ਗਿਆ ਪ੍ਰੀਤਾ ਆਇਆ ਪ੍ਰੀਤਾ : ਕਬੱਡੀ ਦਾ ਪ੍ਰੀਤਮ - ਪ੍ਰੀਤਾ ਨਡਾਲੀਆ
ਜਿਵੇਂ ਪੰਜਾਬ ਵਿੱਚ ਵਾਰਿਸ ਦਾ ਕਿੱਸਾ 'ਹੀਰ ਮਸ਼ਹੂਰ ਹੈ, ਜਗਰਾਵਾਂ ਦੀ ਰੋਸ਼ਨੀ 'ਤੇ ਬੱਬੇਹਾਲੀ ਦੀ ਛਿੱਝ ਇਵੇਂ ਕਬੱਡੀ ਜਗਤ ਵਿੱਚ ਪ੍ਰੀਤੇ ਦਾ ਨਾਮ ਮਸ਼ਹੂਰ ਹੈ।ਕੋਈ ਵੇਲਾ ਸੀ ਜਦੋਂ ਪਿੰਡ ਦੀ ਸੱਥਾਂ ਵਿੱਚ 'ਪ੍ਰੀਤਾ-ਪ੍ਰੀਤਾ ਹੁੰਦੀ ਸੀ। ਪ੍ਰੀਤੇ ਦੀ ਖੇਡ ਦੇ ਦੀਵਾਨੇ ਲੋਕ ਦੂਰੋਂ ਦੂਰੋਂ ਪਹੁੰਚਦੇ ਸਨ। ਪ੍ਰੀਤੇ ਦਾ ਨਾਮ ਮੈਂ ਪਹਿਲੀ ਵਾਰ ਆਪਣੇ ਬਾਪੂ ਦੇ ਮੂੰਹੋਂ ਸੁਣਿਆ ਸੀ। ਉਦੋਂ ਮੈ ਛੇਵੀਂ ਕਲਾਸ 'ਚ ਪੜ੍ਹਦਾ ਹੋਊ। ਲੋਕਾਂ ਨੇ ਕੱਪੜੇ ਲਾਹੁੰਦੇਖਿਡਾਰੀਆਂ ਕੋਲ ਖੜ੍ਹ ਜਾਣਾ ਭੀੜ ਵਿਚੋਂ ਆਵਾਜਾਂ ਆਉਣੀਆਂ 'ਅੋਹ ਆ ਪ੍ਰੀਤਾ, ਅੱਜ ਖੇਡ ਦੇਖਣ ਦਾ ਸਵਾਦ ਆਊ, ਮੈਚ ਸਿਰੇ ਦਾ ਹਊ।ਲੋਕਾਂ ਨੇ ਸਾਹ ਰੋਕ ਕੇ ਕਬੱਡੀ ਦਾ ਮੈਚ ਦੇਖਣਾ।ਪ੍ਰੀਤੇ ਨੇ ਜਦੋਂ ਕੋਡੀ ਪਾਉਣੀ ਪਹਿਲਾ ਸੂਰਜ ਵੱਲ ਦੇਖਣਾ, ਫਿਰ ਸੱਜੇ ਕੰਨੀਓ ਧਾਵਾ ਬੋਲਣਾ ਜਿਵੇਂ ਕਹਿੰਦੇ ਹੁੰਦੇ ਆ ਬਈ:- ਬੱਦਲ ਉੱਠਿਆ ਟਿੱਲਿਉਂ, ਗਾਂਹ ਮਹਿੰ ਨਾ ਖੁੱਲੇ ਕਿੱਲਿਉ ''ਜਾਫੀਆਂ ਨੂੰ ਭਾਜੜਾਂ ਪੈ ਜਾਣੀਆਂ, ਪੈਰ ਜਮੀਨ ਤੇ ਨਾ ਲੱਗਣੇ, ਧੋਲੋਂ ਧੋਲੀਂ ਹੋਣਾ। ਨਾਲੋਂ ਨਾਲ ਦਰਸ਼ਕਾਂ ਦਾ ਵੱਧ ਜ਼ੋਰ ਲੱਗਣਾ, ਦੇਖਣ ਵਾਲਿਆਂ 'ਚੋਂ ਕਈਆਂ ਨੇ ਦੋ-ਦੋ ਫੁੱਟ ਪਿੱਛੇ ਨੂੰ ਜਾਣਾ, ਜਦੋਂ ਮਗਰਲੇ ਦਰਸ਼ਕ ਨੇ ਕਹਿਣਾ, ਦੇਖੀ ਭਰਾਵਾ, ਸਾਡੇ ਤੇ ਕਿਉਂ ਚੜ੍ਹੀ ਜਾਨਾ, ਤਾਂ ਜਾ ਕੇ ਅੱਗਲੇ ਦਰਸ਼ਕਨੇ ਆਪਣੇ ਥਾਂ ਸਿਰ ਖੜੇਂ ਹੋਣਾ।ਇਹ ਹਾਲ ਸਨ ਪ੍ਰੀਤੇ ਦੀ ਕਬੱਡੀ ਦੀਵਾਨਿਆਂ ਦਾ।ਪ੍ਰੀਤਮ ਸਿੰਘ ਦਾ ਜਨਮ ਪੰਜਾਬ ਵੰਡ ਤੋਂ ਕੋਈ ਤਿੰਨ ਸਾਲ ਪਹਿਲੇ 15 ਜਨਵਰੀ 1944 ਨੂੰ ਪਿੰਡ ਡਸਕਾ (ਸਿਆਲਕੋਟ) ਦੇ ਲਾਗੇ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਪਿਤਾ ਲਾਭ ਸਿੰਘ ਦੇ ਗ੍ਰਹਿ ਮਾਤਾ ਜਿੰਦ ਕੌਰ ਦੀ ਕੁੱਖ ਤੋਂ ਹੋਇਆ।ਪ੍ਰੀਤਮ ਸਿੰਘ ਹੁਣੀ ਤਿੰਨ ਭਰਾ ਸਨ।ਵੱਡਾ ਭਰਾ ਸਵ: ਬਹਦਰ ਸਿੰਘ ਉਸ ਤੋਂ ਛੋਟਾ ਮਹਿੰਦਰ ਸਿੰਘ ਅਤੇ ਪ੍ਰੀਤਮ ਸਿੰਘ।ਡਸਕੇ 'ਚ ਇਨ੍ਹਾਂ ਦਾ ਪਰਿਵਾਰ ਪਹਿਲਵਾਨਾਂ ਦੇ ਪਰਿਵਾਰ ਵਜੋਂ ਜਾਣਿਆ ਜਾਂਦਾ ਸੀ। ਇਨ੍ਹਾਂ ਦੇ ਤਾਏ ਗੰਡਾ ਸਿੰਘ ਦਾ ਲੜਕਾ ਸੁੰਦਰ ਸਿੰਘ ਇਲਾਕੇ ਦਾ ਨਾਮੀ ਪਹਿਲੇਵਾਨ ਸੀ। ਵੇਲਣੇ ਦੀਆਂ ਗੋਗੜਾਂ ਨਾਲ ਰੋਜ਼ ਦੋ ਹੱਥ ਕਰਨੇ ਤੇ ਡੰਡ ਬੈਠਕਾ ਕੱਢਣੀਆਂ ਉਸਦਾ ਨੇਮ ਸੀ। ਬਾਲ ਪ੍ਰੀਤੇ ਨੇ ਸਾਧਨਾਂ ਦੇ ਇਸ ਸਬਕ ਨੂੰ ਨਿੱਕੇ ਹੁੰਦਿਆਂ ਹੀ ਦੇਖ ਦੇਖ ਕੇ ਰੱਟ ਲਿਆ ਸੀ। ਜੋ ਸਿਆਲਕੋਟ ਨੂੰ ਪੂਰਨ ਭਗਤ ਨੇ ਮਸ਼ਹੂਰ ਕੀਤਾ ਤਾਂ ਡਸਕੇ ਨੂੰ ਪਹਿਲਵਾਨਾਂ ਦੇ ਇਸ ਟੱਬਰ ਨੇ ਮਸ਼ਹੂਰ ਕੀਤਾ ਸੀ। ਸੰਨ 1947 ਦੇ ਰੋਲਿਆਂ ਨੇ ਨਿੱਕੇ ਜਿਹੇ ਪ੍ਰੀਤੇ ਨੂੰ ਪਰਿਵਾਰ ਨੇ ਨਡਾਲੇ ਲੈ ਆਦਾ, ਬਾਪ ਦੀ 80ਕਿੱਲੇ ਵਾਹੀ ਸੀ। ਇੱਧਰ ਆ ਕੇ ਪੈਂਤੀ ਕਿੱਲੇ ਰਹਿ ਗਈ, ਨਾਲੇ ਵੰਡ ਦਾ ਦੁੱਖ ਹੰਢਾਇਆ ਨਾਲੇ ਅੱਧਾ ਘਰ ਗੁਆਇਆ। ਸਿਆਣੇ ਕਹਿੰਦੇ ਹਨ ਕਿ, ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੋਣ ''ਪਰਿਵਾਰ ਦੀ ਰੱਜਵੀਂ ਮਿਹਨਤ ਨੇ ਦਿਨ ਮੋੜ ਦਿੱਤੇ। ਪ੍ਰੀਤਮ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਤਪਤ ਕੀਤੀ। ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਡਾਲਾ ਸਕੂਲ 'ਚ ਪੜ੍ਹਦਿਆਂ ਮਾਸਟਰ ਅਮਰ ਸਿੰਘ ਢਿੱਲੋਂ ਨੇੁ ਪ੍ਰੀਤਮ ਸਿੰਘ ਅੰਦਰ ਲੁਕੇ ਖਿਡਾਰੀ ਨੂੰ ਪਛਾਣ ਲਿਆ। ਜਿਵੇਂ ਲੁਹਾਰ ਲੋਹੇ ਨੂੰ ਐਰਿਨ ਉੱਪਰ ਲੋਹੇ ਨੂੰ ਗਰਮ ਕਰਕੇ ਚੰਡਦਾ ਹੈ, ਇਵੇਂ ਮਾਸਟਰ ਜੀ ਨੇ ਪ੍ਰੀਤਮ ਸਿੰਘ ਨੂੰ ਅਭਿਆਸ ਦੀ ਭੱਠੀ 'ਚ ਤਾਅ ਕੇ ਪ੍ਰੀਤੇ 'ਤੋਂ ਪ੍ਰੀਤਮ ਨਡਾਲੀਆ ਬਣਾ ਦਿੱਤਾ। ਪ੍ਰੀਤਮ ਸਿੰਘ ਕਿਸੇ ਪਾਰਖੂ ਦੀ ਅੱਖ ਵਿਚ ਪ੍ਰਵਾਨ ਚੜ੍ਹ ਗਿਆ ਸੀ। ਇਹ ਗੱਲਾਂ ਮੈਨੂੰ ਪ੍ਰੀਤਮ ਸਿੰਘ ਨੇ ਉਸ ਦਿਨ ਦੱਸੀਆਂ ਜਿਸ ਦਿਨ ਮੈ ਛੁੱਟੀ ਤੋਂ ਬਾਅਦ ਉਨਾਂ ਨੂੰ ਮਿਲਣ ਲਈ ਉਨਾਂ ਦੇ ਘਰ ਗਿਆ। ਗੱਲਾਂ ਕਰਦਿਆਂ ਸੂਰਜ ਕਦੋਂ ਪੱਛਮ ਦੀ ਗੁੱਠ ਵਿੱਚ ਲਹਿ ਗਿਆ ਸੀ, ਜਿਸ ਦਾ ਪਤਾ ਹੀ ਨਹੀਂ ਲੱਗਾ। ਜਿਵੇਂ ਸੂਰਜ ਨੇ ਪੱਛਮ ਵਿਚ ਸਿਰ ਨੀਵਾਂ ਕਰ ਲਿਆ ਸੀ, ਮਾਸਟਰ ਅਮਰ ਸਿੰਘ ਦੇ ਜਿਕਰ ਤੋਂ ਬਾਅਦ ਪ੍ਰੀਤਮ ਸਿੰਘ ਨੇ ਵੀ ਆਪਣਾ ਸਿਰ ਨੀਵਾਂ ਕਰ ਲਿਆ ਸੀ। ਵਾਹ! ਸੱਠ ਸਾਲ ਬੀਤ ਜਾਣ ਤੋਂ ਬਾਅਦ ਵੀ ਪ੍ਰੀਤਮ ਸਿੰਘ ਆਪਣੇ ਉਸਤਾਦ ਦਾ ਸਤਿਕਾਰ ਕਰਨਾ ਨਹੀ ਭੁੱਲਿਆ। ਪ੍ਰੀਤਮ ਸਿੰਘ ਦੇ ਦੱਸਣ ਅਨੁਸਾਰ ਇਹ ਗੱਲ 1960 ਦੀ ਹੋਵਗੀ। ਸ੍ਰ ਹਰਨਿਰੰਜਨ ਸਿੰਘ ਭਾਗੋਵਾਲ ਜਿਲ੍ਹਾਂ ਗੁਰਦਾਸਪੁਰ ਸਕੂਲ ਦੇ ਹੈਂਡ ਮਾਸਟਰ ਸਨ। ਪ੍ਰੀਤੇ ਦੀ ਵਿਰੋਧੀ ਟੀਮ ਵਿੱਚ ਮੋਹਣਾ ਦੋਲੋ ਨੰਗਲੀਆ ਤੇ ਨੱਥਾ ਵਜ਼ੀਰ ਭੁੱਲਰ ਦੋਵੇਂ ਖਿਡਾਰੀ ਵਡੇਰੀ ਉਮਰ ਦੇ ਲਏ ਗਏ। ਰੱਟਾ ਪੈ ਗਿਆ, ਗੱਲ ਕਿਸੇ ਪਾਸੇ ਨਾ ਲੱਗੇ, ਵਿਰੋਧੀ ਟੀਮ ਦੋਹਾਂ ਖਿਡਾਰੀਆਂ ਨੂੰ ਖਿਡਾਉਣ ਲਈ ਬਜ਼ਿਦ ਸੀ। ਇਹ ਆਤਮ ਵਿਸ਼ਵਾਸ਼ ਜਾ ਜ਼ੋਰ ਅਜਮਾਈ ਕਹਿ ਲਉ, ਪ੍ਰੀਤੇ ਦੀ ਟੀਮ ਮੈਦਾਨ ਵਿੱਚ ਖੇਡਣ ਵਾਸਤੇ ਨਿੱਤਰ ਪਈ। ਉਦੋਂ ਪ੍ਰੀਤੇ ਦੀ ਟੀਮ 'ਚ ਪਿੰਦਰ ਨਿਹਾਲਗੜ੍ਹੀਆਂ ਜਾਫੀ ਸੀ। ਪਿਆਰਾ ਗਿੱਲ ਤੇ ਧੀਰਾ ਘੁੰਮਣ ਨਡਾਲੀਆ ਰੇਡਰ ਸਨ। ਮੈਚ ਦੇਖਣ ਲਈ ਪਾੜਿਆਂ ਦਾ ਹੜ੍ਹ ਆਇਆ ਹੋਇਆ ਸੀ। ਪਹਿਲੇ ਹਾਫ ਵਿਚ ਪ੍ਰੀਤੇ ਦੀ ਟੀਮ 18 ਦੇ ਨੰਬਰ ਅਤੇ ਵਿਰੋਧੀ ਟੀਮ ਦੇ 6 ਨੰਬਰ ਦੂਜੇ ਹਾਫ ਵਿਚ ਵੀ ਵਿਰੋਧੀ ਟੀਮ 6ਦਾ ਅੰਕੜਾ ਪਾਰ ਨਾ ਕਰ ਸਕੀ ਤੇ ਪ੍ਰੀਤੇ ਹੁਰਾਂ ਨੇ 43 ਅਮਕ ਲੈ ਕੇ ਮੈਚ ਜਿੱਤ ਲਿਆ। ਕਿਸੇ ਦੀ ਕਾਮਯਾਬੀ ਉਦੋਂ ਮੂੰਹੋ ਬੋਲਦੀ ਹੈ ਜਦੋਂ ਉਸ ਸਮੇਂ ਦੀ ਜਵਾਨੀ ਆਪਣੇ ਨਾਇਕ ਵਰਗਾ ਬਣਨ ਲਈ ਆਪਣੀਆਂ ਸੋਚਾਂ ਦੇ ਪਰ ਤੋਲਦੀ ਹੈ। ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਡਾ: ਆਸਾ ਸਿੰਘ ਘੁੰਮਣ ਆਪਣੇ ਚੇਤਿਆ ਦੀ ਸੰਗੇਰ 'ਚੋਂ ਦੱਸਦੇ ਹਨ ਕਿ ਉਹ ਪ੍ਰੀਤਮ ਸਿੰਘ ਤੋਂ ਚਾਰ ਜਮਾਤਾਂ ਪਿੱਛੇ ਸਨ, ਪ੍ਰੀਤਮ ਸਿੰਘ ਸਕੂਲ ਤੋਂ ਦਸਵੀਂ ਪਾਸ ਕਰਕੇ ਚਲਾ ਗਿਆ ਸੀ। ਕਦੇਂ ਗਾਹੇ-ਬਗਾਹੇ ਪ੍ਰੀਤਮ ਸਕੂਲ ਆਉਦਾ ਤਾਂ ਮੁੰਡੇ ਉਸ ਨੂੰ ਬੜੇ ਤਫਾਕ ਨਾਲ ਮਿਲਦੇ ਸਨ। ਉਹਦੇ ਨਾਲ ਕਬੱਡੀ ਵਾਰੇ ਗੱਲਾਂ ਕਰਦੇ ਨਾ ਥੱਕਦੇ। ਸਕੂਲ ਵਿਚ ਮੁੰਡੇ ਉਹਦੇ ਵਾਂਗ ਤੁਰਦੇ, ਉਹਦੇ ਅੰਦਾਜ 'ਚ ਗੱਲਾਂ ਕਰਦੇ ਤੇ ਕਬੱਡੀ ਖੇਡਦੇ ਉਹਦੀ ਨਕਲ ਕਰਦੇ ਸਨ। ਮੁੰਡਿਆਂ ਨੂੰ ਆਪਣੇ ਅੰਦਰ ਪ੍ਰੀਤਾ ਚੁੰਘੀਆਂ ਭਰਦਾ ਮਹਿਸੂਸ ਹੁੰਦਾ ਸੀ। ਸੱਚਮੁੱਚ ਉਹ ਆਪਣੇ ਸਮਕਾਲੀਆਂ ਦਾ ਨਾਇਕ ਸੀ, ਇਹ ਉਸ ਦੀ ਵੱਡੀ ਪ੍ਰਾਪਤੀ ਸੀ। ਉਹਦੇ ਮੁੱਢਲੇ ਮੈਚਾਂ ਵਿੱਚੋਂ ਇੱਕ ਮੈਚ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਫਸਿਆ ਹੋਇਆ ਹੈ। ਇਹ ਮੈਚ ਨਡਾਲੇ ਦੇ ਲਾਗੇ ਦਮੂਲੀਆ ਪਿੰਡ ਵਿਚ ਹੋਇਆ। ਫੈਸਲਾ ਹੋਇਆ ਕਿ ਨਡਾਲੇ ਤੇ ਬੇਗੋਵਾਲ ਵੱਲ ਦੇ ਖਿਡਾਰੀ ਇੱਕ ਪਾਸੇ ਅਤੇ ਲੱਖਣ-ਕੇ-ਪੱਡੇ ਵੱਲ ਦੇ ਖਿਡਾਰੀ ਦੂਜੇ ਪਾਸੇ, ਇਹ ਕਈ ਦਿਨ ਪਹਿਲਾ ਐਲਾਨ ਹੋ ਗਿਆ ਸੀ। ਦਿਨ ਮਿੱਥ ਲਿਆ ਗਿਆ ਸੀ। ਮੈਚ ਵਾਲੇ ਦਿਨ ਛਪਾਰ ਦੇ ਮੇਲੇ ਜਿੰਨਾ ਇਕੱਠ ਹੋ ਗਿਆ। ਮੈਦਾਨ ਵਿਚ ਢੋਲ ਵੱਜ ਰਿਹਾ ਸੀ, ਪ੍ਰੀਤੇ ਨੇ ਆਪਣੇ ਨਾਲ ਬਲਦੇਵ ਤਲਵੰਡੀ, ਪਾਲੂ ਧਾਲੀਵਾਲ ਰੇਡਰ ਲੈ ਲਏ ਤੇ ਬਿੰਦੀ ਢਿੱਲਵਾ, ਗਿੰਦੀ ਪੱਡਾ ਜਾਫੀ ਹੋ ਗਏ। ਵਿਰੋਧੀ ਟੀਮ ਦੇ ਜਾਫੀਆਂ ਵਿਚ ਸ਼ਿਵਦੇਵ ਸਿੰਘ ਜੋ ਅੱਜ ਕਲ੍ਹ ਐਸ. ਪੀ ਪੰਜਾਬ ਪੁਲਸ ਤੇ ਸਪੋਰਟਸ ਸੈਕਟਰੀ ਹਨ, ਨਾਲ ਮਹਿੰਦਰ ਮੋਹਨ ਹੁਰੀ ਹੋ ਗਏ ਅਤੇ ਅਮਰਜੀਤ, ਗੁਰਕੰਵਲ ਇਬਰਾਹਿਮਵਾਲ ਤੇ ਬਾਘਾ ਮਿਆਣੀ ਧਾਵੀ ਸਨ। ਮੈਚ ਸ਼ੁਰੂ ਹੋਇਆ ਲੋਕਾਂ ਦੀਆਂ ਧੜਕਣਾ ਤੇਜ਼ ਹੋ ਗਈਆਂ। ਗਰਾਂਊਡ 'ਚ ਮਾਰ ਲਾਅ-ਲਾਅ, ਲਾਅ-ਲਾਅ ਹੋ ਗਈ। ਧੂੜਾਂ ਅਸਮਾਨੀ ਚੜ੍ਹ ਗਈਆ। ਪ੍ਰਿੰਸੀਪਲ ਸਰਵਣ ਸਿੰਘ ਦੇ ਕਹਿਣ ਵਾਂਗ ਲੋਕਾਂ ਦਾ ਸੇਰ ਸੇਰ ਲਹੂ ਵੱਧ ਗਿਆ। ਨਵੇਂ ਖਿਡਾਰੀਆਂ ਦੇ ਹੋਸਲੇ ਵੱਧ ਗਏ, ਅੱਜ ਵੀ ਬਿੰਦੀ ਢਿੱਲਵਾਂ ਇਸ ਮੈਚ ਦਾ ਹਾਲ ਬੜੇ ਚਾਅ ਨਾਲ ਦੱਸਦਾ ਹੈ। ਕਹਿੰਦਾ ''ਭਾਊ ਪ੍ਰੀਤਮ ਦੇ ਹੁੰਦਿਆ ਜੋ ਰੇਡਾਂ ਉਦੋਂ ਪਾ ਦਿੱਤੀਆਂ ਉਹ ਮੀਲ ਪੱਥਰ ਬਣ ਗਈਆ। ਪ੍ਰੀਤਮ ਦੀ ਰਹਿਨੁਮਈ ਨੇ ਸਾਰੇ ਡਰ ਭੌ ਲਾਹ ਦਿੱਤੇ। ਉਹੀ ਬਿੰਦੀ ਬਾਅਦ ਵਿੱਚ ਕਬੱਡੀ ਦੇ 'ਸ਼ੁਦਾਈ ਦੇ ਤੋਰ ਜਾਣਿਆ ਗਿਆ। ਪ੍ਰੀਤਮ ਸਿੰਘ ਦੀ ਵਡਿਆਈ ਇਸ ਗੱਲ ਵਿਚ ਖਿਡਾਰੀ ਮੰਨਦੇ ਹਨ ਕਿ ਉਸ ਨੇ ਨਵੇਂ ਖਿਡਾਰੀਆਂ ਨੂੰ ਗਰਾਊਂਡ ਵਿਚ ਆਉਣ ਦੇ ਪੂਰੇ ਮੋਕੇ ਦਿੱਤੇ ਹਨ। ਜਿਵੇਂ ਕੋਈ ਬਾਪ ਉੱਗਲ ਫੜਾ ਕੇ ਕਿਸੇ ਬਾਲ ਨੂੰ ਤੁਰਨਾ ਸਿਖਾਲਦਾ ਹੈ, ਸ਼ਾਇਦ ਇਸੇ ਕਰਕੇ ਖਿਡਾਰੀ ਉਸ ਦਾ ਸਤਿਕਾਰ ਕਰਦੇ ਹਨ। ਕਈ ਖਿਡਾਰੀ ਜਦੋਂ ਬਾਹਰਲੇ ਦੇਸ਼ੋ ਆਉਦੇ ਹਨ ਤਾਂ ਉਚੇਚਾ ਉਸਨੂੰ ਮਿਲਣ ਜਾਂਦੇ ਹਨ। ਉਹਦੇ ਲਈ ਕੋਈ ਨਾ ਕੋਈ ਸੁਗਾਤ ਅਿਾਉਂਦੇ ਹਨ। ਕਦੇ ਬੇਵਸੀ ਵਿੱਚ ਜੇਕਰ ਮਿਲਾਪ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਯਾਤਰਾ ਅਧੂਰੀ ਲਗਦੀ ਹੈ। ਕੈਨੇਡਾ ਵਸੇ ਖਿਡਾਰੀ ਉਹਨੂੰ ਅਕਸਰ ਖੇਡ ਮੇਲਿਆਂ ਤੇ ਬੁਲਾ ਕੇ ਮਾਨ ਸਨਮਾਨ ਦੇ ਕੇ ਮੇਲਾ ਸਫਲ ਹੋਇਆ ਸਮਝਦੇ ਹਨ। ਲੋਕ ਦਸਦੇ ਆ ਬਈ ਸੁਲਤਾਨਪੁਰ ਲੋਧੀ ਵਿੱਚ 'ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪ੍ਰਕਾਸ਼ ਦਿਵਸ ਤੇ ਜਲੰਧਰ ਤੇ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਮੈਚ ਫਸ ਗਿਆ, ਦੋਵੇਂ ਟੀਮਾਂ ਦੇ ਖਿਡਾਰੀ ਲੋਕਾਂ ਦੇ ਪਰਖੇ ਹੋਏ ਸਨ। ਸਟੇਡੀਅਮ ਵਿੱਚ ਤਿਲ ਸੁੱਟਿਆ ਭੁੱਜੇ ਨਹੀਂ ਸੀ ਡਿੱਗਦਾ, ਮੈਚ ਅੱਧਾ ਖੇਡ ਚੁੱਕਾ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸਟੇਜ ਤੇ ਪਹੁੰਚੇ ਗਏ। ਅਨਾਊਂਸਮੈਟ ਹੋ ਗਈ ਕਿ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਲਾਈਨਾ ਵਿੱਚ ਖੜੇ ਕਰ ਦਿੱਤਾ ਜਾਵੇ। ਗਿਆਨੀ ਜੀ ਅਸ਼ੀਰਵਾਦ ਦੇਣਗੇ। ਮੈਚ ਰੋਕ ਕੇ ਲਾਈਨਾ ਬਣਾ ਦਿੱਤੀਆਂ ਗਈਆਂ। ਉਧਰ ਸਟੇਜ ਤੇ ਰਾਜਨੀਤੀ ਭਾਰੂ ਹੋ ਗਈ, ਖਿਡਾਰੀਆਂ ਦੇ ਗਰਮ ਹੋਏ ਜੁੱਸੇ ਠੱਡੇ ਪੈਣ ਲੱਗੇ। ਲੋਕ ਮੈਚ ਦੇਖਣ ਲਈ ਪੱਬਾਂ ਭਾਰ ਹੋਏ ਪਏ ਸਨ। ਸਮਾਂ ਕਾਫੀ ਲੰਘ ਗਿਆ, ਸਪੀਕਰ 'ਚੋਂ ਅਵਾਜ਼ ਆਈ ਕਿ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਕੋਲ ਵਕਤ ਘੱਟ ਹੈ ਮੈਚ ਸ਼ੁਰੂ ਕਰਵਾ ਦਿੱਤਾ ਦਿਉ। ਖਿਡਾਰੀ ਉਡੀਕਦੇ ਰਹਿ ਗਏ, ਮੁੱਖ ਮੰਤਰੀ ਨਾਲ ਫੋਟੋ ਖਿੱਚਵਾਉਣ ਦੇ ਚਾਅ ਨੂੰ ਕੈਂਚੀ ਲੱਗ ਗਈ। ਫਿਰ ਕੀ ਸੀ! ਉਹ ਗੱਲ ਹੋਈ ਜਿਹਦਾ ਡਰ ਸੀ। ਜਲੰਧਰ ਦੀ ਟੀਮ ਦਾ ਕਪਤਾਨ ਬੰਸਾ ਲੋਹੀਆ ਤੇ ਕਪੂਰਥਲੀਆਂ ਕਪਤਾਨ ਪ੍ਰੀਤਾ ਨਡਾਲੀਆ ਆਪੋ ਆਪਣੀ ਟੀਮ ਲੈ ਕੇ ਬਾਹਰ ਆ ਗਏ। ਸਪੀਕਰ ਚੋਂ ਕਈ ਵਾਰ ਅਵਾਜ਼ਾਂ ਮਾਰੀਆਂ ਕਿ ਮੈਂਚ ਦਿਖਾਉ, ਪਰ ਕੋਣ ਮੰਨਦਾ, ਉਥੇ ਅਣਖ ਜਾਗ ਪਈ। ਮੰਨੇ ਨਾ ਮਨੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ। ਅੇਵੇ ਤਾਂ ਨੀਂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ। ਬਹੁਤੀ ਵਾਰ ਖਿਡਾਰੀ ਨਾਲ ਕੋਈ ਨਾ ਕੋਈ ਰੋਚਕ ਕਿੱਸਾ ਜੁੜ ਹੀ ਜਾਂਦਾ ਹੈ ਜੋ ਹੋਲੀ ਹੋਲੀ ਕਥਾ ਬਣ ਜਾਂਦੀ ਹੈ। ਗੱਲ 27 ਵੀਂ ਚੈਂਪੀਅਨਸ਼ਿਪ ਕਬੱਡੀ ਪਟਿਆਲਾ ਦੀ ਹੈ, ਮੈਚ ਕਪੂਰਥਲਾ ਅਤੇ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਜਾ ਰਿਹਾ ਸੀ। ਉਦੋਂ ਬਲਕਾਰਾ ਹਰਨਾਮਪੁਰੀਆ, ਗਿਆਨੀ ਮੋਠਾ ਵਾਲੀਆ ਤੇ ਬੋਲਾ ਪੱਤੜ ਮੋਢਿਆ ਉਤੋਂ ਦੀ ਥੁੱਕਦੇ ਸਨ। ਨਿੰਦੀ ਅੋਜਲਾ ਤੇ ਭੱਜੀ ਖੀਰਾਂਵਾਲੀਏ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਫਰੀਦਕੋਟੀਏ ਕਪੂਰਥਲੀਆਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇ ਹੋਏ ਸਨ। ਵੀਰੂ ਤੇ ਸੇਵੀ ਜਾਫੀਆ ਨੇ ਅਸਲੋਂ ਮੱਤ ਮਾਰੀ ਹੋਈ ਸੀ। ਪ੍ਰੀਤੇ ਨੇ ਸਾਹ ਪਾਇਆ, ਸੇਵੀ ਨੇ ਦਸਤਪੰਜਾ ਲੈ ਲਿਆ, ਸੇਵੀ ਰਾਹ ਨਾ ਦੇਵੇ, ਅੰਤ ਪ੍ਰੀਤੇ ਨੇ ਬਗਲ ਭਰ ਉਤਾਂਹ ਚੁੱਕ ਐਸਾ ਵੀਰੂ ਤੇ ਸੁੱਟਿਆ ਕੇ ਦੋਹਾਂ ਭਰਾਵਾਂ ਦੇ ਸਿਰ ਪਾਟ ਗਏ, ਲਹੂ ਦੀ ਤਤੀਰੀ ਵਹਿ ਤੁਰੀ। ਸਕੂਲ ਪੜ੍ਹਦਿਆਂ ਪ੍ਰੀਤੇ ਨੇ ਦੱਸਵੀਂ ਤੱਕ 1959, 60 ਤੋਂ 1961 ਤੱਕ ਲਗਾਤਾਰ ਤਿੰਨ ਸਾਲ ਜਿਲ੍ਹਾਂ ਜਿੱਤਿਆ। 1965 ਵਿੱਚ ਉਹ ਪੰਜਾਬ ਪੁਲਸ ਵਿਚ ਬਤੌਰ ਹੌਲਦਾਰ ਭਰਤੀ ਹੋਇਆ। ਭਰਤੀ ਹੋਣ ਤੇ ਵੀ ਉਸ ਨੇ ਪੇਂਡੂ ਟੂਰਨਾਮੈਂਟ ਖੇਡਣੇ ਨਹੀਂ ਛੱਡੇ, ਖੇਡਣ ਖਾਤਰ ਛੁੱਟੀ ਵੀ ਲੈ ਲੈਦਾ ਸੀ। ਉਨ੍ਹਾਂ ਸਮਿਆਂ ਵਿਚ ਇਨਾਮ ਨਾ ਮਾਤਰ ਹੁੰਦੇ ਸਨ, ਪੈਸੇ ਮਗਰ ਅਜੇ ਦੌੜ ਨਹੀਂ ਸੀ ਲੱਗੀ। ਕਿਉਂਕਿ ਬਨੈਣਾਂ ਮਿਲ ਜਾਂਦੀਆਂ, ਕਿਤਿਉ ਸਾਬਣਦਾਨੀ 'ਤੇ ਕਿਤਿਉ ਬੈਗ। ਪਰ ਪ੍ਰੀਤਮ ਇਨਾਮਾਂ ਦੀ ਖਾਤਰ ਕਦੋਂ ਖੇਡਦਾ ਸੀ, ਕਬੱਡੀ ਤਾਂ ਉਸ ਦਾ ਇਸ਼ਟ ਸੀ, ਰੂਹ ਦੀ ਖੁਰਾਕ ਸੀ। ਰਾਂਝਾ ਰਾਂਝਾ ਕਰਦੀ ਨੀ ਮੈਂ ਰਾਂਝਾਂ ਹੋਈ ਵਾਲੀ ਗੱਲ ਸੀ। 1966 ਵਿੱਚ ਉਸ ਨੇ ਜੈਵਲਿਨ ਥਰੋ ਤੇ ਹੱਥ ਅਜ਼ਮਾਇਆ।
'' ਜੋ ਹਿੰਮਤ ਕਰਦੇ ਉਨ੍ਹਾਂ ਲਈ ਕੀ ਚੀਜ਼ ਕਿਨਾਰੇ ਹੁੰਦੇ, ਉਹ ਸੂਰਜ ਹੱਥ ਵਿੱਚ ਫੜ ਲੈਂਦੇ ਕੀ ਚੀਜ਼ ਸਿਤਾਰੇ ਹੁੰਦੇ ਨੇ'' । 1969 ਵਿੱਚ ਉਸ ਨੇ ਅਜਮੇਰ (ਰਾਜਸਥਾਨ) ਵਿਖੇ 67.32 ਮੀਟਰ ਨੇਜਾ ਸੁੱਟ ਕੇ ਭਾਰਤ ਦਾ ਨਵਾਂ ਕੌਮੀ ਰਿਕਾਰਡ ਰੱਖਿਆ। ਗੁਰਬਚਨ ਸਿੰਘ ਰੰਧਾਵੇ ਦਾ ਰਿਕਾਰਡ 64.09 ਮੀਟਰ ਸੀ। 3.23 ਮੀਟਰ ਨਾਲ ਪ੍ਰੀਤਾ ਅੱਗੇ ਨਿਕਲ ਗਿਆ। 1971 ਵਿੱਚ ਸਿੰਘਾਪੁਰ ਪ੍ਰੀ ਏਸ਼ੀਅਨ ਮੁਕਾਬਲਿਆਂ ਵਿੱਚ ਜਾ ਪਹੁੰਚਾ, 64.64 ਮੀਟਰ ਨੇਜਾ ਸੁੱਟ ਕੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਅਤੇ ਪਿਛਲਾ ਰਿਕਾਰਡ ਜਿਹੜਾ ਨਛੱਤਰ ਸਿੰਘ ਨੇ ਬਣਾਇਆ ਸੀ ਉਸ ਨੂੰ ਤੋੜਿਆ। ਜਦੋਂ ਜਨ-ਗਨ-ਮਨ ਦੀ ਧੁੰਨ ਵੱਜੀ ਤਾਂ ਉਸ ਦੀਆਂ ਅੱਖਾ ਛਲਕ ਪਈਆਂ। ਵਤਨ ਦੀ ਯਾਦ ਆ ਗਈ ਸੀ, ਵਤਨ ਦੀ ਮਿੱਟੀ ਦੀ ਮਹਿਕ ਦੂਰ ਦੁਰਾਡੇ ਖਿੰਡ ਗਈ ਸੀ। ਪ੍ਰੀਤਾ ਹੈਂਡਬਾਲ ਵੀ ਸੋਹਣਾ ਖੇਡਿਆ। 100 ਮੀਟਰ ਦੌੜ ਦੌੜਦਾ ਤਾਂ ਲੋਕਾਂ ਦੇ ਮੂੰਹ ਅੱਡੇ ਰਹਿ ਜਾਂਦੇ। 400 ਮੀਟਰ ਦੌੜ ਵਿੱਚ ਉਹ ਪੰਜਾਬ ਪੁਲਸ ਦਾ ਮੈਂਬਰ ਰਿਹਾ। ਡਿਸਕਸ ਥ੍ਰੋਅ ਵਿੱਚ ਉਸ ਦੀਆਂ ਕਈ ਪੁਜੀਸ਼ਨਾਂ ਹਨ। ਪ੍ਰੀਤੇ ਵਿੱਚ ਇਨ੍ਹਾਂ ਜ਼ੋਰ ਤੇ ਹੁਨਰ ਕਿੱਥੋ ਆ ਗਿਆ ਸੀ, ਇਹ ਰੱਬ ਹੀ ਜਾਣਦਾ। ਲੇਖਕ ਬਲਿਹਾਰ ਸਿੰਘ ਰੰਧਾਵਾ' ਵੀ ਗੁਵਾਹੀ ਭਰਦਾ ਲਿਖਦਾ ਹੈ ਕਿ '' ਵਲੋਂ ਖਾਣੀ ਸੋਟੀ ਨੇਜ਼ੇ ਨੂੰ ਉਹ ਸਾਹਾਂ ਤੋਂ ਵੱਧ ਪਿਆਰ ਕਰਦਾ ਸੀ। ਜਿੱਥੇ ਕਿਤੇ ਮੈਚ ਖੇਡਣ ਜਾਂਦਾ ਉਹ ਆਪਣੇ ਨਾਲ ਲੈ ਜਾਂਦਾ, ਗਰਾਊਡ ਵਿੱਚ ਜਾ ਗੱਡਦਾ ਜਿਵੇਂ ਕੋਈ ਜੇਤੂ ਜਰਨੈਲ ਆਪਣੀ ਜਿੱਤ ਦਾ ਝੰਡਾ ਗੱਡਦਾ ਹੈ। 1974 ਤੇ 1975 ਵਿੱਚ ਪ੍ਰੀਤਮ ਸਿੰਘ ਦੀ ਕਪਤਾਨੀ ਹੇਠ ਦੋ ਵਾਰ ਭਾਰਤ ਦੀ ਟੀਮ ਕਬੱਡੀ ਖੇਡਣ ਇੰਗਲੈਂਡ ਗਈ, ਉਦੋਂ ਸਾਊਥਾਲ ਦੀ ਟੀਮ ਦੀ ਇੰਗਲੈਂਡ ਵਿਚ ਪੂਰੀ ਤੂਤੀ ਬੋਲਦੀ ਸੀ। ਹਿੰਮਤ ਸਿੰਘ ਸੋਹੀ ਤੇ ਹਰਪਾਲ ਬਰਾੜ ਉਦੋਂ ਪੂਰੀ ਚੜ੍ਹਤ ਵਿੱਚ ਸਨ। ਉਸ ਵਕਤ ਦੇ ਸਮਕਾਲੀਆਂ ਜੀਤਾ ਸਿਪਾਹੀ, ਸੱਤਾ ਸਠਿਆਲੀਆ, ਭੱਜੀ ਖੁਰਦਪੁਰੀਆਂ ਤੇ ਰਸਾਲਾ ਅੰਮ੍ਰਿਤਸਰੀਆ ਵਿਸ਼ੇਸ਼ ਸਨ। ਸੰਨ 1977 ਦੇ ਸਮੇਂ ਨੂੰ ਯਾਦ ਕਰਕੇ ਪ੍ਰੀਤਾ ਅੱਜ ਵੀ ਅਰਜਨ ਕੋਂਕੇ, ਫਿੱਡੂ, ਬੋਲਾ ਪੱਤੜ, ਦੇਵੀ ਦਿਆਲ 'ਤੇ ਭੱਜੀ ਖੀਰਾਂਵਾਲੀਏ ਨੂੰ ਆਪਣੇ ਪੋਟਿਆਂ ਤੇ ਗਿਣ ਜਾਂਦਾ ਹੈ। ਸਰਵਣ ਰਮੀਦੀ ਨੂੰ ਚੰਗਾ ਖਿਡਾਰੀ ਮੰਨ ਕੇ ਸਤਿਕਾਰ ਕਰਦਾ ਹੈ। ਕੋਈ ਕਲਮ ਦਾ ਧਨੀ ਕਹਿੰਦਾ ਹੈ:- ਫਿੱਡੂ ਤੇ ਪ੍ਰੀਤਾ ਦੇਵੀ ਦਿਆਲ ਵਰਗੇ, ਦੁਨੀਆਂ ਤੇ ਵੱਖਰੀ ਮਿਸਾਲ ਕਾਇਮ ਕਰ ਗਏ। ਮੈਂ ਪ੍ਰੀਤਮ ਸਿੰਘ ਨੂੰ 'ਆਇਆ ਪ੍ਰੀਤਾ ਗਿਆ ਪ੍ਰੀਤਾ' ਦੀ ਕਹਾਣੀ ਪੁੱਛੀ ਤਾਂ ਥੋੜਾ ਹੱਸ ਪਿਆ ਤੇ ਨੀਵੀ ਪਾ ਕੇ ਕਹਿਣ ਲੱਗਾ, ਕਿ ਇੱਕ ਮੈਂਚ ਵਿੱਚ ਡਵੀਜ਼ਨਲ ਸਪੋਰਟਸ ਅਫਸਰ ਭਗਤ ਅਮਰਜੀਤ ਸਿੰਘ ਜਿਹੜੇ ਕਿ ਫੋਲੜੀਵਾਲ ਦੇ ਸਨ ਮਾਈਕ 'ਤੇ ਆਪਣੇ ਹੀ ਰੌਂਅ 'ਚ ਕਹਿਣ ਲੱਗੇ ''ਲਉ ਬਈ ਆ ਗਿਆ ਪ੍ਰੀਤਾ, ਨਹੀਂ ਡੱਕ ਹੋਇਆ 'ਤੇ ਅੋਹ ਗਿਆ ਪ੍ਰੀਤਾ। ਫਿਰ ਕਿਸੇ ਮੈਚ ਵਿੱਚ ਨਿਰੰਜਨ ਸਿੰਘ ਜਗਤਪੁਰ ਜੱਟਾ ਡਵੀਜ਼ਨਲ ਸਪੋਰਟਸ ਅਫਸਰ ਦੇ ਮੂੰਹੋ ਵੀ ਇਹੀ ਸ਼ਬਦ ਨਿਕਲ ਕੇ ਪੰਜਾਬ ਦੀਆਂ ਹਵਾਵਾਂ ਵਿੱਚ ਫੈਲ ਗਏ ਤੇ ਬਾਅਦ 'ਚ ਲੋਕ ਬੁੱਲ੍ਹਾਂ 'ਤੇ ਜਾ ਚੜ੍ਹੇ। ਮੈਂ ਪਹਿਲੀ ਵਾਰ ਪ੍ਰੋ: ਮੱਖਣ ਸਿੰਘ ਦੇ ਮੂੰਹੋ ''ਆਇਆ ਪ੍ਰੀਤਾ ਗਿਆ ਪ੍ਰੀਤਾ'' ਦਾ ਉਦਾਰਣ ਨੂੰ ਸੁਣਿਆ 'ਤੇ ਬਾਅਦ ਵਿੱਚ ਮੇਰੇ ਸਮੇਤ ਕਈ ਲੇਖਕਾਂ ਨੇ ਇਸ ਵਿਸ਼ਸ਼ਣ ਨੂੰ ਲਿਖਿਆ 'ਤੇ ਕੁਮੈਟਰਾਂ ਨੇ ਬੋਲ ਕੇ ਲੋਕ ਕੰਨਾਂ ਵਿੱਚ ਸ਼ਹਿਦ ਵਾਂਗ ਘੋਲ੍ਹਿਆ। ਕਬੱਡੀ ਵਿੱਚ ਡਾਲਰ ਪੌਡ ਨਹੀ ਕਮਾਏ, ਕਾਰਾਂ ਕੋਠੀਆਂ 'ਤੇ ਪਲਾਟ ਨਹੀ ਖਰੀਦੇ। ਬੱਸ ਸੱਚੀ ਸੁੱਚੀ ਮਿਹਨਤ ਨਾਲ ਸੱਚੇ ਸੁੱਚੇ ਜੁੱਸੇ ਨਾਲ ਪੰਜਾਬੀਆਂ ਦੀ ਸੱਚੀ ਸੁੱਚੀ ਰੂਹ ਨੂੰ ਸ਼ਰਸ਼ਾਰ ਕੀਤਾ ਹੈ। ਮੈਂ ਪ੍ਰੀਤਮ ਸਿੰਘ ਨੂੰ ਪੁੱਛਿਆ ਕਿ, ਸਰਕਾਰ ਨੇ ਕੋਈ ਮਾਣ ਸਨਮਾਨ ਜਾਂ ਕੋਈ ਤਰੱਕੀ ਦਿੱਤੀ ਹੈ ਕੇ ਨਹੀ। ਪ੍ਰੀਤਮ ਸਵਾਲ ਸੁਣ ਕੇ ਸੁੰਗੜ ਜਿਹਾ ਗਿਆ, ਕਹਿਣ ਲੱਗਾ ਕੋਈ ਤਰੱਕੀ ਤਰੁੱਕੀ ਨਹੀਂ ਮਿਲੀ, ਜੇਕਰ ਮਿਲੀ ਹੁੰਦੀ ਤਾਂ ਅਸੀਂ ਨਾ ਐਸ. ਪੀ ਪੈਨਸ਼ਨ ਆਉਦੇ। ਸਾਡੀ ਨਾ ਟੌਹਰ ਹੁੰਦੀ, ਹਾਂ ਜਦੋਂ ਸਿਆਲ ਆਉਂਦਾ ਹੱਡ ਪੈਰ ਦੁੱਖਦੇ ਆ 'ਤੇ ਬੀਤਿਆ ਵੇਲਾ ਯਾਦ ਕਰ ਲਈਦਾ। ਜਵਾਨਾਂ। ਪ੍ਰੀਤਾ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਸੀੱ। ਉਹਨੂੰ ਲੱਗਾ ਜਿਵੇਂ ਫੇਰ ਇੱਕ ਵਾਰ ਚੀਫ ਮਨਿਸਟਰ ਉਨ੍ਹਾਂ ਨੂੰ ਸ਼ਾਬਾਸ਼ ਦੇਣ ਤੋਂ ਬਿਨਾਂ ਹੀ ਮੁੜ ਗਿਆ ਹੈੱ। ਸੱਚੀ ਗੱਲ ਆ ਲੀਡਰ ਟੂਰਨਾਮੈਂਟਾਂ ਵਿਚ ਜਾ ਕੇ ਲਾਰਿਆ ਦੇ ਪੁੱਲ ਬੰਨਦੇ ਆ, ਨੌਕਰੀਆਂ, ਤਰੱਕੀਆਂ ਦੇ ਲਾਰੇ ਲਾਉਂਦੇ ਨੇ ਪਰ ਵਾਅਦੇ ਵਫਾ ਕਦੋਂ ਬਣਦੇ ਆ ਪੰਜਾਬ ਦੇ ਕਈ ਪ੍ਰੀਤਮ ਉਡੀਕਦੇ ਆ। ਕਾਸ਼ ਸਰਕਾਰਾਂ ਖਿਡਾਰੀਆਂ ਦੀ ਪਿੱਠ ਠੋਕਣ 'ਤੇ ਪੰਜਾਬ ਦੇ ਅਮੀਰ ਵਿਰਸੇ ਦਾ ਮੁੱਲ ਪਾਉਣ। ਪ੍ਰੀਤਮ ਸਿੰਘ ਦੀ ਜੀਵਨ ਸਾਥਣ ਗੁਰਮੀਤ ਕੌਰ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਮੀਰਾਂ-ਕੋਟ ਦੀ ਹੈ। ਦੋ ਬੇਟੀਆਂ ਤੇ ਇੱਕ ਬੇਟਾ ਹੈ। ਵੱਡੀ ਬੇਟੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆ ਵਿਚ ਵਿਆਹੀ ਹੋਈ ਹੈ। ਕਬੱਡੀ ਦੇ ਬੇਜੋੜ ਖਿਡਾਰੀ ਦਵਿੰਦਰ ਸਿੰਘ ਉਰਫ ਜਵਾਹਰਾ ਪਰਿਵਾਰ ਦਾ ਦਮਾਦ ਹੈ ਅਤੇ ਇਹ ਪਰਿਵਾਰ ਪੱਕੇ ਤੌਰ ਤੇ ਕੈਨੇਡਾ ਦਾ ਵਸਨੀਕ ਹੈ। ਬੇਟਾ ਗੁਰਪ੍ਰੀਤ ਸਿੰਘ ਚੰਗਾ ਕਾਰੋਬਾਰੀ ਹੈ। ਕੈਨੇਡਾ ਦੇਖਣ ਵਿੱਚ ਬਾਪੂ ਦੇ ਕਦਰਦਾਨਾਂ ਪੱਪੂ ਗੁਰਦਾਸਪੁਰੀਏ ਅਤੇ ਜਤਿੱਦਰ ਧਰਿੇ ਡਡਵਿੱਡੀ ਨੂੰ ਦਿਲੋਂ ਅਸੀਸਾਂ ਦਿੰਦਾ ਹੈ। ਬਾਪੂ ਦੀਆਂ ਗੱਲਾਂ ਕਰਨ ਅਤੇ ਸੁਣਨ ਵਿੱਚ ਕੋਈ ਮੋਕਾ ਹੱਥੋ ਨਹੀਂ ਜਾਣ ਦਿੰਦਾ। ਪ੍ਰੀਤਮ ਸਿੰਘ ਆਪਣੇ ਪਰਿਵਾਰ ਵਿੱਚ ਪੂਰਾ ਸੰਤੁਸ਼ਟ ਹੈ। ਕਦੇ ਕਦੇ ਪਿੰਡ ਦੇ ਗੁਰਦੁਆਰੇ ਬਾਉਲੀ ਸਾਹਿਬ ਮੱਥਾ ਟੇਕ ਕੇ ਛੇਵੇਂ ਪਾਤਸ਼ਾਹ ਦੇ ਸ਼ੁਕਰਾਨੇ ਵਿੱਚ ਜਾ ਜੁੜਦਾ ਹੈ। ਕੈਨੇਡਾ ਦੀ ਪੱਕੀ ਇੰਮੀਗ੍ਰੇਸ਼ਨ ਕੋਲ ਹੋਣ ਤੇ ਗੁਰੂ ਨਗਰੀ ਦਾ ਨਿੱਘ ਮਾਣ ਰਿਹਾ ਹੈ। ਪੈਸੇ ਨੂੰ ਹੱਥਾਂ ਦੀ ਮੈਲ ਤੋਂ ਵੱਧ ਕੁਝ ਨਹੀਂ ਸਮਝਦਾ, ਬਸ ਸਮਾਜ ਸੇਵਾ ਨੂੰ ਪੁੰਨ ਸਮਝਦਾ ਹੈ। 1999 'ਚ ਸ਼੍ਰੀ ਅਨੰਦਪੁਰ ਸਾਹਿਬ ਵਿਚ ਖਾਲਸਾ ਸਾਜਨਾ ਦਿਵਸ ਦੇ 300 ਸਾਲਾਂ ਮਨਾਉਣ ਮੋਕੇ ਪੰਜਾਬ ਸਰਕਾਰ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਕੇ ਖੇਡ ਦਾ ਮੁੱਲ ਪਾਇਆ ਹੈ। ਪ੍ਰੀਤਮ ਸਿੰਘ ਕਹਿੰਦਾ ਹੈ ਕਿ, ਗੁਰੂ ਘਰ ਤੋਂ ਮਿਲੀ ਧੂੜੀ ਮਾਣ ਨਹੀਂ ਹੁੰਦੀ ਇਹ ਤਾਂ ਖਾਲਸੇ ਦੀ ਜਨਮ ਭੂਮੀ ਤੋਂ ਅਣਖ ਤੇ ਗੈਰਤ ਨਾਲ ਜਿਉਣ ਲਈ ਹੋਰ ਸਾਹ ਮਿਲੇ ਹਨ। '' ਨਿੱਕੀਆਂ ਨਿੱਕੀਆਂ ਦੋ ਪੋਤੀਆਂ ਲਈ ਹੁਣ ਤੋਂ ਹੀ ਕਿਸੇ ਚੰਗੇ ਕੋਚ ਦੀ ਭਾਲ ਵਿੱਚ ਹੈ। ਕਾਸ਼! ਉਸ ਦੀਆਂ ਪੋਤੀਆਂ ਜਦੋਂ ਕਿਸੇ ਗਰਾਊਂਡ ਵਿੱਚ ਆਉਣ ਤਾਂ ਦਰਸ਼ਕ ਇਹ ਜਰੂਰ ਕਹਿਣ ਕੇ ਇਹ ਨੇ ਰੱਬ ਦੇ ਮੌਜੀ ਬੰਦੇ ਪ੍ਰੀਤੇ ਨਡਾਲੇ ਦੀਆਂ ਖੇਡ ਵਾਰਸ।
ਲੈਕਚਰਾਰ ਇੰਦਰਜੀਤ ਸਿੰਘ ਪੱਡਾ
ਅੰਤਰ ਰਾਸ਼ਟਰੀ ਕੁਮੈਂਟੇਟਰ। ਪਿੰਡ ਲੱਖਣ-ਕੇ-ਪੱਡੇ ਜਿਲ੍ਹਾ ਕਪੂਰਥਲਾ (144802 PIN)
21 Dec. 2018