Gurmit Singh Palahi

ਸੱਤਾਧਾਰੀ ਤਾਕਤਵਰ ਪਰ ਜਵਾਬਦੇਹੀ ਗਾਇਬ - ਗੁਰਮੀਤ ਸਿੰਘ ਪਲਾਹੀ

 ਸੱਤਾ ਪ੍ਰਾਪਤ ਕਰਕੇ ਨੇਤਾਵਾਂ ਨੂੰ ਹੱਦੋਂ ਵੱਧ ਤਾਕਤਾਂ ਮਿਲ ਜਾਂਦੀਆਂ ਹਨ ਅਤੇ ਸੱਤਾ ਦੇ ਨਸ਼ੇ 'ਚ ਉਹ ਜਵਾਬਦੇਹੀ ਵੀ ਭੁੱਲ ਜਾਂਦੇ ਹਨ। ਕੋਈ ਵੀ ਉਹ ਸਿਧਾਂਤ,ਉਹਨਾਂ ਲਈ ਨਿਰਾਰਥਕ ਹੋ ਜਾਂਦਾ ਹੈ, ਜਿਸ ਅਧਿਕਾਰ ਸਿਧਾਂਤ ਦੀ ਵਰਤੋਂ ਨਾਲ ਉਹ ਸੱਤਾ ਹਥਿਆਉਂਦੇ ਹਨ। ਲੋਕਤੰਤਰ,ਗਣਤੰਤਰ ਅਤੇ ਸੰਵਿਧਾਨ ਦੀ ਆਤਮਾ ਨੂੰ ਉਹ ਸਮਝਣ ਦਾ ਯਤਨ ਹੀ ਨਹੀਂ ਕਰਦੇ। ਇਹ ਅੱਜ ਦੇ ਭਾਰਤ ਦਾ ਵੱਡਾ ਸੱਚ ਹੈ।
                  ਸੰਵਿਧਾਨ ਦੇ ਤਿੰਨ ਮੁੱਖ ਥੰਮ੍ਹ ਹਨ- ਵਿਧਾਨ ਪਾਲਿਕਾ,ਕਾਰਜਪਾਲਿਕਾ ਤੇ ਨਿਆਂਪਾਲਿਕਾ। ਇਹਨਾਂ ਤਿੰਨਾਂ ਥੰਮ੍ਹਾਂ ਦੇ ਸੁਚਾਰੂ ਰੂਪ ਨਾਲ ਕੰਮ ਕਰਨ ਨਾਲ ਹੀ ਦੇਸ਼ ਦਾ ਰਾਜ ਪ੍ਰਬੰਧ ਸਹੀ ਢੰਗ ਨਾਲ ਚੱਲ ਸਕਦਾ ਹੈ। ਇਸ ਅਧਾਰ ਉੱਤੇ ਇਮਾਨਦਾਰੀ ਨਾਲ ਚੱਲਣ ਵਾਲਾ ਸ਼ਾਸਨ ਹੀ ਲੋਕ ਹਿਤੈਸ਼ੀ ਹੋ ਸਕਦਾ ਹੈ। ਸ਼ਾਸਕ ਅਤੇ ਸ਼ਾਸਿਤ ਦਾ ਆਪਸੀ ਵਿਸ਼ਵਾਸ ਅਸਲ ਅਰਥਾਂ 'ਚ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਮੁੱਢ ਬੰਨ੍ਹਦਾ ਹੈ। ਨੇਤਾਵਾਂ ਦਾ ਜਨਤਾ ਨਾਲ ਸੰਪਰਕ, ਸੰਬੰਧ ਅਤੇ ਸੰਵਾਦ ਜੋ ਅਜ਼ਾਦੀ ਤੋਂ ਪਹਿਲਾਂ ਦੇ ਵੇਲਿਆਂ 'ਚ ਵੇਖਣ ਨੂੰ ਮਿਲਿਆ ਕਰਦਾ ਸੀ,ਉਹ ਅਜ਼ਾਦੀ ਤੋਂ ਬਾਅਦ ਗਾਇਬ ਹੋ ਗਿਆ। ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਸੱਤਾਧਾਰੀਆਂ ਹੱਥ ਹੱਦੋਂ-ਵੱਧ ਤਾਕਤਾਂ ਆ ਗਈਆਂ ਤੇ ਉਹਨਾਂ ਦੀ ਜਵਾਬਦੇਹੀ ਘੱਟ ਹੁੰਦੀ-ਹੁੰਦੀ ਅੱਜ ਗ਼ਾਇਬ ਹੀ ਹੋ ਗਈ ਹੈ।
                           ਅਜ਼ਾਦੀ ਤੋਂ ਬਾਅਦ ਚੋਣ-ਦੌਰ ਚੱਲਿਆ। ਸਾਫ਼ - ਸੁਥਰੀਆਂ ਚੋਣਾਂ ਕਰਾਉਣ ਦੇ ਦਾਅਵੇ ਹੋਏ। ਸੱਤਾਧਾਰੀਆਂ ਹੱਥੋਂ ਜਦੋਂ ਤਾਕਤ ਖੁਸਦੀ ਰਹੀ, ਵਿਰੋਧੀ ਧਿਰ ਦੀਆਂ ਸਰਕਾਰਾਂ ਤੋੜੀਆਂ ਜਾਂਦੀਆਂ ਰਹੀਆਂ। ਚੋਣਾਂ 'ਚ ਬਾਹੂਬਲ,ਪੈਸੇ ਦਾ ਬੋਲਬਾਲਾ ਵਧਿਆ। ਸੰਵਿਧਾਨ ਦੀ ਮੂਲ ਭਾਵਨਾ ਹਰ ਇੱਕ ਨੂੰ ਬੋਲਣ ਦੀ ਅਜ਼ਾਦੀ ਦੇ ਖ਼ਾਤਮੇ ਦਾ ਦੌਰ ਚੱਲਿਆ। ਦੇਸ਼ 'ਚ ਐਮਰਜੈਂਸੀ ਲਾਉਣ ਜਿਹੇ ਕਾਲੇ ਦਿਨ ਦੇਸ਼ ਨੂੰ ਵੇਖਣੇ ਪਏ। ਕਾਨੂੰਨ-ਘਾੜੀਆਂ ਸੰਸਥਾਵਾਂ ਵਿਧਾਨ-ਸਭਾਵਾਂ ਤੇ ਲੋਕ-ਸਭਾ ਵਿੱਚ ਧਨ-ਕੁਬੇਰਾਂ ਅਤੇ ਅਪਰਾਧਿਕ ਲੋਕਾਂ ਦੀ ਭਰਮਾਰ ਹੋਈ। ਕਾਰਪੋਰੇਟਾਂ ਨੇ ਹੌਲੀ-ਹੌਲੀ ਸੱਤਾਧਾਰੀਆਂ 'ਤੇ ਗਲਬਾ ਪਾ ਲਿਆ ਅਤੇ ਦੇਸ਼ ਦੇ "ਕੁਦਰਤੀ ਸਾਧਨ ਲੁੱਟਣ ਦਾ ਦੌਰ" ਇਸੇ ਦਾ ਸਿੱਟਾ ਹੈ। ਦੇਸ਼ 'ਚ ਮੱਧ ਵਰਗੀ ਲੋਕਾਂ ਦੀ ਹਾਹਾਕਾਰ,ਕਿਸਾਨਾਂ, ਮਜ਼ਦੂਰਾਂ ਦਾ ਸ਼ੋਸ਼ਣ ਇਸੇ ਦਾ ਨਤੀਜਾ ਹੈ। ਇਸੇ ਲਈ ਕਿਸਾਨ ਮਜ਼ਦੂਰ ਅੱਜ ਸੜਕਾਂ 'ਤੇ ਹਨ। ਸੱਤਾ ਧਿਰ ਅੱਜ ਵਿਰੋਧੀ ਧਿਰ ਦੀ ਨਹੀਂ ਸੁਣਦੀ। ਆਪਣੇ ਤੋਂ ਉਲਟ ਵਿਚਾਰਾਂ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ 'ਚ ਸੁੱਟਿਆ ਜਾ ਰਿਹਾ ਹੈ।
                               ਕਦੇ ਸਮਾਂ ਸੀ ਕਿ ਦੇਸ਼ ਵਿੱਚ ਸੱਤਾ ਧਿਰ ਅਤੇ ਵਿਰੋਧੀ ਧਿਰ ਜਾਣਦੇ ਅਤੇ ਮੰਨਦੇ ਸਨ ਕਿ ਉਹਨਾਂ ਦਾ ਮੁੱਖ ਕੰਮ ਅਤੇ ਜਵਾਬਦੇਹੀ ਰਾਸ਼ਟਰ ਹਿਤ ਹੈ। ਜਿਸ ਲਈ ਮਿਲ ਕੇ ਕੰਮ ਕਰਨਾ ਹੈ। ਸੰਸਦ 'ਚ ਤਸੱਲੀ, ਦਲੀਲਬਾਜ਼ੀ ਦਾ ਬੋਲਬਾਲਾ ਸੀ। ਵਿਚਾਰ ਪ੍ਰਧਾਨ ਸੀ। ਅੱਜ ਵਿਚਾਰ ਗੁੰਮ ਹੈ। ਰੌਲਾ-ਰੱਪਾ ਹੈ। ਇਥੋਂ ਤੱਕ ਕਿ ਗਾਲੀ ਗਲੋਚ ਅਤੇ ਡਾਂਗ ਸੋਟਾ ਹੈ। ਸੰਵਿਧਾਨ ਉੱਤੇ ਸੱਤਾਧਾਰੀ ਧਿਰ ਦੇ ਹਮਲੇ ਪਰੇਸ਼ਾਨ ਕਰਨ ਵਾਲੇ ਹਨ। ਉਹ ਵਿਚਾਰ ਗਾਇਬ ਹੋ ਰਹੇ ਹਨ,ਜੋ ਦੇਸ਼ ਦੇ ਸੰਘੀ ਢਾਂਚੇ ਦੀ ਸੁਰੱਖਿਆ ਲਈ ਕਦੇ ਅਹਿਮ ਸਨ।
                   ਭਾਰਤੀ ਸੱਭਿਆਚਾਰ ਦੀ ਇਹ ਪ੍ਰਾਪਤੀ ਰਹੀ ਹੈ ਕਿ ਇਥੋਂ ਦੇ ਲੋਕਾਂ ਨੇ ਲੋਕਤੰਤਰ ਦੀ ਮੂਲ ਭਾਵਨਾ ਮਿਲ-ਬਹਿ ਕੇ ਹੱਲ ਕੱਢਣਾ,ਹਜ਼ਾਰਾਂ ਸਾਲ ਪਹਿਲਾਂ ਸਿੱਖ ਲਿਆ ਸੀ। ਉਸੇ ਨੂੰ ਯਾਦ ਕਰਕੇ ਅਸੀਂ ਕਹਿੰਦੇ ਹਾਂ ਕਿ ਲੋਕਤੰਤਰ ਦਾ ਜਨਮਦਾਤਾ ਭਾਰਤ ਹੈ। ਪਰੰਤੂ ਅੱਜ ਆਪਸੀ ਸੰਵਾਦ ਲਗਭਗ ਬੰਦ ਹੈ। ਮਿਲ-ਬੈਠ ਕੇ ਮਸਲੇ ਹੱਲ ਕਰਨ ਦੀ ਪਰੰਪਰਾ ਖ਼ਤਮ ਹੋ ਗਈ ਹੈ ਅਤੇ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਮਿਲ ਬੈਠਣ ਲਈ ਕੋਈ ਸਾਰਥਕ ਯਤਨ ਹੀ ਨਹੀਂ ਹੋ ਰਹੇ। ਇਸੇ ਕਰਕੇ ਸੰਵੇਦਨਹੀਣਤਾ ਵਧ ਰਹੀ ਹੈ। ਫਿਰਕਿਆਂ 'ਚ ਪਾੜਾ ਪੈ ਰਿਹਾ ਹੈ। ਨਿੱਤ ਫਿਰਕੂ ਦੰਗੇ ਹੋ ਰਹੇ ਹਨ।
ਨੇਤਾਵਾਂ ਦੀ ਮਨਮਾਨੀ ਅਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਵਧਣਾ ਪ੍ਰਤੱਖ ਦਿਸਣ ਲੱਗਾ ਹੈ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਧਾਰਮਿਕ ਸੰਕੀਰਣਤਾ ਦਾ ਵਧਣਾ ਇਸਦਾ ਪ੍ਰਤੱਖ ਸਬੂਤ ਹੈ। ਦੇਸ਼ 'ਚ ਸੈਂਕੜੇ ਸਕੀਮਾਂ ਇਹੋ-ਜਿਹੀਆਂ ਚਲਾਈਆਂ ਜਾ ਰਹੀਆਂ ਹਨ, ਜੋ ਲੋਕਾਂ ਦੇ ਟੈਕਸ ਦੀ ਵੱਡੀ ਦੁਰਵਰਤੋ ਹੈ। ਦੇਸ਼ ਦੇ ਚੁਣੇ ਸੰਸਦ ਮੈਂਬਰਾਂ ਨੂੰ ਮਿਲਦੇ 5 ਕਰੋੜ ਰੁਪਏ ਸਲਾਨਾ ਅਤੇ ਉਹਨਾਂ ਨੂੰ ਖਰਚਣ ਸੰਬੰਧੀ ਸਾਂਸਦਾਂ ਦੇ ਇੱਕ ਗਰੁੱਪ 'ਚ ਕਮਿਸ਼ਨ ਤੈਅ ਕਰਨ ਦੀਆਂ ਖ਼ਬਰਾਂ ਨੇ, "ਦੇਸੀ ਸ਼ਾਸਕਾਂ" ਦੇ "ਕਾਲੇ ਚਿਹਰੇ" ਨੰਗੇ ਕੀਤੇ ਹਨ।
2014 'ਚ ਬਣੀ ਮੋਦੀ ਸਰਕਾਰ ਵੱਲੋਂ 100 ਸ਼ਹਿਰਾਂ ਨੂੰ ਸਮਾਰਟ ਸ਼ਹਿਰ ਬਣਾਉਣ ਦੀ ਸਕੀਮ ਦੇਸ਼ ਚ ਗੱਜ-ਵੱਜ ਕੇ ਸ਼ੁਰੂ ਕੀਤੀ ਗਈ। ਇਸ ਸਕੀਮ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ। ਨਾ ਕੋਈ ਸ਼ਹਿਰ ਸਮਾਰਟ ਬਣ ਸਕਿਆ, ਨਾ ਕੋਈ ਸਿਟੀ ਮਿਸ਼ਨ 'ਚ ਕੰਮ ਪੂਰਾ ਹੋ ਸਕਿਆ। ਹਾਂ, ਸਿਰਫ਼ 16 ਸ਼ਹਿਰਾਂ 'ਚ ਕੰਮ ਪੂਰਾ ਹੋਇਆ। ਪਰ 14000 ਕਰੋੜ ਰੁਪਏ ਦੇ ਕੰਮ ਅਧੂਰੇ ਪਏ ਰਹੇ। ਸ਼ਹਿਰ ਪਹਿਲਾਂ ਨਾਲੋਂ ਵੀ ਗੰਦੇ ਹੋਏ। ਪ੍ਰਦੂਸ਼ਣ ਵਧਿਆ । ਗੰਦਗੀ ਵਧੀ ਹੈ।
ਨੇਤਾਵਾਂ ਦੀ ਨਿੱਜੀ ਸੁਰੱਖਿਆ ਦੇ ਨਾਂ 'ਤੇ ਕਰੋੜਾਂ ਖਰਚੇ ਜਾ ਰਹੇ ਹਨ। ਬੁਲਟ ਪਰੂਫ਼ ਜੈਕਟਾਂ, ਕਾਰਾਂ,ਹਵਾਈ ਖ਼ਜ਼ਾਨੇ, ਨੇਤਾ ਦੀ ਕਿਸ ਤੋਂ ਸੁਰੱਖਿਆ ਲਈ ਹਨ? ਨੇਤਾ ਤਾਂ ਲੋਕਾਂ ਦਾ ਨੁਮਾਇੰਦਾ ਹੈ। ਜੇਕਰ ਉਸ ਨੂੰ ਲੋਕਾਂ ਤੋਂ ਹੀ ਖ਼ਤਰਾ ਭਾਸਦਾ ਹੈ ਤਾਂ ਆਖਰ ਉਹ ਨੇਤਾ ਕਿਸ ਦਾ ਹੈ ? ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਦੀ ਸ਼ਾਨੋ ਸ਼ੌਕਤ, ਡਰੈਸ ਖਰਚੇ, ਸ਼ਾਹੀ ਠਾਠ- ਬਾਠ, ਉਸਦੇ ਸ਼ਖਸ਼ੀ ਉਭਾਰ ਲਈ ਖਰਚੇ ਜਾ ਰਹੇ ਕਰੋੜਾਂ ਰੁਪਏ, ਆਖਰ ਲੋਕਾਂ ਦੇ ਗਾੜ੍ਹੇ ਖੂਨ ਪਸੀਨੇ ਦੀ ਕਮਾਈ 'ਚ ਉਡਾਏ ਜਾ ਰਹੇ ਹਨ। ਜਵਾਬਦੇਹੀ ਕਿੱਥੇ ਹੈ? ਰਾਜਧਾਨੀ ਦਿੱਲੀ 'ਚ ਪੁਰਾਣੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਡੇ ਚਰਚੇ ਰਹੇ। ਰਾਜਭਾਗ ਦੀਆਂ ਪ੍ਰਾਪਤੀਆਂ ਨੂੰ ਪ੍ਰੈਸ, ਸੋਸ਼ਲ ਮੀਡੀਆ ਰਾਹੀਂ ਪ੍ਰਚਾਰਨ ਲਈ ਅਰਬਾਂ ਰੁਪਏ, ਡਾਲਰ ਖਰਚੇ ਜਾਂਦੇ ਹਨ। ਸਰਕਾਰੀ ਖ਼ਜ਼ਾਨੇ ਨੂੰ ਵੱਡਾ ਚੂਨਾ ਲਗਾਇਆ ਜਾਂਦਾ ਹੈ। ਇਹ ਆਖਰ ਸੱਤਾ ਦੇ ਗਲਿਆਰਿਆਂ 'ਚ ਬੈਠੇ ਢੁੱਠਾਂ ਵਾਲੇ ਨੇਤਾਵਾਂ ਦੀ ਨਾਦਰਸ਼ਾਹੀ ਸੋਚ ਕਾਰਨ ਹੀ ਨਹੀਂ ਵਾਪਰ ਰਿਹਾ? ਲੋਕ ਬੇਰੁਜ਼ਗਾਰੀ ਤੋਂ ਦੁਖੀ ਹਨ। ਮਹਿੰਗਾਈ ਤੋਂ ਪਰੇਸ਼ਾਨ ਹਨ। ਤੰਗੀਆਂ-ਤੁਰਸ਼ੀਆਂ ਦਾ ਜੀਵਨ ਬਿਤਾ ਰਹੇ ਹਨ। ਭ੍ਰਿਸ਼ਟਾਚਾਰ ਨਾਲ ਦੇਸ਼ ਪਰੁੰਨਿਆਂ ਪਿਆ ਹੈ। ਆਖਰ ਇਹ ਜਵਾਬਦੇਹੀ ਕਿਸ ਦੀ ਹੈ? ਜੇਕਰ ਨੇਤਾ,ਸਿਆਸੀ ਪਾਰਟੀਆਂ ਲੋਕਾਂ ਨੂੰ ਸੁੱਖ ਆਰਾਮ ਨਹੀਂ ਦੇ ਸਕਦੀਆਂ ,ਸਹੂਲਤਾਂ ਨਹੀਂ ਦੇ ਸਕਦੀਆਂ, ਰੁਜ਼ਗਾਰ ਨਹੀਂ ਦੇ ਸਕਦੀਆਂ, ਚੰਗੀ ਪੜ੍ਹਾਈ ਅਤੇ ਚੰਗਾ ਵਾਤਾਵਰਣ ਪ੍ਰਦਾਨ ਕਰਨ 'ਚ ਅਸਮਰੱਥ ਹਨ ਤਾਂ ਕੀ ਉਹ ਨੇਤਾ ਹੋਣ ਤੇ ਅਖਵਾਉਣ ਦਾ ਹੱਕ ਨਹੀਂ ਗਵਾ ਲੈਂਦੇ?
                        ਦੇਸ਼ 'ਚ ਚੋਣ ਪ੍ਰਬੰਧ ਵਿਗੜਿਆ। ਦੇਸ਼ ਦੀਆਂ ਖ਼ੁਦ ਮੁਖ਼ਤਿਆਰ ਏਜੰਸੀਆਂ ਇੱਕ ਪਾਸੜ ਫੈਸਲੇ ਲੈਣ ਲੱਗੀਆਂ। ਨਿਆਂ ਪ੍ਰਬੰਧ ਉੱਤੇ ਸਵਾਲ ਖੜੇ ਹੋਣ ਲੱਗੇ। ਕਾਰਜ ਪਾਲਿਕਾ ਆਪਣੇ ਫਰਜ਼ ਨਿਭਾਉਣ ਤੋਂ ਕੁਤਾਹੀ ਕਰਨ ਲੱਗੀ। ਦੇਸ਼ ਦੀ ਵਾਗਡੋਰ ਚੁਣੇ ਹੋਏ ਨੇਤਾਵਾਂ ਹੱਥ ਨਹੀਂ, ਮਾਫੀਏ ਹੱਥ ਫੜਾ ਦਿੱਤੀ ਗਈ ਤਾਂ ਦੇਸ਼ ਦੇ ਨੇਤਾ ਮਦਹੋਸ਼ ਪੰਜ ਵਰ੍ਹੇ ਐਸ਼ ਕਰਕੇ ਸਿਰਫ਼ ਚੋਣ ਜਿੱਤਣ ਲਈ ਹਰ ਹੀਲਾ ਵਰਤਣ ਲੱਗੇ। ਲੋਕਾਂ ਨੂੰ ਮੁੱਠੀ ਭਰ ਅਨਾਜ ਬਖਸ਼ ਕੇ, ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾ ਕੇ, ਵੋਟਾਂ ਕਾਬੂ ਕਰਨੀਆਂ, ਕਿਹੜੀ ਰਾਜਨੀਤੀ ਹੈ?ਇਸ ਦੇਸ਼ ਨੂੰ ਫ਼ਿਰੰਗੀਆਂ ਤੋਂ, ਵਿਦੇਸ਼ੀਆਂ ਤੋਂ ਮੁਕਤੀ ਦਿਵਾਉਣ ਲਈ ਅਜ਼ਾਦੀ ਦੇ ਪਰਵਾਨਿਆਂ ਨੂੰ ਇੱਕ ਪੂਰੀ ਸਦੀ ਸੰਘਰਸ਼ ਕਰਨਾ ਪਿਆ। ਇਸ ਨੂੰ ਨਫ਼ਰਤੀ ਰਾਜਨੀਤੀ ਨਾਲ ਕੁਝ ਦਹਾਕਿਆਂ ਵਿੱਚ ਹੀ ਤਹਿਸ-ਨਹਿਸ ਕਰਨ ਦੀਆਂ ਤਰਕੀਬਾਂ ਘੜੀਆਂ ਜਾ ਚੁੱਕੀਆਂ ਹਨ। ਧਰਮ,ਭਾਸ਼ਾ ਤੇ ਜਾਤ ਦੇ ਨਾਵਾਂ 'ਤੇ ਵੰਡੀਆਂ, ਦੇਸ਼ ਨੂੰ ਆਖਰ ਕਿੱਧਰ ਲੈ ਕੇ ਜਾਣਗੀਆਂ? ਕਿਸ ਦੀ ਹੈ ਜਵਾਬਦੇਹੀ? ਸਮਾਜ ਬਿਖਰ ਰਿਹਾ ਹੈ। ਇਸ ਦਾ ਤਾਣਾ-ਬਾਣਾ ਵਿਗਾੜਿਆ ਜਾ ਰਿਹਾ ਹੈ।
                            ਦੇਸ਼ 'ਚ ਆਖਰੀ ਕਤਾਰ 'ਚ ਖੜਾ ਵਿਅਕਤੀ ਕਈ ਵਰ੍ਹਿਆਂ ਤੋਂ ਇਹ ਸਭ ਕੁਝ ਦੇਖ ਰਿਹਾ ਹੈ। ਪਰ ਉਸ ਨੂੰ ਇਸ ਸਥਿਤੀ ਨੂੰ ਸਮਝਣ ਲਈ ਸਮਾਂ ਲੱਗ ਰਿਹਾ ਹੈ। ਉਸ ਦੀ ਬੇਚੈਨੀ ਵੱਧ ਰਹੀ ਹੈ। ਉਸ ਨੇ ਸੱਤਾ ਬਦਲਣੀ ਤਾਂ ਸਿੱਖ ਲਈ ਹੈ ਪਰ ਅੱਜ ਸਧਾਰਨ ਨਾਗਰਿਕ  ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ। ਮੰਤਰੀ,ਜੱਜ, ਨੌਕਰਸ਼ਾਹ ਤੇ ਅਨੇਕਾਂ ਛੋਟੇ ਅਧਿਕਾਰੀਆਂ ਦੇ ਘਰ ਤਾਂ ਧਨ ਨਾਲ ਭਰੇ ਦਿਸਦੇ ਹਨ। ਅਨੇਕਾਂ ਖਬਰਾਂ ਕਰੋੜਾਂ ਦੀ ਰਿਸ਼ਵਤ ਲੈਣ ਦੀਆਂ ਲੋਕਤੰਤਰ ਦੇ ਚੌਥੇ ਥੰਮ੍ਹ ਉਸ ਪ੍ਰੈਸ ਛਪਦੀਆਂ ਹਨ,ਜਿਸ ਦਾ ਵੱਡਾ ਹਿੱਸਾ "ਗੋਦੀ ਮੀਡੀਆ" ਦਾ ਰੂਪ ਧਾਰਨ ਕਰ ਚੁੱਕਿਆ ਹੈ। ਆਖਰ ਦੇਸ਼ ਕਿੱਧਰ ਨੂੰ ਤੁਰਿਆ ਜਾ ਰਿਹਾ ਹੈ?
 ਸੁਧਾਰ ਦੇ ਅਨੇਕਾਂ ਯਤਨ ਅਰੰਭੇ ਜਾਂਦੇ ਹਨ, ਪਰ ਬਹੁਤੀ ਵੇਰ ਇਹ ਯਤਨ ਦਿਖਾਵਾ ਮਾਤਰ ਹੀ ਰਹਿ ਜਾਂਦੇ ਹਨ। ਲੋਕਾਂ ਨੂੰ ਨੇਤਾਵਾਂ ਨੇ ਸਮੇਂ-ਸਮੇਂ ' "ਸਵਰਾਜ" ਦਾ ਸੁਪਨਾ ਦਿਖਾਇਆ। "ਗ਼ਰੀਬੀ ਹਟਾਓ" ਦੇ ਨਾਅਰੇ ਲੱਗੇ।"ਜੈ ਜਵਾਨ, ਜੈ ਕਿਸਾਨ" ਗੂੰਜਿਆ। "ਸਭ ਦਾ ਵਿਕਾਸ, ਸਭ ਦਾ ਸਾਥ" ਹਵਾ 'ਚ ਲਹਿਰਾਇਆ ਗਿਆ। ਪਰ ਲੋਕਾਂ ਦੀਆਂ ਬਰੂਹਾਂ 'ਤੇ ਸਿਰਫ਼ ਫੋਕੇ ਵਾਇਦੇ ਹੀ ਪੁੱਜ ਸਕੇ। ਕੀ ਭਾਰਤੀ ਲੋਕਤੰਤਰ ਦੇ ਨੇੜੇ ਜਾ ਰਹੇ ਹਨ ਜਾਂ ਇਸ ਤੋਂ ਦੂਰ ਭੇਜੇ ਜਾ ਰਹੇ ਹਨ? ਨਾਅਰੇ, ਵਾਅਦੇ ਤੇ ਸਿਰਫ਼ ਵਾਅਦੇ ਆਖਰ ਦੋ ਡੰਗ ਦੀ ਲੋਕਾਂ ਦੀ ਰੋਟੀ ਦਾ ਸਾਧਨ ਤਾਂ ਨਹੀਂ ਨਾ ਬਣ ਸਕਦੇ। ਲੋਕ ਲੱਭਦੇ ਹਨ -"ਰਾਮ ਰਾਜ"। ਲੋਕ ਭਾਲ 'ਚ ਹਨ -ਆਪਣੇ ਹੱਕਾਂ ਦੇ। ਪਰ ਇਹ ਸਾਰੇ ਤਾਂ ਨੇਤਾਵਾਂ ਨੇ ਆਪਣੇ ਹੱਥ ਵੱਸ ਕਰ ਲਏ ਹਨ। ਉਹਨਾਂ ਪੱਲੇ ਤਾਂ ਲਾਚਾਰੀ ਹੈ। ਅਵਿਸ਼ਵਾਸ ਹੈ।ਬੇਵਸੀ ਹੈ।
                       ਦੇਸ਼ ਦਾ ਨੇਤਾ ਅਮੀਰ ਹੈ, ਜਨਤਾ ਗ਼ਰੀਬ ਹੈ। ਮੁੱਠੀ ਭਰ ਦੇਸ਼ ਦੇ ਨੇਤਾਵਾਂ ਨੇ "ਜਨਤਾ"ਹਥਿਆ ਲਈ ਹੈ। ਅੱਜ ਦੇਸ਼ ਦੇ ਬਹੁਤੇ ਸਿਆਸੀ ਦਲ ਗੁਣ-ਦੋਸ਼, ਅਸੂਲ ਛੱਡ ਕੇ ਕੁਰਸੀ  ਤੇ ਕਬਜ਼ੇ ਨੂੰ ਪਹਿਲ ਦੇਣ ਲੱਗੇ ਹਨ। ਉਹਨਾਂ ਲਈ ਲੋਕਤੰਤਰ ਦਾ ਅਰਥ "ਅਗਲੀ ਚੋਣ ਜਿੱਤਣਾ" ਹੈ। ਇਹ ਚੋਣ ਭਾਵੇਂ ਸਥਾਨਕ ਸਰਕਾਰ ਦੀ ਹੋਵੇ, ਸੂਬੇ ਦੀ ਹੋਵੇ, ਦੇਸ਼ ਦੀ ਵੱਡੀ ਕਾਨੂੰਨੀ ਘੜ੍ਹਨੀ ਸਭਾ ਸੰਸਦ ਦੀ ਹੋਵੇ ਜਾਂ ਫਿਰ ਟਰੱਕ ਯੂਨੀਅਨ ਦੇ ਨੇਤਾ ਦੀ। ਹਰ ਥਾਂ ਜੋੜ-ਤੋੜ,ਧਨ ਦੀ ਵਰਖਾ, ਨੇਤਾ ਲੋਕਾਂ ਦੀ ਅਦਲਾ ਬਦਲੀ, ਆਇਆ ਰਾਮ ਗਿਆ ਰਾਮ ਦੀ ਸਿਆਸਤ ਭਾਰੂ ਹੈ।
ਪੀੜ੍ਹੀਆਂ ਬਦਲ ਗਈਆਂ। ਸੱਤਾ ਵਿੱਚ ਜਾ ਕੇ ਲੋਕਾਂ ਨੇ ਦੇਖਿਆ ਕਿ ਸਿਆਸਤਦਾਨਾਂ ਦੀ ਤਾਕਤ ਅਸੀਮਤ ਹੋ ਗਈ ਹੈ। ਉਹ ਇਸ ਚਕਾਚੌਂਧ ਵਿੱਚ ਨਾ ਕੇਵਲ ਆਦਰਸ਼ ਭੁੱਲ ਗਏ ਹਨ, ਸਗੋਂ ਸਿਧਾਂਤ ਵੀ ਉਹਨਾਂ ਲਈ ਅਵਿਵਹਾਰਕ ਹੋ ਗਏ ਹਨ। ਉਹਨਾਂ ਦੀ ਮਾਨਸਿਕ ਅਵਸਥਾ ਤਾਂ ਇੱਥੇ ਤੱਕ ਪੁੱਜ ਗਈ ਹੈ ਕਿ ਉਹ ਲੋਕਾਂ ਨੂੰ ਭੁੱਲ ਗਏ ਹਨ।
                        ਸੈਕੂਲਰ ਸ਼ਬਦ ਦਾ ਗੁੰਮ ਹੋ ਜਾਣਾ ,ਰਾਸ਼ਟਰਵਾਦ ਦਾ ਬੋਲਬਾਲਾ ਅੱਜ ਦੇ ਸੱਤਾਧਾਰੀ ਨੇਤਾਵਾਂ ਦਾ ਆਦਰਸ਼ ਹੈ। ਅਮਰੀਕਾ ਦਾ ਟਰੰਪ,ਭਾਰਤ ਦਾ ਮੋਦੀ, ਰੂਸ ਦਾ ਪੁਤਿਨ ਅਤੇ ਕਈ ਦੇਸ਼ਾਂ ਦੇ ਹੋਰ ਵੱਡੇ ਨੇਤਾ ਧਰਮ ਨਿਰਪੱਖਤਾ, ਲੋਕਤੰਤਰ ਨੂੰ ਹੀ ਨਹੀਂ ਭੁੱਲ ਰਹੇ, ਸਹੀ ਗਲਤ ਦੀ ਪਰਿਭਾਸ਼ਾ ਨੂੰ ਵੀ ਨੁੱਕਰੇ ਲਾ ਬੈਠੇ ਹਨ। ਇਹ ਸਭ ਤਾਕਤ ਦਾ ਨਸ਼ਾ ਹੈ। ਇਹ ਸੱਤਾ ਦੀ ਮਗ਼ਰੂਰੀ ਹੈ।
                  ਲੋਕਾਂ ਨੂੰ ਕੀੜੇ-ਮਕੌੜੇ ਸਮਝਣਾ ਅਤੇ ਇੱਕ ਵੋਟਰ ਸਮਝ ਕੇ ਉਹਨਾਂ ਨਾਲ ਵਿਵਹਾਰ ਕਰਨਾ, ਅੱਜ ਦੇ ਸਮੇਂ ਦਾ ਵੱਡਾ ਦੁਖਾਂਤ ਹੈ। ਦੇਸ਼ ਦੇ ਨੇਤਾਵਾਂ ਦਾ ਇਹ ਵਿਵਹਾਰ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ। ਇਹ ਲੋਕਾਂ ਪ੍ਰਤੀ ਸੰਵੇਦਨਹੀਣਤਾ ਹੈ। ਲੋਕ ਬਹੁਤਾ ਚਿਰ ਇਸ ਸਥਿਤੀ ਨੂੰ ਪ੍ਰਵਾਨ ਨਹੀਂ ਕਰਨਗੇ।
ਫ਼ਿਰਕੂ ਟੀਕੇ, ਮੁਫ਼ਤ ਦਾ ਰਾਸ਼ਨ, ਲੋਕਾਂ ਦੀਆਂ ਰਗਾਂ 'ਚ ਜ਼ਹਿਰ ਤੇ ਸੁਸਤੀ ਤਾਂ ਭਰ ਰਿਹਾ ਹੈ। ਪਰ ਸੁਚੇਤ ਸੋਚ ਉਸਨੂੰ ਥਾਂ ਸਿਰ ਕਰਨ ਲਈ ਅੱਗੇ ਵਧ ਰਹੀ ਹੈ, ਜਿਹੜੀ ਸੱਤਾ ਦੇ ਭੁੱਖੇ, ਲੂੰਬੜ-ਚਾਲਾਂ ਚੱਲਣ ਵਾਲੇ ਨੇਤਾਵਾਂ ਦਾ ਅਸਲ ਚਿਹਰਾ ਦੁਨੀਆਂ ਸਾਹਮਣੇ ਲਿਆਏਗੀ।
 ਸੱਤਾ ਦਾ ਸੁੱਖ ਮਾਣ ਰਹੇ ਤਾਕਤਵਰ ਨੇਤਾਵਾਂ ਨੂੰ ਆਖਰ ਲੋਕ ਕਚਹਿਰੀ 'ਚ ਆਪਣੇ ਗ਼ਲਤ ਕੰਮਾਂ ਲਈ ਜਵਾਬਦੇਹ ਹੋਣਾ ਪਵੇਗਾ।
-ਗੁਰਮੀਤ ਸਿੰਘ ਪਲਾਹੀ
-9815802070

ਔਰੰਗਜ਼ੇਬ ਨੂੰ ਜਿਊਂਦਾ ਕਰਨ ਦਾ ਯਤਨ - ਗੁਰਮੀਤ ਸਿੰਘ ਪਲਾਹੀ

ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਇਆਂ 300 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਭਾਜਪਾ ਸ਼ਾਸਤ ਸੂਬੇ ਮਹਾਰਾਸ਼ਟਰ ਵਿੱਚ ਉਸਦੀ ਕਬਰ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਸਿਆਸਤਦਾਨ ਇਸ ਬੇਮਤਲਬ ਵਿਸ਼ੇ ਨੂੰ ਲੈ ਕੇ ਹੋ ਹੱਲਾ ਕਰ ਰਹੇ ਹਨ। ਨਾਗਪੁਰ (ਮਹਾਰਾਸ਼ਟਰ) ਵਿੱਚ ਤਾਂ ਫਿਰਕੂ ਦੰਗੇ ਵੀ ਸ਼ੁਰੂ ਹੋ ਗਏ। ਔਰੰਗਜ਼ੇਬ ਦੀ ਕਬਰ ਨੂੰ ਢਾਹੁਣ ਦੇ ਨਾਅਰੇ ਲਗਾਏ ਗਏ, ਜਿਹੜੀ ਕਬਰ ਬਾਦਸ਼ਾਹ ਔਰੰਗਜ਼ੇਬ ਦੀ ਇੱਛਾ ਅਨੁਸਾਰ ਬੇਹੱਦ ਸਧਾਰਨ ਅਤੇ ਨਿੱਕੀ ਬਣੀ ਹੋਈ ਹੈ। ਔਰੰਗਜ਼ੇਬ ਨੂੰ ਕਰੂਰ ਸ਼ਾਸਕ ਦੱਸ ਕੇ ਉਸ ਦੀ ਇਸ ਕਬਰ ਪੁੱਟ ਦੇਣ ਨੂੰ ਕੌਮੀ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਔਰੰਗਜ਼ੇਬ ਦੀ ਕਬਰ ਪੁੱਟਣ ਨਾਲ, ਜਿਸ ਨੂੰ ਵਿਸ਼ੇਸ਼ ਰਾਸ਼ਟਰੀ ਮੁੱਦਾ ਬਣਾਇਆ ਜਾ ਰਿਹਾ ਹੈ, ਕੀ ਇਸ ਨਾਲ ਲੋਕਾਂ ਦੇ ਅਸਲੀ ਮੁੱਦੇ ਬੇਰੁਜ਼ਗਾਰੀ, ਗ਼ਰੀਬੀ,ਲਾਚਾਰੀ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਜਾਣਗੇ।

                      ਦੇਸ਼ ਦੇ ਨੇਤਾ ਲੋਕਾਂ ਦਾ ਧਿਆਨ ਭਟਕਾਉਣ ਲਈ, ਆਪਣੀਆਂ ਗੱਦੀਆਂ ਬਚਾਉਣ ਅਤੇ ਨਵੀਆਂ ਗੱਦੀਆਂ ਹਥਿਆਉਣ ਲਈ ਨਿਤ ਨਵੇਂ ਮੁੱਦੇ ਪੈਦਾ ਕਰ ਰਹੇ ਹਨ, ਤਾਂ ਕਿ ਲੋਕ ਆਪਣੀਆਂ ਅਸਲ ਤਕਲੀਫ਼ਾਂ ਅਤੇ ਮਸਲਿਆਂ ਵੱਲ ਧਿਆਨ ਹੀ ਨਾ ਦੇ ਸਕਣ।

                      ਸਿੱਟੇ ਵਜੋਂ ਦੇਸ਼ ਚ ਔਰੰਗਜ਼ੇਬ ਦੀ ਸੋਚ ਜਿੰਦਾ ਹੀ ਨਹੀਂ ਹੋ ਰਹੀ, ਸਗੋਂ ਫੈਲ ਰਹੀ ਹੈ। ਕੱਟੜ ਹਿੰਦੂਤਵੀ ਸੋਚ ਦੇ ਸੌਦਾਗਰ ਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹਮਲੇ ਕਰ ਰਹੇ ਹਨ। ਮੁਸਲਮਾਨਾਂ ਦੀਆਂ ਖ਼ਾਮੀਆਂ ਕੱਢ ਕੇ ਲੋਕਾਂ ਨੂੰ ਭੜਕਾਉਣ ਦਾ ਯਤਨ ਹੋ ਰਿਹਾ ਹੈ। ਕੱਟੜ ਮੁਸਲਿਮ ਔਰੰਗਜ਼ੇਬ ਦੇ ਹੱਕ ਆ ਖੜੇ ਹੋਏ ਹਨ। ਧਰਮ ਅਧਾਰਤ ਸਿਆਸਤ ਅੱਜ ਦੀ ਸਿਆਸਤ ਦਾ ਧੁਰਾ ਬਣਦੀ ਜਾ ਰਹੀ ਹੈ,ਜੋ ਦੇਸ਼ ਦੇ ਸੰਵਿਧਾਨ ਦੀ ਲੋਕਤੰਤਰੀ ਰੂਹ ਨੂੰ ਖੋਰਾ ਲਾ ਰਹੀ ਹੈ। ਮਸਜਿਦਾਂ ਦੇ ਸਾਹਮਣਿਓਂ  ਜਲੂਸ ਕੱਢਣਾ,ਰੌਲਾ-ਰੱਪਾ ਮਚਾਉਣਾ,ਜ਼ੋਰ - ਸ਼ੋਰ ਨਾਲ ਵਾਜੇ ਵਜਾਉਣਾ,ਮੁਸਲਮਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨਾ ਦੇਸ਼ 'ਚ ਆਮ ਜਿਹੀ ਗੱਲ ਬਣ ਗਈ ਹੈ।ਇਸ ਸਾਰੇ ਮਾਹੌਲ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਸ਼ਿਵ ਸੈਨਾ (ਬਾਲ ਠਾਕਰੇ) ਦੇ ਉੱਘੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਆਪਣੇ ਅਖ਼ਬਾਰ 'ਚ ਲਿਖਣਾ ਪਿਆ,"ਪਿਛਲੇ 10 ਸਾਲਾਂ 'ਚ ਭਾਰਤ 'ਚ ਹਿੰਦੂ ਤੇ ਮੁਸਲਮਾਨ ਦੋ ਵੱਖ- ਵੱਖ ਰਾਸ਼ਟਰ ਬਣ ਗਏ ਹਨ।ਇਹ ਮਾਹੌਲ ਬਟਵਾਰੇ ਵਰਗਾ ਹੈ। ਸ਼ਿਵ ਰਾਏ (ਸ਼ਿਵਾ ਜੀ) ਦੇ ਇਤਿਹਾਸ ਨੂੰ ਬਦਲਣਾ,ਹਿੰਦੂ ਤੇ ਮੁਸਲਮਾਨਾਂ ਲਈ ਵੱਖਰੀਆਂ ਦੁਕਾਨਾਂ ਦੀ ਮੰਗ ਕਰਨਾ ,ਇਹ ਸਭ ਇੱਕ ਸੋਚੀ ਸਮਝੀ ਮੂਰਖਤਾ ਹੈ। ਜੋ ਭਾਰਤ ਨੂੰ ਹਿੰਦੂ ਪਾਕਿਸਤਾਨ ਬਣਨ ਵੱਲ ਤੱਕ ਰਹੀ ਹੈ।"

ਇਹ ਸੱਚਮੁੱਚ ਦੇਸ਼ ਭਾਰਤ ਲਈ ਮੰਦਭਾਗਾ ਹੈ। ਉਸ ਭਾਰਤ ਲਈ,ਜਿਸ ਵਿੱਚ ਵੱਖੋ-ਵੱਖਰੇ ਧਰਮਾਂ, ਬੋਲੀਆਂ, ਸੱਭਿਆਚਾਰਾਂ ਵਾਲੇ ਵੰਨ - ਸਵੰਨੇ ਲੋਕ ਵੱਸਦੇ ਹਨ ਅਤੇ ਜਿਹਨਾਂ ਦੀ ਆਪਸੀ ਸਾਂਝ ਪੀਡੀ ਹੈ। ਇਹ ਮਾਹੌਲ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਖ਼ਤਰੇ ਦੀ ਘੰਟੀ ਹੈ। ਇਹ ਦੇਸ਼ ਦੇ ਵਿਕਾਸ ਲਈ ਵੀ ਸੁਖਾਵਾਂ ਨਹੀਂ। ਬਹੁਗਿਣਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਛਾਲਣਾ ਅਤੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਦਬਾਅ ਦੇਣਾ ਦੇਸ਼ ਦੀਆਂ ਪੁਰਾਣੀਆਂ ਰਵਾਇਤਾਂ ਤੇ ਕਦਰਾਂ ਕੀਮਤਾਂ ਦਫ਼ਨ ਕਰਨ ਦੇ ਬਰਾਬਰ ਹੈ।ਭਾਵਨਾਵਾਂ ਨੂੰ ਭੜਕਾਉਣ ਦੀ ਖੇਡ ਭਾਰਤੀ ਸੁਭਾਅ ਦੇ ਅਨੁਕੂਲ ਵੀ ਨਹੀਂ ਹੈ,ਕਿਉਂਕਿ ਭਾਰਤੀ ਹਿੰਸਕ ਨਹੀਂ ਹਨ। ਅੱਜ ਜਦੋਂ ਦੇਸ਼ ਵਿੱਚ ਧਾਰਮਿਕ ਜਨੂੰਨ ਪੈਦਾ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਹਾਕਮਾਂ ਵੱਲੋਂ,ਤਾਂ ਇਹ ਧਰਮ ਦੀ ਨਕਲੀ ਰੱਖਿਆ ਦੀ ਭਾਵਨਾ ਪੈਦਾ ਕਰ ਰਿਹਾ ਹੈ।

                      ਬਿਨਾਂ ਸ਼ੱਕ ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਅੱਤਿਆਚਾਰ ਕੀਤੇ। ਉਸ ਸਮੇਂ ਅਨੇਕਾਂ ਮੰਦਰ, ਮਸਜਿਦਾਂ,ਗਿਰਜਾ ਘਰ ਅਤੇ ਵਿਲੱਖਣ ਕਲਾ ਦੇ ਪ੍ਰਤੀਕ ਸਥਾਨ ਉਸਦੀ  ਬੇਰਹਿਮੀ ਦਾ ਸ਼ਿਕਾਰ ਹੋਏ। ਪਰ ਇਹਨਾਂ ਸਾਰੀਆਂ ਘਟਨਾਵਾਂ ਨੂੰ ਵਾਪਰਿਆਂ ਮੁੱਦਤਾਂ ਬੀਤ ਗਈਆਂ। ਔਰੰਗਜ਼ੇਬ ਮਰ ਮੁੱਕ ਗਿਆ,ਹਿੰਦੂ ਮੁਸਲਮਾਨ ਇਸ ਦੇਸ਼ ਵਿੱਚ ਸਦੀਆਂ ਤੋਂ ਇਕੱਠੇ ਰਹੇ।

ਪਰ ਸਮਾਂ ਬੀਤਿਆਂ ਕਿਸੇ ਨਾ ਕਿਸੇ ਵੇਲੇ ਜਾਤ ਅਤੇ ਧਰਮ ਵਿੱਚ ਪਈ ਕੁੜੱਤਣ ਭਿਆਨਕ ਰੂਪ ਧਾਰਦੀ ਹੈ। ਇਹ ਸਿਆਸੀ ਪਾਰਟੀਆਂ ਲਈ ਸੁਨਹਿਰੀ ਮੌਕਾ ਬਣ ਜਾਂਦੀ ਹੈ। ਉਹ ਇਸ ਮੌਕੇ ਨੂੰ ਵਰਤਦੇ ਹਨ,ਆਪਣੇ ਹਿੱਤ ਸਾਧਦੇ ਹਨ। ਲੋਕਾਂ ਚ ਵੰਡੀਆਂ ਵੱਡੀਆਂ ਕਰਦੇ ਹਨ। ਨਫ਼ਰਤਾਂ ਤੇ ਈਰਖਾ ਨਾਲ ਵੱਡਾ ਪਾੜਾ ਖੜਾ ਕਰਦੇ ਹਨ। ਇਹ ਪਾੜਾ, ਇਹ ਨਫ਼ਰਤ, ਮਾਨਸਿਕ, ਸਰੀਰਕ ਤੇ ਸਮੂਹਿਕ ਕਤਲੇਆਮ ਇਥੋਂ ਤੱਕ ਕਿ ਨਸਲਕੁਸ਼ੀ ਤੱਕ ਵੀ ਪੁੱਜ ਜਾਂਦਾ ਹੈ।

                   ਇਹੋ ਕਾਰਨ ਹੈ ਕਿ ਔਰੰਗਜ਼ੇਬੀ ਸੋਚ ਨਾਲ ਦੇਸ਼ ਵਿੱਚ ਕਦੇ ਸਾਂਭਲ ਵਾਪਰਦਾ ਹੈ, ਕਦੇ ਨਾਗਪੁਰ ਵਾਪਰਦਾ ਹੈ। ਕਦੀ ਨਾਗਾਲੈਂਡ, ਮਨੀਪੁਰ, ਜੰਮੂ-ਕਸ਼ਮੀਰ ਇਸਦੀ ਲਪੇਟ 'ਚ ਆਉਂਦੇ ਹਨ। ਕਦੇ '84 ਵਾਪਰਦੀ ਹੈ, ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਇਹ ਔਰੰਗਜ਼ੇਬੀ ਸੋਚ ਵਾਲੀ ਮਾਨਸਿਕਤਾ ਕਿਸੇ ਇੱਕ ਧਰਮ ਦੇ ਚੌਧਰੀਆਂ ਦਾ ਵਿਰਸਾ ਨਹੀਂ ਰਹੀ, ਇਹ ਔਰੰਗਜ਼ੇਬੀ ਸੋਚ ਸਮੇਂ-ਸਮੇਂ ਬਣੇ ਸ਼ਾਸਕਾਂ ਦਾ ਵਿਰਸਾ ਰਹੀ ਹੈ।

ਔਰੰਗਜ਼ੇਬ ਵੇਲੇ ਇਹ ਮੁਗਲ ਸਮਰਾਟ ਦਾ ਹਥਿਆਰ ਬਣੀ,ਅੱਜ ਇਹ ਹਿੰਦੂਤਵੀ ਸੋਚ ਵਾਲਿਆਂ ਦਾ ਵੱਡਾ ਹਥਿਆਰ ਹੈ। ਨਸਲੀ ਵਿਤਕਰਾ ਗ਼ਰੀਬ ਵਰਗਾਂ ਨਾਲ ਧੱਕੇਸ਼ਾਹੀ ਦਾ ਇੱਕ ਨਮੂਨਾ ਮਾਤਰ ਹੈ, ਇਹ ਵੱਡੇ ਢੁੱਠਾਂ ਵਾਲੇ ਔਰੰਗਜ਼ੇਬੀ ਸੋਚ ਵਾਲਿਆਂ ਦੀ ਗ਼ਰੀਬਾਂ, ਲਿਤਾੜਿਆਂ ਨੂੰ ਗੁਲਾਮ ਸਮਝਣ ਦੀ ਮਾਨਸਿਕਤਾ ਦਾ ਹਿੱਸਾ ਹੈ।

 ਅਸਲ ਵਿੱਚ ਸ਼ੈਤਾਨੀ ਦਿਮਾਗ, ਸਮਾਜ ਵਿਰੋਧੀ ਤੱਤ,ਆਪਣਾ ਉੱਲੂ ਸਿੱਧਾ ਕਰਨ ਲਈ,ਬਦਲੇ ਦੀ ਭਾਵਨਾ ਪੈਦਾ ਕਰਦੇ ਹਨ,ਆਪਸੀ ਟਕਰਾਅ ਦੀ ਸਥਿਤੀ ਪੈਦਾ ਕਰਦੇ ਹਨ। ਦੇਸ਼ ਭਾਰਤ ਨੇ ਇਹੋ-ਜਿਹੇ ਅਨੇਕਾਂ ਮੌਕੇ ਵੇਖੇ ਹਨ। '47 ਇਹੋ-ਜਿਹੇ ਦਰਦਨਾਕ ਕਾਰਿਆਂ ਦੀ ਸ਼ਰਮਨਾਕ ਦਾਸਤਾਨ ਬਣੀ।

                ਵਿਗੜੀ ਮਾਨਸਿਕਤਾ ਵਾਲੇ ਨੇਤਾਵਾਂ ਨੇ ਦੇਸ਼ ਵਿੱਚ ਫਿਰਕੂ ਅਤੇ ਧਾਰਮਿਕ ਨਫ਼ਰਤ ਵਧਾਈ ਹੈ। ਉੱਤਰ ਪ੍ਰਦੇਸ਼ ਦੀ ਭਾਜਪਾ ਵਿਧਾਇਕ ਕਹਿੰਦੀ ਹੈ, "ਮੁਸਲਮਾਨਾਂ ਲਈ ਹਸਪਤਾਲਾਂ 'ਚ ਵੱਖਰੇ ਕਾਰਡ ਬਣਾਓ।" ਮਹਾਰਾਸ਼ਟਰ ਦਾ ਇੱਕ ਮੰਤਰੀ ਨਿਤੇਸ਼ ਰਾਏ ਮਹਾਰਾਸ਼ਟਰ 'ਚ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖ-ਵੱਖ ਮਟਨ ਦੀਆਂ ਦੁਕਾਨਾਂ ਬਣਾਉਣ ਦੀ ਘੋਸ਼ਣਾ ਕਰਦਾ ਹੈ। ਕੀ ਇਹੋ-ਜਿਹੀਆਂ ਗੱਲਾਂ ਦੇਸ਼ ਦਾ ਸਮਾਜਿਕ ਅਤੇ ਕੌਮੀ ਮਾਹੌਲ ਜ਼ਹਿਰੀਲਾ ਨਹੀਂ ਕਰ ਰਹੀਆਂ?

                             ਦੇਸ਼ ਦੀ ਆਜ਼ਾਦੀ ਲਈ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਇਕੱਠਿਆਂ ਲੜਾਈ ਲੜੀ। ਬਲੀਦਾਨ ਦਿੱਤਾ। ਭਾਰਤ ਦੀ ਆਜ਼ਾਦੀ 'ਚ ਕਈ ਮੁਸਲਿਮ ਕ੍ਰਾਂਤੀਕਾਰੀ ਫਾਂਸੀ 'ਤੇ ਚੜ੍ਹੇ ਸਨ ਅਤੇ  ਕਈ ਮੁਸਲਿਮ ਸੁਤੰਤਰਤਾ ਸੈਨਾਨੀ "ਅੰਡੇਮਾਨ" ਦੇ ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਉੱਥੇ ਹੀ ਮਰ ਗਏ। ਉਹਨਾਂ ਦਾ ਯੋਗਦਾਨ ਦੇਸ਼ ਨਿਰਮਾਣ ਪ੍ਰਤੀ ਨਕਾਰਿਆ ਨਹੀਂ ਜਾ ਸਕਦਾ,ਪਰ ਸਥਿਤੀਆਂ ਦੇਸ਼ ਵਿੱਚ ਇਹੋ-ਜਿਹੀਆਂ ਪੈਦਾ ਹੋ ਕੀਤੀਆਂ ਜਾ ਰਹੀਆਂ ਹਨ ਕਿ ਵੱਡਾ ਯੋਗਦਾਨ ਦੇਣ ਵਾਲੇ ਇਹ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹ ਸਭ ਕੁਝ ਉਸ ਦੇਸ਼ ਵਿੱਚ ਹੋ ਰਿਹਾ ਹੈ,ਜਿਸ ਦੇਸ਼ ਵਿੱਚ ਦੇਸ਼ ਦੇ ਸੰਵਿਧਾਨ ਅਨੁਸਾਰ ਸਭ ਲਈ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ। ਜਿਸ ਦੇਸ਼ ਦਾ ਸੰਵਿਧਾਨ ਹਰ ਧਰਮ ਨੂੰ ਬਰਾਬਰ ਸਮਝਦਾ ਹੈ। ਦੇਸ਼ ਜਿਹੜਾ ਗਣਤੰਤਰ ਹੈ, ਧਰਮ ਨਿਰਪੱਖ ਹੈ।

ਪਰ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀ ਧਰਮ ਨਿਰਪੱਖਤਾ ਦੀਆਂ ਧੱਜੀਆਂ ਉਡਾਈਆਂ ਗਈਆਂ। ਮਸਜਿਦਾਂ ਹੇਠ ਮੰਦਰ ਖੰਗਾਲੇ ਗਏ। ਅਯੋਧਿਆ ਮੰਦਰਾਂ ਦੀ ਉਸਾਰੀ ਅਤੇ ਵਿਸ਼ੇਸ਼ ਧਰਮਿਕ ਉਤਸਵਾਂ 'ਚ ਦੇਸ਼ ਦੇ ਕਾਰਜਕਾਰੀ ਮੁਖੀ ਨੇ ਵਿਸ਼ੇਸ਼ ਭੂਮਿਕਾ ਨਿਭਾਈ, ਜੋ ਦੇਸ਼-ਵਿਦੇਸ਼ 'ਚ ਵੱਡੀ ਚਰਚਾ ਦਾ ਵਿਸ਼ਾ ਰਹੀ।

                       ਜਿਹਨਾਂ ਰਾਹਾਂ 'ਤੇ ਅੱਜ ਭਾਜਪਾ ਨੇਤਾ ਤੁਰ ਰਹੇ ਹਨ, ਕਦੇ ਕਾਂਗਰਸ ਦੀ ਇੰਦਰਾ ਗਾਂਧੀ ਨੇ ਸਿਆਸੀ ਲਾਭ ਲਈ, ਹਰ ਧਰਮ ਦੇ ਲੋਕਾਂ ਦੀ ਆਸਥਾ ਨੂੰ ਵਰਤ ਕੇ, ਵੋਟਾਂ ਲੈਣ ਦੀ ਖੇਡ ਖੇਡੀ। ਇਹੋ ਖੇਡ ਕਾਂਗਰਸ ਪਾਰਟੀ ਕਰਨਾਟਕ ਵਿੱਚ ਘੱਟ ਗਿਣਤੀਆਂ ਨੂੰ ਰਿਜ਼ਰਵੇਸ਼ਨ ਦੇਣ ਦਾ ਫ਼ੈਸਲਾ ਕਰਕੇ ਖੇਡ ਰਹੀ ਹੈ।

                      ਦੇਸ਼ ਵਿੱਚ ਇੱਕ ਪਾਸੇ ਕੱਟੜਪੰਥੀ ਮੁਸਲਮਾਨ ਹਨ, ਦੂਜੇ ਪਾਸੇ ਕੱਟੜਵਾਦੀ ਹਿੰਦੂ ਹਨ। ਦੋਵਾਂ ਦੀ ਸੋਚ ਸੌੜੀ ਹੈ। ਦੋਵਾਂ ਪਾਸੇ ਔਰੰਗਜ਼ੇਬੀ ਸੋਚ ਵਾਲਿਆਂ ਦੀ ਕਮੀ ਨਹੀਂ ਹੈ। ਪਰ ਜਿਸ ਢੰਗ ਨਾਲ ਦੇਸ਼ ਦੀ ਇਸ ਵੇਲੇ ਦੀ ਹਕੂਮਤ ਅਤੇ ਕੁਝ ਹੋਰ ਸਿਆਸਤਦਾਨ ਫਿਰਕੂ ਭਾਵਨਾਵਾਂ ਭੜਕਾਉਣ ਵਾਲੀ ਗੰਦੀ ਖੇਡ ਖੇਡ ਕੇ ਦੇਸ਼ ਨੂੰ ਬਰਬਾਦ ਕਰਨ ਦੇ ਰਸਤੇ 'ਤੇ ਪਾ ਰਹੇ ਹਨ, ਇਹ ਤਾਲਿਬਾਨੀ ਸੋਚ ਹੈ। ਇਹ ਔਰੰਗਜ਼ੇਬੀ ਸੋਚ ਹੈ। ਇਹ ਸੋਚ ਕਦਾਚਿਤ ਵੀ ਦੇਸ਼ ਹਿੱਤ ਵਿੱਚ ਨਹੀਂ ਹੈ।

                      ਫਿਰਕੂਵਾਦ ਦੀ ਅੱਗ ਭੈੜੀ ਹੈ।ਇਹ ਜ਼ਹਿਰੀਲੀ ਨਫ਼ਰਤ ਦੀ ਉਪਜ ਹੈ। ਦਰਅਸਲ ਜਦੋਂ ਮਨੁੱਖ ਦੇ ਅੰਦਰ ਸ਼ੈਤਾਨ ਜਾਗ ਜਾਂਦਾ ਹੈ ਤਾਂ ਉਸਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਨੂੰ ਬੇਰਹਿਮੀ ਨਾਲ ਮਾਰ ਰਿਹਾ ਹੈ। ਵੋਟਾਂ ਦੀ ਰਾਜਨੀਤੀ ਵੀ ਬੇਰਹਿਮੀ ਨਾਲ ਦੂਜੀ ਧਿਰ ਨੂੰ ਮਾਰਨ ਦਾ ਰਾਹ ਬਣਦੀ ਜਾ ਰਹੀ ਹੈ। ਇਸੇ ਕਰਕੇ ਔਰੰਗਜ਼ੇਬੀ ਸੋਚ ਵਧ-ਫੁੱਲ ਰਹੀ ਹੈ। ਭਾਰਤ ਵਿੱਚ ਸਿਆਸਤਦਾਨਾਂ ਇਸ ਵੱਡੇ ਹਥਿਆਰ ਦੀ ਵਰਤੋਂ ਖੁੱਲ੍ਹ ਕੇ ਕਰਨ 'ਚ ਕੋਈ ਸੰਕੋਚ ਨਹੀਂ ਕਰ ਰਹੇ।

                       ਬਿਨਾਂ ਸ਼ੱਕ ਦੇਸ਼ ਦੇ ਲੋਕ  ਲੋਕ ਵਿਰੋਧੀ ਸਿਆਸਤਦਾਨਾਂ, ਕੱਟੜ ਪੰਥੀਆਂ ਦੀ ਔਰੰਗਜ਼ੇਬੀ ਸੋਚ ਪ੍ਰਤੀ ਸੁਚੇਤ ਹੋ ਰਹੇ ਹਨ,ਲੋਕਾਂ ਨੂੰ ਵਰਗਲਾਉਣ ਲਈ ਵਰਤੇ ਜਾਂਦੇ ਸਿਆਸੀ ਸੰਦਾਂ ਦੀ ਵਰਤੋਂ ਪ੍ਰਤੀ ਸਮਝ ਵੀ ਵਧਾ ਰਹੇ ਹਨ, ਪਰ ਲੋਕਾਂ ਨੂੰ ਆਪਸੀ ਭਰੋਸਾ ਵਧਾਉਣ ਵਾਲੀ ਸਮਝ ਵੀ ਪੈਦਾ ਕਰਨੀ ਪਵੇਗੀ, ਤਾਂ ਕਿ ਕਬਰਾਂ 'ਚ ਪਈ ਔਰੰਗਜ਼ੇਬੀ ਸੋਚ ਉਹਨਾਂ ਨੂੰ ਪਰੇਸ਼ਾਨ ਨਾ ਕਰ ਸਕੇ ।

