ਮੈਂ ਤੇ ਮੇਰੀ ਫੋਟੋਗਰਾਫੀ - ਹਰਭਜਨ ਸਿੰਘ ਬਾਜਵਾ
ਮੈਂ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਮੇਰਾ ਦਾਦਾ, ਤਾਇਆ, ਪਿਓ, ਚਾਚਾ ਕੋਈ ਇਕ ਦਿਨ ਲਈ ਵੀ ਸਕੂਲ ਨਹੀਂ ਸੀ ਗਿਆ। ਪਰ ਮੇਰਾ ਦਾਦਾ ਪੜ੍ਹਿਆਂ-ਲਿਖਿਆਂ ਨਾਲੋਂ ਗਿਆਨ ਬਹੁਤ ਰੱਖਦਾ ਸੀ ਤੇ ਉਸ ਨੂੰ ਫਿਰਨ-ਤੁਰਨ ਦਾ ਵੀ ਬਹੁਤ ਸ਼ੌਕ ਸੀ। ਮਿੱਤਰਤਾ ਸਾਰਿਆਂ ਨਾਲ ਰੱਖਦਾ ਸੀ। ਜਾਤ-ਪਾਤ ਵਿਚ ਬਹੁਤਾ ਵਿਸ਼ਵਾਸ ਨਹੀਂ ਸੀ ਰੱਖਦਾ। ਇਸ ਕਰਕੇ ਅਮੀਰ-ਗ਼ਰੀਬ ਉਸ ਨੂੰ ਪਿਆਰ ਕਰਦੇ ਸਨ ਤੇ ਉਹ ਸਾਰਿਆਂ ਨੂੰ ਪਿਆਰ ਕਰਦਾ ਸੀ।
ਲਾਇਲਪੁਰ ਦੀ ਬਾਰ ਵਿਚ ਸਾਡੇ ਪਿੰਡ ਵਿਚ ਸਾਡਾ ਇਕੋ ਘਰ ਬਾਜਵਿਆਂ ਦਾ ਸੀ। ਦੇਸ਼ ਵੰਡ ਹੋਣ ਬਾਅਦ ਬਟਾਲੇ ਨੇੜੇ ਪਿੰਡ ਸਾਗਰਪੁਰ ਵਿਚ ਸਾਨੂੰ ਜ਼ਮੀਨ ਅਲਾਟ ਹੋਈ। ਏਥੇ ਆਣ ਕੇ ਮੈਂ ਪੜ੍ਹਨੇ ਪਿਆ। ਮੈਂ ਘਰ ਵਿਚ ਪਹਿਲਾ ਪੜ੍ਹਨ ਵਾਲਾ ਬੱਚਾ ਸੀ। 1958 ਵਿਚ ਖ਼ਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਮੇਰੇ ਸਕੂਲ ਨੇੜੇ ਰਤਨ ਫੋਟੋ ਸਟੂਡੀਓ ਸੀ। ਮੈਂ ਉਸ ਕੋਲੋਂ ਬਾਕਸ ਕੈਮਰਾ ਕਿਰਾਏ ’ਤੇ ਲੈ ਕੇ ਤੇ ਫਿਲਮ ਲੈ ਕੇ ਫੋਟੋ ਖਿੱਚਦਾ ਸੀ ਤੇ ਫੇਰ ਫੋਟੋ ਬਣਾਉਣ ਲਈ ਉਸ ਨੂੰ ਫਿਲਮ ਦੇ ਦਿੰਦਾ। ਉਹ ਫੋਟੋ ਬਣਾ ਕੇ ਮੈਨੂੰ ਦੇ ਦਿੰਦਾ। ਫੋਟੋਗਰਾਫੀ ਦਾ ਬੀਜ ਤਾਂ ਮੇਰੇ ਅੰਦਰ ਬੀਜਿਆ ਗਿਆ, ਪਰ ਉਸ ਨੂੰ ਉੱਗਣ ਦਾ ਸਮਾਂ ਨਹੀਂ ਸੀ ਮਿਲ ਰਿਹਾ।
ਸਕੂਲ ਪੜ੍ਹਦੇ ਸਮੇਂ ਮੇਰੀ ਡਰਾਇੰਗ ਚੰਗੀ ਸੀ। ਸਾਡੇ ਡਰਾਇੰਗ ਮਾਸਟਰ ਸ. ਲਛਮਣ ਸਿੰਘ ਸਨ। ਉਨ੍ਹਾਂ ਦੀ ਡਰਾਇੰਗ ਬਹੁਤ ਚੰਗੀ ਸੀ। ਉਨ੍ਹਾਂ ਇਸ ਦੇ ਬਹੁਤ ਗੁਰ ਦੱਸੇ ਸਨ। ਮੈਂ ਕਾਲਜ ਦਾਖ਼ਲ ਹੋਣਾ ਚਾਹੁੰਦਾ ਸੀ। ਪਿਤਾ ਨੇ ਆਗਿਆ ਨਾ ਦਿੱਤੀ ਤੇ ਖੇਤੀ ਦੇ ਕੰਮਾਂ ਵੱਲ ਤੋਰਨਾ ਸ਼ੁਰੂ ਕਰ ਦਿੱਤਾ। ਥੋੜ੍ਹਾ ਸਮਾਂ ਖੇਤੀਬਾੜੀ ਦਾ ਕੰਮ ਕੀਤਾ, ਪਰ ਦਿਲ ਨਹੀਂ ਸੀ ਲੱਗਦਾ। ਮੈਂ ਬਟਾਲੇ ਕਪੂਰ ਸਿੰਘ ਪੇਂਟਰ ਕੋਲੋਂ ਸਾਈਨ ਬੋਰਡ ਲਿਖਣ ਦਾ ਕੰਮ ਸਿੱਖਿਆ ਤੇ ਕੁਝ ਸਮਾਂ ਉਨ੍ਹਾਂ ਨਾਲ ਕੰਮ ਕੀਤਾ। ਫੇਰ ਆਪਣੀ ਦੁਕਾਨ ਪਾ ਲਈ। ਸਾਈਨ ਬੋਰਡ ਲਿਖਣ ’ਤੇ ਮਨ ਨਹੀਂ ਸੀ ਟਿਕਦਾ। ਦਿਲ ਕਰਦਾ ਸੀ ਚੰਗੀਆਂ ਪੇਂਟਿੰਗ ਬਣਾਵਾਂ ਜਿਨ੍ਹਾਂ ਨੂੰ ਲੋਕ ਵੇਖਣ ਆਉਣ। ਉਸ ਕੰਮ ਵਾਸਤੇ ਵੀ ਕੋਈ ਗੁਰੂ ਲੱਭਦਾ ਸਾਂ।
