ਅਜੋਕੀ ਗੀਤਕਾਰੀ ਤੇ ਗਾਇਕੀ ਨੇ ਪੰਜਾਬੀ ਸਭਿਆਚਾਰ ਨੂੰ ਕੀਤਾ ਨਸ਼ਟ - ਹਰਮਿੰਦਰ ਸਿੰਘ ਭੱਟ
*ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ
ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਕਦੇ ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ ਪਰ ਅਜੋਕੇ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਦੇ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾ ਨਾਲ ਮਲੀਨ ਕਰ ਦਿੱਤਾ ਹੈ। ਅਸ਼ਲੀਲ ਗਾਇਕੀ ਦੀ ਨਾ ਰੁਕਣ ਵਾਲੀ ਹਨੇਰੀ ਪੰਜਾਬ ਵਿੱਚ ਨਿਰੰਤਰ ਵੱਗ ਰਹੀ ਹੈ। ਅਸ਼ਲੀਲ ਗਾਇਕੀ ਦੀ ਇਹ ਹਨੇਰੀ ਮੈਰਿਜ ਪੈਲੇਸਾਂ ਵਿੱਚ ਡੀ. ਜੇ. 'ਤੇ, ਪਿੰਡਾਂ ਵਿੱਚ ਟਰੈਕਟਰਾਂ 'ਤੇ ਲੱਗੇ ਡੈੱਕਾਂ ਵਿੱਚ, ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ 'ਤੇ ਅਤੇ ਨਿੱਜੀ ਟੀ. ਵੀ. ਚੈਨਲਾਂ 'ਤੇ ਬੇਰੋਕ ਟੋਕ ਵੱਗ ਰਹੀ ਹੈ ਅਤੇ ਅਸ਼ਲੀਲਤਾ ਦਾ ਗੰਦ ਪਾ ਕੇ ਹਰ ਵਿਅਕਤੀ ਨੂੰ ਸ਼ਰਮਸਾਰ ਕਰ ਰਹੀ ਹੈ। ਪੰਜਾਬੀ ਦੇ ਕੁੱਝ ਨਿੱਜੀ ਟੀ. ਵੀ. ਚੈਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਿਤ ਕਰਨ ਤੋਂ ਬਾਅਦ ਸਾਰਾ ਦਿਨ ਅਸ਼ਲੀਲ ਕੰਜਰਪੁਣਾ ਪੇਸ਼ ਕਰ ਰਹੇ ਹਨ ਅਤੇ ਖ਼ੂਬ ਪੈਸਾ ਕਮਾਅ ਰਹੇ ਹਨ। ਅਜੋਕੀ ਗਾਇਕੀ ਅੱਜ ਇੱਕ ਵਪਾਰਕ ਧੰਦਾ ਬਣ ਗਿਆ ਹੈ। ਇਹ ਸੱਚ ਹੈ ਜਿਨ੍ਹਾਂ ਅਜੋਕੇ ਲਚਰਤਾ ਪੇਸ਼ ਕਰ ਰਹੇ ਗਾਇਕਾਂ ਕੋਲ ਕਦੀ ਸਾਈਕਲ/ਸਕੂਟਰ ਨਹੀਂ ਸੀ ਹੁੰਦਾ ਅੱਜ ਉਹੀ ਗਾਇਕ ਲਜ਼ਗਰੀ ਗੱਡੀਆਂ ਵਿੱਚ ਘੁੰਮ ਰਹੇ ਹਨ। ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ ਹਨ। ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਪੱਧਰ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਭਾਂਵੇਂ ਉਸ ਨੂੰ ਸੰਗੀਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਰਾਤੋ-ਰਾਤ 'ਸਿੰਗਰ ਸਟਾਰ' ਬਨਣ ਲਈ ਸ਼ਰਮ ਹਯਾਅ ਦੀ ਲੋਈ ਨੂੰ ਲੀਰੋ-ਲੀਰ ਕਰਕੇ ਪੰਜਾਬੀ ਸਭਿਆਚਾਰਕ ਵਿਰਸੇ ਦੀ ਮਾਣ-ਮੱਤੀ ਥਾਲੀ ਵਿੱਚ ਅਸ਼ਲੀਲਤਾ ਪਰੋਸ ਰਿਹਾ ਹੈ। ਅੱਜ ਦੇ ਜਿਆਦਾ ਤਰ ਗਾਇਕ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਮ ਉਕਸਾਊ ਗਾਇਕੀ ਪੇਸ਼ ਕਰ ਰਹੇ ਹਨ। ਅਜਿਹੀ ਗਾਇਕੀ ਨੂੰ ਪਰਿਵਾਰ ਸਮੇਤ ਬੈਠ ਕੇ ਟੀ. ਵੀ. ਚੈਨਲਾਂ ਉਤੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ ਹੀ ਵੇਖਿਆ ਜਾ ਸਕਦਾ ਹੈ। ਹਰ ਨੌਜਵਾਨ ਆਪਣੀ ਭੈਣ ਅਤੇ ਮਾਂ ਨੂੰ ਅਜੋਕੀ ਗਾਇਕੀ ਸੁਣਨ ਤੋਂ ਤਾਂ ਰੋਕ ਰਹੇ ਹਨ ਪਰ ਆਪ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਅਸ਼ਲੀਲ ਗਾਇਕੀ ਦੀਆਂ ਬਣੀਆਂ ਵੀਡੀਓ ਬੜੇ ਚਾਅ ਨਾਲ ਵੇਖ ਅਤੇ ਸੁਣ ਰਹੇ ਹਨ। ਸੰਗੀਤ ਮਨੁੱਖ ਦੀ ਰੂਹ ਵਿੱਚ ਖਿੜਾਓ ਪੈਦਾ ਕਰਦਾ ਹੈ। ਥੱਕੇ ਟੁੱਟੇ ਮਨੁੱਖ ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੀ ਹੈ ਤੇ ਨਾ ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ। ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ ਨੂੰ ਉਕਸਾ ਰਹੇ ਹਨ। 18 ਤੋ 20 ਸਾਲ ਦੇ ਨੌਜਵਾਨਾਂ 'ਤੇ ਇਹ ਜਿਆਦਾ ਪ੍ਰਭਾਵ ਪਾ ਰਿਹਾ ਹੈ। ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ।
