ਬੋਲ ਜ਼ੁਬਾਂ ਜਬ ਤੱਕ ਤੇਰੀ ਹੈ... - ਸਰਬਜੀਤ ਬਾਵਾ
ਮਨੁੱਖ ਨੇ ਆਪਣੇ ਸਮੁੱਚੇ ਵਿਕਾਸ ਕਾਲ ਦੌਰਾਨ ਬਹੁਤ ਸਾਰੀਆਂ ਮਹੱਤਵਪੂਰਨ ਖੋਜਾਂ ਕੀਤੀਆਂ। ਮਨੁੱਖੀ ਸੱਭਿਅਤਾ ਦਾ ਇਤਿਹਾਸ ਲਿਖਣ ਵਾਲੇ ਇਤਿਹਾਸਕਾਰ ਵੱਖ-ਵੱਖ ਯੁੱਗਾਂ ਦੀ ਵੰਡ ਇਨ੍ਹਾਂ ਖੋਜਾਂ ਦੇ ਆਧਾਰ ’ਤੇ ਹੀ ਕਰਦੇ ਹਨ ਜਿਵੇਂ ਪੱਥਰ ਯੁੱਗ, ਤਾਂਬਾ ਯੁੱਗ ਆਦਿ। ਇਸ ਦਾ ਕਾਰਨ ਹੈ ਕਿ ਅਜਿਹੀਆਂ ਖੋਜਾਂ ਨੇ ਮਨੁੱਖੀ ਤਰੱਕੀ ਦੀ ਪ੍ਰਕਿਰਤੀ ਅਤੇ ਰਫ਼ਤਾਰ ਵਿਚ ਬੁਨਿਆਦੀ ਗੁਣਾਤਮਕ ਅਸਰ ਪਾਇਆ। ਲੇਕਿਨ ਕਿਸੇ ਇਤਿਹਾਸਕਾਰ ਨੇ ਕਿਸੇ ਵੀ ਯੁੱਗ ਨੂੰ ਭਾਸ਼ਾ ਦਾ ਯੁੱਗ ਨਹੀਂ ਕਿਹਾ ਜਦੋਂਕਿ ਬੋਲੀ ਜਾਂ ਭਾਸ਼ਾ ਦੀ ਖੋਜ ਮਨੁੱਖ ਦੁਆਰਾ ਕੀਤੀ ਸਭ ਤੋਂ ਵੱਡੀ ਖੋਜ ਹੈ। ਇਸ ਦਾ ਕਾਰਨ ਇਹ ਹੈ ਕਿ ਬੋਲੀ ਕਰਕੇ ਮਨੁੱਖ ਆਪਣੇ ਅਨੁਭਵ ਅਤੇ ਗਿਆਨ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਿਆ। ਉਹ ਆਪਣੇ ਗਿਆਨ ਨੂੰ ਸੰਚਿਤ ਕਰ ਕੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕਿਆ। ਇਸੇ ਅਰਜਿਤ ਤੇ ਸੰਚਿਤ ਗਿਆਨ ਕਰਕੇ ਹੀ ਮਨੁੱਖ ਦੂਜੇ ਸਭ ਜੀਵਾਂ ਤੋਂ ਉਲਟ ਆਪਣੀ ਦੁਨੀਆਂ ਸਿਰਜਣ ਵਿਚ ਕਾਮਯਾਬ ਹੋ ਸਕਿਆ। ਇੰਨਾ ਹੀ ਨਹੀਂ ਮਨੁੱਖ ਨੇ ਗਿਆਨ ਦੀ ਵਰਤੋਂ ਨਾਲ ਧਰਤੀ ਉੱਪਰ ਰਹਿਣ ਵਾਲੇ ਹੋਰ ਬਹੁਤ ਸਾਰੇ ਜੀਵਾਂ ਦੀ ਦੁਨੀਆਂ ਨੂੰ ਵੀ ਨਿਯੰਤਰਿਤ ਕਰਨਾ ਸ਼ੁਰੂ ਕੀਤਾ। ਇਸੇ ਗਿਆਨ ਕਰਕੇ ਮਨੁੱਖ ਨੇ ਮਨੁੱਖ ਸਮੇਤ ਬਹੁਤ ਸਾਰੇ ਤਾਕਤਵਰ ਜੀਵਾਂ ਨੂੰ ਆਪਣਾ ਗ਼ੁਲਾਮ ਬਣਾਇਆ ਤੇ ਜੋ ਗ਼ੁਲਾਮ ਨਾ ਬਣੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਂ ਖ਼ਾਤਮੇ ਦੀ ਕਗਾਰ ਉੱਪਰ ਪਹੁੰਚਾ ਦਿੱਤਾ। ਇਤਿਹਾਸਕ ਤੌਰ ’ਤੇ ਦੇਖੀਏ ਤਾਂ ਮੁੱਢਲੇ ਰੂਪ ਵਿਚ ਦੂਜਿਆਂ ਨੂੰ ਅਧੀਨ ਕਰਨ ਲਈ ਸਰੀਰਕ ਤਾਕਤ ਹੀ ਸਭ ਤੋਂ ਮਹੱਤਵਪੂਰਨ ਸੀ। ਲੇਕਿਨ ਹੌਲੀ-ਹੌਲੀ ਇਸ ਵਿਚ ਸਰੀਰਕ ਤਾਕਤ ਦੇ ਨਾਲ ਹਥਿਆਰ ਅਤੇ ਫਿਰ ਹਥਿਆਰ ਨੂੰ ਵਰਤਣ ਦੀ ਤਕਨੀਕ ਵੀ ਸ਼ਾਮਿਲ ਹੋ ਗਏ। ਇਸ ਤਰੀਕੇ ਨਾਲ ਸਰੀਰਕ ਤੌਰ ’ਤੇ ਕਮਜ਼ੋਰ ਵਿਅਕਤੀਆਂ ਨੂੰ ਪਹਿਲੀ ਵਾਰ ਹਥਿਆਰ, ਤਕਨੀਕ ਤੇ ਚਤੁਰਾਈ ਦੀ ਮਦਦ ਨਾਲ ਆਪਣੇ ਤੋਂ ਸਰੀਰਕ ਤੌਰ ’ਤੇ ਤਕੜੇ ਨੂੰ ਹਰਾਉਣ ਦਾ ਰਸਤਾ ਮਿਲਿਆ। ਇਸ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਬੋਲੀ ਨੇ ਨਿਭਾਈ ਜਿਸ ਰਾਹੀਂ ਪਰੰਪਰਕ ਰੂਪ ਵਿਚ ਮਿਲੇ ਪੂਰਬਲੇ ਗਿਆਨ ਤੇ ਅਨੁਭਵ ਤੋਂ ਮਨੁੱਖ ਸੇਧ ਲੈ ਸਕਿਆ। ਸੰਖੇਪ ਵਿਚ ਭਾਸ਼ਾ ਮਨੁੱਖ ਦੁਆਰਾ ਕੀਤੀਆਂ ਚੰਗੀਆਂ-ਬੁਰੀਆਂ ਸਾਰੀਆਂ ਪ੍ਰਾਪਤੀਆਂ ਦਾ ਮੂਲ ਆਧਾਰ ਹੈ। ਇਸੇ ਲਈ ਭਾਸ਼ਾ ਤੇ ਭਾਸ਼ਾ ਦਾ ਸੰਸਾਰ ਮਾਸੂਮ ਤੇ ਨਿਰਪੱਖ ਤਾਂ ਬਿਲਕੁਲ ਵੀ ਨਹੀਂ ਹੈ।
ਆਧੁਨਿਕ ਤੇ ਉੱਤਰ-ਆਧੁਨਿਕ ਸਿਧਾਂਤ ਵੀ ਦੱਸਦੇ ਹਨ ਕਿ ਗ਼ੁਲਾਮ ਤੇ ਆਜ਼ਾਦ ਵਿਅਕਤੀ ਦਾ ਆਪਣੀ ਤੇ ਦੂਜਿਆਂ ਦੀ ਭਾਸ਼ਾ ਨਾਲ ਰਿਸ਼ਤਾ ਬਿਲਕੁਲ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਇਹ ਸਿਧਾਂਤ ਦੱਸਦੇ ਹਨ ਕਿ ਮਨੁੱਖ ਦੀ ਸੋਚਣੀ ਭਾਸ਼ਾ ਰਾਹੀਂ ਸਿਰਜੀ ਜਾਂਦੀ ਹੈ। ਅਜਿਹੇ ਵਿਅਕਤੀ ਬਹੁਤ ਘੱਟ ਹੁੰਦੇ ਹਨ ਜੋ ਭਾਸ਼ਾ ਦੀਆਂ ਸੀਮਾਵਾਂ ਤੋਂ ਪਾਰ ਜਾ ਸਕਦੇ ਹਨ। ਇਸ ਲਈ ਮਨੁੱਖ ਦੀ ਹੋਂਦ ਇੱਕ ਤਰ੍ਹਾਂ ਨਾਲ ਭਾਸ਼ਾ ਰਾਹੀਂ ਘੜੀ ਗਈ ਹੋਂਦ ਹੁੰਦੀ ਹੈ। ਸਾਡੀਆਂ ਪਰੰਪਰਿਕ ਗਿਆਨ ਪ੍ਰਣਾਲੀਆਂ ਵਿਚ ਸ਼ਾਇਦ ਇਸੇ ਕਾਰਨ ਸ਼ਬਦ ਨੂੰ ਬ੍ਰਹਮ ਕਿਹਾ ਗਿਆ ਹੈ। ਗੁਰਬਾਣੀ ਵਿਚ ਵੀ ਸ਼ਬਦ ਨੂੰ ਗੁਰੂ ਕਿਹਾ ਗਿਆ ਹੈ। ਇਸ ਦਾ ਇੱਕ ਅਰਥ ਹੈ ਕਿ ਬੋਲ/ਸ਼ਬਦ ਹੀ ਅਸਲ ਮੁਕਤੀ ਦਾਤਾ ਹਨ। ਸਾਡੀ ਪਰੰਪਰਿਕ ਸਮਝ ਤਾਂ ਇੱਥੋਂ ਤੱਕ ਸੰਕੇਤ ਕਰਦੀ ਹੈ ਕਿ ਸ਼ਬਦ/ਬੋਲ ਤੋਂ ਅਗਾਂਹ ਨਾਦ/ਧੁਨੀ ਤੱਕ ਪਹੁੰਚ ਕੇ ਹੀ ਗਿਆਨ ਪ੍ਰਾਪਤ ਹੋ ਸਕਦਾ ਹੈ। ਇਸ ਦਾ ਭਾਵ ਕਿ ਕੱਥ ਤੋਂ ਅਕੱਥ ਤੱਕ ਦਾ ਸਫ਼ਰ ਤੇ ਸਮਝ ਹੀ ਮਨੁੱਖ ਨੂੰ ਜੀਵਨ ਦੇ ਸੱਚੇ ਅਰਥਾਂ ਤੇ ਮਕਸਦ ਤੋਂ ਜਾਣੂ ਕਰਵਾ ਸਕਦਾ ਹੈ। ਸੰਖੇਪ ਵਿਚ ਭਾਸ਼ਾ/ਬੋਲੀ ਪ੍ਰਤੀ ਇਹ ਸਮਝ ਸਾਡੀ ਸਮੂਹਿਕ ਸੋਚਣੀ ਦਾ ਹਿੱਸਾ ਹੈ ਚਾਹੇ ਹੁਣ ਇਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਅਭਿਆਸ ਦਾ ਹਿੱਸਾ ਨਹੀਂ ਹੈ।
ਇੱਕ ਸਮੇਂ ਤੱਕ ਪੰਜਾਬੀ ਸਮਾਜ ਵਿਚ ਵਿਅਕਤੀ ਨੂੰ ਇਹ ਵਾਰ-ਵਾਰ ਚਿਤਾਰਿਆ ਜਾਂਦਾ ਸੀ ਕਿ ਜੀਭ ਉੱਪਰ ਸਰਸਵਤੀ ਬੈਠੀ ਹੁੰਦੀ ਹੈ ਜਾਂ ਸਾਰੇ ਦਿਨ ਵਿਚ ਬੋਲੇ ਗਏ ਸ਼ਬਦਾਂ ਵਿਚੋਂ ਕੋਈ ਗੱਲ ਸੱਚ ਹੁੰਦੀ ਹੈ ਜਾਂ ਸਾਡੇ ਮੋਢਿਆਂ ਉੱਪਰ ਚਿੱਤਰਗੁਪਤ ਬੈਠੇ ਹੁੰਦੇ ਹਨ ਜੋ ਸਾਡਾ ਸਭ ਚੰਗਾ-ਬੁਰਾ ਲਿਖਦੇ ਹਨ। ਅਸੀਂ ਆਪਣੇ ਬਜ਼ੁਰਗਾਂ ਨੂੰ ਨਵੀਂ ਪੀੜ੍ਹੀ ਨੂੰ ਇਹ ਸਭ ਸਿਖਾਉਂਦੇ ਵੇਖਿਆ ਹੈ। ਲੋਕਧਾਰਾ ਵਿਚ ਰੁਚੀ ਹੋਣ ਕਰਕੇ ਮੈਨੂੰ ਹੁਣ ਸਮਝ ਆਉਂਦਾ ਹੈ ਕਿ ਇਨ੍ਹਾਂ ਸਭ ਗੱਲਾਂ ਦਾ ਅਰਥ ਤੇ ਪ੍ਰਕਾਰਜ ਕੀ ਹੈ। ਇਹ ਸਭ ਗੱਲਾਂ ਦੱਸਦੀਆਂ ਹਨ ਕਿ ਸਾਡੇ ਸੱਭਿਆਚਾਰ ਵਿਚ ਬੋਲ/ਸ਼ਬਦ ਦਾ ਕਿੰਨਾ ਮਹੱਤਵ ਰਿਹਾ ਹੈ। ਪੰਜਾਬੀ ਲੋਕਧਾਰਾ ਦਾ ਅਧਿਐਨ ਦੱਸਦਾ ਹੈ ਕਿ ਪੰਜਾਬੀ ਸਮਾਜ ਵਿਚ ਕੌਣ ਬੋਲੇਗਾ, ਕਿੱਥੇ ਬੋਲੇਗਾ, ਕਿੰਨਾ ਬੋਲੇਗਾ ਤੇ ਕਦ ਬੋਲੇਗਾ, ਇਸ ਸਭ ਬਾਰੇ ਸੱਭਿਆਚਾਰਕ ਨਿਯਮ ਤੇ ਮਾਨਤਾਵਾਂ ਹਨ। ਇਨ੍ਹਾਂ ਨਿਯਮਾਂ ਦਾ ਪਾਲਣ ਚਾਹੇ ਜ਼ਰੂਰੀ ਸ਼ਰਤ ਨਹੀਂ ਹੈ ਲੇਕਿਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਵਿਅਕਤੀ ਦਾ ਪ੍ਰਭਾਵ ਅਸਰਅੰਦਾਜ਼ ਹੁੰਦਾ ਹੈ। ਇਹੀ ਨਿਯਮ ਬਹੁਤ ਵਾਰ ਬੁਲਾਰੇ ਲਈ ਪਾਬੰਦੀ ਵੀ ਬਣ ਜਾਂਦੇ ਹਨ। ਉਦਾਹਰਨ ਲਈ ਪੰਜਾਬੀ ਸਮਾਜ ਵਿਚ ਘੱਟ ਤੇ ਸਮਝਦਾਰੀ ਨਾਲ ਬੋਲਣ ਵਾਲੇ ਨੂੰ ਸਨਮਾਨ ਦਿੱਤਾ ਗਿਆ ਹੈ। ਇਹ ਨਿਯਮ ਸਭ ਉੱਪਰ ਬਰਾਬਰ ਲਾਗੂ ਹੁੰਦਾ ਹੈ। ਪੰਜਾਬ ਵਿਚ ਬਿਨਾਂ ਸੋਚੇ-ਵਿਚਾਰੇ ਗੱਲ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਕਿ ਇਸ ਦਾ ਮੂੰਹ ਕੁਹਾੜੇ ਨਾਲ ਪਾੜਿਆ ਹੋਇਆ ਹੈ। ਔਰਤਾਂ ਵਿਚ ਵਿਸ਼ੇਸ਼ ਕਰਕੇ ਛੋਟੇ ਮੂੰਹ ਵਾਲੀ ਔਰਤ ਨੂੰ ‘ਡੱਬੀ ਵਰਗਾ ਮੂੰਹ’ ਕਹਿ ਕੇ ਵਡਿਆਇਆ ਜਾਂਦਾ ਹੈ। ਇਸੇ ਕਦਰ ਵਿਚੋਂ ਵੱਧ ਬੋਲਣ ਵਾਲੇ ਲਈ ‘ਮੂੰਹਫਟ ਹੋਣ’, ‘ਭਕਾਈ ਮਾਰਨ’, ‘ਭੌਂਕਣ’, ‘ਜਬਲੀਆਂ ਮਾਰਨ’, ‘ਝੱਗ ਡੇਗਣ’, ‘ਕੈਂਚੀ ਵਾਂਗ ਜ਼ਬਾਨ ਚੱਲਣ’ ਵਰਗੇ ਮੁਹਾਵਰੇ ਵੀ ਨਿਕਲਦੇ ਹਨ। ਇਹ ਸਭ ਦੱਸਦਾ ਹੈ ਕਿ ਪੰਜਾਬੀ ਸਮਾਜ ਵਿਚ ਕਿਸੇ ਗੱਲ ਨੂੰ ਪ੍ਰਗਟਾਵਾ ਬਣਨ ਲਈ ਕਿੰਨੇ ਛਾਣਨਿਆਂ ਵਿਚੋਂ ਲੰਘਣਾ ਪੈਂਦਾ ਹੈ। ਸਾਡੇ ਬੋਲਾਂ ਉੱਪਰ ਆਇਦ ਅਜਿਹੀਆਂ ਵਰਜਣਾਵਾਂ ਸਾਡੇ ਅਚੇਤ ਦਾ ਹਿੱਸਾ ਬਣ ਕੇ ਸਾਡੀ ਭਾਸ਼ਾ ਤੇ ਸਾਡੇ ਦਰਮਿਆਨ ਇੱਕ ਦੂਰੀ ਬਣਾ ਦਿੰਦੀਆਂ ਹਨ। ਇਸ ਤੋਂ ਬਾਅਦ ਸਾਡੇ ਲਈ ਗੱਲ ਨਾਲੋਂ ਵਧੇਰੇ ਮਹੱਤਵਪੂਰਨ ‘ਗੱਲ ਨੂੰ ਕਹੇ ਜਾਣ ਦਾ ਸਹੀ ਤਰੀਕਾ’ ਬਣ ਜਾਂਦਾ ਹੈ। ਗੱਲ ਕਰਨ ਦੇ ਇਸ ‘ਸਹੀ ਤਰੀਕੇ’ ਵਿਚ ਅਕਸਰ ਸਾਡੇ ਭਾਵ ਅਸਪੱਸ਼ਟ ਰਹਿ ਜਾਂਦੇ ਹਨ। ਭਾਸ਼ਾ ਦੀ ਨਫ਼ਾਸਤ ਬਾਰੇ ਅਜਿਹੀ ਸਮਝ ਹੀ ਸਾਡੀ ਤੇ ਦੂਜਿਆਂ ਦੀ ਹੋਂਦ ਨੂੰ ਪਰਿਭਾਸ਼ਿਤ ਕਰਦੀ ਹੈ।
ਇਸ ਵਰਤਾਰੇ ਦਾ ਇੱਕ ਦੂਜਾ ਪਾਸਾ ਵੀ ਹੈ। ਇਸੇ ਪਾਸੇ ਵਿਅਕਤੀ ਜਿਉਂਦਾ ਤੇ ਸਾਹ ਲੈਂਦਾ ਹੈ। ਇਸ ਪਾਸੇ ਵਿਚ ਵਿਅਕਤੀ ਆਪਣੀ ਗੱਲ ਕਹਿਣ ਲਈ ਚੋਰ-ਮੋਰੀਆਂ ਵਿਚੋਂ ਹੀ ਸਹੀ ਲੇਕਿਨ ਰਾਹ ਰੱਖ ਲੈਂਦਾ ਹੈ। ਪੰਜਾਬ ਦੀ ਲੋਕਧਾਰਾ ਵਿਚ ਦੁੱਲੇ ਭੱਟੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਇੱਕ ਬਿਰਤਾਂਤ ਜੁੜਦਾ ਹੈ ਕਿ ਉਨ੍ਹਾਂ ਦੇ ਕਚਹਿਰੀ ਵਿਚ ਦਾਖ਼ਿਲ ਹੋਣ ਸਮੇਂ ਵੱਡੇ-ਚੌੜੇ ਦਰਵਾਜ਼ਿਆਂ ਨੂੰ ਬੰਦ ਕਰ ਕੇ ਛੋਟਾ ਦਰਵਾਜ਼ਾ ਖੋਲ੍ਹਿਆ ਗਿਆ। ਇਸ ਦਾ ਸਿੱਧਾ ਅਰਥ ਸੀ ਕਿ ਹਾਕਮ ਉਨ੍ਹਾਂ ਨੂੰ ਝੁਕਾਉਣਾ ਚਾਹੁੰਦੇ ਸਨ। ਲੇਕਿਨ ਦੋਵਾਂ ਹੀ ਬਿਰਤਾਂਤਾਂ ਵਿਚ ਪੰਜਾਬ ਦੇ ਇਹ ਯੋਧੇ ਪਹਿਲਾਂ ਪੈਰ ਅੰਦਰ ਰੱਖਦੇ ਹਨ ਤੇ ਹਾਕਮ ਨੂੰ ਜੁੱਤੀ ਵਿਖਾਉਂਦੇ ਹਨ। ਇਸ ਦਾ ਅਰਥ ਹੈ ਕਿ ਉਹ ਚਿੰਨ੍ਹਾਂ ਰਾਹੀਂ ਪਰਿਭਾਸ਼ਿਤ ਧੌਂਸ ਦਾ ਜਵਾਬ ਉਨ੍ਹਾਂ ਹੀ ਚਿੰਨ੍ਹਾਂ ਦੀ ਲਿਆਕਤ ਨਾਲ ਵਰਤੋਂ ਕਰ ਕੇ ਦਿੰਦੇ ਹਨ। ਇਹ ਬਿਰਤਾਂਤ ਦੱਸਦਾ ਹੈ ਕਿ ਪੰਜਾਬ ਦੀ ਲੋਕਾਈ ਨੇ ਪੀੜ੍ਹੀਆਂ ਦੀ ਸਮਝ ਅਤੇ ਅਨੁਭਵ ਦੇ ਆਧਾਰ ਉੱਪਰ ਆਪਣਾ ਚਿੰਨ੍ਹਾਤਮਕ ਸੰਸਾਰ ਸਿਰਜਿਆ ਹੈ। ਇਹ ਚਿੰਨ੍ਹਾਤਮਕ ਸੰਸਾਰ ਪੰਜਾਬ ਦੀ ਲੋਕਾਈ ਨੂੰ ਕੇਵਲ ਔਖੇ ਸਮਿਆਂ ਵਿਚ ਮਾਨਸਿਕ ਤੇ ਆਤਮਿਕ ਬਲ ਹੀ ਪ੍ਰਦਾਨ ਨਹੀਂ ਕਰਦਾ ਸਗੋਂ ਨਿੱਜਤਾ ਤੋਂ ਉੱਪਰ ਉੱਠ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਕਰਨ ਦੀ ਸੇਧ ਵੀ ਦਿੰਦਾ ਹੈ। ਸਾਡੀਆਂ ਪੁਸਤਕਾਂ ਵਿਚ ਪੰਜਾਬ ਨੂੰ ਭਾਰਤ ਦੀ ਖੜਗਭੁਜਾ ਕਿਹਾ ਗਿਆ ਹੈ। ਇਸ ਇੱਕ ਵਾਕ ਨੇ ਪੰਜਾਬ ਨੂੰ ਕੇਵਲ ਸੂਰਬੀਰਾਂ ਤੇ ਲੜਾਕਿਆਂ ਦੀ ਧਰਤੀ ਬਣਾ ਦਿੱਤਾ ਹੈ। ਅੱਜ ਇਹ ਗੱਲ ਕਿਸੇ ਨੂੰ ਓਪਰੀ ਲੱਗ ਸਕਦੀ ਹੈ ਕਿ ਪੰਜਾਬ ਗਿਆਨੀਆਂ ਦੀ ਧਰਤੀ ਵੀ ਹੈ। ਇਤਿਹਾਸ ਗਵਾਹ ਹੈ ਕਿ ਭੂਤਕਾਲ ਵਿਚ ਪੰਜਾਬ ਜਿੰਨੀਆਂ ਵੱਡੀਆਂ ਚੁਣੌਤੀਆਂ ਦੇ ਦਰਪੇਸ਼ ਹੋਇਆ, ਇੱਥੇ ਉਨਾ ਹੀ ਵੱਡਾ ਫ਼ਲਸਫ਼ਾ ਤੇ ਚਿੰਤਨ ਪੈਦਾ ਹੋਇਆ। ਪੰਜਾਬ ਦੇ ਸਾਰੇ ਮਹਾਨ ਲੜਾਕਿਆਂ ਦਾ ਤਲਵਾਰ ਤੇ ਕਲਮ ਦੋਵਾਂ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ ਹੈ। ਇਸ ਲਈ ਪੰਜਾਬ ਨੂੰ ਜੇਕਰ ਕੇਵਲ ਕਲਮ/ਸ਼ਬਦ ਪਰਿਭਾਸ਼ਿਤ ਨਹੀਂ ਕਰਦਾ ਤਾਂ ਇਸ ਨੂੰ ਕੇਵਲ ਤਲਵਾਰ/ਹਥਿਆਰ ਵੀ ਪਰਿਭਾਸ਼ਿਤ ਨਹੀਂ ਕਰਦੇ। ਪਰ ਅੱਜ ਇਹ ਗੱਲ ਸ਼ਾਇਦ ਹੀ ਕਿਸੇ ਨੂੰ ਪਸੰਦ ਆਵੇ ਕਿ ਪੰਜਾਬ ਦੇ ਨਾਇਕਾਂ ਲਈ ਸਰੀਰਕ ਤੌਰ ’ਤੇ ਤਾਕਤਵਰ ਹੋਣਾ ਜ਼ਰੂਰੀ ਸ਼ਰਤ ਨਹੀਂ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਪੂਰਨ ਭਗਤ, ਧੰਨਾ ਭਗਤ, ਫ਼ਰੀਦ, ਬੁੱਲਾ, ਸ਼ਾਹ ਹੁਸੈਨ ਆਤਮਿਕ ਪੱਖ ਤੋਂ ਬਲਵਾਨ ਹੋਣ ਕਰਕੇ ਲੋਕਾਂ ਦੇ ਨਾਇਕ ਹਨ। ਉਹ ਤਲਵਾਰ ਨਹੀਂ ਚੁੱਕਦੇ, ਲੇਕਿਨ ਇਨ੍ਹਾਂ ਦੇ ਅਲਫ਼ਾਜ਼ ਤੇ ਕਲਮਾਂ ਤਲਵਾਰਾਂ ਦਾ ਮੂੰਹ ਮੋੜਨ ਦੀ ਤਾਕਤ ਰੱਖਦੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਤਾਂ ਸਪੱਸ਼ਟ ਹੀ ਹਥਿਆਰ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ਦੀ ਸ਼ਰਤ ਆਇਦ ਕਰਦੇ ਹਨ। ਇਸੇ ਕਾਰਨ ਉਨ੍ਹਾਂ ਦੁਆਰਾ ਰਚਿਤ ‘ਜ਼ਫ਼ਰਨਾਮਾ’ ਤੇ ‘ਮਿਤ੍ਰ ਪਿਆਰੇ ਨੂੰ’ ਸ਼ਬਦ ਪੰਜਾਬੀਆਂ ਲਈ ਮਾਨਸਿਕ ਤੇ ਆਤਮਿਕ ਬਲ ਦੇ ਸਿਖਰ ਦਾ ਪ੍ਰਤੀਕ ਬਣਦੇ ਹਨ। ਮਾਛੀਵਾੜੇ ਦਾ ਸਾਰਾ ਬਿਰਤਾਂਤ ਪੰਜਾਬੀਆਂ ਨੂੰ ਹਾਰ ਤੇ ਜਿੱਤ ਦੇ ਨਵੇਂ ਅਰਥ ਪ੍ਰਦਾਨ ਕਰਦਾ ਹੈ। ਇਸੇ ਲਈ ਅੱਜ ਵੀ ਪੰਜਾਬੀਆਂ ਲਈ ਜਿੱਤ ਤੇ ਹਾਰ ਨਾਲੋਂ ਵਧੇਰੇ ‘ਲੜਨਾ’ ਮਹੱਤਵਪੂਰਨ ਹੈ। ਲੇਕਿਨ ‘ਲੜਾਈ’ ਦੇ ਅਰਥਾਂ ਨੂੰ ਜਾਬਰ ਸੱਤਾ ਵਿਰੁੱਧ ਲਗਾਤਾਰ ‘ਸੰਘਰਸ਼’ ਨਾਲੋਂ ਤੋੜ ਕੇ ‘ਲੜਾਕੇ ਹੋਣ’ ਤੱਕ ਕਦ ਸੀਮਤ ਕਰ ਦਿੱਤਾ ਗਿਆ, ਇਹ ਸੋਚਣ ਵਾਲਾ ਮਸਲਾ ਹੈ।
ਇਸ ਬਾਰੇ ਸੋਚਣ ਦਾ ਕਾਰਨ ਇਹ ਵੀ ਹੈ ਕਿ ਪੰਜਾਬ ਵਿਚ ਇਸੇ ਤਰੀਕੇ ਨਾਲ ‘ਤਾਕਤ’ ਨੂੰ ਕੇਵਲ ਸਰੀਰਕ ਬਲ ਤੇ ਪਦਾਰਥਕ ਸਮਰਿੱਧੀ ਦੇ ਅਰਥਾਂ ਤੱਕ ਘਟਾ ਦਿੱਤਾ ਗਿਆ। ਪੰਜਾਬੀ ਸਮਾਜ ਸਾਮੰਤੀ ਤੇ ਪਿੱਤਰਸੱਤਾ ਦੀ ਚੌਧਰ ਵਾਲਾ ਸਮਾਜ ਹੈ। ਇਸ ਲਈ ਪੰਜਾਬੀ ਸਮਾਜ ਅੰਦਰ ਅਜਿਹੀਆਂ ਸਾਰੀਆਂ ਬੁਰਾਈਆਂ ਹਨ ਜੋ ਅਜਿਹੇ ਸ਼ੋਸ਼ਣ ਆਧਾਰਿਤ ਸਮਾਜਾਂ ਦੇ ਇਤਿਹਾਸਕ ਖਾਸੇ ਵਿਚ ਹੁੰਦੀਆਂ ਹਨ। ਲੇਕਿਨ ਅੱਜ ਪੰਜਾਬੀ ਸਮਾਜ ਦਾ ਢਾਂਚਾ ਜਿਸ ਤਰ੍ਹਾਂ ਕੇਵਲ ਸਰੀਰਕ ਤੇ ਪਦਾਰਥਕ ਤਾਕਤ ਨੂੰ ਜੀਵਨ ਦਾ ਧੁਰਾ ਬਣਾ ਚੁੱਕਾ ਹੈ, ਇਹ ਬਿਲਕੁਲ ਨਵਾਂ ਹੈ। ਅੱਜ ਹਾਲਤ ਇਹ ਹੈ ਕਿ ਪੰਜਾਬੀ ਬੰਦਾ ਸੱਤਾ ਦੇ ਪਦਾਰਥਕ ਤਾਕਤ ਨਾਲ ਰਿਸ਼ਤਾ ਗੰਢਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੇ ਭਵਿੱਖ ਦੀ ਯੋਜਨਾ ਵਿਚੋਂ ਸੋਚ-ਵਿਚਾਰ ਪੂਰੀ ਤਰ੍ਹਾਂ ਮਨਫ਼ੀ ਹਨ। ਇਹੀ ਕਾਰਨ ਹੈ ਕਿ ਸਾਡੇ ਲੋਕ, ਨੇਤਾ, ਅਫ਼ਸਰਸ਼ਾਹੀ ਤੇ ਇੱਥੋਂ ਤੱਕ ਕਿ ਵਿਦਵਾਨ ਵੀ ਸ਼ਬਦਾਂ ਦੀ ਸੁਚੇਤ ਨਹੀਂ ਸਗੋਂ ਅਚੇਤ ਵਿਚ ਵਸੇ ਪੈਮਾਨਿਆਂ ਅਨੁਸਾਰ ਵਰਤੋਂ ਕਰ ਰਹੇ ਹਨ। ਅੱਜ ਹਰ ਪੰਜਾਬੀ ਵਿਚੋਂ ਬੰਦਾ ਘੱਟ, ਹੈਂਕੜਬਾਜ਼ ਵਧੇਰੇ ਬੋਲਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਤਾਕਤ ਨਾਲ ਕਿਸੇ ਨੂੰ ਚੁੱਪ ਕਰਵਾਉਣਾ ਤੇ ਤਾਕਤ ਦੇ ਸਾਹਮਣੇ ਚੁੱਪ ਹੋਣਾ, ਦੋਵੇਂ ਹੀ ਸਾਡੇ ਲਈ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਕਬਰ ਦਾ ਕੰਮ ਕਰਨਗੇ। ਇਤਿਹਾਸ ਵਿਚ ਪੰਜਾਬੀ, ਸੱਤਾ ਦੇ ਲੋਕ-ਵਿਰੋਧੀ ਹੋਣ ਉੱਪਰ ਕਦੇ ਚੁੱਪ ਨਹੀਂ ਰਹੇ ਪਰ ਵਰਤਮਾਨ ਸਮੇਂ ਪੰਜਾਬ ਦੀ ਸੱਤਾ ‘ਚੁੱਪ’ ਉੱਪਰ ਉੱਸਰੀ ਸੱਤਾ ਹੈ। ਇਸ ਚੁੱਪ ਵਿਚ ਬਹੁਤ ਸਾਰੇ ਅਬੋਲ ਹੋ ਚੁੱਕੇ ਵਰਗਾਂ ਦੀ ਕਥਾ ਮੌਨ ਹੈ। ਇਸ ‘ਚੁੱਪ’ ਦੀਆਂ ਜੜ੍ਹਾਂ ਡਰ ਵਿਚ ਹਨ। ਇਸ ‘ਚੁੱਪ’ ਦੇ ਖ਼ਿਲਾਫ਼ ਸਾਨੂੰ ਜੋ ਸੁਣਾਈ ਦਿੰਦਾ ਹੈ, ਉਹ ਕੇਵਲ ਸ਼ੋਰ ਹੈ, ਇਹ ਸ਼ੋਰ ਵੀ ਬਹੁਤ ਸਾਰੀਆਂ ਆਵਾਜ਼ਾਂ ਨੂੰ ਮੌਨ ਕਰ ਦਿੰਦਾ ਹੈ। ਉਸ ਵਿਚ ਕਿੰਨੀਆਂ ਹੀ ਆਵਾਜ਼ਾਂ ਹਨ ਜਿਨ੍ਹਾਂ ਦਾ ਆਪਣਾ ਕੋਈ ਅਰਥ ਨਹੀ ਹੈ। ਇਨ੍ਹਾਂ ਆਵਾਜ਼ਾਂ ਦੇ ਸਪੱਸ਼ਟ ਵਾਕ ਵਿਚ ਬਦਲਣ ਦੀ ਬਜਾਇ ਸ਼ੋਰ ਵਿਚ ਬਦਲਣ ਕਾਰਨ ਹੀ ਅਰਥਹੀਣਤਾ ਤੇ ਨਿਰਾਸ਼ਾ ਪੈਦਾ ਹੁੰਦੀ ਹੈ।
ਸਾਡੇ ਆਲੇ-ਦੁਆਲੇ, ਗਲੀਆਂ, ਸੜਕਾਂ, ਜਨਤਕ ਥਾਵਾਂ ਉੱਪਰ ਲੋਕਾਂ ਨੂੰ ਗੱਲਾਂ ਕਰਦੇ ਸੁਣੋ। ਲੋਕ ਖਿਝੇ ਪਏ ਹਨ। ਪੰਜਾਬੀਆਂ ਦੀ ਨਰਮਾਈ, ਕੋਮਲਤਾ, ਵੈਰਾਗ ਤੇ ਅਪਣੱਤ ਗਵਾਚ ਗਈ ਹੈ। ਪੰਜਾਬੀ ਦਿਨ-ਬ-ਦਿਨ ਵਧੇਰੇ ਝਗੜਾਲੂ, ਅਸਹਿਣਸ਼ੀਲ ਤੇ ‘ਲੜਾਕੇ’ ਹੋ ਰਹੇ ਹਨ। ਸਾਡੇ ਲੋਕਾਂ ਦੀ ਆਮ ਬੋਲਚਾਲ ਵਿਚ ਗਾਲ੍ਹਾਂ ਦੀ ਇੰਨੀ ਭਰਮਾਰ ਹੁੰਦੀ ਹੈ ਕਿ ਸੰਵੇਦਨਸ਼ੀਲ ਬੰਦੇ ਦਾ ਜੀਅ ਕਚਿਆਣ ਨਾਲ ਭਰ ਜਾਂਦਾ ਹੈ। ਇਹ ਭਾਸ਼ਾ ਦੀ ਹਿੰਸਾ ਹੈ ਜੋ ਸੱਤਾ ਨੇ ਸਾਡੇ ਅਚੇਤ ਦਾ ਹਿੱਸਾ ਬਣਾ ਦਿੱਤੀ ਹੈ। ਅੱਜ ਪੰਜਾਬੀ ਬੰਦਾ ਇਸ ਹਿੰਸਾ ਦੁਆਰਾ ਪਰਿਭਾਸ਼ਿਤ ਅਰਥਾਂ ਤੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਬੋਲਦਾ ਹੈ। ਅੱਜ ਪੰਜਾਬੀ ਬੰਦੇ ਨੂੰ ਅਚੇਤ ਹੀ ਪਤਾ ਹੈ ਕਿੱਥੇ, ਕੀ, ਕਿਵੇਂ, ਕਿਸ ਤਰ੍ਹਾਂ ਤੇ ਕਿਉਂ ਬੋਲਣਾ ਹੈ ਅਤੇ ਚੁੱਪ ਰਹਿਣਾ ਹੈ। ਪੰਜਾਬੀਆਂ ਨੂੰ ਇਨ੍ਹਾਂ ਨਿਯਮਾਂ ਨੂੰ ਤੋੜ ਕੇ ਜਾਂ ਨਜ਼ਰ-ਅੰਦਾਜ਼ ਕਰ ਕੇ ਬੋਲਣ ਨਾਲ ਜੁੜੇ ਸੰਭਾਵੀ ਖ਼ਤਰਿਆਂ ਦਾ ਸੁਤੇ-ਸਿਧ ਪਤਾ ਹੈ। ਪੰਜਾਬੀ ਬੰਦੇ ਨੂੰ ਇਹ ਲੋਕਧਾਰਾ ਤੇ ਸਭਿਆਚਾਰ ਰਾਹੀਂ ਬਹੁਤ ਹੀ ਸੂਖ਼ਮ ਪਰ ਸਪੱਸ਼ਟ ਰੂਪ ਵਿਚ ਸਮਝਾ ਦਿੱਤਾ ਜਾਂਦਾ ਹੈ। ਇਹ ਹਿੰਸਾ ਸਾਡੇ ਘਰਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ‘ਚੁੱਪ’ ਦਾ ਅਜਿਹਾ ਜਾਲ ਬੁਣਦੀ ਹੈ ਜਿਸ ਦਾ ਕੋਈ ਸਿਰਾ ਹੱਥ ਨਹੀਂ ਆਉਂਦਾ। ਇਹ ਚੁੱਪ ਬਹੁਤ ਸੰਘਣੀ ਤੇ ਗਹਿਰੀ ਹੈ। ਇਸ ਦਾ ਬਦਲ ਸਾਡੇ ਸਾਰਿਆਂ ਦੇ ‘ਬੋਲ’ ਹਨ ਜਾਂ ਫਿਰ ਸ਼ਬਦਾਂ ਦਾ ਕੋਈ ਅਜਿਹਾ ਜਾਦੂਗਰ ਜੋ ਸਾਰਿਆਂ ਦੇ ਹਿੱਸੇ ਦਾ ਬੋਲ ਸਕੇ। ਕੋਈ ਅਜਿਹਾ ਪੈਗੰਬਰ, ਨੇਤਾ, ਲੇਖਕ, ਦਾਰਸ਼ਨਿਕ, ਬੁੱਧਜੀਵੀ ਜੋ ਸਾਧਾਰਨ ਵਿਅਕਤੀ ਨੂੰ ਆਵਾਜ਼ ਦੇ ਸਕੇ ਜਾਂ ਉਸ ਦੀ ਆਵਾਜ਼ ਬਣ ਸਕੇ। ਅਜਿਹਾ ਕਰਨ ਲਈ ਮਸੀਹਾ ਹੋਣ ਦੀ ਨਹੀਂ, ਬਸ ਜ਼ਿੰਮੇਵਾਰ ਇਨਸਾਨ ਹੋਣ ਦੀ ਲੋੜ ਹੈ।
ਸੰਪਰਕ : 94787-42476