ਵਿੱਦਿਅਕ ਅਦਾਰਿਆਂ 'ਚ ਵਿਤਕਰਾ ਅਤੇ ਦਲਿਤ - ਗੁਰਤੇਜ ਸਿੰਘ
ਦਲਿਤ ਵਿਦਿਆਰਥੀ ਸਦਾ ਵਿਤਕਰੇ ਦਾ ਸ਼ਿਕਾਰ ਰਹੇ ਹਨ ਜੋ ਹਰ ਜਗ੍ਹਾ ਕੀਤਾ ਜਾਂਦਾ ਹੈ। ਪੁਰਾਤਨ ਯੁੱਗ ਵਿਚ ਏਕਲਵਯ ਨੂੰ ਦਲਿਤ ਹੋਣ ਕਾਰਨ ਆਪਣਾ ਅੰਗੂਠਾ ਵੱਢ ਕੇ ਆਪਣੇ ਗੁਰੂ ਨੂੰ ਦੇਣਾ ਪਿਆ ਸੀ। ਜੇ ਉਹ ਸਵਰਨ ਜਾਤੀ ਦਾ ਹੁੰਦਾ ਤਾਂ ਸ਼ਾਇਦ ਕਿਸੇ ਦੀ ਵੀ ਉਸ ਨਾਲ ਅਜਿਹਾ ਸਲੂਕ ਕਰਨ ਦੀ ਹਿੰਮਤ ਨਹੀਂ ਪੈਣੀ ਸੀ। ਅਜੋਕੇ ਦੌਰ ਅੰਦਰ ਏਮਸ, ਆਈਆਈਟੀਜ਼ ਦੇ ਨਾਲ ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿਚ ਵਿਤਕਰਾ ਮੌਜੂਦ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਅਸੀਂ ਭਾਰਤੀ ਇੰਨਾ ਪੜ੍ਹ ਲਿਖ ਕੇ ਵੀ ਆਪਣੀ ਸੌੜੀ ਮਾਨਸਿਕਤਾ ਨੂੰ ਨਹੀਂ ਤਿਆਗ ਸਕੇ ਹਾਂ।
27 ਮਈ ਨੂੰ ਮੁੰਬਈ ਸੈਂਟਰਲ ਦੇ ਸਰਕਾਰੀ ਬੀਵਾਈਐੱਲ ਨਾਇਰ ਹਸਪਤਾਲ ਦੇ ਹੋਸਟਲ ਵਿਚ ਪੋਸਟ ਗ੍ਰੈਜੂਏਸ਼ਨ ਦੀ ਵਿਦਿਆਰਥਣ ਪਾਇਲ ਸਲਮਾਨ ਤੜਵੀ ਨੇ ਆਪਣੀਆਂ ਉੱਚ ਜਾਤੀ ਦੀਆਂ ਸੀਨੀਅਰ ਤੇ ਕੁਲੀਗ ਡਾਕਟਰਾਂ ਦੀਆਂ ਜਾਤ-ਪਾਤੀ ਟਿੱਪਣੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਉਹ ਹਮੇਸ਼ਾਂ ਉਸ ਨੂੰ ਰਾਖਵੇਂਕਰਨ ਕਾਰਨ ਪੜ੍ਹਾਈ ਵਿਚ ਮਿਲੇ ਮੌਕੇ ਦੇ ਤਾਅਨੇ ਦੇ ਕੇ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਸਨ। ਛੂਤਛਾਤ ਦਾ ਵਿਤਕਰਾ ਉਸ ਨਾਲ ਆਮ ਸੀ, ਇੱਥੋਂ ਤੱਕ ਕਿ ਉਸ ਨੂੰ ਅਖੌਤੀ ਉੱਚ ਜਾਤੀ ਦੇ ਮਰੀਜ਼ਾਂ ਨੂੰ ਛੂਹਣ ਤੋਂ ਵਰਜਿਆ ਜਾਂਦਾ ਸੀ।
