ਮੰਜ਼ਰ ਦੇਖ ਕਬੀਰਾ ਰੋਇਆ - ਲਖਵਿੰਦਰ ਜੌਹਲ
ਲਗਦਾ ਹੈ ਹਰ ਦਾਨਿਸ਼ਵਰ ਨੇ
ਅਕਲਾਂ ਵਾਲਾ ਬੂਹਾ ਢੋਇਆ
ਚਿੜੀਆਂ ਮੌਤ ਗਵਾਰਾਂ ਹਾਸਾ
ਮੰਜ਼ਰ ਦੇਖ ਕਬੀਰਾ ਰੋਇਆ।
ਇੱਕ ਇੱਕ ਕਰਕੇ ਰਹਿਬਰ ਸਾਰੇ
ਖੱਲ ਵਾਲ਼ ਦੀ ਲਾਹੀ ਜਾਂਦੇ
ਸੜਦਾ ਰੋਮ ਸੜੇ ਲੱਖ ਵਾਰੀ
ਬੰਸੀ ਆਪ ਵਜਾਈ ਜਾਂਦੇ
ਮਾਰੂ-ਧੁਨ ਤੇ ਰਾਗ ਅੱਵਲਾ
ਰੁੱਤਾਂ ਨੇ ਆਪੇ ਹੀ ਛੋਹਿਆ
ਮੰਜ਼ਰ ਦੇਖ ਕਬੀਰਾ ਰੋਇਆ।
ਮੁੜ-ਮੁੜ ਜੁੜ-ਜੁੜ ਬੈਠੇ ਪਰਿਆ
ਰਿੜਕੇ ਮਸਲੇ ਦੁਨੀਆਂ ਭਰ ਦੇ
ਭੁੱਖਣ ਭਾਣੇ ਬੱਚੇ ਮੇਰੇ
ਫੋਲਣ ਖਾਲੀ ਭਾਂਡੇ ਘਰ ਦੇ
ਏਸ ਤਰ੍ਹਾਂ ਨਾ ਪਹਿਲਾਂ ਕਿਧਰੇ
ਸਾਡੇ ਨਾਲ ਤਮਾਸ਼ਾ ਹੋਇਆ
ਮੰਜ਼ਰ ਦੇਖ ਕਬੀਰਾ ਰੋਇਆ।
ਮੈਂ ਸ਼ਬਦਾਂ ਦੀ ਸੰਸਦ ਅੰਦਰ
ਮਤਾ ਅਨੋਖਾ ਪੇਸ਼ ਕਰਾਂਗਾ
ਕਿਥੋਂ ਆਉਂਦੇ ਦੁੱਖ ਦਲਿੱਦਰ
ਜਾਗਰੂਕ ਮੈਂ ਦੇਸ਼ ਕਰਾਂਗਾ
ਜਾਗਣਗੇ ਜਦ ਵਾਰਿਸ ਇਸ ਦੇ
ਦੇਖੀਂ ਚਾਨਣ ਹੋਇਆ ਹੋਇਆ
ਮੰਜ਼ਰ ਦੇਖ ਕਬੀਰਾ ਰੋਇਆ।