ਮੈਂ ਜਾਤੀਵਾਦੀ ਸਮਾਜ ਵਿਚ ਮਰਨਾ ਨਹੀਂ ਚਾਹੁੰਦੀ... - ਮੋਨੀਕਾ ਕੁਮਾਰ
ਸਮਾਜਿਕ ਅਨਿਆਂ
ਇਹ ਗੱਲ ਆਮ ਕਹੀ ਜਾਂਦੀ ਹੈ ਕਿ ਸਿਰਫ਼ ਸਕੂਲ, ਕਾਲਜ, ਯੂਨੀਵਰਸਿਟੀ 'ਚ ਪੜ੍ਹ ਕੇ ਨਹੀਂ ਅਕਲ ਆ ਜਾਂਦੀ, ਜ਼ਿੰਦਗੀ ਦੇ ਸਕੂਲ 'ਚ ਪੜ੍ਹਿਆਂ ਪਤਾ ਲੱਗਦਾ ਕੀ ਭਾਅ ਵਿਕਦੀ ਹੈ। ਪਰ ਇਸ ਦੇਸ਼ ਦੀ ਲੋਕ ਬਾਣੀ ਵਿਚ ਇਕ ਗੱਲ ਹੋਰ ਜੋੜਨੀ ਚਾਹੀਦੀ ਹੈ ਕਿ ਇੱਥੇ ਜ਼ਿੰਦਗੀ ਦੇ ਸਕੂਲ ਯਾਨੀ ਸਮਾਜ ਵਿਚ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਸਾਰਾ ਦਿਨ ਕੇਵਲ ਆਪਣਾ ਸੁਆਰਥ ਸਾਧ ਕੇ ਵੀ 'ਸਰਬਤ ਦਾ ਭਲਾ' ਤੇ 'ਸਰਵੇ ਭਵੰਤੂ ਸੁਖੀਨਾ' ਦੀ ਅਰਦਾਸ ਕੀਤੀ ਜਾ ਸਕਦੀ ਹੈ। ਕੋਟ ਬ੍ਰਹਮੰਡਾਂ ਤੇ ਅੰਤਰਿਕਸ਼ ਤਕ ਦੀ ਸ਼ਾਂਤੀ ਲਈ ਹੱਥ ਜੋੜਦਿਆਂ ਬੜੇ ਆਰਾਮ ਨਾਲ ਜ਼ਾਤ ਦੇ ਆਧਾਰ 'ਤੇ ਆਪਣੇ ਵਰਗੇ ਦੂਜੇ ਮਨੁੱਖਾਂ ਦਾ ਸ਼ੋਸ਼ਣ ਕਰਕੇ ਚੰਗੇ ਮਨੁੱਖ ਹੋਣ ਦਾ ਭਰਮ ਵੀ ਪਾਲ਼ਿਆ ਜਾ ਸਕਦਾ ਹੈ। ਇਹ ਸਭ ਇੱਕੋ ਵੇਲੇ ਕਰਨ ਦੀ ਸਹਿਜ ਵਿਧੀ ਜੋ ਭਾਰਤੀ ਸਮਾਜ ਦੇ ਉੱਚ ਜਾਤੀਆਂ ਦੇ ਲੋਕਾਂ ਨੇ ਆਪਣੇ ਧਰਮ ਗ੍ਰੰਥਾਂ ਤੇ ਧਰਮ ਗੁਰੂਆਂ ਦੀ ਵਿਆਖਿਆ ਦੇ ਹਵਾਲੇ ਤੋਂ ਜਾਂ ਆਪਣੇ ਜੀਵਨ ਅਨੁਭਵ ਨਾਲ ਵਿਕਸਿਤ ਕੀਤੀ ਹੈ, ਸਭਿਅਤਾ ਦੇ ਵਿਕਾਸ ਵਿਚ ਇਹੀ ਉਨ੍ਹਾਂ ਦੀ ਸਭ ਤੋਂ ਚਤੁਰ ਉਪਲੱਬਧੀ ਹੈ।
ਮੈਨੂੰ ਲੱਗਦਾ ਹੈ ਗੱਲ ਸਿਰਫ਼ ਧਰਮ ਗ੍ਰੰਥਾਂ ਦੇ ਹਵਾਲੇ ਦੀ ਨਹੀਂ ਕਿਉਂਕਿ ਪਿਛਲੇ ਸਾਲਾਂ ਵਿਚ ਲੋਕਾਂ ਨੇ ਆਧੁਨਿਕ ਚਿੰਤਨ ਦੇ ਪ੍ਰਭਾਵ ਹੇਠ ਧਰਮ ਪਾਲਣਾ ਦੀਆਂ ਔਖੀਆਂ ਗੱਲਾਂ - ਜਿਵੇਂ ਸਰੀਰ ਤੇ ਮਨ ਦੀ ਤੰਦਰੁਸਤੀ ਲਈ ਕਠੋਰ ਵਰਤ-ਉਪਵਾਸ ਕਰਨਾ, ਦਸਵੰਧ ਕੱਢਣਾ, ਸੁਵਖਤੇ ਉੱਠਣਾ, ਸਦਾਚਾਰੀ ਹੋਣਾ ਆਦਿ ਆਦਤਾਂ ਛੱਡੀਆਂ ਵੀ ਨੇ, ਪਰ ਜੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣ ਲੱਗ ਜਾਓ ਤਾਂ ਤਰਥੱਲੀ ਮਚ ਜਾਵੇਗੀ। ਕਿਉਂਕਿ ਫੇਰ ਚਾਰ-ਪੰਜ ਸੌ ਰੁਪਏ ਦੀ ਦਿਹਾੜੀ 'ਤੇ ਕਿਸੇ ਮਜ਼ਦੂਰ ਕੋਲੋਂ ਸਾਰਾ ਦਿਨ ਏਨਾ ਭਾਰਾ ਕੰਮ ਕਰਾਉਣ ਔਖਾ ਹੋ ਜਾਏਗਾ। ਹਜ਼ਾਰ-ਪੰਦਰਾਂ ਸੌ ਰੁਪਏ ਮਹੀਨੇ 'ਤੇ ਦਸ ਮਰਲੇ ਦੀ ਕੋਠੀ 'ਚ ਝਾੜੂ ਪੋਚਾ ਕਰਾਉਣਾ ਚੰਗਾ ਨਹੀਂ ਲੱਗੇਗਾ, ਬਿਨਾਂ ਗੱਲੋਂ ਤੁਰੇ ਜਾਂਦੇ ਕਿਸੇ ਪਰਵਾਸੀ ਦਲਿਤ ਰਿਕਸ਼ੇ ਵਾਲੇ ਨੂੰ ਦੇਖ ਕੇ ਕੋਈ ਕਿਵੇਂ ਕਹੇਗਾ ਕਿ ਇਨ੍ਹਾਂ ਨੇ ਗੰਦ ਪਾ ਛੱਡਿਆ ਸਾਰੇ ਸ਼ਹਿਰ ਵਿਚ ਤੇ ਕਿਸੇ ਦਲਿਤ ਔਰਤ ਨੂੰ ਅਸ਼ਲੀਲ ਇਸ਼ਾਰੇ ਕੋਈ ਕਿਵੇਂ ਕਰ ਸਕੇਗਾ ਤੇ ਜਿਹੜਾ ਹਰ ਬਾਰਾਂ ਮਿੰਟ ਵਿਚ ਇਸ ਦੇਸ਼ 'ਚ ਦਲਿਤ ਔਰਤ ਨਾਲ ਬਲਾਤਕਾਰ ਹੁੰਦਾ ਹੈ, ਉਹ ਰੁਕ ਜਾਏਗਾ। ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਅੱਜ ਵੀ ਇਸ ਦੇਸ਼ ਵਿਚ ਘਰਾਂ, ਸੜਕਾਂ ਤੋਂ ਲੈ ਕੇ ਗਟਰ ਸਾਫ਼ ਕਰਨ ਦੀ ਜਾਂ ਘੱਟ ਪੈਸਿਆਂ 'ਤੇ ਔਖੇ ਸਰੀਰਕ ਕੰਮ ਕਰਨ ਦੀ ਜ਼ਿੰਮੇਵਾਰੀ ਕਿਸ ਵਰਗ ਦੇ ਲੋਕਾਂ ਦੀ ਹੈ। ਪਰ ਅਫ਼ਵਾਹ ਜ਼ਰੂਰ ਫੈਲੀ ਹੋਈ ਹੈ ਕਿ ਜ਼ਾਤਪਾਤ ਹੁਣ ਕਿੱਥੇ ਰਹੀ। ਪਰ ਅਸਲੀਅਤ ਇਹ ਹੈ ਕਿ ਜ਼ਾਤ ਤੇ ਗ਼ਰੀਬੀ ਦਾ ਰਿਸ਼ਤਾ ਅੱਜ ਵੀ ਟੁੱਟਿਆ ਨਹੀਂ ਹੈ। ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਦਾ ਸ਼ਹਿਰੀਕਰਨ ਹੋਇਆ ਹੈ, ਬੇਸ਼ੱਕ ਸ਼ਹਿਰਾਂ ਵਿਚ ਦਲਿਤਾਂ ਦੇ ਵੱਖਰੇ ਮੁਹੱਲੇ ਉਸ ਤਰ੍ਹਾਂ ਨਹੀਂ ਦਿਸਦੇ, ਜਦੋਂਕਿ ਪਿੰਡਾਂ ਵਿਚ ਤਾਂ ਅਜੇ ਵੀ ਉਸੇ ਤਰ੍ਹਾਂ ਦੀ ਵਿਵਸਥਾ ਅੱਜ ਵੀ ਮੌਜੂਦ ਹੈ। ਸ਼ਹਿਰਾਂ ਦੀਆਂ ਜਰਜਰ ਬਸਤੀਆਂ ਵਿਚ ਕੌਣ ਲੋਕ ਰਹਿੰਦੇ ਨੇ, ਇਸ ਗੱਲ ਦੀ ਤਫ਼ਤੀਸ਼ ਇਹ ਭਰਮ ਦੂਰ ਕਰ ਦਏਗੀ ਕਿ ਜ਼ਾਤਪਾਤ ਹੁਣ ਰਹੀ ਕਿੱਥੇ ਹੈ।
ਭਾਰਤੀ ਸਮਾਜ ਵਿਚ ਇਹ ਸ਼ੁਗਲ ਆਮ ਚੱਲਦਾ ਏ ਕਿ ਦੇਖੋ ਨੀਵੀਂ ਜ਼ਾਤ ਦੇ ਲੋਕ ਜਿਹੜਾ ਮਰਜ਼ੀ ਕੰਮ ਕਰ ਰਹੇ ਨੇ, ਜਿਧਰ ਮਰਜ਼ੀ ਜਾ ਆ ਰਹੇ, ਜ਼ਮੀਨਾਂ ਖ਼ਰੀਦ ਰਹੇ, ਹੁਣ ਕੋਈ ਘਰਾਂ 'ਚ ਇਨ੍ਹਾਂ ਦੇ ਭਾਂਡੇ ਨਹੀਂ ਛੇਕ ਰਿਹਾ। ਹੋਰ ਕੀ ਚਾਹੀਦਾ ਇਨ੍ਹਾਂ ਨੂੰ? ਥੋੜ੍ਹੇ ਦਿਨ ਪਹਿਲਾਂ ਹੀ ਮਹੀਨੇ ਦੇ ਲੱਖ ਰੁਪਏ ਕਮਾਉਣ ਵਾਲੀ ਆਪਣੀ ਕੁਲੀਗ ਨੂੰ ਮਜ਼ਦੂਰ ਦੀ ਪੰਜ ਸੌ ਰੁਪਏ ਦਿਹਾੜੀ 'ਤੇ ਹੈਰਾਨ ਹੁੰਦਿਆਂ ਵੇਖਿਆ। ਮੋਚੀ ਵੀ ਹੁਣ ਦਸ ਰੁਪਏ ਤੋਂ ਘੱਟ ਨਹੀਂ ਲੈਂਦਾ- ਇਸ ਗੱਲ 'ਤੇ ਲੋਕਾਂ ਦੀ ਹੈਰਾਨੀ ਦੇਖੀ। ਕਾਲਜ, ਯੂਨੀਵਰਸਿਟੀ ਵਿਚ ਰਿਜ਼ਰਵ ਕੋਟੇ 'ਚੋਂ ਭਰਤੀ ਹੋਏ ਪ੍ਰੋਫ਼ੈਸਰਾਂ ਪ੍ਰਤੀ ਉੱਚੀ ਜ਼ਾਤ ਦੇ ਕਰਮਚਾਰੀਆਂ ਦਾ ਮਿੰਨਾ-ਮਿੰਨਾ ਰੋਸ ਦੇਖਿਆ। ਆਪਣੇ ਇਕ ਜਾਣਕਾਰ ਨੂੰ ਅਛੂਤ ਅਫ਼ਸਰ ਦੀ ਹਜ਼ੂਰੀ ਕਰਦਿਆਂ ਬੜਾ ਔਖਾ ਹੁੰਦਾ ਵੇਖਿਆ। ਗਿਲਾ ਇਹ ਸੀ ਕਿ ਅਛੂਤ ਵੀ ਏ ਤੇ ਉੱਤੋਂ ਰੋਹਬ ਵੀ ਪਾਉਂਦਾ ਏ, ਕਿਉਂਕਿ ਅਫ਼ਸਰ ਬਣਨ ਤੇ ਰੋਹਬ ਪਾਉਣ ਦਾ ਅਧਿਕਾਰ ਉੱਚ ਜ਼ਾਤ ਦੇ ਲੋਕਾਂ ਦਾ ਰਾਖਵਾਂ ਹੈ ਤੇ ਭ੍ਰਿਸ਼ਟ ਤਾਂ ਉਹਨੂੰ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਅਛੂਤ ਅਫ਼ਸਰ ਦਾ ਭ੍ਰਿਸ਼ਟ ਹੋਣਾ ਬਹੁਤ ਵੱਡਾ ਨੈਤਿਕ ਘਾਣ ਹੈ। ਪਰ ਉੱਚ ਜ਼ਾਤ ਦਾ ਅਫ਼ਸਰ ਬੜੇ ਮਾਣ ਨਾਲ ਭ੍ਰਿਸ਼ਟ ਹੋ ਸਕਦਾ ਏ। ਮੈਂ ਯੂਨੀਵਰਸਿਟੀ ਪੜ੍ਹਨ ਗਈ ਤਾਂ ਦੇਖ ਕੇ ਹੈਰਾਨ ਹੋ ਗਈ ਕਿ ਮੇਰੀ ਸਹੇਲੀ ਦੀ ਮੰਮੀ ਆਨੇ-ਬਹਾਨੇ ਦਾਖ਼ਲਾ ਕਰਾਉਂਦੀਆਂ ਹੋਰਨਾਂ ਕੁੜੀਆਂ ਦੀ ਜ਼ਾਤ ਵੀ ਪੁੱਛ ਰਹੀ ਸੀ ਤੇ ਜ਼ਾਤ ਦੇ ਗੁਣਾਂ ਦੇ ਆਧਾਰ 'ਤੇ ਆਪਣੀ ਬੇਟੀ ਨੂੰ ਸਿਖਾ ਰਹੀ ਸੀ ਕਿ ਉਹਨੂੰ ਕਿਹਨਾਂ ਕੁੜੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਤਾਬਿਕ ਕੇਵਲ ਜੱਟ ਸਿੱਖ ਸਭ ਤੋਂ ਲਾਇਕ ਤੇ ਬਹਾਦਰ 'ਕੌਮ' ਏ। ਹਿੰਦੂਆਂ ਵਿਚ ਉਨ੍ਹਾਂ ਨੂੰ ਬਾਹਮਣਾਂ ਨਾਲ ਉੱਠਣਾ-ਬੈਠਣਾ ਵੱਧ ਪਸੰਦ ਸੀ। ਪੜ੍ਹੇ-ਲਿਖੇ ਲੋਕ ਕਿਵੇਂ ਵਿੱਦਿਅਕ ਅਦਾਰਿਆਂ ਤੇ ਹੋਸਟਲਾਂ ਵਿਚ ਜ਼ਾਤਪਾਤ ਕਾਇਮ ਰੱਖਦੇ ਨੇ, ਇਹ ਅਨੁਭਵ ਇਹਦੀ ਮਿਸਾਲ ਰਿਹਾ। ਮੇਰੇ ਆਪਣੇ ਪਿਤਾ- ਜਿਨ੍ਹਾਂ ਮੇਰੀ ਸਿੱਖਿਆ ਤੇ ਤਰੱਕੀ ਲਈ ਆਮ ਪਿਤਾ ਤੋਂ ਵਧ ਕੇ ਮੇਰਾ ਸਾਥ ਦਿੱਤਾ- ਇਕ ਦਿਨ ਮੈਨੂੰ ਗੱਲਾਂ-ਗੱਲਾਂ 'ਚ ਪਤਾ ਲੱਗਿਆ ਕਿ ਉਹ ਵੀ ਦਲਿਤਾਂ ਨੂੰ ਸੰਵਿਧਾਨ ਦੀਆਂ ਮਿਲਦੀਆਂ ਸਹੂਲਤਾਂ ਨੂੰ ਦੇਖ ਕੇ ਉੱਚ ਵਰਗ ਦੇ ਨੌਜਵਾਨਾਂ ਦੇ ਭਵਿੱਖ ਲਈ ਸ਼ੰਕਾ ਕਰ ਰਹੇ ਨੇ। ਉਸ ਦਿਨ ਮੈਨੂੰ ਇਹ ਪਤਾ ਲੱਗਾ ਕਿ ਸਾਡੇ ਸਭ ਦੇ ਅੰਦਰ ਜਾਤੀਵਾਦੀ ਲੁਕਿਆ ਬੈਠਾ ਏ। ਇਹਨੂੰ ਫੋਲ ਕੇ ਦੇਖੋ ਤਾਂ ਆਪਣੀ ਸੱਚਾਈ ਪਤਾ ਲੱਗਦੀ ਹੈ। ਦਲਿਤਾਂ ਪ੍ਰਤੀ ਇਸ ਦੇਸ਼ ਵਿਚ ਅਪਰਾਧ ਦੇ ਅੰਕੜਿਆਂ ਦੀ ਤਾਂ ਅਜੇ ਮੈਂ ਗੱਲ ਹੀ ਨਹੀਂ ਕੀਤੀ, ਇਹ ਸਭ ਬਿਲਕੁਲ ਆਮ ਦਿਨ ਦੀਆਂ ਆਮ ਉਦਾਹਰਣਾਂ ਨੇ।
ਭਾਰਤ ਦੀ ਜ਼ਾਤ ਵਿਵਸਥਾ ਬਾਰੇ ਮੈਨੂੰ ਬਚਪਨ 'ਚ ਖ਼ਾਸ ਜਾਣਕਾਰੀ ਨਹੀਂ ਮਿਲੀ। ਬਸ ਇਹ ਪ੍ਰਭਾਵ ਮਿਲਿਆ ਕਿ ਨੀਵੀਂ ਜ਼ਾਤ ਦੇ ਲੋਕ ਨੀਵੇਂ ਕੰਮ ਕਰਦੇ ਨੇ ਤੇ ਇਹੀ ਉਨ੍ਹਾਂ ਦੇ ਭਾਗ ਨੇ। ਇਕ ਜਮਾਦਾਰਨੀ ਯਾਦ ਹੈ ਜੋ ਸਾਡੇ ਘਰਾਂ ਦਾ ਮੈਲ਼ਾ ਢੋਂਦੀ ਟੁਰੀ ਜਾਂਦੀ ਵੀ ਸਾਨੂੰ ਬੁਕ-ਬੁਕ ਅਸੀਸਾਂ ਦਿੰਦੀ ਸੀ। ਉਹ ਸਾਡਾ ਮੈਲ਼ਾ ਢੋਣ ਕਰਕੇ ਅਪਵਿੱਤਰ ਸੀ ਜੋ ਘਰ ਦੀ ਡਿਓਢੀ 'ਚ ਬਹਿ ਕੇ ਛੇਕ ਕੇ ਰੱਖੇ ਗਲਾਸ ਵਿਚ ਚਾਹ ਪੀਂਦੀ ਸੀ ਤੇ ਅਸੀਂ ਆਪਣਾ ਮੈਲ਼ਾ ਬਹੁਤ ਘੱਟ ਪੈਸਿਆਂ 'ਤੇ ਉਸ ਤੋਂ ਚੁਕਾ ਕੇ ਵੀ ਪਵਿੱਤਰ ਤੇ ਇੱਜ਼ਤਦਾਰ ਸਾਂ। ਇਹ ਸਵਾਲ ਤਾਂ ਕੁਝ ਚਿਰ ਪਹਿਲਾਂ ਹੀ ਅਹੁੜਿਆ ਹੈ ਕਿ ਉਹੀ ਕਿਉਂ ਸਾਨੂੰ ਅਸੀਸ ਦਿੱਤੀ ਜਾਂਦੀ ਸੀ, ਜਦੋਂਕਿ ਸਭ ਮਨੁੱਖਾਂ ਦੀ ਤਰ੍ਹਾਂ ਜੀਵਨ ਦੇ ਸੁਖ-ਦੁਖ ਹੰਢਾਉਂਦੀ ਉਸ ਬਾਲ ਬੱਚੇਦਾਰ ਔਰਤ ਨੂੰ ਤਾਂ ਪਰਤ ਕੇ ਕਿਸੇ ਦੂਜੀ ਔਰਤ ਵੀ ਅਸੀਸ ਨਹੀਂ ਦਿੱਤੀ।
ਮੈਂ ਨੌਵੀਂ ਜਮਾਤ ਵਿਚ ਚੜ੍ਹਨਾ ਸੀ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਨਕੋਦਰ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਚ ਦਾਖ਼ਲ ਕਰਾ ਛੱਡਿਆ। ਉੱਥੇ ਦੀ ਮੈਡਮ ਨੇ ਆਪਣੀ ਮਦਦ ਵਾਸਤੇ ਕਲਾਸ ਦੇ ਹਾਜ਼ਰੀ ਰਜਿਸਟਰ ਦੇ ਕੰਮ ਵਿਚ ਮੈਨੂੰ ਵੀ ਲਾ ਲਿਆ। ਰਜਿਸਟਰ ਵਿਚ ਹਰ ਵਿਦਿਆਰਥੀ ਦੇ ਨਾਂ ਨਾਲ ਉਹਦੀ ਜ਼ਾਤ ਲਿਖੀ ਹੁੰਦੀ ਸੀ ਤਾਂ ਜੋ ਫ਼ੀਸ ਮੁਆਫ਼ੀ ਤੇ ਵਜ਼ੀਫ਼ੇ ਆਦਿ ਦੀ ਲਿਸਟ ਸੌਖੀ ਬਣਾਈ ਜਾ ਸਕੇ। ਮੈਨੂੰ ਛੇਤੀ ਹੀ ਸਭ ਜਾਤਾਂ ਦੇ ਨਾਂ ਯਾਦ ਹੋ ਗਏ, ਪਰ ਸਮਝ ਕੁਝ ਨਹੀਂ ਆਇਆ। ਸਰਕਾਰੀ ਸਕੂਲ 'ਚ ਬਹੁਤਾ ਕੁਝ ਆਈ-ਚਲਾਈ ਸੀ, ਪਰ ਫੇਰ ਵੀ ਸਕੂਲ ਦੇ ਪ੍ਰਬੰਧਨ ਵੱਲੋਂ ਸਕੂਲ ਦਾ ਨਕਲੀ ਪ੍ਰਭਾਵ ਉਸਾਰਣ ਵਾਸਤੇ ਕੋਈ ਕੱਜਣ ਨਹੀਂ ਤਿਆਰ ਕੀਤਾ ਗਿਆ ਸੀ। ਇਸ ਲਈ ਸਕੂਲ ਵਿਚ ਸੱਚਾਈ ਦੀ ਕੁਝ ਚਮਕ ਉਪਲੱਬਧ ਸੀ। ਇੱਥੇ ਮੈਨੂੰ ਪਹਿਲੀ ਵਾਰ ਦਲਿਤ ਪਰਿਵਾਰਾਂ ਦੀਆਂ ਕੁੜੀਆਂ ਨਾਲ ਰਹਿਣ ਦਾ ਮੌਕਾ ਮਿਲਿਆ। ਮੈਂ ਦੇਖਿਆ ਕਿ ਇਹ ਬਿਲਕੁਲ ਮੇਰੇ ਵਰਗੀਆਂ ਸਨ ਸਗੋਂ ਸ਼ਾਨਦਾਰ ਕੁੜੀਆਂ ਸਨ। ਸਿਆਲ ਦੀਆਂ ਧੁੰਦਾਂ ਵਿਚ ਆਪਣੇ ਪਿੰਡੋਂ ਦਸ-ਦਸ ਮੀਲ ਪੈਡਲ ਮਾਰ ਕੇ ਪੜ੍ਹਨ ਆਉਂਦੀਆਂ ਸਨ। ਮੇਰੀਆਂ ਸਹੇਲੀਆਂ ਦੀ ਅਕਾਦਮਿਕ ਯੋਗਤਾ ਤੇ ਜੀਵਨ ਪ੍ਰਤੀ ਸਮਝ ਦੇਖ ਕੇ ਮੈਂ ਹੈਰਾਨ ਹੋਈ ਕਿਉਂਕਿ ਆਪਣੇ ਆਲ਼ੇ-ਦੁਆਲ਼ੇ ਤੋਂ ਮੈਨੂੰ ਇਹੀ ਅਕਲ ਮਿਲੀ ਸੀ ਕਿ ਨੀਵੀਆਂ ਜਾਤਾਂ ਦੇ ਲੋਕ ਪੜ੍ਹਨ-ਲਿਖਣ ਵਰਗੇ ਔਖੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਵਿੱਚੋਂ ਬਹੁਤੀਆਂ ਸਹੇਲੀਆਂ ਦੇ ਪਿਤਾ ਮਜ਼ਦੂਰੀ ਕਰਦੇ ਸਨ। ਸਾਧਨ ਦੀ ਤੋਟ ਵਿਚ ਉੱਦਮ ਨੂੰ ਕਿਵੇਂ ਉੱਚਾ ਰੱਖੀਦਾ- ਇਹਦਾ ਮੈਨੂੰ ਬਿਲਕੁਲ ਨਵਾਂ ਅਨੁਭਵ ਹੋਇਆ। ਸਗੋਂ ਉਨ੍ਹਾਂ ਵਿੱਚੋਂ ਇਕ ਬੜੀ ਜਾਗਰੂਕ ਸਹੇਲੀ ਸੀ ਜਿਹਨੇ ਮੈਨੂੰ ਵਾਰ-ਵਾਰ ਅੰਗਰੇਜ਼ੀ ਸ਼ਬਦ ਬੋਲਣ ਤੋਂ ਵਰਜਿਆ ਤਾਂ ਜੋ ਮੈਂ ਅੰਗਰੇਜ਼ੀ ਬੋਲ ਕੇ ਉਨ੍ਹਾਂ 'ਤੇ ਰੋਹਬ ਨਾ ਪਾ ਸਕਾਂ। ਇਸ ਸਕੂਲ 'ਚ ਆਉਣ ਤੋਂ ਪਹਿਲਾਂ ਮੈਂ ਮੱਧ ਵਰਗ ਦੀ ਖਪਤ ਵਾਸਤੇ ਬਣਾਏ ਗਏ ਅੰਗਰੇਜ਼ੀ ਮੀਡੀਅਮ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਸੀ, ਜਿੱਥੇ ਬੰਦਾ ਇੰਗਲਿਸ਼, ਹਿੰਦੀ, ਪੰਜਾਬੀ, ਗਣਿਤ ਤੇ ਇਤਿਹਾਸ ਦਾ ਰੱਟਾ ਤਾਂ ਚਾੜ੍ਹ ਸਕਦਾ ਹੈ; ਪਰ ਬੰਦਾ ਬੰਦਾ ਬਣ ਜਾਏ, ਇਹਦੀ ਸੰਭਾਵਨਾ ਘੱਟ ਹੁੰਦੀ ਏ। ਕਿਉਂਕਿ ਸਮਾਜ ਦੀਆਂ ਬੁਰਾਈਆਂ ਨਾਲ ਲੜਨ ਵਾਸਤੇ ਸੁਚੱਜੇ ਨਾਗਰਿਕ ਤਿਆਰ ਕਰਨਾ ਇਨ੍ਹਾਂ ਸਕੂਲਾਂ ਦੀ ਵਿਚਾਰਧਾਰਾ ਦਾ ਹਿੱਸਾ ਨਹੀਂ ਹੁੰਦਾ। ਵੀਹ ਸਾਲ ਦੇ ਰਸਮੀ ਵਿੱਦਿਆ ਪ੍ਰਾਪਤ ਕਰਨ ਦੇ ਲੰਮੇ ਦੌਰ ਵਿਚ ਕਿਸੇ ਵਿਦਿਅਕ ਅਦਾਰੇ ਵਿਚ ਕਿਸੇ ਅਧਿਆਪਕ ਨੂੰ ਮੈਂ ਸਫ਼ਾਈ ਨਾਲ ਜ਼ਾਤਪਾਤ ਦਾ ਖੰਡਨ ਕਰਦਿਆਂ ਨਹੀਂ ਦੇਖਿਆ। ਪੱਛਮੀ ਗਿਆਨ ਪਰੰਪਰਾ ਦੇ ਕੋਰੇ ਪ੍ਰਭਾਵ ਵਿਚ ਅਬੂਝ ਭਾਸ਼ਾ ਵਿਚ ਉਤਰ-ਬਸਤੀਵਾਦ, ਉਤਰ-ਆਧੁਨਿਕਤਾਵਾਦ, ਉਤਰ-ਮਾਰਕਸਵਾਦ ਦੀ ਸ਼ਬਦਾਵਲੀ ਦਾ ਬੌਧਿਕ ਠਰਕ ਤਾਂ ਇੱਥੇ ਨਿੱਤ ਭੁਰਦਾ ਹੈ, ਪਰ ਇਸ ਸਮਾਜ ਨੂੰ ਅੰਦਰੋਂ ਗਾਲ਼ ਰਹੇ ਫੋੜੇ ਦੀ ਸੁਧ ਲੈਣ ਵਾਲੇ ਲੋਕ ਬਹੁਤ ਹੀ ਘੱਟ ਨੇ। ਆਪਣੇ ਸਮਾਜ ਨੂੰ ਸਮਝਣ ਦੀ ਸੁਥਰੀ ਤੇ ਸੰਗਠਿਤ ਸਮਝ ਸਾਨੂੰ ਕਲਾਸਾਂ ਵਿਚ ਨਹੀਂ ਮਿਲਦੀ।
ਬਹੁਤ ਸਾਰੇ ਵਿਚਾਰਾਂ, ਥੀਊਰੀਆਂ, ਟਰਮਾਂ ਨਾਲ ਭਰਿਆ ਬੋਰਾ ਮੈਨੂੰ ਵੀ ਨਸੀਬ ਹੋਇਆ। ਪਰ ਇਸ ਸਾਮਾਨ ਨੂੰ ਘੋਲ ਕੇ ਦ੍ਰਿਸ਼ਟੀ ਦਾ ਰਸਾਇਣ ਬਣਾਉਣ ਦੀ ਵਿਧੀ ਨਹੀਂ ਮਿਲੀ। ਕਿਤਾਬੀ ਗਿਆਨ ਤੇ ਸਮਾਜਿਕ ਯਥਾਰਥ ਦੀ ਗ਼ਾਇਬ ਲੜੀ ਕਿੱਥੋਂ ਲੱਭੀ ਜਾਏ, ਇਸ ਗੱਲੋਂ ਮੈਂ ਖੁੰਝੀ ਰਹੀ।
ਜਾਤ-ਵਿਰੋਧੀ ਬੌਧਿਕ ਪਰੰਪਰਾ ਦੇ ਮਹਾਨ ਚਿੰਤਕ ਅੰਬੇਡਕਰ :
ਭਾਰਤੀ ਸਮਾਜ ਦੇ ਯਥਾਰਥ ਨੂੰ ਸਮਝਣ ਦੀ ਕੁੰਜੀ ਇਸ ਦੇਸ਼ ਦੀ ਜਾਤ-ਵਿਰੋਧੀ ਬੌਧਿਕ ਪਰੰਪਰਾ ਦੇ ਮਹਾਨ ਚਿੰਤਕ, ਸਮਾਜ ਸੁਧਾਰਕ ਤੇ ਲੋਕ ਨੇਤਾ ਭੀਮਰਾਓ ਅੰਬੇਡਕਰ ਦੀ ਲਿਖਤ ਵਿਚ ਹੈ ਤੇ ਉਨ੍ਹਾਂ ਦੀਆਂ ਲੀਹਾਂ 'ਤੇ ਟੁਰਦਿਆਂ ਪਿਛਲੇ ਵਰ੍ਹਿਆਂ ਵਿਚ ਰਚੇ ਗਏ ਦਲਿਤ ਸਾਹਿਤ ਵਿਚ ਹੈ। ਅੰਬੇਡਕਰ ਦੀ ਨਜ਼ਰ ਤੋਂ ਭਾਰਤ ਦਾ ਇਤਿਹਾਸ ਸੁਣਨਾ ਇਸ ਦੇਸ਼ ਵਿਚ ਨਜ਼ਰ ਸਾਫ਼ ਕਰਨ ਦਾ ਲੌਕਿਕ ਤੇ ਲਾਜ਼ਮੀ ਢੰਗ ਹੈ। ਜਿਸ ਤਰਕਸ਼ੀਲ ਤੇ ਵਿਗਿਆਨਕ ਢੰਗ ਨਾਲ ਅੰਬੇਡਕਰ ਭਾਰਤੀ ਸਮਾਜ ਦੇ ਅਡੰਬਰ ਨੂੰ ਬੇਨਕਾਬ ਕਰਦਾ ਹੈ ਤਾਂ ਸਮਝ ਆਉਂਦੀ ਹੈ ਕਿ ਕਿਵੇਂ ਧਾਰਮਿਕ ਵਿਚਾਰਧਾਰਾ ਦਾ ਹਵਾਲਾ ਲੈ ਕੇ ਅਸੀਂ ਦੂਜਿਆਂ ਪ੍ਰਤੀ ਅੱਤਿਆਚਾਰ ਤੇ ਘ੍ਰਿਣਾ ਭਰੀ ਆਪਣੀ ਦ੍ਰਿਸ਼ਟੀ ਨੂੰ ਵੀ ਜਾਇਜ਼ ਮੰਨ ਸਕਦੇ ਹਾਂ। ਮੈਂ ਇਹ ਸੋਚ ਕੇ ਹੈਰਾਨ ਹੁੰਦੀ ਹਾਂ ਕਿ ਗ਼ੁਲਾਮੀ ਨੂੰ ਮੁਕੱਦਰ ਮੰਨੀ ਬੈਠੀ ਲੋਕਾਈ ਨੂੰ ਜਗਾਉਣਾ ਤੇ ਸਿੱਖਿਅਤ ਕਰਨਾ ਅੰਬੇਡਕਰ ਲਈ ਕਿੱਡੀ ਵੱਡੀ ਚੁਣੌਤੀ ਰਹੀ ਹੋਵੇਗੀ। ਇਨ੍ਹਾਂ ਅਰਥਾਂ ਵਿਚ ਆਜ਼ਾਦੀ ਦੇ ਸੰਘਰਸ਼ ਵਿਚ ਅੰਬੇਡਕਰ ਤਾਂ ਦੂਹਰੀ ਲੜਾਈ ਲੜ ਰਿਹਾ ਸੀ। ਕਿਉਂਕਿ ਦਲਿਤਾਂ ਨੂੰ ਖ਼ਤਰਾ ਕੇਵਲ ਅੰਗਰੇਜ਼ਾਂ ਤੋਂ ਨਹੀਂ ਸਗੋਂ ਆਪਣੇ ਦੇਸ਼ਵਾਸੀਆਂ ਤੋਂ ਵੀ ਸੀ, ਜਿਨ੍ਹਾਂ ਨੂੰ ਬਚਾਉਣ ਲਈ ਅੰਬੇਡਕਰ ਦੋਹਾਂ ਹੱਥਾਂ ਨਾਲ ਲਿਖਦਾ ਤੇ ਅੰਦੋਲਨ ਕਰਦਿਆਂ ਹਰ ਪਲ ਆਪਣਾ ਜੀਵਨ ਸਮਰਪਿਤ ਕਰਦਾ ਰਿਹਾ। 'ਪ੍ਰਬੁੱਧ ਭਾਰਤ' ਦੀ ਕਲਪਨਾ ਕਰਨ ਵਾਲਾ ਸੁਪਨਸਾਜ਼ ਤੇ ਅਥੱਕ ਕਰਮਯੋਗੀ ਆਧੁਨਿਕ ਭਾਰਤ ਦਾ ਚਮਤਕਾਰ ਹੈ ਜੋ ਕੇਵਲ ਭਾਰਤੀ ਸੰਵਿਧਾਨ ਲਿਖਣ ਵਾਲੀ ਕਮੇਟੀ ਦਾ ਚੇਅਰਮੈਨ ਹੀ ਨਹੀਂ ਸੀ ਸਗੋਂ ਉਹਦੀ ਕੁੱਲ ਲੇਖਣੀ ਤੇ ਸਮਾਜਿਕ ਕਾਰਵਾਈ ਇਕ ਬੇਹੱਦ ਜ਼ਿੰਮੇਵਾਰ, ਜਾਗਰੂਕ ਤੇ ਵਿਲੱਖਣ ਹੌਂਸਲੇ ਵਾਲੀ ਸੱਚੀ ਨਾਗਰਿਕਤਾ ਦਾ ਪ੍ਰਮਾਣ ਵੀ ਏ ਤੇ ਸਾਰੇ ਭਾਰਤੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਇਹ ਇਸ ਦੇਸ਼ ਦੀ ਤ੍ਰਾਸਦੀ ਏ ਕਿ ਆਜ਼ਾਦੀ ਤੋਂ ਬਾਅਦ ਰਾਜਨੀਤੀ ਦੀਆਂ ਸਮੀਕਰਣਾਂ ਵਿਚ ਅੰਬੇਡਕਰ ਕੇਵਲ ਦਲਿਤਾਂ ਦੇ ਨੇਤਾ ਰਹਿ ਗਏ ਜਦੋਂਕਿ ਅੰਬੇਡਕਰ ਨੇ ਸਾਡੀਆਂ ਸਭ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕੀਤਾ ਹੈ। ਧੰਨ ਹੈ ਉਸ ਮਨੁੱਖ ਦੀ ਘਾਲਣਾ, ਜਿਸਨੇ ਉਸ ਵੇਲੇ ਦੇ ਹੋਰਨਾਂ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰਕੇ ਇਸ ਦੇਸ਼ ਦੀ ਪੁਰਾਣੀ ਗੰਧਲੀ ਵਿਵਸਥਾ ਨੂੰ ਤੋੜ ਕੇ ਸਮਾਜਿਕ ਬਰਾਬਰੀ ਦੀ ਨੀਂਹ ਰੱਖਣ ਦਾ ਯੁਗਾਂਤਰਕਾਰੀ ਕੰਮ ਕੀਤਾ। ਸਾਡਾ ਕੰਮ ਸੀ ਉਸ ਸੋਚ ਦੀ ਵਿਰਾਸਤ ਨੂੰ ਹੋਰ ਅੱਗੇ ਤੋਰਨਾ ਕਿਉਂਕਿ ਇਹ ਸਮਾਜ ਹੀ ਸਾਡੀ ਸਭ ਦੀ ਅਸਲੀ ਪੂੰਜੀ ਹੈ, ਸਾਡੀ ਅਸਲੀ ਜੜ੍ਹ ਹੈ। ਇਸ ਸਮਾਜ ਵਿਚ ਆਪਣੀ ਸਮਰੱਥਾ ਮੁਤਾਬਿਕ ਕੋਈ ਜਿੰਨੀ ਚਾਹੇ ਮਰਜ਼ੀ ਤਰੱਕੀ ਕਰ ਲਵੇ, ਪਰ ਸਾਮਾਜਿਕ ਤੇ ਆਰਥਿਕ ਮੌਕੇ ਸਭ ਨੂੰ ਬਰਾਬਰ ਮਿਲਣੇ ਚਾਹੀਦੇ ਨੇ। ਸਮਾਜ ਤੋਂ ਮਿਲਦੀ ਹੱਲਾਸ਼ੇਰੀ ਸਾਡੀ ਸਭ ਦੀ ਲੋੜ ਹੈ। ਇਹ ਸਾਨੂੰ ਹੋਰ ਚੰਗਾ ਕਰਨ ਦੀ ਪ੍ਰੇਰਣਾ ਦਿੰਦੀ ਹੈ, ਪਰ ਅਸੀਂ ਜ਼ਾਤ ਜਾਂ ਹੋਰ ਕੋਈ ਵੀ ਆਧਾਰ ਬਣਾ ਕੇ ਕਿਸੇ ਦਾ ਮਨੋਬਲ ਤੋੜਨ ਵਿਚ ਮਿੰਟ ਨਹੀਂ ਲਾਉਂਦੇ। ਜਿਸ ਲੋੜ ਤੋਂ ਵੱਧ ਅਬਾਦੀ ਵਾਲੇ, ਬੇਰੁਜ਼ਗਾਰੀ ਦੇ ਮਾਰੇ ਦੇਸ਼ ਵਿਚ ਮੈਨੂੰ ਸਸਤੀ ਲੇਬਰ ਮਿਲ ਰਹੀ ਹੈ, ਮੇਰੇ ਲਈ ਤਾਂ ਉਹ ਸਮਾਜ ਫੇਰ ਵੀ ਠੀਕ ਹੈ, ਪਰ ਉਸ ਸਸਤੀ ਲੇਬਰ ਦੇਣ ਵਾਲੇ ਨੂੰ ਇਸ ਸਮਾਜ ਤੋਂ ਕੀ ਮਿਲ ਰਿਹਾ ਹੈ- ਇਸ ਸੋਚ 'ਤੇ ਚਗਲ ਨਹੀਂ ਮਾਰਨੀ ਚਾਹੀਦੀ ਸਗੋਂ ਇਸ ਸਵਾਲ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਜ਼ਾਤ-ਵਿਰੋਧੀ ਪਰੰਪਰਾ ਦੇ ਅਮਲ ਵਿਚ ਜਦੋਂ ਆਪਣੇ ਆਲ਼ੇ-ਦੁਆਲ਼ੇ ਨੂੰ ਵੇਖਦੇ ਹਾਂ ਤਾਂ ਹਰ ਦਿਨ ਸਦਮਾ ਲੱਗਦਾ ਏ। ਇਸ ਪ੍ਰਕਿਰਿਆ ਵਿਚ ਬੁੱਤ ਤਾਂ ਟੁੱਟਦੇ ਨੇ, ਪੈਰਾਂ ਹੇਠਲੀ ਜ਼ਮੀਨ ਖਿਸਕ ਜਾਂਦੀ ਏ। ਬੜੀ ਉਲਝਣ ਹੁੰਦੀ ਹੈ। ਆਪਣੇ ਹੀ ਲੋਕਾਂ ਦੀ ਮਾਨਸਿਕਤਾ ਦੇਖ ਕੇ ਧੱਕਾ ਲੱਗਦਾ ਹੈ। ਮੈਂ ਆਪ ਵੀ ਇਸ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੀ ਹਾਂ। ਕਿਸੇ ਆਮ ਦਿਨ ਆਪਣੇ ਵਰਗੇ ਹੋਰ ਲੋਕਾਂ ਦੇ ਪ੍ਰਤੀ ਹੁੰਦੇ ਅਨਿਆਂ ਦੀਆਂ ਜੋ ਉਦਾਹਰਣਾਂ ਮੈਂ ਦਿੱਤੀਆਂ, ਕਿਤੇ-ਕਿਤੇ ਮੈਂ ਵੀ ਉਨ੍ਹਾਂ ਦਾ ਸਮਰਥਨ ਕੀਤਾ ਸੀ ਤੇ ਬਹੁਤੀ ਵਾਰ ਮੈਨੂੰ ਉਹ ਸਭ ਸਿਰਫ਼ ਅਜੀਬ ਲੱਗਾ ਸੀ, ਬੁਰਾ ਬਹੁਤ ਦੇਰ ਬਾਅਦ ਲੱਗਣਾ ਸ਼ੁਰੂ ਹੋਇਆ ਤੇ ਵਿਰੋਧ ਦਰਜ ਕਰਨਾ ਤਾਂ ਮੈਂ ਅਜੇ ਸ਼ੁਰੂ ਹੀ ਕੀਤਾ ਹੈ। ਪਰ ਮੈਨੂੰ ਤੱਸਲੀ ਹੈ ਕਿ ਖੋਖਲੇ ਹੰਕਾਰ ਨਾਲੋਂ ਸੱਚੀ ਨਮੋਸ਼ੀ ਦਾ ਮੁੱਲ ਵੱਧ ਹੁੰਦਾ ਹੈ। 'ਮੁਰਦਾ ਸ਼ਾਂਤੀ' ਨਾਲੋਂ ਜਿਉਂਦਾ ਰੋਸ ਚੰਗਾ ਹੁੰਦਾ ਹੈ ਤੇ ਝੂਠੀ ਰੌਸ਼ਨੀ ਨਾਲੋਂ ਸੱਚੇ ਅੰਧਕਾਰ ਵਿਚ ਰਹਿਣਾ ਸ਼ੁਭ ਹੁੰਦਾ ਹੈ।
ਸੰਪਰਕ : 94175-32822