Nikita-Aazaad

ਕਿਸਾਨੀ ਸੰਘਰਸ਼ ਅਤੇ ਪੰਜਾਬੀ ਗੁੰਝਲਾਂ - ਨਿਕਿਤਾ ਆਜ਼ਾਦ

1927 ਵਿਚ ਅਮਰੀਕੀ ਰਾਸ਼ਟਰਵਾਦੀ ਲੇਖਕ ਕੈਥਰੀਨ ਮੇਯੋ ਦੀ ਕਿਤਾਬ ‘ਮਦਰ ਇੰਡੀਆ’ ਛਪੀ। ਮੇਯੋ ਨੇ ਇਸ ਕਿਤਾਬ ਵਿਚ ਭਾਰਤੀ ਔਰਤ ਦੇ ਹਾਲਾਤ ਦਾ ਪ੍ਰਸ਼ਨ ਉਠਾਇਆ ਅਤੇ ਮੁਲਕ ਭਰ ਵਿਚ ਕੀਤੀ ਖੋਜ ਰਾਹੀਂ ਸੰਸਾਰ ਵਿਚ ਭਾਰਤੀ ਔਰਤ ਦੇ ਤਰਸਯੋਗ ਹਾਲਾਤ ਅਤੇ ਭਾਰਤੀ ਮਰਦ ਦੀ ਹੈਵਾਨੀਅਤ ਦਾ ਜਿ਼ਕਰ ਕੀਤਾ ਸੀ। ਭਾਰਤੀ ਰਾਸ਼ਟਰਵਾਦੀਆਂ ਅਤੇ ਸੁਧਾਰਕਾਂ ਨੇ ਕਿਤਾਬ ਦੀ ਸਖਤ ਨਿੰਦਾ ਕੀਤੀ, ਤੇ ਇਸ ਦੇ ਸਾਮਰਾਜੀ ਤੇ ਬਸਤੀਵਾਦੀ ਪ੍ਰਵਚਨਾਂ ਨੂੰ ਨਕਾਰਿਆ। ਰਾਸ਼ਟਰਵਾਦੀ ਮਰਦਾਂ ਨੇ ਇਸ ਰਾਹੀਂ ਆਪਣੇ ਆਪ ਨੂੰ ਬਸਤੀਵਾਦ ਦੇ ‘ਪੀੜਤ’ ਵਜੋਂ ਪਰਿਭਾਸਿ਼ਤ ਕੀਤਾ। ਮੇਯੋ ਉਸ ਬਸਤੀਵਾਦੀ ਢਾਂਚੇ ਦਾ ਹਿੱਸਾ ਸੀ ਜੋ ਭਾਰਤ ਦੀਆਂ ਕੁਰੀਤੀਆਂ ਅਤੇ ਖਾਮੀਆਂ ਉਜਾਗਰ ਕਰ ਕੇ ਬਰਤਾਨਵੀ ਸ਼ਾਸਨ ਨੂੰ ਨਿਆਂ ਸੰਗਤ ਸਿੱਧ ਕਰਨ ਦੀ ਕੋਸਿ਼ਸ਼ ਕਰ ਰਹੀ ਸੀ। ਕਿਤਾਬ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕਈ ਜਵਾਬੀ ਕਿਤਾਬਾਂ - ਮਦਰ ਇੰਡੀਆ ਕਾ ਜਵਾਬ, ਮਦਰ ਇੰਡੀਆ ਕੇ ਬੇਟੇ ਕਾ ਜਵਾਬ, ਫਾਦਰ ਇੰਡੀਆ ਆਦਿ ਲਿਖੀਆਂ ਗਈਆਂ। ਭਾਰਤੀ ਇਤਿਹਾਸਕਾਰ ਮ੍ਰਿਣਾਲਿਨੀ ਸਿਨਹਾ ਨੇ ਆਪਣੇ ਲੇਖ ਵਿਚ ‘ਮਦਰ ਇੰਡੀਆ’ ਵਿਵਾਦ ਦੇ ਹਰ ਪਹਿਲੂ ਦਾ ਵਿਸ਼ਲੇਸ਼ਣ ਕੀਤਾ ਹੈ ਪਰ ਇਨ੍ਹਾਂ ਵਿਚ ਸਭ ਤੋਂ ਰੋਚਕ ਸੀ - ਇਸ ਵਿਵਾਦ ਵਿਚ ਔਰਤਾਂ ਦੀ ਭੂਮਿਕਾ।
