ਨਵੇਂ ਸਿਆਸੀ ਪਿੜ ਵਿਚ ਨਵੇਂ ਲੀਡਰ - ਅਪੂਰਵਾਨੰਦ'
ਕਨ੍ਹੱਈਆ ਕੁਮਾਰ ਅਤੇ ਉਮਰ ਖ਼ਾਲਿਦ ਮੁੜ ਖ਼ਬਰਾਂ ਵਿਚ ਹਨ। ਦਿੱਲੀ ਪੁਲੀਸ ਇਨ੍ਹਾਂ ਦੋਵਾਂ ਅਤੇ ਨਾਲ ਹੀ ਅਨਿਰਬਨ ਖ਼ਿਲਾਫ਼ ਆਖ਼ਿਰਕਾਰ ਚਾਰਜਸ਼ੀਟ ਦਾਖ਼ਲ ਕਰਨ ਵਿਚ ਸਫ਼ਲ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੂੰ ਇਸ ਚਾਰਜਸ਼ੀਟ ਨੂੰ ਭਰੋਸੇਯੋਗ ਬਣਾਉਣ ਲਈ ਕਰੀਬ ਤਿੰਨ ਸਾਲ ਸਖ਼ਤ ਮੁਸ਼ੱਕਤ ਕਰਨੀ ਪਈ ਜਿਸ ਦੌਰਾਨ ਇਸ ਨੇ ਸਬੂਤ ਇਕੱਤਰ ਕਰਨ ਲਈ ਕਈ ਸੂਬਿਆਂ ਦੇ ਦੌਰੇ ਕੀਤੇ, ਵੱਡੀ ਗਿਣਤੀ ਈਮੇਲਜ਼, ਵੀਡੀਓਜ਼ ਅਤੇ ਫ਼ੋਨ ਸੁਨੇਹਿਆਂ ਦਾ ਵਿਸ਼ਲੇਸ਼ਣ ਵੀ ਕੀਤਾ, ਤਾਂ ਕਿ ਇਹ ਦਾਅਵਾ ਕੀਤਾ ਜਾ ਸਕੇ ਕਿ ਉਹ 9 ਫਰਵਰੀ 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਚ ਰਾਜਧ੍ਰੋਹ ਦੀ ਕਾਰਵਾਈ ਵਿਚ ਸ਼ਾਮਿਲ ਸਨ। ਇਹ ਸਾਰਾ ਕੇਸ ਦੇਸ਼-ਵਿਰੋਧੀ ਨਾਅਰੇ ਲਾਉਣ ਦੀ ਕਥਿਤ ਕਾਰਵਾਈ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਨਾਅਰਿਆਂ ਰਾਹੀਂ ਮੁਲਕ ਦੇ ਟੋਟੇ ਕਰਨ ਦਾ ਸੱਦਾ ਦਿੰਦਿਆਂ ਮਕਬੂਲ ਬੱਟ ਤੇ ਅਫ਼ਜ਼ਲ ਗੁਰੂ ਨੂੰ ਫ਼ਾਂਸੀ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਕਨ੍ਹੱਈਆ ਅਤੇ ਖ਼ਾਲਿਦ ਦਾ ਨਾਂ ਅੱਜ ਮਹਿਜ਼ ਜੇਐੱਨਯੂ ਕੈਂਪਸ ਤੱਕ ਮਹਿਦੂਦ ਨਹੀਂ ਰਿਹਾ। ਹੁਣ ਉਹ ਜਾਦੂਮਈ ਖਿੱਚ ਵਾਲੀਆਂ ਸ਼ਖ਼ਸੀਅਤਾਂ ਬਣ ਚੁੱਕੇ ਹਨ ਜਿਨ੍ਹਾਂ ਨੂੰ ਅਨੇਕ ਲੋਕ ਨਫ਼ਰਤ ਕਰਦੇ ਹਨ ਪਰ ਬਹੁਤ ਲੋਕ ਉਨ੍ਹਾਂ ਦਾ ਗੁਣਗਾਣ ਵੀ ਕਰਦੇ ਹਨ। ਨਾ ਤਾਂ ਜੇਐੱਨਯੂਐੱਸਯੂ (ਜੇਐੱਨਯੂ ਵਿਦਿਆਰਥੀ ਯੂਨੀਅਨ) ਦੇ ਅਤੇ ਨਾ ਹੀ ਜੇਐੱਨਯੂ ਦੇ ਕਿਸੇ ਹੋਰ ਵਿਦਿਆਰਥੀ ਆਗੂ ਨੂੰ ਕੌਮੀ ਪੱਧਰ 'ਤੇ ਇੰਨੀ ਸ਼ੁਹਰਤ ਮਿਲੀ ਹੈ। ਇਨ੍ਹਾਂ ਦੋਵਾਂ ਨੇ ਵੀ ਹੋਰਨਾਂ ਵਾਂਗ ਗੁੰਮਨਾਮੀ ਵਿਚ ਰਹਿ ਕੇ ਹੀ ਆਪਣੀ ਪੜ੍ਹਾਈ ਪੂਰੀ ਕਰ ਕੇ ਚਲੇ ਜਾਣਾ ਸੀ, ਜੇ ਭਾਜਪਾ, ਕੈਂਪਸ ਵਿਚ ਲੁਕੇ ਹੋਏ ਤੇ ਦੇਸ਼ ਖ਼ਿਲਾਫ਼ ਸਾਜ਼ਿਸ਼ਾਂ ਘੜ ਰਹੇ ਦੇਸ਼-ਧ੍ਰੋਹੀਆਂ ਖ਼ਿਲਾਫ਼ ਆਪਣੀ ਮੁਹਿੰਮ ਦੀ ਅਜ਼ਮਾਇਸ਼ ਲਈ ਉਨ੍ਹਾਂ ਨੂੰ ਔਜ਼ਾਰ ਨਾ ਬਣਾਉਂਦੀ। ਮਿਲੀਭੁਗਤ ਵਾਲੇ ਮੀਡੀਆ ਦੇ ਸਹਿਯੋਗ ਸਦਕਾ ਭਾਜਪਾ ਦੀ ਇਹ ਕੋਸ਼ਿਸ਼ ਕਾਮਯਾਬ ਰਹੀ।
ਇਸ ਕਾਰਵਾਈ ਦੀ ਕੁਟਲਤਾ ਤੋਂ ਮੈਂ ਉਦੋਂ ਅਚੰਭਿਤ ਰਹਿ ਗਿਆ, ਜਦੋਂ ਹਾਕਮ ਪਾਰਟੀ ਦੇ ਇਕ ਆਗੂ ਨੇ ਬੜੇ ਮਾਣ ਨਾਲ ਦਾਅਵਾ ਕੀਤਾ ਕਿ ਹੁਣ ਰਾਸ਼ਟਰਵਾਦ ਅਤੇ ਰਾਸ਼ਟਰਵਾਦ-ਵਿਰੋਧੀ ਮੁੱਦੇ ਦੇਸ਼ ਦੀ ਆਮ ਜਨਤਾ ਦਾ ਧਿਆਨ ਖਿੱਚ ਰਹੇ ਹਨ : ਭਾਵ, ਹਾਕਮ ਧਿਰ ਹਾਲੇ ਰਾਸ਼ਟਰਵਾਦ ਦੇ ਮੁੱਦੇ 'ਤੇ ਡਟੀ ਰਹਿਣਾ ਚਾਹੁੰਦੀ ਹੈ। ਇਸ ਆਗੂ ਨੂੰ ਅਫ਼ਸੋਸ ਸੀ ਕਿ ਜੇਐੱਨਯੂ ਵਿਚ ਮਹਿਖਾਸੁਰ ਦਾ ਸ਼ਹੀਦੀ ਦਿਹਾੜਾ ਮਨਾਏ ਜਾਣ ਦੀ ਘਟਨਾ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਉਲਟੀ ਪੈ ਗਈ ਸੀ। ਚੇਤੇ ਕਰਾਇਆ ਜਾਂਦਾ ਹੈ ਕਿ ਸਮ੍ਰਿਤੀ ਇਰਾਨੀ ਦੀ ਅਗਵਾਈ ਹੇਠ ਸਰਕਾਰ ਨੇ ਰਾਸ਼ਟਵਾਦ-ਵਿਰੋਧੀ ਸੁਰ ਨਾਲ ਮਿਲਾ ਕੇ ਮਹਿਖਾਸੁਰ ਵਾਲੇ ਸਮਾਗਮ ਰਾਹੀਂ ਹਿੰਦੂ ਧਰਮ ਨਾਲ ਸਬੰਧਿਤ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਤੇ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਮਾਮਲੇ 'ਤੇ ਦਲਿਤਾਂ ਅਤੇ ਆਦਿਵਾਸੀਆਂ ਦੇ ਜਵਾਬੀ ਹਮਲੇ ਕਾਰਨ ਭਾਜਪਾ ਦੀ ਇਹ ਮੁੱਦਾ ਮੁੜ ਉਠਾਉਣ ਦੀ ਹਿੰਮਤ ਨਹੀਂ ਪਈ।
ਕਨ੍ਹੱਈਆ ਕੁਮਾਰ ਅਤੇ ਉਮਰ ਖਾਲਿਦ ਨੂੰ ਸਰਹੱਦ ਪਾਰਲੇ ਦਹਿਸ਼ਤਗਰਦਾਂ ਨਾਲ ਜੋੜਨ ਦੀਆਂ ਥਿਊਰੀਆਂ ਕਿਸੇ ਹੋਰ ਨਹੀਂ ਸਗੋਂ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਦੀ ਸ਼ਹਿ ਨਾਲ ਅੱਗੇ ਵਧਾਈਆਂ ਗਈਆਂ। ਸਾਬਤ ਹੋ ਚੁੱਕਾ ਹੈ ਕਿ ਉਨ੍ਹਾਂ ਦਾ ਦਾਅਵਾ ਕਿਸੇ ਜਾਅਲੀ ਟਵਿੱਟਰ ਹੈਂਡਲ ਉਤੇ ਆਧਾਰਿਤ ਸੀ ਪਰ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਰਾਜਨਾਥ ਸਿੰਘ ਦਾ ਬਿਆਨ ਵੱਖ ਵੱਖ ਏਜੰਸੀਆਂ ਤੋਂ ਹਾਸਲ ਜਾਣਕਾਰੀਆਂ ਉੱਤੇ ਆਧਾਰਿਤ ਸੀ। ਇਸ ਤੱਥ ਨੇ ਇਨ੍ਹਾਂ ਦੋਵਾਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ ਕਿਉਂਕਿ ਗ੍ਰਹਿ ਮੰਤਰੀ ਦੇ ਦਾਅਵੇ ਕਾਰਨ ਬਹੁਤ ਸਾਰੇ ਲੋਕ ਇਹ ਮੰਨ ਸਕਦੇ ਹਨ ਕਿ ਇਨ੍ਹਾਂ ਦੋਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕਨ੍ਹੱਈਆ ਉੱਤੇ ਕਈ ਵਾਰ ਜਿਸਮਾਨੀ ਹਮਲੇ ਹੋ ਚੁੱਕੇ ਹਨ ਅਤੇ ਉਮਰ ਤਾਂ ਕਤਲ ਦੀ ਇਕ ਕੋਸ਼ਿਸ਼ ਵਿਚ ਵਾਲ ਵਾਲ ਬਚਿਆ ਸੀ।
