Kewal-Dhaliwal

ਤੇਰਾ ਸਿੰਘ ਚੰਨ ਦੀ ਜਨਮ ਸ਼ਤਾਬਦੀ ’ਤੇ ਵਿਸ਼ੇਸ਼ ਲੇਖ (ਜਨਮ: 6 ਜਨਵਰੀ 1921)

 ‘ਲੱਕੜ ਦੀ ਲੱਤ’ ਵਾਲਾ, ਅਮਨ ਦੂਤ - ਤੇਰਾ ਸਿੰਘ ਚੰਨ   - ਕੇਵਲ ਧਾਲੀਵਾਲ

ਮੈਂ ਉਦੋਂ ਹਾਲੇ ਪੰਜਵੀਂ ਜਮਾਤ ਵਿਚ ਸੀ, ਜਦੋਂ ਪਹਿਲੀ ਵਾਰ ਮੇਰਾ ਕਿਸੇ ਨਾਟਕੀ ਗੀਤ ਨਾਲ ਵਾਹ ਪਿਆ। ਸਕੂਲ ਦੀ ਸਟੇਜ ਉੱਤੇ ਇਕ ਲੜਕੀ ਭਾਰਤ ਮਾਂ ਬਣ ਕੇ ਖੜ੍ਹੀ ਸੀ ਤੇ ਅਸੀਂ ਉਸ ਭਾਰਤ ਮਾਂ ਦੇ ਦੋਵੇਂ ਪਾਸੇ ਵੀ-ਆਕਾਰ ਵਿਚ ਪੰਜ-ਪੰਜ ਬੱਚੇ ਖੜ੍ਹੇ, ਹੱਥ ਹਿਲਾ-ਹਿਲਾ ਕੇ ਤੇ ਪੈਰਾਂ ਨਾਲ ਤਾਲ ਦੇਂਦੇ ਹੋਏ ਗਾ ਰਹੇ ਸੀ, ‘‘ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਨਵਾਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ।’’ ਇਹ ਗੀਤ, ਇਸ ਦੀ ਕੰਪੋਜੀਸ਼ਨ ਤੇ ਇਸ ਦੀ ਪੇਸ਼ਕਾਰੀ ਮੇਰੇ ਚੇਤਿਆਂ ਵਿਚ ਅੱਜ ਵੀ ਉਸੇ ਤਰ੍ਹਾਂ, ਖ਼ੂਬਸੂਰਤ ਯਾਦਾਂ ਦਾ ਹਿੱਸਾ ਹੈ। ਮੈਂ ਹੁਣ ਵੀ ਜਦੋਂ ਬਚਪਨ ਵਾਲੇ ਸਕੂਲ ਜੀ.ਐੱਸ. ਮਾਡਰਨ ਸਕੂਲ ਦੇ ਅੱਗੋਂ ਦੀ ਲੰਘਦਾ ਹਾਂ ਤਾਂ ਮੇਰੇ ਕੰਨਾਂ ਵਿਚ ਇਸੇ ਗੀਤ ਦੇ ਬੋਲ ਗੂੰਜਦੇ ਨੇ। ਮੇਰਾ ਬਹੁਤ ਵਾਰੀ ਦਿਲ ਕਰਦਾ ਹੈ ਕਿ ਮੈਂ ਗੱਡੀ ’ਚੋਂ ਉਤਰ ਕੇ ਸਕੂਲ ਦੇ ਉਸ ਵੱਡੇ ਕਮਰੇ ਵਿਚ ਜਾਵਾਂ ਜਿੱਥੇ ਖੜ੍ਹਕੇ ਮੈਂ ਪੰਜਵੀਂ ਜਮਾਤ ’ਚ ਇਹ ਗੀਤ ਬੋਲਿਆ ਸੀ। ਮੈਨੂੰ ਕਈ ਸਾਲਾਂ ਬਾਅਦ ਪਤਾ ਲੱਗਾ ਕਿ ਇਸ ਗੀਤ ਦੇ ਰਚੇਤਾ ਹੋਰ ਕੋਈ ਨਹੀਂ, ਸਾਡੀ ਪੰਜਾਬੀ ਜ਼ੁਬਾਨ ਦੇ ਮਹਾਨ ਤੇ ਤਪੱਸਵੀ ਲੇਖਕ ਤੇਰਾ ਸਿੰਘ ਚੰਨ ਨੇ। ਜਦੋਂ ਤਲਵਾੜਾ ਵਿਖੇ ਇਪਟਾ ਦੀ ਕਾਨਫਰੰਸ ਸਮੇਂ ਮੈਂ ਉਨ੍ਹਾਂ ਨੂੰ  ਮਿਲਿਆ ਤਾਂ ਉੱਥੇ ਕੈਫੀ ਆਜ਼ਮੀ ਵੀ ਆਏ ਸਨ। ਮੈਂ ਉਦੋਂ ਉੱਥੇ ‘ਹਾੜੀਆਂ ਸੌਣੀਆਂ’ ਓਪੇਰਾ ਖੇਡਿਆ ਸੀ। ਚੰਨ ਹੋਰਾਂ ਨੇ ਮੈਨੂੰ ਸਟੇਜ ਉੱਤੇ ਆ ਕੇ ਸ਼ਾਬਾਸ਼ ਦਿੱਤੀ। ਮੈਂ ਉਨ੍ਹਾਂ ਨੂੰ ‘‘ਹੇ ਪਿਆਰੀ ਭਾਰਤ ਮਾਂ’’ ਵਾਲੀ ਬਚਪਨ ਦੀ ਯਾਦ ਸੁਣਾਈ ਤਾਂ ਉਨ੍ਹਾਂ ਮੈਨੂੰ ਗਲ ਨਾਲ ਲਾ ਲਿਆ। ਮੈਂ ਉਨ੍ਹਾਂ ਦੇ ਗਲੇ ਲਗਾ-ਲਗਾ ਹੀ ਗਾਉਣ ਲੱਗ ਪਿਆ ‘ਹੇ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ।’ ਮੈਂ ਉਨ੍ਹਾਂ ਦੇ ਗਲੇ ਲੱਗ ਕੇ ਸਾਰਾ ਹੀ ਗੀਤ ਸੁਣਾ ਦਿੱਤਾ ਤੇ ਗੀਤ ਖ਼ਤਮ ਹੋਣ ਤੱਕ ਦੋਵੇਂ ਪਾਸੇ ਹੰਝੂਆਂ ਦਾ ਦਰਿਆ ਸੀ। ਉਹ ਗੀਤ, ਇਹ ਹੰਝੂ ਤੇ ਚੰਨ ਹੋਰਾਂ ਦੀ ਨਿੱਘੀ ਗਲਵਕੜੀ ਦਾ ਪਿਆਰ ਤੇ ਸਤਿਕਾਰ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਸੀ। ਮੈਂ ਮਾਣ ਮਹਿਸੂਸ ਕਰ ਰਿਹਾ ਸੀ ਕਿ ਮੈਂ ਉਸ ਤੇਰਾ ਸਿੰਘ ਚੰਨ ਦੇ ਕੋਲ ਖੜ੍ਹਾ ਸੀ, ਗਲੇ ਲੱਗਿਆ, ਜਿਸ ਨੇ ‘ਲੱਕੜ ਦੀ ਲੱਤ’ ਓਪੇਰਾ ਲਿਖਿਆ ਜਿਸ ਨੇ ਕਵਿਤਾ, ਗੀਤ ਤੇ ਨਾਟਕੀ ਬਣਤਰ ਦੀ ਗਲਵਕੜੀ ਨੂੰ ਇਕਮਿਕ ਕਰ ਦਿੱਤਾ, ਜਿਸ ਨੇ ਪੰਜਾਬੀ ਗੀਤ ਨਾਟ ਨੂੰ ਨਵੇਂ ਰੰਗ ਦਿੱਤੇ।
      ਇਕ ਵਿਲੱਖਣ ਅੰਦਾਜ਼ ਨਾਲ ਸਮਾਜਿਕ ਤੌਰ ’ਤੇ ਪ੍ਰਤੀਬੱਧ ਕਲਮਕਾਰਾਂ ਤੇ ਕਲਾਕਾਰਾਂ ਦਾ ਕਾਫ਼ਲਾ ਬਣਿਆ ਜਿਸ ਨੇ ਰੰਗਮੰਚ ਰਾਹੀਂ ਸਮਾਜਿਕ ਬਦਲਾਅ ਦੀ ਗੱਲ ਨਗਾਰੇ ਦੀ ਚੋਟ ’ਤੇ ਕੀਤੀ। ਇੰਡੀਅਨ ਪੀਪਲਜ਼ ਥੀਏਟਰ ਆਰਟਿਸਟਜ਼ ਐਸੋਸੀਏਸ਼ਨ (ਇਪਟਾ) ਨਾਮ ਦੀ ਇਕ ਜਥੇਬੰਦੀ 25 ਮਈ 1943 ਨੂੰ ਕੌਮੀ ਪੱਧਰ ’ਤੇ ਮੁੰਬਈ (ਉਦੋਂ ਬੰਬਈ) ਵਿਚ ਬਣੀ ਜੋ  ਲੋਕ ਹਿੱਤਾਂ ਨੂੰ ਪ੍ਰਣਾਈ ਹੋਈ ਸੀ ਅਤੇ ਆਪਣੇ ਨਾਟਕਾਂ, ਰਚਨਾਵਾਂ ਤੇ ਗੀਤਾਂ ਰਾਹੀਂ ਅਨਿਆਂ ਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ  ਲਈ ਸਰਗਰਮ ਸੀ। ਇਪਟਾ ਦਾ ਚਿੰਨ੍ਹ ਪ੍ਰਸਿੱਧ ਪੇਂਟਰ ਚਿਟਾ ਦਾਸ ਨੇ ਬਣਾਇਆ ਸੀ ਜੋ ਇਕ ਨਗਾਰਾਵਾਦਕ ਦੇ ਰੂਪ ਵਿਚ ਹੈ। ਆਜ਼ਾਦੀ ਸੰਗਰਾਮ ਦੇ ਨਾਲ-ਨਾਲ ਸਭਿਆਚਾਰਕ ਲਹਿਰ ਦੇ ਰੂਪ ਵਿਚ ‘ਇਪਟਾ’ ਨੇ ਆਜ਼ਾਦੀ ਲਹਿਰ ਨਾਲ ਆਪਣੇ ਆਪ ਨੂੰ ਜੋੜਿਆ।
       ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਤੇਰਾ ਸਿੰਘ ਚੰਨ ਉਹ ਹਸਤੀ ਹੈ ਜੋ ਸਿਰਫ਼ ਇਕ ਓਪੇਰਾ ਲੇਖਕ ਜਾਂ ਨਾਟਕਕਾਰ, ਅਦਾਕਾਰ ਹੀ ਨਹੀਂ ਸੀ ਸਗੋਂ ਉਹ ਤੁਰਦੀ ਫਿਰਦੀ ਸੰਸਥਾ ਦੇ ਰੂਪ ਵਿਚ ਵਿਚਰਿਆ। ਉਸ ਨੇ ਸਿਰਫ਼ ਰੰਗਮੰਚ ਹੀ ਨਹੀਂ ਕੀਤਾ ਸਗੋਂ ਆਜ਼ਾਦੀ ਲਹਿਰ ਵਿਚ ਵੀ ਹਿੱਸਾ ਲਿਆ ਤੇ ਨਾ ਮਿਲਵਰਤਣ ਅੰਦੋਲਨ ਤਹਿਤ ਜੇਲ੍ਹ ਵੀ ਕੱਟੀ। ਉਹ ਪਹਿਲੀ ਵਾਰ 1948 ਵਿਚ ਕਮਿਊਨਿਸਟ ਪਾਰਟੀ ਉੱਤੇ ਪਾਬੰਦੀ ਸਮੇਂ ਗ੍ਰਿਫ਼ਤਾਰ ਹੋਇਆ। ਯੋਲ ਕੈਂਪ ਵਿਚ ਰਿਹਾ। ਲੰਮੀ ਭੁੱਖ ਹੜਤਾਲ ਕੀਤੀ ਤੇ ਕਈ ਬਿਮਾਰੀਆਂ ਸਹੇੜੀਆਂ। ਫਿਰ ਉਸ ਨੂੰ ਪੰਜਾਬੀ ਸੂਬੇ ਦੇ ਐਕਸ਼ਨ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਉਹ ਪੰਜਾਬ ਇਪਟਾ ਲਹਿਰ ਦੀ ਸ਼ਾਨ ਵੀ ਸੀ ਤੇ ਸਰਗਰਮ ਧੁਰਾ ਵੀ। ਉਸ ਨੇ 1962 ਦੀ ਹਿੰਦ-ਚੀਨ ਲੜਾਈ ਵੇਲੇ ਵੀ ਜੇਲ੍ਹ ਕੱਟੀ ਤੇ ਉਸ ਦੇ ਖੱਬੇ ਪੱਖੀ ਵਿਚਾਰਾਂ ਕਰਕੇ ਉਸ ਉਪਰ ਦੇਸ਼ ਧਰੋਹ ਦਾ ਦੋਸ਼ ਲਗਾਇਆ ਗਿਆ ਸੀ। ਪਰ ਉਸ ਵੇਲੇ ਦੀ ਸਿਤਮਜ਼ਰੀਫ਼ੀ ਦੀ ਹੱਦ ਇਹ ਸੀ ਕਿ ਇਕ ਪਾਸੇ ਤਾਂ ਚੰਨ ਹੋਰਾਂ ਉਪਰ ਦੇਸ਼ ਧਰੋਹ ਦਾ ਦੋਸ਼ ਲਗਾਇਆ ਗਿਆ ਸੀ, ਦੂਜੇ ਪਾਸੇ ਰੇਡੀਓ ਤੋਂ ਦੇਸ਼ ਭਗਤੀ ਦੇ ਗੀਤਾਂ ਵਿਚ ਚੰਨ ਦਾ ਲਿਖਿਆ ਗੀਤ ‘‘ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਨਿਵਾਉਂਦੇ ਹਾਂ’’ ਲੋਕਾਂ ਵਿਚ ਦੇਸ਼ ਭਗਤੀ ਜਗਾਉਣ ਲਈ ਸੁਣਾਇਆ ਜਾ ਰਿਹਾ ਸੀ।
        ਜਦੋਂ ਪੰਜਾਬ ਅਤਿਵਾਦ ਤੇ ਵੱਖਵਾਦ ਦਾ ਸੰਤਾਪ ਭੋਗ ਰਿਹਾ ਸੀ ਤਾਂ ਤੇਰਾ ਸਿੰਘ ਚੰਨ ਨੇ ‘ਸਾਂਝਾ ਵਿਹੜਾ’ ਓਪੇਰਾ ਲਿਖਿਆ। ਉਨ੍ਹਾਂ ਨੇ ਜਿੰਨੇ ਵੀ ਓਪੇਰੇ ਜਾਂ ਗੀਤ ਲਿਖੇ ਨੇ, ਉਹ ਮਨੁੱਖਤਾ ਦੀ ਨਰੋਈ ਹੋਣੀ ਦੀ ਸਿਰਜਣਾ ਦੀ ਲੋੜ ਤੋਂ ਹੀ ਪ੍ਰੇਰਿਤ ਹੋ ਕੇ ਲਿਖੇ। ਜਦੋਂ ਚੰਨ ਹੋਰਾਂ ਉਪੇਰੇ ਲਿਖੇ, ਉਨ੍ਹਾਂ ਨੂੰ ਮੰਚਤ ਕਰਨ ਲਈ ਉਸ ਸਮੇਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਸਨ, ਮੁੱਖ ਤੌਰ ’ਤੇ ਇਸਤਰੀ ਪਾਤਰਾਂ ਦੀ ਸਮੱਸਿਆ। ਪਰ ਚੰਨ ਨੇ ਆਪਣੇ ਸਾਰੇ ਹੀ ਓਪੇਰਿਆਂ ਵਿਚ ਇਸਤਰੀ ਪਾਤਰਾਂ ਦੇ ਕਿਰਦਾਰ ਇਸਤਰੀਆਂ ਤੋਂ ਹੀ ਨਿਭਵਾਏ ਸਨ- ਮੁੰਡਿਆਂ ਨੂੰ ਕੁੜੀਆਂ ਬਣਾ ਬਣਾ ਕੇ ਨਹੀਂ। ਪੰਜਾਬੀ ਲੋਕ ਗੀਤਾਂ ਦੀ ਉੱਘੀ ਗਾਇਕਾ ਸੁਰਿੰਦਰ ਕੌਰ ਨੇ ਪਹਿਲੀ ਵਾਰ ਮੰਚ ਉੱਤੇ ਉਸ ਦੇ ਗੀਤ ਨਾਟ ‘ਲੱਕੜ ਦੀ ਲੱਤ’ ਵਿਚ ਫੌਜਣ ਦਾ ਰੋਲ ਅਦਾ ਕੀਤਾ। ਚੰਨ ਹੋਰਾਂ ਦੇ ਉਪੇਰਿਆਂ ਲਈ ਉਸ ਨਾਲ ਕੰਮ ਕਰਦੇ ਰੰਗਕਰਮੀਆਂ ਦੀਆਂ ਧੀਆਂ, ਭੈਣਾਂ ਤੇ ਪਤਨੀਆਂ ਅੱਗੇ ਆਈਆਂ। ਜਿਵੇਂ ਪ੍ਰੋ. ਨਰੰਜਨ ਸਿੰਘ ਦੀ ਪਤਨੀ ਪ੍ਰੀਤ, ਜਗਦੀਸ਼ ਫਰਿਆਦੀ ਦੀ ਪਤਨੀ ਆਸ਼ਾ, ਨਵਤੇਜ ਦੀ ਪਤਨੀ ਮਹਿੰਦਰ, ਅਮਰਜੀਤ ਗੁਰਦਾਸਪੁਰੀ ਦੀ ਪਤਨੀ ਦੀਪੀ, ਉਸ ਦੀਆਂ ਦੋਵੇਂ ਧੀਆਂ ਸੁਲੇਖਾ ਤੇ ਨਤਾਸ਼ਾ। ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਕਹਾਣੀਕਾਰ ਪ੍ਰੀਤਮ ਬੇਲੀ ਦੀ ਭੈਣ ਰਾਜਿੰਦਰ ਕੌਰ, ਸਤਵੰਤ  ਸਿੰਘ ਰਾਹੀ ਦੀਆਂ ਦੋਵੇਂ ਧੀਆਂ ਬੀਰੀ ਤੇ ਤੋਸ਼ੀ, ਸ਼ਹੀਦ ਟਹਿਲ ਸਿੰਘ ਛੱਜਲਵੱਡੀ ਦੀਆਂ ਧੀਆਂ, ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਧੀ ਉਮਾ, ਕਾਮਰੇਡ ਵਿਸ਼ਨੂੰ ਦੱਤ ਦੀ ਭੈਣ ਕਾਂਤਾ ਸ਼ਰਮਾ ਆਦਿ। ਤੇਰਾ ਸਿੰਘ ਚੰਨ ਨੇ ਪ੍ਰਗਤੀਵਾਦੀ ਸਾਹਿਤਕ ਲਹਿਰ ਉਸਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
              ਉਸ ਨੇ ਛੋਟੇ ਹੁੰਦਿਆਂ ਰਾਮ ਲੀਲਾ ਵਿਚ ਭਾਗ ਲਿਆ ਤੇ ਸੁਗਰੀਵ ਦਾ ਰੋਲ ਅਦਾ ਕੀਤਾ। ਓਪੇਰੇ ‘ਅਮਰ ਪੰਜਾਬ’ ਵਿਚ ਪਹਾੜਾ ਸਿੰਘ ਦਾ ਰੋਲ ਅਦਾ ਕੀਤਾ। ਜੋਗਿੰਦਰ ਬਾਹਰਲਾ ਦੇ ਓਪੇਰੇ ‘ਹਾੜੀਆਂ ਸੌਣੀਆਂ’ ਵਿਚ ਆਦਮ ਬੋ ਵੀ ਬਣਦਾ ਰਿਹਾ। ਉਸ ਨੇ ਸਰਦਾਰ ਅੰਜੁਮ ਦੀ ਟੈਲੀਫ਼ਿਲਮ ‘ਗੂੰਗੀ ਤਾਰੀਖ਼’ ਵਿਚ ਨੰਬਰਦਾਰ ਕਰਤਾਰ ਸਿੰਘ ਦਾ ਵੀ ਰੋਲ ਅਦਾ ਕੀਤਾ।
