Firozdin-Sharf

ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ -  ਫ਼ਿਰੋਜ਼ਦੀਨ ਸ਼ਰਫ਼

ਮੈਂ  ਪੰਜਾਬੀ, ਪੰਜਾਬ  ਦੇ  ਰਹਿਣ ਵਾਲਾ,
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ ।

ਸਮਝਾਂ ਫ਼ਾਰਸੀ, ਉਰਦੂ ਵੀ ਖੂਬ ਬੋਲਾਂ,
ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ ।

ਬੋਲੀ  ਆਪਣੀ  ਨਾਲ  ਪਿਆਰ  ਰੱਖਾਂ,
ਇਹ ਗੱਲ ਆਖਣੋਂ ਕਦੀ ਨਾਂ ਸੰਗਦਾ ਹਾਂ ।

ਮੋਤੀ ਕਿਸੇ  ਸੁਹਾਗਣ ਦੀ  ਨੱਥ ਦਾ ਮੈਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ ।

ਮਿਲੇ  ਮਾਣ  ਪੰਜਾਬੀ ਨੂੰ  ਦੇਸ ਅੰਦਰ,
ਆਸ਼ਕ ਮੁੱਢੋਂ  ਮੈਂ ਏਸ  ਉਮੰਗ  ਦਾ ਹਾਂ ।

ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ-ਡੋਬ  ਕੇ ਜ਼ਿੰਦਗੀ  ਰੰਗਦਾ ਹਾਂ ।

ਰਵਾਂ ਇੱਥੇ ਤੇ ਯੂ. ਪੀ. 'ਚ  ਕਰਾਂ ਗੱਲਾਂ,
ਐਸੀ ਅਕਲ ਨੂੰ  ਛਿੱਕੇ ਤੇ  ਟੰਗਦਾ ਹਾਂ ।

ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ  ਖੈਰ ਪੰਜਾਬੀ  ਦੀ ਮੰਗਦਾ  ਹਾਂ ।
              * * *