ਜਨਮ ਦਿਹਾੜੇ 'ਤੇ ਵਿਸ਼ੇਸ਼ : ਕਿਰਤੀ ਇਨਕਲਾਬ ਦਾ ਪ੍ਰਤੀਕ ਸ਼ਹੀਦ ਭਗਤ ਸਿੰਘ - ਸੁਮੀਤ ਸਿੰਘ
ਸ਼ਹੀਦ ਭਗਤ ਸਿੰਘ ਇਕ ਅਜਿਹਾ ਇਨਕਲਾਬੀ ਕੌਮੀ ਸ਼ਹੀਦ ਅਤੇ ਚਿੰਤਕ ਹੋਇਆ ਹੈ ਜਿਸ ਨੂੰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮਾਨਤਾ ਅਤੇ ਮਾਣ-ਸਤਿਕਾਰ ਮਿਲਿਆ ਹੈ। ਮੁਲਕ ਦੀ ਆਜ਼ਾਦੀ ਲਈ ਪਾਏ ਯੋਗਦਾਨ ਅਤੇ ਮਹਾਨ ਸ਼ਹਾਦਤ ਸਦਕਾ ਹੀ ਉਸ ਨੂੰ ਸ਼ਹੀਦ-ਏ-ਆਜ਼ਮ ਕਿਹਾ ਜਾਂਦਾ ਹੈ। ਬੇਸ਼ੱਕ ਹੋਰ ਇਨਕਲਾਬੀਆਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ, ਪਰ ਉਹ ਸਮਾਜਵਾਦੀ ਇਨਕਲਾਬੀ ਹੋਣ ਦੇ ਨਾਲ-ਨਾਲ ਮਹਾਨ ਚਿੰਤਕ ਵੀ ਸੀ ਜਿਸ ਨੇ ਆਪਣੀਆਂ ਇਨਕਲਾਬੀ ਲਿਖਤਾਂ ਰਾਹੀਂ ਹਿੰਦੋਸਤਾਨੀਆਂ ਨੂੰ ਆਜ਼ਾਦੀ, ਬਰਾਬਰੀ ਅਤੇ ਸਮਾਜਿਕ ਨਿਆਂ ਪ੍ਰਾਪਤ ਕਰਨ ਲਈ ਜ਼ਾਲਮ ਬਰਤਾਨਵੀ ਹਕੂਮਤ ਵਿਰੁੱਧ ਲਾਮਬੰਦ ਕੀਤਾ।
ਅਫ਼ਸੋਸ ਦੀ ਗੱਲ ਹੈ ਕਿ ਆਜ਼ਾਦੀ ਮਗਰੋਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰ ਗਏ ਇਨਕਲਾਬੀਆਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਕੌਮੀ ਪੱਧਰ 'ਤੇ ਬਣਦਾ ਮਾਣ-ਸਨਮਾਨ ਦੇਣ ਲਈ ਕਦੇ ਵੀ ਨੇਕ ਨੀਅਤੀ ਨਹੀਂ ਵਿਖਾਈ। ਇਨਕਲਾਬੀ ਯੋਧਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਦੁਰਗਾ ਭਾਬੀ, ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ, ਸ਼ਹੀਦ ਊਧਮ ਸਿੰਘ, ਗਦਰੀ ਬਾਬੇ, ਮਦਨ ਲਾਲ ਢੀਂਗਰਾ ਅਤੇ ਹੋਰ ਲਹਿਰਾਂ ਦੇ ਸੂਰਬੀਰਾਂ ਨੇ ਆਜ਼ਾਦੀ ਪ੍ਰਾਪਤੀ ਲਈ ਅਣਥੱਕ ਘਾਲਣਾ ਘਾਲੀ।