         ਉਨ੍ਹਾਂ ਦਾ ਜਨਮ 6 ਜਨਵਰੀ 1921 ਨੂੰ ਪਿੰਡ ਬਿਲਾਵਲ, ਜ਼ਿਲ੍ਹਾ ਕੈਂਬਲਪੁਰ (ਪਾਕਿਸਤਾਨ) ਵਿਚ ਹੋਇਆ ਜੋ ਸੁਹਾਂ ਨਦੀ ਦੇ ਕੰਢੇ ਵੱਸਿਆ ਹੋਇਆ ਸੀ। ਚੰਨ ਹੋਰਾਂ ਵਿਚ ਕਵਿਤਾ ਦੇ ਬੀਜ ਜਮਾਂਦਰੂ ਹੀ ਸਨ। ਉਹ ਪ੍ਰਾਇਮਰੀ ਵਿੱਦਿਆ ਪਿੰਡ ਵਿਚੋਂ ਪ੍ਰਾਪਤ ਕਰਕੇ ਆਪਣੇ ਦਾਦੇ ਕੋਲ ਚੂਹੜਕਾਣੇ ਪੜ੍ਹਨ ਲਈ ਆ ਗਏ ਜਿੱਥੇ ਜਥੇਦਾਰ ਤੇਜਾ ਸਿੰਘ ਚੂਹੜਕਾਣਾ ਤੋਂ ਪ੍ਰਭਾਵਿਤ ਹੋਏ ਅਤੇ ਦੇਸ਼ ਭਗਤੀ ਵੱਲ ਤੁਰ ਪਏ। ਅੰਮ੍ਰਿਤਸਰ ਆਪਣੀ ਭੂਆ ਕੋਲ ਆ ਕੇ ਦਸਵੀਂ ਅਤੇ ਗਿਆਨੀ ਕੀਤੀ। ਏਥੇ ਡਾ. ਕਿਚਲੂ ਦੇ ਲੈਕਚਰ ਸੁਣਨ ਨਾਲ ਦੇਸ਼ ਭਗਤੀ ਦੀ ਲਗਨ ਹੋਰ ਵਧੀ। ਉਹ ਸਕੂਲ ਸਮੇਂ ਤੋਂ ਹੀ ਕਵਿਤਾ ਲਿਖਣ ਲੱਗ ਪਏ ਸਨ। ਥੋੜ੍ਹਾ ਸਮਾਂ ਪਿੰਡ ਨੀਲਾ ਵਿਚ ਅਧਿਆਪਕ ਰਹੇ, ਫੇਰ ਕੋਇਟਾ ਬਲੋਚਿਸਤਾਨ ਵਿਚ ਕਲਰਕ ਵਜੋਂ ਨੌਕਰੀ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਸਾਰਾ ਪਰਿਵਾਰ ਰੈਣਿਕ ਬਾਜ਼ਾਰ ਜਲੰਧਰ ਵਿਖੇ ਕੌਮੀ ਕਿਤਾਬ ਘਰ ਕੋਲ ਇਕ ਮਕਾਨ ਲੈ ਕੇ ਰਹਿਣ ਲੱਗਾ ਤੇ ਸਖ਼ਤ ਮਿਹਨਤ ਕਰਕੇ ਜੀਵਨ ਨਿਰਬਾਹ ਕਰਨ ਲੱਗੇ। ਨਵੇਂ ਸਿਰੇ ਤੋਂ ਵੱਸਣਾ, ਬੱਚਿਆਂ ਨੂੰ ਪਾਲਣਾ ਕੋਈ ਸੌਖਾ ਕੰਮ ਨਹੀਂ, ਪਰ ਉਨ੍ਹਾਂ ਨੂੰ ਆਪਣੀ ਜੀਵਨ ਸਾਥਣ ਬਸੰਤ ਦਾ ਪੂਰਾ ਸਹਿਯੋਗ ਸੀ। ਉਹ ਸੁੱਘੜ ਸਿਆਣੀ ਔਰਤ ਸੀ। ਉਨ੍ਹਾਂ ਵੀ ਬਹੁਤ ਸੰਘਰਸ਼ ਕੀਤਾ ਤੇ ਨਾਲ ਨਾਲ ਸਾਹਿਤਕ ਸਰਗਰਮੀਆਂ ਚਾਲੂ ਰੱਖੀਆਂ। ‘ਨਵਾਂ ਜ਼ਮਾਨਾ’ ਅਖ਼ਬਾਰ ਵਿਚ ਕੰਮ ਕੀਤਾ।
ਪੰਜਾਬ ਵਿਚ ਇਪਟਾ ਲਹਿਰ ਦੇ ਮੋਢੀ
         ਤੇਰਾ ਸਿੰਘ ਚੰਨ ਅਮਨ ਲਹਿਰ ਪੰਜਾਬ ਦੇ ਮੋਢੀ ਵੀ ਸਨ ਤੇ ਇਪਟਾ ਪੰਜਾਬ ਦੇ ਜਨਰਲ ਸਕੱਤਰ ਵੀ। ਉਨ੍ਹਾਂ ਨੂੰ ਕਈ ਮਾਨ ਸਨਮਾਨ ਮਿਲੇ, ਪਰ ਉਨ੍ਹਾਂ ਨੂੰ ਹਮੇਸ਼ਾਂ ਉਨ੍ਹਾਂ ਦੇ ਓਪੇਰਿਆਂ ਕਰਕੇ ਹੀ ਜਾਣਿਆ ਜਾਂਦਾ ਰਹੇਗਾ, ਖ਼ਾਸ ਤੌਰ ’ਤੇ ‘ਲੱਕੜ ਦੀ ਲੱਤ’ ਓਪੇਰੇ ਕਰਕੇ। ਇਸ ਓਪੇਰੇ ਵਿਚਲੀ ਕਾਵਿਕਤਾ, ਗੀਤਕਾਰੀ ਤੇ ਨਾਟਕੀ ਬਣਤਰ ਸਿਖਰਾਂ ’ਤੇ ਹੈ। ਮੈਂ ਪਾਠਕਾਂ ਨਾਲ ਇਸ ਓਪੇਰੇ ਦੇ ਕੁਝ ਰੰਗ ਸਾਂਝੇ ਕਰ ਰਿਹਾ ਹਾਂ। ਅੱਜ ਜਦੋਂ ਦਿੱਲੀ ਦੇ ਬਾਰਡਰਾਂ ਉੱਤੇ ਧਰਤੀ ਦੇ ਪੁੱਤ, ਕਿਸਾਨ ਅੰਦੋਲਨ ਕਰ ਰਹੇ ਨੇ; ਅਤੇ ਦੂਜੇ ਪਾਸੇ ਇਨ੍ਹਾਂ ਹੀ ਕਿਸਾਨਾਂ ਦੇ ਪੁੱਤਰ ਦੇਸ਼ ਦੀ ਰੱਖਿਆ ਲਈ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਰਹੇ ਨੇ ਤਾਂ ਉਸ ਵੇਲੇ ਇਹ ਓਪੇਰਾ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ। ਇਸ ਓਪੇਰੇ ਵਿਚ ਕਿਸਾਨ ਵੀ ਹੈ ਤੇ ਜਵਾਨ ਵੀ। ਇਸ ਉਪੇਰੇ ਵਿਚ ਸਮਾਂ 1942 ਦਾ ਹੈ, ਅੰਗਰੇਜ਼ੀ ਰਾਜ ਹੈ। ਸੰਸਾਰ ਵਿਚ ਦੂਜੀ ਵੱਡੀ ਲੜਾਈ ਸ਼ੁਰੂ ਹੋ ਚੁੱਕੀ ਹੈ। ਓਪੇਰੇ ਦੇ ਸ਼ੁਰੂ ਵਿਚ ਪੰਜਾਬ ਦੇ ਪਿੰਡ ਦੇ ਕਿਸਾਨ ਇਹ ਗੀਤ ਗਾਉਂਦੇ ਗਾਉਂਦੇ ਸਟੇਜ ਉੱਤੇ ਆਉਂਦੇ ਹਨ :
ਸ਼ਾਵਾ ਬਈ ਸ਼ਾਵਾ, ਬੱਲੇ ਬਈ ਬੱਲੇ
