ਗੁਜਰੀ - ਗੁਰਮਿੰਦਰ ਸਿੱਧੂ (ਡਾਕਟਰ)
ਇੱਕ ਗੁਜਰੀ ਹੁੰਦੀ ਹੈ
ਜਿਹਦੀ ਮਿੱਟੀ ਚੀਕਣੀ
ਕਲਾਕਾਰ ਹੱਥਾਂ ਦੀ ਸਿਰਜੀ
ਹੁਨਰਾਂ ਨਾਲ ਤਰਾਸ਼ੀ ਹੋਈ
ਅੱਗ ਦੇ ਆਵੇ ਪੱਕੀ ਹੋਈ
ਰੰਗ ਰੋਗਨ ਦੇ ਨਾਲ ਲਿਸ਼ਕਦੀ
ਸੁਰਮ-ਸੁਰਾਹੀਆਂ ਅੱਖਾਂ ਵਾਲੀ
ਲਾਲ ਯਾਕੂਤੀ ਹੋਂਠਾਂ ਵਾਲੀ
ਸਿਰ 'ਤੇ ਰੰਗਲੀ ਮਟਕੀ ਚੁੱਕੀ ਡਰਾਇੰਗ-ਰੂਮ ਦੀ ਬਣੇ ਸਜਾਵਟ
ਜਾਂ ਬਾਲਾਂ ਦਾ ਖੇਡ ਖਿਡੌਣਾ
ਇੱਕ ਗੁਜਰੀ ਹੁੰਦੀ ਹੈ
ਜਿਹਦੀ ਮਿੱਟੀ ਮਾਸ ਦੀ
ਵਸਲ-ਪਲਾਂ ਦੀ ਸਿਰਜੀ ਹੋਈ
ਕੁੱਖ ਦੇ ਆਵੇ ਪੱਕੀ ਹੋਈ
ਜੋਬਨ ਦੀ ਧੁੱਪ ਨਾਲ ਲਿਸ਼ਕਦੀ
ਸ਼ਹਿਦ-ਨਹਾਈਆਂ ਅੱਖਾਂ ਵਾਲੀ
ਗ਼ਜ਼ਲਾਂ ਵਰਗੇ ਹੋਂਠਾਂ ਵਾਲੀ
ਸੱਤ ਰੰਗਾਂ ਦਾ ਪਹਿਨ ਕੇ ਲਹਿੰਗਾ
ਸਿਰ 'ਤੇ ਦੁੱਧ ਦੀ ਮਟਕੀ ਚੁੱਕੀ ਹੋਕਾ ਦਿੰਦੀ ਗਲੀ ਗਲੀ
ਉਂਜ ਤਾਂ ਹੁੰਦੀਆਂ ਨੇ
ਸਭ ਕੁੜੀਆਂ ਹੀ ਗੁਜਰੀਆਂ
ਅੰਬੜੀ ਦੀਆਂ ਸੋਨੇ ਦੀਆਂ ਡਲੀਆਂ
ਵੰਝਲੀ ਵਰਗੇ ਬੋਲਾਂ ਜਿਹੀਆਂ
ਖੱਟੀਆਂ ਮਿੱਠੀਆਂ ਗੋਲ੍ਹਾਂ ਜਿਹੀਆਂ
ਬਾਬਲ-ਬਾਗੀਂ ਮੋਰਨੀਆਂ
ਘਰ ਘਰ ਖੇਡਣ ਵਾਲੀ ਰੁੱਤ ਤੋਂ
ਘਰ ਬਣਾਉਣ ਦੇ ਮੌਸਮ ਤੀਕਰ
ਚੁੱਕ ਖਾਬਾਂ ਦੀ ਸੰਦਲੀ ਮਟਕੀ
ਮਟਕ ਮਟਕ ਕੇ ਤੁਰਦੀਆਂ
ਪਰ ਉਹ ਗੁਜਰੀ ਕੇਹੀ ਗੁਜਰੀ ਸੀ?
ਚਮਤਕਾਰੀ ਮਿੱਟੀ ਦੀ ਸਿਰਜੀ
ਸੱਚ ਦੇ ਆਵੇ ਪੱਕੀ ਹੋਈ
ਨਾਮ-ਖੁਮਾਰੀ ਨਾਲ ਸ਼ਿੰਗਾਰੀ,
ਸਿਰ ਮਟਕੀ ਕੁਰਬਾਨੀਆਂ ਵਾਲੀ
ਵਿਸਾਹ-ਘਾਤ ਦੀਆਂ ਨਹੁੰਦਰਾਂ ਛਿੱਲੀ
ਲਹੂ ਦੀ ਚੁੰਨੀ, ਲਹੂ ਦੇ ਲੀੜੇ
ਛਾਲਿਆਂ ਲੱਦੇ ਨੰਗੇ ਪੈਰੀਂ
ਠੰਢੇ ਬੁਰਜ ਦੀ ਅੱਗ ਤੱਕ ਪਹੁੰਚ ਗਈ ਸੀ ਜਿਹੜੀ।
ਕੰਤ ਜਦੋਂ ਪਰਦੇਸੀਂ ਜਾਂਦੇ
ਗੋਰੀਆਂ ਦੇ ਨੈਣਾਂ ਦੇ ਵਿਹੜੇ
ਸਤਲੁਜ ਅਤੇ ਬਿਆਸ ਉੱਤਰਦੇ
ਪਰ ਜਦ ਉਹਦੇ ਸਿਰ ਦਾ ਸਾਂਈਂ
ਕਤਲਗਾਹਾਂ ਦੇ ਦੇਸ ਨੂੰ ਤੁਰਿਆ
ਆਰੇ ਚੱਲ ਗਏ ਹੋਣੇ ਨੇ,
ਉਹਦੇ ਨਰਮ ਕਾਲਜੇ ਉੱਤੇ
ਉਫ! ਉਹ ਕਿਹੇ ਸੂਰਜੀ ਪਲ ਸਨ
ਜਦ ਦੰਦਾਂ ਵਿੱਚ ਚੁੰਨੀ ਨੱਪ ਕੇ
ਉਹਨੇ ਆਪਣਾ ਦਰਦ ਦਬਾਇਆ
ਇੱਕ ਵੀ ਹੰਝੂ ਨਾ ਛਲਕਾਇਆ
' ਤੇਰਾ ਭਾਣਾ ਮੀਠਾ ਲਾਗੈ ' ਖੁਦ ਨੂੰ ਇਹ ਗੁਰ-ਵਾਕ ਸੁਣਾਇਆ
'ਸ਼ੁਕਰ ਤੇਰਾ' ਕਹਿ ਸੀਸ ਨਿਵਾਇਆ
ਪੁੱਤਰਾਂ ਦੇ ਠੋਕ੍ਹਰ ਵੀ ਲੱਗੇ
ਮਾਵਾਂ ਪੀੜੋ-ਪੀੜ ਹੁੰਦੀਆਂ
ਕੀੜੀ ਦੇ ਆਟੇ ਨੂੰ ਡੋਲ੍ਹਣ
ਦੁਖਦੀ ਥਾਂ ਨੂੰ ਮੁੜ ਮੁੜ ਚੁੰਮਣ
ਅੱਥਰੂਆਂ ਦੀਆਂ ਕਰਨ ਟਕੋਰਾਂ
ਪਰ ਜਦ ਉਹਦੇ ਲਾਲ ਨੂੰ ਵਿੰਨ੍ਹਿਆ
ਸਾਜਿਸ਼-ਭਿੱਜੇ ਤੀਰਾਂ ਨੇ,
ਸੂਲਾਂ ਨੇ ,ਸ਼ਮਸ਼ੀਰਾਂ ਨੇ
ਸੱਪਾਂ ਦੇ ਵਿਹੁ-ਡੰਗਾਂ ਨੇ
ਲਹੂ-ਤਿਹਾਏ ਰੰਗਾਂ ਨੇ
ਜਿਸਮ ਹੋ ਗਿਆ ਛਲਣੀ ਛਲਣੀ
