ਕਹਾਣੀ- ਕੋਠੀ ਦੱਬ - ਮਨਦੀਪ ਖੁਰਮੀ ਹਿੰਮਤਪੁਰਾ
ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ 'ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ 'ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ। ਕਿਸੇ ਨੂੰ ਨਹੀਂ ਪਤਾ ਕਿ "ਮੇਲੇ 'ਚ ਧੰਨਾ ਸਿਉਂ ਕੀਹਦਾ ਫੁੱਫੜ ਐ?"
ਪਰਲੋਕ ਕੁਮਾਰ ਦੀ ਬੰਦ ਪਈ ਦੁਕਾਨ ਅੰਦਰੋਂ ਤਾਂ ਖੰਡਰ ਬਣੀ ਹੀ ਹੋਵੇਗੀ, ਬੰਦ ਸ਼ਟਰ ਦੇਖ ਕੇ ਵੀ ਪਤਾ ਲਗਦਾ ਸੀ ਕਿ ਕਈ ਵਰ੍ਹੇ ਹੋ ਗਏ ਹੋਣਗੇ ਇਹਦਾ ਜਿੰਦਰਾ ਖੋਲ੍ਹਿਆਂ ਨੂੰ। ਸ਼ਟਰ ਮੂਹਰੇ ਟੁੱਟਿਆ ਜਿਹਾ ਲੋਹੇ ਦੇ ਫਰੇਮ ਵਾਲਾ ਮੋਟੀ ਲੱਕੜ ਦਾ ਤਖਤਪੋਸ਼ ਤੇ ਦੁਕਾਨ ਮੂਹਰੇ ਬਣਿਆ ਛੱਜਾ, ਇੱਕ ਪਾਗਲ ਜਿਹਾ ਦਿਸਦਾ ਬਜ਼ੁਰਗ ਇਸ ਤਖਤਪੋਸ਼ ਨੂੰ ਸੌਣ ਪੈਣ ਲਈ ਵਰਤਦਾ ਸੀ। ਲੰਮਾ ਪਰ ਸਿਲਤ ਵਰਗਾ ਸਰੀਰ ਸੀ ਉਸਦਾ। ਮੈਲ ਨਾਲ ਲੱਥਪੱਥ ਲੀੜੇ। ਸਿਰ ਨਾਭੀ ਰੰਗ ਦੀ ਪੱਗ, ਧੋਤੀ ਨਾ ਹੋਣ ਕਰਕੇ ਕਾਲੀ ਤਾਂ ਹੋਈ ਹੀ ਸੀ ਸਗੋਂ ਇਉਂ ਲਗਦੀ ਸੀ ਜਿਵੇਂ ਮਾਵਾ ਦੇ ਕੇ ਵਟ ਬਣਾਏ ਹੋਣ। ਬਜ਼ੁਰਗ ਸਾਰਾ ਦਿਨ ਜਗਰਾਉਂ ਦੀਆਂ ਗਲੀਆਂ 'ਚ ਆਲੀਸ਼ਾਨ ਕੋਠੀਆਂ ਨੂੰ ਰੀਝ ਲਾ ਕੇ ਤੱਕਦਾ ਰਹਿੰਦਾ। ਉਸ ਬਜ਼ੁਰਗ ਨਾਂ ਦਾ ਹੀ 'ਧਰਮ ਸਿੰਘ' ਸੀ ਪਰ ਧਰਮ ਸ਼ਬਦ ਤੋਂ ਹਜਾਰਾਂ ਕੋਹਾਂ ਦੂਰ। ਇਲਤੀ ਜੁਆਕ ਲੰਘੇ ਜਾਂਦੇ ਧਰਮ ਸਿਉਂ ਨੂੰ "ਕੋਠੀ ਦੱਬ" ਕਹਿ ਕੇ ਛੇੜਦੇ ਤਾਂ ਧਰਮ ਸਿਉਂ ਇੱਕ ਵਾਰ ਤਾਂ ਕੁਨੱਖਾ ਜਿਹਾ ਝਾਕਦਾ ਪਰ ਫਿਰ ਕੰਨ ਜਿਹੇ ਵਲੇਟ ਕੇ ਤੁਰ ਜਾਂਦਾ। ਜਾਨਣ ਵਾਲੇ ਜਾਣਦੇ ਸਨ ਪਰ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਜਿਆਦਾਤਰ ਉਹਦਾ ਪੱਕਾ ਨਾਂ "ਕੋਠੀ ਦੱਬ" ਹੀ ਮੰਨੀ ਬੈਠੇ ਸਨ।
ਹੁਣ ਸੰਨ 2050 ਦਾ ਸਮਾਂ ਚੱਲ ਰਿਹੈ। ਤੇਜ ਤੇਜ ਜ਼ਿੰਦਗੀ, ਕਿਸੇ ਕੋਲ ਕੋਈ ਵਿਹਲ ਨਹੀਂ।
ਲੋਪੋ ਵਾਲੇ ਨਰਮਜੀਤ ਸਿਉਂ ਦਾ ਗੱਭਰੂ ਹੋਇਆ ਮੁੰਡਾ ਕੈਨੇਡਾ ਦਾ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਆਉਣ ਦੀ ਜ਼ਿਦ ਕਰਕੇ ਜਗਰਾਉਂ ਆਇਆ ਹੋਇਆ ਸੀ। ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਈ ਆ ਗਿਆ ਸੀ। ਪੰਜਾਬ 'ਚ ਦਾਦੀ ਪੋਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਡਾਇਮੰਡ ਬਾਗ 'ਚ ਆਵਦੇ ਪਿਓ ਦਾਦੇ ਦੀ ਰੀਝਾਂ ਨਾਲ ਬਣਾਈ ਤਿੰਨ ਮੰਜਲੀ ਕੋਠੀ ਦੀ ਦੂਜੀ ਛੱਤ 'ਤੇ ਕਮਰੇ 'ਚੋਂ ਨਿਕਲ ਕੇ ਵਿਕਰਮ ਨੇ ਦੋਹੇਂ ਬਾਹਾਂ ਅਸਮਾਨ ਵੱਲ ਕਰਕੇ ਅੰਗੜਾਈ ਭੰਨ੍ਹੀ। ਜੰਗਲੇ 'ਤੇ ਹੱਥ ਰੱਖ ਕੇ ਖੜ੍ਹਿਆ ਤਾਂ ਉਹਨੂੰ ਅੱਜ ਫੇਰ ਓਹੀ ਮੈਲੇ ਜਿਹੇ ਲੀੜਿਆਂ ਵਾਲਾ ਬਜ਼ੁਰਗ ਦੂਰੋਂ ਕੋਠੀ ਵੱਲ ਟਿਕਟਿਕੀ ਲਾਈ ਖੜ੍ਹਾ ਦਿਸਿਆ। ਵਿਕਰਮ ਕਈ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਸੀ ਕਿ ਓਹ ਸੱਜਣ ਨੇਮ ਵਾਂਗ ਹੀ ਹਰ ਰੋਜ ਬਾਹਵਾ ਟੈਮ ਗਲੀ ਦੀ ਨੁੱਕਰ 'ਚ ਖੜ੍ਹ ਕੇ ਕੋਠੀ ਨੂੰ ਨਿਹਾਰ ਕੇ ਆਖਰ ਮੁੜ ਜਾਂਦਾ। ਅਚਾਨਕ ਵਿਕਰਮ ਦੇ ਪੈਰਾਂ ਨੇ ਕਾਹਲ ਫੜੀ ਤੇ ਓਹ ਨੁੱਕਰੇ ਘੋੜੇ ਵਾਂਗ ਪੌੜੀਆਂ ਉੱਤਰ ਕੇ ਹੇਠਾਂ ਪਾਠ ਕਰਕੇ ਵਿਹਲੀ ਹੋ ਚੁੱਕੀ ਦਾਦੀ ਸੁਰਜੀਤ ਕੌਰ ਦੇ ਪੈਰਾਂ ਵਾਲੇ ਪਾਸੇ ਬੈਠ ਗਿਆ।
-"ਦਾਦੀ ਮਾਂ, ਮੈਂ ਰੋਜ ਸਵੇਰੇ ਉੱਠਦਾਂ ਤਾਂ ਇੱਕ "ਓਲਡ ਮੈਨ" ਆਪਣੇ ਘਰ ਵੱਲ ਜਿੱਦਾਂ "ਸਟਿੱਲ" ਹੋ ਕੇ ਦੇਖਦਾ ਹੁੰਦਾ। ਦਾਦੀ ਕੌਣ ਆ ਓਹ ਬਾਬਾ ਜੀ?" ਵਿਕਰਮ ਨੇ ਆਪਣੀ ਬਜ਼ੁਰਗ ਦਾਦੀ ਨੂੰ ਪੁੱਛਿਆ।
-"ਵਿਕਰਮ ਪੁੱਤ, ਓਹ ਭਟਕਦੀਆਂ ਰੂਹਾਂ 'ਚੋਂ ਇੱਕ ਆ। ਸਾਲ 2023 ਦੀ ਗੱਲ ਐ, ਜਦੋਂ ਇਸ ਬਜ਼ੁਰਗ ਸਣੇ ਦੋ ਤਿੰਨ ਹੋਰ ਰੂਹਾਂ ਨੇ ਇਸ ਕੋਠੀ 'ਤੇ ਲ਼ਾਲ਼ਾਂ ਸੁੱਟੀਆਂ ਸਨ। ਇਸ ਕੋਠੀ ਨੂੰ ਸਰਕਾਰੇ ਦਰਬਾਰੇ ਪਹੁੰਚ ਵਰਤ ਕੇ ਜਾਅਲੀ ਕਾਗਜ ਤਿਆਰ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ।"
-"ਇਹ ਮੈਲੇ ਜਿਹੇ ਕੱਪੜਿਆਂ ਵਾਲਾ ਭਾਈ ਜਾਅਲੀ ਡਿਗਰੀ ਲੈ ਕੇ ਆਵਦੇ ਆਪ ਨੂੰ ਕਾਨੂੰਨ ਦਾ ਰਖਵਾਲਾ ਦੱਸਦਾ ਹੁੰਦਾ ਸੀ। ਕਾਨੂੰਨ ਦੀ ਖੁਦ ਹੀ ਸੰਘੀ ਘੁੱਟਣ ਵਾਲਾ ਰਖਵਾਲਾ।" ਮਾਤਾ ਇੱਕੋ ਸਾਹ ਹੀ ਬੋਲ ਗਈ ਤਾਂ ਦਮ ਪੱਟਿਆ ਗਿਆ।
ਵਿਕਰਮ ਨੇ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ।
-"ਇਹਦੇ ਨਾਲ ਇੱਕ ਪਰਲੋਕ ਕੁਮਾਰ ਤੇ ਇੱਕ ਸਿਆਸੀ ਬੀਬੀ ਅੜਬਜੀਤ ਕੌਰ ਨੇ ਰਲ ਕੇ ਸਾਨੂੰ ਆਵਦੇ ਇਸ ਘਰੋਂ ਹੀ ਬੇਘਰ ਕਰ ਦਿੱਤਾ ਸੀ। ਮੈਂ ਤੇ ਤੇਰੀ ਮਾਂ ਕਈ ਮਹੀਨੇ ਕਾਨੂੰਨੀ ਲੜਾਈ ਲੜਦੀਆਂ ਅਫਸਰਾਂ ਦੇ ਦਫਤਰਾਂ 'ਚ ਧੱਕੇ ਖਾਂਦੀਆਂ ਰਹੀਆਂ। ਏਸ ਤਿੱਕੜੀ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਜਾਅਲੀ ਇਨਕਲਾਬ ਉਲਟਾ ਸਾਡਾ ਹੀ ਘਰ ਦੱਬਣ ਨੂੰ ਤਾਹੂ ਸੀ। ਭਲਾ ਹੋਵੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ, ਜੋ ਬਿਨਾਂ ਕਿਸੇ ਲੋਭ ਲਾਲਚ ਦੇ ਸਾਡੇ ਨਾਲ ਆ ਡਟੇ।"
-"ਦਾਦੀ ਮਾਂ, ਜੇ ਓਹ ਬਾਬਾ ਕੱਲ੍ਹ ਨੂੰ ਆਇਆ, ਮੈਂ ਓਹਨੂੰ ਭਜਾ ਕੇ ਆਊਂ।" ਵਿਕਰਮ ਪਤਾ ਨਹੀਂ ਕਿਹੜੇ ਵੇਗ 'ਚ ਕਹਿ ਗਿਆ।
-"ਨਾ ਸ਼ੇਰਾ, ਓਹਨਾਂ ਨੂੰ ਸਮੇਂ ਦੀ ਬਹੁਤ ਭੈੜੀ ਮਾਰ ਪੈ ਚੁੱਕੀ ਐ। ਆਪਾਂ ਕੀ ਭਜਾਉਣੈ, ਓਹਨਾਂ ਨੂੰ ਤਾਂ ਉਹਨਾਂ ਦੀ ਤਮਾਂ ਨੇ ਈ ਐਨਾ ਭਜਾਇਆ ਹੋਇਐ ਕਿ ਸਾਰਾ ਦਿਨ ਤਿੱਖੜ ਦੁਪਹਿਰੇ ਵੀ ਪਾਗਲ ਹਾਲਤ 'ਚ ਭੱਜਦੇ ਫਿਰਦੇ ਰਹਿੰਦੇ ਆ।" ਮਾਤਾ ਨੇ ਵਿਕਰਮ ਨੂੰ ਰੋਕਦਿਆਂ ਕਿਹਾ।
-"ਦਾਦੀ ਮਾਂ, ਪਰਲੋਕ ਕੁਮਾਰ ਤੇ ਅੜਬਜੀਤ ਕੌਰ ਦਾ ਕੀ ਬਣਿਆ? ਓਹ ਕਿੱਥੇ ਰਹਿੰਦੇ ਆ?" ਵਿਕਰਮ ਨੇ ਭੋਲਾ ਜਿਹਾ ਸਵਾਲ ਕੀਤਾ।
-"ਲੋਕ ਦੱਸਦੇ ਆ ਕਿ ਪਰਲੋਕ ਕੁਮਾਰ ਤਾਂ ਓਦੋਂ ਤੋਂ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਦੋਂ ਇਹਨਾਂ ਨੇ ਰਲ ਕੇ ਰਾਤੇ ਰਾਤ ਆਪਣੀ ਏਸ ਕੋਠੀ ਦਾ ਜਾਅਲੀ ਇੰਤਕਾਲ ਕਰਵਾਉਣ ਦਾ ਕੇਸ ਚੱਲਿਆ ਸੀ। ਧਰਮ ਸਿਉਂ ਤੇ ਅੜਬਜੀਤ ਕੌਰ ਨੇ ਆਵਦਾ ਮਾਸ ਬਚਾਉਣ ਲਈ ਪਰਲੋਕ ਕੁਮਾਰ ਦੀ ਬਲੀ ਦੇ ਦਿੱਤੀ। ਕਾਗਜਾਂ 'ਚ ਭਗੌੜਾ ਕਰਾਰ ਦੇਣ ਤੋਂ ਬਾਅਦ ਪਰਲੋਕ ਕੁਮਾਰ ਪਰਲੋਕ ਤਾਂ ਸਿਧਾਰ ਗਿਆ ਪਰ ਉਹਦੇ ਮੱਥੇ ਤੋਂ ਭਗੌੜੇ ਦਾ ਕਲੰਕ ਨਾ ਲੱਥਾ। ਸੁਣਿਐ ਕਿ ਉਹਦੀ ਕਿਸੇ ਬਿਰਧ ਆਸ਼ਰਮ 'ਚ ਮੌਤ ਹੋ ਗਈ ਸੀ। ਕੋਈ ਜੁਆਕ ਵੀ ਸਸਕਾਰ 'ਤੇ ਨਹੀਂ ਸੀ ਗਿਆ।" ਮਾਤਾ ਸੁਰਜੀਤ ਕੌਰ ਨੇ ਗੱਲ ਖਤਮ ਕਰਕੇ ਹੱਥ ਜੋੜ ਕੇ "ਵਾਹਿਗੁਰੂ" ਕਿਹਾ।
-"ਅੜਬਜੀਤ ਕੌਰ ਨੇ ਜਾਇਦਾਦ ਤਾਂ ਬਹੁਤ ਬਣਾ ਲਈ ਸੀ। ਘਰਵਾਲਾ ਤੇ ਓਹ ਪੈਸਾ ਜੋੜਨ 'ਚ ਹੀ ਲੱਗੇ ਰਹੇ ਤੇ ਔਲਾਦ ਨੂੰ ਨੋਟਾਂ ਨਾਲ ਲੱਦ ਦਿੱਤਾ। ਓਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਮਾਂ ਪਿਉ ਨੇ ਕਿੰਨੇ ਲੋਕਾਂ ਨਾਲ ਜਿਆਦਤੀਆਂ ਕਰ ਕਰ ਕੇ ਮਾਇਆ ਕੱਠੀ ਕੀਤੀ ਐ ਤਾਂ ਦੋਵੇਂ ਜੀਅ ਜੁਆਕਾਂ ਦੇ ਮੂੰਹੋਂ ਲਹਿ ਗਏ। ਜੁਆਕ ਵਿਦੇਸ਼ਾਂ 'ਚ ਜਾ ਵਸੇ ਤੇ ਇਹਨਾਂ ਦੋਵੇਂ ਮੀਆਂ ਬੀਵੀ ਨੂੰ ਬਿਮਾਰੀਆਂ ਨੇ ਘੇਰ ਲਿਆ। ਸਰੀਰ ਮਾੜੇ ਹੋਏ ਤਾਂ ਨਾਲ ਰਹਿੰਦਿਆਂ ਗੁਰਗਿਆਂ ਨੇ ਈ ਇੱਕ ਇੱਕ ਕਰਕੇ ਕੋਠੀਆਂ ਪਲਾਟਾਂ 'ਤੇ ਕਬਜ਼ੇ ਕਰ ਲਏ।" ਸੁਰਜੀਤ ਕੌਰ ਕਥਾ ਕਰਨ ਵਾਂਗ ਆਵਦੇ ਪੋਤੇ ਨੂੰ ਗੱਲ ਸੁਣਾ ਰਹੀ ਸੀ।
-"ਦਾਦੀ, ਇਹਨੂੰ ਈ "ਟਿੱਟ ਫੌਰ ਟੈਟ" ਕਹਿੰਦੇ ਆ। ਪਹਿਲਾਂ ਲੋਕਾਂ ਨੂੰ "ਰੌਬ" ਕਰੀ ਗਏ, ਫੇਰ ਨਾਲ ਰਹਿੰਦੇ ਲੋਕ ਈ ਉਹਨਾਂ ਨੂੰ "ਰੌਬ" ਕਰਗੇ।.....ਵੈਰੀ ਸਟਰੇਂਜ....।" ਵਿਕਰਮ ਗੱਲ ਦਾ ਤੱਤਸਾਰ ਜਲਦੀ ਹੀ ਸਮਝ ਗਿਆ ਸੀ।
-"ਹੁਣ ਅੜਬਜੀਤ ਕੌਰ ਤੇ ਉਹਦਾ ਘਰਵਾਲਾ ਵੀ ਆਹ ਮੁੱਲਾਂਪੁਰ ਕੋਲ ਕਿਸੇ ਬਿਰਧ ਆਸ਼ਰਮ 'ਚ ਰਹਿੰਦੇ ਆ। ਬਾਘੜਬਿੱਲੇ ਵਰਗੇ ਹੁੰਦੇ ਸੀ, ਕਿਸੇ ਨੂੰ ਮੂੰਹ ਨੀ ਸੀ ਬੋਲਦੇ ਹੁੰਦੇ। ਹੁਣ ਬੋਲ ਨੀ ਨਿੱਕਲਦਾ ਮੂੰਹ 'ਚੋ। ਪੁੱਤ, ਸਮਾਂ ਬਹੁਤ ਬਲਵਾਨ ਆ। ਜਦੋਂ ਸਮੇਂ ਦੇ ਚਪੇੜੇ ਪੈਂਦੇ ਆ, ਓਦੋਂ ਮੂੰਹ 'ਤੇ ਨੀ ਸਗੋਂ ਰੂਹ 'ਤੇ ਨੀਲ ਪੈਂਦੇ ਆ। ਆਹ ਜਿਹੜਾ ਧਰਮ ਸਿਉਂ ਨਿੱਤ ਸਵੇਰੇ ਆਪਣੀ ਕੋਠੀ ਵੱਲ ਮੂੰਹ ਕਰਕੇ ਖੜ੍ਹਾ ਹੁੰਦੈ, ਕੀ ਪਤਾ ਵਿਚਾਰੇ ਦੇ ਚਿੱਤ 'ਚ ਕੀ ਕੀ ਖੌਰੂ ਪਾਉਂਦਾ ਫਿਰਦਾ ਹੋਊ?"
-"ਦਾਦੀ, ਆਪਾਂ ਕੱਲ੍ਹ ਨੂੰ ਓਸ ਬਾਬੇ ਨੂੰ ਬੁਲਾ ਕੇ ਦੇਖੀਏ?" ਵਿਕਰਮ ਨੇ ਸੁਰਜੀਤ ਕੌਰ ਦੇ ਮੂੰਹ ਵੱਲ ਦੇਖਿਆ। ਉਹਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਸੀ ਕਿ ਦਾਦੀ ਜਵਾਬ ਨਹੀਂ ਦਿੰਦੀ।
-"ਪੁੱਤ, ਆਪਣੀ ਕਿਹੜਾ ਓਹਨਾਂ ਨਾਲ ਡਾਂਗ ਚੱਲੀ ਸੀ। ਓਹਨਾਂ ਨੂੰ ਸੱਤਾ ਦਾ, ਪੈਸੇ ਦਾ ਨਸ਼ਾ ਈ ਐਨਾ ਚੜ੍ਹਿਆ ਹੋਇਆ ਸੀ ਕਿ ਸਾਰੀ ਦੁਨੀਆ ਨੂੰ ਆਵਦੀ ਮੁੱਠੀ 'ਚ ਸਮਝਦੇ ਸੀ। ਕੋਈ ਨਾ..... ਤੂੰ ਕੋਈ ਖਾਣ ਪੀਣ ਵਾਲੀ ਚੀਜ ਫੜਾ ਆਵੀਂ ਕੋਲ ਜਾ ਕੇ। ਪੁੰਨ ਈ ਹੁੰਦੈ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਉਣ ਦਾ।" ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਕ ਕਿਹਾ।
ਵਿਕਰਮ ਨੂੰ ਅੱਚਵੀ ਲੱਗ ਗਈ ਕਿ ਉਹਨਾਂ ਦੇ ਇਸ ਘਰ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਲਗਭਗ ਨੱਪ ਚੁੱਕੇ "ਕੋਠੀ ਦੱਬਾਂ" ਵਿੱਚੋਂ ਇੱਕ ਧਰਮ ਸਿੰਘ ਨੂੰ ਨੇੜਿਉਂ ਕਿਹੜੇ ਵੇਲੇ ਦੇਖਾਂ। ਉਹਦੀ ਸਾਰੀ ਰਾਤ ਪਾਸੇ ਮਾਰਦੇ ਤੇ ਫੋਨ 'ਤੇ ਟਾਈਮ ਦੇਖਦੇ ਦੀ ਲੰਘ ਗਈ।
ਸਵੇਰ ਹੋਈ ਤਾਂ ਵਿਕਰਮ ਨੇ ਕਮਰੇ ਦੇ ਅੰਦਰੋਂ ਹੀ ਸ਼ੀਸ਼ੇ ਥਾਈਂ ਗਲੀ ਦਾ ਮੋੜ ਦੇਖਿਆ ਪਰ ਅੱਜ ਧਰਮ ਸਿਉਂ ਨਹੀਂ ਆਇਆ ਸੀ। ਉਹਦੇ ਚਿੱਤ ਨੂੰ ਕਾਹਲ ਬਣੀ ਹੋਈ ਸੀ। ਪਰ ਅੱਧਾ ਘੰਟਾ ਬੀਤਣ 'ਤੇ ਵੀ ਓਹ ਜਗ੍ਹਾ ਕਿਸੇ ਔਤ ਦੀ ਮਟੀ ਵਾਂਗ ਸੁੰਨੀ ਜਿਹੀ ਹੀ ਸੀ। ਵਿਕਰਮ ਨਿਰਾਸ਼ ਜਿਹਾ ਹੇਠਾਂ ਉੱਤਰ ਆਇਆ। ਦਾਦੀ ਪਾਠ ਕਰ ਰਹੀ ਸੀ। ਵਿਕਰਮ ਨੇ ਗੇਟ ਦੀ ਅਰਲ ਨੂੰ ਹੱਥ ਪਾਇਆ ਤਾਂ ਚੀਂਅਅਅ..... ਦੀ ਆਵਾਜ ਆਈ। ਉਹ ਘੱਟ ਖੜਕਾ ਕਰਨਾ ਚਾਹੁੰਦਾ ਸੀ ਤਾਂ ਕਿ ਦਾਦੀ ਦੇ ਪਾਠ ਕਰਨ ਵਿੱਚ ਵਿਘਨ ਨਾ ਪਵੇ। ਵਿਕਰਮ ਦਰਵਾਜ਼ਾ ਖੋਲ੍ਹਦੈ ਤਾਂ ਉਹਦਾ ਇਕਦਮ ਤ੍ਰਾਹ ਨਿਕਲ ਜਾਂਦੈ। ਉਹ ਓਹਨੀਂ ਪੈਰੀਂ ਪਿਛਾਂਹ ਮੁੜ ਕੇ ਦਾਦੀ ਸੁਰਜੀਤ ਕੌਰ ਕੋਲ ਜਾਂਦੈ ਤਾਂ ਦਾਦੀ ਸੁਰਜੀਤ ਕੌਰ ਵੀ ਪਾਠ ਕਰਕੇ ਅੱਖਾਂ ਮੁੰਦੀ ਬੈਠੀ ਸੀ।
-"ਦਾਦੀ ਮਾਂ ਦਾਦੀ ਮਾਂ .....।" ਵਿਕਰਮ ਹਫਿਆ ਤੇ ਡਰਿਆ ਪਿਆ ਸੀ। ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਵਿਕਰਮ ਦੀ ਘਬਰਾਹਟ ਦੇਖ ਕੇ ਸੁਰਜੀਤ ਕੌਰ "ਵਾਹਿਗੁਰੂ ਵਾਹਿਗੁਰੂ" ਕਰਦੀ ਬਾਹਰ ਦਰਵਾਜ਼ੇ ਵੱਲ ਹੋ ਤੁਰੀ। ਕੀ ਦੇਖਦੀ ਐ ਕਿ ਦਰਵਾਜ਼ੇ ਮੂਹਰੇ ਧਰਮ ਸਿਉਂ ਨੀਵੀਂ ਪਾਈ ਖੜ੍ਹਾ ਸੀ, ਇਉਂ ਲਗਦਾ ਸੀ ਜਿਵੇਂ ਹੁਣੇ ਹੁਣੇ ਅੱਥਰੂ ਵਗੇ ਹੋਣ। ਮੂੰਹ ਦੇਖ ਕੇ ਇਉਂ ਲਗਦਾ ਸੀ ਜਿਵੇਂ ਸਦੀਆਂ ਦੇ ਦੁੱਖਾਂ ਨੇ ਸੁੱਕੇ ਦਰੱਖ਼ਤ 'ਤੇ ਆਲ੍ਹਣਾ ਪਾਇਆ ਹੋਇਆ ਹੋਵੇ। ਧਰਮ ਸਿਉਂ ਨੇ ਪੁਰਾਣੇ ਜਿਹੇ ਅਖਬਾਰ ਵਾਲਾ ਹੱਥ ਅੱਗੇ ਵਧਾਇਆ ਤਾਂ ਵਿਕਰਮ ਨੇ ਦਾਦੀ ਤੋਂ ਪਹਿਲਾਂ ਹੀ ਖੁਦ ਅੱਗੇ ਹੋ ਕੇ ਫੜ ਲਿਆ। ਧਰਮ ਸਿਉਂ ਓਹਨੀਂ ਪੈਰੀਂ ਪਿਛਾਂਹ ਨੂੰ ਮੁੜ ਗਿਆ।
ਵਿਕਰਮ ਨੇ ਅਖਬਾਰ ਦੀ ਤਰੀਕ ਦੇਖੀ ਤਾਂ ਲਗਭਗ 27 ਵਰ੍ਹੇ ਪੁਰਾਣੀ ਸੀ। ਖਬਰ ਤੇ ਤਸਵੀਰ 'ਚ ਧਰਮ ਸਿਉਂ, ਅੜਬਜੀਤ ਕੌਰ ਤੇ ਉਹਦਾ ਘਰਵਾਲਾ, ਓਸ ਵੇਲੇ ਦੇ ਰਾਜ ਦੇ ਮੁਖੀ ਦੀ ਘਰਵਾਲੀ ਤੇ ਭੈਣ ਨਾਲ ਖੜ੍ਹੇ ਸਨ। ਖਬਰ ਦਾ ਸਿਰਲੇਖ ਸੀ "ਐੱਨ ਆਰ ਆਈ ਬੀਬੀ ਝੂਠ ਬੋਲ ਕੇ ਸਾਡਾ ਸਿਆਸੀ ਅਕਸ ਖਰਾਬ ਕਰ ਰਹੀ ਹੈ।"
ਜਿਉਂ ਹੀ ਵਿਕਰਮ ਨੇ ਰੱਦੀ ਤੇ ਰੇਤੇ ਵਾਂਗ ਭੁਰ ਰਹੇ ਅਖਬਾਰ ਨੂੰ ਖੋਲ੍ਹਣਾ ਚਾਹਿਆ ਤਾਂ ਇੱਕ ਮੈਲੀ ਜਿਹੀ ਪਰਚੀ ਨਿੱਕਲੀ, ਜਿਸ 'ਤੇ ਲਿਖਿਆ ਸੀ,
"ਦੁਖਾਏ ਦਿਲ ਲਈ ਮੁਆਫੀ ਦੇ ਦੇਣੀ।"
ਮਾਤਾ ਸੁਰਜੀਤ ਕੌਰ ਨੇ ਮੁਆਫੀਨਾਮੇ ਵਰਗੀ ਸਤਰ ਪੜ੍ਹੀ ਤਾਂ ਅੱਖਾਂ ਦੇ ਕੋਏ ਸਿੱਲ੍ਹੇ ਹੋ ਗਏ। ਇਉਂ ਲਗਦਾ ਸੀ ਜਿਵੇਂ ਧਰਮ ਸਿਉਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਨ ਹੀ ਹਰ ਰੋਜ ਆਉਂਦਾ ਸੀ।
ਲਗਭਗ ਮਹੀਨਾ ਛੁੱਟੀਆਂ ਗੁਜਾਰ ਕੇ ਦਾਦੀ ਪੋਤਾ ਵਾਪਸ ਕੈਨੇਡਾ ਜਾਣ ਲਈ ਤਿਆਰ ਸਨ। ਹੈਰਾਨ ਵੀ ਸਨ ਕਿ ਉਸ ਦਿਨ ਤੋਂ ਬਾਅਦ ਧਰਮ ਸਿਉਂ ਮੁੜ ਉਸ ਗਲੀ 'ਚ ਕਦੇ ਨਾ ਆਇਆ। ਕੋਠੀ ਨੂੰ ਜਿੰਦਰਾ ਮਾਰ ਕੇ ਗੱਡੀ ਬਜ਼ਾਰ ਵਿੱਚ ਦੀ ਦਿੱਲੀ ਵੱਲ ਨੂੰ ਹੋ ਤੁਰੀ। ਅਚਾਨਕ ਅੱਗੇ ਲੋਕਾਂ ਦਾ ਝੁਰਮਟ ਜਿਹਾ ਬਣਿਆ ਤਾਂ ਗੱਡੀ ਰੁਕ ਗਈ। ਗੱਡੀ ਦੁਖਭੰਜਨ ਸਿਉਂ ਦਾ ਵੱਡਾ ਮੁੰਡਾ ਭੋਲਾ ਚਲਾ ਰਿਹਾ ਸੀ। ਬਰੇਕਾਂ ਮਾਰ ਕੇ ਭੋਲਾ ਓਸ ਇਕੱਠ 'ਚ ਧੁੱਸ ਦੇ ਕੇ ਵੜ ਗਿਆ ਤੇ ਪਿੱਛਲਪੈਰੀਂ ਵਾਪਸ ਵੀ ਮੁੜ ਆਇਆ।
-"ਕੀ ਹੋਇਆ ਭੋਲੇ ਪੁੱਤ? ਐਨੇ ਲੋਕ ਕਿਉਂ ਇਕੱਠੇ ਹੋਏ ਆ?" ਮਾਤਾ ਨੇ ਪੁੱਛਿਆ।
-"ਬੇਬੇ, ਪਰਲੋਕ ਦੀ ਦੁਕਾਨ ਮੂਹਰੇ ਕੋਠੀ ਦੱਬ ਪਿਆ ਹੁੰਦਾ ਸੀ ਨਾ? ਓਹ ਚਲਾਣਾ ਕਰ ਗਿਆ ਰਾਤ। ਓਹਦਾ ਆਵਦਾ ਧੀ ਪੁੱਤ ਤਾਂ ਕੋਈ ਬਹੁੜਿਆ ਨੀ, ਹੁਣ ਕਲੱਬ ਆਲੇ ਮੁੰਡੇ ਸਸਕਾਰ ਕਰਨ ਨੂੰ ਲੈ ਕੇ ਚੱਲੇ ਆ।", ਭੋਲੇ ਨੇ ਸੁਤੇ ਸਿੱਧ ਕਿਹਾ।
-"ਓ ਮੇਰਿਆ ਮਾਲਕਾ! ਬਖਸ਼ ਲਵੀਂ ਇਹਨਾਂ ਨੂੰ।", ਇੰਨਾ ਕਹਿ ਕੇ ਮਾਤਾ ਸੁਰਜੀਤ ਕੌਰ ਨੇ ਸਿੜੀ 'ਤੇ ਪਾ ਕੇ ਸਸਕਾਰ ਵਾਸਤੇ ਲਈ ਜਾ ਰਹੇ ਧਰਮ ਸਿਉਂ ਵੱਲ ਦੇਖ ਕੇ 'ਆਖਰੀ ਸਲਾਮ' ਵਾਂਗ ਮੱਥਾ ਟੇਕਿਆ।
ਹੁਣ ਗੱਡੀ ਦਿੱਲੀ ਵੱਲ ਨੂੰ ਵਾਟਾਂ ਵੱਢਦੀ ਜਾ ਰਹੀ ਸੀ ਤੇ ਗੀਤ ਚੱਲ ਰਿਹਾ ਸੀ
"ਸਾਢੇ ਤਿੰਨ ਹੱਥ ਧਰਤੀ ਤੇਰੀ
ਬਹੁਤੀਆਂ ਜਾਗੀਰਾਂ ਵਾਲਿਆ।"
ਟਿੱਬਿਆਂ 'ਚ ਵਸੇ ਇੱਕ ਪਿੰਡ ਦੇ ਪਿਓ ਸੁਪਨੇ ਦਾ ਸਮੁੰਦਰੋਂ ਪਾਰ ਦਾ ਸਫ਼ਰ ਹੈ 'ਹਿੰਮਤ ਖੁਰਮੀ' ਦਾ ਬਾਲ ਗੀਤ "ਮੇਰੀ ਮਾਂ ਬੋਲੀ" - ਮਨਦੀਪ ਖੁਰਮੀ ਹਿੰਮਤਪੁਰਾ
ਮੇਰੇ ਡੈਡੀ ਸ੍ਰ: ਗੁਰਬਚਨ ਸਿੰਘ ਖੁਰਮੀ ਜੀ ਨੂੰ ਸਕੂਲ ਪੜ੍ਹਦਿਆਂ ਤੋਂ ਹੀ ਗੀਤ ਲਿਖਣ ਦੀ ਚੇਟਕ ਲੱਗੀ ਹੋਈ ਸੀ। ਜਦੋਂ ਉਹ ਬਚਪਨ ਤੋਂ ਲੈ ਕੇ ਕਬੀਲਦਾਰ ਬਣਨ ਤੱਕ ਦੀ ਗਾਥਾ ਸੁਣਾਉਂਦੇ ਤਾਂ ਸਾਡਾ ਆਵਦਾ ਕਲੇਜਾ ਮੁੱਠੀ 'ਚ ਆ ਜਾਂਦਾ। ਤਿੰਨ ਭਰਾ ਤੇ ਇੱਕ ਭੈਣ। ਬਚਪਨ 'ਚ ਹੀ ਪਿਓ ਦੀ ਮੌਤ। ਪੜ੍ਹਨ ਦੇ ਨਾਲ-ਨਾਲ ਦੁੱਧ ਦੀ ਡੇਅਰੀ ਚਲਾਉਣ ਦਾ ਕੰਮ। ਪਿੰਡ ਹਿੰਮਤਪੁਰੇ ਤੋਂ ਡਰੇਨ ਦੇ ਪੁਲ 'ਤੇ ਸਾਈਕਲ 'ਤੇ ਲੱਦੇ ਦੁੱਧ ਦੇ ਡਰੰਮ, ਕੱਕੇ ਰੇਤੇ ਵਾਲਾ ਰਾਹ, ਗਿੱਦੜਾਂ ਦੀਆਂ ਹੁਆਂਕਾਂ...... ਇਉਂ ਲਗਦਾ ਜਿਵੇਂ ਅਸੀਂ ਵੀ ਓਹਨਾਂ ਸਮਿਆਂ 'ਚ ਡੈਡੀ ਦੇ ਨਾਲ ਦੁੱਖ ਹੰਢਾ ਰਹੇ ਹੋਈਏ। ਤਿੰਨਾਂ ਭਰਾਵਾਂ 'ਚੋਂ ਵੱਡਾ ਸਾਡਾ ਡੈਡੀ। ਹਰ ਰਿਸ਼ਤੇ ਨੂੰ ਬਰਾਬਰ ਅਹਿਮੀਅਤ ਦੇਣ ਵਾਲਾ। ਪਿਓ ਦੀ ਮੌਤ ਤੋਂ ਬਾਅਦ ਮਾਂ ਤੇ ਦਾਦੀ (ਜਾਣੀਕਿ ਸਾਡੀ ਦਾਦੀ ਤੇ ਪੜਦਾਦੀ) ਘਰ ਰਹਿ ਗਈਆਂ। ਮਾਂ ਵੱਲੋਂ ਕੱਪੜੇ ਸਿਉਂ ਕੇ ਘਰ ਦਾ ਖਰਚਾ ਤੋਰਨਾ। ਜਦੋਂ ਡੈਡੀ ਉਡਾਰ ਹੋਇਆ ਤਾਂ ਮਾਂ ਅਕਾਲ ਚਲਾਣਾ ਕਰ ਗਈ। ਫਿਰ ਦਾਦੀ ਵੀ ਪੰਧ ਮੁਕਾ ਗਈ। ਭੈਣ ਦੇ ਵਿਆਹ ਤੋਂ ਬਾਅਦ ਤਿੰਨੇ ਭਰਾ ਹੀ ਘਰ 'ਚ ਰਹਿ ਗਏ। ਆਪਣਾ ਵਿਆਹ ਆਵਦੀਆਂ ਮੀਢੀਆਂ ਆਪ ਗੁੰਦਣ ਵਾਂਗ ਹੋਇਆ। ਤੰਗੀਆਂ ਤੁਰਸ਼ੀਆਂ 'ਚ ਹੋਈ ਦਸਵੀਂ ਦੀ ਪੜ੍ਹਾਈ ਕਰਕੇ ਪੰਜਾਬ ਰੋਡਵੇਜ 'ਚ ਨੌਕਰੀ ਮਿਲ ਗਈ। ਆਪ ਤੋਂ ਛੋਟਾ ਭਰਾ ਸਾਡਾ ਚਾਚਾ ਚੜ੍ਹਤ ਸਿੰਘ (ਭੋਲਾ) ਵੀ ਪੱਕਾ ਕੰਡਕਟਰ ਲੱਗ ਗਿਆ। ਘਰ 'ਚ ਦੋ ਤਨਖਾਹਾਂ 'ਡਿੱਗਣ' ਦਾ ਚਾਅ ਬਾਹਲੀ ਦੇਰ ਨਾ ਟਿਕ ਸਕਿਆ। ਚਾਚਾ ਭੋਲਾ ਆਵਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤਾ ਨਹੀਂ ਕਿੱਧਰ ਆਲੋਪ ਹੋ ਗਿਆ, ਜੋ ਅੱਜ ਤੱਕ ਘਰ ਵਾਪਸ ਨਾ ਆਇਆ। ਚਾਚੀ ਮੁੜ ਪੇਕੇ ਘਰ ਵਾਪਸ ਚਲੀ ਗਈ। ਡੈਡੀ ਨੇ ਚਾਚੇ ਦੀ ਭਾਲ 'ਚ ਘਰ ਮੂਧਾ ਮਾਰ ਲਿਆ। ਚਾਚੇ ਦਾ ਸਹੁਰਾ ਪਰਿਵਾਰ ਕਲਕੱਤੇ ਰਹਿੰਦਾ ਸੀ। ਕਲਕੱਤੇ ਤੱਕ ਬੱਸਾਂ, ਰੇਲਾਂ 'ਚ "ਗੁੰਮਸ਼ੁਦਾ ਦੀ ਤਲਾਸ਼" ਵਾਲੇ ਪੋਸਟਰ ਹੱਥੀਂ ਲਾਏ। ਕਰਜ਼ਈ ਹੋ ਗਿਆ। ਭੋਲੇ ਚਾਚੇ ਦਾ ਵਿਛੋੜਾ ਹੱਡੀਆਂ ਨੂੰ ਆਖਰੀ ਸਾਹ ਤੱਕ ਘੁਣ ਵਾਂਗ ਲੱਗਿਆ ਰਿਹਾ। ਕੱਚਾ ਘਰ ਮੀਂਹ ਕਾਰਨ ਢਹਿ ਗਿਆ ਤਾਂ ਪਿੰਡ ਦੀ ਫਿਰਨੀ 'ਤੇ 30 ਮਰਲੇ ਜਗ੍ਹਾ ਖਰੀਦ ਲਈ। ਤਿੰਨ ਹਿੱਸਿਆਂ ਦੀ ਗੱਲ ਕਰਦਾ ਡੈਡੀ ਅਕਸਰ ਹੀ ਫੋੜੇ ਵਾਂਗ ਫਿੱਸ ਪੈਂਦਾ ਕਿ "ਭੋਲਾ ਭਾਵੇਂ ਅੱਜ ਆ ਜਾਵੇ ਦਸ-ਦਸ ਮਰਲੇ ਮੇਰੇ ਤੇ ਕਮਲਜੀਤ ਦੇ, ਦਸ ਭੋਲੇ ਦੇ।"
ਘਰ ਰੰਗੀਂ ਵਸਣ ਲੱਗਾ ਪਰ ਇਸ ਤੋਂ ਪਹਿਲਾਂ ਹੰਢਾਏ ਸੰਤਾਪ ਨੇ ਗੁਰਬਚਨ ਸਿੰਘ ਖੁਰਮੀ ਦੀ "ਹਿੰਮਤਪੁਰੀਆ ਖੁਰਮੀ" ਦੇ ਰੂਪ ਵਿੱਚ ਗੀਤਕਾਰ ਬਣਨ ਦੀ ਸੱਧਰ ਦਾ ਗਲਾ ਘੁੱਟਿਆ ਗਿਆ। ਡੈਡੀ ਜੀ ਅਜੇ ਨੌਵੀਂ 'ਚ ਪੜ੍ਹਦੇ ਸਨ ਕਿ ਪਿੰਡ ਨਰਿੰਦਰ ਬੀਬਾ ਜੀ ਦਾ ਅਖਾੜਾ ਲੱਗਿਆ। ਤੂੰਬੀ ਦੀ ਤਾਰ ਟੁੱਟ ਗਈ, ਸਟੇਜ ਤੋਂ ਹੋਕਾ ਦਿੱਤਾ ਕਿ "ਜੇ ਕਿਸੇ ਕੋਲ ਤੂੰਬੀ ਜਾਂ ਤਾਰ ਹੈ ਤਾਂ ਤੁਰੰਤ ਪਹੁੰਚਦੀ ਕਰੇ।"
ਡੈਡੀ ਦੇ ਦੱਸਣ ਅਨੁਸਾਰ ਉਹ ਭੱਜ ਕੇ ਘਰ ਆਏ ਤੇ ਤੂੰਬੀ ਫੜਾ ਦਿੱਤੀ। ਅਖਾੜਾ ਖਤਮ ਹੋਣ 'ਤੇ ਤੂੰਬੀ ਫੜਨ ਵੇਲੇ ਬੀਬਾ ਜੀ ਨੇ ਪੁੱਛਿਆ, "ਤੂੰ ਤਾਂ ਅਜੇ ਬਹੁਤ ਛੋਟੈਂ, ਤੂੰਬੀ ਕਿਵੇਂ ਰੱਖੀ ਬੈਠੈਂ?"
