ਸਿਦਕ ਤੇ ਕੁਰਬਾਨੀ ਦੀ ਅਦੁੱਤੀ ਗਾਥਾ - ਡਾ. ਮਹਿੰਦਰ ਸਿੰਘ
ਵੀਹਵੀਂ ਸਦੀ ਵਿਚ ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਲਹਿਰ ਅਤੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਗੁਰਦੁਆਰਿਆਂ ’ਤੇ ਕਾਬਜ਼ ਮਹੰਤਾਂ ਅਤੇ ਅੰਗਰੇਜ਼ ਸਰਕਾਰ ਵਿਰੁੱਧ ਅਜਿਹਾ ਸੰਘਰਸ਼ ਸੀ ਜਿਸ ਨੇ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ। ਸ਼ਾਂਤਮਈ ਢੰਗ ਨਾਲ ਚਲਾਏ ਗਏ ਇਸ ਅੰਦੋਲਨ ਵਿਚ ਸਿੱਖਾਂ ਨੇ ਅਦੁੱਤੀ ਕੁਰਬਾਨੀਆਂ ਦਿੱਤੀਆਂ ਅਤੇ ਵੇਲੇ ਦੀ ਹਕੂਮਤ ਨੂੰ ਝੁਕਣ ਲਈ ਮਜਬੂਰ ਕੀਤਾ।
ਇਤਿਹਾਸਕ ਗੁਰਦੁਆਰਿਆਂ ਦੇ ਸੁਧਾਰ ਲਈ ਵਿੱਢੇ ਗਏ ਪੰਜ ਸਾਲਾ ਸ਼ਾਂਤਮਈ ਸੰਘਰਸ਼ (1920-25) ਦਾ ਸਭ ਤੋਂ ਵੱਡਾ ਦੁਖਾਂਤ ਨਨਕਾਣਾ ਸਾਹਿਬ ਦੀ ਤ੍ਰਾਸਦੀ ਸੀ ਜਿਸ ਨੇ ਸਾਰੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਦਾ ਜਨਮ 1469 ਈਸਵੀ ਵਿਚ ਲਾਹੌਰ ਤੋਂ 57 ਮੀਲ ਦੂਰ ਅਣਵੰਡੇ ਪੰਜਾਬ ਦੇ ਰਾਏ ਭੋਇ ਦੀ ਤਲਵੰਡੀ ਨਾਂ ਦੇ ਪਿੰਡ ਵਿਖੇ ਹੋਇਆ। ਕਹਿੰਦੇ ਹਨ ਤਲਵੰਡੀ ਵਿਦੇਸ਼ੀ ਹਮਲਿਆਂ ਕਾਰਨ ਤੇਰਾਂ ਵਾਰੀ ਢਹਿ ਢੇਰੀ ਹੋਣ ਉਪਰੰਤ ਮੁੜ ਉਸਾਰੀ ਗਈ। ਪਰ ਬਾਬਾ ਨਾਨਕ ਦੇ ਜਨਮ ਉਪਰੰਤ ਇਸ ਕਸਬੇ ਦੇ ਮੁਖੀ ਰਾਏ ਬੁਲਾਰ ਨੇ ਬਾਬੇ ਦੇ ਸਨਮਾਨ ਵਿਚ ਇਸ ਦਾ ਨਾਂ ਨਨਕਾਣਾ ਰੱਖਿਆ ਅਤੇ ਇਹ ਗੁਮਨਾਮ ਪਿੰਡ ਦੁਨੀਆਂ ਦੇ ਨਕਸ਼ੇ ’ਤੇ ਨਨਕਾਣਾ ਸਾਹਿਬ ਵਜੋਂ ਉਭਰਿਆ।
ਬਾਬਾ ਨਾਨਕ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਸਿੱਖਾਂ ਦੇ ਧਾਰਮਿਕ ਅਸਥਾਨਾਂ ਵਿਚ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ। ਗੁਰਦੁਆਰਾ ਜਨਮ ਅਸਥਾਨ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਹੋਰ ਵੀ ਧਰਮ ਅਸਥਾਨ ਗੁਰੂ ਸਾਹਿਬ ਦੇ ਮੁੱਢਲੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਦੀ ਯਾਦ ਦਿਵਾਉਂਦੇ ਹਨ। ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਗੁਰਦੁਆਰਾ ਜਨਮ ਅਸਥਾਨ ਉੱਤੇ ਮਹੰਤ ਸਾਧੂ ਰਾਮ ਦਾ ਕਬਜ਼ਾ ਸੀ ਜੋ ਬੜਾ ਵਿਲਾਸੀ ਤੇ ਅਧਰਮੀ ਜੀਵਨ ਜਿਉਂਦਾ ਸੀ। ਸਾਧੂ ਰਾਮ ਦੀ ਮੌਤ ਪਿੱਛੋਂ ਮਹੰਤੀ ਦੀ ਗੱਦੀ ’ਤੇ ਬੈਠਣ ਵਾਲਾ ਮਹੰਤ ਨਰਾਇਣ ਦਾਸ ਵੀ ਆਪਣੇ ਪੂਰਵ ਅਧਿਕਾਰੀ ਦੇ ਪੂਰਨਿਆਂ ਉੱਤੇ ਹੀ ਚਲਦਾ ਰਿਹਾ।