ਇਸ ਵਿਚ ਕੋਈ ਝੂਠ ਨਹੀਂ ਹੋਵੇਗਾ ਕਿ ਸਾਡਾ ਪੰਜਾਬੀ ਸੱਭਿਆਚਾਰ ਪੂਰੀ ਤਰਾਂ ਨਾਲ ਨਸ਼ਟ ਹੁੰਦਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਦੇ ਨਾਲੋਂ ਅੱਜ ਦੇ ਲੱਚਰ ਗਾਣੇ ਸਾਡੀ ਹੁਣ ਵਾਲੀ ਅਤੇ ਆਉਣ ਵਾਲੀ ਨੌਜਵਾਨ ਪੀੜੀ ਤੇ ਬੁਰਾ ਅਸਰ ਪਾ ਰਹੇ ਹਨ। ਜਿਸ ਕਰਕੇ ਸਾਡੀ ਪੰਜਾਬੀਅਤ ਇਹਨਾਂ ਲੱਚਰ ਗਾਣਿਆਂ ਦੇ ਵੱਲ ਧਿਆਨ ਦੇ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੀ ਹੈ ਜਿਸ ਨਾਲ ਉਹਨਾਂ ਦੇ ਦਿਮਾਗ ਤੇ ਮਾੜਾ ਅਸਰ ਪੈਂਦਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਇਹਨਾਂ ਪੰਜਾਬੀ ਗਾਣਿਆਂ ਦੇ ਵਿਚ ਫੁਕਰਪੁਣੇ ਨਾਲ ਹਥਿਆਰਾਂ ਨੂੰ ਕੁਝ ਜਿਆਦਾ ਹੀ ਪ੍ਰਮੋਟ ਕੀਤਾ ਜਾਂਦਾ ਹੈ ਜਿਸ ਨਾਲ ਨੌਜਵਾਨ ਪੀੜੀ ਇਹਨਾਂ ਹਥਿਆਰਾਂ ਵਾਲੇ ਗਾਣਿਆਂ ਨੂੰ ਸੁਣ ਕੇ ਉਨ੍ਹਾਂ ਦੀਆਂ ਰੀਸਾਂ ਕਰਦੀ ਹੈ ਜਦਕਿ ਇਹਨਾਂ ਹਥਿਆਰਾਂ ਨੂੰ ਅੱਜ ਦੇ ਗਾਇਕ ਸਿਰਫ਼ ਆਪਣੀ ਸ਼ਾਨੋ-ਸ਼ੌਕਤ ਤੇ ਸ਼ੁਹਰਤ ਨੂੰ ਵਧਾਉਣ ਲਈ ਵਰਤਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਇਹਨਾਂ ਹਥਿਆਰਾਂ ਵਾਲੇ ਗਾਣਿਆਂ ਦੇ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਤੇ ਕੀ ਅਸਰ ਪੈਂਦਾ ਹੈ।ਅੱਜ ਤਾਂ ਨੌਜਵਾਨ ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ੍ਹ ਨੂੰ ਉਨ੍ਹਾਂ ਦੇ ਘਰ ਧੀ ਜੰਮ ਪਵੇਗੀ ਫਿਰ ਇਹ ਗਾਇਕੀ ਉਨ੍ਹਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ਼ ਪਛਤਾਵਾ ਵੀ ਪੱਲੇ ਰਹਿ ਜਾਵੇਗਾ।
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ 09914062205
04 Feb. 2019
ਅਲੋਪ ਹੁੰਦੇ ਜਾਂਦੇ ਤਿਉਹਾਰ - ਹਰਮਿੰਦਰ ਸਿੰਘ 'ਭੱਟ'
ਕਿਸੇ ਪਾਸਿਉਂ "ਸੁੰਦਰ ਮੁੰਦਰੀ ਏ ਹੋ" ਤੇ "ਮਾਏਂ ਦੇ ਲੋਹੜੀ" ਵਾਲੇ ਗੀਤ ਸੁਣਾਈ ਨਹੀਂ ਦਿੰਦੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁੱਲਿਆ ਜਾਣਾ ਕੋਈ ਸੁਖਾਲਾ ਕੰਮ ਨਹੀਂ ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ ਉਨ੍ਹਾਂ ਹੀ ਵੱਧ ਦੀ ਜਾ ਰਹੀ ਉਮਰ ਵਾਲੇ ਲੋਕ ਪੰਜਾਬੀ ਸਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ।
ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੀ ਗਲੀ ਦੇ ਜੁਆਕਾਂ ਦੇ ਨਾਲ ਅਸੀਂ ਸਾਰੇ ਮਿਲ ਕੇ ਸ਼ਾਮ ਵੇਲੇ ਇਕੱਠੇ ਹੋ ਲਿਫ਼ਾਫ਼ੇ ਤੇ ਬੋਰੀਆਂ ਦੁਆਰਾ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਨ ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ ਹਰ ਘਰ ਵਿਚੋਂ ਦਾਣਿਆਂ ਦੇ ਨਾਲ ਪਾਥੀਆਂ ਜਾਂ ਲੱਕੜਾਂ ਵੀ ਧੂਣੀ ਲਈ ਦੇ ਦਿੱਤੀਆਂ ਜਾਂਦੀਆਂ ਸਨ। ਜੋ ਦਾਣੇ ਇਕੱਠੇ ਹੁੰਦੇ ਉਨ੍ਹਾਂ ਤੋਂ ਮੂੰਗਫਲੀ ਤੇ ਰਿਉੜੀਆਂ ਖ਼ਰੀਦਿਆਂ ਜਾਂਦੀਆਂ।ਜਿਸ ਘਰ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਘਰ ਦਾਣਿਆਂ ਦੇ ਨਾਲ ਨਾਲ ਰਿਉੜੀਆਂ ਤੇ ਮੂੰਗਫਲੀ ਵੀ ਦਿੰਦੇ।ਸਕੂਲੋਂ ਲੋਹੜੀ ਤੇ ਮਾਘੀ ਦੀ ਛੁੱਟੀ ਹੁੰਦੀ।ਸੋ ਅਸੀਂ ਸਾਰਾ ਦਿਨ ਗਲੀ ਵਿਚ ਸੁੰਦਰ ਮੁੰਦਰੀ ਏ ਗਾਉਂਦੇ ਆਪਣੀ ਮਸਤੀ ਵਿਚ ਮਸਤ ਹੋ ਕੇ ਮਾਂ ਬੋਲੀ ਪੰਜਾਬੀ ਤੇ ਸਭਿਆਚਾਰ ਵਿਚ ਇੱਕ-ਮਿੱਕ ਹੋ ਜਾਂਦੇ।ਜਿਸ ਘਰ ਮੁੰਡਾ ਹੁੰਦਾ ਉਸ ਘਰ ਗੁੜ ਦੀ ਭਰਮਾਰ ਹੁੰਦੀ ਕਿਉਂਕਿ ਪਿੰਡ ਵਿਚ ਭੇਲੀਆਂ ਫਿਰਦੀਆਂ ਸਨ।ਇੱਕ ਭੇਲੀ ਦਰਵਾਜ਼ੇ ਦੀ,ਇੱਕ ਚੌਕੀਦਾਰ ਦੀ, ਇੱਕ ਪਿੰਡ ਦੀਆਂ ਮੁਟਿਆਰਾਂ ਦੀ ਤੇ ਇੱਕ ਘਰਾਂ ਵਿਚ ਗ਼ਮੀ ਸਦੀ ਕੰਮ ਕਰਨ ਵਾਲੇ ਝਿਊਰਾਂ ਦੀ ਹੁੰਦੀ।