ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ - ਪ੍ਰੋ. ਜਸਪ੍ਰੀਤ ਕੌਰ
ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਤੇ ਜੀਵਨ ਦਾ ਮੂਲ ਅਧਾਰ ਹੈ। ਇਹ ਸਾਡੀ ਜੀਵਨ ਰੇਖਾ ਹੈ। ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਅਸੰਭਵ ਹੈ। ਸਾਡੇ ਸਰੀਰ ਦਾ ਦੋ ਤਿਹਾਈ ਹਿੱਸਾ ਪਾਣੀ ਹੈ, ਸਰੀਰ ਦੇ ਅੱਸੀ ਫੀਸਦੀ ਭਾਗ ਵਿੱਚ ਪਾਣੀ ਹੈ। ਇੱਕ ਮਨੁੱਖ ਕਰੀਬ 20 ਦਿਨ ਤੱਕ ਭੋਜਨ ਤੋਂ ਬਿਨਾਂ ਤਾਂ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਤਿੰਨ ਚਾਰ ਦਿਨ ਤੋਂ ਵੱਧ ਜੀਉਣਾ ਮੁਸ਼ਕਿਲ ਹੈ। ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ। ਸਰੀਰ ਵਿੱਚ ਥੁੱਕ ਪਾਣੀ ਨਾਲ ਬਣਦਾ ਹੈ ਜਿਹੜਾ ਪਾਚਨ ਕਿਰਿਆ ਲਈ ਜ਼ਰੂਰੀ ਹੈ। ਸਰੀਰ ਵਿੱਚ ਤਾਪਮਾਨ ਦਾ ਲੈਵਲ ਕਾਬੂ ਕਰਦਾ ਹੈ। ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਤੇ ਗੰਦਗੀ ਦਾ ਨਿਕਾਸ ਵੀ ਪਾਣੀ ਹੀ ਕਰਦਾ ਹੈ। ਹੱਡੀਆਂ ਦੇ ਜੋੜਾਂ ਵਿੱਚ ਚਿਕਨਾਹਟ ਅਤੇ ਚਮੜੀ ਨੂੰ ਨਮੀ ਵੀ ਪਾਣੀ ਨਾਲ ਮਿਲਦੀ ਹੈ। ਸਰੀਰ ਦੇ ਸੈੱਲ ਪਾਣੀ ਦੇ ਲੈਵਲ ਦੇ ਹਿਸਾਬ ਨਾਲ ਵਧਦੇ ਹਨ ਅਤੇ ਨਵੇਂ ਬਣਦੇ ਹਨ। ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਈ ਰੱਖਣ ਲਈ ਪਾਣੀ ਜ਼ਰੂਰੀ ਹੈ। ਤਾਂ ਹੀ ਤਾਂ ਕਹਿੰਦੇ ਹਨ ਕਿ ਪਾਣੀ ਹੈ ਤਾਂ ਪ੍ਰਾਣੀ ਹੈ ਨਹੀਂ ਤਾਂ ਖਤਮ ਕਹਾਣੀ ਹੈ। ਇਸ ਧਰਤੀ ‘ਤੇ ਪਹਿਲੀ ਵਾਰ ਜੀਵਨ ਪਾਣੀ ਵਿੱਚ ਹੀ ਧੜਕਿਆ ਸੀ। ਧਰਤੀ ਦਾ ਜੋ ਸੁਹੱਪਣ ਹੈ ਉਸ ਦਾ ਭੇਤ ਵੀ ਇਸ ਪਾਣੀ ਵਿੱਚ ਛੁਪਿਆ ਹੋਇਆ ਹੈ। ਪਾਣੀ ਨਾਲ ਹੀ ਇਥੇ ਜੰਗਲ, ਬਨਸਪਤੀ ਤੇ ਹੋਰ ਫੁੱਲ ਬੂਟੇ ਆਪਣੀ ਸੁੰਦਰਤਾ ਬਿਖੇਰਦੇ ਹਨ।
ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸਦਾ ਮੁੱਖ ਉਦੇਸ਼ ਵਿਸ਼ਵ ਦੇ ਸਾਰੇ ਵਿਕਸਿਤ ਦੇਸ਼ਾਂ ਵਿੱਚ ਸਾਫ ਅਤੇ ਸੁਰੱਖਿਅਤ ਜਲ ਦੀ ਉਪਲਭਧਤਾ ਤੇ ਪਾਣੀ ਨਾਲ ਸਬੰਧਤ ਚੁਣੌਤੀਆਂ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਹੈ। ਰਿਓ ਡੀ ਜਨੇਰੀਓ (ਬਰਾਜ਼ੀਲ) ਵਿਖੇ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਨ ਤੇ ਵਿਕਾਸ ਸਬੰਧੀ ਕਾਨਫੰਰਸ ਹੋਈ। ਇਸ ਵਿੱਚ ਸ਼ੁੱਧ ਤੇ ਸਾਫ ਪਾਣੀ ਬਚਾਉਣ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾ ਵਿਸ਼ਵ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਪਾਣੀ ਦਾ ਮੁੱਲ ਇਸਦੀ ਕੀਮਤ ਨਾਲੋਂ ਕਿਤੇ ਵੱਧ ਹੈ - ਪਾਣੀ ਦਾ ਸਾਡੇ ਘਰਾਂ, ਭੋਜਨ, ਸਭਿਆਚਾਰ, ਸਿਹਤ, ਸਿੱਖਿਆ, ਅਰਥਸ਼ਾਸਤਰ ਅਤੇ ਸਾਡੇ ਕੁਦਰਤੀ ਵਾਤਾਵਰਨ ਦੀ ਅਖੰਡਤਾ ਲਈ ਬਹੁਤ ਅਹਿਮ ਯੋਗਦਾਨ ਹੈ। ਪਾਣੀ ਦੇ ਸਹੀ, ਬਹੁ-ਆਯਾਮੀ ਮੁੱਲ ਦੀ ਵਿਆਪਕ ਸਮਝ ਤੋਂ ਬਿਨਾਂ, ਅਸੀਂ ਹਰ ਇੱਕ ਦੇ ਲਾਭ ਲਈ ਇਨ੍ਹਾਂ ਨਾਜ਼ੁਕ ਸਰੋਤਾਂ ਦੀ ਰਾਖੀ ਕਰਨ ਦੇ ਯੋਗ ਨਹੀਂ ਹੋਵਾਂਗੇ। ਪਾਣੀ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਵੀ ਕਮੀ ਆਏਗੀ। ਅੱਜ ਦੇ ਹਾਲਾਤ ਨੂੰ ਵੇਖਦਿਆਂ ਇਹ ਸੱਚ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਨੂੰ ਲੈ ਕੇ ਵਿਸ਼ਵ ਯੁੱਧ ਹੋ ਸਕਦਾ ਹੈ। ਇਸ ਅਨਮੋਲ ਦਾਤ ਦੇ ਨਿਰੀਖਣ ਲਈ ‘ਅਮਰੀਕਨ ਕਲੀਨ ਵਾਟਰ ਫਾਊਂਡੇਸ਼ਨ’ ਨੇ 2003 ਵਿੱਚ ਵਿਸ਼ਵ ਜਲ ਨਿਰੀਖਣ ਦਿਵਸ ਮਨਾਉਣਾ ਸ਼ੁਰੂ ਕੀਤਾ। ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀ ਹੈ ਅਤੇ ਸੁਧਾਰ ਲਈ ਯਤਨ ਕਰਦੀ ਹੈ।
ਅੰਕੜਿਆਂ ਅਨੁਸਾਰ ਹਰ ਦਿਨ ਦੁਨੀਆਂ ਭਰ ਦੇ ਪਾਣੀ ਦੇ ਸ੍ਰੋਤਾਂ ਵਿਚ 20 ਲੱਖ ਟਨ ਸੀਵਰੇਜ, ਉਦਯੋਗਿਕ ਅਤੇ ਖੇਤੀ ਕਚਰਾ ਪਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਹਰ ਸਾਲ 1500 ਟਨ ਕਿਊਸਿਕ ਪਾਣੀ ਬਰਬਾਦ ਹੁੰਦਾ ਹੈ। ਦੁਨੀਆਂ ਭਰ ਦੇ ਵਿੱਚ 2.5 ਲੱਖ ਲੋਕ ਪਾਣੀ ਬਿਨਾਂ ਸਫ਼ਾਈ ਤੋਂ ਹੀ ਵਰਤ ਰਹੇ ਹਨ ਜਾਂ ਉਨ੍ਹਾਂ ਵੱਲੋਂ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਪਾਣੀ ਦੇ ਗੰਧਲੇਪਣ ਦਾ ਇੱਕ ਕਾਰਨ 18 ਫੀਸਦੀ ਜਾਂ 1.2 ਅਰਬ ਲੋਕਾਂ ਨੂੰ ਖੁੱਲ੍ਹੇ ਵਿੱਚ ਹੀ ਜੰਗਲ ਪਾਣੀ ਜਾਣਾ ਪੈਂਦਾ ਹੈ। ਸਾਡੇ ਅੰਦਰ ਸਾਹ, ਪਾਣੀ ਅਤੇ ਖੁਰਾਕ ਰਾਹੀਂ ਜ਼ਹਿਰ ਜਾ ਰਹੀ ਹੈ। ਕੁਦਰਤ ਨਾਲ ਛੇੜਛਾੜ ਕਾਰਨ ਹੀ ਉਸਦੀ ਕਰੋਪੀ ਵਧ ਰਹੀ ਹੈ, ਬਿਮਾਰੀਆਂ ਵਧ ਰਹੀਆਂ ਹਨ ਤੇ ਰੁੱਤਾਂ ਵਿੱਚ ਬਦਲਾਓ ਆ ਰਹੇ ਹਨ। ਦੁਨੀਆਂ ਵਿੱਚ ਸਾਲਾਨਾ ਹੋਣ ਵਾਲੀਆਂ ਕੁੱਲ ਮੌਤਾਂ ਵਿਚੋਂ 3.1 ਫ਼ੀਸਦੀ ਅਸ਼ੁੱਧ ਪਾਣੀ ਕਾਰਨ ਹੁੰਦੀਆਂ ਹਨ। ਧਰਤੀ ਤੇ ਪਾਣੀ ਦੀ ਘਟ ਰਹੀ ਮਾਤਰਾ ਕਾਰਨ ਦੁਨੀਆਂ ਵਿਚ 12 ਫ਼ੀਸਦੀ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਵੀ ਖਤਰਾ ਪੈਦਾ ਹੋ ਚੁੱਕਿਆ ਹੈ। 70 ਦੇਸ਼ਾਂ ਦੇ 14 ਕਰੋੜ ਲੋਕ ਯੂਰੇਨੀਅਮ ਵਾਲਾ ਪਾਣੀ ਪੀਣ ਲਈ ਮਜ਼ਬੂਰ ਹਨ। ਪਾਣੀ ਦੇ ਸਰੋਤਾਂ ਨੂੰ ਗੰਧਲਾ ਕਰਨ ਦੇ ਨਾਲ ਹੀ ਅਸੀਂ ਧਰਤੀ ਹੇਠਲਾ ਪਾਣੀ ਕੱਢ ਕੇ ਧਰਤੀ ਦੇ ਇਸ ਅਮੁੱਕ ਖਜ਼ਾਨੇ ਨੂੰ ਵੀ ਬਰਬਾਦ ਕਰ ਰਹੇ ਹਾਂ। ਇਹ ਪਾਣੀ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ। ‘ਵਾਟਰ ਏਡ’ ਦੀ ਰਿਪੋਰਟ ਅਨੁਸਾਰ ਸੰਸਾਰ ਵਿੱਚ ਹਾਲੇ ਵੀ 7 ਅਰਬ ਲੋਕਾਂ ਨੂੰ ਅੱਜ ਪਾਣੀ ਮੁੱਹਈਆ ਕਰਵਾਉਣ ਦੀ ਲੋੜ ਹੈ ਜਦੋਂ ਕਿ 2050 ਤੱਕ 2 ਅਰਬ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ।
ਜੇ ਪੰਜਾਬ ਦੀ ਸਥਿਤੀ ’ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਸਟੇਟ ਵਿਕਾਸ ਫੋਰਮ ਦੀ ਇੱਕ ਰਿਪੋਰਟ ਅਨੁਸਾਰ ਸਾਡੇ ਪੰਜਾਬ ਵਿੱਚ 23 ਫੀਸਦੀ ਜ਼ਮੀਨ ਨੂੰ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਫ਼ਸਲਾਂ ਨੂੰ 540 ਲੱਖ ਏਕੜ ਫੁੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਵਿਚ 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਹਨ। ਧਰਤੀ ਵਿਚੋਂ ਜੋ ਹਜ਼ਾਰਾਂ ਸਾਲਾਂ ਵਿੱਚ ਪਾਣੀ ਜਮ੍ਹਾਂ ਹੋਇਆ ਸੀ ਅੱਜ ਉਸ ਨੂੰ ਬੇਦਰਦੀ ਨਾਲ ਚੂਸਿਆ ਜਾ ਰਿਹਾ ਹੈ। ਹੁਣ ਜਦੋਂ ਉਪਰਲੀ ਤਹਿ ਵਿੱਚ ਪਾਣੀ ਨਹੀਂ ਰਿਹਾ ਤਾਂ 5 ਤੋਂ 6 ਸੌ ਫੁੱਟ ਤੱਕ ਡੂੰਘੇ ਸਬਮਰਸੀਬਲ ਪੰਪ ਧਰਤੀ ਵਿਚੋਂ ਪਾਣੀ ਚੂਸਦੇ ਹਨ। ਪੰਜਾਬ ਵਿੱਚ ਵੀ ਕਾਫੀ ਇਲਾਕਿਆਂ ਨੂੰ ਡਾਰਕ ਜ਼ੋਨ ਘੋਸ਼ਿਤ ਕੀਤਾ ਜਾ ਚੁੱਕਿਆ ਹੈ। 40 ਲੱਖ ਟਿਊਬਵੈੱਲ ਧਰਤੀ ਹੇਠੋਂ ਪਾਣੀ ਖਿੱਚ ਰਹੇ ਹਨ। ਇਸ ਦਾ ਮੁੱਖ ਕਾਰਨ ਪੰਜਾਬ ਦੀ ਧਰਤੀ ’ਤੇ ਚੱਲ ਰਿਹਾ ਫ਼ਸਲੀ ਚੱਕਰ ਹੀ ਹੈ।
ਪੰਜਾਬ ਵਿਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਵਧਣ ਕਾਰਨ ਬਹੁਤ ਸਾਰੇ ਲੋਕ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਵਿਚ ਕੈਂਸਰ, ਚਮੜੀ ਆਦਿ ਦੀਆਂ ਬਿਮਾਰੀਆਂ ਪ੍ਰਮੁੱਖ ਹਨ। ਫੈਕਟਰੀਆਂ ਅਤੇ ਉਦਯੋਗਾਂ ਦੁਆਰਾ ਮਿਲਾਇਆ ਜਾ ਰਿਹਾ ਰਸਾਇਣ ਮਨੁੱਖੀ ਸਮਾਜ ਲਈ ਅੱਜ ਘਾਤਕ ਬਣਦਾ ਜਾ ਰਿਹਾ ਹੈ। ਪੰਜਾਬ ਦੇ 138 ਬਲਾਕਾਂ ਵਿਚੋਂ 110 ਵਿੱਚ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਪੰਜ ਪਾਣੀਆਂ ਵਾਲੇ ਪੰਜਾਬ ਦੇ 12433 ਪਿੰਡਾਂ ਵਿਚੋਂ 11849 ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਹੈ। ਕੁਦਰਤ ਸਾਡੀ ਹੋਂਦ ਬਣਾਈ ਰੱਖਣ ਲਈ ਮੀਂਹ ਦੇ ਰੂਪ ‘ਚ ਇੱਕ ਅਰਬ ਟਨ ਪਾਣੀ ਦਿੰਦੀ ਹੈ। ਉਸ ਦਾ 14-15 ਫੀਸਦੀ ਹਿੱਸਾ ਸੰਭਾਲ ਕੇ ਖੇਤੀ ਅਤੇ ਪੀਣ ਵਾਲੇ ਪਾਣੀ ਦੀਆਂ ਸਭ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ। ‘ਰੇਨ ਵਾਟਰ ਅਤੇ ਰੂਫ ਟੌਪ ਹਾਰਵੈਸਟਿੰਗ’ (ਭਾਵ ਮੀਂਹ ਦਾ ਤੇ ਛੱਤਾਂ ਵਾਲਾ ਪਾਣੀ ਸੰਭਾਲਣਾ) ਅਪਣਾ ਕੇ ਇਸ ਸਥਿਤੀ ਨੂੰ ਸੰਭਾਲਿਆ ਜਾ ਸਕਦਾ ਹੈ। ਸਮੇਂ ਦੀ ਲੋੜ ਹੈ ਕਿ ਹਰ ਪਰਿਵਾਰ, ਕਿਸਾਨ ਤੇ ਉਦਯੋਗਪਤੀ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਭੰਡਾਰਨ ਲਈ ਪਹਿਲ ਕਰਨ। ਤਲਾਬਾਂ ਤੇ ਛੱਪੜਾਂ ਦੀ ਸਫਾਈ ਕੀਤੀ ਜਾਵੇ। ਪਾਣੀ ਦੀ ਵਰਤੋਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਈਏ। ਪੰਜਾਬ ਵਿੱਚ ਖੇਤੀਬਾੜੀ ਲਈ 70 ਫ਼ੀਸਦੀ, ਇੰਡਸਟਰੀ ਲਈ 20 ਫ਼ੀਸਦੀ ਅਤੇ ਘਰੇਲੂ ਵਰਤੋਂ ਲਈ 10 ਫ਼ੀਸਦੀ ਦੇ ਕਰੀਬ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਝੋਨਾ ਉਂਨਾ ਹੀ ਲਾਉਣਾ ਚਾਹੀਦਾ ਹੈ, ਜਿਸ ਦੀ ਸਿੰਜਾਈ ਸਤਹਿ ਦੇ ਪਾਣੀ ਨਾਲ ਹੋ ਸਕੇ। ਵਿਸ਼ਵ ਜਲ ਦਿਵਸ ਦਾ ਇਹੀ ਨਾਅਰਾ ਹੋਣਾ ਚਾਹੀਦਾ ਹੈ : ਪਿਆਸੀ ਧਰਤੀ ਕਰੇ ਪੁਕਾਰ, ਮੀਂਹ ਦਾ ਪਾਣੀ ਨਾ ਜਾਏ ਬੇਕਾਰ। ਗੁਰਬਾਣੀ ‘ਚ ਪਾਣੀ ਦਾ ਅਨੇਕਾਂ ਵਾਰ ਜ਼ਿਕਰ ਆਉਂਦਾ ਹੈ- ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ ਕਿ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥’
ਭਾਵ ਪਾਣੀ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ। ਸ੍ਰਿਸ਼ਟੀ ਨੂੰ ਜੀਵਨ ਦੇਣ ਵਾਲਾ ਪਾਣੀ ਇੱਕ ਐਸਾ ਤੱਤ ਹੈ, ਜਿਸ ਦੁਆਰਾ ਜੀਵ-ਜੰਤੂਆਂ, ਬਨਸਪਤੀ ਆਦਿ ਵਿੱਚ ਜੀਵਨ ਦੀ ਰੌਂਅ ਚਲਦੀ ਰਹਿੰਦੀ ਹੈ ਅਤੇ ਹਰੇਕ ਪਾਸੇ ਹਰਿਆਵਲ ਛਾਈ ਰਹਿੰਦੀ ਹੈ ਜੋ ਕਿ ਪਾਣੀ ਦੀ ਅਣਹੋਂਦ ਵਿੱਚ ਕਦਾਚਿਤ ਸੰਭਵ ਨਹੀਂ ਹੋ ਸਕਦੀ।
‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’
ਗੁਰਬਾਣੀ ਦੇ ਇਸ ਵਾਕ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 500 ਸਾਲ ਪਹਿਲਾਂ ਕਹੇ ਸਨ, ਕਿਉਂਕਿ ਉਨ੍ਹਾਂ ਪੰਜ ਸਦੀਆਂ ਪਹਿਲਾਂ ਹੀ ਹਵਾ, ਪਾਣੀ ਤੇ ਧਰਤੀ ਦੀ ਅਹਿਮੀਅਤ ਨੂੰ ਸਮਝ ਲਿਆ ਸੀ।
