Nirmaljit

24 ਮਾਰਚ ਨੂੰ ਜਨਮ ਦਿਨ ’ਤੇ ਵਿਸ਼ੇਸ਼ : ਜ਼ੁਲਮਤ ਕੋ ਜ਼ਿਆ... ਬੰਦੇ ਕੋ ਖ਼ੁਦਾ ਕਿਆ ਲਿਖਨਾ, ਕਿਆ ਲਿਖਨਾ ... - ਨਿਰਮਲਜੀਤ

ਸ਼ਾਇਰੀ ਤੇ ਵਿਦਰੋਹ :
ਹਬੀਬ ਜਾਲਿਬ ਵਾਹਗੇ ਦੇ ਆਰ-ਪਾਰ ਦੋਵੇਂ ਪੰਜਾਬਾਂ ਦਾ ਪ੍ਰਵਾਨਿਤ ਤੇ ਸਾਂਝਾ ਸ਼ਾਇਰ ਹੈ। ਉਸ ਦੀ ਸ਼ਾਇਰੀ ਦੀਆਂ ਬਹੁਤ ਸਾਰੀਆਂ ਕਾਵਿ-ਪੰਕਤੀਆਂ ਉਸਤਾਦ ਦਾਮਨ ਵਾਂਗ ਆਵਾਮ ਦੀ ਜ਼ੁਬਾਨ ’ਤੇ ਹਨ। ਹੱਕ-ਸੱਚ ’ਤੇ ਪਹਿਰਾ ਦੇਣ ਵਾਲਾ, ਪੰਜਾਬੀ ਬੋਲੀ ਨੂੰ ਪਿਆਰਨ ਤੇ ਵਿਕਸਿਤ ਕਰਨ ਵਾਲਾ, ਲੋਕਾਂ ਦੇ ਜਮਹੂਰੀ ਹੱਕਾਂ ਲਈ ਜੇਲ੍ਹਾਂ ਕੱਟਣ ਵਾਲਾ, ਫ਼ੌਜੀ ਰਾਜ ਉੱਤੇ ਵਿਅੰਗ ਕੱਸਣ ਵਾਲਾ ਹਬੀਬ ਜਾਲਿਬ ਬੇਬਾਕ ਤੇ ਨਿਡਰ ਸ਼ਾਇਰ ਹੈ।
     ਹਬੀਬ ਜਾਲਿਬ ਦਾ ਜਨਮ 24 ਮਾਰਚ 1928 ਵਿਚ ਮਿਆਣੀ ਅਫ਼ਗਾਨਾ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਪਿੰਡ ਦੇ ਸਕੂਲ ਤੋਂ ਮਿਡਲ ਪਾਸ ਕਰਨ ਮਗਰੋਂ ਉਹ ਆਪਣੇ ਵੱਡੇ ਭਰਾ ਕੋਲ ਦਿੱਲੀ ਚਲਾ ਗਿਆ। ਜਿੱਥੋਂ ਉਹ ਦੇਸ਼ ਦੀ ਤਕਸੀਮ ਵੇਲੇ ਪਹਿਲਾਂ ਕਰਾਚੀ ਅਤੇ ਫਿਰ ਲਾਹੌਰ ਜਾ ਵਸਿਆ। ਕਵਿਤਾ ਦੇ ਬੀਜ ਉਸ ਦੇ ਅੰਦਰ ਦਿੱਲੀ ਵਿਚ ਪੜ੍ਹਦਿਆਂ ਹੀ ਪੁੰਗਰਨ ਲੱਗੇ ਸਨ। ਜਾਲਿਬ ਨੇ ਭਾਵੇਂ ਨਜ਼ਮ ਤੇ ਗੀਤ ਵੀ ਖ਼ੂਬ ਲਿਖੇ ਹਨ, ਪਰ ਉਰਦੂ ਗ਼ਜ਼ਲ ਵਿਚ ਉਸ ਦਾ ਆਪਣਾ ਇਕ ਵੱਖਰਾ ਮੁਕਾਮ ਹੈ। ਉਸ ਨੇ ਸਰਲ-ਸਾਦਾ ਜ਼ੁਬਾਨ ਦੀ ਵਰਤੋਂ ਕਰਦਿਆਂ ਹੱਕ-ਸੱਚ ਲਈ ਜੂਝਦੇ ਹੋਏ ਲੋਕਾਂ ਦੀ ਜੱਦੋ-ਜਹਿਦ ਨੂੰ ਗ਼ਜ਼ਲ ਦੇ ਸ਼ਿਅਰਾਂ ਵਿਚ ਗੁੰਦਿਆ ਹੈ। ਉਰਦੂ ਦੇ ਪ੍ਰਮੁੱਖ ਭਾਰਤੀ ਸ਼ਾਇਰ ਅਲੀ ਸਰਦਾਰ ਜ਼ਾਫ਼ਰੀ ਨੇ ਹਬੀਬ ਜਾਲਿਬ ਨੂੰ ਵੀਹਵੀਂ ਸਦੀ ਦੀ ਆਵਾਜ਼ ਕਿਹਾ ਹੈ।
       ਫ਼ੈਜ਼ ਅਹਿਮਦ ਫ਼ੈਜ਼ ਵਾਂਗ ਹਬੀਬ ਜਾਲਿਬ ਨੇ ਵੀ ਪੰਜਾਬੀ ਵਿਚ ਗਿਣਤੀ ਦੀਆਂ ਰਚਨਾਵਾਂ ਹੀ ਲਿਖੀਆਂ ਹਨ। ਹਬੀਬ ਜਾਲਿਬ ਦੀ ਸ਼ਾਇਰੀ ਵਿਚ ਅਨੇਕਾਂ ਵੰਨਗੀਆਂ ਤੇ ਪਸਾਰ ਹਨ। ਆਵਾਮ ਪ੍ਰਤੀ ਵਚਨਬੱਧਤਾ, ਸਰਕਾਰੀ ਲੋਕ-ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ, ਫ਼ੌਜੀ ਰਾਜ ਦਾ ਵਿਰੋਧ ਤੇ ਅਮਰੀਕੀ ਸਾਮਰਾਜ ਪ੍ਰਤੀ ਉਸ ਦੇ ਮਨ ਵਿਚਲੀ ਘ੍ਰਿਣਾ ਉਸ ਦੀ ਸ਼ਾਇਰੀ ਦੇ ਮੁੱਖ ਸਰੋਕਾਰ ਰਹੇ।
     ਹਬੀਬ ਜਾਲਿਬ ਆਵਾਮ ਦਾ ਸ਼ਾਇਰ ਹੈ। ਉਹ ਗ਼ਰੀਬ ਦੁਖਿਆਰੇ, ਲਿਤਾੜੇ, ਕੁਚਲੇ ਹੋਏ ਅਤੇ ਹਰ ਜਗ੍ਹਾ ਦਬਾਈ ਅਤੇ ਲੁੱਟੀ ਜਾ ਰਹੀ ਆਵਾਮ ਦੀ ਜ਼ੁਬਾਨ ਬਣਦਾ ਰਿਹਾ ਹੈ। ਉਹ ਕਾਮਿਆਂ, ਕਿਸਾਨਾਂ, ਦਿਹਾੜੀਦਾਰਾਂ ਅਤੇ ਮੁਜਾਰਿਆਂ ਦੀ ਲੁੱਟ-ਖਸੁੱਟ ਤੇ ਦੁਸ਼ਵਾਰੀਆਂ ਦਾ ਜ਼ਿਕਰ ਬੜੀ ਜੁਰੱਅਤ ਤੇ ਬੇਬਾਕੀ ਨਾਲ ਕਰਦਾ ਹੈ। ਉਹ ਆਪਣੀ ਹਮਦਰਦੀ ਦਾ ਖੁੱਲ੍ਹ ਕੇ ਇਜ਼ਹਾਰ ਕਰਦਿਆਂ ਕਿਸੇ ਵੀ ਕਿਸਮ ਦੇ ਜਬਰ ਜ਼ੁਲਮ ਨੂੰ ਬਰਦਾਸ਼ਤ ਨਹੀ ਕਰਦਾ। ਉਹ ਜੁਰੱਅਤਮੰਦ, ਸਾਦਾ-ਸਾਫ਼ ਤੇ ਸੱਚੀ-ਸੁੱਚੀ ਸ਼ਾਇਰੀ ਦੀ ਰਵਾਇਤ ਨੂੰ ਅੱਗੇ ਲੈ ਕੇ ਜਾਂਦਾ ਹੈ। ਕਿਉਂਕਿ ਪਾਕਿਸਤਾਨ ਦੇ ਪੰਜਾਬੀ ਸੂਬੇ ਵਿਚ ਤਾਲੀਮ ਦਾ ਜ਼ਰੀਆ ਪੰਜਾਬੀ ਨਹੀਂ ਸਗੋਂ ਉਰਦੂ ਹੈ। ਪੰਜਾਬੀ ਲਈ ਇਸ ਦਾ ਬਣਦਾ ਹੱਕ ਮਨਾਵਣ ਲਈ ਪੰਜਾਬੀ ਅਦੀਬ ਤੇ ਦਾਨਿਸ਼ਵਰ ਕਿੰਨੇ ਸਾਲਾਂ ਤੋਂ ਜੱਦੋਜਹਿਦ ਕਰਦੇ ਆ ਰਹੇ ਹਨ, ਪਰ ਪੰਜਾਬੀ ਵਿਰੋਧੀ ਲਾਬੀ ਦੇ ਤਾਕਤਵਰ ਹੋਣ ਕਾਰਨ ਇਸ ਵਿਚ ਕਾਮਯਾਬੀ ਨਹੀਂ ਮਿਲ ਸਕੀ। ਪੰਜਾਬੀ ਜ਼ੁਬਾਨ ਦੀ ਗੱਲ ਕਰਨ ਵਾਲਿਆਂ ਦੀ ਵਤਨਪ੍ਰਸਤੀ ’ਤੇ ਹਮੇਸ਼ਾ ਤੋਂ ਹੀ ਸ਼ੱਕ ਕੀਤਾ ਜਾਂਦਾ ਰਿਹਾ ਹੈ। ਹਬੀਬ ਜਾਲਿਬ ਪੰਜਾਬੀ ਦਾ ਵੱਡਾ ਸ਼ਾਇਰ ਹੀ ਨਹੀਂ ਸਗੋਂ ਅਲੰਬਰਦਾਰ ਵੀ ਹੈ। ਉਸ ਨੇ ਪੰਜਾਬੀ ਹਮਾਇਤੀ ਤਹਿਰੀਕ ਦੇ ਹੱਕ ਵਿਚ ਨਜ਼ਮਾਂ ਲਿਖ ਕੇ ਰਚਨਾਤਮਕ ਤੌਰ ’ਤੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਸ ਦੀਆਂ ਕਈ ਅਜਿਹੀਆਂ ਨਜ਼ਮਾਂ ਹਨ ਜੋ ਉਸ ਦੇ ਪੰਜਾਬੀ ਪ੍ਰਤੀ ਮੋਹ ਨੂੰ ਪੇਸ਼ ਕਰਦੀਆਂ ਹਨ ਤੇ ਪਾਠਕਾਂ ਨੂੰ ਆਪਣੀ ਮਾਂ-ਬੋਲੀ ਪ੍ਰਤੀ ਸੁਚੇਤ ਵੀ ਕਰਦੀਆਂ ਹਨ।
ਪੁੱਤਰਾਂ ਤੇਰੀ ਚਾਦਰ ਲਾਈ
ਹੋਰ ਕਿਸੇ ਦਾ ਦੋਸ਼ ਨਾ ਮਾਈ
ਗ਼ੈਰਾਂ ਕਰ ਵਿਰਵੀ ਉਹ ਅੱਗ ਬਾਲੀ
ਸੀਨੇ ਹੋ ਗਏ ਪਿਆਰ ਤੋਂ ਖ਼ਾਲੀ
ਪੁੱਤਰਾਂ ਨੂੰ ਤੂੰ ਲੱਗੇ ਗਾਲ਼ੀ
ਤੈਨੂੰ ਬੋਲਣ ਤੋਂ ਸ਼ਰਮਾਵਣ
ਗ਼ੈਰਾਂ ਐਸੀ ਵਾਅ ਵਗਾਈ
ਪੁੱਤਰਾਂ ਤੇਰੀ ਚਾਦਰ ਲਾਈ

ਇਨ੍ਹਾਂ ਕੋਲ ਜ਼ਮੀਨਾਂ ਵੀ ਨੇ
ਇਨ੍ਹਾਂ ਹੱਥ ਸੰਗੀਨਾਂ ਵੀ ਨੇ
ਦੌਲਤ ਬੈਂਕ ਮਸ਼ੀਨਾਂ ਵੀ ਨੇ
ਨਾ ਇਹ ਤੇਰੇ ਨਾ ਇਹ ਮੇਰੇ
ਇਹ ਲੋਕੀ ਯੂਸਫ਼ ਦੇ ਭਾਈ
ਪੁੱਤਰਾਂ ਤੇਰੀ ਚਾਦਰ ਲਾਈ
ਹੋਰ ਕਿਸੇ ਦਾ ਦੋਸ਼ ਨਾ ਮਾਈ।
