ਗ਼ਜ਼ਲ : ਮਾਂ ਦਿਵਸ ਉਤੇ ਪ੍ਰਕਾਸ਼ਨ ਹਿੱਤ - ਸੰਤੋਖ ਸਿੰਘ ਸੰਧੂ
ਮਾਂ ਦੇ ਨਾਲ ਹੀ ਵੱਸਦਾ ਇਹ ਜਹਾਨ ਏ।
ਮਾਂ ਬੱਚਿਆਂ ਦੇ ਸਿਰ ਉਤੇ ਅਸਮਾਨ ਏ।
ਕੌਣ ਕਹਿੰਦਾ ਧਰਤੀ 'ਤੇ ਰੱਬ ਦਿਸਦਾ ਨਹੀਂ,
ਮਾਂ ਤੋਂ ਵੱਖਰਾ ਹੋਰ ਕਿਹੜਾ ਭਗਵਾਨ ਏ।
ਮਾਂ ਹੀ ਗੁਰੂ ਗ੍ਰੰਥ ਮਾਂ ਹੀ ਗੀਤਾ ਏ,
ਮਾਂ ਹੀ ਬਾਈਬਲ ਏ ਮਾਂ ਹੀ ਕੁਰਾਨ ਏ।
ਘਰ ਜਿਹਾ ਸੁਖ ਕਹਿੰਦੇ ਕਿਧਰੇ ਹੋਰ ਨਹੀਂ,
ਜੇ ਮਾਂ ਨਹੀਂ ਤਾਂ ਘਰ ਵੀ ਸਮਸ਼ਾਨ ਏ।
ਲੂਲਾ, ਲੰਗੜਾ, ਅੰਨ੍ਹਾ ਭਾਵੇਂ ਪਾਗਲ ਏ,
ਮਾਂ ਦੇ ਲਈ ਹਰ ਬੱਚਾ ਹੀ ਜਿੰਦ ਜ਼ਾਨ ਏ।
ਬਾਹਰ ਕਿੱਡੀ ਗਲਤੀ ਬੱਚਾ ਕਰ ਆਵੇ,
ਮਾਂ ਨਹੀਂ ਉਸਨੂੰ ਮੰਨਦੀ ਕਸੂਰਵਾਨ ਏ।
ਮਾਂ ਦਾ ਦਿਲ ਵੀ ਕੈਸਾ ਰੱਬ ਨੇ ਘੜਿਆ ਏ,
ਘੜ ਕੇ ਉਸਨੂੰ ਕਾਹਦੀ ਦਿੱਤੀ ਪਾਣ ਏ।
ਲ਼ੱਖਾਂ ਦੁੱਖੜੇ ਆਪਣੇ ਤਨ 'ਤੇ ਜ਼ਰ ਲੈਂਦੀ,
ਬੱਚਿਆਂ ਉਤੋਂ ਹੋ ਜਾਂਦੀ ਕੁਰਬਾਨ ਏ।
ਬੱਚਿਆਂ ਦੇ ਲਈ ਆਪਣਾ ਨੂਰ ਗਵਾਉਂਦੀ ਏ,
ਮਾਂ ਬਣਨੇ 'ਤੇ ਉਸਨੂੰ ਬੜਾ ਮਾਣ ਏ।
ਰੱਬਾ ਮਾਂ ਨਾ ਮਰੇ ਕਿਸੇ ਵੀ ਬੱਚੇ ਦੀ,
ਮਸਕੀਨਾ ਦਾ ਕੋਈ ਨਾ ਰੱਖਦਾ ਧਿਆਨ ਏ।
ਮਾਂ ਦੇ ਗੁਣ ਸੰਧੂਆ ਕੱਥੇਂ ਜਾਂਦੇ ਨਹੀਂ,
ਨਾ ਹੀ ਚੁਕਾਏ ਜਾ ਸਕਦੇ ਅਹਿਸਾਨ ਏ।
ਲੇਖਕ : ਸੰਤੋਖ ਸਿੰਘ ਸੰਧੂ +64 22 071 0935)