ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸੰਸਾਰ-2024 ਵਿਲੱਖਣ ਦਸਤਾਵੇਜ਼ - ਉਜਾਗਰ ਸਿੰਘ - ਨਰਪਾਲ ਸਿੰਘ ਸ਼ੇਰਗਿੱਲ
ਕੀ ਇਹ ਸੋਚਿਆ ਜਾ ਸਕਦਾ ਹੈ ਕਿ ਇਕੱਲਾ-ਇਕੱਹਿਰਾ ਵਿਅਕਤੀ ਹਰ ਸਾਲ ਸੰਸਾਰ ਦੇ ਸਾਰੇ ਗੁਰੂ ਘਰਾਂ ਦੀ ਯਾਤਰਾ ਆਪ ਤਾਂ ਕਰਦਾ ਹੀ ਹੋਵੇ ਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਹਰ ਪੰਜਾਬੀ/ਸਿੱਖ ਨੂੰ ਕਰਵਾ ਸਕਦਾ ਹੈ? ਹਾਂ ਅਜਿਹਾ ਇੱਕ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਹਰ ਸਾਲ ਸਚਿਤਰ, ਰੰਗਦਾਰ, ਵੱਡ ਆਕਾਰੀ, ਬਿਹਤਰੀਨ ਅਤੇ ਆਰਟ ਪੇਪਰ ‘ਤੇ ਪ੍ਰਕਾਸ਼ਤ ਪੁਸਤਕ ਰਾਹੀਂ ਸੰਸਾਰ ਦੇ ਹਰ ਗੁਰੂ ਘਰ ਦੇ ਦਰਸ਼ਨ ਕਰਵਾ ਦਿੰਦਾ ਹੈ। 80 ਸਾਲ ਤੋਂ ਵੀ ਵੱੱਧ ਉਮਰ ਹੋਣ ਦੇ ਬਾਵਜੂਦ ਉਹ ਇਤਨਾ ਵੱਡਾ ਕਾਰਜ ਕਰ ਰਿਹਾ ਹੈ, ਜਿਹੜਾ ਇੱਕ ਸੰਸਥਾ ਲਈ ਵੀ ਕਰਨਾ ਮੁਸ਼ਕਲ ਹੈ ਪ੍ਰੰਤੂ ਉਹ ਸਾਰਾ ਸਾਲ ਸਿਰਫ਼ ਤੇ ਸਿਰਫ਼ ਗੁਰੂ ਦੀ ਅਕੀਦਤ ਵਿੱਚ ਰਹਿੰਦਾ ਹੋਇਆ ਸੰਸਾਰ ਦੀ ਪਰਕਰਮਾ ਕਰਦਾ ਰਹਿੰਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਸਿੱਖ ਧਰਮ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਅੰਤਰਰਾਸ਼ਟਰੀ ਮਾਣਤਾ ਪ੍ਰਾਪਤ ਖੋਜੀ ਪੱਤਰਾਕਾਰ, ਉਦਮੀ ਅਤੇ ਲੇਖਕ ਹੈ। ਪੱਤਰਕਾਰੀ ਦੇ ਖੇਤਰ ਵਿੱਚ ਤਾਂ ਉਹ ਆਪਣਾ ਬੇਸ਼ਕੀਮਤੀ ਯੋਗਦਾਨ ਪਾ ਹੀ ਰਿਹਾ ਹੈ ਪ੍ਰੰਤੂ ਇਸ ਵਿੱਚ ਵੀ ਉਹ ਪੰਜਾਬੀਆਂ ਦੇ ਹਿੱਤਾਂ ‘ਤੇ ਪਹਿਰਾ ਦੇ ਰਿਹਾ ਹੈ। ਜਿਥੇ ਕਿਤੇ ਸਿੱਖਾਂ/ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਹੱਕ ਵਿੱਚ ਕਲਮ ਦੀ ਤਲਵਾਰ ਲੈ ਕੇ ਨਿਧੱੜਕ ਹੋ ਕੇ ਖੜ੍ਹ ਜਾਂਦਾ ਹੈ। ਉਹ 1966 ਵਿੱਚ ਇੰਗਲੈਂਡ ਵਿੱਚ ਚਲਾ ਗਿਆ ਸੀ ਪ੍ਰੰਤੂ ਉਸ ਦਾ ਦਿਲ ਪੰਜਾਬ ਲਈ ਧੜਕਦਾ ਰਹਿੰਦਾ ਹੈ, ਉਸਨੇ ਬਰਤਾਨੀਆਂ ਦੀ ਨਾਗਰਿਕਤਾ ਨਹੀਂ ਲਈ ਕਿਉਂਕਿ ਉਹ ਆਪਣੀ ਜਨਮ ਭੂਮੀ ਨੂੰ ਸਿਜਦਾ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਪਿੱਛਲੇ 59 ਸਾਲ ਤੋਂ ਸਿੱਖ ਧਰਮ ਅਤੇ ਪੰਜਾਬੀਅਤ ਦਾ ਪਰਚਮ ਸੰਸਾਰ ਵਿੱਚ ਬਾਖ਼ੂਬੀ ਝੁਲਾ ਰਿਹਾ ਹੈ। ਪਰਵਾਸ ਵਿੱਚ ਜਾ ਕੇ ਵੀ ਉਹ ਆਪਣੀ ਜਨਮ ਭੂਮੀ ਨੂੰ ਭੁੱਲਿਆ ਨਹੀਂ, ਸਗੋਂ ਆਪਣੀ ਜਨਮ ਭੂਮੀ ਦੀ ਖ਼ੁਸ਼ਬੋ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਹ ਇੱਕ ਅਜਿਹਾ ਵਿਲੱਖਣ ਕਾਰਜ ਕਰ ਰਿਹਾ ਹੈ, ਜਿਹੜਾ ਸਿੱਖ ਸੰਸਥਾਵਾਂ ਵੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਸਿੱਖ ਧਰਮ ਦੇ ਮੁੱਦਈ ਪੰਜਾਬੀ, ਸੰਸਾਰ ਵਿੱਚ ਅਜਿਹੇ ਬਾਕਮਾਲ ਤੇ ਲਾਜਵਾਬ ਕਾਰੋਬਾਰ ਤੇ ਕਾਰਜ ਕਰ ਰਹੇ ਹਨ, ਜਿਨ੍ਹਾਂ ਕਰਕੇ ਉਨ੍ਹਾਂ ਦੀ ਵੱਖਰੀ ਪਛਾਣ ਬਣੀ ਹੋਈ ਹੈ, ਕਈ ਖੇਤਰਾਂ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਨਰਪਾਲ ਸਿੰਘ ਸ਼ੇਰਗਿੱਲ ਉਨ੍ਹਾਂ ਦੀ ਉਸ ਵੱਖਰੀ ਪਹਿਚਾਣ ਨੂੰ ਬਰਕਰਾਰ ਰੱਖਣ ਅਤੇ ਸੰਸਾਰ ਵਿੱਚ ਫ਼ੈਲਾਉਣ ਦਾ ਕਾਰਜ ਕਰਕੇ ਪੰਜਾਬੀਆਂ ਦਾ ਮਾਣ ਵਧਾ ਰਹੇ ਹਨ। ਉਹ ਪਿੱਛਲੇ 26 ਸਾਲ ਤੋਂ ਲਗਾਤਾਰ ਸੰਸਾਰ ਵਿੱਚ ਜਿਨ੍ਹਾਂ ਸਿੱਖਾਂ/ਪੰਜਾਬੀਆਂ ਨੇ ਪੰਜਾਬ ਦਾ ਨਾਮ ਆਪਣੀਆਂ ਵਿਲੱਖਣ ਕਾਰਗੁਜ਼ਾਰੀਆਂ ਕਰਕੇ ਚਮਕਾਇਆ ਹੈ, ਉਨ੍ਹਾਂ ਦੀ ਜਾਣਕਾਰੀ ਇੱਕ ਵੱਡ ਆਕਾਰੀ ਪੁਸਤਕ ‘ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ’ ਦੇ ਵਿੱਚ ਹਰ ਸਾਲ ਸੰਕਲਿਤ ਕਰਕੇ ਪ੍ਰਕਾਸ਼ਤ ਕਰ ਰਹੇ ਹਨ ਤਾਂ ਜੋ ਸੰਸਾਰ ਨੂੰ ਸਿੱਖਾਂ/ਪੰਜਾਬੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਮਿਲ ਸਕੇ। ਇਹ ਪੁਸਤਕ ਇੱਕ ਕੀਮਤੀ, ਵਿਲੱਖਣ ਤੇ ਬੇਸ਼ਕੀਮਤੀ ਦਸਤਾਵੇਜ਼ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਮਹਾਨ ਵਿਅਕਤੀਆਂ/ਸੰਸਥਾਵਾਂ /ਹਾਈ ਕਮਿਸ਼ਨ/ਦੂਤ ਘਰਾਂ ਅਤੇ ਸੰਸਾਰ ਦੇ ਗੁਰੂ ਘਰਾਂ ਦੇ ਪੋਸਟਲ ਐਡਰੈਸ, ਈ.ਮੇਲ ਅਤੇ ਟੈਲੀਫ਼ੋਨ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਮਾਣ ਨਾਲ ਆਪਣਾ ਸਿਰ ਉਚਾ ਕਰ ਸਕਣ ਤੇ ਪੰਜਾਬੀ/ਸਿੱਖ ਆਪਣਾ ਬਿਹਤਰੀਨ ਕੈਰੀਅਰ ਬਣਾ ਸਕਣ ਅਤੇ ਸਮਾਜ ਸੇਵਾ ਦੀ ਭਾਵਨਾ ਉਨ੍ਹਾਂ ਵਿੱਚ ਪ੍ਰਜਵਲਤ ਹੋ ਸਕੇ। ਇਸ ਪੁਸਤਕ ਦੇ ਮੁੱਖ ਕਵਰ ‘ਤੇ ਸਾਲ 2024 ਵਿੱਚ ਦੁਨੀਆਂ ਵਿੱਚ ਵਿਲੱਖਣ ਕਾਰਜ ਕਰਕੇ ਆਪਣਾ ਸਿੱਕਾ ਜਮਾਉਣ ਵਾਲੇ ਪੰਜਾਬੀਆਂ/ਸਿੱਖਾਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਹਨ। ਇਹ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਉਪਲਭਧ ਹੈ। 248 ਪੰਨਿਆਂ ਦੀ ਰੰਗਦਾਰ ਤਸਵੀਰਾਂ ਵਾਲੀ ਇਹ ਪੁਸਤਕ ਆਰਟ ਪੇਪਰ ‘ਤੇ ਪ੍ਰਕਾਸ਼ਤ ਹੋਈ ਹੈ। ਇਤਨਾ ਵੱਡਾ ਕੰਮ ਸੰਸਥਾਵਾਂ ਵੀ ਕਰ ਨਹੀਂ ਸਕੀਆਂ। 81 ਸਾਲ ਦੀ ਵਡੇਰੀ ਉਮਰ ਹੋਣ ਦੇ ਬਾਵਜੂਦ ਉਹ ਨੌਜਵਾਨਾ ਤੋਂ ਵੱਧ ਉਤਸ਼ਾਹ ਅਤੇ ਜ਼ਜ਼ਬੇ ਨਾਲ ਇੱਕ ਸੰਸਥਾ ਤੋਂ ਵੱਧ ਇਤਿਹਾਸਕ ਕੰਮ ਕਰ ਰਿਹਾ ਹੈ। ਮੈਨੂੰ ਕਈ ਵਾਰੀ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਆਪਣੀ ਜੇਬ ਵਿੱਚੋਂ ਪੈਸੇ ਖ਼ਰਚਕੇ ਇਹ ਪੁਸਤਕ ਪ੍ਰਕਾਸ਼ਤ ਕਿਉਂ ਕਰ ਰਿਹਾ? ਸ਼ਾਇਦ ਉਸਨੂੰ ਇਸਦਾ ਕੋਈ ਆਰਥਿਕ ਲਾਭ ਹੋਵੇਗਾ ਪ੍ਰੰਤੂ ਮੇਰਾ ਇਹ ਸੋਚਣਾ ਗ਼ਲਤ ਸਾਬਤ ਹੋਇਆ ਹੈ, ਉਹ ਸਿਰਫ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਲਈ ਚਿੰਤਾਤੁਰ ਹੋਣ ਕਰਕੇ ਪੰਜਾਬੀਆਂ/ਸਿੱਖਾਂ ਦੇ ਸੁਨਹਿਰੇ ਭਵਿਖ ਨੂੰ ਮੁੱਖ ਰੱਖਕੇ ਨਮੂਨੇ ਦਾ ਕੰਮ ਕਰ ਰਿਹਾ ਹੈ। ਹਰ ਵਿਅਕਤੀ ਆਪਣੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਦਾ ਹੈ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਸਮੁੱਚੇ ਪੰਜਾਬੀਆਂ ਲਈ ਕੰਮ ਕਰ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ, ਉਹ ਪੰਜਾਬੀਆਂ/ਸਿੱਖਾਂ ਨੂੰ ਭਵਿਖ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਵੀ ਵਾਪਰਨ ਤੋਂ ਪਹਿਲਾਂ ਅਨੁਭਵ ਕਰ ਲੈਂਦਾ ਹੈ। ਉਹ ਦੂਰਅੰਦੇਸ਼ ਤੇ ਤੇਜ ਬੁੱਧੀ ਵਾਲਾ ਅਨੁਭਵੀ ਇਨਸਾਨ ਹੈ। ਫਰਾਂਸ ਵਿੱਚ ਦਸਤਾਰ ਅਤੇ ਸਿੱਖਾਂ ਦੀ ਵੱਖਰੀ ਪਛਾਣ ਵਰਗੇ ਮਹੱਤਵਪੂਰਨ
ਮਸਲਿਆਂ ਨੂੰ ਉਸਨੇ ਪਹਿਲਾਂ ਹੀ ਭਾਂਪ ਲਿਆ ਸੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਅਤੇ ਪੰਜਾਬ ਸਰਕਾਰ ਵਰਗੇ ਵੱਡੇ ਅਦਾਰੇ, ਜਿਨ੍ਹਾਂ ਕੋਲ ਕਰੋੜਾਂ/ਅਰਬਾਂ/ਖ਼ਰਬਾਂ ਰੁਪਏ ਦਾ ਬਜਟ ਹੈ, ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀਆਂ ਹਨ, ਇਹ ਜ਼ਿੰਮੇਵਾਰੀ ਨਰਪਾਲ ਸਿੰਘ ਸ਼ੇਰਗਿੱਲ ਬਾਖ਼ੂਬੀ ਨਿਭਾ ਰਿਹਾ ਹੈ। ਉਸ ਦੀ ਪੰਜਾਬੀਆਂ/ਸਿੱਖਾਂ ਦੇ ਸੁਨਰਿਹੀ ਭਵਿਖ ਲਈ ਸੋਚਣ ਲਈ ਤੀਖਣ ਬੁੱਧੀ ਹੈ, ਜਿਸਦਾ ਉਹ ਉਪਯੋਗ ਕਰਕੇ ਸਮਾਜ ਦੀ ਅਗਵਾਈ ਕਰ ਰਿਹਾ ਹੈ। ਪੰਜਾਬ ਵਿੱਚੋਂ ਵਹੀਰਾਂ ਘੱਤ ਕੇ ਸਾਡੀ ਨੌਜਵਾਨੀ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਰੋਜ਼ਗਾਰ ਲਈ ਆਪਣੇ ਮਾਪਿਆਂ ਦੇ ਗਲਾਂ ਵਿੱਚ ਗੂਠੇ ਦੇ ਕੇ ਜਾ ਰਹੀ ਹੈ, ਨਰਪਾਲ ਸਿੰਘ ਸ਼ੇਰਗਿੱਲ ਦੀ ਇਹ ਪੁਸਤਕ ਉਨ੍ਹਾਂ ਨੂੰ ਜਾਣਕਾਰੀ ਦੇ ਕੇ ਪ੍ਰੇਰਨਾ ਦੇ ਰਹੀ ਹੈ ਕਿ ਉਹ ਮਿਹਨਤ ਕਰਕੇ ਇਸ ਪੁਸਤਕ ਵਿੱਚ ਦਿੱਤੇ ਗਏ ਪ੍ਰਵਾਸੀਆਂ ਦੀਆਂ ਜੀਵਨੀਆਂ ਪੜ੍ਹਕੇ ਆਪਣੀ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਉਹ ਗ਼ੈਰਕਾਨੂੰਨੀ ਢੰਗ ਦੀ ਵਰਤੋਂ ਕਰਕੇ ਪਰਵਾਸ ਨਾ ਜਾਣ। ਸੰਸਾਰ ਵਿੱਚ ਪੰਜਾਬੀਆਂ/ਸਿੱਖਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਨਣ ਲਈ ਨਰਪਾਲ ਸਿੰਘ ਸ਼ੇਰਗਿੱਲ ਸੰਸਾਰ ਦਾ ਭਰਮਣ ਕਰਦਾ ਰਹਿੰਦਾ ਹੈ, ਨਿੱਜੀ ਦਿਲਚਸਪੀ ਨਾਲ ਆਪਣੇ ਖ਼ਰਚੇ ‘ਤੇ ਉਨ੍ਹਾਂ ਕੋਲ ਪਹੁੰਚਕੇ ਜਾਣਕਾਰੀ ਇਕੱਤਰ ਕਰਦਾ ਹੈ। ਇਹ ਉਸਦਾ ਕੋਈ ਨਿੱਜੀ ਕੰਮ ਨਹੀਂ ਸਗੋਂ ਉਹ ਪੰਜਾਬੀ/ਸਿੱਖ ਸਮਾਜ ਦੇ ਨੌਜਵਾਨਾ ਦੇ ਚੰਗੇਰੇ ਭਵਿਖ ਲਈ ਉਦਮ ਕਰ ਰਿਹਾ ਹੈ। ਵਿਕਾਸ ਦਾ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਪੰਜਾਬੀਆਂ/ਸਿੱਖਾਂ ਨੇ ਝੰਡੇ ਨਾ ਗੱਡੇ ਹੋਣ, ਭਾਵੇਂ ਸਿਆਸਤਦਾਨ, ਤਕਨੀਕੀ ਮਾਹਿਰ, ਹੋਟਲ ਕਾਰੋਬਾਰੀ, ਖੇਤੀਬਾੜੀ ਦੇ ਖੇਤਰ ਵਿੱਚ, ਦਾਖਾਂ, ਆੜੂਆਂ, ਬਦਾਮਾ ਅਤੇ ਚੈਰੀ ਦੇ ਬਾਦਸ਼ਾਹ, ਟਰਾਂਸਪੋਰਟ, ਰੀਅਲ ਅਸਟੇਟ, ਆਰਟਿਸਟ, ਜੁਡੀਸ਼ਰੀ, ਸਮਾਜਿਕ, ਆਰਥਿਕ, ਸਾਹਿਤਕ ਆਦਿ, ਪ੍ਰੰਤੂ ਜਦੋਂ ਨਰਪਾਲ ਸਿੰਘ ਸ਼ੇਰਗਿੱਲ ਦੀ ਨਿਗਾਹ ਵਿੱਚ ਆ ਜਾਂਦਾ ਹੈ ਤਾਂ ਤੁਰੰਤ ਉਹ ਉਸ ਦੀ ਸਫਲਤਾ ਦੀ ਜਦੋਜਹਿਦ ਦੀ ਕਹਾਣੀ ਨੌਜਵਾਨੀ ਅੱਗੇ ਪ੍ਰੋਸਕੇ ਰੱਖ ਦਿੰਦਾ ਹੈ। ਸਾਡੀ ਨੌਜਵਾਨੀ ਅਜਿਹੇ ਵੱਡੇ ਉਦਮੀਆਂ ਤੋਂ ਪ੍ਰੇਰਨਾ ਲੈ ਕੇ ਦਫ਼ਤਰੀ ਬਾਬੂ ਬਣਨ ਦੀ ਥਾਂ ਉਦਮੀ ਬਣਨ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਨਗੇ। ਪੰਜਾਬੀਆਂ/ਸਿੱਖਾਂ ਨਾਲ ਸੰਬੰਧਤ ਸੰਸਾਰ ਵਿੱਚ ਕੋਈ ਵੀ ਧਾਰਮਿਕ, ਇਤਿਹਾਸਕ ਜਾਂ ਹੋਰ ਕਿਸੇ ਖੇਤਰ ਦੀ ਮਹੱਤਤਾ ਵਾਲਾ ਸਥਾਨ ਹੋਵੇ, ਹਰ ਉਸ ਸਥਾਨ ‘ਤੇ ਨਰਪਾਲ ਸਿੰਘ ਸ਼ੇਰਗਿੱਲ ਨੇ ਪਹੁੰਚਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ ਅਤੇ ਸਹੀ ਜਾਣਕਾਰੀ ਇਕੱਤਰ ਕਰਕੇ ਉਸਨੂੰ ਇਤਿਹਾਸ ਦਾ ਹਿੱਸਾ ਬਣਾਇਆ ਹੈ। ਇਹ ਪੁਸਤਕ ਪੜ੍ਹਦਿਆਂ ਮੈਨੂੰ ਬਹੁਤ ਸਾਰੀਆਂ ਨਵੀਂਆਂ ਗੱਲਾਂ ਬਾਰੇ ਜਾਣਕਾਰੀ ਮਿਲੀ ਹੈ। ਪੰਜਾਬੀ/ਸਿੱਖ ਔਰਤਾਂ ਨੇ ਵੀ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਸ਼ੇਰਗਿੱਲ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਇਸ ਪੁਸਤਕ ਵਿੱਚ ਵਰਣਨ ਕੀਤੀ ਹੈ।