2010 ਵਿਚ ਦਿੱਲੀ ਦੇ ਵਰਧਮਾਨ ਮੈਡੀਕਲ ਕਾਲਜ ਵਿਚ 35 ਦਲਿਤ ਵਿਦਿਆਰਥੀਆਂ ਨੂੰ ਭੇਦਭਾਵ ਕਰਕੇ ਜਾਣਬੁੱਝ ਕੇ ਫੇਲ੍ਹ ਕੀਤਾ ਗਿਆ। 2008 ਵਿਚ ਦਲਿਤ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਇਸ ਭੇਦਭਾਵ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਉਹ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਐੱਮਬੀਬੀਐੱਸ ਕੋਰਸ ਦੇ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਕਮਿਊਨਿਟੀ ਮੈਡੀਸਨ ਦੇ ਤਿੰਨ ਪ੍ਰੋਫੈਸਰਾਂ ਨੇ ਉਸ ਨੂੰ ਉਸ ਵਿਸ਼ੇ ਵਿਚ ਦੋ ਵਾਰ ਜਬਰੀ ਫੇਲ੍ਹ ਕੀਤਾ ਅਤੇ ਅੱਗੇ ਵੀ ਫੇਲ੍ਹ ਕਰਨ ਦੀ ਧਮਕੀ ਦਿੱਤੀ ਸੀ। ਉਸ ਦੀ ਖੁਦਕੁਸ਼ੀ ਦੇ 7 ਮਹੀਨਿਆਂ ਬਾਅਦ ਜਦ ਉਸ ਦੀਆਂ ਉੱਤਰ ਪੱਤਰੀਆਂ ਦਾ ਦੁਬਾਰਾ ਮੁਲੰਕਣ ਕੀਤਾ ਗਿਆ ਤਾਂ ਉਹ ਪਾਸ ਸੀ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਦੇ ਸਰਕਾਰੀ ਸਕੂਲ ਦੀ ਦਲਿਤ ਵਿਦਿਆਰਥਣ ਨਾਲ ਉੱਥੇ ਤਾਇਨਾਤ ਕੁਝ ਅਧਿਆਪਕਾਂ ਵੱਲੋਂ ਲੰਮੇ ਸਮੇ ਤੋਂ ਦੁਰਵਿਹਾਰ ਕਰਨ ਦੇ ਨਾਲ ਨਾਲ ਉਸ ਬਾਰੇ ਜਾਤੀਸੂਚਕ ਸ਼ਬਦਾਂ ਦੀ ਵਰਤੋ ਨੇ ਉਸ ਦੀ ਰੂਹ ਨੂੰ ਝੰਜੋੜ ਦਿੱਤਾ ਜਿਸ ਖਿਲਾਫ ਉਸ ਨੇ ਸੋਸ਼ਲ ਮੀਡੀਆ ਜ਼ਰੀਏ ਆਵਾਜ਼ ਬੁਲੰਦ ਕੀਤੀ। ਉਸ ਅਨੁਸਾਰ, ਸਕੂਲ ਦੇ ਪੰਜ ਲੋਕ ਇਸ ਅਣਮਨੁੱਖੀ ਵਰਤਾਰੇ ਵਿਚ ਸ਼ਾਮਿਲ ਸਨ। ਸਿੱਖਿਆ ਵਿਭਾਗ ਨੇ ਪੂਰੇ ਸਕੂਲ ਸਟਾਫ ਨੂੰ ਬਦਲਣ ਦੇ ਨਿਰਦੇਸ਼ ਦੇ ਦਿੱਤੇ। ਇਸ ਵਿਦਿਆਰਥਣ ਨੇ ਫਿਰ ਆਵਾਜ਼ ਬੁਲੰਦ ਕੀਤੀ ਕਿ ਦੋਸ਼ੀ ਸਾਰੇ ਨਹੀਂ, ਬਾਕੀਆਂ ਨੂੰ ਸਜ਼ਾ ਕਿਉਂ? ਇਹ ਤੱਥ ਹੁਣ ਜੱਗ ਜ਼ਾਹਿਰ ਹੈ ਕਿ ਸਰਕਾਰੀ ਸਕੂਲਾਂ ਵਿਚ ਗਰੀਬ ਮਜ਼ਦੂਰਾਂ ਦੇ ਬੱਚੇ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
