ਪ੍ਰੋ.ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ ਸਰਦਾਰਨੀਆਂ ਔਰਤ ਦੀ ਬਹਾਦਰੀ ਦਾ ਪ੍ਰਤੀਕ - ਉਜਾਗਰ ਸਿੰਘ
ਪ੍ਰੋ.ਰਾਮ ਲਾਲ ਭਗਤ ਬਹੁਪੱਖੀ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਵਾਪਰਨ ਵਾਲੀਆਂ ਤਤਕਾਲੀ ਘਟਨਾਵਾਂ ਦੀ ਤਰਜਮਾਨੀ ਕਰਨ ਵਾਲੇ ਹੁੰਦੇ ਹਨ। ਉਸ ਨੇ ਹੁਣ ਤੱਕ 8 ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ। ਪੜਚੋਲ ਅਧੀਨ ਕਾਵਿ ਸੰਗ੍ਰਹਿ ਦਾ ਸਿਰਲੇਖ ਕਿਸਾਨੀ ਨਾਲ ਸੰਬੰਧਤ ਸੰਸਾਰ ਵਿੱਚ ਸਭ ਤੋਂ ਵੱਡੇ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦੇ ਯੋਗਦਾਨ ਬਾਰੇ 'ਸਰਦਾਰਨੀਆਂ' ਹੈ। ਕਾਵਿ ਸੰਗ੍ਰਹਿ ਦਾ ਨਾਮ 'ਸਰਦਾਰਨੀਆਂ' ਸਮੁੱਚੀ ਇਸਤਰੀ ਜਾਤੀ ਦੀ ਪ੍ਰਤੀਨਿਧਤਾ ਕਰਦਾ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਸਰਦਾਰਨੀਆਂ ਨੂੰ ਬਹਾਦਰੀ ਦਾ ਪ੍ਰਤੀਕ ਗਿਣਿਆਂ ਜਾਂਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਸਮੁੱਚੇ ਭਾਰਤ ਵਿੱਚੋਂ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦਾ ਵੱਡੀ ਮਾਤਰਾ ਵਿੱਚ ਸ਼ਾਮਲ ਹੋਣਾ ਹੀ ਨਹੀਂ ਸਗੋਂ ਲਗਾਤਾਰ ਡਟੇ ਰਹਿਣ ਦੀ ਬਹਾਦਰੀ ਦੇ ਸੋਹਲੇ ਗਾਏ ਗਏ ਹਨ। ਇਸਤਰੀ ਦੀ ਹੋਂਦ ਤੋਂ ਬਿਨਾ ਸਮਾਜ ਅਧੂਰਾ ਹੁੰਦਾ ਹੈ। ਹੁਣ ਤੱਕ ਸੰਸਾਰ ਵਿੱਚ ਹੋਏ ਅੰਦੋਲਨਾ ਵਿੱਚ ਇਸਤਰੀਆਂ ਇਤਨੀ ਵੱਡੀ ਗਿਣਤੀ ਵਿੱਚ ਕਦੀਂ ਵੀ ਸ਼ਾਮਲ ਨਹੀਂ ਹੋਈਆਂ। ਇਸ ਕਾਵਿ ਸੰਗ੍ਰਹਿ ਵਿੱਚ ਕਵਿਤਾ ਦੇ ਵੱਖ-ਵੱਖ ਰੂਪ ਵਾਲੀਆਂ 84 ਕਵਿਤਾਵਾਂ ਹਨ। ਪ੍ਰੋ.ਰਾਮ ਲਾਲ ਭਗਤ ਨੇ ਇਸਤਰੀ ਦੀ ਬਹਾਦਰੀ ਅਤੇ ਸਮਾਜ ਬਾਰੇ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਇਤਿਹਾਸ ਵਿੱਚੋਂ ਉਦਾਹਰਣਾ ਦੇ ਕੇ ਇਸਤਰੀ ਦੀ ਬਹਾਦਰੀ ਦੇ ਕਸੀਦੇ ਪੜ੍ਹੇ ਹਨ। ਸਮਾਜ ਦੇ ਅੱਧੇ ਹਿੱਸੇ ਇਸਤਰੀਆਂ ਦੀ ਪੜ੍ਹਾਈ 'ਤੇ ਜ਼ੋਰ ਦਿੰਦਿਆਂ ਕਵੀ ਲਿਖਦਾ ਹੈ ਕਿ ਵਿਦਿਆ ਦਾ ਚਾਨਣ ਫੈਲਾਉਣ ਵਿੱਚ ਇਸਤਰੀਆਂ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ ਕਿਉਂਕਿ ਪਰਿਵਾਰਾਂ ਦਾ ਭਵਿਖ ਪੜ੍ਹੀ ਲਿਖੀ ਇਸਤਰੀ ਤੇ ਨਿਰਭਰ ਹੁੰਦਾ ਹੈ। ਕਿਸਾਨ ਅੰਦੋਲਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕਵੀ ਲੋਕਾਈ ਦੀ ਇੱਕਮੁੱਠਤਾ ਸ਼ਕਤੀ ਨੂੰ ਸਲਾਮ ਕਰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਇਸਤਰੀਆਂ ਨੂੰ ਚੇਤੰਨ ਅਤੇ ਸੰਜੀਦਾ ਹੋ ਕੇ ਸੁਜੱਗ ਰਹਿਣ 'ਤੇ ਵੀ ਜ਼ੋਰ ਦਿੰਦਾ ਹੈ। 'ਕਵਿਤਾ' ਸਿਰਲੇਖ ਵਾਲੀ ਕਵਿਤਾ ਵਿੱਚ ਇਸਤਰੀ ਦੀ ਬਹਾਦਰੀ ਨੂੰ ਸੰਸਾਰ ਦੇ ਅਧਿਆਤਮਿਕ ਮਹਾਂ ਪੁਰਖਾਂ ਦੀ ਅਕੀਦਤ ਦਾ ਜ਼ਿਕਰ ਕਰਦਾ ਹੈ। 'ਸਤ ਫੁੱਲ' ਕਵਿਤਾ ਵਿੱਚ ਕਵੀ ਇਸਤਰੀਆਂ ਅਤੇ ਬਜ਼ੁਰਗਾਂ ਨੂੰ ਪ੍ਰੇਰਨਾ ਵੀ ਕਰਦਾ ਹੈ ਕਿ ਆਪਣੀਆਂ ਨੂੰਹਾਂ ਦੀ ਕਦਰ ਕਰਨ ਦਾ ਪ੍ਰਣ ਲੈਣ ਤਾਂ ਜੋ ਸਮਾਜ ਸਿਹਤਮੰਦ ਬਣ ਸਕੇ। 'ਬੇਬੇ ਦਾ ਸੰਦੂਕ' ਕਵਿਤਾ ਪੰਜਾਬ ਦੀ ਵਿਰਾਸਤ ਸਾਂਭ ਕੇ ਰੱਖਣ ਦੀ ਤਾਕੀਦ ਕਰਦਾ ਹੈ। 'ਵਲੈਤਣ ਜੁਗਨੀ', 'ਨੇਤਾ ਜੀ', 'ਵੋਟਾਂ', 'ਢੋਲੀਆ' ਅਤੇ 'ਭਾਰਤ ਮਹਾਨ' ਕਵਿਤਾਵਾਂ ਵਿੱਚ ਸਮਾਜ ਵਿੱਚ ਵੱਧ ਰਹੇ ਭਰਿਸ਼ਟਾਚਾਰ, ਜਾਤਪਾਤ, ਮਿਲਾਵਟਖੋਰੀ, ਨੇਤਾਵਾਂ ਦੀ ਧਿੰਗੋਜੋਰੀ ਆਦਿ ਅਤੇ ਨਸ਼ਿਆਂ ਦਾ ਪ੍ਰਕੋਪ ਨੂੰ ਦੂਰ ਕਰਨ ਵਿੱਚ ਸਮਾਜ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਮਾਜਿਕ ਬੁਰਾਈਆਂ ਲੋਕਾਈ ਅਤੇ ਖਾਸ ਤੌਰ 'ਤੇ ਇਸਤਰੀਆਂ ਦੇ ਸਹਿਯੋਗ ਤੋਂ ਬਿਨਾ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਕਿਸਾਨਾ ਦੇ ਪੜ੍ਹੇ ਲਿਖੇ ਹੋਣ ਦੀ ਵੀ ਜ਼ਰੂਰਤ ਹੈ। ਗ਼ਰੀਬ ਅਮੀਰ ਦਾ ਪਾੜਾ ਵਧਾਉਣ ਦੇ ਜ਼ਿੰਮੇਵਾਰ ਸਿਆਸਤਦਾਨ ਅਤੇ ਅਧਿਕਾਰੀਆਂ ਨੂੰ ਗਰਦਾਨਦਾ ਹੈ। 'ਕੁੜੀਆਂ' ਸਿਰਲੇਖ ਵਾਲੀ ਕਵਿਤਾ ਲੜਕੀਆਂ ਵਿੱਚ ਆ ਰਹੀ ਜਾਗ੍ਰਤੀ ਦਾ ਪ੍ਰਤੀਕ ਹੈ। ਕੁੜੀਆਂ ਹੁਣ ਅਬਲਾ ਨਹੀਂ ਹਨ। 'ਸਰਦਾਰਨੀਆਂ' ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਸਮਾਜ ਦੇ ਜਾਗ੍ਰਤ ਹੋਣ ਨਾਲ ਲੋਕ ਆਪਣੇ ਹੱਕ ਆਪ ਹੀ ਖੋਹ ਲੈਣਗੇ। ਪੁਰਾਤਨ ਗਲੀਆਂ ਸੜੀਆਂ ਪਰੰਪਰਾਵਾਂ ਤੋਂ ਖਹਿੜਾ ਛੁਡਾਕੇ ਅੱਗੇ ਵੱਧਣ ਨੂੰ ਤਰਜੀਹ ਦਿੱਤੀ ਜਾਵੇ। 'ਬੈਂਤ' ਵਿੱਚ ਕਵੀ ਇਸਤਰੀ ਨੂੰ ਆਪਣਾ ਮੂਲ ਪਛਾਨਣ ਲਈ ਪ੍ਰੇਰਦਾ ਹੈ। 'ਰਿਸ਼ਵਤਖ਼ੋਰ' ਕਵਿਤਾ ਵਿੱਚ ਨਿਆਇਕ ਪ੍ਰਣਾਲੀ ਨੂੰ ਵੀ ਵੰਗਾਰਿਆ ਗਿਆ ਹੈ। 'ਨੇਤਾ ਜੀ' ਕਵਿਤਾ ਵਿੱਚ ਲੋਕਾਂ ਨੂੰ ਕਵੀ ਆਗਾਹ ਕਰਦਾ ਹੈ ਕਿ ਪਾਰਟੀਆਂ ਬਦਲ ਕੇ ਗੁਮਰਾਹ ਕਰਨ ਵਾਲੇ ਨੇਤਾਵਾਂ ਤੋਂ ਸੁਚੇਤ ਰਹੋ। ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਲਾਲਚ ਨੂੰ ਤਿਆਗੋਗੇ ਤਾਂ ਹੀ ਸਿਹਤਮੰਦ ਸਮਾਜ ਉਸਰੇਗਾ। 'ਕੈਨੇਡੀਅਨ ਲਾੜਾ' ਕਵਿਤਾ ਪੰਜਾਬੀਆਂ ਦੀ ਪ੍ਰਵਾਸ ਵਿੱਚ ਗ਼ਲਤ ਢੰਗ ਨਾਲ ਅਣਜੋੜ ਵਿਆਹ ਕਰਵਾਕੇ ਜਾਣ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀ ਹੈ। 'ਲੋਰੀ' ਕਵਿਤਾ ਭਰੂਣ ਹੱਤਿਆ ਦਾ ਪਾਜ ਖੋਲ੍ਹਦੀ ਹੈ ਕਿ ਕਿਵੇਂ ਜੰਮਦੀਆਂ ਬੱਚੀਆਂ ਦੀ ਭਰੂਣ ਹੱਤਿਆ ਕੀਤੀ ਜਾਂਦੀ ਹੈ। 'ਮਾਵਾਂ' ਕਵਿਤਾ ਪਰਵਾਸ ਵਿੱਚ ਵਸਣ ਲਈ ਗਏ ਪੁੱਤਰਾਂ ਦੀ ਉਡੀਕ ਵਿੱਚ ਤਰਸਦੀਆਂ ਮਾਵਾਂ ਦਾ ਬ੍ਰਿਤਾਂਤ ਹੈ। 'ਕਾਵਾਂ' ਕਵਿਤਾ ਵਿੱਚ ਅਨੇਕ ਵਿਸ਼ੇ ਛੋਹ ਕੇ ਦੱਸਿਆ ਗਿਆ ਹੈ ਕਿ ਪੰਜਾਬੀ ਆਪਣੀ ਅਮੀਰ ਵਿਰਾਸਤ ਤੋਂ ਵੀ ਕੁਝ ਗ੍ਰਹਿਣ ਕਰਨ ਲਈ ਤਿਆਰ ਨਹੀਂ ਹਨ। 'ਜ਼ਰਾ ਬਚ ਕੇ ਮੋੜ ਤੋਂ' ਕਵਿਤਾ ਵਿੱਚ ਮਾਪਿਆਂ ਦੀ ਕਮਾਈ ਦਾ ਨਜ਼ਾਇਜ਼ ਲਾਭ ਉਠਾਉਣ ਦੀ ਥਾਂ ਨੌਜਵਾਨਾ ਨੂੰ ਹੱਥੀਂ ਮਿਹਨਤ ਕਰਕੇ ਸਫਲ ਹੋਣ ਦੀ ਪ੍ਰੇਰਨਾ ਦਿੰਦੀ ਹੈ। 'ਆਈਲੈਟਸ' ਕਵਿਤਾ ਲੜਕਿਆਂ ਦੀ ਪੜ੍ਹਾਈ ਵਿੱਚ ਕਮਜ਼ੋਰੀ ਅਤੇ ਵਿਆਹ ਲਈ ਆਈਲੈਟਸ ਪੜ੍ਹੀਆਂ ਲੜਕੀਆਂ ਦੇ ਮਗਰ ਪਾਗਲਾਂ ਵਾਂਗ ਮੇਲ੍ਹਦੇ ਫਿਰਦੇ ਲੜਕਿਆਂ ਤ੍ਰਾਸਦੀ ਪ੍ਰਗਟਾਉਂਦੀ ਹੈ। ਲੜਕੀਆਂ ਦੀ ਪ੍ਰਤਿਭਾ ਦਾ ਹੁਣ ਮੁੱਲ ਪੈਣ ਲੱਗਿਆ ਹੈ। 'ਵਿਦੇਸ਼' ਕਵਿਤਾ ਵਿੱਚ ਪੰਜਾਬੀ ਨੌਜਵਾਨਾ ਨੂੰ ਆਪਣੇ ਦੇਸ਼ ਵਿੱਚ ਹੀ ਮਿਹਨਤ ਮਜ਼ਦੂਰੀ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਪ੍ਰਕਾਰ ਨੌਜਵਾਨ ਆਪਣੇ ਮਾਪਿਆਂ ਦੀ ਵੇਖ ਭਾਲ ਵੀ ਕਰ ਸਕਦੇ ਹਨ। 'ਬਾਬੇ' ਅਤੇ 'ਅੰਨ੍ਹੀ ਸ਼ਰਧਾ' ਕਵਿਤਾਵਾਂ ਆਧੁਨਿਕ ਠੱਗਾਂ ਦੀ ਬਾਤ ਪਾਉਂਦੀਆਂ ਹਨ। ਢੌਂਗੀ ਲੋਕ ਸ਼ਰੀਫ ਘਰਾਂ ਦੀਆਂ ਇਸਤਰੀਆਂ ਨੂੰ ਗੁਮਰਾਹ ਕਰਕੇ ਲਾਭ ਉਠਾਉਂਦੇ ਹਨ। ਕਵੀ ਇਸਤਰੀਆਂ ਨੂੰ ਆਗਾਹ ਕਰਦਾ ਹੈ ਕਿ ਵਹਿਮਾ ਭਰਮਾ ਵਿੱਚ ਪੈ ਕੇ ਬਾਬਿਆਂ ਦੇ ਚੁੰਗਲ ਵਿੱਚ ਫਸਣ ਤੋਂ ਪ੍ਰਹੇਜ਼ ਕਰਨ। ਔਰਤਾਂ ਵੱਲੋਂ ਇਹ ਪਾਖੰਡਵਾਦ ਅਤੇ ਰੂੜੀਵਾਦੀ ਸੋਚ ਤੋਂ ਕਿਨਾਰਾ ਕਰਨ ਨਾਲ ਹੀ ਸਮਾਜ ਬਿਹਤਰੀਨ ਬਣ ਸਕਦਾ ਹੈ। ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਹੁਣ ਉਹ ਹਰ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। 'ਲਾੜਿਆਂ ਦੀ ਸੇਲ' ਕਵਿਤਾ ਕਾਟਵੇਂ ਵਿਅੰਗ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਵੀ ਮਹਿਸੂਸ ਕਰਦਾ ਹੈ ਕਿ ਨਸ਼ਿਆਂ ਦੀ ਲਾਹਨਤ ਨੂੰ ਪੜ੍ਹੀਆਂ ਲਿਖੀਆਂ ਇਸਤਰੀਆਂ ਆਪਣੇ ਬੱਚਿਆਂ ਨੂੰ ਸਹੀ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦੇ ਕੇ ਖ਼ਤਮ ਕਰ ਸਕਦੀਆਂ ਹਨ। 'ਸਰਦਾਰਨੀਆਂ ਧੀਆਂ' ਕਵਿਤਾ ਵਿੱਚ ਔਰਤਾਂ ਨੂੰ ਬਾਬੇ ਦੀਆਂ ਲਾਡਲੀਆਂ, ਮਾਈ ਭਾਗੋ ਦੀਆਂ ਪਿਆਰੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਦਾ ਦਰਜਾ ਦਿੰਦਾ ਹੈ। 'ਵੇ ਹਾਕਮਾ' ਕਵਿਤਾ ਵਿੱਚ ਵਿਅੰਗ ਕਰਦਾ ਹੈ ਕਿ ਗ਼ਰੀਬ ਲੋਕਾਂ ਦੀਆਂ ਫਸਲਾਂ ਵਿਕ ਨਹੀਂ ਰਹੀਆਂ ਪ੍ਰੰਤੂ ਧਰਮਾ ਦੀਆਂ ਲੜਾਈਆਂ ਪਾ ਕੇ ਹਾਕਮ ਦੇਸ਼ ਨੂੰ ਵੇਚ ਰਹੇ ਹਨ। ਕਵੀ ਉਨ੍ਹਾਂ ਮਾਪਿਆਂ ਦੀ ਨਿੰਦਿਆ ਵੀ ਕਰਦਾ ਹੈ ਜੋ ਆਪਣੀਆਂ ਧੀਆਂ ਦੇ ਅਣਜੋੜ ਵਿਆਹ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰਦੇ ਹਨ। 'ਰੱਬਾ ਖ਼ੈਰ ਹੋਵੇ' ਕਵਿਤਾ ਵਿੱਚ ਕਵੀ ਖੁਰਾਕੀ ਵਸਤਾਂ ਵਿੱਚ ਮਿਲਾਵਟ ਤੇ ਕਿੰਤੂ ਪ੍ਰੰਤੂ ਕਰਦਾ ਹੈ। ਪ੍ਰੋ. ਰਾਮ ਲਾਲ ਭਗਤ ਦੀਆਂ ਸਾਰੀਆਂ ਕਵਿਤਾਵਾਂ ਇੱਕ ਧੀਅ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਉਨ੍ਹਾਂ ਆਪਣੀਆਂ ਕਵਿਤਾਵਾਂ ਵਿੱਚ ਕੋਸ਼ਿਸ਼ ਕੀਤੀ ਹੈ ਕਿ ਸਮਾਜ ਧੀਆਂ ਦੀ ਅਹਿਮੀਅਤ ਨੂੰ ਸਮਝਕੇ ਇਸ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਹੋਵੇ। ਹਰ ਪਰਿਵਾਰ ਇਕ ਧੀਅ ਦੇ ਆਲੇ ਦੁਆਲੇ ਹੀ ਘੁੰਮਦਾ ਹੈ, ਪਹਿਲਾਂ ਧੀਅ, ਨੂੰਹ, ਨਾਨੀ ਅਤੇ ਦਾਦੀ ਦੇ ਰੂਪ ਵਿੱਚ ਪਰਿਵਾਰ ਨੂੰ ਜੋੜੀ ਰੱਖਦੀ ਹੈ। ਇਕ ਭੈਣ ਹੀ ਭਰਾ ਦੀ ਮੰਗ ਕਰਦੀ ਹੋਈ ਅਰਜੋਈ ਕਰਦੀ ਹੈ। ਕਵੀ ਧੀਅ ਨੂੰ ਕਦੀ ਸ਼ੇਰਨੀਂ ਅਤੇ ਕਦੀ ਸਰਦਾਰਨੀਆਂ ਕਹਿਕੇ ਸਤਿਕਾਰ ਦਿੰਦਾ ਹੈ। 'ਧੀਆਂ' ਕਵਿਤਾ ਵਿੱਚ ਧੀਆਂ ਦੀ ਪ੍ਰਸੰਸਾ ਕਰਦਾ ਕਵੀ ਲਿਖਦਾ ਹੈ-
ਇਹ ਧੀਆਂ ਫੁੱਲ ਗੁਲਾਬ ਵਰਗੀਆਂ, ਇਹ ਧੀਆਂ ਪੰਜ ਆਬ ਵਰਗੀਆਂ।
ਇਹ ਧੀਆਂ ਸੁੱਚੀ ਅਰਾਧਨਾ ਵਰਗੀਆਂ, ਇਹ ਧੀਆਂ ਭਗਤੀ ਸਾਧਨਾ ਵਰਗੀਆਂ।
'ਯਾਦਾਂ ਦੀ ਪਟਾਰੀ' ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਆਧੁਨਿਕਤਾ ਦੀ ਆੜ ਵਿੱਚ ਧੀਆਂ ਵਿਰਾਸਤੀ ਚੀਜ਼ਾਂ ਤੋਂ ਮੁੱਖ ਮੋੜ ਗਈਆਂ ਹਨ। ਉਨ੍ਹਾਂ ਨੂੰ ਚਰਖੇ ਕੱਤਣਾ, ਕਪਾਹ ਚੁਗਣਾ, ਫੁੱਲ ਬੂਟੀਆਂ ਦੀ ਕਢਾਈ, ਇੱਕ ਇੱਕ ਤੋਪਾ ਪਾਉਣਾ ਆਦਿ ਸਾਰਾ ਕੁਝ ਵਿਸਰ ਗਿਆ ਹੈ। ਵਿਰਾਸਤ ਗਹਿਣਾ ਹੁੰਦਾ ਹੈ। ਇਸ 'ਤੇ ਪਹਿਰਾ ਦੇਣਾ ਚਾਹੀਦਾ ਹੈ। 'ਲਾਡਲੀਆਂ' ਕਵਿਤਾ ਵਿੱਚ ਧੀਆਂ ਬਾਰੇ ਲਿਖਿਆ ਹੈ-
{ਰੁੱਖਾਂ ਦੀਆਂ ਛਾਵਾਂ ਕਦੇ ਨੂੰਹਾਂ ਕਦੇ ਮਾਵਾਂ, ਸੋਹਣਾ ਵੰਸ਼ ਸਜਾਇਆ ਧੀਆਂ ਲਾਡਲੀਆਂ ਨੇ।
ਸਿਆਸਤਦਾਨ ਵੋਟਾਂ ਮੌਕੇ ਧੀਆਂ ਦੇ ਨਾਮ 'ਤੇ ਪੈਨਸ਼ਨਾ ਵਧਾਉਂਦੇ ਅਤੇ ਸ਼ਗਨ ਸਕੀਮਾ ਲਾਗੂ ਕਰਕੇ ਲਾਭ ਉਠਾਉਂਦੇ ਹਨ। ਇਸ ਲਈ ਧੀਆਂ ਨੂੰ ਆਪਣੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਲੁਭਾਊ ਗੱਲਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ।
118 ਪੰਨਿਆਂ, 250 ਰੁਪਏ ਕੀਮਤ ਵਾਲੀ ਰੰਗਦਾਰ ਮੁੱਖ ਕਵਰ ਵਾਲੀ ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਤਾਅਨੇ ਮਿਹਣਿਆਂ ਨਾਲ ਖ਼ਤਮ - ਉਜਾਗਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਭ ਤੋਂ ਛੋਟੇ 8 ਦਿਨਾ ਦੇ ਬਜਟ ਇਜਲਾਸ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿਕਾਸ ਲਈ ਦਿੱਤੇ ਫਤਬੇ ਤੋਂ ਕਿਨਾਰਾ ਕਰਦਿਆਂ ਇਕ ਦੂਜੇ ‘ਤੇ ਤੁਹਮਤਾਂ ਲਗਾਉਣ ਅਤੇ ਨੀਵਾਂ ਵਿਖਾਉਣ ਵਿੱਚ ਹੀ ਵਕਤ ਅਜਾਈਂ ਲੰਘਾ ਦਿੱਤਾ। ਸਾਰੇ ਇਜਲਾਸ ਵਿੱਚ ਪੰਜਾਬ ਦੇ ਵਿਕਾਸ ਦੇ ਮੁੱਖ ਮੁੱਦੇ ਗਾਇਬ ਰਹੇ। ਸਰਕਾਰੀ ਧਿਰ ਆਪਣੀ ਪਿੱਠ ਆਪ ਹੀ ਥਪਥਪਾਉਂਦੀ ਰਹੀ ਜਦੋਂ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਹਰ ਖੇਤਰ ਦੀ ਅਸਫਲਤਾ ਦੇ ਗੀਤ ਗਾਉਂਦੀਆਂ ਰਹੀਆਂ। ਕਿਸੇ ਵੀ ਧਿਰ ਨੇ ਕੋਈ ਵੀ ਉਸਾਰੂ ਗੱਲ ਨਹੀਂ ਕੀਤੀ। ਇਜਲਾਸ ਦੇ ਸਾਰੇ ਦਿਨਾ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਕੋਈ ਮੌਕਾ ਅਜਿਹਾ ਨਹੀਂ ਜਾਣ ਦਿੱਤਾ ਜਦੋਂ ਦੂਸ਼ਣਬਾਜ਼ੀ ਨਾ ਕੀਤੀ ਹੋਵੇ। ਦੋਹਾਂ ਪਾਸਿਆਂ ਦੇ ਰਵੱਈਏ ਤੋਂ ਸਦਨ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੀ ਹੈ। ਸਰਕਾਰ ਕੋਈ ਸਾਰਥਿਕ ਨਤੀਜੇ ਦੇਣ ਵਿੱਚ ਸਫਲ ਨਹੀਂ ਹੋਈ, ਸਿਵਾਏ ਇਸ ਗੱਲ ਦੇ ਕੇ ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਪਹਿਲਾਂ ਨਾਲੋਂ ਵੱਧ ਰਕਮਾਂ ਰੱਖੀਆਂ ਹਨ ਪ੍ਰੰਤੂ ਤੱਥ ਕੋਈ ਪੇਸ਼ ਨਹੀਂ ਕੀਤਾ। ਬਜਟ ਵਿੱਚ ਖ਼ਰਚੇ ਦਾ ਵਰਵਾ ਤਾਂ ਦੇ ਦਿੱਤਾ ਗਿਆ ਪ੍ਰੰਤੂ ਇਸ ਖ਼ਰਚੇ ਲਈ ਆਮਦਨ ਕਿਹੜੇ ਵਸੀਲਿਆਂ ਤੋਂ ਆਵੇਗੀ ਉਹ ਨਹੀਂ ਦੱਸਿਆ ਗਿਆ। ਸਰਕਾਰ ਨੇ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇਣ ਦੇ ਗੋਗੇ ਗਾਏ ਹਨ। ਵਰਤਮਾਨ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਕਰਜ਼ਾ ਲੈ ਕੇ ਡੰਗ ਸਾਰ ਰਹੀ ਹੈ।
ਇਸ ਇਜਲਾਸ ਵਿੱਚ ਬਜਟ ਪਾਸ ਕਰਨ ਤੋਂ ਇਲਾਵਾ ਤਿੰਨ ਬਿਲ ‘ਦਾ ਸੈਲਰੀਜ਼ ਐਂਡ ਅਲਾਊਂਸਜ਼ ਆਫ਼ ਚੀਫ਼ ਵਿਪ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ ਬਿਲ –2023’, ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਸੋਧ) ਬਿਲ-2023’ ਅਤੇ ‘ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ (ਸੋਧ) ਬਿਲ-2023’ ਸਰਬਸੰਮਤੀ ਨਾਲ ਪਾਸ ਕੀਤੇ ਹਨ। ਇਸ ਤੋਂ ਇਲਾਵਾ ਦੋ ਮਤੇ ਜਿਨ੍ਹਾਂ ਵਿੱਚ ਹਲਵਾਰਾ ਏਅਰਪੋਰਟ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ' ਅੰਤਰਰਾਸ਼ਟਰੀ ਏਅਰਪੋਰਟ ਰੱਖਣ ਅਤੇ ਦੂਜਾ ਹਿਮਾਚਲ ਸਰਕਾਰ ਵੱਲੋਂ ਪਣ ਬਿਜਲੀ ਯੋਜਨਾਵਾਂ ‘ਤੇ ਲਗਾਏ 1200 ਕਰੋੜ ਰੁਪਏ ਦੇ ਸੈਸ ਵਿੱਚੋਂ 500 ਕਰੋੜ ਰੁਪਏ ਪੰਜਾਬ ਨੂੰ ਦੇਣੇ ਪੈ ਸਕਦੇ ਹਨ ਨੂੰ ਗ਼ੈਰ ਸੰਵਿਧਾਨਿਕ ਦਸਦਿਆਂ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਤਿੰਨ ਬਿਲਾਂ ਵਿੱਚੋਂ ‘ਅਨੂਸੂਚਿਤ ਜਾਤੀਆਂ ਕਮਿਸ਼ਨ’ ਦੇ ਉਪ ਚੇਅਰਮੈਨ ਅਤੇ ਮੈਂਬਰਾਂ ਦੀ ਗਿਣਤੀ ਘਟਾਉਣ ਨਾਲ ਸੰਬੰਧ ਹੈ ਅਤੇ ਦੂਜਾ ਮੰਡੀ ਬੋਰਡ ਵਿੱਚੋਂ ਸੀਨੀਅਰ ਤੇ ਜੂਨੀਅਰ ਮੀਤ ਚੇਅਰਮੈਨ ਦੇ ਅਹੁਦੇ ਖ਼ਤਮ ਕਰਨ ਬਾਰੇ ਹੈ। ਇਹ ਦੋਵੇਂ ਬਿਲ ਅਤੇ ਦੋਵੇਂ ਮਤੇ ਸ਼ਲਾਘਾਯੋਗ ਕਦਮ ਤੇ ਕਾਬਲੇ ਤਾਰੀਫ ਹਨ ਕਿਉਂਕਿ ਸਰਕਾਰ ਤੋਂ ਵਾਧੂ ਵਿਤੀ ਖਰਚਾ ਘਟੇਗਾ ਪ੍ਰੰਤੂ ਤੀਜਾ ਬਿਲ ਆਪਣੀ ਵਿਧਾਇਕਾ ਚੀਫ਼ ਵਿੱਪ ਸਰਬਜੀਤ ਕੌਰ ਮਾਣੂੰਕੇ ਨੂੰ ਤਨਖਾਹ ਅਤੇ ਹੋਰ ਸਹੂਲਤਾਂ ਦੇ ਗੱਫ਼ੇ ਦੇਣ ਨਾਲ ਸੰਬੰਧਤ ਹੈ। ਇਹ ਖ਼ਰਚੇ ਵਧਾਉਣ ਵਾਲਾ ਬਿਲ ਹੈ। ਇਕ ਹੱਥ ਨਾਲ ਦੇ ਕੇ ਦੂਜੇ ਨਾਲ ਵਾਪਸ ਲੈ ਲਿਆ। ਸਿਰਫ ਤੂਹਮਤਾਂ ਅਤੇ ਦੂਸ਼ਣਬਾਜ਼ੀ ਹੀ ਭਾਰੂ ਰਹੀ।
ਇਸ ਇਜਲਾਸ ਦੌਰਾਨ ਜੇਕਰ ਕਿਸੇ ਨੇ ਵਾਹਵਾ ਖੱਟੀ ਹੈ ਤਾਂ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਨ। ਉਨ੍ਹਾਂ ਸਰਕਾਰ ਦੇ ਮੰਤਰੀਆਂ ਅਤੇ ਵਿਰੋਧੀਆਂ ਦੋਹਾਂ ਨੂੰ ਸਹੀ ਢੰਗ ਨਾਲ ਵਿਹਾਰ ਕਰਨ ਦੀ ਤਾਕੀਦ ਕੀਤੀ ਹੈ। ਇਥੋਂ ਤੱਕ ਕਿ ਮੰਤਰੀ ਸਾਹਿਬਾਨ ਨੂੰ ਸਵਾਲਾਂ ਦੇ ਸਹੀ ਜਵਾਬ ਨਾ ਦੇਣ ‘ਤੇ ਵੀ ਟੋਕਿਆ ਹੈ ਅਤੇ ਵਿਕਾਸ ਕੰਮ ਸਹੀ ਸਮੇਂ ‘ਤੇ ਨੇਪਰੇ ਚਾੜਨ ਦੀ ਤਾਕੀਦ ਵੀ ਕੀਤੀ ਹੈ। ਵਾਹਵਾ ਖੱਟਣ ਵਾਲੇ ਦੂਜੇ ਵਿਅਕਤੀ ਸਿਹਤ ਤੇ ਮੈਡੀਕਲ ਖੋਜ ਮੰਤਰੀ ਬਲਬੀਰ ਸਿੰਘ ਹਨ, ਜਿਨ੍ਹਾਂ ਬੜ੍ਹੇ ਠਰੰਮੇ ਅਤੇ ਸਹਿਜਤਾ ਨਾਲ ਤਕਰੀਰ ਕਰਦਿਆਂ ਦਮਗਜ਼ੇ ਨਹੀਂ ਮਾਰੇ ਸਗੋਂ ਦੋਹਾਂ ਧਿਰਾਂ ਨੂੰ ਸੰਜੀਦਗੀ ਵਰਤਣ ਦੀ ਸਲਾਹ ਦਿੱਤੀ ਹੈ। ਏਥੇ ਹੀ ਬਸ ਨਹੀਂ ਉਨ੍ਹਾਂ ਵਿਰੋਧੀਆਂ ਅਤੇ ਸਰਕਾਰ ਨੂੰ ਵੀ ਕਿਹਾ ਸੀ ਕਿ ਇਹ ਪਵਿਤਰ ਸਦਨ ਵਿਕਾਸ ਦੇ ਮੁਦਿਆਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਹੈ, ਆਪਸੀ ਖਹਿਬਾਜ਼ੀ ਤੇ ਕਿੜ ਕੱਢਣ ਲਈ ਨਹੀਂ। ਉਨ੍ਹਾਂ ਅੱਗੋਂ ਕਿਹਾ ਕਿ ਦੋਹਾਂ ਪਾਸਿਆਂ ਤੋਂ ਬਹੁਤੇ ਪਹਿਲੀ ਵਾਰ ਚੁਣੇ ਗਏ ਨੌਜਵਾਨ ਵਿਧਾਨਕਾਰ ਹਨ। ਇਨ੍ਹਾਂ ਵਿੱਚ ਜੋਸ਼ ਹੈ, ਇਹ ਵਿਧਾਨਕਾਰ ਜ਼ਰੂਰ ਪੰਜਾਬ ਦੇ ਵਿਕਾਸ ਵਿੱਚ ਵਧੇਰੇ ਯੋਗਦਾਨ ਪਾ ਸਕਣਗੇ।
ਇਸ ਇਜਲਾਸ ਵਿੱਚ ਬਹੁਤ ਸਾਰੀਆਂ ਗੱਲਾਂ ਪਰੰਪਰਾਵਾਂ ਤੋਂ ਹੱਟ ਕੇ ਹੋਈਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਜਲਾਸ ਦੇ ਪਹਿਲੇ ਹੀ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਜੀ ਟੋਕਦਿਆਂ ਇਹ ਸਵਾਲ ਕੀਤਾ ਕਿ ਜਿਹੜੀ ਸਰਕਾਰ ਤੁਹਾਨੂੰ ਮੰਨਦੀ ਹੀ ਨਹੀਂ ਕੀ ਤੁਸੀਂ ਇਸ ਨੂੰ ਮੇਰੀ ਸਰਕਾਰ ਕਹੋਗੇ? ਕੀ ਰਾਜਪਾਲ ਜੀ ਤੋਂ ਸਵਾਲ ਪੁਛਣਾ ਜਾਇਜ਼ ਸੀ? ਕਿਉਂਕਿ ਰਾਜਪਾਲ ਤਾਂ ਸੰਵਿਧਾਨਿਕ ਮੁੱਖੀ ਹੋਣ ਦੇ ਨਾਤੇ ਮੰਤਰੀ ਮੰਡਲ ਵੱਲੋਂ ਪ੍ਰਵਾਨ ਕਰਕੇ ਦਿੱਤਾ ਭਾਸ਼ਣ ਪੜ੍ਹਨ ਲਈ ਕਾਨੂੰਨੀ ਪਾਬੰਦ ਹਨ। ਸਤਿਕਾਰਯੋਗ ਬਨਬਾਰੀ ਲਾਲ ਪ੍ਰੋਹਤ ਰਾਜਪਾਲ ਜੀ ਦਾ ਭਾਸ਼ਣ ਪੜ੍ਹਦਿਆਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਸਵਾਲ ਦਾ ਜਵਾਬ ਦੇਣਾ ਵੀ ਪਰੰਪਰਾ ਤੋਂ ਉਲਟ ਹੈ, ਹਾਲਾਂ ਕਿ ਉਹ ਤਜ਼ਰਬੇਕਾਰ ਰਾਜਪਾਲ ਹਨ, ਜਿਹੜੇ ਪਹਿਲਾਂ ਕਈ ਸੂਬਿਆਂ ਦੇ ਰਾਜਪਾਲ ਅਤੇ ਪੱਤਰਕਾਰ ਰਹਿ ਚੁੱਕੇ ਹਨ। ਪ੍ਰੰਤੂ ਫਿਰ ਵੀ ਰਾਜਪਾਲ ਜੀ ਨੇ ਟਕਰਾਓ ਨੂੰ ਟਾਲਦਿਆਂ ਆਪਣਾ ਭਾਸ਼ਣ ਬਾਖ਼ੂਬੀ ਮੁਕੰਮਲ ਕੀਤਾ।
ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਜੋ ਹਾਊਸ ਦੇ ਨੇਤਾ ਹਨ, ਉਨ੍ਹਾਂ ਦਾ ਵਿਰੋਧੀਆਂ ਵਲ ਨੂੰ ਇਸ਼ਾਰੇ ਕਰਕੇ ਇਹ ਕਹਿਣਾ ਕਿ ਤੁਹਾਡੀ ਵਾਰੀ ਵੀ ਆਵੇਗੀ, ਕਾਨੂੰਨੀ ਪ੍ਰਕਿਰਿਆ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ। ਮੁੱਖ ਮੰਤਰੀ ਵੱਲੋਂ ਅਜਿਹੀ ਸ਼ਬਦਾਵਲੀ ਵਰਤਣੀ ਹਾਊਸ ਦੀ ਮਰਿਆਦਾ ਇਜ਼ਾਜਤ ਨਹੀਂ ਦਿੰਦੀ। ਵਿਧਾਨ ਸਭਾ ਦੇ ਸਾਰੇ ਮੈਂਬਰ ਉਨ੍ਹਾਂ ਲਈ ਬਰਾਬਰ ਹੁੰਦੇ ਕਿਉਂਕਿ ਉਹ ਮੁੱਖ ਮੰਤਰੀ ਪੰਜਾਬ ਦੇ ਹਨ, ਇਕ ਪਾਰਟੀ ਦੇ ਨਹੀਂ। ਸਦਨ ਦੀ ਮਰਿਆਦਾ ਅਤੇ ਕਾਨੂੰਨੀ ਪਾਬੰਦੀ ਹੈ ਕਿ ਕਿਸੇ ਵੀ ਮੈਂਬਰ ਨੇ ਜਦੋਂ ਵਿਧਾਨ ਸਭਾ ਵਿੱਚ ਸੰਬੋਧਨ ਕਰਨਾ ਹੈ ਤਾਂ ਉਹ ਸਪੀਕਰ ਰਾਹੀਂ ਸੰਬੋਧਨ ਹੋਵੇਗਾ ਨਾ ਕਿ ਸਿੱਧਾ ਹੀ ਮੈਂਬਰਾਂ ਨੂੰ ਸੰਬੋਧਨ ਹੋਵੇਗਾ। ਇਸ ਇਜਲਾਸ ਵਿੱਚ ਮੁੱਖ ਮੰਤਰੀ ਜੀ ਅਤੇ ਵਿਰੋਧੀ ਮੈਂਬਰ ਵੀ ਮਰਿਆਦਾ ਤੇ ਕਾਨੂੰਨੀ ਪ੍ਰਕਿ੍ਰਆ ਦਾ ਵਿਰੋਧ ਕਰਦੇ ਵੇਖੇ ਗਏ। ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਪ੍ਰੰਤੂ ਭਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਮੁਹਿੰਮ ਕਾਬਲੇ ਤਾਰੀਫ਼ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਪੀਕਰ ਨੇ ਵਿਰੋਧੀ ਪਾਰਟੀ ਕਾਂਗਰਸ ਨੂੰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ‘ਤੇ ਵਿਚਾਰ ਕਰਨ ਲਈ ਧਿਆਨ ਦਿਵਾਊ ਮਤਾ ਪੇਸ਼ ਕਰਨ ਦੀ ਇਜ਼ਾਜ਼ਤ ਨਾ ਦੇਣਾ ਹੈ। ਇਜਲਾਸ ਵਿੱਚ ਜ਼ਰੂਰੀ ਮਹੱਤਵਪੂਰਨ ਤੇ ਤਤਕਾਲੀ ਚਲੰਤ ਘਟਨਾਵਾਂ ‘ਤੇ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੁੰਦਾ ਹੈ ਪ੍ਰੰਤੂ ਵਿਰੋਧੀ ਪਾਰਟੀ ਇਜ਼ਾਜ਼ਤ ਨਾ ਮਿਲਣ ਕਰਕੇ ਵਾਕ ਆਊਟ ਕਰ ਗਈ।
ਅਜ ਦਿਨ ਪੰਜਾਬ ਦੇ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਲੋਕ ਡਰ ਰਹੇ ਹਨ ਕਿ ਪੰਜਾਬ ਦੁਬਾਰਾ ਅਸਥਿਰਤਾ ਦੇ ਮਾਹੌਲ ਵਿੱਚ ਨਾ ਚਲਿਆ ਜਾਵੇ। ਇਸ ਲਈ ਸਰਕਾਰ ਨੂੰ ਅਜਿਹੇ ਸੰਜੀਦਾ ਮਸਲੇ ਨੂੰ ਅਣਡਿਠ ਨਹੀਂ ਕਰਨਾ ਚਾਹੀਦਾ ਸੀ। ਕਾਂਗਰਸ ਪਾਰਟੀ ਵੱਲੋਂ ਵਾਕ ਆਊਟ ਕਰਨਾ ਵੀ ਜਾਇਜ਼ ਨਹੀਂ ਕਿਉਂਕਿ ਸਦਨ ਵਿੱਚ ਉਨ੍ਹਾਂ ਵੱਲੋਂ ਉਠਾਏ ਨਸ਼ਿਆਂ ‘ਤੇ ਬਹਿਸ ਕਰਨ ਦਾ ਮੁੱਦਾ ਬਹੁਤ ਹੀ ਮਹੱਤਵਪੂਰਨ ਸੀ। ਕਾਂਗਰਸ ਪਾਰਟੀ ਦੀ ਗ਼ੈਰ ਹਾਜ਼ਰੀ ਕਰਕੇ ਇਸ ਮੁੱਦੇ ‘ਤੇ ਬਹਿਸ ਨਹੀਂ ਹੋ ਸਕੀ, ਜਿਸ ਦੀ ਵਜਾਹ ਕਰਕੇ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ। ਵਾਕ ਆਊਟ ਭਾਵੇਂ ਕੋਈ ਵੀ ਪਾਰਟੀ ਕਰਦੀ ਹੈ, ਉਹ ਬਿਲਕੁਲ ਗ਼ਲਤ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਕਰਕੇ ਫ਼ੈਸਲੇ ਕਰਨ ਲਈ ਚੁਣਿਆਂ ਹੁੰਦਾ ਹੈ।
ਇੱਕ ਸਮਾਂ ਹੁੰਦਾ ਸੀ, ਜਦੋਂ ਵਿਧਾਨ ਸਭਾ/ਸਦਨ ਦੇ ਮੈਂਬਰ ਬੜੀ ਸ਼ਾਇਸਤਗੀ ਨਾਲ ਮੁੱਦੇ ਚੁੱਕਦੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੁੰਦਾ ਸੀ ਕਿ ਪੰਜ ਸਾਲਾਂ ਬਾਅਦ ਉਨ੍ਹਾਂ ਨੂੰ ਮੁੜ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਪਵੇਗਾ। ਉਂਜ ਵੱਖ-ਵੱਖ ਸੂਬਿਆਂ ਵਿੱਚ ਵਿਧਾਨ ਸਭਾਵਾਂ ਦੇ ਸੈਸ਼ਨਾ, ਲੋਕ ਸਭਾ ਤੇ ਰਾਜ ਸਭਾ ਵਿੱਚ ਅਕਸਰ ਸ਼ੋਰ-ਸ਼ਰਾਬਾ ਸੁਣਨ ਨੂੰ ਮਿਲਦਾ ਹੈ, ਜਿਸ ਨੂੰ ਸਿਹਤਮੰਦ ਪਿਰਤ ਨਹੀਂ ਕਿਹਾ ਜਾ ਸਕਦਾ। ਵਿਧਾਨਕਾਰਾਂ ਨੂੰ ਆਪਣੇ ਹੱਕਾਂ ਦੇ ਨਾਲ ਫਰਜਾਂ ਵਲ ਵੀ ਧਿਆਨ ਰੱਖਣਾ ਚਾਹੀਦਾ ਹੈ।
ਵਰਤਮਾਨ ਇਜਲਾਸ ਸਮੇਂ ਭਖਦੇ ਮਸਲੇ ਅਮਨ ਕਾਨੂੰਨ ਦੀ ਸਥਿਤੀ, ਗੈਂਗਸਟਰਵਾਦ (ਬਦਮਾਸ਼ਾਂ ਦੇ ਟੋਲੇ) ਅਤੇ ਨਸ਼ਿਆਂ ਦਾ ਪ੍ਰਕੋਪ ਹੈ, ਇਹ ਤਿੰਨੋ ਮੁੱਦੇ ਇਜਲਾਸ ਵਿੱਚੋਂ ਗਾਇਬ ਰਹਿਣਾ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਅਣਵੇਖੀ ਤੇ ਵੱਡਾ ਧੋਖਾ ਹੈ। ਸਿਹਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਨਸ਼ਾ ਕਰਨ ਵਾਲਿਆਂ ਲਈ ਮੁੜ ਵਸਾਊ ਕੇਂਦਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪ੍ਰਭਾਵਤ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਦੱਸਣਾ ਵੀ ਚਿੰਤਾ ਦਾ ਵਿਸ਼ਾ ਹੈ।
ਇਹ ਸ਼ੈਸ਼ਨ ਸਿਰਫ 8 ਦਿਨ ਚੱਲਿਆ ਹੈ। ਕਰੋੜਾਂ ਰੁਪਿਆ ਖ਼ਰਚ ਹੋ ਗਿਆ ਹੈ ਪ੍ਰੰਤੂ ਬਜਟ ਪਾਸ ਕਰਨ ਤੋਂ ਬਿਨਾ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ। ਵੈਸੇ ਇੰਨਾ ਛੋਟਾ ਸ਼ੈਸ਼ਨ ਬੜੀ ਹੈਰਾਨੀ ਦੀ ਗੱਲ ਹੈ, ਜਦੋਂ ਕਿ ਪੰਜਾਬ ਵਿੱਚ ਇਸ ਸਮੇਂ ਸਥਿਤੀ ਵਿਸਫੋਟਿਕ ਬਣੀ ਹੋਈ ਹੈ। ਸਰਕਾਰ ਤਤਕਾਲੀ ਮੁਦਿਆਂ ਤੇ ਵਿਚਾਰ ਵਟਾਂਦਰਾ ਕਰਨ ਦੀ ਥਾਂ ਖ਼ਾਨਾਪੂਰਤੀ ਦੇ ਇਜਲਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸ ਇਜਲਾਸ ਵਿੱਚ ਬਦਲਾਓ ਦੀ ਨੀਤੀ ਵਾਲੇ ਕੋਈ ਮਾਅਰਕੇ ਨਹੀਂ ਮਾਰੇ ਸਗੋਂ ਚਾਲੂ ਜਿਹਾ ਕੰਮ ਕਰਕੇ ਸ਼ੈਸ਼ਨ ਖ਼ਤਮ ਕਰ ਦਿੱਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮਿਹਨਤ ਨਾਲ ਬਣਿਆਂ ਸਾਹਿਤਕਾਰ : ਗੁਲਜ਼ਾਰ ਸਿੰਘ ਸ਼ੌਂਕੀ -- ਉਜਾਗਰ ਸਿੰਘ
ਗੁਲਜ਼ਾਰ ਸਿੰਘ ਸ਼ੌਂਕੀ ਦਿਨ ਵੇਲੇ ਕਦੀਂ ਵੀ ਧੂਰੀ ਆਪਣੇ ਘਰ ਨਹੀਂ ਮਿਲੇਗਾ। ਇਊਂ ਮਹਿਸੂਸ ਹੁੰਦਾ ਜਿਵੇਂ ਉਸ ਦੇ ਪੈਰਾਂ ਹੇਠ ਕੋਈ ਪਹੀਆ ਲੱਗਿਆ ਹੋਇਆ ਹੈ, ਜਿਹੜਾ ਉਸ ਨੂੰ ਟਿਕਣ ਨਹੀਂ ਦਿੰਦਾ। ਆਪਣੇ ਘਰ ਤਾਂ ਉਹ ਬਿਮਾਰੀ ਠਮਾਰੀ ਨੂੰ ਹੀ ਮਿਲਦਾ ਹੈ। ਜੇਕਰ ਉਸ ਨੂੰ ਪਤਾ ਲੱਗ ਜਾਵੇ ਕਿ ਕੋਈ ਗਾਇਕ/ ਰਾਗੀ/ ਢਾਡੀ/ ਸੰਗੀਤਕਾਰ ਪ੍ਰੋਗਰਾਮ ਦੇਣ ਲਈ ਆਇਆ ਹੈ/ਕਿਸੇ ਸਾਹਿਤ ਸਭਾ ਦੀ ਮੀਟਿੰਗ ਹੈ/ਕੋਈ ਪੁਸਤਕ ਲੋਕ ਅਰਪਨ ਹੋ ਰਹੀ ਹੈ/ਕੋਈ ਵੀ ਸਾਹਿਤਕ ਪ੍ਰੋਗਰਾਮ ਹੈ/ਮੁਲਾਜ਼ਮ ਸੰਘਰਸ਼ ਹੋਵੇ/ਕਵੀ ਦਰਬਾਰ ਹੋਵੇ/ਜਲਸਾ ਜਲੂਸ ਹੋਵੇ/ਧਾਰਮਿਕ ਦੀਵਾਨ ਹੋਵੇ ਤਾਂ ਉਸ ਨੇ ਤੁਰੰਤ ਆਪਣਾ ਸਾਈਕਲ ਚੁੱਕ ਕੇ ਤੁਰ ਪੈਣਾ ਹੈ। ਜੇ ਸਮਾਗਮ ਦੂਰ ਹੋਵੇ ਤਾਂ ਬੱਸ ਚੜ੍ਹਕੇ ਪਹੁੰਚ ਜਾਣਾ ਹੈ। ਪਹੁੰਚਣਾ ਹਰ ਹਾਲਤ ਵਿੱਚ ਹੈ, ਭਾਵੇਂ ਪਰਿਵਾਰ ਵਿੱਚ ਕਿਤਨਾ ਹੀ ਜ਼ਰੂਰੀ ਕੰਮ ਹੋਵੇ। ਵੇਖਣ ਵਾਲੇ ਨੂੰ ਉਹ ਧਾਰਮਿਕ ਪ੍ਰਚਾਰਕ ਲੱਗਦਾ ਹੈ। ਉਸ ਦੇ ਹੱਥ ਵਿੱਚ ਕਾਪੀ ਪੈਨ ਜ਼ਰੂਰ ਹੋਵੇਗਾ। ਜੇਕਰ ਸ਼ੌਂਕੀ ਨੂੰ ਲੱਭਣਾ ਹੋਵੇ ਤਾਂ ਉਪਰੋਕਤ ਸਮਾਗਮਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਆਪਣੇ ਘਰ ਉਹ ਰਾਤ ਕੱਟਣ ਹੀ ਆਉਂਦਾ ਹੈ। ਪ੍ਰੋਗਰਾਮਾ ‘ਤੇ ਦਲੀਲ ਨਾਲ ਬਹਿਸ ਵੀ ਕਰਦਾ ਹੈ। ਇਹ ਉਸ ਦਾ ਸ਼ੌਕ ਹੈ।
ਸ਼ੌਕ ਦੀ ਪੂਰਤੀ ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਗੱਲ ਹੁੰਦੀ ਹੈ। ਉਹ ਇਹੋ ਕੰਮ ਕਰਦਾ ਹੈ। ਸ਼ੌਕ ਇਨਸਾਨ ਨੂੰ ਕਦੇ ਟਿਕ ਕੇ ਬੈਠਣ ਨਹੀਂ ਦਿੰਦਾ। ਅਜਿਹਾ ਹੀ ਇਕ ਵਿਅਕਤੀ ਗੁਲਜ਼ਾਰ ਸਿੰਘ ਸ਼ੌਂਕੀ ਹੈ, ਜਿਸ ਨੂੰ ਗੀਤਕਾਰਾਂ ਅਤੇ ਗਾਇਕਾਂ ਨਾਲ ਲਾਊਡ ਸਪੀਕਰ ਲਗਾਉਂਦਿਆਂ ਮਿਲਣ ਦੇ ਮੌਕੇ ਮਿਲਦੇ ਰਹੇ ਅਤੇ ਗੀਤ ਲਿਖਣ ਦੀ ਚੇਟਕ ਲੱਗ ਗਈ। ਉਹ ਇਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਦੇ ਗੀਤ ਸੁਣਨ ਲਈ ਬੱਸਾਂ ‘ਤੇ ਚੜ੍ਹਕੇ ਰਾਤ ਬਰਾਤੇ 70-80 ਮੀਲ ਦਾ ਸਫਰ ਤਹਿ ਕਰਕੇ ਪਹੁੰਚਦਾ ਰਿਹਾ ਅਤੇ ਫਿਰ ਵਾਪਸ ਮੁੜਕੇ ਰੋਜ਼ੀ ਰੋਟੀ ਲਈ ਕੰਮ ਕਰਦਾ ਸੀ। ਉਹ ਭੰਬੀਰੀ ਵਾਂਗੂੰ ਭੱਜਿਆ ਫਿਰਦਾ ਰਹਿੰਦਾ ਹੈ। ਉਹ ਇਕ ਸਾਧਾਰਣ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਕ ਸਾਧਾਰਣ ਕਰਮਚਾਰੀ ਹੁੰਦਿਆਂ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਾ ਵੀ ਉਹ ਕਲਮ ਦਾ ਸਾਥ ਨਹੀਂ ਛੱਡਦਾ। ਉਸ ਨੇ ਸਾਹਿਤਕ ਖੇਤਰ ਵਿੱਚ ਆਪਣੀ ਪਛਾਣ ਬਣਾ ਲਈ ਹੈ। ਉਸ ਦੀ ਦੋਸਤੀ ਦਾ ਘੇਰਾ ਵੀ ਵਿਸ਼ਾਲ ਹੈ। ਵਿਦਵਾਨਾਂ ਤੋਂ ਲੈ ਕੇ ਆਮ ਪਾਠਕ ਤੇ ਸਰੋਤੇ ਨਾਲ ਬਾਵਾਸਤਾ ਰਹਿੰਦਾ ਹੈ।
ਪਿਤਾ ਭਗਵਾਨ ਸਿੰਘ ਗੁਰੂ ਦੇ ਸੱਪ ਲੜਨ ਕਰਕੇ ਅਪਾਹਜ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਉਹ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕਾਰਜ਼ਸ਼ੀਲ ਹੋ ਗਿਆ ਸੀ। ਉਹ ਧੂਰੀ ਮਿਲ ਵਿੱਚ ਦਿਹਾੜੀਦਾਰੀ, ਪੀ.ਡਬਲੀਊ ਵਿੱਚ ਮੇਟੀ, ਬਿਜਲੀ ਬੋਰਡ ਵਿੱਚ ਬਿਜਲੀ ਦੇ ਖੰਬੇ ਗੱਡਣ, ਕੱਪੜਾ ਬੁਣਨ, ਮਜ਼ਦੂਰੀ, ਬੇਲਦਾਰੀ ਅਤੇ ਪੱਲੇਦਾਰੀ ਕਰਦਾ ਰਿਹਾ। ਪ੍ਰੰਤੂ ਗੀਤਾਂ ਦੀ ਚੇਟਕ ਉਸ ਨੂੰ ਸਤਾਉਂਦੀ ਰਹੀ, ਜਿਸ ਕਰਕੇ ਆਪਣਾ ਗਾਇਕੀ ਦਾ ਮਸ ਪੂਰਾ ਕਰਨ ਲਈ ਉਸ ਨੇ ਇੱਕ ਕਵੀਸ਼ਰੀ ਜੱਥਾ ਬਣਾ ਲਿਆ। ਕੁਝ ਸਮਾਂ ਉਹ ਕਵੀਸ਼ਰੀ ਵੀ ਕਰਦਾ ਰਿਹਾ। 12 ਸਾਲ ਦੀ ਉਮਰ ਵਿੱਚ 1960 ਵਿੱਚ ਇੱਕ ਲਾਊਡ ਸਪੀਕਰ ਵਾਲੇ ਨੇ ਪੱਕੇ ਤੌਰ ‘ਤੇ 30 ਰੁਪਏ ਮਹੀਨਾ ਨੌਕਰੀ ‘ਤੇ ਰੱਖ ਲਿਆ। ਇਸ ਸਮੇਂ ਦੌਰਾਨ ਉਸ ਦਾ ਸੰਪਰਕ ਗਾਇਕਾਂ ਅਤੇ ਗੀਤਕਾਰਾਂ ਨਾਲ ਵੱਧ ਗਿਆ। ਗਾਇਕਾਂ ਅਤੇ ਗੀਤਕਾਰਾਂ ਦੇ ਮੇਲ ਮਿਲਾਪ ਨੇ ਉਸ ਵਿੱਚ ਗੀਤਕਾਰ ਤੇ ਵਾਰਤਕਕਾਰ ਬਣਨ ਦਾ ਅਜਿਹਾ ਸ਼ੌਕ ਪੈਦਾ ਕਰ ਦਿੱਤਾ ਕਿ ਮੁੜ ਕੇ ਉਸ ਨੇ ਪਿੱਛੇ ਨਹੀਂ ਵੇਖਿਆ। ਸਭ ਤੋਂ ਪਹਿਲਾਂ ਉਸ ਦਾ ਮੇਲ ਪ੍ਰਸਿੱਧ ਗੀਤਕਾਰ ਮਰਹੂਮ ਗੁਰਦੇਵ ਸਿੰਘ ਮਾਨ ਨਾਲ ਹੋਇਆ ਸੀ, ਜਿਹੜਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ ਵਿੱਚ ਡਰਾਮਾ ਇਨਸਪੈਕਟਰ ਲੱਗਿਆ ਹੋਇਆ ਸੀ। ਗੀਤਕਾਰ ਗੁਰਦੇਵ ਸਿੰਘ ਮਾਨ ਨੂੰ ਉਸ ਨੇ ਗੁਰੂ ਧਾਰ ਲਿਆ।