ਸੰਪਰਕ ਨਰਪਾਲ ਸਿੰਘ ਸ਼ੇਰਗਿੱਲ: 9417104002
ਤਸਵੀਰ: ਨਰਪਾਲ ਸਿੰਘ ਸ਼ੇਰਗਿੱਲ ਸ੍ਰ ਬਰਜਿੰਦਰ ਸਿੰਘ ਨੂੰ ਪੁਸਤਕ ਭੇਂਟ ਕਰਦੇ ਹੋਏ। ਉਨ੍ਹਾਂ ਨਾ ਗੁਰਮੀਤ ਪਲਾਹੀ ਹਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪ੍ਰੈੱਸ ਸੁਤੰਤਰਤਾ ਦਿਵਸ 'ਤੇ ਵਿਸ਼ੇਸ਼ : ਮਹਾਂਮਾਰੀ ਕਾਰਨ ਤਾਨਾਸ਼ਾਹੀ ਢੰਗ ਨਾਲ ਗ੍ਰਿਫ਼ਤਾਰ ਕੀਤੇ ਨਿਰਪੱਖ ਪੱਤਰਕਾਰ ਤੁਰੰਤ ਰਿਹਾਅ ਕੀਤੇ ਜਾਣ! - ਨਰਪਾਲ ਸਿੰਘ ਸ਼ੇਰਗਿੱਲ
ਬੀਤੀ 27 ਅਪ੍ਰੈਲ ਨੂੰ ਸੰਸਾਰ ਦੇ ਵੱਖੋ-ਵੱਖਰੇ ਦੇਸ਼ਾਂ ਦੀਆਂ 74 ਸੰਸਥਾਵਾਂ ਦੇ ਮੁਖੀਆਂ ਵਲੋਂ ਗਣਤੰਤਰ ਭਾਰਤ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਸਮੇਤ, ਸੱਤ ਏਸ਼ੀਆਈ ਦੇਸ਼ਾਂ ਦੇ ਮੁਖੀਆਂ ਨੂੰ ਲਿਖਤੀ ਰੂਪ ਵਿਚ ਪਹੁੰਚ ਕੀਤੀ ਗਈ ਹੇ ਕਿ ਕੋਰੋਨਾ ਵਾਇਰਸ ਮਹਾਂਮਾਰੀ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਆਪਣੇ ਦੇਸ਼ ਵਿਚ ਨਜ਼ਰਬੰਦ ਪੱਤਰਕਾਰਾਂ ਨੂੰ ਰਿਹਾਅ ਕੀਤਾ ਜਾਵੇ। ਅਪੀਲ ਕਰਤਾ 74 ਸੰਸਥਾਵਾਂ ਵਿਚ ਭਾਰਤ ਦੀਆਂ ਲਗਭਗ 29 ਸੰਸਥਾਵਾਂ ਸਮੇਤ ਅਮਰੀਕਾ ਦੀ ਪੱਤਰਕਾਰ ਸੁਰੱਖਿਆ ਕਮੇਟੀ ਅਤੇ ਹੋਰ ਏਸ਼ੀਆਈ ਦੇਸ਼ਾਂ ਦੀਆਂ ਮੀਡੀਆ ਨਾਲ ਸਬੰਧਿਤ ਪ੍ਰੈੱਸ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਸ਼ਾਮਿਲ ਹਨ।
ਪੱਤਰਕਾਰਾਂ ਦੀ ਤਾਨਾਸ਼ਾਹੀ ਗ੍ਰਿਫ਼ਤਾਰੀ ਜਾਂ ਕੈਦ ਤੋਂ ਰਿਹਾਈ ਲਈ ਜਿਹੜੇ ਏਸ਼ੀਆਈ ਲੋਕਰਾਜਾਂ ਦੇ ਮੁਖੀਆਂ ਨੂੰ ਪਹੁੰਚ ਕੀਤੀ ਗਈ ਹੈ ਉਨ੍ਹਾਂ ਵਿਚ ਗਣਤੰਤਰ ਚੀਨ ਦੇ ਰਾਸ਼ਟਰਪਤੀ ਜੀ ਜਿੰਨਪਿੰਗ, ਕੰਬੋਡੀਆ ਦੇ ਪ੍ਰਧਾਨ ਮੰਤਰੀ ਹੂਨ ਸੇਨ, ਮੀਆਂਮਾਰ ਦੇ ਮੁਖੀ ਔਗ ਸੁਨ ਸੂ ਕੀ, ਫਿਲੀਪਾਈਨਜ਼ ਦੇ ਰਾਸ਼ਟਰਪਤੀ ਰੌਡਰੀਗੋ ਦੂਤਰੇ, ਵੀਅਤਨਾਮ ਦੇ ਰਾਸ਼ਟਰਪਤੀ ਗੁਆਨ ਫੂ ਟਰੌਂਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਗਣਤੰਤਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਨਣਯੋਗ ਹਨ।
ਨਿਊਯਾਰਕ ਸਥਿਤ ਪੱਤਰਕਾਰ ਸੁਰੱਖਿਆ ਸੰਸਥਾ (ਕਮੇਟੀ ਟੂ ਪ੍ਰੋਟੈਕਟ ਜਰਨਲਿਸਟ) ਵਲੋਂ ਹਰ ਸਾਲ ਦੇ ਸਰਵੇਖਣ ਵਾਂਗ ਜੋ ਬੀਤੀ ਦਸੰਬਰ 2019 ਵਿਚ ਸਰਵੇਖਣ ਕੀਤਾ ਗਿਆ ਸੀ, ਉਸ ਦੇ ਅੰਕੜਿਆਂ ਅਨੁਸਾਰ 1 ਦਸੰਬਰ 2019 ਤੱਕ ਸੰਸਾਰ ਦੇ ਵੱਖੋ-ਵੱਖਰੇ ਦੇਸ਼ਾਂ ਵਿਚ 250 ਪੱਤਰਕਾਰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕੇ ਹੋਏ ਸਨ, ਜਿਨ੍ਹਾਂ ਵਿਚੋਂ 63 ਪੱਤਰਕਾਰ ਏਸ਼ੀਆਈ ਲੋਕਰਾਜਾਂ ਦੀਆਂ ਜੇਲ੍ਹਾਂ ਵਿਚ ਹਨ। ਇਨ੍ਹਾਂ ਵਿਚ ਸਭ ਤੋਂ ਵੱਧ 48 ਪੱਤਰਕਾਰ ਚੀਨ ਵਿਚ, ਵੀਅਤਨਾਮ ਦੀਆਂ ਹਵਾਲਾਤਾਂ ਵਿਚ 12, ਦੋ ਭਾਰਤ ਵਿਚ ਅਤੇ ਇਕ ਮੀਆਂਮਾਰ ਵਿਚ ਕੈਦ ਸਨ। ਬੀਤੀ 31 ਮਾਰਚ, 2020 ਨੂੰ ਦੁਬਾਰਾ ਚੈੱਕ ਕੀਤੇ ਅੰਕੜਿਆਂ ਅਨੁਸਾਰ 1 ਦਸੰਬਰ 2019 ਤੋਂ 31 ਮਾਰਚ 2020 ਤੱਕ 5 ਪੱਤਰਕਾਰ ਰਿਹਾਅ ਕਰ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ 4 ਚੀਨ ਅਤੇ ਇਕ ਵੀਅਤਨਾਮ ਵਿਚ ਰਿਹਾਅ ਕੀਤੇ ਗਏ ਸਨ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸੇ ਸਮੇਂ ਵਿਚ ਵੱਖੋ-ਵੱਖਰੇ ਏਸ਼ੀਆਈ ਦੇਸ਼ਾਂ ਵਿਚ 5 ਪੱਤਰਕਾਰ ਹੋਰ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਕੰਬੋਡੀਆ ਵਿਚ ਸੋਵਨ ਰਿੱਠੀ, ਚੈਨ ਜਿਆਪਿੰਗ ਚੀਨ ਵਿਚ, ਗੌਤਮ ਨਵਲੱਖਾ ਭਾਰਤ ਵਿਚ, ਮੀਰ ਸ਼ਕੀਲ-ਉਲ-ਰਹਿਮਾਨ ਪਾਕਿਸਤਾਨ ਵਿਚ ਅਤੇ ਫਿਲੀਪਾਈਨਜ਼ ਵਿਚ ਗ੍ਰਿਫ਼ਤਾਰ ਕੀਤੇ ਗਏ ਫਰੈਂਚੀਮਾਏ ਕੰਪੀਓ ਦੇ ਨਾਉਂ ਵਰਨਣਯੋਗ ਹਨ ਜਿਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਲਈ ਸਬੰਧਿਤ ਸਰਕਾਰਾਂ ਨੂੰ ਕੋਰੋਨਾ ਵਾਇਰਸ ਕੋਵਿਡ-19 ਨੂੰ ਮੁੱਖ ਰੱਖਦੇ ਹੋਏ ਜ਼ੋਰਦਾਰ ਪਹੁੰਚ ਕੀਤੀ ਜਾ ਰਹੀ ਹੈ।
ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਸੰਯੁਕਤ ਰਾਸ਼ਟਰ ਵਲੋਂ ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਐਲਾਨਨਾਮੇ ਦੀ ਧਾਰਾ 19 ਅਨੁਸਾਰ ਗਰੰਟੀ ਦਿੱਤੀ ਗਈ ਹੈ ਕਿ ਹਰ ਵਿਅਕਤੀ ਨੂੰ ਰਾਏ ਦੇਣ, ਬਿਆਨਬਾਜ਼ੀ ਕਰਨ ਅਤੇ ਕਿਸੇ ਦੀ ਦਖ਼ਲਅੰਦਾਜ਼ੀ ਤੋਂ ਬਗੈਰ ਆਪਣੇ ਨਿੱਜੀ ਵਿਚਾਰ ਜੱਗ ਜ਼ਾਹਿਰ ਕਰਨ ਦਾ ਅਧਿਕਾਰ ਹੈ, ਅਤੇ ਉਨ੍ਹਾਂ ਹੀ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਉਨ੍ਹਾਂ ਨੂੰ ਕਿਸੇ ਮਾਧਿਅਮ ਰਾਹੀਂ ਪ੍ਰਾਪਤ ਕਰਨਾ ਜਾਂ ਪ੍ਰਗਟ ਕਰਨ ਦੀ ਖੁੱਲ੍ਹ ਅਤੇ ਅਧਿਕਾਰ ਹਨ। ਪੱਤਰਕਾਰਾਂ ਨਾਲ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਕਰਦੇ ਹੋਏ ਏਸ਼ੀਆਈ ਲੋਕਰਾਜਾਂ ਦੇ ਕਈ ਭ੍ਰਿਸ਼ਟਾਚਾਰੀ ਅਤੇ ਤਾਨਾਸ਼ਾਹੀ ਹਾਕਮ ਹਾਲੀਆ ਤੌਰ 'ਤੇ ''ਲੋਕਰਾਜ ਲਈ ਵੋਟਾਂ ਮੰਗਦੇ, ਕਰਦੇ ਡੰਡਾ ਰਾਜ'' ਦੀ ਚਰਚਿਤ ਕਹਾਵਤ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਵੇਖੇ ਜਾਂਦੇ ਹਨ।
ਮਨੁੱਖੀ ਅਧਿਕਾਰਾਂ ਦੇ ਕੌਮਾਂਤਰੀ ਐਲਾਨਨਾਮੇ ਵਾਂਗ ਵਿਸ਼ਵ ਸਿਹਤ ਸੰਸਥਾ, ਵਰਲਡ ਹੈਲਥ ਆਰਗੇਨਾਈਜ਼ੇਸ਼ਨ, ਅਨੁਸਾਰ ਜਿਹੜੇ ਲੋਕ ਸਰਕਾਰਾਂ ਵਲੋਂ ਹਵਾਲਾਤਾਂ ਵਿਚ ਬੰਦ ਕਰਕੇ ਖੁੱਲ੍ਹੀਆਂ ਸਹੂਲਤਾਂ ਰਹਿਤ ਕਮਰਿਆਂ ਜਾਂ ਕੋਠੜੀਆਂ ਵਿਚ ਇਕ ਤੋਂ ਵੱਧ ਜੁਰਮਪੇਸ਼ਾ ਜਾਂ ਸਾਥੀ ਕੈਦੀਆਂ ਨਾਲ ਡੱਕੇ ਜਾਂਦੇ ਹਨ, ਉਨ੍ਹਾਂ ਨੂੰ ਕੋਵਿਡ-19 ਦੀਆਂ ਮਹਾਂਮਾਰੀ ਜਾਂ ਲਾਗ ਦੀ ਭਿਆਨਕ ਬਿਮਾਰੀ ਤੋਂ ਪ੍ਰਭਾਵਿਤ ਹੋਣਾ ਸੌਖਾ ਹੈ। ਇਸ ਦੇ ਨਾਲ-ਨਾਲ ਜੇਲ੍ਹਾਂ ਵਿਚ ਜਾਂ ਹਵਾਲਾਤਾਂ ਵਿਚ ਵਕਤੀ ਤੌਰ 'ਤੇ ਡੱਕੇ ਵਿਅਕਤੀ ਲਈ ਡਾਕਟਰੀ ਨਿਗਰਾਨੀ ਅਤੇ ਸਹਾਇਤਾ ਵੀ ਆਮ ਤੌਰ 'ਤੇ ਉਪਲਬਧ ਨਹੀਂ ਹੁੰਦੀ। ਅਜਿਹੇ ਵੇਲੇ ਧੱਕੇਸ਼ਾਹੀ ਰਾਹੀਂ ਪੱਤਰਕਾਰ ਦਾ ਮੂੰਹ ਬੰਦ ਕਰਨ ਜਾਂ ਕਰਾਉਣ ਲਈ ਬੇਦੋਸ਼ੇ ਮੀਡੀਆ ਕਰਮੀਂ ਨੂੰ ਨਜ਼ਰਬੰਦ ਕਰਨਾ ਉਸ ਲਈ ਜ਼ਿੰਦਗੀ ਅਤੇ ਮੌਤ ਵਿਚਕਾਰ ਜੀਵਨ-ਯੁੱਧ ਸਿੱਧ ਹੋ ਕੇ ਨਿੱਬੜੇਗਾ। ਅਕਸਰ ਵੇਖਿਆ ਜਾਂਦਾ ਹੈ ਕਿ ਕੋਠੜੀਆਂ ਵਿਚ ਡੱਕੇ ਕੈਦੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਦੀ ਬਿਮਾਰੀ ਵਾਂਗ ਦੂਜੇ ਕੈਦੀਆਂ ਤੋਂ ਮਲੇਰੀਆ, ਤਪਦਿਕ, ਖਾਂਸੀ, ਅਸਥਮਾ ਜਾਂ ਦਮੇ ਦੀ ਬਿਮਾਰੀ ਹੋ ਜਾਂਦੀ ਹੈ।
ਪੱਤਰਕਾਰੀ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ : ਪਿਛਲੇ ਕਈ ਮਹੀਨਿਆਂ ਤੋਂ ਪ੍ਰੈੱਸ ਦੀ ਆਜ਼ਾਦੀ ਅਤੇ ਆਜ਼ਾਦਾਨਾ ਤੌਰ 'ਤੇ ਸੂਚਨਾਵਾਂ ਭੇਜਣ ਜਾਂ ਪ੍ਰਗਟ ਕਰਨ 'ਤੇ ਲੱਗੀ ਤਾਨਾਸ਼ਾਹੀ ਦੇ ਵਿਰੁੱਧ ਬੀਤੀ 30 ਮਾਰਚ ਤੋਂ ਜਿਹੜੀਆਂ ਮਨੁੱਖੀ ਅਧਿਕਾਰਾਂ ਜਾਂ ਪੱਤਰਕਾਰੀ ਨਾਲ ਸਬੰਧਿਤ ਸੰਸਥਾਵਾਂ ਨੇ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਸੁਤੰਤਰਤਾ ਲਈ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ, ਉਨ੍ਹਾਂ ਵਿਚ ਵੱਖੋ-ਵੱਖਰੇ ਦੇਸ਼ਾਂ ਦੀਆਂ ਹੇਠ ਲਿਖੀਆਂ ਸੰਸਥਾਵਾਂ ਹਨ, ਜਿਨ੍ਹਾਂ ਦੀਆਂ ਬੇਨਤੀਆਂ ਅਤੇ ਅਪੀਲਾਂ ਨੂੰ 2 ਮਈ ਤੱਕ ਕੋਈ ਬੂਰ ਨਹੀਂ ਪਿਆ :-
ਅਫ਼ਗ਼ਾਨਿਸਤਾਨ ਦੀ ਅਫ਼ਗ਼ਾਨ ਪੱਤਰਕਾਰ ਸੁਰੱਖਿਆ ਕਮੇਟੀ, ਅਫ਼ਗ਼ਾਨ ਕਾਨੂੰਨੀ ਸਹਾਇਤਾ ਸੰਸਥਾ, ਇੰਡੋਨੇਸ਼ੀਆ ਦੀ ਪੱਤਰਕਾਰ ਸੁਤੰਤਰਤਾ ਅਲਾਇੰਸ, ''ਅਮਰੀਕਨ ਫ਼ਾਰ ਕਸ਼ਮੀਰ'' ਸੰਸਥਾ, ਕੰਬੋਡੀਅਨ ਸੁਤੰਤਰ ਮੀਡੀਆ ਕੇਂਦਰ, ਕੰਬੋਡੀਅਨ ਜਰਨਲਿਸਟ ਅਲਾਇੰਸ, ਢਾਕਾ ਟ੍ਰਿਬਿਊਨ ਬੰਗਲਾਦੇਸ਼, ਨੇਪਾਲ ਦੀ ਪੱਤਰਕਾਰ ਫੈਡਰੇਸ਼ਨ, ਥਾਈਲੈਂਡ ਦੀ ਵਿਦੇਸ਼ੀ ਪੱਤਰ ਪ੍ਰੇਰਕ ਕਲੱਬ, ਮੀਆਂਮਾਰ ਦੀ ਫਰੀਡਮ ਆਫ਼ ਐਕਸਪ੍ਰੈਸ਼ਨ ਸੰਸਥਾ, ਪਾਕਿਸਤਾਨ ਦੀ ਫਰੀਡਮ ਨੈੱਟਵਰਕ ਸੰਸਥਾ, ਹਾਂ ਗਕਾਂਗ ਫ਼ਰੀ ਪ੍ਰੈੱਸ ਸੰਸਥਾ, ਚੀਨ ਦੀ ਮਨੁੱਖੀ ਅਧਿਕਾਰ ਸੰਸਥਾ, ਵੀਅਤਨਾਮ ਦੀ ਸੁਤੰਤਰ ਪੱਤਰਕਾਰ ਸੰਸਥਾ, ਹਾਂਗਕਾਂਗ ਦੀ ਲੋਕਲ ਪ੍ਰੈੱਸ ਸੰਸਥਾ, ਫਿਲੀਪਾਈਨਜ਼ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ, ਮਲੇਸ਼ੀਆ ਦੀ ਪੈਨਿਨਸੁਲਰ ਕੌਮੀ ਪੱਤਰਕਾਰ ਯੂਨੀਅਨ, ਫਿਲੀਪਾਈਨਜ਼ ਦਾ ਖ਼ੋਜੀ ਪੱਤਰਕਾਰ ਕੇਂਦਰ, ਸ੍ਰੀਲੰਕਾ ਦੀ ਦੱਖਣੀ ਏਸ਼ੀਆ ਨਾਰੀ ਮੀਡੀਆ ਕਮੇਟੀ, ਸ੍ਰੀਲੰਕਾ ਦੀ ਵਰਕਿੰਗ ਜਰਨਲਿਸਟ ਸੰਸਥਾ, ਤਾਇਵਾਨ ਦਾ ''ਦੀ ਰਿਪੋਰਟਰ'' ਅਖ਼ਬਾਰ, ਸ੍ਰੀਲੰਕਾ ਦੀ ਸਾਊਥ ਏਸ਼ੀਆ ਫ਼ਰੀ ਮੀਡੀਆ ਐਸੋਸੀਏਸ਼ਨ, ਅਮਰੀਕਾ ਦੀ ਨਿਊਯਾਰਕ ਸਥਿਤ ਪੱਤਰਕਾਰ ਸੁਰੱਖਿਆ ਕਮੇਟੀ (ਕਮੇਟੀ ਟੂ ਪ੍ਰੋਟੈਕਟ ਜਰਨਲਿਸਟ) ਆਦਿ ਭਾਰਤ ਤੋਂ ਬਾਹਰਲੀਆਂ ਏਸ਼ੀਆਈ ਜਾਂ ਅੰਤਰਰਾਸ਼ਟਰੀ ਪੱਤਰਕਾਰ ਸੰਸਥਾਵਾਂ ਹਨ।
ਭਾਰਤੀ ਪੱਤਰਕਾਰ ਸੰਸਥਾਵਾਂ :-ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ, ਸ੍ਰੀ ਨਰਿੰਦਰ ਮੋਦੀ ਨੂੰ ਆਪਣੇ ਹੀ ਦੇਸ਼ ਵਿਚ ਲੋਕਰਾਜੀ ਕਦਰਾਂ-ਕੀਮਤਾਂ ਦੀਆਂ ਉੱਡ ਰਹੀਆਂ ਧੱਜੀਆਂ ਦੇ ਨਾਲ-ਨਾਲ ਆਪਣੇ ਪੱਤਰਕਾਰੀ ਕਿੱਤੇ ਅਤੇ ਪੱਤਰਕਾਰੀ ਦੀ ਸੁਤੰਤਰਤਾ ਦਾ ਗਲ਼ਾ ਘੁੱਟਣ ਦੇ ਖ਼ਿਲਾਫ਼ ਨਜ਼ਰਬੰਦ ਪੱਤਰਕਾਰਾਂ ਦੀ ਰਿਹਾਈ ਲਈ ਅਪੀਲਾਂ ਜਾਂ ਬੇਨਤੀ ਪੱਤਰ ਭੇਜੇ ਹਨ, ਉਨ੍ਹਾਂ ਵਿਚ ਹੇਠ ਲਿਖੀਆਂ ਪੱਤਰਕਾਰੀ ਅਤੇ ਮਨੁੱਖ ਅਧਿਕਾਰੀ ਸੰਸਥਾਵਾਂ ਵਰਨਣਯੋਗ ਹਨ : ਹੈਦਰਾਬਾਦ ਜਰਨਲਿਸਟ ਫੈਡਰੇਸ਼ਨ, ਹੈਦਰਾਬਾਦ ਯੂਨੀਅਨ ਆਫ਼ ਵਰਕਿੰਗ ਜਰਨਲਿਸਟ, ਜਨ ਸੰਦੇਸ਼ ਟਾਈਮਜ਼, ਆਸਾਮ ਦੀ ਜਰਨਲਿਸਟ ਯੂਨੀਅਨ, ਇੰਫਾਲ ਫ਼ਰੀ ਪ੍ਰੈੱਸ ਸੰਸਥਾ, ਜੰਮੂ-ਕਸ਼ਮੀਰ ਕੋਲੀਸ਼ਨ ਆਫ਼ ਸਿਵਲ ਸੁਸਾਇਟੀ, ਮੁੰਬਈ ਪ੍ਰੈੱਸ ਕਲੱਬ, ਮੁੰਬਈ ਪੱਤਰਕਾਰ ਸੰਘ, ਨਾਰੀ ਮੀਡੀਆ ਭਾਰਤੀ ਨੈੱਟਵਰਕ, ਆਸਾਮ ਦੀ ਜਰਨਲਿਸਟ ਯੂਨੀਅਨ, ਕਸ਼ਮੀਰ ਟਾਇਮਜ਼, ਕਸ਼ਮੀਰ ਵਰਕਿੰਗ ਜਰਨਲਿਸਟ ਐਸੋਸੀਏਸ਼ਨ, ਕੇਰਲਾ ਵਰਕਿੰਗ ਜਰਨਲਿਸਟ ਯੂਨੀਅਨ, ਤਾਮਿਲਨਾਡੂ ਨਾਰੀ ਜਰਨਲਿਸਟ ਸੰਸਥਾ, ਤੇਲੰਗਾਨਾ ਉਰਦੂ ਪੱਤਰਕਾਰ ਯੂਨੀਅਨ, ਤੇਲੰਗਾਨਾ ਪੱਤਰਕਾਰ ਸਟੇਟ ਯੂਨੀਅਨ, ਸਿਆਸਤ ਡੇਲੀ, ਭਾਰਤ ਪ੍ਰੈੱਸ ਐਸੋਸੀਏਸ਼ਨ, ਸ਼ਹਿਰੀ ਸੁਤੰਤਰਤਾ ਵਾਲੀ ''ਪੀਪਲਜ਼ ਯੂਨੀਅਨ ਫ਼ਾਰ ਸਿਵਲ ਲਿਬਰਟੀਜ਼'', ਰੇਡੀਉ ਫ਼ਰੀ ਏਸ਼ੀਆ, ਟਾਕ ਜਰਨਲਿਜ਼ਮ ਇੰਡੀਆ ਆਦਿ ਸ਼ਾਮਿਲ ਹਨ।
ਗਣਤੰਤਰ ਭਾਰਤ ਅਤੇ ਪੱਤਰਕਾਰੀ :-ਜਨਵਰੀ 1951 ਤੋਂ ਭਾਰਤ ਇਕ ਬਹੁ-ਭਾਸ਼ੀ, ਬਹੁ-ਧਰਮੀ, ਬਹੁ-ਨਸਲੀ ਲੋਕਰਾਜ ਦੇ ਨਾਲ-ਨਾਲ ਔਰਤ-ਮਰਦ ਦੀ ਬਰਾਬਰਤਾ, ਵਿਚਾਰ ਪ੍ਰਗਟਾਉਣ ਦੀ ਪੂਰਨ ਖੁੱਲ੍ਹ ਅਤੇ ਬਹੁ-ਭਾਸ਼ੀ ਜਾਂ ਬਹੁ-ਸਾਧਨੀ ਮੀਡੀਏ ਰਾਹੀਂ ਆਪਣੇ ਵਿਚਾਰ ਪ੍ਰਚਾਰਨ ਵਾਲਾ ਗਣਤੰਤਰ ਦੇਸ਼ ਹੈ। ਇੱਥੇ ਅਖ਼ਬਾਰਾਂ, ਰੇਡੀਉ, ਟੈਲੀਵਿਜ਼ਨ ਜਾਂ ਮੀਡੀਆ ਘਰਾਨਿਆਂ ਦੇ ਮੁਖੀ ਜਾਂ ਸੰਪਾਦਕ ਆਪਣੀ ਗੱਦੇਦਾਰ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਭਾਰਤੀ ਲੋਕਰਾਜ ਦਾ ਚੌਥਾ ਥੰਮ੍ਹ ਸਮਝਦੇ ਅਤੇ ਕਰਾਰ ਦਿੰਦੇ ਹਨ, ਪਰ ਉਨ੍ਹਾਂ ਨੂੰ ਹੋਰ ਲੋਕਰਾਜੀ ਥੰਮ੍ਹੀਆਂ ਨੂੰ ਲੱਗੀ ਸਿਉਂਕ ਵਾਂਗ ਆਪਣੀਆਂ ਥੰਮ੍ਹੀਆਂ ਬਾਰੇ ਪੂਰੀ ਖ਼ਬਰ ਨਹੀਂ ਹੈ ਅਤੇ ਨਾ ਹੀ ਇਹ ਲੋਕਰਾਜੀ ਨਿਆਂਪਾਲਿਕਾ ਅਤੇ ਕਾਰਜਪਾਲਿਕਾ ਵਿਚ ਭ੍ਰਿਸ਼ਟਾਚਾਰ ਦੇ ਨਾਲ-ਨਾਲ ਕੌਮੀ ਨੀਤੀਆਂ ਬਣਾਉਣ ਵਾਲੇ ਸਾਂਸਦਾਂ ਵਿਚ ਜ਼ੁਰਮਪੇਸ਼ਾ ਪ੍ਰਤੀਨਿਧਾਂ ਬਾਰੇ ਜਨਤਾ ਨਾਲ ਜਾਣਕਾਰੀ ਸਾਂਝੀ ਕਰਦੇ ਹਨ, ਅਤੇ ਨਾ ਹੀ ਪਿਛਲੇ ਕੁੱਝ ਵਰ੍ਹਿਆਂ ਤੋਂ ਇਸ ਦੇਸ਼ ਨੂੰ ਇਕ ਧਰਮੀ, ਇਕ ਜਾਤੀ, ਇਕ ਪਾਰਟੀ, ਇਕ ਭਾਸ਼ੀ ਤਾਨਾਸ਼ਾਹੀ ਵਿਚ ਬਦਲਣ ਵਾਲੀਆਂ ਬਦਨੀਤੀਆਂ ਜਾਂ ਕੋਸ਼ਿਸ਼ਾਂ ਨੂੰ ਚੁਨੌਤੀ ਦੇਣ ਵਾਲੇ ਨਿਰਪੱਖ ਪੱਤਰਕਾਰਾਂ, ਰਿਪੋਰਟਰਾਂ ਜਾਂ ਬਰੌਡਕਾਸਟਰਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਦਿਸ ਰਿਹਾ ਹੈ। ਬੜੇ ਅਫ਼ਸੋਸ ਨਾਲ ਲਿਖ ਰਿਹਾ ਹਾਂ ਕਿ ਜਿਹੜਾ ਭਾਰਤ ਪਿਛਲੇ ਸਾਲ ਸੰਸਾਰ ਦੇ 180 ਦੇਸ਼ਾਂ ਦੀ ਕਤਾਰ ਵਿਚ ਪੱਤਰਕਾਰਾਂ ਦੀ ਸੁਰੱਖਿਅਤਾ ਬਾਰੇ 136ਵੇਂ ਨੰਬਰ 'ਤੇ ਸੀ, ਉਹ ਹੁਣ ਹੋਰ ਹੇਠਾਂ 142ਵੇਂ ਨੰਬਰ 'ਤੇ ਜਾ ਚੁੱਕਾ ਹੈ।
ਪੱਤਰਕਾਰਾਂ ਦੀ ਸੁਰੱਖਿਅਤਾ : ਇਸ ਅਸੁਰੱਖਿਅਤਾ ਅਤੇ ਸਰਕਾਰੀ ਤਾਨਾਸ਼ਾਹੀ ਬਾਰੇ ਭਾਰਤ ਦਾ ਆਪਣੇ ਆਪ ਨੂੰ ਨਿਰਪੱਖ ਅਤੇ ਆਜ਼ਾਦ ਸਮਝਦਾ ਪੱਤਰਕਾਰ ਜਾਂ ਮੀਡੀਆ ਕਰਮੀਂ ਜ਼ਰੂਰ ਸੋਚੇ ਅਤੇ ਗੰਭੀਰਤਾ ਨਾਲ ਵਿਚਾਰੇ। ਪਿਛਲੇ ਮਹੀਨਿਆਂ ਦੌਰਾਨ ਜਿਹੜੇ ਪੱਤਰਕਾਰਾਂ ਨੂੰ ਪ੍ਰਸ਼ਾਸਨ ਦੀ ਵਧੀਕੀ ਅਤੇ ਬੇਇਨਸਾਫ਼ੀ ਆਪਣੇ ਸਰੀਰਾਂ ਤੇ ਝੱਲਣੀ ਪਈ ਉਨ੍ਹਾਂ ਵਿਚ ਉਤਰ ਪ੍ਰਦੇਸ਼ ਦੇ ਪ੍ਰਸ਼ਾਂਤ ਕਨੌਜੀਆ, ਅਨੂਜ਼ ਸ਼ੁਕਲਾ ਅਤੇ ਈਸ਼ੀਕਾ ਸਿੰਘ, ਪੰਜਾਬ ਦੇ ਗੁਰਉਪਦੇਸ਼ ਸਿੰਘ ਭੁੱਲਰ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦੇਵਿੰਦਰ ਪਾਲ ਦੇ ਨਾਉਂ ਜੱਗ ਜ਼ਾਹਿਰ ਹਨ, ਇਨ੍ਹਾਂ ਸਮੇਤ ਜੰਮੂ-ਕਸ਼ਮੀਰ ਅਤੇ ਹੋਰ ਰਾਜਾਂ ਦੇ ਪੀੜਤ ਪੱਤਰਕਾਰ ਵੀ ਹਨ। ਸੰਸਾਰ ਦੀਆਂ 74 ਸੰਸਥਾਵਾਂ ਵਲੋਂ ਸ੍ਰੀ ਨਰਿੰਦਰ ਮੋਦੀ ਅਤੇ 6 ਹੋਰ ਏਸ਼ੀਆਈ ਲੋਕਰਾਜ ਦੇ ਮੁਖੀਆਂ ਨੂੰ ਕੀਤੀ ਅਪੀਲ ਅਤੇ ਪਹੁੰਚ ਕਾਰਨ ਪੱਤਰਕਾਰਾਂ ਦੀ ਸੁਰੱਖਿਆ ਅਤੇ ਪੱਤਰਕਾਰੀ ਦੀ ਸੁਤੰਤਰਤਾ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇ ''....ਜਿਨਹੇਂ ਨਾਜ਼ ਹੈ ਹਿੰਦ ਪਰ, ਵੁਹ ਕਹਾਂ ਹੈਂ?''
-ਨਰਪਾਲ ਸਿੰਘ ਸ਼ੇਰਗਿੱਲ
ਟੈਲੀਫ਼ੋਨ : 07903-190 838 (ਯੂ.ਕੇ.), 91-94171-04002 (ਇੰਡੀਆ)
Email : shergill@journalist.com
ਫੋਟੋ ਨੰ. 1, 2, 3, 4, 5
ਏਸ਼ੀਆਈ ਲੋਕਰਾਜਾਂ ਵਿਚ ਨਿਰਪੱਖ ਪੱਤਰਕਾਰਾਂ ਨੂੰ ਨਵੀਆਂ ਚੁਨੌਤੀਆਂ - ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ
ਨਿਰਪੱਖ ਅਤੇ ਆਪਣੇ ਕੌਮੀ ਹਿਤਾਂ ਬਾਰੇ ਮੁਹਿੰਮਕਾਰੀ ਪੱਤਰਕਾਰਾਂ ਨੂੰ ਹੁਣ ਜਿਹੜੀਆਂ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਏਸ਼ੀਆਈ ਲੋਕਰਾਜਾਂ ਦੇ ਭ੍ਰਿਸ਼ਟ ਅਤੇ ਤਾਨਾਸ਼ਾਹੀ ਹਾਕਮਾਂ ਵਲੋਂ ਇਨ੍ਹਾਂ ਪੱਤਰਕਾਰਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣਿਓਂ ਦੂਰ ਕਰਨਾ ਹੈ। ਜਾਂ ਇਨ੍ਹਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਅਤੇ ਜਾਂ ਗ੍ਰਿਫ਼ਤਾਰ ਕਰਕੇ ਇਨ੍ਹਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਜਾਂਦਾ ਹੈ। ਇਹ ਅਸੀਂ ਪਿਛਲੇ ਤਿੰਨ ਵਰ੍ਹਿਆਂ ਤੋਂ ਲਗਾਤਾਰ ਵੇਖ ਰਹੇ ਹਾਂ, ਅਤੇ ਇਨ੍ਹਾਂ ਮਾਰੂ ਘਟਨਾਵਾਂ ਦਾ ਏਸ਼ੀਆਈ ਖ਼ਿੱਤੇ ਦੇ ਕਈ ਦੇਸ਼ਾਂ ਵਿਚ ਵਾਧਾ ਹੋਣ ਲੱਗਾ ਹੈ ਜਿਨ੍ਹਾਂ ਵਿਚ ਅਫ਼ਗਾਨਿਸਤਾਨ, ਭਾਰਤ, ਪਾਕਿਸਤਾਨ, ਥਾਈਲੈਂਡ ਅਤੇ ਫਿਲੀਪਾਈਨ ਆਦਿ ਵੀ ਸ਼ਾਮਿਲ ਹਨ, ਜਿੱਥੇ ਦੇ ਲੋਕਰਾਜੀ ਸੰਵਿਧਾਨਾਂ ਅਨੁਸਾਰ ਪ੍ਰੈੱਸ ਦੀ ਆਜ਼ਾਦੀ ਜਾਂ ''ਫਰੀਡਮ ਆਫ਼ ਐਕਸਪ੍ਰੈਸ਼ਨ'' ਬਾਰੇ ਸਮੇਂ ਦੇ ਹਾਕਮ ਸਦਨ ਵਿਚ ਅੱਡੀਆਂ ਚੁੱਕ-ਚੁੱਕ ਕੇ ਡੀਂਗਾਂ ਮਾਰਦੇ ਵੀ ਅਕਸਰ ਵੇਖੇ ਜਾਂਦੇ ਹਨ। ਸਥਾਨਕ ਸਰਕਾਰੀ ਹਾਕਮਾਂ ਵਲੋਂ ਇਨ੍ਹਾਂ ਨਾਲ ਜ਼ੁਲਮ ਜਾਂ ਵਧੀਕੀਆਂ ਇੰਨੀਆਂ ਅਸਹਿ ਹੋਣ ਲੱਗੀਆਂ ਹਨ, ਕਿ ਇਨ੍ਹਾਂ ਨੂੰ ਛੁਡਾਉਣ ਜਾਂ ਵਧੀਕੀਆਂ ਨੂੰ ਰੋਕਣ ਲਈ ਵਿਦੇਸ਼ੀ ਪੱਤਰਕਾਰ ਜਾਂ ਪੱਤਰਕਾਰੀ ਸੰਸਥਾਵਾਂ ਪੀੜਤ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਦੇ ਹੱਕ ਵਿਚ ਕੌਮਾਂਤਰੀ ਪੱਧਰ 'ਤੇ ਹਾਅ ਦਾ ਨਾਅਰਾ ਮਾਰਦੇ ਜਾਂ ਰੋਸ ਵਿਖਾਵੇ ਕਰਦੇ ਆਮ ਵੇਖੇ ਜਾ ਰਹੇ ਹਨ।
ਪੱਤਰਕਾਰ ਵਿਰੋਧੀ ਘਟਨਾਵਾਂ ਨੂੰ ਜੱਗ ਜ਼ਾਹਿਰ ਕਰਨ ਵਾਲੀ ਅਤੇ ਪੱਤਰਕਾਰਾਂ ਦੇ ਹਿਤਾਂ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਅਮਰੀਕਾ ਵਿਚ ਨਿਊਯਾਰਕ ਸਥਿਤ ਕੌਮਾਂਤਰੀ ਸੰਸਥਾ, ਪੱਤਰਕਾਰ ਸੁਰੱਖਿਆ ਕਮੇਟੀ (ਕਮੇਟੀ ਟੂ ਪ੍ਰੋਟੈਕਟ ਜਰਨਲਿਸਟ) ਵਲੋਂ ਇਸ ਲੇਖਕ ਨੂੰ ਬੀਤੀ 19 ਦਸੰਬਰ ਨੂੰ 1 ਜਨਵਰੀ ਤੋਂ 15 ਦਸੰਬਰ ਤੱਕ ਮਾਰੇ ਗਏ ਪੱਤਰਕਾਰਾਂ ਬਾਰੇ ਇੱਕ ਜਾਣਕਾਰੀ ਭੇਜੀ ਗਈ ਸੀ, ਜਿਸ ਅਨੁਸਾਰ 2018 ਵਰ੍ਹਾ ਪਿਛਲੇ ਤਿੰਨ ਸਾਲਾਂ ਵਿਚ ਸਭ ਤੋਂ ਮਾਰੂ ਸਿੱਧ ਹੋਇਆ ਦੱਸਿਆ ਗਿਆ ਹੈ। ਇਸ ਵਰ੍ਹੇ ਦੌਰਾਨ ਪੱਤਰਕਾਰੀ ਸੇਵਾਵਾਂ ਨਿਭਾਉਂਦੇ ਹੋਏ ਕੁੱਲ 54 ਪੱਤਰਕਾਰ ਮਾਰੇ ਗਏ ਅਤੇ 251 ਪੱਤਰਕਾਰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕੇ ਗਏ।
ਅਫ਼ਗਾਨਿਸਤਾਨ ਵਿਚ ਜਿੱਥੇ ਪੱਤਰਕਾਰ ਅਤਿਵਾਦੀਆਂ ਰਾਹੀਂ ਹਾਲੀਆ ਤੌਰ ਤੇ ਮਾਰੇ ਗਏ ਹਨ, ਸਭ ਤੋਂ ਵਧੇਰੇ ਖ਼ਤਰਨਾਕ ਦੇਸ਼ ਹੈ, ਉਸ ਤੋਂ ਬਾਅਦ ਸੀਰੀਆ ਅਤੇ ਤੀਜੇ ਨੰਬਰ 'ਤੇ ਇਸ ਵਰ੍ਹੇ ਮੋਦੀ ਸਰਕਾਰ ਅਧੀਨ ਸਾਡਾ ਆਪਣਾ ਭਾਰਤੀ ਲੋਕਰਾਜ ਹੈ, ਜਿੱਥੇ 5 ਪੱਤਰਕਾਰ ਕਤਲ ਕੀਤੇ ਜਾਂ ਮਾਰੇ ਗਏ ਹਨ।
