਾ ਰਿਹਾ ਹੈ। ਲੋਕਾਂ ਨੂੰ ਮੁਫ਼ਤ ਵਿੱਚ ਬਿਜਲੀ ਦਿੱਤੀ ਜਾ ਰਹੀ ਹੈ। ਸਰਕਾਰ ਦੀਆਂ ਮੁਫ਼ਤ ਵਾਲੀਆਂ ਲੋਕ ਭਲਾਈ ਸਕੀਮਾਂ ਕਰਕੇ ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ ਹੈ। ਕਿਸੇ ਵੀ ਸਮੇਂ ਸਰਕਾਰ ਦੀਵਾਲੀਅਪਣ ਘੋਸ਼ਿਤ ਕਰਨ ਲਈ ਮਜ਼ਬੂਰ ਹੋ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ - ਉਜਾਗਰ ਸਿੰਘ
ਇੱਕ ਪਾਸੇ ਪੰਜਾਬੀ ਕੈਨੇਡਾ ਦੀ ਫੈਡਰਲ ਅਤੇ ਸੂਬਿਆਂ ਦੀਆਂ ਸਰਕਾਰਾਂ ਵਿੱਚ ਮੰਤਰੀਆਂ ਦੇ ਅਹੁਦੇ ਪ੍ਰਾਪਤ ਕਰਕੇ ਸਫਲਤਾ ਦੇ ਝੰਡੇ ਗੱਡ ਰਹੇ ਹਨ, ਦੂਜੇ ਪਾਸੇ ਕੁਝ ਕਾਲੀਆਂ ਭੇਡਾਂ ਵਹੀਕਲ ਚੋਰੀਆਂ, ਨਸ਼ਿਆਂ ਅਤੇ ਗ਼ੈਰ ਸਮਾਜੀ ਕਾਰਵਾਈਆਂ ਕਰਕੇ ਬਦਨਾਮੀ ਖੱਟ ਰਹੇ ਹਨ। ਇਸ ਤੋਂ ਇਲਾਵਾ ਕੁਝ ਪੰਜਾਬੀ ਬਾਗਾਂ, ਖੇਤੀਬਾੜੀ, ਟਰਾਂਸਪੋਰਟ, ਹੋਟਲ ਕਾਰੋਬਾਰ ਅਤੇ ਆਈ.ਟੀ.ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਗ਼ੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਪੰਜਾਬੀ ਨਾਮਣਾ ਖੱਟਣ ਵਾਲੇ ਪੰਜਾਬੀਆਂ ਦੀ ਸਫਲਤਾ 'ਤੇ ਸਵਾਲੀਆ ਚਿੰਨ੍ਹ ਲਗਾਉਣ ਦੀ ਕਸਰ ਨਹੀਂ ਛੱਡ ਰਹੇ। ਜੇਕਰ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਹੋ ਸਕਦਾ ਭਵਿਖ ਵਿੱਚ ਪੰਜਾਬੀਆਂ ਨੂੰ ਕੈਨੇਡਾ ਵਿੱਚ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗ ਪਵੇ। ਪੰਜਾਬ ਦੀ ਨੌਜਵਾਨੀ ਪਿਛਲੇ 20 ਸਾਲਾਂ ਤੋਂ ਆਪਣੇ ਸੁਨਹਿਰੇ ਭਵਿਖ ਦੇ ਸਪਨੇ ਸਿਰਜ ਕੇ ਵਹੀਰਾਂ ਘੱਤ ਕੇ ਪਰਵਾਸ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਲਈ ਜਾ ਰਹੀ ਹੈ। ਇਕੱਲੇ ਕੈਨੇਡਾ ਵਿੱਚ ਹਰ ਸਾਲ ਲਗਪਗ ਇਕ ਲੱਖ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਹਨ। ਪੜ੍ਹਾਈ ਤਾਂ ਉਨ੍ਹਾਂ ਦਾ ਬਹਾਨਾ ਹੁੰਦੀ ਹੈ, ਅਸਲ ਵਿੱਚ ਉਹ ਕੈਨੇਡਾ ਵਿੱਚ ਸੈਟਲ ਹੋਣ ਲਈ ਜਾਂਦੇ ਹਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੀ ਸਹੂਲਤ ਦੇ ਨਿਯਮਾਂ ਵਿੱਚ ਢਿਲ ਦੇਣ ਕਰਕੇ ਹੋਰ ਬਹੁਤ ਸਾਰੇ ਪੰਜਾਬੀ ਕੈਨੇਡਾ ਨੂੰ ਜਾ ਰਹੇ ਹਨ। 2021ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 10 ਲੱਖ ਪੰਜਾਬੀ ਆਪਣੇ ਕਾਰੋਬਾਰ ਕਰ ਰਹੇ ਹਨ। ਜਦੋਂ ਵਿਦਿਆਰਥੀਆਂ ਦੇ ਪੜ੍ਹਾਈ ਲਈ ਵੀਜੇ ਲਗਦੇ ਹਨ ਤਾਂ ਪਰਿਵਾਰ ਜਸ਼ਨ ਮਨਾਉਂਦੇ ਹਨ। ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚੋਂ ਖ਼ਬਰਾਂ ਆ ਰਹੀਆਂ ਹਨ ਕਿ ਵਿਦਿਆਰਥੀ ਹੁਲੜਬਾਜੀਆਂ ਕਰਦੇ ਹਨ। ਉਥੋਂ ਦੇ ਕਾਨੂੰਨਾਂ ਦੀਆਂ ਉਲੰਘਣਾਵਾਂ ਕਰਦੇ ਹਨ। ਇਸ ਤੋਂ ਵਧੇਰੇ ਚਿੰਤਾਜਨਕ ਗੱਲ ਹੈ ਕਿ ਟਰਾਂਟੋ ਪੁਲਿਸ ਨੇ ਗੱਡੀਆਂ ਦੀਆਂ ਚੋਰੀਆਂ ਦੀ ਪੜਤਾਲ ਕਰਵਾਉਣ ਲਈ ਨਜ਼ਦੀਕ ਦੇ ਸ਼ਹਿਰਾਂ ਨਾਲ ਇਕ ਸਾਂਝੀ ਪੜਤਾਲ ਕਮੇਟੀ ਬਣਾਈ ਗਈ। ਇਸ ਪ੍ਰਾਜੈਕਟ ਦਾ ਨਾਮ 'ਪ੍ਰੋਜੈਕਟ ਸਟੈਲੀਓਨ' ਰੱਖਿਆ ਗਿਆ। ਇਹ ਪੜਤਾਲ ਨਵੰਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ। ਜਦੋਂ ਪੁਲਿਸ ਕੋਲ ਸਾਰੇ ਸਬੂਤ ਆ ਗਏ ਤਾਂ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਟਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਗੱਡੀਆਂ ਦੇ 119 ਚੋਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ 27 ਮਿਲੀਅਨ ਡਾਲਰ ਦੀ ਕੀਮਤ ਦੀਆਂ 556 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ 119 ਵਿਅਕਤੀਆਂ ਨੂੰ 314 ਚਾਰਜ ਕੀਤਾ ਗਿਆ ਹੈ। ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ 119 ਵਿਅਕਤੀਆਂ ਵਿੱਚ 60-70 ਪੰਜਾਬੀ ਸ਼ਾਮਲ ਹਨ। ਇਹ ਵਿਅਕਤੀ ਪੜ੍ਹੇ ਲਿਖੇ ਤਕਨੀਕੀ ਮਾਹਿਰ ਹਨ, ਜਿਹੜੇ ਗੱਡੀਆਂ ਚੋਰੀ ਕਰਨ ਲਈ ਬਹੁਤ ਹੀ ਆਧੁਨਿਕ ਢੰਗ ਦੀ ਤਕਨੀਕ ਵਰਤਦੇ ਸਨ। ਇਨ੍ਹਾਂ ਬਰਾਮਦ ਕੀਤੀਆਂ ਗੱਡੀਆਂ ਵਿੱਚ ਹਾਂਡਾ ਸੀ.ਆਰ.-ਵੀ.ਐਸ. ਅਤੇ ਫੋਰਡ ਐਫ਼-150 ਟਰੱਕ ਵੀ ਸ਼ਾਮਲ ਹਨ। ਉਹ ਇਨ੍ਹਾਂ ਗੱਡੀਆਂ ਨੂੰ ਚੋਰੀ ਕਰਕੇ ਸਮੁੰਦਰੀ ਰਸਤੇ ਵਿਦੇਸ਼ਾਂ ਵਿੱਚ ਭੇਜ ਕੇ ਲਗਪਗ ਦੁਗਣੀ ਕੀਮਤ 'ਤੇ ਵੇਚ ਦੇ ਸਨ। 100 ਤੋਂ ਵੱਧ ਗੱਡੀਆਂ ਉਹ ਵੀ ਪਕੜੀਆਂ ਗਈਆਂ ਹਨ, ਜਿਹੜੀਆਂ ਬਾਹਰ ਭੇਜਣ ਦੀ ਤਿਆਰੀ ਵਿੱਚ ਸਨ। ਸਮੁੱਚੇ ਕੈਨੇਡਾ ਵਿੱਚ ਵਹੀਕਲ ਚੋਰੀਆਂ ਦੇ ਕੇਸ ਬਹੁਤ ਜ਼ਿਆਦਾ ਗਿਣਤੀ ਵਿੱਚ ਵਧ ਰਹੇ ਹਨ। ਇਕੱਲੇ ਮੌਂਟਰੀਅਲ ਵਿੱਚ 2022 ਵਿੱਚ 9591 ਵਹੀਕਲ ਚੋਰੀ ਹੋਈਆਂ ਸਨ। 'ਇੰਸ਼ੋਰੈਂਸ ਬੋਰਡ ਆਡ ਕੈਨੇਡਾ' ਅਨੁਸਾਰ 2018 ਵਿੱਚ ਚੋਰੀ ਹੋਈਆਂ ਗੱਡੀਆਂ ਦੇ ਮਾਲਕਾਂ ਨੂੰ 111 ਮਿਲੀਅਨ ਡਾਲਰ ਮੁਆਵਜਾ ਦਿੱਤਾ ਗਿਆ ਸੀ ਜਦੋਂ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ 269 ਮਿਲੀਅਨ ਡਾਲਰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਕਰੋਨਾ ਦੌਰਾਨ ਕਾਰੋਬਾਰਾਂ ਦੇ ਠੱਪ ਹੋਣ ਕਰਕੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਚੋਰੀ ਦੀਆਂ ਗੱਡੀਆਂ ਸਮੁੰਦਰੀ ਰਸਤੇ ਮਿਡਲ ਈਸਟ ਨੂੰ ਭੇਜੀਆਂ ਜਾਂਦੀਆਂ ਹਨ। ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਸਮੁੰਦਰੀ ਪੋਰਟਾਂ ਰਾਹੀਂ ਭੇਜੀਆਂ ਜਾਣ ਵਾਲੀਆਂ ਸਾਰੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਦੀ ਨਿਗਰਾਨੀ ਕਰਦੀ ਹੈ। ਕੈਨੇਡਾ ਦੇ ਕਾਨੂੰਨ ਬੜੇ ਭੋਲੇ ਭਾਲੇ ਲੋਕਾਂ ਵਰਗੇ ਹਨ। ਜਦੋਂ ਕੋਈ ਚੋਰੀ ਕੀਤੀ ਵਸਤੂ ਜਾਂ ਗੱਡੀ ਕਨਟੇਨਰ ਵਿੱਚ ਪਹੁੰਚ ਜਾਂਦੀ ਹੈ ਤਾਂ ਪੁਲਿਸ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਸਕਦੀ। ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀਆਂ ਟਰਾਂਟੋ ਅਤੇ ਉਸ ਦੇ ਆਲੇ ਦੁਆਲੇ ਅਤੇ ਸਮੁੰਦਰੀ ਪੋਰਟਾਂ ਦੇ ਨਜ਼ਦੀਕ ਦੇ ਇਲਾਕਿਆਂ ਵਿੱਚੋਂ ਕਰਦੇ ਹਨ। ਕਿਉਂਕਿ ਤੁਰੰਤ ਚੋਰ ਇਨ੍ਹਾਂ ਗੱਡੀਆਂ ਨੂੰ ਕਨਟੇਨਰਾਂ ਵਿੱਚ ਵਾੜ ਦਿੰਦੇ ਹਨ। ਇਕੱਲੇ ਮੌਂਟਰੀਅਲ ਦੀ ਪੋਰਟ 30 ਕਿਲੋਮੀਟਰ ਦੇ ਇਲਾਕੇ ਵਿੱਚ ਹੈ, ਜਿਥੋਂ ਹਰ ਸਾਲ 1.5 ਮਿਲੀਅਨ ਕਨਟੇਨਰ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਕਨਟੇਨਰ ਚੋਰੀ ਦੀਆਂ ਗੱਡੀਆਂ ਮਿਡਲ ਈਸਟ, ਪਾਕਿਸਤਾਨ, ਘਾਨਾ, ਇਟਲੀ ਅਤੇ ਨਾਈਜੇਰੀਆ ਆਦਿ ਦੇਸ਼ਾਂ ਵਿੱਚ ਲਿਜਾਕੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਇਹ ਗੱਡੀਆਂ ਵੇਚਦੇ ਹਨ। ਕਿਸੇ ਸਮੇਂ ਪੰਜਾਬੀਆਂ ਨੇ ਕੈਨੇਡਾ ਵਿੱਚ ਜਾ ਕੇ ਉਥੇ ਲੱਕੜ ਦੇ ਆਰਿਆਂ ਵਿੱਚ ਕੰਮ ਕਰਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਸੀ ਅਤੇ ਆਪਣੇ ਪਰਿਵਾਰ ਪਾਲੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰਕੇ ਨਾਮਣਾ ਖੱਟਿਆ ਸੀ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਦਿਨ ਕੁਝ ਕੁ ਕਾਲੀਆਂ ਭੇਡਾਂ ਸਮੁੱਚੇ ਪੰਜਾਬੀਆਂ ਦਾ ਕੈਨੇਡਾ ਵਿੱਚ ਨਾਮ ਬਦਨਾਮ ਕਰ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟੁਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਪ੍ਰੰਤੂ ਪਰਨਾਲਾ ਉਥੇ ਦਾ ਉਥੇ ਵੀ ਉਹੋ ਹੈ। ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਦੀ ਕਹਾਵਤ ਅਨੁਸਾਰ ਚਲਦੇ ਹਨ। ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਬਣਨ ਦੀ ਥਾਂ ਉਨ੍ਹਾਂ ਦੇ ਅਕਸ ਦਾਗ਼ਦਾਰ ਨਾ ਕਰੋ। ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ।
ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਬੱਚਿਆਂ ਨੂੰ ਸੰਭਾਲ ਨਹੀਂ ਸਕੇ, ਉਹ ਉਨ੍ਹਾਂ ਨੂੰ ਪਰਵਾਸ ਵਿੱਚ ਭੇਜ ਕੇ ਸੁਧਰ ਜਾਣ ਦੇ ਸਪਨੇ ਸਿਰਜ ਰਹੇ ਹਨ। ਪ੍ਰੰਤੂ ਇਹ ਬਿਗੜੇ ਬੱਚੇ ਸਮੁੱਚੇ ਪੰਜਾਬੀਆਂ ਦੇ ਵਿਵਹਾਰ 'ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ 'ਤੇ ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਗੱਡੀਆਂ ਦੀਆਂ ਚੋਰੀਆਂ ਕਰਨ ਲਈ ਪਕੜੇ ਗਏ ਪੰਜਾਬੀਆਂ ਵਿੱਚ ਬਹੁਤੇ ਵਿਦਿਆਰਥੀ ਹਨ, ਜਿਹੜੇ ਪ੍ਰੋਫੈਸ਼ਨਲ ਚੋਰਾਂ ਦੇ ਝਾਂਸੇ ਵਿੱਚ ਆ ਕੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਸ਼ਾਰਟ ਕੱਟ ਮਾਰਕੇ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕੁਝ ਨੇ ਗੱਡੀਆਂ ਚੋਰੀ ਕਰਨ ਦੀ ਥਾਂ ਗੱਡੀਆਂ ਵਿੱਚੋਂ ਸੌਖੇ ਤਰੀਕੇ ਨਾਲ ਉਨ੍ਹਾਂ ਦੇ ਮਹਿੰਗੇ ਹਿੱਸੇ ਪੁਰਜੇ ਖਾਸ ਤੌਰ 'ਤੇ ਕੈਟਾਲੀਟਿਕ ਕਨਵਰਟਰ ਚੋਰੀ ਕਰਨੇ ਸ਼ੁਰੂ ਕਰ ਦਿੱਤੇਹਨ। ਪੁਲਿਸ ਨੇ ਚੋਰਾਂ ਕੋਲੋਂ ਅਜਿਹੇ 300 ਪੁਰਜੇ ਬਰਾਮਦ ਕੀਤੇ ਹਨ। ਜੇਕਰ ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ - ਉਜਾਗਰ ਸਿੰਘ
ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ ਸੰਗ੍ਰਹਿ ‘ਪਾਰਲੇ-ਪੁਲ’, ਇਕ ਸਾਹਿਤ ਸਮੀਖਿਆ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ)’ ਅਤੇ ਦੋ ਸੰਪਾਦਿਤ ਪੁਸਤਕ ‘ਕੂੰਜਾਂ’ ਅਤੇ ‘ਧਰਤ ਪਰਾਈ ਆਪਣੇ ਲੋਕ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਸ਼ਿਕਸਤ’ ਕਾਵਿ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਉਸ ਦੀ 10ਵੀਂ ਪੁਸਤਕ ਹੈ। ਸੁਰਜੀਤ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ, ਉਸ ਨੇ ਸੰਸਾਰ ਦੇ ਕਈ ਦੇਸ਼ਾਂ ਦੀ ਯਾਤਰਾ ਕਰਦਿਆਂ ਜ਼ਿੰਦਗੀ ਦੇ ਕਈ ਰੰਗ ਵੇਖੇ ਅਤੇ ਮਾਣੇ ਹਨ। ਇਸ ਕਰਕੇ ਉਸ ਦੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਰੰਗ ਵੀ ਵੰਨ-ਸਵੰਨੇ ਹਨ। ਇਸ ਪੁਸਤਕ ਦੀਆਂ ਕਵਿਤਾਵਾਂ ਕੁਦਰਤ ਅਤੇ ਇਸ ਦੇ ਅਨੇਕਾਂ ਰਹੱਸਾਂ ਨੂੰ ਸਮਝਣ ਵਾਲੀਆਂ ਅਤੇ ਜ਼ਿੰਦਗੀ ਜਿਓਣ ਅਤੇ ਇਸ ਨੂੰ ਮਾਨਣ ਦੀ ਉਮੀਦ ਜਗਾਉਂਦੀਆਂ ਹਨ। ਇਹ ਕਵਿਤਾਵਾਂ ਗ਼ਰੀਬਾਂ-ਮਜ਼ਦੂਰਾਂ ਅਤੇ ਜਦੋਜਹਿਦ ਕਰਨ ਵਾਲੇ ਹੋਰ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹਨ। ਉਸ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਈ ਵਾਰ ਕਵੀ/ਕਵਿਤਰੀ ਜਦੋਂ ਕਵਿਤਾ ਲਿਖਦੀ ਹੈ ਤਾਂ ਉਸ ਨੂੰ ਆਪ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸ ਮੰਤਵ ਲਈ ਅਤੇ ਕਿੳਂੁ ਕਵਿਤਾ ਲਿਖ ਰਹੀ ਹੈ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਆਦਿਕਾ ਦੇ ਰੂਪ ਵਿੱਚ ‘ਤੇਰੀ ਰੰਗਸ਼ਾਲਾ’ ਇਕ ਕਿਸਮ ਨਾਲ ਜ਼ਿੰਦਗੀ ਦਾ ਨਚੋੜ ਹੈ, ਜਿਸ ਵਿੱਚ ਕਵਿਤਰੀ ਦੱਸਦੀ ਹੈ ਕਿ ਇਨਸਾਨ ਸੰਸਾਰ ਰੂਪੀ ਭਵਸਾਗਰ ਵਿੱਚ ਵਿਚਰਦਿਆਂ ਆਨੰਦ ਮਾਣਦਾ ਹੈ ਪ੍ਰੰਤੂ ਅਸਲ ਵਿੱਚ ਉਹ ਇਛਾਵਾਂ ਦੀ ਪੂਰਤੀ ਅਤੇ ਪ੍ਰਾਪਤੀਆਂ ਲਈ ਕਾਗਤ ਦੀ ਬੇੜੀ ਭਾਵ ਖਿਆਲੀ ਪਲਾਓ ਬਣਾਉਂਦਾ ਹੋਇਆ ਜਦੋਜਹਿਦ ਕਰਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਇਹ ਵੀ ਦੱਸਦੀਆਂ ਹਨ ਕਿ ਸਰੀਰ ਅਤੇ ਚੇਤਨਾ ਆਪੋ ਆਪਣੇ ਕਾਰਜ ਕਰਦੇ ਰਹਿੰਦੇ ਹਨ, ਸਰੀਰ ਤੇ ਚੇਤਨਾ ਕਦੀਂ ਵੀ ਇਕ ਥਾਂ ਨਹੀਂ ਹੁੰਦੇ। ਇਨਸਾਨ ਖਿਆਲੀ ਦੁਨੀਆਂ ਵਿੱਚ ਸਕੀਮਾ ਬਣਾਉਂਦਾ ਭੁਲੇਖਿਆਂ ਵਿੱਚ ਉਲਝਿਆ ਰਹਿੰਦਾ ਹੈ। ਇਹ ਮਨ ਦੀ ਭਟਕਣਾ ਉਸ ਦੀਆਂ ਕਵਿਤਾਵਾਂ ਦਾ ਸ਼ਿੰਗਾਰ ਹੈ। ਮਨੁੱਖ ਆਪਣੇ ਅੰਤਹਕਰਨ ਦੀ ਨਾ ਤਾਂ ਆਵਾਜ਼ ਸੁਣਦਾ ਹੈ ਅਤੇ ਨਾ ਹੀ ਆਪਣੇ ਅੰਦਰ ਝਾਤੀ ਮਾਰਦਾ ਹੈ। ਅਜਿਹੀਆਂ ਲਗਪਗ ਅੱਧੀ ਦਰਜਨ ਕਵਿਤਾਵਾਂ ਆਪੇ ਨੂੰ ਪਛਾਨਣ ਸੰਬੰਧੀ ਹਨ। ਸੁਰਜੀਤ ਦੀਆਂ ਕਵਿਤਾਵਾਂ ਬੰਧਨਾ ਵਿੱਚ ਬੱਝਕੇ ਕੇ ਵਹਿਮਾ ਭਰਮਾ ਵਿੱਚ ਪੈਣ ਨਹੀਂ ਦਿੰਦੀਆਂ। ‘ਕੁੜੀ ਤੇ ਕਵਿਤਾ’ ਦਰਸਾਉਂਦੀ ਹੈ ਕਿ ਜਿਵੇਂ ਕੁੜੀ ਆਪਣੀ ਦਿੱਖ ਨੂੰ ਬਣਾ ਸਵਾਰਕੇ ਰੱਖਦੀ ਹੈ, ਉਸੇ ਤਰ੍ਹਾਂ ਕਵਿਤਾ ਇਨਸਾਨ ਦੀ ਜ਼ਿੰਦਗੀ ਨੂੰ ਨਿਹਾਰਦੀ ਹੈ। ਸੁਰਜੀਤ ਕਵਿਤਾਵਾਂ ਰਾਹੀਂ ਸਮਾਜ, ਕੁਦਰਤ ਅਤੇ ਕੁਦਰਤ ਦੀ ਕਾਇਨਾਤ ਨਾਲ ਸੰਵਾਦ ਕਰਦੀ ਹੈ। ਜਦੋਂ ਇਸ ਕਾਇਨਾਤ ਵਿੱਚ ਪੰਛੀ, ਪੰਖੇਰੂ ਆਨੰਦ ਮਾਣ ਸਕਦੇ ਹਨ ਤਾਂ ਇਨਸਾਨ ਕਿਉਂ ਉਦਾਸੀ ਦੇ ਆਲਮ ਵਿੱਚ ਹੈ? ਇਨਸਾਨ ਨੂੰ ਪੰਛੀਆਂ ਤੋਂ ਸਿਖਿਆ ਲੈਣੀ ਬਣਦੀ ਹੈ। ਜਿਵੇਂ ਆਪਣੀ ਪਸੰਦ ਦੀ ਚਾਹ ਦੀ ਘੁੱਟ ਸਕੂਨ ਦਿੰਦੀ ਹੈ, ਉਸੇ ਤਰ੍ਹਾਂ ਆਪਣੀਆਂ ਸ਼ਰਤਾਂ ਤੇ ਜੀਵਿਆ ਜੀਵਨ ਅਤੇ ਫਿਰ ਮਾਣਿਆਂ ਆਨੰਦ/ਸਕੂਨ ਦਿੰਦਾ ਹੈ। ਜਿਵੇਂ ‘ਕੁਕਨੂਸ’ ਹਰ ਰੋਜ਼ ਮਰਦੀ ਤੇ ਫਿਰ ਰਾਖ ‘ਚੋਂ ਉਠ ਖੜ੍ਹਦੀ ਅਤੇ ਆਪਣੇ ਜੀਵਨ ਨੂੰ ਬਾਖ਼ੂਬੀ ਮਾਣਦੀ, ਹਰ ਰੋਜ਼ ਉਸ ਲਈ ਨਵਾਂ ਦਿਨ ਨਵੀਂ ਊਰਜਾ ਲੈ ਕੇ ਆਉਂਦਾ, ਇਸ ਪ੍ਰਕਾਰ ਇਨਸਾਨ ਨੂੰ ਵੀ ਉਸੇ ਤਰਜ ‘ਤੇ ਆਪਣਾ ਜੀਵਨ ਜਿਓਣਾ ਚਾਹੀਦਾ ਹੈ। ਸੁਰਜੀਤ ਦਾ ਸਾਹਿਤਕ ਸੁਭਾਅ ਸਮਾਜਿਕ ਜ਼ਿੰਦਗੀ ਵਿੱਚ ਸ਼ੋਸ਼ਲ ਮੀਡੀਆ ਦੀ ਗ਼ੁਲਾਮੀ ਤੋਂ ਖ਼ਫ਼ਾ ਹੈ ਕਿਉਂਕਿ ਘਰਾਂ ਤੇ ਪਰਿਵਾਰਾਂ ਵਿੱਚ ਦੁੱਖ ਸੁੱਖ ਸਾਂਝੇ ਕਰਨ ਦਾ ਵਕਤ ਨਹੀਂ, ਇਸ ਕਰਕੇ ਘਰਾਂ ਵਿੱਚ ਸਭ ਸੁੱਖ ਸਹੂਲਤਾਂ ਦੇ ਹੁੰਦਿਆਂ ਸੁੰਦਿਆਂ ਖਾਮੋਸ਼ੀ ਦਾ ਪਰਵਾਹ ਹੈ। ਸ਼ੋਸ਼ਲ ਮੀਡੀਆ ਦੀ ਵਰਤੋਂ ਮਾਨਸਿਕ ਬਿਮਾਰੀ ਹੈ। ਉਸ ਦੀਆਂ ਕਵਿਤਾਵਾਂ ਔਰਤ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ ਕਿਉਂਕਿ ਸਮਾਜ ਔਰਤ ਦੀ ਤਰੱਕੀ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਉਸ ਬਾਰੇ ਊਲ ਜਲੂਲ ਗੱਲਾਂ ਕਰਦਾ ਹੈ। ਕਵਿਤਰੀ ਲੜਕੀਆਂ ਨੂੰ ਸਲਾਹ ਵੀ ਦਿੰਦੀ ਹੈ ਕਿ ਉਹ ਦਲੇਰੀ ਨਾਲ ਹਰ ਮੁਸ਼ਕਲ ਦਾ ਮੁਕਾਬਲਾ ਕਰਦੀਆਂ ਹੋਈਆਂ ਜ਼ਿੰਦਗੀ ਨੂੰ ਮਾਨਣ ਦੀ ਕੋਸ਼ਿਸ਼ ਕਰਨ, ਸੜ ਕੇ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਔਰਤ ਨੂੰ ਜਿਸਮ ਦੀ ਖੇਡ ਖੇਡਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਔਰਤ ਪੁਲਾੜ ਤੇ ਜਾ ਸਕਦੀ ਹੈ, ਜੰਗਾਂ ਲੜ ਸਕਦੀ ਹੈ, ਇਥੋਂ ਤੱਕ ਕਿ ਤਵਾਰੀਖ ਬਦਲ ਸਕਦੀ ਹੈ। ਫਿਰ ਵੀ ਔਰਤ ਨੂੰ ਜ਼ਿੰਦਗੀ ਭਰ ਇਮਤਿਹਾਨਾ ਵਿੱਚੋਂ ਕਿਉਂ ਲੰਘਣਾ ਪੈਂਦਾ ਹੈ? ਔਰਤ ਬਾਰੇ ਮਰਦਾਂ ਨੂੰ ਸਲਾਹ ਦਿੰਦੀ ਹੋਈ ‘ਤੁਰਨਾ ਅਸਾਂ, ਹੁਣ ਨਾਲ ਨਾਲ’ ਕਵਿਤਾ ਵਿੱਚ ਲਿਖਦੀ ਹੈ-
ਤੂੰ ਔਰਤ ਨੂੰ ਘੁੰਗਰੂ ਪੁਆ ਨਚਾਉਣਾ ਛੱਡ ਦੇ,
ਹੁਣ ਉਸਦੀ ਦੇਹ ਨੂੰ ਨੰਗਾ ਦਿਖਾਉਣਾ ਛੱਡ ਦੇ।
ਛੇੜ-ਛਾੜ ਵਾਲਾ ਕੰਮ ਹੈ ਘਿਨਾਉਣਾ, ਛੱਡ ਦੇ,
ਇੱਜ਼ਤਾਂ ਰੋਲ਼ ਕੰਜਕਾਂ ਨੂੰ ਇਉਂ ਰੁਆਉਣਾ ਛੱਡ ਦੇ।
ਕਵਿਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਉਨ੍ਹਾਂ ਨੂੰ ਕਵਿਤਾ ਦਾ ਰੂਪ ਦਿੰਦੀ ਹੈ। ਉਹ ਮਰਦ ਅਤੇ ਔਰਤ ਨੂੰ ਇਕ ਦੂਜੇ ਦੇ ਪੂਰਕ ਸਮਝਦੀ ਹੈ। ਅੰਤਰਰਾਸ਼ਟਰੀ ਵਿਦਿਆਰਥਣਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀਆਂ ਕਵਿਤਾਵਾਂ ਵੀ ਇਸ ਕਾਵਿ ਸੰਗ੍ਰਹਿ ਦਾ ਹਿੱਸਾ ਹਨ। ਪਰਵਾਸ ਵਿੱਚ ਨਫ਼ਰਤ ਦੀ ਰਾਜਨੀਤੀ ਹੋ ਰਹੀ ਹੈ। ਪਰਵਾਸ ਵਿੱਚ ਜਾਣ ਤੇ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਬੈਰਾਨਗੀ ਦੀ ਹੂਕ ਵੀ ਮਿਲਦੀ ਹੈ। ਲੋਕ ਹਰ ਸੁੱਖ ਦਾ ਆਨੰਦ ਮਾਣਦੇ ਹੋਏ ਵੀ ਭਟਕਦੇ ਰਹਿੰਦੇ ਹਨ। ਸਮੁੰਦਰਾਂ ਦੀਆਂ ਲਹਿਰਾਂ ਲੋਕਾਈ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪ੍ਰੰਤੂ ਸੰਤੁਸ਼ਟੀ ਫਿਰ ਵੀ ਨਹੀਂ ਮਿਲਦੀ। ਇਨਸਾਨ ਦੇ ਅੰਦਰ ਹੀ ਸਭ ਕੁਝ ਹੈ, ਬਾਹਰ ਭਟਕਣ ਦੀ ਲੋੜ ਨਹੀਂ। ਇਸ ਲਈ ਇਨਸਾਨ ਨੂੰ ਆਪਣੀ ਪਛਾਣ ਕਰ ਲੈਣੀ ਚਾਹੀਦੀ ਹੈ। ਪਰਮਾਤਮਾ ਨੇ ਇਨਸਾਨ ਨੂੰ ਚਾਨਣ ਦੀ ਲੋਅ ਲੱਭਕੇ ਵਰਤਣ ਲਈ ਭੇਜਿਆ ਹੈ। ਇਨਸਾਨ ਲੋਅ ਦੀ ਭਾਲ ਉਦਾਸੀਆਂ ਕਰਕੇ ਜੰਗਲਾਂ ਵਿੱਚ ਲੱਭਦਾ ਹੈ। ਇਹ ਲੋਅ ਸਾਡੇ ਅੰਦਰ ਹੈ ਪ੍ਰੰਤੂ ਅਸੀਂ ਮੱਥੇ ‘ਚੋਂ ਸੂਰਜ ਉਗਮਦਾ ਭਾਲਦੇ ਹਾਂ, ਇਸ ਲੋਅ ਦੀ ਵਰਤੋਂ ਨਫਰਤ ਫੈਲਾਉਣ ਲਈ ਕਰ ਰਹੇ ਹਾਂ। ਇਹ ਕਾਇਨਾਤ ਜੰਗਲ, ਬੇਲੇ, ਧਰਤ, ਅਸਮਾਨ ਵਿਸ਼ਾਲ ਅਤੇ ਅਨੰਤ ਹਨ, ਜੋ ਇਕ ਨਿਯਮਤ ਕਾਨੂੰਨ ਅਨੁਸਾਰ ਚਲਦੀ ਹੈ। ਇਸ ਨੂੰ ਸਮਝਣ ਨਾਲ ਸੰਪੂਰਨਤਾ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪ੍ਰੰਤੂ ਲੋਕਾਈ ਨੂੰ ਅਡੋਲ ਰਹਿਣਾ ਚਾਹੀਦਾ ਹੈ। ਪਰਵਾਸ ਵਿੱਚ ਧਾਰਮਿਕ ਕੱਟੜਤਾ ਕਰਕੇ ਮਾਸੂਮ ਬੱਚਿਆਂ ਨਾਲ ਹੋਈਆਂ ਜ਼ਾਲਮਾਨਾ ਹਰਕਤਾਂ ਕਵਿਤਰੀ ਦੇ ਸੋਹਲ ਮਨ ਨੂੰ ਵਲੂੰਧਰਦੀਆਂ ਹਨ। ਧਾਰਮਿਕ ਕੱਟੜਤਾ ਸਕੂਲ ਵਿੱਚ ਹੋਈ ਤ੍ਰਾਸਦੀ ਨੂੰ ਕਾਵਿ ਰੂਪ ਦੇਣ ਲਈ ਮਜ਼ਬੂਰ ਕਰਦੀ ਹੈ। ਉਸ ਦੀ ਕਵਿਤਾ ਇਹ ਵੀ ਯਾਦ ਕਰਾਉਂਦੀ ਹੈ ਕਿ ਸਾਡੀ ਵਿਰਾਸਤ ਗੁਰੂਆਂ ਦੀ ਵਿਚਾਰਧਾਰਾ ਹੈ ਪ੍ਰੰਤੂ ਅਸੀਂ ਉਸ ਤੋਂ ਬੇਮੁੱਖ ਹੋਏ ਬੈਠੇ ਹਾਂ। ਵਿਚਾਰਧਾਰਾ ਦੇ ਚਾਨਣ ਦੇ ਹੁੰਦਿਆਂ ਹਨ੍ਹੇਰੇ ਵਿੱਚ ਹੱਥ ਮਾਰ ਰਹੇ ਹਾਂ। ਸਦੀਆਂ ਤੋਂ ਮਨੁੱਖ ਹੀ ਮਨੁੱਖਤਾ ਦਾ ਘਾਣ ਕਰਦਾ ਆ ਰਿਹਾ ਹੈ। ਸੀਰੀਆ ਵਿੱਚ ਹੋਏ ਨਰਸੰਘਾਰ ਨੇ ਵੀ ਕਵਿਤਰੀ ਨੂੰ ਪ੍ਰਭਾਵਤ ਕੀਤਾ ਹੈ। ਉਹ ਇਹ ਵੀ ਲਿਖਦੀ ਹੈ ਕਿ ਲੋਕ ਵਾਅਦੇ ਕਰਦੇ ਹਨ ਜੋ ਕਦੇ ਵਫ਼ਾ ਨਹੀਂ ਹੁੰਦੇ। ਚੁੱਪ/ਖ਼ਾਮੋਸ਼ੀ ਬਾਰੇ ਵੀ ਕਵਿਤਰੀ ਨੇ ਕੁਝ ਕਵਿਤਾਵਾਂ ਲਿਖੀਆਂ ਹਨ। ‘ਆਦਮ ਤੇ ਹਵਾ ਦਾ ਸੰਵਾਦ’ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਆਦਮ ਅਤੇ ਹਵਾ ਦਾ ਸੰਵਾਦ ਵਿਖਾਇਆ ਹੈ, ਅਸਲ ਵਿੱਚ ਇਹ ਸੰਵਾਦ ਇਨਸਾਨ ਦੀ ਆਪਸੀ ਵਿਚਾਰ ਚਰਚਾ ਹੈ। ‘ਆਪਣਾ ਆਪਣਾ ਹੱਕ’ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਹੱਕਾਂ ਦੀ ਗੱਲ ਕਰਦਿਆਂ ਜਾਨਵਰਾਂ ਦੇ ਹੱਕਾਂ ਦਾ ਵੀ ਧਿਆਨ ਰੱਖਣ ਦੀ ਤਾਕੀਦ ਹੈ। ਕਵਿਤਰੀ ਮਾਪਿਆਂ ਦੀ ਅਣਗਹਿਲੀ ਬਾਰੇ ਚਿੰਤਾ ਜ਼ਾਹਰ ਕਰਦੀ ਹੈ। ਲੋਕਾਂ ਵਿੱਚ ਝੂਠ ਦਾ ਬੋਲਬਾਲਾ ਹੈ। ਆਧੁਨਿਕਤਾ ਦੇ ਆਉਣ ਨਾਲ ਵਿਰਾਸਤੀ ਵਸਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਚਮਚਾਗਿਰੀ ਭਾਰੂ ਹੈ। ‘ਸੰਕਟ ਕਾਲ ਦੀ ਕਵਿਤਾ’ ਵਿੱਚ ਕਵਿਤਰੀ ਨੇ ਦੱਸਿਆ ਹੈ ਕਿ ਵਿਕਸਤ ਸਮੇਂ ਵਿੱਚ ਟੈਕਸ ਭਰਨ, ਭੀਖ ਮੰਗਣ ਅਤੇ ਬੇਹੋਸ਼ੀ ਦੀ ਸਪਰੇਅ ਕਰਕੇ ਠੱਗੀ ਮਾਰਨ ਦੇ ਨਵੇਂ ਤਰੀਕੇ ਆ ਗਏ ਹਨ, ਇਨ੍ਹਾਂ ਤੋਂ ਬਚਣ ਦੀ ਲੋੜ ਹੈ। ‘ਵੈਂਟੀਲੇਟਰ ਤੇ ਜੀਊਂਦੀ ਸਦੀ’ ਸਿਰਲੇਖ ਅਧੀਨ ਕਰੋਨਾ ਕਾਲ ਵਿੱਚ ਦਹਿਸ਼ਤ ਦੇ ਮਾਹੌਲ ਅਤੇ ਰਿਸ਼ਤਿਆਂ ਦੀ ਬੇਕਦਰੀ ਕਾਰਨ ਲੋਕਾਂ ਦਾ ਖ਼ੂਨ ਸਫ਼ੈਦ ਹੋ ਗਿਆ। ਆਪਣੇ ਹੀ ਅਪਣਿਆਂ ਤੋਂ ਕਿਨਾਰਾ ਕਰਨ ਲੱਗੇ। ਲੋਕ ਇਤਨੇ ਬੇਪ੍ਰਵਾਹ ਹੋ ਗਏ ਹਨ ਕਿ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ, ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਕਰ ਦਿੱਤਾ ਅਤੇ ਕਰੋਨਾ ਕਾਲ ਵਿੱਚ ਲਾਲਚ ਤੇ ਫਰੇਬ ਵੱਧ ਗਿਆ। ਪਾਣੀ ਦੀ ਘਾਟ ਵੀ ਕਵਿਤਰੀ ਨੂੰ ਸਤਾਉਂਦੀ ਹੈ। ਨੈਤਿਕਤਾ ਪਰ ਲਾ ਕੇ ਉਡ ਗਈ ਸੀ। ‘ਕਿਸਾਨੀ ਕਾਵਿ’ ਕਿਸਾਨ ਅੰਦੋਲਨ ਨਾਲ ਸੰਬੰਧਤ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਵਿਤਰੀ ਨੇ ਅਣਸੁਖਾਵੇਂ ਹਾਲਾਤ, ਗਰਮੀ, ਸਰਦੀ, ਪੁਲਿਸ ਦੀਆਂ ਬੁਛਾੜਾਂ ਅਤੇ ਕੰਡਿਆਲੀਆਂ ਤਾਰਾਂ ਦਾ ਮੁਕਾਬਲਾ ਕਰਨ ਵਾਲੀਆਂ ਵੀਰਾਂਗਣਾ, ਕਿਸਾਨਾ ਅਤੇ ਹਰ ਵਰਗ ਦੇ ਲੋਕਾਂ ਦੇ ਪਾਏ ਯੋਗਦਾਨ ਦੇ ਸੋਹਲੇ ਗਾਏ ਹਨ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਡੋਲੇ ਨਹੀਂ ਅਤੇ ਸਾਰਾ ਅੰਦੋਲਨ ਸ਼ਾਂਤਮਈ ਰਹਿੰਦਿਆਂ ਧਰਮ ਨਿਰਪੱਖ ਵਿਚਾਰਧਾਰਾ ਦਾ ਹਾਮੀ ਬਣਿਆਂ ਰਿਹਾ। ਭਾਈਚਾਰਕ ਸਦਭਾਵਨਾ ਵਿੱਚ ਵਾਧਾ ਹੋਇਆ। ਕਵਿਤਰੀ ਨੇ ਬਾਖ਼ੂਬੀ ਸਾਰਾ ਦਿ੍ਰਸ਼ ਪੇਸ਼ ਕੀਤਾ ਹੈ। ਅਖ਼ੀਰ ਵਿੱਚ ਅੰਤਿਕਾ ‘ਤੇਰੀ ਰੰਗਸ਼ਾਲਾ 2’ ਕਵਿਤਾ ਵਿੱਚ ਪੰਜਾਬ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਨਿਰਾਸ਼ਾ, ਬੇਆਸ ਅਤੇ ਉਦਾਸੀ ਦਾ ਆਲਮ ਹੈ ਕਵਿਤਰੀ ਨੇ ਪੰਜਾਬ ਦਾ ਸੁਨਹਿਰਾ ਭਵਿਖ ਹੋਣ ਦੀ ਕਾਮਨਾ ਕੀਤੀ ਹੈ।
165 ਪੰਨਿਆਂ, 58 ਕਵਿਤਾਵਾਂ, 300 ਰੁਪਏ ਕੀਮਤ ਅਤੇ ਸਚਿਤਰ ਰੰਗਦਾਰ ਸੁੰਦਰ ਮੁੱਖ ਕਵਰ ਵਾਲੀ ਪੁਸਤਕ ਸ਼ਬਦਲੋਕ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
'ਪੰਜਾਬੀ ਕਹਾਣੀਕਾਰ ਡਾ.ਤੇਜਵੰਤ ਮਾਨ' ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ - ਉਜਾਗਰ ਸਿੰਘ
ਡਾ.ਸਤਿੰਦਰ ਕੌਰ ਮਾਨ ਦੁਆਰਾ ਸੰਪਾਦਿਤ ਪੁਸਤਕ 'ਪੰਜਾਬੀ ਕਹਾਣੀਕਾਰ ਡਾ.ਤੇਜਵੰਤ ਮਾਨ' ਵਿੱਚ 36 ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਦੀਆਂ ਕਹਾਣੀਆਂ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਸਿਰਮੌਰ 33 ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਦੀਆਂ ਕਹਾਣੀਆਂ ਬਾਰੇ ਲਿਖੀਆਂ ਚਿੱਠੀਆਂ ਦੀਆਂ ਟਿਪਣੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇੱਕ ਸਪੁੱਤਰੀ ਵੱਲੋਂ ਆਪਣੇ ਪਿਤਾ ਦੀਆਂ ਕਹਾਣੀਆਂ ਪ੍ਰਤੀ ਸਾਹਿਤਕਾਰਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਕੇ ਸਾਹਿਤਕ ਜਗਤ ਨੂੰ ਪੜਚੋਲ ਕਰਨ ਦਾ ਮੌਕਾ ਦਿੱਤਾ ਹੈ। ਇਸ ਪੁਸਤਕ ਵਿੱਚ ਬਹੁਤੇ ਸਾਹਿਤਕਾਰਾਂ ਨੇ ਤੇਜਵੰਤ ਮਾਨ ਦੇ ਪੰਜਾ ਕਹਾਣੀ ਸੰਗ੍ਰਹਿ ਵਿੱਚੋਂ ਤਿੰਨ ਕਹਾਣੀ ਸੰਗ੍ਰਹਿ, 'ਪਾਗਲ ਔਰਤ ਸਭਿਅ ਆਦਮੀ', 'ਆਧੁਨਿਕ ਦੰਦ ਕਥਾ' ਅਤੇ 'ਸਾਬਣਦਾਨੀ' ਬਾਰੇ ਹੀ ਆਪਣੇ ਵਿਚਾਰ ਦਿੱਤੇ ਹਨ। ਮੁੱਖ ਤੌਰ 'ਤੇ ਤੇਜਵੰਤ ਮਾਨ ਲੋਕ ਨਾਇਕ ਕਹਾਣੀਕਾਰ ਹੈ ਕਿਉਂਕਿ ਉਹ ਅਜਿਹੇ ਲੋਕਾਂ ਦੀ ਗੱਲ ਕਰਦਾ ਹੈ, ਜਿਹੜੇ ਲੋਕਾਂ ਨੂੰ ਸਮਾਜ ਨੇ ਅਣਡਿਠ ਕੀਤਾ ਹੋਇਆ ਹੈ। ਤੇਜਵੰਤ ਮਾਨ ਦੀਆਂ ਕਹਾਣੀਆਂ ਦੀ ਖ਼ੂਬੀ ਹੈ ਕਿ ਸਮਾਜ ਵਿੱਚ ਜਿਹੜੇ ਵਿਤਕਰੇ ਸਰਦੇ ਪੁਜਦੇ ਲੋਕਾਂ ਅਤੇ ਸ਼ਾਸ਼ਤ ਵਰਗ ਵੱਲੋਂ ਹੋ ਰਹੇ ਹਨ, ਉਨ੍ਹਾਂ ਨੂੰ ਹੂ-ਬ-ਹੂ ਲਿਖਣ ਤੋਂ ਗੁਰੇਜ਼ ਨਹੀਂ ਕਰਦਾ। ਭਾਵੇਂ ਕੁਝ ਆਲੋਚਕ ਅਜਿਹੀਆਂ ਘਟਨਾਵਾਂ ਨੂੰ ਸਾਹਿਤ ਹੀ ਨਹੀਂ ਮੰਨਦੇ ਪ੍ਰੰਤੂ ਤੇਜਵੰਤ ਮਾਨ ਬੇਬਾਕੀ ਨਾਲ ਲਿਖਦੇ ਹਨ। ਇਸ ਪੁਸਤਕ ਦੇ ਸ਼ੁਰੂ ਕਵਿਤਾ ਰਾਹੀਂ ਪ੍ਰਸਿੱਧ ਕਵੀ ਰਵਿੰਦਰ ਭੱਠਲ ਨੇ 'ਜਿਊਣੇ ਮੌੜ ਦੀ ਰੂਹ' ਦੇ ਸਿਰਲੇਖ ਹੇਠ ਡਾ.ਤੇਜਵੰਤ ਮਾਨ ਦੇ ਰੇਖਾ ਚਿਤਰ ਰਾਹੀਂ ਦ੍ਰਿਸ਼ਟਾਂਤਿਕ ਦਰਸ਼ਨ ਕਰਵਾ ਦਿੱਤੇ ਹਨ। ਉਨ੍ਹਾਂ ਡਾ.ਮਾਨ ਦੇ ਸਾਰੇ ਗੁਣ ਔਗੁਣ ਲਿਖਕੇ ਕਹਾਣੀ ਲਿਖਣ ਤੋਂ ਕਿਨਾਰਾਕਸ਼ੀ ਕਰਨ 'ਤੇ ਦੁੱਖ ਪ੍ਰਗਟ ਕੀਤਾ ਹੈ। ਪੁਸਤਕ ਦੀ ਸੰਪਾਦਕ ਡਾ.ਸਤਿੰਦਰ ਕੌਰ ਮਾਨ ਜੋ ਡਾ.ਤੇਜਵੰਤ ਮਾਨ ਦੀ ਸਪੁੱਤਰੀ ਹੈ, ਨੇ ਉਨ੍ਹਾਂ ਦੇ ਸਖ਼ਤ ਸੁਭਾਅ ਬਾਰੇ ਲਿਖਦਿਆਂ ਉਨ੍ਹਾਂ ਨੂੰ ਕਹਿਣੀ ਅਤੇ ਕਰਨੀ ਦਾ ਮਾਲਕ ਕਿਹਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਡਾ.ਤੇਜਵੰਤ ਮਾਨ ਆਪਣੀ ਵਿਚਾਰਧਾਰਾ ਆਪਣੇ ਪਾਤਰਾਂ ਰਾਹੀਂ ਪ੍ਰਗਟਾਉਂਦੇ ਹਨ। ਸੁਖਵਿੰਦਰ ਸੁੱਖੀ ਨੇ ਡਾ.ਤੇਜਵੰਤ ਮਾਨ ਨੂੰ ਮਨੁੱਖੀ ਰਿਸ਼ਤਿਆਂ ਖਾਸ ਤੌਰ 'ਤੇ ਔਰਤਾਂ ਦੀਆਂ ਤ੍ਰਾਸਦੀਆਂ ਦਾ ਚਿਤੇਰਾ ਕਿਹਾ ਹੈ, ਜੋ ਉਨ੍ਹਾਂ ਦੀਆਂ ਮਾਨਸਿਕ ਲਾਲਸਾਵਾਂ ਨੂੰ ਸੁਚੱਜੇ ਢੰਗ ਨਾਲ ਚਿਤਰ ਦਿੰਦੇ ਹਨ। ਤਰਸੇਮ ਨੇ 'ਪਾਗਲ ਔਰਤ ਸਭਿਅ ਆਦਮੀ ਕਹਾਣੀ' ਦੀਆਂ ਪਰਤਾਂ ਖੋਲ੍ਹਦਿਆਂ ਇਸ ਕਹਾਣੀ ਦੀ ਦੁੱਖਦੀ ਰਗ 'ਤੇ ਹੱਥ ਧਰਦਿਆਂ ਅਮੀਰ ਗ਼ਰੀਬ ਦਾ ਅੰਤਰ, ਅਮੀਰਾਂ ਦੀ ਗ਼ਰੀਬਾਂ ਬਾਰੇ ਮਾਨਸਿਕਤਾ, ਗ਼ਰੀਬ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਅਤੇ ਨਿਰਦੋਸ਼ ਲੋਕਾਂ ਨੂੰ ਸਜਾ ਵਰਗੇ ਮਹੱਤਵਪੂਰਨ ਨੁਕਤਿਆਂ ਦਾ ਵਰਣਨ ਕੀਤਾ ਹੈ। ਇਹ ਕਹਾਣੀ ਸਾਡੇ ਸਮਾਜਿਕ ਤਾਣੇ ਬਾਣੇ ਦੇ ਦਰਦ ਦੀ ਤਰਜਮਾਨੀ ਕਰਦੀ ਹੈ। ਰਵਿੰਦਰ ਭੱਠਲ 'ਬਾਗੀ ਮਨੁੱਖ ਦਾ ਹੁੰਗਾਰਾ-ਪਾਗਲ ਔਰਤ ਸਭਿਅ ਆਦਮੀ' ਸਿਰਲੇਖ ਵਿੱਚ ਲਿਖਦੇ ਹਨ ਕਿ ਤੇਜਵੰਤ ਮਾਨ ਗ਼ਰੀਬ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਇਕ ਸ਼ਬਦ ਜਾਂ ਵਾਕ ਵਿੱਚ ਸਾਰੀ ਕਹਾਣੀ ਦਾ ਸਾਰ ਦੇ ਦਿੰਦਾ ਹੈ। ਗੁਰਸ਼ਰਨ ਸਿੰਘ 'ਸਫਲ ਪਾਤਰ ਸਿਰਜਣ' ਸਿਰਲੇਖ ਅਧੀਨ ਲਿਖਦੇ ਹਨ ਕਿ ਕਹਾਣੀਕਾਰ ਕਮਾਲ ਦੇ ਪਾਤਰ ਸਿਰਜਦਾ ਹੈ, ਜਿਹੜੇ ਬਾਗੀ ਮਨੁੱਖ ਦਾ ਹੁੰਗਾਰਾ ਭਰਦੇ ਹਨ। ਡਾ.ਟੀ.ਆਰ.ਵਿਨੋਦ ਨੇ 'ਕਿਰਤੀ ਵਰਗ ਦੀ ਮਾਨਸਿਕਤਾ' ਵਿੱਚ ਲਿਖਿਆ ਹੈ ਕਿ ਤੇਜਵੰਤ ਮਾਨ ਕਿਰਤੀ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਅਬਲਾ ਲੋਕਾਂ ਦਾ ਨੁਮਾਇੰਦਾ ਬਣਦਾ ਹੈ। ਅਬਦੁਲ ਗਫੂਰ ਕੁਰੈਸ਼ੀ ਲਿਖਦੇ ਹਨ ਕਿ ਕਹਾਣੀਕਾਰ ਇਕ ਸਤਰ ਵਿੱਚ ਕਹਾਣੀ ਕਹਿਣ ਦੀ ਕਲਾ ਹੈ। ਸੰਤ ਸਿੰਘ ਸੇਖ਼ੋਂ ਤੇਜਵੰਤ ਮਾਨ ਨੂੰ ਦੇਹ ਰੋਮਾਂਸਵਾਦ ਦਾ ਵਿਰੋਧੀ ਕਹਿੰਦਾ ਹੈ। ਈਸ਼ਰ ਸਿੰਘ ਅਟਾਰੀ 'ਚੁੱਪ ਅਤੇ ਖਾਮੋਸ਼ ਪਾਤਰਾਂ ਦੀ ਬਗ਼ਾਬਤ' ਸਿਰਲੇਖ ਵਿੱਚ ਕਹਿੰਦੇ ਹਨ ਕਿ ਡਾ.ਤੇਜਵੰਤ ਮਾਨ ਤਤਕਾਲੀ ਘਟਨਾਵਾਂ ਅਤੇ ਸਥਿਤੀਆਂ ਤਤਕਾਲੀ ਟਿਪਣੀਆਂ, ਚਰਚਾ, ਕਟਾਖ਼ਸ਼ ਅਤੇ ਚੋਟਾਂ ਕੱਸਦਾ ਹੈ। ਓਮ ਪ੍ਰਕਾਸ਼ ਗਾਸੋ ਕਹਾਣੀਕਾਰ ਦੀਆਂ ਕਹਾਣੀਆਂ ਦੀ ਮਰਯਾਦਾ ਸਰਾਪੀ ਹੋਈ ਜ਼ਿੰਦਗੀ ਦੇ ਹੱਕਾਂ ਦੀ ਆਵਾਜ਼ ਬਣਕੇ ਦਲਿਤ ਅਤੇ ਸ਼ੋਸ਼ਤ ਲੋਕਾਂ ਵਾਸਤੇ ਉਪਰਾਲਾ ਕਰਨਾ ਹੈ। ਸੁਰਜੀਤ ਬਰਾੜ ਕਹਿੰਦਾ ਮਾਨ ਆਪਣੇ ਇੱਛਤ ਯਥਾਰਥ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਕਰਨਜੀਤ ਲਿਖਦਾ ਹੈ ਕਿ ਮਾਨ ਆਪਣੀਆਂ ਕਹਾਣੀਆਂ ਵਿੱਚ ਕਾਟਵਾਂ ਵਿਅੰਗ ਮਾਰਦਾ ਹੈ। ਮਾਨ ਦੀ ਸਮਾਜਿਕ ਪਰਿਵਰਤਨ ਲਈ ਤੀਬਰ ਇੱਛਾ ਹੈ। ਕਰਤਾਰ ਸਿੰਘ ਕੰਵਲ ਅਨੁਸਾਰ ਕਹਾਣੀਕਾਰ ਛੋਟੇ ਆਕਾਰ ਵਾਲੀ ਕਹਾਣੀ ਰਾਹੀਂ ਵੱਡੀ ਗੱਲ ਕਰ ਜਾਂਦਾ ਹੈ। ਬਘੇਲ ਸਿੰਘ ਬੱਲ ਕਹਿੰਦਾ ਮਾਨ ਦਾ ਦ੍ਰਿਸ਼ਟੀਕੋਣ ਸਮਾਜਿਕ-ਯਥਾਰਥਵਾਦੀ ਹੈ। ਜਗਜੀਤ ਸਿੰਘ ਛਾਬੜਾ ਨੇ ਕਿਹਾ ਹੈ ਕਿ ਤੇਜਵੰਤ ਮਾਨ ਨੇ ਮਿੰਨੀ ਕਹਾਣੀ ਦੀ ਨਵੀਂ ਟਕਨੀਕ ਅਪਣਾਈ ਹੈ। ਉਸ ਦੀਆਂ ਕਹਾਣੀਆਂ ਦੀ ਸਫਲਤਾ ਅਨੁਭਵ ਦੇ ਸੰਘਣੇ-ਪਣ ਅਤੇ ਤੀਬਰਤਾ ਕਰਕੇ ਹੈ। ਲੇਖਕ ਸਮਾਜਵਾਦੀ ਯਥਾਰਥ ਨੂੰ ਪੇਸ਼ ਕਰਦਾ ਹੈ। ਉਸ ਦੀ ਨੀਝ ਤਿੱਖੀ ਹੈ, ਜਿਸ ਕਰਕੇ ਕੌੜੇ ਯਥਾਰਥ ਦਾ ਡੂੰਘਾ ਅਧਿਐਨ ਪੇਸ਼ ਕਰਦਾ ਹੈ। ਪ੍ਰੋ.ਜੋਗਾ ਸਿੰਘ ਉਸ ਦੀਆਂ ਕਹਾਣੀਆਂ ਨੂੰ ਸਮਾਜਿਕ ਵਰਤਾਰਾ ਕਹਿੰਦਾ ਹੈ। ਮੁਖਤਾਰ ਗਿੱਲ ਤੇਜਵੰਤ ਮਾਨ ਦੀ ਕਲਮ ਨੂੰ ਜਾਨਦਾਰ ਮੰਨਦਾ ਹੈ। ਉਸ ਨੇ ਬਲਵਾਨ ਕਹਾਣੀਆਂ ਲਿਖਣ ਦੀ ਪਿਰਤ ਪਾਈ ਹੈ। ਸੁਰਜੀਤ ਸਿੰਘ ਸੇਠੀ ਤੇਜਵੰਤ ਮਾਨ ਨੂੰ ਕਰੂਡ ਅਤੇ ਲਾਊਡ ਡੰਗ ਮਾਰਨ ਵਾਲਾ ਕਹਾਣੀਕਾਰ ਕਹਿੰਦਾ ਹੈ। ਡਾ.ਪ੍ਰੀਤਮ ਸੈਨੀ ਕਹਾਣੀਕਾਰ ਨੂੰ ਮੱਧ ਸ਼੍ਰੇਣੀ ਦੇ ਹਾਸੋਹੀਣੇ ਚਿਤਰ ਪੇਸ਼ ਕਰਨ ਦੇ ਨਾਲ ਨੀਵੀਂ ਸ਼੍ਰੇਣੀ ਦੇ ਜੀਵਨ ਵਲ ਕਰੁਣਾਮਈ ਸੰਕੇਤ ਕਰਦਾ ਹੈ। ਗੁਰਮੁਖ ਸਿੰਘ ਜੀਤ ਉਸ ਨੂੰ ਪ੍ਰਗਤੀਵਾਦ ਕਹਾਣੀਕਾਰ ਕਹਿੰਦਾ ਹੈ। ਡਾ.ਭਗਤ ਸਿੰਘ ਬੇਦੀ ਅਨੁਸਾਰ ਕਹਾਣੀਕਾਰ ਦੀਆਂ ਕਹਾਣੀਆਂ ਦੇ ਪਾਤਰ ਸਰਮਾਏਦਾਰਾਂ ਦੀਆਂ ਤਥਾ ਕਥਿਤ ਜੀਵਨ ਜਿਓਣ ਦੀਆਂ ਸ਼ਰਤਾਂ ਵਿਰੁਧ ਬਗਾਬਤ ਕਰਦੇ ਹਨ। ਡਾ.ਜੋਗਿੰਦਰ ਸਿੰਘ ਨਿਰਾਲਾ ਅਨੁਸਾਰ ਤੇਜਵੰਤ ਮਾਨ ਨੇ ਪੰਜਾਬੀ ਕਹਾਣੀ ਦੀ ਆਤਮਾ ਨੂੰ ਪਹਿਚਾਨ ਕੇ ਇਸ ਦੇ ਨਵੇਂ ਨਿਸ਼ਾਨੇ ਘੜਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀਆਂ ਕਹਾਣੀਆਂ ਤਤਕਾਲੀਨ ਸਮੇਂ ਦਾ ਯਥਾਰਥ ਤੇ ਆਲੋਚਨਾਤਮਿਕ ਦਸਤਾਵੇਜ਼ ਹੋ ਨਿਬੜੀਆਂ ਹਨ। ਉਹ ਸਮਾਜ ਦੀਆਂ ਤੰਦਰੁਸਤ, ਅਗਾਂਹਵਧੂ ਤੇ ਮਾਨਵ-ਹਿਤੈਸ਼ੀ ਕਦਰਾਂ ਕੀਮਤਾਂ ਨੂੰ ਸਮਰਪਤ ਲੇਖਕ ਹੈ। ਰਵਿੰਦਰ ਸੰਧੂ ਤੇਜਵੰਤ ਮਾਨ ਦਾ ਅੰਦਾਜ਼ ਦ੍ਰਿੜ੍ਹ ਸੰਕਲਪੀ ਅਤੇ ਨਿਸ਼ਚੇਵਾਦ ਰੁਝਾਨ ਵਾਲਾ ਕਹਿੰਦਾ ਹੈ। ਉਹ ਬੇਖ਼ੌਫ਼ ਹੋ ਕੇ ਕਹਾਣੀਆਂ ਲਿਖਦਾ ਹੈ। ਉਹ ਚੇਤਨ ਤੇ ਸੰਵੇਦਨਸ਼ੀਲ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਦੀ ਬੋਲੀ ਸਰਲ ਅਤੇ ਸਪਸ਼ਟ ਹੁੰਦੀ ਹੈ। ਨਿਰੰਜਣ ਬੋਹਾ ਤੇਜਵੰਤ ਮਾਨ ਦੀਆਂ ਕਹਾਣੀਆਂ ਮਨੁੱਖ ਨੂੰ ਆਪਣੇ ਅੰਦਰਲੀ ਸਦੀਵੀ ਜੁਝਾਰੂ ਸ਼ਕਤੀ ਦਾ ਅਹਿਸਾਸ ਕਰਵਾਉਣ ਵਾਲੀਆਂ ਕਹਿੰਦਾ ਹੈ। ਉਹ ਇਹ ਸਿੱਧ ਕਰਨ ਵਿੱਚ ਸਫਲ ਰਿਹਾ ਹੈ ਕਿ ਉਸ ਦੀਆਂ ਕਹਾਣੀਆਂ ਦੀ ਸਾਰਥਿਕਤਾ ਤੇ ਪ੍ਰਸੰਗਿਤਾ ਆਪਣੇ ਰਚਨਾ ਕਾਲ ਦੇ ਸਮੇਂ ਵਾਂਗ ਅੱਜ ਵੀ ਬਰਕਰਾਰ ਹੈ। ਤੀਰਥ ਸਿੰਘ ਢਿਲੋਂ ਤੇਜਵੰਤ ਮਾਨ ਨੂੰ ਸਮਾਜਿਕ ਦੰਭਾਂ, ਅਡੰਬਰਾਂ, ਜੁੱਗਰਦੀ ਤੇ ਦੋਗਲੇਪਨ ਦੇ ਪੜਛੇ ਉਧੇੜਨ ਵਾਲਾ ਕਹਾਣੀਕਾਰ ਕਹਿੰਦਾ ਹੈ। ਹਰਨੇਕ ਸਿੰਘ ਕੋਮਲ ਉਸ ਨੂੰ ਵੰਨ ਸੁਵੰਨੇ ਵਿਸ਼ਿਆਂ ਦਾ ਕਹਾਣੀਕਾਰ ਮੰਨਦੇ ਹਨ। ਉਸ ਕੋਲ ਨਵੀਂ ਤਕਨੀਕ ਦੀ ਨਿਪੁੰਨਤਾ ਅਤੇ ਅਧੁਨਿਕ ਭਾਵ-ਬੋਧ ਦੀ ਸੂਝ ਸਭ ਤੋਂ ਵੱਧ ਹੈ। ਸੁਰਿੰਦਰ ਕੈਲੇ ਅਨੁਸਾਰ ਤੇਜਵੰਤ ਮਾਨ ਅਗਾਂਹਗਧੂ, ਲੋਕ ਪੱਖੀ ਤੇ ਸਿਆਸਤੀ ਚਾਲਾਂ ਤੋਂ ਸੁਚੇਤ ਬੁੱਧੀਜੀਵੀ ਲੇਖਕ ਹੈ। ਸੰਪਾਦਕ ਨੇ ਇਸ ਪੁਸਤਕ ਵਿੱਚ ਵੱਖ-ਵੱਖ ਸਮੇਂ ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਨੂੰ ਲਿਖੀਆਂ ਚਿੱਠੀਆਂ ਵੀ ਸ਼ਾਮਲ ਕੀਤੀਆਂ ਹਨ। ਪਹਿਲੀ ਸੱਟੇ ਇਹ ਚਿੱਠੀਆਂ ਫਾਲਤੂ ਲੱਗਦੀਆਂ ਹਨ ਪ੍ਰੰਤੂ ਜੇਕਰ ਨੀਝ ਨਾਲ ਵਾਚਿਆ ਜਾਵੇ ਤਾਂ ਇਹ ਚਿੱਠੀਆਂ ਬਹੁਤ ਹੀ ਸਾਰਥਿਕ ਹਨ ਕਿਉਂਕਿ ਕਈ ਵਾਰ ਸਾਹਿਤਕਾਰ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਵਿੱਚ ਵਿਸ਼ਵਾਸ਼ ਰੱਖਦੇ ਹੁੰਦੇ ਹਨ। ਕਈ ਵਾਰ ਵੱਡੇ ਸਾਹਿਤਕਾਰਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ। ਫਿਰ ਉਹ ਚਿੱਠੀਆਂ ਲਿਖਕੇ ਹੀ ਆਪਣੀ ਰਾਇ ਭੇਜ ਦਿੰਦੇ ਹਨ। ਇਹ ਚਿੱਠੀਆਂ ਇਸ ਪੁਸਤਕ ਰਾਹੀਂ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ।
119 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਜਸਮੇਰ ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ - ਉਜਾਗਰ ਸਿੰਘ
