ਸੰਵਿਧਾਨਕ ਹੱਕ ਅਤੇ ਆਧੁਨਿਕ ਯੁੱਗ ਦੀ ਨਾਰੀ - ਦਲਬੀਰ ਸਿੰਘ ਧਾਲੀਵਾਲ
ਵਿਦਵਾਨਾਂ ਦੇ ਵਿਚਾਰ ਹਨ ਕਿ ਹਰ ਮਰਦ ਦੀ ਸਫਲਤਾ ਦੇ ਪਿੱਛੇ ਔਰਤ ਦਾ ਹੱਥ ਜ਼ਰੂਰ ਹੁੰਦਾ ਹੈ। ਇਸੇ ਕਰਕੇ ਸਾਰੀ ਸ੍ਰਿਸ਼ਟੀ, ਭਾਵੇਂ ਉਹ ਬਨਸਪਤੀ ਹੋਵੇ, ਭਾਵੇਂ ਪ੍ਰਾਣੀ ਜਗਤ, ਸਭ ਦਾ ਮੂਲ ਨਰ ਅਤੇ ਨਾਰੀ ਦੇ ਤੱਤਾਂ ਦਾ ਹੀ ਸੁਮੇਲ ਹੀ ਹੈ ਅਤੇ ਇਸ ਤੋਂ ਹੀ ਸਾਰੀ ਕਾਇਆਨਾ ਦਾ ਵਿਕਾਸ ਹੋਇਆ ਹੈ। ਅੱਜ ਸੰਸਾਰ ਦੇ ਹਰ ਖੇਤਰ ਵਿਚ ਔਰਤ ਦੇ ਗੁਣਾਂ, ਪ੍ਰਾਪਤੀਆਂ ਅਤੇ ਵਿਕਾਸ ਦਾ ਇਤਿਹਾਸ ਵਰਨਣਯੋਗ ਹੈ। ਜੰਗ-ਏ-ਆਜ਼ਾਦੀ, ਧਾਰਮਿਕ, ਰਾਜਨੀਤਕ, ਸਮਾਜ ਸੁਧਾਰਕ, ਵਿਗਿਆਨਕ ਖੋਜ ਅਤੇ ਪ੍ਰਸ਼ਾਸਨਕ ਖੇਤਰਾਂ ਵਿਚ ਔਰਤਾਂ ਦੀ ਬਹਾਦਰੀ ਨੂੰ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਮਾਈ ਭਾਗੋ, ਜੰਗ-ਏ-ਆਜ਼ਾਦੀ ਦੀ ਰਾਣੀ ਝਾਂਸੀ ਤੇ ਝਲਕਾਰੀ ਬਾਈ, ਕਾਮਯਾਬ ਰਹਿ ਚੁੱਕੀ ਪੁਲੀਸ ਅਫਸਰ ਕਿਰਨ ਬੇਦੀ, ਪੁਲਾੜ ਵਿਗਿਆਨੀ ਕਲਪਨਾ ਚਾਵਲਾ, ਸਮਾਜ ਸੇਵੀ ਨੋਬੇਲ ਪੁਰਸਕਾਰ ਵਿਜੇਤਾ ਮਦਰ ਟਰੇਸਾ, ਖੇਡ ਚੈਂਪੀਅਨ ਪੀਟੀ ਊਸ਼ਾ, ਅਤਿ ਗਰੀਬ ਦਲਿਤ ਪਰਿਵਾਰ ਵਿਚੋਂ ਬਣੀ ਖਿਡਾਰਨ ਹਿਮਾ ਦਾਸ ਅਤੇ ਕੁਝ ਹੋਰ ਅਜਿਹੇ ਹੀ ਨਾਵਾਂ ਦੀ ਰੋਸ਼ਨੀ ਸਾਡੇ ਇਤਿਹਾਸ ਵਿਚ ਚਮਕਦੀ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪ੍ਰਸ਼ਾਸਨਕ ਨਤੀਜਿਆਂ ਵਿਚ ਵੀ ਅੱਜ ਲੜਕੀਆਂ ਲੜਕਿਆਂ ਤੋਂ ਅੱਗੇ ਹਨ, ਫਿਰ ਵੀ ਇਸ ਸਭ ਕੁਝ ਦੇ ਬਾਵਜੂਦ ਇਸ ਸਿਰਜਣਹਾਰ, ਜਗਤ ਜਨਨੀ ਨੂੰ ਸਾਡੇ ਸਮਾਜ ਵਿਚ ਤਰਸਯੋਗ ਹਾਲਾਤ ਵਿਚੋਂ ਕਿਉਂ ਗੁਜ਼ਰਨਾ ਪੈ ਰਿਹਾ ਹੈ।