      20ਵੀਂ ਸਦੀ ਦੇ ਬਸਤੀਵਾਦੀ ਭਾਰਤ ‘ਚ ਕਈ ਔਰਤਾਂ ਔਰਤ ਦੀ ਆਜ਼ਾਦੀ ਅਤੇ ਬਰਾਬਰੀ ਲਈ ਆਵਾਜ਼ ਬੁਲੰਦ ਕਰ ਰਹੀਆਂ ਸਨ, ਤੇ ਸਮਾਜਿਕ ਖੇਤਰ ’ਚ ਆਪਣੇ ਲਈ ਥਾਂ ਬਣਾ ਰਹੀਆਂ ਸਨ। ਔਰਤ ਦੀ ਸਿਆਸੀ ਭਾਗੀਦਾਰੀ, ਆਰਥਿਕ ਸੁਤੰਤਰਤਾ, ਸਮਾਜਿਕ ਹਾਲਤ ਬਹਿਸ ਅਤੇ ਸੁਧਾਰ ਦੇ ਦਾਇਰੇ ਵਿਚ ਸਨ ਪਰ ‘ਮਦਰ ਇੰਡੀਆ’ ਜਿਸ ਵਿਚ ਉਹ ਸਭ ਲਿਖਿਆ ਗਿਆ ਸੀ ਜਿਸ ਖਿ਼ਲਾਫ਼ ਭਾਰਤੀ ਔਰਤਾਂ ਲਾਮਬੰਦ ਹੋ ਰਹੀਆਂ ਸਨ, ਨੂੰ ਭਾਰਤੀ ਔਰਤ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਕ ਅੰਦੋਲਨਕਾਰੀ ਦੇ ਸ਼ਬਦਾਂ ਵਿਚ, “… ਚਾਹੇ ਅਸੀਂ (ਔਰਤਾਂ) ਸ਼ੋਸਿ਼ਤ ਹਾਂ (ਪਰ) ਸਾਡੀ ਮੁਕਤੀ (ਸਿਰਫ਼) ਸਾਡੇ ਹੱਥ ਹੈ।” ਜਿ਼ਆਦਾਤਰ ਔਰਤ ਅੰਦੋਲਨਕਾਰੀਆਂ ਦਾ ਜਵਾਬ ਇਹ ਨਹੀਂ ਸੀ ਕਿ ਭਾਰਤੀ ਔਰਤ ਦਾ ਜੀਵਨ ਜ਼ੰਜੀਰਾਂ ਵਿਚ ਜਕੜਿਆ ਹੋਇਆ ਨਹੀਂ ਸਗੋਂ ਇਹ ਸੀ ਕਿ ਇਹ ਜ਼ੰਜੀਰਾਂ ਕਿਸੇ ਬਾਹਰਵਾਲੇ ਦੀ ਸਹਾਇਤਾ ਤੋਂ ਬਿਨਾ ਆਪ ਤੋੜਨਗੀਆਂ, ਸਾਨੂੰ ਤੁਹਾਡੀ ਝੂਠੀ ਹਮਦਰਦੀ ਦੀ ਲੋੜ ਨਹੀਂ ਹੈ ਜੋ ਭਾਰਤ ਨੂੰ ਗੁਲਾਮ ਬਣਾਈ ਰੱਖਣ ਲਈ ਰਚੀ ਗਈ ਹੈ। ਇਉਂ ਮਦਰ ਇੰਡੀਆ ਵਿਵਾਦ, ਵਿਰੋਧ ਪ੍ਰਦਰਸ਼ਨ ਸੀ ਪਰ ਉਨ੍ਹਾਂ ਤਾਕਤਾਂ ਵੱਲੋਂ ਜੋ ਪਹਿਲਾਂ ਹੀ ਭਾਰਤ ’ਤੇ ਕਾਬਜ਼ ਸਨ। ਭਾਰਤੀ ਔਰਤਾਂ ਨੇ ਇਸ ਵਿਰੋਧ ਤੇ ਹਮਦਰਦੀ ਨੂੰ ਘੋਖਿਆ ਅਤੇ ਇਸ ਬਾਰੇ ਗੱਲ ਚਲਾਈ। ਜਿਥੇ ਮਰਦ ਅੰਦੋਲਨਕਾਰੀ ਮਦਰ ਇੰਡੀਆ ਰਾਹੀਂ ਆਪਣੇ ਆਪ ਨੂੰ ਬਸਤੀਵਾਦੀ ਹਮਲੇ ਦਾ ਪੀੜਤ ਐਲਾਨਣ ਦੀ ਕੋਸਿ਼ਸ਼ ਕਰ ਰਹੇ ਸਨ, ਭਾਰਤੀ ਔਰਤ ਇਸ ਪੀੜਤ ਧਿਰ ਦੀਆਂ ਵਿਰੋਧਤਾਈਆਂ ਨੂੰ ਉਜਾਗਰ ਕਰ ਰਹੀ ਸੀ।
       ਸਮਕਾਲੀ ਪੰਜਾਬ ਦੇ ਪ੍ਰਸੰਗ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਵੀ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ। ਮੱਧਕਾਲੀ ਪੰਜਾਬ ’ਚ ਜਿ਼ਮੀਂਦਾਰਾਂ ਦਾ ਆਪਣੀ ਜ਼ਮੀਨ ਉੱਤੇ ਹੱਕ ਅਤੇ ਮੁਗ਼ਲ ਰਾਜਿਆਂ ਦਾ ਜ਼ਮੀਨ ਤੇ ਕੌਮ ’ਤੇ ਹਮਲੇ ਸਮਕਾਲੀ ਵਿਰੋਧ ਦਾ ਇਤਿਹਾਸਕ ਪ੍ਰਸੰਗ ਹੈ। ਸਾਧਨਾਂ ਵਾਲੀ ਧਿਰ ਮੁਗਲ ਹਮਲਿਆਂ ਦਾ ਜਵਾਬ ਆਪਣੇ ਸਾਧਨਾਂ ਦੀ ਰੱਖਿਆ ਕਰ ਕੇ ਦਿੰਦੀ ਹੈ। ਬਸਤੀਵਾਦੀ ਦੌਰ ਵਿਚ ਇਹ ਧਿਰ ਆਪਣੀ ਕੌਮੀਅਤ ਉੱਤੇ ਹਮਲੇ ਦਾ ਜਵਾਬ ਵੀ ਆਪਣੀ ਕੌਮ ਦੀ ਰੱਖਿਆ ਕਰ ਕੇ ਅਤੇ ਉਸ ਨੂੰ ਮੁੜ ਪਰਿਭਾਸਿ਼ਤ ਕਰ ਕੇ ਦਿੰਦੀ ਹੈ। 1947 ਤੋਂ ਬਾਅਦ ਹਰੀ ਕ੍ਰਾਂਤੀ ਕਾਰਨ ਸਾਧਨਾਂ ਵਾਲੀ ਧਿਰ ਦੀ ਤਰੱਕੀ ਹੁੰਦੀ ਹੈ, ਭਾਵੇਂ ਉਹ ਮੁੱਢਲੀ ਹੀ ਰਹਿੰਦੀ ਹੈ, ਭਾਵ ਕੁਝ ਦਹਾਕਿਆਂ ਬਾਅਦ ਹੀ ਖੇਤੀ ਪੈਦਾਵਾਰ ਲਈ ਉਸ ਦੇ ਭਿਆਨਕ ਨਤੀਜੇ ਪ੍ਰਗਟ ਹੋ ਜਾਂਦੇ ਹਨ। ਇਸ ਸੰਕਟ ਦੇ ਜਵਾਬ ਵਜੋਂ ਵੀ ਇਹ ਧਿਰ ਆਪਣੇ ਸਾਧਨਾਂ ਦੀ ਰਾਖੀ ਅਤੇ ਖੁਸ਼ਹਾਲੀ ਲਈ ਲਾਮਬੰਦ ਹੁੰਦੀ ਹੈ।
