ਡੂੰਘੀ ਪੀੜ ਤੇ ਸੰਘਣੀ ਚੁੱਪ ਦਾ ਭਰ ਵਹਿੰਦਾ ਦਰਿਆ - ਗੁਰਭਜਨ ਗਿੱਲ
ਰਾਵੀ ਪਾਰ ਉਰਵਾਰ ਦੇ ਦਰਦਾਂ ਦਾ ਰਾਜ਼ਦਾਰ ਸੀ ਮੋਹਨ ਕਾਹਲੋਂ। ਰਾਵੀ ਦੇ ਪਾਰਲੇ ਬੰਨੇ ਬਿਲਕੁਲ ਕੰਢੇ ’ਤੇ ਸੀ ਉਸ ਦਾ ਪਿੰਡ ਛੰਨੀ ਟੇਕਾ। ਇਸ ਪਿੰਡ ਵਿੱਚ ਬੜੇ ਜਾਬਰ ਯੋਧੇ ਪੁੱਤਰ ਜੰਮਦੇ। ਧੀਆਂ ਵੀ ਜਰਵਾਣੀਆਂ। ਸਾਲ 1932 ’ਚ ਨਵੰਬਰ ਮਹੀਨੇ ਦੀ ਗਿਆਰਾਂ ਤਰੀਕ ਨੂੰ ਮੋਹਨ ਕਾਹਲੋਂ ਦਾ ਜਨਮ ਹੋਇਆ। ਉਹ ਵੱਡਾ ਹੋਇਆ ਤਾਂ 1947 ’ਚ ਦੇਸ਼ ਦੀ ਵੰਡ ਹੋ ਗਈ। ਛੰਨੀ ਟੇਕਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੀ ਰਾਵੀ ਪਾਰਲੀ ਤਹਿਸੀਲ ਸ਼ੱਕਰਗੜ੍ਹ ਵਿੱਚ ਸੀ। ਰਾਵੀ ਹੱਦ ਬਣੀ ਤਾਂ ਪਿੰਡ ਓਧਰ ਰਹਿ ਗਿਆ। ਚੌਦਾਂ-ਪੰਦਰਾਂ ਵਰ੍ਹਿਆਂ ਦਾ ਮੋਹਨ ਮਾਪਿਆਂ ਸਮੇਤ ਏਧਰ ਆ ਕੇ ਧਾਰੀਵਾਲ ਨੇੜੇ ਪਿੰਡ ਕੋਟ ਸੰਤੋਖ ਰਾਏ ਵਿੱਚ ਵਸ ਗਿਆ। ਦੇਸ਼ ਵੰਡ ਦੀ ਗੱਲ ਸੁਣਾਉਂਦਿਆਂ ਉਨ੍ਹਾਂ ਦੀ ਲੂੰਈਂ ਕੰਡਿਆਈ ਜਾਂਦੀ। ਬਹੁਤ ਖ਼ੌਫ਼ਜ਼ਦਾ ਦਿਨ ਸਨ। ਪਿੰਡ ਛੰਨੀ ਟੇਕਾ ਦੇ ਦੋ ਹਿੱਸੇ ਸਨ, ਵਿਚਕਾਰ ਕੱਚੀ ਉੱਚੀ ਦੀਵਾਰ। ਲਹਿੰਦੀ ਤੇ ਚੜ੍ਹਦੀ ਬਾਹੀ ਵਾਲਿਆਂ ਦੀ ਡਾਂਗ ਅਕਸਰ ਖੜਕਦੀ। ਦਰਿਆ ਕੰਢੇ ਦਾ ਵਸੇਬ ਆਸਾਨ ਨਹੀਂ ਸੀ। ਮੋਹਨ ਕਾਹਲੋਂ ਦੇ ਪਿਤਾ ਸ. ਧਰਮ ਸਿੰਘ ਦਰਿਆ ਵਿੱਚ ਪੈਂਦੀਆਂ ਬੇੜੀਆਂ ਦਾ ਠੇਕਾ ਲੈਂਦੇ, ਮੁਸਾਫ਼ਰਾਂ ਨੂੰ ਅਕਸਰ ਪਾਰ ਕਰਵਾਉਂਦੇ, ਪਰ ਆਪਣੀ ਵਾਰੀ ਆਈ ਤਾਂ ਪਿੰਡ ਦੇ ਮੁਸਲਮਾਨ ਵੀਰਾਂ ਨੇ ਆਪਣੀਆਂ ਕਿਸ਼ਤੀਆਂ ਨਾਲ ਦਰਿਆ ਟਪਾਇਆ। ਕਾਹਲੋਂ ਦੱਸਦੇ ਸਨ ਕਿ ਸਾਰੇ ਪੰਜਾਬ ਨੂੰ ਉਦੋਂ ਮਰਨ-ਮਿੱਟੀ ਚੜ੍ਹੀ ਹੋਈ ਸੀ। ਮੋਹਨ ਕਾਹਲੋਂ ਦੀ ਮਾਂ ਦਾਤੋ ਗਰਭਵਤੀ ਸੀ ਉਸ ਵੇਲੇ। ਗੋਲੀਆਂ ਦੀ ਵਾਛੜ ਵਿੱਚੋਂ ਲੰਘ ਇਹ ਪਰਿਵਾਰ ਇਧਰਲੇ ਗੁਰਦਾਸਪੁਰ ’ਚ ਆ ਗਿਆ। ਪਰਿਵਾਰ ਕੋਲ ਇੱਕੋ ਹਥਿਆਰ ਸੀ, ਬਰਛੀ।
ਇਸ ਪਰਿਵਾਰ ਕੋਲ ਰਮਦਾਸ ਤੇ ਮਜੀਠੇ ਵਿਚਕਾਰ ਇੱਕ ਪਿੰਡ ਫੱਤਿਆਂ ਵਾਲੀ ਕੁਝ ਗਹਿਣੇ ਦੀ ਜ਼ਮੀਨ ਸੀ। ਇਸ ਜ਼ਮੀਨ ਨੂੰ ਉਨ੍ਹਾਂ ਦੇ ਟੱਬਰ ਨੇ ਠੇਕੇ ’ਤੇ ਦਿੱਤਾ ਹੋਇਆ ਸੀ। ਇਸ ਜ਼ਮੀਨ ਨਾਲ ਗੁਜ਼ਾਰਾ ਮੁਸ਼ਕਿਲ ਸੀ। ਕੁਝ ਜ਼ਮੀਨ ਏਥੇ ਖਰੀਦ ਕੇ ਵਾਹੀ ਜੋਤੀ ਸ਼ੁਰੂ ਕੀਤੀ ਪਰ ਕਾਮਯਾਬੀ ਨਾ ਮਿਲੀ। ਮੋਹਨ ਕਾਹਲੋਂ ਨੂੰ ਨਾਨਕੇ ਪਿੰਡ ਕੋਟ ਕਰਮ ਚੰਦ ਭੇਜ ਦਿੱਤਾ ਗਿਆ ਜਿੱਥੇ ਰਹਿ ਕੇ ਸਕੂਲ ਵਿੱਚੋਂ ਅੱਠਵੀਂ ਪਾਸ ਕੀਤੀ ਉਸ। ਫਿਰ ਖ਼ਾਲਸਾ ਹਾਈ ਸਕੂਲ ਬਟਾਲਾ ਵਿੱਚ ਦਾਖ਼ਲਾ ਲੈ ਲਿਆ। ਦਸਵੀਂ ਪਾਸ ਕਰ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ (ਗੁਰਦਾਸਪੁਰ) ਵਿੱਚ ਦਾਖ਼ਲਾ ਲੈ ਲਿਆ। ਕਮਿਊਨਿਸਟ ਵਿਚਾਰਧਾਰਾ ਦੇ ਲੜ ਲੱਗਣ ਕਾਰਨ ਆਪ ਨੂੰ ਇੱਕ ਭਾਸ਼ਨ ਦੇਣ ਕਾਰਨ ਕਾਲਜ ’ਚੋਂ ਇਹ ਲਿਖ ਕੇ ਕੱਢ ਦਿੱਤਾ ਗਿਆ ਕਿ ਇਸ ਨੂੰ ਕਿਸੇ ਵੀ ਹੋਰ ਕਾਲਜ ’ਚ ਦਾਖ਼ਲ ਨਾ ਕੀਤਾ ਜਾਵੇ। ਇਨ੍ਹਾਂ ਦਿਨਾਂ ਵਿੱਚ ਮੋਹਨ ਕਾਹਲੋਂ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਕੁੱਲ ਵਕਤੀ ਵਰਕਰ ਬਣ ਗਏ। ਬੱਸ ਅੱਡਾ ਬਟਾਲਾ ’ਤੇ ਨਵਾਂ ਜ਼ਮਾਨਾ ਅਖ਼ਬਾਰ ਵੇਚਣਾ ਮੁੱਖ ਜ਼ਿੰਮੇਵਾਰੀ ਸੀ। ਉਨ੍ਹਾਂ ਦੀ ਮੁਲਾਕਾਤ ਡਾ. ਹਰਸ਼ਰਨ ਸਿੰਘ ਢਿੱਲੋਂ ਏਕਲਗੱਡੇ ਵਾਲਿਆਂ ਨਾਲ ਹੋ ਗਈ। ਉਨ੍ਹਾਂ ਦੇ ਮਮੇਰੇ ਭਰਾ ਪਿਆਰਾ ਸਿੰਘ ਰੰਧਾਵਾ ਵੀ ਅਗਾਂਹਵਧੂ ਖ਼ਿਆਲਾਂ ਦੇ ਸਨ। ਪ੍ਰੀਤਨਗਰ ਐਕਟੀਵਿਟੀ ਸਕੂਲ ’ਚ ਪੜ੍ਹਦੀ ਉਨ੍ਹਾਂ ਦੀ ਧੀ ਦੀਪ ਮੋਹਿਨੀ ਨਾਲ ਮੁਲਾਕਾਤ ਡਾ. ਹਰਸ਼ਰਨ ਨੇ ਕਰਵਾਈ ਜੋ ਮਗਰੋਂ ਵਿਆਹ ਵਿੱਚ ਤਬਦੀਲ ਹੋ ਗਈ। ਪਿਆਰਾ ਸਿੰਘ ਰੰਧਾਵਾ ਖ਼ੁਦ ਲੇਖਕ ਸਨ ਅਤੇ ਜਲੰਧਰ ਦੇ ਰਫਿਊਜੀ ਕੈਂਪ ਵਿੱਚ ਨੌਕਰੀ ਕਰਨ ਕਰਕੇ ਦੇਸ਼ ਵੰਡ ਨਾਲ ਸਬੰਧਿਤ ਕਹਾਣੀਆਂ ਘਰ ਵਿੱਚ ਅਕਸਰ ਵਾਰ-ਵਾਰ ਸੁਣਦੀਆਂ। ਦੀਪ ਮੋਹਿਨੀ ਦੇ ਵੰਡ ਸਬੰਧੀ ਨਾਵਲ ‘ਧੁੰਦ ਵਿੱਚ ਇੱਕ ਸਵੇਰ’ ਵਿਚਲੀਆਂ ਬਹੁਤ ਘਟਨਾਵਾਂ ਦੀਪ ਨੇ ਆਪਣੇ ਬਾਬਲ ਮੂੰਹੋਂ ਹੀ ਸੁਣੀਆਂ ਸਨ।
ਮੋਹਨ ਕਾਹਲੋਂ ਦੇ ਇਸ ਪਿਛੋਕੜ ਬਾਰੇ ਦੱਸਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਿਰਜਕ ਦੀ ਸਿਰਜਣਾ ਨਾਲੋਂ ਵੱਧ ਜ਼ਰੂਰੀ ਹੁੰਦਾ ਹੈ ਉਸ ਦਾ ਪਿਛੋਕੜ ਜਾਨਣਾ। ਕਾਹਲੋਂ ਪਰਿਵਾਰ ਨੂੰ ਛੰਟੀ ਟੇਕਾ ਵਾਲੀ ਜ਼ਮੀਨ ਬਦਲੇ ਏਧਰ ਤਿੰਨ ਪਿੰਡਾਂ ’ਚ ਜ਼ਮੀਨ ਮਿਲੀ। ਬਖ਼ਤਪੁਰ, ਛੋਟਾ ਚੌੜਾ ਤੇ ਫੱਤਿਆਂ ਵਾਲੀ, ਪਰ ਮਗਰੋਂ ਇਹ ਪਰਿਵਾਰ ਧਾਰੀਵਾਲ ਨੇੜੇ ਪਿੰਡ ਕੋਟ ਸੰਤੋਖ ਰਾਏ ਵਸ ਗਿਆ। ਇੱਥੇ ਹੀ ਉਨ੍ਹਾਂ ਦੇ ਨਿੱਕੇ ਭਰਾ ਸੋਹਨ ਸਿੰਘ ਕਾਹਲੋਂ ਰਹਿੰਦੇ ਸਨ। ਤੀਜਾ ਵੀਰ ਗੁਰਨਾਮ ਸਿੰਘ ਜਲੰਧਰ ਵਸਦਾ ਹੈ।
ਮੋਹਨ ਕਾਹਲੋਂ ਨੇ ਕਮਿਊਨਿਸਟ ਪਾਰਟੀ ’ਚ ਅੰਡਰਗਰਾਊਂਡ ਵੀ ਕੰਮ ਕੀਤਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਨਕੋਦਰ ਹਲਕੇ ਤੋਂ ਅਸੈਂਬਲੀ ਚੋਣ ਵੇਲੇ ਮੋਹਨ ਕਾਹਲੋਂ ਨੇ ਆਪਣੇ ਵਾਲ ਕਟਵਾ ਦਿੱਤੇ ਕਿਉਂਕਿ ਪੁਲੀਸ ਪਿੱਛੇ ਚੜ੍ਹੀ ਹੋਈ ਸੀ। ਪਛਾਣ ਲੁਕਾਉਣ ਲਈ ਇਹ ਜ਼ਰੂਰੀ ਸੀ। ਇਸੇ ਸਮੇਂ ਦੌਰਾਨ ਉਨ੍ਹਾਂ ਬੀ.ਏ. ਪ੍ਰਾਈਵੇਟ ਤੌਰ ’ਤੇ ਪਾਸ ਕਰ ਲਈ। ਖਾਲਸਾ ਕਾਲਜ ਆਫ ਐਜੂਕੇਸ਼ਨ, ਅੰਮ੍ਰਿਤਸਰ ਵਿੱਚੋਂ ਬੀ.ਟੀ. ਕਰਕੇ ਮਜੀਠਾ ਵਿੱਚ ਸਕੂਲ ਅਧਿਆਪਕ ਲੱਗ ਗਏ। ਪੂਰੀ ਪੜ੍ਹਾਈ ਸਕੂਲੀ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਹੀ ਮੁਕੰਮਲ ਕੀਤੀ। ਹਾਲ ਬਾਜ਼ਾਰ, ਅੰਮ੍ਰਿਤਸਰ ਦੇ ਗੇਟ ਪਿਛਵਾੜੇ ਇੱਕ ਪੁਸਤਕ ਵਿਕਰੇਤਾ ਤੋਂ ਲੈ ਕੇ ਉਨ੍ਹਾਂ ਵਿਸ਼ਵ ਸਾਹਿਤ ਦਾ ਗੂੜ੍ਹਾ ਅਧਿਐਨ ਕੀਤਾ। ਇਸੇ ਸਮੇਂ ਦੌਰਾਨ ਉਨ੍ਹਾਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ ’ਚ ਪੜ੍ਹਾਉਂਦੇ ਪ੍ਰੋਫੈਸਰਾਂ ਡਾ. ਗੁਰਨਾਮ ਸਿੰਘ ਰਾਹੀ, ਡਾ. ਗੁਰਕ੍ਰਿਪਾਲ ਸਿੰਘ ਸੇਖੋਂ ਅਤੇ ਡਾ. ਹਰੀਸ਼ ਪੁਰੀ ਨਾਲ ਦੋਸਤੀ ਪਾ ਲਈ ਜੋ ਵਿਚਾਰਧਾਰਕ ਪ੍ਰਪੱਕਤਾ ਦੇ ਬੜਾ ਕੰਮ ਆਈ। ਪ੍ਰਾਈਵੇਟ ਤੌਰ ’ਤੇ ਐਮ.ਏ. ਪੰਜਾਬੀ ਵੀ ਕਰ ਲਈ। ਉਦੋਂ ਤੱਕ ਉਨ੍ਹਾਂ ਦੀਆਂ ਕਵਿਤਾਵਾਂ ਮਾਸਿਕ ਰਸਾਲਿਆਂ ਵਿੱਚ ਛਪਣ ਲੱਗੀਆਂ ਸਨ। ਸ਼ਿਵ ਕੁਮਾਰ ਨਾਲ ਦੋਸਤੀ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਕਵਿਤਾ ਦਾ ਘਰ ਬਹੁਤ ਦੂਰ ਹੈ। ਉਨ੍ਹਾਂ ਕਹਾਣੀਆਂ ਲਿਖਣੀਆਂ ਆਰੰਭੀਆਂ ਅਤੇ ਪਹਿਲਾ ਕਹਾਣੀ ਸੰਗ੍ਰਹਿ ‘ਰਾਵੀ ਦੇ ਪੱਤਣ’ ਛਪਵਾਇਆ। ਫਿਰ ਨਾਵਲ ਦੇ ਰਾਹ ਤੁਰ ਪਏ। ਪਹਿਲਾ ਨਾਵਲ ‘ਮਛਲੀ ਇੱਕ ਦਰਿਆ ਦੀ’ 1967 ਵਿੱਚ ਲਿਖਿਆ। ਇਸ ਦਾ ਮੁੱਖ ਬੰਦ ਸ਼ਿਵ ਨੇ ‘ਗਵਾਹੀ’ ਨਾਮ ਹੇਠ ਕਵਿਤਾ ’ਚ ਲਿਖਿਆ:
ਕੱਲ੍ਹ ਤੱਕ ਮੈਂ ਉਹਦਾ ਆਪ ਗਵਾਹ ਸਾਂ
ਅੱਜ ਤੋਂ ਇਹ ਮੇਰਾ ਗੀਤ ਗਵਾਹ ਹੈ।
ਡੂੰਘੀ ਪੀੜ ਤੇ ਸੰਘਣੀ ਚੁੱਪ ਦਾ,
ਉਹ ਇੱਕ ਭਰ ਵਹਿੰਦਾ ਦਰਿਆ ਹੈ।
ਸ਼ਿਵ ਕੁਮਾਰ ਦੀ ਅਮਰ ਰਚਨਾ ਲੂਣਾ ਦੀ ਸਿਰਜਣਾ ਵੇਲੇ ਵੀ ਉਹ ਦੋਵੇਂ ਬੇਲੀ ਇੱਕਠੇ ਵਿਚਰਦੇ ਸਨ। ਕਦੇ ਬਟਾਲੇ, ਕਦੇ ਅਮਰਨਾਥ, ਕਦੇ ਬੈਜਨਾਥ। ਕੁਝ ਲੋਕ ਤਾਂ ਇਹ ਵੀ ਆਖਦੇ ਸੁਣੇ ਨੇ ਕਿ ਲੂਣਾ ਦੀ ਸੰਘਣੀ ਭੂਮਿਕਾ ਮੋਹਨ ਕਾਹਲੋਂ ਨੇ ਹੀ ਲਿਖੀ ਸੀ। ਮੈਂ ਦੋ ਕੁ ਵਾਰ ਦਰਿਆਫ਼ਤ ਕਰਨੀ ਚਾਹੀ ਤਾਂ ਉਹ ਸਿਰਫ਼ ਮੁਸਕਰਾਏ। ਮੂੰਹੋਂ ਕੱਖ ਨਹੀਂ ਬੋਲੇ।
ਦੂਜਾ ਨਾਵਲ ‘ਬੇੜੀ ਤੇ ਬਰੇਤਾ’ 1970 ’ਚ ਛਪਿਆ ਤਾਂ ਪੂਰੇ ਪੰਜਾਬੀ ਜਗਤ ਵਿੱਚ ਤਹਿਲਕਾ ਮੱਚ ਗਿਆ। ‘ਪਰਦੇਸੀ ਰੁੱਖ’ 1972 ਵਿੱਚ, ‘ਗੋਰੀ ਨਦੀ ਦਾ ਗੀਤ’ 1975 ਵਿੱਚ, ‘ਬਾਰਾਂਦਰੀ ਦੀ ਰਾਣੀ’ 1976 ਵਿੱਚ। ‘ਕਾਲੀ ਮਿੱਟੀ’ 1986 ਵਿੱਚ ਤੇ ‘ਵਹਿ ਗਏ ਪਾਣੀ’ 2003 ਵਿੱਚ ਛਪਿਆ।
1975 ਵਿੱਚ ਜਦ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਦੀਆਂ ਘਟਨਾਵਾਂ ਨਾਲ ਸਬੰਧਿਤ ਨਾਵਲ ‘ਗੋਰੀ ਨਦੀ ਦਾ ਗੀਤ’ ਛਪਿਆ ਤਾਂ ਇਸ ਨੂੰ ਪਾਠਕਾਂ ਵੱਲੋਂ ਤਾਂ ਭਰਪੂਰ ਹੁੰਗਾਰਾ ਮਿਲਿਆ ਪਰ ਪਰਿਵਾਰ ਅਤੇ ਆਲੋਚਕ ਜਗਤ ਨੇ ਇਸ ਨੂੰ ‘ਚਿੱਕੜ-ਉਛਾਲੀ’ ਦਾ ਨਾਂ ਦਿੱਤਾ। ਨਾਵਲ ਅਤੇ ਲੇਖਕ ਦੀ ਕਿਰਦਾਰਕੁਸ਼ੀ ਕਰਨ ਵਿੱਚ ਕਿਸੇ ਨੇ ਕੋਈ ਕਸਰ ਬਾਕੀ ਨਾ ਛੱਡੀ। ਜ਼ਹਿਰੀ ਮਾਹੌਲ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ। ਉਹ ਲੇਖਕਾਂ ਦੇ ਕੋਲੋਂ ਦੀ ਬਿਨ ਬੁਲਾਏ ਲੰਘ ਜਾਂਦਾ। ਕਿਸੇ ਸਭਾ ਵਿੱਚ ਨਾ ਜਾਂਦਾ। ਬਿਲਕੁਲ ਬੇਗਾਨਗੀ। ਅਫ਼ਵਾਹਾਂ ਉੱਡੀਆਂ, ਕਾਹਲੋਂ ਮਰ ਖਪ ਗਿਐ ਕਿਤੇ, ਜੇ ਜਿਉਂਦਾ ਹੋਵੇ ਤਾਂ ਕਿਸੇ ਨੂੰ ਮਿਲੇ ਨਾ! ਲਗਪਗ ਸਤਾਈ ਅਠਾਈ ਸਾਲ ਲੰਮਾ ਬਨਵਾਸ ਸੀ ਉਸਦਾ। ਉਹ ਘਰੋਂ ਸਕੂਲ ਤੇ ਸਕੂਲੋਂ ਘਰ ਪਹੁੰਚਦਾ। 1967-68 ’ਚ ਉਸ ਨੇ ਵੇਰਕਾ ’ਚ ਰੇਲਵੇ ਸਟੇਸ਼ਨ ਦੇ ਸਾਹਮਣੇ ਸ਼ਾਇਦ ਗੁਰੂ ਨਾਨਕ ਕਾਲੋਨੀ ’ਚ ਘਰ ਬਣਾ ਲਿਆ। ਪਹਿਲਾਂ ਚਵਿੰਡਾ ਦੇਵੀ (ਅੰਮ੍ਰਿਤਸਰ) ਤੇ ਮਗਰੋਂ ਵੇਰਕਾ ’ਚ ਪੜ੍ਹਾਇਆ। ਲੈਕਚਰਰ ਵਜੋਂ ਪਦਉੱਨਤੀ ਮਗਰੋਂ ਉਹ ਦੀਨਾਨਗਰ (ਗੁਰਦਾਸਪੁਰ) ਪੜ੍ਹਾਉਣ ਲੱਗ ਪਏ ਤੇ ਫੇਰ ਜਲੰਧਰ ਇਨ ਸਰਵਿਸ ਇੰਸਟੀਚਿਊਟ ਲਾਡੋਵਾਲੀ ਰੋਡ ਵਿਖੇ।