ਗੁਰਦਾਸਪੁਰ ਚਰਨਜੀਤ ਸਿੰਘ ਨਾਂ ਦਾ ਪੇਂਟਰ ਸੀ। ਪੇਂਟਿੰਗਾਂ ਬਹੁਤ ਚੰਗੀਆਂ ਬਣਾਉਂਦਾ ਸੀ। ਉਹ ਸੋਭਾ ਸਿੰਘ ਆਰਟਿਸਟ ਦਾ ਦੂਰੋਂ-ਨੇੜਿਓਂ ਰਿਸ਼ਤੇਦਾਰ ਵੀ ਸੀ ਤੇ ਉਨ੍ਹਾਂ ਦਾ ਸ਼ਾਗਿਰਦ ਵੀ। ਮੇਰੀ ਉਸ ਨਾਲ ਥੋੜ੍ਹੀ ਜਿਹੀ ਨੇੜਤਾ ਹੋ ਗਈ। ਉਹ ਮੇਰੇ ਨਾਲ ਸੋਭਾ ਸਿੰਘ ਦੀਆਂ ਪੇਂਟਿੰਗਾਂ ਦੀਆਂ ਗੱਲਾਂ ਕਰਦਾ ਰਹਿੰਦਾ।
ਉਹ ਮੈਨੂੰ ਅੰਧਰੇਟੇ ਆਪਣੇ ਨਾਲ ਲੈ ਗਿਆ। ਅੰਧਰੇਟੇ ਅਸੀਂ ਸੋਭਾ ਸਿੰਘ ਨੂੰ ਮਿਲੇ। ਉਨ੍ਹਾਂ ਦੀਆਂ ਸਾਰੀਆਂ ਪੇਂਟਿੰਗਾਂ ਵੇਖੀਆਂ। ਮੇਰੇ ਮਨ ਨੇ ਆਖਿਆ ਕਿ ਪੇਂਟਿੰਗ ਬਣਾਉਣ ਦਾ ਕੰਮ ਸਿੱਖਣਾ ਹੈ ਤਾਂ ਸੋਭਾ ਸਿੰਘ ਕੋਲੋਂ ਹੀ ਸਿੱਖਿਆ ਜਾਵੇ।
ਉਸ ਵਕਤ ਅੰਧਰੇਟਾ ਪਿੰਡਾਂ ਵਰਗਾ ਇਕ ਪਿੰਡ ਸੀ। ਖ਼ਰੀਦੋ-ਫ਼ਰੋਖ਼ਤ ਕਰਨ ਲਈ ਬਾਜ਼ਾਰ ਨਹੀਂ ਸੀ। ਸਿਰਫ਼ ਚਾਹ ਦੀਆਂ ਇਕ ਦੋ ਦੁਕਾਨਾਂ ਸਨ ਜਾਂ ਫੇਰ ਸੋਭਾ ਸਿੰਘ ਦੀ ਕੋਠੀ ਸਾਹਮਣੇ ਫੂਲਾ ਰਾਣੀ ਆਰਟਿਸਟ ਦੀ ਕੁਟੀਆ ਸੀ। ਉਹ ਕਦੀ-ਕਦੀ ਗਰਮੀਆਂ ’ਚ ਉੱਥੇ ਜਾਂਦੀ ਸੀ।
ਸੋਭਾ ਸਿੰਘ ਦੀ ਕੋਠੀ ਦੇ ਚੜ੍ਹਦੇ ਪਾਸੇ ਪੰਡਤ ਮੰਗਤ ਰਾਮ ਨੇ ਨਿੱਕੀ ਜਿਹੀ ਕੋਠੀ ਬਣਾਈ ਹੋਈ ਸੀ। ਉਹ ਸੋਭਾ ਸਿੰਘ ਦਾ ਮਿੱਤਰ ਤੇ ਸ਼ਾਗਿਰਦ ਸੀ। ਪੇਂਟਿੰਗ ਦਾ ਕੰਮ ਤਾਂ ਉਸ ਨੇ ਕੋਈ ਨਹੀਂ ਸੀ ਕੀਤਾ, ਪਰ ਵਾਇਲਨ ਤੇ ਤਬਲਾ ਵਜਾਉਣ ਦਾ ਉਸਤਾਦ ਸੀ। ਨੌਰਾ ਰਿਚਰਡ ਦਾ ਵੁੱਡਲੈਂਡ ਵੀ ਏਥੇ ਹੀ ਸੀ। ਉਸ ਦਾ ਕੱਚਾ ਘਰ ਪੁਰਾਣਾ ਸਭਿਆਚਾਰ ਯਾਦ ਕਰਵਾ ਦਿੰਦਾ। ਚੀਲਾਂ ਦੇ ਰੁੱਖਾਂ ਤੇ ਬਾਂਸ ਦੇ ਰੁੱਖਾਂ ਦਾ ਸੰਘਣਾ ਜੰਗਲ ਬਹੁਤ ਸੋਹਣਾ ਲੱਗਦਾ ਸੀ। ਇਸ ਸਦਕਾ ਹਵਾ ਵਿਚ ਪ੍ਰਦੂਸ਼ਣ ਦੀ ਮਿਲਾਵਟ ਨਹੀਂ ਸੀ ਹੁੰਦੀ। ਪਾਣੀ ਦੀਆਂ ਕੂਲਾਂ ਵਗਦੀਆਂ ਸਨ। ਉਨ੍ਹਾਂ ਦਾ ਪਾਣੀ ਸਾਰਾ ਪਿੰਡ ਪੀਣ ਲਈ ਵਰਤਦਾ ਸੀ। ਉਹ ਪਾਣੀ ਠੰਢਾ ਤੇ ਸਾਫ਼-ਸੁਥਰਾ ਹੁੰਦਾ ਸੀ। ਇਹ ਸਾਰੀਆਂ ਚੀਜ਼ਾਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ। ਕੁਦਰਤ ਨੂੰ ਨੇੜਿਓਂ ਵੇਖਣ ਦਾ ਸਮਾਂ ਮਿਲਦਾ ਸੀ।
