ਬਟਵਾਰੇ ਸਮੇਂ ਪਾਕਿਸਤਾਨ ਵਿੱਚੋਂ ਉੱਜੜ ਕੇ ਚੜ੍ਹਦੇ ਪੰਜਾਬ ਵਿੱਚ ਆ ਕੇ ਵਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ...! - ਨਰਿੰਦਰ ਸਿੰਘ ਘੂਰਾ
ਸਾਗਰੀ ਅੱਜ ਵੀ ਮੇਰੀ ਰੂਹ ਵਿੱਚ ਵਸਦਾ ...ਹਰ ਸਮੇਂ ਮੇਰੇ ਨਾਲ਼ ਰਹਿੰਦਾ ਹੈ'
ਪਾਕਿਸਤਾਨ ਵਿੱਚ 'ਸਾਗਰੀ' ਜੱਦੀ ਪਿੰਡ ਐ ਸਾਡਾ। ਰਾਵਲਪਿੰਡੀ ਜ਼ਿਲ੍ਹਾ ਤੇ ਤਹਿਸੀਲ ਹੈ ਸਾਡੀ, ਸੇਵਾ ਸਿੰਘ ਘੂਰਾ ਪੁੱਤਰ ਪ੍ਰਭ ਸਿੰਘ ਘੂਰਾ ਮੇਰੇ ਪਿਤਾ ਸੀ ਤੇ ਮਾਤਾ ਇੰਦਰ ਕੌਰ ਜਿੰਨਾਂ ਦੀ ਕੁੱਖੋਂ 1935 ਦਾ ਜਨਮ ਐ ਮੇਰਾ । ਮੇਰੇ ਪਿਤਾ ਜੀ ਪਿੰਡ ਦੇ ਹੀ ਭਾਈ ਖਜਾਨ ਸਿੰਘ / ਮਾਤਾ ਪਾਰਵਤੀ ਦੀ ਬੇਟੀ ਨਾਲ ਵਿਆਹੇ ਗਏ। ਪਿੰਡ ਦੇ ਧਰਮੀ ਪੁਰਖ ਸ. ਗੋਪਾਲ ਸਿੰਘ ਸੂਰੀ ਹੋਰਾਂ ਹੀਂ ਪਿਤਾ ਜੀ ਦਾ ਰਿਸ਼ਤਾ ਕਰਵਾਇਆ ਸੀ । ਮਾਤਾ ਜੀ ਨੇ ਸਾਗਰੀ ਦੇ ਹੀ 'ਸਾਗਰੀ ਐਡਿਡ ਗੁਰਮੁਖੀ ਕੰਨਿਆ ਸਕੂਲ ' ਤੋਂ 1928 ਚ ਪੰਜਵੀਂ ਜਮਾਤ ਪਾਸ ਕੀਤੀ । ਜਿਸ ਦਾ ਸਬੂਤ, ਸਕੂਲ ਦਾ ਸਰਟੀਫੀਕੇਟ ਵੀ ਮੇਰੇ ਕੋਲ ਹੈ। ਖੱਤਰੀ ਪਰਿਵਾਰ ਹੈ ਸਾਡਾ, ਅਸੀਂ ਪੰਜ ਭੈਣ ਭਾਈ ਹਾਂ, ਸਭ ਤੋਂ ਵਡੇ ਮੇਰੇ ਵੀਰ ਸ.ਉਜਾਗਰ ਸਿੰਘ ਉਨ੍ਹਾਂ ਤੋਂ ਬਾਅਦ ਮੈਂ, ਫੇਰ ਭੈਣਾਂ ਸਤਵੰਤ ਕੌਰ, ਰਾਜਿੰਦਰ ਕੌਰ ਅਤੇ ਸਭ ਤੋਂ ਛੋਟਾ ਸਾਡਾ ਭਰਾ ਗੁਰਬਚਨ ਸਿੰਘ ਜਿਸ ਦਾ ਜਨਮ ਏਥੇ ਆ ਕੇ ਫਗਵਾੜੇ ਹੋਇਆ ਸੀ । ਸਾਗਰੀ ਤੋਂ ਆਉਂਦੇ ਵਕਤ ਅਸੀਂ ਦੋ ਭੈਣਾਂ, ਮੈਂ, ਮਾਤਾ ਜੀ, ਪਿਤਾ ਜੀ ਅਤੇ ਮੇਰੇ ਦਾਦਾ ਜੀ ਸ.ਪ੍ਰਭ ਸਿੰਘ ਇੰਡੀਆ ਵਲ ਆਏਂ ਸਾਂ। ਮੇਰੇ ਵੱਡੇ ਵੀਰ 10ਵੀਂ ਜਮਾਤ ਦਾ ਪੱਕਾ ਇਮਤਿਹਾਨ ਦੇਣ ਲਈ ਗੁੱਜਰਖਾਨ ਗਏ ਹੋਏ ਸਨ, ਉਥੇ ਹੀ ਦੰਗੇ ਫਸਾਦ 'ਚ ਫਸ ਗਏ ਸੀ । ਸਾਗਰੀ ਦੇ ਗਵਾਂਢੀ ਪਿੰਡ ਮੰਦਰਾਂ, ਸਿਆਲਾਂ, ਛਨੀ, ਡੇਰਾ ਖਾਲਸਾ, ਰਵਾਤ ਤੇ ਕੱਲਰ ਸਨ। ਸਾਡੇ ਸਾਗਰੀ ਨੂੰ, ਮਾਨਕੇਆਲਾ ਰੇਲਵੇ ਸਟੇਸ਼ਨ ਲਗਦਾ ਸੀ, ਜੋ ਤਿੰਨ ਕੁ ਕੋਹ ਦੂਰੀ ਸੀ, ਪਿੰਡ ਵਿੱਚ ਚਾਰ ਕੁ ਖੂਹ ਸਨ, ਇਕ ਤਾ ਮਾਨਕੇਆਲਾ ਸਟੇਸ਼ਨ ਵਲੋਂ ਆਉਂਦੇ ਸ਼ੁਰੂ ਵਿੱਚ ਹੀ ਆਉਂਦਾ ਹੈ, ਜਿਸ ਨੂੰ ਭਾਈਆਂ ਦਾ ਖੂਹ ਆਖਦੇ ਸੀ, ਦੂਜਾ ਸ਼ਮਸ਼ਾਨ ਘਾਟ ਕੋਲ ਖੂਹੀ ਸੀ, ਤੀਸਰਾ ਮੁਸਲਿਮ ਭਾਈਚਾਰੇ ਦੇ ਮਦਰਸੇ ਦੇ ਬਿਲਕੁਲ ਸਾਹਮਣੇ ਖੂਹ ਸੀ ਅਤੇ ਚੌਥਾ ਗੁਰਦਵਾਰਾ ਸਾਹਿਬ 'ਚ। ਗੁਰਦਵਾਰਾ ਸਾਹਿਬ ਵਿਚਲੇ ਖੂਹ ਦੀ ਖਾਸ ਗੱਲ ਇਹ ਸੀ ਕਿ ਇਹ ਖੂਹ ਪਿੰਡ ਦੀ ਸੰਗਤ ਨੇ ਹੀ ਆਪਣੀ ਹੱਥੀਂ ਪੁੱਟਿਆ ਸੀ ।