“ ਪਹਿਲੀ ਮਈ ਦਾ ਅੰਤਰਰਾਸ਼ਟਰੀ ਗੀਤ“
( ਮੂਲ ਲੇਖਕ : ਯੂਜੀਨ ਪੋਤੀਏ )
ਅਨੁਵਾਦ : ਸੁਖਪਾਲ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ
ਧਰਤੀ ਦਾ ਸਾਰਾ ਦੁੱਖ ਪੀਣ ਵਾਲਿਓ
ਬੱਝੀਆਂ ਨਾ ਰਹਿਣ ਵੇ ਰਵਾਇਤੀ ਲੜੀਆਂ
ਉੱਠੋ ਵੋ ਗੁਲਾਮੀ ਦੀਆਂ ਤੋੜੋ ਕੜੀਆਂ
ਕਿਰਤਾਂ ਦਾ ਜੋਸ਼ ਜੁੱਸਿਆਂ 'ਚ ਭਰ ਕੇ
ਲੁੱਟ ਦਾ ਇਹ ਰਾਜ ਜੜ੍ਹਾਂ ਤੋਂ ਉਖਾੜਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਬੁੱਢਾ ਹੋ ਪੁਰਾਣਾ ਢਾਂਚਾ ਜਦੋਂ ਥੰਮ੍ਹਦਾ
ਉਹਨੂੰ ਤੋੜ ਨਵਾਂ ਸੰਸਾਰ ਜੰਮਦਾ
ਨਵਾਂ ਤੇ ਉਸਾਰੂ ਜਗ ਰੱਚਣੇ ਲਈ
ਗਲ਼ੀ ਸੜੀ ਹਰ ਚੀਜ਼ ਨੂੰ ਨਕਾਰਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਨਵੀਂਆਂ ਹੀ ਲੀਹਾˆ ਤੇ ਉਸਾਰ ਹੋਊਗਾ
ਸਾਰਾ ਜੱਗ ਸਾਡਾ ਪਰਿਵਾਰ ਹੋਊਗਾ
ਲੋਟੂਆਂ ਦੇ ਹੱਥਾਂ ਨੇ ਤੁਹਾਥੋਂ ਖੋਹਿਆ ਜੋ
ਸਭ ਹੋਊ ਤੁਹਾਡਾ ਸਿਰਜਣਹਾਰਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਮਹਿਲਾਂ ਤੋਂ ਨਾ ਸਾਡੇ 'ਤੇ ਕੋਈ ਰਾਜ ਵੇ ਕਰੇ
ਰਾਜਿਆਂ ਦੀ ਸਾਨੂੰ ਹੁਣ ਵਫ਼ਾ ਨਾ ਫੜੇ
ਧੁੱਖ ਰਿਹੋ ਮੱਚੋ ਹੁਣ ਲਾਟਾਂ ਬਣ ਕੇ
ਤਖ਼ਤਾਂ ਨੂੰ ਢਾਹੋ ਤਾਜਾਂ ਨੂੰ ਉਛਾਲਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਉੱਠੋ ਹਾਕਮਾਂ ਦੇ ਲਾਰਿਆਂ ਨੂੰ ਤੋੜ ਕੇ
ਸਮਾਂ ਲੰਘ ਜਾਵੇ ਨਾ ਤੁਹਾਨੂੰ ਰੋਲ਼ ਕੇ
ਰਾਜ ਮਹਿਲਾਂ ਤਾਈਂ ਦੇਵੇ ਕਾਂਬਾ ਛੇੜ ਜੋ
ਐਸੀ ਤੋਰ ਤੁਰੋ ਕੁੱਲੀਓ ਤੇ ਢਾਰਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਆਖਰੀ ਹੈ ਆਪਣੀ ਲੜਾਈ ਸਾਥੀਓ
ਥਾਂ ਥਾਂ ਉੱਠੋ ਕਰ ਦਉ ਚੜ੍ਹਾਈ ਸਾਥੀਓ
ਲੁੱਟ ਦੇ ਮਸੀਹੇ ਤਾਈਂ ਰੱਦ ਕਰ ਕੇ
ਹੁਕਮ ਕਾਨੂੰਨ ਪੈਰਾਂ 'ਚ ਲਿਤਾੜਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਲੋਟਆਂ ਤੋਂ ਲੁੱਟ ਵਾਲ਼ਾ ਮਾਲ ਖੋਹਣ ਲਈ
ਕੈਦ ਹੋਈਆਂ ਰੂਹਾਂ ਦੇ ਆਜ਼ਾਦ ਹੋਣ ਲਈ
ਸਾਂਝਿਆਂ ਦੁੱਖਾਂ 'ਚ ਸ਼ਰੀਕ ਹੋਇ ਕੇ
ਮੁਕਤੀ ਦਾ ਰਾਹ ਸੋਚਿਉ ਵਿਚਾਰਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਖ਼ੁਦ ਆਪਣੇ ਹੀ ਕੰਮ ਕਾਰ ਮਿੱਥਾਂਗੇ
ਕਿਦਾਂ ਦਾ ਇਹ ਹੋਊ ਸੰਸਾਰ ਮਿੱਥਾਂਗੇ
ਮਿਹਨਤ 'ਚੋਂ ਉਸਰੀ ਹੈ ਹਰ ਰਚਨਾ
ਦੁਨੀਆਂ ਤੁਹਾਡੀ ਦੁਨੀਆਂ ਦੇ ਘਾੜਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਧਰਤੀ ਜਾਗੀਰ ਨਹੀਂ ਇੱਲ੍ਹਾਂ ਜੋਕਾਂ ਦੀ
ਧਰਤੀ ਹੈ ਮਾਂ ਧਰਤੀ ਦੇ ਲੋਕਾਂ ਦੀ
ਇੱਲ੍ਹਾਂ ਕਾਵਾਂ ਜੋਕਾਂ ਦਾ ਸਫ਼ਾਇਆ ਕਰ ਕੇ
ਕਿਰਤਾਂ ਦਾ ਝੰਡਾ ਸੂਰਜਾਂ ਤੇ ਚਾੜ੍ਹਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ….
ਫ਼ੌਜੀਓ ਸਿਪਾਹੀਓ ਜਾਣੋ ਹਲਚਲ ਨੂੰ
ਮੋੜ ਲਉ ਬੰਦੂਕਾਂ ਹਾਕਮਾਂ ਦੇ ਵੱਲ ਨੂੰ
ਜੀਹਨਾਂ ਦੀਆਂ ਗੋਦਾਂ ਵਿੱਚ ਜੰਮੇ ਪਲ਼ੇ ਓਂ
ਲੋਕਾਂ ਦਿਉ ਜਾਇਓ ਲੋਕਾਂ ਨੂੰ ਨਾ ਮਾਰਿਓ
ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ ।