ਨਸ਼ੱਈ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ - ਮੋਹਨ ਸ਼ਰਮਾ
ਨਸ਼ਿਆਂ ਦੇ ਪ੍ਰਕੋਪ ਕਾਰਨ ਬਹੁਤ ਸਾਰੇ ਘਰਾਂ ਦੇ ਚੁਲ੍ਹੇ ਠੰਡੇ ਹੋਏ ਹਨ। ਅਨੇਕਾਂ ਘਰਾਂ ਵਿੱਚ ਤਿੜਕੇ ਰਿਸ਼ਤਿਆਂ ਕਾਰਨ ਪਰਿਵਾਰਕ ਜੀਵਨ ਖੇਰੂੰ ਖੇਰੂੰ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਅਗਵਾਈ ’ਚ ਚਲ ਰਹੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਇਸ ਸੰਤਾਪ ਨੂੰ ਮੈਂ ਬੜ੍ਹਾ ਨੇੜਿਉਂ ਹੋ ਕੇ ਦੇਖਿਆ ਹੈ। ਸਮਰਪਿਤ ਭਾਵਨਾ ਨਾਲ ਕੰਮ ਕਰਨ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਸਿਰ ਪ੍ਰਸ਼ੰਸਾ ਦੇ ਬੋਲ ਵੀ ਮੇਰੇ ਹਿੱਸੇ ਆਉਂਦੇ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਮਿਲਿਆ ਕਿ ਜ਼ਿਲ੍ਹੇ ਵਿੱਚ ਖੁੱਲ੍ਹੇ ਨਸ਼ਾ ਛੁਡਾਊ ਕੇਂਦਰਾਂ ਦੀ ਸਮੇਂ ਸਮੇਂ ਸਿਰ ਚੈਕਿੰਗ ਕਰਨ ਉਪਰੰਤ ਉਨ੍ਹਾਂ ਦੀ ਕਾਰਗੁਜ਼ਰੀ ਤੋਂ ਜਾਣੂ ਕਰਵਾਇਆ ਜਾਵੇ। ਇਨ੍ਹਾਂ ਹੁਕਮਾਂ ਦੀ ਕਾਪੀ ਜ਼ਿਲ੍ਹੇ ਵਿੱਚ ਖੁੱਲ੍ਹੇ ਨਸ਼ਾ ਛੁਡਾਊ ਕੇਂਦਰਾਂ ਦੇ ਮੁਖੀਆਂ ਨੂੰ ਸੂਚਨਾ ਹਿੱਤ ਭੇਜੀ ਗਈ।
ਆਦੇਸ਼ ਦੀ ਪਾਲਣਾ ਕਰਦਿਆਂ ਆਪਣੇ ਦੋ ਕਰਮਚਾਰੀਆਂ ਨੂੰ ਨਾਲ ਲੈ ਕੇ ਮਲੇਰਕੋਟਲਾ ਅਤੇ ਨਾਭਾ ਦੇ ਵਿਚਕਾਰ ਖੁੱਲ੍ਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਤੇ ਅਚਨਚੇਤ ਨਿਰੀਖਣ ਕਰਨ ਲਈ ਪਹੁੰਚ ਗਿਆ। ਗੇਟ ਦੇ ਅੰਦਰ ਵੜਦਿਆਂ ਮੇਰੀ ਸ਼ਕਲ ਤੋਂ ਉਹ ਵਾਕਫ਼ ਨਹੀਂ ਸੀ। ਜਾਂਦਿਆਂ ਹੀ ਉਸ ਨੇ ਮੇਰੇ ’ਤੇ ਪਹਿਲਾਂ ਸਵਾਲ ਦਾਗ਼ਿਆ, “ਨਸ਼ੱਈ ਨੂੰ ਚੁੱਕ ਕੇ ਲਿਆਉਣੈ?” ਮੇਰੇ ਹਾਂ ਵਿੱਚ ਜਵਾਬ ਦੇਣ ’ਤੇ ਉਸ ਨੇ ਰਜਿਸਟਰ ਖੋਲ੍ਹਿਆ ਅਤੇ ਮੇਰੇ ਵੱਲ ਵਿਹੰਦਿਆਂ ਕਿਹਾ, “ਲਿਖਾਉ ਐਡਰੈਸ?”
ਮੈਂ ਅਣਜਾਣ ਜਿਹਾ ਬਣ ਕੇ ਕਿਹਾ, “ਇਲਾਜ ਕਰਵਾਉਣ ਦਾ ਖਰਚ ਕਿੰਨ੍ਹਾ ਕੁ ਆਊ?” ਉਸ ਨੇ ਖਰਚ ਦਾ ਵੇਰਵਾ ਦੱਸਦਿਆਂ ਕਿਹਾ, “ਮੁੰਡੇ ਨੂੰ ਗੱਡੀ ’ਤੇ ਲਿਆਉਣ ਦਾ ਖਰਚਾ 8000 ਰੁਪਏ ਹੋਵੇਗਾ ਅਤੇ ਇਸ ਤੋਂ ਬਿਨਾਂ 20,000 ਰੁਪਏ ਹਰ ਮਹੀਨੇ ਦੇਣਾ ਪਊਗਾ।” ਮੇਰੇ ਇਹ ਪੁੱਛਣ ’ਤੇ ਕਿ ਕਿੰਨੇ ਕੁ ਮਹੀਨਿਆਂ ਵਿੱਚ ਮੁੰਡਾ ਨਸ਼ਾ ਛੱਡ ਜਾਵੇਗਾ? ਉਹਦਾ ਜਵਾਬ ਸੀ ਕਿ ਘੱਟ ਤੋਂ ਘੱਟ ਛੇ ਮਹੀਨੇ ਤਾਂ ਲੱਗਣਗੇ ਹੀ, ਜ਼ਿਆਦਾ ਸਮਾਂ ਵੀ ਲੱਗ ਸਕਦੈ।”
ਉਹਦੇ ਕੋਲੋਂ ਐਨੀਂ ਕੁ ਪੁੱਛਗਿੱਛ ਕਰਨ ਉਪਰੰਤ ਮੈਂ ਉਸ ਨੂੰ ਸੈਂਟਰ ਦੇ ਮਾਲਕ ਨੂੰ ਮਿਲਣ ਸਬੰਧੀ ਕਿਹਾ ਅਤੇ ਨਾਲ ਹੀ ਆਪਣਾ ਥਹੁ-ਪਤਾ ਅਤੇ ਆਉਣ ਦਾ ਮੰਤਵ ਵੀ ਦੱਸ ਦਿੱਤਾ। ਨਾਂ ਸੁਣਦਿਆਂ ਹੀ ਉਹਦੇ ਚਿਹਰੇ ’ਤੇ ਪਿਲੱਤਣ ਜਿਹੀ ਛਾ ਗਈ। ਰਜਿਸਟਰ ਇੱਕ ਪਾਸੇ ਰੱਖ ਕੇ ਛੇਤੀ ਨਾਲ ਉਹ ਅੰਦਰੋਂ ਮਾਲਕ ਨੂੰ ਬੁਲਾ ਲਿਆਇਆ। ਉਹ ਮੈਨੂੰ ਅੰਦਰ ਬਣੇ ਆਲੀਸ਼ਾਨ ਦਫ਼ਤਰ ਵਿੱਚ ਲੈ ਗਿਆ। ਉਸ ਦੀ ਆਉ ਭਗਤ ਦੀ ਗੱਲ ਨੂੰ ਵਿੱਚੋਂ ਹੀ ਕੱਟਦਿਆਂ ਮੈਂ ਉਸ ਨੂੰ ਦਾਖ਼ਲ ਨਸ਼ਾ ਛੱਡ ਰਹੇ ਮਰੀਜ਼ਾਂ ਨੂੰ ਮਿਲਾਉਣ ਲਈ ਕਿਹਾ। ਉਸਦਾ ਫਿਰ ਨਿਮਰਤਾ ਨਾਲ ਜਵਾਬ ਸੀ, “ਪਹਿਲਾਂ ਚਾਹ ਪਾਣੀ ਪੀ ਲਈਏ, ਫਿਰ ਦਾਖ਼ਲ ਮੁੰਡਿਆਂ ਨੂੰ ਵੀ ਮਿਲ ਲੈਣਾ।” ਪਰ ਮੈਂ ਉਸ ਦੀ ਚਾਹ ਪਾਣੀ ਦੀ ਗੱਲ ਨੂੰ ਅਣਗੌਲਿਆ ਕਰਕੇ ਦਾਖ਼ਲ ਮੁੰਡਿਆਂ ਕੋਲ ਜਾਣ ਦੀ ਗੱਲ ’ਤੇ ਬਜ਼ਿੱਦ ਰਿਹਾ।
