ਮਾਨਸਿਕ ਸਿਹਤ ਸਬੰਧੀ ਸੁਚੇਤ ਹੋਣ ਦੀ ਲੋੜ - ਡਾ. ਪ੍ਰਭਦੀਪ ਸਿੰਘ ਚਾਵਲਾ
ਮਾਨਸਿਕ ਸਿਹਤ ’ਚ ਵਿਗਾੜ ਤੇ ਡਿਪਰੈਸ਼ਨ ਕਾਰਨ ਕਈ ਲੋਕ ਖੁਦਕੁਸ਼ੀ ਦਾ ਰਸਤਾ ਚੁਣ ਰਹੇ ਹਨ। ਸਾਡੇ ਦੇਸ਼ ਵਿੱਚ ਮਨੋਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮਾਨਸਿਕ ਰੋਗ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਅਸੀਂ ਕਿਵੇਂ ਸੋਚਦੇ ਹਾਂ, ਕਿਵੇਂ ਮਹਿਸੂਸ ਕਰਦੇ ਹਾਂ, ਜੀਵਨ ਕਿਵੇਂ ਜਿਉਣਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਇਹ ਸਭ ਸਾਡੀ ਮਾਨਸਿਕ ਸਿਹਤ ਦੇ ਪੱਧਰ ਨੂੰ ਨਿਰਧਾਰਤ ਕਰਦੀਆਂ ਹਨ। ਸਾਡਾ ਭਾਵਨਾਤਮਕ ਸੰਤੁਲਨ, ਮਨੋਵਿਗਿਆਨਕ ਪੱਧਰ ਦੇ ਨਾਲ-ਨਾਲ ਸਮਾਜਿਕ ਤੰਦਰੁਸਤੀ ਵੀ ਸ਼ਾਮਲ ਹੁੰਦੀ ਹੈ, ਸਾਡੀ ਮਾਨਸਿਕ ਸਿਹਤ ਇਹ ਨਿਰਧਾਰਤ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ ਕਿ ਅਸੀਂ ਦਿਮਾਗੀ ਦਬਾਅ-ਤਣਾਅ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਜੀਵਨ ਵਿੱਚ ਸੰਤੁਲਨ ਕਿਵੇਂ ਬਣਾਈ ਰੱਖਦੇ ਹਾਂ। ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਬੁਢਾਪੇ ਤੱਕ ਜੀਵਨ ਦੇ ਹਰ ਪੜਾਅ ਵਿੱਚ ਮਾਨਸਿਕ ਸਿਹਤ ਮਹੱਤਵਪੂਰਨ ਹੈ।
ਮਾਨਸਿਕ ਰੋਗ ਦੇ ਲੱਛਣ :-
* ਰੋਗੀ ਅਸਲੀਅਤ ਅਤੇ ਕਲਪਨਾ ਵਿੱਚ ਫਰਕ ਨਹੀਂ ਕਰ ਪਾਉਂਦਾ। ਉਸ ਦੇ ਵਿਵਹਾਰ ’ਚ ਬਦਲਾਅ ਜਿਵੇਂ ਇਕੱਲੇ ਗੱਲਾਂ ਕਰਨਾ, ਸ਼ੱਕ ਕਰਨਾ, ਆਪਣਾ ਖਿਆਲ ਨਾ ਰੱਖਣਾ ਆਦਿ।
* ਰੋਗੀ ਇੱਕ ਜਾਂ ਇੱਕ ਤੋਂ ਵੱਧ ਪ੍ਰਕਾਰ ਦੇ ਸ਼ੱਕ ਦੇ ਰੋਗ ਵਿੱਚ ਘਿਰ ਜਾਂਦਾ ਹੈ। ਇਸ ਦੌਰਾਨ ਉਹ ਕਈ ਵਾਰ ਲੋਕਾਂ ਤੋਂ ਡਰਦਾ ਹੈ ਅਤੇ ਕਦੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ।