ਜਸਮੇਰ ਸਿੰਘ ਹੋਠੀ ਦੀ '5 ਕਕਾਰ' ਪੁਸਤਕ ਗੁਰਸਿੱਖਾਂ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਸ਼ੁਰੂ ਕਰਕੇ ਸਿੱਖੀ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਵਿਗਿਆਨਕ ਜਾਣਕਾਰੀ ਵੀ ਤੱਥਾਂ 'ਤੇ ਅਧਾਰਤ ਦਿੰਦੀ ਹੈ। ਅੰਮ੍ਰਿਤ ਛਕਾਉਣ ਦੀ ਪ੍ਰਣਾਲੀ ਅਤੇ ਪੰਜ ਪਿਆਰਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਅੰਮ੍ਰਿਤ ਕੌਣ ਛਕਾ ਸਕਦੇ ਹਨ? 1666 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਅਤੇ ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। 'ਆਪੇ ਗੁਰ ਆਪੇ ਚੇਲਾ' ਕਹਾਇਆ। ਗੁਰੂ ਦੇ ਸਿੱਖ ਦੀ ਪਛਾਣ ਲਈ ਰਹਿਤ ਮਰਿਆਦਾ ਬਣਾਈ ਗਈ। ਉਸ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤਧਾਰੀ ਗੁਰਸਿੱਖ ਨੂੰ 5 ਕਕਾਰ ਪਹਿਨਣ ਦੀ ਤਾਕੀਦ ਕੀਤੀ ਗਈ। 5 ਕਕਾਰਾਂ ਦਾ ਧਾਰਨੀ ਪੰਥ-ਖਾਲਸਾ ਦਾ ਅੰਗ ਬਣ ਕੇ ਸੰਸਾਰ ਵਿੱਚ ਵਿਚਰੇ। ਇਹ 5 ਕਕਾਰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਨ। ਜਸਮੇਰ ਸਿੰਘ ਹੋਠੀ ਨੇ ਇਨ੍ਹਾਂ 5 ਕਕਾਰਾਂ ਦੀ ਬਣਤਰ, ਲਾਭ, ਮਹਾਨਤਾ ਅਤੇ ਇਨ੍ਹਾਂ ਤੋਂ ਮਿਲਣ ਵਾਲੀ ਸਿਖਿਆ ਬਾਰੇ ਵਿਸਤਾਰ ਨਾਲ ਇਸ ਪੁਸਤਕ ਵਿੱਚ ਲਿਖਕੇ ਗੁਰਸਿੱਖਾਂ ਲਈ ਮਾਰਗ ਦਰਸ਼ਨ ਕੀਤਾ ਹੈ। ਇਹ ਦੱਸਿਆ ਗਿਆ ਹੈ ਕਿ ਗੁਰੂ ਜੀ ਵੱਲੋਂ ਸੀਸ ਮੰਗਣ ਦਾ ਭਾਵ ਸਿੱਖਾਂ ਵਿੱਚੋਂ ਮੌਤ ਦਾ ਡਰ ਖ਼ਤਮ ਕਰਨਾ ਅਤੇ ਜ਼ਾਪਾਤ ਦੀ ਪ੍ਰਵਿਰਤੀ ਨੂੰ ਤਿਆਗਣਾ ਸੀ। ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਅੰਮ੍ਰਿਤ ਛਕਣ ਤੋਂ ਬਾਅਦ ਸਾਬਤ ਸੂਰਤ ਦੇ ਧਾਰਨੀ ਸਿੱਖ ਕੌਮ ਦਾ ਅੰਗ ਮੰਨੇ ਜਾਂਦੇ ਹਨ। ਅੰਮ੍ਰਿਤਧਾਰੀ ਲਈ ਮਰਿਆਦਾ ਅਨੁਸਾਰ 5 ਕਕਾਰਾਂ 'ਤੇ ਪਹਿਰਾ ਦੇਣਾ ਲਾਜ਼ਮੀ ਬਣਾਇਆ। ਇਹ 5 ਕਕਾਰ ਵਿਕਾਰਾਂ ਲੋਭ, ਮੋਹ, ਮਾਇਆ, ਹੰਕਾਰ ਆਦਿ ਤੋਂ ਛੁਟਕਾਰਾ ਪਵਾਉਂਦੇ ਹਨ। ਇਨਸਾਨ ਦੀ ਰਹਿਣੀ ਸਰੀਰਕ ਅਤੇ ਮਾਨਸਿਕ ਦੋ ਪ੍ਰਕਾਰ ਦੀ ਹੁੰਦੀ ਹੈ। ਸਰੀਰਕ 5 ਕਕਾਰ ਪਾਉਣ ਅਤੇ ਮਾਨਸਿਕ ਬਾਣੀ ਦਾ ਪਾਠ ਨਿਤਨੇਮ ਅਨੁਸਾਰ ਕਰਨਾ ਹੁੰਦਾ ਹੈ। ਜਸਮੇਰ ਸਿੰਘ ਹੋਠੀ ਇੰਗਲੈਂਡ ਵਿੱਚ ਰਹਿ ਰਿਹਾ ਸਿੱਖ ਪੰਥ ਦਾ ਵਿਦਵਾਨ ਲੇਖਕ ਹੈ। ਉਨ੍ਹਾਂ ਦੀ ਪੰਜਾਬੀ ਵਿੱਚ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੀਆਂ 5 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ '5 ਕਕਾਰ' ਉਨ੍ਹਾਂ ਦੀ 6ਵੀਂ ਪੁਸਤਕ ਹੈ। ਇਸ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਦਾ ਪਹਿਲਾ ਐਡੀਸ਼ਨ ਪੰਜਾਬੀ ਸੱਥ ਵਾਲਸਲ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਸੀ। ਲੇਖਕ ਨੇ '5 ਕਕਾਰਾਂ' ਦੀ ਮਹੱਤਤਾ ਬਾਰੇ ਵਿਸਤਾਰ ਨਾਲ ਗੁਰਬਾਣੀ ਵਿੱਚੋਂ ਉਦਾਹਰਣਾ ਸਹਿਤ ਜਾਣਕਾਰੀ ਦਿੱਤੀ ਹੈ, ਜਿਹੜੀ ਸਿੱਖ ਸ਼ਰਧਾਲੂਆਂ ਲਈ ਲਾਭਦਾਇਕ ਸਾਬਤ ਹੋਵੇਗੀ। ਜਸਮੇਰ ਸਿੰਘ ਹੋਤੀ ਨੇ ਇਨ੍ਹਾਂ ਕਕਾਰਾਂ ਦੀ ਵਿਗਿਆਨਕ ਮਹੱਤਤਾ ਦਾ ਵੀ ਜ਼ਿਕਰ ਕੀਤਾ ਹੈ।
ਕੇਸ: ਕੇਸ ਰੱਖਣ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਕੇਸ ਜਨਮ ਤੋਂ ਹੀ ਇਨਸਾਨ ਦੇ ਨਾਲ ਆਉਂਦੇ ਹਨ। ਇਸ ਕਰਕੇ ਇਨ੍ਹਾਂ ਨੂੰ ਸਰੀਰ ਦਾ ਖਾਸ ਅੰਗ ਮੰਨਿਆਂ ਜਾਂਦਾ ਹੈ। ਇਹ ਪ੍ਰਭੂ ਦੀ ਬਖ਼ਸ਼ਿਸ਼ ਦੇ ਰੂਪ ਵਿੱਚ ਮਿਲਦੇ ਹਨ। ਕੇਸ ਗੁਰੂ ਦੀ ਮੋਹਰ ਹਨ, ਕੇਸਾਂ ਤੋਂ ਬਿਨਾ ਸਿੱਖ ਨਹੀਂ ਅਖਵਾ ਸਕਦਾ। ਕੇਸ ਸਿੱਖ ਦੇ ਸੁਹਾਗ ਵਾਂਗੂੰ ਨਿਸ਼ਾਨੀ ਹਨ। ਕੇਸਾਂ ਤੋਂ ਬਿਨਾ ਪਤਿਤ ਸਿੱਖ ਹੁੰਦਾ ਹੈ। ਕੇਸਾਂ ਤੋਂ ਬਿਨਾ ਬਾਕੀ ਕਕਾਰ ਪ੍ਰਵਾਨ ਨਹੀਂ ਹਨ। ਕੇਸਾਂ ਨੂੰ ਸਰੀਰ ਦੇ ਬਾਕੀ ਅੰਗਾਂ ਵਾਂਗ ਵਾਹਿਗੁਰੂ ਦੀ ਦਾਤ ਮੰਨਿਆਂ ਜਾਂਦਾ ਹੈ, ਜਿਵੇਂ ਕਿਸੇ ਅੰਗ ਦੇ ਕੱਟੇ ਜਾਣ 'ਤੇ ਇਨਸਾਨ ਅੰਗਹੀਣ ਬਣ ਜਾਂਦਾ ਹੈ, ਉਸੇ ਤਰ੍ਹਾਂ ਕੇਸਾਂ ਤੋਂ ਬਿਨਾ ਸਿੱਖ ਨਹੀਂ ਹੋ ਸਕਦਾ। 5 ਕਕਾਰਾਂ ਵਿੱਚੋਂ ਕੇਸ ਸਰੀਰ ਦੇ ਨਾਲ ਹੀ ਅੰਗ ਦੀ ਤਰ੍ਹਾਂ ਹਨ ਪਰੰਤੂ ਬਾਕੀ 4 ਕਕਾਰ ਸਰੀਰ 'ਤੇ ਪਹਿਨਣੇ ਪੈਂਦੇ ਹਨ। ਕੇਸ ਇਨਸਾਨ ਦੇ ਸਰੀਰ ਦੇ ਏਰੀਅਲ ਅਕਾਸ਼ੀ ਬਿਜਲੀ ਗ੍ਰਾਹਕ ਦੀ ਤਰ੍ਹਾਂ ਕੰਮ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਵੀ ਅਕਾਲ ਪੁਰਖ ਦਾ ਚਿਤਰਨ ਕੀਤਾ ਹੈ, ਉਥੇ ਉਸ ਨੂੰ ਕੇਸਾਂ ਵਾਲਾ ਬਿਆਨਿਆਂ ਗਿਆ ਹੈ।
ਕੰਘਾ
ਕੰਘਾ ਸਤਿਗੁਰ ਜੀ ਵੱਲੋਂ ਬਖ਼ਸ਼ੀਆਂ ਦਾਤਾਂ ਵਿੱਚੋਂ ਇਕ ਹੈ। ਸਤਿਗੁਰ ਨੇ ਕੰਘਾ ਲਕੜ ਦਾ ਬਖ਼ਸ਼ਿਆ ਹੈ। ਸਤਿਗੁਰ ਦਾ ਸੰਕੇਤ ਕੰਘੇ ਨੂੰ ਕੇਸਾਂ ਵਿੱਚ ਬਿਰਾਜਮਾਨ ਕਰਨਾ ਹੈ। ਦਸਮਾ ਦੁਆਰ ਸਿਰ ਵਿੱਚ ਹੈ। ਕੰਘਾ ਦਸਵੇਂ ਦੁਆਰ ਦੀ ਪਹਿਚਾਣ ਕਰਵਾਉਂਦਾ ਹੈ। ਕੇਸਾਂ ਵਿੱਚ ਕੰਘਾ ਕਰਨਾ ਚਾਹੀਦਾ ਹੈ। ਕੇਸ ਸਾਫ਼ ਰਹਿੰਦੇ ਹਨ ਅਤੇ ਸਿੱਖ ਤਾਜ਼ਾ-ਦਮ, ਨਰੋਆ ਤੇ ਚੁਸਤ ਮਹਿਸੂਸ ਕਰਨ ਲੱਗਦਾ ਹੈ। ਕੰਘਾ ਕਰਦਿਆਂ ਨਾਲ ਹੀ ਮਨ ਵਿੱਚ ਕੰਘਾ ਫੇਰਨਾ ਚਾਹੀਦਾ ਹੈ ਤਾਂ ਜੋ ਜੇ ਮਨ ਵਿੱਚ ਕੋਈ ਗ਼ਲਤ ਵਿਚਾਰ ਹੋਣ ਤਾਂ ਉਹ ਦੂਰ ਹੋ ਜਾਣ। ਕੰਘਾ ਸਵੱਛਤਾ ਦਾ ਪ੍ਰਤੀਕ ਹੈ। ਲਕੜੀ ਦਾ ਕੰਘਾ ਸਿਰ ਵਿੱਚ ਰੱਖਣ ਨਾਲ ਸ਼ਾਂਤੀ ਰਹਿੰਦੀ ਹੈ। ਮਨੁੱਖ ਦੇ ਸਿਰ ਵਿੱਚ ਬਿਜਲੀ ਦੀ ਤਰ੍ਹਾਂ ਸ਼ਕਤੀ ਹੁੰਦੀ ਹੈ। ਕੰਘਾ ਅਰਸ਼ੀ ਤੇ ਅਕਾਸ਼ੀ ਸ਼ਕਤੀ ਨੂੰ ਆਪਣੇ ਸਰੀਰ ਵਿੱਚ ਲਿਆਉਣ ਦਾ ਮਾਧਿਅਮ ਹੈ। ਮਨੁੱਖੀ ਸਿਰ ਵਿਖੇ ਸੂਰਜੀ ਕੇਂਦਰ ਹੈ ਜੋ ਮਰਦਾਂ ਦੇ ਸਿਰ ਦੇ ਅਗਲੇ ਹਿੱਸੇ ਅਤ ਬੀਬੀਆਂ ਦੇ ਸਿਰ ਵਿੱਚ ਥੋੜ੍ਹਾ ਪਿਛਲੇਰੇ ਹਿੱਸੇ ਵਿੱਚ ਹੁੰਦਾ ਹੈ। ਕੰਘਾ ਇਹ ਸੂਰਜੀ ਸ਼ਕਤੀ ਨੂੰ ਦਿਮਾਗ ਵਿੱਚ ਲਿਆਉਂਦਾ ਹੈ। ਇਨਸਾਨੀ ਖੋਪਰੀ ਦੇ ਹੇਠਾਂ ਚਰਬੀ ਹੁੰਦੀ ਹੈ ਜੋ ਕਿ ਤੇਲ ਦੀ ਤਰ੍ਹਾਂ ਖੋਪਰੀ ਵਿੱਚੋਂ ਪੈਦਾ ਕਰਦੀ ਹੈ, ਜਿਸ ਨੂੰ ਲਕੜੀ ਦਾ ਕੰਘਾ ਬਹੁਤ ਪ੍ਰਬੀਨਤਾ ਤੇ ਨਿਪੁੰਨਤਾ ਨਾਲ ਸਾਰੇ ਕੇਸਾਂ ਨੂੰ ਵੰਡਦਾ ਹੈ।
ਕੜਾ