-ਗੁਰਮੀਤ ਸਿੰਘ ਪਲਾਹੀ
-9815802070

ਵਪਾਰਕ ਹਥੌੜੇ ਦੀ ਮਾਰ, ਚੂਰ-ਚੂਰ ਹੋ ਰਹੇ ਲੋਕ ਸੁਪਨੇ - ਗੁਰਮੀਤ ਸਿੰਘ ਪਲਾਹੀ

ਦੁਨੀਆ ਮੁੱਠੀ ਭਰ ਲੋਕਾਂ ਦੇ ਹੱਥਾਂ 'ਚ ਸਿਮਟਦੀ ਜਾ ਰਹੀ ਹੈ। ਇਹੀ ਮੁੱਠੀ ਭਰ ਲੋਕ ਮਨੁੱਖ ਦੇ ਅਧਿਕਾਰਾਂ ਦਾ ਹਨਨ ਕਰਕੇ ਉਹਨਾਂ ਨੂੰ ਇੱਕ ਬਿੰਦੂ ਬਨਾਉਣ ਦੀ ਚਾਲ ਚਲ ਰਹੇ ਹਨ। ਪਿਛਲੇ ਕੁਝ ਸਾਲਾਂ 'ਚ ਜਿਵੇਂ ਦੁਨੀਆ ਦੇ ਸਭ ਤੋਂ ਵੱਡੇ ਸੌਦਾਗਰਾਂ ਨੇ ਸੌਦੇਬਾਜੀ ਕੀਤੀ, ਆਪਣੇ ਹਿੱਤਾਂ ਦੀ ਪੂਰਤੀ ਲਈ ਘਿਨਾਉਣੇ ਯਤਨ ਕੀਤੇ, ਹਰ ਹੀਲਾ-ਵਸੀਲਾ ਵਰਤਿਆ, ਇਹ ਦੁਨੀਆ 'ਤੇ ਕਾਲੇ ਸ਼ਾਹ ਬੱਦਲਾਂ ਦੀ ਦਸਤਕ ਹੈ। ਸਵਾਲ ਉੱਠਦਾ ਹੈ ਕਿ ਇਹੋ ਜਿਹੇ ਹਾਲਾਤਾਂ 'ਚ ਦੁਨੀਆ ਕਿਥੇ ਜਾਏਗੀ?
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਹਥੌੜਾ ਨਿਰਵਿਘਨ ਚੱਲ ਰਿਹਾ ਹੈ। ਉਹ ਦੁਨੀਆ ਨੂੰ ਇੱਕ ਸਵਾਰਥੀ ਢਾਂਚੇ 'ਚ ਢਾਲਣ ਦੀ ਧੌਂਸ ਦੇ ਰਹੇ ਹਨ। ਆਪਣੇ ਅੱਠ ਹਫ਼ਤਿਆਂ ਦੇ ਕਾਰਜਕਾਲ ਵਿੱਚ ਉਸਨੇ  ਡਬਲਯੂ.ਐੱਚ.ਓ. ਨੂੰ ਤਿਆਗ ਦਿੱਤਾ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ (ਯੂ.ਐਨ.ਐਚ.ਆਰ.ਸੀ) ਸੰਯੁਕਤ ਰਾਸ਼ਟਰ ਰਾਹਤ ਏਜੰਸੀ (ਯੂ.ਐਨ.ਐਚ.ਆਰ.ਡਬਲਯੂ.ਏ) ਨੂੰ ਵਿੱਤੀ ਸਹਾਇਤਾ ਦੇਣ ਤੋਂ ਨਾਂਹ ਕਰ ਦਿੱਤੀ। ਯੂ.ਐਸ.ਏਡ ਨੂੰ ਬੰਦ ਕਰ ਦਿੱਤਾ ਗਿਆ ਅਤੇ ਦੁਨੀਆ ਭਰ 'ਚ ਚਲ ਰਹੇ ਅਮਰੀਕਾ ਦੇ ਦਰਜਨਾਂ ਸਹਾਇਤਾ ਕੰਮਾਂ ਨੂੰ ਰੋਕ ਦਿੱਤਾ ਗਿਆ। ਸਥਿਤੀ ਜੇਕਰ ਇਵੇਂ ਹੀ ਰਹੀ ਤਾਂ ਉਹ ਨਾਟੋ ਅਤੇ ਯੂਰਪੀ ਸਹਿਯੋਗੀਆਂ ਨੂੰ ਵੀ ਛੱਡ ਸਕਦੇ ਹਨ। ਉਂਜ ਵੀ ਆਪਣੇ ਹਿੱਤਾਂ ਖ਼ਾਤਰ ਅਮਰੀਕਾ ਨੇ ਵਪਾਰਕ ਜੰਗ ਛੇੜ ਦਿੱਤੀ ਹੋਈ ਹੈ।
ਸੰਵਿਧਾਨਿਕ ਇਤਿਹਾਸ ਦੇ ਮਹਾਨ ਅਤੇ ਬਿਹਤਰੀਨ ਪਾਠ ਪੜ੍ਹਾਉਣ ਵਾਲਾ ਅਮਰੀਕਾ, ਮਨੁੱਖੀ ਅਧਿਕਾਰਾਂ ਦਾ ਕਦੇ ਰਾਖਾ ਵੀ ਕਹਿਲਾਉਂਦਾ ਰਿਹਾ ਹੈ। ਭਾਰਤ ਸਮੇਤ ਕਈ ਹੋਰ ਦੇਸ਼ਾਂ ਦਾ ਸੰਵਿਧਾਨ ਬਨਾਉਣ ਵਾਲਿਆਂ ਨੇ ਅਮਰੀਕਾ ਦੇ ਸੰਵਿਧਾਨ ਦੀ ਨਕਲ ਕੀਤੀ, ਕਿਉਂਕਿ ਅਮਰੀਕਾ ਆਜ਼ਾਦ ਅਤੇ ਲੋਕਤੰਤਰਿਕ ਨੀਤੀਆਂ ਵਾਲਾ ਦੇਸ਼ ਮੰਨਿਆ ਗਿਆ ਸੀ, ਜਿਹੜਾ ਗਰੀਬੀ  ਅਤੇ ਬੀਮਾਰੀ ਨੂੰ ਖ਼ਤਮ ਕਰਨ ਦਾ ਸੰਕਲਪ ਲੈਂਦਾ ਸੀ। ਇਸ ਸੰਕਲਪ ਨੂੰ ਪੂਰਿਆਂ ਕਰਨ ਲਈ ਅਮਰੀਕਾ ਨੇ ਗੰਭੀਰ ਯਤਨ  ਵੀ ਕੀਤੇ। ਇਥੋਂ ਦੇ ਚੁਣੇ ਰਾਸ਼ਟਰਪਤੀਆਂ ਨੇ ਆਪਣੇ ਸੰਵਿਧਾਨ ਦੀ ਰਾਖੀ ਕਰਦਿਆਂ ਅਮਰੀਕਾ ਨੂੰ ਇਕ ਅਮੀਰ ਮੁਲਕ ਬਨਾਉਣ ਲਈ ਦਹਾਕਿਆਂ ਤੱਕ ਯਤਨ ਕੀਤੇ। ਕਈ ਰਾਸ਼ਟਰਪਤੀਆਂ ਨੇ ਆਪਣੇ ਅਦੁੱਤੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਮਰੀਕੀ ਖੇਤਰ 'ਚ ਜਾਇਜ਼, ਨਜਾਇਜ਼ ਵਾਧਾ ਕੀਤਾ ਅਤੇ ਗੁਆਮ, ਫਿਲੀਪਨਜ਼ ਅਤੇ ਹਵਾਈ ਉਤੇ ਕਬਜ਼ਾ ਕੀਤਾ। ਕਈ ਦੇਸ਼ਾਂ ਸਾਲ ਸਿੱਧੇ-ਅਸਿੱਧੇ ਯੁੱਧ ਲੜੇ ਪਰ ਦੇਸ਼ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਕਿਸੇ ਵੀ ਹੋਰ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦਾ ਬਿਨ੍ਹਾਂ ਵਜਹ ਇਸਤੇਮਾਲ ਨਹੀਂ ਕੀਤਾ।
ਮੌਜੂਦਾ ਰਾਸ਼ਟਰਪਤੀ ਆਪਣੇ ਅਧਿਕਾਰਾਂ ਦੀਆਂ ਹੱਦਾਂ ਤੋੜ ਬਿਨ੍ਹਾਂ ਜਾਂਚ-ਪਰਖ ਦੇ  ਆਪਣੀਆਂ ਸ਼ਕਤੀਆਂ ਦਾ ਹਥੌੜਾ ਚਲਾ ਰਹੇ ਹਨ ਅਤੇ ਸਮੁੱਚੀ ਦੁਨੀਆ ਸਾਹਵੇਂ ਇੱਕ ਵੱਖਰਾ ਬਿਰਤਾਂਤ ਸਿਰਜ ਰਹੇ ਹਨ। ਉਹਨਾ ਦਾ ਇਹ ਕਥਨ ਮੌਜੂਦਾ ਦੌਰ 'ਚ ਵੇਖਣ, ਪਰਖਣ, ਵਿਚਰਨ ਯੋਗ ਹੈ, "ਮੈਂ ਆਪਣੀ ਸਾਰੀ ਜ਼ਿੰਦਗੀ ਸੌਦੇਬਾਜੀ ਕੀਤੀ ਹੈ"।
ਅਮਰੀਕਾ ਦੀ ਵਿਸਥਾਰ ਵਾਦੀ ਨੀਤੀ ਦਾ ਤਰਜਮਾਨ ਬਣਦਿਆਂ ਉਹ ਕੈਨੇਡਾ ਨੂੰ ਅਮਰੀਕਾ 'ਚ ਸ਼ਾਮਲ ਕਰਨ ਦੀ ਗੱਲ ਕਰਦੇ ਹਨ। ਉਹਨਾ ਨੇ ਗਰੀਨਲੈਂਡ  ਨੂੰ ਆਪਣੇ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤੇ ਹੈ ਅਤੇ ਕਿਹਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗਰੀਨਲੈਂਡ ਹਾਸਲ  ਕਰ ਲਵਾਂਗੇ। ਸੌਦਾਗਰੀ, ਵਿਸਥਾਰਵਾਦੀ, ਧੌਂਸ ਭਰੀਆਂ ਨੀਤੀਆਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦੀ ਸ਼ਾਸ਼ਨ ਦੀ ਭੁੱਖ ਅਤੇ ਆਪਣੇ ਆਪ ਨੂੰ ਸਰਬ ਸ਼੍ਰੇਸ਼ਟ ਬਨਾਉਣ ਦੀ ਥਾਣੇਦਾਰੀ ਸੋਚ ਦਾ ਪ੍ਰਤੀਕ ਹੈ।
ਇਹ ਮੰਨਿਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਪਹਿਲਾਂ ਚਾਰਟਰ "ਮੈਗਨਾ ਕਾਰਟਾ" ਸੰਨ 1215 'ਚ ਇੰਗਲੈਂਡ ਦੇ ਬਾਦਸ਼ਾਹ ਨੇ ਪ੍ਰਵਾਨ ਕੀਤਾ। ਇਹ ਵੀ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਪਹਿਲੀ ਸੰਸਦ ਆਈਲੈਂਡ ਵਿੱਚ 1262 'ਚ ਸਥਾਪਿਤ ਹੋਈ, ਜਿਸਨੂੰ ਅਲਥਿੰਗ ਕਿਹਾ ਗਿਆ। ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ 1600 'ਚ ਸੈਨ ਮੈਰੀਨੋ ਗਣਰਾਜ 'ਚ ਤਿਆਰ ਕੀਤਾ ਗਿਆ ਸੀ। ਫਰਾਂਸੀਸੀ  ਦਾਰਸ਼ਨਿਕ ਮਾਟੈਂਸਕਿਊ ਵੱਲੋਂ 1748 'ਚ ਪ੍ਰਕਾਸ਼ਿਤ  "ਕਾਨੂੰਨ ਦੀ ਭਾਵਨਾ" ਨੂੰ ਮਨੁੱਖੀ ਸ਼ਕਤੀਆਂ ਦਾ ਸਿਧਾਂਤਕਾਰ ਮੰਨਿਆ ਜਾਂਦਾ ਹੈ। ਪਰ ਅਮਰੀਕਾ ਹੀ ਦੁਨੀਆ ਵਿੱਚ ਇੱਕ ਇਹੋ ਜਿਹਾ ਦੇਸ਼ ਹੈ ਜੋ ਨਿਆਇਕ ਸ਼ਕਤੀ ਨੂੰ 24 ਸਤੰਬਰ 1789 ਨੂੰ ਲਾਗੂ ਕਰਨ ਵਾਲਾ ਮੰਨਿਆ ਗਿਆ ਤੇ ਇਥੇ ਹੀ ਸਰਬ ਉੱਚ ਅਦਾਲਤ ਸਥਾਪਿਤ ਹੋਈ।
ਅੱਜ ਇਹੀ ਅਮਰੀਕਾ ਘਰੇਲੂ ਪੱਧਰ 'ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੇ ਢਾਹੇ ਚੜ੍ਹਕੇ ਅਮਰੀਕੀ ਸਰਕਾਰ ਦੇ ਢਾਂਚੇ ਨੂੰ ਖ਼ਤਮ ਕਰਨ ਦੇ ਰਾਹ ਤੁਰ ਰਿਹਾ ਹੈ। ਉਹ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ ਅਤੇ ਖਦਸ਼ਾ ਹੈ ਕਿ ਅਮਰੀਕੀ ਸਿੱਖਿਆ ਵਿਭਾਗ ਨੂੰ ਹੀ ਬੰਦ ਕਰ ਦੇਵੇਗਾ। ਰਾਸ਼ਟਰਪਤੀ ਟਰੰਪ ਦੀਆਂ ਆਰਥਿਕ ਨੀਤੀਆਂ ਅਮਰੀਕੀ ਅਰਥ ਵਿਵਸਥਾ ਨੂੰ ਗਲਤ ਪਾਸੇ ਲੈ ਜਾ ਸਕਦੀਆਂ ਹਨ, "ਅਮਰੀਕਾ ਫਸਟ ਨੀਤੀ", ਭਾਰਤ ਦੀ ਹਿੰਦੀ, ਹਿੰਦੂ, ਹਿੰਦੋਸਤਾਨ ਵਰਗੀ ਨੀਤੀ ਹੈ, ਜੋ ਲੋਕਤੰਤਰ ਅਮਰੀਕਾ ਦੇ ਸੀਨੇ 'ਤੇ ਵੱਡੀਆਂ ਚੋਭਾਂ ਲਾਏਗੀ। ਟਰੰਪ ਨੇ ਆਪਣੇ ਪਿਛਲੇ 50 ਦਿਨਾਂ ਦੇ ਫੈਸਲਿਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਚੌਂਕਾ ਦਿੱਤਾ ਹੈ। ਉਸਦੇ ਫੈਸਲੇ ਸਮਾਜਿਕ ਸੁਰੱਖਿਆ 'ਚ ਕਟੌਤੀ ਵਾਲੇ ਹਨ, ਜੋ ਅਮਰੀਕੀ ਉਪਭੋਗਤਾਵਾਂ ਉਤੇ ਹੀ ਨਹੀਂ, ਦੁਨੀਆ ਭਰ ਦੇ ਉਪਭੋਗਤਾਵਾਂ ਦਾ ਹਿਸਾਬ-ਕਿਤਾਬ ਖ਼ਰਾਬ ਕਰਨ ਵਾਲੇ ਹਨ।
 ਇਸ ਨਾਲ ਮਹਿੰਗਾਈ 'ਚ ਵਾਧਾ ਤਾਂ ਹੋਏਗਾ ਹੀ, ਸਗੋਂ ਅਸਥਿਰਤਾ ਵੀ ਪੈਦਾ ਕਰੇਗਾ। ਅਮਰੀਕਾ ਦੇ ਟੈਰਿਫ ਦੁਨੀਆ ਨੂੰ ਮੰਦੀ ਵੱਲ ਧੱਕ ਸਕਦੇ ਹਨ। ਇਹ ਆਪਣੇ-ਆਪ ਵਿੱਚ ਇੱਕ ਖ਼ਤਰਨਾਕ ਖੇਡ ਹੈ।
ਰਾਸ਼ਟਰਪਤੀ ਟਰੰਪ ਨੇ ਸ਼ਾਸ਼ਨ ਸੰਭਾਲਦਿਆਂ ਹੀ ਗ਼ੈਰ-ਕਾਨੂੰਨੀ ਵਿਦੇਸ਼ੀਆਂ ਨੂੰ ਬਾਹਰ ਕੱਢਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ ਪ੍ਰਵਾਸੀਆਂ ਵਿੱਚ ਇੱਕ ਵੱਡਾ ਡਰ ਪੈਦਾ ਕੀਤਾ। ਹਜ਼ਾਰਾਂ ਲੋਕਾਂ ਨੂੰ ਫੌਜੀ ਜਹਾਜ਼ਾਂ 'ਚ ਬੇੜੀਆਂ, ਹੱਥ ਕੜੀਆਂ ਨਾਲ ਜਕੜਕੇ ਦੇਸ਼ ਤੋਂ ਕੱਢ  ਦਿੱਤਾ। ਹੁਣ ਦੁਨੀਆ ਭਰ ਦੇ 41 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਹਨਾ ਨੂੰ ਅਮਰੀਕੀ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾਏਗਾ।
ਅਸਲ ਵਿੱਚ ਅਮਰੀਕਾ ਦੇ ਰਾਸ਼ਟਰਪਤੀ  ਟਰੰਪ ਦੀਆਂ  ਇਹ ਸਮੁੱਚੀਆਂ ਕਾਰਵਾਈਆਂ ਧੱਕਾ ਧੌਂਸ ਭਰੀਆਂ ਹਨ ਅਤੇ ਮਾਨਵਤਾ ਦੇ ਮੱਥੇ ਤੇ ਕਲੰਕ ਹਨ। ਦੁਨੀਆ ਭਰ ਦੇ ਮਾਨਵਵਾਦੀ ਵਿਚਾਰਾਂ ਵਾਲੇ ਲੋਕਾਂ ਦੀ ਪਹੁੰਚ ਤਾਂ ਹੁਣ ਵਿਸ਼ਵ ਨਾਗਰਿਕਤਾ ਵਾਲੀ ਹੈ, ਪਰ ਅਮਰੀਕੀ ਹਾਕਮ ਦੀ ਸੌੜੀ ਸੋਚ ਆਪਣੇ-ਆਪ ਨੂੰ "ਸ੍ਰੇਸ਼ਟ" ਅਤੇ ਦੂਜਿਆਂ ਨੂੰ ਘਟੀਆ ਸਮਝਣ ਵਾਲੀ ਹੈ।
ਇਸੇ ਯਤਨ ਤਹਿਤ ਰਾਸ਼ਟਰਪਤੀ ਟਰੰਪ ਨੇ ਦੋਸਤ, ਦੁਸ਼ਮਣ ਦਾ ਫ਼ਰਕ ਮਿਟਾਕੇ ਸਿਰਫ਼ ਸੌਦਿਆਂ ਨੂੰ ਤਰਜੀਹ ਦਿੱਤੀ। ਟੈਰਿਫ ਲਗਾਉਣ ਲੱਗਿਆਂ ਭਾਰਤ ਵਰਗੇ ਮਿੱਤਰ ਦੇਸ਼ ਨੂੰ ਵੀ ਨਹੀਂ ਬਖ਼ਸ਼ਿਆ।  ਜੈਲੇਂਸਕੀ ਦੀ ਬਾਂਹ ਮਰੋੜਦਿਆਂ, ਆਪਣੇ ਵਲੋਂ ਦਿੱਤੇ ਹਥਿਆਰਾਂ ਬਦਲੇ ਉੱਥੋਂ ਦੇ ਖਣਿਜ ਪਦਾਰਥ ਖੋਹਣ ਲਈ ਜ਼ਬਰਦਸਤੀ ਕਬਜ਼ਾ-ਸਮਝੌਤਾ ਕਰਨ ਦੀ ਨੀਤੀ ਅਪਣਾਈ। ਆਪਣੇ ਵੱਡੇ ਦੁਸ਼ਮਣ ਚੀਨ ਨਾਲ ਥੋਹੜਾ ਨਿੱਘਾ ਹੱਥ ਮਿਲਾਉਣ ਦੀ ਨੀਤੀ ਅਪਣਾਈ। ਟਰੰਪ ਸ਼ਾਸ਼ਨ ਦਾ ਸਿੱਧਾ ਅਤੇ ਸਪਸ਼ਟ ਧਿਆਨ ਅਮਰੀਕਾ ਨੂੰ ਸਰਵ ਸ਼੍ਰੇਸ਼ਟ ਬਨਾਉਣ ਦਾ ਹੈ, ਇਸ ਵਾਸਤੇ ਉਹ ਹਰ ਕਿਸਮ ਦੀ ਸੌਦੇਬਾਜੀ-ਧੱਕੇਸ਼ਾਹੀ ਕਰਨ ਲਈ ਤਿਆਰ ਹੈ। ਟੈਰਿਫ ਯੁੱਧ ਜੋ ਅਮਰੀਕਾ ਨੇ ਛੇੜਿਆ ਹੈ, ਭਾਰਤ ਇਸ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਸਕਦਾ ਹੈ। ਆਪਣੀਆਂ ਫੌਜੀ ਲੋੜਾਂ ਪੂਰੀਆਂ ਕਰਨ ਲਈ ਸਮਾਨ ਖਰੀਦਣ ਵਾਸਤੇ ਉਸਨੂੰ ਭਾਰੀ ਭਰਕਮ ਟੈਰਿਫ ਦੇਣਾ ਪਵੇਗਾ।  ਜਿਸਦਾ ਭੈੜਾ ਅਸਰ ਭਾਰਤੀ ਅਰਥ ਵਿਵਸਥਾ 'ਤੇ ਪਵੇਗਾ। ਉਸਦਾ ਵਿਸ਼ਵ ਗੁਰੂ ਬਨਣ ਦਾ ਸੁਪਨੇ ਢਹਿ-ਢੇਰੀ ਹੋ ਜਾਵੇਗਾ।
ਅੱਜ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੇ ਸਾਸ਼ਕ ਟਰੰਪ 'ਤੇ ਲੱਗੀਆਂ ਹੋਈਆਂ ਹਨ। ਉਹ ਇੱਕ ਪਾਸੇ ਕੁਸ਼ਲ ਵਪਾਰੀ ਵਾਂਗਰ ਵਿਚਰ ਰਿਹਾ ਹੈ, ਦੂਜੇ ਪਾਸੇ ਥਾਣੇਦਾਰ ਬਣਕੇ ਉਹ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹੱਟ ਰਿਹਾ। ਇਵੇਂ ਲੱਗਦਾ ਹੈ ਕਿ ਉਹਦੀ ਮਨਸ਼ਾ "ਇੱਕ ਡਿਕਟੇਟਰ ਵਾਂਗਰ ਦੁਨੀਆ 'ਤੇ ਰਾਜ ਕਰਨ ਦੀ ਹੈ।
ਅਮਰੀਕਾ ਦੇ ਵੱਡੇ ਦੁਸ਼ਮਣ ਰੂਸ ਵੱਲੋਂ ਯੂਕਰੇਨ ਨਾਲ ਛੇੜੀ ਜੰਗ 'ਚ ਉੱਥੋਂ ਦੇ ਡਿਕਟੇਟਰ ਰਾਸ਼ਟਰਪਤੀ ਪੁਤਿਨ ਨਾਲ ਡੋਨਲਡ ਟਰੰਪ ਦੀ ਮੌਜੂਦਾ ਸਾਂਝ ਭਿਆਲੀ, ਸਿਰਫ ਜੰਗ ਖ਼ਤਮ ਕਰਨ ਤੱਕ ਸੀਮਤ ਨਹੀਂ, ਇਹ ਸਾਂਝ ਭਿਆਲੀ ਦੁਨੀਆ ਦੀਆਂ ਮਹਾਂ ਸ਼ਕਤੀਆਂ ਅਮਰੀਕਾ ਤੇ ਰੂਸ ਦੀਆਂ ਆਪਸੀ ਵਿਵਸਥਾਰਵਾਦੀ ਨੀਤੀਆਂ ਨੂੰ ਅੱਗੇ ਕਰਨ ਦਾ ਇੱਕ ਸਮਝੌਤਾ ਹਨ। ਇਵੇਂ  ਦੀ ਹੀ ਸਾਂਝ ਭਿਆਲੀ ਦੁਨੀਆ ਦੀ ਤੀਜੀ ਤਾਕਤ ਚੀਨ ਨਾਲ ਅਮਰੀਕਾ ਦੀ ਬਣਦੀ ਦਿਸਦੀ ਹੈ। ਅਮਰੀਕਾ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਚੀਨ ਉਤੇ ਟੈਰਿਫ ਦਰ ਵਾਧਾ ਸੀਮਤ ਰੱਖਿਆ। ਵੈਰੀ ਗਿਣੇ ਜਾਂਦੇ ਚੀਨ ਲਈ ਟਰੰਪ ਨੇ ਨਰਮ ਰੁਖ਼ ਅਪਣਾਇਆ ਹੈ। ਇਹ ਵੀ  ਅਸਲ 'ਚ ਉਸਦੀ ਵਪਾਰਕ ਸੋਚ ਅਤੇ ਅਧਿਕਾਰਾਂ ਦਾ  ਤਿੰਨ ਕੇਂਦਰਾਂ ਰੂਸ, ਅਮਰੀਕਾ ਅਤ ਚੀਨ ਤੱਕ ਕੇਂਦਰੀਕਰਨ ਹੈ। ਜਿਵੇਂ ਵਪਾਰੀ ਆਪਣੇ ਹਿੱਤਾਂ ਦੀ ਖ਼ਾਤਰ, ਲੋਕਾਂ ਦੀ ਲੁੱਟ ਦੀ ਖ਼ਾਤਰ, ਆਪਸੀ ਸਮਝੌਤੇ ਕਰਦੇ ਹਨ, ਇਵੇਂ ਦੇ ਸਮਝੌਤੇ ਕਰਨ ਲਈ ਰਾਸ਼ਟਰਪਤੀ ਟਰੰਪ ਅੱਗੇ  ਵੱਧ ਰਿਹਾ ਹੈ।
ਇਸ ਵੇਲੇ ਦੁਨੀਆ ਨੂੰ ਕਾਬੂ ਕਰਨ ਲਈ ਸੱਤਾਧਾਰੀ  ਸਾਸ਼ਕ ਟਰੰਪ(ਅਮਰੀਕਾ) ਪੁਤਿਨ(ਰੂਸ) ਅਤੇ ਸ਼ੀ ਜਿਨਪਿੰਗ(ਚੀਨ) ਦੁਨੀਆ 'ਚ ਇੱਕ ਕਲੱਬ ਬਨਾਉਣ ਲਈ ਯਤਨਸ਼ੀਲ ਹਨ। ਉਹ ਆਪਣੇ ਮਨਚਾਹੇ ਇਲਾਕਿਆਂ ਨੂੰ ਹੜੱਪ ਲੈਣ ਦੀ ਤਾਕ 'ਚ ਹਨ। ਅਮਰੀਕਾ ਦੀ ਨਜ਼ਰ ਪਨਾਮਾ ਨਹਿਰ 'ਤੇ ਹੈ, ਕੈਨੇਡਾ, ਗ੍ਰੀਨਲੈਂਡ ਅਤੇ ਗਾਜਾਪੱਟੀ ਹਥਿਆਉਣਾ ਉਸਦਾ ਨਿਸ਼ਾਨਾ ਹੈ। ਰੂਸ ਪਹਿਲਾਂ ਹੀ ਕਰੀਮੀਆਂ, ਅਬਖਾਜਿਆ ਅਤੇ ਦੱਖਣੀ ਔਸ਼ੇਸ਼ਿਆ ਉਤੇ ਕਬਜ਼ਾ ਕਰ ਚੁੱਕਾ ਹੈ ਅਤੇ ਸ਼ਾਇਦ ਜਾਰਜੀਆ ਤੇ ਕਬਜ਼ਾ ਚਾਹੁੰਦਾ ਹੈ। ਚੀਨ, ਤਿੱਬਤ, ਹਾਂਗਕਾਂਗ ਨੂੰ ਆਪਣੇ 'ਚ ਜਬਰਦਸਤੀ ਮਿਲਾਉਣ  ਉਪਰੰਤ, ਤਾਇਵਾਨ  ਅਤੇ ਭਾਰਤ ਦੇ ਕੁੱਝ ਮਹੱਤਵਪੂਰਨ ਹਿੱਸਿਆਂ ਨੂੰ  ਆਪਣੇ ਕਬਜੇ 'ਚ ਲਿਆਉਣ ਦੀ ਇਛਾ ਕਰ ਰਿਹਾ ਹੈ। ਇਹ ਤਿੰਨੇ ਸ਼ਕਤੀਆਂ ਆਪਣੀ ਪ੍ਰਭਾਵ ਦੇ ਖੇਤਰਾਂ ਵਿੱਚ ਕਬਜ਼ਾ ਕਰਕੇ ਉੱਥੋਂ ਦੇ  ਕੁਦਰਤੀ ਸਾਧਨਾਂ ਨੂੰ ਹਥਿਆਉਣ ਦੇ ਚੱਕਰ 'ਚ ਆਪਸੀ ਸੌਦਾਗਿਰੀ ਕਰ ਸਕਦੇ ਹਨ ਅਤੇ  ਆਪਣੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਕਰਨਗੇ।
ਟਰੰਪ ਦੀ ਨੀਤੀ ਸਪਸ਼ਟ ਹੈ। ਵਪਾਰਕ ਹੈ। ਸਵਾਰਥੀ ਹੈ। ਉਸਦਾ ਸੁਭਾਅ ਹੰਕਾਰੀ ਹੈ। ਉਹ ਆਪਣੇ ਹਿੱਤਾਂ ਦੀ ਪੂਰਤੀ ਲਈ ਕਿਸੇ ਦੀ ਪ੍ਰਵਾਹ ਨਾ ਹੁਣ ਕਰ ਰਿਹਾ ਹੈ ਅਤੇ ਨਾ ਕਰੇਗਾ। ਉਹ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਉਸਦੀਆਂ ਨੀਤੀਆਂ ਦੁਨੀਆ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦੇਣਗੀਆਂ।
ਦੁਨੀਆ 'ਤੇ ਕਾਲੇ ਸ਼ਾਹ ਬੱਦਲ ਛਾਏ ਹੋਏ ਹਨ। ਵੱਡੀਆਂ ਸ਼ਕਤੀਆਂ ਦਾ ਬੋਲ-ਬਾਲਾ ਵੱਧ ਰਿਹਾ ਹੈ। ਲੋਕਤੰਤਰੀ ਕਦਰਾਂ-ਕੀਮਤਾਂ ਤਹਿਸ਼-ਨਹਿਸ਼  ਕੀਤੀਆਂ ਜਾ ਰਹੀਆਂ ਹਨ।
ਲੋਕ-ਸ਼ਕਤੀ ਹੀ ਇਸ ਹਨ੍ਹੇਰੀ, ਗੁਬਾਰ ਨੂੰ ਠੱਲ੍ਹ ਪਾ ਸਕੇਗੀ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਲੋਕ ਕਿੰਨਾ ਕੁ ਚਿਰ ਲਾਉਣਗੇ ਆਪਣੇ ਘੁਰਨਿਆ 'ਚੋਂ ਬਾਹਰ ਆਉਣ ਲਈ, ਇਹੋ ਜਿਹੀ ਹੁੰਮਸ ਤੋਂ ਨਿਜ਼ਾਤ ਪਾਉਣ ਲਈ।
-ਗੁਰਮੀਤ ਸਿੰਘ ਪਲਾਹੀ
-9815802070

ਤ੍ਰੈ-ਭਾਸ਼ਾਈ ਫਾਰਮੂਲਾ ਅਤੇ ਪਰਸੀਮਨ ਯੁੱਧ ਹੈ ਵਿਸਫੋਟਕ ਮੁੱਦਾ - ਗੁਰਮੀਤ ਸਿੰਘ ਪਲਾਹੀ

ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਅਤੇ ਸਮਾਨ ਨਾਗਰਿਕ ਸੰਹਿਤਾ (ਯੂ.ਸੀ.ਸੀ.) ਦੇਸ਼ ਵਿਚ ਕਿਸੇ ਲੋੜ ਨੂੰ ਪੂਰਿਆਂ ਕਰਨ ਲਈ ਨਹੀਂ, ਸਗੋਂ ਇਹ ਦੋਨੋਂ ਆਰ.ਐਸ.ਐਸ.- ਭਾਜਪਾ ਨੇ ਹਿੰਦੂ ਅਤੇ ਗ਼ੈਰ-ਹਿੰਦੂ  ਫ਼ਿਰਕਿਆਂ ਵਿੱਚ ਮਤਭੇਦ ਪੈਦਾ ਕਰਨ ਲਈ ਲਿਆਂਦੇ ਹਨ ਅਤੇ ਇਹਨਾ ਨੂੰ ਅੱਗੇ ਵੀ ਵਧਾਇਆ ਜਾ ਰਿਹਾ ਹੈ। ਇਹ ਅਸਲ ਵਿੱਚ ਬਿਨ੍ਹਾਂ ਕਿਸੇ ਭੜਕਾਹਟ ਦੇ ਯੁੱਧ ਸ਼ੁਰੂ ਕਰਨ ਵਾਂਗਰ ਹੈ।
ਭਾਜਪਾ ਦੀ ਕੇਂਦਰ ਸਰਕਾਰ ਨੇ ਹੁਣ ਨਵਾਂ ਸ਼ਿਗੂਫਾ ਛੱਡਿਆ ਹੈ, ਭਾਸ਼ਾ ਦਾ ਤ੍ਰੈ-ਭਾਸ਼ਾਈ ਫਾਰਮੂਲਾ (ਟੀ.ਐਲ.ਐਫ)। ਇਸ ਫਾਰਮੂਲੇ ਦੇ ਵਿਰੋਧ ਵਿੱਚ ਦੇਸ਼ ਦੇ ਦੱਖਣੀ ਸੂਬੇ ਇੱਕਜੁੱਟ ਹੋ ਗਏ ਹਨ। ਭਾਸ਼ਾ "ਸਿੱਖਿਆ" ਦੇ ਕਾਰਨ ਨਹੀਂ, ਸਗੋਂ ਸੰਵਿਧਾਨ ਦੀ ਧਾਰਾ 343 ਦੇ ਕਾਰਨ ਵਿਸਫੋਟਕ ਮੁੱਦਾ ਬਣ ਗਈ ਹੈ। ਸੰਵਿਧਾਨ ਵਿੱਚ ਘੋਸ਼ਣਾ ਕੀਤੀ ਗਈ ਕਿ ਹਿੰਦੀ ਭਾਸ਼ਾ ਭਾਰਤੀ ਸੰਘ ਦੀ ਅਧਿਕਾਰਕ ਭਾਸ਼ਾ ਹੋਏਗੀ, ਲੇਕਿਨ ਅੰਗਰੇਜ਼ੀ ਦੀ ਵਰਤੋਂ ਪੰਦਰਾਂ ਸਾਲ ਦੇ ਸਮੇਂ ਲਈ ਜਾਰੀ ਰਹੇਗੀ। ਮੌਜੂਦਾ ਵਿਵਾਦ ਨਵੀਂ ਸਿੱਖਿਆ ਨੀਤੀ (ਐਨ.ਈ.ਪੀ-2020) ਦੇ ਵੱਖੋ-ਵੱਖਰੇ ਪਹਿਲੂਆਂ ਅਤੇ ਵਿਸ਼ੇਸ਼ ਰੂਪ 'ਚ ਟੀ.ਐਲ.ਐਫ(ਤ੍ਰੈ-ਭਾਸ਼ਾਈ ਫਾਰਮੂਲਾ) 'ਤੇ ਹੈ। ਖੇਤਰੀ ਜਾਂ  ਰਾਜ ਭਾਸ਼ਾ ਸਕੂਲਾਂ 'ਚ ਪਹਿਲੀ ਭਾਸ਼ਾ, ਜਦਕਿ ਅੰਗਰੇਜ਼ੀ ਦੂਜੀ ਭਾਸ਼ਾ ਲੇਕਿਨ ਤੀਜੀ ਭਾਸ਼ਾ ਕਿਹੜੀ ਹੈ? ਇਹ ਮੁੱਦਾ ਵੀ ਬਿਨ੍ਹਾਂ ਉਤੇਜਨਾ, ਬਿਨ੍ਹਾਂ ਭੜਕਾਹਟ ਯੁੱਧ  ਸ਼ੁਰੂ ਕਰਨ ਜੇਹਾ ਹੈ।
ਭਾਰਤੀ ਸੰਵਿਧਾਨ ਦੀ ਧਾਰਾ 81 ਅਤੇ 82 ਇਹਨਾ ਦਿਨਾਂ 'ਚ ਵੱਡੀ ਚਰਚਾ ਵਿੱਚ ਹੈ। ਭਾਰਤੀ ਸੰਵਿਧਾਨ ਵਿੱਚ 42ਵੀਂ ਸੋਧ ਦੇ ਬਾਅਦ ਪਰਸੀਮਨ ਦੀ ਤਲਵਾਰ, 1977 ਤੋਂ ਹੀ ਸੂਬਿਆਂ ਦੀ ਗਰਦਨ 'ਤੇ ਲਟਕੀ ਹੋਈ ਹੈ। ਇਹ ਪਰਸੀਮਨ ਇਸ ਵੇਲੇ ਯੁੱਧ ਦਾ ਕਾਰਨ ਬਣਦੀ ਜਾ ਰਹੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਨੇ ਕੇਰਲ, ਕਰਨਾਟਕ, ਤਿਲੰਗਾਨਾ, ਪੱਛਮੀ ਬੰਗਾਲ, ਪੰਜਾਬ, ਉੜੀਸਾ ਦੇ ਮੁੱਖ ਮੰਤਰੀ ਅਤੇ ਇਥੇ ਰਾਜ ਕਰਦੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਖ਼ਤ ਲਿਖਕੇ ਲੋਕ ਸਭਾ ਸੀਟਾਂ ਦੀ ਪਰਸੀਮਨ ਉੱਤੇ ਇੱਕ ਸੰਯੁਕਤ ਕਾਰਵਾਈ ਸੰਮਤੀ ਦਾ ਹਿੱਸਾ ਬਨਣ ਦੀ ਬੇਨਤੀ ਕੀਤੀ ਹੈ, ਕਿਉਂਕਿ ਇਹ ਮਸਲਾ  ਬਹੁਤ ਵੱਡਾ ਹੈ।
ਸੰਵਿਧਾਨ  ਦੀ ਧਾਰਾ 81 ਅਤੇ 82 ਵਿੱਚ ਸਪਸ਼ਟ ਭਾਸ਼ਾ 'ਚ ਕਿਹਾ ਗਿਆ ਹੈ ਕਿ ਸੰਵਿਧਾਨ 'ਇੱਕ ਨਾਗਰਿਕ- ਇੱਕ ਵੋਟ' ਦੇ ਸਿਧਾਂਤ ਨੂੰ ਪ੍ਰਵਾਨ ਕਰਦਾ ਹੈ। ਸੰਵਿਧਾਨ ਦੀ ਧਾਰਾ 81 ਵਿੱਚ ਲੋਕ ਸਭਾ ਮੈਂਬਰਾਂ ਦੀ ਸੰਖਿਆ ਤਹਿ  ਕੀਤੀ ਗਈ ਹੈ, ਜਿਸਦੇ ਅਨੁਸਾਰ ਸੂਬਿਆਂ ਤੋਂ ਚੁਣੇ ਜਾਣ ਵਾਲੇ ਕੁੱਲ 530 ਤੋਂ ਵੱਧ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ  'ਚ ਚੁਣੇ ਜਾਣ ਵਾਲੇ 20 ਤੋਂ ਜ਼ਿਆਦਾ ਮੈਂਬਰ ਨਹੀਂ ਹੋ ਸਕਦੇ। ਵਰਤਮਾਨ ਸੰਖਿਆ ਸੂਬਿਆਂ ਲਈ 530 ਅਤੇ ਕੇਂਦਰ ਸ਼ਾਸ਼ਿਤ ਸੂਬਿਆਂ ਲਈ 13 ਹੈ, ਭਾਵ ਕੁੱਲ 543 ਮੈਂਬਰ ਲੋਕ ਸਭਾ।
 ਸੰਵਿਧਾਨ 'ਚ ਦਰਜ਼ ਹੈ ਕਿ ਹਰੇਕ ਸੂਬੇ ਨੂੰ ਲੋਕ ਸਭਾ ਵਿੱਚ ਉਸ ਰਾਜ ਦੀ ਜਨਸੰਖਿਆ ਦੇ ਅਨੁਪਾਤ ਵਿੱਚ ਸੀਟਾਂ ਦਿੱਤੀਆਂ ਜਾਣਗੀਆਂ ਅਤੇ ਜਿੱਥੋਂ ਤੱਕ ਸੰਭਵ ਹੋਵੇਗਾ, ਸਾਰੇ ਰਾਜਾਂ ਲਈ ਨਿਯਮ ਇੱਕੋ ਜਿਹਾ ਹੋਏਗਾ। ਜਨਸੰਖਿਆ ਦਾ ਅਰਥ ਪਿਛਲੀ ਜਨਗਣਨਾ (ਮਰਦਮਸ਼ੁਮਾਰੀ) ਹੈ।
ਆਖ਼ਰੀ ਮਰਦਮਸ਼ੁਮਾਰੀ 2011 ਵਿੱਚ ਹੋਈ। ਅਗਲੀ ਮਰਦਮਸ਼ੁਮਾਰੀ 2021 ਵਿੱਚ ਹੋਣੀ ਸੀ। ਕੋਵਿਡ-19 ਕਾਰਨ ਮਰਦਮਸ਼ੁਮਾਰੀ  ਟਾਲ ਦਿੱਤੀ ਗਈ। ਹੁਣ ਜਦੋਂ 2026 ਦੇ ਬਾਅਦ ਜਨਗਣਨਾ ਹੋਣੀ ਹੈ ਤਾਂ ਪਰਸੀਮਨ ਕਰਨਾ ਹੀ ਪਵੇਗਾ।  ਕੁਝ ਰਾਜਾਂ ਵਿੱਚ ਜਨਸੰਖਿਆ ਬਹੁਤ ਵਧੀ ਹੈ। ਸਿੱਟੇ ਵਜੋਂ ਕੁਝ ਰਾਜਾਂ ਵਿੱਚ 2-0 ਜਾਂ ਉਸਤੋਂ ਥੋਹੜਾ ਘੱਟ ਸੀਟਾਂ ਵਧਾਉਣੀਆਂ ਪੈਣਗੀਆਂ।
 ਜੇਕਰ ਲੋਕ ਸਭਾ ਸੀਟਾਂ ਦੀ ਕੁੱਲ ਸੰਖਿਆ 530+13 ਉਥੇ ਸਥਿਰ ਕਰ ਦਿੱਤੀ ਜਾਂਦੀ ਹੈ ਅਤੇ ਧਾਰਾ 81 ਅਤੇ 82 ਦੇ ਅਨੁਸਾਰ ਪਰਸੀਮਨ  ਪੁਨਰ ਨਿਰਧਾਰਤ ਕੀਤਾ ਜਾਂਦਾ ਹੈ ਤਾਂ ਦੱਖਣੀ ਰਾਜਾਂ -ਆਂਧਰਾਂ ਪ੍ਰਦੇਸ਼,ਕਰਨਾਟਕ, ਕੇਰਲਾ, ਤਾਮਿਲਨਾਡੂ ਅਤੇ ਤੇਲੰਗਾਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ। ਉਹਨਾ ਦੀ ਸੰਖਿਆ 129 ਤੋਂ ਘੱਟਕੇ 103 ਰਹਿ ਜਾਣ ਦਾ ਅੰਦਾਜ਼ਾ ਹੈ। ਜੇਕਰ  ਦੱਖਣੀ ਰਾਜਾਂ ਦਾ ਇਹ ਹਿੱਸਾ 103/543 ਰਹਿ ਜਾਂਦਾ ਹੈ ਤਾਂ ਦੱਖਣੀ ਰਾਜਾਂ ਦੀ ਅਵਾਜ਼ ਹੋਰ ਵੀ ਘੱਟ ਹੋ ਜਾਵੇਗੀ।
ਮੌਜੂਦਾ ਸਰਕਾਰ ਨੇ ਨਵੀਂ ਲੋਕ ਸਭਾ ਇਮਾਰਤ ਬਣਾਕੇ ਉਸ ਵਿੱਚ 888 ਮੈਂਬਰਾਂ ਦੇ ਬੈਠਣ ਦੀ ਥਾਂ ਬਹੁਤ  ਹੀ ਚਤੁਰਾਈ ਨਾਲ ਬਣਾ ਦਿੱਤੀ ਹੈ। ਭਾਵੇਂ ਕਿ ਮੌਜੂਦਾ ਸਰਕਾਰ ਲਗਾਤਾਰ ਦੱਖਣੀ ਰਾਜਾਂ ਨੂੰ ਸੀਟਾਂ ਦੀ ਸੰਖਿਆ ਘੱਟ ਨਾ ਕਰਨ ਦਾ ਵਾਇਦਾ ਕਰਦੀ ਹੈ, ਪਰ ਇਹ ਖੋਖਲਾ ਵਾਇਦਾ ਕਰਦੀ ਹੈ।  ਇਸੇ ਕੇਂਦਰੀ ਸਰਕਾਰ ਨੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਸੀਟਾਂ ਦੀ ਸੰਖਿਆ 'ਚ ਵਾਧਾ ਨਾ ਕਰਨ ਦੀ ਗੱਲ ਕਦੇ ਵੀ ਨਹੀਂ ਕੀਤੀ।
ਇਹੋ ਜਿਹੇ ਹਾਲਾਤਾਂ 'ਚ ਜੇਕਰ ਦੱਖਣੀ ਰਾਜ ਜਨ ਸੰਖਿਆ ਦੇ ਅਧਾਰ 'ਤੇ ਪੁਨਰ ਨਿਰਧਾਰਣ ਦੇ ਆਪਣੇ ਵਿਰੋਧ 'ਤੇ ਖੜੇ ਰਹਿੰਦੇ ਹਨ, ਤਾਂ ਇਹ ਇੱਕ ਵੱਡੇ ਸੰਘਰਸ਼ ਦਾ  ਮਾਮਲਾ ਹੋਏਗਾ। ਜੋ ਕਿਸੇ ਵੇਲੇ ਵੀ ਵੱਡੀ ਲੜਾਈ, ਇਥੋਂ ਤੱਕ ਕਿ ਦੇਸ਼ ਤੋਂ ਵੱਖ ਹੋਣ ਦੇ ਸੰਘਰਸ਼ ਤੱਕ ਪੁੱਜ ਸਕਦਾ ਹੈ।  ਜਿਵੇਂ ਦੇਸ਼ ਦੇ ਉੱਤਰੀ ਰਾਜਾਂ ਵਿੱਚ ਖ਼ਾਸ ਕਰਕੇ ਸੀ.ਏ.ਏ. ਅਤੇ ਯੂ.ਸੀ.ਸੀ. ਨੇ ਲੋਕਾਂ ਦੇ ਜਨਜੀਵਨ ਨੂੰ ਵਧੇਰੇ  ਪ੍ਰਭਾਵਤ ਕੀਤਾ ਹੈ। ਲੋਕਾਂ 'ਚ ਫਿਰਕੂ ਵੰਡੀਆਂ  ਪਾਈਆਂ ਅਤੇ ਵਧਾਈਆਂ ਹਨ, ਇਵੇਂ ਦੱਖਣੀ ਰਾਜਾਂ ਦੇ ਲੋਕਾਂ 'ਚ ਤਿੰਨ ਭਾਸ਼ਾਈ ਫਾਰਮੂਲੇ ਅਤੇ ਪਰਸੀਮਨ ਨੇ ਬੇਚੈਨੀ ਪੈਦਾ ਕੀਤੀ ਹੋਈ ਹੈ। ਇਹ ਬੇਚੈਨੀ ਲਗਾਤਾਰ ਵਧਦੀ ਜਾ ਰਹੀ ਹੈ। ਦੱਖਣੀ ਰਾਜ ਹੋਰ ਪ੍ਰਭਾਵਤ ਹੋਣ ਵਾਲੇ ਰਾਜਾਂ ਪੱਛਮੀ ਬੰਗਾਲ ਅਤੇ ਪੰਜਾਬ ਨੂੰ ਆਪਣੇ ਨਾਲ ਲੈ ਕੇ ਦੇਸ਼ ਵਿਆਪੀ ਅੰਦੋਲਨ ਦੇ ਰਾਹ ਪੈ ਸਕਦੇ ਹਨ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ 'ਇੱਕ ਨਾਗਰਿਕ ਇੱਕ ਵੋਟ' ਇੱਕ ਬੁਨਿਆਦੀ ਸਿਧਾਂਤ ਹੈ। ਲੇਕਿਨ ਅਮਰੀਕੀ ਲੋਕਾਂ ਨੇ 1776 ਵਿੱਚ ਮਹਿਸੂਸ ਕੀਤਾ ਕਿ ਇਹ ਸੰਵਿਧਾਨ ਦੇ ਸਿਧਾਂਤ ਦੇ ਉੱਲਟ ਹੈ। ਉਹਨਾ ਨੇ ਇਸਦਾ ਇੱਕ ਹੱਲ ਕੱਢਿਆ, ਜੋ ਪਿਛਲੇ ਢਾਈ ਸੌ ਸਾਲਾਂ ਵਿੱਚ ਉਹਨਾ ਲਈ ਬਹੁਤ ਲਾਹੇਬੰਦ  ਰਿਹਾ। ਉਹਨਾ ਨੇ ਸਮੇਂ-ਸਮੇਂ ਪ੍ਰਤੀਨਿਧ ਸਭਾ ਵਿੱਚ ਪੰਜਾਹ ਰਾਜਾਂ ਵਿੱਚੋਂ ਹਰੇਕ ਨੂੰ ਰਾਜ  ਦੀ ਜਨਸੰਖਿਆ  ਦੇ ਅਧਾਰ ‘ਤੇ ਵੰਡੀਆਂ ਸੀਟਾਂ ਦਾ ਪੁਨਰ ਨਿਰਧਾਰਨ ਕੀਤਾ, ਲੇਕਿਨ ਸੇਨੈਟ ਵਿੱਚ ਹਰ ਰਾਜ ਨੂੰ ਬਰਾਬਰ ਪ੍ਰਤੀਨਿਧਤਾ ਦਿੱਤੀ। ਅਮਰੀਕਾ ਦੀ ਤਰ੍ਹਾਂ ਭਾਰਤ ਵੀ ਇਕ ਲੋਕਤੰਤਰ ਅਤੇ ਸੰਘ ਹੈ। ਭਾਰਤ ਨੇ 1971 ਦੀ ਜਨਸੰਖਿਆ ਦੇ ਅਨੁਪਾਤ ਦੇ ਅਧਾਰ ‘ਤੇ ਪ੍ਰਤੀਨਿਧਤਵ ਦੇ ਨੁਕਸਾਨ ਦੇਖੇ ਸੰਨ, ਲੇਕਿਨ ਉਸਦਾ ਹੱਲ ਲੱਭਣ ਦੀ ਵਿਜਾਏ ਇਸ ਨੂੰ ਸੰਨ 2026 ਤੱਕ ਟਾਲ ਦਿੱਤਾ।
ਆਜ਼ਾਦੀ ਦੇ 78 ਸਾਲ ਬਾਅਦ ਵੀ ਦੇਸ਼ ਵਿੱਚ ਸਮੱਸਿਆਵਾਂ ਵੱਡੀਆਂ ਹਨ। ਬੇਜ਼ੁਬਾਨ ਅਤੇ ਗੁੰਮਨਾਮ ਲੋਕਾਂ ਦੀ ਅਵਾਜ਼ ਦੇਸ਼ ‘ਚ ਸੁੰਗੜਦੀ ਜਾ ਰਹੀ ਹੈ। ਅਜ਼ਾਦੀ ਤੋਂ ਬਾਅਦ ਪਹਿਲੀ ਪਹਿਲ ਸੁਭਾਵਿਕ ਰੂਪ ਵਿੱਚ ਸਕੂਲਾਂ ਦਾ ਨਿਰਮਾਣ ਅਤੇ ਟੀਚਰਾਂ ਦੀ ਨਿਯੁੱਕਤੀ ਨੂੰ ਦਿਤੀ ਗਈ। ਦੂਜੀ ਪਹਿਲ ਬੱਚਿਆਂ ਨੂੰ ਸਕੂਲਾਂ ‘ਚ ਭੇਜਣ ਦੀ ਰੱਖੀ ਗਈ। ਅਗਲਾ ਕੰਮ ਸਿੱਖਿਆ ਦੀ ਗੁਣਵੱਤਾ ‘ਚ ਸੁਧਾਰ ਸੀ, ਜਿਸ ਵਿੱਚ ਨਾ ਕੇਵਲ ਭਾਸ਼ਾ, ਬਲਕਿ ਗਣਿਤ, ਸਾਇੰਸ, ਇਤਿਹਾਸ, ਭੁਗੋਲ ਜਿਹੇ ਵਿਸ਼ੇ ਵੀ ਸ਼ਾਮਲ ਹਨ। ਪਰ ਮਾਤ ਭਾਸ਼ਾ ਨੂੰ ਛੱਡਕੇ ਘੋਸ਼ਣਾ ਕੀਤੀ ਗਈ ਕਿ ਹਿੰਦੀ, ਭਾਰਤੀ ਸੰਘ ਦੀ ਅਧਿਕਾਰਤ ਭਾਸ਼ਾ ਹੋਏਗੀ। ਜਿਸਦਾ ਦੇਸ਼ ਦੇ ਕੁੱਝ ਹਿੱਸਿਆ ‘ਚ ਵੱਡਾ ਵਿਰੋਧ ਹੋਇਆ। ਤਾਮਿਲਨਾਡੂ ‘ਚ ਰਾਜਨੀਤੀ ਨੇ ਕਰਵਟ ਲਈ। ਅਤੇ ਦਰਾਵੜ ਪਾਰਟੀ (ਡੀ.ਐਮ.ਕੇ.)ਸੱਤਾ ‘ਚ ਆਈ। ਅਤੇ ਦੱਖਣੀ ਰਾਜਾਂ ‘ਚ ਖ਼ਾਸ ਕਰਕੇ ਹਿੰਦੀ ਦਾ ਵਿਸ਼ਾਲ ਵਿਰੋਧ ਹੋਇਆ।
ਦੇਸ਼ ਦੀ ਨਵੀਂ ਸਿੱਖਿਆ ਨੀਤੀ ‘ਚ ਵਿਵਾਦਤ ਪਹਿਲੂ ਤਿੰਨ-ਭਾਸ਼ਾਈ ਫਾਰਮੂਲਾ, ਜਿਸਨੇ ਦੇਸ਼ ਦੇ ਵੱਡੇ ਹਿੱਸੇ ਨੂੰ ਝੰਜੋੜਿਆ ਹੈ। ਤਿੰਨ ਭਾਸ਼ਾਈ ਫਾਰਮੂਲਾ, ਉੱਤਰਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਹਰਿਆਣਾ ‘ਚ ਲਾਗੂ ਨਹੀਂ ਕੀਤਾ ਗਿਆ ਲੇਕਿਨ ਗੈਰ-ਹਿੰਦੀ ਭਾਸ਼ਾ ਸੂਬਿਆਂ ‘ਚ ਇਸ ਨੂੰ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਯੂਪੀ, ਉਤਰਾਖੰਡ, ਬਿਹਾਰ ਆਦਿ ਉਪਰੋਕਤ ਰਾਜਾਂ ‘ਚ ਸਰਕਾਰੀ ਸਕੂਲ ਪ੍ਰਭਾਵੀ ਰੂਪ ‘ਚ ਕੇਵਲ ਹਿੰਦੀ ਦੀ ਇਕ ਭਾਸ਼ਾ ਨੀਤੀ ਦਾ ਪਾਲਣ ਕਰਦੇ ਹਨ। ਇਥੇ ਹਿੰਦੀ ਤੋਂ ਬਿਨਾਂ ਬੱਚੇ ਕੋਈ ਹੋਰ ਭਾਸ਼ਾ ਨਹੀਂ ਸਿੱਖਦੇ। ਇਥੇ ਅੰਗਰੇਜ਼ੀ ਦੇ ਟੀਚਰ ਬਹੁਤ ਘੱਟ ਹਨ ਅਤੇ ਸ਼ਾਇਦ ਹੀ ਕਿਸੇ ਹੋਰ ਭਾਸ਼ਾ ਦੇ ਅਧਿਆਪਕ ਹੋਣ। ਨਿੱਜੀ ਸਕੂਲ ਵੀ ਹਿੰਦੀ ਪੜ੍ਹਾਕੇ ਖੁਸ਼ ਹਨ, ਕਈ ਸਕੂਲ ਅੰਗਰੇਜ਼ੀ ਪੜ੍ਹਾਉਂਦੇ ਹਨ, ਪਰ ਤੀਜੀ ਭਾਸ਼ਾ, ਉਥੇ ਕੋਈ ਨਹੀਂ ਹੈ ਜਦਕਿ ਪੰਜਾਬ, ਗੁਜਰਾਤ ਅਤੇ ਮਹਾਰਾਸ਼ਟਰ ਜਿਹੇ ਰਾਜਾਂ ‘ਚ ਹਿੰਦੀ ਤੀਜੀ ਭਾਸ਼ਾ ਹੈ।
ਤ੍ਰੈ-ਭਾਸ਼ਾਈ ਫਾਰਮੂਲੇ ਅਤੇ ਪਰਸੀਮਨ ਕਾਰਨ ਦੇਸ਼ ‘ਚ ਸਥਿਤੀ ਵਿਸਫੋਟਕ ਬਣਦੀ ਜਾ ਰਹੀ ਹੈ। ਦੇਸ਼ ਦੀ ਸਰਕਾਰ ਇਹਨਾਂ ਦੋਹਾਂ ਵੱਡੀਆਂ ਸਮੱਸਿਆਵਾਂ ਦਾ ਸਹੀ ਹੱਲ ਲੱਭਣ ਦੀ ਵਿਜਾਏ, ਇਹਨਾ ਮੁੱਦਿਆਂ ਨੂੰ ਲਟਕਵੀਂ ਸਥਿਤੀ ਵਿੱਚ ਰੱਖ ਰਹੀ ਹੈ।
 ਇਹ ਵੀ ਸਪਸ਼ਟ ਹੈ ਕਿ ਮੌਜੂਦਾ ਸਰਕਾਰ ਇਹਨਾ ਸਮੱਸਿਆਵਾਂ ਤੋਂ ਸਿਆਸੀ ਲਾਭ ਲੈਣ ਦੇ ਰੋਂਅ 'ਚ ਹੈ। ਉੱਤਰੀ ਰਾਜਾਂ ਦੀ ਆਪਣੀ ਵੱਡੀ ਸਿਆਸੀ ਤਾਕਤ ਨਾਲ ਉਹ ਦੇਸ਼ ਵਿੱਚ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਅਜੰਡੇ ਨੂੰ ਲਾਗੂ ਕਰਨ ਦੇ ਆਹਰ 'ਚ ਹੈ। ਜੋ ਕਿਸੇ ਤਰ੍ਹਾਂ ਵੀ ਦੇਸ਼ ਹਿੱਤ 'ਚ ਨਹੀਂ।
-ਗੁਰਮੀਤ ਸਿੰਘ ਪਲਾਹੀ
-9815802070