ਡੈਡੀ ਨੇ ਦੱਸਿਆ ਕਿ "ਮੈਨੂੰ ਗਾਣੇ ਲਿਖਣ ਦਾ ਸ਼ੌਕ ਐ ਤੇ ਸ਼ੌਕੀਆ ਤੌਰ 'ਤੇ ਤੂੰਬੀ ਵੀ ਟੁਣਕਾ ਲੈਨਾਂ।"
ਓਹ ਜਾਂਦੇ ਹੋਏ ਗੀਤ ਭੇਜਣ ਲਈ ਪਤਾ ਟਿਕਾਣਾ ਲਿਖਾ ਗਏ। "ਹਿੰਮਤਪੁਰੀਆ ਖੁਰਮੀ" ਗਾਇਆ ਸੁਣਨ ਦੇ ਚਾਅ 'ਚ ਡੈਡੀ ਨੇ ਗਾਣੇ- ਦੋਗਾਣੇ ਭੇਜ ਦਿੱਤੇ। ਇਹ ਓਹਨਾਂ ਦਿਨਾਂ ਦੀ ਗੱਲ ਐ ਜਦੋਂ ਟਿੱਬਿਆਂ ਦੇ ਵਿਚਕਾਰ ਵਸੇ ਹਿੰਮਤਪੁਰੇ ਦੇ ਲੋਕਾਂ ਲਈ ਲੁਧਿਆਣਾ ਵੀ ਦਿੱਲੀ ਦੱਖਣ ਹੀ ਸੀ। ਨਰਿੰਦਰ ਬੀਬਾ ਜੀ ਦੇ ਦਫਤਰੋਂ ਚਿੱਠੀ ਆਈ ਕਿ ਗੀਤ ਰਿਕਾਰਡ ਹੋਣ ਜਾ ਰਿਹਾ ਜਾਂ ਰਹੇ ਹਨ, ਲਿਖਤੀ ਇਕਰਾਰ ਕਰ ਜਾਓ। ਇਹ ਇੱਕ ਅਜਿਹਾ ਮੋੜ ਸੀ ਜੋ ਜਿੰਦਗੀ ਦਾ ਪਾਸਾ ਪਲਟ ਸਕਦਾ ਸੀ ਪਰ ਕੁਦਰਤ ਨੇ ਐਸਾ ਮੋੜ ਕੱਟਿਆ ਕਿ ਮਾਂ (ਸਾਡੀ ਦਾਦੀ) ਦੀ ਮੌਤ ਹੋ ਗਈ। ਗੀਤ ਸੰਗੀਤ ਸਭ ਰੋਟੀਆਂ ਲਾਹੁਣ ਦੇ ਆਹਰ 'ਚ ਰੁਲ ਕੇ ਰਹਿ ਗਏ।
ਹੁਣ ਪਿੰਡ ਦੀ ਫਿਰਨੀ 'ਤੇ ਘਰ ਉੱਸਰ ਚੁੱਕਿਆ ਸੀ ਤੇ "ਹਿੰਮਤਪੁਰੀਆ ਖੁਰਮੀ" ਬਣਦਾ ਬਣਦਾ ਗੁਰਬਚਨ ਸਿਉਂ ਹੁਣ ਪੱਕੇ ਤੌਰ 'ਤੇ ਕੰਡਕਟਰ ਗੁਰਬਚਨ ਸਿੰਘ ਖੁਰਮੀ ਬਣ ਗਿਆ ਸੀ। ਹੁਣ ਗੀਤਾਂ ਦੀ ਦੁਨੀਆਂ 'ਚ ਫੇਰ ਮੁੜ ਆਇਆ। ਬੱਸਾਂ, ਸਫਰ, ਡਰਾਈਵਰਾਂ, ਇੰਸਪੈਕਟਰਾਂ, ਢਾਬਿਆਂ, ਹੋਟਲਾਂ ਵਾਲਿਆਂ ਦੀਆਂ ਸਖਸ਼ੀਅਤਾਂ ਗੀਤਾਂ 'ਚ ਮੜ੍ਹਨ ਲੱਗਿਆ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੌਥੀ ਜਮਾਤ 'ਚ ਸੀ ਕਿ ਡੈਡੀ ਦਾ ਹੁਕਮ ਆਇਆ ਕਿ ਫਲਾਣੇ ਡਰਾਈਵਰ ਕੰਡਕਟਰ ਨਾਲ ਬੱਸ ਚੜ੍ਹ ਕੇ ਬੱਧਨੀ ਆ ਜਾਵੀਂ। ਕੰਡਕਟਰ ਨੂੰ ਡੈਡੀ ਨੇ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਨਾਨਕਸਰ ਗੁਰਦੁਆਰੇ ਦੇ ਮੂਹਰੇ ਇਲੈਕਟ੍ਰਾਨਿਕ ਸਾਮਾਨ ਦੀ ਦੁਕਾਨ ਵਾਲੇ ਸ. ਜਰਨੈਲ ਸਿੰਘ ਕੋਲ ਉਤਾਰ ਦੇਣਾ। ਉਸ ਦਿਨ ਮੈਂ ਡੈਡੀ ਦਾ ਲਿਖਿਆ ਹੋਇਆ ਬਾਲ ਗੀਤ "ਮੰਮੀ ਜੀ ਮੇਰੀ ਕਰੋ ਤਿਆਰੀ, ਪੜ੍ਹਨ ਸਕੂਲੇ ਜਾਣਾ ਏ। ਫੱਟੀ ਕੈਦਾ ਕਲਮ ਦਵਾਤਾਂ, ਬਸਤਾ ਨਾਲ ਲਿਜਾਣਾ ਏ" ਕਵੀ ਦਰਬਾਰ ਵਿੱਚ ਗਾਉਣਾ ਸੀ। ਲੋਪੋ ਰੋਡ 'ਤੇ ਹਾਈ ਸਕੂਲ 'ਚ ਮੈਂ ਲੈਕਚਰ ਸਟੈਂਡ ਤੋਂ ਪਾਸੇ ਰੱਖੇ ਮਾਈਕ ਮੂਹਰੇ ਖੜ੍ਹਾ ਸੀ ਤੇ ਡੈਡੀ ਮੇਰੇ ਪਿੱਛੇ ਖੜ੍ਹੇ ਸਨ।
ਇਸ ਤਰ੍ਹਾਂ ਦਾ ਸਮਾਂ ਹੂਬਹੂ ਓਵੇਂ ਹੀ ਮੁੜ ਆਇਆ ਜਦੋਂ 2015 'ਚ ਮੈਨੂੰ ਬਰੈਡਫੋਰਡ ਦੀ ਬੀਕਾਸ ਸੰਸਥਾ ਦੇ ਕਵੀ ਦਰਬਾਰ 'ਚ ਜਾਣ ਦਾ ਮੌਕਾ ਮਿਲਿਆ। ਹੁਣ ਮੈਂ ਪਿਓ ਸੀ ਤੇ ਪੰਜ ਸਾਲ ਦਾ ਹਿੰਮਤ ਲੈਕਚਰ ਸਟੈਂਡ ਤੋਂ ਪਾਸੇ ਹੋ ਕੇ ਖੜ੍ਹਨ ਦੀ ਬਜਾਏ ਕੁਰਸੀ 'ਤੇ ਖੜ੍ਹ ਕੇ ਮਾਈਕ ਤੱਕ ਅੱਪੜਿਆ ਹੋਇਆ ਸੀ। ਹਿੰਮਤ ਨੇ ਮੇਰਾ ਲਿਖਿਆ ਗੀਤ "ਓ ਪੰਜਾਬ ਸਿਆਂ, ਹੁਣ ਤੇਰਾ ਅੱਲ੍ਹਾ ਵੀ ਨਹੀਂ ਬੇਲੀ" ਗਾ ਕੇ ਮੈਨੂੰ ਪੁਰਾਣੇ ਸਮੇਂ 'ਚ ਲਿਜਾ ਖੜ੍ਹਾ ਕੀਤਾ। ਮੈਂ ਹਿੰਮਤ ਦੇ ਮਗਰ ਖੜ੍ਹਾ ਵੀ ਓਹਨਾਂ ਸਮਿਆਂ ਬਾਰੇ ਹੀ ਸੋਚ ਰਿਹਾ ਸੀ ਕਿ ਕਿਵੇਂ ਐਸੇ ਤਰ੍ਹਾਂ ਹੀ ਕਦੇ ਡੈਡੀ ਵੀ ਮੇਰੇ ਮਗਰ ਖੜ੍ਹੇ ਸਨ।
ਡੈਡੀ ਦੇ ਲਿਖੇ ਗੀਤਾਂ ਨੂੰ ਅਸੀਂ ਦੋਵੇਂ ਭਰਾ ਘਰੇ ਮਹਿਫਲ ਲਾ ਕੇ ਗਾਉਂਦੇ ਰਹਿੰਦੇ। ਮੈਂ ਸਕੂਲ ਦੀਆਂ ਬਾਲ ਸਭਾਵਾਂ, ਨਗਰ ਕੀਰਤਨਾਂ, ਨਾਟਕ ਮੇਲਿਆਂ ਆਦਿ 'ਤੇ ਗਾਉਂਦਾ ਰਹਿੰਦਾ। ਪਰ ਡੈਡੀ ਦੇ ਜਿਉਂਦੇ ਜੀਅ ਇਹ ਸੋਝੀ ਹੀ ਨਾ ਆਈ ਕਿ ਕੋਈ ਗੀਤ ਰਿਕਾਰਡ ਹੋ ਜਾਂਦਾ।
ਮੈਂ ਡੈਡੀ ਦੇ ਗੀਤਾਂ ਨੂੰ ਗਾਉਂਦਿਆਂ, ਗੁਣਗੁਣਾਉਂਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਗੀਤ ਲਿਖਣ ਲੱਗ ਪਿਆ? ਡੈਡੀ ਦੇ ਚਲਾਣੇ ਤੋਂ ਬਾਅਦ ਮੁੜ ਸਭ ਸੁੱਖ ਪੁੱਠੀ ਪਲਟੀ ਮਾਰ ਗਏ। ਇੰਗਲੈਂਡ ਆ ਵਸਿਆ ਤਾਂ ਖੁਦ ਦੋ ਤਿੰਨ ਗੀਤ ਆਪਣੀ ਆਵਾਜ 'ਚ ਰਿਕਾਰਡ ਕਰਵਾ ਕੇ ਅਧੂਰੀ ਖਾਹਿਸ਼ ਪੂਰੀ ਕਰਨ ਵੱਲ ਪਹਿਲਾ ਕਦਮ ਪੁੱਟਿਆ। ਹੁਣ ਪੁੱਤ ਹਿੰਮਤ ਵੀ ਛੇ ਕੁ ਸਾਲ ਦਾ ਹੋ ਚੁੱਕਿਆ ਸੀ ਤਾਂ ਫਰਾਟੇਦਾਰ ਪੰਜਾਬੀ ਬੋਲਣ ਲੱਗ ਪਿਆ। 2017 'ਚ ਪਿੰਡ ਗੇੜਾ ਵੱਜਿਆ ਤਾਂ ਮੋਗੇ ਗਾਇਕ ਤੇ ਸੰਗੀਤਕਾਰ ਬਲਜਿੰਦਰ ਬਿੱਟੂ (ਗੁਰਸ਼ੇਰ ਸਿੰਘ) ਕੋਲ ਹਿੰਮਤ ਦੇ ਮੂੰਹੋਂ ਬਾਲ ਗੀਤ ਦੀ ਰਿਕਾਰਡਿੰਗ ਕਰਵਾ ਲਈ। ਸੰਗੀਤ ਤਿਆਰ ਕਰਨ ਵਿੱਚ ਗੁਰਸ਼ੇਰ ਸਿੰਘ ਤੇ ਨਿੰਮਾ ਵਿਰਕ ਜੀ ਦੀਆਂ ਸੇਵਾਵਾਂ ਲਈਆਂ ਗਈਆਂ। ਪ੍ਰਸਿੱਧ ਸ਼ਾਇਰ ਜਨਾਬ ਅਮਰ ਸੂਫ਼ੀ ਜੀ, ਸ਼ਾਇਰ ਧਾਮੀ ਗਿੱਲ ਜੀ ਦੀਆਂ ਮੱਤਾਂ, ਸਲਾਹਾਂ, ਮਸ਼ਵਰਿਆਂ ਤੋਂ ਬਾਅਦ ਗੀਤਕਾਰ ਪ੍ਰੀਤ ਭਾਗੀਕੇ ਵੱਲੋਂ ਤਿਆਰ ਬਾਲ ਗੀਤ ਹਿੰਮਤ ਦੇ ਬੋਲਾਂ ਵਿੱਚ ਸ਼ਿੰਗਾਰਿਆ ਗਿਆ। 2017 ਤੋਂ ਲੈ ਕੇ 2022 ਤੱਕ ਪਤਾ ਹੀ ਨਾ ਲੱਗਾ ਕਿ ਸਮਾਂ ਕਿੱਧਰ ਗੁਆਚ ਗਿਆ? ਆਖਿਰ ਹੁਣ ਗੀਤ ਦੀ ਵੀਡੀਓ ਮੁਕੰਮਲ ਹੋ ਸਕੀ ਹੈ ਤੇ ਡੈਡੀ ਗੁਰਬਚਨ ਸਿੰਘ ਖੁਰਮੀ ਦਾ ਸਫ਼ਰ 'ਤੇ ਨਿੱਕਲਿਆ ਹੋਇਆ ਸੁਪਨਾ ਉਹਨਾਂ ਦਾ ਪੋਤਰਾ "ਹਿੰਮਤ ਖੁਰਮੀ" ਪੂਰਾ ਕਰਨ ਜਾ ਰਿਹਾ ਹੈ। ਬੇਸ਼ੱਕ ਡੈਡੀ ਦੇ ਜਿਉਂਦਿਆਂ ਕਿਸੇ ਰਿਕਾਰਡ ਗੀਤ ਵਿੱਚ ਉਹਨਾਂ ਦਾ ਨਾਮ ਨਾ ਆ ਸਕਿਆ ਪਰ ਹਿੰਮਤ ਦੇ ਗੀਤ ਦੀ ਸ਼ੁਰੂਆਤ ਹੀ ਉਸਦੇ ਦਾਦਾ ਜੀ "ਹਿੰਮਤਪੁਰੇ ਵਾਲੇ ਗੁਰਬਚਨ ਸਿੰਘ ਖੁਰਮੀ" ਦੇ ਜ਼ਿਕਰ ਨਾਲ ਹੋਈ ਹੈ। 1 ਅਕਤੂਬਰ 2022 ਨੂੰ ਲੋਕ ਅਰਪਣ ਹੋਣ ਜਾ ਰਿਹਾ ਗੀਤ "ਮੇਰੀ ਮਾਂ ਬੋਲੀ" ਸਚਮੁੱਚ ਹੀ ਟਿੱਬਿਆਂ 'ਚ ਵਸੇ ਪਿੰਡ ਦੇ ਇੱਕ ਪਿਓ ਦਾ ਸੁਪਨਾ ਸੀ, ਜੋ ਸਾਕਾਰ ਸੱਤ ਸਮੁੰਦਰ ਪਾਰ ਆ ਕੇ ਹੋਇਆ ਹੈ।
ਭਗਵੰਤ ਮਾਨ ਆਪਣਾ ਸਿਰ ਖੁਦ ਪਲੋਸ ਕੇ ਅਸੀਸਾਂ ਲੈਣ ਦੇ ਚੱਕਰ 'ਚ ਕਿਉਂ ਪੈ ਰਿਹੈ?? - ਮਨਦੀਪ ਖੁਰਮੀ ਹਿੰਮਤਪੁਰਾ
ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ। - ਮਨਦੀਪ ਖੁਰਮੀ ਹਿੰਮਤਪੁਰਾ
ਕਿਸੇ ਗਾਇਕ ਦਾ ਫੈਨ ਜਾਂ ਚਾਹੁਣ ਵਾਲਾ, ਉਸ ਗਾਇਕ ਲਈ ਗੀਤ ਲਿਖਣ ਵਾਲਾ ਜਾਂ ਸੰਗੀਤ ਤਿਆਰ ਕਰਨ ਵਾਲਾ ਲਿਆਕਤਮੰਦ ਹੋ ਸਕਦੈ ਪਰ ਇਸ ਗੱਲ ਦੀ ਕਦਾਚਿਤ ਗਾਰੰਟੀ ਨਹੀਂ ਕਿ ਓਹ ਗਾਇਕ ਬੂਝੜ ਨਹੀਂ ਹੋ ਸਕਦਾ। ਗਾਇਕੀ ਖੇਤਰ ਵਿੱਚ ਅਸੀਂ ਸ਼ੋਹਰਤ ਤੇ ਮਿਹਨਤ ਦੇ ਤੁਪਕੇ ਤੁਪਕੇ ਦੀ ਖੁਰਾਕ ਨਾਲ ਪਲ਼ੇ ਤੇ ਛਾਵਾਂ ਵੰਡਣ ਵਾਲੇ ਬੋਹੜ ਵੀ ਬਹੁਤ ਦੇਖੇ ਹੋਣਗੇ ਤੇ ਸਾਡੀਆਂ ਰਗਾਂ 'ਚ ਸਿੱਧੀ ਫੈਨਪੁਣੇ ਦੀ ਨਾਲ਼ੀ ਲਾ ਕੇ ਦਿਨਾਂ 'ਚ ਵਧੇ ਸਫੈਦੇ ਵੀ ਬਹੁਤ ਦੇਖੇ ਹੋਣਗੇ। ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਦਾ ਹਿੱਸਾ ਬਣਾਉਣ ਦੀ ਲੋੜ ਐ ਕਿ ਸਫੈਦਾ ਅਸਮਾਨ ਵੱਲ ਨੂੰ ਲੰਮਾ ਤਾਂ ਬਹੁਤ ਲੰਘ ਜਾਂਦੈ ਪਰ ਜੜ੍ਹ ਜਿਆਦਾ ਡੂੰਘੀ ਨਹੀਂ ਹੁੰਦੀ।
ਇੱਕ ਸਰੋਤੇ ਵਜੋਂ ਜਿਉਂ ਹੀ ਕੋਈ ਗੀਤ ਟੁੰਬਦੈ ਤਾਂ ਵਾਰ ਵਾਰ ਸੁਣਦਾ ਹਾਂ ਪਰ ਜਿਸ ਚੀਜ਼ ਨੂੰ ਅੱਖ ਨਾ ਝੱਲੇ, ਓਹਨੂੰ ਜੀਭ ਨਹੀਂ ਝੱਲ ਸਕਦੀ। ਗਾਇਕਾਂ ਦੇ ਫੈਨ ਬਣਨਾ ਮਾੜੀ ਗੱਲ ਨਹੀਂ, ਸਗੋਂ ਪਿਛਲੱਗ ਬਣਨਾ ਓਨਾ ਹੀ ਖਤਰਨਾਕ ਹੈ ਜਿੰਨਾ ਪੈਸੇ ਜਾਂ ਬੋਤਲ ਖਾਤਰ ਵੋਟ ਵੇਚਣੀ। ਮਾਂ ਪਿਓ ਨੂੰ ਘਰੇ ਪਾਣੀ ਨਾ ਪੁੱਛਣਾ ਤੇ ਡੇਰੇ ਜਾ ਕੇ ਬੂਬਨੇ ਦੇ ਖੁਰੜਿਆਂ ਦੀ ਮੈਲ ਧੋਣੀ। ਤੁਸੀਂ ਇੱਕ ਨੂੰ ਸੁਣਦੇ ਹੋ ਤੇ ਦੂਜਾ ਤੁਹਾਨੂੰ ਲੀਰਾਂ, ਭੇਡਾਂ, ਖੱਚਾਂ ਦੱਸੇ? ਇਹ ਕਸੂਰ ਓਹਨਾਂ ਦਾ ਨਹੀਂ, ਸਗੋਂ ਸਾਡਾ ਹੈ। ਅਸੀਂ ਇਹ 'ਸਮਾਨ' ਖੁਦ ਬਣ ਰਹੇ ਹਾਂ, ਓਹਨਾਂ ਨੂੰ ਮੂੰਹ ਥਾਈਂ ਜੰਗਲ ਪਾਣੀ ਜਾਣ ਦੀ ਆਦਤ ਪਾ ਰਹੇ ਹਾਂ। ਅਸੀਂ ਇਹ ਨਹੀਂ ਕਿਹਾ ਕਿ "ਨਿੱਕਿਆ! ਤੇਰੀ ਜੀਭ ਗਾਉਂਦੀ ਹੀ ਸ਼ੋਭਦੀ ਐ। ਜੇ ਸਾਡੇ ਹੋਰ ਭੈਣਾਂ ਭਾਈਆਂ ਨੂੰ ਤੂੰ ਭੇਡਾਂ ਬੱਕਰੀਆਂ ਦੱਸੇਂਗਾ, ਤਾਂ ਮੂਹਰਲਾ ਅਖੌਤੀ ਵੈਲੀ ਤੇਰੇ ਪਿਛਲੱਗ ਸਾਡੇ ਹੀ ਭੈਣਾਂ ਭਾਈਆਂ ਲਈ ਪਤਾ ਨਹੀਂ ਕੀ ਕੀ ਗੰਦ ਮੂੰਹ ਰਾਹੀਂ ਹੱਗੂ?"