ਦਰਵਾਜ਼ੇ ਵਾਲੇ ਭੇਲੀ ਦਾ ਗੁੜ ਸਰਪੰਚ ਤੇ ਪੰਚ ਰਾਹੀਂ ਗੁਰਦੁਆਰੇ ਪਹੁੰਚਾਇਆ ਜਾਂਦਾ।ਬਾਕੀ ਆਪਣੀ ਆਪਣੀ ਭੇਲੀ ਆਪਣੇ ਘਰ ਲੈ ਜਾਂਦੇ।ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਵਿਆਹ ਵਰਗਾ ਮਾਹੌਲ ਹੁੰਦਾ। ਦੋ-ਦੋ ਦਿਨ ਪਹਿਲਾਂ ਬਰਾਦਰੀ ਦੀਆਂ ਔਰਤਾਂ ਉਸ ਘਰ ਗੁੜ ਤੋਲਣ ਲਈ ਇਕੱਠਾ ਹੁੰਦੀਆਂ।ਸਾਰੇ ਪਿੰਡ ਵਿਚ ਪਾਈਆ-ਪਾਈਆ ਗੁੜ ਫੇਰਿਆ ਜਾਂਦਾ।ਤੋਲਿਆ ਗੁੜ ਪ੍ਰਾਂਤਾਂ ਵਿਚ ਪਾ ਮੁਟਿਆਰਾਂ ਦੇ ਸਿਰ ਧਰ ਦਿੱਤਾ ਜਾਂਦਾ।ਪ੍ਰਾਂਤਾਂ ਉੱਪਰ ਖਰੋਸੀਏ ਦੁਆਰਾ ਨਵੇਂ ਤੋਂ ਨਵੇਂ ਨਮੂਨੇ ਦੇ ਤਿਆਰ ਕੀਤੇ ਰੁਮਾਲ ਦਿੱਤੇ ਜਾਂਦੇ।ਮੁਟਿਆਰਾਂ ਦੀ ਟੋਲੀ ਸਾਰੇ ਪਿੰਡ ਵਿਚ ਹੱਸਦਿਆਂ ਗਾਉਂਦਿਆਂ ਗੁੜ ਫੇਰਦੀ। ਪਰ ਹੁਣ ਇਸ ਗੁੜ ਦੀ ਜਗ੍ਹਾ ਲੱਡੂਆਂ ਨੇ ਲੈ ਲਈ ਹੈ।ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਗੁਰੂ ਸਾਹਿਬ ਜੀ ਦੇ ਅਪਾਰ ਸ਼ੁਕਰਾਨੇ ਵੱਜੋ ਆਪਣੇ ਆਪਣੇ ਧਰਮਾਂ ਅਨੁਸਾਰ ਪਾਠ ਕਰਵਾਇਆ ਜਾਂਦਾ। ਕਈ ਘਰਾਂ ਵਿਚ ਤਾਂ ਆਏ ਪਰਾਹੁਣਿਆਂ ਵੱਲੋਂ ਖ਼ੁਸ਼ੀ ਵਿਚ ਸਵੇਰ ਤੋਂ ਹੀ ਬੋਤਲਾਂ ਦੇ ਡਟ ਪੱਟ ਦਿੱਤੇ ਜਾਂਦੇ ਤੇ ਸਾਰਾ ਸਾਰਾ ਦਿਨ ਨੱਚਣ ਵਾਲੇ ਨਚਾਰ ਤੇ ਹੋਰ ਮਨੋਰੰਜਨ ਕਰਨ ਵਾਲੇ ਗਰੁੱਪ ਆਉਂਦੇ ਹੀ ਰਹਿੰਦੇ। ਇਸ ਦਿਨ ਖੁਸਰੇ ਵੀ ਆਪਣਾ ਲਾਗ ਲੈਣ ਪਹੁੰਚਦੇ ਤੇ ਬਣਦਾ ਲਾਗ ਧੱਕੇ ਤੇ ਫਿਰ ਬਾਅਦ ਵਿਚ ਜੋ ਘਰ ਵਾਲੇ ਦੇ ਦਿੰਦੇ ਉਸ ਨੂੰ ਖੁੱਸੀਆਂ ਨਾਲ ਲੈ ਕੇ ਦੁਆਵਾਂ ਤੇ ਅਰਦਾਸਾਂ ਕਰਦੇ ਚਲੇ ਜਾਂਦੇ।ਰਿਸ਼ਤੇਦਾਰ ਨਵੇਂ ਜੰਮੇ ਮੁੰਡੇ ਲਈ ਸੌਗਾਤ ਲੈ ਕੇ ਆਉਂਦੇ ਤੇ ਮੁੰਡੇ ਵਾਲਿਆਂ ਵੱਲੋਂ ਵੀ ਬਣਦਾ ਸਰਦਾ ਕੱਪੜਾ ਲੀੜਾ ਦਿੱਤਾ ਜਾਂਦਾ।