ਮਿਹਨਤ ਅਸਾਡੀ ਦਾ ਫਲ ਕਹਿ ਰਿਹਾ ਹੈ,
ਦਾਤੀ ਜ਼ਰਾ ਤੇਜ਼ ਚੱਲੇ।
ਧਰਤੀ ਜਣੇਗੀ ਦਾਣੇ ਤਰੀਣੇ
ਆਵਣਗੇ ਫਿਰ ਦਿਨ ਸੁਵੱਲੇ
ਸ਼ਾਵਾ ਬਈ ਸ਼ਾਵਾ, ਬੱਲੇ ਬਈ ਬੱਲੇ
      ਕਿਸਾਨ ਦੀ ਮਿਹਨਤ, ਉਸ ਦੇ ਸੁਪਨਿਆਂ ਨੂੰ ਉਦੋਂ ਸ਼ਾਹ ਲੁੱਟ ਕੇ ਲੈ ਜਾਂਦਾ ਸੀ, ਜਿਵੇਂ ਹੁਣ ਕਾਰਪੋਰੇਟ ਘਰਾਣੇ। ਇਸ ਕਰਕੇ ਓਪੇਰੇ ਦਾ ਅਗਲਾ ਭਾਗ ਬਹੁਤ ਹੀ ਕਾਵਿਕ ਤੇ ਸੁਹਜਮਈ ਬਣਦਾ ਹੈ, ਜਦੋਂ ਇਕ ਗੱਭਰੂ ਇਕ ਛੋਟੇ ਜਿਹੇ ਬੱਚੇ ਨੂੰ ਚੁੱਕੀ ਹੱਸਦਾ ਸਟੇਜ ਉੱਤੇ ਆਉਂਦਾ ਹੈ। ਉਹਦੀ ਵਹੁਟੀ ਵੀ ਨਾਲ ਹੀ ਆਉਂਦੀ ਹੈ ਤੇ ਬੋਲਦੇ ਨੇ,
ਕਿਸਮਤ ਸਾਡੀ ਸਮਝੋ ਪਰਤੀ,
ਆਪਣੇ ਖੇਤ ਤੇ ਆਪਣੀ ਧਰਤੀ।
 ਸ਼ਾਹ ਦਾ ਕਰਜ਼ਾ ਲਹਿ ਜਾਏਗਾ,
ਖਾਣ ਲਈ ਵੀ ਰਹਿ ਜਾਏਗਾ।
      ਕਿਸਾਨ ਦੀ ਪਤਨੀ ਬੱਚੇ ਨੂੰ ਮਰਦ ਤੋਂ ਲੈ ਕੇ ਖ਼ੁਸ਼ੀ ਵਿਚ ਨਿੱਕੇ-ਨਿੱਕੇ ਚਾਅ ਸਾਂਝੇ ਕਰਦੀ ਹੈ। ਪਰ ਜਰਵਾਣਿਆਂ ਕੋਲੋਂ ਕਿਸਾਨ ਦੀਆਂ ਖ਼ੁਸ਼ੀਆਂ, ਸੁਪਨੇ ਤੇ ਚਾਅ ਜਰੇ ਨਹੀਂ ਜਾਂਦੇ ਤੇ ਅਚਾਨਕ ਬੂਹੇ ਉੱਤੇ ਠਕ ਠਕ ਹੁੰਦੀ ਹੈ, ਵਹੁਟੀ ਬੂਹਾ ਖੋਲ੍ਹਦੀ ਹੈ ਤੇ ਸ਼ਾਹ ਵਹੀ ਲੈ ਕੇ ਉਸੇ ਤਰ੍ਹਾਂ ਅੰਦਰ ਆਉਂਦਾ ਹੈ ਜਿਵੇਂ ਅੱਜ ਦੇ ਸਮਿਆਂ ਵਿਚ ਬੈਂਕਾਂ ਵਾਲੇ। ਕਿਸਾਨ ਦਾ ਮੂਲ ਨਾਲੋਂ ਵਿਆਜ ਵੱਧ ਚੁੱਕਾ ਹੈ, ਬਦਲੇ ਵਿਚ ਸ਼ਾਹ ਪੈਸੇ ਵੀ ਲੈ ਜਾਂਦਾ ਹੈ ਤੇ ਨਾਲ ਕਿਸਾਨ ਦੀ ਵੱਛੇ ਵਾਲੀ ਗਾਂ, ਬਲਦ ਤੇ ਬੱਕਰੀ ਵੀ ਲੈ ਜਾਂਦਾ ਹੈ। ਉਸੇ ਤਰ੍ਹਾਂ, ਜਿਵੇਂ ਅੱਜ ਦੇ ਸਮਿਆਂ ਵਿਚ ਕਿਸ਼ਤਾਂ ਨਾ ਦੇਣ ਕਰਕੇ ਬੈਂਕ ਵਾਲੇ ਕਿਸਾਨ ਦਾ ਟਰੈਕਟਰ, ਟਰਾਲੀ ਲੈ ਜਾਂਦੇ ਨੇ।   
         ਜਦੋਂ ਸ਼ਾਹ ਅਤੇ ਉਸ ਦੇ ਕਰਿੰਦੇ ਮਿਲ ਕੇ ਚੀਜ਼ਾਂ ਚੁੱਕ ਤੇ ਖੋਲ੍ਹ ਰਹੇ ਨੇ ਇਧਰ ਕਿਸਾਨ ਤੇ ਵਹੁਟੀ ਬੱਚੇ ਨੂੰ ਚੁੱਕੀ ਲੋਕਾਂ ਨੂੰ ਸੰਬੋਧਨ ਕਰ ਕੇ ਆਪਣੇ ਮਰ ਗਏ ਸੁਪਨਿਆਂ ਬਾਰੇ ਗਾਉਂਦੇ ਹਨ :
ਵੇਖੋ ਇਹ ਨਿਆਂ ਵੇ ਲੋਕੋ, ਵੇਖੋ ਇਹ ਨਿਆਂ।
ਕੱਟ ਦਿੱਤੀ ਹੈ ਕੰਢੇ ਉੱਤੇ ਆਈ ਸਾਡੀ ਲਾਂ।
ਸਾਰਾ ਸਾਲ ਵਾਹ ਬੀਜ ਕੀਤੀਆਂ ਨੇ ਗੋਡੀਆਂ,
ਪੀ ਪੀ ਲੱਸੀ, ਖਾ ਖਾ ਨਾਲ ਮੱਕੀ ਦੀਆਂ ਢੋਡੀਆਂ।
ਪੱਕ ਕੇ ਤਿਆਰ ਹੋਈ, ਆ ਗਏ ਥੈਲੀਸ਼ਾਹ,
ਆਖਦੇ ਨੇ ਸਾਨੂੰ, ਤੁਹਾਡਾ ਕਿਹੜਾ ਹੈ ਗਰਾਂ!
ਵੇਖੋ ਇਹ ਨਿਆਂ ਵੇ ਲੋਕੋ, ਵੇਖੋ ਇਹ ਨਿਆਂ...
        ਇਹ ਗੀਤ-ਨਾਟ ਓਪੇਰਾ ਬਠਿੰਡਾ ਵਿਚ ਲਿਖਿਆ ਤੇ ਉੱਥੇ ਹੀ ਮੰਚਤ ਕੀਤਾ ਗਿਆ ਸੀ। ਇਸ ਗੀਤ ਨਾਟ ਵਿਚ ਫੌਜਣ ਦਾ ਕਿਰਦਾਰ ਉੱਘੀ ਪੰਜਾਬੀ ਗਾਇਕਾ ਸੁਰਿੰਦਰ ਕੌਰ ਨੇ ਤੇ ਫੌਜੀ ਦਾ ਰੋਲ ਜਗਦੀਸ਼ ਫਰਿਆਦੀ ਨੇ ਨਿਭਾਇਆ ਸੀ। ਬੱਚੇ ਨੂੰ ਲੋਰੀ ਵਾਲਾ ਗੀਤ ਸੁਰਿੰਦਰ ਕੌਰ, ਡਾ. ਕਿਚਲੂ ਦੇ ਨਾਲ ਅਮਨ ਲਹਿਰ ਸਮੇਂ ਵੀ ਪੰਜਾਬ ਵਿਚ ਗਾਉਂਦੀ ਰਹੀ ਸੀ। ਹੁਣ ਦੂਜੀ ਝਾਕੀ ਵਿਚ ਕਿਸਾਨ ਵਰਦੀ ਪਾਈ, ਇਕ ਫ਼ੌਜੀ ਦੇ ਲਿਬਾਸ ਵਿਚ ਖਲੋਤਾ ਹੈ ਤੇ ਕੋਲ ਉਸ ਦੀ ਵਹੁਟੀ ਉਦਾਸ ਖਲੋਤੀ ਹੈ। ਨਾਲ ਹੀ ਪੰਘੂੜੇ ਵਿਚ ਉਹਦਾ ਬੱਚਾ ਸੁੱਤਾ ਪਿਆ ਹੈ। ਵਹੁਟੀ ਗੀਤ ਦੇ ਸ਼ਬਦਾਂ ਅਨੁਸਾਰ ਸਿਪਾਹੀ ਨੂੰ ਸੰਬੋਧਨ ਕਰਕੇ ਕਾਰਜ ਕਰਦੀ ਹੈ :