ਲੋਕ ਨੁਮਾਇੰਦੇ-ਸੱਤਾ ਅਤੇ ਵਿਰੋਧੀ ਧਿਰਾਂ - ਗੁਰਮੀਤ ਸਿੰਘ ਪਲਾਹੀ

ਭਾਰਤ ਦੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਉਤੇ ਵੱਡੇ ਸਵਾਲ ਉੱਠ ਰਹੇ ਹਨ। ਸਵਾਲ ਉੱਠ ਰਹੇ ਹਨ ਕਿ ਉਹ ਲੋਕਾਂ ਤੋਂ ਵੋਟਾਂ ਲੈਕੇ ਪੰਜ ਸਾਲਾਂ ਲਈ ਆਪਣੀ ਗੱਦੀ ਪੱਕੀ ਕਰਕੇ ਲੋਕਾਂ ਲਈ ਜਵਾਬ ਦੇਹ ਨਹੀਂ ਰਹਿ ਜਾਂਦੇ? ਸਵਾਲ ਇਹ ਵੀ ਉੱਠ ਰਹੇ ਹਨ ਕਿ ਆਖ਼ਰ ਜਨਤਾ ਦਾ ਕਸੂਰ ਕੀ ਹੈ ਜਿਹਨਾਂ ਨੇ ਆਪਣੀਆਂ ਉਮੀਦਾਂ ਦੇ ਸੁਪਨੇ ਸੰਜੋਅ ਕੇ ਉਹਨਾਂ ਨੂੰ ਸੰਸਦ ਜਾਂ ਵਿਧਾਨ ਸਭਾ ‘ਚ ਪਹੁੰਚਾਇਆ, ਅਤੇ ਉਹ ਲੋਕਾਂ ਦੇ ਪੱਲੇ ਕੁੱਝ ਪਾ ਹੀ ਨਹੀਂ ਰਹੇ। ਕੀ ਜਨਤਾ ਦੇ ਇਹ ਨੁਮਾਇੰਦੇ ਵਿਧਾਨ ਸਭਾਵਾਂ ਜਾਂ ਸੰਸਦ ਵਿਚ ਕਾਗਜ਼ ਫਾੜਨ, ਕੁਰਸੀਆਂ ਉਲਟੀਆਂ ਕਰਨ, ਇਕ-ਦੂਜੇ ਉਤੇ ਚਿੱਕੜ ਸੁੱਟਣ, ਗਾਲੀ-ਗਲੋਚ ਕਰਨ ਅਤੇ ਆਪਣੀਆਂ ਕਿੜਾਂ ਕੱਢਣ ਲਈ ਹੀ ਇਹਨਾਂ ਸਦਨਾਂ ‘ਚ ਪੁੱਜੇ ਹਨ।
ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਸਦਨਾਂ ਦੀ ਕਾਰਵਾਈ ਚਲਦੀ ਹੈ, ਜਨਤਾ ਇਸ ਕਾਰਵਾਈ ਨੂੰ ‘ਲਾਈਵ’ ਵੇਖਦੀ ਹੈ। ਨਿਰਾਸ਼ਾ ਪੱਲੇ ਪੈਂਦੀ ਹੈ ਜਨਤਾ ਦੇ ਉਦੋਂ, ਜਦੋਂ ਉਹਨਾ ਦੀ ਕੋਈ ਵੀ ਸਮੱਸਿਆ ਇਹਨਾਂ ਸਦਨਾਂ ਵਿੱਚ ਵਿਚਾਰੀ ਨਹੀਂ ਜਾਂਦੀ। ਸੱਤਾ ਪੱਖ ਆਪਣੀ ਮਰਜ਼ੀ ਦੇ ਬਿੱਲ ਲਿਆਉਂਦੀ ਹੈ। ਵਿਰੋਧੀ ਧਿਰ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਦੀ ਹੈ।ਵਿਚਾਰ ਵਟਾਂਦਰਾਂ ਤਾਂ ਕੀ ਸੁਨਣਾ ਹੈ, ਉਹਨਾ ਦੇ ਬੋਲ ਸਦਨ 'ਚ ਸੁਨਣ ਹੀ ਨਹੀਂ ਦਿੱਤੇ ਜਾਂਦੇ। ਵਿਚਾਰ-ਵਟਾਂਦਰੇ ਦੀ ਥਾਂ ਵਿਰੋਧੀ ਧਿਰਾਂ ਨੂੰ ਸਦਨ ਵਿਚੋਂ ਬਾਹਰ ਤੋਰ ਦੇਣਾ, ਇਕੋ ਇਕ ਉਪਾਅ ਰਹਿ ਗਿਆ ਹੈ ਤਾਂ ਕਿ ਸੱਤਾ ਧਿਰ ਵਲੋਂ ਆਪਣੀ ਮਰਜ਼ੀ ਕੀਤੀ ਜਾ ਸਕੇ।
ਪਿਛਲੇ ਦਿਨੀਂ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਰਾਜਸਥਾਨ ਵਿਧਾਨ ਸਭਾ ‘ਚ ਇੰਦਰਾ ਗਾਂਧੀ ਨੂੰ ਦਾਦੀ ਕਹਿ ਦੇਣ ਦਾ ਵਿਰੋਧ ਹੋਇਆ, ਹੰਗਾਮਾ ਹੋਇਆ, ਛੇ ਵਿਧਾਇਕਾਂ ਨੂੰ ਸਦਨ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਅਸਲ ਵਿੱਚ ਜ਼ਿੰਮੇਦਾਰ ਅਹੁਦਿਆਂ ‘ਤੇ ਬੈਠੇ ਲੋਕ ਵਿਰੋਧੀ ਧਿਰ ਨੂੰ ਟਿੱਚ ਸਮਝਦੇ ਹਨ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਨੇਤਾ ਅਤੇ ਸੱਤਾ ਪੱਖ ਸਮੇਤ ਮੁੱਖਮੰਤਰੀ ਵਾਧੂ ਜਿਹੀਆਂ ਗੱਲਾਂ ‘ਤੇ ਉਲਝਦੇ ਵੇਖੇ ਗਏ। ਮਹਿਣੋ-ਮਹਿਣੀ ਹੋਣਾ ਤਾਂ ਆਮ ਜਿਹੀ ਗੱਲ ਹੈ।
ਵਿਰੋਧੀਆਂ ਨੂੰ ਨੀਵਾਂ ਦਿਖਾਉਣਾ ਅਤੇ ਹਰ ਹੀਲੇ ਉਹਨਾਂ ਨੂੰ ਖੂੰਜੇ ਲਾਉਣ ਦੀ ਪਰਵਿਰਤੀ ਮੌਜੂਦਾ ਲੋਕਤੰਤਰ ਵਿੱਚ ਧੁਰ ਹੇਠਲੀਆਂ ਸਥਾਨਕ ਸਰਕਾਰਾਂ, ਪੰਚਾਇਤੀ ਸੰਸਥਾਵਾਂ ਤੋਂ ਆਰੰਭ ਹੁੰਦੀ ਹੈ। ਪਿੰਡ ਪੰਚਾਇਤਾਂ ‘ਚ ਲੋਕ ਆਪਣੇ ਨੁਮਾਇੰਦੇ ਚੁਣਦੇ ਹਨ, ਪਰ ਜਿਹਨਾਂ ਹੱਥ ਸੱਤਾ ਆ ਜਾਂਦੀ ਹੈ, ਉਹ ਵਿਰੋਧੀ ਪੰਚਾਂ ਦੀ ਬਾਤ ਹੀ ਨਹੀਂ ਪੁੱਛਦੇ, ਉਹਨਾਂ ਦੀ ਕੋਈ ਰਾਏ ਨਹੀਂ ਲੈਂਦੇ। ਮਰਜ਼ੀ ਨਾਲ, ਲੁਕ-ਛਿਪਕੇ ਕਾਗਜ਼ੀਂ ਪੱਤਰੀਂ ਮੀਟਿੰਗਾਂ ਕਰਦੇ ਹਨ, ਕੰਮ ਚਲਾਈ ਰੱਖਦੇ ਹਨ, ਸਰਕਾਰੀ ਤੰਤਰ ਉਹਨਾਂ ਦੀ ਮਦਦ ਕਰਦਾ ਹੈ। ਇਹੋ ਪਰਵਿਰਤੀ ਵਿਧਾਨ ਸਭਾ ਚੁਣੇ ਜਾਣ ਉਪਰੰਤ ਸੱਤਾ ਧਿਰ ਦੀ ਬਣ ਜਾਂਦੀ ਹੈ।
ਪਹਿਲਾਂ ਤਾਂ ਵਾਹ ਲਗਦਿਆਂ ਵਿਧਾਨ ਸਭਾ ਦੀਆਂ ਮੀਟਿੰਗਾਂ ਹੀ ਨਹੀਂ ਹੁੰਦੀਆਂ। ਜੇਕਰ ਹੁੰਦੀਆਂ ਹਨ ਤਾਂ ਸਮਾਂ ਬਿਲਕੁਲ ਸੀਮਤ ਹੁੰਦਾ ਹੈ। ਸਰਕਾਰੀ ਬਿੱਲ, ਕਾਨੂੰਨ ਬਨਾਉਣ ਲਈ ਵਿਰੋਧੀ ਧਿਰ ਨੂੰ ਸਦਨੋਂ ਬਾਹਰ ਕਰਨ ਲਈ ਢੰਗ ਤਰੀਕੇ ਵਰਤੇ ਜਾਂਦੇ ਹਨ, ਅਤੇ ਫਿਰ ਬਿੱਲ, ਆਪਣੀ ਹੀ ਬਹੁਸੰਮਤੀ ਨਾਲ ਪਾਸ ਕਰ ਲਏ ਜਾਂਦੇ ਹਨ। ਹਕੂਮਤ ਚਲਾਈ ਜਾਂਦੀ ਹੈ। ਲੋਕ-ਮਸਲੇ ਲੁਪਤ ਰਹਿੰਦੇ ਹਨ। ਵਿਧਾਨ ਸਭਾਵਾਂ, ਲੋਕ ਸਭਾ ‘ਚ ਇਹ ਮੁੱਦੇ, ਮਸਲੇ ਉਠਾਉਣ ਲਈ ਮੌਕੇ ਹੀ ਨਹੀਂ ਮਿਲਦੇ ।
ਉਂਜ ਵੀ ਲੋਕਾਂ ਦੇ ਮਸਲੇ ਉਠਾਉਣ ਵਾਲੇ ਨੇਤਾਵਾਂ ਦੀ ਘਾਟ ਮਹਿਸੂਸ ਹੋ ਰਹੀ ਹੈ। ਲੋਕ ਸਭਾ, ਵਿਧਾਨ ਸਭਾਵਾਂ ‘ਚ ਪਹੁੰਚਣ ਵਾਲੇ ਬਹੁਤੇ ਲੋਕ ਧਨਵਾਨ ਲੋਕ ਹਨ, ਜਿਹੜੇ ਆਮ ਲੋਕਾਂ ਦੀਆਂ ਧੁਰ ਅੰਦਰਲੀਆਂ ਸਮੱਸਿਆਵਾਂ ਤੋਂ ਜਾਣੂ ਹੀ ਨਹੀਂ ਹਨ। ਇਸਦੇ ਨਾਲ-ਨਾਲ ਅਪਰਾਧਿਕ ਪਿਛੋਕੜ ਵਾਲੇ ਲੋਕ ਵੀ ਵੱਡੀ ਗਿਣਤੀ ‘ਚ ਇਹਨਾਂ ਲੋਕਤੰਤਰੀ ਸੰਵਿਧਾਨਿਕ ਸਦਨਾਂ ‘ਚ ਜਾ ਬੈਠੇ ਹਨ। ਭਲਾ ਇਹੋ ਜਿਹੇ ਲੋਕਾਂ ਤੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨੀ-ਸੁਨਣੀ ਕੀ ਸੰਭਵ ਹੈ?
ਏ.ਡੀ.ਆਰ. ਰਿਪੋਰਟ ਅਨੁਸਾਰ 514 ਮੌਜੂਦਾ ਮੈਂਬਰ ਪਾਰਲੀਮੈਂਟ ਵਿੱਚੋਂ 225 (44 ਫੀਸਦੀ) ਪਾਰਲੀਮੈਂਟ ਮੈਂਬਰਾਂ ਉਤੇ ਅਪਰਾਧਿਕ ਮਾਮਲੇ ਦਰਜ਼ ਹਨ, ਜਿਹਨਾਂ ਵਿੱਚ ਬਲਾਤਕਾਰ, ਕਤਲ ਤੱਕ ਦੇ ਮਾਮਲੇ ਹਨ ਅਤੇ 5 ਫੀਸਦੀ ਐਮ ਪੀ 100 ਕਰੋੜ ਤੋਂ ਵੱਧ ਦੌਲਤ ਦੇ ਮਾਲਕ ਹਨ। ਉੱਤਰਪ੍ਰਦੇਸ਼, ਮਹਾਂਰਾਸ਼ਟਰ, ਬਿਹਾਰ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਦੇ ਅੱਧੇ ਤੋਂ ਵੱਧ ( 50 ਫੀਸਦੀ ਤੋਂ ਵੱਧ ) ਵੱਖੋਂ ਵੱਖਰੀਆਂ ਪਾਰਟੀਆਂ  ਦੇ ਨੇਤਾ ਇਹੋ ਜਿਹੇ ਹਨ, ਜਿਹਨਾ ਉਤੇ ਅਪਰਾਧਿਕ ਮਾਮਲਿਆਂ ਸਬੰਧੀ ਕੇਸ ਥਾਣਿਆਂ ਅਤੇ ਅਦਾਲਤਾਂ ‘ਚ ਹਨ।
28 ਵਿਧਾਨ ਸਭਾਵਾਂ ਅਤੇ ਦੋ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ 4001 ( ਕੁੱਲ 4033 ) ਦੇ ਕੀਤੇ ਏ.ਡੀ.ਆਰ. ਸਰਵੇ ਅਨੁਸਾਰ  44 ਫੀਸਦੀ ਵਿਧਾਇਕਾਂ ‘ਤੇ ਆਪਰਾਧਿਕ ਪਰਚੇ ਦਰਜ਼ ਮਿਲੇ ਅਤੇ ਉਹਨਾਂ ਵਿੱਚੋਂ 1136 ( 28% ਉਤੇ) ਗੰਭੀਰ ਅਪਰਾਧਿਕ ਮਾਮਲੇ ਹਨ। ਇਹਨਾਂ 4001 ਵਿਧਾਇਕਾਂ ਵਿਚੋਂ 88 ( 2 % )  ਕੋਲ ਪ੍ਰਤੀ ਵਿਧਾਇਕ 100 ਕਰੋੜ ਤੋਂ ਵੱਧ ਧਨ ਹੈ। ਫਰਵਰੀ 2025 ‘ਚ ਦਿੱਲੀ ਵਿਧਾਨ ਸਭਾ ਲਈ ਚੁਣੇ ਵਿਧਾਇਕਾਂ ਵਿਚੋਂ 31 ਵਿਧਾਇਕਾਂ 'ਤੇ ਆਪਰਾਧਿਕ ਮਾਮਲੇ ਅਤੇ ਭਾਜਪਾ ਦੀ ਚੁਣੀ ਸਰਕਾਰ ਦੇ 7 ਮੰਤਰੀਆਂ ਵਿੱਚੋ 5 ਮੰਤਰੀਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ਼ ਹਨ।
ਲੋਕ ਸਭਾ, ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਦੇ ਦਿੱਤੇ ਟੈਕਸ ਵਿੱਚੋਂ ਲੱਖਾਂ ਰੁਪਏ ਪ੍ਰਤੀ ਸਾਲ ਤਨਖਾਹ, ਭੱਤੇ ਅਤੇ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ। ਲੋਕ ਸਭਾ, ਵਿਧਾਨ ਸਭਾਵਾਂ ਦੇ ਸੈਸ਼ਨ ‘ਤੇ ਜਾਣ ਲਈ ਭੱਤੇ ਅਤੇ ਹੋਰ ਸਹੂਲਤਾਂ ਦੇ ਵੀ ਉਹ ਹੱਕਦਾਰ ਹਨ। ਹੈਰਾਨੀ ਹੁੰਦੀ ਹੈ, ਉਸ ਵੇਲੇ ਜਦੋਂ ਕਈ ਨੁਮਾਇੰਦਿਆਂ ਨੂੰ ਸਦਨਾਂ ਦੇ ਸੈਸ਼ਨ ਦੌਰਾਨ ਸੁੱਤਿਆਂ ਵੇਖੀਦਾ ਹੈ । ਕਈ ‘ਭੱਦਪੁਰਸ਼’ ਤਾਂ ਇਹੋ ਜਿਹੇ ਹਨ ਜਿਹੜੇ ਸਦਨਾਂ ਵਿਚ ਬਹੁਤ ਘੱਟ ਹਾਜ਼ਰੀ ਭਰਦੇ ਹਨ, ਬਹੁਤ ਘੱਟ ਬੋਲਦੇ ਹਨ ਭਾਵ ਚੁੱਪੀ ਧਾਰੀ ਰੱਖਦੇ ਹਨ ਤੇ ਪੰਜ ਸਾਲ ‘ਮੋਨ’ ਧਾਰਨ ਕਰਕੇ  ਆਪਣੀ ਟਰਮ ਖਤਮ ਕਰ ਲੈਂਦੇ ਹਨ। ਆਖ਼ਰ ਇਹੋ ਜਿਹੇ ਲੋਕਾਂ ਤੋਂ ਆਮ ਲੋਕ ਕੀ ਤਵੱਕੋਂ ਕਰ ਸਕਦੇ ਹਨ?
ਇਹ ਧਿਆਨ ਦੇਣ ਯੋਗ ਹੈ ਕਿ ਸੰਸਦ ਨੂੰ ਚਲਾਉਣ ਲਈ ਹਰ ਘੰਟੇ ਡੇਢ ਕਰੋੜ ਦਾ ਖਰਚਾ ਆਉਂਦਾ ਹੈ। ਐਤਕਾਂ ਦੇ ਲੋਕ ਸਭਾ ਸ਼ੈਸ਼ਨ ਦੌਰਾਨ ਪਿਛਲੇ 5 ਦਿਨਾਂ ‘ਚ ਬੱਸ 5 ਫੀਸਦੀ ਕੰਮ ਹੋਇਆ ਅਤੇ ਲੋਕ ਸਭਾ 69 ਮਿੰਟ ਚਲੀ ਅਤੇ ਰਾਜ ਸਭਾ 94 ਮਿੰਟ ਚਲੀ। ਇਹਨਾਂ ਬੈਠਕਾਂ ‘ਚ ਸਿਆਸਤ ਦੇ ਮੁੱਦੇ ਅਲੱਗ ਹੀ ਰਹੇ, ਜਿਹਨਾਂ ਦਾ ਆਮ ਲੋਕਾਂ ਨਾਲ ਸਰੋਕਾਰ ਹੀ ਕੋਈ ਨਹੀਂ।
ਸਾਡੇ ਦੇਸ਼ ਦੇ ਐਮ.ਪੀਜ਼ ਨੇ ਜਿਵੇਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਰਾਜਨੀਤੀ ਦੀ ਖੂੰਡੀ ਤੇ ਟੰਗ ਦਿੱਤਾ ਹੈ, ਉਹ ਲੋਕਤੰਤਰ ਉੱਤੇ ਧੱਬਾ ਹੈ। ਭਾਰਤ ਦੀ ਸੰਸਦ ਦੇ ਤਿੰਨ ਅੰਗ ਰਾਸ਼ਟਰਪਤੀ, ਲੋਕ ਸਭਾ, ਰਾਜ ਸਭਾ ਹਨ। ਵਰਤਮਾਨ ਭਾਰਤ ਦੀ ਸੰਸਦ ਵਿੱਚ 790 ਮੈਂਬਰ ਹਨ। ਭਾਰਤ ਦੀ ਸੰਸਦ ਦੇ ਤਿੰਨ ਸਤਰ ਹੁੰਦੇ ਹਨ ਅਤੇ ਲੱਗਭਗ ਪੂਰੇ ਸਾਲ ਵਿੱਚ 100 ਦਿਨ ਕੰਮ ਕਰਨਾ ਹੁੰਦਾ ਹੈ। ਜਿਸ ਉਤੇ 600 ਕਰੋੜ ਖਰਚੇ ਹੁੰਦੇ ਹਨ, ਭਾਵ ਪ੍ਰਤੀ ਦਿਨ 6 ਕਰੋੜ ਰੁਪਏ। ਜੇਕਰ ਇਹਨਾਂ ਸਦਨਾਂ ਨੇ ਕੰਮ ਹੀ ਨਹੀਂ ਕਰਨਾ ਤਾਂ ਆਖ਼ਰ ਇਹਨਾ ਕਾਨੂੰਨ ਘਾੜੀਆਂ ਸੰਸਥਾਵਾਂ ਦੀ ਚੋਣ ਦਾ ਅਰਥ ਹੀ ਕੀ ਰਹਿ ਜਾਂਦਾ ਹੈ?
ਜੇਕਰ ਇੰਨਾ ਖ਼ਰਚ ਕੀਤਿਆਂ ਵੀ ਸਦਨ ਵਿੱਚ ਇਕ-ਦੂਜੇ ਵਿਰੁੱਧ, ਭਾਰਤੀ ਸਿਆਸਤ ਦੇ ਆਪਣੇ ਤੋਂ ਪਹਿਲੇ ਨੇਤਾਵਾਂ ਦੇ ਨੁਕਸ ਕੱਢਣ ਉਤੇ ਹੀ ਚਰਚਾ ਹੋਣੀ ਹੈ ਤੇ ਸਮਾਂ ਤੇ ਪੈਸਾ ਹੀ ਬਰਬਾਦ ਹੋਣਾ ਹੈ ਤਾਂ ਇਹ ਭਾਰਤੀ ਲੋਕਤੰਤਰ ਲਈ ਕਿਸੇ ਵੀ ਤਰ੍ਹਾਂ ਯੋਗ ਨਹੀਂ ਮੰਨਿਆ ਜਾ ਸਕਦਾ।
ਬਿਨ੍ਹਾਂ ਸ਼ੱਕ ਮੌਜੂਦਾ ਦੌਰ ‘ਚ ਚੰਗੇ ਨੇਤਾਵਾਂ ਦੀ ਭਾਰਤ ‘ਚ ਕਮੀ ਵੇਖਣ ਨੂੰ ਮਿਲ ਰਹੀ ਹੈ। ਵੰਸ਼ਵਾਦੀ ਨੇਤਾਵਾਂ ਦੀ ਭਰਮਾਰ ਹੋ ਰਹੀ ਹੈ। ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੇ ਯਤਨਾਂ ‘ਚ ਰੂੜੀਵਾਦੀ ਨੇਤਾ ਦੇਸ਼ ਦੀ ਸਿਆਸਤ ਨੂੰ ਪ੍ਰਭਾਵਤ ਕਰ ਰਹੇ ਹਨ। ਵਿਰੋਧੀ ਸੁਰਾਂ ਵਾਲੇ ਨੇਤਾਵਾਂ ਨੂੰ ਸਿਆਸੀ ਗਲਿਆਰਿਆਂ ‘ਚ ਲੁਪਤ ਕਰਨ ਲਈ ਸੱਤਾ ਧਿਰ ਯਤਨਸ਼ੀਲ ਹੈ। ਅਪਮਾਨ ਜਨਕ, ਉੱਚੇ ਬੋਲ ਬੋਲਣ ਵਾਲੇ ਹੰਕਾਰੀ ਨੇਤਾ ਸਦਨ ਵਿੱਚ ਬਾਹਾਂ ਉਲਾਰਦੇ, ਧੱਕਾ ਧੌਂਸ ਦਿਖਾਉਂਦੇ ਆਪਣੀ ਗਲਤ ਗੱਲ ਨੂੰ ਵੀ ਸਹੀ ਕਰਦੇ ਵੇਖੇ ਜਾਂਦੇ ਹਨ। ਇਹੋ ਜਿਹੀ ਸਿਆਸਤ ਕਰਨ ਵਾਲੇ ਨੇਤਾ ਕੀ ਲੋਕ-ਹਿਤੈਸ਼ੀ ਸਿਆਸਤ ਕਰ ਸਕਦੇ ਹਨ? ਸ਼ਾਇਦ  ਕਦਾਚਿਤ ਨਹੀਂ।
ਪਿਛਲੇ ਦੋ ਦਹਾਕਿਆਂ ਤੋਂ ਖਾਸ ਤੌਰ ਤੇ ਲੋਕ ਨੁਮਾਇੰਦਿਆਂ ਦੀ ਚੋਣ ਦਾ ਦ੍ਰਿਸ਼ ਅਤੇ ਢੰਗ ਵੀ ਬਦਲ ਗਿਆ ਹੈ। ਸਿਆਸੀ ਧਿਰਾਂ ਦਾ ਕੰਮ ਕਰਨ ਦਾ ਮੰਤਵ ਲੋਕ ਸੇਵਾ ਨਹੀਂ, ਕੁਰਸੀ ਹਥਿਆਉਣਾ ਰਹਿ ਗਿਆ ਹੈ। ਚੋਣਾਂ ਤੋਂ ਪਹਿਲਾਂ ਲੌਲੀਪੌਪ ਵਿਖਾਏ ਜਾਂਦੇ ਹਨ, ਲੋਕਾਂ ਨੂੰ ਭਰਮਾਇਆ ਜਾਂਦਾ ਹੈ, ਵੱਧ ਤੋਂ ਵੱਧ ਮੁਫ਼ਤ ਸਹੂਲਤਾਂ ਦੇਣ ਦੇ ਵਚਨ ਦਿੱਤੇ ਜਾਂਦੇ ਹਨ, ਅਤੇ ਇਸੇ ਅਧਾਰ ‘ਤੇ ਚੋਣਾਂ ਜਿੱਤ ਲਈਆਂ ਜਾਂਦੀਆਂ ਹਨ। ਲੋਕ ਲਭਾਊ ਨਾਹਰੇ, ਪੈਸਾ, ਅਤੇ ਧੱਕਾ ਧੌਂਸ ਅੱਜ ਸਿਆਸੀ ਆਗੂਆਂ ਦੇ ਚੋਣ-ਗਹਿਣੇ ਬਣ ਚੁੱਕੇ ਹਨ।
ਵੋਟ ਖਰੀਦਣ ਦੀ ਪਰਵਿਰਤੀ ਲੋਕਤੰਤਰ ਨੂੰ ਢਾਅ ਲਾ ਰਹੀ ਹੈ। ਨੈਤਿਕ ਤੌਰ ਤੇ ਨੇਤਾ ਲੋਕ ਇੰਨੀ ਨਿਵਾਣ ਵੱਲ ਚਲੇ ਗਏ ਹਨ ਕਿ ਇਕ ਪਾਰਟੀ ਤੋਂ ਚੋਣ ਜਿੱਤਦੇ ਹਨ, ਅਤੇ ਚੋਣ ਤੋਂ ਤੁਰੰਤ ਬਾਅਦ ਮੰਤਰੀ-ਸੰਤਰੀ ਦੀ ਕੁਰਸੀ ਪਾਉਣ ਲਈ, ਸੱਤਾ ਹਥਿਆਉਣ ਲਈ ਚੋਣਾਂ ‘ਚ ਵੈਰੀ ਰਹੇ, ਅਤੇ ਬਾਅਦ 'ਚ ਮਿੱਤਰ ਬਣੇ ਦਿਸਣਾ, ਆਮ ਗੱਲ ਹੋ ਗਈ ਹੈ। ਇਹ ਭਾਰਤ ਦੀ ਅਜੋਕੀ ਸਿਆਸਤ ਦਾ ਭੈੜਾ ਰੰਗ ਅਤੇ ਭੈੜਾ ਕਿਰਦਾਰ ਬਣ ਚੁੱਕਾ ਹੈ। ਬਿਹਾਰੀ ਬਾਬੂ ਨਤੀਸ਼ ਅਤੇ ਆਂਧਰਾ ਪ੍ਰਦੇਸ਼ ਦਾ ਚੰਦਰ ਬਾਬੂ ਨਾਇਡੂ, ਜੋ ਕਦੇ ਭਾਜਪਾ ਵਿਰੋਧੀ ਸੀ, ਉਹ ਮੌਜੂਦਾ ਭਾਰਤੀ ਕੇਂਦਰੀ ਸਰਕਾਰ ਦੀਆਂ ਫੌਹੜੀਆਂ ਬਣ ਚੁੱਕਾ ਹੈ।
ਪੰਜਾਬ ‘ਚ ਜਿਵੇਂ ਕਾਰਪੋਰੇਸ਼ਨ ਚੋਣਾਂ ‘ਚ ਸੱਤਾ ਧਿਰ ਨੇ, ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਪੁੱਟਿਆ, ਆਪਣੀ ਪਾਰਟੀ ‘ਚ ਲਿਆਕੇ ਵੱਡੇ ਅਹੁਦੇ ਦਿੱਤੇ ਅਤੇ ਫਿਰ ਸਥਾਨਕ ਚੋਣਾਂ ‘ਚ ਜਿੱਤ ਦੇ ਵੱਡੇ ਦਾਅਵੇ ਕੀਤੇ, ਉਹ ਅਜੋਕੇ ਸਮੇਂ ਦੀ ਬੇਰੰਗੀ ਸਥਾਨਕ ਸਰਕਾਰਾਂ ਦੀ ਸਿਆਸਤ ਦਾ ਇਕ ਭੈੜਾ ਰੰਗ ਸੀ।
ਲੋਕ ਨੁਮਾਇੰਦਿਆਂ ਤੋਂ ਅੱਜ ਦਾ ਭਾਰਤੀ ਸਮਾਜ ਉਪਰਾਮ ਹੈ, ਕਿਉਂਕਿ ਉਹ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਅਮਲਾਂ ‘ਚ ਪੂਰੇ ਨਹੀਂ ਉਤਰ ਰਹੇ। ਲੋਕਾਂ ਦੀ ਜਿਹੜੀ ਅਵਾਜ਼ ਸਦਨ ਵਿੱਚ ਗੂੰਜਣੀ ਚਾਹੀਦੀ ਹੈ, ਵਿਰੋਧੀ ਧਿਰ ਉਹ ਅਵਾਜ਼ ਚੁੱਕ ਨਹੀਂ ਰਹੀ। ਸੱਤਾ ਧਿਰ ਲੋਕਾਂ ਦੇ ਮਸਲਿਆਂ ਦੇ ਹੱਲ ਲਈ ਗੰਭੀਰ ਨਹੀਂ, ਉਹ ਤਾਂ ਆਪਣੇ ਉਹਨਾ ਆਕਾਵਾਂ, ‘ਕਾਰਪੋਰੇਟਾਂ’,  ਧੰਨ ਕੁਬੇਰਾਂ ਨੂੰ ਖੁਸ਼ ਕਰਨ ਦੇ ਯਤਨ ‘ਚ ਹੈ, ਜਿਹੜੇ ਉਹਨਾਂ ਉਤੇ ਧੰਨ ਦੀ ਵਰਖਾ ਕਰਦੇ ਹਨ।
-ਗੁਰਮੀਤ ਸਿੰਘ ਪਲਾਹੀ
-9815802070

ਉਜਾੜਾ ਅਤੇ ਪ੍ਰਵਾਸ ਅਤਿਅੰਤ ਪੀੜਾ ਦਾਇਕ - ਗੁਰਮੀਤ ਸਿੰਘ ਪਲਾਹੀ

ਨਿੱਤ ਦਿਹਾੜੇ ਸੈਂਕੜਿਆਂ ਦੀ ਗਿਣਤੀ 'ਚ ਜ਼ਬਰੀ ਹੱਥਾਂ 'ਚ ਹੱਥਕੜੀਆਂ ਪੈਰਾਂ 'ਚ ਬੇੜੀਆਂ ਨਾਲ ਜਕੜ ਕੇ ਪ੍ਰਵਾਸੀ ਅਮਰੀਕਾ 'ਚੋਂ ਕੱਢੇ ਜਾ ਰਹੇ ਹਨ। ਅਮਰੀਕਾ ਵਸਦੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿੱਚ ਹੈ। ਮੈਕਸੀਕੋ, ਭਾਰਤ ਅਤੇ ਹੋਰ ਦੇਸ਼ਾਂ ਦੇ ਵਸ਼ਿੰਦੇ ਰੁਜ਼ਗਾਰ ਅਤੇ ਚੰਗੇ ਭਵਿੱਖ ਖ਼ਾਤਰ ਏਜੰਟਾਂ ਦੇ ਢਹੇ ਚੜ੍ਹਕੇ ਅਮਰੀਕਾ ਪੁੱਜੇ, ਸਰਕਾਰੀ ਸ਼ਿਕੰਜੇ 'ਚ ਗ਼ੈਰ-ਕਾਨੂੰਨੀ ਹੋਣ ਕਾਰਨ ਜਕੜੇ ਗਏ।
ਅਮਰੀਕਾ ਦੀ ਨਵੀਂ ਹਕੂਮਤ ਆਉਣ 'ਤੇ ਉਹਨਾਂ ਵਿੱਚੋਂ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ 'ਚ ਧੱਕ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਮੁੜ ਉਹਨਾਂ ਨੂੰ ਉੱਥੋਂ ਦੇ ਸਖ਼ਤ ਕਾਨੂੰਨ ਅਨੁਸਾਰ ਫੌਜੀ ਹਵਾਈ ਜਹਾਜ਼ਾਂ ਰਾਹੀਂ ਉਹਨਾ ਦੇ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਹ ਉਹ ਪ੍ਰਵਾਸੀ ਹਨ ਜਿਹੜੇ ਲੱਖਾਂ ਰੁਪਏ ਖ਼ਰਚਕੇ ਡੌਂਕੀ ਰੂਟਾਂ ਰਾਹੀਂ ਵੱਡੇ ਕਸ਼ਟ ਝੱਲਕੇ ਅਮਰੀਕਾ ਪੁੱਜੇ ਸਨ। ਇੱਕ ਰਿਪੋਰਟ ਮੁਤਾਬਕ ਕੁਝ ਸਮੇਂ 'ਚ ਹੀ ਲਗਭਗ 18000 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਦੇਸ਼ ਪਰਤਾ ਦਿੱਤੇ ਜਾਣਗੇ। ਗ਼ੈਰ-ਕਾਨੂੰਨੀ ਪ੍ਰਵਾਸੀਆਂ ਦਾ ਇਹ ਪ੍ਰਤੱਖ ਸਿੱਟਾ ਦੁਖਦਾਇਕ ਹੈ।
ਇਸ ਤੋਂ ਵੱਧ ਪੀੜਾ ਦਾਇਕ ਕੈਨੇਡਾ, ਅਮਰੀਕਾ ਵਸਦੇ ਉਹਨਾ ਲੋਕਾਂ ਦੇ ਡਗਮਗਾਉਂਦੇ  ਭਵਿੱਖ ਦੀ ਵਾਰਤਾ ਹੈ, ਜੋ ਉਹਨਾ ਦੇਸ਼ਾਂ ਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ, ਜਿਹੜੇ ਇਸ ਆਸ ਨਾਲ ਉਹਨਾ ਦੇਸ਼ਾਂ 'ਚ ਚੰਗੇਰੇ ਭਵਿੱਖ ਲਈ ਵਿਦਿਆਰਥੀ ਬਣ ਕੇ ਜਾਂ ਨੌਕਰੀਆਂ ਕਰਨ ਲਈ ਗਏ ਸਨ ਅਤੇ ਹੁਣ ਬਦਲਦੇ ਕਾਨੂੰਨਾਂ ਦੇ ਥਪੇੜੇ ਝੱਲ ਰਹੇ ਹਨ। ਇਹਨਾ ਦੀ ਚਿੰਤਾ ਉੱਥੋਂ ਦੇਸ-ਨਿਕਾਲੇ ਦੀ ਹੈ।
ਅਸਲ ਵਿੱਚ ਪ੍ਰਵਾਸ ਦਾ ਦਰਦ ਇੰਨਾ ਡੂੰਘਾ ਹੈ ਮਨੁੱਖ ਲਈ ਕਿ ਉਸਨੂੰ ਝੱਲਣਾ ਔਖਾ ਹੈ। ਪਿੰਡ ਤੋਂ ਸ਼ਹਿਰ ਦਾ ਪ੍ਰਵਾਸ, ਸ਼ਹਿਰ ਦੇ ਇੱਕ ਕੋਨੇ ਤੋਂ ਦੂਜੇ ਸੂਬੇ ਦਾ ਪ੍ਰਵਾਸ, ਜਿਥੋਂ ਦੀ ਬੋਲੀ, ਸਭਿਆਚਾਰ ਦਾ ਆਪਸੀ ਵਖਰੇਵਾਂ ਹੈ ਅਤੇ ਫਿਰ ਦੇਸ਼ ਤੋਂ ਪ੍ਰਦੇਸ਼ ਦੇ ਪ੍ਰਵਾਸ ਦਾ ਦਰਦ ਮਨੁੱਖ ਨੂੰ ਭਰੇ ਮਨ ਨਾਲ ਮਜ਼ਬੂਰੀ ਬੱਸ ਹੰਡਾਉਣਾ ਪੈਂਦਾ ਹੈ।
ਇਹੋ ਜਿਹੇ ਪ੍ਰਵਾਸ ਦੇ ਦਰਦ ਦੀ ਇੱਕ ਵੰਨਗੀ ਪਿਛਲੇ ਸਾਲਾਂ 'ਚ ਉਸ ਵੇਲੇ ਦੇਸ਼ 'ਚ ਵੇਖਣ ਨੂੰ ਮਿਲੀ ਜਦੋਂ ਕਰੋਨਾ ਆਫ਼ਤ ਨੇ ਦੇਸਾਂ-ਵਿਦੇਸ਼ਾਂ 'ਚ ਕਰੋੜਾਂ ਲੋਕ ਘਰੋਂ ਬੇਘਰ ਕਰ ਦਿੱਤੇ। ਸ਼ਹਿਰਾਂ 'ਚ  ਰੋਜ਼ੀ ਰੋਟੀ ਕਮਾਉਣ  ਗਏ ਲੋਕ ਪਿੰਡਾਂ ਵੱਲ ਪਰਤਾ ਦਿੱਤੇ। ਇਹਨਾ ਪ੍ਰਵਾਸੀਆਂ ਦੇ ਹਾਲਾਤ ਬਦ ਤੋਂ ਬਦਤਰ ਹੋਏ, ਜਿਹੜੇ ਵਰ੍ਹਿਆਂ ਬਾਅਦ ਵੀ ਸੌਖੇ ਨਹੀਂ ਹੋ ਸਕੇ।
ਵੱਡੀਆਂ ਉਜਾੜੇ ਦੀਆਂ ਇਹ ਹਾਲਤਾਂ ਭੁੱਖਮਰੀ ਦੀਆਂ ਪ੍ਰਸਥਿਤੀਆਂ ਪੈਦਾ ਕਰਦੀਆਂ ਹਨ, ਉਦੋਂ ਜਦੋਂ ਮਨੁੱਖ ਆਪਣੀਆਂ  ਜੜ੍ਹਾਂ ਤੋਂ ਉਖੜਨ ਲਈ ਬੇਬਸ ਹੋ ਜਾਂਦਾ ਹੈ। ਵਸਿਆ-ਰਸਿਆ ਘਰ, ਪਰਿਵਾਰ, ਆਲਾ-ਦੁਆਲਾ ਛੱਡਣ ਲਈ ਉਹ ਮਜ਼ਬੂਰ ਹੋ ਜਾਂਦਾ ਹੈ।
ਅੱਜ ਵਿਸ਼ਵ ਭਰ 'ਚ ਜ਼ਬਰਨ ਘਰ ਛੱਡਣ-ਛੁਡਾਉਣ ਦੇ ਹਾਲਾਤਾਂ ਦਾ ਸਾਹਮਣਾ ਕਰਨ ਵਾਲੇ  ਲੋਕਾਂ ਦੀ ਗਿਣਤੀ  ਅੱਠ ਕਰੋੜ ਚਾਲੀ ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਹਨਾ ਵਿੱਚ ਚਾਰ ਕਰੋੜ ਅੱਸੀ ਲੱਖ ਲੋਕ ਤਾਂ ਆਪਣੇ ਦੇਸ਼ਾਂ ਵਿੱਚ ਹੀ ਉਜਾੜੇ ਦਾ ਸ਼ਿਕਾਰ ਹਨ। ਪਰ ਅਸਲ  ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਸੀਆਂ ਦੀ ਗਿਣਤੀ ਸਤਾਈ ਕਰੋੜ ਵੀਹ ਲੱਖ ਪੁੱਜ ਚੁੱਕੀ ਹੈ। ਇਹਨਾ ਵਿੱਚੋਂ 9 ਕਰੋੜ 50 ਲੱਖ ਲੋਕ ਹੇਠਲੇ ਅਤੇ ਵਿਚਕਾਰਲੀ ਆਮਦਨ ਵਾਲੇ ਦੇਸ਼ਾਂ ਵਿੱਚ ਰਹਿ ਰਹੇ ਹਨ। ਉਹ ਉਜਾੜੇ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਜਲਵਾਯੂ ਆਫ਼ਤ, ਭੁਚਾਲ, ਹਿੰਸਕ ਝੜਪਾਂ, ਯੁੱਧ, ਮਹਿੰਗਾਈ-ਬੇਰੁਜ਼ਗਾਰੀ, ਸਿਆਸੀ ਹਾਲਾਤ, ਸੋਕਾ ਅਤੇ ਹੜ੍ਹ ਦੇ ਚਲਦਿਆਂ ਦੁਨੀਆਂ ਦੇ ਉਜਾੜੇ ਦਾ ਸ਼ਿਕਾਰ ਲੋਕਾਂ ਦੀ ਗਿਣਤੀ ਗਿਆਰਾਂ ਕਰੋੜ ਤੋਂ ਵੀ ਵੱਧ ਹੈ, ਜਿਹਨਾ 'ਚ 40 ਫ਼ੀਸਦੀ ਬੱਚੇ ਹਨ। ਉਹ ਰਾਸ਼ਟਰੀਅਤਾ, ਸਿਖਿਆ, ਸਿਹਤ, ਰੁਜ਼ਗਾਰ, ਆਵਾਗਮਨ, ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਹੋ ਚੁੱਕੇ ਹਨ। 2024 'ਚ ਇੱਕ ਰਿਪੋਰਟ ਇਹੋ ਜਿਹੇ ਹਾਲਾਤਾਂ ਬਾਰੇ ਛਪੀ ਹੈ, ਜੋ ਦਰਸਾਉਂਦੀ ਹੈ ਕਿ 2024 ਉਜਾੜੇ 'ਤੇ ਪ੍ਰਵਾਸ ਦੀ ਦ੍ਰਿਸ਼ਟੀ ਤੋਂ ਅਤਿਅੰਤ ਚੁਣੌਤੀ ਭਰਪੂਰ ਰਿਹਾ ਹੈ।
ਸੀਰੀਆ 'ਚ ਉਜਾੜੇ ਦੀ ਸਥਿਤੀ ਗੰਭੀਰ ਹੈ। ਯੁਕਰੇਨ ਜੰਗ ਕਾਰਨ ਇੱਕ ਕਰੋੜ ਤੇਰਾਂ .ਲੱਖ ਲੋਕ ਬੇਘਰ ਹੋ ਗਏ ਹਨ। ਪੋਲੈਂਡ, ਰੁਮਾਨੀਆ, ਹੰਗਰੀ  ਅਤੇ ਬੇਲਾਰੂਸ  ਦੇ ਲੋਕ ਗੁਆਂਢੀ ਦੇਸ਼ਾਂ 'ਚ ਸ਼ਰਨਾਰਥੀ ਬਣੇ ਹੋਏ ਹਨ। ਅਫਗਾਨਿਸਤਾਨ ਦੇ  ਇੱਕ ਕਰੋੜ ਨੱਬੇ ਲੱਖ ਲੋਕ ਭੁੱਖਮਰੀ ਵਰਗੇ ਹਾਲਾਤਾਂ ਵਿੱਚ ਹਨ। ਵੈਨੇਜੋਏਲਾ 'ਚ ਤੇਈ ਲੱਖ ਲੋਕ ਭੁੱਖਮਰੀ ਦੀ ਗੰਭੀਰ ਸਥਿਤੀ ਸੰਕਟ 'ਚ ਹਨ। ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ। ਦੱਖਣੀ ਸੁਡਾਨ ਦੇ ਹਾਲਾਤ ਅਤਿਅੰਤ ਗੰਭੀਰ ਹਨ। ਮੀਆਂਮਾਰ ਵਿੱਚੋਂ ਉਜੜੇ ਸਤਾਰਾਂ ਲੱਖ ਲੋਕ ਆਪਣੀ ਨਾਗਰਿਕਤਾ ਗੁਆ ਕੇ ਦੁਨੀਆ ਦੇ ਸਭ ਤੋਂ ਜ਼ਿਆਦਾ ਸਤਾਏ ਜਾਣ ਵਾਲੀ ਸਥਿਤੀ 'ਚ ਘੱਟ ਗਿਣਤੀਆਂ ਦੇ ਰੂਪ 'ਚ ਜਾਣੇ ਜਾਂਦੇ ਹਨ। ਇਹਨਾ ਦੇਸ਼ਾਂ ਦੇ ਬੱਚਿਆਂ ਦੇ ਹਾਲਾਤ ਅਤਿਅੰਤ ਤਰਸਯੋਗ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਨ ਕਾਰਨ ਬੋਨੇਪਨ ਦਾ ਸ਼ਿਕਾਰ ਹਨ। ਦੁਨੀਆਂ 'ਚ ਇਸ ਸਮੇਂ ਸਭ ਤੋਂ ਵੱਧ ਆਬਾਦੀ ਸ਼ਰਨਾਰਥੀਆਂ ਦੀ ਹੈ, ਜਿਹਨਾ ਵਿੱਚ ਦੋ ਕਰੋੜ ਪੰਜਾਹ ਲੱਖ ਤੋਂ ਜ਼ਿਆਦਾ ਆਪਣੇ ਘਰਾਂ 'ਚੋਂ ਉਜੜਕੇ ਵਿਦੇਸ਼ਾਂ 'ਚ ਦਿਨ ਕੱਟੀ ਕਰ ਰਹੇ ਹਨ। ਇਹਨਾ ਵਿੱਚੋਂ ਇੱਕ ਕਰੋੜ ਦਸ ਲੱਖ ਬੱਚੇ ਹਨ। ਪਿਛਲੇ ਦਸ ਸਾਲਾਂ 'ਚ ਇਹ ਸੰਖਿਆ ਦੁਗਣੀ ਹੋ ਗਈ ਹੈ।
 ਵਿਸ਼ਵ ਭਰ 'ਚ ਟੈਕਨੌਲੋਜੀ ਦੇ ਵਿਕਾਸ ਦੇ ਫੋਕੇ ਨਾਹਰਿਆਂ ਵਿਚਕਾਰ ਬੀਤੇ ਸਾਲ 2024 ਵਿੱਚ ਲਗਭਗ ਪੰਦਰਾਂ ਕਰੋੜ ਲੋਕ ਭੁੱਖਮਰੀ ਤੋਂ ਬੇਹਾਲ ਰਹੇ। ਕੋਵਿਡ ਦੇ ਬਾਅਦ ਹੁਣ ਤੱਕ ਇਸ ਗਿਣਤੀ 'ਚ ਪੰਦਰਾਂ ਕਰੋੜ ਦਾ ਹੋਰ ਵਾਧਾ ਹੋਇਆ। ਇੱਕ ਅਧਿਐਨ ਅਨੁਸਾਰ ਸਤਾਹਟ ਕਰੋੜ ਲੋਕਾਂ ਨੂੰ 2030 ਤੱਕ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤ ਵਿੱਚ ਉਜਾੜੇ ਅਤੇ ਪ੍ਰਵਾਸ ਦੇ ਕਾਰਨ ਵੱਖ-ਵੱਖ ਖਿੱਤਿਆਂ 'ਚ ਵੱਖੋ-ਵੱਖਰੇ ਹਨ। ਇਹਨਾ ਦਾ ਕਾਰਨ ਸੋਕਾ, ਹੜ੍ਹ ਵੀ ਹੈ, ਭੋਜਨ ਦੀ ਘਾਟ ਵੀ ਅਤੇ ਹਿੰਸਾ ਅਤੇ ਸੰਘਰਸ਼ ਵੀ। ਡਾਊਨ ਟੂ ਅਰਥ ਸਟੇਟ ਆਫ਼ ਇੰਡੀਅਨਜ਼ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਇਹ ਦਾਅਵਾ ਕਰਦੀ ਹੈ ਕਿ ਸੰਘਰਸ਼ ਅਤੇ ਹਿੰਸਾ ਕਾਰਨ ਲਗਭਗ ਪਚਾਸੀ ਲੱਖ ਲੋਕ ਉਜਾੜੇ ਦਾ ਸ਼ਿਕਾਰ ਹੋਏ। ਅਸਾਮ, ਮਿਜ਼ੋਰਮ, ਕਸ਼ਮੀਰ, ਮੇਘਾਲਿਆ, ਮਨੀਪੁਰ, ਤ੍ਰਿਪੁਰਾ 'ਚ ਸਾਲ 2022 ਦੇ ਅੰਤ ਤੱਕ ਸੱਤ ਲੱਖ ਲੋਕਾਂ ਨੂੰ ਆਪਣੇ ਘਰ ਛਡਣੇ ਪਏ।
ਵਿਕਾਸ ਦੀਆਂ ਕਈ ਯੋਜਨਾਵਾਂ ਵੀ ਉਜਾੜੇ ਦਾ  ਕਾਰਨ ਬਣ ਰਹੀਆਂ ਹਨ। ਸੈਂਟਰ ਫਾਰ ਸਾਇੰਜ ਐਂਡ ਇਨਵਾਇਰਨਮੈਂਟ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਹੜ੍ਹ, ਸੋਕੇ ਅਤੇ ਚੱਕਰਵਾਤ ਤੂਫਾਨਾਂ ਕਾਰਨ ਭਾਰਤ ਵਿੱਚ ਵੱਡੇ ਪੈਮਾਨੇ ਉੱਤੇ ਉਜਾੜਾ ਹੋ ਰਿਹਾ ਹੈ। ਦੇਸ਼ ਦੇ ਪਹਾੜੀ ਅਤੇ ਸਮੁੰਦਰੀ ਤੱਟ ਵਰਤੀ ਖੇਤਰਾਂ ਤੋਂ ਬਿਨ੍ਹਾਂ ਬਿਹਾਰ, ਛੱਤੀਸਗੜ੍ਹ, ਝਾਰਖੰਡ 'ਚ ਵੀ ਲਗਾਤਾਰ ਇਹੋ ਜਿਹੀਆਂ  ਸਥਿਤੀਆਂ ਵੇਖਣ ਨੂੰ ਮਿਲਦੀਆਂ ਹਨ।
ਬਿਨ੍ਹਾਂ ਸ਼ੱਕ ਮਨੁੱਖ ਨੂੰ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਕੁਦਰਤੀ ਆਫ਼ਤਾਂ ਹਨ, ਜਿਹਨਾ ਦਾ ਕਾਰਨ ਵਾਤਾਵਰਨ ਨਾਲ ਵੱਡੀ ਛੇੜ-ਛਾੜ ਹੈ, ਜਿਸਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈਂਦਾ ਹੈ। ਆਮ ਲੋਕਾਂ ਵਿੱਚੋਂ ਵੀ ਘੱਟ ਤਾਕਤਵਰ, ਕੰਮਜ਼ੋਰ ਲੋਕ, ਖ਼ਾਸ ਕਰਕੇ ਔਰਤਾਂ ਤੇ ਬੱਚੇ ਆਫ਼ਤਾਂ, ਯੁੱਧਾਂ ਦੇ ਸਿੱਟਿਆਂ ਦਾ ਵੱਧ ਸ਼ਿਕਾਰ ਹੁੰਦੇ ਹਨ।
ਸਮਾਜ 'ਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ, ਸਾਧਨਾਂ ਦੀ ਲੁੱਟ, ਇਹੋ ਜਿਹੇ ਕਾਰਨ ਹਨ, ਜੋ ਸਾਧਨਹੀਣ ਮਨੁੱਖ ਲਈ ਵਧੇਰੇ ਮੁਸੀਬਤਾਂ ਖੜੀਆਂ ਕਰਦੇ ਹਨ। ਹੇਠਲੇ ਵਰਗ ਵਾਲੇ, ਘੱਟ ਆਮਦਨੀ ਵਾਲੇ ਲੋਕਾਂ ਨੂੰ ਪ੍ਰਵਾਸ ਦਾ ਵੱਧ ਦਰਦ ਸਹਿਣਾ ਪੈਂਦਾ ਹੈ। ਘਰੋਂ ਬੇਘਰ ਹੋਣਾ, ਭੁੱਖਮਰੀ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ ਦੀ ਮਾਰ ਹੇਠ ਆਉਣਾ, ਇਹ ਵਰਤਮਾਨ ਸਮੇਂ 'ਚ ਕਾਰਪੋਰੇਟ ਦੇ ਘਰਾਣਿਆਂ ਦੀ ਤਾਕਤ ਤੇ ਧਨ ਹਥਿਆਉਣ ਦਾ ਸਿੱਟਾ ਹੈ। ਜੋ ਕੁਦਰਤ ਦੇ ਨਾਲ ਖਿਲਵਾੜ ਕਰਕੇ ਨਵੇਂ ਪ੍ਰਾਜੈਕਟ ਲਗਾਕੇ ਸਾਧਨਾਂ ਦੀ ਲੁੱਟ ਕਰਕੇ ਆਪਣੇ ਭੜੌਲੇ ਭਰਦੇ ਹਨ, ਹਾਕਮਾਂ ਨਾਲ ਰਲਕੇ ਲੋਕਾਂ ਦੀ ਲੁੱਟ-ਖਸੁੱਟ ਕਰਦੇ ਹਨ, ਉਹਨਾ ਦਾ ਸ਼ੋਸਣ ਕਰਦੇ ਹਨ। ਇਹ ਵਰਤਾਰਾ ਦੇਸ-ਪ੍ਰਦੇਸ 'ਚ ਲਗਾਤਾਰ ਵੱਧ ਰਿਹਾ ਹੈ।
ਮਨੁੱਖ ਮੁੱਢ ਕਦੀਮ ਤੋਂ ਪ੍ਰਵਾਸ ਹੰਢਾਉਂਦਾ, ਜੰਗਲ ਬੇਲੇ  ਘੁੰਮਦਾ, ਸੁਰੱਖਿਅਤ ਟਿਕਾਣਿਆਂ ਅਤੇ ਚੰਗੇ ਸੁਖਾਵੇਂ ਜੀਵਨ ਦੀ ਭਾਲ ਤੇ ਲਾਲਸਾ ਤਹਿਤ ਆਪਣੀ ਜਨਮ ਭੂਮੀ  ਤੋਂ ਦੂਰ ਜਾਂਦਾ ਰਿਹਾ ਹੈ। ਜੀਵਨ ਦਾ ਉਸਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਉਸਦੀ ਤਾਂਘ ਬ੍ਰਹਿਮੰਡ 'ਚ ਵਿਸ਼ਵ ਨਾਗਰਿਕਤਾ ਪ੍ਰਾਪਤ ਕਰਨ ਨਾਲ ਜੁੜੀ ਹੈ। ਉਸਦੀ ਸੋਚ, ਭੁੱਖਮਰੀ ਤੋਂ ਛੁਟਕਾਰਾ ਪਾਕੇ ਚੰਗੀ ਸਾਵੀ ਜ਼ਿੰਦਗੀ ਜੀਊਣ ਨਾਲ ਬੱਝੀ ਹੋਈ ਹੈ। ਦੇਸਾਂ-ਵਿਦੇਸ਼ਾਂ ਦੀਆਂ ਸਰਕਾਰਾਂ ਦੇ ਨਿਯਮ ਉਸਨੂੰ ਆਪਣੀ ਖੁਲ੍ਹੀ ਸੋਚ 'ਚ ਰੁਕਾਵਟ ਜਾਪਦੇ ਹਨ। ਉਹ ਕਈ ਵੇਰ ਵੱਡੇ ਜ਼ੋਖ਼ਮ ਉਠਾਕੇ ਕਾਨੂੰਨੀ  ਸੰਗਲਾਂ ਨੂੰ ਤੋੜਦਾ ਹੈ ਅਤੇ ਕਈ ਵੇਰ ਆਪ ਇਹਨਾ ਸੰਗਲਾਂ 'ਚ ਜਕੜਿਆਂ ਜਾਂਦਾ ਹੈ।
 ਉਂਜ ਮਨੁੱਖ ਲਈ ਉਜਾੜਾ ਅਤੇ ਪ੍ਰਵਾਸ ਦੋਵੇਂ ਹੀ ਅਤਿਅੰਤ ਖ਼ਤਰਨਾਕ ਪੀੜਾ ਦਾਇਕ ਹਨ। ਜਿਹਨਾ ਤੋਂ ਨਿਜਾਤ ਪਾਉਣ  ਲਈ ਮਨੁੱਖ ਨੂੰ ਨਿਵੇਕਲੀ ਸੋਚ ਨਾਲ ਨਵੇਂ ਦਿਸਹੱਦੇ ਸਿਰਜਣੇ ਪੈਣਗੇ ਤਾਂ ਕਿ ਚੰਗੇਰਾ ਮਨੁੱਖੀ ਜੀਵਨ ਜੀਊਣ ਦੀਆਂ ਉਸਦੀਆਂ ਆਸਾਂ ਨੂੰ ਬੂਰ ਪਵੇ।
-ਗੁਰਮੀਤ ਸਿੰਘ ਪਲਾਹੀ
-9815802070