ਹੋਰ ਦੇਸ਼ਾਂ ਵਿਚ ਦਿਲ ਹਿਲਾ ਦੇਣ ਵਾਲਾ ਕਤਲ ਅਮਰੀਕਾ ਦੇ ''ਵਾਸ਼ਿੰਗਟਨ ਪੋਸਟ'' ਅਖ਼ਬਾਰ ਦੇ ਕਾਲਮਨਵੀਸ, ਜਮਾਲ ਖਸ਼ੋਗੀ ਦਾ ਦਰਦਨਾਕ ਕਤਲ ਹੈ, ਜਿਸ ਨੂੰ ਤੁਰਕੀ ਦੀ ਰਾਜਧਾਨੀ, ਇਸਤੰਬੋਲ, ਸਥਿਤ ਸਾਉਦੀ ਅਰਬ ਦੂਤਾਵਾਸ ਵਿਚ ਸਾਉਦੀ ਅਰਬ ਏਜੰਟਾਂ ਵਲੋਂ ਪਿਛਲੇ ਅਕਤੂਬਰ ਵਿਚ ਮਾਰਿਆ ਦੱਸਿਆ ਜਾਂਦਾ ਹੈ। ਹੁਣ ਤਾਜ਼ਾ ਪ੍ਰਕਾਸ਼ਿਤ ਖ਼ਬਰਾਂ ਅਨੁਸਾਰ ਅਮਰੀਕਾ ਦੀ ਇੱਕ ਖ਼ੁਫ਼ੀਆ ਏਜੰਸੀ ਨੇ ਪ੍ਰਗਟਾਵਾ ਕੀਤਾ ਹੈ ਕਿ ਇਸ ਪੱਤਰਕਾਰ ਦੀ ਹੱਤਿਆ ਤੋਂ ਲਗਪਗ ਇੱਕ ਵਰ੍ਹਾ ਪਹਿਲਾਂ 2017 ਵਿਚ ਸਾਉਦੀ ਅਰਬ ਸ਼ਹਿਜ਼ਾਦਾ, ਮੁਹੰਮਦ ਬਿਨ ਸਲਮਾਨ, ਵਲੋਂ ਖਸ਼ੋਗੀ ਨੂੰ ਵਾਪਸ ਸਾਉਦੀ ਅਰਬ ਲਿਆਉਣ ਲਈ ਕਿਹਾ ਗਿਆ ਸੀ, ਉਸ ਨੇ ਇਹ ਵੀ ਕਿਹਾ ਸੀ ਕਿ ਜੇ ਖਸ਼ੋਗੀ ਆਰਾਮ ਨਾਲ ਵਾਪਸ ਸਾਉਦੀ ਅਰਬ ਨਹੀਂ ਆਉਂਦਾ ਅਤੇ ਆ ਕੇ ਆਪਣੇ ਵਾਦ-ਵਿਵਾਦੀ ਤੌਰ ਤਰੀਕੇ ਦਰੁਸਤ ਨਹੀਂ ਕਰਦਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ।
ਇਸੇ ਤਰ੍ਹਾਂ ਪਿਛਲੇ ਵਰ੍ਹੇ ਫਰਵਰੀ ਵਿਚ ਸਲੋਵਾਕੀਆ ਦਾ ਖ਼ੋਜੀ ਪੱਤਰਕਾਰ, ਜਾਨ ਕੁਸੀਅਲ, ਉਸ ਦੀ ਮੰਗੇਤਰ ਦੇ ਸਾਹਮਣੇ ਕਤਲ ਕੀਤਾ ਗਿਆ ਸੀ। ਇਨ੍ਹਾਂ ਦੋਵੇਂ ਘਟਨਾਵਾਂ ਤੋਂ ਵੀ ਵਧੇਰੇ ਦੁਖਦਾਈ ਵਾਰਦਾਤ ਵੇਲੇ ਅਫ਼ਗਾਨਿਸਤਾਨ ਵਿਚ ਪੱਤਰਕਾਰਾਂ ਦੇ ਗਰੁੱਪ ਵਿਰੁੱਧ ਕੀਤੀ ਗਈ ਆਤਮਘਾਤੀ ਘਟਨਾ ਹੈ ਜਿੱਥੇ ਇੱਕੋ ਵੇਲੇ ਬੀਤੀ ਅਪ੍ਰੈਲ ਵਿਚ ਆਤਮਘਾਤੀ ਘਟਨਾ ਵੇਲੇ 9 ਪੱਤਰਕਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਅਮਰੀਕਾ ਵਿਚ ਪਿਛਲੇ ਵਰ੍ਹਿਆਂ ਦੀ ਸਭ ਤੋਂ ਵੱਧ ਪੱਤਰਕਾਰਾਂ-ਵਿਰੋਧੀ ਮਾਰੂ ਘਟਨਾ ਵੇਲੇ ਪਿਛਲੀ ਜੂਨ ਵਿਚ ਇੱਕ ਬੰਦੂਕਧਾਰੀ ਵਲੋਂ ਇੱਕੋ ਵੇਲੇ 4 ਪੱਤਰਕਾਰਾਂ ਨੂੰ ਮੇਰੀਲੈਂਡ ਸਥਿਤ ''ਕੈਪੀਟਲ ਰਾਜ਼ਟ'' ਅਖ਼ਬਾਰ ਦੇ ਦਫ਼ਤਰ ਵਿਚ ਮਾਰ ਦਿੱਤਾ ਗਿਆ ਸੀ। ਇਸ ਤਰ੍ਹਾਂ ਅਫ਼ਗਾਨਿਸਤਾਨ ਵਿਚ 13, ਸੀਰੀਆ ਵਿਚ 9, ਭਾਰਤ ਵਿਚ 5, ਅਮਰੀਕਾ ਵਿਚ 4, ਕੇਂਦਰੀ ਅਫ਼ਰੀਕਾ, ਮੈਕਸੀਕੋ ਅਤੇ ਯਮਨ ਹਰੇਕ ਵਿਚ ਤਿੰਨ-ਤਿੰਨ, ਬਰਾਜ਼ੀਲ ਅਤੇ ਇਜ਼ਰਾਈਲ ਵਿਚ ਦੋ-ਦੋ, ਸੋਮਾਲੀਆ, ਸਾਉਦੀ ਅਰਬ, ਸਲੋਵਾਕੀਆ, ਕੋਲੰਬੀਆ, ਸਲੋਵੇਨੀਆ, ਨਿਕਾਰਗੂਆ, ਪਾਕਿਸਤਾਨ, ਲਿਬੀਆ ਅਤੇ ਹੋਰ ਕੁੱਝ ਥਾਵਾਂ ਤੇ ਇੱਕ-ਇੱਕ ਪੱਤਰਕਾਰ ਕਤਲ ਕੀਤੇ ਜਾਣ ਦੀ ਰਿਪੋਰਟ ਹੈ।
ਜੇਲ੍ਹਾਂ ਵਿਚ ਬੰਦ ਸੈਂਕੜੇ ਪੱਤਰਕਾਰ : 2018 ਵਿਚ ਲਗਾਤਾਰ ਤੀਜੇ ਸਾਲ ਥਾਂ-ਥਾਂ ਪੱਤਰਕਾਰਾਂ ਨੂੰ ਸਬਕ ਸਿਖਾਉਣ ਲਈ ਲੋਕਰਾਜ ਦੇ ਨਕਾਬ ਹੇਠ ਪ੍ਰੈੱਸ ਦੀ ਆਜ਼ਾਦੀ ਦੇ ਭਾਸ਼ਣ ਦਿੰਦੇ ਹੋਏ ਕਈ ਤਾਨਾਸ਼ਾਹੀ ਪ੍ਰਬੰਧਕ ਪੱਤਰਕਾਰਾਂ ਦੇ ਮੂੰਹ ਬੰਦ ਕਰਨ ਲਈ ਮਹੀਨਿਆਂ ਤੱਕ ਉਨ੍ਹਾਂ ਨੂੰ ਨਜ਼ਰਬੰਦ ਕਰਨ ਦੇ ਢੰਗ ਅਪਣਾਅ ਰਹੇ ਹਨ। ਬੀਤੀ ਦਸੰਬਰ ਦੇ ਅਖੀਰ ਤੱਕ 251 ਪੱਤਰਕਾਰਾਂ ਨੂੰ ਵੱਖੋ-ਵੱਖਰੇ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਡੱਕੇ ਜਾਣ ਦੇ ਅੰਕੜੇ ਪ੍ਰਾਪਤ ਹੋਏ ਹਨ। ਇਨ੍ਹਾਂ ਪੱਤਰਕਾਰਾਂ ਵਿਚ ਵਧੇਰੇ ਇਸਲਾਮ-ਪਰਬਲ ਮੱਧ ਪੂਰਬੀ ਦੇਸ਼ਾਂ ਵਿਚ ਨਜ਼ਰਬੰਦ ਹਨ। ਕਈ ਦੇਸ਼ਾਂ ਵਿਚ ਸਰਕਾਰੀ ਤੌਰ 'ਤੇ ਅਸਲੀ ਅੰਕੜੇ ਪ੍ਰਾਪਤ ਨਹੀਂ ਹੋ ਸਕਦੇ, ਪਰ ਪੱਤਰਕਾਰੀ ਸੰਸਥਾਵਾਂ ਤੋਂ ਡੰਗ ਟਪਾਊ ਅੰਕੜਿਆਂ ਅਨੁਸਾਰ ਸਭ ਤੋਂ ਵਧੇਰੇ ਅਤੇ ਘੱਟੋ-ਘੱਟ 58 ਪੱਤਰਕਾਰ ਤੁਰਕੀ ਵਿਚ, ਚੀਨ ਵਿਚ 44, ਮਿਸਰ ਵਿਚ 16, ਸਾਉਦੀ ਅਰਬ ਵਿਚ 9, ਐਰੇਟੇਰੀਆ ਵਿਚ 8, ਐਜਰਬਾਈਜਾਨ ਵਿਚ 5, ਸੀਰੀਆ ਵਿਚ 4, ਮਰਾਕੋ ਅਤੇ ਵੀਅਤਨਾਮ ਵਿਚ ਤਿੰਨ-ਤਿੰਨ, ਵੈਨਜ਼ਵੇਲਾ ਅਤੇ ਕੈਮਰੂਨ ਵਿਚ ਦੋ-ਦੋ ਅਤੇ ਭਾਰਤ ਸਮੇਤ ਹੋਰ ਦੇਸ਼ਾਂ ਵਿਚ ਵੀ ਇੱਕ-ਇੱਕ ਜਾਂ ਦੋ-ਦੋ ਪੱਤਰਕਾਰ ਜੇਲ੍ਹੀਂ ਡੱਕੇ ਹੋਏ ਹਨ। ਜੰਮੂ-ਕਸ਼ਮੀਰ ਦਾ ਇੱਕ ਪੱਤਰਕਾਰ, ਆਸਿਫ਼ ਸੁਲਤਾਨ, ਅਗਸਤ 2018 ਤੋਂ ਜੇਲ੍ਹ ਵਿਚ ਬੰਦ ਸੀ, ਜਿਸ ਨੂੰ ਛੁਡਾਉਣ ਲਈ ਪੱਤਰਕਾਰ ਸੁਰੱਖਿਆ ਕਮੇਟੀ ਵਲੋਂ ਰਾਜਪਾਲ ਸਤਪਾਲ ਮਾਲਿਕ ਨੂੰ ਵੀ ਪਹੁੰਚ ਕੀਤੀ ਗਈ ਸੀ।