‘‘ਜੇ ਸਿਪਹੀਆਂ ਤੂੰ ਗਿਓਂ ਲਾਮ ਨੂੰ, ਲਾ ਕੇ ਮੈਨੂੰ ਝੋਰਾ।
ਬਿਰਹੋਂ ਹੱਡਾਂ ਨੂੰ ਏਦਾਂ ਖਾ ਜਾਊ, ਜਿਉਂ ਛੋਲਿਆਂ ਨੂੰ ਢੋਰਾ।
ਜੰਗ ਵਿਚ ਨਾ ਜਾਈਂ ਵੇ, ਹੇ ਬਾਗਾਂ ਦਿਆਂ ਮੋਰਾ।’’
        ਕਿਸਾਨ ਆਪਣੀ ਵਹੁਟੀ ਦਾ ਹੱਥ ਫੜ ਕੇ ਘੁੱਟਦਾ ਤੇ ਉਹਦੇ ਅੱਥਰੂ ਉਹਦੇ ਦੁਪੱਟੇ ਨਾਲ ਪੂੰਝਦਾ ਹੈ ਤੇ ਆਪਣੇ ਬੱਚੇ ਨੂੰ ਪੰਘੂੜੇ ਵਿਚੋਂ ਚੁੱਕ ਕੇ ਚੁੰਮਦਾ ਹੈ ਤੇ ਨਾਲ ਹੀ ਕਰੁਨਾਮਈ ਆਵਾਜ਼ ਵਿਚ ਬੋਲ ਸੁਣਦੇ ਨੇ, ‘‘ਤੇਰੇ ਮਰਨ ਫ਼ਰੰਗੀਆਂ ਬੱਚੇ ਨਿਤ ਨਵੀਂ ਲਾਮ ਛੇੜਨਾ ਏਂ।’’ ਬੁਨਿਆਦੀ ਤੌਰ ’ਤੇ ਭਾਵੇਂ ਤੇਰਾ ਸਿੰਘ ਚੰਨ ਕਵੀ ਸੀ ਤੇ ਉਸ ਦੀ ਕਵਿਤਾ ਲੈਅ ਸੁਰ ਵਿਚ ਬੱਝੀ ਤੇ ਤੋਲ ਤੁਕਾਂਤ ਵਿਚ ਪੂਰੀ ਤਰ੍ਹਾਂ ਸਰੋਤਿਆਂ ਉੱਤੇ ਪ੍ਰਭਾਵ ਛੱਡਦੀ ਸੀ। ਪਰ ਉਸ ਨੇ ਮਨੁੱਖੀ ਸਮਾਜ ਤੇ ਆਮ ਲੋਕਾਂ ਦੀਆਂ ਮੰਗਾਂ ਉਮੰਗਾਂ ਨੂੰ ਨਾਟਕੀ ਰੂਪ ਦੇ ਕੇ ਸੰਸਾਰ ਅਮਨ ਲਹਿਰ ਦੇ ਵੇਲੇ ‘ਲੱਕੜ ਦੀ ਲੱਤ’ ਓਪੇਰੇ ਦੀ ਰਚਨਾ ਕੀਤੀ। ਤੇਰਾ ਸਿੰਘ ਚੰਨ ਦੀ ਇਹ ਰਚਨਾ ਦਿਲ ਨੂੰ ਹਲੂਣ ਦਿੰਦੀ ਹੈ, ਨਾਟਕ ਹਾਲੇ ਰੁਕਿਆ ਨਹੀਂ, ਮੁੱਕਿਆ ਨਹੀਂ, ਅੱਗੇ ਤੁਰਦਾ ਹੈ, ਕੁਝ ਸਾਲਾਂ ਦਾ ਵਕਫ਼ਾ ਤੇ ਫੇਰ ਪਰਦੇ ਪਿੱਛੇ ਕੁਝ ਰੌਲਾ ਸੁਣਾਈ ਦਿੰਦਾ ਹੈ। ਕਿਸੇ ਦੇ ਡਿੱਗਣ ਦੀ ਆਵਾਜ਼ ‘‘ਜ਼ਰਾ ਥਮ ਕੇ, ਜ਼ਰਾ ਸੰਭਲ ਕੇ’’, ਦੀਆਂ ਆਵਾਜ਼ਾਂ ਆਉਂਦੀਆਂ ਨੇ। ਤੀਵੀਂ ਦੌੜ ਕੇ ਜਾਂਦੀ ਹੈ। ਪਿੰਡ ਦੇ ਤਿੰਨ ਚਾਰ ਗੱਭਰੂ ਉਹਦੇ ਪਤੀ ਨੂੰ ਸੰਭਾਲਦੇ ਹੋਏ ਦਾਖਲ ਹੁੰਦੇ ਨੇ। ਹੁਣ ਜੰਗ ’ਚੋਂ ਪਰਤੇ ਸਿਪਾਹੀ ਦੀ ਇਕ ਲੱਤ ਕੱਟੀ ਹੋਈ ਹੈ। ਉਹ ਬੈਸਾਖੀ ਸਹਾਰੇ ਟੁਰਿਆ ਆਉਂਦਾ ਤੇ ਲੱਤ ਉੱਤੇ ਵੀ ਪੱਟੀ ਬੱਧੀ ਹੋਈ ਹੈ। ਸਿਪਾਹੀ ਆਉਂਦਿਆਂ ਹੀ ਆਪਣੇ ਬੱਚੇ ਨੂੰ ਚੁੱਕ ਲੈਂਦਾ ਹੈ ਤੇ ਉਸ ਨੂੰ ਪਿਆਰ ਕਰਦਾ ਹੈ। ਵਹੁਟੀ ਆਪਣੇ ਪਤੀ ਦੀ ਇਹ ਹਾਲਤ ਵੇਖ ਕੇ ਹੈਰਾਨ ਰਹਿ ਜਾਂਦੀ ਹੈ। ਉਸ ਕੋਲੋਂ ਆਪਣਾ ਬੱਚਾ ਲੈ ਕੇ ਸੀਨੇ ਨਾਲ ਘੁੱਟ ਲੈਂਦੀ। ਇੱਥੇ ਚੰਨ ਦੀ ਕਵਿਤਾ ਸਿਖਰ ’ਤੇ ਹੈ।
‘‘ਜੰਗ ਵਿਚੋਂ ਤੂੰ ਲੈ ਕੇ ਮੁੜਿਆ, ਫੁੱਲਾਂ ਥਾਂ ਅੰਗਿਆਰੇ,
ਹੁਸਨ ਤੇਰੇ ਨੂੰ ਲੂਹ ਸੁੱਟਿਆ ਹੈ, ਕਿਹੜੇ ਹੱਥ ਹਤਿਆਰੇ?
ਪ੍ਰਦੇਸਾਂ ਵਿਚ ਜਾ ਕੇ ਕੀਤੀ, ਤੂੰ ਕੀ ਕਾਰਗੁਜ਼ਾਰੀ?
ਕਿਸ ਦੀ ਖਾਤਰ ਇਤਨੀ ਮਹਿੰਗੀ ਤੂੰ ਇਹ ਕੀਮਤ ਤਾਰੀ?’’