ਅਸੀਂ ਦੋਵੇਂ ਵਾਪਸ ਬਟਾਲੇ ਆ ਗਏ। ਮੈਂ ਸੋਭਾ ਸਿੰਘ ਨੂੰ ਚਿੱਠੀ ਲਿਖੀ, ‘‘ਸਰਦਾਰ ਜੀ, ਮੈਂ ਆਪ ਜੀ ਕੋਲੋਂ ਪੇਂਟਿੰਗ ਬਣਾਉਣੀ ਸਿੱਖਣੀ ਚਾਹੁੰਦਾ ਹਾਂ।’’ ਉਨ੍ਹਾਂ ਦਾ ਉੱਤਰ ਆਇਆ, ‘‘ਤੂੰ ਆ ਜਾ, ਪਰ ਏਥੇ ਬਟਾਲੇ ਸ਼ਹਿਰ ਵਾਲੀਆਂ ਸਹੂਲਤਾਂ ਤੈਨੂੰ ਨਹੀਂ ਮਿਲਣਗੀਆਂ। ਇਸ ਕਰਕੇ ਆਉਣਾ ਤੇ ਆ ਜਾ।’’
ਉਸ ਵਕਤ ਤੱਕ ਪੰਜਾਬ ਦੀ ਵੰਡ ਨਹੀਂ ਸੀ ਹੋਈ। ਮੈਂ ਘਰਦਿਆਂ ਨੂੰ ਦੱਸ ਕੇ ਅੰਧਰੇਟੇ ਆ ਗਿਆ। ਉਨ੍ਹਾਂ ਕੋਲ ਆਣ ਕੇ ਸਾਦਾ ਜੀਵਨ ਬਤੀਤ ਕੀਤਾ। ਉਸ ਵਕਤ ਸੋਭਾ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਨੌਕਰ ਸ਼ੌਕੀ ਰਾਮ ਸੀ ਜਿਹੜਾ ਘਰ ਦਾ ਸਾਰਾ ਕੰਮ ਕਰਦਾ ਸੀ। ਰੋਟੀ-ਪਾਣੀ ਉਹ ਹੀ ਤਿਆਰ ਕਰਦਾ ਤੇ ਰਾਤ ਨੂੰ ਆਪਣੇ ਘਰ ਚਲਾ ਜਾਂਦਾ। ਇਸ ਕਰਕੇ ਸਵੇਰ ਦੀ ਚਾਹ (ਬੈੱਡ ਟੀ) ਮੈਂ ਤਿਆਰ ਕਰ ਕੇ ਸੋਭਾ ਸਿੰਘ ਤੇ ਉਨ੍ਹਾਂ ਦੀ ਪਤਨੀ ਬੀਬੀ ਇੰਦਰਜੀਤ ਕੌਰ ਨੂੰ ਦਿੰਦਾ ਸੀ। ਉਸ ਤੋਂ ਬਾਅਦ ਨੌਕਰ ਆ ਜਾਂਦਾ ਸੀ। ਉਹ ਸਵੇਰ ਦਾ ਖਾਣਾ ਸਾਰਿਆਂ ਲਈ ਤਿਆਰ ਕਰਦਾ।
ਮੈਨੂੰ ਸਾਰਾ ਦਿਨ ਡਰਾਇੰਗ ਕਰਨ ਦਾ ਕੰਮ ਹੁੰਦਾ ਸੀ। ਸੋਭਾ ਸਿੰਘ ਡਰਾਇੰਗ ਕਰਨ ਲਈ ਕਾਗ਼ਜ਼ ਤੇ ਪੈਨਸਿਲ ਦੇ ਦਿੰਦੇ ਤੇ ਆਖਦੇ, ‘‘ਘਰੋਂ ਬਾਹਰ ਜਾ ਕੇ ਜੋ ਵੀ ਪਸ਼ੂ ਪੰਛੀ ਜਾਂ ਹੋਰ ਚੰਗੀ ਚੀਜ਼ ਤੈਨੂੰ ਲੱਗਦੀ ਏ, ਉਸ ਦੀ ਡਰਾਇੰਗ ਕਰਕੇ ਲੈ ਆ।’’ ਬਾਹਰ ਫਿਰਦਿਆਂ ਕਦੀ-ਕਦੀ ਗੱਦੀਆਂ ਦੀਆਂ ਭੇਡਾਂ ਦਾ ਇੱਜੜ ਮਿਲ ਪੈਂਦਾ, ਨਾਲ ਹੀ ਉਨ੍ਹਾਂ ਦੀਆਂ ਔਰਤਾਂ ਵੀ ਗੱਦੀ ਪਹਿਰਾਵੇ ਵਿਚ ਬਹੁਤ ਚੰਗੀਆਂ ਲੱਗਦੀਆਂ। ਉਸ ਵਕਤ ਮੇਰੇ ਕੋਲ ਕੈਮਰਾ ਨਹੀਂ ਸੀ ਹੁੰਦਾ। ਉਂਜ ਅੰਦਰ ਫੋਟੋਗਰਾਫੀ ਦਾ ਬੀਜ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਪਰ ਇਹ ਸਾਰਾ ਕੁਝ ਮੇਰੇ ਵਸ ਦਾ ਰੋਗ ਨਹੀਂ ਸੀ। ਜਦੋਂ ਉਹ ਭੇਡਾਂ ਦਾ ਇੱਜੜ ਮੇਰੇ ਕੋਲੋਂ ਦੂਰ ਜਾਂਦਾ। ਫੇਰ ਮੈਂ ਸੋਚਦਾ ਕਿ ਮੈਂ ਵੀ ਕਦੀ ਇਨ੍ਹਾਂ ਦੀ ਫੋਟੋ ਖਿੱਚਾਂਗਾ। ਮੈਂ ਡਰਾਇੰਗ ਕਰਕੇ ਸ਼ਾਮ ਨੂੰ ਘਰ ਆਉਣਾ। ਉਹ ਸਾਰੇ ਕਾਗ਼ਜ਼ ਮੈਂ ਸੋਭਾ ਸਿੰਘ ਨੂੰ ਦੇ ਦਿੰਦਾ। ਉਨ੍ਹਾਂ ਸਾਰੇ ਕਾਗ਼ਜ਼ ਵੇਖ ਕੇ ਪਾੜ ਦੇਣੇ ਤੇ ਅਗਲੇ ਦਿਨ ਲਈ ਹੋਰ ਨਵੇਂ ਕਾਗ਼ਜ਼ ਦੇ ਦੇਣੇ।