      ਹਬੀਬ ਜਾਲਿਬ ਸਮਾਜਿਕ ਵਰਤਾਰਿਆਂ ਤੋਂ ਪੂਰੀ ਤਰ੍ਹਾਂ ਚੌਕਸ ਹੈ ਅਤੇ ਉਹ ਸਾਰੇ ਰਾਜਸੀ ਵਰਤਾਰਿਆਂ, ਘਟਨਾਵਾਂ, ਵਿਅਕਤੀਆਂ, ਹਾਕਮਾਂ, ਦੋਸਤਾਂ ਤੇ ਦੁਸ਼ਮਣਾਂ ਨੂੰ ਇਸੇ ਨਜ਼ਰੀਏ ਅਨੁਸਾਰ ਜਾਂਚਦਾ, ਪਰਖਦਾ ਹੈ। ਉਸ ਦੀ ਸ਼ਾਇਰੀ ਮਨਪ੍ਰਚਾਵੇ ਦਾ ਵਸੀਲਾ ਨਹੀਂ ਹੈ ਅਤੇ ਨਾ ਹੀ ਸ਼ੁਗ਼ਲ ਦਾ ਬਹਾਨਾ। ਉਸ ਦੀ ਕਲਮ ਹੱਕ-ਸੱਚ ਦੇ ਪੱਖ ਵਿਚ ਤੇ ਲੁੱਟ-ਖਸੁੱਟ ਅਤੇ ਜਬਰ-ਜ਼ੁਲਮ ਤੇ ਤਸ਼ਦੱਦ ਦੇ ਬਰਖ਼ਿਲਾਫ਼ ਚਲਦੀ ਹੈ। ਉਸ ਦੀ ਲਿਖਤ ਦਾ ਘੇਰਾ ਬਹੁਤ ਵਸੀਹ ਹੈ। ਉਹ ਸਮਾਜ ਵਿਚ ਫੈਲੀ ਜਮਾਤੀ ਵੰਡ ਤੋਂ ਰੂ-ਸਨਾਸ਼ ਹੈ। ਆਵਾਮ ਦੇ ਹੱਕ ਵਿਚ ਖਲੋਣ ਦੀ ਕੋਸ਼ਿਸ਼ ਕਰਦਾ ਉਹ ਸਿਆਸੀ ਇਕਤਾਦੀ ਨੀਤੀਆਂ ਦੀ ਤਿੱਖੀ ਨੁਕਤਾਚੀਨੀ ਕਰਦਾ ਹੈ। ਉਹ ਬਦਨਾਮ ਤਾਨਾਸ਼ਾਹੀ ਲੀਡਰਾਂ ਨੂੰ ਵੀ ਨਹੀਂ ਬਖਸ਼ਦਾ। ਪਾਕਿਸਤਾਨੀ ਆਵਾਮ ਲਈ ਜਮਹੂਰੀ ਹਕੂਕ ਦਾ ਮਸਲਾ ਬਹੁਤ ਗੰਭੀਰ ਰਿਹਾ ਹੈ। ਵਾਰ-ਵਾਰ ਫ਼ੌਜੀ ਰਾਜ ਦੀ ਕਾਇਮੀ ਨਾਲ ਉੱਥੇ ਜਮਹੂਰੀ ਰਵਾਇਤਾਂ ਮਜ਼ਬੂਤੀ ਨਾਲ ਜੜ੍ਹ ਨਹੀਂ ਫੜ ਸਕੀਆਂ। ਆਵਾਮ ਦੀ ਆਜ਼ਾਦੀ ਦਾ ਵਾਰ-ਵਾਰ ਗਲ ਘੁੱਟਿਆ ਜਾਂਦਾ ਰਿਹਾ ਹੈ। ਇਸੇ ਤੜਪ ਅਤੇ ਆਵਾਮ ਉੱਤੇ ਹੁੰਦੇ ਤਸ਼ਦੱਦ ਨੂੰ ਹਬੀਬ ਜਾਲਿਬ ਨੇ ਆਪਣੀ ਇਸ ਨਜ਼ਮ ਰਾਹੀਂ ਬਾਖ਼ੂਬੀ ਪੇਸ਼ ਕੀਤਾ ਹੈ :
ਡਾਕੂਆਂ ਦਾ ਜੇ ਸਾਥ ਨਾ ਦੇਂਦਾ ਪਿੰਡ ਦਾ ਪਹਿਰੇਦਾਰ,
ਅੱਜ ਪੈਰੀਂ ਜੰਜ਼ੀਰ ਨਾ ਹੁੰਦੀ ਜਿੱਤ ਨਾ ਹੁੰਦੀ ਹਾਰ,
ਪੱਗਾਂ ਆਪਣੇ ਗਲ ਵਿਚ ਪਾ ਲਉ, ਟੁਰੋ ਪੇਟ ਦੇ ਭਾਰ,
ਚੜ੍ਹ ਜਾਏ ਤਾਂ ਮੁਸ਼ਕਲ ਲਹਿੰਦੀ ਬੂਟਾਂ ਦੀ ਸਰਕਾਰ।
       ਹਬੀਬ ਜਾਲਿਬ ਦੀ ਸ਼ਾਇਰੀ ਹਮੇਸ਼ਾ ਆਵਾਮ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੀ ਰਹੀ ਹੈ। ਸਿਆਸੀ ਵਿਚਾਰਾਂ ਅਤੇ ਇਨ੍ਹਾਂ ਦੇ ਤਖ਼ਲੀਕੀ ਪੱਧਰ ’ਤੇ ਬਿਆਨ ਕਈ ਵਾਰੀ ਆਪੋ ਵਿਚ ਟਕਰਾ ਜਾਂਦੇ ਹਨ, ਪਰ ਤਖ਼ਲੀਕੀ ਲਿਖਤਾਂ ਵਿਚ ਉਹ ਨਿਝੱਕ ਹੋ ਕੇ ਆਵਾਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ। ਜਾਲਿਬ ਮਜ਼ਦੂਰ ਜਮਾਤ ਦੀ ਤੇ ਸਰਮਾਏਦਾਰ ਜਮਾਤ ਦੀ ਸਿਆਸਤ ਵਿਚ ਫ਼ਰਕ ਨਹੀਂ ਕਰਦਾ। ਉਹ ਸਭ ਸਿਆਸਤਦਾਨਾਂ ਨੂੰ ਬੇਈਮਾਨ ਸਮਝਦਾ ਹੈ।