ਪੁਰਾਤਨ ਰੂੜ੍ਹੀਵਾਦੀ ਅਤੇ ਅੱਜ ਦੇ 21ਵੀਂ ਸਦੀ ਵਾਲੇ ਆਧੁਨਿਕ ਯੁੱਗ ਵਿਚੋਂ ਔਰਤਾਂ ਦੀਆਂ ਮੁਸ਼ਕਿਲਾਂ, ਜ਼ੁਲਮਾਂ ਅਤੇ ਇਸ ਦੇ ਉਪਰਾਲਿਆਂ ਵਿਚ ਕੀ ਫਰਕ ਪਿਆ ਹੈ। ਪੁਰਾਣੇ ਜ਼ਮਾਨੇ ਵਿਚ ਤਾਂ ਵਿਦੇਸ਼ੀ ਹਮਲਾਵਰ ਰਾਜੇ ਗੁਲਾਮ ਭਾਰਤ ਦੀਆਂ ਜਾਇਦਾਦਾਂ, ਇੱਥੋਂ ਦੀਆਂ ਬਹੂ ਬੇਟੀਆਂ ਦੀਆਂ ਇੱਜ਼ਤਾਂ ਲੁੱਟਦੇ ਤੇ ਫਿਰ ਇਨ੍ਹਾਂ ਨੂੰ ਚੁੱਕ ਕੇ ਲੈ ਜਾਂਦੇ ਸਨ। ਬੇਵਸ ਲੋਕ ਕੁਝ ਨਹੀਂ ਸੀ ਕਰ ਸਕਦੇ ਜਿਸ ਕਾਰਨ ਹੀ ਦੁਖੀ ਮਾਪੇ ਆਪਣੀਆਂ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੰਦੇ ਸਨ। ਉਦੋਂ ਗੁਰੂ ਨਾਨਕ ਦੇਵ ਜੀ ਨੇ ਨਾਰੀ ਦੇ ਹੱਕ ਵਿਚ ਬਾਣੀ ਉਚਾਰੀ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਉਂਝ, ਦੇਖਿਆ ਜਾਵੇ ਤਾਂ ਅੱਜ ਦੇ ਆਧੁਨਿਕ ਅਤੇ ਲੋਕਰਾਜੀ ਸਿਸਟਮ ਵਿਚ ਜਿੱਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿਵਾਏ ਬਰਾਬਰੀ ਵਾਲੇ ਸੰਵਿਧਾਨਕ ਅਧਿਕਾਰਾਂ ਦੇ ਸਿਰ ਉੱਤੇ ਔਰਤਾਂ ਖੁਦ ਪੁਲੀਸ ਅਫਸਰ, ਜੱਜ, ਪ੍ਰਸ਼ਾਸਨਕ ਅਫਸਰ, ਮੰਤਰੀ, ਗਵਰਨਰ ਵੀ ਹਨ ਅਤੇ ਜਿਨ੍ਹਾਂ ਦੇ ਹੱਥਾਂ ਵਿਚ ਇਨਸਾਫ ਮਸ਼ੀਨਰੀ ਦੀਆਂ ਚਾਬੀਆਂ ਵੀ ਹਨ, ਫਿਰ ਵੀ ਔਰਤਾਂ ਉਪਰ ਹੁੰਦੇ ਜ਼ੁਲਮਾਂ ਨੂੰ ਠੱਲ੍ਹ ਕਿਉਂ ਨਹੀਂ ਪੈ ਰਹੀ। ਦੇਖਿਆ ਜਾਵੇ ਤਾਂ ਕਈ ਜ਼ੁਲਮਾਂ ਦਾ ਬੱਸ ਤਰੀਕਾ ਹੀ ਬਦਲਿਆ ਹੈ, ਜਿਵੇਂ ਨਵੀ-ਜੰਮੀਆਂ ਬੱਚੀਆਂ ਨੂੰ ਜ਼ਮੀਨ ਵਿਚ ਦੱਬਣ ਦੀ ਬਜਾਏ ਆਧੁਨਿਕ ਲਿੰਗ ਟੈਸਟ, ਅਲਟਰਾਸਾਊਂਡ ਮਸ਼ੀਨਾਂ, ਭਰੂਣ ਹੱਤਿਆ ਦੇ ਡਾਕਟਰੀ ਤਰੀਕਿਆਂ ਨੇ ਲੈ ਲਈ ਹੈ। ਪੁਰਾਣੇ ਜ਼ਮਾਨੇ ਵਿਚ ਤਾਂ ਜ਼ੁਲਮਾਂ ਦਾ ਕਾਰਨ ਵਿਦੇਸ਼ੀ ਧਾੜਵੀ ਸਨ ਪਰ ਹੁਣ ਤਾਂ ਵਧੀਕੀ ਕਰਨ ਵਾਲੇ ਹਰ ਮੋੜ ਤੇ ਆਂਢ-ਗੁਆਂਢ ਵਿਚ ਹੀ ਮੌਜੂਦ ਹਨ ਜੋ ਦਾਜ ਦੇ ਲਾਲਚ, ਸਮੂਹਿਕ ਜਬਰ-ਜਨਾਹ, ਤੇਜ਼ਾਬ ਸੁੱਟਣ ਵਾਲੇ ਤਰੀਕਿਆਂ ਅਤੇ ਜਬਰ-ਜਨਾਹ ਕਰਨ ਪਿੱਛੋਂ ਮਾਰ ਦੇਣ ਵਾਲੇ ਇਹ ਹਤਿਆਰੇ ਬਜ਼ੁਰਗਾਂ ਤੇ ਮੁਟਿਆਰਾਂ, ਸਕੂਲੀ ਵਿਦਿਆਰਥਣਾਂ, ਬੇਵਸ ਗੂੰਗੀਆਂ ਬੋਲੀਆਂ ਅਬਲਾਵਾਂ ਤੇ ਛੋਟੀ ਬੱਚੀਆਂ ਨੂੰ ਵੀ ਨਹੀਂ ਬਖਸ਼ਦੇ। ਸ਼ਾਇਦ ਅੱਜ ਕੱਲ੍ਹ ਭਰੂਣ ਹੱਤਿਆ ਦੇ ਇਹੋ ਹੀ ਕਾਰਨ ਹਨ ਕਿਉਂਕਿ ਨਾ ਹੀ ਇਨ੍ਹਾਂ ਜ਼ੁਲਮਾਂ ਨੂੰ ਠੱਲ੍ਹ ਪੈ ਰਹੀ ਹੈ ਅਤੇ ਨਾ ਹੀ ਪੀੜਤਾਂ ਨੂੰ ਇਨਸਾਫ ਮਿਲਦਾ ਹੈ। ਕਈ ਮੁਟਿਆਰਾਂ ਨੇ ਇਨਸਾਫ ਨਾ ਮਿਲਣ ਕਾਰਨ ਖੁਦਕੁਸ਼ੀ ਤੱਕ ਕੀਤੀ। ਦੇਸ਼ ਦੇ ਸਾਰੇ ਹੀ ਸੂਬਿਆਂ ਵਿਚ ਔਰਤਾਂ ਪ੍ਰਤੀ ਇਹ ਵਰਤਾਰਾ ਘਟਣ ਵੀ ਬਜਾਇ ਦਿਨੋ-ਦਿਨ ਵਧ ਰਿਹਾ ਹੈ। ਬਿਹਾਰ, ਯੂਪੀ ਵਰਗੇ ਸੂਬਿਆਂ ਵਿਚ ਤਾਂ ਕਈ ਧਨਾਢਾਂ ਵੱਲੋਂ ਗਰੀਬ ਔਰਤਾਂ ਨੂੰ ਅਲਫ ਨੰਗਾ ਕਰਕੇ ਸ਼ਰੇਆਮ ਘੁੰਮਾਇਆ ਜਾਂਦਾ ਹੈ। ਇਹ ਜ਼ੁਲਮਾਂ ਦੀਆਂ ਕੁਝ ਪ੍ਰਤੱਖ ਮਿਸਾਲਾਂ ਹਨ। ਯੂਪੀ ਦੇ ਹਾਥਰਸ ਇਲਾਕੇ ਵਿਚ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਫਿਰ ਕੁਝ ਦਿਨਾਂ ਬਾਅਦ ਹੀ ਉਸੇ ਇਲਾਕੇ ਵਿਚ ਅਜਿਹਾ ਇਕ ਹੋਰ ਕਾਂਡ ਵਾਪਰ ਗਿਆ ਪਰ ਪੁਲੀਸ ਦੀ ਮਿਲੀਭੁਗਤ ਕਾਰਨ ਪੀੜਤ ਪਰਿਵਾਰ ਇਨਸਾਫ ਨੂੰ ਤਰਸਦੇ ਰਹੇ।