            ਸਿਪਾਹੀ ਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਤੇ ਉਹ ਮੁਸ਼ਕਿਲ ਨਾਲ ਹੇਠ ਲਿਖੇ ਬੋਲ ਬੋਲਦਾ ਹੈ। ਇੱਥੇ ਨਾਟਕਕਾਰ ਨਾਟਕੀ ਘਟਨਾ ਸਿਰਜਦਾ ਹੈ :
‘‘ਮੈਂ ਜੀਣਾ ਚਾਹੁੰਦਾ ਹਾਂ ਕਰੋੜਾਂ ਮਾਵਾਂ ਦੇ ਪਿਆਰ ਲਈ।
ਉਨ੍ਹਾਂ ਦੀ ਰੋਟੀ, ਬੱਚਿਆਂ ਦੀ ਮਹਿਕਦੀ ਬਹਾਰ ਲਈ।
ਮੈਂ ਜੀਣਾ ਚਾਹੁੰਦਾ ਇਸ ਲਈ, ਬਚਾ ਲਵੋ ਬਚਾ ਲਵੋ।
ਤੇ ਜ਼ਿੰਦਗੀ ਨੂੰ ਮੌਤ ਦੀ ਜ਼ੰਜੀਰ ’ਚੋਂ ਛੁਡਾ ਲਵੋ।’’
       ਸਿਪਾਹੀ ਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਤੇ ਟੁੱਟ ਟੁੱਟ ਕੇ ਉਹ ਇਹ ਅਵਾਜ਼ ਮੂੰਹ ’ਚੋਂ ਕੱਢਦਾ ਹੈ ਤੇ ਨਾਲ ਹੀ ਉਹ ਬੈਸਾਖੀ ਆਪਣੀ ਵਹੁਟੀ ਨੂੰ ਫੜਾ ਦਿੰਦਾ ਹੈ ਤੇ ਕਹਿੰਦਾ ਹੈ ਕਿ :
‘‘ਮੈਂ ਜਾ ਰਿਹਾ ਹਾਂ, ਪਰ ਮੇਰਾ ਹੈ ਰੋਮ ਰੋਮ ਕੂਕਦਾ,
ਵਤਨ ਤੋਂ ਬਾਹਰ ਮੈਂ ਰਿਹਾ ਕਿਉਂ ਹਾਸਿਆਂ ਨੂੰ ਫੂਕਦਾ।’’
ਸਿਪਾਹੀ ਮਰ ਜਾਂਦਾ ਹੈ ਤੇ ਵਹੁਟੀ ਵੀਣੀ ਦੀਆਂ ਵੰਗਾਂ ਨੂੰ ਮੰਜੀ ਦੀ ਹੀਅ ਨਾਲ ਮਾਰ ਕੇ ਭੰਨ ਦਿੰਦੀ ਹੈ ਤੇ ਬੱਚੇ ਨੂੰ ਆਪਣੀ ਛਾਤੀ ਨਾਲ ਘੁਟ ਲੈਂਦੀ ਹੈ। ਤੇ ਹੁਣ ਸਮਾਂ ਅਗਾਂਹ ਲੰਘ ਚੁੱਕਾ ਹੈ।
       ਸਮਾਂ 1952, ਵਿਧਵਾ ਕਿਸਾਨ ਔਰਤ, ਘਰ ਦੇ ਕੰਮਕਾਜ ਕਰ ਰਹੀ ਹੈ। ਇੰਨੇ ਵਿਚ ਉਸ ਦਾ ਮੁੰਡਾ ਬਾਹਰੋਂ ਪੜ੍ਹ ਕੇ ਆਉਂਦਾ ਹੈ। ਉਹ ਗਿਆਰਾਂ ਬਾਰ੍ਹਾਂ ਸਾਲ ਦਾ ਹੋ ਗਿਆ ਹੈ। ਔਰਤ ਉਸ ਨੂੰ ਪਿਆਰ ਦਿੰਦੀ ਹੈ। ਉਹ ਬਸਤਾ ਰੱਖ ਕੇ ਅੰਦਰ ਜਾਂਦਾ ਹੈ। ਇੰਨੇ ਚਿਰ ਨੂੰ ਬੱਚਾ ਅੰਦਰੋਂ ਉਹੋ ਲੱਕੜ ਦੀ ਲੱਤ ਲੈ ਕੇ ਸਟੇਜ ਉੱਤੇ ਆ ਜਾਂਦਾ ਹੈ। ਔਰਤ ਉਸ ਨੂੰ ਵੇਖ ਕੇ ਘਾਬਰ ਜਾਂਦੀ ਹੈ ਤੇ ਝਟਪਟ ਉਸ ਤੋਂ ‘ਲੱਕੜ ਦੀ ਲੱਤ’ ਖੋਹ ਲੈਂਦੀ ਤੇ ਬੱਚਾ ਪੁੱਛਦਾ ਹੈ :
‘‘ਵੇਖ ਨੀ ਮਾਂ ਮੈਂ ਪਿਛਲੇ ਅੰਦਰੋਂ, ਕੀ ਸ਼ੈਅ ਲੱਭ ਲਿਆਂਦੀ,
ਹਰ ਪਾਸੇ ਤੋਂ ਵੇਖ ਚੁੱਕਾ ਹਾਂ, ਉੱਕੀ ਸਮਝ ਨਹੀਂ ਆਂਦੀ।
ਨਾ ਲੱਕੜ ਦਾ ਘੋੜਾ ਜਾਪੇ, ਜਿਹੜਾ ਦਏ ਅਸਵਾਰੀ,
ਖੂੰਡੀ ਵੀ ਨਹੀਂ ਜਿਸ ਦੀ ਮੇਰੀ ਖਿੱਦੋ ਦੇ ਸੰਗ ਯਾਰੀ।
ਜਾਂ ਫਿਰ ਹੋਰ ਖਿਡੌਣਾ ਹੈ ਜੋ ਮੈਨੂੰ ਸਮਝ ਨਹੀਂ ਆਇਆ।
ਦੱਸ ਨੀਂ ਮਾਂ ਇਹ ਸਾਡੇ ਘਰ ਵਿਚ ਕਿੱਥੋਂ ਕੌਣ ਲਿਆਇਆ?’’
ਮਾਂ ਬੱਚੇ ਨੂੰ ਆਪਣੇ ਨਾਲ ਘੁੱਟ ਲੈਂਦੀ ਹੈ ਤੇ ਫਿਰ ਗੰਭੀਰ ਹੋ ਕੇ ਬੋਲਣਾ ਸ਼ੁਰੂ ਕਰਦੀ ਹੈ :
‘‘ਤੈਨੂੰ ਹੋਸ਼ ਆਉਣ ਤੋਂ ਪਹਿਲਾਂ ਇੱਥੋਂ ਦੂਰ ਪਰੇਰੇ,
ਆਈ ਡਾਇਣ ਇਕ ਕਲਮੂੰਹੀ, ਲੈ ਕੇ ਨਾਲ ਹਨੇਰੇ।
ਜਿਸ ਵੇਲੇ ਉਹ ਡਾਇਣ ਰੱਜੀ, ਖਾ ਬੰਦਿਆਂ ਦੇ ਡੱਕਰੇ,
ਮੁੜੇ ਘਰਾਂ ਨੂੰ ਭੱਜੇ ਟੁੱਟੇ, ਉਹ ਭੇਟਾ ਦੇ ਬੱਕਰੇ।
ਉਸ ਵੇਲੇ ਤੇਰਾ ਪਿਓ ਆਇਆ, ਖੱਟ ਕੇ ਇਹ ਕਮਾਈ,
ਉਸ ਲੱਕੜ ਦੀ ਲੱਤ ਲਿਆਂਦੀ, ਅਸਲੀ ਲੱਤ ਗਵਾਈ।’’
ਹੁਣ ਔਰਤ ਦਾ ਪ੍ਰਤੀਕਰਮ ਬਗਾਵਤੀ ਬਣਦਾ ਹੈ ਤੇ ਉਹ ਗੁੱਸੇ ਵਿਚ ਬੋਲਦੀ ਹੈ :
‘‘ਐਪਰ ਅੱਜ ਰੰਡੇਪਾ ਮੇਰਾ, ਜਾਗਿਆ ਲੈ ਅੰਗੜਾਈ,
ਅੱਜ ਗੁੱਸੇ ਨੇ ਮੇਰੇ ਦਿਲ ਦੀ ਅਗਨੀ ਹੈ ਭੜਕਾਈ।
ਇਸ ਦੇ ਢਿਡਪਾੜੂ ਨਹੁੰਆਂ ਨੂੰ ਉੱਕਾ ਝਾੜ ਦਿਆਂਗੀ,
ਜੋ ਲੱਕੜ ਦੀਆਂ ਲੱਤਾਂ ਜੰਮੇ, ਉਹ ਕੁੱਖ ਸਾੜ ਦਿਆਂਗੀ।’’