ਕੁਝ ਸਮਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ ਤਹਿਤ ਇੰਕਸ਼ਾਫ ਕੀਤਾ ਕਿ ਕੇਂਦਰ ਸਰਕਾਰ ਕੋਲ ਅਜਿਹਾ ਕੋਈ ਰਿਕਾਰਡ ਮੌਜੂਦ ਨਹੀਂ ਜਿਸ ਤੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਰੁਤਬੇ ਦੀ ਪ੍ਰਮਾਣਿਕਤਾ ਸਿੱਧ ਹੁੰਦੀ ਹੋਵੇ। ਮੁਲਕ ਦੇ ਹੁਕਮਰਾਨਾਂ ਲਈ ਇਹ ਸ਼ਰਮ ਦੀ ਗੱਲ ਹੈ। ਇਸ ਦਾ ਸਪੱਸ਼ਟ ਮਤਲਬ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਵਿਚ ਸੱਤਾ ਉੱਤੇ ਲਗਾਤਾਰ 17 ਸਾਲ ਕਾਬਜ਼ ਰਹੀ ਕਾਂਗਰਸ ਸਰਕਾਰ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀਆਂ, ਉਮਰ ਕੈਦਾਂ, ਕਾਲੇ ਪਾਣੀਆਂ ਅਤੇ ਹੋਰ ਸਖ਼ਤ ਸਜ਼ਾਵਾਂ ਭੁਗਤਣ ਵਾਲੇ ਦੇਸ਼ ਭਗਤਾਂ ਦੀ ਸਹੀ ਸੂਚੀ ਤਿਆਰ ਕਰਨ ਲਈ ਗੰਭੀਰ ਉਪਰਾਲੇ ਨਹੀਂ ਕੀਤੇ। ਇਹ ਵੀ ਮੁਮਕਿਨ ਹੈ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਕਾਂਗਰਸ ਨਾਲ ਵਿਚਾਰਧਾਰਕ ਮਤਭੇਦਾਂ ਕਾਰਨ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਸ਼ਹੀਦਾਂ ਦੀ ਸੂਚੀ ਤੋਂ ਜਾਣਬੁੱਝ ਕੇ ਬਾਹਰ ਰੱਖਿਆ ਹੋਵੇ। ਬੇਸ਼ੱਕ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਕਿਸੇ ਸਰਕਾਰੀ ਰਿਕਾਰਡ ਦੀ ਮੁਹਤਾਜ ਨਹੀਂ, ਪਰ ਸਵਾਲ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਆਪਣਾ ਰਿਕਾਰਡ ਦਰੁਸਤ ਕਿਉਂ ਨਹੀਂ ਕੀਤਾ? ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਆਜ਼ਾਦ ਹਿੰਦੋਸਤਾਨ ਦੇ ਲੋਕਾਂ ਲਈ ਪੂਰਨ ਆਜ਼ਾਦੀ, ਬਰਾਬਰੀ, ਸਮਾਜਿਕ ਨਿਆਂ ਅਤੇ ਖੁਸ਼ਹਾਲੀ ਦੇ ਜੋ ਸੁਪਨੇ ਲਏ ਸਨ, ਉਨ੍ਹਾਂ ਨੂੰ ਸਾਕਾਰ ਕਰਨ ਲਈ ਦੇਸ਼ ਦੀਆਂ ਹਾਕਮ ਜਮਾਤਾਂ ਨੇ ਕਦੇ ਵੀ ਸੁਹਿਰਦਤਾ ਨਹੀਂ ਵਿਖਾਈ। ਇਸ ਦੇ ਉਲਟ ਪਿਛਲੇ ਢਾਈ ਦਹਾਕਿਆਂ ਤੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ ਤੇ ਨਵ-ਉਦਾਰੀਕਰਨ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਮਿੱਟੀ ਵਿਚ ਮਿਲਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਦੇਸ਼ ਦੇ ਪ੍ਰਧਾਨ ਮੰਤਰੀ ਹਰ ਸਾਲ ਲਾਲ ਕਿਲੇ ਤੋਂ ਦੇਸ਼ ਵਿਚ ਵਿਕਾਸ ਦਰ ਤੇਜ਼ ਹੋਣ ਅਤੇ ਗ਼ਰੀਬਾਂ ਦੀ ਗਿਣਤੀ ਘਟਣ ਦੇ ਦਾਅਵੇ ਕਰਦੇ ਹਨ, ਪਰ ਅਸਲ ਵਿਚ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਵੀ ਦੇਸ਼ ਦੇ 70 ਕਰੋੜ ਤੋਂ ਵੱਧ ਗ਼ਰੀਬ ਤੇ ਦੱਬੇ ਕੁਚਲੇ ਵਰਗਾਂ ਦੇ ਲੋਕ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਸਾਫ਼ ਪਾਣੀ, ਸੀਵਰੇਜ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਸਾਮਰਾਜਪੱਖੀ ਨੀਤੀਆਂ ਨੂੰ ਅਖੌਤੀ ਆਰਥਿਕ ਸੁਧਾਰਾਂ ਦਾ ਨਾਂ ਦੇ ਕੇ ਹੁਕਮਰਾਨ ਮੁਲਕ ਨੂੰ ਵਿਨਾਸ਼ ਵੱਲ ਲਿਜਾ ਰਹੇ ਹਨ। ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ 7 ਲੱਖ ਕਰੋੜ ਦੀਆਂ ਸਾਲਾਨਾ ਸਬਸਿਡੀਆਂ ਦੇ ਕੇ ਅਤੇ ਇਸ ਦੇ ਉਲਟ ਆਮ ਲੋਕਾਂ ਤੋਂ ਰਸੋਈ ਗੈਸ, ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ ਅਤੇ ਰੋਜ਼ਮਰ੍ਹਾ ਦੀਆਂ ਹੋਰ ਜ਼ਰੂਰੀ ਵਸਤਾਂ ਦੀ ਸਬਸਿਡੀ ਖ਼ਤਮ ਕਰਕੇ ਮੌਜੂਦਾ ਸਰਕਾਰਾਂ ਪਤਾ ਨਹੀਂ ਕਿਹੋ ਜਿਹੇ ਵਿਕਾਸ ਦਾ ਦਾਅਵਾ ਕਰ ਰਹੀਆਂ ਹਨ? ਦਰਅਸਲ ਵਿਕਾਸ ਦਾ ਲਾਭ ਆਮ ਲੋਕਾਂ ਦੀ ਥਾਂ ਉਨ੍ਹਾਂ ਪੂੰਜੀਪਤੀ ਘਰਾਣਿਆਂ, ਬਹੁਕੌਮੀ ਕੰਪਨੀਆਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਚੋਣਾਂ ਅਤੇ ਸਿਆਸੀ ਸੰਕਟ ਵੇਲੇ ਲੋਕ ਵਿਰੋਧੀ ਹਾਕਮ ਜਮਾਤਾਂ ਦਾ ਸਾਥ ਦਿੰਦੇ ਹਨ।
ਦੇਸ਼ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਅਣਗੌਲਿਆ ਕਰਨ ਦੇ ਪਿਛੋਕੜ ਵਿਚ ਇਹ ਤੱਥ ਸਮਝਣਾ ਜ਼ਰੂਰੀ ਹੈ ਕਿ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਜਥੇਬੰਦੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਦੀਆਂ ਨੀਤੀਆਂ ਅਤੇ ਢੰਗ ਤਰੀਕਿਆਂ ਵਿਚ ਕਾਫ਼ੀ ਵਿਚਾਰਧਾਰਕ ਮਤਭੇਦ ਸਨ। ਕਾਂਗਰਸ ਸਮਝਦੀ ਸੀ ਕਿ ਇਨਕਲਾਬੀ ਜਥੇਬੰਦੀਆਂ ਦੀਆਂ ਬਾਗ਼ੀ ਸਰਗਰਮੀਆਂ ਅੰਗਰੇਜ਼ਾਂ ਨਾਲ ਕੀਤੇ ਜਾਣ ਵਾਲੇ ਸਮਝੌਤਿਆਂ ਵਿਚ ਮੁੱਖ ਰੁਕਾਵਟ ਹਨ ਜਦੋਂਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਵਿਚਾਰ ਸੀ ਕਿ ਜ਼ਾਲਮ ਬਰਤਾਨਵੀ ਹਕੂਮਤ ਨੂੰ ਹਿੰਦੋਸਤਾਨ ਵਿਚੋਂ ਬਾਹਰ ਕੱਢਣ ਲਈ ਇਕੋ ਇਕ ਹਥਿਆਰ ਕਿਰਤੀ ਇਨਕਲਾਬ ਹੈ ਅਤੇ ਹੋਰ ਕੋਈ ਵੀ ਪ੍ਰੋਗਰਾਮ ਜਾਂ ਅੰਦੋਲਨ ਇਸ ਦੀ ਪੂਰਤੀ ਨਹੀਂ ਕਰ ਸਕਦਾ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਇਨਕਲਾਬ ਨੂੰ ਸਦਾ ਹਥਿਆਰਬੰਦ ਇਨਕਲਾਬ ਨਾਲ ਨਹੀਂ ਜੋੜਿਆ ਜਾ ਸਕਦਾ।
ਇਸੇ ਕਾਰਨ ਗਾਂਧੀ ਇਰਵਿਨ ਸਮਝੌਤੇ ਵੇਲੇ ਮਹਾਤਮਾ ਗਾਂਧੀ ਅਤੇ ਕਾਂਗਰਸ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਾਉਣ ਲਈ ਬਰਤਾਨਵੀ ਹਕੂਮਤ ਉਤੇ ਕੋਈ ਦਬਾਅ ਨਹੀਂ ਪਾਇਆ। ਉਂਜ ਵੀ ਸ਼ਹੀਦ ਭਗਤ ਸਿੰਘ ਬਰਤਾਨਵੀ ਹਕੂਮਤ ਤੋਂ ਕਿਸੇ ਵੀ ਤਰ੍ਹਾਂ ਦੇ ਰਹਿਮ ਜਾਂ ਮੁਆਫ਼ੀ ਮੰਗਣ ਦੇ ਸਖ਼ਤ ਖ਼ਿਲਾਫ਼ ਸੀ। ਇਸ ਦਾ ਖੁਲਾਸਾ ਉਸ ਨੇ ਜੇਲ੍ਹ ਵਿਚੋਂ ਆਪਣੇ ਪਿਤਾ ਨੂੰ ਲਿਖੇ ਪੱਤਰ ਵਿਚ ਸਪੱਸ਼ਟ ਤੌਰ 'ਤੇ ਕੀਤਾ ਸੀ।
ਸ਼ਹੀਦ ਭਗਤ ਸਿੰਘ ਦੀ ਦਿਨੋ ਦਿਨ ਵਧ ਰਹੀ ਹਰਮਨ ਪਿਆਰਤਾ ਤੋਂ ਘਬਰਾ ਕੇ ਕੁਝ ਤਾਕਤਾਂ ਸਮੇਂ-ਸਮੇਂ ਉਸ ਦੇ ਨਾਂ ਨਾਲ ਕੋਈ ਨਾ ਕੋਈ ਵਾਦ ਵਿਵਾਦ ਜੋੜੀ ਰੱਖਦੀਆਂ ਹਨ। ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਕੁਰਬਾਨੀ ਤੋਂ ਭੈਅ ਖਾਣ ਵਾਲੀਆਂ ਪੂੰਜੀਵਾਦੀ ਪੱਖੀ ਜਮਾਤਾਂ ਉਸ ਨੂੰ ਹੁਣ ਤਕ ਦਹਿਸ਼ਤਪਸੰਦ ਅਤੇ ਜਜ਼ਬਾਤੀ ਨੌਜਵਾਨ ਵਜੋਂ ਹੀ ਪੇਸ਼ ਕਰਦੀਆਂ ਰਹੀਆਂ ਹਨ, ਪਰ ਹਕੀਕਤ ਇਹ ਹੈ ਕਿ ਅੰਗਰੇਜ਼ ਹਕੂਮਤ ਵਿਰੁੱਧ ਛੇੜੀ ਅਸਲੀ ਜੰਗ ਵਿਚ ਸ਼ਹੀਦ ਭਗਤ ਸਿੰਘ ਨੇ ਜਿਹੜਾ ਪਹਿਲਾ ਹਥਿਆਰ ਚੁੱਕਿਆ ਸੀ, ਉਹ ਪਿਸਤੌਲ ਨਹੀਂ ਸਗੋਂ ਕਲਮ ਸੀ ਅਤੇ ਉਸ ਦੀ ਬੌਧਿਕਤਾ ਨੇ ਹੀ ਉਸ ਵਿਚ ਰਾਜਸੀ ਚੇਤੰਨਤਾ ਦਾ ਵਿਕਾਸ ਕੀਤਾ ਸੀ।
