ਮਹਾਂ ਵਿਸਫੋਟ ਤੋਂ ਪਹਿਲਾਂ ਕੀ ਸੀ ? - ਡਾ. ਵਿਦਵਾਨ ਸਿੰਘ ਸੋਨੀ
ਬ੍ਰਹਿਮੰਡ ਉਪਜਣ ਤੋਂ ਪਹਿਲਾਂ ਨਾ ਸਮਾਂ ਸੀ, ਨਾ ਹੀ ਪੁਲਾੜ। ਤਾਰਾ ਵਿਗਿਆਨ ਵਿਚ ਮੰਨਿਆ ਜਾਂਦਾ ਹੈ ਕਿ ਸਾਰਾ ਬ੍ਰਹਿਮੰਡ ਇਕੋ ਬਿੰਦੂ ਵਿਚ ਸਿਮਟਿਆ ਹੋਇਆ ਸੀ। ਹਰ ਪੱਖੋਂ ਸੁੰਨ ਵਰਗੀ ਸਥਿਤੀ ਸੀ।
ਮਹਾਂ ਵਿਸਫੋਟ (ਬਿੱਗ ਬੈਂਗ) ਉਪਰੰਤ ਬ੍ਰਹਿਮੰਡ ਫੈਲਣਾ ਸ਼ੁਰੂ ਹੋਇਆ। ਸਮੇਂ ਦਾ ਆਗਾਜ਼ ਹੋਇਆ। ਮਹਾਂ ਵਿਸਫੋਟ ਦੌਰਾਨ ਪਦਾਰਥ ਤੇ ਊਰਜਾ ਹੋਂਦ ਵਿਚ ਆਏ। ਅਥਾਹ ਗੈਸ ਤੇ ਧੂੜ ਉਪਜੀ। ਬੇਅੰਤ ਉਰਜਾ ਉਤਪੰਨ ਹੋਈ। ਊਰਜਾ ਪੁੰਜ ਵਿਚ ਵਟਣ ਲੱਗੀ। ਅਰਬਾਂ ਸਾਲ ਬੀਤ ਗਏ। ਕਈ ਭਾਂਤ ਦੇ ਅਰਬਾਂ ਖਰਬਾਂ ਤਾਰੇ ਬਣੇ। ਛੋਟੇ ਤਾਰੇ, ਵੱਡੇ ਤਾਰੇ, ਬਹੁਤ ਗਰਮ ਚਿੱਟੇ ਤਾਰੇ, ਤੇ ਸੂਰਜ ਜਿਹੇ ਘੱਟ ਗਰਮ, ਪੀਲੇ ਤਾਰੇ। ਤਾਰਿਆਂ ਦੇ ਸਮੂਹ ਅੱਡ ਅੱਡ ਹੋਣ ਲੱਗੇ। ਆਕਾਸ਼ਗੰਗਾਵਾਂ ਬਣੀਆਂ ਤੇ ਇਨ੍ਹਾਂ ਦੇ ਸਮੂਹ ਫੈਲਣ ਲੱਗੇ, ਇਕ ਦੂਜੇ ਤੋਂ ਦੂਰ ਹਟਣ ਲੱਗੇ। ਕਰੋੜਾਂ ਸਾਲ ਹੋਰ ਬੀਤ ਗਏ। ਕਈ ਤਾਰੇ ਆਪਣੀ ਉਮਰ ਹੰਢਾ ਕੇ ਖ਼ਤਮ ਵੀ ਹੋ ਗਏ ਤੇ ਗੈਸ/ਧੂੜ ਦੇ ਸੁੰਗੜਣ ਨਾਲ ਕਈ ਨਵੇਂ ਉਤਪੰਨ ਹੋਣ ਲੱਗੇ। ਕਈ ਨੋਵਾ ਬਣ ਕੇ ਫਟ ਗਏ ਤੇ ਕਈਆਂ ਨੇ ਅਤਿਅੰਤ ਸ਼ਕਤੀ ਵਾਲੇ ਸੁਪਰਨੋਵਾ ਬਣ ਕੇ ਵਿਕਰਾਲ ਵਿਸਫੋਟ ਕੀਤੇ। ਬ੍ਰਹਿਮੰਡ ਫੈਲਦਾ ਗਿਆ। ਇਕ ਦਿਨ ਅਜਿਹਾ ਆਇਆ, ਕਿ ਸਾਡੇ ਸੂਰਜ, ਸੌਰ ਮੰਡਲ ਅਤੇ ਸਾਡੀ ਧਰਤੀ ਨੇ ਜਨਮ ਲਿਆ।
ਪੰਜ ਕੁ ਅਰਬ ਸਾਲ ਪਹਿਲਾਂ ਸਾਡੇ ਸੌਰ ਮੰਡਲ ਦੀ ਥਾਂ ਗੈਸ ਧੂੜ ਦਾ ਬਹੁਤ ਵਿਸ਼ਾਲ ਬੱਦਲ ਹੋਇਆ ਕਰਦਾ ਸੀ ਜੋ ਕਿਸੇ ਪੁਰਾਤਨ ਸੁਪਰਨੋਵਾ ਤੋਂ ਉਪਜਿਆ ਸੀ। ਇਸ ਨੇੜੇ ਇਕ ਹੋਰ ਮਹਾਂ ਵਿਸਫੋਟ ਹੋਇਆ। ਉਸ ’ਚੋਂ ਨਿਕਲੀ ‘ਅਤਿਅੰਤ ਦਬਾਅ ਤਰੰਗ’ ਨੇ ਇਕ ਸਥਾਨ ’ਤੇ ਗੈਸ-ਧੂੜ ਦੀ ਘਣਤਾ ਇੰਨੀ ਵਧਾ ਦਿੱਤੀ ਕਿ ਆਪਣੀ ਹੀ ਗੁਰੂਤਾ ਖਿੱਚ ਕਾਰਨ ਉਹ ਸੁੰਗੜਦੀ ਹੋਈ ਸੂਰਜ ਦਾ ਰੂਪ ਧਾਰ ਗਈ। ਉਸ ਦੁਆਲੇ ਕਈ ਹੋਰ ਥਾਵਾਂ ’ਤੇ ਵੀ ਧੂੜ ਦਾ ਸੰਘਣਨ ਹੋ ਗਿਆ। ਉਸ ਤੋਂ ਗ੍ਰਹਿ ਬਣ ਗਏ ਅਤੇ ਗ੍ਰਹਿਆਂ ਦੇ ਉਪਗ੍ਰਹਿ/ਚੰਨ ਵੀ ਬਣ ਗਏ। ਉਲਕਾ ਤੇ ਧੁਮਕੇਤੂ ਵੀ ਉਪਜੇ। ਸਾਡਾ ਗ੍ਰਹਿ ਧਰਤੀ/ਪ੍ਰਿਥਵੀ ਹੋਰ ਗ੍ਰਹਿਆਂ ਸਮੇਤ ਸੂਰਜ ਦੁਆਲੇ ਪਰਿਕਰਮਾ ਕਰਨ ਲੱਗਾ। ਇਹ ਸਥਿਤੀ ਸਾਢੇ ਕੁ ਚਾਰ ਅਰਬ ਸਾਲਾਂ ਤੋਂ ਹੈ।