ਤੇ ਫੇਰ ਕਿਸਾਨ ਔਰਤ ਲੱਕੜ ਦੀ ਲੱਤ ਨੂੰ ਪੱਟ ਉੱਤੇ ਮਾਰ ਕੇ ਤੋੜ ਦਿੰਦੀ ਹੈ। ਨਾਟ ਓਪੇਰੇ ਦੇ ਅੰਤ ਵਿਚ ਸਟੇਜ ਤੋਂ ਬਹੁਤ ਸਾਰੇ ਕਬੂਤਰ ਉੱਡਦੇ ਨੇ ਤੇ ਨਾਲ ਹੀ ਇਕ ਕਿੰਗ ਵਜਾਂਦਾ ਕਿਸਾਨ ਸਟੇਜ ਉੱਤੇ ਆ ਜਾਂਦਾ ਹੈ ਤੇ ਇਹ ਗੀਤ ਗਾਉਂਦਾ ਹੈ ‘‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ।’’
‘ਲੱਕੜ ਦੀ ਲੱਤ’ ਓਪੇਰੇ ਦੀ ਸਾਰਥਕਤਾ ਓਨਾ ਚਿਰ ਬਣੀ ਰਹੇਗੀ, ਜਦੋਂ ਤੱਕ ਸੰਸਾਰ ਉੱਤੇ ਕਿਸਾਨੀ ਗਹਿਣੇ ਪਈ ਰਹੇਗੀ ਤੇ ਜੰਗਾਂ ਅਤੇ ਉਨ੍ਹਾਂ ਦੇ ਕਾਰਨ ਬਣੇ ਰਹਿਣਗੇ। ‘ਲੱਕੜ ਦੀ ਲੱਤ’ ਵਿਚਲੀ ਕਲਪਨਾ, ਸਮੱਸਿਆ ਦੇ ਸਮਾਜੀ ਪਾਸਾਰ ਦੀ ਪਕੜ ਤੇ ਉਸ ਨਾਲ ਲੇਖਕ ਦੇ ਨਿੱਜੀ ਅਨੁਭਵ ਜਾਂ ਵਿਚਾਰਾਂ ਦਾ ਜੋ ਜੋੜ ਇਸ ਓਪੇਰੇ ਵਿਚ ਹੋਇਆ ਹੈ ਉਸ ਨਾਲ ਇਹ ਓਪੇਰਾ ਸਾਡੀ ਸਾਹਿਤਕ ਨਾਟ ਪਰੰਪਰਾ ਦਾ ਇਕ ਮੁੱਲਵਾਨ ਹਿੱਸਾ ਬਣਦਾ ਹੈ। ਇਸ ਓਪੇਰੇ ਵਿਚਲੀਆਂ ਗੀਤਾਂ ਦੀਆਂ ਧੁਨਾਂ ਤੇਰਾ ਸਿੰਘ ਚੰਨ, ਪੰਡਤ ਹੁਕਮ ਚੰਦ ਖਲੀਲੀ ਤੇ ਅਮਰਜੀਤ ਗੁਰਦਾਸਪੁਰੀ ਨੇ ਬਣਾਈਆਂ ਸਨ।
ਇਹ ਰਚਨਾ ਪੜ੍ਹ ਕੇ ਪੰਜਾਬੀ ਰੰਗਮੰਚ ਉੱਤੇ ਵਾਰੇ ਜਾਣ ਨੂੰ ਜੀਅ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ‘ਲੱਕੜ ਦੀ ਲੱਤ’ ਵਰਗੀਆਂ ਓਪੇਰਾ ਸ਼ੈਲੀ ਵਿਚ ਲਿਖੀਆਂ ਰਚਨਾਵਾਂ ਨੂੰ ਅੱਜ ਫੇਰ ਤੋਂ ਮੰਚ ਮਿਲਣਾ ਚਾਹੀਦਾ ਹੈ। ਇਸ ਓਪੇਰਾ ਨਾਟ ਸ਼ੈਲੀ ਨੇ ਇਪਟਾ ਲਹਿਰ ਦੇ ਨਾਲ ਹੀ ਜਨਮ ਲਿਆ ਤੇ ਇਸ ਦੇ ਰਚਨਾਕਾਰਾਂ ਦੇ ਆਖ਼ਰੀ ਸਾਹਾਂ ਨਾਲ ਖ਼ਤਮ ਵੀ ਹੋ ਗਈ। ਪਰ ਇਸ ਵਿਧਾ ਨੂੰ ਪੰਜਾਬ ਦੇ ਰੰਗਮੰਚ ਟੋਲੇ, ਥੀਏਟਰ ਵਿਭਾਗ, ਸੰਗੀਤ ਤੇ ਨ੍ਰਿਤ ਵਿਭਾਗ ਮਿਲ ਕੇ ਫਿਰ ਸੁਰਜੀਤ ਕਰ ਸਕਦੇ ਨੇ। ਇਹ ਓਪੇਰੇ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਦਾ ਹਿੱਸਾ ਹਨ।
ਤੇਰਾ ਸਿੰਘ ਚੰਨ ਆਖ਼ਰੀ ਸਾਹ ਤੱਕ ਇਪਟਾ ਲਹਿਰ ਲਈ ਕੰਮ ਕਰਦੇ ਰਹੇ। ਆਪਣੇ ਗੀਤ ਨਾਟ ‘ਫੁੱਲਾਂ ਦਾ ਸੁਨੇਹਾ’ ਵਿਚਲੇ ਫੁੱਲ ਦੇ ਬੋਲ ਉਸ ਦੇ ਆਖ਼ਰੀ ਸੁਨੇਹੇ ਵਾਂਗੂੰ ਨੇ :
ਮੈਂ ਭਰ ਭਰ ਵੰਡਾਂ ਝੋਲੀਆਂ, ਮੇਰਾ ਭਰਿਆ ਰਹੇ ਭੰਡਾਰ
ਤੁਸੀਂ ਦਿਓ ਅਸੀਸਾਂ ਸੁਹਣਿਓ, ਮੇਰੀ ਮਹਿਕੀ ਰਹੇ ਗੁਲਜ਼ਾਰ।
ਤੇਰਾ ਸਿੰਘ ਚੰਨ ਆਪਣੀ ਮੁੱਢਲੀ ਕਮਿਊਨਿਸਟ ਪਛਾਣ ਤੋਂ ਅਗਾਂਹ ਚੰਗੇ ਕਵੀ ਅਤੇ ਸਾਹਿਤ ਤੇ ਰੰਗਮੰਚ ਦੀਆਂ ਜਥੇਬੰਦਕ ਸਰਗਰਮੀਆਂ ਦੇ ਮੋਢੀ ਹੋਣ ਦੇ ਨਾਲ ਨਾਲ ਇਕ ਬੇਹੱਦ ਨਫ਼ੀਸ ਇਨਸਾਨ ਵੀ ਸਨ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਲੱਭ ਸਕਣਾ ਮੂਲੋਂ ਹੀ ਅਸੰਭਵ ਸੀ। ਇਪਟਾ ਨੇ ਆਪਣੀ ਸਥਾਪਨਾ ਵੇਲੇ ਹੀ ਐਲਾਨ ਕਰ ਦਿੱਤਾ ਸੀ ਕਿ ਕਲਾ ਸਿਰਫ਼ ਕਲਾ ਲਈ ਹੀ ਨਹੀਂ, ਕਲਾ ਲੋਕਾਂ ਲਈ ਹੈ। ਇਪਟਾ ਨੇ ਹਰ ਸਮੇਂ ਆਪਣੀ ਆਵਾਜ਼ ਨੂੰ ਬੁਲੰਦ ਰੱਖਿਆ, ਆਜ਼ਾਦੀ ਦੀ ਲੜਾਈ ਵੇਲੇ ਵੀ, ਬੰਗਾਲ ਦੇ ਕਾਲ ਸਮੇਂ ਵੀ ਤੇ  ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਸਮੇਂ ਵੀ ਇਮਾਨਦਾਰੀ ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ।  ਇਸ ਨਾਟ ਓਪੇਰੇ ਅੰਦਰਲੀ ਸਚਾਈ, ਇਮਾਨਦਾਰੀ ਤੇ ਦ੍ਰਿੜ੍ਹਤਾ ਇੰਝ ਲੱਗਦਾ ਏ ਜਿਵੇਂ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ-ਨਾਲ ਚੱਲ ਰਹੀ ਹੋਵੇ ਤੇ ਤੇਰਾ ਸਿੰਘ ਚੰਨ ਕਹਿ ਰਿਹਾ ਹੋਵੇ:

‘‘ਸ਼ਾਵਾ ਬਈ ਸ਼ਾਵਾ, ਬੱਲੇ ਬਈ ਬੱਲੇ
ਦਾਤੀ ਜ਼ਰਾ ਤੇਜ਼ ਚਲੇ
ਆਵਣਗੇ ਫਿਰ ਦਿਨ ਸੁਵੱਲੇ।’’