ਸੁਰਜੀਤ ਸਿੰਘ ਫੋਟੋਗਰਾਫਰ ਦੀ ਦੁਕਾਨ ਤਾਂ ਪਾਲਮਪੁਰ ਸੀ। ਉਹ ਕਦੀ-ਕਦੀ ਅੰਧਰੇਟੇ ਵੀ ਸੋਭਾ ਸਿੰਘ ਕੋਲ ਆਉਂਦਾ। ਮੈਂ ਉਸ ਨੂੰ ਫੋਟੋ ਖਿੱਚਦਿਆਂ ਵੇਖਦਾ ਤਾਂ ਮੇਰੇ ਅੰਦਰ ਵੀ ਫੋਟੋ ਖਿੱਚਣ ਦੀ ਤਾਂਘ ਜਨਮ ਲੈਂਦੀ। ਫੇਰ ਮੈਂ ਉਸ ਦੇ ਕੈਮਰੇ ’ਤੇ ਕੁਝ ਤਸਵੀਰਾਂ ਖਿੱਚਦਾ ਤੇ ਉਸ ਨੂੰ ਆਖਦਾ ਮੇਰੀਆਂ ਖਿੱਚੀਆਂ ਤਸਵੀਰਾਂ ਮੈਨੂੰ ਦੇ ਦੇਵੇ। ਉਸ ਆਖਣਾ, ‘‘ਤੂੰ ਤਾਂ ਬਾਜਵਾ ਮੇਰੀ ਫਿਲਮ ਦੀ ਜੜ੍ਹ ਮਾਰ ਦਿੱਤੀ ਏ।’’ ਪਰ ਜਦੋਂ ਉਸ ਨੇ ਫਿਲਮ ਨੂੰ ਸਾਫ਼ ਕਰਕੇ ਵੇਖਣਾ ਤਾਂ ਮੈਨੂੰ ਆਖਣਾ, ‘‘ਤੂੰ ਤਾਂ ਬਹੁਤ ਚੰਗਾ ਫੋਟੋਗਰਾਫਰ ਏਂ। ਬੜੀਆਂ ਚੰਗੀਆਂ ਫੋਟੋ ਖਿੱਚਦਾ ਏਂ।’’ ਫੇਰ ਮੇਰੀ ਉਸ ਨਾਲ ਕੁਝ ਨੇੜਤਾ ਹੋ ਗਈ। ਜਦੋਂ ਵੀ ਮੈਂ ਪਾਲਮਪੁਰ ਜਾਣਾ ਤੇ ਉਸ ਦੀ ਦੁਕਾਨ ’ਤੇ ਜਾਣਾ ਤੇ ਉਸ ਦੀਆਂ ਖਿੱਚੀਆਂ ਤਸਵੀਰਾਂ ਨੂੰ ਵੇਖਣਾ।
ਕੁਝ ਸਮੇਂ ਬਾਅਦ ਇਕ ਦਿਨ ਸੋਭਾ ਸਿੰਘ ਮੈਨੂੰ ਆਖਣ ਲੱਗੇ, ‘‘ਬਾਜਵਾ, ਤੇਰੇ ਕੋਲੋਂ ਕਿਸੇ ਨੇ ਵੀ ਆਪਣੇ ਮਾਂ-ਬਾਪ ਦੀ ਪੇਂਟਿੰਗ ਬਣਾਉਣ ਨਹੀਂ ਆਉਣਾ। ਤੂੰ ਸ਼ਾਦੀ ਕਰਵਾਉਣੀ ਏਂ। ਐਵੇਂ ਭੁੱਖਾ ਮਰੇਂਗਾ। ਮੇਰਾ ਤਾਂ ਕੋਈ ਬਾਲ ਬੱਚਾ ਨਹੀਂ। ਤੂੰ ਵੇਖ ਹੀ ਲਿਆ। ਮੈਂ ਵੀ ਸੋਹਣੀ ਮਹੀਵਾਲ ਦੀ ਪੇਂਟਿੰਗ ਦੇ ਪ੍ਰਿੰਟ ਬਣਵਾਏ ਹਨ ਤੇ ਉਨ੍ਹਾਂ ਤੋਂ ਰੋਟੀ ਖਾਂਦਾ ਹਾਂ। ਗੁਰੂ ਸਾਹਿਬ ਦੀਆਂ ਕਿੰਨੀਆਂ ਪੇਂਟਿੰਗਾਂ ਹਨ। ਕਦੀ ਕੋਈ ਖ਼ਰੀਦਣ ਨਹੀਂ ਆਇਆ। ਇਸ ਕਰਕੇ ਤੂੰ ਫੋਟੋਗਰਾਫੀ ਕਰ, ਕਿਉਂਕਿ ਆਉਣ ਵਾਲੇ ਸਮੇਂ ਵਿਚ ਫੋਟੋਗਰਾਫੀ ਵਿਕਾਸ ਕਰ ਰਹੀ ਏ। ਪੇਂਟਿੰਗ ਨੂੰ ਬਹੁਤੇ ਲੋਕ ਪਸੰਦ ਨਹੀਂ ਕਰਦੇ। ਇਸ ਕਰਕੇ ਤੂੰ ਰੱਜ ਕੇ ਰੋਟੀ ਵੀ ਖਾਵੇਂਗਾ ਤੇ ਆਪਣਾ ਨਾਂ ਵੀ ਪੈਦਾ ਕਰੇਂਗਾ।’’ ਮੈਂ ਉਨ੍ਹਾਂ ਨੂੰ ਇਕੋ ਹੀ ਉੱਤਰ ਦਿੱਤਾ, ‘‘ਸਰਦਾਰ ਜੀ, ਜਿਸ ਤਰ੍ਹਾਂ ਆਪ ਜੀ ਆਖਦੇ ਹੋ। ਉਸ ਤਰ੍ਹਾਂ ਹੀ ਕਰ ਲੈਂਦਾ ਹਾਂ।’’ ਫੇਰ ਮੈਂ ਵਾਪਸ ਬਟਾਲੇ ਆ ਗਿਆ।