12 ਮਾਰਚ 2017 ਨੂੰ ਜੇਐੱਨਯੂ ਦੇ ਐੱਮਫਿਲ ਦੇ ਦਲਿਤ ਵਿਦਿਆਰਥੀ ਕ੍ਰਿਸ਼ ਨੇ ਕੱਟੜਪੰਥੀ ਤਾਕਤਾਂ ਦੇ ਅੜੀਅਲ ਵਤੀਰੇ ਕਾਰਨ ਖੁਦਕੁਸ਼ੀ ਕੀਤੀ ਸੀ। ਇਸ ਘਟਨਾ ਨੇ ਵਿਦਿਆਰਥੀਆਂ ਦੇ ਜ਼ਖਮ ਹਰੇ ਕਰ ਦਿੱਤੇ ਹਨ ਜੋ ਰੋਹਿਤ ਵੇਮੁਲਾ ਦੇ ਰੂਪ ਵਿਚ ਮਿਲੇ ਸਨ। ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ 10 ਦਲਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੁਅੱਤਲ ਕਰਕੇ ਚਰਚਾ ਵਿਚ ਆਈ ਸੀ। 17 ਜਨਵਰੀ 2016 ਨੂੰ ਰੋਹਿਤ ਵੇਮੁਲਾ ਨੇ ਖੁਦਕੁਸ਼ੀ ਕਰ ਲਈ। ਉਸ ਦੀ ਫੈਲੋਸ਼ਿਪ ਰੋਕ ਦਿੱਤੀ ਗਈ ਸੀ ਅਤੇ ਉਸ ਨੂੰ ਯੂਨੀਵਰਸਿਟੀ ਕੈਂਪਸ ਵਿਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਕਥਿਤ ਵਧੀਕੀ ਕਰਨ ਵਾਲਿਆਂ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਇਸ ਦੁਖਾਂਤ ਨੇ ਸਰਕਾਰ, ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਨਾਲ ਲੋਕਤੰਤਰ ਦੇ ਚੌਥੇ ਥੰਮ੍ਹ- ਮੀਡੀਆ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ।
ਦਲਿਤ ਪ੍ਰਸੰਗ ਵਿਚ ਮੀਡੀਆ ਦੀ ਭੂਮਿਕਾ ਬਾਰੇ ਬੁੱਧੀਜੀਵੀ ਵਰਗ ਚਿੰਤਤ ਹੈ ਕਿ ਇਸ ਦੇ ਇਕ ਹਿੱਸੇ ਨੇ ਦਲਿਤਾਂ ਦੇ ਮੁੱਦੇ ਉਤੇ ਕਦੇ ਸੰਜੀਦਗੀ ਨਹੀਂ ਦਿਖਾਈ। ਆਂਧਰਾ ਪ੍ਰਦੇਸ਼ ਦੇ ਮੁੱਖ ਅਖਬਾਰਾਂ ਨੇ ਇਸ ਮੁੱਦੇ ਵੱਲ ਬਹੁਤੀ ਤਵੱਜੋ ਨਹੀਂ ਸੀ ਦਿੱਤੀ। ਕਿੰਨੇ ਲੰਮੇ ਸਮੇਂ ਤੋਂ ਇਹ ਮਾਮਲਾ ਚੱਲ ਰਿਹਾ ਸੀ ਪਰ ਉੱਥੋਂ ਦੇ ਅਤੇ ਕੌਮੀ ਮੀਡੀਆ ਨੇ ਇਸ ਮਸਲੇ 'ਤੇ ਕੋਈ ਗੌਰ ਨਹੀ ਕੀਤੀ। ਸੋਸ਼ਲ ਮੀਡੀਆ ਵਿਚ ਹੀ ਇਹ ਮੁੱਦਾ ਉੱਠਿਆ ਸੀ। ਜਦੋਂ ਵਿਦਿਆਰਥੀ ਨੇ ਮਜਬੂਰ ਹੋ ਕੇ ਖੁਦਕੁਸ਼ੀ ਕਰ ਲਈ ਤਾਂ ਕਿਤੇ ਜਾ ਕੇ ਮੀਡੀਆ ਜਾਗਿਆ। ਅਸਲ ਵਿਚ, ਮੀਡੀਆ ਉਦੋਂ ਹੀ ਹਰਕਤ ਵਿਚ ਆਉਂਦਾ ਹੈ ਜਦ ਦਲਿਤ ਖੁਦਕੁਸ਼ੀਆਂ ਕਰਦੇ ਹਨ ਜਾਂ ਉਨ੍ਹਾਂ ਦੇ ਘਰ ਜਲਾਏ ਜਾਂਦੇ ਹਨ ਜਾਂ ਦਲਿਤ ਔਰਤਾਂ ਦੁਰਾਚਾਰ ਦਾ ਸ਼ਿਕਾਰ ਹੁੰਦੀਆਂ ਹਨ। 2016 ਵਿਚ ਕੇਰਲ ਦੇ ਪੇਰੰਬਾਵੂਰ ਵਿਚ ਕਾਨੂੰਨ ਦੀ ਦਲਿਤ ਵਿਦਿਆਰਥਣ ਜੀਸ਼ਾ ਨਾਲ ਦਰਿੰਦਗੀ ਦੀਆਂ ਸਭ ਹੱਦਾਂ ਪਾਰ ਕੀਤੀਆਂ ਗਈਆਂ।
ਸਿੱਖਿਆ ਦੇ ਖੇਤਰ, ਖਾਸ ਕਰਕੇ ਉਚੇਰੀ ਸਿੱਖਿਆ ਵਿਚ ਦਲਿਤਾਂ ਦੀ ਪਹੁੰਚ ਬਹੁਤ ਘੱਟ ਹੈ। ਪਿਛਲੇ ਪੰਜਾਹ ਸਾਲਾਂ ਦੌਰਾਨ ਕਿੱਤਾਮੁਖੀ ਸਿੱਖਿਆ ਵਿਚ ਦਲਿਤਾਂ ਦੀ ਸ਼ਮੂਲੀਅਤ ਨਾ-ਮਾਤਰ ਰਹੀ ਹੈ। ਦਲਿਤਾਂ ਦੇ ਉੱਥਾਨ ਲਈ ਸੰਵਿਧਾਨ ਵਿਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਜੋ ਸਾਰਥਕ ਕਦਮ ਸੀ ਪਰ ਅਜੇ ਵੀ ਇਸ ਦਾ ਫਾਇਦਾ ਇਸ ਦੇ ਸਹੀ ਹੱਕਦਾਰਾਂ ਤੱਕ ਨਹੀਂ ਅੱਪੜਿਆ ਜਦਕਿ ਅਯੋਗ ਲੋਕਾਂ ਨੇ ਹੀ ਇਸ ਦਾ ਲਾਹਾ ਲਿਆ ਹੈ। ਰਾਖਵੇਂਕਰਨ ਕਾਰਨ ਲੋਕ ਇਨ੍ਹਾਂ ਨਾਲ ਈਰਖਾ ਕਰਦੇ ਹਨ ਤੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਹਰ ਹੀਲੇ ਵਰਤੇ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਕਿ ਇਹ ਵਿਦਿਆਰਥੀ ਸਿਰਫ ਰਾਖਵੇਂਕਰਨ ਨਾਲ ਹੀ ਅੱਗੇ ਵਧਦੇ ਹਨ। ਇਸੇ ਵਿਰੋਧ ਵਿਚੋਂ ਹੁਣ ਅਖੌਤੀ ਉੱਚ ਜਾਤੀ ਦੇ ਲੋਕਾਂ ਲਈ ਵੀ ਰਾਖਵੇਂਕਰਨ ਕਰ ਦਿੱਤਾ ਗਿਆ ਹੈ।
ਹਰਿਆਣੇ ਦਾ ਜਾਟ ਅੰਦੋਲਨ ਇਸ ਦੀ ਮੂੰਹ ਬੋਲਦੀ ਤਸਵੀਰ ਹੈ, ਜਦਕਿ ਉਹ ਆਰਥਿਕ ਤੌਰ 'ਤੇ ਮਜ਼ਬੂਤ ਹਨ ਅਤੇ ਹਰ ਖੇਤਰ ਵਿਚ ਆਮ ਲੋਕਾਂ ਨਾਲੋਂ ਅੱਗੇ ਹਨ। ਅੰਦੋਲਨ ਵਿਚ ਉਨ੍ਹਾਂ ਦਾ ਅਜੀਬ ਰੂਪ ਇਹ ਸੀ ਕਿ ਤਾਕਤ ਨਾਲ ਆਪਣੇ ਆਪ ਨੂੰ ਕਮਜ਼ੋਰ ਸਾਬਤ ਕਰਕੇ ਰਾਖਵੇਂਕਰਨ ਦਾ ਲਾਹਾ ਲੈਣ ਦੀ ਕੋਸ਼ਿਸ਼। ਇਹੀ ਨਹੀਂ, ਅੰਦੋਲਨ ਦੌਰਾਨ ਮੂਰਥਲ਼ ਵਿਚ ਵਿਖਾਵਾਕਾਰੀਆਂ ਨੇ ਔਰਤਾਂ ਨਾਲ ਜ਼ਬਰਦਸਤੀ ਕੀਤੀ। ਇਸ ਵਾਰਦਾਤ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ।