ਸ੍ਰੀ ਗੁਰੂ ਸਾਹਿਬ ਨੇ ਕੜਾ ਸਿੱਖ ਨੂੰ ਸਦੀਵੀ ਸ਼ਹੀਦੀ ਗਾਨਾ ਬਖ਼ਸ਼ਿਆ ਹੈ, ਜੋ ਦਸਾਂ ਨੌਹਾਂ ਦੀ ਕਿਰਤ ਕਰਨ ਤੇ ਵੰਡ ਛੱਕਣ ਦੀ ਪ੍ਰੇਰਨਾ ਬਖ਼ਸ਼ਦਾ ਹੈ। ਕੜਾ ਸਰਬਲੋਹ ਧਾਤ ਦਾ ਹੁੰਦਾ ਹੈ। ਲੋਹੇ ਵਿੱਚ ਇਹ ਖਾਸ ਗੁਣ ਹੈ ਕਿ ਇਹ ਤੁਹਾਡੀ ਨਾਕਾਰਾਤਮਿਕਤਾ ਤੋਂ ਰੱਖਿਆ ਕਰਦਾ ਹੈ। ਇਨਸਾਨ ਦਾ ਸਵੈ-ਮਾਨ ਤੇ ਸਵੈ ਭਰੋਸਾ ਵਧਾਉਂਦਾ ਹੈ। ਸਰੀਰ ਨੂੰ ਸ਼ਕਤੀ ਦਿੰਦਾ ਹੈ। ਸਰਬ ਲੋਹ ਮੁਕੰਮਲ ਤੱਤ ਹੈ, ਇਹ ਇਲਾਕਟਰਾਨਿਕ ਬਿਜਲਾਣੂਆਂ ਨੂੰ ਨਾ ਲੈਂਦਾ ਅਤੇ ਨਾ ਵੰਡਦਾ ਹੈ। ਸਰਬ ਲੋਹ ਦਾ ਕੜਾ ਉਸ ਅਸੀਮ ਪ੍ਰਭੂ ਦੀ ਅਨੰਨਤਾ ਨਾਲ ਜੋੜਨ ਤੇ ਮਿਲਾਪ ਕਰਵਾਉਣ ਅਤੇ ਪ੍ਰਾਣਾ ਦਾ ਪ੍ਰਤੀਕ ਹੈ। ਲੋਹਾ ਹੋਮੋਗਲੋਬਿਨ ਲਹੂ ਦੇ ਇਕ ਅੰਸ਼ ਦਾ ਰੂਪ ਧਾਰਨ ਕਰਕੇ ਇਨਸਾਨ ਦੇ ਸੈਲਾਂ ਕੋਸ਼ਾਣੂਆਂ ਨੂੰ ਆਕਸੀਜਨ ਪਹੁੰਚਾਉਂਦਾ ਹੈ। ਕੜਾ ਪਰ ਧਨ ਦੇ ਤਿਆਗ ਦੀ ਯਾਦ ਦਿਵਾਉਂਦਾ ਹੈ। ਕੜਾ ਧਰਮ ਦਾ ਪ੍ਰਤੀਕ ਚੱਕਰ ਹੈ। ਇਕੋ ਸਮੇਂ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ਹਾਲੀ ਦਾ ਚਿੰਨ੍ਹ ਕੜਾ ਸਿੱਖਾਂ ਨੂੰ ਪਹਿਨਾਇਆ ਹੈ।
ਕ੍ਰਿਪਾਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਨੂੰ ਬਖ਼ਸ਼ੀ ਇਹ ਪ੍ਰੇਮ ਨਿਸ਼ਾਨੀ ਹੈ। ਕ੍ਰਿਪਾਨ ਬਹੁਤ ਹੀ ਪਵਿਤਰ ਕਕਾਰ ਹੈ। ਅਕਾਲ ਪੁਰਖ ਦਾ ਸ਼ਸਤ੍ਰ ਹੈ। ਇਸ ਨੂੰ ਸਰੀਰ ਤੋਂ ਦੂਰ ਨਹੀਂ ਕਰਨਾ ਤਾਂ ਕਿ ਅਕਾਲ ਪੁਰਖ ਤੇ ਗੁਰੂ ਸਾਹਿਬ ਅਭੇਦ ਹਨ। ਸੰਤ ਸਿਪਾਹੀ ਮਜ਼ਲੂਮ ਦੀ ਰੱਖਿਆ ਕਰਦਾ ਹੈ। ਸਤਿਗੁਰ ਜੀ ਨੇ ਸੰਤ ਨੂੰ ਸਿਪਾਹੀ ਬਣਾਇਆ ਤੇ ਜਿਥੇ ਸੰਤ ਸਤਾ ਲਈ ਬਾਣੀਆਂ ਦਾ ਨਿਤਨੇਮ ਲਾਜ਼ਮੀ ਹੈ, ਉਥੇ ਹੀ ਸਿਪਾਹੀ ਦਾ ਪ੍ਰਤੀਕ ਸ਼ਸਤ੍ਰ ਕ੍ਰਿਪਾਨ ਬਖ਼ਸ਼ੀ ਹੈ। ਕ੍ਰਿਪਾਨ ਅਕਾਲ ਪੁਰਖ ਦੀ ਆਦਿ ਸ਼ਕਤੀ ਹੈ। ਇਸ ਦਾ ਪੂਰਾ ਅਦਬ ਰੱਖਣਾ ਚਾਹੀਦਾ ਹੈ। ਕ੍ਰਿਪਾਨ ਗਾਤਰੇ ਵਿੱਚ ਰੱਖਣੀ ਚਾਹੀਦੀ ਹੈ। ਜਿਸ ਨੇ ਮਨ ਨੂੰ ਸਾਧ ਲਿਆ ਉਸ ਦੇ ਕ੍ਰਿਪਾਨ ਜ਼ੁਲਮ ਨਹੀਂ ਕਰੇਗੀ ਸਗੋਂ ਜ਼ੁਲਮ ਨੂੰ ਰੋਕੇਗੀ। ਕ੍ਰਿਪਾਨ ਕ੍ਰਿਪਾ ਤੇ ਆਨ ਸ਼ਬਦਾਂ ਦਾ ਜੋੜ ਹੈ।
ਕਛਹਿਰਾ
ਪੰਜਵਾਂ ਕਕਾਰ ਕਛਹਿਰਾ ਹੈ। ਕਛਹਿਰਾ ਨਿਪੁੰਨਤਾ ਤੇ ਕੁਸ਼ਲਤਾ ਨਾਲ ਆਪਣਾ ਉਦੇਸ਼ ਪੂਰਾ ਕਰਦਾ ਹੈ। ਕਛਹਿਰਾ ਪਹਿਨਣ ਵਾਲੇ ਨੂੰ ਗੌਰਵ, ਵਡਿਆਈ, ਨਿਮਰਤਾ, ਲੱਜਾ, ਨੇਕਚਲਣੀ, ਪਵਿਤ੍ਰਤਾ, ਸਤ, ਸਨਮਾਨ, ਇੱਜ਼ਤ ਤੇ ਉਚਤਾ ਦਾ ਅਹਿਸਾਸ ਕਰਾਉਂਦਾ ਹੈ। ਗੁਰੂ ਸਾਹਿਬ ਨੇ ਹੋਰ ਪੁਸ਼ਾਕ ਦੀ ਕੋਈ ਬੰਦਸ਼ ਨਹੀਂ ਲਗਾਈ, ਪ੍ਰੰਤੂ ਕਛਹਿਰੇ ਤੇ ਦਸਤਾਰ ਪਹਿਨਣ ਦਾ ਫੁਰਮਾਨ ਜਾਰੀ ਕੀਤਾ ਹੈ। ਕਛਹਿਰਾ ਪਹਿਨਣਾ ਸਿਰਫ ਜਨਣ ਇੰਦਰੀ ਨੂੰ ਢਕਣਾ ਹੀ ਨਹੀਂ ਸਗੋਂ ਪਹਿਨਣ ਵਾਲੇ ਉਪਰ ਸਵੈ-ਨਿਯੰਤਰਣ ਲਾਗੂ ਕਰਨ ਦਾ ਆਦੇਸ਼ ਵੀ ਹੈ। ਸਮਾਜਿਕ ਮਰਿਆਦਾ ਵਿੱਚ ਰਹਿਣਾ ਜ਼ਰੂਰੀ ਹੈ। ਕਛਹਿਰਾ ਉਤਾਰ ਕੇ ਨੰਗਾ ਨਹੀਂ ਸਉਣਾ। ਅੰਮ੍ਰਿਤਧਾਰੀਆਂ ਨੇ ਇਸ਼ਨਾਨ ਕਰਨ ਉਪਰੰਤ ਗਿਲੇ ਕਛਹਿਰੇ ਦਾ ਇਕ ਪਹੁੰਚਾ ਲਾਹ ਕੇ ਸੁੱਕਾ ਨਵਾਂ ਪਾ ਕੇ ਫਿਰ ਦੂਜਾ ਪਹੁੰਚਾ ਉਤਾਰਨਾ ਹੈ। ਇਕੱਠੇ ਨਹੀਂ ਲਾਹੁਣੇ। ਸਤਿਗੁਰ ਜੀ ਨੇ ਸੰਜਮੀ, ਸ਼ੁਸ਼ੀਲ ਪੁਸ਼ਾਕ ਲਿਬਾਸ ਦੇ ਰੂਪ ਵਿੱਚ ਨਿਰਮਾਣ ਕਛਹਿਰਾ ਬਖ਼ਸ਼ਿਆ ਹੈ। ਕਛਹਿਰਾ ਜੰਗੀ ਪੁਸ਼ਾਕ ਹੈ। ਯੁੱਧ ਵਿੱਚ ਸੂਰਬੀਰਾਂ ਲਈ ਕੱਸਵਾਂ ਲਿਬਾਸ ਹੀ ਦਰੁੱਸਤ ਹੈ। ਕਛਹਿਰਾ ਪਵਿਤ੍ਰਤਾ ਦਾ ਪ੍ਰਤੀਕ ਹੈ।
ਜਸਮੇਰ ਸਿੰਘ ਸੇਠੀ ਨੇ ਸਿੱਖ ਪੰਥ ਲਈ '5 ਕਕਾਰਾਂ' ਬਾਰੇ ਜਾਣਕਾਰੀ ਦੇ ਸਿੱਖ ਸ਼ਰਧਾਂਲੂਆਂ ਦਾ ਮਾਰਗ ਦਰਸ਼ਨ ਕੀਤਾ ਹੈ ਪ੍ਰੰਤੂ ਕੁਝ ਥਾਵਾਂ 'ਤੇ ਚਮਤਕਾਰਾਂ ਦੀਆਂ ਉਦਾਹਰਣਾ ਦਿੱਤੀਆਂ ਹਨ ਜਿਨ੍ਹਾਂ ਦੀ ਸਿੱਖ ਧਰਮ ਵਿੱਚ ਮਾਣਤਾ ਨਹੀਂ ਹੈ। ਇਹ ਪੁਸਤਕ ਡਾ.ਨਿਰਮਲ ਸਿੰਘ,ਪ੍ਰਿੰ.ਕੁਲਵਿੰਦਰ ਸਿੰਘ ਅਤੇ ਮੋਤਾ ਸਿੰਘ ਸਰਾਏ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 144 ਪੰਨਿਆਂ ਦੀ ਇਹ ਪੁਸਤਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
1 ਅਪ੍ਰੈਲ ਬਰਸੀ ‘ਤੇ ਵਿਸ਼ੇਸ਼ : ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ - ਉਜਾਗਰ ਸਿੰਘ
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ ਪ੍ਰੰਤੂ ਉਨ੍ਹਾਂ ਸਿਆਸਤ ਨੂੰ ਆਪਣੀਆਂ ਧਾਰਮਿਕ ਸਰਗਰਮੀਆਂ ਉਪਰ ਭਾਰੂ ਨਹੀਂ ਪੈਣ ਦਿੱਤਾ। ਉਨ੍ਹਾਂ ਦੀ ਹਮੇਸ਼ਾ ਪਹਿਲ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਹੁੰਦੀ ਸੀ। ਟੌਹੜਾ ਪਿੰਡ ਦੇ ਲੋਕ ਸੱਥਾਂ ਵਿੱਚ ਬੈਠਕੇ ਵਰਤਮਾਨ ਸਿੱਖ ਨੇਤਾਵਾਂ ਦੀਆਂ ਸਿੱਖ ਧਰਮ ਦੀ ਸਰਵਉਚਤਾ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਕਿੰਤੂ ਪ੍ਰੰਤੂ ਕਰਦੇ ਹੋਏ ਜਥੇਦਾਰ ਟੌਹੜਾ ਦੇ ਕਦਾਵਰ ਵਿਅਕਤੀਤਿਵ ‘ਤੇ ਮਾਣ ਨਾਲ ਫ਼ਖ਼ਰ ਮਹਿਸੂਸ ਕਰਦੇ ਹਨ। ਜਥੇਦਾਰ ਟੌਹੜਾ ਤੋਂ ਬਿਨਾਂ ਟੌਹੜਾ ਪਿੰਡ ਉਦਾਸ ਵਿਖਾਈ ਦਿੰਦਾ ਹੈ, ਜਿਥੇ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆਂ ਸਨ, ਅੱਜ ਟੌਹੜਾ ਪਿੰਡ ਦੀਆਂ ਗਲੀਆਂ ਸੁੰਨਸਾਨ ਪਈਆਂ ਹਨ। ਅੱਜ ਜਦੋਂ ਸਿੱਖ ਜਗਤ ਦੁਬਿਧਾ ਵਿੱਚ ਪਿਆ ਹੋਇਆ ਹੈ ਤਾਂ ਗੁਰਚਰਨ ਸਿੰਘ ਟੌਹੜਾ ਵਰਗੇ ਸਿਦਕਵਾਨ ਸਿੱਖ ਨੇਤਾ ਦੀ ਲੋੜ ਮਹਿਸੂਸ ਹੋ ਰਹੀ ਹੈ। ਸਿੱਖ ਨੌਜਵਾਨ ਸਿੱਖ ਸਿਧਾਂਤਾਂ ਤੋਂ ਕਿਨਾਰਾ ਕਰੀ ਜਾ ਰਹੇ ਹਨ। ਉਨ੍ਹਾਂ ‘ਤੇ ਪਤਿਤਪੁਣਾ ਭਾਰੂ ਹੈ ਅਤੇ ਸਿੱਖੀ ਸੋਚ ਦੀ ਵਿਚਾਰਧਾਰਾ ‘ਤੇ ਅਮਲ ਬਾਰੇ ਭੰਬਲਭੂਸੇ ਵਿੱਚ ਪਏ ਹੋਏ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਉਨ੍ਹਾਂ ਨੂੰ ਯੋਗ ਅਗਵਾਈ ਦੇਣ ਵਾਲਾ ਕਦਾਵਰ ਧਾਰਮਿਕ ਨੇਤਾ ਨਹੀਂ ਹੈ। ਗੀਭੀਰ ਸੰਕਟ ਦੇ ਸਮੇਂ ਸਿੱਖੀ ਸਿਦਕ ਦੇ ਮੁੱਦਈ ਗੁਰਮਤਿ ਦੇ ਧਾਰਨੀ ਧਾਰਮਿਕ ਵਿਦਵਾਨ ਬੁੱਧੀਜੀਵੀਆਂ ਨੂੰ ਯੋਗ ਅਗਵਾਈ ਲਈ ਮੋਹਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਗੁਰਚਰਨ ਸਿੰਘ ਟੌਹੜਾ 18 ਸਾਲ ਸਿੱਖੀ ਅਤੇ ਸਿੱਖ ਵਿਚਾਰਧਾਰਾ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਹ ਸਾਰੀ ਉਮਰ ਸਿੱਖ ਵਿਚਾਰਧਾਰਾ ਨੂੰ ਸਮਰਪਤ ਰਹੇ। ਉਨ੍ਹਾਂ ਨੇ ਭਾਵੇਂ ਬਹੁਤੀ ਅਕਾਦਮਿਕ ਵਿਦਿਆ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਥੋੜ੍ਹਾ ਸਮਾਂ ਸੰਸਕ੍ਰਿਤ ਵਿਦਿਆਲਿਆ ਪਟਿਆਲਾ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਆਪਣਾ ਧਾਰਮਿਕ ਅਤੇ ਸਿਆਸੀ ਜੀਵਨ ਸ਼ੁਰੂ ਕਰ ਲਿਆ ਸੀ। ਉਨ੍ਹਾਂ ਨੇ ਅਕਾਲੀ ਮੋਰਚੇ ਵਿੱਚ 1944 ਵਿੱਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਵੀ ਕੀਤੀ। ਇਸ ਤੋ ਬਾਅਦ ਉਨ੍ਹਾਂ ਨੇ ਹਰ ਅਕਾਲੀ ਮੋਰਚੇ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਅਨੇਕਾਂ ਵਾਰ ਜੇਲ੍ਹ ਕੱਟੀ। 