ਗੁਰਦੇਵ ਸਿੰਘ ਮਾਨ ਮਾਲੇਰਕੋਟਲਾ ਅਤੇ ਸ਼ੌਕੀ ਧੂਰੀ ਰਹਿੰਦਾ ਸੀ। ਫਿਰ ਗੁਲਜ਼ਾਰ ਸਿੰਘ ਸ਼ੌਂਕੀ ਦਾ ਡੇਰਾ ਗੁਰਦੇਵ ਸਿੰਘ ਮਾਨ ਦੇ ਘਰ ਮਾਲੇਰਕੋਟਲਾ ਵਿਖੇ ਲੱਗ ਗਿਆ। ਹਰ ਰੋਜ਼ ਬਿਨਾ ਨਾਗਾ ਰਾਤ ਨੂੰ ਮਾਲੇਰਕੋਟਲਾ ਤੇ ਸਵੇਰ ਵਾਪਸ ਆ ਕੇ ਕੰਮ ਕਾਰ ਲੱਗ ਜਾਂਦਾ ਸੀ। ਗੁਰਦੇਵ ਸਿੰਘ ਮਾਨ ਦੀਆਂ ਜਿਹੜੀਆਂ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਸਨ, ਉਨ੍ਹਾਂ ਦੇ ਪ੍ਰੂਫ਼ ਪੜ੍ਹਨ ਦਾ ਮੌਕਾ ਮਿਲਦਾ ਰਿਹਾ। ਫਿਰ ਉਸ ਦੀ ਦਿਲਚਸਪੀ ਸਾਹਿਤਕਾਰ ਬਣਨ ਦੀ ਵੱਧਦੀ ਗਈ। ਉਸ ਨੇ ਸੱਥਾਂ ਵਿੱਚ ਗਾਉਣਾ ਸ਼ੁਰੂ ਕੀਤਾ, ਜਿਥੋਂ ਉਸ ਨੂੰ ਇਨਾਮ ਮਿਲਣ ਲੱਗੇ। ਸ਼ੁਰੂ ਵਿੱਚ ਉਹ ਧਾਰਮਿਕ ਗੀਤ ਲਿਖਦਾ ਸੀ। ਲਾਊਡ ਸਪੀਕਰ ਲਾਉਣ ਤੋਂ ਜਦੋਂ ਵਿਹਲਾ ਹੁੰਦਾ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਲ ਵੀ ਲਾਉਂਦਾ ਸੀ ਕਿਉਂਕਿ ਪਰਿਵਾਰ ਦਾ ਵੱਡਾ ਪੁਤਰ ਹੋਣ ਕਰਕੇ ਗੁਜ਼ਾਰਾ ਉਸ ਉਪਰ ਹੀ ਨਿਰਭਰ ਸੀ। ਗੁਰਦੇਵ ਸਿੰਘ ਮਾਨ ਨਾਲ ਉਹ ਕਵੀ ਦਰਬਾਰਾਂ ਵਿੱਚ ਜਾਣ ਲੱਗ ਪਿਆ, ਜਿਥੋਂ ਉਸ ਨੂੰ ਉਤਸ਼ਾਹ ਮਿਲਿਆ। ਪਹਿਲਾਂ ਉਹ ਆਪਣੇ ਨਾਮ ਨਾਲ ਰਾਹੀ ਲਿਖਦਾ ਸੀ ਜੋ ਉਸ ਤੇ ਬਹੁਤ ਢੁਕਦਾ ਸੀ ਕਿਉਂਕਿ ਬਹੁਤਾ ਸਮਾਂ ਉਹ ਰਾਹਾਂ ਵਿੱਚ ਹੀ ਗੁਜ਼ਾਰਦਾ ਸੀ। ਪ੍ਰੰਤੂ ਗੁਰਦੇਵ ਸਿੰਘ ਮਾਨ ਨੇ ਉਸ ਦੇ ਸ਼ੌਕ ਨੂੰ ਮੁੱਖ ਰੱਖਦਿਆਂ ਉਸ ਨੂੰ ਸ਼ੌਂਕੀ ਬਣਾ ਦਿੱਤਾ। ਉਸ ਤੋਂ ਬਾਅਦ ਸੰਗੀਤਕਾਰ ਜਸਵੰਤ ਸਿੰਘ ਭੰਵਰਾ, ਹਰਚਰਨ ਗਰੇਵਾਲ ਅਤੇ ਕਰਨੈਲ ਗਿੱਲ ਨਾਲ ਦੋਸਤੀ ਅਜਿਹੀ ਪਈ ਜਿਸ ਨੇ ਉਸ ਨੂੰ ਜੀਵਨੀਕਾਰ, ਕਵੀ, ਗ਼ਜ਼ਲਗੋ, ਨਾਟਕਕਾਰ, ਗੀਤਕਾਰ ਅਤੇ ਵਾਰਤਕਕਾਰ ਬਣਾ ਦਿੱਤਾ। ਇਸ ਸਮੇਂ ਦੌਰਾਨ ਹੀ ਉਸ ਦੀ ਨੌਕਰੀ ਅਕਤੂਬਰ 1975 ਵਿੱਚ ਸਿਖਿਆ ਵਿਭਾਗ ਵਿੱਚ ਸੇਵਾਦਾਰ ਕਮ ਚੌਕੀਦਾਰ ਦੀ ਲੱਗ ਗਈ। ਨੌਕਰੀ ਦੌਰਾਨ ਹੀ ਉਸ ਨੇ 1985 ਵਿੱਚ ਪ੍ਰਾਈਵੇਟਲੀ ਦਸਵੀਂ ਪਾਸ ਕਰ ਲਈ। ਉਸ ਦਾ ਤਾਲਮੇਲ ਸੁਪ੍ਰਸਿੱਧ ਵਿਦਵਾਨ ਡਾ.ਤੇਜਵੰਤ ਮਾਨ ਨਾਲ ਹੋ ਗਿਆ। ਡਾ.ਤੇਜਵੰਤ ਮਾਨ ਦੀ ਹੱਲਾਸ਼ੇਰੀ ਨਾਲ ਉਸ ਨੇ ਸਾਹਿਤ ਸਭਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਉਥੇ ਆਪਣੇ ਗੀਤ ਅਤੇ ਕਵਿਤਾਵਾਂ ਸੁਣਾਉਣ ਦਾ ਮੌਕਾ ਮਿਲਣ ਲੱਗ ਪਿਆ।
ਇਸ ਸਮੇਂ ਉਸ ਦੀਆਂ ਕਵਿਤਾ, ਨਾਵਲ, ਓਪੇਰਾ, ਜੀਵਨੀ ਅਤੇ ਵਾਰਤਕ ਦੀਆਂ 36 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 20 ਮੌਲਿਕ ਅਤੇ 16 ਸੰਪਾਦਨਾ ਦੀਆਂ ਹਨ। 5 ਹੋਰ ਪੁਸਤਕਾਂ ਪ੍ਰਕਾਸ਼ਤ ਹੋਣ ਲਈ ਪ੍ਰੈਸਾਂ ਵਿੱਚ ਗਈਆਂ ਹੋਈਆਂ ਹਨ। ਉਸ ਨੇ ਗੀਤਕਾਰ ਗੁਰਦੇਵ ਸਿੰਘ ਮਾਨ, ਹਰਚਰਨ ਗਰੇਵਾਲ, ਕਰਨੈਲ ਗਿੱਲ, ਕੇਸਰ ਸਿੰਘ ਨਰੂਲਾ ਅਤੇ ਮੁਹੰਮਦ ਸਦੀਕ ਦੀਆਂ ਜੀਵਨੀਆਂ ਵੀ ਲਿਖੀਆਂ ਹਨ। ਉਹ ਚੋਟੀ ਦੇ ਗੀਤਕਾਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ ਮਿਲਦਾ ਰਿਹਾ ਹੈ, ਜਿਨ੍ਹਾਂ ਵਿੱਚ ਗੁਰਦੇਵ ਸਿੰਘ ਮਾਨ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਨਰਿੰਦਰ ਬੀਬਾ, ਕਰਨੈਲ ਗਿੱਲ, ਜਸਵੰਤ ਸਿੰਘ ਭੰਵਰਾ, ਚਰਨਜੀਤ ਆਹੂਜਾ, ਸਚਿਨ ਆਹੂਜਾ ਅਤੇ ਦੇਵ ਥਰੀਕਿਆਂ ਵਾਲਾ ਆਦਿ। ਉਸ ਦੀ ਬੋਲੀ ਤੇ ਸ਼ੈਲੀ ਸਰਲ ਲੋਕ ਭਾਸ਼ਾ ਹੈ। ਇਸ ਸ਼ੌਕ ਦੀ ਪੂਰਤੀ ਲਈ ਉਸ ਨੂੰ ਆਰਥਿਕ ਮਜ਼ਬੂਰੀਆਂ ਨੇ ਵੀ ਘੇਰਿਆ ਪ੍ਰੰਤੂ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਡੱਟਿਆ ਰਿਹਾ। ਕਰਮਜੀਤ ਸਿੰਘ ਧੂਰੀ ਨੇ ਉਸ ਦੇ 8 ਗੀਤ ਰਿਕਾਰਡ ਕਰਵਾਏ ਹਨ। ਉਸ ਦੇ ਗੀਤ ਸੁਰਿੰਦਰ ਕੌਰ, ਰਣਜੀਤ ਗਿੱਲ ਅਤੇ ਪਰਮਜੀਤ ਪੰਮੀ ਬਾਈ ਨੇ ਵੀ ਗਾਏ ਹਨ। ਉਸ ਦੀ ਗ਼ਜ਼ਲ ਜਿਹੜੀ ਗ਼ਰੀਬ ਅਮੀਰ ਦੇ ਪਾੜੇ ਦਾ ਪ੍ਰਗਟਾਵਾ ਕਰਦੀ ਹੈ, ਉਸ ਦੇ ਸ਼ੇਅਰ ਇਸ ਪ੍ਰਕਾਰ ਹਨ :
ਰੱਜ ਕਮਾਈਆਂ ਕਰਦੇ ਲੋਕ, ਤਾਂ ਵੀ ਭੁੱਖੇ ਮਰਦੇ ਲੋਕ।
ਦੂਜੇ ਦਾ ਹੱਕ ਦੱਬ ਲੈਂਦੇ ਨੇ, ਇਹ ਨਾ ਭੋਰਾ ਡਰਦੇ ਲੋਕ।
ਟੱਬਰ ਪਾਲਣਾ ਔਖਾ ਹੋਇਆ, ਮਹਿੰਗਾਈ ਤੋਂ ਹਰਦੇ ਲੋਕ।
ਪਾਪਾਂ ਦੇ ਨਾਲ ਮਾਇਆ ਜੋੜਨ, ਠੰਡੇ ਹੌਕੇ ਭਰਦੇ ਲੋਕ।
ਗੁਲਜ਼ਾਰ ਸਿੰਘ ਸ਼ੌਂਕੀ ਨੂੰ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸਰਕਾਰ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਢ ਦਰਜਨ ਤੋਂ ਵੱਧ ਸਾਹਿਤਕ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਸੇਖ਼ੋਂ ਦਾ ਸਕੱਤਰ ਅਤੇ ਧੂਰੀ ਸਾਹਿਤ ਸਭਾ ਦਾ ਜਨਰਲ ਸਕੱਤਰ ਹੈ। ਉਸ ਦਾ ਜਨਮ 5 ਦਸੰਬਰ 1948 ਨੂੰ ਪਿਤਾ ਭਗਵਾਨ ਸਿੰਘ ਗੁਰੂ ਅਤੇ ਮਾਤਾ ਹਰਪਾਲ ਕੌਰ ਦੇ ਘਰ ਦੌਲਤਪੁਰ ਜਿਲ੍ਹਾ ਸੰਗਰੂਰ ਵਿੱਚ ਹੋਇਆ। 1956 ਵਿੱਚ ਉਹ ਧੂਰੀ ਆ ਗਏ। ਉਸ ਦਾ ਵਿਆਹ ਬੀਬੀ ਅਮਰਜੀਤ ਕੌਰ ਚੀਮਾ ਨਾਲ ਹੋਇਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਡਾ. ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ ਸਵੈ-ਜੀਵਨ - ਉਜਾਗਰ ਸਿੰਘ
ਡਾ.ਸ਼ਿਆਮ ਸੁੰਦਰ ਦੀਪਤੀ ਸਿਹਤ ਸੰਬੰਧੀ ਲਿਖਣ ਵਾਲਾ ਸਰਵੋਤਮ ਲੇਖਕ ਹੈ। ਉਨ੍ਹਾਂ ਦੇ ਇਨਸਾਨੀ ਸਿਹਤ ਨਾਲ ਸੰਬੰਧਤ ਬੀਮਾਰੀਆਂ ਬਾਰੇ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਇਸ ਪੁਸਤਕ ਵਿੱਚ ਉਸ ਦੇ 18 ਲੇਖ ਹਨ। ਇਹ ਪੁਸਤਕ ਡਾ.ਸ਼ਿਆਮ ਸੁੰਦਰ ਦੀਪਤੀ ਦੀ ਸਵੈਜੀਵਨੀ ਹੈ ਪ੍ਰੰਤੂ ਉਸ ਨੇ ਆਪਣੀ ਇਸ ਸਵੈਜੀਵਨੀ ਨੂੰ ਲੋਕਾਈ ਲਈ ਪ੍ਰੇਰਨਾਦਾਇਕ ਬਣਾ ਦਿੱਤਾ ਹੈ। ਸਵੇਰ ਤੋਂ ਸ਼ਾਮ ਤੱਕ ਜ਼ਿੰਦਗੀ ਜਿਓਣ ਦਾ ਢੰਗ ਦੱਸਿਆ ਹੈ। ਉਸ ਨੇ ਇਨਸਾਨਾ ਨੂੰ ਲੱਗਣ ਵਾਲੀਆਂ ਬਿਮਾਰੀਆਂ ਨਾਲ ਕਿਸ ਪ੍ਰਕਾਰ ਨਿਪਟਣਾ ਚਾਹੀਦਾ ਹੈ, ਕੀ ਪ੍ਰਹੇਜ ਕਰਨਾ ਚਾਹੀਦਾ ਹੈ, ਉਸ ਦੀ ਜਾਣਕਾਰੀ ਦਿੱਤੀ ਹੈ। ਉਹ ਇਲਾਜ਼ ਨਾਲੋਂ ਪ੍ਰਹੇਜ਼ ਜ਼ਰੂਰੀ ਸਮਝਦਾ ਹੈ। ਉਨ੍ਹਾਂ ਨੇ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਇਨ੍ਹਾਂ ਬਿਮਾਰੀਆਂ ਬਾਰੇ ਦਿੱਤੇ ਨੁਸਖਿਆਂ ਜਿਵੇਂ ਯੋਗਾ, ਐਕੂਪ੍ਰੇਸ਼ਰ, ਵਹਿਮ ਭਰਮ ਆਦਿ ਅਤੇ ਲੋਕਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਦੱਸਿਆ ਹੈ ਕਿ ਉਹ ਕਿਸ ਵਜ੍ਹਾ ਕਰਕੇ ਲਾਭਦਾਇਕ ਹੁੰਦੇ ਹਨ। ਸਰੀਰ ਨੂੰ 10 ਮਿੰਟ ਢਿੱਲਾ ਰੱਖਣ ਨਾਲ ਬਹੁਤ ਬਿਮਾਰੀਆਂ ਤੋਂ ਖਹਿੜਾ ਛੁਟ ਸਕਦਾ ਹੈ। ਇਸ ਆਸਣ ਨੂੰ ਉਨ੍ਹਾਂ ‘ਸਮਾਈÇਲੰਗ ਆਸਣ’ ਕਿਹਾ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਦੀ ਜ਼ਿੰਦਗੀ ਦਾ ਆਮ ਲੋਕਾਂ ਲਈ ਪ੍ਰੇਰਣਾਦਾਇਕ ਹੋਣ ਦੇ ਮੁੱਖ ਕਾਰਨ ਉਨ੍ਹਾਂ ਦੀ ਜ਼ਿੰਦਗੀ ਦੀਆਂ ਸੁਖਾਵੀਆਂ ਅਤੇ ਅਣਸੁਖਾਵੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਪੜ੍ਹਕੇ ਪਾਠਕ ਆਪਣੇ ਜੀਵਨ ਵਿੱਚ ਲਾਗੂ ਕਰ ਸਕਦਾ ਹੈ। ਕਹਿਣ ਤੋਂ ਭਾਵ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਜਦੋਜਹਿਦ ਵਾਲੀ ਹੈ। ਉਨ੍ਹਾਂ ਨੇ ਕਿਸੇ ਵੀ ਮੁਸੀਬਤ ਨੂੰ ਬੜੀ ਦਲੇਰੀ ਨਾਲ ਨਜਿਠਿਆ ਹੈ। ਕਿਸੇ ਵੀ ਉਲਝਣ ਨੂੰ ਚਿੰਤਾ ਦਾ ਵਿਸ਼ਾ ਨਹੀਂ ਬਣਨ ਦਿੱਤਾ। ਸ਼ੂਗਰ ਦੀ ਬਿਮਾਰੀ ਨੇ ਜਵਾਨੀ ਵਿੱਚ ਹੀ ਦਸਤਕ ਦੇ ਦਿੱਤੀ ਸੀ ਪ੍ਰੰਤੂ ਉਨ੍ਹਾਂ ਸਹਿਜਤਾ ਨਾਲ ਇਸ ਨੂੰ ਲੈਂਦੇ ਹੋਏ ਆਪਣੀਆਂ ਸ਼ਰਤਾਂ ‘ਤੇ ਜੀਵਨ ਬਸਰ ਕੀਤਾ ਹੈ। ਪਹਿਲਾਂ ਪੈਰ ਦੀਆਂ ਦੋ ਉਂਗਲਾਂ ਕੱਟਣੀਆਂ ਪਈਆਂ, ਫਿਰ ਪੈਰ ਹੀ ਕਟਣਾ ਪਿਆ। ਇਕ ਐਕਸੀਡੈਂਟ ਤੋਂ ਬਾਅਦ ਲੱਤ ਹੀ ਕੱਟਣੀ ਪੈ ਗਈ ਪ੍ਰੰਤੂ ਹੁਣ ਤੱਕ ਦੀ ਸਾਰੀ ਉਮਰ ਉਹ ਸਮਾਜਿਕ ਅਤੇ ਸਾਹਿਤਕ ਤੌਰ ‘ਤੇ ਪੂਰੀ ਤਰ੍ਹਾ ਸਰਗਰਮ ਹਨ। ਆਪਣੇ ਆਪ ਨੂੰ ਅੰਗਹੀਣ ਕਦੀ ਵੀ ਨਹੀਂ ਸਮਝਿਆ ਅਤੇ ਨਾ ਹੀ ਆਪਣੀ ਬਿਮਾਰੀ ਦੇ ਗੋਗੇ ਗਾਏ ਹਨ। ਆਪਣੀਆਂ ਸ਼ਰਤਾਂ ‘ਤੇ ਜੀਵਨ ਬਸਰ ਕੀਤਾ ਹੈ। ਆਮ ਇਨਸਾਨ ਲਈ ਇਹ ਸਾਰੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਹਨ।
ਉਨ੍ਹਾਂ ਦੀ ਪੁਸਤਕ ਦਾ ਪਹਿਲਾ ਹੀ ਲੇਖ ‘ਗੁਲਾਬੀ ਫੁੱਲਾਂ ਵਾਲੇ ਕੱਪਾਂ ਵਿੱਚ ਫਿਕੀ ਚਾਹ’ ਵਿੱਚ ਸ਼ੂਗਰ ਦੀ ਬਿਮਾਰੀ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ ਹੈ। ਵੈਸੇ ਉਹ ਇਸ ਬਿਮਾਰੀ ਬਾਰੇ ਜਾਣਕਾਰੀ ਲਗਾਤਾਰ ਲੇਖਾਂ ਵਿੱਚ ਦਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਪ੍ਰੇਮ ਵਿਆਹ ਬਾਰੇ ਬਾਖ਼ੂਬੀ ਨਾਲ ਲਿਖਦਿਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਬਿਨ ਦੱਸਿਆਂ ਹੀ ਹੋ ਜਾਂਦਾ ਹੈ। ਪਿਆਰ ਵਿਆਹ ਦੀ ਸਫਲਤਾ ਦੇ ਗੁਰ ਵੀ ਸਾਧਾਰਨ ਸ਼ਬਦਾਵਲੀ ਵਿੱਚ ਦੱਸੇ ਹਨ। ਦੂਜੇ ਲੇਖ ‘ਥਰਕਣਾ (ਵਾਇਬ੍ਰੇਟ) ਜ਼ਿੰਦਗੀ ਦਾ ਦੂਜਾ ਨਾਂ ਹੈ’ ਵਿੱਚ ਦੱਸਿਆ ਹੈ ਕਿ ਬਿਮਾਰੀਆਂ ਇਨਸਾਨ ਨੂੰ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਉਨ੍ਹਾਂ ਦਾ ਮੁਕਾਬਲਾ ਦਲੇਰੀ ਅਤੇ ਇਤਿਹਾਤ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੀ ਗੈਂਗਰੀਨ ਵਰਗੀ ਘਾਤਕ ਬਿਮਾਰੀ ਦਾ ਮੁਕਾਬਲਾ ਕੀਤਾ ਹੈ। ਤੀਜਾ ਲੇਖ ‘ਜਨਮ ਦਿਨ ਜ਼ਿੰਦਗੀ ਦੇ ਅਹਿਸਾਸ ਜਗਾਵੇ’ ਵਿੱਚ ਲਿਖਿਆ ਹੈ ਕਿ ਜ਼ਿੰਦਗੀ ਦਾ ਰੋਟੀਨ ਤੋੜਨਾ ਨਹੀਂ ਚਾਹੀਦਾ, ਇਸ ਨਾਲ ਜ਼ਿੰਦਗੀ ਵਿੱਚ ਰਵਾਨੀ ਬਣੀ ਰਹਿੰਦੀ ਹੈ ਪ੍ਰੰਤੂ ਸਮੇਂ ਦੀ ਤਬਦੀਲੀ ਨਾਲ ਕੁਝ ਬਦਲਣਾ ਪੈ ਜਾਂਦਾ ਹੈ। ਦੋਸਤਾਂ-ਮਿੱਤਰਾਂ ਨੂੰ ਮਿਲਣ ਗਿਲਣ ਨਾਲ ਖ਼ੁਸ਼ੀ ਮਿਲਦੀ ਹੈ। ਵਹਿਮਾ ਭਰਮਾ ਵਿੱਚ ਨਹੀਂ ਪੈਣਾ ਚਾਹੀਦਾ। ਖੱਬੇ ਪੱਖੀ ਵਿਚਾਰਧਾਰਾ ਨੂੰ ਉਹ ਸਾਰਥਿਕ ਮੰਨਦੇ ਹਨ। ਉਲੂ ਰਾਹੀਂ ਸੰਕੇਤਕ ਤੌਰ ‘ਤੇ ਸਮਾਜ ਵਿੱਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਦੀ ਨਿੰਦਿਆ ਕਰਦੇ ਹਨ।
‘ਜੀਵਨ ਦੇ ਮਕਸਦ ਨੂੰ ਸ਼ਪਸ਼ਟ ਕਰਦਾ ਹੈ-ਲਿਖਣਾ’ ਵਿੱਚ ਲੇਖਕ ਦਸਦੇ ਹਨ ਕਿ ਉਨ੍ਹਾਂ ਕਵਿਤਾ, ਕਹਾਣੀ, ਨਾਟਕ ਅਤੇ ਵਾਰਤਕ ਲਿਖੀ ਹੈ। ਲਿਖਣ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਕਰੋਨਾ ਸਮੇਂ ਦੀ ਉਦਾਹਰਨ ਲਿਖ ਕੇ ਦੱਸਿਆ ਹੈ ਕਿ ਲੋਕਾਂ ਨੂੰ ਵੀ ਲਿਖਣ ਦਾ ਲਾਭ ਹੁੰਦਾ ਹੈ। ਉਨ੍ਹਾਂ ਆਪਣੀਆ ਪੁਸਤਕਾਂ ਲਿਖਣ ਦੇ ਕਾਰਨ ਵੀ ਦੱਸੇ ਹਨ।
‘ਬਿਮਾਰੀ ਨੂੰ ਨਹੀਂ, ਸਿਹਤ ਨੂੰ ਚੁਣਨਾ’ ਲੇਖ ਵਿੱਚ ਡਾ.ਦੀਪਤੀ ਨੇ ਦੱਸਿਆ ਹੈ ਕਿ ਬਿਮਾਰੀ ਨਾਲੋਂ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਬਿਮਾਰੀ ਠੀਕ ਹੋ ਜਾਂਦੀ ਹੈ। ਬੀਮਾਰ ਆਪਣੇ ਆਪ ਨੂੰ ਤਰਸ ਦਾ ਪਾਤਰ ਨਾ ਬਣਾਵੇ। ਦੋਸਤ ਰੂਹ ਦੀ ਖ਼ੁਰਾਕ ਹੁੰਦੇ ਹਨ। ‘ਦਰਦ ਨੂੰ ਚੇਤੇ ਰੱਖਣਾ, ਸਿਆਣਪ ਨਹੀਂ’ ਇਸ ਲੇਖ ਵਿੱਚ ਉਨ੍ਹਾਂ ਨਤੀਜਾ ਕੱਢਿਆ ਹੈ ਕਿ ਦਰਦ ਨੂੰ ਯਾਦ ਰੱਖਣ ਦੀ ਥਾਂ ਸਿਖਿਆ ਹੈ ਕਿ ‘ਪੀਸ ਵਿਧ ਸੈਲਫ’। ਉਨ੍ਹਾਂ ਜ਼ਿੰਦਗੀ ਵਿੱਚ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ ਝੱਲੀਆਂ ਹਨ ਪ੍ਰੰਤੂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਹੌਸਲਾ ਅਤੇ ਸ਼ਾਂਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਇਸ ਕਿੱਤੇ ਵਿੱਚ ਭਰਿਸ਼ਟਾਚਾਰ ਭਾਰੂ ਹੋ ਗਿਆ ਹੈ।
‘ਸਿਹਤ-ਸਮਾਜ ਦੀ ਸਮਝ ਤੋਂ ਬਿਨਾ ਅਧੂਰੀ’ ਸਮਾਜ ਤੁਹਾਡੇ ਬਾਰੇ ਕੀ ਸੋਚਦਾ ਤੇ ਕਹਿੰਦਾ ਹੈ, ਇਸ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਪ੍ਰੰਤੂ ਉਨ੍ਹਾਂ ਦਾ ਪ੍ਰਤੀਕਰਮ ਦੇਣਾ ਵੀ ਠੀਕ ਨਹੀਂ। ਇਸ ਚੈਪਟਰ ਵਿੱਚ ਲੇਖਕ ਦੀ ਮੈਡੀਕਲ ਅਤੇ ਹੋਰ ਪੜ੍ਹਾਈ ਅਤੇ ਉਸ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਦਾ ਜ਼ਿਕਰ ਵੀ ਕੀਤਾ ਹੈ।
‘ਸਾਹਾਂ ਵਿੱਚ ਭਰੋਸਾ ਨਹੀਂ, ਭਰੋਸੇ ਵਿੱਚ ਸਾਹ’ ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ, ਕੋਈ ਨਿਸ਼ਾਨਾ ਨਿਸਚਤ ਕਰ ਲਓ, ਫਿਰ ਜ਼ਿੰਦਗੀ ਜਿਓਣ ਵਿੱਚ ਮੁਸ਼ਕਲ ਨਹੀਂ ਆਵੇਗੀ, ਦਿਮਾਗ ਤੇ ਬੋਝ ਪਾਉਣਾ ਬਿਮਾਰੀ ਨੂੰ ਵਧਾਉਣਾ ਹੁੰਦਾ ਹੈ। ਕਿਸੇ ਨਾਲ ਬਿਮਾਰੀ ਸਾਂਝੀ ਕਰਨ ਦੀ ਲੋੜ ਨਹੀਂ ਲੋਕ ਗ਼ੈਰ ਵਿਗਿਆਨਕ ਸਲਾਹਾਂ ਦਿੰਦੇ ਹਨ। ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ। ‘ਸਾਥ, ਵਿਸਵਾਸ਼, ਅਹਿਸਾਸ-ਤੁਰਦੇ ਰਹਿਣ ਦੇ ਸਬੱਬ’ ਲੇਖ ਵਿੱਚ ਡਾ. ਦੀਪਤੀ ਨੇ ਦੱਸਿਆ ਹੈ ਕਿ ਸੁਹਾਵਣੀ ਜ਼ਿੰਦਗੀ ਜਿਉਣ ਲਈ ਸੰਤੁਸ਼ਟੀ ਬਹੁਤ ਜ਼ਰੂਰੀ ਹੈ। ਜੋ ਮਿਲ ਗਿਆ ਉਸ ‘ਤੇ ਸਬਰ ਕਰੋ। ਫਿਰ ਤੁਸੀਂ ਆਪਣੀ ਮਰਜ਼ੀ ਨਾਲ ਸਾਹਿਤਕ ਸਰਗਰਮੀ ਕਰ ਸਕਦੇ ਹੋ। ਮੈਡੀਕਲ ਕਿੱਤੇ ਵਿੱਚ ਲਾਲਚ ਭਾਰੂ ਹੋ ਗਿਆ ਹੈ।
