Charanjit Singh Pannu

ਚੁਰਾਸੀ- ਦਿੱਲੀ- ਘੱਲੂਘਾਰਾ - ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਧਰਮ ਕਰਮ ਦੀ ਬਾਤ ਹਮੇਸ਼ਾ ਪਾਉਂਦੇ ਰਹੇ,
ਜੁਰਮ ਇਕਬਾਲ ਤੋਂ ਕੰਨੀਂ ਕਤਰਾਉਂਦੇ ਰਹੇ।


ਹਕੂਮਤ ਰਸੂਖ਼ ਰਿਸ਼ਵਤ ਰੁਤਬੇ ਦੀ ਧੌਂਸ ਤੇ,
ਕੀਤੇ ਅਪਰਾਧਾਂ ਦੇ ਪ੍ਰਮਾਣ ਮਿਟਾਉਂਦੇ ਰਹੇ।


ਦਰਖਤ ਡਿੱਗਾ ਇੱਕ ਧਰਤ ਕੰਬੀ ਭਾਰਤ ਦੀ,
ਨਿਰਜਿੰਦ ਰੁੱਖ ਸਿੰਜਦੇ, ਰੱਤ ਵਹਾਉਂਦੇ ਰਹੇ।


ਲਾਸ਼ ਰੱਖ ਕੇ ਪ੍ਰਦਰਸ਼ਨ, ਟੈਲੀਵਿਜ਼ਨ ਮੂਹਰੇ,
ਆਰਤੀ ਉਤਾਰਦੇ, ਬਸਤੀਆਂ ਜਲਾਉਂਦੇ ਰਹੇ।


ਨਸਲਕੁਸ਼ੀ ਇੱਕ ਕੌਮ ਦੀ ਸੀ ਟਾਰਗੈਟ ਮੂਹਰੇ,
ਪ੍ਰਯੋਜਨ ਲਲਕਾਰਦੇ, ਬਿਗਲ ਵਜਾਉਂਦੇ ਰਹੇ।


ਸਾੜੋ, ਮਾਰੋ, ਲੁੱਟੋ, ਮੁਕਾ ਦਿਓ ਨਸਲ ਸਾਰੀ,
ਭੂਤਰੀ ਭੀੜ ਸੀ ਅਬਦਾਲੀ ਉਕਸਾਉਂਦੇ ਰਹੇ।


ਮਸਲੀਆਂ ਕਰੂੰਬਲਾਂ ਪੱਤੀਆਂ ਜਰਵਾਣਿਆਂ ਨੇ,
ਟਾਹਣੀਆਂ ਛਾਂਗਦੇ ਰਹੇ, ਮੋਛੇ ਮਚਾਉਂਦੇ ਰਹੇ।


ਕਰਦੇ ਰਹੇ ਵਾਢੀ, ਮਾਵੇ ਡੁੰਗ ਕੇ ਇਹ ਸੀਰੀ,
ਸਿਰਾਂ ਦੇ ਮੁੱਲ ਵੱਟਦੇ, ਸੱਥਰ ਵਿਛਾਉਂਦੇ ਰਹੇ।


ਝਪਟੇ ਗਿਰਝਾਂ ਵਾਂਗਰ ਅਣਭੋਲ ਸ਼ਿਕਾਰ ਉੱਤੇ,
ਬੋਟੀਆਂ ਨੋਚਦੇ ਜਬਰ ਹਵਸ ਮਿਟਾਉਂਦੇ ਰਹੇ।


ਗ਼ਜ਼ਨੀ ਦੀਆਂ ਫ਼ੌਜਾਂ ਵਾਂਗਰ ਮਚਾਈ ਆਗਜ਼ਨੀ,
ਆਬਰੂ ਬਹੂ ਬੇਟੀਆਂ ਦੀ ਘੱਟੇ ਰੁਲਾਉਂਦੇ ਰਹੇ।


ਚਾਂਦਨੀ ਚੌਂਕ ਮੁੜ ਸਾੜ੍ਹਸਤੀ ਦੀ ਭੇਟ ਚੜ੍ਹਿਆ,
ਭੂਤ ਔਰੰਗਜ਼ੇਬ ਦੇ ਨਿਰੰਤਰ ਮੰਡਲਾਉਂਦੇ ਰਹੇ।


ਜਿਹਾਦੀ ਹਜੂਮ ਬੁੱਕਦੇ, ਖੁੰਧਕ ਦੀ ਭਾਵਨਾ ਸੀ,
ਟਾਇਰ ਗਲ ਪਾਉਂਦੇ ਰਹੇ ਲਾਂਬੂ ਲਾਉਂਦੇ ਰਹੇ।


ਹਿੰਸਾ ਕਰਦੇ ਰਹੇ ਰਾਸ਼ਟਰ ਪਿਤਾ ਦੇ ਪੁਜਾਰੀ,
ਅਹਿੰਸਾ ਨਾਮ ਤੇ ਲਹੂ ਨਦੀਆਂ ਵਹਾਉਂਦੇ ਰਹੇ।


ਮਾਰ ਧਾੜ ਫੈਲੀ ਬੁਰਛਾ-ਗਰਦੀ ਮੱਚਦੀ ਰਹੀ,
ਘਿਣਾਉਣਾ ਸਾਕਾ ਨਨਕਾਣਾ ਦੁਹਰਾਉਂਦੇ ਰਹੇ।


ਘਰ ਕਾਰਖ਼ਾਨੇ ਟਰਾਂਸਪੋਰਟ ਤਬਾਹ ਕੀਤੇ ਸਾਰੇ,
ਵਿਸਕੀਆਂ ਪੀਂਦੇ ਰਹੇ, ਬੱਕਰੇ ਬੁਲਾਉਂਦੇ ਰਹੇ। sanv


ਜ਼ਖਮੀ ਤੜਫਦੇ ਉਡੀਕਦੇ ਰਹੇ ਬਚਾਓ ਛਤਰੀ,
ਤਾੜੀਆਂ ਮਾਰਦੇ ਨਰੈਣੇ ਖਿੱਲੀ ਉਡਾਉਂਦੇ ਰਹੇ।


ਗਲ ਲਟਕਾ ਕੇ ਬਿੱਲੇ ਧਰਮ ਯੁੱਧ ਦੇ ਨਾਮ ਦੇ,
ਮਸੀਤਾਂ ਢਾਉਂਦੇ ਰਹੇ, ਮੰਦਿਰ ਬਣਾਉਂਦੇ ਰਹੇ।


ਸਾਂਭੀ ਬੈਠੇ ਵਜੀਰੀਆਂ, ਸ਼ੜਯੰਤਰ ਦੇ ਪ੍ਰਬੰਧਕ,
ਹਰਿਮੰਦਰ ਢਾਹੁਣ ਤੇ ਜੋ ਦੀਵੇ ਜਗਾਉਂਦੇ ਰਹੇ।


ਨੰਗੇ ਹੋ ਜਾਣੇ ਨੇ ਰਾਜ-ਭਗਤ ਕਾਨੂੰਨ ਸਨਮੁਖ,
ਚੁਰਾਸੀ ਸੰਨ ਤੋਂ ਜੋ ਸਿਤਮਗਰ ਛੁਪਾਉਂਦੇ ਰਹੇ।


ਫਾਂਸੀ ਚੜਨੇ ਚਾਹੀਦੇ ਪੰਨੂ, ਕਤਲੇਆਮ ਦੇ ਹੀਰੋ,
ਮਰਯਾਦਾ ਪੁਰਸ਼ੋਤਮ ਜੋ ਧਣੁਖ ਚਲਾਉਂਦੇ ਰਹੇ।