ਇਹ ਬਹੁਤ ਵੱਡੀ ਗੱਲ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੇ ਨਾ ਸਿਰਫ਼ ਸਮਝਦਾਰੀ ਤੋਂ ਕੰਮ ਲਿਆ ਹੈ, ਸਗੋਂ ਇਸ ਜਨੂੰਨੀ ਹਾਲਾਤ ਨਾਲ ਸਿੱਝਣ ਵੇਲੇ ਧੀਰਜ ਵੀ ਬਣਾਈ ਰੱਖਿਆ। ਮੀਡੀਆ ਦੇ ਲਗਾਤਾਰ ਹਮਲਿਆਂ ਦਾ ਭਾਰੀ ਦਬਾਅ ਵੀ ਉਨ੍ਹਾਂ ਨੂੰ ਤਲਖ਼ ਨਹੀਂ ਬਣਾ ਸਕਿਆ। ਦੇਸ਼ ਕਨ੍ਹੱਈਆ ਕੁਮਾਰ ਤੋਂ ਸਿੱਖ ਸਕਦਾ ਹੈ ਕਿ ਕਿਵੇਂ ਨਫ਼ਰਤ ਦੇ ਟਾਕਰੇ ਲਈ ਹਾਸਰਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਦੋਵੇਂ ਖ਼ਾਸਕਰ ਕਨ੍ਹੱਈਆ ਅਚਨਚੇਤ ਬਣੇ ਆਗੂ ਹਨ। ਜੇ ਹੁਣ ਮੁਲਕ ਉਨ੍ਹਾਂ ਨੂੰ ਸੁਣਨਾ ਅਤੇ ਉਨ੍ਹਾਂ ਦੇ ਸਟੈਂਡ ਬਾਰੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦਾ ਹੈ, ਤਾਂ ਇਸ ਦਾ ਸਾਰਾ ਸਿਹਰਾ ਜਾਂ ਦੋਸ਼ ਭਾਜਪਾ ਨੂੰ ਜਾਂਦਾ ਹੈ। ਮੈਂ ਕਨ੍ਹੱਈਆ ਨੂੰ ਉਸ ਦੇ ਮੌਜੂਦਾ ਨਵੇਂ ਬਣੇ ਰੁਤਬੇ ਤੋਂ ਇਕ ਸਾਲ ਪਹਿਲਾਂ ਮਿਲਿਆ ਸਾਂ। ਉਸ ਦੀ ਖ਼ਾਹਿਸ਼ ਵੱਡੀ ਨਹੀਂ ਸੀ, ਮਹਿਜ਼ ਯੂਨੀਵਰਸਿਟੀ ਅਧਿਆਪਕ ਬਣਨਾ ਚਾਹੁੰਦਾ ਸੀ ਪਰ ਅਚਾਨਕ ਨਾਟਕੀ ਢੰਗ ਨਾਲ ਹੋਈ ਉਸ ਦੀ ਗ੍ਰਿਫ਼ਤਾਰੀ, 'ਰਾਸ਼ਟਰਵਾਦੀ' ਵਕੀਲਾਂ ਵੱਲੋਂ ਅਦਾਲਤੀ ਅਹਾਤੇ ਵਿਚ ਜਨਤਕ ਤੌਰ 'ਤੇ ਉਸ ਉੱਤੇ ਕੀਤਾ ਗਿਆ ਹਮਲਾ ਅਤੇ ਮੀਡੀਆ ਵੱਲੋਂ ਉਸ ਦੇ ਰਾਸ਼ਟਰਵਾਦ 'ਤੇ ਸਵਾਲ ਉਠਾਉਣ ਲਈ ਲਗਾਤਾਰ ਤੰਗ ਕੀਤੇ ਜਾਣ ਦਾ ਹੀ ਸਿੱਟਾ ਸੀ, ਜਿਸ ਨੇ ਉਸ ਨੂੰ ਅਜਿਹੀ ਹਸਤੀ ਬਣਾ ਦਿੱਤਾ, ਜਿਸ ਵੱਲ ਦੇਸ਼ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੂੰ ਕਨ੍ਹੱਈਆ ਦੇ ਰੂਪ ਵਿਚ ਵਧੀਆ ਤੇ ਦਿਲਚਸਪ ਬੁਲਾਰਾ ਮਿਲ ਗਿਆ ਹੈ।