ਤੇ ਰਾਤੀ ਸਾਰੇ ਪਿੰਡ ਨੂੰ ਧੂਣੀ ਉੱਪਰ ਆਉਣ ਦਾ ਸੱਦਾ ਹੁੰਦਾ ਜਿੱਥੇ ਰਿਉੜੀਆਂ ਤੇ ਮੂੰਗਫਲੀ ਵੰਡੀ ਜਾਂਦੀਆਂ।ਜੁਆਕਾਂ ਤੇ ਵੱਡਿਆਂ ਦੁਆਰਾ ਸੁੰਦਰ ਮੁੰਦਰੀ ਏ ਗਾਇਆ ਜਾਂਦਾ। ਇਹ ਤਿਉਹਾਰ ਠੰਢ ਘਟਣ ਦੀ ਖ਼ੁਸ਼ੀ ਤੇ ਵਦੀ ਉੱਪਰ ਨੇਕੀ ਦੀ ਜਿੱਤ ਦਾ ਵੀ ਪ੍ਰਤੀਕ ਸਮਝਿਆ ਜਾਂਦਾ ਹੈ। ਮਾਘੀ ਵਾਲੇ ਦਿਨ ਸਾਡੀ ਮਾਂ ਸਵੇਰੇ ਸਾਜਰੇ ਉਠਾ ਸਾਡੇ ਵਾਲ ਧੋਂਦੀ ਤੇ ਆਖਦੀ ਕਿ "ਤੁਹਾਡੇ ਵਾਲ ਹੁਣ ਸੋਨੇ ਦੇ ਹੋ ਗਏ ਹਨ"। ਲੋਹੜੀ ਵਾਲੇ ਦਿਨ ਸਾਗ, ਖੀਰ ਤੇ ਖਿਚੜੀ ਬਣਾਈ ਜਾਂਦੀ ਜੋ ਕਿ ਮਾਘ ਵਾਲੇ ਦਿਨ ਖਾਣ ਲਈ ਹੁੰਦੀ।
ਪਰ ਅਫ਼ਸੋਸ ਅੱਜ ਕੱਲ੍ਹ ਵਧਦੀ ਜਾ ਰਹੀ ਮਹਿੰਗਾਈ ਤੇ ਪੈਸੇ ਦੀ ਦੌੜ ਭੱਜ ਵਾਲੀ ਜ਼ਿੰਦਗੀ ਨੇ ਤਾਂ ਬਦਲ ਕੇ ਰੱਖ ਦਿੱਤੇ ਹਨ।ਨਾ ਤਾਂ ਜੁਆਕ ਹੁਣ ਲੋਹੜੀ ਮੰਗਦੇ ਹੀ ਨਜ਼ਰ ਆਉਂਦੇ ਹਨ ਨਾ ਹੀ ਪਹਿਲਾਂ ਵਾਲਾ ਉਹ ਖੁੱਸੀਆਂ ਖੇੜੇ ਤੇ ਰਿਸ਼ਤੇ ਨਾਤਿਆਂ ਵਿਚ ਏਕਤਾ ਤੇ ਪਰਪੱਕਤਾ ਵਾਲਾ ਪਿਆਰ ਭਰਿਆ ਮਾਹੌਲ। ਹੁਣ ਤਾਂ ਲੋਕਾਂ ਦੁਆਰਾ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਦੀ ਤਰ੍ਹਾਂ ਹੀ ਪੈਲੇਸ ਬੁੱਕ ਕੀਤੇ ਜਾਂਦੇ ਹਨ।ਸਾਰਾ ਪ੍ਰੋਗਰਾਮ ਉੱਥੇ ਹੀ ਹੁੰਦਾ ਹੈ ਲੋਕ ਬੇਗਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ।ਮੁੰਡੇ ਵਾਲਿਆਂ ਵੱਲੋਂ ਵੀ ਡੱਬਾ ਕਾਰਡ ਦੇ ਕੇ ਭੇਜ ਦਿੱਤਾ ਜਾਂਦਾ ਹੈ ਤੇ ਸ਼ਾਮ ਨੂੰ ਹਰ ਕੋਈ ਆਪਣੇ -2 ਘਰ ਵਿਚ ਅਲੱਗ-ਅਲੱਗ ਲੋਹੜੀ ਮਨਾਉਂਦਾ ਹਨ।
ਪੰਜਾਬ ਸਰਕਾਰ ਦੁਆਰਾ ਲੋਹੜੀ ਤੇ ਮਾਘੀ ਦੀ ਛੁੱਟੀ ਕੱਟਣ ਕਾਰਨ ਬੱਚਿਆਂ ਵਿਚ ਲੋਹੜੀ ਮੰਗਣ ਦਾ ਉਹ ਸਭਿਆਚਾਰ ਦਾ ਇੱਕ ਪਿਆਰ ਭਰਿਆ ਅਹਿਸਾਸ ਤੇ ਰੰਗਲਾ ਮਾਹੌਲ ਹੀ ਖ਼ਤਮ ਕਰ ਦਿੱਤਾ ਗਿਆ ਹੈ ਤੇ ਨਾ ਹੀ ਕਿਸੇ ਪਾਸਿਉਂ ਸੁੰਦਰ ਮੁੰਦਰੀ ਏ ਤੇ ਮਾਏਂ ਦੀ ਲੋਹੜੀ ਵਾਲੇ ਗੀਤ ਹੀ ਸੁਣਾਈ ਦਿੰਦੇ ਹਨ।ਪੰਜਾਬ ਸਰਕਾਰ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਉਹ ਕ੍ਰਿਸਮਸ ਦੀਆਂ ਛੁੱਟੀਆਂ ਤਾਂ ਕਰਦੇ ਹਨ ਪਰ ਮਾਘੀ ਦੀ ਨਹੀਂ ਭਲਾ ਕਿਉਂ? ਚਲੋ ਜੀ ਅਮੀਰਾਂ ਨੇ ਤਾਂ ਲੋਹੜੀ ਮਨਾਈ ਪੈਲੇਸਾਂ ਵਿਚ ਵਿਚਾਰੇ ਗ਼ਰੀਬ ਕੀ ਕਰਨ ।ਲੱਕ ਤੋੜ ਮਹਿੰਗਾਈ ਨੇ ਤਾਂ ਗ਼ਰੀਬਾਂ ਦੀ ਮੱਤ ਹੀ ਮਾਰ ਕੇ ਰੱਖ ਦਿੱਤੀ ਹੈ।ਪਹਿਲਾਂ ਜੋ ਮੂੰਗਫਲੀ 30-40 ਰੁ: ਕਿੱਲੋ ਸੀ ਅੱਜ ਉਹ ਮੂੰਗਫਲੀ 100-120 ਰੁ: ਕਿੱਲੋ ਹੈ।ਬਦਾਮ ਤਾਂ ਪਹਿਲਾਂ ਹੀ ਗ਼ਰੀਬ ਦੀ ਪਹੁੰਚ ਵਿਚ ਨਹੀਂ ਸੀ ਹੁਣ ਮੂੰਗਫਲੀ ਵੀ ਉਸ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ।ਸਰਦੀ ਵਿਚ ਆਉਂਦੇ ਜਾਂਦੇ ਸਮੇਂ ਗ਼ਰੀਬ ਆਦਮੀ 5 ਰੁ: ਦੀ ਮੂੰਗਫਲੀ ਲੈ ਚੱਬ ਲੈਂਦਾ ਸੀ ਪਰ ਹੁਣ ਰੇਹੜੀ ਵਾਲੇ ਵੀ 5 ਰੁ: ਦੀ ਮੂੰਗਫਲੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਆਖੇ ਬਾਪੂ ਜੀ 5 ਰੁ: ਕਾ ਕੁੱਝ ਨਹੀਂ ਆਤਾ।ਗ਼ਰੀਬ ਦੇ ਬਦਾਮ ਵੀ ਉਨ੍ਹਾਂ ਤੋਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਨ।
ਆਓ ਆਪਣੇ ਪੰਜਾਬ ਨੂੰ ਪਹਿਲਾਂ ਜਿਹਾ ਬਣਾਈਏ ਰਲ ਮਿਲ ਸਾਰੇ ਤਿਉਹਾਰ ਮਨਾਈਏ ਤਾਂ ਜੋ ਪਹਿਲਾਂ ਦੀ ਤਰ੍ਹਾਂ ਮਸਤ ਮਲੰਗ ਹੋ ਕੇ ਗਲੀਆਂ ਵਿਚ ਸੁੰਦਰ ਮੁੰਦਰੀ ਏ ਤੇ ਮਾਏਂ ਦੇ ਲੋਹੜੀ ਦੇ ਗੀਤ ਗਾ ਸਕਣ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਭੁੱਲ ਚੁੱਕ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ "ਭੱਟ"
ਬਿਸਨਗੜ੍ਹ (ਬਈਏਵਾਲ)
ਸੰਗਰੂਰ. ਫ਼ੋਨ 9914062205
10 Jan. 2019