ਸਾਗਰੀ ਤੋਂ ਰਾਵਲਪਿੰਡੀ ਆਣ ਜਾਣ ਵਾਸਤੇ ਰੋਜ਼ ਸਵੇਰੇ ਰਾਵਲਪਿੰਡੀ ਬੱਸ ਜਾਇਆ ਕਰਦੀ ਸੀ ਤੇ ਸਾਮ ਨੂੰ ਵਾਪਿਸ ਸਾਗਰੀ ਆ ਜਾਂਦੀ ਸੀ, ਰਾਤੀਂ ਸਾਡੇ ਪਿੰਡ ਵਿੱਚ ਹੀ ਰੁਕ ਜਾਂਦੀ।ਮੈਨੂੰ ਆਪਣੇ ਬਚਪਨ ਦਾ ਓਹ ਵੇਲਾ ਯਾਦ ਹੈ ਕਿ ਜਦੋਂ ਲੋਹੜੀ ਦਾ ਤਿਉਹਾਰ ਦਾ ਸਮਾਂ ਆਉਂਦਾ ਅਸੀਂ ਸਾਰੇ ਬੱਚੇ ਇਕੱਠੇ ਹੋ ਕੇ ਘਰ-ਘਰ ਜਾ ਕੇ, ਲੱਕੜਾਂ ਪਾਥੀਆਂ ਇਕੱਠੀਆਂ ਕਰਦੇ। ਸਾਡੇ ਘਰ ਤੇ ਗੁਰਦਵਾਰਾ ਸਾਹਿਬ ਦੇ ਵਿਚਕਾਰ ਇਕ ਖੁੱਲੀੵ ਜਗਾੵ ਆਉਂਦੀ ਸੀ, ਜੋ ਭਾਈ ਜੀਵਨ ਸਿੰਘ ਦੇ ਘਰ ਦੇ ਨੇੜੇ ਸੀ, ਇਸ ਖੁੱਲੀੵ ਜਗਾੵ ਤੇ ਵੱਡਾ ਲਕੜ ਦੇ ਮੁੱਢ 'ਤੇ ਇਕੱਠੇ ਕੀਤੇ ਸਮਾਨ ਨਾਲ ਲੋਹੜੀ ਪਾਈ ਜਾਂਦੀ, ਸਾਰਾ ਪਿੰਡ ਇੱਕੋ ਜਗ੍ਹਾ ਲੋਹੜੀ ਦਾ ਤਿਉਹਾਰ ਮਨਾਂਉਦਾ ਹੁੰਦਾ ਸੀ। ਸਾਗਰੀ ਤੋਂ ਰਾਵਲਪਿੰਡੀ ਵੱਲ ਜਾਂਦੇ ਇਕ ਸਾਫ਼ ਵੱਡਾ ਤਲਾਅ ਸੀ ਜੋ ਖਾਸ ਪ੍ਰਕਾਰ ਦੇ ਪੱਥਰਾਂ ਨਾਲ ਬਣਾਇਆ ਗਿਆ ਸੀ, ਇਸ ਵਿੱਚ ਬਰਸਾਤੀ ਪਾਣੀ ਇਕੱਠਾ ਕੀਤਾ ਜਾਂਦਾ ਸੀ, ਬਹੁਤ ਵੱਡਾ ਹੋਣ ਕਰਕੇ ਕਈ ਥਾਵਾਂ ਤੇ ਪੌੜੀਆਂ ਬਣੀਆਂ ਸਨ, ਜੋ ਕਿ ਨਹਾਉਣ ਧੌਣ ਪਸ਼ੂਆਂ ਲਈ ਰਾਖਵਾਂ ਸੀ।
ਸਾਡੇ ਪਿੰਡ 'ਚ ਇਕ ਦਸਵੀਂ ਤੱਕ ਮੁੰਡਿਆ ਦਾ ਸਕੂਲ ਤੇ ਮਿਡਲ ਸਕੂਲ ਲੜਕੀਆਂ ਦਾ ਹੁੰਦਾ ਸੀ, ਸਿੱਖਾਂ ਦੇ, ਤੇ ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਦੇ ਵੀ ਦੋ ਸਕੂਲ ਸੀ ਮੁੰਡਿਆ ਦਾ ਤੇ ਇੱਕ ਲੜਕੀਆਂ ਦਾ। ਮੈਂ ਵੀਂ ਪੰਜਵੀਂ ਤਕ ਦੀ ਪੜਾਈ ਖਾਲਸਾ ਹਾਈ ਸਕੂਲ ਸਾਗਰੀ 'ਚ ਕੀਤੀ, ਸਾਡੇ ਹੈਡਮਾਸਟਰ ਸ. ਨੰਦ ਸਿੰਘ ਹੁੰਦੇ ਸਨ ਬਾਕੀ ਮਾਸਟਰ ਬਲਵੰਤ ਸਿੰਘ , ਮਾਸਟਰ ਸੁੰਦਰ ਸਿੰਘ, ਵਰਿਆਮ ਸਿੰਘ ਤੇ ਮੇਹਰ ਸਿੰਘ ਜੋ ਪਿਛੋਕੜ ਟਾਂਡਾ ਉੜਮੁੜ ਦੇ ਸਨ , ਉਥੇ ਇਕੱਲੇ ਹੀ ਰਹਿੰਦੇ ਸਨ, ਮਾਸਟਰ ਮੇਹਰ ਸਿੰਘ ਸਕੂਲ ਸਮੇਂ ਤੋਂ ਬਾਅਦ ਕੁਝ ਸਮਾਂ ਰੋਟੀ-ਪਾਣੀ ਖਾ ਕੇ ਸਕੂਲ ਦੇ ਕੁਝ ਕ ਬੱਚਿਆਂ ਨੂੰ ਇਕੱਠਾ ਕਰ ਕੇ ਸਾਰਿਆ ਨੂੰ ਮਾਨਕੇਆਲਾ ਰੇਲਵੇ ਸਟੇਸ਼ਨ 'ਤੇ ਲੈ ਜਾਂਦੇ ਤੇ ਆਉਂਦੀ ਜਾਦੀ ਰੇਲ ਗੱਡੀ 'ਚ ਸਾਰੇ ਯਾਤਰੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦੇ ਵੀ ਤੇ ਸਾਥੋਂ ਵੀ ਕਰਾਉਂਦੇ, ਪਾਣੀ ਦਾ ਇੰਤਜ਼ਾਮ ਸਟੇਸ਼ਨ ਦੇ ਨੇੜੇ ਖੂਹ ਤੋਂ ਕੀਤਾ ਜਾਂਦਾ। ਵਾਪਸੀ ਪਰਤਣ ਬਾਅਦ ਕੁਝ ਸਮਾਂ ਪਾ ਕੇ ਸਾਰਿਆ ਨੂੰ ਲੈਕੇ ਗੁਰਦਵਾਰਾ ਸਾਹਿਬ ਚਲੇ ਜਾਂਦੇ ਤੇ ਰਹਿਰਾਸ ਸਾਹਿਬ ਦਾ ਪਾਠ ਕਰਾਉਂਦੇ ਤੇ 9ਵੀਂ 10ਵੀਂ ਦੇ ਵਿਦਿਆਰਥੀਆਂ ਤੋ ਅਰਦਾਸ ਕਰਾਉਂਦੇ ਸਨ, ਸਕੂਲ ਵਿੱਚ ਵੀ ਇਕ ਪੀਰੀਅਡ ਬੂਟੇ ਦੀ ਦੇਖ ਭਾਲ ਕਰਾਉਂਦੇ ਸੀਂ । ਅਗਰ ਜੇ ਕੋਈ ਗੈ਼ਰ- ਹਾਜ਼ਰ ਹੁੰਦਾ ਤਾਂ ਅਗਲੇ ਦਿਨ ਸਕੂਲ ਵਿੱਚ ਪੁੱਛਿਆ ਜਾਂਦਾ ਸੀ । ਉਸ ਵਕਤ ਮਾਸਟਰ ਮੇਹਰ ਸਿੰਘ ਸਾਨੂੰ ਚੰਗੇ ਨਹੀਂ ਲੱਗਦੇ ਸੀ, ਇਹੋ ਮਹਿਸੂਸ ਹੁੰਦਾ ਸੀ ਕੀ ਉਹ ਸਾਡੇ ਤੋਂ ਜ਼ਬਰਦਸਤੀ ਕੰਮ ਕਰਵਾਉਂਦੇ ਐ ਪਰ ਅੱਜ ਉਹਨਾਂ ਵਲੋਂ ਸਿਖਾਈ ਸਮਾਜ ਸੇਵਾ ਤੇ ਗੁਰੂ ਘਰਾਂ ਪ੍ਰਤੀ ਲਗਨ ਵੱਲ ਸੋਚ ਕੇ ਸਿਰ ਅਦਬ ਨਾਲ ਝੁਕ ਜਾਂਦਾ ਹੈ। ਜੇ ਕੋਈ ਉਨ੍ਹਾਂ ਦਾ ਧੀ ਪੁੱਤਰ ਜਾਂ ਕੋਈ ਹੋਰ ਸਾਡਾ ਸਾਗਰੀ ਵਾਸੀ ਇਸ ਲੇਖ ਨੂੰ ਪੜੵਦਾ ਹੋਵੇ ਤਾਂ ਸਾਡੀ ਫਤਹਿ ਜ਼ਰੂਰ ਕਬੂਲ ਕਰੇ...! ਮਾਸਟਰ ਸੁੰਦਰ ਸਿੰਘ, ਜਿਨ੍ਹਾਂ ਕੋਲ ਮੈਂ ਸਾਗਰੀ ਸਕੂਲ ਵਿੱਚ ਵੀ ਪੜਿੵਆ ਤੇ ਫਗਵਾੜੇ ਆਕੇ ਰਾਮਗੜ੍ਹੀਆ ਸਕੂਲ ਵਿੱਚ ਵੀ ਇਨ੍ਹਾਂ ਕੋਲ ਪੜਿੵਆ ਸੀ। ਮਾਨਕੇਆਲਾ ਰੇਲਵੇ ਸਟੇਸ਼ਨ ਤੋ ਥੋੜਾ ਜਿਹਾ ਹੋਰ ਅਗੇ ਰਵਾਤ ਨਾਮ ਇਕ ਧਾਰਮਿਕ ਜਗ੍ਹਾ ਹੈ ਜਿਥੇ ਹਰ ਸਾਲ 5 ਕੱਤਕ ਨੂੰ ਬਹੁਤ ਭਾਰੀ ਮੇਲਾ ਲੱਗਦਾ ਸੀ, ਜਿਥੇ ਪੂਰੇ ਰਾਵਲਪਿੰਡੀ ਤੋਂ ਆਸ-ਪਾਸ ਦੀਆਂ ਸੰਗਤਾਂ ਹੁੰਮ-ਹੁੰਮਾਂ ਕੇ ਆਉਂਦੀ ਹੁਦੀ ਸੀ, ਵਾਹਵਾ ਰੋਣਕ ਲਗਦੀ ਸੀ । ਸਾਡਾ ਘਰ ਮਾਨਕੇਆਲਾ ਸਟੇਸ਼ਨ ਵਲੋਂ ਆਉਂਦੇ ਸ਼ੁਰੂ 'ਚ ਹੀ ਪੈਂਦਾ ਸੀ ਸਾਡੇ ਘਰ ਦੇ ਸਾਹਮਣੇ ਸਰਦਾਰ ਫਕੀਰ ਸਿੰਘ ਨੜਾਲੀ ਵਾਲੇ ਰਹਿੰਦੇ ਸਨ,ਜਿਨ੍ਹਾਂ ਦੇ 3 ਪੁੱਤਰ ਤੇ 2 ਧੀਆਂ ਸਨ ਸਰਦੂਲ ਸਿੰਘ, ਸਵਰਨ ਸਿੰਘ ਤੇ ਲੱਭਾ। ਸਾਡਾ ਘਰ ਇਕ ਹਵੇਲੀ ਦੀ ਤਰ੍ਹਾਂ ਸੀ, ਜਿਸ ਵਿਚ ਅਸੀਂ 3 ਪਰਿਵਾਰ ਰਹਿੰਦੇ ਸੀ, ਅਸੀਂ (ਸੇਵਾ ਸਿੰਘ ਦਾ ਪਰਿਵਾਰ), ਸਾਡੇ ਨਾਲ ਸਵਰਗਵਾਸੀ ਹਰਨਾਮ ਸਿੰਘ ਤਾਇਆ ਜੀ ਦਾ ਪਰਿਵਾਰ ਤੇ ਨਾਲ ਹੀ ਚਾਚਾ ਦਰਸ਼ਨ ਸਿੰਘ ਦਾ ਪਰਿਵਾਰ। ਸਾਡੇ ਵੇਹੜੇ ਵਿੱਚ ਇਕ ਸਹਿਤੂਤ ਦਾ ਤੇ ਇਕ ਕਿੱਕਰ ਦਾ ਦਰਖਤ ਸੀ। ਮੇਰੇ ਪਿਤਾ ਜੀ ਦੇ ਖਾਸ ਮਿੱਤਰ ਚੌਧਰੀ ਦੀਦਾਰ ਸਿੰਘ ਸਨ, ਜਿਨ੍ਹਾਂ ਦੇ ਦੋ ਪੁੱਤਰ, ਸ.