* ਮਨ ਦੀ ਉਦਾਸੀ, ਇੱਛਾ ਦਾ ਘਟਣਾ, ਮਨੋਵਿਸ਼ਵਾਸ ਦਾ ਘਟਨਾ, ਜਲਦੀ ਥੱਕਣਾ ਅਤੇ ਭੁੱਖ ਵਿੱਚ ਬਦਲਾਵ, ਪਛਤਾਵੇ ਦੇ ਵਿਚਾਰ ਅਤੇ ਆਤਮ ਹੱਤਿਆ ਕਰਨ ਬਾਰੇ ਵਿਚਾਰ ਜਾਂ ਕੋਸ਼ਿਸ਼ ਕਰਨਾ ਆਦਿ।
* ਯਾਦਾਸ਼ਤ ਘਟਣਾ, ਸਰੀਰ ਦੇ ਕਿਸੇ ਅੰਗ ਦੇ ਸਹੀ ਤਰ੍ਹਾਂ ਕੰਮ ਨਾ ਕਰਨਾ ਅਤੇ ਘਬਰਾਹਟ ਤੋਂ ਉਤਪੰਨ ਦੌਰੇ ਆਦਿ ਸ਼ਾਮਿਲ ਹਨ।
ਉਪਰ ਦੱਸੇ ਅਜਿਹੇ ਲੱਛਣ ਦੋ ਹਫ਼ਤੇ ਤੋਂ ਰਹਿਣ ਤਾਂ ਉਸ ਨੂੰ ਉਦਾਸੀ ਦਾ ਵਿਕਾਰ ਕਿਹਾ ਜਾਂਦਾ ਹੈ। ਵਾਰ-ਵਾਰ ਦਿਲ ਦੀ ਧੜਕਣ ਵਧਣਾ, ਤ੍ਰੇੇਲੀਆਂ ਆਉਣਾ, ਸਾਹ ਘੁਟਣਾ, ਚੱਕਰ ਆਉਣੇ ਆਦਿ ਘਬਰਾਹਟ ਦੇ ਵਿਕਾਰ ਦੇ ਲੱਛਣ ਹਨ। ਠੀਕ ਹੋਣ ਦੇ ਬਾਵਜੂਦ ਰੋਗੀ ਵਾਰ-ਵਾਰ ਲੰਮੇ ਸਮੇਂ ਤੋਂ ਸਰੀਰ ਦੇ ਵੱਖਰੇ-ਵੱਖਰੇ ਹਿੱਸੇ ਵਿਚ ਦਰਦਾਂ ਦੀ ਸ਼ਿਕਾਇਤ ਕਰਦਾ ਹੈ। ਅਚਾਨਕ ਦਿਮਾਗ ਵਿੱਚ ਕੁੱਝ ਗੜਬੜ ਹੋਣ ਨਾਲ ਦੌਰੇ ਪੈਣੇ, ਜਿਸ ਦੌਰਾਨ ਮਰੀਜ਼ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ ਅਤੇ ਪੂਰਨ ਬੇਹੋਸ਼ੀ, ਅਚਾਨਕ ਡਿੱਗ ਜਾਣਾ ਅਤੇ ਝਟਕੇ ਲੱਗਣਾ ਆਦਿ ਮਾਨਸਿਕ ਰੋਗ ਦੇ ਮੁੱਖ ਲੱਛਣ ਹਨ।
ਬੱਚਿਆਂ ਵਿੱਚ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ :-
* ਬੱਚਿਆਂ ਵਿੱਚ 18 ਸਾਲ ਤੋਂ ਪਹਿਲਾਂ ਤੱਕ ਬੁੱਧੀ ਦਾ ਵਿਕਾਸ ਆਮ ਬੱਚਿਆਂ ਨਾਲੋਂ ਘੱਟ ਹੁੰਦਾ ਹੈ ਪਰ ਇਸ ਨੂੰ ਮਾਨਸਿਕ ਵਿਕਾਰ ਨਹੀਂ ਕਿਹਾ ਜਾ ਸਕਦਾ। ਬੱਚੇ ਦੀ ਬੁੱਧੀ ਦਾ ਵਿਕਾਸ ਆਮ ਬੱਚੇ ਵਾਂਗ ਸਾਧਾਰਨ ਹੈ ਪਰ ਸਿਰਫ ਪੜ੍ਹਨ ਤੇ ਹਿਸਾਬ ਲਿਖਣ ਵਿੱਚ ਜੋ ਕਮਜ਼ੋਰ ਹੁੰਦੇ ਹਨ, ਮਾਨਸਿਕ ਵਿਕਾਰ ਵਿੱਚ ਆਉਂਦੇ ਹਨ।
* ਪੰਜ ਸਾਲ ਤੱਕ ਦੇ ਬੱਚੇ, ਜੋ ਇਕ ਥਾਂ ਟਿੱਕ ਕੇ ਨਾ ਬੈਠਣ, ਬਗੈਰ ਕਿਸੇ ਕਾਰਨ ਉਛਲਦੇ ਰਹਿਣ ਅਤੇ ਚੀਜ਼ਾਂ ਨਾਲ ਛੇੜਛਾੜ ਕਰਦੇ ਰਹਿਣ, ਇਸ ਵਿਕਾਰ ਵਿੱਚ ਆਉਂਦੇ ਹਨ।
ਮਾਨਸਿਕ ਰੋਗ ਦੇ ਕਾਰਨ :