ਮਾਲਕ ਨੇ ਦਫ਼ਤਰ ਹੇਠਾਂ ਇੱਕ ਭੋਰਾ ਟਾਈਪ ਕਮਰਾ ਬਣਾਇਆ ਹੋਇਆ ਸੀ। ਪੌੜੀਆਂ ਉਤਰ ਕੇ ਮੈਨੂੰ ਉੱਥੇ ਲਿਜਾਇਆ ਗਿਆ। ਮੇਰੇ ਕਰਮਚਾਰੀ ਵੀ ਨਾਲ ਹੀ ਆ ਗਏ। ਅੰਤਾਂ ਦੀ ਗਰਮੀ ਅਤੇ ਹੁੰਮਸ ਵਾਲੇ ਕਮਰੇ ਵਿੱਚ ਅੰਦਾਜ਼ਨ 50 ਮੁੰਡੇ ਫਰਸ਼ ’ਤੇ ਗੋਲ ਚੱਕਰ ਵਿੱਚ ਬੈਠੇ ਸਨ। ਉੱਪਰ ਇੱਕ ਪੱਖਾ ਚੱਲ ਰਿਹਾ ਸੀ। ਨੌਜਵਾਨਾਂ ਦੇ ਚਿਹਰਿਆਂ ਵੱਲ ਵੇਖਿਆ, ਉਨ੍ਹਾਂ ਦੇ ਚਿਹਰਿਆਂ ’ਤੇ ਡਰ, ਪ੍ਰੇਸ਼ਾਨੀ, ਪੀੜਾ, ਉਨੀਂਦਰਾ ਅਤੇ ਭੁੱਖ ਦੇ ਚਿੰਨ੍ਹ ਆਸਾਨੀ ਨਾਲ ਵੇਖੇ ਜਾ ਸਕਦੇ ਸਨ। ਸੈਂਟਰ ਦੇ ਮਾਲਕ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਇੱਕ-ਦੂਜੇ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ। ਪੌੜੀਆਂ ਵਿੱਚ ਇੱਕ ਹੱਟਾ-ਕੱਟਾ ਵਿਅਕਤੀ ਡਾਂਗ ਲੈ ਕੇ ਖੜ੍ਹਾ ਪਹਿਰੇਦਾਰੀ ਕਰ ਰਿਹਾ ਸੀ। ਕੁਰਸੀ ’ਤੇ ਬੈਠਣ ਉਪਰੰਤ ਜਦੋਂ ਮੈਂ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਪਿਆਰ ਨਾਲ ਪੁੱਛਿਆ, “ਕੀ ਹਾਲ ਹੈ ਜਵਾਨੋ ਤੁਹਾਡਾ?” ਉਨ੍ਹਾਂ ਵੱਲੋਂ ਕੋਈ ਜਵਾਬ ਨਾ ਆਇਆ। ਮੇਰਾ ਦੂਜਾ ਪ੍ਰਸ਼ਨ ਸੀ, “ਰੋਟੀ ਖਾ ਲਈ ਤੁਸੀਂ?” ਉਨ੍ਹਾਂ ਨੇ ਪਹਿਲਾਂ ਮਾਲਕ ਵੱਲ ਵੇਖਿਆ ਅਤੇ ਫਿਰ ਬੁਝੇ ਜਿਹੇ ਮਨ ਨਾਲ ‘ਨਾ’ ਵਿੱਚ ਸਿਰ ਹਿਲਾ ਦਿੱਤਾ। ਮਾਲਕ ਨੂੰ ਮੈਂ ਤੁਰੰਤ ਆਦੇਸ਼ ਦਿੱਤਾ, “ਪਹਿਲਾਂ ਇਨ੍ਹਾਂ ਮੁੰਡਿਆਂ ਨੂੰ ਰੋਟੀ ਖਵਾਉ, ਫਿਰ ਕਰਾਂਗੇ ਅਗਲੀ ਗੱਲ।” ਛੇਤੀ-ਛੇਤੀ ਰੋਟੀ ਦਾ ਪ੍ਰਬੰਧ ਕੀਤਾ ਗਿਆ। ਰੋਟੀ ਪਹਿਲਾਂ ਹੀ ਬਣੀ ਹੋਈ ਸੀ। ਇੱਕ ਵਿਅਕਤੀ ਨੇ ਆਪਣਾ ਰਜਿਸਟਰ ਖੋਲ੍ਹਿਆ, ਉਸ ਉੱਪਰ ਹਰ ਇੱਕ ਦੀਆਂ ਰੋਟੀਆਂ ਖਾਣ ਦਾ ਵੇਰਵਾ ਦਰਜ ਸੀ। ਮੁੰਡਾ ਥਾਲੀ ਲੈ ਕੇ ਰਜਿਸਟਰ ਵਾਲੇ ਕੋਲ ਖੜ੍ਹੋ ਜਾਂਦਾ ਅਤੇ ਉਹ ਪੜ੍ਹ ਕੇ ਨਾਲ ਵਾਲੇ ਨੂੰ ਰੋਟੀਆਂ ਦੀ ਗਿਣਤੀ ਦੱਸ ਦਿੰਦਾ। ਨਾਲ ਵਾਲਾ ਓਨੀਆਂ ਰੋਟੀਆਂ ਉਸ ਦੀ ਥਾਲੀ ਵਿੱਚ ਸੁੱਟ ਦਿੰਦਾ ਅਤੇ ਨਾਲ ਖੜ੍ਹਾ ਦੂਜਾ ਵਿਅਕਤੀ ਬਾਲਟੀ ਵਿੱਚੋਂ ਭਰ ਕੇ ਦਾਲ ਦੀਆਂ ਇੱਕ-ਦੋ ਕੜਛੀਆਂ ਪਾਈਂ ਜਾਂਦਾ। ਦਾਲ ਵੀ ਡਬਕਲ ਪਾਣੀ ਜਿਹਾ ਸੀ। ਥਾਲੀ ਵਿੱਚ ਦਾਲ ਅਤੇ ਰੋਟੀ ਪਵਾ ਕੇ ਉਹ ਕਤਾਰ ਵਿੱਚ ਬੈਠ ਗਏ। ਪਰ ਉਨ੍ਹਾਂ ਨੇ ਰੋਟੀ ਖਾਣੀ ਸ਼ੁਰੂ ਨਹੀਂ ਸੀ ਕੀਤੀ। ਜਦੋਂ ਸਾਰਿਆਂ ਨੂੰ ਰੋਟੀ ਵਰਤਾਈ ਗਈ ਤਾਂ ਵਰਤਾਉਣ ਵਾਲਿਆਂ ਵਿੱਚੋਂ ਇੱਕ ਦੇ ਇਸ਼ਾਰੇ ਉਪਰੰਤ ਉਨ੍ਹਾਂ ਨੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ।
ਰੋਟੀ ਖਾਣ ਉਪਰੰਤ ਮੈਂ ਮਾਲਕ ਅਤੇ ਉਨ੍ਹਾਂ ਦੇ ਦੂਜੇ ਮੁੰਡਿਆਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਜੋ ਮੈਂ ਦਾਖ਼ਲ ਨਸ਼ੱਈ ਨੌਜਵਾਨਾਂ ਨਾਲ ਖੁੱਲ੍ਹ ਕੇ ਗੱਲਾਂ ਕਰ ਸਕਾਂ। ਨੌਜਵਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਮੈਂ ਉਨ੍ਹਾਂ ਨੂੰ ਬੇਟਾ ਕਹਿ ਕੇ ਸੰਬੋਧਨ ਕੀਤਾ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਸਾਹਮਣੇ ਬੈਠਾ ਸਾਡਾ ਹਮਦਰਦ ਹੈ ਤਾਂ ਉਨ੍ਹਾਂ ਦੇ ਸਬਰ ਦਾ ਪੈਮਾਨਾ ਛਲਕ ਉੱਠਿਆ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਖੜ੍ਹਾ ਹੋਇਆ ਅਤੇ ਭਰੇ ਮਨ ਨਾਲ ਬੋਲਿਆ, “ਸਰ, ਸਾਨੂੰ ਇੱਕ ਦੂਜੇ ਨਾਲ ਗੱਲ ਕਰਨ ਦੀ ਸਖ਼ਤ ਮਨਾਹੀ ਹੈ। ਬਸ, ਇੱਕ-ਦੂਜੇ ਦੇ ਨਾਂ ਤੋਂ ਤਾਂ ਅਸੀਂ ਜਾਣੂ ਹਾਂ, ਪਰ ਇੱਕ-ਦੂਜੇ ਦੇ ਥਹੁ ਠਿਕਾਣੇ ਦਾ ਕੋਈ ਪਤਾ ਨਹੀਂ। ਤੁਸੀਂ ਸਾਨੂੰ ਰੋਟੀ ਖਾਂਦਿਆਂ ਦੇਖਿਆ ਹੈ। ਸਾਡੇ ਕੋਲੋਂ ਪਹਿਲਾਂ ਪੁੱਛ ਲਿਆ ਜਾਂਦੈ ਕਿ ਕਿੰਨੀਆਂ ਰੋਟੀਆਂ ਖਾਣੀਆਂ ਨੇ। ਜੇ ਅੱਧੀ ਰੋਟੀ ਛੱਡ ਦਿੱਤੀ ਫਿਰ ਵੀ ਕੁੱਟ ਮਾਰ ਅਤੇ ਜੇਕਰ ਜ਼ਿਆਦਾ ਭੁੱਖ ਕਾਰਨ ਇੱਕ-ਅੱਧੀ ਰੋਟੀ ਹੋਰ ਮੰਗ ਲਈ ਫਿਰ ਵੀ ਛਿੱਤਰ.....।” ਮੁੰਡਾ ਇਕੋ ਸਾਹੇ ਸਾਰਿਆਂ ਦੀ ਦੁੱਖ ਤਕਲੀਫ ਸਾਂਝੀ ਕਰ ਰਿਹਾ ਸੀ, “ਸਵੇਰੇ ਸਾਨੂੰ ਚਾਰ ਵਜੇ ਸੀਟੀ ਮਾਰ ਕੇ ਉਠਾਇਆ ਜਾਂਦੈ। ਜਿਹੜਾ ਸੀਟੀ ਦੀ ਆਵਾਜ਼ ਨਾਲ ਨਹੀਂ ਉੱਠਦਾ, ਉਹਨੂੰ ਡਾਂਗਾਂ ਮਾਰ ਕੇ ਉਠਾਇਆ ਜਾਂਦੈ। ਬਾਅਦ ਵਿੱਚ ਫਰੈਸ਼ ਹੋਣ, ਪੇਸਟ ਕਰਨ ਅਤੇ ਨਹਾਉਣ ਲਈ ਕੁੱਲ ਸੱਤ ਮਿੰਟ ਦਿੱਤੇ ਜਾਂਦੇ ਹਨ। ਇਨ੍ਹਾਂ ਸੱਤ ਮਿੰਟਾਂ ਵਿੱਚ ਹੀ ਸਾਰਾ ਕੰਮ ਨਬੇੜਨਾ ਹੁੰਦਾ ਹੈ। ਦਰਵਾਜ਼ਿਆਂ ਤੋਂ ਬਿਨਾਂ ਬਣੀਆਂ ਲੈਟਰਿਨਾਂ ਵਿੱਚ ਇੱਕ ਮੁੰਡਾਂ ਫਰੈਸ਼ ਹੋਣ ਲਈ ਬੈਠਾ ਹੁੰਦੈ ਅਤੇ ਦੂਜਾ ਉਹਦੇ ਸਿਰਹਾਣੇ ਖੜ੍ਹਾ ਉਹਨੂੰ ਹੁਜਾਂ ਮਾਰ ਰਿਹਾ ਹੁੰਦੈ ਕਿ ਛੇਤੀ ਉੱਠ, ਹੁਣ ਮੇਰੀ ਵਾਰੀ ਐ। ਹੋਰ ਅਨੱਰਥ ਵੇਖੋ ਜੀ, ਜਿਹੜਾ ਸੱਤ ਮਿੰਟ ਤੋਂ ਜ਼ਿਆਦਾ ਸਮਾਂ ਲਾਉਂਦੈ, ਉਹਨੂੰ ਕਰੜੀ ਸਜ਼ ਦਿੱਤੀ ਜਾਂਦੀ ਹੈ.....” ਮੁੰਡੇ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਵਹਿ ਰਹੇ ਸਨ। ਦੂਜੇ ਮੁੰਡੇ ਵੀ ਰੋਣ ਹਾਕੀ ਹਾਲਤ ਵਿੱਚ ਬੈਠੇ ਸਨ। ਛੋਟੀ-ਛੋਟੀ ਗ਼ਲਤੀ ਤੇ ਡੰਡਾ ਪਰੇਡ, ਘੰਟਾ-ਘੰਟਾ ਕੰਧ ਵੱਲ ਮੂੰਹ ਕਰਕ ਬਿਠਾਉਣਾ, ਡੱਡੂ ਟਪੂਸੀਆਂ ਮਰਵਾਉਣੀਆਂ ਜਾਂ ਫਿਰ ਖੰਡ ਅਤੇ ਚਾਹ ਰਲਾ ਕੇ ਦੇਣ ਉਪਰੰਤ ਉਸ ਨੂੰ ਅਲੱਗ-ਅਲੱਗ ਕਰਨ ਦਾ ਹੁਕਮ ਦੇਣ ਜਿਹੀਆਂ ਸਜ਼ਾਵਾਂ ਅਸੀਂ ਰੋਜ਼ ਭੁਗਤਦੇ ਹਾਂ। ਕਦੇ ਮਾਪਿਆਂ ਨੂੰ ਕੋਸਦੇ ਹਾਂ ਅਤੇ ਕਦੇ..............” ਉਸ ਤੋਂ ਅਗਾਂਹ ਬੋਲਿਆ ਨਾ ਗਿਆ।
ਕਮਰੇ ਵਿੱਚ ਸੋਗੀ ਹਵਾ ਪਸਰ ਗਈ ਸੀ। ਸਾਰੇ ਹੀ ਇੱਕ ਅਵਾਜ਼ ਵਿੱਚ ਕਹਿ ਰਹੇ ਸਨ ਕਿ ਸਾਨੂੰ ਇੱਥੇ ਆਇਆਂ 2-3 ਮਹੀਨੇ ਹੋ ਗਏ ਨੇ। ਜੇ ਅਸੀਂ ਇੰਨਾ ਚਿਰ ਇੱਥੇ ਨਸ਼ੇ ਤੋਂ ਬਿਨਾਂ ਰਹਿ ਸਕਦੇ ਹਾਂ ਤਾਂ ਬਾਹਰ ਵੀ ਨਸ਼ੇ ਵੱਲ ਮੂੰਹ ਨਹੀਂ ਕਰਾਂਗੇ। ਪਰ ਸਾਨੂੰ ਇਸ ਨਰਕ ਵਿੱਚੋਂ ਕੱਢੋ। ਉਨ੍ਹਾਂ ਨੂੰ ਹੌਸਲਾ ਦੇ ਕੇ ਮੈਂ ਬਾਹਰ ਆ ਗਿਆ। ਮਾਲਕ ਨੂੰ ਭਵਿੱਖ਼ ਵਿੱਚ ਦਾਖ਼ਲ ਨੌਜਵਾਨਾਂ ਨੂੰ ਤਸੀਹੇ ਨਾ ਦੇਣ ਅਤੇ ਉਨ੍ਹਾਂ ਦੀ ਖਾਧ-ਖੁਰਾਕ ਦਾ ਵਿਸ਼ੇਸ਼ ਧਿਆਨ ਦੇਣ ਦੀ ਚਿਤਾਵਨੀ ਦੇ ਕੇ ਵਾਪਸ ਆ ਗਿਆ। ਉਸੇ ਸ਼ਾਮ ਨੂੰ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਸ ਤਸੀਹਾ ਕੇਂਦਰ ਦੀ ਵਿਸਥਾਰਿਤ ਰਿਪੋਰਟ ਲਿਖ ਕੇ ਦੇ ਦਿੱਤੀ। ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਡਿਊਟੀ ਮੈਜੀਸਟਰੇਟ ਭੇਜ ਕੇ ਉਸ ਕੇਂਦਰ ਨੂੰ ਸੀਲ ਕਰਕੇ ਦਾਖ਼ਲ ਨੌਜਵਾਨਾਂ ਨੂੰ ਮਾਪਿਆਂ ਦੇ ਸਪੁਰਦ ਕਰ ਦਿੱਤਾ। ਖੁੰਭਾਂ ਵਾਂਗ ਖੋਲ੍ਹੇ ਅਜਿਹੇ ਅਨੇਕਾਂ ਨਸ਼ਾ ਛੁਡਾਊ ਕੇਂਦਰ ਸਮਾਜ, ਪ੍ਰਾਂਤ ਅਤੇ ਪੀੜਤ ਮਾਪਿਆਂ ਲਈ ਘਾਤਕ ਹਨ।
ਸੰਪਰਕ : 94171-48866