    ਜਾਲਿਬ ਦੀ ਇਹ ਖ਼ਾਸੀਅਤ ਹੈ ਕਿ ਉਸ ਨੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਿਹਾ ਤੇ ਹਕੂਮਤ-ਜਬਰ ਨਾਲ ਕਦੇ ਸਮਝੌਤਾ ਨਹੀਂ ਸੀ ਕੀਤਾ। ਹਰ ਖ਼ਤਰੇ ਸਮੇਂ, ਜ਼ੁਲਮ ਦੇ ਕਿਸੇ ਦੌਰ ਵਿਚ ਜਾਲਿਬ ਦੀ ਕਲਮ ਚੁੱਪ ਨਹੀਂ ਸੀ ਹੋਈ :
ਚੁੱਪ ਕਰ ਮੁੰਡਿਆ, ਨਾ ਮੰਗ ਰੋਟੀਆਂ,
ਖਾਮੇਗਾ ਜ਼ਮਾਨੇ ਹੱਥੋਂ ਨਈ ਤੇ ਸੋਟੀਆਂ
ਦੜ ਵੱਟ ਕੇ ਤੂੰ ਕੱਟ ਏਥੇ ਦਿਨ ਚਾਰ
ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ
ਇਕ ਮੁੱਕੀ ਚੁੱਕ ਲੈ ਦੂਸਰੀ ਤਿਆਰ
ਦਿਲਾਂ ਵਿਚ ਜਿਨ੍ਹਾਂ ਦੇ ਮੁਹੱਬਤਾਂ ਦਾ ਨੂਰ
ਜਾਣ ਠੁਕਰਾਏ ਬਿਨਾਂ ਕੀਤਿਆਂ ਕਸੂਰ
ਰਹਿਣ ਸੁੱਖੀ ਵਾਜਦਾਂ ਵਲੀਕਿਆਂ ਦੇ ਯਾਰ
ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ।
     ਬਾਬਾ ਜਾਲਿਬ ਆਵਾਮ ਦੇ ਮੁੱਖ ਦੁਸ਼ਮਣਾਂ ਵਿਚੋਂ ਜਾਗੀਰਦਾਰੀ ਪ੍ਰਬੰਧ ’ਤੇ ਆਪਣਾ ਨਿਸ਼ਾਨਾ ਸੇਧਦਾ ਹੈ ਤੇ ਕੰਮੀਆਂ ਦੀ ਜ਼ਿੰਦਗੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ਕਿ ਆਖਿਰ ਕਦੋਂ ਤੱਕ ਇਹ ਲੋਕ ਜਾਗੀਰਦਾਰਾਂ ਦੀਆਂ ਬੁੱਤੀਆਂ ਕਰਦੇ ਰਹਿਣਗੇ। ਉਹ ਉੱਚੇ ਮਹਿਲ-ਮਾੜੀਆਂ ਵਿਚ ਕੰਮ ਕਰਨ ਵਾਲੀਆਂ ਕੰਮੀਆਂ ਦੀਆਂ ਧੀਆਂ ਪ੍ਰਤੀ ਚਿੰਤਤ ਦਿਖਾਈ ਦਿੰਦਾ ਹੈ ਤੇ ਉਨ੍ਹਾਂ ਨਾਲ ਹੁੰਦੀ ਜ਼ਿਆਦਤੀ ਤੇ ਬਦਸਲੂਕੀ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ :
ਧੀ ਕੰਮੀ ਦੀ
ਵੱਡੇ ਘਰ ਵਿਚ ਬੁੱਤੀਆਂ ਕਰਦੀ
ਹੰਝੂ ਪੀਂਦੀ ਹਉਕੇ ਭਰਦੀ
ਨਾ ਇਹ ਜੀਂਦੀ ਨਾ ਇਹ ਮਰਦੀ
ਬੁੱਢੇ ਖ਼ਾਨ ਦਾ ਹੁੱਕਾ
ਦਿਨ ਵਿਚ ਸੌ ਸੌ ਵਾਰੀ ਤਾਜ਼ਾ ਕਰਦੀ
ਖ਼ਾਨ ਦਾ ਪੁੱਤਰ
ਬੈਠਕ ਦੇ ਵਿਚ ਹਾਸੇ ਭਾਣੇ
ਬਾਂਹ ਫੜ ਲੈਂਦਾ
ਇਹਨੂੰ ਸੀਧਾਂ ਐਨੂੰ ਖਹਿੰਦਾ
ਕੀ ਦੱਸਾਂ ਉਹ ਕੀ ਕੀ ਕਹਿੰਦਾ
ਅੱਧੀ ਰਾਤੀਂ ਛੋਟੀ ਬੀਬੀ ਕਹਿੰਦੀ
ਉਠ ਤਕੀਏ ਵੱਲ ਚੱਲੀਏ
ਜੇ ਕੰਮੀ ਨੇ ਪਿੰਡ ਵਿਚ ਰਹਿਣਾ
ਫਿਰ ਇਹ ਸਭ ਕੁਝ ਕਰਨਾ ਪੈਣਾ।
      ਉਸ ਦੀ ਇਹ ਨਜ਼ਮ ਜਿੱਥੇ ਇਕ ਪਾਸੇ ਜਾਗੀਰਦਾਰੀ ਪ੍ਰਬੰਧ ਹੇਠ ਹੁੰਦੀ ਧੱਕੇਸ਼ਾਹੀ ਨੂੰ ਬਿਆਨ ਕਰਦੀ ਹੈ, ਉੱਥੇ ਦੂਜੇ ਪਾਸੇ ਗ਼ਰੀਬੀ ਜ਼ਲਾਲਤ ਦੇ ਖ਼ਿਲਾਫ਼ ਬਗ਼ਾਵਤ ਦਾ ਸੱਦਾ ਵੀ ਦਿੰਦੀ ਹੈ ਤੇ ਉਨ੍ਹਾਂ ਹੁਕਮਰਾਨਾਂ ਨੂੰ ਕੋਸਦੀ ਹੈ ਜੋ ਗ਼ਰੀਬ ਆਵਾਮ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਨੂੰ ਲਿਤਾੜਦੇ ਹਨ। ਇਸੇ ਲਈ ਹਬੀਬ ਜਾਲਿਬ ਹਾਲਾਤ ਵਿਰੁੱਧ ਲੜਨ, ਮਰਨ ਅਤੇ ਇਕੱਠੇ ਹੋਣ ਦਾ ਪੈਗ਼ਾਮ ਦਿੰਦਾ ਹੈ।
      ਜਾਲਿਬ ਦੀ ਸੋਚ ਦਾ ਘੇਰਾ ਰੰਗ, ਜਾਤ, ਨਸਲ ਤੇ ਧਰਮ ਦੀਆਂ ਵਲਗਣਾਂ ਤੋਂ ਪਰ੍ਹੇ ਹੈ। ਉਹ ਇਨਸਾਨੀ ਦੋਸਤੀ ਦਾ ਹਾਮੀ ਹੈ ਤੇ ਇਨਸਾਨੀਅਤ ਦੇ ਰੌਸ਼ਨ ਮੁਸਤਕਬਿਲ ਵਿਚ ਯਕੀਨ ਰੱਖਦਾ ਹੈ। ਉਸ ਨੂੰ ਇਨਸਾਨੀ ਅਜ਼ਮਤ ਤੇ ਜੱਦੋਜਹਿਦ ਵਿਚ ਵਿਸ਼ਵਾਸ ਹੈ| ਉਸ ਨੇ ਜਿੰਨੀ ਬੇਬਾਕੀ, ਨਿਡਰਤਾ ਤੇ ਜੁਰੱਅਤ ਨਾਲ ਫ਼ੌਜੀ ਰਾਜ ਪ੍ਰਬੰਧ ਉੱਤੇ ਵਿਅੰਗਮਈ ਲਫ਼ਜ਼ਾਂ ਦੇ ਤੀਰ ਸੇਧੇ ਹਨ, ਉਹ ਕਿਸੇ ਹੋਰ ਸ਼ਾਇਰ ਦੀ ਸ਼ਾਇਰੀ ਵਿਚ ਘੱਟ ਹੀ ਮਿਲਦੇ ਹਨ। ਜਾਲਿਬ ਹਿੰਦ-ਪਾਕ ਦੋਸਤੀ ਦਾ ਮੁੱਦਈ ਸੀ। ਉਹ ਜਾਣਦਾ ਸੀ ਕਿ ਦੇਸ਼ ਦੇ ਟੁਕੜੇ ਹੋਣ ਨਾਲ ਜਨ ਸਾਧਾਰਨ ਫ਼ਿਰਕੂ ਆਧਾਰ ’ਤੇ ਵੰਡੇ ਗਏ ਹਨ। ਇਸੇ ਲਈ ਉਹ ਪਾਕਿਸਤਾਨੀ ਆਵਾਮ ਨੂੰ ਸੰਬੋਧਿਤ ਹੋ ਕੇ ਲਿਖਦਾ ਹੈ :
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ,
ਵੱਡਿਆਂ ਵਡੇਰਿਆਂ ਦਾ
ਜ਼ਾਲਮਾਂ ਲੁਟੇਰਿਆਂ ਦਾ
ਛੱਡ ਨਾਮ ਜੱਪਣਾ।
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ

ਸਰਾਂ ਦੀਆਂ ਪੋਤਿਆਂ ਨੇ
ਪੋਤਿਆਂ ਪੜੋਤਿਆਂ ਨੇ
ਰੀਂਗਣਾ ਦੇ ਤੋਤਿਆਂ ਨੇ
ਕੁਝ ਤੈਨੂੰ ਦਿੱਤਾ ਵੀ
ਐਵੇਂ ਪਿਆ ਟੱਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ

ਬੰਦੇ ਨੇ ਇਹ ਪਿਆਰ ਦੇ
ਐਵੇਂ ਤੈਨੂੰ ਚਾਰਦੇ
ਝੂਠ ਪਏ ਮਾਰਦੇ
ਹੋਸ਼ ਕਰ ਪਾਗਲਾ
ਪਾ ਖੱਪ ਨਾ
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ

ਗੋਰੇ ਚਿੱਟੇ ਸਾਬਾਂ ਕੋਲੋਂ
ਕਾਲਿਆਂ ਨਵਾਬਾਂ ਕੋਲੋਂ
ਬਚ ਇਨ੍ਹਾਂ ਅਜ਼ਾਬਾਂ ਕੋਲੋਂ
ਨਹੀਂ ਤਾਂ ਤੈਨੂੰ ਮੁੱਦਤਾਂ
ਪਵੇਗਾ ਕਲਪਨਾ
ਗੱਲ ਸੁਣ ਚੱਪਣਾ
ਰਾਜ ਲਿਆ ਆਪਣਾ।
      ਜਾਲਿਬ ਦੀ ਸ਼ਾਇਰੀ ਇਨਾਮਾਂ ਸਨਮਾਨਾਂ ਦੀ ਮੁਹਤਾਜ ਨਹੀਂ। ਉਸ ਦੀ ਕਦਰਦਾਨ ਤੇ ਚਾਹੁਣ ਵਾਲੀ ਆਵਾਮ ਦਾ ਘੇਰਾ ਬਹੁਤ ਵਿਆਪਕ ਹੈ। ਸਾਦਾ ਜ਼ੁਬਾਨ ਵਿਚ ਲੋਕ ਦੁਸ਼ਮਣਾਂ ਦੇ ਚਿਹਰਿਆਂ ਤੋਂ ਨਕਾਬ ਲਾਹ ਦੇਣ ਦਾ ਉਸ ਦਾ ਸਿੱਧਾ ਸਾਦਾ ਢੰਗ ਸੀ। ਉਸ ਦੀ ਸ਼ਾਇਰੀ ਵਿਚ ਵਲਵਲਾ ਹੈ, ਵੇਗ ਹੈ ਜੋ ਆਵਾਮ ਦੇ ਦਿਲ ’ਤੇ ਸਿੱਧਾ ਅਸਰ ਕਰਦਾ ਹੈ। ਇਹੀ ਕਾਰਨ ਹੈ ਕਿ ਪਾਠਕ ਉਸ ਦੀ ਸ਼ਾਇਰੀ ਨੂੰ ਪੜ੍ਹ ਕੇ ਯਕਦਮ ਪ੍ਰਭਾਵਿਤ ਹੀ ਨਹੀਂ ਹੁੰਦਾ ਸਗੋਂ ਉਸਦਾ ਕਾਇਲ ਵੀ ਹੋ ਜਾਂਦਾ ਹੈ। ਆਵਾਮ ਨੂੰ ਸੱਚ ਦੇ ਰੂ-ਬ-ਰੂ ਕਰਵਾਉਣਾ ਅਤੇ ਪਾਕਿਸਤਾਨੀ ਆਵਾਮ ਦੀ ਆਵਾਜ਼ ਬਣਨਾ ਉਸ ਦੇ ਯਥਾਰਥ ਨੂੰ ਸਮਝਣਾ ਅਤੇ ਆਪਣੀ ਕਲਮ ਰਾਹੀਂ ਉਸ ਯਥਾਰਥ ਨੂੰ ਬਿਨਾਂ ਕਿਸੇ ਡਰ ਦੇ ਨਿਸੰਗ ਹੋ ਪੇਸ਼ ਕਰਨਾ ਆਪਣੇ ਆਪ ਵਿਚ ਪ੍ਰੋੜਤਾ ਵਾਲਾ ਤੇ ਮਹੱਤਵਪੂਰਨ ਕੰਮ ਹੈ  :
ਜਾਲਿਬ ਸਾਂਈ ਕਦੀ ਕਦਾਈਂ ਚੰਗੀ ਗੱਲ ਕਹਿ ਜਾਂਦਾ ਏ
ਲੱਖ ਪੂਜੋ ਚੜ੍ਹਦੇ ਸੂਰਜ ਨੂੰ ਆਖਰ ਨੂੰ ਇਹ ਲਹਿ ਜਾਂਦਾ ਏ।
ਬਾਝ ਤੇਰੇ ਉਹ ਦਿਲ ਦੇ ਸਾਥੀ ਦਿਲ ਦੀ ਹਾਲਤ ਕੀ ਦੱਸਾਂ
ਕਦੀ ਕਦੀ ਇਹ ਥੱਕਿਆ ਰਾਹੀ ਰਸਤੇ ਵਿਚ ਬਹਿ ਜਾਂਦਾ ਏ।
ਸਾਂਦਲ ਬਾਰ ਵਸੇਂਦੀਏ ਹੀਰੇ ਵਸਦੇ ਰਹਿਣ ਤੇਰੇ ਹਾਸੇ
ਦੋ ਪਲ ਤੇਰੇ ਗ਼ਮ ਦਾ ਪ੍ਰਾਹੁਣਾ ਅੱਖੀਆਂ ਵਿਚ ਰਹਿ ਜਾਂਦਾ ਏ।
ਹਾਏ ਦੋ ਆਨੇ ਦੀ ਉਹ ਦੁਨੀਆ ਜਿੱਥੇ ਮੁਹੱਬਤ ਵੱਸਦੀ ਸੀ
ਹੰਝੂ ਬਣ ਕੇ ਦੁੱਖ ਵਤਨਾਂ ਦਾ ਅੱਖੀਆਂ ਵਿਚੋਂ ਵਹਿ ਜਾਂਦਾ ਏ।
ਫ਼ਜ਼ਰੇ ਉਹ ਚਮਕਾਂਦਾ ਡਿੱਠਾ ਜਾਲਿਬ ਸਾਰੀ ਦੁਨੀਆ ਨੂੰ
ਰਾਤੀਂ ਜਿਹੜਾ ਸੇਕ ਦੁੱਖਾਂ ਦੇ ਰੱਜ ਰੱਜ ਕੇ ਸਹਿ ਜਾਂਦਾ ਏ।
      ਜਾਲਬ ਦੀ ਨਜ਼ਰ ਦਾ ਘੇਰਾ ਸਿਰਫ਼ ਪਾਕਿਸਤਾਨੀ ਆਵਾਮ ਦੀ ਹਯਾਤੀ ਤੱਕ ਹੀ ਸੀਮਿਤ ਨਹੀਂ, ਉਸ ਨੇ ਕੌਮਾਂਤਰੀ ਮਸਲਿਆਂ ਬਾਰੇ ਵੀ ਆਪਣੇ ਵਿਚਾਰ ਪ੍ਰਗਟਾਏ ਹਨ। ਖ਼ੁਦਗ਼ਰਜ਼ ਤੇ ਸੁਆਰਥੀ ਲੀਡਰਾਂ ਦੇ ਕਿਰਦਾਰ ਨੂੰ ਬੇਪਰਦ ਕਰਦਿਆਂ ਤੇ ਚਾਰੇ ਪਾਸੇ ਹੋ ਰਹੀ ਲੁੱਟ ਖਸੁੱਟ ਤੋਂ ਬੇਚੈਨ ਹੋ ਕੇ ਉਸ ਦੀ ਕਲਮ ਬੜੀ ਕਰੁਣਾਮਈ ਹਾਲਤ ਨੂੰ ਬਿਆਨ ਕਰਦੀ ਹੈ :
ਏਧਰ ਘੋੜਾ ਓਧਰ ਗਾਂ
ਦੱਸ ਬੰਦਿਆ ਮੈਂ ਕਿਧਰ ਜਾਂ
ਏਧਰ ਮੁੱਲਾ ਦੀ ਝੂਹਨੀ ਏ
ਓਧਰ ਪੰਡਿਤ ਦੀ ਧੂਣੀ ਏ
ਏਧਰ ਹਾਲ ਅਗਰ ਮੰਦਾ ਏ
ਓਧਰ ਵੀ ਤੇ ਭੁੱਖ ਚੂਣੀ ਏ
ਆਵੇ ਕਿਤੇ ਨਾ ਸੁੱਖ ਦਾ ਸਾਹ
ਦੱਸ ਬੰਦਿਆ ਮੈਂ ਕਿਧਰ ਜਾਂ।
      ਮੁਲਕ ਦੀ ਵੰਡ ਤੇ ਆਵਾਮ ’ਤੇ ਹੁੰਦੇ ਤਸ਼ਦੱਦ ਪ੍ਰਤੀ ਵੀ ਜਾਲਿਬ ਦੀ ਕਲਮ ਚੁੱਪ ਨਹੀਂ ਰਹੀ। ਉਹ ਸਾਂਝੇ ਪੰਜਾਬ ਦੇ ਤਕਸੀਮ ਹੋਣ ਉਪਰੰਤ ਆਵਾਮ ਦੀ ਹੁੰਦੀ ਦੁਰਦਸ਼ਾ ਪ੍ਰਤੀ ਫ਼ਿਕਰਮੰਦ ਨਜ਼ਰ ਆਉਂਦਾ ਹੈ। ਵੰਡ ਦੀ ਝੁੱਲੀ ਹਨੇਰੀ ਵਿਚ ਤਬਾਹ ਹੋਏ ਲੱਖਾਂ ਲੋਕਾਂ ਦੇ ਦਰਦ ਨੂੰ ਬਿਆਨ ਕਰਦਿਆਂ ਲੋਕਾਂ ਨੂੰ ਆਪਣੀ ਸਾਂਝੀਵਾਲਤਾ ਤੇ ਭਾਈਚਾਰੇ ਤੋਂ ਮੁਨਕਰ ਨਹੀਂ ਹੋਣ ਦਿੰਦਾ :