‘ਦੂਸਰਿਆਂ ਪ੍ਰਤੀ ਫ਼ਿਕਰਮੰਦੀ, ਖ਼ੁਸ਼ੀ ਦੇ ਸੋਮੇ’ ਲੇਖ ਐਤਵਾਰ ਦੀਆਂ ਸਰਗਰਮੀਆਂ ਬਾਰੇ ਹੈ, ਜਿਸ ਵਿੱਚ ਸਕਾਊਟ, ਐਨ.ਐਸ.ਐਸ., ਭਾਰਤ ਗਿਆਨ ਵਿਗਿਆਨ ਸੰਮਤੀ, ਅੰਮ੍ਰਿਤਸਰ ਸਾਇੰਟਿਫਿਕ ਅਵੇਅਰਨੈਸ ਗਰੁਪ, ਸਾਥੀ ਸੰਸਥਾ, ਤਰਕਸ਼ੀਲ ਸੋਸਾਇਟੀ ਅਤੇ ਮਿੰਨੀ ਕਹਾਣੀ ਮੰਚ ਆਦਿ ਸ਼ਾਮਲ ਹਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਨਸਾਨ ਨੂੰ ਉਸਾਰੂ ਸੋਚ ਵਾਲਾ ਰਹਿਣਾ ਚਾਹੀਦਾ ਹੈ। ਉਸ ਨੂੰ ਜ਼ਿੰਦਗੀ ਵਿੱਚ ਕਈ ਹਾਦਸੇ ਹੋਏ। ਹਰ ਹਾਲਾਤ ਵਿੱਚ ਅਡਜਸਟ ਕਰਨਾ ਚਾਹੀਦਾ ਹੈ।
‘ਜਿੰਦਗੀ ਛੁੱਟੀ ਤੇ ਨਹੀਂ ਜਾਂਦੀ’ ਵਿੱਚ ਦੱਸਿਆ ਹੈ ਕਿ ਸਮਾਂ ਬਤੀਤ ਕਰਨ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ। ਟਿਕ ਕੇ ਨਾ ਬੈਠੋ ਕੋਈ ਸਰਗਰਮੀ ਕਰਦੇ ਰਹੋ ਜਿਵੇਂ, ਨਸ਼ਿਆਂ ਸੰਬੰਧੀ ਅਧਿਆਪਕਾਂ ਨੂੰ ਸਿਖਿਆ ਦਿੱਤੀ, ਪਿੰਗਲਵਾੜੇ ਨਾਲ ਜੁੜੇ, ਸਮਾਜਿਕ ਸਰੋਕਾਰਾਂ ‘ਤੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਆਦਿ। ‘ਜ਼ਿੰਦਗੀ ਦੀ ਰਵਾਨੀ ਲਈ, ਖਾਣ-ਪੀਣ ਦੀ ਚੋਣ’ ਵਿਸ਼ੇ ਵਾਲੇ ਲੇਖ ਵਿੱਚ ਦੱਸਿਆ ਕਿ ਸ਼ੂਗਰ ਰੋਗ ਹੋਣ ਕਰਕੇ ਖਾਣ-ਪੀਣ ਦੀ ਤਰਤੀਬ ਬਣਾਉਣੀ ਜ਼ਰੂਰੀ ਹੁੰਦੀ ਹੈ, ਇਸ ਲਈ ਉਹ ਦੁਪਹਿਰ ਦੀ ਰੋਟੀ ਨਹੀਂ ਖਾਂਦੇ ਪ੍ਰੰਤੂ ਸਲਾਦ, ਦਹੀਂ ਅਤੇ ਸਬਜ਼ੀ ਖਾਂਦਾ ਹਾਂ, ਮਰੀਜ਼ਾਂ ਨੂੰ ਵੀ ਇੰਜ ਹੀ ਕਰਨਾ ਚਾਹੀਦਾ। ਭਾਰ ਵੀ ਘੱਟ ਰੱਖਣਾ ਚਾਹੀਦਾ।
‘ਸਾਹਿਤ ਵਿੱਚ ਮੌਤ ਨੂੰ ਪਛਾੜਨ ਦੀ ਤਾਕਤ’ ਵਿੱਚ ਸਾਹਿਤ ਨੂੰ ਇਨਸਾਨ ਦੀ ਜਿੰਦ ਜਾਨ ਸਮਝਦਾ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ। ਉਦਾਸੀ ਦੂਰ ਕਰਨ ਲਈ ਸਾਹਿਤ ਪੜ੍ਹੋ। ਸਾਹਿਤ ਦਾ ਰਿਸ਼ਤਾ ਮਨੁੱਖੀ ਤਰੰਗਾਂ ਨਾਲ ਹੈ। ਜੇਕਰ ਇਨਸਾਨ ਸੰਤੁਸ਼ਟ ਹੈ ਤਾਂ ਬਿਮਾਰੀ ਦਾ ਮੁਕਾਬਲਾ ਕਰਨਾ ਅਸਾਨ ਹੈ। ਸਾਹਿਤ ਜ਼ਿੰਦਗੀ ਦਾ ਰਾਹ ਦਸੇਰਾ ਹੁੰਦਾ ਹੈ। ‘ਜ਼ਿੰਦਗੀ ਦਾ ਸਲੀਕਾ-ਵਿਗਿਆਨ ਦਾ ਪੱਲਾ ਫੜਣਾ’ ਵਿੱਚ ਦੱਸਿਆ ਹੈ ਕਿ ਬਿਮਾਰੀ ਦਾ ਡਰ ਰੋਗ ਵਧਾਉਂਦਾ ਹੈ। ਲਾਪ੍ਰਵਾਹ ਨਹੀਂ ਹੋਣਾ, ਕੇਅਰ ਫ੍ਰੀ ਹੋਵੋ, ਬੇਪ੍ਰਵਾਹ । ਕਿਸੇ ਦੀ ਮਦਦ ਕਰਕੇ ਖ਼ੁਸ਼ੀ ਪ੍ਰਾਪਤ ਕਰੋ। ਲੋਕਾਂ ਨੂੰ ਮੈਡੀਕਲ ਮਾਹੌਲ ਵਿੱਚ ਡਾਕਟਰਾਂ ‘ਤੇ ਵਿਸ਼ਵਾਸ਼ ਨਹੀਂ ਰਿਹਾ।
‘ਜ਼ਿੰਦਗੀ ਲਈ ਅੜਿਕਾ-ਅੰਧ ਵਿਸ਼ਵਾਸ਼’ ਲੇਖ ਵਿੱਚ ਦੱਸਿਆ ਹੈ ਕਿ ਇਹ ਇਕ ਸਮਾਜਿਕ ਬੀਮਾਰੀ ਹੈ। ਜ਼ਿੰਦਗੀ ਨੂੰ ਸਫ਼ਲ ਹੋਣ ਨਹੀਂ ਦਿੰਦਾ। ‘ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ’ ਲੇਖ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਡਰ ਦਾ ਗਿਆਨ ਨਾਲ ਕੋਈ ਸੰਬੰਧ ਨਹੀਂ। ਡਾ. ਦੀਪਤੀ ਅਨੁਸਾਰ 50 ਸਾਲ ਦੀ ਉਮਰ ਤੋਂ ਬਾਅਦ ਰੋਟੀ ਦੀ ਮਾਤਰਾ ਘਟਾ ਕੇ ਸਬਜੀਆਂ ਅਤੇ ਫਲ ਫਰੂਟ ਦੀ ਮਿਕਦਾਰ ਵਧਾਉਣੀ ਜ਼ਰੂਰੀ ਹੈ। ਬੱਚਿਆਂ ਨੂੰ ਕੈਰੀਅਰ ਚੁਣਨ ਦੀ ਆਜ਼ਾਦੀ ਦਿਓ ਪ੍ਰੰਤੂ ਮਨੋਰੰਜਨ ਲਈ ਹੱਦ ਮਿਥ ਦਿਓ। ਕਿਸੇ ਵੀ ਸਮੱਸਿਆ ਦਾ ਹਲ ਆਪ ਲੱਭੋ, ਕਿਸੇ ‘ਤੇ ਨਿਰਭਰ ਨਾ ਹੋਵੋ। ਵਿਆਹ ਸ਼ਾਦੀਆਂ ਵਿੱਚ ਸਾਦਗੀ ਅਤੇ ਜਾਤ ਪਾਤ ਤੋਂ ਖਹਿੜਾ ਛੁਡਾਓ। ਡਾ.ਦੀਪਤੀ ਨਾਸਤਕ ਹੈ, ਉਹ ਸਮਝਦਾ ਹੈ ਕਿ ਧਰਮ ਇਨਸਾਨ ਦਾ ਅਕੀਦਾ ਹੈ ਪ੍ਰੰਤੂ ਧਰਮ ਇਨਸਾਨ ਦੀ ਮਦਦ ਕਰਨ ਦੇ ਸਮਰੱਥ ਨਹੀਂ ਹੁੰਦਾ। ਇਨਸਾਨ ਕਿਸੇ ਵੀ ਉਮਰ ਵਿੱਚ ਕੋਈ ਕੰਮ ਕਰ ਸਕਦਾ ਹੈ, ਬਸ਼ਰਤੇ ਬਚਨਵੱਧਤਾ ਹੋਵੇ।
‘ਨੀਂਦ ਨਾਲ ਰਿਸ਼ਤਾ-ਜਦੋਂ ਦਿਨ ਤੋਂ ਪਛਤਾਵਾ ਨਾ ਹੋਵੇ’ ਵਿੱਚ ਲੇਖਕ ਦੱਸ ਰਿਹਾ ਹੈ ਕਿ ਨੀਂਦ ਦੀ ਮਨੁੱਖੀ ਜ਼ਿੰਦਗੀ ਵਿੱਚ ਮਹੱਤਤਾ ਹੈ, ਕੁਦਰਤੀ ਨੀਂਦ ਆਉਂਦੀ ਹੈ ਪ੍ਰੰਤੂ ਜੇਕਰ ਦਿਨ ਵਿੱਚ ਤੁਹਾਡੇ ਮਨ ਤੇ ਕੋਈ ਬੋਝ ਨਾ ਹੋਵੇ। ਆਖਰੀ ਚੈਪਟਰ ‘ਮੇਰਾ ਬਲੱਡ ਗਰੁੱਪ ਬੀ-ਪਾਜ਼ਿਟਿਵ ਹੈ’ ਇਸ ਲੇਖ ਵਿੱਚ ਕਿਸੇ ਪੁਸਤਕ ਦੇ ਹਵਾਲੇ ਨਾਲ ਲੇਖਕ ਦਸਦਾ ਹੈ ਕਿ ਬੀ-ਪਾਜ਼ਿਟਿਵ ਘੁਮੱਕੜ ਕਿਸਮ ਦੇ ਲੋਕਾਂ ਦਾ ਹੁੰਦਾ ਹੈ। ਡਾ.ਦੀਪਤੀ ਵੀ ਘੁੰਮਣ ਫਿਰਨ ਵਾਲਾ ਇਨਸਾਨ ਹੈ। ਇਸ ਕਰਕੇ ਉਸਦਾ ਬਲੱਡ ਗਰੁਪ ਬੀ-ਪਾਜਿਟਿਵ ਹੈ।
176 ਪੰਨਿਆਂ, 100 ਰੁਪਏ ਕੀਮਤ ਵਾਲੀ ਇਹ ਪੁਸਤਕ ਪ੍ਰੇਰਣਾ ਪ੍ਰਕਾਸ਼ਨ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ - ਉਜਾਗਰ ਸਿੰਘ
ਕਿਸੇ ਇਨਸਾਨ ਵਿੱਚ ਅਦਾਕਾਰੀ ਅਤੇ ਸਾਹਿਤਕ ਮਸ ਦਾ ਇਕੱਠਿਆਂ ਹੋ ਜਾਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸੁਨੀਤਾ ਸੱਭਰਵਾਲ ਅਦਾਕਾਰੀ ਦਾ ਮੁਜੱਸਮਾ ਹੈ। ਸਾਰੀ ਉਮਰ ਉਸ ਨੇ ਆਪਣੇ ਪਤੀ ਰੰਗਕਰਮੀ ਪ੍ਰਾਣ ਸੱਭਰਵਾਲ ਨਾਲ ਮੋਢੇ ਨਾਲ ਮੋਢਾ ਲਾ ਕੇ ਅਦਾਕਾਰੀ ਕੀਤੀ ਹੈ। ਆਮ ਤੌਰ ‘ਤੇ ਇਕ ਅਦਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਸਟੇਜਾਂ ‘ਤੇ ਕਰਦਾ ਹੈ। ਉਸ ਦੀ ਅਦਾਕਾਰੀ ਨੂੰ ਚਾਰ ਚੰਨ ਉਦੋਂ ਲੱਗ ਜਾਂਦੇ ਹਨ, ਜਦੋਂ ਉਸ ਦਾ ਸਾਹਿਤਕ ਮਸ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੋ ਜਾਵੇ। ਫਿਰ ਉਸ ਦੇ ਡਾਇਲਾਗ ਕਾਵਿਕ ਹੋ ਕੇ ਅਦਾਕਾਰੀ ਵਿੱਚ ਨਿਖ਼ਾਰ ਲਿਆ ਦਿੰਦੇ ਹਨ। ਸੁਨੀਤਾ ਸੱਭਰਵਾਲ ਨਾਲ ਵੀ ਇਸੇ ਤਰ੍ਹਾਂ ਹੋਇਆ।
ਸੁਨੀਤਾ ਸੱਭਰਵਾਲ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ‘ਤੇ ਅਧਾਰਤ ਉਮਰ ਦੇ ਸੱਤਰਵੇਂ ਦਹਾਕੇ ਵਿੱਚ ਆਪਣੇ ਅਹਿਸਾਸਾਂ ਦਾ ਪੁਲੰਦਾ ਇਕ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪ੍ਰਕਾਸ਼ਤ ਕੀਤਾ ਹੈ। ਅਦਾਕਾਰੀ ਭਾਵੇਂ ਉਹ 1962 ਤੋਂ ਕਰਦੀ ਆ ਰਹੀ ਹੈ ਪ੍ਰੰਤੂ ਉਸ ਨੇ ਆਪਣੇ ਅਹਿਸਾਸਾਂ ਨੂੰ ਕਵਿਤਾ ਦੇ ਰੂਪ ਵਿੱਚ ਪਹਿਲੀ ਵਾਰੀ 1990 ਵਿੱਚ ਕੈਨੇਡਾ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪ੍ਰਗਟਾਵਾ ਕੀਤਾ। ਉਹ ਕਵਿਤਾ ‘ਆਓ ਨੀ ਅੱਜ ਮਾਹੀ ਨੇ ਆਣਾ’ ਉਸ ਦਾ ਇੱਕ ਫ਼ੌਜੀ ਦੀ ਇਸਤਰੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ।
ਕਵਿਤਾ ਬਾਰੇ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਇਸ਼ਕ ਮੁਸ਼ਕ ਦਾ ਪ੍ਰਗਟਾਵਾ ਹੁੰਦਾ ਹੈ। ਹਰ ਇਸਤਰੀ ਕਵਿਤਰੀ ਸਭ ਤੋਂ ਪਹਿਲੀ ਕਵਿਤਾ ਪਿਆਰ ਮੁਹੱਬਤ ਬਾਰੇ ਲਿਖਦੀ ਹੈ ਕਿਉਂਕਿ ਉਹ ਔਰਤ ਦੇ ਮਨ ਦੀਆਂ ਤਰੰਗਾਂ ਨੂੰ ਸਮਝਦੀ ਹੁੰਦੀ ਹੈ। ਸੁਨੀਤਾ ਨੇ ਵੀ ਇਸਤਰੀ ਹੋਣ ਦੇੇੇੇੇ ਨਾਤੇ ਇਸ ਪ੍ਰਕਾਰ ਹੀ ਕੀਤਾ। ਉਸ ਤੋਂ ਬਾਅਦ ਸੁਨੀਤਾ ਸੱਭਰਵਾਲ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਕਿਉਂਕਿ ਉਸ ਨੇ ਜਿਤਨੇ ਵੀ ਨਾਟਕਾਂ ਵਿੱਚ ਅਦਾਕਾਰੀ ਕੀਤੀ ਲਗਪਗ ਉਹ ਸਾਰੇ ਹੀ ਸਮਾਜਿਕ ਬੁਰਾਈਆਂ ਦਾ ਪਰਦਾਫਾਸ਼ ਕਰਦੇ ਸਨ। ਫਿਰ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਲੋਕਾਈ ਦੇ ਦੁੱਖ ਦਰਦ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਇਆ। ਇਹ ਠੀਕ ਹੈ ਕਿ ਉਸ ਦੇ ਵਿਸ਼ੇ ਸਮਾਜਿਕ ਵਿਸੰਗਤੀਆਂ ਨਾਲ ਸੰਬੰਧਤ ਹਨ, ਜਿਸ ਕਰਕੇ ਉਸ ਦੀ ਕਵਿਤਾ ਵਿੱਚ ਖਿਆਲਾਂ ਦੀ ਪ੍ਰਪੱਕਤਾ ਤਾਂ ਹੈ ਪ੍ਰੰਤੂ ਸਾਹਿਤਕ ਪ੍ਰਪੱਕਤਾ ਦੀ ਘਾਟ ਮਹਿਸੂਸ ਹੋ ਰਹੀ ਹੈ। ਉਸ ਦੀਆਂ ਇਸ ਕਾਵਿ ਸੰਗ੍ਰਹਿ ਵਿੱਚ 40 ਕਵਿਤਾਵਾਂ ਹਨ, ਜਿਨ੍ਹਾਂ ਦੇ ਵਿਸ਼ੇ ਭਰਿਸ਼ਟਾਚਾਰ, ਲੋਭ ਲਾਲਚ, ਵੋਟਾਂ ਦੀ ਰਾਜਨੀਤੀ, ਨਸ਼ੇ, ਝੂਠ ਦਾ ਬੋਲਬਾਲਾ, ਬੁਢਾਪਾ, ਦਹਿਸ਼ਤਗਰਦੀ, ਵਿਰਾਸਤ, ਸਭਿਅਚਾਰ ਅਤੇ ਸਿਆਸਤਦਾਨਾ ਦੀਆਂ ਚਾਲਾਂ ਸ਼ਾਮਲ ਹਨ। ‘ਦਹਿਸ਼ਤਗਰਦ’ ਕਵਿਤਾ ਵਿੱਚ ਸੁਨੀਤਾ ਸੱਭਰਵਾਲ ਲਿਖਦੀ ਹੈ -
ਮਰਨ ਮਾਰਨ ਦਾ ਇਹਨਾਂ ਨੂੰ, ਨਹੀਂ ਕੋਈ ਦਰਦ।
ਨਾ ਕੋਈ ਦਿਲ ਵਿੱਚ ਪਿਆਰ ਮੁਹੱਬਤ, ਨਾ ਕਿਸੇ ਦਾ ਸਮਝਣ ਦਰਦ।
ਇਹ ਕਰਦੇ ਨੇ ਬਸ ਆਪਣੇ ਮਨ ਦੀ ਮਰਜ਼ੀ,
ਮਰ ਜਾਓ ਜਾਂ ਮਾਰ ਦਿਓ ਏਹੋ ਸਮਝਦੇ ਆਪਣਾ ਫ਼ਰਜ਼।
ਇਹ ਕਵਿਤਾ ਇਕ ਇਸਤਰੀ ਦੇ ਕੋਮਲ ਮਨ ਦੀ ਪ੍ਰਤੀਕ੍ਰਿਆ ਹੈ। ਮਜ਼ਦੂਰ ਕਵਿਤਾ ਵਿੱਚ ਮਜ਼ਦੂਰਾਂ ਦੀ ਮਿਹਨਤ ਦਾ ਪ੍ਰਗਟਾਵਾ ਕਰਦੀ ਲਿਖਦੀ ਹੈ ਕਿ ਉਹ ਸੱਚੇ ਦੇਸ਼ ਭਗਤ ਹੁੰਦੇ ਹਨ, ਜਿਹੜੇ ਰੁੱਖੀ ਮਿਸੀ ਖਾ ਕੇ ਖ਼ੁਸ਼ ਰਹਿੰਦੇ ਹਨ। ‘ਪੈਸਾ ਹਾਏ ਪੈਸਾ’ ਕਵਿਤਾ ਵਿੱਚ ਲੋਕ ਸਿਰਫ ਪੈਸੇ ਪਿਛੇ ਮਰਦੇ ਹਨ। ਇਨਸਾਨੀ ਸੰਬੰਧ ਵੀ ਪੈਸੇ ਵਾਲਿਆਂ ਨਾਲ ਹੀ ਬਣਦੇ ਹਨ। ਗ਼ਰੀਬ ਦਾ ਕੋਈ ਸਾਥੀ ਨਹੀਂ ਹੁੰਦਾ। ਪੈਸੇ ਦੀ ਖ਼ਾਤਰ ਧੋਖਾ ਫਰੇਬ ਆਮ ਜਿਹੀ ਗੱਲ ਹੈ। ਇਨਸਾਨੀਅਤ ਖ਼ਤਮ ਹੋਈ ਪਈ ਹੈ। ਅੱਜ ਕਲ੍ਹ ਦੋਸਤੀ ਦੇ ਵੀ ਅਰਥ ਬਦਲ ਗਏ ਹਨ। ਸੁਨੀਤਾ ਸੱਚੇ ਦੋਸਤ ਬਣਾਉਣ ਦੀ ਪ੍ਰੋੜਤਾ ਕਰਦੀ ਹੈ। ‘ ਅੱਜ ਦਾ ਸਰਵਣ ਪੁੱਤਰ’ ‘ਕਿਥੇ ਹੈ ਮਾਂ’? ਅਤੇ ‘ਮਾਂ’ ਬਹੁਤ ਹੀ ਭਾਵਨਾਤਮਿਕ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਦਰਸਾਇਆ ਹੈ ਕਿ ਅਜੋਕੇ ਜ਼ਮਾਨੇ ਵਿੱਚ ਮਾਪਿਆਂ ਦੀ ਅਣਵੇਖੀ, ਉਨ੍ਹਾਂ ਦੀ ਔਲਾਦ ਹੀ ਕਰਦੀ ਹੈ। ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ। ਮਾਂ ਬੱਚੇ ਦੇ ਹਰ ਸੁੱਖ ਲਈ ਸ਼ਗਨ ਮਨਾਉਂਦੀ ਹੈ। ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ‘ਇਛਾਵਾਂ’ ਕਵਿਤਾ ਵਿੱਚ ਸੁਨੀਤਾ ਨੇ ਦੱਸਿਆ ਹੈ ਕਿ ਕਦੀਂ ਪੂਰੀਆਂ ਨਹੀਂ ਹੋ ਸਕਦੀਆਂ ਪ੍ਰੰਤੂ ਇਨਸਾਨ ਨੂੰ ਇਨ੍ਹਾਂ ‘ਤੇ ਕਾਬੂ ਪਾ ਕੇ ਸੰਤੁਸ਼ਟ ਹੋਣਾ ਚਾਹੀਦਾ ਹੈ। ‘ਦੁਨੀਆਂ ਖੇਲ ਤਮਾਸ਼ਾ’ ਆਰਥਿਕ ਨਾ ਬਰਾਬਰੀ ਦਾ ਪ੍ਰਗਟਾਵਾ ਹੈ। ਇਨਸਾਨ ਰੱਬ ਨੂੰ ਵੀ ਰਿਸ਼ਵਤ ਦੇਣ ਤੋਂ ਗੁਰੇਜ ਨਹੀਂ ਕਰਦਾ। ‘ਰੇਲ ਗੱਡੀ ਚੱਲੀ’ ਕਵਿਤਾ ਤੋਂ ਰਲਮਿਲ ਬੈਠਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ‘ਸ਼ਬਦਾਂ ਦਾ ਹੇਰ ਫੇਰ’ ਕਵਿਤਾ ਵਿੱਚ ਪ੍ਰੇਰਨਾ ਦਿੱਤੀ ਗਈ ਹੈ ਕਿ ਸ਼ਬਦ ਦੁੱਖ ਅਤੇ ਸੁੱਖ ਦੋਵੇਂ ਦਿੰਦੇ ਹਨ ਪ੍ਰੰਤੂ ਇਨਸਾਨ ਨੂੰ ਮੁਹੱਬਤੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ‘ਬੁਢਾਪਾ’ ਅਤੇ ਨਵੀਂ ਸਵੇਰ’ ਕਵਿਤਾਵਾਂ ਵਿੱਚ ਸੁਨੀਤਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੁਢਾਪਾ ਸਰਾਪ ਨਹੀਂ ਸਗੋਂ ਸੰਤੁਸ਼ਟੀ ਦਾ ਦੂਜਾ ਨਾਮ ਹੈ। ਇਨਸਾਨ ਨੂੰ ਆਪਣੀ ਸੋਚ ਉਸਾਰੂ ਰੱਖਣੀ ਚਾਹੀਦੀ ਹੈ। ਦੁੱਖ ਅਤੇ ਸੁੱਖ ਇਕ ਸਿੱਕੇ ਭਾਵ ਜ਼ਿੰਦਗੀ ਦੇ ਦੋ ਪਾਸੇ ਹਨ। ‘ਨਵੀਂ ਰੌਸ਼ਨੀ’ ਕਵਿਤਾ ਅਨੁਸਾਰ ਇਨਸਾਨ ਦੇ ਅੰਦਰ ਰੌਸ਼ਨੀ ਹੋਣੀ ਚਾਹੀਦੀ ਹੈ, ਫਿਰ ਸਾਰਾ ਸੰਸਾਰ ਮੁਹੱਬਤੀ ਤੇ ਖ਼ੁਸ਼ਹਾਲ ਦਿਸੇਗਾ। ‘ਬਰਸਾਤ’ ਕਵਿਤਾ ਕਮਾਲ ਦੀ ਹੈ, ਜਿਸ ਵਿੱਚ ਇਨਸਾਨ ਨੂੰ ਬਰਸਾਤ ਦੀਆਂ ਬੂੰਦਾ ਦਾ ਆਨੰਦ ਮਾਣਦਿਆਂ ਫਖ਼ਰ ਮਹਿਸੂਸ ਕਰਨਾ ਚਾਹੀਦਾ ਹੈ। ‘ਨਵਾਂ ਦੌਰ’ ਕਵਿਤਾ ਆਧੁਨਿਕ ਯੁਗ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਦਾ ਪ੍ਰਤੀਕ ਹੈ। ਨਵੇਂ ਦੌਰ ਵਿੱਚ ਰਿਸ਼ਤੇ ਫਿੱਕੇ ਪੈ ਗਏ ਹਨ। ਖੁਦਗਰਜੀ ਭਾਰੂ ਹੋ ਗਈ ਹੈ। ‘ਝੂਠ ਦਾ ਬੋਲਬਾਲਾ’ ਕਵਿਤਾ ਵਿੱਚ ਦਰਸਾਇਆ ਹੈ ਕਿ ਸਮਾਜ ਵਿੱਚ ਲਾਲਚ, ਫਰੇਬ, ਧੋਖਾ, ਪੈਸਾ ਕਮਾਉਣਾ ਰਿਸ਼ਵਤ ਲੈਣੀ ਅਤੇ ਫਿਰ ਤੀਰਥ ਅਸਥਾਨਾ ਤੇ ਜਾ ਕੇ ਗ਼ਲਤੀਆਂ ਸੁਧਾਰਨ ਵਰਗੇ ਕੰਮ ਲੋਕਾਈ ਕਰ ਰਹੀ ਹੈ। ਇਨ੍ਹਾਂ ਗੱਲਾਂ ਦੀ ਥਾਂ ਸਚਾਈ ਦੇ ਮਾਰਗ ‘ਤੇ ਚਲਣਾ ਚਾਹੀਦਾ ਹੈ। ‘ਲੇਖ ਮੱਥੇ ਦੇ’ ਵਿੱਚ ਵੀ ਦੱਸਿਆ ਹੈ ਕਿ ਚੰਗੇ ਕੰਮ ਕਰਨੇ ਚਾਹੀਦੇ ਹਨ, ਬੁਰੇ ਕੰਮ ਕਰਕੇ ਇਬਾਦਤ ਕਰਨ ਨਾਲ ਲਾਭ ਨਹੀਂ ਮਿਲਣਾ। ‘ਚੋਰ ਚੋਰ’ ਕਵਿਤਾ ਵੀ ਦੱਸਦੀ ਹੈ ਕਿ ਹਰ ਇਨਸਾਨ ਗ਼ਲਤ ਢੰਗ ਵਰਤਕੇ ਪੈਸੇ ਕਮਾ ਰਿਹਾ ਹੈ। ਸਮਾਜ ਸਾਰਾ ਹੀ ਚੋਰ ਹੈ, ਵਿਖਾਵਾ ਹੋਰ ਕਰਦਾ ਹੈ ਪ੍ਰੰਤੂ ਉਸ ਦੇ ਅੰਦਰ ਚੋਰ ਹੈ। ਇਨਸਾਨ ਨੂੰ ਆਪਣੇ ਅੰਦਰਲੇ ਚੋਰ ਦੀ ਪਛਾਣ ਕਰਨੀ ਚਾਹੀਦੀ ਹੈ। ‘ਗੁੰਮ ਗਿਆ ਬੰਦਾ’ ‘ਮੇਰਾ ਭਾਰਤ ਮਹਾਨ’ ਅਤੇ ‘ਮੇਲੇ ‘ਚ ਇਕੱਲਾ’ ਤਿੰਨ ਕਵਿਤਾਵਾ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਰਾਹੀਂ ਕਵਿਤਰੀ ਨੇ ਦੱਸਿਆ ਹੈ ਕਿ ਪਰਮਾਤਮਾ ਸਾਡੇ ਅੰਦਰ ਹੀ ਬਿਰਾਜਮਾਨ ਹੈ ਪ੍ਰੰਤੂ ਇਨਸਾਨ ਉਸਨੂੰ ਲੱਭਦਾ ਭਟਕਦਾ ਫਿਰਦਾ ਹੈ। ਭਾਰਤ ਵਿੱਚ ਹਰ ਤਰ੍ਹਾਂ ਦੀ ਵਸਤੂ ਹੈ ਪ੍ਰੰਤੂ ਮਨੁੱਖ ਉਸਦਾ ਆਨੰਦ ਮਾਨਣ ਦੀ ਥਾਂ ਹੋਰ ਉਤੇਜਨਾ ਵਧਾਈ ਜਾਂਦਾ ਹੈ। ‘ਸੱਚ’ ਕਵਿਤਾ ਵਿੱਚ ਵੀ ਪਰਮਾਤਮਾ ਦੀ ਸਚਾਈ ਦਾ ਵਰਣਨ ਕੀਤਾ ਹੈ। ਸੱਚਾ ਇਨਸਾਨ ਹਮੇਸ਼ਾ ਸਫਲ ਹੁੰਦਾ ਹੈ। ‘ਕਿਤਾਬ’ ਕਵਿਤਾ ਵਿੱਚ ਕਿਤਾਬ ਬਾਰੇ ਕਿਹਾ ਗਿਆਹੈ ਕਿ ਇਹ ਹਰ ਮਰਜ ਦੀ ਦੁਵਾ ਹੈ। ਹਰ ਇਨਸਾਨ ਨੂੰ ਆਪਣੇ ਆਪ ਨੂੰ ਪੜ੍ਹਾ ਦਿੰਦੀ ਹੈ। ‘ਨਸ਼ਾ’ ਨਾਸ਼ ਦੀ ਨਿਸ਼ਾਨੀ ਹੈ, ਇਨਸਾਨ ਨੂੰ ਇਸ ਤੋਂ ਬਚਕੇ ਰਹਿਣਾ ਚਾਹੀਦਾ ਹੈ। ਨਸ਼ੇੜੀ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਸਗੋਂ ਨਸ਼ਾ ਛਡਵਾਉਣ ਲਈ ਉਪਰਾਲੇ ਕਰੋ। ਪੰਜਾਬ ਨੂੰ ਨਸ਼ਿਆਂ ਨੇ ਤਬਾਹ ਕਰ ਦਿੱਤਾ ਹੈ। ‘ਪਿਆਰ’ ਅਤੇ ‘ਮੇਰੀ ਜੀਭ ਮੇਰੀ ਸਹੇਲੀ’ ਦੋਵੇਂ ਕਵਿਤਾਵਾਂ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੀਆਂ ਹਨ। ਜਿਹੋ ਜਿਹੀ ਜ਼ੁਬਾਨ ਨਾਲ ਇਨਸਾਨ ਦੂਜਿਆਂ ਨਾਲ ਵਿਵਹਾਰ ਕਰੇਗਾ, ਉਹੋ ਜਿਹਾ ਹੀ ਦੂਜੇ ਵਿਵਹਾਰ ਕਰਨਗੇ। ਇਸ ਲਈ ਪਿਆਰ ਮੁਹੱਬਤ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਸੁਨੀਤਾ ਸੱਭਰਵਾਲ ਦਾ ਤੋਂ ਹੋਰ ਸਾਰਥਿਕ ਕਵਿਤਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