ਇਲਾਕੇ ਦੇ ਸਿੱਖਾਂ ਨੇ ਮਹੰਤ ਦੇ ਦੁਰਾਚਾਰ ਨੂੰ ਰੋਕਣ ਦੇ ਬਹੁਤ ਯਤਨ ਕੀਤੇ, ਪਰ ਉਹ ਨਾਕਾਮ ਰਹੇ ਕਿਉਂਕਿ ਸਥਾਨਕ ਬਰਤਾਨਵੀ ਅਧਿਕਾਰੀ ਮਹੰਤ ਦੀ ਪਿੱਠ ਉਤੇ ਸਨ। ਇਹ ਅਧਿਕਾਰੀ ਗੁਰਦੁਆਰਿਆਂ ਵਿਚ ਹੁੰਦੀਆਂ ਵਧੀਕੀਆਂ ਵਿਚ ਭਾਈਵਾਲ ਹੋਣ ਕਰਕੇ ਸੁਧਾਰਾਂ ਵਿਚ ਕੋਈ ਰੁਚੀ ਨਹੀਂ ਸਨ ਰੱਖਦੇ। ਮਹੰਤ ਉਹਨਾਂ ਸਥਾਨਕ ਅਧਿਕਾਰੀਆਂ ਅਤੇ ਅਜਿਹੇ ਵਿਅਕਤੀਆਂ ਨੂੰ, ਜਿਨ੍ਹਾਂ ਦੀ ਸਦਭਾਵਨਾ ਅਤੇ ਸਮਰਥਨ ਉੱਤੇ ਉਨ੍ਹਾਂ ਦੀ ਨਿਯੁਕਤੀ ਤੇ ਆਪਣੀ ਪਦਵੀ ’ਤੇ ਬਣੇ ਰਹਿਣਾ ਨਿਰਭਰ ਕਰਦਾ ਸੀ, ਗੁਰਦੁਆਰਿਆਂ ਦੇ ਫੰਡ ਵਿਚੋਂ ਲੱਖਾਂ ਰੁਪਏ ਕੀਮਤੀ ਸੌਗਾਤਾਂ ਪੇਸ਼ ਕਰਨ ’ਤੇ ਖ਼ਰਚ ਕਰਦੇ ਸਨ। ਬਦਲੇ ਵਿਚ ਇਹ ਅਧਿਕਾਰੀ ਉਨ੍ਹਾਂ ਨੂੰ ਸੰਕਟ ਦੀ ਹਾਲਤ ਵਿਚ ਸਰਕਾਰੀ ਮਦਦ ਦਾ ਯਕੀਨ ਦਿਵਾਉਂਦੇ ਸਨ। ਇਸ ਪਿਛੋਕੜ ਵਿਚ ਨਰਾਇਣ ਦਾਸ ਨਨਕਾਣਾ ਸਾਹਿਬ ਵਿਚ ਮਹੰਤ ਦੀ ਗੱਦੀ ਉੱਤੇ ਬੈਠਾ। ਦੱਸਿਆ ਜਾਂਦਾ ਹੈ ਕਿ ਸਿੱਖ ਸੁਧਾਰਕਾਂ ਵੱਲੋਂ ਵਿਰੋਧ ਦੇ ਖ਼ਤਰੇ ਨੂੰ ਟਾਲਣ ਦੀ ਦ੍ਰਿਸ਼ਟੀ ਤੋਂ ਉਸ ਨੇ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਕਿ ਪੁਰਾਣੇ ਮਹੰਤ ਦਾ ਤੌਰ ਤਰੀਕਾ ਉਹਦੇ ਨਾਲ ਹੀ ਉਹਦੀ ਚਿਤਾ ਵਿਚ ਜਾ ਪਿਆ ਹੈ ਅਤੇ ਉਹ ਆਪਣੇ ਪੂਰਵ ਅਧਿਕਾਰੀ ਦੇ ਪੂਰਨਿਆਂ ’ਤੇ ਕਦੇ ਨਹੀਂ ਚਲੇਗਾ। ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਇਹ ਸੰਕੇਤ ਦੇ ਦਿੱਤੇ ਕਿ ਉਸ ਦੇ ਇਕਰਾਰ ਥੋਥੇ ਸਨ ਅਤੇ ਉਹ ਬਦਚਲਨੀ ਦਾ ਰਾਹ ਛੱਡਣ ਦੇ ਸਮਰੱਥ ਨਹੀਂ ਸੀ।
ਨਨਕਾਣਾ ਸਾਹਿਬ ਦੀ ਇਸ ਹਾਲਤ ਨੇ ਅਕਾਲੀ ਸੁਧਾਰਕਾਂ ਦਾ ਧਿਆਨ ਖਿੱਚਿਆ। ਸ਼ੁਰੂ ਵਿਚ ਉਨ੍ਹਾਂ ਨੇ ਦੀਵਾਨ ਸਜਾ ਕੇ ਨਨਕਾਣਾ ਸਾਹਿਬ ਦੇ ਜਨਮ ਅਸਥਾਨ ਤੇ ਦੂਜੇ ਗੁਰਦੁਆਰਿਆਂ ਦੀ ਅਫ਼ਸੋਸਨਾਕ ਹਾਲਤ ’ਤੇ ਵਿਚਾਰਾਂ ਕੀਤੀਆਂ ਤੇ ਮਹੰਤਾਂ ਨੂੰ ਸੁਧਾਰ ਲਿਆਉਣ ਲਈ ਆਖਿਆ। ਅਕਤੂਬਰ 1920 ਦੇ ਸ਼ੁਰੂ ਵਿਚ ਧਾਰੋਵਾਲ ਵਿਖੇ ਅਜਿਹਾ ਇਕ ਦੀਵਾਨ ਲੱਗਾ। ਇਕ ਮਤਾ ਪਾਸ ਕਰਕੇ ਮਹੰਤ ਨਰਾਇਣ ਦਾਸ ਨੂੰ ਆਪਣੇ ਤੌਰ-ਤਰੀਕਿਆਂ ਵਿਚ ਸੁਧਾਰ ਕਰਨ ਤੇ ਗੁਰਦੁਆਰੇ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਆਖਿਆ ਗਿਆ। ਇਸ ਦੀਵਾਨ ਵਿਚ ਨਿਧੜਕ ਨੌਜਵਾਨ ਭਾਈ ਲਛਮਣ ਸਿੰਘ ਦੀ ਵਿਸ਼ੇਸ਼ ਭੂਮਿਕਾ ਸੀ। ਨਨਕਾਣਾ ਸਾਹਿਬ ਦੀ ਤ੍ਰਾਸਦੀ ਦੀ ਸ਼ਤਾਬਦੀ ਮੌਕੇ ਇਸ ਮਹਾਨ ਸ਼ਹੀਦ ਦੇ ਜੀਵਨ ਬਾਰੇ ਸੰਖੇਪ ਜ਼ਿਕਰ ਕਰਨਾ ਪ੍ਰਸੰਗਿਕ ਹੋਵੇਗਾ।
ਭਾਈ ਲਛਮਣ ਸਿੰਘ ਦਾ ਜਨਮ 31 ਅਗਸਤ 1885 ਨੂੰ ਪਿੰਡ ਧਾਰੋਵਾਲੀ, ਜ਼ਿਲ੍ਹਾ ਗੁਰਦਾਸਪੁਰ ਦੇ ਇਕ ਉੱਘੇ ਸਿੱਖ ਘਰਾਣੇ ਵਿਚ ਹੋਇਆ। ਉਨ੍ਹਾਂ ਦੇ ਪਿਤਾ ਭਾਈ ਮੇਹਰ ਸਿੰਘ ਅਤੇ ਮਾਤਾ ਹਰ ਕੌਰ ਸਨ। ਉਨ੍ਹਾਂ ਦੇ ਪਿਤਾ, ਮਹਾਰਾਜਾ ਨੌਨਿਹਾਲ ਸਿੰਘ ਦੀ ਸੂਰਜਮੁਖੀ ਫ਼ੌਜ ਵਿਚ ਸਿਪਾਹੀ ਸਨ। ਅੰਗਰੇਜ਼ਾਂ ਨੇ ਸਮਾਂ ਪੈਣ ’ਤੇ ਇਸ ਪਲਟਨ ਨੂੰ ਤੋੜ ਕੇ ਪੁਲੀਸ ਬਲ ਵਿਚ ਤਬਦੀਲ ਕਰ ਦਿੱਤਾ। ਉਨ੍ਹਾਂ ਦੇ ਪਿਤਾ ਨੇ ਇੱਥੇ ਈਮਾਨਦਾਰੀ ਨਾਲ ਨੌਕਰੀ ਕੀਤੀ ਜਿਸ ਦੀ ਬਦੌਲਤ ਉਨ੍ਹਾਂ ਨੂੰ ਸੇਵਾਮੁਕਤ ਹੋਣ ਉਪਰੰਤ ਚੱਕ ਨੰਬਰ 33 ਧਾਰੋਵਾਲੀ ਵਿਖੇ 6 ਮੁਰੱਬੇ ਜ਼ਮੀਨ ਮਿਲੀ। ਇੱਥੇ ਆਉਂਦਿਆਂ ਸਾਰ ਘਰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਘਰ ਬਣਵਾਇਆ। ਇਸ ਤਰ੍ਹਾਂ ਦੇ ਗੁਰਮਤਿ ਮਰਿਆਦਾ ਵਾਲੇ ਪਰਿਵਾਰ ਵਿਚ ਭਾਈ ਲਛਮਣ ਸਿੰਘ ਦੀ ਪਰਵਰਿਸ਼ ਹੋਈ।
ਗੁਰਸਿੱਖ ਸੰਸਕਾਰਾਂ ਵਿਚ ਵਿਚਰਨ ਸਦਕਾ ਭਾਈ ਲਛਮਣ ਸਿੰਘ ਦਾ ਆਚਰਨ ਭਜਨ-ਬੰਦਗੀ ਵਾਲੇ ਪੁਰਸ਼ ਵਜੋਂ ਉਭਰਨ ਲੱਗਾ। ਉਨ੍ਹਾਂ ਨੇ ਸੰਤ ਅਰਜਨ ਸਿੰਘ ਨਿਰਮਲੇ ਕੋਲੋਂ ਗੁਰਮੁਖੀ ਸਿੱਖੀ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬਜਾਜੀ, ਘੋੜਿਆਂ, ਊਠਾਂ ਤੇ ਕਪਾਹ ਦੀ ਖ਼ਰੀਦ ਆਦਿ ਦੇ ਕਈ ਧੰਦੇ ਅਪਣਾਏ, ਪਰ ਕਿਸੇ ’ਚ ਵੀ ਤਲੱਸੀਯੋਗ ਲਾਭ ਪ੍ਰਾਪਤ ਨਹੀਂ ਹੋਇਆ। ਸਗੋਂ ਉਨ੍ਹਾਂ ਕੋਲ ਜੋ ਵੀ ਥੋੜ੍ਹੀ-ਬਹੁਤ ਪੂੰਜੀ ਸੀ ਉਹ ਧਰਮ ਅਰਥ ਦੇ ਲੇਖੇ ਲਾ ਦਿੱਤੀ। ਇਸ ਤੋਂ ਬਾਅਦ ਉਹ ਪੂਰਨ ਤੌਰ ’ਤੇ ਪੰਥਕ ਸੇਵਾ ਦੇ ਪਿੜ ਵਿਚ ਉਤਰ ਆਏ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀ ਸਰਪ੍ਰਸਤੀ ਹੇਠ ਸਮਾਜ ਵੱਲੋਂ ਪ੍ਰਤਾੜਿਤ ਔਰਤਾਂ ਦੀ ਸੁਰੱਖਿਆ ਵਜੋਂ ਯਤੀਮ ਵਿਧਵਾਵਾਂ ਅਤੇ ਅਛੂਤ ਬੀਬੀਆਂ ਲਈ ਖਾਲਸਾ ਭੁਝੰਗਣ ਆਸ਼ਰਮ ਖੋਲ੍ਹਿਆ ਗਿਆ। ਭਾਈ ਲਛਮਣ ਸਿੰਘ ਜੀ ਨੇ ਇਕ ਸਿੱਖ ਇਸਤਰੀ ਕਾਨਫ਼ਰੰਸ ਵੀ ਕਰਵਾਈ। ਭਾਈ ਲਛਮਣ ਸਿੰਘ ਜੀ ਦੇ ਉੱਦਮ ਨਾਲ ਸਥਾਨਕ ਗੁਰਦੁਆਰਾ ਜੱਥੇ ਸਥਾਪਿਤ ਕੀਤੇ ਗਏ ਅਤੇ ਉਨ੍ਹਾਂ ਨੇ ਤਰਨ ਤਾਰਨ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਮੁਕਤ ਕਰਵਾਉਣ ਲਈ ਵਿੱਢੇ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ। ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹੰਤ ਨਰਾਇਣ ਦਾਸ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ। ਇਸ ਕਾਰਨ ਮਹੰਤ ਨਰਾਇਣ ਦਾਸ ਸੁਧਾਰਕਾਂ ਵੱਲੋਂ ਕਿਸੇ ਤਰ੍ਹਾਂ ਦੇ ਵਿਰੋਧ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਲੱਗਿਆ।
ਅਕਾਲੀ ਸੁਧਾਰਕਾਂ ਖ਼ਿਲਾਫ਼ ਮਹੰਤਾਂ ਨੂੰ ਜਥੇਬੰਦ ਕਰਨ ਪਿੱਛੋਂ ਨਰਾਇਣ ਦਾਸ ਨੇ ਬਾਕਾਇਦਾ ਵੱਡੇ ਪੈਮਾਨੇ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਿਸ ਨੂੰ ਸਰਕਾਰੀ ਚਿੱਠੀ ਪੱਤਰ ਵਿਚ ਤਾਂ ‘ਆਤਮ ਰੱਖਿਆ’ ਦਾ ਨਾਂ ਦਿੱਤਾ ਗਿਆ, ਪਰ ਅਸਲ ਵਿਚ ਇਹ ਅਕਾਲੀ ਸੁਧਾਰਕਾਂ ਨੂੰ ਕੁਚਲਣ ਦੀ ਇਕ ਡੂੰਘੀ ਸਾਜ਼ਿਸ਼ ਸੀ। ਇਸ ਪ੍ਰਕਾਰ ਆਤਮ-ਰੱਖਿਆ ਅਤੇ ਅਕਾਲੀਆਂ ਦੇ ਧਾਵੇ ਤੋਂ ਬਚਾਉਣ ਲਈ ਧਰਮ ਅਸਥਾਨ ਦੀ ਕਿਲੇਬੰਦੀ ਦੇ ਬਹਾਨੇ ਮਹੰਤ ਨਰਾਇਣ ਨੇ 400 ਦੇ ਕਰੀਬ ਭਾੜੇ ਦੇ ਗੁੰਡੇ ਇਕੱਠੇ ਕਰ ਲਏ (ਜਿਨ੍ਹਾਂ ਵਿਚ ਰਾਂਝਾ ਤੇ ਰੇਹਾਨਾ ਵਰਗੇ ਬਦਮਾਸ਼ ਵੀ ਸ਼ਾਮਲ ਸਨ) ਅਤੇ ਇਨ੍ਹਾਂ ਨੂੰ ਤਲਵਾਰਾਂ, ਲਾਠੀਆਂ, ਛਵ੍ਹੀਆਂ, ਟਕੂਆਂ ਵਰਗੇ ਹਥਿਆਰਾਂ ਨਾਲ ਲੈਸ ਕਰ ਦਿੱਤਾ। ਹਥਿਆਰ, ਗੋਲਾ ਬਾਰੂਦ ਤੇ ਮਿੱਟੀ ਦਾ ਤੇਲ ਇਕੱਠਾ ਕਰ ਲਿਆ ਗਿਆ ਸੀ। ਮਹੰਤ ਦੇ ਇਕ ਨੌਕਰ ਦੇ ਕਹਿਣ ਅਨੁਸਾਰ ਲਾਹੌਰ ਦੇ ਇਕ ਵਪਾਰੀ ਕੋਲੋਂ ਪਿਸਤੌਲ ਦੀਆਂ ਗੋਲੀਆਂ ਵੀ ਵੱਡੀ ਗਿਣਤੀ ਵਿਚ ਖ਼ਰੀਦ ਲਈਆਂ। ਇਸਮਾਈਲ ਭੱਟੀ ਦੀ ਅਗਵਾਈ ਹੇ 60 ਗੁੰਡਿਆਂ ਅਤੇ 100 ਪਠਾਣਾਂ ਦਾ ਇਕ ਹੋਰ ਗਰੋਹ ਵੀ ਇਕ ਪਲ ਦੇ ਨੋਟਿਸ ਉੱਤੇ ਹਮਲਾ ਕਰਨ ਲਈ ਤਿਆਰ-ਬਰ-ਤਿਆਰ ਰੱਖਿਆ ਗਿਆ ਸੀ।
ਭਾਈ ਲਛਮਣ ਸਿੰਘ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ 19 ਫਰਵਰੀ 1921 ਦੀ ਡੂੰਘੀ ਸ਼ਾਮ ਨਨਕਾਣਾ ਸਾਹਿਬ ਲਈ ਰਵਾਨਾ ਹੋਏ। ਰਸਤੇ ਵਿਚ ਹੋਰ ਲੋਕ ਵੀ ਉਨ੍ਹਾਂ ਦੇ ਜਥੇ ਵਿਚ ਸ਼ਾਮਲ ਹੁੰਦੇ ਗਏ। 