ਕਹਾਣੀ = ਰਿਸ਼ਤਿਆਂ ਦੀ ਅਹਿਮੀਅਤ - ਮੋਹਪ੍ਰੀਤ ਕੌਰ
ਜਦੋਂ ਹੀ ਮੇਰੀਆਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਤਾਂ ਮੇਰੀ ਨਾਨੀ ਝੱਟ ਹੀ ਮੇਰੇ ਮਾਮੇ ਨੂੰ ਮੈਨੂੰ ਲੈਣ ਭੇਜ ਦਿੰਦੀ ਤੇ ਮੈਂ ਸਾਰੀਆਂ ਗਰਮੀ ਦੀਆਂ ਛੁੱਟੀਆਂ ਨਾਨਕੇ ਹੀ ਬਿਤਾਉਂਦੀ। ਮੇਰਾ ਨਾਨਕਾ ਪਰਿਵਾਰ ਪਿੰਡ ਵਿੱਚ ਰਹਿੰਦਾ ਸੀ ਪਰ ਉਹਨਾਂ ਦੀ ਇੱਕ ਪਸ਼ੂਆਂ ਵਾਲੀ ਹਵੇਲੀ ਖੇਤਾਂ ਵਿੱਚ ਵੀ ਸੀ। ਉਸ ਹਵੇਲੀ ਵਿੱਚ ਉਹਨਾਂ ਨੇ ਚੰਗੀ ਨਸਲ ਦੇ ਜਾਨਵਰ ਪਾਲੇ ਹੋਏ ਸਨ। ਪਸ਼ੂ ਪਾਲਣ ਦਾ ਧੰਦਾ ਓਹਨਾ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਂਦਾ ਹੈ |
ਹਰ ਰੋਜ ਜਦੋਂ ਵੀ ਮਾਮੀ ਜੀ ਮੱਝਾ ਚੋਣ ਲਈ ਜਾਂਦੀ ਸਨ ਤੇ ਨਾਲ ਹੀ ਨਾਨੇ ਵਾਸਤੇ ਰੋਟੀ ਵੀ ਲੈ ਕੇ ਜਾਂਦੀ ਕਿਉਂਕਿ ਮੇਰੇ ਨਾਨਾ ਜੀ ਉੱਥੇ ਹੀ ਰਹਿੰਦੇ ਸਨ। ਉਹਨਾਂ ਨੂੰ ਪੌਦੇ ਲਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਖੇਤ ਵਿੱਚ ਹਵੇਲੀ ਦੇ ਆਲੇ ਦੁਆਲੇ ਕਾਫੀ ਫਲਦਾਰ ਪੌਦੇ ਵੀ ਲਗਾਏ ਹੋਏ ਸਨ।
ਜਦੋਂ ਮਾਮੀ ਸ਼ਾਮ ਨੂੰ ਉਥੇ ਧਾਰਾਂ ਚੋਣ ਜਾਂਦੀ ਤਾਂ ਮੈਂ ਵੀ ਨਾਲ ਚਲੀ ਜਾਂਦੀ ਸੀ। ਜਿਸ ਨਿੱਕੀ ਜਿਹੀ ਡੋਲਨੀ ਵਿੱਚ ਮਾਮੀ ਜੀ ਦਾਲ ਲੈ ਕੇ ਜਾਂਦੇ ਸਨ ਉਹ ਡੋਲਨੀ ਮੈਨੂੰ ਬਹੁਤ ਪਸੰਦ ਸੀ ਤੇ ਇਸ ਕਰਕੇ ਹਰ ਰੋਜ਼ ਉਸ ਡੋਲਨੀ ਨੂੰ ਮੈਂ ਹੀ ਫੜ ਕੇ ਖੇਤ ਤੱਕ ਲੈ ਕੇ ਜਾਂਦੀ ਤੇ ਮੈਂ ਹੀ ਖੇਤ ਤੋਂ ਘਰ ਵਾਪਸ ਲੈ ਕੇ ਆਉਂਦੀ ਸੀ। ਉਥੇ ਹੀ ਹਵੇਲੀ ਨੇੜੇ ਇੱਕ ਟਿੰਡਾਂ ਵਾਲਾ ਖੂਹ ਵੀ ਸੀ ਤੇ ਉਸ ਖੂਹ ਤੇ ਹਰ ਸ਼ਾਮ ਜਗਮਗਾਉਂਦੇ ਜੁਗਨੂਆ ਦੀ ਮਹਿਫਲ ਸੱਜਦੀ ਸੀ ਤੇ ਉਹ ਟਿਮ-ਟਿਮਾਉਂਦੇ ਹੋਏ ਜੁਗਨੂ ਮੇਰਾ ਮਨ ਮੋਹ ਲੈਂਦੇ ਸਨ ਅਤੇ ਫਿਰ ਮੈਂ ਉਹਨਾਂ ਜੁਗਨੂਆਂ ਨੂੰ ਫੜ ਕੇ ਆਪਣੀ ਡੋਲਨੀ ਵਿੱਚ ਪਾ ਲੈਂਦੀ ਸੀ।