ਇਕਲੌਤਾ ਪੁੱਤਰ ਰਾਜਪਾਲ ਸਿੰਘ ਕਾਹਲੋਂ ਬਹੁਤ ਜ਼ਹੀਨ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੋਸਟ ਗਰੈਜੂਏਟ ਵਿਭਾਗ ਵਿੱਚ ਸਭ ਤੋਂ ਨਿੱਕੀ ਉਮਰ ਦਾ ਲੈਕਚਰਰ ਲੱਗ ਗਿਆ। ਢਾਈ ਸਾਲ ਪੜ੍ਹਾ ਕੇ ਪਹਿਲਾਂ 1981 ’ਚ ਆਈ.ਪੀ.ਐੱਸ ਤੇ ਮਗਰੋਂ 1984 ਵਿੱਚ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕੀਤੀ। ਪੱਛਮੀ ਬੰਗਾਲ ਕਾਡਰ ਮਿਲਣ ਕਾਰਨ ਰਾਜਪਾਲ ਸਿੰਘ ਕੋਲਕਾਤਾ ਦਾ ਹੀ ਹੋ ਗਿਆ। ਨੈਸ਼ਨਲ ਲਾਇਬ੍ਰੇਰੀ ਦੀਆਂ ਕਿਤਾਬਾਂ ਕਾਰਨ ਮੋਹਨ ਕਾਹਲੋਂ ਨੇ ਵੀ ਇੱਥੇ ਹੀ ਪੱਕਾ ਟਿਕਾਣਾ ਬਣਾ ਲਿਆ। ਇਸੇ ’ਚੋਂ ਨੌਂ ਸਾਲ ਬਾਅਦ ਨਾਵਲ ‘ਵਹਿ ਗਏ ਪਾਣੀ’ ਨਿਕਲਿਆ ਜੋ ਪਹਿਲੀ ਆਲਮੀ ਜੰਗ ਦੇ ਪੰਜਾਬੀ ਸੈਨਿਕਾਂ ਬਾਰੇ ਹੈ। ਕੋਲਕਾਤਾ ਦੀ ਪੰਜਾਬੀ ਸਾਹਿਤ ਸਭਾ ਅਤੇ ਇੱਥੇ ਵੱਸਦੇ ਲੇਖਕਾਂ ਕਾਰਨ ਉਹ ਕੋਲਕਾਤਾ ਦੀ ਅਦਬੀ ਫਿਜ਼ਾ ਵਿੱਚ ਵਿਚਰਨ ਲੱਗੇ। ਜਗਮੋਹਨ ਦੀ ਨਿੱਕੀ ਭੈਣ ਰਵਿੰਦਰ ਗੁੱਡੀ ਨਾਲ ਆਪਣੀ ਧੀ ਇਰਾ ਵਾਂਗ ਹੀ ਸਨੇਹ ਪਾਲਦੇ।
ਸਾਲ 2002 ਵਿੱਚ ਜਦ ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਵਿੱਚ ਡਾ. ਸੁਰਜੀਤ ਪਾਤਰ ਪ੍ਰਧਾਨ ਬਣੇ ਤਾਂ ਮੈਂ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਸਾਂ। ਪ੍ਰੋ. ਰਵਿੰਦਰ ਭੱਠਲ ਜਨਰਲ ਸਕੱਤਰ ਸਨ। ਸਾਨੂੰ ਕਿਤੋਂ ਵੀ ਕਾਹਲੋਂ ਹੋਰਾਂ ਦੀ ਦੱਸ ਨਹੀਂ ਸੀ ਪੈ ਰਹੀ। ਅਚਨਚੇਤ ਵੇਰਕਾ ਵੱਸਦੇ ਸਾਡੇ ਨਜ਼ਦੀਕੀ ਰਿਸ਼ਤੇਦਾਰ ਤੇ ਮੋਹਨ ਕਾਹਲੋਂ ਦੇ ਦੋਸਤ ਤੇ ਸਹਿਕਰਮੀ ਰਹੇ ਅਮਰੀਕ ਸਿੰਘ ਹੁੰਦਲ ਮਿਲੇ ਤਾਂ ਮੈਂ ਕਾਹਲੋਂ ਬਾਰੇ ਪੁੱਛਿਆ। ਉਹ ਬੋਲੇ, ‘‘ਹੁਣ ਤਾਂ ਮਿਲਿਆਂ ਚਿਰ ਹੋਇਐ, ਪਰ ਸਾਡੀ ਪੈਨਸ਼ਨ ਇੱਕੋ ਬੈਂਕ ’ਚ ਆਉਂਦੀ ਹੈ। ਹੋ ਸਕਦੈ ਬੈਂਕ ਵਾਲਿਆਂ ਕੋਲ ਕਲਕੱਤੇ ਦਾ ਟੈਲੀਫੋਨ ਨੰਬਰ ਹੋਵੇ।’’ ਉਨ੍ਹਾਂ ਦੇ ਗੁਆਂਢੀ ਸ਼ਾਇਰ ਅਜਾਇਬ ਸਿੰਘ ਹੁੰਦਲ ਨੂੰ ਪੁੱਛਿਆ ਤਾਂ ਉਨ੍ਹਾਂ ਕੋਲੋਂ ਵੀ ਕੋਈ ਸੂਹ ਨਾ ਲੱਗੀ। ਮਹੀਨੇ ਕੁ ਬਾਅਦ ਭਾ’ਜੀ ਅਮਰੀਕ ਸਿੰਘ ਹੁੰਦਲ ਦਾ ਫੋਨ ਆਇਆ ਕਿ ਨੰਬਰ ਮਿਲ ਗਿਆ ਹੈ। ਸਾਡਾ ਚਾਅ ਨਾ ਥੰਮਿਆ ਜਾਵੇ। ਦਿਲ ਕਰਦਾ ਸੀ ਮੋਹਨ ਕਾਹਲੋਂ ਨੂੰ ਮੁੜ ਮੁੱਖ ਧਾਰਾ ਦੇ ਵੱਡੇ ਲਿਖਾਰੀ ਵਜੋਂ ਸਨਮਾਨਿਤ ਕਰੀਏ। ਜਿਸ ਬੇਰਹਿਮੀ ਨਾਲ ਹੋਰ ਕਈ ਸੰਸਥਾਵਾਂ ਨੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਸੀ, ਉਹ ਵੇਖ ਵੇਖ ਕੇ ਵੱਟ ਚੜ੍ਹਦਾ ਸੀ।
ਅਸਾਂ ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ 2003 ਦੇਣ ਦਾ ਫ਼ੈਸਲਾ ਕਰ ਲਿਆ। ਕਲਕੱਤੇ ਸੰਪਰਕ ਕੀਤਾ ਤਾਂ ਕਾਹਲੋਂ ਹੋਰੀਂ ਸਿਰ ਫੇਰ ਗਏ, ਅਖੇ ਮੈਂ ਨਹੀਂ ਆਉਣਾ, ਪੰਜਾਬ ਮੈਨੂੰ ਮਾਰੀ ਬੈਠਾ ਹੈ, ਪਰ ਮੈਂ ਮਰਨਾ ਨਹੀਂ ਅਜੇ। ਦੀਪ ਮੋਹਿਨੀ ਹੋਰਾਂ ਨੂੰ ਆਪਣੀ ਇੱਜ਼ਤ ਦਾ ਵਾਸਤਾ ਪਾ ਕੇ ਮੋਹਨ ਕਾਹਲੋਂ ਨੂੰ ਪੰਜਾਬ ਆਉਣ ਲਈ ਮਨਾਇਆ। ਉਹ ਆਏ, ਸਾਡਾ ਚਾਅ ਥੰਮਿਆ ਨਾ ਜਾਂਦਾ। ਸਾਡੇ ਬੱਚਿਆਂ ਨਾਲ ਬੱਚੇ ਬਣ ਜਾਂਦੇ, ਅੱਧੀ ਰਾਤ ਤੀਕ ਗੱਲਾਂ ਕਰਦੇ ਰਹਿੰਦੇ। ਗੱਲਾਂ ਸ਼ਿਵ ਕੁਮਾਰ ਦੀਆਂ, ਉਸ ਦੀ ਮੁਹੱਬਤ ਦੀਆਂ, ਵਿਯੋਗੇ ਮਨ ਦੀਆਂ, ਬਟਾਲੇ ਦੀਆਂ, ਗੁਰਚਰਨ ਬੋਪਾਰਾਏ, ਅਮਰਜੀਤ ਗੁਰਦਾਸਪੁਰੀ ਦੀਆਂ। ਮੋਹਨ ਕਾਹਲੋਂ ਨੂੰ ਗੱਲ ਸੁਣਾਉਣੀ ਵੀ ਆਉਂਦੀ ਸੀ।
ਇੱਕ ਦਿਨ ਬੋਲੇ ਮੈਂ ਨਵਾਂ ਨਾਵਲ ਅੰਮ੍ਰਿਤਸਰ ਵਿੱਚ ਦੋਸਤ ਪਬਲਿਸ਼ਰ ਨੂੰ ਦੇ ਬੈਠਾਂ, ਉਸ ਕੰਮ ਛੱਡ ਦਿੱਤੈ, ਨਾ ਨਾਵਲ ਛਪਦੈ, ਨਾ ਜਾਨ ਛੁੱਟਦੀ ਏ। ਪਹਿਲੀ ਵਿਸ਼ਵ ਜੰਗ ਬਾਰੇ ਹੈ ਇਹ ਨਾਵਲ। ਪੰਜਾਬਣਾਂ ਦੇ ਰੰਡੀਓਂ ਸੁਹਾਗਣ ਹੋਣ ਦੀ ਭਾਵਨਾ ਵਾਲਾ। ਨਾਵਲ ਸੀ ਵਹਿ ਗਏ ਪਾਣੀ। ਇਸ ਨਾਵਲ ਨੂੰ ਅਸਾਂ ਚੇਤਨਾ ਪ੍ਰਕਾਸ਼ਨ, ਲੁਧਿਆਣਾ ਲਈ ਮੰਗ ਲਿਆ। ਸਤੀਸ਼ ਗੁਲਾਟੀ ਨੇ ਬਹੁਤ ਖ਼ੂਬਸੂਰਤ ਛਾਪਿਆ।