ਗੀਤਾਂ 'ਚ ਸਾਲੇ ਪ੍ਰਾਹੁਣੇ ਸੁਣਨ ਦੇ 'ਰਿਵਾਜ਼' ਨੂੰ ਵੀ ਤਾਂ ਅਸੀਂ ਹੀ ਹਵਾ ਦੇ ਰਹੇ ਹਾਂ। ਅਸੀਂ ਕੂਕਾਂ ਚੀਕਾਂ ਮਾਰ ਮਾਰ ਕੇ ਸਹਿਮਤੀ ਦੇ ਦਿੰਨੇ ਆਂ ਕਿ "ਪ੍ਰਵਾਨ ਆ ਬਈ, ਪ੍ਰਵਾਨ ਐ। ਅਗਲੇ ਗੀਤ 'ਚ ਮਾਂ ਦੀ ਗਾਲ ਕੱਢੀਂ। ਅਸੀਂ ਚੀਕਾਂ ਦੇ ਨਾਲ ਨਾਲ ਭੰਗੜਾ ਵੀ ਪਾਵਾਂਗੇ।"
ਇੱਕ ਕੁਆਰੀ ਬੀਬੀ ਦੇ ਨਾਂ ਖ਼ਤ ਰੂਪੀ ਲੇਖ ਲਿਖਿਆ ਸੀ ਤਾਂ ਗੁੰਮਰਾਹ ਹੋਏ 'ਕੁਝ' ਕੁ ਸੱਜਣਾਂ ਵੱਲੋਂ "ਧਮਕਾਊ-ਸੰਵਾਦ" ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਉਸ ਲੇਖ 'ਚ ਗਾਇਕਾ ਨੂੰ ਕੁਝ ਕੁ ਸਵਾਲ ਕੀਤੇ ਸਨ ਪਰ ਦੋ ਵੱਖ ਵੱਖ ਮੁਲਕਾਂ (ਇਟਲੀ ਤੇ ਅਮਰੀਕਾ) ਤੋਂ ਮਾਰਨ ਤੱਕ ਦੀ ਧਮਕੀ ਵੀ ਆਈ। (ਸ਼ਾਇਦ ਪ੍ਰਮੋਟਰ ਸੱਜਣ ਹੋਣਗੇ) ਸਬੱਬੀਂ ਦੋਵੇਂ ਦੇਸ਼ੀਂ ਹੀ ਜਾਣ ਦਾ ਸਬੱਬ ਬਣ ਗਿਆ। ਦੋਵੇਂ ਥਾਈਂ ਜਾ ਕੇ ਖੁੱਲ੍ਹੇਆਮ ਇਹੀ ਸੱਦਾ ਦਿੱਤਾ ਸੀ ਕਿ "ਮੈਂ ਮਰਨ ਲਈ ਖੁਦ ਹਵਾਈ ਟਿਕਟ ਖਰਚ ਕੇ ਤੁਹਾਡੇ ਦੇਸ਼ ਆਇਆ ਹਾਂ। ਜੀਅ ਸਦਕੇ ਮਾਰੋ ਪਰ ਓਹੀ ਸਵਾਲਾਂ ਦੇ ਜੁਆਬ ਤੁਸੀਂ ਜ਼ਰੂਰ ਦੇ ਦੇਣੇ।" ਅਮਰੀਕਾ ਤਾਂ ਮੈਂ ਲਗਭਗ ਦੋ ਹਫਤੇ ਰਿਹਾ, ਪਰ ਬਹੁੜਿਆ ਕੋਈ ਨਾ। ਵਜ੍ਹਾ ਇਹੀ ਸੀ ਕਿ ਜਿਵੇਂ ਅਸੀਂ ਜੀਭ ਦੇ ਸੁਆਦ ਲਈ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਹਾਂ, ਓਸੇ ਤਰ੍ਹਾਂ ਹੀ ਕੰਨਾਂ ਦੇ ਸੁਆਦ ਲਈ ਇੱਕ ਕਿੱਲੇ ਬੱਝ ਹੀ ਨਹੀਂ ਸਕਦੇ। ਇਹੀ ਕਾਰਨ ਹੋ ਸਕਦੈ ਕਿ ਮੇਰੇ ਅਮਰੀਕਾ ਜਾਂ ਇਟਲੀ ਜਾਣ ਤੱਕ ਉਹਨਾਂ "ਬਦਮਾਸ਼ ਫੈਨਾਂ" ਨੇ ਕਿਸੇ ਹੋਰ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੋਵੇ।
ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ, ਕਿ ਅਸੀਂ ਦੂਜੇ ਨੂੰ ਸਾਲ਼ਾ ਬਣਾ ਕੇ ਤੇ ਪ੍ਰਾਹੁਣਾ ਅਖਵਾ ਕੇ ਜੇਤੂ ਮਹਿਸੂਸ ਕਰਦੇ ਹਾਂ। ਜੇ ਸਾਲ਼ਾ ਸ਼ਬਦ ਐਨਾ ਹੀ ਤਰਸ ਦਾ ਪਾਤਰ ਐ ਤਾਂ ਦੁਆ ਕਰੂੰਗਾ ਕਿ ਅਜਿਹੇ ਕਪੂਤ ਦੇ ਘਰੇ ਕੁੜੀ ਨਾ ਹੀ ਜੰਮੇ। ਜਿਹੜੇ ਕਲੱਗ ਲਈ ਕੁੜੀ ਸਿਰਫ਼ 'ਪ੍ਰਾਹੁਣੇ ਦਾ ਤਾਜ' ਸਿਰ ਧਰਾਉਣ ਵਾਲੀ ਸ਼ਾਮਲਾਟ ਹੈ, ਅਜਿਹੇ ਦੇ ਘਰੋਂ ਕਦੇ ਵੀ ਕੋਈ ਵੀ ਮਨਹੂਸ ਖ਼ਬਰ ਸੁਣਨ ਨੂੰ ਮਿਲ ਸਕਦੀ ਐ। ਗੀਤਾਂ 'ਚ ਸਾਲ਼ੇ ਪ੍ਰਾਹੁਣਿਆਂ ਵਾਲ਼ੇ ਬੋਲਾਂ 'ਤੇ ਬਾਘੀਆਂ ਪਾਉਣ ਵਾਲਿਆਂ ਨੂੰ ਇਹ ਵੀ ਸੋਚਣਾ ਪਵੇਗਾ ਕਿ ਇਹ ਤੁਹਾਡੇ ਲਈ ਵੀ ਕਿਹਾ ਗਿਆ ਹੈ। ਕਿਉਂਕਿ ਤੁਸੀਂ ਇੱਕ ਦੇ ਫੈਨ ਤੇ ਦੂਜੇ ਲਈ ਇਹੀ ਕੁਝ ਹੋ। ਇਹ ਸਵਾਲ ਵੀ ਵਾਰ ਵਾਰ ਜ਼ਿਹਨ 'ਚ ਆਉਂਦੈ ਕਿ ਜੇ 'ਪ੍ਰਾਹੁਣਾ' ਸ਼ਬਦ ਕਿਸੇ ਜਿੱਤ, ਹੈਂਕੜ ਜਾਂ ਧੌਂਸ ਦਾ ਪ੍ਰਤੀਕ ਐ ਤਾਂ...... ਗੀਤਾਂ 'ਚ ਪ੍ਰਾਹੁਣਾ ਪ੍ਰਾਹੁਣਾ ਦਾ ਅਲਾਪ ਰਟਣ ਵਾਲੇ ਆਪਣੀਆਂ ਭੈਣਾਂ ਨੂੰ ਤਾ-ਉਮਰ ਕੁਆਰੀਆਂ ਰੱਖਣਗੇ ਕਿ ਕਿਸੇ ਦੇ ਸਾਲ਼ੇ ਬਣਨਾ ਪਊ??
ਥੋੜ੍ਹੀ ਜਿਹੀ ਉਮਰ 'ਚ ਹੀ ਉੱਚੇ ਉੱਚੇ ਸਫੈਦੇ ਖਤਾਨਾਂ 'ਚ ਡਿੱਗੇ ਪਏ ਦੇਖੇ ਹਨ। ਮੀਂਹ ਕਣੀ ਜੜ੍ਹਾਂ ਨਾਲ ਕਿਲੋ ਮਿੱਟੀ ਵੀ ਨਹੀਂ ਲੱਗੀ ਰਹਿਣ ਦਿੰਦੀ। ਪੱਤੇ, ਬੱਕਰੀਆਂ ਭੇਡਾਂ ਦੀ ਹੀ ਖੁਰਾਕ ਬਣ ਜਾਂਦੇ ਨੇ ਤੇ ਟਾਹਣੀਆਂ ਲੋੜਵੰਦਾਂ ਦੇ ਚੁੱਲ੍ਹਿਆਂ ਦਾ ਬਾਲਣ ਬਣ ਜਾਂਦੀਆਂ ਹਨ। ਬਾਕੀ ਬਚਦਾ ਮੁੱਚਰ ਸਿਉਂਕ ਦੇ ਹਿੱਸੇ ਆ ਜਾਂਦੈ। ਸਵਾਲ ਸਾਡੇ ਸਭ ਲਈ ਐ ਕਿ ਬਣਨਾ ਕੀ ਐ? ਸਾਲੇ ਪ੍ਰਾਹੁਣੇ ਬਣਨੈ? ਸਿਰਫ ਪਿਛਲੱਗ ਸ਼ਰਧਾਲੂ, ਫੈਨ ਬਣਨੈ? ਜਾਂ ਆਪਣੇ ਖੋਪੜ ਵਰਤਣ ਵਾਲੇ ਬਣਨੈ?? ਲੋੜ ਤਾਂ ਇਹੀ ਐ ਕਿ ਸਾਲ਼ੇ ਜਾਂ ਪ੍ਰਾਹੁਣੇ ਬਣਨ ਬਣਾਉਣ ਦੀ ਦੌੜ 'ਚ ਬਚਿਆ ਖੁਚਿਆ ਦਿਮਾਗ ਖਰਚਣ ਨਾਲੋਂ ਬੰਦੇ ਬਣ ਲਿਆ ਜਾਵੇ। ਸਮਾਜ 'ਚ ਗੰਦ ਪਾਉਣ ਨਾਲੋਂ ਗੰਦ ਸਾਫ਼ ਕਰਨ ਵਾਲ਼ਿਆਂ 'ਚ ਸ਼ੁਮਾਰ ਹੋਈਏ। ਸਾਡੇ ਛੇ ਛੇ ਫੁੱਟੇ ਕੱਦ, ਮੋਢੇ ਡੱਬਾਂ 'ਚ ਟੰਗੇ ਪਿਸਤੌਲ ਬੰਦੂਕਾਂ, ਫੁਕਰੀਆਂ ਕਿਸੇ ਕੰਮ ਨਹੀਂ ਕਿਉਂਕਿ ਕੁੱਤਾ ਵੀ ਪੂਛ ਮਾਰਕੇ, ਥਾਂ ਸਾਫ਼ ਕਰਕੇ ਬਹਿੰਦੈ। ਸ਼ਾਇਦ ਇਸੇ ਕਰਕੇ ਹੀ ਕਿਸੇ ਦੀ ਮੱਤ ਟਿਕਾਣੇ ਲਿਆਉਣ ਲਈ ਅਕਸਰ ਹੀ ਇਹੀ ਕਿਹਾ ਜਾਂਦੈ ਕਿ "ਤੈਨੂੰ ਮੈਂ ਬਣਾਉਨਾਂ ਬੰਦਾ"। ਸਿੱਧਾ ਜਿਹਾ ਮਤਲਬ ਮੁੜ ਇਹੀ ਐ ਕਿ ਅਸੀਂ ਅਜੇ ਬੰਦੇ ਵੀ ਨਹੀਂ ਬਣ ਸਕੇ।
ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ। - ਮਨਦੀਪ ਖੁਰਮੀ ਹਿੰਮਤਪੁਰਾ
6 ਮਈ ਨੂੰ ਹੋਣ ਜਾ ਰਹੀਆਂ ਸਕਾਟਿਸ਼ ਪਾਰਲੀਮੈਂਟ ਚੋਣਾਂ ਕਰਕੇ ਬਰਤਾਨਵੀ ਸਿਆਸਤ ਦੇ ਮੱਥੇ 'ਤੇ ਵੀ ਠੰਢੀਆਂ ਤ੍ਰੇਲੀਆਂ ਆ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਹੌਲੀਰੁਡ ਚੋਣਾਂ ਦੇ ਨਤੀਜੇ ਬਰਤਾਨੀਆ ਦੀ ਸਿਆਸੀ ਧਰਾਤਲ ਲਈ ਵੀ ਅਹਿਮ ਮੋੜ ਪੈਦਾ ਕਰਨਗੇ। ਇੱਥੋਂ ਜਿੱਤਣ ਵਾਲੀ ਪਾਰਟੀ ਬਰਤਾਨਵੀ ਸਿਆਸਤ ਦੇ ਸੈਂਚੇ ਵਿੱਚ ਫਿੱਟ ਬੈਠਦੀ ਹੈ ਜਾਂ ਨਹੀਂ? ਇਹੀ ਚਿੰਤਾ ਪ੍ਰਧਾਨ ਮੰਤਰੀ ਤੱਕ ਦੇ ਅਹੁਦੇ ਲਈ ਸਵਾਲ ਰਹੇਗਾ। 25 ਮਾਰਚ ਤੋਂ ਰਸਮੀ ਤੌਰ 'ਤੇ ਚੋਣ ਪ੍ਰਚਾਰ ਦਾ ਆਗਾਜ਼ ਹੋ ਚੁੱਕਾ ਹੈ। ਸਭ ਤੋਂ ਵਧੇਰੇ ਫਸਵੀਂ ਟੱਕਰ ਮੌਜੂਦਾ ਸਕਾਟਿਸ਼ ਨੈਸ਼ਨਲ ਪਾਰਟੀ ਪ੍ਰਮੁੱਖ ਫਸਟ ਮਨਿਸਟਰ ਨਿਕੋਲਾ ਸਟਰਜਨ ਤੇ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵਾਲੀ ਸੀਟ 'ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਗਲਾਸਗੋ ਸਾਊਥਸਾਈਡ ਹਲਕੇ ਤੋਂ ਜੇਤੂ ਰਹਿ ਚੁੱਕੀ ਫਸਟ ਮਨਿਸਟਰ ਨਿਕੋਲਾ ਸਟਰਜਨ ਮੁੜ ਉੱਥੋਂ ਹੀ ਚੋਣ ਮੈਦਾਨ ਵਿੱਚ ਹੋਵੇਗੀ ਤੇ ਉਸੇ ਸੀਟ ਤੋਂ ਸਕਾਟਿਸ਼ ਲੇਬਰ ਪਾਰਟੀ ਲੀਡਰ ਅਨਸ ਸਰਵਰ ਵੀ ਮੈਦਾਨ ਵਿੱਚ ਡਟਿਆ ਹੋਇਆ ਹੈ। ਅਨਸ ਸਰਵਰ ਵੱਲੋਂ ਪ੍ਰਚਾਰ ਦੇ ਪਹਿਲੇ ਦਿਨ ਹੀ ਇਹ ਬਿਆਨ ਦਿੱਤਾ ਗਿਆ ਸੀ ਕਿ "ਉਕਤ ਹਲਕਾ ਨਿਕੋਲਾ ਸਟਰਜਨ ਲਈ ਤਾਂ ਸਿਆਸੀ ਬਿਸਾਤ ਹੋ ਸਕਦਾ ਹੈ ਪਰ ਇਹ ਹਲਕਾ ਮੇਰਾ ਤਾਂ ਘਰ ਹੈ।" ਨਿਕੋਲਾ ਸਟਰਜਨ ਦੇ ਸਿਆਸੀ ਸਫਰ ਦੇ ਮੁਕਾਬਲੇ ਬਹੁਤ ਘੱਟ ਸਫਰ ਵਾਲੇ ਨੌਜਵਾਨ ਲੇਬਰ ਲੀਡਰ ਅਨਸ ਸਰਵਰ ਦੇ ਇਸ ਜੁਰਅੱਤ ਭਰੇ ਬਿਆਨ ਤੇ ਕਦਮ ਦੀ ਸਿਆਸੀ ਹਲਕਿਆਂ 'ਚ ਭਰਵੀਂ ਚਰਚਾ ਹੋਈ। ਅਨਸ ਸਰਵਰ ਦੀ ਲਲਕਾਰ ਤੇ ਫੈਸਲੇ ਨੂੰ ਸਿਆਸਤ ਪ੍ਰਤੀ ਡੂੰਘੀ ਸਮਝ ਰੱਖਣ ਵਾਲੇ ਲੋਕ ਬਹੁਤ ਹੀ ਫੈਸਲਾਕੁੰਨ ਐਲਾਨ ਦੱਸ ਰਹੇ ਹਨ। ਮੌਜੂਦਾ ਹਾਲਾਤ ਇਹ ਹਨ ਕਿ ਨਿਕੋਲਾ ਸਟਰਜਨ ਜਿੱਥੇ ਸਾਬਕਾ ਫਸਟ ਮਨਿਸਟਰ ਅਲੈਕਸ ਸਲਮੰਡ ਦੇ ਮਾਮਲੇ ਵਿੱਚ ਘਿਰੀ ਰਹੀ, ਉੱਥੇ ਹੁਣ ਅਨਸ ਸਰਵਰ ਵੱਲੋਂ ਆਪਣੇ ਸਿਆਸੀ ਭਵਿੱਖ ਵੱਲੋਂ ਬੇਪ੍ਰਵਾਹ ਹੁੰਦਿਆਂ ਸਾਹਮਣੇ ਡਟ ਜਾਣਾ ਵੀ ਨਿਕੋਲਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗਾ। ਇਸ ਨਾਜ਼ੁਕ ਦੌਰ ਵਿੱਚ ਜੇਕਰ ਅਜੇ ਅਨਸ ਸਰਵਰ ਕੋਲ ਗੁਆਉਣ ਲਈ ਕੁਝ ਵੀ ਨਹੀਂ ਤਾਂ ਨਿਕੋਲਾ ਸਟਰਜਨ ਦਾ ਇਸ ਸੀਟ ਤੋਂ ਹਾਰ ਜਾਣ ਨਾਲ ਬਹੁਤ ਕੁਝ ਗੁਆਚ ਜਾਵੇਗਾ।
ਸਕਾਟਿਸ਼ ਲੇਬਰ ਪਾਰਟੀ ਅਨਸ ਸਰਵਰ ਦੇ ਲੀਡਰ ਬਣਨ ਤੋਂ ਪਹਿਲਾਂ ਸਿਆਸੀ ਧਰਾਤਲ 'ਤੇ ਹੋਂਦ ਬਚਾਉਣ ਦੀ ਹਾਲਤ ਵਿੱਚ ਸੀ ਪਰ ਅਨਸ ਸਰਵਰ ਦੇ ਲੀਡਰ ਵਜੋਂ ਕਮਾਨ ਸੰਭਾਲਣ ਤੋਂ ਬਾਅਦ ਲੇਬਰ ਪਾਰਟੀ ਦੀਆਂ ਸਰਗਰਮੀਆਂ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਸਕਾਟਿਸ਼ ਨੈਸ਼ਨਲ ਪਾਰਟੀ ਸਕਾਟਲੈਂਡ ਵਿੱਚ ਯੂਕੇ ਨਾਲੋਂ ਵੱਖ ਹੋਣ ਲਈ ਦੂਜੀ ਰਾਇਸ਼ੁਮਾਰੀ ਕਰਵਾਉਣ ਲਈ ਬਜ਼ਿਦ ਹੋਣ ਕਰਕੇ ਬਰਤਾਨਵੀ ਸਿਆਸਤ ਦਾ ਅੱਖ-ਤਿਣ ਹੈ ਉੱਥੇ ਲੇਬਰ ਪਾਰਟੀ ਵੱਲੋਂ ਏਕਤਾ ਬਣਾਈ ਰੱਖਣ ਦਾ ਹਾਮੀ ਹੋਣਾ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਹਜ਼ਮ ਆ ਰਿਹਾ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਕੰਸਰਵੇਟਿਵ ਪਾਰਟੀ ਨਾਲ ਸੰਬੰਧ ਰੱਖਦੇ ਹਨ, ਪਰ ਰੈਫਰੰਡਮ ਦੇ ਮੁੱਦੇ 'ਤੇ ਉਹਨਾਂ ਨੂੰ ਸਕਾਟਿਸ਼ ਲੇਬਰ ਪਾਰਟੀ ਦਾ ਸਟੈਂਡ ਪਸੰਦ ਆਉਣਾ ਵੀ ਸੁਭਾਵਿਕ ਹੈ। ਇਹਨਾਂ 6 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਨਤੀਜ਼ੇ ਜੋ ਮਰਜ਼ੀ ਆਉਣ ਪਰ ਇਹ ਗੱਲ ਸਪੱਸ਼ਟ ਹੈ ਕਿ ਥਾਲੀ 'ਚ ਪਰੋਸ ਕੇ ਸੌਖੀ ਜਿੱਤ ਕਿਸੇ ਨੂੰ ਵੀ ਮਿਲਣੀ ਮੁਸ਼ਕਿਲ ਜਾਪ ਰਹੀ ਹੈ। ਸਿਆਸੀ ਧਿਰਾਂ ਵਿੱਚੋਂ ਆਪਣਾ ਅਕਸ, ਭਵਿੱਖੀ ਰਾਹ ਤੇ ਪੈਰ ਜਮਾਉਣ ਵਿੱਚ ਲੇਬਰ ਪਾਰਟੀ ਅਨਸ ਸਰਵਰ ਦੀ ਅਗਵਾਈ ਵਿੱਚ ਲਾਹਾ ਜ਼ਰੂਰ ਲੈ ਜਾਵੇਗੀ। ਜ਼ਿਕਰਯੋਗ ਹੈ ਕਿ ਲੇਬਰ ਲੀਡਰ ਅਨਸ ਸਰਵਰ, ਗਲਾਸਗੋ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਰਹੇ ਚੌਧਰੀ ਮੁਹੰਮਦ ਸਰਵਰ ਦੇ ਫਰਜੰਦ ਹਨ। ਚੌਧਰੀ ਮੁਹੰਮਦ ਸਰਵਰ ਪਾਕਿਸਤਾਨ ਪੰਜਾਬ ਦੇ ਗਵਰਨਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਸਕਾਟਲੈਂਡ ਵਿੱਚ ਮੁਹੰਮਦ ਸਰਵਰ ਦੇ ਸਿਆਸੀ ਪ੍ਰਭਾਵ ਤੇ ਲੋਕਾਂ ਵਿੱਚ ਹਰਮਨ ਪਿਆਰਤਾ ਦਾ ਫਾਇਦਾ ਅਨਸ ਸਰਵਰ ਦੇ ਜ਼ਰੀਏ ਲੇਬਰ ਪਾਰਟੀ ਨੂੰ ਹੀ ਮਿਲੇਗਾ। ਬਰਤਾਨਵੀ ਸਿਆਸਤ ਵਿੱਚ ਕਿਸੇ ਸਿਆਸੀ ਪਾਰਟੀ ਦਾ ਲੀਡਰ ਬਣਨ ਵਾਲਾ ਵੀ ਅਨਸ ਸਰਵਰ ਪਹਿਲਾ ਸਿਆਸਤਦਾਨ ਹੈ ਜੋ ਗੈਰ ਗੋਰਾ ਹੋਣ ਦੇ ਬਾਵਜੂਦ ਪਾਰਟੀ ਦੀ ਅਗਵਾਈ ਕਰ ਰਿਹਾ ਹੈ। ਏਸ਼ੀਅਨ, ਖਾਸ ਕਰਕੇ ਮੁਸਲਿਮ ਪਿਛੋਕੜ ਵਾਲੀ ਵੋਟ ਅਨਸ ਸਰਵਰ ਦੀ ਝੋਲੀ ਵੱਡੀ ਗਿਣਤੀ ਵਿੱਚ ਪੈਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੀ ਵੋਟ ਵੀ ਅਨਸ ਸਰਵਰ ਰਾਹੀਂ ਲੇਬਰ ਪਾਰਟੀ ਦੇ ਖਾਤੇ ਪੈ ਸਕਦੀ ਹੈ, ਕਿਉਂਕਿ ਚੌਧਰੀ ਮੁਹੰਮਦ ਸਰਵਰ ਦੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ 'ਚ ਕੀਤੀਆਂ ਕੋਸ਼ਿਸ਼ਾਂ ਤੇ ਨਿਭਾਇਆ ਹਾਂ-ਪੱਖੀ ਰੋਲ ਵੀ ਸਿੱਖ ਭਾਈਚਾਰੇ ਨੂੰ ਵਾਇਆ ਅਨਸ ਸਰਵਰ ਹੋ ਕੇ ਲੇਬਰ ਪਾਰਟੀ ਦਾ ਸਾਥ ਦੇਣ ਲਈ ਮਜਬੂਰ ਕਰੇਗਾ। ਕਿਉਂਕਿ ਅਨਸ ਸਰਵਰ ਵੱਲੋਂ ਆਪਣੇ ਭਾਸ਼ਣ ਦੌਰਾਨ ਆਪਣੇ ਪਿਤਾ ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਨਾ ਇਹੀ ਯਾਦ ਦਿਵਾਉਣਾ ਹੈ। ਇਸ ਤਰ੍ਹਾਂ ਦਾ ਜ਼ਿਕਰ ਉਹ ਗਲਾਸਗੋ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਵੀ ਕਰ ਚੁੱਕੇ ਹਨ। 