ਜਦੋਂ ਅਸੀਂ ਹਨੇਰੇ ਹੋਏ ਘਰ ਵਾਪਸ ਆਉਂਦੇ ਤਾਂ ਵਿਹੜੇ ਵਿੱਚ ਸਾਰਿਆਂ ਦੇ ਮੰਜੇ ਕਤਾਰ ਵਿੱਚ ਡੱਠੇ ਪਏ ਹੁੰਦੇ ਸਨ ਤੇ ਮੱਛਰਦਾਨੀਆਂ ਲੱਗੀਆਂ ਹੁੰਦੀਆਂ ਸਨ। ਸਾਡਾ ਨਾਨਕਾ ਪਰਿਵਾਰ ਬਹੁਤ ਵੱਡਾ ਸੀ ਕਿਉਂਕਿ ਨਾਨਾ ਜੀ ਹੋਣੀ ਸਾਰੇ ਭਰਾ ਇਕੱਠੇ ਹੀ ਰਹਿੰਦੇ ਸਨ। ਖੇਡਦੀ ਖਿਡਾਉਂਦੀ ਮੈਂ ਆਪਣੀ ਨਾਨੀ ਦੀ ਮੱਛਰਦਾਨੀ ਇੱਕ ਪਾਸਿਓ ਚੁੱਕ ਕੇ ਸਾਰੇ ਜੁਗਨੂੰ ਉਸ ਵਿੱਚ ਛੱਡ ਦਿੰਦੀ ਤੇ ਫਿਰ ਉਸੇ ਮੱਛਰਦਾਨੀ ਵਿੱਚ ਨਾਨੀ ਨਾਲ ਪੈ ਜਾਂਦੀ ਤੇ ਉਹ ਜਗਦੇ ਬੁਝਦੇ ਜੁਗਨੂੰ ਮੈਨੂੰ ਬਹੁਤ ਸੋਹਣੇ ਲੱਗਦੇ ਤੇ ਮੈਂ ਉਹਨਾਂ ਨੂੰ ਵੇਖਦੀ ਵੇਖਦੀ ਹੀ ਸੌਂ ਜਾਂਦੀ। ਮੇਰੀ ਨਾਨੀ ਹਰੇਕ ਨੂੰ ਦੱਸਦੀ ਸੀ ਕਿ ਮੇਰੀ ਇਹ ਧੀ ਜੁਗਨੂਆਂ ਦੀ ਬਹੁਤ ਪਿਆਰੀ ਹੈ।ਪਰ ਇੱਕ ਦਿਨ ਮੈਨੂੰ ਸਵੇਰੇ ਉੱਠ ਕੇ ਨਾਨੀ ਨੇ ਕੋਲ ਬਿਠਾ ਲਿਆ ਤੇ ਸਮਝਾਇਆ "ਪੁੱਤ! ਤੂੰ ਇਹਨਾਂ ਨੂੰ ਨਾ ਕੈਦ ਕਰਿਆ ਕਰ" ਫਿਰ ਮੈਂ ਨਾਨੀ ਤੋਂ ਪੁੱਛਿਆ "ਕਿਉਂ ਨਾਨੀ, ਮੈਨੂੰ ਇਹ ਜੁਗਨੂੰ ਬਹੁਤ ਸੋਹਣੇ ਲੱਗਦੇ ਹਨ ਇਸੇ ਕਰਕੇ ਮੈਂ ਇਹਨਾਂ ਨੂੰ ਫੜ ਕੇ ਘਰ ਲੈ ਆਉਂਦੀ ਹਾ" ਪਰ ਨਾਨੀ ਨੇ ਮੈਨੂੰ ਸਮਝਾਇਆ,"ਪੁੱਤ! ਤੂੰ ਇਹਨਾਂ ਨੂੰ ਫੜ ਕੇ ਨਹੀਂ ਕੈਦ ਕਰਕੇ ਲੈ ਕੇ ਆਉਂਦੀ ਹਾਂ, ਇਹਨਾਂ ਨੂੰ ਇਹਨਾਂ ਦੇ ਮਾਤਾ , ਪਿਤਾ, ਭੈਣ, ਭਰਾਵਾਂ ਸਭ ਤੋਂ ਅਲੱਗ ਕਰ ਦਿੰਦੀ ਹਾਂ। ਇਹ ਵਿਚਾਰੇ ਰੋਂਦੇ ਨੇ। ਜੇ ਤੈਨੂੰ ਕੋਈ ਤੇਰੀ ਮੰਮੀ, ਪਾਪਾ ,ਭੈਣ, ਭਰਾਵਾਂ ਤੇ ਮੇਰੇ ਤੋਂ ਅਲੱਗ ਕਰ ਦੇਵੇ ਫੇਰ ?" ਤੇ ਇਹ ਸੁਣ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਦਿਨ ਤੋਂ ਬਾਅਦ ਮੈਂ ਕਦੇ ਦੁਬਾਰਾ ਉਸ ਟਿੰਡਾਂ ਵਾਲੇ ਖੂਹ ਦੀ ਮਹਿਫਿਲ ਤੋਂ ਕਿਸੇ ਜੁਗਨੂੰ ਨੂੰ ਨਹੀਂ ਵਿਛੋੜਿਆ। ਉਸ ਦਿਨ ਮੈਨੂੰ ਨਾਨੀ ਨੇ ਜੁਗਨੂਆਂ ਰਾਹੀਂ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਾ ਦਿੱਤਾ। ਤੇ ਫਿਰ ਅਚਾਨਕ ਮੈਨੂੰ ਮੰਮੀ ਦੀ ਆਵਾਜ਼ ਪੈ ਗਈ ਤੇ ਮੈਂ ਅੱਜ ਦੇ ਦੁਨੀਆਂ ਵਿੱਚ ਵਾਪਸ ਆ ਗਈ ਜਿੱਥੇ ਰਿਸ਼ਤਿਆਂ ਦੀ ਅਹਿਮੀਅਤ ਬਹੁਤ ਘੱਟ ਗਈ ਹੈ।
-ਮੋਹਪ੍ਰੀਤ ਕੌਰ ਜਮਾਤ ਬਾਰ੍ਹਵੀਂ ( ਜੋਗਿੰਦਰਾ ਕਾਨਵੈਂਟ ਸਕੂਲ ਫਿਰੋਜ਼ਪੁਰ )