20 ਫਰਵਰੀ ਦੀ ਸਵੇਰ ਨੂੰ ਇਹ ਜਥਾ ਗੁਰਦੁਆਰਾ ਜਨਮ ਅਸਥਾਨ ਤੋਂ ਅੱਧਾ ਮੀਲ ਦੂਰ ਇਕ ਥਾਂ ਪਹੁੰਚਿਆ। ਇੱਥੇ ਉਨ੍ਹਾਂ ਨੂੰ ਭਾਈ ਦਲੀਪ ਸਿੰਘ ਦਾ ਇਕ ਹਰਕਾਰਾ ਮਿਲਿਆ ਅਤੇ ਉਸ ਤੋਂ ਜਨਮ ਅਸਥਾਨ ਵੱਲ ਅੱਗੇ ਨਾ ਜਾਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ਵਾਲਾ ਸੁਨੇਹਾ ਮਿਲਿਆ। ਗੁਰਬਖ਼ਸ਼ ਸਿੰਘ ਝਬਾਲੀਆ ਦੀ ਖੋਜ ਭਰਪੂਰ ਪੁਸਤਕ ਵਿਚਲੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਸਿਦਕੀ ਭਾਈ ਲਛਮਣ ਸਿੰਘ ਨੇ ਆਪਣੀ ਜਾਨ ਬਚਾਉਣ ਦੀ ਥਾਂ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰਨ ਲਈ ਕੀਤੀ ਅਰਦਾਸ ਨੂੰ ਪਹਿਲ ਦਿੱਤੀ। ਇਸ ਪ੍ਰਕਾਰ ਭਾਈ ਲਛਮਣ ਸਿੰਘ ਤੇ ਉਨ੍ਹਾਂ ਦਾ ਜਥਾ ਮਹੰਤ ਨਰਾਇਣ ਦਾਸ ਦੇ ਚਲਾਕੀ ਨਾਲ ਵਿਛਾਏ ਜਾਲ ਵਿਚ ਫਸ ਗਏ।
ਸਮਕਾਲੀਨ ਬਿਰਤਾਂਤਾਂ ਵਿਚ ਜ਼ਿਕਰ ਹੈ ਕਿ ਐਤਵਾਰ 20 ਫਰਵਰੀ 1921 ਨੂੰ ਸਵੇਰੇ 5:45 ਵਜੇ ਭਾਈ ਲਛਮਣ ਸਿੰਘ ਦਰਸ਼ਨੀ ਡਿਊੜੀ ਥਾਣੀਂ ਜਨਮ ਅਸਥਾਨ ਮੰਜੀ ਸਾਹਿਬ ਦਾਖ਼ਲ ਹੋਏ ਤੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ। ਇਸ ਵੇਲੇ ਦੋ ਮਾਈਆਂ ਤੇ ਪੰਜ-ਸੱਤ ਹੋਰ ਬੰਦੇ ਵੀ ਹਾਜ਼ਰ ਹੋਏ ਤੇ ਉਨ੍ਹਾਂ ਨੇ ਜੈਕਾਰਾ ਗਜਾਇਆ। ਇਸ ਤੋਂ ਮਹੰਤ ਨੂੰ ਲੱਗਿਆ ਕਿ ਸੁਧਾਰਕਾਂ ਨੇ ਗੁਰਦੁਆਰੇ ’ਤੇ ਹਮਲਾ ਕਰ ਦਿੱਤਾ ਹੈ। ਪ੍ਰੋ. ਰੁਚੀ ਰਾਮ ਸਾਹਨੀ ਵੱਲੋਂ ਦਿੱਤੇ ਵੇਰਵੇ ਅਨੁਸਾਰ ਮਹੰਤ ਨੇ ਆਪਣੇ ਬੰਦਿਆਂ ਨੂੰ, ਜੋ ਪਹਿਲਾਂ ਹੀ ਹਮਲਾ ਕਰਨ ਲਈ ਤਿਆਰ ਬੈਠੇ ਸਨ, ਨੂੰ ਆਖਿਆ, “ਸਿੱਖ ਆ ਗਏ ਹਨ, ਤਿਆਰ ਹੋ ਜਾਵੋ ਤੇ ਗੋਲੀਆਂ ਤੇ ਪੱਥਰਾਂ ਦੀ ਵਰਖਾ ਕਰੋ।” ਲਛਮਣ ਸਿੰਘ ਆਪਣੇ ਸਰੀਰ ’ਤੇ ਗੋਲੀਆਂ ਦੀ ਵਰਖਾ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਗ੍ਰੰਥ ਸਹਿਬ ਦੀ ਬੀੜ ਨੂੰ ਗੋਲੀਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਦੇ ਸ਼ਹੀਦੀ ਪਾ ਗਏ। ਮਹੰਤ ਦੇ ਬੰਦਿਆਂ ਨੇ ਇਕ ਬੇਹੂਦਾ ਕੰਮ ਇਹ ਕੀਤਾ ਕਿ ਗੋਲੀਆਂ ਨਾਲ ਛਲਣੀ ਹੋਏ ਜਥੇਦਾਰ ਨੂੰ ਕੇਸਾਂ ਤੋਂ ਧੂਹ ਕੇ ਮਹੰਤ ਕੋਲ ਲੈ ਗਏ, ਪਰ ਇਹ ਸਿਦਕੀ ਸਿੱਖ ਅਖੀਰ ਤੱਕ ਵਾਹਿਗੁਰੂ-ਵਾਹਿਗੁਰੂ ਉਚਾਰਦਾ ਰਿਹਾ। ਨਸ਼ੇ ਵਿਚ ਚੂਰ ਜ਼ਾਲਮਾਂ ਨੇ ਉਨ੍ਹਾਂ ਦਾ ਸਿਰ ਕਲਮ ਕਰਕੇ ਧੜ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ। ਜਥੇ ਦੇ ਬਾਕੀ ਸਿੰਘਾਂ ਨੂੰ ਗੋਲੀਆਂ ਨਾਲ ਤੇ ਗੋਲੀਆਂ ਤੋਂ ਬਚ ਗਏ ਸਿੰਘਾਂ ਨੂੰ ਕੁਹਾੜੀਆਂ ਤੇ ਬਰਛਿਆਂ ਨਾਲ ਵੱਢ ਕੇ ਸਾਕੇ ਦੀ ਗਵਾਹੀ ਮਿਟਾਉਣ ਲਈ ਮੁਰਦਿਆਂ ਤੇ ਫੱਟੜਾਂ ਨੂੰ ਇਕ ਥਾਂ ਜਮ੍ਹਾਂ ਕੀਤਾ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਅੱਖੀਂ ਵੇਖਣ ਵਾਲਿਆਂ ਅਨੁਸਾਰ ਸੜੇ ਹੋਏ ਇਨ੍ਹਾਂ ਢੇਰਾਂ ਵਿਚ ਹੱਥ ਪੈਰ ਅਤੇ ਲੱਤਾਂ, ਖੋਪੜੀਆਂ ਤੇ ਸਰੀਰ ਦੇ ਹੋਰ ਅੰਗਾਂ ਦੇ ਨਿੱਕੇ-ਨਿੱਕੇ ਟੁਕੜੇ ਵੇਖੇ ਜਾ ਸਕਦੇ ਸਨ ਅਤੇ ਸਾਰਾ ਅਹਾਤਾ ਲਹੂ ਨਾਲ ਭਰਿਆ ਹੋਇਆ ਸੀ।
ਇਸ ਦੁਖਾਂਤ ਦੀ ਖ਼ਬਰ ਮਿਲਦਿਆਂ ਹੀ ਉੱਥੋਂ ਦੇ ਇਕ ਫੈਕਟਰੀ ਮਾਲਕ ਭਾਈ ਉਤਮ ਸਿੰਘ ਤੇ ਸਟੇਸ਼ਨ ਮਾਸਟਰ ਸਰਦਾਰ ਕਰਮ ਸਿੰਘ ਨੇ ਪੰਜਾਬ ਦੇ ਉੱਚ-ਅਧਿਕਾਰੀਆਂ ਤੇ ਅਕਾਲੀ ਤੇ ਕੌਮੀ ਆਗੂਆਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਲੈਫਟੀਨੈਂਟ ਗਵਰਨਰ, ਸ਼ੇਖੂਪੁਰਾ ਦੇ ਡਿਪਟੀ ਕਮਿਸ਼ਨਰ, ਪੁਲੀਸ ਸੁਪਰਡੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਮਹਾਤਮਾ ਗਾਂਧੀ ਨੂੰ ਫੌਰੀ ਤਾਰਾਂ ਭੇਜੀਆਂ। ਸਥਾਨਕ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ ਡਿਪਟੀ ਕਮਿਸ਼ਨਰ ਦੇ ਆ ਜਾਣ ਤੋਂ ਮਗਰੋਂ ਵੀ ਤਕਰੀਬਨ ਡੇਢ ਘੰਟੇ ਤੱਕ ਫੱਟੜ ਤੇ ਮੁਰਦੇ ਸੜਦੇ ਰਹੇ। ਸ਼ਾਮ ਨੂੰ ਦੇਰ ਨਾਲ ਲਾਹੌਰ ਡਿਵੀਜ਼ਨ ਦਾ ਕਮਿਸ਼ਨਰ ਸੀ.ਐਮ. ਕਿੰਗ ਤੇ ਸੈਂਟਰਲ ਰੇਂਜ ਦਾ ਡਿਪਟੀ ਇੰਸਪੈਕਟਰ ਜਨਰਲ ਇਕ ਸੌ ਬਰਤਾਨਵੀ ਤੇ ਇਕ ਸੌ ਹਿੰਦੋਸਤਾਨੀ ਫ਼ੌਜੀਆਂ ਨੂੰ ਨਾਲ ਲੈ ਕੇ ਨਨਕਾਣੇ ਪਹੁੰਚੇ। ਮਹੰਤ ਨਰਾਇਣ ਨੂੰ ਉਸ ਦੇ ਦੋ ਪਿੱਛਲੱਗਾਂ ਤੇ 26 ਪਠਾਣਾਂ ਸਮੇਤ ਗ੍ਰਿਫ਼ਤਾਰ ਕਰਕੇ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। 21 ਫਰਵਰੀ 1921 ਨੂੰ ਸਿੱਖ ਆਗੂ ਦੁਖਾਂਤ ਵਾਲੀ ਥਾਂ ’ਤੇ ਪੁੱਜ ਗਏ ਤੇ ਨਾਲ ਹੀ ਜਥੇਦਾਰ ਕਰਤਾਰ ਸਿੰਘ ਝੱਬਰ 2200 ਜਵਾਨਾਂ ਦਾ ਤਕੜਾ ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚੇ। ਪੰਜਾਬ ਦੇ ਗਵਰਨਰ ਸਰ ਐਡਵਰਡ ਮੈਕਲੇਗੰਨ ਨੇ ਲਾਹੌਰ ਦੇ ਕਮਿਸ਼ਨਰ ਤੇ ਹੋਰ ਅਫ਼ਸਰਾਂ ਨਾਲ ਸਲਾਹ ਕਰਕੇ ਗੁਰਦੁਆਰਾ ਜਨਮ ਅਸਥਾਨ ਦਾ ਕਬਜ਼ਾ ਪੰਥ ਹਵਾਲੇ ਕਰ ਦਿੱਤਾ।
ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੇ ਨਾ ਕੇਵਲ ਸਿੱਖ ਪੰਥ ਸਗੋਂ ਪੂਰੇ ਦੇਸ਼ ਦੇ ਰਾਸ਼ਟਰਵਾਦੀ ਤੱਤਾਂ ਦੀ ਜ਼ਮੀਰ ਨੂੰ ਜਗ੍ਹਾ ਦਿੱਤਾ। ਇਸ ਸਾਕੇ ਦੀ ਖ਼ਬਰ ਮਿਲਦਿਆਂ ਹੀ ਮਹਾਤਮਾ ਗਾਂਧੀ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਅਤੇ ਸੰਵੇਦਨਾ ਪ੍ਰਗਟ ਕਰਨ ਲਈ ਨਨਕਾਣਾ ਸਾਹਿਬ ਆਏ। ਇਕ ਉਚੇਚੇ ਸ਼ਹੀਦੀ ਦੀਵਾਨ ਵਿਚ ਬੋਲਦਿਆਂ ਉਨ੍ਹਾਂ ਨੇ ਆਖਿਆ, “ਸਾਕਾ ਨਨਕਾਣਾ ਸਾਹਿਬ ਦੀ ਖ਼ਬਰ ਇਤਨੀ ਭਿਆਨਕ ਸੀ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ।’’ ਮਗਰੋਂ ਲਾਹੌਰ ਵਾਪਸ ਪਰਤ ਕੇ ਸਿੱਖ ਨੇਤਾਵਾਂ ਨੂੰ ਭੇਜੇ ਸੰਦੇਸ਼ ਵਿਚ ਕਿਹਾ ਕਿ ਜੋ ਕੁਝ ਵੀ ਮੈਂ ਦੇਖਿਆ ਇਹ ਡਾਇਰਵਾਦ ਦਾ ਦੂਜਾ ਰੂਪ ਹੀ ਸੀ, ਉਸ ਤੋਂ ਵਹਿਸ਼ੀਆਨਾ, ਵਧੇਰੇ ਗਿਣਿਆ-ਮਿੱਥਿਆ ਅਤੇ ਜਲ੍ਹਿਆਂਵਾਲੇ ਬਾਗ਼ ਦੇ ਹੱਤਿਆਕਾਂਡ ਤੋਂ ਵੀ ਵੱਧ ਕਰੂਰ। ਅਕਾਲੀ ਸੁਧਾਰਕਾਂ ਦੀ ਅਹਿੰਸਾ ਪ੍ਰਤੀ ਨਿਸ਼ਚਾ ਤੋਂ ਮਹਾਤਮਾ ਗਾਂਧੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਕਾਫ਼ੀ ਸਮੇਂ ਤੱਕ ਉਹ ਆਪਣੇ ਭਾਸ਼ਣਾਂ ਤੇ ਲਿਖਤਾਂ ’ਚ ਇਸ ਸਾਕੇ ਦਾ ਜ਼ਿਕਰ ਕਰਦੇ ਰਹੇ। ਮੁਲਸ਼ੀ ਪੇਟਾ ਦੇ ਸੱਤਿਆਗ੍ਰਹੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਮੈਂ ਮੁਲਸੀ ਪੇਟਾ ਵਿਚ ਲਛਮਣ ਸਿੰਘ ਅਤੇ ਦਲੀਪ ਸਿੰਘ ਵਰਗੀ ਬਹਾਦਰੀ ਦੇਖਣ ਦਾ ਚਾਹਵਾਨ ਹਾਂ। ਨਨਕਾਣਾ ਸਾਹਿਬ ਵਿਖੇ ਮਹੰਤ ਨਰਾਇਣ ਦਾਸ ਦੇ ਹਮਲੇ ਦਾ ਇਨ੍ਹਾਂ ਦੋਹਾਂ ਸੂਰਬੀਰਾਂ ਨੇ ਅਹਿੰਸਕ ਰਹਿ ਕੇ ਦਲੇਰੀ ਨਾਲ ਜ਼ੁਲਮ ਦਾ ਸਾਹਮਣਾ ਕੀਤਾ ਤੇ ਕੌਮ ਲਈ ਆਪਣੀ ਕੁਰਬਾਨੀ ਦੇ ਦਿੱਤੀ।”
ਪ੍ਰੋ. ਰੁਚੀ ਰਾਮ ਸਾਹਨੀ ਵੱਲੋਂ ਦਿੱਤੇ ਬਿਰਤਾਂਤ ਅਨੁਸਾਰ ਇਕ ਬਜ਼ੁਰਗ ਔਰਤ ਨੇ ਪੰਜਾਬ ਦੇ ਗਵਰਨਰ ਸਾਹਮਣੇ ਆਪਣੀ ਵੇਦਨਾ ਪ੍ਰਗਟ ਕਰਦਿਆਂ ਕਿਹਾ, “ਮੇਰੇ ਚਾਰ ਪੁੱਤਰ ਤੇ ਇਕ ਪੋਤਰਾ ਇਸ ਸਾਕੇ ਵਿਚ ਸ਼ਹੀਦੀਆਂ ਪਾ ਗਏ ਹਨ। ਸਾਨੂੰ ਇਨਸਾਫ਼ ਕਦੋਂ ਮਿਲੇਗਾ?” ਖ਼ਾਲਸਾ ਸਮਾਚਾਰ ਵਿਚ ਛਪੀਆਂ ਦੁਖਦਾਈ ਖ਼ਬਰਾਂ ਅਨੁਸਾਰ ਇਕ ਭੈਣ ਕਹਿੰਦੀ ਸੁਣੀ, “ਵੀਰ! ਮੈਂ ਇਸ ਵਾਸਤੇ ਨਹੀਂ ਰੋਂਦੀ ਕਿ ਮੈਨੂੰ ਦੋ ਭਰਾਵਾਂ ਦੇ ਸ਼ਹੀਦ ਹੋਣ ਦਾ ਦੁੱਖ ਹੈ। ਮੈਂ ਦਿਲੋਂ ਖ਼ੁਸ਼ ਹਾਂ ਕਿ ਉਹ ਆਪਣੇ ਧਰਮ, ਆਪਣੇ ਮੁਲਕ ਤੇ ਕੌਮ ਲਈ ਕੁਰਬਾਨ ਹੋ ਗਏ। ਮੇਰੇ ਰੋਣ ਤੇ ਰੰਜ ਕਰਨ ਦਾ ਕਰਨ ਦਾ ਕਾਰਨ ਇਹ ਹੈ ਕਿ ਪਾਪੀ ਮਹੰਤ ਨੇ ਉਨ੍ਹਾਂ ਨੂੰ ਬੇਖ਼ਬਰੀ ਵਿਚ ਕਤਲ ਕਰ ਦਿੱਤਾ ਹੈ, ਜੇ ਸਾਨੂੰ ਇਹ ਪਤਾ ਹੁੰਦਾ ਤਦ ਅਸੀਂ ਆਪਣੇ ਭਰਾਵਾਂ ਨੂੰ ਗਾਨਾ ਬੰਨ੍ਹਦੀਆਂ ਤੇ ਉਨ੍ਹਾਂ ਨੂੰ ਧਰਮ ਕਾਰਯ ਵਿਚ ਸ਼ਹੀਦ ਹੋਣ ਲਈ ਛੱਡਣ ਆਉਂਦੀਆਂ। ਰੋਣਾ ਤਾਂ ਇਸ ਗੱਲ ਦਾ ਹੈ ਕਿ ਸਾਨੂੰ ਆਪਣੇ ਭਰਾਵਾਂ ਨੂੰ ਤਿਆਰ ਕਰਨ ਦਾ ਮੌਕਾ ਨਹੀਂ ਮਿਲਿਆ।”