ਕਨ੍ਹੱਈਆ ਅਤੇ ਉਮਰ ਖਾਲਿਦ ਖੱਬੀ ਧਿਰ ਦੀਆਂ ਦੋ ਵੱਖ ਵੱਖ ਧਾਰਾਵਾਂ ਨਾਲ ਸਬੰਧਤ ਹਨ। ਦਹਾਕਿਆਂ ਬਾਅਦ ਪਹਿਲੀ ਵਾਰ ਖੱਬੀਆਂ ਪਾਰਟੀਆਂ ਨੇ ਸਮਝਿਆ ਹੈ ਕਿ ਵਿਆਪਕ ਪੱਧਰ 'ਤੇ ਸੁਨੇਹਾ ਦੇਣ ਲਈ ਅਜਿਹੀ ਭਾਸ਼ਾ ਵੀ ਵਰਤੀ ਜਾ ਸਕਦੀ ਹੈ ਜਿਹੜੀ ਥੱਕੇ-ਟੁੱਟੇ ਕਮਿਊਨਿਸਟ ਸ਼ਬਦਜਾਲ ਤੋਂ ਮੁਕਤ ਹੋਵੇ। ਇਕ ਪ੍ਰੇਰਕ ਬਿਆਨ ਸਿਰਜਣ ਦੀ ਕਨ੍ਹੱਈਆ ਦੀ ਸਮਰੱਥਾ ਨੇ ਭਾਜਪਾ ਨੂੰ ਉਸ ਮੌਕੇ ਲਈ ਝੂਰਨ ਵਾਸਤੇ ਮਜਬੂਰ ਕਰ ਦਿੱਤਾ, ਜਦੋਂ ਉਸ ਨੇ ਕਨ੍ਹੱਈਆ ਨੂੰ ਹਿੰਦੂਆਂ ਲਈ 'ਨਫ਼ਰਤ ਵਾਲੀ ਹਸਤੀ' ਬਣਾਉਣ ਦਾ ਫ਼ੈਸਲਾ ਕੀਤਾ।
ਇਸੇ ਦੌਰਾਨ, ਇਸ ਮੁੰਡੇ ਦੀ ਕਹਾਣੀ ਵਿਚ ਵੀ ਦਿਲਚਸਪੀ ਬਣ ਗਈ, ਜਿਹੜਾ ਬਿਹਾਰ ਦੇ ਪੇਂਡੂ ਪਿਛੋਕੜ ਨਾਲ ਸਬੰਧਤ ਮਜ਼ਦੂਰ ਦਾ ਪੁੱਤਰ ਹੈ ਜੋ ਕਿਸੇ ਖਾੜੀ ਮੁਲਕ ਵਿਚ ਤਕਨੀਸ਼ੀਅਨ ਬਣਨ ਲਈ ਟਰੇਨਿੰਗ ਲੈਣ ਤੋਂ ਬਾਅਦ ਅਚਾਨਕ ਜੇਐੱਨਯੂ ਪੁੱਜ ਗਿਆ। ਉਸ ਦੀ ਕਹਾਣੀ ਜੇਐੱਨਯੂ ਦੀ ਵੀ ਕਹਾਣੀ ਹੈ, ਜਿਹੜੀ ਦੇਸੀ ਭਾਸ਼ਾਈ ਪਿਛੋਕੜ ਵਾਲੇ ਵਿਦਿਆਰਥੀਆਂ ਦਾ ਟਿਕਾਣਾ ਹੈ, ਅਜਿਹੇ ਵਿਦਿਆਰਥੀ ਜਿਨ੍ਹਾਂ ਦੀ ਅੰਗਰੇਜ਼ੀ ਬੋਲਣ ਵਾਲੇ ਮੈਟਰੋਪੌਲਿਟਨ ਵਿਦਿਅਕ ਸੱਭਿਆਚਾਰ ਵਿਚ ਕੋਈ ਪਛਾਣ ਨਹੀਂ ਹੁੰਦੀ ਅਤੇ ਇਸ ਯੂਨੀਵਰਸਿਟੀ ਨੇ ਉਸ ਨੂੰ ਆਪਣੀ ਲੀਡਰਸ਼ਿਪ ਦਾ ਮੌਕਾ ਦਿੱਤਾ। ਕੋਈ ਜਮਹੂਰੀਅਤ ਇਸੇ ਤਰ੍ਹਾਂ ਦੀ ਤਾਂ ਹੋਣੀ ਚਾਹੀਦੀ ਹੈ।
ਕਨ੍ਹੱਈਆ ਦੀ ਗ੍ਰਿਫ਼ਤਾਰੀ ਸਾਡੇ ਸਮਾਜ ਵਿਚ ਛੁਪੀ ਹੋਈ ਬੁਰਾਈ ਦਾ ਸਿੱਟਾ ਸੀ ਪਰ ਇਸ ਨੇ ਉਸ ਚੰਗੇ ਪੱਖ ਨੂੰ ਵੀ ਸਾਹਮਣੇ ਲਿਆਂਦਾ, ਜਿਸ ਦੀ ਇਹ ਮੁਲਕ ਪ੍ਰਗਟਾਵੇ ਲਈ ਉਡੀਕ ਕਰ ਰਿਹਾ ਸੀ। ਜੇਐੱਨਯੂ ਦੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਹੱਕ ਵਿਚ ਚੱਟਾਨ ਵਾਂਗ ਡਟ ਗਏ। ਇਨ੍ਹਾਂ 'ਦੇਸ਼-ਵਿਰੋਧੀਆਂ' ਤੋਂ ਕਿਨਾਰਾ ਕਰ ਜਾਣਾ ਉਨ੍ਹਾਂ ਲਈ ਬਹੁਤ ਆਸਾਨ ਹੋ ਸਕਦਾ ਸੀ ਪਰ ਉਨ੍ਹਾਂ ਆਪਣੇ ਆਪ ਨੂੰ ਅਸਲੀ ਅਧਿਆਪਕ ਸਾਬਤ ਕੀਤਾ। ਉਹ ਹਾਲੇ ਵੀ ਇਸ ਦੀ ਕੀਮਤ ਚੁਕਾ ਰਹੇ ਹਨ ਪਰ ਸ਼ਾਇਦ ਹੀ ਉਨ੍ਹਾਂ ਨੂੰ ਆਪਣੇ ਫ਼ੈਸਲੇ 'ਤੇ ਅਫ਼ਸੋਸ ਹੋਵੇ। ਇਸ ਦੌਰਾਨ ਦਿੱਲੀ ਦੀਆਂ ਸੜਕਾਂ ਨੇ ਉਹ ਬਹੁਤ ਹੀ ਮਜ਼ਬੂਤ ਇਕਮੁੱਠਤਾ ਵੀ ਦੇਖੀ, ਜਿਹੜੀ ਵੱਖ ਵੱਖ ਯੂਨੀਵਰਸਿਟੀਆਂ ਨਾਲ ਸਬੰਧਤ ਨੌਜਵਾਨਾਂ ਨੇ ਇਨ੍ਹਾਂ ਨੌਜਵਾਨਾਂ (ਜਿਨ੍ਹਾਂ ਨਾਲ ਬੇਇਨਸਾਫ਼ੀ ਹੋਈ ਸੀ) ਦੇ ਹੱਕ ਵਿਚ ਜ਼ਾਹਰ ਕੀਤੀ ਗਈ। ਕਨ੍ਹੱਈਆ ਨੇ ਨੌਜਵਾਨਾਂ ਤੇ ਬਜ਼ੁਰਗਾਂ ਦੀ ਸੋਚ ਨੂੰ ਇਕਸਾਰ ਰੂਪ ਵਿਚ ਹੁਲਾਰਾ ਦਿੱਤਾ।
ਕਨ੍ਹੱਈਆ ਅਤੇ ਉਮਰ ਖਾਲਿਦ ਦੀ ਗ੍ਰਿਫ਼ਤਾਰੀ ਅਤੇ ਰਿਹਾਈ ਤੋਂ ਬਾਅਦ ਦੇ ਇਹ ਤਿੰਨ ਸਾਲ ਸਾਡੇ ਸਾਰਿਆਂ ਲਈ ਸਬਕ ਸਿੱਖਣ ਦਾ ਸਮਾਂ ਹਨ। ਅਸੀਂ ਦੇਖਿਆ ਕਿ ਇਸ ਦੌਰਾਨ ਯੂਨੀਵਰਸਿਟੀਆਂ ਉੱਤੇ ਹਮਲੇ ਹੋਏ, ਬੁੱਧੀਜੀਵੀਆਂ ਦੀਆਂ ਬੇਇੱਜ਼ਤੀਆਂ ਹੋਈਆਂ ਅਤੇ ਸਰਕਾਰ ਨੇ ਪਾੜ੍ਹਿਆਂ ਨੂੰ ਮਧੋਲਿਆ। ਇਨ੍ਹਾਂ ਤਿੰਨ ਸਾਲਾਂ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਸਲਮਾਨਾਂ ਅਤੇ ਈਸਾਈਆਂ ਖ਼ਿਲਾਫ਼ ਨਫ਼ਰਤ ਹੁਣ ਦੇਸ਼ ਭਰ ਦਾ ਕਾਇਦਾ ਬਣਦੀ ਜਾ ਰਹੀ ਹੈ। ਦਲਿਤ ਲਗਤਾਰ ਅਤੇ ਵਾਰ ਵਾਰ, ਹਾਕਮ ਜਮਾਤ ਨਾਲ ਜੁੜੇ ਲੋਕਾਂ ਦੇ ਹਮਲਿਆਂ ਦਾ ਸ਼ਿਕਾਰ ਬਣ ਰਹੇ ਹਨ ਅਤੇ ਸਮਾਜ ਵਿਚ ਪੁਰਾਣੇ ਸਮਾਜਿਕ ਤੇ ਸੱਭਿਆਚਾਰਕ ਰੁਝਾਨਾਂ ਦਾ ਮੁੜ ਉਭਾਰ ਹੋ ਰਿਹਾ ਹੈ। ਸ਼ਬਰੀਮਾਲਾ ਮੰਦਰ ਜਾਣ ਵਾਲੀਆਂ ਔਰਤਾਂ ਉੱਤੇ ਹਮਲੇ ਇਸ ਦੀ ਮਿਸਾਲ ਹਨ।
ਸਾਨੂੰ ਇਹ ਪਤਾ ਲਾਉਣਾ ਪਵੇਗਾ ਕਿ ਕਨ੍ਹੱਈਆ ਅਤੇ ਉਮਰ ਖਾਲਿਦ ਉਤੇ ਹਮਲੇ ਦਾ ਕੀ ਸਾਡੀ ਕੌਮੀ ਜ਼ਿੰਦਗੀ ਵਿਚ ਆਏ ਪਿਛਾਂਹਖਿਚੂ ਨਿਘਾਰ ਨਾਲ ਕੋਈ ਸਿੱਧਾ ਸਬੰਧ ਹੈ। ਅਸੀਂ ਇਨ੍ਹਾਂ ਨੌਜਵਾਨਾਂ ਤੋਂ ਇਹ ਵੀ ਸਿੱਖ ਸਕਦੇ ਹਾਂ ਕਿ ਇਸ ਚੁਣੌਤੀ ਦਾ ਟਾਕਰਾ ਕਿਵੇਂ ਕੀਤਾ ਜਾ ਸਕਦਾ ਹੈ। ਜਾਪਦਾ ਹੈ ਕਿ ਉਹ ਇਸ ਲੜਾਈ ਦਾ ਮਜ਼ਾ ਲੈ ਰਹੇ ਹਨ, ਹਾਲਾਂਕਿ ਇਸ ਕਾਰਨ ਉਨ੍ਹਾਂ ਨੂੰ ਜਾਨ ਦਾ ਭਾਰੀ ਖ਼ਤਰਾ ਹੈ। ਇਹ ਹੈ ਲੜਾਈ ਲੜਨ ਦਾ ਸਹੀ ਤਰੀਕਾ। ਨਫ਼ਰਤ ਦਾ ਟਾਕਰਾ ਕਰਦਿਆਂ ਤੁਹਾਨੂੰ ਕਦੇ ਵੀ ਆਪਣੇ ਆਪ ਨੂੰ ਨਫ਼ਰਤੀ ਭਾਵਨਾ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੀਦਾ। ਜਦੋਂ ਤੁਹਾਨੂੰ ਵਿਰੋਧੀਆਂ ਦੀ ਨੀਚਤਾ ਦਾ ਵੀ ਸ਼ਿਕਾਰ ਹੋਣਾ ਪਵੇ, ਉਦੋਂ ਵੀ ਮੁਸਕਾਨ ਤੁਹਾਡੇ ਚਿਹਰੇ ਤੋਂ ਗ਼ਾਇਬ ਨਹੀਂ ਹੋਣੀ ਚਾਹੀਦੀ। ਇਹ ਨੌਜਵਾਨ ਸਾਨੂੰ ਇਹੋ ਸਬਕ ਸਿਖਾਉਂਦੇ ਹਨ।
'ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ।
25 Jan. 2019