ਪੱਛਮੀ ਬੰਗਾਲ ਸੂਬੇ ਜਿਥੇ ਰਾਜਾ ਰਾਮ ਮੋਹਨ, ਈਸ਼ਵਰ ਚੰਦਰ ਰਾਏ ਅਤੇ ਰਵਿੰਦਰ ਨਾਥ ਟੈਗੋਰ ਜਿਹੇ ਮਹਾਨ ਵਿਅਕਤੀਆਂ ਨੇ ਔਰਤਾਂ ਦੇ ਰੁਤਬੇ ਦੀ ਬਹਾਲੀ ਲਈ ਬਹੁਤ ਕੰਮ ਕੀਤੇ, ਵਿਚ ਅੱਜ ਕੱਟੜਵਾਦੀ ਸਿਆਸੀ ਨੇਤਾ ਆਪਣੇ ਰਾਜਸੀ ਵਿਰੋਧੀਆਂ ਨੂੰ ਇਹ ਧਮਕੀ ਦਿੰਦੇ ਹਨ ਕਿ ਜੇ ਸਾਡੇ ਅਨੁਸਾਰ ਨਾ ਚਲੇ ਤਾਂ ਤੁਹਾਡੀਆਂ ਔਰਤਾਂ ਨਾਲ ਜਬਰ-ਜਨਾਹ ਕਰਵਾ ਦਿਆਂਗੇ। ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਧਾਰਮਿਕ ਪੁਜਾਰੀ/ਬਾਬੇ ਇਨ੍ਹਾਂ ਨੂੰ ਜਬਰ-ਜਨਾਹ ਦੇ ਅੱਡੇ ਬਣਾਉਣ ਵਿਚ ਦੋਸ਼ੀ ਸਾਬਤ ਹੋਏ। ਕਰੀਬ ਤਿੰਨ ਸਾਲ ਪਹਿਲਾਂ ਬਿਹਾਰ ਦੇ ਇੱਕ ਮੰਦਿਰ ਵਿਚ ਪੁਜਾਰੀਆਂ ਸਮੇਤ 5 ਹੋਰ ਦਰਿੰਦਿਆਂ ਨੇ 6 ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਨਾਹ ਭਗਵਾਨ ਦੀ ਮੂਰਤੀ ਵਾਲੇ ਕਮਰੇ ਵਿਚ ਕੀਤਾ ਸੀ ਕਿਉਂਕਿ ਬੱਚੀ ਦੂਜੇ ਫਿ਼ਰਕੇ ਨਾਲ ਸੰਬੰਧਿਤ ਸੀ। ਅਫ਼ਸੋਸ ਤਾਂ ਇਹ ਹੈ ਕਿ ਪੰਜਾਬ ਜਿੱਥੇ ਸਿੱਖ ਗੁਰੂ ਸਾਹਿਬਾਨ ਨੇ ਔਰਤਾਂ ਲਈ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਪ੍ਰਚਾਰ ਕੀਤਾ, ਵਿਚ ਵੀ ਕਰੀਬ ਦੋ ਸਾਲ ਪਹਿਲਾਂ ਜਬਰ-ਜਨਾਹ ਦੀ ਸ਼ਿਕਾਰ ਲੜਕੀ ਨੇ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ ਪਰ ਉਸ ਨੇ ਬੱਚੇ ਦੀ ਸ਼ਕਲ ਦੇਖਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੇ ਮਨ ਵਿਚ ਇਸ ਜ਼ੁਲਮ ਵਿਰੁੱਧ ਬਦਲੇ ਦੀ ਅੱਗ ਦਾ ਲਾਵਾ ਅਜੇ ਵੀ ਉਬਲ ਰਿਹਾ ਸੀ। ਉਸ ਨੂੰ ਇਸ ਵਧੀਕੀ ਖਿਲਾਫ ਇਨਸਾਫ ਨਹੀਂ ਸੀ ਮਿਲਿਆ। ਅਜਿਹਾ ਬਹੁਤ ਕੁਝ ਮੰਦਭਾਗਾ ਵਾਪਰ ਰਿਹਾ ਹੈ ਜੋ ਰਿਕਾਰਡ ਵਿਚ ਨਹੀਂ ਆਉਂਦਾ। ਅਜਿਹੇ ਗੰਧਲੇ ਸਿਸਟਮ ਨੇ ਤਾਂ ਉਨ੍ਹਾਂ ਦਾਦੇ ਦਾਦੀਆਂ ਅਤੇ ਮਾਂ ਬਾਪ ਦੀਆਂ ਆਸਾਂ ਨੂੰ ਮਾਯੂਸੀ ਵਿਚ ਬਦਲ ਦਿੱਤਾ ਹੈ ਜੋ ਆਪਣੀਆ ਬਾਲੜੀਆਂ ਨੂੰ ਰੀਝਾਂ ਨਾਲ ਸਕੂਲ ਭੇਜਦੇ ਹਨ ਕਿ ਉਹ ਚੰਗੀਆਂ ਸਿਹਤਮੰਦ ਹੋ ਕੇ ਵਧੀਆ ਅਥਲੀਟ, ਪੁਲੀਸ ਅਫਸਰ, ਜਾਂ ਹੋਰ ਵਧੀਆ ਅਧਿਕਾਰੀ ਬਣ ਕੇ ਪਰਿਵਾਰ ਦਾ ਨਾਮ ਰੋਸ਼ਨ ਕਰਨਗੀਆਂ ਪਰ ਜਬਰ-ਜਨਾਹ ਦੀਆਂ ਘਟਨਾਵਾਂ ਉਨ੍ਹਾਂ ਦਾ ਦਿਲ ਤੋੜ ਰਹੀਆਂ ਹਨ।
ਅਜਿਹੇ ਗੁਨਾਹ ਰੋਕਣ ਦੀ ਪੂਰੀ ਜਿ਼ੰਮੇਵਾਰੀ ਸਰਕਾਰ ਦੀ ਬਣਦੀ ਹੈ। ਕੁਝ ਸਮਾਂ ਪਹਿਲਾਂ ਸੰਸਦੀ ਕਮੇਟੀ ਦੀ ਇੱਕ ਮੀਟਿੰਗ ਵਿਚ ਵੀ ਇਹ ਮੰਗ ਕੀਤੀ ਗਈ ਕਿ 50% ਔਰਤਾਂ ਜੱਜ ਹੋਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਅੱਜ ਹਾਲਾਤ ਇਹ ਹਨ ਕਿ ਸਿਆਸੀ ਨੇਤਾ ਅਤੇ ਉਨ੍ਹਾਂ ਦੀਆਂ ਔਲਾਦਾਂ ਮਨਮਰਜ਼ੀ ਕਰਦੇ ਹਨ। ਕੋਈ ਔਰਤ ਚੰਗੀ ਅਫਸਰ ਬਣ ਕੇ ਇਨਸਾਫ ਕਰੇ ਤਾਂ ਇਹ ਲੋਕ ਚਾਹੁੰਦੇ ਹਨ ਕਿ ਕੋਈ ਵੀ ਕਾਰਵਾਈ ਉਨ੍ਹਾਂ ਦੀ ਮਰਜ਼ੀ ਅਨੁਸਾਰ ਹੀ ਹੋਵੇ। ਕਰੀਬ ਦੋ ਸਾਲ ਪਹਿਲਾਂ ਪੰਜਾਬ ਦੀ ਇੱਕ ਮਹਿਲਾ ਐੱਸਐੱਚਓ ਨੇ ਮੋਟਰਸਾਈਕਲ ਤੇ ਸਵਾਰ 3 ਮੁੰਡਿਆਂ ਜੋ ਇੱਕ ਲੋਕਲ ਐੱਮਐੱਲਏ ਦੇ ਬੰਦੇ ਸਨ, ਦਾ ਚਲਾਨ ਕੱਟਿਆ ਕਿਉਂਕਿ ਉਨ੍ਹਾਂ ਕੋਲ ਕੋਈ ਕਾਗਜ਼ ਪੱਤਰ ਨਹੀਂ ਸਨ ਪਰ ਉਸ ਐੱਮਐੱਲਏ ਨੇ ਇਸ ਪੁਲੀਸ ਅਫਸਰ ਨੂੰ ਫੋਨ ਤੇ ਝਾੜ ਪਾਉਂਦੇ ਹੋਏ ਕਿਹਾ ਕਿ ਜੇ ਮੇਰੀ ਮਰਜ਼ੀ ਅਨੁਸਾਰ ਕੰਮ ਨਹੀਂ ਕਰਨਾ ਤਾਂ ਆਪਣਾ ਬੋਰੀਆ ਬਿਸਤਰਾ ਬੰਨ੍ਹ ਲੈ। ਅਜਿਹੇ ਹੀ ਕੁਝ ਹੋਰ ਮੰਤਰੀ ਵੀ ਉੱਚ ਮਹਿਲਾ ਅਫਸਰਾਂ ਨੂੰ ਫੋਨਾਂ ਤੇ ਝਾੜ ਪਾਉਂਦੇ ਚਰਚਿਤ ਹੋਏ ਹਨ। ਕਈ ਥਾਈਂ ਦਫਤਰਾਂ ਵਿਚ ਕੰਮ ਕਰਦੀਆਂ ਔਰਤਾਂ ਨੂੰ ਵੀ ਉਨ੍ਹਾਂ ਦੇ ਉੱਚ ਅਫਸਰ ਭੁੱਖੀਆਂ ਨਜ਼ਰਾਂ ਨਾਲ ਦੇਖਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਵੀ ਬਣਾਉਂਦੇ ਹਨ।
ਸਾਡੇ ਮੁਲਕ ਵਿਚ ਸਾਰੇ ਧਰਮਾਂ ਦੇ ਜਿੰਨੇ ਸਥਾਨ ਹਨ ਤੇ ਜਿੰਨੀ ਪਾਠ ਪੂਜਾ ਇਥੇ ਹੁੰਦੀ ਹੈ, ਸਾਰੀ ਦੁਨੀਆ ਤੋਂ ਵੱਧ ਹੈ। ਕੰਜਕ ਪੂਜਣ ਦਿਹਾੜੇ ਵੀ ਲੋਕ ਮਨਾਉਂਦੇ ਹਨ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰੇ ਅਤੇ ਪ੍ਰਚਾਰ ਵੀ ਸਾਡੇ ਸਿਆਸੀ ਲੀਡਰਾਂ ਬਹੁਤ ਕਰਦੇ ਹਨ, ਫਿਰ ਵੀ ਔਰਤਾਂ ਉਪਰ ਜ਼ੁਲਮ ਬੰਦ ਤਾਂ ਕੀ ਹੋਣੇ ਹਨ, ਘਟ ਵੀ ਨਹੀਂ ਰਹੇ ਸਗੋਂ ਵਧ ਹੀ ਰਹੇ ਹਨ। ਕੀ ਇਹ ਸਭ ਪ੍ਰਚਾਰ ਦਿਖਾਵਾ ਹੀ ਹੈ? ਪੜ੍ਹੇ ਲਿਖੇ ਲੋਕਾਂ ਦੀ ਗੱਲ ਕਰੀਏ ਤਾਂ ਭਰੂਣ ਹੱਤਿਆ ਵਾਲੇ ਕੰਮਾਂ ਵਿਚ ਇਨ੍ਹਾਂ ਵਿਚੋਂ ਬਥੇਰੇ ਲੋਕ ਪਿੱਛੇ ਨਹੀਂ। ਕਈ ਥਾਈ ਤਾਂ ਅਧਿਆਪਕਾਂ ਉਪਰ ਵੀ ਆਪਣੀਆਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਇਲਜ਼ਾਮ ਲਗਦੇ ਸੁਣੇ ਦੇਖੇ ਜਾਂਦੇ ਹਨ।
ਕਈ ਵਾਰ ਔਰਤਾਂ ਲਈ ਔਰਤਾਂ ਦੀ ਭੂਮਿਕਾ ਦੇ ਮਾਮਲਿਆਂ ਵਿਚ ਗੜਬੜ ਹੋ ਜਾਂਦੀ ਹੈ ਅਤੇ ਸੰਬੰਧਿਤ ਔਰਤ ਦੀ ਭੂਮਿਕਾ ਦੁਸ਼ਮਣ ਵਾਲੀ ਜਾਪਣ ਲੱਗਦੀ ਹੈ। ਕੇਰਲ ਵਿਚ ਸ਼ਬਰੀਮਾਲਾ ਮੰਦਰ ਬਾਰੇ ਜਦੋਂ ਹੰਗਾਮਾ ਹੋਇਆ ਸੀ ਤਾਂ ਸਾਡੀਆਂ ਕਈ ਔਰਤਾਂ ਦੀ ਭੂਮਿਕਾ ਚੰਗੀ ਨਹੀਂ ਸੀ। ਮੰਦਰ ਵਿਚ 50 ਸਾਲ ਤੋਂ ਘੱਟ ਉਮਰ ਵਾਲੀਆਂ ਔਰਤਾਂ ਦੇ ਦਾਖਲੇ ਤੇ ਪਾਬੰਦੀ ਹੈ, ਇਸ ਵਿਰੁੱਧ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਕਿ ਉੱਥੇ ਹਰ ਉਮਰ ਵਰਗ ਦੀ ਔਰਤ ਪੂਜਾ ਲਈ ਜਾ ਸਕਦੀ ਹੈ ਪਰ ਹੈਰਾਨੀ ਵਾਲੀ ਗੱਲ ਹੋਈ ਕਿ ਮੁਲਕ ਦੀ ਕੇਂਦਰੀ ਮੰਤਰੀ ਜੋ ਸਿਆਸਤ ਵਿਚ ਆਉਣ ਤੋਂ ਪਹਿਲਾਂ ਔਰਤ-ਪੱਖੀ ਡਰਾਮਿਆਂ ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ, ਨੇ ਬਿਆਨ ਦਿੱਤਾ ਕਿ ਔਰਤਾਂ ਨੂੰ ਮੰਦਰ ਦੀ ਧਾਰਮਿਕ ਮਰਿਆਦਾ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਇਵੇਂ ਹੀ 30 ਸਾਲਾ ਔਰਤ ਵੱਲੋਂ ਮੰਦਰ ਵਿਚ ਜਾਣ ਤੋਂ ਬਾਅਦ ਉਹਦੀ ਸੱਸ ਨੇ ਉਸ ਦੀ ਕੁੱਟ-ਮਾਰ ਕੀਤੀ। ਬੀਜੇਪੀ ਦੇ ਇਕ ਨੇਤਾ ਨੇ ਤਾਂ ਇਹ ਬਿਆਨ ਦੇ ਦਿੱਤਾ ਸੀ ਕਿ ਸ਼ਬਰੀਮਾਲਾ ਮੰਦਿਰ ਵਿਚ ਵੜਨ ਵਾਲੀਆਂ ਔਰਤਾਂ ਨੂੰ ਵੱਢ ਦੇਣਾ ਚਾਹੀਦਾ ਹੈ।
ਜ਼ਾਹਿਰ ਹੈ ਕਿ ਇੱਥੇ ਤਾਂ ਤੰਦ ਨਹੀਂ ਬਲਕਿ ਤਾਣੀ ਹੀ ਉਲਝੀ ਪਈ ਹੈ। ਬਿਹਾਰ ਦੇ ਮੁਜ਼ੱਫਰਪੁਰ ਅਤੇ ਯੂਪੀ ਵਿਚ ਦੇਵਰੀਆ ਦੇ ਸ਼ੈੱਲਟਰ ਹੋਮ ਵਿਵਾਦਾਂ ਵਿਚ ਘਿਰੇ ਰਹੇ ਰਹੇ ਹਨ। ਮੁਜ਼ੱਫਰਪੁਰ ਸ਼ੈੱਲਟਰ ਹੋਮ ਵਿਚ ਜਬਰ-ਜਨਾਹ ਦੇ 40 ਕੇਸਾਂ ਦੀ ਪੁਸ਼ਟੀ ਹੋਈ ਸੀ ਅਤੇ ਦੇਵਰੀਆ ਦੇ ਬਾਲ ਗ੍ਰਹਿ ਵਿਚੋਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ 24 ਲੜਕੀਆਂ ਛੁਡਾਈਆਂ ਗਈਆਂ ਸਨ। ਮੁਲਕ ਦੀ ਨਾਰੀ ਦਾ ਭਵਿੱਖ ਨਾ ਸੁਧਾਰੇ ਜਾਣ ਲਈ ਹੁਣ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ?
