ਭੈਣ ਭਰਾ ਦੇ ਪਿਆਰ ਦਾ ਪ੍ਰਤੀਕ,ਰੱਖੜੀ - ਨਿਰਮਲਾ ਗਰਗ ਪਟਿਆਲਾ
ਰੱਖੜੀ ਦਾ ਤਿਉਹਾਰ ਪੂਰੇ ਭਾਰਤ ਵਰਸ਼ ਵਿੱਚ ਬੜੇ ਪਿਆਰ ਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ।ਇਸ ਨੂੰ ਰੱਖੜ ਪੁੰਨਿਆ ਵੀ ਕਹਿੰਦੇ ਹਨ।
ਇਹ ਦੁਨੀਆਂ ਦਾ ਸਭ ਤੋਂ ਨਿਆਰਾ ਬੰਧਨ ਹੈ, ਜੋ ਕਿ ਭਰਾ ਅਤੇ ਭੈਣ ਨੂੰ ਸਨੇਹ ਦੇ ਧਾਗੇ ਵਿੱਚ ਬੰਨ੍ਹ ਕੇ ਰੱਖਦਾ ਹੈ।ਇਸ ਰਿਸ਼ਤੇ ਵਿੱਚ ਜੇ ਮੁਸਕ੍ਰਾਹਟਾਂ ਨੂੰ ਕਾਇਮ ਰੱਖਣਾ ਹੈ ਤਾਂ ਬਚਪਨ ਨੂੰ ਕਦੇ ਵੀ ਭੁੱਲਣਾ ਨਹੀ ਚਾਹੀਦਾ। ਉਂਜ ਤਾਂ ਇਸ ਰਿਸ਼ਤੇ ਵਿੱਚ ਬਚਪਨ ਦੀ ਤਰਾਂ ਹੀ ਹਰ ਉਮਰ ਵਿੱਚ ਭੈਣ ਭਾਈ ਦੇ ਵਿੱਚ ਮਿਠਾਸ ਭਰੀ ਨੋਕ ਝੋਕ, ਸਿਕਾਇਤਾਂ, ਪਿਆਰ ਅਤੇ ਤਕਰਾਰ ਹੋਣਾ ਇੱਕ। ਆਮ ਜਿਹੀ ਗੱਲ ਹੈ,ਪਰ ਇੱਕ ਸਮੇ ਦੇ ਬਾਦ ਇਸ ਗੱਲ ਦਾ ਧਿਆਨ ਰੱਖਣਾ ਜਰੂਰੀ ਹੈ ਕਿ ਇੱਕ ਦੂਸਰੇ ਦੇ ਨਾਲ ਕੀਤਾ ਜਾ ਰਿਹਾ ਸੰਵਾਦ ਅਤੇ ਵਿਹਾਰ ਕਦੇ ਗੰਭੀਰ ਰੂਪ ਨਾ ਲੈ ਲਵੇ। ਇਸ ਲਈ ਜਰੂਰੀ ਹੈ ਕਿ ਰਿਸ਼ਤੇ ਦੀ ਇਸ ਡੋਰ ਨੂੰ ਪਿਆਰ ਅਤੇ ਸਮਝਦਾਰੀ ਦੇ ਨਾਲ ਬੰਨ ਕੇ ਰੱਖਿਆ ਜਾਵੇ,ਤਾਂ ਕਿ ਰਿਸ਼ਤਿਆਂ ਵਿੱਚ ਪਿਆਰ ਸਦਾ ਬਣਿਆ ਰਹੇ। ਭਰਾ ਭੈਣ ਦੀ ਇਹੀ ਸਮਝ ਹੀ ਇਸ ਜੋੜ ਨੂੰ ਦੁਨਿਆਵੀ ਰੰਗਾਂ ਤੋ ਬਚਾ ਕੇ ਰੱਖ ਸਕਦੀ ਹੈ,ਜਿਸ ਨਾਲ ਪਿਆਰ ਉਮਰ ਭਰ ਬਣਿਆ ਰਹੇਗਾ। ਇਹੀ ਸਾਂਝੀਆਂ ਮੁਸਕ੍ਰਾਹਟਾਂ ਇੱਕ ਦੂਜੇ ਨੂੰ ਕਦੇ ਦੁੱਖ ਅਤੇ ਤਕਲੀਫ ਵਿੱਚ ਇਕੱਲੇ ਨਹੀ ਹੋਣ ਦੇਣਗੀਆਂ।