90 ਪੰਨਿਆਂ, 280 ਰੁਪਏ ਕੀਮਤ, ਸਚਿਤਰ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ ਜ਼ੌਹਰਾ ਪਬਲੀਕੇਸ਼ਨ ਪਟਿਆਲਾ (ਪੰਜਾਬ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ - ਉਜਾਗਰ ਸਿੰਘ
ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ ਆਪਣੀਆਂ ਸਿਆਣਪਾਂ, ਕਾਰਜ਼ ਕੁਸ਼ਲਤਾਵਾਂ ਅਤੇ ਮਿਹਨਤੀ ਸੁਭਾਅ ਵਾਲੀਆਂ ਅਦਾਵਾਂ ਨਾਲ ਸੰਸਾਰ ਵਿੱਚ ਆਪਣਾ ਸਿੱਕਾ ਜਮਾਇਆ ਹੈ। ਭਾਰਤੀ ਮੂਲ ਦੀਆਂ ਕਮਲਾ ਹੈਰਿਸ ਅਤੇ ਨਿੱਕੀ ਹੈਲੀ ਵਰਗੀਆਂ ਇਸਤਰੀਆਂ ਨੇ ਵੀ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਵਰਗੇ ਸੰਸਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਤਾਕਤਵਰ ਦੇਸ਼ ਵਿੱਚ ਆਪਣਾ ਨਾਮ ਕਮਾਇਆ ਹੈ। ਹੁਣ ਇਕ ਹੋਰ ਚਮਕਦੇ ਸਿਤਾਰੇ ਭਾਰਤੀ ਮੂਲ ਦੇ ਅਮਰੀਕਨ ਅਜੇਪਾਲ ਸਿੰਘ ਬਾਂਗਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਏ ਬਾਇਡਨ ਵੱਲੋਂ ਵਿਸ਼ਵ ਬੈਂਕ ਦੇ ਮੁੱਖੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੇ ਵਿਸ਼ਵ ਬੈਂਕ ਦੇ ਮੁੱਖੀ ਬਣਨ ਨਾਲ ਪਰਵਾਸ ਵਿੱਚ ਸਿੱਖਾਂ ਦੀ ਪਛਾਣ ਦੀ ਸਮੱਸਿਆ ਵੀ ਹਲ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਵਿਸ਼ਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਉਹ ਵਿਸ਼ਵ ਬੈਂਕ ਦੇ ਭਾਰਤੀ ਮੂਲ ਦੇ ਅਮਰੀਕਨ ਪੰਜਾਬੀ/ਸਿੱਖ ਪਹਿਲੇ ਮੁੱਖੀ ਹੋਣਗੇ। ਆਮ ਤੌਰ ‘ਤੇ ਅਮਰੀਕਾ ਵੱਲੋਂ ਨਾਮਜ਼ਦ ਕੀਤਾ ਗਿਆ ਵਿਅਕਤੀ ਹੀ ਵਿਸ਼ਵ ਬੈਂਕ ਦਾ ਮੁੱਖੀ ਹੁੰਦਾ ਹੈ ਕਿਉਂਕਿ ਅਮਰੀਕਾ ਵਿਸ਼ਵ ਬੈਂਕ ਦਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਹੈ। ਇਸ ਤੋਂ ਪਹਿਲਾਂ 2019 ਵਿੱਚ ਡੋਨਲਡ ਟਰੰਪ ਨੇ ਡੇਵਿਡ ਪਾਲ ਪੋਲਸਮੈਨ ਨੂੰ ਚੇਅਰਮੈਨ ਨਾਮਜ਼ਦ ਕੀਤਾ ਸੀ ਪ੍ਰੰਤੂ ਉਹ ਆਪਣੇ ਦਿੱਤੇ ਬਿਆਨ ਦੇ ਵਾਦਵਿਵਾਦ ਕਰਕੇ ਇਕ ਸਾਲ ਪਹਿਲਾਂ ਅਹੁਦਾ ਛੱਡ ਰਹੇ ਹਨ। ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਨਿਸਚਤ ਸਮੇਂ ਤੋਂ ਇਕ ਸਾਲ ਪਹਿਲਾਂ ਹੀ ਅਜੇਪਾਲ ਸਿੰਘ ਬਾਂਗਾ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਅਜੇਪਾਲ ਸਿੰਘ ਬਾਂਗਾ ਦਾ ਬੈਂਕ ਤੇ ਜਲਵਾਯੂ ਬਦਲਾਅ ਨਾਲ ਨਜਿਠਣ ਦਾ ਲੰਬਾ ਤਜ਼ਰਬਾ ਹੈ। ਉਹ ਪ੍ਰਾਈਵੇਟ ਇਕੁਇਟੀ ਵਿੱਚ ਕੰਮ ਕਰਦੇ ਰਹੇ ਹਨ। ਉਨ੍ਹਾਂ ਦਾ ਨਿੱਜੀ ਖੇਤਰ ਦੀ ਮਦਦ ਨਾਲ ਬੈਂਕ ਦੇ ਟੀਚੇ ਪੂਰੇ ਕਰਵਾਉਣ ਦਾ ਤਜ਼ਰਬਾ ਹੈ। ਅਜੇਪਾਲ ਬਾਂਗਾ ਦਾ ਸਰਕਾਰੀ ਕੰਪਨੀਆਂ ਅਤੇ ਗ਼ੈਰ ਮੁਨਾਫੇ ਵਾਲੀਆਂ ਕੰਪਨੀਆਂ ਦਰਮਿਆਨ ਭਾਈਵਾਲੀ ਬਣਾਉਣ ਦਾ ਵਿਸ਼ਾਲ ਤਜ਼ਰਬਾ ਹੈ। ਉਨ੍ਹਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਨਾਰਥ ਸੈਂਟਰਲ ਅਮਰੀਕਾ ਵਿੱਚ ਮਾਈਗਰੇਸ਼ਨ ਸੰਬੰਧੀ ਕੰਮ ਕਰਨ ਦਾ ਤਜ਼ਰਬਾ ਵੀ ਹੈ। ਬਰਾਕ ਓਬਾਮਾ ਨਾਲ ਕਮਿਸ਼ਨ ਆਨ ਐਨਹਾਂਸਿੰਗ ਨੈਸ਼ਨਲ ਸਾਈਬਰ ਸਕਿਉਰਿਟੀ ਦੇ ਮੈਂਬਰ ਦੇ ਤੌਰ ‘ਤੇ ਕੰਮ ਕੀਤਾ ਹੈ। ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ ਚੇਅਰਮੈਨ ਵੱਜੋਂ ਵਾਈਟ ਹਾਊਸ ਨਾਲ ਕੰਮ ਕੀਤਾ ਹੈ, ਜਿਸ ਦਾ ਨਿੱਜੀ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਦੀ ਜ਼ਿੰਮੇਵਾਰੀ ਹੈ। ਵਿਸ਼ਵ ਬੈਂਕ ਨੇ ਇਸ ਅਹੁਦੇ ਲਈ ਤਿੰਨ ਉਮੀਦਵਾਰ ਸ਼ਾਰਟਲਿਸਟ ਕੀਤੇ ਹਨ। ਅਮਰੀਕਾ ਤੋਂ ਇਲਾਵਾ ਹੋਰ ਕਿਸੇ ਦੇਸ਼ ਦੀ ਨਾਮਜ਼ਦਗੀ ਅਜੇ ਤੱਕ ਨਹੀਂ ਆਈ। ਮਈ 2023 ਤੱਕ ਨਵੇਂ ਚੇਅਰਮੈਨ ਦੇ ਅਹੁਦਾ ਸੰਭਾਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਪਹਿਲੇ ਭਾਰਤੀ ਮੂਲ ਦੇ ਪੰਜਾਬੀ ਅਤੇ ਪਹਿਲੇ ਦਸਤਾਰਧਾਰੀ ਸਿੱਖ ਇਸ ਸੰਸਥਾ ਦੇ ਮੁਖੀ ਹੋਣਗੇ। ਇਹ ਬੈਂਕ ਵਿਕਾਸਸ਼ੀਲ ਦੇਸ਼ਾਂ ਨੂੰ ਗ਼ਰੀਬੀ ਘਟਾਉਣ ਅਤੇ ਜਲਵਾਯੂ ਦੇ ਬਦਲਾਅ ਲਈ ਕਈ ਅਰਬਾਂ ਡਾਲਰਾਂ ਦੇ ਉਧਾਰ ਦਿੰਦਾ ਹੈ। ਅਮਰੀਕਾ ਜਲਵਾਯੂ ਵਿੱਚ ਆ ਰਹੀ ਅਣਕਿਆਸੀ ਤਬਦੀਲੀ ਤੋਂ ਚਿੰਤਤ ਹੈ, ਜਿਸ ਕਰਕੇ ਮਾਨਵਤਾ ਡੂੰਘੇ ਸਿਹਤ ਸੰਕਟ ਵਿੱਚ ਆ ਸਕਦੀ ਹੈ। ਅਜੇਪਾਲ ਸਿੰਘ ਬਾਂਗਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਨਾਮਜ਼ਦ ਕਰਨ ਨਾਲ ਸੰਸਾਰ ਵਿੱਚ ਸਿੱਖ ਭਾਈਚਾਰੇ ਦੀ ਮਾਣਤਾ ਵਿੱਚ ਵਾਧਾ ਹੋਇਆ ਹੈ। ਜੋਏ ਬਾਈਡਨ ਵੱਲੋਂ ਅਜੇਪਾਲ ਸਿੰਘ ਬਾਂਗਾ ਨੂੰ ਨਾਮਜ਼ਦ ਕਰਦਿਆਂ ਕਿਹਾ ਗਿਆ ਹੈ ਕਿ ਅਜੇਪਾਲ ਸਿੰਘ ਬਾਂਗਾ ਦੀ ਵਿਸ਼ਵ ਬੈਂਕ ਅਤੇ ਸੰਸਾਰ ਵਿੱਚ ਵਾਪਰ ਰਹੀਆਂ ਆਰਥਿਕ ਚੁਣੌਤੀਆਂ ਨੂੰ ਠੱਲ ਪਾਉਣ ਦੀ ਸਮਰੱਥਾ ਹੈ। ਉਹ ਵਿਸ਼ਵ ਬੈਂਕ ਦੀ ਅਗਵਾਈ ਕਰਨ ਦੇ ਯੋਗ ਅਰਥ ਸ਼ਾਸ਼ਤਰੀ ਹਨ। ਉਨ੍ਹਾਂ ਅੱਗੋਂ ਕਿਹਾ ਕਿ ਅਜੇਪਾਲ ਸਿੰਘ ਬਾਂਗਾ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਸੰਸਾਰ ਦੀਆਂ ਬਹੁਤ ਹੀ ਮਹੱਤਵਪੂਰਨ ਵਿਓਪਾਰਕ ਸੰਸਥਾਵਾਂ ਵਿੱਚ ਕੰਮ ਕਰਦਿਆਂ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ। ਅਜੇਪਾਲ ਸਿੰਘ ਬਾਂਗਾ ਨੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਗਲੋਬਲ ਕੰਪਨੀਆਂ ਦੀ ਮੈਨੇਜਮੈਂਟ, ਡਿਵੈਲਪਿੰਗ ਆਰਥਿਕਤਾ ਲਈ ਇਨਵੈਸਟਮੈਂਟ ਲਿਆਂਦੀ, ਉਨ੍ਹਾਂ ਵਿੱਚ ਵਿਲੱਖਣ ਤਬਦੀਲੀਆਂ ਕੀਤੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਆਰਥਿਕ ਤੌਰ ਤੇ ਮਜ਼ਬੂਤ ਬਣਾਇਆ ਹੈ। ਉਨ੍ਹਾਂ ਦਾ ਪਿਛਲਾ ਰਿਕਾਰਡ ਸ਼ਾਨਦਾਰ ਤੇ ਵਰਣਨਯੋਗ ਹੈ। ਇਸ ਸਮੇਂ ਉਹ ਇੱਕ ਪ੍ਰਈਵੇਟ ਇਕੁਇਟੀ ਫਰਮ ਜਨਰਲ ਐਟਲਾਂਟਿਕ ਦੇ ਉਪ ਚੇਅਰਮੈਨ ਹਨ। ਇਸ ਫਰਮ ਦੇ 350 ਕਰੋੜ ਰੁਪਏ ਜਲਵਾਯੂ ਬਦਲਾਅ ਲਈ ਰੱਖੀ ਰਕਮ ਦੇ ਉਹ ਸਲਾਹਕਾਰ ਹਨ। ਅਪ੍ਰੈਲ 2010 ਵਿੱਚ ਉਨ੍ਹਾਂ ਨੂੰ ਮਾਸਟਰ ਕਾਰਡ ਦੇ ਪ੍ਰੈਜੀਡੈਂਟ ਅਤੇ ਚੀਫ ਐਗਜੈਕਟਿਵ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਇਸ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਸਨ। ਜੂਨ 2018 ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦਾ ਉਪ ਚੇਅਰਮੈਨ ਬਣਾਇਆ ਗਿਆ। ਡੇਵਿਡ ਪਾਲ ਪੋਲਸਮੈਨ ਤੋਂ ਬਾਅਦ 2020 ਵਿੱਚ ਅਜੇਪਾਲ ਬਾਂਗਾ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦੇ ਚੇਅਰਮੈਨ ਚੁਣੇ ਗਏ। 1 ਜਨਵਰੀ 2022 ਨੂੰ ਉਹ ਜਨਰਲ ਅਟਲਾਂਟਿਕ ਦੇ ਉਪ ਚੇਅਰਮੈਨ ਚੁਣੇ ਗਏ। ਹੁਣ 23 ਫਰਵਰੀ 2023 ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੁੱਖੀ ਲਈ ਨਾਮਜ਼ਦ ਕੀਤਾ ਹੈ। ਵਿਸ਼ਵ ਬੈਂਕ ਵਿੱਚ ਅਮਰੀਕਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਹੈ। ਅਜੇਪਾਲ ਬਾਂਗਾ ਨੂੰ ਮਾਣ ਜਾਂਦਾ ਹੈ ਕਿ ਉਹ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਦੇ ਡਾਇਰੈਕਟਰ, ਮੈਂਬਰ, ਉਪ ਚੇਅਰਮੈਨ ਅਤੇ ਚੇਅਰਮੈਨ ਰਹੇ ਹਨ। ਇਸ ਸਮੇਂ ਉਹ ਇਕ ਦਰਜਨ ਤੋਂ ਉਪਰ ਵੱਡੀਆਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਹਨ, ਜਿਨ੍ਹਾਂ ਵਿੱਚ 2014 ਤੋਂ ਮੈਂਬਰ ਆਫ਼ ਬੋਰਡ ਆਫ਼ ਅਮੈਰਿਕਨ ਰੈਡ ਕਰਾਸ, ਉਪ ਚੇਅਰਮੈਨ ਆਫ ਦਾ ਬੋਰਡ ਇਕਨਾਮਿਕ ਕਲੱਬ ਆਫ ਨਿਊਯਾਰਕ, ਮੈਂਬਰ ਆਫ਼ ਬੋਰਡ ਆਫ਼ ਡਾਇਰੈਕਟਰਜ਼ ਪੀਟਰਸਨ ਇਨਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ, ਮੈਂਬਰ ਟਰੀਲੇਟਰਲ ਕਮਿਸ਼ਨ, ਕੋ ਚੇਅਰ ਆਫ਼ ਦਾ ਬੋਰਡ ਆਫ਼ ਡਾਇਰੈਕਟਰਜ਼ ਅਮੈਰਿਕਨ ਇੰਡੀਆ ਫ਼ਾਊਂਡੇਸ਼ਨ ਅਤੇ 300 ਕੰਪਲੀਆਂ ਵਾਲੀ ਅਮੈਰੀਕਨ ਇੰਡੀਆ ਬਿਜਨਿਸ ਕੌਂਸਲ ਦੇ ਚੇਅਰਮੈਨ ਹਨ।
ਅਜੇਪਾਲ ਸਿੰਘ ਬਾਂਗਾ ਨੇ ਆਪਣਾ ਵਿਓਪਾਰਕ ਕੈਰੀਅਰ 1981 ਵਿੱਚ ਨੈਸਲੇ ਕੰਪਨੀ ਤੋਂ ਸ਼ੁਰੂ ਕੀਤਾ ਸੀ, ਜਿਥੇ ਉਹ 13 ਸਾਲ ਸੇਲਜ਼, ਮਾਰਕੀਟਿੰਗ ਅਤੇ ਜਨਰਲ ਮੈਨੇਜਮੈਂਟ ਦਾ ਕੰਮ ਵੇਖਦੇ ਰਹੇ। 1994 ਵਿੱਚ ਉਨ੍ਹਾਂ ਪੈਪਸੀਕੋ ਜਾਇਨ ਕਰ ਲਈ। ਇਸ ਕੰਪਨੀ ਵਿੱਚ ਕੰਮ ਕਰਦਿਆਂ ਉਨ੍ਹਾਂ ਭਾਰਤ ਵਿੱਚ ਅੰਤਰਰਾਸ਼ਟਰੀ ਫਾਸਟ ਫੂਡ ਫਰੈਂਚਾਈਜ਼ ਲਾਂਚ ਕੀਤਾ। ਉਨ੍ਹਾਂ ਦੀ ਦਿਲਚਸਪੀ ਸ਼ੋਸ਼ਲ ਡਿਵੈਲਪਮੈਂਟ ਖੇਤਰ ਵਿੱਚ ਜ਼ਿਆਦਾ ਹੈ। 1996 ਵਿੱਚ ਉਨ੍ਹਾਂ ਸਿਟੀ ਬੈਂਕ ਦੇ ਭਾਰਤ ਵਿੱਚ ਮਾਰਕੀਟਿੰਗ ਮੁੱਖੀ ਫਾਰ ਕਨਜਿਊਮਰਜ਼ ਬਿਜਨਸ ਲਈ ਕੰਮ ਕੀਤਾ। ਅਮਰੀਕਾ ਵਿੱਚ 9-11 ਦੇ ਹਮਲੇ ਸਮੇਂ ਅਜੇ ਉਹ ਅਮਰੀਕਾ ਆਏ ਸੀ ਤਾਂ ਉਨ੍ਹਾਂ ਸਿਟੀ ਬੈਂਕ ਰੀਟੇਲ ਬੈਂਕਿੰਗ, ਕਨਜਿਊਮਰ ਅਸੈਟ ਡਵੀਜਨ ਵਿੱਚ ਕੰਮ ਕੀਤਾ, ਜਿਥੇ ਉਨ੍ਹਾਂ ਨੂੰ ਨਸਲੀ ਵਿਤਕਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਬੈਂਕ ਵਿੱਚ ਉਨ੍ਹਾਂ ਤੇਰਾਂ ਸਾਲ ਕੰਮ ਕੀਤਾ। ਉਨ੍ਹਾਂ ਨੇ ਇਸ ਵੱਡੀ ਕੰਪਨੀ ਨੂੰ ਛੱਡ ਕੇ ਇਕ ਛੋਟੀ ਕੰਪਨੀ ਮਾਸਟਰ ਕਾਰਡ ਵਿੱਚ ਜਾਇਨ ਕਰ ਲਿਆ। ਉਨ੍ਹਾਂ ਇਸ ਕੰਪਨੀ ਦਾ ਬਿਜਨਿਸ ਤਿੰਨ ਗੁਣਾ ਵਧਾ ਦਿੱਤਾ। ਉਹ ਹਮੇਸ਼ਾ ਚੁਣੌਤੀਆਂ ਨੂੰ ਸਰ ਕਰਨ ਵਿੱਚ ਯਕੀਨ ਰੱਖਦੇ ਹਨ। ਉਹ 2005 ਤੋਂ ਮੱਧ 2009 ਤੱਕ ਸੰਸਾਰ ਵਿੱਚ ਮਾਈਕਰੋ ਫਾਈਨੈਂਸ ਸੈਕਟਰ ਦੀ ਰਣਨੀਤੀ ਬਣਾਉਣ ਦਾ ਕੰਮ ਕਰਦੇ ਰਹੇ ਹਨ। ਅਜੇਪਾਲ ਸਿੰਘ ਬਾਂਗਾ ਨੂੰ 2016 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਵੱਲੋਂ ਵਿਓਪਾਰ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਕਰਕੇ ਪਦਮ ਸ੍ਰੀ ਦਾ ਖਿਤਾਬ ਦਿੱਤਾ ਗਿਆ ਸੀ। ਅਜੇਪਾਲ ਸਿੰਘ ਬਾਂਗਾ ਦਾ ਜਨਮ ਖੜਕੀ ਛਾਉਣੀ ਪੂਨਾ ਵਿਖੇ ਲੈਫ. ਜਨਰਲ ਹਰਭਜਨ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ 10 ਨਵੰਬਰ 1959 ਨੂੰ ਹੋਇਆ। ਉਨ੍ਹਾਂ ਦੇ ਖ਼ਾਨਦਾਨ ਦਾ ਪਿਛੋਕੜ ਪਿੰਡ ਸੂਰਾਪੁਰ ਬੰਗਾ ਨਾਲ ਸੰਬੰਧਤ ਹੈ। ਫਿਰ ਉਨ੍ਹਾਂ ਦੇ ਪੁਰਖੇ ਜਲੰਧਰ ਆ ਗਏ ਸਨ। ਉਨ੍ਹਾਂ ਦੇ ਪਿਤਾ ਫੌਜ ਵਿੱਚ ਹੋਣ ਕਰਕੇ ਉਨ੍ਹਾਂ ਦੀ ਮੁੱਢਲੀ ਪੜ੍ਹਾਈ ‘ਸੇਂਟ ਐਡਵਰਡ ਸਕੂਲ ਸਿਮਲਾ’ ਅਤੇ ‘ਦਾ ਹੈਦਰਾਬਾਦ ਪਬਲਿਕ ਸਕੂਲ’ ਹੈਦਰਾਬਾਦ ਵਿੱਚ ਹੋਈ। ਉਨ੍ਹਾਂ ਆਰਟਸ ਵਿੱਚ ਗ੍ਰੈਜੂਏਸ਼ਨ ਇਕਨਾਮਿਕਸ ਵਿੱਚ ਆਨਰ ਨਾਲ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਪਾਸ ਕੀਤੀ। ਪੋਸਟ ਗ੍ਰੈਜੂਏਸ਼ਨ ਪੀ.ਜੀ.ਪੀ. ਜੋ ਐਮ.ਬੀ.ਏ.ਦੇ ਬਰਾਬਰ ਦੀ ਡਿਗਰੀ ਹੈ, ਇੰਡੀਅਨ ਇਨਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਤੋਂ ਕੀਤੀ। ਉਨ੍ਹਾਂ ਦਾ ਵਿਆਹ ਰਿੱਤੂ ਬਾਂਗਾ ਨਾਲ ਹੋਇਆ ਉਨ੍ਹਾਂ ਦੇ ਦੋ ਬੱਚੇ ਲੜਕੀ ਅਦਿੱਤੀ ਬਾਂਗਾ ਅਤੇ ਲੜਕਾ ਜੋਜੋ ਬਾਂਗਾ ਹਨ। ਅਜੇਪਾਲ ਸਿੰਘ ਬਾਂਗਾ ਦਾ ਵੱਡਾ ਭਰਾ ਐਮ.ਐਸ.ਬਾਂਗਾ ਭਾਰਤ ਵਿੱਚ ਵੱਡਾ ਕਾਰੋਬਾਰੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਖਮਿੰਦਰ ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ ਪਹਿਰੇਦਾਰ - ਉਜਾਗਰ ਸਿੰਘ
ਸੁਖ਼ਮਿੰਦਰ ਸੇਖ਼ੋਂ ਸਥਾਪਤ ਸਾਹਿਤਕਾਰ ਹੈ। ਉਸ ਨੇ ਕਹਾਣੀ, ਨਾਵਲ, ਨਾਟਕ ਅਤੇ ਕਵਿਤਾ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਉਸ ਦਾ ‘ਪੈੜਾਂ ਦੀ ਸ਼ਨਾਖ਼ਤ’ ਕਹਾਣੀ ਸੰਗ੍ਰਹਿ ਮਨੁੱਖੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦਾ ਪ੍ਰਤੀਬਿੰਬ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਸ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਪੈੜਾਂ ਦੀ ਸ਼ਨਾਖ਼ਤ’ ਕਹਾਣੀ ਸੰਗ੍ਰਹਿ ਵਿੱਚ 14 ਕਹਾਣੀਆਂ ਹਨ, ਜਿਹੜੀਆਂ ਬਹੁਤ ਹੀ ਸੰਜੀਦਾ ਵਿਸ਼ਿਆਂ ‘ਤੇ ਲਿਖੀਆਂ ਗਈਆਂ ਹਨ। ਜ਼ਮੀਨੀ ਹਕੀਕਤਾਂ ਨੂੰ ਵਿਸ਼ੇ ਬਣਾਇਆ ਗਿਆ ਹੈ। ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ, ਸੁਖਮਿੰਦਰ ਸੇਖੋਂ ਹੂ ਬਹੂ ਉਹ ਹੀ ਲਿਖ ਰਿਹਾ ਹੈ। ਇਸੇ ਕਰਕੇ ਸੁਖਮਿੰਦਰ ਸੇਖ਼ੋਂ ਦੀਆਂ ਕਹਾਣੀਆਂ ਵਿੱਚ ਗਾਲ੍ਹਾਂ ਅਤੇ ਹੋਰ ਅਸਭਿਆ ਸ਼ਬਦਾਵਲੀ ਵਰਤੀ ਗਈ ਹੈ ਪਰੰਤੂ ਇਹ ਹਕੀਕਤ ਹੈ ਕਿ ਲੋਕ ਅਜਿਹੀ ਬੋਲੀ ਬੋਲਦੇ ਹਨ। ਮੰਟੋ ਵੀ ਆਪਣੀਆਂ ਕਹਾਣੀਆਂ ਵਿੱਚ ਅਜਿਹੀਆਂ ਗੱਲਾਂ ਲਿਖਦਾ ਸੀ, ਉਦੋਂ ਉਸ ਦਾ ਵਿਰੋਧ ਹੁੰਦਾ ਸੀ ਪਰੰਤੂ ਅੱਜ ਉਸ ਦੀ ਕਦਰ ਪੈ ਰਹੀ ਹੈ। ਸੁਖਮਿੰਦਰ ਸੇਖੋਂ ਵੀ ਮੰਟੋ ਦੇ ਰਾਹਾਂ ‘ਤੇ ਚਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕਹਾਣੀਆਂ ਵਿੱਚ ਇਸਤਰੀ ਅਤੇ ਮਰਦ ਦੇ ਵੱਖ-ਵੱਖ ਰੂਪਾਂ ਨੂੰ ਬਹੁਤ ਹੀ ਸੁਚੱਜੇ ਅਤੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸਮਾਜ ਇਸਤਰੀ ਨੂੰ ਭੁੱਖੀ ਨਜ਼ਰ ਨਲ ਵੇਖਦਾ ਹੈ, ਜਿਵੇਂ ਔਰਤ ਕੋਈ ਖਾਣ ਵਾਲੀ ਵਸਤੂ ਹੁੰਦੀ ਹੈ। ਸੁਖਮਿੰਦਰ ਸੇਖ਼ੋਂ ਦੀਆਂ ਕਹਾਣੀਆਂ ਅਨੁਸਾਰ ਮਰਦ ਹਮੇਸ਼ਾ ਇਸਤਰੀ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਣ ਦੀ ਤਾਕ ਵਿੱਚ ਰਹਿੰਦਾ ਹੈ।