ਬੱਗੇ ਮੁੱਖ 'ਤੇ ਲਾਲ-ਤਤੀ੍ਹਰੀ
ਮਾਛੀਵਾੜੇ ਦੇ ਜੰਗਲ ਵਿੱਚ
ਤੱਕ ਕੰਡਿਆਂ ਦੀ ਸੇਜ 'ਤੇ ਸੁੱਤਾ
ਰੁੱਗ ਤਾਂ ਵੱਢੇ ਗਏ ਹੋਣਗੇ
ਮਾਂ ਦੀ ਇੱਕ ਇੱਕ ਆਂਦਰ 'ਚੋਂ ਵੀ
ਉਫ! ਉਹ ਕਿਹੇ ਸੂਰਜੀ ਪਲ ਸਨ
ਜਦ ਜ਼ਖਮਾਂ ਦੇ ਝੁਰਮਟ 'ਤੇ ਉਸ
ਰੱਬੀ ਰਜ਼ਾ ਦੀ ਮਲ੍ਹਮ ਲਗਾਈ
ਥਾਪੜ ਥਾਪੜ ਪੀੜ ਸੁਆਈ
ਫਿਰ ਸ਼ੁਕਰਾਂ ਦੀ ਧੂਫ ਜਗਾਈ
ਦਾਦੀਆਂ ਦੇ ਹੋਂਠਾਂ 'ਤੇ ਤੁਰਕੇ,
ਲੋਰੀਆਂ ਪਹੁੰਚਣ ਘੋੜੀਆਂ ਤੀਕਰ
ਪਰ ਜਦ ਉਹਨੇ ਪੋਤਰਿਆਂ ਨੂੰ
ਭੇਜਣ ਲਈ ਕਸਾਈ-ਖਾਨੇ
ਅੰਤਿਮ ਵਾਰ ਸ਼ਿੰਗਾਰਿਆ ਹੋਣੈ
ਚੁੰਮ ਚੁੰਮ ਮਸਤਕ ਠਾਰਿਆ ਹੋਣੈ
ਫਟਿਆ ਹੋਊ ਜਵਾਲਾਮੁਖੀ
ਉਹਦੀ ਧਰਤੀ ਦੇ ਅੰਦਰ ਵੀ
ਉਫ! ਉਹ ਕਿਹੇ ਸੂਰਜੀ ਪਲ ਸਨ
ਅੰਗ ਅੰਗ ਦੇ ਭੂਚਾਲ ਨੂੰ ਉਸ ਜਦ
ਸਿਮਰਨ ਨਾਲ ਟਿਕਾਇਆ ਹੋਣੈ
ਸ਼ੁਕਰਾਨੇ ਦਾ ਦੀਵਾ
ਰੂਹ ਦੀ ਥਾਲੀ ਵਿੱਚ ਟਿਕਾਇਆ ਹੋਣੈ
ਹੈ ਆਸਾਨ ਇਹ ਕਹਿਣਾ,ਉਹ ਮਹਾਨ ਬੜੀ ਸੀ
ਰੱਬੀ ਨੂਰ ਸੀ, ਉਹ ਤਾਂ ਡੋਲ ਨਹੀਂ ਸਕਦੀ ਸੀ
ਪੀੜਾਂ ਦੇ ਅਹਿਸਾਸ ਤੋਂ ਸੀ ਉਹ ਬਹੁਤ ਉਚੇਰੀ
ਉਹ ਸੀ ਨਾਮ 'ਚ ਰੰਗੀ ਹੋਈ
ਕੁੱਖ ਉਹਦੀ ਸੀ ਚਾਨਣ ਚਾਨਣ
ਸੱਚ ਹੈ ਇਹ
ਪਰ ਇਹ ਵੀ ਸੱਚ ਹੈ
ਜੇ ਉਹ ਮਾਸ-ਮਿੱਟੀ ਦਾ ਬੁੱਤ ਸੀ
ਜੇ ਜੁੱਸਾ ਰੋਟੀ ਮੰਗਦਾ ਸੀ
ਤੇਹ ਉਹਦੀ ਸੀ ਪਾਣੀ ਲੱਭਦੀ
ਸਾਹਾਂ ਲਈ ਸੀ ਹਵਾ ਲੋੜੀਂਦੀ
ਫਿਰ ਤਾਂ ਫੱਟ ਵੀ ਲੱਗੇ ਹੋਣੇ
ਫਿਰ ਤਾਂ ਪੀੜ ਵੀ ਹੋਈ ਹੋਣੀ
ਫਿਰ ਹੰਝੂ ਵੀ ਆਏ ਹੋਣੇ
ਉਫ! ਉਹ ਕੇਹੀ ਅੰਬਰੀ ਰੂਹ ਸੀ
ਜਿਸਮ ਸੀ ਜਾਂ ਕੋਈ ਕਰਾਮਾਤ ਸੀ
ਕੇਹਾ ਸੀ ਸ਼ਾਹਕਾਰ ਖੁਦਾ ਦਾ!
ਜਿਹਨੇ ਸਬਰ-ਸਮੁੰਦਰ ਪੀਤੇ
ਜ਼ਖਮਾਂ 'ਤੇ ਫੁਲਕਾਰੀ ਦਿੱਤੀ
ਇੱਕ ਵਾਰੀ ਵੀ 'ਸੀਅ' ਨਾ ਕੀਤੀ
ਕੀਤਾ ਤਾਂ ਸ਼ੁਕਰਾਨਾ ਕੀਤਾ
ਜਿਹੜੀ ਆਪ ਰਤਾ ਨਾ ਡੋਲੀ
ਨਾ ਹੀ ਡੋਲਿਆ ਉਹਦਾ ਜਾਇਆ
ਨਾ ਉਹਦੇ ਜਾਏ ਦੇ ਜਾਏ
ਹੈ ਕੋਈ ਗੁਜਰੀ ਉਹਦੇ ਵਰਗੀ?
ਸੀ ਕੋਈ ਗੁਜਰੀ ਉਹਦੇ ਵਰਗੀ?
ਕਦੇ ਵੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਗੁਜਰੀ ਉਹਦੇ ਵਰਗੀ?
ਤਵਾਰੀਖ ਦਾ ਹਰ ਵਰਕਾ ਹਰ ਸਤਰ ਫਰੋਲੋ
ਧਰਤੀ ਦੇ ਹਰ ਕੋਨੇ ਦੀ ਮਿੱਟੀ ਨੂੰ ਫੋਲੋ
ਕਿਤੇ ਵੀ ਨਹੀਂਓਂ ਲੱਭਣੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਨਹੀਂਓਂ ਹੋਣੀ ਗੁਜਰੀ ਉਹਦੇ ਵਰਗੀ?
ਵੇ ਇਤਿਹਾਸ ਲਿਖੰਦੜਿਓ!
ਕੋਈ ਫਰਜ਼ ਨਿਭਾਓ!
ਕਲਮ ਚੁੱਕੋ,ਅੱਖਰਾਂ ਨੂੰ ਸੱਚ ਦੀ ਵਾਟ ਦਿਖਾਓ!
ਨਾ ਪੰਜਾਬ ਦੇ, ਨਾ ਹੀ ਹਿੰਦ ਦੇ
ਦੁਨੀਆਂ ਦੇ ਇਤਿਹਾਸ 'ਚ ਉਹਦਾ ਕਾਂਡ ਲਿਖਾਓ!
ਇਸ ਕਵਿਤਾ ਦਾ ਉਤਾਰਾ 5abi.com ਤੋਂ ਧੰਨਵਾਦ ਸਹਿਤ ਕੀਤਾ ਗਿਆ
28 Dec. 2018