ਅੱਜ ਜ਼ਰੂਰਤ ਇਹ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਬਚਾਈ ਜਾਵੇ। ਪਾਣੀ ਦੀ ਬੱਚਤ ਤੇ ਇਸ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ। ਅਸੀਂ ਘਰ ਵਿੱਚ ਨਿੱਤ ਵਰਤੋਂ ਦੇ ਕੰਮਾਂ ’ਤੇ ਹਜ਼ਾਰਾਂ ਲਿਟਰ ਪਾਣੀ ਬਰਬਾਦ ਕਰਨ ਦੀ ਜਗ੍ਹਾ ਇਸਦੀ ਬੱਚਤ ਕਰਨ ਦੀ ਆਦਤ ਪਾਈਏ। ਪਾਣੀ ਸਿਰਫ ਲੋੜ ਵੇਲੇ ਹੀ ਚਲਾਇਆ ਜਾਵੇ, ਪਾਣੀ ਦੀਆਂ ਟੈਂਕੀਆਂ ਭਰਨ ’ਤੇ ਮੋਟਰ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਕੱਪੜੇ ਧੋਣ ਵਾਲੇ ਪਾਣੀ ਤੇ ਆਰਓ ਦੇ ਫਾਲਤੂ ਪਾਣੀ ਨੂੰ ਘਰ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਪਾਣੀ ਦੀਆਂ ਬੁਛਾੜਾਂ ਛੱਡਣ ਦਾ ਅਮਲ ਬੰਦ ਹੋਣਾ ਚਾਹੀਦਾ ਹੈ। ਕਿਸਾਨਾਂ ਨੂੰ ਘੱਟ ਪਾਣੀ ਵਾਲੀਆਂ ਫ਼ਸਲਾਂ ਉਗਾਉਣ ਦੀ ਸਲਾਹ ਦੇਣੀ ਪਵੇਗੀ।
ਉਦਯੋਗਿਕ ਵਰਗ ਨੂੰ ਵੀ ਮੁਨਾਫੇ ਦੇ ਲਾਲਚ ਨੂੰ ਤਿਆਗ ਕੇ ਇਸ ਕੁਦਰਤੀ ਅਣਮੁੱਲੀ ਦਾਤ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਉਹ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਤੇ ਵਰਤੇ ਹੋਏ ਪਾਣੀ ਨੂੰ ਰੀਸਾਈਕਲਿੰਗ ਵਿਧੀ ਰਾਹੀਂ ਦੁਬਾਰਾ ਵਰਤੋਂ ਵਿੱਚ ਲਿਆਉਣ। ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਇਸ ਮੁੱਦੇ ’ਤੇ ਸਖਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ। ਪਾਣੀ ਨੂੰ ਬਚਾਉਣ ਲਈ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਕਰਨਾ ਪਵੇਗਾ। ਕਿੰਨਾ ਚੰਗਾ ਹੋਵੇ ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਨੂੰ ਬਚਾਉਣ ਤੇ ਸਾਫ਼ ਰੱਖਣ। ਪੰਜਾਬ ਦੀ ਖੁਸ਼ਹਾਲੀ ਪਾਣੀ ਕਰਕੇ ਹੀ ਹੈ। ਆਓ, ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰੀਏ ਤੇ ਇਸਦੀ ਸਾਂਭ-ਸੰਭਾਲ ਕਰੀਏ। ਕੁਦਰਤ ਦੇ ਵਿਰੁੱਧ ਜਾਕੇ ਮਨੁੱਖੀ ਜੀਵਨ ਤਬਾਹ ਕਰਨ ਦਾ ਯਤਨ ਨਾ ਕਰੀਏ।
ਸੰਪਰਕ : 94178-31583