       ਸਾਧਨਸੰਪੰਨਤਾ ਦੀ ਪਰਿਭਾਸ਼ਾ ਅਤੇ ਹਕੀਕਤ ਅੱਜ ਬਦਲ ਚੁੱਕੀ ਹੈ। ‘ਸਾਧਨ’ ਹੁਣ ਨਿਰੋਲ ਸਾਧਨ ਨਹੀਂ ਰਿਹਾ ਜਿਸ ਉੱਤੇ ਕਬਜ਼ਾ ਕਰਨ ਲਈ ਕੋਈ ਬਾਹਰਲਾ ਦੁਸ਼ਮਣ ਘੋੜਿਆਂ ਅਤੇ ਤਲਵਾਰਾਂ ਨਾਲ ਆ ਧਮਕਿਆ ਹੈ। ਇਹ ਸਾਧਨ ਖੇਤੀ ਲਈ ਜ਼ਮੀਨ ਹੈ ਜੋ ਸੰਸਾਰ ਆਰਥਿਕ ਢਾਂਚੇ ਵਿਚ ਆਪਣੀ ਥਾਂ ਬਦਲ ਚੁੱਕੀ ਹੈ। ਸਾਧਨਾਂ ਦੀ ਦਰਜਾਬੰਦੀ ਵਿਚ ਖੇਤੀ ਦਾ ਸਥਾਨ ਸਭ ਤੋਂ ਉਚੇਰਾ ਨਹੀਂ ਹੈ। ਅੱਜ ਸਿਰਫ਼ ਸਾਧਨਸੰਪੰਨ ਹੋਣਾ ਸੱਤਾਸੰਪੰਨ ਹੋਣਾ ਨਹੀਂ ਹੈ। ਸਾਧਨ ਕਿਹੜਾ ਹੈ, ਉਸ ਦਾ ਕੀ ਕਿਰਦਾਰ ਹੈ ਅਤੇ ਉਸ ਦਾ ਸੰਸਾਰ ਅਰਥਚਾਰੇ ਵਿਚ ਕੀ ਸਥਾਨ ਹੈ, ਸਾਧਨਸੰਪੰਨਤਾ ਨੂੰ ਸੱਤਾਸੰਪੰਨਤਾ ਤੋਂ ਨਿਖੇੜ ਦਿੰਦਾ ਹੈ।
        ਇਸ ਦੇ ਬਾਵਜੂਦ ਸਾਧਨਸੰਪੰਨਤਾ ਦੀ ਸਿਆਸੀ ਅਤੇ ਸਮਾਜਿਕ ਸੱਤਾ ਬਰਕਰਾਰ ਹੈ। ਇਸ ਨੂੰ ਦੋ ਪ੍ਰਸੰਗਾਂ ਵਿਚ ਸਮਝਿਆ ਜਾ ਸਕਦਾ ਹੈ। ਸੰਸਾਰ ਆਰਥਿਕ ਸੰਕਟ ਵਿਚ ਪੰਜਾਬੀ ਕਿਸਾਨੀ ਸੱਤਾਸੰਪੰਨ ਨਹੀਂ ਰਹੀ ਪਰ ਪੰਜਾਬ ਦੇ ਮਾਮਲੇ ’ਚ ਅਤੇ ਪੰਜਾਬ ਦੀ ਜ਼ਮੀਨ ’ਤੇ ਸਾਧਨਸੰਪੰਨ ਧਿਰ ਦੀ ਆਰਥਿਕ, ਸਮਾਜਿਕ ਤੇ ਸਿਆਸੀ ਸੱਤਾ ਅਜੇ ਵੀ ਕਾਬਜ਼ ਹੈ। ਇਸ ਨੂੰ ਪੰਜਾਬ ਦੇ ਸੱਭਿਆਚਾਰਕ ਪ੍ਰਵਚਨਾਂ ਜਿਨ੍ਹਾਂ ਵਿਚ ਜਾਤੀਵਾਦੀ ਗੀਤ, ਜ਼ਮੀਨ ਤੋਂ ਰੁਤਬਾ, ਹਥਿਆਰਾਂ ਦਾ ਸਥਾਨ, ਇੱਜ਼ਤਾਂ ਦੇ ਸੰਕਲਪ, ਵਿਆਹ ਪ੍ਰਣਾਲੀ ਆਦਿ ਦੇ ਹਵਾਲੇ ਨਾਲ ਦੇਖਿਆ ਜਾ ਸਕਦਾ ਹੈ। ਸਾਧਨਸੰਪੰਨਤਾ ਭਾਵੇਂ ਸੰਸਾਰ ਨਵ-ਉਦਾਰਵਾਦ ਦਾ ਹਮਲਾ ਝੱਲ ਰਹੀ ਹੈ, ਉਸ ਦੀ ਵਿਚਾਰਧਾਰਾਤਮਕ ਸੱਤਾ ਜਿਉਂ ਦੀ ਤਿਉਂ ਹੈ ਜਾਂ ਉਸ ਨੂੰ ਬਣਾਈ ਰੱਖਣ ਦੀ ਲਗਾਤਾਰ ਕੋਸਿ਼ਸ਼ ਹੈ। ਇਥੇ ਸਾਧਨ ਦੇ ਸੰਕਲਪ ਨੂੰ ਇਕ ਹੋਰ ਪਰਤ ਵਿਚੋਂ ਲੰਘਾਉਣ ਦੇ ਲੋੜ ਹੈ ਜੋ ਪੀਅਰ ਬੌਰਦਿਊ ਆਪਣੇ ‘ਸੋਸ਼ਲ ਕੈਪੀਟਲ’ ਦੇ ਸਿਧਾਂਤ ਰਾਹੀਂ ਕਰ ਦਿੰਦਾ ਹੈ। ਸਮਾਜਿਕ ਪੂੰਜੀ ਆਰਥਿਕ ਪੂੰਜੀ ਨਾਲ ਜੁੜੀ ਹੋਈ ਜ਼ਰੂਰ ਹੈ ਪਰ ਇਸ ਦਾ ਆਪਣੀ ਹੋਂਦ ਵੀ ਹੈ। ਸਮਾਜ ਵਿਚ ਸੱਭਿਆਚਾਰਕ ਪੱਧਰ ਉੱਤੇ ਇੱਜ਼ਤਦਾਰ ਥਾਂ ਅਤੇ ਇਤਿਹਾਸਕ ਪ੍ਰਸੰਗ ਤੋਂ ਵਿਸ਼ੇਸ਼ ਅਧਿਕਾਰ (ਪ੍ਰਿਵੀਲਿਜ) ਮਿਲੇ ਹੋਣ ਕਾਰਨ ਕੁਝ ਤਬਕਿਆਂ ਕੋਲ ਸਮਾਜਿਕ ਪੂੰਜੀ (ਤੇ ਸਾਧਨ) ਵੱਧ ਹੁੰਦੀ ਹੈ। ਜਦੋਂ ਇਹ ਤਬਕੇ ਆਰਥਿਕ ਸੰਕਟ ਵਿਚ ਆਉਂਦੇ ਹਨ ਤਾਂ ਸਮਾਜਿਕ ਪੂੰਜੀ ਕਈ ਵਾਰ ਇਨ੍ਹਾਂ ਨੂੰ ਸਹਾਰਾ ਦਿੰਦੀ ਹੈ। ਅੱਜ ਪੰਜਾਬ ਵਿਚ ਭਾਵੇਂ ਸਾਧਨਾਂ ਦੀ ਮਲਕੀਅਤ ਖਤਰੇ ਵਿਚ ਹੈ ਪਰ ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਸਾਧਨਸੰਪੰਨਤਾ ਦਾ ਪ੍ਰਵਚਨ ਭਾਰੀ ਹੈ ਅਤੇ ਇਸ ਨਾਲ ਲਬਰੇਜ਼ ਸਮਾਜਿਕ ਦਬਦਬਾ ਵੀ ਜਾਰੀ ਹੈ। ਇਸ ਨੂੰ ਵੀ ਪੰਜਾਬ ਦੇ ਦਲਿਤ ਅਤੇ ਔਰਤਾਂ ਦੇ ਨਾ-ਬਰਾਬਰ ਬਦਲਦੇ ਹਾਲਾਤ (ਖੇਤੀ ਦੇ ਮਾਮਲੇ ਵਿਚ) ਅਤੇ ਸੱਭਿਆਚਾਰਕ ਪ੍ਰਵਚਨਾਂ ਰਾਹੀਂ ਸਮਝਿਆ ਜਾ ਸਕਦਾ ਹੈ।