ਮੈਂ ਫੋਟੋਗਰਾਫੀ ਸਿੱਖਣ ਲਈ ਕੋਈ ਉਸਤਾਦ ਲੱਭਦਾ ਸਾਂ। ਪਤਾ ਲੱਗਿਆ ਗੁਰਦਾਸਪੁਰ ਬਲਵੰਤ ਸਿੰਘ ਸਿਆਣਾ ਫੋਟੋਗਰਾਫਰ ਏ, ਪਰ ਸੁਭਾਅ ਦਾ ਕੱਬਾ ਏ। ਉਸ ਕੋਲੋਂ ਕੋਈ ਵੀ ਸ਼ਗਿਰਦ ਕੰਮ ਨਹੀਂ ਸਿੱਖਦਾ। ਮੈਂ ਉਸ ਕੋਲ ਗਿਆ ਤੇ ਸੋਭਾ ਸਿੰਘ ਦਾ ਹਵਾਲਾ ਦਿੱਤਾ ਕਿ ਮੈਂ ਪਹਿਲਾਂ ਉਨ੍ਹਾਂ ਕੋਲ ਪੇਂਟਿੰਗ ਸਿੱਖਦਾ ਸੀ ਤੇ ਹੁਣ ਫੋਟਗਰਾਫੀ ਸਿੱਖਣੀ ਏਂ। ਉਨ੍ਹਾਂ ਹਾਂ ਕਰ ਦਿੱਤੀ। ਮੈਂ ਗੁਰਦਾਸਪੁਰ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਲੱਗਾ ਤੇ ਰੋਟੀ-ਪਾਣੀ ਆਪ ਤਿਆਰ ਕਰਕੇ ਸਵੇਰੇ ਸਮੇਂ ਸਿਰ ਦੁਕਾਨ ’ਤੇ ਚਲਾ ਜਾਂਦਾ ਤੇ ਉਨ੍ਹਾਂ ਦੇ ਦੱਸੇ ਅਨੁਸਾਰ ਕੰਮ ਕਰਦਾ। ਪਹਿਲਾਂ ਮੈਨੂੰ ਉਨ੍ਹਾਂ ਛੋਟੇ ਪ੍ਰਿੰਟ ਬਣਾਉਣੇ ਦੱਸੇ। ਉਸ ਤੋਂ ਬਾਅਦ ਫਿਲਮਾਂ ਸਾਫ਼ ਕਰਨੀਆਂ ਦੱਸੀਆਂ। ਉਸ ਤੋਂ ਬਾਅਦ ਕੈਮੀਕਲ ਨਾਲ ਵੱਖ-ਵੱਖ ਫਿਲਮਾਂ ਧੋਣ ਤੇ ਤਸਵੀਰਾਂ ਬਣਾਉਣ ਬਾਰੇ ਸਿੱਖਿਆ। ਉਨ੍ਹਾਂ ਕੁਝ ਸਮੇਂ ਬਾਅਦ ਵੱਡੇ ਪ੍ਰਿੰਟ ਬਣਾਉਣੇ ਤੇ ਤਸਵੀਰਾਂ ਖਿੱਚਣ ਤੇ ਸਟੂਡੀਓ ਦੀਆਂ ਲਾਈਟਾਂ ਬਾਰੇ ਦੱਸਿਆ। ਫੇਰ ਕੈਮਰੇ ਬਾਰੇ ਦੱਸਿਆ, ਬਾਹਰ ਫੋਟੋ ਖਿੱਚਣੀਆਂ ਹੋਣ ਤਾਂ ਕਿੰਨਾ ਸਮਾਂ ਤੇ ਕਿੰਨੀ ਸਪੀਡ ਕੈਮਰੇ ’ਤੇ ਰੱਖਣੀ ਏ। ਜੇ ਅੰਦਰ ਫੋਟੋ ਖਿੱਚਣੀ ਏਂ ਤਾਂ ਕਿੰਨਾ ਸਮਾਂ ਤੇ ਸਪੀਡ ਰੱਖਣੀ। ਮੈਂ ਉਨ੍ਹਾਂ ਕੋਲ ਇਕ ਸਾਲ ਕੰਮ ਕੀਤਾ। ਉਨ੍ਹਾਂ ਨੂੰ ਲੱਗਿਆ ਕਿ ਬਾਜਵਾ ਹੁਣ ਆਪ ਕੰਮ ਕਰ ਸਕਦਾ ਏ।
ਫੇਰ ਮੈਂ ਬਟਾਲੇ ਆ ਕੁਝ ਦੁਕਾਨਾਂ ’ਤੇ ਕੰਮ ਕੀਤਾ, ਪਰ ਮੇਰਾ ਮਨ ਨਹੀਂ ਸੀ ਲੱਗਦਾ। ਫੇਰ ਮੈਂ ਆਪ ਦੁਕਾਨ ਕਿਰਾਏ ’ਤੇ ਲੈ ਕੇ 13 ਅਗਸਤ 1967 ਨੂੰ ਆਪਣੀ ਦੁਕਾਨ ਚਾਲੂ ਕੀਤੀ। ਬਾਜ਼ਾਰੀ ਕੰਮ ਕਰਦਾ ਰਿਹਾ। ਮੈਂ ਅਖ਼ਬਾਰਾਂ ’ਚ ਛਪੀਆਂ ਫੋਟੋਗਰਾਫ਼ ਵੇਖਦਾ ਰਹਿੰਦਾ ਸੀ ਤੇ ਸੋਚਦਾ ਮੇਰੀਆਂ ਫੋਟੋਆਂ ਇਸ ਤਰ੍ਹਾਂ ਅਖ਼ਬਾਰਾਂ ਵਿਚ ਛਪ ਜਾਣ ਤਾਂ ਚੰਗਾ ਏ। ਮੈਂ ਪੇਂਡੂ ਸਮਾਜ ਦੀਆਂ ਵੱਖ-ਵੱਖ ਫੋਟੋਆਂ ਅਖ਼ਬਾਰ ਨੂੰ ਭੇਜਣੀਆਂ ਸ਼ੁਰੂ ਕੀਤੀਆਂ। ਦੋ ਮਹੀਨੇ ਬਾਅਦ ਸੰਪਾਦਕ ਨੇ ਮੈਨੂੰ ਜਲੰਧਰ ਆਪਣੇ ਦਫ਼ਤਰ ਸੱਦਿਆ। ਮੈਂ ਉਨ੍ਹਾਂ ਨੂੰ ਜਾ ਕੇ ਮਿਲਿਆ। ਉਨ੍ਹਾਂ ਮੇਰੀਆਂ ਤਸਵੀਰਾਂ ਬਾਰੇ ਮੇਰੇ ਨਾਲ ਕੁਝ ਗੱਲਾਂ ਕੀਤੀਆਂ। ਫੇਰ ਮੈਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰੈਸ ਫੋਟੋਗਰਾਫਰ ਦੀ ਅਥਾਰਿਟੀ ਦੇ ਦਿੱਤੀ। ਮੈਂ ਅਜੀਤ ਦਾ ਪ੍ਰੈਸ ਫੋਟੋਗਰਾਫਰ ਬਣ ਗਿਆ। ਉਸ ਤੋਂ ਬਾਅਦ ਜੱਗਬਾਣੀ, ਅਕਾਲੀ ਪੱਤ੍ਰਿਕਾ ਤੇ ਨਵਾਂ ਜ਼ਮਾਨਾ ਦਾ ਵੀ ਪ੍ਰੈਸ ਫੋਟੋਗਰਾਫਰ ਬਣ ਗਿਆ। ਇਕ ਸਾਲ ਬਾਅਦ ਅਜੀਤ ਵਾਲਿਆਂ ਸਾਰੇ ਪੰਜਾਬ ਦੀ ਖੁੱਲ੍ਹ ਦੇ ਦਿੱਤੀ। ਜਿੱਥੋਂ ਦਿਲ ਕਰੇ ਫੋਟੋ ਖਿੱਚ ਕੇ ਭੇਜ ਦਿਆ ਕਰ।
ਸਾਧੂ ਸਿੰਘ ਹਮਦਰਦ ਉਸ ਵਕਤ ਕੇਂਦਰੀ ਲਿਖਾਰੀ ਸਭਾ ਰਜਿ. ਜਲੰਧਰ ਦੇ ਪ੍ਰਧਾਨ ਸਨ। ਉਨ੍ਹਾਂ ਮੈਨੂੰ ਵੀ ਕੇਂਦਰੀ ਲਿਖਾਰੀ ਸਭਾ ਦਾ ਮੈਂਬਰ ਬਣਾ ਦਿੱਤਾ। ਫੇਰ ਮੈਂ ਕੇਂਦਰੀ ਲਿਖਾਰੀ ਸਭਾ ਦੀਆਂ ਸਾਰੀਆਂ ਕਾਨਫਰੰਸਾਂ ਤੇ ਹੋਰ ਪ੍ਰੋਗਰਾਮਾਂ ਦੀ ਫੋਟੋਗਰਾਫੀ ਕਰਨ ਲੱਗਾ ਤੇ ਨਾਲ ਹੀ ਸਾਹਿਤਕਾਰਾਂ ਨਾਲ ਨੇੜਤਾ ਹੁੰਦੀ ਗਈ।
ਪੰਦਰਾਂ ਸਾਲ ਮੈਂ ਕੇਂਦਰੀ ਲਿਖਾਰੀ ਸਭਾ ਦਾ ਅਗਜ਼ੈਕਟਿਵ ਮੈਂਬਰ ਰਿਹਾ ਸੀ। ਇਸ ਕਰਕੇ ਕੇਂਦਰੀ ਲਿਖਾਰੀ ਸਭਾ ਦੀਆਂ ਕਾਨਫਰੰਸਾਂ ਦਾ ਰਿਕਾਰਡ ਮੇਰੇ ਕੋਲ ਇਕੱਠਾ ਹੁੰਦਾ ਗਿਆ। ਪ੍ਰੋ. ਮੋਹਨ ਸਿੰਘ, ਜਸਵੰਤ ਸਿੰਘ ਕੰਵਲ, ਪ੍ਰਿੰ. ਸੁਜਾਨ ਸਿੰਘ, ਪ੍ਰਿੰ. ਸੰਤ ਸਿੰਘ ਸੇਖੋਂ, ਕਲਵੰਤ ਸਿੰਘ ਵਿਰਕ, ਪ੍ਰੋ. ਪ੍ਰੀਤਮ ਸਿੰਘ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਨਰਿੰਦਰ ਪਾਲ ਸਿੰਘ, ਕਪੂਰ ਸਿੰਘ ਘੁੰਮਣ, ਗੁਰਮੁਖ ਸਿੰਘ ਮੁਸਾਫ਼ਿਰ, ਗਿਆਨੀ ਲਾਲ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਡਾ. ਮਹਿੰਦਰ ਸਿੰਘ ਰੰਧਾਵਾ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਬਹੁਤ ਸਾਰੇ ਸਾਹਿਤਕਾਰ ਤੇ ਕਲਾਕਾਰ ਮੇਰੇ ਜਾਣੂ ਹੋ ਗਏ ਸਨ। ਮੈਂ ਉਨ੍ਹਾਂ ਦਾ ਜਾਣੂ ਹੋ ਗਿਆ ਸੀ। ਇਉਂ ਸਾਹਿਤਕਾਰਾਂ ਨਾਲ ਮੇਰੀ ਨੇੜਤਾ ਹੋ ਗਈ।
ਪੁਰਾਣੇ ਸਾਹਿਤਕਾਰਾਂ ਵਿਚੋਂ ਕੁਝ ਸਾਹਿਤਕਾਰਾਂ ਦੀ ਇਕ ਦਿਨ ਦੀ ਜ਼ਿੰਦਗੀ (ਵਨ ਡੇਅ ਲਾਈਫ) ਦੀ ਫੋਟੋਗਰਾਫੀ ਕਰਕੇ ਉਨ੍ਹਾਂ ਨੂੰ ਐਲਬਮਾਂ ਬਣਾ ਕੇ ਦਿੱਤੀਆਂ ਜਿਨ੍ਹਾਂ ਵਿਚ ਸੋਭਾ ਸਿੰਘ ਆਰਟਿਸਟ, ਭਾਪਾ ਪ੍ਰੀਤਮ ਸਿੰਘ, ਗੁਰਬਖ਼ਸ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ, ਡਾ. ਮਹਿੰਦਰ ਸਿੰਘ ਰੰਧਾਵਾ, ਪ੍ਰਿੰ. ਸੁਜਾਨ ਸਿੰਘ, ਪ੍ਰਿੰ. ਸੰਤ ਸਿੰਘ ਸੇਖੋਂ, ਗੁਰਮੁਖ ਸਿੰਘ ਮੁਸਾਫ਼ਿਰ, ਪ੍ਰਭਜੋਤ ਕੌਰ, ਨਰਿੰਦਰ ਪਾਲ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਪ੍ਰਿੰ. ਸੁਜਾਨ ਸਿੰਘ, ਜਸਵੰਤ ਸਿੰਘ ਰਾਹੀ ਤੇ ਪ੍ਰਿੰ. ਐੱਸ.ਐੱਸ. ਅਮੋਲ ਦੀਆਂ ਇੰਟਰਵਿਊ ਫਿਲਮਾਂ ਬਣਾਈਆਂ।
