Atamjit

ਹੰਸ ਅਤੇ ਸਨੀ ਦਿਉਲ ਨੂੰ ਖੁਲ੍ਹਾ ਖ਼ਤ - ਆਤਮਜੀਤ

ਪਿਆਰੇ ਹੰਸ ਜੀ ਅਤੇ ਦਿਉਲ ਜੀ,

ਆਸ ਹੈ ਠੀਕ-ਠਾਕ ਹੋਵੋਗੇ। ਕਿਸਾਨਾਂ ਦਾ ਰੋਸ ਪ੍ਰਦਰਸ਼ਨ ਸਾਡੇ ਮੁਲਕ ਵਿਚ ਕਈ ਅਰਥਾਂ ਵਿਚ ਮਹੱਤਵਪੂਰਨ ਹੈ। ਕਿਸੇ ਵੀ ਰਾਜਸੀ ਠੁਮ੍ਹਣੇ ਤੋਂ ਬਿਨਾਂ, ਕਿਸੇ ਵੀ ਇਕ ਲੀਡਰ ਦੀ ਅਣਹੋਂਦ ਵਿਚ, ਦਿੱਲੀ ਦੀਆਂ ਨੀਤੀਆਂ ਖ਼ਿਲਾਫ਼ ਦਿੱਲੀ ਤੋਂ ਦੂਰ-ਦੁਰੇਡੇ ਰਹਿਣ ਵਾਲੇ ਕਿਸਾਨਾਂ ਦਾ ਰੋਹ ਹੁਣ ਉਸੇ ਦਿੱਲੀ ਦੀਆਂ ਬਰੂਹਾਂ ਉੱਤੇ ਸ਼ਾਂਤਮਈ ਢੰਗ ਨਾਲ ਆਪ-ਮੁਹਾਰੇ ਫੁੱਟ ਰਿਹਾ ਹੈ। ਪਰਿਵਾਰ ਦੇ ਛੋਟੇ-ਵੱਡੇ ਜੀਆਂ ਨੂੰ ਨਾਲ ਲਿਜਾ ਕੇ, ਰਾਹ ਦੀਆਂ ਵੱਡੀਆਂ ਰੋਕਾਂ ਨੂੰ ਹਟਾ ਕੇ, ਟਰੈਕਟਰਾਂ ਨੂੰ ਘਰ ਬਣਾ ਕੇ, ਆਪਣਾ ਲੰਗਰ ਆਪ ਪਕਾ ਕੇ ਅਤੇ ਉਨ੍ਹਾਂ ਉੱਤੇ ਜਲ ਤੋਪਾਂ ਚਲਾਉਣ ਵਾਲਿਆਂ ਨੂੰ ਵੀ ਛਕਾ ਕੇ ਇਨ੍ਹਾਂ ਕਿਸਾਨਾਂ ਨੇ ਇਕ ਸਜਰਾ ਇਤਿਹਾਸ ਸਿਰਜ ਦਿੱਤਾ ਹੈ। ਜਿਹੜਾ ਸੂਬਾ 'ਉੜਤਾ ਪੰਜਾਬ' ਕਿਹਾ ਜਾਣ ਲੱਗ ਪਿਆ ਸੀ ਉਹ ਹੁਣ 'ਜੁੜਤਾ ਪੰਜਾਬ' ਬਣ ਰਿਹਾ ਹੈ। ਅੱਜ ਸਾਰਾ ਪੰਜਾਬ ਇਨ੍ਹਾਂ ਅੰਨਦਾਤਿਆਂ ਦਾ ਸਮਰਥਣ ਕਰ ਰਿਹਾ ਹੈ। ਪਾਰਟੀਆਂ ਦੀਆਂ ਵੰਡਾਂ ਵੀ ਕੁਝ ਫਿੱਕੀਆਂ ਪੈ ਰਹੀਆਂ ਹਨ ਕਿਉਂਕਿ ਕਿਸਾਨਾਂ ਨੇ ਕਿਸੇ ਨੂੰ ਵੀ ਘਾਹ ਨਹੀਂ ਪਾਇਆ। ਜਿਹੜੇ ਜੱਟ ਨੂੰ ਅਨਜਾਣ ਅਤੇ ਮੂਰਖ ਵੀ ਕਿਹਾ ਜਾਂਦਾ ਸੀ, ਅੱਜ ਉਸਦੀ ਯੋਜਨਾ ਅਤੇ ਸਬਰ ਸਿਰੇ 'ਤੇ ਪਹੁੰਚ ਗਏ ਹਨ। ਅੱਜ ਪੰਜਾਬ ਦਾ ਕਿਸਾਨ ਮੁਲਕ ਭਰ ਦੇ ਕਿਸਾਨਾਂ ਨੂੰ ਸੇਧ ਦੇ ਰਿਹਾ ਹੈ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਹੁਣ ਹੋਰ ਵੀ ਕਿਸਾਨ ਚੌਫ਼ੇਰਿਉਂ ਅਤੇ ਦੂਰ ਦੁਰਾਡੀਆਂ ਥਾਵਾਂ ਤੋਂ ਦਿੱਲੀ ਵੱਲ ਤੁਰ ਚੁੱਕੇ ਹਨ। ਕੋਈ ਇਸ਼ਤਿਹਾਰ ਨਹੀਂ, ਟੀ ਵੀ ਉੱਤੇ ਬਿਆਨਬਾਜ਼ੀ ਨਹੀਂ, ਪਰ ਰਾਜਧਾਨੀ ਦਾ ਜੀਣਾ ਮੁਹਾਲ ਹੋ ਰਿਹਾ ਹੈ। ਪੰਜਾਬ-ਹਰਿਆਣਾ ਨਾਲ ਤਾਂ ਦਿੱਲੀ ਦੇ ਦੋ ਮੁਖ ਬਾਰਡਰਾਂ ਦੀ ਹੱਦ ਦੀ ਸਾਂਝ ਹੈ ਪਰ ਹੁਣ ਦਿੱਲੀ ਦੇ ਸਾਰੇ ਬਾਰਡਰਾਂ ਉੱਤੇ ਕਿਸਾਨਾਂ ਦਾ ਰਾਜ ਹੈ।
       ਤੁਹਾਨੂੰ ਯਾਦ ਹੋਵੇਗਾ ਕਿ ਸਵਾ ਸਾਲ ਪਹਿਲਾਂ ਇਸੇ ਤਰ੍ਹਾਂ ਦਾ ਰੋਸ ਸ਼ਾਹੀਨ ਬਾਗ਼ ਵਿਚ ਵੀ ਕੀਤਾ ਗਿਆ ਸੀ। ਭਾਵੇਂ ਉਸ ਵਿਚ ਮੁੱਖ ਤੌਰ 'ਤੇ ਦਿੱਲੀ-ਵਾਸੀਆਂ ਦੀ ਭੀੜ ਸੀ ਪਰ ਤੁਹਾਡੀ ਭਾਜਪਾ ਸਰਕਾਰ ਉਸ ਵਿਦਰੋਹ ਨੂੰ ਦੇਸ਼-ਵਿਰੋਧੀ ਸਾਬਤ ਕਰਨ ਵਿਚ ਰੁੱਝੀ ਹੋਈ ਸੀ। ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਹੋਣ ਕਾਰਨ ਇਸ ਬਿੱਲ ਨਾਲ ਮੁਸਲਿਮ ਭਾਈਚਾਰਾ ਵਧੇਰੇ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦੀ ਸ਼ਮੂਲੀਅਤ ਵੀ ਜ਼ਿਆਦਾ ਸੀ। ਮੋਮਨ ਔਰਤਾਂ ਅਤੇ ਮਰਦ ਜ਼ਿਆਦਾ ਪਛਾਨਣਯੋਗ ਘੱਟ-ਗਿਣਤੀਆਂ ਵਿਚ ਸ਼ਾਮਿਲ ਹਨ, ਇਸ ਲਈ ਤੁਹਾਡੀ ਪਾਰਟੀ ਬੀ.ਜੇ.ਪੀ. ਆਪਣਾ ਜਾਣਿਆ-ਪਛਾਣਿਆ 'ਦੇਸ਼ ਧ੍ਰੋਹ' ਵਾਲਾ ਪੱਤਾ ਖੇਡਣ ਵਿਚ ਕਾਮਯਾਬ ਹੋ ਰਹੀ ਸੀ। ਮੈਨੂੰ ਤਾਂ ਇਹ ਯਾਦ ਕਰਕੇ ਵੀ ਸ਼ਰਮ ਆਉਂਦੀ ਹੈ ਕਿ ਤੁਹਾਡੀ ਸਰਕਾਰ ਦੇ ਇਕ ਮੰਤਰੀ ਨੇ ਸਟੇਜ ਤੋਂ ਇਹ ਨਾਅਰੇ ਲਾਏ ਅਤੇ ਲਵਾਏ ਸਨ ਕਿ 'ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ... ਕੋ।' ਜ਼ਿਆਦਾ ਸ਼ਰਮ ਦੀ ਗੱਲ ਇਹ ਹੈ ਕਿ ਉਹ ਅਜੇ ਵੀ ਮੰਤਰੀ ਪਦ 'ਤੇ ਸੁਸ਼ੋਭਿਤ ਹੈ ਤੇ ਤੁਸੀਂ ਇਹ ਸਭ ਕੁਝ ਹੁੰਦਾ ਬਰਦਾਸ਼ਤ ਕਰ ਰਹੇ ਹੋ। ਹੁਣ ਕਿਸਾਨਾਂ ਦੇ ਮੁਜ਼ਾਹਰਿਆਂ ਦੌਰਾਨ ਤੁਹਾਡੇ ਸਾਥੀਆਂ ਨੇ ਮੁੜ ਕੇ ਉਹੋ ਗੱਲ ਦੁਹਰਾਉਣ ਦੀ ਮਾੜੀ ਹਰਕਤ ਕੀਤੀ ਹੈ। ਹੋਰਾਂ ਦੇ ਨਾਲ-ਨਾਲ ਇਸ ਇਲਜ਼ਾਮ ਨੂੰ ਘੜਨ ਵਾਲਿਆਂ ਵਿਚ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਸ਼ਮਿਲ ਹੈ ਜੋ ਕਿਸਾਨਾਂ ਨੂੰ ਖਾਲਿਸਤਾਨੀ ਕਹਿ ਰਿਹਾ ਹੈ। ਤੁਸੀਂ ਮੇਰੇ ਨਾਲ ਸੌ ਪ੍ਰਤੀਸ਼ਤ ਸਹਿਮਤ ਹੋਵੋਗੇ ਕਿ ਕਿਸਾਨਾਂ ਨੂੰ ਖ਼ਾਲਿਸਤਾਨੀ ਆਖ ਕੇ ਅਤੇ ਦੇਸ਼-ਧ੍ਰੋਹੀ ਦੇ ਰੂਪ ਵਿਚ ਪੇਸ਼ ਕਰਕੇ ਬਾਕੀਆਂ ਦਾ ਸਮਰਥਣ ਲੈਣ ਦੀ ਕੋਸ਼ਿਸ਼ ਰੱਜ ਕੇ ਹੋਛੀ ਰਾਜਨੀਤੀ ਹੈ। ਇਸ ਸੰਬੰਧ ਵਿਚ ਇਕ ਵੀਡੀਉ ਵੀ ਵਾਇਰਲ ਕੀਤਾ ਗਿਆ ਜਿਸ ਵਿਚ ਖ਼ਾਲਿਸਤਾਨ ਪੱਖੀ, ਪਾਕਿਸਤਾਨ-ਪੱਖੀ ਅਤੇ ਮੋਦੀ-ਵਿਰੋਧੀ ਨਾਅਰੇ ਲਾਏ ਜਾ ਰਹੇ ਹਨ। ਇਹ ਸਾਬਤ ਹੋ ਚੁੱਕਾ ਹੈ ਕਿ ਉਹ ਵੀਡੀਓ ਡੇਢ ਸਾਲ ਪੁਰਾਣਾ ਹੈ ਅਤੇ ਇੰਗਲੈਂਡ ਵਿਚ ਖੇਡੇ ਗਏ 2019 ਦੇ ਕ੍ਰਿਕਟ ਵਰਡ ਕੱਪ ਦਾ ਹੈ। ਜੇ ਤੁਸੀਂ ਇਸ ਖ਼ਬਰ ਨੂੰ ਪੜ੍ਹਿਆ ਹੈ ਤਾਂ ਤੁਹਾਡੀ ਕੁਝ ਦਿਨਾਂ ਦੀ ਨੀਂਦ ਜ਼ਰੂਰ ਹਰਾਮ ਹੋਈ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਦੋਵੇਂ ਕਲਾਕਾਰ ਹੋਣ ਕਾਰਨ ਸੰਵੇਦਨਸ਼ੀਲ ਵੀ ਹੋ।