ਆਖ਼ਿਰ ‘ਆਪ’ ਦਿੱਲੀ ਕਿਉਂ ਹਾਰੀ ? -  ਗੁਰਮੀਤ ਸਿੰਘ ਪਲਾਹੀ

‘ਆਪ’ ਲੋਕਾਂ ਦੇ ਦਿਲ ਤੋਂ ਉਤਰ ਗਈ ਹੈ? ਜਿਸ ਚਮਤਕਾਰ ਨਾਲ ‘ਆਪ’ ਰਾਜਨੀਤੀ ਵਿੱਚ ਆਈ ਸੀ, ਉਸੇ ਚਮਤਕਾਰ ਨਾਲ ਹੀ ਵਾਪਸ ਜਾ ਰਹੀ ਹੈ ? ਉਹ ਰਾਜਨੀਤੀ ਦੇ ਜਿਸ ਉੱਜਲੇ ਪੱਖ ਨੂੰ ਫੜ ਕੇ ਸੱਤਾ ਵਿੱਚ ਆਏ ਸਨ, ਉਸ ਉਤੇ ਟਿਕੇ ਰਹਿੰਦੇ ਤਾਂ ਐਤਕਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੱਲ ਕੁੱਝ ਹੋਰ ਹੀ ਹੁੰਦੀ।
          ਇਸ ਸੰਦਰਭ ‘ਚ ਸਮਾਜਿਕ ਕਾਰਜਕਰਤਾ ਅੱਨਾ ਹਜ਼ਾਰੇ, ਜੋ ਕਿ ਅਰਵਿੰਦ ਕੇਜਰੀਵਾਲ ਦੇ ਗੁਰੂ ਰਹਿ ਚੁੱਕੇ ਹਨ,ਦੇ ਉਹ ਸ਼ਬਦ ਸਮਝਣ ਵਾਲੇ ਹਨ, ਜਿਹੜੇ ਉਹਨਾ ਦਿੱਲੀ ‘ਚ ਭਾਜਪਾ ਦੀ 27 ਸਾਲਾਂ ਬਾਅਦ ਸੱਤਾ ਵਾਪਸੀ 'ਤੇ ਕਹੇ ਹਨ, "ਆਪ ਸ਼ਰਾਬ ਨੀਤੀ ਤੇ ਪੈਸੇ ਕਾਰਨ ਡੁੱਬੀ ਹੈ”।
          ਅੰਨਾ ਹਜ਼ਾਰੇ ਨੇ ਕੇਜਰੀਵਾਲ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਉਸ ‘ਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਉਹਨਾ ਇਹ ਵੀ ਕਿਹਾ ਕਿ ਸ਼ਰਾਬ ਨੀਤੀ ਨਾਲ ਆਏ ਪੈਸੇ ‘ਚ ‘ਆਪ’ ਡੁੱਬ ਗਈ ਸੀ। 'ਆਪ' ਦੀ ਸ਼ਾਖ ਕਲੰਕਿਤ ਹੋ ਗਈ ਸੀ। ਉਹਨਾਂ ਕਿਹਾ ਕਿ 'ਆਪ' ਇਸ ਲਈ ਹਾਰੀ, ਕਿਉਂਕਿ ਇਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਲੋੜ ਨੂੰ ਸਮਝਣ ‘ਚ ਅਸਫ਼ਲ ਰਹੀ ਤੇ ਗਲਤ ਰਸਤੇ 'ਤੇ ਚਲ ਪਈ।
          ਬਿਨਾਂ ਸ਼ੱਕ ‘ਆਪ’ ਨੂੰ ਹਰਾਉਣ ਵਾਲੀ ਭਾਜਪਾ ਨੇ ਰਿਓੜੀਆਂ ਦੇ ਵੱਡਾ ਪੈਕਟ ਵੰਡੇ। ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਦਿਲਵਾਲਿਆਂ ਨੇ ਇਸੇ ਕਰਕੇ, ਮਨ ਬਦਲੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਚੋਣ ਮੰਚਾਂ ਤੋਂ ਐਲਾਨ ਕੀਤਾ ਕਿ ਮੁਫ਼ਤ ਬਿਜਲੀ-ਪਾਣੀ ਦੀ ਕਿਸੇ ਵੀ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਏਗਾ। ਔਰਤਾਂ ਨੂੰ ਹਰ ਮਹੀਨੇ 2500 ਰੁਪਏ, 500 ਰੁਪਏ 'ਚ ਰਸੋਈ ਗੈਸ ਸਿਲੰਡਰ ਅਤੇ ਅੱਟਲ ਕੰਟੀਨ ਦੇ ਰਾਹੀਂ 5 ਰੁਪਏ ‘ਚ ਭੋਜਨ ਦਿੱਤਾ ਜਾਏਗਾ। ਆਮ ਬਜਟ ਵਿੱਚ 12 ਲੱਖ ਤੱਕ ਦੀ ਆਮਦਨ ਕਰ ਤੇ ਟੈਕਸ 12 ਲੱਖ ਤੱਕ ਦੀ ਆਮਦਨ ਕਰ ਤੇ ਟੈਕਸ ਫ੍ਰੀ ਛੋਟ ਕਰਕੇ ਅਤੇ 8ਵੇਂ ਤਨਖ਼ਾਹ ਆਯੋਗ ਦਾ ਐਲਾਨ ਕਰਕੇ ਉਹਨਾਂ ਨੇ ਮੱਧਵਰਗੀ ਲੋਕਾਂ ਦਾ ਦਿਲ ਜਿੱਤ ਲਿਆ। ਪਰ ਕਈ ਹੋਰ ਅਜਿਹੇ ਕਾਰਨ ਹਨ, ਜਿਹੜੇ 'ਆਪ' ਦੀ ਹਾਰ ਦਾ ਕਾਰਨ ਬਣੇ।
          ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਨੇ ਸਾਫ਼-ਸੁਥਰੀ ਰਾਜਨੀਤੀ ਅਤੇ ਅਲੱਗ ਤਰ੍ਹਾਂ ਦੀ ਰਾਜਨੀਤੀ ਦਾ ਬੇੜਾ ਚੁੱਕਿਆ, ਇਹ ਕੁੱਝ ਸਾਲ ਚੱਲਿਆ ਵੀ। ਲੋਕਾਂ ਨੇ ਇਸਦਾ ਸਵਾਗਤ ਵੀ ਕੀਤਾ। ਕਿਉਂਕਿ ਦਲਦਲੀ ਸਿਆਸਤ ਨੇ ਹਿੰਦੋਸਤਾਨ ਦਾ ਚਿਹਰਾ-ਮੋਹਰਾ ਵਿਗਾੜ ਦਿੱਤਾ  ਹੋਇਆ ਸੀ। ਪਰ ਕੁੱਝ ਸਮੇਂ ਬਾਅਦ ਹੀ 'ਆਪ' ਇਸੇ ਦਲਦਲੀ ਸਿਆਸਤ ਦਾ ਸ਼ਿਕਾਰ ਹੋ ਗਈ। ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੀ ਵਿਵਹਾਰ ਕਰਨ ਲੱਗੀ। ਕੇਜਰੀਵਾਲ ਨੇ ਆਪਣੀ ਹੀ ਪਾਰਟੀ ‘ਚ ਬੈਠੇ ਕੱਦਵਾਰ ਨੇਤਾਵਾਂ ਨੂੰ ਹੌਲੀ ਹੌਲੀ ਕਰਕੇ ਬਾਹਰ ਧੱਕ ਦਿੱਤਾ ਅਤੇ ‘ਆਪ’ ਦੇ ਸਰਵੋ-ਸਰਵਾ ਹੋ ਬੈਠੇ, ਜਿਥੇ ਕੋਈ ਉਹਨਾਂ ਨੂੰ ਸਵਾਲ ਨਹੀਂ ਕਰ ਸਕਦਾ।
          ਇਸ ਤਰ੍ਹਾਂ ਬਾਕੀ ਦਲਾਂ ਵਾਂਗਰ ਵਿਵਹਾਰ ਕਰਨ ਨਾਲ 'ਆਪ' ਦਾ ਪਤਨ ਸ਼ੁਰੂ ਹੋ ਗਿਆ। 'ਆਪ' ਦੇ ਆਗੂ ਐਕਸਾਈਜ਼ ਪਾਲਿਸੀ ਘੁਟਾਲੇ, ਸ਼ੀਸ਼ ਮਹਿਲ ਘੁਟਾਲਿਆਂ ‘ਚ ਫਸ ਗਏ। 2024 ‘ਚ ਦੇਸ਼ ਵਿਆਪੀ ‘ਇੰਡੀਆ ਗੱਠਜੋੜ’ ਦਾ ਹਿੱਸਾ ਬਣਕੇ ਵੀ 'ਆਪ' ਨੇ ਕੁਝ ਸੂਬਿਆਂ ‘ਚ ਆਪਣੀ ਵੱਖਰੀ ਡੱਫਲੀ ਵਜਾਈ। ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨਾਲ ਸਾਂਝ ਭਿਆਲੀ ਨਾ ਪਾਕੇ, ਇਕੱਲਿਆਂ ਚੋਣ ਲੜੀ ਅਤੇ ਕਾਂਗਰਸ ਦੀ ਹਾਰ ਦਾ ਕਾਰਨ ਬਣੀ। ਦਿੱਲੀ ਵਿੱਚ ਵੀ ਕਾਂਗਰਸ ਨਾਲ ਰਲਕੇ ਚੋਣ ਲੜਨ ਦੀ ਵਜਾਏ, ਇਕੱਲਿਆਂ ਚੋਣ ਲੜੀ।
          ਚੋਣ ਨਤੀਜੇ ਦੱਸਦੇ ਹਨ ਕਿ ਕਾਂਗਰਸ ਦਾ ਵੋਟ ਬੈਂਕ ਦਿੱਲੀ ‘ਚ ਦੋ ਪ੍ਰਤੀਸ਼ਤ ਵੱਧਣ ਨਾਲ ‘ਆਪ’ ਨੂੰ ਢਾਅ ਲੱਗੀ ਅਤੇ ਉਹ 13 ਸੀਟਾਂ ਉਤੇ ਕਾਂਗਰਸ ਦੇ ਉਮੀਦਵਾਰਾਂ ਕਾਰਨ ਹਾਰ ਗਈ। ਹਾਲਾਂਕਿ ਕਾਂਗਰਸ ਦੇ 70 ਵਿਚੋਂ 67 ਉਮਦੀਵਾਰਾਂ ਦੀ ਜਮਾਨਤ ਜ਼ਬਤ ਹੋ ਗਈ। ਜਿਹਨਾਂ 13 ਸੀਟਾਂ ਤੇ 'ਆਪ' ਕਾਂਗਰਸ ਕਾਰਨ ਹਾਰੀ ਉਹਨਾਂ ਸੀਟਾਂ ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਜਿੰਨਾ ਫ਼ਰਕ ਰਿਹਾ, ਉਹ ਕਾਂਗਰਸ ਨੂੰ ਮਿਲੀਆਂ ਵੋਟਾਂ ਨਾਲੋਂ ਘੱਟ ਸੀ। ਵਿਧਾਨ ਸਭਾ ਚੋਣਾਂ ‘ਚ ਭਾਜਪਾ 48 ਸੀਟਾਂ ਅਤੇ 'ਆਪ' ਨੇ 22 ਸੀਟਾਂ ਜਿੱਤੀਆਂ ਹਨ। ਭਾਜਪਾ ਦੇ ਪਿਛਲੇ 10 ਸਾਲਾਂ ਵਿੱਚ 13 ਫ਼ੀਸਦੀ ਵੋਟ ਵਧੇ ਜਦਕਿ ਇਸੇ ਅਰਸੇ ਦੌਰਾਨ 'ਆਪ' ਨੇ 10 ਫ਼ੀਸਦੀ ਵੋਟ ਗੁਆ ਲਏ।
          ਉਂਜ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ‘ਆਪ’ ਦੇ ਕੇਜਰੀਵਾਲ, ਮਨੀਸ਼ ਸਿਸੋਦੀਆ, ਦੁਰਗੇਸ਼ ਪਾਠਕ ਚੋਣ ਹਾਰ ਗਏ ਹਨ। ਕਿਉਂਕਿ ਭਾਜਪਾ ਵਲੋਂ ਇਸ ਉੱਚ ਲੀਡਰਸ਼ਿਪ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਹੋਈ ਸੀ। ਇਸ ਮੰਤਵ ਲਈ ਪਹਿਲਾਂ ਕੇਂਦਰ ਸਰਕਾਰ ਨੇ ਸਾਮ-ਦਾਮ-ਦੰਡ ਦੀ ਖੁਲ੍ਹੇਆਮ ਵਰਤੋਂ ਕੀਤੀ। ਵੋਟਾਂ ਦੀ ਆਖ਼ਰੀ ਸਮੇਂ ਕੱਟ-ਵੱਢ ਕੀਤੀ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੂਰੀ ਵਾਹ ਲਾਕੇ ਇਸ ਚੋਣ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ।
          ਪਰ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਨਵੀਂ ਪਾਰਟੀ 'ਆਪ' ਜਿਸਨੇ ਲੋਕਾਂ ਦੀ ਹਰਮਨ ਪਿਆਰਤਾ ਕਾਰਨ  ਰਾਸ਼ਟਰੀ ਪਾਰਟੀ ਦਾ ਰੁਤਬਾ ਕੁਝ ਸਾਲਾਂ 'ਚ ਪ੍ਰਾਪਤ ਕਰ ਲਿਆ ਸੀ, ਲੋਕਾਂ ਦੇ ਮਨਾਂ ਤੋਂ ਕਿਉ ਲੱਥ ਰਹੀ ਹੈ? ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਇਹ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਂਗਰ ਵੋਟਾਂ ਵਟੋਰਨ, ਤਾਕਤ ਹਥਿਆਉਣ ਦੇ ਰਾਹ ਪੈ ਗਈ, ਅਤੇ ਇਸਦੇ ਨੇਤਾ ਪੰਜ ਤਾਰਾ ਕਲਚਰ ਦਾ ਸ਼ਿਕਾਰ ਹੋ ਗਏ। ਪੰਜਾਬ ਇਸਦੀ  ਉਦਾਹਰਨ ਹੈ। ਪੰਜਾਬ 'ਚ 117 ਵਿੱਚੋਂ 92 ਸੀਟਾਂ ਇਸ ਪਾਰਟੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਂਅ 'ਤੇ ਜਿੱਤੀਆਂ। ਪਰ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਚਰਮ ਸੀਮਾਂ 'ਤੇ ਹੈ। ਰੇਤ ਬਜ਼ਰੀ ਮਾਫੀਆਂ ਉਤੇ ਸਰਕਾਰ ਦਾ ਕੰਟਰੋਲ ਹੀ ਨਹੀਂ। ਕਮਿਸ਼ਨ ਦੇਣ-ਲੈਣ ਵਾਲਿਆਂ ਦੇ 'ਪਾਲੇ' ਬਦਲ ਗਏ ਹਨ।
          ਆਪ ਨੇ ਸਥਾਨਕ ਪੰਚਾਇਤੀ ਚੋਣਾਂ ਅਤੇ ਨਗਰਪਾਲਿਕਾ ਚੋਣਾਂ ‘ਚ ਜਿਸ ਕਿਸਮ ਦਾ ਵਿਵਹਾਰ ਕੀਤਾ, ਉਸ ਨਾਲ ਲੋਕਾਂ ਦੇ ਮਨਾਂ ‘ਚ ਇਹ ਧਾਰਨਾ ਬਣ ਗਈ ਕਿ ਇਸ ਨਾਲੋਂ ਤਾਂ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਾ ਕਰਵਾਕੇ, ਕਿਸੇ ਨਵੇਂ ਬਿੱਲ ਜਾਂ ਨੋਟੀਫੀਕੇਸ਼ਨ ਰਾਹੀਂ ਇਹਨਾਂ ਪੰਚਾਇਤਾਂ, ਨਗਰਪਾਲਿਕਾਵਾਂ ‘ਚ ਆਪਣੇ ਲੋਕਾਂ ਨੂੰ ਨੋਮੀਨੇਟ ਕਰ ਦਿੰਦੀ। ਅੰਮ੍ਰਿਤਸਰ, ਫਗਵਾੜਾ ਨਗਰ ਨਿਗਮ ਤੇ ਹੋਰ ਕਈ ਪਾਲਿਕਾਵਾਂ ‘ਚ ਜਿਸ ਢੰਗ ਨਾਲ ਕਾਂਗਰਸ ਦੀਆਂ ਵਾਧੂ ਸੀਟਾਂ ਹੋਣ ਦੇ ਬਾਵਜੂਦ ਆਪ ਨੇ ਜੁਗਾੜ ਲਗਾ ਕੇ ਆਪਣੇ ਮੇਅਰ ਬਣਾਏ ਅਤੇ ਜਿਵੇਂ ਬਹੁਤ ਸਾਰੀਆਂ ਹੋਰ ਨਗਰ ਕੌਂਸਲਾਂ  ‘ਚ ਆਪਣੇ ਪ੍ਰਧਾਨ ਬਨਾਉਣ ਲਈ ਸਾਮ-ਦਾਮ-ਦੰਡ ਦੀ ਵਰਤੋਂ ਕੀਤੀ, ਉਸ ਨਾਲ ‘ਆਪ’ ਦਾ ਚਿਹਰਾ ਮੋਹਰਾ ਵੀ ਰਿਵਾਇਤੀ ਪਾਰਟੀਆਂ ਵਾਲਾ ਹੋ ਗਿਆ।
          ਪੰਜਾਬ ‘ਚ 'ਆਪ' ਦੇ ਕਾਂਗਰਸ ਨਾਲ ਵਰਤਾਰੇ ਦਾ ਪ੍ਰਭਾਵ ਦਿੱਲੀ ਵਿਧਾਨ ਸਭਾ ਚੋਣਾਂ ‘ਚ ਵੇਖਣ ਨੂੰ ਮਿਲਿਆ, ਜਦੋਂ ਕਾਂਗਰਸ ਨੇ ‘ਆਪ’ ਵਿਰੁੱਧ ਉਤਨੀ ਚੋਣ ਜੰਗ ਆਰੰਭੀ, ਜਿੰਨੀ ਭਾਜਪਾ ਵਿਰੁੱਧ ਅਤੇ ਇਸ ਦਾ ਖਾਮਿਆਜ਼ਾ ‘ਆਪ’ ਨੂੰ ਭੁਗਤਣਾ ਪਿਆ।
          ਹੁਣ ਸਵਾਲ ਪੈਦਾ ਹੁੰਦੇ ਹੈ ਕਿ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਦਾ ਕੀ ਹਾਲ ਹੋਏਗਾ? ਕੀ ਇਸ ਦਾ ਮਨੋਵਲ ਨਹੀਂ ਡੋਲੇਗਾ? ਕਿਉਂਕਿ 'ਆਪ' ਮੰਤਰੀ ਮੰਡਲ, ਮੁਖਮੰਤਰੀ ਸਮੇਤ ਦਿੱਲੀ ਦੀਆਂ ਚੋਣਾਂ ‘ਚ ਰੁਝਿਆ ਰਿਹਾ। ਅਤੇ ‘ਆਪ’ ਦੇ ਖਾਸ ਵਰਕਰ ਉੱਥੇ ਪ੍ਰਚਾਰ ਕਰਦੇ ਵੇਖੇ ਗਏ। 2022 ‘ਚ 'ਆਪ' ਨੇ ਪੰਜਾਬ ‘ਚ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਈ ਸੀ। ਮੁਫ਼ਤ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਵਿੱਚ ਆਮ ਲੋਕਾਂ ਨੂੰ ਦਿੱਤਾ ਗਿਆ, ਉਸਦਾ ਪ੍ਰਚਾਰ ਕਰਕੇ ਦਿੱਲੀ ਵਿੱਚ ‘ਆਪ’ 43.5 ਫੀਸਦੀ ਵੋਟ ਬਚਾਉਣ ‘ਚ ਕਾਮਯਾਬ ਵੀ ਹੋਈ। ਹਾਲਾਂ ਕਿ ਭਾਜਪਾ ਉਸ ਤੋਂ ਸਿਰਫ਼ 2.25 ਫੀਸਦੀ ਵੱਧ ਵੋਟਾਂ ਲੈ ਕੇ ਵੱਧ ਸੀਟਾਂ ਪ੍ਰਾਪਤ ਕਰ ਗਈ।
          ਪੰਜਾਬ ਵਿੱਚ ਆਉਣ ਵਾਲੇ ਦਿਨ ‘ਆਪ’ ਲਈ ਖ਼ਤਰਨਾਕ ਹੋ ਸਕਦੇ ਹਨ। ਕਿਉਂਕਿ ਪੰਜਾਬ ‘ਚ ਸਰਕਾਰੀ ਸੱਤਾ ਅਤੇ ਸੰਗਠਨ ਦੋਨਾਂ ਵਿੱਚਕਾਰ ਵੱਡਾ ਗੈਪ ਹੈ। 93 ਵਿਧਾਇਕਾਂ ਦੀ ਸਰਕਾਰ ਵਿੱਚ ਸੁਣਵਾਈ ਨਹੀਂ। ਲੋਕਸਭਾ ਚੋਣਾਂ ‘ਚ ਕਮਜ਼ੋਰ ਪ੍ਰਦਰਸ਼ਨ ਦੇ ਬਾਅਦ ਭਾਵੇਂ ਵਿਧਾਨ ਸਭਾ ਦੀਆਂ 4 ਸੀਟਾਂ ‘ਤੇ ਉਸਦੀ ਕਾਰਗੁਜਾਰੀ ਚੰਗੀ ਰਹੀ। ਸੂਬੇ 'ਚ ਪਰ ਸਰਕਾਰੀ ਪ੍ਰਬੰਧਨ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਅਤੇ ਪੁਲਿਸ ਪ੍ਰਸ਼ਾਸ਼ਨ ‘ਤੇ ਵੀ ਸਵਾਲ ਉੱਠ ਰਹੇ ਹਨ।
           ‘ਆਪ’ ਪਾਰਟੀ ਉਤੇ ਪਿਛਲੇ ਸਮੇਂ ਤੋਂ ਵੱਡੇ ਸਵਾਲ ਉੱਠ ਰਹੇ ਹਨ। ਪਾਰਟੀ ਭ੍ਰਿਸ਼ਟਾਚਾਰ ਨਾਲ ਲੜਨ ਦਾ ਦਾਅਵਾ ਕਰ ਰਹੀ ਸੀ, ਪਰ ਉਸ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। 'ਆਪ' ਉੱਤੇ ਇਹ ਇਲਜ਼ਾਮ ਵੀ ਲੱਗਾ ਅਤੇ ਇਹ ਤੱਥ ਵੀ ਸਹੀ ਹੈ ਕਿ ਰਿਓੜੀਆਂ ਵੰਡਣ ਦੀ ਸਿਆਸਤ ਵਿੱਚ ਉਸਨੇ ਵੱਡਾ ਯੋਗਦਾਨ ਪਾਇਆ ਅਤੇ ਉਸੇ ਦੀ ਇਸ ਸਿਆਸਤ ਨੂੰ ਹੋਰਨਾਂ ਪਾਰਟੀਆਂ ਨੇ ਅਪਣਾਇਆ ਅਤੇ ਇਸੇ ਅਧਾਰ ਤੇ ਭਾਜਪਾ ਨੇ ਖਾਸ ਕਰਕੇ ਉਸਨੂੰ ਮਾਤ ਦਿਤੀ।
          ਬਿਨਾਂ ਸ਼ੱਕ ਕੇਜਰੀਵਾਲ ਨੇ ਆਪਣਾ ਅਕਸ ਇੱਕ ਜੁਝਾਰੂ ਵਾਲਾ ਬਣਾਇਆ। ਪਰ ਉਹਨਾਂ ਦੇ ਇਸ ਅਕਸ ਨੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਅਤੇ ਇਹ ਧਾਰਨਾ ਬਣੀ ਕਿ ਉਹ ਕੇਂਦਰ ਸਰਕਾਰ ਨਾਲ ਸਦਾ ਉਲਝਦੇ ਹੀ ਰਹਿੰਦੇ ਹਨ। ਹਾਲਾਂ ਕਿ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਨੂੰ ਠਿੱਠ ਕਰਨ ਲਈ ਪ੍ਰੇਸ਼ਾਨ ਕਰਦੀ ਹੈ ਅਤੇ ਉਹਨਾਂ ਰਾਜਾਂ ਦੇ ਕੰਮ ਕਾਰ ‘ਚ ਜ਼ਿਆਦਾ ਦਖਲ ਆਪਣੇ ਗਵਰਨਰਾਂ ਰਾਹੀਂ ਦਿੰਦੀ ਹੈ, ਜਿਸ ਰਾਜ ਵਿੱਚ ਉਸਦਾ ਰਾਜ-ਭਾਗ ਨਹੀਂ।
          ਇਹ ਵੀ ਠੀਕ ਹੈ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਨਾਉਣ ਲਈ ਮਿਹਨਤ ਕੀਤੀ। ਇਸ ਕੰਮ ਲਈ ਉਹਨਾ ਗੁਜਰਾਤ, ਹਰਿਆਣਾ ਅਤੇ ਕਈ ਹੋਰ ਰਾਜਾਂ ‘ਚ ਚੋਣਾਂ ਲੜੀਆਂ। ਪੰਜਾਬ ਦੇ ਸਰਕਾਰੀ ਧਨ ਦੀ ਵਰਤੋਂ ਦੇ ਇਹਨਾਂ ਚੋਣਾਂ ‘ਚ 'ਆਪ' 'ਤੇ ਇਲਜ਼ਾਮ ਵੀ ਲੱਗੇ, ਕਿਉਂਕਿ ਪੰਜਾਬ ਦੀ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ ਇਸ਼ਤਿਹਾਰ ਇਹਨਾਂ ਚੋਣਾਂ ਸਮੇਂ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਛਾਪੇ ਗਏ। ਪਰ ਇਹਨਾਂ ਚੋਣਾਂ ‘ਚ ਰੁਝਣ, ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜ਼ੇਲ੍ਹ ਕਟੱਣ ਕਾਰਨ, ਦਿੱਲੀ ਦੀ ਅਣਦੇਖੀ ਹੁੰਦੀ ਗਈ, ਜਿਸ ਕਾਰਨ ਕੇਜਰੀਵਾਲ ਦਾ ਅਧਾਰ ਖੁਰਨ ਲੱਗ ਪਿਆ।
ਭਾਵੇਂ ਕਿ ਸਿੱਖਿਆ 'ਤੇ ਸਿਹਤ ਖੇਤਰ 'ਚ 'ਆਪ' ਸਰਕਾਰ ਨੇ ਉਲੇਖ ਯੋਗ ਕੰਮ ਵੀ ਕੀਤੇ।ਕੇਜਰੀਵਾਲ ਅਤੇ ਉਹਨਾਂ ਦੇ ਕਈ ਨੇਤਾਵਾਂ ਦਾ ਇਹ ਵਿਸ਼ਵਾਸ਼ ਬਣ ਗਿਆ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਉਹਨਾਂ ਦਾ ਇਹ ਵਹਿਮ ਹੀ ਪਾਰਟੀ ਨੂੰ ਡੁਬੋ ਗਿਆ।
           ਉਂਜ ਵੀ ਕਿਉਂਕਿ ਦਿੱਲੀ ਸਰਕਾਰ ਨੂੰ ਕੇਂਦਰੀ ਸਰਕਾਰ ਨੇ ਵਿਕਾਸ ਤੇ ਭਲਾਈ ਦੇ ਕੰਮਾਂ ‘ਚ ਸਹਿਯੋਗ ਨਹੀਂ ਦਿੱਤਾ ਇਸ ਨਾਲ ਦਿੱਲੀ ਦੇ ਵਿਕਾਸ ‘ਚ ਰੁਕਾਵਟ ਆਈ।
          'ਆਪ' ਦੀ  ਇੱਕ ਹੋਰ ਸਮੱਸਿਆ ਹੈ ਕਿ 'ਆਪ' ਦੇ ਕੇਂਦਰੀ ਆਗੂਆਂ ਨੇ ਇਸ ਨੂੰ ਕਾਡਰ ਅਧਾਰਤ ਪਾਰਟੀ ਨਹੀਂ ਬਣਨ ਦਿੱਤਾ। ਦਿੱਲੀ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕੇਜਰੀਵਾਲ ਆਪਣੇ ਸਖ਼ਸ਼ੀ ਉਭਾਰ ਲਈ ਜਾਣੇ ਜਾਂਦੇ ਰਹੇ ਹਨ। ਉਹਨਾਂ ਨੇ ਆਪਣੀ ਪਾਰਟੀ ਦੀ ਵਿਚਾਰਧਾਰਾ ਸਪਸ਼ਟ ਨਹੀਂ ਕੀਤੀ। ਉਹਨਾਂ ਪਾਰਟੀ ਵਰਕਰਾਂ ਨੂੰ ਲੋਕਾਂ ਵਿੱਚ ਪਾਰਟੀ ਦਾ ਮੰਤਵ ਸਮਝਾਉਣ ਲਈ ਕੋਈ ਪ੍ਰੋਗਾਮ ਨਹੀਂ ਦਿੱਤਾ। ਜਿਵੇਂ ਕਿ ਆਮ ਤੌਰ 'ਤੇ ਕਾਡਰ ਅਧਾਰਤ ਪਾਰਟੀਆਂ ਦਿੰਦੀਆਂ ਹਨ।
          ਕੋਈ ਵੀ ਸਿਆਸੀ ਪਾਰਟੀ ਆਪਣੇ ਨਿਸ਼ਾਨੇ ਨੂੰ ਲੋਕਾਂ ਸਾਹਵੇਂ ਪੇਸ਼ ਕਰਦੀ ਹੈ। ਕਮਿਊਨਿਸਟ ਸੋਸ਼ਲਿਸਟ ਵਿਚਾਰਧਾਰਾ ਪੇਸ਼ ਕਰਦੇ ਹਨ। ਕਾਂਗਰਸ ਲੋਕਤੰਤਰ ਦੀ ਹਾਮੀ ਹੈ। ਭਾਜਪਾ ਆਪਣੀ ਵਿਚਾਰਧਾਰਾ ਜੋ ਆਰ.ਐੱਸ.ਐੱਸ ਦੀ ਵਿਚਾਰਧਾਰਾ ਹੈ ਉਸ ਤੇ ਖੜੀ ਦਿਸਦੀ ਹੈ। ਸ਼੍ਰੋਮਣੀ ਅਕਾਲੀ ਦਲ ਇਲਾਕਾਈ ਪਾਰਟੀ ਵਜੋਂ ਆਪਣਾ ਦਾਅਵਾ ਪੇਸ਼ ਕਰਦੀ ਹੈ। ਪਰ ‘ਆਪ’ ਸਿਰਫ਼ ਕੁੱਝ ਮੁੱਦਿਆਂ ਨੂੰ ਲੈ ਕੇ ਜਦੋਂ ਸਿਆਸਤ ਕਰਦੀ ਰਹੀ, ਉਸ ਨਾਲ ਕੁੱਝ ਸਮਾਂ ਤਾਂ ਉਹ ਵੱਡੇ ਨਾਅਰਿਆਂ ਕਾਰਨ ਲੋਕ ਪ੍ਰਵਾਨਤ ਹੋਈ, ਪਰ ਲੰਮੇ ਸਮੇਂ ਤੱਕ ਉਹ ਆਪਣਾ ਲੋਕ ਅਧਾਰ, ਪਾਰਟੀ-ਕਾਡਰ ਬਨਾਉਣ ‘ਚ ਅਸਫ਼ਲ ਰਹੀ ਹੈ।
          ਇਹੋਂ ਹੀ ਕਾਰਨ ਹੈ ਕਿ ਉਸਦੇ ਵਰਕਰ ਜਾਂ ਨੇਤਾ ਕਿਸੇ ਸੇਧ ‘ਚ ਨਹੀਂ ਤੁਰਦੇ। ਉਂਜ ਵੀ ਦਿੱਲੀ ‘ਚ ਦਿੱਲੀ ਹਿਤੈਸ਼ੀ, ਪੰਜਾਬ ‘ਚ ਪੰਜਾਬ ਹਿਤੈਸ਼ੀ ਪਾਲਿਸੀਆਂ ਜਿਵੇਂ ਉਸਨੂੰ ਲਾਗੂ ਕਰਨੀਆਂ ਚਾਹੀਦੀਆਂ ਸਨ, ਉਹਨਾਂ ਪ੍ਰਤੀ ਉਸਨੇ ਚੁੱਪੀ ਵੱਟੀ ਰੱਖੀ। ਜਿਸ ਦਾ ਉਸ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ।
          ਬਦਲਾਅ ਦੇ ਅਧਾਰ ਉਤੇ ਬਣੀ ‘ਆਪ’ ਲੋਕਾਂ ‘ਚ ਆਪਣਾ ਉਹ ਅਕਸ ਬਣਾਈ ਰੱਖਣ ‘ਚ ਨਾ-ਕਾਮਯਾਬ ਰਹੀਂ, ਜਿਸਦੇ ਅਧਾਰ ‘ਤੇ ਪਾਰਟੀ ਸਥਾਪਿਤ ਕੀਤੀ ਗਈ ਸੀ। ਇਹ ਅਧਾਰ ਰਿਵਾਇਤੀ ਪਾਰਟੀ ਤੋਂ ਹਟਵਾਂ ਸੀ। ਪਰ ਪਾਰਟੀ ਰਿਵਾਇਤੀ ਪਾਰਟੀ ਵਰਗੀ ਦਿੱਖ ਬਣਾਕੇ ਅਤੇ ਉਹਨਾਂ ਜਿਹੀਆਂ ਕਾਰਵਾਈਆਂ ਕਰਕੇ, ਵੱਡਾ ਨੁਕਸਾਨ ਕਰਾ ਬੈਠੀ ਅਤੇ ਦਿੱਲੀ ਦੇ ਲੋਕਾਂ ਨੇ ਉਸਨੂੰ ਸ਼ੀਸ਼ਾ ਵਿਖਾ ਦਿੱਤਾ, ਬਾਵਜੂਦ ਇਸਦੇ ਕਿ ਦਿੱਲੀ ਦੀ ਵੱਡੀ ਆਬਾਦੀ 'ਆਪ' ਸਰਕਾਰ ਤੋਂ ਬਹੁਤੀ ਨਾ-ਖੁਸ਼ ਨਹੀਂ ਸੀ, ਪਰੰਤੂ ਉਹਨਾ ਵਿੱਚੋਂ ਕਾਫ਼ੀ ਲੋਕ ਇਸ ਵੇਰ ਬਦਲਾਅ ਚਾਹੁੰਦੇ ਸਨ।
-ਗੁਰਮੀਤ ਸਿੰਘ ਪਲਾਹੀ
9815802070

ਨਸ਼ਿਆਂ ਦੀ ਦਲਦਲ-ਵੱਡੀ ਚਣੌਤੀ - ਗੁਰਮੀਤ ਸਿੰਘ ਪਲਾਹੀ

ਨਸ਼ਾ ਮਾਫੀਏ ਦੀਆਂ ਸਰਗਰਮੀਆਂ ਸਿਖ਼ਰਾਂ 'ਤੇ ਹਨ। ਬੱਚਿਆਂ,ਭੋਲੇ-ਭਾਲੇ ਚੜ੍ਹਦੀ ਉਮਰ ਦੇ ਮੁੱਛ-ਫੁੱਟ ਗੱਭਰੂਆਂ,ਨੌਜਵਾਨ-ਮੁਟਿਆਰਾਂ ਨੂੰ ਆਪਣੇ ਰਸਤੇ ਤੋਂ ਭਟਕਾ ਕੇ ਦੇਸ਼, ਦੁਨੀਆ ਵਿੱਚ ਮਨ-ਆਈਆਂ ਕਰਨ ਲਈ, ਸਭ ਤੋਂ ਸੌਖਾ ਤਰੀਕਾ ਜਿਹੜਾ ਦਿਸਦਾ ਹੈ, ਉਹ ਨਸ਼ੀਲੇ ਪਦਾਰਥ ਬਨਾਉਣਾ, ਵੰਡਣਾ, ਵੇਚਣਾ ਅਤੇ ਇਸਦਾ ਦੁਨੀਆਂ ਭਰ 'ਚ ਪ੍ਰਸਾਰ ਕਰਨਾ ਹੈ। ਇਹ ਕੰਮ ਕਰਨ ਵਾਲੇ ਨਸ਼ਾ ਸੌਦਾਗਰ ਇੰਨੇ ਬਲਬਾਨ ਹੋ ਚੁੱਕੇ ਹਨ ਕਿ ਦੁਨੀਆ ਦੀ ਕੋਈ ਵੀ ਸਰਕਾਰ ਨਸ਼ੇ ਦੇ ਇਹਨਾਂ ਸੌਦਾਗਰਾਂ ਉਤੇ ਪੱਕੇ ਤੌਰ 'ਤੇ ਪਾਬੰਦੀ ਲਾਉਣ ਤੋਂ ਅਸਮਰਥ ਹੈ। ਇਸੇ ਕਰਕੇ ਨਸ਼ਿਆਂ ਦਾ ਅੰਤ ਨਹੀਂ ਹੋ ਰਿਹਾ।
ਦੁਨੀਆ ਭਰ 'ਚ ਨਸ਼ੀਲੇ ਪਦਾਰਥਾਂ ਦਾ ਜਾਲ ਵਿਛਿਆ ਹੋਇਆ ਹੈ। ਨਸ਼ੀਲੇ ਪਦਾਰਥ ਬਨਾਉਣ ਤੋਂ ਲੈਕੇ ਵੇਚਣ ਤੱਕ ਦੇ ਆਪਣੇ ਕੰਮ ਨੂੰ ਨਸ਼ਾ ਸੌਦਾਗਰ ਅਤਿਅੰਤ ਵਪਾਰਕ ਪੱਧਰ 'ਤੇ ਪੂਰਾ ਕਰਦੇ ਹਨ। ਕੋਈ ਦੋ ਰਾਵਾਂ ਨਹੀਂ ਕਿ ਸਾਸ਼ਨ-ਪ੍ਰਾਸ਼ਾਸ਼ਨ  ਦੀਆਂ ਕੁਝ ਗੰਦੀਆਂ ਮੱਛੀਆਂ ਲੁਕਵੇਂ ਰੂਪ 'ਚ ਇਸ ਵਿੱਚ ਸ਼ਾਮਲ ਹਨ। ਜੇਕਰ ਇੰਜ ਨਾ ਹੁੰਦਾ ਤਾਂ ਨਸ਼ਾ ਮਾਫੀਆ ਇਸ ਕਦਰ ਵੱਧ-ਫੁੱਲ ਨਹੀਂ ਸੀ ਸਕਦਾ।
ਸਮੱਸਿਆ ਨਸ਼ਿਆਂ ਦੇ ਪਦਾਰਥਾਂ ਦੀ ਖਰੀਦੋ-ਫ਼ਰੋਖਤ ਤੱਕ ਹੀ ਸੀਮਤ ਨਹੀਂ ਰਹੀ। ਪੈਕਟ ਬੰਦ ਡੱਬੇ, ਡੱਬੇ ਬੰਦ ਭੋਜਨ ਅਤੇ ਪੀਣ ਵਾਲੀਆਂ ਚੀਜਾਂ ਵਿੱਚ ਵੀ ਸਿਹਤ ਲਈ ਘਾਤਕ, ਮੌਤ ਦੇ ਮੂੰਹ ਧੱਕਣ ਵਾਲੇ ਰਸਾਇਣਿਕ ਮਿਸ਼ਰਣ ਪਾਏ ਜਾਂਦੇ ਹਨ। ਪਿਛਲੇ 25 ਵਰ੍ਹਿਆਂ 'ਚ ਇਹ ਅਭਿਆਸ ਨਿਰੰਤਰ ਵਧਿਆ ਹੈ। ਇਸ ਅਭਿਆਸ ਦੀ ਨਿਗਰਾਨੀ ਉਤੇ,ਜੋ ਪਹਿਲਾਂ ਸਰਕਾਰੀ ਬੰਦਸ਼ ਸੀ, ਉਹ ਕਾਫੀ ਢਿੱਲੀ ਪੈ ਚੁੱਕੀ ਹੈ। ਹੁਣ ਕਣਕ, ਚਾਵਲ, ਦਾਲ, ਸਬਜੀ, ਫਲ, ਮਸਾਲੇ, ਤੇਲ, ਘਿਓ, ਪੈਕਟ ਬੰਦ ਭੋਜਨ ਅਤੇ ਸੋਡਾ ਵਾਟਰ ਤੇ ਹੋਰ ਪੀਣ ਵਾਲੇ ਪਦਾਰਥਾਂ ਵਿੱਚ ਇਸ ਦੀ ਮਾਤਰਾ ਆਮ ਪਾਈ ਜਾਂਦੀ ਹੈ, ਜਿਸਨੇ ਬਹੁਤੇ ਲੋਕਾਂ ਦੀ ਸਿਹਤ ਨੂੰ ਹਾਲੋਂ-ਬੇਹਾਲ ਕੀਤਾ ਹੋਇਆ ਹੈ। ਆਮ ਆਦਮੀ ਬੇਬਸ ਹੈ। ਉਸਦੇ ਸਰੀਰ ਦੇ ਅੰਦਰੂਨੀ ਅੰਗਾਂ ਉਤੇ ਇਸਦਾ ਅਸਰ ਪੈ ਰਿਹਾ ਹੈ। ਇਹਦਾ ਅਸਰ ਮਨੁੱਖ ਦੀ ਮਨੋ ਅਵਸਥਾ ਉਤੇ ਵੀ ਪੈਂਦਾ ਹੈ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਭਾਰਤ ਲਈ ਹੀ ਨਹੀਂ, ਸਗੋਂ ਦੁਨੀਆਂ ਲਈ ਵੀ ਵੱਡੀ ਸਿਰਦਰਦੀ ਹੈ। ਲਗਭਗ ਸਾਰੇ ਦੇਸ਼ਾਂ ਦੇ ਵੱਡੀ ਸੰਖਿਆ 'ਚ ਛੋਟੀ ਉਮਰ ਵਾਲੇ ਅਤੇ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ। ਹੈਰਾਨੀਜਨਕ ਤਾਂ ਇਹ ਹੈ ਕਿ ਕਾਨੂੰਨੀ ਤੌਰ 'ਤੇ ਨਸ਼ਿਆਂ ਦੀ ਮਨਾਹੀ ਹੈ। ਪਰ ਇਹ ਧੰਦਾ ਰੁਕ ਨਹੀਂ ਰਿਹਾ, ਲਗਾਤਾਰ ਵੱਧ ਰਿਹਾ ਹੈ। ਸਵਾਲ ਉੱਠਦੇ ਹਨ ਕਿ ਕੀ ਇਹ ਸਭ ਕੁਝ ਸਰਕਾਰੀ ਮਿਲੀ ਭੁਗਤ ਨਾਲ ਹੋ ਰਿਹਾ ਹੈ? ਤੱਥ ਇਹ ਵੀ ਕੱਢੇ ਜਾ ਰਹੇ ਹਨ ਕਿ ਜਿਹਨਾ ਦੇਸ਼ਾਂ ਵਿੱਚ ਪਰਿਵਾਰਿਕ ਇਕਾਈਆਂ ਟੁੱਟ ਰਹੀਆਂ ਹਨ ਜਾਂ ਟੁੱਟ ਚੁੱਕੀਆਂ ਹਨ, ਉਥੇ ਨੌਜਵਾਨਾਂ 'ਚ ਨਸ਼ਿਆਂ ਦੀ ਵਰਤੋਂ ਜ਼ਿਆਦਾ ਹੈ।
ਭਾਰਤ ਜਿਹੇ ਦੇਸ਼ ਵਿੱਚ ਹੁਣ ਵੀ ਬੱਚਿਆਂ ਅਤੇ ਨੌਜਵਾਨਾਂ ਨੂੰ ਪਰਿਵਾਰ ਅਤੇ ਸਮਾਜ ਦਾ ਡਰ ਹੈ, ਇਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋਰ ਦੇਸ਼ਾਂ ਦੇ ਮੁਕਾਬਲੇ ਘੱਟ ਹੈ, ਲੇਕਿਨ ਪਿਛਲੇ ਕੁਝ ਦਹਾਕਿਆਂ ਵਿੱਚ ਇਹ ਦੇਖਣ ਨੂੰ  ਮਿਲ ਰਿਹਾ ਹੈ ਕਿ ਜਿਹਨਾ ਸੂਬਿਆਂ ਚ ਸਰਕਾਰਾਂ ਦਾ ਕੁ-ਪ੍ਰਬੰਧ ਹੈ, ਉਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਧ ਰਹੀ ਹੈ ਅਤੇ ਨਸ਼ਿਆਂ ਦਾ ਪ੍ਰਕੋਪ ਸਿਖ਼ਰਾਂ 'ਤੇ ਪੁੱਜ ਗਿਆ ਹੈ।ਭਾਰਤ ਦੇ ਸਰਹੱਦੀ ਸੂਬੇ ਇਸਦੀ ਮਾਰ ਵਿੱਚ ਹਨ। ਪੰਜਾਬ ਨਸ਼ਿਆਂ ਦੀ ਵੱਡੀ ਮਾਰ ਸਹਿ ਰਿਹਾ ਹੈ।
ਨਸ਼ਿਆਂ ਦੀ ਵਰਤੋਂ ਦੀ ਵੱਧ ਰਹੀ ਤਸਵੀਰ ਅੰਕੜਿਆਂ ਤੋਂ ਵੇਖੀ ਜਾ ਸਕਦੀ ਹੈ। ਇਕੱਲੇ 2024 ਵਿੱਚ ਹੀ 16,914 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਕੁਝ ਦਿਨ ਪਹਿਲਾਂ ਨਵੀਂ ਦਿੱਲੀ 'ਚ 560 ਕਿਲੋ ਤੋਂ ਜ਼ਿਆਦਾ ਕੋਕੀਨ ਅਤੇ 40 ਕਿਲੋ ਮਾਰਜੁਆਨਾ ਫੜਿਆ ਗਿਆ। ਇਸ ਦੀ ਕੀਮਤ ਸੱਤ ਹਜ਼ਾਰ ਕਰੋੜ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਇੱਕ ਕਾਰਖਾਨੇ ਵਿੱਚ 1814 ਕਰੋੜ ਮੁੱਲ ਦਾ 907 ਕਿਲੋ ਮੈਫੇਡਰੀਨ ਪਦਾਰਥ ਫੜਿਆ ਗਿਆ। ਇਹ ਨਸ਼ਾ ਬਨਾਉਣ ਵਾਲੀ ਕੱਚੀ ਸਮੱਗਰੀ ਵਜੋਂ ਵਰਤਿਆਂ ਜਾਂਦਾ ਹੈ। ਇੰਝ ਬਹੁਤ ਵੱਡੀ ਰਾਸ਼ੀ ਨਸ਼ਿਆਂ ਦੇ ਪਦਾਰਥਾਂ ਦੇ ਪ੍ਰਚਲਣ ਲਈ ਇਸਤੇਮਾਲ ਹੋ ਰਹੀ ਹੈ।ਹੈਰਾਨੀਜਨਕ ਹੈ ਕਿ ਅੰਕੜਿਆਂ 'ਚ ਦੱਸਿਆ ਹੈ ਕਿ ਇਹ ਪਦਾਰਥ ਜਾਂ ਸਮੱਗਰੀ ਉਹ ਹੈ ਜੋ ਛਾਪਿਆਂ 'ਚ ਜਬਤ ਕੀਤੀ ਜਾ ਰਹੀ ਹੈ, ਪਰ ਪੈਸੇ ਦੀ ਜਿਹੜੀ ਵਰਤੋਂ ਨਸ਼ਾ ਵਪਾਰ 'ਚ ਹੋ ਰਹੀ ਹੈ, ਉਸਦਾ ਅੰਦਾਜ਼ਾ ਲਗਾਇਆ ਹੀ ਨਹੀਂ ਜਾ ਸਕਦਾ।
ਭਾਰਤ ਵਿੱਚ ਸਾਲ 2009 ਤੋਂ 2014 ਤੱਕ ਕੁੱਲ 3.63 ਲੱਖ ਨਸ਼ੀਲੇ ਪਦਾਰਥ ਜ਼ਬਤ ਹੋਏ ਜਦਕਿ 2014 ਤੋਂ 2024 ਤੱਕ 24 ਲੱਖ ਕਿਲੋ ਨਸ਼ੀਲੇ ਪਦਾਰਥ ਜ਼ਬਤ ਹੋਏ। 2004 -14 ਤੱਕ ਨਸ਼ੀਲੇ ਜ਼ਬਤ ਪਦਾਰਥਾਂ ਦਾ ਮੁੱਲ 8150 ਕਰੋੜ ਸੀ ਜਦਕਿ 2014-24 ਦੇ ਵਿੱਚ ਨਸ਼ਟ ਕੀਤੇ ਨਸ਼ੀਲੇ ਪਦਾਰਥਾਂ ਦਾ ਮੁੱਲ 54,831 ਕਰੋੜ ਸੀ। ਭਾਰਤ ਵਿੱਚ ਵੀ ਤੇ ਦੁਨੀਆ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਧੰਦਾ ਚਰਮ ਸੀਮਾ 'ਤੇ ਹੈ। ਇਸ ਕਾਲੇ ਕਾਰੋਬਾਰ ਨੂੰ ਵਧਾਉਣ ਲਈ ਮਾਨਵ ਤਸਕਰੀ ਅਤੇ ਖ਼ਾਸ ਕਰਕੇ ਵੇਸਵਾ ਵਿਰਤੀ ਦਾ ਪ੍ਰਚਲਣ ਵਧ ਰਿਹਾ ਹੈ ਅਤੇ ਨੌਜਵਾਨ ਲੜਕੀਆਂ  ਦੀ ਵੱਡੀ ਸੰਖਿਆ ਇਸ ਕਾਲੇ ਧੰਦੇ ਵਿੱਚ ਘਸੀਟੀ ਜਾ ਰਹੀ ਹੈ।
ਨਸ਼ਾ ਤਸਕਰੀ 'ਚ ਤਸਕਰ-ਗ੍ਰੋਹ ਡਾਰਕ ਵੇਵ, ਔਨਲਾਈਨ ਅਤੇ ਡਰੋਨ ਅਧਾਰਿਤ ਠੱਗੀ ਵੀ ਸ਼ੁਰੂ ਕਰ ਚੁੱਕੇ ਹਨ। ਨਤੀਜਾ ਇਹ ਹੈ ਕਿ ਉਹਨਾ ਦੀਆਂ ਵਿਆਪਕ  ਭੈੜੀਆਂ ਸਰਗਰਮੀਆਂ ਦੀ ਮਾਰ ਹੇਠ ਸਮਾਜ ਦੀ ਕੋਈ  ਵੀ ਗਤੀਵਿਧੀ ਸੁਰੱਖਿਅਤ ਨਹੀਂ ਰਹੀ। ਇਥੋਂ ਤੱਕ ਕਿ ਦੇਸ਼ਾਂ ਦੀ ਆਰਥਿਕਤਾ ਵੀ ਇਹਨਾਂ ਤਸਕਰ-ਗ੍ਰੋਹਾਂ ਦੇ ਨਿਸ਼ਾਨੇ 'ਤੇ ਆ ਚੁੱਕੀ ਹੈ। ਮਾਫੀਆ ਰਾਜ ਦਾ ਪਸਾਰਾ ਇਹਨਾਂ ਦੀ ਬਦੌਲਤ ਵਧ ਫੁੱਲ ਰਿਹਾ ਹੈ। ਅਪਰਾਧਾਂ ਦੀ ਵੱਧ ਰਹੀ ਚਿੰਤਾਜਨਕ ਵੱਡੀ ਗਿਣਤੀ ਵੀ ਨਸ਼ਾ ਗ੍ਰੋਹਾਂ ਦੀ ਉਪਜ ਹੈ, ਜਿਹੜੇ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਨਿੱਤ ਦਿਹਾੜੇ ਵਾਰਦਾਤਾਂ ਕਰਦੇ ਹਨ। ਇਹ ਹੋਰ ਵੀ ਚਿੰਤਾਜਨਕ ਹੈ ਕਿ ਰੋਜ਼ਗਾਰ ਤੋਂ ਵੰਚਿਤ ਨੌਜਵਾਨ ਇਹਨਾ ਗ੍ਰੋਹਾਂ 'ਚ ਸ਼ਾਮਲ ਹੋ ਰਹੇ ਹਨ ਅਤੇ ਸਮਾਜ ਵਿੱਚ ਨਿੱਤ  ਨਵੀਆਂ ਮੁਸੀਬਤਾਂ ਦਾ ਕਾਰਨ ਬਣ ਰਹੇ ਹਨ। ਇਸ ਤੋਂ ਵੀ ਵੱਡੀ ਚਿੰਤਾ ਨਸ਼ਾ ਤਸਕਰਾਂ, ਗੁੰਡਾ ਗ੍ਰੋਹਾਂ ਸਮਾਜ ਵਿਰੋਧੀ ਅਨਸਰਾਂ ਦੇ ਸਰਗਨਿਆਂ ਦਾ ਸਿਆਸੀ ਧਿਰਾਂ ਦਾ ਜੋੜ-ਮੇਲ ਵੱਧ ਰਿਹਾ ਹੈ, ਜੋ ਦੇਸ਼ ਵਿੱਚ ਹੋ ਰਹੀਆਂ ਕਿਸੇ ਕਿਸਮ ਦੀਆਂ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਣ ਦੇ ਯੋਗ ਬਣ ਗਏ ਹਨ। ਸਿੱਟਾ ਇਹ ਹੈ ਕਿ ਸਰਵਜਨਕ ਰੂਪ ਵਿੱਚ ਤਸਕਰਾਂ ਦੀ ਅਰਾਜਕਤਾ ਪ੍ਰਭਾਵੀ ਢੰਗ ਨਾਲ ਦੇਸ਼ ਤੇ ਸਮਾਜ ਵਿੱਚ ਦਿਖਣ ਲੱਗੀ ਹੈ, ਜੋ ਲੋਕਤੰਤਰੀ ਕਦਰਾਂ-ਕੀਮਤਾਂ ਉਤੇ ਭਾਰੀ ਪੈਣ ਲੱਗੀ ਹੈ। ਇਥੋਂ ਤੱਕ ਕਿ ਦੇਸ਼ ਦੀ ਸੁਰੱਖਿਆ ਵੀ ਇਹਨਾ ਤਸਕਰਾਂ ਕਾਰਨ ਦਾਅ 'ਤੇ ਲੱਗੀ  ਦਿਸ ਰਹੀ ਹੈ, ਕਿਉਂਕਿ ਨਿੱਤ ਦਿਹਾੜੇ ਸਰਹੱਦੋਂ ਪਾਰ ਡਰੋਨ ਹਮਲੇ ਅਤੇ ਸਰਹੱਦੀਆਂ ਥਾਣੇ ਚੌਕੀਆਂ ਉਤੇ ਗਰਨੇਡ ਹਮਲੇ ਹੋ ਰਹੇ ਹਨ।  ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿੱਚ ਇਸ ਕਿਸਮ ਦੀਆਂ ਵਾਰਦਾਤਾਂ ਪਿਛੇ ਪੁਲਿਸ ਪ੍ਰਾਸ਼ਾਸ਼ਨ, ਇਹਨਾ ਨਸ਼ਾ ਤਸਕਰਾਂ ਦਾ ਹੀ ਹੱਥ ਵੇਖਦਾ ਹੈ।
ਵੈਸੇ ਤਾਂ ਦੇਸ਼ ਦੇ ਹਰ ਸੂਬੇ 'ਚ ਨਸ਼ਿਆਂ ਦਾ ਜਾਲ ਫੈਲਾਇਆ ਜਾ ਰਿਹਾ ਹੈ। ਪਰ ਸਰਹੱਦੀ ਸੂਬੇ ਇਸਦੀ ਮਾਰ ਹੇਠ ਜ਼ਿਆਦਾ ਹਨ। ਪੰਜਾਬ 'ਚ ਨਸ਼ਾ ਤਸਕਰ ਆਪਣਾ ਪ੍ਰਭਾਵ ਵਧਾ ਚੁੱਕੇ ਹਨ। ਪੰਜਾਬ ਦੇ ਪਿੰਡਾਂ 'ਚ ਸ਼ਹਿਰਾਂ ਦੀਆਂ ਬਸਤੀਆਂ ਦਾ ਬੇਰੋਕ-ਟੋਕ ਮਿਲਣਾ ਅਤੇ ਨਸ਼ਿਆਂ ਖਿਲਾਫ਼ ਬੋਲਣ ਵਾਲਿਆਂ ਨੂੰ ਨਸ਼ਾ ਤਸਕਰਾਂ ਵੱਲੋਂ ਚੁੱਪ ਕਰਵਾਉਣਾ ਆਮ ਜਿਹੀ ਗੱਲ ਹੈ। ਕਈ ਥਾਵਾਂ ਉਤੇ, ਜਿਥੇ ਨਸ਼ਿਆਂ ਦਾ ਭਰਵਾਂ ਵਿਰੋਧ ਹੋਇਆ, ਉਥੇ ਸਰਪੰਚਾਂ ਜਾਂ ਮੁਹੱਤਬਰਾਂ ਦੇ ਕਤਲਾਂ ਦੀਆਂ ਖ਼ਬਰਾਂ ਵੀ ਮਿਲਦੀਆਂ ਹਨ। ਪੰਜਾਬ 'ਚ ਨੌਜਵਾਨਾਂ 'ਚ ਵੱਧ ਰਹੀ ਬੇਰੁਜ਼ਗਾਰੀ, ਖੇਤੀ ਖੇਤਰ 'ਚ ਘੱਟ ਰਹੀ ਆਮਦਨ  ਕਾਰਨ ਲੋਕਾਂ 'ਚ ਫੈਲੀ ਨਿਰਾਸ਼ਾ, ਸਾਂਝੇ ਪਰਿਵਾਰਾਂ ਦਾ ਟੁੱਟਣਾ, ਨਸ਼ਿਆਂ ਦਾ ਕਾਰਨ ਬਣ ਰਿਹਾ ਹੈ। ਸਿਆਸਤਦਾਨਾਂ ਵੱਲੋਂ ਗੁੰਡਾ ਅਨਸਰਾਂ ਨੂੰ ਆਪਣੇ ਸਵਾਰਥ ਸਿੱਧੀ ਲਈ ਸ਼ਾਬਾਸ਼ੀ, ਨੌਜਵਾਨਾਂ 'ਚ ਗਲੈਮਰ ਦੀ ਭਾਵਨਾ ਵੀ ਭਰਦੀ ਹੈ, ਉਹ ਪਹਿਲਾਂ ਗੁੰਡਾਂ ਗ੍ਰੋਹਾਂ, ਸਮਾਜ ਵਿਰੋਧੀ ਅਨਸਰਾਂ ਵਿੱਚ ਅਤੇ ਫਿਰ  ਨਸ਼ਾ ਤਸਕਰਾਂ ਨਾਲ ਸਾਂਝ ਭਿਆਲੀ ਨਾਲ ਕੰਮ ਕਰਨ 'ਚ ਮਾਣ ਮਹਿਸੂਸ ਕਰਦੇ ਹਨ। ਕਾਰਨ ਭਾਵੇਂ ਹੋਰ ਵੀ ਵਧੇਰੇ ਹੋਣ, ਨੌਜਵਾਨਾਂ ਦਾ ਆਰਥਿਕ ਪੱਖੋਂ  ਟੁੱਟਣਾ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹ ਦੀ ਕਮੀ ਉਹਨਾ ਨੂੰ ਔਜੜੇ ਰਾਹੀਂ ਪਾਉਂਦੀ ਹੈ, ਜਿਹੜੀ ਅੰਤ 'ਚ ਉਹਨਾ ਦੇ ਉਜਾੜੇ ਦਾ ਕਾਰਨ ਬਣਦੀ ਹੈ।
ਭਾਵੇਂ ਭਾਰਤ ਵਿੱਚ ਨਸ਼ਾ ਤਸਕਰੀ ਰੋਕਣ ਲਈ ਡਰੱਗ ਕੰਟਰੋਲ ਐਕਟ ਬਣਿਆ ਹੋਇਆ ਹੈ। ਨੈਰੋਕੋਟਿਕਸ ਕੰਟਰੋਲ ਬਿਊਰੋ ਇਸ ਕਾਨੂੰਨ ਨੂੰ ਲਾਗੂ ਕਰਨ ਵਾਲੀ ਪ੍ਰਭਾਵੀ ਸਰਕਾਰੀ ਏਜੰਸੀ ਹੈ ਅਤੇ ਇਸ ਐਕਟ ਅਧੀਨ ਸਜ਼ਾਵਾਂ ਵੀ ਭਰਵੀਆਂ ਹਨ, ਜਿਸ ਵਿੱਚ ਜ਼ੁਰਮਾਨਾ ਅਤੇ 10 ਸਾਲ ਤੋਂ 20 ਸਾਲ ਤੱਕ ਦੀ ਕੈਦ ਵੀ ਸ਼ਾਮਲ ਹੈ ਅਤੇ ਬਾਵਜੂਦ ਸਰਕਾਰ ਦੇ ਇਹਨਾਂ ਐਲਾਨਾਂ ਦੇ ਕਿ ਉਸ ਵੱਲੋਂ ਤਸਕਰੀ ਰੋਕਣ ਲਈ ਹਰ ਸੰਭਵ ਯਤਨ ਹੋਣਗੇ, ਨਸ਼ਾ ਤਸਕਰਾਂ ਦੀਆਂ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਅੱਜ ਦੇਸ਼ ਸਾਹਮਣੇ ਵੱਡੀ ਚਣੌਤੀ ਨਸ਼ੇ ਹਨ। ਨੌਜਵਾਨ, ਜਿਹੜੇ ਨਸ਼ਾ ਗ੍ਰਸਤ ਹਨ, ਉਹਨਾ ਨੂੰ ਸਰਕਾਰੀ, ਗੈਰ-ਸਰਕਾਰੀ ਯਤਨਾਂ ਨਾਲ ਮੁੱਖ ਧਾਰਾ ਵਿੱਚ ਲਿਆਂਦਾ ਜਾਣਾ ਸਮੇਂ ਦੀ ਲੋੜ ਹੈ। ਨਸ਼ਾ ਤਸਕਰਾਂ ਵਿਰੁੱਧ ਵੱਡੀ ਲਾਮਬੰਦੀ ਕਰਕੇ  ਉਹਨਾਂ ਨੂੰ ਸਖ਼ਤ ਸਜ਼ਾ ਦੇਣ , ਨਸ਼ਾ ਬਨਾਉਣ ਵਾਲੀਆਂ ਗੈਰ-ਕਾਨੂੰਨੀ ਫੈਕਟਰੀਆਂ, ਉਹਨਾ ਦੇ ਮਾਲਕਾਂ ਨੂੰ  ਵੱਡੇ ਦੰਡ ਦੇਣ ਦੀ ਵੀ ਲੋੜ ਹੈ।
ਨਸ਼ਾ ਮਾਫੀਆ ਤਿਕੱੜੀ, ਜਿਸ ਵਿੱਚ ਨਸ਼ਾ ਤਸਕਰ, ਭੈੜੇ ਸਵਾਰਥੀ ਸਿਆਸਤਦਾਨ ਅਤੇ ਸੁਰੱਖਿਆ ਬਲਾਂ 'ਚ ਬੈਠੀਆਂ ਕਾਲੀਆਂ ਭੇਡਾਂ ਸ਼ਾਮਲ ਹਨ, ਦਾ ਚਿਹਰਾ ਨੰਗਾ ਕਰਕੇ, ਉਹਨਾ ਨੂੰ ਨੱਥ ਪਾਉਣ ਤੋਂ ਬਿਨ੍ਹਾਂ ਆਮ ਲੋਕਾਂ ਦੀ ਨਸ਼ਿਆਂ ਪ੍ਰਤੀ ਚਿੰਤਾ-ਮੁਕਤੀ ਸੰਭਵ ਨਹੀਂ ਹੈ।
-ਗੁਰਮੀਤ ਸਿੰਘ ਪਲਾਹੀ
-9815802070

