ਸੱਤਾ, ਸੇਵਾ ਤੇ ਲੰਗਾਹ..! - ਚਰਨਜੀਤ ਭੁੱਲਰ
ਚੰਡੀਗੜ੍ਹ, : ਤੇਰਾ ਏਹ ਬੰਦਾ, ਪੈਰੋਂ ਨੰਗਾ, ਨਾ ਫਤੂਰ ਨਾ ਗਰੂਰ, ਬੁੱਢੇ ਮਾਪੇ ਆਪ ਵੀ ਢਿੱਲਾ, ਦਮ ਦਾ ਕੀ ਵਿਸਾਹ। ਜਥੇਦਾਰ ਜੀ! ਹੁਣ ਮੁਆਫ਼ ਵੀ ਕਰੋ, ਦਾਸਾਂ ਦੇ ਦਾਸ ਨੇ, ਏਹ ਸੁੱਚਾ ਸਿੰਘ ਲੰਗਾਹ। ਜੂਠ ਨਾ ਹੋਵੇ, ਝੂਠ ਨਾ ਹੋਵੇ, ਉਹ ਸੁੱਚਾ ਅਖਵਾਏ। ਔਹ ਦੇਖੋ! ਲੰਗਾਹ ਵਾਲੇ, ਗੱਲ ਵਿੱਚ ਪੱਲੂ, ਦਿਲ ਵਿਚ ਸ਼ਰਧਾ, ਦਰ ਤੇਰੇ ’ਤੇ ਆਏ। ਗਿਆਨੀ ਜੀ! ਹੁਣ ਵੱਡਾ ਦਿਲ ਦਿਖਾਓ, ਆ ਗਈਆਂ ਚੋਣਾਂ, ਦੇਰ ਨਾ ਲਾਓ, ਜਾਣ ਨਿਮਾਣਾ ਸਿੱਖ, ਜਰਾ ਛੇਤੀ ਸਜ਼ਾ ਸੁਣਾਓ। ‘ਸਭ ਜੱਗ ਰੂਠੇ, ਰਾਮ ਨਾ ਰੂਠੇ।’ ਅੱਜ ਗੱਲ ਦਾ ਸ੍ਰੀ ਗਣੇਸ਼ ਪੱਛਮੀ ਬੰਗਾਲ ਤੋਂ ਕਰਨਾ ਸੀ। ਦਸੌਂਧਾ ਸਿੰਘ ਨੇ ਅੜੀ ਫੜੀ ਐ, ਨਾਲੇ ਆ ਕੇ ਕਲਮ ਫੜ ਲਈ, ਅਖ਼ੇ ਬੱਚੂ ! ਬੰਗਾਲ ਨੂੰ ਛੱਡ, ਲੰਗਾਹ ਪਿੰਡ ਚੱਲ। ਬੰਗਾਲ ’ਚ ਖੇਲਾ ਖ਼ਤਮ, ਪੰਜਾਬ ’ਚ ਛਿੰਝ ਬਾਕੀ ਐ। ਪਹਿਲਾਂ ਮਾਜਰਾ ਸਮਝੋ, ਲੰਗਾਹ ਜੀ, ਖੇਤੀ ਮੰਤਰੀ ਰਹੇ ਨੇ। ‘ਪੜ੍ਹੇ ਫਾਰਸੀ ਵੇਚੇ ਤੇਲ, ਇਹ ਦੇਖੋ ਕਰਮਾਂ ਦਾ ਖੇਲ। ਬੱਸ ਸਵਾ ਚਾਰ ਵਰ੍ਹੇ ਪਹਿਲਾਂ, ਇੱਕ ਐਸੀ ਭੀੜ ਪਈ, ਸ਼੍ਰੋਮਣੀ ਅਕਾਲੀ ਦਲ ਨੇ ਦਲ ’ਚੋਂ, ਜਥੇਦਾਰ ਜੀ ਨੇ ਪੰਥ ’ਚੋਂ ਕੱਢ ’ਤਾ। ਏਹ ਜੱਗੋਂ ਤੇਰ੍ਹਵੀਂ ਕਿਵੇਂ ਹੋਈ? ਅਸਾਂ ਨੇ ਮੂੰਹ ਨਹੀਓਂ ਖੋਲ੍ਹਣਾ। ਸੰਗਤ ਜਾਣੀ ਜਾਣ ਐ..!
ਛੱਡੋ ਪੁਰਾਣਾ ਲੇਖਾ। ਜੋ ਹੁਣ ਲੰਗਾਹ ਜੀ ਫੁਰਮਾਏ, ਉਸ ’ਤੇ ਕਰੋ ਗੌਰ, ‘ਜਾਣੇ-ਅਣਜਾਣੇ ਹੋਈਆਂ ਭੁੱਲਾਂ ਮੁਆਫ਼ ਕਰਨਾ, ਨੰਗੇ ਪੈਰੀਂ ਆ ਸੇਵਾ ਕਰਦਾ, ਹੁਣ ਮਾਪੇ ਬੁੱਢੇ ਹੋ ਗਏ, ਦਾਸ ਦੀ ਸਿਹਤ ਦਾ ਵੀ ਕੀ ਭਰੋਸਾ, ਧਾਰਮਿਕ ਸਜ਼ਾ ਖਿੜੇ ਮੱਥੇ ਪ੍ਰਵਾਨ ਕਰਾਂਗਾ।’ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੰਨ ਹਰਫੀ ਜੁਆਬੀ ਬਿਆਨ, ‘ਹਾਲੇ ਮੀਟਿੰਗ ਸੱਦਾਂਗੇ’। ‘ਜਿਸ ਕਾ ਕਾਮ, ਉਸੀ ਕੋ ਸਾਜੇ’ ਅਸੀਂ ਐਵੇਂ ਵਿੱਚ ਘੋੜਾ ਭਜਾ ਲਿਆ। ਸ਼ੇਕਸਪੀਅਰ ਆਖਦੇ ਪਏ ਨੇ... ‘ਨਾਮ ’ਚ ਕੀ ਰੱਖਿਐ’। ਸਮਾਓ ਪਿੰਡ ਵਾਲੇ ਭੜਕ ਗਏ, ‘ਸ਼ੇਕਸਪੀਅਰ ਨੂੰ ਕੀ ਪਤੈ...’। ਸਮਾਓ ਦਾ ਸੁੱਚਾ ਸਿੰਘ ਸੂਰਮਾ ਹੋਇਐ। ਏਸ ਸੁੱਚਾ ਸਿੰਘ ਨੇ ਪਰਿਵਾਰ ਦੀ ਇੱਜ਼ਤ ਲਈ ਬੰਦੂਕ ਚੁੱਕੀ। ਪਿੱਛੋਂ ਡਾਕੂ ਬਣਿਆ, ਧੀਆਂ ਭੈਣਾਂ ਦੀ ਪੱਤ ਬਚਾਈ। ਭੁੱਲ ਨਾ ਜਾਈਏ ਕਿਤੇ, ਇੱਕ ਸੁੱਚਾ ਸਿੰਘ ਛੋਟੇਪੁਰ ਵੀ ਹੁੰਦੇ ਸਨ। ਵੱਡੇ ਬਾਦਲ ਅਕਸਰ ਆਖਦੇ ਹੁੰਦੇ ਨੇ...‘ਮੁਆਫ਼ੀ ਮੰਗਣ ਨਾਲ ਕੱਦ ਛੋਟਾ ਨਹੀਂ ਹੁੰਦਾ, ਸਗੋਂ ਮੁਆਫ਼ੀ ਦੇਣ ਵਾਲਾ ਵੀ ਵੱਡਾ ਬਣਦੈ।’
ਅਦਾਲਤ ’ਚੋਂ ਲੰਗਾਹ ਬਰੀ ਹੋਏ ਨੇ। ਕਿਤੇ ਪੰਥ ਦੀ ਕਚਹਿਰੀ ’ਚ ਗੱਲ ਬਣ’ਗੀ, ਛੇਤੀ ਲੋਕ ਕਚਹਿਰੀ ’ਚ ਜਾਣਗੇ, ਚੋਣਾਂ ਕਿਹੜਾ ਦੂਰ ਨੇ। ਆਖਰੀ ਹਿਸਾਬ ਧਰਮਰਾਜ ਦੀ ਕਚਹਿਰੀ ਹੋਣੈ। ਪਰਲੋਕ ਨੂੰ ਛੱਡੋ, ਮਾਤਲੋਕ ’ਚ ਹਰ ਨੇਤਾ ਆਖਦੈ..‘ਅਭੀ ਤੋਂ ਮੈਂ ਜਵਾਨ ਹੂੰ।’ ‘ਸੇਵਾ’ ਦਾ ਜਜ਼ਬਾ ਵੀ ਬੁੱਢਾ ਨਹੀਂ ਹੁੰਦਾ, ਖਾਸ ਕਰਕੇ ਜਦੋਂ ਰੁੱਤ ਚੋਣਾਂ ਦੀ ਹੋਵੇ। ਸੱਤਾ ਏਦਾਂ ਦਾ ਟੌਨਿਕ ਹੈ, ਨੇਤਾ ਨੂੰ ਤੰਦਰੁਸਤ ਰੱਖਦੇ, ਚਾਹੇ ਕਬਰਾਂ ’ਚ ਲੱਤਾਂ ਹੋਣ। ਕੋਈ ਕਮਜ਼ੋਰੀ ਨੇੜੇ ਨਹੀਂ ਢੁਕਦੀ। ਬਿਲ ਕਲਿੰਟਨ ਨੇ ਟੌਨਿਕ ਐਸਾ ਡੀਕ ਲਾ ਪੀਤਾ, ਕੱਚੀ ਮੁਲਾਜ਼ਮ ਮੋਨਿਕਾ ਨੇ ਢੋਲ ਵਜਾਤੇ। ਕਲਿੰਟਨ ਬਾਬੂ ਅਨਾੜੀ ਨਿਕਲੇ, ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ।’ ਸੱਤਾ ਦੇ ਸ਼ਿਕਾਰੀ, ਸਰੂਰ ’ਚ ਆਉਂਦੇ ਨੇ, ਫੇਰ ਸੱਤ ਖੂਨ ਮੁਆਫ਼ ਵਾਲੀ ਗੱਲ ਹੋ ਜਾਂਦੀ ਹੈ। ਕਈ ਪਾਪਾਂ ਦੇ ਕੱਚੇ ਘੜੇ ’ਤੇ ਤਰ ਜਾਂਦੇ ਨੇ, ਕਲਿੰਟਨ ਵਰਗੇ ਪੱਕੇ ਡੁਬੋ ਬੈਠਦੇ ਨੇ। ਐੱਨ.ਟੀ. ਰਾਮਾ ਰਾਓ, ਦੋ ਵਾਰ ਘੋੜੀ ਚੜ੍ਹੇ, 70 ਸਾਲਾ ਰਾਓ ਨੇ ਤੇਲਗੂ ਲੇਖਕਾ ਲਕਸ਼ਮੀ ਦੇ ਮਾਲਾ ਪਾਈ, ਆਂਧਰਾ ਦੇ ਤਿੰਨ ਵਾਰ ਮੁੱਖ ਮੰਤਰੀ ਬਣੇ।
ਹਰਿਆਣਾ ਵਾਲੇ ਚੰਦਰ ਮੋਹਨ ਤੇ ਅਨੁਰਾਧਾ ਬਾਲੀ ਵਾਲਾ ਕਿੱਸਾ ਕੌਣ ਭੁੱਲਿਐ। ਕਾਂਗਰਸੀ ਸ਼ਸ਼ੀ ਥਰੂਰ ਨੂੰ ਟੌਨਿਕ ਏਨਾ ਰਾਸ ਆਇਐ, ਤਿੰਨ ਵਿਆਹ ਰਚਾਏ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, 68 ਵਰ੍ਹਿਆਂ ਦੀ ਉਮਰ ’ਚ ਐਂਕਰ ਅੰਮ੍ਰਿਤਾ ਨੂੰ ਦਿਲ ਦੇ ਬੈਠੇ। ‘ਜਿੰਨੇ ਕਿੱਸੇ, ਸਾਡੇ ਹਿੱਸੇ’। ਡੀਨ ਐਚਸਨ ਦੀ ਗੱਲ ਵੀ ਠੀਕ ਐ ...‘ਸਿਆਸਤਦਾਨ ਬਣਨ ਲਈ ਪਹਿਲੀ ਸ਼ਰਤ ਬੰਦੇ ਦੀ ਮੋਟੀ ਮੱਤ ਵਾਲਾ ਹੋਣਾ ਹੈ।’ ਜਨਮਘੁਟੀ ਸੱਤਾ ਦੀ ਮਿਲ ਜਾਏ, ਫਿਰ ਖ਼ਾਹਿਸ਼ਾਂ ਦਾ ਸਟੋਰ ਹਾਊਸ ਫੁੱਲ ਹੋ ਜਾਂਦੈ। ‘ਸੇਵਾ’ ਲਈ ਨੇਤਾਜਨ ਕੁਰਸੀ ਭਾਲਦੇ ਨੇ। ਨਾਲੇ ‘ਸੇਵਾ’ ਲਈ ਕੋਈ ਉਮਰ ਸੀਮਾ ਨਹੀਂ ਹੁੰਦੀ। ਤਾਹੀਂ ਵੱਡੇ ਬਾਦਲ ਨੇ ਸਿਆਸਤ ਤਿਆਗੀ ਨਹੀਂ। ਅਮਰਿੰਦਰ ਆਖਦੇ ਨੇ... ‘ਹਾਲੇ ਹੋਰ ‘ਸੇਵਾ’ ਕਰੂੰਗਾ’, ਪੰਜਾਬ ਥਰ ਥਰ ਕੰਬਣ ਲੱਗੈ। ਨਵਜੋਤ ਸਿੱਧੂ ਆਖਦੈ, ‘ਸੇਵਾ’ ਵਾਲਾ ਬੱਠਲ ਛੇਤੀ ਮੈਨੂੰ ਫੜਾਓ। ਕੇਜਰੀਵਾਲ ਦੇ ਲੱਛਣ ਵੇਖ, ਭਗਵੰਤ ਮਾਨ ਸੋਚਦੈ, ‘ਸੇਵਾ’ ਵਾਲੀ ਮਿੱਤ ਹੁਣ ਮੇਰੀ ਐ। ਬੰਟੇ ਖੇਡਦੇ ਨਿਆਣੇ ਨੂੰ ਮਿੱਤ ਨਾ ਮਿਲੇ, ਭਲਾ ਫੇਰ ਉਹ ਕੀ ਆਖੂ, ‘ਨਾ ਖੇਡਣਾ, ਨਾ ਖੇਡਣ ਦੇਣੇ..।’ ਭਗਵੰਤ ਮਾਨ ਦਾ ਪਤਾ ਨਹੀਂ।
ਸੁਖਬੀਰ ਬਾਦਲ ਜੀ ‘ਹਾਥੀ’ ’ਤੇ ਐਵੇਂ ਝੂਟਾ ਲੈਣ ਨੂੰ ਨਹੀਂ ਚੜ੍ਹੇ। ਹਾਲੇ ‘ਸੇਵਾ’ ਵਾਲਾ ਕਾਜ ਅਧੂਰੈ। ਸਾਧ ਸੰਗਤ ਜੀ! ਆਪਣੀ ਮਾਂ ਪਾਰਟੀ ਨੂੰ ‘ਸੇਵਾ’ ਦਾ ਮੌਕਾ ਦਿਓ। ਬਸਪਾ ਵਾਲਿਆਂ ਨੂੰ ਉਪ ਮੁੱਖ ਮੰਤਰੀ ਵਾਲੇ ਸੁਪਨੇ ਨਹੀਂ ਆਉਣੋਂ ਹਟਦੇ। ਪੰਜਾਬ ਆਖਦੈ, ਹੁਣ ਬੱਸ ਵੀ ਕਰੋ, ਨੇਤਾ ਰਿਹਾੜ ਪਏ ਨੇ, ‘ਸੇਵਾ’ ਤਾਂ ਕਰਕੇ ਛੱਡਾਂਗੇ। ‘ਸੇਵਾ’ ਦਾ ਫਲ ਜ਼ਰੂਰ ਮਿਲਦਾ, ਜ਼ਰੂਰੀ ਨਹੀਂ ਉਹ ਉਹੀ ਫ਼ਲ ਹੋਵੇ? ਮਹਾਤਮਾ ਗਾਂਧੀ ਦਾ ਮਸ਼ਵਰਾ ਕੌਣ ਸੁਣਦੈ, ‘ਜਿਸ ਨੇ ਸੇਵਾ ਕਰਨੀ ਹੈ, ਉਹ ਬਿਮਾਰਾਂ ਤੇ ਰੋਗੀਆਂ ਦੀ ਸੇਵਾ ਕਰੇ।’ ਰਹੀ ਗੱਲ ਪੱਛਮੀ ਬੰਗਾਲ ਦੀ, ਉਥੇ ਮਮਤਾ ਦੀਦੀ, ਸ਼ੁਧੀਕਰਨ ’ਚ ਜੁਟੇ ਨੇ। ਭਾਜਪਾ ’ਚ ਗਏ 350 ਵਰਕਰਾਂ ਨੇ ‘ਘਰ ਵਾਪਸੀ’ ਕਰਨੀ ਸੀ। ਦੀਦੀ ਦੇ ਬੰਦਿਆਂ ਨੇ ਪਹਿਲਾਂ ਇਨ੍ਹਾਂ ਵਰਕਰਾਂ ’ਤੇ ਗੰਗਾਜਲ ਛਿੜਕਿਆ। ਪਵਿੱਤਰ ਕਰਕੇ ਘਰ ਵਾੜੇ। ਹਰਿਆਣਵੀ ਦੁਸ਼ਿਯੰਤ ਚੌਟਾਲਾ, ਚੌਧਰੀ ਦੇਵੀ ਲਾਲ ’ਵਰਸਿਟੀ’ ਗਏ, ਪੜਦਾਦੇ ਦੇ ਬੁੱਤ ਦਾ ਉਦਘਾਟਨ ਕਰਨ। ਚਚੇਰਾ ਭਾਈ ਕਰਨ ਚੌਟਾਲਾ, ਦੂਜੇ ਦਿਨ ਗੰਗਾ ਜਲ ਲੈ ਪਹੁੰਚੇ, ਬੁੱਤ ਨੂੰ ਪਵਿੱਤਰ ਕੀਤਾ। ‘ਰੇਖ ’ਚ ਮੇਖ, ਦੇਖ ਭਾਵੇਂ ਨਾ ਦੇਖ।’
ਹਫ਼ਤਾ ਪਹਿਲਾਂ ਅਖਿਲੇਸ਼ ਦੇ ਟੋਪੀਧਾਰਕਾਂ ਨੇ ਗੰਗਾ ਜਲ ਦਾ ਛਿੜਕਾਓ ਕੀਤੈ, ਜਿਥੋਂ ਦੀ ਮੁੱਖ ਮੰਤਰੀ ਯੋਗੀ ਲੰਘੇ। ਗੰਗਾ ਦਾ ਪਾਣੀ ਪਵਿੱਤਰ ਮੰਨਿਆ ਜਾਂਦੈ। ਫਿਰਕੂ ਕੀਟਾਣੂ ਮਾਰਨ ਲਈ, ਲੱਗਦੈ ਅੱਧੀ ਭਾਜਪਾ ਨੂੰ ‘ਦੋ ਦੋ ਬੂੰਦਾਂ’ ਗੰਗਾ ਜਲ ਪਿਲਾਉਣਾ ਪਊ। ਸਿੱਖ ਪੰਥ ਦਾ ਆਪਣਾ ਵਿਧਾਨ ਐ। ਦੇਸ਼ ਭਗਤਾਂ ਕੋਲ ਆਪਣਾ ਕਮੰਡਲ। ਤਾਹੀਂ ਨਰੇਂਦਰ ਭਾਈ ਆਖਦੇ ਨੇ ... ਹਮ ਤੋ ਫਕੀਰ ਹੈਂ..! ‘ਫਕੀਰਾ ਫਕੀਰੀ ਦੂਰ ਹੈ, ਜਿਉਂ ਉੱਚੀ ਲੰਮੀ ਖਜੂਰ ਹੈ।’ ਇੱਧਰ, ਛੱਜੂ ਰਾਮ ਹਰਿਦੁਆਰੋਂ ਆਇਐ, ਗੰਗਾ ਜਲ ਦਾ ਟੈਂਕਰ ਭਰ ਲਿਆਇਐ। ਐਲਾਨ ਕੀਤੈ, ਸਭ ਤੋਂ ਪਹਿਲਾਂ ਦੋ ਦੋ ਬੂੰਦਾਂ ਉਨ੍ਹਾਂ ਨੂੰ ਪਿਲਾਊ, ਜਿਨ੍ਹਾਂ ਨੇਤਾਵਾਂ ਦੀ ਦੂਰ ਦੀ ਨਿਗ੍ਹਾ ਕਮਜ਼ੋਰ ਐ, ਪਰਿਵਾਰ ਤੋਂ ਅਗਾਂਹ ਕੁਝ ਨਹੀਂ ਦਿਖਦਾ। ਗੰਗਾਜਲ ਪੰਜਾਬ ਪੁਲੀਸ ਨੂੰ ਵੀ ਦੇਣਾ। ਅਖ਼ੇ, ਨੇਤਾਵਾਂ ਦੀ ਪਾਣੀ ਦੀਆਂ ਬੁਛਾੜਾਂ ਨਾਲ ਸ਼ੁੱਧੀ ਕਰਾਓ। ‘ਦਿਲ ਹੋਵੇ ਚੰਗਾ, ਕਟੋਰੇ ਵਿਚ ਗੰਗਾ’। ਛੱਜੂਆ! ਲੀਡਰਾਂ ਨੂੰ ਥੋੜ੍ਹਾ-ਥੋੜ੍ਹਾ ਲੱਠਾ ਵੀ ਵੰਡੀ, ਘੱਟੋ ਘੱਟ ਦਿਲ ਤਾਂ ਸਾਫ ਕਰ ਲੈਣਗੇ।
ਪੰਜਾਬੀਓ ! ਚੋਣ ਬਿਗਲ ਛੇਤੀ ਵੱਜੂ, ਅੱਗੇ ਕੂਹਣੀ ਮੋੜ ਐ, ਜਰਾ ਸੰਭਲ ਕੇ। ਕੁਰਸੀ ਦੇ ਵਪਾਰੀ, ਨੰਗੇ ਪੈਰ ਆਉਣਗੇ, ਤੁਸਾਂ ਆਪਣੇ ਨੰਗੇ ਪੈਰ ਦਿਖਾਉਣਾ। ਕਿਸਾਨ ਭਰਾਵੋ! ਤੁਸਾਂ ਕਰਜ਼ਾ ਮੁਆਫ਼ੀ ਬਾਰੇ ਪੁੱਛਣਾ। ਲੰਗਾਹ ਵਾਲੀ ਮੁਆਫ਼ੀ ਦਾ ਐਵੇਂ ਬੋਝ ਨਾ ਪਾਇਓ। ਮੁਨਸ਼ੀ ਪ੍ਰੇਮ ਚੰਦ ਦਾ ਅੰਦਾਜ਼ਾ ਠੀਕ ਐ, ‘ਕਰਜ਼ਾ ਅਜਿਹਾ ਮਹਿਮਾਨ ਹੈ, ਜੋ ਇੱਕ ਵਾਰੀ ਆ ਕੇ ਜਾਣ ਦਾ ਨਾਮ ਨਹੀਂ ਲੈਂਦਾ।’ ਦੇਖਦੇ ਜਾਇਓ, ਕੋਈ ‘ਸੇਵਾ’ ਲਈ ਝੋਲੀ ਅੱਡੂ, ਕੋਈ ਰੰਗ ਬਦਲੂ, ਕੋਈ ਚਿਹਰੇ ਵੀ, ਨਾਲੇ ਪੱਗਾਂ ਦੀ ਅਦਲਾ ਬਦਲੀ ਹੋਊ। ਅੰਤ ’ਚ ਸੁਖਦੇਵ ਮਾਦਪੁਰੀ ਦੀ ਹਾਜ਼ਰੀ :
‘ਪਾਪੀ ਲੋਕ ਨਰਕ ਨੂੰ ਜਾਂਦੇ, ਕਹਿੰਦੇ ਲੋਕ ਸਿਆਣੇ,
ਨੰਗੇ ਪਿੰਡੇ ਤੁਰਦੇ ਜਾਂਦੇ, ਕਿਆ ਰਾਜਾ ਕਿਆ ਰਾਣੇ,
ਨੇਕੀ ਖੱਟ ਬੰਦਿਆਂ, ਧਰਮਰਾਜ ਦੇ ਭਾਣੇ ।