ਲਾਪਤਾ ਪੱਤਰਕਾਰ : 2018 ਵਿਚ 54 ਕਤਲ ਹੋਏ ਜਾਂ ਕੀਤੇ ਗਏ ਪੱਤਰਕਾਰਾਂ ਦੇ ਨਾਲ-ਨਾਲ 251 ਨਜ਼ਰਬੰਦ ਪੱਤਰਕਾਰਾਂ ਤੋਂ ਬਿਨਾਂ 60 ਪੱਤਰਕਾਰ ਉਹ ਹਨ, ਜੋ ਲਾਪਤਾ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਕੋਈ ਉੱਘ-ਸੁੱਘ ਜਾਂ ਕੋਈ ਪੱਕੀ ਜਾਣਕਾਰੀ ਨਹੀਂ ਦੱਸੀ ਜਾ ਰਹੀ।
ਸੰਸਾਰ ਦੇ ਜਿਨ੍ਹਾਂ 10 ਦੇਸ਼ਾਂ ਵਿਚ ਪੱਤਰਕਾਰਾਂ ਤੇ ਇੰਟਰਨੈੱਟ ਦੀ ਵਰਤੋਂ ਨਾ ਕਰਨ ਜਾਂ ਸਰਕਾਰੀ ਦਬਾਅ ਹੇਠ ਸੈਂਸਰ ਜਾਂ ਵਧੇਰੇ ਸਖ਼ਤੀ ਹੈ ਉਨ੍ਹਾਂ ਵਿਚ ਐਰੀਟੇਰੀਆ, ਉੱਤਰੀ ਕੋਰੀਆ, ਸਾਉਦੀ ਅਰਬ, ਇਥੋਪੀਆ, ਐਜਰਬਾਈਜਾਨ, ਵੀਅਤਨਾਮ, ਈਰਾਨ, ਚੀਨ, ਮੀਆਂਮਾਰ (ਬਰਮਾ) ਅਤੇ ਕਿਊਬਾ ਦੇ ਨਾਉਂ ਵਰਨਣਯੋਗ ਹਨ।
ਭਾਰਤ ਅਤੇ ਪੱਤਰਕਾਰੀ : ਬੇਸ਼ੱਕ ਭਾਰਤ ਇੱਕ ਬਹੁ-ਨਸਲੀ, ਬਹੁ-ਭਾਸ਼ੀ, ਬਹੁ-ਧਰਮੀ ਲੋਕਰਾਜ ਹੋਣ ਦੇ ਨਾਲ ਮਨੁੱਖ ਇਸਤਰੀ ਦੀ ਬਰਾਬਰਤਾ, ਵਿਚਾਰ ਪ੍ਰਗਟਾਉਣ ਦੀ ਖੁੱਲ ਅਤੇ ਪ੍ਰੈੱਸ ਦੀ ਆਜ਼ਾਦੀ ਵਾਲਾ ਗਣਤੰਤਰ ਦੇਸ਼ ਹੈ, ਜਿੱਥੇ ਅਨੇਕ ਸੰਪਾਦਕ ਅਤੇ ਰੇਡੀਓ-ਟੈਲੀਵਿਜ਼ਨ ਚੈਨਲਾਂ ਦੇ ਮੁਖੀ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਭਾਰਤੀ ਲੋਕਰਾਜ ਦਾ ਚੌਥਾ ਥੰਮ੍ਹ ਸਮਝਦੇ ਅਤੇ ਕਰਾਰ ਦਿੰਦੇ ਹਨ, ਪਰ ਉਨ੍ਹਾਂ ਨੂੰ ਆਪਣੀਆਂ ਹੀ ਥੰਮ੍ਹੀਆਂ ਬਾਰੇ ਹੋਰ ਲੋਕਰਾਜੀ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਸੰਸਦੀ ਪ੍ਰਣਾਲੀ ਦੀਆਂ ਡੋਲਦੀਆਂ ਥੰਮ੍ਹੀਆਂ ਨੂੰ ਲੱਗੀ ਸਿਉਂਕ ਵਾਂਗ ਘੱਟ ਖ਼ਬਰ ਹੈ। ਬਹੁ-ਧਰਮੀ, ਬਹੁ-ਭਾਸ਼ੀ ਅਤੇ ਬਹੁ-ਨਸਲੀ ਸੁਤੰਤਰ ਭਾਰਤੀ ਲੋਕਰਾਜ ਦੀ ਥਾਂ ਕੁੱਝ ਸਮੇਂ ਤੋਂ ਇਸ ਦੇ ਇੱਕ ਪੁਰਖੀ, ਇੱਕ ਧਰਮੀ, ਇੱਕ ਪਾਰਟੀ ਤਾਨਾਸ਼ਾਹੀ ਕਦਮਾਂ ਨੂੰ ਰੋਕਣ ਜਾਂ ਚੁਨੌਤੀ ਦੇਣ ਵਾਲੇ ਭਾਰਤ ਹਿਤੈਸ਼ੀ ਨਿਰਪੱਖ ਪੱਤਰਕਾਰਾਂ ਜਾਂ ਰੇਡੀਓ-ਟੈਲੀਵਿਜ਼ਨ ਰਿਪੋਰਟਰਾਂ ਲਈ ਪੂਰਨ ਸੁਰੱਖਿਅਤ ਦੇਸ਼ ਨਹੀਂ ਦਿਸ ਰਿਹਾ। ਅਫ਼ਸੋਸ ਨਾਲ ਲਿਖ ਰਿਹਾ ਹਾਂ ਕਿ 2018 ਵਿਚ ਇੱਥੇ ਵੀ 5 ਪੱਤਰਕਾਰ ਕਤਲ ਕੀਤੇ ਜਾਂ ਮਾਰੇ ਗਏ ਹਨ, ਜਿਨ੍ਹਾਂ ਨਾਲ ਹੋਰ ਸੁਰੱਖਿਅਤਾ ਅਤੇ ਸਹਾਇਕ ਮੀਡੀਆ ਕਰਮੀਂ ਵੀ ਸ਼ਾਮਿਲ ਸਨ।
ਕਤਲ ਹੋਏ ਪੱਤਰਕਾਰਾਂ ਵਿਚ ''ਰਾਈਜਿੰਗ ਕਸ਼ਮੀਰ'' ਦੇ 14 ਜੂਨ ਨੂੰ ਮਾਰੇ ਗਏ ਸੰਪਾਦਕ ਸੁਜਾਤ ਬੁਖ਼ਾਰੀ, 25 ਮਾਰਚ ਨੂੰ ਦੈਨਿਕ ਭਾਸਕਰ ਦੇ 35 ਸਾਲਾ ਪੱਤਰਕਾਰ ਨਵੀਨ ਨਿਸਚਿਲ ਅਤੇ ਉਨ੍ਹਾਂ ਦਾ ਸਹਾਇਕ 25 ਸਾਲਾ ਵਿਜੈ ਸਿੰਘ, 30 ਅਕਤੂਬਰ ਨੂੰ ਦੂਰਦਰਸ਼ਨ ਦਾ ਕੈਮਰਾਮੈਨ ਛੱਤੀਸਗੜ੍ਹ ਵਿਚ ਮਾਰਿਆ ਨੰਦਾ ਸਾਹੂ, ਝਾਰਖੰਡ ਵਿਚ ''ਆਜ'' ਹਿੰਦੀ ਅਖ਼ਬਾਰ ਦਾ ਅਗਵਾ ਕਰਨ ਪਿੱਛੋਂ ਕੁੱਟ-ਕੁੱਟ ਕੇ ਮਾਰਿਆ ਪੱਤਰਕਾਰ 32 ਸਾਲਾ ਚੰਦਨ ਤਿਵਾੜੀ ਅਤੇ 26 ਮਾਰਚ ਨੂੰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਟਰੱਕ ਹੇਠ ਲਤਾੜ ਕੇ ਮਾਰਿਆ ਗਿਆ 35 ਸਾਲਾ ਟੈਲੀਵਿਜ਼ਨ ਜਰਨਲਿਸਟ ਸੰਦੀਪ ਸ਼ਰਮਾ ਸ਼ਾਮਿਲ ਹਨ।
ਇੱਕ ਤਾਜ਼ਾ ਪ੍ਰਕਾਸ਼ਿਤ ਰਿਪੋਰਟ ਅਤੇ ਪ੍ਰੈੱਸ ਦੀ ਆਜ਼ਾਦੀ ਬਾਰੇ ਵਿਸ਼ਵ ਦੇ ਕੌਮਾਂਤਰੀ ਸਰਵੇਖਣ ਅਨੁਸਾਰ ਭਾਰਤ ਸੰਸਾਰ ਦੇ 180 ਦੇਸ਼ਾਂ ਦੀ ਸੂਚੀ ਵਿਚ 136ਵੇਂ ਨੰਬਰ ਤੇ ਪੱਤਰਕਾਰਾਂ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਭਾਰਤ ਦਾ ਆਪਣੇ ਆਪ ਨੂੰ ਸਮਝਦਾ ਹਰ ਭਾਰਤ-ਹਿਤੈਸ਼ੀ ਨਿਰਪੱਖ ਪੱਤਰਕਾਰ ਇੱਕ ਵੇਰ ਇਸ ਬਾਰੇ ਸੋਚੇ ਜ਼ਰੂਰ, ਏਹੋ ਮੇਰੀ ਬੇਨਤੀ ਹੈ੩।
''ਜਿਨਹੇਂ ਨਾਜ਼ ਹੈ ਹਿੰਦ ਪਰ,
ਵੋਹ ਕਹਾਂ ਹੈਂ?''
ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ
ਮੋਬਾਈਲ : +91-94171-04002 (ਇੰਡੀਆ),
07903-190 838 (ਯੂ.ਕੇ.)
Email : shergill@journalist.com
23 Feb. 2019