ਮਨਮੋਹਨ ਸਿੰਘ ਤੇ ਸ.ਰਘੁਵੀਰ ਸਿੰਘ ਜੋ ਇਸ ਵਕਤ ਦਿੱਲੀ ਰਹਿੰਦੇ ਹਨ।ਚੌਧਰੀ ਦੀਦਾਰ ਸਿੰਘ ਪਿੰਡ ਦੇ ਪਤਵੰਤੇ ਸੱਜਣਾਂ ਚੋਂ ਇੱਕ ਹੁੰਦੇ ਸਨ। ਸਵਰੂਪ ਸਿੰਘ, ਅਤਰ ਸਿੰਘ ਤੇ ਸੰਤੋਖ ਸਿੰਘ ਇਨ੍ਹਾਂ ਦੇ ਆਟਾ ਚੱਕੀ ਅਤੇ ਤੇਲ ਦਾ ਕੋਹਲੂ ਸੀ। ਪਿੰਡ ਚ ਕੋਈ 75 ਤੋਂ 80 ਸਿੱਖ ਪਰਿਵਾਰ, 25 ਤੋਂ 30 ਪਰਿਵਾਰ ਹਿੰਦੂ ਧਰਮ ਨਾਲ ਸਬੰਧਤ ਅਤੇ 35 ਤੋਂ 40 ਪਰਿਵਾਰ ਮੁਸਲਿਮ ਭਾਈਚਾਰੇ ਦੇ ਸਨ। ਫਜਲ ਖਾਨ, ਫਤਹਿ ਦੀਨ ( ਤਰਖਾਣ ), ਜਮਾਲਦੀਨ ਤੇਲੀ, ਨਾਦਰ ਅਤੇ ਫੵਜ਼ਲ ਹਸਨ ਕਾਸਬੀ, ਮੰਗੂ ਘੁਮਾਰ (ਮਿੱਟੀ ਦੇ ਭਾਂਡੀਆ ਵਾਲਾ) ਤੇ ਫ਼ਜ਼ਲਦੀਨ ਦਰਜ਼ੀ ਇਹ ਪਿੰਡ ਦੇ ਸੱਜਣ ਸਨ। ਪਿੰਡ ਦੀ ਬਹੁਤੀ ਸਿੱਖ ਵਸੋਂ ਦੁਕਾਨਦਾਰ, ਆੜ੍ਹਤੀਏ ਜਾਂ ਵਪਾਰ ਨਾਲ ਹੀ ਸਬੰਧਿਤ ਸੀ । ਸਾਗਰੀ ਦੇ ਲੰਬੜਦਾਰ ਅਬਦੁਲ ਗਨੀ, ਮੁਹੰਮਦ ਅਫਸਰ ਤੇ ਲੰਬੜਦਾਰਨੀ ਸਰਵਰ ਜ਼ਾਨ ਸੀ। ਸਾਡੀ ਦੁਕਾਨ ਦੇ ਇਕ ਪਾਸੇ ਡਾ. ਦੀਨਾ ਨਾਥ ਤੇ ਦੂਜੇ ਪਾਸੇ ਸ. ਇੰਦਰ ਸਿੰਘ ਤੇ ਨਾਲ ਹੀ ਉਹਨਾਂ ਦਾ ਲੜਕਾ ਆਪਾਰ ਸਿੰਘ ਮਨਿਆਰੀ ਦਾ ਕੰਮ ਕਰਦੇ ਹੁੰਦੇ , ਤਿੰਨ ਕੁ ਦੁਕਾਨਾਂ ਅੱਗੇ ਮੇਨ ਬਜ਼ਾਰ ਦੇ ਚੌਂਕ ਵਿੱਚ ਸਰਦਾਰ ਸਾਹਿਬ ਸਰਦਾਰ ਜਵਾਹਰ ਸਿੰਘ ਹੋਰਾਂ ਦੀ ਕੱਪੜੇ ਦੀ ਵੱਡੀ ਦੁਕਾਨ ਸੀ। ਪਿੰਡ ਦੇ ਦੁਕਾਨਦਾਰਾਂ ਦਾ ਵਸਤਾਂ ਦੀ ਖਰੀਦੋ-ਫ਼ਰੋਖਤ ਲਈ ਰਾਵਲਪਿੰਡੀ ਅਕਸਰ ਆਉਣਾ-ਜਾਣਾ ਲੱਗਿਆ ਰਹਿੰਦਾ। ਮਾਰਚ 1947 ਚ ਪਿੰਡ ਦੇ ਕੁਝ ਕਾਰੋਬਾਰੀ ਖਰੀਦਦਾਰੀ ਕਰਨ ਲਈ ਰਾਵਲਪਿੰਡੀ ਗਏ ਹੋਏ ਸੀ ਤਾਂ ਪਤਾ ਚਲਿਆ ਕਿ ਲਾਹੌਰ 'ਚ ਹਿੰਦੂ ਅਤੇ ਸਿੱਖ ਵਿਦਿਆਰਥੀਆਂ ਨੇ ਰਲ਼ ਕੇ ਇੱਕ ਜਲੂਸ ਕਢਿਆ ਸੀ ਜਿਸ ਚ ਮੁਸਲਿਮ ਭਾਈਚਾਰੇ ਵਲੋਂ ਹਮਲਾ ਕੀਤਾ ਗਿਆ, ਇਸ ਅੱਗ ਦਾ ਸੇਕਾ ਹਰ ਪਾਸੇ ਹੀ ਲਗਦਾ ਗਿਆ ਤੇ ਇਹ ਸੇਕ ਸਾਡੇ ਰਾਵਲਪਿੰਡੀ ਤਕ ਵੀ ਪਹੁੰਚ ਗਿਆ, ਕਾਰੋਬਾਰੀਆਂ ਨੇ ਵਾਪਸ ਸਾਗਰੀ ਆਕੇ ਜਦੋਂ ਸਾਰੀ ਗਾਥਾ ਦੱਸੀ। ਲੋਕਾਂ ਨੇ ਕੋਠਿਆਂ ਤੇ ਇੱਟਾਂ, ਪੱਥਰ, ਮਿਰਚ ਪਾਊਡਰ, ਤਲਵਾਰਾਂ ਆਦਿ ਇਕੱਠੇ ਕੀਤੇ, ਮੋਰਚਾਬੰਦੀ ਦੀ ਵਿਉਂਤ ਬਣਾਈ ਗਈ, ਰਾਤੀਂ ਹਰ ਗਲ਼ੀ 'ਚ ਪਹਿਰੇ ਦਿੱਤਾ, ਸਿੱਖਾਂ ਵਲੋਂ ਸੋਖੀ ਪਹੁੰਚ ਲਈ ਕੋਠਿਆਂ ਨੂੰ ਲੱਕੜ ਦੇ ਫਟਿਆ ਨਾਲ ਜੋੜਿਆ ਗਿਆ। ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਪਹਿਲਾਂ ਭਿਣਕ ਪੈ ਗਈ ਸੀ ਹਮਲੇ ਦੀ। ਇਕ ਦਿਨ ਮੈਨੂੰ ਕੁਝ ਆਵਾਜ਼ਾਂ ਦੁਪਹਿਰ ਵੇਲੇ ਸੁਣੀਆਂ, ਮੈਂ ਭੱਜ ਕੇ ਕੋਠੇ 'ਤੇ ਗਿਆ, ਵੇਖਿਆ ਦੂਰ ਫਸਾਦੀਆਂ ਦੇ ਟੋਲੇ ਸਾਡੇ ਪਿੰਡ ਵੱਲ ਹਮਲਾ ਕਰਨ ਲਈ ਆ ਰਹੇ ਹਨ, ਤਾਂ ਦੌੜਦਾ ਹੀ ਥੱਲੇ ਆਇਆ ਤੇ ਦਾਦਾ ਜੀ ਨੂੰ ਦੱਸਿਆ ਜੋ ਖਾਣਾ ਖਾ ਰਹੇ ਸਨ, ਉਨ੍ਹਾਂ ਨੇ ਥਾਲੀ ਪਾਸੇ ਰੱਖ ਦਿੱਤੀ ਤੇ ਹੱਥ ਫੜ੍ਹ ਕੇ ਗੁਰਦਵਾਰੇ ਵਲ ਚੱਲ ਪਿਆ ਅਤੇ ਸਾਰਿਆਂ ਨੂੰ ਦਸਦਾ ਗਿਆ। ਪਿੰਡ ਦਾ ਇਕ ਮੁਸਲਿਮ ਕੈਪਟਨ ਜੋ ਫੌਜ 'ਚੋਂ ਛੁੱਟੀ ਆਇਆ ਹੋਇਆ ਸੀ, ਮਸਜਿਦ ਦੇ ਕਰੀਬ ਪੈਂਦੇ ਵੱਡੇ ਦਰਖਤ ਤੇ ਚੜ੍ਹ ਕੇ ਗੋਲੀਆਂ ਚਲਾ ਰਿਹਾ ਸੀ, ਜਵਾਬੀ ਕਾਰਵਾਈ 'ਚ ਸਾਹਮਣਾ ਕਰਦੇ ਹੋਏ ਖਾਲਸਾ ਸਕੂਲ ਦੇ ਮਾਸਟਰ ਜਿਨ੍ਹਾਂ ਕੋਲ ਬੰਦੂਕ ਸੀ ਡਟੇ ਰਹੇ, ਜਿਸ ਕਾਰਨ ਮਾਸਟਰ ਜੀ ਨੂੰ ਕਾਫੀ ਗੋਲ਼ੀਆਂ ਲਗੀਆਂ ਸਨ। ਇਕ ਦਸਵੀਂ ਜਮਾਤ ਦਾ ਲੜਕਾ ਗੋਲੀਆਂ ਲੱਗਣ ਕਰਕੇ ਸ਼ਹੀਦੀ ਪ੍ਰਾਪਤ ਕਰ ਗਿਆ। ਪਿੰਡ ਦੇ ਸਾਰੇ ਹਿੰਦੂ ਤੇ ਸਿੱਖ ਬੰਦੇ ਆਪਣੇ ਪਰਿਵਾਰਾਂ ਸਮੇਤ ਗੁਰਦਵਾਰੇ ਵਿੱਚ ਇਕੱਠੇ ਹੋਏ, ਬਚਾਅ ਲਈ ਪੱਥਰ, ਰੋੜੇ, ਕੱਚ ਦੇ ਟੁਕੜੇ, ਮਿਰਚ ਪਾਊਡਰ ਤੇ ਵਡੇ ਕੜਾਹੇ ਉਬਲੇ ਤੇਲ ਦੇ ਤਿਆਰ ਰਖੇ। ਫਸਾਦੀਏ ਘਰ ਲੁੱਟ ਕੇ ਅੱਗ ਲਗਾ ਦਿੰਦੇ ਸੀ। ਪਿਤਾ ਜੀ ਦੇ ਕੁਝ ਮੁਸਲਿਮ ਮਿੱਤਰਤਾ ਵਾਲੇ ਸੱਜਣ ਇਕੱਠੇ ਹੋ ਕੇ ਗੁਰਦਵਾਰੇ ਆਕੇ ਆਖਦੇ , "ਸਰਦਾਰ ਜੀ ! ਹਾਲਾਤ ਬਹੁਤ ਹੀ ਖਰਾਬ ਹੋ ਰਹੇ ਹਨ, ਤੁਸੀ ਜੋ ਘਰ ਦਾ ਸਮਾਨ ਸਾਨੂੰ ਦਿਉ ਗਏ ਉਹੀਓ ਸਮਾਨ ਬਚੇਗਾ। '" ਇਸ ਮਗਰੋਂ ਪਿਤਾ ਜੀ ਘਰੇ ਜਾ ਕੇ ਉਹਨਾਂ ਨੂੰ ਸਮਾਨ ਦੇ ਆਏ। ਇਸ ਦੌਰਾਨ ਮੈਨੂੰ ਕੁਝ ਯਾਦ ਆਇਆ ਮੈਂ ਓਥੋਂ ਮੌਕਾ ਪਾ ਕੇ ਮੈਂ ਭੱਜਦਾ ਹੋਇਆ ਆਪਣੇ ਘਰ ਗਿਆ ਤੇ ਕੋਲਿਆਂ ਦੀ ਬੋਰੀ ਦੇ ਪਿੱਛੋਂ ਮੇਰੀ ਇਕ ਗੋਲਕ (ਬੁਗਨੀ) ਜੋ ਮੈਂ ਛੁਪਾ ਕੇ ਰੱਖੀ ਹੋਈ ਸੀ, ਲਿਆ ਕੇ ਪਿਤਾ ਜੀ ਨੂੰ ਫੜਾ ਦਿੱਤੀ,ਜਿਸ ਵਿੱਚੋਂ ਉਸ ਸਮੇਂ 19 ਰੁਪਏ ਨਿਕਲੇ । ਮੋਰਚੇ ਦੀ ਅਗਵਾਈ ਕਰਨ ਵਾਲੇ ਸਰਦਾਰਾਂ ਨੇ ਜਦੋਂ ਕਿਹਾ "ਆਪਣਿਆ ਨੂੰ ਮਿਲ ਲਵੋ ! ਤੇ ਬਸ ਸ਼ਹੀਦੀਆਂ ਦੇਣ ਲਈ ਤਿਆਰ ਹੋ ਜਾਵੋ!' ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ,,, ਇਹ ਸਾਰਾ ਭਿਆਨਕ , ਡਰਾਉਣਾ,ਮਾੜਾ ਸਮਾਂ ਮੈਂ ਆਪਣੀ ਅੱਖੀ ਡਿੱਠਾ। ਰਾਤ ਅੱਧੀ ਕੁ ਹੋਈ ਹੋਣੀ ਕਿਸੇ ਨੇ ਗੁਰਦਵਾਰੇ ਦਾਂ ਮੇਨ ਦਰਵਾਜਾ ਖੜਕਾਇਆ, ਜੋ ਟਾਈਟ ਕਰਕੇ ਬੰਦ ਕੀਤਾ ਸੀ, ਉਪਰੋਂ ਵੇਖਿਆ ਗਿਆ ਕੁੱਝ ਗੋਰੇ ਅਫਸਰ ਫੌਜੀਆ ਨਾਲ ਖੜੇੵ ਸੀ, ਪਤਵੰਤੇ ਅੱਗੇ ਹੋਏ ਉਨ੍ਹਾਂ ਕੋਲ਼ ਗਏ, ਗੋਰੇ ਫੌਜੀ ਆਖਦੇ "ਦੱਸੋ! ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ'..?" ਪਤਵੰਤੇ ਸੱਜਣਾਂ ਨੇ ਆਖਿਆ ਕਿ ਕਿਸੇ ਤਰ੍ਹਾਂ ਸਾਡੀ ਹਿਫਾਜ਼ਤ ਕਰੋ' , ਤਾਂ ਇੱਕ ਗੋਰਾ ਫੌਜੀ ਆਖਣ ਲੱਗਾ, "ਅਸੀਂ ਇੱਥੇ ਕੁਝ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਸਕਦੇ ਹਾਂ। ਫਿਰ ਵਾਇਰਲੈਸ ਕਰਕੇ ਫੌਜੀ ਟਰੱਕ ਮੰਗਵਾਂ ਲਏ ਸਾਨੂੰ ਸਾਰਿਆਂ ਨੂੰ ਬਾ-ਹਿਫਾਜ਼ਤ ਕੱਢ ਕੇ ਲੁਬਾਣੀ ਦੇ ਬੰਗਲੇ ਪਹੁੰਚਾਇਆ ਤੇ ਸਾਡੇ ਲਈ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ । ਅਗਲੇ ਦਿਨ ਸਭਨਾਂ ਨੂੰ ਰਾਵਲਪਿੰਡੀ 'ਚ ਚਲਦੇ ਆਰਜੀ ਰਫਿਊਜ਼ੀਆਂ ਦੇ ਕੈਂਪ 'ਚ ਭੇਜ ਦਿੱਤਾ ਗਿਆ। ਕੁਝ ਦਿਨ ਟੈਂਟਾਂ ਵਿੱਚ ਸਾਨੂੰ ਰੱਖਿਆ ਗਿਆ, ਇਸ ਤੋਂ ਬਾਅਦ ਸਭਨਾਂ ਨੂੰ ਪੰਜਾਂ ਸਾਹਿਬ ਦੇ ਨਜ਼ਦੀਕ 'ਵਾਹ' ਕੈਪ ਭੇਜਿਆ ਗਿਆ ਫੌਜੀ ਟਰੱਕਾਂ ਰਾਹੀਂ। ਇਹ ਸਾਰਾ ਖੌਫ਼ ਭਰਿਆਂ ਮੰਜ਼ਰ... ਹਰ ਤਰਫੋਂ ਮੌਤ ਨੂੰ ਨੇੜਿਓਂ ਦੇਖਿਆ। ਇਥੇ ਕੈਂਪ ਵਿੱਚ ਹੀ ਮੇਰੇ ਵੱਡੇ ਵੀਰ ਉਜਾਗਰ ਸਿੰਘ ਜੋ ਦਸਵੀਂ ਦਾਂ ਪੱਕਾ ਇਮਤਿਹਾਨ ਦੇਣ ਲਈ ਗੁਜਰਖਾਨ ਗਏ ਸੀ, ਲੱਭਦੇ-ਲੁਭਾਉਦੇ ਕੈਂਪ ਵਿੱਚ ਮਿਲ ਪਏ। ਮੇਰੇ ਚਾਚਾ ਜੀ ਸ.