ਧਰਤੀ ਦੇ ਉਪਜਣ ਉਪਰੰਤ ਛੇਤੀ ਹੀ ਇਕ ਵਿਸ਼ਾਲ ਚੱਟਾਨੀ ਟੁਕੜਾ ਨਰਮ ਧਰਤੀ ਨਾਲ ਟਕਰਾਇਆ ਤੇ ਇਸ ਦੀ ਉੱਪਰਲੀ ਪਟਲ ਦਾ ਬਹੁਤ ਸਾਰਾ ਭਾਗ ਆਪਣੇ ਨਾਲ ਉਡਾ ਕੇ ਲੈ ਗਿਆ। ਧਰਤੀ ਨੇ ਉਸ ਨੂੰ ਬਹੁਤੀ ਦੂਰ ਨਾ ਜਾਣ ਦਿੱਤਾ। ਧਰਤੀ ਦੇ ਗੁਰੂਤਾ ਬਲ ਨੇ ਇਸ ਨੂੰ ਖਿੱਚ ਕੇ ਆਪਣੇ ਦੁਆਲੇ ਹੀ ਵਲ ਲਿਆ। ਉਸ ਵੱਡੀ ਟੱਕਰ ਨੇ ਧਰਤੀ ਨੂੰ ਆਪਣੇ ਧੁਰੇ ਦੁਆਲੇ ਘੁੰਮਣ ਵੀ ਲਾ ਦਿੱਤਾ (ਸ਼ਾਇਦ ਕੁਝ ਹੋਰ ਚੱਟਾਨੀ ਟੱਕਰਾਂ ਨੇ ਵੀ ਇਸ ਦੀ ਘੁੰਮਣ ਗਤੀ ਵਿਚ ਹਿੱਸਾ ਪਾਇਆ ਹੋਵੇਗਾ)। ਪਿਘਲੇ ਪਦਾਰਥ ਦਾ ਉਹ ਟੁਕੜਾ ਚੰਨ ਬਣ ਗਿਆ। ਚੰਨ ਹੌਲੀ ਹੌਲੀ ਠੰਢਾ ਹੋ ਗਿਆ ਤੇ ਧਰਤੀ ਦੀ ਪਰਿਕਰਮਾ ਕਰਨ ਲੱਗਾ। ਸ਼ੁਰੂ ਸ਼ੁਰੂ ਵਿਚ ਤਾਂ ਚੰਨ ਬਹੁਤ ਵੱਡਾ ਦਿਸਦਾ ਸੀ, ਅੱਜ ਨਾਲੋਂ ਅੱਠ-ਦਸ ਗੁਣਾ ਵੱਡਾ ਕਿਉਂਕਿ ਧਰਤੀ ਦੇ ਬਹੁਤ ਨੇੜੇ ਸੀ। ਚੰਨ ਧਰਤੀ ਦੇ ਸਾਗਰਾਂ ਵਿਚ ਸੈਂਕੜੇ ਫੁੱਟ ਉੱਚੇ ਜੁਆਰਭਾਟੇ ਲਿਆਉਂਦਾ ਰਿਹਾ। ਇਸ ਕਾਰਨ ਉਸ ਦੀ ਗੁਰੂਤਵੀ ਸਥਿਤਜ (ਪੋਟੈਂਸ਼ੀਅਲ) ਊਰਜਾ ਘਟਦੀ ਗਈ ਤੇ ਉਹ ਹੌਲੀ ਹੌਲੀ ਧਰਤੀ ਤੋਂ ਦੂਰ ਹੋ ਕੇ ਅਜੋਕੀ ਥਾਂ ’ਤੇ ਪੁੱਜ ਗਿਆ।
ਧਰਤੀ ਦੇ 4.6 ਅਰਬ ਸਾਲ ਲੰਬੇ ਜੀਵਨ ਕਾਲ ਨੂੰ ਛੇ ਮਹਾਂਕਲਪਾਂ ਵਿਚ ਵੰਡਿਆ ਗਿਆ ਹੈ: ਹੇਡੀਅਨ, ਆਰਕੀਅਨ, ਪ੍ਰੋਟੀਰੋਜ਼ੋਇਕ, ਪੇਲਿਓਜ਼ੋਇਕ, ਮੀਸੋਜ਼ੋਇਕ ਤੇ ਸੀਨੋਜ਼ੋਇਕ। ਆਰਕੀਅਨ ਕਲਪ ਚਾਰ ਅਰਬ ਸਾਲ ਪਹਿਲਾਂ ਸ਼ੁਰੂ ਹੋਇਆ ਤੇ ਢਾਈ ਕੁ ਅਰਬ ਸਾਲ ਪਹਿਲਾਂ ਤੱਕ ਚੱਲਦਾ ਰਿਹਾ।
ਪਹਿਲੇ 50 ਕੁ ਕਰੋੜ ਸਾਲ ਲੰਬੇ ‘ਹੇਡੀਓਨ’ ਮਹਾਂਕਲਪ ਦੌਰਾਨ ਨਵੀਂ ਬਣੀ ਧਰਤੀ ’ਤੇ ਲਘੂੁ-ਗ੍ਰਹਿਆਂ, ਉਲਕਾ ਪੱਥਰਾਂ ਤੇ ਧੂਮਕੇਤੂਆਂ ਦੀ ਘਣਘੋਰ ਵਰਖਾ ਹੁੰਦੀ ਰਹੀ ਜੋ ਇਸ ਦੇ ਪੁੰਜ ਵਿਚ ਵਾਧਾ ਕਰਦੀ ਰਹੀ। ਗੁਰੂਤਾ ਖਿੱਚ ਵਜੋਂ ਆਪਣੇ ਸੰਘਣੇ ਹੋ ਰਹੇ ਪਦਾਰਥ ਅਤੇ ਬਾਹਰੀ ਪਿੰਡਾਂ ਦੇ ਲਗਾਤਾਰ ਟਕਰਾ ਕਰਕੇ ਧਰਤੀ ਅਤਿਅੰਤ ਗਰਮ ਹੋ ਗਈ। ਇਸ ਲਈ ਸ਼ੁਰੂਆਤੀ ਕਾਲ ਵਿਚ ਧਰਤੀ ਬੜੀ ਗਰਮ ਸੀ। ਇਹ ਪਿਘਲੇ ਹੋਏ ਲਾਵੇ ਦਾ ਗੋਲਾ ਹੀ ਸੀ। ਠੰਢੀ ਹੋਣ ’ਤੇ ਧਰਤੀ ਦਾ ਪਦਾਰਥ ਸਥਿਰ ਹੋ ਕੇ ਬੈਠਣ ਲੱਗਾ ਤਾਂ ਇਹ ਪਰਤਾਂ ਵਿਚ ਵੰਡਿਆ ਗਿਆ। ਇਸ ਦੇ ਕੇਂਦਰ ਵਿਚ ਲੋਹ-ਕੋਰ ਬਣ ਗਈ, ਉਸ ਉੱਪਰ ਸਿਲੀਕੇਟ ਦੀ ‘ਮੈਂਟਲ’ ਬਣੀ ਤੇ ਉੱਪਰਲੀ ਪੇਪੜੀ ਵੀ ਸਖ਼ਤ ਹੋ ਗਈ, ਪਰ ਇਸ ’ਚੋਂ ਥਾਂ ਥਾਂ ਤੋਂ ਲਾਵੇ ਫੁੱਟਦੇ ਰਹੇ। ਆਕਾਸ਼ ’ਚੋਂ ਵੱਡੇ ਵੱਡੇ ਚੱਟਾਨੀ ਟੁਕੜੇ ਧਰਤੀ ਨਾਲ ਟਕਰਾ ਰਹੇ ਸਨ। ਜ਼ਹਿਰੀਲੀਆਂ ਗੈਸਾਂ ਧਰਤੀ ਨੂੰ ਪਾੜ ਕੇ ਉੱਪਰ ਵੱਲ ਫੁਹਾਰਾਂ ਛੱਡ ਰਹੀਆਂ ਸਨ। ਇਸ ’ਤੇ ਜੀਵਨ ਵਾਲਾ ਕੋਈ ਮਾਹੌਲ ਨਹੀਂ ਸੀ। ਇਉਂ ਕਰੋੜਾਂ ਵਰ੍ਹੇ ਬੀਤ ਗਏ ਤੇ ਇਹ ਸੂਰਜ ਦੁਆਲੇ ਪਰਿਕਰਮਾ ਕਰਦੀ ਰਹੀ।
ਅਗਲਾ ਮਹਾਂਕਲਪ ‘ਆਰਕੀਅਨ’ ਕੋਈ ਚਾਰ ਅਰਬ ਸਾਲ ਪੂਰਵ ਤੋਂ ਲੈ ਕੇ ਢਾਈ ਕੁ ਅਰਬ ਸਾਲ ਪੂਰਵ ਤੱਕ ਚੱਲਿਆ। ਸ਼ਬਦ ਆਰਕੀਅਨ ਦਾ ਅਰਥ ਹੁੰਦਾ ਹੈ ਪੁਰਾਤਨ। ਇਸ ਮਹਾਂਕਲਪ ਦੇ ਸ਼ੁਰੂ ਵਿਚ ਵੀ ਧਰਤੀ ਉੱਪਰ ਆਕਾਸ਼ਾਂ ਤੋਂ ਛੋਟੇ ਵੱਡੇ ਪਿੰਡਾਂ ਦੀ ਮਾਰ ਹੁੰਦੀ ਰਹੀ, ਧਰਤੀ ਦਾ ਵਾਯੂਮੰਡਲ ਬਣਨ ਲੱਗਾ ਜਿਸ ਵਿਚ ਨਾਈਟ੍ਰੋਜਨ ਦੀ ਬਹੁਤਾਤ ਸੀ। ਕਾਰਬਨ ਡਾਇਅਕਸਾਈਡ, ਹਾਈਡ੍ਰੋਜਨ, ਕੁਝ ਆਕਸੀਜਨ ਤੇ ਪਾਣੀ ਵੀ, ਪਰ ਇਹ ਸਾਰਾ ਕੁਝ ਜਵਾਲਾਮੁਖੀਆਂ ਦੇ ਮੂੰਹਾਂ ’ਚੋਂ ਨਿਕਲ ਕੇ ਉੱਪਰ ਜਾਂਦਾ ਰਿਹਾ। ਆਰਕੀਅਨ ਮਹਾਂਕਲਪ ਦੌਰਾਨ ਧਰਤੀ ਦੀ ਸਤ੍ਵਾ ਹੋਰ ਠੰਢੀ ਹੋਈ ਤਾਂ ਸਮੁੰਦਰ ਬਣ ਗਏ। ਮੁੱਢਲੇ ਸਾਗਰਾਂ ਵਿਚ ਕਾਰਬਨ-ਯੁਕਤ ਅਣੂਆਂ ਨੇ ਕੁਝ ਗੁੰਝਲਦਾਰ ਰਸਾਇਣਕ ਕਿਰਿਆਵਾਂ ਕਰਕੇ ਸਰਲ, ਇਕ-ਸੈੱਲਾ ਜੀਵਨ ਪੈਦਾ ਕੀਤਾ। ਅੱਜ ਦਾ ਸਾਰਾ ਗੁੰਝਲਦਾਰ ਜੀਵ ਸੰਸਾਰ ਇਸ ਸਰਲ ਜੀਵਨ ਦੀ ਹੀ ਉਪਜ ਹੈ।