ਇਸ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ‘ਚਲ ਮੇਰੀ ਧੀਏ’ ਵਿੱਚ ਇਸਤਰੀ ਦੇ ਦੋ ਰੂਪ ਜੋਗਿੰਦਰ ਕੌਰ ਪਤਨੀ ਜੋ ਵਹਿਮਾ ਭਰਮਾ ਵਿੱਚ ਪਈ ਹੋਈ ਹੈ ਅਤੇ ਸਾਧਾਂ ਸੰਤਾਂ ਦੇ ਚਕਰ ਵਿੱਚ ਫਸਦੀ ਹੈ। ਆਪਣੇ ਪਤੀ ਪਿਆਰਾ ਸਿੰਘ ਪ੍ਰਤੀ ਵੀ ਸੰਜੀਦਾ ਨਹੀਂ। ਦੂਜੀ ਰੁਪਿੰਦਰ ਕੌਰ ਨੂੰਹ ਹੈ, ਜਿਹੜੀ ਆਪਣੇ ਸਹੁਰੇ ਦੀ ਸਿਹਤ ਬਾਰੇ ਸੰਜੀਦਾ ਤੇ ਧੀ ਦੀ ਤਰ੍ਹਾਂ ਵਿਚਰਦੀ ਹੈ। ਉਸ ਨੂੰ ਕੋਈ ਲਾਲਚ ਨਹੀਂ। ਸਹੁਰੇ ਵੱਲੋਂ ਜ਼ਮੀਨ ਉਸ ਦੇ ਨਾਮ ਕਰਵਾਉਣ ਤੋਂ ਵੀ ਜਵਾਬ ਦੇ ਦਿੰਦੀ ਹੈ। ਪਰੰਤੂ ਜੋਗਿੰਦਰ ਕੌਰ ਗੁਰਜੀਤ ਸਿੰਘ ਉਸ ਦੇ ਚਾਲ ਚਲਣ ‘ਤੇ ਚਿਕੜ ਸੁੱਟਣੋਂ ਵੀ ਗੁਰੇਜ ਨਹੀਂ ਕਰਦੇ। ਗੁਰਜੀਤ ਸਿੰਘ ਦਾ ਪਾਤਰ ਨਸ਼ਈ ਅਤੇ ਬੇਪ੍ਰਵਾਹ ਹੈ। ‘ਦੱਬੀ ਅੱਗ’ ਕਹਾਣੀ ਵਿੱਚ ਫ਼ੌਜੀ ਸ਼ਹੀਦ ਜੰਗ ਸਿੰਘ ਦੀ ਵਿਧਵਾ ਦੀ ਬੱਚੇ ਪਾਲਣ ਅਤੇ ਪੈਨਸ਼ਨ ਆਦਿ ਲਗਵਾਉਣ ਦੀ ਮਜ਼ਬੂਰੀ ਦਾ ਕਰਨੈਲ ਸਿੰਘ ਕਾਣਾ ਲਾਭ ਉਠਾਉਣਾ ਚਾਹੁੰਦਾ ਹੈ। ਸੁਖਵੰਤ ਕੌਰ ਲੜਕੀ ਦਲੇਰੀ ਦਾ ਪ੍ਰਤੀਕ ਬਣਦੀ ਹੈ ਜਦੋਂ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਉਹੀ ਕਰਨੈਲ ਸਿੰਘ ਜਿਹੜਾ ਉਸ ਦੀ ਮਾਂ ਦੀ ਮਜ਼ਬੂਰੀ ਦਾ ਲਾਭ ਉਠਾਉਣਾ ਚਾਹੁੰਦਾ ਸੀ, ਜਦੋਂ ਸੁਖਵੰਤ ਵਲ ਮਾੜੀ ਹਰਕਤ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ। ‘ਚਿਹਰੇ ਹੁਸੀਨ ਜਿਹੇ’ ਕਹਾਣੀ ਵਿੱਚ ਫਿਲਮਾ ਵਿੱਚ ਸਫਲ ਹੋਣ ਵਾਸਤੇ ਲੜਕੀਆਂ ਨੂੰ ਕਿਹੜੇ ਵੇਲਣ ਵੇਲਣੇ ਪੈਂਦੇ ਹਨ ਅਤੇ ਲੜਕੀਆਂ ਗ਼ਲਤ ਤਰੀਕੇ ਨਾਲ ਰੋਲ ਲੈਣ ਨੂੰ ਕਿਸ ਤਰ੍ਹਾਂ ਦੀ ਨਿਗਾਹ ਨਾਲ ਵੇਖਦੀਆਂ ਹਨ। ਰਮਣੀਕ ਕੌਰ ਭਾਵੇਂ ਆਪਣੀ ਇਜ਼ਤ ਗੁਆ ਕੇ ਸਫ਼ਲ ਨਹੀਂ ਹੁੰਦੀ ਪਰੰਤੂ ਆਪਣੀ ਲੜਕੀ ਮੁਸਕਾਨ ਨੂੰ ਗ਼ਲਤ ਢੰਗ ਨਾਲ ਸਫਲ ਕਰਾਉਂਦੀ ਹੋਈ ਮਾਣ ਮਹਿਸੂਸ ਕਰਦੀ ਹੈ। ਜਦੋਂ ਕਿ ਮੁਸਕਾਨ ਇਸ ਤਰ੍ਹਾਂ ਦੀ ਪਹੁੰਚ ਦੇ ਵਿਰੁਧ ਹੈ। ਪ੍ਰੋਡਿਊਸਰ ਸੋਹਨ ਲਾਲ ਅਤੇ ਰਵੀ ਕੁਮਾਰ ਦੋਹਾਂ ਦਾ ਵਿਵਹਾਰ ਗ਼ੈਰ ਇਖਲਾਕੀ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਹਰ ਕੋਈ ਕਿਸੇ ਵੀ ਘਟਨਾ ਮੌਕੇ ਇਹ ਕਹਿ ਦਿੰਦਾ ਹੈ ਕਿ ਮੈਨੂੰ ਕੀ ‘ਪ੍ਰਕਾਸ਼ ਨਾਇਕ ਜ਼ਿੰਦਾ ਹੈ’ ਕਹਾਣੀ ਵਿੱਚ ਪ੍ਰਕਾਸ਼ ਨਾਮ ਦੇ ਪਾਤਰ ਦੀ ਭੂਮਿਕਾ ਕਾਬਲੇ ਤਾਰੀਫ਼ ਹੈ। ਕਿਉਂਕਿ ਉਸ ਨੇ ਇਕ ਲੜਕੀ ਦੀ ਇਜ਼ਤ ਬਚਾਈ ਹੈ। ਜਦੋਂ ਕਿ ਬਾਕੀ ਸਾਥੀਆਂ ਨੇ ਹਿੰਮਤ ਨਹੀਂ ਵਿਖਾਈ। ਬਿਲਾ ਬਦਮਾਸ਼ ਪ੍ਰਕਾਸ਼ ਦੀ ਕੁੜੀ ਤੇ ਮਾੜੀ ਨਿਗਾਹ ਰੱਖਣ ਲੱਗ ਗਿਆ ਹੈ, ਜਿਸ ਕਰਕੇ ਪ੍ਰਕਾਸ਼ ਸਦਮੇ ਵਿੱਚ ਹੈ। ‘ਕੁਰਸੀਆਂ ਦੀ ਸ਼ਨਾਖ਼ਤ’ ਕਹਾਣੀ ਦਫਤਰਾਂ ਵਿੱਚ ਚਲ ਰਹੇ ਵਰਤਾਰਿਆਂ ਬਾਰੇ ਹੈ। ਹਰ ਦਫਤਰ ਵਿੱਚ ਇਕ ਭਰਿਸ਼ਟ ਜੁੰਡਲੀ ਹੁੰਦੀ ਹੈ, ਜਿਵੇਂ ਅਸਿਸਟੈਂਟ ਡਾਇਰੈਕਟਰ ਰੁਪਿੰਦਰ ਸਿੰਘ, ਸੁਪਡੈਂਟ ਬਾਂਸਲ, ਪੀ.ਏ ਆਹੂਜਾ ਅਤੇ ਰਮਣੀਕ ਹਨ। ਕੁਝ ਅਧਿਕਾਰੀ ਭਰਿਸ਼ਟ ਅਤੇ ਚਾਲ ਚਲਣ ਦੇ ਮਾੜੇ ਜਿਵੇਂ ਬਲਦੇਵ ਸਿੰਘ ਬਰਾੜ ਅਤੇ ਸਤਵਿੰਦਰ ਸਿੰਘ ਸੋਢੀ। ਬਲਦੀਪ, ਸਰਿਤਾ ਅਤੇ ਸੰਦੀਪ ਵਰਗੇ ਇਮਾਨਦਾਰ ਵੀ ਹੁੰਦੇ ਹਨ। ਭਰਤੀ ਵਿੱਚ ਹੇਰਾਫੇਰੀ ਵੀ ਜਿਵੇਂ ਰਮਣੀਕ ਦੀ ਨਿਯੁਕਤੀ ਸਮੇਂ ਹੋਈ। ਦਫ਼ਤਰਾਂ ਵਿੱਚ ਲੜਕੀਆਂ ਨਲ ਗ਼ਲਤ ਹਰਕਤਾਂ ਵੀ ਹੁੰਦੀਆਂ ਹਨ। ‘ਹਨੇਰਾ ਢੋਂਦਿਆਂ’ ਕਹਾਣੀ ਗ਼ਰੀਬ ਰਿਕਸ਼ਾ ਚਾਲਕਾਂ ਸੁਖੀ ਰਾਮ ਅਤੇ ਘਾਰੂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ। ਗ਼ਰੀਬ ਲੋਕ 100 ਰੁਪਏ ਵੱਟਕੇ ਸੰਤੁਸ਼ਟ ਹੋ ਜਾਂਦੇ ਹਨ। ਇਹ ਕਹਾਣੀ ਬੇਰੋਜ਼ਗਾਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦੀ ਹੈ। ‘ਤਾੜੀ ਪ੍ਰੇਮ ਕੀ’ ਕਹਾਣੀ ਹਿਜੜੇ ਹਰਦੀਪ ਦੀ ਹੈ। ਇਹ ਕਹਾਣੀ ਬਹੁਤ ਹੀ ਸੰਜੀਦਾ ਵਿਸ਼ੇ ‘ਤੇ ਲਿਖੀ ਗਈ ਹੈ। ਸਮਾਜ ਦੇ ਦੁਰਕਾਰੇ ਵਰਗ ਦੀਆਂ ਆਪਣੀਆਂ ਮੁਸੀਬਤਾਂ ਹਨ, ਜਿਨ੍ਹਾਂ ਨੂੰ ਬਾਕੀ ਸਮਾਜ ਸਮਝ ਨਹੀਂ ਸਕਦਾ। ‘ਤੁਸੀਂ ਕੋਈ ਸਵਾਲ ਨਹੀਂ ਕਰੋਗੇ’ ਇਸ ਕਹਾਣੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਵਿੱਚ ਕੀ ਹੋਵੇਗਾ? ਇਹ ਕਹਾਣੀ ਜਾਅਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵੱਲੋਂ ਜ਼ਹਿਰੀਲੀ ਜਾਅਲੀ ਸ਼ਰਾਬ ਗ਼ਰੀਬ ਲੋਕਾਂ ਨੂੰ ਸਸਤੀ ਵੇਚਣ ਬਾਰੇ ਹੈ, ਜਿਸ ਨੂੰ ਪੀ ਕੇ ਉਹ ਲੋਕ ਮਰ ਜਾਂਦੇ ਹਨ। ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਦੀ ਸਰਕਾਰਾਂ ਨਾਲ ਮਿਲੀ ਭੁਗਤ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ। ‘ਬੱਸ ਕਰੋ ਸਰਦਾਰ ਜੀ’ ਕਹਾਣੀ ਬਹੁਤ ਸੰਵੇਦਨਸ਼ੀਲ ਬਣ ਜਾਂਦੀ ਹੈ ਜਦੋਂ ਹਰਪਾਲ ਸਿੰਘ ਅਤੇ ਪ੍ਰੋ ਪਰਮਪਾਲ ਕੌਰ ਦੀ ਬੇਟੀ ਰਿਦਮ ਕਹਿੰਦੀ ਹੈ ਕਿ ਪਾਪਾ ਮੇਰਾ ਵਿਆਹ ਕਿਸੇ ਵੱਡੇ ਜ਼ਿਮੀਦਾਰ ਦੇ ਕਾਕੇ ਨਾਲ ਕਰਨਗੇ। ਰਿਦਮ ਨੂੰ ਪਤਾ ਹੈ ਉਸ ਦੇ ਪਾਪਾ ਆਪਣੇ ਆਪ ਨੂੰ ਜ਼ਿਮੀਦਾਰ ਕਹਾਕੇ ਢੌਂਗ ਰਚਦੇ ਹਨ। ਇਹ ਕਹਾਣੀ ਅੰਤਰਜ਼ਾਤੀ ਵਿਆਹੇ ਜੋੜੇ ਦੇ ਭਰਿਸ਼ਟਾਚਾਰ ਦੇ ਮੁੱਦੇ ‘ਤੇ ਵਿਚਾਰਾਂ ਵਿੱਚ ਅੰਤਰ ਦੀ ਤਸਵੀਰ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਛੋਟੀਆਂ ਜਾਤਾਂ ਦੇ ਕੁਝ ਲੋਕ ਵੱਡੇ ਅਧਿਕਾਰੀ ਬਣਕੇ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਦਿੰਦੇ ਹਨ। ਹਓਮੈ ਦਾ ਸ਼ਿਕਾਰ ਹੋ ਕੇ ਗ਼ਰੀਬ ਲੋਕਾਂ ਨਾਲ ਜ਼ਿਆਦਤੀਆਂ ਕਰਦੇ ਹਨ। ਇਕ ਕਿਸਮ ਨਾਲ ਆਪਣੇ ਤੇ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈ ਰਹੇ ਹੁੰਦੇ ਹਨ। ‘ਅੰਦਰਲਾ ਆਦਮੀ’ ਕਹਾਣੀ ਗੁਲਜ਼ਾਰ ਸਿੰਘ ਸੇਵਾਦਾਰ ਦੇ ਆਲੇ ਦੁਆਲੇ ਘੁੰਮਦੀ ਹੈ। ਗੁਲਜ਼ਾਰ ਸਿੰਘ ਨੂੰ ਚੰਗੇ ਨੰਬਰ ਲੈ ਕੇ ਪਾਸ ਨਾ ਹੋਣ ਦਾ ਝੋਰਾ ਅੰਦਰੋਂ ਝੰਜੋੜ ਰਿਹਾ ਹੈ। ਦਫਤਰ ਵਿੱਚ ਸੇਵਾਦਾਰ ਹੈ ਪ੍ਰੰਤੂ ਛੋਟੀ ਜ਼ਾਤ ਦਾ ਹੁੰਦਾ ਹੋਇਆ ਵੀ ਜੱਟ ਹੋਣ ਦਾ ਢੌਂਗ ਪਾਲੀ ਬੈਠਾ ਹੈ। ਆਪਣੇ ਅਧਿਕਾਰੀ ਅਤੇ ਹੋਰ ਲੋਕਾਂ ਨੂੰ ਮਨ ਵਿੱਚ ਹੀ ਗਾਲ੍ਹਾਂ ਕੱਢਦਾ ਰਹਿੰਦਾ ਹੈ। ਗੁਰਿੰਦਰ ਕੌਰ ਜਮਾਤਣ ਨਾਲ ਪਿਆਰ ਸਿਰੇ ਨਾ ਚੜ੍ਹਨ ਦਾ ਝੋਰਾ ਵੀ ਹੈ। ਉਹ ਆਪਣੇ ਆਪ ਨੂੰ ਜੱਟ ਦਾ ਅਮੀਰ ਪੁੱਤ ਹੋਣ ਦੀਆਂ ਗੱਪਾਂ ਮਾਰਦਾ ਹੈ। ‘ਤੇਰੇ ਭਾਣੇ’ ਕਹਾਣੀ ਪੰਜਾਬ ਦੇ ਮਾੜੇ ਦਿਨਾਂ ਨੂੰ ਤਸਦੀਕ ਕਰਦੀ ਹੋਈ ਦੱਸ ਰਹੀ ਹੈ ਕਿ ਧਰਮ ਦੇ ਨਾਂ ਤੇ ਹਰਕਿਸ਼ਨ ਵਰਗੇ ਮਾਸੂਮ ਲੋਕਾਂ ਦੇ ਕਤਲ ਹੁੰਦੇ ਰਹੇ। ਸਰਕਾਰਾਂ ਵਾਰਸਾਂ ਨੂੰ ਨੌਕਰੀਆਂ ਦਾ ਐਲਾਨ ਕਰਕੇ ਸਿਆਸਤ ਕਰਦੀਆਂ ਰਹੀਆਂ। ਬੁਜ਼ਰਗ ਮਾਂ ਬਾਪ ਸੰਤਾਪ ਭੋਗਦੇ ਰਹੇ। ‘ਇਕ ਬਾਪ ਦੀ ਹੈਸੀਅਤ’ ਕਹਾਣੀ ਇਕ ਅਧਿਕਾਰੀ ਗੁਰਜਿੰਦਰ ਸਿੰਘ ਨੇ ਆਪਣੀ ਲੜਕੀ ਅਤੇ ਲੜਕੇ ਦਾ ਵਿਆਹ ਕਰ ਦਿੱਤਾ। ਆਪਣੇ ਆਪ ਨੂੰ ਬਾਪ ਕਹਿੰਦਾ ਹੈ ਪਰੰਤੂ ਦੂਜੇ ਪਾਸੇ ਆਪਣੀ ਨੂੰਹ ਪਰਿਣੀਤਾ ਨਾਲ ਗ਼ੈਰ ਇਖਲਾਕੀ ਹਰਕਤ ਕਰਦਾ ਹੈ। ਬਹੁਤ ਹੀ ਸੰਜੀਦਾ ਕਹਾਣੀ ਹੈ, ਅਧਿਕਾਰੀ ਦਫ਼ਤਰਾਂ ਵਿੱਚ ਆਪਣੀਆਂ ਮਤਹਿਤ ਲੜਕੀਆਂ ਦਾ ਸ਼ੋਸ਼ਣ ਕਰਦੇ ਹਨ। ‘ਮਖੌਟੇ’ ਕਹਾਣੀ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਬਲਬੀਰ ਕੌਰ ਨਾਲ ਸੰਬੰਧਤ ਹੈ, ਜਿਹੜੇ ਭਰਿਸ਼ਟ ਅਧਿਕਾਰੀ ਹਨ। ਵਿਖਾਵੇ ਦਾ ਪਖੰਡ ਕਰਦੇ ਹਨ। ਖਾੜਕੂਆਂ ਦੀ ਆੜ ਵਿੱਚ ਉਨ੍ਹਾਂ ਦਾ ਲੜਕਾ ਰਾਜਿੰਦਰ ਸਿੰਘ ਲੁੱਟਾਂ ਖੋਹਾਂ ਕਰਕੇ ਪੈਸੇ ਇਕੱਠੇ ਕਰਦਾ ਹੈ, ਜੇਲ੍ਹ ਦੀ ਹਵਾ ਖਾ ਰਿਹਾ ਹੈ। ਢਕਵੰਜ ਇਮਾਨਦਾਰ ਅਤੇ ਧਰਮੀ ਹੋਣ ਦਾ ਕਰਦੇ ਹਨ। ਉਦੋਂ ਹੋਸ਼ ਉਡ ਜਾਂਦੀ ਹੈ ਜਦੋਂ ਖਾੜਕੂਆਂ ਵੱਲੋਂ ਬਲਬੀਰ ਕੌਰ ਅਤੇ ਛੋਟਾ ਲੜਕਾ ਨਰਿੰਦਰ ਸਿੰਘ ਅਗਵਾ ਕਰਕੇ 50 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ। ‘ਕੋਈ ਹੋਰ ਰਸਤਾ’ ਕਹਾਣੀ ਇਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਗ਼ਰੀਬ ਮੁਲਾਜ਼ਮ ਦੀ ਹੈ, ਜਿਹੜਾ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਤਨਖ਼ਾਹ ਵਧਾਉਣੀ ਚਾਹੁੰਦਾ ਹੈ ਪਰੰਤੂ ਮਾਲਕ ਉਤਨੀ ਤਨਖ਼ਾਹ ਵਧਾਉਂਦਾ ਨਹੀਂ। ਫਿਰ ਉਸ ਦੇ ਮਨ ਵਿਚ ਚਲ ਰਹੀ ਮਾਲਕ ਨੂੰ ਮਾਰ ਕੇ ਲੁੱਟਣ ਦੀ ਕਸ਼ਮਕਸ਼ ਹੁੰਦੀ ਰਹਿੰਦੀ ਹੈ ਪਰੰਤੂ ਜਦੋਂ ਇਕ ਮਾਂ ਆਪਣੇ ਬੱਚੇ ਨੂੰ ਇੱਕ ਰੋਟੀ ਛੋਟੇ ਭਰਾ ਲਈ ਦੇਣ ਲਈ ਕਹਿੰਦੀ ਹੈ ਤਾਂ ਉਹ ਆਪਣਾ ਮਨ ਬਦਲ ਲੈਂਦਾ ਹੈ ਤੇ ਜੀਤ ਸਿੰਘ ਗੁਰਦੁਆਰੇ ਚੋਂ ਆ ਰਹੀ ਅਵਾਜ਼ ‘ਥੋੜ੍ਹੇ ਨੂੰ ਬਹੁਤਾ ਕਰਕੇ ਜਾਣਿਓ? ਸੁਣ ਕੇ ਸੰਤੁਸ਼ਟ ਹੋ ਜਾਂਦਾ ਹੈ। ਉਮੀਦ ਹੈ ਕਿ ਭਵਿਖ ਵਿੱਚ ਸੁਖਮਿੰਦਰ ਸੇਖੋਂ ਪੰਜਾਬੀ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇਗਾ।
120 ਰੁਪਏ ਕੀਮਤ, 103 ਪੰਨਿਆਂ, 14 ਕਹਾਣੀਆਂ ਵਾਲਾ ਇਹ ਕਹਾਣੀ ਸੰਗ੍ਰਹਿ ਸਹਿਜ ਪਬਲੀਕੇਸ਼ਨ ਸਮਾਣਾ (ਪਟਿਆਲਾ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-9417813072
ujagarsingh48@yahoo.com
ਜਨਮ ਸ਼ਤਾਬਦੀ 'ਤੇ ਵਿਸ਼ੇਸ਼ :
ਗੁਰਮਤਿ/ਸਿੱਖ ਸੋਚ ਦਾ ਮੁਦਈ : ਖੋਜੀ ਵਿਦਵਾਨ ਗਿਆਨੀ ਗੁਰਦਿਤ ਸਿੰਘ - ਉਜਾਗਰ ਸਿੰਘ
ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ ਤੇ ਬਹੁਰੰਗੀ ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸਨ| ਉਹ ਧਾਰਮਿਕ ਖੋਜੀ, ਸਾਹਿਤਕਾਰ, ਪੱਤਰਕਾਰ, ਸਿਆਸਤਦਾਨ ਅਤੇ ਪੰਜਾਬੀ ਸਭਿਅਚਾਰ ਦੇ ਵਾਰਤਕਕਾਰ ਸਨ| ਉਨ੍ਹਾਂ ਨੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਅਜਿਹਾ ਵਿਦਵਤਾ ਭਰਪੂਰ ਬਿਹਤਰੀਨ ਕੰਮ ਕੀਤਾ, ਜਿਸ ਕਰਕੇ ਉਨ੍ਹਾਂ ਦੀ ਇਕ ਵੱਖਰੀ ਵਿਲੱਖਣ ਪਛਾਣ ਬਣ ਗਈ| ਉਨ੍ਹਾਂ ਦੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਬਿਹਤਰੀਨ ਕਾਰਜ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ ਪਰੰਤੂ ਫਿਰ ਵੀ ਇਨ੍ਹਾਂ ਦੇ ਵੱਖਰੇ-ਵੱਖਰੇ ਖੇਤਰਾਂ ਵਿੱਚ ਕੀਤੇ ਕੰਮਾ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ :
ਸਿੱਖ ਧਾਰਮ ਦੇ ਖੋਜੀ :
ਇਤਿਹਾਸ ਵਿੱਚ ਗਿਆਨੀ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਉਹ ਬਹੁ-ਪਰਤੀ ਵਿਦਵਤਾ ਦੇ ਮੁਜੱਸਮਾ ਸਨ| ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖ ਸੋਚ ‘ਤੇ ਪਹਿਰਾ ਦਿੰਦਿਆਂ ਬਤੀਤ ਕੀਤੀ| ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ ਅਤੇ ਸਿੱਖ ਸੋਚ ਦੇ ਮੁਦਈ ਸਨ| ਉਹ ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ| ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ| ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਬਚਨਬੱਧ ਸਨ, ਇਸ ਲਈ ਉਨ੍ਹਾਂ ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ‘ਗੁਰਮਤਿ ਅਚਾਰੀਆ’ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ ਸੀ| ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਸ਼ਾਮਲ ਹੈ, ਉਨ੍ਹਾਂ ਭਗਤਾਂ ਅਤੇ ਭੱਟਾਂ ਦੀ ਬਾਣੀ ਦੇ ਇਤਿਹਾਸਿਕ ਪੱਖਾਂ ਬਾਰੇ ਸਮੱਗਰੀ ਇਕ-ਸੁਰ ਕਰਕੇ ਵਿਲੱਖਣ ਕਾਰਜ ਕੀਤਾ ਹੈ| ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ| ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ| ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ| ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਸਨ| ਜਿਤਨੀਆਂ ਵੀ ਪੰਜਾਬ ਵਿਚ ਗੁਰੂ ਸਾਹਿਬਾਨ ਅਤੇ ਸਿੱਖੀ ਨਾਲ ਸੰਬੰਧਤ ਸ਼ਤਾਬਦੀਆਂ ਮਨਾਈਆਂ ਗਈਆਂ, ਉਨ੍ਹਾਂ ਦੇ ਸਾਰੇ ਪ੍ਰੋਗਰਾਮ ਗਿਆਨੀ ਗੁਰਦਿੱਤ ਸਿੰਘ ਉਲੀਕਦੇ ਸਨ| ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਨਾਏ ਗਏ 300 ਸਾਲਾ ਸ਼ਤਾਬਦੀ ਸਮਾਰੋਹਾਂ ਦੇ ਮੌਕੇ ਉਨ੍ਹਾਂ ਨੇ 50 ਪੁਸਤਕਾਂ ਦੀ ਸੰਪਾਦਨਾ ਕੀਤੀ, ਜਿਹੜੀਆਂ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੀਆਂ ਹਨ| ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ| ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ| ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ| ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਅਨੀ ਜੀ ਨੂੰ ਜਾਂਦਾ ਹੈ| ਉਨ੍ਹਾਂ ਸਿੱਖ ਇਤਿਹਾਸ ਦੇ ਮੁਢਲੇ ਸ੍ਰੋਤਾਂ ਨੂੰ ਵਿਦਵਾਨਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਕੀਤਾ | ਇਸ ਮੰਤਵ ਲਈ ਉਨ੍ਹਾਂ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਹੱਥ ਲਿਖਤਾਂ ਅਤੇ ਪੁਰਾਤਨ ਖਰੜਿਆਂ ਦਾ ਅਧਿਐਨ ਕੀਤਾ| ਉਹ ਹਮੇਸ਼ਾ ਤੱਥਾਂ ‘ਤੇ ਅਧਾਰਤ ਲਿਖਦੇ ਸਨ| ਉਨ੍ਹਾਂ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ| ਉਨ੍ਹਾਂ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ ‘ਤੇ ਅਧਾਰਤ ਖੋਜ ਕਰਕੇ ਲਿਖਦੇ ਸਨ| ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ| ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਸਨ| ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ ‘ਸਿ੍ਖ ਵਿਰਸਾ ਟਰੱਸਟ’ ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ| ਉਹ ਕਈ ਸਿੱਖ ਸੰਸਥਾਵਾਂ ਦੇ ਮੁਖੀ /ਮੈਂਬਰ ਅਤੇ ਉਨ੍ਹਾਂ ਦੇ ਕੁਸ਼ਲ ਪ੍ਰਬੰਧਕ ਸਨ|
