Mohinder Singh Mann

ਮਿੰਨੀ ਕਹਾਣੀ :  ਪੰਜ ਲਾਚੀਆਂ - ਮਹਿੰਦਰ ਸਿੰਘ ਮਾਨ

ਤਲਾਅ ਪੁਰ ਵਾਲੇ ਬਾਬੇ ਦੇ ਪੈਰੀਂ ਹੱਥ ਲਾਣ ਪਿੱਛੋਂ ਜੀਤੋ ਦੋਵੇਂ ਹੱਥ ਜੋੜ ਕੇ ਬਾਬੇ ਮੂਹਰੇ ਬੈਠ ਗਈ ਤੇ ਆਖਣ ਲੱਗੀ, ''ਬਾਬਾ ਜੀ, ਮੇਰੇ ਘਰ ਬਹੂ ਆਈ ਨੂੰ ਦੋ ਸਾਲ ਹੋ ਗਏ ਆ।ਹਾਲੇ ਉਸ ਦੀ ਕੁੱਖ ਹਰੀ ਨ੍ਹੀ ਹੋਈ। ਤੁਹਾਡੇ ਘਰ ਕਾਦ੍ਹਾ ਘਾਟਾ ਆ। ਤੁਸੀਂ ਕਈਆਂ ਨੂੰ ਲਾਚੀਆਂ ਪੜ੍ਹ ਕੇ ਦਿੱਤੀਆਂ ਆਂ। ਹੁਣ ਉਨ੍ਹਾਂ ਦੇ ਘਰ ਬਾਲ ਖੇਡਦੇ ਆ। ਮੇਰੀ ਬਹੂ ਤੇ ਵੀ ਮਿਹਰ ਦੀ ਨਜ਼ਰ ਕਰੋ।''
ਬਾਬੇ ਨੇ ਪੰਜ ਲਾਚੀਆਂ ਆਪਣੀ ਜੇਬ ਵਿੱਚੋਂ ਕੱਢੀਆਂ ਤੇ ਹੱਥ 'ਚ ਫੜ ਕੇ ਕੁਝ ਪੜ੍ਹਿਆ।ਲਾਚੀਆਂ ਜੀਤੋ ਦੇ ਹੱਥ 'ਚ ਫੜਾਂਦੇ ਹੋਏ ਬਾਬੇ ਨੇ ਆਖਿਆ, ''ਮਾਤਾ, ਇਹ ਲਾਚੀਆਂ ਲਉ।ਇਕ ਲਾਚੀ ਰੋਜ਼ ਖਾਣੀ ਆਂ।ਰੱਬ ਦੀ ਮਿਹਰ ਨਾਲ ਤੇਰੀ ਬਹੂ ਦੀ ਕੁੱਖ ਹਰੀ ਹੋ ਜਾਊਗੀ।''ਜੀਤੋ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।ਉਸ ਨੇ ਬਾਬੇ ਨੂੰ ਇਕ ਵਾਰੀ ਫੇਰ ਮੱਥਾ ਟੇਕਿਆ ਤੇ ਘਰ ਨੂੰ ਤੁਰ ਪਈ।
ਘਰ ਆ ਕੇ ਜੀਤੋ ਨੇ ਆਪਣੀ ਬਹੂ ਨੂੰ ਆਖਿਆ, ''ਮਨਜਿੰਦਰ, ਆ ਫੜ ਲਾਚੀਆਂ।ਤਲਾਅ ਪੁਰ ਵਾਲੇ ਬਾਬੇ ਨੇ ਦਿੱਤੀਆਂ ਆਂ।''
''ਮੰਮੀ,ਮੈਂ ਇਨ੍ਹਾਂ ਨੂੰ ਕੀ ਕਰਾਂ?''ਮਨਜਿੰਦਰ ਨੇ ਆਖਿਆ।
''ਪੁੱਤ,ਇਕ ਲਾਚੀ ਰੋਜ਼ ਖਾਣੀ ਆਂ।ਤਲਾਅ ਪੁਰ ਵਾਲਾ ਬਾਬਾ ਕਹਿੰਦਾ ਸੀ ਕਿ ਇਹ ਲਾਚੀਆਂ ਖਾ ਕੇ ਤੇਰੀ ਕੁੱਖ ਹਰੀ ਹੋ ਜਾਊਗੀ।''
''ਮੰਮੀ,ਮੇਰੇ ਬੱਚਾ ਇਸ ਕਰਕੇ ਨ੍ਹੀ ਹੋਇਆ ਕਿਉਂ ਕਿ ਅਸੀਂ ਦੋਹਾਂ ਤੀਵੀਂ -ਆਦਮੀ ਨੇ ਪ੍ਰਹੇਜ਼ ਰੱਖਿਆ ਹੋਇਆ ਸੀ।''
''ਮੈਂ ਐਵੇਂ ਤਲਾਅ ਪੁਰ ਵਾਲੇ ਬਾਬੇ ਦੇ ਪੈਰੀਂ ਹੱਥ ਲਾਈ ਗਈ।ਜੇ ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ, ਮੈਂ ਬਾਬੇ ਕੋਲ ਕਦੇ ਨਾ ਜਾਂਦੀ।ਛੱਡ ਪਰੇ ਨਾ ਖਾ ਲਾਚੀਆਂ।''ਜੀਤੋ ਨੂੰ ਲੱਗਾ ਜਿਵੇਂ ਉਹ ਤਲਾਅ ਪੁਰ ਵਾਲੇ ਬਾਬੇ ਕੋਲ ਜਾ ਕੇ ਕੋਈ ਭੁੱਲ ਕਰ ਆਈ ਹੋਵੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554