ਆਰਕੀਅਨ ਮਹਾਂਕਲਪ ਖ਼ਤਮ ਹੋਣ ਤੱਕ ਫੋਟੋਸਿੰਥੇਸਿਜ਼ਲ ਕਿਰਿਆ ਸ਼ੁਰੂ ਹੋਈ ਤੇ ਧਰਤੀ ਦੇ ਵਾਯੂਮੰਡਲ ਵਿਚ ਆਕਸੀਜਨ ਬਹੁਤ ਵਧਣ ਲੱਗੀ। ਇਸ ਕਿਰਿਆ ਨਾਲ ਜੀਵਨ ਨੂੰ ਪਲ੍ਹਰਨ ਤੇ ਵਿਗਸਣ ’ਚ ਸਹਾਇਤਾ ਮਿਲੀ। ਲਗਭਗ ਸਾਢੇ ਤਿੰਨ ਅਰਬ ਸਾਲ ਪੁਰਾਣੇ ਮੁੱਢਲੇ ਜੀਵਨ ਦੇ ਅੰਸ਼ ਸਟਰੋਮੈਟੋਲਾਈਟਸ ਵਰਗੇ ਪਥਰਾਟਾਂ ਦੇ ਰੂਪ ਵਿਚ ਮਿਲੇ ਹਨ। ਆਰਕੀਅਨ ਕਾਲ ਦੀਆਂ ਕੁਝ ਬਚੀਆਂ ਪੇਪੜੀਆਂ ਭਾਰਤ, ਕੈਨੇਡਾ, ਆਸਟਰੇਲੀਆ ਅਤੇ ਅਫਰੀਕਾ ਵਿਚ ਮਿਲਦੀਆਂ ਹਨ।
ਤੀਜਾ ਮਹਾਂਕਲਪ ਪ੍ਰੋਟੀਰੋਜ਼ੋਇਕ ਢਾਈ ਅਰਬ ਸਾਲ ਤੋਂ ਲੈ ਕੇ ਤਕਰੀਬਨ 54 ਕਰੋੜ ਸਾਲ ਪੂਰਵ ਤੱਕ ਚੱਲਦਾ ਰਿਹਾ। ਪ੍ਰੋਟੀਰੋਜ਼ੋਇਕ ਸ਼ਬਦ ਦਾ ਯੂਨਾਨੀ ਭਾਸ਼ਾ ਵਿਚ ਅਰਥ ਹੈ: ਪਹਿਲਾ ਜੀਵਨ। ਉਸ ਸਮੇਂ ਦੀਆਂ ਚੱਟਾਨਾਂ ਆਸਟਰੇਲੀਆ, ਚੀਨ ਅਤੇ ਕੈਨੇਡਾ ਵਿਚ ਮਿਲਦੀਆਂ ਹਨ। ਇਸ ਮਹਾਂਕਲਪ ਦੌਰਾਨ ਵਿਗਸੇ ਜੀਵਨ ਨੇ ਫੋਟੋਸਿੰਥੇਸਿਜ਼ ਕਰਕੇ ਪਹਿਲੋਂ ਆਕਸੀਜਨ ਦੀ ਬਹੁਤਾਤ ਵਾਲਾ ਵਾਯੂਮੰਡਲ ਉਪਜਾਇਆ ਜਿਸ ਨਾਲ ਜੀਵਨ ਦੇ ਬਹੁੁਰੂਪਾਂ ਵਿਚ ਵਿਗਸਣ ਦੇ ਹਾਲਾਤ ਪੈਦਾ ਹੋਏ। ਇਸ ਦੌਰਾਨ ਛੋਟੇ ਛੋਟੇ ਭੂੁ-ਟੁਕੜੇ ਜੁੜ ਕੇ ਵੱਡੇ ਮਹਾਂਦੀਪ ਬਣਾਉਣ ਲੱਗੇ। ਧਰਤੀ ’ਤੇ ਬਹੁੁਸੈੱਲੇ ਪ੍ਰਾਣੀ ਵੀ ਉਪਜੇ। ਪ੍ਰੋਟੀਰੋਜ਼ੋਇਕ ਮਹਾਂਕਲਪ ਦੇ ਸ਼ੁਰੂ ਅਤੇ ਫਿਰ ਅੰਤਲੇ ਸਮੇਂ ਵੱਡੇ ਵੱਡੇ ਬਰਫ਼ਾਨੀ ਯੁੱਗ ਆਏ ਜੋ ਧਰੁਵਾਂ ਤੋਂ ਲੈ ਕੇ ਭੂ-ਮੱਧ ਰੇਖਾ ਤੱਕ ਫੈਲ ਜਾਂਦੇ ਸਨ। ਕਦੇ ਤਾਂ ਸਾਰੀ ਧਰਤੀ ਬਰਫ਼ ਦਾ ਗੋਲਾ ਹੀ ਬਣ ਗਈ ਸੀ।
ਅੱਜ ਤੋਂ ਤਕਰੀਬਨ 54 ਕਰੋੜ ਸਾਲ ਪਹਿਲਾਂ ਸ਼ੁਰੂ ਹੋਇਆ ਪੇਲਿਓਜ਼ੋਇਕ ਮਹਾਂਕਲਪ 25 ਕੁ ਕਰੋੜ ਸਾਲ ਪੂਰਵ ਤੱਕ ਚੱਲਦਾ ਰਿਹਾ। ਇਸ ਮਹਾਂਕਲਪ ਦਾ ਪਹਿਲਾ ਕਲਪ ਕੈਂਬਰੀਅਨ ਕਲਪ ਸੀ। ਇਸ ਕਲਪ ਨੂੰ ਟ੍ਰਾਈਲੋਬਾਈਟਾਂ ਦਾ ਕਲਪ ਵੀ ਕਿਹਾ ਜਾਂਦਾ ਹੈ ਜਿਨ੍ਹਾਂਂ ਦਾ ਬਹੁਤ ਸਾਰੇ ਸਮੁੰਦਰੀ ਜੀਵ ਰੂਪਾਂ ਵਿਚ ਖਿਲਾਰ ਹੋ ਗਿਆ। ਸਾਢੇ ਪੰਜ ਕਰੋੜ ਸਾਲ ਲੰਬੇ ਕੈਂਬਰੀਅਨ ਕਲਪ ਦੌਰਾਨ ਧਰਤੀ ’ਤੇ ਸਖ਼ਤ ਅੰਗਾਂ ਵਾਲੇ ਬਹੁਤ ਜੀਵ ਉਪਜੇ ਜਿਵੇਂ: ਐਂਥਰੋਪੌਡ, ਕੋਰਲ, ਸਪਾਂਜ ਵਗੈਰਾ। ਪੇਲਿਓਜ਼ੋਇਕ ਮਹਾਂਕਲਪ ਦੌਰਾਨ ਜੀਵਨ ਦੇ ਅਣਗਿਣਤ ਰੂਪ ਵਿਕਸਿਤ ਹੋਏ। ਬਿਨਾਂ ਜਬਾੜੇ ਵਾਲੀਆਂ ਮੱਛੀਆਂ ਬਣੀਆਂ, ਟੈਟਰਾਪੌਡ ਉਪਜੇ ਜੋ ਡੱਡੂਆਂ ਵਰਗੇ ਫੁੱਟ ਫੁੱਟ ਲੰਬੇ ਸਿਰਾਂ ਵਾਲੇ ਜੀਵ ਸਨ। ਪਾਣੀ ’ਚ ਰਹਿੰਦੇ ਤੇ ਬਾਹਰ ਵੀ ਨਿਕਲ ਆਉਂਦੇ। ਸਮੁੰਦਰ ਜੀਵਾਂ ਨਾਲ ਭਰ ਗਏ, ਪਰ ਲੱਖਾਂ ਸਾਲਾਂ ਬਾਅਦ ਉਹ ਵੀ ਅਲੋਪ ਹੋ ਗਏ ਅਤੇ ਉਨ੍ਹਾਂ ਦੇ ਨਵੇਂ ਰੂਪ ਹੋਂਦ ਵਿਚ ਆਏ। ਪਹਿਲਾਂ ਬੜੀ ਵਿਆਪਕ ਮਾਤਰਾ ਵਿਚ ਬਿਨਾਂ ਰੀੜ੍ਹ ਦੀ ਹੱਡੀ ਵਾਲੇ ਜਾਨਵਰ ਆਏ।
ਕੈਂਬਰੀਅਨ ਕਲਪ ਖ਼ਤਮ ਹੋਣ ਮਗਰੋਂ ਤਕਰੀਬਨ 24 ਕਰੋੜ ਸਾਲਾਂ ’ਚ ਛੇ ਹੋਰ ਕਲਪ ਗੁਜ਼ਰੇ ਜਿਨ੍ਹਾਂ ਵਿਚ ਅੋਰਡੋਵਿਸੀਅਨ, ਸਲੂਰੀਅਨ, ਡੀਵੋਨੀਅਨ, ਕਾਰਬੋਨੀਫੈਰੱਸ ਤੇ ਪਰਮੀਅਨ ਕਲਪ ਸ਼ਾਮਲ ਹਨ। ਡੀਵੋਨੀਅਨ ਕਲਪ ਦੌਰਾਨ ਪੁਰਾਤਨ ਕਿਸਮ ਦੇ ਜੀਵ ਤੇ ਪੌਦੇ ਧਰਤੀ ’ਤੇ ਉਪਜੇ ਜੋ ਅੱਜ ਨਹੀਂ ਹਨ। ਕਾਰਬੋਨੀ ਕਲਪ ਵਿਚ ਵੱਡੇ ਵੱਡੇ ਮੋਟੇ ਤਣਿਆਂ ਵਾਲੇ ਬਿਰਖ ਉੱਗੇ, ਉਹ ਖ਼ਤਮ ਹੁੰਦੇ ਗਏ, ਜ਼ਮੀਨਦੋਜ਼ ਹੋ ਗਏ ਤੇ ਲੱਖਾਂ ਕਰੋੜਾਂ ਸਾਲਾਂ ਬਾਅਦ ਪੱਥਰ ਦਾ ਕੋਲਾ ਬਣ ਗਏ।
ਅੱਜ ਤੋਂ ਤਕਰੀਬਨ 26 ਕਰੋੜ ਸਾਲ ਪਹਿਲੋਂ ਪਰਮੀਅਨ ਕਲਪ ਸਮੇਂ ਧਰਾਤਲ ਦਾ ਇਕੋ ਖੰਡ ਸੀ ਪੈਂਜੀਆ ਜਿਸ ਦਾ ਬਹੁਤਾ ਹਿੱਸਾ ਗੋਂਡਵਾਨਾ, ਦੱਖਣੀ ਅਰਧਗੋਲੇ ਵਿਚ ਸੀ। ਇਸ ਵਿਚ ਦੱਖਣੀ ਅਮਰੀਕਾ, ਅਫਰੀਕਾ, ਭਾਰਤ ਤੇ ਆਸਟਰੇਲੀਆ ਸ਼ਾਮਲ ਸਨ। ਬਾਕੀ ਸਾਰਾ ਗਲੋਬ ਕੇਵਲ ਪਾਣੀ ਹੀ ਸੀ। ਪਰਮੀਅਨ ਤੇ ਅੰਤਲੇ ਸਮੇਂ ਸਾਇਬੇਰੀਆ ਖੇਤਰ ਵਿਚ ਧਰਤੀ ’ਚੋਂ ਲਾਵੇ ਦੇ ਹੜ੍ਹ ਵਗ ਟੁਰੇ। ਜ਼ਹਿਰੀਲੀਆਂ ਗੈਸਾਂ ਨੇ ਧਰਤੀ ਨੂੰ ਘੇਰ ਲਿਆ। ਵਾਤਾਵਰਣ ਇਕਦਮ ਬਦਲ ਗਏ ਤੇ ਅੰਤਾਂ ਦੀ ਗਰਮੀ ਨੇ ਪਾਣੀ ਦੀ ਆਕਸੀਜਨ ਵੀ ਸੋਖ ਲਈ। ਇਸ ਨਾਲ ਤਕਰੀਬਨ 90 % ਸਮੁੰਦਰੀ ਜੀਵ ਜਾਤੀਆਂ ਨਸ਼ਟ ਹੋ ਗਈਆਂ, ਧਰਤੀ ਤੋਂ ਅਲੋਪ ਹੋ ਗਈਆਂ।
ਇਕ ਥਾਂ ਇਕੱਠੇ ਹੋਏ ਮਹਾਂਦੀਪਾਂ ਦਾ ਜੁੱਟ ਪੈਂਜੀਆ ਫਿਰ ਹੌਲੀ ਹੌਲੀ ਟੁੱਟ ਕੇ ਖਿੰਡਣ ਲੱਗਾ। ਮਹਾਂਦੀਪ ਹੌਲੀ ਹੌਲੀ ਇਕ ਦੂਜੇ ਤੋਂ ਦੂਰ ਹਟਣ ਲੱਗੇ ਤੇ ਕਰੋੜਾਂ ਵਰ੍ਹਿਆਂ ਦੌਰਾਨ ਇਹ ਅਜੋਕੀ ਸਥਿਤੀ ਵਿਚ ਪੁੱਜ ਗਏ।