ਭਾਈ ਭੈਣ ਇੱਕ ਦੂਜੇ ਨਾਲ ਏਨੀ ਗਹਿਰਾਈ ਨਾਲ ਜੁੜੇ ਹੁੰਦੇ ਹਨ ਕਿ ਉਹਨਾਂ ਨੂੰ ਆਪਣਾ ਦੁੱਖ ਸੁੱਖ ਸਾਂਝਾ ਲੱਗਦਾ ਹੈ,ਪਰ ਬਚਪਨ ਦੀਆਂ ਸ਼ਰਾਰਤਾਂ ਦੀ ਮਿਠਾਸ ਸਦਾ ਨਾਲ ਨਹੀ ਰਹਿੰਦੀ। ਵੱਧਦੀਆਂ ਜਿੰਮੇਵਾਰੀਆਂ ਅਤੇ ਜਿੰਦਗੀ ਦੀ ਰਫਤਾਰ ਵਿੱਚ ਇਹ ਪਿਆਰ ਦਾ ਰਿਸ਼ਤਾ ਕਿਤੇ ਗੁੰਮ ਜਿਹਾ ਹੋ ਜਾਂਦਾ ਹੈ।ਇਸ ਲਈ ਰਿਸ਼ਤਿਆਂ ਦੇ ਕਈ ਪੜਾਵਾਂ ਉੱਤੇ ਚੜ੍ਹਦੇ ਹੋਏ ਇਹ ਰਿਸ਼ਤਾ ਵੀ ਸੰਭਾਲ ਚਾਹੰਦਾ ਹੈ। ਰੱਖੜੀ ਦਾ ਇਹ ਤਿਉਹਾਰ ਹਰ ਵਾਰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਭਰਾ ਅਤੇ ਭੈਣ ਦੋਨੋਂ ਇਹ ਵਾਅਦਾ ਕਰਨ ਕਿ ਉਨਾਂ ਦਾ ਪਿਆਰ ਅਤੇ ਮੁਸਕ੍ਰਾਹਟਾਂ ਸਦਾ ਕਾਇਮ ਰਹਿਣਗੀਆਂ, ਹਾਲਾਤ ਬੇਸੱਕ ਜੋ ਵੀ ਹੋਣ, ਇੱਕ ਦੂਜੇ ਵਾਸਤੇ ਸਮਝ ਭਰੀ ਸੋਚ ਦੋਨਾਂ ਪਾਸੇ ਕਾਇਮ ਰਹੇਗੀ। ਉਂਜ ਵੀ ਇਹ ਪਿਆਰ ਭਰਿਆ ਰਿਸ਼ਤਾ ਆਤਮਾ ਦਾ ਉਹ ਰਿਸ਼ਤਾ ਹੈ ਜਿਸ ਨੂੰ ਮਨ ਨਾਲ ਜੀਆ ਜਾਂਦਾ ਹੈ। ਅਜਿਹੇ ਵਿੱਚ ਦਿਲ ਦੀ ਡੂੰਘਾਈ ਵਿੱਚ ਵਸਿਆ ਪਿਆਰ ਲਗਾਤਾਰ ਵੱਧਦਾ ਰਹੇ, ਇਸ ਦੇ ਲਈ ਸੱਚੇ ਮਨ ਨਾਲ ਇੱਕ ਦੂਜੇ ਨੂੰ ਬਚਨ ਦਿੱਤਾ ਜਾਵੇ, ਤਾਂ ਕਿ ਬਚਪਨ ਦਾ ਇਹ ਖੱਟਾ ਮਿੱਠਾ ਬੰਧਨ ਉਮਰ ਦੇ ਨਾਲ ਜਿੰਦਗੀ ਦਾ ਹਿੱਸਾ ਬਣੇ,ਸੰਘਰਸ਼ ਭਰੇ ਹਾਲਾਤਾਂ ਵਿੱਚ ਵੀ ਵੱਧਦਾ ਫੁੱਲਦਾ ਰਹੇ।ਇਸ ਲਈ ਰੱਖੜੀ ਦੇ ਤਿਉਹਾਰ ਤੇ ਇਹ ਵਾਅਦਾ ਸੌਗਾਤ ਦੇ ਰੂਪ ਵਿੱਚ ਭਰਾ ਆਪਣੀ ਭੈਣ ਅਤੇ ਭੈਣ ਆਪਣੇ ਭਰਾ ਨਾਲ ਕਰੇ ਤਾਂ ਕਿ ਇਹ ਸਬੰਧ ਹਮੇਸਾ ਕਾਇਮ ਰਹੇ।
