ਭਾਰਤ ਦਾ ਸੰਕਲਪ ਕਿਵੇਂ ਉੱਭਰਿਆ ? - ਇਰਫ਼ਾਨ ਹਬੀਬ
ਭਾਰਤ ਦੇ ਸੰਵਿਧਾਨ ਦੀ ਪਹਿਲੀ ਧਾਰਾ ਅਨੁਸਾਰ ‘‘ਇੰਡੀਆ ਭਾਵ ਭਾਰਤ ਸੂਬਿਆਂ ਦੀ ਯੂਨੀਅਨ ਹੋਵੇਗਾ।’’ ਭਾਰਤ, ਇੰਡੀਆ, ਹਿੰਦੋਸਤਾਨ ਆਦਿ ਸ਼ਬਦਾਂ ਨੇ ਲੰਮਾ ਸਫ਼ਰ ਤੈਅ ਕੀਤਾ ਹੈ। ਇਸ ਬਾਰੇ ਪੇਸ਼ ਹਨ ਉੱਘੇ ਇਤਿਹਾਸਕਾਰ ਇਰਫ਼ਾਨ ਹਬੀਬ ਦੇ ਵਿਚਾਰ ।
ਆਮ ਕਿਹਾ ਜਾਂਦਾ ਹੈ ਕਿ ਭਾਰਤ ਦਾ ਸੰਕਲਪ ਲਗਾਤਾਰ ਵਿਕਾਸ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਮੈਂ ਇਹ ਵਿਚਾਰ ਕਰਨ ਦਾ ਸੋਚਿਆ ਹੈ ਕਿ ਭਾਰਤ ਦਾ ਸੰਕਲਪ ਕਿਵੇਂ ਉੱਭਰਿਆ, ਇਹ ਕਿਵੇਂ ਵਿਕਸਤ ਹੋਇਆ ਅਤੇ ਕਿਵੇਂ ਭਾਰਤ ਇਕ ਰਾਸ਼ਟਰ ਬਣਿਆ? ਇਹ ਵੀ ਕਿ ਅਜੋਕੇ ਸਮੇਂ ਉਹ ਕਿਹੜੇ ਖ਼ਤਰੇ ਹਨ, ਜੋ ਰਾਸ਼ਟਰ ਲਈ ਚੁਣੌਤੀ ਬਣੇ ਹੋਏ ਹਨ? ਇਸ ਵਕਤ ਅਸੀਂ ਆਪਣੇ ਇਤਿਹਾਸ ਦੇ ਬੜੇ ਉਦਾਸ ਸਮੇਂ ਵਿਚ ਹਾਂ। ਇਸ ਕਰਕੇ ਸਾਡੇ ਸਾਰਿਆਂ ਲਈ ਇਹ ਵਿਚਾਰ ਕਰਨ ਦਾ ਸਮਾਂ ਹੈ ਕਿ ਆਖ਼ਰ ਸਾਡੇ ਦੇਸ਼ ਦਾ ਕੀ ਕਾਜ਼ ਹੈ ਅਤੇ ਇਸ ਨੂੰ ਬਿਹਤਰ ਢੰਗ ਨਾਲ ਕਿਵੇਂ ਸਿਰੇ ਚਾੜ੍ਹਿਆ ਜਾ ਸਕਦਾ ਹੈ।
ਤੱਥ ਇਹ ਹੈ ਕਿ ਨਾ ਤਾਂ ਰਿਗਵੇਦ ਵਿਚ, ਨਾ ਹੀ ਦੂਜੇ ਤਿੰਨ ਵੇਦਾਂ ਵਿਚ ਅਤੇ ਨਾ ਹੀ ਉਨ੍ਹਾਂ ਤੋਂ ਬਾਅਦ ਆਏ ‘ਬ੍ਰਾਹਮਣ ਗ੍ਰੰਥਾਂ’ ਵਿਚ ਭਾਰਤ ਸ਼ਬਦ ¬ਦਾ ਕਿਤੇ ਕੋਈ ਜ਼ਿਕਰ ਮਿਲਦਾ ਹੈ। ਇੱਥੋਂ ਤਕ ਕਿ ਇਨ੍ਹਾਂ ਤੋਂ ਬਾਅਦ ’ਚ ਆਏ ਉਪਨਿਸ਼ਦਾਂ ਵਿਚ ਵੀ ਭਾਰਤ ਦਾ ਕੋਈ ਜ਼ਿਕਰ ਨਹੀਂ ਹੈ। ਰਿਗਵੇਦ ਵਿਚ ਤਾਂ ਕਿਸੇ ਭੂਗੋਲਿਕ ਖੇਤਰ ਦਾ ਵੀ ਜ਼ਿਕਰ ਨਹੀਂ ਸਗੋਂ ਸਿਰਫ਼ ਦਰਿਆਵਾਂ ਅਤੇ ਕਬੀਲਿਆਂ ਦੀ ਹੀ ਗੱਲ ਕੀਤੀ ਗਈ ਹੈ। ਇੱਥੋਂ ਤਕ ਕਿ ਸਪਤ ਸਿੰਧੂ (ਸੱਤ ਦਰਿਆ) ਦਾ ਵੀ ਮਤਲਬ ਪੰਜਾਬ ਦਾ ਖੇਤਰ ਨਹੀਂ ਹੈ, ਜਿਵੇਂ ਕਿ ਬਾਅਦ ਵਿਚ ਮਤਲਬ ਕੱਢਿਆ ਗਿਆ। ਇਸ ਤੋਂ ਭਾਵ ਸਿਰਫ਼ ਸੱਤ ਦਰਿਆਵਾਂ ਤੋਂ ਹੈ ਜੋ ਆਪਸ ਵਿਚ ਰਲ ਕੇ ਸਿੰਧ (ਇੰਡਸ) ਬਣਦੇ ਸਨ। ਜਿਸ ਖੇਤਰ ਵਿਚ ਰਿਗਵੇਦਿਕ ਸਲੋਕਾਂ ਦੀ ਰਚਨਾ ਹੋਈ, ਉਹ ਪੰਜਾਬ ਅਤੇ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ ਤਕ ਸੀਮਤ ਹੈ। ਇੱਥੇ ਬਾਹਰੋਂ ਆਏ ਕਬੀਲੇ ਵਸਦੇ ਸਨ। ਇਸ ਕਰਕੇ ਰਿਗਵੇਦ ਵਿਚ ਕਿਸੇ ਖੇਤਰ ਦਾ ਵੀ ਸੰਕਲਪ ਨਹੀਂ, ‘ਇਕ ਦੇਸ਼’ ਦਾ ਸੰਕਲਪ ਹੋਣਾ ਬੜੀ ਦੂਰ ਦੀ ਗੱਲ ਹੈ।
ਸੋਲਾ ਮਹਾ-ਜਨਪਦ ਅਤੇ ਆਰੀਆਵਰਤ
ਜਿਵੇਂ-ਜਿਵੇਂ ਸੱਭਿਆਚਾਰ ਵਿਕਸਤ ਹੁੰਦਾ ਗਿਆ, ਰਾਜਨੀਤਕ ਹੋਂਦਾਂ ਉੱਭਰੀਆਂ। ਸਾਡੇ ਦੇਸ਼ ਦਾ ਪਹਿਲਾ ਨਾਂ ਪ੍ਰਾਕਿਰਤ ਭਾਸ਼ਾ ਵਿਚ ਸੋਲਾ ਮਹਾ-ਜਨਪਦ (16 ਮਹਾਨ ਰਾਜ) ਸੀ। ਇਹ 500 ਈਸਾ ਪੂਰਵ ਦੇ ਪੁਰਾਣੇ ਖਰੜਿਆਂ ਵਿਚ ਮਿਲਦਾ ਹੈ। ਯਾਦ ਰੱਖਣ ਵਾਲੀ ਗੱਲ ਹੈ ਕਿ ‘ਸੋਲਾ’ ਪ੍ਰਾਕਿਰਤ ਭਾਸ਼ਾ ਦਾ ਸ਼ਬਦ ਹੈ ਅਤੇ ਹਿੰਦੀ ਤੇ ਉਰਦੂ ਸਮੇਤ ਸਾਡੀਆਂ ਬਹੁਤੀਆਂ ਭਾਸ਼ਾਵਾਂ ਦੀਆਂ ਜੜ੍ਹਾਂ ਪ੍ਰਾਕਿਰਤ ਤਕ ਜਾਂਦੀਆਂ ਹਨ। ਇਨ੍ਹਾਂ ਮਹਾ-ਜਨਪਦਾਂ ਦਾ ਖੇਤਰ ਕੰਬੋਜਾ ਜਾਂ ਕਾਬੁਲ ਤੋਂ ਲੈ ਕੇ ਪੂਰਬੀ ਬਿਹਾਰ ਵਿਚਲੇ ਅੰਗਾਂ ਤਕ ਸੀ। ਇਸ ਤਰ੍ਹਾਂ ਇਹ ਸਿਰਫ਼ ਉੱਤਰੀ ਭਾਰਤ ਤਕ ਹੀ ਸੀਮਤ ਸਨ ਅਤੇ ਉਦੋਂ ਤਕ ਵੀ ਅਜੇ ਭਾਰਤ ਦਾ ਕੋਈ ਇਸ ਤਰ੍ਹਾਂ ਦਾ ਸੰਕਲਪ ਨਹੀਂ ਸੀ ਜਿਵੇਂ ਕਿ ਅੱਜ ਅਸੀਂ ਇਸ ਨੂੰ ਸਮਝਦੇ ਹਾਂ। ਕੁਝ ‘ਧਰਮ ਸੂਤਰਾਂ’ ਵਿਚ ‘ਆਰੀਆਵਰਤ’ (ਉੱਤਮ ਲੋਕਾਂ ਦੀ ਧਰਤੀ) ਦੀ ਵਰਤੋਂ ਹੋਣੀ ਸ਼ੁਰੂ ਹੋਈ ਅਤੇ ਮਨੂ-ਸਮ੍ਰਿਤੀ ਵਿਚ ਆਰੀਆਵਰਤ ਨੂੰ ਹਿਮਾਲਿਆ ਤੋਂ ਲੈ ਕੇ ਵਿੰਧਿਆਂਚਲ ਤਕ ਦੀ ਧਰਤੀ ਵਜੋਂ ਪਰਿਭਾਸ਼ਤ ਕੀਤਾ ਗਿਆ। ਇਹ ਵੀ ਭਾਰਤ ਦੇ ਇਕ ਵੱਡੇ ਹਿੱਸੇ ਦਾ ਹੀ ਜ਼ਿਕਰ ਬਣਦਾ ਹੈ, ਨਾ ਕਿ ਸਮੁੱਚੇ ਦੇਸ਼ ਦਾ।
ਮੌਰੀਆ ਸਾਮਰਾਜ ਵੇਲੇ ਦੇਸ਼ ਦੀ ਧਾਰਨਾ
ਸਮੁੱਚੇ ਭਾਰਤ ਦੀ ਇਕ ਦੇਸ਼ ਵਜੋਂ ਧਾਰਨਾ ਪਹਿਲੀ ਵਾਰ ਮੌਰਿਆ ਸਾਮਰਾਜ ਵੇਲੇ ਵੇਖਣ ਨੂੰ ਮਿਲਦੀ ਹੈ। ਜਿਨ੍ਹਾਂ ਲੋਕਾਂ ਨੇ ਭਾਰਤੀ ਇਤਿਹਾਸ ਦਾ ਅਧਿਐਨ ਕੀਤਾ ਹੈ, ਉਹ ਜਾਣਦੇ ਹੋਣਗੇ ਕਿ ਮੌਰੀਆ ਰਾਜਾ ਅਸ਼ੋਕ ਦੇ ਸ਼ਿਲਾਲੇਖ ਕੰਧਾਰ ਅਤੇ ਕਾਬੁਲ ਤੋਂ ਲੈ ਕੇ ਕਰਨਾਟਕ ਅਤੇ ਆਂਧਰਾ ਤਕ ਸਨ। ਇਹ ਸ਼ਿਲਾਲੇਖ ਪ੍ਰਾਕਿਰਤ, ਗਰੀਕ ਅਤੇ ਅਰਾਮਾਇਕ ਭਾਸ਼ਾ ਵਿਚ ਸਨ। ਸੋ, ਇਸ ਕਿਸਮ ਦੀ ਸਿਆਸੀ ਇਕਜੁਟਤਾ ਰਾਹੀਂ ਭਾਰਤ ਦਾ ਸੰਕਲਪ ਉੱਭਰਿਆ ਸੀ ਅਤੇ ਇਸ ਦਾ ਪਹਿਲਾ ਨਾਂ ਜੰਬੂ ਦੀਪ ਸੀ। ਇਹ ਉਹ ਨਾਂ ਹੈ ਜੋ ਅਸ਼ੋਕ ਵੱਲੋਂ ਆਪਣੇ ਪੱਥਰ ’ਤੇ ਲਿਖੇ ਫ਼ਰਮਾਨ ਵਿਚ ਵਰਤਿਆ ਗਿਆ ਸੀ। ਇਸ ਦਾ ਮਤਲਬ ਹੈ ‘ਜਾਮਣ ਦੀ ਧਰਤੀ’ (ਜਾਮਣ ਫ਼ਲ)।
ਸ਼ਬਦ ਭਾਰਤ
ਸ਼ਬਦ ‘ਭਾਰਤ’ ਉੜੀਸਾ ਵਿਚ ਇਕ ਪ੍ਰਾਕਿਰਤ ਸ਼ਿਲਾਲੇਖ ’ਚ ਵਰਤਿਆ ਮਿਲਦਾ ਹੈ। ਇਹ ਸ਼ਿਲਾਲੇਖ ਕਾਲਿੰਗਾ ਦੇ ਰਾਜਾ ਖਾਰਾਵੇਲਾ ਦੇ ਹਾਥੀਗੁੰਪਾ ਦੇ ਸਥਾਨ ’ਤੇ ਪਹਿਲੀ ਸਦੀ ਈਸਾ ਪੂਰਵ ਦੇ ਹਨ।
ਇਸ ਤਰ੍ਹਾਂ ਭਾਰਤ ਸ਼ਬਦ ਦੀ ਇਹ ਪਹਿਲੀ ਵਰਤੋਂ ਹੈ ਜਿਸ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਖਾਰਾਵੇਲਾ ਵੱਲੋਂ ਇਸ ਨੂੰ ਸਮੁੱਚੇ ਭਾਰਤ ਲਈ ਵਰਤਿਆ ਗਿਆ ਸੀ। ਸੋ, ਹੌਲੀ-ਹੌਲੀ ਇਕ ਦੇਸ਼ ਵਜੋਂ ਭਾਰਤ ਦਾ ਸੰਕਲਪ ਉੱਭਰਨਾ ਸ਼ੁਰੂ ਹੋਇਆ ਅਤੇ ਇਸ ਦੇ ਬੋਧੀ, ਬ੍ਰਾਹਮਣ ਅਤੇ ਜੈਨੀ ਵਰਗੇ ਧਰਮਾਂ ਵਿਚ ਇਕ ਤਰ੍ਹਾਂ ਦੀ ਸੱਭਿਆਚਾਰਕ ਇਕਜੁਟਤਾ ਵੀ ਵੇਖਣ ਨੂੰ ਮਿਲਣ ਲੱਗੀ। ਇਹ ਧਰਮ ਦੇਸ਼ ਦੇ ਸਾਰੇ ਹਿੱਸਿਆਂ ’ਚ ਫੈਲੇ ਹੋਏ ਸਨ। ਪ੍ਰਾਕਿਰਤ ਵੀ ਸਾਰੇ ਦੇਸ਼ ਵਿਚ ਵਰਤੀ ਜਾਂਦੀ ਸੀ। ਇਕ ਤਰ੍ਹਾਂ ਨਾਲ ਇਹ ਦੇਸ਼ ਦੀ ਸੰਪਰਕ ਭਾਸ਼ਾ ਸੀ। ਸੋ, ਇਹ ਅਜਿਹੀਆਂ ਚੀਜ਼ਾਂ ਸਨ ਜੋ ਸਾਨੂੰ ਆਪਸ ਵਿਚ ਜੋੜਦੀਆਂ ਸਨ। ਵਿਦੇਸ਼ੀ ਵੇਖ ਸਕਦੇ ਸਨ ਕਿ ਸੱਭਿਆਚਾਰਕ ਤੌਰ ’ਤੇ ਦੇਸ਼ ਵਿਚ ਕਈ ਦੂਰੀਆਂ ਹਨ ਅਤੇ ਇਹ ਵੀ ਗੱਲ ਹੈ ਕਿ ਇਸ ਨੂੰ ਇਕ ਦੇਸ਼ ਵਜੋਂ ਵਿਦੇਸ਼ੀ ਲੋਕ ਸਗੋਂ ਇੱਥੋਂ ਦੇ ਨਿਵਾਸੀਆਂ ਨਾਲੋਂ ਵਧੇਰੇ ਮਹਿਸੂਸ ਕਰਦੇ ਸਨ (ਅਤੇ ਇਹ ਇਕ ਦਿਲਚਸਪ ਗੱਲ ਹੈ) ਕਿਉਂਕਿ ਉਨ੍ਹਾਂ ਨੂੰ ਇੱਥੋਂ ਦੇ ਕਿਸੇ ਵਾਸੀ ਜਾਂ ਕਿਤੇ ਹੋਰ ਦੇ ਵਾਸੀ ਜਿਵੇਂ ਕਿ ਕਿਸੇ ਭਾਰਤੀ ਜਾਂ ਕਿਸੇ ਫ਼ਾਰਸੀ ਵਿਚਕਾਰ ਫ਼ਰਕ ਸਪਸ਼ਟ ਨਜ਼ਰ ਆਉਂਦੇ ਸਨ। ਕੋਈ ਵਿਦੇਸ਼ੀ ਭਾਵੇਂ ਪੰਜਾਬ ’ਚ ਚਲਾ ਜਾਵੇ ਜਾਂ ਦੱਖਣ ਵਿਚ, ਉਹ ਵੇਖਦਾ ਸੀ ਕਿ ਪ੍ਰਾਕਿਰਤ ਸਥਾਨਕ ਭਾਸ਼ਾ ਹੁੰਦੀ ਸੀ ਅਤੇ ਸੰਸਕ੍ਰਿਤ ਪੁਜਾਰੀ ਸ਼੍ਰੇਣੀ ਦੀ ਭਾਸ਼ਾ ਹੁੰਦੀ ਸੀ।
ਸ਼ਬਦ ਹਿੰਦੂ, ਹਿੰਦੋਸਤਾਨ, ਇੰਡੀਆ, ਇੰਤੂ
ਇਹ ਇਰਾਨੀ ਸਨ ਜਿਨ੍ਹਾਂ ਨੇ ਪਹਿਲੀ ਵਾਰ ‘ਹਿੰਦੂ’ ਨਾਂ ਦਿੱਤਾ। ਇਹ ਸਿੰਧੂ ਦਰਿਆ ਦਾ ਫ਼ਾਰਸੀ ਉਚਾਰਨ ਸੀ। ਇਸ ਤਰ੍ਹਾਂ ਸਿੰਧੂ ਦਰਿਆ ਦੇ ਪੂਰਬ ਵੱਲ ਪੈਣ ਵਾਲੇ ਸਾਰੇ ਖੇਤਰਾਂ ਨੂੰ ਪੁਰਾਤਨ ਫ਼ਾਰਸੀ ਵਿਚ ‘ਹਿੰਦੂ’ ਕਿਹਾ ਜਾਂਦਾ ਸੀ। ਇੱਥੋਂ ਹੀ ਨਾਂ ‘ਇੰਡੀਆ’ ਹੋਂਦ ਵਿਚ ਆਇਆ। ਲਾਤੀਨੀ ਲੋਕਾਂ ਲਈ ‘ਹਿੰਦੂ’, ‘ਇੰਦੂ’ ਬਣ ਜਾਂਦਾ ਸੀ, ਕਿਉਂਕਿ ਉਹ ਸ਼ੁਰੂਆਤੀ ‘ਹ’ ਨਹੀਂ ਉਚਾਰ ਸਕਦੇ ਸਨ। ਭਾਰਤ ਦਾ ਚੀਨੀ ਨਾਂ ‘ਇੰਤੂ’ ਵੀ ਇਸੇ ਸਰੋਤ ਤੋਂ ਹੀ ਉਪਜਿਆ ਹੈ। ਇਸੇ ਤਰ੍ਹਾਂ ਬਾਅਦ ਵਿਚ ਫ਼ਾਰਸੀ ਨਾਂ ‘ਹਿੰਦੋਸਤਾਨ’ ਹੋਂਦ ’ਚ ਆਇਆ। ਯਾਦ ਰੱਖਣਾ ਚਾਹੀਦਾ ਹੈ ਕਿ ਸੰਸਕ੍ਰਿਤ ਵਿਚ ‘ਹਿੰਦੁਸਥਾਨ’ ਵਰਗਾ ਕੋਈ ਸ਼ਬਦ ਨਹੀਂ ਹੈ। ਸੰਸਕ੍ਰਿਤ ਵਿਚ ਸਥਾਨ ਦਾ ਭਾਵ ਇਕ ਖ਼ਾਸ ਥਾਂ ਹੁੰਦਾ ਹੈ। ਪਰ ਫ਼ਾਰਸੀ ਭਾਸ਼ਾ ਵਿਚ ‘ਸਤਾਨ’ ਇਕ ਖੇਤਰੀ ਪਛੇਤਰ ਹੈ, ਜਿਵੇਂ ਕਿ ਸਿਸਤਾਨ, ਗੁਰਜਿਸਤਾਨ ਅਤੇ ਇਸੇ ਤਰ੍ਹਾਂ ਹਿੰਦੋਸਤਾਨ। ਇਹ ਨਾਂ ਚੌਥੀ ਸਦੀ ਈਸਵੀ ਵਿਚ ਸਾਸਾਨਿਦ ਸ਼ਿਲਾਲੇਖਾਂ ਵਿਚ ਵੀ ਵਰਤਿਆ ਗਿਆ।
ਸੰਸਕ੍ਰਿਤ ਵਿਚ ਹਿੰਦੂ ਸ਼ਬਦ
ਹਿੰਦੂ ਨਾਂ ਵੀ ਇਰਾਨੀ ਮੂਲ ਦਾ ਹੈ ਅਤੇ ਇਹ 14ਵੀਂ ਸਦੀ ਤੋਂ ਪਹਿਲਾਂ ਸੰਸਕ੍ਰਿਤ ਵਿਚ ਨਹੀਂ ਸੀ ਮਿਲਦਾ। ਸੰਸਕ੍ਰਿਤ ਸ਼ਿਲਾਲੇਖਾਂ ਵਿਚ ਇਸ ਦੀ ਪਹਿਲੀ ਵਰਤੋਂ ਵਿਜੈਨਗਰ ਸਾਮਰਾਜ ਵਿਚ ਕੀਤੀ ਗਈ ਜਿੱਥੇ ਵਿਜੈਨਗਰ ਦੇ ਰਾਜਿਆਂ ਨੇ ਖ਼ੁਦ ਨੂੰ ‘ਹਿੰਦੂ ਰਿਆਇਆ ਸੁਰਤਰਾਨਾ’ ਭਾਵ ਹਿੰਦੂ ਰਿਆਇਆ ਦੇ ਸੁਲਤਾਨ ਕਰਾਰ ਦਿੱਤਾ। ਉਹ ਖ਼ੁਦ ਨੂੰ ਸੁਲਤਾਨ ਅਤੇ ਬਾਕੀਆਂ ਨੂੰ ਹਿੰਦੂ ਰਿਆਇਆ ਮੰਨਦੇ ਸਨ। ਸੋ, ਸਾਡਾ ਦੇਸ਼ ਜਿਵੇਂ ਕਿ ਇਸ ਦਾ ਨਾਂ ਸੰਕੇਤ ਕਰਦਾ ਹੈ, ਸੰਯੁਕਤ ਪ੍ਰਾਕਿਰਤੀ ਵਾਲਾ ਹੈ। ਇਸ ਦਾ ਨਾਂ ਪੁਰਾਤਨ ਇਰਾਨੀ ’ਚੋਂ ਆਇਆ ਹੈ, ਫਿਰ ਇਰਾਨੀਆਂ ਅਤੇ ਅਰਬ ਮੁਸਲਮਾਨਾਂ ਵੱਲੋਂ ਵਰਤਿਆ ਗਿਆ ਹੈ ਅਤੇ ਸੰਸਕ੍ਰਿਤ ਵਰਤੋਂ ਵਿਚ ਇਸ ਦਾ ਦਾਖ਼ਲਾ 14ਵੀਂ ਸਦੀ ਵਿਚ ਹੀ ਹੋਇਆ ਹੈ।
"ਪੰਜਾਬੀ ਟ੍ਰਿਬਿਊਨ" 'ਚੋਂ ਧੰਨਵਾਦ ਸਹਿਤ ।