ਗੁਰਦੁਆਰਾ ਸੁਧਾਰ ਲਹਿਰ ਦੇ ਪੰਜ ਸਾਲਾ ਸੰਘਰਸ਼ ਦੌਰਾਨ ਨਨਕਾਣਾ ਸਾਹਿਬ ਦਾ ਸਾਕਾ ਸਭ ਤੋਂ ਭਿਆਨਕ ਤੇ ਦਿਲ ਕੰਬਾਊ ਸੀ। ਨਨਕਾਣਾ ਸਾਹਿਬ ਪੁੱਜ ਕੇ ਸਿੱਖ ਆਗੂਆਂ ਨੇ ਸ਼ਹੀਦ ਸਿੰਘਾਂ, ਸਿੰਘਣੀਆਂ ਦੇ ਥਾਂ-ਥਾਂ ਬਿਖਰੇ ਸਰੀਰਕ ਅੰਗਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੇਵਾਦਾਰਾਂ ਦੀ ਮੱਦਦ ਨਾਲ ਇਕੱਠਾ ਕਰਕੇ ਉਚੇਚੇ ਤੌਰ ’ਤੇ ਤਿਆਰ ਕੀਤੇ ਅੰਗੀਠੇ ਵਿਚ ਪਾ ਕੇ ਸਿੱਖ ਮਰਿਆਦਾ ਅਨੁਸਾਰ 23 ਫਰਵਰੀ 1921 ਨੂੰ ਸਸਕਾਰ ਕੀਤਾ। ਅਰਦਾਸ ਕਰਦਿਆਂ ਭਾਈ ਜੋਧ ਸਿੰਘ ਨੇ ਮਹੰਤਾਂ ਵੱਲੋਂ ਕੀਤੇ ਜ਼ੁਲਮ ਦਾ ਜ਼ਿਕਰ ਕਰਦਿਆਂ ਆਖਿਆ ਕਿ ਸ਼ਹੀਦਾਂ ਨੇ ਆਪਣੇ ਖ਼ੂਨ ਨਾਲ ਮਹੰਤ ਵੱਲੋਂ ਕੀਤੇ ਗੁਨਾਹਾਂ ਨੂੰ ਧੋ ਦਿੱਤਾ ਹੈ। ਖਾਲਸਾ ਸਮਾਚਾਰ ਵਿਚ ਛਪੀਆਂ ਖ਼ਬਰਾਂ ਅਨੁਸਾਰ ਇਸ ਖੂਨੀ ਸਾਕੇ ’ਤੇ ਸ਼ੋਕ ਪ੍ਰਗਟ ਕਰਦਿਆਂ ਕੁਝ ਮਤੇ ਪਾਸ ਕੀਤੇ ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਮਤਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਿਤਾਪ੍ਰਤੀ ਅਰਦਾਸ ਵਿਚ ਯਾਦ ਕਰਨ ਦਾ ਸੀ। ਸਿੱਖ ਦੁਨੀਆਂ ਦੇ ਜਿਸ ਕੋਨੇ ਵਿਚ ਵੀ ਬੈਠੇ ਹਨ ਉਹ ਆਪਣੀ ਅਰਦਾਸ ਵਿਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਮਸਤਕ ਹੁੰਦੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਸੌੜੀਆਂ ਧਾਰਮਿਕ ਤੇ ਸਿਆਸੀ ਹੱਦਾਂ ਤੋਂ ਉਪਰ ਉੱਠ ਕੇ ਇਕੋ ਸਿਰਜਣਹਾਰ ਦੀ ਅਰਾਧਨਾ ਨਾਲ ਇਕ ਲੜੀ ਵਿਚ ਪਰੋਇਆ। ਤ੍ਰਾਸਦੀ ਇਹ ਹੈ ਕਿ ਸਿਆਸੀ ਲੀਡਰਾਂ ਦੀ ਸੋੜੀ ਸੋਚ ਕਾਰਨ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਉਨ੍ਹਾਂ ਦੇ ਜਨਮ-ਅਸਥਾਨ ਨਨਕਾਣਾ ਸਾਹਿਬ ਤੋਂ ਵਿਛੜ ਗਏ ਅਤੇ ਅੱਜ ਇਸੇ ਸੌੜੀ ਸਿਆਸਤ ਨੇ ਸ਼ਰਧਾਲੂਆਂ ਨੂੰ ਪੰਥ ਦੇ ਦੁਲਾਰਿਆਂ ਨੂੰ ਨਨਕਾਣਾ ਸਾਹਿਬ ਜਾ ਕੇ ਅਕੀਦਾ ਪੇਸ਼ ਕਰਨ ਤੋਂ ਵਾਂਝੇ ਕਰ ਦਿੱਤਾ ਹੈ। ਰੱਬ ਮਿਹਰ ਕਰੇ...!!!
* ਲੇਖਕ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਦਾ ਡਾਇਰੈਕਟਰ ਹੈ।
ਈ-ਮੇਲ : s.mohinder@gmail.com