1960 ਵਿੱਚ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਉਸ ਤੋਂ ਬਾਅਦ ਆਪਣੀ ਮੌਤ 1 ਅਪ੍ਰੈਲ 2004 ਤੱਕ ਇਸਦੇ ਮੈਂਬਰ ਰਹੇ। ਉਹ 6 ਜਨਵਰੀ 1973 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿੱਖੀ ਸੋਚ, ਪਰੰਪਰਾਵਾਂ ਅਤੇ ਵਿਚਾਰਧਾਰਾ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਕੁਝ ਹੱਦ ਤੱਕ ਉਹ ਸਫਲ ਵੀ ਹੋਏ। ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਮੁੱਦਈ ਹੋਵੋ ਪ੍ਰੰਤੂ ਆਪੋ ਆਪਣੇ ਧਰਮ ਵਿੱਚ ਪ੍ਰਪੱਕ ਹੋਣੇ ਚਾਹੀਦੇ ਹੋ। ਉਹ 1 ਅਪ੍ਰੈਲ 2004 ਨੂੰ ਸਾਡੇ ਤੋਂ ਵਿਦਾ ਹੋ ਗਏ ਸਨ। ਉਨ੍ਹਾਂ ਦੀ ਧਾਰਮਿਕ ਅਕੀਦਤ ਅਤੇ ਸਮਰਪਣ ਭਾਵਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਉਸ ਸਮੇਂ ਪਿਆ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਵਿੱਚ ਹਿੱਸਾ ਲੈ ਰਹੇ ਸਨ। ਅਜੇ ਉਨ੍ਹਾਂ ਨੂੰ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਹੋਇਆਂ 19 ਸਾਲ ਹੀ ਹੋਏ ਹਨ ਪ੍ਰੰਤੂ ਸਿੱਖ ਧਰਮ ਵਿੱਚ ਨਿਘਾਰ ਬਹੁਤ ਜ਼ਿਆਦਾ ਆ ਗਿਆ ਹੈ। ਇਸ ਸਮੇਂ ਸਿੱਖ ਜਗਤ ਘੋਰ ਸੰਕਟ ਵਿੱਚ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਵਿਅਕਤੀ ਹੀ, ਉਸ ਨੂੰ ਸੁਚੱਜੀ ਅਗਵਾਈ ਦੇ ਕੇ ਸਹੀ ਰਸਤੇ ‘ਤੇ ਲਿਆ ਸਕਦਾ ਹੈ। 80ਵਿਆਂ ਵਿੱਚ ਸਿੱਖ ਨੌਜਵਾਨਾ ਨੇ ਇਕ ਲਹਿਰ ਚਲਾਈ ਸੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰਾਂ ਤੋਂ ਬਾਹਰ ਪ੍ਰਕਾਸ਼ ਕਰਨ ਤੇ ਪਾਬੰਦੀ ਲਾਈ ਸੀ। ਵਿਆਹਾਂ ਸਮੇਂ ਆਨੰਦ ਕਾਰਜ ਵੀ ਸਿਰਫ ਗੁਰੂ ਘਰਾਂ ਵਿੱਚ ਕਰਨ ਲਈ ਕਿਹਾ ਸੀ, ਜਿਸ ‘ਤੇ ਪੂਰਾ ਅਮਲ ਹੁੰਦਾ ਰਿਹਾ ਪ੍ਰੰਤੂ ਅੱਜ ਕੀ ਹੋ ਰਿਹਾ ਹੈ, ਇਹ ਤੁਹਾਡੇ ਸਾਹਮਣੇ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਂ ਕੁ ਥਾਂ ਲਈ ਫਿਰਦੇ ਹਨ। ਮਰਿਆਦਾ ‘ਤੇ ਪੂਰਾ ਅਮਲ ਨਹੀਂ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 19 ਸਾਲਾਂ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ। ਨੌਜਵਾਨਾ ਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਮਿਲ ਰਹੇ। ਨੌਜਵਾਨ ਪਤਿਤ ਹੋ ਰਹੇ ਹਨ। ਇਸ ਵਜਾਹ ਕਰਕੇ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਆ ਰਹੀ ਹੈ। ਸਿੱਖ ਜਗਤ ਲਈ ਹਾਲਾਤ ਸਾਜਗਾਰ ਨਹੀਂ ਹਨ।
ਜਥੇਦਾਰ ਗੁਰਚਰਨ ਸਿੰਘ ਹਰ ਕਦਮ ਸਮੇਂ ਦੀ ਨਜ਼ਾਕਤ ਅਨੁਸਾਰ ਚੁੱਕਦੇ ਸਨ। ਇਕ ਉਦਾਹਰਣ ਦੇਵਾਂਗਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਉਪਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਪਟਿਆਲਾ ਲੋਕ ਸਭਾ ਦੀ ਚੋਣ ਸਮੇਂ ਨਿਰੰਕਾਰੀ ਭਵਨ ਵਿੱਚ ਜਾਣ ‘ਤੇ ਵਾਵਰੋਲਾ ਉਠਿਆ ਸੀ, ਉਸ ਸਮੇਂ ਉਨ੍ਹਾਂ ਬੇਬਾਕੀ ਨਾਲ ਕਿਹਾ ਸੀ ਕਿ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਅਜਿਹੇ ਕਦਮ ਚੁਕਣੇ ਪੈਂਦੇ ਹਨ। ਉਹ ਹਿੰਦੂ ਸਿੱਖਾਂ ਵਿੱਚੋਂ ਕੁੜੱਤਣ ਖ਼ਤਮ ਕਰਨ ਦੇ ਹੱਕ ਵਿੱਚ ਸਨ। ਉਸ ਸਮੇਂ ਉਨ੍ਹਾਂ ਦੇ ਜਵਾਈ ਹਰਮੇਲ ਸਿੰਘ ਟੌਹੜਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸਨ। ਉਨ੍ਹਾਂ ਨੇ ਪਟਿਆਲਾ-ਅਮਲੋਹ ਸੜਕ ‘ਤੇ ਨਹਿਰ ਦੇ ਪੁਲ ਦਾ ਨਂੀਹ ਪੱਥਰ ਟੌਹੜਾ ਸਾਹਿਬ ਤੋਂ ਰਖਵਾਇਆ ਸੀ। ਉਦੋਂ ਮੈਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਸੀ। ਮੇਰੇ ਨਾਲ ਕੁਝ ਪੱਤਰਕਾਰ ਟੌਹੜਾ ਸਾਹਿਬ ਨੂੰ ਮਿਲਣ ਲਈ ਸਮਾਗਮ ‘ਤੇ ਗਏ ਸਨ। ਟੌਹੜਾ ਸਾਹਿਬ ਨੇ ਕਿਹਾ ਕਿ ਤੁਸੀਂ ਸਰਕਟ ਹਾਊਸ ਚਲੋ ਮੈਂ ਉਥੇ ਹੀ ਪੱਤਰਕਾਰਾਂ ਨਾਲ ਗੱਲ ਕਰਾਂਗਾ। ਉਨ੍ਹਾਂ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਫ਼ ਦਾ ਰਿਕਾਰਡ ਨਿਰੰਕਾਰੀ ਭਵਨ ਜਾਣ ਬਾਰੇ ਸਾਰੀ ਗੱਲ ਦੱਸ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਅਜਿਹੇ ਸਨ ਜਥੇਦਾਰ ਗੁਰਚਰਨ ਸਿੰਘ ਟੌਹੜਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀਆਂ ਗ਼ਲਤੀਆਂ ਕਰਕੇ ਸਿੱਖ ਜਗਤ ਅਤੇ ਖਾਸ ਕਰਕੇ ਸਿੱਖ ਨੌਜਵਾਨ ਦਿਸ਼ਾਹੀਣ ਹੋਏ ਪਏ ਹਨ। ਸਿੱਖ ਬੁੱਧੀਜੀਵੀਆਂ ਨੂੰ ਆਪਸੀ ਖ਼ਹਿਬਾਜ਼ੀ ਛੱਡ ਕੇ ਸਿੱਖ ਧਰਮ ਦੀ ਬਿਹਤਰੀ ਲਈ ਇੱਕਮਤ ਹੋ ਕੇ ਸਿੱਖ ਜਗਤ ਨੂੰ ਸਹੀ ਅਗਵਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਸਿੱਖ ਜਗਤ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ਅਤੇ ਵਿਚਾਰਧਾਰਾ ‘ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ। ਸਿੱਖ ਲੀਡਰਸ਼ਿਪ ਨੂੰ ਅੱਜ ਟੌਹੜਾ ਸਾਹਿਬ ਦੀ ਬਰਸੀ ‘ਤੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਧਰਮ ਦੀ ਪ੍ਰਫੁਲਤਾ ਲਈ ਆਪਸੀ ਮਤਭੇਦ ਭੁਲਾ ਕੇ ਏਕਤਾ ਦਾ ਸਬੂਤ ਦੇਣਗੇ। ਜੇਕਰ ਸਿੱਖ ਨੇਤਾ ਏਸੇ ਤਰ੍ਹਾਂ ਅੱਡੋਫਾਟੀ ਹੋਏ ਰਹੇ ਤਾਂ ਸਿੱਖ ਧਰਮ ਦਾ ਨੁਕਸਾਨ ਹੋਵੇਗਾ। ਆਪਸੀ ਟਕਰਾਓ ਨਾਲ ਸਿੱਖ ਜਗਤ ਦਾ ਨੁਕਸਾਨ ਹੋ ਰਿਹਾ ਹੈ। ਏਕਤਾ ਦਾ ਸਬੂਤ ਦੇਣਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com