ਦੇਵਾ ਸਿੰਘ ਜੋ ਰੇਲਵੇ ਦੇ ਬਿਜਲੀ ਵਿਭਾਗ ਚ ਸਰਕਾਰੀ ਨੌਕਰੀ ਕਰਦੇ ਹੁੰਦੇ ਸਨ ਤੇ ਪਹਿਲਾਂ ਤੋਂ ਹੀ ਲੁਧਿਆਣੇ ਸਮੇਤ ਪਰਿਵਾਰ ਰਹਿੰਦੇ ਸਨ। ਸਾਨੂੰ ਲੱਭਦੇ ਲੱਭਦੇ ਓਹ ਵੀ ਆਣ ਮਿਲੇ, ਸਾਨੂੰ ਆਪਣੇ ਨਾਲ ਚੱਲਣ ਵਾਸਤੇ ਕਹਿਣ ਲਗੇ, ਪਰ ਪਿਤਾ ਜੀ ਨਹੀਂ ਮੰਨੇ ਸੀ, ਸ਼ਾਇਦ ਉਨ੍ਹਾਂ ਸੋਚਿਆ ਹੋਣਾ ਕਿ ਉਸ ਸਮੇਂ ਦੇ ਹਲਾਤਾਂ ਨੂੰ ਵੇਖ ਕੇ ਆਪਣੇ ਸੰਗੀ ਸਾਥੀਆਂ ਤੋਂ ਅੱਡ ਹੋਣ ਲਈ ਉਨ੍ਹਾਂ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ, ਪਰ ਫੈਲ ਰਹੇ ਦੰਗੇ ਫਸਾਦ ਤੋਂ ਬਚਣ ਲਈ ਤੇ ਧੀਆਂ ਦੀ ਸੁਰੱਖਿਆ ਵੇਖਦਿਆਂ ਮੈਨੂੰ ਤੇ ਦੋਵੇਂ ਭੈਣਾਂ ਨੂੰ, ਸਵਰਗਵਾਸੀ ਤਾਇਆ ਜੀ (ਸ.ਹਰਨਾਮ ਸਿੰਘ) ਦੇ ਬੇਟੇ ਉੱਤਮ ਸਿੰਘ ਤੇ ਤਾਈ ਜੀ ਨੂੰ ਚਾਚਾ ਸ.ਦੇਵਾ ਸਿੰਘ ਨਾਲ ਲੁਧਿਆਣੇ ਭੇਜ ਦਿੱਤਾ ,ਤੇ ਖੁਦ ਸੰਗੀ ਸਾਥੀਆਂ ਨਾਲ ਓਹ ਕੈਂਪ 'ਚ ਹੀ ਰਹੇ, ਇਸ ਉਮੀਦ ਨਾਲ ਕਿ ਹਾਲਾਤ ਠੀਕ ਹੋਣ ਤੇ ਪਰਿਵਾਰ ਨੂੰ ਵਾਪਸ ਬੁਲਾ ਲਵਾਂਗਾ ਤੇ ਵਾਪਸ ਸਾਗਰੀ ਚੱਲੇ ਜਾਵਾਂਗੇ, ਪਰ ਉਹ ਦਿਨ ਆਏ ਹੀ ਨਾ, ਮੁਕਦਰ ਤਾਂ ਖੇਡ ਹੋਰ ਹੀ ਕੁਝ ਸੋਚ ਕੇ ਬੈਠੀ ਸੀ। ਕਾਫੀ ਦਿਨਾਂ ਮਗਰੋਂ ਮੇਰੇ ਪਿਤਾ ਜੀ ਲੁਧਿਆਣੇ ਪਰਿਵਾਰ ਨਾਲ ਇਕੱਠੇ ਹੋਏ। ਆਖਰ ਮੁੜ ਤੋਂ ਵਸੇਬੇ ਲਈ ਤਲਾਸ਼ ਸੁਰੂ ਕੀਤੀ ਗਈ, ਕਈ ਥਾਵਾਂ ਤਲਾਸ਼ਣ ਤੋਂ ਬਾਅਦ ਫਗਵਾੜਾ ਵੱਸਣ ਦਾਂ ਫੈਸਲਾ ਕੀਤਾ ਗਿਆ, ਤੇ ਫਗਵਾੜੇ ਆਕੇ ਮੁੜ ਵਸੇਬੇ ਲਈ ਜੱਦੋ- ਜਹਿਦ ਚੱਲ ਪਈ। ਫਿਰ ਅਗਸਤ 1947 ਚ ਪਿੰਡ ਸਾਗਰੀ ਦੇ ਅਹਿਮਦ ਮੁਹੰਮਦ ਜੋ ਮੇਰੇ ਮਾਤਾ ਜੀ ਦੇ ਧਰਮੀ ਭਰਾ ਬਣੇ ਸੀ, ਉਹ ਸਾਡੇ ਪਾਸ ਫਗਵਾੜੇ ਆਏਂ ਤੇ ਸਾਡੇ ਦੋ ਤਿੰਨ ਲੋਹੇ ਦੇ ਟਰੰਕ ਲੈਕੇ ਆਏਂ, ਕੁੱਝ ਕ ਦਿਨ ਸਾਡੇ ਪਾਸ ਰਹੇ। ਸਾਡੇ ਆਂਢ ਗੁਆਂਢ ਜਿਨ੍ਹਾਂ ਦੇ ਰਿਸ਼ਤੇਦਾਰ ਉਧਰ ਮਾਰੇ ਗਏ, ਉਹ ਇਕੱਠੇ ਹੋ ਕੇ ਅਹਿਮਦ ਮੁਹੰਮਦ ਨੂੰ ਮਾਰਨ ਲਈ ਮੌਕਾ ਭਾਲਣ ਲੱਗੇ, ਪਰ ਪਿਤਾ ਜੀ ਨੇ ਸਖਤ ਲਹਿਜੇ ਵਿੱਚ ਵੰਗਾਰਿਆ ਕਿਹਾ,"ਅਹਿਮਦ ਨੂੰ ਮਾਰਨ ਤੋਂ ਪਹਿਲਾਂ ਤੁਸੀਂ, ਮੈਨੂੰ ਮਾਰੋ।" ਫਿਰ ਪਿਤਾ ਜੀ ਉਹਨਾਂ ਨੂੰ ਬਾ-ਹਿਫਾਜ਼ਤ ਸਰਹੱਦ ਪਾਰ ਕਰਾ ਆਏ ਸਨ। ਜਾਂਦੇ ਵਕਤ ਅਹਿਮਦ ਮੁਹੰਮਦ ਪਿਤਾ ਜੀ ਨੂੰ 5 ਰੁਪਏ ਸ਼ਗਨ ਰੂਪ ਵਿੱਚ ਆਸ਼ੀਰਵਾਦ ਦੇ ਗਏ ਸਨ। ਇਹ ਸਾਰਾ ਖੌਫ਼ਨਾਕ ਦਰਦਾਂ ਭਰਿਆਂ ਸਫ਼ਰ, ਪਾਏ ਹੋਏ ਤਿੰਨ ਕਪੜਿਆਂ ਚ ਤੈਅ ਕੀਤਾ ਤੇ ਖਾਲੀ ਹੱਥ ਲਧਿਆਣੇ ਪਹੁੰਚੇ।ਸਾਡੀ ਬਹੁਤ ਸਾਰੀ ਜ਼ਮੀਨ ਜਾਇਦਾਦ ਸਾਗਰੀ 'ਚ ਸੀ, ਦੋ ਮਕਾਨ, ਇਕ ਦੁਕਾਨ ਤੇ ਖੇਤੀਬਾੜੀ ਦੀ ਲਗਭਗ 57 ਕਨਾਲ ਜ਼ਮੀਨ ਸੀ ਜਿਸ ਦੇ ਬਦਲੇ ਭਾਰਤ ਸਰਕਾਰ ਵੱਲੋਂ ਜ਼ਮੀਨ ਦੀ ਅਲਾਟਮੈਂਟ ਮਿਲੀ ਸੀ। ਉਸ ਵਕਤ ਰੋਜੀ਼- ਰੋਟੀ ਤੇ ਘਰੇਲੂ ਜਿੰਮੇਵਾਰੀਆਂ ਸਨ ਇਸ ਕਰਕੇ ਅਲਾਟਮੈਂਟ ਮਿਲੀ ਜ਼ਮੀਨ ਵੱਲ ਧਿਆਨ ਹੀ ਨਹੀਂ ਗਿਆ। ਭਾਰਤ ਸਰਕਾਰ ਵੱਲੋਂ ਜ਼ਮੀਨ ਦਾ ਸਾਰਾ ਰਿਕਾਰਡ ਭਾਰਤ/ ਪਾਕਿਸਤਾਨ ਦਾ ਅਜੇ ਤੱਕ ਸੰਭਾਲ ਕੇ ਜਲੰਧਰ ਅਤੇ ਚੰਡੀਗੜ ਰੱਖਿਆਂ ਹੋਇਆ ਹੈ। ਹੁਣ ਮੇਰੇ ਪੁੱਤਰਾਂ ਨੇ 72 ਸਾਲਾਂ ਬਾਅਦ ਪੰਜਾਬ ਤੇ ਹਰਿਆਣੇ ਦਾ ਮਾਲ ਰਿਕਾਰਡ ਜਾ ਕੇ ਖੰਗਾਲਿਆ ਤੇ ਸਾਡੀ ਜ਼ਮੀਨ ਹਰਿਆਣਾ ਦੇ ਨਾਰਾਇਣਗੜ ਤੇ ਮੌਲਾਨਾ ਇਲਾਕੇ ਵਿੱਚ ਅਲਾਟਮੈਂਟ ਹੋਈ ਮਿਲੀ ਹੈ, ਜਿਸ ਦਾ ਹੁਣ ਕਬਜ਼ਾ ਲੈਣ ਲਈ ਕੋਸ਼ਿਸ਼ ਚਲ ਰਹੀ ਹੈ। ਇਸ ਦੌਰਾਨ ਮੇਰੇ ਵੱਡੇ ਵੀਰ ਉਜਾਗਰ ਸਿੰਘ ਨੂੰ ਸਮੁੰਦਰੀ ਜਹਾਜ਼ਾਂ ਲਈ ਬੰਦਰਗਾਹਾਂ ਤੇ ਲੱਗੇ ਸਿਗਨਲ ਟਾਵਰਾਂ ਦੇ ਮਹਿਕਮੇ 'ਚ ਸਰਕਾਰੀ ਨੌਕਰੀ ਮਿਲ ਗਈ। ਮੇਰੀ ਪੜ੍ਹਾਈ ਖਤਮ ਹੁੰਦੇ ਹੀ ਮੈਨੂੰ ਵੀ ਉਸ ਮਹਿਕਮੇ ਵਿੱਚ ਸਰਕਾਰੀ ਨੌਕਰੀ 'ਤੇ ਲਵਾ ਦਿੱਤਾ। ਅਪ੍ਰੈਲ 1994 ਵਿੱਚ ਮੈਂ ਸੇਵਾ ਮੁਕਤ (ਰਿਟਾਇਰ) ਹੋਇਆ। ਇਸ ਵਕਤ ਮੈਂ ਆਪਣੇ ਦੋਵੇਂ ਪੁੱਤਰਾਂ ਕਵਲਜੀਤ ਸਿੰਘ ਤੇ ਅਮਰਜੀਤ ਸਿੰਘ ਨਾਲ ਫਗਵਾੜੇ ਹੀ ਰਹਿ ਰਿਹਾ ਹਾਂ , ਤੇ ਆਪਣੀ ਬਾਲ ਫੁਲਵਾੜੀ ਚ ਜੀਵਨ ਦੇ ਸਵੇਰ ਸ਼ਾਮ ਖੁਸ਼ੀ ਨਾਲ ਹੰਢਾ ਰਿਹਾ ਹਾਂ ਜੀ। ਆਪਣੇ ਪਾਕਿਸਤਾਨੀ ਪਿੰਡ ਦਾ ਸਾਗਰੀ ਦਾ ਨਾਮ ਸੀ ' ਸਾਗਰੀ ' ਦਿਲੋਂ ਦਿਮਾਗ਼ ਵਿੱਚ ਐਸਾ ਵੱਸਿਆ ਕਿ ਪੁੱਤਰਾਂ ਨੂੰ 'ਸਾਗਰੀ ' ਨਾਮ ਤੇ ਹੀ ਕੱਪੜੇ ਦੀ ਦੁਕਾਨ ਖੋਲ੍ਹ ਕੇ ਦਿੱਤੀ ਹੈ। ਜੋ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਵਾਹਵਾ ਚੱਲਦੀ ਹੈ। ਜੋ ਮੈਂ ਆਪਣੇ ਦਿਲ ਦੀ ਸੋਝ ਗਾਥਾ ਦੀ ਸ਼ਾਝ ਤੁਹਾਡੇ ਸਭ ਨਾਲ ਪਾਈ, ਉਸ ਨੂੰ ਥੋੜ੍ਹੇ ਸਬਦਾਂ ਚ ਬਿਆਨ ਕਰਨਾ ਨਾਮੁਮਕਿਨ ਹੈ, ਫ਼ੇਰ ਵੀ ਇੱਕ ਕੋਸ਼ਿਸ਼ ਸੀ।
- ਨਰਿੰਦਰ ਸਿੰਘ ਘੂਰਾ,
ਫਗਵਾੜਾ ।
ਫ਼ੋਨ 94176 28070 🙏