       ਇਸ ਤੋਂ ਵੀ ਜ਼ਿਆਦਾ ਅਫ਼ਸੋਸ ਇਸ ਗੱਲ ਦਾ ਹੈ ਕਿ ਜਿੱਥੇ ਇਕ ਪਾਸੇ ਪੰਜਾਬ ਦੇ ਨਾਮਵਰ ਗਾਇਕ, ਰੰਗਮੰਚ ਕਲਾਕਾਰ ਅਤੇ ਲੇਖਕ ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਦਾ ਭਰਪੂਰ ਸਮਰਥਣ ਕਰਕੇ ਇਕ ਲੋਕ-ਲਹਿਰ ਸਿਰਜਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਉੱਥੇ ਤੁਸੀਂ ਦੋ ਵੱਡੇ ਕਲਾਕਾਰ ਨੇਤਾ ਉਸ ਵਕਤ ਮੂੰਹ ਵਿਚ ਘੁੰਗਣੀਆਂ ਪਾ ਕੇ ਬੈਠੇ ਹੋਏ ਹੋ ਜਦੋਂ ਤੁਹਾਡੇ ਕਿਸਾਨ ਵੱਡੀ ਲੜਾਈ ਲੜ ਰਹੇ ਹਨ। ਹੰਸ ਹੁਰੀਂ ਦੋ ਮਹੀਨੇ ਪਹਿਲਾਂ ਜ਼ਰੂਰ ਬੋਲੇ ਸਨ ਤੇ ਕਿਸਾਨਾਂ ਨੂੰ ਕੇਂਦਰ ਦੀ ਲੀਡਰਸ਼ਿਪ ਨਾਲ ਮਿਲਵਾਉਣ ਦੀਆਂ ਭਾਵੁਕ ਅਪੀਲਾਂ ਕਰਕੇ ਗਏ ਸਨ। ਉਨ੍ਹਾਂ ਮਾਰੂ ਬਿੱਲਾਂ ਅਤੇ ਕਿਸਾਨਾਂ ਦੇ ਇਤਰਾਜ਼ਾਂ ਦੀ ਉਦੋਂ ਵੀ ਕੋਈ ਗੱਲ ਨਹੀਂ ਸੀ ਕੀਤੀ ਪਰ ਅੱਜ ਤਾਂ ਬਿਲਕੁਲ ਹੀ ਚੁੱਪ ਹਨ। ਮਾਨਯੋਗ ਹੰਸ ਜੀ ਅਤੇ ਸ੍ਰੀਮਾਨ ਦਿਉਲ ਜੀ! ਤੁਸੀਂ ਅੱਜਕਲ੍ਹ ਕਿੱਥੇ ਹੋ? ਲੋਕਾਂ ਨੇ ਤੁਹਾਨੂੰ ਚੁਣ ਕੇ ਇਸ ਲਈ ਭੇਜਿਆ ਸੀ ਕਿ ਤੁਸੀਂ ਭਖ਼ਦੇ ਅਤੇ ਵੱਡੇ ਮਸਲਿਆਂ ਉੱਤੇ ਆਪਣੀ ਜ਼ੁਬਾਨ ਖੋਲ੍ਹ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢੋਗੇ। ਹੰਸ ਜੀ, ਤੁਸੀਂ ਭਾਵੇਂ ਦਿੱਲੀ ਤੋਂ ਪਾਰਲੀਮੈਂਟ ਵਿਚ ਗਏ ਪਰ ਤੁਹਾਨੂੰ ਜਿਹੜਾ ਮਾਣ ਮਿਲਿਆ ਹੈ ਉਹ ਪੰਜਾਬ ਦੇ ਲੋਕਾਂ ਕਰਕੇ ਹੈ ਜਿਨ੍ਹਾਂ ਤੁਹਾਡੀ ਗਾਇਕੀ ਨੂੰ ਵਾਰ-ਵਾਰ ਸੁਣਿਆ ਅਤੇ ਤੁਹਾਨੂੰ ਆਪਣੀਆਂ ਅੱਖਾਂ 'ਤੇ ਬਿਠਾਇਆ। ਤੁਸੀਂ ਇਸ ਗੱਲ ਨੂੰ ਖੁਲ੍ਹੇ ਮਨ ਨਾਲ ਸਵੀਕਾਰ ਵੀ ਕਰਦੇ ਹੋ। ਤੁਹਾਡੇ ਗਲੇ ਵਿਚੋਂ ਸਾਰਾ ਪੰਜਾਬ ਬੋਲਦਾ ਹੈ ਪਰ ਅੱਜ ਨਵੰਬਰ-ਦਸੰਬਰ ਦੇ ਪਾਲੇ ਵਿਚ ਲੋਕ ਜਾਨਣਾ ਚਾਹੁੰਦੇ ਹਨ ਕਿ ਤੁਹਾਡਾ ਦਿਲ ਅਤੇ ਦਿਮਾਗ਼ ਕੀ ਬੋਲ ਰਿਹਾ ਹੈ? ਹਨੇਰੇ ਭਵਿੱਖ ਨਾਲ ਲੜ ਰਹੇ ਕਿਸਾਨਾਂ ਦੀ ਆਵਾਜ਼ ਹਜ਼ਾਰਾਂ ਮੀਲ ਦੂਰ ਬੈਠੇ ਕੈਨੇਡੀਅਨ, ਅਮਰੀਕਨ ਅਤੇ ਬ੍ਰਿਟਿਸ਼ ਪੰਜਾਬੀ ਰਾਜਨੇਤਾਵਾਂ ਨੂੰ ਤਾਂ ਸੁਣ ਰਹੀ ਹੈ ਪਰ ਤੁਹਾਨੂੰ ਦਿੱਲੀ ਵਿਚ ਨਹੀਂ ਸੁਣ ਰਹੀ। ਦਿਉਲ ਸਾਹਿਬ! ਤੁਸੀਂ ਤਾਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀਆਂ ਵੋਟਾਂ ਨਾਲ ਪਾਰਲੀਮੈਂਟ ਵਿਚ ਪਹੁੰਚੇ ਹੋ! ਕੀ ਤੁਸੀਂ ਸਮਝਦੇ ਹੋ ਕਿ ਤੁਹਾਡਾ ਕੋਈ ਕਿਸਾਨ ਵੋਟਰ ਨਹੀਂ ਹੈ? ਕਿਹੜਾ ਮੂੰਹ ਲੈ ਕੇ ਦੁਬਾਰਾ ਆਪਣੇ ਹਲਕੇ ਵਿਚ ਜਾਵੋਗੇ? ਪੰਜਾਬ ਦੇ ਲੋਕਾਂ ਨੇ ਪ੍ਰਸਿੱਧ ਗਾਇਕ ਤੇ ਕਾਂਗਰਸੀ ਐੱਮ.ਐਲ.ਏ. ਮੁਹੰਮਦ ਸਦੀਕ ਦਾ ਸਵਾਲਾਂ ਦੀ ਬੌਛਾੜ ਵਿਚ ਜੋ ਹਸ਼ਰ ਕੀਤਾ ਉਸਨੂੰ ਦੇਖੋ, ਤੁਹਾਨੂੰ ਲੋਕਾਂ ਦੇ ਗੁੱਸੇ ਦਾ ਅਹਿਸਾਸ ਹੋ ਜਾਵੇਗਾ। ਹੋ ਸਕਦਾ ਹੈ ਤੁਸੀਂ ਅਗਲੀ ਵੇਰ ਚੋਣ ਨਾ ਲੜਨ ਦਾ ਫ਼ੈਸਲਾ ਕਰ ਲਵੋ ਅਤੇ ਇਸ ਸਾਰੀ ਜ਼ਿੱਲਤ ਤੋਂ ਬਚ ਜਾਵੋ। ਪਰ ਜੇ ਸਿਆਸਤ ਨੂੰ ਭੁੱਲ ਵੀ ਜਾਈਏ ਤਾਂ ਏਨਾ ਹੀ ਦੱਸ ਦਿਉ ਕਿ ਤੁਹਾਡੀਆਂ ਸੰਵੇਦਨਾਵਾਂ ਨੂੰ ਕੀ ਹੋ ਗਿਆ ਹੈ? ਤੁਸੀਂ ਕਲਾਕਾਰ ਹੋ, ਤੁਸੀਂ ਕਲਾ ਦੇ ਖੇਤਰ ਵਿਚ ਨਾਂ ਵੀ ਕਮਾਇਆ ਹੈ ਅਤੇ ਨਾਵਾਂ ਵੀ, ਕੀ ਤੁਹਾਡੀ ਆਤਮਾ ਵਿੱਚੋਂ ਹੁਣ ਕੋਈ ਆਵਾਜ਼ ਨਹੀਂ ਆਉਂਦੀ? ਭੁਲੇਖਾ ਨਾ ਖਾ ਜਾਣਾ, ਮੈਂ ਤੁਹਾਨੂੰ ਕਿਸਾਨਾਂ ਦੇ ਹੱਕ ਵਿਚ ਬੋਲਣ ਲਈ ਬਿਲਕੁਲ ਨਹੀਂ ਕਹਿ ਰਿਹਾ। ਤੁਹਾਡਾ ਅਧਿਕਾਰ ਹੈ ਤੁਸੀਂ ਆਪਣੀ ਸੋਚ ਮੁਤਾਬਿਕ ਗੱਲ ਕਰੋ। ਜੇ ਤੁਹਾਨੂੰ ਸੱਚਮੁਚ ਲੱਗਦਾ ਹੈ ਕਿ ਕੇਂਦਰ ਸਰਕਾਰ ਦੇ ਇਹ ਤਿੰਨ ਬਿੱਲ ਕਿਸਾਨਾਂ ਦੇ ਭਲੇ ਵਾਸਤੇ ਹਨ ਤਾਂ ਆ ਕੇ ਲੋਕਾਂ ਨੂੰ ਸਮਝਾਉ। ਪਰ ਕਿਰਪਾ ਕਰਕੇ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਵਾਂਗ ਸਰਕਾਰ ਦੀ ਤਰਕਹੀਣ ਚਮਚੀ ਨਾ ਮਾਰਨਾ। ਉਹ ਤਾਂ 'ਮੋਦੀ ਸਾਹਿਬ ਉੱਤੇ ਵਿਸ਼ਵਾਸ ਕਰਨ' ਅਤੇ 'ਅਪੋਜ਼ੀਸ਼ਨ ਦੇ ਗੁਮਰਾਹਕੁਨ ਪ੍ਰਚਾਰ ਤੋਂ ਬਚਣ' ਦੀ ਰਾਜਸੀ ਸਲਾਹ ਹੀ ਦੇਂਦੇ ਹਨ। ਉਹਨਾਂ ਨੂੰ ਕੋਈ ਫ਼ਿਕਰ ਨਹੀਂ ਕਿ ਲੋਕ ਬਾਅਦ ਵਿਚ ਐੱਮ.ਐੱਸ.ਪੀ. ਨੂੰ ਕਾਨੂੰਨ ਵਾਂਗ ਕਿਵੇਂ ਲਾਗੂ ਕਰਵਾਉਣਗੇ! ਗਾਇਕ ਭਰਾ ਵੱਡੇ ਕਲਾਕਾਰ ਹਨ ਅਤੇ ਇਸ ਬਿਆਨ ਨਾਲ ਸਿਰਫ਼ 'ਕਲਾਕਾਰੀ' ਦਿਖਾ ਰਹੇ ਹਨ। ਹੋ ਸਕਦਾ ਹੈ ਉਹ ਆਪਣੀ ਰਿਸ਼ਤੇਦਾਰੀ ਨੂੰ ਨਿਭਾ ਰਹੇ ਹੋਣ। ਪਰ ਤੁਸੀਂ ਦੋਵੇਂ ਅਜਿਹੇ ਕਲਾਕਾਰ ਹੋ ਜਿਨ੍ਹਾਂ ਵਾਸਤੇ ਇਹ ਰਾਜਨੀਤੀ ਦਾ ਧਰਮ ਨਿਭਾਉਣ ਦਾ ਵੇਲਾ ਵੀ ਹੈ। ਜੇ ਤੁਸੀਂ ਸਰਕਾਰ ਦੇ ਕਦਮ ਦਾ ਸਮਰਥਣ ਕਰਦੇ ਹੋ ਤਾਂ ਇਹਨਾਂ ਨਵੇਂ ਤਿੰਨਾਂ ਬਿੱਲਾਂ ਦਾ ਤਰਕ ਨਾਲ ਖੁਲਾਸਾ ਕਰੋ ਅਤੇ ਕਿਸਾਨਾਂ ਨੂੰ ਸਮਝਾਉ ਕਿ ਇਹ ਕਿੱਦਾਂ ਉਨ੍ਹਾਂ ਦੇ ਹੱਕ ਵਿਚ ਹਨ। ਜੇ ਲੋਕ ਤੁਹਾਡੇ ਸਮਝਾਉਣ ਨਾਲ ਘਰੋ-ਘਰੀਂ ਚਲੇ ਜਾਣ ਤਾਂ ਇਹ ਦੋਹਰਾ ਪੁੰਨ ਕਮਾਉਣ ਵਾਲੀ ਗੱਲ ਹੋਵੇਗੀ। ਤੁਸੀਂ ਮੋਦੀ ਸਾਹਿਬ ਦੀਆਂ ਨਜ਼ਰਾਂ ਵਿਚ ਵੀ ਕੀਮਤੀ ਹੋ ਜਾਵੋਗੇ! ਜਿਹੜੀ ਗੱਲ ਮੋਦੀ ਆਪ ਨਹੀਂ ਸਮਝਾ ਸਕੇ, ਤੁਸੀਂ ਸਮਝਾ ਦਿੱਤੀ। ਅਸੀਂ ਜਾਣਦੇ ਹਾਂ ਕਿ ਤੁਸੀਂ ਦੋਵੇਂ ਖੱਟੜ ਦੀ ਖ਼ਾਲਸਤਾਨ ਵਾਲੀ ਖੁਰਾਫ਼ਾਤ ਉੱਤੇ ਉਸ ਤਰ੍ਹਾਂ ਪੋਚਾ ਨਹੀਂ ਫੇਰ ਸਕਦੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਫੇਰਿਆ ਹੈ। ਇਹ ਵੱਡੀ ਤਵੱਕੋ ਹੈ। ਪਰ ਅਸੀਂ ਇਹ ਜ਼ਰੂਰ ਜਾਨਣਾ ਚਾਹੁੰਦੇ ਹਾਂ ਕਿ ਸਨੀ ਦਿਉਲ ਹੋਰੀਂ ਕਿਸਾਨਾਂ ਦੇ ਕਿੰਨੇ ਕੁ ਹਿਤੈਸ਼ੀ ਹਨ ਜਿਹੜੇ ਏਨੀ ਸਰਦੀ ਵਿਚ ਸੰਘਰਸ਼ ਕਰਨ ਲਈ ਘਰੋਂ ਬੇਘਰ ਹੋਏ ਹਨ। ਸਾਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਹੰਸ ਹੁਰਾਂ ਨੂੰ ਦਿੱਲੀ ਦੇ ਲੋਕਾਂ ਦੀ ਆਵਾਜਾਈ ਦੀਆਂ ਰੁਕਾਵਟਾਂ ਦੀ ਕਿੰਨੀ ਕੁ ਚਿੰਤਾ ਹੈ। ਅੱਜ ਸੂਫ਼ੀ ਫ਼ਕੀਰ ਹੰਸ ਨੂੰ ਲੋਕਾਂ ਵਿਚ ਜਾਣ ਦੀ ਲੋੜ ਹੈ। ਉਹ ਕਿਸਾਨਾਂ ਨੂੰ ਸਿਆਸਤ ਤੋਂ ਬਚਣ ਦੀ ਰਾਇ ਦੇਂਦੇ ਹਨ। ਦੁਨੀਆਂ ਦੇਖ ਚੁੱਕੀ ਹੈ ਕਿ ਕਿਸਾਨਾਂ ਨੇ ਕੋਈ ਸਿਆਸਤ ਨਹੀਂ ਕੀਤੀ। ਹੁਣ ਤੁਹਾਡੀ ਵਾਰੀ ਹੈ ਆਪਣੀ ਸਰਕਾਰ ਨੂੰ ਕੋਈ ਚੰਗੀ ਰਾਇ ਦੇਣ ਦੀ। ਪਰ ਤੁਸੀਂ ਚੁੱਪ ਹੋ। ਗੋਲ-ਮੋਲ ਬਿਆਨ ਦੇ ਦੇਣਾ ਅਤੇ ਫ਼ੇਰ ਚੁੱਪ ਕਰ ਜਾਣਾ ਵੀ ਉਹ ਸਿਆਸਤ ਹੈ ਜਿਸਦੀ ਹੰਸ ਜੀ ਤੁਸੀਂ ਮੁਖ਼ਾਲਫ਼ਤ ਕਰਦੇ ਹੋ। ਹੋਰ ਨਹੀਂ ਤਾਂ ਕਿਸਾਨਾਂ ਕੋਲ ਬਾਰਡਰ 'ਤੇ ਜਾ ਕੇ ਉਹਨਾਂ ਨਾਲ ਹਮਦਰਦਦੀ ਹੀ ਪ੍ਰਗਟਾ ਆਵੋ। ਜੇ ਤੁਹਾਡੀ ਥਾਵੇਂ ਮੈਂ ਹੁੰਦਾ ਅਤੇ ਏਨਾ ਹੀ ਬੇਵੱਸ ਹੁੰਦਾ ਜਿੰਨੇ ਤੁਸੀਂ ਦਿਸ ਰਹੇ ਹੋ ਤਾਂ ਮੇਰੇ ਕੋਲ ਇਕ ਹੋਰ ਰਾਹ ਵੀ ਸੀ - ਅਸਤੀਫ਼ਾ। ਮੇਰੀ ਬਦਕਿਸਮਤੀ ਹੈ ਕਿ ਮੈਂ ਤੁਹਾਨੂੰ ਇਹ ਸਲਾਹ ਵੀ ਨਹੀਂ ਦੇ ਸਕਦਾ ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣਿਆ ਹੈ, ਉਹ ਹੀ ਅਗਲਾ ਫ਼ੈਸਲਾ ਕਰਨਗੇ। ਪਰ ਇਕ ਸੁਝਾਅ ਜ਼ਰੂਰ ਹੈ ਕਿ ਵਿਹਲ ਵਿਚ ਨੌਜਵਾਨ ਪਾਕਿਸਤਾਨੀ ਸ਼ਾਇਰ ਸਾਬਰ ਅਲੀ ਸਾਬਰ ਦੇ ਇਸ ਸ਼ਿਅਰ ਉੱਤੇ ਗ਼ੌਰ ਫ਼ਰਮਾਓ : ''ਉਹ ਜਿਊਂਦਾ ਨਹੀਂ, ਜਿਹੜਾ ਚੁੱਪ ਏ, ਦੇਖੋ ਕਿਹੜਾ ਕਿਹੜਾ ਚੁੱਪ ਏ''। ਗੁਜ਼ਾਰਿਸ਼ ਹੈ ਕਿ ਸੂਫ਼ੀ ਗਾਇਕ ਹੰਸ ਹੋਰੀਂ ਕਦੇ ਇਸ ਗ਼ਜ਼ਲ ਨੂੰ ਮਨ ਨਾਲ ਗਾਉਣ ਤੇ ਸਨੀ ਕਿਸੇ ਫ਼ਿਲਮ ਵਿਚ ਇਸਨੂੰ ਸ਼ਾਮਿਲ ਕਰ ਲੈਣ। ਮੇਰੀ ਅਰਦਾਸ ਹੈ ਕਿ ਰੱਬ ਤੁਹਾਨੂੰ ਸਚਮੁਚ ਕੁਝ ਕਰਨ ਦਾ ਬਲ ਬਖ਼ਸ਼ੇ!

ਤੁਹਾਡਾ ਹਿਤੈਸ਼ੀ,
- ਆਤਮਜੀਤ।
ਸੰਪਰਕ: 98760-18501