ਲੋਕਤੰਤਰ ਉਤੇ ਸਿੱਧਾ ਹਮਲਾ -ਮੁਫ਼ਤ ਰਿਊੜੀਆਂ ਵੰਡਣ ਦੀ ਸਿਆਸਤ - ਗੁਰਮੀਤ ਸਿੰਘ ਪਲਾਹੀ

ਜਿਹਨਾ ਦੇਸ਼ਾਂ ਵਿੱਚ ਆਮ ਵੋਟਰ ਆਪਣੀ ਤਾਕਤ ਪੂਰੀ ਤਰ੍ਹਾਂ ਸਮਝਦੇ ਹਨ, ਉਥੇ ਉਹ ਸਿਆਸੀ ਨੇਤਾਵਾਂ ਨੂੰ ਆਪਣੀਆਂ ਉਂਗਲੀਆਂ ਉਥੇ ਨਚਾਉਣ ਦਾ ਕੰਮ ਕਰਦੇ ਹਨ। ਕੁਝ ਹੱਦ ਤੱਕ ਭਾਰਤ ਵਿੱਚ ਵੀ ਕੁਝ ਇਹੋ ਜਿਹਾ ਹੋਣ ਲੱਗਿਆ ਹੈ।
ਪਿਛਲੀਆਂ ਕੁਝ ਰਾਸ਼ਟਰੀ, ਸੁਬਾਈ ਚੋਣਾਂ ਵਿੱਚ ਵੇਖਿਆ ਜਾ ਰਿਹਾ ਹੈ ਕਿ ਦੇਸ਼ ਦੀਆਂ ਔਰਤਾਂ ਆਪਣਾ ਵੋਟ ਦੇਣ ਲਈ ਪੂਰੇ ਉਤਸ਼ਾਹ ਨਾਲ ਵੋਟ-ਬੂਥਾਂ 'ਤੇ ਦਿੱਸਦੀਆਂ ਹਨ, ਖ਼ਾਸ ਕਰਕੇ ਉਸ ਵੇਲੇ ਜਦੋਂ ਵੀ ਕਿਸੇ ਸਰਕਾਰ ਨੇ  ਉਹਨਾਂ ਦੇ ਨਿੱਜੀ ਖਾਤੇ 'ਚ ਰਿਆਇਤਾਂ ਦੇ ਪੈਸੇ ਜਮ੍ਹਾਂ ਕਰਵਾਉਣੇ ਸ਼ੁਰੂ ਕੀਤੇ ਹਨ; ਕਿਸੇ ਨੇ ਲਾਡਲੀ ਭੈਣ, ਯੋਜਨਾ ਅਧੀਨ ਜਾਂ ਕਿਸੇ ਨੇ ਕਿਸੇ ਹੋਰ ਯੋਜਨਾ ਵਿੱਚ। ਕੀ ਇਹ ਸਿੱਧਿਆਂ ਤੌਰ 'ਤੇ ਵੋਟ ਖਰੀਦਣ ਦਾ ਤਰੀਕਾ ਨਹੀਂ? ਕੀ ਔਰਤਾਂ-ਵੋਟਰ ਨੂੰ ਭਰਮਤ ਕਰਨ ਲਈ ਇੱਕ ਜਾਲ ਨਹੀਂ ਵਿਛਾਇਆ ਜਾ ਰਿਹਾ? ਕੀ ਇਹ ਰਾਜ ਨੇਤਾਵਾਂ ਦਾ ਲੋਕਤੰਤਰ ਉੱਤੇ ਸਿੱਧਾ ਹਮਲਾ ਨਹੀਂ? ਕੀ ਇਹ ਸਭ ਲੈਣ-ਦੇਣ ਮਨੁੱਖੀ ਨੈਤਿਕ ਕਦਰਾਂ-ਕੀਮਤਾਂ ਨਾਲ ਖਿਲਵਾੜ ਨਹੀਂ ਹੈ? ਕੀ ਅਜਿਹਾ ਕਰਕੇ ਲੋਕਤੰਤਰ ਦੀ ਇੱਕ ਹੋਰ ਸੰਸਥਾ ਨੂੰ ਕਮਜ਼ੋਰ ਨਹੀਂ ਕੀਤਾ ਜਾ ਰਿਹਾ?
ਲੋਕਤੰਤਰ ਦੀਆਂ ਸੰਸਥਾਵਾਂ ਨੂੰ ਕੰਮਜ਼ੋਰ ਕਰਨ ਦਾ ਯਤਨ ਦੇਸ਼ ਵਿੱਚ ਲੰਮੇ ਸਮੇਂ ਤੋਂ ਹੋ ਰਿਹਾ ਹੈ। ਪਰ ਪਿਛਲੇ ਦਹਾਕੇ ‘ਚ ਇਹ ਚਰਮ ਸੀਮਾਂ ਉਤੇ ਪੁੱਜ ਚੁੱਕਾ ਹੈ। ਸੀ.ਬੀ.ਆਈ, ਈ. ਡੀ ਵਰਗੀਆਂ ਖ਼ੁਦਮੁਖਤਾਰ ਸੰਸਥਾਵਾਂ ਦੇ ਪੈਰਾਂ ‘ਚ ਬੇੜੀਆਂ ਪਾ ਦਿੱਤੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਨੂੰ ਸਰਕਾਰੀ ਹੱਥਾਂ ‘ਚ ਕਰਨ ਲਈ ਚੋਣ ਕਮਿਸ਼ਨਰ ਦੀ ਨਿਯੁੱਕਤੀ ਕੇਂਦਰ ਸਰਕਾਰ ਨੇ ਆਪਣੇ ਹੱਥ ਲੈ ਲਈ,  ਉਸ ਦੀ ਨਿਯੁੱਕਤੀ ਵਿੱਚ ਦੇਸ਼ ਦੀ ਸਰਵ-ਉੱਚ ਅਦਾਲਤ ਦਾ ਦਖ਼ਲ ਬੰਦ ਕਰ ਦਿੱਤਾ ਗਿਆ ਹੈ। ਖ਼ੁਦਮੁਖਤਾਰ ਸੰਸਥਾਵਾਂ ਨੂੰ ਆਪਣੀ ਸੇਧੇ ਚਲਾਉਣ ਲਈ ਅਤੇ ਆਪਣੇ ਅਨੁਸਾਰ ਫ਼ੈਸਲੇ ਕਰਵਾਉਣ ਲਈ ਦੇਸ਼ ਦੀ ਸਰਬ ਉੱਚ ਅਦਾਲਤ ਉਤੇ ਵੀ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੇ ਪ੍ਰਭਾਵ ਵੇਖੇ ਜਾ ਸਕਦੇ ਹਨ।
ਪਰ ਸਭ ਤੋਂ ਗੰਭੀਰ ਮਸਲਾ ਦੇਸ਼ ਵਿੱਚ ਵੋਟ ਖਰੀਦਣ ਅਤੇ ਵੋਟ ਪ੍ਰਭਾਵਤ ਕਰਨ ਦਾ ਹੈ। ਆਜ਼ਾਦੀ ਦੇ ਕੁੱਝ ਵਰ੍ਹਿਆਂ, ਇਥੋਂ ਤੱਕ ਕਿ ਕੁਝ ਦਹਾਕਿਆਂ ਤੱਕ ਦੇਸ਼ ਦੀ ਤਰੱਕੀ, ਅਤੇ ਗ਼ਰੀਬੀ ਹਟਾਓ, ਜਿਹੇ ਨਾਹਰੇ ਲਗਦੇ ਰਹੇ। ਦੇਸ਼ ਦੇ ਸੰਘੀ ਢਾਂਚੇ ਦੇ ਬਚਾਓ ਅਤੇ ਸੂਬਿਆਂ ਨੂੰ ਵੱਖ ਅਧਿਕਾਰ ਦੇਣ ਜਿਹੇ ਵਿਸ਼ਿਆਂ ਮਹਿੰਗਾਈ, ਬੇਰੁਜ਼ਗਾਰੀ ਦੇ ਮਾਮਲਿਆਂ ‘ਤੇ ਆਮ ਤੌਰ ‘ਤੇ ਸਿਆਸਤ ਕੀਤੀ ਜਾਂਦੀ ਰਹੀ। ਚੋਣਾਂ ਸਮੇਂ ਸਿਆਸੀ ਪਾਰਟੀਆਂ ਵਲੋਂ ਲੁਭਾਉਣੇ ਚੋਣ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਰਹੇ ਤਾਂ ਕਿ ਲੋਕ ਇਹਨਾਂ ਵੱਲ ਖਿੱਚੇ-ਤੁਰੇ ਆਉਣ
ਇਹ ਉਹ ਸਮਾਂ ਸੀ, ਜਦੋਂ ਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਲੋਕਤੰਤਰ ਸੀ। ਸਿਆਸੀ ਪਾਰਟੀਆਂ ਦੇ ਮੈਂਬਰਾਂ ਦੀ ਭਰਤੀ ਪਿੰਡ, ਸ਼ਹਿਰ ਪੱਧਰ ‘ਤੇ ਹੁੰਦੀ, ਉਥੇ ਇਕਾਈਆਂ ਦੀ ਚੋਣਾਂ ਹੁੰਦੀਆਂ। ਅਹੁਦੇਦਾਰ ਚੁਣੇ ਜਾਂਦੇ। ਰਾਸ਼ਟਰੀ ਪੱਧਰ ਤੱਕ ਸਿਆਸੀ ਪਾਰਟੀਆਂ ਦੀ ਆਪਣੀ ਚੋਣ ਹੁੰਦੀ। ਵੱਡੇ ਨੇਤਾ ਚੁਣੇ ਜਾਂਦੇ। ਪਾਰਟੀਆਂ ਦੀਆਂ ਨੀਤੀਆਂ ਬਣਦੀਆਂ। ਇਹਨਾਂ ਨੀਤੀਆਂ ਦੇ ਅਧਾਰ ‘ਤੇ ਲੋਕਾਂ ਨੂੰ ਆਪਣੇ ਵੱਲ ਕਰਨ ਦਾ ਯਤਨ ਹੁੰਦਾ।
ਦੇਸ਼ ‘ਚ ਇੰਦਰਾ ਗਾਂਧੀ ਵਲੋਂ ਆਪਣੀ ਗੱਦੀ ਸੁਰੱਖਿਅਤ ਰੱਖਣ ਲਈ ਐਮਰਜੈਂਸੀ ਲਾਉਣ ਨਾਲ ਲੋਕਤੰਤਰ ਦਾ ਵੱਡਾ ਘਾਣ ਹੋਇਆ। ਲੋਕ, ਸਿਆਸੀ ਨੇਤਾ ਸੜਕਾਂ ‘ਤੇ ਆਏ। ਵਿਰੋਧੀ ਧਿਰਾਂ ਮਜ਼ਬੂਤ ਹੋਈਆਂ। ਇਲਾਕਾਈ ਪਾਰਟੀਆਂ ਹੋਂਦ ਵਿੱਚ ਆਈਆਂ। ਫਿਰ ਇਹਨਾਂ ਇਲਾਕਾਈ ਪਾਰਟੀਆਂ ‘ਚ ਪਰਿਵਾਰਵਾਦ ਦੀ ਸਿਆਸਤ ਉਤਸ਼ਾਹਤ ਹੋਈ। ਪਰਿਵਾਰਵਾਦ ਦੀ ਇਸ ਸਿਆਸਤ ਦਾ ਕੌਮੀ ਪੱਧਰ ਉਤੇ ਵੀ ਪਸਾਰਾ ਹੋਇਆ ਅਤੇ ਇਲਾਕਾਈ ਪੱਧਰ ‘ਤੇ ਵੀ।
ਇਸ ਇਲਾਕਾਈ ਸਿਆਸਤ ਨੇ ਦੱਖਣੀ, ਉੱਤਰੀ ਰਾਜਾਂ ‘ਚ ਰਿਆਇਤਾਂ ਦੀ ਰਾਜਨੀਤੀ ਨੂੰ ਉਤਸ਼ਾਹਤ ਕੀਤਾ। ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਮੋਟਰਾਂ ਦੀ ਸੁਵਿਧਾ ਦਿੱਤੀ, ਤਾਂ ਕਿ ਵੋਟ ਬੈਂਕ ਪੱਕਾ ਹੋਵੇ। ਪੰਜਾਬ ਇਸਦੀ ਵੱਡੀ ਉਦਾਹਰਨ ਬਣਿਆ। ਅੱਜ ਵੋਟ ਬੈਂਕ ਹਥਿਆਉਣ ਲਈ ਗਰੰਟੀਆਂ ਦੀ ਰਾਜਨੀਤੀ ਪੂਰੀ ਉੱਚਾਈ 'ਤੇ ਹੈ। ਪੰਜਾਬ ‘ਚ 300 ਯੂਨਿਟ ਮਹੀਨਾ ਮੁਫ਼ਤ ਬਿਜਲੀ ਹੈ। ਹੋਰ ਕਈ ਰਿਆਇਤਾਂ ਹਨ। ਬਜ਼ੁਰਗਾਂ ਲਈ ਪੈਨਸ਼ਨ, ਔਰਤਾਂ ਲਈ ਮੁਫ਼ਤ ਬੱਸ ਸੇਵਾ ਅਤੇ ਹੁਣ ਔਰਤਾਂ ਲਈ 1000-1500 ਰੁਪਏ ਭੱਤਾ ਦੇਣ ਦੀਆਂ ਗੱਲਾਂ ਹੋ ਰਹੀਆਂ ਹਨ। ਦੱਖਣੀ ਰਾਜਾਂ ਵਿੱਚ ਤਾਂ ਔਰਤਾਂ ਲਈ ਅਤੇ ਹੋਰ ਵੋਟਰਾਂ ਨੂੰ ਭਰਮਿਤ ਕਰਨ ਲਈ ਕਈ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਜਿਹਨਾਂ ਦੀ ਸ਼ੁਰੂਆਤ ਜੈਲਲਿਤਾ ਮੁੱਖ ਮੰਤਰੀ ਵਲੋਂ ਲੋਕਾਂ ਨੂੰ ਵੱਡੇ-ਵੱਡੇ ਤੋਹਫ਼ੇ ਰਿਆਇਤਾਂ ਵੱਜੋਂ ਦਿੱਤੇ ਜਾਣ ਨਾਲ ਹੋਈ।
 ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਤਾਂ ਸਿਆਸੀ ਧਿਰਾਂ ਨੇ ਇਸ ਵੇਰ ਹੱਦ ਹੀ ਮੁਕਾ ਦਿਤੀ ਹੈ। ਰਿਆਇਤਾਂ ਦੀ ਝੜੀ ਲਗਾ ਦਿਤੀ ਹੈ। ਕਾਂਗਰਸ ਨੇ 300 ਯੂਨਿਟ ਬਿਜਲੀ ਮੁਫ਼ਤ, 500 ਰੁਪਏ ਦਾ ਗੈਸ ਸਿਲੰਡਰਾਂ, ਭਾਜਪਾ ਨੇ ਔਰਤਾਂ ਲਈ 2500 ਰੁਪਏ ਅਥੇ ਆਪ ਵਲੋਂ ਵੀ ਲਗਭਗ ਇਹੋ ਜਿਹੇ ਵਾਇਦੇ ਕੀਤੇ ਹਨ।
ਪਰ ਸਵਾਲ ਉਠੱਦਾ ਹੈ ਕਿ ਇਹੋ ਜਿਹੀਆਂ ਰਿਆਇਤਾਂ ਦਾ ਭਾਰ ਅਕਸਰ ਕਿਸ ਉਤੇ ਪੈਂਦਾ ਹੈ? ਉਦਹਾਰਨ ਪੰਜਾਬ ਦੀ ਹੀ ਲੈ ਲੈਂਦੇ ਹਨ, ਇਹਨਾਂ ਰਿਆਇਤਾਂ ਕਾਰਨ ਅੱਜ ਪੰਜਾਬ ਦੀ ਆਰਥਿਕਤਾ ਨਿਵਾਣਾਂ ਵੱਲ ਜਾ ਰਹੀ ਹੈ। ਜਦੋਂ ਤੱਕ ਇਸ ਸਰਕਾਰ ਦਾ 2027 ‘ਚ ਕਾਰਜਕਾਲ ਪੂਰਾ ਹੋਣਾ ਹੈ, ਉਦੋਂ ਤੱਕ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਖੜਾ ਹੋ ਜਾਣਾ ਹੈ। ਭਾਵ ਪੰਜਾਬ ਦਾ ਹਰ ਵਸ਼ਿੰਦਾ ਔਸਤਨ 5 ਲੱਖ ਦਾ ਕਰਜਾਈ ਹੋ ਜਾਣਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਨੇ ਲੋਕ ਭਲਾਈ ਦੇ ਕੰਮ ਕਰਨੇ ਹੁੰਦੇ ਹਨ, ਲੋਕਾਂ ਦਾ ਜੀਵਨ ਪੱਧਰ ਉਚਾ ਕਰਨਾ ਹੁੰਦਾ ਹੈ। ਉਹਨਾਂ ਦੇ ਬੁਢਾਪੇ ਨੂੰ ਸੁਰੱਖਿਅਤ ਰੱਖਣ ਲਈ ਕੁਝ ਸਕੀਮਾਂ ਚਲਾਉਣੀਆਂ ਹੁੰਦੀਆਂ ਹਨ। ਪਰ ਵੋਟ ਬੈਂਕ ਪੱਕਾ ਕਰਨ ਲਈ ਜਿਹੜੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ, ਉਹ ਬਹੁਤੇ ਲੋਕਾਂ ਦਾ ਕੀ ਸੁਆਰਦੀਆਂ ਹਨ?
ਕੀ ਨੇਤਾ ਲੋਕ ਚਾਹੁੰਦੇ ਹਨ ਕਿ ਮੁਫ਼ਤ ਰਾਸ਼ਨ, ਮੁਫ਼ਤ ਬਿਜਲੀ ਮੁਹੱਈਆਂ ਕਰਨ ਦੀ ਥਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ? ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬੱਚਿਆਂ, ਬਜ਼ੁਰਗਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ, ਸਭ ਲਈ ਚੰਗੀ ਪੜ੍ਹਾਈ ਦਾ ਇਤੰਜ਼ਾਮ ਹੋਵੇ, ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ ਲਈ ਚੰਗੀਆਂ ਸਕੀਮਾਂ ਅਤੇ ਪ੍ਰਬੰਧ ਹੋਣ ਅਤੇ ਇਸ ਤੋਂ ਵੱਧ ਇਹ ਕਿ ਸੂਬੇ ਜਾਂ ਦੇਸ਼ ਵਿੱਚ ਚੰਗਾ ਵਾਤਾਵਰਨ ਚੰਗਾ ਬੁਨਿਆਦੀ ਢਾਂਚਾ ਉਸਰੇ, ਜਿਸ ਨਾਲ ਮਨੁੱਖ ਦਾ ਜੀਵਨ ਸੁਆਲਾ ਹੋ ਸਕੇ? ਕਤੱਈ ਨਹੀਂ। ਉਹ ਇਹ ਗੱਲਾਂ ਸਿਰਫ਼ ਕਹਿਣ ਲਈ ਕਰਦੇ ਹਨ, ਇਹਨਾਂ ਤੇ ਅਮਲ ਨਹੀਂ ਕਰਦੇ।
ਅੱਜ ਦੇਸ਼ ਦੇ ਹਾਲਾਤ ਬਿਲਕੁਲ ਭੈੜੇ ਹਨ। ਦੇਸ਼ ਕੂੜੇ ਦਾ ਢੇਰ ਬਣਿਆ ਨਜ਼ਰ ਆਉਂਦਾ ਹੈ। ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜੀਵਨ ਦੁੱਭਰ ਕੀਤਾ ਹੋਇਆ ਹੈ। ਸੜਕਾਂ, ਸਰਕਾਰੀ ਸਕੂਲ ਸਹੂਲਤਾਂ ਅਤੇ ਟੀਚਰਾਂ ਤੋਂ ਬਾਂਝੇ ਹਨ। ਵਾਤਾਵਰਨ ਇੰਜ ਦੂਸ਼ਿਤ ਹੈ ਕਿ ਸਾਹ ਲੈਣਾ ਵੀ ਔਖਾ ਹੈ। ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਕੈਂਸਰ ਵਰਗੀਆਂ ਬਿਮਾਰੀਆਂ ਦੀ ਭਰਮਾਰ ਹੈ ਅਤੇ ਸਿਹਤ ਸਹੂਲਤਾਂ ਦੀ ਕਮੀ ਹੈ। ਜਿਸਦਾ ਖਮਿਆਜਾ ਕਰੋਨਾ ਕਾਲ ਦੇ ਦਰਮਿਆਨ ਦੇਸ਼ ਭੁਗਤ ਚੁੱਕਾ ਹੈ।ਇਹੋ ਸਭ ਕੁੱਝ ਜਾਣਦਿਆਂ ਵੀ ਦੇਸ਼ ਦੇ ਨੇਤਾਵਾਂ ਦੀ ਪਹਿਲ ਦੇਸ਼ ਨੂੰ ਸੁਆਰਨ ਦੀ ਥਾਂ, ਹਰ ਹੀਲੇ ਵੋਟਰਾਂ ਨੂੰ ਭਰਮਾ ਕੇ ਆਪਣੀ ਗੱਦੀ ਪੱਕੀ ਕਰਨਾ ਬਣੀ ਹੋਈ ਹੈ।
ਇਥੇ ਇਹ ਵਰਨਣ ਕਰਨਾ ਕੁਥਾਂਹ ਨਹੀਂ ਹੋਏਗਾ ਕਿ ਲਗਭਗ ਸਾਰੀਆਂ ਪਾਰਟੀਆਂ ਦੇ ਵਿੱਚ ਉਹਨਾਂ ਲੋਕਾਂ ਦੀ ਭਰਮਾਰ ਹੋ ਗਈ ਹੈ, ਜਿਹਨਾਂ ਉਤੇ ਆਪਰਾਧਿਕ ਕੇਸ ਦਰਜ਼ ਹਨ। ਜਿਹੜੇ ਸੇਵਾ ਦੀ ਥਾਂ ਸਿਆਸਤ ਸਾਮ,ਦਾਮ,ਦੰਡ ਨਾਲ ਕਰਨ ਦੇ ਮੁੱਦਈ ਹਨ। ਜਿਹਨਾਂ ਨੇ ਆਪਣਾ ਸਿਆਸਤ ਨੂੰ ਆਪਣਾ ਕਿੱਤਾ ਇਥੋਂ ਤਕਕਿ ਪਰਿਵਾਰਕ ਕਿੱਤਾ ਬਣਾ ਲਿਆ ਹੈ। ਇਹ ਲੋਕ ਸਥਾਨਕ ਸਰਕਾਰਾਂ (ਪੰਚਾਇਤਾਂ, ਨਗਰ ਪਾਲਿਕਾਵਾਂ)  ਤੋਂ ਲੈਕੇ ਵਿਧਾਨ ਸਭਾਵਾਂ, ਲੋਕ ਸਭਾ ਤੱਕ ਆਪਣਾ ਧਨ ਕੁਬੇਰਾਂ ਵਾਲਾ ਜਾਲ ਵਿਛਾ ਚੁੱਕੇ ਹਨ। ਜਾਤ, ਧਰਮ ਦੇ ਨਾਂਅ ਉਤੇ ਲੋਕਾਂ ਨੂੰ ਵੰਡਕੇ, ਉਹਨਾਂ ਨੂੰ ਥੋੜੀਆਂ ਬਹੁਤੀਆਂ ਰਿਆਇਤਾਂ ਪਰੋਸਕੇ ਮੰਗਤੇ ਬਨਾਉਣ ਦੇ ਰਾਹ ਪਾ ਰਹੇ ਹਨ।
ਹੈਰਾਨ ਹੋਈਦਾ ਹੈ ਇਹ ਦ੍ਰਿਸ਼ ਵੇਖਕੇ ਕਿ ਜਦੋਂ ਪੰਜਾਬ ਵਰਗੇ ਖੁਸ਼ਹਾਲ ਕਹਿੰਦੇ ਸੂਬੇ ‘ਚ ਜਦੋਂ ਇਕ ਰੁਪਏ ਕਿਲੋ (ਲਗਭਗ ਮੁਫ਼ਤ) ਅਨਾਜ ਦੀ ਵੰਡ ਹੁੰਦੀ ਹੈ ਤਾਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਹਨ। ਕੀ ਪੰਜਾਬ ਦੇ ਅਣਖੀਲੇ ਮਿਹਨਤੀ ਲੋਕ ਸਚਮੁੱਚ ਇੰਨੇ ਨਿਤਾਣੇ ਹੋ ਗਏ ਹਨ ਕਿ ਉਹਨਾਂ ਦੇ ਸਰੀਰਾਂ ‘ਚ ਕੰਮ ਕਰਨ ਦੀ ਤਾਕਤ ਹੀ ਨਹੀਂ ਰਹੀ? ਆਖ਼ਰ ਲੋਕਾਂ ਨੂੰ ਨਿਤਾਣੇ, ਨਿਮਾਣੇ, ਨਿਆਸਰੇ ਬਨਾਉਣ ਦੀਆਂ ਤਰਕੀਬਾਂ ਕਿਹੜੀ ਸਾਜਿਸ਼ ਦਾ ਹਿੱਸਾ ਹਨ, ਇਹ ਸਪਸ਼ਟ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੂੰ ਗਰੀਬ ਬਣਾ ਦਿਉ। ਮੁਫ਼ਤ ਚੀਜ਼ਾਂ ਦੀ ਆਦਤ ਪਾ ਦਿਓ ਤੇ ਵੋਟਾਂ ਹਥਿਆ ਲਵੋ।
ਦੇਸ਼ ਦੇ ਹਰ ਹਿੱਸੇ, ਹਰ ਸੂਬੇ ‘ਚ ਜਿਵੇਂ ਵੋਟਾਂ ਦੀ ਖ਼ਰੀਦੋ-ਫਰੋਖ਼ਤ, ਹੁੰਦੀ ਹੈ, ਉਸ ਦੀ ਉਦਾਹਰਨ ਪੰਜਾਬ ਦੀਆਂ ਪੰਚਾਇਤੀ ਚੋਣਾਂ ‘ਚ ਵੇਖਣ ਨੂੰ ਮਿਲੀ, ਜਿਥੇ ਹਕੂਮਤੀ ਧੱਕਾ-ਧੌਂਸ ਤਾਂ ਵੇਖਣ ਨੂੰ ਮਿਲੀ ਹੀ, ਜੋ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ, ਪਰ ਬਹੁਤੇ ਧਨਾਢ ਲੋਕ ਧੰਨ ਦੇ ਜ਼ੋਰ ਨਾਲ ਪੰਚਾਇਤਾਂ ਦੇ ਮੁੱਖੀ ਬਣ ਬੈਠੇ। ਕੀ ਇਹ ਵੋਟ ਖਰੀਦੋ ਵਰਤਾਰਾ, ਲੋਕਾਂ ਨੂੰ ਰਿਆਇਤਾਂ ਦੇ ਕੇ ਵੋਟਾਂ ਉਗਰਾਹੁਣ ਵਰਗਾ ਹੀ ਨਹੀਂ? ਕੀ ਇਹ ਵਰਤਾਰਾ ਭਾਰਤੀ ਲੋਕਤੰਤਰ ਉਤੇ ਸਿੱਧਾ ਹਮਲਾ ਨਹੀਂ ਹੈ? ਹੁਣੇ ਜਿਹੀਆਂ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਿਸਾਨ ਧਿਰ ਨੂੰ ਇਕ ਪਾਸੇ ਧੱਕ ਕੇ ਦੂਜੀਆਂ ਧਿਰਾਂ ਦਾ ਧਰੁਵੀਕਰਨ ਕੀ ਜਾਤ, ਬਰਾਦਰੀ ਦੀ ਸਿਆਸਤ ਨਹੀਂ ? ਕੀ ਇਹ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਨਿਕਾਰਨ ਤੁਲ ਨਹੀਂ
ਧਰਮ ਦੀ ਰਾਜਨੀਤੀ, ਜਾਤ ਬਰਾਦਰੀ ਦਾ ਬੋਲਬਾਲਾ ਭਾਰਤੀ ਸੰਵਿਧਾਨ ਦੀ ਰੂਹ ਦੇ ਉੱਲਟ ਹੈ। ਇਹ ਵਰਤਾਰਾ ਦਿਨੋਂ ਦਿਨ ਵੱਧ ਰਿਹਾ ਹੈ। ਇਸ ਸਬੰਧੀ ਚਿੰਤਤ ਹੁੰਦਿਆਂ ਭਾਰਤ ਦੀ ਸੁਪਰੀਮ ਕੋਰਟ ਨੇ ਸਰਕਾਰੀ ਖਜ਼ਾਨੇ ‘ਚੋਂ ਮੁਫ਼ਤ ਰਿਊੜੀਆਂ ਵੰਡਣ ਦੀ ਸਿਆਸਤ ਉਤੇ ਦੁੱਖ ਪ੍ਰਗਟ ਕੀਤਾ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ।
ਗੱਲ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਹੋਵੇ ਜਾਂ ਫਿਰ ਵੱਧ ਤੋਂ ਵੱਧ ਸਮੇਂ ਤੱਕ ਸੱਤਾ ‘ਚ ਬਣੇ ਰਹਿਣ ਦੀ, ਮੁਫ਼ਤ ਦਾ ਸਬਜ਼ਬਾਗ ਦਿਖਾਉਣਾ ਸਿਆਸੀ ਸਫ਼ਲਤਾ ਦਾ ਸ਼ਾਰਟਕੱਟ ਬਣ ਗਿਆ ਹੈ। ਇਹਨਾ ਮੁਫ਼ਤ ਰਿਆਇਤਾਂ ਨੂੰ ਜਿੱਤ ਦੀ ਗਰੰਟੀ ਮੰਨਿਆ ਜਾਣ ਲੱਗਾ ਹੈ। ਲੇਕਿਨ ਆਰਥਿਕ ਤੌਰ 'ਤੇ ਇਸ ਦੀ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਮੁੱਦਾ ਮਹੱਤਵਪੂਰਨ ਹੈ, ਕਿਉਂਕਿ ਮੁਫ਼ਤ ਰਿਊੜੀਆਂ ਵੰਡਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਚੁੱਕੀਆਂ ਹਨ। ਸੁਪਰੀਮ ਕੋਰਟ ਦੇ ਦਖਲ ਦੇ ਬਾਵਜੂਦ ਵੀ ਇਸ ‘ਤੇ ਕਾਬੂ ਨਹੀਂ ਪਾ ਜਾ ਸਕਿਆ। ਖ਼ੈਰ ਪਾਉਣ ਦੀ ਇਸ ਪ੍ਰਵਿਰਤੀ ਨੇ ਚੋਣ ਮੈਨੀਫੈਸਟੋ ਸਿਰਫ਼ ਕਾਗਜ਼ ਦਾ ਟੁੱਕੜਾ ਬਣਾਕੇ ਰੱਖ ਦਿੱਤੇ ਹਨ। ਸੱਤਾ 'ਚ ਆਉਣ ਤੋਂ ਬਾਅਦ ਸਿਆਸੀ ਦਲ ਸਭ ਵਾਇਦੇ ਭੁੱਲ ਜਾਂਦੇ ਹਨ।
ਮੁਫ਼ਤਖੋਰੀ ਦੀ ਰਾਜਨੀਤੀ ਦਾ ਆਰੰਭ ਭਾਵੇਂ ਦੱਖਣੀ ਰਾਜਾਂ ਤੋਂ ਹੋਇਆ, ਪਰ 2019 'ਚ ਆਮ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਰੂਪ 'ਚ ਹਰ ਸਾਲ 6000 ਰੁਪਏ ਦੇਣਾ ਸ਼ੁਰੂ ਕੀਤਾ ਅਤੇ ਕੋਵਿਡ ਦੇ ਦਿਨਾਂ 'ਚ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ਼ ਵੰਡਿਆ ਜਾਣ ਲੱਗਾ, ਜੋ ਹੁਣ ਤੱਕ ਵੀ ਜਾਰੀ ਹੈ, ਇਸ ਨਾਲ ਹੋਰ ਸਿਆਸੀ ਦਲਾਂ ਉਤੇ ਦਬਾਅ ਵੱਧ ਗਿਆ  ਕਿ ਉਹ ਚੋਣ ਜਿੱਤਣ ਲਈ ਕਿਉਂ ਨਾ ਸਰਕਾਰ ਵਾਂਗਰ ਵੱਡੀਆਂ-ਵੱਡੀਆਂ ਮੁਫ਼ਤ ਰਿਆਇਤਾਂ ਦਾ ਐਲਾਨ ਕਰਨ।
 ਮੁਫ਼ਤ ਰਿਊੜੀਆਂ ਵੰਡਣ ਦੀ ਕੋਹੜ-ਪ੍ਰਵਿਰਤੀ ਨੂੰ ਰੋਕਣ ਲਈ ਸਿਆਸੀ  ਪਾਰਟੀਆਂ ਦੇ ਘੋਸ਼ਣਾ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਨਾਉਣ ਦੀ ਲੋੜ ਹੈ ਤਾਂ ਕਿ ਉਹ ਆਪਣੇ ਵਲੋਂ ਕੀਤੀਆਂ ਘੋਸ਼ਨਾਵਾਂ ਪ੍ਰਤੀ ਜਵਾਬਦੇਹ ਹੋਣ। ਸੁਪਰੀਮ ਕੋਰਟ ਨੇ 5 ਜੁਲਾਈ 2013 ਨੂੰ ਇੱਕ ਅਹਿਮ ਫ਼ੈਸਲੇ 'ਚ  ਚੋਣ ਕਮਿਸ਼ਨ  ਨੂੰ ਸਾਰੇ ਸਿਆਸੀ ਦਲਾਂ ਨਾਲ ਗੱਲਬਾਤ ਕਰਕੇ ਘੋਸ਼ਣਾ ਪੱਤਰ ਦੇ ਬਾਰੇ ਇੱਕ ਕਾਨੂੰਨੀ ਗਾਈਡਲਾਈਨਜ਼ ਤਿਆਰ ਕਰਨ ਨੂੰ ਕਿਹਾ ਸੀ। ਉਸਦੇ ਬਾਅਦ ਤਤਕਾਲੀਨ ਚੋਣ ਕਮਿਸ਼ਨ ਨੇ ਸਿਆਸੀ ਦਲਾਂ ਦੀ ਮੀਟਿੰਗ ਬੁਲਾਈ। ਇਸ ਮੀਟਿੰਗ 'ਚ 6 ਰਾਸ਼ਟਰ ਦਲ ਅਤੇ 24 ਖੇਤਰੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ। ਪਰ ਉਹਨਾ ਸਰਿਆਂ ਨੇ ਇੱਕ ਸੁਰ ਵਿੱਚ ਚੋਣ ਘੋਸ਼ਣਾ ਪੱਤਰ ਨੂੰ ਲੈ ਕੇ ਚੋਣ ਕਮਿਸ਼ਨ ਦੇ ਦਖ਼ਲ ਨੂੰ ਖ਼ਾਰਜ਼ ਕਰ ਦਿੱਤਾ।
ਦੇਸ਼ 'ਚ ਜਿਸ ਢੰਗ ਨਾਲ ਚੋਣਾਂ ਤੋਂ ਪਹਿਲਾਂ ਮੁਫ਼ਤ ਚੀਜ਼ਾਂ ਮੁਹੱਈਆ ਕਰਨ ਦੇ ਐਲਾਨਾਂ ਦਾ ਦੌਰ ਚੱਲਿਆ ਹੋਇਆ ਹੈ ਅਤੇ ਸੱਤਾ ਪ੍ਰਾਪਤੀ ਬਾਅਦ ਮੁਫ਼ਤ ਰਿਊੜੀਆਂ ਵੰਡੀਆਂ ਜਾ ਰਹੀਆਂ ਹਨ, ਉਹ ਅਸਲ ਅਰਥਾਂ 'ਚ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਤ  ਕਰ ਰਹੀਆਂ ਹਨ। ਇਹ ਸਿੱਧਿਆਂ ਲੋਕਤੰਤਰ ਉਤੇ ਵੱਡਾ ਹਮਲਾ ਸਾਬਤ ਹੋ ਰਹੀਆਂ ਹਨ, ਕਿਉਂਕਿ ਕਿਸੇ ਨਾ ਕਿਸੇ ਢੰਗ ਨਾਲ ਵੋਟਰ ਇਸ ਨਾਲ ਲਾਲਚ ਵੱਸ ਹੋਕੇ ਪ੍ਰਭਾਵਤ ਹੁੰਦਾ ਹੈ।
ਸਮੱਸਿਆ ਇਹ ਹੈ ਕਿ ਦੇਸ਼ 'ਚ ਮਹਿੰਗਾਈ, ਬੇਰੁਜ਼ਗਾਰੀ ਨੇ ਆਮ ਲੋਕਾਂ ਨੂੰ ਅਤਿ ਗਰੀਬੀ ਵੱਲ ਧੱਕ ਦਿੱਤਾ ਹੈ। ਉਸ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਉਸਨੂੰ ਕਿਸੇ ਵੀ ਮੁਫ਼ਤ ਦੀ ਚੀਜ਼ ਦੀ ਪ੍ਰਾਪਤੀ ਲਈ ਬੇਬਸ ਤੇ ਮਜ਼ਬੂਰ ਕਰ ਦਿੱਤਾ ਗਿਆ ਹੈ।
ਇਹੋ ਜਿਹੀ ਸਥਿਤੀ ਅੱਜ ਦੇ  ਦੇਸ਼ ਦੇ ਹਾਕਮਾਂ ਅਤੇ ਸਵਾਰਥੀ ਸਿਆਸਤਦਾਨਾਂ ਨੂੰ ਰਾਸ ਆਉਂਦੀ ਹੈ। ਉਹਨਾਂ ਅਸਿੱਧਿਆਂ ਤੌਰ 'ਤੇ ਵੋਟਾਂ ਖਰੀਦਣ ਦਾ ਢੰਗ ਮੁਫ਼ਤ ਰਿਊੜੀਆਂ ਵੰਡਣਾ ਤਹਿ ਕਰ ਲਿਆ ਹੈ। ਜਿਹੜਾ ਸਿੱਧਿਆਂ ਲੋਕਤੰਤਰੀ ਕਦਰਾਂ-ਕੀਮਤਾਂ ਉਤੇ ਇੱਕ ਵੱਡੀ ਸੱਟ ਅਤੇ ਲੋਕਤੰਤਰ 'ਤੇ ਧੱਬਾ ਹੈ।
-ਗੁਰਮੀਤ ਸਿੰਘ ਪਲਾਹੀ
-9815802070