ਉੱਚੀਆਂ ਕੰਧਾਂ ਵਾਲਾ ਘਰ ਸੀ ਰੋ ਲੈਂਦੇ ਸਾਂ ਖੁੱਲ ਕੇ
ਐਸੀ ਵਾਅ ਵਗਾਈ ਓ ਰੱਬਾ ਰਹਿ ਗਈ ਜਿੰਦੜੀ ਰੁਲ ਕੇ
ਚਾਰ ਚੁਫ਼ੇਰੇ ਦਰਦ ਹਨੇਰੇ ਹੰਝੂ ਡੇਰੇ ਡੇਰੇ
ਦੁਖਿਆਰੇ ਵਣਜਾਰੇ ਆ ਗਏ ਕਿਧਰ ਰਸਤਾ ਭੁੱਲ ਕੇ
ਯਾਦ ਆਈਆਂ ਕੁਝ ਹੋਰ ਵੀ ਤੇਰੇ ਸ਼ਹਿਰ ਦੀਆਂ ਬਰਸਾਤਾਂ
ਹੋਰ ਵੀ ਚਮਕੇ ਦਾਗ਼ ਦਿਲਾਂ ਦੇ ਨਾਲ ਅਸ਼ਕਾਂ ਦੇ ਧੁਲ ਕੇ
ਆਪਣੀ ਗੱਲ ਨਾ ਛੱਡੀ ਜਾਲਿਬ ਸ਼ਾਇਰ ਕੁਝ ਵੀ ਆਖਣ
ਆਪਣੀ ਰੰਗਤ ਖੋ ਦੇਂਦੇ ਨੇ ਰੰਗ ਰੰਗਾਂ ਵਿਚ ਘੁਲ ਕੇ।
        ਸ਼ਾਇਰ ਦੀ ਵਚਨਬੱਧਤਾ ਪੰਜਾਬ ਅਤੇ ਪੰਜਾਬੀਅਤ ਨਾਲ ਹੈ। ਉਹ ਪੰਜਾਬੀਅਤ ਨੂੰ ਚੜ੍ਹਦੇ-ਲਹਿੰਦੇ ਪੰਜਾਬ ਦੇ ਸਾਂਝੇ ਸਭਿਆਚਾਰਕ ਵਿਰਸੇ ਦੇ ਸੰਕਲਪ ਅਤੇ ਨਜ਼ਰੀਏ ਤੋਂ ਵੇਖਦਾ ਹੈ। ਉਸ ਨੂੰ ਦੁੱਖ ਹੈ ਕਿ ਫ਼ਿਰਕੂ ਵਾਤਾਵਰਣ ਅਤੇ ਸੌੜੇ ਧਾਰਮਿਕ ਲਾਭ ਇਸ ਦੇ ਰਾਹ ਵਿਚ ਵੱਡੀ ਰੁਕਾਵਟ ਬਣਦੇ ਹਨ। ਉਹ ਪੰਜਾਬੀਅਤ ਨੂੰ ਇਨਸਾਨੀਅਤ ਦੇ ਝਰੋਖੇ ਵਿਚੋਂ ਦੇਖਦਾ ਹੈ। ਵਿਅਕਤੀਗਤ ਹੋਂਦ ਦੇ ਨਾਲ ਨਾਲ ਹਬੀਬ ਜਾਲਿਬ ਦੀ ਸ਼ਾਇਰੀ ਉਸ ਦੀ ਜੀਵਨ ਦ੍ਰਿਸ਼ਟੀ ਦਾ ਹੀ ਦੂਜਾ ਰੂਪ ਹੈ। ਉਹ ਉਸਾਰੂ ਸੋਚ ਅਤੇ ਉਚੇਰੀ ਪ੍ਰਤਿਭਾ ਵਾਲਾ ਸ਼ਾਇਰ ਹੈ ਜੋ ਗ਼ਲਤ ਕਦਰਾਂ ਕੀਮਤਾਂ ਨੂੰ ਨਕਾਰਦਾ ਹੈ। ਬੁਨਿਆਦੀ ਪੱਧਰ ’ਤੇ ਉਹ ਇਕ ਅਜਿਹਾ ਸ਼ਾਇਰ ਹੈ ਜੋ ਨਿਰੋਲ ਜਜ਼ਬਿਆਂ ਦੀ ਪੱਧਰ ਉੱਤੇ ਨਹੀਂ ਵਿਚਰਦਾ। ਉਸ ਦੀਆਂ ਨਜ਼ਮਾਂ ਭਾਵਾਂ, ਬੁੱਧੀ ਅਤੇ ਵਿਚਾਰ ਦਾ ਸੁੰਦਰ ਸੁਮੇਲ ਹਨ। ਜਾਲਿਬ ਦੀ ਖ਼ੂਬੀ ਇਹ ਰਹੀ ਹੈ ਕਿ ਉਹ ਆਪਣੇ ਸਮਿਆਂ ਦੇ ਇਤਿਹਾਸ ਨੂੰ ਚਿਤਰਦਾ ਹੈ। ਸਮਕਾਲ ਦੇ ਦਮ ਘੋਟੂ ਵਾਤਾਵਰਣ ਵਿਚੋਂ ਉਪਜਣ ਵਾਲੇ ਪ੍ਰਭਾਵਾਂ ਨੂੰ ਅੰਕਿਤ ਕਰਦਾ ਹੈ। ਨਿਰਸੰਦੇਹ! ਹਬੀਬ ਜਾਲਿਬ ਜਟਿਲ ਗੱਲਾਂ ਤੇ ਦਾਰਸ਼ਨਿਕ ਵਿਚਾਰਾਂ ਨੂੰ ਸਰਲ ਢੰਗ ਨਾਲ ਕਹਿਣ ਵਾਲਾ ਸ਼ਾਇਰ ਹੈ।
ਜ਼ੁਲਮਤ ਕੋ ਜ਼ਿਆ... ਬੰਦੇ ਕੋ ਖ਼ੁਦਾ ਕਿਆ ਲਿਖਨਾ
ਹਬੀਬ ਜਾਲਿਬ
ਜ਼ੁਲਮਤ ਕੋ ਜ਼ਿਆ1, ਸਰਸਰ2 ਕੋ ਸਬਾ3, ਬੰਦੇ ਕੋ ਖ਼ੁਦਾ ਕਿਆ ਲਿਖਨਾ
ਪੱਥਰ ਕੋ ਗੌਹਰ4, ਦੀਵਾਰ ਕੋ ਦਰ, ਕਰਗਸ5 ਕੋ ਹੁਮਾ6 ਕਿਆ ਲਿਖਨਾ