ਚਾਰ ਕੁ ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਰਾਜਪਾਲ ਸਿੰਘ ਕਾਹਲੋਂ ਨੇ ਮੋਹਨ ਕਾਹਲੋਂ ਨੂੰ ਪੰਜਾਬ ਦੌਰੇ ’ਤੇ ਲਿਆਂਦਾ। ਕਲਕੱਤਿਉਂ ਹਵਾਈ ਜਹਾਜ਼ ’ਤੇ ਚੰਡੀਗੜ੍ਹ ਤੇ ਉੱਥੋਂ ਲੁਧਿਆਣਾ ਸਾਡੇ ਘਰ ਉਤਾਰਾ। ਦੁਪਹਿਰਾ ਕੱਟਿਆ, ਰੱਜਵੀਆਂ ਗੱਲਾਂ। ਸ਼ਾਮ ਨੂੰ ਢੁੱਡੀਕੇ ਜਸਵੰਤ ਸਿੰਘ ਕੰਵਲ ਨੂੰ ਮਿਲਣ ਚਲੇ ਗਏ। ਰਾਤ ਜਲੰਧਰ ਨਿੱਕੇ ਵੀਰ ਗੁਰਨਾਮ ਸਿੰਘ ਕਾਹਲੋਂ ਕੋਲ ਜਾ ਸੁੱਤੇ। ਸਵੇਰੇ ਬਟਾਲਾ ਤੇ ਅੰਮ੍ਰਿਤਸਰ ਦੇ ਬੇਲੀਆਂ ਨੂੰ ਮਿਲੇ। ਪਿਛਲੇ ਸਾਲ ਜੀਵਨ ਸਾਥਣ ਦੀਪ ਮੋਹਿਨੀ ਸਦੀਵੀ ਅਲਵਿਦਾ ਕਹਿ ਗਏ। ਉਹ ਡੋਲੇ ਨਹੀਂ ਸੀ ਪਰ ਕਰੋਨਾ ਨੇ ਘੇਰ ਲਿਆ ਕੁਝ ਦਿਨ ਪਹਿਲਾਂ। ਠੀਕ ਹੋ ਕੇ ਆਈ.ਸੀ.ਯੂ. ’ਚੋਂ ਕਮਰੇ ’ਚ ਆ ਗਏ। ਰਿਪੋਰਟ ਸਹੀ ਨਿਕਲੀ ਪਰ ਦਿਲ ਦਾ ਦੌਰਾ ਲੈ ਬੈਠਾ। ਲੋਹੇ ਦਾ ਬਣਿਆ ਬੰਦਾ ਪਲਾਂ ’ਚ ਮਿੱਟੀ ਹੋ ਗਿਆ। ਉਨ੍ਹਾਂ ਦਾ ਪੁੱਤਰ ਰਾਜਪਾਲ ਦੱਸਦਾ ਹੈ, ‘‘ਉਨ੍ਹਾਂ ਦਾ ਜੀਣ ਨੂੰ ਬਹੁਤ ਦਿਲ ਕਰਦਾ ਸੀ, ਰੱਜ ਕੇ ਜੀਣਾ ਚਾਹੁੰਦੇ ਸਨ। ਪੰਜਾਬ ਦੀ ਪੂਰੀ ਖ਼ਬਰ ਰੱਖਦੇ। ਅਮਰਜੀਤ ਗੁਰਦਾਸਪੁਰੀ ਦੀ ਫਰਵਰੀ 2022 ’ਚ ਹੋਈ ਮੌਤ ਸੁਣ ਕੇ ਬੋਲੇ, ਸੁੱਚਾ ਨਗ ਸੀ ਪੰਜਾਬ ਦੀ ਸੁੰਦਰੀ ਦਾ, ਸਾਡਾ ਵੱਡਾ ਵੀਰ। ਉਹ ਅਕਸਰ ਕਹਿੰਦੇ ਹੁਣ ਹੀ ਕੰਮ ਕਰਨ ਦਾ ਸੁਆਦ ਆਉਣ ਲੱਗਾ ਸੀ ਤੇ ਹੁਣ ਹੀ ਦੌੜ ਮੁੱਕ ਚੱਲੀ ਹੈ। ਨਵੰਬਰ ’ਚ ਉਨ੍ਹਾਂ 90 ਸਾਲ ਦੇ ਹੋ ਜਾਣਾ ਸੀ।’’
ਮੋਹਨ ਕਾਹਲੋਂ ਦਾ ਚਲਾਣਾ ਪੰਜਾਬੀ ਨਾਵਲ ਦੇ ਵਿਲੱਖਣ ਅੰਦਾਜ਼ ਦਾ ਸੂਰਜ ਅਸਤਣ ਵਾਂਗ ਹੈ। ਉਨ੍ਹਾਂ ਦੇ ਜਾਣ ’ਤੇ ਪ੍ਰੋ. ਮੋਹਨ ਸਿੰਘ ਦੀ ਗ਼ਜ਼ਲ ਦਾ ਸ਼ਿਅਰ ਚੇਤੇ ਆ ਰਿਹਾ ਹੈ:
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ।
ਅਹਿਸਾਸ ਹੋਇਆ ਫੁੱਲ ਨੂੰ, ਰੰਗਾਂ ਦੇ ਭਾਰ ਦਾ।
ਸੰਪਰਕ : 98726-31199
ਵੇ ਪੁੰਨਣਾ, ਵੇ ਬੱਦਲਾ, ਵੇ ਸਾਂਵਲਾ, ਕਿੰਨਾ ਚਿਰ ਹੋਰ ਤੇਰੀ ਛਾਂ ... - ਗੁਰਭਜਨ ਗਿੱਲ
ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਸੀ ਜਿਸ ਦੀ ਟੁਣਕਾਰ ਉਮਰ ਦੇ 92ਵੇਂ ਸਾਲ ’ਚ ਦਾਖ਼ਲ ਹੋ ਕੇ ਵੀ ਟੱਲੀ ਵਾਂਗ ਟੁਣਕਦੀ ਰਹੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰ ਹਰਨਾਮ ਸਿੰਘ ਰੰਧਾਵਾ ਦਾ ਪੋਤਰਾ ਤੇ ਸ: ਰਛਪਾਲ ਸਿੰਘ ਤੇ ਮਾਤਾ ਹਰਬੰਸ ਕੌਰ ਦਾ ਪੁੱਤਰ ਕਮਿਊਨਿਸਟ ਪਾਰਟੀ ਦੇ ਸਭਿਆਚਾਰਕ ਵਿੰਗ ਦਾ ਕਾਰਕੁਨ ਬਣਿਆ ਤਾਂ ਲੋਕਾਂ ਨੇ ਗੱਲਾਂ ਕੀਤੀਆਂ, ‘‘ਅਖੇ! ਰੇਸ਼ਮੀ ਗਦੇਲਿਆਂ ’ਤੇ ਸੌਣ ਵਾਲਾ ਇਹ ਅਲੂੰਆਂ ਮੁੰਡਾ ਕਿਵੇਂ ਕੱਚੇ ਧੂੜ ਲਪੇਟੇ ਰਾਹਾਂ ’ਤੇ ਤੁਰੇਗਾ?’’ ਅਮਰਜੀਤ ਗੁਰਦਾਸਪੁਰੀ ਨੇ ਇਹ ਗੱਲ ਸੱਚ ਕਰ ਵਿਖਾਈ ਕਿ ਸਮਰਪਣ ਤੇ ਵਿਸ਼ਵਾਸ ਦੀ ਸ਼ਕਤੀ ਨਾਲ ਹਰ ਮੁਸੀਬਤ ਨੂੰ ਹੱਸ ਕੇ ਜਰਿਆ ਜਾ ਸਕਦਾ ਹੈ।
ਤੇਰਾ ਸਿੰਘ ਚੰਨ, ਜਸਵੰਤ ਸਿੰਘ ਰਾਹੀ, ਨਰਿੰਦਰ ਦੋਸਾਂਝ, ਲੋਕ ਗਾਇਕਾ ਸੁਰਿੰਦਰ ਕੌਰ, ਬੀਬੀ ਮਹਿੰਦਰ ਨਵਤੇਜ ਸਿੰਘ, ਨਿਰੰਜਨ ਸਿੰਘ ਮਾਨ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ ਅਤੇ ਜੁਗਿੰਦਰ ਬਾਹਰਲਾ ਦਾ ਸਾਥੀ ਬਣ ਕੇ ਉਸ ਨੇ ਬੰਬਈ ਕਲਕੱਤੇ ਤੀਕ ਪੰਜਾਬੀ ਲੋਕ ਸੁਰਾਂ ਵਿਚ ਲਪੇਟੇ ਇਨਕਲਾਬੀ ਗੀਤਾਂ ਦੀ ਛਹਿਬਰ ਲਾਈ। ਉਸ ਦੀ ਸਹਿ ਗਾਇਕਾ ਵਜੋਂ ਇਸ ਇਨਕਲਾਬੀ ਸਫ਼ਰ ਦੌਰਾਨ ਪੰਜਾਬ ਦੀ ਕੋਇਲ ਵਜੋਂ ਜਾਣੀ ਜਾਂਦੀ ਗਾਇਕਾ ਸੁਰਿੰਦਰ ਕੌਰ ਨੇ ਵੀ ਇਪਟਾ ਦੀਆਂ ਸਟੇਜਾਂ ’ਤੇ ਸਾਥ ਨਿਭਾਇਆ। ਤੇਰਾ ਸਿੰਘ ਚੰਨ ਦੇ ਲਿਖੇ ਸੰਗੀਤ ਨਾਟਕ ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ ਅਤੇ ਲੱਕੜ ਦੀ ਲੱਤ ਵਿਚ ਵਿਸ਼ਵ ਅਮਨ ਲਹਿਰ ਨੂੰ ਸਮਰਪਿਤ ਗੀਤਾਂ ਦਾ ਪਰਾਗਾ ਅਮਰਜੀਤ ਗੁਰਦਾਸਪੁਰੀ ਦੇ ਕੰਠ ਨੂੰ ਛੋਹ ਕੇ ਹੀ ਪੌਣਾਂ ਵਿਚ ਘੁਲਿਆ। ਰਸ ਭਰਪੂਰ ਵਾਰਤਕ ਦੇ ਲਿਖਾਰੀ ਅਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ ਨਿੰਦਰ ਘੁਗਿਆਣਵੀ ਨੇ 2010 ਵਿੱਚ ਅਮਰਜੀਤ ਗੁਰਦਾਸਪੁਰੀ ਦੇ ਜੀਵਨ ’ਤੇ ਆਧਾਰਿਤ ਇਕ ਟੈਲੀਫਿਲਮ ਬਣਾਈ ਤਾਂ ਉਸ ਵਿੱਚ ਉਸ ਦੀਆਂ ਜੀਵਨ ਯਾਦਾਂ ਅਤੇ ਲੋਕ ਗਾਇਕੀ ਦੇ ਕੁਝ ਨਮੂਨੇ ਵੀ ਅੰਕਿਤ ਕੀਤੇ। ਇਸ ਫਿਲਮ ਵਿੱਚ ਅਮਰਜੀਤ ਗੁਰਦਾਸਪੁਰੀ ਦਾ ਜੀਵਨ ਭਰ ਕੀਤਾ ਸੰਘਰਸ਼ ਭਾਵੇਂ ਕਿਣਕਾ ਮਾਤਰ ਹੀ ਅੰਕਿਤ ਹੋ ਸਕਿਆ, ਪਰ ਖ਼ੂਬਸੂਰਤ ਕੋਸ਼ਿਸ਼ ਲਈ ਪੰਜਾਬੀ ਭਾਈਚਾਰਾ ਉਸ ਦਾ ਰਹਿੰਦੀ ਦੁਨੀਆ ਤੀਕ ਰਿਣੀ ਰਹੇਗਾ। ਇਹ ਫਿਲਮ ਆਮ ਬੰਦਿਆਂ ਲਈ ਭਾਵੇਂ ਬਹੁਤੀ ਦਿਲਚਸਪੀ ਦਾ ਵਸੀਲਾ ਨਾ ਬਣ ਸਕੀ, ਪਰ ਇਤਿਹਾਸ ਦੇ ਜਾਣਕਾਰਾਂ ਲਈ ਸੰਭਾਲਣਯੋਗ ਤੋਹਫ਼ਾ ਬਣ ਗਈ। ਗੁਰਪ੍ਰੀਤ ਸਿੰਘ ਤੂਰ ਅਤੇ ਪਿਰਥੀਪਾਲ ਸਿੰਘ ਹੇਅਰ ਬਟਾਲਾ ਨੇ ਇਸ ਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ।
ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦਾ ਪਿੰਡ ਉਦੋਵਾਲੀ ਕਲਾਂ ਉਸ ਦੀ ਜਨਮ ਭੋਇੰ ਹੈ। ਪਹਿਲਾਂ ਇਹ ਪਿੰਡ ਉਸ ਦੇ ਦਾਦਾ ਜੀ ਜ਼ੈਲਦਾਰ ਹਰਨਾਮ ਸਿੰਘ ਜਾਂ ਪਿੰਡ ਦੇ ਅਕਾਲੀ ਆਗੂ ਜਥੇਦਾਰ ਗੁਰਦਿੱਤ ਸਿੰਘ ਕਰਕੇ ਇਲਾਕੇ ਵਿਚ ਜਾਣਿਆ ਜਾਂਦਾ ਸੀ, ਪਰ ਅਮਰਜੀਤ ਦੀ ਆਵਾਜ਼ ਨੇ ਇਸ ਪਿੰਡ ਨੂੰ ਦੇਸ਼ ਦੇਸ਼ਾਂਤਰ ਵਿਚ ਪ੍ਰਸਿੱਧ ਕਰ ਦਿੱਤਾ। 1931 ਦੇ ਸਾਉਣ ਮਹੀਨੇ ਦੀ 26 ਤਰੀਕ ਨੂੰ ਉਹ ਸਰਦਾਰ ਰਛਪਾਲ ਸਿੰਘ ਰੰਧਾਵਾ ਅਤੇ ਬੀਬੀ ਹਰਬੰਸ ਕੌਰ ਦੇ ਘਰ ਜਨਮਿਆ। ਸਿਰਫ਼ 32 ਸਾਲ ਦੀ ਉਮਰ ਵਿਚ ਉਸ ਦੇ ਪਿਤਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਅਮਰਜੀਤ ਗੁਰਦਾਸਪੁਰੀ ਦੇ ਪਿੰਡ ਵਿਚ ਰਹਿੰਦਾ ਇਕ ਨੌਜਵਾਨ ਬਾਬਾ ਦਰਸ਼ੋ ਅਕਸਰ ਗਲੀਆਂ ਵਿਚ ਵਾਰਸ ਦੀ ‘ਹੀਰ’, ਪੀਲੂ ਦਾ ‘ਮਿਰਜ਼ਾ’ ਅਤੇ ਕਾਦਰਯਾਰ ਦਾ ‘ਪੂਰਨ ਭਗਤ’ ਗਾਉਂਦਾ ਫਿਰਦਾ। ਪਿੰਡ ਦੇ ਮੁੰਡੇ ਅਕਸਰ ਉਸ ਦੀ ਆਵਾਜ਼ ਨਾਲ ਸੁਰ ਮਿਲਾਉਂਦੇ। ਅਮਰਜੀਤ ਵੀ ਉਨ੍ਹਾਂ ਮੁੰਡਿਆਂ ਵਿਚੋਂ ਇਕ ਹੁੰਦਾ। ਉਸ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਹ ਸ਼ੌਕ ਉਸ ਲਈ ਜ਼ਿੰਦਗੀ ਦਾ ਗਹਿਣਾ ਬਣ ਜਾਵੇਗਾ। ਬਾਬਾ ਦਰਸ਼ੋ ਰਵਾਇਤੀ ਮਿਰਜ਼ਾ ਸਾਹਿਬਾਂ ਦੀ ਥਾਂ ਲੋਕ ਅੰਗ ਵਿਚ ਲਿਖੇ ਮਿਰਜ਼ੇ ਦੇ ਬੋਲ ਅਲਾਪਦਾ :
ਨੀਂ ਦਿੱਲੀਏ ਕਾਗਾਂ ਹਾਰੀਏ, ਨੀ ਤੇਰਾ ਸੂਹਾ ਨੀ ਚੰਦਰੀਏ ਬਾਣਾ
ਇਸ ਵਿਚ ਉਹ 360 ਬਲਦ ਲੱਦ ਕੇ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਦਾ ਵੀ ਜ਼ਿਕਰ ਕਰਦਾ, ਜਿਸ ਵਿਚ ਉਸ ਦੀ ਲੁਬਾਣੀ ਦੀ ਮੌਤ ਦਾ ਵੀ ਜ਼ਿਕਰ ਹੁੰਦਾ। ਮਿਰਜ਼ੇ ਦੀ ਸਾਹਿਬਾਂ ਨੂੰ ਉਹ ਲੁਬਾਣਾ ਆਪਣੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦਾ, ਪਰ ਸਾਹਿਬਾਂ ਆਪਣੇ ਮਿਰਜ਼ੇ ਦੀ ਮੌਤ ਦਾ ਵੇਰਵਾ ਕਰਦੀ। ਇਸ ਵਿਚ ਅੰਤਲਾ ਬੰਦ ਇਹੀ ਹੁੰਦਾ ਕਿ ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਦੀ ਮੌਤ ਨੂੰ ਦੱਸਦੀ-ਦੱਸਦੀ ਆਪਣੇ ਆਪ ਨੂੰ ਵੀ ਸਰਵਾਹੀ ਭਾਵ ਤਲਵਾਰ ਨਾਲ ਖ਼ਤਮ ਕਰ ਲੈਂਦੀ ਹੈ। ਇਸ ਵਿਚਲਾ ਦਰਦ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਵਿਚ ਘੁਲ ਕੇ ਪੇਸ਼ ਹੁੰਦਾ ਤਾਂ ਉਹ ਦ੍ਰਿਸ਼ ਜਾਗਦਿਆਂ ਤਾਂ ਕੀ ਸੁੱਤਿਆਂ ਸੁੱਤਿਆਂ ਵੀ ਅੱਖਾਂ ਅੱਗੋਂ ਨਹੀਂ ਜਾਂਦਾ। ਇਹ ਪਹਿਲਾ ਗੀਤ ਸੀ ਜਿਸ ਨੇ ਅਮਰਜੀਤ ਨੂੰ ਗਾਇਕੀ ਦੇ ਰਾਹ ਤੋਰਿਆ। ਤੇਜਾ ਸਿੰਘ ਸੁਤੰਤਰ, ਕਾਮਰੇਡ ਗੋਪਾਲ ਸਿੰਘ ਠੱਠਾ, ਦਲੀਪ ਸਿੰਘ ਟਪਿਆਲਾ, ਕਾਮਰੇਡ ਵਾਸਦੇਵ ਸਿੰਘ ਝੰਗੀ, ਫ਼ਜ਼ਲਾਬਾਦ (ਗੁਰਦਾਸਪੁਰ) ਦੇ ਕਾਮਰੇਡ ਹਰਭਜਨ ਸਿੰਘ, ਕ੍ਰਿਪਾਲ ਸਿੰਘ ਤੇ ਬਲਜੀਤ ਸਿੰਘ ਫ਼ਜ਼ਲਾਬਾਦ ਨਾਲ ਅਮਰਜੀਤ ਦੀ ਦੋਸਤੀ ਨੇ ਅਜਿਹਾ ਸੂਹਾ ਰੰਗ ਚਾੜ੍ਹਿਆ ਕਿ ਉਹ ਆਪ ਇਸ ਰਸਤੇ ਦਾ ਪੱਕਾ ਪਾਂਧੀ ਬਣ ਗਿਆ।
1952 ਵਿਚ ਉਸ ਨੇ ਫ਼ਜ਼ਲਾਬਾਦ ਵਿਖੇ ਹੋਈ ਕਿਸਾਨ ਕਾਨਫਰੰਸ ਵਿਚ ਪਹਿਲੀ ਵਾਰ ਮੰਚ ’ਤੇ ਖਲੋ ਕੇ ਇਹ ਗੀਤ ਗਾਇਆ :
ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ।
ਹੁਣ ਨਹੀਉਂ ਹੁੰਦੀਆਂ, ਸਬਰ ਸਬੂਰੀਆਂ।
ਇਹ ਗੀਤ ਗਾਉਣ ਤੋਂ ਪਹਿਲਾਂ ਉਹ ਸਿਰਫ਼ ਪਿੰਡ ਦਾ ਜਵਾਈ-ਭਾਈ ਸੀ ਜਿਸ ਨੂੰ ਉਸ ਦੇ ਰਿਸ਼ਤੇਦਾਰ ਮੁੰਡਿਆਂ ਨੇ ਇਹ ਕਹਿ ਕੇ ਸਟੇਜ ’ਤੇ ਚਾੜ੍ਹ ਦਿੱਤਾ ਸੀ ਕਿ ਸਾਡਾ ਪਰਾਹੁਣਾ ਵੀ ਗਾਉਂਦੈ, ਇਹਨੂੰ ਸੁਣੋ। ਇਸ ਤੋਂ ਬਾਅਦ ਅਮਰਜੀਤ ਗੁਰਦਾਸਪੁਰੀ ਵਿਸ਼ਾਲ ਲੋਕ ਸਮੂਹ ਦਾ ਚਹੇਤਾ ਗਵੱਈਆ ਬਣ ਗਿਆ। ਇਲਾਕੇ ਦੇ ਸ਼ਾਇਰ ਜਸਵੰਤ ਸਿੰਘ ਰਾਹੀ, ਮਹੈਣ ਸਿੰਘ ਅਨਪੜ੍ਹ, ਵੱਸਣ ਸਿੰਘ ਮਸਤਾਨਾ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਸ਼ਿਵ ਕੁਮਾਰ ਅਤੇ ਅਜਿਹੇ ਕਈ ਹੋਰ ਲੋਕ ਉਸ ਨੂੰ ਆਪਣੇ ਗੀਤ ਦੇਣ ਲੱਗੇ, ਮਿੱਠੀ ਆਵਾਜ਼ ਨਾਲ ਉਮਰਾਂ ਦੀ ਸਾਂਝ ਪਾਉਣ ਲਈ।
ਇਨ੍ਹਾਂ ਹੀ ਸਮਿਆਂ ਵਿਚ ਉਸ ਨੇ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਜੌੜੀਆਂ ਦੇ ਜਾਏ ਪੰਜਾਬੀ ਸ਼ਾਇਰ ਅਮਰ ਚਿੱਤਰਕਾਰ ਦਾ ਗੀਤ ਗਾਇਆਂ :
ਜਿਉਂਦੇ ਜੀ ਆ ਸੋਹਣਿਆ, ਤੈਨੂੰ ਸੁਰਗ ਵਿਖਾਵਾਂ।
ਲੱਗੀਆਂ ਹੋਈਆਂ ਰੌਣਕਾਂ, ਪਿੱਪਲਾਂ ਦੀਆਂ ਛਾਵਾਂ।
ਇਹ ਲੋਕ ਉਭਾਰ ਦਾ ਵਕਤ ਸੀ। ਆਜ਼ਾਦੀ ਮਗਰੋਂ ਕਮਿਊਨਿਸਟ ਆਗੂ ਇਸ ਆਜ਼ਾਦੀ ਨੂੰ ਅਸਲੀ ਆਜ਼ਾਦੀ ਨਹੀਂ ਸਨ ਮੰਨਦੇ। ਉਹ ਇਸ ਨੂੰ ਨਕਲੀ ਆਜ਼ਾਦੀ ਆਖਦੇ। ਜਸਵੰਤ ਸਿੰਘ ਰਾਹੀ ਵਰਗੇ ਸ਼ਾਇਰ ਸਰਕਾਰੀ ਨੀਤੀਆਂ ਨੂੰ ਬੇਪਰਦ ਕਰਦੇ ਤੇ ਲਿਖਦੇ :
ਗੌਰਮਿੰਟ ਨੇ ਝੱਗਾ ਦਿੱਤਾ, ਪਾ ਲਓ ਲੋਕੋ ਪਾ ਲਓ।
ਅੱਗਾ ਪਿੱਛਾ ਹੈ ਨਹੀਂ ਜੇ ਤੇ, ਬਾਹਵਾਂ ਆਪ ਲੁਆ ਲਓ।
ਅਮਰਜੀਤ ਗੁਰਦਾਸਪੁਰੀ ਆਪਣੇ ਸਾਥੀ ਦਲੀਪ ਸਿੰਘ ਸ਼ਿਕਾਰ ਨਾਲ ਮਿਲ ਕੇ ਇਹੋ ਜਿਹੇ ਗੀਤ ਗਾਉਂਦਾ। ਹੌਲੀ-ਹੌਲੀ ਉਹ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਗੁਰਦਾਸਪੁਰ ਇਕਾਈ ਦਾ ਪੱਕਾ ਕਲਾਕਾਰ ਬਣ ਗਿਆ। ਉਸ ਦੀ ਸੋਭਾ ਸੂਬੇ ਵਿਚ ਪਹੁੰਚੀ ਤਾਂ ਇਪਟਾ ਦੇ ਮੋਹਰੀ ਆਗੂਆਂ ਤੇਰਾ ਸਿੰਘ ਚੰਨ ਅਤੇ ਜੁਗਿੰਦਰ ਬਾਹਰਲਾ ਨੇ ਉਸ ਨੂੰ ਸੂਬੇ ਦੇ ਕਲਾਕਾਰਾਂ ਵਿਚ ਲੈ ਲਿਆ। ਨਰਿੰਦਰ ਦੋਸਾਂਝ, ਹੁਕਮ ਚੰਦ ਖਲੀਲੀ, ਜਗਦੀਸ਼ ਫਰਿਆਦੀ, ਪ੍ਰੋਫ਼ੈਸਰ ਨਿਰੰਜਨ ਸਿੰਘ ਮਾਨ, ਗਾਇਕਾ ਸੁਰਿੰਦਰ ਕੌਰ ਤੇ ਉਸ ਦੇ ਪਤੀ ਪ੍ਰੋਫ਼ੈਸਰ ਜੋਗਿੰਦਰ ਸਿੰਘ ਸੋਢੀ, ਨਵਤੇਜ ਸਿੰਘ ਪ੍ਰੀਤਲੜੀ ਤੇ ਉਨ੍ਹਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਇਸ ਸਭਿਆਚਾਰ ਕਾਫ਼ਲੇ ਵਿਚ ਸ਼ਾਮਿਲ ਸਨ।
ਅਮਰਜੀਤ ਗੁਰਦਾਸਪੁਰੀ ਇਪਟਾ ਅਤੇ ਕਮਿਊਨਿਸਟ ਲਹਿਰ ਵਿਚ ਗੁਜ਼ਾਰੇ ਪਲਾਂ ਦਾ ਜ਼ਿਕਰ ਕਰਦਿਆਂ ਅਕਸਰ ਦੱਸਦਾ ਕਿ ਉਹ ਉਤਸ਼ਾਹ ਦੀ ਭਰਪੂਰਤਾ ਦੇ ਦਿਨ ਸਨ। ਉਸ ਨੂੰ ਉਹ ਦਿਨ ਵੀ ਅੱਜ ਯਾਦ ਹੈ ਜਦੋਂ ਆਪਣੇ ਮਿੱਤਰ ਅਤੇ ਸਹਿਯੋਗੀ ਕਲਾਕਾਰ ਦਲੀਪ ਸਿੰਘ ਸ਼ਿਕਾਰ ਨੂੰ ਸਾਈਕਲ ’ਤੇ ਬਿਠਾ ਕੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜੋਗਿੰਦਰ ਬਾਹਰਲਾ ਦੇ ਪਿੰਡ ਚਬੇਵਾਲ ਜਿਆਣ ਪਹੁੰਚਿਆ। ਜਾਣ ਸਾਰ ਉਨ੍ਹਾਂ ਨੂੰ ਕਮਿਊਨਿਸਟ ਆਗੂ ਡਾ. ਭਾਗ ਸਿੰਘ ਨੇ ਸਟੇਜ ’ਤੇ ਚੜ੍ਹਾ ਦਿੱਤਾ ਤੇ ਉਹ ਅੱਧੀ ਰਾਤ ਤੀਕ ਗੀਤ ਹੀ ਗਾਉਂਦੇ ਰਹੇ। ਇਨਕਲਾਬੀ ਗੀਤਾਂ ਦੇ ਵਜਦ ਕਾਰਨ ਥਕੇਵਾਂ ਤੇ ਅਕੇਵਾਂ ਉਨ੍ਹਾਂ ਦੇ ਨੇੜੇ ਨਹੀਂ ਸੀ ਆਉਂਦਾ। ਇਕ ਗੱਲ ਦਾ ਕੰਡਾ ਅੰਤ ਤੀਕ ਵੀ ਉਸ ਦੇ ਮਨ ਵਿਚ ਰੜਕਦਾ ਰਿਹਾ ਕਿ ਸਾਡੇ ਆਗੂਆਂ ਨੇ ਇਪਟਾ ਜਾਂ ਕਲਚਰਲ ਸਕੁਆਡ ਦੇ ਕਲਾਕਾਰਾਂ ਨੂੰ ਕਦੇ ਸਾਥੀ ਨਹੀਂ ਸੀ ਸਮਝਿਆ, ਸਿਰਫ਼ ਭੀੜ ਇਕੱਠੀ ਕਰਨ ਵਾਲੇ ਸੰਦ ਸਮਝ ਕੇ ਹੀ ਵਰਤਦੇ ਰਹੇ। ਇਸ ਦਾ ਇਕ ਹਵਾਲਾ ਉਹ ਧੁਆਣ ਦਮੋਦਰ (ਗੁਰਦਾਸਪੁਰ) ਦੀ ਕਾਨਫਰੰਸ ਦੀ ਉਦਾਹਰਣ ਦੇ ਕੇ ਅਕਸਰ ਦਿੰਦਾ। ਕਿਵੇਂ ਇਕ ਸਰਦ ਸਿਆਲੀ ਰਾਤ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਦੇ ਘਰ ਆਪਣੇ ਸੌਣ ਲਈ ਜਾ ਬਿਸਤਰੇ ਵਿਛਾਏ ਕਿ ਆ ਕੇ ਆਰਾਮ ਨਾਲ ਸੌਂ ਜਾਵਾਂਗੇ, ਪਰ ਜਦ ਅੱਧੀ ਰਾਤ ਨੂੰ ਪ੍ਰੋਗਰਾਮ ਪੇਸ਼ ਕਰ ਕੇ ਪਰਤੇ ਤਾਂ ਉਨ੍ਹਾਂ ਬਿਸਤਰਿਆਂ ’ਤੇ ਸੀਨੀਅਰ ਕਾਮਰੇਡ ਸੁੱਤੇ ਪਏ ਸਨ। ਨਾ ਬਿਸਤਰਾ, ਨਾ ਰੋਟੀ, ਨਾ ਪਾਣੀ। ਠਰੀਆਂ ਤੇ ਆਕੜੀਆਂ ਰੋਟੀਆਂ ਨੂੰ ਜਦ ਗਰਮ ਕਰਨ ਲਈ ਆਖਿਆ ਤਾਂ ਇਕ ਸੀਨੀਅਰ ਕਾਮਰੇਡ ਖੰਘੂਰਾ ਮਾਰ ਕੇ ਬੋਲਿਆ, ‘‘ਤੁਸੀਂ ਇਨਕਲਾਬ ਕੀ ਲਿਆਓਗੇ ਜਿਹੜੇ ਤੱਤੀਆਂ ਰੋਟੀਆਂ ਮੰਗਦੇ ਓ।’’ ਅਮਰਜੀਤ ਵੱਲ ਇਸ਼ਾਰਾ ਕਰ ਕੇ ਘੂਰਦਿਆਂ ਬੋਲਿਆ, ‘‘ਤੇਰੇ ਵਿਚੋਂ ਜ਼ੈਲਦਾਰੀ ਬੂ ਨਹੀਂ ਗਈ।’’ ਉਸ ਰਾਤ ਉਹ ਬੇਹੱਦ ਉਦਾਸ ਹੋਇਆ।
ਕਮਿਊਨਿਸਟ ਪਾਰਟੀ ’ਤੇ ਪਾਬੰਦੀ ਲੱਗਣ ਵੇਲੇ ਉਹ ਵੀ ਰੂਪੋਸ਼ ਹੋ ਗਿਆ ਅਤੇ ਮੋਗਾ, ਫ਼ਰੀਦਕੋਟ, ਢੁੱਡੀਕੇ ਇਲਾਕੇ ਦੇ ਲੋਕ ਜੰਗਲ ਵਿਚ ਲੁਕਿਆ ਰਿਹਾ। ਜਸਵੰਤ ਸਿੰਘ ਕੰਵਲ, ਕਾਮਰੇਡ ਲਖਬੰਸ, ਕੁਲਭੂਸ਼ਨ ਬੱਧਣਵੀ, ਕਾਮਰੇਡ ਸੁਰਜੀਤ ਗਿੱਲ ਘੋਲੀਆ ਨਾਲ ਦੋਸਤੀ ਉਨ੍ਹਾਂ ਵਰ੍ਹਿਆਂ ਵਿਚ ਹੀ ਪਈ।
ਅਮਰਜੀਤ ਗੁਰਦਾਸਪੁਰੀ ਨੇ ਮਾਝੇ ਦੀ ਗਾਇਕੀ ਦੀ ਰਵਾਇਤ ਨੂੰ ਉਸ ਵੇਲੇ ਸਿਖ਼ਰਾਂ ’ਤੇ ਪਹੁੰਚਾ ਦਿੱਤਾ ਜਦ ਗੋਲ ਬਾਗ ਅੰਮ੍ਰਿਤਸਰ ਵਿਖੇ ਹੋਈ ਅਮਨ ਕਾਨਫਰੰਸ ਵਿਚ ਉਸ ਨੇ ਤੇਰਾ ਸਿੰਘ ਚੰਨ ਦਾ ਲਿਖਿਆ ਗੀਤ ‘ਕਾਗ ਸਮੇਂ ਦਾ ਬੋਲਿਆ ਨੀ ਅਮਨਾਂ ਦੀ ਬੋਲੀ’ ਗਾਇਆ। ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦੱਸਦੇ ਹਨ ਕਿ ਉਸ ਕਾਨਫਰੰਸ ਵਿਚ ਇਕ ਲੱਖ ਤੋਂ ਵੱਧ ਲੋਕ ਹਾਜ਼ਰ ਸਨ। ਹਾਜ਼ਰ ਲੋਕਾਂ ਵਿਚੋਂ ਹਰ ਕਿਸੇ ਨੇ ਇਸ ਗੀਤ ਨੂੰ ਸਾਹ ਰੋਕ ਕੇ ਸਿਰਫ਼ ਸੁਣਿਆ ਹੀ ਨਹੀਂ ਸਗੋਂ ਦੁਬਾਰਾ ਸੁਣਨ ਦੀ ਫਰਮਾਇਸ਼ ਵੀ ਕੀਤੀ।