ਕਈ ਬੱਚੇ ਗਰਭ ਸਮੇਂ ਕਿਸੇ ਤਰ੍ਹਾਂ ਦੀ ਇਨਫੈਕਸ਼ਨ-ਅਪਰੇਸ਼ਨ ਵਿੱਚ ਮੁਸ਼ਕਿਲ ਆਦਿ ਕਾਰਨ ਇਸ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚੇ ਨੂੰ ਜ਼ਰੂੁਰਤ ਤੋਂ ਜ਼ਿਆਦਾ ਝਿੜਕਣਾ ਜਾਂ ਮਾਰਨ ਕੁੱਟਣ ਜਾਂ ਸਖ਼ਤ ਸਜ਼ਾ ਦੇਣ ਨਾਲ ਕਈ ਵਾਰ ਬੱਚਾ ਸਹਿਮ ਜਾਂਦਾ ਹੈ ਤੇ ਦਿਮਾਗੀ ਸੰਤੁਲਨ ਖੋਹ ਬੈਠਦਾ ਹੈ। ਦੂਜਿਆਂ ਸਾਹਮਣੇ ਕਿਸੇ ਵੱਲੋਂ ਬੱਚੇ ਨੂੰ ਨੀਵਾਂ ਦਿਖਾਉਣਾ, ਜਿਸ ਨਾਲ ਬੱਚਾ ਅੰਦਰੋਂ-ਅੰਦਰੀ ਮਾਨਸਿਕ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚੇ ਨੂੰ ਛੋਟੀ ਉਮਰ ਵਿੱਚ ਕਿਸੇ ਦੁਰਘਟਨਾ ਜਾਂ ਪਰਿਵਾਰਕ ਮੈਂਬਰ ਦੀ ਮੌਤ ਆਦਿ ਸਬੰਧੀ ਕੋਈ ਸਦਮਾ ਲੱਗਣ ਨਾਲ ਵੀ ਮਾਨਸਿਕ ਵਿਗਾੜ ਹੋ ਸਕਦਾ ਹੈ। ਅੱਜ-ਕੱਲ੍ਹ ਤਾਂ ਬੱਚੇ ਗਲਤ ਇਲੈਕਟ੍ਰਾਨਿਕ ਖੇਡਾਂ ਖੇਡਣ ਅਤੇ ਵੀਡੀਓ ਵੇਖਣ ਨਾਲ ਹੀ ਦਿਮਾਗੀ ਸੰਤੁਲਨ ਗਵਾ ਬੈਠਦੇ ਹਨ।
ਮਾਨਸਿਕ ਰੋਗਾਂ ਦਾ ਇਲਾਜ :
ਇਲਾਜ ਮਰੀਜ਼ ਦੀ ਮਾਨਸਿਕ ਅਵਸਥਾ ’ਤੇ ਨਿਰਭਰ ਕਰਦਾ ਹੈ। ਇਸ ਵਿੱਚ ਦਵਾਈਆਂ ਰਾਹੀਂ ਜਾਂ ਸਲਾਹ ਮਸ਼ਵਰੇ ਤੇ ਵਿਸਥਾਰ ਵਿੱਚ ਗੱਲਬਾਤ ਕਰਨਾ ਵੀ ਸ਼ਾਮਲ ਹੈ। ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਮਨੋਰੋਗ ਮਾਹਿਰ ਅਤੇ ਕੌਂਸਲਰ ਦੀ ਸੁਵਿਧਾ ਉਪਲੱਬਧ ਹੈ ਅਤੇ ਲੋੜ ਪੈਣ ’ਤੇ ਮਰੀਜ਼ਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਸਹੀ ਸਥਿਤੀ ਦੱਸਦਿਆਂ ਉਸ ਦੀ ਮਾਨਸਿਕਤਾ ਨੂੰ ਸਮਝਣ ਤੇ ਉਸ ਅਨੁਸਾਰ ਸਹੀ ਵਿਵਹਾਰ ਕਰਨ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ।
ਬਹੁਤ ਸਾਰੇ ਨੁਕਤੇ ਹਨ, ਜੋ ਆਪਣੀ ਮਾਨਸਿਕ ਸਿਹਤ ਨੂੰ ਬਿਹਤਰ ਬਣਾ ਸਕਦੇ ਹਨ। ਸਾਕਾਰਾਤਮਕ ਰਵੱਈਆ ਅਪਣਾਉਣਾ ਮਹੱਤਵਪੂਰਨ ਹੈ। ਨਾਕਾਰਾਤਮਕ ਭਾਵਨਾਵਾਂ ਜਿਵੇਂ ਨਿਰਾਸ਼ਾ, ਬੇਇੱਜ਼ਤੀ ਜਾਂ ਗੁੱਸੇ ਨੂੰ ਮਹਿਸੂਸ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਸਥਿਤੀ ਮੁਤਾਬਕ ਮੁਸ਼ਕਲ ਦਾ ਹੱਲ ਵੀ ਕੀਤਾ ਜਾ ਸਕੇ। ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਅਤੇ ਮਦਦਗਾਰਾਂ, ਸਹਿਯੋਗੀਆਂ ਲਈ ਸ਼ੁੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਨਾਲ ਚੰਗੇ ਵਿਚਾਰ ਅਤੇ ਦੂਸਰਿਆਂ ਨਾਲ ਰਿਸ਼ਤੇ ਮਜ਼ਬੂਤ ਬਣਦੇ ਹਨ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਦੂਜਿਆਂ ਨਾਲ ਤਾਲਮੇਲ, ਨਿਰਭਰਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਭਾਈਚਾਰਕ ਸਾਂਝ, ਦੋਸਤੀ ਅਤੇ ਚੰਗੇ ਸਬੰਧ ਬਣੇ ਰਹਿੰਦੇ ਹਨ, ਜਿਸ ਨਾਲ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ। ਮਨ ਵਿੱਚ ਗੁੱਸਾ-ਗਿਲਾ ਅਤੇ ਕਿਸੇ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੁੰਦੀ ਅਤੇ ਨਤੀਜੇ ਵਜੋਂ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
ਮਾਨਸਿਕ ਸਿਹਤ ਦਾ ਸਿੱਧਾ ਸਬੰਧ ਜੀਵਨ ਦੀ ਗੁਣਵੱਤਾ ਨਾਲ ਹੈ, ਇਸ ਲਈ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ। ਮਾਨਸਿਕ ਸਿਹਤ ਵੀ ਮਹਿਜ਼ ਸਰੀਰਕ ਸਿਹਤ ਦੀ ਤਰ੍ਹਾਂ ਹੀ ਹੁੰਦੀ ਹੈ, ਜਿਸ ਦਾ ਧਿਆਨ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ। ਸਰੀਰਕ ਅਤੇ ਮਾਨਸਿਕ ਸਿਹਤ ਆਪਸ ਵਿੱਚ ਜੁੜੀ ਹੋਈ ਹੈ ਅਤੇ ਦੋਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਰੀਰ ਦੀ ਕਸਰਤ ਕਰਨੀ ਮਾਨਸਿਕ ਪ੍ਰੇਸ਼ਾਨੀ, ਚਿੰਤਾ-ਤਣਾਅ ਅਤੇ ਉਦਾਸੀ ਦੀਆਂ ਭਾਵਨਾਵਾਂ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ ਅਤੇ ਤੁਹਾਡੇ ਸੁਭਾਅ ’ਚ ਸੁਧਾਰ ਹੋ ਸਕਦਾ ਹੈ। ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਸਰੀਰ ਨੂੰ ਪਸੀਨਾ ਆਉਂਦਾ ਹੈ ਤੇ ਲਹੂ ਚੱਕਰ ਸਹੀ ਹੋ ਜਾਂਦਾ ਹੈ। ਵਾਧੂ ਕੈਲੋਰੀਆਂ ਸੜਦੀਆਂ ਹਨ, ਚਰਬੀ ਘਟਦੀ ਹੈ, ਜਿਸ ਨਾਲ ਕੋਲੈਸਟ੍ਰੋਲ ਦੀ ਕੋਈ ਸਮੱਸਿਆ ਨਹੀਂ ਹੁੰਦੀ, ਭਾਰ ਸੰਤੁਲਿਤ ਰਹਿੰਦਾ ਹੈ, ਸਰੀਰ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਣ ਲਈ ਸਰੀਰਕ ਗਤੀਵਿਧੀਆਂ ਜ਼ਰੂਰੀ ਹਨ। ਦਿਲ ਅਤੇ ਦਿਮਾਗ ਤੰਦਰੁਸਤ ਰਹਿੰਦੇ ਹਨ, ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਸਰੀਰਕ ਇਮਿਊਨਿਟੀ ਮਜ਼ਬੂਤ ਬਣੀ ਰਹਿੰਦੀ ਹੈ, ਸਰੀਰ ਅਰੋਗ ਰਹਿੰਦਾ ਹੈ।
ਨੀਂਦ ਤੁਹਾਡੇ ਸੁਭਾਅ ਨੂੰ ਪ੍ਰਭਾਵਿਤ ਕਰਦੀ ਹੈ, ਜੇ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਚਿੜਚਿੜੇ ਅਤੇ ਗੁੱਸੇ ਵਿੱਚ ਵਧੇਰੇ ਆਸਾਨੀ ਨਾਲ ਆ ਸਕਦੇ ਹੋ। ਜੇ ਕਾਫੀ ਲੰਮੇ ਸਮੇਂ ਤੱਕ ਅਨੀਂਦਰਾ ਰਹੇ ਤਾਂ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਡਿਪਰੈਸ਼ਨ ਦਾ ਡਰ ਬਣ ਸਕਦਾ ਹੈ, ਇਸ ਲਈ ਇਹ ਕੋਸ਼ਿਸ਼ ਕਰੋ ਕਿ ਤੁਸੀਂ ਨਿਯਮਿਤ ਤੌਰ ’ਤੇ ਹਰ ਰੋਜ਼ ਰਾਤ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲਓ।
ਤੁਹਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਤੋਂ ਇਲਾਵਾ, ਚੰਗਾ ਪੋਸ਼ਣ ਤੁਹਾਡੀ ਮਾਨਸਿਕ ਸਥਿਤੀ ਨੂੰ ਬਿਹਤਰ ਸਥਿਤੀ ਵਿੱਚ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਇੱਕ ਸੰਤੁਲਿਤ ਖੁਰਾਕ ਚਿੰਤਾ ਅਤੇ ਤਣਾਅ ਨੂੰ ਘਟਾ ਸਕਦੀ ਹੈ, ਇਸ ਤੋਂ ਇਲਾਵਾ ਕੁਝ ਖਾਸ ਪੋਸ਼ਟਿਕ ਤੱਤਾਂ ਦਾ ਸੇਵਨ ਕਰਨ ਨਾਲ ਕੁਝ ਮਾਨਸਿਕ ਵਿਗਾੜ ਤੋਂ ਦੂਰੀ ਬਣਾਈ ਜਾ ਸਕਦੀ ਹੈ। ਦਿਮਾਗ ਅਤੇ ਸਰੀਰ ਨੂੰ ਬਿਹਤਰ ਰੱਖਣ ਵਿੱਚ ਵੱਖ-ਵੱਖ ਯੋਗ ਆਸਨ ਸਹਾਈ ਹਨ। ਮਾਨਸਿਕ ਮਾਹਿਰ ਅਤੇ ਮੈਡੀਕਲ ਵਿਗਿਆਨੀ ਵੀ ਇਨ੍ਹਾਂ ਪ੍ਰਕਿਰਿਆਵਾਂ ਨੂੰ ਅਮਲ ’ਚ ਲਿਆਉਣ ਲਈ ਲੋਕਾਂ ਨੂੰ ਸਲਾਹ ਦਿੰਦੇ ਹਨ। ਸੰਤੁਸ਼ਟ ਰਹੋ, ਖੁਸ਼ ਰਹੋ ਅਤੇ ਦੂਜਿਆਂ ਨੂੰ ਦੇਖ ਈਰਖਾ ਦੀ ਭਾਵਨਾ ਤੋਂ ਬਚੋ।
ਸੰਪਰਕ : 98146-56257