ਪੱਚੀ ਕੁ ਕਰੋੜ ਸਾਲ ਪਹਿਲਾਂ ਮੀਸਜ਼ੋਇਕ ਮਹਾਂਕਲਪ ਸ਼ੁਰੂ ਹੋ ਗਿਆ ਜਿਸ ਵਿਚ ਤਿੰਨ ਕਲਪ ਸਨ: ਤਰਿਆਸਕ, ਜੁਰਾਸਿਕ ਅਤੇ ਕਰਿਟੇਸਲੀਅਸ। ਉਸ ਸਮੇਂ ਧਰਤੀ ’ਤੇ ਛੋਟੇ ਛੋਟੇ ਥਣਧਾਰੀ ਜੀਵ ਅਤੇ ਬਹੁਤ ਵਿਸ਼ਾਲ ਆਕਾਰੀ ਡਾਇਨੋਸੌਰ ਉਤਪੰਨ ਹੋਏ। ਉਹ 15 ਕੁ ਕਰੋੜ ਸਾਲ ਭਿੰਨ ਭਿੰਨ ਰੂਪਾਂ ਵਿਚ ਇਸ ਧਰਤੀ ’ਤੇ ਰਾਜ ਕਰਦੇ ਰਹੇ ਅਤੇ ਉਨ੍ਹਾਂ ਨੇ ਛੋਟੇ ਥਣਧਾਰੀਆਂ ਨੂੰ ਪਲ੍ਹਰਣ ਨਾ ਦਿੱਤਾ। ਇਹ ਧਰਤੀ ’ਤੇ ਉਤਪੰਨ ਹੋਏ ਸਭ ਤੋਂ ਅਦਭੁੱਤ ਕਿਸਮ ਦੇ ਜਾਨਵਰ ਸਨ ਜੋ ਮਾਸਾਹਾਰੀ ਵੀ ਸਨ ਤੇ ਸ਼ਾਕਾਹਾਰੀ ਵੀ। ਜੁਰਾਸਿਕ ਕਲਪ ਦੇ ਅੰਤਲੇ ਸਮੇਂ ਵਿਸ਼ਾਲ ਖੰਭਾਂ ਨਾਲ ਉੱਡਣ ਵਾਲਾ ਡਾਇਨੋਸੌਰ ‘ਆਰਕਿਓਪਟੈਰਿਕਸ’ ਪੈਦਾ ਹੋਇਆ ਜੋ ਅਜੋਕੇ ਪੰਛੀਆਂ ਦਾ ਵੱਡ-ਵਡੇਰਾ ਸਾਬਤ ਹੋਇਆ ਹੈ। ਜੁਰਾਸਿਕ ਤੇ ਕਰਿਟੇਸ਼ੀਅਸ ਦੇ ਸਾਗਰਾਂ ਵਿਚ ਅਨੇਕਾਂ ਕਿਸਮਾਂ ਦੇ ਵੱਡੇ ਦੇਹਧਾਰੀ ਜੀਵ ਉਤਪੰਨ ਹੋਏ। ਸ਼ਾਰਕ ਮੱਛੀਆਂ ਵਿਕਸਿਤ ਹੋਈਆਂ। ਸਾਗਰਾਂ ਵਿਚ ਮੋਸੋਸਾਰ ਤੇ ਪਲੇਜੀਓਸਾਰ ਪੰਤਾਲੀ ਫੁੱਟ ਤੱਕ ਦੀ ਲੰਬਾਈ ਪ੍ਰਾਪਤ ਕਰ ਗਏ ਤੇ ਸਾਗਰ ਅਨੇਕਾਂ ਕਿਸਮਾਂ ਦੇ ਅਦਭੁੱਤ ਜੀਵਾਂ ਨਾਲ ਭਰ ਗਏ। ਅੱਜ ਤੋਂ ਸਾਢੇ ਕੁ ਨੌਂ ਕਰੋੜ ਸਾਲ ਪਹਿਲਾਂ ਮਹਾਂਦੀਪ ਪੈਂਜੀਆ ’ਚੋਂ ਕਾਫ਼ੀ ਨਿੱਖੜ ਚੁੱਕੇ ਸਨ ਪਰ ਭਾਰਤ ਦਾ ਪਠਾਰੀ ਖੰਡ ਅਜੇ ਅਫ਼ਰੀਕਾ ਨਾਲ ਹੀ ਸੀ ਤੇ ਹੌਲੀ ਹੌਲੀ ਉੱਤਰ ਵੱਲ ਸਰਕ ਰਿਹਾ ਸੀ। ਕਰਟੇਸ਼ੀਅਸ ਕਲਪ ਸ਼ੁਰੂ ਹੋਣ ’ਤੇ ਫੁੱਲਾਂ ਵਾਲੇ ਪੌਦੇ ਉਪਜੇ ਤੇ ਕੁਝ ਕਰੋੜ ਸਾਲਾਂ ਵਿਚ ਸਾਰੀ ਧਰਤੀ ’ਤੇ ਫੈਲ ਗਏ।
ਅੱਜ ਤੋਂ ਲਗਭਗ ਸਾਢੇ ਛੇ ਕਰੋੜ ਸਾਲ ਪਹਿਲਾਂ ਧਰਤੀ ’ਤੇ ਇਕ ਬਹੁਤ ਵੱਡੀ ਉਲਕਾ ਡਿੱਗੀ। ਘੋਰ ਜੁਆਲਾਮੁਖੀ ਫਟੇ, ਸਭ ਪਾਸੇ ਸੰਘਣੀ ਧੂੜ ਤੇ ਜ਼ਹਿਰੀਲੀਆਂ ਗੈਸਾਂ ਫੈਲ ਗਈਆਂ। ਧਰਤੀ ’ਤੇ ਪਰਲੋ ਆ ਗਈ। ਲੰਬੇ ਸਮੇਂ ਲਈ ਸਭ ਪਾਸੇ ਹਨੇਰਾ ਛਾ ਗਿਆ। ਡਾਇਨੋਸੌਰਾਂ ਸਮੇਤ ਧਰਤੀ ਦਾ ਬਹੁਤ ਸਾਰਾ ਜੀਵਨ ਨਸ਼ਟ ਹੋ ਗਿਆ, 60 % ਦੇ ਕਰੀਬ ਬਨਸਪਤੀ ਜਾਤੀਆਂ ਵੀ ਖ਼ਤਮ ਹੋ ਗਈਆਂ।