129 ਸੀਟਾਂ 'ਤੇ ਹੋਣ ਜਾ ਰਹੇ ਸਿਆਸੀ ਦੰਗਲ 'ਚ ਸਪੱਸ਼ਟ ਬਹੁਮਤ ਲਈ 65 ਸੀਟਾਂ ਦੀ ਲੋੜ ਰਹੇਗੀ। ਇਸ ਸਮੇਂ ਨਿਕੋਲਾ ਸਟਰਜਨ ਦੀ ਅਗਵਾਈ 'ਚ ਸਕਾਟਿਸ਼ ਨੈਸ਼ਨਲ ਪਾਰਟੀ, ਸਕਾਟਿਸ਼ ਕੰਜਰਵੇਟਿਵ (ਡਗਲਸ ਰੌਸ), ਸਕਾਟਿਸ਼ ਲੇਬਰ (ਅਨਸ ਸਰਵਰ), ਸਕਾਟਿਸ਼ ਲਿਬਰਲ ਡੇਮੋਕ੍ਰੇਟਸ (ਵਿਲੀ ਰੈਨੀ), ਸਕਾਟਿਸ਼ ਗ੍ਰੀਨ (ਪੈਟ੍ਰਿਕ ਹਾਰਵੀ, ਲੌਰਨਾ ਸਲੇਟਰ) ਅਤੇ 3 ਨਵੀਆਂ ਪਾਰਟੀਆਂ ਵੀ ਆਪਣੀ ਜ਼ੋਰ ਅਜਮਾਈ ਕਰਨਗੀਆਂ, ਜਿਹਨਾਂ ਵਿੱਚ ਮਾਈਕਲ ਬੈਲਨਟਾਈਨ ਦੀ "ਰਿਫਾਰਮ ਯੂਕੇ", ਸਾਬਕਾ ਫਸਟ ਮਨਿਸਟਰ ਤੇ ਸਕਾਟਿਸ਼ ਨੈਸ਼ਨਲ ਪਾਰਟੀ ਲੀਡਰ ਅਲੈਕਸ ਸਲਮੰਡ ਦੀ "ਅਲਬਾ ਪਾਰਟੀ" ਤੇ ਜਾਰਜ ਗੈਲੋਵੇਅ ਦੀ "ਆਲ ਫੌਰ ਯੂਨਿਟੀ" ਪ੍ਰਮੁੱਖ ਹਨ।
ਇਸ ਚੋਣ ਵਿੱਚ ਹਿੱਸਾ ਲੈਣ ਲਈ ਵੋਟਰਾਂ ਨੂੰ ਆਪਣੇ ਹੱਥੀਂ ਵੋਟ ਬਕਸੇ 'ਚ ਵੋਟ ਪਾਉਣ, ਚਿੱਠੀ ਰਾਂਹੀ ਵੋਟ ਪਾਉਣ ਦੇ ਸੁਨੇਹੇ ਲੱਗ ਰਹੇ ਹਨ। ਸਭ ਤੋਂ ਵੱਡੀ ਗੱਲ ਕਿ ਇਹਨਾਂ ਚੋਣਾਂ ਵਿੱਚ ਕਿਸੇ "ਮਸ਼ੀਨ" ਦੀ ਵਰਤੋਂ ਦੀ ਬਜਾਏ ਬੈਲਟ ਪੇਪਰ ਦੀ ਵਰਤੋਂ ਹੀ ਹੋਵੇਗੀ।
ਅਪ੍ਰੈਲ ਮਹੀਨਾ ਚੋਣ ਮੁਹਿੰਮ ਨੂੰ ਸਿਖਰਾਂ 'ਤੇ ਪਹੁੰਚਾਉਣ ਦਾ ਕੰਮ ਕਰੇਗਾ। ਟੀਵੀ ਚੈਨਲਾਂ ਦੇ ਸਟੂਡੀਓਜ਼ ਰਾਹੀਂ ਪਾਰਟੀਆਂ ਦੇ ਆਗੂ ਬਹਿਸਾਂ ਦਾ ਹਿੱਸਾ ਬਣਨਗੇ। ਜਿਸਦੀ ਗੱਲ ਵਜ਼ਨਦਾਰ ਹੋਵੇਗੀ, ਜੋ ਲੋਕਾਂ ਦੇ ਦਿਲਾਂ ਦੀ ਤਾਰ ਛੂਹ ਜਾਵੇਗਾ, ਉਹੀ ਉਹਨਾਂ ਦੇ "ਮਤ ਦਾ ਦਾਨ" ਹਾਸਲ ਕਰ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ 6 ਮਈ ਨੂੰ "ਇੱਕ ਦਿਨ ਦਾ ਰਾਜਾ- ਵੋਟਰ" ਕਿਸ ਕਿਸ ਦੀ ਕਿਸਮਤ ਬਦਲੇਗਾ।
ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ (ਸਕਾਟਲੈਂਡ)
+44 75191 12312
Email- MandeepKhurmi4u@gmail.com
ਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ "ਪਰਵਿੰਦਰ ਮੂਧਲ" - ਮਨਦੀਪ ਖੁਰਮੀ ਹਿੰਮਤਪੁਰਾ
ਸੰਗੀਤ ਇੱਕ ਸਾਧਨਾ ਦਾ ਨਾਂ ਹੈ। ਸਾਧਨਾ ਕਰਦਿਆਂ ਮਨ ਵਿੱਚ ਲਾਲਚ ਹੋਵੇ ਤਾਂ ਓਹ ਸਾਧਨਾ ਵੀ ਨਿਹਫ਼ਲ ਹੁੰਦੀ ਹੈ। ਬਹੁਤ ਥੋੜ੍ਹੀਆਂ ਰੂਹਾਂ ਹੁੰਦੀਆਂ ਹਨ ਜੋ ਆਪਣੇ ਮਨ ਦੇ ਆਖੇ ਲੱਗਣ ਨਾਲੋਂ ਮਨ ਦੀਆਂ ਮਨਆਈਆਂ ਨੂੰ ਵੀ ਆਪਣੀ ਮਸਤੀ ਅਨੁਸਾਰ ਢਾਲ ਲੈਂਦੇ ਹਨ। ਸਵਾ ਛੇ ਫੁੱਟ ਕੱਦ, ਦੇਖਣੀ ਪਰਖਣੀ ਪੱਖੋਂ ਪਹਿਲਵਾਨਾਂ ਵਰਗੇ ਦਿਸਦੇ ਇਸ ਲੰਮ ਸਲੰਮੇ ਗੱਭਰੂ ਨੂੰ ਮਿਲੋਗੇ ਤਾਂ ਸਭ ਸ਼ੰਕੇ ਦੂਰ ਹੋ ਜਾਣਗੇ ਕਿ ਓਹ ਕਿੰਨਾ ਨਿਮਰ ਹੈ। ਜਿੰਨਾ ਵੱਡਾ ਜੁੱਸਾ ਹੈ, ਓਨੇ ਹੀ ਪਿਆਰੇ ਦਿਲ ਦਾ ਮਾਲਕ ਹੈ ਗਾਇਕ ਪਰਵਿੰਦਰ ਮੂਧਲ। ਆਪਣੀ ਸਰੀਰਕ ਦਿੱਖ ਨਾਲੋਂ ਬਿਲਕੁਲ ਉਲਟ ਪੇਸ਼ੇ ਵਜੋਂ ਪੰਜਾਬੀ ਅਧਿਆਪਕ ਦੇ ਤੌਰ 'ਤੇ ਸਰਕਾਰੀ ਹਾਈ ਸਕੂਲ ਮੱਖਣਵਿੰਡੀ ਵਿਖੇ ਆਪਣੀਆਂ ਸੁਰੀਲੀਆਂ ਸੇਵਾਵਾਂ ਨਿਭਾ ਰਿਹਾ ਪਰਵਿੰਦਰ ਨਾਲੋ ਨਾਲ ਗਾਇਕੀ ਨੂੰ ਵੀ ਸ਼ੌਕ ਦੇ ਕਬੂਤਰਾਂ ਵਾਂਗ ਪਾਲਦਾ ਆ ਰਿਹਾ ਹੈ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੋਦ 'ਚ ਵਸੇ ਪਿੰਡ ਮੂਧਲ ਵਿੱਚ ਪਿਤਾ ਸ੍ਰ: ਜਰਨੈਲ ਸਿੰਘ (ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ), ਮਾਤਾ ਸ੍ਰੀਮਤੀ ਨਿਰਮਲ ਕੌਰ ਦੀਆਂ ਅੱਖਾਂ ਦਾ ਤਾਰਾ ਪਰਵਿੰਦਰ ਪਤਨੀ ਰਾਜਵਿੰਦਰ ਕੌਰ, ਬੱਚਿਆਂ ਗੁਰਅਸੀਸ ਕੌਰ ਤੇ ਗੁਰਸਿਦਕ ਸਿੰਘ ਨਾਲ ਆਪਣੀ ਜ਼ਿੰਦਗੀ ਦਾ ਲੁਤਫ਼ ਲੈ ਰਿਹਾ ਹੈ। ਐੱਮ. ਏ. (ਰਾਜਨੀਤੀ ਸ਼ਾਸ਼ਤਰ) ਅਤੇ ਬੀ. ਐੱਡ. ਵਿੱਦਿਅਕ ਯੋਗਤਾ ਦਾ ਮਾਲਕ ਆਲ ਇੰਡੀਆ ਬਾਸਕਟਬਾਲ ਦਾ ਸਿਰ ਕੱਢਵਾਂ ਖਿਡਾਰੀ ਵੀ ਰਿਹਾ ਹੈ। ਸੰਗੀਤਕ ਖੇਤਰ ਵਿੱਚ ਆਪਣੀ ਪਛਾਣ ਪਿੱਛੇ ਜਿੱਥੇ ਉਹ ਸਖ਼ਤ ਮਿਹਨਤ ਦਾ ਜ਼ਿਕਰ ਕਰਦਾ ਹੈ ਉੱਥੇ ਉਹ ਉਸਤਾਦ ਸ਼ਾਇਰ ਸਰਦਾਰ ਜਸਪਾਲ ਸੂਸ ਨੂੰ ਆਪਣਾ ਰਾਹ ਦਰਸਾਵਾ ਮੰਨਦਾ ਹੈ, ਜਿਹਨਾਂ ਨੇ ਉਂਗਲ ਫੜ੍ਹ ਕੇ ਸੰਗੀਤ ਦੀਆਂ ਗਲੀਆਂ ਦਾ ਭ੍ਰਮਣ ਕਰਵਾਇਆ ਅਤੇ ਨਿਰੰਤਰ ਕਰਵਾ ਰਹੇ ਹਨ। ਆਪਣੇ ਮੌਜ਼ੂਦਾ ਮੁਕਾਮ ਤੱਕ ਪਹੁੰਚਣ ਲਈ ਉਹ ਸਰਕਾਰੀਆ ਮਾਡਲ ਸਕੂਲ ਮੂਧਲ ਨੂੰ ਪਹਿਲੀ ਪੌੜੀ ਵਜੋਂ ਮੱਥਾ ਟੇਕਦਾ ਹੈ, ਜਿੱਥੇ ਉਸਨੇ ਸ੍ਰੀਮਤੀ ਮਲਵਿੰਦਰ ਕੌਰ ਜੀ ਦੀ ਹੱਲਾਸ਼ੇਰੀ ਨਾਲ "ਵੀਰਾ ਤੂੰ ਕਿਉਂ ਡੋਲਦਾ ਵੇ, ਬਾਬਲ ਸਰਦਾਰ ਤੇਰੇ ਨਾਲ ਵੇ" ਗੀਤ ਗਾ ਕੇ ਆਪਣੇ ਗਾਇਕੀ ਸਫ਼ਰ ਦਾ ਪਹਿਲਾ ਕਦਮ ਪੁੱਟਿਆ ਸੀ। ਬਾਲ-ਵਰੇਸ ਤੋਂ ਗਾਉਂਦਾ ਆ ਰਿਹਾ ਪਰਵਿੰਦਰ ਮੂਧਲ ਆਪਣੀ ਆਵਾਜ਼ ਅਤੇ ਰਿਆਜ਼ ਸਦਕਾ ਗਾਇਕ ਵਜੋਂ ਵੱਡੀ ਰਾਸ਼ੀ ਵਸੂਲਣ ਦਾ ਦਮ ਵੀ ਰੱਖਦਾ ਹੈ, ਪਰ ਉਸਦਾ ਕਹਿਣਾ ਹੈ ਕਿ "ਮੈਂ ਆਪਣੀ ਰੋਜ਼ੀ ਰੋਟੀ ਲਈ ਇੱਕ ਅਧਿਆਪਕ ਵਜੋਂ ਬੇਹੱਦ ਸੰਤੁਸ਼ਟ ਹਾਂ। ਬੱਚਿਆਂ ਦਾ ਸਮਾਂ ਖਾ ਕੇ ਮੈਂ ਗਾਇਕੀ ਨੂੰ ਵੀ ਕਲੰਕਿਤ ਨਹੀਂ ਕਰਨਾ ਚਾਹੁੰਦਾ। ਸੰਗੀਤਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਮੈਂ ਆਪਣੇ ਵਿਹਲੇ ਸਮੇਂ ਵਿੱਚੋਂ ਕਰਦਾ ਹਾਂ।" ਸਿਰਫ ਪਰਵਿੰਦਰ ਹੀ ਨਹੀਂ ਸਗੋਂ ਉਸਦਾ ਭਾਣਜਾ ਵੀ ਗਾਇਕ ਅਨਮੋਲ ਆਸ਼ਟ ਦੇ ਨਾਂਅ ਨਾਲ ਧੁੰਮਾਂ ਪਾਉਂਦਾ ਆ ਰਿਹਾ ਹੈ। ਬੀ ਐੱਡ 'ਚ ਪੜ੍ਹਦਿਆਂ ਆਪਣੇ ਸਾਥੀ ਰਾਮ ਲੁਭਾਇਆ ਅਤੇ ਮਨਦੀਪ ਨਾਲ ਯੂਨੀਵਰਸਿਟੀ ਪੱਧਰ ਤੱਕ ਰਾਮਗੜ੍ਹੀਆ ਕਾਲਜ਼ ਫਗਵਾੜਾ ਦਾ ਡੰਕਾ ਵਜਾਉਣ ਵਾਲਾ ਪਰਵਿੰਦਰ ਸ੍ਰੋਤਿਆਂ ਦੀ ਝੋਲੀ ਹੁਣ ਤੱਕ "ਹੁਸਨ", ਮੁਕੰਮਲ ਸੀਡੀ ਐਲਬਮ "ਰੌਕ ਐਨ ਰੋਲ", "ਹਾਕੀ ਚੱਕਦੇ", "ਕੌੜਾ ਬੋਲ", "ਸੁੰਨੇ ਸੁੰਨੇ ਰਾਹ" ਪਾ ਚੁੱਕਾ ਹੈ। ਅੱਜਕੱਲ੍ਹ ਪਰਵਿੰਦਰ ਮੂਧਲ ਆਪਣੇ ਅਗਲੇ ਰੋਮਾਂਸਵਾਦੀ ਗੀਤ "ਤੂੰ ਜਾਨ ਮੇਰੀ" ਦੀਆਂ ਤਿਆਰੀਆਂ ਵੰਝਲੀ ਰਿਕਾਰਡਜ਼, ਐੱਚ ਐੱਸ ਔਲਖ ਅਤੇ ਸਰਦਾਰ ਜਸਪਾਲ ਸੂਸ ਦੀ ਮਾਣਮੱਤੀ ਅਗਵਾਈ ਵਿੱਚ ਕਰ ਰਿਹਾ ਹੈ। ਨੇਕ ਨੀਅਤ, ਸਫ਼ਲਤਾ ਨੂੰ ਜਾਂਦੇ ਰਾਹ ਦਾ ਮੀਲ ਪੱਥਰ ਮੰਨੀ ਜਾਂਦੀ ਹੈ। ਪਰਵਿੰਦਰ ਮੂਧਲ ਦੀ ਨੀਅਤ ਦੀ ਪਾਕੀਜ਼ਗੀ ਉਸਦੇ ਸੁਪਨੇ ਸਾਕਾਰ ਜ਼ਰੂਰ ਕਰੇਗੀ।
ਕੋਰੀ - ਕਰਾਰੀ ਗੱਲ : ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ? - ਮਨਦੀਪ ਖੁਰਮੀ ਹਿੰਮਤਪੁਰਾ
ਕਹਿੰਦੇ ਹਨ ਕਿ ਇੱਕ ਪੁੱਤ ਨੇ ਆਪਣੇ ਸਿਆਸਤਦਾਨ ਪਿਓ ਕੋਲੋਂ ਸਿਆਸਤ ਦੇ ਗੁਰ ਸਿੱਖਣ ਦੀ ਰਟ ਲਾ ਰੱਖੀ ਸੀ। ਉਹਦਾ ਆਪਣੇ ਪਿਓ ਅੱਗੇ ਹਰ ਵਾਰ ਇਹੀ ਰੋਣਾ ਰਹਿੰਦਾ ਕਿ ਉਹਨੇ ਵੀ ਸਿਆਸਤਦਾਨ ਬਣਨਾ ਹੈ ਤੇ ਉਸਨੂੰ ਸਿਆਸੀ ਬਿਸਾਤ ਦੀਆਂ ਚਾਲਾਂ ਚੱਲਣ ਦਾ ਵੱਲ ਸਿਖਾਇਆ ਜਾਵੇ। ਨਿਰੋਲ ਸਿਆਸੀ ਪਿਓ ਐਨਾ ਕੁ ਮਜ਼ਬੂਰ ਹੋ ਗਿਆ ਕਿ ਉਸਨੇ ਮੁੰਡੇ ਦੀ ਜ਼ਿਦ ਅੱਗੇ ਗੋਡੇ ਟੇਕ ਦਿੱਤੇ। ਪੁੱਤਰ ਨੂੰ ਸਿਆਸੀ ਕਾਇਦੇ ਦੇ ਪਹਿਲੇ ਸਬਕ ਦਾ ਗਿਆਨ ਦੇਣ ਲਈ ਹੁਕਮ ਦਿੱਤਾ ਕਿ ਪੌੜੀ ਰਾਂਹੀਂ ਕੋਠੇ ਦੀ ਛੱਤ 'ਤੇ ਚੜ੍ਹ ਜਾਵੇ। ਮੁੰਡੇ ਦੇ ਛੱਤ 'ਤੇ ਚੜ੍ਹਨ ਤੋਂ ਬਾਅਦ ਪਿਓ ਨੇ ਪੌੜੀ ਚੁੱਕ ਲਈ ਅਤੇ ਮੁੰਡੇ ਨੂੰ ਛੱਤ ਤੋਂ ਵਿਹੜੇ 'ਚ ਛਾਲ ਮਾਰਨ ਦਾ ਹੁਕਮ ਕੀਤਾ। ਮੁੰਡਾ ਡੌਰ ਭੋਰ ਕੇ ਬਾਪੂ ਅੱਜ ਲੱਤਾਂ ਬਾਂਹਾਂ ਜ਼ਰੂਰ ਤੁੜਵਾਵੇਗਾ। ਪਿਓ ਨੇ ਉਹਦਾ ਫਿਕਰ ਦੂਰ ਕਰਨ ਲਈ ਬਾਂਹਾਂ ਖਿਲਾਰ ਲਈਆਂ ਕਿ "ਤੂੰ ਛਾਲ ਮਾਰ, ਮੈਂ ਆਪਣੀਆਂ ਬਾਂਹਾਂ ਵਿੱਚ ਬੋਚ ਲਵਾਂਗਾ।" ਮੁੰਡੇ ਨੇ ਪਿਓ 'ਤੇ ਯਕੀਨ ਕਰਦਿਆਂ ਛਾਲ ਮਾਰ ਦਿੱਤੀ ਪਰ ਪਿਓ ਛੜੱਪਾ ਮਾਰ ਕੇ ਪਿਛਾਂਹ ਹਟ ਗਿਆ। ਮੁੰਡੇ ਦੇ ਗੋਡੇ ਗਿੱਟੇ ਛਿੱਲੇ ਗਏ ਤੇ ਹੋਰ ਵੀ ਸੱਟਾਂ ਵੱਜੀਆਂ। ਕੁਰਲਾਉਂਦਾ ਹੋਇਆ ਬੋਲਿਆ, "ਬਾਪੂ, ਆਹ ਕੀ ਕੀਤਾ? ਮੈਨੂੰ ਛਾਲ ਮਾਰਨ ਲਈ ਕਹਿ ਕੇ ਆਪ ਮੈਨੂੰ ਬਚਾਇਆ ਕਿਉਂ ਨਹੀਂ?" ਤਾਂ ਬਾਪੂ ਦਾ ਦਿੱਤਾ ਜਵਾਬ ਹਰ ਸਮੇਂ ਦੀ ਸਿਆਸਤ 'ਤੇ ਢੁਕਦਾ ਆ ਰਿਹਾ ਹੈ ਤੇ ਢੁਕਦਾ ਹੀ ਰਹੇਗਾ। ਬਾਪੂ ਦਾ ਜਵਾਬ ਸੀ ਕਿ "ਇਹੀ ਸਿਆਸਤ ਦਾ ਪਹਿਲਾ ਸਬਕ ਹੈ ਕਿ ਜੋ ਦਿਸਦੀ ਹੈ, ਓਹ ਹੁੰਦੀ ਨਹੀਂ। ਜੋ ਹੁਦੀ ਹੈ, ਓਹ ਦਿਸਦੀ ਨਹੀਂ।"