ਇਸ ਤੋਂ ਇਲਾਵਾ ਕੁਝ ਫ਼ਿਰਕਾਪ੍ਰਸਤ ਤਾਕਤਾਂ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਰਹੀਆਂ ਹਨ। ਕਦੇ ਉਸ ਨੂੰ ਟੋਪੀ, ਪਗੜੀ, ਧਰਮ, ਜਾਤ ਪਾਤ ਦੇ ਵਿਵਾਦ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਕਦੇ ਉਸ ਨੂੰ ਪਾਠ ਪੂਜਾ ਕਰਨ ਵਾਲਾ ਆਰੀਆ ਸਮਾਜੀ ਕਹਿ ਕੇ ਆਸਤਿਕ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਕੀਕਤ ਇਹ ਹੈ ਕਿ ਸ਼ਹੀਦ ਭਗਤ ਸਿੰਘ ਦਾ ਕਿਸੇ ਵੀ ਧਰਮ, ਪਰਮਾਤਮਾ, ਜਾਤ ਪਾਤ, ਪਾਠ ਪੂਜਾ, ਆਤਮਾ ਅਤੇ ਕਿਸਮਤ ਵਿਚ ਬਿਲਕੁਲ ਵਿਸ਼ਵਾਸ ਨਹੀਂ ਸੀ। ਇਸ ਦਾ ਖੁਲਾਸਾ ਉਸ ਨੇ ਆਪਣੀ ਪ੍ਰਸਿੱਧ ਰਚਨਾ ''ਮੈਂ ਨਾਸਤਿਕ ਕਿਉਂ ਹਾਂ?'' ਵਿਚ ਵਿਸ਼ੇਸ਼ ਤੌਰ 'ਤੇ ਕੀਤਾ ਹੈ। ਸਭ ਤੋਂ ਵੱਧ ਹੈਰਾਨੀ ਇਹ ਹੈ ਕਿ ਜਿਹੜੀਆਂ ਹਾਕਾਮ ਜਮਾਤਾਂ ਅਤੇ ਫਿਰਕੂ ਤਾਕਤਾਂ ਸ਼ਹੀਦ ਭਗਤ ਸਿੰਘ ਅਤੇ ਉਸ ਦੀ ਜਥੇਬੰਦੀਆਂ ਦੀਆਂ ਸਰਗਰਮੀਆਂ ਦਾ ਉਨ੍ਹਾਂ ਦੇ ਜਿਉਂਦੇ ਜੀਅ ਵਿਰੋਧ ਕਰਦੀਆਂ ਰਹੀਆਂ ਹਨ, ਉਹੋ ਮੌਕਾਪ੍ਰਸਤ ਜਮਾਤਾਂ ਹਰ ਸਾਲ 23 ਮਾਰਚ ਅਤੇ 28 ਸਤੰਬਰ ਨੂੰ ਖਟਕੜ ਕਲਾਂ ਅਤੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਵੱਡੇ-ਵੱਡੇ ਸਮਾਗਮ ਕਰਕੇ ਉਨ੍ਹਾਂ ਦੀ ਸੋਚ ਉੱਤੇ ਪਹਿਰਾ ਦੇਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਦੀਆਂ ਸਹੁੰਆਂ ਖਾਂਦੀਆਂ ਹਨ। ਇਸ ਦੇ ਉਲਟ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਪੱਖੀ ਨੀਤੀਆਂ ਸ਼ਹੀਦਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਰਹੀਆਂ ਹਨ।