ਹਜ਼ਾਰਾਂ ਸਾਲਾਂ ਤੱਕ ਧਰਤੀ, ਸੂਰਜ ਦੁਆਲੇ ਘੁੰਮਦੀ ਰਹੀ। ਫਿਰ ਬੜੇ ਚਿਰ ਬਾਅਦ ਰੌਣਕ ਪਰਤੀ ਤੇ ਨਵੇਂ ਪ੍ਰਕਾਰ ਦਾ ਜੀਵਨ ਵਿਕਸਿਤ ਹੋਇਆ। ਇਕ ਨਵਾਂ ਮਹਾਂਕਲਪ ਆਰੰਭ ਹੋਇਆ ਜਿਸ ਨੂੰ ਸੀਨੋਜ਼ੋਇਕ (ਨਵੇਂ ਜੀਵਨ ਵਾਲਾ) ਮਹਾਂਕਲਪ ਕਿਹਾ ਗਿਆ। ਇਸ ਵਿਚ ਪੇਲਿਓਜੀਨ, ਨਿਓਜੀਨ ਤੇ ਕੁਆਟਰਨਰੀ ਕਲਪ ਸ਼ਾਮਲ ਹਨ। ਚਾਰ ਕੁ ਕਰੋੜ ਸਾਲ ਲੰਬੇ ਪੇਲਿਓਜੀਨ ਕਲਪ ਵਿਚ ਪੇਲਿਓਸੀਨ, ਇਓਸੀਨ ਤੇ ਓਲੀਗੋਸੀਨ ਮਹਾਂਯੁੱਗ ਆਏ ਜੋ ਸਵਾ ਦੋ ਕਰੋੜ ਸਾਲ ਪਹਿਲਾਂ ਖ਼ਤਮ ਹੋਏ। ਇਓਸੀਨ ਮਹਾਂਯੁੱਗ ਦੇ ਮੱਧ ਸਮੇਂ ਕੋਈ 5 ਕਰੋੜ ਸਾਲ ਪਹਿਲਾਂ ਭਾਰਤ ਦਾ ਪਠਾਰੀ ਹਿੱਸਾ ਪੈਂਜੀਆ ਨਾਲੋਂ ਟੁੱਟ ਕੇ ਤਿੱਬਤੀ ਇਲਾਕੇ ਦੇ ਨੇੜੇ ਆ ਗਿਆ ਸੀ ਤੇ ਉੱਥੇ ਮੌਜੂਦ ਟੈਥਿਸ ਸਾਗਰ ਸੁੰਗੜ ਰਿਹਾ ਸੀ। ਚਾਰ ਕੁ ਕਰੋੜ ਸਾਲ ਪਹਿਲਾਂ ਭਾਰਤੀ ਪਲੇਟ ਟੈਥਿਸ ਵਿਚ ਕਰੋੜਾਂ ਸਾਲਾਂ ਤੋਂ ਜੰਮ ਰਹੇ ਤਲਛਟ ਨਪੀੜ ਕੇ ਉਤਾਂਹ ਵੱਲ ਚੁੱਕੇ ਗਏ ਤੇ ਉਸ ਸਮੁੰਦਰ ’ਚੋਂ ਹਿਮਾਲਿਆ ਉਤਾਂਹ ਉੱਠਣ ਲੱਗਾ। ਤਿੱਬਤ ਦੀ ਪਠਾਰ ਬਣ ਗਈ ਤੇ ਹੌਲੀ ਹੌਲੀ ਹਿਮਾਲਾ ਅਜੋਕੀ ਸਥਿਤੀ ਧਾਰਨ ਕਰ ਗਿਆ।
ਸੀਨੋਜ਼ੋਇਕ ਮਹਾਂਕਲਪ ਦੇ ਸ਼ੁਰੂ ਹੁੰਦਿਆਂ ਥਣਧਾਰੀ ਜੀਵ ਪਲਰਨ ਲੱਗੇ। ਇਸ ਨੂੰ ਥਣਧਾਰੀ ਜੀਵਾਂ ਦਾ ਮਹਾਂਕਲਪ ਵੀ ਕਿਹਾ ਜਾਂਦਾ ਹੈ ਜੋ ਕਈ ਰੂਪਾਂ ਵਿਚ ਵਿਕਸਿਤ ਹੋ ਕੇ ਆਕਾਰ ਵਿਚ ਵੀ ਵਧਣ ਲੱਗੇ ਸਨ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਡਾਇਨੋਸੌਰਾਂ ਨੇ ਦਬਾ ਕੇ ਰੱਖਿਆ ਹੋਇਆ ਸੀ। ਪੰਛੀਆਂ ਦੇ ਵੀ ਕਈ ਪਰਿਵਾਰ ਉਪਜੇ। ਅਲੀਗੋਸੀਨ ਮਹਾਂਯੁੱਗ ਦੌਰਾਨ ਥਣਧਾਰੀ ਬਲੋਚੋਥਿਰੀਅਮ ਵਰਗੇ ਜੀਵ ਵਿਸ਼ਾਲ ਆਕਾਰ ਪ੍ਰਾਪਤ ਕਰ ਗਏ। ਅੰਤ ਵਿਚ ਅਨੇਕਾਂ ਕਿਸਮਾਂ ਦੇ ਘਾਹ ਖਾਣੇ ਜਾਨਵਰ ਵਿਆਪਕ ਰੂਪ ਵਿਚ ਫੈਲਣ ਲੱਗੇ ਤੇ ਟਾਂਕ ਗਿਣਤੀ ਦੀਆਂ ਖੁਰੀਆਂ ਵਾਲੇ ਥਣਧਾਰੀਆਂ ਦੀਆਂ ਕਈ ਜਾਤੀਆਂ ਵੀ ਹੋਂਦ ਵਿਚ ਆਈਆਂ।
ਨਿਓਜੀਨ ਕਲਪ ਮਾਇਓਸੀਨ ਤੇ ਪਲਾਇਓਸੀਨ ਮਹਾਂਯੁੱਗਾਂ ਤੋਂ ਬਣਦਾ ਹੈ, ਜੋ ਢਾਈ ਕਰੋੜ ਸਾਲ ਪਹਿਲਾਂ ਸ਼ੁਰੂ ਹੋ ਕੇ ਤਕਰੀਬਨ ਸਾਢੇ ਸੋਲਾਂ ਲੱਖ ਸਾਲ ਪਹਿਲਾਂ ਮੁੱਕ ਗਿਆ। ਮਾਇਓਸੀਨ ਮਹਾਂਯੁੱਗ ਦੌਰਾਨ ਹਾਥੀਆਂ ਦੀਆਂ ਕਈ ਕਿਸਮਾਂ ਉਤਪੰਨ ਹੋਈਆਂ ਜਿਨ੍ਹਾਂ ’ਚੋਂ ਕੁਝ ਪਲਾਇਓਸੀਨ ਤੇ ਪਲੀਸਟੋਸੀਨ ਮਹਾਂਯੁੱਗਾਂ ਦੌਰਾਨ 15 ਫੁੱਟ ਤੱਕ ਉਚਾਈ ਹਾਸਲ ਕਰ ਗਈਆਂ ਜਿਵੇਂ ਸਟੀਗਡਾਨ ਜੀਨੱਸ। ਘੋੜਾ ਵੀ ਛੋਟੇ ਆਕਾਰ ਤੋਂ ਵਿਗਸਕੇ ਵੱਡਾ ਹੋਣ ਲੱਗਾ। ਇਸੇ ਕਾਲ ਦੌਰਾਨ ਬਾਂਦਰ ਜਾਤੀ ਦੀਆਂਂ ਕਈ ਕਿਸਮਾਂ ਪ੍ਰਫੁੱਲਤ ਹੋਈਆਂ। ਪਲਾਇਓਸੀਨ ਦੇ ਦੂਜੇ ਅੱਧ ਵਿੱਚ ਦੱਖਣੀ ਅਫਰੀਕਾ ਵਿੱਚ ਚਿੰਪੈਂਜ਼ੀ ਦੀ ਕਿਸੇ ਨਸਲ ’ਚੋਂ ਅਸਟ੍ਰਾਲੋਪਿਥੀਕਸ਼ਸ ਆਦਿ ਮਾਨਵ ਉਪਜਿਆ ਜੋ ਅਜੋਕੀ ਮਨੁੱਖ ਜਾਤੀ ਦੇ ਵਿਗਸਣ ਵੱਲ ਪਹਿਲਾ ਕਦਮ ਸੀ।
ਨਿਓਜੀਨ ਉਪਰੰਤ ਆਖ਼ਰੀ ਕਲਪ, ਕੁਆਟਰਨੀ ਕਲਪ ਸ਼ੁਰੂ ਹੋਇਆ। ਇਸ ਵਿਚ ਪਹਿਲਾਂ ਪਲੀਸਟੋਸੀਨ ਮਹਾਂਯੁੱਗ ਆਇਆ ਜੋ ਦਸ ਕੁ ਹਜ਼ਾਰ ਸਾਲ ਪਹਿਲਾਂ ਹੀ ਖ਼ਤਮ ਹੋਇਆ ਹੈ। ਇਸ ਮਹਾਂਯੁੱਗ ਦੇ ਸ਼ੁਰੂ ਹੋਣ ਤੋਂ ਜ਼ਰਾ ਕੁ ਪਹਿਲੋਂ ਆਦਿ ਮਾਨਵ ‘ਹੋਮੋਇਰੈਕਟਸ’ ਅਸਟ੍ਰਾਲੋਪਿਥੀਕਸ ਦੀ ਹੀ ਕਿਸੇ ਸ਼ਾਖ ’ਚੋਂ ਵਿਕਸਿਤ ਹੋਇਆ। ਪਲੀਸਟੋਸੀਨ ਸਮੇਂ ਤਾਂ ਬਰਫ਼ਾਨੀ ਯੁੱਗਾਂ ਦਾ ਦੌਰ ਹੀ ਰਿਹਾ ਹੈ ਜੋ 18 ਕੁ ਹਜ਼ਾਰ ਸਾਲ ਪਹਿਲਾਂ ਸਿਖਰ ’ਤੇ ਪੁੱਜ ਗਿਆ। ਉਦੋਂ ਸਾਰਾ ਯੂਰਪ ਬਰਫ਼ ਨਾਲ ਢੱਕਿਆ ਗਿਆ ਸੀ ਤੇ ਹਿਮਾਲਾ ਦੇ ਨੀਵੇਂ ਇਲਾਕਿਆਂ ਤੱਕ ਵੀ ਬਰਫ਼ਾਂ ਛਾ ਗਈਆਂ ਸਨ।
ਪਲੀਸਟੋਸੀਨ ਦੇ ਅੰਤਲੇ ਸਮੇਂ ਹੋਮੋਇਰੈਕਟਸ ’ਚੋਂ ਮਾਨਵ ਜਾਤੀ ਦੀਆਂ ਦੋ ਸ਼ਾਖਾਵਾਂ ਉਤਪੰਨ ਹੋਈਆਂ, ਨਿਐਂਡਰਥਲ ਮਨੁੱਖ ਤੇ ਆਧੁਨਿਕ ਮਨੁੱਖ। ਨਿਐਂਡਰਥਲ ਦੋ ਕੁ ਲੱਖ ਸਾਲ ਪਹਿਲਾਂ ਉਪਜੇ ਆਧੁਨਿਕ ਮਨੁੱਖ ਦੇ ਨਾਲ ਨਾਲ ਹੀ ਚੱਲਦਾ ਰਿਹਾ ਹੈ, ਪਰ ਇਹ ਲਗਪਗ ਤੀਹ ਹਜ਼ਾਰ ਸਾਲ ਪਹਿਲਾਂ ਇਸ ਧਰਤੀ ਤੋਂ ਸਦਾ ਲਈ ਅਲੋਪ ਹੋ ਗਿਆ। ਇਹ ਸਾਰੇ ਮਾਨਵ, ਆਦਿ ਮਾਨਵ ਅਫ਼ਰੀਕਾ ’ਚੋਂ ਹੀ ਨਿਕਲੇ ਤੇ ਸਾਰੀ ਦੁਨੀਆ ਵਿਚ ਫੈਲ ਗਏ। ਆਧੁਨਿਕ ਮਨੁੱਖ ਦਾ ਵੱਡ-ਵਡੇਰਾ ਦੱਖਣੀ ਅਫ਼ਰੀਕਾ ’ਚ ਕਿਧਰੇ ਰਹਿੰਦਾ ਇਕ ਜੰਗਲੀ ਮਨੁੱਖੀ ਜੋੜਾ ਸੀ ਜਿਸ ਤੋਂ ਸਾਰੀ ਲੋਕਾਈ ਉਪਜੀ ਤੇ ਸਭ ਜੀਵਾਂ ਦਾ ਸਿਰਮੌਰ ਜੀਵ ਬਣ ਗਈ। ਅੱਜ ਸਾਰੇ ਮਨੁੱਖਾਂ ਦੇ ਜੀਨ ਇਕੋ ਜਿਹੇ ਹੀ ਹਨ।
* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।
ਸੰਪਰਕ : 98143-48697