ਦਿੱਲੀ ਵਿਧਾਨ ਸਭਾ ਚੋਣਾਂ- ਰਾਜ ਮਹਿਲ ਬਨਾਮ ਸ਼ੀਸ਼ ਮਹਿਲ - ਗੁਰਮੀਤ ਸਿੰਘ ਪਲਾਹੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ, ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਨਿਵਾਸ, ਚਰਚਾ ਵਿੱਚ ਹਨ। ਚਰਚਾ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ਹਨ। ਇਹ ਚੋਣਾਂ ਦਿੱਲੀ ਵਿਧਾਨ ਸਭਾ ਦੀ ਸਥਾਪਨਾ ਤੋਂ ਬਾਅਦ ਸਤਵੀਂ ਵੇਰ ਹੋ ਰਹੀਆਂ ਹਨ।
ਚੋਣ ਪ੍ਰਚਾਰ, ਕੂੜ ਪ੍ਰਚਾਰ, 5 ਫਰਵਰੀ 2025 ਦੀਆਂ ਚੋਣਾਂ ਲਈ ਇਸ ਕਦਰ ਵਧ ਚੁੱਕਾ ਹੈ ਕਿ ਭਾਜਪਾ ਕਹਿ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸ਼ੀਸ਼ ਮਹਿਲ ਨਿਵਾਸ 'ਚ ਸੋਨੇ ਦਾ ਟਾਇਲਟ ਲੱਗਿਆ ਹੋਇਆ ਹੈ। ਅਤੇ ਆਪ ਆਗੂ ਸੰਜੇ ਸਿੰਘ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ 2700 ਕਰੋੜ 'ਚ ਜੋ ਰਾਜ ਮਹਿਲ ਬਣਿਆ ਹੈ ਉਸ 'ਚ 300 ਕਰੋੜ ਦੀ ਕਲੀਨ ਵਿਛੀ ਹੈ। 10-10 ਲੱਖ ਦੇ ਪੈੱਨ, 6700 ਜੋੜੀ ਜੁੱਤੇ ਹਨ, 12-12 ਕਰੋੜ ਦੀਆਂ ਗੱਡੀਆਂ, 5000 ਸੂਟ, 200 ਕਰੋੜ ਦੇ ਝੂਮਰ ਹਨ। ਭਾਜਪਾ ਅਤੇ ਵਿਚਲੀ ਇਹ ਸ਼ਬਦੀ ਜੰਗ ਇਸ ਗੱਲ ਦਾ ਸੰਕੇਤ ਹੈ ਕਿ ਦੋਵੇਂ ਮੁੱਖ ਧਿਰਾਂ ਕਿਸੇ ਵੀ ਹਾਲਤ ਵਿੱਚ ਦਿੱਲੀ 'ਤੇ ਕਾਬਜ਼ ਹੋਣਾ ਚਾਹੁੰਦੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ 'ਆਪ' ਕਨਵੀਨਰ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦਾ 'ਅਕਸ' ਇਸ ਵਕਤ ਦਾਅ 'ਤੇ ਲੱਗਿਆ ਹੋਇਆ ਹੈ। ਪਰ ਇਸ ਸ਼ਕਤੀ ਹਥਿਆਉਣ ਦੀ ਜੰਗ ਵਿੱਚ ਲੋਕ ਮੁੱਦੇ ਗਾਇਬ ਹਨ।
70 ਮੈਂਬਰੀ  ਵਿਧਾਨ ਸਭਾ ਲਈ ਮੁੱਖ ਮੁਕਾਬਲਾ ਭਾਵੇਂ ਆਪ, ਭਾਜਪਾ, ਕਾਂਗਰਸ ਦਰਮਿਆਨ ਹੈ, ਪਰ ਬਸਪਾ, ਸਪਾ ਆਦਿ ਹੋਰ ਛੋਟੀਆਂ ਸਿਆਸੀ ਪਾਰਟੀਆਂ ਵੀ ਆਪਣਾ ਰੰਗ ਵਿਖਾਉਣਗੀਆਂ। ਲਾਰਿਆਂ, ਵਾਅਦਿਆਂ, ਨੋਟਾਂ ਦੀ ਵਰਤੋਂ ਵੋਟਰਾਂ ਨੂੰ ਭਰਮਾਉਣ ਲਈ ਮੋਦੀ ਅਤੇ ਉਸਦੇ ਰਣਨੀਤੀਕਾਰ, ਕੇਜਰੀਵਾਲ ਅਤੇ ਉਸਦੇ ਪੈਰੋਕਾਰਾਂ ਵੱਲੋਂ ਵੱਡੇ ਜਾਲ ਵਿਛਾਏ ਜਾ ਰਹੇ ਹਨ।
ਦਿੱਲੀ ਦੇ ਵੋਟਰ ਸਦਾ ਅਚੰਭੇ ਕਰਨ ਲਈ ਜਾਣੇ ਜਾਂਦੇ ਹਨ। 2014 'ਚ ਭਾਜਪਾ ਨੂੰ ਦਿੱਲੀ ਦੇ ਵੋਟਰਾਂ ਨੇ ਪਾਰਲੀਮੈਂਟ ਵਿੱਚ ਵੱਡੀ ਜਿੱਤ ਦਿੱਤੀ ਅਤੇ ਸਾਲ ਦੇ ਵਿੱਚ ਵਿੱਚ ਹੀ ਜਦੋਂ ਫਰਵਰੀ 2015 'ਚ ਵਿਧਾਨ ਸਭਾ ਚੋਣਾਂ ਹੋਈਆਂ, 'ਆਪ' ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ। 2019 ‘ਚ ਭਾਜਪਾ ਪਾਰਲੀਮੈਂਟ ਚੋਣਾਂ ਦਿੱਲੀ ‘ਚ ਫਿਰ ਜਿੱਤ ਗਈ, ਪਰ ਫਰਵਰੀ 2020 ‘ਚ ਫਿਰ ਆਪ ਕੋਲੋਂ ਵਿਧਾਨ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਗਈ। ਹੁਣ ਵੀ ਭਾਵੇਂ ਦਿੱਲੀ ‘ਚ ਤਿਕੋਨੀ ਟੱਕਰ ਹੈ, ਪਰ ਮੁੱਖ ਮੁਕਾਬਲਾ ਭਾਜਪਾ ਅਤੇ ਆਪ ਵਿਚਕਾਰ ਹੈ।
ਵਿਧਾਨ ਸਭਾ ਚੋਣਾਂ ਸਾਲ-2020 ਵਿੱਚ 'ਆਪ' ਨੂੰ 53.6 ਫ਼ੀਸਦੀ ਅਤੇ ਬੀ.ਜੇ.ਪੀ. ਨੂੰ 38.5 ਫ਼ੀਸਦੀ ਵੋਟਾਂ ਮਿਲੀਆਂ। 2022 ‘ਚ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਚੋਣਾਂ ‘ਚ ਭਾਜਪਾ 39 ਫ਼ੀਸਦੀ ਅਤੇ ਆਪ 42 ਫ਼ੀਸਦੀ ਵੋਟ ਪ੍ਰਾਪਤ ਕਰ ਗਈ। ਜਦਕਿ ਲੋਕ ਸਭਾ-2024 ਦੀਆਂ 7 ਸੀਟਾਂ ਦਿੱਲੀ ਵਿੱਚ ਭਾਜਪਾ ਹਥਿਆ ਗਈ। ਹਾਲਾਂਕਿ ਕਾਂਗਰਸ ਅਤੇ ਆਪ ਨੇ ਇੱਕਠਿਆਂ ਇਹ ਚੋਣਾਂ ਲੜੀਆਂ ਸਨ। ਫਰਵਰੀ 2025 ਦੀਆਂ ਵਿਧਾਨ ਸਭਾ ਚੋਣਾਂ ‘ਚ ਮੁੜ ਆਪ ਅਤੇ ਕਾਂਗਰਸ ਇਕੱਲਿਆਂ ਹੀ ਚੋਣ ਲੜ ਰਹੀਆਂ ਹਨ।
ਰਾਜਧਾਨੀ ਦਿੱਲੀ ‘ਚ ਪਹਿਲੀ ਵਾਰ 1993 ਵਿਧਾਨ ਸਭਾ ਬਣੀ। ਭਾਜਪਾ ਨੂੰ ਦਿੱਲੀ ‘ਚ 27 ਸਾਲਾਂ ਤੋਂ ਸੱਤਾ ਦਾ ਇੰਤਜ਼ਾਰ ਹੈ। ਜਦਕਿ ਆਪ 10 ਸਾਲਾਂ ਤੋਂ ਲਗਾਤਾਰ ਸੱਤਾਧਾਰੀ ਹੈ, ਹਾਲਾਂਕਿ ਭਾਜਪਾ ਵੱਖੋਂ-ਵੱਖਰੇ ਹਥਕੰਡੇ ਵਰਤਕੇ 'ਆਪ' ਨੂੰ ਦਿੱਲੀ 'ਤੇ ਸਹੀ ਢੰਗ ਨਾਲ ਰਾਜ ਨਹੀਂ ਕਰਨ ਦੇ ਰਹੀ। ਭਾਜਪਾ ਵਲੋਂ ਹਰ ਹਰਬਾ ਵਰਤਕੇ ‘ਆਪ’ ਨੇਤਾਵਾਂ ਉਤੇ ਨਿਰੰਤਰ ਕੇਸ ਦਰਜ ਕੀਤੇ, ਕਰਵਾਏ ਜਾ ਰਹੇ ਹਨ। 'ਆਪ' ਦੇ ਨੇਤਾਵਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਦਿੱਲੀ ‘ਚ ਆਪ ਕੋਲੋਂ ਰਾਜ-ਭਾਗ ਖੋਹਣ ਲਈ ਭਾਜਪਾ ਲਗਾਤਾਰ ਹਮਲਾਵਰ ਹੈ। ਰਾਜਧਾਨੀ ਦਿੱਲੀ ਨੂੰ ਸੱਤਾ ਖੋਹਣ ਦੇ ਢੰਗ- ਤਰੀਕਿਆਂ ਦੀ ਪ੍ਰਯੋਗਸ਼ਾਲਾ ਬਣਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਵਲੋਂ ਜਦੋਂ ਇਕ ਲੰਮੀ ਸੁਣਵਾਈ ਤੋਂ ਬਾਅਦ ਫ਼ੈਸਲਾ ਦਿੱਤਾ ਗਿਆ ਕਿ ਚੁਣੀ ਹੋਈ ਸਰਕਾਰ ਦੇ ਅਧਿਕਾਰਾਂ ਵਿਚ ਕਟੌਤੀ ਦਾ ਅਧਿਕਾਰ ਉਪ ਰਾਜਪਾਲ ਕੋਲ ਨਹੀਂ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੇ ਨਵੇਂ ਨੋਟੀਫੀਕੇਸ਼ਨ ਜਾਰੀ ਕਰਕੇ ਇਹ ਯਕੀਨੀ ਬਣਾਇਆ ਕਿ ਕੇਜਰੀਵਾਲ ਦੀ ਸਰਕਾਰ ਆਪਣੀਆਂ ਘੋਸ਼ਿਤ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਨਾ ਕਰ ਸਕੇ। ਨਤੀਜਾ ਇਹ ਨਿਕਲਿਆ ਕਿ ਚੁਣੀ ਹੋਈ ਸਰਕਾਰ ਦੇ ਕੋਲ ਇਕ ਸੇਵਾਦਾਰ ਦੀ ਨਿਯੁੱਕਤੀ ਦੇ ਹੱਕ ਵੀ ਨਹੀਂ ਹਨ।
ਦਿੱਲੀ ਵਿੱਚ ਭਾਜਪਾ ਪਿਛਲੀਆਂ ਛੇ ਚੋਣਾਂ ਤੋਂ ਆਪਣੀ ਸਰਕਾਰ ਨਹੀਂ ਬਣਾ ਸਕੀ। ਦਿੱਲੀ ਵਿੱਚ ਉਸ ਕੋਲ 30 ਤੋਂ 32 ਫ਼ੀਸਦੀ ਵੋਟਾਂ ਹਨ। ਇਸ ਸਮੇਂ ਦੌਰਾਨ ਆਪ ਜਾਂ ਕਾਂਗਰਸ ਨੇ ਜਦੋਂ ਵੀ ਜਿੱਤ ਪ੍ਰਾਪਤ ਕੀਤੀ, ਭਾਜਪਾ ਵੋਟ ਪ੍ਰਤੀਸ਼ਤ ਇਸ ਪ੍ਰਤੀਸ਼ਤ ਤੋਂ ਵੱਧ ਨਹੀਂ ਕਰ ਸਕੀ।
'ਆਪ' ਜਿਸ ਵਲੋਂ ਦਿੱਲੀ ਤੋਂ ਬਾਅਦ ਪੰਜਾਬ ਜਿੱਤਿਆ। ਹਰਿਆਣਾ, ਗੁਜਰਾਤ ਤੱਕ ਵੀ ਉਸ ਵਲੋਂ ਚੋਣਾਂ ਲੜੀਆਂ ਗਈਆਂ, ਪਰ ਇਸ ਵੇਰ ਉਸ ਲਈ ਦਿੱਲੀ ਚੋਣਾਂ ਸੌਖਿਆਂ ਜਿੱਤਣੀਆਂ ਸੰਭਵ ਨਹੀਂ, ਕਿਉਂਕਿ ਦਿੱਲੀ ਦਾ ਮੱਧ ਵਰਗ ਪੁੱਛ ਰਿਹਾ ਹੈ ਕਿ ਜੇਕਰ 'ਆਪ' ਨੂੰ ਦਿੱਲੀ ‘ਚ ਬਹੁਮਤ ਦੇ ਦਿੱਤੀ ਅਤੇ ਰਾਜਪਾਲ ਨੇ ਉਸ ਨੂੰ ਫਿਰ ਵੀ ਕੰਮ ਨਾ ਕਰਨ ਦਿੱਤਾ ਤਾਂ ਫਿਰ ਕੀ ਹੋਏਗਾ? ਕਿਉਂਕਿ ਦਿੱਲੀ ਦੀਆਂ ਸੜਕਾਂ ਖ਼ਰਾਬ ਹਨ। ਲਗਾਤਾਰ ਹਵਾ ਪ੍ਰਦੂਸ਼ਨ ਇਥੇ ਵੱਧ ਰਿਹਾ ਹੈ। ਕੀਤੇ ਹੋਏ ਵਾਅਦਿਆਂ ਮੁਤਾਬਕ ਨਾ ਦਿੱਲੀ 'ਚ ਨਵੇਂ ਹਸਪਤਾਲ ਬਣੇ ਹਨ ਅਤੇ ਨਾ ਹੀ ਕੂੜਾ-ਪ੍ਰਬੰਧਨ ਠੀਕ ਹੋ ਸਕਿਆ, ਨਾ ਠੀਕ ਢੰਗ ਨਾਲ ਪਾਣੀ ਦੀ ਉਪਲੱਬਧਤਾ ਹੋ ਸਕੀ ਹੈ।
ਦਿੱਲੀ ਵਾਲੇ ਵੋਟਰਾਂ ਦੀ ਇੱਕ ਵੱਖਰੀ ਪਛਾਣ ਅਤੇ ਖ਼ਾਸੀਅਤ ਹੈ। ਕੁਝ ਇੱਕੋ ਜਾਤ-ਬਰਾਦਰੀ ਵਾਲੇ ਪ੍ਰਵਾਸੀ ਹਨ, ਜਿਹਨਾ ਦੀਆਂ ਮੰਗਾਂ ਵੱਖਰੀਆਂ ਹਨ। ਕੁਝ ਮੱਧ ਵਰਗੀ ਲੋਕ ਹਨ। ਇੱਕ ਵੱਖਰੀ ਤਰ੍ਹਾਂ ਦੀ ਭੀੜ ਨੂੰ ਵੋਟਾਂ ਤੋਂ ਪਹਿਲਾਂ ਪਾਰਟੀਆਂ, ਵੱਖੋ-ਵੱਖਰੇ ਲਾਲਚ ਦੇਕੇ ਭਰਮਾਉਣ ਦਾ ਯਤਨ ਕਰਦੀਆਂ ਹਨ । ਕਿਧਰੇ ਬੇਟੀਆਂ, ਔਰਤਾਂ ਲਈ ਪੈਨਸ਼ਨ ਦਾ ਲਾਲਚ ਹੈ, ਕਿਧਰੇ ਬਜ਼ੁਰਗਾਂ ਲਈ ਮੁਫ਼ਤ ਬੀਮਾ ਯੋਜਨਾ। ਪਾਰਟੀਆਂ ਇੱਕ ਤੋਂ ਵੱਧ ਇੱਕ ਭਰਮਾਊ ਨਾਹਰਾ ਦਿੰਦੀਆਂ ਹਨ।
ਅਸਲ ਵਿੱਚ ਆਮ ਲੋਕਾਂ ਦੀ ਮੰਗ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ, ਰੁਜ਼ਗਾਰ, ਚੰਗਾ ਵਾਤਾਵਰਨ, ਬਣਨੀ ਚਾਹੀਦੀ ਹੈ। ਸਿਆਸੀ ਪਾਰਟੀਆਂ ਦੇ ਆਪਣੇ ਚੋਣ ਮੈਨੀਫੈਸਟੋ ਇਹਨਾ ਵਾਇਦਿਆਂ ਨਾਲ ਭਰੇ ਵੀ ਦਿਸਦੇ ਹਨ, ਪਰ ਇਹ ਚੋਣਾਂ ਜਿੱਤਣ ਤੋਂ ਬਾਅਦ ਧਰੇ-ਧਰਾਏ ਰਹਿ ਜਾਂਦੇ ਹਨ। ਇਹ ਸਾਰੇ ਵਾਇਦੇ ਦੇਸ਼ ਦੇ ਦਿਲ, ਦਿੱਲੀ 'ਤੇ ਰਾਜ ਕਰਨ ਲਈ ਕਾਂਗਰਸ ਦੀ ਮੁੱਖ  ਮੰਤਰੀ ਬਣੀ ਸ਼ੀਲਾ ਦੀਕਸ਼ਤ ਨੇ ਕਾਂਗਰਸ ਵਲੋਂ ਦਿੱਤੇ ਸਨ, ਜਿਸਨੇ ਲੰਮਾ ਸਮਾਂ ਦਿੱਲੀ ਸੰਭਾਲੀ। ਉਹ 1998 'ਚ ਪਹਿਲੀ ਵੇਰ ਮੁੱਖ ਮੰਤਰੀ ਬਣੀ ਸੀ। ਉਸ ਤੋਂ ਬਾਅਦ ਕਾਂਗਰਸ ਦੇ ਦਿੱਲੀ 'ਚ ਪੈਰ ਨਾ ਲੱਗੇ, ਕਿਉਂਕਿ ਕਾਂਗਰਸ  ਚੋਣ ਮੈਨੀਫੈਸਟੋ ਵਾਲੇ ਵਾਇਦੇ ਪੂਰਿਆਂ ਨਾ ਕਰ ਸਕੀ।  ਇਸ ਵੇਰ ਦਿੱਲੀ ਦੀ ਕਾਂਗਰਸ, ਸ਼ੀਲਾ ਦੀਕਸ਼ਤ ਦੇ ਸਪੁੱਤਰ ਸੰਦੀਪ ਦੀਕਸ਼ਤ ਉਤੇ ਵਿਧਾਨ ਸਭਾ ਦੀ ਖੇਡ, ਖੇਡ ਰਹੀ ਹੈ। ਇਹ ਜਾਣਦਿਆਂ ਹੋਇਆ ਵੀ ਕਿ  ਕਾਂਗਰਸ ਦਿੱਲੀ 'ਚ ਰਾਜ-ਭਾਗ  'ਤੇ ਕਾਬਜ ਨਹੀਂ ਹੋ ਸਕਦੀ, ਕਿਉਂਕਿ ਉਸਦਾ ਦਿੱਲੀ 'ਚ ਲੋਕ-ਅਧਾਰ ਖਿਸਕ ਚੁੱਕਾ ਹੈ, ਪਰ ਉਹ ਇਸ ਆਸ ਵਿੱਚ ਹੈ ਕਿ ਉਸਦੀ ਵੋਟ ਫ਼ੀਸਦੀ ਵਧੇਗੀ, ਉਂਜ ਕਾਂਗਰਸ ਚਾਹੇਗੀ ਕਿ ਭਾਜਪਾ ਦੀ ਥਾਂ 'ਆਪ' ਹੀ ਦਿੱਲੀ ਤਖ਼ਤ ਸੰਭਾਲੇ, ਕਿਉਂਕਿ ਉਹ ਇੰਡੀਆਂ ਗੱਠਜੋੜ ਦੀ ਮੈਂਬਰ ਹੈ, ਹਾਲਾਂਕਿ 'ਆਪ' ਵਲੋਂ ਕਾਂਗਰਸ ਉਤੇ ਇੰਡੀਆ ਗੱਠਜੋੜ 'ਚ ਤਿੱਖੇ ਹਮਲੇ ਕੀਤੇ ਹਨ।ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਸਪਾ, ਬੈਨਰਜੀ ਅਤੇ ਸੀਪੀਐਮ ਵਲੋਂ ਵੀ ਕੇਜਰੀਵਾਲ ਨੂੰ ਹੀ ਸਮਰਥਨ ਦਿੱਤਾ ਗਿਆ ਹੈ।
ਦਿੱਲੀ ਚੋਣਾਂ 'ਚ 'ਆਪ' ਕਦੇ ਵੀ ਨਹੀਂ ਚਾਹੇਗੀ ਕਿ ਉਸਦੀ ਹਾਰ ਹੋਵੇ, ਇਥੋਂ ਤੱਕ ਕਿ ਉਹ ਮੌਜੂਦਾ ਬਹੁਮੱਤ ਸੀਟਾਂ ਆਪਣੇ ਨਾਂਅ ਕਰਨ 'ਤੇ ਜ਼ੋਰ ਲਗਾਏਗੀ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅਕਸ ਦਾਅ 'ਤੇ ਹੈ, ਕਿਉਂਕਿ ਉਸਨੇ ਲੋਕਾਂ ਤੋਂ ਵੋਟਾਂ ਇਸ ਅਧਾਰ 'ਤੇ ਮੰਗੀਆਂ ਹਨ ਕਿ ਉਹ ਇੱਕ ਇਮਾਨਦਾਰ ਸਿਆਸਤਦਾਨ ਹੈ, ਪਰ ਭਾਜਪਾ ਉਸਨੂੰ ਬੇਈਮਾਨ ਸਿੱਧ ਕਰਨਾ ਚਾਹੁੰਦੀ ਹੈ। ਉਂਜ ਵੀ ਜੇਕਰ ਕੇਜਰੀਵਾਲ ਦੀ ਪਾਰਟੀ 'ਆਪ' ਦਿੱਲੀ 'ਚ ਹਾਰਦੀ ਹੈ ਤਾਂ ਅੱਗੋਂ ਇਸਦਾ ਅਸਰ ਸਿੱਧਾ ਪੰਜਾਬ ਉਤੇ ਪਏਗਾ ਅਤੇ ਕੇਜਰੀਵਾਲ ਦਾ ਵੱਡਾ ਰਾਸ਼ਟਰੀ ਨੇਤਾ ਬਨਣ ਦਾ ਸੁਪਨਾ ਖੇਰੂੰ-ਖੇਰੂੰ ਹੋ ਜਾਏਗਾ।
ਭਾਜਪਾ ਹਰ ਹੀਲੇ ਦਿੱਲੀ 'ਤੇ ਕਾਬਜ਼ ਹੋਣ ਦੀ ਤਾਕ 'ਚ ਹੈ। ਮਹਾਂਰਾਸ਼ਟਰ ਅਤੇ ਹਰਿਆਣਾ 'ਚ ਸਿਆਸੀ ਦਾਅ ਖੇਡਕੇ ਜਿਵੇਂ ਉਸਨੇ ਰਾਜਭਾਗ ਸੰਭਾਲਿਆ ਹੈ, ਉਹ ਚਾਹੇਗੀ ਕਿ ਦਿੱਲੀ ਉਸਦੇ ਹੱਥ ਆ ਜਾਏ। ਪ੍ਰਧਾਨ ਮੰਤਰੀ  ਨੇ ਦਿੱਲੀ 'ਤੇ ਕਾਬਜ਼ ਹੋਣ ਲਈ ਡਵਲ ਇੰਜਨ ਸਰਕਾਰ ਦੇ ਫ਼ਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ ਹਨ। ਨਵੀਆਂ ਸਕੀਮਾਂ ਦਿੱਲੀ ਵਾਲਿਆਂ ਲਈ ਦੇਣ ਦੇ ਵਾਇਦੇ ਕੀਤੇ ਹਨ।
ਸਿਆਸੀ ਪੰਡਿਤ ਇਹ ਅੰਦਾਜ਼ੇ ਲਾ ਰਹੇ ਹਨ ਕਿ ਭਾਜਪਾ ਦੀ ਆਰ.ਐਸ.ਐਸ. ਦੇ ਯਤਨਾਂ ਨਾਲ ਵੋਟ ਟਿਕਾਊ ਹੈ ਅਤੇ ਆਪ ਅਤੇ ਕਾਂਗਰਸ ਦਾ ਵੋਟ ਬੈਂਕ ਮੁੱਖ ਤੌਰ 'ਤੇ ਘੱਟ ਗਿਣਤੀਆਂ ਅਤੇ ਦਲਿਤ ਹਨ। ਭਾਜਪਾ ਆਸ ਕਰੇਗੀ ਕਿ ਜਿਵੇਂ ਉਸਨੇ ਮਹਾਂਰਾਸ਼ਟਰ ਅਤੇ ਹਰਿਆਣਾ 'ਚ ਕਾਂਗਰਸ ਦੀ ਵੋਟ ਬੈਂਕ 'ਤੇ ਸੰਨ ਲਾਈ ਹੈ, ਉਹ ਇਥੇ ਵੀ ਇਹੋ ਕਿਸਮ ਦੀ ਸੰਨ ਲਾਉਣ 'ਚ ਕਾਮਯਾਬ ਹੋ ਜਾਏਗੀ ਅਤੇ ਉਸਦੀ ਵੋਟ ਬੈਂਕ ਵਿੱਚ 10 ਤੋਂ 12 ਫ਼ੀਸਦੀ ਦਾ ਵਾਧਾ ਹੋ ਜਾਵੇਗਾ ਅਤੇ ਉਹ ਚੋਣ ਜਿੱਤ ਜਾਏਗੀ। ਉਸਨੂੰ ਇਹ ਵੀ ਆਸ ਹੈ ਕਿ ਜੇਕਰ ਕਾਂਗਰਸ ਆਪਣੀ ਵੋਟ ਬੈਂਕ 'ਚ ਵਾਧਾ ਕਰਦੀ ਹੈ ਤਾਂ  ਇਹ ਵੋਟ ਬੈਂਕ 'ਆਪ' ਦੀ ਹੀ ਟੁੱਟੇਗੀ ਤੇ ਇਸਦਾ ਫ਼ਾਇਦਾ ਭਾਜਪਾ ਨੂੰ ਹੋਵੇਗਾ।
 ਦਿੱਲੀ 2025 ਵਿਧਾਨ ਸਭਾ ਚੋਣਾਂ 'ਚ ਸਫ਼ਲਤਾ ਰਾਸ਼ਟਰੀ ਅਤੇ ਸਥਾਨਕ ਮੰਗਾਂ 'ਤੇ ਵੀ ਨਿਰਭਰ ਹੋਏਗੀ। ਕਾਰਪੋਰੇਸ਼ਨ ਅਤੇ ਰਾਸ਼ਟਰੀ ਲੋਕ ਸਭਾ ਚੋਣਾਂ 'ਚ ਵੋਟਰ ਜਿਹਨਾ ਉਮੀਦਵਾਰਾਂ ਨੂੰ ਚੁਣਦੇ ਹਨ ਬਿਨ੍ਹਾਂ ਸ਼ੱਕ ਉਸਦਾ ਅਧਾਰ ਵੱਖਰਾ ਗਿਣਿਆ ਜਾਂਦਾ ਹੈ, ਪਰ ਪਾਰਟੀਆਂ ਨਾਲ ਜੁੜੀ ਵੋਟ ਇਹਨਾ ਚੋਣਾਂ ਵੇਲੇ ਵੀ ਬਹੁਤੀਆਂ ਹਾਲਤਾਂ 'ਚ ਨਹੀਂ ਖਿਸਕਦੀ।
ਇਸ ਸਮੇਂ ਆਪ ਦਿੱਲੀ 'ਚ ਹੋਰ ਵੱਡੀ ਤਾਕਤ ਅਤੇ ਬਹੁਮਤ ਪ੍ਰਾਪਤ ਕਰਨ ਦੀ ਲੜਾਈ ਲੜ ਰਹੀ ਹੈ ਅਤੇ ਭਾਜਪਾ ਕੇਜਰੀਵਾਲ ਦਾ ਅਕਸ ਛੋਟਾ ਕਰਨ ਦੇ ਆਹਰ 'ਚ ਦਿੱਲੀ ਜਿੱਤਣ ਲਈ ਯਤਨਸ਼ੀਲ ਹੈ। ਉਂਜ ਭਾਜਪਾ ਨੂੰ ਇਸ ਗੱਲ ਵਿੱਚ ਵੀ ਤਸੱਲੀ ਮਿਲੇਗੀ ਜੇਕਰ 'ਆਪ' ਦੀਆਂ ਸੀਟਾਂ ਵਿਧਾਨ ਸਭਾ ਵਿੱਚ ਘੱਟਦੀਆਂ ਹਨ।
ਪਰ ਜੇਕਰ 'ਆਪ' ਵੱਡੇ ਬਹੁਮਤ ਨਾਲ ਫਿਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਜੇਤੂ ਰਹਿੰਦੀ ਹੈ ਤਾਂ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਿਆਸੀ ਕੱਦ-ਬੁੱਤ ਲਈ ਇੱਕ ਵੱਡਾ ਝਟਕਾ ਹੋਏਗਾ।
-ਗੁਰਮੀਤ ਸਿੰਘ ਪਲਾਹੀ