ਇਸੇ ਤਰ੍ਹਾਂ ਔਰਤਾਂ ਨਾਲ ਬੱਸਾਂ ਵਿਚ ਹੁੰਦੀ ਛੇੜਛਾੜ ਵੀ ਚਰਚਾ ਦਾ ਵਿਸ਼ਾ ਹੈ। ਜਿੱਥੇ ਘਟਨਾ ਵੇਲੇ ਮੌਜੂਦ ਸਵਾਰੀਆਂ ਵੀ ਕਈ ਵਾਰ ਦੋਸ਼ੀਆਂ ਵਿਰੁੱਧ ਨਹੀਂ ਡਟਦੀਆਂ ਜਾਂ ਕਈ ਵਾਰ ਦੋਸ਼ੀਆਂ ਦੇ ਫੜੇ ਜਾਣ ਤੇ ਲੰਮੀ ਪੁਲੀਸ ਕਾਰਵਾਈ ਅਤੇ ਲਟਕਵੀਂ ਅਦਾਲਤੀ ਕਾਰਵਾਈ ਜਾਂ ਇਸ ਲੰਮੀ ਪ੍ਰਕਿਰਿਆ ਦੌਰਾਨ ਮੌਕੇ ਦੇ ਗਵਾਹਾਂ ਨੂੰ ਪੈਸੇ ਅਤੇ ਤਾਕਤ ਦੇ ਬਲ ਨਾਲ ਮੁਕਰਾ ਦੇਣਾ, ਇਹ ਵੀ ਪੀੜਤ ਔਰਤਾਂ ਲਈ ਨਿਰਾਸ਼ਾ ਦਾ ਕਾਰਨ ਬਣਦਾ ਹੈ। ਖੈਰ! ਕਈ ਥਾਈਂ ਔਰਤਾਂ ਵੱਲੋਂ ਆਪਣੀ ਰਾਖੀ ਲਈ ਦਿਖਾਈ ਹਿੰਮਤ ਅਤੇ ਸੂਝਬੂਝ ਵੀ ਪ੍ਰਸ਼ੰਸਾ ਦਾ ਵਿਸ਼ਾ ਹੈ ਕਿਉਂਕਿ ਇਹੋ ਹੀ ਇਕ ਤਰੀਕਾ ਹੈ ਕਿ ਲੋਕ ਆਪਣੀ ਰੱਖਿਆ ਲਈ ਖੁਦ ਲਾਮਬੰਦ ਹੋਣ ਅਤੇ ਇਕੱਲੀ ਔਰਤ ਦੀ ਡਟ ਕੇ ਮਦਦ ਕਰਨ ਦੀ ਲਹਿਰ ਚਲਾਉਣ, ਕੇਵਲ ਸਰਕਾਰਾਂ ਦੇ ਮੂੰਹ ਵੱਲ ਹੀ ਨਾ ਦੇਖਣ।
ਇਸ ਦੇ ਨਾਲ ਹੀ ਹੁਣ ਇਹ ਵੀ ਬਹੁਤ ਜ਼ਰੂਰੀ ਹੈ ਕਿ ਔਰਤਾਂ ਆਪਣੇ ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਦੀ ਵੀ ਪਾਲਣਾ ਕਰਨ। ਕਾਨੂੰਨੀ ਅਧਿਕਾਰਾਂ ਦੀ ਗ਼ਲਤ ਵਰਤੋਂ ਕਿਸੇ ਵੀ ਸੂਰਤ ਵਿਚ ਨਹੀਂ ਹੋਣੀ ਚਾਹੀਦੀ ਕਿਉਂਕਿ ਕਈ ਵਾਰ ਪਰਿਵਾਰਕ ਰਿਸ਼ਤਿਆਂ ਉਤੇ ਮਾਰ ਪੈ ਜਾਂਦੀ ਹੈ।
ਮੀਡੀਆ ਦੀ ਗੱਲ ਕਰੀਏ ਤਾਂ ਸਾਡੇ ਕਈ ਟੀਵੀ ਚੈਨਲ ਵੀ ਔਰਤਾਂ ਅਤੇ ਨੌਜਵਾਨ ਲੜਕੇ ਲੜਕੀਆਂ ਪ੍ਰਤੀ ਉਸਾਰੂ ਭੂਮਿਕਾ ਆਪਣੀ ਪੇਸ਼ਕਾਰੀ ਰਾਹੀਂ ਨਹੀਂ ਨਿਭਾ ਰਹੇ। ਇਵੇਂ ਹੀ ਗੀਤਕਾਰਾਂ ਅਤੇ ਗਾਇਕਾਂ ਦਾ ਵੀ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਅਸ਼ਲੀਲਤਾ ਨਾ ਪਰੋਸਣ।
ਸੋ, ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਅੱਜ ਇਸ ਗੱਲ ਦੀ ਸਖਤ ਲੋੜ ਹੈ ਕਿ ਜਿੱਥੇ ਸਾਡਾ ਮਰਦ ਸਮਾਜ ਔਰਤਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖੇ, ਉਥੇ ਸਾਡੀਆਂ ਬੀਬੀਆਂ ਵੀ ਸਮਾਜ ਨੂੰ ਹੋਰ ਅਗਾਂਹ ਲਿਜਾਣ ਬਾਰੇ ਸੁਚੇਤ ਰਹਿਣ।
ਸੰਪਰਕ : 99155-21037