ਸਦੀਆਂ ਦੀ ਗੁਲਾਮੀ ਅਤੇ ਹੁਣ ਲੋਕਤੰਤਰ ਵਿਚ ਬਰਾਬਰੀ ਦੇ ਆਧਾਰ ਦੀ ਗੱਲ ਕਰਕੇ ਇਨ੍ਹਾਂ ਨੂੰ ਇਸ ਹੱਕ ਤੋਂ ਵਾਂਝੇ ਕਰਨਾ ਕਿੰਨਾ ਕੁ ਜਾਇਜ਼ ਹੈ। ਇਕ ਵਾਰ ਸਮਾਜ ਇਨ੍ਹਾਂ ਨੂੰ ਆਪਣੇ ਬਰਾਬਰ ਆਉਣ ਦਾ ਮੌਕਾ ਤਾਂ ਦੇਵੇ, ਫਿਰ ਇਹ ਖੁਦ ਵੀ ਰਾਖਵੇਂਕਰਨ ਤੋਂ ਇਨਕਾਰ ਕਰ ਦੇਣਗੇ ਪਰ ਹੁਣ 90 ਫੀਸਦੀ ਦਲਿਤਾਂ ਨੂੰ ਇਸ ਦੀ ਜ਼ਰੂਰਤ ਹੈ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਿੰਡਾਂ ਵਿਚ ਰਹਿਣ ਵਾਲੇ ਦਲਿਤ ਮਜ਼ਦੂਰਾਂ ਲਈ ਤਾਂ ਅਜੇ ਹੋਰ ਵੀ ਬਹੁਤ ਕਰਨ ਦੀ ਲੋੜ ਹੈ।
ਘੱਟ ਗਿਣਤੀ ਮੰਤਰਾਲੇ ਦੀ ਸਾਲ 2014 ਦੀ ਰਿਪੋਰਟ ਅਨੁਸਾਰ, 44.8 ਫੀਸਦੀ ਅਨੁਸੂਚਿਤ ਜਨਜਾਤੀ (ਐੱਸਟੀ) ਅਤੇ 33 ਫੀਸਦੀ ਅਨੁਸੂਚਿਤ ਜਾਤੀ (ਐੱਸਸੀ) ਦੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ। ਮੰਗਲੌਰ ਯੂਨੀਵਰਸਿਟੀ ਦੇ ਸਾਲ 2012 ਦੇ ਸਰਵੇਖਣ ਅਨੁਸਾਰ 93 ਫੀਸਦੀ ਦਲਿਤ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਹਨ। ਹੁਣ ਸੋਚਣ ਦੀ ਗੱਲ ਹੈ ਕਿ ਕਿਸ ਮੂੰਹ ਨਾਲ ਲੋਕ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰ ਰਹੇ ਹਨ।
ਇਨ੍ਹਾਂ ਤੱਥਾਂ ਦੀ ਮੌਜੂਦਗੀ ਵਿੱਦਿਅਕ ਅਦਾਰਿਆਂ ਵਿਚ ਦਲਿਤ ਵਿਦਿਆਰਥੀਆਂ ਦੇ ਚਿੰਤਾਜਨਕ ਹਾਲਾਤ ਬਿਆਨ ਕਰਦੀ ਹੈ। ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀਂ ਆਉਦਾ। ਇਨ੍ਹਾਂ ਦੇ ਆਪਣੇ ਹੀ ਤਰੱਕੀ ਪ੍ਰਾਪਤ ਕਰ ਚੁੱਕੇ ਲੋਕ ਇਨ੍ਹਾਂ ਨੂੰ ਅਣਗੌਲਿਆ ਕਰ ਰਹੇ ਹਨ ਅਤੇ ਆਪੋ-ਆਪਣੇ ਸੌੜੇ ਹਿਤਾਂ ਖਾਤਿਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਰੋਹਿਤ ਵੇਮੁਲਾ ਮਾਮਲੇ ਦੀ ਅੰਦਰੂਨੀ ਸੱਚਾਈ ਇਹ ਵੀ ਹੈ ਕਿ ਜਦ ਪੰਜ ਵਿਦਿਆਰਥੀਆਂ ਨੂੰ ਸਜ਼ਾ ਦੇਣ ਦਾ ਮੌਕਾ ਸੀ ਤਾਂ ਦਲਿਤ ਅਫਸਰ ਨੂੰ ਅੱਗੇ ਕਰ ਦਿੱਤਾ ਗਿਆ ਸੀ। ਉਹ ਵੀ ਭ੍ਰਿਸ਼ਟ ਪ੍ਰਬੰਧ ਦਾ ਹਿੱਸਾ ਬਣ ਕੇ ਉਨ੍ਹਾਂ ਖਿਲਾਫ ਭੁਗਤ ਗਿਆ।
ਇਸੇ ਕਰਕੇ ਡਾ. ਅੰਬੇਦਕਰ ਦੇ ਇਹ ਬੋਲ ਅੱਜ ਵੀ ਅਟੱਲ ਹਨ : ਮੈਨੂੰ ਮੇਰੇ ਵਰਗ ਦੇ ਹੀ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ। ਇਹ ਬਿਲਕੁਲ ਸੱਚ ਹੈ ਕਿ ਦਲਿਤਾਂ ਦੇ ਆਪਣੇ ਲੋਕ ਹੀ ਇਨ੍ਹਾਂ ਨੂੰ ਪਿੱਠ ਦਿਖਾ ਰਹੇ ਹਨ। ਵਿੱਦਿਅਕ ਅਦਾਰਿਆਂ ਵਿਚ ਦਲਿਤ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਦੇ ਮਾਮਲੇ ਵਿਚ ਉਹ ਇਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕਰਦੇ। ਇਸ ਮੰਦਭਾਗੇ ਵਰਤਾਰੇ ਨੂੰ ਠੱਲ੍ਹਣ ਲਈ ਦਲਿਤ ਬੱਚੇ ਲਾਮਬੰਦ ਹੋਣ ਅਤੇ ਸਾਰੇ ਦਲਿਤਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ। ਸਰਕਾਰਾਂ ਦੇ ਨਾਲ ਨਾਲ ਸਮਾਜ ਵੀ ਦੋਗਲੀ ਨੀਤੀ ਛੱਡ ਕੇ ਇਨ੍ਹਾਂ ਵੱਲ ਮਦਦ ਵਾਲਾ ਹੱਥ ਵਧਾਵੇ। ਜਨਰਲ ਵਰਗ ਨੂੰ ਇਨ੍ਹਾਂ ਪ੍ਰਤੀ ਸਾਰਥਕ ਸੋਚ ਅਪਣਾਉਣੀ ਚਾਹੀਦੀ ਹੈ। ਜਾਤ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਧਰਮ ਹਿਤ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਅਤੇ ਹੁੰਦੇ ਵਿਤਕਰੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਸੰਪਰਕ : 94641-72783
24 ਜੂਨ 2019