ਪੰਜਾਬੀ ਸਭਿਅਚਾਰ ਦੇ ਵਾਰਤਕਕਾਰ :
ਗਿਆਨੀ ਗੁਰਦਿਤ ਸਿੰਘ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕਰਨ ਵਾਲੇ ਬੁਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ| ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ| ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ| ਉਹ ਇਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਮੇਰਾ ਪਿੰਡ’ ਨੂੰ ਗਿਣਿਆ ਜਾਂਦਾ ਹੈ| ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ| ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ| ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ ‘ਮੇਰਾ ਪਿੰਡ’ ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ| ਇਸ ਪੁਸਤਕ ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਪਿੰਡਾਂ ਦੇ ਸਭਿਅਚਾਰ ਦੀ ਤਸਵੀਰ ਖਿਚ ਕੇ ਰੱਖ ਦਿੱਤੀ| ਘਰ ਬੈਠਿਆਂ ਨੂੰ ਪੇਂਡੂ ਸਭਿਅਤਾ ਦੇ ਦਰਸ਼ਨ ਕਰਵਾ ਦਿੱਤੇ ਹਨ| ਪਿੰਡਾਂ ਦੇ ਜੀਵਨ ਵਿੱਚ ਪਾਏ ਜਾਂਦੇ ਵਹਿਮ ਭਰਮ, ਮਨਾਏ ਜਾਂਦੇ ਤਿਥ-ਤਿਓਹਾਰ, ਜੰਮਣ-ਮਰਨ, ਵਿਆਹ ਦੇ ਰੀਤੀ ਰਿਵਾਜ਼ਾਂ ਨੂੰ ਬਾਖ਼ੂਬੀ ਚਿਤਰਿਆ ਹੈ| ਉਹ ਪੰਜਾਬੀ ਦਿਹਾਤੀ ਵਿਰਾਸਤ ਦੇ ਰੰਗ ਵਿੱਚ ਰੰਗੇ ਹੋਏ ਸਨ, ਜਿਸ ਕਰਕੇ ਉਹ ਆਪਣੀ ਵਿਰਾਸਤ ‘ਤੇ ਸਾਰੀ ਉਮਰ ਪਹਿਰਾ ਦਿੰਦੇ ਰਹੇ| ਇਕ ਕਿਸਮ ਨਾਲ ‘ਮੇਰਾ ਪਿੰਡ’ ਪੁਸਤਕ ਹਵਾਲਾ ਪੁਸਤਕ ਹੈ, ਜਿਸ ਨੂੰ ਆਉਣ ਵਾਲੀ ਪੀੜ੍ਹੀ ਖੋਜ ਲਈ ਵਰਤਿਆ ਕਰੇਗੀ| ਪੰਜਾਬ ਦੀਆਂ ਲੋਕ ਕਹਾਣੀਆਂ ਇਸ ਪ੍ਰਸੰਗ ਦੀ ਇਕ ਵਿਲੱਖਣ ਵੰਨਗੀ ਹੈ, ਜਿਸ ਵਿੱਚ ਪੰਜਾਬੀ ਬਾਤਾਂ ਤਿੰਨ ਜਿਲਦਾਂ ਵਿੱਚ ਛਾਪੀਆਂ ਗਈਆਂ ਸਨ| ਉਨ੍ਹਾਂ ਸਿੰਘ ਸਭਾ ਲਹਿਰ ਵਿੱਚ ਨਵੀਂ ਰੂਹ ਪੈਦਾ ਕੀਤੀ| ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਦਾ ਵਣਜਾਰਾ ਕਿਹਾ ਜਾ ਸਕਦਾ ਹੈ| ਉਨ੍ਹਾਂ ਲੋਕਧਾਰਾਈ ਵਰਤਾਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਹੈ|
ਸੰਪਾਦਕ ਤੇ ਪੱਤਰਕਾਰ
ਗਿਆਨੀ ਗੁਰਦਿਤ ਸਿੰਘ ਨੇ ਆਪਣਾ ਕੈਰੀਅਰ ਮਹਿਜ 24 ਸਾਲ ਦੀ ਉਮਰ ਵਿੱਚ ਪੱਤਰਕਾਰੀ ਰਾਹੀਂ ਹੀ ਸ਼ੁਰੂ ਕੀਤਾ ਸੀ| ਉਹ ਉਚ ਕੋਟੀ ਦੇ ਨਿਡਰ ਪੱਤਰਕਾਰ ਤੇ ਸੰਪਾਦਕ ਸਨ| ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ ‘ਪ੍ਰਕਾਸ਼’ ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕੀਤਾ| ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ| ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ| ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ| ਇਸ ਅਖ਼ਬਾਰ ਵਿੱਚ ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ| ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ| 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ| ਇਨ੍ਹਾਂ ਪਤ੍ਰਿਕਾਵਾਂ ਰਾਹੀਂ ਉਹ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਰਹੇ| ਉਨ੍ਹਾਂ ਦਾ ਹਰ ਲੇਖ ਇਤਿਹਾਸਿਕ ਅਤੇ ਗੁਰਮਤਿ ਦੇ ਕੇਂਦਰੀ ਸਿਧਾਂਤ ‘ਤੇ ਅਧਾਰਤ ਬਾ-ਦਲੀਲ ਕੇਂਦਰਤ ਹੁੰਦਾ ਸੀ| ਉਹ ਸਿੰਘ ਸਭਾ ਸ਼ਤਾਬਦੀ ਕਮੇਟੀ ਅੰਮ੍ਰਿਤਸਰ ਦੇ ਵੀ ਜਨਰਲ ਸਕੱਤਰ ਰਹੇ| ਗਿਆਨੀ ਗੁਰਦਿੱਤ ਸਿੰਘ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਰਾਜ਼ ਇਕ ਖੋਜੀ ਪਤਤਰਕਾਰ ਤੇ ਸੰਪਾਦਕ ਹੋਣਾ ਹੈ| ਉਹ ਪੱਤਰਕਾਰੀ ਦੇ ਪਿਤਾਮਿਆਂ ਵਿੱਚੋਂ ਇਕ ਹਨ|
ਸਾਹਿਤਕਾਰ :
ਗਿਆਨੀ ਗੁਰਦਿੱਤ ਸਿੰਘ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ| ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ| ਗਿਆਨੀ ਗੁਰਦਿੱਤ ਸਿੰਘ ਨੇ ਪ੍ਰਸਿੱਧ ਧਾਰਮਿਕ ਵਿਦਵਾਨਾ ਦੀਆਂ ਜੀਵਨੀਆਂ ਵੀ ਲਿਖੀਆਂ ਹਨ| ਉਹ ਆਪਣੀ ਧੁਨ ਦੇ ਪੱਕੇ, ਸਿਰੜ੍ਹੀ ਅਤੇ ਦਰਵੇਸ਼ ਵਿਦਵਾਨ ਸਨ| ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ| ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ| ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ|
ਸਿਆਸਤਦਾਨ :
ਗਿਆਨੀ ਗੁਰਦਿੱਤ ਸਿੰਘ ਜੀ ਦੀ ਸਿੱਖੀ, ਗੁਰਮਤਿ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਪੰਜਾਬ ਲੈਜਿਸਲੇਚਰ ਕੌਂਸਲ ਦਾ 1956 ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ| ਪੰਜਾਬੀ ਯੂਨੀਵਰਸਿਟੀ ਅਤੇ ਤਖ਼ਤ ਦਮਦਮਾ ਸਾਹਿਬ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ| ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ|
ਮਾਨ ਸਨਮਾਨ
ਗਿਆਨੀ ਗੁਰਦਿਤ ਸਿੰਘ ਦੀਆਂ ਪੰਜਾਬ, ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਈ ਮਾਨ ਸਨਮਾਨ ਵੀ ਦਿਤੇ ਗਏ| ਉਹਨਾਂ ਨੂੰ ਮਿਲੇ ਮਾਨ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ 2006, ਪੰਜ ਪਾਣੀ ਪੁਰਸਕਾਰ 2005, ਦੂਰਦਰਸ਼ਨ ਜਲੰਧਰ ਵਲੋਂ ਚੀਫ ਖਾਲਸਾ ਦੀਵਾਨ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਪੁਰਸਕਾਰ 2000, ਕਰਤਾਰ ਸਿੰਘ ਧਾਲੀਵਾਲ ਅਵਾਰਡ, ਐਸ. ਜੀ. ਪੀ. ਸੀ. ਵਲੋਂ ਗੁਰਮਤਿ ਅਚਾਰੀਆ ਅਵਾਰਡ 1991, ਮੇਰਾ ਪਿੰਡ ਪੁਸਤਕ ਲਈ 1967 ਅਤੇ ਤਿਥ-ਤਿਉਹਾਰ ਲਈ 1960 ਆਦਿ ਸ਼ਾਮਲ ਹਨ| ਉਨ੍ਹਾਂ ਨੂੰ 1960 ਵਿੱਚ ਯੂਨੈਸਕੋ ਨੇ ਮੇਰਾ ਪਿੰਡ ਲੇਖ ਲਈ ਪੁਰਸਕਾਰ ਵੀ ਦਿੱਤਾ ਸੀ| 1970 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਤਿੰਨ ਸਾਲ ਲਈ ਆਨਰੇਰੀ ਫੈਲੋਸ਼ਿਪ ਪ੍ਰਦਾਨ ਕੀਤੀ ਸੀ|
ਗਿਆਨੀ ਗੁਰਦਿੱਤ ਸਿੰਘ ਦਾ ਜਨਮ ਮਾਲੇਰਕੋਟਲਾ ਰਿਆਸਤ (ਹੁਣ ਮਾਲੇਰਕੋਟਲਾ ਜਿਲ੍ਹਾ) ਦੇ ਪਿੰਡ ਮਿਠੇਵਾਲ ਵਿਖੇ ਪਿਤਾ ਹੀਰਾ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ 24 ਫਰਵਰੀ 1923 ਨੂੰ ਇਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਹੋਇਆ| ਮੁਢਲੀ ਪੜ੍ਹਾਈ ਪਿੰਡ ਦੇ ਗੁਰਦੁਆਰੇ ਵਿੱਚੋਂ ਪ੍ਰਾਪਤ ਕੀਤੀ| ਇਸ ਤੋਂ ਬਾਅਦ ਡੇਰਿਆਂ ਵਿੱਚ ਗ਼ੈਰਰਸਮੀ ਪੜ੍ਹਾਈ ਕੀਤੀ| 1945 ਵਿੱਚ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ| ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਭਾਵੇਂ ਉਚ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ ਪ੍ਰੰਤੂ ਉਨ੍ਹਾਂ ਦਾ ਕੰਮ ਉਚ ਕੋਟੀ ਦੇ ਵਿਦਵਾਨਾ ਤੋਂ ਵੀ ਵੱਧ ਸੀ| ਉਨ੍ਹਾਂ ਦੀ ਬੋਲੀ ਸਰਲ, ਗੱਲਬਾਤੀ ਅਤੇ ਬਿਰਤਾਂਤਿਕ ਹੈ, ਜਿਹੜੀ ਸੌਖਿਆਂ ਹੀ ਪਾਠਕ ਦੇ ਸਮਝ ਪੈ ਜਾਂਦੀ ਹੈ| ਗਿਆਨੀ ਜੀ ਨੇ ਆਮ ਲੋਕਾਂ ਵੱਲੋਂ ਵਰਤੀ ਜਾਂਦੀ ਬੋਲੀ ਦੀ ਅਮੀਰੀ ਅਤੇ ਸਮਰੱਥਾ ਦਰਸਾ ਕੇ ਇਸ ਨੂੰ ਸਾਹਿਤਕ ਖੇਤਰ ਵਿੱਚ ਪੂਰਾ ਆਦਰ ਮਾਣ ਦਿਵਾਇਆ| ਉਨ੍ਹਾਂ ਪੰਜਾਬੀ ਬੋਲੀ ਦੀ ਸਰਦਾਰੀ ਨੂੰ ਸਥਾਪਤ ਕਰ ਦਿੱਤਾ| ਉਹ ਲੋਕਾਂ ਦੀਆਂ ਗੱਲਾਂ ਲੋਕਾਂ ਦੀ ਭਾਸ਼ਾ ਵਿੱਚ ਲਿਖਦੇ ਸਨ| 17 ਜਨਵਰੀ 2007 ਨੂੰ ਗਿਆਨੀ ਗੁਰਦਿੱਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ|
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
-----------------------------------------------------
ਹਵਾਲੇ/ਸਰੋਤ : ਪੁਸਤਕ ‘ਗਿਆਨੀ ਗੁਰਦਿੱਤ ਸਿੰਘ 1923-2007
ਸੰਪਾਦਕ : ਇੰਦਰਜੀਤ ਕੌਰ ਤੇ ਰੂਪਿੰਦਰ ਸਿੰਘ
ਨਰਪਾਲ ਸਿੰਘ ਸ਼ੇਰਗਿੱਲ ਦਾ ‘24ਵਾਂ ਸਾਲਾਨਾ ਪੰਜਾਬੀ ਸੰਸਾਰ’ ਮਾਰਗ ਦਰਸ਼ਕ ਸਾਬਤ ਹੋਵੇਗਾ - ਉਜਾਗਰ ਸਿੰਘ
ਸੰਸਾਰ ਵਿੱਚ ਕੋਈ ਅਜਿਹਾ ਕੰਮ ਨਹੀਂ ਹੁੰਦਾ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ ਪ੍ਰੰਤੂ ਕਰਨ ਵਾਲੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨੇ ਤੇ ਪਹੁੰਚਣ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਹਨ ਪ੍ਰੰਤੂ ਉਸ ਦਾ ਪ੍ਰਚਾਰ ਨਹੀਂ ਕਰਦੇ। ਅਜਿਹੇ ਵਿਅਕਤੀਆਂ ਵਿੱਚ ਇਕ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦਾ ਮੁੱਦਈ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਲਗਾਤਾਰ ਪਿਛਲੇ ਲਗਪਗ 60 ਸਾਲਾਂ ਤੋਂ ਪੰਜਾਬ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਕਾਰਜ ਕਰਦਾ ਆ ਰਿਹਾ ਹੈ। ਉਹ ਆਪਣੀ ਅਮੀਰ ਵਿਰਾਸਤ ਤੇ ਪਹਿਰਾ ਦੇ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਨੂੰ ਸਮਝ ਸਕੇ। ਨਰਪਾਲ ਸਿੰਘ ਸ਼ੇਰਗਿੱਲ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬੀਆਂ ਦੀ ਸੱਚੇ ਦਿਲੋਂ ਸੇਵਾ ਕਰਦਾ ਆ ਰਿਹਾ ਹੈ। ਜੇ ਮੈਂ ਇਹ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਉਹ ਸਮੁੱਚੇ ਸੰਸਾਰ ਨੂੰ ਪੰਜਾਬੀਆਂ ਵੱਲੋਂ ਹਰ ਖੇਤਰ ਵਿੱਚ ਪਾਏ ਜਾ ਰਹੇ ਵਰਣਨਯੋਗ ਯੋਗਦਾਨ ਦੀ ਜਾਣਕਾਰੀ ਦੇ ਕੇ ਪੰਜਾਬੀਆਂ ਦਾ ਪੰਜਾਬ ਹਿਤੈਸ਼ੀ ਪ੍ਰਤੀਨਿਧ ਬਣ ਗਿਆ ਹੈ, ਜਿਹੜਾ ਸਹੀ ਅਰਥਾਂ ਵਿੱਚ ਪੰਜਾਬ ਹਿਤੈਸ਼ੀ ਕਹਾਉਣ ਦਾ ਹੱਕਦਾਰ ਬਣਿਆਂ ਹੈ। ਉਹ 1966 ਵਿੱਚ ਇੰਗਲੈਂਡ ਪਹੁੰਚ ਗਿਆ ਸੀ ਪ੍ਰੰਤੂ ਉਸ ਨੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ, ਜਿਸ ਤੋਂ ਉਸ ਦਾ ਦੇਸ਼ ਅਤੇ ਪੰਜਾਬ ਨਾਲ ਸਮਰਪਣ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬ ਖਾਸ ਤੌਰ ‘ਤੇ ਆਪਣੇ ਪਿੰਡ ‘ਮਜਾਲ ਖੁਰਦ’ ਦੀ ਮਿੱਟੀ ਦਾ ਮੋਹ ਨਰਪਾਲ ਸਿੰਘ ਸ਼ੇਰਗਿੱਲ ਨੂੰ ਪੰਜਾਬ ਨਾਲ ਜੋੜੀ ਰਖਦਾ ਹੈ। ਆਪਣੀ ਜਨਮ ਭੂਮੀ ਪੰਜਾਬ ਨਾਲ ਉਸ ਦਾ ਮੋਹ ਕਮਾਲ ਦਾ ਹੈ, ਉਹ ਰਹਿੰਦਾ ਇੰਗਲੈਂਡ ਵਿੱਚ ਹੈ ਪ੍ਰੰਤੂ ਹਰ ਸਾਲ ਅੱਧਾ ਵਰ੍ਹਾ ਪੰਜਾਬ ਵਿੱਚ ਆ ਕੇ ਇਹ ਪੁਸਤਕ ਪ੍ਰਕਾਸ਼ਤ ਕਰਵਾਉਂਦਾ ਹੈ ਅਤੇ ਪੰਜਾਬ ਹਿਤੈਸ਼ੀ ਕੰਮ ਕਰਨ ਲਈ ਕਈ ਸਮਾਜਿਕ, ਸਭਿਆਚਾਰਕ ਅਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਨੂੰ ਪ੍ਰੇਰਤ ਕਰਦਾ ਰਹਿੰਦਾ ਹੈ। ਪਿਛਲੇ 24 ਸਾਲ ਤੋਂ ਉਹ ਲਗਾਤਾਰ ‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’ ਵਡਆਕਾਰੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਦਾ ਆ ਰਿਹਾ ਹੈ। ਸਭ ਤੋਂ ਪਹਿਲਾਂ ਨਰਪਾਲ ਸਿੰਘ ਸ਼ੇਰਗਿੱਲ ਨੇ 1981 ਵਿੱਚ ਲੰਦਨ ਤੋਂ ਅੰਗਰੇਜ਼ੀ ਦਾ ਮਾਸਕ ਅਖ਼ਬਾਰ ‘ਦਾ ਪਾਲਿਟਿਕਸ’ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। 1984 ਤੋਂ ਬਾਕਾਇਦਾ ਪੰਜਾਬੀ ਦੇ ਅਖ਼ਬਾਰਾਂ ਲਈ ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਲਿਖਣੇ ਸ਼ੁਰੂ ਕੀਤੇ, ਜਿਹੜੇ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨ, ਹਾਲੈਂਡ, ਫਰਾਂਸ ਅਤੇ ਆਸਟਰੇਲੀਆ ਦੇ 14 ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਸਨ। ਅੱਜ ਤੱਕ ਇਨ੍ਹਾਂ ਅਖ਼ਬਾਰਾਂ ਵਿੱਚ ਉਸ ਦੇ ਲੇਖ ਪ੍ਰਕਾਸ਼ਤ ਹੋ ਰਹੇ ਹਨ। ਫਿਰ ਜਲੰਧਰ ਤੋਂ ਪ੍ਰਕਾਸ਼ਤ ਹੋਣ ਵਾਲੇ ਅਜੀਤ ਅਖ਼ਬਾਰ ਲਈ ਇੰਗਲੈਂਡ ਤੋਂ ਲੇਖ ਲਿਖਣੇ ਸ਼ੁਰੂ ਕੀਤੇ ਜਿਹੜੇ ਪਰਵਾਸ ਵਿੱਚ ਵਸੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਨਾਲ ਸੰਬੰਧਤ ਹੁੰਦੇ ਸਨ। 1985 ਤੋਂ ‘ਇੰਟਰਨੈਸ਼ਨਲ ਸਿੱਖ ਡਾਇਰੈਕਟਰੀ’ ਜਿਸ ਵਿੱਚ ਲਗਪਗ 2000 ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਦੇ ਐਡਰੈਸ ਸ਼ਾਮਲ ਸਨ ਅਤੇ 1998 ਤੋਂ ‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਚਰਚਾ ਅਧੀਨ ਪੁਸਤਕ ‘ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ-22’ ਦਾ ‘24ਵਾਂ ਪੰਜਾਬੀ ਸੰਸਾਰ’ ਅੰਕ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਈ ਨਵੇਂ ਚੈਪਟਰ/ਫੀਚਰ ਸ਼ੁਰੂ ਕੀਤੇ ਹਨ। ਇਹ ਪੁਸਤਕ ਭਾਰਤੀਆਂ/ਪੰਜਾਬੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਹੈ। ਇਸ ਪੁਸਤਕ ਵਿੱਚ ਸੰਸਾਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਭਾਰਤੀਆਂ/ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਾਡੇ ਨੌਜਵਾਨ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਸੰਸਾਰ ਵਿੱਚ ਮਾਅਰਕੇ ਮਾਰ ਸਕਣ। ਪੁਸਤਕ ਵਿੱਚ ਭਾਰਤ ਦੀਆਂ ਸੰਸਾਰ ਵਿੱਚ ਅੰਬੈਸੀਆਂ ਅਤੇ ਹਾਈ ਕਮਿਸ਼ਨਜ਼ ਦੇ ਦਫਤਰਾਂ ਦੇ ਐਡਰੈਸ, ਪਤੇ ਅਤੇ ਈ ਮੇਲਜ਼ ਹਨ ਤਾਂ ਜੋ ਕਿਸੇ ਵੀ ਪਰਵਾਸੀ ਭਾਰਤੀ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ। ਇਸੇ ਤਰ੍ਹਾਂ ਸੰਸਾਰ ਵਿੱਚ ਵਸ ਰਹੇ ਮਹੱਤਵਪੂਰਨ ਭਾਰਤੀਆਂ ਖਾਸ ਤੌਰ ‘ਤੇ ਪੰਜਾਬੀਆਂ ਦੇ ਐਡਰੈਸ, ਈ ਮੇਲਜ਼, ਟੈਲੀਫੋਨ ਨੰਬਰ ਦਿੱਤੇ ਹੋਏ ਹਨ। 106 ਭਾਰਤੀਆਂ ਪੰਜਾਬੀਆਂ ਦੀ ਡਾਇਰੈਕਟਰੀ, 125 ਭਾਰਤੀਆਂ/ਪੰਜਾਬੀਆਂ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ, 672 ਗੁਰਦੁਆਰੇ, ਭਾਰਤ ਵਿਚਲੇ ਗੁਰਦੁਆਰੇ, 124 ਉਦਮੀਆਂ, 92 ਲਾਅ ਦਫਤਰ ਅਤੇ ਇਮੀਗਰੇਸ਼ਨ ਸਲਾਹਕਾਰ, ਟਰੈਵਲ ਟੂਰਜ਼, ਮਨੀ ਟਰਾਂਸਫਰ, ਹੋਟਲ ਰੈਸਟੋਰੈਂਟਸ, ਪੰਜਾਬੀ ਲੇਖਕ, ਪੇਂਟਰ, 51 ਕਿਸੇ ਵੀ ਖੇਤਰ ਵਿੱਚ ਪਹਿਲਕਦਮੀ ਕਰਨ ਵਾਲੇ ਵਿਅਕਤੀਆਂ, ਗਲੋਬਲ ਮੀਡੀਆ, ਅਖ਼ਬਾਰ ਆਦਿ ਦੀਆਂ ਸੂਚੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਾਰੇ ਵਿਧਾਨਕਾਰਾਂ ਦੇ ਵੀ ਟੈਲੀਫੋਨ ਨੰਬਰ ਦਿੱਤੇ ਗਏ ਹਨ। ਜਿਹੜੇ 124 ਉਦਮੀਆਂ ਦੀ ਸੂਚੀ ਦਿੱਤੀ ਗਈ ਹੈ ਉਨ੍ਹਾਂ ਦੇ ਜੀਵਨ ਬਿਓਰੇ ਵੀ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਜੀਵਨ ਦੀ ਜਦੋਜਹਿਦ ਬਾਰੇ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਕਿਸ ਪ੍ਰਕਾਰ ਮਿਹਨਤ ਕਰਕੇ ਸੰਸਾਰ ਦੇ ਸਿਰਮੌਰ ਉਦਮੀ ਬਣੇ ਹਨ। ਸਿਆਸਤ ਵਿੱਚ ਜਿਹੜੇ ਭਾਰਤੀਆਂ/ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ਉਨ੍ਹਾਂ ਦੀਆਂ ਰੰਗਦਾਰ ਤਸਵੀਰਾਂ ਅਤੇ ਜੀਵਨ ਬਿਓਰੇ ਦਿੱਤੇ ਗਏ ਹਨ। ਉਨ੍ਹਾਂ ਵਿੱਚ ਮੁੱਖ ਤੌਰ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਾਬਕ ਪ੍ਰੀਮੀਅਰ ਉਜਲ ਦੋਸਾਂਝ, ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ, ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਇੰਗਲੈਂਡ, ਵਰਿੰਦਰ ਸ਼ਰਮਾ ਚਾਰ ਵਾਰ ਲਗਾਤਾਰ ਐਮ.ਪੀ. ਇੰਗਲੈਂਡ, ਟਿਮ ਉਪਲ ਕੈਨੇਡਾ ਦਾ ਪਹਿਲਾ ਦਸਤਾਰਧਾਰੀ ਸਿੱਖ ਮੰਤਰੀ, ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਇਸਤਰੀ ਐਮ.ਪੀ.ਇੰਗਲੈਂਡ, ਅਨੂਪ ਸਿੰਘ ਚੌਧਰੀ ਯੁਗਾਂਡਾ ਦੀ ਹਾਈ ਕੋਰਟ ਦੇ ਪਹਿਲੇ ਜੱਜ, ਗੁਰਭਜਨ ਸਿੰਘ ਗਿੱਲ ਅਤੇ ਰਾਵਿੰਦਰ ਰਵੀ ਪੰਜਾਬੀ ਸਾਹਿਤਕਾਰ, ਜਰਨੈਲ ਸਿੰਘ ਆਰਟਿਸਟ, ਪਲਬਿੰਦਰ ਕੌਰ ਸ਼ੇਰਗਿੱਲ ਪਹਿਲੀ ਦਸਤਾਰਧਾਰੀ ਸਿੱਖ ਕੈਨੇਡਾ ਦੀ ਹਾਈਕੋਰਟ ਦੀ ਜੱਜ, ਅਮਰ ਸਿੰਘ ਸ਼ਾਂਤ ਫਾਊਂਡਰ ਪਹਿਲੀ ਸਿੱਖ ਅਕਾਡਮੀ ਮਿਡਲਸੈਕਸ ਯੂ.ਕੇ. ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਸਰੋਕਾਰਾਂ ਨਾਲ ਸੰਬੰਧਤ ਨਾਮਵਰ ਲੇਖਕਾਂ ਦੇ ਲੇਖ ਵੀ ਦਿੱਤੇ ਗਏ ਹਨ। ਪੰਜਾਬ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਚੋਟੀ ਦੇ ਪੱਤਰਕਾਰਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਪੰਜਾਬ ਦੇ ਪਾਣੀਆਂ ਤੇ ਹੋ ਰਹੀ ਸਿਆਸਤ ਅਤੇ ਜ਼ਮੀਨਦੋਜ਼ ਪਾਣੀ ਦਾ ਖ਼ਤਮ ਹੋਣ ਬਾਰੇ ਵੀ ਸੁਚੇਤ ਕੀਤਾ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖੀ ਪੰਜਾਬ ਦੇ ਵਿਕਾਸ ਵਿੱਚ ਰੋੜਾ ਬਣ ਰਹੀ ਹੈ। 264 ਪੰਨਿਆਂ ਦੀ ਵੱਡਆਕਾਰੀ ਪੁਸਤਕ ਵਿੱਚ ਹਰ ਖੇਤਰ ਦੇ ਪਤਵੰਤੇ ਵਿਅਕਤੀਆਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਹੈਰਾਨੀ ਅਤੇ ਮਾਣ ਦੀ ਗੱਲ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਇਕੱਲਾ ਕਹਿਰਾ ਵਿਅਕਤੀ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕੇ ਭਾਰਤੀਆਂ/ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਿਹਾ ਹੈ। ਜਦੋਂ ਕਿ ਅਜਿਹੇ ਉਦਮ ਸਰਕਾਰਾਂ ਜਾਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਉਹ ਇਹ ਪੁਸਤਕ ਹਰ ਸਾਲ ਪ੍ਰਕਾਸ਼ਤ ਕਰਦਾ ਹੈ। ਇਸ ਪੁਸਤਕ ਵਿੱਚ ਇਕ ਹੋਰ ਬਹੁਤ ਵਧੀਆ ਗੱਲ ਇਹ ਹੈ ਕਿ ਇਸ ਦੇ 60 ਪੰਨਿਆਂ ਵਿੱਚ ਪੰਜਾਬੀ ਦੇ ਲੇਖ ਹਨ, ਜਿਹੜੇ ਨਾਮਵਰ ਵਿਦਵਾਨਾਂ ਨੇ ਲਿਖੇ ਹਨ, ਜਿਨ੍ਹਾਂ ਲੇਖਾਂ ਵਿੱਚ ਪੰਜਾਬ ਦੀ ਵਿਰਾਸਤ, ਸਭਿਅਚਾਰ ਅਤੇ ਆਰਥਿਕ ਸਥਿਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਜਾਬ ਨੇ ਜਿਹੜੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਜਿਨ੍ਹਾਂ ਖੇਤਰਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ, ਉਨ੍ਹਾਂ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ ਤਾਂ ਜੋ ਪਰਵਾਸ ਵਿੱਚ ਵਸਦੇ ਭਾਰਤੀਆਂ/ਪੰਜਾਬੀਆਂ ਨੂੰ ਜਾਣਕਾਰੀ ਮਿਲ ਸਕੇ। ਜਿਹੜੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ ਉਨ੍ਹਾਂ ਵਿੱਚ ਪੱਤਰਕਾਰੀ ਦੇ ਅਥਾਹ ਜਜ਼ਬੇ ਦਾ ਵਗਦਾ ਦਰਿਆ, ਫੁੱਲਾਂ ਦੀ ਖੇਤੀ ਦੇ ਸ਼ਾਹ ਅਸਵਾਰ ਸ਼ੇਰਗਿੱਲ ਭਰਾ ਕਰਮਜੀਤ ਸਿੰਘ ਸ਼ੇਰਗਿੱਲ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿੱਲ, ਮੇਵਿਆਂ ਦਾ ਬਾਦਸ਼ਾਹ-ਬਲਜੀਤ ਸਿੰਘ ਚੱਢਾ, ਸੌਗੀ ਦਾ ਬਾਦਸ਼ਾਹ-ਚਰਨਜੀਤ ਸਿੰਘ ਬਾਠ, ਬਦਾਮਾ ਦੇ ਬਾਦਸ਼ਾਹ -ਟੁੱਟ ਬਰਦਰਜ਼, ਰੰਗੋਂ ਬੇਰੰਗ ਹੋਇਆ ਪੰਜਾਬ, ਚੋਣਾਂ ਵਿੱਚ ਪਾਰਦਰਸ਼ਤਾ ਕਿਉਂ ਨਹੀਂ?, ਪੰਜਾਬ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ, ਸਿੱਖਾਂ ਦੇ ਪ੍ਰਵਾਸ ਨਾਲ ਇੰਝ ਹੋਇਆ, ਸਿੱਖੀ ਸਰੂਪ ਦੀ ਆਨ ਤੇ ਸ਼ਾਨ ਦਸਤਾਰ, ਸਿੱਖ ਵਿਰੋਧੀ ਨਸਲਵਾਦ, ਸ਼ੇਰਗਿੱਲ ਦੀ 54 ਸਾਲਾ ਸੰਸਾਰ ਯਾਤਰਾ ਆਦਿ ਹਨ। ਸਿੱਖਾਂ ਨੂੰ ਪਰਵਾਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਸਤਾਰ ਅਤੇ ਨਸਲਵਾਦ ਬਾਰੇ ਸ਼ੇਰਗਿੱਲ ਅਗਾਊਂ ਚੇਤੰਨ ਕਰਦਾ ਆ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ 80 ਸਾਲ ਦੀ ਉਮਰ ਵਿੱਚ ਵੀ ਇਤਨਾ ਸਰਗਰਮ ਹੈ, ਜਿਤਨਾਂ ਨੌਜਵਾਨਾ ਲਈ ਵੀ ਅਸੰਭਵ ਹੁੰਦਾ ਹੈ। ਹੈਰਾਨੀ ਇਹ ਵੀ ਹੈ ਕਿ ਉਹ ਖੁਦ ਮੈਟਰ ਦੀ ਚੋਣ ਕਰਦਾ ਹੈ, ਖੁਦ ਹੀ ਇਸ ਦੀ ਤਰਤੀਵ ਬਣਾਉਂਦਾ ਹੈ, ਆਪ ਹੀ ਦਿੱਲੀ ਜਾ ਕੇ ਛਾਪਕ ਨੂੰ ਸਮਝਾ ਕੇ ਆਉਂਦਾ ਹੈ। ਫਿਰ ਇਤਨੇ 264 ਵਡਅਕਾਰੀ ਪੰਨਿਆਂ ਦੇ ਪਰੂਫ ਵੀ ਆਪ ਹੀ ਪੜ੍ਹਦਾ ਹੈ। ਸੰਸਥਾਵਾਂ ਨੇ ਤਾਂ ਅਮਲਾ ਭਰਤੀ ਕੀਤਾ ਹੁੰਦਾ ਹੈ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਖੁਦ ਹੀ ਇਕ ਸੰਸਥਾ ਹੈ। ਉਹ ਲੇਖਕ ਹੋਣ ਦੇ ਨਾਲ ਸੰਪਾਦਕ, ਪ੍ਰਕਾਸ਼ਕ ਅਤੇ ਮਾਲਕ ਵੀ ਆਪ ਹੀ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਦਾ ਮਾਹਿਰ ਵੀ ਹੈ, ਜਿਸ ਕਰਕੇ ਉਸ ਨੂੰ ਕੋਈ ਸਮੱਸਿਆ ਨਹੀਂ ਹੁੰਦੀ। ਸ਼ਾਲਾ ਪਰਮਾਤਮਾ ਉਸ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀ ਬਖ਼ਸ਼ੇ ਤਾਂ ਜੋ ਉਹ ਭਾਰਤੀਆਂ/ਪੰਜਾਬੀਆਂ ਦੀ ਇਤਨੇ ਹੀ ਉਤਸ਼ਾਹ ਅਤੇ ਜੋਸ਼ ਨਾਲ ਸੇਵਾ ਕਰਦਾ ਰਹੇ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੁਸਤਕ ਸਮੀਖਿਆ- ਪਿੰਡ ਕੱਦੋਂ ਦੇ ਵਿਰਾਸਤੀ ਰੰਗ/ਉਜਾਗਰ ਸਿੰਘ
-ਗੁਰਮੀਤ ਸਿੰਘ ਪਲਾਹੀ
ਹਰ ਪਿੰਡ ਦਾ ਆਪਣਾ ਰੰਗ ਹੈ। ਹਰ ਪਿੰਡ ਦੀ ਆਪਣੀ ਪਛਾਣ ਹੈ। ਹਰ ਪਿੰਡ ਦੀ ਨਿਵੇਕਲੀ ਵਿਰਾਸਤ ਹੈ। ਹਰ ਪਿੰਡ 'ਚ ਵੱਖੋ-ਵੱਖਰੀਆਂ ਜਾਤਾਂ, ਗੋਤਾਂ, ਧਰਮਾਂ ਨੂੰ ਮੰਨਣ ਵਾਲੇ ਲੋਕ ਵਸਦੇ ਹਨ। ਪਰ ਹਰ ਪਿੰਡ 'ਚ ਲੋਕਾਂ ਦੀਆਂ ਸਾਂਝਾਂ, ਪੀਡੀਆਂ ਹਨ। ਰਿਸ਼ਤਿਆਂ ਦੀਆਂ ਨਾ ਟੁੱਟਣਯੋਗ ਤੰਦਾਂ ਹਨ। ਪਿਆਰ ਹੈ, ਮੁਹੱਬਤ ਹੈ, ਆਪਸੀ ਵਿਸ਼ਵਾਸ਼ ਹੈ।
ਪੰਜਾਬ ਦਾ ਪਿੰਡ ਕੱਦੋਂ ਜੋ ਸਾਡੇ ਉੱਘੇ ਕਾਲਮਨਵੀਸ ਉਜਾਗਰ ਸਿੰਘ ਦਾ ਪਿੰਡ ਹੈ, ਇਹੋ ਜਿਹੀ ਹੀ ਵੱਖਰੀ ਪਛਾਣ ਵਾਲਾ ਪਿੰਡ ਹੈ। ਲੁਧਿਆਣਾ ਜ਼ਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ, ਪਹਿਲਾਂ ਕਦੇ ਪਟਿਆਲਾ ਜ਼ਿਲੇ ਵਿੱਚ ਹੁੰਦਾ ਸੀ। ਇਸ ਪਿੰਡ ਦੀ ਤਸਵੀਰ, ਇਸ ਪਿੰਡ ਦੀ ਬੱਝਤ, ਇਸ ਪਿੰਡ ਦੀ ਤਰੱਕੀ, ਇਸ ਪਿੰਡ ਦੀਆਂ ਪ੍ਰਾਪਤੀਆਂ, ਇਸ ਪਿੰਡ ਦੇ ਲੋਕਾਂ, ਇਸ ਪਿੰਡ ਦੇ ਰੀਤੀ-ਰਿਵਾਜ਼ਾਂ, ਮੋਹਤਵਰ ਸੱਜਣਾਂ ਦਾ ਖਾਕਾ ਉਜਾਗਰ ਸਿੰਘ ਨੇ ਆਪਣੀ ਪੁਸਤਕ "ਪਿੰਡ ਕੱਦੋਂ ਦੇ ਵਿਰਾਸਤੀ ਰੰਗਾਂ 'ਚ ਚਿਤਰਿਆ ਹੈ।
ਇਸ ਸੁਚਿੱਤਰ ਪੁਸਤਕ ਦੇ 188 ਸਫ਼ੇ ਹਨ। ਲੇਖਕ ਦੇ ਦੋ ਸ਼ਬਦਾਂ ਉਪਰੰਤ ਭੂਗੋਲਿਕ ਇਤਿਹਾਸਕਤਾ ਆਰ-ਪਰਿਵਾਰ, ਬਸ਼ਿੰਦੇ, ਅਦਾਰੇ, ਕਿੱਤੇ, ਪ੍ਰਮੁੱਖ ਸਖ਼ਸ਼ੀਅਤਾਂ ਆਦਿ ਦੇ 20 ਚੈਪਟਰ ਹਨ। ਹਰ ਚੈਪਟਰ 'ਚ ਵਿਸਥਾਰ ਹੈ। ਲੇਖਕ ਦੇ ਸ਼ਬਦਾਂ 'ਚ ਕੱਦੋਂ ਪਿੰਡ ਕਿਸ ਸਮੇਂ ਬਣਿਆ ਅਤੇ ਕਿਥੋਂ ਆਕੇ ਲੋਕ ਵਸੇ, ਇਸਦੀ ਤੱਥਾਂ 'ਤੇ ਅਧਾਰਿਤ ਕੋਈ ਠੋਸ ਜਾਣਕਾਰੀ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਪਤ ਨਹੀਂ ਹੋ ਸਕੀ। ਇਤਿਹਾਸਿਕ ਪੁਸਤਕਾਂ ਵਿੱਚ ਵੀ ਇਸਦੀ ਜਾਣਕਾਰੀ ਨਹੀਂ ਮਿਲਦੀ।
ਮਿਥਹਾਸਿਕ ਜਾਣਕਾਰੀ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਿਰਭਰ ਹੈ , ਪੁਸ਼ਤ ਦਰ ਪੁਸ਼ਤ ਪੁਰਖਿਆਂ ਤੋਂ ਅੱਜ ਤੱਕ ਪੁੱਜਦੀਆਂ ਹਨ। ਅਸਲ `ਚ ਇਹ ਪੰਜਾਬ ਦੇ ਨਵੇਂ ,ਪੁਰਾਣੇ , ਪੰਜਾਂ ਦਰਿਆਵਾਂ ਅਤੇ ਹੁਣ ਢਾਈ ਦਰਿਆਵਾਂ ਦੇ ਪਿੰਡ ਦੀ ਕਹਾਣੀ ਹੈ। ਪਿੰਡ ਵਸਿਆ ਹੈ, ਪਿੰਡ ਹੱਸਿਆ ਹੈ, ਪਿੰਡ ਵਸਦਾ ਹੈ, ਪਿੰਡ ਹੱਸਦਾ ਹੈ , ਪਿੰਡ ਜਿਊਂਦਾ ਹੈ, ਅਤੇ ਪਿੰਡ ਸਾਂਝਾ ਪਗਾਉਂਦਾ , ਪੰਜਾਬ ਦੇ ਵਿਰਸੇ ਨੂੰ ਸੰਭਾਲੀ ਬੈਠਾ ਹੈ । ਇਹੋ ਪਿੰਡ ਕੱਦੋਂ ਦਾ ਇਤਿਹਾਸ ਹੈ, ਇਹ ਪਿੰਡ ਕੱਦੋਂ ਤੇ ਹੋਰ ਪਿੰਡਾਂ ਦਾ ਮਿਥਿਹਾਸ ਹੈ ।
ਕੱਦੋਂ ਪਿੰਡ ਦਾ ਵਿਖਿਆਨ ਕਰਦਿਆਂ ਉਜਾਗਰ ਸਿੰਘ ਭਾਵੁਕ ਨਹੀਂ , ਪਰ ਉਸਦਾ ਪਿੰਡ ਨਾਲ, ਪਿੰਡ ਵਾਲਿਆਂ ਨਾਲ , ਲੋਹੜੇ ਦਾ ਮੋਹ ਹੈ, ਲਗਾਅ ਹੈ, ਇਸ ਕਰਕੇ ਉਹ ਪਿੰਡ ਦੀ ਹਰ ਚੀਜ਼ ਦਾ ਵਰਣਨ ਕਰਦਾ ਹੈ। ਸਮੇਤ ਆਪਣੇ ਸਾਥੀਆਂ ਦੇ , ਜਿਹਨਾਂ ਨਾਲ ਉਸਦੀਆਂ ਯਾਦਾਂ ਜੁੜੀਆਂ ਹਨ।ਪਿੰਡ ਦੀਆਂ ਪੱਤੀਆਂ/ ਬਗਲ /ਲਾਵੇ /ਅੱਲਾਂ , ਪਿੰਡ ਦਾ 100 ਸਾਲ ਪੁਰਾਣਾ ਬਰੋਟਾਂ , ਗੁਰਦੁਆਰਾ ਬਾਬਾ ਸਿੱਧਸਰ, ਗੁਰਦੁਆਰਾ ਸ਼ਹੀਦਾਂ , ਸ਼ਿਵ ਮੰਦਿਰ , ਸਮਾਧ ਅਤੇ ਫਿਰ ਪਿੰਡ ਦੇ ਵਿਕਾਸ ਦੀ ਤਸਵੀਰ ‘ਗੁਰੂ ਨਾਨਕ ਮਾਰਗ’ ਬਾਰੇ ਉਜਾਗਰ ਸਿੰਘ ਦੀ ਇਸ ਪੁਸਤਕ 'ਚ ਦਰਜ਼ ਹਨ । ਸਮਾਜ ਸੇਵਕਾਂ , ਖੇਡ , ਖਿਡਾਰੀਆਂ , ਆਰਮੀ ਅਫਸਰਾਂ , ਪ੍ਰਸਿੱਧ ਸਖ਼ਸ਼ੀਅਤਾਂ ਨੂੰ ਵੀ ਉਜਾਗਰ ਸਿੰਘ ਦੀ ਕਲਮ ਭੁਲੀ ਨਹੀਂ ।
ਇਹ ਪੁਸਤਕ ਅਸਲ ਅਰਥਾਂ `ਚ ਪੰਜਾਬ ਦੇ ਪਿੰਡਾਂ ਦੀ ਹੂ-ਬ-ਹੂ ਤਸਵੀਰ ਅਤੇ ਪੜ੍ਹਨ ਯੋਗ ਪੁਸਤਕ ਹੈ, ਜੋ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਹੈ। ਪੁਸਤਕ ਦੀ ਕੀਮਤ 350 ਰੁਪਏ ਹੈ।ਇਹ ਪੁਸਤਕ ਉਜਾਗਰ ਸਿੰਘ ਨੇ ਆਪਣੇ ਪਿਤਾ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਨੂੰ ਸਮਰਪਿਤ ਕੀਤੀ ਹੈ।
-ਗੁਰਮੀਤ ਸਿੰਘ ਪਲਾਹੀ
-9815802070