ਇਕ ਹਸ਼ਰ7 ਬਪਾ ਹੈ ਘਰ ਘਰ ਮੇਂ, ਦਮ ਘੁਟਤਾ ਹੈ ਗੁੰਬਦ-ਏ-ਬੇਦਰ8 ਮੇਂ
ਏਕ ਸ਼ਖ਼ਸ ਕੇ ਹਾਥੋਂ ਮੁੱਦਤ9 ਸੇ, ਰੁਸਵਾ10 ਹੈ ਵਤਨ ਦੁਨੀਆਂ ਭਰ ਮੇਂ
ਇਬਲੀਸਨੁਮਾ11 ਇਨਸਾਨੋਂ ਕੀ, ਏ ਦੋਸਤ ਸਨਾ12 ਕਿਆ ਲਿਖਨਾ
ਜ਼ੁਲਮਤ ਕੋ ਜ਼ਿਆ, ਸਰਸਰ ਕੋ ਸਬਾ, ਬੰਦੇ ਕੋ ਖ਼ੁਦਾ ਕਿਆ ਲਿਖਨਾ

ਹਕ ਬਾਤ ਪੇ ਕੋੜੇ ਔਰ ਜ਼ਿੰਦਾਂ13, ਬਾਤਿਲ14 ਕੇ ਸ਼ਿਕੰਜੇ ਮੇਂ ਹੈ ਯੇ ਜਾਂ15
ਇੰਸਾਂ ਹੈਂ ਕਿ ਸਹਿਮੇ ਬੈਠੇ ਹੈਂ, ਖੂੰਖ਼ਾਰ ਦਰਿੰਦੇ ਹੈਂ ਰਕਸਾਂ16
ਇਸ ਜ਼ੁਲਮੋ ਸਿਤਮ ਕੋ ਲੁਤਫ਼ੋ ਕਰਮ17, ਇਸ ਦੁਖ ਕੋ ਦਵਾ ਕਿਆ ਲਿਖਨਾ
ਜ਼ੁਲਮਤ ਕੋ ਜ਼ਿਆ, ਸਰਸਰ ਕੋ ਸਬਾ, ਬੰਦੇ ਕੋ ਖ਼ੁਦਾ ਕਿਆ ਲਿਖਨਾ

ਹਰ ਸ਼ਾਮ ਯਹਾਂ ਸ਼ਾਮੇਂ ਵੀਰਾਂ18, ਆਸੇਬਜ਼ਦਾ19 ਰਸਤੇ ਗਲੀਆਂ
ਜਿਸ ਸ਼ਹਿਰ ਕੀ ਧੁਨ ਮੇਂ ਨਿਕਲੇ ਥੇ, ਵੋ ਸ਼ਹਿਰ ਦਿਲੇ ਬਰਬਾਦ ਕਹਾਂ
ਸਹਰਾ20 ਕੋ ਚਮਨ, ਬਨ21 ਕੋ ਗੁਲਸ਼ਨ, ਬਾਦਲ ਕੋ ਰਿਦਾ22 ਕਿਆ ਲਿਖਨਾ
ਜ਼ੁਲਮਤ ਕੋ ਜ਼ਿਆ, ਸਰਸਰ ਕੋ ਸਬਾ, ਬੰਦੇ ਕੋ ਖ਼ੁਦਾ ਕਿਆ ਲਿਖਨਾ

ਐ ਮੇਰੇ ਵਤਨ ਕੇ ਫ਼ਨਕਾਰੋਂ23, ਜ਼ੁਲਮਤ ਪੇ ਨਾ ਅਪਨਾ ਫ਼ਨ24 ਵਾਰੋ
ਯੇ ਮਹਿਲਸਰਾਓਂ25 ਕੇ ਵਾਸੀ, ਕਾਤਿਲ ਹੈਂ ਸਭੀ ਅਪਨੇ ਯਾਰੋਂ
ਵਿਰਸੇ ਮੇਂ ਹਮੇਂ ਯੇ ਗ਼ਮ ਹੈ ਮਿਲਾ, ਇਸ ਗ਼ਮ ਕੋ ਨਯਾ26 ਕਿਆ ਲਿਖਨਾ
ਜ਼ੁਲਮਤ ਕੋ ਜ਼ਿਆ, ਸਰਸਰ ਕੋ ਸਬਾ, ਬੰਦੇ ਕੋ ਖ਼ੁਦਾ ਕਿਆ ਲਿਖਨਾ
1. ਰੌਸ਼ਨੀ; 2. ਤੂਫ਼ਾਨ; 3. ਰੁਮਕਦੀ ਪੌਣ/ਹਵਾ; 4. ਮੋਤੀ/ਜਵਾਹਰਾਤ; 5. ਗਿੱਧ; 6. ਇਕ ਖਿਆਲੀ ਪੰਖੇਰੂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਿਸ ਵੀ ਬੰਦੇ ਦੇ ਸਿਰ ਉੱਪਰੋਂ ਲੰਘ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ; 7. ਕਯਾਮਤ; 8. ਆਸਮਾਨ; 9. ਬਹੁਤ ਸਮੇਂ ਤੋਂ; 10. ਬਦਨਾਮ; 11. ਸ਼ੈਤਾਨ ਵਰਗੇ; 12. ਹਮਦ, ਪ੍ਰਸੰਸਾ, ਉਸਤਤ; 13. ਜੇਲਾਂ; 14. ਝੂਠ; 15. ਜਾਨ; 16. ਨਾਚ ਕਰ ਰਹੇ ਹਨ; 17. ਇਨਾਮ, ਦਿਆਲਤਾ, ਮਿਹਰਬਾਨੀ; 18. ਸੁੰਨੀ ਹੋਈ ਸ਼ਾਮ; 19. ਭੂਤਾਂ ਦੇ ਵਾਸੇ ਵਾਲੀ ਥਾਂ; 20. ਮਾਰੂਥਲ, ਬੰਜਰ, ਵੀਰਾਨ; 21. ਜੰਗਲ; 22. ਚਾਦਰ; 23. ਕਲਾਕਾਰ; 24. ਕਲਾ; 25. ਬਾਦਸ਼ਾਹਾਂ ਦਾ ਜ਼ਨਾਨਖ਼ਾਨਾ/ਹਰਮ; 26. ਨਵਾਂ|