        ਸਾਧਨਹੀਣ ਪੰਜਾਬੀ ਕਿਸਾਨੀ ਦੇ ਮਕਬੂਲ ਪ੍ਰਵਚਨਾਂ ਦਾ ਦੂਜਾ ਪਾਸਾ ਹਨ। ਪੰਜਾਬ ਦੇ ਦਲਿਤ, ਖਾਸਕਰ ਔਰਤਾਂ ਇਸ ਸੰਘਰਸ਼ ਦਾ ਹਿੱਸਾ ਹੁੰਦੇ ਹੋਏ ਵੀ ‘ਕਿਸਾਨ’ ਦੀ ਸਮੀਖਿਆ ਤੋਂ ਬਾਹਰ ਰਹੇ ਹਨ। ਸਾਧਨਹੀਣਤਾ ਦੇ ਵਿਚਾਰਧਾਰਾਈ ਪ੍ਰਸੰਗ ਵੀ ਪੰਜਾਬ ਦੀ ਧਰਤੀ ਉੱਤੇ ਆਉਂਦਿਆਂ ਹੀ ਗੁੰਝਲਦਾਰ ਹੋ ਜਾਂਦੇ ਹਨ। ਇਕ ਪਾਸੇ ਬਰਾਬਰੀ ਅਤੇ ਪ੍ਰਤੀਨਿਧਤਾ ਦਾ ਪ੍ਰਵਚਨ ਹੈ (ਜੋ ਸਿੱਖੀ ਤੋਂ ਪ੍ਰਭਾਵਿਤ ਹੈ), ਦੂਜੇ ਪਾਸੇ ਜ਼ਮੀਨੀ ਹਕੀਕਤ ਹੈ ਜਿਥੇ 322 ਸਾਲਾਂ ਦੇ ਇਤਿਹਾਸ ਵਿਚ ਸਾਧਨਹੀਣ ਦਾ ਦਰਜਾ ਸਾਧਨਸੰਪੰਨ ਨਹੀਂ ਬਣ ਸਕਿਆ ਹੈ। ਬਰਾਬਰੀ ਦੇ ਮੁਹਾਵਰਿਆਂ, ਪੰਜਾਬ ਦੇ ਇਤਿਹਾਸਕ ਏਕੀਕਰਨ, ਭਾਰਤੀ ਸਟੇਟ ਦੇ ਹਮਲੇ ਅਤੇ ਸੰਸਾਰ ਆਰਥਿਕ ਸੰਕਟ ਨੇ ਪੰਜਾਬੀ ਦਲਿਤ ਅਤੇ ਔਰਤ ਨੂੰ ਪੰਜਾਬੀ ਕਿਸਾਨੀ ਨਾਲ ਖੜ੍ਹਾ ਕਰ ਦਿੱਤਾ ਹੈ ਪਰ ਸਾਧਨਸੰਪੰਨ-ਸਾਧਨਹੀਣ ਵਿਚਲੀ ਵਿਰੋਧਤਾਈਆਂ ਖਾਰਜ ਨਹੀਂ ਹੋਈਆਂ ਹਨ। ‘ਮਦਰ ਇੰਡੀਆ’ ਦੇ ਕਿੱਸੇ ਵਾਂਗ ਹੀ ਸ਼ਾਇਦ ਸਾਧਨਹੀਣ ਨੇ ਆਪਣੀ ਲੜਾਈ ਆਪ ਲੜਨੀ ਤੈਅ ਕੀਤੀ ਹੈ ਜਾਂ ਇਸ ਵਕਤ ਆਪਣੀ ਲੜਾਈ ਨੂੰ ਪਹਿਲ ਨਹੀਂ ਦਿੱਤੀ ਹੈ। ਇਸ ਦੀ ਇਕ ਉਦਾਹਰਨ ਔਰਤ ਕਿਸਾਨ ਦਿਵਸ ਮਨਾਉਣ ਵਜੋਂ ਦੇਖੀ ਜਾ ਸਕਦੀ ਹੈ ਜਿਥੇ ਔਰਤਾਂ ਨੇ ‘ਕਿਸਾਨੀ’ ਅਰਥਚਾਰੇ ਵਿਚ ਆਪਣੀ ਥਾਂ ਬਣਾਉਣ ਲਈ ਪਹਿਲ ਕੀਤੀ ਹੈ। ਇਸ ਸੰਘਰਸ਼ ਨੇ ਕਈ ਬਦਲਵੇਂ ਸਭਿਆਚਾਰਾਂ ਨੂੰ ਜਨਮ ਦਿੱਤਾ ਹੈ ਜਿਸ ਦਾ ਸਮਾਜ ਤਕ ਪ੍ਰਸਾਰ ਭਵਿੱਖ ਦਾ ਪ੍ਰਸ਼ਨ ਹੈ।
         ਫਿਰ ਵੀ, ਪੰਜਾਬੀ ਕਿਸਾਨੀ ਨੂੰ ਸੰਸਾਰ ਨਵ-ਉਦਾਰਵਾਦੀ ਤੇ ਸਿਆਸੀ ਤਾਕਤਾਂ ਜ਼ਰੀਏ ਅਤੇ ਪੰਜਾਬ ਦੀਆਂ ਸਾਧਨਹੀਣ ਧਿਰਾਂ ਦੇ ਪ੍ਰਸੰਗ ਵਿਚ ਸਮਝਦੇ ਹੋਏ ਇਹ ਸੁਝਾਇਆ ਜਾ ਸਕਦਾ ਹੈ ਕਿ ਅੱਜ ਸਾਧਨਸੰਪੰਨ ਧਿਰ ਦੇ ਵਿਰੋਧ ਦੀਆਂ ਕਈ ਗੁੰਝਲਦਾਰ ਹਕੀਕਤਾਂ ਹਨ। ਪੰਜਾਬੀ ਸਾਧਨਸੰਪੰਨਤਾ ਦਾ ਇਤਿਹਾਸਕ ਪ੍ਰਵਚਨ ਅਤੇ ਵਿਚਾਰਧਾਰਾਈ ਚਿੰਨ੍ਹ ‘ਪੀੜਤ’ ਅਤੇ ‘ਯੋਧਾ’ ਹੈ। ਪੰਜਾਬੀ ਕਿਸਾਨੀ - ਸਾਧਨਸੰਪੰਨ ਧਿਰ - ਨੇ ਆਪਣੇ ਆਪ ਨੂੰ ਸਰਹੱਦੋਂ ਪਾਰ ਦੁਸ਼ਮਣ ਦੇ ਹਵਾਲੇ ਨਾਲ ਪਰਿਭਾਸ਼ਿਤ ਕੀਤਾ ਹੈ ਜਿਸ ਦਾ ਪ੍ਰਗਟਾਵਾ ਅੱਜ ਵੀ ਸੱਭਿਆਚਾਰਕ ਭਾਸ਼ਾ ਵਿਚ ਦਿਸ ਰਿਹਾ ਹੈ। ‘ਯੋਧੇ’ ਅਤੇ ‘ਜ਼ਮੀਨ ਦੇ ਰਖਵਾਲੇ’ ਦਾ ਪ੍ਰਵਚਨ ਬੇਸ਼ੱਕ ਸਟੇਟ ਨਾਲ ਲੜਨ ਦੀ ਹਿੰਮਤ ਬਖਸ਼ਣ ਵਾਲਾ ਪ੍ਰਤੀਤ ਹੁੰਦਾ ਹੈ ਪਰ ਕੀ ਇਹ ਆਪਣੀ ਸ਼੍ਰੇਣੀ ਦੇ ਅੰਦਰਲੇ ਪੀੜਤਾਂ ਨੂੰ ਥਾਂ ਦੇ ਸਕਦਾ ਹੈ? ਇਹ ਕਿਸਾਨੀ ਸੰਘਰਸ਼ ਲਈ ਅਹਿਮ ਸਵਾਲ ਹੈ।

ਸੰਪਰਕ : +44-7769092658