ਇਸ ਦਿਨ ਇਹ ਵੀ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਇੱਕ ਦੂਜੇ ਦਾ ਦਿਲ ਕਦੇ ਵੀ ਨਹੀ ਦੁਖਾਉਣਗੇ।ਨਾਲ ਹੀ ਇੱਕ ਦੂਜੇ ਦੇ ਲਈ ਕਦੇ ਭੁੱਲ ਕੇ ਵੀ ਕੌੜੇ ਬੋਲ ਉਹਨਾਂ ਦੀ ਜੁਬਾਨ ਤੇ ਨਾ ਆਉਂਣ, ਚਾਹੇ ਹਾਲਾਤ ਜੋ ਵੀ ਹੋਣ ਅਜਿਹਾ ਕੁਝ ਨਾ ਕਹਿਣ ਕਿ ਹਮੇਸਾ ਵਾਸਤੇ ਭੈਣ ਜਾਂ ਭਾਈ ਦਾ ਕਲੇਜਾ ਵਿੰਨ੍ਹ ਜਾਣ। ਬਦਲਾਵ ਜੀਵਨ ਦਾ ਅਹਿਮ ਹਿੱਸਾ ਹੈ। ਸਮੇ ਦੇ ਨਾਲ ਚੱਲਦੇ ਹੋਏ ਰਿਸ਼ਤੇ ਨਾਤੇ ਵੀ ਬਦਲਦੇ ਹਨ। ਇਹ ਬਦਲਾਵ ਹੀ ਹੈ ਜੋ ਕਦੀ ਰਿਸਤਿਆਂ ਨੂੰ ਕਦੀ ਵਿਗਾੜਦਾ ਹੈ ਅਤੇ ਕਦੇ ਸੰਵਾਰਦਾ ਹੈ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਭਾਈ ਭੈਣ ਦੇ ਸਬੰਧਾਂ ਵਿੱਚ ਵੀ ਈਰਖਾ ਅਤੇ ਸਵਾਰਥ ਆ ਜਾਂਦਾ ਹੈ। ਕਦੇ ਪਿਤਾ ਪੁਰਖੀ ਜਾਇਦਾਦ ਦੇ ਵੰਡਵਾਰੇ ਨੂੰ ਲੈ ਕੇ ਅਤੇ ਕਦੇ ਰਿਸ਼ਤਿਆਂ ਨਾਤਿਆਂ ਦੀ ਗਲਤ ਫਹਿਮੀ ਤੇ ਚੱਲਦੇ। ਇਹ ਸਬੰਧ ਬਦਲਾਵ ਦੇ ਅਜਿਹੇ ਦੌਰ ਚੋਂ ਗੁਜਰਦਾ ਹੈ ਕਿ ਬਹੁਤ ਕੁਝ ਬਿਖੇਰ ਕੇ ਰੱਖ ਦਿੰਦਾ ਹੈ।ਅੱਗੇ ਤੋਂ ਅਜਿਹਾ ਨਹੀ ਹੋਵੇਗਾ, ਇਹ ਵਾਅਦਾ ਵੀ ਇੱਕ ਦੂਜੇ ਨਾਲ ਕਰਨਾ ਚਾਹੀਦਾ ਹੈ। ਭਰੋਸੇ ਦੀ ਅਜਿਹੀ ਨੀਂਹ ਬਣਾਓ ਕਿ ਜਦੋ ਵੀ ਨਕਾਰਾਤਮਕ ਸਥਿਤੀਆਂ ਦਾ ਸਾਹਮਣਾ ਹੋਵੇ, ਤਾਂ ਦੋਨੋ ਮਿਲ ਬੈਠ ਕੇ ਆਪਣੀਆਂ ਗਲਤ ਫਹਿਮੀਆਂ ਦੂਰ ਕਰਨ ਅਤੇ ਸਮੱਸਿਆਵਾਂ ਸੁਲਝਾਉਂਣ। ਅਜਿਹੀਆਂ ਉਲਝਣਾਂ ਨੂੰ ਹੋਰ ਵਧਣ ਦਾ ਮੌਕਾ ਨਹੀ ਦੇਣਾ ਚਾਹੀਦਾ। ਔਖੀਆਂ ਘੜੀਆਂ ਦੇ ਵਿੱਚ ਵੀ ਇੱਕ ਦੂਜੇ ਦਾ ਸਹਾਰਾ ਬਨਣਾ ਚਾਹੀਦਾ।
ਨਿਰਮਲਾ ਗਰਗ ਪਟਿਆਲਾ 98031 08966