ਸਚਮੁੱਚ ਹੀ ਅਜਿਹੀ ਸਿਆਸਤ ਦੇ ਪੈਂਤੜੇ ਹੀ ਬੀਤੇ ਦਿਨੀਂ ਹੋਏ ਭਾਰਤ ਸਰਕਾਰ ਵੱਲੋਂ ਆਯੋਜਿਤ ਲਾਂਘਾ ਸਮਾਗਮਾਂ ਵਿੱਚ ਦੇਖਣ ਨੂੰ ਮਿਲੇ। ਸਿਆਸਤ ਤਾਂ ਸਕੇ ਪੁੱਤ ਦੀ ਸਕੀ ਨਹੀਂ ਹੁੰਦੀ, ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਬਖ਼ਸ਼ ਦਿੰਦੀ? ਸਮਾਗਮਾਂ ਵਿੱਚ ਕੋਈ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ, ਜਿਹੜਾ ਗੁਰੂ ਜੀ ਦੀਆਂ ਸਿੱਖਿਆਵਾਂ 'ਤੇ ਆਧਾਰਿਤ ਹੋਵੇ? ਪਾਠਕ ਵੀ ਜਵਾਬ ਵਜੋਂ ਸਿਰ ਨਾਂਹ 'ਚ ਹੀ ਹਿਲਾਵੇਗਾ। ਭਾਗੋ ਦੇ ਪਕਵਾਨ ਠੁਕਰਾ ਕੇ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰਨ ਵਾਲੇ ਬਾਬੇ ਦੀ ਕਿਹੜੀ ਸਿੱਖਿਆ ਦਾ ਅਸੀਂ ਪਾਲਣ ਕੀਤਾ ਹੈ? ਫਾਸਟ ਫੁਡ, ਕੋਲਡ ਡਰਿੰਕ ਦੇ ਸਟਾਲ ਕਦੋਂ "ਲੰਗਰ" ਦਾ ਰੁਤਬਾ ਹਾਸਲ ਕਰ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ? ਬਾਬਾ ਨਾਨਕ ਵੀ ਹੈਰਾਨ ਹੁੰਦਾ ਹੋਵੇਗਾ 550 ਤਰ੍ਹਾ ਦੇ ਪਕਵਾਨ ਦੇਖ ਕੇ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਵਾਲੇ ਗੈਸੀ ਜਲ ਪਦਾਰਥਾਂ ਨੂੰ ਲੰਗਰ ਕਹਿ ਵਰਤਾਏ ਜਾਂਦੇ ਦੇਖ ਕੇ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੂਹ ਗੁਰਮੁਖੀ ਅੰਦਰ ਵਸਦੀ ਹੈ, ਪਰ ਭਾਰਤ ਸਰਕਾਰ ਵੱਲੋਂ ਸਮਾਗਮ ਹਿਤ ਪੰਜਾਬ ਦੀ ਹਿੱਕ 'ਤੇ ਗੱਡੇ ਗਏ ਨੀਂਹ ਪੱਥਰ ਵਿੱਚੋਂ ਨਾ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੱਭਦਾ ਹੈ ਤੇ ਨਾ ਹੀ ਗੁਰਮੁਖੀ। ਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਹੈ ਤੇ ਸਿਆਸਤ ਵਿੱਚ ਕੁਝ ਵੀ ਅਚਨਚੇਤ ਨਹੀਂ ਵਾਪਰਦਾ ਸਗੋਂ ਹਰ ਘਟਨਾ ਹਰ ਬਿਆਨ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ। ਕੀ ਦਿੱਲੀ ਦੀ ਨਜ਼ਰਸਾਨੀ ਹੇਠ ਤਿਆਰ ਹੋ ਕੇ ਪੰਜਾਬ ਦੇ ਸਿਆਸੀ ਆਗੂ ਸਾਰੇ ਹੀ ਸਿਆਸਤ ਦੀ ਚਕਾਚੌਂਧ 'ਚ ਐਨੇ ਅੰਨ੍ਹੇ ਹੋ ਗਏ ਸਨ ਕਿ ਉਹਨਾਂ ਨੂੰ ਸਿਰਫ ਆਪਣੇ ਨਾਂਵਾਂ ਤੋਂ ਬਗੈਰ ਨਾ ਤਾਂ ਨੀਂਹ ਪੱਥਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਨਾਂ ਅੰਕਿਤ ਕਰਨਾ ਜ਼ਰੂਰੀ ਸਮਝਿਆ ਤੇ ਨਾ ਹੀ ਗੁਰਮੁਖੀ? ਕੀ ਸਿਆਸਤ ਐਨੀ ਹੀ ਮਤਲਬੀ ਹੁੰਦੀ ਹੈ ਕਿ ਉਸ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗਵਰਨਰ ਬੀ ਪੀ ਸਿੰਘ ਬਦਨੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਸੰਨੀ ਦਿਓਲ ਐਨੇ ਹੀ ਉੱਚ ਕਿਰਦਾਰਾਂ ਦੇ ਮਾਲਕ ਹਨ ਕਿ ਉਸ ਨੀਂਹ ਪੱਥਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਣਾ ਹੀ ਦਰਕਿਨਾਰ ਕਰ ਦਿੱਤਾ ਗਿਆ? ਆਪੋ ਆਪਣੀਆਂ ਸਟੇਜਾਂ ਲਾਉਣ ਪਿੱਛੇ ਹੋਈ ਬਿਆਨਬਾਜ਼ੀ, ਆਪੋ ਆਪਣੀ ਪਾਰਟੀ ਦੇ ਵਰਕਰਾਂ ਦੇ ਜੱਥਿਆਂ ਦੀਆਂ ਤਸਵੀਰਾਂ ਰਾਂਹੀਂ ਸਿਰਫ ਤੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਹੀ ਕੀਤੀ ਗਈ ਕਿ ਜਿਵੇਂ ਇਸ ਸਮਾਗਮ ਰਾਂਹੀਂ ਵੀ ਵੋਟ ਬੈਂਕ ਪੱਕਾ ਕਰਨ ਚੱਲੇ ਹੋਣ। ਬੇਸ਼ੱਕ ਭਾਰਤ ਪਾਕਿਸਤਾਨ ਦੇ ਸੁਖਦ ਸੰਬੰਧਾਂ ਲਈ ਇਹ ਲਾਂਘਾ ਇੱਕ ਉਮੀਦ ਬਣ ਸਕਦਾ ਹੈ ਪਰ ਸਿਆਸਤ ਕਦੋਂ ਚਾਹੇਗੀ ਕਿ ਲੋਕ ਦੋਵਾਂ ਦੇਸ਼ਾਂ ਦੀ ਕਥਿਤ ਦੁਸ਼ਮਣੀ ਦੇ ਬਿਆਨਾਂ ਨੂੰ ਭੁੱਲ ਕੇ ਹਾਕਮਾਂ ਕੋਲੋਂ ਸਿਹਤ, ਵਿੱਦਿਆ ਤੇ ਰੁਜ਼ਗਾਰ ਦੀ ਮੰਗ ਕਰਨ। ਸਗੋਂ ਸਿਆਸਤ ਦਾ ਨਿੱਜੀ ਲਾਭ ਹੀ ਇਸ ਗੱਲ 'ਚ ਹੈ ਕਿ ਲੋਕ ਆਪਣੇ ਭਲੇ ਦੀਆਂ ਲੋੜਾਂ ਨੂੰ ਭੁੱਲ ਕੇ ਸਿਆਸਤ ਦੇ ਹੱਥ-ਠੋਕੇ ਬਣੇ ਰਹਿਣ। ਇਹੀ ਉਦਾਹਰਣ ਸੂਬੇ ਦੇ ਮੁੱਖ ਮੰਤਰੀ ਨੇ ਪੇਸ਼ ਕੀਤੀ ਜਦੋਂ ਉਹਨਾਂ ਬਾਬਾ ਨਾਨਕ ਦੇਵ ਦੇ ਨਾਂਅ 'ਤੇ ਸਜ਼ਾਈ ਸਟੇਜ਼ ਤੋਂ ਪਾਕਿਸਤਾਨ ਨੂੰ ਮੂਧਾ ਮਾਰਨ, ਚੂੜੀਆਂ ਨਾ ਪਹਿਨੀਆਂ ਹੋਣ ਵਰਗੇ ਬਚਕਾਨਾ ਬਿਆਨ ਦਿੱਤੇ। ਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱæਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ਆ ਰਹੀਆਂ ਸਨ ਪਰ ਮੁੱਖ ਮੰਤਰੀ ਸਾਹਿਬ ਕੁਝ ਕੁ ਲਲਕਾਰੇ ਮਾਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬੱਸ ਵਿੱਚ ਖੜ੍ਹੇ ਨਜ਼ਰ ਆਏ। ਲਲਕਾਰੇ ਮਾਰਨ ਤੋਂ ਬਾਅਦ ਜਿੱਥੇ ਸੰਗਤ ਪੰਗਤ ਵਿੱਚ ਬੈਠ ਕੇ ਗੁਰੂ ਦੇ ਲੰਗਰਾਂ ਦੀ ਨਿਆਮਤ ਛਕ ਰਹੀ ਸੀ, ਉਦੋਂ ਮੁੱਖ ਮੰਤਰੀ ਕੋਲ ਧਰਤੀ 'ਤੇ ਥਾਲ ਰੱਖ ਕੇ ਬੁਰਕੀ ਲਾਉਣ ਦੀ ਹਿੰਮਤ ਵੀ ਨਹੀਂ ਸੀ ਰਹੀ ਤੇ ਉਹ ਪੰਗਤ ਵਿੱਚ ਬੈਠੇ ਹਿੱਕ ਤੱਕ ਉੱਚੇ ਮੇਜਨੁਮਾ ਡੱਬੇ 'ਤੇ ਥਾਲ ਰੱਖ ਕੇ ਪ੍ਰਸ਼ਾਦਾ ਛਕਦੇ ਦੇਖੇ ਗਏ।
ਸਮਾਗਮ ਪਾਕਿਸਤਾਨ ਵਿੱਚ ਵੀ ਹੋਇਆ ਹੈ, ਜੇ ਸਮਝਣ ਤਾਂ ਭਾਰਤੀ ਸਿਆਸਤਦਾਨਾਂ ਲਈ ਸਬਕ ਵਰਗਾ ਸੀ ਉਹ ਸਮਾਗਮ। ਸਟੇਜ 'ਤੇ ਬੈਠਣ ਲਈ ਖਿੱਚਧੂਹ ਨਹੀਂ ਸੀ ਹੋ ਰਹੀ, ਸਗੋਂ ਜਿਸ ਬੁਲਾਰੇ ਦਾ ਨਾਂ ਬੋਲਿਆ ਜਾਂਦਾ ਸੀ, ਸਿਰਫ ਉਹੀ ਮੰਚ 'ਤੇ ਖੜ੍ਹਾ ਨਜ਼ਰ ਆਉਂਦਾ ਸੀ। ਬਾਕੀ ਸਭ "ਉੱਚੇ ਲੋਕ" ਆਮ ਲੋਕਾਂ ਵਿੱਚ ਚੌਂਕੜੀ ਮਾਰ ਕੇ ਬੈਠੇ ਸਨ। ਪੰਜਾਬ ਸਮੇਤ ਭਾਰਤ ਦੇ ਸਮੂਹ ਸਿਆਸਤਦਾਨਾਂ ਨੂੰ ਇਸ ਉਦਾਹਰਣ ਤੋਂ ਸਬਕ ਲੈ ਕੇ ਅਹਿਦ ਕਰਨਾ ਬਣਦਾ ਹੈ ਕਿ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਧਾਰਮਿਕ ਮੰਚਾਂ ਨੂੰ ਤਾਂ ਬਖਸ਼ਣ ਦੀ ਖੇਚਲ ਕਰਨ। ਬੇਸ਼ੱਕ ਸਮਾਗਮਾਂ ਵਿੱਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਸਰਕਾਰਾਂ ਦੀ ਕੋਈ ਵੀ ਮਜ਼ਬੂਰੀ ਹੈ ਪਰ ਹੁਣ ਵੀ ਇਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈ। ਜੇ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਸਥਾਪਿਤ ਕੀਤੇ ਨੀਂਹ ਪੱਥਰ ਵਿੱਚ ਕੋਈ ਬਦਲਾਅ ਕਰਨ ਤੋਂ ਮੁਨਕਰ ਹੁੰਦੀ ਹੈ ਤਾਂ ਘੱਟੋ ਘੱਟ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸੇ ਨੀਂਹ ਪੱਥਰ ਦੇ ਬਿਲਕੁਲ ਨਾਲ ਉਸੇ ਆਕਾਰ ਹੋਰ ਨੀਂਹ ਪੱਥਰ ਸਥਾਪਿਤ ਕਰੇ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ਅਤੇ ਗੁਰਮੁਖੀ ਦੀ ਮੌਜ਼ੂਦਗੀ ਯਕੀਨੀ ਹੋਵੇ।
ਅਪਾਹਜ ਮਾਨਸਿਕਤਾ ਦਾ ਝਲਕਾਰਾ ਪੇਸ਼ ਕਰ ਰਹੀ ਹੈ ਪੰਜਾਬ ਸਿਆਸਤ - ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਜਦੋਂ ਵੀ ਚੋਣ ਨਗਾਰਾ ਵੱਜਦਾ ਹੈ ਤਾਂ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਜਾਂਦੈ। ਪਹਿਲੇ ਦਲ ਦੀਆਂ ਕਮੀਆਂ ਨਸ਼ਰ ਕਰਦਿਆਂ ਨਵੇਂ ਸਹੇੜੇ ਮਾਲਕਾਂ ਦਾ ਗੁਣਗਾਣ ਗਾਇਆ ਜਾਂਦੈ। ਬੇਸ਼ੱਕ ਇਹ ਵਰਤਾਰਾ ਸਿੱਧੇ ਤੌਰ 'ਤੇ ਸਿਆਸੀ ਲਾਹੇ ਖੱਟਣ ਨਾਲ ਜੁੜਿਆ ਹੋਇਆ ਹੈ ਪਰ ਆਮ ਲੋਕਾਂ ਸਿਰ ਇਹ ਅਹਿਸਾਨ ਜਤਾਇਆ ਜਾਂਦਾ ਹੈ ਕਿ ਅਸੀਂ ਉਹਨਾਂ ਦੇ 'ਵਿਕਾਸ' ਲਈ ਹੀ ਪਲਟੀ ਮਾਰੀ ਹੈ। ਇਹਨੀਂ ਦਿਨੀਂ ਸਾਂਸਦੀ ਚੋਣਾਂ ਦਾ ਅਖਾੜਾ ਭਖਿਆ ਹੈ ਤਾਂ ਇਸਦਾ ਪਹਿਲਾ ਸੇਕ ਆਮ ਆਦਮੀ ਪਾਰਟੀ ਨੂੰ ਝੱਲਣਾ ਪਿਆ ਹੈ। ਉੱਪਰੋਥੱਲੀ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਵੱਲੋਂ ਪਾਲਾ ਬਦਲ ਲੈਣ ਨਾਲ ਆਮ ਆਦਮੀ ਪਾਰਟੀ 'ਚ ਹਿੱਲਜੁੱਲ ਤੇਜ ਹੋ ਗਈ ਹੈ। ਇਨਕਲਾਬ ਦੀ 20 ਟਾਇਰਾਂ ਵਾਲੀ ਰੇਲ ਦੇ ਪਹੀਏ ਇੱਕ ਦੂਜੇ ਤੋਂ ਪਹਿਲਾਂ ਹੇਠੋਂ ਨਿੱਕਲ ਕੇ ਭੱਜਣ ਨੂੰ ਕਾਹਲੇ ਜਾਪ ਰਹੇ ਹਨ। ਨਾਜਰ ਸਿੰਘ ਤੇ ਸੰਦੋਆ ਵੱਲੋਂ ਦਲ ਬਦਲਣ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਚਰਚਾਵਾਂ ਨੂੰ ਝੂਠ ਦੱਸਿਆ ਸੀ ਪਰ ਹੱਟੀ ਭੱਠੀ 'ਤੇ ਇਹ ਚਰਚਾਵਾਂ ਹੋ ਰਹੀਆਂ ਹਨ ਕਿ ਆਪ ਵਿਧਾਇਕਾਂ ਦੇ ਫੇਸਬੁੱਕ ਖਾਤੇ ਚੈੱਕ ਕਰਦੇ ਰਹੋ, ਜਿਸਨੇ ਵੀ ਇਸ ਤਰ੍ਹਾਂ ਦੀ ਚਰਚਾ ਨੂੰ ਅਫ਼ਵਾਹ ਦੱਸਿਆ, ਸਮਝੋ ਉਹ ਮੁੱਖ ਮੰਤਰੀ ਕੋਲੋਂ ਗਲ 'ਚ ਸਾਫ਼ਾ ਪੁਆਉਣ ਲਈ ਰਵਾਨਾ ਹੋਣ ਹੀ ਵਾਲਾ ਹੈ। ਸੋਚਣਾ ਇਹ ਬਣਦੈ ਕਿ ਜਿਸ ਘਰ ਦੀ ਨੀਂਹ ਮਜ਼ਬੂਤ ਨਹੀਂ, ਉਸਨੇ ਤ੍ਰੇੜਾਂ, ਟੁੱਟ ਭੱਜ ਇੱਥੋਂ ਤੱਕ ਕਿ ਢਹਿ ਜਾਣ ਦੇ ਹਾਲਾਤਾਂ ਤੱਕ ਬਿਨਾਂ ਸ਼ੱਕ ਪਹੁੰਚਣਾ ਹੀ ਹੁੰਦੈ। ਇਹੋ ਜਿਹਾ ਕੁਝ ਹੀ ''ਆਪ'' ਨਾਲ ਵਾਪਰ ਰਿਹਾ ਹੈ। ਆਪਣੇ ਹੀ ਸਿਧਾਂਤਾਂ ਨੂੰ ਘੱਟੇ ਰੋਲ ਕੇ ਅੱਗੇ ਤੁਰੀ ਪਾਰਟੀ ਨੇ ਕਿਹੋ ਜਿਹੀ ਪ੍ਰਪੱਕ ਸੋਚ ਦੇ ਮਾਲਕਾਂ ਨੂੰ ਪਾਰਟੀ ਟਿਕਟਾਂ ਨਾਲ ਨਿਵਾਜਿਆ ਹੋਵੇਗਾ, ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਤੇ ਬਚਿਆ ਖੁਚਿਆ ਸ਼ੱਕ ਆਉਣ ਵਾਲੇ ਕੁਝ ਕੁ ਦਿਨਾਂ 'ਚ ਨਿੱਕਲ ਜਾਵੇਗਾ। ਜਦੋਂ ''ਆਪ'' ਆਗੂਆਂ ਵੱਲੋਂ ਟਿਕਟਾਂ ਵੇਚਣ ਦੀ ਗੱਲ ਤੁਰੀ ਤਾਂ ਕੇਜਰੀਵਾਲ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਵਿਦੇਸ਼ੀਂ ਵਸੇ ਪੰਜਾਬੀਆਂ ਵੱਲੋਂ ਕਥਿਤ ਤੌਰ 'ਤੇ ਭੇਜੇ ਅਰਬਾਂ ਖਰਬਾਂ ਦੇ ਫੰਡ ਦੇ ਵੇਰਵੇ ਨਸ਼ਰ ਕਰਨ ਦੀ ਗੱਲ ਛਿੜੀ, ਤਾਂ ਵੀ ਕੇਜਰੀਵਾਲ ਚੁੱਪ ਰਿਹਾ। ਵਿਧਾਨ ਸਭਾ ਚੋਣਾਂ ਵੇਲੇ ਹੱਥ ਵਿੱਚ ਕਾਗਜ਼ਾਂ ਦਾ ਪੁਲੰਦਾ ਫੜ੍ਹ ਕੇ ਉਹਨਾਂ ਕਾਗਜ਼ਾਂ ਨੂੰ ਮਜੀਠੀਆ ਖਿਲਾਫ ਸਬੂਤ ਕਹਿ ਕਹਿ ਕੇ ਵੋਟਾਂ ਦੀ ਫਸਲ ਕੱਟਣ ਤੋਂ ਬਾਦ ਕੇਜਰੀਵਾਲ ਵੱਲੋਂ ਮਾਫੀ ਮੰਗ ਜਾਣਾ ਵੀ ਖੁਦ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲਗਾ ਗਿਆ। ਬਾਅਦ ਵਿੱਚ ਬਹਾਨੇ ਜੋ ਮਰਜ਼ੀ ਘੜ੍ਹ ਲਏ ਜਾਣ ਪਰ ਇੱਕ ਵਾਰ ਲੱਕ ਬੰਨ੍ਹ ਕੇ ਨਾਲ ਤੁਰੇ ਲੋਕਾਂ ਦੇ ਹੌਸਲੇ ਪਸਤ ਜਰੂਰ ਹੋਏ। ਅੱਜ ਉਹਨਾਂ ਹੀ ਗੰਭੀਰ ਗ਼ਲਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਹਨਾਂ ਗ਼ਲਤੀਆਂ ਦੀ ਵਜ੍ਹਾ ਕਰਕੇ ਹੀ ਇਨਕਲਾਬ ''ਇਨਕਮ-ਲਾਭ'' ਵੱਲ ਨੂੰ ਹੋ ਤੁਰਿਆ ਹੈ।ઠ
ਇਹ ਅਲੋਕਾਰੀ ਗੱਲ ਨਹੀਂ ਹੋਵੇਗੀ ਕਿ ਕੱਲ੍ਹ ਨੂੰ ਵਿਰੋਧੀ ਧਿਰ ਵਾਲੀਆਂ ਕੁਰਸੀਆਂ ਆਪ ਵਾਲਿਆਂ ਹੇਠੋਂ ਖਿੱਚ ਕੇ ਅਕਾਲੀ ਦਲ ਹੇਠ ਧਰ ਦਿੱਤੀਆਂ ਜਾਣ, ਪਰ ਸੋਚਣਾ ਇਹ ਬਣਦੈ ਕਿ ਇਹਨਾਂ ਸਿਆਸੀ ਤਿਕੜਮਬਾਜ਼ੀਆਂ ਦਾ ਪੰਜਾਬ ਦੇ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ? ਬੇਸ਼ੱਕ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਸਮੇਤ ਬਾਕੀ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਕਾਂਗਰਸ ਵਿੱਚ ਸ਼ਾਮਿਲ ਕਰ ਲਵੇ, ਪਰ ''ਕੱਟੇ ਨੂੰ ਮਣ ਦੁੱਧ ਦਾ ਕੀ ਭਾਅ'' ?? ਇੱਕ ਪਾਸੇ ਕਾਂਗਰਸ ਸਰਕਾਰ ਵੱਲੋਂ ਹੁਣ ਤੱਕ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ ਅਕਾਲੀਆਂ ਸਿਰ ਮੜ੍ਹੇ ਜਾਂਦੇ ਰਹੇ ਹਨ, ਪਰ ਸਵਾਲ ਇਹ ਹੈ ਕਿ ਦੂਜੀਆਂ ਪਾਰਟੀਆਂ 'ਚੋਂ ਪੱਟ ਕੇ ਲਿਆਂਦੇ ਵਿਧਾਇਕ ਅਜਿਹੀਆਂ ਕਿਹੜੀਆਂ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਹਨ ਕਿ ਰਾਤੋ ਰਾਤ ਖਜ਼ਾਨਾ ਭਰ ਦੇਣਗੀਆਂ? ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਤਾਂ ਉਹਨਾਂ ਦੇ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਵਾਅਦਿਆਂ ਨੂੰ ਵੀ ਗੱਪਾਂ ਦਾ ਨਾਮ ਦੇ ਰਹੇ ਹਨ, ਫਿਰ ਇਹਨਾਂ ਦਲ-ਬਦਲੂ ਵਿਧਾਇਕਾਂ ਨੂੰ ਕਿਹੜਾ ਲਾਲੀਪੌਪ ਦਿੱਤਾ ਹੋਵੇਗਾ? ਆਉਣ ਵਾਲੀਆਂ ਚੋਣਾਂ ਵੇਲੇ ਵਾਅਦਿਆਂ ਸ਼ਰਤਾਂ ਨਾਲ ਭਰਮਾਏ ਜਾਂ ਆਏ ਦਲ-ਬਦਲੂਆਂ ਦੀਆਂ ਆਸਾਂ ਨੂੰ ਬੂਰ ਨਾ ਪਿਆ ਤਾਂ ਉਸ ਸਮੇਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣਾ ਵੀ ਕਾਂਗਰਸ ਲਈ ਮੁਸ਼ਕਿਲ ਹੋਵੇਗਾ। ਇਸ ਗੱਲ ਦਾ ਜਵਾਬ ਵੀ ਆਮ ਲੋਕ ਮੰਗਦੇ ਹਨ ਕਿ ਜਦੋਂ ਕਾਂਗਰਸ ਕੋਲ ਸਰਕਾਰ ਪਹਿਲਾਂ ਹੀ ਬਹੁਮਤ ਹੈ ਤਾਂ ਇਹ ਕਿਸ ਪਾਸਿਉਂ ਸਿਆਣਪ ਭਰੀ ਸਿਆਸਤ ਹੈ ਕਿ ਲੋਕਾਂ ਦੇ ਟੈਕਸ ਨਾਲ ਭਰੇ ਖ਼ਜ਼ਾਨੇ ਦਾ ਉਜਾੜਾ ਮੁੜ ਜਿਮਨੀ ਚੋਣ ਰਾਂਹੀਂ ਉਜਾੜਿਆ ਜਾਵੇਗਾ? ਚਾਹੇ ਜੋ ਵੀ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਅਜੋਕੀ ਪੰਜਾਬ ਸਿਆਸਤ ਅਪਾਹਜ ਮਾਨਸਿਕਤਾ ਦਾ ਝਲਕਾਰਾ ਬਾਖੂਬੀ ਪੇਸ਼ ਕਰ ਰਹੀ ਹੈ।
''ਸਵਾਲ ਕਰੋ, ਲੱਫੜ ਮਿਲੇਗਾ''
ਲੋਕਤੰਤਰੀ ਯੁਗ ਵਿੱਚ ਆਪਣੇ ਨੁਮਾਇੰਦਿਆਂ ਨੂੰ ਸਵਾਲ ਕਰਨ ਦਾ ਹੱਕ ਹਾਸਲ ਹੈ। ਨੁਮਾਇੰਦਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਸੰਤੁਸ਼ਟੀ ਕਰਵਾ ਜਾ ਸਕੇ। ਪਰ ਪੰਜਾਬ ਸਿਆਸਤ ਵਿੱਚ ਅਲੋਕਾਰੀ ਝਲਕ ਦੇਖਣ ਨੂੰ ਮਿਲ ਰਹੀ ਹੈ ਕਿ ਸਵਾਲ ਪੁੱਛਣ ਵਾਲੇ ਇੱਕ ਪੱਤਰਕਾਰ ਨੂੰ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਕੁੱਟ ਦਿੱਤਾ ਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਵੱਲੋਂ ਇੱਕ ਨੌਜਵਾਨ ਦੇ ਖੁਦ ਹੀ ਥੱਪੜ ਮਾਰ ਦਿੱਤਾ ਗਿਆ। ਸਿਆਸਤਦਾਨ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੀਆਂ ਕੁਰਸੀਆਂ ਲੋਕਾਂ ਦੇ ਹੱਥਾਂ ਦੀਆਂ ਤਲੀਆਂ 'ਤੇ ਟਿਕੀਆਂ ਹੁੰਦੀਆਂ ਹਨ। ਇਹ ਲੋਕ ਉਸੇ ਹੀ ਕੁਰਸੀ ਨੂੰ ਚੌਫਾੜ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਜੇ ਲੋਕਾਂ ਦੇ ਟੈਕਸ ਵਜੋਂ ਅਦਾ ਕੀਤੇ ਪੈਸਿਆਂ ਸਿਰੋਂ ਤਨਖਾਹਾਂ ਭੱਤੇ ਜਾਂ ਪੈਨਸ਼ਨਾਂ ਦਾ ਆਨੰਦ ਮਾਣਦੇ ਹੋ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੂੰਹ ਨਾਲ ਦੇਣ ਦੀ ਲਿਆਕਤ ਵੀ ਸਿੱਖੋ। ਜਿਸ ਦਿਨ ਲੋਕਾਂ ਦੇ ਹੱਥ ਖੁੱਲ੍ਹ ਗਏ, ਫਿਰ ਵੋਟਾਂ ਮੰਗਣ ਲਈ ਆਉਣਾ ਵੀ ਸੁਪਨਾ ਹੋ ਜਾਵੇਗਾ।
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਸੰਪਰਕ- +44 7868229427
ਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ- ਡਾ: ਅਮਨਦੀਪ ਸਿੰਘ ਟੱਲੇਵਾਲੀਆ - ਮਨਦੀਪ ਖੁਰਮੀ ਹਿੰਮਤਪੁਰਾ
ਅਕਸਰ ਹੀ ਕਿਹਾ ਜਾਂਦੈ ਕਿ "ਬੋਹੜ ਹੇਠਾਂ ਬੋਹੜ ਨਹੀਂ ਉੱਗਦਾ।" ਮੇਰਾ ਮੰਨਣਾ ਹੈ ਕਿ ਜੇ ਪੱਥਰਾਂ ਦੀ ਹਿੱਕ ਪਾੜ ਕੇ ਬੀਜ ਪੁੰਗਰ ਸਕਦੇ ਹਨ ਤਾਂ ਬੋਹੜ ਹੇਠ ਇੱਕ ਗੋਲ੍ਹ 'ਚੋਂ ਨਿੱਕਲਿਆ ਬੀਜ ਬੋਹੜ ਦਾ ਰੁਤਬਾ ਕਿਉਂ ਨਹੀਂ ਹਾਸਲ ਕਰ ਸਕਦਾ? ਅਜਿਹਾ ਹੀ ਬੋਹੜ ਮੈਂ ਖੁਦ ਤੱਕਿਆ ਹੈ ਤੇ ਉਸਦੀ ਛਾਂ ਮਾਨਣ ਦਾ ਮੁੱਦਈ ਵੀ ਹਾਂ, ਜੋ ਆਪਣੇ ਬੋਹੜ ਪਿਓ ਦੀ ਬੁੱਕਲ ਦਾ ਨਿੱਘ ਮਾਣ ਕੇ, ਉਂਗਲ ਫੜ੍ਹ ਕੇ, ਕਦਮ ਨਾਲ ਕਦਮ ਮਿਲਾ ਕੇ ਖੁਦ ਵੀ ਬੋਹੜ ਵਰਗੀ ਹਸਤੀ ਦਾ ਮਾਲਕ ਬਣਿਆ ਹੈ। ਉਸ ਮੋਹ-ਮੱਤੇ, ਸ਼ਹਿਦ ਵਰਗੇ ਬੋਲਾਂ ਦੇ ਮਾਲਕ ਦਾ ਨਾਂ ਹੈ ਡਾ: ਅਮਨਦੀਪ ਸਿੰਘ ਟੱਲੇਵਾਲੀਆ। ਲੇਖਕਾਂ ਦੀ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਬਰਨਾਲਾ ਦੇ ਕਚਿਹਰੀ ਚੌਂਕ ਲਾਗੇ ਆਪਣਾ ਡੇਰਾ ਜਮਾਈ ਬੈਠਾ ਅਮਨਦੀਪ ਸਿੰਘ ਟੱਲੇਵਾਲੀਆ ਆਪਣੇ ਘਰ ਵਿੱਚ ਹੀ ਹੋਮਿਓਪੈਥੀ ਕਲੀਨਿਕ ਚਲਾ ਰਿਹਾ ਹੈ। ਉਹਨਾਂ ਦੇ ਕਲੀਨਿਕ ਅੰਦਰ ਬਣਿਆ ਮਰੀਜ਼ਾਂ ਲਈ ਬਣਿਆ ਉਡੀਕ ਕਮਰਾ ਪਹਿਲੀ ਨਜ਼ਰੇ ਕਿਸੇ ਲਾਇਬਰੇਰੀ ਦਾ ਝਾਉਲਾ ਪਾਉਂਦਾ ਹੈ। ਚਾਰੇ ਕੰਧਾਂ ਉੱਪਰ ਨਿਵੇਕਲੇ ਢੰਗ ਨਾਲ ਸਜਾਈਆਂ ਪੁਸਤਕਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸਾਹਿਤਕਾਰ ਪਿਓ ਡਾ: ਸੰਪੂਰਨ ਸਿੰਘ ਟੱਲੇਵਾਲੀਆ ਦੀ ਛਤਰ ਛਾਇਆ ਮਾਣ ਕੇ ਉਹਨਾਂ ਦਾ ਬੀਬਾ ਪੁੱਤ ਅਮਨਦੀਪ ਸਿਰਫ ਡਾ: ਅਮਨਦੀਪ ਸਿੰਘ ਟੱਲੇਵਾਲੀਆ ਹੀ ਨਹੀਂ ਬਣਿਆ ਸਗੋਂ ਸਾਹਿਤ ਤੇ ਕਲਾ ਨਾਲ ਵੀ ਆਪਣਾ ਪਿਆਰ ਪ੍ਰਵਾਨ ਚੜ੍ਹਾ ਰਿਹਾ ਹੈ। ਜਿਕਰਯੋਗ ਹੈ ਕਿ ਦੋਵੇਂ ਪਿਓ ਪੁੱਤ ਗਾਉਣ ਦੇ ਵੀ ਡਾਹਢੇ ਸ਼ੁਕੀਨ ਹਨ। ਜਿੱਥੇ ਕੁਝ ਸਮਾਂ ਪਹਿਲਾਂ ਦੋਵੇਂ ਬੋਹੜਾਂ ਨੇ ਆਪਣੀ ਆਵਾਜ਼ 'ਚ "ਨਿਮਾਣਿਆਂ ਦੇ ਮਾਣ" ਕਵੀਸ਼ਰੀ ਰਾਂਹੀਂ ਆਪਣੇ ਅੰਦਰਲੇ ਕਲਾਕਾਰ ਦੇ ਦੀਦਾਰੇ ਬਾਖੂਬੀ ਕਰਵਾਏ ਸਨ ਉੱਥੇ ਡਾ: ਅਮਨਦੀਪ ਸਿੰਘ ਨੇ "ਸ਼ਹੀਦ ਊਧਮ ਸਿੰਘ" ਅਤੇ ''ਪੈਸੇ ਦੇ ਪੁੱਤ" ਗੀਤ ਵੀ ਸੰਗੀਤ ਜਗਤ ਦੀ ਝੋਲੀ ਪਾਏ ਹਨ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ 'ਚ ਪਿਤਾ ਸੰਪੂਰਨ ਸਿੰਘ ਤੇ ਮਾਤਾ ਜੁਗਰਾਜ ਕੌਰ ਦੇ ਘਰ ਜਨਮੇ ਅਮਨਦੀਪ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ 'ਚੋਂ ਹਾਸਲ ਕਰਕੇ ਆਪਣੇ ਪਿਤਾ ਜੀ ਵਾਂਗ ਡਾਕਟਰ ਬਣਨ ਲਈ ਹੋਮਿਓਪੈਥਿਕ ਬੀ ਐੱਚ ਐੱਮ ਐੱਸ ਦੀ ਡਿਗਰੀ ਅਬੋਹਰ ਕਾਲਜ਼ ਤੋਂ ਲਈ। ਗੁਰੂ ਨਾਨਕ ਦੇਵ ਹੋਮਿਓਪੈਥਿਕ ਕਾਲਜ ਲੁਧਿਆਣਾ ਤੋਂ ਐੱਮ ਡੀ ਦੀ ਡਿਗਰੀ ਹਾਸਲ ਕਰਕੇ ਆਪਣੇ ਨਾਮ ਨਾਲ ਡਾਕਟਰ ਵਿਸ਼ੇਸ਼ਣ ਲਗਾਉਣ ਦਾ ਮਾਣ ਹਾਸਲ ਕੀਤਾ। ਡਾ: ਅਮਨਦੀਪ ਸਿੰਘ ਟੱਲੇਵਾਲੀਆ ਵਰ੍ਹਿਆਂ ਬੱਧੀ ਕਿਤਾਬਾਂ ਨਾਲ ਜੂਝ ਕੇ ਸਿਰਫ ਡਾਕਟਰ ਬਣ ਕੇ, ਸਿਰਫ ਤੇ ਸਿਰਫ ਕਮਾਈ ਕਰਨ ਦੀ ਹੀ ਸੋਚ ਤੋਂ ਲੱਖਾਂ ਕੋਹਾਂ ਦੂਰ ਰਹਿਣ ਵਾਲੀ ਰੂਹ ਹੈ। ਆਪਣੀਆਂ ਸਰੀਰਕ ਸਮੱਸਿਆਵਾਂ ਦੀ ਦਵਾਈ ਲੈਣ ਆਏ ਮਰੀਜ਼ ਨੂੰ ਮਿੱਠੇ ਤੇ ਹਮਦਰਦੀ ਭਰੇ ਬੋਲਾਂ ਨਾਲ ਮਾਨਸਿਕ ਤੌਰ 'ਤੇ ਭਲਵਾਨ ਬਣਾ ਕੇ ਤੋਰਨਾ ਉਸਦੀ ਯੋਗਤਾ ਹੈ। ਜ਼ਿੰਦਗੀ ਦੀਆਂ ਬਾਤਾਂ ਪਾਉਂਦਾ ਇਹ ਰੰਗ ਰੰਗੀਲਾ ਸੱਜਣ ਜਿੱਥੇ ਮਲਵਈ ਗਿੱਧੇ, ਭੰਗੜੇ ਦਾ ਦਿਲੋਂ ਮੁਰੀਦ ਹੈ ਉੱਥੇ ਪੰਜਾਬੀ ਪਾਠਕਾਂ ਨੂੰ ਹੌਸਲਿਆਂ ਦੇ ਟੀਕੇ ਲਾਉਣ ਵਰਗੀ ਲੇਖਾਂ ਦੀ ਕਿਤਾਬ "ਆਓ ਜਿਉਣਾ ਸਿੱਖੀਏ" ਵੀ ਪਾ ਚੁੱਕਾ ਹੈ। ਵੱਖ ਵੱਖ ਅਖ਼ਬਾਰਾਂ ਰਾਂਹੀਂ ਆਪਣੀ ਕਲਮ ਦਾ ਚਾਨਣ ਬਿਖੇਰਦਾ ਰਹਿਣ ਵਾਲਾ ਡਾ: ਅਮਨਦੀਪ ਸਿੰਘ ਤੇ ਪਿਤਾ ਡਾ: ਸੰਪੂਰਨ ਸਿੰਘ ਮਾਲਵਾ ਸਾਹਿਤ ਸਭਾ ਬਰਨਾਲਾ ਦੀ ਰੀੜ੍ਹ ਦੀ ਹੱਡੀ ਬਣ ਕੇ ਸਾਹਿਤਕ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ। ਜਿਸ ਤਰ੍ਹਾਂ ਅਮਨਦੀਪ ਸਿੰਘ ਨੇ ਸਪੂਤ ਬਣ ਕੇ ਆਪਣੇ ਪਿਤਾ ਦੇ ਸਦਗੁਣਾਂ ਨੂੰ ਚਾਰ ਚੰਨ ਲਾਏ ਹਨ ਤਾਂ ਕਿਹੜਾ ਬੋਹੜ ਪਿਓ ਨਹੀਂ ਚਾਹੇਗਾ ਕਿ ਉਸਦਾ ਪੁੱਤ ਵੀ ਉਸ ਵਾਂਗ ਬੋਹੜ ਨਾ ਬਣੇ?