ਕਿਲ੍ਹਾ ਰਾਏਪੁਰ ਦੇ ਖੇਡ ਮੇਲਿਆਂ ਦੀ ਫੋਟੋਗਰਾਫੀ ਵੀਹ ਸਾਲ ਕੀਤੀ। ਜਗਦੇਵ ਸਿੰਘ ਜੱਸੋਵਾਲ ਦੇ ਪ੍ਰੋ. ਮੋਹਨ ਸਿੰਘ ਮੇਲੇ ਦੀ ਤੀਹ ਸਾਲ ਫੋਟੋਗਰਾਫੀ ਕੀਤੀ। ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੀ ਫੋਟੋਗਰਾਫੀ ਕੀਤੀ। ਫਿਲਮਾਂ ਵੀ ਬਣਾਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕਹਿਣ ’ਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚਲੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਫੋਟੋਗਰਾਫੀ ਕੀਤੀ। ਉਸ ਦੀ ਸ਼੍ਰੋਮਣੀ ਕਮੇਟੀ ਨੇ ਸਚਿੱਤਰ ਕਿਤਾਬ ਛਾਪੀ ਏ। ਕੁੱਲੂ ਦੇ ਦੁਸਹਿਰੇ ਦੀ ਮੂਵੀ ਫਿਲਮ ਤੇ ਫੋਟੋਗਰਾਫੀ ਵੀਹ ਸਾਲਾਂ ਤੋਂ ਕਰਦਾ ਆ ਰਿਹਾ ਹਾਂ ਤੇ ਅਜੇ ਵੀ ਕਰਦਾ ਹਾਂ। ਕਸ਼ਮੀਰ, ਲੇਹ-ਲੱਦਾਖ ਤੇ ਹਿਮਾਚਲ ਦੇ ਖ਼ਾਸ ਥਾਵਾਂ ਦੀ ਫੋਟੋਗਰਾਫੀ ਅਜੇ ਵੀ ਕਰਦਾ ਹਾਂ। ਜਦੋਂ ਕਸ਼ਮੀਰ, ਲੇਹ-ਲੱਦਾਖ ਜਾਂ ਫੇਰ ਹਿਮਾਚਲ ਵਿਚ ਜਾਂਦਾ ਹਾਂ ਖ਼ਾਸ ਕਰਕੇ ਗੱਦੀਆਂ ਤੇ ਗੁੱਜਰਾਂ ਦੀ ਫੋਟੋਗਰਾਫੀ ਕਰਦਾ ਹੀ ਹਾਂ।
ਪੰਜਾਬ ਵਿਚ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਨੇ ਸਾਹਿਤਕਾਰਾਂ ਦੀਆਂ ਤਸਵੀਰਾਂ ਤੇ ਪੰਜਾਬ ਦੇ ਪੁਰਾਣੇ ਸਭਿਆਚਾਰ ਦੀਆਂ ਤਸਵੀਰਾਂ ਬਣਵਾ ਕੇ ਆਪਣੀ ਸੰਸਥਾ ਵਿਚ ਨਹੀਂ ਰੱਖੀਆਂ। ਸਿਵਾਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜਿਸ ਨੇ ਆਪਣੇ ਪੰਜਾਬੀ ਵਿਭਾਗ ਲਈ ਇਕ ਸੌ ਤਸਵੀਰਾਂ ਬਣਵਾ ਕੇ ਲਾਈਆਂ ਹਨ। ਪੰਜਾਬੀ ਵਿਚ ਐਮ.ਏ. ਤੇ ਪੀਐਚ.ਡੀ. ਕਰਦੇ ਵਿਦਿਆਰਥੀਆਂ ਲਈ।
1979 ਵਿਚ ਬੱਚਿਆਂ ਦੇ ਵਿਸ਼ਵ ਸਾਲ ’ਤੇ ਚੰਡੀਗੜ੍ਹ ਪ੍ਰਦਰਸ਼ਨੀ ਲਾਈ ਸੀ ਜਿਸ ਵਿਚ ਇਕ ਸੌ ਬੱਚਿਆਂ ਦੀਆਂ ਤਸਵੀਰਾਂ ਸਨ। ਕਿਸੇ ਸਰਕਾਰ ਜਾਂ ਗ਼ੈਰ-ਸਰਕਾਰੀ ਸੰਸਥਾ ਨੇ ਕੋਈ ਸਹਾਇਤਾ ਨਹੀਂ ਸੀ ਕੀਤੀ। ਇਸੇ ਤਰ੍ਹਾਂ 1980 ਵਿਚ ਔਰਤਾਂ ਦੇ ਵਿਸ਼ਵ ਸਾਲ ’ਤੇ ਚੰਡੀਗੜ੍ਹ ਪ੍ਰਦਰਸ਼ਨੀ ਲਾਈ ਸੀ। ਵੱਖ-ਵੱਖ ਪ੍ਰਦਰਸ਼ਨੀਆਂ ਵਿਚ ਹਿੱਸਾ ਲੈਂਦਾ ਰਿਹਾ ਹਾਂ। ਜਿਨ੍ਹਾਂ ਵਿਚ ਕਦੀ ਸਨਮਾਨ ਮਾਇਆ ਨਾਲ ਨਹੀਂ ਸਗੋਂ ਡੱਕਾਂ ਨਾਲ ਹੁੰਦਾ ਸੀ। ਜਿਹੜੇ ਡੱਕ ਕਲਾਕਾਰ ਦੀ ਮਾਇਕ ਸਹਾਇਤਾ ਨਹੀਂ ਸਨ ਕਰ ਸਕਦੇ। ਇਸ ਕਰਕੇ ਫੇਰ ਇਕੱਲੇ ਪ੍ਰਦਰਸ਼ਨੀ ਕਰਨ ਦੀ ਹਿੰਮਤ ਨਹੀਂ ਪਈ। ਫੇਰ ਅਖ਼ਬਾਰਾਂ ਤੇ ਵੱਖ-ਵੱਖ ਰਸਾਲਿਆਂ ਨੂੰ ਤਸਵੀਰਾਂ ਭੇਜਦਾ ਰਿਹਾ ਸਾਂ। ਹੁਣ ਜਦੋਂ ਕਦੀ ਕੋਈ ਰਸਾਲਾ ਸਾਹਿਤਕਾਰਾਂ ਦੀਆਂ ਤਸਵੀਰਾਂ ਮੰਗਦਾ ਹੈ ਤਾਂ ਉਨ੍ਹਾਂ ਨੂੰ ਭੇਜ ਦਿੰਦਾ ਹਾਂ।
ਪੰਜਾਬ ਸਰਕਾਰ ਨੇ ਸੋਭਾ ਸਿੰਘ ਆਰਟਿਸਟ ਦਾ 2001 ਵਿਚ ਸੌ ਸਾਲਾ ਜਨਮ ਦਿਨ ਮਨਾਇਆ ਸੀ। ਉਦੋਂ ਸੋਭਾ ਸਿੰਘ ਦੀਆਂ 100 ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਬਣਾ ਕੇ ਚੰਡੀਗੜ੍ਹ ਪ੍ਰਦਰਸ਼ਨੀ ਲਾਈ ਸੀ। ਉਸ ਪ੍ਰਦਰਸ਼ਨੀ ਦਾ ਉਦਘਾਟਨ ਡਾ. ਇੰਦਰਜੀਤ ਕੌਰ ਪ੍ਰਧਾਨ, ਪਿੰਗਲਵਾੜਾ ਨੇ ਕੀਤਾ ਸੀ। ਉਦੋਂ ਹੀ ਡਾ. ਇੰਦਰਜੀਤ ਕੌਰ ਨੇ ਮੈਨੂੰ ਆਖਿਆ ਸੀ, ‘‘ਬਾਜਵਾ, ਭਗਤ ਪੂਰਨ ਸਿੰਘ ਦਾ ਸੌ ਸਾਲਾ ਜਨਮ ਦਿਨ 2004 ਵਿਚ ਅਸੀਂ ਮਨਾ ਰਹੇ ਹਾਂ। ਉਸ ਦੇ ਜਨਮ ਦਿਨ ’ਤੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਸਾਨੂੰ ਤਿਆਰ ਕਰ ਦੇਣਾ।’’ ਫੇਰ ਭਗਤ ਪੂਰਨ ਸਿੰਘ ਦੀਆਂ ਕੁਝ ਤਸਵੀਰਾਂ ਮੇਰੇ ਕੋਲ ਸਨ ਤੇ ਕੁਝ ਪਿੰਗਲਵਾੜੇ ਵਾਲਿਆਂ ਕੋਲੋਂ ਲੈ ਕੇ ਪ੍ਰਦਰਸ਼ਨੀ ਤਿਆਰ ਕੀਤੀ।
ਸੋਭਾ ਸਿੰਘ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਭਾਪਾ ਪ੍ਰੀਤਮ ਸਿੰਘ ਨੇ ਦਿੱਲੀ ਪੰਜਾਬ ਭਵਨ ਵਿਚ ਵੀ ਕਰਵਾਈ ਸੀ ਜਿਸ ਦਾ ਉਦਘਾਟਨ ਯੁਵਰਾਜ ਕਰਮ ਸਿੰਘ ਜੰਮੂ ਕਸ਼ਮੀਰ ਨੇ ਕੀਤਾ ਸੀ। ਇਕ ਪ੍ਰਦਰਸ਼ਨੀ ਮੇਰੀਆਂ ਤਸਵੀਰਾਂ ਦੀ ਡਾ. ਰਣਜੀਤ ਸਿੰਘ ਰੰਗੀਲਾ ਨੇ ਸੁਭਾਸ਼ ਚੰਦਰ ਓਪਨ ਯੂਨੀਵਰਸਿਟੀ ਵਿਖੇ ਭਾਸ਼ਾ ਵਿਗਿਆਨੀਆਂ ਦੀ ਕਾਨਫਰੰਸ ਵਿਚ ਕਰਵਾਈ। ਉਸ ਤੋਂ ਬਾਅਦ ਹੁਣ ਤੱਕ ਹਰ ਐਤਵਾਰ ਅਜੀਤ ਅਖ਼ਬਾਰ ਵਿਚ ਭੁੱਲੀਆਂ ਵਿਸਰੀਆਂ ਯਾਦਾਂ ਵਿਚ ਪੁਰਾਣੀਆਂ ਤਸਵੀਰਾਂ ਛਪਦੀਆਂ ਹਨ। ਬਾਕੀ ਅਜੇ ਵੀ ਕੁਦਰਤ ਰਚਨਾ ਦੀ ਫੋਟੋਗਰਾਫੀ ਕਰਦਾ ਰਹਿੰਦਾ ਹਾਂ।
ਸੰਪਰਕ : 98767-41231