ਹਾਕਮ ਜਮਾਤਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਮਾਤ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਫਲਸਫ਼ੇ ਉੱਤੇ ਅਮਲ ਕਰਕੇ ਕਿਤੇ ਲੋਕਪੱਖੀ ਕਿਰਤੀ ਇਨਕਲਾਬ ਦੇ ਰਸਤੇ ਨਾ ਚੱਲ ਪਵੇ। ਇਸੇ ਲਈ ਉਹ ਕਦੇ ਸ਼ਹੀਦ ਭਗਤ ਸਿੰਘ ਸਬੰਧੀ ਸਾਹਿਤ ਵੇਚਣ ਅਤੇ ਰੱਖਣ ਵਾਲਿਆਂ ਨੂੰ ਜੇਲ੍ਹ ਭੇਜਣ ਅਤੇ ਕਦੇ ਉਸ ਨੂੰ ਸ਼ਹੀਦ ਨਾ ਮੰਨਣ ਦੀ ਸੌੜੀ ਸਿਆਸਤ ਵੀ ਕਰਦੀਆਂ ਹਨ।
ਹਕੀਕਤ ਇਹ ਹੈ ਕਿ ਸ਼ਹੀਦ ਭਗਤ ਸਿੰਘ ਦੇਸ਼ ਵਿਦੇਸ਼ ਦੇ ਕਰੋੜਾਂ ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਦਾ ਇਨਕਲਾਬੀ ਆਦਰਸ਼ ਬਣ ਚੁੱਕਾ ਹੈ ਅਤੇ ਉਸ ਨੇ ਹਮੇਸ਼ਾਂ ਇਨਕਲਾਬ ਦਾ ਪ੍ਰਤੀਕ ਬਣ ਕੇ ਸੰਘਰਸ਼ਸ਼ੀਲ ਲੋਕਾਂ ਨੂੰ ਅਗਵਾਈ ਦਿੱਤੀ ਹੈ। ਅਫ਼ਸੋਸਨਾਕ ਪੱਖ ਇਹ ਹੈ ਕਿ ਜਿਨ੍ਹਾਂ ਸਾਮਰਾਜੀ ਤਾਕਤਾਂ ਖ਼ਿਲਾਫ਼ ਸ਼ਹੀਦ ਭਗਤ ਸਿੰਘ ਹੋਰੀਂ ਆਖ਼ਰੀ ਦਮ ਤਕ ਲੜਦੇ ਰਹੇ, ਉਨ੍ਹਾਂ ਨੂੰ ਹੀ ਪੂੰਜੀ ਨਿਵੇਸ਼ ਦਾ ਸੱਦਾ ਦੇ ਕੇ ਮੁਲਕ ਨੂੰ ਇਕ ਵਾਰ ਫਿਰ ਆਰਥਿਕ ਗ਼ੁਲਾਮੀ ਵੱਲ ਲਿਜਾਇਆ ਜਾ ਰਿਹਾ ਹੈ।
ਸ਼ਹੀਦਾਂ ਦੇ ਬੁੱਤਾਂ ਉੱਤੇ ਹਰ ਸਾਲ ਹਾਰ ਪਾ ਕੇ ਅਤੇ ਲੱਛੇਦਾਰ ਭਾਸ਼ਣ ਕਰਕੇ ਮੌਜੂਦਾ ਲੋਕ ਵਿਰੋਧੀ ਤੇ ਭ੍ਰਿਸ਼ਟ ਢਾਂਚੇ ਨੂੰ ਬਦਲਿਆ ਨਹੀਂ ਜਾ ਸਕਦਾ। ਸ਼ਹੀਦ ਦੀ ਇਨਕਲਾਬੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾ ਕੇ ਹੀ ਲੁੱਟ ਰਹਿਤ ਅਤੇ ਬਰਾਬਰੀ 'ਤੇ ਆਧਾਰਿਤ ਇਨਸਾਫ਼ਪਸੰਦ ਢਾਂਚਾ ਸਥਾਪਤ ਕੀਤਾ ਜਾ ਸਕਦਾ ਹੈ। ਹਾਕਮ ਜਮਾਤਾਂ ਨੂੰ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਤੇ ਸਮਾਜਵਾਦੀ ਵਿਚਾਰਧਾਰਾ ਨਾ ਤਾਂ ਕਦੇ ਮੁਆਫ਼ਕ ਆਈ ਹੈ ਅਤੇ ਨਾ ਹੀ ਕਦੇ ਆਵੇਗੀ। ਆਓ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮੁੱਚੀ ਮਿਹਨਤਕਸ਼ ਜਮਾਤ ਦੀ ਏਕਤਾ ਅਤੇ ਜਥੇਬੰਦਕ ਸੰਘਰਸ਼ਾਂ ਨੂੰ ਹੋਰ ਸਰਗਰਮੀ ਨਾਲ ਅੱਗੇ ਵਧਾਈਏ।
ਸੰਪਰਕ : 97792-30173