ਨਵਾਂ ਸਾਲ-ਨਵਾਂ ਖ਼ਿਆਲ : ਡਮ ਡਮ ਖੜਕਦੇ ਖਾਲੀ ਖ਼ਜ਼ਾਨੇ 'ਚ ਲੋਕਾਂ ਦਾ ਕੀ ਦੋਸ਼? - ਮਨਦੀਪ ਖੁਰਮੀ ਹਿੰਮਤਪੁਰਾ
ਸਿਆਸਤ, ਦੇਖਣ ਸੁਣਨ ਨੂੰ ਮਹਿਜ਼ ਇੱਕ ਸ਼ਬਦ ਹੈ। ਪਰ ਇਸ ਸ਼ਬਦ ਦੇ ਦਿਮਾਗ ਅੱਗੇ ਆਮ ਲੋਕ ਸਿਰਫ਼ ਇੱਕ ਵੋਟ ਹਨ। ਇਸ ਸ਼ਬਦ ਦੇ ਬੇਸ਼ੱਕ ਪੇਟ ਨਹੀਂ ਲੱਗਾ ਹੋਇਆ ਪਰ ਇਹ ਅਦਿੱਖ ਪੇਟ ਸਭ ਕੁਝ ਹਜ਼ਮ ਕਰਨ ਦੀ ਸਮਰੱਥਾ ਰੱਖਦੈ। ਇਹ ਸ਼ਬਦ ਜੇ ਧੁੱਪ ਕਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਧੁੱਪ ਦਾ ਮਤਲਬ ਛਾਂ ਹੋਵੇ। ਕਹਿਣ ਦਾ ਭਾਵ ਕਿ ਸਿਆਸਤ 'ਚ ਜੋ ਕੁਝ ਦਿਸਦਾ ਹੈ, ਅਕਸਰ ਓਹ ਹੁੰਦਾ ਨਹੀਂ ਤੇ ਜੋ ਹੁੰਦਾ ਹੈ, ਅਕਸਰ ਓਹ ਦਿਸਦਾ ਨਹੀਂ। ਰੋਜ਼ਾਨਾ ਮੀਡੀਆ ਸਾਧਨਾਂ ਰਾਂਹੀਂ ਅਸੀਂ ਵੱਖ ਵੱਖ ਰਾਜਨੀਤਕ ਧੜਿਆਂ ਦੇ ਆਗੂਆਂ ਦੀ ਤੂੰ-ਤੂੰ ਮੈਂ-ਮੈਂ ਸੁਣਦੇ ਦੇਖਦੇ ਰਹਿੰਦੇ ਹਾਂ। ਖ਼ਬਰਾਂ ਪੜ੍ਹਦੇ ਸੁਣਦੇ ਆਮ ਨਾਗਰਿਕ ਦਾ ਦਿਲ ਡਰ ਨਾਲ ਦਿੱਲੀਉਂ ਹੋ ਹੋ ਮੁੜਦਾ ਹੈ ਕਿ "ਕਿਧਰੇ ਸਾਡੇ ਨੇਤਾ ਜੀ ਆਪਸ 'ਚ ਲੜ ਕੇ "ਸ਼ਹੀਦ" ਨਾ ਹੋ ਜਾਣ, ਫਿਰ ਦੇਸ਼ ਨੂੰ ਕੌਣ ਚਲਾਵੇਗਾ?" ਪਰ ਅਜਿਹਾ ਹੁੰਦਾ ਨਹੀਂ, ਸਗੋਂ ਅਜਿਹੀ ਕੁੱਕੜ-ਖੇਹ ਤਾਂ ਸਿਆਸਤ ਦੀ ਲਗਾਤਾਰਤਾ ਬਣਾਈ ਰੱਖਣ, ਲੋਕਾਂ ਦਾ ਹੋਰ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਲਈ ਹੁੰਦੀ ਹੈ। ਅਜਿਹੀ ਬਿਆਨਬਾਜ਼ੀ ਦਾ ਆਮ ਲੋਕਾਂ ਦੇ ਜੀਵਨ ਪੱਧਰ ਸੁਧਾਰ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਵਿਧਾਨ ਸਭਾ ਜਾਂ ਲੋਕ ਸਭਾ ਸਾਡੇ ਨੇਤਾਵਾਂ ਲਈ ਓਸ ਕੁੱਕੜਾਂ ਦੇ ਖੁੱਡੇ ਵਾਂਗ ਹਨ, ਜਿਸ ਵਿੱਚੋਂ ਬਾਹਰ ਹਨ ਤਾਂ ਹਮੇਸ਼ਾ ਲੜਦੇ ਦਿਖਾਈ ਦੇਣਗੇ ਪਰ ਅੰਦਰ ਹਨ ਤਾਂ ਆਪਣੇ ਫਾਇਦੇ ਲਈ ਇੱਕਮੁੱਠ ਹੋ ਜਾਂਦੇ ਹਨ। ਇਸਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਵਿਧਾਇਕਾਂ ਦੇ ਤਨਖਾਹ ਵਾਧੇ ਦੇ ਮਾਮਲੇ 'ਚ ਸੱਤਾ ਧਿਰ ਤੇ ਵਿਰੋਧੀ ਧਿਰ ਘਿਓ ਖਿਚੜੀ ਨਜ਼ਰ ਆਏ। ਇੱਕ ਦੋ ਵਿਧਾਇਕਾਂ ਨੂੰ ਛੱਡ ਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਵੱਧ ਤਨਖਾਹ ਨਹੀਂ ਚਾਹੀਦੀ। ਸਗੋਂ ਹਾਸੋਹੀਣਾ ਬਿਆਨ ਇਹ ਵੀ ਸੁਣਨ ਨੂੰ ਮਿਲਿਆ ਕਿ ਵਿਧਾਇਕਾਂ ਨੂੰ ਲੋਕਾਂ ਦੇ ਖੁਸ਼ੀ ਗ਼ਮੀ ਦੇ ਸਮਾਗਮਾਂ 'ਚ ਵੀ ਜਾਣਾ ਪੈਂਦਾ ਹੈ, ਸੋ ਤਨਖਾਹ ਵਾਧਾ ਜ਼ਰੂਰੀ ਹੈ। ਇਸਤੋਂ ਪਹਿਲਾਂ ਇਸ ਨਾਲ ਰਲਵਾਂ ਮਿਲਵਾਂ ਬਿਆਨ ਵਿਰੋਧੀ ਧਿਰ ਦਾ ਨੌਜਵਾਨ ਵਿਧਾਇਕ ਵੀ ਦੇ ਚੁੱਕਾ ਹੈ।
ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਚੋਣਾਂ ਵੇਲੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਤਾਂ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਫਿਰ ਅਜਿਹੀ ਕਿਹੜੀ ਸੇਵਾ ਹੈ, ਜਿਹੜੀ ਲੋਕਾਂ ਦੇ ਸਿਰੋਂ ਪਲ ਕੇ ਹੀ ਹੁੰਦੀ ਹੈ? ਇੱਕ ਆਮ ਬੇਰੁਜ਼ਗਾਰ ਇਨਸਾਨ ਆਪਣੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਬੁਰਕੀ ਤੱਕ ਅਤੇ ਪੂਰੇ ਦਿਨ 'ਚ ਕੀਤੀ ਹਰ ਗਤੀਵਿਧੀ ਲਈ ਟੈਕਸ ਅਦਾ ਕਰਦਾ ਹੈ। ਆਪਣੇ ਭਲੇ ਦਿਨਾਂ ਦੀ ਉਮੀਦ ਅਤੇ ਯੋਗ ਸਰਕਾਰੀ ਨੀਤੀਆਂ ਦੀ ਘਾੜ੍ਹਤ ਦੀ ਚਾਹਨਾ ਵਿੱਚ ਆਪਣਾ ਨੁਮਾਇੰਦਾ ਚੁਣਦਾ ਹੈ। ਉਸ ਨੁਮਾਇੰਦੇ ਕੋਲੋਂ ਇਹ ਤਵੱਕੋਂ ਕੀਤੀ ਜਾਂਦੀ ਹੈ ਕਿ ਉਹ ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਬੁਨਿਆਦੀ ਹੱਕ ਦੀ ਪ੍ਰਾਪਤੀ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰੇਗਾ ਪਰ ਹੁੰਦਾ ਇਸਤੋਂ ਉਲਟ ਹੈ। ਵਿਧਾਨ ਸਭਾ ਜਾਂ ਲੋਕ ਸਭਾ ਤੋਂ ਬਾਹਰ ਲੋਕ ਹਿਤਾਂ ਦੇ ਰਾਖੇ ਹੋਣ ਦੇ ਬਿਆਨ ਛਾਲਾਂ ਮਾਰ ਮਾਰ ਦਿੱਤੇ ਜਾਂਦੇ ਹਨ, ਪਰ ਨੀਤੀਆਂ ਘੜ੍ਹਨ ਵਾਲੀ ਜਗ੍ਹਾ 'ਤੇ ਜਾ ਕੇ ਆਪਣੀਆਂ ਤਨਖਾਹਾਂ ਵਧਾਉਣ ਲਈ ਕਲਿੰਗੜੀ ਪਾ ਲਈ ਜਾਂਦੀ ਹੈ। ਅਧਿਆਪਕ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪਣੀ ਯੋਗਤਾ ਨਾਲੋਂ ਲੱਖ ਗੁਣਾ ਵੱਡਾ ਅਹੁਦਾ ਮੱਲੀ ਬੈਠਾ ਮੰਤਰੀ ਤੇ ਉਸਦੀ ਮੰਡਲੀ ਅਧਿਆਪਕਾਂ ਦੀ ਤਨਖਾਹ 'ਤੇ ਸੱਤਰ ਫੀਸਦੀ ਦਾ ਕੱਟ ਇਹ ਕਹਿ ਕੇ ਮਾਰ ਦਿੰਦੀ ਹੈ ਕਿ ਸਰਕਾਰੀ ਖ਼ਜ਼ਾਨਾ ਖਾਲੀ ਹੈ। ਫਿਰ ਅਚਾਨਕ ਹੀ ਖ਼ਜਾਨੇ ਵਿੱਚ ਅਜਿਹੀ ਕਿਹੜੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬੈਠ ਗਈ ਕਿ ਵਿਧਾਇਕਾਂ ਦੀ ਮੌਜੂਦਾ ਤਨਖਾਹ ਨੂੰ ਢਾਈ ਗੁਣਾ ਤੋਂ ਵਧੇਰੇ ਵਧਾ ਦੇਣ ਲਈ ਕਮੇਟੀ ਦਾ ਗਠਨ ਕਰਨਾ ਪਿਆ? ਉਹਨਾਂ ਅਧਿਆਪਕਾਂ ਨੂੰ ਤਾਂ ਜ਼ਲੀਲ ਕੀਤਾ ਜਾ ਰਿਹਾ ਹੈ, ਜਿਹੜੇ ਵਰ੍ਹਿਆਂਬੱਧੀ ਘਾਲਣਾ ਕਰਕੇ ਆਪਣੀ ਵਿੱਦਿਅਕ ਯੋਗਤਾ ਕਰਕੇ ਨੌਕਰੀ ਹਾਸਲ ਕਰਨ ਦੇ ਲਾਇਕ ਹੋਏ ਹਨ। ਕਿਸੇ ਦੇਸ਼ ਜਾਂ ਸੂਬੇ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ ਕਿ ਜਿਸ ਇਨਸਾਨ ਨੇ ਕਦੇ ਕਾਲਜ਼ ਹੀ ਨਾ ਦੇਖਿਆ ਹੋਵੇ ਤੇ ਉਸਨੂੰ ਉੱਚ-ਸਿੱਖਿਆ ਮੰਤਰੀ ਦੀ ਕੁਰਸੀ, ਬਾਰ੍ਹਵੀਂ ਪਾਸ ਵਿਅਕਤੀ ਨੂੰ ਸੂਬੇ ਦਾ ਸਿੱਖਿਆ ਮੰਤਰੀ? ਉੱਪਰੋਂ ਓਹਨਾਂ ਹੀ ਲੋਕਾਂ ਸਿਰ ਅਹਿਸਾਨ ਕਤਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਵਿਆਹਾਂ, ਮਰਨਿਆਂ 'ਤੇ ਹਾਜ਼ਰੀ ਭਰਨ ਆਉਂਦੇ ਹਾਂ ਤਾਂ ਕਰਕੇ ਸਾਡੀ ਤਨਖਾਹ ਦਾ "ਉਜਾੜਾ" ਹੁੰਦਾ ਹੈ। ਪਰ ਮੰਤਰੀ ਵਿਧਾਇਕ ਇਹ ਨਹੀਂ ਸਮਝਦੇ ਕਿ ਤੁਸੀਂ ਵਿਆਹ 'ਚ 200 ਜਾਂ 500 ਦਾ ਸ਼ਗਨ ਪਾ ਕੇ ਜਾਂ ਗ਼ਮੀ ਮੌਕੇ 50-100 ਰੁਪਏ ਦਾ ਮੱਥਾ ਟੇਕ ਕੇ ਸੁਰਖਰੂ ਹੋ ਜਾਂਦੇ ਹੋ ਪਰ ਤੁਹਾਡੇ ਨਾਲ ਆਈ 50-50 ਬੰਦਿਆਂ ਦੀ ਧਾੜ ਮਠਿਆਈ ਦਾ ਜੋ ਚਾਰਾ ਕਰਦੀ ਹੈ, ਕਦੇ ਉਸ ਦਾ ਹਿਸਾਬ ਵੀ ਲਾਇਆ ਹੈ?
ਆਮ ਇਨਸਾਨ ਆਪਣੇ ਜੁਆਕ ਦੇ ਜਨਮ ਸਰਟੀਫਿਕੇਟ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਤੱਕ ਨੂੰ ਹਾਸਲ ਕਰਨ ਲਈ ਵੀ ਫੀਸ ਅਦਾ ਕਰਦਾ ਹੈ। ਹਰ ਟੈਕਸ ਨੂੰ ਵਿੱਤ ਅਨੁਸਾਰ ਅਦਾ ਕਰਕੇ ਖ਼ਜ਼ਾਨੇ ਨੂੰ ਭਰਨ 'ਚ ਸਾਥ ਦਿੰਦਾ ਹੈ। ਫਿਰ ਖਾਲੀ ਦੱਸੇ ਜਾਂਦੇ ਖ਼ਜ਼ਾਨੇ ਨੂੰ ਖ਼ਾਲੀ ਕਰ ਕੌਣ ਜਾਂਦਾ ਹੈ? ਪਿਛਲੀਆਂ ਦੋ ਵਾਰੀਆਂ ਦੀ ਸੱਤਾ ਕੁਰਸੀ ਅਕਾਲੀ ਦਲ ਕੋਲ ਸੀ। ਦਸ ਸਾਲ ਹੀ ਅਕਾਲੀ ਇਹ ਕਹਿੰਦੇ ਰਹੇ ਕਿ ਪਿਛਲੀ ਕਾਂਗਰਸ ਸਰਕਾਰ ਖ਼ਜ਼ਾਨਾ ਖਾਲੀ ਕਰਕੇ ਤੁਰਦੀ ਬਣੀ। ਹੁਣ ਇਹੀ ਬੰਸਰੀ ਕਾਂਗਰਸ ਸਰਕਾਰ ਵਜਾ ਰਹੀ ਹੈ ਕਿ ਪਿਛਲੇ ਦਸ ਸਾਲਾਂ 'ਚ ਅਕਾਲੀਆਂ ਨੇ ਖਜ਼ਾਨੇ ਵਿੱਚ ਮੋਰੀਆਂ ਕਰ ਦਿੱਤੀਆਂ ਹਨ। ਲੋਕਾਂ ਨੇ ਆਪਣੀ ਵੋਟ ਰਾਂਹੀਂ ਸਰਕਾਰਾਂ ਚੁਣ ਕੇ ਨੀਤੀਆਂ ਘੜ੍ਹਨ ਲਈ ਤੁਹਾਨੂੰ ਸੱਤਾ ਬਖ਼ਸ਼ੀ ਹੈ, ਫਿਰ ਇਹ ਤਾਂ ਸੱਤਾਧਾਰੀ ਧਿਰ ਦਾ ਫ਼ਰਜ਼ ਬਣ ਜਾਂਦਾ ਹੈ ਕਿ ਉਹ "ਯੋਗ" ਨੀਤੀਆਂ ਘੜ੍ਹ ਕੇ ਖ਼ਜ਼ਾਨੇ ਨੂੰ ਭਰਨ ਦੇ ਰਾਹ ਤੁਰੇ ਤਾਂ ਕਿ ਲੋਕਾਂ ਦੀ ਜੂਨ ਸੁਖਾਲੀ ਕੀਤੀ ਜਾ ਸਕੇ। ਨਾ ਕਿ ਲੋਕਾਂ ਸਿਰੋਂ ਵਿਧਾਇਕਾਂ ਮੰਤਰੀਆਂ ਦੀਆਂ ਪੁਸ਼ਤਾਂ ਦੇ ਖ਼ਜ਼ਾਨੇ ਨੱਕੋ ਨੱਕ ਭਰਨ ਦਾ ਬੰਦੋਬਸਤ ਕਰ ਦਿੱਤਾ ਜਾਵੇ। ਮਾਣਯੋਗ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ "ਨਿਪੁੰਨ" ਖ਼ਜ਼ਾਨਾ ਮੰਤਰੀ ਵਜੋਂ ਆਂਕਿਆ ਜਾ ਰਿਹਾ ਸੀ। ਪਰ ਹੁਣ ਜਦੋਂ ਓਹ ਜਾਂ ਤਾਂ ਉਰਦੂ ਹੀ ਬੋਲਦੇ ਨਜ਼ਰ ਆਉਂਦੇ ਹਨ ਜਾਂ ਚੁੱਪ ਹੀ ਦਿਸਦੇ ਹਨ। ਉਹਨਾਂ ਕੋਲੋਂ ਸਵਾਲ ਇਹ ਪੁੱਛਣਾ ਬਣਦੈ ਕਿ ਕੀ ਵਿਧਾਇਕਾਂ ਦੀਆਂ ਤਨਖਾਹਾਂ ਦੇ ਢਾਈ ਗੁਣਾ ਤੋਂ ਵਧੇਰੇ ਵਾਧੇ ਨਾਲ ਖ਼ਜ਼ਾਨਾ ਭਰ ਜਾਵੇਗਾ? ਵਧੀ ਤਨਖਾਹ ਤੋਂ ਬਾਅਦ ਕੀ ਵਿਧਾਇਕ ਲੋਕਾਂ ਦੇ ਵਿਆਹਾਂ ਸ਼ਾਦੀਆਂ, ਭੋਗਾਂ 'ਤੇ ਖੁੱਲਦਿਲੀ ਨਾਲ ਹਾਜ਼ਰੀ ਭਰ ਕੇ ਸਿਹਤ ਵਿੱਦਿਆ ਤੇ ਰੁਜਗਾਰ ਦੇ ਮਸਲੇ ਹੱਲ ਕਰ ਦੇਣਗੇ?
ਉੱਡ ਰਹੇ ਮਜ਼ਾਕ ਵੱਲ ਧਿਆਨ ਦੇਣ ਦੀ ਲੋੜ
ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਵਿਧਾਇਕ ਹੋਰਨਾਂ ਭੱਤਿਆਂ ਦੇ ਨਾਲ ਨਾਲ 15000 ਰੁਪਏ ਟੈਲੀਫੋਨ ਭੱਤਾ ਖੁਸ਼ੀ ਖੁਸ਼ੀ ਹਾਸਲ ਕਰ ਅਤੇ ਕਰਦੇ ਆ ਰਹੇ ਹਨ। ਅੱਜ ਜਦੋਂ ਲੈਂਡਲਾਈਨ ਟੈਲੀਫੋਨ ਡਾਇਨਾਸੋਰ ਵਾਂਗ ਅਲੋਪ ਹੋ ਗਏ ਹਨ ਤਾਂ 117 ਵਿਧਾਇਕਾਂ ਵਿੱਚੋਂ ਕਿੰਨੇ ਕੁ ਵਿਧਾਇਕ ਹਨ, ਜਿਹਨਾਂ ਦੇ ਘਰ ਜਾਂ ਦਫ਼ਤਰ ਟੈਲੀਫੋਨ ਅਜੇ ਵੀ ਲੱਗਾ ਹੋਇਆ ਹੈ? ਤਕਨੀਕੀ ਯੁਗ 'ਚ ਵਿਚਰਦਿਆਂ ਕਿਉਂ ਨਹੀਂ ਕਿਸੇ ਮੋਬਾਈਲ ਫੋਨ ਰਾਹੀਂ 500-700 ਰੁਪਏ ਪ੍ਰਤੀ ਮਹੀਨਾ ਅਦਾ ਕਰਕੇ ਅਮੁੱਕ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ? ਬਿਨਾਂ ਗੱਲੋਂ ਹਰ ਮਹੀਨੇ 17 ਲੱਖ 55 ਹਜ਼ਾਰ ਰੁਪਏ ਲੋਕਾਂ ਦਾ ਟੈਕਸ ਦਾ ਪੈਸਾ ਟੈਲੀਫੋਨ ਭੱਤੇ ਦੇ ਨਾਂ 'ਤੇ ਉਡਾਇਆ ਜਾ ਰਿਹਾ ਹੈ। ਸਾਰੇ ਵਿਧਾਇਕ ਆਪਣੇ 60 ਮਹੀਨੇ ਦੇ ਕਾਰਜਕਾਲ 'ਚ 10 ਕਰੋੜ 53 ਲੱਖ ਰੁਪਏ ਸਿਰਫ ਟੈਲੀਫੋਨ ਭੱਤੇ ਰਾਹੀਂ ਹੀ ਲੋਕਾਂ ਦੀਆਂ ਜੇਬਾਂ 'ਚੋਂ ਕਢਵਾ ਕੇ ਆਪਣੀਆਂ ਜੇਬਾਂ 'ਚ ਪਾ ਲੈਂਦੇ ਹਨ। ਇਸ ਤਨਖਾਹ ਵਾਧੇ ਦੀ ਤਜਵੀਜ਼ ਨੂੰ ਬੇਸ਼ੱਕ ਹਰੀ ਝੰਡੀ ਨਹੀਂ ਮਿਲੀ ਪਰ ਲੋਕਾਂ ਵਿੱਚ ਇਹ ਖਿਆਲ ਹੋਰ ਪਕੇਰਾ ਹੋ ਗਿਆ ਹੈ ਕਿ ਸਿਆਸੀ ਲੋਕ ਆਮ ਲੋਕਾਂ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ। ਕਾਂਗਰਸ ਸਰਕਾਰ ਦਾ ਹਰ ਜਗ੍ਹਾ ਮਜ਼ਾਕ ਉੱਡਦਾ ਦਿਖਾਈ ਦੇ ਰਿਹਾ ਹੈ। ਨਵਾਂਸ਼ਹਿਰ ਦੇ ਨੌਜਵਾਨ ਪਰਵਿੰਦਰ ਸਿੰਘ ਕਿੱਤਣਾ ਨੇ ਵਿਅੰਗ ਰੂਪ 'ਚ 500 ਰੁਪਏ ਦਾ ਮਨੀਆਰਡਰ "ਵਿਧਾਇਕਾਂ ਦੀ ਆਰਥਿਕ ਸਹਾਇਤਾ" ਵਜੋਂ ਭੇਜਿਆ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਹੈ ਕਿ ਵਿਧਾਇਕਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਇਕੱਠੀ ਕੀਤੀ ਇਸ ਰਾਸ਼ੀ ਵਿੱਚ ਉਸਨੇ ਪੜ੍ਹਾਈ ਦੌਰਾਨ ਛੁੱਟੀ ਵਾਲੇ ਦਿਨ ਦਿਹਾੜੀ ਕਰਨ ਲਈ ਮਜ਼ਬੂਰ ਬੀ. ਟੈੱਕ. ਦੇ ਵਿਦਿਆਰਥੀ,ਚਾਹ ਦੀ ਰੇਹੜੀ ਲਾਉਂਦੇ ਅਸ਼ੋਕ, ਗੰਨੇ ਦਾ ਰਸ ਵੇਚਦੀ ਗੈਰ ਪੰਜਾਬਣ ਬੀਬੀ, ਇੱਕ ਰਿਕਸ਼ਾ ਚਾਲਕ ਅਤੇ ਪੈਂਚਰਾਂ ਦੀ ਦੁਕਾਨ ਵਾਲੇ ਇੱਕ ਕਿਰਤੀ ਦਾ ਵੀ ਯੋਗਦਾਨ ਪੁਆਇਆ ਹੈ। ਉਹਨਾਂ ਟਕੋਰ ਕੀਤੀ ਹੈ ਕਿ ਲੋਕਾਂ ਦਾ ਕੀ ਐ? ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ, ਉਹਨਾਂ ਦੀ ਆਰਥਿਕ ਸਹਾਇਤਾ ਲਈ ਅਸੀਂ ਖੁਦਕੁਸ਼ੀਆਂ ਦਾ ਸੰਤਾਪ ਭੋਗ ਰਹੇ ਲੋਕਾਂ ਦੇ ਪਰਿਵਾਰਾਂ ਕੋਲੋਂ ਵੀ ਰਾਸੀਂ ਇਕੱਠੀ ਕਰਕੇ ਵਿਧਾਇਕਾਂ ਲਈ ਜਲਦੀ ਭੇਜਾਂਗੇ।
ਮੁੱਕਦੀ ਗੱਲ ਇਹ ਕਿ ਲੋਕਾਂ ਨੂੰ ਹੁਣੇ ਤੋਂ ਅਗਲੀ ਸਰਕਾਰ ਦੇ ਬਿਆਨ ਸੁਣਨੇ ਸ਼ੁਰੂ ਹੋ ਗਏ ਹਨ, ਜਿਸ ਵਿੱਚ (ਉਸ ਵੇਲੇ ਦੇ) ਵਿਧਾਇਕ ਅਜੋਕੀ ਕਾਂਗਰਸ ਸਰਕਾਰ ਨੂੰ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ੀ ਗਰਦਾਨ ਰਹੇ ਹੋਣਗੇ। ਲੋਕ ਤਾਂ ਵਿਚਾਰੇ ਸਿਰਫ ਵੋਟਾਂ ਹਨ, ਲੋਕਾਂ ਦਾ ਕੀ ਐ? ਇਹ ਤਾਂ ਰੋਂਦੇ, ਕੁਰਲਾਉਂਦੇ, ਫਾਹੇ ਲੈਂਦੇ, ਬੀਮਾਰੀਆਂ ਨਾਲ ਜੂਝਦੇ ਜੂਨ ਭੋਗ ਲੈਂਦੇ ਹਨ। ਸਿਰਫ ਇਹਨਾਂ ਲੋਕਾਂ ਦੇ ਚੁਣੇ ਨੁਮਾਇੰਦੇ ਹਰ ਹਾਲ ਖੁਸ਼ ਰਹਿਣੇ ਚਾਹੀਦੇ ਹਨ, ਲੋਕਾਂ ਦਾ ਕੀ ਐ?
16 Dec. 2018