ਇਹ ਗੀਤ ਵਿਸ਼ਵ ਅਮਨ ਲਹਿਰ ਵਿਚ ਪੰਜਾਬ ਦਾ ਨਿੱਗਰ ਹਿੱਸਾ ਬਣਿਆ। ਪੰਜਾਬ ਵਿਚ ਅਤਿਵਾਦ ਦੇ ਸਿਖਰ ਵੇਲੇ ਸੂਬੇ ਵਿਚੋਂ ਗੁਰਦਾਸਪੁਰ ਦਾ ਸਰਹੱਦੀ ਇਲਾਕਾ ਸਭ ਤੋਂ ਵੱਧ ਬਲਦੀ ਦੇ ਬੁੱਥੇ ਸੀ ਤਾਂ ਅਮਰਜੀਤ ਨੇ ਮੇਰਾ ਲਿਖਿਆ ਗੀਤ ‘‘ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਅਸੀਂ ਨਹੀਂ ਕੁਝ ਹੋਰ ਮੰਗਦੇ। ਸਾਨੂੰ ਮੋੜ ਦਿਓ ਖਿੜਿਆ ਗੁਲਾਬ, ਅਸੀਂ ਨਹੀਂ ਕੁਝ ਹੋਰ ਮੰਗਦੇ।’’ ਆਪਣੀ ਮਿੱਠੀ ਆਵਾਜ਼ ਵਿਚ ਗਾ ਕੇ ਪਿੰਡ-ਪਿੰਡ ਗਿਆ। ਉਸ ਦੀ ਤੂੰਬੀ ਦੀ ਤਾਰ ਇਹ ਵੀ ਅਲਾਪਦੀ ਰਹੀ :
ਨੀ ਘੁੱਗੀਏ ਉੱਡਦੀ ਰਹੀਂ, ਤੇਰੇ ਲੱਗੇ ਭਾਵੇਂ ਮਗਰ ਸ਼ਿਕਾਰੀ।
ਇਹ ਗੀਤ ਉਸ ਤਪਦੀ ਧਰਤੀ ’ਤੇ ਠੰਢੀਆਂ ਕਣੀਆਂ ਵਰਗਾ ਅਹਿਸਾਸ ਸਿਰਜਦੇ।
1986 ਵਿਚ ਇਪਟਾ ਨੇ ਪੰਜਾਬੀ ਭਵਨ, ਲੁਧਿਆਣਾ ਵਿਚ ਪ੍ਰਸਿੱਧ ਉਰਦੂ ਸ਼ਾਇਰ ਕੈਫੀ ਆਜ਼ਮੀ ਦੀ ਸਦਾਰਤ ਅਧੀਨ ਇਪਟਾ ਦੀ ਗੋਲਡਨ ਜੁਬਲੀ ਮਨਾਉਣ ਲਈ ਸਮਾਗਮ ਕੀਤਾ। ਉਸ ਵਿਚ ਹੋਰ ਕਲਾਕਾਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਉਹ ਸਮਾਂ ਸੀ ਜਦ ਪੰਜਾਬ ਦੇ ਹਿੰਦੂ ਇਸ ਸੂਬੇ ਨੂੰ ਛੱਡ ਕੇ ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵੱਸਣ ਲਈ ਜਾ ਰਹੇ ਸਨ। ਮਾਝਾ ਇਸ ਦਰਦ ਨੂੰ ਸਭ ਤੋਂ ਵੱਧ ਸਹਿ ਰਿਹਾ ਸੀ। ਇਸ ਪੀੜ ਨੂੰ ਅਮਰਜੀਤ ਗੁਰਦਾਸਪੁਰੀ ਨੇ ਪੰਜਾਬੀ ਭਵਨ ਦੇ ਬਲਰਾਜ ਸਾਹਨੀ ਮੰਚ ’ਤੇ ਵਾਰਸ ਸ਼ਾਹ ਦੀ ਹੀਰ ਦੇ ਹਵਾਲੇ ਨਾਲ ਇਉਂ ਪੇਸ਼ ਕੀਤਾ:
ਵੀਰਾ ਅੰਮੜੀ ਜਾਇਆ ਜਾਹ ਨਾਹੀਂ ਸਾਨੂੰ ਨਾਲ ਫਿਰਾਕ ਦੇ ਮਾਰ ਨਾਹੀਂ।
ਭਾਈ ਮਰਨ ਤੇ ਪੌਦੀਆਂ ਭੱਜ ਬਾਹਾਂ, ਭਾਈ ਗਿਆਂ ਜੇਡੀ ਕਾਈ ਹਾਰ ਨਾਹੀ।
ਦਰਦ ਭਿੱਜੇ ਇਨ੍ਹਾਂ ਬੋਲਾਂ ਨੂੰ ਦਸ ਹਜ਼ਾਰ ਤੋਂ ਵੱਧ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ। ਇਹ ਗੀਤ ਮੁੱਕਣਸਾਰ ਕੈਫੀ ਆਜ਼ਮੀ ਦੀ ਜੀਵਨ ਸਾਥਣ ਅਤੇ ਇਪਟਾ ਲਹਿਰ ਦੀ ਮਜ਼ਬੂਤ ਥੰਮ ਰਹੀ ਫਿਲਮ ਕਲਾਕਾਰ ਸ਼ੌਕਤ ਆਜ਼ਮੀ ਇਕਦਮ ਮੰਚ ’ਤੇ ਆਈ ਅਤੇ ਬੋਲੀ, ‘‘ਐ ਪੰਜਾਬ ਵਾਲੋ! ਇਤਨਾ ਕੀਮਤੀ ਹੀਰਾ ਛੁਪਾਈ ਬੈਠੇ ਹੋ, ਮੇਰਾ ਸਾਰਾ ਕੁਝ ਲੇ ਲੋ, ਮੁਝੇ ਅਮਰਜੀਤ ਗੁਰਦਾਸਪੁਰੀ ਦੇ ਦੋ। ਇਸ ਨੇ ਜੋ ਪੰਜਾਬ ਕਾ ਦਰਦ ਗਾਇਆ ਹੈ, ਕਾਸ਼! ਵੋਹ ਮੇਰਾ ਹਿੱਸਾ ਬਨ ਜਾਏ ਔਰ ਵੋਹ ਦਿਨ ਕਭੀ ਨਾ ਆਏ ਜਬ ਹਿੰਦੂ ਭਾਈਓਂ ਕੇ ਜਾਨੇ ਕਾ ਰੁਦਨ ਅਮਰਜੀਤ ਗੁਰਦਾਸਪੁਰੀ ਜੈਸੇ ਕਲਾਕਾਰੋਂ ਕੋ ਫਿਰ ਕਰਨਾ ਪੜੇ। ਜਗਦੇਵ ਸਿੰਘ ਜੱਸੋਵਾਲ ਅਤੇ ਪੰਜਾਬੀ ਨਾਵਲਕਾਰ ਰਾਮ ਸਰੂਪ ਅਣਖੀ ਇਸ ਗੱਲ ਦੀ ਗਵਾਹੀ ਦੇ ਸਕਦੇ ਸਨ, ਪਰ ਉਹ ਸਾਥੋਂ ਕਈ ਸਾਲ ਪਹਿਲਾਂ ਵਿੱਛੜ ਗਏ। ਉਸ ਰਾਤ ਸਾਡਾ ਸਾਰਿਆਂ ਦਾ ਟਿਕਾਣਾ ਜਸੋਵਾਲ ਸਾਹਿਬ ਦੇ ਗੁਰਦੇਵ ਨਗਰ ਵਾਲੇ ਆਲ੍ਹਣੇ ਵਾਲੇ ਚੁਬਾਰੇ ਵਿੱਚ ਹੀ ਸੀ। ਇੱਥੇ ਹੀ ਅਮਰਜੀਤ ਗੁਰਦਾਸਪੁਰੀ ਨੇ ਆਪਣੇ ਗੀਤਾਂ ਨਾਲ ਰਾਮ ਸਰੂਪ ਅਣਖੀ ਨੂੰ ਕੀਲਿਆ। ਬਰਨਾਲਾ ਪਰਤ ਕੇ ਉਸ ਨੇ ਗੁਰਦਾਸਪੁਰੀ ਬਾਰੇ ਕਿਸੇ ਅਖ਼ਬਾਰ ਵਿੱਚ ਲਿਖਿਆ।
ਅਮਰਜੀਤ ਗੁਰਦਾਸਪੁਰੀ ਸਾਹਿਤ ਸਿਰਜਣਾ ਦੇ ਸਮਾਨਾਂਤਰ ਤੁਰਦਾ ਉਹ ਕਲਾਕਾਰ ਹੈ ਜਿਸ ਨੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਮੇਰੇ ਵਰਗੇ ਅਨੇਕਾਂ ਲੋਕਾਂ ਨੂੰ ਸਾਹਿਤ ਸਿਰਜਣਾ ਲਈ ਥਾਪੜਾ ਦਿੱਤਾ। ਸ਼ਿਵ ਕੁਮਾਰ ਨੇ ‘ਕਾਲੀ ਦਾਤਰੀ ਚੰਨਣ ਦਾ ਦਸਤਾ, ਲੱਛੀ ਕੁੜੀ ਵਾਢੀਆਂ ਕਰੇ’ ਗੀਤ ਅਮਰਜੀਤ ਗੁਰਦਾਸਪੁਰੀ ਦੀ ਬੰਬੀ ’ਤੇ ਬਹਿ ਕੇ ਲਿਖਿਆ ਸੀ। ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੀਆਂ ਸਾਹਿਤਕ ਮਹਿਫ਼ਲਾਂ ਵਿਚ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਲੈ ਕੇ ਗਿਆ। ਇਸ ਦਾ ਵੇਰਵਾ ਪ੍ਰੋਫ਼ੈਸਰ ਹਰਬੰਸ ਲਾਲ ਅਗਨੀਹੋਤਰੀ ਆਪਣੀ ਜੀਵਨ ਗਾਥਾ ਵਿਚ ਬੜੇ ਮਾਣ ਨਾਲ ਦਿੰਦੇ ਹਨ ਕਿ ਕਿਵੇਂ ਸ਼ਿਵ ਕੁਮਾਰ ਨੂੰ ਪਹਿਲੀ ਵਾਰ ਅਮਰਜੀਤ ਗੁਰਦਾਸਪੁਰੀ ਹੀ ਅੰਮ੍ਰਿਤਸਰ ਦੇ ਹਾਲ ਬਜ਼ਾਰ ਸਥਿਤ ਤੇਜ ਪ੍ਰਿੰਟਿੰਗ ਪ੍ਰੈਸ ’ਤੇ ਲੈ ਕੇ ਆਇਆ ਜੋ ਉਨ੍ਹੀਂ ਦਿਨੀਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ। ਸ਼ਿਵ ਕੁਮਾਰ ਬਟਾਲਵੀ ਦੀ ਕਰਤਾਰ ਸਿੰਘ ਬਲੱਗਣ ਨਾਲ ਮੁਲਾਕਾਤ ਵੀ ਉਸ ਨੇ ਹੀ ਕਰਵਾਈ ਜੋ ਉਸ ਵੇਲੇ ਮਾਸਕ ਪੱਤਰ ਕਵਿਤਾ ਦੇ ਸੰਪਾਦਕ ਸਨ। ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੀ ਕਾਵਿ ਪ੍ਰੰਪਰਾ ਵਿਚ ਸਭ ਤੋਂ ਸੁਰੀਲਾ ਨਾਮ ਕਰਤਾਰ ਸਿੰਘ ਬਲੱਗਣ ਦਾ ਸੀ ਜਿਸਨੇ ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਲਈ ਕਈ ਵਿਸ਼ੇਸ਼ ਗੀਤ ਲਿਖੇ, ਉਨ੍ਹਾਂ ਵਿਚੋਂ ਕੁਝ ਗੀਤ ਤਾਂ ਸਿਰਫ਼ ਅਮਰਜੀਤ ਨੇ ਹੀ ਗਾਏ ਹਨ। ਮਿਸਾਲ ਵਜੋਂ :
ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ੍ਹ,
ਭਲਾ ਵੇ ਮੈਨੂੰ ਤੇਰੀ ਸਹੁੰ ਈ,
ਵਿਚ ਵੇ ਗੁਲਾਬੀ ਫੁੱਲ ਟੰਗਿਆ ਕਰ।
ਠੰਢੇ ਬੁਰਜ ਵਿਚੋਂ ਇਕ ਦਿਨ ਦਾਦੀ ਮਾਤਾ,
ਪਈ ਹੱਸ-ਹੱਸ ਬੱਚਿਆਂ ਨੂੰ ਤੋਰੇ।
ਸਿੰਘਾ ਜੇ ਚੱਲਿਆ ਚਮਕੌਰ, ਉਥੇ ਸੁੱਤੇ ਨੀ ਦੋ ਭੌਰ।
ਧਰਤੀ ਚੁੰਮੀਂ ਕਰਕੇ ਗੌਰ, ਕਲਗੀਧਰ ਦੀਆਂ ਪਾਈਏ ਬਾਤਾਂ।
ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ’ਨੇਰ੍ਹੀਆਂ ਰਾਤਾਂ।
ਮਹਿੰਗੇ ਮੁੱਲ ਲਈਆਂ ਪ੍ਰਭਾਤਾਂ।
ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ।
ਕਣਕਾਂ ਨਿਸਰ ਪਈਆਂ, ਵੇ ਤੂੰ ਆ ਕੇ ਝਾਤੀ ਮਾਰ।
ਅਮਰਜੀਤ ਗੁਰਦਾਸਪੁਰੀ ਨੂੰ ਪੰਜਾਬੀ ਸਾਹਿਤ ਸਭਾ ਧਿਆਨਪੁਰ ਦੇ ਬਾਨੀ ਪ੍ਰਧਾਨ ਵਜੋਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਹਿਤਕ ਲਹਿਰ ਨੂੰ ਅਗਵਾਈ ਦੇਣ ਦਾ ਵੀ ਮਾਣ ਮਿਲਿਆ। ਉਸ ਦੀ ਅਗਵਾਈ ਕਰਕੇ ਹੀ ਇਸ ਇਲਾਕੇ ਵਿਚ ਪ੍ਰਿੰਸੀਪਲ ਸੁਜਾਨ ਸਿੰਘ, ਮੋਹਣ ਕਾਹਲੋਂ, ਵਰਿਆਮ ਸਿੰਘ ਸੰਧੂ, ਜਸਵੰਤ ਸਿੰਘ ਰਾਹੀ, ਸ਼ਮਸ਼ੇਰ ਸਿੰਘ ਸੰਧੂ ਵਰਗੇ ਲਿਖਾਰੀ ਇਸ ਸਭਾ ਦੇ ਸਮਾਗਮਾਂ ਵਿਚ ਅਕਸਰ ਆਉਂਦੇ ਰਹੇ। ਸਿਤਮਜ਼ਰੀਫੀ ਇਹ ਹੈ ਕਿ ਅਮਰਜੀਤ ਗੁਰਦਾਸਪੁਰੀ ਟੈਲੀਵਿਜ਼ਨ ਸੰਸਾਰ ਦਾ ਹਿੱਸਾ ਨਾ ਬਣ ਸਕਿਆ। ਬਹੁਤ ਬਾਅਦ ਵਿੱਚ ਓਮ ਗੌਰੀ ਦੱਤ ਸ਼ਰਮਾ ਤੇ ਡਾ. ਲਖਵਿੰਦਰ ਜੌਹਲ ਨੇ ਉਸ ਨੂੰ ਪੇਸ਼ ਕੀਤਾ।
ਸਵੈਮਾਣ ਅਤੇ ਆਪਣੇ ਆਦਰਸ਼ ’ਤੇ ਪਹਿਰੇਦਾਰੀ ਦੇਂਦਾ ਅਮਰਜੀਤ ਗੁਰਦਾਸਪੁਰੀ 1962 ਤੋਂ ਲਗਾਤਾਰ ਆਕਾਸ਼ਵਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਰਿਹਾ। ਉਸ ਦੇ ਗਾਏ ਗੀਤਾਂ ਨੂੰ ਆਕਾਸ਼ਵਾਣੀ ਤੋਂ ਬਿਨਾਂ ਹੋਰ ਕਿਤਿਓਂ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਵਪਾਰਕ ਕੰਪਨੀਆਂ ਨਾਲ ਉਸ ਸਮਝੌਤਾ ਕੀਤਾ ਨਹੀਂ ਅਤੇ ਦੂਰਦਰਸ਼ਨ ਦੀ ਲਾਲ ਫੀਤਾਸ਼ਾਹੀ ਨੂੰ ਉਸ ਨੇ ਕਦੇ ਪੱਠੇ ਨਹੀਂ ਸਨ ਪਾਏ। ਉਸ ਦੇ ਯਤਨਾਂ ਸਦਕਾ ਹੀ ਇਸ ਇਲਾਕੇ ਵਿਚ ਸੰਗੀਤ ਨੂੰ ਵੀ ਅਜਿਹੇ ਸੁਰੀਲੇ ਲੋਕ ਮਿਲੇ ਜਿਨ੍ਹਾਂ ਨੇ ਕਦੇ ਅਸ਼ਲੀਲ ਬੋਲਾਂ ਨੂੰ ਆਪਣੇ ਕੰਠ ’ਤੇ ਨਹੀਂ ਲਿਆਂਦਾ। ਮੈਂ ਇਹ ਗੱਲ ਚੇਤੇ ਕਰ ਕੇ ਆਪਣੇ ਆਪ ਨੂੰ ਵਡਿਆ ਲੈਂਦਾ ਹਾਂ ਕਿ ਮੇਰਾ ਇਕ ਪੁਰਖਾ ਅਮਰਜੀਤ ਗੁਰਦਾਸਪੁਰੀ ਹੈ ਜਿਸ ਦੇ ਗੀਤਾਂ ਨੂੰ ਬਚਪਨ ਤੋਂ ਸੁਣਦਿਆਂ-ਸੁਣਦਿਆਂ ਆਪਣੇ ਅੰਦਰ ਉਹ ਨਿਜ਼ਾਮ ਉਸਾਰ ਲਿਆ ਹੈ ਜਿਸ ਨੂੰ ਲੋਕ ਸੰਗੀਤ ਸੂਝ ਆਖਦੇ ਨੇ। ਮੈਂ ਇਕੱਲਾ ਨਹੀਂ, ਮੇਰੇ ਨਾਲ ਤੁਰਦੇ ਕਾਫ਼ਲੇ ਵਿਚ ਸ਼ਮਸ਼ੇਰ ਸਿੰਘ ਸੰਧੂ ਵੀ ਹੈ, ਜਗਦੇਵ ਸਿੰਘ ਜਸੋਵਾਲ ਵੀ ,ਗੁਰਪ੍ਰੀਤ ਸਿੰਘ ਤੂਰ ਤੇ ਤੇਜਪ੍ਰਤਾਪ ਸਿੰਘ ਸੰਧੂ ਵੀ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਅਮਰਜੀਤ ਗੁਰਦਾਸਪੁਰੀ ਨੂੰ ਲਗਾਤਾਰ ਸੁਣਿਆ ਹੈ।
92 ਬਹਾਰਾਂ ਤੇ ਪੱਤਝੜਾਂ ਹੰਢਾ ਕੇ ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਹੈ। ਪੁੱਤਰ ਨਵਨੀਤ ਤੇ ਪਰਮਸੁਨੀਲ ਦੀ ਮੌਤ ਨੇ ਉਸ ਨੂੰ ਵਿੰਨ੍ਹ ਸੁੱਟਿਆ ਸੀ। ਫਿਰ ਵੀ ਉਹ ਹਰ ਮੌਸਮ ਨੂੰ ਖਿੜੇ ਮੱਥੇ ਸਹਾਰਦਾ ਸਾਥੋਂ ਬਹੁਤ ਦੂਰ ਤੁਰ ਗਿਆ। ਜੈਕਸਨ (ਅਮਰੀਕਾ) ਵੱਸਦੇ ਉਸ ਦੇ ਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਦਾ ਕਹਿਣਾ ਹੈ, ‘‘24 ਫਰਵਰੀ ਤੀਕ ਮੇਰੇ ਲਈ ਭਾਰਤ ’ਚ ਦੋ ਸੂਰਜ ਚੜ੍ਹਦੇ ਸਨ, ਇੱਕ ਲੋਕਾਂ ਵਾਲਾ ਤੇ ਦੂਸਰਾ ਮੇਰੇ ਬਾਬਲ ਵਾਲਾ। ਦੂਜਾ ਸੂਰਜ ਡੁੱਬਣ ਨਾਲ ਸਾਡਾ ਸੰਸਾਰ ਹਨੇਰਾ ਹੋ ਗਿਆ ਹੈ।’’